ਰਾਗ ਆਸਾ ਆਸਾਵਰੀ – ਬਾਣੀ ਸ਼ਬਦ-Raag Asa Asavari – Bani

ਰਾਗ ਆਸਾ ਆਸਾਵਰੀ – ਬਾਣੀ ਸ਼ਬਦ-Raag Asa Asavari – Bani

ਰਾਗੁ ਆਸਾ ਮਹਲਾ ੫ ਘਰੁ ੧੭ ਆਸਾਵਰੀ ॥

ਰਾਗ ਆਸਾਵਰੀ, ਘਰ ੧੭ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਗੋਬਿੰਦ ਗੋਬਿੰਦ ਕਰਿ ਹਾਂ ॥

(ਹੇ ਸਖੀ!) ਸਦਾ ਪਰਮਾਤਮਾ ਦਾ ਸਿਮਰਨ ਕਰਦੀ ਰਹੁ, (ਇਸ ਤਰ੍ਹਾਂ ਆਪਣੇ)।

ਹਰਿ ਹਰਿ ਮਨਿ ਪਿਆਰਿ ਹਾਂ ॥

ਮਨ ਵਿਚ ਪਰਮਾਤਮਾ ਨਾਲ ਪਿਆਰ ਬਣਾ।

ਗੁਰਿ ਕਹਿਆ ਸੁ ਚਿਤਿ ਧਰਿ ਹਾਂ ॥

ਜੋ ਕੁਝ ਗੁਰੂ ਨੇ ਦੱਸਿਆ ਉਹ ਆਪਣੇ ਚਿੱਤ ਵਿਚ ਵਸਾ।

ਅਨ ਸਿਉ ਤੋਰਿ ਫੇਰਿ ਹਾਂ ॥

ਪਰਮਾਤਮਾ ਤੋਂ ਬਿਨਾ ਹੋਰ ਨਾਲ ਬਣਾਈ ਹੋਈ ਪ੍ਰੀਤ ਤੋੜ ਦੇ, ਹੋਰ ਵਲੋਂ ਆਪਣੇ ਮਨ ਨੂੰ ਪਰਤਾ ਲੈ।

ਐਸੇ ਲਾਲਨੁ ਪਾਇਓ ਰੀ ਸਖੀ ॥੧॥ ਰਹਾਉ ॥

ਹੇ ਸਹੇਲੀ! (ਜਿਸ ਨੇ ਭੀ) ਪਰਮਾਤਮਾ ਨੂੰ (ਲੱਭਾ ਹੈ) ਇਸ ਤਰੀਕੇ ਨਾਲ ਹੀ ਲੱਭਾ ਹੈ ॥੧॥ ਰਹਾਉ ॥

ਪੰਕਜ ਮੋਹ ਸਰਿ ਹਾਂ ॥

ਹੇ ਸਹੇਲੀ! ਸੰਸਾਰ-ਸਮੁੰਦਰ ਵਿਚ ਮੋਹ ਦਾ ਚਿੱਕੜ ਹੈ (ਇਸ ਵਿਚ ਫਸਿਆ ਹੋਇਆ),

ਪਗੁ ਨਹੀ ਚਲੈ ਹਰਿ ਹਾਂ ॥

ਪੈਰ ਪਰਮਾਤਮਾ ਵਾਲੇ ਪਾਸੇ ਨਹੀਂ ਤੁਰ ਸਕਦਾ।

ਗਹਡਿਓ ਮੂੜ ਨਰਿ ਹਾਂ ॥

ਮੂਰਖ ਮਨੁੱਖ ਨੇ (ਆਪਣਾ ਪੈਰ ਮੋਹ ਦੇ ਚਿੱਕੜ ਵਿਚ) ਫਸਾਇਆ ਹੋਇਆ ਹੈ,

ਅਨਿਨ ਉਪਾਵ ਕਰਿ ਹਾਂ ॥

ਤੇ ਹੋਰ ਹੋਰ ਸਾਧਨ ਕਰ ਰਿਹਾ ਹੈ।

ਤਉ ਨਿਕਸੈ ਸਰਨਿ ਪੈ ਰੀ ਸਖੀ ॥੧॥

ਹੇ ਸਖੀ! ਜਦੋਂ ਪਰਮਾਤਮਾ ਦੀ ਸਰਨ ਪਿਆ ਜਾਂਦਾ, ਤਦੋਂ ਹੀ (ਮੋਹ-ਚਿੱਕੜ ਵਿਚ ਫਸਿਆ ਪੈਰ) ਨਿਕਲ ਸਕਦਾ ਹੈ ॥੧॥

ਥਿਰ ਥਿਰ ਚਿਤ ਥਿਰ ਹਾਂ ॥

ਆਪਣੇ ਚਿੱਤ ਨੂੰ (ਮਾਇਆ ਦੇ ਮੋਹ ਵਲੋਂ) ਅਡੋਲ ਬਣਾ ਲੈ,

ਬਨੁ ਗ੍ਰਿਹੁ ਸਮਸਰਿ ਹਾਂ ॥

(ਇਤਨਾ ਅਡੋਲ ਕਿ) ਜੰਗਲ ਅਤੇ ਘਰ ਇਕ-ਸਮਾਨ ਪ੍ਰਤੀਤ ਹੋਣ।

ਅੰਤਰਿ ਏਕ ਪਿਰ ਹਾਂ ॥

ਆਪਣੇ ਹਿਰਦੇ ਵਿਚ ਇਕ ਪਰਮਾਤਮਾ ਦੀ ਯਾਦ ਟਿਕਾਈ ਰੱਖ,

ਬਾਹਰਿ ਅਨੇਕ ਧਰਿ ਹਾਂ ॥

ਤੇ, ਜਗਤ ਵਿੱਚ ਬੇ-ਸ਼ੱਕ ਕਈ ਤਰ੍ਹਾਂ ਦੀ ਕਿਰਤ-ਕਾਰ ਕਰ,

ਰਾਜਨ ਜੋਗੁ ਕਰਿ ਹਾਂ ॥

(ਇਸ ਤਰ੍ਹਾਂ) ਰਾਜ ਭੀ ਕਰ ਤੇ ਜੋਗ ਭੀ ਕਮਾ।

ਕਹੁ ਨਾਨਕ ਲੋਗ ਅਲੋਗੀ ਰੀ ਸਖੀ ॥੨॥੧॥੧੫੭॥

(ਪਰ,) ਨਾਨਕ ਆਖਦਾ ਹੈ- ਹੇ ਸਖੀ! (ਕਿਰਤ-ਕਾਰ ਕਰਦਿਆਂ ਹੀ ਨਿਰਲੇਪ ਰਹਿਣਾ-ਇਹ) ਸੰਸਾਰ ਤੋਂ ਨਿਰਾਲਾ ਰਸਤਾ ਹੈ ॥੨॥੧॥੧੫੭॥