ਮਾਰੂ ਕੀ ਵਾਰ (ਮਹਲਾ 3), Maaroo ki vaar (Mahalla 3) Path in Punjabi Gurbani

ਮਾਰੂ ਕੀ ਵਾਰ (ਮਹਲਾ 3), Maaroo ki vaar (Mahalla 3) Path in Punjabi Gurbani

ਮਾਰੂ ਵਾਰ ਮਹਲਾ ੩ ॥

ਰਾਗ ਮਾਰੂ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ ‘ਵਾਰ’।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਲੋਕੁ ਮਃ ੧ ॥
ਵਿਣੁ ਗਾਹਕ ਗੁਣੁ ਵੇਚੀਐ ਤਉ ਗੁਣੁ ਸਹਘੋ ਜਾਇ ॥

ਜੇ ਕੋਈ ਗਾਹਕ ਨਾਹ ਹੋਵੇ ਤੇ (ਕੋਈ) ਗੁਣ (ਭਾਵ, ਕੋਈ ਕੀਮਤੀ ਪਦਾਰਥ) ਵੇਚੀਏ ਤਾਂ ਉਹ ਗੁਣ ਸਸਤੇ-ਭਾ ਵਿਕ ਜਾਂਦਾ ਹੈ, (ਭਾਵ, ਉਸ ਦੀ ਕਦਰ ਨਹੀਂ ਪੈਂਦੀ)।

ਗੁਣ ਕਾ ਗਾਹਕੁ ਜੇ ਮਿਲੈ ਤਉ ਗੁਣੁ ਲਾਖ ਵਿਕਾਇ ॥

ਪਰ ਜੇ ਗੁਣ ਦਾ ਗਾਹਕ ਮਿਲ ਪਏ ਤਾਂ ਉਹ ਬਹੁਤ ਕੀਮਤ ਨਾਲ ਵਿਕਦਾ ਹੈ।

ਗੁਣ ਤੇ ਗੁਣ ਮਿਲਿ ਪਾਈਐ ਜੇ ਸਤਿਗੁਰ ਮਾਹਿ ਸਮਾਇ ॥

(ਪਰ ਜੇ ਕੋਈ ਕਦਰ ਜਾਣਨ ਵਾਲਾ ਮਨੁੱਖ) ਗੁਰੂ ਵਿਚ ‘ਆਪਾ’ ਲੀਨ ਕਰ ਦੇਵੇ, ਤਾਂ ਪ੍ਰਭੂ ਦੇ ਗੁਣ ਗਾਂਵਿਆਂ, ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਜੁੜਿਆਂ (ਪ੍ਰਭੂ ਦਾ ‘ਨਾਮ’-ਰੂਪ ਕੀਮਤੀ ਪਦਾਰਥ) ਮਿਲਦਾ ਹੈ।

ਮੁੋਲਿ ਅਮੁੋਲੁ ਨ ਪਾਈਐ ਵਣਜਿ ਨ ਲੀਜੈ ਹਾਟਿ ॥

‘ਨਾਮ’ ਪਦਾਰਥ ਹੈ, ਕਿਸੇ ਕੀਮਤ ਨਾਲ ਨਹੀਂ ਮਿਲ ਸਕਦਾ, ਕਿਸੇ ਹੱਟ ਤੋਂ ਖ਼ਰੀਦ ਕੇ ਨਹੀਂ ਲਿਆ ਜਾ ਸਕਦਾ।

ਨਾਨਕ ਪੂਰਾ ਤੋਲੁ ਹੈ ਕਬਹੁ ਨ ਹੋਵੈ ਘਾਟਿ ॥੧॥

ਹੇ ਨਾਨਕ! (‘ਨਾਮ’ ਦੇ ਮੁੱਲ ਦਾ) ਤੋਲ ਤਾਂ ਬੱਝਵਾਂ ਹੈ, ਉਹ ਕਦੇ ਘਟ ਨਹੀਂ ਸਕਦਾ (ਭਾਵ, ‘ਆਪਾ ਗੁਰੂ ਵਿਚ ਲੀਨ ਕਰਨਾ’-ਇਹ ਬੱਝਵਾਂ ਮੁੱਲ ਹੈ, ਤੇ ਇਸ ਤੋਂ ਘਟ ਕੋਈ ਹੋਰ ਉੱਦਮ ‘ਨਾਮ’ ਦੀ ਪ੍ਰਾਪਤੀ ਲਈ ਕਾਫ਼ੀ ਨਹੀਂ ਹੈ) ॥੧॥


ਮਃ ੪ ॥
ਨਾਮ ਵਿਹੂਣੇ ਭਰਮਸਹਿ ਆਵਹਿ ਜਾਵਹਿ ਨੀਤ ॥

ਜੋ ਮਨੁੱਖ ‘ਨਾਮ’ ਤੋਂ ਸੱਖਣੇ ਹਨ ਉਹ ਭਟਕਦੇ ਹਨ (ਭਟਕਣਾ ਦੇ ਕਾਰਨ) ਨਿੱਤ ਜੰਮਦੇ ਤੇ ਮਰਦੇ ਹਨ (ਭਾਵ, ‘ਵਾਸਨਾ’ ਪੂਰੀਆਂ ਕਰਨ ਲਈ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ)।

ਇਕਿ ਬਾਂਧੇ ਇਕਿ ਢੀਲਿਆ ਇਕਿ ਸੁਖੀਏ ਹਰਿ ਪ੍ਰੀਤਿ ॥

ਸੋ, ਕਈ ਜੀਵ (ਇਹਨਾਂ ‘ਵਾਸਨਾ’ ਨਾਲ) ਬੱਝੇ ਪਏ ਹਨ, ਕਈਆਂ ਨੇ ਬੰਧਨ ਕੁਝ ਢਿੱਲੇ ਕਰ ਲਏ ਹਨ ਤੇ ਕਈ ਪ੍ਰਭੂ ਦੇ ਪਿਆਰ ਵਿਚ ਰਹਿ ਕੇ (ਬਿਲਕੁਲ) ਸੁਖੀ ਹੋ ਗਏ ਹਨ।

ਨਾਨਕ ਸਚਾ ਮੰਨਿ ਲੈ ਸਚੁ ਕਰਣੀ ਸਚੁ ਰੀਤਿ ॥੨॥

ਹੇ ਨਾਨਕ! ਜਿਹੜਾ ਮਨੁੱਖ ਸਦਾ-ਥਿਰ ਪਰਮਾਤਮਾ ਨੂੰ ਆਪਣੇ ਮਨ ਵਿਚ ਪੱਕਾ ਕਰ ਲੈਂਦਾ ਹੈ, ਸਦਾ-ਥਿਰ ਨਾਮ ਉਸ ਵਾਸਤੇ ਕਰਨ-ਜੋਗ ਕੰਮ ਹੈ ਸਦਾ-ਥਿਰ ਨਾਮ ਹੀ ਉਸ ਦੀ ਜੀਵਨ-ਜੁਗਤਿ ਹੋ ਜਾਂਦਾ ਹੈ ॥੨॥


ਪਉੜੀ ॥
ਗੁਰ ਤੇ ਗਿਆਨੁ ਪਾਇਆ ਅਤਿ ਖੜਗੁ ਕਰਾਰਾ ॥

(ਗਿਆਨ, ਮਾਨੋ) ਬੜਾ ਤੇਜ਼ ਖੰਡਾ ਹੈ, ਇਹ ਗਿਆਨ ਗੁਰੂ ਤੋਂ ਮਿਲਦਾ ਹੈ।

ਦੂਜਾ ਭ੍ਰਮੁ ਗੜੁ ਕਟਿਆ ਮੋਹੁ ਲੋਭੁ ਅਹੰਕਾਰਾ ॥

(ਜਿਸ ਨੂੰ ਮਿਲਿਆ ਹੈ ਉਸ ਦਾ) ਮਾਇਆ ਦੀ ਖ਼ਾਤਰ ਭਟਕਣਾ, ਮੋਹ, ਲੋਭ ਤੇ ਅਹੰਕਾਰ-ਰੂਪ ਕਿਲ੍ਹਾ (ਜਿਸ ਵਿਚ ਉਹ ਘਿਰਿਆ ਪਿਆ ਸੀ, ਇਸ ਗਿਆਨ-ਖੜਗ ਨਾਲ) ਕੱਟਿਆ ਜਾਂਦਾ ਹੈ।

ਹਰਿ ਕਾ ਨਾਮੁ ਮਨਿ ਵਸਿਆ ਗੁਰ ਸਬਦਿ ਵੀਚਾਰਾ ॥

ਗੁਰੂ ਦੇ ਸ਼ਬਦ ਵਿਚ ਸੁਰਤ ਜੋੜਿਆਂ ਉਸ ਦੇ ਮਨ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ।

ਸਚ ਸੰਜਮਿ ਮਤਿ ਊਤਮਾ ਹਰਿ ਲਗਾ ਪਿਆਰਾ ॥

ਸਿਮਰਨ ਦੇ ਸੰਜਮ ਨਾਲ ਉਸ ਦੀ ਮੱਤ ਚੰਗੀ ਹੋ ਜਾਂਦੀ ਹੈ, ਰੱਬ ਉਸ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ।

ਸਭੁ ਸਚੋ ਸਚੁ ਵਰਤਦਾ ਸਚੁ ਸਿਰਜਣਹਾਰਾ ॥੧॥

(ਆਖ਼ਰ ਉਸ ਦੀ ਇਹ ਹਾਲਤ ਹੋ ਜਾਂਦੀ ਹੈ ਕਿ) ਸਦਾ-ਥਿਰ ਸਿਰਜਣਹਾਰ ਉਸ ਨੂੰ ਹਰ ਥਾਂ ਵੱਸਦਾ ਦਿੱਸਦਾ ਹੈ ॥੧॥


ਸਲੋਕੁ ਮਃ ੩ ॥
ਕੇਦਾਰਾ ਰਾਗਾ ਵਿਚਿ ਜਾਣੀਐ ਭਾਈ ਸਬਦੇ ਕਰੇ ਪਿਆਰੁ ॥

ਹੇ ਭਾਈ! ਕੇਦਾਰਾ ਰਾਗ ਨੂੰ (ਹੋਰ ਬਾਕੀ ਦੇ) ਰਾਗਾਂ ਵਿਚ ਤਾਂ ਹੀ ਜਾਣੋ (ਭਾਵ, ਕੇਦਾਰਾ ਰਾਗ ਨੂੰ ਤਾਂ ਹੀ ਵਡਿਆਈਏ, ਜੇ ਇਸ ਨੂੰ ਗਾਉਣ ਵਾਲਾ) ਗੁਰੂ ਦੇ ਸ਼ਬਦ ਵਿਚ ਪਿਆਰ ਕਰਨ ਲੱਗ ਪਏ,

ਸਤਸੰਗਤਿ ਸਿਉ ਮਿਲਦੋ ਰਹੈ ਸਚੇ ਧਰੇ ਪਿਆਰੁ ॥

ਸਤਸੰਗਤਿ ਕਰਦਾ ਰਹੇ ਅਤੇ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦਾ ਪਿਆਰ ਧਾਰਨ ਕਰੇ।

ਵਿਚਹੁ ਮਲੁ ਕਟੇ ਆਪਣੀ ਕੁਲਾ ਕਾ ਕਰੇ ਉਧਾਰੁ ॥

ਅੰਦਰੋਂ ਆਪਣੀ ਮੈਲ ਭੀ ਕੱਟੇ ਤੇ ਆਪਣੀਆਂ ਕੁਲਾਂ ਨੂੰ ਭੀ ਤਾਰ ਲਏ,

ਗੁਣਾ ਕੀ ਰਾਸਿ ਸੰਗ੍ਰਹੈ ਅਵਗਣ ਕਢੈ ਵਿਡਾਰਿ ॥

ਗੁਣਾਂ ਦੀ ਪੂੰਜੀ ਇਕੱਠੀ ਕਰੇ ਤੇ ਔਗੁਣ ਮਾਰ ਕੇ ਕੱਢ ਦੇਵੇ।

ਨਾਨਕ ਮਿਲਿਆ ਸੋ ਜਾਣੀਐ ਗੁਰੂ ਨ ਛੋਡੈ ਆਪਣਾ ਦੂਜੈ ਨ ਧਰੇ ਪਿਆਰੁ ॥੧॥

ਹੇ ਨਾਨਕ! (ਕੇਦਾਰਾ ਰਾਗ ਦੀ ਰਾਹੀਂ ਰੱਬ ਵਿਚ) ਜੁੜਿਆ ਉਸ ਨੂੰ ਸਮਝੋ ਜੋ ਕਦੇ ਆਪਣੇ ਗੁਰੂ ਦਾ ਆਸਰਾ ਨਾਹ ਛੱਡੇ ਤੇ ਮਾਇਆ ਵਿਚ ਮੋਹ ਨਾਹ ਪਾਏ ॥੧॥


ਮਃ ੪ ॥
ਸਾਗਰੁ ਦੇਖਉ ਡਰਿ ਮਰਉ ਭੈ ਤੇਰੈ ਡਰੁ ਨਾਹਿ ॥

(ਹੇ ਪ੍ਰਭੂ!) ਜਦੋਂ ਮੈਂ (ਇਸ ਸੰਸਾਰ-) ਸਮੁੰਦਰ ਨੂੰ ਵੇਖਦਾ ਹਾਂ ਤਾਂ ਡਰ ਨਾਲ ਸਹਿਮ ਜਾਂਦਾ ਹਾਂ (ਕਿ ਕਿਵੇਂ ਇਸ ਵਿਚੋਂ ਬਚ ਕੇ ਲੰਘਾਂਗਾ, ਪਰ) ਤੇਰੇ ਡਰ ਵਿਚ ਰਿਹਾਂ (ਇਸ ਸੰਸਾਰ-ਸਮੁੰਦਰ ਦਾ ਕੋਈ) ਡਰ ਨਹੀਂ ਰਹਿ ਜਾਂਦਾ;

ਗੁਰ ਕੈ ਸਬਦਿ ਸੰਤੋਖੀਆ ਨਾਨਕ ਬਿਗਸਾ ਨਾਇ ॥੨॥

ਕਿਉਂਕਿ, ਹੇ ਨਾਨਕ! ਗੁਰੂ ਦੇ ਸ਼ਬਦ ਦੀ ਰਾਹੀਂ ਮੈਂ ਸੰਤੋਖ ਵਾਲਾ ਬਣ ਰਿਹਾ ਹਾਂ ਤੇ ਪ੍ਰਭੂ ਦੇ ਨਾਮ ਦੀ ਰਾਹੀਂ ਮੈਂ ਖਿੜਦਾ ਹਾਂ ॥੨॥


ਮਃ ੪ ॥
ਚੜਿ ਬੋਹਿਥੈ ਚਾਲਸਉ ਸਾਗਰੁ ਲਹਰੀ ਦੇਇ ॥

(ਸੰਸਾਰ-) ਸਮੁੰਦਰ (ਤਾਂ ਵਿਕਾਰਾਂ ਦੀਆਂ) ਠਾਠਾਂ ਮਾਰ ਰਿਹਾ ਹੈ ਪਰ ਮੈਂ (ਗੁਰ-ਸ਼ਬਦ-ਰੂਪ) ਜਹਾਜ਼ ਵਿਚ ਚੜ੍ਹ ਕੇ (ਇਸ ਸਮੁੰਦਰ ਵਿਚੋਂ) ਲੰਘਾਂਗਾ।

ਠਾਕ ਨ ਸਚੈ ਬੋਹਿਥੈ ਜੇ ਗੁਰੁ ਧੀਰਕ ਦੇਇ ॥

ਜੇ ਸਤਿਗੁਰ ਹੌਸਲਾ ਦੇਵੇ ਤਾਂ ਇਸ ਸੱਚੇ ਜਹਾਜ਼ ਵਿਚ ਚੜ੍ਹਿਆਂ (ਸਫ਼ਰ ਵਿਚ) ਕੋਈ ਰੋਕ ਨਹੀਂ ਪਏਗੀ।

ਤਿਤੁ ਦਰਿ ਜਾਇ ਉਤਾਰੀਆ ਗੁਰੁ ਦਿਸੈ ਸਾਵਧਾਨੁ ॥

ਮੈਨੂੰ ਆਪਣਾ ਗੁਰੂ ਸੁਚੇਤ ਦਿੱਸ ਰਿਹਾ ਹੈ (ਮੈਨੂੰ ਨਿਸ਼ਚਾ ਹੈ ਕਿ ਗੁਰੂ ਮੈਨੂੰ) ਉਸ (ਪ੍ਰਭੂ ਦੇ) ਦਰ ਤੇ ਜਾ ਉਤਾਰੇਗਾ।

ਨਾਨਕ ਨਦਰੀ ਪਾਈਐ ਦਰਗਹ ਚਲੈ ਮਾਨੁ ॥੩॥

ਹੇ ਨਾਨਕ! (ਇਹ ਗੁਰ-ਸ਼ਬਦ ਦਾ ਜਹਾਜ਼) ਪ੍ਰਭੂ ਦੀ ਮਿਹਰ ਨਾਲ ਮਿਲਦਾ ਹੈ (ਇਸ ਦੀ ਬਰਕਤਿ ਨਾਲ) ਪ੍ਰਭੂ ਦੀ ਹਜ਼ੂਰੀ ਵਿਚ ਆਦਰ ਮਿਲਦਾ ਹੈ ॥੩॥


ਪਉੜੀ ॥
ਨਿਹਕੰਟਕ ਰਾਜੁ ਭੁੰਚਿ ਤੂ ਗੁਰਮੁਖਿ ਸਚੁ ਕਮਾਈ ॥

ਗੁਰੂ ਦੇ ਸਨਮੁਖ ਹੋ ਕੇ ਸਿਮਰਨ ਦੀ ਕਮਾਈ ਕਰ (ਤੇ ਇਸ ਤਰ੍ਹਾਂ) ਨਿਰਚੋਭ ਰਾਜ ਮਾਣ,

ਸਚੈ ਤਖਤਿ ਬੈਠਾ ਨਿਆਉ ਕਰਿ ਸਤਸੰਗਤਿ ਮੇਲਿ ਮਿਲਾਈ ॥

(ਕਿਉਂਕਿ) ਜੋ ਪ੍ਰਭੂ ਸਦਾ-ਥਿਰ ਤਖ਼ਤ ਤੇ ਬਹਿ ਕੇ ਨਿਆਂ ਕਰ ਰਿਹਾ ਹੈ ਉਹ ਤੈਨੂੰ ਸਤਸੰਗ ਵਿਚ ਮਿਲਾ ਦੇਵੇਗਾ,

ਸਚਾ ਉਪਦੇਸੁ ਹਰਿ ਜਾਪਣਾ ਹਰਿ ਸਿਉ ਬਣਿ ਆਈ ॥

ਓਥੇ ਨਾਮ-ਸਿਮਰਨ ਦੀ ਸੱਚੀ ਸਿੱਖਿਆ ਕਮਾਇਆਂ ਤੇਰੀ ਪ੍ਰਭੂ ਨਾਲ ਬਣ ਆਵੇਗੀ।

ਐਥੈ ਸੁਖਦਾਤਾ ਮਨਿ ਵਸੈ ਅੰਤਿ ਹੋਇ ਸਖਾਈ ॥

ਇਸ ਜੀਵਨ ਵਿਚ ਸੁਖਦਾਤਾ ਰੱਬ ਮਨ ਵਿਚ ਵੱਸੇਗਾ ਤੇ ਅੰਤ ਵੇਲੇ ਭੀ ਸਾਥੀ ਬਣੇਗਾ।

ਹਰਿ ਸਿਉ ਪ੍ਰੀਤਿ ਊਪਜੀ ਗੁਰਿ ਸੋਝੀ ਪਾਈ ॥੨॥

ਜਿਸ ਮਨੁੱਖ ਨੂੰ ਸਤਿਗੁਰੂ ਨੇ ਸਮਝ ਬਖ਼ਸ਼ੀ ਉਸ ਦਾ ਪ੍ਰਭੂ ਨਾਲ ਪਿਆਰ ਬਣ ਜਾਂਦਾ ਹੈ ॥੨॥


ਸਲੋਕੁ ਮਃ ੧ ॥
ਭੂਲੀ ਭੂਲੀ ਮੈ ਫਿਰੀ ਪਾਧਰੁ ਕਹੈ ਨ ਕੋਇ ॥

ਬਥੇਰੇ ਚਿਰ ਤੋਂ ਖੁੰਝੀ ਹੋਈ ਮੈਂ ਭਟਕ ਰਹੀ ਹਾਂ, ਮੈਨੂੰ ਕੋਈ ਪੱਧਰਾ ਰਾਹ ਨਹੀਂ ਦੱਸਦਾ,

ਪੂਛਹੁ ਜਾਇ ਸਿਆਣਿਆ ਦੁਖੁ ਕਾਟੈ ਮੇਰਾ ਕੋਇ ॥

ਕੋਈ ਧਿਰ ਜਾ ਕੇ ਕਿਸੇ ਸਿਆਣੇ ਬੰਦਿਆਂ ਨੂੰ ਪੁੱਛੋ, ਭਲਾ ਜੇ ਕੋਈ ਮੇਰਾ ਕਸ਼ਟ ਕੱਟ ਦੇਵੇ।

ਸਤਿਗੁਰੁ ਸਾਚਾ ਮਨਿ ਵਸੈ ਸਾਜਨੁ ਉਤ ਹੀ ਠਾਇ ॥

ਹੇ ਨਾਨਕ! ਜੇ ਸੱਚਾ ਗੁਰੂ ਮਨ ਵਿਚ ਆ ਵੱਸੇ ਤਾਂ ਸੱਜਣ ਪ੍ਰਭੂ ਭੀ ਓਸੇ ਥਾਂ (ਭਾਵ, ਹਿਰਦੇ ਵਿਚ ਹੀ ਮਿਲ ਪੈਂਦਾ ਹੈ),

ਨਾਨਕ ਮਨੁ ਤ੍ਰਿਪਤਾਸੀਐ ਸਿਫਤੀ ਸਾਚੈ ਨਾਇ ॥੧॥

ਪ੍ਰਭੂ ਦੀ ਸਿਫ਼ਤ-ਸਾਲਾਹ ਕਰਨ ਨਾਲ ਤੇ ਪ੍ਰਭੂ ਦਾ ਨਾਮ ਸਿਮਰਿਆਂ ਮਨ ਭਟਕਣੋਂ ਹਟ ਜਾਂਦਾ ਹੈ ॥੧॥


ਮਃ ੩ ॥
ਆਪੇ ਕਰਣੀ ਕਾਰ ਆਪਿ ਆਪੇ ਕਰੇ ਰਜਾਇ ॥

ਪ੍ਰਭੂ ਆਪਣੀ ਰਜ਼ਾ ਵਿਚ ਆਪ ਹੀ ਕਰਨ-ਜੋਗ ਕਾਰ ਕਰਦਾ ਹੈ,

ਆਪੇ ਕਿਸ ਹੀ ਬਖਸਿ ਲਏ ਆਪੇ ਕਾਰ ਕਮਾਇ ॥

ਆਪ ਹੀ ਜੀਵ ਨੂੰ ਬਖ਼ਸ਼ਦਾ ਹੈ ਆਪ ਹੀ (ਜਿਸ ਤੇ ਮਿਹਰ ਕਰੇ ਉਸ ਵਿਚ ਪ੍ਰਤੱਖ ਹੋ ਕੇ ਭਗਤੀ ਦੀ) ਕਾਰ ਕਮਾਂਦਾ ਹੈ।

ਨਾਨਕ ਚਾਨਣੁ ਗੁਰ ਮਿਲੇ ਦੁਖ ਬਿਖੁ ਜਾਲੀ ਨਾਇ ॥੨॥

ਹੇ ਨਾਨਕ! ਗੁਰੂ ਨੂੰ ਮਿਲ ਕੇ ਜਿਸ ਦੇ ਹਿਰਦੇ ਵਿਚ ਪ੍ਰਕਾਸ਼ ਹੁੰਦਾ ਹੈ ਉਹ ‘ਨਾਮ’ ਸਿਮਰ ਕੇ ਵਿਹੁ-ਰੂਪ ਮਾਇਆ ਤੋਂ ਪੈਦਾ ਹੋਏ ਦੁੱਖ ਸਾੜ ਦੇਂਦਾ ਹੈ ॥੨॥


ਪਉੜੀ ॥
ਮਾਇਆ ਵੇਖਿ ਨ ਭੁਲੁ ਤੂ ਮਨਮੁਖ ਮੂਰਖਾ ॥

ਹੇ ਮੂਰਖ! ਹੇ ਮਨ ਦੇ ਗ਼ੁਲਾਮ! ਮਾਇਆ ਨੂੰ ਵੇਖ ਕੇ ਉਕਾਈ ਨਾਹ ਖਾਹ,

ਚਲਦਿਆ ਨਾਲਿ ਨ ਚਲਈ ਸਭੁ ਝੂਠੁ ਦਰਬੁ ਲਖਾ ॥

ਇਹ (ਏਥੋਂ) ਤੁਰਨ ਵੇਲੇ ਕਿਸੇ ਦੇ ਨਾਲ ਨਹੀਂ ਤੁਰਦੀ, ਸੋ, ਸਾਰੇ ਧਨ ਨੂੰ ਝੂਠਾ (ਸਾਥੀ) ਜਾਣ।

ਅਗਿਆਨੀ ਅੰਧੁ ਨ ਬੂਝਈ ਸਿਰ ਊਪਰਿ ਜਮ ਖੜਗੁ ਕਲਖਾ ॥

(ਪਰ ਇਸ ਮਾਇਆ ਨੂੰ ਵੇਖ ਕੇ) ਮੂਰਖ ਅੰਨ੍ਹਾ ਮਨੁੱਖ ਨਹੀਂ ਸਮਝਦਾ ਕਿ ਸਿਰ ਉਤੇ ਜਮ ਦੀ ਮੌਤ ਦੀ ਤਲਵਾਰ ਭੀ ਹੈ (ਤੇ ਇਸ ਮਾਇਆ ਨਾਲੋਂ ਸਾਥ ਟੁੱਟਣਾ ਹੈ)।

ਗੁਰਪਰਸਾਦੀ ਉਬਰੇ ਜਿਨ ਹਰਿ ਰਸੁ ਚਖਾ ॥

ਜਿਨ੍ਹਾਂ ਮਨੁੱਖਾਂ ਨੇ ਹਰਿ-ਨਾਮ ਦਾ ਰਸ ਚੱਖਿਆ ਹੈ ਉਹ ਗੁਰੂ ਦੀ ਮਿਹਰ ਨਾਲ (ਮਾਇਆ ਵਿਚ ਮੋਹ ਪਾਣ ਦੀ ਉਕਾਈ ਤੋਂ) ਬਚ ਜਾਂਦੇ ਹਨ।

ਆਪਿ ਕਰਾਏ ਕਰੇ ਆਪਿ ਆਪੇ ਹਰਿ ਰਖਾ ॥੩॥

ਇਹ (ਉੱਦਮ) ਪ੍ਰਭੂ ਆਪ ਹੀ (ਜੀਵ ਪਾਸੋਂ) ਕਰਾਂਦਾ ਹੈ (ਜੀਵ ਵਿਚ ਬੈਠ ਕੇ, ਮਾਨੋ) ਆਪ ਹੀ ਕਰਦਾ ਹੈ, ਆਪ ਹੀ ਜੀਵ ਦਾ ਰਾਖਾ ਹੈ ॥੩॥


ਸਲੋਕੁ ਮਃ ੩ ॥
ਜਿਨਾ ਗੁਰੁ ਨਹੀ ਭੇਟਿਆ ਭੈ ਕੀ ਨਾਹੀ ਬਿੰਦ ॥

ਜਿਨ੍ਹਾਂ ਨੂੰ ਗੁਰੂ ਨਹੀਂ ਮਿਲਿਆ, ਜਿਨ੍ਹਾਂ ਦੇ ਅੰਦਰ ਰੱਬ ਦਾ ਰਤਾ ਭੀ ਡਰ ਨਹੀਂ,

ਆਵਣੁ ਜਾਵਣੁ ਦੁਖੁ ਘਣਾ ਕਦੇ ਨ ਚੂਕੈ ਚਿੰਦ ॥

ਉਹਨਾਂ ਨੂੰ ਜੰਮਣ ਮਰਨ (ਦਾ) ਡਾਢਾ ਦੁੱਖ ਲੱਗਾ ਰਹਿੰਦਾ ਹੈ, ਉਹਨਾਂ ਦੀ ਚਿੰਤਾ ਕਦੇ ਮੁੱਕਦੀ ਨਹੀਂ।

ਕਾਪੜ ਜਿਵੈ ਪਛੋੜੀਐ ਘੜੀ ਮੁਹਤ ਘੜੀਆਲੁ ॥

ਜਿਵੇਂ (ਧੋਣ ਵੇਲੇ) ਕੱਪੜਾ (ਪਟੜੇ ਤੇ) ਪਟਕਾਈਦਾ ਹੈ, ਜਿਵੇਂ ਘੜਿਆਲ ਮੁੜ ਮੁੜ (ਚੋਟਾਂ ਖਾਂਦਾ ਹੈ)

ਨਾਨਕ ਸਚੇ ਨਾਮ ਬਿਨੁ ਸਿਰਹੁ ਨ ਚੁਕੈ ਜੰਜਾਲੁ ॥੧॥

ਹੇ ਨਾਨਕ! ਤਿਵੇਂ ਪ੍ਰਭੂ-ਨਾਮ ਤੋਂ ਵਾਂਜੇ ਰਹਿ ਕੇ ਉਹਨਾਂ ਦੇ ਸਿਰ ਤੋਂ (ਭੀ) ਸਹਸਾ ਨਹੀਂ ਮੁੱਕਦਾ ॥੧॥


ਮਃ ੩ ॥
ਤ੍ਰਿਭਵਣ ਢੂਢੀ ਸਜਣਾ ਹਉਮੈ ਬੁਰੀ ਜਗਤਿ ॥

ਹੇ ਸੱਜਣ (ਪ੍ਰਭੂ!) ਮੈਂ ਤਿੰਨਾਂ ਹੀ ਭਵਨਾਂ ਵਿਚ ਭਾਲ ਵੇਖਿਆ ਹੈ ਕਿ ਜਗਤ ਵਿਚ ‘ਹਉਮੈ’ ਚੰਦਰੀ (ਬਲਾ ਚੰਬੜੀ ਹੋਈ) ਹੈ।

ਨਾ ਝੁਰੁ ਹੀਅੜੇ ਸਚੁ ਚਉ ਨਾਨਕ ਸਚੋ ਸਚੁ ॥੨॥

(ਪਰ) ਹੇ ਨਾਨਕ ਦੇ ਦਿਲ! (ਇਸ ‘ਹਉਮੈ’ ਤੋਂ ਘਾਬਰ ਕੇ) ਚਿੰਤਾ ਨਾਹ ਕਰ, ਤੇ ਪ੍ਰਭੂ ਦਾ ਨਾਮ ਸਿਮਰ ਜੋ ਸਦਾ ਹੀ ਥਿਰ ਰਹਿਣ ਵਾਲਾ ਹੈ ॥੨॥


ਪਉੜੀ ॥
ਗੁਰਮੁਖਿ ਆਪੇ ਬਖਸਿਓਨੁ ਹਰਿ ਨਾਮਿ ਸਮਾਣੇ ॥

ਜੋ ਜੋ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਸ ਨੂੰ ਪ੍ਰਭੂ ਆਪ ਹੀ ਬਖ਼ਸ਼ਦਾ ਹੈ (ਭਾਵ, ਮਾਇਆ ਦੇ ਅਸਰ ਤੋਂ ਬਚਾਂਦਾ ਹੈ; ਵੇਖੋ ਪਉੜੀ ੩), ਉਹ ਮਨੁੱਖ ਪ੍ਰਭੂ ਦੇ ਨਾਮ ਵਿਚ ਜੁੜਦੇ ਹਨ।

ਆਪੇ ਭਗਤੀ ਲਾਇਓਨੁ ਗੁਰ ਸਬਦਿ ਨੀਸਾਣੇ ॥

ਸਤਿਗੁਰੂ ਦੇ ਸ਼ਬਦ ਦੀ ਰਾਹੀਂ (ਮਾਇਆ ਦੇ ਅਸਰ ਤੋਂ ਨਿਖੇੜਨ ਵਾਲਾ) ਨਿਸ਼ਾਨ ਲਾ ਕੇ ਆਪ ਹੀ ਉਸ ਨੇ (ਗੁਰਮੁਖ ਨੂੰ) ਭਗਤੀ ਵਿਚ ਲਾਇਆ ਹੈ।

ਸਨਮੁਖ ਸਦਾ ਸੋਹਣੇ ਸਚੈ ਦਰਿ ਜਾਣੇ ॥

ਜੋ ਮਨੁੱਖ ਭਗਤੀ ਕਰਦੇ ਹਨ ਉਹਨਾਂ ਨੂੰ ਪ੍ਰਭੂ ਦੇ ਦਰ ਤੇ ਅੱਖਾਂ ਨੀਵੀਆਂ ਨਹੀਂ ਕਰਨੀਆਂ ਪੈਂਦੀਆਂ, (ਕਿਉਂਕਿ ਭਗਤੀ ਕਰਨ ਕਰਕੇ) ਉਹਨਾਂ ਦੇ ਮੂੰਹ ਸੋਹਣੇ ਲੱਗਦੇ ਹਨ, ਪ੍ਰਭੂ-ਦਰ ਤੇ ਆਦਰ ਮਿਲਦਾ ਹੈ।

ਐਥੈ ਓਥੈ ਮੁਕਤਿ ਹੈ ਜਿਨ ਰਾਮ ਪਛਾਣੇ ॥

ਜਿਨ੍ਹਾਂ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਹੈ ਉਹ ਲੋਕ ਪਰਲੋਕ ਵਿਚ (ਮਾਇਆ ਦੇ ਪ੍ਰਭਾਵ ਤੋਂ) ਆਜ਼ਾਦ ਰਹਿੰਦੇ ਹਨ।

ਧੰਨੁ ਧੰਨੁ ਸੇ ਜਨ ਜਿਨ ਹਰਿ ਸੇਵਿਆ ਤਿਨ ਹਉ ਕੁਰਬਾਣੇ ॥੪॥

ਭਾਗਾਂ ਵਾਲੇ ਹਨ ਉਹ ਬੰਦੇ ਜਿਨ੍ਹਾਂ ਪ੍ਰਭੂ ਦੀ ਬੰਦਗੀ ਕੀਤੀ ਹੈ, ਮੈਂ ਉਹਨਾਂ ਤੋਂ ਸਦਕੇ ਹਾਂ ॥੪॥


ਸਲੋਕੁ ਮਃ ੧ ॥
ਮਹਲ ਕੁਚਜੀ ਮੜਵੜੀ ਕਾਲੀ ਮਨਹੁ ਕਸੁਧ ॥

ਉਸ (ਜੀਵ-) ਇਸਤ੍ਰੀ ਨੂੰ ਕੋਈ ਚੱਜ ਨਹੀਂ ਜੋ ਨਿਰਾ ਆਪਣੇ ਸਰੀਰ ਨਾਲ ਪਿਆਰ ਕਰਦੀ ਹੈ, ਉਹ ਅੰਦਰੋਂ ਕਾਲੀ ਹੈ, ਮੈਲੀ ਹੈ।

ਜੇ ਗੁਣ ਹੋਵਨਿ ਤਾ ਪਿਰੁ ਰਵੈ ਨਾਨਕ ਅਵਗੁਣ ਮੁੰਧ ॥੧॥

ਹੇ ਨਾਨਕ! (ਜੀਵ-ਇਸਤ੍ਰੀ) ਖਸਮ ਪ੍ਰਭੂ ਨੂੰ ਤਾਂ ਹੀ ਮਿਲ ਸਕਦੀ ਹੈ ਜੇ (ਉਸ ਦੇ) ਅੰਦਰ ਗੁਣ ਹੋਣ, (ਪਰ ਕੁਚੱਜੀ) ਇਸਤ੍ਰੀ ਦੇ ਪਾਸ ਹੋਏ ਨਿਰੇ ਔਗੁਣ ਹੀ ॥੧॥


ਮਃ ੧ ॥
ਸਾਚੁ ਸੀਲ ਸਚੁ ਸੰਜਮੀ ਸਾ ਪੂਰੀ ਪਰਵਾਰਿ ॥

ਉਹੀ ਜੀਵ-ਇਸਤ੍ਰੀ ਚੰਗੇ ਆਚਰਨ ਵਾਲੀ ਤੇ ਜੁਗਤਿ ਵਾਲੀ ਹੈ, ਉਹੀ ਪਰਵਾਰ ਵਿਚ ਮੰਨੀ-ਪ੍ਰਮੰਨੀ ਹੈ,

ਨਾਨਕ ਅਹਿਨਿਸਿ ਸਦਾ ਭਲੀ ਪਿਰ ਕੈ ਹੇਤਿ ਪਿਆਰਿ ॥੨॥

ਹੇ ਨਾਨਕ! ਜੋ ਇਸਤ੍ਰੀ ਪਤੀ ਦੇ ਹਿਤ ਵਿਚ ਪਿਆਰ ਵਿਚ ਰਹਿੰਦੀ ਹੈ। ਉਹ ਦਿਨੇ ਰਾਤ ਹਰ ਵੇਲੇ ਚੰਗੀ ਹੈ ॥੨॥


ਪਉੜੀ ॥
ਆਪਣਾ ਆਪੁ ਪਛਾਣਿਆ ਨਾਮੁ ਨਿਧਾਨੁ ਪਾਇਆ ॥

ਜਿਸ ਮਨੁੱਖ ਨੇ ਆਪਣੇ ਆਤਮਕ ਜੀਵਨ ਨੂੰ (ਸਦਾ) ਪੜਤਾਲਿਆ ਹੈ ਉਸ ਨੂੰ ਨਾਮ-ਖ਼ਜ਼ਾਨਾ ਮਿਲ ਜਾਂਦਾ ਹੈ,

ਕਿਰਪਾ ਕਰਿ ਕੈ ਆਪਣੀ ਗੁਰ ਸਬਦਿ ਮਿਲਾਇਆ ॥

ਪ੍ਰਭੂ ਆਪਣੀ ਮਿਹਰ ਕਰ ਕੇ ਉਸ ਨੂੰ ਸਤਿਗੁਰੂ ਦੇ ਸ਼ਬਦ ਵਿਚ ਜੋੜਦਾ ਹੈ,

ਗੁਰ ਕੀ ਬਾਣੀ ਨਿਰਮਲੀ ਹਰਿ ਰਸੁ ਪੀਆਇਆ ॥

ਤੇ, ਗੁਰੂ ਦੀ ਪਵਿਤ੍ਰ ਬਾਣੀ ਦੀ ਰਾਹੀਂ ਉਸ ਨੂੰ ਆਪਣੇ ਨਾਮ ਦਾ ਰਸ ਪਿਲਾਂਦਾ ਹੈ।

ਹਰਿ ਰਸੁ ਜਿਨੀ ਚਾਖਿਆ ਅਨ ਰਸ ਠਾਕਿ ਰਹਾਇਆ ॥

ਜਿਨ੍ਹਾਂ ਨੇ ਨਾਮ-ਰਸ ਚੱਖਿਆ ਹੈ ਉਹ ਹੋਰ ਰਸਾਂ ਨੂੰ ਵਰਜ ਰੱਖਦੇ ਹਨ (ਭਾਵ, ਦੁਨੀਆ ਦੇ ਚਸਕਿਆਂ ਨੂੰ ਆਪਣੇ ਨੇੜੇ ਨਹੀਂ ਢੁਕਣ ਦੇਂਦੇ)।

ਹਰਿ ਰਸੁ ਪੀ ਸਦਾ ਤ੍ਰਿਪਤਿ ਭਏ ਫਿਰਿ ਤ੍ਰਿਸਨਾ ਭੁਖ ਗਵਾਇਆ ॥੫॥

ਨਾਮ-ਰਸ ਪੀ ਕੇ ਉਹ ਸਦਾ ਰੱਜੇ ਰਹਿੰਦੇ ਹਨ ਤੇ ਮਾਇਆ ਦੀ ਤ੍ਰਿਸ਼ਨਾ ਤੇ ਭੁੱਖ ਨਾਸ ਕਰ ਲੈਂਦੇ ਹਨ ॥੫॥


ਸਲੋਕੁ ਮਃ ੩ ॥
ਪਿਰ ਖੁਸੀਏ ਧਨ ਰਾਵੀਏ ਧਨ ਉਰਿ ਨਾਮੁ ਸੀਗਾਰੁ ॥

ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ‘ਨਾਮ’-ਸਿੰਗਾਰ ਹੈ ਉਸ ਨੂੰ ਪ੍ਰਭੂ-ਪਤੀ ਖ਼ੁਸ਼ੀ ਨਾਲ ਆਪਣੇ ਨਾਲ ਮਿਲਾਂਦਾ ਹੈ।

ਨਾਨਕ ਧਨ ਆਗੈ ਖੜੀ ਸੋਭਾਵੰਤੀ ਨਾਰਿ ॥੧॥

ਹੇ ਨਾਨਕ! ਜੋ ਜੀਵ-ਇਸਤ੍ਰੀ ਪ੍ਰਭੂ-ਪਤੀ ਦੀ ਹਜ਼ੂਰੀ ਵਿਚ ਖਲੋਤੀ ਰਹਿੰਦੀ ਹੈ ਉਸ ਨੂੰ ਸੋਭਾ ਮਿਲਦੀ ਹੈ ॥੧॥


ਮਃ ੧ ॥
ਸਸੁਰੈ ਪੇਈਐ ਕੰਤ ਕੀ ਕੰਤੁ ਅਗੰਮੁ ਅਥਾਹੁ ॥

ਪ੍ਰਭੂ-ਖਸਮ ਅਪਹੁੰਚ ਹੈ ਤੇ ਬਹੁਤ ਡੂੰਘਾ ਹੈ; ਜੋ ਜੀਵ-ਇਸਤ੍ਰੀਆਂ ਸਹੁਰੇ-ਘਰ ਤੇ ਪੇਕੇ-ਘਰ (ਦੋਹੀਂ ਥਾਈਂ, ਭਾਵ ਲੋਕ ਪਰਲੋਕ ਵਿਚ ਉਸ) ਖਸਮ ਦੀਆਂ ਹੋ ਕੇ ਰਹਿੰਦੀਆਂ ਹਨ,

ਨਾਨਕ ਧੰਨੁ ਸੁੋਹਾਗਣੀ ਜੋ ਭਾਵਹਿ ਵੇਪਰਵਾਹ ॥੨॥

ਤੇ (ਇਸ ਤਰ੍ਹਾਂ) ਉਸ ਬੇਪਰਵਾਹ ਨੂੰ ਪਿਆਰੀਆਂ ਲੱਗਦੀਆਂ ਹਨ, ਉਹ ਭਾਗਾਂ ਵਾਲੀਆਂ ਹਨ ॥੨॥


ਪਉੜੀ ॥
ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ ॥

ਜੋ ਮਨੁੱਖ ਤਖ਼ਤ ਦੇ ਜੋਗ ਹੁੰਦਾ ਹੈ ਉਹੀ ਰਾਜਾ ਬਣ ਕੇ ਤਖ਼ਤ ਤੇ ਬੈਠਦਾ ਹੈ (ਭਾਵ, ਜੋ ਮਾਇਆ ਦੀ ‘ਤ੍ਰਿਸ਼ਨਾ ਭੁਖ’ ਗਵਾ ਕੇ ਬੇਪਰਵਾਹ ਹੋ ਜਾਂਦਾ ਹੈ ਉਹੀ ਆਦਰ ਪਾਂਦਾ ਹੈ)।

ਜਿਨੀ ਸਚੁ ਪਛਾਣਿਆ ਸਚੁ ਰਾਜੇ ਸੇਈ ॥

ਸੋ, ਜਿਨ੍ਹਾਂ ਨੇ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ ਹੈ ਉਹੀ ਅਸਲ ਰਾਜੇ ਹਨ।

ਏਹਿ ਭੂਪਤਿ ਰਾਜੇ ਨ ਆਖੀਅਹਿ ਦੂਜੈ ਭਾਇ ਦੁਖੁ ਹੋਈ ॥

ਧਰਤੀ ਦੇ ਮਾਲਕ ਬਣੇ ਹੋਏ ਇਹ ਲੋਕ ਰਾਜੇ ਨਹੀਂ ਕਹੇ ਜਾ ਸਕਦੇ, ਇਹਨਾਂ ਨੂੰ (ਇਕ ਤਾਂ) ਮਾਇਆ ਦੇ ਮੋਹ ਕਰਕੇ ਸਦਾ ਦੁੱਖ ਵਾਪਰਦਾ ਹੈ,

ਕੀਤਾ ਕਿਆ ਸਾਲਾਹੀਐ ਜਿਸੁ ਜਾਦੇ ਬਿਲਮ ਨ ਹੋਈ ॥

(ਦੂਜੇ) ਉਸ ਨੂੰ ਕੀਹ ਵਡਿਆਉਣਾ ਹੋਇਆ ਜੋ ਪੈਦਾ ਕੀਤਾ ਹੋਇਆ ਹੈ ਜਿਸ ਦੇ ਨਾਸ ਹੁੰਦਿਆਂ ਚਿਰ ਨਹੀਂ ਲੱਗਦਾ।

ਨਿਹਚਲੁ ਸਚਾ ਏਕੁ ਹੈ ਗੁਰਮੁਖਿ ਬੂਝੈ ਸੁ ਨਿਹਚਲੁ ਹੋਈ ॥੬॥

ਅਟੱਲ ਰਾਜ ਵਾਲਾ ਇਕ ਪ੍ਰਭੂ ਹੀ ਹੈ। ਜੋ ਗੁਰੂ ਦੇ ਸਨਮੁਖ ਹੋ ਕੇ ਇਹ ਗੱਲ ਸਮਝ ਲੈਂਦਾ ਹੈ, ਉਹ ਭੀ (“ਤ੍ਰਿਸ਼ਨਾ ਭੁਖ” ਵਲੋਂ) ਅਡੋਲ ਹੋ ਜਾਂਦਾ ਹੈ ॥੬॥


ਸਲੋਕੁ ਮਃ ੩ ॥
ਸਭਨਾ ਕਾ ਪਿਰੁ ਏਕੁ ਹੈ ਪਿਰ ਬਿਨੁ ਖਾਲੀ ਨਾਹਿ ॥

ਸਭ ਜੀਵ ਇਸਤ੍ਰੀਆਂ ਦਾ ਖਸਮ ਇਕ ਪ੍ਰਭੂ ਹੈ, ਕੋਈ ਐਸੀ ਨਹੀਂ ਜਿਸ ਦੇ ਸਿਰ ਉਤੇ ਖਸਮ ਨਾਹ ਹੋਵੇ।

ਨਾਨਕ ਸੇ ਸੋਹਾਗਣੀ ਜਿ ਸਤਿਗੁਰ ਮਾਹਿ ਸਮਾਹਿ ॥੧॥

ਪਰ, ਹੇ ਨਾਨਕ! ਸੁਹਾਗ-ਭਾਗ ਵਾਲੀਆਂ ਉਹ ਹਨ ਜੋ ਸਤਿਗੁਰੂ ਵਿਚ ਲੀਨ ਹਨ ॥੧॥


ਮਃ ੩ ॥
ਮਨ ਕੇ ਅਧਿਕ ਤਰੰਗ ਕਿਉ ਦਰਿ ਸਾਹਿਬ ਛੁਟੀਐ ॥

(ਜਿਤਨਾ ਚਿਰ) ਮਨ ਦੀਆਂ ਕਈ ਲਹਿਰਾਂ ਹਨ (ਭਾਵ, ਤ੍ਰਿਸ਼ਨਾ ਦੀਆਂ ਕਈ ਲਹਿਰਾਂ ਮਨ ਵਿਚ ਉੱਠ ਰਹੀਆਂ ਹਨ, ਉਤਨਾ ਚਿਰ) ਮਾਲਕ ਦੀ ਹਜ਼ੂਰੀ ਵਿਚ ਸੁਰਖ਼ਰੂ ਨਹੀਂ ਹੋ ਸਕੀਦਾ।

ਜੇ ਰਾਚੈ ਸਚ ਰੰਗਿ ਗੂੜੈ ਰੰਗਿ ਅਪਾਰ ਕੈ ॥

ਜੇ ਬੇਅੰਤ ਪ੍ਰਭੂ ਦੇ ਗੂੜ੍ਹੇ ਪਿਆਰ ਵਿਚ, ਸਦਾ-ਥਿਰ ਰਹਿਣ ਵਾਲੇ ਰੰਗ ਵਿਚ ਮਨ ਮਸਤ ਰਹੇ,

ਨਾਨਕ ਗੁਰਪਰਸਾਦੀ ਛੁਟੀਐ ਜੇ ਚਿਤੁ ਲਗੈ ਸਚਿ ॥੨॥

ਜੇ ਚਿੱਤ ਸਦਾ-ਥਿਰ ਪ੍ਰਭੂ ਵਿਚ ਜੁੜਿਆ ਰਹੇ, ਤਾਂ, ਹੇ ਨਾਨਕ! ਗੁਰੂ ਦੀ ਮਿਹਰ ਨਾਲ ਸੁਰਖ਼ਰੂ ਹੋਈਦਾ ਹੈ ॥੨॥


ਪਉੜੀ ॥
ਹਰਿ ਕਾ ਨਾਮੁ ਅਮੋਲੁ ਹੈ ਕਿਉ ਕੀਮਤਿ ਕੀਜੈ ॥

(ਧਰਤੀ ਦੇ ਮਾਲਕ ਰਾਜਿਆਂ ਦੇ ਟਾਕਰੇ ਤੇ) ਪ੍ਰਭੂ ਦਾ ਨਾਮ ਇਕ ਐਸੀ ਵਸਤ ਹੈ ਜਿਸ ਦਾ ਮੁੱਲ ਨਹੀਂ ਪੈ ਸਕਦਾ, ਜਿਸ ਦੇ ਸਾਵੇਂ ਮੁੱਲ ਦੀ ਕੋਈ ਚੀਜ਼ ਨਹੀਂ ਦੱਸੀ ਜਾ ਸਕਦੀ,

ਆਪੇ ਸ੍ਰਿਸਟਿ ਸਭ ਸਾਜੀਅਨੁ ਆਪੇ ਵਰਤੀਜੈ ॥

(ਪ੍ਰਭੂ ਦੇ ਨਾਮ ਦੇ ਸਾਵੇਂ ਮੁੱਲ ਦੀ ਚੀਜ਼ ਹੋਵੇ ਭੀ ਕਿਵੇਂ? ਕਿਉਂਕਿ) ਉਸ ਨੇ ਆਪ ਹੀ ਸਾਰੀ ਸ੍ਰਿਸ਼ਟੀ ਬਣਾਈ ਹੈ ਤੇ ਆਪ ਹੀ ਇਸ ਵਿਚ ਹਰ ਥਾਂ ਮੌਜੂਦ ਹੈ।

ਗੁਰਮੁਖਿ ਸਦਾ ਸਲਾਹੀਐ ਸਚੁ ਕੀਮਤਿ ਕੀਜੈ ॥

(ਹਾਂ) ਗੁਰੂ ਦੇ ਸਨਮੁਖ ਹੋ ਕੇ ਸਦਾ ਸਿਫ਼ਤ-ਸਾਲਾਹ ਕਰੀਏ (ਬੱਸ, ਇਹ) ਸਿਮਰਨ ਹੀ (‘ਨਾਮ’ ਦੀ ਪ੍ਰਾਪਤੀ ਲਈ) ਮੁੱਲ ਕੀਤਾ ਜਾ ਸਕਦਾ ਹੈ,

ਗੁਰਸਬਦੀ ਕਮਲੁ ਬਿਗਾਸਿਆ ਇਵ ਹਰਿ ਰਸੁ ਪੀਜੈ ॥

(ਕਿਉਂਕਿ) ਗੁਰੂ ਦੇ ਸਬਦ ਦੀ ਰਾਹੀਂ ਹਿਰਦਾ-ਕੌਲ ਖਿੜਦਾ ਹੈ ਤੇ ਇਸ ਤਰ੍ਹਾਂ ਨਾਮ-ਰਸ ਪੀਵੀਦਾ ਹੈ,

ਆਵਣ ਜਾਣਾ ਠਾਕਿਆ ਸੁਖਿ ਸਹਜਿ ਸਵੀਜੈ ॥੭॥

(ਜਗਤ ਵਿਚ) ਆਉਣ ਜਾਣ ਦਾ ਗੇੜ ਮੁੱਕ ਜਾਂਦਾ ਹੈ ਤੇ ਸੁਖ ਵਿਚ ਅਡੋਲ ਅਵਸਥਾ ਵਿਚ ਲੀਨ ਹੋ ਜਾਈਦਾ ਹੈ ॥੭॥


ਸਲੋਕੁ ਮਃ ੧ ॥
ਨਾ ਮੈਲਾ ਨਾ ਧੁੰਧਲਾ ਨਾ ਭਗਵਾ ਨਾ ਕਚੁ ॥

(ਉਸ ਮਨੁੱਖ ਦਾ ਮਨ) ਵਿਕਾਰਾਂ ਨਾਲ ਨਹੀਂ ਲਿੱਬੜਦਾ, ਉਸ ਦੀ ਨਿਗਾਹ ਧੁੰਧਲੀ ਨਹੀਂ ਹੁੰਦੀ (ਭਾਵ, ਉਸ ਨੂੰ ਹਰ ਥਾਂ ਪਰਮਾਤਮਾ ਸਾਫ਼ ਪਿਆ ਦਿੱਸਦਾ ਹੈ) ਉਸ ਨੂੰ ਕਿਸੇ ਭੇਖ ਆਦਿਕ ਦੀ ਤਾਂਘ ਨਹੀਂ ਹੁੰਦੀ, ਨਾਸਵੰਤ ਜਗਤ ਦਾ ਮੋਹ ਭੀ ਉਸ ਨੂੰ ਨਹੀਂ ਵਿਆਪਦਾ।

ਨਾਨਕ ਲਾਲੋ ਲਾਲੁ ਹੈ ਸਚੈ ਰਤਾ ਸਚੁ ॥੧॥

ਹੇ ਨਾਨਕ! (ਆਖ-ਜਿਹੜਾ ਮਨੁੱਖ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ (ਦੇ ਨਾਮ) ਵਿਚ ਰੰਗਿਆ ਰਹਿੰਦਾ ਹੈ ਉਹ ਸਦਾ-ਥਿਰ ਪ੍ਰਭੂ (ਦਾ ਰੂਪ ਹੀ) ਹੋ ਜਾਂਦਾ ਹੈ, (ਉਸ ਦਾ ਮਨ ਪਰਮਾਤਮਾ ਦੇ ਪ੍ਰੇਮ-ਰੰਗ ਨਾਲ) ਗੂੜ੍ਹਾ ਰੰਗਿਆ ਜਾਂਦਾ ਹੈ ॥੧॥


ਮਃ ੩ ॥
ਸਹਜਿ ਵਣਸਪਤਿ ਫੁਲੁ ਫਲੁ ਭਵਰੁ ਵਸੈ ਭੈ ਖੰਡਿ ॥

ਉਹ ਜੀਵ-ਭੌਰਾ (ਦੁਨੀਆ ਦੇ) ਸਾਰੇ ਡਰ ਨਾਸ ਕਰ ਕੇ (ਸਦਾ) ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਬਨਸਪਤੀ ਦਾ ਹਰੇਕ ਫੁੱਲ ਹਰੇਕ ਫਲ (ਜਗਤ ਦਾ ਹਰੇਕ ਮਨ-ਮੋਹਣਾ ਪਦਾਰਥ ਉਸ ਨੂੰ ਮਾਇਆ ਦੀ ਭਟਕਣਾ ਵਿਚ ਪਾਣ ਦੇ ਥਾਂ) ਆਤਮਕ ਅਡੋਲਤਾ ਵਿਚ ਟਿਕਾਂਦਾ ਹੈ।

ਨਾਨਕ ਤਰਵਰੁ ਏਕੁ ਹੈ ਏਕੋ ਫੁਲੁ ਭਿਰੰਗੁ ॥੨॥

ਹੇ ਨਾਨਕ! (ਜਿਵੇਂ ਪੰਛੀਆਂ ਦੇ ਰੈਣ-ਬਸੇਰੇ ਵਾਸਤੇ ਰੁੱਖ ਆਸਰਾ ਹੈ, ਤਿਵੇਂ ਜਿਹੜਾ ਜੀਵ-) ਭੌਰਾ ਸਿਰਫ਼ ਪਰਮਾਤਮਾ ਨੂੰ ਹੀ ਆਸਰਾ-ਸਹਾਰਾ ਸਮਝਦਾ ਹੈ (ਜੋ ਭੌਰਿਆਂ ਵਾਂਗ ਹਰੇਕ ਫੁੱਲ ਦੀ ਸੁਗੰਧੀ ਨਹੀਂ ਲੈਂਦਾ ਫਿਰਦਾ, ਸਗੋਂ ਪਰਮਾਤਮਾ ਦੀ ਸਿਫ਼ਤ ਸਾਲਾਹ-ਰੂਪ) ਫੁੱਲ (ਦੀ ਸੁਗੰਧੀ ਹੀ) ਮਾਣਦਾ ਹੈ ॥੨॥


ਪਉੜੀ ॥
ਜੋ ਜਨ ਲੂਝਹਿ ਮਨੈ ਸਿਉ ਸੇ ਸੂਰੇ ਪਰਧਾਨਾ ॥

ਜੋ ਮਨੁੱਖ (ਆਪਣੇ) ਮਨ ਨਾਲ ਲੜਦੇ ਹਨ ਉਹ ਸੂਰਮੇ ਇਨਸਾਨ ਬਣਦੇ ਹਨ ਉਹ ਮੰਨੇ-ਪ੍ਰਮੰਨੇ ਜਾਂਦੇ ਹਨ;

ਹਰਿ ਸੇਤੀ ਸਦਾ ਮਿਲਿ ਰਹੇ ਜਿਨੀ ਆਪੁ ਪਛਾਨਾ ॥

ਜਿਨ੍ਹਾਂ ਨੇ ਆਪਣੇ ਆਪ ਨੂੰ ਪਛਾਣਿਆ ਹੈ ਉਹ ਸਦਾ ਰੱਬ ਨਾਲ ਮਿਲੇ ਰਹਿੰਦੇ ਹਨ।

ਗਿਆਨੀਆ ਕਾ ਇਹੁ ਮਹਤੁ ਹੈ ਮਨ ਮਾਹਿ ਸਮਾਨਾ ॥

ਗਿਆਨਵਾਨ ਬੰਦਿਆਂ ਦੀ ਵਡਿਆਈ ਹੀ ਇਹ ਹੈ (ਭਾਵ, ਇਸੇ ਗੱਲ ਵਿਚ ਵਡਿਆਈ ਹੈ) ਕਿ ਉਹ ਮਨ ਵਿਚ ਟਿਕੇ ਰਹਿੰਦੇ ਹਨ (ਭਾਵ, ਮਾਇਆ ਦੇ ਪਿੱਛੇ ਭਟਕਣ ਦੇ ਥਾਂ ਅੰਦਰ ਵਲ ਪਰਤੇ ਰਹਿੰਦੇ ਹਨ)।

ਹਰਿ ਜੀਉ ਕਾ ਮਹਲੁ ਪਾਇਆ ਸਚੁ ਲਾਇ ਧਿਆਨਾ ॥

(ਇਸ ਤਰ੍ਹਾਂ) ਸੁਰਤ ਜੋੜ ਕੇ ਉਹਨਾਂ ਨੂੰ ਰੱਬ ਦਾ ਘਰ ਲੱਭ ਪੈਂਦਾ ਹੈ, ਰੱਬ ਮਿਲ ਪੈਂਦਾ ਹੈ।

ਜਿਨ ਗੁਰਪਰਸਾਦੀ ਮਨੁ ਜੀਤਿਆ ਜਗੁ ਤਿਨਹਿ ਜਿਤਾਨਾ ॥੮॥

(ਸੋ) ਜਿਨ੍ਹਾਂ ਨੇ ਗੁਰੂ ਦੀ ਮਿਹਰ ਨਾਲ ਆਪਣੇ ਮਨ ਨੂੰ ਜਿੱਤਿਆ ਹੈ ਉਹਨਾਂ ਨੇ ਜਗਤ ਜਿੱਤ ਲਿਆ ਹੈ ॥੮॥


ਸਲੋਕੁ ਮਃ ੩ ॥
ਜੋਗੀ ਹੋਵਾ ਜਗਿ ਭਵਾ ਘਰਿ ਘਰਿ ਭੀਖਿਆ ਲੇਉ ॥

ਜੇ ਮੈਂ ਜੋਗੀ ਬਣ ਜਾਵਾਂ, ਜਗਤ ਵਿਚ ਭੌਂਦਾ ਫਿਰਾਂ ਤੇ ਘਰ ਘਰ ਤੋਂ (ਨਿਰਾ) ਖੈਰ ਹੀ ਲੈਂਦਾ ਰਹਾਂ

ਦਰਗਹ ਲੇਖਾ ਮੰਗੀਐ ਕਿਸੁ ਕਿਸੁ ਉਤਰੁ ਦੇਉ ॥

(ਤੇ ਆਪਣੀਆਂ ਕਰਤੂਤਾਂ ਵਲ ਵੇਖਾਂ ਹੀ ਨਾਹ, ਤਾਂ) ਪ੍ਰਭੂ ਦੀ ਹਜ਼ੂਰੀ ਵਿਚ (ਤਾਂ ਅਮਲਾਂ ਦਾ) ਲੇਖਾ ਮੰਗੀਦਾ ਹੈ ਮੈਂ ਕਿਸ ਕਿਸ ਕਰਤੂਤ ਦਾ ਜਵਾਬ ਦਿਆਂਗਾ?

ਭਿਖਿਆ ਨਾਮੁ ਸੰਤੋਖੁ ਮੜੀ ਸਦਾ ਸਚੁ ਹੈ ਨਾਲਿ ॥

(ਜਿਸ ਮਨੁੱਖ ਨੇ) ਪ੍ਰਭੂ ਦੇ ਨਾਮ ਨੂੰ ਭਿੱਛਿਆ ਬਣਾਇਆ ਹੈ ਸੰਤੋਖ ਨੂੰ ਕੁਟੀਆ ਬਣਾਇਆ ਹੈ ਰੱਬ ਸਦਾ ਉਸ ਦੇ ਨਾਲ ਵੱਸਦਾ ਹੈ।

ਭੇਖੀ ਹਾਥ ਨ ਲਧੀਆ ਸਭ ਬਧੀ ਜਮਕਾਲਿ ॥

ਭੇਖਾਂ ਨਾਲ ਕਦੇ ਕਿਸੇ ਨੂੰ ਅਸਲੀਅਤ ਨਹੀਂ ਲੱਭੀ, ਸਾਰੀ ਸ੍ਰਿਸ਼ਟੀ ਜਮਕਾਲ ਨੇ ਬੰਨ੍ਹ ਰੱਖੀ ਹੈ।

ਨਾਨਕ ਗਲਾ ਝੂਠੀਆ ਸਚਾ ਨਾਮੁ ਸਮਾਲਿ ॥੧॥

ਹੇ ਨਾਨਕ! ਪ੍ਰਭੂ ਦਾ ਨਾਮ ਹੀ ਯਾਦ ਕਰ, ਇਸ ਤੋਂ ਛੁਟ ਹੋਰ ਗੱਲਾਂ ਕੂੜੀਆਂ ਹਨ ॥੧॥


ਮਃ ੩ ॥
ਜਿਤੁ ਦਰਿ ਲੇਖਾ ਮੰਗੀਐ ਸੋ ਦਰੁ ਸੇਵਿਹੁ ਨ ਕੋਇ ॥

ਜਿਸ ਬੂਹੇ ਤੇ (ਬੈਠਿਆਂ, ਕੀਤੇ ਕਰਮਾਂ ਦਾ) ਲੇਖਾ (ਫਿਰ ਭੀ) ਮੰਗਿਆ ਜਾਣਾ ਹੈ ਉਹ ਬੂਹਾ ਕੋਈ ਨਾਹ ਮੱਲਿਓ।

ਐਸਾ ਸਤਿਗੁਰੁ ਲੋੜਿ ਲਹੁ ਜਿਸੁ ਜੇਵਡੁ ਅਵਰੁ ਨ ਕੋਇ ॥

ਐਸਾ ਗੁਰੂ ਲੱਭੋ ਜਿਸ ਵਰਗਾ ਹੋਰ ਨਾਹ ਲੱਭ ਸਕੇ।

ਤਿਸੁ ਸਰਣਾਈ ਛੂਟੀਐ ਲੇਖਾ ਮੰਗੈ ਨ ਕੋਇ ॥

ਉਸ ਗੁਰੂ ਦੀ ਸਰਨ ਪਿਆਂ (ਕਰਮਾਂ ਦੇ ਗੇੜ ਤੋਂ) ਮੁਕਤ ਹੋਈਦਾ ਹੈ। (ਫਿਰ ਕਿਸੇ ਕਰਮਾਂ ਦਾ) ਲੇਖਾ ਕੋਈ ਨਹੀਂ ਮੰਗਦਾ (ਕਿਉਂਕਿ)

ਸਚੁ ਦ੍ਰਿੜਾਏ ਸਚੁ ਦ੍ਰਿੜੁ ਸਚਾ ਓਹੁ ਸਬਦੁ ਦੇਇ ॥

ਉਹ ਗੁਰੂ ਆਪ ਪ੍ਰਭੂ ਦਾ ਨਾਮ ਪੱਲੇ ਬੰਨ੍ਹਦਾ ਹੈ (ਸਰਨ ਆਇਆਂ ਦੇ) ਪੱਲੇ ਬੰਨ੍ਹਾਂਦਾ ਹੈ ਤੇ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੇਂਦਾ ਹੈ।

ਹਿਰਦੈ ਜਿਸ ਦੈ ਸਚੁ ਹੈ ਤਨੁ ਮਨੁ ਭੀ ਸਚਾ ਹੋਇ ॥

ਜਿਸ ਮਨੁੱਖ ਦੇ ਹਿਰਦੇ ਵਿਚ ਰੱਬ ਆ ਵੱਸਦਾ ਹੈ ਉਸ ਦਾ ਸਰੀਰ ਭੀ ਉਸ ਦਾ ਮਨ ਭੀ ਰੱਬ ਦੇ ਪਿਆਰ ਵਿਚ ਰੰਗਿਆ ਜਾਂਦਾ ਹੈ।

ਨਾਨਕ ਸਚੈ ਹੁਕਮਿ ਮੰਨਿਐ ਸਚੀ ਵਡਿਆਈ ਦੇਇ ॥

ਹੇ ਨਾਨਕ! ਜੇ ਪ੍ਰਭੂ ਦੀ ਰਜ਼ਾ ਮੰਨ ਲਈਏ ਤਾਂ ਉਹ ਸੱਚੀ ਵਡਿਆਈ ਬਖ਼ਸ਼ਦਾ ਹੈ;

ਸਚੇ ਮਾਹਿ ਸਮਾਵਸੀ ਜਿਸ ਨੋ ਨਦਰਿ ਕਰੇਇ ॥੨॥

ਪਰ, ਉਹੀ ਮਨੁੱਖ ਆਪਣਾ ਆਪ ਪ੍ਰਭੂ ਵਿਚ ਲੀਨ ਕਰਦਾ ਹੈ ਜਿਸ ਉਤੇ ਉਹ ਆਪ ਮਿਹਰ ਦੀ ਨਜ਼ਰ ਕਰਦਾ ਹੈ ॥੨॥


ਪਉੜੀ ॥
ਸੂਰੇ ਏਹਿ ਨ ਆਖੀਅਹਿ ਅਹੰਕਾਰਿ ਮਰਹਿ ਦੁਖੁ ਪਾਵਹਿ ॥

ਜੋ ਮਨੁੱਖ ਅਹੰਕਾਰ ਵਿਚ ਮਰਦੇ ਹਨ (ਖਪਦੇ ਹਨ) ਤੇ ਦੁੱਖ ਪਾਂਦੇ ਹਨ ਉਹਨਾਂ ਨੂੰ ਸੂਰਮੇ ਨਹੀਂ ਆਖੀਦਾ,

ਅੰਧੇ ਆਪੁ ਨ ਪਛਾਣਨੀ ਦੂਜੈ ਪਚਿ ਜਾਵਹਿ ॥

ਉਹ (ਅਹੰਕਾਰੀ) ਅੰਨ੍ਹੇ ਆਪਣਾ ਅਸਲਾ ਨਹੀਂ ਪਛਾਣਦੇ ਤੇ ਮਾਇਆ ਦੇ ਮੋਹ ਵਿਚ ਖ਼ੁਆਰ ਹੁੰਦੇ ਹਨ।

ਅਤਿ ਕਰੋਧ ਸਿਉ ਲੂਝਦੇ ਅਗੈ ਪਿਛੈ ਦੁਖੁ ਪਾਵਹਿ ॥

ਬੜੇ ਕ੍ਰੋਧ ਵਿਚ ਆ ਕੇ (ਦੂਜਿਆਂ ਨਾਲ) ਲੜਦੇ ਹਨ ਤੇ ਇਸ ਲੋਕ ਤੇ ਪਰਲੋਕ ਵਿਚ ਦੁੱਖ ਹੀ ਪਾਂਦੇ ਹਨ।

ਹਰਿ ਜੀਉ ਅਹੰਕਾਰੁ ਨ ਭਾਵਈ ਵੇਦ ਕੂਕਿ ਸੁਣਾਵਹਿ ॥

ਵੇਦ ਆਦਿਕ ਧਰਮ-ਪੁਸਤਕ ਭੀ ਪੁਕਾਰ ਕੇ ਕਹਿ ਰਹੇ ਹਨ ਕਿ ਰੱਬ ਨੂੰ ਅਹੰਕਾਰ ਚੰਗਾ ਨਹੀਂ ਲੱਗਦਾ।

ਅਹੰਕਾਰਿ ਮੁਏ ਸੇ ਵਿਗਤੀ ਗਏ ਮਰਿ ਜਨਮਹਿ ਫਿਰਿ ਆਵਹਿ ॥੯॥

ਜੋ ਮਨੁੱਖ ਅਹੰਕਾਰ ਵਿਚ ਹੀ ਮਰਦੇ ਰਹੇ ਉਹ ਬੇ-ਗਤੇ ਹੀ ਗਏ (ਉਹਨਾਂ ਦਾ ਜੀਵਨ ਨਾਹ ਸੁਧਰਿਆ), ਉਹ ਮੁੜ ਮੁੜ ਮਰਦੇ ਜੰਮਦੇ ਰਹਿੰਦੇ ਹਨ ॥੯॥


ਸਲੋਕੁ ਮਃ ੩ ॥
ਕਾਗਉ ਹੋਇ ਨ ਊਜਲਾ ਲੋਹੇ ਨਾਵ ਨ ਪਾਰੁ ॥

ਕਾਂ ਤੋਂ ਚਿੱਟਾ (ਹੰਸ) ਨਹੀਂ ਬਣ ਸਕਦਾ, ਲੋਹੇ ਦੀ ਬੇੜੀ (ਨਦੀ ਦਾ) ਪਾਰਲਾ ਕੰਢਾ ਨਹੀਂ ਲੱਭ ਸਕਦੀ;

ਪਿਰਮ ਪਦਾਰਥੁ ਮੰਨਿ ਲੈ ਧੰਨੁ ਸਵਾਰਣਹਾਰੁ ॥

ਪਰ ਸ਼ਾਬਾਸੇ ਉਸ ਸਵਾਰਨ ਵਾਲੇ (ਗੁਰੂ) ਨੂੰ (ਜਿਸ ਦੀ ਮੱਤ ਲੈ ਕੇ ਕਾਂ ਵਰਗੇ ਕਾਲੇ ਮਨ ਵਾਲਾ ਭੀ) ਪਰਮਾਤਮਾ ਦਾ ਨਾਮ ਅੰਗੀਕਾਰ ਕਰਦਾ ਹੈ,

ਹੁਕਮੁ ਪਛਾਣੈ ਊਜਲਾ ਸਿਰਿ ਕਾਸਟ ਲੋਹਾ ਪਾਰਿ ॥

ਹੁਕਮ ਪਛਾਣਦਾ ਹੈ ਤਾਂ (ਕਾਂ ਤੋਂ) ਹੰਸ ਬਣ ਜਾਂਦਾ ਹੈ (ਜਿਵੇਂ) ਲੱਕੜ ਦੇ ਆਸਰੇ ਲੋਹਾ (ਨਦੀ ਦੇ) ਪਾਰਲੇ ਕੰਢੇ ਜਾ ਲੱਗਦਾ ਹੈ।

ਤ੍ਰਿਸਨਾ ਛੋਡੈ ਭੈ ਵਸੈ ਨਾਨਕ ਕਰਣੀ ਸਾਰੁ ॥੧॥

(ਗੁਰੂ ਦੇ ਆਸਰੇ) ਹੇ ਨਾਨਕ! ਉਹ ਤ੍ਰਿਸ਼ਨਾ ਤਿਆਗਦਾ ਹੈ ਤੇ ਰੱਬ ਦੇ ਡਰ ਵਿਚ ਜੀਊਂਦਾ ਹੈ, (ਬੱਸ!) ਇਹੀ ਕਰਣੀ ਸਭ ਤੋਂ ਚੰਗੀ ਹੈ ॥੧॥


ਮਃ ੩ ॥
ਮਾਰੂ ਮਾਰਣ ਜੋ ਗਏ ਮਾਰਿ ਨ ਸਕਹਿ ਗਵਾਰ ॥

ਜੋ ਮੂਰਖ ਬਾਹਰ ਜੰਗਲਾਂ ਵਿਚ ਮਨ ਨੂੰ ਮਾਰਨ ਵਾਸਤੇ ਗਏ ਉਹ ਮਾਰ ਨ ਸਕੇ;

ਨਾਨਕ ਜੇ ਇਹੁ ਮਾਰੀਐ ਗੁਰਸਬਦੀ ਵੀਚਾਰਿ ॥

ਹੇ ਨਾਨਕ! ਜੇ ਇਹ ਮਨ ਵੱਸ ਕੀਤਾ ਜਾ ਸਕਦਾ ਹੈ ਤਾਂ ਗੁਰੂ ਦੇ ਸ਼ਬਦ ਵਿਚ ਵਿਚਾਰ ਕੀਤਿਆਂ ਹੀ ਵੱਸ ਕੀਤਾ ਜਾ ਸਕਦਾ ਹੈ,

ਏਹੁ ਮਨੁ ਮਾਰਿਆ ਨਾ ਮਰੈ ਜੇ ਲੋਚੈ ਸਭੁ ਕੋਇ ॥

(ਨਹੀਂ ਤਾਂ ਉਂਞ) ਭਾਵੇਂ ਕੋਈ ਕਿਤਨੀ ਹੀ ਤਾਂਘ ਕਰੇ ਇਹ ਮਨ ਜਤਨ ਕੀਤਿਆਂ ਵੱਸ ਵਿਚ ਨਹੀਂ ਆਉਂਦਾ।

ਨਾਨਕ ਮਨ ਹੀ ਕਉ ਮਨੁ ਮਾਰਸੀ ਜੇ ਸਤਿਗੁਰੁ ਭੇਟੈ ਸੋਇ ॥੨॥

ਹੇ ਨਾਨਕ! ਜੇ ਸਮਰੱਥ ਗੁਰੂ ਮਿਲ ਪਏ ਤਾਂ ਮਨ ਹੀ ਮਨ ਨੂੰ ਮਾਰ ਲੈਂਦਾ ਹੈ (ਭਾਵ, ਗੁਰੂ ਦੀ ਸਹੈਤਾ ਨਾਲ ਅੰਦਰ ਵਲ ਪਰਤਿਆਂ ਮਨ ਵੱਸ ਵਿਚ ਆ ਜਾਂਦਾ ਹੈ) ॥੨॥


ਪਉੜੀ ॥
ਦੋਵੈ ਤਰਫਾ ਉਪਾਈਓਨੁ ਵਿਚਿ ਸਕਤਿ ਸਿਵ ਵਾਸਾ ॥

ਇਸ ਸ੍ਰਿਸ਼ਟੀ ਵਿਚ ਮਾਇਆ ਤੇ ਆਤਮਾ (ਦੋਹਾਂ ਦਾ) ਵਾਸ ਹੈ (ਇਹਨਾਂ ਦੇ ਅਸਰ ਹੇਠ ਕੋਈ ਅਹੰਕਾਰ ਵਿਚ ਦੂਜਿਆਂ ਨਾਲ ਲੜਦੇ ਹਨ ਤੇ ਕੋਈ ਨਾਮ ਦੇ ਧਨੀ ਹਨ) ਇਹ ਦੋਵੇਂ ਪਾਸੇ ਪ੍ਰਭੂ ਨੇ ਆਪ ਹੀ ਬਣਾਏ ਹਨ।

ਸਕਤੀ ਕਿਨੈ ਨ ਪਾਇਓ ਫਿਰਿ ਜਨਮਿ ਬਿਨਾਸਾ ॥

ਮਾਇਆ ਦੇ ਅਸਰ ਵਿਚ ਰਹਿ ਕੇ ਕਿਸੇ ਨੇ (ਰੱਬ) ਨਹੀਂ ਲੱਭਾ, ਮੁੜ ਮੁੜ ਜੰਮਦਾ ਮਰਦਾ ਹੈ।

ਗੁਰਿ ਸੇਵਿਐ ਸਾਤਿ ਪਾਈਐ ਜਪਿ ਸਾਸ ਗਿਰਾਸਾ ॥

ਪਰ ਗੁਰੂ ਦੇ ਹੁਕਮ ਵਿਚ ਤੁਰਿਆਂ ਖਾਂਦਿਆਂ ਪੀਂਦਿਆਂ ਨਾਮ ਜਪ ਕੇ (ਹਿਰਦੇ ਵਿਚ) ਠੰਢ ਪੈਂਦੀ ਹੈ।

ਸਿਮ੍ਰਿਤਿ ਸਾਸਤ ਸੋਧਿ ਦੇਖੁ ਊਤਮ ਹਰਿ ਦਾਸਾ ॥

ਸਿਮ੍ਰਿਤੀਆਂ ਤੇ ਸ਼ਾਸਤ੍ਰਾਂ (ਆਦਿਕ ਸਾਰੇ ਧਰਮ-ਪੁਸਤਕਾਂ ਨੂੰ ਬੇਸ਼ਕ) ਖੋਜ ਕੇ ਵੇਖ ਲਉ, ਚੰਗੇ ਮਨੁੱਖ ਉਹ ਹਨ ਜੋ ਪ੍ਰਭੂ ਦੇ ਸੇਵਕ ਹਨ।

ਨਾਨਕ ਨਾਮ ਬਿਨਾ ਕੋ ਥਿਰੁ ਨਹੀ ਨਾਮੇ ਬਲਿ ਜਾਸਾ ॥੧੦॥

ਹੇ ਨਾਨਕ! ‘ਨਾਮ’ ਤੋਂ ਬਿਨਾ ਕੋਈ ਸ਼ੈ ਥਿਰ ਰਹਿਣ ਵਾਲੀ ਨਹੀਂ; ਮੈਂ ਸਦਕੇ ਹਾਂ ਪ੍ਰਭੂ ਦੇ ਨਾਮ ਤੋਂ ॥੧੦॥


ਸਲੋਕੁ ਮਃ ੩ ॥
ਹੋਵਾ ਪੰਡਿਤੁ ਜੋਤਕੀ ਵੇਦ ਪੜਾ ਮੁਖਿ ਚਾਰਿ ॥

ਜੇ ਮੈਂ (ਧਰਮ-ਪੁਸਤਕਾਂ ਦਾ) ਵਿਦਵਾਨ ਬਣ ਜਾਵਾਂ, ਜੋਤਸ਼ੀ ਬਣ ਜਾਵਾਂ, ਚਾਰੇ ਵੇਦ ਮੂੰਹ-ਜ਼ਬਾਨੀ ਪੜ੍ਹ ਸਕਾਂ;

ਨਵ ਖੰਡ ਮਧੇ ਪੂਜੀਆ ਅਪਣੈ ਚਜਿ ਵੀਚਾਰਿ ॥

ਜੇ ਆਪਣੇ ਆਚਰਨ ਦੇ ਕਾਰਨ ਆਪਣੀ ਚੰਗੀ ਅਕਲ ਦੇ ਕਾਰਨ ਸਾਰੀ ਹੀ ਧਰਤੀ ਵਿਚ ਮੇਰੀ ਇੱਜ਼ਤ ਹੋਵੇ;

ਮਤੁ ਸਚਾ ਅਖਰੁ ਭੁਲਿ ਜਾਇ ਚਉਕੈ ਭਿਟੈ ਨ ਕੋਇ ॥

(ਜੇ ਮੈਂ ਬੜੀ ਸੁੱਚ ਰੱਖਾਂ ਤੇ ਖ਼ਿਆਲ ਰੱਖਾਂ ਕਿ) ਕਿਤੇ ਕੋਈ (ਨੀਵੀਂ ਜਾਤਿ ਵਾਲਾ ਮਨੁੱਖ ਮੇਰੇ) ਚੌਂਕੇ ਨੂੰ ਭਿੱਟ ਨ ਜਾਏ (ਤਾਂ ਇਹ ਸਭ ਕੁਝ ਵਿਅਰਥ ਹੀ ਹੈ। (ਧਿਆਨ ਇਸ ਗੱਲ ਦਾ ਰਹਿਣਾ ਚਾਹੀਦਾ ਹੈ ਕਿ) ਕਿਤੇ ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ (ਮਨ ਤੋਂ) ਭੁੱਲ ਨਾਹ ਜਾਏ।

ਝੂਠੇ ਚਉਕੇ ਨਾਨਕਾ ਸਚਾ ਏਕੋ ਸੋਇ ॥੧॥

ਹੇ ਨਾਨਕ! ਸਾਰੇ ਚੌਂਕੇ ਨਾਸਵੰਤ ਹਨ, ਸਦਾ ਕਾਇਮ ਰਹਿਣ ਵਾਲਾ ਸਿਰਫ਼ ਪਰਮਾਤਮਾ ਦਾ ਨਾਮ ਹੀ ਹੈ ॥੧॥


ਮਃ ੩ ॥
ਆਪਿ ਉਪਾਏ ਕਰੇ ਆਪਿ ਆਪੇ ਨਦਰਿ ਕਰੇਇ ॥

ਪ੍ਰਭੂ ਆਪ ਹੀ (ਜੀਆਂ ਨੂੰ) ਪੈਦਾ ਕਰਦਾ ਹੈ (ਸਭ ਕਾਰਜ) ਆਪ ਹੀ ਕਰਦਾ ਹੈ, ਆਪ ਹੀ (ਜੀਆਂ ਤੇ) ਮਿਹਰ ਦੀ ਨਜ਼ਰ ਕਰਦਾ ਹੈ,

ਆਪੇ ਦੇ ਵਡਿਆਈਆ ਕਹੁ ਨਾਨਕ ਸਚਾ ਸੋਇ ॥੨॥

ਆਪ ਹੀ ਵਡਿਆਈਆਂ ਦੇਂਦਾ ਹੈ; ਆਖ, ਹੇ ਨਾਨਕ! ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਆਪ ਹੀ (ਸਭ ਕੁਝ ਕਰਨ ਦੇ ਸਮਰੱਥ) ਹੈ ॥੨॥


ਪਉੜੀ ॥
ਕੰਟਕੁ ਕਾਲੁ ਏਕੁ ਹੈ ਹੋਰੁ ਕੰਟਕੁ ਨ ਸੂਝੈ ॥

(ਮਨੁੱਖ ਲਈ) ਮੌਤ (ਦਾ ਡਰ ਹੀ) ਇਕ (ਐਸਾ) ਕੰਡਾ ਹੈ (ਜੋ ਹਰ ਵੇਲੇ ਦਿਲ ਵਿਚ ਚੁੱਭਦਾ ਹੈ) ਕੋਈ ਹੋਰ ਕੰਡਾ (ਭਾਵ, ਸਹਿਮ) ਇਸ ਵਰਗਾ ਨਹੀਂ ਹੈ।

ਅਫਰਿਓ ਜਗ ਮਹਿ ਵਰਤਦਾ ਪਾਪੀ ਸਿਉ ਲੂਝੈ ॥

(ਇਹ ਮੌਤ) ਸਾਰੇ ਜਗਤ ਵਿਚ ਵਰਤ ਰਹੀ ਹੈ ਕੋਈ ਇਸ ਨੂੰ ਰੋਕ ਨਹੀਂ ਸਕਦਾ, (ਮੌਤ ਦਾ ਸਹਿਮ) ਵਿਕਾਰੀ ਬੰਦਿਆਂ ਨੂੰ (ਖ਼ਾਸ ਤੌਰ ਤੇ) ਅੜਦਾ ਹੈ (ਭਾਵ, ਦਬਾ ਪਾਂਦਾ ਹੈ)।

ਗੁਰਸਬਦੀ ਹਰਿ ਭੇਦੀਐ ਹਰਿ ਜਪਿ ਹਰਿ ਬੂਝੈ ॥

ਜੋ ਮਨੁੱਖ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ-ਨਾਮ ਵਿਚ ਪ੍ਰੋਤਾ ਜਾਂਦਾ ਹੈ ਉਹ ਸਿਮਰਨ ਕਰ ਕੇ (ਅਸਲੀਅਤ ਨੂੰ) ਸਮਝ ਲੈਂਦਾ ਹੈ।

ਸੋ ਹਰਿ ਸਰਣਾਈ ਛੁਟੀਐ ਜੋ ਮਨ ਸਿਉ ਜੂਝੈ ॥

ਜੋ ਆਪਣੇ ਮਨ ਦੇ ਨਾਲ ਟਾਕਰਾ ਲਾਂਦਾ ਹੈ ਉਹ ਪ੍ਰਭੂ ਦੀ ਸਰਨ ਪੈ ਕੇ (ਮੌਤ ਦੇ ਸਹਿਮ ਤੋਂ) ਬਚ ਜਾਂਦਾ ਹੈ।

ਮਨਿ ਵੀਚਾਰਿ ਹਰਿ ਜਪੁ ਕਰੇ ਹਰਿ ਦਰਗਹ ਸੀਝੈ ॥੧੧॥

ਜੋ ਮਨੁੱਖ ਆਪਣੇ ਮਨ ਵਿਚ (ਪ੍ਰਭੂ ਦੇ ਗੁਣਾਂ ਦੀ) ਵਿਚਾਰ ਕਰ ਕੇ ਬੰਦਗੀ ਕਰਦਾ ਹੈ ਉਹ ਪ੍ਰਭੂ ਦੀ ਹਜ਼ੂਰੀ ਵਿਚ ਪਰਵਾਨ ਹੁੰਦਾ ਹੈ ॥੧੧॥


ਸਲੋਕੁ ਮਃ ੧ ॥
ਹੁਕਮਿ ਰਜਾਈ ਸਾਖਤੀ ਦਰਗਹ ਸਚੁ ਕਬੂਲੁ ॥

ਪਰਮਾਤਮਾ ਦੇ ਹੁਕਮ ਵਿਚ ਤੁਰਿਆਂ ਪਰਮਾਤਮਾ ਨਾਲ ਬਣ ਆਉਂਦੀ ਹੈ, ਪ੍ਰਭੂ ਦੀ ਹਜ਼ੂਰੀ ਵਿਚ ਸੱਚ (ਭਾਵ, ਸਿਮਰਨ) ਪ੍ਰਵਾਨ ਹੈ।

ਸਾਹਿਬੁ ਲੇਖਾ ਮੰਗਸੀ ਦੁਨੀਆ ਦੇਖਿ ਨ ਭੂਲੁ ॥

ਦੁਨੀਆ ਨੂੰ ਵੇਖ ਕੇ (ਸਿਮਰਨ ਨੂੰ ਭੁੱਲਣ ਦੀ) ਗ਼ਲਤੀ ਨਾਹ ਖਾਹ, ਮਾਲਕ (ਤੇਰੇ ਅਮਲਾਂ ਦਾ) ਲੇਖਾ ਮੰਗੇਗਾ।

ਦਿਲ ਦਰਵਾਨੀ ਜੋ ਕਰੇ ਦਰਵੇਸੀ ਦਿਲੁ ਰਾਸਿ ॥

ਜੋ ਮਨੁੱਖ ਦਿਲ ਦੀ ਰਾਖੀ ਕਰਦਾ ਹੈ, ਦਿਲ ਨੂੰ ਸਿੱਧੇ ਰਾਹ ਤੇ ਰੱਖਣ ਦੀ ਫ਼ਕੀਰੀ ਕਮਾਂਦਾ ਹੈ,

ਇਸਕ ਮੁਹਬਤਿ ਨਾਨਕਾ ਲੇਖਾ ਕਰਤੇ ਪਾਸਿ ॥੧॥

ਹੇ ਨਾਨਕ! ਉਸ ਦੇ ਪਿਆਰ ਮੁਹੱਬਤ ਦਾ ਹਿਸਾਬ ਕਰਤਾਰ ਦੇ ਪਾਸ ਹੈ (ਭਾਵ, ਪ੍ਰਭੂ ਉਸ ਦੇ ਪਿਆਰ ਨੂੰ ਜਾਣਦਾ ਹੈ) ॥੧॥


ਮਃ ੧ ॥
ਅਲਗਉ ਜੋਇ ਮਧੂਕੜਉ ਸਾਰੰਗਪਾਣਿ ਸਬਾਇ ॥

(ਜੋ ਜੀਵ-) ਭੌਰਾ ਨਿਰਲੇਪ ਰਹਿ ਕੇ ਹਰ ਥਾਂ ਪਰਮਾਤਮਾ ਨੂੰ ਤੱਕਦਾ ਹੈ,

ਹੀਰੈ ਹੀਰਾ ਬੇਧਿਆ ਨਾਨਕ ਕੰਠਿ ਸੁਭਾਇ ॥੨॥

ਜਿਸ ਦੀ ਆਤਮਾ ਪਰਮਾਤਮਾ ਵਿਚ ਪ੍ਰੋਤੀ ਹੋਈ ਹੈ, ਹੇ ਨਾਨਕ! ਉਹ ਪ੍ਰਭੂ-ਪ੍ਰੇਮ ਦੀ ਰਾਹੀਂ ਪ੍ਰਭੂ ਦੇ ਗਲ ਨਾਲ (ਲੱਗਾ ਹੋਇਆ) ਹੈ ॥੨॥


ਪਉੜੀ ॥
ਮਨਮੁਖ ਕਾਲੁ ਵਿਆਪਦਾ ਮੋਹਿ ਮਾਇਆ ਲਾਗੇ ॥

ਮਨ ਦੇ ਗ਼ੁਲਾਮ ਮਨੁੱਖ ਮਾਇਆ ਦੇ ਮੋਹ ਵਿਚ ਮਸਤ ਰਹਿੰਦੇ ਹਨ, ਉਹਨਾਂ ਨੂੰ ਮੌਤ (ਦਾ ਸਹਿਮ) ਦਬਾਈ ਰੱਖਦਾ ਹੈ।

ਖਿਨ ਮਹਿ ਮਾਰਿ ਪਛਾੜਸੀ ਭਾਇ ਦੂਜੈ ਠਾਗੇ ॥

ਜੋ ਮਨੁੱਖ ਮਾਇਆ ਦੇ ਮੋਹ ਵਿਚ ਲੁੱਟੇ ਜਾ ਰਹੇ ਹਨ ਉਹਨਾਂ ਨੂੰ (ਇਹ ਸਹਿਮ) ਪਲ ਵਿਚ ਮਾਰ ਕੇ ਨਾਸ ਕਰਦਾ ਹੈ।

ਫਿਰਿ ਵੇਲਾ ਹਥਿ ਨ ਆਵਈ ਜਮ ਕਾ ਡੰਡੁ ਲਾਗੇ ॥

ਜਿਸ ਵੇਲੇ ਮੌਤ ਦਾ ਡੰਡਾ ਆ ਹੀ ਵੱਜਦਾ ਹੈ (ਮੌਤ ਸਿਰ ਤੇ ਆ ਜਾਂਦੀ ਹੈ) ਤਦੋਂ (ਇਸ ਮੋਹ ਵਿਚੋਂ ਨਿਕਲਣ ਲਈ) ਸਮਾ ਨਹੀਂ ਮਿਲਦਾ।

ਤਿਨ ਜਮ ਡੰਡੁ ਨ ਲਗਈ ਜੋ ਹਰਿ ਲਿਵ ਜਾਗੇ ॥

ਜੋ ਮਨੁੱਖ ਪਰਮਾਤਮਾ ਦੀ ਯਾਦ ਵਿਚ ਸੁਚੇਤ ਰਹਿੰਦੇ ਹਨ ਉਹਨਾਂ ਨੂੰ ਜਮ ਦਾ ਡੰਡਾ ਨਹੀਂ ਲੱਗਦਾ (ਸਹਿਮ ਨਹੀਂ ਮਾਰਦਾ)।

ਸਭ ਤੇਰੀ ਤੁਧੁ ਛਡਾਵਣੀ ਸਭ ਤੁਧੈ ਲਾਗੇ ॥੧੨॥

ਹੇ ਪ੍ਰਭੂ! ਸਾਰੀ ਸ੍ਰਿਸ਼ਟੀ ਤੇਰੀ ਹੀ ਹੈ, ਤੂੰ ਹੀ ਇਸ ਨੂੰ ਮਾਇਆ ਦੇ ਮੋਹ ਤੋਂ ਛਡਾਣਾ ਹੈ, ਸਾਰਿਆਂ ਦਾ ਤੂੰ ਹੀ ਆਸਰਾ ਹੈਂ ॥੧੨॥


ਸਲੋਕੁ ਮਃ ੧ ॥
ਸਰਬੇ ਜੋਇ ਅਗਛਮੀ ਦੂਖੁ ਘਨੇਰੋ ਆਥਿ ॥

(ਜੋ ਮਨੁੱਖ) ਸਾਰੀ ਸ੍ਰਿਸ਼ਟੀ ਨੂੰ ਨਾਹ ਨਾਸ ਹੋਣ ਵਾਲੀ ਵੇਖਦਾ ਹੈ ਉਸ ਨੂੰ ਬੜਾ ਦੁੱਖ ਵਿਆਪਦਾ ਹੈ,

ਕਾਲਰੁ ਲਾਦਸਿ ਸਰੁ ਲਾਘਣਉ ਲਾਭੁ ਨ ਪੂੰਜੀ ਸਾਥਿ ॥੧॥

ਉਹ (ਮਾਨੋ) ਕੱਲਰ ਲੱਦ ਰਿਹਾ ਹੈ (ਪਰ ਉਸ ਨੇ) ਸਮੁੰਦਰ ਲੰਘਣਾ ਹੈ, ਉਸ ਦੇ ਪੱਲੇ ਨਾਹ ਮੂਲ ਹੈ ਤੇ ਨਾਹ ਖੱਟੀ ॥੧॥


ਮਃ ੧ ॥
ਪੂੰਜੀ ਸਾਚਉ ਨਾਮੁ ਤੂ ਅਖੁਟਉ ਦਰਬੁ ਅਪਾਰੁ ॥

(ਜਿਸ ਮਨੁੱਖ ਦੇ ਪਾਸ) ਪ੍ਰਭੂ ਦਾ ਨਾਮ ਪੂੰਜੀ ਹੈ, ਜਿਸ ਪਾਸ (ਹੇ ਪ੍ਰਭੂ!) ਤੂੰ ਨਾਹ ਮੁੱਕਣ ਵਾਲਾ ਤੇ ਬੇਅੰਤ ਧਨ ਹੈਂ,

ਨਾਨਕ ਵਖਰੁ ਨਿਰਮਲਉ ਧੰਨੁ ਸਾਹੁ ਵਾਪਾਰੁ ॥੨॥

ਜਿਸ ਪਾਸ ਇਹ ਪਵਿਤ੍ਰ ਸੌਦਾ ਹੈ, ਹੇ ਨਾਨਕ! ਉਹ ਸ਼ਾਹ ਧੰਨ ਹੈ ਤੇ ਉਸ ਦਾ ਵਣਜ ਧੰਨ ਹੈ ॥੨॥


ਮਃ ੧ ॥
ਪੂਰਬ ਪ੍ਰੀਤਿ ਪਿਰਾਣਿ ਲੈ ਮੋਟਉ ਠਾਕੁਰੁ ਮਾਣਿ ॥

(ਹੇ ਜੀਵ!) ਪ੍ਰਭੂ ਨਾਲ ਮੁੱਢਲੀ ਪ੍ਰੀਤ ਪਛਾਣ, ਉਸ ਵੱਡੇ ਮਾਲਕ ਨੂੰ ਯਾਦ ਕਰ।

ਮਾਥੈ ਊਭੈ ਜਮੁ ਮਾਰਸੀ ਨਾਨਕ ਮੇਲਣੁ ਨਾਮਿ ॥੩॥

ਹੇ ਨਾਨਕ! ਪ੍ਰਭੂ ਦੇ ਨਾਮ ਵਿਚ ਜੁੜਨਾ ਜਮ ਨੂੰ (ਭਾਵ, ਮੌਤ ਦੇ ਸਹਿਮ ਨੂੰ) ਮੂੰਹ-ਭਾਰ ਮਾਰਦਾ ਹੈ ॥੩॥


ਪਉੜੀ ॥
ਆਪੇ ਪਿੰਡੁ ਸਵਾਰਿਓਨੁ ਵਿਚਿ ਨਵ ਨਿਧਿ ਨਾਮੁ ॥

ਪਰਮਾਤਮਾ ਨੇ ਆਪ ਹੀ ਇਹ ਮਨੁੱਖਾ ਸਰੀਰ ਸੰਵਾਰਿਆ ਹੈ ਤੇ ਆਪ ਹੀ ਇਸ ਵਿਚ ਆਪਣਾ ਨਾਮ (ਮਾਨੋ) ਨੌ ਖ਼ਜ਼ਾਨੇ ਪਾ ਦਿੱਤੇ ਹਨ।

ਇਕਿ ਆਪੇ ਭਰਮਿ ਭੁਲਾਇਅਨੁ ਤਿਨ ਨਿਹਫਲ ਕਾਮੁ ॥

ਪਰ ਕਈ ਜੀਵ ਉਸ ਨੇ ਆਪ ਹੀ ਭਟਕਣਾ ਵਿਚ ਪਾ ਕੇ ਕੁਰਾਹੇ ਪਾਏ ਹੋਏ ਹਨ, ਉਹਨਾਂ ਦਾ (ਸਾਰਾ) ਉੱਦਮ ਅਸਫਲ ਜਾਂਦਾ ਹੈ।

ਇਕਨੀ ਗੁਰਮੁਖਿ ਬੁਝਿਆ ਹਰਿ ਆਤਮ ਰਾਮੁ ॥

ਕਈ ਜੀਵਾਂ ਨੇ ਗੁਰੂ ਦੇ ਸਨਮੁਖ ਹੋ ਕੇ (ਸਭ ਥਾਂ) ਪਰਮਾਤਮਾ ਦੀ ਜੋਤਿ (ਵਿਆਪਕ) ਸਮਝੀ ਹੈ,

ਇਕਨੀ ਸੁਣਿ ਕੈ ਮੰਨਿਆ ਹਰਿ ਊਤਮ ਕਾਮੁ ॥

ਕਈ ਜੀਵਾਂ ਨੇ ‘ਨਾਮ’ ਸੁਣ ਕੇ ਮੰਨ ਲਿਆ ਹੈ (ਭਾਵ, ‘ਨਾਮ’ ਵਿਚ ਮਨ ਗਿਝਾ ਲਿਆ ਹੈ) ਉਹਨਾਂ ਦਾ ਇਹ ਉੱਦਮ ਚੰਗਾ ਹੈ।

ਅੰਤਰਿ ਹਰਿ ਰੰਗੁ ਉਪਜਿਆ ਗਾਇਆ ਹਰਿ ਗੁਣ ਨਾਮੁ ॥੧੩॥

ਜੋ ਮਨੁੱਖ ਪ੍ਰਭੂ ਦੇ ਗੁਣ ਗਾਂਦੇ ਹਨ, ‘ਨਾਮ’ ਸਿਮਰਦੇ ਹਨ ਉਹਨਾਂ ਦੇ ਮਨ ਵਿਚ ਪ੍ਰਭੂ ਦਾ ਪਿਆਰ ਪੈਦਾ ਹੁੰਦਾ ਹੈ ॥੧੩॥


ਸਲੋਕੁ ਮਃ ੧ ॥
ਭੋਲਤਣਿ ਭੈ ਮਨਿ ਵਸੈ ਹੇਕੈ ਪਾਧਰ ਹੀਡੁ ॥

ਉਹੀ ਇਕ ਹਿਰਦਾ ਸਰਲ ਹੈ ਜਿਸ ਹਿਰਦੇ ਵਿਚ ਭੋਲਾ-ਪਨ ਤੇ (ਰੱਬੀ) ਡਰ ਦੇ ਕਾਰਨ (ਰੱਬ ਆਪ) ਵੱਸਦਾ ਹੈ।

ਅਤਿ ਡਾਹਪਣਿ ਦੁਖੁ ਘਣੋ ਤੀਨੇ ਥਾਵ ਭਰੀਡੁ ॥੧॥

ਪਰ ਸਾੜੇ ਈਰਖਾ ਦੇ ਕਾਰਨ ਬਹੁਤ ਹੀ ਦੁੱਖ ਵਿਆਪਦਾ ਹੈ, ਮਨ ਬਾਣੀ ਤੇ ਸਰੀਰ ਤਿੰਨੇ ਹੀ ਭਰਿਸ਼ਟੇ ਰਹਿੰਦੇ ਹਨ ॥੧॥


ਮਃ ੧ ॥
ਮਾਂਦਲੁ ਬੇਦਿ ਸਿ ਬਾਜਣੋ ਘਣੋ ਧੜੀਐ ਜੋਇ ॥

ਘਣਾ ਧੜਾ (ਭਾਵ, ਬਹੁਤੀ ਲੁਕਾਈ) ਤੱਕਦਾ ਹੈ ਉਸ ਢੋਲ ਨੂੰ (ਜੋ ਢੋਲ) ਵੇਦ ਨੇ ਵਜਾਇਆ {ਭਾਵ, ਕਰਮ ਕਾਂਡ ਦਾ ਰਸਤਾ}।

ਨਾਨਕ ਨਾਮੁ ਸਮਾਲਿ ਤੂ ਬੀਜਉ ਅਵਰੁ ਨ ਕੋਇ ॥੨॥

ਹੇ ਨਾਨਕ! ਤੂੰ ‘ਨਾਮ’ ਸਿਮਰ, (ਇਸ ਤੋਂ ਛੁਟ) ਹੋਰ ਦੂਜਾ ਕੋਈ (ਸਹੀ ਰਸਤਾ) ਨਹੀਂ ਹੈ ॥੨॥


ਮਃ ੧ ॥
ਸਾਗਰੁ ਗੁਣੀ ਅਥਾਹੁ ਕਿਨਿ ਹਾਥਾਲਾ ਦੇਖੀਐ ॥

(ਇਹ) ਤ੍ਰੈ-ਗੁਣੀ (ਸੰਸਾਰ) (ਮਾਨੋ) ਇਕ ਅੱਤ ਡੂੰਘਾ ਸਮੁੰਦਰ ਹੈ, ਇਸ ਦੀ ਹਾਥ ਕਿਸ ਨੇ ਲੱਭੀ ਹੈ?

ਵਡਾ ਵੇਪਰਵਾਹੁ ਸਤਿਗੁਰੁ ਮਿਲੈ ਤ ਪਾਰਿ ਪਵਾ ॥

ਜੇ ਸਤਿਗੁਰੂ (ਜੋ ਇਸ ਤ੍ਰਿਗੁਣੀ ਸੰਸਾਰ ਵਲੋਂ) ਬੜਾ ਬੇ-ਪਰਵਾਹ (ਹੈ) ਮਿਲ ਪਏ ਤਾਂ ਮੈਂ ਭੀ ਇਸ ਤੋਂ ਪਾਰ ਲੰਘ ਜਾਵਾਂ।

ਮਝ ਭਰਿ ਦੁਖ ਬਦੁਖ ॥

ਇਸ ਸੰਸਾਰ-ਸਮੁੰਦਰ ਦਾ ਵਿਚਲਾ ਹਿੱਸਾ ਦੁੱਖਾਂ ਨਾਲ ਹੀ ਭਰਿਆ ਹੋਇਆ ਹੈ।

ਨਾਨਕ ਸਚੇ ਨਾਮ ਬਿਨੁ ਕਿਸੈ ਨ ਲਥੀ ਭੁਖ ॥੩॥

ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ ਕਿਸੇ ਦੀ ਭੀ (ਤ੍ਰਿਗੁਣੀ ਮਾਇਆ ਬਾਰੇ) ਭੁੱਖ ਨਹੀਂ ਉਤਰਦੀ ॥੩॥


ਪਉੜੀ ॥
ਜਿਨੀ ਅੰਦਰੁ ਭਾਲਿਆ ਗੁਰ ਸਬਦਿ ਸੁਹਾਵੈ ॥

ਸਤਿਗੁਰੂ ਦੇ ਸੋਹਣੇ ਸ਼ਬਦ ਦੀ ਰਾਹੀਂ ਜਿਨ੍ਹਾਂ ਨੇ ਆਪਣਾ ਮਨ ਖੋਜਿਆ ਹੈ,

ਜੋ ਇਛਨਿ ਸੋ ਪਾਇਦੇ ਹਰਿ ਨਾਮੁ ਧਿਆਵੈ ॥

ਉਹ ਹਰਿ-ਨਾਮ ਸਿਮਰਦੇ ਹਨ ਤੇ ਮਨ-ਇੱਛਤ ਫਲ ਪਾਂਦੇ ਹਨ।

ਜਿਸ ਨੋ ਕ੍ਰਿਪਾ ਕਰੇ ਤਿਸੁ ਗੁਰੁ ਮਿਲੈ ਸੋ ਹਰਿ ਗੁਣ ਗਾਵੈ ॥

ਜਿਸ ਮਨੁੱਖ ਉਤੇ ਪ੍ਰਭੂ ਮਿਹਰ ਕਰੇ ਉਸ ਨੂੰ ਗੁਰੂ ਮਿਲਦਾ ਹੈ ਤੇ ਉਹ ਪ੍ਰਭੂ ਦੇ ਗੁਣ ਗਾਂਦਾ ਹੈ।

ਧਰਮ ਰਾਇ ਤਿਨ ਕਾ ਮਿਤੁ ਹੈ ਜਮ ਮਗਿ ਨ ਪਾਵੈ ॥

ਧਰਮਰਾਜ ਉਹਨਾਂ ਦਾ ਮਿੱਤਰ ਬਣ ਜਾਂਦਾ ਹੈ ਉਹਨਾਂ ਨੂੰ ਉਹ ਜਮ ਦੇ ਰਾਹ ਤੇ ਨਹੀਂ ਪਾਂਦਾ।

ਹਰਿ ਨਾਮੁ ਧਿਆਵਹਿ ਦਿਨਸੁ ਰਾਤਿ ਹਰਿ ਨਾਮਿ ਸਮਾਵੈ ॥੧੪॥

ਉਹ ਦਿਨ ਰਾਤ ਹਰਿ-ਨਾਮ ਸਿਮਰਦੇ ਹਨ ਤੇ ਹਰਿ-ਨਾਮ ਵਿਚ ਜੁੜੇ ਰਹਿੰਦੇ ਹਨ ॥੧੪॥


ਸਲੋਕੁ ਮਃ ੧ ॥
ਸੁਣੀਐ ਏਕੁ ਵਖਾਣੀਐ ਸੁਰਗਿ ਮਿਰਤਿ ਪਇਆਲਿ ॥

ਇਹੀ ਗੱਲ ਸੁਣੀਦੀ ਹੈ ਤੇ ਬਿਆਨ ਕੀਤੀ ਜਾ ਰਹੀ ਹੈ ਕਿ ਸੁਰਗ ਵਿਚ ਧਰਤੀ ਤੇ ਪਾਤਾਲ ਵਿਚ (ਤਿੰਨਾਂ ਹੀ ਲੋਕਾਂ ਵਿਚ) ਪ੍ਰਭੂ ਇਕ ਆਪ ਹੀ ਆਪ ਹੈ,

ਹੁਕਮੁ ਨ ਜਾਈ ਮੇਟਿਆ ਜੋ ਲਿਖਿਆ ਸੋ ਨਾਲਿ ॥

ਉਸ ਦਾ ਹੁਕਮ ਉਲੰਘਿਆ ਨਹੀਂ ਜਾ ਸਕਦਾ, (ਜੀਆਂ ਦਾ) ਜੋ ਜੋ ਲੇਖ ਉਸ ਨੇ ਲਿਖਿਆ ਹੈ ਉਹੀ (ਹਰੇਕ ਜੀਵ ਨੂੰ) ਤੋਰ ਰਿਹਾ ਹੈ।

ਕਉਣੁ ਮੂਆ ਕਉਣੁ ਮਾਰਸੀ ਕਉਣੁ ਆਵੈ ਕਉਣੁ ਜਾਇ ॥

(ਸੋ,) ਨਾਹ ਕੋਈ ਮਰਦਾ ਹੈ ਨਾਹ ਕੋਈ ਮਾਰਦਾ ਹੈ, ਨਾਹ ਕੋਈ ਜੰਮਦਾ ਹੈ ਨਾਹ ਕੋਈ ਮਰਦਾ ਹੈ।

ਕਉਣੁ ਰਹਸੀ ਨਾਨਕਾ ਕਿਸ ਕੀ ਸੁਰਤਿ ਸਮਾਇ ॥੧॥

ਹੇ ਨਾਨਕ! ਉਹ ਆਪ ਹੀ ਆਨੰਦ ਲੈਣ ਵਾਲਾ ਹੈ, ਉਸ ਦੀ ਆਪਣੀ ਹੀ ਸੁਰਤ (ਆਪਣੇ ਆਪ ਵਿਚ) ਟਿਕੀ ਹੋਈ ਹੈ ॥੧॥


ਮਃ ੧ ॥
ਹਉ ਮੁਆ ਮੈ ਮਾਰਿਆ ਪਉਣੁ ਵਹੈ ਦਰੀਆਉ ॥

ਜਿਤਨਾ ਚਿਰ ਜੀਵ ‘ਹਉਮੈ’ ਦਾ ਮਾਰਿਆ ਹੋਇਆ ਹੈ ਉਸ ਦੇ ਅੰਦਰ ਤ੍ਰਿਸ਼ਨਾ ਦਾ ਦਰਿਆ ਵਹਿੰਦਾ ਰਹਿੰਦਾ ਹੈ।

ਤ੍ਰਿਸਨਾ ਥਕੀ ਨਾਨਕਾ ਜਾ ਮਨੁ ਰਤਾ ਨਾਇ ॥

ਪਰ, ਹੇ ਨਾਨਕ! ਜਦੋਂ ਮਨ ‘ਨਾਮ’ ਵਿਚ ਰੰਗਿਆ ਜਾਂਦਾ ਹੈ ਤਾਂ ਤ੍ਰਿਸ਼ਨਾ ਮੁੱਕ ਜਾਂਦੀ ਹੈ।

ਲੋਇਣ ਰਤੇ ਲੋਇਣੀ ਕੰਨੀ ਸੁਰਤਿ ਸਮਾਇ ॥

ਅੱਖਾਂ ਆਪਣੇ ਆਪ ਵਿਚ ਰੱਤੀਆਂ ਜਾਂਦੀਆਂ ਹਨ, (ਨਿੰਦਾ ਆਦਿਕ) ਸੁਣਨ ਦੀ ਤਾਂਘ ਕੰਨਾਂ ਵਿਚ ਹੀ ਲੀਨ ਹੋ ਜਾਂਦੀ ਹੈ।

ਜੀਭ ਰਸਾਇਣਿ ਚੂਨੜੀ ਰਤੀ ਲਾਲ ਲਵਾਇ ॥

ਜੀਭ ‘ਨਾਮ’ ਸਿਮਰ ਕੇ ਨਾਮ-ਰਸੈਣ ਵਿਚ ਰੰਗੀਜ ਕੇ ਸੋਹਣਾ ਲਾਲ ਬਣ ਜਾਂਦੀ ਹੈ।

ਅੰਦਰੁ ਮੁਸਕਿ ਝਕੋਲਿਆ ਕੀਮਤਿ ਕਹੀ ਨ ਜਾਇ ॥੨॥

ਮਨ (‘ਨਾਮ’ ਵਿਚ) ਮਹਕ ਕੇ ਲਪਟਾਂ ਦੇਂਦਾ ਹੈ। (ਐਸੇ ਜੀਵਨ ਵਾਲੇ ਦਾ) ਮੁੱਲ ਨਹੀਂ ਪੈ ਸਕਦਾ ॥੨॥


ਪਉੜੀ ॥
ਇਸੁ ਜੁਗ ਮਹਿ ਨਾਮੁ ਨਿਧਾਨੁ ਹੈ ਨਾਮੋ ਨਾਲਿ ਚਲੈ ॥

ਮਨੁੱਖਾ ਜਨਮ ਵਿਚ (ਜੀਵ ਲਈ ਪਰਮਾਤਮਾ ਦਾ) ਨਾਮ ਹੀ (ਅਸਲ) ਖ਼ਜ਼ਾਨਾ ਹੈ, ‘ਨਾਮ’ ਹੀ (ਇਥੋਂ ਮਨੁੱਖ ਦੇ) ਨਾਲ ਜਾਂਦਾ ਹੈ,

ਏਹੁ ਅਖੁਟੁ ਕਦੇ ਨ ਨਿਖੁਟਈ ਖਾਇ ਖਰਚਿਉ ਪਲੈ ॥

ਇਹ ਨਾਮ-ਖ਼ਜ਼ਾਨਾ ਅਮੁੱਕ ਹੈ ਕਦੇ ਮੁੱਕਦਾ ਨਹੀਂ, ਬੇਸ਼ਕ ਖਾਓ ਖਰਚੋ ਤੇ ਪੱਲੇ ਬੰਨ੍ਹੋ।

ਹਰਿ ਜਨ ਨੇੜਿ ਨ ਆਵਈ ਜਮਕੰਕਰ ਜਮਕਲੈ ॥

(ਫਿਰ, ਇਸ ਖ਼ਜ਼ਾਨੇ ਵਾਲੇ) ਭਗਤ ਜਨ ਦੇ ਨੇੜੇ ਜਮਕਾਲ ਜਮਦੂਤ ਭੀ ਨਹੀਂ ਆਉਂਦੇ।

ਸੇ ਸਾਹ ਸਚੇ ਵਣਜਾਰਿਆ ਜਿਨ ਹਰਿ ਧਨੁ ਪਲੈ ॥

ਜਿਨ੍ਹਾਂ ਨੇ ਨਾਮ-ਧਨ ਇਕੱਠਾ ਕੀਤਾ ਹੈ ਉਹੀ ਸੱਚੇ ਸ਼ਾਹ ਹਨ ਉਹੀ ਸੱਚੇ ਵਪਾਰੀ ਹਨ।

ਹਰਿ ਕਿਰਪਾ ਤੇ ਹਰਿ ਪਾਈਐ ਜਾ ਆਪਿ ਹਰਿ ਘਲੈ ॥੧੫॥

ਇਹ ਨਾਮ-ਧਨ ਪਰਮਾਤਮਾ ਦੀ ਮਿਹਰ ਨਾਲ ਮਿਲਦਾ ਹੈ ਜਦੋਂ ਉਹ ਆਪ (ਗੁਰੂ ਨੂੰ ਜਗਤ ਵਿਚ) ਭੇਜਦਾ ਹੈ ॥੧੫॥


ਸਲੋਕੁ ਮਃ ੩ ॥
ਮਨਮੁਖ ਵਾਪਾਰੈ ਸਾਰ ਨ ਜਾਣਨੀ ਬਿਖੁ ਵਿਹਾਝਹਿ ਬਿਖੁ ਸੰਗ੍ਰਹਹਿ ਬਿਖ ਸਿਉ ਧਰਹਿ ਪਿਆਰੁ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਅਸਲ) ਵਪਾਰ ਦੀ ਕਦਰ ਨਹੀਂ ਜਾਣਦੇ, ਉਹ ਮਾਇਆ ਦਾ ਸੌਦਾ ਕਰਦੇ ਹਨ, ਮਾਇਆ ਜੋੜਦੇ ਹਨ ਤੇ ਮਾਇਆ ਨਾਲ ਹੀ ਪਿਆਰ ਕਰਦੇ ਹਨ;

ਬਾਹਰਹੁ ਪੰਡਿਤ ਸਦਾਇਦੇ ਮਨਹੁ ਮੂਰਖ ਗਾਵਾਰ ॥

ਉਹ ਬਾਹਰੋਂ ਤਾਂ ਵਿਦਵਾਨ ਅਖਵਾਂਦੇ ਹਨ ਪਰ ਅਸਲ ਵਿਚ ਮੂਰਖ ਹਨ ਗੰਵਾਰ ਹਨ,

ਹਰਿ ਸਿਉ ਚਿਤੁ ਨ ਲਾਇਨੀ ਵਾਦੀ ਧਰਨਿ ਪਿਆਰੁ ॥

(ਕਿਉਂਕਿ) ਉਹ ਪ੍ਰਭੂ ਨਾਲ ਤਾਂ ਮਨ ਨਹੀਂ ਲਾਂਦੇ (ਵਿੱਦਿਆ ਦੇ ਆਸਰੇ) ਚਰਚਾ ਵਿਚ ਪਿਆਰ ਕਰਦੇ ਹਨ,

ਵਾਦਾ ਕੀਆ ਕਰਨਿ ਕਹਾਣੀਆ ਕੂੜੁ ਬੋਲਿ ਕਰਹਿ ਆਹਾਰੁ ॥

ਚਰਚਾ ਦੀਆਂ ਹੀ ਨਿੱਤ ਗੱਲਾਂ ਕਰਦੇ ਹਨ; ਤੇ ਰੋਜ਼ੀ ਕਮਾਂਦੇ ਹਨ ਕੂੜ ਬੋਲ ਕੇ।

ਜਗ ਮਹਿ ਰਾਮ ਨਾਮੁ ਹਰਿ ਨਿਰਮਲਾ ਹੋਰੁ ਮੈਲਾ ਸਭੁ ਆਕਾਰੁ ॥

(ਅਸਲ ਗੱਲ ਇਹ ਹੈ ਕਿ) ਨਾਮ ਸਿਮਰਨਾ ਹੀ ਜਗਤ ਵਿਚ (ਪਵਿਤ੍ਰ ਕੰਮ) ਹੈ, ਹੋਰ ਜੋ ਕੁਝ ਦਿੱਸ ਰਿਹਾ ਹੈ (ਇਸ ਦਾ ਆਹਰ) ਮੈਲ ਪੈਦਾ ਕਰਦਾ ਹੈ।

ਨਾਨਕ ਨਾਮੁ ਨ ਚੇਤਨੀ ਹੋਇ ਮੈਲੇ ਮਰਹਿ ਗਵਾਰ ॥੧॥

ਹੇ ਨਾਨਕ! ਜੋ ‘ਨਾਮ’ ਨਹੀਂ ਸਿਮਰਦੇ ਉਹ ਮੂਰਖ ਨੀਵੇਂ ਜੀਵਨ ਵਾਲੇ ਹੋ ਕੇ ਆਤਮਕ ਮੌਤ ਸਹੇੜਦੇ ਹਨ ॥੧॥


ਮਃ ੩ ॥
ਦੁਖੁ ਲਗਾ ਬਿਨੁ ਸੇਵਿਐ ਹੁਕਮੁ ਮੰਨੇ ਦੁਖੁ ਜਾਇ ॥

(ਪ੍ਰਭੂ ਦਾ) ਸਿਮਰਨ ਕਰਨ ਤੋਂ ਬਿਨਾ ਮਨੁੱਖ ਨੂੰ ਦੁੱਖ ਵਿਆਪਦਾ ਹੈ, ਜਦੋਂ (ਪ੍ਰਭੂ ਦਾ) ਹੁਕਮ ਮੰਨਦਾ ਹੈ (ਭਾਵ, ਰਜ਼ਾ ਵਿਚ ਤੁਰਦਾ ਹੈ) ਤਾਂ ਦੁੱਖ ਦੂਰ ਹੋ ਜਾਂਦਾ ਹੈ,

ਆਪੇ ਦਾਤਾ ਸੁਖੈ ਦਾ ਆਪੇ ਦੇਇ ਸਜਾਇ ॥

(ਕਿਉਂਕਿ ਪ੍ਰਭੂ) ਆਪ ਹੀ ਸੁਖ ਦੇਣ ਵਾਲਾ ਹੈ ਤੇ ਆਪ ਹੀ ਸਜ਼ਾ ਦੇਣ ਵਾਲਾ ਹੈ।

ਨਾਨਕ ਏਵੈ ਜਾਣੀਐ ਸਭੁ ਕਿਛੁ ਤਿਸੈ ਰਜਾਇ ॥੨॥

ਹੇ ਨਾਨਕ! ਹੁਕਮ ਵਿਚ ਤੁਰਿਆਂ ਹੀ ਇਹ ਸਮਝ ਪੈਂਦੀ ਹੈ ਕਿ ਸਭ ਕੁਝ ਪ੍ਰਭੂ ਦੀ ਰਜ਼ਾ ਵਿਚ ਹੋ ਰਿਹਾ ਹੈ ॥੨॥


ਪਉੜੀ ॥
ਹਰਿ ਨਾਮ ਬਿਨਾ ਜਗਤੁ ਹੈ ਨਿਰਧਨੁ ਬਿਨੁ ਨਾਵੈ ਤ੍ਰਿਪਤਿ ਨਾਹੀ ॥

ਪ੍ਰਭੂ ਦੇ ‘ਨਾਮ’ ਤੋਂ ਬਿਨਾ ਜਗਤ ਕੰਗਾਲ ਹੈ (ਕਿਉਂਕਿ ਭਾਵੇਂ ਕਿਤਨੀ ਹੀ ਮਾਇਆ ਜੋੜ ਲਏ) ‘ਨਾਮ’ ਤੋਂ ਬਿਨਾ ਸੰਤੋਖ ਨਹੀਂ ਆਉਂਦਾ।

ਦੂਜੈ ਭਰਮਿ ਭੁਲਾਇਆ ਹਉਮੈ ਦੁਖੁ ਪਾਹੀ ॥

ਮਾਇਆ ਦੇ ਮੋਹ ਕਰਕੇ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ, ਹਉਮੈ ਦੇ ਕਾਰਨ ਹੀ ਜੀਵ ਦੁੱਖ ਪਾਂਦੇ ਹਨ।

ਬਿਨੁ ਕਰਮਾ ਕਿਛੂ ਨ ਪਾਈਐ ਜੇ ਬਹੁਤੁ ਲੋਚਾਹੀ ॥

ਪਰ ਭਾਵੇਂ ਕਿਤਨੀ ਹੀ ਲਾਲਸਾ ਕਰਨ ਪ੍ਰਭੂ ਦੀ ਮਿਹਰ ਤੋਂ ਬਿਨਾ ਨਾਮ ਨਹੀਂ ਮਿਲਦਾ।

ਆਵੈ ਜਾਇ ਜੰਮੈ ਮਰੈ ਗੁਰ ਸਬਦਿ ਛੁਟਾਹੀ ॥

(ਸੋ, ਇਸ ਮੋਹ ਵਿਚ ਹੀ) ਜਗਤ ਜੰਮਦਾ ਹੈ ਮਰਦਾ ਹੈ ਜੰਮਦਾ ਹੈ ਮਰਦਾ ਹੈ। (ਇਸ ਗੇੜ ਵਿਚੋਂ) ਜੀਵ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਬਚ ਸਕਦੇ ਹਨ।

ਆਪਿ ਕਰੈ ਕਿਸੁ ਆਖੀਐ ਦੂਜਾ ਕੋ ਨਾਹੀ ॥੧੬॥

ਪਰ ਇਹ ਸਾਰੀ ਖੇਡ ਪ੍ਰਭੂ ਆਪ ਕਰ ਰਿਹਾ ਹੈ, ਕਿਸੇ ਹੋਰ ਪਾਸ ਪੁਕਾਰ ਨਹੀਂ ਕੀਤੀ ਜਾ ਸਕਦੀ, ਕਿਉਂਕਿ ਪ੍ਰਭੂ ਤੋਂ ਬਿਨਾ ਹੋਰ ਹੈ ਹੀ ਕੋਈ ਨਹੀਂ ॥੧੬॥


ਸਲੋਕੁ ਮਃ ੩ ॥
ਇਸੁ ਜਗ ਮਹਿ ਸੰਤੀ ਧਨੁ ਖਟਿਆ ਜਿਨਾ ਸਤਿਗੁਰੁ ਮਿਲਿਆ ਪ੍ਰਭੁ ਆਇ ॥

ਇਸ ਜਗਤ ਵਿਚ ਸੰਤਾਂ ਨੇ (ਹੀ) ਨਾਮ-ਧਨ ਕਮਾਇਆ ਹੈ ਜਿਨ੍ਹਾਂ ਨੂੰ ਗੁਰੂ ਮਿਲਿਆ ਹੈ (ਤੇ ਗੁਰੂ ਦੀ ਰਾਹੀਂ) ਪ੍ਰਭੂ ਮਿਲਿਆ ਹੈ,

ਸਤਿਗੁਰਿ ਸਚੁ ਦ੍ਰਿੜਾਇਆ ਇਸੁ ਧਨ ਕੀ ਕੀਮਤਿ ਕਹੀ ਨ ਜਾਇ ॥

(ਕਿਉਂਕਿ) ਗੁਰੂ ਨੇ ਉਹਨਾਂ ਦੇ ਮਨ ਵਿਚ ਸਿਮਰਨ ਪੱਕਾ ਕਰ ਦਿੱਤਾ ਹੈ (ਭਾਵ, ਸਿਮਰਨ ਦੀ ਪੱਕੀ ਗੰਢ ਬੰਨ੍ਹ ਦਿੱਤੀ ਹੈ)। ਇਹ ਨਾਮ-ਧਨ ਇਤਨਾ ਅਮੋਲਕ ਹੈ ਕਿ ਇਸ ਦਾ ਮੁੱਲ ਨਹੀਂ ਪੈ ਸਕਦਾ।

ਇਤੁ ਧਨਿ ਪਾਇਐ ਭੁਖ ਲਥੀ ਸੁਖੁ ਵਸਿਆ ਮਨਿ ਆਇ ॥

ਜੇ ਇਹ ਨਾਮ-ਧਨ ਮਿਲ ਜਾਏ ਤਾਂ (ਮਾਇਆ ਦੀ) ਭੁੱਖ ਲਹਿ ਜਾਂਦੀ ਹੈ, ਮਨ ਵਿਚ ਸੁਖ ਆ ਵਸਦਾ ਹੈ,

ਜਿੰਨੑਾ ਕਉ ਧੁਰਿ ਲਿਖਿਆ ਤਿਨੀ ਪਾਇਆ ਆਇ ॥

ਪਰ ਮਿਲਦਾ ਉਹਨਾਂ ਨੂੰ ਹੈ ਜਿਨ੍ਹਾਂ ਦੇ ਭਾਗਾਂ ਵਿਚ ਧੁਰ ਦਰਗਾਹੋਂ ਲਿਖਿਆ ਹੋਵੇ (ਭਾਵ, ਜਿਨ੍ਹਾਂ ਉੱਤੇ ਮੇਹਰ ਹੋਵੇ)।

ਮਨਮੁਖੁ ਜਗਤੁ ਨਿਰਧਨੁ ਹੈ ਮਾਇਆ ਨੋ ਬਿਲਲਾਇ ॥

ਮਨ ਦੇ ਪਿੱਛੇ ਤੁਰਨ ਵਾਲਾ ਜਗਤ ਸਦਾ ਕੰਗਾਲ ਹੈ ਮਾਇਆ ਲਈ ਹੀ ਵਿਲਕਦਾ ਹੈ,

ਅਨਦਿਨੁ ਫਿਰਦਾ ਸਦਾ ਰਹੈ ਭੁਖ ਨ ਕਦੇ ਜਾਇ ॥

ਹਰ ਰੋਜ਼ ਸਦਾ ਭਟਕਦਾ ਫਿਰਦਾ ਹੈ, ਇਸ ਦੀ (ਮਾਇਆ ਵਾਲੀ) ਭੁੱਖ ਮਿਟਦੀ ਨਹੀਂ,

ਸਾਂਤਿ ਨ ਕਦੇ ਆਵਈ ਨਹ ਸੁਖੁ ਵਸੈ ਮਨਿ ਆਇ ॥

ਕਦੇ ਇਸ ਦੇ ਅੰਦਰ ਠੰਢ ਨਹੀਂ ਪੈਂਦੀ, ਕਦੇ ਇਸ ਦੇ ਮਨ ਵਿਚ ਸੁਖ ਨਹੀਂ ਹੁੰਦਾ,

ਸਦਾ ਚਿੰਤ ਚਿਤਵਦਾ ਰਹੈ ਸਹਸਾ ਕਦੇ ਨ ਜਾਇ ॥

ਕਦੇ ਇਸ ਦਾ ਤੌਖ਼ਲਾ ਦੂਰ ਨਹੀਂ ਹੁੰਦਾ, ਸਦਾ ਸੋਚਾਂ ਸੋਚਦਾ ਰਹਿੰਦਾ ਹੈ;

ਨਾਨਕ ਵਿਣੁ ਸਤਿਗੁਰ ਮਤਿ ਭਵੀ ਸਤਿਗੁਰ ਨੋ ਮਿਲੈ ਤਾ ਸਬਦੁ ਕਮਾਇ ॥

ਹੇ ਨਾਨਕ! ਗੁਰੂ ਤੋਂ ਵਾਂਜੇ ਰਹਿਣ ਕਰਕੇ ਇਸ ਦੀ ਬੁੱਧੀ ਨੂੰ ਚੱਕ੍ਰ ਆਇਆ ਹੋਇਆ ਹੈ। ਜੇ ਮਨਮੁਖ ਭੀ ਗੁਰੂ ਨੂੰ ਮਿਲ ਪਏ ਤਾਂ ਸ਼ਬਦ ਦੀ ਕਮਾਈ ਕਰਦਾ ਹੈ,

ਸਦਾ ਸਦਾ ਸੁਖ ਮਹਿ ਰਹੈ ਸਚੇ ਮਾਹਿ ਸਮਾਇ ॥੧॥

(ਸ਼ਬਦ ਦੀ ਬਰਕਤਿ ਨਾਲ) ਫਿਰ ਸਦਾ ਹੀ ਸੁਖ ਟਿਕਿਆ ਰਹਿੰਦਾ ਹੈ, ਪ੍ਰਭੂ ਵਿਚ ਜੁੜਿਆ ਰਹਿੰਦਾ ਹੈ ॥੧॥


ਮਃ ੩ ॥
ਜਿਨਿ ਉਪਾਈ ਮੇਦਨੀ ਸੋਈ ਸਾਰ ਕਰੇਇ ॥

ਜਿਸ ਪਰਮਾਤਮਾ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਉਹੀ ਇਸ ਦੀ ਸੰਭਾਲ ਕਰਦਾ ਹੈ।

ਏਕੋ ਸਿਮਰਹੁ ਭਾਇਰਹੁ ਤਿਸੁ ਬਿਨੁ ਅਵਰੁ ਨ ਕੋਇ ॥

ਹੇ ਭਰਾਵੋ! ਉਸ ਇਕ ਨੂੰ ਸਿਮਰੋ, ਉਸ ਤੋਂ ਬਿਨਾ ਹੋਰ ਕੋਈ (ਸੰਭਾਲ ਕਰਨ ਵਾਲਾ) ਨਹੀਂ ਹੈ।

ਖਾਣਾ ਸਬਦੁ ਚੰਗਿਆਈਆ ਜਿਤੁ ਖਾਧੈ ਸਦਾ ਤ੍ਰਿਪਤਿ ਹੋਇ ॥

(ਹੇ ਭਰਾਵੋ!) ਪ੍ਰਭੂ ਦੇ ਗੁਣਾਂ ਨੂੰ ਗੁਰੂ ਦੇ ਸ਼ਬਦ ਨੂੰ ਭੋਜਨ ਬਣਾਓ (ਭਾਵ, ਜੀਵਨ ਦਾ ਆਸਰਾ ਬਣਾਓ), ਇਹ ਭੋਜਨ ਖਾਧਿਆਂ ਸਦਾ ਰੱਜੇ ਰਹੀਦਾ ਹੈ (ਮਨ ਵਿਚ ਸਦਾ ਸੰਤੋਖ ਰਹਿੰਦਾ ਹੈ)।

ਪੈਨਣੁ ਸਿਫਤਿ ਸਨਾਇ ਹੈ ਸਦਾ ਸਦਾ ਓਹੁ ਊਜਲਾ ਮੈਲਾ ਕਦੇ ਨ ਹੋਇ ॥

ਪ੍ਰਭੂ ਦੀ ਸਿਫ਼ਤ-ਸਾਲਾਹ ਨੂੰ ਵਡਿਆਈਆਂ ਨੂੰ (ਆਪਣਾ) ਪੁਸ਼ਾਕਾ ਬਣਾਓ, ਉਹ ਪੁਸ਼ਾਕਾ ਸਦਾ ਸਾਫ਼ ਰਹਿੰਦਾ ਹੈ ਤੇ ਕਦੇ ਮੈਲਾ ਨਹੀਂ ਹੁੰਦਾ।

ਸਹਜੇ ਸਚੁ ਧਨੁ ਖਟਿਆ ਥੋੜਾ ਕਦੇ ਨ ਹੋਇ ॥

ਆਤਮਕ ਅਡੋਲਤਾ ਵਿਚ (ਰਹਿ ਕੇ) ਖੱਟਿਆ ਹੋਇਆ ਨਾਮ-ਧਨ ਕਦੇ ਘਟਦਾ ਨਹੀਂ।

ਦੇਹੀ ਨੋ ਸਬਦੁ ਸੀਗਾਰੁ ਹੈ ਜਿਤੁ ਸਦਾ ਸਦਾ ਸੁਖੁ ਹੋਇ ॥

ਮਨੁੱਖਾ ਸਰੀਰ ਲਈ ਗੁਰੂ ਦਾ ਸ਼ਬਦ (ਮਾਨੋ) ਗਹਣਾ ਹੈ, ਇਸ (ਗਹਣੇ ਦੀ ਬਰਕਤਿ) ਨਾਲ ਸਦਾ ਹੀ ਸੁਖ ਮਿਲਦਾ ਹੈ।

ਨਾਨਕ ਗੁਰਮੁਖਿ ਬੁਝੀਐ ਜਿਸ ਨੋ ਆਪਿ ਵਿਖਾਲੇ ਸੋਇ ॥੨॥

ਹੇ ਨਾਨਕ! ਜਿਸ ਮਨੁੱਖ ਨੂੰ ਪ੍ਰਭੂ ਆਪ ਸੋਝੀ ਪਾਏ ਉਹ ਗੁਰੂ ਦੀ ਰਾਹੀਂ ਇਹ (ਜੀਵਨ-ਭੇਤ) ਸਮਝਦਾ ਹੈ ॥੨॥


ਪਉੜੀ ॥
ਅੰਤਰਿ ਜਪੁ ਤਪੁ ਸੰਜਮੋ ਗੁਰਸਬਦੀ ਜਾਪੈ ॥

(‘ਦੂਜੇ ਭਰਮ’ ਵਲੋਂ ਹਟ ਕੇ) ਮਨ ਦੇ ਅੰਦਰ ਹੀ ਟਿਕਣਾ-ਇਹੀ ਜਪ ਹੈ ਇਹੀ ਤਪ ਹੈ ਇਹੀ ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣ ਦਾ ਸਾਧਨ ਹੈ; ਪਰ ਇਹ ਸਮਝ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਆਉਂਦੀ ਹੈ।

ਹਰਿ ਹਰਿ ਨਾਮੁ ਧਿਆਈਐ ਹਉਮੈ ਅਗਿਆਨੁ ਗਵਾਪੈ ॥

ਜੇ (‘ਦੂਜੇ ਭਰਮ’ ਨੂੰ ਛੱਡ ਕੇ) ਪ੍ਰਭੂ ਦਾ ਨਾਮ ਸਿਮਰੀਏ ਤਾਂ ਹਉਮੈ ਤੇ ਆਤਮਕ ਜੀਵਨ ਵਲੋਂ ਬੇ-ਸਮਝੀ ਦੂਰ ਹੋ ਜਾਂਦੀ ਹੈ।

ਅੰਦਰੁ ਅੰਮ੍ਰਿਤਿ ਭਰਪੂਰੁ ਹੈ ਚਾਖਿਆ ਸਾਦੁ ਜਾਪੈ ॥

(ਉਂਞ ਤਾਂ ਸਦਾ ਹੀ) ਹਿਰਦਾ ਨਾਮ-ਅੰਮ੍ਰਿਤ ਨਾਲ ਨਕਾ-ਨਕ ਭਰਿਆ ਹੋਇਆ ਹੈ (ਭਾਵ, ਪਰਮਾਤਮਾ ਅੰਦਰ ਹੀ ਰੋਮ ਰੋਮ ਵਿਚ ਵੱਸਦਾ ਹੈ), (ਗੁਰ-ਸ਼ਬਦ ਦੀ ਰਾਹੀਂ ਨਾਮ-ਰਸ) ਚੱਖਿਆਂ ਸੁਆਦ ਆਉਂਦਾ ਹੈ।

ਜਿਨ ਚਾਖਿਆ ਸੇ ਨਿਰਭਉ ਭਏ ਸੇ ਹਰਿ ਰਸਿ ਧ੍ਰਾਪੈ ॥

ਜਿਨ੍ਹਾਂ ਨੇ ਇਹ ਨਾਮ-ਰਸ ਚੱਖਿਆ ਹੈ ਉਹ ਨਿਰਭਉ (ਪ੍ਰਭੂ ਦਾ ਰੂਪ) ਹੋ ਜਾਂਦੇ ਹਨ, ਉਹ ਨਾਮ ਦੇ ਰਸ ਨਾਲ ਰੱਜ ਜਾਂਦੇ ਹਨ।

ਹਰਿ ਕਿਰਪਾ ਧਾਰਿ ਪੀਆਇਆ ਫਿਰਿ ਕਾਲੁ ਨ ਵਿਆਪੈ ॥੧੭॥

ਜਿਨ੍ਹਾਂ ਨੂੰ ਪ੍ਰਭੂ ਨੇ ਮਿਹਰ ਕਰ ਕੇ ਇਹ ਰਸ ਪਿਲਾਇਆ ਹੈ ਉਹਨਾਂ ਨੂੰ ਮੁੜ ਮੌਤ ਦਾ ਡਰ ਦਬਾ ਨਹੀਂ ਸਕਦਾ (ਆਤਮਕ ਮੌਤ ਉਹਨਾਂ ਦੇ ਨੇੜੇ ਨਹੀਂ ਆਉਂਦੀ) ॥੧੭॥


ਸਲੋਕੁ ਮਃ ੩ ॥
ਲੋਕੁ ਅਵਗਣਾ ਕੀ ਬੰਨੑੈ ਗੰਠੜੀ ਗੁਣ ਨ ਵਿਹਾਝੈ ਕੋਇ ॥

ਜਗਤ ਔਗੁਣਾਂ ਦੀ ਪੋਟਲੀ ਬੰਨ੍ਹੀ ਜਾ ਰਿਹਾ ਹੈ, ਕੋਈ ਬੰਦਾ ਗੁਣਾਂ ਦਾ ਸੌਦਾ ਨਹੀਂ ਕਰਦਾ।

ਗੁਣ ਕਾ ਗਾਹਕੁ ਨਾਨਕਾ ਵਿਰਲਾ ਕੋਈ ਹੋਇ ॥

ਹੇ ਨਾਨਕ! ਗੁਣ ਖ਼ਰੀਦਣ ਵਾਲਾ ਕੋਈ ਵਿਰਲਾ ਹੀ ਹੁੰਦਾ ਹੈ।

ਗੁਰਪਰਸਾਦੀ ਗੁਣ ਪਾਈਅਨਿੑ ਜਿਸ ਨੋ ਨਦਰਿ ਕਰੇਇ ॥੧॥

ਗੁਰੂ ਦੀ ਕਿਰਪਾ ਨਾਲ ਹੀ ਗੁਣ ਮਿਲਦੇ ਹਨ, (ਪਰ ਮਿਲਦੇ ਉਸ ਨੂੰ ਹਨ) ਜਿਸ ਉਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ ॥੧॥


ਮਃ ੩ ॥
ਗੁਣ ਅਵਗੁਣ ਸਮਾਨਿ ਹਹਿ ਜਿ ਆਪਿ ਕੀਤੇ ਕਰਤਾਰਿ ॥

(ਜਿਸ ਨੇ ਹੁਕਮ ਮੰਨਿਆ ਹੈ ਉਸ ਨੂੰ ਲੋਕਾਂ ਵਲੋਂ ਕੀਤੇ) ਗੁਣ ਤੇ ਔਗੁਣ (ਭਾਵ, ਨੇਕੀ ਤੇ ਬਦੀ ਦਾ ਸਲੂਕ) ਇਕੋ ਜਿਹੇ ਜਾਪਦੇ ਹਨ (ਕਿਉਂਕਿ ‘ਹੁਕਮ’ ਵਿਚ ਤੁਰਨ ਦੇ ਕਾਰਨ ਸਮਝਦਾ ਹੈ ਕਿ) ਇਹ (ਗੁਣ ਤੇ ਔਗੁਣ) ਕਰਤਾਰ ਨੇ ਆਪ ਪੈਦਾ ਕੀਤੇ ਹਨ।

ਨਾਨਕ ਹੁਕਮਿ ਮੰਨਿਐ ਸੁਖੁ ਪਾਈਐ ਗੁਰਸਬਦੀ ਵੀਚਾਰਿ ॥੨॥

ਹੇ ਨਾਨਕ! ਗੁਰੂ ਦੇ ਸ਼ਬਦ ਦੀ ਰਾਹੀਂ ਵਿਚਾਰਵਾਨ ਹੋ ਕੇ ਪ੍ਰਭੂ ਦਾ ਹੁਕਮ ਮੰਨਿਆਂ ਸੁਖ ਮਿਲਦਾ ਹੈ ॥੨॥


ਪਉੜੀ ॥
ਅੰਦਰਿ ਰਾਜਾ ਤਖਤੁ ਹੈ ਆਪੇ ਕਰੇ ਨਿਆਉ ॥

(ਜੀਵ ਦੇ) ਅੰਦਰ ਹੀ (ਜੀਆਂ ਦਾ) ਮਾਲਕ (ਬੈਠਾ) ਹੈ, (ਜੀਵ ਦੇ) ਅੰਦਰ ਹੀ (ਉਸ ਦਾ) ਤਖ਼ਤ ਹੈ, ਉਹ ਆਪ ਹੀ (ਅੰਦਰ ਬੈਠਾ ਹੋਇਆ, ਜੀਵ ਦੇ ਕੀਤੇ ਕਰਮਾਂ ਦਾ) ਨਿਆਂ ਕਰੀ ਜਾਂਦਾ ਹੈ।

ਗੁਰਸਬਦੀ ਦਰੁ ਜਾਣੀਐ ਅੰਦਰਿ ਮਹਲੁ ਅਸਰਾਉ ॥

(ਜੀਵ ਦੇ) ਅੰਦਰ ਹੀ (ਉਸ ਦਾ) ਮਹਲ ਹੈ, (ਜੀਵ ਦੇ) ਅੰਦਰ ਹੀ (ਬੈਠਾ ਜੀਵ ਨੂੰ) ਆਸਰਾ (ਦੇਈ ਜਾ ਰਿਹਾ) ਹੈ, ਪਰ ਉਸ ਦੇ ਮਹਲ ਦਾ ਬੂਹਾ ਗੁਰੂ ਦੇ ਸ਼ਬਦ ਦੀ ਰਾਹੀਂ ਲੱਭਦਾ ਹੈ।

ਖਰੇ ਪਰਖਿ ਖਜਾਨੈ ਪਾਈਅਨਿ ਖੋਟਿਆ ਨਾਹੀ ਥਾਉ ॥

(ਜੀਵ ਦੇ ਅੰਦਰ ਹੀ ਬੈਠੇ ਹੋਏ ਦੀ ਹਜ਼ੂਰੀ ਵਿਚ) ਖਰੇ ਜੀਵ ਪਰਖ ਕੇ ਖ਼ਜ਼ਾਨੇ ਵਿਚ ਰੱਖੇ ਜਾਂਦੇ ਹਨ (ਭਾਵ, ਅੰਦਰ ਬੈਠਾ ਹੋਇਆ ਹੀ ਖਰੇ ਜੀਵਾਂ ਦੀ ਆਪ ਸੰਭਾਲ ਕਰੀ ਜਾਂਦਾ ਹੈ), ਖੋਟਿਆਂ ਨੂੰ ਥਾਂ ਨਹੀਂ ਮਿਲਦੀ।

ਸਭੁ ਸਚੋ ਸਚੁ ਵਰਤਦਾ ਸਦਾ ਸਚੁ ਨਿਆਉ ॥

ਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ ਹਰ ਥਾਂ ਮੌਜੂਦ ਹੈ, ਉਸ ਦਾ ਨਿਆਂ ਸਦਾ ਅਟੱਲ ਹੈ;

ਅੰਮ੍ਰਿਤ ਕਾ ਰਸੁ ਆਇਆ ਮਨਿ ਵਸਿਆ ਨਾਉ ॥੧੮॥

ਉਨ੍ਹਾਂ ਨੂੰ ਉਸ ਦੇ ਨਾਮ-ਅੰਮ੍ਰਿਤ ਦਾ ਸੁਆਦ ਆਉਂਦਾ ਹੈ ਜਿਨ੍ਹਾਂ ਦੇ ਮਨ ਵਿਚ ਨਾਮ ਵੱਸਦਾ ਹੈ ॥੧੮॥


ਸਲੋਕ ਮਃ ੧ ॥
ਹਉ ਮੈ ਕਰੀ ਤਾਂ ਤੂ ਨਾਹੀ ਤੂ ਹੋਵਹਿ ਹਉ ਨਾਹਿ ॥

ਹੇ ਪ੍ਰਭੂ! ਜਦੋਂ ਮੈਂ ‘ਹਉਂ, ਹਉਂ’ ਕਰਦਾ ਹਾਂ ਤਦੋਂ ਤੂੰ (ਮੇਰੇ ਅੰਦਰ ਪਰਗਟ) ਨਹੀਂ ਹੁੰਦਾ, ਪਰ ਜਦੋਂ ਤੂੰ ਆ ਵੱਸਦਾ ਹੈਂ ਮੇਰੀ ‘ਹਉਂ’ ਮੁਕ ਜਾਂਦੀ ਹੈ।

ਬੂਝਹੁ ਗਿਆਨੀ ਬੂਝਣਾ ਏਹ ਅਕਥ ਕਥਾ ਮਨ ਮਾਹਿ ॥

ਹੇ ਗਿਆਨਵਾਨ! ਅਕੱਥ ਪ੍ਰਭੂ ਦੀ ਇਹ ਡੂੰਘੀ ਰਾਜ਼ ਵਾਲੀ ਗੱਲ ਆਪਣੇ ਮਨ ਵਿਚ ਸਮਝ।

ਬਿਨੁ ਗੁਰ ਤਤੁ ਨ ਪਾਈਐ ਅਲਖੁ ਵਸੈ ਸਭ ਮਾਹਿ ॥

ਅਲੱਖ ਪ੍ਰਭੂ ਵੱਸਦਾ ਤਾਂ ਸਭ ਦੇ ਅੰਦਰ ਹੈ, ਪਰ ਇਹ ਅਸਲੀਅਤ ਗੁਰੂ ਤੋਂ ਬਿਨਾ ਨਹੀਂ ਲੱਭਦੀ।

ਸਤਿਗੁਰੁ ਮਿਲੈ ਤ ਜਾਣੀਐ ਜਾਂ ਸਬਦੁ ਵਸੈ ਮਨ ਮਾਹਿ ॥

ਜਦੋਂ ਗੁਰੂ ਮਿਲ ਪਏ ਜਦੋਂ ਗੁਰੂ ਦਾ ਸ਼ਬਦ ਮਨ ਵਿਚ ਆ ਵੱਸੇ ਤਾਂ ਇਹ ਸਮਝ ਪੈਂਦੀ ਹੈ।

ਆਪੁ ਗਇਆ ਭ੍ਰਮੁ ਭਉ ਗਇਆ ਜਨਮ ਮਰਨ ਦੁਖ ਜਾਹਿ ॥

ਜਿਸ ਮਨੁੱਖ ਦੀ ‘ਹਉਂ’ ਦੂਰ ਹੋ ਜਾਂਦੀ ਹੈ, (ਮਾਇਆ ਦੀ ਖ਼ਾਤਰ) ਭਟਕਣਾ ਮਿਟ ਜਾਂਦੀ ਹੈ (ਮੌਤ ਆਦਿਕ ਦਾ) ਡਰ ਮੁੱਕ ਜਾਂਦਾ ਹੈ, ਉਸ ਦੇ ਸਾਰੀ ਉਮਰ ਦੇ ਦੁੱਖ ਨਾਸ ਹੋ ਜਾਂਦੇ ਹਨ (ਕਿਉਂਕਿ ਜੀਵਨ ਵਿਚ ਦੁੱਖ ਹੁੰਦੇ ਹੀ ਇਹੀ ਹਨ)।

ਗੁਰਮਤਿ ਅਲਖੁ ਲਖਾਈਐ ਊਤਮ ਮਤਿ ਤਰਾਹਿ ॥

ਜਿਨ੍ਹਾਂ ਨੂੰ ਗੁਰੂ ਦੀ ਮੱਤ ਲਿਆਂ ਰੱਬ ਦਿੱਸ ਪੈਂਦਾ ਹੈ, ਜਿਨ੍ਹਾਂ ਦੀ ਬੁੱਧ ਉੱਜਲ ਹੋ ਜਾਂਦੀ ਹੈ ਉਹ (ਇਹਨਾਂ ਦੁੱਖਾਂ ਦੇ ਸਮੁੰਦਰ ਤੋਂ) ਤਰ ਜਾਂਦੇ ਹਨ।

ਨਾਨਕ ਸੋਹੰ ਹੰਸਾ ਜਪੁ ਜਾਪਹੁ ਤ੍ਰਿਭਵਣ ਤਿਸੈ ਸਮਾਹਿ ॥੧॥

(ਸੋ,) ਹੇ ਨਾਨਕ! (ਤੂੰ ਭੀ) ਸਿਮਰਨ ਕਰ ਜਿਸ ਨਾਲ ਤੇਰੀ ਆਤਮਾ ਪ੍ਰਭੂ ਨਾਲ ਇਕ-ਰੂਪ ਹੋ ਜਾਏ, (ਵੇਖ!) ਤ੍ਰਿਲੋਕੀ ਦੇ ਹੀ ਜੀਵ ਉਸੇ ਵਿਚ ਟਿਕੇ ਹੋਏ ਹਨ (ਉਸੇ ਦੇ ਆਸਰੇ ਹਨ) ॥੧॥


ਮਃ ੩ ॥
ਮਨੁ ਮਾਣਕੁ ਜਿਨਿ ਪਰਖਿਆ ਗੁਰਸਬਦੀ ਵੀਚਾਰਿ ॥

ਇਹ ਮਨ ਸੁੱਚਾ ਮੋਤੀ ਹੈ, ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਵਿਚਾਰ ਕਰ ਕੇ (ਇਸ ਸੁੱਚੇ ਮੋਤੀ ਨੂੰ) ਪਰਖ ਲਿਆ ਹੈ,

ਸੇ ਜਨ ਵਿਰਲੇ ਜਾਣੀਅਹਿ ਕਲਜੁਗ ਵਿਚਿ ਸੰਸਾਰਿ ॥

ਅਜੇਹੇ ਬੰਦੇ ਇਸ ਸੰਸਾਰ ਵਿਚ ਜਿੱਥੇ ਵਿਕਾਰਾਂ ਦਾ ਪਹਿਰਾ ਹੈ ਬੜੇ ਘੱਟ ਵੇਖੀਦੇ ਹਨ।

ਆਪੈ ਨੋ ਆਪੁ ਮਿਲਿ ਰਹਿਆ ਹਉਮੈ ਦੁਬਿਧਾ ਮਾਰਿ ॥

ਉਸ ਦਾ ਆਪਾ ਹਉਮੈ ਤੇ ਮੇਰ-ਤੇਰ ਨੂੰ ਮਾਰ ਕੇ ‘ਆਪੇ’ ਨਾਲ ਮਿਲਿਆ ਰਹਿੰਦਾ ਹੈ।

ਨਾਨਕ ਨਾਮਿ ਰਤੇ ਦੁਤਰੁ ਤਰੇ ਭਉਜਲੁ ਬਿਖਮੁ ਸੰਸਾਰੁ ॥੨॥

ਹੇ ਨਾਨਕ! ਜੋ ਮਨੁੱਖ ਪ੍ਰਭੂ ਦੇ ਨਾਮ ਵਿਚ ਰੰਗੇ ਜਾਂਦੇ ਹਨ ਉਹ ਇਸ ਡਰਾਉਣੇ ਸੰਸਾਰ-ਸਮੁੰਦਰ ਤੋਂ ਲੰਘ ਜਾਂਦੇ ਹਨ ਜਿਸ ਨੂੰ ਤਰਨਾ ਬੜਾ ਔਖਾ ਹੈ ॥੨॥


ਪਉੜੀ ॥
ਮਨਮੁਖ ਅੰਦਰੁ ਨ ਭਾਲਨੀ ਮੁਠੇ ਅਹੰਮਤੇ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਹਉਮੈ ਦੇ ਠੱਗੇ ਹੋਏ ਆਪਣਾ ਮਨ ਨਹੀਂ ਖੋਜਦੇ।

ਚਾਰੇ ਕੁੰਡਾਂ ਭਵਿ ਥਕੇ ਅੰਦਰਿ ਤਿਖ ਤਤੇ ॥

ਅੰਦਰੋਂ ਤ੍ਰਿਸ਼ਨਾ ਨਾਲ ਸੜੇ ਹੋਏ (ਹੋਣ ਕਰਕੇ) (ਮਾਇਆ ਦੀ ਖ਼ਾਤਰ) ਚੌਹੀਂ ਪਾਸੀਂ ਭਟਕ ਭਟਕ ਕੇ ਥੱਕ ਜਾਂਦੇ ਹਨ।

ਸਿੰਮ੍ਰਿਤਿ ਸਾਸਤ ਨ ਸੋਧਨੀ ਮਨਮੁਖ ਵਿਗੁਤੇ ॥

ਸਿੰਮ੍ਰਿਤੀਆਂ ਸ਼ਾਸਤ੍ਰਾਂ (ਭਾਵ, ਆਪਣੇ ਧਰਮ-ਪੁਸਤਕਾਂ) ਨੂੰ ਗਹੁ ਨਾਲ ਨਹੀਂ ਖੋਜਦੇ ਤੇ (ਧਰਮ-ਪੁਸਤਕਾਂ ਦੇ ਥਾਂ ਆਪਣੇ) ਮਨ ਦੇ ਪਿੱਛੇ ਤੁਰ ਕੋ ਖ਼ੁਆਰ ਹੁੰਦੇ ਹਨ।

ਬਿਨੁ ਗੁਰ ਕਿਨੈ ਨ ਪਾਇਓ ਹਰਿ ਨਾਮੁ ਹਰਿ ਸਤੇ ॥

ਸਦਾ-ਥਿਰ ਰਹਿਣ ਪਰਮਾਤਮਾ ਦਾ ਨਾਮ ਗੁਰੂ ਦੀ ਸਰਨ ਆਉਣ ਤੋਂ ਬਿਨਾ ਕਿਸੇ ਨੇ ਭੀ ਨਹੀਂ ਲੱਭਾ।

ਤਤੁ ਗਿਆਨੁ ਵੀਚਾਰਿਆ ਹਰਿ ਜਪਿ ਹਰਿ ਗਤੇ ॥੧੯॥

ਅਸਾਂ ਅਸਲ ਵਿਚਾਰ ਦੀ ਇਹ ਗੱਲ ਲੱਭੀ ਹੈ ਕਿ ਪਰਮਾਤਮਾ ਦਾ ਨਾਮ ਜਪਿਆਂ ਹੀ ਮਨੁੱਖ ਦੀ ਆਤਮਕ ਹਾਲਤ ਸੁਧਰਦੀ ਹੈ ॥੧੯॥


ਸਲੋਕ ਮਃ ੨ ॥
ਆਪੇ ਜਾਣੈ ਕਰੇ ਆਪਿ ਆਪੇ ਆਣੈ ਰਾਸਿ ॥

ਪ੍ਰਭੂ ਆਪ ਹੀ (ਜੀਵਾਂ ਦੇ ਦਿਲਾਂ ਦੀ) ਜਾਣਦਾ ਹੈ (ਕਿਉਂਕਿ) ਉਹ ਆਪ ਹੀ (ਇਹਨਾਂ ਨੂੰ) ਪੈਦਾ ਕਰਦਾ ਹੈ, ਆਪ ਹੀ (ਜੀਵਾਂ ਦੇ ਕਾਰਜ) ਸਿਰੇ ਚਾੜ੍ਹਦਾ ਹੈ।

ਤਿਸੈ ਅਗੈ ਨਾਨਕਾ ਖਲਿਇ ਕੀਚੈ ਅਰਦਾਸਿ ॥੧॥

(ਇਸ ਲਈ) ਹੇ ਨਾਨਕ! ਉਸ ਪ੍ਰਭੂ ਅੱਗੇ ਖਲੋ ਕੇ ਹੀ ਅਦਬ ਸਰਧਾ ਨਾਲ ਅਰਜ਼ੋਈ ਕਰਨੀ ਚਾਹੀਦੀ ਹੈ ॥੧॥


ਮਃ ੧ ॥
ਜਿਨਿ ਕੀਆ ਤਿਨਿ ਦੇਖਿਆ ਆਪੇ ਜਾਣੈ ਸੋਇ ॥

ਜਿਸ ਪਰਮਾਤਮਾ ਨੇ ਜਗਤ ਪੈਦਾ ਕੀਤਾ ਹੈ, ਉਸ ਨੇ ਹੀ ਇਸ ਦੀ ਸੰਭਾਲ ਕੀਤੀ ਹੋਈ ਹੈ, ਉਹ ਆਪ ਹੀ (ਹਰੇਕ ਦੇ ਦਿਲ ਦੀ) ਜਾਣਦਾ ਹੈ।

ਕਿਸ ਨੋ ਕਹੀਐ ਨਾਨਕਾ ਜਾ ਘਰਿ ਵਰਤੈ ਸਭੁ ਕੋਇ ॥੨॥

ਹੇ ਨਾਨਕ! ਜਦੋਂ ਹਰੇਕ ਜੀਵ (ਉਸ ਪਰਮਾਤਮਾ ਦੇ ਘਰ ਤੋਂ ਹਰੇਕ ਲੋੜ ਪੂਰੀ ਕਰਦਾ ਹੈ ਜੋ) ਹਰੇਕ ਦੇ ਹਿਰਦੇ-ਘਰ ਵਿਚ ਮੌਜੂਦ ਹੈ, ਤਾਂ ਉਸ ਤੋਂ ਬਿਨਾ ਕਿਸੇ ਹੋਰ ਅੱਗੇ ਅਰਜ਼ੋਈ ਕਰਨੀ ਵਿਅਰਥ ਹੈ ॥੨॥


ਪਉੜੀ ॥
ਸਭੇ ਥੋਕ ਵਿਸਾਰਿ ਇਕੋ ਮਿਤੁ ਕਰਿ ॥

ਹੋਰ ਸਭ ਚੀਜ਼ਾਂ (ਦਾ ਮੋਹ) ਵਿਸਾਰ ਕੇ ਇਕ ਪਰਮਾਤਮਾ ਨੂੰ ਹੀ ਆਪਣਾ ਮਿੱਤਰ ਬਣਾ,

ਮਨੁ ਤਨੁ ਹੋਇ ਨਿਹਾਲੁ ਪਾਪਾ ਦਹੈ ਹਰਿ ॥

ਤੇਰਾ ਮਨ ਖਿੜ ਆਵੇਗਾ ਤੇਰਾ ਸਰੀਰ ਹੌਲਾ-ਫੁੱਲ ਹੋ ਜਾਇਗਾ (ਕਿਉਂਕਿ) ਪਰਮਾਤਮਾ ਸਾਰੇ ਪਾਪ ਸਾੜ ਦੇਂਦਾ ਹੈ।

ਆਵਣ ਜਾਣਾ ਚੁਕੈ ਜਨਮਿ ਨ ਜਾਹਿ ਮਰਿ ॥

(ਜਗਤ ਵਿਚ ਤੇਰਾ) ਜੰਮਣਾ ਮਰਨਾ ਮੁੱਕ ਜਾਇਗਾ, ਤੂੰ ਮੁੜ ਮੁੜ ਨਹੀਂ ਜੰਮੇ ਮਰੇਂਗਾ।

ਸਚੁ ਨਾਮੁ ਆਧਾਰੁ ਸੋਗਿ ਨ ਮੋਹਿ ਜਰਿ ॥

ਪ੍ਰਭੂ ਦੇ ਨਾਮ ਨੂੰ ਆਸਰਾ ਬਣਾ, ਤੂੰ ਚਿੰਤਾ ਵਿਚ ਤੇ ਮੋਹ ਵਿਚ ਨਹੀਂ ਸੜੇਂਗਾ।

ਨਾਨਕ ਨਾਮੁ ਨਿਧਾਨੁ ਮਨ ਮਹਿ ਸੰਜਿ ਧਰਿ ॥੨੦॥

ਹੇ ਨਾਨਕ! ਪਰਮਾਤਮਾ ਦਾ ਨਾਮ-ਖ਼ਜ਼ਾਨਾ ਆਪਣੇ ਮਨ ਵਿਚ ਇਕੱਠਾ ਕਰ ਰੱਖ ॥੨੦॥


ਸਲੋਕ ਮਃ ੫ ॥
ਮਾਇਆ ਮਨਹੁ ਨ ਵੀਸਰੈ ਮਾਂਗੈ ਦੰਮਾ ਦੰਮ ॥

ਹੇ ਨਾਨਕ! ਜਿਸ ਮਨੁੱਖ ਨੂੰ ਮਨੋਂ ਮਾਇਆ ਨਹੀਂ ਭੁੱਲਦੀ, ਜੋ (ਨਾਮ ਦੀ ਦਾਤ ਮੰਗਣ ਦੇ ਥਾਂ) ਸੁਆਸ-ਸੁਆਸ (ਮਾਇਆ ਹੀ) ਮੰਗਦਾ ਹੈ,

ਸੋ ਪ੍ਰਭੁ ਚਿਤਿ ਨ ਆਵਈ ਨਾਨਕ ਨਹੀ ਕਰੰਮ ॥੧॥

ਜਿਸ ਨੂੰ ਉਹ ਪਰਮਾਤਮਾ ਕਦੇ ਚੇਤੇ ਨਹੀਂ ਆਉਂਦਾ (ਇਹ ਜਾਣੋ ਕਿ) ਉਸ ਦੇ ਭਾਗ ਚੰਗੇ ਨਹੀਂ ਹਨ ॥੧॥


ਮਃ ੫ ॥
ਮਾਇਆ ਸਾਥਿ ਨ ਚਲਈ ਕਿਆ ਲਪਟਾਵਹਿ ਅੰਧ ॥

ਹੇ ਅੰਨ੍ਹੇ (ਜੀਵ)! ਤੂੰ (ਮੁੜ ਮੁੜ) ਮਾਇਆ ਨੂੰ ਕਿਉਂ ਚੰਬੜਦਾ ਹੈਂ? ਇਹ ਤਾਂ ਕਦੇ ਕਿਸੇ ਦੇ ਨਾਲ ਨਹੀਂ ਜਾਂਦੀ।

ਗੁਰ ਕੇ ਚਰਣ ਧਿਆਇ ਤੂ ਤੂਟਹਿ ਮਾਇਆ ਬੰਧ ॥੨॥

ਤੂੰ ਸਤਿਗੁਰੂ ਦੇ ਚਰਨਾਂ ਦਾ ਧਿਆਨ ਧਰ (ਭਾਵ, ਹਉਮੈ ਛੱਡ ਕੇ ਗੁਰੂ ਦਾ ਆਸਰਾ ਲੈ) (ਤਾਂ ਜੁ) ਤੇਰੀਆਂ ਇਹ ਮੁਸ਼ਕਾਂ ਜੋ ਮਾਇਆ ਨੇ ਕੱਸੀਆਂ ਹੋਈਆਂ ਹਨ ਟੁੱਟ ਜਾਣ ॥੨॥


ਪਉੜੀ ॥
ਭਾਣੈ ਹੁਕਮੁ ਮਨਾਇਓਨੁ ਭਾਣੈ ਸੁਖੁ ਪਾਇਆ ॥

ਉਸ ਪਰਮਾਤਮਾ ਨੇ (ਜਿਸ ਮਨੁੱਖ ਤੋਂ) ਆਪਣੀ ਰਜ਼ਾ ਵਿਚ ਆਪਣਾ ਹੁਕਮ ਮਨਾਇਆ ਹੈ ਉਸ ਮਨੁੱਖ ਨੇ ਰਜ਼ਾ ਵਿਚ ਰਹਿ ਕੇ ਸੁਖ ਲੱਭਾ ਹੈ।

ਭਾਣੈ ਸਤਿਗੁਰੁ ਮੇਲਿਓਨੁ ਭਾਣੈ ਸਚੁ ਧਿਆਇਆ ॥

ਉਸ ਪ੍ਰਭੂ ਨੇ ਆਪਣੀ ਰਜ਼ਾ ਵਿਚ ਜਿਸ ਮਨੁੱਖ ਨੂੰ ਗੁਰੂ ਮਿਲਾਇਆ ਹੈ ਉਹ ਮਨੁੱਖ ਰਜ਼ਾ ਵਿਚ ਰਹਿ ਕੇ ‘ਨਾਮ’ ਸਿਮਰਦਾ ਹੈ।

ਭਾਣੇ ਜੇਵਡ ਹੋਰ ਦਾਤਿ ਨਾਹੀ ਸਚੁ ਆਖਿ ਸੁਣਾਇਆ ॥

ਜਿਸ ਮਨੁੱਖ ਨੂੰ ਪ੍ਰਭੂ ਦੀ ਰਜ਼ਾ ਵਿਚ ਰਹਿਣਾ ਸਭ ਤੋਂ ਵੱਡੀ ਰੱਬੀ ਬਖ਼ਸ਼ਸ਼ ਪ੍ਰਤੀਤ ਹੁੰਦੀ ਹੈ ਉਹ ਆਪ ‘ਨਾਮ’ ਸਿਮਰਦਾ ਹੈ ਤੇ ਹੋਰਨਾਂ ਨੂੰ ਸੁਣਾਂਦਾ ਹੈ।

ਜਿਨ ਕਉ ਪੂਰਬਿ ਲਿਖਿਆ ਤਿਨ ਸਚੁ ਕਮਾਇਆ ॥

ਪਰ ‘ਨਾਮ’ ਸਿਮਰਦੇ ਉਹੀ ਹਨ ਜਿਨ੍ਹਾਂ ਦੇ ਮੱਥੇ ਤੇ ਧੁਰੋਂ ਮੁੱਢ ਤੋਂ ਲਿਖਿਆ ਹੋਇਆ ਹੈ (ਭਾਵ, ਜਿਨ੍ਹਾਂ ਦੇ ਅੰਦਰ ਪੂਰਬਲੇ ਕਰਮਾਂ ਅਨੁਸਾਰ ਸਿਮਰਨ ਦੇ ਸੰਸਕਾਰ ਮੌਜੂਦ ਹਨ)।

ਨਾਨਕ ਤਿਸੁ ਸਰਣਾਗਤੀ ਜਿਨਿ ਜਗਤੁ ਉਪਾਇਆ ॥੨੧॥

(ਸੋ) ਹੇ ਨਾਨਕ! ਉਸ ਪ੍ਰਭੂ ਦੀ ਸਰਨ ਵਿਚ ਰਹੁ ਜਿਸ ਨੇ ਇਹ ਸੰਸਾਰ ਪੈਦਾ ਕੀਤਾ ਹੈ ॥੨੧॥


ਸਲੋਕ ਮਃ ੩ ॥
ਜਿਨ ਕਉ ਅੰਦਰਿ ਗਿਆਨੁ ਨਹੀ ਭੈ ਕੀ ਨਾਹੀ ਬਿੰਦ ॥

ਜਿਨ੍ਹਾਂ ਮਨੁੱਖਾਂ ਦੇ ਅੰਦਰ ਪਰਮਾਤਮਾ ਦਾ ਰਤਾ ਭਰ ਭੀ ਡਰ ਨਹੀਂ, ਤੇ ਜਿਨ੍ਹਾਂ ਨੂੰ ਪ੍ਰਭੂ ਨਾਲ ਜਾਣ-ਪਛਾਣ ਪ੍ਰਾਪਤ ਨਹੀਂ ਹੋਈ,

ਨਾਨਕ ਮੁਇਆ ਕਾ ਕਿਆ ਮਾਰਣਾ ਜਿ ਆਪਿ ਮਾਰੇ ਗੋਵਿੰਦ ॥੧॥

ਹੇ ਨਾਨਕ! ਉਹ (ਆਤਮਕ ਮੌਤੇ) ਮੋਏ ਹੋਏ ਹਨ, ਉਹਨਾਂ ਨੂੰ (ਮਾਨੋ) ਰੱਬ ਨੇ ਆਪ ਮਾਰ ਦਿੱਤਾ ਹੈ, ਇਹਨਾਂ ਮੁਇਆਂ ਨੂੰ (ਏਦੂੰ ਵਧੀਕ) ਕਿਸੇ ਹੋਰ ਨੇ ਕੀਹ ਮਾਰਨਾ ਹੈ? ॥੧॥


ਮਃ ੩ ॥
ਮਨ ਕੀ ਪਤ੍ਰੀ ਵਾਚਣੀ ਸੁਖੀ ਹੂ ਸੁਖੁ ਸਾਰੁ ॥

(ਲੋਕਾਂ ਨੂੰ ਥਿੱਤਾਂ ਆਦਿਕ ਦੱਸਣ ਲਈ ਪੱਤ੍ਰੀ ਪੜ੍ਹਨ ਦੇ ਥਾਂ) ਆਪਣੇ ਮਨ ਦੀ ਪੱਤ੍ਰੀ ਪੜ੍ਹਨੀ ਚਾਹੀਦੀ ਹੈ (ਕਿ ਇਸ ਦੀ ਕੇਹੜੇ ਵੇਲੇ ਕੀਹ ਹਾਲਤ ਹੈ; ਇਹ ਪੱਤ੍ਰੀ ਵਾਚਣ ਨਾਲ) ਸਭ ਤੋਂ ਸ੍ਰੇਸ਼ਟ ਸੁਖ ਮਿਲਦਾ ਹੈ।

ਸੋ ਬ੍ਰਾਹਮਣੁ ਭਲਾ ਆਖੀਐ ਜਿ ਬੂਝੈ ਬ੍ਰਹਮੁ ਬੀਚਾਰੁ ॥

(ਜੋ ਥਿੱਤਾਂ ਦੀ ਭਲਾਈ ਬੁਰਾਈ ਵਿਚਾਰਨ ਦੇ ਥਾਂ) ਰੱਬੀ ਵਿਚਾਰ ਨੂੰ ਸਮਝਦਾ ਹੈ ਉਸ ਬ੍ਰਾਹਮਣ ਨੂੰ ਚੰਗਾ ਜਾਣੋ।

ਹਰਿ ਸਾਲਾਹੇ ਹਰਿ ਪੜੈ ਗੁਰ ਕੈ ਸਬਦਿ ਵੀਚਾਰਿ ॥

ਜੋ (ਬ੍ਰਾਹਮਣ) ਗੁਰੂ ਦੇ ਸ਼ਬਦ ਦੀ ਰਾਹੀਂ ਵਿਚਾਰ ਕਰ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ ਪ੍ਰਭੂ ਦਾ ਨਾਮ ਪੜ੍ਹਦਾ ਹੈ,

ਆਇਆ ਓਹੁ ਪਰਵਾਣੁ ਹੈ ਜਿ ਕੁਲ ਕਾ ਕਰੇ ਉਧਾਰੁ ॥

(ਤੇ ਇਸ ਤਰ੍ਹਾਂ) ਆਪਣੀ ਕੁਲ ਦਾ ਭੀ ਪਾਰ-ਉਤਾਰਾ ਕਰਦਾ ਹੈ ਉਸ ਦਾ ਜਗਤ ਵਿਚ ਆਉਣਾ ਸਫਲ ਹੈ।

ਅਗੈ ਜਾਤਿ ਨ ਪੁਛੀਐ ਕਰਣੀ ਸਬਦੁ ਹੈ ਸਾਰੁ ॥

ਪ੍ਰਭੂ ਦੀ ਹਜ਼ੂਰੀ ਵਿਚ (ਉੱਚੀ) ਜਾਤਿ ਦੀ ਪੁੱਛ-ਗਿੱਛ ਨਹੀਂ ਹੁੰਦੀ, ਓਥੇ ਤਾਂ (ਸਿਫ਼ਤ-ਸਾਲਾਹ ਦੀ) ਬਾਣੀ (ਦਾ ਅੱਭਿਆਸ) ਹੀ ਸ੍ਰੇਸ਼ਟ ਕਰਨੀ (ਮਿਥੀ ਜਾਂਦੀ) ਹੈ,

ਹੋਰੁ ਕੂੜੁ ਪੜਣਾ ਕੂੜੁ ਕਮਾਵਣਾ ਬਿਖਿਆ ਨਾਲਿ ਪਿਆਰੁ ॥

(ਸਿਫ਼ਤ-ਸਾਲਾਹ ਤੋਂ ਬਿਨਾ) ਹੋਰ ਪੜ੍ਹਨਾ ਤੇ ਕਮਾਣਾ ਵਿਅਰਥ ਹੈ, ਮਾਇਆ ਨਾਲ ਹੀ ਪਿਆਰ (ਵਧਾਂਦਾ) ਹੈ।

ਅੰਦਰਿ ਸੁਖੁ ਨ ਹੋਵਈ ਮਨਮੁਖ ਜਨਮੁ ਖੁਆਰੁ ॥

(ਉਸ ਪੜ੍ਹਾਈ ਤੇ ਕਮਾਈ ਨਾਲ) ਮਨ ਵਿਚ ਸੁਖ ਨਹੀਂ ਹੁੰਦਾ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੀ ਜ਼ਿੰਦਗੀ ਹੀ ਔਤਰ ਜਾਂਦੀ ਹੈ।

ਨਾਨਕ ਨਾਮਿ ਰਤੇ ਸੇ ਉਬਰੇ ਗੁਰ ਕੈ ਹੇਤਿ ਅਪਾਰਿ ॥੨॥

ਹੇ ਨਾਨਕ! ਜੋ ਮਨੁੱਖ ਗੁਰੂ (ਦੇ ਚਰਨਾਂ) ਵਿਚ ਬਹੁਤ ਪ੍ਰੇਮ ਕਰ ਕੇ ਪ੍ਰਭੂ ਦੇ ਨਾਮ ਵਿਚ ਰੰਗੇ ਜਾਂਦੇ ਹਨ ਉਹ (‘ਬਿਖਿਆ’ ਦੇ ਅਸਰ ਤੋਂ) ਬਚ ਜਾਂਦੇ ਹਨ ॥੨॥


ਪਉੜੀ ॥
ਆਪੇ ਕਰਿ ਕਰਿ ਵੇਖਦਾ ਆਪੇ ਸਭੁ ਸਚਾ ॥

ਪ੍ਰਭੂ ਆਪ ਹੀ (ਜੀਵਾਂ ਨੂੰ) ਪੈਦਾ ਕਰ ਕੇ ਆਪ ਹੀ ਸੰਭਾਲ ਕਰਦਾ ਹੈ (ਕਿਉਂਕਿ) ਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ ਹਰ ਥਾਂ ਆਪ ਹੀ (ਮੌਜੂਦ) ਹੈ।

ਜੋ ਹੁਕਮੁ ਨ ਬੂਝੈ ਖਸਮ ਕਾ ਸੋਈ ਨਰੁ ਕਚਾ ॥

ਪਰ ਜੋ ਮਨੁੱਖ (ਪ੍ਰਭੂ ਦੀ ਇਸ ਹਰ ਥਾਂ ਮੌਜੂਦ ਹੋਣ ਦੀ) ਰਜ਼ਾ ਨੂੰ ਨਹੀਂ ਸਮਝਦਾ, ਉਹ ਮਨੁੱਖ ਡੋਲਦਾ ਰਹਿੰਦਾ ਹੈ।

ਜਿਤੁ ਭਾਵੈ ਤਿਤੁ ਲਾਇਦਾ ਗੁਰਮੁਖਿ ਹਰਿ ਸਚਾ ॥

ਜਿਸ ਪਾਸੇ ਪ੍ਰਭੂ ਦੀ ਰਜ਼ਾ ਹੋਵੇ ਉਸੇ ਪਾਸੇ (ਹਰੇਕ ਜੀਵ ਨੂੰ) ਲਾਂਦਾ ਹੈ, ਜਿਸ ਨੂੰ ਗੁਰੂ ਦੇ ਸਨਮੁਖ ਕਰਦਾ ਹੈ ਉਹ ਪ੍ਰਭੂ ਦਾ ਹੀ ਰੂਪ ਹੋ ਜਾਂਦਾ ਹੈ।

ਸਭਨਾ ਕਾ ਸਾਹਿਬੁ ਏਕੁ ਹੈ ਗੁਰਸਬਦੀ ਰਚਾ ॥

(ਉਂਞ ਤਾਂ) ਸਭ ਜੀਵਾਂ ਦਾ ਮਾਲਕ ਇਕ ਪਰਮਾਤਮਾ ਹੀ ਹੈ, ਪਰ ਗੁਰੂ ਦੇ ਸ਼ਬਦ ਦੀ ਰਾਹੀਂ ਹੀ (ਉਸ ਵਿਚ) ਜੁੜਿਆ ਜਾ ਸਕਦਾ ਹੈ।

ਗੁਰਮੁਖਿ ਸਦਾ ਸਲਾਹੀਐ ਸਭਿ ਤਿਸ ਦੇ ਜਚਾ ॥

(ਸੋ) ਗੁਰੂ ਦੇ ਸਨਮੁਖ ਹੋ ਕੇ ਉਸ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ। (ਜਗਤ ਦੇ ਇਹ) ਸਾਰੇ ਕੌਤਕ ਉਸ ਮਾਲਕ ਦੇ ਹੀ ਹਨ।

ਜਿਉ ਨਾਨਕ ਆਪਿ ਨਚਾਇਦਾ ਤਿਵ ਹੀ ਕੋ ਨਚਾ ॥੨੨॥੧॥ ਸੁਧੁ ॥

ਹੇ ਨਾਨਕ! ਜਿਵੇਂ ਉਹ ਆਪ ਜੀਵ ਨੂੰ ਨਚਾਂਦਾ ਹੈ ਤਿਵੇਂ ਜੀਵ ਨੱਚਦਾ ਹੈ ॥੨੨॥੧॥ਸੁਧੁ ॥