ਮਾਰੂ ਕੀ ਵਾਰ ਡਖਣੇ (ਮਹਲਾ 5), Maaroo ki vaar dakhne (Mahalla 5) Path in Punjabi Gurbani

ਮਾਰੂ ਕੀ ਵਾਰ ਡਖਣੇ (ਮਹਲਾ 5), Maaroo ki vaar dakhne (Mahalla 5) Path in Punjabi Gurbani

ਮਾਰੂ ਵਾਰ ਮਹਲਾ ੫ ॥

ਰਾਗ ਮਾਰੂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ਡਖਣੇ ਮਃ ੫ ॥

‘ਵਾਰ-ਡਖਣੇ’।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਤੂ ਚਉ ਸਜਣ ਮੈਡਿਆ ਡੇਈ ਸਿਸੁ ਉਤਾਰਿ ॥

ਹੇ ਮੇਰੇ ਸੱਜਣ! ਤੂੰ ਆਖ (ਭਾਵ, ਜੇ ਤੂੰ ਆਖੇਂ ਤਾਂ) ਮੈਂ ਆਪਣਾ ਸਿਰ ਭੀ ਲਾਹ ਕੇ ਭੇਟ ਕਰ ਦਿਆਂ,

ਨੈਣ ਮਹਿੰਜੇ ਤਰਸਦੇ ਕਦਿ ਪਸੀ ਦੀਦਾਰੁ ॥੧॥

ਮੇਰੀਆਂ ਅੱਖਾਂ ਤਰਸ ਰਹੀਆਂ ਹਨ, ਮੈਂ ਕਦੋਂ ਤੇਰਾ ਦਰਸਨ ਕਰਾਂਗੀ ॥੧॥


ਮਃ ੫ ॥
ਨੀਹੁ ਮਹਿੰਜਾ ਤਊ ਨਾਲਿ ਬਿਆ ਨੇਹ ਕੂੜਾਵੇ ਡੇਖੁ ॥

ਹੇ ਪ੍ਰਭੂ! ਮੇਰਾ ਪਿਆਰ (ਹੁਣ ਸਿਰਫ਼) ਤੇਰੇ ਨਾਲ ਹੈ, ਦੂਜੇ ਪਿਆਰ ਮੈਂ ਝੂਠੇ ਵੇਖ ਲਏ ਹਨ (ਮੈਂ ਵੇਖ ਲਿਆ ਹੈ ਕਿ ਦੂਜੇ ਪਿਆਰ ਝੂਠੇ ਹਨ)।

ਕਪੜ ਭੋਗ ਡਰਾਵਣੇ ਜਿਚਰੁ ਪਿਰੀ ਨ ਡੇਖੁ ॥੨॥

ਜਿਤਨਾ ਚਿਰ ਮੈਨੂੰ ਪਤੀ ਦਾ ਦਰਸ਼ਨ ਨਹੀਂ ਹੁੰਦਾ, ਦੁਨੀਆ ਵਾਲੇ ਖਾਣੇ ਪਹਿਨਣੇ ਮੈਨੂੰ ਡਰਾਉਣ ਲੱਗਦੇ ਹਨ ॥੨॥


ਮਃ ੫ ॥
ਉਠੀ ਝਾਲੂ ਕੰਤੜੇ ਹਉ ਪਸੀ ਤਉ ਦੀਦਾਰੁ ॥

ਹੇ ਸੋਹਣੇ ਕੰਤ! ਸਵੇਰੇ ਉੱਠਾਂ ਤੇ (ਪਹਿਲਾਂ) ਤੇਰਾ ਦਰਸਨ ਕਰਾਂ।

ਕਾਜਲੁ ਹਾਰ ਤਮੋਲ ਰਸੁ ਬਿਨੁ ਪਸੇ ਹਭਿ ਰਸ ਛਾਰੁ ॥੩॥

ਤੇਰਾ ਦਰਸਨ ਕਰਨ ਤੋਂ ਬਿਨਾ ਕੱਜਲ ਹਾਰ ਪਾਨ ਦਾ ਰਸ-ਇਹ ਸਾਰੇ ਹੀ ਰਸ ਸੁਆਹ ਸਮਾਨ ਹਨ ॥੩॥


ਪਉੜੀ ॥
ਤੂ ਸਚਾ ਸਾਹਿਬੁ ਸਚੁ ਸਚੁ ਸਭੁ ਧਾਰਿਆ ॥

ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ, ਅਤੇ ਤੂੰ ਆਪਣਾ ਅਟੱਲ ਨਿਯਮ ਹੀ ਹਰ ਥਾਂ ਕਾਇਮ ਕੀਤਾ ਹੋਇਆ ਹੈ।

ਗੁਰਮੁਖਿ ਕੀਤੋ ਥਾਟੁ ਸਿਰਜਿ ਸੰਸਾਰਿਆ ॥

ਜਗਤ ਪੈਦਾ ਕਰ ਕੇ ਤੂੰ ਇਹ ਨਿਯਮ ਭੀ ਬਣਾ ਦਿੱਤਾ ਕਿ (ਜੀਵਾਂ ਨੂੰ) ਗੁਰੂ ਦੇ ਦੱਸੇ ਰਸਤੇ ਉਤੇ ਤੁਰਨਾ ਚਾਹੀਦਾ ਹੈ।

ਹਰਿ ਆਗਿਆ ਹੋਏ ਬੇਦ ਪਾਪੁ ਪੁੰਨੁ ਵੀਚਾਰਿਆ ॥

ਹੇ ਹਰੀ! ਤੇਰੀ ਹੀ ਆਗਿਆ ਅਨੁਸਾਰ ਵੇਦ (ਆਦਿਕ ਧਰਮ-ਪੁਸਤਕਾਂ ਪਰਗਟ) ਹੋਏ, ਜਿਨ੍ਹਾਂ ਨੇ (ਜਗਤ ਵਿਚ) ਪਾਪ ਤੇ ਪੁੰਨ ਨੂੰ ਨਿਖੇੜਿਆ ਹੈ।

ਬ੍ਰਹਮਾ ਬਿਸਨੁ ਮਹੇਸੁ ਤ੍ਰੈ ਗੁਣ ਬਿਸਥਾਰਿਆ ॥

ਤੂੰ ਹੀ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਨੂੰ ਪੈਦਾ ਕੀਤਾ, ਤੂੰ ਹੀ ਮਾਇਆ ਦੇ ਤਿੰਨ ਗੁਣਾਂ ਦਾ ਖਿਲਾਰਾ-ਰੂਪ ਜਗਤ ਬਣਾਇਆ ਹੈ।

ਨਵ ਖੰਡ ਪ੍ਰਿਥਮੀ ਸਾਜਿ ਹਰਿ ਰੰਗ ਸਵਾਰਿਆ ॥

ਹੇ ਹਰੀ! ਇਹ ਨੌ ਹਿੱਸਿਆਂ ਵਾਲੀ ਧਰਤੀ ਸਾਜ ਕੇ ਤੂੰ ਇਸ ਵਿਚ ਅਨੇਕਾਂ ਰੰਗ ਸਜਾਏ ਹਨ।

ਵੇਕੀ ਜੰਤ ਉਪਾਇ ਅੰਤਰਿ ਕਲ ਧਾਰਿਆ ॥

ਵਖ ਵਖ ਭਾਂਤ ਦੇ ਜੀਵ ਪੈਦਾ ਕਰ ਕੇ ਤੂੰ (ਜੀਵਾਂ ਦੇ ਅੰਦਰ) ਆਪਣੀ ਸੱਤਿਆ ਕਾਇਮ ਕੀਤੀ ਹੈ।

ਤੇਰਾ ਅੰਤੁ ਨ ਜਾਣੈ ਕੋਇ ਸਚੁ ਸਿਰਜਣਹਾਰਿਆ ॥

ਹੇ ਸਦਾ-ਥਿਰ ਸਿਰਜਣਹਾਰ! ਕੋਈ ਜੀਵ (ਤੇਰੇ ਗੁਣਾਂ ਦਾ) ਅੰਤ ਨਹੀਂ ਜਾਣ ਸਕਦਾ।

ਤੂ ਜਾਣਹਿ ਸਭ ਬਿਧਿ ਆਪਿ ਗੁਰਮੁਖਿ ਨਿਸਤਾਰਿਆ ॥੧॥

ਸਭ ਤਰ੍ਹਾਂ ਦੇ ਭੇਤ ਤੂੰ ਆਪ ਹੀ ਜਾਣਦਾ ਹੈਂ, ਜੀਵਾਂ ਨੂੰ ਤੂੰ ਗੁਰੂ ਦੇ ਰਸਤੇ ਉਤੇ ਤੋਰ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਉਂਦਾ ਹੈਂ ॥੧॥


ਡਖਣੇ ਮਃ ੫ ॥
ਜੇ ਤੂ ਮਿਤ੍ਰੁ ਅਸਾਡੜਾ ਹਿਕ ਭੋਰੀ ਨਾ ਵੇਛੋੜਿ ॥

ਜੇ ਤੂੰ ਮੇਰਾ ਮਿਤ੍ਰ ਹੈਂ, ਤਾਂ ਮੈਨੂੰ ਰਤਾ ਭਰ ਭੀ (ਆਪਣੇ ਨਾਲੋਂ) ਨਾਹ ਵਿਛੋੜ।

ਜੀਉ ਮਹਿੰਜਾ ਤਉ ਮੋਹਿਆ ਕਦਿ ਪਸੀ ਜਾਨੀ ਤੋਹਿ ॥੧॥

ਮੇਰੀ ਜਿੰਦ ਤੂੰ (ਆਪਣੇ ਪਿਆਰ ਵਿਚ) ਮੋਹ ਲਈ ਹੈ (ਹੁਣ ਹਰ ਵੇਲੇ ਮੈਨੂੰ ਤਾਂਘ ਰਹਿੰਦੀ ਹੈ ਕਿ) ਹੇ ਪਿਆਰੇ! ਮੈਂ ਕਦੋਂ ਤੈਨੂੰ ਵੇਖਾਂ ॥੧॥


ਮਃ ੫ ॥
ਦੁਰਜਨ ਤੂ ਜਲੁ ਭਾਹੜੀ ਵਿਛੋੜੇ ਮਰਿ ਜਾਹਿ ॥

ਹੇ ਦੁਰਜਨ! ਤੂੰ ਅੱਗ ਵਿਚ ਸੜ ਜਾ, ਹੇ ਵਿਛੋੜੇ! ਤੂੰ ਮਰ ਜਾ।

ਕੰਤਾ ਤੂ ਸਉ ਸੇਜੜੀ ਮੈਡਾ ਹਭੋ ਦੁਖੁ ਉਲਾਹਿ ॥੨॥

ਹੇ (ਮੇਰੇ) ਕੰਤ! ਤੂੰ (ਮੇਰੀ ਹਿਰਦਾ-) ਸੇਜ ਉਤੇ (ਆ ਕੇ) ਸੌਂ ਤੇ ਮੇਰਾ ਸਾਰਾ ਦੁੱਖ ਦੂਰ ਕਰ ਦੇ ॥੨॥


ਮਃ ੫ ॥
ਦੁਰਜਨੁ ਦੂਜਾ ਭਾਉ ਹੈ ਵੇਛੋੜਾ ਹਉਮੈ ਰੋਗੁ ॥

(ਪ੍ਰਭੂ ਤੋਂ ਬਿਨਾ) ਕਿਸੇ ਹੋਰ ਨਾਲ ਪਿਆਰ (ਜਿੰਦ ਦਾ ਵੱਡਾ) ਵੈਰੀ ਹੈ, ਹਉਮੈ ਦਾ ਰੋਗ (ਪ੍ਰਭੂ ਨਾਲੋਂ) ਵਿਛੋੜਾ (ਪਾਣ ਵਾਲਾ) ਹੈ।

ਸਜਣੁ ਸਚਾ ਪਾਤਿਸਾਹੁ ਜਿਸੁ ਮਿਲਿ ਕੀਚੈ ਭੋਗੁ ॥੩॥

ਸਦਾ ਕਾਇਮ ਰਹਿਣ ਵਾਲਾ ਪ੍ਰਭੂ ਪਾਤਿਸ਼ਾਹ (ਜਿੰਦ ਦਾ) ਮਿਤ੍ਰ ਹੈ ਜਿਸ ਨੂੰ ਮਿਲ ਕੇ (ਆਤਮਕ) ਆਨੰਦ ਮਾਣਿਆ ਜਾ ਸਕਦਾ ਹੈ ॥੩॥


ਪਉੜੀ ॥
ਤੂ ਅਗਮ ਦਇਆਲੁ ਬੇਅੰਤੁ ਤੇਰੀ ਕੀਮਤਿ ਕਹੈ ਕਉਣੁ ॥

ਹੇ ਪ੍ਰਭੂ! ਤੂੰ ਅਪਹੁੰਚ ਹੈਂ ਦਇਆਲ ਤੇ ਬੇਅੰਤ ਹੈਂ, ਕੋਈ ਜੀਵ ਤੇਰਾ ਮੁੱਲ ਨਹੀਂ ਪਾ ਸਕਦਾ।

ਤੁਧੁ ਸਿਰਜਿਆ ਸਭੁ ਸੰਸਾਰੁ ਤੂ ਨਾਇਕੁ ਸਗਲ ਭਉਣ ॥

ਇਹ ਸਾਰਾ ਜਗਤ ਤੂੰ ਹੀ ਪੈਦਾ ਕੀਤਾ ਹੈ, ਤੇ ਸਾਰੇ ਭਵਨਾਂ ਦਾ ਤੂੰ ਹੀ ਮਾਲਕ ਹੈਂ।

ਤੇਰੀ ਕੁਦਰਤਿ ਕੋਇ ਨ ਜਾਣੈ ਮੇਰੇ ਠਾਕੁਰ ਸਗਲ ਰਉਣ ॥

ਹੇ ਮੇਰੇ ਸਰਬ-ਵਿਆਪਕ ਮਾਲਕ! ਕੋਈ ਜੀਵ ਤੇਰੀ ਤਾਕਤ ਦਾ ਅੰਦਾਜ਼ਾ ਨਹੀਂ ਲਾ ਸਕਦਾ।

ਤੁਧੁ ਅਪੜਿ ਕੋਇ ਨ ਸਕੈ ਤੂ ਅਬਿਨਾਸੀ ਜਗ ਉਧਰਣ ॥

ਹੇ ਜਗਤ ਉੱਧਾਰਣ ਵਾਲੇ ਅਬਿਨਾਸੀ ਪ੍ਰਭੂ! ਕੋਈ ਜੀਵ ਤੇਰੀ ਬਰਾਬਰੀ ਨਹੀਂ ਕਰ ਸਕਦਾ।

ਤੁਧੁ ਥਾਪੇ ਚਾਰੇ ਜੁਗ ਤੂ ਕਰਤਾ ਸਗਲ ਧਰਣ ॥

ਹੇ ਪ੍ਰਭੂ! ਸਾਰੀਆਂ ਧਰਤੀਆਂ ਤੂੰ ਹੀ ਬਣਾਈਆਂ ਹਨ ਇਹ ਚਾਰੇ ਜੁੱਗ ਤੇਰੇ ਹੀ ਬਣਾਏ ਹੋਏ ਹਨ (ਸਮਾ ਬਣਾਣ ਵਾਲਾ ਤੇ ਸਮੇ ਦੀ ਵੰਡ ਕਰਨ ਵਾਲਾ ਤੂੰ ਹੀ ਹੈਂ)।

ਤੁਧੁ ਆਵਣ ਜਾਣਾ ਕੀਆ ਤੁਧੁ ਲੇਪੁ ਨ ਲਗੈ ਤ੍ਰਿਣ ॥

(ਜੀਵਾਂ ਵਾਸਤੇ) ਜਨਮ ਮਰਨ ਦਾ ਗੇੜ ਤੂੰ ਹੀ ਬਣਾਇਆ ਹੈ, (ਜਨਮ ਮਰਨ ਦੇ ਗੇੜ ਦਾ) ਰਤਾ ਭੀ ਪ੍ਰਭਾਵ ਤੇਰੇ ਉਤੇ ਨਹੀਂ ਪੈਂਦਾ।

ਜਿਸੁ ਹੋਵਹਿ ਆਪਿ ਦਇਆਲੁ ਤਿਸੁ ਲਾਵਹਿ ਸਤਿਗੁਰ ਚਰਣ ॥

ਹੇ ਪ੍ਰਭੂ! ਜਿਸ ਜੀਵ ਉਤੇ ਤੂੰ ਦਿਆਲ ਹੁੰਦਾ ਹੈਂ ਉਸ ਨੂੰ ਗੁਰੂ ਦੀ ਚਰਨੀਂ ਲਾਂਦਾ ਹੈਂ,

ਤੂ ਹੋਰਤੁ ਉਪਾਇ ਨ ਲਭਹੀ ਅਬਿਨਾਸੀ ਸ੍ਰਿਸਟਿ ਕਰਣ ॥੨॥

(ਕਿਉਂਕਿ) ਹੇ ਸ੍ਰਿਸ਼ਟੀ-ਕਰਤਾ ਅਬਿਨਾਸ਼ੀ ਪ੍ਰਭੂ! (ਗੁਰੂ ਦੀ ਸਰਨ ਤੋਂ ਬਿਨਾ) ਹੋਰ ਕਿਸੇ ਭੀ ਉਪਾਵ ਨਾਲ ਤੂੰ ਮਿਲ ਨਹੀਂ ਸਕਦਾ ॥੨॥


ਡਖਣੇ ਮਃ ੫ ॥
ਜੇ ਤੂ ਵਤਹਿ ਅੰਙਣੇ ਹਭ ਧਰਤਿ ਸੁਹਾਵੀ ਹੋਇ ॥

ਹੇ ਪ੍ਰਭੂ-ਕੰਤ! ਜੇ ਤੂੰ ਮੇਰੇ (ਹਿਰਦੇ-) ਵੇਹੜੇ ਵਿਚ ਆ ਜਾਏਂ, ਤਾਂ ਮੇਰਾ ਸਾਰਾ ਸਰੀਰ ਹੀ ਸੋਹਣਾ ਹੋ ਜਾਂਦਾ ਹੈ।

ਹਿਕਸੁ ਕੰਤੈ ਬਾਹਰੀ ਮੈਡੀ ਵਾਤ ਨ ਪੁਛੈ ਕੋਇ ॥੧॥

ਪਰ ਇਕ ਖਸਮ-ਪ੍ਰਭੂ ਤੋਂ ਬਿਨਾ ਕੋਈ ਮੇਰੀ ਖ਼ਬਰ-ਸੁਰਤ ਹੀ ਨਹੀਂ ਪੁੱਛਦਾ (ਭਾਵ, ਜੇ ਪ੍ਰਭੂ ਹਿਰਦੇ ਵਿਚ ਵੱਸ ਪਏ, ਤਾਂ ਸਾਰੇ ਸ਼ੁਭ ਗੁਣਾਂ ਨਾਲ ਗਿਆਨ ਇੰਦ੍ਰੇ ਚਮਕ ਉਠਦੇ ਹਨ। ਜੇ ਪ੍ਰਭੂ ਤੋਂ ਵਿਛੋੜਾ ਹੈ ਤਾਂ ਕੋਈ ਸ਼ੁਭ ਗੁਣ ਨੇੜੇ ਨਹੀਂ ਢੁਕਦਾ) ॥੧॥


ਮਃ ੫ ॥
ਹਭੇ ਟੋਲ ਸੁਹਾਵਣੇ ਸਹੁ ਬੈਠਾ ਅੰਙਣੁ ਮਲਿ ॥

ਜਿਸ ਜੀਵ-ਰਾਹੀ ਦਾ ਹਿਰਦਾ-ਵੇਹੜਾ ਖਸਮ-ਪ੍ਰਭੂ ਮੱਲ ਕੇ ਬੈਠ ਜਾਂਦਾ ਹੈ, ਉਸ ਨੂੰ ਸਾਰੇ ਪਦਾਰਥ (ਵਰਤਣੇ) ਫਬਦੇ ਹਨ,

ਪਹੀ ਨ ਵੰਞੈ ਬਿਰਥੜਾ ਜੋ ਘਰਿ ਆਵੈ ਚਲਿ ॥੨॥

(ਕਿਉਂਕਿ) ਜੇਹੜਾ ਜੀਵ-ਰਾਹੀ (ਬਾਹਰਲੇ ਪਦਾਰਥਾਂ ਵਲੋਂ) ਪਰਤ ਕੇ ਅੰਤਰ ਆਤਮੇ ਆ ਟਿਕਦਾ ਹੈ ਉਹ (ਜਗਤ ਤੋਂ) ਖ਼ਾਲੀ-ਹੱਥ ਨਹੀਂ ਜਾਂਦਾ ॥੨॥


ਮਃ ੫ ॥
ਸੇਜ ਵਿਛਾਈ ਕੰਤ ਕੂ ਕੀਆ ਹਭੁ ਸੀਗਾਰੁ ॥

ਮੈਂ ਪਤੀ ਨੂੰ ਮਿਲਣ ਵਾਸਤੇ ਸੇਜ ਵਿਛਾਈ ਤੇ ਹੋਰ ਸਾਰਾ ਹਾਰ-ਸਿੰਗਾਰ ਕੀਤਾ (ਹਿਰਦਾ-ਸੇਜ ਸਜਾਣ ਵਾਸਤੇ ਕਈ ਧਾਰਮਿਕ ਸਾਧਨ ਕੀਤੇ),

ਇਤੀ ਮੰਝਿ ਨ ਸਮਾਵਈ ਜੇ ਗਲਿ ਪਹਿਰਾ ਹਾਰੁ ॥੩॥

ਪਰ ਹੁਣ (ਜਦੋਂ ਉਹ ਮਿਲ ਪਿਆ ਹੈ ਤਾਂ) ਜੇ ਮੈਂ (ਆਪਣੇ ਗਲ ਵਿਚ) ਇਕ ਹਾਰ ਭੀ ਪਹਿਨ ਲਵਾਂ (ਤਾਂ ਇਹ ਹਾਰ ਪਤੀ-ਮਿਲਾਪ ਦੇ ਰਸਤੇ ਵਿਚ ਵਿੱਥ ਪਾਂਦਾ ਹੈ, ਤੇ) ਪਤੀ ਤੇ ਮੇਰੇ ਵਿਚਕਾਰ ਇਤਨੀ ਵਿੱਥ ਨੂੰ ਭੀ ਸਮਾਈ ਨਹੀਂ ਹੈ (ਭਾਵ, ਲੋਕਾਚਾਰੀ ਧਾਰਮਿਕ ਸਾਧਨ ਪਤੀ-ਮਿਲਾਪ ਦੇ ਰਸਤੇ ਵਿਚ ਰੁਕਾਵਟ ਹਨ) ॥੩॥


ਪਉੜੀ ॥
ਤੂ ਪਾਰਬ੍ਰਹਮੁ ਪਰਮੇਸਰੁ ਜੋਨਿ ਨ ਆਵਹੀ ॥

ਹੇ ਪ੍ਰਭੂ! ਤੂੰ ਪਾਰਬ੍ਰਹਮ ਹੈਂ, ਸਭ ਤੋਂ ਵੱਡਾ ਮਾਲਕ ਹੈਂ, ਤੂੰ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦਾ।

ਤੂ ਹੁਕਮੀ ਸਾਜਹਿ ਸ੍ਰਿਸਟਿ ਸਾਜਿ ਸਮਾਵਹੀ ॥

ਤੂੰ ਆਪਣੇ ਹੁਕਮ ਨਾਲ ਜਗਤ ਪੈਦਾ ਕਰਦਾ ਹੈਂ, (ਜਗਤ) ਪੈਦਾ ਕਰ ਕੇ (ਇਸ ਵਿਚ) ਵਿਆਪਕ ਹੈਂ।

ਤੇਰਾ ਰੂਪੁ ਨ ਜਾਈ ਲਖਿਆ ਕਿਉ ਤੁਝਹਿ ਧਿਆਵਹੀ ॥

ਤੇਰਾ ਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਫਿਰ ਜੀਵ ਤੇਰਾ ਧਿਆਨ ਕਿਸ ਤਰੀਕੇ ਨਾਲ ਧਰਨ?

ਤੂ ਸਭ ਮਹਿ ਵਰਤਹਿ ਆਪਿ ਕੁਦਰਤਿ ਦੇਖਾਵਹੀ ॥

ਹੇ ਪ੍ਰਭੂ! ਤੂੰ ਸਭ ਜੀਵਾਂ ਵਿਚ ਆਪ ਮੌਜੂਦ ਹੈਂ, (ਸਭ ਵਿਚ) ਆਪਣੀ ਤਾਕਤ ਵਿਖਾ ਰਿਹਾ ਹੈਂ।

ਤੇਰੀ ਭਗਤਿ ਭਰੇ ਭੰਡਾਰ ਤੋਟਿ ਨ ਆਵਹੀ ॥

(ਤੇਰੇ ਪਾਸ) ਤੇਰੀ ਭਗਤੀ ਦੇ ਖ਼ਜ਼ਾਨੇ ਭਰੇ ਪਏ ਹਨ ਜੋ ਕਦੇ ਮੁੱਕ ਨਹੀਂ ਸਕਦੇ,

ਏਹਿ ਰਤਨ ਜਵੇਹਰ ਲਾਲ ਕੀਮ ਨ ਪਾਵਹੀ ॥

ਤੇਰੇ ਗੁਣਾਂ ਦੇ ਖ਼ਜ਼ਾਨੇ ਐਸੇ ਰਤਨ ਜਵਾਹਰ ਤੇ ਲਾਲ ਹਨ ਜਿਨ੍ਹਾਂ ਦਾ ਮੁੱਲ ਨਹੀਂ ਪੈ ਸਕਦਾ (ਜਗਤ ਵਿਚ ਕੋਈ ਐਸੀ ਚੀਜ਼ ਨਹੀਂ ਹੈ ਜਿਸ ਦੇ ਇਵਜ਼ ਵਿਚ ਗੁਣਾਂ ਦੇ ਖ਼ਜ਼ਾਨੇ ਮਿਲ ਸਕਣ)।

ਜਿਸੁ ਹੋਵਹਿ ਆਪਿ ਦਇਆਲੁ ਤਿਸੁ ਸਤਿਗੁਰ ਸੇਵਾ ਲਾਵਹੀ ॥

ਜਿਸ ਜੀਵ ਉਤੇ ਤੂੰ ਦਇਆ ਕਰਦਾ ਹੈਂ ਉਸ ਨੂੰ ਸਤਿਗੁਰੂ ਦੀ ਸੇਵਾ ਵਿਚ ਜੋੜਦਾ ਹੈਂ।

ਤਿਸੁ ਕਦੇ ਨ ਆਵੈ ਤੋਟਿ ਜੋ ਹਰਿ ਗੁਣ ਗਾਵਹੀ ॥੩॥

(ਗੁਰੂ ਦੀ ਸਰਨ ਆ ਕੇ) ਜੋ ਮਨੁੱਖ ਪ੍ਰਭੂ ਦੇ ਗੁਣ ਗਾਂਦੇ ਹਨ, ਉਹਨਾਂ ਨੂੰ ਕਿਸੇ ਕਿਸਮ ਦੀ ਥੁੜ ਨਹੀਂ ਰਹਿੰਦੀ ॥੩॥


ਡਖਣੇ ਮਃ ੫ ॥
ਜਾ ਮੂ ਪਸੀ ਹਠ ਮੈ ਪਿਰੀ ਮਹਿਜੈ ਨਾਲਿ ॥

ਜਦੋਂ ਮੈਂ (ਧਿਆਨ ਨਾਲ) ਹਿਰਦੇ ਵਿਚ ਵੇਖਦੀ ਹਾਂ, ਤਾਂ ਮੇਰਾ ਪਤੀ-ਪ੍ਰਭੂ ਮੇਰੇ ਨਾਲ (ਮੇਰੇ ਹਿਰਦੇ ਵਿਚ) ਮੌਜੂਦ ਹੈ।

ਹਭੇ ਡੁਖ ਉਲਾਹਿਅਮੁ ਨਾਨਕ ਨਦਰਿ ਨਿਹਾਲਿ ॥੧॥

ਹੇ ਨਾਨਕ! ਮਿਹਰ ਦੀ ਨਿਗਾਹ ਕਰ ਕੇ ਉਸ ਨੇ ਮੇਰੇ ਸਾਰੇ ਦੁੱਖ ਦੂਰ ਕਰ ਦਿੱਤੇ ਹਨ ॥੧॥


ਮਃ ੫ ॥
ਨਾਨਕ ਬੈਠਾ ਭਖੇ ਵਾਉ ਲੰਮੇ ਸੇਵਹਿ ਦਰੁ ਖੜਾ ॥

ਹੇ ਪ੍ਰਭੂ! ਬੇਅੰਤ ਜੀਵ ਖੜੇ ਤੇਰਾ ਦਰ ਸੇਂਵਦੇ ਹਨ, ਮੈਂ ਨਾਨਕ ਭੀ (ਤੇਰੇ ਦਰ ਤੇ ਖੜਾ) ਤੇਰੀ ਸੋਇ ਸੁਣ ਰਿਹਾ ਹਾਂ।

ਪਿਰੀਏ ਤੂ ਜਾਣੁ ਮਹਿਜਾ ਸਾਉ ਜੋਈ ਸਾਈ ਮੁਹੁ ਖੜਾ ॥੨॥

ਹੇ ਪਤੀ! ਤੂੰ ਮੇਰੇ ਦਿਲ ਦੀ ਜਾਣਦਾ ਹੈਂ, ਹੇ ਸਾਈਂ! ਮੈਂ ਖਲੋਤਾ ਤੇਰਾ ਮੂੰਹ ਤੱਕ ਰਿਹਾ ਹਾਂ ॥੨॥


ਮਃ ੫ ॥
ਕਿਆ ਗਾਲਾਇਓ ਭੂਛ ਪਰ ਵੇਲਿ ਨ ਜੋਹੇ ਕੰਤ ਤੂ ॥

(ਹੇ ਜੀਵ!) ਤੂੰ ਹਰ ਥਾਂ ਕੰਤ-ਪ੍ਰਭੂ ਨੂੰ ਵੇਖ, ਪਰਾਈ ਇਸਤ੍ਰੀ ਨੂੰ (ਮੰਦ ਭਾਵਨਾ ਨਾਲ) ਨਾਹ ਵੇਖ, ਤੇ (ਕਾਮਾਤੁਰ ਹੋ ਕੇ) ਮੱਤ-ਹੀਣੇ ਨਾਪਾਕ ਬੋਲ ਨਾਹ ਬੋਲ।

ਨਾਨਕ ਫੁਲਾ ਸੰਦੀ ਵਾੜਿ ਖਿੜਿਆ ਹਭੁ ਸੰਸਾਰੁ ਜਿਉ ॥੩॥

ਹੇ ਨਾਨਕ! ਜਿਵੇਂ ਫੁਲਵਾੜੀ ਖਿੜੀ ਹੁੰਦੀ ਹੈ ਤਿਵੇਂ ਇਹ ਸਾਰਾ ਸੰਸਾਰ ਖਿੜਿਆ ਹੋਇਆ ਹੈ (ਇਥੇ ਕੋਈ ਫੁੱਲ ਤੋੜਨਾ ਨਹੀਂ ਹੈ, ਕਿਸੇ ਪਰਾਈ ਸੁੰਦਰੀ ਵਲ ਮੰਦ-ਭਾਵਨਾ ਨਹੀਂ ਰੱਖਣੀ) ॥੩॥


ਪਉੜੀ ॥
ਸੁਘੜੁ ਸੁਜਾਣੁ ਸਰੂਪੁ ਤੂ ਸਭ ਮਹਿ ਵਰਤੰਤਾ ॥

ਹੇ ਪ੍ਰਭੂ! ਤੂੰ ਸੁਚੱਜਾ ਸਿਆਣਾ ਤੇ ਸੋਹਣਾ ਹੈਂ, ਸਭ ਜੀਵਾਂ ਵਿਚ ਤੂੰ ਹੀ ਮੌਜੂਦ ਹੈਂ,

ਤੂ ਆਪੇ ਠਾਕੁਰੁ ਸੇਵਕੋ ਆਪੇ ਪੂਜੰਤਾ ॥

(ਸੋ) ਤੂੰ ਆਪ ਹੀ ਮਾਲਕ ਹੈਂ ਆਪ ਹੀ ਸੇਵਕ ਹੈਂ ਆਪ ਹੀ ਆਪਣੀ ਪੂਜਾ ਕਰ ਰਿਹਾ ਹੈਂ।

ਦਾਨਾ ਬੀਨਾ ਆਪਿ ਤੂ ਆਪੇ ਸਤਵੰਤਾ ॥

(ਹਰੇਕ ਜੀ ਦੇ ਅੰਦਰ ਵਿਆਪਕ ਹੋਣ ਕਰਕੇ) ਤੂੰ ਆਪ ਹੀ (ਜੀਵਾਂ ਦੇ ਕੰਮਾਂ ਨੂੰ) ਜਾਣਦਾ ਹੈਂ ਵੇਖਦਾ ਹੈਂ, ਤੂੰ ਆਪ ਹੀ ਚੰਗੇ ਆਚਰਨ ਵਾਲਾ ਹੈਂ।

ਜਤੀ ਸਤੀ ਪ੍ਰਭੁ ਨਿਰਮਲਾ ਮੇਰੇ ਹਰਿ ਭਗਵੰਤਾ ॥

ਹੇ ਮੇਰੇ ਹਰੀ ਭਗਵਾਨ! ਤੂੰ ਆਪ ਹੀ ਜਤੀ ਹੈਂ, ਆਪ ਹੀ ਪਵਿਤ੍ਰ ਆਚਰਨ ਵਾਲਾ ਹੈਂ।

ਸਭੁ ਬ੍ਰਹਮ ਪਸਾਰੁ ਪਸਾਰਿਓ ਆਪੇ ਖੇਲੰਤਾ ॥

ਇਹ ਸਾਰਾ ਜਗਤ-ਖਿਲਾਰਾ ਤੂੰ ਆਪ ਹੀ ਖਿਲਾਰਿਆ ਹੋਇਆ ਹੈ, ਤੂੰ ਆਪ ਹੀ ਇਹ ਜਗਤ-ਖੇਡ ਖੇਡ ਰਿਹਾ ਹੈਂ।

ਇਹੁ ਆਵਾ ਗਵਣੁ ਰਚਾਇਓ ਕਰਿ ਚੋਜ ਦੇਖੰਤਾ ॥

(ਜੀਵਾਂ ਦੇ) ਜੰਮਣ ਮਰਨ ਦਾ ਤਮਾਸ਼ਾ ਤੂੰ ਆਪ ਹੀ ਰਚਾਇਆ ਹੋਇਆ ਹੈ, ਇਹ ਤਮਾਸ਼ੇ ਰਚ ਕੇ ਤੂੰ ਆਪ ਹੀ ਵੇਖ ਰਿਹਾ ਹੈਂ।

ਤਿਸੁ ਬਾਹੁੜਿ ਗਰਭਿ ਨ ਪਾਵਹੀ ਜਿਸੁ ਦੇਵਹਿ ਗੁਰ ਮੰਤਾ ॥

ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਗੁਰੂ ਉਪਦੇਸ਼ ਦੀ ਦਾਤ ਦੇਂਦਾ ਹੈਂ, ਉਸ ਨੂੰ ਮੁੜ ਜੂਨਾਂ ਦੇ ਗੇੜ ਵਿਚ ਨਹੀਂ ਪਾਂਦਾ।

ਜਿਉ ਆਪਿ ਚਲਾਵਹਿ ਤਿਉ ਚਲਦੇ ਕਿਛੁ ਵਸਿ ਨ ਜੰਤਾ ॥੪॥

(ਤੇਰੇ ਪੈਦਾ ਕੀਤੇ ਇਹਨਾਂ) ਜੀਵਾਂ ਦੇ ਇਖ਼ਤਿਆਰ ਵਿਚ ਕੁਝ ਨਹੀਂ ਹੈ, ਜਿਵੇਂ ਤੂੰ ਆਪ ਜੀਵਾਂ ਨੂੰ ਤੋਰ ਰਿਹਾ ਹੈਂ, ਤਿਵੇਂ ਤੁਰ ਰਹੇ ਹਨ ॥੪॥


ਡਖਣੇ ਮਃ ੫ ॥
ਕੁਰੀਏ ਕੁਰੀਏ ਵੈਦਿਆ ਤਲਿ ਗਾੜਾ ਮਹਰੇਰੁ ॥

ਹੇ (ਸੰਸਾਰ-) ਨਦੀ ਦੇ ਕੰਢੇ ਕੰਢੇ ਜਾਣ ਵਾਲਿਆ! ਤੇਰੇ ਪੈਰਾਂ ਹੇਠ (ਤੇਰੇ ਰਸਤੇ ਵਿਚ) ਬੜੀ ਢਾਹ ਲੱਗੀ ਹੋਈ ਹੈ।

ਵੇਖੇ ਛਿਟੜਿ ਥੀਵਦੋ ਜਾਮਿ ਖਿਸੰਦੋ ਪੇਰੁ ॥੧॥

ਧਿਆਨ ਰੱਖੀਂ, ਜਦੋਂ ਹੀ ਤੇਰਾ ਪੈਰ ਤਿਲਕ ਗਿਆ, ਤਾਂ (ਮੋਹ ਦੇ ਚਿੱਕੜ ਨਾਲ) ਲਿੱਬੜ ਜਾਏਂਗਾ ॥੧॥


ਮਃ ੫ ॥
ਸਚੁ ਜਾਣੈ ਕਚੁ ਵੈਦਿਓ ਤੂ ਆਘੂ ਆਘੇ ਸਲਵੇ ॥

(ਹੇ ਜੀਵ!) ਨਾਸਵੰਤ ਕੱਚ (-ਰੂਪ ਮਾਇਆ) ਨੂੰ ਤੂੰ ਸਦਾ-ਥਿਰ ਜਾਣਦਾ ਹੈਂ, ਤੇ ਹੋਰ ਹੋਰ ਇਕੱਠੀ ਕਰਦਾ ਹੈਂ।

ਨਾਨਕ ਆਤਸੜੀ ਮੰਝਿ ਨੈਣੂ ਬਿਆ ਢਲਿ ਪਬਣਿ ਜਿਉ ਜੁੰਮਿਓ ॥੨॥

ਪਰ ਹੇ ਨਾਨਕ! (ਆਖ-ਇਹ ਮਾਇਆ ਇਉਂ ਹੈ) ਜਿਵੇਂ ਅੱਗ ਵਿਚ ਮੱਖਣ ਨਾਸ ਹੋ ਜਾਂਦਾ ਹੈ (ਪੱਘਰ ਜਾਂਦਾ ਹੈ), ਜਾਂ, ਜਿਵੇਂ (ਪਾਣੀ ਦੇ ਢਲ ਜਾਣ ਨਾਲ) ਚੁਪੱਤੀ ਡਿੱਗ ਕੇ ਨਾਸ ਹੋ ਜਾਂਦੀ ਹੈ ॥੨॥


ਮਃ ੫ ॥
ਭੋਰੇ ਭੋਰੇ ਰੂਹੜੇ ਸੇਵੇਦੇ ਆਲਕੁ ॥

ਹੇ ਭੋਲੀਏ ਜਿੰਦੇ! ਪਰਮਾਤਮਾ ਨੂੰ ਸਿਮਰਦਿਆਂ ਤੂੰ ਆਲਸ ਕਰਦੀ ਹੈਂ।

ਮੁਦਤਿ ਪਈ ਚਿਰਾਣੀਆ ਫਿਰਿ ਕਡੂ ਆਵੈ ਰੁਤਿ ॥੩॥

ਲੰਮੀਆਂ ਮੁੱਦਤਾਂ ਪਿਛੋਂ (ਇਹ ਮਨੁੱਖਾ ਜਨਮ ਮਿਲਿਆ ਹੈ, ਜੇ ਸਿਮਰਨ ਤੋਂ ਸੱਖਣਾ ਬੀਤ ਗਿਆ) ਤਾਂ ਮੁੜ (ਕੀਹ ਪਤਾ ਹੈ?) ਕਦੋਂ (ਮਨੁੱਖਾ ਜਨਮ ਦੀ) ਰੁੱਤ ਆਵੇ ॥੩॥


ਪਉੜੀ ॥
ਤੁਧੁ ਰੂਪੁ ਨ ਰੇਖਿਆ ਜਾਤਿ ਤੂ ਵਰਨਾ ਬਾਹਰਾ ॥

ਹੇ ਪ੍ਰਭੂ! ਤੇਰਾ ਕੋਈ (ਖ਼ਾਸ) ਰੂਪ ਨਹੀਂ ਕੋਈ ਚਿਹਨ-ਚੱਕ੍ਰ ਨਹੀਂ। ਤੇਰੀ ਕੋਈ (ਖ਼ਾਸ) ਜਾਤਿ ਨਹੀਂ, (ਬ੍ਰਾਹਮਣ ਖਤ੍ਰੀ ਆਦਿ) ਤੇਰਾ ਕੋਈ (ਖ਼ਾਸ) ਵਰਨ ਨਹੀਂ ਹੈ।

ਏ ਮਾਣਸ ਜਾਣਹਿ ਦੂਰਿ ਤੂ ਵਰਤਹਿ ਜਾਹਰਾ ॥

ਇਹ ਮਨੁੱਖ ਤੈਨੂੰ ਕਿਤੇ ਦੂਰ ਥਾਂ ਵੱਸਦਾ ਸਮਝਦੇ ਹਨ, ਤੂੰ ਹਰ ਥਾਂ ਮੌਜੂਦ ਹੈਂ,

ਤੂ ਸਭਿ ਘਟ ਭੋਗਹਿ ਆਪਿ ਤੁਧੁ ਲੇਪੁ ਨ ਲਾਹਰਾ ॥

ਸਭ ਜੀਵਾਂ ਵਿਚ ਵਿਆਪਕ ਹੋ ਕੇ ਪਦਾਰਥ ਭੋਗ ਰਿਹਾ ਹੈਂ, (ਫਿਰ ਭੀ) ਤੈਨੂੰ ਮਾਇਆ ਦਾ ਅਸਰ ਪੋਹ ਨਹੀਂ ਸਕਦਾ।

ਤੂ ਪੁਰਖੁ ਅਨੰਦੀ ਅਨੰਤ ਸਭ ਜੋਤਿ ਸਮਾਹਰਾ ॥

ਤੂੰ ਸਦਾ ਅਨੰਦ ਰਹਿਣ ਵਾਲਾ ਹੈਂ, ਬੇਅੰਤ ਹੈਂ, ਸਭ ਵਿਚ ਵਿਆਪਕ ਹੈਂ, ਸਭਨਾਂ ਵਿਚ ਤੇਰੀ ਜੋਤਿ ਟਿਕੀ ਹੋਈ ਹੈ।

ਤੂ ਸਭ ਦੇਵਾ ਮਹਿ ਦੇਵ ਬਿਧਾਤੇ ਨਰਹਰਾ ॥

ਹੇ ਸਿਰਜਣਹਾਰ! ਹੇ ਪਰਮਾਤਮਾ! ਸਾਰੇ ਦੇਵਤਿਆਂ ਵਿਚ ਤੂੰ ਆਪ ਹੀ ਦੇਵਤਾ (ਪ੍ਰਕਾਸ਼ ਕਰਨ ਵਾਲਾ) ਹੈਂ। ਤੂੰ ਪਰੇ ਤੋਂ ਪਰੇ ਹੈਂ, ਤੂੰ ਨਾਸ-ਰਹਿਤ ਹੈਂ,

ਕਿਆ ਆਰਾਧੇ ਜਿਹਵਾ ਇਕ ਤੂ ਅਬਿਨਾਸੀ ਅਪਰਪਰਾ ॥

ਮੇਰੀ ਇਕ ਜੀਭ ਤੇਰੀ ਅਰਾਧਨਾ ਕਰਨ ਦੇ ਸਮਰੱਥ ਨਹੀਂ ਹੈ।

ਜਿਸੁ ਮੇਲਹਿ ਸਤਿਗੁਰੁ ਆਪਿ ਤਿਸ ਕੇ ਸਭਿ ਕੁਲ ਤਰਾ ॥

ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਗੁਰੂ ਮਿਲਾ ਦੇਂਦਾ ਹੈਂ, ਉਸ ਦੀਆਂ ਸਾਰੀਆਂ ਕੁਲਾਂ ਤਰ ਜਾਂਦੀਆਂ ਹਨ।

ਸੇਵਕ ਸਭਿ ਕਰਦੇ ਸੇਵ ਦਰਿ ਨਾਨਕੁ ਜਨੁ ਤੇਰਾ ॥੫॥

ਤੇਰੇ ਸਾਰੇ ਸੇਵਕ ਤੇਰੀ ਸੇਵਾ ਕਰਦੇ ਹਨ, ਮੈਂ ਤੇਰਾ ਦਾਸ ਨਾਨਕ (ਭੀ ਤੇਰੇ ਹੀ) ਦਰ ਤੇ (ਪਿਆ ਹਾਂ) ॥੫॥


ਡਖਣੇ ਮਃ ੫ ॥
ਗਹਡੜੜਾ ਤ੍ਰਿਣਿ ਛਾਇਆ ਗਾਫਲ ਜਲਿਓਹੁ ਭਾਹਿ ॥

ਗ਼ਾਫ਼ਲ ਮਨੁੱਖ ਦਾ ਘਾਹ ਨਾਲ ਬਣਿਆ ਹੋਇਆ ਸਰੀਰ-ਛੱਪਰ ਤ੍ਰਿਸ਼ਨਾ ਦੀ ਅੱਗ ਵਿਚ ਸੜ ਰਿਹਾ ਹੈ।

ਜਿਨਾ ਭਾਗ ਮਥਾਹੜੈ ਤਿਨ ਉਸਤਾਦ ਪਨਾਹਿ ॥੧॥

ਜਿਨ੍ਹਾਂ ਬੰਦਿਆਂ ਦੇ ਮੱਥੇ ਉਤੇ ਚੰਗੇ ਭਾਗ ਜਾਗਦੇ ਹਨ, ਉਹਨਾਂ ਨੂੰ ਗੁਰੂ ਦਾ ਸਹਾਰਾ ਮਿਲ ਜਾਂਦਾ ਹੈ (ਤੇ ਉਹ ਤ੍ਰਿਸ਼ਨਾ ਅੱਗ ਤੋਂ ਬਚ ਜਾਂਦੇ ਹਨ) ॥੧॥


ਮਃ ੫ ॥
ਨਾਨਕ ਪੀਠਾ ਪਕਾ ਸਾਜਿਆ ਧਰਿਆ ਆਣਿ ਮਉਜੂਦੁ ॥

ਹੇ ਨਾਨਕ! (ਨਿਆਜ਼ ਆਦਿਕ ਦੇਣ ਲਈ ਸਰਧਾਲੂ ਮੁਸਲਮਾਨ ਆਟਾ) ਪਿਹਾ ਕੇ ਪਕਾ ਕੇ ਖਾਣਾ ਸੰਵਾਰ ਕੇ ਤਿਆਰ ਲਿਆ ਰੱਖਦਾ ਹੈ,

ਬਾਝਹੁ ਸਤਿਗੁਰ ਆਪਣੇ ਬੈਠਾ ਝਾਕੁ ਦਰੂਦ ॥੨॥

(ਪਰ ਜਦ ਤਕ ਪੀਰ ਆ ਕੇ) ਦੁਆ (ਨਾ ਪੜ੍ਹੇ, ਉਹ) ਬੈਠਾ ਝਾਕਦਾ ਹੈ। (ਤਿਵੇਂ ਮਨੁੱਖ ਅਨੇਕਾਂ ਧਾਰਮਿਕ ਸਾਧਨ ਕਰਦਾ ਹੈ, ਪਰ) ਜਦ ਤਕ ਗੁਰੂ ਨਾਹ ਮਿਲੇ ਮਨੁੱਖ ਰੱਬ ਦੀ ਰਹਿਮਤ ਨੂੰ ਬੈਠਾ ਉਡੀਕਦਾ ਹੈ ॥੨॥


ਮਃ ੫ ॥
ਨਾਨਕ ਭੁਸਰੀਆ ਪਕਾਈਆ ਪਾਈਆ ਥਾਲੈ ਮਾਹਿ ॥

ਹੇ ਨਾਨਕ! (ਜੇ ਕੋਈ ਮਨੁੱਖ ਇਤਨੇ ਹੀ ਗ਼ਰੀਬ ਹਨ ਕਿ ਰਸੋਈ ਚੌਂਕਾ ਆਦਿਕ ਵਰਤਣ ਦੇ ਥਾਂ) ਧਰਤੀ ਉਤੇ ਹੀ ਮੰਨ ਪਕਾ ਲੈਂਦੇ ਹਨ ਤੇ ਥਾਲ ਵਿਚ ਪਾ ਲੈਂਦੇ ਹਨ,

ਜਿਨੀ ਗੁਰੂ ਮਨਾਇਆ ਰਜਿ ਰਜਿ ਸੇਈ ਖਾਹਿ ॥੩॥

ਜੇ ਉਹਨਾਂ ਨੇ (ਆਪਣੇ) ਗੁਰੂ ਨੂੰ ਖ਼ੁਸ਼ ਕਰ ਲਿਆ ਹੈ (ਜੇ ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ ਉਹਨਾਂ ਆਪਣੇ ਗੁਰੂ ਦੀ ਪ੍ਰਸੰਨਤਾ ਹਾਸਲ ਕਰ ਲਈ ਹੈ) ਤਾਂ ਉਹ ਉਹਨਾਂ ਭੁਸਰੀਆਂ ਨੂੰ ਧਰਤੀ ਉਤੇ ਪਕਾਈਆਂ ਰੋਟੀਆਂ ਨੂੰ ਹੀ ਸੁਆਦ ਨਾਲ ਖਾਂਦੇ ਹਨ (ਭਾਵ, ਗ਼ਰੀਬ ਮਨੁੱਖਾਂ ਨੂੰ ਗ਼ਰੀਬੀ ਵਿਚ ਹੀ ਸੁਖੀ ਜੀਵਨ ਅਨੁਭਵ ਹੁੰਦਾ ਹੈ ਜੇ ਉਹ ਗੁਰੂ ਦੇ ਰਸਤੇ ਤੁਰ ਕੇ ਗੁਰੂ ਦੀ ਪ੍ਰਸੰਨਤਾ ਪ੍ਰਾਪਤ ਕਰ ਲੈਂਦੇ ਹਨ) ॥੩॥


ਪਉੜੀ ॥
ਤੁਧੁ ਜਗ ਮਹਿ ਖੇਲੁ ਰਚਾਇਆ ਵਿਚਿ ਹਉਮੈ ਪਾਈਆ ॥

ਹੇ ਪ੍ਰਭੂ! ਤੂੰ ਜੀਵਾਂ ਦੇ ਅੰਦਰ ਹਉਮੈ ਪਾ ਦਿੱਤੀ ਹੈ, (ਤੇ ਇਸ ਤਰ੍ਹਾਂ) ਜਗਤ ਵਿਚ ਇਕ ਤਮਾਸ਼ਾ ਰਚ ਦਿੱਤਾ ਹੈ।

ਏਕੁ ਮੰਦਰੁ ਪੰਚ ਚੋਰ ਹਹਿ ਨਿਤ ਕਰਹਿ ਬੁਰਿਆਈਆ ॥

ਇਹ ਮਨੁੱਖਾ ਸਰੀਰ ਇਕ ਹੈ (ਇਸ ਵਿਚ) ਕਾਮਾਦਿਕ ਪੰਜ ਚੋਰ ਹਨ ਜੋ ਸਦਾ ਹੀ ਭੈੜ ਕਰਦੇ ਰਹਿੰਦੇ ਹਨ।

ਦਸ ਨਾਰੀ ਇਕੁ ਪੁਰਖੁ ਕਰਿ ਦਸੇ ਸਾਦਿ ਲੁੋਭਾਈਆ ॥

(ਇਕ ਪਾਸੇ) ਮਨ ਇਕੱਲਾ ਹੈ, (ਇਸ ਦੇ ਨਾਲ) ਦਸ ਇੰਦ੍ਰੀਆਂ ਹਨ, ਇਹ ਦਸੇ ਹੀ (ਮਾਇਆ ਦੇ) ਸੁਆਦ ਵਿਚ ਫਸੀਆਂ ਹੋਈਆਂ ਹਨ।

ਏਨਿ ਮਾਇਆ ਮੋਹਣੀ ਮੋਹੀਆ ਨਿਤ ਫਿਰਹਿ ਭਰਮਾਈਆ ॥

ਇਸ ਮੋਹਣੀ ਮਾਇਆ ਨੇ ਇਹਨਾਂ ਨੂੰ ਮੋਹਿਆ ਹੋਇਆ ਹੈ (ਇਸ ਵਾਸਤੇ ਇਹ) ਸਦਾ ਭਟਕਦੀਆਂ ਫਿਰਦੀਆਂ ਹਨ।

ਹਾਠਾ ਦੋਵੈ ਕੀਤੀਓ ਸਿਵ ਸਕਤਿ ਵਰਤਾਈਆ ॥

(ਪਰ) ਇਹ ਦੋਵੇਂ ਪਾਸੇ ਤੂੰ ਆਪ ਹੀ ਬਣਾਏ ਹਨ, ਜੀਵਾਤਮਾ ਤੇ ਮਾਇਆ ਦੀ ਖੇਡ ਤੂੰ ਹੀ ਰਚੀ ਹੈ।

ਸਿਵ ਅਗੈ ਸਕਤੀ ਹਾਰਿਆ ਏਵੈ ਹਰਿ ਭਾਈਆ ॥

ਹੇ ਹਰੀ! ਤੈਨੂੰ ਇਉਂ ਹੀ ਚੰਗਾ ਲੱਗਾ ਹੈ ਕਿ ਜੀਵਾਤਮਾ ਮਾਇਆ ਦੇ ਟਾਕਰੇ ਤੇ ਹਾਰ ਰਿਹਾ ਹੈ।

ਇਕਿ ਵਿਚਹੁ ਹੀ ਤੁਧੁ ਰਖਿਆ ਜੋ ਸਤਸੰਗਿ ਮਿਲਾਈਆ ॥

ਪਰ ਜਿਨ੍ਹਾਂ ਨੂੰ ਤੂੰ ਸਤਸੰਗ ਵਿਚ ਜੋੜਿਆ ਹੈ ਉਹਨਾਂ ਨੂੰ ਤੂੰ ਮਾਇਆ ਵਿਚੋਂ ਬਚਾ ਲਿਆ ਹੈ (ਤੇ ਆਪਣੇ ਚਰਨਾਂ ਵਿਚ ਲੀਨ ਕਰ ਰੱਖਿਆ ਹੈ)

ਜਲ ਵਿਚਹੁ ਬਿੰਬੁ ਉਠਾਲਿਓ ਜਲ ਮਾਹਿ ਸਮਾਈਆ ॥੬॥

ਜਿਵੇਂ ਪਾਣੀ ਵਿਚੋਂ ਬੁਲਬੁਲਾ ਪੈਦਾ ਹੁੰਦਾ ਹੈ ਤੇ ਪਾਣੀ ਵਿਚ ਹੀ ਲੀਨ ਹੋ ਜਾਂਦਾ ਹੈ (ਉਹ ਤੇਰੇ ਅੰਦਰ ਲੀਨ ਹੋਏ ਰਹਿੰਦੇ ਹਨ) ॥੬॥


ਡਖਣੇ ਮਃ ੫ ॥
ਆਗਾਹਾ ਕੂ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ ॥

ਅਗਾਂਹ ਵਧਣ ਲਈ ਤਾਂਘ ਕਰ, ਪਿਛਾਂਹ ਨੂੰ ਮੋਢਾ ਨ ਮੋੜ (ਜੀਵਨ ਨੂੰ ਹੋਰ ਹੋਰ ਉੱਚਾ ਬਣਾਣ ਲਈ ਉੱਦਮ ਕਰ, ਨੀਵਾਂ ਨ ਹੋਣ ਦੇ)।

ਨਾਨਕ ਸਿਝਿ ਇਵੇਹਾ ਵਾਰ ਬਹੁੜਿ ਨ ਹੋਵੀ ਜਨਮੜਾ ॥੧॥

ਹੇ ਨਾਨਕ! ਇਸੇ ਜਨਮ ਵਿਚ ਕਾਮਯਾਬ ਹੋ (ਜੀਵਨ-ਖੇਡ ਜਿੱਤ) ਤਾਕਿ ਮੁੜ ਜਨਮ ਨਾਹ ਲੈਣਾ ਪਏ ॥੧॥


ਮਃ ੫ ॥
ਸਜਣੁ ਮੈਡਾ ਚਾਈਆ ਹਭ ਕਹੀ ਦਾ ਮਿਤੁ ॥

ਮੇਰਾ ਮਿਤ੍ਰ-ਪ੍ਰਭੂ ਪਿਆਰ-ਭਰੇ ਦਿਲ ਵਾਲਾ ਹੈ, ਹਰ ਕਿਸੇ ਦਾ ਮਿੱਤਰ ਹੈ (ਹਰੇਕ ਨਾਲ ਪਿਆਰ ਕਰਦਾ ਹੈ)।

ਹਭੇ ਜਾਣਨਿ ਆਪਣਾ ਕਹੀ ਨ ਠਾਹੇ ਚਿਤੁ ॥੨॥

ਸਾਰੇ ਹੀ ਜੀਵ ਉਸ ਪ੍ਰਭੂ ਨੂੰ ਆਪਣਾ (ਮਿਤ੍ਰ) ਜਾਣਦੇ ਹਨ, ਉਹ ਕਿਸੇ ਦਾ ਦਿਲ ਤੋੜਦਾ ਨਹੀਂ ॥੨॥


ਮਃ ੫ ॥
ਗੁਝੜਾ ਲਧਮੁ ਲਾਲੁ ਮਥੈ ਹੀ ਪਰਗਟੁ ਥਿਆ ॥

(ਪ੍ਰਭੂ-ਪਤੀ ਦੀ ਮਿਹਰ ਹੋਈ, ਤਾਂ ਉਹ ਪ੍ਰਭੂ-) ਲਾਲ ਮੇਰੇ ਅੰਦਰ ਲੁਕਿਆ ਹੋਇਆ ਹੀ ਮੈਨੂੰ ਲੱਭ ਪਿਆ, (ਇਸ ਦੀ ਬਰਕਤਿ ਨਾਲ) ਮੇਰੇ ਮੱਥੇ ਉਤੇ ਪਰਕਾਸ਼ ਹੋ ਗਿਆ (ਭਾਵ, ਮੇਰਾ ਮਨ ਤਨ ਖਿੜ ਪਿਆ)।

ਸੋਈ ਸੁਹਾਵਾ ਥਾਨੁ ਜਿਥੈ ਪਿਰੀਏ ਨਾਨਕ ਜੀ ਤੂ ਵੁਠਿਆ ॥੩॥

ਨਾਨਕ ਆਖਦਾ ਹੈ- ਹੇ ਪ੍ਰਭੂ-ਪਤੀ! ਜਿਸ ਹਿਰਦੇ ਵਿਚ ਤੂੰ ਆ ਵੱਸਦਾ ਹੈਂ, ਉਹ ਹਿਰਦਾ ਸੋਹਣਾ ਹੋ ਜਾਂਦਾ ਹੈ ॥੩॥


ਪਉੜੀ ॥
ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ ॥

ਹੇ ਪ੍ਰਭੂ! ਜਦੋਂ ਤੂੰ ਮੇਰੀ ਸਹਾਇਤਾ ਤੇ ਹੋਵੇਂ, ਤਾਂ ਮੈਨੂੰ ਕਿਸੇ ਹੋਰ ਦੀ ਕੋਈ ਮੁਥਾਜੀ ਨਹੀਂ ਰਹਿ ਜਾਂਦੀ।

ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ ॥

ਜਦੋਂ ਮੈਂ ਤੇਰਾ ਸੇਵਕ ਬਣਦਾ ਹਾਂ, ਤਾਂ ਤੂੰ ਮੈਨੂੰ ਸਭ ਕੁਝ ਦੇ ਦੇਂਦਾ ਹੈਂ।

ਲਖਮੀ ਤੋਟਿ ਨ ਆਵਈ ਖਾਇ ਖਰਚਿ ਰਹੰਦਾ ॥

ਮੈਨੂੰ ਧਨ-ਪਦਾਰਥ ਦੀ ਕੋਈ ਕਮੀ ਨਹੀਂ ਰਹਿੰਦੀ ਮੈਂ (ਤੇਰਾ ਇਹ ਨਾਮ-ਧਨ) ਵਰਤਦਾ ਹਾਂ ਵੰਡਦਾ ਹਾਂ ਤੇ ਇਕੱਠਾ ਭੀ ਕਰਦਾ ਹਾਂ।

ਲਖ ਚਉਰਾਸੀਹ ਮੇਦਨੀ ਸਭ ਸੇਵ ਕਰੰਦਾ ॥

ਧਰਤੀ ਦੇ ਚੌਰਾਸੀ ਲੱਖ ਜੀਵ ਹੀ ਮੇਰੀ ਸੇਵਾ ਕਰਨ ਲੱਗ ਪੈਂਦੇ ਹਨ।

ਏਹ ਵੈਰੀ ਮਿਤ੍ਰ ਸਭਿ ਕੀਤਿਆ ਨਹ ਮੰਗਹਿ ਮੰਦਾ ॥

ਤੂੰ ਵੈਰੀਆਂ ਨੂੰ ਭੀ ਮੇਰੇ ਮਿਤ੍ਰ ਬਣਾ ਦੇਂਦਾ ਹੈਂ, ਕੋਈ ਭੀ ਮੇਰਾ ਬੁਰਾ ਨਹੀਂ ਚਿਤਵਦੇ।

ਲੇਖਾ ਕੋਇ ਨ ਪੁਛਈ ਜਾ ਹਰਿ ਬਖਸੰਦਾ ॥

ਹੇ ਹਰੀ! ਜਦੋਂ ਤੂੰ ਮੈਨੂੰ ਬਖ਼ਸ਼ਣ ਵਾਲਾ ਹੋਵੇਂ, ਤਾਂ ਕੋਈ ਭੀ ਮੈਨੂੰ ਮੇਰੇ ਕੀਤੇ ਕਰਮਾਂ ਦਾ ਹਿਸਾਬ ਨਹੀਂ ਪੁੱਛਦਾ,

ਅਨੰਦੁ ਭਇਆ ਸੁਖੁ ਪਾਇਆ ਮਿਲਿ ਗੁਰ ਗੋਵਿੰਦਾ ॥

ਕਿਉਂਕਿ ਗੋਵਿੰਦ-ਰੂਪ ਗੁਰੂ ਨੂੰ ਮਿਲ ਕੇ ਮੇਰੇ ਅੰਦਰ ਠੰਢ ਪੈ ਜਾਂਦੀ ਹੈ ਮੈਨੂੰ ਸੁਖ ਪ੍ਰਾਪਤ ਹੋ ਜਾਂਦਾ ਹੈ।

ਸਭੇ ਕਾਜ ਸਵਾਰਿਐ ਜਾ ਤੁਧੁ ਭਾਵੰਦਾ ॥੭॥

ਜਦੋਂ ਤੇਰੀ ਰਜ਼ਾ ਹੋਵੇ, ਤਾਂ ਮੇਰੇ ਸਾਰੇ ਕੰਮ ਸੰਵਰ ਜਾਂਦੇ ਹਨ ॥੭॥


ਡਖਣੇ ਮਃ ੫ ॥
ਡੇਖਣ ਕੂ ਮੁਸਤਾਕੁ ਮੁਖੁ ਕਿਜੇਹਾ ਤਉ ਧਣੀ ॥

ਹੇ (ਮੇਰੇ) ਮਾਲਕ! ਤੇਰਾ ਮੂੰਹ ਕਿਹੋ ਜਿਹਾ ਹੈ? ਮੈਂ ਤੇਰਾ ਮੁਖ ਦੇਖਣ ਦਾ ਬੜਾ ਚਾਹਵਾਨ ਸਾਂ,

ਫਿਰਦਾ ਕਿਤੈ ਹਾਲਿ ਜਾ ਡਿਠਮੁ ਤਾ ਮਨੁ ਧ੍ਰਾਪਿਆ ॥੧॥

(ਮਾਇਆ-ਵੱਸ ਹੋ ਕੇ) ਮੈਂ ਕਿਸੇ ਭੈੜੇ ਹਾਲ ਵਿਚ ਭਟਕਦਾ ਫਿਰਦਾ ਸਾਂ, ਪਰ ਜਦੋਂ ਤੇਰਾ ਮੂੰਹ ਮੈਂ ਵੇਖ ਲਿਆ, ਤਾਂ ਮੇਰਾ ਮਨ (ਮਾਇਆ ਵਲੋਂ) ਤ੍ਰਿਪਤ ਹੋ ਗਿਆ ॥੧॥


ਮਃ ੫ ॥
ਦੁਖੀਆ ਦਰਦ ਘਣੇ ਵੇਦਨ ਜਾਣੇ ਤੂ ਧਣੀ ॥

(ਪ੍ਰਭੂ ਦੇ ਦਰਸਨ ਖੁਣੋਂ) ਮੈਂ ਦੁਖੀ ਹਾਂ, ਮੇਰੇ ਅੰਦਰ ਅਨੇਕਾਂ ਪੀੜਾਂ ਹਨ। ਹੇ ਖਸਮ! ਮੇਰੇ ਦਿਲ ਦੀ ਪੀੜ ਤੂੰ ਹੀ ਜਾਣਦਾ ਹੈਂ।

ਜਾਣਾ ਲਖ ਭਵੇ ਪਿਰੀ ਡਿਖੰਦੋ ਤਾ ਜੀਵਸਾ ॥੨॥

ਪਰ ਭਾਵੇਂ ਮੈਨੂੰ ਲੱਖ ਪਤਾ ਹੋਵੇ (ਕਿ ਤੂੰ ਮੇਰੀ ਵੇਦਨ ਜਾਣਦਾ ਹੈਂ, ਫਿਰ ਭੀ) ਮੈਨੂੰ ਸੁਖ ਦਾ ਸਾਹ ਤਦੋਂ ਹੀ ਆਉਂਦਾ ਹੈ ਜਦੋਂ ਮੈਂ ਤੇਰਾ ਦਰਸਨ ਕਰਾਂ ॥੨॥


ਮਃ ੫ ॥
ਢਹਦੀ ਜਾਇ ਕਰਾਰਿ ਵਹਣਿ ਵਹੰਦੇ ਮੈ ਡਿਠਿਆ ॥

(ਸੰਸਾਰ-ਨਦੀ ਵਿਚ ਵਿਕਾਰਾਂ ਨੇ ਢਾਹ ਲਾਈ ਹੋਈ ਹੈ, ਨਦੀ ਦਾ) ਕੰਢਾ ਢਹਿੰਦਾ ਜਾ ਰਿਹਾ ਹੈ, (ਵਿਕਾਰਾਂ ਦੇ) ਰੋੜ੍ਹ ਵਿਚ ਅਨੇਕਾਂ ਬੰਦੇ ਰੁੜ੍ਹਦੇ ਮੈਂ (ਆਪ) ਵੇਖੇ ਹਨ।

ਸੇਈ ਰਹੇ ਅਮਾਣ ਜਿਨਾ ਸਤਿਗੁਰੁ ਭੇਟਿਆ ॥੩॥

ਉਹੀ ਸਹੀ-ਸਲਾਮਤ ਰਹਿੰਦੇ ਹਨ, ਜਿਨ੍ਹਾਂ ਨੂੰ ਸਤਿਗੁਰੂ ਮਿਲ ਪੈਂਦਾ ਹੈ ॥੩॥


ਪਉੜੀ ॥
ਜਿਸੁ ਜਨ ਤੇਰੀ ਭੁਖ ਹੈ ਤਿਸੁ ਦੁਖੁ ਨ ਵਿਆਪੈ ॥

ਹੇ ਪ੍ਰਭੂ! ਜਿਸ ਮਨੁੱਖ ਨੂੰ ਤੇਰੇ ਨਾਮ ਦੀ ਤਾਂਘ ਹੈ ਉਸ ਮਨੁੱਖ ਨੂੰ ਕੋਈ ਦੁੱਖ ਪੋਹ ਨਹੀਂ ਸਕਦਾ।

ਜਿਨਿ ਜਨਿ ਗੁਰਮੁਖਿ ਬੁਝਿਆ ਸੁ ਚਹੁ ਕੁੰਡੀ ਜਾਪੈ ॥

ਜਿਸ ਸੇਵਕ ਨੇ ਗੁਰੂ ਦੀ ਸਰਨ ਪੈ ਕੇ ਤੇਰੇ ਨਾਲ ਸਾਂਝ ਪਾਈ ਹੈ ਉਹ ਸਾਰੇ ਜਗਤ ਵਿਚ ਪਰਗਟ ਹੋ ਜਾਂਦਾ ਹੈ।

ਜੋ ਨਰੁ ਉਸ ਕੀ ਸਰਣੀ ਪਰੈ ਤਿਸੁ ਕੰਬਹਿ ਪਾਪੈ ॥

(ਫਿਰ) ਜੋ ਮਨੁੱਖ ਉਸ ਸੇਵਕ ਦੀ ਸਰਨ ਪੈਂਦਾ ਹੈ, ਉਸ ਦੇ ਭੀ ਨੇੜੇ ਕੋਈ ਪਾਪ ਨਹੀਂ ਢੁਕਦੇ।

ਜਨਮ ਜਨਮ ਕੀ ਮਲੁ ਉਤਰੈ ਗੁਰ ਧੂੜੀ ਨਾਪੈ ॥

ਗੁਰੂ ਦੀ ਚਰਨਾਂ ਦੀ ਧੂੜ ਵਿਚ ਇਸ਼ਨਾਨ ਕਰ ਕੇ ਉਸ ਦੀ ਕਈ ਜਨਮਾਂ ਦੀ (ਵਿਕਾਰਾਂ ਦੀ) ਮੈਲ ਲਹਿ ਜਾਂਦੀ ਹੈ।

ਜਿਨਿ ਹਰਿ ਭਾਣਾ ਮੰਨਿਆ ਤਿਸੁ ਸੋਗੁ ਨ ਸੰਤਾਪੈ ॥

ਜਿਸ ਮਨੁੱਖ ਨੇ ਪ੍ਰਭੂ ਦੀ ਰਜ਼ਾ ਨੂੰ (ਮਿੱਠਾ ਕਰ ਕੇ) ਮੰਨ ਲਿਆ ਹੈ ਉਸ ਨੂੰ ਕੋਈ ਚਿੰਤਾ-ਫ਼ਿਕਰ ਦੁੱਖ ਨਹੀਂ ਦੇ ਸਕਦਾ।

ਹਰਿ ਜੀਉ ਤੂ ਸਭਨਾ ਕਾ ਮਿਤੁ ਹੈ ਸਭਿ ਜਾਣਹਿ ਆਪੈ ॥

ਹੇ ਪ੍ਰਭੂ ਜੀ! ਤੂੰ ਸਾਰੇ ਜੀਵਾਂ ਦਾ ਮਿੱਤਰ ਹੈਂ, ਸਾਰੇ ਜੀਵਾਂ ਨੂੰ ਤੂੰ ਆਪਣੇ ਸਮਝਦਾ ਹੈਂ।

ਐਸੀ ਸੋਭਾ ਜਨੈ ਕੀ ਜੇਵਡੁ ਹਰਿ ਪਰਤਾਪੈ ॥

ਪ੍ਰਭੂ ਦੇ ਸੇਵਕ ਦੀ ਸੋਭਾ ਉਤਨੀ ਹੀ ਵੱਡੀ ਹੋ ਜਾਂਦੀ ਹੈ ਜਿਤਨਾ ਵੱਡਾ ਪ੍ਰਭੂ ਦਾ ਆਪਣਾ ਤੇਜ-ਪਰਤਾਪ ਹੈ।

ਸਭ ਅੰਤਰਿ ਜਨ ਵਰਤਾਇਆ ਹਰਿ ਜਨ ਤੇ ਜਾਪੈ ॥੮॥

ਪ੍ਰਭੂ ਆਪਣੇ ਸੇਵਕ ਦੀ ਵਡਿਆਈ ਸਭ ਜੀਵਾਂ ਦੇ ਅੰਦਰ ਟਿਕਾ ਦੇਂਦਾ ਹੈ। ਪ੍ਰਭੂ ਆਪਣੇ ਸੇਵਕ ਤੋਂ ਹੀ ਪਛਾਣਿਆ ਜਾਂਦਾ ਹੈ ॥੮॥


ਡਖਣੇ ਮਃ ੫ ॥
ਜਿਨਾ ਪਿਛੈ ਹਉ ਗਈ ਸੇ ਮੈ ਪਿਛੈ ਭੀ ਰਵਿਆਸੁ ॥

(ਮਾਇਆ ਦਾ ਅਜਬ ਪ੍ਰਭਾਵ ਹੈ, ਸਭ ਮਾਇਆ ਦੀ ਖ਼ਾਤਰ ਭਟਕਦੇ ਫਿਰਦੇ ਹਨ, ਮਾਇਆ ਵਾਸਤੇ) ਜਿਨ੍ਹਾਂ ਬੰਦਿਆਂ ਦੇ ਪਿਛੇ ਮੈਂ ਜਾਂਦਾ ਹਾਂ (ਜਿਨ੍ਹਾਂ ਦੀ ਮੁਥਾਜੀ ਮੈਂ ਕੱਢਦਾ ਹਾਂ, ਜਦੋਂ ਮੈਂ ਉਹਨਾਂ ਵਲ ਤੱਕਦਾ ਹਾਂ, ਤਾਂ) ਉਹ ਭੀ ਮੇਰੇ ਪਿਛੇ ਪਿਛੇ ਤੁਰੇ ਫਿਰਦੇ ਹਨ।

ਜਿਨਾ ਕੀ ਮੈ ਆਸੜੀ ਤਿਨਾ ਮਹਿਜੀ ਆਸ ॥੧॥

ਜਿਨ੍ਹਾਂ ਦੀ ਸਹੈਤਾ ਦੀ ਮੈਂ ਆਸ ਰੱਖੀ ਫਿਰਦਾ ਹਾਂ, ਉਹ ਮੈਥੋਂ ਆਸ ਬਣਾਈ ਬੈਠੇ ਹਨ ॥੧॥


ਮਃ ੫ ॥
ਗਿਲੀ ਗਿਲੀ ਰੋਡੜੀ ਭਉਦੀ ਭਵਿ ਭਵਿ ਆਇ ॥

ਚਿਪ-ਚਿਪ ਕਰਦੀ ਗੁੜ ਦੀ ਰੌੜੀ ਉੱਤੇ ਮੱਖੀ ਮੁੜ ਮੁੜ ਉੱਡ ਕੇ ਆ ਬੈਠਦੀ ਹੈ (ਤੇ ਆਖ਼ਰ ਗੁੜ ਨਾਲ ਹੀ ਚੰਬੜ ਜਾਂਦੀ ਹੈ ਤੇ ਉਥੇ ਹੀ ਮਰ ਜਾਂਦੀ ਹੈ, ਇਹੀ ਹਾਲ ਹੈ ਮਾਇਆ ਦਾ)

ਜੋ ਬੈਠੇ ਸੇ ਫਾਥਿਆ ਉਬਰੇ ਭਾਗ ਮਥਾਇ ॥੨॥

ਜੇਹੜੇ ਜੇਹੜੇ ਬੰਦੇ (ਮਾਇਆ ਦੇ ਨੇੜੇ ਹੋ ਹੋ) ਬੈਠਦੇ ਹਨ ਉਹ (ਇਸ ਦੇ ਮੋਹ ਵਿਚ) ਫਸ ਜਾਂਦੇ ਹਨ, (ਸਿਰਫ਼) ਉਹੀ ਬਚਦੇ ਹਨ ਜਿਨ੍ਹਾਂ ਦੇ ਮੱਥੇ ਦੇ ਭਾਗ (ਜਾਗਦੇ ਹਨ) ॥੨॥


ਮਃ ੫ ॥
ਡਿਠਾ ਹਭ ਮਝਾਹਿ ਖਾਲੀ ਕੋਇ ਨ ਜਾਣੀਐ ॥

(ਇਹ ਅਸਚਰਜ ਖੇਡ ਹੈ ਕਿ ਜੀਵ ਮਾਇਆ ਦੇ ਮੋਹ ਵਿਚ ਫਸ ਜਾਂਦੇ ਹਨ। ਕੀ ਇਹਨਾਂ ਦੇ ਅੰਦਰ ਰੱਬ ਨਹੀਂ ਵੱਸਦਾ, ਜੋ ਇਹਨਾਂ ਨੂੰ ਬਚਾ ਲਏ? ਪਰਮਾਤਮਾ ਨੂੰ ਤਾਂ ਮੈਂ) ਹਰੇਕ ਦੇ ਅੰਦਰ ਵੱਸਦਾ ਵੇਖਿਆ ਹੈ, ਕੋਈ ਭੀ ਜੀਵ ਐਸਾ ਨਹੀਂ ਜਿਸ ਵਿਚ ਉਹ ਨਹੀਂ ਵੱਸਦਾ।

ਤੈ ਸਖੀ ਭਾਗ ਮਥਾਹਿ ਜਿਨੀ ਮੇਰਾ ਸਜਣੁ ਰਾਵਿਆ ॥੩॥

ਪਰ ਸਿਰਫ਼ ਉਹਨਾਂ (ਸਤ ਸੰਗਣ) ਸਹੇਲੀਆਂ ਦੇ ਮੱਥੇ ਦੇ ਭਾਗ ਜਾਗਦੇ ਹਨ (ਤੇ ਉਹੀ ਮਾਇਆ ਦੇ ਪ੍ਰਭਾਵ ਤੋਂ ਬਚਦੀਆਂ ਹਨ) ਜਿਨ੍ਹਾਂ ਨੇ ਪਿਆਰੇ ਮਿਤ੍ਰ-ਪ੍ਰਭੂ ਦਾ ਮਿਲਾਪ ਪ੍ਰਾਪਤ ਕੀਤਾ ਹੈ ॥੩॥


ਪਉੜੀ ॥
ਹਉ ਢਾਢੀ ਦਰਿ ਗੁਣ ਗਾਵਦਾ ਜੇ ਹਰਿ ਪ੍ਰਭ ਭਾਵੈ ॥

ਜੇ ਹਰੀ ਪ੍ਰਭੂ ਨੂੰ ਚੰਗਾ ਲੱਗੇ (ਜੇ ਪ੍ਰਭੂ ਦੀ ਰਜ਼ਾ ਹੋਵੇ, ਮੇਹਰ ਹੋਵੇ) ਤਾਂ ਮੈਂ ਢਾਢੀ (ਉਸ ਦੇ) ਦਰ ਤੇ (ਉਸ ਦੇ) ਗੁਣ ਗਾਂਦਾ ਹਾਂ।

ਪ੍ਰਭੁ ਮੇਰਾ ਥਿਰ ਥਾਵਰੀ ਹੋਰ ਆਵੈ ਜਾਵੈ ॥

ਮੇਰਾ ਪ੍ਰਭੂ ਸਦਾ-ਥਿਰ ਟਿਕਾਣੇ ਵਾਲਾ ਹੈ, ਹੋਰ (ਸ੍ਰਿਸ਼ਟੀ) ਜੰਮਦੀ ਮਰਦੀ ਹੈ।

ਸੋ ਮੰਗਾ ਦਾਨੁ ਗੁੋਸਾਈਆ ਜਿਤੁ ਭੁਖ ਲਹਿ ਜਾਵੈ ॥

ਹੇ ਧਰਤੀ ਦੇ ਸਾਂਈ! ਮੈਂ (ਤੈਥੋਂ) ਉਹ ਦਾਨ ਮੰਗਦਾ ਹਾਂ ਜਿਸ ਨਾਲ ਮੇਰੀ (ਮਾਇਆ ਦੀ) ਭੁੱਖ ਦੂਰ ਹੋ ਜਾਏ।

ਪ੍ਰਭ ਜੀਉ ਦੇਵਹੁ ਦਰਸਨੁ ਆਪਣਾ ਜਿਤੁ ਢਾਢੀ ਤ੍ਰਿਪਤਾਵੈ ॥

ਹੇ ਪ੍ਰਭੂ ਜੀ! ਮੈਨੂੰ ਆਪਣਾ ਦਰਸਨ ਦਿਉ ਜਿਸ ਨਾਲ ਮੈਂ ਢਾਢੀ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਵਾਂ।

ਅਰਦਾਸਿ ਸੁਣੀ ਦਾਤਾਰਿ ਪ੍ਰਭਿ ਢਾਢੀ ਕਉ ਮਹਲਿ ਬੁਲਾਵੈ ॥

ਦਾਤਾਰ ਪ੍ਰਭੂ ਨੇ (ਮੇਰੀ) ਅਰਦਾਸ ਸੁਣ ਲਈ ਤੇ (ਮੈਨੂੰ) ਢਾਢੀ ਨੂੰ ਆਪਣੇ ਮਹਲ ਵਿਚ ਬੁਲਾ ਲਿਆ (ਬੁਲਾਉਂਦਾ ਹੈ);

ਪ੍ਰਭ ਦੇਖਦਿਆ ਦੁਖ ਭੁਖ ਗਈ ਢਾਢੀ ਕਉ ਮੰਗਣੁ ਚਿਤਿ ਨ ਆਵੈ ॥

ਪ੍ਰਭੂ ਦਾ ਦੀਦਾਰ ਕਰਦਿਆਂ ਹੀ ਮੇਰੀ (ਮਾਇਆ ਵਾਲੀ) ਭੁੱਖ ਤੇ ਹੋਰ ਦੁੱਖ ਦੂਰ ਹੋ ਗਏ, ਮੈਨੂੰ ਢਾਢੀ ਨੂੰ ਇਹ ਚੇਤੇ ਹੀ ਨਾਹ ਰਿਹਾ ਕਿ ਮੈਂ ਕੁਝ ਮੰਗਾਂ,

ਸਭੇ ਇਛਾ ਪੂਰੀਆ ਲਗਿ ਪ੍ਰਭ ਕੈ ਪਾਵੈ ॥

ਪ੍ਰਭੂ ਦੀ ਚਰਨੀਂ ਲੱਗ ਕੇ ਮੇਰੀਆਂ ਸਾਰੀਆਂ ਹੀ ਕਾਮਨਾਂ ਪੂਰੀਆਂ ਹੋ ਗਈਆਂ (ਮੇਰੀ ਕੋਈ ਵਾਸਨਾ ਰਹਿ ਹੀ ਨ ਗਈ)।

ਹਉ ਨਿਰਗੁਣੁ ਢਾਢੀ ਬਖਸਿਓਨੁ ਪ੍ਰਭਿ ਪੁਰਖਿ ਵੇਦਾਵੈ ॥੯॥

ਉਸ ਪ੍ਰਭੂ-ਪੁਰਖ ਨੇ ਮੈਨੂੰ ਨਿਮਾਣੇ ਗੁਣ-ਹੀਨ ਢਾਢੀ ਨੂੰ ਬਖ਼ਸ਼ ਲਿਆ ॥੯॥


ਡਖਣੇ ਮਃ ੫ ॥
ਜਾ ਛੁਟੇ ਤਾ ਖਾਕੁ ਤੂ ਸੁੰਞੀ ਕੰਤੁ ਨ ਜਾਣਹੀ ॥

(ਹੇ ਮੇਰੀ ਕਾਇਆ!) ਜਦੋਂ (ਤੇਰਾ ਤੇ ਇਸ ਜਿੰਦ ਦਾ ਸੰਬੰਧ) ਮੁੱਕ ਜਾਇਗਾ, ਤਦੋਂ ਤੂੰ ਮਿੱਟੀ ਹੋ ਜਾਇਂਗੀ, (ਉਸ ਵੇਲੇ) ਜਿੰਦ ਤੋਂ ਸੱਖਣੀ ਤੂੰ ਖਸਮ-ਪ੍ਰਭੂ ਨਾਲ ਸਾਂਝ ਨਹੀਂ ਪਾ ਸਕੇਂਗੀ।

ਦੁਰਜਨ ਸੇਤੀ ਨੇਹੁ ਤੂ ਕੈ ਗੁਣਿ ਹਰਿ ਰੰਗੁ ਮਾਣਹੀ ॥੧॥

(ਹੁਣ) ਤੇਰਾ ਪਿਆਰ ਵਿਕਾਰਾਂ ਨਾਲ ਹੈ, (ਦੱਸ!) ਤੂੰ ਕਿਸ ਗੁਣ ਦੀ ਬਰਕਤਿ ਨਾਲ ਹਰੀ (ਦੇ ਮਿਲਾਪ) ਦਾ ਆਨੰਦ ਮਾਣ ਸਕਦੀ ਹੈਂ? ॥੧॥


ਮਃ ੫ ॥
ਨਾਨਕ ਜਿਸੁ ਬਿਨੁ ਘੜੀ ਨ ਜੀਵਣਾ ਵਿਸਰੇ ਸਰੈ ਨ ਬਿੰਦ ॥

ਹੇ ਨਾਨਕ! ਜਿਸ (ਪ੍ਰਭੂ ਦੀ ਯਾਦ) ਤੋਂ ਬਿਨਾ ਇਕ ਘੜੀ ਭੀ ਸੁਖ ਦਾ ਸਾਹ ਨਹੀਂ ਆਉਂਦਾ (ਦੁਨੀਆ ਦੇ ਚਿੰਤਾ-ਫ਼ਿਕਰ ਹੀ ਜਾਨ ਖਾ ਜਾਂਦੇ ਹਨ), ਜਿਸ ਨੂੰ ਵਿਸਾਰਿਆਂ ਇਕ ਪਲ ਭਰ ਭੀ ਜੀਵਨ-ਨਿਰਬਾਹ ਨਹੀਂ ਹੋ ਸਕਦਾ,

ਤਿਸੁ ਸਿਉ ਕਿਉ ਮਨ ਰੂਸੀਐ ਜਿਸਹਿ ਹਮਾਰੀ ਚਿੰਦ ॥੨॥

(ਫਿਰ) ਹੇ ਮਨ! ਜਿਸ ਪ੍ਰਭੂ ਨੂੰ (ਹਰ ਵੇਲੇ) ਸਾਡਾ ਫ਼ਿਕਰ ਹੈ, ਉਸ ਨਾਲ ਰੁੱਸਣਾ ਠੀਕ ਨਹੀਂ ਹੈ ॥੨॥


ਮਃ ੫ ॥
ਰਤੇ ਰੰਗਿ ਪਾਰਬ੍ਰਹਮ ਕੈ ਮਨੁ ਤਨੁ ਅਤਿ ਗੁਲਾਲੁ ॥

ਹੇ ਨਾਨਕ! ਜੇਹੜੇ ਬੰਦੇ ਪਰਮ ਜੋਤਿ-ਪ੍ਰਭੂ ਦੇ ਪਿਆਰ ਵਿਚ ਰੰਗੇ ਜਾਂਦੇ ਹਨ, ਉਹਨਾਂ ਦਾ ਤਨ ਮਨ (ਪਿਆਰ ਵਿਚ) ਗੂੜ੍ਹਾ ਲਾਲ ਹੋ ਜਾਂਦਾ ਹੈ।

ਨਾਨਕ ਵਿਣੁ ਨਾਵੈ ਆਲੂਦਿਆ ਜਿਤੀ ਹੋਰੁ ਖਿਆਲੁ ॥੩॥

(ਪ੍ਰਭੂ ਦੇ ਪਿਆਰ ਨੂੰ ਘਟਾਣ ਵਾਲਾ) ਜਿਤਨਾ ਭੀ ਹੋਰ ਹੋਰ ਧਿਆਨ ਹੈ, ਉਹ ਪ੍ਰਭੂ ਦੇ ਨਾਮ ਦੀ ਯਾਦ ਤੋਂ ਵਾਂਜਿਆਂ ਰੱਖਦਾ ਹੈ ਤੇ (ਮਨ ਨੂੰ) ਮੈਲਾ ਕਰਦਾ ਹੈ ॥੩॥


ਪਵੜੀ ॥
ਹਰਿ ਜੀਉ ਜਾ ਤੂ ਮੇਰਾ ਮਿਤ੍ਰੁ ਹੈ ਤਾ ਕਿਆ ਮੈ ਕਾੜਾ ॥

ਹੇ ਹਰੀ ਜੀ! ਜਦੋਂ ਤੂੰ ਮੇਰਾ ਮਿਤ੍ਰ ਹੈਂ, ਤਾਂ ਮੈਨੂੰ ਕੋਈ ਚਿੰਤਾ-ਫ਼ਿਕਰ ਨਹੀਂ ਰਹਿ ਸਕਦਾ,

ਜਿਨੀ ਠਗੀ ਜਗੁ ਠਗਿਆ ਸੇ ਤੁਧੁ ਮਾਰਿ ਨਿਵਾੜਾ ॥

(ਕਿਉਂਕਿ) ਜਿਨ੍ਹਾਂ (ਕਾਮਾਦਿਕ) ਠੱਗਾਂ ਨੇ ਜਗਤ ਨੂੰ ਠੱਗ ਲਿਆ ਹੈ ਉਹ ਤੂੰ (ਮੇਰੇ ਅੰਦਰੋਂ) ਮਾਰ ਕੇ ਭਜਾ ਦਿੱਤੇ ਹਨ,

ਗੁਰਿ ਭਉਜਲੁ ਪਾਰਿ ਲੰਘਾਇਆ ਜਿਤਾ ਪਾਵਾੜਾ ॥

ਗੁਰੂ ਦੀ ਰਾਹੀਂ ਤੂੰ ਮੈਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦਿੱਤਾ ਹੈ, ਮੈਂ ਮਾਇਆ ਦੇ ਜੰਜਾਲ ਜਿੱਤ ਲਏ ਹਨ।

ਗੁਰਮਤੀ ਸਭਿ ਰਸ ਭੋਗਦਾ ਵਡਾ ਆਖਾੜਾ ॥

ਹੁਣ ਮੈਂ ਗੁਰੂ ਦੇ ਉਪਦੇਸ਼ ਤੇ ਤੁਰ ਕੇ ਸਾਰੇ ਰੰਗ ਮਾਣਦਾ ਹਾਂ, ਮੈਂ ਇਸ ਵੱਡੇ ਜਗਤ-ਅਖਾੜੇ (ਨੂੰ ਜਿੱਤ ਲਿਆ ਹੈ)।

ਸਭਿ ਇੰਦ੍ਰੀਆ ਵਸਿ ਕਰਿ ਦਿਤੀਓ ਸਤਵੰਤਾ ਸਾੜਾ ॥

ਤੂੰ ਮੇਰਾ ਸਤਵੰਤਾ ਸਾਈਂ (ਮੇਰੇ ਸਿਰ ਉਤੇ) ਹੈਂ, ਤੂੰ ਮੇਰੀਆਂ ਸਾਰੀਆਂ ਇੰਦ੍ਰੀਆਂ ਮੇਰੇ ਕਾਬੂ ਵਿਚ ਕਰ ਦਿੱਤੀਆਂ ਹਨ,

ਜਿਤੁ ਲਾਈਅਨਿ ਤਿਤੈ ਲਗਦੀਆ ਨਹ ਖਿੰਜੋਤਾੜਾ ॥

ਹੁਣ ਇਹਨਾਂ ਨੂੰ ਜਿਸ ਪਾਸੇ ਲਾਈਦਾ ਹੈ ਉਧਰ ਹੀ ਲੱਗਦੀਆਂ ਹਨ, ਕੋਈ ਖਿੱਚੋਤਾਣ ਨਹੀਂ (ਕਰਦੀਆਂ)।

ਜੋ ਇਛੀ ਸੋ ਫਲੁ ਪਾਇਦਾ ਗੁਰਿ ਅੰਦਰਿ ਵਾੜਾ ॥

ਗੁਰੂ ਨੇ (ਮੇਰੇ ਮਨ ਨੂੰ) ਅੰਦਰ ਵਲ ਪਰਤਾ ਦਿੱਤਾ ਹੈ, ਹੁਣ ਮੈਂ ਜੋ ਕੁਝ ਇੱਛਾ ਕਰਦਾ ਹਾਂ ਉਹੀ ਫਲ ਪ੍ਰਾਪਤ ਕਰ ਲੈਂਦਾ ਹਾਂ।

ਗੁਰੁ ਨਾਨਕੁ ਤੁਠਾ ਭਾਇਰਹੁ ਹਰਿ ਵਸਦਾ ਨੇੜਾ ॥੧੦॥

ਹੇ ਭਰਾਵੋ! ਮੇਰੇ ਉਤੇ ਗੁਰੂ ਨਾਨਕ ਪਰਸੰਨ ਹੋ ਪਿਆ ਹੈ, (ਉਸ ਦੀ ਮੇਹਰ ਨਾਲ) ਮੈਨੂੰ ਪ੍ਰਭੂ (ਆਪਣੇ) ਨੇੜੇ ਵੱਸਦਾ ਦਿੱਸਦਾ ਹੈ ॥੧੦॥


ਡਖਣੇ ਮਃ ੫ ॥
ਜਾ ਮੂੰ ਆਵਹਿ ਚਿਤਿ ਤੂ ਤਾ ਹਭੇ ਸੁਖ ਲਹਾਉ ॥

ਹੇ ਪਤੀ-ਪ੍ਰਭੂ! ਜਦੋਂ ਤੂੰ ਮੇਰੇ ਹਿਰਦੇ ਵਿਚ ਵੱਸਦਾ ਹੈਂ, ਤਾਂ ਮੈਨੂੰ ਸਾਰੇ ਸੁਖ ਮਿਲ ਜਾਂਦੇ ਹਨ,

ਨਾਨਕ ਮਨ ਹੀ ਮੰਝਿ ਰੰਗਾਵਲਾ ਪਿਰੀ ਤਹਿਜਾ ਨਾਉ ॥੧॥

(ਉਦੋਂ) ਨਾਨਕ ਨੂੰ ਤੇਰਾ ਨਾਮ ਮੈਨੂੰ ਆਪਣੇ ਮਨ ਵਿਚ ਮਿੱਠਾ ਪਿਆਰਾ ਲੱਗਦਾ ਹੈ (ਤੇ ਸੁਖ ਦੇਂਦਾ ਹੈ) ॥੧॥


ਮਃ ੫ ॥
ਕਪੜ ਭੋਗ ਵਿਕਾਰ ਏ ਹਭੇ ਹੀ ਛਾਰ ॥

(ਪ੍ਰਭੂ ਦੀ ਯਾਦ ਤੋਂ ਵਿਰਵੇ ਰਹਿ ਕੇ ਨਿਰੇ) ਖਾਣ-ਹੰਢਾਣ (ਦੇ ਪਦਾਰਥ) ਵਿਕਾਰ (ਪੈਦਾ ਕਰਦੇ ਹਨ। ਇਸ ਵਾਸਤੇ ਅਸਲ ਵਿਚ) ਇਹ ਸਾਰੇ ਸੁਆਹ ਸਮਾਨ ਹਨ (ਉੱਕੇ ਹੀ ਨਿਕੰਮੇ ਹਨ)।

ਖਾਕੁ ਲੁੋੜੇਦਾ ਤੰਨਿ ਖੇ ਜੋ ਰਤੇ ਦੀਦਾਰ ॥੨॥

(ਤਾਹੀਏਂ) ਮੈਂ ਉਹਨਾਂ ਬੰਦਿਆਂ ਦੇ ਚਰਨਾਂ ਦੀ ਧੂੜ ਭਾਲਦਾ ਹਾਂ, ਜੋ ਪ੍ਰਭੂ ਦੇ ਦੀਦਾਰ ਵਿਚ ਰੰਗੇ ਹੋਏ ਹਨ ॥੨॥


ਮਃ ੫ ॥
ਕਿਆ ਤਕਹਿ ਬਿਆ ਪਾਸ ਕਰਿ ਹੀਅੜੇ ਹਿਕੁ ਅਧਾਰੁ ॥

ਹੇ ਮੇਰੀ ਜਿੰਦੇ! (ਪ੍ਰਭੂ ਨੂੰ ਛੱਡ ਕੇ ਸੁਖਾਂ ਦੀ ਖ਼ਾਤਰ) ਹੋਰ ਹੋਰ ਆਸਰੇ ਕਿਉਂ ਤੱਕਦੀ ਹੈਂ? ਕੇਵਲ ਇਕ ਪ੍ਰਭੂ ਨੂੰ ਆਪਣਾ ਆਸਰਾ ਬਣਾ।

ਥੀਉ ਸੰਤਨ ਕੀ ਰੇਣੁ ਜਿਤੁ ਲਭੀ ਸੁਖ ਦਾਤਾਰੁ ॥੩॥

(ਤੇ, ਉਸ ਪ੍ਰਭੂ ਦੀ ਪ੍ਰਾਪਤੀ ਵਾਸਤੇ ਉਸ ਦੇ) ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣ, ਜਿਸ ਦੀ ਬਰਕਤਿ ਨਾਲ ਸੁਖਾਂ ਦਾ ਦੇਣ ਵਾਲਾ ਪ੍ਰਭੂ ਮਿਲ ਪਏ ॥੩॥


ਪਉੜੀ ॥
ਵਿਣੁ ਕਰਮਾ ਹਰਿ ਜੀਉ ਨ ਪਾਈਐ ਬਿਨੁ ਸਤਿਗੁਰ ਮਨੂਆ ਨ ਲਗੈ ॥

ਪ੍ਰਭੂ ਦੀ ਮੇਹਰ ਤੋਂ ਬਿਨਾ ਪ੍ਰਭੂ ਨਾਲ ਮਿਲਾਪ ਨਹੀਂ ਹੁੰਦਾ (ਪ੍ਰਭੂ ਦੀ ਮੇਹਰ ਨਾਲ ਹੀ ਗੁਰੂ ਮਿਲਦਾ ਹੈ, ਤੇ) ਗੁਰੂ ਤੋਂ ਬਿਨਾ ਮਨੁੱਖ ਦਾ ਮਾਇਆ-ਵੇੜ੍ਹਿਆ ਮਨ (ਪ੍ਰਭੂ-ਚਰਨਾਂ ਵਿਚ) ਜੁੜਦਾ ਹੀ ਨਹੀਂ।

ਧਰਮੁ ਧੀਰਾ ਕਲਿ ਅੰਦਰੇ ਇਹੁ ਪਾਪੀ ਮੂਲਿ ਨ ਤਗੈ ॥

ਸੰਸਾਰ ਵਿਚ ਧਰਮ ਹੀ ਸਦਾ ਇਕ-ਰਸ ਰਹਿੰਦਾ ਹੈ, ਪਰ ਇਹ ਮਨ (ਜਦੋਂ ਤਕ) ਪਾਪਾਂ ਵਿਚ ਪਰਵਿਰਤ (ਹੈ) ਬਿਲਕੁਲ ਅਡੋਲਤਾ ਵਿਚ ਟਿਕਿਆ ਨਹੀਂ ਰਹਿ ਸਕਦਾ,

ਅਹਿ ਕਰੁ ਕਰੇ ਸੁ ਅਹਿ ਕਰੁ ਪਾਏ ਇਕ ਘੜੀ ਮੁਹਤੁ ਨ ਲਗੈ ॥

(ਕਿਉਂਕਿ ਕੀਤੇ ਵਿਕਾਰਾਂ ਦਾ ਮਾਨਸਕ ਸਿੱਟਾ ਨਿਕਲਦਿਆਂ) ਰਤਾ ਭੀ ਸਮਾ ਨਹੀਂ ਲੱਗਦਾ, ਜੋ ਕੁਝ ਇਹ ਹੱਥ ਕਰਦਾ ਹੈ ਉਸ ਦਾ ਫਲ ਇਹੀ ਹੱਥ ਪਾ ਲੈਂਦਾ ਹੈ।

ਚਾਰੇ ਜੁਗ ਮੈ ਸੋਧਿਆ ਵਿਣੁ ਸੰਗਤਿ ਅਹੰਕਾਰੁ ਨ ਭਗੈ ॥

(ਜਦੋਂ ਤੋਂ ਦੁਨੀਆ ਬਣੀ ਹੈ) ਚੌਹਾਂ ਹੀ ਜੁਗਾਂ ਦੇ ਸਮੇ ਨੂੰ ਵਿਚਾਰ ਕੇ ਮੈਂ ਵੇਖ ਲਿਆ ਹੈ ਕਿ ਮਨ ਦਾ ਅਹੰਕਾਰ ਸੰਗਤ ਤੋਂ ਬਿਨਾ ਦੂਰ ਨਹੀਂ ਹੁੰਦਾ,

ਹਉਮੈ ਮੂਲਿ ਨ ਛੁਟਈ ਵਿਣੁ ਸਾਧੂ ਸਤਸੰਗੈ ॥

ਗੁਰਮੁਖਾਂ ਦੀ ਸੰਗਤ ਤੋਂ ਬਿਨਾ ਹਉਮੈ ਬਿਲਕੁਲ ਨਹੀਂ ਮੁੱਕ ਸਕਦੀ।

ਤਿਚਰੁ ਥਾਹ ਨ ਪਾਵਈ ਜਿਚਰੁ ਸਾਹਿਬ ਸਿਉ ਮਨ ਭੰਗੈ ॥

(ਜਦ ਤਕ ਮਨ ਵਿਚ ਹਉਮੈ ਹੈ, ਤਦ ਤਕ ਮਾਲਕ-ਪ੍ਰਭੂ ਨਾਲੋਂ ਵਿੱਥ ਹੈ) ਜਦ ਤਕ ਮਾਲਕ ਨਾਲੋਂ ਵਿੱਥ ਹੈ ਤਦ ਤਕ ਮਨੁੱਖ ਉਸ ਦੇ ਗੁਣਾਂ ਦੀ ਡੂੰਘਾਈ ਵਿਚ ਟਿਕ ਨਹੀਂ ਸਕਦਾ।

ਜਿਨਿ ਜਨਿ ਗੁਰਮੁਖਿ ਸੇਵਿਆ ਤਿਸੁ ਘਰਿ ਦੀਬਾਣੁ ਅਭਗੈ ॥

ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੈ ਪ੍ਰਭੂ ਦਾ ਸਿਮਰਨ ਕੀਤਾ ਹੈ ਉਸ ਦੇ ਹਿਰਦੇ ਵਿਚ ਹੀ ਅਬਿਨਾਸ਼ੀ ਪ੍ਰਭੂ ਦਾ ਦਰਬਾਰ ਲੱਗ ਜਾਂਦਾ ਹੈ।

ਹਰਿ ਕਿਰਪਾ ਤੇ ਸੁਖੁ ਪਾਇਆ ਗੁਰ ਸਤਿਗੁਰ ਚਰਣੀ ਲਗੈ ॥੧੧॥

ਪ੍ਰਭੂ ਦੀ ਮੇਹਰ ਨਾਲ ਹੀ ਮਨੁੱਖ ਗੁਰੂ ਦੇ ਚਰਨਾਂ ਵਿਚ ਜੁੜਦਾ ਹੈ, ਤੇ ਮੇਹਰ ਨਾਲ ਹੀ ਆਤਮਕ ਸੁਖ ਪ੍ਰਾਪਤ ਕਰਦਾ ਹੈ ॥੧੧॥


ਡਖਣੇ ਮਃ ੫ ॥
ਲੋੜੀਦੋ ਹਭ ਜਾਇ ਸੋ ਮੀਰਾ ਮੀਰੰਨ ਸਿਰਿ ॥

ਉਹ ਮਾਲਕ-ਪ੍ਰਭੂ ਸ਼ਾਹਾਂ ਦੇ ਸਿਰ ਉਤੇ ਪਾਤਿਸ਼ਾਹ ਹੈ, ਮੈਂ ਉਸ ਨੂੰ (ਬਾਹਰ) ਹਰ ਥਾਂ ਭਾਲਦਾ ਫਿਰਦਾ ਸਾਂ;

ਹਠ ਮੰਝਾਹੂ ਸੋ ਧਣੀ ਚਉਦੋ ਮੁਖਿ ਅਲਾਇ ॥੧॥

ਪਰ ਹੁਣ ਜਦੋਂ ਮੈਂ ਮੂੰਹ ਨਾਲ ਉਸ ਦੇ ਗੁਣ ਉਚਾਰਦਾ ਹਾਂ, ਉਹ ਮੈਨੂੰ ਮੇਰੇ ਹਿਰਦੇ ਵਿਚ ਹੀ ਦਿੱਸ ਰਿਹਾ ਹੈ ॥੧॥


ਮਃ ੫ ॥
ਮਾਣਿਕੂ ਮੋਹਿ ਮਾਉ ਡਿੰਨਾ ਧਣੀ ਅਪਾਹਿ ॥

ਹੇ ਮਾਂ! ਮਾਲਕ-ਪ੍ਰਭੂ ਨੇ ਆਪ ਹੀ ਮੈਨੂੰ ਆਪਣਾ ਨਾਮ-ਮੋਤੀ ਦਿੱਤਾ।

ਹਿਆਉ ਮਹਿਜਾ ਠੰਢੜਾ ਮੁਖਹੁ ਸਚੁ ਅਲਾਇ ॥੨॥

(ਹੁਣ) ਮੂੰਹੋਂ ਉਸ ਸਦਾ-ਥਿਰ ਪ੍ਰਭੂ ਦਾ ਨਾਮ ਉਚਾਰ ਉਚਾਰ ਕੇ ਮੇਰਾ ਹਿਰਦਾ ਠੰਢਾ-ਠਾਰ ਹੋ ਗਿਆ ਹੈ ॥੨॥


ਮਃ ੫ ॥
ਮੂ ਥੀਆਊ ਸੇਜ ਨੈਣਾ ਪਿਰੀ ਵਿਛਾਵਣਾ ॥

ਮੈਂ ਆਪਣੇ ਹਿਰਦੇ ਨੂੰ ਪ੍ਰਭੂ-ਪਤੀ (ਦੇ ਬਿਰਾਜਣ) ਵਾਸਤੇ ਸੇਜ ਬਣਾ ਦਿੱਤਾ ਹੈ, ਆਪਣੀਆਂ ਅੱਖਾਂ ਨੂੰ (ਉਸ ਸੇਜ ਦਾ) ਵਿਛਾਉਣਾ ਬਣਾਇਆ ਹੈ।

ਜੇ ਡੇਖੈ ਹਿਕ ਵਾਰ ਤਾ ਸੁਖ ਕੀਮਾ ਹੂ ਬਾਹਰੇ ॥੩॥

ਜਦੋਂ ਉਹ ਇਕ ਵਾਰੀ ਭੀ (ਮੇਰੇ ਵਲ) ਤੱਕਦਾ ਹੈ, ਮੈਨੂੰ ਅਜੇਹੇ ਸੁਖ ਅਨੁਭਵ ਹੁੰਦੇ ਹਨ ਜਿਨ੍ਹਾਂ ਦਾ ਮੁੱਲ ਨਹੀਂ ਪੈ ਸਕਦਾ (ਜੇਹੜੇ ਕਿਸੇ ਭੀ ਕੀਮਤ ਤੋਂ ਮਿਲ ਨਹੀਂ ਸਕਦੇ) ॥੩॥


ਪਉੜੀ ॥
ਮਨੁ ਲੋਚੈ ਹਰਿ ਮਿਲਣ ਕਉ ਕਿਉ ਦਰਸਨੁ ਪਾਈਆ ॥

ਪ੍ਰਭੂ ਨੂੰ ਮਿਲਣ ਲਈ ਮੇਰਾ ਮਨ ਬੜਾ ਤਰਸਦਾ ਹੈ (ਪਰ ਸਮਝ ਨਹੀਂ ਆਉਂਦੀ ਕਿ) ਕਿਵੇਂ ਦਰਸਨ ਕਰਾਂ।

ਮੈ ਲਖ ਵਿੜਤੇ ਸਾਹਿਬਾ ਜੇ ਬਿੰਦ ਬੁੋਲਾਈਆ ॥

ਹੇ (ਮੇਰੇ) ਮਾਲਕ! ਜੇ ਤੂੰ ਮੈਨੂੰ ਰਤਾ ਭਰ ਭੀ ਵਾਜ ਮਾਰੇਂ ਤਾਂ (ਮੈਂ ਸਮਝਦਾ ਹਾਂ ਕਿ) ਮੈਂ ਲੱਖਾਂ ਰੁਪਏ ਖੱਟ ਲਏ ਹਨ।

ਮੈ ਚਾਰੇ ਕੁੰਡਾ ਭਾਲੀਆ ਤੁਧੁ ਜੇਵਡੁ ਨ ਸਾਈਆ ॥

ਹੇ ਮੇਰੇ ਸਾਈਂ! ਮੈਂ ਚੁਫੇਰੇ ਸਾਰੀ ਸ੍ਰਿਸ਼ਟੀ ਖੋਜ ਕੇ ਵੇਖ ਲਿਆ ਹੈ ਕਿ ਤੇਰੇ ਜੇਡਾ ਹੋਰ ਕੋਈ ਨਹੀਂ ਹੈ।

ਮੈ ਦਸਿਹੁ ਮਾਰਗੁ ਸੰਤਹੋ ਕਿਉ ਪ੍ਰਭੂ ਮਿਲਾਈਆ ॥

ਹੇ ਸੰਤ ਜਨੋ! (ਤੁਸੀਂ ਹੀ) ਮੈਨੂੰ ਰਾਹ ਦੱਸੋ ਕਿ ਮੈਂ ਪ੍ਰਭੂ ਨੂੰ ਕਿਵੇਂ ਮਿਲਾਂ।

ਮਨੁ ਅਰਪਿਹੁ ਹਉਮੈ ਤਜਹੁ ਇਤੁ ਪੰਥਿ ਜੁਲਾਈਆ ॥

(ਸੰਤ ਜਨ ਰਾਹ ਦੱਸਦੇ ਹਨ ਕਿ) ਮਨ (ਪ੍ਰਭੂ ਦੇ) ਭੇਟਾ ਕਰੋ ਹਉਮੈ ਦੂਰ ਕਰੋ (ਤੇ ਆਖਦੇ ਹਨ ਕਿ) ਮੈਂ ਇਸ ਰਸਤੇ ਉਤੇ ਤੁਰਾਂ।

ਨਿਤ ਸੇਵਿਹੁ ਸਾਹਿਬੁ ਆਪਣਾ ਸਤਸੰਗਿ ਮਿਲਾਈਆ ॥

(ਸੰਤ ਉਪਦੇਸ਼ ਦੇਂਦੇ ਹਨ ਕਿ) ਸਦਾ ਆਪਣੇ ਮਾਲਕ-ਪ੍ਰਭੂ ਨੂੰ ਯਾਦ ਕਰੋ (ਤੇ ਕਹਿੰਦੇ ਹਨ ਕਿ) ਮੈਂ ਸਤਸੰਗ ਵਿਚ ਮਿਲਾਂ।

ਸਭੇ ਆਸਾ ਪੂਰੀਆ ਗੁਰ ਮਹਲਿ ਬੁਲਾਈਆ ॥

ਜਦੋਂ ਪ੍ਰਭੂ ਦੀ ਹਜ਼ੂਰੀ ਵਿਚ ਗੁਰੂ ਨੇ ਸੱਦ ਲਿਆ, ਤਾਂ ਸਾਰੀਆਂ ਆਸਾਂ ਪੂਰੀਆਂ ਹੋ ਜਾਣਗੀਆਂ।

ਤੁਧੁ ਜੇਵਡੁ ਹੋਰੁ ਨ ਸੁਝਈ ਮੇਰੇ ਮਿਤ੍ਰ ਗੁੋਸਾਈਆ ॥੧੨॥

ਹੇ ਮੇਰੇ ਮਿਤ੍ਰ! ਹੇ ਧਰਤੀ ਦੇ ਮਾਲਕ! ਮੈਨੂੰ ਤੇਰੇ ਜੇਡਾ ਹੋਰ ਕੋਈ ਲੱਭਦਾ ਨਹੀਂ (ਤੂੰ ਮੇਹਰ ਕਰ, ਤੇ ਦੀਦਾਰ ਦੇਹ) ॥੧੨॥


ਡਖਣੇ ਮਃ ੫ ॥
ਮੂ ਥੀਆਊ ਤਖਤੁ ਪਿਰੀ ਮਹਿੰਜੇ ਪਾਤਿਸਾਹ ॥

ਹੇ ਮੇਰੇ ਪਤੀ ਪਾਤਿਸ਼ਾਹ! ਮੈਂ (ਤੇਰੇ ਬੈਠਣ ਲਈ) ਆਪਣੇ ਹਿਰਦੇ ਨੂੰ ਤਖ਼ਤ ਬਣਾਇਆ ਹੈ।

ਪਾਵ ਮਿਲਾਵੇ ਕੋਲਿ ਕਵਲ ਜਿਵੈ ਬਿਗਸਾਵਦੋ ॥੧॥

ਜਦੋਂ ਤੂੰ ਆਪਣੇ ਚਰਨ ਮੇਰੇ ਹਿਰਦੇ-ਤਖ਼ਤ ਨਾਲ ਛੁਹਾਂਦਾ ਹੈਂ, ਮੈਂ ਕੌਲ ਫੁੱਲ ਵਾਂਗ ਖਿੜ ਪੈਂਦਾ ਹਾਂ ॥੧॥


ਮਃ ੫ ॥
ਪਿਰੀਆ ਸੰਦੜੀ ਭੁਖ ਮੂ ਲਾਵਣ ਥੀ ਵਿਥਰਾ ॥

ਪਿਆਰੇ ਪਤੀ-ਪ੍ਰਭੂ ਨੂੰ ਮਿਲਣ ਦੀ ਭੁੱਖ ਮਿਟਾਣ ਲਈ ਮੇਰਾ ਆਪਾ-ਭਾਵ ਸਲੂਣਾ ਬਣ ਜਾਏ।

ਜਾਣੁ ਮਿਠਾਈ ਇਖ ਬੇਈ ਪੀੜੇ ਨਾ ਹੁਟੈ ॥੨॥

ਮੈਂ ਅਜੇਹੀ ਗੰਨੇ ਦੀ ਮਿਠਾਸ ਬਣਨਾ ਸਿੱਖ ਲਵਾਂ ਕਿ (ਗੰਨੇ ਨੂੰ) ਮੁੜ ਮੁੜ ਪੀਤਿਆਂ ਭੀ ਨਾਹ ਮੁੱਕੇ (ਭਾਵ, ਮੈਂ ਆਪਾ-ਭਾਵ ਮਿਟਾ ਦਿਆਂ, ਤੇ ਆਪਾ ਵਾਰਦਿਆਂ ਕਦੇ ਅੱਕਾਂ ਨਾਹ, ਰੱਜਾਂ ਨਾਹ) ॥੨॥


ਮਃ ੫ ॥
ਠਗਾ ਨੀਹੁ ਮਤ੍ਰੋੜਿ ਜਾਣੁ ਗੰਧ੍ਰਬਾ ਨਗਰੀ ॥

ਦੁਨੀਆ ਦਾ ਮੋਹ ਚੰਗੀ ਤਰ੍ਹਾਂ ਤੋੜ ਦੇ, (ਇਸ ਦੁਨੀਆ ਨੂੰ) ਧੂਏਂ ਦਾ ਪਹਾੜ ਸਮਝ।

ਸੁਖ ਘਟਾਊ ਡੂਇ ਇਸੁ ਪੰਧਾਣੂ ਘਰ ਘਣੇ ॥੩॥

(ਦੁਨੀਆ ਦਾ) ਦੋ ਘੜੀਆਂ ਦਾ ਸੁਖ (ਮਾਣਿਆਂ) ਇਸ ਜੀਵ-ਰਾਹੀ ਨੂੰ ਅਨੇਕਾਂ ਜੂਨਾਂ (ਵਿਚ ਭਟਕਣਾ ਪੈਂਦਾ ਹੈ) ॥੩॥


ਪਉੜੀ ॥
ਅਕਲ ਕਲਾ ਨਹ ਪਾਈਐ ਪ੍ਰਭੁ ਅਲਖ ਅਲੇਖੰ ॥

ਜਿਸ ਪ੍ਰਭੂ ਦਾ ਕੋਈ ਚਿਹਨ-ਚੱਕ੍ਰ ਨਹੀਂ, ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਜੋ ਵਧਦਾ ਘਟਦਾ ਨਹੀਂ ਹੈ ਉਸ ਦਾ ਭੇਤ (ਕਲਾ) ਨਹੀਂ ਪਾਇਆ ਜਾ ਸਕਦਾ।

ਖਟੁ ਦਰਸਨ ਭ੍ਰਮਤੇ ਫਿਰਹਿ ਨਹ ਮਿਲੀਐ ਭੇਖੰ ॥

ਛੇ ਭੇਖਾਂ ਦੇ ਸਾਧੂ (ਵਿਅਰਥ) ਭਟਕਦੇ ਫਿਰਦੇ ਹਨ, ਪ੍ਰਭੂ ਭੇਖਾਂ ਦੀ ਰਾਹੀਂ ਨਹੀਂ ਮਿਲਦਾ।

ਵਰਤ ਕਰਹਿ ਚੰਦ੍ਰਾਇਣਾ ਸੇ ਕਿਤੈ ਨ ਲੇਖੰ ॥

(ਕਈ ਬੰਦੇ) ਚੰਦ੍ਰਾਇਣ ਵਰਤ ਰੱਖਦੇ ਹਨ, ਪਰ ਉਹਨਾਂ ਦਾ ਕੋਈ ਲਾਭ ਨਹੀਂ (ਉਹ ਕਿਸੇ ਗਿਣਤੀ ਵਿਚ ਨਹੀਂ)।

ਬੇਦ ਪੜਹਿ ਸੰਪੂਰਨਾ ਤਤੁ ਸਾਰ ਨ ਪੇਖੰ ॥

ਜੋ ਸਾਰੇ ਦੇ ਸਾਰੇ ਵੇਦ ਪੜ੍ਹਦੇ ਹਨ, ਉਹ ਭੀ ਅਸਲੀਅਤ ਨਹੀਂ ਵੇਖ ਸਕਦੇ।

ਤਿਲਕੁ ਕਢਹਿ ਇਸਨਾਨੁ ਕਰਿ ਅੰਤਰਿ ਕਾਲੇਖੰ ॥

ਕਈ ਇਸ਼ਨਾਨ ਕਰ ਕੇ (ਮੱਥੇ ਉੱਤੇ) ਤਿਲਕ ਲਾਂਦੇ ਹਨ, ਪਰ ਉਹਨਾਂ ਨੇ ਮਨ ਵਿਚ (ਵਿਕਾਰਾਂ ਦੀ) ਕਾਲਖ ਹੁੰਦੀ ਹੈ (ਉਹਨਾਂ ਨੂੰ ਭੀ ਰੱਬ ਨਹੀਂ ਮਿਲਦਾ)।

ਭੇਖੀ ਪ੍ਰਭੂ ਨ ਲਭਈ ਵਿਣੁ ਸਚੀ ਸਿਖੰ ॥

ਪਰਮਾਤਮਾ ਭੇਖਾਂ ਦੀ ਰਾਹੀਂ ਨਹੀਂ ਲੱਭਦਾ, (ਗੁਰੂ ਦੇ) ਸੱਚੇ ਉਪਦੇਸ਼ ਤੋਂ ਬਿਨਾ ਨਹੀਂ ਮਿਲਦਾ।

ਭੂਲਾ ਮਾਰਗਿ ਸੋ ਪਵੈ ਜਿਸੁ ਧੁਰਿ ਮਸਤਕਿ ਲੇਖੰ ॥

ਜਿਸ ਮਨੁੱਖ ਦੇ ਮੱਥੇ ਉੱਤੇ ਧੁਰੋਂ (ਬਖ਼ਸ਼ਸ਼ ਦਾ ਲਿਖਿਆ) ਲੇਖ ਉੱਘੜ ਪਏ, ਉਹ (ਪਹਿਲਾਂ) ਕੁਰਾਹੇ ਪਿਆ ਹੋਇਆ (ਭੀ ਠੀਕ) ਰਸਤੇ ਤੇ ਆ ਜਾਂਦਾ ਹੈ।

ਤਿਨਿ ਜਨਮੁ ਸਵਾਰਿਆ ਆਪਣਾ ਜਿਨਿ ਗੁਰੁ ਅਖੀ ਦੇਖੰ ॥੧੩॥

ਜਿਸ ਮਨੁੱਖ ਨੇ ਆਪਣੀ ਅੱਖੀਂ ਗੁਰੂ ਦਾ ਦਰਸਨ ਕਰ ਲਿਆ ਹੈ, ਉਸ ਨੇ ਆਪਣਾ ਜਨਮ ਸਫਲਾ ਕਰ ਲਿਆ ਹੈ ॥੧੩॥


ਡਖਣੇ ਮਃ ੫ ॥
ਸੋ ਨਿਵਾਹੂ ਗਡਿ ਜੋ ਚਲਾਊ ਨ ਥੀਐ ॥

ਜੋ (ਮਾਲਕ-ਪ੍ਰਭੂ) ਸਾਥ ਛੱਡ ਜਾਣ ਵਾਲਾ ਨਹੀਂ ਹੈ ਉਸ ਤੋੜ ਨਿਬਾਹੁਣ ਵਾਲੇ ਨੂੰ (ਹਿਰਦੇ ਵਿਚ) ਪੱਕਾ ਕਰ ਕੇ ਰੱਖ।

ਕਾਰ ਕੂੜਾਵੀ ਛਡਿ ਸੰਮਲੁ ਸਚੁ ਧਣੀ ॥੧॥

ਸਦਾ-ਥਿਰ ਰਹਿਣ ਵਾਲੇ ਮਾਲਕ ਨੂੰ (ਮਨ ਵਿਚ) ਸੰਭਾਲ ਕੇ ਰੱਖ, (ਜੇਹੜੀ ਕਾਰ ਉਸ ਦੀ ਯਾਦ ਨੂੰ ਭੁਲਾਵੇ, ਉਸ) ਕੂੜੀ ਕਾਰ ਨੂੰ ਛੱਡ ਦੇਹ (ਮਾਇਆ ਸੰਬੰਧੀ ਕਾਰ ਵਿਚ ਚਿੱਤ ਨੂੰ ਨਾਹ ਗੱਡ) ॥੧॥


ਮਃ ੫ ॥
ਹਭ ਸਮਾਣੀ ਜੋਤਿ ਜਿਉ ਜਲ ਘਟਾਊ ਚੰਦ੍ਰਮਾ ॥

ਪ੍ਰਭੂ ਦੀ ਜੋਤਿ ਤਾਂ ਹਰ ਥਾਂ ਸਮਾਈ ਹੋਈ ਹੈ (ਮੌਜੂਦ ਹੈ) ਜਿਵੇਂ ਪਾਣੀ ਦੇ ਘੜਿਆਂ ਵਿਚ ਚੰਦ੍ਰਮਾ (ਦਾ ਪ੍ਰਤਿਬਿੰਬ) ਹੈ। (ਪਰ ਮਾਇਆ-ਵੇੜ੍ਹੇ ਜੀਵ ਨੂੰ ਆਪਣੇ ਅੰਦਰ ਉਸ ਦਾ ਦੀਦਾਰ ਨਹੀਂ ਹੁੰਦਾ)।

ਪਰਗਟੁ ਥੀਆ ਆਪਿ ਨਾਨਕ ਮਸਤਕਿ ਲਿਖਿਆ ॥੨॥

ਹੇ ਨਾਨਕ! ਜਿਸ ਮਨੁੱਖ ਦੇ ਮੱਥੇ ਉਤੇ (ਪੂਰਬਲਾ) ਲਿਖਿਆ ਲੇਖ ਜਾਗਦਾ ਹੈ, ਉਸ ਦੇ ਅੰਦਰ ਪ੍ਰਭੂ ਦੀ ਜੋਤਿ ਪਰਤੱਖ ਹੋ ਪੈਂਦੀ ਹੈ ॥੨॥


ਮਃ ੫ ॥
ਮੁਖ ਸੁਹਾਵੇ ਨਾਮੁ ਚਉ ਆਠ ਪਹਰ ਗੁਣ ਗਾਉ ॥

ਜੋ ਮਨੁੱਖ ਪ੍ਰਭੂ ਦਾ ਨਾਮ ਸਿਮਰਦੇ ਹਨ ਜੋ ਅੱਠੇ ਪਹਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ, ਉਹਨਾਂ ਦੇ ਮੂੰਹ ਸੁੰਦਰ (ਦਿੱਸਦੇ) ਹਨ।

ਨਾਨਕ ਦਰਗਹ ਮੰਨੀਅਹਿ ਮਿਲੀ ਨਿਥਾਵੇ ਥਾਉ ॥੩॥

ਹੇ ਨਾਨਕ! ਅਜੇਹੇ (ਭਾਗਾਂ ਵਾਲੇ) ਬੰਦੇ ਪ੍ਰਭੂ ਦੀ ਹਜ਼ੂਰੀ ਵਿਚ ਮਾਣ ਪਾਂਦੇ ਹਨ। ਜਿਸ ਮਨੁੱਖ ਨੂੰ (ਪਹਿਲਾਂ) ਕਿਤੇ ਭੀ ਆਸਰਾ ਨਹੀਂ ਸੀ ਮਿਲਦਾ (ਨਾਮ ਦੀ ਬਰਕਤਿ ਨਾਲ) ਉਸ ਨੂੰ (ਹਰ ਥਾਂ) ਆਦਰ ਮਿਲਦਾ ਹੈ ॥੩॥


ਪਉੜੀ ॥
ਬਾਹਰ ਭੇਖਿ ਨ ਪਾਈਐ ਪ੍ਰਭੁ ਅੰਤਰਜਾਮੀ ॥

ਰੱਬ ਬਾਹਰਲੇ ਭੇਖਾਂ ਨਾਲ ਨਹੀਂ ਮਿਲਦਾ (ਕਿਉਂਕਿ) ਉਹ ਹਰੇਕ ਦੇ ਦਿਲ ਦੀ ਜਾਣਦਾ ਹੈ,

ਇਕਸੁ ਹਰਿ ਜੀਉ ਬਾਹਰੀ ਸਭ ਫਿਰੈ ਨਿਕਾਮੀ ॥

ਤੇ, ਇਕ ਰੱਬ ਦੇ ਮਿਲਾਪ ਤੋਂ ਬਿਨਾ ਸਾਰੀ ਸ੍ਰਿਸ਼ਟੀ ਵਿਅਰਥ ਵਿਚਰਦੀ ਹੈ।

ਮਨੁ ਰਤਾ ਕੁਟੰਬ ਸਿਉ ਨਿਤ ਗਰਬਿ ਫਿਰਾਮੀ ॥

ਜਿਨ੍ਹਾਂ ਬੰਦਿਆਂ ਦਾ ਮਨ ਪਰਵਾਰ ਦੇ ਮੋਹ ਵਿਚ ਰੰਗਿਆ ਰਹਿੰਦਾ ਹੈ, ਉਹ ਸਦਾ ਅਹੰਕਾਰ ਵਿਚ ਹੀ ਫਿਰਦੇ ਹਨ।

ਫਿਰਹਿ ਗੁਮਾਨੀ ਜਗ ਮਹਿ ਕਿਆ ਗਰਬਹਿ ਦਾਮੀ ॥

ਮਾਇਆ-ਧਾਰੀ ਬੰਦੇ ਜਗਤ ਵਿਚ ਆਕੜ ਆਕੜ ਕੇ ਚੱਲਦੇ ਹਨ, ਪਰ ਉਹਨਾਂ ਦਾ ਅਹੰਕਾਰ ਕਿਸੇ ਅਰਥ ਨਹੀਂ,

ਚਲਦਿਆ ਨਾਲਿ ਨ ਚਲਈ ਖਿਨ ਜਾਇ ਬਿਲਾਮੀ ॥

(ਕਿਉਂਕਿ) ਜਗਤ ਤੋਂ ਤੁਰਨ ਵੇਲੇ ਮਾਇਆ ਜੀਵ ਦੇ ਨਾਲ ਨਹੀਂ ਜਾਂਦੀ, ਖਿਨ ਪਲ ਵਿਚ ਹੀ ਸਾਥ ਛੱਡ ਜਾਂਦੀ ਹੈ।

ਬਿਚਰਦੇ ਫਿਰਹਿ ਸੰਸਾਰ ਮਹਿ ਹਰਿ ਜੀ ਹੁਕਾਮੀ ॥

ਅਜੇਹੇ ਬੰਦੇ ਪਰਮਾਤਮਾ ਦੀ ਰਜ਼ਾ ਅਨੁਸਾਰ ਸੰਸਾਰ ਵਿਚ (ਵਿਅਰਥ ਹੀ) ਜੀਵਨ ਗੁਜ਼ਾਰ ਜਾਂਦੇ ਹਨ।

ਕਰਮੁ ਖੁਲਾ ਗੁਰੁ ਪਾਇਆ ਹਰਿ ਮਿਲਿਆ ਸੁਆਮੀ ॥

ਜਿਸ ਮਨੁੱਖ ਉਤੇ ਪ੍ਰਭੂ ਦੀ ਮੇਹਰ (ਦਾ ਦਰਵਾਜ਼ਾ) ਖੁਲ੍ਹਦਾ ਹੈ, ਉਸ ਨੂੰ ਗੁਰੂ ਮਿਲਦਾ ਹੈ (ਗੁਰੂ ਦੀ ਰਾਹੀਂ) ਉਸ ਨੂੰ ਮਾਲਕ-ਪ੍ਰਭੂ ਮਿਲ ਪੈਂਦਾ ਹੈ।

ਜੋ ਜਨੁ ਹਰਿ ਕਾ ਸੇਵਕੋ ਹਰਿ ਤਿਸ ਕੀ ਕਾਮੀ ॥੧੪॥

ਜੋ ਮਨੁੱਖ ਪ੍ਰਭੂ ਦਾ ਸੇਵਕ ਬਣ ਜਾਂਦਾ ਹੈ, ਪ੍ਰਭੂ ਉਸ ਦਾ ਕੰਮ ਸਵਾਰਦਾ ਹੈ ॥੧੪॥


ਡਖਣੇ ਮਃ ੫ ॥
ਮੁਖਹੁ ਅਲਾਏ ਹਭ ਮਰਣੁ ਪਛਾਣੰਦੋ ਕੋਇ ॥

ਸਾਰੀ ਸ੍ਰਿਸ਼ਟੀ ਹੀ ਮੂੰਹ ਨਾਲ ਆਖਦੀ ਹੈ (ਕਿ) ਮੌਤ (ਸਿਰ ਉਤੇ ਖੜੀ ਹੈ), ਪਰ ਕੋਈ ਵਿਰਲਾ ਬੰਦਾ (ਇਹ ਗੱਲ ਯਕੀਨ ਨਾਲ) ਸਮਝਦਾ ਹੈ।

ਨਾਨਕ ਤਿਨਾ ਖਾਕੁ ਜਿਨਾ ਯਕੀਨਾ ਹਿਕ ਸਿਉ ॥੧॥

ਹੇ ਨਾਨਕ! ਮੈਂ ਉਹਨਾਂ (ਗੁਰਮੁਖਾਂ) ਦੀ ਚਰਨ-ਧੂੜ (ਮੰਗਦਾ) ਹਾਂ ਜੋ (ਮੌਤ ਨੂੰ ਸੱਚ ਜਾਣ ਕੇ) ਇਕ ਪਰਮਾਤਮਾ ਨਾਲ ਸੰਬੰਧ ਜੋੜਦੇ ਹਨ ॥੧॥


ਮਃ ੫ ॥
ਜਾਣੁ ਵਸੰਦੋ ਮੰਝਿ ਪਛਾਣੂ ਕੋ ਹੇਕੜੋ ॥

ਅੰਤਰਜਾਮੀ ਪਰਮਾਤਮਾ (ਹਰੇਕ ਜੀਵ ਦੇ) ਅੰਦਰ ਵੱਸਦਾ ਹੈ, ਪਰ ਇਸ ਗੱਲ ਨੂੰ ਕੋਈ ਵਿਰਲਾ ਬੰਦਾ ਸਮਝਦਾ ਹੈ।

ਤੈ ਤਨਿ ਪੜਦਾ ਨਾਹਿ ਨਾਨਕ ਜੈ ਗੁਰੁ ਭੇਟਿਆ ॥੨॥

ਹੇ ਨਾਨਕ! (ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਉਸ ਦੇ ਹਿਰਦੇ ਵਿਚ (ਸਰੀਰ ਵਿਚ ਪਰਮਾਤਮਾ ਨਾਲੋਂ) ਵਿੱਥ ਨਹੀਂ ਰਹਿ ਜਾਂਦੀ (ਤੇ ਉਹ ਪਰਮਾਤਮਾ ਨੂੰ ਆਪਣੇ ਅੰਦਰ ਵੇਖ ਲੈਂਦਾ ਹੈ) ॥੨॥


ਮਃ ੫ ॥
ਮਤੜੀ ਕਾਂਢ ਕੁਆਹ ਪਾਵ ਧੋਵੰਦੋ ਪੀਵਸਾ ॥

ਜੇਹੜਾ ਮਨੁੱਖ ਮੇਰੀ ਖੋਟੀ ਮਤ ਨੂੰ (ਮੇਰੇ ਅੰਦਰੋਂ) ਕੱਢ ਦੇਵੇ, ਮੈਂ ਉਸ ਦੇ ਪੈਰ ਧੋ ਧੋ ਕੇ ਪੀਵਾਂਗਾ।

ਮੂ ਤਨਿ ਪ੍ਰੇਮੁ ਅਥਾਹ ਪਸਣ ਕੂ ਸਚਾ ਧਣੀ ॥੩॥

ਸਦਾ ਕਾਇਮ ਰਹਿਣ ਵਾਲੇ ਮਾਲਕ ਦਾ ਦਰਸਨ ਕਰਨ ਵਾਸਤੇ ਮੇਰੇ ਹਿਰਦੇ ਵਿਚ ਅਥਾਹ ਪ੍ਰੇਮ ਹੈ (ਪਰ ਮੇਰੀ ਖੋਟੀ ਮਤ ਦਰਸਨ ਦੇ ਰਸਤੇ ਵਿਚ ਰੋਕ ਪਾਂਦੀ ਹੈ) ॥੩॥


ਪਉੜੀ ॥
ਨਿਰਭਉ ਨਾਮੁ ਵਿਸਾਰਿਆ ਨਾਲਿ ਮਾਇਆ ਰਚਾ ॥

ਜਿਸ ਮਨੁੱਖ ਨੇ ਨਿਰਭਉ ਪ੍ਰਭੂ ਦਾ ਨਾਮ ਭੁਲਾ ਦਿੱਤਾ ਹੈ ਤੇ ਜੋ ਮਾਇਆ ਵਿਚ ਹੀ ਮਸਤ ਰਹਿੰਦਾ ਹੈ,

ਆਵੈ ਜਾਇ ਭਵਾਈਐ ਬਹੁ ਜੋਨੀ ਨਚਾ ॥

ਉਹ ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ ਉਹ ਅਨੇਕਾਂ ਜੂਨਾਂ ਵਿਚ ਭਟਕਦਾ ਹੈ।

ਬਚਨੁ ਕਰੇ ਤੈ ਖਿਸਕਿ ਜਾਇ ਬੋਲੇ ਸਭੁ ਕਚਾ ॥

(ਮਾਇਆ ਵਿਚ ਮਸਤ ਮਨੁੱਖ ਜੇ ਕੋਈ) ਬਚਨ ਕਰਦਾ ਹੈ ਤਾਂ ਉਸ ਤੋਂ ਫਿਰ ਜਾਂਦਾ ਹੈ, ਸਦਾ ਝੂਠੀ ਗੱਲ ਹੀ ਕਰਦਾ ਹੈ।

ਅੰਦਰਹੁ ਥੋਥਾ ਕੂੜਿਆਰੁ ਕੂੜੀ ਸਭ ਖਚਾ ॥

ਉਹ ਝੂਠਾ ਆਪਣੇ ਮਨ ਵਿਚੋਂ ਖ਼ਾਲੀ ਹੁੰਦਾ ਹੈ (ਉਸ ਦੀ ਨੀਯਤ ਪਹਿਲਾਂ ਹੀ ਮਾੜੀ ਹੁੰਦੀ ਹੈ, ਇਸ ਵਾਸਤੇ) ਉਸ ਦੀ (ਹਰੇਕ ਗੱਲ) ਝੂਠੀ ਹੁੰਦੀ ਹੈ ਗੱਪ ਹੁੰਦੀ ਹੈ।

ਵੈਰੁ ਕਰੇ ਨਿਰਵੈਰ ਨਾਲਿ ਝੂਠੇ ਲਾਲਚਾ ॥

ਅਜੇਹਾ ਬੰਦਾ ਝੂਠੇ ਲਾਲਚ ਵਿਚ ਫਸ ਕੇ ਨਿਰਵੈਰ ਬੰਦੇ ਨਾਲ ਭੀ ਵੈਰ ਕਮਾ ਲੈਂਦਾ ਹੈ,

ਮਾਰਿਆ ਸਚੈ ਪਾਤਿਸਾਹਿ ਵੇਖਿ ਧੁਰਿ ਕਰਮਚਾ ॥

ਮੁੰਢ ਤੋਂ ਹੀ ਉਸ ਲਾਲਚੀ ਦੇ ਕੰਮਾਂ ਨੂੰ ਵੇਖ ਕੇ ਸਦਾ-ਥਿਰ ਰਹਿਣ ਵਾਲੇ ਪ੍ਰਭੂ ਪਾਤਿਸ਼ਾਹ ਨੇ (ਉਸ ਦੀ ਜ਼ਮੀਰ ਨੂੰ) ਮਾਰ ਦਿੱਤਾ ਹੋਇਆ ਹੈ।

ਜਮਦੂਤੀ ਹੈ ਹੇਰਿਆ ਦੁਖ ਹੀ ਮਹਿ ਪਚਾ ॥

ਅਜੇਹਾ ਮਨੁੱਖ ਸਦਾ ਜਮਦੂਤਾਂ ਦੀ ਤੱਕ ਵਿਚ ਰਹਿੰਦਾ ਹੈ, ਦੁੱਖਾਂ ਵਿਚ ਹੀ ਖ਼ੁਆਰ ਹੁੰਦਾ ਹੈ।

ਹੋਆ ਤਪਾਵਸੁ ਧਰਮ ਕਾ ਨਾਨਕ ਦਰਿ ਸਚਾ ॥੧੫॥

ਹੇ ਨਾਨਕ! ਸੱਚੇ ਪ੍ਰਭੂ ਦੇ ਦਰ ਤੇ ਧਰਮ ਦਾ ਇਨਸਾਫ਼ (ਹੀ) ਹੁੰਦਾ ਹੈ ॥੧੫॥


ਡਖਣੇ ਮਃ ੫ ॥
ਪਰਭਾਤੇ ਪ੍ਰਭ ਨਾਮੁ ਜਪਿ ਗੁਰ ਕੇ ਚਰਣ ਧਿਆਇ ॥

ਅੰਮ੍ਰਿਤ ਵੇਲੇ ਉੱਠ ਕੇ ਪ੍ਰਭੂ ਦਾ ਨਾਮ ਸਿਮਰ, ਅਤੇ ਆਪਣੇ ਗੁਰੂ ਦੇ ਚਰਨਾਂ ਦਾ ਧਿਆਨ ਧਰ (ਭਾਵ, ਪ੍ਰਭੂ ਦੇ ਨਾਮ ਵਿਚ ਜੋੜਨ ਵਾਲੇ ਗੁਰੂ ਦਾ ਆਦਰ-ਸਤਕਾਰ ਪੂਰੀ ਨਿਮ੍ਰਤਾ ਹਲੀਮੀ ਨਾਲ ਆਪਣੇ ਹਿਰਦੇ ਵਿਚ ਟਿਕਾ)।

ਜਨਮ ਮਰਣ ਮਲੁ ਉਤਰੈ ਸਚੇ ਕੇ ਗੁਣ ਗਾਇ ॥੧॥

ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਸਿਫ਼ਤ-ਸਾਲਾਹ ਕੀਤਿਆਂ ਜਨਮ ਮਰਨ ਦੇ ਗੇੜ ਵਿਚ ਪਾਣ ਵਾਲੀ ਵਿਕਾਰਾਂ ਦੀ ਮੈਲ ਮਨ ਤੋਂ ਉਤਰ ਜਾਂਦੀ ਹੈ ॥੧॥


ਮਃ ੫ ॥
ਦੇਹ ਅੰਧਾਰੀ ਅੰਧੁ ਸੁੰਞੀ ਨਾਮ ਵਿਹੂਣੀਆ ॥

ਨਾਮ ਤੋਂ ਖੁੰਝਿਆ ਹੋਇਆ ਸਰੀਰ (ਆਤਮਕ ਜੀਵਨ ਤੋਂ) ਸੱਖਣਾ ਰਹਿੰਦਾ ਹੈ, ਪੂਰਨ ਤੌਰ ਤੇ (ਆਤਮਕ ਜੀਵਨ ਦੀ ਸੂਝ ਵਲੋਂ) ਅੰਨ੍ਹਾ ਹੋ ਜਾਂਦਾ ਹੈ (ਭਾਵ, ਸਾਰੇ ਗਿਆਨ ਇੰਦ੍ਰੇ ਸੁਚੱਜੀ ਵਰਤੋਂ ਵਲੋਂ ਅੰਨ੍ਹੇ ਹੋ ਕੇ ਵਿਕਾਰਾਂ ਵਿਚ ਪਰਵਿਰਤ ਹੋਏ ਰਹਿੰਦੇ ਹਨ)।

ਨਾਨਕ ਸਫਲ ਜਨੰਮੁ ਜੈ ਘਟਿ ਵੁਠਾ ਸਚੁ ਧਣੀ ॥੨॥

ਹੇ ਨਾਨਕ! ਜਿਸ ਮਨੁੱਖ ਦੇ ਹਿਰਦੇ ਵਿਚ ਸਦਾ-ਥਿਰ ਮਾਲਕ-ਪ੍ਰਭੂ ਆ ਵੱਸਦਾ ਹੈ, ਉਸ ਦੀ ਜ਼ਿੰਦਗੀ ਮੁਬਾਰਿਕ ਹੈ ॥੨॥


ਸਲੋਕੁ ॥
ਲੋਇਣ ਲੋਈ ਡਿਠ ਪਿਆਸ ਨ ਬੁਝੈ ਮੂ ਘਣੀ ॥

ਮੈਂ ਆਪਣੀਆਂ ਅੱਖਾਂ ਨਾਲ ਜਗਤ ਨੂੰ ਵੇਖਿਆ ਹੈ, (ਅਜੇ ਭੀ) ਮੈਨੂੰ (ਜਗਤ ਵੇਖਣ ਦੀ ਪਿਆਸ) ਬਹੁਤ ਹੈ, ਇਹ ਪਿਆਸ ਬੁੱਝਦੀ ਨਹੀਂ।

ਨਾਨਕ ਸੇ ਅਖੜੀਆਂ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ ॥੧॥

ਹੇ ਨਾਨਕ! ਜਿਨ੍ਹਾਂ ਅੱਖਾਂ ਨੇ ਮੇਰੇ ਪਿਆਰੇ ਪ੍ਰਭੂ ਨੂੰ ਵੇਖਿਆ, ਉਹ ਅੱਖਾਂ ਹੋਰ ਕਿਸਮ ਦੀਆਂ ਹਨ (ਉਹਨਾਂ ਅੱਖਾਂ ਨੂੰ ਦੁਨੀਆ ਦੇ ਪਦਾਰਥ ਵੇਖਣ ਦੀ ਲਾਲਸਾ ਨਹੀਂ ਹੁੰਦੀ) ॥੧॥


ਪਉੜੀ ॥
ਜਿਨਿ ਜਨਿ ਗੁਰਮੁਖਿ ਸੇਵਿਆ ਤਿਨਿ ਸਭਿ ਸੁਖ ਪਾਈ ॥

ਜਿਸ ਮਨੁੱਖ ਨੇ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਨੂੰ ਸਿਮਰਿਆ ਹੈ ਉਸ ਨੇ ਸਾਰੇ ਸੁਖ ਮਾਣ ਲਏ ਹਨ,

ਓਹੁ ਆਪਿ ਤਰਿਆ ਕੁਟੰਬ ਸਿਉ ਸਭੁ ਜਗਤੁ ਤਰਾਈ ॥

ਉਹ ਆਪਣੇ ਪਰਵਾਰ ਸਮੇਤ ਆਪ ਭੀ (ਸੰਸਾਰ-ਸਮੁੰਦਰ ਤੋਂ) ਤਰ ਜਾਂਦਾ ਹੈ, ਸਾਰੇ ਜਗਤ ਨੂੰ ਭੀ ਤਾਰ ਲੈਂਦਾ ਹੈ।

ਓਨਿ ਹਰਿ ਨਾਮਾ ਧਨੁ ਸੰਚਿਆ ਸਭ ਤਿਖਾ ਬੁਝਾਈ ॥

ਉਸ ਮਨੁੱਖ ਨੇ ਪਰਮਾਤਮਾ ਦਾ ਨਾਮ-ਧਨ ਇਤਨਾ ਜੋੜਿਆ ਹੈ ਕਿ ਮਾਇਆ ਵਾਲੀ ਸਾਰੀ ਹੀ ਤ੍ਰਿਸ਼ਨਾ ਉਸ ਨੇ ਮਿਟਾ ਲਈ ਹੈ।

ਓਨਿ ਛਡੇ ਲਾਲਚ ਦੁਨੀ ਕੇ ਅੰਤਰਿ ਲਿਵ ਲਾਈ ॥

ਉਸ ਨੇ ਦੁਨੀਆ ਦੇ ਸਾਰੇ ਲਾਲਚ ਛੱਡ ਦਿੱਤੇ ਹਨ (ਲਾਲਚਾਂ ਵਿਚ ਨਹੀਂ ਫਸਦਾ) ਉਸ ਨੇ ਪ੍ਰਭੂ-ਚਰਨਾਂ ਵਿਚ ਸੁਰਤ ਜੋੜੀ ਹੋਈ ਹੈ।

ਓਸੁ ਸਦਾ ਸਦਾ ਘਰਿ ਅਨੰਦੁ ਹੈ ਹਰਿ ਸਖਾ ਸਹਾਈ ॥

ਉਸ ਦੇ ਹਿਰਦੇ ਵਿਚ ਸਦਾ ਖ਼ੁਸ਼ੀ-ਅਨੰਦ ਹੈ, ਪ੍ਰਭੂ ਸਦਾ ਉਸ ਦਾ ਮਿਤ੍ਰ ਹੈ ਸਹਾਇਤਾ ਕਰਨ ਵਾਲਾ ਹੈ।

ਓਨਿ ਵੈਰੀ ਮਿਤ੍ਰ ਸਮ ਕੀਤਿਆ ਸਭ ਨਾਲਿ ਸੁਭਾਈ ॥

ਉਸ ਨੇ ਵੈਰੀ ਤੇ ਮਿਤ੍ਰ ਇਕੋ ਜੇਹੇ ਸਮਝ ਲਏ ਹਨ (ਹਰੇਕ ਨੂੰ ਮਿਤ੍ਰ ਸਮਝਦਾ ਹੈ), ਸਭਨਾਂ ਨਾਲ ਚੰਗਾ ਸੁਭਾਉ ਵਰਤਦਾ ਹੈ।

ਹੋਆ ਓਹੀ ਅਲੁ ਜਗ ਮਹਿ ਗੁਰ ਗਿਆਨੁ ਜਪਾਈ ॥

ਉਹ ਮਨੁੱਖ ਗੁਰੂ ਤੋਂ ਮਿਲੇ ਉਪਦੇਸ਼ ਨੂੰ ਸਦਾ ਚੇਤੇ ਰੱਖਦਾ ਹੈ ਤੇ ਜਗਤ ਵਿਚ ਨਾਮਣੇ ਵਾਲਾ ਹੋ ਜਾਂਦਾ ਹੈ,

ਪੂਰਬਿ ਲਿਖਿਆ ਪਾਇਆ ਹਰਿ ਸਿਉ ਬਣਿ ਆਈ ॥੧੬॥

ਪਿਛਲੇ ਜਨਮਾਂ ਵਿਚ ਕੀਤੇ ਭਲੇ ਕਰਮਾਂ ਦੇ ਲੇਖ ਉਸ ਦੇ ਮੱਥੇ ਉਤੇ ਉੱਘੜ ਪੈਂਦੇ ਹਨ ਤੇ (ਇਸ ਜਨਮ ਵਿਚ) ਪਰਮਾਤਮਾ ਨਾਲ ਉਸ ਦੀ ਪੱਕੀ ਪ੍ਰੀਤ ਬਣ ਜਾਂਦੀ ਹੈ ॥੧੬॥


ਡਖਣੇ ਮਃ ੫ ॥
ਸਚੁ ਸੁਹਾਵਾ ਕਾਢੀਐ ਕੂੜੈ ਕੂੜੀ ਸੋਇ ॥

ਹਰ ਕੋਈ ਆਖਦਾ ਹੈ ਕਿ (ਪਰਮਾਤਮਾ ਦਾ) ਨਾਮ-ਧਨ ਸੁਖ ਦੇਣ ਵਾਲਾ ਹੈ ਤੇ ਦੁਨੀਆਵੀ ਧਨ (ਦੇ ਇਕੱਠਾ ਕਰਨ) ਵਿਚ ਕੋਈ ਨ ਕੋਈ ਝਗੜੇ-ਉਪਾਧੀ ਵਾਲੀ ਖ਼ਬਰ ਹੀ ਸੁਣੀਦੀ ਹੈ।

ਨਾਨਕ ਵਿਰਲੇ ਜਾਣੀਅਹਿ ਜਿਨ ਸਚੁ ਪਲੈ ਹੋਇ ॥੧॥

ਫਿਰ ਭੀ, ਹੇ ਨਾਨਕ! ਐਸੇ ਬੰਦੇ ਵਿਰਲੇ ਹੀ ਮਿਲਦੇ ਹਨ, ਜਿਨ੍ਹਾਂ ਨੇ ਨਾਮ-ਧਨ ਇਕੱਠਾ ਕੀਤਾ ਹੋਵੇ (ਹਰ ਕੋਈ ਉਪਾਧੀ-ਮੂਲ ਦੁਨੀਆਵੀ ਧਨ ਦੇ ਹੀ ਪਿੱਛੇ ਦੌੜ ਰਿਹਾ ਹੈ) ॥੧॥


ਮਃ ੫ ॥
ਸਜਣ ਮੁਖੁ ਅਨੂਪੁ ਅਠੇ ਪਹਰ ਨਿਹਾਲਸਾ ॥

ਸੁੱਤੀ ਹੋਈ ਨੇ ਮੈਂ ਉਸ ਖਸਮ-ਪ੍ਰਭੂ ਨੂੰ (ਸੁਪਨੇ ਵਿਚ) ਵੇਖਿਆ, ਸੱਜਣ ਦਾ ਮੂੰਹ ਬਹੁਤ ਹੀ ਸੋਹਣਾ (ਲੱਗਾ)।

ਸੁਤੜੀ ਸੋ ਸਹੁ ਡਿਠੁ ਤੈ ਸੁਪਨੇ ਹਉ ਖੰਨੀਐ ॥੨॥

ਹੇ ਸੁਪਨੇ! ਮੈਂ ਤੈਥੋਂ ਸਦਕੇ ਜਾਂਦੀ ਹਾਂ। (ਹੁਣ ਮੇਰੀ ਤਾਂਘ ਹੈ ਕਿ) ਮੈਂ ਅੱਠੇ ਪਹਰ (ਸੱਜਣ ਦਾ ਮੂੰਹ) ਵੇਖਦੀ ਰਹਾਂ ॥੨॥


ਮਃ ੫ ॥
ਸਜਣ ਸਚੁ ਪਰਖਿ ਮੁਖਿ ਅਲਾਵਣੁ ਥੋਥਰਾ ॥

ਹੇ ਮਿਤ੍ਰ! (ਨਿਰਾ) ਮੂੰਹੋਂ ਆਖਣਾ ਵਿਅਰਥ ਹੈ, ਨਾਮ-ਧਨ ਨੂੰ (ਆਪਣੇ ਹਿਰਦੇ ਵਿਚ) ਜਾਚ-ਤੋਲ।

ਮੰਨ ਮਝਾਹੂ ਲਖਿ ਤੁਧਹੁ ਦੂਰਿ ਨ ਸੁ ਪਿਰੀ ॥੩॥

ਆਪਣੇ ਅੰਦਰ ਝਾਤੀ ਮਾਰ ਕੇ ਵੇਖ, ਉਹ ਪਤੀ-ਪ੍ਰਭੂ ਤੈਥੋਂ ਦੂਰ ਨਹੀਂ ਹੈ (ਤੇਰੇ ਅੰਦਰ ਹੀ ਵੱਸਦਾ ਹੈ) ॥੩॥


ਪਉੜੀ ॥
ਧਰਤਿ ਆਕਾਸੁ ਪਾਤਾਲੁ ਹੈ ਚੰਦੁ ਸੂਰੁ ਬਿਨਾਸੀ ॥

ਧਰਤੀ ਆਕਾਸ਼ ਪਾਤਾਲ ਚੰਦ ਅਤੇ ਸੂਰਜ-ਇਹ ਸਭ ਨਾਸਵੰਤ ਹਨ।

ਬਾਦਿਸਾਹ ਸਾਹ ਉਮਰਾਵ ਖਾਨ ਢਾਹਿ ਡੇਰੇ ਜਾਸੀ ॥

ਸ਼ਾਹ ਬਾਦਸ਼ਾਹ ਅਮੀਰ ਜਾਗੀਰਦਾਰ (ਸਭ ਆਪਣੇ) ਮਹਲ-ਮਾੜੀਆਂ ਛੱਡ ਕੇ (ਇਥੋਂ) ਤੁਰ ਜਾਣਗੇ।

ਰੰਗ ਤੁੰਗ ਗਰੀਬ ਮਸਤ ਸਭੁ ਲੋਕੁ ਸਿਧਾਸੀ ॥

ਕੰਗਾਲ, ਅਮੀਰ, ਗ਼ਰੀਬ, ਮਾਇਆ-ਮੱਤੇ (ਕੋਈ ਭੀ ਹੋਵੇ) ਸਾਰਾ ਜਗਤ ਹੀ (ਇਥੋਂ) ਚਾਲੇ ਪਾ ਜਾਇਗਾ।

ਕਾਜੀ ਸੇਖ ਮਸਾਇਕਾ ਸਭੇ ਉਠਿ ਜਾਸੀ ॥

ਕਾਜ਼ੀ ਸ਼ੇਖ਼ ਆਦਿਕ ਭੀ ਸਾਰੇ ਹੀ ਕੂਚ ਕਰ ਜਾਣਗੇ।

ਪੀਰ ਪੈਕਾਬਰ ਅਉਲੀਏ ਕੋ ਥਿਰੁ ਨ ਰਹਾਸੀ ॥

ਪੀਰ ਪੈਗ਼ੰਬਰ ਵੱਡੇ ਵੱਡੇ ਧਾਰਮਿਕ ਆਗੂ-ਇਹਨਾਂ ਵਿਚੋਂ ਭੀ ਕੋਈ ਇਥੇ ਸਦਾ ਟਿਕਿਆ ਨਹੀਂ ਰਹੇਗਾ।

ਰੋਜਾ ਬਾਗ ਨਿਵਾਜ ਕਤੇਬ ਵਿਣੁ ਬੁਝੇ ਸਭ ਜਾਸੀ ॥

ਜਿਨ੍ਹਾਂ ਰੋਜ਼ੇ ਰੱਖੇ, ਬਾਂਗਾਂ ਦਿੱਤੀਆਂ, ਨਿਮਾਜ਼ਾਂ ਪੜ੍ਹੀਆਂ, ਧਾਰਮਿਕ ਪੁਸਤਕ ਪੜ੍ਹੇ ਉਹ ਭੀ ਅਤੇ ਜਿਨ੍ਹਾਂ ਇਹਨਾਂ ਦੀ ਸਾਰ ਨ ਸਮਝੀ ਉਹ ਭੀ ਸਾਰੇ (ਜਗਤ ਤੋਂ ਆਖ਼ਰ) ਚਲੇ ਜਾਣਗੇ।

ਲਖ ਚਉਰਾਸੀਹ ਮੇਦਨੀ ਸਭ ਆਵੈ ਜਾਸੀ ॥

ਧਰਤੀ ਦੀਆਂ ਚੌਰਾਸੀ ਲੱਖ ਜੂਨਾਂ ਦੇ ਸਾਰੇ ਹੀ ਜੀਵ (ਜਗਤ ਵਿਚ) ਆਉਂਦੇ ਹਨ ਤੇ ਫਿਰ ਇਥੋਂ ਚਲੇ ਜਾਂਦੇ ਹਨ।

ਨਿਹਚਲੁ ਸਚੁ ਖੁਦਾਇ ਏਕੁ ਖੁਦਾਇ ਬੰਦਾ ਅਬਿਨਾਸੀ ॥੧੭॥

ਸਿਰਫ਼ ਇਕ ਸੱਚਾ ਖ਼ੁਦਾ ਹੀ ਸਦਾ ਕਾਇਮ ਰਹਿਣ ਵਾਲਾ ਹੈ। ਖ਼ੁਦਾ ਦਾ ਬੰਦਾ (ਭਗਤ) ਭੀ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦਾ ॥੧੭॥


ਡਖਣੇ ਮਃ ੫ ॥
ਡਿਠੀ ਹਭ ਢੰਢੋਲਿ ਹਿਕਸੁ ਬਾਝੁ ਨ ਕੋਇ ॥

ਮੈਂ ਸਾਰੀ ਸ੍ਰਿਸ਼ਟੀ ਭਾਲ ਕੇ ਵੇਖ ਲਈ ਹੈ, (ਹੇ ਪ੍ਰਭੂ!) ਇਕ ਤੇਰੇ (ਦੀਦਾਰ ਤੋਂ) ਬਿਨਾ ਹੋਰ ਕੋਈ ਭੀ (ਪਦਾਰਥ ਮੈਨੂੰ ਆਤਮਕ ਸ਼ਾਂਤੀ) ਨਹੀਂ (ਦੇਂਦਾ)।

ਆਉ ਸਜਣ ਤੂ ਮੁਖਿ ਲਗੁ ਮੇਰਾ ਤਨੁ ਮਨੁ ਠੰਢਾ ਹੋਇ ॥੧॥

ਹੇ ਮਿਤ੍ਰ-ਪ੍ਰਭੂ! ਆ, ਤੂੰ ਮੈਨੂੰ ਦਰਸਨ ਦੇਹ, (ਤੇਰਾ ਦਰਸਨ ਕੀਤਿਆਂ) ਮੇਰੇ ਤਨ ਮਨ ਵਿਚ ਠੰਢ ਪੈਂਦੀ ਹੈ ॥੧॥


ਮਃ ੫ ॥
ਆਸਕੁ ਆਸਾ ਬਾਹਰਾ ਮੂ ਮਨਿ ਵਡੀ ਆਸ ॥

(ਹੇ ਪ੍ਰਭੂ!) (ਤੇਰੇ ਚਰਨਾਂ ਦਾ ਸੱਚਾ) ਪ੍ਰੇਮੀ ਉਹੀ ਹੋ ਸਕਦਾ ਹੈ ਜਿਸ ਨੂੰ ਦੁਨੀਆਵੀ ਆਸਾਂ ਨਾਹ ਪੋਹ ਸਕਣ, ਪਰ ਮੇਰੇ ਮਨ ਵਿਚ ਤਾਂ ਵੱਡੀਆਂ ਵੱਡੀਆਂ ਆਸਾਂ ਹਨ।

ਆਸ ਨਿਰਾਸਾ ਹਿਕੁ ਤੂ ਹਉ ਬਲਿ ਬਲਿ ਬਲਿ ਗਈਆਸ ॥੨॥

ਸਿਰਫ਼ ਤੂੰ ਹੀ ਹੈਂ ਜੋ ਮੈਨੂੰ (ਦੁਨੀਆਵੀ) ਆਸਾਂ ਤੋਂ ਉਪਰਾਮ ਕਰ ਸਕਦਾ ਹੈਂ। ਮੈਂ ਤੈਥੋਂ ਹੀ ਕੁਰਬਾਨ ਜਾਂਦਾ ਹਾਂ (ਤੂੰ ਆਪ ਹੀ ਮੇਹਰ ਕਰ) ॥੨॥


ਮਃ ੫ ॥
ਵਿਛੋੜਾ ਸੁਣੇ ਡੁਖੁ ਵਿਣੁ ਡਿਠੇ ਮਰਿਓਦਿ ॥

(ਪ੍ਰਭੂ-ਚਰਨਾਂ ਦਾ ਅਸਲ) ਪ੍ਰੇਮੀ ਉਹ ਹੈ ਜਿਸ ਨੂੰ ਇਹ ਸੁਣ ਕੇ ਹੀ ਦੁੱਖ ਪ੍ਰਤੀਤ ਹੋਵੇ ਕਿ ਪ੍ਰਭੂ ਤੋਂ ਵਿਛੋੜਾ ਹੋਣ ਲੱਗਾ ਹੈ। ਦੀਦਾਰ ਤੋਂ ਬਿਨਾ ਸੱਚਾ ਪ੍ਰੇਮੀ ਆਤਮਕ ਮੌਤ ਮਹਿਸੂਸ ਕਰਦਾ ਹੈ।

ਬਾਝੁ ਪਿਆਰੇ ਆਪਣੇ ਬਿਰਹੀ ਨਾ ਧੀਰੋਦਿ ॥੩॥

ਆਪਣੇ ਪਿਆਰੇ ਪ੍ਰਭੂ ਤੋਂ ਵਿਛੁੜ ਕੇ ਪ੍ਰੇਮੀ ਦਾ ਮਨ ਖਲੋਂਦਾ ਨਹੀਂ ਹੈ ॥੩॥


ਪਉੜੀ ॥
ਤਟ ਤੀਰਥ ਦੇਵ ਦੇਵਾਲਿਆ ਕੇਦਾਰੁ ਮਥੁਰਾ ਕਾਸੀ ॥

ਦੇਵਤਿਆਂ ਦੇ ਮੰਦਰ, ਕੇਦਾਰ ਮਥੁਰਾ ਕਾਂਸ਼ੀ ਆਦਿਕ ਤੀਰਥ,

ਕੋਟਿ ਤੇਤੀਸਾ ਦੇਵਤੇ ਸਣੁ ਇੰਦ੍ਰੈ ਜਾਸੀ ॥

ਤੇਤੀ ਕਰੋੜ ਦੇਵਤੇ, ਇੰਦਰ ਦੇਵਤਾ ਭੀ-ਆਖ਼ਰ ਨਾਸਵੰਤ ਹਨ।

ਸਿਮ੍ਰਿਤਿ ਸਾਸਤ੍ਰ ਬੇਦ ਚਾਰਿ ਖਟੁ ਦਰਸ ਸਮਾਸੀ ॥

ਚਾਰ ਵੇਦ ਸਿਮ੍ਰਿਤੀਆਂ ਸਾਸਤ੍ਰ ਆਦਿਕ ਧਾਰਮਿਕ ਪੁਸਤਕਾਂ (ਦੇ ਪੜ੍ਹਨ ਵਾਲੇ) ਤੇ ਛਿਆਂ ਭੇਖਾਂ ਦੇ ਸਾਧੂ ਭੀ ਅੰਤ ਨੂੰ ਚੱਲ ਜਾਣਗੇ।

ਪੋਥੀ ਪੰਡਿਤ ਗੀਤ ਕਵਿਤ ਕਵਤੇ ਭੀ ਜਾਸੀ ॥

ਪੁਸਤਕਾਂ ਦੇ ਵਿਦਵਾਨ, ਗੀਤਾਂ ਕਵਿਤਾਵਾਂ ਦੇ ਲਿਖਣ ਵਾਲੇ ਕਵੀ ਭੀ ਜਗਤ ਤੋਂ ਕੂਚ ਕਰ ਜਾਣਗੇ।

ਜਤੀ ਸਤੀ ਸੰਨਿਆਸੀਆ ਸਭਿ ਕਾਲੈ ਵਾਸੀ ॥

ਜਤੀ ਸਤੀ ਸੰਨਿਆਸੀ-ਇਹ ਸਾਰੇ ਭੀ ਮੌਤ ਦੇ ਅਧੀਨ ਹਨ।

ਮੁਨਿ ਜੋਗੀ ਦਿਗੰਬਰਾ ਜਮੈ ਸਣੁ ਜਾਸੀ ॥

ਸਮਾਧੀਆਂ ਲਾਵਣ ਵਾਲੇ, ਜੋਗੀ, ਨਾਂਗੇ, ਜਮਦੂਤ-ਇਹ ਭੀ ਨਾਸਵੰਤ ਹਨ।

ਜੋ ਦੀਸੈ ਸੋ ਵਿਣਸਣਾ ਸਭ ਬਿਨਸਿ ਬਿਨਾਸੀ ॥

(ਮੁੱਕਦੀ ਗੱਲ) (ਜਗਤ ਵਿਚ) ਜੋ ਕੁਝ ਦਿੱਸ ਰਿਹਾ ਹੈ ਉਹ ਨਾਸਵੰਤ ਹੈ, ਹਰੇਕ ਨੇ ਜ਼ਰੂਰ ਨਾਸ ਹੋ ਜਾਣਾ ਹੈ।

ਥਿਰੁ ਪਾਰਬ੍ਰਹਮੁ ਪਰਮੇਸਰੋ ਸੇਵਕੁ ਥਿਰੁ ਹੋਸੀ ॥੧੮॥

ਸਦਾ ਕਾਇਮ ਰਹਿਣ ਵਾਲਾ ਕੇਵਲ ਪਾਰਬ੍ਰਹਮ ਪਰਮੇਸਰ ਹੀ ਹੈ। ਉਸ ਦਾ ਭਗਤ ਭੀ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ ॥੧੮॥


ਸਲੋਕ ਡਖਣੇ ਮਃ ੫ ॥
ਸੈ ਨੰਗੇ ਨਹ ਨੰਗ ਭੁਖੇ ਲਖ ਨ ਭੁਖਿਆ ॥

ਉਸ ਮਨੁੱਖ ਨੂੰ ਨੰਗ ਦੀ ਪਰਵਾਹ ਨਹੀਂ ਹੁੰਦੀ ਚਾਹੇ ਸੈਂਕੜੇ ਵਾਰੀ ਨੰਗਾ ਰਹਿਣਾ ਪਏ, ਉਸ ਨੂੰ ਭੁੱਖ ਨਹੀਂ ਚੁੱਭਦੀ ਚਾਹੇ ਲੱਖਾਂ ਵਾਰੀ ਭੁੱਖਾ ਰਹਿਣਾ ਪਏ।

ਡੁਖੇ ਕੋੜਿ ਨ ਡੁਖ ਨਾਨਕ ਪਿਰੀ ਪਿਖੰਦੋ ਸੁਭ ਦਿਸਟਿ ॥੧॥

ਹੇ ਨਾਨਕ! (ਜਿਸ ਮਨੁੱਖ ਵਲ) ਪ੍ਰਭੂ-ਪਤੀ ਸਵੱਲੀ ਨਜ਼ਰ ਨਾਲ ਤੱਕੇ, ਉਸ ਨੂੰ ਕੋਈ ਦੁੱਖ ਨਹੀਂ ਪੋਂਹਦਾ ਚਾਹੇ ਕ੍ਰੋੜਾਂ ਦੁੱਖ ਵਾਪਰਨ ॥੧॥


ਮਃ ੫ ॥
ਸੁਖ ਸਮੂਹਾ ਭੋਗ ਭੂਮਿ ਸਬਾਈ ਕੋ ਧਣੀ ॥

ਜੇ ਕਿਸੇ ਮਨੁੱਖ ਨੂੰ ਸਾਰੇ ਸੁਖ ਮਾਣਨ ਨੂੰ ਮਿਲੇ ਹੋਣ, ਜੇ ਉਹ ਸਾਰੀ ਧਰਤੀ ਦਾ ਮਾਲਕ ਹੋਵੇ,

ਨਾਨਕ ਹਭੋ ਰੋਗੁ ਮਿਰਤਕ ਨਾਮ ਵਿਹੂਣਿਆ ॥੨॥

(ਪਰ) ਹੇ ਨਾਨਕ! ਜੇ ਉਹ ਪ੍ਰਭੂ ਦੇ ਨਾਮ ਤੋਂ ਸੱਖਣਾ ਹੈ ਉਸ ਦੀ ਆਤਮਾ ਮੁਰਦਾ ਹੈ, ਸਾਰੇ ਸੁਖ ਉਸ ਲਈ ਰੋਗ (ਸਮਾਨ) ਹਨ (ਉਸ ਦੀ ਆਤਮਾ ਨੂੰ ਹੋਰ ਮੁਰਦਿਹਾਣ ਦੇਂਦੇ ਹਨ) ॥੨॥


ਮਃ ੫ ॥
ਹਿਕਸ ਕੂੰ ਤੂ ਆਹਿ ਪਛਾਣੂ ਭੀ ਹਿਕੁ ਕਰਿ ॥

ਸਿਰਫ਼ ਇਕ ਪਰਮਾਤਮਾ ਨੂੰ ਮਿਲਣ ਦੀ ਤਾਂਘ ਰੱਖ, ਇਕ ਪਰਮਾਤਮਾ ਨੂੰ ਹੀ ਆਪਣਾ ਮਿੱਤਰ ਬਣਾ,

ਨਾਨਕ ਆਸੜੀ ਨਿਬਾਹਿ ਮਾਨੁਖ ਪਰਥਾਈ ਲਜੀਵਦੋ ॥੩॥

ਹੇ ਨਾਨਕ! ਉਹੀ ਤੇਰੀ ਆਸ ਪੂਰੀ ਕਰਨ ਵਾਲਾ ਹੈ। ਕਿਸੇ ਮਨੁੱਖ ਦਾ ਆਸਰਾ ਲੈਣਾ ਲੱਜਾ ਦਾ ਕਾਰਨ ਬਣਦਾ ਹੈ ॥੩॥


ਪਉੜੀ ॥
ਨਿਹਚਲੁ ਏਕੁ ਨਰਾਇਣੋ ਹਰਿ ਅਗਮ ਅਗਾਧਾ ॥

ਸਿਰਫ਼ ਅਪਹੁੰਚ ਤੇ ਅਥਾਹ ਹਰੀ-ਪਰਮਾਤਮਾ ਹੀ ਸਦਾ-ਥਿਰ ਰਹਿਣ ਵਾਲਾ ਹੈ,

ਨਿਹਚਲੁ ਨਾਮੁ ਨਿਧਾਨੁ ਹੈ ਜਿਸੁ ਸਿਮਰਤ ਹਰਿ ਲਾਧਾ ॥

ਉਸ ਹਰੀ ਦਾ ਨਾਮ-ਖ਼ਜ਼ਾਨਾ ਭੀ ਅਮੁੱਕ ਹੈ, ਨਾਮ ਸਿਮਰਿਆਂ ਪਰਮਾਤਮਾ ਲੱਭ ਪੈਂਦਾ ਹੈ।

ਨਿਹਚਲੁ ਕੀਰਤਨੁ ਗੁਣ ਗੋਬਿੰਦ ਗੁਰਮੁਖਿ ਗਾਵਾਧਾ ॥

ਗੁਰੂ ਦੀ ਸਰਨ ਪੈ ਕੇ ਗਾਂਵਿਆ ਹੋਇਆ ਪਰਮਾਤਮਾ ਦੇ ਗੁਣਾਂ ਦਾ ਕੀਰਤਨ ਭੀ (ਐਸਾ ਖ਼ਜ਼ਾਨਾ ਹੈ ਜੋ) ਸਦਾ ਕਾਇਮ ਰਹਿੰਦਾ ਹੈ।

ਸਚੁ ਧਰਮੁ ਤਪੁ ਨਿਹਚਲੋ ਦਿਨੁ ਰੈਨਿ ਅਰਾਧਾ ॥

ਦਿਨ ਰਾਤ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ, ਇਹੀ ਹੈ ਸਦਾ-ਥਿਰ ਧਰਮ ਤੇ ਇਹੀ ਹੈ ਸਦਾ ਕਾਇਮ ਰਹਿਣ ਵਾਲਾ ਤਪ।

ਦਇਆ ਧਰਮੁ ਤਪੁ ਨਿਹਚਲੋ ਜਿਸੁ ਕਰਮਿ ਲਿਖਾਧਾ ॥

ਪਰ ਇਹ ਅਟੱਲ ਤਪ ਦਇਆ ਤੇ ਧਰਮ ਉਸੇ ਨੂੰ ਮਿਲਦਾ ਹੈ ਜਿਸ ਦੇ ਭਾਗਾਂ ਵਿਚ ਪ੍ਰਭੂ ਦੀ ਮੇਹਰ ਨਾਲ ਲਿਖਿਆ ਗਿਆ ਹੈ।

ਨਿਹਚਲੁ ਮਸਤਕਿ ਲੇਖੁ ਲਿਖਿਆ ਸੋ ਟਲੈ ਨ ਟਲਾਧਾ ॥

ਮੱਥੇ ਉਤੇ ਲਿਖਿਆ ਹੋਇਆ ਇਹ ਲੇਖ ਐਸਾ ਹੈ ਕਿ ਕਿਸੇ ਦੇ ਟਾਲਿਆਂ ਟਲ ਨਹੀਂ ਸਕਦਾ।

ਨਿਹਚਲ ਸੰਗਤਿ ਸਾਧ ਜਨ ਬਚਨ ਨਿਹਚਲੁ ਗੁਰ ਸਾਧਾ ॥

ਸਾਧ ਜਨਾਂ ਦੀ ਸੰਗਤ (ਭੀ ਮਨੁੱਖਾ ਜੀਵਨ ਵਾਸਤੇ ਇਕ) ਅਟੱਲ (ਰਸਤਾ) ਹੈ, ਗੁਰੂ-ਸਾਧ ਦੇ ਬਚਨ ਭੀ (ਮਨੁੱਖ ਦੀ ਅਗਵਾਈ ਵਾਸਤੇ) ਅਟੱਲ (ਬੋਲ) ਹਨ।

ਜਿਨ ਕਉ ਪੂਰਬਿ ਲਿਖਿਆ ਤਿਨ ਸਦਾ ਸਦਾ ਆਰਾਧਾ ॥੧੯॥

ਪੂਰਬਲੇ ਜਨਮ ਵਿਚ ਕੀਤੇ ਕਰਮਾਂ ਦਾ ਲੇਖ ਜਿਨ੍ਹਾਂ ਦੇ ਮੱਥੇ ਉਤੇ ਉੱਘੜਿਆ ਹੈ, ਉਹਨਾਂ ਨੇ ਸਦਾ ਹੀ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਸਿਮਰਨ ਕੀਤਾ ਹੈ ॥੧੯॥


ਸਲੋਕ ਡਖਣੇ ਮਃ ੫ ॥
ਜੋ ਡੁਬੰਦੋ ਆਪਿ ਸੋ ਤਰਾਏ ਕਿਨੑ ਖੇ ॥

ਜੇਹੜਾ ਮਨੁੱਖ ਆਪ ਹੀ (ਸੰਸਾਰ-ਸਮੁੰਦਰ ਦੇ ਵਿਕਾਰਾਂ ਦੀਆਂ ਲਹਿਰਾਂ ਵਿਚ) ਡੁੱਬ ਰਿਹਾ ਹੋਵੇ, ਉਹ ਹੋਰ ਕਿਨ੍ਹਾਂ ਨੂੰ ਤਾਰ ਸਕਦਾ ਹੈ?

ਤਾਰੇਦੜੋ ਭੀ ਤਾਰਿ ਨਾਨਕ ਪਿਰ ਸਿਉ ਰਤਿਆ ॥੧॥

ਹੇ ਨਾਨਕ! ਜੋ ਮਨੁੱਖ ਪਤੀ-ਪਰਮਾਤਮਾ (ਦੇ ਪਿਆਰ) ਵਿਚ ਰੰਗੇ ਹੋਏ ਹਨ ਉਹ (ਇਹਨਾਂ ਠਿੱਲ੍ਹਾਂ ਵਿਚੋਂ) ਆਪ ਭੀ ਤਰ ਜਾਂਦੇ ਹਨ ਤੇ ਹੋਰਨਾਂ ਨੂੰ ਭੀ ਤਾਰ ਲੈਂਦੇ ਹਨ ॥੧॥


ਮਃ ੫ ॥
ਜਿਥੈ ਕੋਇ ਕਥੰਨਿ ਨਾਉ ਸੁਣੰਦੋ ਮਾ ਪਿਰੀ ॥

ਜਿਸ ਥਾਂ (ਭਾਵ, ਸਾਧ ਸੰਗਤ ਵਿਚ) ਕੋਈ (ਗੁਰਮੁਖ ਬੰਦੇ) ਮੇਰੇ ਪਤੀ-ਪ੍ਰਭੂ ਦਾ ਨਾਮ ਸੁਣਦੇ ਉਚਾਰਦੇ ਹੋਣ, ਮੈਂ ਭੀ ਉਥੇ (ਚੱਲ ਕੇ) ਜਾਵਾਂ।

ਮੂੰ ਜੁਲਾਊਂ ਤਥਿ ਨਾਨਕ ਪਿਰੀ ਪਸੰਦੋ ਹਰਿਓ ਥੀਓਸਿ ॥੨॥

(ਕਿਉਂਕਿ) ਹੇ ਨਾਨਕ! (ਸਾਧ ਸੰਗਤ ਵਿਚ) ਪਿਰ ਦਾ ਦੀਦਾਰ ਕਰ ਕੇ (ਆਪਾ) ਹਰਾ ਹੋ ਜਾਂਦਾ ਹੈ (ਆਤਮਕ ਜੀਵਨ ਮਿਲ ਜਾਂਦਾ ਹੈ) ॥੨॥


ਮਃ ੫ ॥
ਮੇਰੀ ਮੇਰੀ ਕਿਆ ਕਰਹਿ ਪੁਤ੍ਰ ਕਲਤ੍ਰ ਸਨੇਹ ॥

ਮੋਹ ਵਿਚ ਫਸ ਕੇ ਤੂੰ ਕਿਉਂ ਇਹ ਆਖੀ ਜਾ ਰਿਹਾ ਹੈਂ ਕਿ ਇਹ ਮੇਰੀ ਇਸਤ੍ਰੀ ਹੈ ਇਹ ਮੇਰਾ ਪੁੱਤਰ ਹੈ?

ਨਾਨਕ ਨਾਮ ਵਿਹੂਣੀਆ ਨਿਮੁਣੀਆਦੀ ਦੇਹ ॥੩॥

ਹੇ ਨਾਨਕ! (ਮੋਹ ਵਿਚ ਫਸ ਕੇ) ਪ੍ਰਭੂ ਦੇ ਨਾਮ ਤੋਂ ਸੱਖਣਾ ਰਹਿ ਕੇ ਇਹ ਸਰੀਰ ਜਿਸ ਦੀ ਪਾਂਇਆਂ ਕੋਈ ਨਹੀਂ (ਵਿਅਰਥ ਚਲਾ ਜਾਇਗਾ) ॥੩॥


ਪਉੜੀ ॥
ਨੈਨੀ ਦੇਖਉ ਗੁਰ ਦਰਸਨੋ ਗੁਰ ਚਰਣੀ ਮਥਾ ॥

ਮੈਂ ਅੱਖਾਂ ਨਾਲ ਗੁਰੂ ਦਾ ਦਰਸਨ ਕਰਦਾ ਹਾਂ, ਆਪਣਾ ਮੱਥਾ ਗੁਰੂ ਦੇ ਚਰਨਾਂ ਵਿਚ ਧਰਦਾ ਹਾਂ,

ਪੈਰੀ ਮਾਰਗਿ ਗੁਰ ਚਲਦਾ ਪਖਾ ਫੇਰੀ ਹਥਾ ॥

ਪੈਰਾਂ ਨਾਲ ਮੈਂ ਗੁਰੂ ਦੇ ਦੱਸੇ ਰਸਤੇ ਉਤੇ ਤੁਰਦਾ ਹਾਂ, ਹੱਥਾਂ ਨਾਲ ਮੈਂ (ਗੁਰੂ ਨੂੰ ਸੰਗਤ ਨੂੰ) ਪੱਖਾ ਝੱਲਦਾ ਹਾਂ।

ਅਕਾਲ ਮੂਰਤਿ ਰਿਦੈ ਧਿਆਇਦਾ ਦਿਨੁ ਰੈਨਿ ਜਪੰਥਾ ॥

(ਇਸ ਸੰਜਮ ਵਿਚ ਰਹਿ ਕੇ) ਮੈਂ ਪਰਮਾਤਮਾ ਦਾ ਸਰੂਪ ਆਪਣੇ ਹਿਰਦੇ ਵਿਚ ਟਿਕਾਂਦਾ ਹਾਂ ਤੇ ਦਿਨ ਰਾਤ (ਉਸ ਦਾ ਨਾਮ) ਜਪਦਾ ਹਾਂ।

ਮੈ ਛਡਿਆ ਸਗਲ ਅਪਾਇਣੋ ਭਰਵਾਸੈ ਗੁਰ ਸਮਰਥਾ ॥

ਸਭ ਤਾਕਤਾਂ ਦੇ ਮਾਲਕ ਗੁਰੂ ਵਿਚ ਸਰਧਾ ਧਾਰ ਕੇ ਮੈਂ (ਮਾਇਆ ਵਾਲੀ) ਸਾਰੀ ਅਪਣੱਤ ਦੂਰ ਕਰ ਲਈ ਹੈ।

ਗੁਰਿ ਬਖਸਿਆ ਨਾਮੁ ਨਿਧਾਨੁ ਸਭੋ ਦੁਖੁ ਲਥਾ ॥

ਗੁਰੂ ਨੇ ਮੈਨੂੰ ਪ੍ਰਭੂ ਦਾ ਨਾਮ-ਖ਼ਜ਼ਾਨਾ ਦਿੱਤਾ ਹੈ, (ਹੁਣ) ਮੇਰਾ ਸਾਰਾ ਦੁੱਖ-ਕਲੇਸ਼ ਲਹਿ ਗਿਆ ਹੈ।

ਭੋਗਹੁ ਭੁੰਚਹੁ ਭਾਈਹੋ ਪਲੈ ਨਾਮੁ ਅਗਥਾ ॥

ਹੇ ਭਰਾਵੋ! (ਤੁਸੀਂ ਭੀ) ਅਕੱਥ ਪ੍ਰਭੂ ਦੇ ਨਾਮ-ਖ਼ਜ਼ਾਨੇ ਨੂੰ (ਖੁਲ੍ਹੇ ਦਿਲ) ਵਰਤੋ, ਤੇ ਇਕੱਠਾ ਕਰੋ।

ਨਾਮੁ ਦਾਨੁ ਇਸਨਾਨੁ ਦਿੜੁ ਸਦਾ ਕਰਹੁ ਗੁਰ ਕਥਾ ॥

ਸਦਾ ਗੁਰੂ ਦੀਆਂ ਕਹਾਣੀਆਂ ਕਰੋ, ਨਾਮ ਜਪੋ, ਸੇਵਾ ਕਰੋ ਤੇ ਆਪਣਾ ਆਚਰਨ ਪਵਿੱਤ੍ਰ ਬਣਾਓ।

ਸਹਜੁ ਭਇਆ ਪ੍ਰਭੁ ਪਾਇਆ ਜਮ ਕਾ ਭਉ ਲਥਾ ॥੨੦॥

(ਇਸ ਤਰ੍ਹਾਂ ਜਦੋਂ) ਮਨ ਦੀ ਅਡੋਲਤਾ ਬਣ ਜਾਂਦੀ ਹੈ, ਤਾਂ ਰੱਬ ਮਿਲ ਪੈਂਦਾ ਹੈ, (ਫਿਰ) ਮੌਤ ਦਾ ਡਰ ਭੀ ਦੂਰ ਹੋ ਜਾਂਦਾ ਹੈ (ਆਤਮਕ ਮੌਤ ਨੇੜੇ ਨਹੀਂ ਢੁਕ ਸਕਦੀ) ॥੨੦॥


ਸਲੋਕ ਡਖਣੇ ਮਃ ੫ ॥
ਲਗੜੀਆ ਪਿਰੀਅੰਨਿ ਪੇਖੰਦੀਆ ਨਾ ਤਿਪੀਆ ॥

(ਮੇਰੀਆਂ ਅੱਖਾਂ) ਪਤੀ-ਪ੍ਰਭੂ ਨਾਲ ਲੱਗ ਗਈਆਂ ਹਨ (ਹੁਣ ਇਹ ਅੱਖਾਂ ਉਸ ਨੂੰ) ਵੇਖ ਵੇਖ ਕੇ ਰੱਜਦੀਆਂ ਨਹੀਂ (ਅੱਕਦੀਆਂ ਨਹੀਂ)।

ਹਭ ਮਝਾਹੂ ਸੋ ਧਣੀ ਬਿਆ ਨ ਡਿਠੋ ਕੋਇ ॥੧॥

ਉਹ ਮਾਲਕ-ਪ੍ਰਭੂ (ਹੁਣ ਮੈਨੂੰ) ਸਭਨਾਂ ਵਿਚ (ਦਿੱਸ ਰਿਹਾ ਹੈ), (ਮੈਂ ਕਿਤੇ ਭੀ ਉਸ ਤੋਂ ਬਿਨਾ ਉਸ ਵਰਗਾ) ਕੋਈ ਦੂਜਾ ਨਹੀਂ ਵੇਖਿਆ ॥੧॥


ਮਃ ੫ ॥
ਕਥੜੀਆ ਸੰਤਾਹ ਤੇ ਸੁਖਾਊ ਪੰਧੀਆ ॥

ਸੰਤ ਜਨਾਂ ਦੇ ਉਪਦੇਸ਼-ਮਈ ਬਚਨ ਸੁਖ ਵਿਖਾਲਣ ਵਾਲਾ ਰਸਤਾ ਹਨ;

ਨਾਨਕ ਲਧੜੀਆ ਤਿੰਨਾਹ ਜਿਨਾ ਭਾਗੁ ਮਥਾਹੜੈ ॥੨॥

(ਪਰ) ਹੇ ਨਾਨਕ! ਇਹ ਬਚਨ ਉਹਨਾਂ ਨੂੰ ਹੀ ਮਿਲਦੇ ਹਨ ਜਿਨ੍ਹਾਂ ਦੇ ਮੱਥੇ ਉਤੇ (ਪੂਰਬਲੇ ਭਲੇ ਕਰਮਾਂ ਦਾ) ਭਾਗ (ਉੱਘੜਦਾ ਹੈ) ॥੨॥


ਮਃ ੫ ॥
ਡੂੰਗਰਿ ਜਲਾ ਥਲਾ ਭੂਮਿ ਬਨਾ ਫਲ ਕੰਦਰਾ ॥

ਪਹਾੜਾਂ ਵਿਚ, ਸਮੁੰਦਰਾਂ ਵਿਚ, ਰੇਤਲੇ ਥਾਵਾਂ ਵਿਚ, ਧਰਤੀ ਵਿਚ, ਜੰਗਲਾਂ ਵਿਚ, ਫਲਾਂ ਵਿਚ, ਗੁਫ਼ਾਂ ਵਿਚ,

ਪਾਤਾਲਾ ਆਕਾਸ ਪੂਰਨੁ ਹਭ ਘਟਾ ॥

ਪਾਤਾਲ ਆਕਾਸ ਵਿਚ-ਸਾਰੇ ਹੀ ਸਰੀਰਾਂ ਵਿਚ (ਪਰਮਾਤਮਾ) ਵਿਆਪਕ ਹੈ।

ਨਾਨਕ ਪੇਖਿ ਜੀਓ ਇਕਤੁ ਸੂਤਿ ਪਰੋਤੀਆ ॥੩॥

ਹੇ ਨਾਨਕ! ਜਿਸ ਪ੍ਰਭੂ ਨੇ (ਸਾਰੀ ਹੀ ਰਚਨਾ ਨੂੰ) ਇਕੋ ਧਾਗੇ ਵਿਚ (ਭਾਵ, ਹੁਕਮ ਵਿਚ, ਮਰਯਾਦਾ ਵਿਚ) ਪ੍ਰੋ ਰੱਖਿਆ ਹੈ ਉਸ ਨੂੰ ਵੇਖ ਵੇਖ ਕੇ ਮੈਨੂੰ ਆਤਮਕ ਜੀਵਨ ਮਿਲਦਾ ਹੈ ॥੩॥


ਪਉੜੀ ॥
ਹਰਿ ਜੀ ਮਾਤਾ ਹਰਿ ਜੀ ਪਿਤਾ ਹਰਿ ਜੀਉ ਪ੍ਰਤਿਪਾਲਕ ॥

ਪਰਮਾਤਮਾ ਮੇਰਾ ਮਾਤਾ ਪਿਤਾ ਹੈ (ਮਾਪਿਆਂ ਵਾਂਗ ਮੈਨੂੰ) ਪਾਲਣ ਵਾਲਾ ਹੈ।

ਹਰਿ ਜੀ ਮੇਰੀ ਸਾਰ ਕਰੇ ਹਮ ਹਰਿ ਕੇ ਬਾਲਕ ॥

ਪ੍ਰਭੂ ਮੇਰੀ ਸੰਭਾਲ ਕਰਦਾ ਹੈ, ਅਸੀਂ ਪ੍ਰਭੂ ਦੇ ਬੱਚੇ ਹਾਂ।

ਸਹਜੇ ਸਹਜਿ ਖਿਲਾਇਦਾ ਨਹੀ ਕਰਦਾ ਆਲਕ ॥

ਮੈਨੂੰ ਮੇਰਾ ਹਰੀ ਅਡੋਲ ਅਵਸਥਾ ਵਿਚ ਟਿਕਾ ਕੇ ਜੀਵਨ-ਖੇਡ ਖਿਡਾ ਰਿਹਾ ਹੈ, (ਇਸ ਗੱਲੋਂ ਰਤਾ ਭੀ) ਆਲਸ ਨਹੀਂ ਕਰਦਾ।

ਅਉਗਣੁ ਕੋ ਨ ਚਿਤਾਰਦਾ ਗਲ ਸੇਤੀ ਲਾਇਕ ॥

ਮੇਰੇ ਕਿਸੇ ਔਗੁਣ ਨੂੰ ਚੇਤੇ ਨਹੀਂ ਰੱਖਦਾ, (ਸਦਾ) ਆਪਣੇ ਗਲ ਨਾਲ (ਮੈਨੂੰ) ਲਾਈ ਰੱਖਦਾ ਹੈ।

ਮੁਹਿ ਮੰਗਾਂ ਸੋਈ ਦੇਵਦਾ ਹਰਿ ਪਿਤਾ ਸੁਖਦਾਇਕ ॥

ਜੋ ਕੁਝ ਮੈਂ ਮੂੰਹੋਂ ਮੰਗਦਾ ਹਾਂ, ਮੇਰਾ ਸੁਖ-ਦਾਈ ਪਿਤਾ-ਪ੍ਰਭੂ ਉਹੀ ਉਹੀ ਦੇ ਦੇਂਦਾ ਹੈ।

ਗਿਆਨੁ ਰਾਸਿ ਨਾਮੁ ਧਨੁ ਸਉਪਿਓਨੁ ਇਸੁ ਸਉਦੇ ਲਾਇਕ ॥

ਉਸ ਪ੍ਰਭੂ ਨੇ ਮੈਨੂੰ ਆਪਣੇ ਨਾਲ ਜਾਣ-ਪਛਾਣ ਦੀ ਪੂੰਜੀ ਆਪਣਾ ਨਾਮ-ਧਨ ਸੌਂਪ ਦਿੱਤਾ ਹੈ, ਤੇ ਮੈਨੂੰ ਇਹ ਸੌਦਾ ਵਿਹਾਝਣ ਦੇ ਲਾਇਕ ਬਣਾ ਦਿੱਤਾ ਹੈ।

ਸਾਝੀ ਗੁਰ ਨਾਲਿ ਬਹਾਲਿਆ ਸਰਬ ਸੁਖ ਪਾਇਕ ॥

ਪ੍ਰਭੂ ਨੇ ਮੈਨੂੰ ਸਤਿਗੁਰੂ ਦੇ ਨਾਲ ਭਾਈਵਾਲ ਬਣਾ ਦਿੱਤਾ ਹੈ, (ਹੁਣ) ਸਾਰੇ ਸੁਖ ਮੇਰੇ ਦਾਸ ਬਣ ਗਏ ਹਨ।

ਮੈ ਨਾਲਹੁ ਕਦੇ ਨ ਵਿਛੁੜੈ ਹਰਿ ਪਿਤਾ ਸਭਨਾ ਗਲਾ ਲਾਇਕ ॥੨੧॥

ਮੇਰਾ ਪਿਤਾ-ਪ੍ਰਭੂ ਕਦੇ ਭੀ ਮੇਰੇ ਨਾਲੋਂ ਵਿਛੁੜਦਾ ਨਹੀਂ, ਸਾਰੀਆਂ ਗੱਲਾਂ ਕਰਨ ਦੇ ਸਮਰੱਥ ਹੈ ॥੨੧॥


ਸਲੋਕ ਡਖਣੇ ਮਃ ੫ ॥
ਨਾਨਕ ਕਚੜਿਆ ਸਿਉ ਤੋੜਿ ਢੂਢਿ ਸਜਣ ਸੰਤ ਪਕਿਆ ॥

ਹੇ ਨਾਨਕ! (ਮਾਇਆ ਦੇ ਆਸਰੇ ਪ੍ਰੀਤ ਪਾਣ ਵਾਲਿਆਂ ਦੀ ਪ੍ਰੀਤ ਦੀ ਗੰਢ ਪੱਕੀ ਨਹੀਂ ਹੁੰਦੀ, ਸੋ) ਉਹਨਾਂ ਨਾਲੋਂ ਪ੍ਰੀਤ ਤੋੜ ਲੈ ਜਿਨ੍ਹਾਂ ਦੀ ਪ੍ਰੀਤ ਕੱਚੀ ਹੈ (ਉਹਨਾਂ ਨੂੰ ਸਦਾ ਨਿਭਣ ਵਾਲਾ ਸਾਥੀ ਨਾਹ ਸਮਝ)। ਗੁਰਮੁਖਾਂ ਦੀ, ਸੰਤ ਜਨਾਂ ਦੀ ਭਾਲ ਕਰ, ਉਹਨਾਂ ਦੀ ਪ੍ਰੀਤ ਪੱਕੀ ਹੁੰਦੀ ਹੈ (ਕਿਉਂਕਿ ਉਹਨਾਂ) ਨੂੰ ਕੋਈ ਸੁਆਰਥ ਨਹੀਂ ਹੁੰਦਾ।

ਓਇ ਜੀਵੰਦੇ ਵਿਛੁੜਹਿ ਓਇ ਮੁਇਆ ਨ ਜਾਹੀ ਛੋੜਿ ॥੧॥

ਸੁਆਰਥੀ ਤਾਂ ਜੀਊਂਦਿਆਂ ਹੀ (ਦਿਲੋਂ) ਵਿੱਛੁੜੇ ਰਹਿੰਦੇ ਹਨ, ਪਰ ਗੁਰਮੁਖ ਸਤਸੰਗੀ ਮਰਨ ਤੇ ਭੀ ਸਾਥ ਨਹੀਂ ਛੱਡਦੇ (ਪ੍ਰਭੂ-ਪਿਆਰ ਦੀ ਦਾਤ ਲਈ ਅਰਦਾਸ ਕਰਦੇ ਹਨ) ॥੧॥


ਮਃ ੫ ॥
ਨਾਨਕ ਬਿਜੁਲੀਆ ਚਮਕੰਨਿ ਘੁਰਨਿੑ ਘਟਾ ਅਤਿ ਕਾਲੀਆ ॥

ਹੇ ਨਾਨਕ! (ਸਾਵਣ ਦੀ ਰੁੱਤੇ ਜਦੋਂ) ਬੱਦਲਾਂ ਦੀਆਂ ਗੂੜ੍ਹੀਆਂ ਕਾਲੀਆਂ ਘਟਾਵਾਂ ਗੱਜਦੀਆਂ ਹਨ, (ਉਹਨਾਂ ਵਿਚ) ਬਿਜਲੀਆਂ ਚਮਕਦੀਆਂ ਹਨ,

ਬਰਸਨਿ ਮੇਘ ਅਪਾਰ ਨਾਨਕ ਸੰਗਮਿ ਪਿਰੀ ਸੁਹੰਦੀਆ ॥੨॥

ਤੇ ਬੱਦਲ ਮੁਹਲੇ-ਧਾਰ ਵਰ੍ਹਦੇ ਹਨ (ਤਦੋਂ ਕੈਸਾ ਸੁਹਾਵਣਾ ਸਮਾ ਹੁੰਦਾ ਹੈ); ਪਰ ਇਹ ਕਾਲੀਆਂ ਘਟਾਵਾਂ (ਇਸਤ੍ਰੀ ਨੂੰ) ਪਤੀ ਦੇ ਮਿਲਾਪ ਵਿਚ ਹੀ ਸੋਹਣੀਆਂ ਲੱਗਦੀਆਂ ਹਨ ॥੨॥


ਮਃ ੫ ॥
ਜਲ ਥਲ ਨੀਰਿ ਭਰੇ ਸੀਤਲ ਪਵਣ ਝੁਲਾਰਦੇ ॥

ਹੇ ਨਾਨਕ! (ਜੇਠ ਹਾੜ ਦੀਆਂ ਲੋਆਂ ਪਿਛੋਂ ਵਰਖਾ ਰੁੱਤੇ) ਟੋਏ-ਟਿੱਬੇ (ਮੀਂਹ ਦੇ) ਪਾਣੀ ਨਾਲ ਭਰੇ ਹੋਏ ਹੋਣ, ਠੰਢੀਆਂ ਹਵਾਵਾਂ ਵਗਦੀਆਂ ਹੋਣ,

ਸੇਜੜੀਆ ਸੋਇੰਨ ਹੀਰੇ ਲਾਲ ਜੜੰਦੀਆ ॥

ਸੋਨੇ ਦਾ ਪਲੰਘ ਹੋਵੇ ਜਿਸ ਵਿਚ ਹੀਰੇ ਲਾਲ ਜੜੇ ਹੋਏ ਹੋਣ,

ਸੁਭਰ ਕਪੜ ਭੋਗ ਨਾਨਕ ਪਿਰੀ ਵਿਹੂਣੀ ਤਤੀਆ ॥੩॥

ਸਗਨਾਂ ਦੇ ਸਾਲੂ ਪਹਿਨਣ ਨੂੰ ਹੋਣ, (ਪਰ ਜੇ ਇਸਤ੍ਰੀ ਨੂੰ ਆਪਣੇ) ਪਤੀ ਤੋਂ ਵਿਛੋੜਾ ਹੈ ਤਾਂ (ਇਹ ਸਾਰੇ ਸੁਹਾਵਣੇ ਪਦਾਰਥ ਹਿਰਦੇ ਨੂੰ ਪੁਚਾਣ ਦੇ ਥਾਂ) ਸੜਨ ਪੈਦਾ ਕਰਦੇ ਹਨ ॥੩॥


ਪਉੜੀ ॥
ਕਾਰਣੁ ਕਰਤੈ ਜੋ ਕੀਆ ਸੋਈ ਹੈ ਕਰਣਾ ॥

ਹੇ ਪ੍ਰਾਣੀ! ਜੋ ਸਬੱਬ ਕਰਤਾਰ ਨੇ ਬਣਾਇਆ ਹੈ ਉਹੀ ਬਣਨਾ ਹੈ।

ਜੇ ਸਉ ਧਾਵਹਿ ਪ੍ਰਾਣੀਆ ਪਾਵਹਿ ਧੁਰਿ ਲਹਣਾ ॥

ਜੇ ਤੂੰ ਸੈਂਕੜੇ ਵਾਰੀ ਦੌੜਦਾ ਫਿਰੇਂ, ਜੋ ਧੁਰੋਂ (ਤੇਰੇ ਕੀਤੇ ਕਰਮਾਂ ਅਨੁਸਾਰ) ਲਹਣਾ (ਲਿਖਿਆ) ਹੈ ਉਹੀ ਪ੍ਰਾਪਤ ਕਰੇਂਗਾ।

ਬਿਨੁ ਕਰਮਾ ਕਿਛੂ ਨ ਲਭਈ ਜੇ ਫਿਰਹਿ ਸਭ ਧਰਣਾ ॥

ਸਾਰੀ ਧਰਤੀ ਉਤੇ ਭੀ ਜੇ ਭਟਕਦਾ ਫਿਰੇਂ, ਤਾਂ ਭੀ ਪ੍ਰਭੂ ਦੀ ਮੇਹਰ ਤੋਂ ਬਿਨਾ ਕੁਝ ਨਹੀਂ ਮਿਲੇਗਾ (ਇਸ ਵਾਸਤੇ ਉਸ ਦੀ ਮੇਹਰ ਦਾ ਪਾਤਰ ਬਣ)।

ਗੁਰ ਮਿਲਿ ਭਉ ਗੋਵਿੰਦ ਕਾ ਭੈ ਡਰੁ ਦੂਰਿ ਕਰਣਾ ॥

ਜਿਸ ਮਨੁੱਖ ਨੇ ਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਡਰ (ਹਿਰਦੇ ਵਿਚ ਵਸਾਇਆ ਹੈ), ਪ੍ਰਭੂ ਨੇ ਉਸ ਦਾ ਦੁਨੀਆਵੀ ਡਰਾਂ ਦਾ ਸਹਿਮ ਦੂਰ ਕਰ ਦਿੱਤਾ ਹੈ।

ਭੈ ਤੇ ਬੈਰਾਗੁ ਊਪਜੈ ਹਰਿ ਖੋਜਤ ਫਿਰਣਾ ॥

ਪਰਮਾਤਮਾ ਦੇ ਡਰ ਤੋਂ ਹੀ ਦੁਨੀਆ ਵਲੋਂ ਵੈਰਾਗ ਪੈਦਾ ਹੁੰਦਾ ਹੈ, ਮਨੁੱਖ ਪ੍ਰਭੂ ਦੀ ਖੋਜ ਵਿਚ ਲੱਗ ਜਾਂਦਾ ਹੈ।

ਖੋਜਤ ਖੋਜਤ ਸਹਜੁ ਉਪਜਿਆ ਫਿਰਿ ਜਨਮਿ ਨ ਮਰਣਾ ॥

ਪਰਮਾਤਮਾ ਦੀ ਖੋਜ ਕਰਦਿਆਂ ਕਰਦਿਆਂ (ਮਨੁੱਖ ਦੇ ਅੰਦਰ) ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ, ਅਤੇ ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।

ਹਿਆਇ ਕਮਾਇ ਧਿਆਇਆ ਪਾਇਆ ਸਾਧ ਸਰਣਾ ॥

ਜਿਸ ਨੂੰ ਗੁਰੂ ਦੀ ਸਰਨ ਪ੍ਰਾਪਤ ਹੋ ਗਈ, ਉਸ ਨੇ ਹਿਰਦੇ ਵਿਚ ਨਾਮ ਸਿਮਰਿਆ ਨਾਮ ਦੀ ਕਮਾਈ ਕੀਤੀ।

ਬੋਹਿਥੁ ਨਾਨਕ ਦੇਉ ਗੁਰੁ ਜਿਸੁ ਹਰਿ ਚੜਾਏ ਤਿਸੁ ਭਉਜਲੁ ਤਰਣਾ ॥੨੨॥

(ਹੇ ਪ੍ਰਾਣੀ!) ਗੁਰੂ ਨਾਨਕ ਦੇਵ (ਆਤਮਕ) ਜਹਾਜ਼ ਹੈ, ਹਰੀ ਨੇ ਜਿਸ ਨੂੰ ਇਸ ਜਹਾਜ਼ ਵਿਚ ਬਿਠਾ ਦਿੱਤਾ, ਉਸ ਨੇ ਸੰਸਾਰ-ਸਮੁੰਦਰ ਨੂੰ ਤਰ ਲਿਆ ॥੨੨॥


ਸਲੋਕ ਮਃ ੫ ॥
ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥

(ਪਰਮਾਤਮਾ ਵਲੋਂ ਸੁਨੇਹਾ ਹੈ-ਹੇ ਬੰਦੇ!) ਜੇ ਪਹਿਲਾਂ (ਹਉਮੈ ਮਮਤਾ ਦਾ) ਤਿਆਗ ਪਰਵਾਨ ਕਰੇਂ, ਤੇ (ਸੁਆਰਥ-ਭਰੀ) ਜ਼ਿੰਦਗੀ ਦੀ ਤਾਂਘ ਛੱਡ ਦੇਵੇਂ,

ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ॥੧॥

ਜੇ ਸਭਨਾਂ ਦੇ ਚਰਨਾਂ ਦੀ ਧੂੜ ਹੋ ਜਾਏਂ, ਤਦੋਂ ਹੀ ਤੂੰ ਮੇਰੇ ਨੇੜੇ ਆ ਸਕਦਾ ਹੈਂ ॥੧॥


ਮਃ ੫ ॥
ਮੁਆ ਜੀਵੰਦਾ ਪੇਖੁ ਜੀਵੰਦੇ ਮਰਿ ਜਾਨਿ ॥

ਅਸਲ ਵਿਚ ਉਸੇ ਬੰਦੇ ਨੂੰ ਜਿਊਂਦਾ ਸਮਝੋ ਜਿਸ ਨੇ ਸੰਸਾਰਕ ਵਾਸਨਾ ਮਿਟਾ ਲਈਆਂ ਹਨ। ਜੇਹੜੇ ਨਿਰੇ ਦੁਨੀਆ ਦੇ ਰੰਗ ਮਾਣਦੇ ਹਨ ਉਹ ਆਤਮਕ ਮੌਤੇ ਮਰ ਜਾਂਦੇ ਹਨ।

ਜਿਨੑਾ ਮੁਹਬਤਿ ਇਕ ਸਿਉ ਤੇ ਮਾਣਸ ਪਰਧਾਨ ॥੨॥

ਉਹੀ ਮਨੁੱਖ ਸ਼ਿਰੋਮਣੀ (ਕਹੇ ਜਾਂਦੇ ਹਨ), ਜਿਨ੍ਹਾਂ ਦਾ ਪਿਆਰ ਇੱਕ ਪਰਮਾਤਮਾ ਨਾਲ ਹੈ ॥੨॥


ਮਃ ੫ ॥
ਜਿਸੁ ਮਨਿ ਵਸੈ ਪਾਰਬ੍ਰਹਮੁ ਨਿਕਟਿ ਨ ਆਵੈ ਪੀਰ ॥

ਜਿਸ ਮਨੁੱਖ ਦੇ ਮਨ ਵਿਚ (ਸਦਾ) ਪਰਮਾਤਮਾ (ਦਾ ਨਾਮ) ਵੱਸਦਾ ਹੈ, ਕੋਈ ਦੁੱਖ-ਕਲੇਸ਼ ਉਸ ਦੇ ਨੇੜੇ ਢੁਕਦਾ,

ਭੁਖ ਤਿਖ ਤਿਸੁ ਨ ਵਿਆਪਈ ਜਮੁ ਨਹੀ ਆਵੈ ਨੀਰ ॥੩॥

ਮਾਇਆ ਦੀ ਭੁੱਖ-ਤ੍ਰੇਹ ਉਸ ਉਤੇ ਆਪਣਾ ਦਬਾਉ ਨਹੀਂ ਪਾ ਸਕਦੀ, ਮੌਤ ਦਾ ਡਰ (ਭੀ) ਉਸ ਦੇ ਨੇੜੇ ਨਹੀਂ ਆਉਂਦਾ ॥੩॥


ਪਉੜੀ ॥
ਕੀਮਤਿ ਕਹਣੁ ਨ ਜਾਈਐ ਸਚੁ ਸਾਹ ਅਡੋਲੈ ॥

ਹੇ ਸਦਾ-ਥਿਰ ਤੇ ਕਦੇ ਨ ਡੋਲਣ ਵਾਲੇ ਸ਼ਾਹ! ਤੇਰਾ ਮੁੱਲ ਨਹੀਂ ਦੱਸਿਆ ਜਾ ਸਕਦਾ।

ਸਿਧ ਸਾਧਿਕ ਗਿਆਨੀ ਧਿਆਨੀਆ ਕਉਣੁ ਤੁਧੁਨੋ ਤੋਲੈ ॥

ਜੋਗ-ਸਾਧਨਾਂ ਵਿਚ ਪੁਗੇ ਹੋਏ ਜੋਗੀ, ਸਾਧਨਾਂ ਕਰਨ ਵਾਲੇ, ਗਿਆਨ-ਚਰਚਾ ਕਰਨ ਵਾਲੇ ਤੇ ਸਮਾਧੀਆਂ ਲਾਣ ਵਾਲੇ-ਇਹਨਾਂ ਵਿਚੋਂ ਕੇਹੜਾ ਹੈ ਜੋ ਤੇਰਾ ਮੁੱਲ ਪਾ ਸਕੇ?

ਭੰਨਣ ਘੜਣ ਸਮਰਥੁ ਹੈ ਓਪਤਿ ਸਭ ਪਰਲੈ ॥

ਪ੍ਰਭੂ (ਸ੍ਰਿਸ਼ਟੀ ਨੂੰ) ਪੈਦਾ ਕਰਨ ਤੇ ਨਾਸ ਕਰਨ ਦੇ ਸਮਰੱਥ ਹੈ, (ਸ੍ਰਿਸ਼ਟੀ ਦੀ) ਉਤਪੱਤੀ ਭੀ ਉਹੀ ਕਰਦਾ ਹੈ ਤੇ ਨਾਸ ਭੀ ਉਹੀ।

ਕਰਣ ਕਾਰਣ ਸਮਰਥੁ ਹੈ ਘਟਿ ਘਟਿ ਸਭ ਬੋਲੈ ॥

ਜਗਤ ਪੈਦਾ ਕਰਨ ਦੀ ਤਾਕਤ ਰੱਖਦਾ ਹੈ ਹਰੇਕ ਜੀਵ ਦੇ ਅੰਦਰ ਉਹੀ ਬੋਲਦਾ ਹੈ।

ਰਿਜਕੁ ਸਮਾਹੇ ਸਭਸੈ ਕਿਆ ਮਾਣਸੁ ਡੋਲੈ ॥

ਹਰੇਕ ਜੀਵ ਨੂੰ ਰਿਜ਼ਕ ਅਪੜਾਂਦਾ ਹੈ, ਮਨੁੱਖ ਵਿਅਰਥ ਹੀ ਘਾਬਰਦਾ ਹੈ।

ਗਹਿਰ ਗਭੀਰੁ ਅਥਾਹੁ ਤੂ ਗੁਣ ਗਿਆਨ ਅਮੋਲੈ ॥

ਹੇ ਪ੍ਰਭੂ! ਤੂੰ ਡੂੰਘਾ ਹੈਂ ਸਿਆਣਾ ਹੈਂ, ਤੇਰੀ ਹਾਥ ਨਹੀਂ ਪੈ ਸਕਦੀ। ਤੇਰੇ ਗੁਣਾਂ ਦਾ ਮੁੱਲ ਨਹੀਂ ਪੈ ਸਕਦਾ, ਤੇਰੇ ਗਿਆਨ ਦਾ ਮੁੱਲ ਨਹੀਂ ਪੈ ਸਕਦਾ।

ਸੋਈ ਕੰਮੁ ਕਮਾਵਣਾ ਕੀਆ ਧੁਰਿ ਮਉਲੈ ॥

ਜੀਵ ਉਹੀ ਕੰਮ ਕਰਦਾ ਹੈ ਜੋ ਧੁਰੋਂ ਕਰਤਾਰ ਨੇ ਉਸ ਵਾਸਤੇ ਮਿਥ ਦਿੱਤਾ ਹੈ (ਭਾਵ, ਉਸ ਦੇ ਕੀਤੇ ਕਰਮਾਂ ਅਨੁਸਾਰ ਜਿਹੋ ਜਿਹੇ ਸੰਸਕਾਰ ਜੀਵ ਦੇ ਅੰਦਰ ਪਾ ਦਿੱਤੇ ਹਨ)।

ਤੁਧਹੁ ਬਾਹਰਿ ਕਿਛੁ ਨਹੀ ਨਾਨਕੁ ਗੁਣ ਬੋਲੈ ॥੨੩॥੧॥੨॥

ਹੇ ਪ੍ਰਭੂ! ਤੈਥੋਂ ਆਕੀ ਹੋ ਕੇ (ਜਗਤ ਵਿਚ) ਕੁਝ ਨਹੀਂ ਵਰਤ ਰਿਹਾ। ਨਾਨਕ ਤੇਰੀ ਹੀ ਸਿਫ਼ਤ-ਸਾਲਾਹ ਕਰਦਾ ਹੈ ॥੨੩॥੧॥੨॥