ਕਾਨੜੇ ਕੀ ਵਾਰ (ਮਹਲਾ 4), Kanre ki vaar (Mahalla 4) Path in Punjabi Gurbani

ਕਾਨੜੇ ਕੀ ਵਾਰ (ਮਹਲਾ 4), Kanre ki vaar (Mahalla 4) Path in Punjabi Gurbani

ਕਾਨੜੇ ਕੀ ਵਾਰ ਮਹਲਾ ੪ ਮੂਸੇ ਕੀ ਵਾਰ ਕੀ ਧੁਨੀ ॥

ਗੁਰੂ ਰਾਮਦਾਸ ਜੀ ਦੀ ਇਸ ਵਾਰ ਨੂੰ ਮੂਸੇ ਦੀ ਵਾਰ ਦੀ ਸੁਰ ਤੇ ਗਾਉਣਾ ਹੈ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਲੋਕ ਮਃ ੪ ॥

ਗੁਰੂ ਰਾਮਦਾਸ ਜੀ ਦੇ ਸਲੋਕ।

ਰਾਮ ਨਾਮੁ ਨਿਧਾਨੁ ਹਰਿ ਗੁਰਮਤਿ ਰਖੁ ਉਰ ਧਾਰਿ ॥

ਪਰਮਾਤਮਾ ਦਾ ਨਾਮ (ਅਸਲ) ਖ਼ਜ਼ਾਨਾ (ਹੈ) ਸਤਿਗੁਰੂ ਦੀ ਸਿੱਖਿਆ ਉਤੇ ਤੁਰ ਕੇ (ਇਸ ਨੂੰ ਆਪਣੇ) ਹਿਰਦੇ ਵਿਚ ਪ੍ਰੋ ਰੱਖ।

ਦਾਸਨ ਦਾਸਾ ਹੋਇ ਰਹੁ ਹਉਮੈ ਬਿਖਿਆ ਮਾਰਿ ॥

(ਇਸ ਨਾਮ ਦੀ ਬਰਕਤਿ ਨਾਲ) ਹਉਮੈ (-ਰੂਪ) ਮਾਇਆ (ਦੇ ਪ੍ਰਭਾਵ) ਨੂੰ (ਆਪਣੇ ਅੰਦਰੋਂ) ਮੁਕਾ ਕੇ (ਪਰਮਾਤਮਾ ਦੇ) ਸੇਵਕਾਂ ਦਾ ਸੇਵਕ ਬਣਿਆ ਰਹੁ।

ਜਨਮੁ ਪਦਾਰਥੁ ਜੀਤਿਆ ਕਦੇ ਨ ਆਵੈ ਹਾਰਿ ॥

(ਜਿਹੜਾ ਮਨੁੱਖ ਇਹ ਉੱਦਮ ਕਰਦਾ ਹੈ, ਉਹ) ਮਨੁੱਖਾ ਜਨਮ ਦਾ ਕੀਮਤੀ ਮਨੋਰਥ ਹਾਸਲ ਕਰ ਕੇ (ਜਗਤ ਤੋਂ ਮਨੁੱਖਾ ਜੀਵਨ ਦੀ ਬਾਜ਼ੀ) ਹਾਰ ਕੇ ਕਦੇ ਨਹੀਂ ਆਉਂਦਾ।

ਧਨੁ ਧਨੁ ਵਡਭਾਗੀ ਨਾਨਕਾ ਜਿਨ ਗੁਰਮਤਿ ਹਰਿ ਰਸੁ ਸਾਰਿ ॥੧॥

ਹੇ ਨਾਨਕ! ਧੰਨ ਹਨ ਉਹ ਵੱਡੇ ਭਾਗਾਂ ਵਾਲੇ ਮਨੁੱਖ; ਜਿਨ੍ਹਾਂ ਨੇ ਸਤਿਗੁਰ ਦੀ ਸਿੱਖਿਆ ਉਤੇ ਤੁਰ ਕੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਿਆ ਹੈ ॥੧॥


ਮਃ ੪ ॥
ਗੋਵਿੰਦੁ ਗੋਵਿਦੁ ਗੋਵਿਦੁ ਹਰਿ ਗੋਵਿਦੁ ਗੁਣੀ ਨਿਧਾਨੁ ॥

ਸਿਰਫ਼ ਪਰਮਾਤਮਾ ਹੀ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ।

ਗੋਵਿਦੁ ਗੋਵਿਦੁ ਗੁਰਮਤਿ ਧਿਆਈਐ ਤਾਂ ਦਰਗਹ ਪਾਈਐ ਮਾਨੁ ॥

ਜਦੋਂ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਪਰਮਾਤਮਾ ਨੂੰ ਸਿਮਰਿਆ ਜਾਏ ਤਦੋਂ ਪਰਮਾਤਮਾ ਦੀ ਹਜੂਰੀ ਵਿਚ ਆਦਰ ਮਿਲਦਾ ਹੈ।

ਗੋਵਿਦੁ ਗੋਵਿਦੁ ਗੋਵਿਦੁ ਜਪਿ ਮੁਖੁ ਊਜਲਾ ਪਰਧਾਨੁ ॥

ਸਦਾ ਪ੍ਰਭੂ ਦਾ ਨਾਮ ਜਪ ਕੇ (ਲੋਕ ਪਰਲੋਕ ਵਿਚ) ਸੁਰਖ਼ਰੂ ਹੋਈਦਾ ਹੈ ਤੇ ਪ੍ਰਧਾਨਤਾ ਮਿਲਦੀ ਹੈ।

ਨਾਨਕ ਗੁਰੁ ਗੋਵਿੰਦੁ ਹਰਿ ਜਿਤੁ ਮਿਲਿ ਹਰਿ ਪਾਇਆ ਨਾਮੁ ॥੨॥

ਹੇ ਨਾਨਕ! ਗੁਰੂ ਪਰਮਾਤਮਾ (ਦਾ ਰੂਪ) ਹੈ; ਉਸ (ਗੁਰੂ) ਵਿਚ ਮਿਲ ਕੇ (ਗੁਰੂ ਦੇ ਦੱਸੇ ਰਾਹ ਤੇ ਤੁਰ ਕੇ) ਪਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ ॥੨॥


ਪਉੜੀ ॥
ਤੂੰ ਆਪੇ ਹੀ ਸਿਧ ਸਾਧਿਕੋ ਤੂ ਆਪੇ ਹੀ ਜੁਗ ਜੋਗੀਆ ॥

ਹੇ ਪ੍ਰਭੂ! ਤੂੰ ਆਪ ਹੀ (ਜੋਗ-ਸਾਧਨਾਂ ਵਿਚ) ਪੁੱਗਾ ਹੋਇਆ ਜੋਗੀ ਹੈਂ, ਤੂੰ ਆਪ ਹੀ ਸਾਧਨ ਕਰਨ ਵਾਲਾ ਹੈਂ, ਤੂੰ ਆਪ ਹੀ ਜੋਗ ਵਿਚ ਜੁੜਨ ਵਾਲਾ ਹੈਂ।

ਤੂ ਆਪੇ ਹੀ ਰਸ ਰਸੀਅੜਾ ਤੂ ਆਪੇ ਹੀ ਭੋਗ ਭੋਗੀਆ ॥

ਤੂੰ ਆਪ ਹੀ (ਮਾਇਕ ਪਦਾਰਥਾਂ ਦੇ) ਰਸ ਚੱਖਣ ਵਾਲਾ ਹੈਂ, ਤੂੰ ਆਪ ਹੀ (ਮਾਇਕ ਪਦਾਰਥਾਂ ਦੇ) ਭੋਗ ਭੋਗਣ ਵਾਲਾ ਹੈਂ,

ਤੂ ਆਪੇ ਆਪਿ ਵਰਤਦਾ ਤੂ ਆਪੇ ਕਰਹਿ ਸੁ ਹੋਗੀਆ ॥

(ਕਿਉਂਕਿ ਜੋਗੀਆਂ ਵਿਚ ਭੀ ਤੇ ਗ੍ਰਿਹਸਤੀਆਂ ਵਿਚ ਭੀ ਹਰ ਥਾਂ) ਤੂੰ ਆਪ ਹੀ ਆਪ ਮੌਜੂਦ ਹੈਂ, ਜੋ ਕੁਝ ਤੂੰ ਕਰਦਾ ਹੈਂ, ਉਹੀ ਹੁੰਦਾ ਹੈ।

ਸਤਸੰਗਤਿ ਸਤਿਗੁਰ ਧੰਨੁ ਧਨੁੋ ਧੰਨ ਧੰਨ ਧਨੋ ਜਿਤੁ ਮਿਲਿ ਹਰਿ ਬੁਲਗ ਬੁਲੋਗੀਆ ॥

ਗੁਰੂ ਦੀ ਸਾਧ ਸੰਗਤ ਧੰਨ ਹੈ ਧੰਨ ਹੈ ਜਿਸ ਵਿਚ ਮਿਲ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਬੋਲ ਬੋਲੇ ਜਾ ਸਕਦੇ ਹਨ।

ਸਭਿ ਕਹਹੁ ਮੁਖਹੁ ਹਰਿ ਹਰਿ ਹਰੇ ਹਰਿ ਹਰਿ ਹਰੇ ਹਰਿ ਬੋਲਤ ਸਭਿ ਪਾਪ ਲਹੋਗੀਆ ॥੧॥

(ਸਾਧ ਸੰਗਤ ਵਿਚ ਬੈਠ ਕੇ) ਸਾਰੇ (ਆਪਣੇ ਮੂੰਹੋਂ ਸਦਾ ਹਰ ਵੇਲੇ ਪਰਮਾਤਮਾ ਦਾ ਨਾਮ ਜਪਿਆਂ ਸਾਰੇ ਪਿਛਲੇ ਕੀਤੇ) ਪਾਪ ਦੂਰ ਹੋ ਜਾਂਦੇ ਹਨ ॥੧॥


ਸਲੋਕ ਮਃ ੪ ॥
ਹਰਿ ਹਰਿ ਹਰਿ ਹਰਿ ਨਾਮੁ ਹੈ ਗੁਰਮੁਖਿ ਪਾਵੈ ਕੋਇ ॥

ਸਦਾ ਹੀ ਪਰਮਾਤਮਾ ਦਾ ਨਾਮ (ਸਿਮਰਨ ਦੀ ਦਾਤਿ) ਕੋਈ ਵਿਰਲਾ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਹਾਸਲ ਕਰਦਾ ਹੈ,

ਹਉਮੈ ਮਮਤਾ ਨਾਸੁ ਹੋਇ ਦੁਰਮਤਿ ਕਢੈ ਧੋਇ ॥

(ਜਿਹੜਾ ਮਨੁੱਖ ਇਹ ਦਾਤ ਪ੍ਰਾਪਤ ਕਰਦਾ ਹੈ, ਉਸ ਦੇ ਅੰਦਰੋਂ) ਹਉਮੈ ਅਤੇ ਅਪਣੱਤ ਦਾ ਨਾਸ ਹੋ ਜਾਂਦਾ ਹੈ (ਉਹ ਮਨੁੱਖ ਆਪਣੇ ਅੰਦਰੋਂ ਨਾਮ ਦੀ ਬਰਕਤਿ ਨਾਲ) ਭੈੜੀ ਮੱਤ (ਦੀ ਮੈਲ) ਧੋ ਕੇ ਕੱਢ ਦੇਂਦਾ ਹੈ;

ਨਾਨਕ ਅਨਦਿਨੁ ਗੁਣ ਉਚਰੈ ਜਿਨ ਕਉ ਧੁਰਿ ਲਿਖਿਆ ਹੋਇ ॥੧॥

ਹੇ ਨਾਨਕ! (ਉਹ ਮਨੁੱਖ) ਹਰ ਵੇਲੇ (ਪਰਮਾਤਮਾ ਦੇ) ਗੁਣ ਉਚਾਰਦਾ ਹੈ (ਪਰ ਉਹੀ ਮਨੁੱਖ ਪਰਮਾਤਮਾ ਦੇ ਗੁਣ ਉਚਾਰਦੇ ਹਨ) ਜਿਨ੍ਹਾਂ ਦੇ ਭਾਗਾਂ ਵਿਚ ਧੁਰ ਤੋਂ (ਕੀਤੇ ਕਰਮਾਂ ਅਨੁਸਾਰ ਨਾਮ ਸਿਮਰਨ ਦੇ ਸੰਸਕਾਰਾਂ ਦਾ ਲੇਖ) ਲਿਖਿਆ ਹੁੰਦਾ ਹੈ ॥੧॥


ਮਃ ੪ ॥
ਹਰਿ ਆਪੇ ਆਪਿ ਦਇਆਲੁ ਹਰਿ ਆਪੇ ਕਰੇ ਸੁ ਹੋਇ ॥

ਪਰਮਾਤਮਾ ਆਪ ਹੀ ਦਇਆ ਦਾ ਸੋਮਾ ਹੈ (ਜਗਤ ਵਿਚ) ਉਹੀ ਕੁਝ ਹੁੰਦਾ ਹੈ ਜੋ ਉਹ ਪਰਮਾਤਮਾ ਆਪ ਹੀ ਕਰਦਾ ਹੈ।

ਹਰਿ ਆਪੇ ਆਪਿ ਵਰਤਦਾ ਹਰਿ ਜੇਵਡੁ ਅਵਰੁ ਨ ਕੋਇ ॥

ਪਰਮਾਤਮਾ ਆਪ ਹੀ (ਹਰ ਥਾਂ) ਮੌਜੂਦ ਹੈ, ਕੋਈ ਹੋਰ ਉਸ ਦੇ ਬਰਾਬਰ ਦਾ ਨਹੀਂ ਹੈ।

ਜੋ ਹਰਿ ਪ੍ਰਭੁ ਭਾਵੈ ਸੋ ਥੀਐ ਜੋ ਹਰਿ ਪ੍ਰਭ ਕਰੇ ਸੁ ਹੋਇ ॥

ਜੋ ਕੁਝ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ, ਜੋ ਕੁਝ ਉਹ ਪ੍ਰਭੂ ਕਰਦਾ ਹੈ ਉਹੀ ਹੁੰਦਾ ਹੈ।

ਕੀਮਤਿ ਕਿਨੈ ਨ ਪਾਈਆ ਬੇਅੰਤੁ ਪ੍ਰਭੂ ਹਰਿ ਸੋਇ ॥

ਉਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਕਿਸੇ (ਮਨੁੱਖ) ਨੇ ਉਸ ਦਾ ਮੁੱਲ ਨਹੀਂ ਪਾਇਆ।

ਨਾਨਕ ਗੁਰਮੁਖਿ ਹਰਿ ਸਾਲਾਹਿਆ ਤਨੁ ਮਨੁ ਸੀਤਲੁ ਹੋਇ ॥੨॥

ਹੇ ਨਾਨਕ! ਜਿਸ ਮਨੁੱਖ ਨੇ ਗੁਰੂ ਦੇ ਦੱਸੇ ਰਸਤੇ ਤੇ ਤੁਰ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ ਹੈ, ਉਸ ਦਾ ਤਨ ਉਸ ਦਾ ਮਨ (ਵਿਕਾਰਾਂ ਵਲੋਂ) ਠੰਢਾ-ਠਾਰ ਹੋ ਜਾਂਦਾ ਹੈ ॥੨॥


ਪਉੜੀ ॥
ਸਭ ਜੋਤਿ ਤੇਰੀ ਜਗਜੀਵਨਾ ਤੂ ਘਟਿ ਘਟਿ ਹਰਿ ਰੰਗ ਰੰਗਨਾ ॥

ਹੇ ਜਗਤ ਦੇ ਜੀਵਨ ਪ੍ਰਭੂ! ਸਾਰੀ ਸ੍ਰਿਸ਼ਟੀ ਵਿਚ ਤੇਰਾ ਹੀ ਨੂਰ (ਚਾਨਣ ਕਰ ਰਿਹਾ ਹੈ), ਤੂੰ ਹਰੇਕ ਸਰੀਰ ਵਿਚ (ਮੌਜੂਦ ਹੈਂ ਤੇ ਆਪਣੇ ਨਾਮ ਦੀ) ਰੰਗਣ ਚਾੜ੍ਹਨ ਵਾਲਾ ਹੈਂ।

ਸਭਿ ਧਿਆਵਹਿ ਤੁਧੁ ਮੇਰੇ ਪ੍ਰੀਤਮਾ ਤੂ ਸਤਿ ਸਤਿ ਪੁਰਖ ਨਿਰੰਜਨਾ ॥

ਹੇ ਮੇਰੇ ਪ੍ਰੀਤਮ! ਸਾਰੇ ਜੀਵ ਤੈਨੂੰ (ਹੀ) ਸਿਮਰਦੇ ਹਨ। ਹੇ ਸਰਬ-ਵਿਆਪਕ (ਤੇ ਫਿਰ ਭੀ) ਨਿਰਲੇਪ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਹੈਂ।

ਇਕੁ ਦਾਤਾ ਸਭੁ ਜਗਤੁ ਭਿਖਾਰੀਆ ਹਰਿ ਜਾਚਹਿ ਸਭ ਮੰਗ ਮੰਗਨਾ ॥

ਹੇ ਪ੍ਰਭੂ! ਤੂੰ ਹੀ ਦਾਤਾ ਦੇਣ ਵਾਲਾ ਹੈਂ, ਸਾਰਾ ਜਗਤ (ਤੇਰੇ ਦਰ ਦਾ) ਮੰਗਤਾ ਹੈ। ਹੇ ਹਰੀ! ਹਰੇਕ ਮੰਗ (ਜੀਵ ਤੈਥੋਂ ਹੀ) ਮੰਗਦੇ ਹਨ।

ਸੇਵਕੁ ਠਾਕੁਰੁ ਸਭੁ ਤੂਹੈ ਤੂਹੈ ਗੁਰਮਤੀ ਹਰਿ ਚੰਗ ਚੰਗਨਾ ॥

ਤੂੰ ਆਪ ਹੀ ਮਾਲਕ ਹੈਂ। ਹੇ ਹਰੀ! ਗੁਰੂ ਦੀ ਮੱਤ ਉਤੇ ਤੁਰਿਆ ਤੂੰ ਬਹੁਤ ਪਿਆਰਾ ਲੱਗਦਾ ਹੈਂ।

ਸਭਿ ਕਹਹੁ ਮੁਖਹੁ ਰਿਖੀਕੇਸੁ ਹਰੇ ਰਿਖੀਕੇਸੁ ਹਰੇ ਜਿਤੁ ਪਾਵਹਿ ਸਭ ਫਲ ਫਲਨਾ ॥੨॥

ਪਰਮਾਤਮਾ (ਸਾਰੇ) ਇੰਦ੍ਰਿਆਂ ਦਾ ਮਾਲਕ ਹੈ, ਤੁਸੀਂ ਸਾਰੇ ਆਪਣੇ ਮੂੰਹੋਂ ਉਸ ਦੀ ਸਿਫ਼ਤ-ਸਾਲਾਹ ਕਰੋ, ਉਸ ਦਾ ਨਾਮ ਜਪੋ, ਉਸ ਦੇ ਨਾਮ ਦੀ ਬਰਕਤਿ ਨਾਲ ਹੀ (ਜੀਵ) ਸਾਰੇ ਫਲ ਪ੍ਰਾਪਤ ਕਰਦੇ ਹਨ ॥੨॥


ਸਲੋਕ ਮਃ ੪ ॥
ਹਰਿ ਹਰਿ ਨਾਮੁ ਧਿਆਇ ਮਨ ਹਰਿ ਦਰਗਹ ਪਾਵਹਿ ਮਾਨੁ ॥

ਹੇ (ਮੇਰੇ) ਮਨ! ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ, ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਹਾਸਲ ਕਰੇਂਗਾ।

ਜੋ ਇਛਹਿ ਸੋ ਫਲੁ ਪਾਇਸੀ ਗੁਰਸਬਦੀ ਲਗੈ ਧਿਆਨੁ ॥

(ਪਰਮਾਤਮਾ ਪਾਸੋਂ) ਜੋ ਤੂੰ ਮੰਗੇਂਗਾ ਉਹੀ ਫਲ (ਉਹ) ਦੇਵੇਗਾ। (ਪਰ) ਗੁਰੂ ਦੇ ਸ਼ਬਦ ਦੀ ਰਾਹੀਂ ਹੀ (ਪ੍ਰਭੂ ਵਿਚ) ਸੁਰਤ ਜੁੜ ਸਕਦੀ ਹੈ।

ਕਿਲਵਿਖ ਪਾਪ ਸਭਿ ਕਟੀਅਹਿ ਹਉਮੈ ਚੁਕੈ ਗੁਮਾਨੁ ॥

(ਜਿਸ ਮਨੁੱਖ ਦੀ ਜੁੜਦੀ ਹੈ, ਉਸ ਦੇ) ਸਾਰੇ ਪਾਪ ਵਿਕਾਰ ਕੱਟੇ ਜਾਂਦੇ ਹਨ; (ਉਸ ਦੇ ਅੰਦਰੋਂ) ਹਉਮੈ ਮੁੱਕ ਜਾਂਦੀ ਹੈ ਅਹੰਕਾਰ ਦੂਰ ਹੋ ਜਾਂਦਾ ਹੈ।

ਗੁਰਮੁਖਿ ਕਮਲੁ ਵਿਗਸਿਆ ਸਭੁ ਆਤਮ ਬ੍ਰਹਮੁ ਪਛਾਨੁ ॥

ਹੇ ਮੇਰੇ ਮਨ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦਾ ਹਿਰਦਾ-ਕੌਲ-ਫੁੱਲ ਖਿੜ ਪੈਂਦਾ ਹੈ, ਉਹ ਥਾਂ ਪਰਮਾਤਮਾ ਨੂੰ ਵੱਸਦਾ ਪਛਾਨਣ-ਜੋਗ ਹੋ ਜਾਂਦਾ ਹੈ।

ਹਰਿ ਹਰਿ ਕਿਰਪਾ ਧਾਰਿ ਪ੍ਰਭ ਜਨ ਨਾਨਕ ਜਪਿ ਹਰਿ ਨਾਮੁ ॥੧॥

ਹੇ ਪ੍ਰਭੂ! ਦਾਸ (ਨਾਨਕ) ਉਤੇ ਮਿਹਰ ਕਰ, (ਮੈਂ ਤੇਰਾ ਦਾਸ ਭੀ) ਨਾਮ ਜਪਦਾ ਰਹਾਂ ॥੧॥


ਮਃ ੪ ॥
ਹਰਿ ਹਰਿ ਨਾਮੁ ਪਵਿਤੁ ਹੈ ਨਾਮੁ ਜਪਤ ਦੁਖੁ ਜਾਇ ॥

ਪਰਮਾਤਮਾ ਦਾ ਨਾਮ (ਆਤਮਕ ਜੀਵਨ ਨੂੰ) ਸੁੱਚਾ ਬਨਾਣ-ਜੋਗ ਹੈ, ਨਾਮ ਜਪਿਆਂ (ਹਰੇਕ) ਦੁੱਖ ਦੂਰ ਹੋ ਜਾਂਦਾ ਹੈ।

ਜਿਨ ਕਉ ਪੂਰਬਿ ਲਿਖਿਆ ਤਿਨ ਮਨਿ ਵਸਿਆ ਆਇ ॥

(ਪਰ ਇਹ ਨਾਮ) ਉਹਨਾਂ (ਮਨੁੱਖਾਂ) ਦੇ ਮਨ ਵਿਚ ਆ ਕੇ ਵੱਸਦਾ ਹੈ ਜਿਨ੍ਹਾਂ ਦੇ ਭਾਗਾਂ ਵਿਚ ਮੁੱਢ ਤੋਂ (ਪਿਛਲੇ ਕੀਤੇ ਕਰਮਾਂ ਅਨੁਸਾਰ ਨਾਮ ਜਪਣ ਦੇ ਸੰਸਕਾਰਾਂ ਦਾ ਲੇਖਾ) ਲਿਖਿਆ ਹੁੰਦਾ ਹੈ।

ਸਤਿਗੁਰ ਕੈ ਭਾਣੈ ਜੋ ਚਲੈ ਤਿਨ ਦਾਲਦੁ ਦੁਖੁ ਲਹਿ ਜਾਇ ॥

ਜਿਹੜਾ ਜਿਹੜਾ ਮਨੁੱਖ ਗੁਰੂ ਦੀ ਰਜ਼ਾ ਵਿਚ ਤੁਰਦਾ ਹੈ ਉਹਨਾਂ ਦਾ ਦੁੱਖ ਦਰਿੱਦ੍ਰ ਦੂਰ ਹੋ ਜਾਂਦਾ ਹੈ।

ਆਪਣੈ ਭਾਣੈ ਕਿਨੈ ਨ ਪਾਇਓ ਜਨ ਵੇਖਹੁ ਮਨਿ ਪਤੀਆਇ ॥

ਪਰ ਆਪਣੇ ਮਨ ਵਿਚ ਤਸੱਲੀ ਕਰ ਕੇ ਵੇਖ ਲਵੋ, ਆਪਣੇ ਮਨ ਦੀ ਮਰਜ਼ੀ ਵਿਚ ਤੁਰ ਕੇ ਕਿਸੇ ਨੇ ਭੀ ਹਰਿ-ਨਾਮ ਪ੍ਰਾਪਤ ਨਹੀਂ ਕੀਤਾ।

ਜਨੁ ਨਾਨਕੁ ਦਾਸਨ ਦਾਸੁ ਹੈ ਜੋ ਸਤਿਗੁਰ ਲਾਗੇ ਪਾਇ ॥੨॥

ਜਿਹੜੇ ਮਨੁੱਖ ਗੁਰੂ ਦੀ ਚਰਨੀਂ ਪਏ ਰਹਿੰਦੇ ਹਨ, ਦਾਸ ਨਾਨਕ ਉਹਨਾਂ ਦੇ ਦਾਸਾਂ ਦਾ ਦਾਸ ਹੈ ॥੨॥


ਪਉੜੀ ॥
ਤੂੰ ਥਾਨ ਥਨੰਤਰਿ ਭਰਪੂਰੁ ਹਹਿ ਕਰਤੇ ਸਭ ਤੇਰੀ ਬਣਤ ਬਣਾਵਣੀ ॥

ਹੇ ਕਰਤਾਰ! ਤੂੰ ਹਰੇਕ ਥਾਂ ਵਿਚ ਵਿਆਪਕ ਹੈਂ, ਸੰਸਾਰ ਦੀ ਸਾਰੀ ਬਣਤਰ ਤੇਰੀ ਹੀ ਬਣਾਈ ਹੋਈ ਹੈ।

ਰੰਗ ਪਰੰਗ ਸਿਸਟਿ ਸਭ ਸਾਜੀ ਬਹੁ ਬਹੁ ਬਿਧਿ ਭਾਂਤਿ ਉਪਾਵਣੀ ॥

ਸਾਰੀ ਸ੍ਰਿਸ਼ਟੀ ਤੂੰ ਕਈ ਰੰਗਾਂ ਦੀ ਬਣਾਈ ਹੈ, ਕਈ ਕਿਸਮਾਂ ਦੀ ਪੈਦਾ ਕੀਤੀ ਹੈ।

ਸਭ ਤੇਰੀ ਜੋਤਿ ਜੋਤੀ ਵਿਚਿ ਵਰਤਹਿ ਗੁਰਮਤੀ ਤੁਧੈ ਲਾਵਣੀ ॥

ਹੇ ਕਰਤਾਰ! ਸਾਰੀ ਸ੍ਰਿਸ਼ਟੀ ਵਿਚ ਤੇਰਾ ਹੀ ਨੂਰ ਹੈ, ਤੇ ਨੂਰ ਵਿਚ ਤੂੰ ਆਪ ਹੀ ਮੌਜੂਦ ਹੈਂ। ਤੂੰ ਆਪ ਹੀ (ਜਗਤ ਦੇ ਜੀਵਾਂ ਨੂੰ) ਗੁਰੂ ਦੀ ਸਿੱਖਿਆ ਵਿਚ ਜੋੜਦਾ ਹੈਂ।

ਜਿਨ ਹੋਹਿ ਦਇਆਲੁ ਤਿਨ ਸਤਿਗੁਰੁ ਮੇਲਹਿ ਮੁਖਿ ਗੁਰਮੁਖਿ ਹਰਿ ਸਮਝਾਵਣੀ ॥

ਜਿਨ੍ਹਾਂ ਉਤੇ ਤੂੰ ਦਇਅਵਾਨ ਹੁੰਦਾ ਹੈਂ, ਉਹਨਾਂ ਨੂੰ ਤੂੰ ਗੁਰੂ ਮਿਲਾਂਦਾ ਹੈਂ, ਤੇ, ਗੁਰੂ ਦੇ ਮੂੰਹੋਂ ਤੂੰ ਉਹਨਾਂ ਨੂੰ ਆਪਣਾ ਗਿਆਨ ਦੇਂਦਾ ਹੈ।

ਸਭਿ ਬੋਲਹੁ ਰਾਮ ਰਮੋ ਸ੍ਰੀ ਰਾਮ ਰਮੋ ਜਿਤੁ ਦਾਲਦੁ ਦੁਖ ਭੁਖ ਸਭ ਲਹਿ ਜਾਵਣੀ ॥੩॥

ਤੁਸੀਂ ਸਾਰੇ ਸੋਹਣੇ ਰਾਮ ਦਾ ਨਾਮ ਜਪੋ, ਸੋਹਣੇ ਰਾਮ ਦਾ ਨਾਮ ਜਪੋ, ਜਿਸ ਦੀ ਬਰਕਤਿ ਨਾਲ ਸਾਰੇ ਦੁੱਖ ਭੁੱਖ ਦਰਿੱਦ੍ਰ ਦੂਰ ਹੋ ਜਾਂਦੇ ਹਨ ॥੩॥


ਸਲੋਕ ਮਃ ੪ ॥
ਹਰਿ ਹਰਿ ਅੰਮ੍ਰਿਤੁ ਨਾਮ ਰਸੁ ਹਰਿ ਅੰਮ੍ਰਿਤੁ ਹਰਿ ਉਰ ਧਾਰਿ ॥

ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਹੈ; ਇਸ ਨਾਮ-ਜਲ ਨੂੰ ਇਸ ਦੇ ਸੁਆਦ ਨੂੰ ਆਪਣੇ ਹਿਰਦੇ ਵਿਚ ਸਾਂਭ ਰੱਖ।

ਵਿਚਿ ਸੰਗਤਿ ਹਰਿ ਪ੍ਰਭੁ ਵਰਤਦਾ ਬੁਝਹੁ ਸਬਦ ਵੀਚਾਰਿ ॥

(ਪਰ) ਗੁਰੂ ਦੇ ਸ਼ਬਦ ਦੀ ਵਿਚਾਰ ਦੀ ਰਾਹੀਂ (ਇਹ ਗੱਲ) ਸਮਝ ਲਵੋ (ਕਿ) ਪਰਮਾਤਮਾ ਸਾਧ ਸੰਗਤ ਵਿਚ ਵੱਸਦਾ ਹੈ।

ਮਨਿ ਹਰਿ ਹਰਿ ਨਾਮੁ ਧਿਆਇਆ ਬਿਖੁ ਹਉਮੈ ਕਢੀ ਮਾਰਿ ॥

(ਜਿਸ ਮਨੁੱਖ ਨੇ ਆਪਣੇ) ਮਨ ਵਿਚ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ, (ਉਸ ਨੇ ਆਪਣੇ ਅੰਦਰੋਂ ਆਤਮਕ ਮੌਤ ਲਿਆਉਣ ਵਾਲੀ) ਹਉਮੈ-ਜ਼ਹਰ ਮਾਰ ਕੇ ਕੱਢ ਦਿੱਤੀ।

ਜਿਨ ਹਰਿ ਹਰਿ ਨਾਮੁ ਨ ਚੇਤਿਓ ਤਿਨ ਜੂਐ ਜਨਮੁ ਸਭੁ ਹਾਰਿ ॥

ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਯਾਦ ਨਹੀਂ ਕੀਤਾ, ਉਹਨਾਂ (ਆਪਣਾ) ਸਾਰਾ (ਮਨੁੱਖਾ) ਜੀਵਨ (ਮਾਨੋ) ਜੂਏ (ਦੀ ਖੇਡ) ਵਿਚ ਹਾਰ ਦਿੱਤਾ।

ਗੁਰਿ ਤੁਠੈ ਹਰਿ ਚੇਤਾਇਆ ਹਰਿ ਨਾਮਾ ਹਰਿ ਉਰ ਧਾਰਿ ॥

ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਇਆ ਜਿਨ੍ਹਾਂ ਨੂੰ ਗੁਰੂ ਨੇ ਮਿਹਰ ਕਰ ਕੇ ਹਰਿ-ਨਾਮ ਦਾ ਸਿਮਰਨ ਸਿਖਾਇਆ,

ਜਨ ਨਾਨਕ ਤੇ ਮੁਖ ਉਜਲੇ ਤਿਤੁ ਸਚੈ ਦਰਬਾਰਿ ॥੧॥

ਹੇ ਦਾਸ ਨਾਨਕ! ਉਸ ਸਦਾ ਕਾਇਮ ਰਹਿਣ ਵਾਲੇ ਦਰਬਾਰ ਵਿਚ ਉਹ ਮਨੁੱਖ ਸੁਰਖ਼ਰੂ ਹੁੰਦੇ ਹਨ ॥੧॥


ਮਃ ੪ ॥
ਹਰਿ ਕੀਰਤਿ ਉਤਮੁ ਨਾਮੁ ਹੈ ਵਿਚਿ ਕਲਿਜੁਗ ਕਰਣੀ ਸਾਰੁ ॥

ਇਸ ਵਿਕਾਰਾਂ-ਵੇੜ੍ਹੇ ਜਗਤ ਵਿਚ ਪਰਮਾਤਮਾ ਦਾ ਨਾਮ ਜਪਣਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਹੀ ਸਭ ਤੋਂ ਸ੍ਰੇਸ਼ਟ ਕਰਨ-ਜੋਗ ਕੰਮ ਹੈ।

ਮਤਿ ਗੁਰਮਤਿ ਕੀਰਤਿ ਪਾਈਐ ਹਰਿ ਨਾਮਾ ਹਰਿ ਉਰਿ ਹਾਰੁ ॥

ਪਰ ਗੁਰੂ ਦੀ ਮੱਤ ਉਤੇ ਤੁਰਿਆਂ ਹੀ ਇਹ ਸਿਫ਼ਤ-ਸਾਲਾਹ ਮਿਲਦੀ ਹੈ ਇਹ ਹਰਿ-ਨਾਮ ਹਿਰਦੇ ਵਿਚ (ਪ੍ਰੋ ਰੱਖਣ ਲਈ) ਹਾਰ ਮਿਲਦਾ ਹੈ।

ਵਡਭਾਗੀ ਜਿਨ ਹਰਿ ਧਿਆਇਆ ਤਿਨ ਸਉਪਿਆ ਹਰਿ ਭੰਡਾਰੁ ॥

ਵੱਡੇ ਭਾਗਾਂ ਵਾਲੇ ਹਨ ਉਹ ਮਨੁੱਖ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ, (ਗੁਰੂ ਨੇ) ਉਹਨਾਂ ਨੂੰ ਹਰਿ-ਨਾਮ ਖ਼ਜਾਨਾ ਸੌਂਪ ਦਿੱਤਾ ਹੈ।

ਬਿਨੁ ਨਾਵੈ ਜਿ ਕਰਮ ਕਮਾਵਣੇ ਨਿਤ ਹਉਮੈ ਹੋਇ ਖੁਆਰੁ ॥

ਪਰਮਾਤਮਾ ਦਾ ਨਾਮ ਛੱਡ ਕੇ ਜਿਹੜੇ ਹੋਰ ਹੋਰ (ਮਿਥੇ ਹੋਏ ਧਾਰਮਿਕ) ਕਰਮ ਕਰੀਦੇ ਹਨ (ਉਹਨਾਂ ਦੇ ਕਾਰਨ ਪੈਦਾ ਹੋਈ) ਹਉਮੈ ਵਿਚ (ਫਸ ਕੇ ਮਨੁੱਖ) ਸਦਾ ਖ਼ੁਆਰ ਹੁੰਦਾ ਹੈ।

ਜਲਿ ਹਸਤੀ ਮਲਿ ਨਾਵਾਲੀਐ ਸਿਰਿ ਭੀ ਫਿਰਿ ਪਾਵੈ ਛਾਰੁ ॥

(ਵੇਖੋ) ਹਾਥੀ ਨੂੰ ਪਾਣੀ ਵਿਚ ਮਲ ਮਲ ਕੇ ਨਵ੍ਹਾਈਦਾ ਹੈ, ਫਿਰ ਭੀ ਉਹ (ਆਪਣੇ) ਸਿਰ ਉਤੇ ਸੁਆਹ (ਹੀ) ਪਾ ਲੈਂਦਾ ਹੈ।

ਹਰਿ ਮੇਲਹੁ ਸਤਿਗੁਰੁ ਦਇਆ ਕਰਿ ਮਨਿ ਵਸੈ ਏਕੰਕਾਰੁ ॥

ਹੇ ਪ੍ਰਭੂ! ਮਿਹਰ ਕਰ ਕੇ (ਜੀਵਾਂ ਨੂੰ) ਗੁਰੂ ਮਿਲਾ। (ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਸ ਦੇ) ਮਨ ਵਿਚ ਪਰਮਾਤਮਾ ਆ ਵੱਸਦਾ ਹੈ।

ਜਿਨ ਗੁਰਮੁਖਿ ਸੁਣਿ ਹਰਿ ਮੰਨਿਆ ਜਨ ਨਾਨਕ ਤਿਨ ਜੈਕਾਰੁ ॥੨॥

ਹੇ ਦਾਸ ਨਾਨਕ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਪ੍ਰਭੂ ਦਾ ਨਾਮ ਸੁਣ ਕੇ (ਉਸ ਨਾਲ) ਡੂੰਘੀ ਸਾਂਝ ਪਾਈ ਹੈ ਉਹਨਾਂ ਨੂੰ ਹਰ ਵੇਲੇ (ਲੋਕ ਪਰਲੋਕ ਵਿਚ) ਸੋਭਾ ਮਿਲਦੀ ਹੈ ॥੨॥


ਪਉੜੀ ॥
ਰਾਮ ਨਾਮੁ ਵਖਰੁ ਹੈ ਊਤਮੁ ਹਰਿ ਨਾਇਕੁ ਪੁਰਖੁ ਹਮਾਰਾ ॥

(ਇਹ ਜਗਤ-ਖੇਲ ਵਿਚ) ਪਰਮਾਤਮਾ ਦਾ ਨਾਮ (ਖ਼ਰੀਦਣ ਲਈ ਸਭ ਤੋਂ) ਵਧੀਆ ਸੌਦਾ ਹੈ, ਪਰਮਾਤਮਾ ਆਪ ਅਸਾਂ (ਇਸ ਸੌਦੇ ਦਾ ਵਣਜ ਕਰਨ ਵਾਲੇ) ਵਣਜਾਰਿਆਂ ਦਾ ਸਰਦਾਰ ਹੈ।

ਹਰਿ ਖੇਲੁ ਕੀਆ ਹਰਿ ਆਪੇ ਵਰਤੈ ਸਭੁ ਜਗਤੁ ਕੀਆ ਵਣਜਾਰਾ ॥

(ਜਗਤ ਦਾ ਇਹ) ਖੇਲ ਪਰਮਾਤਮਾ ਨੇ ਆਪ ਬਣਾਇਆ ਹੈ, (ਤੇ ਇਸ ਵਿਚ) ਪਰਮਾਤਮਾ ਆਪ ਹੀ (ਹਰ ਥਾਂ) ਮੌਜੂਦ ਹੈ। ਸਾਰਾ ਜਗਤ (ਹਰੇਕ ਜੀਵ ਇਸ ਸੌਦੇ ਦਾ) ਵਣਜ ਕਰਨ ਵਾਲਾ ਹੈ।

ਸਭ ਜੋਤਿ ਤੇਰੀ ਜੋਤੀ ਵਿਚਿ ਕਰਤੇ ਸਭੁ ਸਚੁ ਤੇਰਾ ਪਾਸਾਰਾ ॥

ਹੇ ਕਰਤਾਰ! ਇਹ ਸਾਰਾ ਤੇਰਾ (ਬਣਾਇਆ ਹੋਇਆ ਜਗਤ-) ਖਿਲਾਰਾ ਸਚਮੁਚ ਹੋਂਦ ਵਾਲਾ ਹੈ, ਇਸ ਵਿਚ ਹਰ ਥਾਂ ਤੇਰਾ ਹੀ ਨੂਰ ਹੈ, ਤੇ ਉਸ ਨੂਰ ਵਿਚ ਤੂੰ ਆਪ ਹੀ ਹੈਂ।

ਸਭਿ ਧਿਆਵਹਿ ਤੁਧੁ ਸਫਲ ਸੇ ਗਾਵਹਿ ਗੁਰਮਤੀ ਹਰਿ ਨਿਰੰਕਾਰਾ ॥

ਹੇ ਨਿਰੰਕਾਰ! ਸਾਰੇ ਜੀਵ ਤੇਰਾ ਹੀ ਧਿਆਨ ਧਰਦੇ ਹਨ। ਜਿਹੜੇ ਗੁਰੂ ਦੀ ਸਿੱਖਿਆ ਉਤੇ ਤੁਰ ਕੇ (ਤੇਰੀ ਸਿਫ਼ਤ-ਸਾਲਾਹ ਦੇ ਗੀਤ) ਗਾਂਦੇ ਹਨ ਉਹ ਮਨੁੱਖਾ ਜੀਵਨ ਦਾ ਮਨੋਰਥ ਹਾਸਲ ਕਰ ਲੈਂਦੇ ਹਨ।

ਸਭਿ ਚਵਹੁ ਮੁਖਹੁ ਜਗੰਨਾਥੁ ਜਗੰਨਾਥੁ ਜਗਜੀਵਨੋ ਜਿਤੁ ਭਵਜਲ ਪਾਰਿ ਉਤਾਰਾ ॥੪॥

ਉਹ ਪਰਮਾਤਮਾ ਹੀ ਜਗਤ ਦਾ ਖਸਮ ਹੈ ਜਗਤ ਦਾ ਨਾਥ ਹੈ ਜਗਤ ਦੀ ਜ਼ਿੰਦਗੀ (ਦਾ ਸਹਾਰਾ) ਹੈ ਸਾਰੇ (ਆਪਣੇ) ਮੂੰਹੋਂ (ਉਸ ਦਾ ਨਾਮ) ਬੋਲੋ। ਉਸ (ਦਾ ਨਾਮ ਉਚਾਰਨ) ਨਾਲ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ॥੪॥


ਸਲੋਕ ਮਃ ੪ ॥
ਹਮਰੀ ਜਿਹਬਾ ਏਕ ਪ੍ਰਭ ਹਰਿ ਕੇ ਗੁਣ ਅਗਮ ਅਥਾਹ ॥

ਹੇ ਪ੍ਰਭੂ! ਹੇ ਹਰੀ! ਅਸਾਂ ਜੀਵਾਂ ਦੀ (ਸਿਰਫ਼) ਇੱਕ ਜੀਭ ਹੈ, ਪਰ ਤੇਰੇ ਗੁਣ ਬੇਅੰਤ ਹਨ (ਇਕ ਐਸਾ ਸਮੁੰਦਰ ਹਨ) ਜਿਸ ਦੀ ਹਾਥ ਨਹੀਂ ਪੈ ਸਕਦੀ।

ਹਮ ਕਿਉ ਕਰਿ ਜਪਹ ਇਆਣਿਆ ਹਰਿ ਤੁਮ ਵਡ ਅਗਮ ਅਗਾਹ ॥

ਹੇ ਪ੍ਰਭੂ! ਤੂੰ ਬਹੁਤ ਅਪਹੁੰਚ ਹੈਂ ਤੇ ਡੂੰਘਾ ਹੈਂ ਅਸੀਂ ਅੰਞਾਣ ਜੀਵ ਤੈਨੂੰ ਕਿਵੇਂ ਜਪ ਸਕਦੇ ਹਾਂ?

ਹਰਿ ਦੇਹੁ ਪ੍ਰਭੂ ਮਤਿ ਊਤਮਾ ਗੁਰ ਸਤਿਗੁਰ ਕੈ ਪਗਿ ਪਾਹ ॥

ਹੇ ਹਰੀ! ਸਾਨੂੰ ਕੋਈ ਸ੍ਰੇਸ਼ਟ ਅਕਲ ਬਖ਼ਸ਼ ਜਿਸ ਦਾ ਸਦਕਾ ਅਸੀਂ ਗੁਰੂ ਦੇ ਚਰਨਾਂ ਉਤੇ ਢਹਿ ਪਈਏ।

ਸਤਸੰਗਤਿ ਹਰਿ ਮੇਲਿ ਪ੍ਰਭ ਹਮ ਪਾਪੀ ਸੰਗਿ ਤਰਾਹ ॥

ਹੇ ਪ੍ਰਭੂ! ਹੇ ਹਰੀ! ਸਾਨੂੰ ਸਾਧ ਸੰਗਤ ਮਿਲਾ ਕਿ (ਸਤ ਸੰਗੀਆਂ ਦੀ) ਸੰਗਤ ਵਿਚ ਅਸੀਂ ਪਾਪੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਏ।

ਜਨ ਨਾਨਕ ਕਉ ਹਰਿ ਬਖਸਿ ਲੈਹੁ ਹਰਿ ਤੁਠੈ ਮੇਲਿ ਮਿਲਾਹ ॥

ਹੇ ਹਰੀ! (ਆਪਣੇ) ਦਾਸ ਨਾਨਕ ਉਤੇ ਮਿਹਰ ਕਰ, ਜੇ ਤੂੰ ਮਿਹਰ ਕਰੇਂ ਤਾਂ ਹੀ ਅਸੀਂ ਤੇਰੇ ਚਰਨਾਂ ਵਿਚ ਮਿਲ ਸਕਦੇ ਹਾਂ।

ਹਰਿ ਕਿਰਪਾ ਕਰਿ ਸੁਣਿ ਬੇਨਤੀ ਹਮ ਪਾਪੀ ਕਿਰਮ ਤਰਾਹ ॥੧॥

ਹੇ ਹਰੀ! ਕਿਰਪਾ ਕਰ, (ਅਸਾਡੀ) ਬੇਨਤੀ ਸੁਣ, ਅਸੀਂ ਪਾਪੀ ਅਸੀਂ ਕੀੜੇ (ਇਸ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕੀਏ ॥੧॥


ਮਃ ੪ ॥
ਹਰਿ ਕਰਹੁ ਕ੍ਰਿਪਾ ਜਗਜੀਵਨਾ ਗੁਰੁ ਸਤਿਗੁਰੁ ਮੇਲਿ ਦਇਆਲੁ ॥

ਹੇ ਜਗਤ ਦੇ ਜ਼ਿੰਦਗੀ ਦੇ ਆਸਰੇ ਹਰੀ! ਮਿਹਰ ਕਰ (ਸਾਨੂੰ) ਦਇਆ ਦਾ ਸੋਮਾ ਗੁਰੂ ਮਿਲਾ।

ਗੁਰ ਸੇਵਾ ਹਰਿ ਹਮ ਭਾਈਆ ਹਰਿ ਹੋਆ ਹਰਿ ਕਿਰਪਾਲੁ ॥

ਜਦੋਂ ਹਰੀ ਆਪ (ਸਾਡੇ ਉਤੇ) ਦਇਆਵਾਨ ਹੋਇਆ, ਤਦੋਂ ਗੁਰੂ ਦੀ (ਦੱਸੀ ਹੋਈ) ਸੇਵਾ ਸਾਨੂੰ ਚੰਗੀ ਲੱਗਣ ਲੱਗ ਪਈ।

ਸਭ ਆਸਾ ਮਨਸਾ ਵਿਸਰੀ ਮਨਿ ਚੂਕਾ ਆਲ ਜੰਜਾਲੁ ॥

ਸਾਰੀ ਆਸਾ ਤੇ ਤ੍ਰਿਸ਼ਨਾ ਵਿੱਸਰ ਗਈ, ਮਨ ਵਿਚ (ਟਿਕਿਆ ਹੋਇਆ) ਘਰ ਦਾ ਮੋਹ (ਭੀ) ਮੁਕ ਗਿਆ।

ਗੁਰਿ ਤੁਠੈ ਨਾਮੁ ਦ੍ਰਿੜਾਇਆ ਹਮ ਕੀਏ ਸਬਦਿ ਨਿਹਾਲੁ ॥

ਪ੍ਰਸੰਨ ਹੋਏ ਗੁਰੂ ਨੇ ਪਰਮਾਤਮਾ ਦਾ ਨਾਮ (ਸਾਡੇ ਮਨ ਵਿਚ) ਪੱਕਾ ਕਰ ਦਿੱਤਾ, ਆਪਣੇ ਸ਼ਬਦ ਦੀ ਰਾਹੀਂ ਸਾਨੂੰ (ਉਸ ਨੇ) ਨਿਹਾਲ ਕਰ ਦਿੱਤਾ।

ਜਨ ਨਾਨਕਿ ਅਤੁਟੁ ਧਨੁ ਪਾਇਆ ਹਰਿ ਨਾਮਾ ਹਰਿ ਧਨੁ ਮਾਲੁ ॥੨॥

(ਗੁਰੂ ਦੀ ਕਿਰਪਾ ਨਾਲ) ਦਾਸ ਨਾਨਕ ਨੇ ਪਰਮਾਤਮਾ ਦਾ ਨਾਮ-ਧਨ ਹਾਸਲ ਕਰ ਲਿਆ ਹੈ ਜੋ ਕਦੇ ਮੁੱਕਣ ਵਾਲਾ ਨਹੀਂ ॥੨॥


ਪਉੜੀ ॥
ਹਰਿ ਤੁਮੑ ਵਡ ਵਡੇ ਵਡੇ ਵਡ ਊਚੇ ਸਭ ਊਪਰਿ ਵਡੇ ਵਡੌਨਾ ॥

ਹੇ ਹਰੀ! ਤੂੰ ਵੱਡਿਆਂ ਤੋਂ ਵੱਡਾ ਹੈਂ ਬੜਾ ਉੱਚਾ ਹੈਂ ਸਭ ਤੋਂ ਉਪਰ ਵੱਡਾ ਹੈਂ।

ਜੋ ਧਿਆਵਹਿ ਹਰਿ ਅਪਰੰਪਰੁ ਹਰਿ ਹਰਿ ਹਰਿ ਧਿਆਇ ਹਰੇ ਤੇ ਹੋਨਾ ॥

ਹਰੀ ਪਰਮਾਤਮਾ ਬੇਅੰਤ ਹੈ, ਜਿਹੜੇ ਮਨੁੱਖ ਉਸ ਦਾ ਧਿਆਨ ਧਰਦੇ ਹਨ, ਉਹ ਬੰਦੇ ਉਸ ਹਰੀ ਨੂੰ ਸਦਾ ਸਿਮਰ ਕੇ ਉਸ ਦਾ ਰੂਪ ਹੀ ਹੋ ਜਾਂਦੇ ਹਨ।

ਜੋ ਗਾਵਹਿ ਸੁਣਹਿ ਤੇਰਾ ਜਸੁ ਸੁਆਮੀ ਤਿਨ ਕਾਟੇ ਪਾਪ ਕਟੋਨਾ ॥

ਹੇ ਸੁਆਮੀ! ਜਿਹੜੇ ਮਨੁੱਖ ਤੇਰੀ ਸਿਫ਼ਤ-ਸਾਲਾਹ ਦਾ ਗੀਤ ਗਾਂਦੇ ਹਨ ਸੁਣਦੇ ਹਨ, ਉਹ (ਆਪਣੇ) ਕ੍ਰੋੜਾਂ ਪਾਪ ਨਾਸ ਕਰ ਲੈਂਦੇ ਹਨ।

ਤੁਮ ਜੈਸੇ ਹਰਿ ਪੁਰਖ ਜਾਨੇ ਮਤਿ ਗੁਰਮਤਿ ਮੁਖਿ ਵਡ ਵਡ ਭਾਗ ਵਡੋਨਾ ॥

ਹੇ ਸਰਬ-ਵਿਆਪਕ ਹਰੀ! ਉਹ ਮਨੁੱਖ ਵੱਡੇ ਭਾਗਾਂ ਵਾਲੇ ਗਿਣੇ ਜਾਂਦੇ ਹਨ (ਸਭ ਮਨੁੱਖਾਂ ਵਿਚ) ਮੁਖੀ ਮੰਨੇ ਜਾਂਦੇ ਹਨ, ਸਤਿਗੁਰੂ ਦੀ ਮੱਤ ਉਤੇ ਕੇ ਉਹ ਮਨੁੱਖ ਤੇਰੇ ਵਰਗੇ ਹੀ ਜਾਣੇ ਜਾਂਦੇ ਹਨ।

ਸਭਿ ਧਿਆਵਹੁ ਆਦਿ ਸਤੇ ਜੁਗਾਦਿ ਸਤੇ ਪਰਤਖਿ ਸਤੇ ਸਦਾ ਸਦਾ ਸਤੇ ਜਨੁ ਨਾਨਕੁ ਦਾਸੁ ਦਸੋਨਾ ॥੫॥

ਜੋ ਪਰਮਾਤਮਾ ਆਦਿ ਤੋਂ ਜੁਗਾਂ ਦੇ ਆਦਿ ਤੋਂ ਹੋਂਦ ਵਾਲਾ ਹੈ; ਜੋ (ਹੁਣ ਭੀ) ਪਰਤੱਖ ਕਾਇਮ ਹੈ ਤੇ ਸਦਾ ਹੀ ਕਾਇਮ ਰਹਿਣ ਵਾਲਾ ਹੈ, ਤੁਸੀਂ ਸਾਰੇ ਉਸ ਦਾ ਸਿਮਰਨ ਕਰਦੇ ਰਹੋ। ਦਾਸ ਨਾਨਕ ਉਸ (ਹਰੀ ਦੇ) ਦਾਸਾਂ ਦਾ ਦਾਸ ਹੈ ॥੫॥


ਸਲੋਕ ਮਃ ੪ ॥
ਹਮਰੇ ਹਰਿ ਜਗਜੀਵਨਾ ਹਰਿ ਜਪਿਓ ਹਰਿ ਗੁਰ ਮੰਤ ॥

(ਜਿਹੜਾ) ਹਰੀ (ਸਾਰੇ) ਜਗਤ ਦੀ ਜ਼ਿੰਦਗੀ ਦਾ ਆਸਰਾ (ਹੈ ਉਹ) ਸਾਡੇ ਹਿਰਦੇ ਵਿਚ ਭੀ ਵੱਸਦਾ ਹੈ; ਅਸਾਂ ਗੁਰੂ ਦੇ ਉਪਦੇਸ਼ ਤੇ ਤੁਰ ਕੇ ਉਸ ਨੂੰ ਜਪਿਆ ਹੈ।

ਹਰਿ ਅਗਮੁ ਅਗੋਚਰੁ ਅਗਮੁ ਹਰਿ ਹਰਿ ਮਿਲਿਆ ਆਇ ਅਚਿੰਤ ॥

ਉਹ ਹੈ ਤਾਂ ਅਪਹੁੰਚ ਤੇ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ (ਪਰ ਗੁਰੂ ਦੀ ਸਿੱਖਿਆ ਅਨੁਸਾਰ ਸਿਮਰਨ ਦੀ ਬਰਕਤਿ ਨਾਲ) ਉਹ ਹਰੀ ਸਾਨੂੰ ਆਪਣੇ ਆਪ ਆ ਮਿਲਿਆ ਹੈ।

ਹਰਿ ਆਪੇ ਘਟਿ ਘਟਿ ਵਰਤਦਾ ਹਰਿ ਆਪੇ ਆਪਿ ਬਿਅੰਤ ॥

ਉਹ ਹਰੀ ਆਪ ਹੀ ਹਰੇਕ ਸਰੀਰ ਵਿਚ ਵੱਸਦਾ ਹੈ, (ਹਰ ਥਾਂ) ਉਹ ਆਪ ਹੀ ਆਪ ਹੈ ਤੇ ਉਸ ਦੀ ਹਸਤੀ ਦਾ ਅੰਤ ਨਹੀਂ ਪਾਇਆ ਜਾ ਸਕਦਾ।

ਹਰਿ ਆਪੇ ਸਭ ਰਸ ਭੋਗਦਾ ਹਰਿ ਆਪੇ ਕਵਲਾ ਕੰਤ ॥

ਉਹ ਹਰੀ ਆਪ ਹੀ (ਸਭ ਜੀਵਾਂ ਵਿਚ ਵਿਆਪਕ ਹੋ ਕੇ) ਸਾਰੇ ਰਸ ਭੋਗ ਰਿਹਾ ਹੈ, ਉਹ ਆਪ ਹੀ ਮਾਇਆ ਦਾ ਮਾਲਕ ਹੈ।

ਹਰਿ ਆਪੇ ਭਿਖਿਆ ਪਾਇਦਾ ਸਭ ਸਿਸਟਿ ਉਪਾਈ ਜੀਅ ਜੰਤ ॥

ਇਹ ਸਾਰੀ ਦੁਨੀਆ ਉਸ ਨੇ ਆਪ ਹੀ ਪੈਦਾ ਕੀਤੀ ਹੈ, ਇਸ ਸਾਰੇ ਜੀਅ ਜੰਤ ਉਸ ਨੇ ਆਪ ਹੀ ਪੈਦਾ ਕੀਤੇ ਹਨ, ਤੇ, (ਸਭ ਜੀਵਾਂ ਨੂੰ ਰਿਜ਼ਕ ਦਾ) ਖੈਰ ਭੀ ਉਹ ਆਪ ਹੀ ਪਾਂਦਾ ਹੈ।

ਹਰਿ ਦੇਵਹੁ ਦਾਨੁ ਦਇਆਲ ਪ੍ਰਭ ਹਰਿ ਮਾਂਗਹਿ ਹਰਿ ਜਨ ਸੰਤ ॥

ਹੇ ਦਇਆ ਦੇ ਸੋਮੇ ਹਰੀ ਪ੍ਰਭੂ! (ਸਾਨੂੰ ਭੀ ਉਹ ਨਾਮ-) ਦਾਨ ਦੇਹ ਜਿਹੜਾ (ਤੇਰੇ) ਸੰਤ ਜਨ (ਸਦਾ ਤੈਥੋਂ) ਮੰਗਦੇ (ਰਹਿੰਦੇ) ਹਨ।

ਜਨ ਨਾਨਕ ਕੇ ਪ੍ਰਭ ਆਇ ਮਿਲੁ ਹਮ ਗਾਵਹ ਹਰਿ ਗੁਣ ਛੰਤ ॥੧॥

ਹੇ ਦਾਸ ਨਾਨਕ ਦੇ (ਮਾਲਕ) ਪ੍ਰਭੂ! (ਸਾਨੂੰ) ਆ ਮਿਲ, (ਮਿਹਰ ਕਰ) ਅਸੀਂ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਰਹੀਏ ॥੧॥


ਮਃ ੪ ॥
ਹਰਿ ਪ੍ਰਭੁ ਸਜਣੁ ਨਾਮੁ ਹਰਿ ਮੈ ਮਨਿ ਤਨਿ ਨਾਮੁ ਸਰੀਰਿ ॥

ਹਰੀ ਪ੍ਰਭੂ (ਹੀ ਅਸਲ) ਮਿੱਤਰ ਹੈ, ਹਰੀ ਦਾ ਨਾਮ ਹੀ (ਨਾਲ ਨਿਭਣ ਵਾਲਾ) ਮਿੱਤਰ ਹੈ; ਮੇਰੇ ਮਨ ਵਿਚ ਮੇਰੇ ਤਨ ਵਿਚ ਮੇਰੇ ਹਿਰਦੇ ਵਿਚ (ਹਰੀ ਦਾ) ਨਾਮ ਵੱਸ ਰਿਹਾ ਹੈ।

ਸਭਿ ਆਸਾ ਗੁਰਮੁਖਿ ਪੂਰੀਆ ਜਨ ਨਾਨਕ ਸੁਣਿ ਹਰਿ ਧੀਰ ॥੨॥

ਹੇ ਦਾਸ ਨਾਨਕ! ਗੁਰੂ ਦੀ ਸਰਨ ਪੈ ਕੇ (ਹਰਿ-ਨਾਮ ਸਿਮਰਿਆਂ) ਸਾਰੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਹਨ, ਹਰੀ ਦਾ ਨਾਮ ਸੁਣ ਕੇ (ਮਨ ਵਿਚ) ਸ਼ਾਂਤੀ ਪੈਦਾ ਹੁੰਦੀ ਹੈ ॥੨॥


ਪਉੜੀ ॥
ਹਰਿ ਊਤਮੁ ਹਰਿਆ ਨਾਮੁ ਹੈ ਹਰਿ ਪੁਰਖੁ ਨਿਰੰਜਨੁ ਮਉਲਾ ॥

ਪਰਮਾਤਮਾ ਸਭ ਵਿਚ ਵਿਆਪਕ ਹੈ ਸਭ ਵਿਚ ਮਿਲਿਆ ਹੋਇਆ ਹੈ ਤੇ ਨਿਰਲੇਪ (ਭੀ) ਹੈ, ਉਸ ਦਾ ਨਾਮ ਸ੍ਰੇਸ਼ਟ ਹੈ (ਉੱਚਾ ਜੀਵਨ ਬਣਾਣ ਵਾਲਾ ਹੈ) ਤੇ ਆਤਮਕ ਜੀਵਨ ਦੇਣ ਵਾਲਾ ਹੈ।

ਜੋ ਜਪਦੇ ਹਰਿ ਹਰਿ ਦਿਨਸੁ ਰਾਤਿ ਤਿਨ ਸੇਵੇ ਚਰਨ ਨਿਤ ਕਉਲਾ ॥

ਜਿਹੜੇ ਮਨੁੱਖ ਦਿਨ ਰਾਤ ਹਰ ਵੇਲੇ ਪਰਮਾਤਮਾ (ਦਾ ਨਾਮ) ਜਪਦੇ ਹਨ, ਲੱਛਮੀ (ਭੀ) ਹਰ ਵੇਲੇ ਉਹਨਾਂ ਦੇ ਚਰਨਾਂ ਦੀ ਸੇਵਾ ਕਰਦੀ ਹੈ (ਉਹਨਾਂ ਉਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ)।

ਨਿਤ ਸਾਰਿ ਸਮੑਾਲੇ ਸਭ ਜੀਅ ਜੰਤ ਹਰਿ ਵਸੈ ਨਿਕਟਿ ਸਭ ਜਉਲਾ ॥

ਪਰਮਾਤਮਾ ਸਭ ਜੀਵਾਂ ਦੀ ਚੰਗੀ ਤਰ੍ਹਾਂ ਸੰਭਾਲ ਕਰਦਾ ਹੈ, ਉਹ (ਸਭ ਜੀਵਾਂ ਦੇ) ਨੇੜੇ ਵੱਸਦਾ ਹੈ, (ਫਿਰ ਸਭ ਤੋਂ) ਵੱਖਰਾ (ਭੀ) ਹੈ।

ਸੋ ਬੂਝੈ ਜਿਸੁ ਆਪਿ ਬੁਝਾਇਸੀ ਜਿਸੁ ਸਤਿਗੁਰੁ ਪੁਰਖੁ ਪ੍ਰਭੁ ਸਉਲਾ ॥

ਪਰ ਇਹ ਗੱਲ ਉਹ ਮਨੁੱਖ ਸਮਝਦਾ ਹੈ ਜਿਸ ਨੂੰ ਪਰਮਾਤਮਾ ਆਪ ਸਮਝ ਦੇਂਦਾ ਹੈ ਜਿਸ ਉਤੇ ਗੁਰੂ ਮਿਹਰ ਕਰਦਾ ਹੈ ਜਿਸ ਉਤੇ ਸਰਬ-ਵਿਆਪਕ ਪ੍ਰਭੂ ਕਿਰਪਾ ਕਰਦਾ ਹੈ।

ਸਭਿ ਗਾਵਹੁ ਗੁਣ ਗੋਵਿੰਦ ਹਰੇ ਗੋਵਿੰਦ ਹਰੇ ਗੋਵਿੰਦ ਹਰੇ ਗੁਣ ਗਾਵਤ ਗੁਣੀ ਸਮਉਲਾ ॥੬॥

ਤੁਸੀਂ ਸਾਰੇ, ਧਰਤੀ ਦੀ ਸਾਰ ਲੈਣ ਵਾਲੇ ਉਸ ਹਰੀ ਦੇ ਗੁਣ ਸਦਾ ਗਾਂਦੇ ਰਹੋ, ਗੁਣ ਗਾਂਦਿਆਂ ਗਾਂਦਿਆਂ ਉਸ ਗੁਣਾਂ ਦੇ ਮਾਲਕ ਪ੍ਰਭੂ ਵਿਚ ਲੀਨ ਹੋ ਜਾਈਦਾ ਹੈ ॥੬॥


ਸਲੋਕ ਮਃ ੪ ॥
ਸੁਤਿਆ ਹਰਿ ਪ੍ਰਭੁ ਚੇਤਿ ਮਨਿ ਹਰਿ ਸਹਜਿ ਸਮਾਧਿ ਸਮਾਇ ॥

(ਜਾਗਦਿਆਂ ਕਿਰਤ-ਕਾਰ ਕਰਦਿਆਂ ਸਿਮਰਨ ਦੀ ਇਹੋ ਜਿਹੀ ਆਦਤ ਬਣਾ ਕਿ) ਸੁੱਤੇ ਪਿਆਂ ਭੀ (ਆਪਣੇ) ਮਨ ਵਿਚ ਪਰਮਾਤਮਾ ਨੂੰ ਯਾਦ ਕਰ (ਯਾਦ ਕਰਦਾ ਰਹੇਂ), (ਇਸ ਤਰ੍ਹਾਂ) ਸਦਾ ਆਤਮਕ ਅਡੋਲਤਾ ਵਿਚ (ਆਤਮਕ ਅਡੋਲਤਾ ਦੀ) ਸਮਾਧੀ ਵਿਚ ਟਿਕਿਆ ਰਹੁ।

ਜਨ ਨਾਨਕ ਹਰਿ ਹਰਿ ਚਾਉ ਮਨਿ ਗੁਰੁ ਤੁਠਾ ਮੇਲੇ ਮਾਇ ॥੧॥

ਹੇ ਮਾਂ! ਦਾਸ ਨਾਨਕ ਦੇ ਮਨ ਵਿਚ ਭੀ ਪਰਮਾਤਮਾ ਨੂੰ ਮਿਲਣ ਦੀ ਤਾਂਘ ਹੈ, ਗੁਰੂ (ਹੀ) ਪ੍ਰਸੰਨ ਹੋ ਕੇ ਮੇਲ ਕਰਾਂਦਾ ਹੈ ॥੧॥


ਮਃ ੪ ॥
ਹਰਿ ਇਕਸੁ ਸੇਤੀ ਪਿਰਹੜੀ ਹਰਿ ਇਕੋ ਮੇਰੈ ਚਿਤਿ ॥

ਸਿਰਫ਼ ਇਕ ਪਰਮਾਤਮਾ ਨਾਲ ਹੀ ਮੇਰਾ ਸੋਹਣਾ ਪਿਆਰ ਹੈ, ਇਕ ਪਰਮਾਤਮਾ ਹੀ (ਸਦਾ) ਮੇਰੇ ਚਿੱਤ ਵਿਚ ਵੱਸਦਾ ਹੈ।

ਜਨ ਨਾਨਕ ਇਕੁ ਅਧਾਰੁ ਹਰਿ ਪ੍ਰਭ ਇਕਸ ਤੇ ਗਤਿ ਪਤਿ ॥੨॥

ਇਕ ਪ੍ਰਭੂ ਹੀ ਦਾਸ ਨਾਨਕ (ਦੀ ਜ਼ਿੰਦਗੀ ਦਾ) ਆਸਰਾ ਹੈ, ਇਕ ਪ੍ਰਭੂ ਤੋਂ ਹੀ ਉੱਚੀ ਆਤਮਕ ਅਵਸਥਾ ਮਿਲਦੀ ਹੈ (ਤੇ ਲੋਕ ਪਰਲੋਕ ਦੀ) ਇੱਜ਼ਤ ਹਾਸਲ ਹੁੰਦੀ ਹੈ ॥੨॥


ਪਉੜੀ ॥
ਪੰਚੇ ਸਬਦ ਵਜੇ ਮਤਿ ਗੁਰਮਤਿ ਵਡਭਾਗੀ ਅਨਹਦੁ ਵਜਿਆ ॥

ਜਿਸ ਵੱਡੇ ਭਾਗਾਂ ਵਾਲੇ ਮਨੁੱਖ ਦੀ ਮੱਤ ਵਿਚ ਗੁਰੂ ਦਾ ਉਪਦੇਸ਼ ਵੱਸ ਪੈਂਦਾ ਹੈ ਉਸ ਦੇ ਅੰਦਰ (ਆਤਮਕ ਆਨੰਦ ਦਾ) ਇਕ-ਰਸ ਵਾਜਾ ਵੱਜ ਪੈਂਦਾ ਹੈ (ਉਸ ਦੇ ਅੰਦਰ, ਮਾਨੋ) ਪੰਜਾਂ ਹੀ ਕਿਸਮਾਂ ਦੇ ਸਾਜ਼ ਵੱਜ ਪੈਂਦੇ ਹਨ।

ਆਨਦ ਮੂਲੁ ਰਾਮੁ ਸਭੁ ਦੇਖਿਆ ਗੁਰਸਬਦੀ ਗੋਵਿਦੁ ਗਜਿਆ ॥

ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਉਸ ਦੇ ਅੰਦਰ) ਪਰਮਾਤਮਾ ਗੱਜ ਪੈਂਦਾ ਹੈ ਅਤੇ ਉਹ ਹਰ ਥਾਂ ਆਨੰਦ ਦੇ ਸੋਮੇ ਪਰਮਾਤਮਾ ਨੂੰ (ਵੱਸਦਾ) ਵੇਖਦਾ ਹੈ।

ਆਦਿ ਜੁਗਾਦਿ ਵੇਸੁ ਹਰਿ ਏਕੋ ਮਤਿ ਗੁਰਮਤਿ ਹਰਿ ਪ੍ਰਭੁ ਭਜਿਆ ॥

(ਜਿਹੜਾ ਮਨੁੱਖ) ਗੁਰੂ ਦੀ ਮੱਤ ਲੈ ਕੇ ਪਰਮਾਤਮਾ ਦਾ ਭਜਨ ਕਰਦਾ ਹੈ (ਉਸ ਨੂੰ ਇਹ ਨਿਸਚਾ ਆ ਜਾਂਦਾ ਹੈ ਕਿ ਸ੍ਰਿਸ਼ਟੀ ਦੇ) ਆਦਿ ਤੋਂ ਜੁਗਾਂ ਦੇ ਆਦਿ ਤੋਂ ਪਰਮਾਤਮਾ ਦੀ ਇਕੋ ਹੀ ਅਟੱਲ ਹਸਤੀ ਹੈ।

ਹਰਿ ਦੇਵਹੁ ਦਾਨੁ ਦਇਆਲ ਪ੍ਰਭ ਜਨ ਰਾਖਹੁ ਹਰਿ ਪ੍ਰਭ ਲਜਿਆ ॥

ਹੇ ਹਰੀ! ਹੇ ਦਇਆ ਦੇ ਸੋਮੇ ਪ੍ਰਭੂ! ਤੂੰ ਆਪਣੇ ਦਾਸਾਂ ਨੂੰ (ਆਪਣੇ ਨਾਮ ਦਾ) ਦਾਨ ਦੇਂਦਾ ਹੈਂ, (ਤੇ, ਇਸ ਤਰ੍ਹਾਂ ਵਿਕਾਰਾਂ ਦੇ ਟਾਕਰੇ ਤੇ ਉਹਨਾਂ ਦੀ) ਲਾਜ ਰੱਖਦਾ ਹੈਂ।

ਸਭਿ ਧੰਨੁ ਕਹਹੁ ਗੁਰੁ ਸਤਿਗੁਰੂ ਗੁਰੁ ਸਤਿਗੁਰੂ ਜਿਤੁ ਮਿਲਿ ਹਰਿ ਪੜਦਾ ਕਜਿਆ ॥੭॥

ਤੁਸੀਂ ਸਾਰੇ ਗੁਰੂ ਨੂੰ ਧੰਨ-ਧੰਨ ਆਖੋ, ਗੁਰੂ ਨੂੰ ਧੰਨ-ਧੰਨ ਆਖੋ ਜਿਸ ਦੀ ਰਾਹੀਂ ਪਰਮਾਤਮਾ ਨੂੰ ਮਿਲ ਕੇ (ਵਿਕਾਰਾਂ ਦੇ ਟਾਕਰੇ ਤੇ) ਇੱਜ਼ਤ ਬਚ ਜਾਂਦੀ ਹੈ ॥੭॥


ਸਲੋਕੁ ਮਃ ੪ ॥
ਭਗਤਿ ਸਰੋਵਰੁ ਉਛਲੈ ਸੁਭਰ ਭਰੇ ਵਹੰਨਿ ॥

ਗੁਰੂ (ਇਕ ਐਸਾ) ਸਰੋਵਰ ਹੈ ਜਿਸ ਵਿਚ ਭਗਤੀ ਉਛਾਲੇ ਮਾਰ ਰਹੀ ਹੈ, (ਗੁਰੂ ਇਕ ਐਸਾ ਦਰੀਆ ਹੈ ਜਿਸ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ) ਨਾਲ ਨਕਾ-ਨਕ ਭਰੇ ਹੋਏ ਵਹਿਣ ਚੱਲ ਰਹੇ ਹਨ।

ਜਿਨਾ ਸਤਿਗੁਰੁ ਮੰਨਿਆ ਜਨ ਨਾਨਕ ਵਡਭਾਗ ਲਹੰਨਿ ॥੧॥

ਹੇ ਦਾਸ ਨਾਨਕ! ਜਿਹੜੇ ਮਨੁੱਖ ਗੁਰੂ ਵਿਚ ਸਰਧਾ ਬਣਾਂਦੇ ਹਨ ਉਹ ਵੱਡੇ ਭਾਗਾਂ ਨਾਲ (ਪਰਮਾਤਮਾ ਦੇ ਗੁਣਾਂ ਦੇ ਮੋਤੀ) ਲੱਭ ਲੈਂਦੇ ਹਨ ॥੧॥


ਮਃ ੪ ॥
ਹਰਿ ਹਰਿ ਨਾਮ ਅਸੰਖ ਹਰਿ ਹਰਿ ਕੇ ਗੁਨ ਕਥਨੁ ਨ ਜਾਹਿ ॥

ਪਰਮਾਤਮਾ ਦੇ ਨਾਮ ਅਣਗਿਣਤ ਹਨ, ਪਰਮਾਤਮਾ ਦੇ ਗੁਣ (ਭੀ ਬੇਅੰਤ ਹਨ) ਬਿਆਨ ਨਹੀਂ ਕੀਤੇ ਜਾ ਸਕਦੇ, ਪਰਮਾਤਮਾ ਅਪਹੁੰਚ ਹੈ, (ਮਾਨੋ) ਅਥਾਹ (ਸਮੁੰਦਰ) ਹੈ।

ਹਰਿ ਹਰਿ ਅਗਮੁ ਅਗਾਧਿ ਹਰਿ ਜਨ ਕਿਤੁ ਬਿਧਿ ਮਿਲਹਿ ਮਿਲਾਹਿ ॥

ਉਸ ਦੇ ਸੇਵਕ ਭਗਤ ਉਸ ਨੂੰ ਕਿਵੇਂ ਮਿਲਦੇ ਹਨ? (ਹੋਰਨਾਂ ਨੂੰ) ਕਿਵੇਂ ਮਿਲਾਂਦੇ ਹਨ?

ਹਰਿ ਹਰਿ ਜਸੁ ਜਪਤ ਜਪੰਤ ਜਨ ਇਕੁ ਤਿਲੁ ਨਹੀ ਕੀਮਤਿ ਪਾਇ ॥

(ਪਰਮਾਤਮਾ ਦੇ ਸੇਵਕ) ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦਿਆਂ (ਆਪ ਉਸ ਨੂੰ ਮਿਲਦੇ ਹਨ, ਤੇ ਹੋਰਨਾਂ ਤੋਂ) ਜਪਾਂਦਿਆਂ (ਉਹਨਾਂ ਨੂੰ ਭੀ ਉਸ ਨਾਲ ਮਿਲਾਂਦੇ ਹਨ)। (ਪਰ ਪਰਮਾਤਮਾ ਦੇ ਗੁਣਾਂ ਦੀ) ਕੀਮਤ ਰਤਾ ਭਰ ਭੀ ਨਹੀਂ ਪੈ ਸਕਦੀ।

ਜਨ ਨਾਨਕ ਹਰਿ ਅਗਮ ਪ੍ਰਭ ਹਰਿ ਮੇਲਿ ਲੈਹੁ ਲੜਿ ਲਾਇ ॥੨॥

(ਉਸ ਦੇ ਦਰ ਤੇ ਅਰਦਾਸ ਹੀ ਕਰਨੀ ਚਾਹੀਦੀ ਹੈ ਕਿ) ਹੇ ਅਪਹੁੰਚ ਹਰੀ ਪ੍ਰਭੂ! ਆਪਣੇ ਦਾਸ ਨਾਨਕ ਨੂੰ ਆਪਣੇ ਲੜ ਲਾ ਕੇ (ਆਪਣੇ ਚਰਨਾਂ ਵਿਚ) ਮਿਲਾ ਲੈ ॥੨॥


ਪਉੜੀ ॥
ਹਰਿ ਅਗਮੁ ਅਗੋਚਰੁ ਅਗਮੁ ਹਰਿ ਕਿਉ ਕਰਿ ਹਰਿ ਦਰਸਨੁ ਪਿਖਾ ॥

ਮੈਂ ਪਰਮਾਤਮਾ ਦਾ ਦਰਸਨ ਕਿਵੇਂ ਕਰ ਸਕਦਾ ਹਾਂ? ਉਹ ਤਾਂ ਅਪਹੁੰਚ ਹੈ, ਉਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ।

ਕਿਛੁ ਵਖਰੁ ਹੋਇ ਸੁ ਵਰਨੀਐ ਤਿਸੁ ਰੂਪੁ ਨ ਰਿਖਾ ॥

ਜੇ ਕੋਈ ਖ਼ਰੀਦਿਆ ਜਾ ਸਕਣ ਵਾਲਾ ਪਦਾਰਥ ਹੋਵੇ ਤਾਂ (ਉਸ ਦਾ ਰੂਪ ਰੇਖ) ਬਿਆਨ ਕੀਤਾ ਜਾ ਸਕਦਾ ਹੈ, ਪਰ ਉਸ ਪਰਮਾਤਮਾ ਦਾ ਨਾਹ ਕੋਈ ਰੂਪ ਹੈ ਨਾਹ ਰੇਖਾ ਹੈ।

ਜਿਸੁ ਬੁਝਾਏ ਆਪਿ ਬੁਝਾਇ ਦੇਇ ਸੋਈ ਜਨੁ ਦਿਖਾ ॥

ਉਹੀ ਮਨੁੱਖ ਉਸ ਦਾ ਦਰਸਨ ਕਰ ਸਕਦਾ ਹੈ ਜਿਸ ਨੂੰ ਪ੍ਰਭੂ ਆਪ ਮੱਤ ਦੇ ਕੇ ਸਮਝਾਂਦਾ ਹੈ।

ਸਤਸੰਗਤਿ ਸਤਿਗੁਰ ਚਟਸਾਲ ਹੈ ਜਿਤੁ ਹਰਿ ਗੁਣ ਸਿਖਾ ॥

(ਤੇ, ਇਹ ਮੱਤ ਮਿਲਦੀ ਹੈ ਸਾਧ ਸੰਗਤ ਵਿਚ) ਸਾਧ ਸੰਗਤ ਸਤਿਗੁਰੂ ਦੀ ਪਾਠਸ਼ਾਲਾ ਹੈ ਜਿਸ ਵਿਚ ਪਰਮਾਤਮਾ ਦੇ ਗੁਣ ਸਿੱਖੇ ਜਾ ਸਕਦੇ ਹਨ।

ਧਨੁ ਧੰਨੁ ਸੁ ਰਸਨਾ ਧੰਨੁ ਕਰ ਧੰਨੁ ਸੁ ਪਾਧਾ ਸਤਿਗੁਰੂ ਜਿਤੁ ਮਿਲਿ ਹਰਿ ਲੇਖਾ ਲਿਖਾ ॥੮॥

ਧੰਨ ਹੈ ਉਹ ਜੀਭ (ਜਿਹੜੀ ਪਰਮਾਤਮਾ ਦਾ ਨਾਮ ਜਪਦੀ ਹੈ) ਧੰਨ ਹਨ ਉਹ ਹੱਥ (ਜਿਹੜੇ ਸਾਧ ਸੰਗਤ ਵਿਚ ਪੱਖੇ ਆਦਿਕ ਦੀ ਸੇਵਾ ਕਰਦੇ ਹਨ) ਧੰਨ ਹੈ ਉਹ ਪਾਂਧਾ ਗੁਰੂ ਜਿਸ ਦੀ ਰਾਹੀਂ ਪਰਮਾਤਮਾ ਨੂੰ ਮਿਲ ਕੇ ਉਸ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਕਰੀਦੀਆਂ ਹਨ ॥੮॥


ਸਲੋਕ ਮਃ ੪ ॥
ਹਰਿ ਹਰਿ ਨਾਮੁ ਅੰਮ੍ਰਿਤੁ ਹੈ ਹਰਿ ਜਪੀਐ ਸਤਿਗੁਰ ਭਾਇ ॥

ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਹੈ (ਪਰ ਇਹ ਨਾਮ) ਗੁਰੂ ਦੇ ਅਨੁਸਾਰ ਰਹਿ ਕੇ ਜਪਿਆ ਜਾ ਸਕਦਾ ਹੈ।

ਹਰਿ ਹਰਿ ਨਾਮੁ ਪਵਿਤੁ ਹੈ ਹਰਿ ਜਪਤ ਸੁਨਤ ਦੁਖੁ ਜਾਇ ॥

ਪ੍ਰਭੂ ਦਾ ਨਾਮ ਜੀਵਨ ਨੂੰ ਸੁੱਚਾ ਕਰਨ ਵਾਲਾ ਹੈ, ਇਸ ਨੂੰ ਜਪਦਿਆਂ ਸੁਣਦਿਆਂ (ਹਰੇਕ) ਦੁੱਖ ਦੂਰ ਹੋ ਜਾਂਦਾ ਹੈ,

ਹਰਿ ਨਾਮੁ ਤਿਨੀ ਆਰਾਧਿਆ ਜਿਨ ਮਸਤਕਿ ਲਿਖਿਆ ਧੁਰਿ ਪਾਇ ॥

(ਪਰ ਇਹ) ਹਰਿ-ਨਾਮ ਉਹਨਾਂ ਮਨੁੱਖਾਂ ਨੇ ਹੀ ਸਿਮਰਿਆ ਹੈ ਜਿਨ੍ਹਾਂ ਨੇ (ਪਿਛਲੇ ਕੀਤੇ ਕਰਮਾਂ ਅਨੁਸਾਰ) ਮੱਥੇ ਉਤੇ ਧੁਰੋਂ ਲਿਖਿਆ ਲੇਖ ਪ੍ਰਾਪਤ ਕੀਤਾ ਹੈ।

ਹਰਿ ਦਰਗਹ ਜਨ ਪੈਨਾਈਅਨਿ ਜਿਨ ਹਰਿ ਮਨਿ ਵਸਿਆ ਆਇ ॥

ਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਆ ਵੱਸਦਾ ਹੈ, ਪਰਮਾਤਮਾ ਦੀ ਹਜ਼ੂਰੀ ਵਿਚ ਉਹਨਾਂ ਨੂੰ ਆਦਰ ਮਿਲਦਾ ਹੈ।

ਜਨ ਨਾਨਕ ਤੇ ਮੁਖ ਉਜਲੇ ਜਿਨ ਹਰਿ ਸੁਣਿਆ ਮਨਿ ਭਾਇ ॥੧॥

ਹੇ ਦਾਸ ਨਾਨਕ! ਜਿਨ੍ਹਾਂ ਮਨੁੱਖਾਂ ਨੇ ਪ੍ਰੇਮ ਨਾਲ ਆਪਣੇ ਮਨ ਵਿਚ ਪਰਮਾਤਮਾ (ਦਾ ਨਾਮ) ਸੁਣਿਆ ਹੈ ਉਹ (ਲੋਕ ਪਰਲੋਕ ਵਿਚ) ਸੁਰਖ਼ਰੂ ਹੁੰਦੇ ਹਨ ॥੧॥


ਮਃ ੪ ॥
ਹਰਿ ਹਰਿ ਨਾਮੁ ਨਿਧਾਨੁ ਹੈ ਗੁਰਮੁਖਿ ਪਾਇਆ ਜਾਇ ॥

ਪਰਮਾਤਮਾ ਦਾ ਨਾਮ (ਸਾਰੇ ਸੁਖਾਂ ਦਾ) ਖ਼ਜ਼ਾਨਾ ਹੈ, (ਪਰ) ਇਹ ਮਿਲਦਾ ਹੈ ਗੁਰੂ ਦੀ ਸਰਨ ਪਿਆਂ।

ਜਿਨ ਧੁਰਿ ਮਸਤਕਿ ਲਿਖਿਆ ਤਿਨ ਸਤਿਗੁਰੁ ਮਿਲਿਆ ਆਇ ॥

ਤੇ, ਗੁਰੂ ਮਿਲਦਾ ਹੈ ਉਹਨਾਂ ਮਨੁੱਖਾਂ ਨੂੰ, ਜਿਨ੍ਹਾਂ ਦੇ ਮੱਥੇ ਉਤੇ (ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਗੁਰੂ-ਮਿਲਾਪ ਦਾ) ਲੇਖ ਲਿਖਿਆ ਹੁੰਦਾ ਹੈ।

ਤਨੁ ਮਨੁ ਸੀਤਲੁ ਹੋਇਆ ਸਾਂਤਿ ਵਸੀ ਮਨਿ ਆਇ ॥

ਉਹਨਾਂ ਦੇ ਮਨ ਵਿਚ ਸ਼ਾਂਤੀ ਬਣੀ ਰਹਿੰਦੀ ਹੈ ਉਹਨਾਂ ਦਾ ਮਨ ਉਹਨਾਂ ਦਾ ਤਨ ਠੰਢਾ-ਠਾਰ ਟਿਕਿਆ ਰਹਿੰਦਾ ਹੈ (ਉਹਨਾਂ ਦੇ ਅੰਦਰ ਵਿਕਾਰਾਂ ਦੀ ਤਪਸ਼ ਨਹੀਂ ਹੁੰਦੀ)।

ਨਾਨਕ ਹਰਿ ਹਰਿ ਚਉਦਿਆ ਸਭੁ ਦਾਲਦੁ ਦੁਖੁ ਲਹਿ ਜਾਇ ॥੨॥

ਹੇ ਨਾਨਕ! (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਜਪਦਿਆਂ ਹਰੇਕ ਦੁੱਖ ਹਰੇਕ ਦਰਿੱਦ੍ਰ ਦੂਰ ਹੋ ਜਾਂਦਾ ਹੈ ॥੨॥


ਪਉੜੀ ॥
ਹਉ ਵਾਰਿਆ ਤਿਨ ਕਉ ਸਦਾ ਸਦਾ ਜਿਨਾ ਸਤਿਗੁਰੁ ਮੇਰਾ ਪਿਆਰਾ ਦੇਖਿਆ ॥

ਮੈਂ ਸਦਕੇ ਜਾਂਦਾ ਹਾਂ ਸਦਾ ਹੀ ਉਹਨਾਂ (ਮਨੁੱਖਾਂ) ਤੋਂ, ਜਿਨ੍ਹਾਂ ਨੇ ਮੇਰੇ ਪਿਆਰੇ ਗੁਰੂ ਦਾ ਦਰਸਨ (ਸਦਾ) ਕੀਤਾ ਹੈ,

ਤਿਨ ਕਉ ਮਿਲਿਆ ਮੇਰਾ ਸਤਿਗੁਰੂ ਜਿਨ ਕਉ ਧੁਰਿ ਮਸਤਕਿ ਲੇਖਿਆ ॥

(ਪਰ) ਪਿਆਰਾ ਗੁਰੂ ਉਹਨਾਂ ਨੂੰ ਹੀ ਮਿਲਦਾ ਹੈ, ਜਿਨ੍ਹਾਂ ਦੇ ਮੱਥੇ ਉਤੇ (ਉਹਨਾਂ ਦੇ ਪਿਛਲੇ ਕੀਤੇ ਕਰਮਾਂ ਅਨੁਸਾਰ) ਧੁਰ ਦਰਗਾਹ ਤੋਂ (ਗੁਰੂ-ਮਿਲਾਪ ਦਾ) ਲੇਖ ਲਿਖਿਆ ਹੁੰਦਾ ਹੈ।

ਹਰਿ ਅਗਮੁ ਧਿਆਇਆ ਗੁਰਮਤੀ ਤਿਸੁ ਰੂਪੁ ਨਹੀ ਪ੍ਰਭ ਰੇਖਿਆ ॥

ਉਹ ਮਨੁੱਖ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਉਸ ਅਪਹੁੰਚ ਪਰਮਾਤਮਾ ਦਾ ਸਿਮਰਨ ਕਰਦੇ ਰਹਿੰਦੇ ਹਨ ਜਿਸ ਦਾ ਕੋਈ ਰੂਪ-ਰੇਖ ਬਿਆਨ ਨਹੀਂ ਕੀਤਾ ਜਾ ਸਕਦਾ।

ਗੁਰ ਬਚਨਿ ਧਿਆਇਆ ਜਿਨਾ ਅਗਮੁ ਹਰਿ ਤੇ ਠਾਕੁਰ ਸੇਵਕ ਰਲਿ ਏਕਿਆ ॥

ਜਿਹੜੇ ਮਨੁੱਖ ਗੁਰੂ ਦੇ ਹੁਕਮ ਵਿਚ ਤੁਰ ਕੇ ਉਸ ਅਪਹੁੰਚ ਪਰਮਾਤਮਾ ਦਾ ਧਿਆਨ ਧਰਦੇ ਹਨ, ਪਰਮਾਤਮਾ ਦੇ ਉਹ ਸੇਵਕ (ਪਰਮਾਤਮਾ ਵਿਚ) ਮਿਲ ਕੇ (ਉਸ ਨਾਲ) ਇੱਕ-ਰੂਪ ਹੋ ਜਾਂਦੇ ਹਨ।

ਸਭਿ ਕਹਹੁ ਮੁਖਹੁ ਨਰ ਨਰਹਰੇ ਨਰ ਨਰਹਰੇ ਨਰ ਨਰਹਰੇ ਹਰਿ ਲਾਹਾ ਹਰਿ ਭਗਤਿ ਵਿਸੇਖਿਆ ॥੯॥

ਤੁਸੀਂ ਸਾਰੇ (ਆਪਣੇ) ਮੂੰਹੋਂ ਸਦਾ ਪਰਮਾਤਮਾ ਦਾ ਨਾਮ ਉਚਾਰਦੇ ਰਹੋ। ਪਰਮਾਤਮਾ ਦਾ ਨਾਮ ਜਪਣ ਦਾ ਇਹ ਨਫ਼ਾ ਹੋਰ ਸਾਰੇ ਨਫ਼ਿਆਂ ਨਾਲੋਂ ਵਧੀਆ ਹੈ ॥੯॥


ਸਲੋਕ ਮਃ ੪ ॥
ਰਾਮ ਨਾਮੁ ਰਮੁ ਰਵਿ ਰਹੇ ਰਮੁ ਰਾਮੋ ਰਾਮੁ ਰਮੀਤਿ ॥

ਹੇ ਭਾਈ! ਉਸ ਪਰਮਾਤਮਾ ਦਾ ਨਾਮ ਸਦਾ ਸਿਮਰ, ਸਦਾ ਸਿਮਰ, ਜੋ ਹਰ ਥਾਂ ਰਮਿਆ ਹੋਇਆ ਹੈ,

ਘਟਿ ਘਟਿ ਆਤਮ ਰਾਮੁ ਹੈ ਪ੍ਰਭਿ ਖੇਲੁ ਕੀਓ ਰੰਗਿ ਰੀਤਿ ॥

ਜੋ ਪਰਮਾਤਮਾ ਹਰੇਕ ਸਰੀਰ ਵਿਚ ਮੌਜੂਦ ਹੈ, ਜਿਸ ਪ੍ਰਭੂ ਨੇ ਆਪਣੀ ਮੌਜ ਵਿਚ ਆਪਣੇ ਹੀ ਢੰਗ ਨਾਲ ਇਹ ਜਗਤ-ਖੇਡ ਬਣਾਈ ਹੈ।

ਹਰਿ ਨਿਕਟਿ ਵਸੈ ਜਗਜੀਵਨਾ ਪਰਗਾਸੁ ਕੀਓ ਗੁਰ ਮੀਤਿ ॥

(ਜਿਸ ਮਨੁੱਖ ਦੇ ਅੰਦਰ) ਮਿੱਤਰ ਗੁਰੂ ਨੇ ਸੂਝ-ਬੂਝ ਪੈਦਾ ਕੀਤੀ (ਉਸ ਨੂੰ ਸਮਝ ਆ ਜਾਂਦੀ ਹੈ ਕਿ) ਜਗਤ ਦਾ ਜੀਵਨ ਪ੍ਰਭੂ (ਹਰੇਕ ਦੇ) ਨੇੜੇ ਵੱਸਦਾ ਹੈ।

ਹਰਿ ਸੁਆਮੀ ਹਰਿ ਪ੍ਰਭੁ ਤਿਨ ਮਿਲੇ ਜਿਨ ਲਿਖਿਆ ਧੁਰਿ ਹਰਿ ਪ੍ਰੀਤਿ ॥

(ਪਰ) ਸੁਆਮੀ ਪ੍ਰਭੂ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਦੇ ਮੱਥੇ ਉਤੇ (ਪਿਛਲੇ ਕੀਤੇ ਕਰਮਾਂ ਅਨੁਸਾਰ) ਧੁਰੋਂ ਹੀ ਪਰਮਾਤਮਾ ਨਾਲ ਪਿਆਰ ਦਾ ਲੇਖ ਲਿਖਿਆ ਹੁੰਦਾ ਹੈ।

ਜਨ ਨਾਨਕ ਨਾਮੁ ਧਿਆਇਆ ਗੁਰ ਬਚਨਿ ਜਪਿਓ ਮਨਿ ਚੀਤਿ ॥੧॥

ਹੇ ਦਾਸ ਨਾਨਕ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਬਚਨ ਦੀ ਰਾਹੀਂ (ਗੁਰੂ ਦੇ ਦੱਸੇ ਰਸਤੇ ਤੁਰ ਕੇ) ਮਨ ਵਿਚ ਚਿੱਤ ਵਿਚ ਨਾਮ ਜਪਿਆ ਹੈ (ਅਸਲ ਵਿਚ ਉਹਨਾਂ ਨੇ ਹੀ) ਨਾਮ ਸਿਮਰਿਆ ਹੈ ॥੧॥


ਮਃ ੪ ॥
ਹਰਿ ਪ੍ਰਭੁ ਸਜਣੁ ਲੋੜਿ ਲਹੁ ਭਾਗਿ ਵਸੈ ਵਡਭਾਗਿ ॥

(ਗੁਰੂ ਦੀ ਸਰਨ ਪੈ ਕੇ) ਮਿੱਤਰ ਪ੍ਰਭੂ ਨੂੰ ਲੱਭ ਲੈ, (ਉਹ ਮਿੱਤਰ-ਪ੍ਰਭੂ) ਕਿਸਮਤ ਨਾਲ ਵੱਡੀ ਕਿਸਮਤ ਨਾਲ (ਹਿਰਦੇ ਵਿਚ ਆ) ਵੱਸਦਾ ਹੈ।

ਗੁਰਿ ਪੂਰੈ ਦੇਖਾਲਿਆ ਨਾਨਕ ਹਰਿ ਲਿਵ ਲਾਗਿ ॥੨॥

ਹੇ ਨਾਨਕ! ਜਿਸ ਮਨੁੱਖ ਨੂੰ ਪੂਰੇ ਗੁਰੂ ਨੇ (ਉਸ ਦਾ) ਦਰਸਨ ਕਰਾ ਦਿੱਤਾ, ਉਸ ਦੀ ਸੁਰਤ (ਹਰ ਵੇਲੇ) ਹਰੀ-ਪ੍ਰਭੂ ਵਿਚ ਲੱਗੀ ਰਹਿੰਦੀ ਹੈ ॥੨॥


ਪਉੜੀ ॥
ਧਨੁ ਧਨੁ ਸੁਹਾਵੀ ਸਫਲ ਘੜੀ ਜਿਤੁ ਹਰਿ ਸੇਵਾ ਮਨਿ ਭਾਣੀ ॥

(ਮਨੁੱਖ ਵਾਸਤੇ ਉਹ) ਘੜੀ ਭਾਗਾਂ ਵਾਲੀ ਹੁੰਦੀ ਹੈ ਸੋਹਣੀ ਹੁੰਦੀ ਹੈ ਮਨੁੱਖਾ ਜੀਵਨ ਦਾ ਮਨੋਰਥ ਪੂਰਾ ਕਰਨ ਵਾਲੀ ਹੁੰਦੀ ਹੈ। ਜਿਸ ਵਿਚ (ਮਨੁੱਖ ਨੂੰ ਆਪਣੇ) ਮਨ ਵਿਚ ਪਰਮਾਤਮਾ ਦੀ ਸੇਵਾ-ਭਗਤੀ ਚੰਗੀ ਲੱਗਦੀ ਹੈ।

ਹਰਿ ਕਥਾ ਸੁਣਾਵਹੁ ਮੇਰੇ ਗੁਰਸਿਖਹੁ ਮੇਰੇ ਹਰਿ ਪ੍ਰਭ ਅਕਥ ਕਹਾਣੀ ॥

ਹੇ ਮੇਰੇ ਗੁਰੂ ਦੇ ਸਿੱਖੋ! ਤੁਸੀਂ ਮੈਨੂੰ ਭੀ ਅਕੱਥ ਪ੍ਰਭੂ ਦੀਆਂ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਾਵੋ,

ਕਿਉ ਪਾਈਐ ਕਿਉ ਦੇਖੀਐ ਮੇਰਾ ਹਰਿ ਪ੍ਰਭੁ ਸੁਘੜੁ ਸੁਜਾਣੀ ॥

(ਤੇ ਦੱਸੋ ਕਿ) ਉਹ ਸੋਹਣਾ ਸਿਆਣਾ ਪ੍ਰਭੂ ਕਿਵੇਂ ਮਿਲ ਸਕਦਾ ਹੈ ਕਿਵੇਂ ਉਸ ਦਾ ਦਰਸਨ ਹੋ ਸਕਦਾ ਹੈ।

ਹਰਿ ਮੇਲਿ ਦਿਖਾਏ ਆਪਿ ਹਰਿ ਗੁਰ ਬਚਨੀ ਨਾਮਿ ਸਮਾਣੀ ॥

ਗੁਰੂ ਦੇ ਬਚਨਾਂ ਉਤੇ ਤੁਰ ਕੇ ਜਿਨ੍ਹਾਂ ਮਨੁੱਖਾਂ ਦੀ ਸੁਰਤ ਪਰਮਾਤਮਾ ਦੇ ਨਾਮ ਵਿਚ ਲੀਨ ਹੁੰਦੀ ਹੈ ਉਹਨਾਂ ਨੂੰ ਪਰਮਾਤਮਾ ਆਪ (ਆਪਣੇ ਚਰਨਾਂ ਵਿਚ) ਜੋੜ ਕੇ ਆਪਣਾ ਦਰਸਨ ਕਰਾਂਦਾ ਹੈ।

ਤਿਨ ਵਿਟਹੁ ਨਾਨਕੁ ਵਾਰਿਆ ਜੋ ਜਪਦੇ ਹਰਿ ਨਿਰਬਾਣੀ ॥੧੦॥

ਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ ਜਿਹੜੇ ਨਿਰਲੇਪ ਪਰਮਾਤਮਾ (ਦਾ ਨਾਮ ਹਰ ਵੇਲੇ) ਜਪਦੇ ਹਨ ॥੧੦॥


ਸਲੋਕ ਮਃ ੪ ॥
ਹਰਿ ਪ੍ਰਭ ਰਤੇ ਲੋਇਣਾ ਗਿਆਨ ਅੰਜਨੁ ਗੁਰੁ ਦੇਇ ॥

(ਜਿਨ੍ਹਾਂ ਮਨੁੱਖਾਂ ਨੂੰ) ਗੁਰੂ ਆਤਮਕ ਜੀਵਨ ਦੀ ਸੂਝ ਦਾ ਸੁਰਮਾ ਦੇਂਦਾ ਹੈ, ਉਹਨਾਂ ਦੀਆਂ ਅੱਖਾਂ ਪ੍ਰਭੂ ਦੇ ਪਿਆਰ ਨਾਲ ਰੰਗੀਆਂ ਜਾਂਦੀਆਂ ਹਨ,

ਮੈ ਪ੍ਰਭੁ ਸਜਣੁ ਪਾਇਆ ਜਨ ਨਾਨਕ ਸਹਜਿ ਮਿਲੇਇ ॥੧॥

ਉਹਨਾਂ ਨੂੰ ਮੇਰਾ ਪਿਆਰਾ ਪ੍ਰਭੂ ਮਿਲ ਪੈਂਦਾ ਹੈ, ਹੇ ਨਾਨਕ! ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ ॥੧॥


ਸਲੋਕੁ ਮਃ ੪ ॥
ਗੁਰਮੁਖਿ ਅੰਤਰਿ ਸਾਂਤਿ ਹੈ ਮਨਿ ਤਨਿ ਨਾਮਿ ਸਮਾਇ ॥

ਜੇ ਮਨੁੱਖ ਸਤਿਗੁਰੂ ਦੇ ਸਨਮੁਖ ਹੈ ਉਸ ਦੇ ਅੰਦਰ ਠੰਢ ਹੈ ਤੇ ਉਹ ਮਨੋਂ ਤਨੋਂ ਨਾਮ ਵਿਚ ਲੀਨ ਰਹਿੰਦੀ ਹੈ।

ਨਾਮੋ ਚਿਤਵੈ ਨਾਮੁ ਪੜੈ ਨਾਮਿ ਰਹੈ ਲਿਵ ਲਾਇ ॥

ਉਹ ਨਾਮ ਹੀ ਚਿਤਾਰਦਾ ਹੈ, ਨਾਮ ਹੀ ਪੜ੍ਹਦਾ ਹੈ ਤੇ ਨਾਮ ਵਿਚ ਹੀ ਬ੍ਰਿਤੀ ਜੋੜੀ ਰੱਖਦਾ ਹੈ।

ਨਾਮੁ ਪਦਾਰਥੁ ਪਾਇਆ ਚਿੰਤਾ ਗਈ ਬਿਲਾਇ ॥

ਨਾਮ (ਰੂਪ) ਸੁੰਦਰ ਵਸਤ ਲੱਭ ਕੇ ਉਸ ਦੀ ਚਿੰਤਾ ਦੂਰ ਹੋ ਜਾਂਦੀ ਹੈ।

ਸਤਿਗੁਰਿ ਮਿਲਿਐ ਨਾਮੁ ਊਪਜੈ ਤਿਸਨਾ ਭੁਖ ਸਭ ਜਾਇ ॥

ਜੇ ਗੁਰੂ ਮਿਲ ਪਏ ਤਾਂ ਨਾਮ (ਹਿਰਦੇ ਵਿਚ) ਪੁੰਗਰਦਾ ਹੈ, ਤ੍ਰਿਸ਼ਨਾ ਦੂਰ ਹੋ ਜਾਂਦੀ ਹੈ (ਮਾਇਆ ਦੀ) ਭੁੱਖ ਸਾਰੀ ਦੂਰ ਹੋ ਜਾਂਦੀ ਹੈ।

ਨਾਨਕ ਨਾਮੇ ਰਤਿਆ ਨਾਮੋ ਪਲੈ ਪਾਇ ॥੧॥

ਹੇ ਨਾਨਕ! ਨਾਮ ਵਿਚ ਰੰਗੇ ਜਾਣ ਕਰਕੇ ਨਾਮ ਹੀ (ਹਿਰਦੇ-ਰੂਪ) ਪੱਲੇ ਵਿਚ ਉੱਕਰਿਆ ਜਾਂਦਾ ਹੈ ॥੧॥


ਪਉੜੀ ॥
ਤੁਧੁ ਆਪੇ ਜਗਤੁ ਉਪਾਇ ਕੈ ਤੁਧੁ ਆਪੇ ਵਸਗਤਿ ਕੀਤਾ ॥

ਹੇ ਪ੍ਰਭੂ! ਤੂੰ ਆਪ ਹੀ ਜਗਤ ਪੈਦਾ ਕਰ ਕੇ (ਇਸ ਨੂੰ) ਤੂੰ ਆਪ ਹੀ (ਆਪਣੇ) ਵੱਸ ਵਿਚ ਰੱਖਿਆ ਹੋਇਆ ਹੈ।

ਇਕਿ ਮਨਮੁਖ ਕਰਿ ਹਾਰਾਇਅਨੁ ਇਕਨਾ ਮੇਲਿ ਗੁਰੂ ਤਿਨਾ ਜੀਤਾ ॥

ਕਈ ਜੀਵਾਂ ਨੂੰ ਮਨ ਦੇ ਮੁਰੀਦ ਬਣਾ ਕੇ ਉਸ (ਪਰਮਾਤਮਾ) ਨੇ (ਜੀਵਨ-ਖੇਡ ਵਿਚ) ਹਾਰ ਦੇ ਦਿੱਤੀ ਹੈ, ਪਰ ਕਈਆਂ ਨੂੰ ਗੁਰੂ ਮਿਲਾ ਕੇ (ਉਸ ਨੇ ਇਹੋ ਜਿਹਾ ਬਣਾ ਦਿੱਤਾ ਹੈ ਕਿ) ਉਹਨਾਂ ਨੇ (ਜੀਵਨ ਦੀ ਬਾਜ਼ੀ) ਜਿੱਤ ਲਈ ਹੈ।

ਹਰਿ ਊਤਮੁ ਹਰਿ ਪ੍ਰਭ ਨਾਮੁ ਹੈ ਗੁਰ ਬਚਨਿ ਸਭਾਗੈ ਲੀਤਾ ॥

ਪਰਮਾਤਮਾ ਦਾ ਨਾਮ (ਮਨੁੱਖ ਦੇ ਜੀਵਨ ਨੂੰ) ਉੱਚਾ ਕਰਨ ਵਾਲਾ ਹੈ, ਪਰ ਕਿਸੇ ਭਾਗਾਂ ਵਾਲੇ ਨੇ (ਹੀ) ਗੁਰੂ ਦੇ ਉਪਦੇਸ਼ ਦੀ ਰਾਹੀਂ (ਇਹ ਨਾਮ) ਸਿਮਰਿਆ ਹੈ।

ਦੁਖੁ ਦਾਲਦੁ ਸਭੋ ਲਹਿ ਗਇਆ ਜਾਂ ਨਾਉ ਗੁਰੂ ਹਰਿ ਦੀਤਾ ॥

ਜਦੋਂ ਗੁਰੂ ਨੇ ਪਰਮਾਤਮਾ ਦਾ ਨਾਮ (ਕਿਸੇ ਭਾਗਾਂ ਵਾਲੇ ਨੂੰ) ਦਿੱਤਾ, ਤਾਂ ਉਸ ਦਾ ਸਾਰਾ ਦੁੱਖ ਸਾਰਾ ਦਰਿੱਦ੍ਰ ਦੂਰ ਹੋ ਗਿਆ।

ਸਭਿ ਸੇਵਹੁ ਮੋਹਨੋ ਮਨਮੋਹਨੋ ਜਗਮੋਹਨੋ ਜਿਨਿ ਜਗਤੁ ਉਪਾਇ ਸਭੋ ਵਸਿ ਕੀਤਾ ॥੧੧॥

ਤੁਸੀਂ ਸਾਰੇ ਉਸ ਮੋਹਨ ਪ੍ਰਭੂ ਦਾ ਮਨ-ਮੋਹਨ ਪ੍ਰਭੂ ਦਾ ਜਗ-ਮੋਹਨ ਪ੍ਰਭੂ ਦਾ ਨਾਮ ਸਿਮਰਿਆ ਕਰੋ, ਜਿਸ ਨੇ ਜਗਤ ਪੈਦਾ ਕਰ ਕੇ ਇਹ ਸਾਰਾ ਆਪਣੇ ਵੱਸ ਵਿਚ ਰੱਖਿਆ ਹੋਇਆ ਹੈ ॥੧੧॥


ਸਲੋਕ ਮਃ ੪ ॥
ਮਨ ਅੰਤਰਿ ਹਉਮੈ ਰੋਗੁ ਹੈ ਭ੍ਰਮਿ ਭੂਲੇ ਮਨਮੁਖ ਦੁਰਜਨਾ ॥

ਜਿਨ੍ਹਾਂ ਦੇ ਮਨ ਵਿਚ ਹਉਮੈ ਦਾ ਰੋਗ ਹੈ, ਉਹ ਮਨ-ਦੇ-ਮੁਰੀਦ ਵਿਕਾਰੀ ਬੰਦੇ ਭਰਮ ਵਿਚ ਭੁੱਲੇ ਹੋਏ ਹਨ।

ਨਾਨਕ ਰੋਗੁ ਗਵਾਇ ਮਿਲਿ ਸਤਿਗੁਰ ਸਾਧੂ ਸਜਨਾ ॥੧॥

ਹੇ ਨਾਨਕ! ਇਹ ਹਉਮੈ ਦਾ ਰੋਗ ਸਤਿਗੁਰੂ ਨੂੰ ਮਿਲ ਕੇ ਤੇ ਸਤਸੰਗ ਵਿਚ ਰਹਿ ਕੇ ਦੂਰ ਕਰ ॥੧॥


ਮਃ ੪ ॥
ਮਨੁ ਤਨੁ ਤਾਮਿ ਸਗਾਰਵਾ ਜਾਂ ਦੇਖਾ ਹਰਿ ਨੈਣੇ ॥

(ਮੇਰਾ ਇਹ) ਮਨ ਅਤੇ ਸਰੀਰ ਤਦੋਂ ਹੀ ਆਦਰ ਜੋਗ ਹੋ ਸਕਦਾ ਹੈ, ਜਦੋਂ ਮੈਂ (ਆਪਣੀਆਂ) ਅੱਖਾਂ ਨਾਲ ਪਰਮਾਤਮਾ ਦਾ ਦਰਸਨ ਕਰ ਸਕਾਂ।

ਨਾਨਕ ਸੋ ਪ੍ਰਭੁ ਮੈ ਮਿਲੈ ਹਉ ਜੀਵਾ ਸਦੁ ਸੁਣੇ ॥੨॥

ਹੇ ਨਾਨਕ! (ਜਦੋਂ) ਉਹ ਪ੍ਰਭੂ ਮੈਨੂੰ ਮਿਲਦਾ ਹੈ, ਤਦੋਂ ਮੈਂ ਉਸ ਦੀ ਸਿਫ਼ਤ-ਸਾਲਾਹ ਦੀ ਗੱਲ ਸੁਣ ਕੇ ਆਤਮਕ ਜੀਵਨ ਹਾਸਲ ਕਰਦਾ ਹਾਂ ॥੨॥


ਪਉੜੀ ॥
ਜਗੰਨਾਥ ਜਗਦੀਸਰ ਕਰਤੇ ਅਪਰੰਪਰ ਪੁਰਖੁ ਅਤੋਲੁ ॥

ਹੇ ਜਗਤ ਦੇ ਨਾਥ! ਹੇ ਜਗਤ ਦੇ ਮਾਲਕ! ਹੇ ਬੇਅੰਤ ਕਰਤਾਰ! ਤੂੰ ਸਰਬ-ਵਿਆਪਕ ਹੈਂ, ਤੇਰੀ ਹਸਤੀ ਦਾ ਅੰਦਾਜ਼ਾ ਨਹੀਂ ਲੱਗ ਸਕਦਾ।

ਹਰਿ ਨਾਮੁ ਧਿਆਵਹੁ ਮੇਰੇ ਗੁਰਸਿਖਹੁ ਹਰਿ ਊਤਮੁ ਹਰਿ ਨਾਮੁ ਅਮੋਲੁ ॥

ਹੇ ਮੇਰੇ ਗੁਰੂ ਦੇ ਸਿੱਖੋ! ਪਰਮਾਤਮਾ ਦਾ ਨਾਮ ਸਿਮਰਿਆ ਕਰੋ, ਪਰਮਾਤਮਾ ਦਾ ਨਾਮ ਜੀਵਨ ਨੂੰ ਉੱਚਾ ਕਰਨ ਵਾਲਾ ਹੈ (ਪਰ) ਉਹ ਨਾਮ ਕਿਸੇ ਮੁੱਲ ਤੋਂ ਨਹੀਂ ਮਿਲਦਾ।

ਜਿਨ ਧਿਆਇਆ ਹਿਰਦੈ ਦਿਨਸੁ ਰਾਤਿ ਤੇ ਮਿਲੇ ਨਹੀ ਹਰਿ ਰੋਲੁ ॥

ਜਿਨ੍ਹਾਂ ਮਨੁੱਖਾਂ ਨੇ ਦਿਨ ਰਾਤ (ਹਰ ਵੇਲੇ) ਆਪਣੇ ਹਿਰਦੇ ਵਿਚ ਹਰਿ-ਨਾਮ ਸਿਮਰਿਆ, ਉਹ ਮਨੁੱਖ ਪਰਮਾਤਮਾ ਨਾਲ ਇੱਕ-ਰੂਪ ਹੋ ਗਏ, ਇਸ ਵਿਚ ਕੋਈ ਸ਼ੱਕ ਨਹੀਂ ਹੈ।

ਵਡਭਾਗੀ ਸੰਗਤਿ ਮਿਲੈ ਗੁਰ ਸਤਿਗੁਰ ਪੂਰਾ ਬੋਲੁ ॥

(ਪਰ) ਵੱਡੇ ਭਾਗਾਂ ਨਾਲ ਮਨੁੱਖ ਗੁਰੂ ਦੀ ਸੰਗਤ ਵਿਚ ਮਿਲਦਾ ਹੈ (ਤੇ ਸੰਗਤ ਵਿਚੋਂ ਉਸ ਨੂੰ) ਗੁਰੂ ਦਾ ਪੂਰਨ ਉਪਦੇਸ਼ ਮਿਲਦਾ ਹੈ (ਜਿਸ ਦੀ ਬਰਕਤਿ ਨਾਲ ਉਹ ਹਰਿ-ਨਾਮ ਸਿਮਰਦਾ ਹੈ)।

ਸਭਿ ਧਿਆਵਹੁ ਨਰ ਨਾਰਾਇਣੋ ਨਾਰਾਇਣੋ ਜਿਤੁ ਚੂਕਾ ਜਮ ਝਗੜੁ ਝਗੋਲੁ ॥੧੨॥

(ਸੋ, ਗੁਰੂ ਦੀ ਸੰਗਤ ਵਿਚ ਮਿਲ ਕੇ) ਸਾਰੇ ਪਰਮਾਤਮਾ ਦਾ ਨਾਮ ਸਿਮਰਿਆ ਕਰੋ ਜਿਸ ਦੀ ਬਰਕਤਿ ਨਾਲ ਜਮ ਦਾ ਰਗੜਾ-ਝਗੜਾ ਮੁੱਕ ਜਾਂਦਾ ਹੈ ॥੧੨॥


ਸਲੋਕ ਮਃ ੪ ॥
ਹਰਿ ਜਨ ਹਰਿ ਹਰਿ ਚਉਦਿਆ ਸਰੁ ਸੰਧਿਆ ਗਾਵਾਰ ॥

ਮੂਰਖ ਮਨੁੱਖ ਹੀ ਪਰਮਾਤਮਾ ਦਾ ਨਾਮ ਜਪਦੇ ਸੰਤ ਜਨਾਂ ਉਤੇ ਤੀਰ ਚਲਾਂਦੇ ਹਨ।

ਨਾਨਕ ਹਰਿ ਜਨ ਹਰਿ ਲਿਵ ਉਬਰੇ ਜਿਨ ਸੰਧਿਆ ਤਿਸੁ ਫਿਰਿ ਮਾਰ ॥੧॥

ਪਰ ਹੇ ਨਾਨਕ! ਉਹ ਸੰਤ ਜਨ ਤਾਂ ਪਰਮਾਤਮਾ ਵਿਚ ਸੁਰਤ ਜੋੜ ਕੇ ਬਚ ਨਿਕਲਦੇ ਹਨ; ਜਿਸ (ਮੂਰਖ) ਨੇ (ਤੀਰ) ਚਲਾਇਆ ਹੁੰਦਾ ਹੈ, ਉਸ ਨੂੰ ਹੀ ਪਰਤ ਕੇ ਮੌਤ ਆਉਂਦੀ ਹੈ (ਭਾਵ, ਸੰਤ ਨਾਲ ਵੈਰ ਕਰਨ ਵਾਲੇ ਮਨੁੱਖ ਆਤਮਕ ਮੌਤ ਸਹੇੜ ਲੈਂਦੇ ਹਨ) ॥੧॥


ਮਃ ੪ ॥
ਅਖੀ ਪ੍ਰੇਮਿ ਕਸਾਈਆ ਹਰਿ ਹਰਿ ਨਾਮੁ ਪਿਖੰਨਿੑ ॥

(ਉਹੀ ਬੰਦੇ ਹਰ ਥਾਂ) ਪਰਮਾਤਮਾ ਦਾ ਨਾਮ ਵੇਖਦੇ ਹਨ, ਜਿਨ੍ਹਾਂ ਦੀਆਂ ਅੱਖਾਂ ਨੂੰ ਪਰੇਮ ਨੇ ਖਿੱਚ ਪਾਈ ਹੁੰਦੀ ਹੈ।

ਜੇ ਕਰਿ ਦੂਜਾ ਦੇਖਦੇ ਜਨ ਨਾਨਕ ਕਢਿ ਦਿਚੰਨਿੑ ॥੨॥

ਪਰ, ਹੇ ਨਾਨਕ! ਜਿਹੜੇ ਮਨੁੱਖ (ਪ੍ਰਭੂ ਨੂੰ ਛੱਡ ਕੇ) ਹੋਰ ਹੋਰ ਨੂੰ ਵੇਖਦੇ ਹਨ ਉਹ ਪ੍ਰਭੂ ਦੀ ਹਜ਼ੂਰੀ ਵਿਚੋਂ ਰੱਦੇ ਜਾਂਦੇ ਹਨ ॥੨॥


ਪਉੜੀ ॥
ਜਲਿ ਥਲਿ ਮਹੀਅਲਿ ਪੂਰਨੋ ਅਪਰੰਪਰੁ ਸੋਈ ॥

ਉਹ ਬੇਅੰਤ (ਪਰਮਾਤਮਾ) ਹੀ ਜਲ ਵਿਚ ਧਰਤੀ ਵਿਚ ਅਕਾਸ਼ ਵਿਚ (ਹਰ ਥਾਂ) ਵਿਆਪਕ ਹੈ,

ਜੀਅ ਜੰਤ ਪ੍ਰਤਿਪਾਲਦਾ ਜੋ ਕਰੇ ਸੁ ਹੋਈ ॥

ਉਹ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ, ਜੋ ਕੁਝ ਉਹ ਕਰਦਾ ਹੈ ਉਹੀ ਹੁੰਦਾ ਹੈ।

ਮਾਤ ਪਿਤਾ ਸੁਤ ਭ੍ਰਾਤ ਮੀਤ ਤਿਸੁ ਬਿਨੁ ਨਹੀ ਕੋਈ ॥

(ਸਦਾ ਨਾਲ ਨਿਭਣ ਵਾਲਾ) ਮਾਂ ਪਿਉ ਪੁੱਤਰ ਭਰਾ ਮਿੱਤਰ ਉਸ (ਪਰਮਾਤਮਾ) ਤੋਂ ਬਿਨਾ ਹੋਰ ਕੋਈ ਨਹੀਂ ਹੈ।

ਘਟਿ ਘਟਿ ਅੰਤਰਿ ਰਵਿ ਰਹਿਆ ਜਪਿਅਹੁ ਜਨ ਕੋਈ ॥

ਹੇ ਸੰਤ ਜਨੋਂ! ਕੋਈ ਧਿਰ ਭੀ ਜਪ ਕੇ ਵੇਖ ਲਵੋ (ਜਿਹੜਾ ਭੀ ਜਪਦਾ ਹੈ ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ ਉਹ ਪਰਮਾਤਮਾ) ਹਰੇਕ ਸਰੀਰ ਵਿਚ (ਸਭ ਦੇ) ਅੰਦਰ ਵਿਆਪਕ ਹੈ।

ਸਗਲ ਜਪਹੁ ਗੋਪਾਲ ਗੁਨ ਪਰਗਟੁ ਸਭ ਲੋਈ ॥੧੩॥

ਸਾਰੇ ਉਸ ਗੋਪਾਲ ਪ੍ਰਭੂ ਦੇ ਗੁਣ ਚੇਤੇ ਕਰਦੇ ਰਹੋ, ਉਹ ਪ੍ਰਭੂ ਸਾਰੀ ਸ੍ਰਿਸ਼ਟੀ ਵਿਚ ਪਰਤੱਖ (ਵੱਸਦਾ ਦਿੱਸ ਰਿਹਾ) ਹੈ ॥੧੩॥


ਸਲੋਕ ਮਃ ੪ ॥
ਗੁਰਮੁਖਿ ਮਿਲੇ ਸਿ ਸਜਣਾ ਹਰਿ ਪ੍ਰਭ ਪਾਇਆ ਰੰਗੁ ॥

ਜਿਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ (ਪ੍ਰਭੂ ਦੀ ਯਾਦ ਵਿਚ) ਜੁੜੇ ਰਹਿੰਦੇ ਹਨ (ਤੇ ਇਸ ਤਰ੍ਹਾਂ ਜਿਨ੍ਹਾਂ ਨੇ) ਪਰਮਾਤਮਾ ਦਾ ਪ੍ਰੇਮ ਹਾਸਲ ਕਰ ਲਿਆ, ਉਹ ਚੰਗੇ ਜੀਵਨ ਵਾਲੇ ਬਣ ਜਾਂਦੇ ਹਨ।

ਜਨ ਨਾਨਕ ਨਾਮੁ ਸਲਾਹਿ ਤੂ ਲੁਡਿ ਲੁਡਿ ਦਰਗਹਿ ਵੰਞੁ ॥੧॥

ਹੇ ਦਾਸ ਨਾਨਕ! ਤੂੰ ਭੀ ਪ੍ਰਭੂ ਦੀ ਸਿਫ਼ਤ-ਸਾਲਾਹ (ਸਦਾ) ਕਰਦਾ ਰਹੁ, ਪਰਮਾਤਮਾ ਦੀ ਹਜ਼ੂਰੀ ਵਿਚ ਬੇ-ਫ਼ਿਕਰ ਹੋ ਕੇ ਜਾਇਂਗਾ ॥੧॥


ਮਃ ੪ ॥
ਹਰਿ ਤੂਹੈ ਦਾਤਾ ਸਭਸ ਦਾ ਸਭਿ ਜੀਅ ਤੁਮੑਾਰੇ ॥

ਹੇ ਪ੍ਰਭੂ! ਤੂੰ ਹੀ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ, ਸਾਰੇ ਜੀਵ ਤੇਰੇ ਹੀ (ਪੈਦਾ ਕੀਤੇ ਹੋਏ) ਹਨ।

ਸਭਿ ਤੁਧੈ ਨੋ ਆਰਾਧਦੇ ਦਾਨੁ ਦੇਹਿ ਪਿਆਰੇ ॥

ਸਾਰੇ ਜੀਵ (ਦੁਨੀਆ ਦੇ ਪਦਾਰਥਾਂ ਵਾਸਤੇ) ਤੈਨੂੰ ਹੀ ਯਾਦ ਕਰਦੇ ਹਨ, ਤੇ ਹੇ ਪਿਆਰੇ! ਤੂੰ (ਸਭ ਨੂੰ) ਦਾਨ ਦੇਂਦਾ ਹੈਂ।

ਹਰਿ ਦਾਤੈ ਦਾਤਾਰਿ ਹਥੁ ਕਢਿਆ ਮੀਹੁ ਵੁਠਾ ਸੈਸਾਰੇ ॥

ਹਰਿ ਦਾਤੇ ਨੇ ਹਰਿ ਦਾਤਾਰ ਨੇ (ਜਦੋਂ ਆਪਣੀ ਮਿਹਰ ਦਾ) ਹੱਥ ਕੱਢਿਆ ਤਦੋਂ ਜਗਤ ਵਿਚ (ਗੁਰੂ ਦੇ ਉਪਦੇਸ਼ ਦਾ) ਮੀਂਹ ਵੱਸਿਆ।

ਅੰਨੁ ਜੰਮਿਆ ਖੇਤੀ ਭਾਉ ਕਰਿ ਹਰਿ ਨਾਮੁ ਸਮੑਾਰੇ ॥

(ਜਿਹੜਾ ਮਨੁੱਖ ਗੁਰੂ ਦੀ ਸਰਨ ਆਉਂਦਾ ਹੈ) ਪ੍ਰੇਮ (-ਰੂਪ) ਵਾਹੀ ਕਰਨ ਨਾਲ (ਉਸ ਦੇ ਅੰਦਰ ਪਰਮਾਤਮਾ ਦਾ ਨਾਮ-) ਫ਼ਸਲ ਉੱਗ ਪੈਂਦਾ ਹੈ, (ਉਹ ਹਰ ਵੇਲੇ) ਪਰਮਾਤਮਾ ਦਾ ਨਾਮ (ਹਿਰਦੇ ਵਿਚ) ਵਸਾਂਦਾ ਹੈ।

ਜਨੁ ਨਾਨਕੁ ਮੰਗੈ ਦਾਨੁ ਪ੍ਰਭ ਹਰਿ ਨਾਮੁ ਅਧਾਰੇ ॥੨॥

ਹੇ ਪ੍ਰਭੂ! (ਤੇਰਾ) ਦਾਸ ਨਾਨਕ (ਭੀ ਤੇਰੇ ਨਾਮ ਦਾ) ਖੈਰ (ਤੈਥੋਂ) ਮੰਗਦਾ ਹੈ, ਤੇਰਾ ਨਾਮ (ਦਾਸ ਨਾਨਕ ਦੀ ਜ਼ਿੰਦਗੀ ਦਾ) ਆਸਰਾ (ਬਣਿਆ ਰਹੇ) ॥੨॥


ਪਉੜੀ ॥
ਇਛਾ ਮਨ ਕੀ ਪੂਰੀਐ ਜਪੀਐ ਸੁਖ ਸਾਗਰੁ ॥

ਸੁਖਾਂ ਦੇ ਸਮੁੰਦਰ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, (ਸਿਮਰਨ-ਆਰਾਧਨ ਦੀ ਬਰਕਤਿ ਨਾਲ) ਮਨ ਦੀ (ਹਰੇਕ) ਇੱਛਾ ਪੂਰੀ ਹੋ ਜਾਂਦੀ ਹੈ (ਮਨ ਦੀਆਂ ਵਾਸਨਾਂ ਮੁੱਕ ਜਾਂਦੀਆਂ ਹਨ)।

ਹਰਿ ਕੇ ਚਰਨ ਅਰਾਧੀਅਹਿ ਗੁਰ ਸਬਦਿ ਰਤਨਾਗਰੁ ॥

ਗੁਰੂ ਦੇ ਸ਼ਬਦ ਦੀ ਰਾਹੀਂ ਰਤਨਾਂ ਦੀ ਖਾਣ ਪ੍ਰਭੂ ਦਾ, ਪ੍ਰਭੂ ਦੇ ਚਰਨਾਂ ਦਾ ਆਰਾਧਨ ਕਰਨਾ ਚਾਹੀਦਾ ਹੈ।

ਮਿਲਿ ਸਾਧੂ ਸੰਗਿ ਉਧਾਰੁ ਹੋਇ ਫਾਟੈ ਜਮ ਕਾਗਰੁ ॥

ਗੁਰੂ ਦੀ ਸੰਗਤ ਵਿਚ ਮਿਲ ਕੇ (ਨਾਮ ਜਪਿਆਂ ਸੰਸਾਰ-ਸਮੁੰਦਰ ਤੋਂ) ਪਾਰ-ਉਤਾਰਾ ਹੋ ਜਾਂਦਾ ਹੈ, ਜਮਰਾਜ ਦਾ (ਲੇਖੇ ਵਾਲਾ) ਕਾਗਜ਼ ਪਾਟ ਜਾਂਦਾ ਹੈ।

ਜਨਮ ਪਦਾਰਥੁ ਜੀਤੀਐ ਜਪਿ ਹਰਿ ਬੈਰਾਗਰੁ ॥

ਪਿਆਰ ਦੇ ਸੋਮੇ ਪਰਮਾਤਮਾ ਦਾ ਨਾਮ ਜਪ ਕੇ ਕੀਮਤੀ ਮਨੁੱਖਾ ਜਨਮ ਦੀ ਬਾਜ਼ੀ ਜਿੱਤ ਲਈਦੀ ਹੈ।

ਸਭਿ ਪਵਹੁ ਸਰਨਿ ਸਤਿਗੁਰੂ ਕੀ ਬਿਨਸੈ ਦੁਖ ਦਾਗਰੁ ॥੧੪॥

ਸਾਰੇ ਗੁਰੂ ਦੀ ਸਰਨ ਪਏ ਰਹੋ (ਗੁਰੂ ਦੀ ਸਰਨ ਪੈ ਕੇ ਨਾਮ ਜਪਿਆਂ ਮਨ ਵਿਚੋਂ) ਦੁੱਖਾਂ ਦਾ ਨਿਸ਼ਾਨ ਹੀ ਮਿਟ ਜਾਂਦਾ ਹੈ ॥੧੪॥


ਸਲੋਕ ਮਃ ੪ ॥
ਹਉ ਢੂੰਢੇਂਦੀ ਸਜਣਾ ਸਜਣੁ ਮੈਡੈ ਨਾਲਿ ॥

(ਹੇ ਸਹੇਲੀਏ!) ਮੈਂ ਸੱਜਣ (ਪ੍ਰਭੂ) ਨੂੰ (ਬਾਹਰ) ਢੂੰਢ ਰਹੀ ਸਾਂ (ਪਰ ਗੁਰੂ ਤੋਂ ਸਮਝ ਆਈ ਹੈ ਕਿ ਉਹ) ਸੱਜਣ (ਪ੍ਰਭੂ ਤਾਂ) ਮੇਰੇ ਨਾਲ ਹੀ ਹੈ (ਮੇਰੇ ਅੰਦਰ ਹੀ ਵੱਸਦਾ ਹੈ)।

ਜਨ ਨਾਨਕ ਅਲਖੁ ਨ ਲਖੀਐ ਗੁਰਮੁਖਿ ਦੇਹਿ ਦਿਖਾਲਿ ॥੧॥

ਹੇ ਦਾਸ ਨਾਨਕ! ਉਹ ਪ੍ਰਭੂ ਅਲੱਖ ਹੈ ਉਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। ਗੁਰੂ ਦੇ ਸਨਮੁਖ ਰਹਿਣ ਵਾਲੇ (ਸੰਤ ਜਨ ਉਸ ਦਾ) ਦਰਸਨ ਕਰਾ ਦੇਂਦੇ ਹਨ ॥੧॥


ਮਃ ੪ ॥
ਨਾਨਕ ਪ੍ਰੀਤਿ ਲਾਈ ਤਿਨਿ ਸਚੈ ਤਿਸੁ ਬਿਨੁ ਰਹਣੁ ਨ ਜਾਈ ॥

ਹੇ ਨਾਨਕ! (ਆਖ ਕਿ ਜਿਸ ਮਨੁੱਖ ਦੇ ਅੰਦਰ) ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੇ (ਆਪਣਾ) ਪਿਆਰ (ਆਪ ਹੀ) ਪੈਦਾ ਕੀਤਾ ਹੈ (ਉਹ ਮਨੁੱਖ) ਉਸ (ਦੀ ਯਾਦ) ਤੋਂ ਬਿਨਾ ਰਹਿ ਨਹੀਂ ਸਕਦਾ।

ਸਤਿਗੁਰੁ ਮਿਲੈ ਤ ਪੂਰਾ ਪਾਈਐ ਹਰਿ ਰਸਿ ਰਸਨ ਰਸਾਈ ॥੨॥

(ਜਿਸ ਗੁਰੂ ਦੀ) ਜੀਭ ਪਰਮਾਤਮਾ ਦੇ ਨਾਮ-ਰਸ ਵਿਚ ਸਦਾ ਰਸੀ ਰਹਿੰਦੀ ਹੈ (ਜਦੋਂ ਉਹ) ਗੁਰੂ ਮਿਲਦਾ ਹੈ ਤਦੋਂ ਉਹ ਪੂਰਨ ਪ੍ਰਭੂ ਭੀ ਮਿਲ ਪੈਂਦਾ ਹੈ ॥੨॥


ਪਉੜੀ ॥
ਕੋਈ ਗਾਵੈ ਕੋ ਸੁਣੈ ਕੋ ਉਚਰਿ ਸੁਨਾਵੈ ॥

ਜਿਹੜਾ ਕੋਈ ਮਨੁੱਖ (ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ) ਗਾਂਦਾ ਹੈ ਜਾਂ ਸੁਣਦਾ ਹੈ ਜਾਂ ਬੋਲ ਕੇ (ਹੋਰਨਾਂ ਨੂੰ) ਸੁਣਾਂਦਾ ਹੈ,

ਜਨਮ ਜਨਮ ਕੀ ਮਲੁ ਉਤਰੈ ਮਨ ਚਿੰਦਿਆ ਪਾਵੈ ॥

ਉਸ ਦੀ ਅਨੇਕਾਂ ਜਨਮਾਂ ਦੀ (ਵਿਕਾਰਾਂ ਦੀ) ਮੈਲ ਲਹਿ ਜਾਂਦੀ ਹੈ ਉਹ ਮਨ-ਇੱਛਤ ਫਲ ਪਾ ਲੈਂਦਾ ਹੈ।

ਆਵਣੁ ਜਾਣਾ ਮੇਟੀਐ ਹਰਿ ਕੇ ਗੁਣ ਗਾਵੈ ॥

ਜਿਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਹੈ ਉਸ ਦਾ ਜੰਮਣ ਮਰਨ ਦਾ ਗੇੜ ਮੁੱਕ ਜਾਂਦਾ ਹੈ।

ਆਪਿ ਤਰਹਿ ਸੰਗੀ ਤਰਾਹਿ ਸਭ ਕੁਟੰਬੁ ਤਰਾਵੈ ॥

(ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਣ ਵਾਲੇ ਮਨੁੱਖ) ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ, ਸਾਥੀਆਂ ਨੂੰ ਪਾਰ ਲੰਘਾ ਲੈਂਦੇ ਹਨ। (ਸਿਫ਼ਤ-ਸਾਲਾਹ ਕਰਨ ਵਾਲਾ ਮਨੁੱਖ ਆਪਣੇ) ਸਾਰੇ ਪਰਵਾਰ ਨੂੰ ਪਾਰ ਲੰਘਾ ਲੈਂਦਾ ਹੈ।

ਜਨੁ ਨਾਨਕੁ ਤਿਸੁ ਬਲਿਹਾਰਣੈ ਜੋ ਮੇਰੇ ਹਰਿ ਪ੍ਰਭ ਭਾਵੈ ॥੧੫॥੧॥ ਸੁਧੁ ॥

ਦਾਸ ਨਾਨਕ ਉਸ ਮਨੁੱਖ ਤੋਂ ਸਦਕੇ ਜਾਂਦਾ ਹੈ ਜਿਹੜਾ (ਸਿਫ਼ਤ-ਸਾਲਾਹ ਕਰਨ ਦੀ ਬਰਕਤਿ ਨਾਲ) ਪਿਆਰੇ ਪ੍ਰਭੂ ਨੂੰ ਪਿਆਰਾ ਲੱਗਦਾ ਹੈ ॥੧੫॥੧॥ਸੁਧੁ ॥