ਜੈਤਸਰੀ ਕੀ ਵਾਰ (ਮਹਲਾ 5), Jaitsri ki vaar (Mahalla 5) Path in Punjabi Gurbani

ਜੈਤਸਰੀ ਕੀ ਵਾਰ (ਮਹਲਾ 5), Jaitsri ki vaar (Mahalla 5) Path in Punjabi Gurbani

ਜੈਤਸਰੀ ਮਹਲਾ ੫ ਵਾਰ ਸਲੋਕਾ ਨਾਲਿ ॥

ਰਾਗ ਜੈਤਸਰੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ‘ਵਾਰ’, ਸਲੋਕਾਂ ਸਮੇਤ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਲੋਕ ॥
ਆਦਿ ਪੂਰਨ ਮਧਿ ਪੂਰਨ ਅੰਤਿ ਪੂਰਨ ਪਰਮੇਸੁਰਹ ॥

ਸੰਤ ਜਨ ਉਸ ਸਰਬ-ਵਿਆਪਕ ਪਰਮੇਸਰ ਨੂੰ ਸਿਮਰਦੇ ਹਨ ਜੋ ਜਗਤ ਦੇ ਸ਼ੁਰੂ ਤੋਂ ਹਰ ਥਾਂ ਮੌਜੂਦ ਹੈ, ਹੁਣ ਭੀ ਸਰਬ-ਵਿਆਪਕ ਹੈ ਤੇ ਅਖ਼ੀਰ ਵਿਚ ਭੀ ਹਰ ਥਾਂ ਹਾਜ਼ਰ ਨਾਜ਼ਰ ਰਹੇਗਾ।

ਸਿਮਰੰਤਿ ਸੰਤ ਸਰਬਤ੍ਰ ਰਮਣੰ ਨਾਨਕ ਅਘਨਾਸਨ ਜਗਦੀਸੁਰਹ ॥੧॥

ਹੇ ਨਾਨਕ! ਉਹ ਜਗਤ ਦਾ ਮਾਲਕ ਪ੍ਰਭੂ ਸਭ ਪਾਪਾਂ ਦੇ ਨਾਸ ਕਰਨ ਵਾਲਾ ਹੈ ॥੧॥

ਪੇਖਨ ਸੁਨਨ ਸੁਨਾਵਨੋ ਮਨ ਮਹਿ ਦ੍ਰਿੜੀਐ ਸਾਚੁ ॥

ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਮਨ ਵਿਚ ਚੰਗੀ ਤਰ੍ਹਾਂ ਧਾਰਨ ਕਰਨਾ ਚਾਹੀਦਾ ਹੈ ਜੋ (ਹਰ ਥਾਂ) ਆਪ ਹੀ ਵੇਖਣ ਵਾਲਾ ਹੈ, ਆਪ ਹੀ ਸੁਣਨ ਵਾਲਾ ਹੈ ਤੇ ਆਪ ਹੀ ਸੁਣਾਉਣ ਵਾਲਾ ਹੈ।

ਪੂਰਿ ਰਹਿਓ ਸਰਬਤ੍ਰ ਮੈ ਨਾਨਕ ਹਰਿ ਰੰਗਿ ਰਾਚੁ ॥੨॥

ਹੇ ਨਾਨਕ! ਉਸ ਹਰੀ ਦੀ ਪਿਆਰੀ ਯਾਦ ਵਿਚ ਲੀਨ ਹੋ ਜਾ ਜੋ ਸਭ ਥਾਈਂ ਮੌਜੂਦ ਹੈ ॥੨॥


ਪਉੜੀ ॥
ਹਰਿ ਏਕੁ ਨਿਰੰਜਨੁ ਗਾਈਐ ਸਭ ਅੰਤਰਿ ਸੋਈ ॥

ਜੋ ਪ੍ਰਭੂ ਮਾਇਆ ਤੋਂ ਨਿਰਲੇਪ ਹੈ ਸਿਰਫ਼ ਉਸ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ, ਉਹੀ ਸਭ ਦੇ ਅੰਦਰ ਮੌਜੂਦ ਹੈ।

ਕਰਣ ਕਾਰਣ ਸਮਰਥ ਪ੍ਰਭੁ ਜੋ ਕਰੇ ਸੁ ਹੋਈ ॥

ਉਹ ਪ੍ਰਭੂ ਸਾਰੇ ਜਗਤ ਦਾ ਮੂਲ ਹੈ, ਸਭ ਕਿਸਮ ਦੀ ਤਾਕਤ ਵਾਲਾ ਹੈ, (ਜਗਤ ਵਿਚ) ਉਹੀ ਕੁਝ ਹੁੰਦਾ ਹੈ ਜੋ ਉਹ ਪ੍ਰਭੂ ਕਰਦਾ ਹੈ।

ਖਿਨ ਮਹਿ ਥਾਪਿ ਉਥਾਪਦਾ ਤਿਸੁ ਬਿਨੁ ਨਹੀ ਕੋਈ ॥

ਇਕ ਪਲਕ ਵਿਚ (ਜੀਵਾਂ ਨੂੰ) ਪੈਂਦਾ ਕਰ ਕੇ ਨਾਸ ਕਰ ਦੇਂਦਾ ਹੈ, ਉਸ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ ਹੈ।

ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ ॥

ਸਭ ਦੇਸਾਂ ਵਿਚ, ਸਾਰੇ ਬ੍ਰਹਮੰਡ ਵਿਚ, ਹੇਠਲੀ ਧਰਤੀ, ਜਜ਼ੀਰਿਆਂ ਵਿਚ, ਸਾਰੇ ਹੀ ਜਗਤ ਵਿਚ ਉਹ ਪ੍ਰਭੂ ਵਿਆਪਕ ਹੈ।

ਜਿਸੁ ਆਪਿ ਬੁਝਾਏ ਸੋ ਬੁਝਸੀ ਨਿਰਮਲ ਜਨੁ ਸੋਈ ॥੧॥

ਜਿਸ ਮਨੁੱਖ ਨੂੰ (ਇਹ) ਸਮਝ ਆਪ ਪ੍ਰਭੂ ਦੇਂਦਾ ਹੈ, ਉਸ ਨੂੰ ਸਮਝ ਪੈਂਦੀ ਹੈ ਤੇ ਉਹ ਮਨੁੱਖ ਪਵਿਤ੍ਰ ਹੋ ਜਾਂਦਾ ਹੈ ॥੧॥


ਸਲੋਕ ॥
ਰਚੰਤਿ ਜੀਅ ਰਚਨਾ ਮਾਤ ਗਰਭ ਅਸਥਾਪਨੰ ॥

ਜੋ ਪਰਮਾਤਮਾ ਜੀਵਾਂ ਦੀ ਬਣਤਰ ਬਣਾਉਂਦਾ ਹੈ ਤੇ ਉਹਨਾਂ ਨੂੰ ਮਾਂ ਦੇ ਪੇਟ ਵਿਚ ਥਾਂ ਦੇਂਦਾ ਹੈ,

ਸਾਸਿ ਸਾਸਿ ਸਿਮਰੰਤਿ ਨਾਨਕ ਮਹਾ ਅਗਨਿ ਨ ਬਿਨਾਸਨੰ ॥੧॥

ਹੇ ਨਾਨਕ! ਜੀਵ ਉਸ ਨੂੰ ਹਰੇਕ ਸਾਹ ਦੇ ਨਾਲ ਨਾਲ ਯਾਦ ਕਰਦੇ ਰਹਿੰਦੇ ਹਨ ਤੇ (ਮਾਂ ਦੇ ਪੇਟ ਦੀ) ਵੱਡੀ (ਭਿਆਨਕ) ਅੱਗ ਉਹਨਾਂ ਦਾ ਨਾਸ ਨਹੀਂ ਕਰ ਸਕਦੀ ॥੧॥

ਮੁਖੁ ਤਲੈ ਪੈਰ ਉਪਰੇ ਵਸੰਦੋ ਕੁਹਥੜੈ ਥਾਇ ॥

(ਹੇ ਭਾਈ!) ਜਦੋਂ ਤੇਰਾ ਮੂੰਹ ਹੇਠਾਂ ਨੂੰ ਸੀ, ਪੈਰ ਉਤਾਂਹ ਨੂੰ ਸਨ, ਬੜੇ ਔਖੇ ਥਾਂ ਤੂੰ ਵੱਸਦਾ ਸੈਂ,

ਨਾਨਕ ਸੋ ਧਣੀ ਕਿਉ ਵਿਸਾਰਿਓ ਉਧਰਹਿ ਜਿਸ ਦੈ ਨਾਇ ॥੨॥

ਹੇ ਨਾਨਕ! (ਆਖ-) ਤਦੋਂ ਜਿਸ ਪ੍ਰਭੂ ਦੇ ਨਾਮ ਦੀ ਬਰਕਤਿ ਨਾਲ ਤੂੰ ਬਚਿਆ ਰਿਹਾ, ਹੁਣ ਉਸ ਮਾਲਕ ਨੂੰ ਤੂੰ ਕਿਉਂ ਭੁਲਾ ਦਿੱਤਾ? ॥੨॥


ਪਉੜੀ ॥
ਰਕਤੁ ਬਿੰਦੁ ਕਰਿ ਨਿੰਮਿਆ ਅਗਨਿ ਉਦਰ ਮਝਾਰਿ ॥

(ਹੇ ਜੀਵ!) (ਮਾਂ ਦੀ) ਰੱਤ ਤੇ (ਪਿਉ ਦੇ) ਵੀਰਜ ਤੋਂ (ਮਾਂ ਦੇ) ਪੇਟ ਦੀ ਅੱਗ ਵਿਚ ਤੂੰ ਉੱਗਿਆ।

ਉਰਧ ਮੁਖੁ ਕੁਚੀਲ ਬਿਕਲੁ ਨਰਕਿ ਘੋਰਿ ਗੁਬਾਰਿ ॥

ਤੇਰਾ ਮੂੰਹ ਹੇਠਾਂ ਨੂੰ ਸੀ, ਗੰਦਾ ਤੇ ਡਰਾਉਣਾ ਸੈਂ, (ਮਾਨੋ) ਇਕ ਹਨੇਰੇ ਘੋਰ ਨਰਕ ਵਿਚ ਪਿਆ ਹੋਇਆ ਸੈਂ।

ਹਰਿ ਸਿਮਰਤ ਤੂ ਨਾ ਜਲਹਿ ਮਨਿ ਤਨਿ ਉਰ ਧਾਰਿ ॥

ਜਿਸ ਪ੍ਰਭੂ ਨੂੰ ਸਿਮਰ ਕੇ ਤੂੰ ਨਹੀਂ ਸੈਂ ਸੜਦਾ-ਉਸ ਨੂੰ (ਹੁਣ ਭੀ) ਮਨੋਂ ਤਨੋਂ ਹਿਰਦੇ ਵਿਚ ਯਾਦ ਕਰ।

ਬਿਖਮ ਥਾਨਹੁ ਜਿਨਿ ਰਖਿਆ ਤਿਸੁ ਤਿਲੁ ਨ ਵਿਸਾਰਿ ॥

ਜਿਸ ਪ੍ਰਭੂ ਨੇ ਤੈਨੂੰ ਔਖੇ ਥਾਂ ਤੋਂ ਬਚਾਇਆ, ਉਸ ਨੂੰ ਰਤਾ ਭੀ ਨਾਹ ਭੁਲਾ।

ਪ੍ਰਭ ਬਿਸਰਤ ਸੁਖੁ ਕਦੇ ਨਾਹਿ ਜਾਸਹਿ ਜਨਮੁ ਹਾਰਿ ॥੨॥

ਪ੍ਰਭੂ ਨੂੰ ਭੁਲਾਇਆਂ ਕਦੇ ਸੁਖ ਨਹੀਂ ਹੁੰਦਾ, (ਜੇ ਭੁਲਾਇਂਗਾ ਤਾਂ) ਮਨੁੱਖਾ ਜਨਮ (ਦੀ ਬਾਜ਼ੀ) ਹਾਰ ਕੇ ਜਾਵੇਂਗਾ ॥੨॥


ਸਲੋਕ ॥
ਮਨ ਇਛਾ ਦਾਨ ਕਰਣੰ ਸਰਬਤ੍ਰ ਆਸਾ ਪੂਰਨਹ ॥

ਹੇ ਨਾਨਕ! ਜੋ ਪ੍ਰਭੂ ਅਸਾਨੂੰ ਮਨ-ਮੰਨੀਆਂ ਦਾਤਾਂ ਦੇਂਦਾ ਹੈ ਜੋ ਸਭ ਥਾਂ (ਸਭ ਜੀਵਾਂ ਦੀਆਂ) ਆਸਾਂ ਪੂਰੀਆਂ ਕਰਦਾ ਹੈ,

ਖੰਡਣੰ ਕਲਿ ਕਲੇਸਹ ਪ੍ਰਭ ਸਿਮਰਿ ਨਾਨਕ ਨਹ ਦੂਰਣਹ ॥੧॥

ਜੋ ਅਸਾਡੇ ਝਗੜੇ ਤੇ ਕਲੇਸ਼ ਨਾਸ ਕਰਨ ਵਾਲਾ ਹੈ ਉਸ ਨੂੰ ਯਾਦ ਕਰ, ਉਹ ਤੈਥੋਂ ਦੂਰ ਨਹੀਂ ਹੈ ॥੧॥

ਹਭਿ ਰੰਗ ਮਾਣਹਿ ਜਿਸੁ ਸੰਗਿ ਤੈ ਸਿਉ ਲਾਈਐ ਨੇਹੁ ॥

ਜਿਸ ਪ੍ਰਭੂ ਦੀ ਬਰਕਤਿ ਨਾਲ ਤੂੰ ਸਾਰੀਆਂ ਮੌਜਾਂ ਮਾਣਦਾ ਹੈਂ, ਉਸ ਨਾਲ ਪ੍ਰੀਤ ਜੋੜ।

ਸੋ ਸਹੁ ਬਿੰਦ ਨ ਵਿਸਰਉ ਨਾਨਕ ਜਿਨਿ ਸੁੰਦਰੁ ਰਚਿਆ ਦੇਹੁ ॥੨॥

ਜਿਸ ਪ੍ਰਭੂ ਨੇ ਤੇਰਾ ਸੋਹਣਾ ਸਰੀਰ ਬਣਾਇਆ ਹੈ, ਹੇ ਨਾਨਕ! ਰੱਬ ਕਰ ਕੇ ਉਹ ਤੈਨੂੰ ਕਦੇ ਭੀ ਨਾਹ ਭੁੱਲੇ ॥੨॥


ਪਉੜੀ ॥
ਜੀਉ ਪ੍ਰਾਨ ਤਨੁ ਧਨੁ ਦੀਆ ਦੀਨੇ ਰਸ ਭੋਗ ॥

(ਪ੍ਰਭੂ ਨੇ ਤੈਨੂੰ) ਜਿੰਦ ਪ੍ਰਾਣ ਸਰੀਰ ਤੇ ਧਨ ਦਿੱਤਾ ਤੇ ਸੁਆਦਲੇ ਪਦਾਰਥ ਭੋਗਣ ਨੂੰ ਦਿੱਤੇ।

ਗ੍ਰਿਹ ਮੰਦਰ ਰਥ ਅਸੁ ਦੀਏ ਰਚਿ ਭਲੇ ਸੰਜੋਗ ॥

ਤੇਰੇ ਚੰਗੇ ਭਾਗ ਬਣਾ ਕੇ, ਤੈਨੂੰ ਉਸ ਨੇ ਘਰ ਸੋਹਣੇ ਮਕਾਨ, ਰਥ ਤੇ ਘੋੜੇ ਦਿੱਤੇ।

ਸੁਤ ਬਨਿਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ॥

ਸਭ ਕੁਝ ਦੇਣ-ਜੋਗੇ ਪ੍ਰਭੂ ਨੇ ਤੈਨੂੰ ਪੁੱਤਰ, ਵਹੁਟੀ ਮਿੱਤ੍ਰ ਤੇ ਨੌਕਰ ਦਿੱਤੇ।

ਹਰਿ ਸਿਮਰਤ ਤਨੁ ਮਨੁ ਹਰਿਆ ਲਹਿ ਜਾਹਿ ਵਿਜੋਗ ॥

ਉਸ ਪ੍ਰਭੂ ਨੂੰ ਸਿਮਰਿਆਂ ਮਨ ਤਨ ਖਿੜਿਆ ਰਹਿੰਦਾ ਹੈ, ਸਾਰੇ ਦੁੱਖ ਮਿਟ ਜਾਂਦੇ ਹਨ।

ਸਾਧਸੰਗਿ ਹਰਿ ਗੁਣ ਰਮਹੁ ਬਿਨਸੇ ਸਭਿ ਰੋਗ ॥੩॥

(ਹੇ ਭਾਈ!) ਸਤਸੰਗ ਵਿਚ ਉਸ ਹਰੀ ਦੇ ਗੁਣ ਚੇਤੇ ਕਰਿਆ ਕਰੋ, ਸਾਰੇ ਰੋਗ (ਉਸ ਨੂੰ ਸਿਮਰਿਆਂ) ਨਾਸ ਹੋ ਜਾਂਦੇ ਹਨ ॥੩॥


ਸਲੋਕ ॥
ਕੁਟੰਬ ਜਤਨ ਕਰਣੰ ਮਾਇਆ ਅਨੇਕ ਉਦਮਹ ॥

ਮਨੁੱਖ ਆਪਣੇ ਟੱਬਰ ਵਾਸਤੇ ਕਈ ਕੋਸ਼ਿਸ਼ਾਂ ਕਰਦੇ ਹਨ, ਮਾਇਆ ਦੀ ਖ਼ਾਤਰ ਅਨੇਕਾਂ ਆਹਰ ਕਰਦੇ ਹਨ,

ਹਰਿ ਭਗਤਿ ਭਾਵ ਹੀਣੰ ਨਾਨਕ ਪ੍ਰਭ ਬਿਸਰਤ ਤੇ ਪ੍ਰੇਤਤਹ ॥੧॥

ਪਰ ਪ੍ਰਭੂ ਦੀ ਭਗਤੀ ਦੀ ਤਾਂਘ ਤੋਂ ਸੱਖਣੇ ਰਹਿੰਦੇ ਹਨ, ਤੇ ਹੇ ਨਾਨਕ! ਜੋ ਜੀਵ ਪ੍ਰਭੂ ਨੂੰ ਵਿਸਾਰਦੇ ਹਨ ਉਹ (ਮਾਨੋ) ਜਿੰਨ ਭੂਤ ਹਨ ॥੧॥

ਤੁਟੜੀਆ ਸਾ ਪ੍ਰੀਤਿ ਜੋ ਲਾਈ ਬਿਅੰਨ ਸਿਉ ॥

ਜੇਹੜੀ ਪ੍ਰੀਤ (ਪ੍ਰਭੂ ਤੋਂ ਬਿਨਾ) ਕਿਸੇ ਹੋਰ ਨਾਲ ਲਾਈਦੀ ਹੈ, ਉਹ ਆਖ਼ਰ ਟੁੱਟ ਜਾਂਦੀ ਹੈ।

ਨਾਨਕ ਸਚੀ ਰੀਤਿ ਸਾਂਈ ਸੇਤੀ ਰਤਿਆ ॥੨॥

ਪਰ, ਹੇ ਨਾਨਕ! ਜੇ ਸਾਈਂ ਪ੍ਰਭੂ ਨਾਲ ਰੱਤੇ ਰਹੀਏ, ਤਾਂ ਇਹੋ ਜਿਹੀ ਜੀਵਨ-ਜੁਗਤਿ ਸਦਾ ਕਾਇਮ ਰਹਿੰਦੀ ਹੈ ॥੨॥


ਪਉੜੀ ॥
ਜਿਸੁ ਬਿਸਰਤ ਤਨੁ ਭਸਮ ਹੋਇ ਕਹਤੇ ਸਭਿ ਪ੍ਰੇਤੁ ॥

ਜਿਸ ਜਿੰਦ ਦੇ ਵਿਛੁੜਨ ਨਾਲ (ਮਨੁੱਖ ਦਾ) ਸਰੀਰ ਸੁਆਹ ਹੋ ਜਾਂਦਾ ਹੈ, ਸਾਰੇ ਲੋਕ (ਉਸ ਸਰੀਰ) ਨੂੰ ਅਪਵਿੱਤ੍ਰ ਆਖਣ ਲੱਗ ਪੈਂਦੇ ਹਨ;

ਖਿਨੁ ਗ੍ਰਿਹ ਮਹਿ ਬਸਨ ਨ ਦੇਵਹੀ ਜਿਨ ਸਿਉ ਸੋਈ ਹੇਤੁ ॥

ਜਿਨ੍ਹਾਂ ਸਨਬੰਧੀਆਂ ਨਾਲ ਇਤਨਾ ਪਿਆਰ ਹੁੰਦਾ ਹੈ, ਉਹ ਇਕ ਪਲਕ ਲਈ ਭੀ ਘਰ ਵਿਚ ਰਹਿਣ ਨਹੀਂ ਦੇਂਦੇ।

ਕਰਿ ਅਨਰਥ ਦਰਬੁ ਸੰਚਿਆ ਸੋ ਕਾਰਜਿ ਕੇਤੁ ॥

ਪਾਪ ਕਰ ਕਰ ਕੇ ਧਨ ਇਕੱਠਾ ਕਰਦਾ ਰਿਹਾ, ਪਰ ਉਸ ਜਿੰਦ ਦੇ ਕਿਸੇ ਕੰਮ ਨਾਹ ਆਇਆ।

ਜੈਸਾ ਬੀਜੈ ਸੋ ਲੁਣੈ ਕਰਮ ਇਹੁ ਖੇਤੁ ॥

ਇਹ ਸਰੀਰ (ਕੀਤੇ) ਕਰਮਾਂ ਦੀ (ਮਾਨੋ) ਪੈਲੀ ਹੈ (ਇਸ ਵਿਚ) ਜਿਹੋ ਜਿਹਾ (ਕਰਮ-ਰੂਪ ਬੀਜ ਕੋਈ) ਬੀਜਦਾ ਹੈ ਉਹੀ ਵੱਢਦਾ ਹੈ।

ਅਕਿਰਤਘਣਾ ਹਰਿ ਵਿਸਰਿਆ ਜੋਨੀ ਭਰਮੇਤੁ ॥੪॥

ਜੋ ਮਨੁੱਖ (ਪ੍ਰਭੂ ਦੇ) ਕੀਤੇ (ਉਪਕਾਰਾਂ) ਨੂੰ ਭੁਲਾਉਂਦੇ ਹਨ ਉਹ ਉਸ ਨੂੰ ਵਿਸਾਰ ਦੇਂਦੇ ਹਨ (ਆਖ਼ਰ) ਜੂਨਾਂ ਵਿਚ ਭਟਕਦੇ ਹਨ ॥੪॥


ਸਲੋਕ ॥
ਕੋਟਿ ਦਾਨ ਇਸਨਾਨੰ ਅਨਿਕ ਸੋਧਨ ਪਵਿਤ੍ਰਤਹ ॥

ਉਹਨਾਂ ਨੇ (ਮਾਨੋ) ਕ੍ਰੋੜਾਂ (ਰੁਪਏ) ਦਾਨ ਕਰ ਲਏ, ਕ੍ਰੋੜਾਂ ਵਾਰੀ ਤੀਰਥ-ਇਸ਼ਨਾਨ ਕਰ ਲਏ ਹਨ ਤੇ ਅਨੇਕਾਂ ਹੀ ਸੁੱਚ ਤੇ ਪਵਿਤ੍ਰਤਾ ਦੇ ਸਾਧਨ ਕਰ ਲਏ ਹਨ,

ਉਚਰੰਤਿ ਨਾਨਕ ਹਰਿ ਹਰਿ ਰਸਨਾ ਸਰਬ ਪਾਪ ਬਿਮੁਚਤੇ ॥੧॥

ਹੇ ਨਾਨਕ! ਜੋ ਮਨੁੱਖ ਜੀਭ ਨਾਲ ਪ੍ਰਭੂ ਦਾ ਨਾਮ ਉਚਾਰਦੇ ਹਨ। ਉਨ੍ਹਾਂ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ ॥੧॥

ਈਧਣੁ ਕੀਤੋਮੂ ਘਣਾ ਭੋਰੀ ਦਿਤੀਮੁ ਭਾਹਿ ॥

ਮੈਂ ਬਹੁਤ ਸਾਰਾ ਬਾਲਣ ਇਕੱਠਾ ਕੀਤਾ ਤੇ ਉਸ ਨੂੰ ਰਤਾ ਕੁ ਅੱਗ ਲਾ ਦਿੱਤੀ। (ਉਹ ਸਾਰਾ ਹੀ ਬਾਲਣ ਸੜ ਕੇ ਸੁਆਹ ਹੋ ਗਿਆ, ਇਸੇ ਤਰ੍ਹਾਂ)

ਮਨਿ ਵਸੰਦੜੋ ਸਚੁ ਸਹੁ ਨਾਨਕ ਹਭੇ ਡੁਖੜੇ ਉਲਾਹਿ ॥੨॥

ਹੇ ਨਾਨਕ! ਜੇ ਮਨ ਵਿਚ ਸੱਚਾ ਸਾਂਈ ਵੱਸ ਪਏ ਤਾਂ ਸਾਰੇ ਕੋਝੇ ਦੁੱਖ ਲਹਿ ਜਾਂਦੇ ਹਨ ॥੨॥

ਪਉੜੀ ॥
ਕੋਟਿ ਅਘਾ ਸਭਿ ਨਾਸ ਹੋਹਿ ਸਿਮਰਤ ਹਰਿ ਨਾਉ ॥

ਪ੍ਰਭੂ ਦਾ ਨਾਮ ਸਿਮਰਿਆਂ ਕ੍ਰੋੜਾਂ ਪਾਪ ਸਾਰੇ ਦੇ ਸਾਰੇ ਨਾਸ ਹੋ ਜਾਂਦੇ ਹਨ।

ਮਨ ਚਿੰਦੇ ਫਲ ਪਾਈਅਹਿ ਹਰਿ ਕੇ ਗੁਣ ਗਾਉ ॥

ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤਿਆਂ ਮਨ-ਇੱਛਤ ਫਲ ਪਾਈਦੇ ਹਨ।

ਜਨਮ ਮਰਣ ਭੈ ਕਟੀਅਹਿ ਨਿਹਚਲ ਸਚੁ ਥਾਉ ॥

ਜੰਮਣ ਤੋਂ ਮਰਣ ਤਕ ਦੇ ਸਾਰੇ ਸਹਿਮ ਕੱਟੇ ਜਾਂਦੇ ਹਨ ਤੇ ਅਟੱਲ ਸੱਚੀ ਪਦਵੀ ਮਿਲ ਜਾਂਦੀ ਹੈ।

ਪੂਰਬਿ ਹੋਵੈ ਲਿਖਿਆ ਹਰਿ ਚਰਣ ਸਮਾਉ ॥

(ਪਰ) ਪ੍ਰਭੂ ਦੇ ਚਰਨਾਂ ਵਿਚ ਸਮਾਈ ਤਾਂ ਹੀ ਹੁੰਦੀ ਹੈ ਜੇ ਧੁਰੋਂ ਮੱਥੇ ਤੇ ਭਾਗ ਲਿਖਿਆ ਹੋਵੇ।

ਕਰਿ ਕਿਰਪਾ ਪ੍ਰਭ ਰਾਖਿ ਲੇਹੁ ਨਾਨਕ ਬਲਿ ਜਾਉ ॥੫॥

(ਇਸ ਵਾਸਤੇ) ਹੇ ਨਾਨਕ! (ਪ੍ਰਭੂ ਅੱਗੇ ਅਰਦਾਸ ਕਰ ਕਿ) ਹੇ ਪ੍ਰਭੂ! ਮੇਹਰ ਕਰ, ਮੈਨੂੰ (ਪਾਪਾਂ ਤੋਂ) ਬਚਾ ਲੈ, ਮੈਂ ਤੈਥੋਂ ਕੁਰਬਾਨ ਹਾਂ ॥੫॥


ਸਲੋਕ ॥
ਗ੍ਰਿਹ ਰਚਨਾ ਅਪਾਰੰ ਮਨਿ ਬਿਲਾਸ ਸੁਆਦੰ ਰਸਹ ॥

ਘਰ ਦੀਆਂ ਬੇਅੰਤ ਸਜਾਵਟਾਂ, ਮਨ ਵਿਚ ਚਾਉ ਮਲ੍ਹਾਰ, ਸੁਆਦਲੇ ਪਦਾਰਥਾਂ ਦੇ ਚਸਕੇ-(ਇਹਨਾਂ ਵਿਚ ਲੱਗ ਕੇ)

ਕਦਾਂਚ ਨਹ ਸਿਮਰੰਤਿ ਨਾਨਕ ਤੇ ਜੰਤ ਬਿਸਟਾ ਕ੍ਰਿਮਹ ॥੧॥

ਹੇ ਨਾਨਕ! ਜੋ ਮਨੁੱਖ ਕਦੇ ਪਰਮਾਤਮਾ ਨੂੰ ਯਾਦ ਨਹੀਂ ਕਰਦੇ, ਉਹ (ਮਾਨੋ) ਵਿਸ਼ਟੇ ਦੇ ਕੀੜੇ ਹਨ ॥੧॥

ਮੁਚੁ ਅਡੰਬਰੁ ਹਭੁ ਕਿਹੁ ਮੰਝਿ ਮੁਹਬਤਿ ਨੇਹ ॥

ਬੜੀ ਸਜ-ਧਜ ਹੋਵੇ, ਹਰੇਕ ਸ਼ੈ (ਮਿਲੀ) ਹੋਵੇ, ਹਿਰਦੇ ਵਿਚ (ਇਹਨਾਂ ਦੁਨੀਆਵੀ ਪਦਾਰਥਾਂ ਦੀ) ਮੁਹੱਬਤਿ ਤੇ ਖਿੱਚ ਹੋਵੇ-ਇਹਨਾਂ ਦੇ ਕਾਰਨ,

ਸੋ ਸਾਂਈ ਜੈਂ ਵਿਸਰੈ ਨਾਨਕ ਸੋ ਤਨੁ ਖੇਹ ॥੨॥

ਹੇ ਨਾਨਕ! ਜਿਸ ਨੂੰ ਸਾਈਂ (ਦੀ ਯਾਦ) ਭੁੱਲ ਗਈ ਹੈ ਉਹ ਸਰੀਰ (ਮਾਨੋ) ਸੁਆਹ (ਹੀ) ਹੈ ॥੨॥


ਪਉੜੀ ॥
ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ॥

ਜੇ ਸੋਹਣੀ ਸੇਜ ਮਿਲੀ ਹੋਵੇ, ਅਨੇਕਾਂ ਸੁਖ ਹੋਣ, ਸਭ ਕਿਸਮ ਦੇ ਸੁਆਦਲੇ ਭੋਗ ਭੋਗਣ ਨੂੰ ਹੋਣ।

ਗ੍ਰਿਹ ਸੋਇਨ ਚੰਦਨ ਸੁਗੰਧ ਲਾਇ ਮੋਤੀ ਹੀਰੇ ॥

ਜੇ ਮੋਤੀ ਹੀਰਿਆਂ ਨਾਲ ਜੁੜੇ ਹੋਏ ਸੋਨੇ ਦੇ ਘਰ ਹੋਣ ਜਿਨ੍ਹਾਂ ਵਿਚ ਚੰਦਨ ਦੀ ਸੁਗੰਧੀ ਹੋਵੇ।

ਮਨ ਇਛੇ ਸੁਖ ਮਾਣਦਾ ਕਿਛੁ ਨਾਹਿ ਵਿਸੂਰੇ ॥

ਜੇ ਮਨੁੱਖ ਮਨ-ਮੰਨੀਆਂ ਮੌਜਾਂ ਮਾਣਦਾ ਹੋਵੇ, ਤੇ ਕੋਈ ਚਿੰਤਾ ਝੌਰਾ ਨਾਹ ਹੋਵੇ,

ਸੋ ਪ੍ਰਭੁ ਚਿਤਿ ਨ ਆਵਈ ਵਿਸਟਾ ਕੇ ਕੀਰੇ ॥

(ਪਰ ਇਹ ਸਭ ਕੁਝ ਹੁੰਦਿਆਂ) ਜੇ (ਇਹ ਦਾਤਾਂ ਦੇਣ ਵਾਲਾ) ਉਹ ਪ੍ਰਭੂ ਮਨ ਵਿਚ ਯਾਦ ਨਹੀਂ ਹੈ ਤਾਂ (ਇਹ ਭੋਗ ਭੋਗਣ ਵਾਲਿਆਂ ਨੂੰ) ਗੰਦ ਦੇ ਕੀੜੇ ਜਾਣੋ,

ਬਿਨੁ ਹਰਿ ਨਾਮ ਨ ਸਾਂਤਿ ਹੋਇ ਕਿਤੁ ਬਿਧਿ ਮਨੁ ਧੀਰੇ ॥੬॥

(ਕਿਉਂਕਿ) ਪ੍ਰਭੂ ਦੇ ਨਾਮ ਤੋਂ ਬਿਨਾ ਸ਼ਾਂਤੀ ਨਹੀਂ ਮਿਲਦੀ, ਹੋਰ ਕਿਸੇ ਤਰ੍ਹਾਂ ਭੀ ਮਨ ਧੀਰਜ ਨਹੀਂ ਫੜਦਾ ॥੬॥


ਸਲੋਕ ॥
ਚਰਨ ਕਮਲ ਬਿਰਹੰ ਖੋਜੰਤ ਬੈਰਾਗੀ ਦਹ ਦਿਸਹ ॥

ਹੇ ਨਾਨਕ! ਪ੍ਰਭੂ ਦਾ ਪ੍ਰੇਮੀ ਪ੍ਰਭੂ ਦੇ ਸੋਹਣੇ ਚਰਨਾਂ ਨਾਲ ਜੁੜਨ ਦੀ ਖਿੱਚ ਵਿਚ ਦਸੀਂ ਪਾਸੀਂ ਭੌਂਦਾ ਹੈ,

ਤਿਆਗੰਤ ਕਪਟ ਰੂਪ ਮਾਇਆ ਨਾਨਕ ਆਨੰਦ ਰੂਪ ਸਾਧ ਸੰਗਮਹ ॥੧॥

ਛਲ-ਰੂਪ ਮਾਇਆ (ਦਾ ਖਹਿੜਾ) ਛੱਡਦਾ ਹੈ ਤੇ (ਭਾਲਦਿਆਂ ਭਾਲਦਿਆਂ ਉਸ ਨੂੰ) ਆਨੰਦ-ਰੂਪ ਸਾਧ ਸੰਗਤਿ ਪ੍ਰਾਪਤ ਹੁੰਦੀ ਹੈ (ਜਿਥੇ ਉਸ ਨੂੰ ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣਨ ਦਾ ਅਵਸਰ ਮਿਲਦਾ ਹੈ) ॥੧॥

ਮਨਿ ਸਾਂਈ ਮੁਖਿ ਉਚਰਾ ਵਤਾ ਹਭੇ ਲੋਅ ॥

ਮੇਰੇ ਮਨ ਵਿਚ ਸਾਂਈ (ਦੀ ਯਾਦ) ਹੈ, ਮੈਂ ਮੂੰਹੋਂ ਉਸ ਦਾ ਨਾਮ ਉਚਾਰਦਾ ਹਾਂ ਤੇ ਸਾਰੇ ਜਗਤ ਵਿਚ ਚੱਕਰ ਲਾਉਂਦਾ ਹਾਂ (ਕਿ ਕਿਤੇ ਉਸ ਦੀ ਸਿਫ਼ਤਿ-ਸਾਲਾਹ ਸੁਣ ਸਕਾਂ)

ਨਾਨਕ ਹਭਿ ਅਡੰਬਰ ਕੂੜਿਆ ਸੁਣਿ ਜੀਵਾ ਸਚੀ ਸੋਇ ॥੨॥

ਹੇ ਨਾਨਕ! (ਜਗਤ ਵਾਲੇ) ਸਾਰੇ ਵਿਖਾਵੇ ਮੈਨੂੰ ਨਾਸਵੰਤ ਦਿੱਸ ਰਹੇ ਹਨ। ਉਸ ਦੀ ਸਦਾ-ਥਿਰ ਰਹਿਣ ਵਾਲੀ ਸੋਭਾ ਸੁਣ ਕੇ ਮੈਂ ਜੀਉ ਪੈਂਦਾ ਹਾਂ ॥੨॥


ਪਉੜੀ ॥
ਬਸਤਾ ਤੂਟੀ ਝੁੰਪੜੀ ਚੀਰ ਸਭਿ ਛਿੰਨਾ ॥

ਜੇ ਕੋਈ ਮਨੁੱਖ ਟੁੱਟੀ ਹੋਈ ਕੁੱਲੀ ਵਿਚ ਰਹਿੰਦਾ ਹੋਵੇ, ਉਸ ਦੇ ਕੱਪੜੇ ਸਾਰੇ ਪਾਟੇ ਹੋਏ ਹੋਣ,

ਜਾਤਿ ਨ ਪਤਿ ਨ ਆਦਰੋ ਉਦਿਆਨ ਭ੍ਰਮਿੰਨਾ ॥

ਨਾਹ ਉਸ ਦੀ ਉੱਚੀ ਜਾਤਿ ਹੋਵੇ, ਨਾਹ ਕੋਈ ਇੱਜ਼ਤ ਆਦਰ ਕਰਦਾ ਹੋਵੇ, ਤੇ ਉਹ ਉਜਾੜ ਵਿਚ ਭਟਕਦਾ ਹੋਵੇ (ਭਾਵ, ਕਿਤੇ ਇੱਜ਼ਤ ਆਦਰ ਨਾਹ ਹੋਣ ਕਰਕੇ ਉਸ ਦੇ ਭਾ ਦੀ ਹਰ ਪਾਸੇ ਉਜਾੜ ਹੀ ਹੋਵੇ)।

ਮਿਤ੍ਰ ਨ ਇਠ ਧਨ ਰੂਪਹੀਣ ਕਿਛੁ ਸਾਕੁ ਨ ਸਿੰਨਾ ॥

ਕੋਈ ਉਸ ਦਾ ਮਿਤ੍ਰ ਪਿਆਰਾ ਨਾਹ ਹੋਵੇ, ਨਾਹ ਧਨ ਹੀ ਹੋਵੇ, ਨਾਹ ਰੂਪ ਹੀ ਹੋਵੇ, ਤੇ ਕੋਈ ਸਾਕ ਸੈਣ ਭੀ ਨਾਹ ਹੋਵੇ,

ਰਾਜਾ ਸਗਲੀ ਸ੍ਰਿਸਟਿ ਕਾ ਹਰਿ ਨਾਮਿ ਮਨੁ ਭਿੰਨਾ ॥

(ਅਜੇਹਾ ਨਿਥਾਵਾਂ ਹੁੰਦਿਆਂ ਭੀ) ਜੇ ਉਸ ਦਾ ਮਨ ਪ੍ਰਭੂ ਦੇ ਨਾਮ ਵਿਚ ਭਿੱਜਾ ਹੋਇਆ ਹੈ ਤਾਂ ਉਸ ਨੂੰ ਸਾਰੀ ਧਰਤੀ ਦਾ ਰਾਜਾ ਸਮਝੋ।

ਤਿਸ ਕੀ ਧੂੜਿ ਮਨੁ ਉਧਰੈ ਪ੍ਰਭੁ ਹੋਇ ਸੁਪ੍ਰਸੰਨਾ ॥੭॥

ਉਸ ਮਨੁੱਖ ਦੇ ਚਰਨਾਂ ਦੀ ਧੂੜੀ ਲੈ ਕੇ ਮਨ ਵਿਕਾਰਾਂ ਤੋਂ ਬਚਦਾ ਹੈ ਅਤੇ ਪਰਮਾਤਮਾ ਪਰਸੰਨ ਹੁੰਦਾ ਹੈ ॥੭॥


ਸਲੋਕ ॥
ਅਨਿਕ ਲੀਲਾ ਰਾਜ ਰਸ ਰੂਪੰ ਛਤ੍ਰ ਚਮਰ ਤਖਤ ਆਸਨੰ ॥

ਅਨੇਕਾਂ ਚੋਜ ਤਮਾਸ਼ੇ, ਰਾਜ ਦੀਆਂ ਮੌਜਾਂ, ਸੁੰਦਰਤਾ, (ਸਿਰ ਤੇ) ਛਤਰ ਚਉਰ, ਤੇ ਬੈਠਣ ਨੂੰ ਸ਼ਾਹੀ ਤਖ਼ਤ-

ਰਚੰਤਿ ਮੂੜ ਅਗਿਆਨ ਅੰਧਹ ਨਾਨਕ ਸੁਪਨ ਮਨੋਰਥ ਮਾਇਆ ॥੧॥

ਇਹਨਾਂ ਪਦਾਰਥਾਂ ਵਿਚ, ਹੇ ਨਾਨਕ! ਅੰਨ੍ਹੇ ਮੂਰਖ ਅਗਿਆਨੀ ਬੰਦੇ ਹੀ ਮਸਤ ਹੁੰਦੇ ਹਨ, ਮਾਇਆ ਦੇ ਇਹ ਕੌਤਕ ਤਾਂ ਸੁਪਨੇ ਦੀਆਂ ਚੀਜ਼ਾਂ (ਸਮਾਨ) ਹਨ ॥੧॥

ਸੁਪਨੈ ਹਭਿ ਰੰਗ ਮਾਣਿਆ ਮਿਠਾ ਲਗੜਾ ਮੋਹੁ ॥

(ਇਹ ਇਉਂ ਹੈ ਜਿਵੇਂ) ਸੁਪਨੇ ਵਿਚ ਸਾਰੀਆਂ ਮੌਜਾਂ ਮਾਣੀਆਂ, ਉਹਨਾਂ ਦੇ ਮੋਹ ਨੇ ਖਿੱਚ ਪਾ ਲਈ (ਪਰ ਜਦੋਂ ਜਾਗ ਆਈ ਤਾਂ ਪੱਲੇ ਕੁਝ ਭੀ ਨਾਹ ਰਿਹਾ)

ਨਾਨਕ ਨਾਮ ਵਿਹੂਣੀਆ ਸੁੰਦਰਿ ਮਾਇਆ ਧ੍ਰੋਹੁ ॥੨॥

ਹੇ ਨਾਨਕ! ਜੇ ਪ੍ਰਭੂ ਦੇ ਨਾਮ ਤੋਂ ਵਾਂਜੇ ਰਹੇ ਤਾਂ ਸੋਹਣੀ ਮਾਇਆ ਧੋਖਾ ਹੀ ਹੈ ॥੨॥


ਪਉੜੀ ॥
ਸੁਪਨੇ ਸੇਤੀ ਚਿਤੁ ਮੂਰਖਿ ਲਾਇਆ ॥

ਮੂਰਖ ਮਨੁੱਖ ਨੇ ਸੁਪਨੇ ਨਾਲ ਪਿਆਰ ਪਾਇਆ ਹੋਇਆ ਹੈ।

ਬਿਸਰੇ ਰਾਜ ਰਸ ਭੋਗ ਜਾਗਤ ਭਖਲਾਇਆ ॥

ਇਸ ਰਾਜ ਤੇ ਰਸਾਂ ਦੇ ਭੋਗਾਂ ਵਿਚ ਪ੍ਰਭੂ ਨੂੰ ਵਿਸਾਰ ਕੇ ਜਾਗਦਾ ਹੀ ਬਰੜਾ ਰਿਹਾ ਹੈ।

ਆਰਜਾ ਗਈ ਵਿਹਾਇ ਧੰਧੈ ਧਾਇਆ ॥

ਦੁਨੀਆ ਦੇ ਧੰਧੇ ਵਿਚ ਭਟਕਦੇ ਦੀ ਸਾਰੀ ਹੀ ਉਮਰ ਬੀਤ ਜਾਂਦੀ ਹੈ,

ਪੂਰਨ ਭਏ ਨ ਕਾਮ ਮੋਹਿਆ ਮਾਇਆ ॥

ਪਰ ਮਾਇਆ ਵਿਚ ਮੋਹੇ ਹੋਏ ਦੇ ਕੰਮ ਮੁੱਕਣ ਵਿਚ ਨਹੀਂ ਆਉਂਦੇ।

ਕਿਆ ਵੇਚਾਰਾ ਜੰਤੁ ਜਾ ਆਪਿ ਭੁਲਾਇਆ ॥੮॥

ਵਿਚਾਰੇ ਜੀਵ ਦੇ ਭੀ ਕੀ ਵੱਸ? ਉਸ ਪ੍ਰਭੂ ਨੇ ਆਪ ਹੀ ਇਸ ਨੂੰ ਭੁਲੇਖੇ ਵਿਚ ਪਾਇਆ ਹੋਇਆ ਹੈ ॥੮॥


ਸਲੋਕ ॥
ਬਸੰਤਿ ਸ੍ਵਰਗ ਲੋਕਹ ਜਿਤਤੇ ਪ੍ਰਿਥਵੀ ਨਵ ਖੰਡਣਹ ॥

ਜੇ ਸੁਰਗ ਵਰਗੇ ਦੇਸ ਵਿਚ ਵੱਸਦੇ ਹੋਣ, ਜੇ ਸਾਰੀ ਧਰਤੀ ਨੂੰ ਜਿੱਤ ਲੈਣ,

ਬਿਸਰੰਤ ਹਰਿ ਗੋਪਾਲਹ ਨਾਨਕ ਤੇ ਪ੍ਰਾਣੀ ਉਦਿਆਨ ਭਰਮਣਹ ॥੧॥

ਪਰ, ਹੇ ਨਾਨਕ! ਜੇ ਜਗਤ ਦੇ ਰੱਖਕ ਪ੍ਰਭੂ ਨੂੰ ਵਿਸਾਰ ਦੇਣ, ਤਾਂ ਉਹ ਮਨੁੱਖ (ਮਾਨੋ) ਜੰਗਲ ਵਿਚ ਭਟਕ ਰਹੇ ਹਨ ॥੧॥

ਕਉਤਕ ਕੋਡ ਤਮਾਸਿਆ ਚਿਤਿ ਨ ਆਵਸੁ ਨਾਉ ॥

ਜਗਤ ਦੇ ਕ੍ਰੋੜਾਂ ਚੋਜ ਤਮਾਸ਼ਿਆਂ ਦੇ ਕਾਰਨ ਜੇ ਪ੍ਰਭੂ ਦਾ ਨਾਮ ਚਿੱਤ ਵਿਚ (ਯਾਦ) ਨਾਹ ਰਹੇ,

ਨਾਨਕ ਕੋੜੀ ਨਰਕ ਬਰਾਬਰੇ ਉਜੜੁ ਸੋਈ ਥਾਉ ॥੨॥

ਤਾਂ ਹੇ ਨਾਨਕ! ਉਹ ਥਾਂ ਉਜਾੜ ਸਮਝੋ, ਉਹ ਥਾਂ ਭਿਆਨਕ ਨਰਕ ਦੇ ਬਰਾਬਰ ਹੈ ॥੨॥


ਪਉੜੀ ॥
ਮਹਾ ਭਇਆਨ ਉਦਿਆਨ ਨਗਰ ਕਰਿ ਮਾਨਿਆ ॥

ਬੜੇ ਡਰਾਉਣੇ ਜੰਗਲ ਨੂੰ ਜੀਵਾਂ ਨੇ ਸ਼ਹਿਰ ਕਰ ਕੇ ਮੰਨ ਲਿਆ ਹੈ,

ਝੂਠ ਸਮਗ੍ਰੀ ਪੇਖਿ ਸਚੁ ਕਰਿ ਜਾਨਿਆ ॥

ਇਹਨਾਂ ਨਾਸਵੰਤ ਪਦਾਰਥਾਂ ਨੂੰ ਵੇਖ ਕੇ ਸਦਾ ਟਿਕੇ ਰਹਿਣ ਵਾਲੇ ਸਮਝ ਲਿਆ ਹੈ।

ਕਾਮ ਕ੍ਰੋਧਿ ਅਹੰਕਾਰਿ ਫਿਰਹਿ ਦੇਵਾਨਿਆ ॥

(ਇਸ ਵਾਸਤੇ ਇਹਨਾਂ ਦੀ ਖ਼ਾਤਰ) ਕਾਮ ਵਿਚ ਕ੍ਰੋਧ ਵਿਚ ਅਹੰਕਾਰ ਵਿਚ ਝੱਲੇ ਹੋਏ ਫਿਰਦੇ ਹਨ,

ਸਿਰਿ ਲਗਾ ਜਮ ਡੰਡੁ ਤਾ ਪਛੁਤਾਨਿਆ ॥

ਜਦੋਂ ਮੌਤ ਦਾ ਡੰਡਾ ਸਿਰ ਤੇ ਆ ਵੱਜਦਾ ਹੈ, ਤਦੋਂ ਪਛੁਤਾਉਂਦੇ ਹਨ।

ਬਿਨੁ ਪੂਰੇ ਗੁਰਦੇਵ ਫਿਰੈ ਸੈਤਾਨਿਆ ॥੯॥

(ਹੇ ਭਾਈ! ਮਨੁੱਖ) ਪੂਰੇ ਗੁਰੂ ਦੀ ਸਰਨ ਤੋਂ ਬਿਨਾ ਸ਼ੈਤਾਨ ਵਾਂਗ ਫਿਰਦਾ ਹੈ ॥੯॥


ਸਲੋਕ ॥
ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਬਤਹ ॥

ਹੇ ਨਾਨਕ! ਇਹ ਰਾਜ ਰੂਪ ਧਨ ਤੇ (ਉੱਚੀ) ਕੁਲ ਦਾ ਮਾਣ-ਸਭ ਛਲ-ਰੂਪ ਹੈ।

ਸੰਚੰਤਿ ਬਿਖਿਆ ਛਲੰ ਛਿਦ੍ਰੰ ਨਾਨਕ ਬਿਨੁ ਹਰਿ ਸੰਗਿ ਨ ਚਾਲਤੇ ॥੧॥

ਜੀਵ ਛਲ ਕਰ ਕੇ ਦੂਜਿਆਂ ਤੇ ਦੂਸ਼ਣ ਲਾ ਲਾ ਕੇ (ਕਈ ਢੰਗਾਂ ਨਾਲ) ਮਾਇਆ ਜੋੜਦੇ ਹਨ, ਪਰ ਪ੍ਰਭੂ ਦੇ ਨਾਮ ਤੋਂ ਬਿਨਾ ਕੋਈ ਭੀ ਚੀਜ਼ ਏਥੋਂ ਨਾਲ ਨਹੀਂ ਜਾਂਦੀ ॥੧॥

ਪੇਖੰਦੜੋ ਕੀ ਭੁਲੁ ਤੁੰਮਾ ਦਿਸਮੁ ਸੋਹਣਾ ॥

ਤੁੰਮਾ ਵੇਖਣ ਨੂੰ ਮੈਨੂੰ ਸੋਹਣਾ ਦਿੱਸਿਆ। ਕੀ ਇਹ ਉਕਾਈ ਲੱਗ ਗਈ?

ਅਢੁ ਨ ਲਹੰਦੜੋ ਮੁਲੁ ਨਾਨਕ ਸਾਥਿ ਨ ਜੁਲਈ ਮਾਇਆ ॥੨॥

ਇਸ ਦਾ ਤਾਂ ਅੱਧੀ ਕੌਡੀ ਭੀ ਮੁੱਲ ਨਹੀਂ ਮਿਲਦਾ। ਹੇ ਨਾਨਕ! (ਇਹੀ ਹਾਲ ਮਾਇਆ ਦਾ ਹੈ, ਜੀਵ ਦੇ ਭਾ ਦੀ ਤਾਂ ਇਹ ਭੀ ਕੌਡੀ ਮੁੱਲ ਦੀ ਨਹੀਂ ਹੁੰਦੀ ਕਿਉਂਕਿ ਏਥੋਂ ਤੁਰਨ ਵੇਲੇ) ਇਹ ਮਾਇਆ ਜੀਵ ਦੇ ਨਾਲ ਨਹੀਂ ਜਾਂਦੀ ॥੨॥


ਪਉੜੀ ॥
ਚਲਦਿਆ ਨਾਲਿ ਨ ਚਲੈ ਸੋ ਕਿਉ ਸੰਜੀਐ ॥

ਉਸ ਮਾਇਆ ਨੂੰ ਇਕੱਠੀ ਕਰਨ ਦਾ ਕੀ ਲਾਭ, ਜੋ (ਜਗਤ ਤੋਂ ਤੁਰਨ ਵੇਲੇ) ਨਾਲ ਨਹੀਂ ਜਾਂਦੀ,

ਤਿਸ ਕਾ ਕਹੁ ਕਿਆ ਜਤਨੁ ਜਿਸ ਤੇ ਵੰਜੀਐ ॥

ਜਿਸ ਤੋਂ ਆਖ਼ਰ ਵਿਛੁੜ ਹੀ ਜਾਣਾ ਹੈ, ਉਸ ਦੀ ਖ਼ਾਤਰ ਦੱਸੋ ਕੀਹ ਜਤਨ ਕਰਨਾ ਹੋਇਆ?

ਹਰਿ ਬਿਸਰਿਐ ਕਿਉ ਤ੍ਰਿਪਤਾਵੈ ਨਾ ਮਨੁ ਰੰਜੀਐ ॥

ਪ੍ਰਭੂ ਨੂੰ ਵਿਸਾਰਿਆਂ (ਨਿਰੀ ਮਾਇਆ ਨਾਲ) ਰੱਜੀਦਾ ਭੀ ਨਹੀਂ ਤੇ ਨਾਹ ਹੀ ਮਨ ਪ੍ਰਸੰਨ ਹੁੰਦਾ ਹੈ।

ਪ੍ਰਭੂ ਛੋਡਿ ਅਨ ਲਾਗੈ ਨਰਕਿ ਸਮੰਜੀਐ ॥

ਪਰਮਾਤਮਾ ਨੂੰ ਛੱਡ ਕੇ ਜੇ ਮਨ ਹੋਰ ਪਾਸੇ ਲਗਾਇਆਂ ਨਰਕ ਵਿੱਚ ਸਮਾਈਦਾ ਹੈ।

ਹੋਹੁ ਕ੍ਰਿਪਾਲ ਦਇਆਲ ਨਾਨਕ ਭਉ ਭੰਜੀਐ ॥੧੦॥

ਹੇ ਪ੍ਰਭੂ! ਕਿਰਪਾ ਕਰ, ਦਇਆ ਕਰ, ਨਾਨਕ ਦਾ ਸਹਿਮ ਦੂਰ ਕਰ ਦੇਹ ॥੧੦॥


ਸਲੋਕ ॥
ਨਚ ਰਾਜ ਸੁਖ ਮਿਸਟੰ ਨਚ ਭੋਗ ਰਸ ਮਿਸਟੰ ਨਚ ਮਿਸਟੰ ਸੁਖ ਮਾਇਆ ॥

ਨਾਹ ਹੀ ਰਾਜ ਦੇ ਸੁਖ, ਨਾਹ ਹੀ ਭੋਗਾਂ ਦੇ ਚਸਕੇ ਅਤੇ ਨਾਹ ਹੀ ਮਾਇਆ ਦੀਆਂ ਮੌਜਾਂ-ਇਹ ਕੋਈ ਭੀ ਸੁਆਦਲੇ ਨਹੀਂ ਹਨ,

ਮਿਸਟੰ ਸਾਧਸੰਗਿ ਹਰਿ ਨਾਨਕ ਦਾਸ ਮਿਸਟੰ ਪ੍ਰਭ ਦਰਸਨੰ ॥੧॥

ਹੇ ਨਾਨਕ! ਸਤਸੰਗ ਵਿਚੋਂ (ਮਿਲਿਆ) ਪ੍ਰਭੂ ਦਾ ਨਾਮ ਮਿੱਠਾ ਹੈ ਤੇ ਸੇਵਕਾਂ ਨੂੰ ਪ੍ਰਭੂ ਦਾ ਦੀਦਾਰ ਮਿੱਠਾ ਲੱਗਦਾ ਹੈ ॥੧॥

ਲਗੜਾ ਸੋ ਨੇਹੁ ਮੰਨ ਮਝਾਹੂ ਰਤਿਆ ॥

ਜਿਸ ਮਨੁੱਖ ਨੂੰ ਉਹ ਪਿਆਰ ਲੱਗ ਜਾਏ ਜਿਸ ਨਾਲ ਅੰਦਰੋਂ ਮਨ (ਪ੍ਰਭੂ ਦੇ ਨਾਲ) ਰੰਗਿਆ ਜਾਏ,

ਵਿਧੜੋ ਸਚ ਥੋਕਿ ਨਾਨਕ ਮਿਠੜਾ ਸੋ ਧਣੀ ॥੨॥

ਤੇ ਜਿਸ ਦਾ ਮਨ ਸੱਚੇ ਨਾਮ-ਰੂਪ ਪਦਾਰਥ (ਭਾਵ, ਮੋਤੀ) ਨਾਲ ਪ੍ਰੋਤਾ ਜਾਏ, ਹੇ ਨਾਨਕ! ਉਸ ਮਨੁੱਖ ਨੂੰ ਮਾਲਕ ਪ੍ਰਭੂ ਪਿਆਰਾ ਲੱਗਦਾ ਹੈ ॥੨॥


ਪਉੜੀ ॥
ਹਰਿ ਬਿਨੁ ਕਛੂ ਨ ਲਾਗਈ ਭਗਤਨ ਕਉ ਮੀਠਾ ॥

ਪਰਮਾਤਮਾ (ਦੇ ਨਾਮ) ਤੋਂ ਬਿਨਾ ਭਗਤਾਂ ਨੂੰ ਹੋਰ ਕੋਈ ਚੀਜ਼ ਮਿੱਠੀ ਨਹੀਂ ਲੱਗਦੀ।

ਆਨ ਸੁਆਦ ਸਭਿ ਫੀਕਿਆ ਕਰਿ ਨਿਰਨਉ ਡੀਠਾ ॥

ਉਹਨਾਂ ਨੇ ਖੋਜ ਕੇ ਵੇਖ ਲਿਆ ਹੈ ਕਿ (ਨਾਮ ਤੋਂ ਬਿਨਾ) ਹੋਰ ਸਾਰੇ ਸੁਆਦ ਫਿੱਕੇ ਹਨ।

ਅਗਿਆਨੁ ਭਰਮੁ ਦੁਖੁ ਕਟਿਆ ਗੁਰ ਭਏ ਬਸੀਠਾ ॥

ਸਤਿਗੁਰੂ (ਉਹਨਾਂ ਵਾਸਤੇ) ਵਕੀਲ ਬਣਿਆ ਤੇ (ਪ੍ਰਭੂ ਨੂੰ ਮਿਲਣ ਕਰ ਕੇ ਉਹਨਾਂ ਦਾ) ਅਗਿਆਨ ਭਟਕਣਾ ਤੇ ਦੁੱਖ ਸਭ ਕੁਝ ਦੂਰ ਹੋ ਗਿਆ ਹੈ।

ਚਰਨ ਕਮਲ ਮਨੁ ਬੇਧਿਆ ਜਿਉ ਰੰਗੁ ਮਜੀਠਾ ॥

ਜਿਵੇਂ ਮਜੀਠ ਨਾਲ (ਕੱਪੜੇ ਤੇ ਪੱਕਾ) ਰੰਗ ਚੜ੍ਹਦਾ ਹੈ, ਤਿਵੇਂ ਉਹਨਾਂ ਦਾ ਮਨ ਪ੍ਰਭੂ ਦੇ ਸੋਹਣੇ ਚਰਨਾਂ ਵਿਚ (ਪੱਕੀ ਤਰ੍ਹਾਂ) ਵਿੱਝ ਜਾਂਦਾ ਹੈ।

ਜੀਉ ਪ੍ਰਾਣ ਤਨੁ ਮਨੁ ਪ੍ਰਭੂ ਬਿਨਸੇ ਸਭਿ ਝੂਠਾ ॥੧੧॥

ਪ੍ਰਭੂ ਹੀ ਉਹਨਾਂ ਦੀ ਜਿੰਦ ਪ੍ਰਾਣ ਹੈ ਤੇ ਤਨ ਮਨ ਹੈ, ਹੋਰ ਨਾਸਵੰਤ ਪਿਆਰ ਉਹਨਾਂ ਦੇ ਅੰਦਰੋਂ ਨਾਸ ਹੋ ਗਏ ਹਨ ॥੧੧॥


ਸਲੋਕ ॥
ਤਿਅਕਤ ਜਲੰ ਨਹ ਜੀਵ ਮੀਨੰ ਨਹ ਤਿਆਗਿ ਚਾਤ੍ਰਿਕ ਮੇਘ ਮੰਡਲਹ ॥

ਪਾਣੀ ਨੂੰ ਛੱਡ ਕੇ ਮੱਛੀ ਜੀਊ ਨਹੀਂ ਸਕਦੀ, ਬੱਦਲਾਂ ਦੇ ਦੇਸ ਨੂੰ ਛੱਡ ਕੇ ਪਪੀਹਾ ਨਹੀਂ ਜੀਊ ਸਕਦਾ,

ਬਾਣ ਬੇਧੰਚ ਕੁਰੰਕ ਨਾਦੰ ਅਲਿ ਬੰਧਨ ਕੁਸਮ ਬਾਸਨਹ ॥

ਹਰਨ ਰਾਗ ਦੇ ਤੀਰ ਨਾਲ ਵਿੰਨ੍ਹਿਆ ਜਾਂਦਾ ਹੈ ਤੇ ਫੁੱਲਾਂ ਦੀ ਸੁਗੰਧੀ ਭੌਰੇ ਦੇ ਬੱਝਣ ਦਾ ਕਾਰਨ ਬਣ ਜਾਂਦੀ ਹੈ।

ਚਰਨ ਕਮਲ ਰਚੰਤਿ ਸੰਤਹ ਨਾਨਕ ਆਨ ਨ ਰੁਚਤੇ ॥੧॥

ਇਸੇ ਤਰ੍ਹਾਂ, ਹੇ ਨਾਨਕ! ਸੰਤ ਪ੍ਰਭੂ ਦੇ ਚਰਨ ਕਮਲਾਂ ਵਿਚ ਮਸਤ ਰਹਿੰਦੇ ਹਨ, ਪ੍ਰਭੂ-ਚਰਨਾਂ ਤੋਂ ਬਿਨਾ ਉਹਨਾਂ ਨੂੰ ਹੋਰ ਕੁਝ ਨਹੀਂ ਭਾਉਂਦਾ ॥੧॥

ਮੁਖੁ ਡੇਖਾਊ ਪਲਕ ਛਡਿ ਆਨ ਨ ਡੇਊ ਚਿਤੁ ॥

ਜੇ ਇਕ ਪਲਕ ਮਾਤ੍ਰ ਹੀ ਮੈਂ ਤੇਰਾ ਮੁਖ ਵੇਖ ਲਵਾਂ, ਤਾਂ ਤੈਨੂੰ ਛੱਡ ਕੇ ਮੈਂ ਕਿਸੇ ਹੋਰ ਪਾਸੇ ਚਿੱਤ (ਦੀ ਪ੍ਰੀਤ) ਨਾਹ ਜੋੜਾਂ।

ਜੀਵਣ ਸੰਗਮੁ ਤਿਸੁ ਧਣੀ ਹਰਿ ਨਾਨਕ ਸੰਤਾਂ ਮਿਤੁ ॥੨॥

ਹੇ ਨਾਨਕ! ਜੀਊਣ ਦਾ ਜੋੜ ਉਸ ਮਾਲਕ-ਪ੍ਰਭੂ ਨਾਲ ਹੀ ਹੋ ਸਕਦਾ ਹੈ, ਉਹ ਪ੍ਰਭੂ ਸੰਤਾਂ ਦਾ ਮਿੱਤਰ ਹੈ ॥੨॥


ਪਉੜੀ ॥
ਜਿਉ ਮਛੁਲੀ ਬਿਨੁ ਪਾਣੀਐ ਕਿਉ ਜੀਵਣੁ ਪਾਵੈ ॥

ਜਿਵੇਂ ਮੱਛੀ ਪਾਣੀ ਤੋਂ ਬਿਨਾ ਜੀਊ ਨਹੀਂ ਸਕਦੀ,

ਬੂੰਦ ਵਿਹੂਣਾ ਚਾਤ੍ਰਿਕੋ ਕਿਉ ਕਰਿ ਤ੍ਰਿਪਤਾਵੈ ॥

ਜਿਵੇਂ ਮੀਂਹ ਦੀ ਕਣੀ ਤੋਂ ਬਿਨਾ ਪਪੀਹਾ ਰੱਜ ਨਹੀਂ ਸਕਦਾ,

ਨਾਦ ਕੁਰੰਕਹਿ ਬੇਧਿਆ ਸਨਮੁਖ ਉਠਿ ਧਾਵੈ ॥

ਜਿਵੇਂ, (ਘੰਡੇਹੇੜੇ ਦੀ) ਆਵਾਜ਼ ਹਰਨ ਨੂੰ ਮੋਹ ਲੈਂਦੀ ਹੈ, ਉਹ ਓਧਰ ਹੀ ਉੱਠ ਦੌੜਦਾ ਹੈ,

ਭਵਰੁ ਲੋਭੀ ਕੁਸਮ ਬਾਸੁ ਕਾ ਮਿਲਿ ਆਪੁ ਬੰਧਾਵੈ ॥

ਜਿਵੇਂ, ਭੌਰਾ ਫੁੱਲ ਦੀ ਸੁਗੰਧੀ ਦਾ ਆਸ਼ਕ ਹੁੰਦਾ ਹੈ, (ਫੁੱਲ ਨਾਲ) ਮਿਲ ਕੇ ਆਪਣੇ ਆਪ ਨੂੰ ਫਸਾ ਲੈਂਦਾ ਹੈ।

ਤਿਉ ਸੰਤ ਜਨਾ ਹਰਿ ਪ੍ਰੀਤਿ ਹੈ ਦੇਖਿ ਦਰਸੁ ਅਘਾਵੈ ॥੧੨॥

ਤਿਵੇਂ, ਸੰਤਾਂ ਨੂੰ ਪ੍ਰਭੂ ਨਾਲ ਪ੍ਰੇਮ ਹੁੰਦਾ ਹੈ, ਪ੍ਰਭੂ ਦਾ ਦੀਦਾਰ ਕਰ ਕੇ ਉਹ ਰੱਜ ਜਾਂਦੇ ਹਨ ॥੧੨॥


ਸਲੋਕ ॥
ਚਿਤਵੰਤਿ ਚਰਨ ਕਮਲੰ ਸਾਸਿ ਸਾਸਿ ਅਰਾਧਨਹ ॥

ਜੋ ਮਨੁੱਖ ਪ੍ਰਭੂ ਦੇ ਚਰਨ ਕਮਲਾਂ ਦਾ ਧਿਆਨ ਧਰਦੇ ਹਨ ਤੇ ਸੁਆਸ ਸੁਆਸ ਉਸ ਦਾ ਸਿਮਰਨ ਕਰਦੇ ਹਨ,

ਨਹ ਬਿਸਰੰਤਿ ਨਾਮ ਅਚੁਤ ਨਾਨਕ ਆਸ ਪੂਰਨ ਪਰਮੇਸੁਰਹ ॥੧॥

ਜੋ ਅਬਿਨਾਸੀ ਪ੍ਰਭੂ ਦਾ ਨਾਮ ਕਦੇ ਭੁਲਾਉਂਦੇ ਨਹੀਂ, ਹੇ ਨਾਨਕ! ਪਰਮੇਸਰ ਉਹਨਾਂ ਦੀਆਂ ਆਸਾਂ ਪੂਰੀਆਂ ਕਰਦਾ ਹੈ ॥੧॥

ਸੀਤੜਾ ਮੰਨ ਮੰਝਾਹਿ ਪਲਕ ਨ ਥੀਵੈ ਬਾਹਰਾ ॥

ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪ੍ਰਭੂ (ਸਦਾ) ਪ੍ਰੋਤਾ ਰਹਿੰਦਾ ਹੈ, ਜਿਨ੍ਹਾਂ ਤੋਂ ਇਕ ਖਿਨ ਲਈ ਭੀ ਜੁਦਾ ਨਹੀਂ ਹੁੰਦਾ,

ਨਾਨਕ ਆਸੜੀ ਨਿਬਾਹਿ ਸਦਾ ਪੇਖੰਦੋ ਸਚੁ ਧਣੀ ॥੨॥

ਹੇ ਨਾਨਕ! ਉਹਨਾਂ ਦੀਆਂ ਉਹ ਸੱਚਾ ਮਾਲਕ ਆਸਾਂ ਪੂਰੀਆਂ ਕਰਦਾ ਹੈ ਤੇ ਸਦਾ ਉਹਨਾਂ ਦੀ ਸੰਭਾਲ ਕਰਦਾ ਹੈ ॥੨॥


ਪਉੜੀ ॥
ਆਸਾਵੰਤੀ ਆਸ ਗੁਸਾਈ ਪੂਰੀਐ ॥

ਹੇ ਧਰਤੀ ਦੇ ਖਸਮ! ਮੈਂ ਆਸਵੰਤ ਦੀ ਆਸ ਪੂਰੀ ਕਰ,

ਮਿਲਿ ਗੋਪਾਲ ਗੋਬਿੰਦ ਨ ਕਬਹੂ ਝੂਰੀਐ ॥

ਹੇ ਧਰਤੀ ਦੇ ਰੱਖਕ! ਹੇ ਗੋਬਿੰਦ! ਮੈਨੂੰ ਮਿਲ, ਤਾਕਿ ਮੈਂ ਕਦੇ ਤੌਖ਼ਲੇ ਨਾਹ ਕਰਾਂ।

ਦੇਹੁ ਦਰਸੁ ਮਨਿ ਚਾਉ ਲਹਿ ਜਾਹਿ ਵਿਸੂਰੀਐ ॥

ਮੇਰੇ ਮਨ ਵਿਚ ਖਿੱਚ ਹੈ, ਮੈਨੂੰ ਦੀਦਾਰ ਦੇਹ ਤੇ ਮੇਰੇ ਝੋਰੇ ਮਿਟ ਜਾਣ।

ਹੋਇ ਪਵਿਤ੍ਰ ਸਰੀਰੁ ਚਰਨਾ ਧੂਰੀਐ ॥

ਤੇਰੇ ਪੈਰਾਂ ਦੀ ਖ਼ਾਕ ਨਾਲ ਮੇਰਾ ਸਰੀਰ ਪਵਿੱਤ੍ਰ ਹੋ ਜਾਏ।

ਪਾਰਬ੍ਰਹਮ ਗੁਰਦੇਵ ਸਦਾ ਹਜੂਰੀਐ ॥੧੩॥

ਹੇ ਪ੍ਰਭੂ! ਹੇ ਗੁਰਦੇਵ! (ਮੇਹਰ ਕਰ) ਮੈਂ ਸਦਾ ਤੇਰੀ ਹਜ਼ੂਰੀ ਵਿਚ ਰਹਾਂ ॥੧੩॥


ਸਲੋਕ ॥
ਰਸਨਾ ਉਚਰੰਤਿ ਨਾਮੰ ਸ੍ਰਵਣੰ ਸੁਨੰਤਿ ਸਬਦ ਅੰਮ੍ਰਿਤਹ ॥

ਜੋ ਮਨੁੱਖ ਜੀਭ ਨਾਲ ਪਾਰਬ੍ਰਹਮ ਦਾ ਨਾਮ ਉਚਾਰਦੇ ਹਨ, ਜੋ ਕੰਨਾਂ ਨਾਲ ਸਿਫ਼ਤਿ-ਸਾਲਾਹ ਦੀ ਪਵਿਤ੍ਰ ਬਾਣੀ ਸੁਣਦੇ ਹਨ,

ਨਾਨਕ ਤਿਨ ਸਦ ਬਲਿਹਾਰੰ ਜਿਨਾ ਧਿਆਨੁ ਪਾਰਬ੍ਰਹਮਣਹ ॥੧॥

ਤੇ ਜੋ ਪਾਰਬ੍ਰਹਮ ਦਾ ਧਿਆਨ (ਧਰਦੇ ਹਨ) ਹੇ ਨਾਨਕ! ਮੈਂ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਹਾਂ ॥੧॥

ਹਭਿ ਕੂੜਾਵੇ ਕੰਮ ਇਕਸੁ ਸਾਈ ਬਾਹਰੇ ॥

ਇਕ ਖਸਮ-ਪ੍ਰਭੂ ਦੀ ਯਾਦ ਤੋਂ ਬਿਨਾ ਹੋਰ ਸਾਰੇ ਹੀ ਕੰਮ ਵਿਅਰਥ ਹਨ।

ਨਾਨਕ ਸੇਈ ਧੰਨੁ ਜਿਨਾ ਪਿਰਹੜੀ ਸਚ ਸਿਉ ॥੨॥

ਹੇ ਨਾਨਕ! ਸਿਰਫ਼ ਉਹੀ ਬੰਦੇ ਭਾਗਾਂ ਵਾਲੇ ਹਨ, ਜਿਨ੍ਹਾਂ ਦਾ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨਾਲ ਪਿਆਰ ਹੈ ॥੨॥


ਪਉੜੀ ॥
ਸਦ ਬਲਿਹਾਰੀ ਤਿਨਾ ਜਿ ਸੁਨਤੇ ਹਰਿ ਕਥਾ ॥

ਮੈਂ ਉਹਨਾਂ ਬੰਦਿਆਂ ਤੋਂ ਸਦਾ ਕੁਰਬਾਨ ਜਾਂਦਾ ਹਾਂ ਜੋ ਪ੍ਰਭੂ ਦੀਆਂ ਗੱਲਾਂ ਸੁਣਦੇ ਹਨ।

ਪੂਰੇ ਤੇ ਪਰਧਾਨ ਨਿਵਾਵਹਿ ਪ੍ਰਭ ਮਥਾ ॥

ਉਹ ਮਨੁੱਖ ਸਭ ਗੁਣਾਂ ਵਾਲੇ ਤੇ ਸਭ ਤੋਂ ਚੰਗੇ ਹਨ ਜੋ ਪ੍ਰਭੂ ਅੱਗੇ ਸਿਰ ਨਿਵਾਉਂਦੇ ਹਨ।

ਹਰਿ ਜਸੁ ਲਿਖਹਿ ਬੇਅੰਤ ਸੋਹਹਿ ਸੇ ਹਥਾ ॥

(ਉਹਨਾਂ ਦੇ) ਉਹ ਹੱਥ ਸੋਹਣੇ ਲੱਗਦੇ ਹਨ ਜੋ ਬੇਅੰਤ ਪ੍ਰਭੂ ਦੀ ਸਿਫ਼ਤਿ-ਸਾਲਾਹ ਲਿਖਦੇ ਹਨ।

ਚਰਨ ਪੁਨੀਤ ਪਵਿਤ੍ਰ ਚਾਲਹਿ ਪ੍ਰਭ ਪਥਾ ॥

ਉਹ ਪੈਰ ਪਵਿੱਤ੍ਰ ਹਨ ਜੋ ਪ੍ਰਭੂ ਦੇ ਰਾਹ ਤੇ ਤੁਰਦੇ ਹਨ।

ਸੰਤਾਂ ਸੰਗਿ ਉਧਾਰੁ ਸਗਲਾ ਦੁਖੁ ਲਥਾ ॥੧੪॥

(ਅਜੇਹੇ) ਸੰਤਾਂ ਦੀ ਸੰਗਤਿ ਵਿਚ (ਦੁੱਖ ਵਿਕਾਰਾਂ ਤੋਂ) ਬਚਾਉ ਹੋ ਜਾਂਦਾ ਹੈ, ਸਾਰਾ ਦੁੱਖ ਦੂਰ ਹੋ ਜਾਂਦਾ ਹੈ ॥੧੪॥


ਸਲੋਕੁ ॥
ਭਾਵੀ ਉਦੋਤ ਕਰਣੰ ਹਰਿ ਰਮਣੰ ਸੰਜੋਗ ਪੂਰਨਹ ॥

ਜਦੋਂ ਪੂਰਨ ਸੰਜੋਗਾਂ ਨਾਲ ਮੱਥੇ ਦੇ ਲਿਖੇ ਲੇਖ ਉੱਘੜਦੇ ਹਨ, ਪ੍ਰਭੂ ਦਾ ਸਿਮਰਨ ਕਰੀਦਾ ਹੈ,

ਗੋਪਾਲ ਦਰਸ ਭੇਟੰ ਸਫਲ ਨਾਨਕ ਸੋ ਮਹੂਰਤਹ ॥੧॥

ਹੇ ਨਾਨਕ! ਉਹ ਘੜੀ ਬਰਕਤਿ ਵਾਲੀ ਹੁੰਦੀ ਹੈ ਜਦੋਂ ਗੋਪਾਲ ਹਰੀ ਦਾ ਦੀਦਾਰ ਹੁੰਦਾ ਹੈ ॥੧॥

ਕੀਮ ਨ ਸਕਾ ਪਾਇ ਸੁਖ ਮਿਤੀ ਹੂ ਬਾਹਰੇ ॥

ਇਤਨੇ ਅਮਿਣਵੇਂ ਸੁਖ ਪ੍ਰਭੂ ਦੇਂਦਾ ਹੈ ਕਿ ਮੈਂ ਉਹਨਾਂ ਦਾ ਮੁੱਲ ਨਹੀਂ ਪਾ ਸਕਦਾ,

ਨਾਨਕ ਸਾ ਵੇਲੜੀ ਪਰਵਾਣੁ ਜਿਤੁ ਮਿਲੰਦੜੋ ਮਾ ਪਿਰੀ ॥੨॥

(ਪਰ) ਹੇ ਨਾਨਕ! ਉਹੀ ਸੁਲੱਖਣੀ ਘੜੀ ਕਬੂਲ ਪੈਂਦੀ ਹੈ ਜਦੋਂ ਆਪਣਾ ਪਿਆਰਾ ਪ੍ਰਭੂ ਮਿਲ ਪਏ ॥੨॥


ਪਉੜੀ ॥
ਸਾ ਵੇਲਾ ਕਹੁ ਕਉਣੁ ਹੈ ਜਿਤੁ ਪ੍ਰਭ ਕਉ ਪਾਈ ॥

(ਰੱਬ ਕਰਕੇ) ਉਹ ਵੇਲਾ ਛੇਤੀ ਆਵੇ ਜਦੋਂ ਮੈਂ ਪ੍ਰਭੂ ਨੂੰ ਮਿਲਾਂ।

ਸੋ ਮੂਰਤੁ ਭਲਾ ਸੰਜੋਗੁ ਹੈ ਜਿਤੁ ਮਿਲੈ ਗੁਸਾਈ ॥

ਉਹ ਮੁਹੂਰਤ, ਉਹ ਮਿਲਣ ਦਾ ਸਮਾਂ ਭਾਗਾਂ ਵਾਲਾ ਹੁੰਦਾ ਹੈ, ਜਦੋਂ ਧਰਤੀ ਦਾ ਸਾਂਈ ਮਿਲਦਾ ਹੈ।

ਆਠ ਪਹਰ ਹਰਿ ਧਿਆਇ ਕੈ ਮਨ ਇਛ ਪੁਜਾਈ ॥

(ਮੇਹਰ ਕਰ) ਅੱਠੇ ਪਹਿਰ ਪ੍ਰਭੂ ਨੂੰ ਸਿਮਰ ਕੇ ਮੈਂ ਆਪਣੇ ਮਨ ਦੀ ਚਾਹ ਪੂਰੀ ਕਰਾਂ।

ਵਡੈ ਭਾਗਿ ਸਤਸੰਗੁ ਹੋਇ ਨਿਵਿ ਲਾਗਾ ਪਾਈ ॥

ਚੰਗੀ ਕਿਸਮਤਿ ਨਾਲ ਸਤਸੰਗ ਮਿਲ ਜਾਏ ਤੇ ਮੈਂ ਨਿਊਂ ਨਿਊਂ ਕੇ (ਸਤ ਸੰਗੀਆਂ ਦੇ) ਪੈਰੀਂ ਲੱਗਾਂ।

ਮਨਿ ਦਰਸਨ ਕੀ ਪਿਆਸ ਹੈ ਨਾਨਕ ਬਲਿ ਜਾਈ ॥੧੫॥

ਮੇਰੇ ਮਨ ਵਿਚ (ਪ੍ਰਭੂ ਦੇ) ਦਰਸਨ ਦੀ ਤ੍ਰੇਹ ਹੈ। ਹੇ ਨਾਨਕ! (ਆਖ) ਮੈਂ (ਸਤਸੰਗੀਆਂ ਤੋਂ) ਸਦਕੇ ਜਾਂਦਾ ਹਾਂ ॥੧੫॥


ਸਲੋਕ ॥
ਪਤਿਤ ਪੁਨੀਤ ਗੋਬਿੰਦਹ ਸਰਬ ਦੋਖ ਨਿਵਾਰਣਹ ॥

ਗੋਬਿੰਦ ਵਿਕਾਰੀਆਂ ਨੂੰ ਪਵਿਤ੍ਰ ਕਰਨ ਵਾਲਾ ਹੈ। (ਪਾਪੀਆਂ ਦੇ) ਸਾਰੇ ਐਬ ਦੂਰ ਕਰਨ ਵਾਲਾ ਹੈ।

ਸਰਣਿ ਸੂਰ ਭਗਵਾਨਹ ਜਪੰਤਿ ਨਾਨਕ ਹਰਿ ਹਰਿ ਹਰੇ ॥੧॥

ਹੇ ਨਾਨਕ! ਜੋ ਮਨੁੱਖ ਉਸ ਪ੍ਰਭੂ ਨੂੰ ਜਪਦੇ ਹਨ, ਭਗਵਾਨ ਉਹਨਾਂ ਸਰਨ ਆਇਆਂ ਦੀ ਲਾਜ ਰੱਖਣ ਦੇ ਸਮਰੱਥ ਹੈ ॥੧॥

ਛਡਿਓ ਹਭੁ ਆਪੁ ਲਗੜੋ ਚਰਣਾ ਪਾਸਿ ॥

ਜਿਸ ਮਨੁੱਖ ਨੇ ਸਾਰਾ ਆਪਾ-ਭਾਵ ਮਿਟਾ ਦਿੱਤਾ, ਜੋ ਮਨੁੱਖ ਪ੍ਰਭੂ ਦੇ ਚਰਨਾਂ ਨਾਲ ਜੁੜਿਆ ਰਿਹਾ,

ਨਠੜੋ ਦੁਖ ਤਾਪੁ ਨਾਨਕ ਪ੍ਰਭੁ ਪੇਖੰਦਿਆ ॥੨॥

ਹੇ ਨਾਨਕ! ਪ੍ਰਭੂ ਦਾ ਦੀਦਾਰ ਕਰਨ ਨਾਲ ਉਸ ਦੇ ਸਾਰੇ ਦੁੱਖ ਕਲੇਸ਼ ਨਾਸ ਹੋ ਜਾਂਦੇ ਹਨ ॥੨॥


ਪਉੜੀ ॥
ਮੇਲਿ ਲੈਹੁ ਦਇਆਲ ਢਹਿ ਪਏ ਦੁਆਰਿਆ ॥

ਹੇ ਦਿਆਲ! ਮੈਂ ਤੇਰੇ ਦਰ ਤੇ ਆ ਡਿੱਗਾ ਹਾਂ, ਮੈਨੂੰ (ਆਪਣੇ ਚਰਨਾਂ ਵਿਚ) ਜੋੜ ਲੈ।

ਰਖਿ ਲੇਵਹੁ ਦੀਨ ਦਇਆਲ ਭ੍ਰਮਤ ਬਹੁ ਹਾਰਿਆ ॥

ਹੇ ਦੀਨਾਂ ਤੇ ਦਇਆ ਕਰਨ ਵਾਲੇ! ਮੈਨੂੰ ਰੱਖ ਲੈ, ਮੈਂ ਭਟਕਦਾ ਭਟਕਦਾ ਹੁਣ ਬੜਾ ਥੱਕ ਗਿਆ ਹਾਂ।

ਭਗਤਿ ਵਛਲੁ ਤੇਰਾ ਬਿਰਦੁ ਹਰਿ ਪਤਿਤ ਉਧਾਰਿਆ ॥

ਭਗਤੀ ਨੂੰ ਪਿਆਰ ਕਰਨਾ ਤੇ ਡਿੱਗਿਆਂ ਨੂੰ ਬਚਾਉਣਾ-ਇਹ ਤੇਰਾ ਮੁੱਢ ਕਦੀਮਾਂ ਦਾ ਸੁਭਾਉ ਹੈ।

ਤੁਝ ਬਿਨੁ ਨਾਹੀ ਕੋਇ ਬਿਨਉ ਮੋਹਿ ਸਾਰਿਆ ॥

ਹੇ ਪ੍ਰਭੂ! ਤੈਥੋਂ ਬਿਨਾ ਹੋਰ ਕੋਈ ਨਹੀਂ ਜੋ ਮੇਰੀ ਇਸ ਬੇਨਤੀ ਨੂੰ ਸਿਰੇ ਚਾੜ੍ਹ ਸਕੇ।

ਕਰੁ ਗਹਿ ਲੇਹੁ ਦਇਆਲ ਸਾਗਰ ਸੰਸਾਰਿਆ ॥੧੬॥

ਹੇ ਦਿਆਲ! ਮੇਰਾ ਹੱਥ ਫੜ ਲੈ (ਤੇ ਮੈਨੂੰ) ਸੰਸਾਰ-ਸਮੁੰਦਰ ਵਿਚੋਂ (ਬਚਾ ਲੈ) ॥੧੬॥


ਸਲੋਕ ॥
ਸੰਤ ਉਧਰਣ ਦਇਆਲੰ ਆਸਰੰ ਗੋਪਾਲ ਕੀਰਤਨਹ ॥

ਜੋ ਸੰਤ ਜਨ ਗੋਪਾਲ-ਪ੍ਰਭੂ ਦੇ ਕੀਰਤਨ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲੈਂਦੇ ਹਨ, ਦਿਆਲ ਪ੍ਰਭੂ ਉਹਨਾਂ ਸੰਤਾਂ ਨੂੰ (ਮਾਇਆ ਦੀ ਤਪਸ਼ ਤੋਂ) ਬਚਾ ਲੈਂਦਾ ਹੈ,

ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰਹ ॥੧॥

ਉਹਨਾਂ ਸੰਤਾਂ ਦੀ ਸੰਗਤਿ ਕੀਤਿਆਂ ਪਵਿਤ੍ਰ ਹੋ ਜਾਈਦਾ ਹੈ। ਹੇ ਨਾਨਕ! (ਤੂੰ ਭੀ ਅਜੇਹੇ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ) ਪਰਮੇਸਰ ਦਾ ਪੱਲਾ ਫੜ ॥੧॥

ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਂਮ ॥

ਭਾਵੇਂ ਚੰਦਨ (ਦਾ ਲੇਪ ਕੀਤਾ) ਹੋਵੇ ਚਾਹੇ ਚੰਦ੍ਰਮਾ (ਦੀ ਚਾਨਣੀ) ਹੋਵੇ, ਤੇ ਭਾਵੇਂ ਠੰਢੀ ਰੁੱਤ ਹੋਵੇ-ਇਹਨਾਂ ਦੀ ਰਾਹੀਂ ਮਨ ਦੀ ਤਪਸ਼ ਉੱਕਾ ਹੀ ਮਿਟ ਨਹੀਂ ਸਕਦੀ।

ਸੀਤਲੁ ਥੀਵੈ ਨਾਨਕਾ ਜਪੰਦੜੋ ਹਰਿ ਨਾਮੁ ॥੨॥

ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਿਆਂ ਹੀ ਮਨੁੱਖ (ਦਾ ਮਨ) ਸ਼ਾਂਤ ਹੁੰਦਾ ਹੈ ॥੨॥


ਪਉੜੀ ॥
ਚਰਨ ਕਮਲ ਕੀ ਓਟ ਉਧਰੇ ਸਗਲ ਜਨ ॥

ਪ੍ਰਭੂ ਦੇ ਸੋਹਣੇ ਚਰਨਾਂ ਦਾ ਆਸਰਾ ਲੈ ਕੇ ਸਾਰੇ ਜੀਵ (ਦੁਨੀਆ ਦੀ ਤਪਸ਼ ਤੋਂ) ਬਚ ਜਾਂਦੇ ਹਨ।

ਸੁਣਿ ਪਰਤਾਪੁ ਗੋਵਿੰਦ ਨਿਰਭਉ ਭਏ ਮਨ ॥

ਗੋਬਿੰਦ ਦੀ ਵਡਿਆਈ ਸੁਣ ਕੇ (ਬੰਦਗੀ ਵਾਲਿਆਂ ਦੇ) ਮਨ ਨਿਡਰ ਹੋ ਜਾਂਦੇ ਹਨ।

ਤੋਟਿ ਨ ਆਵੈ ਮੂਲਿ ਸੰਚਿਆ ਨਾਮੁ ਧਨ ॥

ਉਹ ਪ੍ਰਭੂ ਦਾ ਨਾਮ-ਧਨ ਇਕੱਠਾ ਕਰਦੇ ਹਨ ਤੇ ਉਸ ਧਨ ਵਿਚ ਕਦੇ ਘਾਟਾ ਨਹੀਂ ਪੈਂਦਾ।

ਸੰਤ ਜਨਾ ਸਿਉ ਸੰਗੁ ਪਾਈਐ ਵਡੈ ਪੁਨ ॥

ਅਜੇਹੇ ਗੁਰਮੁਖਾਂ ਦੀ ਸੰਗਤਿ ਬੜੇ ਭਾਗਾਂ ਨਾਲ ਮਿਲਦੀ ਹੈ,

ਆਠ ਪਹਰ ਹਰਿ ਧਿਆਇ ਹਰਿ ਜਸੁ ਨਿਤ ਸੁਨ ॥੧੭॥

ਇਹ ਸੰਤ ਜਨ ਅੱਠੇ ਪਹਿਰ ਪ੍ਰਭੂ ਨੂੰ ਸਿਮਰਦੇ ਹਨ ਤੇ ਸਦਾ ਪ੍ਰਭੂ ਦਾ ਜਸ ਸੁਣਦੇ ਹਨ ॥੧੭॥


ਸਲੋਕ ॥
ਦਇਆ ਕਰਣੰ ਦੁਖ ਹਰਣੰ ਉਚਰਣੰ ਨਾਮ ਕੀਰਤਨਹ ॥

ਹੇ ਨਾਨਕ! ਜੇ ਮਨੁੱਖ ਦਿਆਲ ਸਰਬ-ਵਿਆਪੀ ਭਗਵਾਨ ਦੇ ਨਾਮ ਦੀ ਵਡਿਆਈ ਕਰੇ,

ਦਇਆਲ ਪੁਰਖ ਭਗਵਾਨਹ ਨਾਨਕ ਲਿਪਤ ਨ ਮਾਇਆ ॥੧॥

ਤਾਂ ਪ੍ਰਭੂ ਮੇਹਰ ਕਰਦਾ ਹੈ, ਉਸ ਦੇ ਦੁੱਖਾਂ ਦਾ ਨਾਸ ਕਰਦਾ ਹੈ ਤੇ ਉਹ ਮਨੁੱਖ ਮਾਇਆ ਦੇ ਮੋਹ ਵਿਚ ਨਹੀਂ ਫਸਦਾ ॥੧॥

ਭਾਹਿ ਬਲੰਦੜੀ ਬੁਝਿ ਗਈ ਰਖੰਦੜੋ ਪ੍ਰਭੁ ਆਪਿ ॥

ਉਹ ਪ੍ਰਭੂ (ਸਿਮਰਨ ਕੀਤਿਆਂ) ਆਪ ਜੀਵ ਦਾ ਰਾਖਾ ਬਣਦਾ ਹੈ ਤੇ ਉਸ ਦੇ ਅੰਦਰ ਦੀ ਬਲਦੀ (ਤ੍ਰਿਸਨਾ ਦੀ) ਅੱਗ ਬੁੱਝ ਜਾਂਦੀ ਹੈ।

ਜਿਨਿ ਉਪਾਈ ਮੇਦਨੀ ਨਾਨਕ ਸੋ ਪ੍ਰਭੁ ਜਾਪਿ ॥੨॥

ਹੇ ਨਾਨਕ! ਜਿਸ ਪ੍ਰਭੂ ਨੇ ਸਾਰੀ ਸ੍ਰਿਸ਼ਟੀ ਰਚੀ ਹੈ ਉਸ ਦਾ ਸਿਮਰਨ ਕਰ ॥੨॥


ਪਉੜੀ ॥
ਜਾ ਪ੍ਰਭ ਭਏ ਦਇਆਲ ਨ ਬਿਆਪੈ ਮਾਇਆ ॥

ਜਦੋਂ (ਜੀਵ ਉੱਤੇ) ਪ੍ਰਭੂ ਜੀ ਮੇਹਰਬਾਨ ਹੋਣ ਤਾਂ ਮਾਇਆ ਜ਼ੋਰ ਨਹੀਂ ਪਾ ਸਕਦੀ।

ਕੋਟਿ ਅਘਾ ਗਏ ਨਾਸ ਹਰਿ ਇਕੁ ਧਿਆਇਆ ॥

ਇਕ ਪ੍ਰਭੂ ਨੂੰ ਸਿਮਰਿਆਂ ਕਰੋੜਾਂ ਹੀ ਪਾਪ ਨਾਸ ਹੋ ਜਾਂਦੇ ਹਨ।

ਨਿਰਮਲ ਭਏ ਸਰੀਰ ਜਨ ਧੂਰੀ ਨਾਇਆ ॥

ਸਿਮਰਨ ਕਰਨ ਵਾਲੇ ਬੰਦਿਆਂ ਦੀ ਚਰਨ-ਧੂੜ ਵਿਚ ਨ੍ਹਾਤਿਆਂ ਸਰੀਰ ਪਵਿਤ੍ਰ ਹੋ ਜਾਂਦੇ ਹਨ।

ਮਨ ਤਨ ਭਏ ਸੰਤੋਖ ਪੂਰਨ ਪ੍ਰਭੁ ਪਾਇਆ ॥

(ਸੰਤਾਂ ਦੀ ਸੰਗਤਿ ਵਿਚ) ਪੂਰਨ ਪ੍ਰਭੂ ਮਿਲ ਪੈਂਦਾ ਹੈ ਤੇ ਮਨ ਤੇ ਤਨ ਦੋਹਾਂ ਨੂੰ ਸੰਤੋਖ ਪ੍ਰਾਪਤ ਹੁੰਦਾ ਹੈ।

ਤਰੇ ਕੁਟੰਬ ਸੰਗਿ ਲੋਗ ਕੁਲ ਸਬਾਇਆ ॥੧੮॥

ਅਜੇਹੇ ਮਨੁੱਖਾਂ ਦੀ ਸੰਗਤਿ ਵਿਚ ਉਹਨਾਂ ਦੇ ਪਰਵਾਰ ਦੇ ਲੋਕ ਤੇ ਸਾਰੀਆਂ ਕੁਲਾਂ ਤਰ ਜਾਂਦੀਆਂ ਹਨ ॥੧੮॥


ਸਲੋਕ ॥
ਗੁਰ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣਹ ॥

ਗੁਰੂ ਗੋਬਿੰਦ-ਰੂਪ ਹੈ, ਗੋਪਾਲ-ਰੂਪ ਹੈ, ਸਰਬ-ਵਿਆਪਕ ਨਾਰਾਇਣ ਦਾ ਰੂਪ ਹੈ।

ਗੁਰ ਦਇਆਲ ਸਮਰਥ ਗੁਰ ਗੁਰ ਨਾਨਕ ਪਤਿਤ ਉਧਾਰਣਹ ॥੧॥

ਗੁਰੂ ਦਇਆ ਦਾ ਘਰ ਹੈ, ਸਮਰੱਥਾ ਵਾਲਾ ਹੈ ਤੇ ਹੇ ਨਾਨਕ! ਵਿਕਾਰੀਆਂ ਨੂੰ ਭੀ ਤਾਰਨਹਾਰ ਹੈ ॥੧॥

ਭਉਜਲੁ ਬਿਖਮੁ ਅਸਗਾਹੁ ਗੁਰਿ ਬੋਹਿਥੈ ਤਾਰਿਅਮੁ ॥

ਸੰਸਾਰ-ਸਮੁੰਦਰ ਬੜਾ ਭਿਆਨਕ ਤੇ ਅਥਾਹ ਹੈ, ਪਰ ਗੁਰੂ-ਜਹਾਜ਼ ਨੇ ਮੈਨੂੰ ਇਸ ਵਿਚੋਂ ਬਚਾ ਲਿਆ ਹੈ।

ਨਾਨਕ ਪੂਰ ਕਰੰਮ ਸਤਿਗੁਰ ਚਰਣੀ ਲਗਿਆ ॥੨॥

ਹੇ ਨਾਨਕ! ਜੋ ਮਨੁੱਖ ਸਤਿਗੁਰੂ ਦੀ ਚਰਨੀਂ ਲੱਗਦੇ ਹਨ, ਉਹਨਾਂ ਦੇ ਚੰਗੇ ਭਾਗ ਹੁੰਦੇ ਹਨ ॥੨॥


ਪਉੜੀ ॥
ਧੰਨੁ ਧੰਨੁ ਗੁਰਦੇਵ ਜਿਸੁ ਸੰਗਿ ਹਰਿ ਜਪੇ ॥

ਸਦਕੇ ਹਾਂ ਗੁਰੂ ਤੋਂ ਜਿਸ ਦੀ ਸੰਗਤਿ ਵਿਚ ਰਿਹਾਂ ਪ੍ਰਭੂ ਦਾ ਭਜਨ ਕੀਤਾ ਜਾ ਸਕਦਾ ਹੈ,

ਗੁਰ ਕ੍ਰਿਪਾਲ ਜਬ ਭਏ ਤ ਅਵਗੁਣ ਸਭਿ ਛਪੇ ॥

ਜਦੋਂ ਸਤਿਗੁਰੂ ਮੇਹਰਬਾਨ ਹੁੰਦਾ ਹੈ ਤਾਂ ਸਾਰੇ ਔਗੁਣ ਦੂਰ ਹੋ ਜਾਂਦੇ ਹਨ,

ਪਾਰਬ੍ਰਹਮ ਗੁਰਦੇਵ ਨੀਚਹੁ ਉਚ ਥਪੇ ॥

ਪ੍ਰਭੂ ਦਾ ਰੂਪ ਗੁਰੂ ਨੀਵਿਆਂ ਤੋਂ ਉੱਚੇ ਕਰ ਦੇਂਦਾ ਹੈ।

ਕਾਟਿ ਸਿਲਕ ਦੁਖ ਮਾਇਆ ਕਰਿ ਲੀਨੇ ਅਪ ਦਸੇ ॥

ਮਾਇਆ ਦੇ ਦੁਖਾਂ ਦੀ ਫਾਹੀ ਕੱਟ ਕੇ ਆਪਣੇ ਸੇਵਕ ਬਣਾ ਲੈਂਦਾ ਹੈ,

ਗੁਣ ਗਾਏ ਬੇਅੰਤ ਰਸਨਾ ਹਰਿ ਜਸੇ ॥੧੯॥

(ਗੁਰੂ ਦੀ ਸੰਗਤਿ ਵਿਚ ਰਿਹਾਂ) ਜੀਭ ਨਾਲ ਬੇਅੰਤ ਪ੍ਰਭੂ ਦੇ ਗੁਣ ਗਾ ਸਕੀਦੇ ਹਨ, ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਸਕੀਦੀ ਹੈ ॥੧੯॥


ਸਲੋਕ ॥
ਦ੍ਰਿਸਟੰਤ ਏਕੋ ਸੁਨੀਅੰਤ ਏਕੋ ਵਰਤੰਤ ਏਕੋ ਨਰਹਰਹ ॥

ਉਹਨਾਂ ਨੂੰ ਹਰ ਥਾਂ ਉਹ ਖ਼ਲਕਤਿ ਦਾ ਸਾਈਂ ਹੀ ਦਿੱਸਦਾ ਹੈ, ਸੁਣੀਦਾ ਹੈ, ਵਿਆਪਕ ਜਾਪਦਾ ਹੈ,

ਨਾਮ ਦਾਨੁ ਜਾਚੰਤਿ ਨਾਨਕ ਦਇਆਲ ਪੁਰਖ ਕ੍ਰਿਪਾ ਕਰਹ ॥੧॥

ਹੇ ਨਾਨਕ! ਜਿਨ੍ਹਾਂ ਉਤੇ ਦਿਆਲ ਪ੍ਰਭੂ ਮੇਹਰ ਕਰਦਾ ਹੈ। ਉਹ ਉਸ ਪਾਸੋਂ ਬੰਦਗੀ ਦਾ ਖ਼ੈਰ ਮੰਗਦੇ ਹਨ ॥੧॥

ਹਿਕੁ ਸੇਵੀ ਹਿਕੁ ਸੰਮਲਾ ਹਰਿ ਇਕਸੁ ਪਹਿ ਅਰਦਾਸਿ ॥

ਮੇਰੀ ਇਕ ਪ੍ਰਭੂ ਦੇ ਪਾਸ ਹੀ ਅਰਜ਼ੋਈ ਹੈ ਕਿ ਮੈਂ ਪ੍ਰਭੂ ਨੂੰ ਹੀ ਸਿਮਰਾਂ ਤੇ ਪ੍ਰਭੂ ਨੂੰ ਹੀ ਹਿਰਦੇ ਵਿਚ ਸੰਭਾਲ ਰੱਖਾਂ।

ਨਾਮ ਵਖਰੁ ਧਨੁ ਸੰਚਿਆ ਨਾਨਕ ਸਚੀ ਰਾਸਿ ॥੨॥

ਹੇ ਨਾਨਕ! ਜਿਨ੍ਹਾਂ ਬੰਦਿਆਂ ਨੇ ਨਾਮ-ਰੂਪ ਸੌਦਾ ਨਾਮ-ਰੂਪ ਧਨ ਜੋੜਿਆ ਹੈ, ਉਹਨਾਂ ਦੀ ਇਹ ਪੂੰਜੀ ਸਦਾ ਹੀ ਕਾਇਮ ਰਹਿੰਦੀ ਹੈ ॥੨॥


ਪਉੜੀ ॥
ਪ੍ਰਭ ਦਇਆਲ ਬੇਅੰਤ ਪੂਰਨ ਇਕੁ ਏਹੁ ॥

ਸਿਰਫ਼ ਇਹ ਦਿਆਲ ਤੇ ਬੇਅੰਤ ਪ੍ਰਭੂ ਹੀ ਹਰ ਥਾਂ ਮੌਜੂਦ ਹੈ, ਉਹ ਆਪ ਹੀ ਆਪ ਸਭ ਕੁਝ ਹੈ,

ਸਭੁ ਕਿਛੁ ਆਪੇ ਆਪਿ ਦੂਜਾ ਕਹਾ ਕੇਹੁ ॥

ਹੋਰ ਦੂਜਾ ਕੇਹੜਾ ਦੱਸਾਂ (ਜੇ ਉਸ ਵਰਗਾ ਹੋਵੇ)?

ਆਪਿ ਕਰਹੁ ਪ੍ਰਭ ਦਾਨੁ ਆਪੇ ਆਪਿ ਲੇਹੁ ॥

ਹੇ ਪ੍ਰਭੂ! ਤੂੰ ਆਪ ਹੀ ਦਾਨ ਕਰਨ ਵਾਲਾ ਹੈਂ ਤੇ ਆਪ ਹੀ ਉਹ ਦਾਨ ਲੈਣ ਵਾਲਾ ਹੈਂ।

ਆਵਣ ਜਾਣਾ ਹੁਕਮੁ ਸਭੁ ਨਿਹਚਲੁ ਤੁਧੁ ਥੇਹੁ ॥

(ਜੀਵਾਂ ਦਾ) ਜੰਮਣਾ ਤੇ ਮਰਨਾ-ਇਹ ਤੇਰਾ ਹੁਕਮ ਹੈ (ਭਾਵ, ਤੇਰੀ ਖੇਡ ਹੈ), ਤੇਰਾ ਆਪਣਾ ਟਿਕਾਣਾ ਸਦਾ ਅਟੱਲ ਹੈ।

ਨਾਨਕੁ ਮੰਗੈ ਦਾਨੁ ਕਰਿ ਕਿਰਪਾ ਨਾਮੁ ਦੇਹੁ ॥੨੦॥੧॥

ਨਾਨਕ (ਤੈਥੋਂ) ਖ਼ੈਰ ਮੰਗਦਾ ਹੈ, ਮੇਹਰ ਕਰ ਤੇ ਨਾਮ ਬਖ਼ਸ਼ ॥੨੦॥੧॥