ਗਉੜੀ ਕੀ ਵਾਰ (ਮਹਲਾ 5), Gauri ki vaar (Mahalla 5) Path in Punjabi Gurbani

ਗਉੜੀ ਕੀ ਵਾਰ (ਮਹਲਾ 5), Gauri ki vaar (Mahalla 5) Path in Punjabi Gurbani

ਗਉੜੀ ਕੀ ਵਾਰ ਮਹਲਾ ੫ ਰਾਇ ਕਮਾਲਦੀ ਮੋਜਦੀ ਕੀ ਵਾਰ ਕੀ ਧੁਨਿ ਉਪਰਿ ਗਾਵਣੀ ॥

ਇਹ ‘ਵਾਰ’ ਰਾਇ ਕਮਾਲਦੀ ਮੋਜਦੀ ਦੀ ‘ਵਾਰ’ ਦੀ ਸੁਰ ਤੇ ਗਾਉਣੀ ਹੈ। ਬਾਰ ਵਿਚ ਇਕ ਚੌਧਰੀ ਕਮਾਲੁੱਦੀਨ ਰਹਿੰਦਾ ਸੀ, ਉਸ ਨੇ ਆਪਣੇ ਭਰਾ ਸਾਰੰਗ ਨੂੰ ਜ਼ਹਿਰ ਕੇ ਕੇ ਮਾਰ ਦਿੱਤਾ, ਸਾਰੰਗ ਦਾ ਇਕ ਪੁੱਤ੍ਰ ਸੀ ਜੋ ਅਜੇ ਛੋਟਾ ਹੀ ਸੀ, ਜਿਸ ਦਾ ਨਾਮ ਮੁਆਜ਼ੁੱਦੀਨ ਸੀ। ਸਾਰੰਗ ਦੀ ਵਹੁਟੀ ਆਪਣੇ ਇਸ ਪੁੱਤ੍ਰ ਨੂੰ ਲੈ ਕੇ ਪੇਕੇ ਚਲੀ ਗਈ। ਜਦੋਂ ਇਹ ਵੱਡਾ ਹੋਇਆ ਤਾਂ ਨਾਨਕੀ ਫ਼ੌਜ ਲੈ ਕੇ ਕਮਾਲੁੱਦੀਨ ਨਾਲ ਆ ਲੜਿਆ। ਕਮਾਲੁੱਦੀਨ ਮਾਰਿਆ ਗਿਆ। ਇਹ ਸਾਰੀ ਵਾਰਤਾ ਢਾਢੀਆਂ ਨੇ ‘ਵਾਰ’ ਵਿਚ ਗਾਵੀਂ। ਇਸ ‘ਵਾਰ’ ਦੀ ਚਾਲ ਦਾ ਨਮੂਨਾ ਇਉਂ ਹੈ: ‘ਰਾਣਾ ਰਾਇ ਕਮਾਲ ਦੀਂ ਰਣ ਭਾਰਾ ਬਾਹੀਂ ॥ ਮੌਜੁੱਦੀਂ ਤਲਵੰਡੀਓਂ ਚੜਿਆ ਸਾਬਾਹੀ’ ॥

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਲੋਕ ਮਃ ੫ ॥
ਹਰਿ ਹਰਿ ਨਾਮੁ ਜੋ ਜਨੁ ਜਪੈ ਸੋ ਆਇਆ ਪਰਵਾਣੁ ॥

ਜੋ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਉਸ ਦਾ (ਜਗਤ ਵਿਚ) ਆਉਣਾ ਸਫਲ (ਸਮਝੋ)।

ਤਿਸੁ ਜਨ ਕੈ ਬਲਿਹਾਰਣੈ ਜਿਨਿ ਭਜਿਆ ਪ੍ਰਭੁ ਨਿਰਬਾਣੁ ॥

ਜਿਸ ਮਨੁੱਖ ਨੇ ਵਾਸ਼ਨਾ-ਰਹਿਤ ਪ੍ਰਭੂ ਨੂੰ ਸਿਮਰਿਆ ਹੈ, ਮੈਂ ਉਸ ਤੋਂ ਸਦਕੇ ਹਾਂ।

ਜਨਮ ਮਰਨ ਦੁਖੁ ਕਟਿਆ ਹਰਿ ਭੇਟਿਆ ਪੁਰਖੁ ਸੁਜਾਣੁ ॥

ਉਸ ਨੂੰ ਸੁਜਾਨ ਅਕਾਲ ਪੁਰਖ ਮਿਲ ਪਿਆ ਹੈ, ਤੇ ਉਸ ਦਾ ਸਾਰੀ ਉਮਰ ਦਾ ਦੁੱਖ-ਕਲੇਸ਼ ਦੂਰ ਹੋ ਗਿਆ ਹੈ।

ਸੰਤ ਸੰਗਿ ਸਾਗਰੁ ਤਰੇ ਜਨ ਨਾਨਕ ਸਚਾ ਤਾਣੁ ॥੧॥

ਹੇ ਦਾਸ ਨਾਨਕ! ਉਸ ਨੂੰ ਇਕ ਸੱਚੇ ਪ੍ਰਭੂ ਦਾ ਹੀ ਆਸਰਾ ਹੈ, ਉਸ ਨੇ ਸਤਸੰਗ ਵਿਚ ਰਹਿ ਕੇ ਸੰਸਾਰ-ਸਮੁੰਦਰ ਤਰ ਲਿਆ ਹੈ ॥੧॥


ਮਃ ੫ ॥
ਭਲਕੇ ਉਠਿ ਪਰਾਹੁਣਾ ਮੇਰੈ ਘਰਿ ਆਵਉ ॥

ਜੇ ਸਵੇਰੇ ਉੱਠ ਕੇ ਕੋਈ (ਗੁਰਮੁਖ) ਪਰਾਹੁਣਾ ਮੇਰੇ ਘਰ ਆਵੇ,

ਪਾਉ ਪਖਾਲਾ ਤਿਸ ਕੇ ਮਨਿ ਤਨਿ ਨਿਤ ਭਾਵਉ ॥

ਮੈਂ ਉਸ ਗੁਰਮੁਖ ਦੇ ਪੈਰ ਧੋਵਾਂ; ਮੇਰੇ ਮਨ ਵਿਚ ਮੇਰੇ ਤਨ ਵਿਚ ਉਹ ਸਦਾ ਪਿਆਰਾ ਲੱਗੇ।

ਨਾਮੁ ਸੁਣੇ ਨਾਮੁ ਸੰਗ੍ਰਹੈ ਨਾਮੇ ਲਿਵ ਲਾਵਉ ॥

ਉਹ ਗੁਰਮੁਖ (ਨਿੱਤ) ਨਾਮ ਸੁਣੇ, ਨਾਮ-ਧਨ ਇਕੱਠਾ ਕਰੇ ਤੇ ਨਾਮ ਵਿਚ ਹੀ ਸੁਰਤਿ ਜੋੜੀ ਰੱਖੇ।

ਗ੍ਰਿਹੁ ਧਨੁ ਸਭੁ ਪਵਿਤ੍ਰੁ ਹੋਇ ਹਰਿ ਕੇ ਗੁਣ ਗਾਵਉ ॥

(ਉਸ ਦੇ ਆਉਣ ਨਾਲ, ਮੇਰਾ) ਸਾਰਾ ਘਰ ਪਵਿੱਤ੍ਰ ਹੋ ਜਾਏ, ਮੈਂ ਭੀ (ਉਸ ਦੀ ਬਰਕਤਿ ਨਾਲ) ਪ੍ਰਭੂ ਦੇ ਗੁਣ ਗਾਣ ਲੱਗ ਪਵਾਂ।

ਹਰਿ ਨਾਮ ਵਾਪਾਰੀ ਨਾਨਕਾ ਵਡਭਾਗੀ ਪਾਵਉ ॥੨॥

(ਪਰ,) ਹੇ ਨਾਨਕ! ਅਜੇਹਾ ਪ੍ਰਭੂ-ਨਾਮ ਦਾ ਵਪਾਰੀ ਵੱਡੇ ਭਾਗਾਂ ਨਾਲ ਹੀ ਕਿਤੇ ਮੈਨੂੰ ਮਿਲ ਸਕਦਾ ਹੈ ॥੨॥


ਪਉੜੀ ॥
ਜੋ ਤੁਧੁ ਭਾਵੈ ਸੋ ਭਲਾ ਸਚੁ ਤੇਰਾ ਭਾਣਾ ॥

ਹੇ ਸਦਾ-ਥਿਰ ਰਹਿਣ ਵਾਲੇ ਪ੍ਰਭੂ! ਜੋ ਮਨੁੱਖ ਤੈਨੂੰ ਭਾਉਂਦਾ ਹੈ ਜਿਸ ਨੂੰ ਤੇਰਾ ਭਾਣਾ ਭਾਉਂਦਾ ਹੈ ਉਹ ਭਲਾ ਹੈ।

ਤੂ ਸਭ ਮਹਿ ਏਕੁ ਵਰਤਦਾ ਸਭ ਮਾਹਿ ਸਮਾਣਾ ॥

ਤੂੰ ਹੀ ਸਭ ਜੀਵਾਂ ਵਿਚ ਵਿਆਪਕ ਹੈਂ, ਸਭ ਵਿਚ ਸਮਾਇਆ ਹੋਇਆ ਹੈਂ, ਤੂੰ ਹਰੇਕ ਥਾਂ ਵਿਚ ਮੌਜੂਦ ਹੈਂ।

ਥਾਨ ਥਨੰਤਰਿ ਰਵਿ ਰਹਿਆ ਜੀਅ ਅੰਦਰਿ ਜਾਣਾ ॥

ਸਭ ਜੀਵਾਂ ਵਿਚ ਤੂੰ ਹੀ ਜਾਣਿਆ ਜਾਂਦਾ ਹੈਂ (ਭਾਵ, ਸਭ ਜਾਣਦੇ ਹਨ ਕਿ ਸਭ ਜੀਵਾਂ ਵਿਚ ਤੂੰ ਹੀ ਹੈਂ)।

ਸਾਧਸੰਗਿ ਮਿਲਿ ਪਾਈਐ ਮਨਿ ਸਚੇ ਭਾਣਾ ॥

ਉਸ ਸਦਾ-ਥਿਰ ਰਹਿਣ ਵਾਲੇ ਦਾ ਭਾਣਾ ਮੰਨ ਕੇ ਸਤ-ਸੰਗ ਵਿਚ ਮਿਲ ਕੇ ਉਸ ਨੂੰ ਲੱਭ ਸਕੀਦਾ ਹੈ।

ਨਾਨਕ ਪ੍ਰਭ ਸਰਣਾਗਤੀ ਸਦ ਸਦ ਕੁਰਬਾਣਾ ॥੧॥

ਹੇ ਨਾਨਕ! ਉਸ ਪ੍ਰਭੂ ਦੀ ਸ਼ਰਨ ਆ, ਉਸ ਤੋਂ ਸਦਾ ਹੀ ਸਦਕੇ ਹੋ ॥੧॥


ਸਲੋਕ ਮਃ ੫ ॥
ਚੇਤਾ ਈ ਤਾਂ ਚੇਤਿ ਸਾਹਿਬੁ ਸਚਾ ਸੋ ਧਣੀ ॥

ਹੇ ਨਾਨਕ! ਜੇ ਤੈਨੂੰ ਚੇਤਾ ਹੈ ਕਿ ਉਹ ਪ੍ਰਭੂ-ਮਾਲਕ ਸਦਾ-ਥਿਰ ਰਹਿਣ ਵਾਲਾ ਹੈ ਤਾਂ ਉਸ ਮਾਲਕ ਨੂੰ ਸਿਮਰ (ਭਾਵ, ਤੈਨੂੰ ਪਤਾ ਭੀ ਹੈ ਕਿ ਸਿਰਫ਼ ਉਹ ਪ੍ਰਭੂ-ਮਾਲਕ ਹੀ ਸਦਾ-ਥਿਰ ਰਹਿਣ ਵਾਲਾ ਹੈ, ਫਿਰ ਉਸ ਨੂੰ ਕਿਉਂ ਨਹੀਂ ਸਿਮਰਦਾ?)

ਨਾਨਕ ਸਤਿਗੁਰੁ ਸੇਵਿ ਚੜਿ ਬੋਹਿਥਿ ਭਉਜਲੁ ਪਾਰਿ ਪਉ ॥੧॥

ਗੁਰੂ ਦੇ ਹੁਕਮ ਵਿਚ ਤੁਰ (ਗੁਰੂ ਦੇ ਹੁਕਮ-ਰੂਪ) ਜਹਾਜ਼ ਵਿਚ ਚੜ੍ਹ ਤੇ ਸੰਸਾਰ-ਸਮੁੰਦਰ ਨੂੰ ਲੰਘ ॥੧॥


ਮਃ ੫ ॥
ਵਾਊ ਸੰਦੇ ਕਪੜੇ ਪਹਿਰਹਿ ਗਰਬਿ ਗਵਾਰ ॥

ਮੂਰਖ ਮਨੁੱਖ ਸੋਹਣੇ ਸੋਹਣੇ ਬਾਰੀਕ ਕੱਪੜੇ ਬੜੀ ਆਕੜ ਨਾਲ ਪਹਿਨਦੇ ਹਨ,

ਨਾਨਕ ਨਾਲਿ ਨ ਚਲਨੀ ਜਲਿ ਬਲਿ ਹੋਏ ਛਾਰੁ ॥੨॥

ਪਰ ਹੇ ਨਾਨਕ! (ਮਰਨ ਤੇ ਇਹ ਕੱਪੜੇ ਜੀਵ ਦੇ) ਨਾਲ ਨਹੀਂ ਜਾਂਦੇ, (ਏਥੇ ਹੀ) ਸੜ ਕੇ ਸੁਆਹ ਹੋ ਜਾਂਦੇ ਹਨ ॥੨॥


ਪਉੜੀ ॥
ਸੇਈ ਉਬਰੇ ਜਗੈ ਵਿਚਿ ਜੋ ਸਚੈ ਰਖੇ ॥

(ਕਾਮਾਦਿਕ ਵਿਕਾਰਾਂ ਤੋਂ) ਜਗਤ ਵਿਚ ਉਹੀ ਮਨੁੱਖ ਬਚੇ ਹਨ ਜਿਨ੍ਹਾਂ ਨੂੰ ਸੱਚੇ ਪ੍ਰਭੂ ਨੇ ਰੱਖਿਆ ਹੈ।

ਮੁਹਿ ਡਿਠੈ ਤਿਨ ਕੈ ਜੀਵੀਐ ਹਰਿ ਅੰਮ੍ਰਿਤੁ ਚਖੇ ॥

ਐਸੇ ਮਨੁੱਖਾਂ ਦਾ ਦਰਸ਼ਨ ਕਰ ਕੇ ਹਰਿ-ਨਾਮ ਅੰਮ੍ਰਿਤ ਚੱਖ ਸਕੀਦਾ ਹੈ ਤੇ (ਅਸਲ) ਜ਼ਿੰਦਗੀ ਮਿਲਦੀ ਹੈ।

ਕਾਮੁ ਕ੍ਰੋਧੁ ਲੋਭੁ ਮੋਹੁ ਸੰਗਿ ਸਾਧਾ ਭਖੇ ॥

ਅਜੇਹੇ ਸਾਧੂ-ਜਨਾਂ ਦੀ ਸੰਗਤਿ ਵਿਚ (ਰਿਹਾਂ) ਕਾਮ ਕ੍ਰੋਧ ਲੋਭ ਮੋਹ (ਆਦਿਕ ਵਿਕਾਰ) ਨਾਸ ਹੋ ਜਾਂਦੇ ਹਨ।

ਕਰਿ ਕਿਰਪਾ ਪ੍ਰਭਿ ਆਪਣੀ ਹਰਿ ਆਪਿ ਪਰਖੇ ॥

ਜਿਨ੍ਹਾਂ ਉਤੇ ਪ੍ਰਭੂ ਨੇ ਆਪਣੀ ਮਿਹਰ ਕੀਤੀ ਹੈ ਉਹਨਾਂ ਨੂੰ ਉਸ ਨੇ ਆਪ ਹੀ ਪ੍ਰਵਾਨ ਕਰ ਲਿਆ ਹੈ।

ਨਾਨਕ ਚਲਤ ਨ ਜਾਪਨੀ ਕੋ ਸਕੈ ਨ ਲਖੇ ॥੨॥

ਹੇ ਨਾਨਕ! ਪਰਮਾਤਮਾ ਦੇ ਕੌਤਕ ਸਮਝੇ ਨਹੀਂ ਜਾ ਸਕਦੇ, ਕੋਈ ਜੀਵ ਸਮਝ ਨਹੀਂ ਸਕਦਾ ॥੨॥


ਸਲੋਕ ਮਃ ੫ ॥
ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ ॥

ਹੇ ਨਾਨਕ! ਉਹੀ ਦਿਨ ਚੰਗਾ ਸੋਹਣਾ ਹੈ ਜਿਸ ਦਿਨ ਪਰਮਾਤਮਾ ਮਨ ਵਿਚ ਵੱਸੇ, ਜਿਸ ਦਿਨ ਪਰਮਾਤਮਾ ਵਿੱਸਰ ਜਾਂਦਾ ਹੈ,

ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਫਿਟੁ ਭਲੇਰੀ ਰੁਤਿ ॥੧॥

ਉਹ ਸਮਾ ਮੰਦਾ ਜਾਣੋਂ, ਉਹ ਸਮਾ ਫਿਟਕਾਰ-ਜੋਗ ਹੈ ॥੧॥


ਮਃ ੫ ॥
ਨਾਨਕ ਮਿਤ੍ਰਾਈ ਤਿਸੁ ਸਿਉ ਸਭ ਕਿਛੁ ਜਿਸ ਕੈ ਹਾਥਿ ॥

ਹੇ ਨਾਨਕ! ਉਸ (ਪ੍ਰਭੂ) ਨਾਲ ਦੋਸਤੀ (ਪਾਣੀ ਚਾਹੀਦੀ ਹੈ) ਜਿਸ ਦੇ ਵੱਸ ਵਿਚ ਹਰੇਕ ਗੱਲ ਹੈ,

ਕੁਮਿਤ੍ਰਾ ਸੇਈ ਕਾਂਢੀਅਹਿ ਇਕ ਵਿਖ ਨ ਚਲਹਿ ਸਾਥਿ ॥੨॥

ਪਰ ਜੋ ਇਕ ਕਦਮ ਭੀ (ਅਸਾਡੇ) ਨਾਲ ਨਹੀਂ ਜਾ ਸਕਦੇ ਉਹ ਕੁਮਿੱਤਰ ਕਹੇ ਜਾਂਦੇ ਹਨ (ਉਹਨਾਂ ਨਾਲ ਮੋਹ ਨਾ ਵਧਾਂਦੇ ਫਿਰੋ) ॥੨॥


ਪਉੜੀ ॥
ਅੰਮ੍ਰਿਤੁ ਨਾਮੁ ਨਿਧਾਨੁ ਹੈ ਮਿਲਿ ਪੀਵਹੁ ਭਾਈ ॥

ਹੇ ਭਾਈ! ਪਰਮਾਤਮਾ ਦਾ ਨਾਮ ਅੰਮ੍ਰਿਤ-(ਰੂਪ) ਖ਼ਜ਼ਾਨਾ ਹੈ, (ਇਸ ਅੰਮ੍ਰਿਤ ਨੂੰ ਸਤਿਸੰਗ ਵਿਚ) ਮਿਲ ਕੇ ਪੀਵੋ।

ਜਿਸੁ ਸਿਮਰਤ ਸੁਖੁ ਪਾਈਐ ਸਭ ਤਿਖਾ ਬੁਝਾਈ ॥

ਉਸ ਨਾਮ ਨੂੰ ਸਿਮਰਿਆਂ ਸੁਖ ਮਿਲਦਾ ਹੈ, ਤੇ (ਮਾਇਆ ਦੀ) ਸਾਰੀ ਤ੍ਰਿਸ਼ਨਾ ਮਿਟ ਜਾਂਦੀ ਹੈ।

ਕਰਿ ਸੇਵਾ ਪਾਰਬ੍ਰਹਮ ਗੁਰ ਭੁਖ ਰਹੈ ਨ ਕਾਈ ॥

(ਹੇ ਭਾਈ!) ਗੁਰੂ ਅਕਾਲ ਪੁਰਖ ਦੀ ਸੇਵਾ ਕਰ, (ਮਾਇਆ ਦੀ) ਕੋਈ ਭੁਖ ਨਹੀਂ ਰਹਿ ਜਾਏਗੀ।

ਸਗਲ ਮਨੋਰਥ ਪੁੰਨਿਆ ਅਮਰਾ ਪਦੁ ਪਾਈ ॥

(ਨਾਮ ਸਿਮਰਿਆਂ) ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ, ਉਹ ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ ਜੋ ਕਦੇ ਨਾਸ ਨਹੀਂ ਹੁੰਦੀ।

ਤੁਧੁ ਜੇਵਡੁ ਤੂਹੈ ਪਾਰਬ੍ਰਹਮ ਨਾਨਕ ਸਰਣਾਈ ॥੩॥

ਹੇ ਪਾਰਬ੍ਰਹਮ! ਤੇਰੇ ਬਰਾਬਰ ਦਾ ਤੂੰ ਆਪ ਹੀ ਹੈਂ। ਹੇ ਨਾਨਕ! ਉਸ ਪਾਰਬ੍ਰਹਮ ਦੀ ਸ਼ਰਨ ਪਓ ॥੩॥


ਸਲੋਕ ਮਃ ੫ ॥
ਡਿਠੜੋ ਹਭ ਠਾਇ ਊਣ ਨ ਕਾਈ ਜਾਇ ॥

ਮੈਂ (ਪ੍ਰਭੂ ਨੂੰ) ਹਰ ਥਾਂ ਮੌਜੂਦ ਵੇਖਿਆ ਹੈ, ਕੋਈ ਭੀ ਥਾਂ (ਪ੍ਰਭੂ ਤੋਂ) ਖ਼ਾਲੀ ਨਹੀਂ ਹੈ (ਭਾਵ, ਹਰੇਕ ਜੀਵ ਵਿਚ ਪ੍ਰਭੂ ਹੈ।)

ਨਾਨਕ ਲਧਾ ਤਿਨ ਸੁਆਉ ਜਿਨਾ ਸਤਿਗੁਰੁ ਭੇਟਿਆ ॥੧॥

ਪਰ; ਹੇ ਨਾਨਕ! ਜੀਵਨ ਦਾ ਮਨੋਰਥ (ਭਾਵ, ਪ੍ਰਭੂ ਦਾ ਨਾਮ ਸਿਮਰਨ) ਉਹਨਾਂ ਮਨੁੱਖਾਂ ਨੇ ਹੀ ਲੱਭਾ ਹੈ ਜਿਨ੍ਹਾਂ ਨੂੰ ਸਤਿਗੁਰੂ ਮਿਲਿਆ ਹੈ ॥੧॥


ਮਃ ੫ ॥
ਦਾਮਨੀ ਚਮਤਕਾਰ ਤਿਉ ਵਰਤਾਰਾ ਜਗ ਖੇ ॥

ਜਗਤ ਦਾ ਵਰਤਾਰਾ ਉਸੇ ਤਰ੍ਹਾਂ ਦਾ ਹੈ (ਜਿਵੇਂ) ਬਿਜਲੀ ਦੀ ਲਿਸ਼ਕ (ਥੋੜੇ ਚਿਰ ਲਈ ਹੀ ਹੁੰਦੀ) ਹੈ।

ਵਥੁ ਸੁਹਾਵੀ ਸਾਇ ਨਾਨਕ ਨਾਉ ਜਪੰਦੋ ਤਿਸੁ ਧਣੀ ॥੨॥

(ਇਸ ਲਈ) ਹੇ ਨਾਨਕ! ਉਸ ਮਾਲਕ ਦਾ ਨਾਮ ਜਪਣਾ-(ਅਸਲ ਵਿਚ) ਇਹੀ ਚੀਜ਼ ਸੋਹਣੀ (ਤੇ ਸਦਾ ਟਿਕੇ ਰਹਿਣ ਵਾਲੀ) ਹੈ ॥੨॥


ਪਉੜੀ ॥
ਸਿਮ੍ਰਿਤਿ ਸਾਸਤ੍ਰ ਸੋਧਿ ਸਭਿ ਕਿਨੈ ਕੀਮ ਨ ਜਾਣੀ ॥

ਸਿਮ੍ਰਿਤੀਆਂ ਸ਼ਾਸਤ੍ਰ ਸਾਰੇ ਚੰਗੀ ਤਰ੍ਹਾਂ ਵੇਖੇ ਹਨ, ਕਿਸੇ ਨੇ ਕਰਤਾਰ ਦੀ ਕੀਮਤ ਨਹੀਂ ਪਾਈ, (ਕੋਈ ਨਹੀਂ ਦੱਸ ਸਕਦਾ ਕਿ ਪ੍ਰਭੂ ਕਿਸ ਮੁੱਲ ਤੋਂ ਮਿਲ ਸਕਦਾ ਹੈ)।

ਜੋ ਜਨੁ ਭੇਟੈ ਸਾਧਸੰਗਿ ਸੋ ਹਰਿ ਰੰਗੁ ਮਾਣੀ ॥

(ਸਿਰਫ਼) ਉਹ ਮਨੁੱਖ ਪ੍ਰਭੂ (ਦੇ ਮਿਲਾਪ) ਦਾ ਆਨੰਦ ਮਾਣਦਾ ਹੈ ਜੋ ਸਤਸੰਗ ਵਿਚ ਜਾ ਮਿਲਦਾ ਹੈ।

ਸਚੁ ਨਾਮੁ ਕਰਤਾ ਪੁਰਖੁ ਏਹ ਰਤਨਾ ਖਾਣੀ ॥

ਪ੍ਰਭੂ ਦਾ ਸੱਚਾ ਨਾਮ, ਕਰਤਾਰ ਅਕਾਲ ਪੁਰਖ-ਏਹੀ ਰਤਨਾਂ ਦੀ ਖਾਣ ਹੈ (‘ਨਾਮ’ ਸਿਮਰਨ ਵਿਚ ਹੀ ਸਾਰੇ ਗੁਣ ਹਨ),

ਮਸਤਕਿ ਹੋਵੈ ਲਿਖਿਆ ਹਰਿ ਸਿਮਰਿ ਪਰਾਣੀ ॥

ਪਰ ਓਹੀ ਮਨੁੱਖ ਨਾਮ ਸਿਮਰਦਾ ਹੈ, ਜਿਸ ਦੇ ਮੱਥੇ ਤੇ ਭਾਗ ਹੋਣ।

ਤੋਸਾ ਦਿਚੈ ਸਚੁ ਨਾਮੁ ਨਾਨਕ ਮਿਹਮਾਣੀ ॥੪॥

(ਹੇ ਪ੍ਰਭੂ!) ਨਾਨਕ ਦੀ ਖ਼ਾਤਰਦਾਰੀ ਏਹੀ ਹੈ ਕਿ ਆਪਣਾ ਸੱਚਾ ਨਾਮ (ਰਾਹ ਲਈ) ਖ਼ਰਚ ਦੇਹ ॥੪॥


ਸਲੋਕ ਮਃ ੫ ॥
ਅੰਤਰਿ ਚਿੰਤਾ ਨੈਣੀ ਸੁਖੀ ਮੂਲਿ ਨ ਉਤਰੈ ਭੁਖ ॥

ਜਿਸ ਮਨੁੱਖ ਦੇ ਮਨ ਵਿਚ ਚਿੰਤਾ ਹੈ ਉਸ ਦੀ ਮਾਇਆ ਦੀ ਭੁੱਖ ਬਿਲਕੁਲ ਨਹੀਂ ਮਿਟਦੀ; ਵੇਖਣ ਨੂੰ ਭਾਵੇਂ ਉਹ ਸੁਖੀ ਜਾਪਦਾ ਹੋਵੇ।

ਨਾਨਕ ਸਚੇ ਨਾਮ ਬਿਨੁ ਕਿਸੈ ਨ ਲਥੋ ਦੁਖੁ ॥੧॥

ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਦਾ ਭੀ ਦੁੱਖ ਦੂਰ ਨਹੀਂ ਹੁੰਦਾ ॥੧॥


ਮਃ ੫ ॥
ਮੁਠੜੇ ਸੇਈ ਸਾਥ ਜਿਨੀ ਸਚੁ ਨ ਲਦਿਆ ॥

ਉਹਨਾਂ (ਜੀਵ-) ਵਪਾਰੀਆਂ ਦੇ ਟੋਲਿਆਂ ਦੇ ਟੋਲੇ ਲੁੱਟੇ ਗਏ (ਜਾਣੋ) ਜਿਨ੍ਹਾਂ ਨੇ ਪ੍ਰਭੂ ਦਾ ਨਾਮ ਰੂਪ ਸੌਦਾ ਨਹੀਂ ਲੱਦਿਆ,

ਨਾਨਕ ਸੇ ਸਾਬਾਸਿ ਜਿਨੀ ਗੁਰ ਮਿਲਿ ਇਕੁ ਪਛਾਣਿਆ ॥੨॥

ਪਰ ਹੇ ਨਾਨਕ! ਸ਼ਾਬਾਸ਼ੇ ਉਹਨਾਂ ਨੂੰ ਜਿਨ੍ਹਾਂ ਨੇ ਸਤਿਗੁਰੂ ਨੂੰ ਮਿਲ ਕੇ ਇਕ ਪਰਮਾਤਮਾ ਨੂੰ ਪਛਾਣ ਲਿਆ ਹੈ ॥੨॥


ਪਉੜੀ ॥
ਜਿਥੈ ਬੈਸਨਿ ਸਾਧ ਜਨ ਸੋ ਥਾਨੁ ਸੁਹੰਦਾ ॥

ਜਿਸ ਥਾਂ ਤੇ ਗੁਰਮੁਖ ਮਨੁੱਖ ਬੈਠਦੇ ਹਨ ਉਹ ਥਾਂ ਸੋਹਣਾ ਹੋ ਜਾਂਦਾ ਹੈ,

ਓਇ ਸੇਵਨਿ ਸੰਮ੍ਰਿਥੁ ਆਪਣਾ ਬਿਨਸੈ ਸਭੁ ਮੰਦਾ ॥

(ਕਿਉਂਕਿ) ਉਹ ਗੁਰਮੁਖ ਬੰਦੇ (ਓਥੇ ਬੈਠ ਕੇ) ਆਪਣੇ ਸਮਰੱਥ ਪ੍ਰਭੂ ਨੂੰ ਸਿਮਰਦੇ ਹਨ (ਜਿਸ ਕਰਕੇ ਉਹਨਾਂ ਦੇ ਮਨ ਵਿਚੋਂ) ਸਾਰੀ ਬੁਰਾਈ ਨਾਸ ਹੋ ਜਾਂਦੀ ਹੈ।

ਪਤਿਤ ਉਧਾਰਣ ਪਾਰਬ੍ਰਹਮ ਸੰਤ ਬੇਦੁ ਕਹੰਦਾ ॥

ਹੇ ਪਾਰਬ੍ਰਹਮ! ਤੂੰ (ਵਿਕਾਰਾਂ ਵਿਚ) ਡਿੱਗਿਆਂ ਨੂੰ ਬਚਾਣ ਵਾਲਾ ਹੈਂ-ਇਹ ਗੱਲ ਸੰਤ ਜਨ ਭੀ ਆਖਦੇ ਹਨ ਤੇ ਬੇਦ ਭੀ ਆਖਦਾ ਹੈ,

ਭਗਤਿ ਵਛਲੁ ਤੇਰਾ ਬਿਰਦੁ ਹੈ ਜੁਗਿ ਜੁਗਿ ਵਰਤੰਦਾ ॥

ਭਗਤਾਂ ਨੂੰ ਪਿਆਰ ਕਰਨਾ-ਇਹ ਤੇਰਾ ਮੁੱਢ ਕਦੀਮਾਂ ਦਾ ਸੁਭਾਉ ਹੈ, ਤੇਰਾ ਇਹ ਸੁਭਾਉ ਸਦਾ ਕਾਇਮ ਰਹਿੰਦਾ ਹੈ।

ਨਾਨਕੁ ਜਾਚੈ ਏਕੁ ਨਾਮੁ ਮਨਿ ਤਨਿ ਭਾਵੰਦਾ ॥੫॥

ਨਾਨਕ ਤੇਰਾ ਨਾਮ ਹੀ ਮੰਗਦਾ ਹੈ (ਨਾਨਕ ਨੂੰ ਤੇਰਾ ਨਾਮ ਹੀ) ਮਨ ਤਨ ਵਿਚ ਪਿਆਰਾ ਲੱਗਦਾ ਹੈ ॥੫॥


ਸਲੋਕ ਮਃ ੫ ॥
ਚਿੜੀ ਚੁਹਕੀ ਪਹੁ ਫੁਟੀ ਵਗਨਿ ਬਹੁਤੁ ਤਰੰਗ ॥

ਜਦੋਂ ਪਹੁ-ਫੁਟਾਲਾ ਹੁੰਦਾ ਹੈ ਤੇ ਚਿੜੀ ਚੂਕਦੀ ਹੈ, ਉਸ ਵੇਲੇ (ਭਗਤ ਦੇ ਹਿਰਦੇ ਵਿਚ ਸਿਮਰਨ ਦੇ) ਤਰੰਗ ਬਹੁਤ ਉੱਠਦੇ ਹਨ।

ਅਚਰਜ ਰੂਪ ਸੰਤਨ ਰਚੇ ਨਾਨਕ ਨਾਮਹਿ ਰੰਗ ॥੧॥

ਹੇ ਨਾਨਕ! ਜਿਨ੍ਹਾਂ ਗੁਰਮੁਖਾਂ ਦਾ ਪ੍ਰਭੂ ਦੇ ਨਾਮ ਵਿਚ ਪਿਆਰ ਹੁੰਦਾ ਹੈ ਉਹਨਾਂ ਨੇ (ਇਸ ਪਹੁ-ਫੁਟਾਲੇ ਦੇ ਸਮੇ) ਅਚਰਜ ਰੂਪ ਰਚੇ ਹੁੰਦੇ ਹਨ (ਭਾਵ, ਉਹ ਬੰਦੇ ਇਸ ਸਮੇ ਪ੍ਰਭੂ ਦੇ ਅਚਰਜ ਕੌਤਕ ਆਪਣੀਆਂ ਅੱਖਾਂ ਦੇ ਸਾਹਮਣੇ ਲਿਆਉਂਦੇ ਹਨ) ॥੧॥


ਮਃ ੫ ॥
ਘਰ ਮੰਦਰ ਖੁਸੀਆ ਤਹੀ ਜਹ ਤੂ ਆਵਹਿ ਚਿਤਿ ॥

ਉਹਨਾਂ ਘਰਾਂ ਮੰਦਰਾਂ ਵਿਚ ਹੀ (ਅਸਲੀ) ਖ਼ੁਸ਼ੀਆਂ ਹਨ ਜਿੱਥੇ (ਹੇ ਪ੍ਰਭੂ!) ਤੂੰ ਯਾਦ ਆਉਂਦਾ ਹੈਂ।

ਦੁਨੀਆ ਕੀਆ ਵਡਿਆਈਆ ਨਾਨਕ ਸਭਿ ਕੁਮਿਤ ॥੨॥

ਹੇ ਨਾਨਕ! (ਜੇ ਪ੍ਰਭੂ ਵਿੱਸਰੇ ਤਾਂ) ਦੁਨੀਆ ਦੀਆਂ ਸਾਰੀਆਂ ਵਡਿਆਈਆਂ ਸਾਰੇ ਖੋਟੇ ਮਿੱਤਰ ਹਨ ॥੨॥


ਪਉੜੀ ॥
ਹਰਿ ਧਨੁ ਸਚੀ ਰਾਸਿ ਹੈ ਕਿਨੈ ਵਿਰਲੈ ਜਾਤਾ ॥

ਹੇ ਭਰਾਵੋ! ਪਰਮਾਤਮਾ ਦਾ ਨਾਮ-ਰੂਪ ਧਨ ਸਦਾ ਕਾਇਮ ਰਹਿਣ ਵਾਲੀ ਪੂੰਜੀ ਹੈ, (ਪਰ) ਕਿਸੇ ਵਿਰਲੇ ਨੇ ਹੀ ਇਹ ਗੱਲ ਸਮਝੀ ਹੈ,

ਤਿਸੈ ਪਰਾਪਤਿ ਭਾਇਰਹੁ ਜਿਸੁ ਦੇਇ ਬਿਧਾਤਾ ॥

(ਤੇ ਇਹ ਪੂੰਜੀ) ਉਸੇ ਨੂੰ ਹੀ ਮਿਲਦੀ ਹੈ ਜਿਸ ਨੂੰ ਕਰਤਾਰ (ਆਪ) ਦੇਂਦਾ ਹੈ।

ਮਨ ਤਨ ਭੀਤਰਿ ਮਉਲਿਆ ਹਰਿ ਰੰਗਿ ਜਨੁ ਰਾਤਾ ॥

(ਜਿਸ ਭਾਗਾਂ ਵਾਲੇ ਨੂੰ ਇਹ ‘ਨਾਮ’-ਰਾਸਿ ਮਿਲਦੀ ਹੈ) ਉਹ ਮਨੁੱਖ ਪ੍ਰਭੂ ਦੇ ਰੰਗ ਵਿਚ ਰੰਗਿਆ ਜਾਂਦਾ ਹੈ, ਉਹ ਆਪਣੇ ਮਨ ਤਨ ਵਿਚ ਖਿੜ ਪੈਂਦਾ ਹੈ।

ਸਾਧਸੰਗਿ ਗੁਣ ਗਾਇਆ ਸਭਿ ਦੋਖਹ ਖਾਤਾ ॥

(ਜਿਉਂ ਜਿਉਂ) ਸਤਸੰਗ ਵਿਚ ਉਹ ਪ੍ਰਭੂ ਦੇ ਗੁਣ ਗਾਉਂਦਾ ਹੈ (ਤਿਉਂ ਤਿਉਂ ਉਹ) ਸਾਰੇ ਵਿਕਾਰਾਂ ਨੂੰ ਮੁਕਾਂਦਾ ਜਾਂਦਾ ਹੈ।

ਨਾਨਕ ਸੋਈ ਜੀਵਿਆ ਜਿਨਿ ਇਕੁ ਪਛਾਤਾ ॥੬॥

ਹੇ ਨਾਨਕ! ਉਹੀ ਮਨੁੱਖ (ਅਸਲ ਵਿਚ) ਜੀਉਂਦਾ ਹੈ ਜਿਸ ਨੇ ਇਕ ਪ੍ਰਭੂ ਨੂੰ ਪਛਾਣਿਆ ਹੈ ॥੬॥


ਸਲੋਕ ਮਃ ੫ ॥
ਖਖੜੀਆ ਸੁਹਾਵੀਆ ਲਗੜੀਆ ਅਕ ਕੰਠਿ ॥

(ਅੱਕ ਦੀਆਂ) ਕੱਕੜੀਆਂ (ਤਦ ਤਕ) ਸੋਹਣੀਆਂ ਹਨ (ਜਦ ਤਕ) ਅੱਕ ਦੇ ਗਲ (ਭਾਵ, ਟਹਿਣੀ ਨਾਲ) ਲੱਗੀਆਂ ਹੋਈਆਂ ਹਨ,

ਬਿਰਹ ਵਿਛੋੜਾ ਧਣੀ ਸਿਉ ਨਾਨਕ ਸਹਸੈ ਗੰਠਿ ॥੧॥

ਪਰ, ਹੇ ਨਾਨਕ! ਮਾਲਕ (ਅੱਕ) ਨਾਲੋਂ ਜਦੋਂ ਵਿਜੋਗ ਵਿਛੋੜਾ ਹੋ ਜਾਂਦਾ ਹੈ ਤਾਂ ਉਹਨਾਂ ਦੇ ਹਜ਼ਾਰਾਂ ਤੂੰਬੇ ਹੋ ਜਾਂਦੇ ਹਨ ॥੧॥


ਮਃ ੫ ॥
ਵਿਸਾਰੇਦੇ ਮਰਿ ਗਏ ਮਰਿ ਭਿ ਨ ਸਕਹਿ ਮੂਲਿ ॥

ਪਰਮਾਤਮਾ ਨੂੰ ਵਿਸਾਰਨ ਵਾਲੇ ਬੰਦੇ ਮੋਏ ਹੋਏ (ਜਾਣੋ), ਪਰ ਉਹ ਚੰਗੀ ਤਰ੍ਹਾਂ ਮਰ ਭੀ ਨਹੀਂ ਸਕਦੇ।

ਵੇਮੁਖ ਹੋਏ ਰਾਮ ਤੇ ਜਿਉ ਤਸਕਰ ਉਪਰਿ ਸੂਲਿ ॥੨॥

ਜਿਨ੍ਹਾਂ ਨੇ ਪ੍ਰਭੂ ਵਲੋਂ ਮੂੰਹ ਮੋੜਿਆ ਹੋਇਆ ਹੈ ਉਹ ਇਉਂ ਹਨ ਜਿਵੇਂ ਸੂਲੀ ਉਤੇ ਚਾੜ੍ਹੇ ਹੋਏ ਚੋਰ ਹਨ ॥੨॥


ਪਉੜੀ ॥
ਸੁਖ ਨਿਧਾਨੁ ਪ੍ਰਭੁ ਏਕੁ ਹੈ ਅਬਿਨਾਸੀ ਸੁਣਿਆ ॥

ਇਕ ਪਰਮਾਤਮਾ ਹੀ ਸੁਖਾਂ ਦਾ ਖ਼ਜ਼ਾਨਾ ਹੈ ਜੋ (ਪਰਮਾਤਮਾ) ਅਬਿਨਾਸ਼ੀ ਸੁਣੀਦਾ ਹੈ।

ਜਲਿ ਥਲਿ ਮਹੀਅਲਿ ਪੂਰਿਆ ਘਟਿ ਘਟਿ ਹਰਿ ਭਣਿਆ ॥

ਪਾਣੀ ਵਿਚ, ਧਰਤੀ ਦੇ ਅੰਦਰ, ਧਰਤੀ ਦੇ ਉਤੇ (ਉਹ ਪ੍ਰਭੂ) ਮੌਜੂਦ ਹੈ, ਹਰੇਕ ਸਰੀਰ ਵਿਚ ਉਹ ਪ੍ਰਭੂ (ਵੱਸਦਾ) ਕਿਹਾ ਜਾਂਦਾ ਹੈ,

ਊਚ ਨੀਚ ਸਭ ਇਕ ਸਮਾਨਿ ਕੀਟ ਹਸਤੀ ਬਣਿਆ ॥

ਉੱਚੇ ਨੀਵੇਂ ਸਾਰੇ ਜੀਵਾਂ ਵਿਚ ਇਕੋ ਜਿਹਾ ਵਰਤ ਰਿਹਾ ਹੈ। ਕੀੜੇ (ਤੋਂ ਲੈ ਕੇ) ਹਾਥੀ (ਤਕ, ਸਾਰੇ ਉਸ ਪ੍ਰਭੂ ਤੋਂ ਹੀ) ਬਣੇ ਹਨ।

ਮੀਤ ਸਖਾ ਸੁਤ ਬੰਧਿਪੋ ਸਭਿ ਤਿਸ ਦੇ ਜਣਿਆ ॥

(ਸਾਰੇ) ਮਿੱਤਰ, ਸਾਥੀ, ਪੁੱਤਰ ਸਨਬੰਧੀ ਸਾਰੇ ਉਸ ਪ੍ਰਭੂ ਦੇ ਹੀ ਪੈਦਾ ਕੀਤੇ ਹੋਏ ਹਨ।

ਤੁਸਿ ਨਾਨਕੁ ਦੇਵੈ ਜਿਸੁ ਨਾਮੁ ਤਿਨਿ ਹਰਿ ਰੰਗੁ ਮਣਿਆ ॥੭॥

ਜਿਸ ਜੀਵ ਨੂੰ (ਗੁਰੂ) ਨਾਨਕ ਤੁੱਠ ਕੇ ‘ਨਾਮ’ ਦੇਂਦਾ ਹੈ ਉਸ ਨੇ ਹੀ ਹਰਿ-ਨਾਮ ਦਾ ਰੰਗ ਮਾਣਿਆ ਹੈ ॥੭॥


ਸਲੋਕ ਮਃ ੫ ॥
ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿ ਨਾਮਾਂ ਮਨਿ ਮੰਤੁ ॥

ਜਿਨ੍ਹਾਂ ਮਨੁੱਖਾਂ ਨੂੰ ਸਾਹ ਲੈਂਦਿਆਂ ਤੇ ਖਾਂਦਿਆਂ ਕਦੇ ਰੱਬ ਨਹੀਂ ਭੁੱਲਦਾ, ਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ-ਰੂਪ ਮੰਤਰ (ਵੱਸ ਰਿਹਾ) ਹੈ;

ਧੰਨੁ ਸਿ ਸੇਈ ਨਾਨਕਾ ਪੂਰਨੁ ਸੋਈ ਸੰਤੁ ॥੧॥

ਹੇ ਨਾਨਕ! ਉਹੀ ਬੰਦੇ ਮੁਬਾਰਿਕ ਹਨ, ਉਹੀ ਮਨੁੱਖ ਪੂਰਨ ਸੰਤ ਹੈ ॥੧॥


ਮਃ ੫ ॥
ਅਠੇ ਪਹਰ ਭਉਦਾ ਫਿਰੈ ਖਾਵਣ ਸੰਦੜੈ ਸੂਲਿ ॥

ਜੇ ਕੋਈ ਮਨੁੱਖ ਦਿਨ ਰਾਤ ਖਾਣ ਦੇ ਦੁੱਖ ਵਿਚ (ਢਿੱਡ ਦੇ ਝੁਲਕੇ ਲਈ ਹੀ) ਭਟਕਦਾ ਫਿਰੇ,

ਦੋਜਕਿ ਪਉਦਾ ਕਿਉ ਰਹੈ ਜਾ ਚਿਤਿ ਨ ਹੋਇ ਰਸੂਲਿ ॥੨॥

ਤੇ ਉਸ ਦੇ ਚਿੱਤ ਵਿਚ ਗੁਰੂ-ਪੈਗ਼ੰਬਰ ਦੀ ਰਾਹੀਂ ਰੱਬ ਨਾਹ (ਯਾਦ) ਹੋਵੇ ਤਾਂ ਉਹ ਦੋਜ਼ਕ ਵਿਚ ਪੈਣੋਂ ਕਿਵੇਂ ਬਚ ਸਕਦਾ ਹੈ? ॥੨॥


ਪਉੜੀ ॥
ਤਿਸੈ ਸਰੇਵਹੁ ਪ੍ਰਾਣੀਹੋ ਜਿਸ ਦੈ ਨਾਉ ਪਲੈ ॥

ਉਸ (ਗੁਰੂ) ਨੂੰ, ਹੇ ਬੰਦਿਓ! ਸੇਵਹੁ ਜਿਸ ਦੇ ਪੱਲੇ ਪ੍ਰਭੂ ਦਾ ਨਾਮ ਹੈ (ਭਾਵ, ਜਿਸ ਤੋਂ ਨਾਮ ਮਿਲ ਸਕਦਾ ਹੈ)।

ਐਥੈ ਰਹਹੁ ਸੁਹੇਲਿਆ ਅਗੈ ਨਾਲਿ ਚਲੈ ॥

(ਇਸ ਤਰ੍ਹਾਂ) ਇਥੇ ਸੁਖੀ ਰਹੋਗੇ ਤੇ ਪਰਲੋਕ ਵਿਚ (ਇਹ ਨਾਮ) ਤੁਹਾਡੇ ਨਾਲ ਜਾਏਗਾ।

ਘਰੁ ਬੰਧਹੁ ਸਚ ਧਰਮ ਕਾ ਗਡਿ ਥੰਮੁ ਅਹਲੈ ॥

(ਇਹ ਨਾਮ ਰੂਪ) ਪੱਕਾ ਥੰਮ੍ਹ ਗੱਡ ਕੇ ਸਦਾ ਕਾਇਮ ਰਹਿਣ ਵਾਲੇ ਧਰਮ ਦਾ ਮੰਦਰ (ਸਤਿਸੰਗ) ਬਣਾਓ।

ਓਟ ਲੈਹੁ ਨਾਰਾਇਣੈ ਦੀਨ ਦੁਨੀਆ ਝਲੈ ॥

ਅਕਾਲ ਪੁਰਖ ਦੀ ਟੇਕ ਰੱਖੇ ਜੋ ਦੀਨ ਤੇ ਦੁਨੀਆ ਨੂੰ ਆਸਰਾ ਦੇਣ ਵਾਲਾ ਹੈ।

ਨਾਨਕ ਪਕੜੇ ਚਰਣ ਹਰਿ ਤਿਸੁ ਦਰਗਹ ਮਲੈ ॥੮॥

ਹੇ ਨਾਨਕ! ਜਿਸ ਮਨੁੱਖ ਨੇ ਪ੍ਰਭੂ ਦੇ ਪੈਰ ਫੜੇ ਹਨ ਉਹ ਪ੍ਰਭੂ ਦੀ ਦਰਗਾਹ ਮੱਲੀ ਰੱਖਦਾ ਹੈ ॥੮॥


ਸਲੋਕ ਮਃ ੫ ॥
ਜਾਚਕੁ ਮੰਗੈ ਦਾਨੁ ਦੇਹਿ ਪਿਆਰਿਆ ॥

(ਹੇ ਪ੍ਰਭੂ!) ਮੈਂ ਮੰਗਤਾ (ਤੇਰੇ ‘ਅਪਾਰ ਸ਼ਬਦ’ ਦਾ) ਖ਼ੈਰ ਮੰਗਦਾ ਹਾਂ, ਮੈਨੂੰ ਖ਼ੈਰ ਪਾ।

ਦੇਵਣਹਾਰੁ ਦਾਤਾਰੁ ਮੈ ਨਿਤ ਚਿਤਾਰਿਆ ॥

ਤੂੰ ਦਾਤਾਂ ਦੇਣ ਵਾਲਾ ਹੈਂ, ਤੂੰ ਦਾਤਾਂ ਦੇਣ-ਜੋਗ ਹੈਂ, ਮੈਂ ਤੈਨੂੰ ਸਦਾ ਚੇਤੇ ਕਰਦਾ ਹਾਂ।

ਨਿਖੁਟਿ ਨ ਜਾਈ ਮੂਲਿ ਅਤੁਲ ਭੰਡਾਰਿਆ ॥

ਤੇਰਾ ਖ਼ਜ਼ਾਨਾ ਬੇਅੰਤ ਹੈ (ਜੇ ਵਿਚੋਂ ਮੈਨੂੰ ਖ਼ੈਰ ਪਾ ਦੇਵੇਂ ਤਾਂ) ਮੁੱਕਦਾ ਨਹੀਂ।

ਨਾਨਕ ਸਬਦੁ ਅਪਾਰੁ ਤਿਨਿ ਸਭੁ ਕਿਛੁ ਸਾਰਿਆ ॥੧॥

ਹੇ ਨਾਨਕ! (ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ) ਬਾਣੀ ਅਪਾਰ ਹੈ, ਇਸ ਬਾਣੀ ਨੇ ਮੇਰਾ ਹਰੇਕ ਕਾਰਜ ਸੰਵਾਰ ਦਿੱਤਾ ਹੈ ॥੧॥


ਮਃ ੫ ॥
ਸਿਖਹੁ ਸਬਦੁ ਪਿਆਰਿਹੋ ਜਨਮ ਮਰਨ ਕੀ ਟੇਕ ॥

ਹੇ ਪਿਆਰੇ ਸੱਜਣੋ! (ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ) ਗੁਰਬਾਣੀ ਚੇਤੇ ਰੱਖਣ ਦੀ ਆਦਤ ਬਣਾਓ, ਇਹ ਸਾਰੀ ਉਮਰ ਦਾ ਆਸਰਾ (ਬਣਦੀ) ਹੈ।

ਮੁਖ ਊਜਲ ਸਦਾ ਸੁਖੀ ਨਾਨਕ ਸਿਮਰਤ ਏਕ ॥੨॥

ਹੇ ਨਾਨਕ! (ਇਸ ਬਾਣੀ ਦੀ ਰਾਹੀਂ) ਇਕ ਪ੍ਰਭੂ ਨੂੰ ਸਿਮਰਿਆਂ ਸਦਾ ਸੁਖੀ ਰਹੀਦਾ ਹੈ ਤੇ ਮੱਥਾ ਖਿੜਿਆ ਰਹਿੰਦਾ ਹੈ ॥੨॥


ਪਉੜੀ ॥
ਓਥੈ ਅੰਮ੍ਰਿਤੁ ਵੰਡੀਐ ਸੁਖੀਆ ਹਰਿ ਕਰਣੇ ॥

ਸਭ ਜੀਵਾਂ ਨੂੰ ਸੁਖੀ ਕਰਨ ਵਾਲਾ ਹਰੀ-ਨਾਮ ਅੰਮ੍ਰਿਤ ਉਸ ਸਤਸੰਗ ਵਿਚ ਵੰਡੀਦਾ ਹੈ।

ਜਮ ਕੈ ਪੰਥਿ ਨ ਪਾਈਅਹਿ ਫਿਰਿ ਨਾਹੀ ਮਰਣੇ ॥

(ਜੋ ਮਨੁੱਖ ਉਹ ਅੰਮ੍ਰਿਤ ਪ੍ਰਾਪਤ ਕਰਦੇ ਹਨ ਉਹ) ਜਮ ਦੇ ਰਾਹ ਤੇ ਨਹੀਂ ਪਾਏ ਜਾਂਦੇ, ਉਹਨਾਂ ਨੂੰ ਮੁੜ ਮੌਤ (ਦਾ ਡਰ ਵਿਆਪਦਾ) ਨਹੀਂ।

ਜਿਸ ਨੋ ਆਇਆ ਪ੍ਰੇਮ ਰਸੁ ਤਿਸੈ ਹੀ ਜਰਣੇ ॥

ਜਿਸ ਮਨੁੱਖ ਨੂੰ ਹਰਿ-ਨਾਮ ਦੇ ਪਿਆਰ ਦਾ ਸੁਆਦ ਆਉਂਦਾ ਹੈ, ਉਹ ਇਸ ਸੁਆਦ ਨੂੰ ਆਪਣੇ ਅੰਦਰ ਟਿਕਾਂਦਾ ਹੈ।

ਬਾਣੀ ਉਚਰਹਿ ਸਾਧ ਜਨ ਅਮਿਉ ਚਲਹਿ ਝਰਣੇ ॥

(ਸਤਸੰਗ ਵਿਚ) ਗੁਰਮੁਖ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦੇ ਹਨ ਓਥੇ ਅੰਮ੍ਰਿਤ ਦੇ, ਮਾਨੋ, ਫੁਹਾਰੇ ਚੱਲ ਪੈਂਦੇ ਹਨ।

ਪੇਖਿ ਦਰਸਨੁ ਨਾਨਕੁ ਜੀਵਿਆ ਮਨ ਅੰਦਰਿ ਧਰਣੇ ॥੯॥

ਨਾਨਕ (ਭੀ ਉਸ ਸਤਸੰਗ ਦਾ) ਦਰਸ਼ਨ ਕਰ ਕੇ ਜੀਊ ਰਿਹਾ ਹੈ ਤੇ ਮਨ ਵਿਚ ਹਰਿ-ਨਾਮ ਨੂੰ ਧਾਰਨ ਕਰ ਰਿਹਾ ਹੈ ॥੯॥


ਸਲੋਕ ਮਃ ੫ ॥
ਸਤਿਗੁਰਿ ਪੂਰੈ ਸੇਵਿਐ ਦੂਖਾ ਕਾ ਹੋਇ ਨਾਸੁ ॥

ਹੇ ਨਾਨਕ! ਜੇ ਪੂਰੇ ਗੁਰੂ ਦੇ ਦੱਸੇ ਰਾਹ ਤੇ ਤੁਰੀਏ ਤਾਂ ਦੁੱਖਾਂ ਦਾ ਨਾਸ ਹੋ ਜਾਂਦਾ ਹੈ,

ਨਾਨਕ ਨਾਮਿ ਅਰਾਧਿਐ ਕਾਰਜੁ ਆਵੈ ਰਾਸਿ ॥੧॥

ਤੇ ਜੇ ਨਾਮ ਸਿਮਰੀਏ ਤਾਂ ਜੀਵਨ ਦਾ ਮਨੋਰਥ ਸਫਲ ਹੋ ਜਾਂਦਾ ਹੈ ॥੧॥


ਮਃ ੫ ॥
ਜਿਸੁ ਸਿਮਰਤ ਸੰਕਟ ਛੁਟਹਿ ਅਨਦ ਮੰਗਲ ਬਿਸ੍ਰਾਮ ॥

ਜਿਸ ਪਰਮਾਤਮਾ ਨੂੰ ਸਿਮਰਿਆਂ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਤੇ (ਹਿਰਦੇ ਵਿਚ) ਅਨੰਦ ਖ਼ੁਸ਼ੀਆਂ ਦਾ ਨਿਵਾਸ ਹੁੰਦਾ ਹੈ,

ਨਾਨਕ ਜਪੀਐ ਸਦਾ ਹਰਿ ਨਿਮਖ ਨ ਬਿਸਰਉ ਨਾਮੁ ॥੨॥

ਹੇ ਨਾਨਕ! ਉਸ ਨੂੰ ਸਦਾ ਸਿਮਰੀਏ, ਕਦੇ ਅੱਖ ਦੇ ਫੋਰ ਜਿਤਨੇ ਸਮੇ ਲਈ ਭੀ ਉਹ ਹਰਿ-ਨਾਮ ਅਸਾਨੂੰ ਨਾਹ ਭੁੱਲੇ ॥੨॥


ਪਉੜੀ ॥
ਤਿਨ ਕੀ ਸੋਭਾ ਕਿਆ ਗਣੀ ਜਿਨੀ ਹਰਿ ਹਰਿ ਲਧਾ ॥

ਜਿਨ੍ਹਾਂ (ਗੁਰਮੁਖਾਂ) ਨੇ ਰੱਬ ਨੂੰ ਲੱਭ ਲਿਆ ਹੈ ਉਹਨਾਂ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ।

ਸਾਧਾ ਸਰਣੀ ਜੋ ਪਵੈ ਸੋ ਛੁਟੈ ਬਧਾ ॥

ਜੋ ਮਨੁੱਖ ਉਹਨਾਂ ਗੁਰਮੁਖਾਂ ਦੀ ਸ਼ਰਨ ਆਉਂਦਾ ਹੈ ਉਹ ਮਾਇਆ ਦੇ ਬੰਧਨਾਂ ਵਿਚ ਬੱਝਾ ਹੋਇਆ ਮੁਕਤ ਹੋ ਜਾਂਦਾ ਹੈ (ਭਾਵ, ਉਸ ਦੇ ਮਾਇਕ ਬੰਧਨ ਟੁੱਟ ਜਾਂਦੇ ਹਨ।)

ਗੁਣ ਗਾਵੈ ਅਬਿਨਾਸੀਐ ਜੋਨਿ ਗਰਭਿ ਨ ਦਧਾ ॥

ਉਹ ਅਬਿਨਾਸੀ ਪ੍ਰਭੂ ਦੇ ਗੁਣ ਗਾਉਂਦਾ ਹੈ ਤੇ ਜੂਨਾਂ ਵਿਚ ਪੈ ਪੈ ਕੇ ਨਹੀਂ ਸੜਦਾ।

ਗੁਰੁ ਭੇਟਿਆ ਪਾਰਬ੍ਰਹਮੁ ਹਰਿ ਪੜਿ ਬੁਝਿ ਸਮਧਾ ॥

ਉਸ ਨੂੰ ਗੁਰੂ ਮਿਲ ਪੈਂਦਾ ਹੈ, ਉਹ ਪ੍ਰਭੂ ਦੀ ਸਿਫ਼ਤਿ-ਸਾਲਾਹ ਉਚਾਰ ਕੇ ਤੇ ਸਮਝ ਕੇ ਸ਼ਾਂਤੀ ਪ੍ਰਾਪਤ ਕਰਦਾ ਹੈ।

ਨਾਨਕ ਪਾਇਆ ਸੋ ਧਣੀ ਹਰਿ ਅਗਮ ਅਗਧਾ ॥੧੦॥

ਹੇ ਨਾਨਕ! ਉਸ ਮਨੁੱਖ ਨੇ ਅਥਾਹ ਤੇ ਅਪਹੁੰਚ ਮਾਲਕ ਹਰੀ ਨੂੰ ਪਾ ਲਿਆ ਹੈ ॥੧੦॥


ਸਲੋਕ ਮਃ ੫ ॥
ਕਾਮੁ ਨ ਕਰਹੀ ਆਪਣਾ ਫਿਰਹਿ ਅਵਤਾ ਲੋਇ ॥

(ਹੇ ਜੀਵ!) ਤੂੰ ਆਪਣਾ (ਅਸਲ) ਕੰਮ ਨਹੀਂ ਕਰਦਾ ਤੇ ਜਗਤ ਵਿਚ ਆਪ-ਹੁਦਰਾ ਫਿਰ ਰਿਹਾ ਹੈਂ।

ਨਾਨਕ ਨਾਇ ਵਿਸਾਰਿਐ ਸੁਖੁ ਕਿਨੇਹਾ ਹੋਇ ॥੧॥

ਹੇ ਨਾਨਕ! ਜੇ ਪ੍ਰਭੂ ਦਾ ਨਾਮ ਵਿਸਾਰ ਦਿੱਤਾ ਜਾਏ ਤਾਂ ਕੋਈ ਭੀ ਸੁਖ ਨਹੀਂ ਹੋ ਸਕਦਾ ॥੧॥


ਮਃ ੫ ॥
ਬਿਖੈ ਕਉੜਤਣਿ ਸਗਲ ਮਾਹਿ ਜਗਤਿ ਰਹੀ ਲਪਟਾਇ ॥

(ਮਾਇਆ) ਜ਼ਹਿਰ ਦੀ ਕੁੱੜਤਣ ਸਾਰੇ ਜੀਵਾਂ ਵਿਚ ਹੈ, ਜਗਤ ਵਿਚ ਸਭ ਨੂੰ ਚੰਬੜੀ ਹੋਈ ਹੈ।

ਨਾਨਕ ਜਨਿ ਵੀਚਾਰਿਆ ਮੀਠਾ ਹਰਿ ਕਾ ਨਾਉ ॥੨॥

ਹੇ ਨਾਨਕ! (ਸਿਰਫ਼ ਪ੍ਰਭੂ ਦੇ) ਸੇਵਕ ਨੇ ਇਹ ਵਿਚਾਰ ਕੀਤੀ ਹੈ ਕਿ ਪਰਮਾਤਮਾ ਦਾ ਨਾਮ ਹੀ ਮਿੱਠਾ ਹੈ ॥੨॥


ਪਉੜੀ ॥
ਇਹ ਨੀਸਾਣੀ ਸਾਧ ਕੀ ਜਿਸੁ ਭੇਟਤ ਤਰੀਐ ॥

ਸਾਧੂ ਦੀ ਇਹ ਨਿਸ਼ਾਨੀ ਹੈ ਕਿ ਉਸ ਨੂੰ ਮਿਲਿਆਂ (ਸੰਸਾਰ) ਸਮੁੰਦਰ ਤੋਂ ਤਰ ਜਾਈਦਾ ਹੈ।

ਜਮਕੰਕਰੁ ਨੇੜਿ ਨ ਆਵਈ ਫਿਰਿ ਬਹੁੜਿ ਨ ਮਰੀਐ ॥

ਜਮ ਦਾ ਸੇਵਕ (ਭਾਵ, ਜਮਦੂਤ) ਨੇੜੇ ਨਹੀਂ ਢੁਕਦਾ ਤੇ ਮੁੜ ਮੁੜ ਨਹੀਂ ਮਰੀਦਾ।

ਭਵ ਸਾਗਰੁ ਸੰਸਾਰੁ ਬਿਖੁ ਸੋ ਪਾਰਿ ਉਤਰੀਐ ॥

ਜੋ ਜ਼ਹਿਰ ਰੂਪ ਸੰਸਾਰ-ਸਮੁੰਦਰ ਹੈ ਇਸ ਤੋਂ ਪਾਰ ਲੰਘ ਜਾਈਦਾ ਹੈ।

ਹਰਿ ਗੁਣ ਗੁੰਫਹੁ ਮਨਿ ਮਾਲ ਹਰਿ ਸਭ ਮਲੁ ਪਰਹਰੀਐ ॥

ਹੇ ਭਾਈ! (ਸਾਧੂ ਗੁਰਮੁਖ ਨੇ ਮਿਲ ਕੇ) ਮਨ ਵਿਚ ਪਰਮਾਤਮਾ ਦੇ ਗੁਣਾਂ ਦੀ ਮਾਲਾ ਗੁੰਦੋ, ਮਨ ਦੀ ਸਾਰੀ ਮੈਲ ਦੂਰ ਹੋ ਜਾਂਦੀ ਹੈ।

ਨਾਨਕ ਪ੍ਰੀਤਮ ਮਿਲਿ ਰਹੇ ਪਾਰਬ੍ਰਹਮ ਨਰਹਰੀਐ ॥੧੧॥

ਹੇ ਨਾਨਕ! (ਜਿਨ੍ਹਾਂ ਨੇ ਇਹ ਮਾਲਾ ਗੁੰਦੀ ਹੈ) ਉਹ ਪਾਰਬ੍ਰਹਮ ਪਰਮਾਤਮਾ ਨੂੰ ਮਿਲੇ ਰਹਿੰਦੇ ਹਨ ॥੧੧॥


ਸਲੋਕ ਮਃ ੫ ॥
ਨਾਨਕ ਆਏ ਸੇ ਪਰਵਾਣੁ ਹੈ ਜਿਨ ਹਰਿ ਵੁਠਾ ਚਿਤਿ ॥

ਹੇ ਨਾਨਕ! ਜਿਨ੍ਹਾਂ ਮਨੁੱਖਾਂ ਦੇ ਚਿੱਤ ਵਿਚ ਪਰਮਾਤਮਾ ਆ ਵੱਸਿਆ ਹੈ ਉਹਨਾਂ ਦਾ ਆਉਣਾ ਸਫਲ ਹੈ।

ਗਾਲੑੀ ਅਲ ਪਲਾਲੀਆ ਕੰਮਿ ਨ ਆਵਹਿ ਮਿਤ ॥੧॥

ਹੇ ਮਿੱਤਰ! ਫੋਕੀਆਂ ਗੱਲਾਂ ਕਿਸੇ ਕੰਮ ਨਹੀਂ ਆਉਂਦੀਆਂ (ਨਾਮ ਤੋਂ ਵਾਂਜੇ ਰਹਿ ਕੇ ਫੋਕੀਆਂ ਗੱਲਾਂ ਦਾ ਕੋਈ ਲਾਭ ਨਹੀਂ ਹੁੰਦਾ) ॥੧॥


ਮਃ ੫ ॥
ਪਾਰਬ੍ਰਹਮੁ ਪ੍ਰਭੁ ਦ੍ਰਿਸਟੀ ਆਇਆ ਪੂਰਨ ਅਗਮ ਬਿਸਮਾਦ ॥

ਉਸ ਮਨੁੱਖ ਨੂੰ ਅਪਹੁੰਚ ਤੇ ਅਚਰਜ-ਰੂਪ ਪ੍ਰਭੂ ਹਰ ਥਾਂ ਮੌਜੂਦ ਦਿੱਸ ਪਿਆ ਹੈ,

ਨਾਨਕ ਰਾਮ ਨਾਮੁ ਧਨੁ ਕੀਤਾ ਪੂਰੇ ਗੁਰਪਰਸਾਦਿ ॥੨॥

ਹੇ ਨਾਨਕ! (ਜਿਸ ਨੇ) ਪੂਰੇ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਨਾਮ ਨੂੰ ਆਪਣਾ ਧਨ ਬਣਾਇਆ ਹੈ ॥੨॥


ਪਉੜੀ ॥
ਧੋਹੁ ਨ ਚਲੀ ਖਸਮ ਨਾਲਿ ਲਬਿ ਮੋਹਿ ਵਿਗੁਤੇ ॥

ਖਸਮ (ਪ੍ਰਭੂ) ਨਾਲ ਧੋਖਾ ਕਾਮਯਾਬ ਨਹੀਂ ਹੋ ਸਕਦਾ, ਜੋ ਮਨੁੱਖ ਲੱਬ ਵਿਚ ਤੇ ਮੋਹ ਵਿਚ ਫਸੇ ਹੋਏ ਹਨ ਉਹ ਖ਼ੁਆਰ ਹੁੰਦੇ ਹਨ।

ਕਰਤਬ ਕਰਨਿ ਭਲੇਰਿਆ ਮਦਿ ਮਾਇਆ ਸੁਤੇ ॥

ਮਾਇਆ ਦੇ ਨਸ਼ੇ ਵਿਚ ਸੁੱਤੇ ਹੋਏ ਬੰਦੇ ਮੰਦੀਆਂ ਕਰਤੂਤਾਂ ਕਰਦੇ ਹਨ,

ਫਿਰਿ ਫਿਰਿ ਜੂਨਿ ਭਵਾਈਅਨਿ ਜਮ ਮਾਰਗਿ ਮੁਤੇ ॥

ਮੁੜ ਮੁੜ ਜੂਨਾਂ ਵਿਚ ਧੱਕੇ ਜਾਂਦੇ ਹਨ ਤੇ ਜਮਰਾਜ ਦੇ ਰਾਹ ਵਿਚ (ਨਿਖਸਮੇ) ਛੱਡੇ ਜਾਂਦੇ ਹਨ,

ਕੀਤਾ ਪਾਇਨਿ ਆਪਣਾ ਦੁਖ ਸੇਤੀ ਜੁਤੇ ॥

ਆਪਣੇ (ਮੰਦੇ) ਕੀਤੇ (ਕੰਮਾਂ) ਦਾ ਫਲ ਪਾਂਦੇ ਹਨ, ਦੁੱਖਾਂ ਨਾਲ ਜੁੱਟ ਕੀਤੇ ਜਾਂਦੇ ਹਨ।

ਨਾਨਕ ਨਾਇ ਵਿਸਾਰਿਐ ਸਭ ਮੰਦੀ ਰੁਤੇ ॥੧੨॥

ਹੇ ਨਾਨਕ! ਜੇ ਪ੍ਰਭੂ ਦਾ ਨਾਮ ਵਿਸਾਰ ਦਿੱਤਾ ਜਾਏ ਤਾਂ (ਜੀਵ ਲਈ) ਸਾਰੀ ਰੁੱਤ ਮੰਦੀ ਹੀ ਜਾਣੋ ॥੧੨॥


ਸਲੋਕ ਮਃ ੫ ॥
ਉਠੰਦਿਆ ਬਹੰਦਿਆ ਸਵੰਦਿਆ ਸੁਖੁ ਸੋਇ ॥

(ਪਰਮਾਤਮਾ ਦਾ ਨਾਮ ਜਪਿਆਂ) ਉੱਠਦਿਆਂ ਬੈਠਦਿਆਂ ਸੁੱਤਿਆਂ ਹਰ ਵੇਲੇ ਇਕ-ਸਾਰ ਸੁਖ ਬਣਿਆ ਰਹਿੰਦਾ ਹੈ।

ਨਾਨਕ ਨਾਮਿ ਸਲਾਹਿਐ ਮਨੁ ਤਨੁ ਸੀਤਲੁ ਹੋਇ ॥੧॥

ਹੇ ਨਾਨਕ! ਜੇ ਪ੍ਰਭੂ ਦੇ ਨਾਮ ਦੀ ਵਡਿਆਈ ਕਰਦੇ ਰਹੀਏ ਤਾਂ ਮਨ ਤੇ ਸਰੀਰ ਠੰਢੇ-ਠਾਰ ਰਹਿੰਦੇ ਹਨ ॥੧॥


ਮਃ ੫ ॥
ਲਾਲਚਿ ਅਟਿਆ ਨਿਤ ਫਿਰੈ ਸੁਆਰਥੁ ਕਰੇ ਨ ਕੋਇ ॥

(ਜਗਤ ਮਾਇਆ ਦੇ) ਲਾਲਚ ਨਾਲ ਲਿੱਬੜਿਆ ਹੋਇਆ ਸਦਾ (ਭਟਕਦਾ) ਫਿਰਦਾ ਹੈ, ਕੋਈ ਭੀ ਬੰਦਾ ਆਪਣੇ ਅਸਲੀ ਭਲੇ ਦਾ ਕੰਮ ਨਹੀਂ ਕਰਦਾ।

ਜਿਸੁ ਗੁਰੁ ਭੇਟੈ ਨਾਨਕਾ ਤਿਸੁ ਮਨਿ ਵਸਿਆ ਸੋਇ ॥੨॥

(ਪਰ) ਹੇ ਨਾਨਕ! ਜਿਸ ਮਨੁੱਖ ਨੂੰ ਸਤਿਗੁਰੂ ਮਿਲਦਾ ਹੈ ਉਸ ਦੇ ਮਨ ਵਿਚ ਉਹ ਪ੍ਰਭੂ ਵੱਸ ਪੈਂਦਾ ਹੈ ॥੨॥


ਪਉੜੀ ॥
ਸਭੇ ਵਸਤੂ ਕਉੜੀਆ ਸਚੇ ਨਾਉ ਮਿਠਾ ॥

(ਦੁਨੀਆ ਦੀਆਂ ਬਾਕੀ) ਸਾਰੀਆਂ ਚੀਜ਼ਾਂ (ਆਖ਼ਰ) ਕੌੜੀਆਂ (ਹੋ ਜਾਂਦੀਆਂ) ਹਨ (ਇਕ) ਸੱਚੇ ਪ੍ਰਭੂ ਦਾ ਨਾਮ (ਹੀ ਸਦਾ) ਮਿੱਠਾ (ਰਹਿੰਦਾ) ਹੈ,

ਸਾਦੁ ਆਇਆ ਤਿਨ ਹਰਿ ਜਨਾਂ ਚਖਿ ਸਾਧੀ ਡਿਠਾ ॥

(ਪਰ) ਇਹ ਸੁਆਦ ਉਨ੍ਹਾਂ ਸਾਧੂਆਂ ਨੂੰ ਹਰਿ-ਜਨਾਂ ਨੂੰ ਆਉਂਦਾ ਹੈ ਜਿਨ੍ਹਾਂ (ਇਹ ਨਾਮ-ਰਸ) ਚੱਖ ਕੇ ਵੇਖਿਆ ਹੈ,

ਪਾਰਬ੍ਰਹਮਿ ਜਿਸੁ ਲਿਖਿਆ ਮਨਿ ਤਿਸੈ ਵੁਠਾ ॥

ਤੇ ਉਸੇ ਮਨੁੱਖ ਦੇ ਮਨ ਵਿਚ (ਇਹ ਸੁਆਦ) ਆ ਕੇ ਵੱਸਦਾ ਹੈ ਜਿਸ ਦੇ ਭਾਗਾਂ ਵਿਚ ਪਾਰਬ੍ਰਹਮ ਨੇ ਲਿਖ ਦਿੱਤਾ ਹੈ।

ਇਕੁ ਨਿਰੰਜਨੁ ਰਵਿ ਰਹਿਆ ਭਾਉ ਦੁਯਾ ਕੁਠਾ ॥

(ਐਸੇ ਭਾਗਾਂ ਵਾਲੇ ਨੂੰ) ਮਾਇਆ-ਰਹਿਤ ਪ੍ਰਭੂ ਹੀ ਹਰ ਥਾਂ ਦਿੱਸਦਾ ਹੈ (ਉਸ ਮਨੁੱਖ ਦਾ) ਦੂਜਾ ਭਾਵ ਨਾਸ ਹੋ ਜਾਂਦਾ ਹੈ।

ਹਰਿ ਨਾਨਕੁ ਮੰਗੈ ਜੋੜਿ ਕਰ ਪ੍ਰਭੁ ਦੇਵੈ ਤੁਠਾ ॥੧੩॥

ਨਾਨਕ ਭੀ ਦੋਵੇਂ ਹੱਥ ਜੋੜ ਕੇ ਹਰੀ ਪਾਸੋਂ ਇਹ ਨਾਮ-ਰਸ ਮੰਗਦਾ ਹੈ, (ਪਰ) ਪ੍ਰਭੂ (ਉਸ ਨੂੰ) ਦੇਂਦਾ ਹੈ (ਜਿਸ ਉਤੇ) ਪ੍ਰਸੰਨ ਹੁੰਦਾ ਹੈ ॥੧੩॥


ਸਲੋਕ ਮਃ ੫ ॥
ਜਾਚੜੀ ਸਾ ਸਾਰੁ ਜੋ ਜਾਚੰਦੀ ਹੇਕੜੋ ॥

ਉਹ ਤਰਲਾ ਸਭ ਤੋਂ ਚੰਗਾ ਹੈ ਜੋ (ਭਾਵ, ਜਿਸ ਦੀ ਰਾਹੀਂ ਮਨੁੱਖ) ਇਕ ਪ੍ਰਭੂ (ਦੇ ਨਾਮ) ਨੂੰ ਮੰਗਦਾ ਹੈ।

ਗਾਲੑੀ ਬਿਆ ਵਿਕਾਰ ਨਾਨਕ ਧਣੀ ਵਿਹੂਣੀਆ ॥੧॥

ਹੇ ਨਾਨਕ! ਮਾਲਕ-ਪ੍ਰਭੂ ਤੋਂ ਬਾਹਰੀਆਂ ਹੋਰ ਗੱਲਾਂ ਸਭ ਵਿਅਰਥ ਹਨ ॥੧॥


ਮਃ ੫ ॥
ਨੀਹਿ ਜਿ ਵਿਧਾ ਮੰਨੁ ਪਛਾਣੂ ਵਿਰਲੋ ਥਿਓ ॥

ਅਜੇਹਾ (ਰੱਬ ਦੀ) ਪਛਾਣ ਵਾਲਾ ਕੋਈ ਵਿਰਲਾ ਬੰਦਾ ਹੁੰਦਾ ਹੈ, ਜਿਸ ਦਾ ਮਨ ਪ੍ਰਭੂ ਦੇ ਪ੍ਰੇਮ ਵਿਚ ਵਿੰਨ੍ਹਿਆ ਹੋਵੇ।

ਜੋੜਣਹਾਰਾ ਸੰਤੁ ਨਾਨਕ ਪਾਧਰੁ ਪਧਰੋ ॥੨॥

ਹੇ ਨਾਨਕ! ਅਜੇਹਾ ਸੰਤ (ਹੋਰਨਾਂ ਨੂੰ ਭੀ ਰੱਬ ਨਾਲ) ਜੋੜਨ ਤੇ ਸਮਰੱਥ ਹੁੰਦਾ ਹੈ ਤੇ (ਰੱਬ ਨੂੰ ਮਿਲਣ ਲਈ) ਸਿੱਧਾ ਰਾਹ ਵਿਖਾ ਦੇਂਦਾ ਹੈ ॥੨॥


ਪਉੜੀ ॥
ਸੋਈ ਸੇਵਿਹੁ ਜੀਅੜੇ ਦਾਤਾ ਬਖਸਿੰਦੁ ॥

ਹੇ ਮੇਰੀ ਜਿੰਦੇ! ਉਸ ਪਰਮੇਸਰ ਨੂੰ ਸਿਮਰ ਜੋ ਸਭ ਦਾਤਾਂ ਦੇਣ ਵਾਲਾ ਹੈ ਤੇ ਬਖ਼ਸ਼ਸ਼ਾਂ ਕਰਨ ਵਾਲਾ ਹੈ।

ਕਿਲਵਿਖ ਸਭਿ ਬਿਨਾਸੁ ਹੋਨਿ ਸਿਮਰਤ ਗੋਵਿੰਦੁ ॥

ਪਰਮੇਸ਼ਰ ਨੂੰ ਸਿਮਰਿਆਂ ਸਾਰੇ ਪਾਪ ਨਾਸ ਹੋ ਜਾਂਦੇ ਹਨ।

ਹਰਿ ਮਾਰਗੁ ਸਾਧੂ ਦਸਿਆ ਜਪੀਐ ਗੁਰਮੰਤੁ ॥

ਗੁਰੂ ਨੇ ਪ੍ਰਭੂ (ਨੂੰ ਮਿਲਣ) ਦਾ ਰਾਹ ਦੱਸਿਆ ਹੈ।

ਮਾਇਆ ਸੁਆਦ ਸਭਿ ਫਿਕਿਆ ਹਰਿ ਮਨਿ ਭਾਵੰਦੁ ॥

ਗੁਰੂ ਦਾ ਉਪਦੇਸ਼ ਸਦਾ ਚੇਤੇ ਕਰਨਾ ਚਾਹੀਦਾ ਹੈ, (ਗੁਰੂ ਦਾ ਉਪਦੇਸ਼ ਸਦਾ ਚੇਤੇ ਕੀਤਿਆਂ) ਮਾਇਆ ਦੇ ਸਾਰੇ ਸੁਆਦ ਫਿੱਕੇ ਪ੍ਰਤੀਤ ਹੁੰਦੇ ਹਨ ਤੇ ਪਰਮੇਸ਼ਰ ਮਨ ਵਿਚ ਪਿਆਰਾ ਲੱਗਦਾ ਹੈ।

ਧਿਆਇ ਨਾਨਕ ਪਰਮੇਸਰੈ ਜਿਨਿ ਦਿਤੀ ਜਿੰਦੁ ॥੧੪॥

ਹੇ ਨਾਨਕ! ਜਿਸ ਪਰਮੇਸ਼ਰ ਨੇ (ਇਹ) ਜਿੰਦ ਦਿੱਤੀ ਹੈ, ਉਸ ਨੂੰ (ਸਦਾ) ਸਿਮਰ ॥੧੪॥


ਸਲੋਕ ਮਃ ੫ ॥

ਵਤ ਲਗੀ ਸਚੇ ਨਾਮ ਕੀ ਜੋ ਬੀਜੇ ਸੋ ਖਾਇ ॥
(ਇਹ ਮਨੁੱਖਾ ਜਨਮ) ਸੱਚੇ ਪ੍ਰਭੂ ਦਾ ਨਾਮ (ਰੂਪ ਬੀਜ ਬੀਜਣ) ਲਈ ਫਬਵਾਂ ਸਮਾਂ ਮਿਲਿਆ ਹੈ, ਜੋ ਮਨੁੱਖ (‘ਨਾਮ’-ਬੀਜ) ਬੀਜਦਾ ਹੈ ਉਹ (ਇਸ ਦਾ ਫਲ) ਖਾਂਦਾ ਹੈ।

ਤਿਸਹਿ ਪਰਾਪਤਿ ਨਾਨਕਾ ਜਿਸ ਨੋ ਲਿਖਿਆ ਆਇ ॥੧॥

ਹੇ ਨਾਨਕ! ਇਹ ਚੀਜ਼ ਉਸ ਮਨੁੱਖ ਨੂੰ ਹੀ ਮਿਲਦੀ ਹੈ ਜਿਸ ਦੇ ਭਾਗਾਂ ਵਿਚ ਲਿਖੀ ਹੋਵੇ ॥੧॥


ਮਃ ੫ ॥
ਮੰਗਣਾ ਤ ਸਚੁ ਇਕੁ ਜਿਸੁ ਤੁਸਿ ਦੇਵੈ ਆਪਿ ॥

ਜੇ ਮੰਗਣਾ ਹੈ ਤਾਂ ਸਿਰਫ਼ ਪ੍ਰਭੂ ਦਾ ਨਾਮ ਮੰਗੋ। (ਇਹ ‘ਨਾਮ’ ਉਸ ਨੂੰ ਹੀ ਮਿਲਦਾ ਹੈ) ਜਿਸ ਨੂੰ ਪ੍ਰਭੂ ਆਪ ਪ੍ਰਸੰਨ ਹੋ ਕੇ ਦੇਂਦਾ ਹੈ।

ਜਿਤੁ ਖਾਧੈ ਮਨੁ ਤ੍ਰਿਪਤੀਐ ਨਾਨਕ ਸਾਹਿਬ ਦਾਤਿ ॥੨॥

ਜੇ ਇਹ (ਨਾਮ-ਵਸਤ) ਖਾਧੀ ਜਾਏ ਤਾਂ ਮਨ (ਮਾਇਆ ਵਲੋਂ) ਰੱਜ ਜਾਂਦਾ ਹੈ, ਪਰ ਹੇ ਨਾਨਕ! ਹੈ ਇਹ (ਨਿਰੋਲ) ਮਾਲਕ ਦੀ ਬਖ਼ਸ਼ਸ਼ ਹੀ ॥੨॥


ਪਉੜੀ ॥
ਲਾਹਾ ਜਗ ਮਹਿ ਸੇ ਖਟਹਿ ਜਿਨ ਹਰਿ ਧਨੁ ਰਾਸਿ ॥

ਜਗਤ ਵਿਚ ਉਹੀ (ਮਨੁੱਖ-ਵਣਜਾਰੇ) ਲਾਭ ਖੱਟਦੇ ਹਨ ਜਿਨ੍ਹਾਂ ਪਾਸ ਪਰਮਾਤਮਾ ਦਾ ਨਾਮ-ਰੂਪ ਧਨ ਹੈ, ਪੂੰਜੀ ਹੈ।

ਦੁਤੀਆ ਭਾਉ ਨ ਜਾਣਨੀ ਸਚੇ ਦੀ ਆਸ ॥

ਉਹ (ਪਰਮਾਤਮਾ ਤੋਂ ਬਿਨਾ) ਕਿਸੇ ਹੋਰ ਨਾਲ ਮੋਹ ਕਰਨਾ ਨਹੀਂ ਜਾਣਦੇ, ਉਹਨਾਂ ਨੂੰ ਇੱਕ ਪਰਮਾਤਮਾ ਦੀ ਹੀ ਆਸ ਹੁੰਦੀ ਹੈ।

ਨਿਹਚਲੁ ਏਕੁ ਸਰੇਵਿਆ ਹੋਰੁ ਸਭ ਵਿਣਾਸੁ ॥

ਉਹਨਾਂ ਨੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਹੀ ਸਿਮਰਿਆ ਹੈ (ਕਿਉਂਕਿ) ਹੋਰ ਸਾਰਾ ਜਗਤ (ਉਹਨਾਂ) ਨੂੰ ਨਾਸਵੰਤ (ਦਿੱਸਦਾ) ਹੈ।

ਪਾਰਬ੍ਰਹਮੁ ਜਿਸੁ ਵਿਸਰੈ ਤਿਸੁ ਬਿਰਥਾ ਸਾਸੁ ॥

ਜਿਸ ਮਨੁੱਖ ਨੂੰ ਪਰਮਾਤਮਾ ਭੁੱਲ ਜਾਂਦਾ ਹੈ ਉਸ ਦਾ (ਹਰੇਕ) ਸੁਆਸ ਵਿਅਰਥ ਜਾਂਦਾ ਹੈ।

ਕੰਠਿ ਲਾਇ ਜਨ ਰਖਿਆ ਨਾਨਕ ਬਲਿ ਜਾਸੁ ॥੧੫॥

ਪਰਮਾਤਮਾ ਨੇ ਆਪਣੇ ਸੇਵਕਾਂ ਨੂੰ (“ਦੁਤੀਆ ਭਾਵ” ਵਲੋਂ) ਆਪ ਆਪਣੇ ਗਲ ਨਾਲ ਲਾ ਕੇ ਬਚਾਇਆ ਹੈ। ਹੇ ਨਾਨਕ! ਮੈਂ ਉਸ ਪ੍ਰਭੂ ਤੋਂ ਸਦਕੇ ਜਾਂਦਾ ਹਾਂ ॥੧੫॥


ਸਲੋਕ ਮਃ ੫ ॥
ਪਾਰਬ੍ਰਹਮਿ ਫੁਰਮਾਇਆ ਮੀਹੁ ਵੁਠਾ ਸਹਜਿ ਸੁਭਾਇ ॥

ਜਦੋਂ ਪਰਮਾਤਮਾ ਨੇ ਹੁਕਮ ਦਿੱਤਾ ਤਾਂ (ਜਿਸ ਕਿਸੇ ਭਾਗਾਂ ਵਾਲੇ ਦੇ ਹਿਰਦੇ-ਰੂਪ ਧਰਤੀ ਤੇ) ਆਪਣੇ ਆਪ ਨਾਮ ਦੀ ਵਰਖਾ ਹੋਣ ਲੱਗ ਪਈ,

ਅੰਨੁ ਧੰਨੁ ਬਹੁਤੁ ਉਪਜਿਆ ਪ੍ਰਿਥਮੀ ਰਜੀ ਤਿਪਤਿ ਅਘਾਇ ॥

ਉਸ (ਹਿਰਦੇ-ਧਰਤੀ) ਵਿਚ (ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ) ਅੰਨ ਬਹੁਤ ਪੈਦਾ ਹੋ ਜਾਂਦਾ ਹੈ, (ਉਸ ਦਾ ਹਿਰਦਾ ਚੰਗੀ ਤਰ੍ਹਾਂ ਸੰਤੋਖ ਵਾਲਾ ਹੋ ਜਾਂਦਾ ਹੈ)।

ਸਦਾ ਸਦਾ ਗੁਣ ਉਚਰੈ ਦੁਖੁ ਦਾਲਦੁ ਗਇਆ ਬਿਲਾਇ ॥

ਉਹ ਮਨੁੱਖ ਸਦਾ ਹੀ ਪਰਮਾਤਮਾ ਦੇ ਗੁਣ ਗਾਉਂਦਾ ਹੈ, ਉਸ ਦਾ ਦੁੱਖ-ਦਲਿੱਦ੍ਰ ਦੂਰ ਹੋ ਜਾਂਦਾ ਹੈ।

ਪੂਰਬਿ ਲਿਖਿਆ ਪਾਇਆ ਮਿਲਿਆ ਤਿਸੈ ਰਜਾਇ ॥

ਪਰ ਇਹ ‘ਨਾਮ’ ਰੂਪ ਅੰਨ ਪੂਰਬਲੇ ਲਿਖੇ ਭਾਗਾਂ ਅਨੁਸਾਰ ਪਾਈਦਾ ਹੈ ਤੇ ਮਿਲਦਾ ਹੈ ਪਰਮਾਤਮਾ ਦੀ ਰਜ਼ਾ ਅਨੁਸਾਰ।

ਪਰਮੇਸਰਿ ਜੀਵਾਲਿਆ ਨਾਨਕ ਤਿਸੈ ਧਿਆਇ ॥੧॥

(ਮਾਇਆ ਵਿਚ ਮੋਏ ਹੋਏ ਜਿਸ ਕਿਸੇ ਨੂੰ) ਜਿੰਦ ਪਾਈ ਹੈ ਪਰਮੇਸ਼ਰ ਨੇ ਹੀ (ਪਾਈ ਹੈ), ਹੇ ਨਾਨਕ! ਉਸ ਪ੍ਰਭੂ ਨੂੰ ਸਿਮਰ ॥੧॥


ਮਃ ੫ ॥
ਜੀਵਨ ਪਦੁ ਨਿਰਬਾਣੁ ਇਕੋ ਸਿਮਰੀਐ ॥

ਜੇ ਵਾਸ਼ਨਾ-ਰਹਿਤ ਇਕ ਪ੍ਰਭੂ ਨੂੰ ਸਿਮਰੀਏ ਤਾਂ ਅਸਲੀ ਜੀਵਨ ਦਾ ਦਰਜਾ ਹਾਸਲ ਹੁੰਦਾ ਹੈ,

ਦੂਜੀ ਨਾਹੀ ਜਾਇ ਕਿਨਿ ਬਿਧਿ ਧੀਰੀਐ ॥

(ਪਰ ਇਸ ਅਵਸਥਾ ਦੀ ਪ੍ਰਾਪਤੀ ਲਈ) ਕੋਈ ਹੋਰ ਥਾਂ ਨਹੀਂ ਹੈ, (ਕਿਉਂਕਿ) ਕਿਸੇ ਹੋਰ ਤਰੀਕੇ ਨਾਲ ਮਨ ਟਿਕ ਨਹੀਂ ਸਕਦਾ।

ਡਿਠਾ ਸਭੁ ਸੰਸਾਰੁ ਸੁਖੁ ਨ ਨਾਮ ਬਿਨੁ ॥

ਸਾਰਾ ਸੰਸਾਰ (ਟੋਲ ਕੇ) ਵੇਖਿਆ ਹੈ, ਪ੍ਰਭੂ ਦੇ ਨਾਮ ਤੋਂ ਬਿਨਾ ਸੁਖ ਨਹੀਂ ਮਿਲਦਾ।

ਤਨੁ ਧਨੁ ਹੋਸੀ ਛਾਰੁ ਜਾਣੈ ਕੋਇ ਜਨੁ ॥

(ਜਗਤ ਇਸ ਤਨ ਤੇ ਧਨ ਵਿਚ ਸੁਖ ਭਾਲਦਾ ਹੈ) ਇਹ ਸਰੀਰ ਤੇ ਧਨ ਨਾਸ ਹੋ ਜਾਣਗੇ, ਪਰ ਕੋਈ ਵਿਰਲਾ ਇਸ ਗੱਲ ਨੂੰ ਸਮਝਦਾ ਹੈ।

ਰੰਗ ਰੂਪ ਰਸ ਬਾਦਿ ਕਿ ਕਰਹਿ ਪਰਾਣੀਆ ॥

ਹੇ ਪ੍ਰਾਣੀ! ਤੂੰ ਕੀਹ ਕਰ ਰਿਹਾ ਹੈਂ? (ਭਾਵ, ਤੂੰ ਕਿਉਂ ਨਹੀਂ ਸਮਝਦਾ ਕਿ ਜਗਤ ਦੇ) ਰੰਗ-ਰੂਪ ਤੇ ਰਸ ਸਭ ਵਿਅਰਥ ਹਨ (ਇਹਨਾਂ ਦੇ ਪਿੱਛੇ ਲੱਗਿਆਂ ਮਨ ਦਾ ਟਿਕਾਓ ਹਾਸਲ ਨਹੀਂ ਹੁੰਦਾ)?

ਜਿਸੁ ਭੁਲਾਏ ਆਪਿ ਤਿਸੁ ਕਲ ਨਹੀ ਜਾਣੀਆ ॥

(ਪਰ ਜੀਵ ਦੇ ਭੀ ਕੀਹ ਵੱਸ?) ਪ੍ਰਭੂ ਜਿਸ ਮਨੁੱਖ ਨੂੰ ਆਪ ਕੁਰਾਹੇ ਪਾਂਦਾ ਹੈ, ਉਸ ਨੂੰ ਮਨ ਦੀ ਸ਼ਾਂਤੀ ਦੀ ਸਾਰ ਨਹੀਂ ਆਉਂਦੀ।

ਰੰਗਿ ਰਤੇ ਨਿਰਬਾਣੁ ਸਚਾ ਗਾਵਹੀ ॥

ਜੋ ਮਨੁੱਖ ਪ੍ਰਭੂ ਦੇ ਪਿਆਰ ਵਿਚ ਰੰਗੇ ਹੋਏ ਹਨ, ਉਹ ਉਸ ਸਦਾ ਕਾਇਮ ਰਹਿਣ ਵਾਲੇ ਤੇ ਵਾਸ਼ਨਾ-ਰਹਿਤ ਪ੍ਰਭੂ ਨੂੰ ਗਾਉਂਦੇ ਹਨ।

ਨਾਨਕ ਸਰਣਿ ਦੁਆਰਿ ਜੇ ਤੁਧੁ ਭਾਵਹੀ ॥੨॥

ਹੇ ਨਾਨਕ! (ਪ੍ਰਭੂ ਅੱਗੇ ਇਹ ਅਰਜ਼ੋਈ ਕਰ-ਹੇ ਪ੍ਰਭੂ!) ਜੇ ਤੈਨੂੰ ਚੰਗੇ ਲੱਗਣ ਤਾਂ ਜੀਵ ਤੇਰੇ ਦਰ ਤੇ ਤੇਰੀ ਸ਼ਰਨ ਆਉਂਦੇ ਹਨ ॥੨॥


ਪਉੜੀ ॥
ਜੰਮਣੁ ਮਰਣੁ ਨ ਤਿਨੑ ਕਉ ਜੋ ਹਰਿ ਲੜਿ ਲਾਗੇ ॥

ਜੋ ਮਨੁੱਖ ਪਰਮਾਤਮਾ ਦਾ ਆਸਰਾ ਲੈਂਦੇ ਹਨ, ਉਹਨਾਂ ਲਈ ਜਨਮ ਮਰਨ ਦਾ ਗੇੜ ਨਹੀਂ ਰਹਿੰਦਾ।

ਜੀਵਤ ਸੇ ਪਰਵਾਣੁ ਹੋਏ ਹਰਿ ਕੀਰਤਨਿ ਜਾਗੇ ॥

ਉਹ ਇਸੇ ਜੀਵਨ ਵਿਚ (ਪ੍ਰਭੂ ਦੇ ਦਰ ਤੇ) ਕਬੂਲ ਹੋ ਜਾਂਦੇ ਹਨ (ਕਿਉਂਕਿ) ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਕੇ ਉਹ ਵਿਕਾਰਾਂ ਤੋਂ ਬਚੇ ਰਹਿੰਦੇ ਹਨ।

ਸਾਧਸੰਗੁ ਜਿਨ ਪਾਇਆ ਸੇਈ ਵਡਭਾਗੇ ॥

ਓਹੀ ਮਨੁੱਖ ਵੱਡੇ ਭਾਗਾਂ ਵਾਲੇ ਹਨ, ਜਿਨ੍ਹਾਂ ਨੂੰ (ਅਜਿਹੇ) ਗੁਰਮੁਖਾਂ ਦੀ ਸੰਗਤਿ ਹਾਸਲ ਹੁੰਦੀ ਹੈ,

ਨਾਇ ਵਿਸਰਿਐ ਧ੍ਰਿਗੁ ਜੀਵਣਾ ਤੂਟੇ ਕਚ ਧਾਗੇ ॥

ਪਰ ਜੇ ਪ੍ਰਭੂ ਦਾ ਨਾਮ ਵਿਸਰ ਜਾਏ ਤਾਂ ਜੀਊਣਾ ਫਿਟਕਾਰ-ਜੋਗ ਹੈ ਟੁੱਟੇ ਹੋਏ ਕੱਚੇ ਧਾਗੇ ਵਾਂਗ (ਵਿਅਰਥ) ਹੈ।

ਨਾਨਕ ਧੂੜਿ ਪੁਨੀਤ ਸਾਧ ਲਖ ਕੋਟਿ ਪਿਰਾਗੇ ॥੧੬॥

ਹੇ ਨਾਨਕ! ਗੁਰਮੁਖਾਂ ਦੇ ਚਰਨਾਂ ਦੀ ਧੂੜ ਲੱਖਾਂ ਕ੍ਰੋੜਾਂ ਪ੍ਰਯਾਗ ਆਦਿਕ ਤੀਰਥਾਂ ਨਾਲੋਂ ਵਧੀਕ ਪਵਿੱਤ੍ਰ ਹੈ ॥੧੬॥


ਸਲੋਕੁ ਮਃ ੫ ॥
ਧਰਣਿ ਸੁਵੰਨੀ ਖੜ ਰਤਨ ਜੜਾਵੀ ਹਰਿ ਪ੍ਰੇਮ ਪੁਰਖੁ ਮਨਿ ਵੁਠਾ ॥

ਜਿਸ ਮਨ ਵਿਚ ਪਿਆਰ-ਸਰੂਪ ਹਰੀ ਅਕਾਲ ਪੁਰਖ ਵੱਸ ਪੈਂਦਾ ਹੈ, ਉਹ ਮਨ ਇਉਂ ਹੈ ਜਿਵੇਂ ਤ੍ਰੇਲ-ਮੋਤੀਆਂ ਨਾਲ ਜੜੀ ਹੋਈ ਘਾਹ ਵਾਲੀ ਧਰਤੀ ਸੋਹਣੇ ਵੰਨ ਵਾਲੀ ਹੋ ਜਾਂਦੀ ਹੈ।

ਸਭੇ ਕਾਜ ਸੁਹੇਲੜੇ ਥੀਏ ਗੁਰੁ ਨਾਨਕੁ ਸਤਿਗੁਰੁ ਤੁਠਾ ॥੧॥

ਹੇ ਨਾਨਕ! ਜਿਸ ਮਨੁੱਖ ਉਤੇ ਗੁਰੂ ਸਤਿਗੁਰੂ ਨਾਨਕ ਤ੍ਰੁੱਠਦਾ ਹੈ, ਉਸ ਦੇ ਸਾਰੇ ਕੰਮ ਸੌਖੇ ਹੋ ਜਾਂਦੇ ਹਨ ॥੧॥


ਮਃ ੫ ॥
ਫਿਰਦੀ ਫਿਰਦੀ ਦਹ ਦਿਸਾ ਜਲ ਪਰਬਤ ਬਨਰਾਇ ॥

ਦਸੀਂ ਪਾਸੀਂ ਦਰਿਆਵਾਂ, ਪਹਾੜਾਂ ਅਤੇ ਰੁੱਖਾਂ-ਬਿਰਖਾਂ ਤੇ ਉੱਡਦੀ ਉੱਡਦੀ-

ਜਿਥੈ ਡਿਠਾ ਮਿਰਤਕੋ ਇਲ ਬਹਿਠੀ ਆਇ ॥੨॥

ਇੱਲ ਨੇ ਜਿਥੇ ਮੁਰਦਾਰ ਆ ਵੇਖਿਆ ਓਥੇ ਆ ਬੈਠੀ (ਇਹੀ ਹਾਲ ਉਸ ਮਨ ਦਾ ਹੈ ਪਰਮਾਤਮਾ ਤੋਂ ਵਿੱਛੜ ਕੇ ਵਿਕਾਰਾਂ ਤੇ ਆ ਡਿੱਗਦਾ ਹੈ) ॥੨॥


ਪਉੜੀ ॥
ਜਿਸੁ ਸਰਬ ਸੁਖਾ ਫਲ ਲੋੜੀਅਹਿ ਸੋ ਸਚੁ ਕਮਾਵਉ ॥

ਮੈਂ ਉਸ ਸੱਚੇ ਪ੍ਰਭੂ ਨੂੰ ਸਿਮਰਾਂ, ਜਿਸ ਪਾਸੋਂ ਸਾਰੇ ਸੁਖ ਤੇ ਸਾਰੇ ਫਲ ਮੰਗੀਦੇ ਹਨ।

ਨੇੜੈ ਦੇਖਉ ਪਾਰਬ੍ਰਹਮੁ ਇਕੁ ਨਾਮੁ ਧਿਆਵਉ ॥

ਉਸ ਪਾਰਬ੍ਰਹਮ ਨੂੰ ਆਪਣੇ ਅੰਗ-ਸੰਗ ਵੇਖਾਂ ਤੇ ਕੇਵਲ ਉਸੇ ਦਾ ਹੀ ਨਾਮ ਧਿਆਵਾਂ।

ਹੋਇ ਸਗਲ ਕੀ ਰੇਣੁਕਾ ਹਰਿ ਸੰਗਿ ਸਮਾਵਉ ॥

ਸਭ ਦੇ ਚਰਨਾਂ ਦੀ ਧੂੜ ਹੋ ਕੇ ਮੈਂ ਪਰਮਾਤਮਾ ਵਿਚ ਲੀਨ ਹੋ ਜਾਵਾਂ।

ਦੂਖੁ ਨ ਦੇਈ ਕਿਸੈ ਜੀਅ ਪਤਿ ਸਿਉ ਘਰਿ ਜਾਵਉ ॥

ਮੈਂ ਕਿਸੇ ਭੀ ਜੀਵ ਨੂੰ ਦੁੱਖ ਨਾ ਦਿਆਂ ਤੇ (ਇਸ ਤਰ੍ਹਾਂ) ਇੱਜ਼ਤ ਨਾਲ (ਆਪਣੇ ਅਸਲੀ) ਘਰ ਵਿਚ ਜਾਵਾਂ (ਭਾਵ, ਪ੍ਰਭੂ ਦੀ ਹਜ਼ੂਰੀ ਵਿਚ ਅੱਪੜਾਂ)।

ਪਤਿਤ ਪੁਨੀਤ ਕਰਤਾ ਪੁਰਖੁ ਨਾਨਕ ਸੁਣਾਵਉ ॥੧੭॥

ਹੇ ਨਾਨਕ! ਮੈਂ ਹੋਰਨਾਂ ਨੂੰ ਭੀ ਦੱਸਾਂ ਕਿ ਕਰਤਾਰ ਅਕਾਲ ਪੁਰਖ (ਵਿਕਾਰਾਂ ਵਿਚ) ਡਿੱਗਿਆਂ ਹੋਇਆਂ ਨੂੰ ਭੀ ਪਵਿੱਤ੍ਰ ਕਰਨ ਵਾਲਾ ਹੈ ॥੧੭॥


ਸਲੋਕ ਦੋਹਾ ਮਃ ੫ ॥
ਏਕੁ ਜਿ ਸਾਜਨੁ ਮੈ ਕੀਆ ਸਰਬ ਕਲਾ ਸਮਰਥੁ ॥

ਮੈਂ ਇਕ ਉਸ (ਹਰੀ) ਨੂੰ ਹੀ ਆਪਣਾ ਮਿੱਤ੍ਰ ਬਣਾਇਆ ਹੈ ਜੋ ਸਾਰੀਆਂ ਤਾਕਤਾਂ ਵਾਲਾ ਹੈ।

ਜੀਉ ਹਮਾਰਾ ਖੰਨੀਐ ਹਰਿ ਮਨ ਤਨ ਸੰਦੜੀ ਵਥੁ ॥੧॥

ਪਰਮਾਤਮਾ ਹੀ ਮਨ ਤੇ ਤਨ ਦੇ ਕੰਮ ਆਉਣ ਵਾਲੀ ਅਸਲੀ ਚੀਜ਼ ਹੈ, ਮੇਰੀ ਜਿੰਦ ਉਸ ਤੋਂ ਸਦਕੇ ਹੈ ॥੧॥


ਮਃ ੫ ॥
ਜੇ ਕਰੁ ਗਹਹਿ ਪਿਆਰੜੇ ਤੁਧੁ ਨ ਛੋਡਾ ਮੂਲਿ ॥

ਹੇ ਅਤਿ ਪਿਆਰੇ (ਪ੍ਰਭੂ!) ਜੇ ਤੂੰ ਮੇਰਾ ਹੱਥ ਫੜ ਲਏਂ, ਮੈਂ ਤੈਨੂੰ ਕਦੇ ਨਾ ਛੱਡਾਂ।

ਹਰਿ ਛੋਡਨਿ ਸੇ ਦੁਰਜਨਾ ਪੜਹਿ ਦੋਜਕ ਕੈ ਸੂਲਿ ॥੨॥

ਜੋ ਮਨੁੱਖ ਪ੍ਰਭੂ ਨੂੰ ਵਿਸਾਰ ਦੇਂਦੇ ਹਨ ਉਹ ਮੰਦ-ਕਰਮੀ (ਹੋ ਕੇ) ਦੋਜ਼ਕ ਦੀ ਅਸਹ ਪੀੜ ਵਿਚ ਪੈਂਦੇ ਹਨ (ਭਾਵ, ਪੀੜ ਨਾਲ ਤੜਫ਼ਦੇ ਹਨ) ॥੨॥


ਪਉੜੀ ॥
ਸਭਿ ਨਿਧਾਨ ਘਰਿ ਜਿਸ ਦੈ ਹਰਿ ਕਰੇ ਸੁ ਹੋਵੈ ॥

ਜਿਸ ਪਰਮਾਤਮਾ ਦੇ ਘਰ ਵਿਚ ਸਾਰੇ ਖ਼ਜ਼ਾਨੇ ਹਨ ਉਹ ਜੋ ਕੁਝ ਕਰਦਾ ਹੈ ਉਹੀ ਹੁੰਦਾ ਹੈ।

ਜਪਿ ਜਪਿ ਜੀਵਹਿ ਸੰਤ ਜਨ ਪਾਪਾ ਮਲੁ ਧੋਵੈ ॥

ਉਸ ਦੇ ਸੰਤ ਜਨ ਉਸ ਨੂੰ ਸਿਮਰ ਸਿਮਰ ਕੇ ਜੀਊਂਦੇ ਹਨ (ਭਾਵ, ਉਸ ਦੇ ਸਿਮਰਨ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾਂਦੇ ਹਨ, ਕਿਉਂਕਿ ਪ੍ਰਭੂ ਉਹਨਾਂ ਦੇ) ਪਾਪਾਂ ਦੀ ਸਾਰੀ ਮੈਲ ਧੋ ਦੇਂਦਾ ਹੈ।

ਚਰਨ ਕਮਲ ਹਿਰਦੈ ਵਸਹਿ ਸੰਕਟ ਸਭਿ ਖੋਵੈ ॥

ਪ੍ਰਭੂ ਦੇ ਸੋਹਣੇ ਚਰਨ ਉਹਨਾਂ ਦੇ ਮਨ ਵਿਚ ਵੱਸਦੇ ਹਨ, ਪ੍ਰਭੂ ਉਹਨਾਂ ਦੇ ਸਾਰੇ ਕਲੇਸ਼ ਨਾਸ ਕਰ ਦੇਂਦਾ ਹੈ।

ਗੁਰੁ ਪੂਰਾ ਜਿਸੁ ਭੇਟੀਐ ਮਰਿ ਜਨਮਿ ਨ ਰੋਵੈ ॥

(ਪਰ ਇਹ ਦਾਤਿ ਗੁਰੂ ਦੀ ਰਾਹੀਂ ਮਿਲਦੀ ਹੈ) ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲਦਾ ਹੈ ਉਹ ਨਾਹ ਜਨਮ ਮਰਨ ਦੇ ਗੇੜ ਵਿਚ ਪੈਂਦਾ ਹੈ ਤੇ ਨਾਹ ਦੁਖੀ ਹੁੰਦਾ ਹੈ।

ਪ੍ਰਭ ਦਰਸ ਪਿਆਸ ਨਾਨਕ ਘਣੀ ਕਿਰਪਾ ਕਰਿ ਦੇਵੈ ॥੧੮॥

ਪ੍ਰਭੂ ਦੇ ਦਰਸ਼ਨ ਦੀ ਤਾਂਘ ਨਾਨਕ ਨੂੰ ਭੀ ਬੜੀ ਤੀਬਰ ਹੈ, ਪਰ ਉਹ ਆਪਣਾ ਦਰਸ਼ਨ ਆਪ ਹੀ ਮਿਹਰ ਕਰ ਕੇ ਦੇਂਦਾ ਹੈ ॥੧੮॥


ਸਲੋਕ ਡਖਣਾ ਮਃ ੫ ॥
ਭੋਰੀ ਭਰਮੁ ਵਞਾਇ ਪਿਰੀ ਮੁਹਬਤਿ ਹਿਕੁ ਤੂ ॥

(ਹੇ ਭਾਈ!) ਜੇ ਤੂੰ ਰਤਾ ਭਰ ਭੀ (ਮਨ ਦੀ) ਭਟਕਣਾ ਦੂਰ ਕਰ ਦੇਵੇਂ ਤੇ ਸਿਰਫ਼ ਪਿਆਰੇ (ਪ੍ਰਭੂ) ਨਾਲ ਪ੍ਰੇਮ ਕਰੇਂ;

ਜਿਥਹੁ ਵੰਞੈ ਜਾਇ ਤਿਥਾਊ ਮਉਜੂਦੁ ਸੋਇ ॥੧॥

ਤਾਂ ਜਿੱਥੇ ਜਾਇਂਗਾ ਓਥੇ ਹੀ ਉਹ ਪ੍ਰਭੂ ਹਾਜ਼ਰ (ਦਿੱਸੇਗਾ) ॥੧॥


ਮਃ ੫ ॥
ਚੜਿ ਕੈ ਘੋੜੜੈ ਕੁੰਦੇ ਪਕੜਹਿ ਖੂੰਡੀ ਦੀ ਖੇਡਾਰੀ ॥

(ਜੋ ਮਨੁੱਖ) ਜਾਣਦੇ ਤਾਂ ਹਨ ਖੂੰਡੀ ਦੀ ਖੇਡ ਖੇਡਣੀ, (ਪਰ) ਸੋਹਣੇ ਘੋੜੇ ਤੇ ਚੜ੍ਹ ਕੇ ਬੰਦੂਕਾਂ ਦੇ ਹੱਥੇ (ਹੱਥ ਵਿਚ) ਫੜਦੇ ਹਨ,

ਹੰਸਾ ਸੇਤੀ ਚਿਤੁ ਉਲਾਸਹਿ ਕੁਕੜ ਦੀ ਓਡਾਰੀ ॥੨॥

(ਉਹ ਹਾਸੋ-ਹੀਣੇ ਹੁੰਦੇ ਹਨ, ਉਹ, ਮਾਨੋ, ਇਹੋ ਜਿਹੇ ਹਨ ਕਿ) ਕੁੱਕੜ ਦੀ ਉਡਾਰੀ ਉੱਡਣੀ ਜਾਣਦੇ ਹੋਣ ਤੇ ਹੰਸਾਂ ਨਾਲ (ਉੱਡਣ ਲਈ ਆਪਣੇ) ਮਨ ਨੂੰ ਉਤਸ਼ਾਹ ਦੇਂਦੇ ਹੋਣ। (ਤਿਵੇਂ ਉਹਨਾਂ ਮਨਮੁਖਾਂ ਦਾ ਹਾਲ ਸਮਝੋ ਜੋ ਗੁਰਮੁਖਾਂ ਦੀ ਰੀਸ ਕਰਦੇ ਹਨ) ॥੨॥


ਪਉੜੀ ॥
ਰਸਨਾ ਉਚਰੈ ਹਰਿ ਸ੍ਰਵਣੀ ਸੁਣੈ ਸੋ ਉਧਰੈ ਮਿਤਾ ॥

ਹੇ ਮਿੱਤਰ! ਜੋ ਮਨੁੱਖ ਜੀਭ ਨਾਲ ਹਰਿ-ਨਾਮ ਉਚਾਰਦਾ ਹੈ, ਤੇ ਕੰਨਾਂ ਨਾਲ ਹਰਿ-ਨਾਮ ਸੁਣਦਾ ਹੈ, ਉਹ (ਮਨੁੱਖ ਸੰਸਾਰ-ਸਾਗਰ ਤੋਂ) ਬਚ ਜਾਂਦਾ ਹੈ।

ਹਰਿ ਜਸੁ ਲਿਖਹਿ ਲਾਇ ਭਾਵਨੀ ਸੇ ਹਸਤ ਪਵਿਤਾ ॥

ਉਸ ਦੇ ਉਹ ਹੱਥ ਪਵਿੱਤ੍ਰ ਹਨ ਜੋ ਸ਼ਰਧਾ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਲਿਖਦੇ ਹਨ।

ਅਠਸਠਿ ਤੀਰਥ ਮਜਨਾ ਸਭਿ ਪੁੰਨ ਤਿਨਿ ਕਿਤਾ ॥

ਉਸ ਮਨੁੱਖ ਨੇ, ਮਾਨੋ, ਅਠਾਹਠ ਤੀਰਥਾਂ ਦਾ ਇਸ਼ਨਾਨ ਕਰ ਲਿਆ ਹੈ ਤੇ ਸਾਰੇ ਪੁੰਨ ਕਰਮ ਕਰ ਲਏ ਹਨ।

ਸੰਸਾਰ ਸਾਗਰ ਤੇ ਉਧਰੇ ਬਿਖਿਆ ਗੜੁ ਜਿਤਾ ॥

ਅਜੇਹੇ ਮਨੁੱਖ ਸੰਸਾਰ-ਸਮੁੰਦਰ (ਦੇ ਵਿਕਾਰਾਂ ਵਿਚ ਡੁੱਬਣ) ਤੋਂ ਬਚ ਜਾਂਦੇ ਹਨ, ਉਹਨਾਂ ਨੇ ਮਾਇਆ ਦਾ ਕਿਲ੍ਹਾ ਜਿੱਤ ਲਿਆ (ਸਮਝੋ)।

ਨਾਨਕ ਲੜਿ ਲਾਇ ਉਧਾਰਿਅਨੁ ਦਯੁ ਸੇਵਿ ਅਮਿਤਾ ॥੧੯॥

ਹੇ ਨਾਨਕ! ਐਸੇ ਬੇਅੰਤ ਪ੍ਰਭੂ ਨੂੰ ਸਿਮਰ, ਜਿਸ ਨੇ ਆਪਣੇ ਲੜ ਲਾ ਕੇ (ਅਨੇਕਾਂ ਜੀਵ) ਬਚਾਏ ਹਨ ॥੧੯॥


ਸਲੋਕ ਮਃ ੫ ॥
ਧੰਧੜੇ ਕੁਲਾਹ ਚਿਤਿ ਨ ਆਵੈ ਹੇਕੜੋ ॥

ਉਹ ਕੋਝੇ ਧੰਧੇ ਘਾਟੇ ਵਾਲੇ ਹਨ ਜਿਨ੍ਹਾਂ ਦੇ ਕਾਰਨ ਇੱਕ ਪਰਮਾਤਮਾ ਚਿੱਤ ਵਿਚ ਨਾ ਆਵੇ,

ਨਾਨਕ ਸੇਈ ਤੰਨ ਫੁਟੰਨਿ ਜਿਨਾ ਸਾਂਈ ਵਿਸਰੈ ॥੧॥

(ਕਿਉਂਕਿ) ਹੇ ਨਾਨਕ! ਉਹ ਸਰੀਰ ਵਿਕਾਰਾਂ ਨਾਲ ਗੰਦੇ ਹੋ ਜਾਂਦੇ ਹਨ ਜਿਨ੍ਹਾਂ ਨੂੰ ਮਾਲਕ ਪ੍ਰਭੂ ਭੁੱਲ ਜਾਂਦਾ ਹੈ ॥੧॥


ਮਃ ੫ ॥
ਪਰੇਤਹੁ ਕੀਤੋਨੁ ਦੇਵਤਾ ਤਿਨਿ ਕਰਣੈਹਾਰੇ ॥

ਉਸ ਸਿਰਜਣਹਾਰ ਨੇ (ਨਾਮ ਦੀ ਦਾਤਿ ਦੇ ਕੇ ਜੀਵ ਨੂੰ) ਪ੍ਰੇਤ ਤੋਂ ਦੇਵਤਾ ਬਣਾ ਦਿੱਤਾ ਹੈ।

ਸਭੇ ਸਿਖ ਉਬਾਰਿਅਨੁ ਪ੍ਰਭਿ ਕਾਜ ਸਵਾਰੇ ॥

ਪ੍ਰਭੂ ਨੇ ਆਪ ਕੰਮ ਸਵਾਰੇ ਹਨ ਤੇ ਸਾਰੇ ਸਿੱਖ (ਵਿਕਾਰਾਂ ਤੋਂ) ਬਚਾ ਲਏ ਹਨ।

ਨਿੰਦਕ ਪਕੜਿ ਪਛਾੜਿਅਨੁ ਝੂਠੇ ਦਰਬਾਰੇ ॥

ਝੂਠ ਨਿੰਦਕਾਂ ਨੂੰ ਫੜ ਕੇ ਆਪਣੀ ਹਜ਼ੂਰੀ ਵਿਚ ਉਸ ਨੇ (ਮਾਨੋ) ਪਟਕਾ ਕੇ ਧਰਤੀ ਤੇ ਮਾਰਿਆ ਹੈ।

ਨਾਨਕ ਕਾ ਪ੍ਰਭੁ ਵਡਾ ਹੈ ਆਪਿ ਸਾਜਿ ਸਵਾਰੇ ॥੨॥

ਨਾਨਕ ਦਾ ਪ੍ਰਭੂ ਸਭ ਤੋਂ ਵੱਡਾ ਹੈ, ਉਸ ਨੇ ਜੀਵ ਪੈਦਾ ਕਰ ਕੇ ਆਪ ਹੀ (‘ਨਾਮ’ ਵਿਚ ਜੋੜ ਕੇ) ਸੰਵਾਰ ਦਿੱਤੇ ਹਨ ॥੨॥


ਪਉੜੀ ॥
ਪ੍ਰਭੁ ਬੇਅੰਤੁ ਕਿਛੁ ਅੰਤੁ ਨਾਹਿ ਸਭੁ ਤਿਸੈ ਕਰਣਾ ॥

ਪਰਮਾਤਮਾ ਬੇਅੰਤ ਹੈ, ਉਸ ਦਾ ਕੋਈ ਅੰਤ ਨਹੀਂ ਪੈ ਸਕਦਾ, ਸਾਰਾ ਜਗਤ ਉਸੇ ਨੇ ਬਣਾਇਆ ਹੈ।

ਅਗਮ ਅਗੋਚਰੁ ਸਾਹਿਬੋ ਜੀਆਂ ਕਾ ਪਰਣਾ ॥

ਉਹ ਮਾਲਕ ਅਪਹੁੰਚ ਹੈ, ਜੀਵਾਂ ਦੇ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਸਭ ਜੀਵਾਂ ਦਾ ਆਸਰਾ ਹੈ।

ਹਸਤ ਦੇਇ ਪ੍ਰਤਿਪਾਲਦਾ ਭਰਣ ਪੋਖਣੁ ਕਰਣਾ ॥

ਹੱਥ ਦੇ ਕੇ ਸਭ ਦੀ ਰੱਖਿਆ ਕਰਦਾ ਹੈ, ਸਭ ਨੂੰ ਪਾਲਦਾ ਹੈ।

ਮਿਹਰਵਾਨੁ ਬਖਸਿੰਦੁ ਆਪਿ ਜਪਿ ਸਚੇ ਤਰਣਾ ॥

ਉਹ ਪ੍ਰਭੂ ਮਿਹਰ ਕਰਨ ਵਾਲਾ ਹੈ, ਬਖ਼ਸ਼ਸ਼ ਕਰਨ ਵਾਲਾ ਹੈ, ਜੀਵ ਉਸ ਨੂੰ ਸਿਮਰ ਕੇ ਤਰਦੇ ਹਨ।

ਜੋ ਤੁਧੁ ਭਾਵੈ ਸੋ ਭਲਾ ਨਾਨਕ ਦਾਸ ਸਰਣਾ ॥੨੦॥

ਹੇ ਦਾਸ ਨਾਨਕ! (ਆਖ-) ‘ਜੋ ਕੁਝ ਤੇਰੀ ਰਜ਼ਾ ਵਿਚ ਹੋ ਰਿਹਾ ਹੈ ਉਹ ਠੀਕ ਹੈ, ਅਸੀਂ ਜੀਵ ਤੇਰੀ ਸ਼ਰਨ ਹਾਂ’ ॥੨੦॥


ਸਲੋਕ ਮਃ ੫ ॥
ਤਿੰਨਾ ਭੁਖ ਨ ਕਾ ਰਹੀ ਜਿਸ ਦਾ ਪ੍ਰਭੁ ਹੈ ਸੋਇ ॥

ਜਿਸ ਜਿਸ ਮਨੁੱਖ ਦੇ ਸਿਰ ਤੇ ਰਾਖਾ ਉਹ ਪ੍ਰਭੂ ਹੈ ਉਹਨਾਂ ਨੂੰ (ਮਾਇਆ ਦੀ) ਕੋਈ ਭੁੱਖ ਨਹੀਂ ਰਹਿ ਜਾਂਦੀ।

ਨਾਨਕ ਚਰਣੀ ਲਗਿਆ ਉਧਰੈ ਸਭੋ ਕੋਇ ॥੧॥

ਹੇ ਨਾਨਕ! ਪਰਮਾਤਮਾ ਦੀ ਚਰਨੀਂ ਲੱਗਿਆਂ ਹਰੇਕ ਜੀਵ ਮਾਇਆ ਦੀ ਭੁੱਖ ਤੋਂ ਬਚ ਜਾਂਦਾ ਹੈ ॥੧॥


ਮਃ ੫ ॥
ਜਾਚਿਕੁ ਮੰਗੈ ਨਿਤ ਨਾਮੁ ਸਾਹਿਬੁ ਕਰੇ ਕਬੂਲੁ ॥

(ਜੋ ਮਨੁੱਖ) ਮੰਗਤਾ (ਬਣ ਕੇ ਮਾਲਕ-ਪ੍ਰਭੂ ਤੋਂ) ਸਦਾ ਨਾਮ ਮੰਗਦਾ ਹੈ (ਉਸ ਦੀ ਅਰਜ਼) ਮਾਲਕ ਕਬੂਲ ਕਰਦਾ ਹੈ।

ਨਾਨਕ ਪਰਮੇਸਰੁ ਜਜਮਾਨੁ ਤਿਸਹਿ ਭੁਖ ਨ ਮੂਲਿ ॥੨॥

ਹੇ ਨਾਨਕ! ਜਿਸ ਮਨੁੱਖ ਦਾ ਜਜਮਾਨ (ਆਪ) ਪਰਮੇਸਰ ਹੈ ਉਸ ਨੂੰ ਰਤਾ ਭੀ (ਮਾਇਆ ਦੀ) ਭੁੱਖ ਨਹੀਂ ਰਹਿੰਦੀ ॥੨॥


ਪਉੜੀ ॥
ਮਨੁ ਰਤਾ ਗੋਵਿੰਦ ਸੰਗਿ ਸਚੁ ਭੋਜਨੁ ਜੋੜੇ ॥

(ਜੋ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ ਉਸ ਦਾ) ਮਨ ਪਰਮਾਤਮਾ ਨਾਲ ਰੰਗਿਆ ਜਾਂਦਾ ਹੈ ਉਸ ਨੂੰ ਪ੍ਰਭੂ ਦਾ ਨਾਮ ਹੀ ਚੰਗੇ ਭੋਜਨ ਤੇ ਪੁਸ਼ਾਕੇ ਹੈ।

ਪ੍ਰੀਤਿ ਲਗੀ ਹਰਿ ਨਾਮ ਸਿਉ ਏ ਹਸਤੀ ਘੋੜੇ ॥

ਪਰਮਾਤਮਾ ਦੇ ਨਾਮ ਨਾਲ ਉਸ ਦਾ ਪਿਆਰ ਬਣ ਜਾਂਦਾ ਹੈ, ਇਹੀ ਉਸ ਲਈ ਹਾਥੀ ਤੇ ਘੋੜੇ ਹੈ।

ਰਾਜ ਮਿਲਖ ਖੁਸੀਆ ਘਣੀ ਧਿਆਇ ਮੁਖੁ ਨ ਮੋੜੇ ॥

ਪ੍ਰਭੂ ਨੂੰ ਸਿਮਰਨ ਤੋਂ ਕਦੇ ਉਹ ਅੱਕਦਾ ਨਹੀਂ, ਇਹੀ ਉਸ ਲਈ ਰਾਜ ਜ਼ਮੀਨਾਂ ਤੇ ਬੇਅੰਤ ਖ਼ੁਸ਼ੀਆਂ ਹਨ।

ਢਾਢੀ ਦਰਿ ਪ੍ਰਭ ਮੰਗਣਾ ਦਰੁ ਕਦੇ ਨ ਛੋੜੇ ॥

ਉਹ ਢਾਡੀ ਪ੍ਰਭੂ ਦੇ ਦਰ ਤੋਂ ਸਦਾ ਮੰਗਦਾ ਹੈ, ਪ੍ਰਭੂ ਦਾ ਦਰ ਕਦੇ ਛੱਡਦਾ ਨਹੀਂ।

ਨਾਨਕ ਮਨਿ ਤਨਿ ਚਾਉ ਏਹੁ ਨਿਤ ਪ੍ਰਭ ਕਉ ਲੋੜੇ ॥੨੧॥੧॥ ਸੁਧੁ ਕੀਚੇ

ਹੇ ਨਾਨਕ! ਸਿਫ਼ਤਿ-ਸਾਲਾਹ ਕਰਨ ਵਾਲੇ ਦੇ ਮਨ ਵਿਚ ਤਨ ਵਿਚ ਸਦਾ ਚਾਉ ਬਣਿਆ ਰਹਿੰਦਾ ਹੈ; ਉਹ ਸਦਾ ਪ੍ਰਭੂ ਨੂੰ ਮਿਲਣ ਲਈ ਹੀ ਤਾਂਘਦਾ ਹੈ ॥੨੧॥੧॥ ਸੁੱਧ ਕਰ ਲੈਣਾ॥