ਗਉੜੀ ਕੀ ਵਾਰ (ਮਹਲਾ 4), Gauri ki vaar (Mahalla 4) Path in Punjabi Gurbani

ਗਉੜੀ ਕੀ ਵਾਰ (ਮਹਲਾ 4), Gauri ki vaar (Mahalla 4) Path in Punjabi Gurbani

ਗਉੜੀ ਕੀ ਵਾਰ ਮਹਲਾ ੪ ॥

ਰਾਗ ਗਉੜੀ ਵਿੱਚ ਗੁਰੂ ਅਰਜਨ ਜੀ ਦੀ ਬਾਣੀ ‘ਵਾਰ’।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਲੋਕ ਮਃ ੪ ॥
ਸਤਿਗੁਰੁ ਪੁਰਖੁ ਦਇਆਲੁ ਹੈ ਜਿਸ ਨੋ ਸਮਤੁ ਸਭੁ ਕੋਇ ॥

ਸਤਿਗੁਰੂ ਸਭ ਜੀਆਂ ਤੇ ਮਿਹਰ ਕਰਨ ਵਾਲਾ ਹੈ, ਉਸ ਨੂੰ ਹੇਰਕ ਜੀਵ ਇਕੋ ਜਿਹਾ ਹੈ।

ਏਕ ਦ੍ਰਿਸਟਿ ਕਰਿ ਦੇਖਦਾ ਮਨ ਭਾਵਨੀ ਤੇ ਸਿਧਿ ਹੋਇ ॥

ਉਹ ਸਭਨਾਂ ਵਲ ਇਕੋ ਨਿਗਾਹ ਨਾਲ ਵੇਖਦਾ ਹੈ, ਪਰ (ਜੀਵ ਨੂੰ ਆਪਣੇ ਉੱਦਮ ਦੀ) ਸਫਲਤਾ ਆਪਣੇ ਮਨ ਦੀ ਭਾਵਨਾ ਕਰਕੇ ਹੁੰਦੀ ਹੈ (ਭਾਵ ਜਿਹੀ ਮਨ ਦੀ ਭਾਵਨਾ ਤੇਹੀ ਮੁਰਾਦ ਮਿਲਦੀ ਹੈ)।

ਸਤਿਗੁਰ ਵਿਚਿ ਅੰਮ੍ਰਿਤੁ ਹੈ ਹਰਿ ਉਤਮੁ ਹਰਿ ਪਦੁ ਸੋਇ ॥

ਸਤਿਗੁਰੂ ਦੇ ਕੋਲ ਹਰੀ ਦੇ ਸ੍ਰੇਸ਼ਟ ਨਾਮ ਦਾ ਅੰਮ੍ਰਿਤ ਹੈ, (???)

ਨਾਨਕ ਕਿਰਪਾ ਤੇ ਹਰਿ ਧਿਆਈਐ ਗੁਰਮੁਖਿ ਪਾਵੈ ਕੋਇ ॥੧॥

(ਪਰ) ਹੇ ਨਾਨਕ! ਇਹੀ ਹਰੀ-ਨਾਮ ਜੀਵ (ਪ੍ਰਭੂ ਦੀ) ਕਿਰਪਾ ਨਾਲ ਸਿਮਰਦਾ ਹੈ, ਸਤਿਗੁਰੂ ਦੇ ਸਨਮੁਖ ਹੋ ਕੇ ਕੋਈ (ਭਾਗਾਂ ਵਾਲਾ) ਹਾਸਲ ਕਰ ਸਕਦਾ ਹੈ ॥੧॥


ਮਃ ੪ ॥
ਹਉਮੈ ਮਾਇਆ ਸਭ ਬਿਖੁ ਹੈ ਨਿਤ ਜਗਿ ਤੋਟਾ ਸੰਸਾਰਿ ॥

ਮਾਇਆ ਤੋਂ ਉਪਜੀ ਹੋਈ ਹਉਮੈ ਨਿਰੋਲ ਜ਼ਹਿਰ (ਦਾ ਕੰਮ ਕਰਦੀ) ਹੈ, ਇਸ ਦੇ ਪਿਛੇ ਲੱਗਿਆਂ ਸਦਾ ਜਗਤ ਵਿਚ ਘਾਟਾ ਹੈ।

ਲਾਹਾ ਹਰਿ ਧਨੁ ਖਟਿਆ ਗੁਰਮੁਖਿ ਸਬਦੁ ਵੀਚਾਰਿ ॥

ਪ੍ਰਭੂ ਦੇ ਨਾਮ ਧਨ ਦਾ ਲਾਹਾ ਸਤਿਗੁਰੂ ਦੇ ਸਨਮੁਖ ਰਹਿ ਕੇ ਸ਼ਬਦ ਦੀ ਵੀਚਾਰ ਦੁਆਰਾ ਖੱਟਿਆ (ਜਾ ਸਕਦਾ ਹੈ),

ਹਉਮੈ ਮੈਲੁ ਬਿਖੁ ਉਤਰੈ ਹਰਿ ਅੰਮ੍ਰਿਤੁ ਹਰਿ ਉਰ ਧਾਰਿ ॥

ਤੇ ਹਉਮੈ-ਮੈਲ (ਰੂਪ) ਜ਼ਹਿਰ ਪ੍ਰਭੂ ਦਾ ਅੰਮ੍ਰਿਤ ਨਾਮ ਹਿਰਦੇ ਵਿਚ ਧਾਰਨ ਕੀਤਿਆਂ ਉਤਰ ਜਾਂਦੀ ਹੈ।

ਸਭਿ ਕਾਰਜ ਤਿਨ ਕੇ ਸਿਧਿ ਹਹਿ ਜਿਨ ਗੁਰਮੁਖਿ ਕਿਰਪਾ ਧਾਰਿ ॥

(ਇਹ ਨਾਮ ਦੀ ਦਾਤਿ ਪ੍ਰਭੂ ਦੇ ਹੱਥ ਹੈ), ਜਿਨ੍ਹਾਂ ਗੁਰਮੁਖਾਂ ਤੇ ਉਹ ਕਿਰਪਾ ਕਰਦਾ ਹੈ, ਉਹਨਾਂ ਦੇ ਸਾਰੇ ਕੰਮ ਸਫਲ ਹੋ ਜਾਂਦੇ ਹਨ। (ਉਹਨਾਂ ਨੂੰ ਮਨੁੱਖਾ ਜਨਮ ਦੇ ਅਸਲ ਵਣਜ ਵਿਚ ਘਾਟਾ ਨਹੀਂ ਪੈਂਦਾ),

ਨਾਨਕ ਜੋ ਧੁਰਿ ਮਿਲੇ ਸੇ ਮਿਲਿ ਰਹੇ ਹਰਿ ਮੇਲੇ ਸਿਰਜਣਹਾਰਿ ॥੨॥

(ਪਰ) ਹੇ ਨਾਨਕ! ਪ੍ਰਭੂ ਨੂੰ ਉਹੀ ਮਿਲੇ ਹਨ; ਜੋ ਦਰਗਾਹ ਤੋਂ ਮਿਲੇ ਹਨ, ਤੇ ਜਿਨ੍ਹਾਂ ਨੂੰ ਸਿਰਜਣਹਾਰ ਹਰੀ ਨੇ ਆਪ ਮੇਲਿਆ ਹੈ ॥੨॥


ਪਉੜੀ ॥
ਤੂ ਸਚਾ ਸਾਹਿਬੁ ਸਚੁ ਹੈ ਸਚੁ ਸਚਾ ਗੋਸਾਈ ॥

ਹੇ ਪ੍ਰਭੂ! ਤੂੰ ਸਦਾ-ਥਿਰ ਰਹਿਣ ਵਾਲਾ ਮਾਲਕ ਹੈਂ ਤੇ ਪ੍ਰਿਥਵੀ ਦਾ ਸੱਚਾ ਸਾਈਂ ਹੈਂ,

ਤੁਧੁਨੋ ਸਭ ਧਿਆਇਦੀ ਸਭ ਲਗੈ ਤੇਰੀ ਪਾਈ ॥

ਸਾਰੀ ਸ੍ਰਿਸ਼ਟੀ ਤੇਰਾ ਧਿਆਨ ਹੈ ਤੇ ਸਭ ਜੀਅ-ਜੰਤ ਤੇਰੇ ਅਗੇ ਸਿਰ ਨਿਵਾਉਂਦੇ ਹਨ।

ਤੇਰੀ ਸਿਫਤਿ ਸੁਆਲਿਉ ਸਰੂਪ ਹੈ ਜਿਨਿ ਕੀਤੀ ਤਿਸੁ ਪਾਰਿ ਲਘਾਈ ॥

ਤੇਰੀ ਸਿਫ਼ਤਿ-ਸਾਲਾਹ ਕਰਨੀ ਇਕ ਸੋਹਣੀ ਸੁੰਦਰ ਕਾਰ ਹੈ। ਜਿਸ ਨੇ ਕੀਤੀ ਹੈ, ਉਸ ਨੂੰ (ਸੰਸਾਰ-ਸਾਗਰ ਤੋਂ) ਪਾਰ ਉਤਾਰਦੀ ਹੈ।

ਗੁਰਮੁਖਾ ਨੋ ਫਲੁ ਪਾਇਦਾ ਸਚਿ ਨਾਮਿ ਸਮਾਈ ॥

ਹੇ ਪ੍ਰਭੂ! ਜੋ ਜੀਵ ਸਤਿਗੁਰੂ ਦੇ ਸਨਮੁਖ ਰਹਿੰਦੇ ਹਨ; ਤੂੰ ਉਹਨਾਂ ਦੀ ਘਾਲ (ਸਿਫ਼ਤਿ-ਸਾਲਾਹ ਕਰਨ ਦੀ ਘਾਲ) ਸਫਲ ਕਰਦਾ ਹੈਂ, ਤੇਰੇ ਸੱਚੇ ਨਾਮ ਵਿਚ ਉਹ ਲੀਨ ਹੋ ਜਾਂਦੇ ਹਨ।

ਵਡੇ ਮੇਰੇ ਸਾਹਿਬਾ ਵਡੀ ਤੇਰੀ ਵਡਿਆਈ ॥੧॥

ਹੇ ਮੇਰੇ ਮਾਲਿਕ (ਪ੍ਰਭੂ! ਜਿਹਾ) ਤੂੰ ਆਪ ਹੈਂ (ਤਿਹੀ) ਤੇਰੀ ਵਡਿਆਈ (ਭੀ) ਵੱਡੀ (ਭਾਵ, ਵੱਡੇ ਗੁਣ ਪੈਦਾ ਕਰਨ ਵਾਲੀ) ਹੈ ॥੧॥


ਸਲੋਕ ਮਃ ੪ ॥
ਵਿਣੁ ਨਾਵੈ ਹੋਰੁ ਸਲਾਹਣਾ ਸਭੁ ਬੋਲਣੁ ਫਿਕਾ ਸਾਦੁ ॥

ਹਰੀ ਦੇ ਨਾਮ ਤੋਂ ਬਿਨਾ ਕਿਸੇ ਹੋਰ ਦੀ ਵਡਿਆਈ ਕਰਨੀ-ਇਹ ਬੋਲਣ ਦਾ ਸਾਰਾ (ਉੱਦਮ) ਬੇ-ਸੁਆਦਾ ਕੰਮ ਹੈ (ਭਾਵ, ਇਸ ਵਿਚ ਅਸਲੀ ਅਨੰਦ ਨਹੀਂ ਹੈ)।

ਮਨਮੁਖ ਅਹੰਕਾਰੁ ਸਲਾਹਦੇ ਹਉਮੈ ਮਮਤਾ ਵਾਦੁ ॥

ਮਨਮੁਖ ਜੀਵ ਅਹੰਕਾਰ ਹਉਮੈ ਤੇ ਅਪਣੱਤ ਦੀਆਂ ਗੱਲਾਂ ਨੂੰ ਪਸੰਦ ਕਰਦੇ ਹਨ ਭਾਵ ਇਹਨਾਂ ਦੇ ਅਧਾਰ ਤੇ ਕਿਸੇ ਮਨੁੱਖ ਦੀ ਨਿੰਦਾ ਕਰਦੇ ਹਨ।

ਜਿਨ ਸਾਲਾਹਨਿ ਸੇ ਮਰਹਿ ਖਪਿ ਜਾਵੈ ਸਭੁ ਅਪਵਾਦੁ ॥

ਉਹ ਜਿਨ੍ਹਾਂ ਦੀ ਸਿਫ਼ਤ ਕਰਦੇ ਹਨ, ਉਹ ਖਪ ਕੇ ਮਰ ਜਾਂਦੇ ਹਨ ਇਹਨਾਂ ਦਾ ਸਾਰਾ ਝਗੜਾ (ਭਾਵ, ਉਸਤਤਿ ਨਿੰਦਾ ਦੀਆਂ ਗੱਲਾਂ ਦਾ ਸਿਲਸਿਲਾ) ਵਿਅਰਥ ਜਾਂਦਾ ਹੈ।

ਜਨ ਨਾਨਕ ਗੁਰਮੁਖਿ ਉਬਰੇ ਜਪਿ ਹਰਿ ਹਰਿ ਪਰਮਾਨਾਦੁ ॥੧॥

ਹੇ ਨਾਨਕ! ਸਤਿਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਪੂਰਨ ਅਨੰਦ ਸਰੂਪ ਪ੍ਰਭੂ ਦਾ ਸਿਮਰਨ ਕਰ ਕੇ (ਦੂਜੇ ਮਨੁੱਖਾਂ ਦੀ ਉਸਤਤਿ ਨਿੰਦਾ ਦੇ ਚਸਕੇ ਤੋਂ) ਬਚ ਨਿਕਲਦੇ ਹਨ ॥੧॥


ਮਃ ੪ ॥
ਸਤਿਗੁਰ ਹਰਿ ਪ੍ਰਭੁ ਦਸਿ ਨਾਮੁ ਧਿਆਈ ਮਨਿ ਹਰੀ ॥

ਹੇ ਸਤਿਗੁਰੂ! ਮੈਨੂੰ ਪ੍ਰਭੂ ਦੀਆਂ ਗੱਲਾਂ ਸੁਣਾ (ਜਿਸ ਕਰਕੇ) ਮੈਂ ਹਿਰਦੇ ਵਿਚ ਪ੍ਰਭੂ ਦਾ ਨਾਮ ਸਿਮਰ ਸਕਾਂ।

ਨਾਨਕ ਨਾਮੁ ਪਵਿਤੁ ਹਰਿ ਮੁਖਿ ਬੋਲੀ ਸਭਿ ਦੁਖ ਪਰਹਰੀ ॥੨॥

ਹੇ ਨਾਨਕ! ਪ੍ਰਭੂ ਦਾ ਨਾਮ ਪਵਿੱਤ੍ਰ ਹੈ (ਇਸ ਕਰਕੇ ਮਨ ਲੋਚਦਾ ਹੈ ਕਿ ਮੈਂ ਭੀ) ਮੂੰਹੋਂ ਉਚਾਰਨ ਕਰ ਕੇ (ਆਪਣੇ) ਸਾਰੇ ਦੁੱਖ ਦੂਰ ਕਰ ਲਵਾਂ ॥੨॥


ਪਉੜੀ ॥
ਤੂ ਆਪੇ ਆਪਿ ਨਿਰੰਕਾਰੁ ਹੈ ਨਿਰੰਜਨ ਹਰਿ ਰਾਇਆ ॥

ਹੇ ਚਾਨਣਾ ਬਖ਼ਸ਼ਣ ਵਾਲੇ ਮਾਇਆ ਤੋਂ ਰਹਿਤ ਪ੍ਰਭੂ! ਤੂੰ ਆਪ ਹੀ ਆਪ ਨਿਰੰਕਾਰ ਹੈਂ।

ਜਿਨੀ ਤੂ ਇਕ ਮਨਿ ਸਚੁ ਧਿਆਇਆ ਤਿਨ ਕਾ ਸਭੁ ਦੁਖੁ ਗਵਾਇਆ ॥

ਹੇ ਸੱਚੇ (ਸਾਈਂ)! ਜਿਨ੍ਹਾਂ ਨੇ ਇਕਾਗਰ ਹੋ ਕੇ ਤੇਰਾ ਸਿਮਰਨ ਕੀਤਾ ਹੈ, ਉਹਨਾਂ ਦਾ ਤੂੰ ਸਭ ਦੁੱਖ ਦੂਰ ਕਰ ਦਿੱਤਾ ਹੈ।

ਤੇਰਾ ਸਰੀਕੁ ਕੋ ਨਾਹੀ ਜਿਸ ਨੋ ਲਵੈ ਲਾਇ ਸੁਣਾਇਆ ॥

(ਸੰਸਾਰ ਵਿਚ) ਤੇਰਾ ਸ਼ਰੀਕ ਕੋਈ ਨਹੀਂ ਜਿਸ ਨੂੰ ਬਰਾਬਰੀ ਦੇ ਕੇ (ਤੇਰੇ ਵਰਗਾ) ਆਖੀਏ।

ਤੁਧੁ ਜੇਵਡੁ ਦਾਤਾ ਤੂਹੈ ਨਿਰੰਜਨਾ ਤੂਹੈ ਸਚੁ ਮੇਰੈ ਮਨਿ ਭਾਇਆ ॥

ਹੇ ਮਾਇਆ ਤੋਂ ਰਹਿਤ ਸੱਚੇ ਹਰੀ! ਤੇਰੇ ਜੇਡਾ ਤੂੰ ਆਪ ਹੀ ਦਾਤਾ ਹੈਂ, ਤੂੰ ਹੀ ਮੇਰੇ ਮਨ ਵਿਚ ਪਿਆਰਾ ਲੱਗਦਾ ਹੈਂ।

ਸਚੇ ਮੇਰੇ ਸਾਹਿਬਾ ਸਚੇ ਸਚੁ ਨਾਇਆ ॥੨॥

ਹੇ ਮੇਰੇ ਸੱਚੇ ਸਾਹਿਬ! ਤੇਰੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ ॥੨॥


ਸਲੋਕ ਮਃ ੪ ॥
ਮਨ ਅੰਤਰਿ ਹਉਮੈ ਰੋਗੁ ਹੈ ਭ੍ਰਮਿ ਭੂਲੇ ਮਨਮੁਖ ਦੁਰਜਨਾ ॥

ਜਿਨ੍ਹਾਂ ਦੇ ਮਨ ਵਿਚ ਹਉਮੈ ਦਾ ਰੋਗ ਹੈ, ਉਹ ਮਨ-ਦੇ-ਮੁਰੀਦ ਵਿਕਾਰੀ ਬੰਦੇ ਭਰਮ ਵਿਚ ਭੁੱਲੇ ਹੋਏ ਹਨ।

ਨਾਨਕ ਰੋਗੁ ਗਵਾਇ ਮਿਲਿ ਸਤਿਗੁਰ ਸਾਧੂ ਸਜਨਾ ॥੧॥

ਹੇ ਨਾਨਕ! ਇਹ ਹਉਮੈ ਦਾ ਰੋਗ ਸਤਿਗੁਰੂ ਨੂੰ ਮਿਲ ਕੇ ਤੇ ਸਤਸੰਗ ਵਿਚ ਰਹਿ ਕੇ ਦੂਰ ਕਰ ॥੧॥


ਮਃ ੪ ॥
ਮਨੁ ਤਨੁ ਰਤਾ ਰੰਗ ਸਿਉ ਗੁਰਮੁਖਿ ਹਰਿ ਗੁਣਤਾਸੁ ॥

ਸਤਿਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦਾ ਮਨ ਤੇ ਸਰੀਰ ਗੁਣ-ਨਿਧਾਨ ਹਰੀ ਦੇ ਪ੍ਰੇਮ ਨਾਲ ਰੰਗਿਆ ਰਹਿੰਦਾ ਹੈ।

ਜਨ ਨਾਨਕ ਹਰਿ ਸਰਣਾਗਤੀ ਹਰਿ ਮੇਲੇ ਗੁਰ ਸਾਬਾਸਿ ॥੨॥

ਹੇ ਨਾਨਕ! ਜਿਸ ਜਨ ਨੂੰ ਸਤਿਗੁਰੂ ਦੀ ਥਾਪਣਾ ਮਿਲਦੀ ਹੈ, ਪ੍ਰਭੂ ਦੀ ਸ਼ਰਣੀ ਪਏ ਉਸ ਮਨੁੱਖ ਨੂੰ ਪ੍ਰਭੂ (ਆਪਣੇ ਨਾਲ) ਮੇਲ ਲੈਂਦਾ ਹੈ ॥੨॥


ਪਉੜੀ ॥
ਤੂ ਕਰਤਾ ਪੁਰਖੁ ਅਗੰਮੁ ਹੈ ਕਿਸੁ ਨਾਲਿ ਤੂ ਵੜੀਐ ॥

ਹੇ ਪ੍ਰਭੂ! ਤੂੰ (ਸਾਰੀ ਸ੍ਰਿਸ਼ਟੀ ਦਾ) ਰਚਨ ਵਾਲਾ ਹੈਂ, (ਸ੍ਰਿਸ਼ਟੀ ਵਿਚ) ਵਿਆਪਕ ਹੈਂ (ਤੇ ਫੇਰ ਭੀ) ਪਹੁੰਚ ਤੋਂ ਪਰੇ ਹੈਂ। ਕਿਸੇ ਦੇ ਨਾਲ ਤੈਨੂੰ ਤੁਲਨਾ ਨਹੀਂ ਦੇ ਸਕੀਦੀ।

ਤੁਧੁ ਜੇਵਡੁ ਹੋਇ ਸੁ ਆਖੀਐ ਤੁਧੁ ਜੇਹਾ ਤੂਹੈ ਪੜੀਐ ॥

ਕਿਸ ਦਾ ਨਾਮ ਲਈਏ? ਤੇਰੇ ਜੇਡਾ ਹੋਰ ਕੋਈ ਨਹੀਂ, ਤੈਨੂੰ ਹੀ ਤੇਰੇ ਜਿਹਾ ਆਖ ਸਕਦੇ ਹਾਂ।

ਤੂ ਘਟਿ ਘਟਿ ਇਕੁ ਵਰਤਦਾ ਗੁਰਮੁਖਿ ਪਰਗੜੀਐ ॥

(ਹੇ ਹਰੀ!) ਤੂੰ ਹਰ ਇਕ ਸਰੀਰ ਵਿਚ ਵਿਆਪਕ ਹੈਂ, (ਪਰ ਇਹ ਗੱਲ) ਉਹਨਾਂ ਤੇ ਪਰਗਟ (ਹੁੰਦੀ ਹੈ) ਜੋ ਸਤਿਗੁਰੂ ਦੇ ਸਨਮੁਖ (ਹੁੰਦੇ ਹਨ)।

ਤੂ ਸਚਾ ਸਭਸ ਦਾ ਖਸਮੁ ਹੈ ਸਭ ਦੂ ਤੂ ਚੜੀਐ ॥

(ਹੇ ਪ੍ਰਭੂ!) ਤੂੰ ਸਦਾ-ਥਿਰ ਰਹਿਣ ਵਾਲਾ ਸਭ ਦਾ ਮਾਲਕ ਹੈਂ ਤੇ ਸਭ ਤੋਂ ਸੁੰਦਰ (ਸ੍ਰੇਸ਼ਟ) ਹੈਂ।

ਤੂ ਕਰਹਿ ਸੁ ਸਚੇ ਹੋਇਸੀ ਤਾ ਕਾਇਤੁ ਕੜੀਐ ॥੩॥

ਹੇ ਸੱਚੇ (ਹਰੀ!) (ਜੇ ਸਾਨੂੰ ਇਹ ਨਿਸ਼ਚਾ ਹੋ ਜਾਏ ਕਿ) ਜੋ ਤੂੰ ਕਰਦਾ ਹੈਂ ਸੋਈ ਹੁੰਦਾ ਹੈ, ਤਾਂ ਅਸੀਂ ਕਿਉਂ ਝੂਰੀਏ? ॥੩॥


ਸਲੋਕ ਮਃ ੪ ॥
ਮੈ ਮਨਿ ਤਨਿ ਪ੍ਰੇਮੁ ਪਿਰੰਮ ਕਾ ਅਠੇ ਪਹਰ ਲਗੰਨਿ ॥

(ਮਨ ਲੋਚਦਾ ਹੈ ਕਿ) ਅੱਠੇ ਪਹਿਰ ਲੱਗ ਜਾਣ (ਭਾਵ, ਗੁਜ਼ਰ ਜਾਣ) (ਪਰ) ਮੇਰੇ ਹਿਰਦੇ ਤੇ ਸਰੀਰ ਵਿਚ ਪਿਆਰੇ ਦਾ ਪਿਆਰ (ਲੱਗਾ ਰਹੇ, ਭਾਵ, ਨਾ ਮੁੱਕੇ)

ਜਨ ਨਾਨਕ ਕਿਰਪਾ ਧਾਰਿ ਪ੍ਰਭ ਸਤਿਗੁਰ ਸੁਖਿ ਵਸੰਨਿ ॥੧॥

(ਕਿਉਂਕਿ) ਹੇ ਨਾਨਕ! (ਜਿਨ੍ਹਾਂ) ਮਨੁੱਖਾਂ ਤੇ ਹਰੀ (ਇਹੋ ਜਿਹੀ) ਕਿਰਪਾ ਕਰਦਾ ਹੈ ਉਹ ਸਤਿਗੁਰੂ ਦੇ (ਬਖ਼ਸ਼ੇ ਹੋਏ) ਸੁਖ ਵਿਚ (ਸਦਾ) ਵੱਸਦੇ ਹਨ ॥੧॥


ਮਃ ੪ ॥
ਜਿਨ ਅੰਦਰਿ ਪ੍ਰੀਤਿ ਪਿਰੰਮ ਕੀ ਜਿਉ ਬੋਲਨਿ ਤਿਵੈ ਸੋਹੰਨਿ ॥

ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ ਦਾ ਪਿਆਰ ਹੈ, ਉਹ ਜਿਵੇਂ ਬੋਲਦੇ ਹਨ, ਤਿਵੇਂ ਹੀ ਸੋਭਦੇ ਹਨ (ਭਾਵ, ਉਹਨਾਂ ਦਾ ਬੋਲਿਆ ਮਿੱਠਾ ਲੱਗਦਾ ਹੈ) (ਇਹ ਇਕ ਅਚਰਜ ਕੌਤਕ ਹੈ)।

ਨਾਨਕ ਹਰਿ ਆਪੇ ਜਾਣਦਾ ਜਿਨਿ ਲਾਈ ਪ੍ਰੀਤਿ ਪਿਰੰਨਿ ॥੨॥

ਹੇ ਨਾਨਕ! (ਇਸ ਭੇਤ ਦੀ ਜੀਵ ਨੂੰ ਸਾਰ ਨਹੀਂ ਆ ਸਕਦੀ) ਜਿਸ ਪਿਰ (ਪ੍ਰਭੂ) ਨੇ ਇਹ ਪਿਆਰ ਲਾਇਆ ਹੈ, ਉਹ ਆਪੇ ਹੀ ਜਾਣਦਾ ਹੈ ॥੨॥


ਪਉੜੀ ॥
ਤੂ ਕਰਤਾ ਆਪਿ ਅਭੁਲੁ ਹੈ ਭੁਲਣ ਵਿਚਿ ਨਾਹੀ ॥

ਹੇ (ਸ੍ਰਿਸ਼ਟੀ ਦੇ) ਰਚਨਹਾਰ! ਤੂੰ ਆਪ ਅਭੁੱਲ ਹੈਂ, ਭੁੱਲਣ ਵਿਚ ਨਹੀਂ ਆਉਂਦਾ।

ਤੂ ਕਰਹਿ ਸੁ ਸਚੇ ਭਲਾ ਹੈ ਗੁਰ ਸਬਦਿ ਬੁਝਾਹੀ ॥

ਹੇ ਸੱਚੇ! ਸਤਿਗੁਰੂ ਦੇ ਸ਼ਬਦ ਰਾਹੀਂ ਤੂੰ ਇਹ ਸਮਝਾਉਂਦਾ ਹੈਂ ਕਿ ਜੋ ਤੂੰ ਕਰਦਾ ਹੈਂ ਸੋ ਚੰਗਾ ਕਰਦਾ ਹੈਂ।

ਤੂ ਕਰਣ ਕਾਰਣ ਸਮਰਥੁ ਹੈ ਦੂਜਾ ਕੋ ਨਾਹੀ ॥

ਹੇ ਹਰੀ! ਤੇਰਾ ਕੋਈ ਸ਼ਰੀਕ ਨਹੀਂ ਤੇ ਸ੍ਰਿਸ਼ਟੀ ਦੇ ਇਸ ਸਾਰੇ ਪਰਪੰਚ ਦਾ ਮੂਲ ਤੂੰ ਆਪੇ ਹੀ ਹੈਂ ਤੇ ਸਮਰੱਥਾ ਵਾਲਾ ਹੈਂ।

ਤੂ ਸਾਹਿਬੁ ਅਗਮੁ ਦਇਆਲੁ ਹੈ ਸਭਿ ਤੁਧੁ ਧਿਆਹੀ ॥

ਤੂੰ ਦਇਆ ਕਰਨ ਵਾਲਾ ਮਾਲਕ ਹੈਂ (ਪਰ) ਤੇਰੇ ਤਾਈਂ ਪਹੁੰਚ ਨਹੀਂ ਹੋ ਸਕਦੀ; ਸਭ ਜੀਵ ਜੰਤ ਤੈਨੂੰ ਸਿਮਰਦੇ ਹਨ।

ਸਭਿ ਜੀਅ ਤੇਰੇ ਤੂ ਸਭਸ ਦਾ ਤੂ ਸਭ ਛਡਾਹੀ ॥੪॥

ਸਭ ਜੀਵ ਤੇਰੇ (ਰਚੇ ਹੋਏ) ਹਨ, ਤੂੰ ਸਭਨਾਂ ਦਾ (ਮਾਲਕ) ਹੈਂ, ਤੂੰ ਸਾਰਿਆਂ ਨੂੰ (ਦੁੱਖਾਂ ਤੇ ਝੋਰਿਆਂ ਤੋਂ) ਆਪ ਛਡਾਂਦਾ ਹੈਂ ॥੪॥


ਸਲੋਕ ਮਃ ੪ ॥
ਸੁਣਿ ਸਾਜਨ ਪ੍ਰੇਮ ਸੰਦੇਸਰਾ ਅਖੀ ਤਾਰ ਲਗੰਨਿ ॥

ਸੱਜਣ ਪ੍ਰਭੂ ਦਾ ਪਿਆਰ-ਭਰਿਆ ਸੁਨੇਹਾ ਸੁਣ ਕੇ (ਜਿਨ੍ਹਾਂ ਦੀਆਂ) ਅੱਖੀਆਂ ਤਾਰ ਵਿਚ (ਭਾਵ, ਦੀਦਾਰ ਦੀ ਤਾਂਘ ਵਿਚ) ਲੱਗ ਜਾਂਦੀਆਂ ਹਨ;

ਗੁਰਿ ਤੁਠੈ ਸਜਣੁ ਮੇਲਿਆ ਜਨ ਨਾਨਕ ਸੁਖਿ ਸਵੰਨਿ ॥੧॥

ਹੇ ਨਾਨਕ! ਗੁਰੂ ਨੇ ਪ੍ਰਸੰਨ ਹੋ ਕੇ ਉਹਨਾਂ ਨੂੰ ਸੱਜਣ ਮਿਲਾਇਆ ਹੈ, ਤੇ ਉਹ ਸੁਖ ਵਿਚ ਟਿਕੇ ਰਹਿੰਦੇ ਹਨ ॥੧॥


ਮਃ ੪ ॥
ਸਤਿਗੁਰੁ ਦਾਤਾ ਦਇਆਲੁ ਹੈ ਜਿਸ ਨੋ ਦਇਆ ਸਦਾ ਹੋਇ ॥

ਦਾਤਾਂ ਬਖ਼ਸ਼ਣ ਵਾਲਾ ਸਤਿਗੁਰੂ ਦਇਆ ਦਾ ਘਰ ਹੈ, ਉਸ ਦੇ (ਹਿਰਦੇ) ਵਿਚ ਸਦਾ ਦਇਆ (ਹੀ ਦਇਆ) ਹੈ।

ਸਤਿਗੁਰੁ ਅੰਦਰਹੁ ਨਿਰਵੈਰੁ ਹੈ ਸਭੁ ਦੇਖੈ ਬ੍ਰਹਮੁ ਇਕੁ ਸੋਇ ॥

ਸਤਿਗੁਰੂ ਦੇ (ਹਿਰਦੇ) ਵਿਚ ਕਿਸੇ ਨਾਲ ਵੈਰ ਨਹੀਂ, ਉਹ ਸਭ ਥਾਈਂ ਇਕ ਪ੍ਰਭੂ ਨੂੰ ਵੇਖ ਰਿਹਾ ਹੈ (ਇਸ ਲਈ ਉਹ ਵੈਰ ਕਿਸ ਦੇ ਨਾਲ ਕਰੇ?

ਨਿਰਵੈਰਾ ਨਾਲਿ ਜਿ ਵੈਰੁ ਚਲਾਇਦੇ ਤਿਨ ਵਿਚਹੁ ਤਿਸਟਿਆ ਨ ਕੋਇ ॥

ਪਰ ਕਈ ਮੂਰਖ ਮਨੁੱਖ ਨਿਰਵੈਰ ਗੁਰੂ ਨਾਲ ਭੀ ਵੈਰ ਕਰਨੋਂ ਨਹੀਂ ਮੁੜਦੇ) ਜੋ ਮਨੁੱਖ ਨਿਰਵੈਰਾਂ ਨਾਲ ਵੈਰ ਕਰਦੇ ਹਨ, ਉਹਨਾਂ ਵਿਚੋਂ ਸ਼ਾਂਤੀ ਕਦੀ ਕਿਸੇ ਦੇ ਹਿਰਦੇ ਵਿਚ ਨਹੀਂ ਆਈ (ਭਾਵ, ਉਹ ਸਦਾ ਦੁਖੀ ਰਹਿੰਦੇ ਹਨ;)

ਸਤਿਗੁਰੁ ਸਭਨਾ ਦਾ ਭਲਾ ਮਨਾਇਦਾ ਤਿਸ ਦਾ ਬੁਰਾ ਕਿਉ ਹੋਇ ॥

(ਤੇ) ਸਤਿਗੁਰੂ ਦਾ ਬੁਰਾ ਤਾਂ ਹੋ ਹੀ ਨਹੀਂ ਸਕਦਾ (ਕਿਉਂਕਿ) ਉਹ ਸਭਨਾਂ ਦਾ ਭਲਾ ਸੋਚਦਾ ਹੈ।

ਸਤਿਗੁਰ ਨੋ ਜੇਹਾ ਕੋ ਇਛਦਾ ਤੇਹਾ ਫਲੁ ਪਾਏ ਕੋਇ ॥

ਜਿਸ ਭਾਵਨਾ ਨਾਲ ਕੋਈ ਜੀਵ ਸਤਿਗੁਰੂ ਪਾਸ ਜਾਂਦਾ ਹੈ, ਉਸ ਨੂੰ ਉਹੋ ਜਿਹਾ ਫਲ ਮਿਲ ਜਾਂਦਾ ਹੈ (ਜ਼ਾਹਰਦਾਰੀ ਸਫਲ ਨਹੀਂ ਹੋ ਸਕਦੀ);

ਨਾਨਕ ਕਰਤਾ ਸਭੁ ਕਿਛੁ ਜਾਣਦਾ ਜਿਦੂ ਕਿਛੁ ਗੁਝਾ ਨ ਹੋਇ ॥੨॥

ਕਿਉਂਕਿ ਹੇ ਨਾਨਕ! ਰਚਨਹਾਰ ਪ੍ਰਭੂ ਪਾਸੋਂ ਕੋਈ ਗੱਲ ਲੁਕਾਈ ਨਹੀਂ ਜਾ ਸਕਦੀ, ਉਹ (ਅੰਦਰਲੀ ਬਾਹਰਲੀ) ਸਭ ਜਾਣਦਾ ਹੈ ॥੨॥


ਪਉੜੀ ॥
ਜਿਸ ਨੋ ਸਾਹਿਬੁ ਵਡਾ ਕਰੇ ਸੋਈ ਵਡ ਜਾਣੀ ॥

ਜਿਸ (ਜੀਵ-ਇਸਤ੍ਰੀ) ਨੂੰ ਮਾਲਕ-ਪ੍ਰਭੂ ਵਡਿਆਏ, ਉਹੀ (ਅਸਲ) ਵੱਡੀ ਸਮਝਣੀ ਚਾਹੀਦੀ ਹੈ।

ਜਿਸੁ ਸਾਹਿਬ ਭਾਵੈ ਤਿਸੁ ਬਖਸਿ ਲਏ ਸੋ ਸਾਹਿਬ ਮਨਿ ਭਾਣੀ ॥

ਜਿਸ ਨੂੰ ਚਾਹੇ ਪ੍ਰਭੂ ਮਾਲਕ ਬਖ਼ਸ਼ ਲੈਂਦਾ ਹੈ, ਤੇ ਉਹ ਸਾਹਿਬ ਦੇ ਮਨ ਵਿਚ ਪਿਆਰੀ ਲੱਗਦੀ ਹੈ।

ਜੇ ਕੋ ਓਸ ਦੀ ਰੀਸ ਕਰੇ ਸੋ ਮੂੜ ਅਜਾਣੀ ॥

ਉਹ (ਜੀਵ-ਇਸਤ੍ਰੀ) ਮੂਰਖ ਤੇ ਅੰਞਾਣ ਹੈ ਜੋ ਉਸ ਦੀ ਰੀਸ ਕਰਦੀ ਹੈ,

ਜਿਸ ਨੋ ਸਤਿਗੁਰੁ ਮੇਲੇ ਸੁ ਗੁਣ ਰਵੈ ਗੁਣ ਆਖਿ ਵਖਾਣੀ ॥

(ਕਿਉਂਕਿ ਰੀਸ ਕੀਤਿਆਂ ਕੁਝ ਹੱਥ ਨਹੀਂ ਆਉਂਦਾ, ਇਥੇ ਤਾਂ) ਜਿਸ ਨੂੰ ਸਤਿਗੁਰੂ ਮੇਲਦਾ ਹੈ (ਉਹੀ ਮਿਲਦੀ ਹੈ ਤੇ) (ਹਰੀ ਦੀ) ਸਿਫ਼ਤਿ-ਸਾਲਾਹ ਹੀ ਉਚਾਰਨ ਕਰ ਕੇ (ਹੋਰਨਾਂ ਨੂੰ ਸੁਣਾਉਂਦੀ ਹੈ।

ਨਾਨਕ ਸਚਾ ਸਚੁ ਹੈ ਬੁਝਿ ਸਚਿ ਸਮਾਣੀ ॥੫॥

ਹੇ ਨਾਨਕ! ਪ੍ਰਭੂ ਸਦਾ-ਥਿਰ ਰਹਿਣ ਵਾਲਾ ਹੈ, (ਇਸ ਗੱਲ ਨੂੰ ਚੰਗੀ ਤਰ੍ਹਾਂ) ਸਮਝ ਕੇ (ਉਹ ਜੀਵ-ਇਸਤ੍ਰੀ) ਸੱਚੇ ਪ੍ਰਭੂ ਵਿਚ ਲੀਨ ਹੋ ਜਾਂਦੀ ਹੈ ॥੫॥


ਸਲੋਕ ਮਃ ੪ ॥
ਹਰਿ ਸਤਿ ਨਿਰੰਜਨ ਅਮਰੁ ਹੈ ਨਿਰਭਉ ਨਿਰਵੈਰੁ ਨਿਰੰਕਾਰੁ ॥

ਪ੍ਰਭੂ ਸਚ-ਮੁਚ ਹੈ, ਮਾਇਆ ਤੋਂ ਨਿਰਲੇਪ ਹੈ, ਕਾਲ-ਰਹਿਤ ਨਿਰਭਉ ਨਿਰਵੈਰ ਤੇ ਆਕਾਰ-ਰਹਿਤ ਹੈ,

ਜਿਨ ਜਪਿਆ ਇਕ ਮਨਿ ਇਕ ਚਿਤਿ ਤਿਨ ਲਥਾ ਹਉਮੈ ਭਾਰੁ ॥

ਜਿਨ੍ਹਾਂ ਨੇ ਇਕਾਗਰ ਮਨ ਹੋ ਕੇ ਉਸ ਦਾ ਸਿਮਰਨ ਕੀਤਾ ਹੈ, ਉਹਨਾਂ ਦੇ ਮਨ ਤੋਂ ਹਉਮੈ ਦਾ ਬੋਝ ਲਹਿ ਗਿਆ ਹੈ।

ਜਿਨ ਗੁਰਮੁਖਿ ਹਰਿ ਆਰਾਧਿਆ ਤਿਨ ਸੰਤ ਜਨਾ ਜੈਕਾਰੁ ॥

(ਪਰ) ਉਹਨਾਂ ਸੰਤ ਜਨਾਂ ਨੂੰ ਹੀ ਵਡਿਆਈ ਮਿਲਦੀ ਹੈ, ਜਿਨ੍ਹਾਂ ਨੇ ਗੁਰੂ ਦੇ ਸਨਮੁਖ ਹੋ ਕੇ ਸਿਮਰਨ ਕੀਤਾ ਹੈ।

ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ ਤਿਸ ਨੋ ਫਿਟੁ ਫਿਟੁ ਕਹੈ ਸਭੁ ਸੰਸਾਰੁ ॥

ਜੋ ਕੋਈ ਪੂਰੇ ਸਤਿਗੁਰੂ ਦੀ ਨਿੰਦਾ ਕਰਦਾ ਹੈ ਉਸ ਨੂੰ ਸਾਰਾ ਸੰਸਾਰ ਫਿਟਕਾਰਾਂ ਪਾਉਂਦਾ ਹੈ,

ਸਤਿਗੁਰ ਵਿਚਿ ਆਪਿ ਵਰਤਦਾ ਹਰਿ ਆਪੇ ਰਖਣਹਾਰੁ ॥

(ਉਹ ਨਿੰਦਕ ਸਤਿਗੁਰੂ ਦਾ ਕੁਝ ਵਿਗਾੜ ਨਹੀਂ ਸਕਦਾ, ਕਿਉਂਕਿ) ਪ੍ਰਭੂ ਆਪ ਸਤਿਗੁਰ ਵਿਚ ਵੱਸਦਾ ਹੈ ਤੇ ਉਹ ਆਪ ਰੱਖਿਆ ਕਰਨ ਵਾਲਾ ਹੈ।

ਧਨੁ ਧੰਨੁ ਗੁਰੂ ਗੁਣ ਗਾਵਦਾ ਤਿਸ ਨੋ ਸਦਾ ਸਦਾ ਨਮਸਕਾਰੁ ॥

ਧੰਨ ਹੈ ਗੁਰੂ ਜੋ ਹਰੀ ਦੇ ਗੁਣ ਗਾਉਂਦਾ ਹੈ, ਉਸ ਦੇ ਅੱਗੇ ਸਦਾ ਸਿਰ ਨਿਵਾਉਣਾ ਚਾਹੀਦਾ ਹੈ।

ਜਨ ਨਾਨਕ ਤਿਨ ਕਉ ਵਾਰਿਆ ਜਿਨ ਜਪਿਆ ਸਿਰਜਣਹਾਰੁ ॥੧॥

(ਆਖ) ਹੇ ਨਾਨਕ! ਮੈਂ ਸਦਕੇ ਹਾਂ, ਉਹਨਾਂ ਹਰੀ ਦੇ ਦਾਸਾਂ ਤੋਂ ਜਿਨ੍ਹਾਂ ਨੇ ਸਿਰਜਣਹਾਰ ਨੂੰ ਆਰਾਧਿਆ ਹੈ ॥੧॥


ਮਃ ੪ ॥
ਆਪੇ ਧਰਤੀ ਸਾਜੀਅਨੁ ਆਪੇ ਆਕਾਸੁ ॥

ਪ੍ਰਭੂ ਨੇ ਆਪ ਹੀ ਧਰਤੀ ਸਾਜੀ ਤੇ ਆਪ ਹੀ ਅਕਾਸ਼।

ਵਿਚਿ ਆਪੇ ਜੰਤ ਉਪਾਇਅਨੁ ਮੁਖਿ ਆਪੇ ਦੇਇ ਗਿਰਾਸੁ ॥

ਇਸ ਧਰਤੀ ਵਿਚ ਉਸ ਨੇ ਜੀਅ ਜੰਤ ਪੈਦਾ ਕੀਤੇ ਤੇ ਆਪ ਹੀ (ਜੀਵਾਂ ਦੇ) ਮੂੰਹ ਵਿਚ ਗਰਾਹੀ ਦੇਂਦਾ ਹੈ।

ਸਭੁ ਆਪੇ ਆਪਿ ਵਰਤਦਾ ਆਪੇ ਹੀ ਗੁਣਤਾਸੁ ॥

ਗੁਣਾਂ ਦਾ ਖ਼ਜ਼ਾਨਾ (ਹਰੀ) ਆਪ ਹੀ ਸਭ ਜੀਆਂ ਦੇ ਅੰਦਰ ਵਿਆਪਕ ਹੈ।

ਜਨ ਨਾਨਕ ਨਾਮੁ ਧਿਆਇ ਤੂ ਸਭਿ ਕਿਲਵਿਖ ਕਟੇ ਤਾਸੁ ॥੨॥

ਹੇ ਦਾਸ ਨਾਨਕ! ਤੂੰ ਪ੍ਰਭੂ ਦਾ ਨਾਮ ਜਪ, (ਜਿਸ ਨੇ ਜਪਿਆ ਹੈ) ਉਸ ਦੇ ਸਾਰੇ ਪਾਪ ਪ੍ਰਭੂ ਦੂਰ ਕਰਦਾ ਹੈ ॥੨॥


ਪਉੜੀ ॥
ਤੂ ਸਚਾ ਸਾਹਿਬੁ ਸਚੁ ਹੈ ਸਚੁ ਸਚੇ ਭਾਵੈ ॥

ਹੇ ਹਰੀ! ਤੂੰ ਸੱਚਾ ਤੇ ਥਿਰ ਰਹਿਣ ਵਾਲਾ ਮਾਲਕ ਹੈਂ, ਤੈਨੂੰ ਸੱਚ ਹੀ ਪਿਆਰਾ ਲੱਗਦਾ ਹੈ।

ਜੋ ਤੁਧੁ ਸਚੁ ਸਲਾਹਦੇ ਤਿਨ ਜਮ ਕੰਕਰੁ ਨੇੜਿ ਨ ਆਵੈ ॥

ਹੇ ਸੱਚੇ ਪ੍ਰਭੂ! ਜੋ ਜੀਵ ਤੇਰੀ ਸਿਫ਼ਤਿ-ਸਾਲਾਹ ਕਰਦੇ ਹਨ, ਜਮਦੂਤ ਉਹਨਾਂ ਦੇ ਨੇੜੇ ਨਹੀਂ ਢੁਕਦਾ।

ਤਿਨ ਕੇ ਮੁਖ ਦਰਿ ਉਜਲੇ ਜਿਨ ਹਰਿ ਹਿਰਦੈ ਸਚਾ ਭਾਵੈ ॥

ਜਿਨ੍ਹਾਂ ਦੇ ਹਿਰਦੇ ਵਿਚ ਸੱਚਾ ਪ੍ਰਭੂ ਪਿਆਰਾ ਲੱਗਦਾ ਹੈ, ਉਹਨਾਂ ਦੇ ਮੂੰਹ ਦਰਗਾਹ ਵਿਚ ਉੱਜਲੇ ਹੁੰਦੇ ਹਨ,

ਕੂੜਿਆਰ ਪਿਛਾਹਾ ਸਟੀਅਨਿ ਕੂੜੁ ਹਿਰਦੈ ਕਪਟੁ ਮਹਾ ਦੁਖੁ ਪਾਵੈ ॥

(ਪਰ) ਕੂੜ ਦਾ ਵਪਾਰ ਕਰਨ ਵਾਲਿਆਂ ਦੇ ਹਿਰਦੇ ਵਿਚ ਕੂੜ ਤੇ ਕਪਟ ਹੋਣ ਕਰਕੇ ਉਹ ਪਿਛੇ ਸਿੱਟੇ ਜਾਂਦੇ ਹਨ ਤੇ ਬੜਾ ਕਲੇਸ਼ ਉਠਾਂਦੇ ਹਨ।

ਮੁਹ ਕਾਲੇ ਕੂੜਿਆਰੀਆ ਕੂੜਿਆਰ ਕੂੜੋ ਹੋਇ ਜਾਵੈ ॥੬॥

ਕੂੜਿਆਰਾਂ ਦੇ ਮੂੰਹ (ਦਰਗਾਹ ਵਿਚ) ਕਾਲੇ ਹੁੰਦੇ ਹਨ (ਕਿਉਂਕਿ) ਉਹਨਾਂ ਦੇ ਕੂੜ ਦਾ ਨਿਤਾਰਾ ਹੋ ਜਾਂਦਾ ਹੈ ॥੬॥


ਸਲੋਕ ਮਃ ੪ ॥
ਸਤਿਗੁਰੁ ਧਰਤੀ ਧਰਮ ਹੈ ਤਿਸੁ ਵਿਚਿ ਜੇਹਾ ਕੋ ਬੀਜੇ ਤੇਹਾ ਫਲੁ ਪਾਏ ॥

(ਧਰਤੀ ਦੇ ਸੁਭਾਵ ਵਾਂਗ) ਸਤਿਗੁਰੂ (ਭੀ) ਧਰਮ ਦੀ ਭੋਏਂ ਹੈ, ਜਿਸ ਤਰ੍ਹਾਂ (ਦੀ ਭਾਵਨਾ) ਦਾ ਬੀਜ ਕੋਈ ਬੀਜਦਾ ਹੈ, ਉਹੋ ਜਿਹਾ ਫਲ ਲੈਂਦਾ ਹੈ।

ਗੁਰਸਿਖੀ ਅੰਮ੍ਰਿਤੁ ਬੀਜਿਆ ਤਿਨ ਅੰਮ੍ਰਿਤ ਫਲੁ ਹਰਿ ਪਾਏ ॥

ਜਿਨ੍ਹਾਂ ਗੁਰਸਿੱਖਾਂ ਨੇ ਨਾਮ-ਅੰਮ੍ਰਿਤ ਬੀਜਿਆ ਹੈ ਉਹਨਾਂ ਨੂੰ ਪ੍ਰਭੂ-ਪ੍ਰਾਪਤੀ-ਰੂਪ ਅੰਮ੍ਰਿਤ ਫਲ ਹੀ ਮਿਲ ਗਿਆ ਹੈ।

ਓਨਾ ਹਲਤਿ ਪਲਤਿ ਮੁਖ ਉਜਲੇ ਓਇ ਹਰਿ ਦਰਗਹ ਸਚੀ ਪੈਨਾਏ ॥

ਇਸ ਸੰਸਾਰ ਵਿਚ ਤੇ ਅਗਲੇ ਜਹਾਨ ਵਿਚ ਉਹ ਸੁਰਖ਼ਰੂ ਹੁੰਦੇ ਹਨ, ਤੇ ਪ੍ਰਭੂ ਦੀ ਸੱਚੀ ਦਰਗਾਹ ਵਿਚ ਉਹਨਾਂ ਦਾ ਆਦਰ ਹੁੰਦਾ ਹੈ।

ਇਕਨੑਾ ਅੰਦਰਿ ਖੋਟੁ ਨਿਤ ਖੋਟੁ ਕਮਾਵਹਿ ਓਹੁ ਜੇਹਾ ਬੀਜੇ ਤੇਹਾ ਫਲੁ ਖਾਏ ॥

ਇਕਨਾਂ ਜੀਵਾਂ ਦੇ ਹਿਰਦੇ ਵਿਚ ਖੋਟ (ਹੋਣ ਕਰਕੇ) ਉਹ ਸਦਾ ਖੋਟੇ ਕਰਮ ਕਰਦੇ ਹਨ। ਐਸਾ ਬੰਦਾ ਉਹੋ ਜਿਹਾ ਫਲ ਹੀ ਖਾਂਦਾ ਹੈ,

ਜਾ ਸਤਿਗੁਰੁ ਸਰਾਫੁ ਨਦਰਿ ਕਰਿ ਦੇਖੈ ਸੁਆਵਗੀਰ ਸਭਿ ਉਘੜਿ ਆਏ ॥

(ਕਿਉਂਕਿ) ਜਦੋਂ ਸਰਾਫ਼ ਸਤਿਗੁਰੂ ਗਹੁ ਨਾਲ ਪਰਖਦਾ ਹੈ ਤਾਂ ਸਾਰੇ ਖ਼ੁਦਗ਼ਰਜ਼ ਪਰਗਟ ਹੋ ਜਾਂਦੇ ਹਨ (ਭਾਵ, ਲੁਕੇ ਨਹੀਂ ਰਹਿ ਸਕਦੇ)।

ਓਇ ਜੇਹਾ ਚਿਤਵਹਿ ਨਿਤ ਤੇਹਾ ਪਾਇਨਿ ਓਇ ਤੇਹੋ ਜੇਹੇ ਦਯਿ ਵਜਾਏ ॥

ਜਿਹੋ ਜਿਹੀ ਉਹਨਾਂ ਦੇ ਹਿਰਦੇ ਦੀ ਭਾਵਨਾ ਹੁੰਦੀ ਹੈ, ਤਿਹੋ ਜਿਹਾ ਉਹਨਾਂ ਨੂੰ ਫਲ ਮਿਲਦਾ ਹੈ, ਤੇ ਖਸਮ ਪ੍ਰਭੂ ਦੀ ਰਾਹੀਂ ਉਹ ਉਸੇ ਤਰ੍ਹਾਂ ਨਸ਼ਰ ਕਰ ਦਿੱਤੇ ਜਾਂਦੇ ਹਨ,

ਨਾਨਕ ਦੁਹੀ ਸਿਰੀ ਖਸਮੁ ਆਪੇ ਵਰਤੈ ਨਿਤ ਕਰਿ ਕਰਿ ਦੇਖੈ ਚਲਤ ਸਬਾਏ ॥੧॥

(ਪਰ) ਹੇ ਨਾਨਕ! (ਜੀਵ ਦੇ ਕੀਹ ਵੱਸ?) ਇਹ ਸਾਰੇ ਕੌਤਕ ਪ੍ਰਭੂ ਆਪ ਸਦਾ ਕਰ ਕੇ ਵੇਖ ਰਿਹਾ ਹੈ ਤੇ ਦੋਹੀਂ ਪਾਸੀਂ (ਗੁਰਸਿਖਾਂ ਵਿਚ ਤੇ ਸੁਆਵਗੀਰਾਂ ਵਿਚ) ਆਪ ਹੀ ਪਰਮਾਤਮਾ ਮੌਜੂਦ ਹੈ ॥੧॥


ਮਃ ੪ ॥
ਇਕੁ ਮਨੁ ਇਕੁ ਵਰਤਦਾ ਜਿਤੁ ਲਗੈ ਸੋ ਥਾਇ ਪਾਇ ॥

ਮਨ ਇੱਕ ਹੈ ਤੇ ਇੱਕ ਪਾਸੇ ਹੀ ਲੱਗ ਸਕਦਾ ਹੈ, ਜਿਥੇ ਜੁੜਦਾ ਹੈ, ਓਥੇ ਸਫਲਤਾ ਹਾਸਲ ਕਰ ਲੈਂਦਾ ਹੈ।

ਕੋਈ ਗਲਾ ਕਰੇ ਘਨੇਰੀਆ ਜਿ ਘਰਿ ਵਥੁ ਹੋਵੈ ਸਾਈ ਖਾਇ ॥

ਬਹੁਤੀਆਂ ਗੱਲਾਂ ਬਾਹਰੋਂ ਬਾਹਰੋਂ ਕੋਈ ਪਿਆ ਕਰੇ (ਭਾਵ, ਗੱਲਾਂ ਕਰਨ ਦਾ ਕੋਈ ਲਾਭ ਨਹੀਂ), ਖਾ ਤੇ ਉਹੋ ਚੀਜ਼ ਸਕਦਾ ਹੈ ਜੇਹੜੀ ਘਰ ਵਿਚ ਹੋਵੇ (ਭਾਵ, ਮਨ ਜਿਥੇ ਲੱਗਾ ਹੋਇਆ ਹੈ, ਪ੍ਰਾਪਤ ਤਾਂ ਉਹੋ ਸ਼ੈ ਹੋਣੀ ਹੈ)।

ਬਿਨੁ ਸਤਿਗੁਰ ਸੋਝੀ ਨਾ ਪਵੈ ਅਹੰਕਾਰੁ ਨ ਵਿਚਹੁ ਜਾਇ ॥

ਮਨ ਨੂੰ ਸਤਿਗੁਰੂ ਦੇ ਅਧੀਨ ਕੀਤੇ ਬਿਨਾ (ਇਹ) ਸਮਝ ਨਹੀਂ ਪੈਂਦੀ ਤੇ ਹਿਰਦੇ ਵਿਚੋਂ ਅਹੰਕਾਰ ਦੂਰ ਨਹੀਂ ਹੁੰਦਾ।

ਅਹੰਕਾਰੀਆ ਨੋ ਦੁਖ ਭੁਖ ਹੈ ਹਥੁ ਤਡਹਿ ਘਰਿ ਘਰਿ ਮੰਗਾਇ ॥

ਅਹੰਕਾਰੀ ਜੀਵਾਂ ਨੂੰ (ਸਦਾ) ਤ੍ਰਿਸ਼ਨਾ ਤੇ ਦੁੱਖ (ਸਤਾਉਂਦੇ ਹਨ), (ਤ੍ਰਿਸ਼ਨਾ ਦੇ ਕਾਰਨ) ਹੱਥ ਅੱਡ ਕੇ ਘਰ ਘਰ ਮੰਗਦੇ ਫਿਰਦੇ ਹਨ (ਭਾਵ, ਉਹਨਾਂ ਦੀ ਤ੍ਰਿਪਤੀ ਨਹੀਂ ਹੁੰਦੀ ਤੇ ਇਸੇ ਕਰਕੇ ਦੁਖੀ ਰਹਿੰਦੇ ਹਨ)।

ਕੂੜੁ ਠਗੀ ਗੁਝੀ ਨਾ ਰਹੈ ਮੁਲੰਮਾ ਪਾਜੁ ਲਹਿ ਜਾਇ ॥

ਉਨ੍ਹਾਂ ਦਾ ਮੁਲੰਮਾ ਪਾਜ (ਦਿਖਾਵਾ) ਲਹਿ ਜਾਂਦਾ ਹੈ ਅਤੇ ਕੂੜ ਤੇ ਠੱਗੀ ਲੁਕੀ ਨਹੀਂ ਰਹਿ ਸਕਦੀ,

ਜਿਸੁ ਹੋਵੈ ਪੂਰਬਿ ਲਿਖਿਆ ਤਿਸੁ ਸਤਿਗੁਰੁ ਮਿਲੈ ਪ੍ਰਭੁ ਆਇ ॥

(ਪਰ ਉਹਨਾਂ ਵਿਚਾਰਿਆਂ ਦੇ ਭੀ ਕੀਹ ਵੱਸ)? ਪਿਛਲੇ (ਕੀਤੇ ਚੰਗੇ ਕੰਮਾਂ ਦੇ ਅਨੁਸਾਰ ਜਿਨ੍ਹਾਂ ਦੇ ਹਿਰਦੇ ਤੇ ਭਲੇ ਸੰਸਕਾਰ) ਲਿਖੇ ਹੋਏ ਹਨ, ਉਹਨਾਂ ਨੂੰ ਪੂਰਾ ਸਤਿਗੁਰੂ ਮਿਲ ਪੈਂਦਾ ਹੈ,

ਜਿਉ ਲੋਹਾ ਪਾਰਸਿ ਭੇਟੀਐ ਮਿਲਿ ਸੰਗਤਿ ਸੁਵਰਨੁ ਹੋਇ ਜਾਇ ॥

ਤੇ ਜਿਵੇਂ ਪਾਰਸ ਨਾਲ ਲੱਗ ਕੇ ਲੋਹਾ ਸੋਨਾ ਬਣ ਜਾਂਦਾ ਹੈ ਤਿਵੇਂ ਸੰਗਤਿ ਵਿਚ ਰਲ ਕੇ (ਉਹ ਭੀ ਚੰਗੇ ਬਣ ਜਾਂਦੇ ਹਨ)।

ਜਨ ਨਾਨਕ ਕੇ ਪ੍ਰਭ ਤੂ ਧਣੀ ਜਿਉ ਭਾਵੈ ਤਿਵੈ ਚਲਾਇ ॥੨॥

ਹੇ ਦਾਸ ਨਾਨਕ ਦੇ ਪ੍ਰਭੂ! (ਜੀਵਾਂ ਦੇ ਹੱਥ ਕੁਝ ਨਹੀਂ) ਤੂੰ ਆਪ ਸਭ ਦਾ ਮਾਲਕ ਹੈਂ ਜਿਵੇਂ ਤੈਨੂੰ ਚੰਗਾ ਲੱਗਦਾ ਹੈ ਤਿਵੇਂ ਜੀਵਾਂ ਨੂੰ ਤੋਰਦਾ ਹੈਂ ॥੨॥


ਪਉੜੀ ॥
ਜਿਨ ਹਰਿ ਹਿਰਦੈ ਸੇਵਿਆ ਤਿਨ ਹਰਿ ਆਪਿ ਮਿਲਾਏ ॥

ਜਿਨ੍ਹਾਂ ਜੀਵਾਂ ਨੇ ਹਿਰਦੇ ਵਿਚ ਪ੍ਰਭੂ ਦਾ ਸਿਮਰਨ ਕੀਤਾ, ਉਹਨਾਂ ਨੂੰ ਪ੍ਰਭੂ (ਆਪਣੇ ਵਿਚ) ਮਿਲਾ ਲੈਂਦਾ ਹੈ,

ਗੁਣ ਕੀ ਸਾਝਿ ਤਿਨ ਸਿਉ ਕਰੀ ਸਭਿ ਅਵਗਣ ਸਬਦਿ ਜਲਾਏ ॥

ਉਹਨਾਂ ਨਾਲ (ਉਹਨਾਂ ਦੇ) ਗੁਣਾਂ ਦੀ ਜਿਨ੍ਹਾਂ ਨੇ ਭਿਆਲੀ ਕੀਤੀ ਹੈ, ਉਹਨਾਂ ਦੇ ਸਾਰੇ ਪਾਪ ਸ਼ਬਦ ਦੁਆਰਾ ਸਾੜੇ ਜਾਂਦੇ ਹਨ।

ਅਉਗਣ ਵਿਕਣਿ ਪਲਰੀ ਜਿਸੁ ਦੇਹਿ ਸੁ ਸਚੇ ਪਾਏ ॥

(ਪਰ) ਹੇ ਸੱਚੇ ਪ੍ਰਭੂ! ਔਗੁਣਾਂ ਨੂੰ ਪਰਾਲੀ ਦੇ ਭਾ ਵੇਚਣ ਲਈ (ਭਾਵ, ਸਹਲੇ ਹੀ ਨਾਸ ਕਰਨ ਲਈ) ਗੁਣਾਂ ਦੀ ਇਹ ਸਾਂਝ ਉਸੇ ਨੂੰ ਮਿਲਦੀ ਹੈ ਜਿਸ ਨੂੰ ਤੂੰ ਆਪ ਦੇਂਦਾ ਹੈ।

ਬਲਿਹਾਰੀ ਗੁਰ ਆਪਣੇ ਜਿਨਿ ਅਉਗਣ ਮੇਟਿ ਗੁਣ ਪਰਗਟੀਆਏ ॥

ਮੈਂ ਸਦਕੇ ਹਾਂ ਆਪਣੇ ਸਤਿਗੁਰੂ ਤੋਂ ਜਿਸ ਨੇ (ਜੀਵ ਦੇ) ਪਾਪ ਦੂਰ ਕਰ ਕੇ ਗੁਣ ਪਰਗਟ ਕੀਤੇ ਹਨ।

ਵਡੀ ਵਡਿਆਈ ਵਡੇ ਕੀ ਗੁਰਮੁਖਿ ਆਲਾਏ ॥੭॥

ਜੋ ਜੀਵ ਸਤਿਗੁਰੂ ਦੇ ਸਨਮੁਖ ਹੁੰਦਾ ਹੈ, ਉਹੀ ਵੱਡੇ ਪ੍ਰਭੂ ਦੀ ਵੱਡੀ ਸਿਫ਼ਤਿ-ਸਾਲਾਹ ਕਰਨ ਲੱਗ ਪੈਂਦਾ ਹੈ ॥੭॥


ਸਲੋਕ ਮਃ ੪ ॥
ਸਤਿਗੁਰ ਵਿਚਿ ਵਡੀ ਵਡਿਆਈ ਜੋ ਅਨਦਿਨੁ ਹਰਿ ਹਰਿ ਨਾਮੁ ਧਿਆਵੈ ॥

ਸਤਿਗੁਰੂ ਵਿਚ ਇਹ ਭਾਰਾ ਗੁਣ ਹੈ ਕਿ ਉਹ ਹਰ ਰੋਜ਼ ਪ੍ਰਭੂ-ਨਾਮ ਦਾ ਸਿਮਰਨ ਕਰਦਾ ਹੈ।

ਹਰਿ ਹਰਿ ਨਾਮੁ ਰਮਤ ਸੁਚ ਸੰਜਮੁ ਹਰਿ ਨਾਮੇ ਹੀ ਤ੍ਰਿਪਤਾਵੈ ॥

ਸਤਿਗੁਰੂ ਦੀ ਸੁੱਚ ਤੇ ਸੰਜਮ ਹਰਿ-ਨਾਮ ਦਾ ਜਾਪ ਹੈ ਤੇ ਉਹ ਹਰਿ-ਨਾਮ ਵਿਚ ਹੀ ਤ੍ਰਿਪਤ ਰਹਿੰਦਾ ਹੈ।

ਹਰਿ ਨਾਮੁ ਤਾਣੁ ਹਰਿ ਨਾਮੁ ਦੀਬਾਣੁ ਹਰਿ ਨਾਮੋ ਰਖ ਕਰਾਵੈ ॥

ਹਰਿ ਦਾ ਨਾਮ ਹੀ ਆਸਰਾ ਤੇ ਨਾਮ ਹੀ ਸਤਿਗੁਰੂ ਲਈ ਰੱਖਿਆ ਕਰਨ ਵਾਲਾ ਹੈ।

ਜੋ ਚਿਤੁ ਲਾਇ ਪੂਜੇ ਗੁਰ ਮੂਰਤਿ ਸੋ ਮਨ ਇਛੇ ਫਲ ਪਾਵੈ ॥

ਜੋ ਮਨੁੱਖ ਇਸ ਗੁਰ-ਮੂਰਤੀ ਦਾ ਪੂਜਨ ਚਿੱਤ ਲਾ ਕੇ ਕਰਦਾ ਹੈ (ਭਾਵ, ਜੋ ਜੀਵ ਗਹੁ ਨਾਲ ਸਤਿਗੁਰੂ ਦੇ ਉਪਰ-ਲਿਖੇ ਗੁਣਾਂ ਨੂੰ ਧਾਰਨ ਕਰਦਾ ਹੈ) ਉਸ ਨੂੰ ਉਹੀ ਫਲ ਮਿਲ ਜਾਂਦਾ ਹੈ ਜਿਸ ਦੀ ਮਨ ਵਿਚ ਇੱਛਾ ਕਰੇ।

ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਤਿਸੁ ਕਰਤਾ ਮਾਰ ਦਿਵਾਵੈ ॥

ਜੋ ਮਨੁੱਖ ਪੂਰੇ ਸਤਿਗੁਰੂ ਦੀ ਨਿੰਦਾ ਕਰਦਾ ਹੈ, ਉਸ ਨੂੰ ਪ੍ਰਭੂ ਮਾਰ ਪਵਾਉਂਦਾ ਹੈ।

ਫੇਰਿ ਓਹ ਵੇਲਾ ਓਸੁ ਹਥਿ ਨ ਆਵੈ ਓਹੁ ਆਪਣਾ ਬੀਜਿਆ ਆਪੇ ਖਾਵੈ ॥

ਆਪਣੀ ਹੱਥੀਂ ਨਿੰਦਾ ਦਾ ਬੀਜ ਬੀਜੇ ਦਾ ਫਲ ਉਸ ਨੂੰ ਭੋਗਣਾ ਪੈਂਦਾ ਹੈ (ਤਦੋਂ ਪਛਤਾਉਂਦਾ ਹੈ, ਪਰ) ਫੇਰ ਜੋ ਵੇਲਾ (ਨਿੰਦਾ ਕਰਨ ਵਿਚ ਬੀਤ ਗਿਆ ਹੈ) ਉਸ ਨੂੰ ਮਿਲਦਾ ਨਹੀਂ।

ਨਰਕਿ ਘੋਰਿ ਮੁਹਿ ਕਾਲੈ ਖੜਿਆ ਜਿਉ ਤਸਕਰੁ ਪਾਇ ਗਲਾਵੈ ॥

ਤੇ ਜਿਵੇਂ ਚੋਰ ਨੂੰ ਗਲ ਵਿਚ ਰੱਸੀ ਪਾ ਕੇ ਲੈ ਜਾਈਦਾ ਹੈ ਤਿਵੇਂ ਕਾਲਾ ਮੂੰਹ ਕਰ ਕੇ (ਮਾਨੋ) ਡਰਾਉਣੇ ਨਰਕ ਵਿਚ (ਉਸ ਨੂੰ ਭੀ) ਪਾਇਆ ਜਾਂਦਾ ਹੈ।

ਫਿਰਿ ਸਤਿਗੁਰ ਕੀ ਸਰਣੀ ਪਵੈ ਤਾ ਉਬਰੈ ਜਾ ਹਰਿ ਹਰਿ ਨਾਮੁ ਧਿਆਵੈ ॥

ਫੇਰ ਇਸ (ਨਿੰਦਾ-ਰੂਪ ਘੋਰ ਨਰਕ ਵਿਚੋਂ) ਤਾਂ ਹੀ ਬਚਦਾ ਹੈ, ਜੇ ਸਤਿਗੁਰੂ ਦੀ ਸਰਨੀ ਪੈ ਕੇ ਪ੍ਰਭੂ ਦਾ ਨਾਮ ਜਪੇ।

ਹਰਿ ਬਾਤਾ ਆਖਿ ਸੁਣਾਏ ਨਾਨਕੁ ਹਰਿ ਕਰਤੇ ਏਵੈ ਭਾਵੈ ॥੧॥

ਨਾਨਕ ਪਰਮਾਤਮਾ (ਦੇ ਦਰ) ਦੀਆਂ ਗੱਲਾਂ ਆਖ ਕੇ ਸੁਣਾ ਰਿਹਾ ਹੈ; ਪਰਮਾਤਮਾ ਨੂੰ ਇਉਂ ਹੀ ਭਾਉਂਦਾ ਹੈ (ਕਿ ਨਿੰਦਕ ਈਰਖਾ ਦੇ ਨਰਕ ਵਿਚ ਆਪੇ ਹੀ ਪਿਆ ਸੜੇ) ॥੧॥


ਮਃ ੪ ॥
ਪੂਰੇ ਗੁਰ ਕਾ ਹੁਕਮੁ ਨ ਮੰਨੈ ਓਹੁ ਮਨਮੁਖੁ ਅਗਿਆਨੁ ਮੁਠਾ ਬਿਖੁ ਮਾਇਆ ॥

ਜੋ ਮਨੁੱਖ ਪੂਰੇ ਸਤਿਗੁਰੂ ਦਾ ਹੁਕਮ ਨਹੀਂ ਮੰਨਦਾ, ਓਹ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੇ-ਸਮਝ ਬੰਦਾ ਮਾਇਆ (ਰੂਪ ਜ਼ਹਿਰ) ਦਾ ਠੱਗਿਆ (ਹੋਇਆ ਹੈ)

ਓਸੁ ਅੰਦਰਿ ਕੂੜੁ ਕੂੜੋ ਕਰਿ ਬੁਝੈ ਅਣਹੋਦੇ ਝਗੜੇ ਦਯਿ ਓਸ ਦੈ ਗਲਿ ਪਾਇਆ ॥

ਉਸ ਦੇ ਮਨ ਵਿਚ ਝੂਠ ਹੈ (ਸੱਚ ਨੂੰ ਭੀ ਉਹ) ਝੂਠ ਹੀ ਸਮਝਦਾ ਹੈ, ਇਸ ਵਾਸਤੇ ਖਸਮ ਨੇ (ਝੂਠ ਬੋਲਣ ਤੋਂ ਪੈਦਾ ਹੋਏ) ਵਿਅਰਥ ਝਗੜੇ ਉਸ ਦੇ ਗਲ ਪਾ ਦਿੱਤੇ ਹਨ।

ਓਹੁ ਗਲ ਫਰੋਸੀ ਕਰੇ ਬਹੁਤੇਰੀ ਓਸ ਦਾ ਬੋਲਿਆ ਕਿਸੈ ਨ ਭਾਇਆ ॥

ਊਲ-ਜਲੂਲ ਬੋਲ ਕੇ ਰੋਟੀ ਕਮਾਉਣ ਦੇ ਉਹ ਬਥੇਰੇ ਜਤਨ ਕਰਦਾ ਹੈ, ਪਰ ਉਸ ਦੇ ਬਚਨ ਕਿਸੇ ਨੂੰ ਚੰਗੇ ਨਹੀਂ ਲੱਗਦੇ।

ਓਹੁ ਘਰਿ ਘਰਿ ਹੰਢੈ ਜਿਉ ਰੰਨ ਦੁੋਹਾਗਣਿ ਓਸੁ ਨਾਲਿ ਮੁਹੁ ਜੋੜੇ ਓਸੁ ਭੀ ਲਛਣੁ ਲਾਇਆ ॥

ਛੁੱਟੜ ਰੰਨ ਵਾਂਙ ਉਹ ਘਰ ਘਰ ਫਿਰਦਾ ਹੈ, ਜੋ ਮਨੁੱਖ ਉਸ ਨਾਲ ਮੇਲ-ਮੁਲਾਕਾਤ ਰੱਖਦਾ ਹੈ ਉਸ ਨੂੰ ਭੀ ਕਲੰਕ ਲੱਗ ਜਾਂਦਾ ਹੈ।

ਗੁਰਮੁਖਿ ਹੋਇ ਸੁ ਅਲਿਪਤੋ ਵਰਤੈ ਓਸ ਦਾ ਪਾਸੁ ਛਡਿ ਗੁਰ ਪਾਸਿ ਬਹਿ ਜਾਇਆ ॥

ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੁੰਦਾ ਹੈ ਉਹ ਮਨਮੁਖ ਤੋਂ ਵੱਖਰਾ ਰਹਿੰਦਾ ਹੈ, ਮਨਮੁਖ ਦਾ ਸਾਥ ਛੱਡ ਕੇ ਸਤਿਗੁਰੂ ਦੀ ਸੰਗਤ ਕਰਦਾ ਹੈ।

ਜੋ ਗੁਰੁ ਗੋਪੇ ਆਪਣਾ ਸੁ ਭਲਾ ਨਾਹੀ ਪੰਚਹੁ ਓਨਿ ਲਾਹਾ ਮੂਲੁ ਸਭੁ ਗਵਾਇਆ ॥

ਹੇ ਸੰਤ ਜਨੋਂ! (ਮੁਕਦੀ ਗੱਲ ਇਹ ਹੈ ਕਿ) ਜੋ ਮਨੁੱਖ ਆਪਣੇ ਸਤਿਗੁਰੂ ਦੀ ਨਿੰਦਾ ਕਰਦਾ ਹੈ, ਉਹ ਚੰਗਾ ਨਹੀਂ, (ਮਨੁੱਖਾ ਜਨਮ ਵਿਚ) ਜੋ ਖੱਟਣਾ ਸੀ ਉਹ ਭੀ ਗਵਾ ਲੈਂਦਾ ਹੈ ਤੇ (ਮਨੁੱਖ-ਜਨਮ-ਰੂਪ) ਮੂਲ ਭੀ ਗਵਾ ਲੈਂਦਾ ਹੈ।

ਪਹਿਲਾ ਆਗਮੁ ਨਿਗਮੁ ਨਾਨਕੁ ਆਖਿ ਸੁਣਾਏ ਪੂਰੇ ਗੁਰ ਕਾ ਬਚਨੁ ਉਪਰਿ ਆਇਆ ॥

ਨਾਨਕ ਆਖ ਕੇ ਸੁਣਾਉਂਦਾ ਹੈ (ਭਾਵ, ਨਾਨਕ ਇਸ ਗੱਲ ਤੇ ਜ਼ੋਰ ਦੇ ਕੇ ਆਖਦਾ ਹੈ ਕਿ) (ਗੁਰਸਿੱਖ ਲਈ ਇਹ) ਪਹਿਲਾ ਆਗਮ ਨਿਗਮ ਹੈ (ਇਹੋ ਹੀ ਹੈ ਵੇਦ ਸ਼ਾਸਤ੍ਰਾਂ ਦਾ ਉੱਤਮ ਸਿੱਧਾਂਤ ਕਿ) ਪੂਰੇ ਸਤਿਗੁਰੂ ਦਾ ਬਚਨ (ਸਭ ਤੋਂ) ਵਧੀਕ ਪ੍ਰਮਾਣੀਕ ਹੈ।

ਗੁਰਸਿਖਾ ਵਡਿਆਈ ਭਾਵੈ ਗੁਰ ਪੂਰੇ ਕੀ ਮਨਮੁਖਾ ਓਹ ਵੇਲਾ ਹਥਿ ਨ ਆਇਆ ॥੨॥

(ਇਸ ਵਾਸਤੇ) ਗੁਰਸਿੱਖਾਂ ਨੂੰ ਪੂਰੇ ਸਤਿਗੁਰੂ ਦੀ ਵਡਿਆਈ ਚੰਗੀ ਲੱਗਦੀ ਹੈ (ਪਰ) ਮਨਮੁਖਾਂ ਨੂੰ ਗੁਰੂ ਦੀ ਵਡਿਆਈ ਸਮਝਣ ਦਾ ਉਹ ਸਮਾਂ ਹੱਥ ਨਹੀਂ ਆਉਂਦਾ ॥੨॥


ਪਉੜੀ ॥
ਸਚੁ ਸਚਾ ਸਭ ਦੂ ਵਡਾ ਹੈ ਸੋ ਲਏ ਜਿਸੁ ਸਤਿਗੁਰੁ ਟਿਕੇ ॥

ਸਦਾ-ਥਿਰ ਰਹਿਣ ਵਾਲਾ ਜੋ ਸੱਚਾ ਪ੍ਰਭੂ ਸਭ ਤੋਂ ਵੱਡਾ ਹੈ, ਉਸ ਮਨੁੱਖ ਨੂੰ ਮਿਲਦਾ ਹੈ ਜਿਸ ਨੂੰ ਸਤਿਗੁਰੂ ਤਿਲਕ ਦੇਵੇ (ਭਾਵ, ਅਸੀਸ ਦੇਵੇ)।

ਸੋ ਸਤਿਗੁਰੁ ਜਿ ਸਚੁ ਧਿਆਇਦਾ ਸਚੁ ਸਚਾ ਸਤਿਗੁਰੁ ਇਕੇ ॥

ਸਤਿਗੁਰੂ ਭੀ ਉਹੀ ਹੈ ਜੋ ਸਦਾ ਸੱਚੇ ਪ੍ਰਭੂ ਨੂੰ ਚੇਤੇ ਰੱਖਦਾ ਹੈ (ਅਤੇ ਇਸ ਤਰ੍ਹਾਂ) ਸੱਚਾ ਪ੍ਰਭੂ ਤੇ ਸਤਿਗੁਰੂ ਇੱਕ-ਰੂਪ (ਹੋ ਗਏ ਹਨ।)

ਸੋਈ ਸਤਿਗੁਰੁ ਪੁਰਖੁ ਹੈ ਜਿਨਿ ਪੰਜੇ ਦੂਤ ਕੀਤੇ ਵਸਿ ਛਿਕੇ ॥

ਸਤਿਗੁਰੂ ਪੁਰਖ ਉਹੋ ਹੀ ਹੈ, ਜਿਸ ਨੇ (ਕਾਮਾਦਿਕ) ਪੰਜੇ ਵੈਰੀ ਖਿੱਚ ਕੇ ਵੱਸ ਕਰ ਲਏ ਹਨ।

ਜਿ ਬਿਨੁ ਸਤਿਗੁਰ ਸੇਵੇ ਆਪੁ ਗਣਾਇਦੇ ਤਿਨ ਅੰਦਰਿ ਕੂੜੁ ਫਿਟੁ ਫਿਟੁ ਮੁਹ ਫਿਕੇ ॥

ਜੋ ਮਨੁੱਖ ਸਤਿਗੁਰੂ ਦੀ ਸੇਵਾ ਤੋਂ ਵਾਂਜੇ ਰਹਿੰਦੇ ਹਨ ਤੇ ਆਪਣੇ ਆਪ ਨੂੰ ਵੱਡਾ ਅਖਵਾਉਂਦੇ ਹਨ, ਉਹਨਾਂ ਦੇ ਹਿਰਦੇ ਵਿਚ ਝੂਠ ਹੁੰਦਾ ਹੈ (ਇਸ ਕਰਕੇ ਉਹਨਾਂ ਦਾ) ਮੂੰਹ ਫਿੱਕਾ (ਰਹਿੰਦਾ ਹੈ, ਭਾਵ, ਉਹਨਾਂ ਦੇ ਮੂੰਹ ਤੇ ਨਾਮ ਦੀ ਲਾਲੀ ਨਹੀਂ ਹੁੰਦੀ ਤੇ) ਉਹਨਾਂ ਨੂੰ ਸਦਾ ਫਿਟਕਾਰ ਪੈਂਦੀ ਹੈ;

ਓਇ ਬੋਲੇ ਕਿਸੈ ਨ ਭਾਵਨੀ ਮੁਹ ਕਾਲੇ ਸਤਿਗੁਰ ਤੇ ਚੁਕੇ ॥੮॥

ਕਿਸੇ ਨੂੰ ਉਹਨਾਂ ਦੇ ਬਚਨ ਹੱਛੇ ਨਹੀਂ ਲੱਗਦੇ (ਅੰਦਰ ਕੂੜ ਹੋਣ ਕਰਕੇ) ਉਹਨਾਂ ਦੇ ਮੂੰਹ ਭੀ ਭਰਿਸ਼ਟੇ ਹੋਏ ਹੁੰਦੇ ਹਨ (ਕਿਉਂਕਿ) ਉਹ ਸਤਿਗੁਰ ਤੋਂ ਭੁੱਲੇ ਹੋਏ ਹਨ ॥੮॥


ਸਲੋਕ ਮਃ ੪ ॥
ਹਰਿ ਪ੍ਰਭ ਕਾ ਸਭੁ ਖੇਤੁ ਹੈ ਹਰਿ ਆਪਿ ਕਿਰਸਾਣੀ ਲਾਇਆ ॥

ਸਾਰਾ ਸੰਸਾਰ ਪ੍ਰਭੂ ਦੀ (ਮਾਨੋ) ਪੈਲੀ ਹੈ (ਜਿਸ ਵਿਚ) ਪ੍ਰਭੂ ਨੇ (ਜੀਵਾਂ ਨੂੰ) ਵਾਹੀ ਦੇ ਕੰਮ ਵਿਚ ਜੋੜਿਆ ਹੈ (ਭਾਵ, ਨਾਮ ਜਪਣ ਲਈ ਭੇਜਿਆ ਹੋਇਆ ਹੈ)।

ਗੁਰਮੁਖਿ ਬਖਸਿ ਜਮਾਈਅਨੁ ਮਨਮੁਖੀ ਮੂਲੁ ਗਵਾਇਆ ॥

ਜੋ ਮਨੁੱਖ ਸਤਿਗੁਰੂ ਦੇ ਸਨਮੁਖ ਰਹਿੰਦੇ ਹਨ, ਉਹਨਾਂ ਦੀ (ਖੇਤੀ) ਪ੍ਰਭੂ ਨੇ ਮਿਹਰ ਕਰ ਕੇ ਉਗਾ ਦਿੱਤੀ ਹੈ, (ਪਰ) ਜੋ ਮਨੁੱਖ ਮਨ ਦੇ ਪਿਛੇ ਭੁੱਲੇ ਰਹੇ, ਉਹਨਾਂ ਮੂਲ ਭੀ ਗਵਾ ਲਿਆ (ਭਾਵ, ਮਨੁੱਖਾ ਜਨਮ ਹੱਥੋਂ ਖੋਹ ਲਿਆ)।

ਸਭੁ ਕੋ ਬੀਜੇ ਆਪਣੇ ਭਲੇ ਨੋ ਹਰਿ ਭਾਵੈ ਸੋ ਖੇਤੁ ਜਮਾਇਆ ॥

(ਆਪਣੇ ਵਲੋਂ) ਹਰ ਕੋਈ ਆਪਣੇ ਭਲੇ ਲਈ ਬੀਜਦਾ ਹੈ (ਪਰ) ਉਹੀ ਖੇਤ ਚੰਗਾ ਉੱਗਦਾ ਹੈ (ਭਾਵ, ਉਹੀ ਕਮਾਈ ਸਫਲ ਹੁੰਦੀ ਹੈ) ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ।

ਗੁਰਸਿਖੀ ਹਰਿ ਅੰਮ੍ਰਿਤੁ ਬੀਜਿਆ ਹਰਿ ਅੰਮ੍ਰਿਤ ਨਾਮੁ ਫਲੁ ਅੰਮ੍ਰਿਤੁ ਪਾਇਆ ॥

(ਇਸ ਕਰਕੇ ਹਰੀ ਦੀ ਪ੍ਰਸੰਨਤਾ ਲਈ) ਸਤਿਗੁਰੂ ਦੇ ਸਿੱਖ ਅਮਰ ਕਰਨ ਵਾਲੇ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਬੀਜਦੇ ਹਨ ਤੇ ਉਹਨਾਂ ਨੂੰ ਹਰਿਨਾਮ-ਰੂਪ ਅੰਮ੍ਰਿਤ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ।

ਜਮੁ ਚੂਹਾ ਕਿਰਸ ਨਿਤ ਕੁਰਕਦਾ ਹਰਿ ਕਰਤੈ ਮਾਰਿ ਕਢਾਇਆ ॥

(ਮਨਮੁਖਾਂ ਦੀ) ਕਿਰਸਾਣੀ ਨੂੰ ਜੋ ਜਮ (ਰੂਪ) ਚੂਹਾ ਸਦਾ ਟੁੱਕੀ ਜਾਂਦਾ ਹੈ ਗੁਰਸਿੱਖਾਂ ਦਾ ਉਹ ਕੋਈ ਵਿਗਾੜ ਨਹੀਂ ਕਰ ਸਕਦਾ, (ਕਿਉਂਕਿ) ਸਿਰਜਣਹਾਰ ਪ੍ਰਭੂ ਨੇ ਮਾਰ ਕੇ ਉਸ ਨੂੰ ਕੱਢ ਦਿੱਤਾ ਹੈ (ਭਾਵ, ਗੁਰਸਿੱਖਾਂ ਦੇ ਹਿਰਦੇ ਵਿਚ ਮਾਇਆ ਵਾਲਾ ਪ੍ਰਭਾਵ ਹੀ ਨਹੀਂ ਰਹਿਣ ਦਿੱਤਾ)।

ਕਿਰਸਾਣੀ ਜੰਮੀ ਭਾਉ ਕਰਿ ਹਰਿ ਬੋਹਲ ਬਖਸ ਜਮਾਇਆ ॥

(ਇਸ ਵਾਸਤੇ ਉਹਨਾਂ ਦੀ) ਫ਼ਸਲ ਪ੍ਰੇਮ ਨਾਲ (ਭਾਵ, ਚੰਗੀ ਫੱਬ ਕੇ) ਉੱਗਦੀ ਹੈ ਤੇ ਪ੍ਰਭੂ ਦੀ ਮਿਹਰ-ਰੂਪੀ ਬੋਹਲ ਦਾ ਢੇਰ ਲੱਗ ਜਾਂਦਾ ਹੈ।

ਤਿਨ ਕਾ ਕਾੜਾ ਅੰਦੇਸਾ ਸਭੁ ਲਾਹਿਓਨੁ ਜਿਨੀ ਸਤਿਗੁਰੁ ਪੁਰਖੁ ਧਿਆਇਆ ॥

ਜੇਹੜੇ ਮਨੁੱਖ ਸਤਿਗੁਰ ਪੁਰਖ ਦਾ ਧਿਆਨ ਧਰਦੇ ਹਨ, ਪ੍ਰਭੂ ਨੇ ਉਹਨਾਂ ਦਾ ਸਾਰਾ ਝੋਰਾ ਤੇ ਚਿੰਤਾ ਲਾਹ ਦਿੱਤਾ ਹੈ।

ਜਨ ਨਾਨਕ ਨਾਮੁ ਅਰਾਧਿਆ ਆਪਿ ਤਰਿਆ ਸਭੁ ਜਗਤੁ ਤਰਾਇਆ ॥੧॥

ਹੇ ਦਾਸ ਨਾਨਕ! ਜੋ ਮਨੁੱਖ ਪ੍ਰਭੂ-ਨਾਮ ਦਾ ਸਿਮਰਨ ਕਰਦਾ ਹੈ, ਉਹ ਆਪ (ਇਸ ਕਾੜੇ ਅੰਦੇਸੇ-ਭਰੇ ਸਮੁੰਦਰ ਵਿਚੋਂ) ਤਰ ਜਾਂਦਾ ਹੈ ਤੇ ਸਾਰੇ ਸੰਸਾਰ ਨੂੰ ਤਾਰ ਲੈਂਦਾ ਹੈ ॥੧॥


ਮਃ ੪ ॥
ਸਾਰਾ ਦਿਨੁ ਲਾਲਚਿ ਅਟਿਆ ਮਨਮੁਖਿ ਹੋਰੇ ਗਲਾ ॥

ਮਨ ਦੇ ਅਧੀਨ ਹੋਇਆ ਮਨੁੱਖ ਸਾਰਾ ਦਿਨ ਲਾਲਚ ਵਿਚ ਲਿੱਬੜਿਆ ਹੋਇਆ (ਨਾਮ ਤੋਂ ਛੁਟ) ਹੋਰ ਹੋਰ ਗੱਲਾਂ ਕਰਦਾ ਫਿਰਦਾ ਹੈ।

ਰਾਤੀ ਊਘੈ ਦਬਿਆ ਨਵੇ ਸੋਤ ਸਭਿ ਢਿਲਾ ॥

(ਦਿਨ ਦੀ ਕਿਰਤ-ਕਾਰ ਕਰ ਕੇ ਥੱਕਿਆ ਹੋਇਆ) ਰਾਤ ਨੂੰ ਨੀਂਦਰ ਵਿਚ ਘੁੱਟਿਆ ਜਾਂਦਾ ਹੈ, ਉਸ ਦੇ ਸਾਰੇ ਨੌ ਹੀ ਇੰਦਰੇ ਢਿੱਲੇ ਹੋ ਜਾਂਦੇ ਹਨ।

ਮਨਮੁਖਾ ਦੈ ਸਿਰਿ ਜੋਰਾ ਅਮਰੁ ਹੈ ਨਿਤ ਦੇਵਹਿ ਭਲਾ ॥

(ਇਹੋ ਜਿਹੇ) ਮਨਮੁਖਾਂ ਦੇ ਸਿਰ ਤੇ ਇਸਤ੍ਰੀਆਂ ਦਾ ਹੁਕਮ ਹੁੰਦਾ ਹੈ, ਤੇ ਉਹ ਉਹਨਾਂ ਨੂੰ (ਹੀ) ਸਦਾ ਚੰਗੇ ਚੰਗੇ ਪਦਾਰਥ ਲਿਆ ਕੇ ਦੇਂਦੇ ਹਨ।

ਜੋਰਾ ਦਾ ਆਖਿਆ ਪੁਰਖ ਕਮਾਵਦੇ ਸੇ ਅਪਵਿਤ ਅਮੇਧ ਖਲਾ ॥

ਜੋ ਮਨੁੱਖ ਇਸਤ੍ਰੀਆਂ ਦੇ ਕਹੇ ਵਿਚ ਟੁਰਦੇ ਹਨ (ਭਾਵ, ਆਪਣਾ ਵਜ਼ੀਰ ਜਾਣ ਕੇ ਸਲਾਹ ਨਹੀ ਲੈਂਦੇ, ਸਗੋਂ ਨਿਰੋਲ ਜੋ ਇਸਤ੍ਰੀਆਂ ਆਖਣ ਉਹੀ ਕਰਦੇ ਹਨ), ਉਹ (ਆਮ ਤੌਰ ਤੇ) ਮਲੀਨ-ਮਤਿ ਬੁਧ-ਹੀਨ ਤੇ ਮੂਰਖ ਹੁੰਦੇ ਹਨ,

ਕਾਮਿ ਵਿਆਪੇ ਕੁਸੁਧ ਨਰ ਸੇ ਜੋਰਾ ਪੁਛਿ ਚਲਾ ॥

(ਕਿਉਂਕਿ) ਜੋ ਵਿਸ਼ੇ ਦੇ ਮਾਰੇ ਹੋਏ ਗੰਦੇ ਆਚਰਨ ਵਾਲੇ ਹੁੰਦੇ ਹਨ, ਉਹੋ ਹੀ ਇਸਤ੍ਰੀਆਂ ਦੇ ਕਹੇ ਵਿਚ ਹੀ ਤੁਰਦੇ ਹਨ।

ਸਤਿਗੁਰ ਕੈ ਆਖਿਐ ਜੋ ਚਲੈ ਸੋ ਸਤਿ ਪੁਰਖੁ ਭਲ ਭਲਾ ॥

ਸੱਚਾ ਤੇ ਚੰਗੇ ਤੋਂ ਚੰਗਾ ਮਨੁੱਖ ਉਹ ਹੈ, ਜੋ ਸਤਿਗੁਰੂ ਦੇ ਹੁਕਮ ਵਿਚ ਚਲਦਾ ਹੈ।

ਜੋਰਾ ਪੁਰਖ ਸਭਿ ਆਪਿ ਉਪਾਇਅਨੁ ਹਰਿ ਖੇਲ ਸਭਿ ਖਿਲਾ ॥

(ਪਰ, ਇਸਤ੍ਰੀ ਜਾਂ ਮਨਮੁਖ ਮਨੁੱਖ ਦੇ ਕੀਹ ਇਖ਼ਤਿਆਰ? ਸਭ ਇਸਤ੍ਰੀਆਂ ਤੇ ਮਨੁੱਖ ਪ੍ਰਭੂ ਨੇ ਆਪ ਪੈਦਾ ਕੀਤੇ ਹਨ।

ਸਭ ਤੇਰੀ ਬਣਤ ਬਣਾਵਣੀ ਨਾਨਕ ਭਲ ਭਲਾ ॥੨॥

ਹੇ ਨਾਨਕ! (ਆਖ ਕਿ) ਹੇ ਪ੍ਰਭੂ! (ਸੰਸਾਰ ਦੀ) ਇਹ ਸਾਰੀ ਬਣਤ ਤੇਰੀ ਬਣਾਈ ਹੋਈ ਹੈ, ਜੋ ਕੁੱਝ ਤੂੰ ਕੀਤਾ ਹੈ ਸਭ ਭਲਾ ਹੈ ॥੨॥


ਪਉੜੀ ॥
ਤੂ ਵੇਪਰਵਾਹੁ ਅਥਾਹੁ ਹੈ ਅਤੁਲੁ ਕਿਉ ਤੁਲੀਐ ॥

ਹੇ ਪ੍ਰਭੂ! ਤੈਨੂੰ ਕਿਵੇਂ ਤੋਲੀਏ? ਤੂੰ ਵੇਪਰਵਾਹ, ਅਥਾਹ ਤੇ ਅਤੋਲ ਹੈਂ।

ਸੇ ਵਡਭਾਗੀ ਜਿ ਤੁਧੁ ਧਿਆਇਦੇ ਜਿਨ ਸਤਿਗੁਰੁ ਮਿਲੀਐ ॥

ਜਿਨ੍ਹਾਂ ਨੂੰ ਸਤਿਗੁਰੂ ਮਿਲਦਾ ਹੈ ਤੇ ਜੇਹੜੇ ਤੇਰਾ ਸਿਮਰਨ ਕਰਦੇ ਹਨ, ਉਹ ਵੱਡੇ ਭਾਗਾਂ ਵਾਲੇ ਹਨ।

ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ ॥

ਸਤਿਗੁਰੂ ਦੀ ਬਾਣੀ ਸੱਚੇ ਪ੍ਰਭੂ ਦਾ ਸਰੂਪ ਹੈ (ਕਿਉਂਕਿ ਇਹ ਨਿਰੋਲ ਸੱਚੇ ਪ੍ਰਭੂ ਦੀ ਸਿਫ਼ਤਿ-ਸਾਲਾਹ ਹੈ) ਤੇ ਸਤਿਗੁਰੂ ਦੀ ਬਾਣੀ ਰਾਹੀਂ (ਸਤਿ ਸਰੂਪ) ਬਣ ਜਾਈਦਾ ਹੈ (ਭਾਵ ਜੋ ਨਾਮ ਜਪਦਾ ਹੈ ਉਹ ਨਾਮ ਵਿਚ ਸਮਾ ਜਾਂਦਾ ਹੈ)।

ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ ॥

ਕਈ ਹੋਰ ਕੂੜ ਦੇ ਵਪਾਰੀ ਸਤਿਗੁਰੂ ਦੀ ਰੀਸ ਕਰ ਕੇ ਕੱਚੀ-ਪਿੱਲੀ ਬਾਣੀ ਉਚਾਰਦੇ ਹਨ, ਪਰ ਉਹ (ਹਿਰਦੇ ਵਿਚ) ਕੂੜ ਹੋਣ ਕਰਕੇ ਝੜ ਪੈਂਦੇ ਹਨ (ਭਾਵ, ਸਤਿਗੁਰੂ ਦੀ ਬਰਾਬਰੀ ਨਹੀਂ ਕਰ ਸਕਦੇ, ਤੇ ਉਹਨਾਂ ਦਾ ਪਾਜ ਖੁੱਲ੍ਹ ਜਾਂਦਾ ਹੈ)।

ਓਨੑਾ ਅੰਦਰਿ ਹੋਰੁ ਮੁਖਿ ਹੋਰੁ ਹੈ ਬਿਖੁ ਮਾਇਆ ਨੋ ਝਖਿ ਮਰਦੇ ਕੜੀਐ ॥੯॥

ਉਹਨਾਂ ਦੇ ਹਿਰਦੇ ਵਿਚ ਕੁੱਝ ਹੋਰ ਹੁੰਦਾ ਹੈ ਤੇ ਮੂੰਹ ਵਿਚ ਹੋਰ, ਉਹ ਵਿਹੁ-ਮਾਇਆ ਨੂੰ ਇਕੱਤਰ ਕਰਨ ਲਈ ਝੁਰਦੇ ਹਨ ਤੇ ਖਪ ਖਪ ਮਰਦੇ ਹਨ ॥੯॥


ਸਲੋਕ ਮਃ ੪ ॥
ਸਤਿਗੁਰ ਕੀ ਸੇਵਾ ਨਿਰਮਲੀ ਨਿਰਮਲ ਜਨੁ ਹੋਇ ਸੁ ਸੇਵਾ ਘਾਲੇ ॥

ਸਤਿਗੁਰੂ ਦੀ (ਦੱਸੀ) ਸੇਵਾ (ਇਕ) ਪਵ੍ਰਿਤ (ਕੰਮ) ਹੈ, ਜੋ ਮਨੁੱਖ ਨਿਰਮਲ ਹੋਵੇ (ਭਾਵ, ਜਿਸ ਮਨੁੱਖ ਦਾ ਹਿਰਦਾ ਮਲੀਨ ਨਾ ਹੋਵੇ) ਉਹੋ ਹੀ ਇਹ ਔਖੀ ਕਾਰ ਕਰ ਸਕਦਾ ਹੈ।

ਜਿਨ ਅੰਦਰਿ ਕਪਟੁ ਵਿਕਾਰੁ ਝੂਠੁ ਓਇ ਆਪੇ ਸਚੈ ਵਖਿ ਕਢੇ ਜਜਮਾਲੇ ॥

ਜਿਨ੍ਹਾਂ ਦੇ ਹਿਰਦੇ ਵਿਚ ਧੋਖਾ ਵਿਕਾਰ ਤੇ ਝੂਠ ਹੈ, ਸੱਚੇ ਪ੍ਰਭੂ ਨੇ ਆਪ ਹੀ ਉਹਨਾਂ ਕੋੜ੍ਹਿਆਂ ਨੂੰ (ਗੁਰੂ ਤੋਂ) ਵੱਖਰੇ ਕਰ ਦਿੱਤਾ ਹੈ।

ਸਚਿਆਰ ਸਿਖ ਬਹਿ ਸਤਿਗੁਰ ਪਾਸਿ ਘਾਲਨਿ ਕੂੜਿਆਰ ਨ ਲਭਨੀ ਕਿਤੈ ਥਾਇ ਭਾਲੇ ॥

ਸੱਚ ਦੇ ਵਪਾਰੀ ਸਿੱਖ ਤਾਂ ਸਤਿਗੁਰੂ ਦੇ ਪਾਸ ਬਹਿ ਕੇ (ਸੇਵਾ ਦੀ) ਘਾਲ ਘਾਲਦੇ ਹਨ, ਪਰ ਉਥੇ ਕੂੜ ਦੇ ਵਪਾਰੀ ਕਿਤੇ ਲੱਭਿਆਂ ਭੀ ਨਹੀਂ ਲੱਭਦੇ।

ਜਿਨਾ ਸਤਿਗੁਰ ਕਾ ਆਖਿਆ ਸੁਖਾਵੈ ਨਾਹੀ ਤਿਨਾ ਮੁਹ ਭਲੇਰੇ ਫਿਰਹਿ ਦਯਿ ਗਾਲੇ ॥

ਜਿਨ੍ਹਾਂ ਮਨੁੱਖਾਂ ਨੂੰ ਸਤਿਗੁਰੂ ਦੇ ਬਚਨ ਚੰਗੇ ਨਹੀ ਲੱਗਦੇ ਉਹਨਾਂ ਦੇ ਮੂੰਹ ਭਰਿਸ਼ਟੇ ਹੋਏ ਹੁੰਦੇ ਹਨ, ਉਹ ਖਸਮ ਵਲੋਂ ਫਿਟਕਾਰੇ ਹੋਏ ਫਿਰਦੇ ਹਨ।

ਜਿਨ ਅੰਦਰਿ ਪ੍ਰੀਤਿ ਨਹੀ ਹਰਿ ਕੇਰੀ ਸੇ ਕਿਚਰਕੁ ਵੇਰਾਈਅਨਿ ਮਨਮੁਖ ਬੇਤਾਲੇ ॥

ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ ਦਾ ਪਿਆਰ ਨਹੀ, ਕਦ ਤਾਈਂ ਉਹਨਾਂ ਨੂੰ ਧੀਰਜ ਦਿੱਤੀ ਜਾ ਸਕਦੀ ਹੈ? ਉਹ ਮਨ ਦੇ ਮੁਰੀਦ ਬੰਦੇ ਭੂਤਾਂ ਵਾਂਗ ਹੀ ਭਟਕਦੇ ਹਨ।

ਸਤਿਗੁਰ ਨੋ ਮਿਲੈ ਸੁ ਆਪਣਾ ਮਨੁ ਥਾਇ ਰਖੈ ਓਹੁ ਆਪਿ ਵਰਤੈ ਆਪਣੀ ਵਥੁ ਨਾਲੇ ॥

ਜੇਹੜਾ ਮਨੁੱਖ ਸਤਿਗੁਰੂ ਨੂੰ ਮਿਲਦਾ ਹੈ ਉਹ (ਇਕ ਤਾਂ) ਆਪਣੇ ਮਨ ਨੂੰ (ਵਿਕਾਰਾਂ ਵੱਲੋਂ ਰੋਕ ਕੇ) ਟਿਕਾਣੇ ਰੱਖਦਾ ਹੈ, ਨਾਲੇ (ਭਾਵ, ਤੇ ਹੋਰ) ਆਪਣੀ ਵਸਤੂ ਨੂੰ ਉਹ ਆਪ ਹੀ ਵਰਤਦਾ ਹੈ (ਭਾਵ, ਕਾਮਾਦਿਕ ਵੈਰੀ ਉਸ ਦੇ ਆਤਮਕ ਆਨੰਦ ਨੂੰ ਖ਼ਰਾਬ ਨਹੀਂ ਕਰ ਸਕਦੇ)।

ਜਨ ਨਾਨਕ ਇਕਨਾ ਗੁਰੁ ਮੇਲਿ ਸੁਖੁ ਦੇਵੈ ਇਕਿ ਆਪੇ ਵਖਿ ਕਢੈ ਠਗਵਾਲੇ ॥੧॥

(ਪਰ) ਹੇ ਦਾਸ ਨਾਨਕ! (ਜੀਵ ਦੇ ਹੱਥ ਵਿਚ ਕੁੱਝ ਨਹੀਂ) ਇਕਨਾਂ ਨੂੰ ਆਪ ਹਰੀ ਸਤਿਗੁਰੂ ਮਿਲਾਂਦਾ ਹੈ ਤੇ ਸੁਖ ਬਖ਼ਸ਼ਦਾ ਹੈ ਅਤੇ ਇਕਨਾਂ ਠੱਗੀ ਕਰਨ ਵਾਲਿਆਂ ਨੂੰ ਵੱਖ ਕਰ ਦੇਂਦਾ ਹੈ (ਭਾਵ, ਸਤਿਗੁਰੂ ਮਿਲਣ ਨਹੀਂ ਦੇਂਦਾ) ॥੧॥


ਮਃ ੪ ॥
ਜਿਨਾ ਅੰਦਰਿ ਨਾਮੁ ਨਿਧਾਨੁ ਹਰਿ ਤਿਨ ਕੇ ਕਾਜ ਦਯਿ ਆਦੇ ਰਾਸਿ ॥

ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਖ਼ਜ਼ਾਨਾ ਹੈ, ਖਸਮ-ਪ੍ਰਭੂ ਨੇ ਉਹਨਾਂ ਦੇ ਕੰਮ ਆਪ ਸਿਰੇ ਚਾੜ੍ਹੇ ਹਨ;

ਤਿਨ ਚੂਕੀ ਮੁਹਤਾਜੀ ਲੋਕਨ ਕੀ ਹਰਿ ਪ੍ਰਭੁ ਅੰਗੁ ਕਰਿ ਬੈਠਾ ਪਾਸਿ ॥

ਉਹਨਾਂ ਨੂੰ ਲੋਕਾਂ ਦੀ ਮੁਥਾਜੀ ਕਰਨ ਦੀ ਲੋੜ ਨਹੀਂ ਰਹਿੰਦੀ (ਕਿਉਂਕਿ) ਪ੍ਰਭੂ ਉਹਨਾਂ ਦਾ ਪੱਖ ਕਰ ਕੇ (ਸਦਾ) ਉਹਨਾਂ ਦੇ ਅੰਗ-ਸੰਗ ਹੈ।

ਜਾਂ ਕਰਤਾ ਵਲਿ ਤਾ ਸਭੁ ਕੋ ਵਲਿ ਸਭਿ ਦਰਸਨੁ ਦੇਖਿ ਕਰਹਿ ਸਾਬਾਸਿ ॥

(ਮੁਥਾਜੀ ਤਾਂ ਕਿਤੇ ਰਹੀ, ਸਗੋਂ) ਸਭ ਲੋਕ ਉਹਨਾਂ ਦਾ ਦਰਸ਼ਨ ਕਰ ਕੇ ਉਹਨਾਂ ਦੀ ਵਡਿਆਈ ਕਰਦੇ ਹਨ (ਕਿਉਂਕਿ) ਜਦੋਂ ਸਿਰਜਨਹਾਰ ਆਪ ਉਹਨਾਂ ਦਾ ਪੱਖ ਕਰਦਾ ਹੈ ਤਾਂ ਹਰ ਕਿਸੇ ਨੇ ਪੱਖ ਕਰਨਾ ਹੋਇਆ।

ਸਾਹੁ ਪਾਤਿਸਾਹੁ ਸਭੁ ਹਰਿ ਕਾ ਕੀਆ ਸਭਿ ਜਨ ਕਉ ਆਇ ਕਰਹਿ ਰਹਰਾਸਿ ॥

(ਇਥੋਂ ਤਕ ਕਿ) ਸ਼ਾਹ ਪਾਤਸ਼ਾਹ (ਭੀ) ਸਾਰੇ ਹਰੀ ਦੇ ਦਾਸ ਦੇ ਅੱਗੇ ਸਿਰ ਨਿਵਾਉਂਦੇ ਹਨ (ਕਿਉਂਕਿ ਉਹ ਭੀ ਤਾਂ) ਸਾਰੇ ਪ੍ਰਭੂ ਦੇ ਹੀ ਬਣਾਏ ਹੋਏ ਹਨ (ਪ੍ਰਭੂ ਦੇ ਦਾਸ ਤੋਂ ਆਕੀ ਕਿਵੇਂ ਹੋਣ)?

ਗੁਰ ਪੂਰੇ ਕੀ ਵਡੀ ਵਡਿਆਈ ਹਰਿ ਵਡਾ ਸੇਵਿ ਅਤੁਲੁ ਸੁਖੁ ਪਾਇਆ ॥

(ਇਹੀ) ਵੱਡੀ ਵਡਿਆਈ ਪੂਰੇ ਸਤਿਗੁਰੂ ਦੀ ਹੀ ਹੈ (ਕਿ ਹਰੀ ਦੇ ਦਾਸ ਦਾ ਸ਼ਾਹਾਂ ਪਾਤਸ਼ਾਹਾਂ ਸਮੇਤ ਲੋਕ ਆਦਰ ਕਰਦੇ ਹਨ, ਤੇ ਉਹ) ਵੱਡੇ ਹਰੀ ਦੀ ਸੇਵਾ ਕਰ ਕੇ ਅਤੁਲ ਸੁਖ ਪਾਂਦਾ ਹੈ।

ਗੁਰਿ ਪੂਰੈ ਦਾਨੁ ਦੀਆ ਹਰਿ ਨਿਹਚਲੁ ਨਿਤ ਬਖਸੇ ਚੜੈ ਸਵਾਇਆ ॥

ਪੂਰੇ ਸਤਿਗੁਰੂ ਦੀ ਰਾਹੀਂ ਪ੍ਰਭੂ ਨੇ (ਜੋ ਆਪਣੇ ਨਾਮ ਦਾ) ਦਾਨ (ਆਪਣੇ ਸੇਵਕ ਨੂੰ) ਬਖ਼ਸ਼ਿਆ ਹੈ ਉਹ ਮੁੱਕਦਾ ਨਹੀਂ, ਕਿਉਂਕਿ ਪ੍ਰਭੂ ਸਦਾ ਬਖ਼ਸ਼ਸ਼ ਕਰੀ ਜਾਂਦਾ ਹੈ ਤੇ ਉਹ ਦਾਨ (ਦਿਨੋ ਦਿਨ) ਵਧਦਾ ਰਹਿੰਦਾ ਹੈ।

ਕੋਈ ਨਿੰਦਕੁ ਵਡਿਆਈ ਦੇਖਿ ਨ ਸਕੈ ਸੋ ਕਰਤੈ ਆਪਿ ਪਚਾਇਆ ॥

ਜੇਹੜਾ ਕੋਈ ਨਿੰਦਕ (ਇਹੋ ਜਿਹੇ ਹਰੀ ਦੇ ਦਾਸ ਦੀ) ਵਡਿਆਈ ਵੇਖ ਕੇ ਜਰ ਨਹੀਂ ਸਕਦਾ, ਉਸ ਨੂੰ ਸਿਰਜਣਹਾਰ ਨੇ ਆਪ (ਈਰਖਾ ਦੀ ਅੱਗ ਵਿਚ) ਦੁਖੀ ਕੀਤਾ ਹੈ।

ਜਨੁ ਨਾਨਕੁ ਗੁਣ ਬੋਲੈ ਕਰਤੇ ਕੇ ਭਗਤਾ ਨੋ ਸਦਾ ਰਖਦਾ ਆਇਆ ॥੨॥

ਮੈਂ ਦਾਸ ਨਾਨਕ ਸਿਰਜਣਹਾਰ ਦੇ ਗੁਣ ਗਾਉਂਦਾ ਹਾਂ, ਉਹ ਆਪਣੇ ਭਗਤਾਂ ਦੀ ਸਦਾ ਰਾਖੀ ਕਰਦਾ ਆਇਆ ਹੈ ॥੨॥


ਪਉੜੀ ॥
ਤੂ ਸਾਹਿਬੁ ਅਗਮ ਦਇਆਲੁ ਹੈ ਵਡ ਦਾਤਾ ਦਾਣਾ ॥

ਹੇ ਪ੍ਰਭੂ! ਤੂੰ ਅਪਹੁੰਚ ਤੇ ਦਿਆਲ ਮਾਲਕ ਹੈਂ ਵੱਡਾ ਦਾਤਾ ਤੇ ਸਿਆਣਾ ਹੈਂ।

ਤੁਧੁ ਜੇਵਡੁ ਮੈ ਹੋਰੁ ਕੋ ਦਿਸਿ ਨ ਆਵਈ ਤੂਹੈਂ ਸੁਘੜੁ ਮੇਰੈ ਮਨਿ ਭਾਣਾ ॥

ਮੈਨੂੰ ਤੇਰੇ ਜੇਡਾ ਵੱਡਾ ਹੋਰ ਕੋਈ ਭੀ ਦਿਖਾਈ ਨਹੀਂ ਦੇਂਦਾ, ਤੂੰ ਹੀ ਸਿਆਣਾ ਮੇਰੇ ਮਨ ਵਿਚ ਪਿਆਰਾ ਲੱਗਾ ਹੈਂ।

ਮੋਹੁ ਕੁਟੰਬੁ ਦਿਸਿ ਆਵਦਾ ਸਭੁ ਚਲਣਹਾਰਾ ਆਵਣ ਜਾਣਾ ॥

(ਜੋ) ਮੋਹ (ਰੂਪ) ਕੁਟੰਬ ਦਿਖਾਈ ਦੇਂਦਾ ਹੈ ਸਭ ਬਿਨਸਨਹਾਰ ਹੈ ਤੇ (ਸੰਸਾਰ ਵਿਚ) ਜੰਮਣ ਮਰਨ (ਦਾ ਕਾਰਨ ਬਣਦਾ ਹੈ)।

ਜੋ ਬਿਨੁ ਸਚੇ ਹੋਰਤੁ ਚਿਤੁ ਲਾਇਦੇ ਸੇ ਕੂੜਿਆਰ ਕੂੜਾ ਤਿਨ ਮਾਣਾ ॥

(ਇਸ ਕਰਕੇ) ਸੱਚੇ ਹਰੀ ਤੋਂ ਬਿਨਾ ਜੋ ਮਨੁੱਖ ਕਿਸੇ ਹੋਰ ਨਾਲ ਮਨ ਜੋੜਦੇ ਹਨ ਉਹ ਕੂੜ ਦੇ ਵਪਾਰੀ ਹਨ, ਤੇ ਉਹਨਾਂ ਦਾ (ਇਸ ਤੇ) ਮਾਣ ਝੂਠਾ ਹੈ।

ਨਾਨਕ ਸਚੁ ਧਿਆਇ ਤੂ ਬਿਨੁ ਸਚੇ ਪਚਿ ਪਚਿ ਮੁਏ ਅਜਾਣਾ ॥੧੦॥

ਹੇ ਨਾਨਕ! ਸੱਚੇ ਪ੍ਰਭੂ ਦਾ ਸਿਮਰਨ ਕਰ, (ਕਿਉਂਕਿ) ਸੱਚੇ ਤੋਂ ਵਾਂਜੇ ਹੋਏ ਮੂਰਖ ਜੀਵ ਦੁਖੀ ਹੋ ਕੇ ਆਤਮਕ ਮੌਤ ਸਹੇੜੀ ਰੱਖਦੇ ਹਨ ॥੧੦॥


ਸਲੋਕ ਮਃ ੪ ॥
ਅਗੋ ਦੇ ਸਤ ਭਾਉ ਨ ਦਿਚੈ ਪਿਛੋ ਦੇ ਆਖਿਆ ਕੰਮਿ ਨ ਆਵੈ ॥

ਮਨ ਦਾ ਮੁਰੀਦ ਮਨੁੱਖ ਪਹਿਲਾਂ ਤਾਂ (ਗੁਰੂ ਦੇ ਬਚਨਾਂ ਨੂੰ) ਆਦਰ ਨਹੀਂ ਦੇਂਦਾ, ਪਿਛੋਂ ਉਸ ਦੇ ਆਖਣ ਦਾ ਕੋਈ ਲਾਭ ਨਹੀਂ ਹੁੰਦਾ।

ਅਧ ਵਿਚਿ ਫਿਰੈ ਮਨਮੁਖੁ ਵੇਚਾਰਾ ਗਲੀ ਕਿਉ ਸੁਖੁ ਪਾਵੈ ॥

ਉਹ ਅਭਾਗਾ ਦੁਚਿੱਤਾ-ਪਨ ਵਿਚ ਹੀ ਭਟਕਦਾ ਹੈ (ਜੇ ਸ਼ਰਧਾ ਪਿਆਰ ਨਾ ਹੋਵੇ ਤਾਂ) ਨਿਰੀਆਂ ਗੱਲਾਂ ਕਰ ਕੇ ਕਿਵੇਂ ਸੁਖ ਮਿਲ ਜਾਏ?

ਜਿਸੁ ਅੰਦਰਿ ਪ੍ਰੀਤਿ ਨਹੀ ਸਤਿਗੁਰ ਕੀ ਸੁ ਕੂੜੀ ਆਵੈ ਕੂੜੀ ਜਾਵੈ ॥

ਜਿਸ ਦੇ ਹਿਰਦੇ ਵਿਚ ਸਤਿਗੁਰੂ ਦਾ ਪਿਆਰ ਨਹੀਂ, ਉਹ ਲੋਕਾਚਾਰੀ (ਗੁਰੂ-ਦਰ ਤੇ) ਆਉਂਦਾ ਜਾਂਦਾ ਹੈ (ਉਸ ਦਾ ਆਉਣ ਜਾਣ ਲੋਕਾਚਾਰੀ ਹੀ ਹੈ)।

ਜੇ ਕ੍ਰਿਪਾ ਕਰੇ ਮੇਰਾ ਹਰਿ ਪ੍ਰਭੁ ਕਰਤਾ ਤਾਂ ਸਤਿਗੁਰੁ ਪਾਰਬ੍ਰਹਮੁ ਨਦਰੀ ਆਵੈ ॥

ਜੇ ਮੇਰਾ ਸਿਰਜਣਹਾਰ-ਪ੍ਰਭੂ ਮਿਹਰ ਕਰੇ ਤਾਂ (ਉਸ ਮਨੁੱਖ ਨੂੰ ਭੀ) ਦਿੱਸ ਪੈਂਦਾ ਹੈ ਕਿ ਸਤਿਗੁਰੂ ਪਾਰਬ੍ਰਹਮ (ਦਾ ਰੂਪ ਹੈ।)

ਤਾ ਅਪਿਉ ਪੀਵੈ ਸਬਦੁ ਗੁਰ ਕੇਰਾ ਸਭੁ ਕਾੜਾ ਅੰਦੇਸਾ ਭਰਮੁ ਚੁਕਾਵੈ ॥

ਉਹ ਸਤਿਗੁਰੂ ਦਾ ਸ਼ਬਦ-ਰੂਪ ਅੰਮ੍ਰਿਤ ਪੀਂਦਾ ਹੈ ਅਤੇ ਝੋਰਾ, ਚਿੰਤਾ ਤੇ ਭਟਕਣਾ ਸਭ ਮੁਕਾ ਲੈਂਦਾ ਹੈ।

ਸਦਾ ਅਨੰਦਿ ਰਹੈ ਦਿਨੁ ਰਾਤੀ ਜਨ ਨਾਨਕ ਅਨਦਿਨੁ ਹਰਿ ਗੁਣ ਗਾਵੈ ॥੧॥

ਹੇ ਨਾਨਕ! ਜੋ ਮਨੁੱਖ ਹਰ ਰੋਜ਼ ਪ੍ਰਭੂ ਦੇ ਗੁਣ ਗਉਂਦਾ ਹੈ ਉਹ ਦਿਨ ਰਾਤ ਸਦਾ ਸੁਖ ਵਿਚ ਰਹਿੰਦਾ ਹੈ ॥੧॥


ਮਃ ੪ ॥
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥

ਜੋ ਮਨੁੱਖ ਸਤਿਗੁਰੂ ਦਾ (ਸੱਚਾ) ਸਿੱਖ ਅਖਵਾਂਦਾ ਹੈ (ਭਾਵ, ਜਿਸ ਨੂੰ ਲੋਕ ਸੱਚਾ ਸਿੱਖ ਆਖਦੇ ਹਨ) ਉਹ ਰੋਜ਼ ਸਵੇਰੇ ਉੱਠ ਕੇ ਹਰਿ-ਨਾਮ ਦਾ ਸਿਮਰਨ ਕਰਦਾ ਹੈ।

ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥

ਹਰ ਰੋਜ਼ ਸਵੇਰੇ ਉੱਦਮ ਕਰਦਾ ਹੈ, ਇਸ਼ਨਾਨ ਕਰਦਾ ਹੈ (ਤੇ ਫਿਰ ਨਾਮ-ਰੂਪ) ਅੰਮ੍ਰਿਤ ਦੇ ਸਰੋਵਰ ਵਿਚ ਟੁੱਭੀ ਲਾਉਂਦਾ ਹੈ।

ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥

ਸਤਿਗੁਰੂ ਦੇ ਉਪਦੇਸ਼ ਦੁਆਰਾ ਪ੍ਰਭੂ ਦੇ ਨਾਮ ਦਾ ਜਾਪ ਜਪਦਾ ਹੈ ਤੇ (ਇਸ ਤਰ੍ਹਾਂ) ਉਸ ਦੇ ਸਾਰੇ ਪਾਪ-ਵਿਕਾਰ ਲਹਿ ਜਾਂਦੇ ਹਨ।

ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥

ਫਿਰ ਦਿਨ ਚੜ੍ਹੇ ਸਤਿਗੁਰੂ ਦੀ ਬਾਣੀ ਦਾ ਕੀਰਤਨ ਕਰਦਾ ਹੈ ਤੇ (ਦਿਹਾੜੀ) ਬਹਿੰਦਿਆਂ ਉੱਠਦਿਆਂ (ਭਾਵ, ਕਾਰ-ਕਿਰਤ ਕਰਦਿਆਂ) ਪ੍ਰਭੂ ਦਾ ਨਾਮ ਸਿਮਰਦਾ ਹੈ।

ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ॥

ਸਤਿਗੁਰੂ ਦੇ ਮਨ ਵਿਚ ਉਹ ਸਿੱਖ ਚੰਗਾ ਲੱਗਦਾ ਹੈ ਜੋ ਪਿਆਰੇ ਪ੍ਰਭੂ ਨੂੰ ਹਰ ਦਮ ਯਾਦ ਕਰਦਾ ਹੈ।

ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ॥

ਜਿਸ ਤੇ ਪਿਆਰਾ ਪ੍ਰਭੂ ਦਿਆਲ ਹੁੰਦਾ ਹੈ, ਉਸ ਗੁਰਸਿੱਖ ਨੂੰ ਸਤਿਗੁਰੂ ਸਿੱਖਿਆ ਦੇਂਦਾ ਹੈ।

ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥੨॥

ਦਾਸ ਨਾਨਕ (ਭੀ) ਉਸ ਗੁਰਸਿੱਖ ਦੀ ਚਰਨ-ਧੂੜ ਮੰਗਦਾ ਹੈ ਜੋ ਆਪ ਨਾਮ ਜਪਦਾ ਹੈ ਤੇ ਹੋਰਨਾਂ ਨੂੰ ਜਪਾਉਂਦਾ ਹੈ ॥੨॥


ਪਉੜੀ ॥
ਜੋ ਤੁਧੁ ਸਚੁ ਧਿਆਇਦੇ ਸੇ ਵਿਰਲੇ ਥੋੜੇ ॥

ਹੇ ਸੱਚੇ ਪ੍ਰ੍ਹ੍ਹਭੂ! ਉਹ ਬਹੁਤ ਥੋਹੜੇ ਜੀਵ ਹਨ, ਜੋ (ਇਕਾਗਰ ਚਿੱਤ) ਤੇਰਾ ਸਿਮਰਨ ਕਰਦੇ ਹਨ।

ਜੋ ਮਨਿ ਚਿਤਿ ਇਕੁ ਅਰਾਧਦੇ ਤਿਨ ਕੀ ਬਰਕਤਿ ਖਾਹਿ ਅਸੰਖ ਕਰੋੜੇ ॥

ਪੂਰਨ ਇਕਾਗ੍ਰਤਾ ਵਿਚ ਜੋ ਮਨੁੱਖ ਇੱਕ ਦਾ ਅਰਾਧਨ ਕਰਦੇ ਹਨ, ਉਹਨਾਂ ਦੀ ਕਮਾਈ ਬੇਅੰਤ ਜੀਵ ਖਾਂਦੇ ਹਨ।

ਤੁਧੁਨੋ ਸਭ ਧਿਆਇਦੀ ਸੇ ਥਾਇ ਪਏ ਜੋ ਸਾਹਿਬ ਲੋੜੇ ॥

ਹੇ ਹਰੀ! (ਉਂਞ ਤਾਂ) ਸਾਰੀ ਸ੍ਰਿਸ਼ਟੀ ਤੇਰਾ ਧਿਆਨ ਧਰਦੀ ਹੈ, ਪਰ ਪਰਵਾਨ ਉਹ ਹੁੰਦੇ ਹਨ ਜਿਨ੍ਹਾਂ ਨੂੰ ਤੂੰ ਮਾਲਕ ਪਸੰਦ ਕਰਦਾ ਹੈਂ।

ਜੋ ਬਿਨੁ ਸਤਿਗੁਰ ਸੇਵੇ ਖਾਦੇ ਪੈਨਦੇ ਸੇ ਮੁਏ ਮਰਿ ਜੰਮੇ ਕੋੜ੍ਹੇ ॥

ਸਤਿਗੁਰੂ ਦੀ ਸੇਵਾ ਤੋਂ ਸੱਖਣੇ ਰਹਿ ਕੇ ਜੋ ਮਨੁੱਖ ਖਾਣ ਪੀਣ ਤੇ ਪੈਨਣ ਦੇ ਰਸਾਂ ਵਿਚ ਲੱਗੇ ਹੋਏ ਹਨ, ਉਹ ਕੋੜ੍ਹੇ ਮੁੜ ਮੁੜ ਜੰਮਦੇ ਹਨ।

ਓਇ ਹਾਜਰੁ ਮਿਠਾ ਬੋਲਦੇ ਬਾਹਰਿ ਵਿਸੁ ਕਢਹਿ ਮੁਖਿ ਘੋਲੇ ॥

ਇਹੋ ਜਿਹੇ ਮਨੁੱਖ ਸਾਹਮਣੇ (ਤਾਂ) ਮਿੱਠੀਆਂ ਗੱਲਾਂ ਕਰਦੇ ਹਨ (ਪਰ) ਪਿਛੋਂ ਮੂੰਹ ਵਿਚੋਂ ਵਿਹੁ ਘੋਲ ਕੇ ਕੱਢਦੇ ਹਨ (ਭਾਵ, ਰੱਜ ਕੇ ਨਿੰਦਾ ਕਰਦੇ ਹਨ)।

ਮਨਿ ਖੋਟੇ ਦਯਿ ਵਿਛੋੜੇ ॥੧੧॥

ਇਹੋ ਜਿਹੇ ਮਨੋਂ ਖੋਟਿਆਂ ਨੂੰ ਖਸਮ ਨੇ (ਆਪਣੇ ਨਾਲੋਂ) ਵਿਛੋੜ ਦਿੱਤਾ ਹੈ ॥੧੧॥


ਸਲੋਕ ਮਃ ੪ ॥
ਮਲੁ ਜੂਈ ਭਰਿਆ ਨੀਲਾ ਕਾਲਾ ਖਿਧੋਲੜਾ ਤਿਨਿ ਵੇਮੁਖਿ ਵੇਮੁਖੈ ਨੋ ਪਾਇਆ ॥

ਮਲ ਤੇ ਜੂਆਂ ਨਾਲ ਭਰਿਆ ਹੋਇਆ ਨੀਲਾ ਤੇ ਕਾਲਾ ਜੁੱਲਾ ਉਸ ਬੇ-ਮੁਖ ਨੇ ਬੇ-ਮੁਖ ਨੂੰ ਪਾ ਦਿੱਤਾ,

ਪਾਸਿ ਨ ਦੇਈ ਕੋਈ ਬਹਣਿ ਜਗਤ ਮਹਿ ਗੂਹ ਪੜਿ ਸਗਵੀ ਮਲੁ ਲਾਇ ਮਨਮੁਖੁ ਆਇਆ ॥

ਸੰਸਾਰ ਵਿਚ ਉਸ ਨੂੰ ਕੋਈ ਕੋਲ ਬਹਿਣ ਨਹੀਂ ਦੇਂਦਾ, ਗੰਦ ਪੈ ਕੇ ਸਗੋਂ ਬਹੁਤੀ ਮੈਲ ਲਾ ਕੇ ਮਨਮੁਖ (ਵਾਪਸ) ਆਇਆ।

ਪਰਾਈ ਜੋ ਨਿੰਦਾ ਚੁਗਲੀ ਨੋ ਵੇਮੁਖੁ ਕਰਿ ਕੈ ਭੇਜਿਆ ਓਥੈ ਭੀ ਮੁਹੁ ਕਾਲਾ ਦੁਹਾ ਵੇਮੁਖਾ ਦਾ ਕਰਾਇਆ ॥

ਜੋ ਮਨਮੁਖ ਪਰਾਈ ਨਿੰਦਾ ਤੇ ਚੁਗਲੀ ਕਰਨ ਲਈ (ਸਾਲਾਹ) ਕਰ ਕੇ ਭੇਜਿਆ ਗਿਆ ਸੀ, ਉਥੇ ਭੀ ਦੋਹਾਂ ਦਾ ਮੂੰਹ ਕਾਲਾ ਕੀਤਾ ਗਿਆ।

ਤੜ ਸੁਣਿਆ ਸਭਤੁ ਜਗਤ ਵਿਚਿ ਭਾਈ ਵੇਮੁਖੁ ਸਣੈ ਨਫਰੈ ਪਉਲੀ ਪਉਦੀ ਫਾਵਾ ਹੋਇ ਕੈ ਉਠਿ ਘਰਿ ਆਇਆ ॥

ਸੰਸਾਰ ਵਿਚ ਸਭਨੀਂ ਪਾਸੀਂ ਤੁਰਤ ਸੁਣਿਆ ਗਿਆ ਕਿ ਹੇ ਭਾਈ! ਬੇਮੁਖ ਨੂੰ ਨੌਕਰ ਸਮੇਤ ਜੁੱਤੀਆਂ ਪਈਆਂ ਤੇ ਚੰਗਾ ਹੌਲਾ ਹੋ ਕੇ ਘਰ ਨੂੰ ਉੱਠ ਆਇਆ ਹੈ।

ਅਗੈ ਸੰਗਤੀ ਕੁੜਮੀ ਵੇਮੁਖੁ ਰਲਣਾ ਨ ਮਿਲੈ ਤਾ ਵਹੁਟੀ ਭਤੀਜਂੀ ਫਿਰਿ ਆਣਿ ਘਰਿ ਪਾਇਆ ॥

ਅੱਗੋਂ ਸੰਗਤਾਂ ਤੇ ਕੁੜਮਾਂ (ਭਾਵ, ਸਾਕਾਂ ਅੰਗਾਂ) ਵਿਚ ਬੇਮੁਖ ਨੂੰ ਬਹਿਣਾ ਨਾ ਮਿਲੇ, ਤਾਂ ਫਿਰ ਵਹੁਟੀ ਤੇ ਭਤੀਜਿਆਂ ਨੇ ਲਿਆ ਕੇ ਘਰ ਵਿਚ ਟਿਕਾਣਾ ਦਿੱਤਾ।

ਹਲਤੁ ਪਲਤੁ ਦੋਵੈ ਗਏ ਨਿਤ ਭੁਖਾ ਕੂਕੇ ਤਿਹਾਇਆ ॥

ਉਸ ਦੇ ਲੋਕ ਪਰਲੋਕ ਦੋਵੇਂ ਅਜਾਈਂ ਗਏ ਤੇ (ਹੁਣ) ਭੁੱਖਾ ਤੇ ਤਿਹਾਇਆ ਕੂਕਦਾ ਹੈ।

ਧਨੁ ਧਨੁ ਸੁਆਮੀ ਕਰਤਾ ਪੁਰਖੁ ਹੈ ਜਿਨਿ ਨਿਆਉ ਸਚੁ ਬਹਿ ਆਪਿ ਕਰਾਇਆ ॥

ਧੰਨ ਸਿਰਜਣਹਾਰ ਮਾਲਕ ਹੈ ਜਿਸ ਨੇ ਆਪ ਗਹੁ ਨਾਲ ਸੱਚਾ ਨਿਆਉਂ ਕਰਾਇਆ ਹੈ,

ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੋ ਸਾਚੈ ਮਾਰਿ ਪਚਾਇਆ ॥

(ਕਿ) ਜੋ ਮਨੁੱਖ ਪੂਰੇ ਸਤਿਗੁਰੂ ਦੀ ਨਿੰਦਾ ਕਰਦਾ ਹੈ, ਸੱਚਾ ਪ੍ਰਭੂ ਉਸ ਨੂੰ ਆਪ (ਆਤਮਕ ਮੌਤ) ਮਾਰ ਕੇ ਦੁਖੀ ਕਰਦਾ ਹੈ।

ਏਹੁ ਅਖਰੁ ਤਿਨਿ ਆਖਿਆ ਜਿਨਿ ਜਗਤੁ ਸਭੁ ਉਪਾਇਆ ॥੧॥

(ਇਹ) ਨਿਆਂ ਦਾ ਬਚਨ ਉਸ ਪ੍ਰਭੂ ਨੇ ਆਪ ਆਖਿਆ ਹੈ ਜਿਸ ਨੇ ਸਾਰਾ ਸੰਸਾਰ ਪੈਦਾ ਕੀਤਾ ਹੈ ॥੧॥


ਮਃ ੪ ॥
ਸਾਹਿਬੁ ਜਿਸ ਕਾ ਨੰਗਾ ਭੁਖਾ ਹੋਵੈ ਤਿਸ ਦਾ ਨਫਰੁ ਕਿਥਹੁ ਰਜਿ ਖਾਏ ॥

ਜਿਸ ਨੌਕਰ ਦਾ ਮਾਲਕ ਕੰਗਾਲ ਹੋਵੇ, ਉਸ ਦੇ ਨੌਕਰ ਨੇ ਕਿੱਥੋਂ ਰੱਜ ਕੇ ਖਾਣਾ ਹੋਇਆ?

ਜਿ ਸਾਹਿਬ ਕੈ ਘਰਿ ਵਥੁ ਹੋਵੈ ਸੁ ਨਫਰੈ ਹਥਿ ਆਵੈ ਅਣਹੋਦੀ ਕਿਥਹੁ ਪਾਏ ॥

ਨੌਕਰ ਨੂੰ ਉਹੋ ਵਸਤ ਮਿਲ ਸਕਦੀ ਹੈ ਜੋ ਮਾਲਕ ਦੇ ਘਰ ਵਿਚ ਹੋਵੇ, ਜੇ ਘਰ ਵਿਚ ਹੀ ਨਾ ਹੋਵੇ ਤਾਂ ਉਸ ਨੂੰ ਕਿੱਥੋਂ ਮਿਲੇ?

ਜਿਸ ਦੀ ਸੇਵਾ ਕੀਤੀ ਫਿਰਿ ਲੇਖਾ ਮੰਗੀਐ ਸਾ ਸੇਵਾ ਅਉਖੀ ਹੋਈ ॥

ਜਿਸ ਦੀ ਸੇਵਾ ਕੀਤਿਆਂ ਫਿਰ ਭੀ ਲੇਖਾ ਮੰਗਿਆ ਜਾਣਾ ਹੋਵੇ, ਉਹ ਸੇਵਾ ਮੁਸ਼ਕਲ ਹੈ (ਭਾਵ, ਉਹਦੇ ਕਰਨ ਦਾ ਕੀਹ ਲਾਹ ਹੈ?)

ਨਾਨਕ ਸੇਵਾ ਕਰਹੁ ਹਰਿ ਗੁਰ ਸਫਲ ਦਰਸਨ ਕੀ ਫਿਰਿ ਲੇਖਾ ਮੰਗੈ ਨ ਕੋਈ ॥੨॥

ਹੇ ਨਾਨਕ! ਜਿਸ ਹਰੀ ਤੇ ਸਤਿਗੁਰੂ ਦਾ ਦਰਸ਼ਨ (ਮਨੁੱਖਾ ਜਨਮ ਨੂੰ) ਸਫਲਾ (ਕਰਦਾ) ਹੈ, ਉਹਨਾਂ ਦੀ ਸੇਵਾ ਕਰਹੁ (ਤਾਕਿ) ਫਿਰ ਕੋਈ ਲੇਖਾ ਨਾ ਮੰਗੇ ॥੨॥


ਪਉੜੀ ॥
ਨਾਨਕ ਵੀਚਾਰਹਿ ਸੰਤ ਜਨ ਚਾਰਿ ਵੇਦ ਕਹੰਦੇ ॥

ਹੇ ਨਾਨਕ! ਸੰਤ (ਆਪਣੀ) ਵੀਚਾਰ ਦੱਸਦੇ ਹਨ ਤੇ ਚਾਰੇ ਵੇਦ (ਭਾਵ, ਪੁਰਾਤਨ ਧਰਮ ਪੁਸਤਕ ਭੀ ਇਹੀ ਗੱਲ) ਆਖਦੇ ਹਨ,

ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ ॥

(ਕਿ) ਭਗਤ ਜਨ ਜੋ ਬਚਨ ਮੂੰਹੋਂ ਬੋਲਦੇ ਹਨ ਉਹ ਸਹੀ ਹੁੰਦੇ ਹਨ।

ਪ੍ਰਗਟ ਪਹਾਰਾ ਜਾਪਦਾ ਸਭਿ ਲੋਕ ਸੁਣੰਦੇ ॥

(ਭਗਤ) ਸਾਰੇ ਜਗਤ ਵਿਚ ਉੱਘੇ ਹੋ ਜਾਂਦੇ ਹਨ, ਉਹਨਾਂ ਦੀ ਸੋਭਾ ਸਾਰੇ ਲੋਕ ਸੁਣਦੇ ਹਨ।

ਸੁਖੁ ਨ ਪਾਇਨਿ ਮੁਗਧ ਨਰ ਸੰਤ ਨਾਲਿ ਖਹੰਦੇ ॥

ਜੋ ਮੂਰਖ ਮਨੁੱਖ (ਅਜੇਹੇ) ਸੰਤਾਂ ਨਾਲ ਵੈਰ ਕਰਦੇ ਹਨ ਉਹ ਸੁਖ ਨਹੀਂ ਪਾਂਦੇ।

ਓਇ ਲੋਚਨਿ ਓਨਾ ਗੁਣੈ ਨੋ ਓਇ ਅਹੰਕਾਰਿ ਸੜੰਦੇ ॥

(ਉਹ ਦੋਖੀ) ਸੜਦੇ ਤਾਂ ਅਹੰਕਾਰ ਵਿਚ ਹਨ, ਪਰ ਸੰਤ ਜਨਾਂ ਦੇ ਗੁਣਾਂ ਨੂੰ ਤਰਸਦੇ ਹਨ।

ਓਇ ਵਿਚਾਰੇ ਕਿਆ ਕਰਹਿ ਜਾ ਭਾਗ ਧੁਰਿ ਮੰਦੇ ॥

ਇਹਨਾਂ ਦੋਖੀ ਮਨੁੱਖਾਂ ਦੇ ਵੱਸ ਭੀ ਕੀਹ ਹੈ? ਮੁੱਢ ਤੋਂ (ਮੰਦੇ ਕਰਮ ਕਰਨ ਕਰਕੇ) ਮੰਦੇ ਸੰਸਕਾਰ ਹੀ ਉਹਨਾਂ ਦਾ ਭਾਗ ਹੈ (ਤੇ ਇਹਨਾਂ ਸੰਸਕਾਰਾਂ ਦੇ ਪ੍ਰੇਰੇ ਹੋਏ ਮੰਦੇ ਪਾਸੇ ਪਏ ਰਹਿੰਦੇ ਹਨ)।

ਜੋ ਮਾਰੇ ਤਿਨਿ ਪਾਰਬ੍ਰਹਮਿ ਸੇ ਕਿਸੈ ਨ ਸੰਦੇ ॥

ਜੋ ਮਨੁੱਖ ਰੱਬ ਵਲੋਂ ਮੋਏ ਹੋਏ ਹਨ, ਉਹ ਕਿਸੇ ਦੇ (ਸੱਕੇ) ਨਹੀਂ।

ਵੈਰੁ ਕਰਹਿ ਨਿਰਵੈਰ ਨਾਲਿ ਧਰਮ ਨਿਆਇ ਪਚੰਦੇ ॥

ਨਿਰਵੈਰਾਂ ਨਾਲ ਭੀ ਵੈਰ ਕਰਦੇ ਹਨ ਤੇ ਪਰਮਾਤਮਾ ਦੇ ਧਰਮ ਨਿਆਂ-ਅਨੁਸਾਰ ਦੁਖੀ ਹੁੰਦੇ ਹਨ।

ਜੋ ਜੋ ਸੰਤਿ ਸਰਾਪਿਆ ਸੇ ਫਿਰਹਿ ਭਵੰਦੇ ॥

ਜੋ ਜੋ ਮਨੁੱਖ ਸੰਤ (ਗੁਰੂ) ਵਲੋਂ ਫਿਟਕਾਰੇ ਹੋਏ ਹਨ (ਭਾਵ, ਗੁਰੂ ਦੇ ਦਰ ਤੋਂ ਵਾਂਜੇ ਹੋਏ ਹਨ) ਉਹ ਭਟਕਦੇ ਫਿਰਦੇ ਹਨ।

ਪੇਡੁ ਮੁੰਢਾਹੂੰ ਕਟਿਆ ਤਿਸੁ ਡਾਲ ਸੁਕੰਦੇ ॥੧੨॥

ਜੋ ਰੁੱਖ ਮੁਢੋਂ ਪੁਟਿਆ ਜਾਏ, ਉਸ ਦੇ ਟਾਹਣ ਭੀ ਸੁੱਕ ਜਾਂਦੇ ਹਨ ॥੧੨॥


ਸਲੋਕ ਮਃ ੪ ॥
ਅੰਤਰਿ ਹਰਿ ਗੁਰੂ ਧਿਆਇਦਾ ਵਡੀ ਵਡਿਆਈ ॥

ਸਤਿਗੁਰੂ ਦੀ ਵਡਿਆਈ ਵੱਡੀ ਹੈ (ਕਿਉਂਕਿ ਉਹ) ਹਰੀ ਨੂੰ ਹਿਰਦੇ ਵਿਚ ਸਿਮਰਦਾ ਹੈ;

ਤੁਸਿ ਦਿਤੀ ਪੂਰੈ ਸਤਿਗੁਰੂ ਘਟੈ ਨਾਹੀ ਇਕੁ ਤਿਲੁ ਕਿਸੈ ਦੀ ਘਟਾਈ ॥

ਪੂਰੇ ਪ੍ਰਭੂ ਨੇ ਸਤਿਗੁਰੂ ਨੂੰ ਪ੍ਰਸੰਨ ਹੋ ਕੇ (ਇਹੀ ਵਡਿਆਈ) ਬਖ਼ਸ਼ੀ ਹੈ (ਇਸ ਕਰਕੇ) ਕਿਸੇ ਦੇ ਘਟਾਇਆਂ ਰਤਾ ਭੀ ਨਹੀਂ ਘਟਦੀ।

ਸਚੁ ਸਾਹਿਬੁ ਸਤਿਗੁਰੂ ਕੈ ਵਲਿ ਹੈ ਤਾਂ ਝਖਿ ਝਖਿ ਮਰੈ ਸਭ ਲੁੋਕਾਈ ॥

ਜਦੋਂ ਸੱਚਾ ਖਸਮ ਪ੍ਰਭੂ ਸਤਿਗੁਰੂ ਦਾ ਅੰਗ ਪਾਲਦਾ ਹੈ, ਤਾਂ ਸਾਰੀ ਦੁਨੀਆ (ਭਾਵੇਂ) ਪਈ ਝਖਾਂ ਮਾਰੇ (ਸਤਿਗੁਰੂ ਦਾ ਕੁਝ ਵਿਗਾੜ ਨਹੀਂ ਸਕਦੀ।)

ਨਿੰਦਕਾ ਕੇ ਮੁਹ ਕਾਲੇ ਕਰੇ ਹਰਿ ਕਰਤੈ ਆਪਿ ਵਧਾਈ ॥

ਸਤਿਗੁਰੂ ਦੀ ਵਡਿਆਈ ਸਿਰਜਣਹਾਰ ਨੇ ਆਪ ਵਧਾਈ ਹੈ ਤੇ ਦੋਖੀਆਂ ਦੇ ਮੂੰਹ ਕਾਲੇ ਕੀਤੇ ਹਨ।

ਜਿਉ ਜਿਉ ਨਿੰਦਕ ਨਿੰਦ ਕਰਹਿ ਤਿਉ ਤਿਉ ਨਿਤ ਨਿਤ ਚੜੈ ਸਵਾਈ ॥

ਜਿਉਂ ਜਿਉਂ ਨਿੰਦਕ ਮਨੁੱਖ ਸਤਿਗੁਰੂ ਦੀ ਨਿੰਦਾ ਕਰਦੇ ਹਨ, ਤਿਉਂ ਤਿਉਂ ਸਤਿਗੁਰੂ ਦੀ ਵਡਿਆਈ ਵਧਦੀ ਹੈ।

ਜਨ ਨਾਨਕ ਹਰਿ ਆਰਾਧਿਆ ਤਿਨਿ ਪੈਰੀ ਆਣਿ ਸਭ ਪਾਈ ॥੧॥

ਹੇ ਦਾਸ ਨਾਨਕ! (ਸਤਿਗੁਰੂ ਨੇ ਜਿਸ) ਪ੍ਰਭੂ ਦਾ ਸਿਮਰਨ ਕੀਤਾ ਹੈ, ਉਸ (ਪ੍ਰਭੂ) ਨੇ ਸਾਰੀ ਲੁਕਾਈ ਲਿਆ ਕੇ ਸਤਿਗੁਰੂ ਦੇ ਪੈਰਾਂ ਤੇ ਪਾ ਦਿੱਤੀ ਹੈ ॥੧॥


ਮਃ ੪ ॥
ਸਤਿਗੁਰ ਸੇਤੀ ਗਣਤ ਜਿ ਰਖੈ ਹਲਤੁ ਪਲਤੁ ਸਭੁ ਤਿਸ ਕਾ ਗਇਆ ॥

ਜੋ ਮਨੁੱਖ ਸਤਿਗੁਰੂ ਨਾਲ ਕਿੜ ਰੱਖਦਾ ਹੈ, ਉਸ ਦਾ ਲੋਕ ਤੇ ਪਰਲੋਕ ਸਮੁੱਚੇ ਹੀ ਵਿਅਰਥ ਜਾਂਦੇ ਹਨ।

ਨਿਤ ਝਹੀਆ ਪਾਏ ਝਗੂ ਸੁਟੇ ਝਖਦਾ ਝਖਦਾ ਝੜਿ ਪਇਆ ॥

(ਉਸ ਦੀ ਪੇਸ਼ ਤਾਂ ਜਾਂਦੀ ਨਹੀਂ, ਇਸ ਕਰਕੇ ਉਹ) ਸਦਾ ਕਚੀਚੀਆਂ ਵੱਟਦਾ ਹੈ ਤੇ ਦੰਦ ਪੀਂਹਦਾ ਹੈ (ਤੇ ਅੰਤ ਨੂੰ) ਖਪਦਾ ਖਪਦਾ ਨਸ਼ਟ ਹੋ ਜਾਂਦਾ ਹੈ (ਆਤਮਕ ਮੌਤ ਸਹੇੜ ਲੈਂਦਾ ਹੈ)।

ਨਿਤ ਉਪਾਵ ਕਰੈ ਮਾਇਆ ਧਨ ਕਾਰਣਿ ਅਗਲਾ ਧਨੁ ਭੀ ਉਡਿ ਗਇਆ ॥

(ਸਤਿਗੁਰੂ ਦਾ ਉਹ ਦੋਖੀ) ਸਦਾ ਮਾਇਆ ਲਈ ਵਿਓਂਤਾਂ ਕਰਦਾ ਹੈ, ਪਰ ਉਸ ਦਾ ਅਗਲਾ (ਕਮਾਇਆ ਹੋਇਆ) ਭੀ ਹੱਥੋਂ ਜਾਂਦਾ ਰਹਿੰਦਾ ਹੈ।

ਕਿਆ ਓਹੁ ਖਟੇ ਕਿਆ ਓਹੁ ਖਾਵੈ ਜਿਸੁ ਅੰਦਰਿ ਸਹਸਾ ਦੁਖੁ ਪਇਆ ॥

ਜਿਸ ਮਨੁੱਖ ਦੇ ਹਿਰਦੇ ਵਿਚ ਝੋਰਾ ਤੇ ਸਾੜਾ ਹੋਵੇ, ਉਸ ਨੇ ਖੱਟਣਾ ਕੀਹ ਤੇ ਖਾਣਾ ਕੀਹ? (ਭਾਵ, ਉਹ ਨਾ ਕੁਝ ਖੱਟ ਸਕਦਾ ਹੈ ਤੇ ਨਾ ਖੱਟੇ ਹੋਏ ਦਾ ਆਨੰਦ ਲੈ ਸਕਦਾ ਹੈ)।

ਨਿਰਵੈਰੈ ਨਾਲਿ ਜਿ ਵੈਰੁ ਰਚਾਏ ਸਭੁ ਪਾਪੁ ਜਗਤੈ ਕਾ ਤਿਨਿ ਸਿਰਿ ਲਇਆ ॥

ਜੋ ਮਨੁੱਖ ਨਿਰਵੈਰ ਨਾਲ ਵੈਰ ਕਰਦਾ ਹੈ ਉਹ ਸਾਰੇ ਸੰਸਾਰ ਦੇ ਪਾਪਾਂ (ਦਾ ਭਾਰ) ਆਪਣੇ ਸਿਰ ਤੇ ਲੈਂਦਾ ਹੈ,

ਓਸੁ ਅਗੈ ਪਿਛੈ ਢੋਈ ਨਾਹੀ ਜਿਸੁ ਅੰਦਰਿ ਨਿੰਦਾ ਮੁਹਿ ਅੰਬੁ ਪਇਆ ॥

ਉਸ ਨੂੰ ਲੋਕ ਪਰਲੋਕ ਵਿਚ ਕੋਈ ਆਸਰਾ ਨਹੀਂ ਦੇਂਦਾ। ਜਿਸ ਦੇ ਹਿਰਦੇ ਵਿਚ ਤਾਂ ਨਿੰਦਾ ਹੋਵੇ, ਪਰ ਮੂੰਹ ਵਿਚ ਅੰਬ ਪਿਆ ਹੋਵੇ (ਭਾਵ, ਜੋ ਮੂੰਹੋਂ ਮਿੱਠਾ ਬੋਲੇ),

ਜੇ ਸੁਇਨੇ ਨੋ ਓਹੁ ਹਥੁ ਪਾਏ ਤਾ ਖੇਹੂ ਸੇਤੀ ਰਲਿ ਗਇਆ ॥

ਇਹੋ ਜਿਹਾ ਖੋਟਾ ਮਨੁੱਖ ਜੇ ਸੋਨੇ ਨੂੰ ਹੱਥ ਪਾਏ ਉਹ ਭੀ ਸੁਆਹ ਨਾਲ ਰਲ ਜਾਂਦਾ ਹੈ।

ਜੇ ਗੁਰ ਕੀ ਸਰਣੀ ਫਿਰਿ ਓਹੁ ਆਵੈ ਤਾ ਪਿਛਲੇ ਅਉਗਣ ਬਖਸਿ ਲਇਆ ॥

ਫਿਰ ਭੀ (ਭਾਵ, ਇਹੋ ਜਿਹਾ ਪਾਪੀ ਹੁੰਦਿਆਂ ਭੀ) ਜੇ ਉਹ ਸਤਿਗੁਰੂ ਦੀ ਚਰਨੀਂ ਢਹਿ ਪਵੇ ਤਾਂ ਸਤਿਗੁਰੂ ਉਸ ਦੇ ਪਿਛਲੇ ਅਉਗੁਣਾਂ ਨੂੰ ਬਖ਼ਸ਼ ਦੇਂਦਾ ਹੈ।

ਜਨ ਨਾਨਕ ਅਨਦਿਨੁ ਨਾਮੁ ਧਿਆਇਆ ਹਰਿ ਸਿਮਰਤ ਕਿਲਵਿਖ ਪਾਪ ਗਇਆ ॥੨॥

ਹੇ ਨਾਨਕ! ਜੋ ਮਨੁੱਖ (ਸਤਿਗੁਰੂ ਦੀ ਸਰਣਿ ਪੈ ਕੇ) ਹਰ ਰੋਜ਼ ਨਾਮ ਜਪਦਾ ਹੈ, ਪ੍ਰਭੂ ਨੂੰ ਸਿਮਰਦਿਆਂ ਉਸ ਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ ॥੨॥


ਪਉੜੀ ॥
ਤੂਹੈ ਸਚਾ ਸਚੁ ਤੂ ਸਭ ਦੂ ਉਪਰਿ ਤੂ ਦੀਬਾਣੁ ॥

(ਹੇ ਪ੍ਰਭੂ) ਤੂੰ ਸਦਾ ਥਿਰ ਰਹਿਣ ਵਾਲਾ ਹੈ, ਤੂੰ ਹੀ (ਜੀਵਾਂ ਦਾ) ਸਭ ਤੋਂ ਵੱਡਾ ਆਸਰਾ ਹੈਂ।

ਜੋ ਤੁਧੁ ਸਚੁ ਧਿਆਇਦੇ ਸਚੁ ਸੇਵਨਿ ਸਚੇ ਤੇਰਾ ਮਾਣੁ ॥

ਹੇ ਸੱਚੇ ਪ੍ਰਭੂ! ਜੋ ਤੇਰਾ ਸਿਮਰਨ ਕਰਦੇ ਹਨ, ਤੇਰੀ ਸੇਵਾ ਕਰਦੇ ਹਨ, ਉਹਨਾਂ ਨੂੰ ਤੇਰਾ ਹੀ ਮਾਣ ਹੈ।

ਓਨਾ ਅੰਦਰਿ ਸਚੁ ਮੁਖ ਉਜਲੇ ਸਚੁ ਬੋਲਨਿ ਸਚੇ ਤੇਰਾ ਤਾਣੁ ॥

ਉਹਨਾਂ ਦੇ ਹਿਰਦੇ ਵਿਚ ਸੱਚ ਹੈ (ਇਸ ਕਰਕੇ ਉਹਨਾਂ ਦੇ) ਮੱਥੇ ਖਿੜੇ ਰਹਿੰਦੇ ਹਨ ਤੇ ਹੇ ਸੱਚੇ ਹਰੀ! ਉਹ ਤੇਰਾ ਸਦਾ-ਥਿਰ ਨਾਮ ਉਚਾਰਦੇ ਹਨ, ਤੇ ਤੇਰਾ ਉਹਨਾਂ ਨੂੰ ਤਾਣ ਹੈ।

ਸੇ ਭਗਤ ਜਿਨੀ ਗੁਰਮੁਖਿ ਸਾਲਾਹਿਆ ਸਚੁ ਸਬਦੁ ਨੀਸਾਣੁ ॥

ਜੋ ਮਨੁੱਖ ਸਤਿਗੁਰੂ ਦੇ ਸਨਮੁਖ ਰਹਿ ਕੇ ਹਰੀ ਦੀ ਸਿਫ਼ਤਿ-ਸਾਲਾਹ ਕਰਦੇ ਹਨ, ਉਹੀ ਸੱਚੇ ਭਗਤ ਹਨ ਤੇ ਉਹਨਾਂ ਪਾਸ ਸੱਚਾ ਸ਼ਬਦ-ਰੂਪ ਨਿਸ਼ਾਨ ਹੈ।

ਸਚੁ ਜਿ ਸਚੇ ਸੇਵਦੇ ਤਿਨ ਵਾਰੀ ਸਦ ਕੁਰਬਾਣੁ ॥੧੩॥

ਮੈਂ ਸਦਕੇ ਹਾਂ ਕੁਰਬਾਨ ਹਾਂ ਉਹਨਾਂ ਤੋਂ ਜੋ ਸੱਚੇ ਪ੍ਰਭੂ ਨੂੰ ਤਨੋਂ ਮਨੋਂ ਸਿਮਰਦੇ ਹਨ ॥੧੩॥


ਸਲੋਕ ਮਃ ੪ ॥
ਧੁਰਿ ਮਾਰੇ ਪੂਰੈ ਸਤਿਗੁਰੂ ਸੇਈ ਹੁਣਿ ਸਤਿਗੁਰਿ ਮਾਰੇ ॥

ਜੇਹੜੇ ਪਹਿਲਾਂ ਤੋਂ ਹੀ ਪੂਰੇ ਸਤਿਗੁਰੂ ਨੇ ਫਿਟਕਾਰੇ ਹਨ, ਉਹ ਹੁਣ (ਫਿਰ) ਸਤਿਗੁਰੂ ਵਲੋਂ ਮਾਰੇ ਗਏ ਹਨ (ਭਾਵ, ਸਤਿਗੁਰੂ ਵਲੋਂ ਮਨਮੁਖ ਹੋਏ ਹਨ)।

ਜੇ ਮੇਲਣ ਨੋ ਬਹੁਤੇਰਾ ਲੋਚੀਐ ਨ ਦੇਈ ਮਿਲਣ ਕਰਤਾਰੇ ॥

ਜੇ ਉਹਨਾਂ ਨੂੰ (ਸਤਿਗੁਰੂ ਨਾਲ) ਮੇਲਣ ਲਈ ਬਥੇਰੀ ਤਾਂਘ ਭੀ ਕਰੀਏ (ਤਾਂ ਭੀ) ਸਿਰਜਣਹਾਰ ਉਹਨਾਂ ਨੂੰ ਮਿਲਣ ਨਹੀਂ ਦੇਂਦਾ।

ਸਤਸੰਗਤਿ ਢੋਈ ਨਾ ਲਹਨਿ ਵਿਚਿ ਸੰਗਤਿ ਗੁਰਿ ਵੀਚਾਰੇ ॥

ਉਹਨਾਂ ਨੂੰ ਸਤਸੰਗ ਵਿਚ ਭੀ ਢੋਈ ਨਹੀਂ ਮਿਲਦੀ-ਗੁਰੂ ਨੇ ਭੀ ਸੰਗਤਿ ਵਿਚ ਏਹੀ ਵਿਚਾਰ ਕੀਤੀ ਹੈ।

ਕੋਈ ਜਾਇ ਮਿਲੈ ਹੁਣਿ ਓਨਾ ਨੋ ਤਿਸੁ ਮਾਰੇ ਜਮੁ ਜੰਦਾਰੇ ॥

ਐਸ ਵੇਲੇ ਜੇ ਕੋਈ ਉਹਨਾਂ ਦਾ ਜਾ ਕੇ ਸਾਥੀ ਬਣੇ, ਉਸ ਨੂੰ ਭੀ ਜਮਦੂਤ ਤਾੜਨਾ ਕਰਦਾ ਹੈ (ਉਹ ਮਨੁੱਖ ਭੀ ਮਨ-ਮੁਖਤਾ ਵਾਲੇ ਕੰਮ ਹੀ ਕਰੇਗਾ, ਜਿਸ ਕਰਕੇ ਜੰਮ-ਮਾਰਗ ਦਾ ਭਾਗੀ ਬਣੇਗਾ)।

ਗੁਰਿ ਬਾਬੈ ਫਿਟਕੇ ਸੇ ਫਿਟੇ ਗੁਰਿ ਅੰਗਦਿ ਕੀਤੇ ਕੂੜਿਆਰੇ ॥

ਜਿਨ੍ਹਾਂ ਮਨੁੱਖਾਂ ਨੂੰ ਬਾਬੇ (ਗੁਰੂ ਨਾਨਕ ਦੇਵ) ਨੇ ਮਨਮੁਖ ਕਰਾਰ ਦਿੱਤਾ, ਉਹਨਾਂ ਅਹੰਕਾਰੀਆਂ ਨੂੰ ਗੁਰੂ ਅੰਗਦ ਨੇ ਭੀ ਝੂਠਾ ਮਿਥਿਆ।

ਗੁਰਿ ਤੀਜੀ ਪੀੜੀ ਵੀਚਾਰਿਆ ਕਿਆ ਹਥਿ ਏਨਾ ਵੇਚਾਰੇ ॥

ਤੀਜੇ ਥਾਂ ਬੈਠੇ ਗੁਰੂ ਨੇ ਵਿਚਾਰ ਕੀਤੀ ਕਿ ਇਹਨਾਂ ਕੰਗਾਲਾਂ ਦੇ ਕੀਹ ਵੱਸ?

ਗੁਰੁ ਚਉਥੀ ਪੀੜੀ ਟਿਕਿਆ ਤਿਨਿ ਨਿੰਦਕ ਦੁਸਟ ਸਭਿ ਤਾਰੇ ॥

ਜਿਸ ਨੇ ਚੌਥੇ ਥਾਂ ਬੈਠੇ ਨੂੰ ਗੁਰੂ ਥਾਪਿਆ, ਉਸ ਨੇ ਸਾਰੇ ਨਿੰਦਕ ਤੇ ਦੁਸ਼ਟ ਤਾਰ ਦਿੱਤੇ (ਭਾਵ, ਅਹੰਕਾਰ ਤੇ ਫਿਟੇਵੇਂ ਤੋਂ ਬਚਾ ਲਏ)।

ਕੋਈ ਪੁਤੁ ਸਿਖੁ ਸੇਵਾ ਕਰੇ ਸਤਿਗੁਰੂ ਕੀ ਤਿਸੁ ਕਾਰਜ ਸਭਿ ਸਵਾਰੇ ॥

ਪੁੱਤਰ ਹੋਵੇ ਚਾਹੇ ਸਿੱਖ, ਜੋ ਕੋਈ (ਭੀ) ਸਤਿਗੁਰੂ ਦੀ ਸੇਵਾ ਕਰਦਾ ਹੈ ਸਤਿਗੁਰੂ ਉਸ ਦੇ ਸਾਰੇ ਕਾਰਜ ਸਵਾਰਦਾ ਹੈ-

ਜੋ ਇਛੈ ਸੋ ਫਲੁ ਪਾਇਸੀ ਪੁਤੁ ਧਨੁ ਲਖਮੀ ਖੜਿ ਮੇਲੇ ਹਰਿ ਨਿਸਤਾਰੇ ॥

ਪੁੱਤਰ, ਧਨ, ਲੱਛਮੀ, ਜਿਸ ਭੀ ਸ਼ੈ ਦੀ ਉਹ ਇੱਛਾ ਕਰੇ, ਉਹੀ ਫਲ ਉਸ ਨੂੰ ਮਿਲਦਾ ਹੈ, (ਸਤਿਗੁਰੂ) ਉਸ ਨੂੰ ਲੈ ਜਾ ਕੇ (ਪ੍ਰਭੂ ਨਾਲ) ਮੇਲਦਾ ਹੈ ਤੇ ਪ੍ਰਭੂ (ਉਸ ਨੂੰ) ਪਾਰ ਉਤਾਰਦਾ ਹੈ।

ਸਭਿ ਨਿਧਾਨ ਸਤਿਗੁਰੂ ਵਿਚਿ ਜਿਸੁ ਅੰਦਰਿ ਹਰਿ ਉਰ ਧਾਰੇ ॥

(ਮੁਕਦੀ ਗੱਲ), ਜਿਸ ਸਤਿਗੁਰੂ ਦੇ ਹਿਰਦੇ ਵਿਚ ਪ੍ਰਭੂ ਟਿਕਿਆ ਹੋਇਆ ਹੈ, ਉਸ ਵਿਚ ਸਾਰੇ ਖ਼ਜ਼ਾਨੇ ਹਨ।

ਸੋ ਪਾਏ ਪੂਰਾ ਸਤਿਗੁਰੂ ਜਿਸੁ ਲਿਖਿਆ ਲਿਖਤੁ ਲਿਲਾਰੇ ॥

ਜਿਸ (ਮਨੁੱਖ) ਦੇ ਮੱਥੇ ਤੇ (ਪਿਛਲੇ ਕੀਤੇ ਚੰਗੇ ਕੰਮਾਂ ਦੇ ਸੰਸਕਾਰ-ਰੂਪੀ) ਲੇਖ ਲਿਖੇ ਹੋਏ ਹਨ, ਉਹ ਪੂਰੇ ਸਤਿਗੁਰੂ ਨੂੰ ਮਿਲ ਪੈਂਦਾ ਹੈ।

ਜਨੁ ਨਾਨਕੁ ਮਾਗੈ ਧੂੜਿ ਤਿਨ ਜੋ ਗੁਰਸਿਖ ਮਿਤ ਪਿਆਰੇ ॥੧॥

(ਇਹੋ ਜਿਹੇ) ਜੋ ਮਿੱਤਰ ਪਿਆਰੇ ਗੁਰੂ ਕੇ ਸਿੱਖ ਹਨ, ਉਹਨਾਂ ਦੇ ਚਰਨਾਂ ਦੀ ਧੂੜ ਦਾਸ ਨਾਨਕ (ਭੀ) ਮੰਗਦਾ ਹੈ ॥੧॥


ਮਃ ੪ ॥
ਜਿਨ ਕਉ ਆਪਿ ਦੇਇ ਵਡਿਆਈ ਜਗਤੁ ਭੀ ਆਪੇ ਆਣਿ ਤਿਨ ਕਉ ਪੈਰੀ ਪਾਏ ॥

ਜਿਨ੍ਹਾਂ ਨੂੰ ਪ੍ਰਭੂ ਆਪ ਵਡਿਆਈ ਬਖ਼ਸ਼ਦਾ ਹੈ, ਉਹਨਾਂ ਦੀ ਚਰਨੀਂ ਸਾਰੇ ਸੰਸਾਰ ਨੂੰ ਭੀ ਲਿਆ ਕੇ ਪਾਂਦਾ ਹੈ।

ਡਰੀਐ ਤਾਂ ਜੇ ਕਿਛੁ ਆਪ ਦੂ ਕੀਚੈ ਸਭੁ ਕਰਤਾ ਆਪਣੀ ਕਲਾ ਵਧਾਏ ॥

(ਇਸ ਵਡਿਆਈ ਨੂੰ ਆਉਂਦਾ ਵੇਖ ਕੇ) ਤਦ ਡਰੀਏ, ਜੇ ਅਸੀਂ ਕੁਝ ਆਪਣੇ ਵਲੋਂ ਕਰਦੇ ਹੋਵੀਏ, ਇਹ ਤਾਂ ਕਰਤਾਰ ਆਪਣੀ ਕਲਾ ਆਪ ਵਧਾ ਰਿਹਾ ਹੈ।

ਦੇਖਹੁ ਭਾਈ ਏਹੁ ਅਖਾੜਾ ਹਰਿ ਪ੍ਰੀਤਮ ਸਚੇ ਕਾ ਜਿਨਿ ਆਪਣੈ ਜੋਰਿ ਸਭਿ ਆਣਿ ਨਿਵਾਏ ॥

ਹੇ ਭਾਈ! ਚੇਤਾ ਰੱਖੋ, ਜਿਸ ਪ੍ਰਭੂ ਨੇ ਆਪਣੇ ਬਲ ਨਾਲ ਸਭ ਜੀਵਾਂ ਨੂੰ ਲਿਆ ਕੇ (ਸਤਿਗੁਰੂ ਦੇ ਅੱਗੇ) ਨਿਵਾਇਆ ਹੈ, ਉਸ ਸੱਚੇ ਪ੍ਰੀਤਮ ਦਾ ਇਹ ਸੰਸਾਰ (ਇਕ) ਅਖਾੜਾ ਹੈ,

ਆਪਣਿਆ ਭਗਤਾ ਕੀ ਰਖ ਕਰੇ ਹਰਿ ਸੁਆਮੀ ਨਿੰਦਕਾ ਦੁਸਟਾ ਕੇ ਮੁਹ ਕਾਲੇ ਕਰਾਏ ॥

(ਜਿਸ ਵਿਚ) ਉਹ ਸੁਆਮੀ ਪ੍ਰਭੂ ਆਪਣੇ ਭਗਤਾਂ ਦੀ ਰੱਖਿਆ ਕਰਦਾ ਹੈ ਤੇ ਨਿੰਦਕਾਂ ਦੁਸ਼ਟਾਂ ਦੇ ਮੂੰਹ ਕਾਲੇ ਕਰਾਉਂਦਾ ਹੈ।

ਸਤਿਗੁਰ ਕੀ ਵਡਿਆਈ ਨਿਤ ਚੜੈ ਸਵਾਈ ਹਰਿ ਕੀਰਤਿ ਭਗਤਿ ਨਿਤ ਆਪਿ ਕਰਾਏ ॥

ਸਤਿਗੁਰੂ ਦੀ ਮਹਿਮਾ ਸਦਾ ਵਧਦੀ ਹੈ ਕਿਉਂਕਿ ਹਰੀ ਆਪਣੀ ਕੀਰਤੀ ਤੇ ਭਗਤੀ ਸਦਾ ਆਪ ਸਤਿਗੁਰੂ ਪਾਸੋਂ ਕਰਾਉਂਦਾ ਹੈ।

ਅਨਦਿਨੁ ਨਾਮੁ ਜਪਹੁ ਗੁਰਸਿਖਹੁ ਹਰਿ ਕਰਤਾ ਸਤਿਗੁਰੁ ਘਰੀ ਵਸਾਏ ॥

ਹੇ ਗੁਰ-ਸਿਖੋ! ਹਰ ਰੋਜ਼ (ਭਾਵ, ਹਰ ਵੇਲੇ) ਨਾਮ ਜਪੋ (ਤਾ ਕਿ) ਸਿਰਜਨਹਾਰ ਹਰੀ (ਇਹੋ ਜਿਹਾ) ਸਤਿਗੁਰੂ (ਤੁਹਾਡੇ) ਹਿਰਦੇ ਵਿਚ ਵਸਾ ਦੇਵੇ।

ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ ॥

ਹੇ ਗੁਰ-ਸਿਖੋ! ਸਤਿਗੁਰੂ ਦੀ ਬਾਣੀ ਨਿਰੋਲ ਸੱਚ ਸਮਝੋ (ਕਿਉਂਕਿ) ਸਿਰਜਨਹਾਰ ਪ੍ਰਭੂ ਆਪ ਇਹ ਬਾਣੀ ਸਤਿਗੁਰੂ ਦੇ ਮੂੰਹ ਤੋਂ ਅਖਵਾਂਦਾ ਹੈ।

ਗੁਰਸਿਖਾ ਕੇ ਮੁਹ ਉਜਲੇ ਕਰੇ ਹਰਿ ਪਿਆਰਾ ਗੁਰ ਕਾ ਜੈਕਾਰੁ ਸੰਸਾਰਿ ਸਭਤੁ ਕਰਾਏ ॥

ਪਿਆਰਾ ਹਰੀ ਗੁਰ-ਸਿੱਖਾਂ ਦੇ ਮੂੰਹ ਉਜਲੇ ਕਰਦਾ ਹੈ ਤੇ ਸੰਸਾਰ ਵਿਚ ਸਭਨੀਂ ਪਾਸੀਂ ਸਤਿਗੁਰੂ ਦੀ ਜਿੱਤ ਕਰਾਉਂਦਾ ਹੈ।

ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਦਾਸਨ ਕੀ ਹਰਿ ਪੈਜ ਰਖਾਏ ॥੨॥

ਦਾਸ ਨਾਨਕ ਭੀ ਪ੍ਰਭੂ ਦਾ ਸੇਵਕ ਹੈ; ਪ੍ਰਭੂ ਆਪਣੇ ਦਾਸਾਂ ਦੀ ਲਾਜ ਆਪ ਰੱਖਦਾ ਹੈ ॥੨॥


ਪਉੜੀ ॥
ਤੂ ਸਚਾ ਸਾਹਿਬੁ ਆਪਿ ਹੈ ਸਚੁ ਸਾਹ ਹਮਾਰੇ ॥

ਹੇ ਸਾਡੇ ਸਦਾ-ਥਿਰ ਰਹਿਣ ਵਾਲੇ ਸ਼ਾਹ! ਤੂੰ ਆਪ ਹੀ ਸੱਚਾ ਮਾਲਕ ਹੈਂ।

ਸਚੁ ਪੂਜੀ ਨਾਮੁ ਦ੍ਰਿੜਾਇ ਪ੍ਰਭ ਵਣਜਾਰੇ ਥਾਰੇ ॥

ਹੇ ਪ੍ਰਭੂ! ਅਸੀਂ ਤੇਰੇ ਵਣਜਾਰੇ ਹਾਂ, ਸਾਨੂੰ ਇਹ ਨਿਸਚੇ ਕਰਾ ਕਿ ਨਾਮ ਦੀ ਪੂੰਜੀ ਸਦਾ ਕਾਇਮ ਰਹਿਣ ਵਾਲੀ ਹੈ।

ਸਚੁ ਸੇਵਹਿ ਸਚੁ ਵਣੰਜਿ ਲੈਹਿ ਗੁਣ ਕਥਹ ਨਿਰਾਰੇ ॥

ਜੋ ਮਨੁੱਖ ਸਦਾ-ਥਿਰ ਨਾਮ ਸਿਮਰਦੇ ਹਨ, ਸੱਚੇ ਨਾਮ ਦਾ ਸਉਦਾ ਖ਼ਰੀਦਦੇ ਹਨ ਤੇ ਨਿਰਾਲੇ ਪ੍ਰਭੂ ਦੇ ਗੁਣ ਉਚਾਰਦੇ ਹਨ,

ਸੇਵਕ ਭਾਇ ਸੇ ਜਨ ਮਿਲੇ ਗੁਰ ਸਬਦਿ ਸਵਾਰੇ ॥

ਉਹ ਸਤਿਗੁਰੂ ਦੇ ਸ਼ਬਦ ਦੁਆਰਾ ਸੁਧਰ ਕੇ ਸੇਵਕ ਸੁਭਾਉ ਵਾਲੇ ਹੋ ਕੇ ਉਸ ਪ੍ਰਭੂ ਨੂੰ ਮਿਲਦੇ ਹਨ।

ਤੂ ਸਚਾ ਸਾਹਿਬੁ ਅਲਖੁ ਹੈ ਗੁਰ ਸਬਦਿ ਲਖਾਰੇ ॥੧੪॥

ਹੇ ਹਰੀ! ਤੂੰ ਸੱਚਾ ਮਾਲਕ ਹੈਂ, ਤੈਨੂੰ ਕੋਈ ਸਮਝ ਨਹੀਂ ਸਕਦਾ (ਪਰ) ਸਤਿਗੁਰੂ ਦੇ ਸ਼ਬਦ ਦੁਆਰਾ ਤੇਰੀ ਸੂਝ ਪੈਂਦੀ ਹੈ ॥੧੪॥


ਸਲੋਕ ਮਃ ੪ ॥
ਜਿਸੁ ਅੰਦਰਿ ਤਾਤਿ ਪਰਾਈ ਹੋਵੈ ਤਿਸ ਦਾ ਕਦੇ ਨ ਹੋਵੀ ਭਲਾ ॥

ਜਿਸ ਦੇ ਹਿਰਦੇ ਵਿਚ ਪਰਾਈ ਈਰਖਾ ਹੋਵੇ, ਉਸ ਦਾ ਆਪਣਾ ਭੀ ਕਦੇ ਭਲਾ ਨਹੀਂ ਹੁੰਦਾ।

ਓਸ ਦੈ ਆਖਿਐ ਕੋਈ ਨ ਲਗੈ ਨਿਤ ਓਜਾੜੀ ਪੂਕਾਰੇ ਖਲਾ ॥

ਉਸ ਦੇ ਬਚਨ ਤੇ ਕੋਈ ਇਤਬਾਰ ਨਹੀਂ ਕਰਦਾ, ਉਹ ਸਦਾ (ਮਾਨੋ) ਉਜਾੜ ਵਿਚ ਖਲੋਤਾ ਕੂਕਦਾ ਹੈ।

ਜਿਸੁ ਅੰਦਰਿ ਚੁਗਲੀ ਚੁਗਲੋ ਵਜੈ ਕੀਤਾ ਕਰਤਿਆ ਓਸ ਦਾ ਸਭੁ ਗਇਆ ॥

ਜਿਸ ਮਨੁੱਖ ਦੇ ਹਿਰਦੇ ਵਿਚ ਚੁਗ਼ਲੀ ਹੁੰਦੀ ਹੈ ਉਹ ਚੁਗ਼ਲ (ਦੇ ਨਾਮ ਨਾਲ) ਹੀ ਮਸ਼ਹੂਰ ਹੋ ਜਾਂਦਾ ਹੈ, ਉਸ ਦੀ (ਪਿਛਲੀ) ਸਾਰੀ ਕੀਤੀ ਹੋਈ ਕਮਾਈ ਵਿਅਰਥ ਜਾਂਦੀ ਹੈ।

ਨਿਤ ਚੁਗਲੀ ਕਰੇ ਅਣਹੋਦੀ ਪਰਾਈ ਮੁਹੁ ਕਢਿ ਨ ਸਕੈ ਓਸ ਦਾ ਕਾਲਾ ਭਇਆ ॥

ਉਹ ਸਦਾ ਪਰਾਈ ਝੂਠੀ ਚੁਗ਼ਲੀ ਕਰਦਾ ਹੈ, ਇਸ ਮੁਕਾਲਖ ਕਰਕੇ ਉਹ ਕਿਸੇ ਦੇ ਮੱਥੇ ਭੀ ਨਹੀਂ ਲੱਗ ਸਕਦਾ (ਉਸ ਦਾ ਮੂੰਹ ਕਾਲਾ ਹੋ ਜਾਂਦਾ ਹੈ ਤੇ ਵਿਖਾ ਨਹੀਂ ਸਕਦਾ)।

ਕਰਮ ਧਰਤੀ ਸਰੀਰੁ ਕਲਿਜੁਗ ਵਿਚਿ ਜੇਹਾ ਕੋ ਬੀਜੇ ਤੇਹਾ ਕੋ ਖਾਏ ॥

ਇਸ ਮਨੁੱਖਾ ਜਨਮ ਵਿਚ ਸਰੀਰ ਕਰਮ-(ਰੂਪ ਬੀਜ ਬੀਜਣ ਲਈ) ਭੁੰਏਂ ਹੈ, ਇਸ ਵਿਚ ਜਿਸ ਤਰ੍ਹਾਂ ਦਾ ਬੀਜ ਮਨੁੱਖ ਬੀਜਦਾ ਹੈ, ਉਸੇ ਤਰ੍ਹਾਂ ਦਾ ਫਲ ਖਾਂਦਾ ਹੈ।

ਗਲਾ ਉਪਰਿ ਤਪਾਵਸੁ ਨ ਹੋਈ ਵਿਸੁ ਖਾਧੀ ਤਤਕਾਲ ਮਰਿ ਜਾਏ ॥

ਕੀਤੇ ਕਰਮਾਂ ਦਾ ਨਿਬੇੜਾ ਗੱਲਾਂ ਉਤੇ ਨਹੀਂ ਹੁੰਦਾ, ਜੇ ਵਿਹੁ ਖਾਧੀ ਜਾਏ ਤਾਂ (ਅੰਮ੍ਰਿਤ ਦੀਆਂ ਗੱਲਾਂ ਕਰਦਿਆਂ ਭੀ ਮਨੁੱਖ ਬਚ ਨਹੀਂ ਸਕਦਾ) ਤੁਰੰਤ ਮਰ ਜਾਂਦਾ ਹੈ।

ਭਾਈ ਵੇਖਹੁ ਨਿਆਉ ਸਚੁ ਕਰਤੇ ਕਾ ਜੇਹਾ ਕੋਈ ਕਰੇ ਤੇਹਾ ਕੋਈ ਪਾਏ ॥

ਹੇ ਭਾਈ! ਸੱਚੇ ਪ੍ਰਭੂ ਦਾ ਨਿਆਉਂ ਵੇਖੋ, ਜਿਸ ਤਰ੍ਹਾਂ ਦਾ ਕੋਈ ਕੰਮ ਕਰਦਾ ਹੈ, ਓਹੋ ਜਿਹਾ ਉਸ ਦਾ ਫਲ ਪਾ ਲੈਂਦਾ ਹੈ।

ਜਨ ਨਾਨਕ ਕਉ ਸਭ ਸੋਝੀ ਪਾਈ ਹਰਿ ਦਰ ਕੀਆ ਬਾਤਾ ਆਖਿ ਸੁਣਾਏ ॥੧॥

ਹੇ ਨਾਨਕ! ਜਿਸ ਦਾਸ ਨੂੰ ਪ੍ਰਭੂ ਇਹ ਸਮਝਣ ਦੀ ਸਾਰੀ ਬੁਧਿ ਬਖ਼ਸ਼ਦਾ ਹੈ, ਉਹ ਪ੍ਰਭੂ ਦੇ ਦਰ ਦੀਆਂ ਇਹ ਗੱਲਾਂ ਕਰ ਕੇ ਸੁਣਾਉਂਦਾ ਹੈ ॥੧॥


ਮਃ ੪ ॥
ਹੋਦੈ ਪਰਤਖਿ ਗੁਰੂ ਜੋ ਵਿਛੁੜੇ ਤਿਨ ਕਉ ਦਰਿ ਢੋਈ ਨਾਹੀ ॥

ਸਤਿਗੁਰੂ ਦੇ ਪਰਤੱਖ ਹੁੰਦਿਆਂ ਭੀ ਜੋ ਨਿੰਦਕ (ਗੁਰ ਤੋਂ) ਵਿੱਛੜੇ ਰਹਿੰਦੇ ਹਨ, ਉਹਨਾਂ ਨੂੰ ਦਰਗਾਹ ਵਿਚ ਢੋਈ ਨਹੀਂ ਮਿਲਦੀ।

ਕੋਈ ਜਾਇ ਮਿਲੈ ਤਿਨ ਨਿੰਦਕਾ ਮੁਹ ਫਿਕੇ ਥੁਕ ਥੁਕ ਮੁਹਿ ਪਾਹੀ ॥

ਜੋ ਕੋਈ ਉਹਨਾਂ ਦਾ ਸੰਗ ਭੀ ਕਰਦਾ ਹੈ ਉਸ ਦਾ ਭੀ ਮੂੰਹ ਫਿੱਕਾ ਤੇ ਮੂੰਹ ਤੇ ਨਿਰੀ ਥੁੱਕ ਪੈਂਦੀ ਹੈ (ਭਾਵ, ਲੋਕ ਮੂੰਹ ਤੇ ਫਿਟਕਾਂ ਪਾਂਦੇ ਹਨ)

ਜੋ ਸਤਿਗੁਰਿ ਫਿਟਕੇ ਸੇ ਸਭ ਜਗਤਿ ਫਿਟਕੇ ਨਿਤ ਭੰਭਲ ਭੂਸੇ ਖਾਹੀ ॥

(ਕਿਉਂਕਿ) ਜੋ ਮਨੁੱਖ ਗੁਰੂ ਵਲੋਂ ਵਿੱਛੜੇ ਹੋਏ ਹਨ, ਉਹ ਸੰਸਾਰ ਵਿਚ ਭੀ ਫਿਟਕਾਰੇ ਹੋਏ ਹਨ ਤੇ ਸਦਾ ਡਕੋ-ਡੋਲੇ ਖਾਂਦੇ ਫਿਰਦੇ ਹਨ।

ਜਿਨ ਗੁਰੁ ਗੋਪਿਆ ਆਪਣਾ ਸੇ ਲੈਦੇ ਢਹਾ ਫਿਰਾਹੀ ॥

ਜੋ ਮਨੁੱਖ ਪਿਆਰੇ ਸਤਿਗੁਰੂ ਦੀ ਨਿੰਦਾ ਕਰਦੇ ਹਨ, ਉਹ ਸਦਾ (ਮਾਨੋ) ਢਾਹਾਂ ਮਾਰਦੇ ਫਿਰਦੇ ਹਨ।

ਤਿਨ ਕੀ ਭੁਖ ਕਦੇ ਨ ਉਤਰੈ ਨਿਤ ਭੁਖਾ ਭੁਖ ਕੂਕਾਹੀ ॥

ਉਹਨਾਂ ਦੀ ਤ੍ਰਿਸ਼ਨਾ ਕਦੇ ਨਹੀਂ ਉਤਰਦੀ, ਤੇ ਸਦਾ ਭੁੱਖ ਭੁੱਖ ਕੂਕਦੇ ਹਨ।

ਓਨਾ ਦਾ ਆਖਿਆ ਕੋ ਨਾ ਸੁਣੈ ਨਿਤ ਹਉਲੇ ਹਉਲਿ ਮਰਾਹੀ ॥

ਕੋਈ ਉਹਨਾਂ ਦੀ ਗੱਲ ਦਾ ਇਤਬਾਰ ਨਹੀਂ ਕਰਦਾ (ਇਸ ਕਰਕੇ) ਉਹ ਸਦਾ ਚਿੰਤਾ ਫ਼ਿਕਰ ਵਿਚ ਹੀ ਖਪਦੇ ਹਨ।

ਸਤਿਗੁਰ ਕੀ ਵਡਿਆਈ ਵੇਖਿ ਨ ਸਕਨੀ ਓਨਾ ਅਗੈ ਪਿਛੈ ਥਾਉ ਨਾਹੀ ॥

ਜੋ ਮਨੁੱਖ ਸਤਿਗੁਰੂ ਦੀ ਮਹਿਮਾ ਜਰ ਨਹੀਂ ਸਕਦੇ, ਉਹਨਾਂ ਨੂੰ ਲੋਕ ਪਰਲੋਕ ਵਿਚ ਟਿਕਾਣਾ ਨਹੀਂ ਮਿਲਦਾ।

ਜੋ ਸਤਿਗੁਰਿ ਮਾਰੇ ਤਿਨ ਜਾਇ ਮਿਲਹਿ ਰਹਦੀ ਖੁਹਦੀ ਸਭ ਪਤਿ ਗਵਾਹੀ ॥

ਗੁਰੂ ਤੋਂ ਜੋ ਵਿੱਛੜੇ ਹਨ, ਉਹਨਾਂ ਨੂੰ ਜੋ ਮਨੁੱਖ ਜਾ ਮਿਲਦੇ ਹਨ, ਉਹ ਭੀ ਆਪਣੀ ਮਾੜੀ ਮੋਟੀ ਸਾਰੀ ਇੱਜ਼ਤ ਗਵਾ ਲੈਂਦੇ ਹਨ,

ਓਇ ਅਗੈ ਕੁਸਟੀ ਗੁਰ ਕੇ ਫਿਟਕੇ ਜਿ ਓਸੁ ਮਿਲੈ ਤਿਸੁ ਕੁਸਟੁ ਉਠਾਹੀ ॥

(ਕਿਉਂਕਿ) ਗੁਰੂ ਤੋਂ ਖੁੰਝੇ ਹੋਏ ਉਹ ਤਾਂ ਅੱਗੇ ਹੀ ਕੋਹੜੇ ਹਨ, ਜੋ ਕੋਈ ਅਜੇਹੇ ਮਨੁੱਖ ਦਾ ਸੰਗ ਕਰਦਾ ਹੈ ਉਸ ਨੂੰ ਭੀ ਕੋਹੜ ਚਮੋੜ ਦੇਂਦੇ ਹਨ।

ਹਰਿ ਤਿਨ ਕਾ ਦਰਸਨੁ ਨਾ ਕਰਹੁ ਜੋ ਦੂਜੈ ਭਾਇ ਚਿਤੁ ਲਾਹੀ ॥

(ਹੇ ਸਿੱਖੋ!) ਰੱਬ ਕਰਕੇ ਉਹਨਾਂ ਦਾ ਦਰਸ਼ਨ ਭੀ ਨਾ ਕਰੋ ਜੋ (ਸਤਿਗੁਰੂ ਨੂੰ ਛੱਡ ਕੇ) ਮਾਇਆ ਦੇ ਪਿਆਰ ਵਿਚ ਚਿਤ ਜੋੜਦੇ ਹਨ।

ਧੁਰਿ ਕਰਤੈ ਆਪਿ ਲਿਖਿ ਪਾਇਆ ਤਿਸੁ ਨਾਲਿ ਕਿਹੁ ਚਾਰਾ ਨਾਹੀ ॥

ਉਹਨਾਂ ਨਾਲ (ਭਾਵ, ਉਹਨਾਂ ਨੂੰ ਸੁਧਾਰਨ ਲਈ) ਕੋਈ ਉਪਾਵ ਕਾਰਗਰ ਨਹੀਂ ਹੋ ਸਕਦਾ, ਕਿਉਂਕਿ ਕਰਤਾਰ ਨੇ ਮੁੱਢ ਤੋਂ ਹੀ (ਉਹਨਾਂ ਦੇ ਕੀਤੇ ਕਰਮਾਂ ਅਨੁਸਾਰ ਇਹੋ ਜਿਹੇ ਦੂਜੇ ਭਾਵ ਦੇ ਸੰਸਕਾਰ ਹੀ ਉਹਨਾਂ ਦੇ ਮਨ ਵਿਚ) ਲਿਖ ਕੇ ਪਾ ਦਿੱਤੇ ਹਨ।

ਜਨ ਨਾਨਕ ਨਾਮੁ ਅਰਾਧਿ ਤੂ ਤਿਸੁ ਅਪੜਿ ਕੋ ਨ ਸਕਾਹੀ ॥

ਹੇ ਦਾਸ ਨਾਨਕ! ਤੂੰ ਨਾਮ ਜਪ, ਨਾਮ ਜਪਣ ਵਾਲੇ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ।

ਨਾਵੈ ਕੀ ਵਡਿਆਈ ਵਡੀ ਹੈ ਨਿਤ ਸਵਾਈ ਚੜੈ ਚੜਾਹੀ ॥੨॥

ਨਾਮ ਦੀ ਮਹਿਮਾ ਬਹੁਤ ਵੱਡੀ ਹੈ, ਦਿਨੋ ਦਿਨ ਵਧਦੀ ਜਾਂਦੀ ਹੈ ॥੨॥


ਮਃ ੪ ॥
ਜਿ ਹੋਂਦੈ ਗੁਰੂ ਬਹਿ ਟਿਕਿਆ ਤਿਸੁ ਜਨ ਕੀ ਵਡਿਆਈ ਵਡੀ ਹੋਈ ॥

ਜਿਸ ਮਨੁੱਖ ਨੂੰ ਸਤਿਗੁਰੂ ਨੇ ਆਪ ਹੁੰਦਿਆਂ ਬਹਿ ਕੇ (ਭਾਵ, ਆਪਣੀ ਜ਼ਿੰਦਗੀ ਵਿਚ ਆਪਣੀ ਹੱਥੀਂ) ਤਿਲਕ ਦਿੱਤਾ ਹੋਵੇ, ਉਸ ਦੀ ਬਹੁਤ ਸੋਭਾ ਹੁੰਦੀ ਹੈ।

ਤਿਸੁ ਕਉ ਜਗਤੁ ਨਿਵਿਆ ਸਭੁ ਪੈਰੀ ਪਇਆ ਜਸੁ ਵਰਤਿਆ ਲੋਈ ॥

ਉਸ ਦੇ ਅੱਗੇ ਸਾਰਾ ਸੰਸਾਰ ਨਿਊਂਦਾ ਹੈ ਤੇ ਉਸ ਦੀ ਚਰਨੀਂ ਲੱਗਦਾ ਹੈ, ਉਸ ਦੀ ਸੋਭਾ ਸਾਰੇ ਜਗਤ ਵਿਚ ਖਿੱਲਰ ਜਾਂਦੀ ਹੈ।

ਤਿਸ ਕਉ ਖੰਡ ਬ੍ਰਹਮੰਡ ਨਮਸਕਾਰੁ ਕਰਹਿ ਜਿਸ ਕੈ ਮਸਤਕਿ ਹਥੁ ਧਰਿਆ ਗੁਰਿ ਪੂਰੈ ਸੋ ਪੂਰਾ ਹੋਈ ॥

ਜਿਸ ਦੇ ਮਥੇ ਤੇ ਪੂਰੇ ਸਤਿਗੁਰੂ ਨੇ ਹੱਥ ਰੱਖਿਆ ਹੋਵੇ (ਭਾਵ, ਜਿਸ ਦੀ ਸਹਾਇਤਾ ਸਤਿਗੁਰੂ ਨੇ ਕੀਤੀ) ਉਹ (ਸਭ ਗੁਣਾਂ ਵਿਚ) ਪੂਰਨ ਹੋ ਗਿਆ ਤੇ ਸਭ ਖੰਡਾਂ-ਬ੍ਰਹਮੰਡਾਂ ਦੇ ਜੀਆ-ਜੰਤ ਉਸ ਨੂੰ ਨਮਸਕਾਰ ਕਰਦੇ ਹਨ।

ਗੁਰ ਕੀ ਵਡਿਆਈ ਨਿਤ ਚੜੈ ਸਵਾਈ ਅਪੜਿ ਕੋ ਨ ਸਕੋਈ ॥

ਸਤਿਗੁਰੂ ਦੀ ਵਡਿਆਈ ਦਿਨੋ-ਦਿਨ ਵਧਦੀ ਹੈ, ਕੋਈ ਮਨੁੱਖ ਉਸ ਦੀ ਬਰਾਬਰੀ ਨਹੀਂ ਕਰ ਸਕਦਾ,

ਜਨੁ ਨਾਨਕੁ ਹਰਿ ਕਰਤੈ ਆਪਿ ਬਹਿ ਟਿਕਿਆ ਆਪੇ ਪੈਜ ਰਖੈ ਪ੍ਰਭੁ ਸੋਈ ॥੩॥

(ਕਿਉਂਕਿ) ਆਪਣੇ ਸੇਵਕ ਨਾਨਕ ਨੂੰ ਸਿਰਜਨਹਾਰ ਪ੍ਰਭੂ ਨੇ ਆਪ ਮਾਣ ਬਖ਼ਸ਼ਿਆ ਹੈ, (ਇਸ ਕਰਕੇ) ਪ੍ਰਭੂ ਆਪ ਲਾਜ ਰੱਖਦਾ ਹੈ ॥੩॥


ਪਉੜੀ ॥
ਕਾਇਆ ਕੋਟੁ ਅਪਾਰੁ ਹੈ ਅੰਦਰਿ ਹਟਨਾਲੇ ॥

(ਮਨੁੱਖਾ) ਸਰੀਰ ਇਕ ਸੁੰਦਰ ਕਿਲ੍ਹਾ ਹੈ, ਜਿਸ ਵਿਚ (ਮਾਨੋ, ਸੁੰਦਰ) ਬਾਜ਼ਾਰ ਭੀ ਹਨ, (ਭਾਵ, ਗਿਆਨ-ਇੰਦਰੇ ਹੱਟੀਆਂ ਦੀਆਂ ਕਤਾਰਾਂ ਹਨ)।

ਗੁਰਮੁਖਿ ਸਉਦਾ ਜੋ ਕਰੇ ਹਰਿ ਵਸਤੁ ਸਮਾਲੇ ॥

ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੋ ਕੇ ਵਪਾਰ ਕਰਦਾ ਹੈ; ਉਹ ਹਰੀ ਦਾ ਨਾਮ-ਵੱਖਰ ਸਾਂਭ ਲੈਂਦਾ ਹੈ।

ਨਾਮੁ ਨਿਧਾਨੁ ਹਰਿ ਵਣਜੀਐ ਹੀਰੇ ਪਰਵਾਲੇ ॥

(ਸਰੀਰ ਕਿਲ੍ਹੇ ਵਿਚ ਹੀ) ਪ੍ਰਭੂ ਦੇ ਨਾਮ ਦਾ ਖ਼ਜ਼ਾਨਾ ਵਣਜਿਆ ਜਾ ਸਕਦਾ ਹੈ, (ਇਹੋ ਵੱਖਰ ਸਦਾ ਨਾਲ ਨਿਭਣ ਵਾਲੇ) ਹੀਰੇ ਤੇ ਮੂੰਗੇ ਹਨ।

ਵਿਣੁ ਕਾਇਆ ਜਿ ਹੋਰ ਥੈ ਧਨੁ ਖੋਜਦੇ ਸੇ ਮੂੜ ਬੇਤਾਲੇ ॥

ਜੋ ਮਨੁੱਖ ਇਸ ਵੱਖਰ ਨੂੰ ਸਰੀਰ ਤੋਂ ਬਿਨਾ ਕਿਸੇ ਹੋਰ ਥਾਂ ਭਾਲਦੇ ਹਨ, ਉਹ ਮੂਰਖ ਹਨ ਤੇ (ਮਨੁੱਖਾ ਸਰੀਰ ਵਿਚ ਆਏ ਹੋਏ) ਭੂਤ ਹਨ।

ਸੇ ਉਝੜਿ ਭਰਮਿ ਭਵਾਈਅਹਿ ਜਿਉ ਝਾੜ ਮਿਰਗੁ ਭਾਲੇ ॥੧੫॥

ਜਿਵੇਂ (ਕਸਤੂਰੀ ਨੂੰ ਆਪਣੀ ਹੀ ਨਾਭੀ ਵਿਚ ਨਾਹ ਜਾਣਦਾ ਹੋਇਆ) ਹਰਨ (ਕਸਤੂਰੀ ਦੀ ਵਾਸ਼ਨਾ ਲਈ) ਝਾੜਾਂ ਨੂੰ ਭਾਲਦਾ ਫਿਰਦਾ ਹੈ, ਤਿਵੇਂ ਇਹੋ ਜਿਹੇ ਮਨੁੱਖ ਭਰਮ ਵਿਚ (ਫਸੇ ਹੋਏ) ਬਨਾਂ ਵਿਚ ਭਉਂਦੇ ਫਿਰਦੇ ਹਨ ॥੧੫॥


ਸਲੋਕ ਮਃ ੪ ॥
ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੁ ਅਉਖਾ ਜਗ ਮਹਿ ਹੋਇਆ ॥

ਜੋ ਮਨੁੱਖ ਪੂਰੇ ਸਤਿਗੁਰੂ ਦੀ ਨਿੰਦਾ ਕਰਦਾ ਹੈ, ਉਹ ਸੰਸਾਰ ਵਿਚ (ਭਾਵ, ਸਾਰੀ ਉਮਰ) ਦੁਖੀ ਰਹਿੰਦਾ ਹੈ।

ਨਰਕ ਘੋਰੁ ਦੁਖ ਖੂਹੁ ਹੈ ਓਥੈ ਪਕੜਿ ਓਹੁ ਢੋਇਆ ॥

ਦੁੱਖਾਂ ਦਾ ਖੂਹ-ਰੂਪ ਜੋ ਘੋਰ ਨਰਕ ਹੈ, ਉਸ ਨਿੰਦਕ ਨੂੰ ਪਕੜ ਕੇ ਉਸ (ਖੂਹ) ਵਿਚ ਪਾਇਆ ਜਾਂਦਾ ਹੈ,

ਕੂਕ ਪੁਕਾਰ ਕੋ ਨ ਸੁਣੇ ਓਹੁ ਅਉਖਾ ਹੋਇ ਹੋਇ ਰੋਇਆ ॥

(ਜਿਥੇ) ਉਸ ਦੇ ਹਾੜੇ-ਤਰਲਿਆਂ ਵਲ ਕੋਈ ਗਹੁ ਨਹੀਂ ਕਰਦਾ, ਤੇ ਉਹ ਜਿਉਂ ਜਿਉਂ ਦੁਖੀ ਹੁੰਦਾ ਹੈ, ਤਿਉਂ ਤਿਉਂ (ਵਧੀਕ) ਰੋਂਦਾ ਹੈ।

ਓਨਿ ਹਲਤੁ ਪਲਤੁ ਸਭੁ ਗਵਾਇਆ ਲਾਹਾ ਮੂਲੁ ਸਭੁ ਖੋਇਆ ॥

ਲੋਕ ਤੇ ਪਰਲੋਕ, ਭਜਨ-ਰੂਪ ਲਾਭ ਤੇ ਮਨੁੱਖਾ ਜਨਮ-ਰੂਪ ਮੂਲ-ਇਹ ਸਭ ਕੁਝ ਨਿੰਦਕ ਨੇ ਗਵਾ ਲਏ ਹੁੰਦੇ ਹਨ।

ਓਹੁ ਤੇਲੀ ਸੰਦਾ ਬਲਦੁ ਕਰਿ ਨਿਤ ਭਲਕੇ ਉਠਿ ਪ੍ਰਭਿ ਜੋਇਆ ॥

ਤੇਲੀ ਦਾ ਬਲਦ ਬਣਾ ਕੇ ਨਿੱਤ ਨਵੇਂ-ਸੂਰਜ ਉਹ ਪ੍ਰਭੂ ਦੇ ਹੁਕਮ ਵਿਚ ਜੋਇਆ ਜਾਂਦਾ ਹੈ (ਭਾਵ, ਜਿਵੇਂ ਤੇਲੀ ਦਾ ਬਲਦ ਹਰ ਰੋਜ਼ ਸਵੇਰੇ ਕੋਹਲੂ ਅੱਗੇ ਜੁਪਦਾ ਹੈ, ਤਿਵੇਂ ਉਹ ਨਿੰਦਕ ਨਿੱਤ ਨਿੰਦਾ ਦੇ ਗੇੜ ਵਿਚ ਪੈ ਕੇ ਦੁੱਖ ਸਹਿੰਦਾ ਹੈ)।

ਹਰਿ ਵੇਖੈ ਸੁਣੈ ਨਿਤ ਸਭੁ ਕਿਛੁ ਤਿਦੂ ਕਿਛੁ ਗੁਝਾ ਨ ਹੋਇਆ ॥

ਹਰੀ ਸਦਾ (ਇਹ) ਸਭ ਕੁਝ ਵੇਖਦਾ ਤੇ ਸੁਣਦਾ ਹੈ, ਉਸ ਤੋਂ ਕੋਈ ਗੱਲ ਲੁਕੀ ਨਹੀਂ ਰਹਿ ਸਕਦੀ।

ਜੈਸਾ ਬੀਜੇ ਸੋ ਲੁਣੈ ਜੇਹਾ ਪੁਰਬਿ ਕਿਨੈ ਬੋਇਆ ॥

(ਇਹ ਪ੍ਰਭੂ ਦੇ ਹੁਕਮ ਵਿਚ ਹੀ ਹੈ ਕਿ) ਜਿਹਾ ਬੀਜ ਕਿਸੇ ਜੀਵ ਨੇ ਮੁੱਢ ਤੋਂ ਬੀਜਿਆ ਹੈ ਤੇ ਜਿਹਾ ਹੁਣ ਬੀਜ ਰਿਹਾ ਹੈ, ਉਹੋ ਜਿਹਾ ਫਲ ਉਹ ਖਾਂਦਾ ਹੈ।

ਜਿਸੁ ਕ੍ਰਿਪਾ ਕਰੇ ਪ੍ਰਭੁ ਆਪਣੀ ਤਿਸੁ ਸਤਿਗੁਰ ਕੇ ਚਰਣ ਧੋਇਆ ॥

ਜਿਸ ਮਨੁੱਖ ਤੇ ਪ੍ਰ੍ਰਭੂ ਆਪਣੀ ਮਿਹਰ ਕਰੇ, ਉਹ ਸਤਿਗੁਰੂ ਦੇ ਚਰਨ ਧੋਂਦਾ ਹੈ।

ਗੁਰ ਸਤਿਗੁਰ ਪਿਛੈ ਤਰਿ ਗਇਆ ਜਿਉ ਲੋਹਾ ਕਾਠ ਸੰਗੋਇਆ ॥

ਜਿਵੇਂ ਲੋਹਾ ਕਾਠ ਦੇ ਸੰਗ ਤਰਦਾ ਹੈ ਤਿਵੇਂ ਉਹ ਸਤਿਗੁਰੂ ਦੇ ਪੂਰਨਿਆਂ ਤੇ ਤੁਰ ਕੇ (ਸੰਸਾਰ-ਸਾਗਰ ਤੋਂ) ਤਰ ਜਾਂਦਾ ਹੈ।

ਜਨ ਨਾਨਕ ਨਾਮੁ ਧਿਆਇ ਤੂ ਜਪਿ ਹਰਿ ਹਰਿ ਨਾਮਿ ਸੁਖੁ ਹੋਇਆ ॥੧॥

(ਇਸ ਵਾਸਤੇ) ਹੇ ਦਾਸ ਨਾਨਕ! ਤੂੰ ਨਾਮ ਜਪੁ (ਕਿਉਂਕਿ) ਪ੍ਰਭੂ ਦਾ ਨਾਮ ਜਪਿਆਂ ਸੁਖ ਮਿਲਦਾ ਹੈ ॥੧॥


ਮਃ ੪ ॥
ਵਡਭਾਗੀਆ ਸੋਹਾਗਣੀ ਜਿਨਾ ਗੁਰਮੁਖਿ ਮਿਲਿਆ ਹਰਿ ਰਾਇ ॥

ਸਤਿਗੁਰੂ ਦੇ ਸਨਮੁਖ ਰਹਿ ਕੇ ਜਿਨ੍ਹਾਂ ਨੂੰ ਪ੍ਰਕਾਸ਼-ਰੂਪ ਪ੍ਰਭੂ ਮਿਲ ਪਿਆ ਹੈ, ਉਹ ਜੀਵ-ਇਸਤ੍ਰੀਆਂ ਵੱਡੇ ਭਾਗਾਂ ਵਾਲੀਆਂ ਤੇ ਜੀਊਂਦੇ ਖਸਮ ਵਾਲੀਆਂ ਹਨ।

ਅੰਤਰ ਜੋਤਿ ਪ੍ਰਗਾਸੀਆ ਨਾਨਕ ਨਾਮਿ ਸਮਾਇ ॥੨॥

ਹੇ ਨਾਨਕ! ਨਾਮ ਵਿਚ ਲੀਨ ਹੋਇਆਂ ਉਹਨਾਂ ਦੇ ਹਿਰਦੇ ਦੀ ਜੋਤਿ ਜਗ ਪੈਂਦੀ ਹੈ ॥੨॥


ਪਉੜੀ ॥
ਇਹੁ ਸਰੀਰੁ ਸਭੁ ਧਰਮੁ ਹੈ ਜਿਸੁ ਅੰਦਰਿ ਸਚੇ ਕੀ ਵਿਚਿ ਜੋਤਿ ॥

ਇਹ ਸਾਰਾ (ਮਨੁੱਖਾ) ਸਰੀਰ ਧਰਮ (ਕਮਾਉਣ ਦੀ ਥਾਂ) ਹੈ, ਇਸ ਵਿਚ ਸੱਚੇ ਪ੍ਰਭੂ ਦੀ ਜੋਤਿ ਲੁਕੀ ਹੋਈ ਹੈ।

ਗੁਹਜ ਰਤਨ ਵਿਚਿ ਲੁਕਿ ਰਹੇ ਕੋਈ ਗੁਰਮੁਖਿ ਸੇਵਕੁ ਕਢੈ ਖੋਤਿ ॥

ਇਸ (ਸਰੀਰ) ਵਿਚ (ਦੈਵੀ ਗੁਣ-ਰੂਪ) ਗੁੱਝੇ ਲਾਲ ਲੁਕੇ ਹੋਏ ਹਨ। ਸਤਿਗੁਰੂ ਦੇ ਸਨਮੁਖ ਹੋਇਆਂ ਕੋਈ ਵਿਰਲਾ ਸੇਵਕ ਇਹਨਾਂ ਨੂੰ ਪੁੱਟ ਕੇ (ਭਾਵ, ਡੂੰਘੀ ਵਿਚਾਰ ਨਾਲ) ਕੱਢਦਾ ਹੈ।

ਸਭੁ ਆਤਮ ਰਾਮੁ ਪਛਾਣਿਆ ਤਾਂ ਇਕੁ ਰਵਿਆ ਇਕੋ ਓਤਿ ਪੋਤਿ ॥

(ਜਦੋਂ ਉਹ ਸੇਵਕ ਇਹ ਲਾਲ ਲੱਭ ਲੈਂਦਾ ਹੈ) ਤਦੋਂ ਇਕ ਪ੍ਰਭੂ ਨੂੰ ਸਾਰੀ ਸ੍ਰਿਸ਼ਟੀ ਵਿਚ (ਇਸ ਤਰ੍ਹਾਂ) ਰਵਿਆ ਹੋਇਆ ਪਛਾਣਦਾ ਹੈ, ਜਿਵੇਂ ਤਾਣੇ ਤੇ ਪੇਟੇ ਵਿਚ ਇੱਕੋ ਸੂਤਰ ਹੁੰਦਾ ਹੈ।

ਇਕੁ ਦੇਖਿਆ ਇਕੁ ਮੰਨਿਆ ਇਕੋ ਸੁਣਿਆ ਸ੍ਰਵਣ ਸਰੋਤਿ ॥

(ਤਦੋਂ ਉਹ ਸੇਵਕ ਸਾਰੇ ਸੰਸਾਰ ਵਿਚ) ਇਕ ਹਰੀ ਨੂੰ ਹੀ ਵੇਖਦਾ ਹੈ, ਇਕ ਹਰੀ ਤੇ ਹੀ ਭਰੋਸਾ ਰੱਖਦਾ ਹੈ ਤੇ ਆਪਣੀ ਕੰਨੀਂ ਇਕ ਹਰੀ ਦੀਆਂ ਹੀ ਗੱਲਾਂ ਸੁਣਦਾ ਹੈ।

ਜਨ ਨਾਨਕ ਨਾਮੁ ਸਲਾਹਿ ਤੂ ਸਚੁ ਸਚੇ ਸੇਵਾ ਤੇਰੀ ਹੋਤਿ ॥੧੬॥

ਹੇ ਦਾਸ ਨਾਨਕ! ਤੂੰ (ਭੀ ਇਸੇ ਤਰ੍ਹਾਂ) ਨਾਮ ਦੀ ਉਸਤਤਿ ਕਰ, ਸੱਚ-ਮੁਚ ਤੇਰੀ ਇਹ ਸੇਵਾ ਪ੍ਰਭੂ ਦੇ ਦਰ ਤੇ ਕਬੂਲ ਹੋਵੇਗੀ ॥੧੬॥


ਸਲੋਕ ਮਃ ੪ ॥
ਸਭਿ ਰਸ ਤਿਨ ਕੈ ਰਿਦੈ ਹਹਿ ਜਿਨ ਹਰਿ ਵਸਿਆ ਮਨ ਮਾਹਿ ॥

ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ ਵੱਸ ਪਿਆ ਹੈ (ਭਾਵ, ਜਿਨ੍ਹਾਂ ਨੇ ਪ੍ਰਭੂ ਨੂੰ ਮਨ ਵਿਚ ਅਨੁਭਵ ਕਰ ਲਿਆ ਹੈ), ਸਾਰੇ ਰਸ ਉਹਨਾਂ ਦੇ ਅੰਦਰ ਹਨ (ਭਾਵ, ਸੰਸਾਰਕ ਪਦਾਰਥਾਂ ਦੇ ਰਸਾਂ ਦਾ ਸੁਆਦ ਲੈਣ ਲਈ ਉਹ ਜੀਵ ਆਪਣੇ ਮਨ ਨੂੰ ਮਾਇਆ ਵਲ ਦੌੜਨ ਨਹੀਂ ਦੇਂਦੇ, ਹਿਰਦੇ ਵਿਚ ਨਾਮ-ਰਸ ਦਾ ਆਨੰਦ ਲੈਂਦੇ ਹਨ, ਜੋ ਸਭ ਰਸਾਂ ਤੋਂ ਉੱਤਮ ਰਸ ਹੈ)।

ਹਰਿ ਦਰਗਹਿ ਤੇ ਮੁਖ ਉਜਲੇ ਤਿਨ ਕਉ ਸਭਿ ਦੇਖਣ ਜਾਹਿ ॥

ਹਰੀ ਦੀ ਦਰਗਾਹ ਵਿਚ ਉਹ ਖਿੜੇ-ਮੱਥੇ ਜਾਂਦੇ ਹਨ; ਤੇ ਸਾਰੇ ਲੋਕ ਉਹਨਾਂ ਦਾ ਦਰਸ਼ਨ ਲੋਚਦੇ ਹਨ।

ਜਿਨ ਨਿਰਭਉ ਨਾਮੁ ਧਿਆਇਆ ਤਿਨ ਕਉ ਭਉ ਕੋਈ ਨਾਹਿ ॥

ਜਿਨ੍ਹਾਂ ਨੇ ਨਿਰਭਉ ਪ੍ਰਭੂ ਦਾ ਨਾਮ ਸਿਮਰਿਆ ਹੈ, ਉਹਨਾਂ ਨੂੰ (ਆਪ ਨੂੰ ਭੀ) ਕੋਈ ਡਰ ਨਹੀਂ ਰਹਿ ਜਾਂਦਾ;

ਹਰਿ ਉਤਮੁ ਤਿਨੀ ਸਰੇਵਿਆ ਜਿਨ ਕਉ ਧੁਰਿ ਲਿਖਿਆ ਆਹਿ ॥

(ਪਰ ਇਹ) ਉੱਤਮ ਪ੍ਰਭੂ ਉਹਨਾਂ ਮਨੁੱਖਾਂ ਨੇ ਹੀ ਸਿਮਰਿਆ ਹੈ ਜਿਨ੍ਹਾਂ ਦੇ ਹਿਰਦੇ ਵਿਚ ਮੁੱਢ ਤੋਂ (ਚੰਗੇ ਕੀਤੇ ਹੋਏ ਕੰਮਾਂ ਦੇ ਸੰਸਕਾਰ) ਲਿਖੇ ਹੋਏ ਹਨ।

ਤੇ ਹਰਿ ਦਰਗਹਿ ਪੈਨਾਈਅਹਿ ਜਿਨ ਹਰਿ ਵੁਠਾ ਮਨ ਮਾਹਿ ॥

ਜਿਨ੍ਹਾਂ ਦੇ ਮਨ ਵਿਚ ਪ੍ਰਭੂ ਵੱਸਦਾ ਹੈ (ਭਾਵ, ਪਰਗਟ ਹੁੰਦਾ ਹੈ) ਉਹਨਾਂ ਨੂੰ ਉਸ ਦੀ ਹਜ਼ੂਰੀ ਵਿਚ ਆਦਰ ਮਿਲਦਾ ਹੈ।

ਓਇ ਆਪਿ ਤਰੇ ਸਭ ਕੁਟੰਬ ਸਿਉ ਤਿਨ ਪਿਛੈ ਸਭੁ ਜਗਤੁ ਛਡਾਹਿ ॥

ਉਹ ਆਪ ਸਾਰੇ ਪਰਵਾਰ ਸਮੇਤ (ਸੰਸਾਰ-ਸਾਗਰ ਤੋਂ) ਪਾਰ ਲੰਘ ਜਾਂਦੇ ਹਨ ਤੇ ਆਪਣੇ ਪੂਰਨਿਆਂ ਤੇ ਤੋਰ ਕੇ ਸਾਰੇ ਸੰਸਾਰ ਨੂੰ (ਵਿਕਾਰਾਂ ਤੋਂ) ਬਚਾ ਲੈਂਦੇ ਹਨ।

ਜਨ ਨਾਨਕ ਕਉ ਹਰਿ ਮੇਲਿ ਜਨ ਤਿਨ ਵੇਖਿ ਵੇਖਿ ਹਮ ਜੀਵਾਹਿ ॥੧॥

ਹੇ ਹਰੀ! (ਇਹੋ ਜਿਹੇ ਆਪਣੇ) ਬੰਦੇ ਦਾਸ ਨਾਨਕ ਨੂੰ ਭੀ ਮਿਲਾ। ਅਸੀਂ ਉਹਨਾਂ ਨੂੰ ਵੇਖ ਵੇਖ ਕੇ ਜੀਵੀਏ ॥੧॥


ਮਃ ੪ ॥
ਸਾ ਧਰਤੀ ਭਈ ਹਰੀਆਵਲੀ ਜਿਥੈ ਮੇਰਾ ਸਤਿਗੁਰੁ ਬੈਠਾ ਆਇ ॥

ਜਿਸੁ ਭੋਏਂ ਤੇ ਪਿਆਰਾ ਸਤਿਗੁਰੂ ਆ ਕੇ ਬੈਠਾ ਹੈ, ਉਹ ਭੋਏਂ ਹਰੀ-ਭਰੀ ਹੋ ਗਈ ਹੈ।

ਸੇ ਜੰਤ ਭਏ ਹਰੀਆਵਲੇ ਜਿਨੀ ਮੇਰਾ ਸਤਿਗੁਰੁ ਦੇਖਿਆ ਜਾਇ ॥

ਉਹ ਜੀਵ ਹਰੇ ਹੋ ਗਏ ਹਨ (ਭਾਵ, ਉਹਨਾਂ ਮਨੁੱਖਾਂ ਦੇ ਹਿਰਦੇ ਖਿੜ ਆਏ ਹਨ) ਜਿਨ੍ਹਾਂ ਜਾ ਕੇ ਪਿਆਰੇ ਸਤਿਗੁਰੂ ਦਾ ਦਰਸ਼ਨ ਕੀਤਾ ਹੈ।

ਧਨੁ ਧੰਨੁ ਪਿਤਾ ਧਨੁ ਧੰਨੁ ਕੁਲੁ ਧਨੁ ਧਨੁ ਸੁ ਜਨਨੀ ਜਿਨਿ ਗੁਰੂ ਜਣਿਆ ਮਾਇ ॥

ਹੇ ਮਾਂ! ਉਹ ਪਿਉ ਭਾਗਾਂ ਵਾਲਾ ਹੈ, ਉਹ ਕੁਲ ਭਾਗਾਂ ਵਾਲੀ ਹੈ ਜਿਸ ਨੇ ਸਤਿਗੁਰੂ ਜਣਿਆ ਹੈ।

ਧਨੁ ਧੰਨੁ ਗੁਰੂ ਜਿਨਿ ਨਾਮੁ ਅਰਾਧਿਆ ਆਪਿ ਤਰਿਆ ਜਿਨੀ ਡਿਠਾ ਤਿਨਾ ਲਏ ਛਡਾਇ ॥

ਉਹ ਸਤਿਗੁਰੂ ਧੰਨ ਹੈ ਜਿਸ ਨੇ ਪ੍ਰਭੂ ਦਾ ਨਾਮ ਸਿਮਰਿਆ ਹੈ; (ਨਾਮ ਸਿਮਰ ਕੇ) ਆਪ ਤਰਿਆ ਹੈ ਤੇ ਜਿਨ੍ਹਾਂ ਉਸ ਦਾ ਦਰਸ਼ਨ ਕੀਤਾ ਉਹਨਾਂ ਨੂੰ ਭੀ (ਵਿਕਾਰਾਂ ਤੋਂ) ਛੁਡਾ ਲੈਂਦਾ ਹੈ।

ਹਰਿ ਸਤਿਗੁਰੁ ਮੇਲਹੁ ਦਇਆ ਕਰਿ ਜਨੁ ਨਾਨਕੁ ਧੋਵੈ ਪਾਇ ॥੨॥

ਹੇ ਹਰੀ! ਮਿਹਰ ਕਰ ਕੇ ਮੈਨੂੰ ਭੀ (ਅਜੇਹਾ) ਸਤਿਗੁਰੂ ਮਿਲਾਵੋ, ਦਾਸ ਨਾਨਕ ਉਸ ਦੇ ਪੈਰ ਧੋਵੇ ॥੨॥


ਪਉੜੀ ॥
ਸਚੁ ਸਚਾ ਸਤਿਗੁਰੁ ਅਮਰੁ ਹੈ ਜਿਸੁ ਅੰਦਰਿ ਹਰਿ ਉਰਿ ਧਾਰਿਆ ॥

ਸਤਿਗੁਰੂ ਸਦਾ-ਥਿਰ ਰਹਿਣ ਵਾਲੇ ਅਮਰ ਪ੍ਰਭੂ ਦਾ ਰੂਪ ਹੈ, (ਕਿਉਂਕਿ) ਉਸ ਨੇ ਪ੍ਰਭੂ ਨੂੰ ਆਪਣੇ ਅੰਦਰ ਹਿਰਦੇ ਵਿਚ ਪਰੋਤਾ ਹੋਇਆ ਹੈ,

ਸਚੁ ਸਚਾ ਸਤਿਗੁਰੁ ਪੁਰਖੁ ਹੈ ਜਿਨਿ ਕਾਮੁ ਕ੍ਰੋਧੁ ਬਿਖੁ ਮਾਰਿਆ ॥

ਸਤਿਗੁਰੂ ਸਦਾ-ਥਿਰ ਰਹਿਣ ਵਾਲੇ ਵਿਆਪਕ ਪ੍ਰਭੂ ਦਾ ਰੂਪ ਹੈ, ਜਿਸ ਨੇ (ਹਿਰਦੇ ਵਿਚੋਂ ਕਾਮ ਕਰੋਧ ਆਦਿਕ ਦੇ) ਵਿਹੁ ਨੂੰ ਕੱਢ ਦਿੱਤਾ ਹੈ।

ਜਾ ਡਿਠਾ ਪੂਰਾ ਸਤਿਗੁਰੂ ਤਾਂ ਅੰਦਰਹੁ ਮਨੁ ਸਾਧਾਰਿਆ ॥

ਜਦੋਂ ਮੈਂ (ਅਜੇਹਾ ਇਹ) ਪੂਰਾ ਸਤਿਗੁਰੂ ਵੇਖਿਆ, ਤਦੋਂ ਮੇਰੇ ਮਨ ਨੂੰ ਅੰਦਰ ਧੀਰਜ ਆ ਗਈ।

ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਿ ਵਾਰਿਆ ॥

(ਇਸ ਲਈ) ਮੈਂ ਆਪਣੇ ਸਤਿਗੁਰੂ ਤੋਂ ਸਦਾ ਵਾਰਨੇ ਤੇ ਸਦਕੇ ਜਾਂਦਾ ਹਾਂ।

ਗੁਰਮੁਖਿ ਜਿਤਾ ਮਨਮੁਖਿ ਹਾਰਿਆ ॥੧੭॥

ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਮਨੁੱਖਾ ਜਨਮ ਦੀ ਬਾਜ਼ੀ) ਜਿੱਤ ਜਾਂਦਾ ਹੈ ਤੇ ਮਨ ਦੇ ਪਿੱਛੇ ਤੁਰਨ ਵਾਲਾ ਹਾਰ ਜਾਂਦਾ ਹੈ ॥੧੭॥


ਸਲੋਕ ਮਃ ੪ ॥
ਕਰਿ ਕਿਰਪਾ ਸਤਿਗੁਰੁ ਮੇਲਿਓਨੁ ਮੁਖਿ ਗੁਰਮੁਖਿ ਨਾਮੁ ਧਿਆਇਸੀ ॥

ਜਿਸ ਮਨੁੱਖ ਨੂੰ ਕਿਰਪਾ ਕਰ ਕੇ ਉਸ ਪ੍ਰਭੂ ਨੇ ਸਤਿਗੁਰੂ ਮਿਲਾਇਆ ਹੈ, ਉਹ ਗੁਰੂ ਦੇ ਸਨਮੁਖ ਹੋ ਕੇ ਮੂੰਹੋਂ ਨਾਮ ਸਿਮਰਦਾ ਹੈ,

ਸੋ ਕਰੇ ਜਿ ਸਤਿਗੁਰ ਭਾਵਸੀ ਗੁਰੁ ਪੂਰਾ ਘਰੀ ਵਸਾਇਸੀ ॥

ਤੇ ਉਹੋ ਕੁਝ ਕਰਦਾ ਹੈ ਜੋ ਸਤਿਗੁਰੂ ਨੂੰ ਚੰਗਾ ਲੱਗਦਾ ਹੈ, ਪੂਰਾ ਸਤਿਗੁਰੂ (ਅਗੋਂ) ਉਸ ਦੇ ਹਿਰਦੇ ਵਿਚ (‘ਨਾਮੁ ਨਿਧਾਨ’) ਵਸਾ ਦੇਂਦਾ ਹੈ।

ਜਿਨ ਅੰਦਰਿ ਨਾਮੁ ਨਿਧਾਨੁ ਹੈ ਤਿਨ ਕਾ ਭਉ ਸਭੁ ਗਵਾਇਸੀ ॥

ਜਿਨ੍ਹਾਂ ਦੇ ਹਿਰਦੇ ਵਿਚ ਨਾਮ ਦਾ ਖ਼ਜ਼ਾਨਾ (ਵੱਸ ਪੈਂਦਾ) ਹੈ, ਸਤਿਗੁਰੂ ਉਹਨਾਂ ਦਾ ਸਾਰਾ ਡਰ ਦੂਰ ਕਰ ਦੇਂਦਾ ਹੈ।

ਜਿਨ ਰਖਣ ਕਉ ਹਰਿ ਆਪਿ ਹੋਇ ਹੋਰ ਕੇਤੀ ਝਖਿ ਝਖਿ ਜਾਇਸੀ ॥

ਜਿਨ੍ਹਾਂ ਦੀ ਰੱਖਿਆ ਕਰਨ ਲਈ ਪ੍ਰਭੂ ਆਪ (ਤਿਆਰ) ਹੋਵੇ, ਹੋਰ ਕਿਤਨੀ ਹੀ ਦੁਨੀਆ ਖਪ ਖਪ ਮਰੇ (ਪਰ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦੀ)।

ਜਨ ਨਾਨਕ ਨਾਮੁ ਧਿਆਇ ਤੂ ਹਰਿ ਹਲਤਿ ਪਲਤਿ ਛੋਡਾਇਸੀ ॥੧॥

(ਇਸ ਵਾਸਤੇ) ਹੇ ਨਾਨਕ! ਤੂੰ ਨਾਮ ਜਪ, ਪ੍ਰਭੂ ਇਸ ਲੋਕ ਵਿਚ ਤੇ ਪਰਲੋਕ ਵਿਚ (ਹਰੇਕ ਕਿਸਮ ਦੇ ਡਰ ਤੋਂ) ਬਚਾ ਲਏਗਾ ॥੧॥


ਮਃ ੪ ॥
ਗੁਰਸਿਖਾ ਕੈ ਮਨਿ ਭਾਵਦੀ ਗੁਰ ਸਤਿਗੁਰ ਕੀ ਵਡਿਆਈ ॥

ਗੁਰਸਿੱਖਾਂ ਦੇ ਮਨ ਵਿਚ ਆਪਣੇ ਸਤਿਗੁਰੂ ਦੀ ਵਡਿਆਈ ਪਿਆਰੀ ਲੱਗਦੀ ਹੈ।

ਹਰਿ ਰਾਖਹੁ ਪੈਜ ਸਤਿਗੁਰੂ ਕੀ ਨਿਤ ਚੜੈ ਸਵਾਈ ॥

ਹੇ ਪ੍ਰਭੂ! ਤੂੰ ਸਤਿਗੁਰੂ ਦੀ ਪੈਜ ਰੱਖਦਾ ਹੈਂ, ਤੇ ਸਤਿਗੁਰੂ ਦੀ ਵਡਿਆਈ ਦਿਨੋ ਦਿਨ ਵਧਦੀ ਹੈ।

ਗੁਰ ਸਤਿਗੁਰ ਕੈ ਮਨਿ ਪਾਰਬ੍ਰਹਮੁ ਹੈ ਪਾਰਬ੍ਰਹਮੁ ਛਡਾਈ ॥

ਜੋ ਪਾਰਬ੍ਰਹਮ (ਸਭ ਜੀਵਾਂ ਨੂੰ ਵਿਕਾਰ ਆਦਿਕਾਂ ਤੋਂ) ਬਚਾ ਲੈਂਦਾ ਹੈ, ਉਹ ਪਾਰਬ੍ਰਹਮ ਗੁਰੂ ਸਤਿਗੁਰੂ ਦੇ ਮਨ ਵਿਚ (ਸਦਾ ਵੱਸਦਾ ਹੈ)।

ਗੁਰ ਸਤਿਗੁਰ ਤਾਣੁ ਦੀਬਾਣੁ ਹਰਿ ਤਿਨਿ ਸਭ ਆਣਿ ਨਿਵਾਈ ॥

ਪ੍ਰਭੂ ਹੀ ਸਤਿਗੁਰੂ ਦਾ ਬਲ ਤੇ ਆਸਰਾ ਹੈ, ਉਸ ਪ੍ਰਭੂ ਨੇ ਹੀ ਸਾਰੇ ਜੀਵ ਸਤਿਗੁਰੂ ਅੱਗੇ ਲਿਆ ਨਿਵਾਏ ਹਨ।

ਜਿਨੀ ਡਿਠਾ ਮੇਰਾ ਸਤਿਗੁਰੁ ਭਾਉ ਕਰਿ ਤਿਨ ਕੇ ਸਭਿ ਪਾਪ ਗਵਾਈ ॥

ਜਿਨ੍ਹਾਂ ਨੇ (ਹਿਰਦੇ ਵਿਚ) ਪਿਆਰ ਰੱਖ ਕੇ ਪਿਆਰੇ ਸਤਿਗੁਰੂ ਦਾ ਦਰਸ਼ਨ ਕੀਤਾ ਹੈ, ਸਤਿਗੁਰੂ ਉਹਨਾਂ ਦੇ ਸਾਰੇ ਪਾਪ ਦੂਰ ਕਰ ਦੇਂਦਾ ਹੈ।

ਹਰਿ ਦਰਗਹ ਤੇ ਮੁਖ ਉਜਲੇ ਬਹੁ ਸੋਭਾ ਪਾਈ ॥

ਹਰੀ ਦੀ ਦਰਗਾਹ ਵਿਚ ਉਹ ਖਿੜੇ ਮੱਥੇ ਜਾਂਦੇ ਹਨ, ਤੇ ਉਹਨਾਂ ਦੀ ਬੜੀ ਸੋਭਾ ਹੁੰਦੀ ਹੈ।

ਜਨੁ ਨਾਨਕੁ ਮੰਗੈ ਧੂੜਿ ਤਿਨ ਜੋ ਗੁਰ ਕੇ ਸਿਖ ਮੇਰੇ ਭਾਈ ॥੨॥

ਜੋ ਮੇਰੇ ਵੀਰ ਸਤਿਗੁਰੂ ਦੇ (ਇਹੋ ਜਿਹੇ) ਸਿੱਖ ਹਨ, ਦਾਸ ਨਾਨਕ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ ॥੨॥


ਪਉੜੀ ॥
ਹਉ ਆਖਿ ਸਲਾਹੀ ਸਿਫਤਿ ਸਚੁ ਸਚੁ ਸਚੇ ਕੀ ਵਡਿਆਈ ॥

(ਮੇਰੀ ਇਹ ਅਰਦਾਸ ਹੈ ਕਿ) ਮੈਂ ਸੱਚੇ ਪ੍ਰਭੂ ਦੀ ਸੱਚੀ ਵਡਿਆਈ ਤੇ ਸੱਚੇ ਗੁਣ ਆਖ ਆਖ ਕੇ ਸਲਾਹਵਾਂ,

ਸਾਲਾਹੀ ਸਚੁ ਸਲਾਹ ਸਚੁ ਸਚੁ ਕੀਮਤਿ ਕਿਨੈ ਨ ਪਾਈ ॥

(ਜਿਸ) ਸੱਚੇ ਪ੍ਰਭੂ ਦੀ ਕੋਈ ਮਨੁੱਖ ਕੀਮਤ ਨਹੀਂ ਪਾ ਸਕਿਆ। ਉਹ ਸੱਚਾ ਪ੍ਰਭੂ ਸਲਾਹੁਣ-ਜੋਗ ਹੈ ਤੇ ਉਸ ਦੀ ਵਡਿਆਈ ਕਰਨੀ ਸਦਾ ਨਾਲ ਨਿਭਣ ਵਾਲੀ ਕਾਰ ਹੈ,

ਸਚੁ ਸਚਾ ਰਸੁ ਜਿਨੀ ਚਖਿਆ ਸੇ ਤ੍ਰਿਪਤਿ ਰਹੇ ਆਘਾਈ ॥

ਜਿਨ੍ਹਾਂ ਨੇ ਸੱਚੇ ਪ੍ਰਭੂ ਦੇ ਨਾਮ ਦਾ ਸੁਆਦ ਚੱਖਿਆ ਹੈ, ਉਹ (ਮਾਇਆ ਵਲੋਂ) ਤ੍ਰਿਪਤ ਹੋ ਕੇ ਰੱਜੇ ਰਹਿੰਦੇ ਹਨ।

ਇਹੁ ਹਰਿ ਰਸੁ ਸੇਈ ਜਾਣਦੇ ਜਿਉ ਗੂੰਗੈ ਮਿਠਿਆਈ ਖਾਈ ॥

ਇਸ ਸੁਆਦ ਨੂੰ ਜਾਣਦੇ ਭੀ ਉਹੀ ਹਨ, (ਪਰ ਬਿਆਨ ਨਹੀਂ ਕਰ ਸਕਦੇ) ਜਿਵੇਂ ਗੂੰਗਾ ਮਿਠਿਆਈ ਖਾਂਦਾ ਹੈ (ਤੇ ਸੁਆਦ ਨਹੀਂ ਦੱਸ ਸਕਦਾ)।

ਗੁਰਿ ਪੂਰੈ ਹਰਿ ਪ੍ਰਭੁ ਸੇਵਿਆ ਮਨਿ ਵਜੀ ਵਾਧਾਈ ॥੧੮॥

ਪੂਰੇ ਸਤਿਗੁਰੂ ਦੀ ਰਾਹੀਂ ਜਿਨ੍ਹਾਂ ਨੇ ਪ੍ਰਭੂ ਦਾ ਨਾਮ ਜਪਿਆ ਹੈ ਉਹਨਾਂ ਦੇ ਮਨ ਵਿਚ ਉਤਸ਼ਾਹ ਬਣਿਆ ਰਹਿੰਦਾ ਹੈ (ਭਾਵ, ਉਹਨਾਂ ਦੇ ਮਨ ਖਿੜੇ ਰਹਿੰਦੇ ਹਨ) ॥੧੮॥


ਸਲੋਕ ਮਃ ੪ ॥
ਜਿਨਾ ਅੰਦਰਿ ਉਮਰਥਲ ਸੇਈ ਜਾਣਨਿ ਸੂਲੀਆ ॥

(ਜਿਵੇਂ) ਜਿਨ੍ਹਾਂ ਦੇ ਸਰੀਰ ਵਿਚ ਗੱਦਹੁਧਾਣਾ ਫੋੜਾ ਹੈ ਉਹੋ ਹੀ ਉਸ ਦੀ ਪੀੜਾ ਨੂੰ ਜਾਣਦੇ ਹਨ।

ਹਰਿ ਜਾਣਹਿ ਸੇਈ ਬਿਰਹੁ ਹਉ ਤਿਨ ਵਿਟਹੁ ਸਦ ਘੁਮਿ ਘੋਲੀਆ ॥

(ਤਿਵੇਂ ਜਿਨ੍ਹਾਂ ਦੇ ਹਿਰਦੇ ਵਿਚ ਵਿਛੋੜੇ ਦਾ ਸੱਲ ਹੈ ਉਹੋ ਹੀ ਉਸ ਦੀ ਪੀੜਾ ਨੂੰ ਜਾਣਦੇ ਹਨ, ਤੇ) ਵਿਛੋੜੇ ਤੋਂ ਪੈਦਾ ਹੋਏ ਪਿਆਰ ਨੂੰ ਭੀ ਉਹੀ ਸਮਝਦੇ ਹਨ-ਮੈਂ ਉਹਨਾਂ ਤੋਂ ਸਦਾ ਸਦਕੇ ਹਾਂ।

ਹਰਿ ਮੇਲਹੁ ਸਜਣੁ ਪੁਰਖੁ ਮੇਰਾ ਸਿਰੁ ਤਿਨ ਵਿਟਹੁ ਤਲ ਰੋਲੀਆ ॥

ਹੇ ਹਰੀ! ਮੈਨੂੰ ਕੋਈ ਅਜੇਹਾ ਹੀ ਸੱਜਣ ਮਰਦ ਮਿਲਾ, ਅਜੇਹੇ ਬੰਦਿਆਂ (ਦੇ ਦੀਦਾਰ) ਦੀ ਖ਼ਾਤਰ ਮੇਰਾ ਸਿਰ ਉਹਨਾਂ ਦੇ ਪੈਰਾਂ ਹੇਠ ਰੁਲੇ।

ਜੋ ਸਿਖ ਗੁਰ ਕਾਰ ਕਮਾਵਹਿ ਹਉ ਗੁਲਮੁ ਤਿਨਾ ਕਾ ਗੋਲੀਆ ॥

ਜੋ ਸਿੱਖ ਸਤਿਗੁਰੂ ਦੀ ਦੱਸੀ ਹੋਈ ਕਾਰ ਕਰਦੇ ਹਨ, ਮੈਂ ਉਹਨਾਂ ਦੇ ਗ਼ੁਲਾਮਾਂ ਦਾ ਗ਼ੁਲਾਮ ਹਾਂ।

ਹਰਿ ਰੰਗਿ ਚਲੂਲੈ ਜੋ ਰਤੇ ਤਿਨ ਭਿਨੀ ਹਰਿ ਰੰਗਿ ਚੋਲੀਆ ॥

ਜਿਨ੍ਹਾਂ ਦੇ ਮਨ ਪ੍ਰਭੂ-ਨਾਮ ਦੇ ਗੂੜ੍ਹੇ ਰੰਗ ਵਿਚ ਰੰਗੇ ਹੋਏ ਹਨ, ਉਹਨਾਂ ਦੇ ਚੋਲੇ (ਭੀ, ਭਾਵ, ਸਰੀਰ) ਪ੍ਰਭੂ ਦੇ ਪਿਆਰ ਵਿਚ ਭਿੱਜੇ ਹੋਏ ਹੁੰਦੇ ਹਨ।

ਕਰਿ ਕਿਰਪਾ ਨਾਨਕ ਮੇਲਿ ਗੁਰ ਪਹਿ ਸਿਰੁ ਵੇਚਿਆ ਮੋਲੀਆ ॥੧॥

ਹੇ ਨਾਨਕ! ਉਹਨਾਂ ਨੂੰ ਪ੍ਰਭੂ ਨੇ ਕਿਰਪਾ ਕਰ ਕੇ ਗੁਰੂ ਨਾਲ ਮਿਲਾਇਆ ਹੈ, ਤੇ ਉਹਨਾਂ ਆਪਣਾ ਸਿਰ ਗੁਰੂ ਅੱਗੇ ਵੇਚ ਦਿੱਤਾ ਹੈ ॥੧॥


ਮਃ ੪ ॥
ਅਉਗਣੀ ਭਰਿਆ ਸਰੀਰੁ ਹੈ ਕਿਉ ਸੰਤਹੁ ਨਿਰਮਲੁ ਹੋਇ ॥

(ਪ੍ਰਸ਼ਨ) ਹੇ ਸੰਤ ਜਨੋ! (ਇਹ) ਸਰੀਰ ਅਉਗਣਾਂ ਨਾਲ ਭਰਿਆ ਹੋਇਆ ਹੈ, ਸਾਫ਼ ਕਿਵੇਂ ਹੋ ਸਕਦਾ ਹੈ?

ਗੁਰਮੁਖਿ ਗੁਣ ਵੇਹਾਝੀਅਹਿ ਮਲੁ ਹਉਮੈ ਕਢੈ ਧੋਇ ॥

(ਉੱਤਰ) ਸਤਿਗੁਰੂ ਦੇ ਸਨਮੁਖ ਹੋ ਕੇ ਗੁਣ ਖ਼ਰੀਦੇ ਜਾਣ, ਤਾਂ (ਇਸ ਤਰ੍ਹਾਂ ਮਨੁੱਖਾ ਸਰੀਰ ਵਿਚੋਂ) ਹਉਮੈ-ਰੂਪ ਮੈਲ ਕੋਈ ਧੋ ਕੇ ਕੱਢ ਸਕਦਾ ਹੈ।

ਸਚੁ ਵਣੰਜਹਿ ਰੰਗ ਸਿਉ ਸਚੁ ਸਉਦਾ ਹੋਇ ॥

ਜੋ ਮਨੁੱਖ ਪਿਆਰ ਨਾਲ ਸੱਚ ਨੂੰ (ਭਾਵ, ਸੱਚੇ ਦੇ ਨਾਮ ਨੂੰ) ਖ਼ਰੀਦਦੇ ਹਨ, ਉਹਨਾਂ ਦਾ ਇਹ ਸੌਦਾ ਸਦਾ ਨਾਲ ਨਿਭਦਾ ਹੈ।

ਤੋਟਾ ਮੂਲਿ ਨ ਆਵਈ ਲਾਹਾ ਹਰਿ ਭਾਵੈ ਸੋਇ ॥

(ਇਸ ਸੌਦੇ ਵਿਚ) ਘਾਟਾ ਕਦੇ ਹੁੰਦਾ ਹੀ ਨਹੀਂ; (ਤੇ, ਸੌਦੇ ਵਿਚੋਂ) ਲਾਭ (ਇਹ ਮਿਲਦਾ) ਹੈ ਕਿ ਪਰਮਾਤਮਾ ਉਹਨਾਂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ।

ਨਾਨਕ ਤਿਨ ਸਚੁ ਵਣੰਜਿਆ ਜਿਨਾ ਧੁਰਿ ਲਿਖਿਆ ਪਰਾਪਤਿ ਹੋਇ ॥੨॥

ਹੇ ਨਾਨਕ! ਸੱਚੇ ਨਾਮ ਦੀ ਖ਼ਰੀਦ ਉਹ ਮਨੁੱਖ ਕਰਦੇ ਹਨ, ਜਿਨ੍ਹਾਂ ਨੂੰ (ਇਹ ਸੱਚਾ ਨਾਮ) ਮੁਢ ਤੋਂ (ਕੀਤੇ ਹੋਏ ਭਲੇ ਕਰਮਾਂ ਦੇ ਸੰਸਕਾਰਾਂ ਅਨੁਸਾਰ) (ਹਿਰਦੇ ਵਿਚ) ਉੱਕਰਿਆ ਹੋਇਆ ਮਿਲਦਾ ਹੈ ॥੨॥


ਪਉੜੀ ॥
ਸਾਲਾਹੀ ਸਚੁ ਸਾਲਾਹਣਾ ਸਚੁ ਸਚਾ ਪੁਰਖੁ ਨਿਰਾਲੇ ॥

(ਮੇਰਾ ਚਿੱਤ ਚਾਹੁੰਦਾ ਹੈ ਕਿ) ਜੋ ਨਿਰਾਲਾ ਪੁਰਖ ਸੱਚਾ ਹਰੀ ਹੈ, ਉਸ ਸੱਚੇ ਹਰੀ ਦੀ ਸਿਫ਼ਤਿ ਕਰਾਂ, ਉਸ ਦੀ ਸਿਫ਼ਤਿ ਕੀਤੀ ਹੋਈ ਸਦਾ ਨਾਲ ਨਿਭਦੀ ਹੈ।

ਸਚੁ ਸੇਵੀ ਸਚੁ ਮਨਿ ਵਸੈ ਸਚੁ ਸਚਾ ਹਰਿ ਰਖਵਾਲੇ ॥

(ਚਿੱਤ ਲੋਚਦਾ ਹੈ ਕਿ) ਜੋ ਸੱਚਾ ਹਰੀ ਸਭ ਦਾ ਰਾਖਾ ਹੈ ਉਸ ਦੀ ਸੇਵਾ ਕਰਾਂ, ਤੇ ਸੱਚਾ ਹਰੀ ਮੇਰੇ ਮਨ ਵਿਚ ਨਿਵਾਸ ਕਰੇ।

ਸਚੁ ਸਚਾ ਜਿਨੀ ਅਰਾਧਿਆ ਸੇ ਜਾਇ ਰਲੇ ਸਚ ਨਾਲੇ ॥

ਜਿਨ੍ਹਾਂ ਨੇ ਸੱਚ-ਮੁਚ ਸੱਚਾ ਹਰੀ ਸੇਵਿਆ ਹੈ ਉਹ ਉਸ ਸੱਚੇ ਦੇ ਨਾਲ ਜਾ ਰਲੇ ਹਨ।

ਸਚੁ ਸਚਾ ਜਿਨੀ ਨ ਸੇਵਿਆ ਸੇ ਮਨਮੁਖ ਮੂੜ ਬੇਤਾਲੇ ॥

ਜਿਨ੍ਹਾਂ ਨੇ ਸੱਚੇ ਹਰੀ ਨੂੰ ਨਹੀਂ ਸੇਵਿਆ, ਉਹ ਮਨਮੁਖ ਮੂਰਖ ਤੇ ਭੂਤਨੇ ਹਨ,

ਓਹ ਆਲੁ ਪਤਾਲੁ ਮੁਹਹੁ ਬੋਲਦੇ ਜਿਉ ਪੀਤੈ ਮਦਿ ਮਤਵਾਲੇ ॥੧੯॥

ਮੂੰਹੋਂ ਅਜਿਹਾ ਬਕਵਾਸ ਕਰਦੇ ਹਨ ਜਿਵੇਂ ਸ਼ਰਾਬ ਪੀਤਿਆਂ ਸ਼ਰਾਬੀ (ਬਕਵਾਸ ਕਰਦੇ ਹਨ) ॥੧੯॥


ਸਲੋਕ ਮਹਲਾ ੩ ॥
ਗਉੜੀ ਰਾਗਿ ਸੁਲਖਣੀ ਜੇ ਖਸਮੈ ਚਿਤਿ ਕਰੇਇ ॥

(ਜੀਵ-ਰੂਪੀ ਇਸਤ੍ਰੀ) ਗਉੜੀ ਰਾਗਣੀ ਦੁਆਰਾ ਤਾਂ ਹੀ ਚੰਗੇ ਲੱਛਣਾਂ ਵਾਲੀ ਹੋ ਸਕਦੀ ਹੈ ਜੇ ਪ੍ਰਭੂ-ਪਤੀ ਨੂੰ ਹਿਰਦੇ ਵਿਚ ਵਸਾਏ;

ਭਾਣੈ ਚਲੈ ਸਤਿਗੁਰੂ ਕੈ ਐਸਾ ਸੀਗਾਰੁ ਕਰੇਇ ॥

ਸਤਿਗੁਰੂ ਦੇ ਭਾਣੇ ਵਿਚ ਤੁਰੇ-ਇਹੋ ਜਿਹਾ ਸ਼ਿੰਗਾਰ ਕਰੇ;

ਸਚਾ ਸਬਦੁ ਭਤਾਰੁ ਹੈ ਸਦਾ ਸਦਾ ਰਾਵੇਇ ॥

ਸੱਚਾ ਸ਼ਬਦ (ਰੂਪ ਜੋ) ਖਸਮ (ਹੈ) ਉਸ ਦਾ ਸਦਾ ਆਨੰਦ ਲਏ (ਭਾਵ, ਉਸ ਨੂੰ ਸਦਾ ਜਪੇ)।

ਜਿਉ ਉਬਲੀ ਮਜੀਠੈ ਰੰਗੁ ਗਹਗਹਾ ਤਿਉ ਸਚੇ ਨੋ ਜੀਉ ਦੇਇ ॥

ਜਿਵੇਂ ਮਜੀਠ ਉਬਾਲਾ ਸਹਾਰਦੀ ਹੈ ਤੇ ਉਸ ਦਾ ਰੰਗ ਗੂੜ੍ਹਾ ਹੋ ਜਾਂਦਾ ਹੈ, ਤਿਵੇਂ (ਜੀਵ ਰੂਪ ਇਸਤ੍ਰੀ) ਆਪਣਾ ਆਪ ਖਸਮ ਤੋਂ ਸਦਕੇ ਕਰੇ,

ਰੰਗਿ ਚਲੂਲੈ ਅਤਿ ਰਤੀ ਸਚੇ ਸਿਉ ਲਗਾ ਨੇਹੁ ॥

(ਇਸ ਨੂੰ ਭੀ ਨਾਮ ਦਾ ਗੂੜ੍ਹਾ ਰੰਗ ਚੜ੍ਹ ਜਾਏ) ਤਾਂ ਉਸ ਦਾ ਸੱਚੇ ਪ੍ਰਭੂ ਨਾਲ ਪਿਆਰ ਬਣ ਜਾਂਦਾ ਹੈ, ਉਹ (ਨਾਮ ਦੇ) ਗੂੜ੍ਹੇ ਰੰਗ ਵਿਚ ਰੱਤੀ ਜਾਂਦੀ ਹੈ।

ਕੂੜੁ ਠਗੀ ਗੁਝੀ ਨਾ ਰਹੈ ਕੂੜੁ ਮੁਲੰਮਾ ਪਲੇਟਿ ਧਰੇਹੁ ॥

ਕੂੜ (ਰੂਪ) ਮੁਲੰਮਾ (ਬੇਸ਼ੱਕ ਸੱਚ ਨਾਲ) ਲਪੇਟ ਕੇ ਰਖੋ, (ਫਿਰ ਭੀ) ਜੋ ਝੂਠ ਤੇ ਠੱਗੀ ਹੈ ਉਹ ਲੁਕੇ ਨਹੀਂ ਰਹਿ ਸਕਦੇ।

ਕੂੜੀ ਕਰਨਿ ਵਡਾਈਆ ਕੂੜੇ ਸਿਉ ਲਗਾ ਨੇਹੁ ॥

(ਹਿਰਦੇ ਵਿਚ ਠੱਗੀ ਰੱਖਣ ਵਾਲੇ ਐਵੇਂ) ਝੂਠੀ ਵਡਿਆਈ ਕਰਦੇ ਹਨ, ਉਹਨਾਂ ਦਾ ਪਿਆਰ ਝੂਠ ਨਾਲ ਹੀ ਹੁੰਦਾ ਹੈ (ਤੇ ਇਹ ਗੱਲ ਲੁਕੀ ਨਹੀਂ ਰਹਿੰਦੀ)।

ਨਾਨਕ ਸਚਾ ਆਪਿ ਹੈ ਆਪੇ ਨਦਰਿ ਕਰੇਇ ॥੧॥

(ਪਰ) ਹੇ ਨਾਨਕ! (ਇਹ ਕਿਸੇ ਦੇ ਵੱਸ ਨਹੀਂ) ਜੋ ਹਰੀ ਸੱਚਾ ਆਪ ਹੈ ਉਹੋ ਹੀ ਮਿਹਰ ਕਰਦਾ ਹੈ (ਤੇ ਹਿਰਦੇ ਵਿਚੋਂ ਠੱਗੀ ਦੂਰ ਹੋ ਸਕਦੀ ਹੈ) ॥੧॥


ਮਃ ੪ ॥
ਸਤਸੰਗਤਿ ਮਹਿ ਹਰਿ ਉਸਤਤਿ ਹੈ ਸੰਗਿ ਸਾਧੂ ਮਿਲੇ ਪਿਆਰਿਆ ॥

ਸਤਸੰਗ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੁੰਦੀ ਹੈ (ਕਿਉਂਕਿ ਓਥੇ) ਪਿਆਰੇ (ਗੁਰਸਿੱਖ, ਸੰਤ ਜਨ) ਸਤਿਗੁਰੂ ਦੇ ਨਾਲ ਮਿਲਦੇ ਹਨ।

ਓਇ ਪੁਰਖ ਪ੍ਰਾਣੀ ਧੰਨਿ ਜਨ ਹਹਿ ਉਪਦੇਸੁ ਕਰਹਿ ਪਰਉਪਕਾਰਿਆ ॥

ਉਹ ਮਨੁੱਖ ਮੁਬਾਰਿਕ ਹਨ (ਕਿਉਂਕਿ) ਪਰਉਪਕਾਰ ਲਈ ਉਹ (ਹੋਰਨਾਂ ਨੂੰ ਭੀ) ਉਪਦੇਸ਼ ਕਰਦੇ ਹਨ।

ਹਰਿ ਨਾਮੁ ਦ੍ਰਿੜਾਵਹਿ ਹਰਿ ਨਾਮੁ ਸੁਣਾਵਹਿ ਹਰਿ ਨਾਮੇ ਜਗੁ ਨਿਸਤਾਰਿਆ ॥

ਪ੍ਰਭੂ ਦੇ ਨਾਮ ਵਿਚ ਸਿਦਕ ਬੰਨ੍ਹਾਉਂਦੇ ਹਨ, ਪ੍ਰਭੂ ਦਾ ਨਾਮ ਹੀ ਸੁਣਾਉਂਦੇ ਹਨ ਤੇ ਪ੍ਰਭੂ ਦੇ ਨਾਮ ਦੀ ਰਾਹੀਂ ਹੀ ਸੰਸਾਰ ਨੂੰ ਤਾਰਦੇ ਹਨ, (ਇਹ ਸਾਰੀ ਬਰਕਤਿ ਇਸ ਲਈ ਹੈ ਕਿ ਉਹ ਵਡਭਾਗੀ ਸਤਸੰਗਤਿ ਵਿਚ ਜਾ ਕੇ ਸਤਿਗੁਰੂ ਵਿਚ ਜੁੜਦੇ ਹਨ)।

ਗੁਰ ਵੇਖਣ ਕਉ ਸਭੁ ਕੋਈ ਲੋਚੈ ਨਵ ਖੰਡ ਜਗਤਿ ਨਮਸਕਾਰਿਆ ॥

(ਇਹ ਬਰਕਤਾਂ ਸੁਣ ਕੇ) ਹਰੇਕ ਜੀਵ ਸਤਿਗੁਰੂ ਦਾ ਦਰਸ਼ਨ ਕਰਨ ਨੂੰ ਤਾਂਘਦਾ ਹੈ ਤੇ ਸੰਸਾਰ ਵਿਚ ਨਵਾਂ ਖੰਡਾਂ (ਦੇ ਜੀਵ) ਸਤਿਗੁਰੂ ਦੇ ਅੱਗੇ ਸਿਰ ਨਿਵਾਂਦੇ ਹਨ।

ਤੁਧੁ ਆਪੇ ਆਪੁ ਰਖਿਆ ਸਤਿਗੁਰ ਵਿਚਿ ਗੁਰੁ ਆਪੇ ਤੁਧੁ ਸਵਾਰਿਆ ॥

ਸਤਿਗੁਰੂ ਨੂੰ ਪੈਦਾ ਕਰਨ ਵਾਲੇ ਹੇ ਪ੍ਰਭੂ! ਤੂੰ ਆਪਣਾ ਆਪ ਸਤਿਗੁਰੂ ਵਿਚ ਲੁਕਾ ਰੱਖਿਆ ਹੈ ਤੇ ਤੂੰ ਆਪ ਹੀ ਸਤਿਗੁਰੂ ਨੂੰ ਸੁੰਦਰ ਬਣਾਇਆ ਹੈ।

ਤੂ ਆਪੇ ਪੂਜਹਿ ਪੂਜ ਕਰਾਵਹਿ ਸਤਿਗੁਰ ਕਉ ਸਿਰਜਣਹਾਰਿਆ ॥

ਤੂੰ ਆਪ ਹੀ ਸਤਿਗੁਰੂ ਨੂੰ ਵਡਿਆਈ ਦੇਂਦਾ ਹੈਂ ਤੇ ਆਪ ਹੀ (ਹੋਰਨਾਂ ਪਾਸੋਂ ਗੁਰੂ ਦੀ) ਵਡਿਆਈ ਕਰਾਉਂਦਾ ਹੈਂ।

ਕੋਈ ਵਿਛੁੜਿ ਜਾਇ ਸਤਿਗੁਰੂ ਪਾਸਹੁ ਤਿਸੁ ਕਾਲਾ ਮੁਹੁ ਜਮਿ ਮਾਰਿਆ ॥

ਜੋ ਮਨੁੱਖ ਸਤਿਗੁਰੂ ਕੋਲੋਂ ਵਿੱਛੜ ਜਾਏ, ਉਸ ਦਾ ਮੂੰਹ ਕਾਲਾ ਹੁੰਦਾ ਹੈ ਤੇ ਜਮਰਾਜ ਪਾਸੋਂ ਉਸ ਨੂੰ ਮਾਰ ਪੈਂਦੀ ਹੈ, (ਭਾਵ, ਉਹ ਜਗਤ ਵਿਚ ਇਕ ਤਾਂ ਮੁਕਾਲਖ ਖੱਟਦਾ ਹੈ, ਦੂਜੇ ਮੌਤ ਆਦਿਕ ਦਾ ਉਸ ਨੂੰ ਸਦਾ ਸਹਿਮ ਪਿਆ ਰਹਿੰਦਾ ਹੈ)।

ਤਿਸੁ ਅਗੈ ਪਿਛੈ ਢੋਈ ਨਾਹੀ ਗੁਰਸਿਖੀ ਮਨਿ ਵੀਚਾਰਿਆ ॥

ਉਸ ਨੂੰ ਨਾ ਇਸ ਲੋਕ ਵਿਚ ਤੇ ਨਾ ਹੀ ਪਰਲੋਕ ਵਿਚ ਕਿਤੇ ਭੀ ਆਸਰਾ ਨਹੀਂ ਮਿਲਦਾ-ਸਭ ਗੁਰਸਿੱਖਾਂ ਨੇ ਮਨ ਵਿਚ ਇਹ ਵਿਚਾਰ ਕੀਤੀ ਹੈ।

ਸਤਿਗੁਰੂ ਨੋ ਮਿਲੇ ਸੇਈ ਜਨ ਉਬਰੇ ਜਿਨ ਹਿਰਦੈ ਨਾਮੁ ਸਮਾਰਿਆ ॥

ਜੋ ਮਨੁੱਖ ਸਤਿਗੁਰੂ ਨੂੰ ਜਾ ਮਿਲਦੇ ਹਨ, ਉਹ (ਸੰਸਾਰ ਸਾਗਰ ਤੋਂ) ਬਚ ਜਾਂਦੇ ਹਨ, ਕਿਉਂਕਿ ਉਹ ਹਿਰਦੇ ਵਿਚ ਨਾਮ ਨੂੰ ਸੰਭਾਲਦੇ ਹਨ।

ਜਨ ਨਾਨਕ ਕੇ ਗੁਰਸਿਖ ਪੁਤਹਹੁ ਹਰਿ ਜਪਿਅਹੁ ਹਰਿ ਨਿਸਤਾਰਿਆ ॥੨॥

(ਇਸ ਲਈ ਪ੍ਰਭੂ ਦੇ) ਦਾਸ ਨਾਨਕ ਦੇ ਸਿੱਖ ਪੁੱਤਰੋ! ਪ੍ਰਭੂ ਦਾ ਨਾਮ ਜਪੋ, (ਕਿਉਂਕਿ) ਪ੍ਰਭੂ (ਸੰਸਾਰ ਤੋਂ) ਪਾਰ ਉਤਾਰਦਾ ਹੈ ॥੨॥


ਮਹਲਾ ੩ ॥
ਹਉਮੈ ਜਗਤੁ ਭੁਲਾਇਆ ਦੁਰਮਤਿ ਬਿਖਿਆ ਬਿਕਾਰ ॥

ਹਉਮੈ ਨੇ ਜਗਤ ਨੂੰ ਕੁਰਾਹੇ ਪਾਇਆ ਹੋਇਆ ਹੈ, ਖੋਟੀ ਮਤਿ ਤੇ ਮਾਇਆ ਵਿਚ (ਫਸ ਕੇ) ਵਿਕਾਰ ਕਰੀ ਜਾਂਦਾ ਹੈ।

ਸਤਿਗੁਰੁ ਮਿਲੈ ਤ ਨਦਰਿ ਹੋਇ ਮਨਮੁਖ ਅੰਧ ਅੰਧਿਆਰ ॥

ਜਿਸ ਮਨੁੱਖ ਨੂੰ ਗੁਰੂ ਮਿਲਦਾ ਹੈ ਉਸ ਤੇ (ਪ੍ਰਭੂ ਦੀ ਮਿਹਰ ਦੀ) ਨਜ਼ਰ ਹੁੰਦੀ ਹੈ, ਮਨ ਦੇ ਮੁਰੀਦ ਮਨੁੱਖ ਨਦਾਰ ਅੰਨ੍ਹੇ ਰਹਿੰਦੇ ਹਨ।

ਨਾਨਕ ਆਪੇ ਮੇਲਿ ਲਏ ਜਿਸ ਨੋ ਸਬਦਿ ਲਾਏ ਪਿਆਰੁ ॥੩॥

ਹੇ ਨਾਨਕ! ਹਰੀ ਜਿਸ ਮਨੁੱਖ ਦਾ ਪਿਆਰ ਸ਼ਬਦ ਵਿਚ ਲਾਂਦਾ ਹੈ, ਉਸ ਨੂੰ ਹਰੀ ਆਪ ਹੀ ਆਪਣੇ ਨਾਲ ਮੇਲ ਲੈਂਦਾ ਹੈ ॥੩॥


ਪਉੜੀ ॥
ਸਚੁ ਸਚੇ ਕੀ ਸਿਫਤਿ ਸਲਾਹ ਹੈ ਸੋ ਕਰੇ ਜਿਸੁ ਅੰਦਰੁ ਭਿਜੈ ॥

ਸੱਚੇ ਪ੍ਰਭੂ ਦੀ (ਕੀਤੀ ਹੋਈ) ਸਿਫ਼ਤਿ-ਸਾਲਾਹ ਸਦਾ-ਥਿਰ ਰਹਿਣ ਵਾਲੀ ਹੈ; (ਇਹ ਸਿਫ਼ਤਿ-ਸਾਲਾਹ) ਉਹ ਮਨੁੱਖ ਕਰ ਸਕਦਾ ਹੈ ਜਿਸ ਦਾ ਹਿਰਦਾ (ਭੀ) (ਸਿਫ਼ਤਿ ਵਿਚ) ਭਿੱਜਾ ਹੋਇਆ ਹੋਵੇ।

ਜਿਨੀ ਇਕ ਮਨਿ ਇਕੁ ਅਰਾਧਿਆ ਤਿਨ ਕਾ ਕੰਧੁ ਨ ਕਬਹੂ ਛਿਜੈ ॥

ਜੋ ਮਨੁੱਖ ਏਕਾਗਰ-ਚਿੱਤ ਹੋ ਕੇ ਇਕ ਹਰੀ ਦਾ ਸਿਮਰਨ ਕਰਦੇ ਹਨ, ਉਹਨਾਂ ਦਾ ਸਰੀਰ ਕਦੀ ਛਿੱਜਦਾ ਨਹੀਂ (ਵਿਕਾਰਾਂ ਵਿਚ ਖਚਿਤ ਨਹੀਂ ਹੁੰਦਾ)।

ਧਨੁ ਧਨੁ ਪੁਰਖ ਸਾਬਾਸਿ ਹੈ ਜਿਨ ਸਚੁ ਰਸਨਾ ਅੰਮ੍ਰਿਤੁ ਪਿਜੈ ॥

ਉਹ ਮਨੁੱਖ ਧੰਨ ਹਨ, ਸ਼ਾਬਾਸ਼ੇ ਉਹਨਾਂ ਨੂੰ ਜੋ ਜੀਭ ਨਾਲ ਸੱਚਾ ਨਾਮ ਅੰਮ੍ਰਿਤ ਪੀਂਦੇ ਹਨ।

ਸਚੁ ਸਚਾ ਜਿਨ ਮਨਿ ਭਾਵਦਾ ਸੇ ਮਨਿ ਸਚੀ ਦਰਗਹ ਲਿਜੈ ॥

ਜਿਨ੍ਹਾਂ ਦੇ ਮਨ ਵਿਚ ਸੱਚਾ ਹਰੀ ਸਚਮੁਚ ਪਿਆਰਾ ਲੱਗਦਾ ਹੈ ਉਹ ਸੱਚੀ ਦਰਗਾਹ ਵਿਚ ਸਤਕਾਰੇ ਜਾਂਦੇ ਹਨ।

ਧਨੁ ਧੰਨੁ ਜਨਮੁ ਸਚਿਆਰੀਆ ਮੁਖ ਉਜਲ ਸਚੁ ਕਰਿਜੈ ॥੨੦॥

ਸੱਚ ਦੇ ਵਪਾਰੀਆਂ ਦਾ ਮਨੁੱਖਾ ਜਨਮ ਸਫਲਾ ਹੈ (ਕਿਉਂਕਿ ਦਰਗਾਹ ਵਿਚ) ਉਹ ਸੁਰਖ਼ੁਰੂ ਕੀਤੇ ਜਾਂਦੇ ਹਨ ॥੨੦॥


ਸਲੋਕ ਮਃ ੪ ॥
ਸਾਕਤ ਜਾਇ ਨਿਵਹਿ ਗੁਰ ਆਗੈ ਮਨਿ ਖੋਟੇ ਕੂੜਿ ਕੂੜਿਆਰੇ ॥

ਜੇ ਸਾਕਤ ਮਨੁੱਖ ਸਤਿਗੁਰੂ ਦੇ ਅੱਗੇ ਜਾ ਭੀ ਨਿਊਣ, (ਤਾਂ ਭੀ) ਉਹ ਮਨੋਂ ਖੋਟੇ (ਰਹਿੰਦੇ ਹਨ) ਤੇ ਖੋਟੇ ਹੋਣ ਕਰਕੇ ਕੂੜ ਦੇ ਹੀ ਵਪਾਰੀ ਬਣੇ ਰਹਿੰਦੇ ਹਨ।

ਜਾ ਗੁਰੁ ਕਹੈ ਉਠਹੁ ਮੇਰੇ ਭਾਈ ਬਹਿ ਜਾਹਿ ਘੁਸਰਿ ਬਗੁਲਾਰੇ ॥

ਜਦੋਂ ਸਤਿਗੁਰੂ (ਸਭ ਸਿੱਖਾਂ ਨੂੰ) ਆਖਦਾ ਹੈ-‘ਹੇ ਮੇਰੇ ਭਰਾਵੋ, ਸੁਚੇਤ ਹੋਵੋ!’ (ਤਾਂ ਇਹ ਸਾਕਤ ਭੀ) ਬਗਲਿਆਂ ਵਾਂਗ (ਸਿੱਖਾਂ ਵਿਚ) ਰਲ ਕੇ ਬਹਿ ਜਾਂਦੇ ਹਨ।

ਗੁਰਸਿਖਾ ਅੰਦਰਿ ਸਤਿਗੁਰੁ ਵਰਤੈ ਚੁਣਿ ਕਢੇ ਲਧੋਵਾਰੇ ॥

(ਪਰ ਸਾਕਤਾਂ ਦੇ ਹਿਰਦੇ ਵਿਚ ਕੂੜ ਵੱਸਦਾ ਹੈ) ਤੇ ਗੁਰਸਿੱਖਾਂ ਦੇ ਹਿਰਦੇ ਵਿਚ ਸਤਿਗੁਰੂ ਵੱਸਦਾ ਹੈ, (ਇਸ ਕਰਕੇ ਸਿੱਖਾਂ ਵਿਚ ਰਲ ਕੇ ਬੈਠੇ ਹੋਏ ਭੀ ਸਾਕਤ) ਲਾਧ ਦੇ ਵੇਲੇ ਚੁਣ ਕੇ ਕੱਢੇ ਜਾਂਦੇ ਹਨ।

ਓਇ ਅਗੈ ਪਿਛੈ ਬਹਿ ਮੁਹੁ ਛਪਾਇਨਿ ਨ ਰਲਨੀ ਖੋਟੇਆਰੇ ॥

ਉਹ ਅਗਾਂਹ ਪਿਛਾਂਹ ਹੋ ਕੇ ਮੂੰਹ ਤਾਂ ਬਥੇਰਾ ਲੁਕਾਂਦੇ ਹਨ, ਪਰ ਕੂੜ ਦੇ ਵਪਾਰੀ (ਸਿੱਖਾਂ ਵਿਚ) ਰਲ ਨਹੀਂ ਸਕਦੇ।

ਓਨਾ ਦਾ ਭਖੁ ਸੁ ਓਥੈ ਨਾਹੀ ਜਾਇ ਕੂੜੁ ਲਹਨਿ ਭੇਡਾਰੇ ॥

ਸਾਕਤਾਂ ਦਾ ਖਾਣਾ ਓਥੇ (ਗੁਰਸਿਖਾਂ ਦੇ ਸੰਗ ਵਿਚ) ਨਹੀਂ ਹੁੰਦਾ, (ਇਸ ਵਾਸਤੇ) ਭੇਡਾਂ ਵਾਂਗ (ਕਿਸੇ ਹੋਰ ਥਾਂ) ਜਾ ਕੇ ਕੂੜ ਨੂੰ ਲੱਭਦੇ ਹਨ।

ਜੇ ਸਾਕਤੁ ਨਰੁ ਖਾਵਾਈਐ ਲੋਚੀਐ ਬਿਖੁ ਕਢੈ ਮੁਖਿ ਉਗਲਾਰੇ ॥

ਜੇ ਸਾਕਤ ਮਨੁੱਖ ਨੂੰ (ਨਾਮ-ਰੂਪ) ਚੰਗਾ ਪਦਾਰਥ ਖਵਾਣ ਦੀ ਇੱਛਾ ਭੀ ਕਰੀਏ ਤਾਂ ਭੀ ਉਹ ਮੂੰਹੋਂ (ਨਿੰਦਾ-ਰੂਪ) ਵਿਹੁ ਹੀ ਉਗਲ ਕੇ ਕੱਢਦਾ ਹੈ।

ਹਰਿ ਸਾਕਤ ਸੇਤੀ ਸੰਗੁ ਨ ਕਰੀਅਹੁ ਓਇ ਮਾਰੇ ਸਿਰਜਣਹਾਰੇ ॥

(ਹੇ ਸੰਤ ਜਨੋਂ!) ਰੱਬ ਤੋਂ ਟੁੱਟੇ ਹੋਏ ਨਾਲ ਸਾਥ ਨਾ ਕਰਿਓ, (ਕਿਉਂਕਿ) ਸਿਰਜਨਹਾਰ ਨੇ ਆਪ ਉਹਨਾਂ ਨੂੰ (ਨਾਮ ਵਲੋਂ) ਮੁਰਦਾ ਕੀਤਾ ਹੋਇਆ ਹੈ।

ਜਿਸ ਕਾ ਇਹੁ ਖੇਲੁ ਸੋਈ ਕਰਿ ਵੇਖੈ ਜਨ ਨਾਨਕ ਨਾਮੁ ਸਮਾਰੇ ॥੧॥

(ਉਹਨਾਂ ਨੂੰ ਸਿੱਧੇ ਰਾਹ ਤੇ ਲਿਆਉਣਾ ਕਿਸੇ ਜੀਵ ਦੇ ਵੱਸ ਨਹੀਂ), ਜਿਸ ਪ੍ਰਭੂ ਦਾ ਇਹ ਖੇਲ ਹੈ ਉਹ ਆਪ ਇਸ ਖੇਲ ਨੂੰ ਰਚ ਕੇ ਵੇਖ ਰਿਹਾ ਹੈ। ਹੇ ਦਾਸ ਨਾਨਕ! ਤੂੰ ਪ੍ਰਭੂ ਦਾ ਨਾਮ ਸੰਭਾਲ ॥੧॥


ਮਃ ੪ ॥
ਸਤਿਗੁਰੁ ਪੁਰਖੁ ਅਗੰਮੁ ਹੈ ਜਿਸੁ ਅੰਦਰਿ ਹਰਿ ਉਰਿ ਧਾਰਿਆ ॥

ਸਤਿਗੁਰੂ ਅਗੰਮ ਪੁਰਖ ਹੈ ਜਿਸ ਨੇ ਹਿਰਦੇ ਵਿਚ ਪ੍ਰਭੂ ਨੂੰ ਪਰੋਤਾ ਹੋਇਆ ਹੈ।

ਸਤਿਗੁਰੂ ਨੋ ਅਪੜਿ ਕੋਇ ਨ ਸਕਈ ਜਿਸੁ ਵਲਿ ਸਿਰਜਣਹਾਰਿਆ ॥

ਸਤਿਗੁਰੂ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ, ਕਿਉਂਕਿ ਸਿਰਜਨਹਾਰ ਉਸ ਦੇ ਵੱਲ ਹੈ।

ਸਤਿਗੁਰੂ ਕਾ ਖੜਗੁ ਸੰਜੋਉ ਹਰਿ ਭਗਤਿ ਹੈ ਜਿਤੁ ਕਾਲੁ ਕੰਟਕੁ ਮਾਰਿ ਵਿਡਾਰਿਆ ॥

ਸਤਿਗੁਰੂ ਦੀ ਖੜਗ ਤੇ ਸੰਜੋਅ ਪ੍ਰਭੂ ਦੀ ਭਗਤੀ ਹੈ ਜਿਸ ਨਾਲ ਉਸ ਨੇ ਕਾਲ (-ਰੂਪ) ਕੰਡੇ ਨੂੰ (ਭਾਵ, ਮੌਤ ਦੇ ਡਰ ਨੂੰ) ਮਾਰ ਕੇ ਪਰੇ ਸੁੱਟਿਆ ਹੈ।

ਸਤਿਗੁਰੂ ਕਾ ਰਖਣਹਾਰਾ ਹਰਿ ਆਪਿ ਹੈ ਸਤਿਗੁਰੂ ਕੈ ਪਿਛੈ ਹਰਿ ਸਭਿ ਉਬਾਰਿਆ ॥

ਸਤਿਗੁਰੂ ਦਾ ਰਾਖਾ ਪ੍ਰਭੂ ਆਪ ਹੈ ਤੇ ਸਤਿਗੁਰੂ ਦੇ ਪੂਰਨਿਆਂ ਤੇ ਤੁਰਨ ਵਾਲੇ ਸਭਨਾਂ ਨੂੰ ਭੀ ਪ੍ਰਭੂ ਬਚਾ ਲੈਂਦਾ ਹੈ।

ਜੋ ਮੰਦਾ ਚਿਤਵੈ ਪੂਰੇ ਸਤਿਗੁਰੂ ਕਾ ਸੋ ਆਪਿ ਉਪਾਵਣਹਾਰੈ ਮਾਰਿਆ ॥

ਜੋ ਮਨੁੱਖ ਪੂਰੇ ਸਤਿਗੁਰੂ ਦਾ ਬੁਰਾ ਲੋਚਦਾ ਹੈ, ਉਸ ਨੂੰ ਆਪ ਕਰਤਾਰ ਮਾਰਦਾ ਹੈ।

ਏਹ ਗਲ ਹੋਵੈ ਹਰਿ ਦਰਗਹ ਸਚੇ ਕੀ ਜਨ ਨਾਨਕ ਅਗਮੁ ਵੀਚਾਰਿਆ ॥੨॥

ਸੱਚੇ ਹਰੀ ਦੀ ਦਰਗਾਹ ਵਿਚ ਇਹ ਨਿਆਂ ਹੁੰਦਾ ਹੈ, ਤੇ ਹੇ ਨਾਨਕ! ਅਗੰਮ ਹਰੀ ਦਾ ਸਿਮਰਨ ਕੀਤਿਆਂ (ਇਹ ਸਮਝ ਪੈਂਦੀ ਹੈ) ॥੨॥


ਪਉੜੀ ॥
ਸਚੁ ਸੁਤਿਆ ਜਿਨੀ ਅਰਾਧਿਆ ਜਾ ਉਠੇ ਤਾ ਸਚੁ ਚਵੇ ॥

ਜੋ ਮਨੁੱਖ ਸੁੱਤੇ ਹੋਏ ਭੀ ਸੱਚੇ ਹਰੀ ਨੂੰ ਸਿਮਰਦੇ ਹਨ ਤੇ ਉੱਠ ਕੇ ਭੀ ਉਸੇ ਦਾ ਨਾਮ ਉਚਾਰਦੇ ਹਨ।

ਸੇ ਵਿਰਲੇ ਜੁਗ ਮਹਿ ਜਾਣੀਅਹਿ ਜੋ ਗੁਰਮੁਖਿ ਸਚੁ ਰਵੇ ॥

ਮਨੁੱਖਾ ਜਨਮ ਵਿਚ ਇਹੋ ਜਿਹੇ ਮਨੁੱਖ ਵਿਰਲੇ ਹੀ ਲੱਭਦੇ ਹਨ ਜੋ ਗੁਰੂ ਦੇ ਸਨਮੁਖ ਰਹਿ ਕੇ ਇਸ ਤਰ੍ਹਾਂ ਸੱਚੇ ਨਾਮ ਦਾ ਆਨੰਦ ਲੈਂਦੇ ਹਨ।

ਹਉ ਬਲਿਹਾਰੀ ਤਿਨ ਕਉ ਜਿ ਅਨਦਿਨੁ ਸਚੁ ਲਵੇ ॥

ਮੈਂ ਉਹਨਾਂ ਤੋਂ ਸਦਕੇ ਹਾਂ ਜੋ ਰੋਜ਼ (ਭਾਵ, ਹਰ ਵੇਲੇ) ਸੱਚੇ ਪ੍ਰਭੂ ਦਾ ਨਾਮ ਉਚਾਰਦੇ ਹਨ।

ਜਿਨ ਮਨਿ ਤਨਿ ਸਚਾ ਭਾਵਦਾ ਸੇ ਸਚੀ ਦਰਗਹ ਗਵੇ ॥

ਜਿਨ੍ਹਾਂ ਮਨੁੱਖਾਂ ਨੂੰ ਮਨ ਵਿਚ ਤੇ ਸਰੀਰ ਵਿਚ ਸੱਚਾ ਪ੍ਰਭੂ ਪਿਆਰਾ ਲੱਗਦਾ ਹੈ (ਭਾਵ, ਜਿਨ੍ਹਾਂ ਨੂੰ ਹਰੀ ਦੀ ਯਾਦ ਭੀ ਤੇ ਹਰੀ ਦੀ ਕਾਰ ਭੀ ਪਿਆਰੀ ਲੱਗਦੀ ਹੈ) ਉਹ ਸੱਚੀ ਦਰਗਾਹ ਵਿਚ ਪਹੁੰਚਦੇ ਹਨ।

ਜਨੁ ਨਾਨਕੁ ਬੋਲੈ ਸਚੁ ਨਾਮੁ ਸਚੁ ਸਚਾ ਸਦਾ ਨਵੇ ॥੨੧॥

ਦਾਸ ਨਾਨਕ ਭੀ ਉਸ ਹਰੀ ਦਾ ਨਾਮ ਉਚਾਰਦਾ ਹੈ, ਜੋ ਸਦਾ-ਥਿਰ ਰਹਿਣ ਵਾਲਾ ਹੈ (ਭਾਵ, ਹਰ ਵੇਲੇ ਪਿਆਰਾ ਲੱਗਣ ਵਾਲਾ ਹੈ) ॥੨੧॥


ਸਲੋਕੁ ਮਃ ੪ ॥
ਕਿਆ ਸਵਣਾ ਕਿਆ ਜਾਗਣਾ ਗੁਰਮੁਖਿ ਤੇ ਪਰਵਾਣੁ ॥

ਸੌਣਾ ਕੀਹ ਤੇ ਜਾਗਣਾ ਕੀਹ, ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹਨ ਉਹਨਾਂ ਲਈ ਇਹ ਦੋਵੇਂ ਹਾਲਤਾਂ ਇਕੋ ਜਿਹੀਆਂ ਹਨ-

ਜਿਨਾ ਸਾਸਿ ਗਿਰਾਸਿ ਨ ਵਿਸਰੈ ਸੇ ਪੂਰੇ ਪੁਰਖ ਪਰਧਾਨ ॥

ਕਿ ਉਹਨਾਂ ਨੂੰ ਪ੍ਰਭੂ ਇਕ ਦਮ ਭੀ ਨਹੀਂ ਵਿੱਸਰਦਾ ਤੇ ਉਹ ਮਨੁੱਖ (ਸਰਬ ਗੁਣ) ਸੰਪੂਰਣ ਤੇ ਉੱਤਮ ਹੁੰਦੇ ਹਨ (ਭਾਵ, ਸੁੱਤੇ ਹੋਏ ਭੀ ਨਾਮ ਵਿੱਚ ਜੁੜੇ ਰਹਿੰਦੇ ਹਨ ਤੇ ਜਾਗਦੇ ਭੀ। ਲੋਕਾਂ ਨੂੰ ਉਹ ਸੁੱਤੇ ਜਾਂ ਜਾਗਦੇ ਦਿੱਸਦੇ ਹਨ, ਉਹ ਸਦਾ ਨਾਮ ਵਿਚ ਲੀਨ ਰਹਿੰਦੇ ਹਨ)।

ਕਰਮੀ ਸਤਿਗੁਰੁ ਪਾਈਐ ਅਨਦਿਨੁ ਲਗੈ ਧਿਆਨੁ ॥

(ਪ੍ਰਭੂ ਦੀ) ਮਿਹਰ ਨਾਲ ਸਤਿਗੁਰੂ ਮਿਲਦਾ ਹੈ ਤੇ ਹਰ ਵੇਲੇ (ਸੁੱਤਿਆਂ ਤੇ ਜਾਗਦਿਆਂ ਮਿਹਰ ਨਾਲ ਹੀ) ਜੀਵ ਦਾ ਧਿਆਨ (ਨਾਮ ਵਿਚ ਜੁੜਿਆ ਰਹਿੰਦਾ ਹੈ)।

ਤਿਨ ਕੀ ਸੰਗਤਿ ਮਿਲਿ ਰਹਾ ਦਰਗਹ ਪਾਈ ਮਾਨੁ ॥

(ਚਿੱਤ ਲੋਚਦਾ ਹੈ ਕਿ) ਮੈਂ ਭੀ ਉਹਨਾਂ ਦੀ ਸੰਗਤਿ ਕਰਾਂ ਤੇ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪਾਵਾਂ।

ਸਉਦੇ ਵਾਹੁ ਵਾਹੁ ਉਚਰਹਿ ਉਠਦੇ ਭੀ ਵਾਹੁ ਕਰੇਨਿ ॥

(ਸਤਿਗੁਰੂ ਦੇ ਸਨਮੁਖ ਹੋਏ ਹੋਏ ਉਹ ਵਡਭਾਗੀ ਜੀਉੜੇ) ਸੌਣ ਲੱਗੇ ਭੀ ਸਿਫ਼ਤਿ-ਸਾਲਾਹ ਕਰਦੇ ਹਨ ਤੇ ਉਠਣ ਵੇਲੇ ਭੀ।

ਨਾਨਕ ਤੇ ਮੁਖ ਉਜਲੇ ਜਿ ਨਿਤ ਉਠਿ ਸੰਮਾਲੇਨਿ ॥੧॥

ਹੇ ਨਾਨਕ! ਉਹ ਮੂੰਹ ਉੱਜਲੇ ਹੁੰਦੇ ਹਨ, ਜੋ ਸਦਾ ਸੁਚੇਤ ਰਹਿ ਕੇ ਨਾਮ ਚੇਤੇ ਰੱਖਦੇ ਹਨ ॥੧॥


ਮਃ ੪ ॥
ਸਤਿਗੁਰੁ ਸੇਵੀਐ ਆਪਣਾ ਪਾਈਐ ਨਾਮੁ ਅਪਾਰੁ ॥

ਆਪਣੇ ਸਤਿਗੁਰੂ ਦੀ ਦੱਸੀ ਹੋਈ ਕਾਰ ਕਰੀਏ, ਤਾਂ ਨਾਹ ਮੁੱਕਣ ਵਾਲਾ ਨਾਮ (ਭਾਵ, ਨਾਮ ਦਾ ਖ਼ਜ਼ਾਨਾ) ਮਿਲ ਜਾਂਦਾ ਹੈ।

ਭਉਜਲਿ ਡੁਬਦਿਆ ਕਢਿ ਲਏ ਹਰਿ ਦਾਤਿ ਕਰੇ ਦਾਤਾਰੁ ॥

ਦਾਤਾਂ ਦੇਣ ਵਾਲਾ ਹਰੀ (ਨਾਮ ਦੀ ਇਹ) ਦਾਤਿ ਬਖ਼ਸ਼ਦਾ ਹੈ ਤੇ (ਨਾਮ) ਸੰਸਾਰ-ਸਾਗਰ ਵਿਚ ਡੁਬੱਦੇ ਨੂੰ ਕੱਢ ਲੈਂਦਾ ਹੈ।

ਧੰਨੁ ਧੰਨੁ ਸੇ ਸਾਹ ਹੈ ਜਿ ਨਾਮਿ ਕਰਹਿ ਵਾਪਾਰੁ ॥

ਜੋ ਸ਼ਾਹ ਨਾਮ (ਦੀ ਰਾਸਿ) ਨਾਲ ਵਪਾਰ ਕਰਦੇ ਹਨ ਉਹ ਵਡਭਾਗੀ ਹਨ,

ਵਣਜਾਰੇ ਸਿਖ ਆਵਦੇ ਸਬਦਿ ਲਘਾਵਣਹਾਰੁ ॥

(ਕਿਉਂਕਿ ਇਹੋ ਜਿਹਾ) ਵਣਜ ਕਰਨ ਵਾਲੇ ਜੋ ਸਿੱਖ (ਸਤਿਗੁਰੂ ਦੇ ਕੋਲ) ਆਉਂਦੇ ਹਨ, (ਸਤਿਗੁਰੂ ਉਹਨਾਂ ਨੂੰ ਆਪਣੇ) ਸ਼ਬਦ ਰਾਹੀਂ (ਭਉਜਲ ਤੋਂ) ਪਾਰ ਉਤਾਰ ਦੇਂਦਾ ਹੈ।

ਜਨ ਨਾਨਕ ਜਿਨ ਕਉ ਕ੍ਰਿਪਾ ਭਈ ਤਿਨ ਸੇਵਿਆ ਸਿਰਜਣਹਾਰੁ ॥੨॥

(ਪਰ) ਹੇ ਦਾਸ ਨਾਨਕ! ਸਿਰਜਣਹਾਰ ਪ੍ਰਭੂ ਦੀ ਬੰਦਗੀ ਉਹੀ ਮਨੁੱਖ ਕਰਦੇ ਹਨ, ਜਿਨ੍ਹਾਂ ਤੇ ਪ੍ਰਭੂ ਆਪ ਮਿਹਰ ਕਰਦਾ ਹੈ ॥੨॥


ਪਉੜੀ ॥
ਸਚੁ ਸਚੇ ਕੇ ਜਨ ਭਗਤ ਹਹਿ ਸਚੁ ਸਚਾ ਜਿਨੀ ਅਰਾਧਿਆ ॥

ਜੋ ਮਨੁੱਖ ਸੱਚੇ ਹਰੀ ਦਾ ਸਚ-ਮੁਚ ਭਜਨ ਕਰਦੇ ਹਨ, ਉਹੋ ਹੀ ਸੱਚੇ ਦੇ ਭਗਤ (ਕਹੀਦੇ) ਹਨ।

ਜਿਨ ਗੁਰਮੁਖਿ ਖੋਜਿ ਢੰਢੋਲਿਆ ਤਿਨ ਅੰਦਰਹੁ ਹੀ ਸਚੁ ਲਾਧਿਆ ॥

ਜੋ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਖੋਜ ਕੇ ਢੂੰਢਦੇ ਹਨ (ਭਾਵ, ਜਤਨ ਨਾਲ ਭਾਲਦੇ ਹਨ) ਉਹ ਆਪਣੇ ਹਿਰਦੇ ਵਿਚ ਹੀ ਪ੍ਰਭੂ ਨੂੰ ਲੱਭ ਲੈਂਦੇ ਹਨ।

ਸਚੁ ਸਾਹਿਬੁ ਸਚੁ ਜਿਨੀ ਸੇਵਿਆ ਕਾਲੁ ਕੰਟਕੁ ਮਾਰਿ ਤਿਨੀ ਸਾਧਿਆ ॥

ਜਿਨ੍ਹਾਂ ਮਨੁੱਖਾਂ ਨੇ ਸੱਚਾ ਸਾਈਂ ਸਚ-ਮੁਚ ਸੇਵਿਆ ਹੈ ਉਹਨਾਂ ਨੇ ਦੁਖਦਾਈ ਕਾਲ ਨੂੰ ਮਾਰ ਕੇ ਕਾਬੂ ਕਰ ਲਿਆ ਹੈ, (ਭਾਵ, ਉਹਨਾਂ ਨੂੰ ਕਾਲ ਕੰਡੇ ਵਾਂਗ ਦੁਖਦਾਈ ਨਹੀਂ ਜਾਪਦਾ)।

ਸਚੁ ਸਚਾ ਸਭ ਦੂ ਵਡਾ ਹੈ ਸਚੁ ਸੇਵਨਿ ਸੇ ਸਚਿ ਰਲਾਧਿਆ ॥

ਜੋ ਸੱਚਾ ਹਰੀ ਸਭ ਤੋਂ ਵੱਡਾ ਹੈ, ਉਸ ਦੀ ਬੰਦਗੀ ਜੋ ਮਨੁੱਖ ਕਰਦੇ ਹਨ, ਉਹ ਉਸ ਵਿਚ ਹੀ ਲੀਨ ਹੋ ਜਾਂਦੇ ਹਨ।

ਸਚੁ ਸਚੇ ਨੋ ਸਾਬਾਸਿ ਹੈ ਸਚੁ ਸਚਾ ਸੇਵਿ ਫਲਾਧਿਆ ॥੨੨॥

ਧੰਨ ਹੈ ਸੱਚਾ ਪ੍ਰਭੂ, ਧੰਨ ਹੈ ਸੱਚਾ ਪ੍ਰਭੂ (ਇਸ ਤਰ੍ਹਾਂ) ਜੋ ਮਨੁੱਖ ਸਚ-ਮੁਚ ਸੱਚੇ ਦੀ ਅਰਾਧਨਾ ਕਰਦੇ ਹਨ, ਉਹਨਾਂ ਨੂੰ ਉੱਤਮ ਫਲ ਪ੍ਰਾਪਤ ਹੁੰਦਾ ਹੈ (ਭਾਵ, ਉਹ ਮਨੁੱਖਾ ਜਨਮ ਨੂੰ ਸਫਲਾ ਕਰ ਲੈਂਦੇ ਹਨ) ॥੨੨॥


ਸਲੋਕ ਮਃ ੪ ॥
ਮਨਮੁਖੁ ਪ੍ਰਾਣੀ ਮੁਗਧੁ ਹੈ ਨਾਮਹੀਣ ਭਰਮਾਇ ॥

ਮਨਮੁਖ ਮਨੁੱਖ ਮੂਰਖ ਹੈ, ਨਾਮ ਤੋਂ ਸੱਖਣਾ ਭਟਕਦਾ ਫਿਰਦਾ ਹੈ।

ਬਿਨੁ ਗੁਰ ਮਨੂਆ ਨਾ ਟਿਕੈ ਫਿਰਿ ਫਿਰਿ ਜੂਨੀ ਪਾਇ ॥

ਸਤਿਗੁਰੂ ਤੋਂ ਬਿਨਾ ਉਸ ਦਾ ਹੋਛਾ ਮਨ (ਕਿਸੇ ਆਸਰੇ ਤੇ) ਟਿਕ ਨਹੀਂ ਸਕਦਾ (ਇਸ ਵਾਸਤੇ) ਫਿਰ ਫਿਰ ਜੂਨਾਂ ਵਿਚ ਪੈਂਦਾ ਹੈ।

ਹਰਿ ਪ੍ਰਭੁ ਆਪਿ ਦਇਆਲ ਹੋਹਿ ਤਾਂ ਸਤਿਗੁਰੁ ਮਿਲਿਆ ਆਇ ॥

ਜੇ ਹਰੀ ਪ੍ਰਭੂ ਆਪ ਮਿਹਰ ਕਰੇ ਤਾਂ ਸਤਿਗੁਰੂ ਆ ਕੇ ਮਿਲ ਪੈਂਦਾ ਹੈ (ਤੇ ਨਾਮ ਦੇ ਆਸਰੇ ਟਿਕਾ ਕੇ ਭਟਕਣ ਤੋਂ ਬਚਾ ਲੈਂਦਾ ਹੈ)।

ਜਨ ਨਾਨਕ ਨਾਮੁ ਸਲਾਹਿ ਤੂ ਜਨਮ ਮਰਣ ਦੁਖੁ ਜਾਇ ॥੧॥

(ਇਸ ਵਾਸਤੇ) ਹੇ ਦਾਸ ਨਾਨਕ! ਤੂੰ ਭੀ ਨਾਮ ਦੀ ਸਿਫ਼ਤਿ-ਸਾਲਾਹ ਕਰ (ਤਾ ਕਿ) ਤੇਰਾ ਸਾਰੀ ਉਮਰ ਦਾ ਦੁੱਖ ਮੁੱਕ ਜਾਏ ॥੧॥


ਮਃ ੪ ॥
ਗੁਰੁ ਸਾਲਾਹੀ ਆਪਣਾ ਬਹੁ ਬਿਧਿ ਰੰਗਿ ਸੁਭਾਇ ॥

(ਮਨ ਲੋਚਦਾ ਹੈ ਕਿ) ਕਈ ਤਰ੍ਹਾਂ (ਭਾਵ, ਕਈ ਤਰ੍ਹਾਂ ਦੇ ਵਲਵਲਿਆਂ ਨਾਲ) ਪਿਆਰੇ ਸਤਿਗੁਰੂ ਦੇ ਪਿਆਰ ਵਿਚ ਤੇ ਸੁਭਾਉ ਵਿਚ (ਲੀਨ ਹੋ ਕੇ) ਉਸ ਦੀ ਸਿਫ਼ਤਿ-ਸਾਲਾਹ ਕਰਾਂ।

ਸਤਿਗੁਰ ਸੇਤੀ ਮਨੁ ਰਤਾ ਰਖਿਆ ਬਣਤ ਬਣਾਇ ॥

ਮੇਰਾ ਮਨ ਪਿਆਰੇ ਸਤਿਗੁਰੂ ਨਾਲ ਰੰਗਿਆ ਗਿਆ ਹੈ, (ਗੁਰੂ ਨੇ ਮੇਰੇ ਮਨ ਨੂੰ) ਸਵਾਰ ਬਣਾ ਦਿੱਤਾ ਹੈ।

ਜਿਹਵਾ ਸਾਲਾਹਿ ਨ ਰਜਈ ਹਰਿ ਪ੍ਰੀਤਮ ਚਿਤੁ ਲਾਇ ॥

ਮੇਰੀ ਜੀਭ ਸਿਫ਼ਤਿ-ਸਾਲਾਹ ਕਰ ਕੇ ਨਹੀਂ ਰੱਜਦੀ ਤੇ ਮਨ ਪ੍ਰੀਤਮ ਪ੍ਰਭੂ ਨਾਲ (ਨਿਹੁਂ) ਲਾ ਕੇ ਨਹੀਂ ਰੱਜਦਾ।

ਨਾਨਕ ਨਾਵੈ ਕੀ ਮਨਿ ਭੁਖ ਹੈ ਮਨੁ ਤ੍ਰਿਪਤੈ ਹਰਿ ਰਸੁ ਖਾਇ ॥੨॥

(ਰੱਜੇ ਭੀ ਕਿਵੇਂ?) ਹੇ ਨਾਨਕ! ਮਨ ਵਿਚ ਤਾਂ ਨਾਮ ਦੀ ਭੁੱਖ ਹੈ, ਮਨ ਤਾਂ ਹੀ ਰੱਜੇ ਜੇ ਪ੍ਰਭੂ ਦੇ ਨਾਮ ਦਾ ਸੁਆਦ ਚੱਖ ਲਏ ॥੨॥


ਪਉੜੀ ॥
ਸਚੁ ਸਚਾ ਕੁਦਰਤਿ ਜਾਣੀਐ ਦਿਨੁ ਰਾਤੀ ਜਿਨਿ ਬਣਾਈਆ ॥

ਜਿਸ ਪ੍ਰਭੂ ਨੇ ਦਿਨ ਤੇ ਰਾਤ (ਵਰਗੇ ਕੌਤਕ) ਬਣਾਏ ਹਨ, ਉਹ ਸੱਚਾ ਪ੍ਰਭੂ (ਇਸ) ਕੁਦਰਤਿ ਤੋਂ ਹੀ ਸਚ-ਮੁਚ (ਵੱਡੀਆਂ ਵਡਿਆਈਆਂ ਵਾਲਾ) ਮਲੂਮ ਹੁੰਦਾ ਹੈ।

ਸੋ ਸਚੁ ਸਲਾਹੀ ਸਦਾ ਸਦਾ ਸਚੁ ਸਚੇ ਕੀਆ ਵਡਿਆਈਆ ॥

(ਮੇਰਾ ਮਨ ਚਾਹੁੰਦਾ ਹੈ ਕਿ) ਮੈਂ ਸਦਾ ਉਸ ਸੱਚੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਾਂ ਤੇ ਵਡਿਆਈ ਆਖਾਂ।

ਸਾਲਾਹੀ ਸਚੁ ਸਲਾਹ ਸਚੁ ਸਚੁ ਕੀਮਤਿ ਕਿਨੈ ਨ ਪਾਈਆ ॥

ਸਲਾਹੁਣ-ਜੋਗ ਹਰੀ ਸੱਚਾ ਹੈ, ਉਸ ਦੀ ਵਡਿਆਈ ਭੀ ਥਿਰ ਰਹਿਣ ਵਾਲੀ ਹੈ, ਪਰ ਕਿਸੇ ਉਸ ਦੀ ਕੀਮਤ ਨਹੀਂ ਪਾਈ।

ਜਾ ਮਿਲਿਆ ਪੂਰਾ ਸਤਿਗੁਰੂ ਤਾ ਹਾਜਰੁ ਨਦਰੀ ਆਈਆ ॥

ਜਦੋਂ ਪੂਰਨ ਸਤਿਗੁਰੂ ਮਿਲਦਾ ਹੈ ਤਾਂ ਉਹ ਵਡਿਆਈਆਂ ਪ੍ਰਤੱਖ ਦਿੱਸ ਪੈਂਦੀਆਂ ਹਨ।

ਸਚੁ ਗੁਰਮੁਖਿ ਜਿਨੀ ਸਲਾਹਿਆ ਤਿਨਾ ਭੁਖਾ ਸਭਿ ਗਵਾਈਆ ॥੨੩॥

ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੋ ਕੇ (ਭਾਵ, ਆਪਾ ਗਵਾ ਕੇ) ਸੱਚੇ ਪ੍ਰਭੂ ਦੀ ਵਡਿਆਈ ਕਰਦੇ ਹਨ, ਉਹਨਾਂ ਦੀਆਂ ਸਾਰੀਆਂ ਭੁੱਖਾਂ ਦੂਰ ਹੋ ਜਾਂਦੀਆਂ ਹਨ ॥੨੩॥


ਸਲੋਕ ਮਃ ੪ ॥
ਮੈ ਮਨੁ ਤਨੁ ਖੋਜਿ ਖੋਜੇਦਿਆ ਸੋ ਪ੍ਰਭੁ ਲਧਾ ਲੋੜਿ ॥

ਮਨ ਤੇ ਸਰੀਰ ਨੂੰ ਖੋਜਦਿਆਂ ਖੋਜਦਿਆਂ ਮੈਂ (ਅੰਤ ਨੂੰ) ਭਾਲ ਕੇ ਪ੍ਰਭੂ ਲੱਭ ਹੀ ਲਿਆ (ਪਰ ਮੈਂ ਆਪਣੇ ਬਲ ਦੇ ਆਸਰੇ ਲੱਭ ਨਹੀ ਸਾਂ ਸਕਦਾ)।

ਵਿਸਟੁ ਗੁਰੂ ਮੈ ਪਾਇਆ ਜਿਨਿ ਹਰਿ ਪ੍ਰਭੁ ਦਿਤਾ ਜੋੜਿ ॥੧॥

ਮੈਨੂੰ ਸਤਿਗੁਰੂ ਵਕੀਲ ਮਿਲ ਪਿਆ, ਜਿਸ ਨੇ ਹਰੀ ਪ੍ਰਭੂ ਮੇਲ ਦਿੱਤਾ ॥੧॥


ਮਃ ੩ ॥
ਮਾਇਆਧਾਰੀ ਅਤਿ ਅੰਨਾ ਬੋਲਾ ॥

ਜਿਸ ਮਨੁੱਖ ਨੇ (ਹਿਰਦੇ ਵਿਚ) ਮਾਇਆ (ਦਾ ਪਿਆਰ) ਧਾਰਨ ਕੀਤਾ ਹੋਇਆ ਹੈ ਉਹ (ਸਤਿਗੁਰੂ ਵਲੋਂ) ਅੰਨ੍ਹਾ ਤੇ ਬੋਲਾ ਹੈ (ਭਾਵ, ਨਾ ਸਤਿਗੁਰੂ ਦਾ ਦਰਸ਼ਨ ਕਰ ਕੇ ਪਤੀਜ ਸਕਦਾ ਹੈ, ਤੇ ਨਾ ਹੀ ਉਪਦੇਸ਼ ਸੁਣ ਕੇ)।

ਸਬਦੁ ਨ ਸੁਣਈ ਬਹੁ ਰੋਲ ਘਚੋਲਾ ॥

ਉਹ ਮਨੁੱਖ ਸਤਿਗੁਰੂ ਦੇ ਸ਼ਬਦ ਵਲ ਧਿਆਨ ਨਹੀਂ ਦੇਂਦਾ, (ਪਰ) (ਮਾਇਆ ਦਾ) ਖਪਾਉਣ ਵਾਲਾ (ਭਾਵ, ਸਿਰ-ਦਰਦੀ ਕਰਾਉਣ ਵਾਲਾ) ਰੌਲਾ ਬਹੁਤ (ਪਸੰਦ ਕਰਦਾ ਹੈ)।

ਗੁਰਮੁਖਿ ਜਾਪੈ ਸਬਦਿ ਲਿਵ ਲਾਇ ॥

ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੁੰਦਾ ਹੈ, (ਉਹ ਇਉਂ) ਦਿੱਸ ਪੈਂਦਾ ਹੈ (ਕਿ) ਉਹ ਗੁਰੂ ਦੇ ਸ਼ਬਦ ਵਿਚ ਬਿਰਤੀ ਜੋੜਦਾ ਹੈ।

ਹਰਿ ਨਾਮੁ ਸੁਣਿ ਮੰਨੇ ਹਰਿ ਨਾਮਿ ਸਮਾਇ ॥

ਹਰੀ ਦੇ ਨਾਮ ਨੂੰ ਸੁਣ ਕੇ ਉਸ ਤੇ ਸਿਦਕ ਲਿਆਉਂਦਾ ਹੈ ਤੇ ਹਰੀ ਦੇ ਨਾਮ ਵਿਚ (ਹੀ) ਲੀਨ ਹੋ ਜਾਂਦਾ ਹੈ।

ਜੋ ਤਿਸੁ ਭਾਵੈ ਸੁ ਕਰੇ ਕਰਾਇਆ ॥

(ਪਰ ਮਾਇਆਧਾਰੀ ਜਾਂ ਗੁਰਮੁਖਿ ਦੇ ਕੀਹ ਹੱਥ?) ਜੋ ਕੁੱਝ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ (ਉਸ ਦੇ ਅਨੁਸਾਰ) ਇਹ ਜੀਵ ਕਰਵਾਇਆ ਕੰਮ ਕਰਦਾ ਹੈ।

ਨਾਨਕ ਵਜਦਾ ਜੰਤੁ ਵਜਾਇਆ ॥੨॥

ਹੇ ਨਾਨਕ! ਜੀਵ (ਵਾਜੇ ਵਾਂਗ) ਵਜਾਇਆ ਵੱਜਦਾ ਹੈ (ਭਾਵ, ਬੁਲਾਇਆਂ ਬੋਲਦਾ ਹੈ) ॥੨॥


ਪਉੜੀ ॥
ਤੂ ਕਰਤਾ ਸਭੁ ਕਿਛੁ ਜਾਣਦਾ ਜੋ ਜੀਆ ਅੰਦਰਿ ਵਰਤੈ ॥

ਹੇ ਸਿਰਜਣਹਾਰ! ਜੋ ਕੁਝ ਜੀਵਾਂ ਦੇ ਮਨਾਂ ਵਿਚ ਵਰਤਦਾ ਹੈ (ਭਾਵ, ਜੋ ਫੁਰਨੇ ਫੁਰਦੇ ਹਨ), ਤੂੰ ਉਹ ਸਾਰਾ ਜਾਣਦਾ ਹੈਂ।

ਤੂ ਕਰਤਾ ਆਪਿ ਅਗਣਤੁ ਹੈ ਸਭੁ ਜਗੁ ਵਿਚਿ ਗਣਤੈ ॥

ਸਾਰਾ ਸੰਸਾਰ ਹੀ ਇਸ ਗਣਤ (ਲਾਹੇ ਤੋਟੇ ਦੀ ਵਿਚਾਰ, ਚਿੰਤਾ ਦੇ ਫੁਰਨੇ) ਵਿਚ ਹੈ, ਹੇ ਸਿਰਜਣਹਾਰ! ਇਕ ਤੂੰ ਇਸ ਤੋਂ ਪਰੇ ਹੈਂ,

ਸਭੁ ਕੀਤਾ ਤੇਰਾ ਵਰਤਦਾ ਸਭ ਤੇਰੀ ਬਣਤੈ ॥

(ਕਿਉਂਕਿ) ਜੋ ਕੁਝ ਹੋ ਰਿਹਾ ਹੈ ਸਭ ਤੇਰਾ ਕੀਤਾ ਹੋ ਰਿਹਾ ਹੈ, ਸਾਰੀ (ਸ੍ਰਿਸ਼ਟੀ ਦੀ) ਬਨਾਵਟ ਹੀ ਤੇਰੀ ਬਣਾਈ ਹੋਈ ਹੈ।

ਤੂ ਘਟਿ ਘਟਿ ਇਕੁ ਵਰਤਦਾ ਸਚੁ ਸਾਹਿਬ ਚਲਤੈ ॥

ਹੇ ਹਰੀ! ਤੂੰ ਹਰੇਕ ਘਟ ਵਿਚ ਵਿਆਪਕ ਹੈਂ, ਤੇਰੇ ਕੌਤਕ (ਅਸਚਰਜ) ਹਨ। (ਸਭ ਥਾਈਂ ਵਿਆਪਕ ਹੁੰਦੇ ਹੋਏ ਹਰੀ ਨੂੰ ਭੀ ਆਪਣੇ ਆਪ ਕੋਈ ਨਹੀਂ ਲੱਭ ਸਕਿਆ।)

ਸਤਿਗੁਰ ਨੋ ਮਿਲੇ ਸੁ ਹਰਿ ਮਿਲੇ ਨਾਹੀ ਕਿਸੈ ਪਰਤੈ ॥੨੪॥

ਜੋ ਮਨੁੱਖ ਸਤਿਗੁਰੂ ਨੂੰ ਮਿਲਿਆ ਹੈ, ਉਸੇ ਨੇ ਹੀ ਹਰੀ ਨੂੰ ਲੱਭਾ ਹੈ, (ਮਾਇਆ) ਦੇ ਕਿਸੇ (ਅਡੰਬਰ) ਨੇ ਉਹਨਾਂ ਨੂੰ ਹਰੀ ਵਲੋਂ ਪਰਤਾਇਆ ਨਹੀਂ ॥੨੪॥


ਸਲੋਕੁ ਮਃ ੪ ॥
ਇਹੁ ਮਨੂਆ ਦ੍ਰਿੜੁ ਕਰਿ ਰਖੀਐ ਗੁਰਮੁਖਿ ਲਾਈਐ ਚਿਤੁ ॥

(ਜੇ) ਸਤਿਗੁਰੂ ਦੇ ਸਨਮੁਖ ਹੋ ਕੇ ਮਨ (ਪ੍ਰਭੂ ਦੀ ਯਾਦ ਵਿਚ) ਜੋੜੀਏ (ਤੇ) ਇਸ ਮਨ ਨੂੰ ਪੱਕਾ ਕਰ ਕੇ ਰੱਖੀਏ (ਜਿਵੇਂ ਇਹ ਮਾਇਆ ਵਲ ਨਾ ਦੌੜੇ।)

ਕਿਉ ਸਾਸਿ ਗਿਰਾਸਿ ਵਿਸਾਰੀਐ ਬਹਦਿਆ ਉਠਦਿਆ ਨਿਤ ॥

(ਤੇ ਜੇ) ਬਹਿੰਦਿਆਂ ਉਠਦਿਆਂ (ਭਾਵ, ਕਾਰ ਕਿਰਤ ਕਰਦਿਆਂ) ਕਦੇ ਇਕ ਦਮ ਭੀ (ਨਾਮ) ਨਾ ਵਿਸਾਰੀਏ,

ਮਰਣ ਜੀਵਣ ਕੀ ਚਿੰਤਾ ਗਈ ਇਹੁ ਜੀਅੜਾ ਹਰਿ ਪ੍ਰਭ ਵਸਿ ॥

(ਤਾਂ) ਇਹ ਜੀਵ ਹਰੀ ਦੇ ਵੱਸ ਵਿਚ (ਆ ਜਾਂਦਾ ਹੈ। ਭਾਵ, ਆਪਣਾ ਆਪਾ ਉਸ ਦੇ ਹਵਾਲੇ ਕਰ ਦੇਂਦਾ ਹੈ, ਤੇ) ਇਸ ਦੀ ਜੰਮਣ ਮਰਨ ਦੀ ਸਾਰੀ ਚਿੰਤਾ ਮਿਟ ਜਾਂਦੀ ਹੈ।

ਜਿਉ ਭਾਵੈ ਤਿਉ ਰਖੁ ਤੂ ਜਨ ਨਾਨਕ ਨਾਮੁ ਬਖਸਿ ॥੧॥

(ਹੇ ਹਰੀ!) ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ (ਮੈਨੂੰ) ਦਾਸ ਨਾਨਕ ਨੂੰ ਨਾਮ ਦੀ ਦਾਤਿ ਬਖ਼ਸ਼ (ਕਿਉਂਕਿ ਨਾਮ ਹੀ ਹੈ ਜੋ ਮਨ ਦੀ ਚਿੰਤਾ ਝੋਰੇ ਨੂੰ ਮਿਟਾ ਸਕਦਾ ਹੈ) ॥੧॥


ਮਃ ੩ ॥
ਮਨਮੁਖੁ ਅਹੰਕਾਰੀ ਮਹਲੁ ਨ ਜਾਣੈ ਖਿਨੁ ਆਗੈ ਖਿਨੁ ਪੀਛੈ ॥

ਅਹੰਕਾਰ ਵਿਚ ਮੱਤਾ ਹੋਇਆ ਮਨਮੁਖ (ਸਤਿਗੁਰੂ ਦੇ) ਨਿਵਾਸ-ਅਸਥਾਨ (ਭਾਵ, ਸਤਸੰਗ) ਨੂੰ ਨਹੀਂ ਪਛਾਣਦਾ ਹਰ ਵੇਲੇ ਜਕੋ-ਤੱਕਿਆਂ ਵਿਚ ਰਹਿੰਦਾ ਹੈ (ਭਾਵ, ਘੜੀ ਤੋਲਾ ਘੜੀ ਮਾਸਾ)।

ਸਦਾ ਬੁਲਾਈਐ ਮਹਲਿ ਨ ਆਵੈ ਕਿਉ ਕਰਿ ਦਰਗਹ ਸੀਝੈ ॥

ਸਦਾ ਸੱਦਦੇ ਰਹੀਏ ਤਾਂ ਭੀ ਉਹ ਸਤਸੰਗ ਵਿਚ ਨਹੀਂ ਆਉਂਦਾ (ਇਸ ਵਾਸਤੇ) ਉਹ ਹਰੀ ਦੀ ਦਰਗਾਹ ਵਿਚ ਭੀ ਕਿਵੇਂ ਸੁਰਖ਼ਰੂ ਹੋਵੇ? (ਭਾਵ, ਨਹੀਂ ਹੋ ਸਕਦਾ)!

ਸਤਿਗੁਰ ਕਾ ਮਹਲੁ ਵਿਰਲਾ ਜਾਣੈ ਸਦਾ ਰਹੈ ਕਰ ਜੋੜਿ ॥

ਸਤਿਗੁਰੂ ਦੇ ਟਿਕਾਣੇ ਦੀ (ਭਾਵ, ਸਤਸੰਗ ਦੀ) ਕਿਸੇ ਉਸ ਵਿਰਲੇ ਨੂੰ ਸਾਰ ਆਉਂਦੀ ਹੈ ਜੋ ਸਦਾ ਹੱਥ ਜੋੜੀ ਰੱਖੇ (ਭਾਵ, ਮਨ ਨੀਵਾਂ ਰੱਖ ਕੇ ਯਾਦ ਵਿਚ ਜੁੜਿਆ ਰਹੇ)।

ਆਪਣੀ ਕ੍ਰਿਪਾ ਕਰੇ ਹਰਿ ਮੇਰਾ ਨਾਨਕ ਲਏ ਬਹੋੜਿ ॥੨॥

ਹੇ ਨਾਨਕ! ਜਿਸ ਤੇ ਪਿਆਰਾ ਪ੍ਰਭੂ ਆਪਣੀ ਮਿਹਰ ਕਰੇ, ਉਸ ਨੂੰ (ਮਨਮੁਖਤਾ ਵਲੋਂ) ਮੋੜ ਲੈਂਦਾ ਹੈ ॥੨॥


ਪਉੜੀ ॥
ਸਾ ਸੇਵਾ ਕੀਤੀ ਸਫਲ ਹੈ ਜਿਤੁ ਸਤਿਗੁਰ ਕਾ ਮਨੁ ਮੰਨੇ ॥

ਜਿਸ ਸੇਵਾ ਨਾਲ ਸਤਿਗੁਰੂ ਦਾ ਮਨ (ਸਿੱਖ ਤੇ) ਪਤੀਜ ਜਾਏ, ਉਹੋ ਸੇਵਾ ਕੀਤੀ ਹੋਈ ਲਾਹੇਵੰਦੀ ਹੈ,

ਜਾ ਸਤਿਗੁਰ ਕਾ ਮਨੁ ਮੰਨਿਆ ਤਾ ਪਾਪ ਕਸੰਮਲ ਭੰਨੇ ॥

(ਕਿਉਂਕਿ ਜਦੋਂ) ਸਤਿਗੁਰੂ ਦਾ ਮਨ ਪਤੀਜੇ, ਤਦੋਂ ਹੀ ਵਿਕਾਰ ਪਾਪ ਭੀ ਦੂਰ ਹੋ ਜਾਂਦੇ ਹਨ।

ਉਪਦੇਸੁ ਜਿ ਦਿਤਾ ਸਤਿਗੁਰੂ ਸੋ ਸੁਣਿਆ ਸਿਖੀ ਕੰਨੇ ॥

(ਪਤੀਜ ਕੇ) ਸਤਿਗੁਰੂ ਜੋ ਉਪਦੇਸ਼ ਸਿੱਖਾਂ ਨੂੰ ਦੇਂਦਾ ਹੈ ਉਹ ਗਹੁ ਨਾਲ ਉਸ ਨੂੰ ਸੁਣਦੇ ਹਨ।

ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿਨ ਚੜੀ ਚਵਗਣਿ ਵੰਨੇ ॥

(ਫੇਰ) ਜੋ ਸਿੱਖ ਸਤਿਗੁਰੂ ਦੇ ਭਾਣੇ ਤੇ ਸਿਦਕ ਲਿਆਉਂਦੇ ਹਨ, ਉਹਨਾਂ ਨੂੰ (ਅੱਗੇ ਨਾਲੋਂ) ਚੌਣੀ ਰੰਗਣ ਚੜ੍ਹ ਜਾਂਦੀ ਹੈ।

ਇਹ ਚਾਲ ਨਿਰਾਲੀ ਗੁਰਮੁਖੀ ਗੁਰ ਦੀਖਿਆ ਸੁਣਿ ਮਨੁ ਭਿੰਨੇ ॥੨੫॥

‘ਸਤਿਗੁਰੂ ਦੀ ਹੀ ਸਿੱਖਿਆ ਸੁਣ ਕੇ ਮਨ (ਹਰੀ ਦੇ ਪਿਆਰ ਵਿਚ) ਭਿੱਜਦਾ ਹੈ’-ਸਤਿਗੁਰੂ ਦੇ ਸਨਮੁਖ ਰਹਿਣ ਵਾਲਾ ਇਹ ਰਸਤਾ (ਸੰਸਾਰ ਦੇ ਹੋਰ ਮਤਾਂ ਨਾਲੋਂ) ਨਿਰਾਲਾ ਹੈ ॥੨੫॥


ਸਲੋਕੁ ਮਃ ੩ ॥
ਜਿਨਿ ਗੁਰੁ ਗੋਪਿਆ ਆਪਣਾ ਤਿਸੁ ਠਉਰ ਨ ਠਾਉ ॥

ਜਿਸ ਮਨੁੱਖ ਨੇ ਆਪਣੇ ਸਤਿਗੁਰੂ ਦੀ ਨਿੰਦਾ ਕੀਤੀ ਹੈ, ਉਸ ਨੂੰ ਨਾ ਥਾਂ ਨਾਹ ਖਿੱਤਾ।

ਹਲਤੁ ਪਲਤੁ ਦੋਵੈ ਗਏ ਦਰਗਹ ਨਾਹੀ ਥਾਉ ॥

ਉਸ ਦਾ ਇਹ ਲੋਕ ਤੇ ਪਰਲੋਕ ਦੋਵੇਂ ਗਵਾਚ ਜਾਂਦੇ ਹਨ, ਹਰੀ ਦੀ ਦਰਗਾਹ ਵਿਚ (ਭੀ) ਥਾਂ ਨਹੀਂ ਸੂ ਮਿਲਦੀ।

ਓਹ ਵੇਲਾ ਹਥਿ ਨ ਆਵਈ ਫਿਰਿ ਸਤਿਗੁਰ ਲਗਹਿ ਪਾਇ ॥

(ਅਜਿਹੇ ਬੰਦਿਆਂ ਨੂੰ) ਫੇਰ ਉਹ ਮੌਕਾ ਨਹੀਂ ਮਿਲਦਾ ਕਿ ਸਤਿਗੁਰੂ ਦੀ ਚਰਨੀਂ ਲੱਗ ਸਕਣ,

ਸਤਿਗੁਰ ਕੀ ਗਣਤੈ ਘੁਸੀਐ ਦੁਖੇ ਦੁਖਿ ਵਿਹਾਇ ॥

(ਕਿਉਂਕਿ) ਸਤਿਗੁਰੂ ਦੀ ਨਿੰਦਾ ਕਰਨ ਵਿਚ (ਇਕ ਵਾਰੀ ਜੇ) ਖੁੰਝ ਜਾਈਏ ਤਾਂ ਨਿਰੋਲ ਦੁੱਖਾਂ ਵਿਚ ਹੀ ਉਮਰ ਬੀਤਦੀ ਹੈ।

ਸਤਿਗੁਰੁ ਪੁਰਖੁ ਨਿਰਵੈਰੁ ਹੈ ਆਪੇ ਲਏ ਜਿਸੁ ਲਾਇ ॥

(ਪਰ) ਮਰਦ (ਭਾਵ, ਸੂਰਮਾ) ਸਤਿਗੁਰੂ (ਅਜਿਹਾ) ਨਿਰਵੈਰ ਹੈ ਕਿ ਉਸ (ਨਿੰਦਕ) ਨੂੰ ਭੀ ਆਪੇ (ਭਾਵ, ਆਪਣੇ ਆਪ ਮਿਹਰ ਕਰ ਕੇ ਚਰਨੀਂ) ਲਾ ਲੈਂਦਾ ਹੈ,

ਨਾਨਕ ਦਰਸਨੁ ਜਿਨਾ ਵੇਖਾਲਿਓਨੁ ਤਿਨਾ ਦਰਗਹ ਲਏ ਛਡਾਇ ॥੧॥

ਤੇ ਹੇ ਨਾਨਕ! ਜਿਨ੍ਹਾਂ ਨੂੰ ਹਰੀ, ਗੁਰੂ ਦਾ ਦਰਸ਼ਨ ਕਰਾਉਂਦਾ ਹੈ, ਉਹਨਾਂ ਨੂੰ ਦਰਗਾਹ ਵਿਚ ਛੁਡਾ ਲੈਂਦਾ ਹੈ ॥੧॥


ਮਃ ੩ ॥
ਮਨਮੁਖੁ ਅਗਿਆਨੁ ਦੁਰਮਤਿ ਅਹੰਕਾਰੀ ॥

ਮਨਮੁਖ ਵਿਚਾਰ-ਹੀਣ, ਖੋਟੀ ਬੁਧਿ ਵਾਲਾ ਤੇ ਅਹੰਕਾਰੀ ਹੁੰਦਾ ਹੈ,

ਅੰਤਰਿ ਕ੍ਰੋਧੁ ਜੂਐ ਮਤਿ ਹਾਰੀ ॥

ਉਸ ਦੇ ਮਨ ਵਿਚ ਕ੍ਰੋਧ ਹੈ ਤੇ ਉਹ (ਵਿਸ਼ਿਆਂ ਦੇ) ਜੂਏ ਵਿਚ ਅਕਲ ਗਵਾ ਲੈਂਦਾ ਹੈ।

ਕੂੜੁ ਕੁਸਤੁ ਓਹੁ ਪਾਪ ਕਮਾਵੈ ॥

ਉਹ (ਸਦਾ) ਝੂਠ, ਫ਼ਰੇਬ ਤੇ ਪਾਪ ਦੇ ਕੰਮ ਕਰਦਾ ਹੈ।

ਕਿਆ ਓਹੁ ਸੁਣੈ ਕਿਆ ਆਖਿ ਸੁਣਾਵੈ ॥

(ਇਸ ਵਾਸਤੇ) ਉਹ ਸੁਣੇ ਕੀਹ ਤੇ (ਕਿਸੇ ਨੂੰ) ਆਖ ਕੇ ਸੁਣਾਵੇ ਕੀਹ? (ਭਾਵ, ਕੂੜ-ਕੁਸੱਤ ਦੇ ਕੰਮ ਕਰਨ ਨਾਲ ਉਸ ਦਾ ਮਨ ਤਾਂ ਪਾਪੀ ਹੋਇਆ ਪਿਆ ਹੈ, ਨਾਹ ਉਹ ਪ੍ਰਭੂ ਦੀ ਬੰਦਗੀ ਦੀ ਗੱਲ ਸੁਣਦਾ ਹੈ ਤੇ ਨਾ ਕਿਸੇ ਨੂੰ ਸੁਣਾਂਦਾ ਹੈ)।

ਅੰਨਾ ਬੋਲਾ ਖੁਇ ਉਝੜਿ ਪਾਇ ॥

(ਸਤਿਗੁਰੂ ਦੇ ਦਰਸ਼ਨ ਵਲੋਂ) ਅੰਨ੍ਹਾ (ਤੇ ਉਪਦੇਸ਼ ਵਲੋਂ) ਬੋਲਾ ਖੁੰਝ ਕੇ-

ਮਨਮੁਖੁ ਅੰਧਾ ਆਵੈ ਜਾਇ ॥

ਅੰਨ੍ਹਾ ਮਨਮੁਖ ਕੁਰਾਹੇ ਪਿਆ ਹੋਇਆ ਹੈ ਤੇ ਨਿੱਤ ਜੰਮਦਾ ਮਰਦਾ ਹੈ।

ਬਿਨੁ ਸਤਿਗੁਰ ਭੇਟੇ ਥਾਇ ਨ ਪਾਇ ॥

ਸਤਿਗੁਰੂ ਨੂੰ ਮਿਲਣ ਤੋਂ ਬਿਨਾ (ਦਰਗਾਹ ਵਿਚ) ਕਬੂਲ ਨਹੀਂ ਪੈਂਦਾ,

ਨਾਨਕ ਪੂਰਬਿ ਲਿਖਿਆ ਕਮਾਇ ॥੨॥

(ਕਿਉਂਕਿ) ਹੇ ਨਾਨਕ! ਮੁਢ ਤੋਂ (ਕੀਤੇ ਮੰਦੇ ਕਰਮਾਂ ਦੇ ਅਨੁਸਾਰ ਜੋ ਸੰਸਕਾਰ ਉਸ ਦੇ ਮਨ ਵਿਚ) ਲਿਖੇ ਗਏ ਹਨ (ਉਹਨਾਂ ਦੇ ਅਨੁਸਾਰ ਹੁਣ ਭੀ ਮੰਦੇ ਕੰਮ ਹੀ) ਕਰੀ ਜਾਂਦਾ ਹੈ ॥੨॥


ਪਉੜੀ ॥
ਜਿਨ ਕੇ ਚਿਤ ਕਠੋਰ ਹਹਿ ਸੇ ਬਹਹਿ ਨ ਸਤਿਗੁਰ ਪਾਸਿ ॥

ਜਿਨ੍ਹਾਂ ਮਨੁੱਖਾਂ ਦੇ ਮਨ ਕਰੜੇ (ਭਾਵ, ਨਿਰਦਈ) ਹੁੰਦੇ ਹਨ, ਉਹ ਸਤਿਗੁਰੂ ਦੇ ਕੋਲ ਨਹੀਂ ਬਹਿ ਸਕਦੇ।

ਓਥੈ ਸਚੁ ਵਰਤਦਾ ਕੂੜਿਆਰਾ ਚਿਤ ਉਦਾਸਿ ॥

ਓਥੇ (ਸਤਿਗੁਰੂ ਦੀ ਸੰਗਤ ਵਿਚ ਤਾਂ) ਸੱਚ ਦੀਆਂ ਗੱਲਾਂ ਹੁੰਦੀਆਂ ਹਨ, ਕੂੜ ਦੇ ਵਪਾਰੀਆਂ ਦੇ ਮਨ ਨੂੰ ਉਦਾਸੀ ਲੱਗੀ ਰਹਿੰਦੀ ਹੈ।

ਓਇ ਵਲੁ ਛਲੁ ਕਰਿ ਝਤਿ ਕਢਦੇ ਫਿਰਿ ਜਾਇ ਬਹਹਿ ਕੂੜਿਆਰਾ ਪਾਸਿ ॥

(ਸਤਿਗੁਰੂ ਦੀ ਸੰਗਤ ਵਿਚ) ਓਹ ਵਲ-ਫ਼ਰੇਬ ਕਰ ਕੇ ਸਮਾਂ ਲੰਘਾਉਂਦੇ ਹਨ, (ਉਥੋਂ ਉਠ ਕੇ) ਫੇਰ ਝੂਠਿਆਂ ਪਾਸ ਹੀ ਜਾ ਬਹਿੰਦੇ ਹਨ।

ਵਿਚਿ ਸਚੇ ਕੂੜੁ ਨ ਗਡਈ ਮਨਿ ਵੇਖਹੁ ਕੋ ਨਿਰਜਾਸਿ ॥

ਕੋਈ ਧਿਰ ਮਨ ਵਿਚ ਨਿਰਨਾ ਕਰ ਕੇ ਵੇਖ ਲਵੋ, ਸੱਚੇ (ਮਨੁੱਖ ਦੇ ਹਿਰਦੇ ਵਿਚ) ਝੂਠ ਨਹੀਂ ਰਲ ਸਕਦਾ (ਭਾਵ, ਆਪਣਾ ਡੂੰਘਾ ਪ੍ਰਭਾਵ ਨਹੀਂ ਪਾ ਸਕਦਾ)।

ਕੂੜਿਆਰ ਕੂੜਿਆਰੀ ਜਾਇ ਰਲੇ ਸਚਿਆਰ ਸਿਖ ਬੈਠੇ ਸਤਿਗੁਰ ਪਾਸਿ ॥੨੬॥

ਝੂਠੇ ਝੂਠਿਆਂ ਵਿਚ ਹੀ ਜਾ ਰਲਦੇ ਹਨ ਤੇ ਸੱਚੇ ਸਿੱਖ ਸਤਿਗੁਰੂ ਕੋਲ ਹੀ ਜਾ ਬੈਠਦੇ ਹਨ ॥੨੬॥


ਸਲੋਕ ਮਃ ੫ ॥
ਰਹਦੇ ਖੁਹਦੇ ਨਿੰਦਕ ਮਾਰਿਅਨੁ ਕਰਿ ਆਪੇ ਆਹਰੁ ॥

(ਜਨਮ ਜਨਮਾਂਤਰਾਂ ਤੋ ਪਾਪ ਕਰ ਕੇ ਨਿੰਦਕ ਮਨੁੱਖ ਬਹੁਤਾ ਕੁਝ ਤਾਂ ਅੱਗੇ ਹੀ ਨਾਮ ਵਲੋਂ ਮਰ ਚੁਕਦੇ ਹਨ) ਬਾਕੀ ਜੋ ਥੋੜੇ ਬਹੁਤ (ਭਲੇ ਸੰਸਕਾਰ ਰਹਿ ਜਾਂਦੇ ਹਨ) ਉਹਨਾਂ ਨੂੰ ਪ੍ਰਭੂ ਨੇ ਆਪ ਉੱਦਮ ਕਰ ਕੇ (ਭਾਵ, ਨਿੰਦਕਾਂ ਨੂੰ ਨਿੰਦਾ ਵਾਲੇ ਪਾਸੇ ਲਾ ਕੇ ਮੁਕਾ ਦਿੱਤਾ)

ਸੰਤ ਸਹਾਈ ਨਾਨਕਾ ਵਰਤੈ ਸਭ ਜਾਹਰੁ ॥੧॥

ਤੇ, ਹੇ ਨਾਨਕ! ਸੰਤ ਜਨਾਂ ਦਾ ਰਾਖਾ ਹਰੀ ਸਭ ਥਾਈਂ ਪਰਗਟ ਖੇਲ ਕਰ ਰਿਹਾ ਹੈ ॥੧॥


ਮਃ ੫ ॥
ਮੁੰਢਹੁ ਭੁਲੇ ਮੁੰਢ ਤੇ ਕਿਥੈ ਪਾਇਨਿ ਹਥੁ ॥

ਜੋ ਮਨੁੱਖ ਪਹਿਲੋਂ ਤੋਂ ਹੀ ਪ੍ਰਭੂ ਵਲੋਂ ਖੁੰਝੇ ਹੋਏ ਹਨ, ਉਹ ਹੋਰ ਕਿਹੜਾ ਆਸਰਾ ਲੈਣ?

ਤਿੰਨੈ ਮਾਰੇ ਨਾਨਕਾ ਜਿ ਕਰਣ ਕਾਰਣ ਸਮਰਥੁ ॥੨॥

(ਕਿਉਂਕਿ) ਹੇ ਨਾਨਕ! ਇਹ ਉਸ ਪ੍ਰਭੂ ਨੇ ਆਪ ਮਾਰੇ ਹੋਏ ਹਨ, ਜੋ ਸਾਰੀ ਸ੍ਰਿਸ਼ਟੀ ਨੂੰ ਰਚਨ ਦੇ ਸਮਰੱਥ ਹੈ ॥੨॥


ਪਉੜੀ ੫ ॥
ਲੈ ਫਾਹੇ ਰਾਤੀ ਤੁਰਹਿ ਪ੍ਰਭੁ ਜਾਣੈ ਪ੍ਰਾਣੀ ॥

ਮਨੁੱਖ ਰਾਤ ਨੂੰ ਫਾਹੇ ਲੈ ਕੇ (ਪਰਾਏ ਘਰਾਂ ਨੂੰ ਲੁੱਟਣ ਲਈ) ਤੁਰਦੇ ਹਨ (ਪਰ) ਪ੍ਰਭੂ ਉਹਨਾਂ ਨੂੰ ਜਾਣਦਾ ਹੈ।

ਤਕਹਿ ਨਾਰਿ ਪਰਾਈਆ ਲੁਕਿ ਅੰਦਰਿ ਠਾਣੀ ॥

ਅੰਦਰਲੇ ਥਾਈਂ ਲੁਕ ਕੇ ਪਰਾਈਆਂ ਇਸਤ੍ਰੀਆਂ ਵਲ ਤੱਕਦੇ ਹਨ,

ਸੰਨੑੀ ਦੇਨਿੑ ਵਿਖੰਮ ਥਾਇ ਮਿਠਾ ਮਦੁ ਮਾਣੀ ॥

ਔਖੇ ਥਾਈਂ ਸੰਨ੍ਹ ਲਾਉਂਦੇ ਹਨ ਤੇ ਸ਼ਰਾਬ ਨੂੰ ਮਿੱਠਾ ਕਰ ਕੇ ਮਾਣਦੇ ਹਨ।

ਕਰਮੀ ਆਪੋ ਆਪਣੀ ਆਪੇ ਪਛੁਤਾਣੀ ॥

(ਅੰਤ ਨੂੰ) ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਆਪ ਹੀ ਪਛਤਾਉਂਦੇ ਹਨ,

ਅਜਰਾਈਲੁ ਫਰੇਸਤਾ ਤਿਲ ਪੀੜੇ ਘਾਣੀ ॥੨੭॥

(ਕਿਉਂਕਿ) ਮੌਤ ਦਾ ਫ਼ਰਿਸ਼ਤਾ ਮਾੜੇ ਕੰਮ ਕਰਨ ਵਾਲਿਆਂ ਨੂੰ ਇਉਂ ਪੀੜਦਾ ਹੈ ਜਿਵੇਂ ਘਾਣੀ ਵਿਚ ਤਿਲ ॥੨੭॥


ਸਲੋਕ ਮਃ ੫ ॥
ਸੇਵਕ ਸਚੇ ਸਾਹ ਕੇ ਸੇਈ ਪਰਵਾਣੁ ॥

ਜੋ ਮਨੁੱਖ ਸੱਚੇ ਸ਼ਾਹ (ਪ੍ਰਭੂ) ਦੇ ਸੇਵਕ ਹਨ ਉਹੋ ਹੀ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਪੈਂਦੇ ਹਨ।

ਦੂਜਾ ਸੇਵਨਿ ਨਾਨਕਾ ਸੇ ਪਚਿ ਪਚਿ ਮੁਏ ਅਜਾਣ ॥੧॥

ਹੇ ਨਾਨਕ! ਜੋ (ਉਸ ਸੱਚੇ ਸ਼ਾਹ ਨੂੰ ਛੱਡ ਕੇ) ਦੂਜੇ ਦੀ ਸੇਵਾ ਕਰਦੇ ਹਨ, ਉਹ ਮੂਰਖ ਖਪ ਖਪ ਕੇ ਮਰਦੇ ਹਨ ॥੧॥


ਮਃ ੫ ॥
ਜੋ ਧੁਰਿ ਲਿਖਿਆ ਲੇਖੁ ਪ੍ਰਭ ਮੇਟਣਾ ਨ ਜਾਇ ॥

ਹੇ ਪ੍ਰਭੂ! ਮੁਢ ਤੋਂ (ਕੀਤੇ ਕੰਮਾਂ ਦੇ ਅਨੁਸਾਰ) ਜੋ (ਸੰਸਕਾਰ-ਰੂਪ) ਲੇਖ (ਹਿਰਦੇ ਵਿਚ) ਉੱਕਰਿਆ ਗਿਆ ਹੈ, ਉਹ ਮਿਟਾਇਆ ਨਹੀਂ ਜਾ ਸਕਦਾ।

ਰਾਮ ਨਾਮੁ ਧਨੁ ਵਖਰੋ ਨਾਨਕ ਸਦਾ ਧਿਆਇ ॥੨॥

(ਪਰ ਹਾਂ) ਹੇ ਨਾਨਕ! ਪ੍ਰਭੂ ਦਾ ਨਾਮ-ਧਨ ਤੇ ਸੌਦਾ (ਇਕੱਠਾ ਕਰੋ), ਨਾਮ ਸਦਾ ਸਿਮਰੋ (ਇਸ ਤਰ੍ਹਾਂ ਪਿਛਲਾ ਲੇਖ ਮਿਟ ਸਕਦਾ ਹੈ) ॥੨॥


ਪਉੜੀ ੫ ॥
ਨਾਰਾਇਣਿ ਲਇਆ ਨਾਠੂੰਗੜਾ ਪੈਰ ਕਿਥੈ ਰਖੈ ॥

ਜਿਸ ਮਨੁੱਖ ਨੂੰ ਰੱਬ ਵਲੋਂ ਹੀ ਠੇਡਾ ਵੱਜੇ, ਉਹ (ਜ਼ਿੰਦਗੀ ਦੇ ਸਹੀ ਰਾਹ ਤੇ) ਟਿਕ ਨਹੀਂ ਸਕਦਾ।

ਕਰਦਾ ਪਾਪ ਅਮਿਤਿਆ ਨਿਤ ਵਿਸੋ ਚਖੈ ॥

ਉਹ ਬੇਅੰਤ ਪਾਪ ਕਰਦਾ ਰਹਿੰਦਾ ਹੈ, ਸਦਾ (ਵਿਕਾਰਾਂ ਦੀ) ਵਿਹੁ ਹੀ ਚੱਖਦਾ ਹੈ (ਭਾਵ, ਉਸ ਨੂੰ ਵਿਕਾਰਾਂ ਦਾ ਚਸਕਾ ਪਿਆ ਰਹਿੰਦਾ ਹੈ)।

ਨਿੰਦਾ ਕਰਦਾ ਪਚਿ ਮੁਆ ਵਿਚਿ ਦੇਹੀ ਭਖੈ ॥

ਦੂਜਿਆਂ ਦੇ ਐਬ ਢੂੰਢ ਢੂੰਢ ਕੇ ਖ਼ੁਆਰ ਹੁੰਦਾ ਹੈ ਤੇ ਆਪਣੇ ਆਪ ਵਿਚ ਸੜਦਾ ਹੈ।

ਸਚੈ ਸਾਹਿਬ ਮਾਰਿਆ ਕਉਣੁ ਤਿਸ ਨੋ ਰਖੈ ॥

ਉਹ (ਸਮਝੋ) ਸੱਚੇ ਪਰਮਾਤਮਾ ਵਲੋਂ ਮਾਰਿਆ ਹੋਇਆ ਹੈ, ਕੋਈ ਉਸ ਦੀ ਸਹਾਇਤਾ ਨਹੀਂ ਕਰ ਸਕਦਾ।

ਨਾਨਕ ਤਿਸੁ ਸਰਣਾਗਤੀ ਜੋ ਪੁਰਖੁ ਅਲਖੈ ॥੨੮॥

ਹੇ ਨਾਨਕ! (ਇਸ ਵਿਹੁ ਤੋਂ ਬਚਣ ਲਈ) ਉਸ ਅਕਾਲ ਪੁਰਖ ਦੀ ਸ਼ਰਨ ਪਉ ਜੋ ਅਲੱਖ ਹੈ ॥੨੮॥


ਸਲੋਕ ਮਃ ੫ ॥
ਨਰਕ ਘੋਰ ਬਹੁ ਦੁਖ ਘਣੇ ਅਕਿਰਤਘਣਾ ਕਾ ਥਾਨੁ ॥

ਅਕਿਰਤਘਣ ਮਨੁੱਖ ਉਸ ਪ੍ਰਭੂ ਵਲੋਂ ਮਾਰੇ ਹੋਏ ਹੁੰਦੇ ਹਨ, ਬਹੁਤ ਭਾਰੇ ਦੁੱਖ-ਰੂਪ ਘੋਰ ਨਰਕ ਉਹਨਾਂ ਦਾ ਟਿਕਾਣਾ ਹੈ।

ਤਿਨਿ ਪ੍ਰਭਿ ਮਾਰੇ ਨਾਨਕਾ ਹੋਇ ਹੋਇ ਮੁਏ ਹਰਾਮੁ ॥੧॥

ਹੇ ਨਾਨਕ! (ਇਹਨਾਂ ਦੁੱਖਾਂ ਵਿਚ) ਪ੍ਰਭੂ ਦੁਆਰਾ ਆਤਮਿਕ ਮੌਤੇ ਮਾਰੇ ਹੋਏ ਉਹ ਖ਼ੁਆਰ ਹੋ ਹੋ ਕੇ ਮਰਦੇ ਹਨ ॥੧॥


ਮਃ ੫ ॥
ਅਵਖਧ ਸਭੇ ਕੀਤਿਅਨੁ ਨਿੰਦਕ ਕਾ ਦਾਰੂ ਨਾਹਿ ॥

ਸਾਰੇ ਰੋਗਾਂ ਦੇ ਦਾਰੂ ਉਸ ਪ੍ਰਭੂ ਨੇ ਬਣਾਏ ਹਨ (ਭਾਵ, ਹੋ ਸਕਦੇ ਹਨ), ਪਰ ਨਿੰਦਕਾਂ (ਦੇ ਨਿੰਦਾ-ਰੋਗ ਦਾ) ਕੋਈ ਇਲਾਜ ਨਹੀਂ।

ਆਪਿ ਭੁਲਾਏ ਨਾਨਕਾ ਪਚਿ ਪਚਿ ਜੋਨੀ ਪਾਹਿ ॥੨॥

ਹੇ ਨਾਨਕ! ਪ੍ਰਭੂ ਨੇ ਆਪ ਉਹ ਭੁਲੇਖੇ ਵਿਚ ਪਾਏ ਹੋਏ ਹਨ (ਇਸ ਆਪਣੇ ਕੀਤੇ ਦੇ ਅਨੁਸਾਰ) ਨਿੰਦਕ ਖਪ ਖਪ ਕੇ ਜੂਨੀਆਂ ਵਿਚ ਪੈਂਦੇ ਹਨ ॥੨॥


ਪਉੜੀ ੫ ॥
ਤੁਸਿ ਦਿਤਾ ਪੂਰੈ ਸਤਿਗੁਰੂ ਹਰਿ ਧਨੁ ਸਚੁ ਅਖੁਟੁ ॥

(ਜਿਨ੍ਹਾਂ ਮਨੁੱਖਾਂ ਨੂੰ) ਪੂਰੇ ਸਤਿਗੁਰੂ ਨੇ ਪ੍ਰਭੂ ਦਾ ਸੱਚਾ ਤੇ ਨਾ ਮੁੱਕਣ ਵਾਲਾ ਧਨ ਪਰਸੰਨ ਹੋ ਕੇ ਦਿੱਤਾ ਹੈ,

ਸਭਿ ਅੰਦੇਸੇ ਮਿਟਿ ਗਏ ਜਮ ਕਾ ਭਉ ਛੁਟੁ ॥

ਉਹਨਾਂ ਦੇ ਸਾਰੇ ਫ਼ਿਕਰ ਮਿਟ ਜਾਂਦੇ ਹਨ ਤੇ ਮੌਤ ਦਾ ਡਰ ਦੂਰ ਹੋ ਜਾਂਦਾ ਹੈ,

ਕਾਮ ਕ੍ਰੋਧ ਬੁਰਿਆਈਆਂ ਸੰਗਿ ਸਾਧੂ ਤੁਟੁ ॥

(ਅਤੇ ਉਹਨਾਂ ਦੇ) ਕਾਮ ਕਰੋਧ ਆਦਿਕ ਪਾਪ ਸੰਤਾਂ ਦੀ ਸੰਗਤ ਵਿਚ ਮੁੱਕ ਜਾਂਦੇ ਹਨ।

ਵਿਣੁ ਸਚੇ ਦੂਜਾ ਸੇਵਦੇ ਹੁਇ ਮਰਸਨਿ ਬੁਟੁ ॥

ਪਰ ਜੋ ਮਨੁੱਖ ਸੱਚੇ ਹਰੀ ਤੋਂ ਬਿਨਾ ਕਿਸੇ ਹੋਰ ਦੀ ਸੇਵਾ ਕਰਦੇ ਹਨ, ਉਹ ਬੋਟ ਹੋ ਕੇ (ਭਾਵ, ਨਿਆਸਰੇ ਹੋ ਕੇ) ਮਰਦੇ ਹਨ।

ਨਾਨਕ ਕਉ ਗੁਰਿ ਬਖਸਿਆ ਨਾਮੈ ਸੰਗਿ ਜੁਟੁ ॥੨੯॥

ਹੇ ਨਾਨਕ! ਜਿਸ ਮਨੁੱਖ ਤੇ ਸਤਿਗੁਰੂ ਦੀ ਰਾਹੀਂ ਪ੍ਰਭੂ ਨੇ ਬਖ਼ਸ਼ਿਸ਼ ਕੀਤੀ ਹੈ ਉਹ ਨਿਰੋਲ ਨਾਮ ਵਿਚ ਜੁਟਿਆ ਹੋਇਆ ਹੈ ॥੨੯॥


ਸਲੋਕ ਮਃ ੪ ॥
ਤਪਾ ਨ ਹੋਵੈ ਅੰਦ੍ਰਹੁ ਲੋਭੀ ਨਿਤ ਮਾਇਆ ਨੋ ਫਿਰੈ ਜਜਮਾਲਿਆ ॥

ਜੋ ਮਨੁੱਖ ਅੰਦਰੋਂ ਲੋਭੀ ਹੋਵੇ ਤੇ ਜੋ ਕੋਹੜੀ ਸਦਾ ਮਾਇਆ ਵਾਸਤੇ ਭਟਕਦਾ ਫਿਰੇ, ਉਹ (ਸੱਚਾ) ਤਪੱਸਵੀ ਨਹੀਂ ਹੋ ਸਕਦਾ।

ਅਗੋ ਦੇ ਸਦਿਆ ਸਤੈ ਦੀ ਭਿਖਿਆ ਲਏ ਨਾਹੀ ਪਿਛੋ ਦੇ ਪਛੁਤਾਇ ਕੈ ਆਣਿ ਤਪੈ ਪੁਤੁ ਵਿਚਿ ਬਹਾਲਿਆ ॥

ਇਹ ਤਪਾ ਪਹਿਲਾਂ (ਆਪਣੇ ਆਪ) ਸੱਦਿਆਂ ਆਦਰ ਦੀ ਭਿੱਛਿਆ ਲੈਂਦਾ ਨਹੀਂ ਸੀ, ਤੇ ਪਿਛੋਂ ਪਛਤਾ ਕੇ ਇਸ ਨੇ ਪੁੱਤਰ ਨੂੰ ਲਿਆ ਕੇ (ਪੰਗਤਿ) ਵਿਚ ਬਿਠਾਲ ਦਿੱਤਾ।

ਪੰਚ ਲੋਗ ਸਭਿ ਹਸਣ ਲਗੇ ਤਪਾ ਲੋਭਿ ਲਹਰਿ ਹੈ ਗਾਲਿਆ ॥

(ਨਗਰ ਦੇ) ਮੁਖੀ ਬੰਦੇ ਸਾਰੇ ਹੱਸਣ ਲੱਗ ਪਏ (ਤੇ ਆਖਣ ਲੱਗੇ ਕਿ) ਇਹ ਤਪਾ ਲੋਭ ਦੀ ਲਹਿਰ ਵਿਚ ਗਲਿਆ ਪਿਆ ਹੈ।

ਜਿਥੈ ਥੋੜਾ ਧਨੁ ਵੇਖੈ ਤਿਥੈ ਤਪਾ ਭਿਟੈ ਨਾਹੀ ਧਨਿ ਬਹੁਤੈ ਡਿਠੈ ਤਪੈ ਧਰਮੁ ਹਾਰਿਆ ॥

ਜਿੱਥੇ ਥੋਹੜਾ ਧਨ ਵੇਖਦਾ ਹੈ, ਓਥੇ ਤਾਂ ਨੇੜੇ ਛੋਂਹਦਾ ਭੀ ਨਹੀਂ, ਤੇ ਬਹੁਤਾ ਧਨ ਵੇਖਿਆਂ (ਵੇਖ ਕੇ) ਤਪੇ ਨੇ ਆਪਣਾ ਧਰਮ ਹਾਰ ਦਿੱਤਾ ਹੈ।

ਭਾਈ ਏਹੁ ਤਪਾ ਨ ਹੋਵੀ ਬਗੁਲਾ ਹੈ ਬਹਿ ਸਾਧ ਜਨਾ ਵੀਚਾਰਿਆ ॥

ਭਲੇ ਮਨੁੱਖਾਂ ਨੇ ਇਕੱਠੇ ਹੋ ਕੇ ਵਿਚਾਰ ਕੀਤੀ ਹੈ (ਤੇ ਫ਼ੈਸਲਾ ਕੀਤਾ ਹੈ) ਕਿ ਹੇ ਭਾਈ! ਇਹ (ਸੱਚਾ) ਤਪਾ ਨਹੀਂ ਹੈ ਬਗੁਲਾ (ਭਾਵ, ਪਖੰਡੀ) ਹੈ।

ਸਤ ਪੁਰਖ ਕੀ ਤਪਾ ਨਿੰਦਾ ਕਰੈ ਸੰਸਾਰੈ ਕੀ ਉਸਤਤੀ ਵਿਚਿ ਹੋਵੈ ਏਤੁ ਦੋਖੈ ਤਪਾ ਦਯਿ ਮਾਰਿਆ ॥

ਭਲੇ ਮਨੁੱਖਾਂ ਦੀ ਇਹ ਤਪਾ ਨਿੰਦਾ ਕਰਦਾ ਹੈ ਤੇ ਸੰਸਾਰ ਦੀ ਉਸਤਤਿ ਵਿਚ ਹੈ (ਭਾਵ, ਸੰਸਾਰੀ ਜੀਵਾਂ ਦੀ ਵਡਿਆਈ ਵਿਚ ਖ਼ੁਸ਼ ਹੁੰਦਾ ਹੈ) ਇਸ ਦੂਸ਼ਣ ਕਰਕੇ ਇਸ ਤਪੇ ਨੂੰ ਖਸਮ ਪ੍ਰਭੂ ਨੇ (ਆਤਮਕ ਜੀਵਨ ਵਲੋਂ) ਮੁਰਦਾ ਕਰ ਦਿੱਤਾ ਹੈ।

ਮਹਾ ਪੁਰਖਾਂ ਕੀ ਨਿੰਦਾ ਕਾ ਵੇਖੁ ਜਿ ਤਪੇ ਨੋ ਫਲੁ ਲਗਾ ਸਭੁ ਗਇਆ ਤਪੇ ਕਾ ਘਾਲਿਆ ॥

ਵੇਖੋ! ਮਹਾਂ ਪੁਰਖਾਂ ਦੀ ਨਿੰਦਿਆ ਕਰਨ ਦਾ ਇਸ ਤਪੇ ਨੂੰ ਇਹ ਫਲ ਮਿਲਿਆ ਹੈ ਕਿ ਇਸ ਦੀ (ਹੁਣ ਤਾਈਂ ਦੀ ਕੀਤੀ ਹੋਈ) ਸਾਰੀ ਘਾਲ ਨਿਸਫਲ ਗਈ ਹੈ।

ਬਾਹਰਿ ਬਹੈ ਪੰਚਾ ਵਿਚਿ ਤਪਾ ਸਦਾਏ ॥ ਅੰਦਰਿ ਬਹੈ ਤਪਾ ਪਾਪ ਕਮਾਏ ॥ ਹਰਿ ਅੰਦਰਲਾ ਪਾਪੁ ਪੰਚਾ ਨੋ ਉਘਾ ਕਰਿ ਵੇਖਾਲਿਆ ॥

ਬਾਹਰ ਨਗਰ ਦੇ ਮੁਖੀ ਬੰਦਿਆਂ ਵਿਚ ਬੈਠ ਕੇ ਆਪਣੇ ਆਪ ਨੂੰ ਤਪਾ ਅਖਵਾਉਂਦਾ ਹੈ, ਅਤੇ ਅੰਦਰ ਬਹਿ ਕੇ ਤਪਾ ਮੰਦੇ ਕਰਮ ਕਰਦਾ ਹੈ। ਪ੍ਰਭੂ ਨੇ ਤਪੇ ਦਾ ਅੰਦਰਲਾ (ਲੁਕਵਾਂ) ਪਾਪ ਪੰਚਾਂ ਨੂੰ ਪਰਗਟ ਕਰ ਕੇ ਵਿਖਾਲ ਦਿੱਤਾ।

ਧਰਮ ਰਾਇ ਜਮਕੰਕਰਾ ਨੋ ਆਖਿ ਛਡਿਆ ਏਸੁ ਤਪੇ ਨੋ ਤਿਥੈ ਖੜਿ ਪਾਇਹੁ ਜਿਥੈ ਮਹਾ ਮਹਾਂ ਹਤਿਆਰਿਆ ॥

ਧਰਮਰਾਜ ਨੇ ਆਪਣੇ ਜਮਦੂਤਾਂ ਨੂੰ ਆਖ ਦਿੱਤਾ ਹੈ ਕਿ ਇਸ ਤਪੇ ਨੂੰ ਲੈ ਜਾ ਕੇ ਉਸ ਥਾਂ ਪਾਇਓ ਜਿਥੇ ਵੱਡੇ ਤੋਂ ਵੱਡੇ ਪਾਪੀ (ਪਾਈਦੇ ਹਨ)।

ਫਿਰਿ ਏਸੁ ਤਪੇ ਦੈ ਮੁਹਿ ਕੋਈ ਲਗਹੁ ਨਾਹੀ ਏਹੁ ਸਤਿਗੁਰਿ ਹੈ ਫਿਟਕਾਰਿਆ ॥

ਫੇਰ (ਓ‍ੁਥੇ ਭੀ) ਇਸ ਤਪੇ ਦੇ ਮੂੰਹ ਕੋਈ ਨਾ ਲੱਗਿਓ, (ਕਿਉਂਕਿ) ਇਹ ਤਪਾ ਸਤਿਗੁਰੂ ਵਲੋਂ ਫਿਟਕਾਰਿਆ ਹੋਇਆ ਹੈ (ਗੁਰੂ ਤੋਂ ਵਿੱਛੁੜਿਆ ਹੋਇਆ ਹੈ)।

ਹਰਿ ਕੈ ਦਰਿ ਵਰਤਿਆ ਸੁ ਨਾਨਕਿ ਆਖਿ ਸੁਣਾਇਆ ॥ ਸੋ ਬੂਝੈ ਜੁ ਦਯਿ ਸਵਾਰਿਆ ॥੧॥

ਹੇ ਨਾਨਕ! ਜੋ ਇਹ ਕੁਝ ਪ੍ਰਭੂ ਦੀ ਦਰਗਾਹ ਵਿਚ ਵਰਤਿਆ ਹੈ ਉਹ ਆਖ ਕੇ ਸੁਣਾ ਦਿੱਤਾ ਹੈ। ਇਸ ਗੱਲ ਨੂੰ ਉਹ ਮਨੁੱਖ ਸਮਝਦਾ ਹੈ ਜਿਸ ਨੂੰ ਖਸਮ ਪ੍ਰਭੂ ਨੇ ਸਵਾਰਿਆ ਹੋਇਆ ਹੈ ॥੧॥


ਮਃ ੪ ॥
ਹਰਿ ਭਗਤਾਂ ਹਰਿ ਆਰਾਧਿਆ ਹਰਿ ਕੀ ਵਡਿਆਈ ॥

ਹਰੀ ਦੇ ਭਗਤ ਹਰੀ ਨੂੰ ਸਿਮਰਦੇ ਹਨ ਤੇ ਹਰੀ ਦੀ ਸਿਫ਼ਤਿ-ਸਾਲਾਹ ਕਰਦੇ ਹਨ,

ਹਰਿ ਕੀਰਤਨੁ ਭਗਤ ਨਿਤ ਗਾਂਵਦੇ ਹਰਿ ਨਾਮੁ ਸੁਖਦਾਈ ॥

ਭਗਤ ਸਦਾ ਹਰੀ ਦਾ ਕੀਰਤਨ ਗਾਂਦੇ ਹਨ ਤੇ ਹਰੀ ਦਾ ਸੁਖਦਾਈ ਨਾਮ (ਜਪਦੇ ਹਨ)।

ਹਰਿ ਭਗਤਾਂ ਨੋ ਨਿਤ ਨਾਵੈ ਦੀ ਵਡਿਆਈ ਬਖਸੀਅਨੁ ਨਿਤ ਚੜੈ ਸਵਾਈ ॥

ਪ੍ਰਭੂ ਨੇ ਭਗਤਾਂ ਨੂੰ ਸਦਾ ਲਈ ਨਾਮ (ਜਪਣ) ਦਾ ਗੁਣ ਬਖ਼ਸ਼ਿਆ ਹੈ ਜੋ ਦਿਨੋਂ ਦਿਨ ਸਵਾਇਆ ਵਧਦਾ ਹੈ।

ਹਰਿ ਭਗਤਾਂ ਨੋ ਥਿਰੁ ਘਰੀ ਬਹਾਲਿਅਨੁ ਅਪਣੀ ਪੈਜ ਰਖਾਈ ॥

ਪ੍ਰਭੂ ਨੇ ਆਪਣੇ ਬਿਰਦ ਦੀ ਲਾਜ ਰੱਖੀ ਹੈ ਤੇ ਆਪਣੇ ਭਗਤਾਂ ਨੂੰ ਹਿਰਦੇ ਵਿਚ ਅਡੋਲ ਕਰ ਦਿੱਤਾ ਹੈ (ਭਾਵ, ਮਾਇਆ ਦੇ ਪਿਛੇ ਨਹੀਂ ਡੋਲਣ ਦੇਂਦਾ)।

ਨਿੰਦਕਾਂ ਪਾਸਹੁ ਹਰਿ ਲੇਖਾ ਮੰਗਸੀ ਬਹੁ ਦੇਇ ਸਜਾਈ ॥

ਨਿੰਦਕਾਂ ਕੋਲੋਂ ਪ੍ਰਭੂ ਲੇਖਾ ਮੰਗਦਾ ਹੈ ਤੇ ਬਹੁਤੀ ਸਜ਼ਾ ਦਿੰਦਾ ਹੈ।

ਜੇਹਾ ਨਿੰਦਕ ਅਪਣੈ ਜੀਇ ਕਮਾਵਦੇ ਤੇਹੋ ਫਲੁ ਪਾਈ ॥

ਨਿੰਦਕ ਜਿਹੋ ਜਿਹਾ ਆਪਣੇ ਮਨ ਵਿਚ ਕਮਾਂਦੇ ਹਨ, ਤਿਹੋ ਜਿਹਾ ਉਹਨਾਂ ਨੂੰ ਫਲ ਮਿਲਦਾ ਹੈ।

ਅੰਦਰਿ ਕਮਾਣਾ ਸਰਪਰ ਉਘੜੈ ਭਾਵੈ ਕੋਈ ਬਹਿ ਧਰਤੀ ਵਿਚਿ ਕਮਾਈ ॥

(ਕਿਉਂਕਿ) ਅੰਦਰ ਬੈਠ ਕੇ ਭੀ ਕੀਤਾ ਹੋਇਆ ਕੰਮ ਜ਼ਰੂਰ ਪਰਗਟ ਹੋ ਜਾਂਦਾ ਹੈ, ਭਾਵੇਂ ਕੋਈ ਧਰਤੀ ਵਿਚ (ਲੁਕ ਕੇ) ਕਰੇ।

ਜਨ ਨਾਨਕੁ ਦੇਖਿ ਵਿਗਸਿਆ ਹਰਿ ਕੀ ਵਡਿਆਈ ॥੨॥

(ਪ੍ਰਭੂ ਦਾ) ਦਾਸ ਨਾਨਕ ਪ੍ਰਭੂ ਦੀ ਵਡਿਆਈ ਵੇਖ ਕੇ ਪ੍ਰਸੰਨ ਹੋ ਰਿਹਾ ਹੈ ॥੨॥


ਪਉੜੀ ਮਃ ੫ ॥
ਭਗਤ ਜਨਾਂ ਕਾ ਰਾਖਾ ਹਰਿ ਆਪਿ ਹੈ ਕਿਆ ਪਾਪੀ ਕਰੀਐ ॥

ਪ੍ਰਭੂ (ਆਪਣੇ) ਭਗਤਾਂ ਦਾ ਆਪ ਰਾਖਾ ਹੈ, ਪਾਪ ਚਿਤਵਨ ਵਾਲਾ (ਉਹਨਾਂ ਦਾ) ਕੀਹ ਵਿਗਾੜ ਸਕਦਾ ਹੈ? (ਭਾਵ, ਕੁਝ ਵਿਗਾੜ ਨਹੀਂ ਸਕਦਾ)।

ਗੁਮਾਨੁ ਕਰਹਿ ਮੂੜ ਗੁਮਾਨੀਆ ਵਿਸੁ ਖਾਧੀ ਮਰੀਐ ॥

ਮੂਰਖ ਅਹੰਕਾਰੀ ਮਨੁੱਖ ਅਹੰਕਾਰ ਕਰਦੇ ਹਨ ਤੇ (ਅਹੰਕਾਰ ਰੂਪੀ) ਜ਼ਹਿਰ ਖਾਧਿਆਂ ਮਰਦੇ ਹਨ।

ਆਇ ਲਗੇ ਨੀ ਦਿਹ ਥੋੜੜੇ ਜਿਉ ਪਕਾ ਖੇਤੁ ਲੁਣੀਐ ॥

(ਕਿਉਂਕਿ ਜਿਸ ਜ਼ਿੰਦਗੀ ਤੇ ਮਾਣ ਕਰਦੇ ਹਨ ਉਸ ਦੇ ਗਿਣਤੀ ਦੇ) ਥੋਹੜੇ ਦਿਨ ਆਖ਼ਰ ਮੁੱਕ ਜਾਂਦੇ ਹਨ, ਜਿਵੇਂ ਪੱਕਾ ਫ਼ਸਲ ਕੱਟੀਦਾ ਹੈ,

ਜੇਹੇ ਕਰਮ ਕਮਾਵਦੇ ਤੇਵੇਹੋ ਭਣੀਐ ॥

ਅਤੇ ਉਹ ਜਿਹੋ ਜਿਹੇ (ਅਹੰਕਾਰ ਦੇ) ਕੰਮ ਕਰਦੇ ਹਨ, (ਦਰਗਾਹ ਵਿਚ ਭੀ) ਉਹੋ ਜਿਹੇ ਅਖਵਾਉਂਦੇ ਹਨ (ਭਾਵ, ਉਹੋ ਜਿਹਾ ਫਲ ਪਾਉਂਦੇ ਹਨ)।

ਜਨ ਨਾਨਕ ਕਾ ਖਸਮੁ ਵਡਾ ਹੈ ਸਭਨਾ ਦਾ ਧਣੀਐ ॥੩੦॥

(ਪਰ) ਜੋ ਪ੍ਰਭੂ ਸਭ ਦਾ ਮਾਲਕ ਹੈ, ਤੇ ਵੱਡਾ ਹੈ ਉਹ (ਆਪਣੇ) ਦਾਸ ਨਾਨਕ ਦਾ ਰਾਖਾ ਹੈ ॥੩੦॥


ਸਲੋਕ ਮਃ ੪ ॥
ਮਨਮੁਖ ਮੂਲਹੁ ਭੁਲਿਆ ਵਿਚਿ ਲਬੁ ਲੋਭੁ ਅਹੰਕਾਰੁ ॥

ਸਤਿਗੁਰੂ ਤੋਂ ਭੁੱਲੇ ਹੋਏ ਮਨੁੱਖ ਮੂਲ ਤੋਂ ਭੁੱਲੇ ਹੋਏ ਹਨ, ਕਿਉਂਕਿ ਉਹਨਾਂ ਦੇ ਅੰਦਰ ਲੱਬ, ਲੋਭ ਤੇ ਅਹੰਕਾਰ ਹੈ,

ਝਗੜਾ ਕਰਦਿਆ ਅਨਦਿਨੁ ਗੁਦਰੈ ਸਬਦਿ ਨ ਕਰਹਿ ਵੀਚਾਰੁ ॥

ਉਹਨਾਂ ਦਾ ਹਰੇਕ ਦਿਹਾੜਾ (ਭਾਵ, ਸਾਰੀ ਉਮਰ) ਲੱਬ ਲੋਭ ਅਹੰਕਾਰ (ਸੰਬੰਧੀ) ਝਗੜਾ ਕਰਦਿਆਂ ਗੁਜ਼ਰਦਾ ਹੈ, ਉਹ ਸਤਿਗੁਰੂ ਦੇ ਸ਼ਬਦ ਵਿਚ ਵਿਚਾਰ ਨਹੀਂ ਕਰਦੇ।

ਸੁਧਿ ਮਤਿ ਕਰਤੈ ਸਭ ਹਿਰਿ ਲਈ ਬੋਲਨਿ ਸਭੁ ਵਿਕਾਰੁ ॥

ਕਰਤਾਰ ਨੇ ਉਹਨਾਂ (ਮਨਮੁਖਾਂ) ਦੀ ਹੋਸ਼ ਤੇ ਅਕਲ ਖੋਹ ਲਈ ਹੈ, ਨਿਰਾ ਵਿਕਾਰ ਹੀ ਬੋਲਦੇ ਹਨ (ਭਾਵ, ਨਿਰੇ ਵਿਕਾਰਾਂ ਦੇ ਬਚਨ ਹੀ ਕਰਦੇ ਹਨ);

ਦਿਤੈ ਕਿਤੈ ਨ ਸੰਤੋਖੀਅਹਿ ਅੰਤਰਿ ਤਿਸਨਾ ਬਹੁ ਅਗਿਆਨੁ ਅੰਧੵਾਰੁ ॥

ਉਹ ਕਿਸੇ ਭੀ ਦਾਤ (ਦੇ ਮਿਲਣ) ਤੇ ਰੱਜਦੇ ਨਹੀਂ, ਕਿਉਂਕਿ ਉਹਨਾਂ ਦੇ ਮਨ ਵਿਚ ਬੜੀ ਤ੍ਰਿਸ਼ਨਾ ਅਗਿਆਨ ਤੇ ਹਨੇਰਾ ਹੈ।

ਨਾਨਕ ਮਨਮੁਖਾ ਨਾਲੋ ਤੁਟੀ ਭਲੀ ਜਿਨ ਮਾਇਆ ਮੋਹ ਪਿਆਰੁ ॥੧॥

ਹੇ ਨਾਨਕ! (ਇਹੋ ਜਿਹੇ) ਮਨਮੁਖਾਂ ਨਾਲੋਂ ਸੰਬੰਧ ਟੁੱਟਾ ਹੋਇਆ ਹੀ ਚੰਗਾ ਹੈ, ਕਿਉਂਕਿ ਉਹਨਾਂ ਦਾ ਮੋਹ ਪਿਆਰ ਤਾਂ ਮਾਇਆ ਨਾਲ ਹੈ ॥੧॥


ਮਃ ੪ ॥
ਜਿਨਾ ਅੰਦਰਿ ਦੂਜਾ ਭਾਉ ਹੈ ਤਿਨੑਾ ਗੁਰਮੁਖਿ ਪ੍ਰੀਤਿ ਨ ਹੋਇ ॥

ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਮਾਇਆ ਦਾ ਪਿਆਰ ਹੈ, ਉਹਨਾਂ (ਦੇ ਹਿਰਦੇ ਵਿਚ) ਸਤਿਗੁਰੂ ਦੇ ਸਨਮੁਖ ਰਹਿਣ ਵਾਲਾ ਨਿਹੁਂ ਨਹੀਂ ਹੁੰਦਾ।

ਓਹੁ ਆਵੈ ਜਾਇ ਭਵਾਈਐ ਸੁਪਨੈ ਸੁਖੁ ਨ ਕੋਇ ॥

ਉਸ ਨੂੰ ਸੁਪਨੇ ਵਿਚ ਭੀ ਸੁਖ ਨਹੀਂ ਮਿਲਦਾ ਤੇ ਉਹ ਜੰਮਣ ਮਰਨ ਵਿਚ ਭਉਂਦਾ ਫਿਰਦਾ ਹੈ।

ਕੂੜੁ ਕਮਾਵੈ ਕੂੜੁ ਉਚਰੈ ਕੂੜਿ ਲਗਿਆ ਕੂੜੁ ਹੋਇ ॥

ਉਹ ਮਨੁੱਖ (ਮਾਇਆ ਮੋਹ-ਰੂਪ) ਕੂੜਾ ਕੰਮ ਕਰਦਾ ਹੈ, ਤੇ (ਜ਼ਬਾਨ ਤੋਂ ਭੀ) ਕੂੜ ਬੋਲਦਾ ਹੈ ਤੇ ਕੂੜ ਵਿਚ ਲੱਗ ਕੇ ਕੂੜ (ਦਾ ਰੂਪ ਹੀ) ਹੋ ਜਾਂਦਾ ਹੈ।

ਮਾਇਆ ਮੋਹੁ ਸਭੁ ਦੁਖੁ ਹੈ ਦੁਖਿ ਬਿਨਸੈ ਦੁਖੁ ਰੋਇ ॥

(ਕਿਉਂਕਿ) ਮਾਇਆ ਦਾ ਮੋਹ (-ਰੂਪ ਕੂੜ) ਨਿਰੋਲ ਦੁੱਖ (ਦਾ ਕਾਰਨ) ਹੈ (ਇਸ ਲਈ ਉਹ) ਦੁੱਖ ਵਿਚ ਹੀ ਮੁੱਕ ਜਾਂਦਾ ਹੈ ਤੇ ਦੁੱਖ (ਦਾ ਰੋਣਾ ਹੀ) ਰੋਂਦਾ ਰਹਿੰਦਾ ਹੈ।

ਨਾਨਕ ਧਾਤੁ ਲਿਵੈ ਜੋੜੁ ਨ ਆਵਈ ਜੇ ਲੋਚੈ ਸਭੁ ਕੋਇ ॥

ਭਾਵੇਂ ਹਰੇਕ ਮਨੁੱਖ ਪਿਆ ਤਾਂਘ ਕਰੇ (ਪਰ) ਹੇ ਨਾਨਕ! ਮਾਇਆ ਤੇ ਲਿਵ ਦਾ ਮੇਲ ਫਬ ਨਹੀਂ ਸਕਦਾ।

ਜਿਨ ਕਉ ਪੋਤੈ ਪੁੰਨੁ ਪਇਆ ਤਿਨਾ ਗੁਰਸਬਦੀ ਸੁਖੁ ਹੋਇ ॥੨॥

(ਪਿਛਲੇ ਕੀਤੇ ਹੋਏ ਭਲੇ ਕਰਮਾਂ ਅਨੁਸਾਰ) ਜਿਨ੍ਹਾਂ ਦੇ (ਮਨ-ਰੂਪ) ਪੱਲੇ ਵਿਚ (ਭਲੇ ਸੰਸਕਾਰਾਂ ਦਾ ਇਕੱਠ-ਰੂਪ) ਪੁੰਨ (ਉੱਕਰਿਆ) ਹੋਇਆ ਹੈ, ਉਹਨਾਂ ਨੂੰ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਸੁਖ ਮਿਲਦਾ ਹੈ ॥੨॥


ਪਉੜੀ ਮਃ ੫ ॥
ਨਾਨਕ ਵੀਚਾਰਹਿ ਸੰਤ ਮੁਨਿ ਜਨਾਂ ਚਾਰਿ ਵੇਦ ਕਹੰਦੇ ॥

ਹੇ ਨਾਨਕ! ਸੰਤ ਤੇ ਮੁਨੀ ਜਨ (ਆਪਣੀ) ਵਿਚਾਰ ਦੱਸਦੇ ਹਨ ਤੇ ਚਾਰੇ ਵੇਦ (ਭਾਵ, ਪੁਰਾਤਨ ਧਰਮ-ਪੁਸਤਕ) ਭੀ (ਇਹੀ ਗੱਲ) ਆਖਦੇ ਹਨ,

ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ ॥

(ਕਿ) ਭਗਤ ਜਨ ਜੋ ਬਚਨ ਮੂੰਹੋਂ ਬੋਲਦੇ ਹਨ ਉਹ (ਸਹੀ) ਹੁੰਦੇ ਹਨ।

ਪਰਗਟ ਪਾਹਾਰੈ ਜਾਪਦੇ ਸਭਿ ਲੋਕ ਸੁਣੰਦੇ ॥

(ਭਗਤ) ਸਾਰੇ ਸੰਸਾਰ ਵਿਚ ਪ੍ਰਤੱਖ ਪਰਸਿੱਧ ਹੁੰਦੇ ਹਨ ਤੇ (ਉਹਨਾਂ ਦੀ ਸੋਭਾ) ਸਾਰੇ ਲੋਕ ਸੁਣਦੇ ਹਨ।

ਸੁਖੁ ਨ ਪਾਇਨਿ ਮੁਗਧ ਨਰ ਸੰਤ ਨਾਲਿ ਖਹੰਦੇ ॥

ਜੋ ਮੂਰਖ ਮਨੁੱਖ (ਅਜੇਹੇ) ਸੰਤਾਂ ਨਾਲ ਵੈਰ ਕਰਦੇ ਹਨ, ਉਹ ਸੁਖ ਨਹੀਂ ਪਾਂਦੇ।

ਓਇ ਲੋਚਨਿ ਓਨਾ ਗੁਣਾ ਨੋ ਓਇ ਅਹੰਕਾਰਿ ਸੜੰਦੇ ॥

(ਉਹ ਦੋਖੀ) ਸੜਦੇ ਤਾਂ ਅਹੰਕਾਰ ਵਿਚ ਹਨ, (ਪਰ) ਭਗਤ ਜਨਾਂ ਦੇ ਗੁਣਾਂ ਨੂੰ ਤਰਸਦੇ ਹਨ।

ਓਇ ਵੇਚਾਰੇ ਕਿਆ ਕਰਹਿ ਜਾਂ ਭਾਗ ਧੁਰਿ ਮੰਦੇ ॥

ਇਹਨਾਂ ਦੋਖੀ ਮਨੁੱਖਾਂ ਦੇ ਵੱਸ ਭੀ ਕੀਹ ਹੈ? ਕਿਉਂਕਿ ਮੁੱਢ ਤੋਂ (ਮੰਦੇ ਕੰਮ ਕਰਨ ਕਰਕੇ) ਮੰਦੇ (ਸੰਸਕਾਰ ਹੀ) ਉਹਨਾਂ ਦਾ ਹਿੱਸਾ ਹੈ।

ਜੋ ਮਾਰੇ ਤਿਨਿ ਪਾਰਬ੍ਰਹਮਿ ਸੇ ਕਿਸੈ ਨ ਸੰਦੇ ॥

ਜੋ ਮਨੁੱਖ ਰੱਬ ਵਲੋਂ ਮੋਏ ਹੋਏ ਹਨ, ਉਹ ਕਿਸੇ ਦੇ (ਸੱਕੇ) ਨਹੀਂ।

ਵੈਰੁ ਕਰਨਿ ਨਿਰਵੈਰ ਨਾਲਿ ਧਰਮਿ ਨਿਆਇ ਪਚੰਦੇ ॥

ਨਿਰਵੈਰਾਂ ਨਾਲ (ਭੀ) ਵੈਰ ਕਰਦੇ ਹਨ, ਤੇ (ਪਰਮਾਤਮਾ ਦੇ) ਧਰਮ ਨਿਆਂ ਅਨੁਸਾਰ ਦੁਖੀ ਹੁੰਦੇ ਹਨ।

ਜੋ ਜੋ ਸੰਤਿ ਸਰਾਪਿਆ ਸੇ ਫਿਰਹਿ ਭਵੰਦੇ ॥

ਜੋ ਮਨੁੱਖ ਸੰਤਾਂ ਵਲੋਂ ਫਿਟਕਾਰੇ ਹੋਏ ਹਨ, ਉਹ (ਜਨਮ ਮਰਨ ਵਿਚ) ਭਟਕਦੇ ਫਿਰਦੇ ਹਨ।

ਪੇਡੁ ਮੁੰਢਾਹੂ ਕਟਿਆ ਤਿਸੁ ਡਾਲ ਸੁਕੰਦੇ ॥੩੧॥

(ਇਹ ਸਪਸ਼ਟ ਗੱਲ ਹੈ ਕਿ) ਜੋ ਰੁੱਖ ਮੁੱਢੋਂ ਕੱਟਿਆ ਜਾਏ, ਉਸ ਦੇ ਟਾਹਣ ਭੀ ਸੁੱਕ ਜਾਂਦੇ ਹਨ ॥੩੧॥


ਸਲੋਕ ਮਃ ੫ ॥
ਗੁਰ ਨਾਨਕ ਹਰਿ ਨਾਮੁ ਦ੍ਰਿੜਾਇਆ ਭੰਨਣ ਘੜਣ ਸਮਰਥੁ ॥

ਹੇ ਨਾਨਕ! ਜੋ ਹਰੀ ਸਰੀਰਾਂ ਨੂੰ ਸਹਿਜੇ ਹੀ ਢਾਹ ਤੇ ਬਣਾ ਸਕਦਾ ਹੈ, ਸਤਿਗੁਰੂ ਨੇ ਉਸ ਹਰੀ ਦਾ ਨਾਮ (ਸਾਡੇ ਹਿਰਦੇ ਵਿਚ) ਪਰੋ ਦਿੱਤਾ ਹੈ (ਤੇ ਸਾਡਾ ਸਭ ਦੁੱਖ ਦੂਰ ਹੋ ਗਿਆ ਹੈ)।

ਪ੍ਰਭੁ ਸਦਾ ਸਮਾਲਹਿ ਮਿਤ੍ਰ ਤੂ ਦੁਖੁ ਸਬਾਇਆ ਲਥੁ ॥੧॥

ਹੇ ਮਿੱਤਰ! ਜੇ ਤੂੰ (ਭੀ) ਪ੍ਰਭੂ ਨੂੰ ਸਦਾ ਯਾਦ ਕਰੇਂ, ਤਾਂ (ਤੇਰਾ ਭੀ) ਸਭ ਦੁੱਖ ਲਹਿ ਜਾਏ ॥੧॥


ਮਃ ੫ ॥
ਖੁਧਿਆਵੰਤੁ ਨ ਜਾਣਈ ਲਾਜ ਕੁਲਾਜ ਕੁਬੋਲੁ ॥

(ਜਿਵੇਂ) ਭੁੱਖਾ ਮਨੁੱਖ ਆਦਰ (ਦੇ ਬਚਨ) ਜਾਂ ਨਿਰਾਦਰੀ ਦੇ ਮੰਦੇ ਬਚਨ ਨੂੰ ਨਹੀਂ ਜਾਣਦਾ (ਭਾਵ, ਪਰਵਾਹ ਨਹੀਂ ਕਰਦਾ ਤੇ ਰੋਟੀ ਵਾਸਤੇ ਸਵਾਲ ਕਰ ਦੇਂਦਾ ਹੈ, ਤਿਵੇਂ)

ਨਾਨਕੁ ਮਾਂਗੈ ਨਾਮੁ ਹਰਿ ਕਰਿ ਕਿਰਪਾ ਸੰਜੋਗੁ ॥੨॥

ਹੇ ਹਰੀ! ਨਾਨਕ (ਭੀ) ਤੇਰਾ ਨਾਮ ਮੰਗਦਾ ਹੈ, ਮਿਹਰ ਕਰ ਤੇ ਮਿਲਾਪ ਬਖ਼ਸ਼ ॥੨॥


ਪਉੜੀ ॥
ਜੇਵੇਹੇ ਕਰਮ ਕਮਾਵਦਾ ਤੇਵੇਹੇ ਫਲਤੇ ॥

(ਅਕਿਰਤ-ਘਣ) ਮਨੁੱਖ ਜਿਹੋ ਜਿਹੇ ਕਰਮ ਕਰਦਾ ਹੈ, ਉਹ ਕਰਮ ਉਹੋ ਜਿਹਾ ਫਲ ਦੇਂਦਾ ਹੈ;

ਚਬੇ ਤਤਾ ਲੋਹ ਸਾਰੁ ਵਿਚਿ ਸੰਘੈ ਪਲਤੇ ॥

ਜੇ ਕੋਈ ਤੱਤਾ ਤੇ ਕਰੜਾ ਲੋਹਾ ਚੱਬੇ ਤਾਂ ਉਹ ਸੰਘ ਵਿਚ ਹੀ ਚੁੱਭ ਜਾਂਦਾ ਹੈ।

ਘਤਿ ਗਲਾਵਾਂ ਚਾਲਿਆ ਤਿਨਿ ਦੂਤਿ ਅਮਲ ਤੇ ॥

ਉਹ ਜਮਦੂਤ (ਉਹਨਾਂ ਖੋਟੇ) ਕਰਮਾਂ ਦੇ ਕਾਰਨ ਗਲ ਵਿਚ ਰੱਸਾ ਪਾ ਕੇ (ਭਾਵ, ਨਿਰਾਦਰੀ ਦਾ ਵਰਤਾਉ ਕਰ ਕੇ) ਅੱਗੇ ਲਾ ਲੈਂਦਾ ਹੈ।

ਕਾਈ ਆਸ ਨ ਪੁੰਨੀਆ ਨਿਤ ਪਰ ਮਲੁ ਹਿਰਤੇ ॥

ਸਦਾ ਪਰਾਈ ਮੈਲ ਚੁਰਾਉਂਦੇ ਦੀ (ਭਾਵ, ਨਿੰਦਾ ਕਰ ਕੇ ਸਦਾ ਪਰਾਏ ਪਾਪ ਸਿਰ ਤੇ ਲੈਂਦੇ ਦੀ) ਕੋਈ ਆਸ ਭੀ ਪੂਰੀ ਨਹੀਂ ਹੁੰਦੀ (ਲੋਕ ਤੇ ਪਰਲੋਕ ਦੋਵੇਂ ਜ਼ਾਇਆ ਜਾਂਦੇ ਹਨ)।

ਕੀਆ ਨ ਜਾਣੈ ਅਕਿਰਤਘਣ ਵਿਚਿ ਜੋਨੀ ਫਿਰਤੇ ॥

ਜੂਨਾਂ ਵਿਚ ਭਟਕਦਾ ਭਟਕਦਾ ਉਹ ਅਕਿਰਤਘਣ ਪ੍ਰਭੂ ਦਾ ਉਪਕਾਰ ਨਹੀਂ ਸਮਝਦਾ (ਕਿ ਉਸ ਨੇ ਮਿਹਰ ਕਰ ਕੇ ਮਨੁੱਖਾ ਜਨਮ ਬਖ਼ਸ਼ਿਆ ਹੈ),

ਸਭੇ ਧਿਰਾਂ ਨਿਖੁਟੀਅਸੁ ਹਿਰਿ ਲਈਅਸੁ ਧਰ ਤੇ ॥

(ਨਿੰਦਾ ਆਦਿਕ ਦੇ ਸਾਰੇ ਦਾਉ-ਪੇਚਾਂ ਦੇ) ਉਸ ਦੇ ਸਾਰੇ ਤਾਣ ਜਦੋਂ ਮੁੱਕ ਜਾਂਦੇ ਹਨ, ਤਾਂ (ਫਲ ਭੋਗਣ ਲਈ) ਪ੍ਰਭੂ ਉਸ ਨੂੰ ਧਰਤੀ ਤੋਂ ਚੁੱਕ ਲੈਂਦਾ ਹੈ।

ਵਿਝਣ ਕਲਹ ਨ ਦੇਵਦਾ ਤਾਂ ਲਇਆ ਕਰਤੇ ॥

ਜਦੋਂ (ਚਾਰੇ ਬੰਨੇ) ਝਗੜੇ ਨੂੰ (ਅਕਿਰਤਘਣ) ਮੁੱਕਣ ਨਹੀਂ ਦੇਂਦਾ (ਭਾਵ, ਅੱਤ ਕਰ ਦੇਂਦਾ ਹੈ) ਤਾਂ ਕਰਤਾਰ (ਉਸ ਨੂੰ) ਉਠਾ ਲੈਂਦਾ ਹੈ।

ਜੋ ਜੋ ਕਰਤੇ ਅਹੰਮੇਉ ਝੜਿ ਧਰਤੀ ਪੜਤੇ ॥੩੨॥

(ਮੁੱਕਦੀ ਗੱਲ ਇਹ ਕਿ) ਜੋ ਜੋ ਮਨੁੱਖ ਅਹੰਕਾਰ ਕਰਦੇ ਹਨ ਉਹ ਢਹਿ ਕੇ ਭੋਇਂ ਤੇ ਡਿੱਗਦੇ ਹਨ ॥੩੨॥


ਸਲੋਕ ਮਃ ੩ ॥
ਗੁਰਮੁਖਿ ਗਿਆਨੁ ਬਿਬੇਕ ਬੁਧਿ ਹੋਇ ॥

ਜੋ ਮਨੁੱਖ ਸਤਿਗੁਰੂ ਦੇ ਸਨਮੁਖ ਰਹਿੰਦਾ ਹੈ, ਉਸ ਵਿਚ ਗਿਆਨ ਤੇ ਵਿਚਾਰ ਵਾਲੀ ਅਕਲਿ ਹੁੰਦੀ ਹੈ।

ਹਰਿ ਗੁਣ ਗਾਵੈ ਹਿਰਦੈ ਹਾਰੁ ਪਰੋਇ ॥

ਉਹ ਹਰੀ ਦੇ ਗੁਣ ਗਾਉਂਦਾ ਹੈ ਤੇ ਹਿਰਦੇ ਵਿਚ (ਗੁਣਾਂ ਦਾ) ਹਾਰ ਪ੍ਰੋ ਲੈਂਦਾ ਹੈ।

ਪਵਿਤੁ ਪਾਵਨੁ ਪਰਮ ਬੀਚਾਰੀ ॥

(ਆਚਰਨ ਦਾ) ਬੜਾ ਸੁੱਧ ਤੇ ਉੱਚੀ ਮਤਿ ਵਾਲਾ ਹੁੰਦਾ ਹੈ।

ਜਿ ਓਸੁ ਮਿਲੈ ਤਿਸੁ ਪਾਰਿ ਉਤਾਰੀ ॥

ਜੋ ਮਨੁੱਖ ਉਸ ਦੀ ਸੰਗਤਿ ਕਰਦਾ ਹੈ ਉਸ ਨੂੰ ਭੀ ਉਹ (ਸੰਸਾਰ-ਸਾਗਰ ਤੋਂ) ਪਾਰ ਉਤਾਰ ਲੈਂਦਾ ਹੈ।

ਅੰਤਰਿ ਹਰਿ ਨਾਮੁ ਬਾਸਨਾ ਸਮਾਣੀ ॥

ਉਸ ਮਨੁੱਖ ਦੇ ਹਿਰਦੇ ਵਿਚ ਹਰੀ ਦੇ ਨਾਮ (ਰੂਪੀ) ਸੁਗੰਧੀ ਸਮਾਈ ਹੋਈ ਹੁੰਦੀ ਹੈ,

ਹਰਿ ਦਰਿ ਸੋਭਾ ਮਹਾ ਉਤਮ ਬਾਣੀ ॥

(ਜਿਸ ਕਰਕੇ) ਉਸ ਦੀ ਬੜੀ ਉੱਤਮ ਬੋਲੀ ਤੇ ਹਰੀ ਦੀ ਦਰਗਾਹ ਵਿਚ ਸੋਭਾ ਹੁੰਦੀ ਹੈ।

ਜਿ ਪੁਰਖੁ ਸੁਣੈ ਸੁ ਹੋਇ ਨਿਹਾਲੁ ॥

ਜੋ ਮਨੁੱਖ (ਉਸ ਬੋਲੀ ਨੂੰ) ਸੁਣਦਾ ਹੈ, ਉਹ ਪਰਸੰਨ ਹੁੰਦਾ ਹੈ।

ਨਾਨਕ ਸਤਿਗੁਰ ਮਿਲਿਐ ਪਾਇਆ ਨਾਮੁ ਧਨੁ ਮਾਲੁ ॥੧॥

ਹੇ ਨਾਨਕ! ਸਤਿਗੁਰੂ ਨੂੰ ਮਿਲ ਕੇ ਉਸ ਨੇ ਇਹ ਨਾਮ (ਰੂਪ) ਖ਼ਜ਼ਾਨਾ ਪ੍ਰਾਪਤ ਕੀਤਾ ਹੋਇਆ ਹੁੰਦਾ ਹੈ ॥੧॥


ਮਃ ੪ ॥
ਸਤਿਗੁਰ ਕੇ ਜੀਅ ਕੀ ਸਾਰ ਨ ਜਾਪੈ ਕਿ ਪੂਰੈ ਸਤਿਗੁਰ ਭਾਵੈ ॥

ਸਤਿਗੁਰੂ ਦੇ ਹਿਰਦੇ ਦਾ ਭੇਤ ਮਨੁੱਖ ਦੀ ਸਮਝ ਵਿਚ ਨਹੀਂ ਪੈ ਸਕਦਾ ਕਿ ਸਤਿਗੁਰੂ ਨੂੰ ਕੀਹ ਚੰਗਾ ਲੱਗਦਾ ਹੈ (ਸੋ ਇਸ ਤਰ੍ਹਾਂ ਸਤਿਗੁਰੂ ਦੀ ਪ੍ਰਸੰਨਤਾ ਹਾਸਲ ਕਰਨੀ ਕਠਨ ਹੈ);

ਗੁਰਸਿਖਾਂ ਅੰਦਰਿ ਸਤਿਗੁਰੂ ਵਰਤੈ ਜੋ ਸਿਖਾਂ ਨੋ ਲੋਚੈ ਸੋ ਗੁਰ ਖੁਸੀ ਆਵੈ ॥

(ਪਰ ਹਾਂ) ਸਤਿਗੁਰੂ ਸੱਚੇ ਸਿੱਖਾਂ ਦੇ ਹਿਰਦੇ ਵਿਚ ਵਿਆਪਕ ਹੈ, ਜੋ ਮਨੁੱਖ ਉਹਨਾਂ ਦੀ (ਸੇਵਾ ਦੀ) ਤਾਂਘ ਕਰਦਾ ਹੈ ਉਹ ਸਤਿਗੁਰੂ ਪ੍ਰਸੰਨਤਾ ਦੇ (ਹਲਕੇ) ਵਿਚ ਆ ਜਾਂਦਾ ਹੈ,

ਸਤਿਗੁਰੁ ਆਖੈ ਸੁ ਕਾਰ ਕਮਾਵਨਿ ਸੁ ਜਪੁ ਕਮਾਵਹਿ ਗੁਰਸਿਖਾਂ ਕੀ ਘਾਲ ਸਚਾ ਥਾਇ ਪਾਵੈ ॥

(ਕਿਉਂਕਿ) ਜੋ ਆਗਿਆ ਸਤਿਗੁਰੂ ਦੇਂਦਾ ਹੈ ਉਹੋ ਕੰਮ ਗੁਰਸਿੱਖ ਕਰਦੇ ਹਨ, ਉਹੋ ਭਜਨ ਕਰਦੇ ਹਨ, ਸੱਚਾ ਪ੍ਰਭੂ ਸਿੱਖਾਂ ਦੀ ਮਿਹਨਤ ਕਬੂਲ ਕਰਦਾ ਹੈ।

ਵਿਣੁ ਸਤਿਗੁਰ ਕੇ ਹੁਕਮੈ ਜਿ ਗੁਰਸਿਖਾਂ ਪਾਸਹੁ ਕੰਮੁ ਕਰਾਇਆ ਲੋੜੇ ਤਿਸੁ ਗੁਰਸਿਖੁ ਫਿਰਿ ਨੇੜਿ ਨ ਆਵੈ ॥

ਜੋ ਮਨੁੱਖ ਸਤਿਗੁਰੂ ਦੇ ਆਸ਼ੇ ਦੇ ਵਿਰੁੱਧ ਗੁਰਸਿੱਖਾਂ ਪਾਸੋਂ ਕੰਮ ਕਰਾਣਾ ਚਾਹੇ, ਗੁਰੂ ਦਾ ਸਿੱਖ ਫੇਰ ਉਸ ਦੇ ਨੇੜੇ ਨਹੀਂ ਢੁਕਦਾ,

ਗੁਰ ਸਤਿਗੁਰ ਅਗੈ ਕੋ ਜੀਉ ਲਾਇ ਘਾਲੈ ਤਿਸੁ ਅਗੈ ਗੁਰਸਿਖੁ ਕਾਰ ਕਮਾਵੈ ॥

(ਪਰ) ਜੋ ਮਨੁੱਖ ਸਤਿਗੁਰੂ ਦੀ ਹਜ਼ੂਰੀ ਵਿਚ ਚਿੱਤ ਜੋੜ ਕੇ (ਸੇਵਾ ਦੀ ਘਾਲ) ਘਾਲੇ, ਗੁਰਸਿੱਖ ਉਸ ਦੀ ਕਾਰ ਕਮਾਉਂਦਾ ਹੈ।

ਜਿ ਠਗੀ ਆਵੈ ਠਗੀ ਉਠਿ ਜਾਇ ਤਿਸੁ ਨੇੜੈ ਗੁਰਸਿਖੁ ਮੂਲਿ ਨ ਆਵੈ ॥

ਜੋ ਮਨੁੱਖ ਫ਼ਰੇਬ ਕਰਨ ਆਉਂਦਾ ਹੈ ਤੇ ਫ਼ਰੇਬ ਦੇ ਖ਼ਿਆਲ ਵਿਚ ਚਲਾ ਜਾਂਦਾ ਹੈ, ਉਸ ਦੇ ਨੇੜੇ ਗੁਰੂ ਕਾ ਸਿੱਖ ਉੱਕਾ ਹੀ ਨਹੀਂ ਆਉਂਦਾ।

ਬ੍ਰਹਮੁ ਬੀਚਾਰੁ ਨਾਨਕੁ ਆਖਿ ਸੁਣਾਵੈ ॥ ਜਿ ਵਿਣੁ ਸਤਿਗੁਰ ਕੇ ਮਨੁ ਮੰਨੇ ਕੰਮੁ ਕਰਾਏ ਸੋ ਜੰਤੁ ਮਹਾ ਦੁਖੁ ਪਾਵੈ ॥੨॥

ਨਾਨਕ ਆਖ ਕੇ ਸੁਣਾਂਦਾ ਹੈ (ਭਾਵ, ਜ਼ੋਰ ਦੇ ਕੇ ਸੁਣਾਂਦਾ ਹੈ ਕਿ) ਨਿਰੋਲ ਸੱਚੀ ਵਿਚਾਰ (ਦੀ ਗੱਲ ਇਹ ਹੈ ਕਿ) ਸਤਿਗੁਰੂ ਦਾ ਮਨ ਪਤੀਜਣ ਤੋਂ ਬਿਨਾ (ਭਾਵ, ਗੁਰ-ਅਸ਼ੇ ਦੇ ਵਿਰੁੱਧ) ਜੋ ਮਨੁੱਖ (ਠੱਗੀ ਆਦਿਕ ਕਰ ਕੇ ਗੁਰਸਿੱਖਾਂ ਪਾਸੋਂ) ਕੰਮ ਕਰਾਏ (ਭਾਵ, ਆਪਣੀ ਸੇਵਾ ਕਰਾਏ), ਉਹ ਬੜਾ ਦੁੱਖ ਪਾਉਂਦਾ ਹੈ ॥੨॥


ਪਉੜੀ ॥
ਤੂੰ ਸਚਾ ਸਾਹਿਬੁ ਅਤਿ ਵਡਾ ਤੁਹਿ ਜੇਵਡੁ ਤੂੰ ਵਡ ਵਡੇ ॥

ਹੇ ਵੱਡਿਆਂ ਤੋਂ ਵੱਡੇ! ਤੂੰ ਸੱਚਾ ਮਾਲਕ ਤੇ ਬੜਾ ਵੱਡਾ ਹੈਂ, ਆਪਣੇ ਜੇਡਾ ਤੂੰ ਆਪ ਹੀ ਹੈਂ।

ਜਿਸੁ ਤੂੰ ਮੇਲਹਿ ਸੋ ਤੁਧੁ ਮਿਲੈ ਤੂੰ ਆਪੇ ਬਖਸਿ ਲੈਹਿ ਲੇਖਾ ਛਡੇ ॥

ਓਹੀ ਮਨੁੱਖ ਤੈਨੂੰ ਮਿਲਦਾ ਹੈ, ਜਿਸ ਨੂੰ ਤੂੰ ਆਪ ਮੇਲਦਾ ਹੈਂ ਤੇ ਜਿਸ ਦਾ ਲੇਖਾ ਛੱਡ ਕੇ ਤੂੰ ਆਪ ਬਖ਼ਸ਼ ਲੈਂਦਾ ਹੈਂ।

ਜਿਸ ਨੋ ਤੂੰ ਆਪਿ ਮਿਲਾਇਦਾ ਸੋ ਸਤਿਗੁਰੁ ਸੇਵੇ ਮਨੁ ਗਡ ਗਡੇ ॥

ਜਿਸ ਨੂੰ ਤੂੰ ਆਪ ਮਿਲਾਉਂਦਾ ਹੈਂ ਉਹੋ ਹੀ ਮਨ ਗੱਡ ਕੇ ਸਤਿਗੁਰੂ ਦੀ ਸੇਵਾ ਕਰਦਾ ਹੈ।

ਤੂੰ ਸਚਾ ਸਾਹਿਬੁ ਸਚੁ ਤੂ ਸਭੁ ਜੀਉ ਪਿੰਡੁ ਚੰਮੁ ਤੇਰਾ ਹਡੇ ॥

ਤੂੰ ਸੱਚਾ ਮਾਲਕ ਹੈਂ, ਸਦਾ-ਥਿਰ ਰਹਿਣ ਵਾਲਾ ਹੈਂ, ਜੀਵਾਂ ਦਾ ਸਭ ਕੁਝ-ਜਿੰਦ, ਸਰੀਰ, ਚੰਮ, ਹੱਡ-ਤੇਰਾ ਬਖ਼ਸ਼ਿਆ ਹੋਇਆ ਹੈ।

ਜਿਉ ਭਾਵੈ ਤਿਉ ਰਖੁ ਤੂੰ ਸਚਿਆ ਨਾਨਕ ਮਨਿ ਆਸ ਤੇਰੀ ਵਡ ਵਡੇ ॥੩੩॥੧॥ ਸੁਧੁ ॥

ਹੇ ਵੱਡਿਆਂ ਤੋਂ ਵੱਡੇ, ਸੱਚੇ ਪ੍ਰਭੂ! ਜਿਵੇਂ ਤੈਨੂੰ ਭਾਵੇ ਤਿਵੇਂ ਹੀ ਸਾਨੂੰ ਰੱਖ ਲੈ, ਨਾਨਕ ਦੇ ਮਨ ਵਿਚ ਤੇਰੀ ਹੀ ਆਸ ਹੈ ॥੩੩॥੧॥ਸੁਧੁ॥