ਬਿਹਾਗੜੇ ਕੀ ਵਾਰ (ਮਹਲਾ 4), Bihagre ki vaar (Mahalla 4) Path in Punjabi Gurbani
ਬਿਹਾਗੜੇ ਕੀ ਵਾਰ (ਮਹਲਾ 4), Bihagre ki vaar (Mahalla 4) Path in Punjabi Gurbani
ਬਿਹਾਗੜੇ ਕੀ ਵਾਰ ਮਹਲਾ ੪ ॥
ਰਾਗ ਬਿਹਾਗੜਾ ਵਿੱਚ ਗੁਰੂ ਰਾਮਦਾਸ ਜੀ ਦੀ ‘ਵਾਰ’।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸਲੋਕ ਮਃ ੩ ॥
ਗੁਰ ਸੇਵਾ ਤੇ ਸੁਖੁ ਪਾਈਐ ਹੋਰ ਥੈ ਸੁਖੁ ਨ ਭਾਲਿ ॥
ਸੁਖ ਸਤਿਗੁਰੂ ਦੀ ਸੇਵਾ ਤੋਂ (ਹੀ) ਮਿਲਦਾ ਹੈ ਕਿਸੇ ਹੋਰ ਥਾਂ ਸੁਖ ਨਾਹ ਢੂੰਢ,
ਗੁਰ ਕੈ ਸਬਦਿ ਮਨੁ ਭੇਦੀਐ ਸਦਾ ਵਸੈ ਹਰਿ ਨਾਲਿ ॥
ਜਦੋਂ ਸਤਿਗੁਰੂ ਦੇ ਸ਼ਬਦ ਵਿਚ ਮਨ ਨੂੰ ਪ੍ਰੋ ਦੇਈਏ ਤਾਂ ਹਰੀ ਸਦਾ ਅੰਗ ਸੰਗ ਵੱਸਦਾ ਹੈ।
ਨਾਨਕ ਨਾਮੁ ਤਿਨਾ ਕਉ ਮਿਲੈ ਜਿਨ ਹਰਿ ਵੇਖੈ ਨਦਰਿ ਨਿਹਾਲਿ ॥੧॥
ਹੇ ਨਾਨਕ! (ਹਰੀ ਦਾ) ਨਾਮ ਉਹਨਾਂ ਨੂੰ ਮਿਲਦਾ ਹੈ, ਜਿਨ੍ਹਾਂ ਨੂੰ ਪ੍ਰਭੂ ਮੇਹਰ ਦੀ ਨਜ਼ਰ ਨਾਲ ਵੇਖਦਾ ਹੈ ॥੧॥
ਮਃ ੩ ॥
ਸਿਫਤਿ ਖਜਾਨਾ ਬਖਸ ਹੈ ਜਿਸੁ ਬਖਸੈ ਸੋ ਖਰਚੈ ਖਾਇ ॥
ਹਰੀ ਦੀ ਸਿਫ਼ਤ-ਸਾਲਾਹ ਦਾ ਖ਼ਜ਼ਾਨਾ (ਹਰੀ ਦੀ) ਬਖ਼ਸ਼ਸ਼ ਹੈ ਤੇ ਜਿਸ ਨੂੰ (ਪ੍ਰਭੂ) ਬਖ਼ਸ਼ਦਾ ਹੈ ਉਹ ਹੀ ਖ਼ਰਚਦਾ ਤੇ ਖ਼ਾਂਦਾ ਹੈ (ਭਾਵ, ਸਿਫ਼ਤ-ਸਾਲਾਹ ਦਾ ਆਨੰਦ ਲੈਂਦਾ ਹੈ)।
ਸਤਿਗੁਰ ਬਿਨੁ ਹਥਿ ਨ ਆਵਈ ਸਭ ਥਕੇ ਕਰਮ ਕਮਾਇ ॥
ਬਥੇਰੇ ਕਰਮ-ਕਾਂਡ ਕਰਕੇ ਲੋਕ ਕਰ ਕੇ ਥੱਕ ਜਾਂਦੇ ਹਨ ਪਰ (ਇਹ ਬਖ਼ਸ਼ਸ਼) ਸਤਿਗੁਰੂ ਤੋਂ ਬਿਨਾਂ ਮਿਲਦੀ ਨਹੀਂ।
ਨਾਨਕ ਮਨਮੁਖੁ ਜਗਤੁ ਧਨਹੀਣੁ ਹੈ ਅਗੈ ਭੁਖਾ ਕਿ ਖਾਇ ॥੨॥
ਹੇ ਨਾਨਕ! ਮਨ ਦਾ ਅਧੀਨ (ਤੇ ਸਤਿਗੁਰੂ ਤੋਂ ਭੁੱਲਾ) ਹੋਇਆ ਸੰਸਾਰ ਅਸਲ ਧਨ ਤੋਂ ਸੱਖਣਾ ਹੈ ਤੇ (ਆਤਮਕ ਜੀਵਨ) ਦਾ ਭੁਖਾ ਇਸ ਤੋਂ ਕੁਝ ਨਹੀਂ ਹਾਸਲ ਕਰ ਸਕਦਾ ॥੨॥
ਪਉੜੀ ॥
ਸਭ ਤੇਰੀ ਤੂ ਸਭਸ ਦਾ ਸਭ ਤੁਧੁ ਉਪਾਇਆ ॥
ਹੇ ਪ੍ਰਭੂ! ਸਾਰੀ ਸ੍ਰਿਸ਼ਟੀ ਤੇਰੀ ਹੈ, ਤੂੰ ਸਭਨਾਂ ਦਾ ਮਾਲਕ ਹੈਂ, ਸਭਨਾਂ ਨੂੰ ਤੂੰ ਹੀ ਪੈਦਾ ਕੀਤਾ ਹੈ।
ਸਭਨਾ ਵਿਚਿ ਤੂ ਵਰਤਦਾ ਤੂ ਸਭਨੀ ਧਿਆਇਆ ॥
ਸਾਰਿਆਂ (ਜੀਵਾਂ) ਵਿਚ ਤੂੰ ਵਿਆਪਕ ਹੈਂ, ਤੇ ਸਭ ਤੇਰਾ ਸਿਮਰਨ ਕਰਦੇ ਹਨ।
ਤਿਸ ਦੀ ਤੂ ਭਗਤਿ ਥਾਇ ਪਾਇਹਿ ਜੋ ਤੁਧੁ ਮਨਿ ਭਾਇਆ ॥
ਜੋ ਮਨੁੱਖ ਤੈਨੂੰ ਮਨ ਵਿਚ ਪਿਆਰਾ ਲੱਗਦਾ ਹੈ, ਉਸ ਦੀ ਭਗਤੀ ਤੂੰ ਕਬੂਲ ਕਰਦਾ ਹੈਂ।
ਜੋ ਹਰਿ ਪ੍ਰਭ ਭਾਵੈ ਸੋ ਥੀਐ ਸਭਿ ਕਰਨਿ ਤੇਰਾ ਕਰਾਇਆ ॥
ਹੇ ਹਰੀ ਪ੍ਰਭੂ! ਜੋ ਤੈਨੂੰ ਚੰਗਾ ਲੱਗਦਾ ਹੈ ਸੋ (ਸੰਸਾਰ ਵਿਚ) ਹੁੰਦਾ ਹੈ, ਸਾਰੇ ਜੀਵ ਤੇਰਾ ਕਰਾਇਆ ਕਰਦੇ ਹਨ।
ਸਲਾਹਿਹੁ ਹਰਿ ਸਭਨਾ ਤੇ ਵਡਾ ਜੋ ਸੰਤ ਜਨਾਂ ਕੀ ਪੈਜ ਰਖਦਾ ਆਇਆ ॥੧॥
ਜੋ ਹਰੀ (ਮੁੱਢ ਤੋਂ) ਭਗਤਾਂ ਦੀ ਲਾਜ ਰੱਖਦਾ ਆਇਆ ਹੈ ਤੇ ਸਭ ਤੋਂ ਵੱਡਾ ਹੈ, ਉਸ ਦੀ ਸਿਫ਼ਤ-ਸਾਲਾਹ ਕਰੋ ॥੧॥
ਸਲੋਕ ਮਃ ੩ ॥
ਨਾਨਕ ਗਿਆਨੀ ਜਗੁ ਜੀਤਾ ਜਗਿ ਜੀਤਾ ਸਭੁ ਕੋਇ ॥
ਹੇ ਨਾਨਕ! ਗਿਆਨਵਾਨ ਮਨੁੱਖ ਨੇ ਸੰਸਾਰ ਨੂੰ (ਭਾਵ, ਮਾਇਆ ਦੇ ਮੋਹ ਨੂੰ) ਜਿੱਤ ਲਿਆ ਹੈ, (ਤੇ ਗਿਆਨੀ ਤੋਂ ਬਿਨਾ) ਹਰ ਇਕ ਮਨੁੱਖ ਨੂੰ ਸੰਸਾਰ ਨੇ ਜਿੱਤਿਆ ਹੈ, (ਗਿਆਨੀ ਦੇ)
ਨਾਮੇ ਕਾਰਜ ਸਿਧਿ ਹੈ ਸਹਜੇ ਹੋਇ ਸੁ ਹੋਇ ॥
(ਆਤਮਕ ਜੀਵਨ) ਦੀ ਸਫਲਤਾ ਨਾਮ ਜਪਣ ਨਾਲ ਹੀ ਹੁੰਦੀ ਹੈ ਤਾਂ ਇੰਜ ਜਾਪਦਾ ਹੈ ਕਿ ਜੋ ਕੁਝ ਹੋ ਰਿਹਾ ਹੈ, ਪ੍ਰਭੂ ਦੀ ਰਜ਼ਾ ਵਿਚ ਹੋ ਰਿਹਾ ਹੈ।
ਗੁਰਮਤਿ ਮਤਿ ਅਚਲੁ ਹੈ ਚਲਾਇ ਨ ਸਕੈ ਕੋਇ ॥
ਸਤਿਗੁਰੂ ਦੀ ਮੱਤ ਤੇ ਤੁਰਿਆਂ (ਮਨੁੱਖ ਦੀ) ਮੱਤ ਪੱਕੀ ਹੋ ਜਾਂਦੀ ਹੈ, ਕੋਈ (ਮਾਇਕ ਵਿਹਾਰ) ਉਸ ਨੂੰ ਡੁਲਾ ਨਹੀਂ ਸਕਦਾ,
ਭਗਤਾ ਕਾ ਹਰਿ ਅੰਗੀਕਾਰੁ ਕਰੇ ਕਾਰਜੁ ਸੁਹਾਵਾ ਹੋਇ ॥
ਤੇ (ਉਸ ਨੂੰ ਨਿਸਚਾ ਹੁੰਦਾ ਹੈ ਕਿ) ਪ੍ਰਭੂ ਭਗਤਾਂ ਦਾ ਸਾਥ ਨਿਭਾਉਂਦਾ ਹੈ (ਤੇ ਉਹਨਾਂ ਦਾ ਹਰੇਕ) ਕੰਮ ਰਾਸ ਆ ਜਾਂਦਾ ਹੈ।
ਮਨਮੁਖ ਮੂਲਹੁ ਭੁਲਾਇਅਨੁ ਵਿਚਿ ਲਬੁ ਲੋਭੁ ਅਹੰਕਾਰੁ ॥
ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਪ੍ਰਭੂ ਤੋਂ ਭੁੱਲੇ ਹੋਏ ਹਨ, ਕਿਉਂਕਿ ਉਹਨਾਂ ਦੇ ਅੰਦਰ ਲੱਬ ਲੋਭ ਤੇ ਅਹੰਕਾਰ ਹੈ।
ਝਗੜਾ ਕਰਦਿਆ ਅਨਦਿਨੁ ਗੁਦਰੈ ਸਬਦਿ ਨ ਕਰੈ ਵੀਚਾਰੁ ॥
ਉਹਨਾਂ ਦਾ ਹਰੇਕ ਦਿਨ (ਲੱਬ ਲੋਭ ਆਦਿਕ ਸੰਬੰਧੀ) ਝਗੜਾ ਕਰਦਿਆਂ ਗੁਜ਼ਰਦਾ ਹੈ, ਉਹ ਗੁਰੂ ਦੇ ਸ਼ਬਦ ਵਿਚ ਵਿਚਾਰ ਨਹੀਂ ਕਰਦੇ।
ਸੁਧਿ ਮਤਿ ਕਰਤੈ ਹਿਰਿ ਲਈ ਬੋਲਨਿ ਸਭੁ ਵਿਕਾਰੁ ॥
ਕਰਤਾਰ ਨੇ ਉਹਨਾਂ ਮਨਮੁਖਾਂ ਦੀ ਹੋਸ਼ ਤੇ ਅਕਲ ਖੋਹ ਲਈ ਹੈ ਉਹ ਨਿਰੇ ਵਿਕਾਰਾਂ ਦੇ ਬਚਨ ਹੀ ਬੋਲਦੇ ਹਨ।
ਦਿਤੈ ਕਿਤੈ ਨ ਸੰਤੋਖੀਅਨਿ ਅੰਤਰਿ ਤ੍ਰਿਸਨਾ ਬਹੁਤੁ ਅਗੵਾਨੁ ਅੰਧਾਰੁ ॥
ਉਹ ਕਿਸੇ ਭੀ ਦਾਤ ਦੇ ਮਿਲਣ ਤੇ ਰੱਜਦੇ ਨਹੀਂ ਕਿਉਂਕਿ ਉਹਨਾਂ ਦੇ ਮਨ ਵਿਚ ਬੜੀ ਤ੍ਰਿਸ਼ਨਾ ਅਗਿਆਨ ਤੇ ਹਨੇਰਾ ਹੈ।
ਨਾਨਕ ਮਨਮੁਖਾ ਨਾਲਹੁ ਤੁਟੀਆ ਭਲੀ ਜਿਨਾ ਮਾਇਆ ਮੋਹਿ ਪਿਆਰੁ ॥੧॥
ਹੇ ਨਾਨਕ! (ਅਜੇਹੇ) ਮਨਮੁਖਾਂ ਨਾਲੋਂ ਸੰਬੰਧ ਟੁੱਟਾ ਹੋਇਆ ਹੀ ਚੰਗਾ ਹੈ, ਕਿਉਂਕਿ ਉਹਨਾਂ ਦਾ ਪਿਆਰ ਤਾਂ ਮਾਇਆ ਦੇ ਮੋਹ ਵਿਚ ਹੈ ॥੧॥
ਮਃ ੩ ॥
ਤਿਨੑ ਭਉ ਸੰਸਾ ਕਿਆ ਕਰੇ ਜਿਨ ਸਤਿਗੁਰੁ ਸਿਰਿ ਕਰਤਾਰੁ ॥
ਜਿਨ੍ਹਾਂ ਦੇ ਸਿਰ ਪ੍ਰਭੂ ਤੇ ਗੁਰੂ ਹੈ (ਭਾਵ, ਜੋ ਪ੍ਰਭੂ ਤੇ ਗੁਰੂ ਨੂੰ ਰਾਖਾ ਸਮਝਦੇ ਹਨ), ਡਰ ਤੇ ਚਿੰਤਾ ਉਹਨਾਂ ਦਾ ਕੀਹ ਵਿਗਾੜ ਸਕਦੇ ਹਨ?
ਧੁਰਿ ਤਿਨ ਕੀ ਪੈਜ ਰਖਦਾ ਆਪੇ ਰਖਣਹਾਰੁ ॥
ਰੱਖਿਆ ਕਰਨ ਵਾਲਾ ਪ੍ਰਭੂ ਆਪ ਉਹਨਾਂ ਦੀ ਲਾਜ ਸਦਾ ਤੋਂ ਰੱਖਦਾ ਆਇਆ ਹੈ।
ਮਿਲਿ ਪ੍ਰੀਤਮ ਸੁਖੁ ਪਾਇਆ ਸਚੈ ਸਬਦਿ ਵੀਚਾਰਿ ॥
ਤੇ (ਇਸ ਤਰ੍ਹਾਂ) ਸੱਚੇ ਸ਼ਬਦ ਦੀ ਰਾਹੀਂ ਵੀਚਾਰ ਕਰ ਕੇ ਤੇ ਹਰੀ ਪ੍ਰੀਤਮ ਨੂੰ ਮਿਲ ਕੇ ਉਹ ਸੁਖ ਪਾਉਂਦੇ ਹਨ।
ਨਾਨਕ ਸੁਖਦਾਤਾ ਸੇਵਿਆ ਆਪੇ ਪਰਖਣਹਾਰੁ ॥੨॥
ਹੇ ਨਾਨਕ! ਜੋ ਸੁਖਦਾਤਾ ਪ੍ਰਭੂ ਆਪ ਹੀ (ਸਭ ਦੀ) ਪਰਖ ਕਰਨ ਵਾਲਾ ਹੈ ਉਸ ਦੀ ਉਹ ਸੇਵਾ ਕਰਦੇ ਹਨ ॥੨॥
ਪਉੜੀ ॥
ਜੀਅ ਜੰਤ ਸਭਿ ਤੇਰਿਆ ਤੂ ਸਭਨਾ ਰਾਸਿ ॥
ਹੇ ਹਰੀ! ਸਾਰੇ ਜੀਅ ਜੰਤ ਤੇਰੇ ਹਨ, ਤੂੰ ਸਭਨਾਂ ਦਾ ਖ਼ਜ਼ਾਨਾ ਹੈਂ।
ਜਿਸ ਨੋ ਤੂ ਦੇਹਿ ਤਿਸੁ ਸਭੁ ਕਿਛੁ ਮਿਲੈ ਕੋਈ ਹੋਰੁ ਸਰੀਕੁ ਨਾਹੀ ਤੁਧੁ ਪਾਸਿ ॥
ਜਿਸ ਮਨੁੱਖ ਨੂੰ ਤੂੰ (ਆਪਣੇ ਨਾਮ ਦੀ) ਦਾਤ ਬਖਸ਼ਦਾ ਹੈਂ, ਉਸ ਨੂੰ (ਮਾਨੋ) ਹਰੇਕ ਸ਼ੈ ਮਿਲ ਜਾਂਦੀ ਹੈ; ਤੇਰੇ ਬਰਿਬਰ ਦਾ ਹੋਰ ਕੋਈ ਨਹੀਂ ਹੈ।
ਤੂ ਇਕੋ ਦਾਤਾ ਸਭਸ ਦਾ ਹਰਿ ਪਹਿ ਅਰਦਾਸਿ ॥
ਤੂੰ ਇਕੱਲਾ ਆਪ ਸਭਨਾਂ ਦਾ ਦਾਤਾ ਹੈਂ (ਇਸ ਕਰ ਕੇ) ਹੇ ਹਰੀ! (ਸਭ ਜੀਵਾਂ ਦੀ) ਤੇਰੇ ਅੱਗੇ ਹੀ ਬੇਨਤੀ ਹੁੰਦੀ ਹੈ।
ਜਿਸ ਦੀ ਤੁਧੁ ਭਾਵੈ ਤਿਸ ਦੀ ਤੂ ਮੰਨਿ ਲੈਹਿ ਸੋ ਜਨੁ ਸਾਬਾਸਿ ॥
ਜਿਸਦੀ ਬੇਨਤੀ ਤੈਨੂੰ ਚੰਗੀ ਲਗੇ, ਉਸਦੀ ਤੂੰ ਪ੍ਰਵਾਨ ਕਰ ਲੈਂਦਾ ਹੈਂ ਤੇ ਉਸ ਮਨੁੱਖ ਨੂੰ ਸ਼ਾਬਾਸ਼ੇ ਮਿਲਦੀ ਹੈ।
ਸਭੁ ਤੇਰਾ ਚੋਜੁ ਵਰਤਦਾ ਦੁਖੁ ਸੁਖੁ ਤੁਧੁ ਪਾਸਿ ॥੨॥
ਇਹ ਸਾਰਾ ਤੇਰਾ ਹੀ ਕੌਤਕ ਵਰਤ ਰਿਹਾ ਹੈ, (ਸਭਨਾਂ ਦਾ) ਦੁੱਖ ਤੇ ਸੁਖ (ਦਾ ਤਰਲਾ) ਤੇਰੇ ਕੋਲ ਹੀ ਹੁੰਦਾ ਹੈ ॥੨॥
ਸਲੋਕ ਮਃ ੩ ॥
ਗੁਰਮੁਖਿ ਸਚੈ ਭਾਵਦੇ ਦਰਿ ਸਚੈ ਸਚਿਆਰ ॥
ਸਤਿਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਸੱਚੇ ਪ੍ਰਭੂ ਨੂੰ ਪਿਆਰੇ ਲੱਗਦੇ ਹਨ ਤੇ ਸੱਚੇ ਦੇ ਦਰ ਤੇ ਉਹ ਸੱਚ ਦੇ ਵਾਪਾਰੀ (ਸਮਝੇ ਜਾਂਦੇ ਹਨ)।
ਸਾਜਨ ਮਨਿ ਆਨੰਦੁ ਹੈ ਗੁਰ ਕਾ ਸਬਦੁ ਵੀਚਾਰ ॥
ਸਤਿਗੁਰੂ ਦੇ ਸ਼ਬਦ ਨੂੰ ਵਿਚਾਰਨ ਵਾਲੇ ਉਹਨਾਂ ਸੱਜਨਾਂ ਦੇ ਮਨ ਵਿਚ (ਸਦਾ) ਖਿੜਾਉ ਹੁੰਦਾ ਹੈ।
ਅੰਤਰਿ ਸਬਦੁ ਵਸਾਇਆ ਦੁਖੁ ਕਟਿਆ ਚਾਨਣੁ ਕੀਆ ਕਰਤਾਰਿ ॥
ਸਤਿਗੁਰੂ ਦਾ ਸ਼ਬਦ ਉਹਨਾਂ ਨੇ ਹਿਰਦੇ ਵਿਚ ਵਸਾਇਆ ਹੋਇਆ ਹੈ (ਇਸ ਲਈ) ਸਿਰਜਣਹਾਰ ਨੇ ਉਹਨਾਂ ਦਾ ਦੁੱਖ ਕੱਟਿਆ ਹੈ ਤੇ ਉਹਨਾਂ ਦੇ ਹਿਰਦੇ ਵਿੱਚ ਚਾਨਣ ਕੀਤਾ ਹੈ।
ਨਾਨਕ ਰਖਣਹਾਰਾ ਰਖਸੀ ਆਪਣੀ ਕਿਰਪਾ ਧਾਰਿ ॥੧॥
ਹੇ ਨਾਨਕ! ਰੱਖਿਆ ਕਰਨ ਵਾਲਾ ਪ੍ਰਭੂ ਆਪਣੀ ਮੇਹਰ ਨਾਲ ਉਹਨਾਂ ਦੀ ਸਦਾ ਰੱਖਿਆ ਕਰਦਾ ਹੈ ॥੧॥
ਮਃ ੩ ॥
ਗੁਰ ਕੀ ਸੇਵਾ ਚਾਕਰੀ ਭੈ ਰਚਿ ਕਾਰ ਕਮਾਇ ॥
ਜੇ ਮਨੁਖ (ਪ੍ਰਭੂ ਦੇ) ਡਰ ਵਿਚ ਰਚ ਕੇ ਗੁਰੂ ਦੀ ਦੱਸੀ ਹੋਈ ਸੇਵਾ ਚਾਕਰੀ ਕਾਰ ਕਰੇ,
ਜੇਹਾ ਸੇਵੈ ਤੇਹੋ ਹੋਵੈ ਜੇ ਚਲੈ ਤਿਸੈ ਰਜਾਇ ॥
ਤੇ ਉਸੇ ਪ੍ਰਭੂ ਦੀ ਰਜ਼ਾ ਵਿਚ ਤੁਰੇ ਤਾਂ ਉਹ ਉਸ ਪ੍ਰਭੂ ਵਰਗਾ ਹੀ ਹੋ ਜਾਂਦਾ ਹੈ ਜਿਸ ਨੂੰ ਇਹ ਸਿਮਰਦਾ ਹੈ।
ਨਾਨਕ ਸਭੁ ਕਿਛੁ ਆਪਿ ਹੈ ਅਵਰੁ ਨ ਦੂਜੀ ਜਾਇ ॥੨॥
ਫਿਰ, ਹੇ ਨਾਨਕ! (ਐਸੇ ਮਨੁੱਖ ਨੂੰ) ਸਭਨੀ ਥਾਈਂ ਪ੍ਰਭੂ ਹੀ ਪ੍ਰਭੂ ਦਿੱਸਦਾ ਹੈ, (ਉਸ ਤੋਂ ਬਿਨਾ) ਕੋਈ ਹੋਰ ਨਹੀਂ ਦਿੱਸਦਾ, ਤੇ ਨਾਹ ਕੋਈ ਹੋਰ (ਆਸਰੇ ਦੀ) ਥਾਂ ਦਿੱਸਦੀ ਹੈ ॥੨॥
ਪਉੜੀ ॥
ਤੇਰੀ ਵਡਿਆਈ ਤੂਹੈ ਜਾਣਦਾ ਤੁਧੁ ਜੇਵਡੁ ਅਵਰੁ ਨ ਕੋਈ ॥
ਕਿ ਤੂੰ ਕੇਡਾ ਵੱਡਾ ਹੈਂ, ਇਹ ਤੂੰ ਆਪ ਹੀ ਜਾਣਦਾ ਹੈਂ, ਕਿਉਂਕਿ ਤੇਰੇ ਜੇਡਾ ਹੋਰ ਕੋਈ ਨਹੀਂ ਹੈ,
ਤੁਧੁ ਜੇਵਡੁ ਹੋਰੁ ਸਰੀਕੁ ਹੋਵੈ ਤਾ ਆਖੀਐ ਤੁਧੁ ਜੇਵਡੁ ਤੂਹੈ ਹੋਈ ॥
ਜੇ ਤੇਰੇ ਜੇਡਾ ਕੋਈ ਹੋਰ ਸ਼ਰੀਕ ਹੋਵੇ ਤਾਂ ਹੀ ਦੱਸ ਸਕੀਏ (ਕਿ ਤੂੰ ਕੇਡਾ ਵੱਡਾ ਹੈਂ) (ਪਰ) ਤੇਰੇ ਜੇਡਾ ਤੂੰ ਆਪ ਹੀ ਹੈਂ।
ਜਿਨਿ ਤੂ ਸੇਵਿਆ ਤਿਨਿ ਸੁਖੁ ਪਾਇਆ ਹੋਰੁ ਤਿਸ ਦੀ ਰੀਸ ਕਰੇ ਕਿਆ ਕੋਈ ॥
ਜਿਸ ਮਨੁੱਖ ਨੇ ਤੈਨੂੰ ਸਿਮਰਿਆ ਹੈ ਉਸ ਨੇ ਸੁਖ ਪਾਇਆ ਹੈ, ਕੋਈ ਹੋਰ ਮਨੁੱਖ ਉਸ ਦੀ ਕੀਹ ਰੀਸ ਕਰ ਸਕਦਾ ਹੈ?
ਤੂ ਭੰਨਣ ਘੜਣ ਸਮਰਥੁ ਦਾਤਾਰੁ ਹਹਿ ਤੁਧੁ ਅਗੈ ਮੰਗਣ ਨੋ ਹਥ ਜੋੜਿ ਖਲੀ ਸਭ ਹੋਈ ॥
ਤੂੰ ਸਰੀਰਾਂ ਨੂੰ ਬਣਾ ਤੇ ਨਾਸ ਆਪ ਕਰ ਸਕਦਾ ਹੈਂ, ਸਭ ਦਾਤਾਂ ਭੀ ਬਖ਼ਸ਼ਣ ਵਾਲਾ ਹੈਂ, ਸਾਰੀ ਸ੍ਰਿਸ਼ਟੀ ਤੇਰੇ ਅਗੇ ਦਾਤਾਂ ਮੰਗਣ ਲਈ ਹੱਥ ਜੋੜ ਕੇ ਖਲੋਤੀ ਹੋਈ ਹੈ।
ਤੁਧੁ ਜੇਵਡੁ ਦਾਤਾਰੁ ਮੈ ਕੋਈ ਨਦਰਿ ਨ ਆਵਈ ਤੁਧੁ ਸਭਸੈ ਨੋ ਦਾਨੁ ਦਿਤਾ ਖੰਡੀ ਵਰਭੰਡੀ ਪਾਤਾਲੀ ਪੁਰਈ ਸਭ ਲੋਈ ॥੩॥
ਮੈਨੂੰ ਤੇਰੇ ਜੇਡਾ ਕੋਈ ਹੋਰ ਦਾਨੀ ਨਜ਼ਰ ਨਹੀਂ ਆਉਂਦਾ, ਖੰਡਾਂ, ਬ੍ਰਹਮੰਡਾਂ, ਪਾਤਾਲਾਂ, ਪੁਰੀਆਂ, ਸਾਰੇ (ਚੌਦਾਂ ਹੀ) ਲੋਕਾਂ ਵਿਚ ਤੂੰ ਹੀ ਸਭ ਜੀਆਂ ਨੂੰ ਬਖ਼ਸ਼ਸ਼ ਕੀਤੀ ਹੈ ॥੩॥
ਸਲੋਕ ਮਃ ੩ ॥
ਮਨਿ ਪਰਤੀਤਿ ਨ ਆਈਆ ਸਹਜਿ ਨ ਲਗੋ ਭਾਉ ॥
ਜੇ ਮਨ ਵਿਚ (ਹਰੀ ਦੀ ਹੋਂਦ) ਪ੍ਰਤੀਤ ਨਾ ਆਈ, ਤੇ ਅਡੋਲਤਾ ਵਿਚ ਪਿਆਰ ਨਾ ਲੱਗਾ,
ਸਬਦੈ ਸਾਦੁ ਨ ਪਾਇਓ ਮਨਹਠਿ ਕਿਆ ਗੁਣ ਗਾਇ ॥
ਜੇ ਸ਼ਬਦ ਦਾ ਰਸ ਨਾ ਲੱਭਾ, ਤਾਂ ਮਨ ਦੇ ਹਠ ਨਾਲ ਸਿਫ਼ਤ-ਸਾਲਾਹ ਕਰਨ ਦਾ ਕੀਹ ਲਾਭ?
ਨਾਨਕ ਆਇਆ ਸੋ ਪਰਵਾਣੁ ਹੈ ਜਿ ਗੁਰਮੁਖਿ ਸਚਿ ਸਮਾਇ ॥੧॥
ਹੇ ਨਾਨਕ! (ਸੰਸਾਰ ਵਿਚ) ਜੰਮਿਆ ਉਹ ਜੀਵ ਮੁਬਾਰਿਕ ਹੈ ਜੋ ਸਤਿਗੁਰੂ ਦੇ ਸਨਮੁਖ ਰਹਿ ਕੇ ਸੱਚ ਵਿਚ ਲੀਨ ਹੋ ਜਾਏ ॥੧॥
ਮਃ ੩ ॥
ਆਪਣਾ ਆਪੁ ਨ ਪਛਾਣੈ ਮੂੜਾ ਅਵਰਾ ਆਖਿ ਦੁਖਾਏ ॥
ਮੂਰਖ ਮਨੁੱਖ ਆਪਣੇ ਆਪ ਦੀ ਪਛਾਣ ਨਹੀਂ ਕਰਦਾ ਤੇ ਹੋਰਨਾਂ ਨੂੰ ਆਖ ਕੇ ਦੁਖਾਉਂਦਾ ਹੈ।
ਮੁੰਢੈ ਦੀ ਖਸਲਤਿ ਨ ਗਈਆ ਅੰਧੇ ਵਿਛੁੜਿ ਚੋਟਾ ਖਾਏ ॥
(ਆਤਮਿਕਤਾ ਤੋਂ) ਅੰਨ੍ਹੇ ਦੀ ਮੁੱਢ ਦੀ (ਦੂਜਿਆਂ ਨੂੰ ਦੁਖਾਉਣ ਦੀ) ਵਾਦੀ ਦੂਰ ਨਹੀਂ ਹੁੰਦੀ, ਤੇ (ਹਰੀ ਤੋਂ) ਵਿਛੁੱੜ ਕੇ ਦੁਖ ਸਹਿੰਦਾ ਹੈ।
ਸਤਿਗੁਰ ਕੈ ਭੈ ਭੰਨਿ ਨ ਘੜਿਓ ਰਹੈ ਅੰਕਿ ਸਮਾਏ ॥
(ਮਨੁੱਖ) ਸਤਿਗੁਰੂ ਦੇ ਡਰ ਵਿਚ ਰਹਿ ਕੇ ਮਨ (ਦੇ ਪਿਛਲੇ ਮੰਦੇ ਸੰਸਕਾਰਾਂ) ਨੂੰ ਭੰਨ ਕੇ (ਨਵੇਂ ਸਿਰੇ ਸਿਮਰਨ ਵਾਲੇ ਸੰਸਕਾਰ) ਨਹੀਂ ਘੜਦਾ ਤਾਂ ਜੋ (ਪ੍ਰਭੂ ਦੀ) ਗੋਦੀ ਵਿਚ ਸਮਾਇਆ ਰਹੇ।
ਅਨਦਿਨੁ ਸਹਸਾ ਕਦੇ ਨ ਚੂਕੈ ਬਿਨੁ ਸਬਦੈ ਦੁਖੁ ਪਾਏ ॥
ਹਰ ਰੋਜ਼ ਕਿਸੇ ਵੇਲੇ ਭੀ ਉਸਦੀ ਚਿੰਤਾ ਦੂਰ ਨਹੀਂ ਹੁੰਦੀ, ਸ਼ਬਦ (ਦਾ ਆਸਰਾ ਲੈਣ ਤੋਂ) ਬਿਨਾ ਦੁੱਖ ਪਾਉਂਦਾ ਹੈ।
ਕਾਮੁ ਕ੍ਰੋਧੁ ਲੋਭੁ ਅੰਤਰਿ ਸਬਲਾ ਨਿਤ ਧੰਧਾ ਕਰਤ ਵਿਹਾਏ ॥
ਮੂਰਖ ਦੇ ਹਿਰਦੇ ਵਿਚ ਕਾਮ, ਕ੍ਰੋਧ ਤੇ ਲੋਭ ਜ਼ੋਰਾਂ ਵਿਚ ਹੈ, ਤੇ ਸਦਾ ਧੰਧੇ ਕਰਦਿਆਂ ਉਮਰ ਗੁਜ਼ਰਦੀ ਹੈ।
ਚਰਣ ਕਰ ਦੇਖਤ ਸੁਣਿ ਥਕੇ ਦਿਹ ਮੁਕੇ ਨੇੜੈ ਆਏ ॥
ਪੈਰ, ਹੱਥ, (ਅੱਖੀਆਂ) ਵੇਖ ਵੇਖ ਕੇ ਤੇ (ਕੰਨ) ਸੁਣ ਸੁਣ ਕੇ ਥੱਕ ਗਏ ਹਨ, (ਉਮਰ ਦੇ) ਦਿਨ ਮੁੱਕ ਗਏ ਹਨ (ਮਰਨ ਵੇਲਾ ਨੇੜੇ ਆ ਜਾਂਦਾ ਹੈ)।
ਸਚਾ ਨਾਮੁ ਨ ਲਗੋ ਮੀਠਾ ਜਿਤੁ ਨਾਮਿ ਨਵ ਨਿਧਿ ਪਾਏ ॥
ਜਿਸ ਨਾਮ ਦੀ ਰਾਹੀਂ ਨੌ ਨਿਧੀਆਂ ਲੱਭ ਪੈਣ ਉਹ ਸੱਚਾ ਨਾਮ (ਮੂਰਖ ਨੂੰ) ਪਿਆਰਾ ਨਹੀਂ ਲੱਗਦਾ।
ਜੀਵਤੁ ਮਰੈ ਮਰੈ ਫੁਨਿ ਜੀਵੈ ਤਾਂ ਮੋਖੰਤਰੁ ਪਾਏ ॥
ਜੇ ਜਿਉਂਦਾ ਹੋਇਆ (ਸੰਸਾਰ ਵਲੋਂ) ਮੁਰਦਾ ਹੋ ਜਾਵੇ (ਇਸ ਤਰ੍ਹਾਂ) ਮਰ ਕੇ ਫੇਰ (ਹਰੀ ਦੀ ਯਾਦ ਵਿਚ) ਸੁਰਜੀਤ ਹੋਵੇ, ਤਾਂ ਹੀ ਮੁਕਤੀ ਦਾ ਭੇਤ ਲੱਭਦਾ ਹੈ।
ਧੁਰਿ ਕਰਮੁ ਨ ਪਾਇਓ ਪਰਾਣੀ ਵਿਣੁ ਕਰਮਾ ਕਿਆ ਪਾਏ ॥
ਪਰ ਜਿਸ ਮਨੁੱਖ ਨੂੰ ਧੁਰੋਂ ਪਰਮਾਤਮਾ ਦੀ ਬਖ਼ਸ਼ਸ਼ ਨਸੀਬ ਨਾਹ ਹੋਈ, ਉਹ (ਪਿਛਲੇ ਚੰਗੇ ਸੰਸਕਾਰਾਂ ਵਾਲੇ) ਕੰਮਾਂ ਤੋਂ ਬਿਨਾ (ਹੁਣ ਬੰਦਗੀ ਵਾਲੇ ਸੰਸਕਾਰ) ਕਿਥੋਂ ਲਭੇ?
ਗੁਰ ਕਾ ਸਬਦੁ ਸਮਾਲਿ ਤੂ ਮੂੜੇ ਗਤਿ ਮਤਿ ਸਬਦੇ ਪਾਏ ॥
ਹੇ ਮੂਰਖ! ਸਤਿਗੁਰੂ ਦੇ ਸ਼ਬਦ ਨੂੰ (ਹਿਰਦੇ ਵਿਚ) ਸਾਂਭ, (ਕਿਉਂਕਿ) ਉੱਚੀ ਆਤਮਕ ਅਵਸਥਾ ਤੇ ਭਲੀ ਮਤ ਸ਼ਬਦ ਤੋਂ ਹੀ ਮਿਲਦੀ ਹੈ।
ਨਾਨਕ ਸਤਿਗੁਰੁ ਤਦ ਹੀ ਪਾਏ ਜਾਂ ਵਿਚਹੁ ਆਪੁ ਗਵਾਏ ॥੨॥
ਹੇ ਨਾਨਕ! ਸਤਿਗੁਰੂ ਭੀ ਤਦੋਂ ਹੀ ਮਿਲਦਾ ਹੈ ਜਦੋਂ ਮਨੁੱਖ ਹਿਰਦੇ ਵਿਚੋਂ ਅਹੰਕਾਰ ਦੂਰ ਕਰਦਾ ਹੈ ॥੨॥
ਪਉੜੀ ॥
ਜਿਸ ਦੈ ਚਿਤਿ ਵਸਿਆ ਮੇਰਾ ਸੁਆਮੀ ਤਿਸ ਨੋ ਕਿਉ ਅੰਦੇਸਾ ਕਿਸੈ ਗਲੈ ਦਾ ਲੋੜੀਐ ॥
ਜਿਸ ਮਨੁੱਖ ਦੇ ਹਿਰਦੇ ਵਿਚ ਪਿਆਰਾ ਪ੍ਰਭੂ ਨਿਵਾਸ ਕਰੇ, ਉਸ ਨੂੰ ਕਿਸੇ ਗੱਲ ਦੀ ਚਿੰਤਾ ਨਹੀਂ ਰਹਿ ਜਾਂਦੀ।
ਹਰਿ ਸੁਖਦਾਤਾ ਸਭਨਾ ਗਲਾ ਕਾ ਤਿਸ ਨੋ ਧਿਆਇਦਿਆ ਕਿਵ ਨਿਮਖ ਘੜੀ ਮੁਹੁ ਮੋੜੀਐ ॥
ਪ੍ਰਭੂ ਹਰ ਕਿਸਮ ਦਾ ਸੁਖ ਦੇਣ ਵਾਲਾ ਹੈ, ਉਸ ਦਾ ਸਿਮਰਨ ਕਰਨ ਤੋਂ ਇਕ ਖਿਨ ਭਰ ਭੀ ਨਹੀਂ ਹਟਣਾ ਚਾਹੀਦਾ।
ਜਿਨਿ ਹਰਿ ਧਿਆਇਆ ਤਿਸ ਨੋ ਸਰਬ ਕਲਿਆਣ ਹੋਏ ਨਿਤ ਸੰਤ ਜਨਾ ਕੀ ਸੰਗਤਿ ਜਾਇ ਬਹੀਐ ਮੁਹੁ ਜੋੜੀਐ ॥
ਜਿਸ ਮਨੁੱਖ ਨੇ ਹਰੀ ਨੂੰ ਸਿਮਰਿਆ ਹੈ, ਉਸ ਨੂੰ ਸਾਰੇ ਸੁਖ ਪ੍ਰਾਪਤ ਹੁੰਦੇ ਹਨ, (ਇਸ ਵਾਸਤੇ) ਸਦਾ ਸਾਧ ਸੰਗਤ ਵਿਚ ਜਾ ਕੇ ਬੈਠਣਾ ਚਾਹੀਦਾ ਹੈ ਤੇ (ਪ੍ਰਭੂ ਦੇ ਗੁਣਾਂ ਬਾਰੇ) ਵਿਚਾਰ ਕਰਨੀ ਚਾਹੀਦੀ ਹੈ।
ਸਭਿ ਦੁਖ ਭੁਖ ਰੋਗ ਗਏ ਹਰਿ ਸੇਵਕ ਕੇ ਸਭਿ ਜਨ ਕੇ ਬੰਧਨ ਤੋੜੀਐ ॥
ਹਰੀ ਦੇ ਭਗਤ ਦੇ ਸਾਰੇ ਕਲੇਸ਼ ਭੁੱਖਾਂ ਤੇ ਰੋਗ ਦੂਰ ਹੋ ਜਾਂਦੇ ਹਨ, ਤੇ ਸਾਰੇ ਬੰਧਨ ਟੁੱਟ ਜਾਂਦੇ ਹਨ।
ਹਰਿ ਕਿਰਪਾ ਤੇ ਹੋਆ ਹਰਿ ਭਗਤੁ ਹਰਿ ਭਗਤ ਜਨਾ ਕੈ ਮੁਹਿ ਡਿਠੈ ਜਗਤੁ ਤਰਿਆ ਸਭੁ ਲੋੜੀਐ ॥੪॥
ਹਰੀ ਦਾ ਭਗਤ ਹਰੀ ਦੀ ਆਪਣੀ ਕਿਰਪਾ ਨਾਲ ਬਣਦਾ ਹੈ ਤੇ ਹਰੀ ਦੇ ਭਗਤਾਂ ਦਾ ਦਰਸ਼ਨ ਕਰ ਕੇ (ਭਾਵ, ਉਹਨਾਂ ਦੀ ਸੰਗਤ ਵਿਚ ਰਹਿ ਕੇ) ਸਾਰਾ ਸੰਸਾਰ ਤਰ ਸਕਦਾ ਹੈ ॥੪॥
ਸਲੋਕ ਮਃ ੩ ॥
ਸਾ ਰਸਨਾ ਜਲਿ ਜਾਉ ਜਿਨਿ ਹਰਿ ਕਾ ਸੁਆਉ ਨ ਪਾਇਆ ॥
ਜਿਸ ਜੀਭ ਨੇ ਹਰੀ (ਦੇ ਨਾਮ) ਦਾ ਸੁਆਦ ਨਹੀਂ ਚੱਖਿਆ, ਉਹ ਜੀਭ ਸੜ ਜਾਏ (ਭਾਵ, ਉਹ ਜੀਭ ਕਿਸੇ ਕੰਮ ਦੀ ਨਹੀਂ)।
ਨਾਨਕ ਰਸਨਾ ਸਬਦਿ ਰਸਾਇ ਜਿਨਿ ਹਰਿ ਹਰਿ ਮੰਨਿ ਵਸਾਇਆ ॥੧॥
ਹੇ ਨਾਨਕ! ਉਹ ਜੀਭ ਗੁਰੂ ਦੇ ਸ਼ਬਦ ਵਿਚ ਰਸ ਜਾਂਦੀ ਹੈ ਜਿਸ (ਜੀਭ) ਨੇ ਪਰਮਾਤਮਾ ਮਨ ਵਿਚ ਵਸਾਇਆ ਹੈ ॥੧॥
ਮਃ ੩ ॥
ਸਾ ਰਸਨਾ ਜਲਿ ਜਾਉ ਜਿਨਿ ਹਰਿ ਕਾ ਨਾਉ ਵਿਸਾਰਿਆ ॥
ਜਿਸ ਜੀਭ ਨੇ ਹਰੀ ਦਾ ਨਾਮ ਵਿਸਾਰਿਆ ਹੈ, ਉਹ ਜੀਭ ਸੜ ਜਾਏ।
ਨਾਨਕ ਗੁਰਮੁਖਿ ਰਸਨਾ ਹਰਿ ਜਪੈ ਹਰਿ ਕੈ ਨਾਇ ਪਿਆਰਿਆ ॥੨॥
ਹੇ ਨਾਨਕ! ਸਤਿਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੀ ਜੀਭ ਹਰੀ ਦਾ ਨਾਮ ਜਪਦੀ ਹੈ ਹਰੀ ਦੇ ਨਾਮ ਵਿਚ ਪਿਆਰ ਕਰਦੀ ਹੈ ॥੨॥
ਪਉੜੀ ॥
ਹਰਿ ਆਪੇ ਠਾਕੁਰੁ ਸੇਵਕੁ ਭਗਤੁ ਹਰਿ ਆਪੇ ਕਰੇ ਕਰਾਏ ॥
ਪ੍ਰਭੂ ਆਪ ਹੀ ਠਾਕੁਰ ਆਪ ਹੀ ਸੇਵਕ ਤੇ ਭਗਤ ਹੈ, ਆਪੇ ਕਰਦਾ ਹੈ ਤੇ ਆਪ (ਜੀਵਾਂ ਪਾਸੋਂ) ਕਰਾਉਂਦਾ ਹੈ।
ਹਰਿ ਆਪੇ ਵੇਖੈ ਵਿਗਸੈ ਆਪੇ ਜਿਤੁ ਭਾਵੈ ਤਿਤੁ ਲਾਏ ॥
ਆਪ ਹੀ ਵੇਖਦਾ ਹੈ, ਆਪ ਹੀ ਪ੍ਰਸੰਨ ਹੁੰਦਾ ਹੈ, ਜਿਧਰ ਚਾਹੁੰਦਾ ਹੈ ਓਧਰ (ਜੀਵਾਂ ਨੂੰ) ਲਾਉਂਦਾ ਹੈ।
ਹਰਿ ਇਕਨਾ ਮਾਰਗਿ ਪਾਏ ਆਪੇ ਹਰਿ ਇਕਨਾ ਉਝੜਿ ਪਾਏ ॥
ਇਕਨਾ ਨੂੰ ਆਪ ਹੀ ਸਿੱਧੇ ਰਸਤੇ ਪਾਉਂਦਾ ਹੈ ਤੇ ਇਕਨਾ ਨੂੰ ਆਪ ਹੀ ਕੁਰਾਹੇ ਪਾ ਦੇਂਦਾ ਹੈ।
ਹਰਿ ਸਚਾ ਸਾਹਿਬੁ ਸਚੁ ਤਪਾਵਸੁ ਕਰਿ ਵੇਖੈ ਚਲਤ ਸਬਾਏ ॥
ਹਰੀ ਸੱਚਾ ਮਾਲਕ ਹੈ, ਉਸ ਦਾ ਨਿਆਂ ਭੀ ਅਭੁੱਲ ਹੈ, ਉਹ ਆਪ ਹੀ ਸਾਰੇ ਤਮਾਸ਼ੇ ਕਰ ਕੇ ਵੇਖ ਰਿਹਾ ਹੈ।
ਗੁਰਪਰਸਾਦਿ ਕਹੈ ਜਨੁ ਨਾਨਕੁ ਹਰਿ ਸਚੇ ਕੇ ਗੁਣ ਗਾਏ ॥੫॥
ਦਾਸ ਨਾਨਕ ਆਖਦਾ ਹੈ ਕਿ ਸਤਿਗੁਰੂ ਦੀ ਮੇਹਰ ਨਾਲ (ਹੀ ਮਨੁੱਖ ਐਸੇ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਗੁਣ ਗਾਉਂਦਾ ਹੈ ॥੫॥
ਸਲੋਕ ਮਃ ੩ ॥
ਦਰਵੇਸੀ ਕੋ ਜਾਣਸੀ ਵਿਰਲਾ ਕੋ ਦਰਵੇਸੁ ॥
ਕੋਈ ਵਿਰਲਾ ਫ਼ਕੀਰ ਫ਼ਕੀਰੀ (ਦੇ ਆਦਰਸ਼) ਨੂੰ ਸਮਝਦਾ ਹੈ,
ਜੇ ਘਰਿ ਘਰਿ ਹੰਢੈ ਮੰਗਦਾ ਧਿਗੁ ਜੀਵਣੁ ਧਿਗੁ ਵੇਸੁ ॥
(ਫ਼ਕੀਰ ਹੋ ਕੇ) ਜੇ ਘਰ ਘਰ ਮੰਗਦਾ ਫਿਰੇ, ਤਾਂ ਉਹਦੇ ਜੀਊਣ ਨੂੰ ਫਿਟਕਾਰ ਹੈ ਤੇ ਉਸ ਦੇ (ਫ਼ਕੀਰੀ-) ਜਾਮੇ ਨੂੰ ਫਿਟਕਾਰ ਹੈ।
ਜੇ ਆਸਾ ਅੰਦੇਸਾ ਤਜਿ ਰਹੈ ਗੁਰਮੁਖਿ ਭਿਖਿਆ ਨਾਉ ॥
ਜੇ (ਦਰਵੇਸ਼ ਹੋ ਕੇ) ਆਸਾ ਤੇ ਚਿੰਤਾ ਨੂੰ ਛੱਡ ਦੇਵੇ ਤੇ ਸਤਿਗੁਰੂ ਦੇ ਸਨਮੁਖ ਰਹਿ ਕੇ ਨਾਮ ਦੀ ਭਿਖਿਆ ਮੰਗੇ,
ਤਿਸ ਕੇ ਚਰਨ ਪਖਾਲੀਅਹਿ ਨਾਨਕ ਹਉ ਬਲਿਹਾਰੈ ਜਾਉ ॥੧॥
ਤਾਂ, ਹੇ ਨਾਨਕ! ਮੈਂ ਉਸ ਤੋਂ ਸਦਕੇ ਹਾਂ, ਉਸ ਦੇ ਚਰਨ ਧੋਣੇ ਚਾਹੀਦੇ ਹਨ ॥੧॥
ਮਃ ੩ ॥
ਨਾਨਕ ਤਰਵਰੁ ਏਕੁ ਫਲੁ ਦੁਇ ਪੰਖੇਰੂ ਆਹਿ ॥
ਹੇ ਨਾਨਕ! (ਸੰਸਾਰ ਰੂਪ) ਰੁੱਖ (ਹੈ, ਇਸ) ਨੂੰ (ਮਾਇਆ ਦਾ ਮੋਹ ਰੂਪ) ਇਕ ਫਲ (ਲੱਗਾ ਹੋਇਆ ਹੈ), (ਉਸ ਰੁੱਖ ਉਤੇ) ਦੋ (ਕਿਸਮ ਦੇ, ਗੁਰਮੁਖ ਤੇ ਮਨਮੁਖ) ਪੰਛੀ ਹਨ,
ਆਵਤ ਜਾਤ ਨ ਦੀਸਹੀ ਨਾ ਪਰ ਪੰਖੀ ਤਾਹਿ ॥
ਉਹਨਾਂ ਪੰਛੀਆਂ ਨੂੰ ਖੰਭ ਨਹੀਂ ਹਨ ਤੇ ਉਹ ਆਉਂਦੇ ਜਾਂਦੇ ਦਿੱਸਦੇ ਨਹੀਂ, (ਭਾਵ, ਇਹ ਨਹੀਂ ਪਤਾ ਲੱਗਦਾ ਕਿ ਇਹ ਜੀਵ-ਪੰਛੀ ਕਿਧਰੋਂ ਆਉਂਦੇ ਹਨ ਤੇ ਕਿਧਰ ਚਲੇ ਜਾਂਦੇ ਹਨ)
ਬਹੁ ਰੰਗੀ ਰਸ ਭੋਗਿਆ ਸਬਦਿ ਰਹੈ ਨਿਰਬਾਣੁ ॥
ਬਹੁਤੇ ਰੰਗਾਂ (ਵਿਚ ਸੁਆਦ ਲੈਣ) ਵਾਲੇ ਨੇ ਰਸਾਂ ਨੂੰ ਚੱਖਿਆ ਹੈ ਤੇ ਨਿਰ-ਚਾਹ (ਪੰਛੀ) ਸ਼ਬਦ ਵਿਚ (ਲੀਨ) ਰਹਿੰਦਾ ਹੈ।
ਹਰਿ ਰਸਿ ਫਲਿ ਰਾਤੇ ਨਾਨਕਾ ਕਰਮਿ ਸਚਾ ਨੀਸਾਣੁ ॥੨॥
ਹੇ ਨਾਨਕ! ਹਰੀ ਦੀ ਕਿਰਪਾ ਨਾਲ (ਜਿਨ੍ਹਾਂ ਦੇ ਮੱਥੇ ਤੇ) ਸੱਚਾ ਟਿੱਕਾ ਹੈ, ਉਹ ਨਾਮ ਦੇ ਰਸ (ਰੂਪ) ਫਲ (ਦੇ ਸੁਆਦ) ਵਿਚ ਮਸਤ ਹਨ ॥੨॥
ਪਉੜੀ ॥
ਆਪੇ ਧਰਤੀ ਆਪੇ ਹੈ ਰਾਹਕੁ ਆਪਿ ਜੰਮਾਇ ਪੀਸਾਵੈ ॥
ਪ੍ਰਭੂ ਆਪ ਹੀ ਭੁਇਂ ਹੈ ਆਪ ਹੀ ਉਸ ਦਾ ਵਾਹੁਣ ਵਾਲਾ ਹੈ, ਆਪ ਹੀ (ਅੰਨ) ਉਗਾਉਂਦਾ ਹੈ ਤੇ ਆਪ ਹੀ ਪਿਹਾਉਂਦਾ ਹੈ,
ਆਪਿ ਪਕਾਵੈ ਆਪਿ ਭਾਂਡੇ ਦੇਇ ਪਰੋਸੈ ਆਪੇ ਹੀ ਬਹਿ ਖਾਵੈ ॥
ਆਪੇ ਹੀ ਪਕਾਉਂਦਾ ਹੈ ਤੇ ਆਪ ਹੀ ਭਾਂਡੇ ਦੇ ਕੇ ਵਰਤਾਉਂਦਾ ਹੈ ਤੇ ਆਪ ਹੀ ਬਹਿ ਕੇ ਖਾਂਦਾ ਹੈ।
ਆਪੇ ਜਲੁ ਆਪੇ ਦੇ ਛਿੰਗਾ ਆਪੇ ਚੁਲੀ ਭਰਾਵੈ ॥
ਆਪ ਹੀ ਜਲ ਦਿੰਦਾ ਹੈ ਤੇ ਛਿੰਗਾ ਭੀ ਆਪ ਦੇਂਦਾ ਹੈ ਤੇ ਆਪ ਹੀ ਚੁਲੀ ਕਰਾਉਂਦਾ ਹੈ।
ਆਪੇ ਸੰਗਤਿ ਸਦਿ ਬਹਾਲੈ ਆਪੇ ਵਿਦਾ ਕਰਾਵੈ ॥
ਹਰੀ ਆਪ ਹੀ ਸੰਗਤਿ ਨੂੰ ਸੱਦ ਕੇ ਬਿਠਾਉਂਦਾ ਹੈ ਤੇ ਆਪ ਹੀ ਵਿਦਾ ਕਰਦਾ ਹੈ।
ਜਿਸ ਨੋ ਕਿਰਪਾਲੁ ਹੋਵੈ ਹਰਿ ਆਪੇ ਤਿਸ ਨੋ ਹੁਕਮੁ ਮਨਾਵੈ ॥੬॥
ਜਿਸ ਉਤੇ ਪ੍ਰਭੂ ਆਪ ਦਇਆਲ ਹੁੰਦਾ ਹੈ ਉਸ ਨੂੰ ਆਪਣੀ ਰਜ਼ਾ (ਮਿੱਠੀ ਕਰ ਕੇ) ਮਨਾਂਦਾ ਹੈ ॥੬॥
ਸਲੋਕ ਮਃ ੩ ॥
ਕਰਮ ਧਰਮ ਸਭਿ ਬੰਧਨਾ ਪਾਪ ਪੁੰਨ ਸਨਬੰਧੁ ॥
(ਕਰਮ ਕਾਂਡ ਦੇ) ਕਰਮ ਤੇ ਧਰਮ ਸਾਰੇ ਬੰਧਨ (ਰੂਪ) ਹੀ ਹਨ ਅਤੇ ਚੰਗੇ ਜਾਂ ਮੰਦੇ ਕੰਮ ਭੀ (ਸੰਸਾਰ/ਮਾਇਆ ਨਾਲ ਮੋਹ) ਜੋੜੀ ਰੱਖਣ ਦਾ ਵਸੀਲਾ ਹਨ।
ਮਮਤਾ ਮੋਹੁ ਸੁ ਬੰਧਨਾ ਪੁਤ੍ਰ ਕਲਤ੍ਰ ਸੁ ਧੰਧੁ ॥
ਮਮਤਾ ਤੇ ਮੋਹ ਭੀ ਬੰਧਨ-ਰੂਪ ਹੈ, ਪੁੱਤ੍ਰ ਤੇ ਇਸਤ੍ਰੀ-(ਇਹਨਾਂ ਦਾ ਪਿਆਰ ਭੀ) ਕਸ਼ਟ ਦਾ ਕਾਰਨ ਹੈ,
ਜਹ ਦੇਖਾ ਤਹ ਜੇਵਰੀ ਮਾਇਆ ਕਾ ਸਨਬੰਧੁ ॥
ਜਿੱਧਰ ਵੇਖਦਾ ਹਾਂ ਉਧਰ ਹੀ ਮਾਇਆ ਦਾ ਮੋਹ (ਰੂਪ) ਜੇਵੜੀ ਹੈ।
ਨਾਨਕ ਸਚੇ ਨਾਮ ਬਿਨੁ ਵਰਤਣਿ ਵਰਤੈ ਅੰਧੁ ॥੧॥
ਹੇ ਨਾਨਕ! ਸੱਚੇ ਨਾਮ ਤੋਂ ਬਿਨਾ ਅੰਨ੍ਹਾ ਮਨੁੱਖ (ਮਾਇਆ ਦੀ) ਵਰਤੋਂ ਹੀ ਵਰਤਦਾ ਹੈ ॥੧॥
ਮਃ ੪ ॥
ਅੰਧੇ ਚਾਨਣੁ ਤਾ ਥੀਐ ਜਾ ਸਤਿਗੁਰੁ ਮਿਲੈ ਰਜਾਇ ॥
ਅੰਨ੍ਹੇ ਮਨੁੱਖ ਨੂੰ ਚਾਨਣ ਤਾਂ ਹੀ ਹੁੰਦਾ ਹੈ ਜੇ (ਪ੍ਰਭੂ ਦੀ) ਰਜ਼ਾ ਵਿਚ ਉਸ ਨੂੰ ਸਤਿਗੁਰੂ ਮਿਲ ਪਏ।
ਬੰਧਨ ਤੋੜੈ ਸਚਿ ਵਸੈ ਅਗਿਆਨੁ ਅਧੇਰਾ ਜਾਇ ॥
ਇੰਜ ਉਹ (ਮਾਇਆ ਦੇ) ਬੰਧਨ ਤੋੜ ਲੈਂਦਾ ਹੈ, ਸੱਚੇ ਹਰੀ ਵਿਚ ਲੀਨ ਹੋ ਜਾਂਦਾ ਹੈ ਤੇ ਉਸ ਦਾ ਅਗਿਆਨ (ਰੂਪ) ਹਨੇਰਾ ਦੂਰ ਹੋ ਜਾਂਦਾ ਹੈ।
ਸਭੁ ਕਿਛੁ ਦੇਖੈ ਤਿਸੈ ਕਾ ਜਿਨਿ ਕੀਆ ਤਨੁ ਸਾਜਿ ॥
ਫਿਰ ਮਨੁੱਖ ਸਭ ਕੁਝ ਉਸੇ ਪ੍ਰਭੂ ਦਾ ਹੀ ਸਮਝਦਾ ਹੈ, ਜਿਸ ਨੇ ਸਰੀਰ ਬਣਾ ਕੇ ਪੈਦਾ ਕੀਤਾ ਹੈ।
ਨਾਨਕ ਸਰਣਿ ਕਰਤਾਰ ਕੀ ਕਰਤਾ ਰਾਖੈ ਲਾਜ ॥੨॥
ਹੇ ਨਾਨਕ! ਐਸਾ ਮਨੁੱਖ ਸਿਰਜਣਹਾਰ ਦੀ ਸਰਣੀ ਪੈਂਦਾ ਹੈ ਤੇ ਸਿਰਜਣਹਾਰ ਉਸ ਦੀ ਪੈਜ ਰੱਖਦਾ ਹੈ (ਭਾਵ, ਉਸ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ) ॥੨॥
ਪਉੜੀ ॥
ਜਦਹੁ ਆਪੇ ਥਾਟੁ ਕੀਆ ਬਹਿ ਕਰਤੈ ਤਦਹੁ ਪੁਛਿ ਨ ਸੇਵਕੁ ਬੀਆ ॥
ਜਦੋਂ ਪ੍ਰਭੂ ਨੇ ਆਪ ਹੀ ਬਹਿ ਕੇ ਰਚਨਾ ਰਚੀ ਤਦੋਂ ਉਸ ਨੇ ਕਿਸੇ ਦੂਸਰੇ ਸੇਵਕ ਪਾਸੋਂ ਸਲਾਹ ਨਹੀਂ ਲਈ ਸੀ,
ਤਦਹੁ ਕਿਆ ਕੋ ਲੇਵੈ ਕਿਆ ਕੋ ਦੇਵੈ ਜਾਂ ਅਵਰੁ ਨ ਦੂਜਾ ਕੀਆ ॥
ਜਦੋਂ ਹੋਰ ਦੂਸਰਾ ਕੋਈ ਪੈਦਾ ਹੀ ਨਹੀਂ ਸੀ ਕੀਤਾ, ਤਾਂ ਕਿਸੇ ਨੇ ਕਿਸੇ ਪਾਸੋਂ ਲੈਣਾ ਕੀਹ ਸੀ ਤੇ ਦੇਣਾ ਕੀਹ ਸੀ?
ਫਿਰਿ ਆਪੇ ਜਗਤੁ ਉਪਾਇਆ ਕਰਤੈ ਦਾਨੁ ਸਭਨਾ ਕਉ ਦੀਆ ॥
ਫਿਰ ਹਰੀ ਨੇ ਆਪ ਹੀ ਸੰਸਾਰ ਨੂੰ ਪੈਦਾ ਕੀਤਾ ਤੇ ਸਭ ਜੀਵਾਂ ਨੂੰ ਰੋਜ਼ੀ ਦਿੱਤੀ।
ਆਪੇ ਸੇਵ ਬਣਾਈਅਨੁ ਗੁਰਮੁਖਿ ਆਪੇ ਅੰਮ੍ਰਿਤੁ ਪੀਆ ॥
ਗੁਰੂ ਦੀ ਰਾਹੀਂ ਸਿਮਰਨ ਦੀ ਜੁਗਤਿ ਪ੍ਰਭੂ ਨੇ ਆਪ ਹੀ ਬਣਾਈ ਤੇ ਆਪ ਹੀ ਉਸ ਨੇ (ਨਾਮ-ਰੂਪ) ਅੰਮ੍ਰਿਤ ਪੀਤਾ।
ਆਪਿ ਨਿਰੰਕਾਰ ਆਕਾਰੁ ਹੈ ਆਪੇ ਆਪੇ ਕਰੈ ਸੁ ਥੀਆ ॥੭॥
ਪ੍ਰਭੂ ਆਪ ਹੀ ਆਕਾਰ ਤੋਂ ਰਹਿਤ ਹੈ ਤੇ ਆਪ ਹੀ ਆਕਾਰ ਵਾਲਾ ਹੈ, ਜੋ ਉਹ ਆਪ ਕਰਦਾ ਹੈ ਸੋਈ ਹੁੰਦਾ ਹੈ ॥੭॥
ਸਲੋਕ ਮਃ ੩ ॥
ਗੁਰਮੁਖਿ ਪ੍ਰਭੁ ਸੇਵਹਿ ਸਦ ਸਾਚਾ ਅਨਦਿਨੁ ਸਹਜਿ ਪਿਆਰਿ ॥
ਸਤਿਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਹਰ ਵੇਲੇ ਸਹਿਜ ਅਵਸਥਾ ਵਿਚ ਲਿਵ ਜੋੜ ਕੇ (ਭਾਵ, ਸਦਾ ਇਕਾਗਰ ਚਿੱਤ ਰਹਿ ਕੇ) ਸਦਾ ਸੱਚੇ ਪ੍ਰਭੂ ਨੂੰ ਸਿਮਰਦੇ ਹਨ,
ਸਦਾ ਅਨੰਦਿ ਗਾਵਹਿ ਗੁਣ ਸਾਚੇ ਅਰਧਿ ਉਰਧਿ ਉਰਿ ਧਾਰਿ ॥
ਤੇ ਹੇਠ ਉਪਰ (ਸਭ ਥਾਈਂ) ਵਿਆਪਕ ਹਰੀ ਨੂੰ ਹਿਰਦੇ ਵਿਚ ਪ੍ਰੋ ਕੇ ਚੜ੍ਹਦੀ ਕਲਾ ਵਿਚ (ਰਹਿ ਕੇ) ਸਦਾ ਸੱਚੇ ਦੀ ਸਿਫ਼ਤ-ਸਾਲਾਹ ਕਰਦੇ ਹਨ।
ਅੰਤਰਿ ਪ੍ਰੀਤਮੁ ਵਸਿਆ ਧੁਰਿ ਕਰਮੁ ਲਿਖਿਆ ਕਰਤਾਰਿ ॥
ਧੁਰੋਂ ਹੀ ਕਰਤਾਰ ਨੇ (ਉਹਨਾਂ ਲਈ) ਬਖ਼ਸ਼ਸ਼ (ਦਾ ਫ਼ੁਰਮਾਨ) ਲਿਖ ਦਿੱਤਾ ਹੈ ਜਿਸ ਕਰਕੇ ਉਹਨਾਂ ਦੇ ਹਿਰਦੇ ਵਿਚ ਪਿਆਰਾ ਪ੍ਰਭੂ ਵੱਸਦਾ ਹੈ।
ਨਾਨਕ ਆਪਿ ਮਿਲਾਇਅਨੁ ਆਪੇ ਕਿਰਪਾ ਧਾਰਿ ॥੧॥
ਹੇ ਨਾਨਕ! ਉਸ ਪ੍ਰਭੂ ਨੇ ਆਪ ਹੀ ਕਿਰਪਾ ਕਰ ਕੇ ਉਹਨਾਂ ਨੂੰ ਆਪਣੇ ਵਿਚ ਮਿਲਾ ਲਿਆ ਹੈ ॥੧॥
ਮਃ ੩ ॥
ਕਹਿਐ ਕਥਿਐ ਨ ਪਾਈਐ ਅਨਦਿਨੁ ਰਹੈ ਸਦਾ ਗੁਣ ਗਾਇ ॥
ਕੇਵਲ ਕਹਿੰਦਿਆਂ ਤੇ ਕਥਦਿਆਂ ਪ੍ਰਭੂ ਨਹੀਂ ਮਿਲਦਾ, ਚਾਹੇ ਜੀਵ ਹਰ ਵੇਲੇ ਗੁਣ ਗਾਉਂਦਾ ਰਹੇ,
ਵਿਣੁ ਕਰਮੈ ਕਿਨੈ ਨ ਪਾਇਓ ਭਉਕਿ ਮੁਏ ਬਿਲਲਾਇ ॥
ਮੇਹਰ ਤੋਂ ਬਿਨਾ ਕਿਸੇ ਨੂੰ ਪ੍ਰਭੂ ਨਹੀਂ ਮਿਲਿਆ, ਕਈ ਰੋਂਦੇ ਕੁਰਲਾਉਂਦੇ ਮਰ ਗਏ ਹਨ।
ਗੁਰ ਕੈ ਸਬਦਿ ਮਨੁ ਤਨੁ ਭਿਜੈ ਆਪਿ ਵਸੈ ਮਨਿ ਆਇ ॥
ਸਤਿਗੁਰੂ ਦੇ ਸ਼ਬਦ ਨਾਲ (ਹੀ) ਮਨ ਤੇ ਤਨ ਭਿੱਜਦਾ ਹੈ ਤੇ ਪ੍ਰਭੂ ਹਿਰਦੇ ਵਿਚ ਵੱਸਦਾ ਹੈ।
ਨਾਨਕ ਨਦਰੀ ਪਾਈਐ ਆਪੇ ਲਏ ਮਿਲਾਇ ॥੨॥
ਹੇ ਨਾਨਕ! ਪ੍ਰਭੂ ਆਪਣੀ ਕ੍ਰਿਪਾ ਦ੍ਰਿਸ਼ਟੀ ਨਾਲ ਹੀ ਮਿਲਦਾ ਹੈ, ਉਹ ਆਪ ਹੀ (ਜੀਵ ਨੂੰ) ਆਪਣੇ ਨਾਲ ਮਿਲਾਂਦਾ ਹੈ ॥੨॥
ਪਉੜੀ ॥
ਆਪੇ ਵੇਦ ਪੁਰਾਣ ਸਭਿ ਸਾਸਤ ਆਪਿ ਕਥੈ ਆਪਿ ਭੀਜੈ ॥
ਸਾਰੇ ਵੇਦ ਪੁਰਾਣ ਤੇ ਸ਼ਾਸਤ੍ਰ ਪ੍ਰਭੂ ਆਪ ਹੀ ਰਚਣ ਵਾਲਾ ਹੈ, ਆਪ ਹੀ ਇਹਨਾਂ ਦੀ ਕਥਾ ਕਰਦਾ ਹੈ ਤੇ ਆਪ ਹੀ (ਸੁਣ ਕੇ) ਪ੍ਰਸੰਨ ਹੁੰਦਾ ਹੈ।
ਆਪੇ ਹੀ ਬਹਿ ਪੂਜੇ ਕਰਤਾ ਆਪਿ ਪਰਪੰਚੁ ਕਰੀਜੈ ॥
ਹਰੀ ਆਪ ਹੀ ਬੈਠ ਕੇ (ਪੁਰਾਣ ਆਦਿਕ ਮਤ-ਅਨੁਸਾਰ) ਪੂਜਾ ਕਰਦਾ ਹੈ ਤੇ ਆਪ ਹੀ (ਹੋਰ) ਪਸਾਰਾ ਪਸਾਰਦਾ ਹੈ।
ਆਪਿ ਪਰਵਿਰਤਿ ਆਪਿ ਨਿਰਵਿਰਤੀ ਆਪੇ ਅਕਥੁ ਕਥੀਜੈ ॥
ਆਪ ਹੀ ਸੰਸਾਰ ਵਿਚ ਖਚਿਤ ਹੋ ਰਿਹਾ ਹੈ ਤੇ ਆਪ ਹੀ ਏਸ ਤੋਂ ਕਿਨਾਰਾ ਕਰੀ ਬੈਠਾ ਹੈ ਤੇ ਕਥਨ ਤੋਂ ਪਰੇ ਆਪਣਾ ਆਪਾ ਆਪ ਹੀ ਬਿਆਨ ਕਰਦਾ ਹੈ।
ਆਪੇ ਪੁੰਨੁ ਸਭੁ ਆਪਿ ਕਰਾਏ ਆਪਿ ਅਲਿਪਤੁ ਵਰਤੀਜੈ ॥
ਪੁੰਨ ਭੀ ਆਪ ਹੀ ਕਰਾਉਂਦਾ ਹੈ, ਫੇਰ (ਪਾਪ) ਪੁੰਨ ਤੋਂ ਅਲੇਪ ਭੀ ਆਪ ਹੀ ਵਰਤਦਾ ਹੈ।
ਆਪੇ ਸੁਖੁ ਦੁਖੁ ਦੇਵੈ ਕਰਤਾ ਆਪੇ ਬਖਸ ਕਰੀਜੈ ॥੮॥
ਆਪ ਹੀ ਪ੍ਰਭੂ ਸੁਖ ਦੁਖ ਦੇਂਦਾ ਹੈ ਅਤੇ ਆਪ ਹੀ ਮੇਹਰ ਕਰਦਾ ਹੈ ॥੮॥
ਸਲੋਕ ਮਃ ੩ ॥
ਸੇਖਾ ਅੰਦਰਹੁ ਜੋਰੁ ਛਡਿ ਤੂ ਭਉ ਕਰਿ ਝਲੁ ਗਵਾਇ ॥
ਹੇ ਸ਼ੇਖ਼! ਹਿਰਦੇ ਵਿਚੋਂ ਹਠ ਛੱਡ ਦੇਹ, ਇਹ ਝੱਲ-ਪੁਣਾ ਦੂਰ ਕਰ ਤੇ ਸਤਿਗੁਰੂ ਦਾ ਡਰ ਹਿਰਦੇ ਵਿਚ ਵਸਾ (ਭਾਵ, ਅਦਬ ਵਿਚ ਆ)।
ਗੁਰ ਕੈ ਭੈ ਕੇਤੇ ਨਿਸਤਰੇ ਭੈ ਵਿਚਿ ਨਿਰਭਉ ਪਾਇ ॥
ਸਤਿਗੁਰੂ ਦੇ ਅਦਬ ਵਿਚ ਰਹਿ ਕੇ ਨਿਰਭਉ ਪ੍ਰਭੂ ਨੂੰ ਲੱਭ ਕੇ ਕਈ ਏਸ ਡਰ ਦੀ ਰਾਹੀਂ ਤਰ ਗਏ ਹਨ।
ਮਨੁ ਕਠੋਰੁ ਸਬਦਿ ਭੇਦਿ ਤੂੰ ਸਾਂਤਿ ਵਸੈ ਮਨਿ ਆਇ ॥
ਆਪਣੇ ਕਰੜੇ ਮਨ ਨੂੰ ਸਤਿਗੁਰੂ ਦੇ ਸ਼ਬਦ ਨਾਲ ਵਿੰਨ੍ਹ ਤਾਂ ਕਿ ਤੇਰੇ ਮਨ ਵਿਚ ਸ਼ਾਂਤੀ ਤੇ ਠੰਡ ਆ ਕੇ ਵੱਸੇ।
ਸਾਂਤੀ ਵਿਚਿ ਕਾਰ ਕਮਾਵਣੀ ਸਾ ਖਸਮੁ ਪਾਏ ਥਾਇ ॥
ਫੇਰ ਸ਼ਾਤੀ ਵਿਚ (ਭਜਨ ਬੰਦਗੀ ਵਾਲੀ) ਜੋ ਕਾਰ ਕਰੇਂਗਾ, ਮਾਲਕ ਉਸ ਨੂੰ ਕਬੂਲ ਕਰੇਗਾ।
ਨਾਨਕ ਕਾਮਿ ਕ੍ਰੋਧਿ ਕਿਨੈ ਨ ਪਾਇਓ ਪੁਛਹੁ ਗਿਆਨੀ ਜਾਇ ॥੧॥
ਹੇ ਨਾਨਕ! ਕਿਸੇ ਗਿਆਨ ਵਾਲੇ ਨੂੰ ਜਾ ਕੇ ਪੁੱਛ ਲੈ, ਕਾਮ ਤੇ ਕ੍ਰੋਧ (ਆਦਿਕ ਵਿਕਾਰਾਂ) ਦੇ ਅਧੀਨ ਹੋਇਆਂ ਕਿਸੇ ਨੂੰ ਭੀ ਰੱਬ ਨਹੀਂ ਲੱਭਾ ॥੧॥
ਮਃ ੩ ॥
ਮਨਮੁਖ ਮਾਇਆ ਮੋਹੁ ਹੈ ਨਾਮਿ ਨ ਲਗੋ ਪਿਆਰੁ ॥
ਮਨਮੁਖ ਦਾ ਮਾਇਆ ਵਿਚ ਮੋਹ ਹੈ (ਇਸ ਕਰ ਕੇ) ਨਾਮ ਵਿਚ ਉਸਦਾ ਪਿਆਰ ਨਹੀਂ ਬਣਦਾ।
ਕੂੜੁ ਕਮਾਵੈ ਕੂੜੁ ਸੰਗ੍ਰਹੈ ਕੂੜੁ ਕਰੇ ਆਹਾਰੁ ॥
ਉਹ (ਮਾਇਆ ਰੂਪ) ਖੋਟ ਕਮਾਉਂਦਾ, ਖੋਟ ਹੀ ਇਕੱਠੀ ਕਰਦਾ ਹੈ ਤੇ ਖੋਟ ਨੂੰ ਹੀ ਆਪਣੀ ਖ਼ੁਰਾਕ ਬਣਾਉਂਦਾ ਹੈ (ਭਾਵ, ਜ਼ਿੰਦਗੀ ਦਾ ਆਸਰਾ ਸਮਝਦਾ ਹੈ)।
ਬਿਖੁ ਮਾਇਆ ਧਨੁ ਸੰਚਿ ਮਰਹਿ ਅੰਤੇ ਹੋਇ ਸਭੁ ਛਾਰੁ ॥
(ਮਨੁੱਖ) ਵਿਹੁ ਰੂਪ ਮਾਇਆ-ਧਨ ਨੂੰ ਇਕੱਠਾ ਕਰ ਕਰ ਕੇ ਖਪਦੇ ਮਰਦੇ ਹਨ ਤੇ ਉਹ ਸਾਰਾ ਧਨ ਅਖ਼ੀਰ ਵੇਲੇ ਸੁਆਹ (ਵਾਂਗ) ਹੋ ਜਾਂਦਾ ਹੈ।
ਕਰਮ ਧਰਮ ਸੁਚ ਸੰਜਮ ਕਰਹਿ ਅੰਤਰਿ ਲੋਭੁ ਵਿਕਾਰੁ ॥
ਉਹ ਆਪਣੇ ਵਲੋਂ ਕਰਮ ਤੇ ਧਰਮ ਪਵਿਤ੍ਰਤਾ ਦੇ ਸਾਧਨ ਤੇ ਹੋਰ ਸੰਜਮ (ਭੀ) ਕਰਦੇ ਹਨ (ਪਰ) ਉਹਨਾਂ ਦੇ ਹਿਰਦੇ ਵਿਚ ਲੋਭ ਤੇ ਵਿਕਾਰ (ਹੀ) ਰਹਿੰਦਾ ਹੈ।
ਨਾਨਕ ਜਿ ਮਨਮੁਖੁ ਕਮਾਵੈ ਸੁ ਥਾਇ ਨਾ ਪਵੈ ਦਰਗਹਿ ਹੋਇ ਖੁਆਰੁ ॥੨॥
ਹੇ ਨਾਨਕ! ਮਨ ਦੇ ਅਧੀਨ ਹੋਇਆ ਹੋਇਆ ਮਨੁੱਖ ਜੋ ਕੁਝ (ਭੀ) ਕਰਦਾ ਹੈ ਉਹ ਕਬੂਲ ਨਹੀਂ ਹੁੰਦਾ ਤੇ ਪ੍ਰਭੂ ਦੀ ਹਜ਼ੂਰੀ ਵਿੱਚ ਉਹ ਖ਼ੁਆਰ ਹੁੰਦਾ ਹੈ ॥੨॥
ਪਉੜੀ ॥
ਆਪੇ ਖਾਣੀ ਆਪੇ ਬਾਣੀ ਆਪੇ ਖੰਡ ਵਰਭੰਡ ਕਰੇ ॥
ਪ੍ਰਭੂ ਆਪ ਹੀ ਖਾਣੀਆਂ, ਬੋਲੀਆਂ, ਖੰਡ ਤੇ ਬ੍ਰਹਮੰਡ ਬਣਾਉਂਦਾ ਹੈ।
ਆਪਿ ਸਮੁੰਦੁ ਆਪਿ ਹੈ ਸਾਗਰੁ ਆਪੇ ਹੀ ਵਿਚਿ ਰਤਨ ਧਰੇ ॥
ਆਪ ਹੀ ਸਮੁੰਦਰ ਸਾਗਰ ਹੈ ਤੇ ਉਸ ਨੇ ਆਪ ਹੀ ਇਸ ਵਿਚ (ਸਿਫ਼ਤ-ਸਾਲਾਹ ਰੂਪ) ਰਤਨ ਲੁਕਾ ਰੱਖੇ ਹਨ।
ਆਪਿ ਲਹਾਏ ਕਰੇ ਜਿਸੁ ਕਿਰਪਾ ਜਿਸ ਨੋ ਗੁਰਮੁਖਿ ਕਰੇ ਹਰੇ ॥
ਜਿਸ ਤੇ ਕਿਰਪਾ ਕਰਦਾ ਹੈ, ਤੇ ਜਿਸ ਨੂੰ ਸਤਿਗੁਰੂ ਦੇ ਸਨਮੁਖ ਕਰਦਾ ਹੈ ਉਸ ਨੂੰ ਆਪ ਹੀ ਉਹ ਰਤਨ ਲਭਾ ਦੇਂਦਾ ਹੈ।
ਆਪੇ ਭਉਜਲੁ ਆਪਿ ਹੈ ਬੋਹਿਥਾ ਆਪੇ ਖੇਵਟੁ ਆਪਿ ਤਰੇ ॥
ਪ੍ਰਭੂ ਆਪ ਹੀ (ਸੰਸਾਰ) ਸਮੁੰਦਰ ਹੈ, ਆਪ ਹੀ ਜਹਾਜ਼ ਹੈ, ਆਪ ਹੀ ਮੱਲਾਹ ਹੈ ਤੇ ਆਪ ਹੀ ਤਰਦਾ ਹੈ।
ਆਪੇ ਕਰੇ ਕਰਾਏ ਕਰਤਾ ਅਵਰੁ ਨ ਦੂਜਾ ਤੁਝੈ ਸਰੇ ॥੯॥
ਆਪ ਹੀ ਸਭ ਕੁਝ ਕਰਦਾ ਕਰਾਉਂਦਾ ਹੈ। ਹੇ ਪ੍ਰਭੂ! ਤੇਰੇ ਜਿਹਾ ਦੂਜਾ ਕੋਈ ਨਹੀਂ ॥੯॥
ਸਲੋਕ ਮਃ ੩ ॥
ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤੁ ਲਾਇ ॥
ਜੇ ਮਨੁੱਖ ਮਨ ਟਿਕਾ ਕੇ ਸਤਿਗੁਰੂ ਦੀ (ਦੱਸੀ ਹੋਈ) ਕਾਰ ਕਰੇ, ਤਾਂ ਉਹ ਸੇਵਾ ਜ਼ਰੂਰ ਫਲ ਦੇਂਦੀ ਹੈ।
ਨਾਮੁ ਪਦਾਰਥੁ ਪਾਈਐ ਅਚਿੰਤੁ ਵਸੈ ਮਨਿ ਆਇ ॥
ਇੰਜ ਨਾਮ ਧਨ ਮਿਲ ਜਾਂਦਾ ਹੈ ਤੇ ਚਿੰਤਾ ਤੋਂ ਰਹਿਤ (ਪ੍ਰਭੂ) ਮਨ ਵਿਚ ਆ ਵੱਸਦਾ ਹੈ।
ਜਨਮ ਮਰਨ ਦੁਖੁ ਕਟੀਐ ਹਉਮੈ ਮਮਤਾ ਜਾਇ ॥
ਤੇ ਇਹ ਸਾਰੀ ਉਮਰ ਦਾ ਦੁੱਖ ਕੱਟਿਆ ਜਾਂਦਾ ਹੈ ਤੇ ਹਉਮੈ ਮਮਤਾ ਦੂਰ ਹੋ ਜਾਂਦੀ ਹੈ।
ਉਤਮ ਪਦਵੀ ਪਾਈਐ ਸਚੇ ਰਹੈ ਸਮਾਇ ॥
ਤੇ ਇੰਜ (ਪ੍ਰਭੂ ਦੀ ਹਜ਼ੂਰੀ ਵਿਚ) ਵੱਡਾ ਰੁਤਬਾ ਮਿਲਦਾ ਹੈ, ਮਨੁੱਖ ਸੱਚੇ ਹਰੀ ਵਿਚ ਸਮਾਇਆ ਰਹਿੰਦਾ ਹੈ।
ਨਾਨਕ ਪੂਰਬਿ ਜਿਨ ਕਉ ਲਿਖਿਆ ਤਿਨਾ ਸਤਿਗੁਰੁ ਮਿਲਿਆ ਆਇ ॥੧॥
ਹੇ ਨਾਨਕ! ਮੁੱਢ ਤੋਂ ਜਿਨ੍ਹਾਂ ਦੇ ਹਿਰਦੇ ਵਿਚ (ਚੰਗੇ ਸੰਸਕਾਰ) ਉੱਕਰੇ ਹੋਏ ਹਨ, ਉਹਨਾਂ ਨੂੰ ਹੀ ਸਤਿਗੁਰੂ ਆ ਮਿਲਦਾ ਹੈ (ਭਾਵ, ਉਹੀ ਸਤਿਗੁਰੂ ਨੂੰ ਪਛਾਣ ਲੈਂਦੇ ਹਨ) ॥੧॥
ਮਃ ੩ ॥
ਨਾਮਿ ਰਤਾ ਸਤਿਗੁਰੂ ਹੈ ਕਲਿਜੁਗ ਬੋਹਿਥੁ ਹੋਇ ॥
ਸਤਿਗੁਰੂ (ਪ੍ਰਭੂ ਦੇ) ਨਾਮ ਵਿਚ ਭਿੱਜਾ ਹੋਇਆ ਹੁੰਦਾ ਹੈ ਤੇ ਕਲਿਜੁਗ (ਦੇ ਜੀਆਂ ਨੂੰ ਤਾਰਨ) ਲਈ ਜਹਾਜ਼ ਬਣਦਾ ਹੈ।
ਗੁਰਮੁਖਿ ਹੋਵੈ ਸੁ ਪਾਰਿ ਪਵੈ ਜਿਨਾ ਅੰਦਰਿ ਸਚਾ ਸੋਇ ॥
ਗੁਰੂ ਦੇ ਸਨਮੁਖ ਹੋਣ ਕਾਰਨ ਜਿਸ ਦੇ ਅੰਦਰ ਪ੍ਰਭੂ ਸਮਾ ਜਾਂਦਾ ਹੈ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।
ਨਾਮੁ ਸਮੑਾਲੇ ਨਾਮੁ ਸੰਗ੍ਰਹੈ ਨਾਮੇ ਹੀ ਪਤਿ ਹੋਇ ॥
ਇੰਜ ਮਨੁੱਖ ਨਾਮ ਨੂੰ ਸਾਂਭਦਾ ਹੈ ਤੇ ਨਾਮ ਧਨ ਇਕੱਠਾ ਕਰਦਾ ਹੈ ਤੇ ਨਾਮ ਦੇ ਕਾਰਨ ਹੀ ਉਸ ਦਾ ਆਦਰ ਹੁੰਦਾ ਹੈ।
ਨਾਨਕ ਸਤਿਗੁਰੁ ਪਾਇਆ ਕਰਮਿ ਪਰਾਪਤਿ ਹੋਇ ॥੨॥
ਹੇ ਨਾਨਕ! ਸਤਿਗੁਰੂ ਨੂੰ ਮਿਲ ਕੇ ਪ੍ਰਭੂ ਦੀ ਮੇਹਰ ਨਾਲ ਹੀ (ਭਾਵ, ਬਖ਼ਸ਼ਸ਼ ਦਾ ਪਾਤ੍ਰ ਬਣਿਆਂ ਹੀ) ਨਾਮ ਦੀ ਪ੍ਰਾਪਤੀ ਹੁੰਦੀ ਹੈ ॥੨॥
ਪਉੜੀ ॥
ਆਪੇ ਪਾਰਸੁ ਆਪਿ ਧਾਤੁ ਹੈ ਆਪਿ ਕੀਤੋਨੁ ਕੰਚਨੁ ॥
ਪ੍ਰਭੂ ਸੁਆਮੀ ਆਪ ਹੀ ਪਾਰਸ ਹੈ, ਆਪ ਹੀ ਲੋਹਾ ਹੈ ਤੇ ਉਸ ਨੇ ਆਪ ਹੀ (ਉਸ ਤੋਂ) ਸੋਨਾ ਬਣਾਇਆ ਹੈ।
ਆਪੇ ਠਾਕੁਰੁ ਸੇਵਕੁ ਆਪੇ ਆਪੇ ਹੀ ਪਾਪ ਖੰਡਨੁ ॥
ਆਪ ਹੀ ਠਾਕੁਰ ਹੈ, ਆਪ ਹੀ ਸੇਵਕ ਹੈ ਤੇ ਆਪ ਹੀ ਪਾਪ ਦੂਰ ਕਰਨ ਵਾਲਾ ਹੈ।
ਆਪੇ ਸਭਿ ਘਟ ਭੋਗਵੈ ਸੁਆਮੀ ਆਪੇ ਹੀ ਸਭੁ ਅੰਜਨੁ ॥
ਸਾਰੇ ਸਰੀਰਾਂ ਵਿਚ ਆਪ ਹੀ ਵਿਆਪਕ ਹੋ ਕੇ ਮਾਇਕ ਪਦਾਰਥ ਭੋਗਦਾ ਹੈ ਤੇ ਸਾਰੀ ਮਾਇਆ ਭੀ ਆਪ ਹੀ ਹੈ।
ਆਪਿ ਬਿਬੇਕੁ ਆਪਿ ਸਭੁ ਬੇਤਾ ਆਪੇ ਗੁਰਮੁਖਿ ਭੰਜਨੁ ॥
ਆਪ ਹੀ ਬਿਬੇਕ (ਭਾਵ, ਗਿਆਨ) ਹੈ, ਆਪ ਹੀ ਸਾਰੇ (ਬਿਬੇਕ) ਨੂੰ ਜਾਣਨ ਵਾਲਾ ਹੈ ਤੇ ਆਪ ਹੀ ਸਤਿਗੁਰੂ ਦੇ ਸਨਮੁਖ ਹੋ ਕੇ (ਮਾਇਆ ਦੇ ਬੰਧਨ) ਤੋੜਨ ਵਾਲਾ ਹੈ।
ਜਨੁ ਨਾਨਕੁ ਸਾਲਾਹਿ ਨ ਰਜੈ ਤੁਧੁ ਕਰਤੇ ਤੂ ਹਰਿ ਸੁਖਦਾਤਾ ਵਡਨੁ ॥੧੦॥
ਹੇ ਕਰਤਾਰ! ਦਾਸ ਨਾਨਕ ਤੇਰੀ ਸਿਫ਼ਤ-ਸਾਲਾਹ ਕਰ ਕੇ ਰੱਜਦਾ ਨਹੀਂ (ਭਾਵ ਮੈਂ ਤੇਰੀ ਕੇਹੜੀ ਸਿਫ਼ਤ ਕਰਾਂ?), ਤੂੰ ਸਭ ਤੋਂ ਵੱਡਾ ਸੁਖਾਂ ਦਾ ਦਾਤਾ ਹੈਂ ॥੧੦॥
ਸਲੋਕੁ ਮਃ ੪ ॥
ਬਿਨੁ ਸਤਿਗੁਰ ਸੇਵੇ ਜੀਅ ਕੇ ਬੰਧਨਾ ਜੇਤੇ ਕਰਮ ਕਮਾਹਿ ॥
ਸਤਿਗੁਰੂ ਦੀ ਦੱਸੀ ਹੋਈ ਕਾਰ ਕਰਨ ਤੋਂ ਬਿਨਾ ਜਿਤਨੇ ਕੰਮ ਜੀਵ ਕਰਦੇ ਹਨ ਉਹ ਉਹਨਾਂ ਲਈ ਬੰਧਨ ਬਣਦੇ ਹਨ।
ਬਿਨੁ ਸਤਿਗੁਰ ਸੇਵੇ ਠਵਰ ਨ ਪਾਵਹੀ ਮਰਿ ਜੰਮਹਿ ਆਵਹਿ ਜਾਹਿ ॥
ਸਤਿਗੁਰੂ ਦੀ ਸੇਵਾ ਤੋਂ ਬਿਨਾ ਕੋਈ ਹੋਰ ਆਸਰਾ ਜੀਵਾਂ ਨੂੰ ਮਿਲਦਾ ਨਹੀਂ (ਤੇ ਇਸ ਕਰ ਕੇ) ਮਰਦੇ ਤੇ ਜੰਮਦੇ ਰਹਿੰਦੇ ਹਨ।
ਬਿਨੁ ਸਤਿਗੁਰ ਸੇਵੇ ਫਿਕਾ ਬੋਲਣਾ ਨਾਮੁ ਨ ਵਸੈ ਮਨਿ ਆਇ ॥
ਗੁਰੂ ਦੀ ਦੱਸੀ ਹੋਈ ਸਿਮਰਨ ਦੀ ਕਾਰ ਤੋਂ ਖੁੰਝ ਕੇ ਮਨੁੱਖ ਹੋਰ ਹੋਰ ਫਿੱਕੇ ਬੋਲ ਬੋਲਦਾ ਹੈ ਤੇ ਇਸ ਦੇ ਹਿਰਦੇ ਵਿਚ ਨਾਮ ਨਹੀਂ ਵੱਸਦਾ।
ਨਾਨਕ ਬਿਨੁ ਸਤਿਗੁਰ ਸੇਵੇ ਜਮ ਪੁਰਿ ਬਧੇ ਮਾਰੀਅਹਿ ਮੁਹਿ ਕਾਲੈ ਉਠਿ ਜਾਹਿ ॥੧॥
ਹੇ ਨਾਨਕ! ਸਤਿਗੁਰੂ ਦੀ ਸੇਵਾ ਤੋਂ ਬਿਨਾ ਜੀਵ (ਮਾਨੋ) ਜਮਪੁਰੀ ਵਿਚ ਬੱਧੇ ਮਾਰੀਦੇ ਹਨ ਤੇ (ਤੁਰਨ ਵੇਲੇ) ਜੱਗ ਤੋਂ ਮੁਕਾਲਖ ਖੱਟ ਕੇ ਜਾਂਦੇ ਹਨ ॥੧॥
ਮਃ ੩ ॥
ਇਕਿ ਸਤਿਗੁਰ ਕੀ ਸੇਵਾ ਕਰਹਿ ਚਾਕਰੀ ਹਰਿ ਨਾਮੇ ਲਗੈ ਪਿਆਰੁ ॥
ਕਈ ਮਨੁੱਖ ਸਤਿਗੁਰੂ ਦੀ ਦੱਸੀ ਹੋਈ ਸਿਮਰਨ ਦੀ ਕਾਰ ਕਰਦੇ ਹਨ ਤੇ ਉਹਨਾਂ ਦਾ ਪ੍ਰਭੂ ਦੇ ਨਾਮ ਵਿਚ ਪਿਆਰ ਬਣ ਜਾਂਦਾ ਹੈ।
ਨਾਨਕ ਜਨਮੁ ਸਵਾਰਨਿ ਆਪਣਾ ਕੁਲ ਕਾ ਕਰਨਿ ਉਧਾਰੁ ॥੨॥
ਹੇ ਨਾਨਕ! ਐਸੇ ਮਨੁੱਖ ਆਪਣਾ ਜਨਮ ਸਵਾਰ ਲੈਂਦੇ ਹਨ ਤੇ ਆਪਣੀ ਕੁਲ ਭੀ ਤਾਰ ਲੈਂਦੇ ਹਨ ॥੨॥
ਪਉੜੀ ॥
ਆਪੇ ਚਾਟਸਾਲ ਆਪਿ ਹੈ ਪਾਧਾ ਆਪੇ ਚਾਟੜੇ ਪੜਣ ਕਉ ਆਣੇ ॥
ਪ੍ਰਭੂ ਆਪ ਹੀ ਪਾਠਸ਼ਾਲਾ ਹੈ, ਆਪ ਹੀ ਉਸਤਾਦ ਹੈ, ਤੇ ਆਪ ਹੀ ਵਿਦਆਰਥੀ ਪੜ੍ਹਨ ਨੂੰ ਲਿਆਉਂਦਾ ਹੈ।
ਆਪੇ ਪਿਤਾ ਮਾਤਾ ਹੈ ਆਪੇ ਆਪੇ ਬਾਲਕ ਕਰੇ ਸਿਆਣੇ ॥
ਆਪ ਹੀ ਮਾਂ ਪਿਉ ਹੈ ਤੇ ਆਪ ਹੀ ਬਾਲਕਾਂ ਨੂੰ ਸਿਆਣੇ ਕਰਦਾ ਹੈ।
ਇਕ ਥੈ ਪੜਿ ਬੁਝੈ ਸਭੁ ਆਪੇ ਇਕ ਥੈ ਆਪੇ ਕਰੇ ਇਆਣੇ ॥
ਇਕ ਥਾਂ ਸਭ ਕੁਝ ਪੜ੍ਹ ਕੇ ਆਪ ਹੀ ਸਮਝਦਾ ਹੈ ਤੇ ਇਕ ਥਾਂ ਆਪ ਹੀ ਬਾਲਕਾਂ ਨੂੰ ਇੰਞਾਣੇ ਕਰ ਦੇਂਦਾ ਹੈ।
ਇਕਨਾ ਅੰਦਰਿ ਮਹਲਿ ਬੁਲਾਏ ਜਾ ਆਪਿ ਤੇਰੈ ਮਨਿ ਸਚੇ ਭਾਣੇ ॥
ਤੂੰ ਇਕਨਾਂ ਨੂੰ ਆਪਣੇ ਮਹਿਲ ਵਿਚ ਧੁਰ ਅੰਦਰ ਬੁਲਾ ਲੈਂਦਾ ਹੈਂ ਜਦੋਂ ਉਹ ਤੇਰੇ ਮਨ ਨੂੰ ਚੰਗੇ ਲੱਗਦੇ ਹਨ।
ਜਿਨਾ ਆਪੇ ਗੁਰਮੁਖਿ ਦੇ ਵਡਿਆਈ ਸੇ ਜਨ ਸਚੀ ਦਰਗਹਿ ਜਾਣੇ ॥੧੧॥
ਜਿਨ੍ਹਾਂ ਗੁਰਮੁਖਾਂ ਨੂੰ ਆਪ ਆਦਰ ਦੇਂਦਾ ਹੈਂ, ਉਹ ਸੱਚੀ ਦਰਗਾਹ ਵਿਚ ਪਰਗਟ ਹੋ ਜਾਂਦੇ ਹਨ ॥੧੧॥
ਸਲੋਕੁ ਮਰਦਾਨਾ ੧ ॥
ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ ॥
ਕਲਜੁਗੀ ਸੁਭਾਉ (ਮਾਨੋ) (ਸ਼ਰਾਬ ਕੱਢਣ ਵਾਲੀ) ਮੱਟੀ ਹੈ; ਕਾਮ (ਮਾਨੋ) ਸ਼ਰਾਬ ਹੈ ਤੇ ਇਸ ਨੂੰ ਪੀਣ ਵਾਲਾ (ਮਨੁੱਖ ਦਾ) ਮਨ ਹੈ।
ਕ੍ਰੋਧ ਕਟੋਰੀ ਮੋਹਿ ਭਰੀ ਪੀਲਾਵਾ ਅਹੰਕਾਰੁ ॥
ਮੋਹ ਨਾਲ ਭਰੀ ਹੋਈ ਕ੍ਰੋਧ ਦੀ (ਮਾਨੋ) ਕਟੋਰੀ ਹੈ ਤੇ ਅਹੰਕਾਰ (ਮਾਨੋ) ਪਿਲਾਉਣ ਵਾਲਾ ਹੈ।
ਮਜਲਸ ਕੂੜੇ ਲਬ ਕੀ ਪੀ ਪੀ ਹੋਇ ਖੁਆਰੁ ॥
ਕੂੜੇ ਲੱਬ ਦੀ (ਮਾਨੋ) ਮਜਲਸ ਹੈ (ਜਿਸ ਵਿਚ ਬਹਿ ਕੇ) ਮਨ (ਕਾਮ ਦੀ ਸ਼ਰਾਬ ਨੂੰ) ਪੀ ਪੀ ਕੇ ਖ਼ੁਆਰ ਹੁੰਦਾ ਹੈ।
ਕਰਣੀ ਲਾਹਣਿ ਸਤੁ ਗੁੜੁ ਸਚੁ ਸਰਾ ਕਰਿ ਸਾਰੁ ॥
ਚੰਗੀ ਕਰਣੀ ਨੂੰ (ਸ਼ਰਾਬ ਕੱਢਣ ਵਾਲੀ) ਲਾਹਣ, ਸੱਚ ਬੋਲਣ ਨੂੰ ਗੁੜ ਬਣਾ ਕੇ ਸੱਚੇ ਨਾਮ ਨੂੰ ਸ੍ਰੇਸ਼ਟ ਸ਼ਰਾਬ ਬਣਾ!
ਗੁਣ ਮੰਡੇ ਕਰਿ ਸੀਲੁ ਘਿਉ ਸਰਮੁ ਮਾਸੁ ਆਹਾਰੁ ॥
ਗੁਣਾਂ ਨੂੰ ਮੰਡੇ, ਸੀਤਲ ਸੁਭਾਉ ਨੂੰ ਘਿਉ ਤੇ ਸ਼ਰਮ ਨੂੰ ਮਾਸ ਵਾਲੀ (ਇਹ ਸਾਰੀ) ਖ਼ੁਰਾਕ ਬਣਾ!
ਗੁਰਮੁਖਿ ਪਾਈਐ ਨਾਨਕਾ ਖਾਧੈ ਜਾਹਿ ਬਿਕਾਰ ॥੧॥
ਹੇ ਨਾਨਕ! ਇਹ ਖ਼ੁਰਾਕ ਸਤਿਗੁਰੂ ਦੇ ਸਨਮੁਖ ਹੋਇਆਂ ਮਿਲਦੀ ਹੈ ਤੇ ਇਸ ਦੇ ਖਾਧਿਆਂ ਸਾਰੇ ਵਿਕਾਰ ਦੂਰ ਹੋ ਜਾਂਦੇ ਹਨ ॥੧॥
ਮਰਦਾਨਾ ੧ ॥
ਕਾਇਆ ਲਾਹਣਿ ਆਪੁ ਮਦੁ ਮਜਲਸ ਤ੍ਰਿਸਨਾ ਧਾਤੁ ॥
ਸਰੀਰ (ਮਾਨੋ) (ਸ਼ਰਾਬ ਕੱਢਣ ਵਾਲੀ ਸਮਗਰੀ ਸਮੇਤ) ਮੱਟੀ ਹੈ, ਅਹੰਕਾਰ ਸ਼ਰਾਬ, ਤੇ ਤ੍ਰਿਸ਼ਨਾ ਵਿਚ ਭਟਕਣਾ (ਮਾਨੋ) ਮਹਿਫ਼ਲ ਹੈ।
ਮਨਸਾ ਕਟੋਰੀ ਕੂੜਿ ਭਰੀ ਪੀਲਾਏ ਜਮਕਾਲੁ ॥
ਕੂੜ ਨਾਲ ਭਰੀ ਹੋਈ ਵਾਸ਼ਨਾਂ (ਮਾਨੋ) ਕਟੋਰੀ ਹੈ ਤੇ ਜਮ ਕਾਲ (ਮਾਨੋ) ਪਿਲਾਉਂਦਾ ਹੈ।
ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ ॥
ਹੇ ਨਾਨਕ! ਇਸ ਸ਼ਰਾਬ ਦੇ ਪੀਤਿਆਂ ਬਹੁਤੇ ਵਿਕਾਰ ਖੱਟੇ ਜਾਂਦੇ ਹਨ (ਭਾਵ, ਅਹੰਕਾਰ ਤ੍ਰਿਸ਼ਨਾ ਕੂੜ ਆਦਿਕ ਦੇ ਕਾਰਨ ਵਿਕਾਰ ਹੀ ਵਿਕਾਰ ਪੈਦਾ ਹੋ ਰਹੇ ਹਨ)।
ਗਿਆਨੁ ਗੁੜੁ ਸਾਲਾਹ ਮੰਡੇ ਭਉ ਮਾਸੁ ਆਹਾਰੁ ॥
ਪ੍ਰਭੂ ਦਾ ਗਿਆਨ (ਮਾਨੋ) ਗੁੜ ਹੋਵੇ, ਸਿਫ਼ਤ-ਸਾਲਾਹ ਰੋਟੀਆਂ ਤੇ (ਪ੍ਰਭੂ ਦਾ) ਡਰ ਮਾਸ, ਜੇ ਐਸੀ ਖ਼ੁਰਾਕ ਹੋਵੇ,
ਨਾਨਕ ਇਹੁ ਭੋਜਨੁ ਸਚੁ ਹੈ ਸਚੁ ਨਾਮੁ ਆਧਾਰੁ ॥੨॥
ਤਾਂ ਹੇ ਨਾਨਕ! ਇਹ ਭੋਜਨ ਸੱਚਾ ਹੈ, ਕਿਉਂਕਿ ਸੱਚਾ ਨਾਮ ਹੀ (ਜ਼ਿੰਦਗੀ ਦਾ) ਆਸਰਾ ਹੋ ਸਕਦਾ ਹੈ ॥੨॥
ਕਾਂਯਾਂ ਲਾਹਣਿ ਆਪੁ ਮਦੁ ਅੰਮ੍ਰਿਤ ਤਿਸ ਕੀ ਧਾਰ ॥
(ਜੇ) ਸਰੀਰ ਮੱਟੀ ਹੋਵੇ, ਆਪੇ ਦੀ ਪਛਾਣ ਸ਼ਰਾਬ ਹੋਵੇ ਜਿਸ ਦੀ ਧਾਰ ਅਮਰ ਕਰਨ ਵਾਲੀ ਹੋਵੇ,
ਸਤਸੰਗਤਿ ਸਿਉ ਮੇਲਾਪੁ ਹੋਇ ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟਹਿ ਬਿਕਾਰ ॥੩॥
ਸਤਸੰਗਤ ਨਾਲ ਮੇਲ ਹੋਵੇ, ਕਟੋਰੀ ਅੰਮ੍ਰਿਤ (ਨਾਮ) ਦੀ ਭਰੀ ਹੋਈ ਲਿਵ (ਰੂਪ) ਹੋਵੇ, ਤਾਂ (ਇਸ ਨੂੰ) ਪੀ ਪੀ ਕੇ ਸਾਰੇ ਵਿਕਾਰ ਪਾਪ ਦੂਰ ਹੁੰਦੇ ਹਨ ॥੩॥
ਪਉੜੀ ॥
ਆਪੇ ਸੁਰਿ ਨਰ ਗਣ ਗੰਧਰਬਾ ਆਪੇ ਖਟ ਦਰਸਨ ਕੀ ਬਾਣੀ ॥
ਪ੍ਰਭੂ ਆਪ ਹੀ ਦੇਵਤੇ, ਮਨੁੱਖ, (ਸ਼ਿਵ ਜੀ ਦੇ) ਗਣ, ਦੇਵਤਿਆਂ ਦੇ ਰਾਗੀ, ਅਤੇ ਆਪ ਹੀ ਛੇ ਦਰਸ਼ਨਾਂ ਦੀ ਬੋਲੀ (ਬਨਾਣ ਵਾਲਾ) ਹੈ।
ਆਪੇ ਸਿਵ ਸੰਕਰ ਮਹੇਸਾ ਆਪੇ ਗੁਰਮੁਖਿ ਅਕਥ ਕਹਾਣੀ ॥
ਆਪ ਹੀ ਸ਼ਿਵ, ਸ਼ੰਕਰ ਤੇ ਮਹੇਸ਼ (ਦਾ ਕਰਤਾ) ਹੈ, ਆਪ ਹੀ ਗੁਰੂ ਦੇ ਸਨਮੁਖ ਹੋ ਕੇ ਆਪਣੇ ਅਕੱਥ ਸਰੂਪ ਦੀਆਂ ਵਡਿਆਈਆਂ (ਕਰਦਾ ਹੈ)।
ਆਪੇ ਜੋਗੀ ਆਪੇ ਭੋਗੀ ਆਪੇ ਸੰਨਿਆਸੀ ਫਿਰੈ ਬਿਬਾਣੀ ॥
ਆਪ ਹੀ ਜੋਗ ਦੀ ਸਾਧਨਾ ਕਰਨ ਵਾਲਾ ਹੈ, ਆਪ ਹੀ ਭੋਗਾਂ ਵਿਚ ਪਰਵਿਰਤ ਹੈ ਤੇ ਆਪ ਹੀ ਸੰਨਿਆਸੀ ਬਣ ਕੇ ਉਜਾੜਾਂ ਵਿਚ ਫਿਰਦਾ ਹੈ।
ਆਪੈ ਨਾਲਿ ਗੋਸਟਿ ਆਪਿ ਉਪਦੇਸੈ ਆਪੇ ਸੁਘੜੁ ਸਰੂਪੁ ਸਿਆਣੀ ॥
ਆਪ ਹੀ ਆਪਣੇ ਨਾਲ ਚਰਚਾ ਕਰਦਾ ਹੈ, ਆਪ ਹੀ ਉਪਦੇਸ਼ ਕਰਦਾ ਹੈ, ਆਪ ਹੀ ਸਿਆਣੀ ਮੱਤ ਵਾਲਾ ਸੁੰਦਰ ਸਰੂਪ ਵਾਲਾ ਹੈ।
ਆਪਣਾ ਚੋਜੁ ਕਰਿ ਵੇਖੈ ਆਪੇ ਆਪੇ ਸਭਨਾ ਜੀਆ ਕਾ ਹੈ ਜਾਣੀ ॥੧੨॥
ਆਪਣਾ ਕੌਤਕ ਕਰ ਕੇ ਆਪ ਹੀ ਵੇਖਦਾ ਹੈ ਤੇ ਆਪ ਹੀ ਸਾਰੇ ਜੀਵਾਂ ਦੇ ਹਿਰਦੇ ਦੀ ਜਾਣਨ ਵਾਲਾ ਹੈ ॥੧੨॥
ਸਲੋਕੁ ਮਃ ੩ ॥
ਏਹਾ ਸੰਧਿਆ ਪਰਵਾਣੁ ਹੈ ਜਿਤੁ ਹਰਿ ਪ੍ਰਭੁ ਮੇਰਾ ਚਿਤਿ ਆਵੈ ॥
ਉਹੋ ਸੰਧਿਆ (ਸਵੇਰ ਦੁਪਹਿਰ ਤੇ ਸ਼ਾਮ ਦੀ ਪੂਜਾ) ਕਬੂਲ ਹੈ ਜਿਸ ਨਾਲ ਪਿਆਰਾ ਪ੍ਰਭੂ ਹਿਰਦੇ ਵਿਚ ਵੱਸ ਪਏ,
ਹਰਿ ਸਿਉ ਪ੍ਰੀਤਿ ਊਪਜੈ ਮਾਇਆ ਮੋਹੁ ਜਲਾਵੈ ॥
ਪ੍ਰਭੂ ਨਾਲ ਪਿਆਰ ਪੈਦਾ ਹੋ ਜਾਵੇ ਤੇ ਮਾਇਆ ਦਾ ਮੋਹ ਸੜ ਜਾਏ।
ਗੁਰਪਰਸਾਦੀ ਦੁਬਿਧਾ ਮਰੈ ਮਨੂਆ ਅਸਥਿਰੁ ਸੰਧਿਆ ਕਰੇ ਵੀਚਾਰੁ ॥
ਸਤਿਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੀ ਦੁਬਿਧਾ ਦੂਰ ਹੋਵੇ, ਮਨ ਟਿਕ ਜਾਏ, ਉਹ ਸੰਧਿਆ ਦੀ (ਸੱਚੀ) ਵਿਚਾਰ ਕਰਦਾ ਹੈ।
ਨਾਨਕ ਸੰਧਿਆ ਕਰੈ ਮਨਮੁਖੀ ਜੀਉ ਨ ਟਿਕੈ ਮਰਿ ਜੰਮੈ ਹੋਇ ਖੁਆਰੁ ॥੧॥
ਹੇ ਨਾਨਕ! ਮਨਮੁਖ ਸੰਧਿਆ ਕਰਦਾ ਹੈ, (ਪਰ) ਉਸ ਦਾ ਮਨ ਟਿਕਦਾ ਨਹੀਂ, (ਇਸ ਵਾਸਤੇ) ਜੰਮਦਾ ਮਰਦਾ ਹੈ ਤੇ ਖ਼ੁਆਰ ਹੁੰਦਾ ਹੈ ॥੧॥
ਮਃ ੩ ॥
ਪ੍ਰਿਉ ਪ੍ਰਿਉ ਕਰਤੀ ਸਭੁ ਜਗੁ ਫਿਰੀ ਮੇਰੀ ਪਿਆਸ ਨ ਜਾਇ ॥
‘ਪਿਆਰਾ ਪਿਆਰਾ’ ਕੂਕਦੀ ਮੈਂ ਸਾਰਾ ਸੰਸਾਰ ਫਿਰੀ, ਪਰ ਮੇਰੀ ਪਿਆਸ ਦੂਰ ਨਹੀਂ ਸੀ ਹੋਈ।
ਨਾਨਕ ਸਤਿਗੁਰਿ ਮਿਲਿਐ ਮੇਰੀ ਪਿਆਸ ਗਈ ਪਿਰੁ ਪਾਇਆ ਘਰਿ ਆਇ ॥੨॥
ਹੇ ਨਾਨਕ! ਸਤਿਗੁਰੂ ਨੂੰ ਮਿਲਿਆਂ ਮੇਰੀ ਪਿਆਸ ਦੂਰ ਹੋ ਗਈ ਹੈ, ਘਰ ਵਿਚ ਆ ਕੇ ਪਿਆਰਾ ਪਤੀ ਲੱਭ ਲਿਆ ਹੈ ॥੨॥
ਪਉੜੀ ॥
ਆਪੇ ਤੰਤੁ ਪਰਮ ਤੰਤੁ ਸਭੁ ਆਪੇ ਆਪੇ ਠਾਕੁਰੁ ਦਾਸੁ ਭਇਆ ॥
ਛੋਟੀ ਤਾਰ (ਭਾਵ, ਜੀਵ) ਵੱਡੀ ਤਾਰ (ਭਾਵ, ਪਰਮੇਸ਼ਵਰ), ਸਭ ਕੁਝ ਪ੍ਰਭੂ ਆਪ ਹੀ ਹੈ, ਆਪ ਹੀ ਠਾਕੁਰ ਤੇ ਆਪ ਹੀ ਦਾਸ ਹੈ।
ਆਪੇ ਦਸ ਅਠ ਵਰਨ ਉਪਾਇਅਨੁ ਆਪਿ ਬ੍ਰਹਮੁ ਆਪਿ ਰਾਜੁ ਲਇਆ ॥
ਪ੍ਰਭੂ ਨੇ ਆਪ ਹੀ ਅਠਾਰਾਂ ਵਰਣ ਬਣਾਏ, ਆਪ ਹੀ ਬ੍ਰਹਮ ਹੈ ਤੇ ਆਪ ਹੀ (ਸ੍ਰਿਸ਼ਟੀ ਦਾ) ਰਾਜ ਉਸ ਨੇ ਲਿਆ ਹੈ।
ਆਪੇ ਮਾਰੇ ਆਪੇ ਛੋਡੈ ਆਪੇ ਬਖਸੇ ਕਰੇ ਦਇਆ ॥
(ਜੀਵਾਂ ਨੂੰ) ਆਪ ਹੀ ਮਾਰਦਾ ਹੈ ਆਪ ਹੀ ਛੱਡਦਾ ਹੈ, ਆਪ ਹੀ ਬਖ਼ਸ਼ਦਾ ਹੈ ਤੇ ਆਪ ਹੀ ਮੇਹਰ ਕਰਦਾ ਹੈ।
ਆਪਿ ਅਭੁਲੁ ਨ ਭੁਲੈ ਕਬ ਹੀ ਸਭੁ ਸਚੁ ਤਪਾਵਸੁ ਸਚੁ ਥਿਆ ॥
ਪ੍ਰਭੂ ਆਪ ਅਭੁੱਲ ਹੈ, ਕਦੇ ਭੁੱਲਦਾ ਨਹੀਂ, ਉਸ ਦਾ ਇਨਸਾਫ਼ ਭੀ ਨਿਰੋਲ ਸੱਚ ਹੈ।
ਆਪੇ ਜਿਨਾ ਬੁਝਾਏ ਗੁਰਮੁਖਿ ਤਿਨ ਅੰਦਰਹੁ ਦੂਜਾ ਭਰਮੁ ਗਇਆ ॥੧੩॥
ਸਤਿਗੁਰੂ ਦੀ ਰਾਹੀਂ ਜਿਨ੍ਹਾਂ ਨੂੰ ਆਪ ਸਮਝਾ ਦੇਂਦਾ ਹੈ ਉਹਨਾਂ ਦੇ ਹਿਰਦੇ ਵਿਚੋਂ ਮਾਇਆ ਦੀ ਭਟਕਣਾ ਦੂਰ ਹੋ ਜਾਂਦੀ ਹੈ ॥੧੩॥
ਸਲੋਕੁ ਮਃ ੫ ॥
ਹਰਿ ਨਾਮੁ ਨ ਸਿਮਰਹਿ ਸਾਧਸੰਗਿ ਤੈ ਤਨਿ ਉਡੈ ਖੇਹ ॥
ਜੋ ਮਨੁੱਖ ਸਾਧ ਸੰਗਤ ਵਿਚ ਹਰੀ ਦਾ ਨਾਮ ਨਹੀਂ ਸਿਮਰਦੇ, ਉਹਨਾਂ ਦੇ ਸਰੀਰ ਤੇ ਸੁਆਹ ਪੈਂਦੀ ਹੈ, (ਭਾਵ, ਉਹਨਾਂ ਦੇ ਸਰੀਰ ਨੂੰ ਫਿਟਕਾਰ ਪੈਂਦੀ ਹੈ)।
ਜਿਨਿ ਕੀਤੀ ਤਿਸੈ ਨ ਜਾਣਈ ਨਾਨਕ ਫਿਟੁ ਅਲੂਣੀ ਦੇਹ ॥੧॥
ਹੇ ਨਾਨਕ! ਪ੍ਰੇਮ ਤੋਂ ਸੱਖਣੇ ਉਸ ਸਰੀਰ ਨੂੰ ਧਿੱਕਾਰ ਹੈ, ਜੋ ਉਸ ਪ੍ਰਭੂ ਨੂੰ ਨਹੀਂ ਪਛਾਣਦਾ ਜਿਸ ਨੇ ਉਸ ਨੂੰ ਬਣਾਇਆ ਹੈ ॥੧॥
ਮਃ ੫ ॥
ਘਟਿ ਵਸਹਿ ਚਰਣਾਰਬਿੰਦ ਰਸਨਾ ਜਪੈ ਗੁਪਾਲ ॥
ਹਿਰਦੇ ਵਿਚ ਪ੍ਰਭੂ ਦੇ ਚਰਨ ਕਮਲ ਵਸਾਈਏ ਤੇ ਜੀਭ ਨਾਲ ਹਰੀ ਨੂੰ ਜਪੀਏ!
ਨਾਨਕ ਸੋ ਪ੍ਰਭੁ ਸਿਮਰੀਐ ਤਿਸੁ ਦੇਹੀ ਕਉ ਪਾਲਿ ॥੨॥
ਹੇ ਨਾਨਕ! ਉਸ ਪ੍ਰਭੂ ਦਾ ਨਾਮ ਜਪੀਏ ਜਿਸ ਨੇ ਸਰੀਰ ਨੂੰ ਪਾਲਿਆ ਹੈ ॥੨॥
ਪਉੜੀ ॥
ਆਪੇ ਅਠਸਠਿ ਤੀਰਥ ਕਰਤਾ ਆਪਿ ਕਰੇ ਇਸਨਾਨੁ ॥
ਪ੍ਰਭੂ ਆਪ ਹੀ ਅਠਾਹਠ ਤੀਰਥਾਂ ਦਾ ਕਰਨ ਵਾਲਾ ਹੈ, ਆਪ ਹੀ (ਉਹਨਾਂ ਤੀਰਥਾਂ ਤੇ) ਇਸ਼ਨਾਨ ਕਰਦਾ ਹੈ।
ਆਪੇ ਸੰਜਮਿ ਵਰਤੈ ਸ੍ਵਾਮੀ ਆਪਿ ਜਪਾਇਹਿ ਨਾਮੁ ॥
ਮਾਲਕ ਆਪ ਹੀ ਜੁਗਤੀ ਵਿਚ ਵਰਤਦਾ ਹੈ ਤੇ ਆਪ ਹੀ ਨਾਮ ਜਪਾਉਂਦਾ ਹੈ।
ਆਪਿ ਦਇਆਲੁ ਹੋਇ ਭਉ ਖੰਡਨੁ ਆਪਿ ਕਰੈ ਸਭੁ ਦਾਨੁ ॥
ਭਉ ਦੂਰ ਕਰਨ ਵਾਲਾ ਪ੍ਰਭੂ ਆਪ ਹੀ ਦਇਆਲ ਹੁੰਦਾ ਹੈ ਤੇ ਆਪ ਹੀ ਸਭ ਤਰ੍ਹਾਂ ਦਾ ਦਾਨ ਕਰਦਾ ਹੈ।
ਜਿਸ ਨੋ ਗੁਰਮੁਖਿ ਆਪਿ ਬੁਝਾਏ ਸੋ ਸਦ ਹੀ ਦਰਗਹਿ ਪਾਏ ਮਾਨੁ ॥
ਜਿਸ ਮਨੁੱਖ ਨੂੰ ਸਤਿਗੁਰੂ ਦੀ ਰਾਹੀਂ ਸਮਝ ਬਖ਼ਸ਼ਦਾ ਹੈ, ਉਹ ਸਦਾ ਦਰਗਾਹ ਵਿਚ ਆਦਰ ਪਾਉਂਦਾ ਹੈ।
ਜਿਸ ਦੀ ਪੈਜ ਰਖੈ ਹਰਿ ਸੁਆਮੀ ਸੋ ਸਚਾ ਹਰਿ ਜਾਨੁ ॥੧੪॥
ਜਿਸ ਦੀ ਲਾਜ ਆਪ ਰੱਖਦਾ ਹੈ, ਉਹ ਰੱਬ ਦਾ ਪਿਆਰਾ ਸੇਵਕ ਰੱਬ ਦਾ ਰੂਪ ਹੈ ॥੧੪॥
ਸਲੋਕੁ ਮਃ ੩ ॥
ਨਾਨਕ ਬਿਨੁ ਸਤਿਗੁਰ ਭੇਟੇ ਜਗੁ ਅੰਧੁ ਹੈ ਅੰਧੇ ਕਰਮ ਕਮਾਇ ॥
ਹੇ ਨਾਨਕ! ਗੁਰੂ ਨੂੰ ਮਿਲਣ ਤੋਂ ਬਿਨਾ ਸੰਸਾਰ ਅੰਨ੍ਹਾ ਹੈ ਤੇ ਅੰਨ੍ਹੇ ਹੀ ਕੰਮ ਕਰਦਾ ਹੈ।
ਸਬਦੈ ਸਿਉ ਚਿਤੁ ਨ ਲਾਵਈ ਜਿਤੁ ਸੁਖੁ ਵਸੈ ਮਨਿ ਆਇ ॥
ਸਤਿਗੁਰੂ ਦੇ ਸ਼ਬਦ ਨਾਲ ਮਨ ਨਹੀਂ ਜੋੜਦਾ ਜਿਸ ਕਰਕੇ ਹਿਰਦੇ ਵਿਚ ਸੁਖ ਆ ਵੱਸੇ।
ਤਾਮਸਿ ਲਗਾ ਸਦਾ ਫਿਰੈ ਅਹਿਨਿਸਿ ਜਲਤੁ ਬਿਹਾਇ ॥
ਤਮੋ ਗੁਣ ਵਿਚ ਮਸਤ ਹੋਇਆ ਹੋਇਆ ਸਦਾ ਭਟਕਦਾ ਹੈ ਤੇ ਦਿਨ ਰਾਤ (ਤਮੋ ਗੁਣ ਵਿਚ) ਸੜਦਿਆਂ (ਉਸ ਦੀ ਉਮਰ) ਗੁਜ਼ਰਦੀ ਹੈ।
ਜੋ ਤਿਸੁ ਭਾਵੈ ਸੋ ਥੀਐ ਕਹਣਾ ਕਿਛੂ ਨ ਜਾਇ ॥੧॥
(ਇਸ ਬਾਰੇ) ਕੁਝ ਆਖਿਆ ਨਹੀਂ ਜਾ ਸਕਦਾ, ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ, ਸੋਈ ਹੁੰਦਾ ਹੈ ॥੧॥
ਮਃ ੩ ॥
ਸਤਿਗੁਰੂ ਫੁਰਮਾਇਆ ਕਾਰੀ ਏਹ ਕਰੇਹੁ ॥
ਸਤਿਗੁਰੂ ਨੇ ਹੁਕਮ ਦਿੱਤਾ ਹੈ (ਭਰਮ ਦਾ ਛਉੜ ਕੱਟਣ ਲਈ) ਇਹ ਕਾਰ (ਭਾਵ, ਇਲਾਜ) ਕਰੋ।
ਗੁਰੂ ਦੁਆਰੈ ਹੋਇ ਕੈ ਸਾਹਿਬੁ ਸੰਮਾਲੇਹੁ ॥
ਗੁਰੂ ਦੇ ਦਰ ਤੇ ਜਾ ਕੇ (ਭਾਵ, ਗੁਰੂ ਦੀ ਚਰਨੀਂ ਲੱਗ ਕੇ), ਮਾਲਕ ਨੂੰ ਯਾਦ ਕਰੋ।
ਸਾਹਿਬੁ ਸਦਾ ਹਜੂਰਿ ਹੈ ਭਰਮੈ ਕੇ ਛਉੜ ਕਟਿ ਕੈ ਅੰਤਰਿ ਜੋਤਿ ਧਰੇਹੁ ॥
ਮਾਲਕ ਸਦਾ ਅੰਗ ਸੰਗ ਹੈ, (ਅੱਖਾਂ ਅਗੋਂ) ਭਰਮ ਦੇ ਜਾਲੇ ਨੂੰ ਲਾਹ ਕੇ ਹਿਰਦੇ ਵਿਚ ਉਸ ਦੀ ਜੋਤ ਟਿਕਾਉ।
ਹਰਿ ਕਾ ਨਾਮੁ ਅੰਮ੍ਰਿਤੁ ਹੈ ਦਾਰੂ ਏਹੁ ਲਾਏਹੁ ॥
ਹਰੀ ਦਾ ਨਾਮ ਅਮਰ ਕਰਨ ਵਾਲਾ ਹੈ, ਇਹ ਦਾਰੂ ਵਰਤੋ।
ਸਤਿਗੁਰ ਕਾ ਭਾਣਾ ਚਿਤਿ ਰਖਹੁ ਸੰਜਮੁ ਸਚਾ ਨੇਹੁ ॥
ਸਤਿਗੁਰੂ ਦਾ ਭਾਣਾ (ਮੰਨਣਾ) ਚਿਤ ਵਿਚ ਰੱਖੋ ਤੇ ਸਚਾ ਪਿਆਰ (ਰੂਪ) ਰਹਿਣੀ ਧਾਰਨ ਕਰੋ।
ਨਾਨਕ ਐਥੈ ਸੁਖੈ ਅੰਦਰਿ ਰਖਸੀ ਅਗੈ ਹਰਿ ਸਿਉ ਕੇਲ ਕਰੇਹੁ ॥੨॥
ਹੇ ਨਾਨਕ! (ਇਹ ਦਾਰੂ) ਏਥੇ (ਸੰਸਾਰ ਵਿਚ) ਸੁਖੀ ਰਖੇਗਾ ਤੇ ਅੱਗੇ (ਪਰਲੋਕ ਵਿਚ) ਹਰੀ ਨਾਲ ਰਲੀਆਂ ਮਾਣੋਗੇ ॥੨॥
ਪਉੜੀ ॥
ਆਪੇ ਭਾਰ ਅਠਾਰਹ ਬਣਸਪਤਿ ਆਪੇ ਹੀ ਫਲ ਲਾਏ ॥
ਪ੍ਰਭੂ ਆਪ ਹੀ ਬਨਸਪਤੀ ਦੇ ਅਠਾਰਾਂ ਭਾਰ ਹੈ (ਭਾਵ, ਸਾਰੀ ਸ੍ਰਿਸ਼ਟੀ ਦੀ ਬਨਸਪਤੀ ਆਪ ਹੀ ਹੈ), ਆਪ ਹੀ ਉਸ ਨੂੰ ਫਲ ਲਾਉਂਦਾ ਹੈ।
ਆਪੇ ਮਾਲੀ ਆਪਿ ਸਭੁ ਸਿੰਚੈ ਆਪੇ ਹੀ ਮੁਹਿ ਪਾਏ ॥
ਆਪ ਹੀ ਮਾਲੀ ਹੈ, ਆਪ ਹੀ ਪਾਣੀ ਦੇਂਦਾ ਹੈ ਤੇ ਆਪ ਹੀ (ਫਲ) ਖਾਂਦਾ ਹੈ।
ਆਪੇ ਕਰਤਾ ਆਪੇ ਭੁਗਤਾ ਆਪੇ ਦੇਇ ਦਿਵਾਏ ॥
ਆਪ ਹੀ ਕਰਨ ਵਾਲਾ ਹੈ, ਆਪ ਹੀ ਭੋਗਣ ਵਾਲਾ ਹੈ, ਆਪ ਹੀ ਦੇਂਦਾ ਹੈ ਤੇ ਆਪ ਹੀ ਦਿਵਾਉਂਦਾ ਹੈ।
ਆਪੇ ਸਾਹਿਬੁ ਆਪੇ ਹੈ ਰਾਖਾ ਆਪੇ ਰਹਿਆ ਸਮਾਏ ॥
ਮਾਲਕ ਭੀ ਆਪ ਹੈ ਤੇ ਰਾਖਾ ਭੀ ਆਪ ਹੈ, ਆਪ ਹੀ ਸਭ ਥਾਈਂ ਵਿਆਪਕ ਹੈ।
ਜਨੁ ਨਾਨਕ ਵਡਿਆਈ ਆਖੈ ਹਰਿ ਕਰਤੇ ਕੀ ਜਿਸ ਨੋ ਤਿਲੁ ਨ ਤਮਾਏ ॥੧੫॥
ਸੇਵਕ ਨਾਨਕ ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ ਜੋ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਪਰ ਉਸ ਨੂੰ ਰਤਾ ਮਾਤ੍ਰ ਕੋਈ ਤਮ੍ਹਾ ਨਹੀਂ ਹੈ ॥੧੫॥
ਸਲੋਕ ਮਃ ੩ ॥
ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ ॥
ਮਨੁੱਖ ਸ਼ਰਾਬ ਨਾਲ ਭਰਿਆ ਹੋਇਆ ਭਾਂਡਾ ਲਿਆਉਂਦਾ ਹੈ ਜਿਸ ਵਿਚੋਂ ਹੋਰ ਆ ਕੇ ਪਿਆਲਾ ਭਰ ਲੈਂਦਾ ਹੈ।
ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ ॥
ਪਰ (ਸ਼ਰਾਬ) ਜਿਸ ਦੇ ਪੀਤਿਆਂ ਅਕਲ ਦੂਰ ਹੋ ਜਾਂਦੀ ਹੈ ਤੇ ਬਕਣ ਦਾ ਜੋਸ਼ ਆ ਚੜ੍ਹਦਾ ਹੈ,
ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ ॥
ਆਪਣੇ ਪਰਾਏ ਦੀ ਪਛਾਣ ਨਹੀਂ ਰਹਿੰਦੀ, ਮਾਲਕ ਵੱਲੋਂ ਧੱਕੇ ਪੈਂਦੇ ਹਨ,
ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ ॥
ਜਿਸ ਦੇ ਪੀਤਿਆਂ ਖਸਮ ਵਿਸਰਦਾ ਹੈ ਤੇ ਦਰਗਾਹ ਵਿਚ ਸਜ਼ਾ ਮਿਲਦੀ ਹੈ,
ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ ॥
ਐਸਾ ਚੰਦਰਾ ਸ਼ਰਾਬ, ਜਿਥੋਂ ਤਕ ਵੱਸ ਚੱਲੇ ਕਦੇ ਨਹੀਂ ਪੀਣਾ ਚਾਹੀਦਾ।
ਨਾਨਕ ਨਦਰੀ ਸਚੁ ਮਦੁ ਪਾਈਐ ਸਤਿਗੁਰੁ ਮਿਲੈ ਜਿਸੁ ਆਇ ॥
ਹੇ ਨਾਨਕ! ਪ੍ਰਭੂ ਦੀ ਮੇਹਰ ਦੀ ਨਜ਼ਰ ਨਾਲ ‘ਨਾਮ’-ਰੂਪ ਨਸ਼ਾ (ਉਸ ਮਨੁੱਖ ਨੂੰ) ਮਿਲਦਾ ਹੈ, ਜਿਸ ਨੂੰ ਗੁਰੂ ਆ ਕੇ ਮਿਲ ਪਏ।
ਸਦਾ ਸਾਹਿਬ ਕੈ ਰੰਗਿ ਰਹੈ ਮਹਲੀ ਪਾਵੈ ਥਾਉ ॥੧॥
ਐਸਾ ਮਨੁੱਖ ਸਦਾ ਮਾਲਕ ਦੇ (ਨਾਮ ਦੇ) ਰੰਗ ਵਿਚ ਰਹਿੰਦਾ ਹੈ ਤੇ ਦਰਗਾਹ ਵਿਚ ਉਸ ਨੂੰ ਥਾਂ (ਭਾਵ, ਇੱਜ਼ਤ) ਮਿਲਦੀ ਹੈ ॥੧॥
ਮਃ ੩ ॥
ਇਹੁ ਜਗਤੁ ਜੀਵਤੁ ਮਰੈ ਜਾ ਇਸ ਨੋ ਸੋਝੀ ਹੋਇ ॥
ਇਹ ਸੰਸਰ (ਮਨੁੱਖ) ਤਦੋਂ ਜੀਊਂਦਾ ਹੀ ਮਰਦਾ ਹੈ (ਭਾਵ, ਮਾਇਆ ਵਲੋਂ ਉਪਰਾਮ ਹੁੰਦਾ ਹੈ), ਜਦੋਂ ਇਸ ਨੂੰ ਸੋਝੀ ਆਉਂਦੀ ਹੈ।
ਜਾ ਤਿਨਿੑ ਸਵਾਲਿਆ ਤਾਂ ਸਵਿ ਰਹਿਆ ਜਗਾਏ ਤਾਂ ਸੁਧਿ ਹੋਇ ॥
ਸੂਝ ਤਦੋਂ ਹੁੰਦੀ ਹੈ ਜਦੋਂ ਪ੍ਰਭੂ ਆਪ ਜਗਾਉਂਦਾ ਹੈ, ਜਦ ਤਾਈਂ ਉਸ ਨੇ (ਮਾਇਆ ਵਿਚ) ਸਵਾਲਿਆ ਹੋਇਆ ਹੈ, ਤਦ ਤਾਈਂ ਮਨੁੱਖ ਸੁੱਤਾ ਰਹਿੰਦਾ ਹੈ।
ਨਾਨਕ ਨਦਰਿ ਕਰੇ ਜੇ ਆਪਣੀ ਸਤਿਗੁਰੁ ਮੇਲੈ ਸੋਇ ॥
ਹੇ ਨਾਨਕ! ਜਿਸ ਤੇ ਪ੍ਰਭੂ ਆਪਣੀ ਮੇਹਰ ਦੀ ਨਜ਼ਰ ਕਰੇ ਤਾਂ ਓਸੇ ਨੂੰ ਸਤਿਗੁਰੂ ਮੇਲਦਾ ਹੈ।
ਗੁਰਪ੍ਰਸਾਦਿ ਜੀਵਤੁ ਮਰੈ ਤਾ ਫਿਰਿ ਮਰਣੁ ਨ ਹੋਇ ॥੨॥
ਜੇ ਸਤਿਗੁਰੂ ਦੀ ਕਿਰਪਾ ਨਾਲ (ਮਨੁੱਖ) ਜੀਊਂਦਾ ਹੋਇਆ ਹੀ ਮਰਦਾ (ਭਾਵ, ਹਉਮੇ ਛਡ ਦੇਂਦਾ) ਹੈ ਤਾਂ ਫੇਰ ਮੁੜ ਕੇ ਮਰਨਾ ਨਹੀਂ ਹੁੰਦਾ (ਭਾਵ, ਜਨਮ ਮਰਨ ਤੋਂ ਬਚ ਜਾਂਦਾ ਹੈ) ॥੨॥
ਪਉੜੀ ॥
ਜਿਸ ਦਾ ਕੀਤਾ ਸਭੁ ਕਿਛੁ ਹੋਵੈ ਤਿਸ ਨੋ ਪਰਵਾਹ ਨਾਹੀ ਕਿਸੈ ਕੇਰੀ ॥
ਉਸ ਪ੍ਰਭੂ ਨੂੰ ਕਿਸੇ ਦੀ ਕਾਣ ਨਹੀਂ ਕਿਉਂਕਿ ਸਭ ਕੁਝ ਹੁੰਦਾ ਹੀ ਉਸ ਦਾ ਕੀਤਾ ਹੋਇਆ ਹੈ।
ਹਰਿ ਜੀਉ ਤੇਰਾ ਦਿਤਾ ਸਭੁ ਕੋ ਖਾਵੈ ਸਭ ਮੁਹਤਾਜੀ ਕਢੈ ਤੇਰੀ ॥
ਹੇ ਹਰੀ! ਹਰੇਕ ਜੀਵ ਤੇਰਾ ਦਿੱਤਾ ਖਾਂਦਾ ਹੈ ਤੇ ਸਾਰੀ ਸ੍ਰਿਸ਼ਟੀ ਤੇਰੀ ਮੁਥਾਜੀ ਕੱਢਦੀ ਹੈ।
ਜਿ ਤੁਧ ਨੋ ਸਾਲਾਹੇ ਸੁ ਸਭੁ ਕਿਛੁ ਪਾਵੈ ਜਿਸ ਨੋ ਕਿਰਪਾ ਨਿਰੰਜਨ ਕੇਰੀ ॥
ਉਸ ਨੂੰ ਸਭ ਕੁਝ ਪ੍ਰਾਪਤ ਹੁੰਦਾ ਹੈ ਜੋ ਤੇਰੀ ਸਿਫ਼ਤ-ਸਾਲਾਹ ਕਰਦਾ ਹੈ ਤੇ ਜਿਸ ਉਤੇ ਮਾਇਆ-ਰਹਿਤ ਪ੍ਰਭੂ ਦੀ ਕਿਰਪਾ ਹੁੰਦੀ ਹੈ।
ਸੋਈ ਸਾਹੁ ਸਚਾ ਵਣਜਾਰਾ ਜਿਨਿ ਵਖਰੁ ਲਦਿਆ ਹਰਿ ਨਾਮੁ ਧਨੁ ਤੇਰੀ ॥
(ਸਮਝੋ) ਉਹੀ ਸ਼ਾਹੂਕਾਰ ਹੈ ਤੇ ਸੱਚਾ ਵਣਜਾਰਾ ਹੈ ਜਿਸ ਨੇ ਤੇਰਾ ਨਾਮ (ਰੂਪ) ਧਨ ਵੱਖਰ ਲਦਿਆ ਹੈ।
ਸਭਿ ਤਿਸੈ ਨੋ ਸਾਲਾਹਿਹੁ ਸੰਤਹੁ ਜਿਨਿ ਦੂਜੇ ਭਾਵ ਕੀ ਮਾਰਿ ਵਿਡਾਰੀ ਢੇਰੀ ॥੧੬॥
ਹੇ ਸੰਤ ਜਨੋ! ਸਾਰੇ ਉਸੇ ਦੀ ਸਿਫ਼ਤ-ਸਾਲਾਹ ਕਰੋ ਜਿਸ ਪ੍ਰਭੂ ਨੇ ਮਾਇਆ ਦੇ ਮੋਹ ਦਾ ਟਿੱਬਾ (ਮਨ ਵਿਚੋਂ) ਢਾਹ ਕੇ ਕੱਢ ਦਿੱਤਾ ਹੈ ॥੧੬॥
ਸਲੋਕ ॥
ਕਬੀਰਾ ਮਰਤਾ ਮਰਤਾ ਜਗੁ ਮੁਆ ਮਰਿ ਭਿ ਨ ਜਾਨੈ ਕੋਇ ॥
ਹੇ ਕਬੀਰ! (ਉਂਞ ਤਾਂ) ਮਰਦਾ ਮਰਦਾ ਸਾਰਾ ਸੰਸਾਰ ਮਰ ਹੀ ਰਿਹਾ ਹੈ, ਪਰ ਕਿਸੇ ਨੇ ਵੀ (ਸੱਚੇ) ਮਰਨ ਦੀ ਜਾਚ ਨਹੀਂ ਸਿੱਖੀ।
ਐਸੀ ਮਰਨੀ ਜੋ ਮਰੈ ਬਹੁਰਿ ਨ ਮਰਨਾ ਹੋਇ ॥੧॥
ਜੋ ਮਨੁੱਖ ਇਸ ਤਰ੍ਹਾਂ ਦੀ ਸੱਚੀ ਮੌਤ ਮਰਦਾ ਹੈ, ਉਸ ਨੂੰ ਫਿਰ ਮਰਨਾ ਨਹੀਂ ਪੈਂਦਾ ॥੧॥
ਮਃ ੩ ॥
ਕਿਆ ਜਾਣਾ ਕਿਵ ਮਰਹਗੇ ਕੈਸਾ ਮਰਣਾ ਹੋਇ ॥
ਮੈਨੂੰ ਤਾਂ ਇਹ ਪਤਾ ਨਹੀਂ ਕਿ (ਸੱਚਾ) ਮਰਨਾ ਕੀਹ ਹੁੰਦਾ ਹੈ ਤੇ ਸਾਨੂੰ ਕਿਵੇਂ ਮਰਨਾ ਚਾਹੀਦਾ ਹੈ,
ਜੇ ਕਰਿ ਸਾਹਿਬੁ ਮਨਹੁ ਨ ਵੀਸਰੈ ਤਾ ਸਹਿਲਾ ਮਰਣਾ ਹੋਇ ॥
ਜੇ ਮਾਲਕ ਮਨੋਂ ਨਾ ਵਿਸਾਰਿਆ ਜਾਏ, ਤਾਂ ਸੁਖੱਲਾ ਮਰਨਾ ਹੁੰਦਾ ਹੈ (ਭਾਵ, ਮਨੁੱਖ ਸੌਖਾ ਹੀ ਮਾਇਆ ਦੇ ਪ੍ਰਭਾਵ ਤੋਂ ਬਚ ਜਾਂਦਾ ਹੈ)।
ਮਰਣੈ ਤੇ ਜਗਤੁ ਡਰੈ ਜੀਵਿਆ ਲੋੜੈ ਸਭੁ ਕੋਇ ॥
ਮਰਨ ਤੋਂ ਸਾਰਾ ਸੰਸਾਰ ਡਰਦਾ ਹੈ ਤੇ ਹਰ ਕੋਈ ਜੀਊਣਾ ਚਾਹੁੰਦਾ ਹੈ।
ਗੁਰਪਰਸਾਦੀ ਜੀਵਤੁ ਮਰੈ ਹੁਕਮੈ ਬੂਝੈ ਸੋਇ ॥
ਗੁਰੂ ਦੀ ਕਿਰਪਾ ਨਾਲ ਜੋ ਮਨੁੱਖ ਜੀਊਂਦਾ ਹੀ ਮਰਦਾ ਹੈ (ਭਾਵ, ਹਉਮੇ ਮਾਰ ਦੇਂਦਾ ਹੈ), ਉਹ ਹਰੀ ਦੀ ਰਜ਼ਾ ਨੂੰ ਸਮਝਦਾ ਹੈ।
ਨਾਨਕ ਐਸੀ ਮਰਨੀ ਜੋ ਮਰੈ ਤਾ ਸਦ ਜੀਵਣੁ ਹੋਇ ॥੨॥
ਹੇ ਨਾਨਕ! ਇਸ ਤਰ੍ਹਾਂ ਦੀ ਮੌਤ ਜੋ ਮਰਦਾ ਹੈ, (ਭਾਵ, ਜੋ ਮਨੁੱਖ ਪ੍ਰਭੂ ਦੀ ਰਜ਼ਾ ਵਿਚ ਤੁਰਦਾ ਹੈ) ਉਸ ਨੂੰ ਅਟੱਲ ਜੀਵਨ ਮਿਲ ਜਾਂਦਾ ਹੈ ॥੨॥
ਪਉੜੀ ॥
ਜਾ ਆਪਿ ਕ੍ਰਿਪਾਲੁ ਹੋਵੈ ਹਰਿ ਸੁਆਮੀ ਤਾ ਆਪਣਾਂ ਨਾਉ ਹਰਿ ਆਪਿ ਜਪਾਵੈ ॥
ਜਦੋਂ ਹਰੀ ਸੁਆਮੀ ਆਪ ਮੇਹਰਵਾਨ ਹੁੰਦਾ ਹੈ ਤਾਂ ਆਪਣਾ ਨਾਮ (ਜੀਵਾਂ ਪਾਸੋਂ) ਆਪ ਜਪਾਉਂਦਾ ਹੈ।
ਆਪੇ ਸਤਿਗੁਰੁ ਮੇਲਿ ਸੁਖੁ ਦੇਵੈ ਆਪਣਾਂ ਸੇਵਕੁ ਆਪਿ ਹਰਿ ਭਾਵੈ ॥
ਆਪਣਾ ਸੇਵਕ ਹਰੀ ਨੂੰ ਪਿਆਰਾ ਲੱਗਦਾ ਹੈ, ਉਸ ਨੂੰ ਆਪ ਹੀ ਸਤਿਗੁਰੂ ਮਿਲਾ ਕੇ ਸੁਖ ਬਖ਼ਸ਼ਦਾ ਹੈ।
ਆਪਣਿਆ ਸੇਵਕਾ ਕੀ ਆਪਿ ਪੈਜ ਰਖੈ ਆਪਣਿਆ ਭਗਤਾ ਕੀ ਪੈਰੀ ਪਾਵੈ ॥
ਪ੍ਰਭੂ ਆਪਣੇ ਸੇਵਕਾਂ ਦੀ ਆਪ ਲਾਜ ਰੱਖਦਾ ਹੈ ਤੇ ਆਪਣੇ ਭਗਤਾਂ ਦੀ ਚਰਨੀਂ ਲਿਆ ਪਾਂਦਾ ਹੈ।
ਧਰਮ ਰਾਇ ਹੈ ਹਰਿ ਕਾ ਕੀਆ ਹਰਿ ਜਨ ਸੇਵਕ ਨੇੜਿ ਨ ਆਵੈ ॥
ਧਰਮ ਰਾਜ ਭੀ ਜੋ ਪ੍ਰਭੂ ਦਾ ਹੀ ਬਣਾਇਆ ਹੋਇਆ ਹੈ ਤੇ ਉਹ ਪ੍ਰਭੂ ਦੇ ਸੇਵਕ ਦੇ ਨੇੜੇ ਨਹੀਂ ਆਉਂਦਾ।
ਜੋ ਹਰਿ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੋਰ ਕੇਤੀ ਝਖਿ ਝਖਿ ਆਵੈ ਜਾਵੈ ॥੧੭॥
ਜੋ ਮਨੁੱਖ ਪ੍ਰਭੂ ਦਾ ਪਿਆਰਾ ਹੈ ਉਹ ਸਭ ਦਾ ਪਿਆਰਾ ਹੈ ਤੇ ਹੋਰ ਬਥੇਰੀ ਸ੍ਰਿਸ਼ਟੀ ਖਪ ਖਪ ਕੇ ਜੰਮਦੀ ਮਰਦੀ ਹੈ ॥੧੭॥
ਸਲੋਕ ਮਃ ੩ ॥
ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨ ਪਾਇਆ ਜਾਇ ॥
ਸਾਰਾ ਸੰਸਾਰ ‘ਰਾਮ, ਰਾਮ’ ਆਖਦਾ ਫਿਰਦਾ ਹੈ ਪਰ ਇਸ ਤਰ੍ਹਾਂ ‘ਰਾਮ’ (ਪ੍ਰਭੂ) ਲੱਭਿਆ ਨਹੀਂ ਜਾਂਦਾ।
ਅਗਮੁ ਅਗੋਚਰੁ ਅਤਿ ਵਡਾ ਅਤੁਲੁ ਨ ਤੁਲਿਆ ਜਾਇ ॥
ਪ੍ਰਭੂ ਅਪਹੁੰਚ ਹੈ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਬੜਾ ਵੱਡਾ ਹੈ ਅਤੁੱਲ ਹੈ ਤੇ ਤੋਲਿਆ ਨਹੀਂ ਜਾ ਸਕਦਾ।
ਕੀਮਤਿ ਕਿਨੈ ਨ ਪਾਈਆ ਕਿਤੈ ਨ ਲਇਆ ਜਾਇ ॥
ਕਿਸੇ ਨੇ ਉਸ ਦੀ ਕੀਮਤ ਨਹੀਂ ਪਾਈ ਤੇ ਕਿਸੇ ਥਾਂ ਤੋਂ (ਮੁੱਲ ਦੇ ਕੇ) ਲਿਆ ਭੀ ਨਹੀਂ ਜਾਂਦਾ।
ਗੁਰ ਕੈ ਸਬਦਿ ਭੇਦਿਆ ਇਨ ਬਿਧਿ ਵਸਿਆ ਮਨਿ ਆਇ ॥
(ਪਰ) ਜੇ ਗੁਰੂ ਦੇ ਸ਼ਬਦ ਨਾਲ (ਮਨ) ਵਿੰਨ੍ਹਿਆ ਜਾਏ ਤਾਂ ਇਸ ਤਰ੍ਹਾਂ ਪ੍ਰਭੂ ਮਨ ਵਿਚ ਆ ਵੱਸਦਾ ਹੈ।
ਨਾਨਕ ਆਪਿ ਅਮੇਉ ਹੈ ਗੁਰ ਕਿਰਪਾ ਤੇ ਰਹਿਆ ਸਮਾਇ ॥
ਹੇ ਨਾਨਕ! ਪ੍ਰਭੂ ਆਪ ਤਾਂ ਮਿਣਤੀ ਤੋਂ ਪਰੇ ਹੈ, ਪਰ ਸਤਿਗੁਰੂ ਦੀ ਕਿਰਪਾ ਨਾਲ (ਸਮਝ ਪੈਂਦੀ ਹੈ ਕਿ ਉਹ ਸ੍ਰਿਸ਼ਟੀ ਵਿਚ) ਵਿਆਪਕ ਹੈ।
ਆਪੇ ਮਿਲਿਆ ਮਿਲਿ ਰਹਿਆ ਆਪੇ ਮਿਲਿਆ ਆਇ ॥੧॥
ਪ੍ਰਭੂ ਆਪ ਹੀ ਹਰ ਥਾਂ ਮਿਲਿਆ ਹੋਇਆ ਹੈ ਤੇ ਆਪ ਹੀ ਆ ਕੇ (ਜੀਵ ਨੂੰ) ਪਰਗਟ ਹੁੰਦਾ ਹੈ ॥੧॥
ਮਃ ੩ ॥
ਏ ਮਨ ਇਹੁ ਧਨੁ ਨਾਮੁ ਹੈ ਜਿਤੁ ਸਦਾ ਸਦਾ ਸੁਖੁ ਹੋਇ ॥
ਹੇ ਮਨ! ਐਸਾ ਧਨ ਕੇਵਲ ‘ਨਾਮ’ ਹੀ ਹੈ, ਜਿਸ ਨਾਲ ਸਦਾ ਲਈ ਸੁਖ ਮਿਲਦਾ ਹੈ।
ਤੋਟਾ ਮੂਲਿ ਨ ਆਵਈ ਲਾਹਾ ਸਦ ਹੀ ਹੋਇ ॥
ਏਹ ਧਨ ਕਦੀ ਨਹੀਂ ਘਟਦਾ, ਇਸ ਦਾ ਸਦਾ ਲਾਭ ਹੀ ਲਾਭ ਹੈ।
ਖਾਧੈ ਖਰਚਿਐ ਤੋਟਿ ਨ ਆਵਈ ਸਦਾ ਸਦਾ ਓਹੁ ਦੇਇ ॥
ਖਾਣ ਨਾਲ ਤੇ ਖ਼ਰਚਣ ਨਾਲ ਭੀ ਇਸ ਦੀ ਘਾਟ ਨਹੀਂ ਪੈਂਦੀ, (ਕਿਉਂਕਿ) ਉਹ ਪ੍ਰਭੂ ਸਦਾ ਹੀ (ਇਹ ਧਨ) ਦੇਈ ਜਾਂਦਾ ਹੈ।
ਸਹਸਾ ਮੂਲਿ ਨ ਹੋਵਈ ਹਾਣਤ ਕਦੇ ਨ ਹੋਇ ॥
ਕਦੇ (ਇਸ ਧਨ ਸੰਬੰਧੀ) ਕੋਈ ਚਿੰਤਾ ਨਹੀਂ ਹੁੰਦੀ ਤੇ (ਅੱਗੇ ਦਰਗਾਹ ਵਿਚ) ਸ਼ਰਮਿੰਦਗੀ ਨਹੀਂ ਉਠਾਣੀ ਪੈਂਦੀ।
ਨਾਨਕ ਗੁਰਮੁਖਿ ਪਾਈਐ ਜਾ ਕਉ ਨਦਰਿ ਕਰੇਇ ॥੨॥
ਹੇ ਨਾਨਕ! ਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ, ਉਸ ਨੂੰ ਸਤਿਗੁਰੂ ਦੇ ਸਨਮੁਖ ਹੋਇਆਂ ਹੀ (ਇਹ ਧਨ) ਲੱਭਦਾ ਹੈ ॥੨॥
ਪਉੜੀ ॥
ਆਪੇ ਸਭ ਘਟ ਅੰਦਰੇ ਆਪੇ ਹੀ ਬਾਹਰਿ ॥
ਪ੍ਰਭੂ ਆਪ ਹੀ ਸਾਰੇ ਸਰੀਰਾਂ ਦੇ ਵਿਚ ਹੈ ਤੇ ਆਪ ਹੀ ਸਭ ਤੋਂ ਵੱਖਰਾ ਹੈ,
ਆਪੇ ਗੁਪਤੁ ਵਰਤਦਾ ਆਪੇ ਹੀ ਜਾਹਰਿ ॥
ਆਪ ਹੀ (ਸਭ ਵਿਚ) ਲੁਕਿਆ ਹੋਇਆ ਹੈ ਤੇ ਆਪੇ ਪ੍ਰਤੱਖ ਹੁੰਦਾ ਹੈ।
ਜੁਗ ਛਤੀਹ ਗੁਬਾਰੁ ਕਰਿ ਵਰਤਿਆ ਸੁੰਨਾਹਰਿ ॥
ਯੱਤੀ ਜੁਗਾਂ ਤਕ ਉਸ ਨੇ ਘੁੱਪ ਹਨੇਰਾ ਪੈਦਾ ਕਰ ਕੇ ਆਪ ਸੁੰਨ (ਅਫੁਰ) ਹਾਲਤ ਵਿਚ ਪਰਵੇਸ਼ ਕੀਤਾ।
ਓਥੈ ਵੇਦ ਪੁਰਾਨ ਨ ਸਾਸਤਾ ਆਪੇ ਹਰਿ ਨਰਹਰਿ ॥
ਉਸ ਵੇਲੇ ਕੋਈ ਵੇਦ ਪੁਰਾਨ ਜਾਂ ਸ਼ਾਸਤ੍ਰ ਨਹੀਂ ਸੀ, ਕੇਵਲ ਪ੍ਰਭੂ ਆਪ ਹੀ ਆਪ ਸੀ।
ਬੈਠਾ ਤਾੜੀ ਲਾਇ ਆਪਿ ਸਭ ਦੂ ਹੀ ਬਾਹਰਿ ॥
(ਫਿਰ ਰਚਨਾ ਨੂੰ ਰਚ ਕੇ ਵੀ) ਪ੍ਰਭੂ ਸਭ ਤੋਂ ਵੱਖਰਾ ਸਮਾਧੀ ਲਾ ਕੇ ਬੈਠਾ ਹੋਇਆ ਹੈ (ਭਾਵ, ਮਾਇਆ ਦੀ ਰਚਨਾ ਰਚ ਕੇ ਭੀ ਇਸ ਮਾਇਆ ਦੇ ਪ੍ਰਭਾਵ ਤੋਂ ਆਪ ਨਿਰਲੇਪ ਹੈ)।
ਆਪਣੀ ਮਿਤਿ ਆਪਿ ਜਾਣਦਾ ਆਪੇ ਹੀ ਗਉਹਰੁ ॥੧੮॥
ਪ੍ਰਭੂ ਆਪ ਹੀ (ਮਾਨੋ) ਡੂੰਘਾ ਸਮੁੰਦਰ ਹੈ ਤੇ ਇਹ ਗੱਲ ਉਹ ਆਪ ਹੀ ਜਾਣਦਾ ਹੈ ਕਿ ਉਹ ਕਿਤਨਾ ਵੱਡਾ ਹੈ ॥੧੮॥
ਸਲੋਕ ਮਃ ੩ ॥
ਹਉਮੈ ਵਿਚਿ ਜਗਤੁ ਮੁਆ ਮਰਦੋ ਮਰਦਾ ਜਾਇ ॥
ਸੰਸਾਰ ਹਉਮੈ ਵਿਚ ਮੁਇਆ ਪਿਆ ਹੈ, ਨਿੱਤ (ਹਿਠਾਂ ਹਿਠਾਂ) ਪਿਆ ਗਰਕਦਾ ਹੀ ਹੈ।
ਜਿਚਰੁ ਵਿਚਿ ਦੰਮੁ ਹੈ ਤਿਚਰੁ ਨ ਚੇਤਈ ਕਿ ਕਰੇਗੁ ਅਗੈ ਜਾਇ ॥
ਜਦ ਤਾਈਂ ਸਰੀਰ ਵਿਚ ਦਮ ਹੈ, ਪ੍ਰਭੂ ਨੂੰ ਯਾਦ ਨਹੀਂ ਕਰਦਾ; (ਸੰਸਾਰੀ ਜੀਵ ਹਉਮੈ ਵਿਚ ਰਹਿ ਕੇ ਕਦੇ ਨਹੀਂ ਸੋਚਦਾ ਕਿ) ਅਗਾਂਹ ਦਰਗਾਹ ਵਿਚ ਜਾ ਕੇ ਕੀਹ ਹਾਲ ਹੋਵੇਗਾ।
ਗਿਆਨੀ ਹੋਇ ਸੁ ਚੇਤੰਨੁ ਹੋਇ ਅਗਿਆਨੀ ਅੰਧੁ ਕਮਾਇ ॥
ਜੋ ਮਨੁੱਖ ਗਿਆਨਵਾਨ ਹੁੰਦਾ ਹੈ, ਉਹ ਸੁਚੇਤ ਰਹਿੰਦਾ ਹੈ ਤੇ ਅਗਿਆਨੀ ਮਨੁੱਖ ਅਗਿਆਨਤਾ ਦਾ ਕੰਮ ਹੀ ਕਰਦਾ ਹੈ।
ਨਾਨਕ ਏਥੈ ਕਮਾਵੈ ਸੋ ਮਿਲੈ ਅਗੈ ਪਾਏ ਜਾਇ ॥੧॥
ਹੇ ਨਾਨਕ! ਮਨੁੱਖਾ ਜਨਮ ਵਿਚ ਜੋ ਕੁਝ ਮਨੁੱਖ ਕਮਾਈ ਕਰਦਾ ਹੈ, ਉਹੋ ਮਿਲਦੀ ਹੈ, ਪਰਲੋਕ ਵਿਚ ਭੀ ਜਾ ਕੇ ਉਹੋ ਮਿਲਦੀ ਹੈ ॥੧॥
ਮਃ ੩ ॥
ਧੁਰਿ ਖਸਮੈ ਕਾ ਹੁਕਮੁ ਪਇਆ ਵਿਣੁ ਸਤਿਗੁਰ ਚੇਤਿਆ ਨ ਜਾਇ ॥
ਧੁਰੋਂ ਹੀ ਪ੍ਰਭੂ ਦਾ ਹੁਕਮ ਚਲਿਆ ਆਉਂਦਾ ਹੈ ਕਿ ਸਤਿਗੁਰੂ ਤੋਂ ਬਿਨਾਂ ਪ੍ਰਭੂ ਸਿਮਰਿਆ ਨਹੀਂ ਜਾ ਸਕਦਾ।
ਸਤਿਗੁਰਿ ਮਿਲਿਐ ਅੰਤਰਿ ਰਵਿ ਰਹਿਆ ਸਦਾ ਰਹਿਆ ਲਿਵ ਲਾਇ ॥
ਸਤਿਗੁਰੂ ਦੇ ਮਿਲਿਆਂ ਪ੍ਰਭੂ ਮਨੁੱਖ ਦੇ ਹਿਰਦੇ ਵਿਚ ਵੱਸ ਪੈਂਦਾ ਹੈ ਤੇ ਮਨੁੱਖ ਸਦਾ ਉਸ ਵਿਚ ਬਿਰਤੀ ਜੋੜੀ ਰੱਖਦਾ ਹੈ।
ਦਮਿ ਦਮਿ ਸਦਾ ਸਮਾਲਦਾ ਦੰਮੁ ਨ ਬਿਰਥਾ ਜਾਇ ॥
ਤਾਂ ਸੁਆਸ ਸੁਆਸ ਉਸ ਨੂੰ ਚੇਤਦਾ ਹੈ, ਇੱਕ ਭੀ ਸੁਆਸ ਖ਼ਾਲੀ ਨਹੀਂ ਜਾਂਦਾ।
ਜਨਮ ਮਰਨ ਕਾ ਭਉ ਗਇਆ ਜੀਵਨ ਪਦਵੀ ਪਾਇ ॥
(ਇਸ ਤਰ੍ਹਾਂ ਉਸ ਦਾ) ਜੰਮਣ ਮਰਨ ਦਾ ਡਰ ਮੁੱਕ ਜਾਂਦਾ ਹੈ ਤੇ ਉਸ ਨੂੰ (ਅਸਲ ਮਨੁੱਖਾ) ਜੀਵਨ ਦਾ ਮਰਤਬਾ ਮਿਲ ਜਾਂਦਾ ਹੈ।
ਨਾਨਕ ਇਹੁ ਮਰਤਬਾ ਤਿਸ ਨੋ ਦੇਇ ਜਿਸ ਨੋ ਕਿਰਪਾ ਕਰੇ ਰਜਾਇ ॥੨॥
ਹੇ ਨਾਨਕ! ਪ੍ਰਭੂ ਇਹ ਦਰਜਾ (ਭਾਵ, ਜੀਵਨ-ਪਦਵੀ) ਉਸ ਮਨੁੱਖ ਨੂੰ ਦੇਂਦਾ ਹੈ ਜਿਸ ਤੇ ਉਹ ਆਪਣੀ ਰਜ਼ਾ ਵਿਚ ਮੇਹਰ ਕਰਦਾ ਹੈ ॥੨॥
ਪਉੜੀ ॥
ਆਪੇ ਦਾਨਾਂ ਬੀਨਿਆ ਆਪੇ ਪਰਧਾਨਾਂ ॥
ਪ੍ਰਭੂ ਆਪ ਹੀ ਸਿਆਣਾ ਹੈ, ਆਪ ਹੀ ਚਤੁਰ ਹੈ ਤੇ ਆਪ ਹੀ ਆਗੂ ਹੈ।
ਆਪੇ ਰੂਪ ਦਿਖਾਲਦਾ ਆਪੇ ਲਾਇ ਧਿਆਨਾਂ ॥
ਆਪ ਹੀ (ਆਪਣੇ) ਰੂਪ ਵਿਖਾਲਦਾ ਹੈ ਤੇ ਆਪ ਹੀ ਬਿਰਤੀ ਜੋੜਦਾ ਹੈ।
ਆਪੇ ਮੋਨੀ ਵਰਤਦਾ ਆਪੇ ਕਥੈ ਗਿਆਨਾਂ ॥
ਆਪ ਹੀ ਮੋਨਧਾਰੀ ਹੈ ਤੇ ਆਪ ਹੀ ਗਿਆਨ ਦੀਆਂ ਗੱਲਾਂ ਕਰਨ ਵਾਲਾ ਹੈ।
ਕਉੜਾ ਕਿਸੈ ਨ ਲਗਈ ਸਭਨਾ ਹੀ ਭਾਨਾ ॥
ਕਿਸੇ ਨੂੰ ਕੌੜਾ ਨਹੀਂ ਲੱਗਦਾ (ਕਿਸੇ ਨੂੰ ਕਿਸੇ ਰੰਗ ਵਿਚ, ਕਿਸੇ ਨੂੰ ਕਿਸੇ ਰੰਗ ਵਿਚ) ਸਭਨਾਂ ਨੂੰ ਪਿਆਰਾ ਲੱਗਦਾ ਹੈ।
ਉਸਤਤਿ ਬਰਨਿ ਨ ਸਕੀਐ ਸਦ ਸਦ ਕੁਰਬਾਨਾ ॥੧੯॥
ਐਸੇ ਪ੍ਰਭੂ ਤੋਂ ਮੈਂ ਸਦਕੇ ਹਾਂ, ਉਸ ਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ ॥੧੯॥
ਸਲੋਕ ਮਃ ੧ ॥
ਕਲੀ ਅੰਦਰਿ ਨਾਨਕਾ ਜਿੰਨਾਂ ਦਾ ਅਉਤਾਰੁ ॥
ਹੇ ਨਾਨਕ! ਕਲਜੁਗ ਵਿਚ (ਵਿਕਾਰੀ ਜੀਵਨ ਵਿਚ) ਰਹਿਣ ਵਾਲੇ (ਮਨੁੱਖ ਨਹੀਂ) ਭੂਤਨੇ ਜੰਮੇ ਹੋਏ ਹਨ।
ਪੁਤੁ ਜਿਨੂਰਾ ਧੀਅ ਜਿੰਨੂਰੀ ਜੋਰੂ ਜਿੰਨਾ ਦਾ ਸਿਕਦਾਰੁ ॥੧॥
ਪੁਤ੍ਰ ਭੂਤਨਾ, ਧੀ ਭੂਤਨੀ ਤੇ ਇਸਤ੍ਰੀ ਸਭ ਤੋਂ ਵਢੀ ਭੁਤਨੀ ਹੈ (ਭਾਵ; ਨਾਮ ਤੋਂ ਸੱਖਣੇ ਸਭ ਜੀਵ ਭੂਤਨੇ ਬਰਾਬਰ ਹਨ) ॥੧॥
ਮਃ ੧ ॥
ਹਿੰਦੂ ਮੂਲੇ ਭੂਲੇ ਅਖੁਟੀ ਜਾਂਹੀ ॥
ਹਿੰਦੂ ਉੱਕਾ ਹੀ ਭੁੱਲੇ ਹੋਏ ਖੁੰਝੇ ਜਾ ਰਹੇ ਹਨ।
ਨਾਰਦਿ ਕਹਿਆ ਸਿ ਪੂਜ ਕਰਾਂਹੀ ॥
ਜੋ ਨਾਰਦ ਨੇ ਆਖਿਆ ਉਹੀ ਪੂਜਾ ਕਰਦੇ ਹਨ।
ਅੰਧੇ ਗੁੰਗੇ ਅੰਧ ਅੰਧਾਰੁ ॥
ਇਹਨਾਂ ਅੰਨ੍ਹਿਆਂ ਗੁੰਗਿਆਂ ਵਾਸਤੇ ਹਨੇਰਾ ਘੁਪ ਬਣਿਆ ਪਿਆ ਹੈ (ਭਾਵ, ਸਹੀ ਰਸਤੇ ਤੇ ਚਲ ਕੇ ਪ੍ਰਭੂ ਦੇ ਗੁਣ ਨਹੀਂ ਗਾਉਂਦੇ)।
ਪਾਥਰੁ ਲੇ ਪੂਜਹਿ ਮੁਗਧ ਗਵਾਰ ॥
ਇਹ ਮੂਰਖ ਗਵਾਰ ਪੱਥਰ ਲੈ ਕੇ ਪੂਜ ਰਹੇ ਹਨ।
ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰੁ ॥੨॥
ਉਹ ਪਥਰ ਜੋ ਆਪ (ਪਾਣੀ ਵਿਚ) ਡੁੱਬ ਜਾਂਦਾ ਹੈ ਉਹ ਤੁਹਾਨੂੰ ਕਿਵੇਂ ਤਾਰ ਸਕਦਾ ਹੈ?॥੨॥
ਪਉੜੀ ॥
ਸਭੁ ਕਿਹੁ ਤੇਰੈ ਵਸਿ ਹੈ ਤੂ ਸਚਾ ਸਾਹੁ ॥
ਹੇ ਪ੍ਰਭੂ! ਤੂੰ ਸੱਚਾ ਸ਼ਾਹ ਹੈਂ ਤੇ ਸਭ ਕੁਝ ਤੇਰੇ ਅਖ਼ਤਿਆਰ ਵਿਚ ਹੈ।
ਭਗਤ ਰਤੇ ਰੰਗਿ ਏਕ ਕੈ ਪੂਰਾ ਵੇਸਾਹੁ ॥
ਭਜਨ ਕਰਨ ਵਾਲੇ ਦਾਸ ਇਕ ਹਰੀ ਦੇ (ਨਾਮ ਦੇ) ਰੰਗ ਵਿਚ ਰੰਗੇ ਹੋਏ ਹਨ ਤੇ ਉਸ ਤੇ ਉਹਨਾਂ ਨੂੰ ਪੂਰਾ ਭਰੋਸਾ ਹੈ।
ਅੰਮ੍ਰਿਤੁ ਭੋਜਨੁ ਨਾਮੁ ਹਰਿ ਰਜਿ ਰਜਿ ਜਨ ਖਾਹੁ ॥
ਉਹ ਦਾਸ ਪ੍ਰਭੂ ਦਾ ਨਾਮ (ਰੂਪ) ਅਮਰ ਕਰਨ ਵਾਲਾ ਭੋਜਨ ਰੱਜ ਰੱਜ ਕੇ ਖਾਂਦੇ ਹਨ।
ਸਭਿ ਪਦਾਰਥ ਪਾਈਅਨਿ ਸਿਮਰਣੁ ਸਚੁ ਲਾਹੁ ॥
ਸਾਰੇ ਪਦਾਰਥ ਉਹਨਾਂ ਨੂੰ ਮਿਲਦੇ ਹਨ, ਉਹ ਨਾਮ ਸਿਮਰਨ (ਰੂਪ) ਸੱਚਾ ਲਾਹਾ ਖੱਟਦੇ ਹਨ।
ਸੰਤ ਪਿਆਰੇ ਪਾਰਬ੍ਰਹਮ ਨਾਨਕ ਹਰਿ ਅਗਮ ਅਗਾਹੁ ॥੨੦॥
ਹੇ ਨਾਨਕ! ਜੋ ਪਾਰਬ੍ਰਹਮ ਪਹੁੰਚ ਤੋਂ ਪਰੇ ਤੇ ਅਗਾਧ ਹੈ, ਭਜਨ ਕਰਨ ਵਾਲੇ ਦਾਸ ਉਸ ਦੇ ਪਿਆਰੇ ਹਨ ॥੨੦॥
ਸਲੋਕ ਮਃ ੩ ॥
ਸਭੁ ਕਿਛੁ ਹੁਕਮੇ ਆਵਦਾ ਸਭੁ ਕਿਛੁ ਹੁਕਮੇ ਜਾਇ ॥
ਹਰੇਕ ਚੀਜ਼ ਪ੍ਰਭੂ ਦੇ ਹੁਕਮ ਵਿਚ ਹੀ ਆਉਂਦੀ ਹੈ ਤੇ ਹੁਕਮ ਵਿਚ ਹੀ ਚਲੀ ਜਾਂਦੀ ਹੈ।
ਜੇ ਕੋ ਮੂਰਖੁ ਆਪਹੁ ਜਾਣੈ ਅੰਧਾ ਅੰਧੁ ਕਮਾਇ ॥
ਜੇ ਕੋਈ ਮੂਰਖ ਆਪਣੇ ਆਪ ਨੂੰ (ਵੱਡਾ) ਸਮਝ ਲੈਂਦਾ ਹੈ (ਤਾਂ ਸਮਝੋ) ਉਹ ਅੰਨ੍ਹਾ ਅੰਨ੍ਹਿਆਂ ਵਾਲਾ ਕੰਮ ਕਰਦਾ ਹੈ।
ਨਾਨਕ ਹੁਕਮੁ ਕੋ ਗੁਰਮੁਖਿ ਬੁਝੈ ਜਿਸ ਨੋ ਕਿਰਪਾ ਕਰੇ ਰਜਾਇ ॥੧॥
ਹੇ ਨਾਨਕ! ਜਿਸ ਮਨੁੱਖ ਤੇ ਆਪਣੀ ਰਜ਼ਾ ਵਿਚ ਪ੍ਰਭੂ ਕਿਰਪਾ ਕਰਦਾ ਹੈ, ਉਹ ਕੋਈ ਵਿਰਲਾ ਗੁਰਮੁਖ ਹੁਕਮ ਦੀ ਪਛਾਣ ਕਰਦਾ ਹੈ ॥੧॥
ਮਃ ੩ ॥
ਸੋ ਜੋਗੀ ਜੁਗਤਿ ਸੋ ਪਾਏ ਜਿਸ ਨੋ ਗੁਰਮੁਖਿ ਨਾਮੁ ਪਰਾਪਤਿ ਹੋਇ ॥
ਜਿਸ ਮਨੁੱਖ ਨੂੰ ਸਤਿਗੁਰੂ ਦੇ ਸਨਮੁਖ ਹੋ ਕੇ ਨਾਮ ਦੀ ਪ੍ਰਾਪਤੀ ਹੁੰਦੀ ਹੈ, (ਸਮਝੋ) ਉਹ ਸੱਚਾ ਜੋਗੀ ਹੈ, ਜਿਸ ਨੂੰ ਜੋਗ ਦੀ ਜਾਚ ਆਈ ਹੈ।
ਤਿਸੁ ਜੋਗੀ ਕੀ ਨਗਰੀ ਸਭੁ ਕੋ ਵਸੈ ਭੇਖੀ ਜੋਗੁ ਨ ਹੋਇ ॥
ਐਸੇ ਜੋਗੀ ਦੇ ਸਰੀਰ (ਰੂਪ) ਨਗਰ ਵਿਚ ਹਰੇਕ (ਗੁਣ) ਵੱਸਦਾ ਹੈ ਪਰ ਸਿਰਫ਼ ਭੇਖ ਕਰ ਕੇ ਜੋਗੀ ਬਨਣ ਵਾਲਾ ਪ੍ਰਭੂ-ਮੇਲ ਨਹੀਂ ਕਰ ਸਕਦਾ।
ਨਾਨਕ ਐਸਾ ਵਿਰਲਾ ਕੋ ਜੋਗੀ ਜਿਸੁ ਘਟਿ ਪਰਗਟੁ ਹੋਇ ॥੨॥
ਹੇ ਨਾਨਕ! ਜਿਸ ਦੇ ਹਿਰਦੇ ਵਿਚ ਪ੍ਰਭੂ ਪ੍ਰਤੱਖ ਹੋ ਜਾਂਦਾ ਹੈ, ਇਹੋ ਜਿਹਾ ਕੋਈ ਵਿਰਲਾ ਜੋਗੀ ਹੁੰਦਾ ਹੈ ॥੨॥
ਪਉੜੀ ॥
ਆਪੇ ਜੰਤ ਉਪਾਇਅਨੁ ਆਪੇ ਆਧਾਰੁ ॥
ਉਸ ਨੇ ਆਪ ਹੀ ਜੀਵਾਂ ਨੂੰ ਪੈਦਾ ਕੀਤਾ ਹੈ ਤੇ ਆਪ ਹੀ (ਉਹਨਾਂ ਦਾ) ਆਸਰਾ (ਬਣਦਾ) ਹੈ।
ਆਪੇ ਸੂਖਮੁ ਭਾਲੀਐ ਆਪੇ ਪਾਸਾਰੁ ॥
ਆਪ ਹੀ ਹਰੀ ਸੂਖਮ ਰੂਪ ਵੇਖੀਦਾ ਹੈ ਤੇ ਆਪ ਹੀ (ਸੰਸਾਰ ਦਾ) ਪਰਪੰਚ (ਰੂਪ) ਹੈ।
ਆਪਿ ਇਕਾਤੀ ਹੋਇ ਰਹੈ ਆਪੇ ਵਡ ਪਰਵਾਰੁ ॥
ਆਪ ਹੀ ਇਕੱਲਾ ਹੋ ਕੇ ਰਹਿੰਦਾ ਹੈ ਤੇ ਆਪ ਹੀ ਵੱਡੇ ਪਰਵਾਰ ਵਾਲਾ ਹੈ।
ਨਾਨਕੁ ਮੰਗੈ ਦਾਨੁ ਹਰਿ ਸੰਤਾ ਰੇਨਾਰੁ ॥
ਹੇ ਹਰੀ! ਨਾਨਕ ਤੇਰੇ ਸੰਤਾਂ ਦੀ ਚਰਨ-ਧੂੜ (ਰੂਪ) ਦਾਨ ਮੰਗਦਾ ਹੈ,
ਹੋਰੁ ਦਾਤਾਰੁ ਨ ਸੁਝਈ ਤੂ ਦੇਵਣਹਾਰੁ ॥੨੧॥੧॥ ਸੁਧੁ ॥
ਤੂੰ ਹੀ ਦੇਣ ਵਾਲਾ ਹੈਂ, ਕੋਈ ਹੋਰ ਦਾਤਾ ਮੈਨੂੰ ਦਿੱਸ ਨਹੀਂ ਆਉਂਦਾ ॥੨੧॥੧॥ਸੁਧੁ ॥