ਭਗਤ ਸੂਰਦਾਸ ਜੀ – ਬਾਣੀ ਸ਼ਬਦ-Bhagat Surdas ji – Bani Quotes Shabad Path in Punjabi Gurbani
ਭਗਤ ਸੂਰਦਾਸ ਜੀ – ਬਾਣੀ ਸ਼ਬਦ-Bhagat Surdas ji – Bani Quotes Shabad Path in Punjabi Gurbani
ਛਾਡਿ ਮਨ ਹਰਿ ਬਿਮੁਖਨ ਕੋ ਸੰਗੁ ॥
ਹੇ (ਮੇਰੇ) ਮਨ! ਉਹਨਾਂ ਬੰਦਿਆਂ ਦਾ ਸਾਥ ਛੱਡ ਦੇਹ, ਜੋ ਪਰਮਾਤਮਾ ਵਲੋਂ ਬੇ-ਮੁਖ ਹਨ।
ਸਾਰੰਗ ਮਹਲਾ ੫ ਸੂਰਦਾਸ ॥
ਰਾਗ ਸਾਰੰਗ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ, ਭਗਤ ਸੂਰਦਾਸ ਦੇ ਸਿਰਲੇਖ ਹੇਠ।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹਰਿ ਕੇ ਸੰਗ ਬਸੇ ਹਰਿ ਲੋਕ ॥
(ਹੇ ਸੂਰਦਾਸ!) ਪਰਮਾਤਮਾ ਦੀ ਬੰਦਗੀ ਕਰਨ ਵਾਲੇ ਬੰਦੇ (ਸਦਾ) ਪਰਮਾਤਮਾ ਦੇ ਨਾਲ ਵੱਸਦੇ ਹਨ (ਇਸ ਤਰ੍ਹਾਂ ਸਹਿਜ ਸੁਭਾਇ ਬੇ-ਮੁਖਾਂ ਨਾਲੋਂ ਉਹਨਾਂ ਦਾ ਸਾਥ ਛੁੱਟ ਜਾਂਦਾ ਹੈ);
ਤਨੁ ਮਨੁ ਅਰਪਿ ਸਰਬਸੁ ਸਭੁ ਅਰਪਿਓ ਅਨਦ ਸਹਜ ਧੁਨਿ ਝੋਕ ॥੧॥ ਰਹਾਉ ॥
ਉਹ ਆਪਣਾ ਤਨ ਮਨ ਆਪਣਾ ਸਭ ਕੁਝ (ਇਸ ਪਿਆਰ ਤੋਂ) ਸਦਕੇ ਕਰ ਦੇਂਦੇ ਹਨ, ਉਹਨਾਂ ਨੂੰ ਆਨੰਦ ਦੇ ਹੁਲਾਰੇ ਆਉਂਦੇ ਹਨ, ਸਹਿਜ ਅਵਸਥਾ ਦੀ ਤਾਰ (ਉਹਨਾਂ ਦੇ ਅੰਦਰ ਬੱਝ ਜਾਂਦੀ ਹੈ) ॥੧॥ ਰਹਾਉ ॥
ਦਰਸਨੁ ਪੇਖਿ ਭਏ ਨਿਰਬਿਖਈ ਪਾਏ ਹੈ ਸਗਲੇ ਥੋਕ ॥
(ਹੇ ਸੂਰਦਾਸ!) ਭਗਤੀ ਕਰਨ ਵਾਲੇ ਬੰਦੇ ਪ੍ਰਭੂ ਦਾ ਦੀਦਾਰ ਕਰ ਕੇ ਵਿਸ਼ੇ ਵਿਕਾਰਾਂ ਤੋਂ ਬਚ ਜਾਂਦੇ ਹਨ, ਉਹਨਾਂ ਨੂੰ ਸਾਰੇ ਪਦਾਰਥ ਮਿਲ ਜਾਂਦੇ ਹਨ (ਭਾਵ, ਉਹਨਾਂ ਦੀਆਂ ਵਾਸ਼ਨਾਂ ਮੁੱਕ ਜਾਂਦੀਆਂ ਹਨ);
ਆਨ ਬਸਤੁ ਸਿਉ ਕਾਜੁ ਨ ਕਛੂਐ ਸੁੰਦਰ ਬਦਨ ਅਲੋਕ ॥੧॥
ਪ੍ਰਭੂ ਦੇ ਸੋਹਣੇ ਮੁਖ ਦਾ ਦੀਦਾਰ ਕਰ ਕੇ ਉਹਨਾਂ ਨੂੰ ਦੁਨੀਆ ਦੀ ਕਿਸੇ ਹੋਰ ਸ਼ੈ ਦੀ ਕੋਈ ਗ਼ਰਜ਼ ਨਹੀਂ ਰਹਿ ਜਾਂਦੀ ॥੧॥
ਸਿਆਮ ਸੁੰਦਰ ਤਜਿ ਆਨ ਜੁ ਚਾਹਤ ਜਿਉ ਕੁਸਟੀ ਤਨਿ ਜੋਕ ॥
ਜੋ ਮਨੁੱਖ ਸੋਹਣੇ ਸਾਂਵਲੇ ਸੱਜਣ (ਪ੍ਰਭੂ) ਨੂੰ ਵਿਸਾਰ ਕੇ ਹੋਰ ਹੋਰ ਪਦਾਰਥਾਂ ਦੀ ਲਾਲਸਾ ਕਰਦੇ ਹਨ, ਉਹ ਉਸ ਜੋਕ ਵਾਂਗ ਹਨ, ਜੋ ਕਿਸੇ ਕੋਹੜੀ ਦੇ ਸਰੀਰ ਤੇ (ਲੱਗ ਕੇ ਗੰਦ ਹੀ ਚੂਸਦੀ ਹੈ)।
ਸੂਰਦਾਸ ਮਨੁ ਪ੍ਰਭਿ ਹਥਿ ਲੀਨੋ ਦੀਨੋ ਇਹੁ ਪਰਲੋਕ ॥੨॥੧॥੮॥
ਪਰ, ਹੇ ਸੂਰਦਾਸ! ਜਿਨ੍ਹਾਂ ਦਾ ਮਨ ਪ੍ਰਭੂ ਨੇ ਆਪ ਆਪਣੇ ਹੱਥ ਵਿਚ ਲੈ ਲਿਆ ਹੈ ਉਹਨਾਂ ਨੂੰ ਉਸ ਨੇ ਇਹ ਲੋਕ ਤੇ ਪਰਲੋਕ ਦੋਵੇਂ ਬਖ਼ਸ਼ੇ ਹਨ (ਭਾਵ, ਉਹ ਲੋਕ ਪਰਲੋਕ ਦੋਹੀਂ ਥਾਈਂ ਆਨੰਦ ਵਿਚ ਰਹਿੰਦੇ ਹਨ) ॥੨॥੧॥੮॥