ਭਗਤ ਰਵਿਦਾਸ ਜੀ – ਬਾਣੀ ਸ਼ਬਦ-Bhagat Ravidas ji – Bani Quotes Shabad Path in Punjabi Gurbani

ਭਗਤ ਰਵਿਦਾਸ ਜੀ – ਬਾਣੀ ਸ਼ਬਦ-Bhagat Ravidas ji – Bani Quotes Shabad Path in Punjabi Gurbani

ਸਿਰੀਰਾਗੁ ॥
ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ ॥

(ਹੇ ਪਰਮਾਤਮਾ!) ਤੇਰੀ ਮੇਰੇ ਨਾਲੋਂ, ਮੇਰੀ ਤੇਰੇ ਨਾਲੋਂ (ਅਸਲ) ਵਿੱਥ ਕਿਹੋ ਜਿਹੀ ਹੈ?

ਕਨਕ ਕਟਿਕ ਜਲ ਤਰੰਗ ਜੈਸਾ ॥੧॥

(ਉਹੋ ਜਿਹੀ ਹੀ ਹੈ) ਜਿਹੀ ਸੋਨੇ ਤੇ ਸੋਨੇ ਦੇ ਕੜਿਆਂ ਦੀ, ਜਾਂ, ਪਾਣੀ ਤੇ ਪਾਣੀ ਦੀਆਂ ਲਹਿਰਾਂ ਦੀ ਹੈ ॥੧॥

ਜਉ ਪੈ ਹਮ ਨ ਪਾਪ ਕਰੰਤਾ ਅਹੇ ਅਨੰਤਾ ॥

ਹੇ ਬੇਅੰਤ (ਪ੍ਰਭੂ) ਜੀ! ਜੇ ਅਸੀਂ ਜੀਵ ਪਾਪ ਨਾਹ ਕਰਦੇ,

ਪਤਿਤ ਪਾਵਨ ਨਾਮੁ ਕੈਸੇ ਹੁੰਤਾ ॥੧॥ ਰਹਾਉ ॥

ਤਾਂ ਤੇਰਾ ਨਾਮ (ਪਾਪੀਆਂ ਨੂੰ ਪਵਿਤ੍ਰ ਕਰਨ ਵਾਲਾ) ‘ਪਤਿਤ-ਪਾਵਨ’ ਕਿਵੇਂ ਹੋ ਜਾਂਦਾ? ॥੧॥ ਰਹਾਉ ॥

ਤੁਮੑ ਜੁ ਨਾਇਕ ਆਛਹੁ ਅੰਤਰਜਾਮੀ ॥

ਹੇ ਸਾਡੇ ਦਿਲਾਂ ਦੀ ਜਾਣਨਹਾਰ ਪ੍ਰਭੂ! ਤੂੰ ਜੋ ਸਾਡਾ ਮਾਲਕ ਹੈਂ (ਤਾਂ ਫਿਰ ਮਾਲਕਾਂ ਵਾਲਾ ਬਿਰਦ ਪਾਲ, ਆਪਣੇ ‘ਪਤਿਤ-ਪਾਵਨ’ ਨਾਮ ਦੀ ਲਾਜ ਰੱਖ)।

ਪ੍ਰਭ ਤੇ ਜਨੁ ਜਾਨੀਜੈ ਜਨ ਤੇ ਸੁਆਮੀ ॥੨॥

ਮਾਲਕ ਨੂੰ ਵੇਖ ਕੇ ਇਹ ਪਛਾਣ ਲਈਦਾ ਹੈ ਕਿ ਇਸ ਦਾ ਸੇਵਕ ਕਿਹੋ ਜਿਹਾ ਹੈ ਤੇ ਸੇਵਕ ਤੋਂ ਮਾਲਕ ਦੀ ਪਰਖ ਹੋ ਜਾਂਦੀ ਹੈ ॥੨॥

ਸਰੀਰੁ ਆਰਾਧੈ ਮੋ ਕਉ ਬੀਚਾਰੁ ਦੇਹੂ ॥

(ਸੋ, ਹੇ ਪ੍ਰਭੂ!) ਮੈਨੂੰ ਇਹ ਸੂਝ ਬਖ਼ਸ਼ ਕਿ ਜਦ ਤਾਈਂ ਮੇਰਾ ਇਹ ਸਰੀਰ ਸਾਬਤ ਹੈ ਤਦ ਤਾਈਂ ਮੈਂ ਤੇਰਾ ਸਿਮਰਨ ਕਰਾਂ।

ਰਵਿਦਾਸ ਸਮ ਦਲ ਸਮਝਾਵੈ ਕੋਊ ॥੩॥

(ਇਹ ਭੀ ਮਿਹਰ ਕਰ ਕਿ) ਰਵਿਦਾਸ ਨੂੰ ਕੋਈ ਸੰਤ ਜਨ ਇਹ ਸਮਝ (ਭੀ) ਦੇ ਦੇਵੇ ਕਿ ਤੂੰ ਸਰਬ-ਵਿਆਪਕ ਹੈਂ ॥੩॥


ਰਾਗੁ ਗਉੜੀ ਰਵਿਦਾਸ ਜੀ ਕੇ ਪਦੇ ਗਉੜੀ ਗੁਆਰੇਰੀ ॥

ਰਾਗ ਗਉੜੀ ਵਿੱਚ ਭਗਤ ਰਵਿਦਾਸ ਜੀ ਦੀ ਬੰਦਾਂ ਵਾਲੀ ਬਾਣੀ। ਰਾਗ ਗਉੜੀ-ਗੁਆਰੇਰੀ

ੴ ਸਤਿ ਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ‘ਹੋਂਦ ਵਾਲਾ’ ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਮੇਰੀ ਸੰਗਤਿ ਪੋਚ ਸੋਚ ਦਿਨੁ ਰਾਤੀ ॥

(ਹੇ ਪ੍ਰਭੂ!) ਦਿਨ ਰਾਤ ਮੈਨੂੰ ਇਹ ਸੋਚ ਰਹਿੰਦੀ ਹੈ (ਮੇਰਾ ਕੀਹ ਬਣੇਗਾ?) ਮਾੜਿਆਂ ਨਾਲ ਮੇਰਾ ਬਹਿਣ-ਖਲੋਣ ਹੈ,

ਮੇਰਾ ਕਰਮੁ ਕੁਟਿਲਤਾ ਜਨਮੁ ਕੁਭਾਂਤੀ ॥੧॥

ਖੋਟ ਮੇਰਾ (ਨਿੱਤ-ਕਰਮ) ਹੈ; ਮੇਰਾ ਜਨਮ (ਭੀ) ਨੀਵੀਂ ਜਾਤਿ ਵਿਚੋਂ ਹੈ ॥੧॥

ਰਾਮ ਗੁਸਈਆ ਜੀਅ ਕੇ ਜੀਵਨਾ ॥

ਹੇ ਮੇਰੇ ਰਾਮ! ਹੇ ਮੇਰੇ ਰਾਮ! ਹੇ ਧਰਤੀ ਦੇ ਸਾਈਂ! ਹੇ ਮੇਰੀ ਜਿੰਦ ਦੇ ਆਸਰੇ!

ਮੋਹਿ ਨ ਬਿਸਾਰਹੁ ਮੈ ਜਨੁ ਤੇਰਾ ॥੧॥ ਰਹਾਉ ॥

ਮੈਨੂੰ ਨਾਹ ਵਿਸਾਰੀਂ, ਮੈਂ ਤੇਰਾ ਦਾਸ ਹਾਂ ॥੧॥ ਰਹਾਉ ॥

ਮੇਰੀ ਹਰਹੁ ਬਿਪਤਿ ਜਨ ਕਰਹੁ ਸੁਭਾਈ ॥

(ਹੇ ਪ੍ਰਭੂ!) ਮੇਰੀ ਇਹ ਬਿਪਤਾ ਕੱਟ; ਮੈਨੂੰ ਸੇਵਕ ਨੂੰ ਚੰਗੀ ਭਾਵਨਾ ਵਾਲਾ ਬਣਾ ਲੈ;

ਚਰਣ ਨ ਛਾਡਉ ਸਰੀਰ ਕਲ ਜਾਈ ॥੨॥

ਚਾਹੇ ਮੇਰੇ ਸਰੀਰ ਦੀ ਸੱਤਿਆ ਭੀ ਚਲੀ ਜਾਵੇ, (ਹੇ ਰਾਮ!) ਮੈਂ ਤੇਰੇ ਚਰਨ ਨਹੀਂ ਛੱਡਾਂਗਾ ॥੨॥

ਕਹੁ ਰਵਿਦਾਸ ਪਰਉ ਤੇਰੀ ਸਾਭਾ ॥

ਰਵਿਦਾਸ ਆਖਦਾ ਹੈ- (ਹੇ ਪ੍ਰਭੂ!) ਮੈਂ ਤੇਰੀ ਸ਼ਰਨ ਪਿਆ ਹਾਂ,

ਬੇਗਿ ਮਿਲਹੁ ਜਨ ਕਰਿ ਨ ਬਿਲਾਂਬਾ ॥੩॥੧॥

ਮੈਨੂੰ ਸੇਵਕ ਨੂੰ ਛੇਤੀ ਮਿਲੋ, ਢਿੱਲ ਨਾਹ ਕਰ ॥੩॥੧॥

ਬੇਗਮ ਪੁਰਾ ਸਹਰ ਕੋ ਨਾਉ ॥

(ਜਿਸ ਆਤਮਕ ਅਵਸਥਾ-ਰੂਪ ਸ਼ਹਿਰ ਵਿਚ ਮੈਂ ਵੱਸਦਾ ਹਾਂ) ਉਸ ਸ਼ਹਿਰ ਦਾ ਨਾਮ ਹੈ ਬੇ-ਗ਼ਮਪੁਰਾ (ਭਾਵ, ਉਸ ਅਵਸਥਾ ਵਿਚ ਕੋਈ ਗ਼ਮ ਨਹੀਂ ਪੋਹ ਸਕਦਾ);

ਦੂਖੁ ਅੰਦੋਹੁ ਨਹੀ ਤਿਹਿ ਠਾਉ ॥

ਉਸ ਥਾਂ ਨਾਹ ਕੋਈ ਦੁੱਖ ਹੈ, ਨਾਹ ਚਿੰਤਾ ਅਤੇ ਨਾਹ ਕੋਈ ਘਬਰਾਹਟ,

ਨਾਂ ਤਸਵੀਸ ਖਿਰਾਜੁ ਨ ਮਾਲੁ ॥

ਉਥੇ ਦੁਨੀਆ ਵਾਲੀ ਜਾਇਦਾਦ ਨਹੀਂ ਅਤੇ ਨਾਹ ਹੀ ਉਸ ਜਾਇਦਾਦ ਨੂੰ ਮਸੂਲ ਹੈ;

ਖਉਫੁ ਨ ਖਤਾ ਨ ਤਰਸੁ ਜਵਾਲੁ ॥੧॥

ਉਸ ਅਵਸਥਾ ਵਿਚ ਕਿਸੇ ਪਾਪ ਕਰਮ ਕਰਨ ਦਾ ਖ਼ਤਰਾ ਨਹੀਂ; ਕੋਈ ਡਰ ਨਹੀਂ; ਕੋਈ ਗਿਰਾਵਟ ਨਹੀਂ ॥੧॥

ਅਬ ਮੋਹਿ ਖੂਬ ਵਤਨ ਗਹ ਪਾਈ ॥

ਹੇ ਮੇਰੇ ਵੀਰ! ਹੁਣ ਮੈਂ ਵੱਸਣ ਲਈ ਸੋਹਣੀ ਥਾਂ ਲੱਭ ਲਈ ਹੈ,

ਊਹਾਂ ਖੈਰਿ ਸਦਾ ਮੇਰੇ ਭਾਈ ॥੧॥ ਰਹਾਉ ॥

ਉਥੇ ਸਦਾ ਸੁਖ ਹੀ ਸੁਖ ਹੈ ॥੧॥ ਰਹਾਉ ॥

ਕਾਇਮੁ ਦਾਇਮੁ ਸਦਾ ਪਾਤਿਸਾਹੀ ॥

ਉਹ (ਆਤਮਕ ਅਵਸਥਾ ਇਕ ਐਸੀ) ਪਾਤਸ਼ਾਹੀ (ਹੈ ਜੋ) ਸਦਾ ਹੀ ਟਿਕੀ ਰਹਿਣ ਵਾਲੀ ਹੈ,

ਦੋਮ ਨ ਸੇਮ ਏਕ ਸੋ ਆਹੀ ॥

ਉਥੇ ਕਿਸੇ ਦਾ ਦੂਜਾ ਤੀਜਾ ਦਰਜਾ ਨਹੀਂ, ਸਭ ਇਕੋ ਜਿਹੇ ਹਨ।

ਆਬਾਦਾਨੁ ਸਦਾ ਮਸਹੂਰ ॥

ਉਹ ਸ਼ਹਿਰ ਸਦਾ ਉੱਘਾ ਹੈ ਤੇ ਵੱਸਦਾ ਹੈ,

ਊਹਾਂ ਗਨੀ ਬਸਹਿ ਮਾਮੂਰ ॥੨॥

ਉਥੇ ਧਨੀ ਤੇ ਰੱਜੇ ਹੋਏ ਬੰਦੇ ਵੱਸਦੇ ਹਨ (ਭਾਵ, ਉਸ ਆਤਮਕ ਦਰਜੇ ਤੇ ਜੋ ਜੋ ਅੱਪੜਦੇ ਹਨ ਉਹਨਾਂ ਦੇ ਅੰਦਰ ਕੋਈ ਵਿਤਕਰਾ ਨਹੀਂ ਰਹਿੰਦਾ ਤੇ ਉਹਨਾਂ ਨੂੰ ਦੁਨੀਆ ਦੀ ਭੁੱਖ ਨਹੀਂ ਰਹਿੰਦੀ) ॥੨॥

ਤਿਉ ਤਿਉ ਸੈਲ ਕਰਹਿ ਜਿਉ ਭਾਵੈ ॥

(ਉਸ ਆਤਮਕ ਸ਼ਹਿਰ ਵਿਚ ਅੱਪੜੇ ਹੋਏ ਬੰਦੇ ਉਸ ਅਵਸਥਾ ਵਿਚ) ਅਨੰਦ ਨਾਲ ਵਿਚਰਦੇ ਹਨ;

ਮਹਰਮ ਮਹਲ ਨ ਕੋ ਅਟਕਾਵੈ ॥

ਉਹ ਉਸ (ਰੱਬੀ) ਮਹਲ ਦੇ ਭੇਤੀ ਹੁੰਦੇ ਹਨ; (ਇਸ ਵਾਸਤੇ) ਕੋਈ (ਉਹਨਾਂ ਦੇ ਰਾਹ ਵਿਚ) ਰੋਕ ਨਹੀਂ ਪਾ ਸਕਦਾ।

ਕਹਿ ਰਵਿਦਾਸ ਖਲਾਸ ਚਮਾਰਾ ॥

ਚਮਿਆਰ ਰਵਿਦਾਸ ਆਖਦਾ ਹੈ-

ਜੋ ਹਮ ਸਹਰੀ ਸੁ ਮੀਤੁ ਹਮਾਰਾ ॥੩॥੨॥

ਅਸਾਡਾ ਮਿੱਤਰ ਉਹ ਹੈ ਜੋ ਅਸਾਡਾ ਸਤਸੰਗੀ ਹੈ, ਜਿਸ ਨੇ (ਦੁਖ-ਅੰਦੋਹ ਤਸ਼ਵੀਸ਼ ਆਦਿਕ ਤੋਂ) ਖ਼ਲਾਸੀ ਪਾ ਲਈ ਹੈ ॥੩॥੨॥


ਰਾਗੁ ਗਉੜੀ ਰਵਿਦਾਸ ਜੀ ਕੇ ਪਦੇ ਗਉੜੀ ਗੁਆਰੇਰੀ ॥

ਰਾਗ ਗਉੜੀ ਵਿੱਚ ਭਗਤ ਰਵਿਦਾਸ ਜੀ ਦੀ ਬੰਦਾਂ ਵਾਲੀ ਬਾਣੀ। ਰਾਗ ਗਉੜੀ-ਗੁਆਰੇਰੀ

ੴ ਸਤਿ ਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ‘ਹੋਂਦ ਵਾਲਾ’ ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਮੇਰੀ ਸੰਗਤਿ ਪੋਚ ਸੋਚ ਦਿਨੁ ਰਾਤੀ ॥

(ਹੇ ਪ੍ਰਭੂ!) ਦਿਨ ਰਾਤ ਮੈਨੂੰ ਇਹ ਸੋਚ ਰਹਿੰਦੀ ਹੈ (ਮੇਰਾ ਕੀਹ ਬਣੇਗਾ?) ਮਾੜਿਆਂ ਨਾਲ ਮੇਰਾ ਬਹਿਣ-ਖਲੋਣ ਹੈ,

ਮੇਰਾ ਕਰਮੁ ਕੁਟਿਲਤਾ ਜਨਮੁ ਕੁਭਾਂਤੀ ॥੧॥

ਖੋਟ ਮੇਰਾ (ਨਿੱਤ-ਕਰਮ) ਹੈ; ਮੇਰਾ ਜਨਮ (ਭੀ) ਨੀਵੀਂ ਜਾਤਿ ਵਿਚੋਂ ਹੈ ॥੧॥

ਰਾਮ ਗੁਸਈਆ ਜੀਅ ਕੇ ਜੀਵਨਾ ॥

ਹੇ ਮੇਰੇ ਰਾਮ! ਹੇ ਮੇਰੇ ਰਾਮ! ਹੇ ਧਰਤੀ ਦੇ ਸਾਈਂ! ਹੇ ਮੇਰੀ ਜਿੰਦ ਦੇ ਆਸਰੇ!

ਮੋਹਿ ਨ ਬਿਸਾਰਹੁ ਮੈ ਜਨੁ ਤੇਰਾ ॥੧॥ ਰਹਾਉ ॥

ਮੈਨੂੰ ਨਾਹ ਵਿਸਾਰੀਂ, ਮੈਂ ਤੇਰਾ ਦਾਸ ਹਾਂ ॥੧॥ ਰਹਾਉ ॥

ਮੇਰੀ ਹਰਹੁ ਬਿਪਤਿ ਜਨ ਕਰਹੁ ਸੁਭਾਈ ॥

(ਹੇ ਪ੍ਰਭੂ!) ਮੇਰੀ ਇਹ ਬਿਪਤਾ ਕੱਟ; ਮੈਨੂੰ ਸੇਵਕ ਨੂੰ ਚੰਗੀ ਭਾਵਨਾ ਵਾਲਾ ਬਣਾ ਲੈ;

ਚਰਣ ਨ ਛਾਡਉ ਸਰੀਰ ਕਲ ਜਾਈ ॥੨॥

ਚਾਹੇ ਮੇਰੇ ਸਰੀਰ ਦੀ ਸੱਤਿਆ ਭੀ ਚਲੀ ਜਾਵੇ, (ਹੇ ਰਾਮ!) ਮੈਂ ਤੇਰੇ ਚਰਨ ਨਹੀਂ ਛੱਡਾਂਗਾ ॥੨॥

ਕਹੁ ਰਵਿਦਾਸ ਪਰਉ ਤੇਰੀ ਸਾਭਾ ॥

ਰਵਿਦਾਸ ਆਖਦਾ ਹੈ- (ਹੇ ਪ੍ਰਭੂ!) ਮੈਂ ਤੇਰੀ ਸ਼ਰਨ ਪਿਆ ਹਾਂ,

ਬੇਗਿ ਮਿਲਹੁ ਜਨ ਕਰਿ ਨ ਬਿਲਾਂਬਾ ॥੩॥੧॥

ਮੈਨੂੰ ਸੇਵਕ ਨੂੰ ਛੇਤੀ ਮਿਲੋ, ਢਿੱਲ ਨਾਹ ਕਰ ॥੩॥੧॥

ਬੇਗਮ ਪੁਰਾ ਸਹਰ ਕੋ ਨਾਉ ॥

(ਜਿਸ ਆਤਮਕ ਅਵਸਥਾ-ਰੂਪ ਸ਼ਹਿਰ ਵਿਚ ਮੈਂ ਵੱਸਦਾ ਹਾਂ) ਉਸ ਸ਼ਹਿਰ ਦਾ ਨਾਮ ਹੈ ਬੇ-ਗ਼ਮਪੁਰਾ (ਭਾਵ, ਉਸ ਅਵਸਥਾ ਵਿਚ ਕੋਈ ਗ਼ਮ ਨਹੀਂ ਪੋਹ ਸਕਦਾ);

ਦੂਖੁ ਅੰਦੋਹੁ ਨਹੀ ਤਿਹਿ ਠਾਉ ॥

ਉਸ ਥਾਂ ਨਾਹ ਕੋਈ ਦੁੱਖ ਹੈ, ਨਾਹ ਚਿੰਤਾ ਅਤੇ ਨਾਹ ਕੋਈ ਘਬਰਾਹਟ,

ਨਾਂ ਤਸਵੀਸ ਖਿਰਾਜੁ ਨ ਮਾਲੁ ॥

ਉਥੇ ਦੁਨੀਆ ਵਾਲੀ ਜਾਇਦਾਦ ਨਹੀਂ ਅਤੇ ਨਾਹ ਹੀ ਉਸ ਜਾਇਦਾਦ ਨੂੰ ਮਸੂਲ ਹੈ;

ਖਉਫੁ ਨ ਖਤਾ ਨ ਤਰਸੁ ਜਵਾਲੁ ॥੧॥

ਉਸ ਅਵਸਥਾ ਵਿਚ ਕਿਸੇ ਪਾਪ ਕਰਮ ਕਰਨ ਦਾ ਖ਼ਤਰਾ ਨਹੀਂ; ਕੋਈ ਡਰ ਨਹੀਂ; ਕੋਈ ਗਿਰਾਵਟ ਨਹੀਂ ॥੧॥

ਅਬ ਮੋਹਿ ਖੂਬ ਵਤਨ ਗਹ ਪਾਈ ॥

ਹੇ ਮੇਰੇ ਵੀਰ! ਹੁਣ ਮੈਂ ਵੱਸਣ ਲਈ ਸੋਹਣੀ ਥਾਂ ਲੱਭ ਲਈ ਹੈ,

ਊਹਾਂ ਖੈਰਿ ਸਦਾ ਮੇਰੇ ਭਾਈ ॥੧॥ ਰਹਾਉ ॥

ਉਥੇ ਸਦਾ ਸੁਖ ਹੀ ਸੁਖ ਹੈ ॥੧॥ ਰਹਾਉ ॥

ਕਾਇਮੁ ਦਾਇਮੁ ਸਦਾ ਪਾਤਿਸਾਹੀ ॥

ਉਹ (ਆਤਮਕ ਅਵਸਥਾ ਇਕ ਐਸੀ) ਪਾਤਸ਼ਾਹੀ (ਹੈ ਜੋ) ਸਦਾ ਹੀ ਟਿਕੀ ਰਹਿਣ ਵਾਲੀ ਹੈ,

ਦੋਮ ਨ ਸੇਮ ਏਕ ਸੋ ਆਹੀ ॥

ਉਥੇ ਕਿਸੇ ਦਾ ਦੂਜਾ ਤੀਜਾ ਦਰਜਾ ਨਹੀਂ, ਸਭ ਇਕੋ ਜਿਹੇ ਹਨ।

ਆਬਾਦਾਨੁ ਸਦਾ ਮਸਹੂਰ ॥

ਉਹ ਸ਼ਹਿਰ ਸਦਾ ਉੱਘਾ ਹੈ ਤੇ ਵੱਸਦਾ ਹੈ,

ਊਹਾਂ ਗਨੀ ਬਸਹਿ ਮਾਮੂਰ ॥੨॥

ਉਥੇ ਧਨੀ ਤੇ ਰੱਜੇ ਹੋਏ ਬੰਦੇ ਵੱਸਦੇ ਹਨ (ਭਾਵ, ਉਸ ਆਤਮਕ ਦਰਜੇ ਤੇ ਜੋ ਜੋ ਅੱਪੜਦੇ ਹਨ ਉਹਨਾਂ ਦੇ ਅੰਦਰ ਕੋਈ ਵਿਤਕਰਾ ਨਹੀਂ ਰਹਿੰਦਾ ਤੇ ਉਹਨਾਂ ਨੂੰ ਦੁਨੀਆ ਦੀ ਭੁੱਖ ਨਹੀਂ ਰਹਿੰਦੀ) ॥੨॥

ਤਿਉ ਤਿਉ ਸੈਲ ਕਰਹਿ ਜਿਉ ਭਾਵੈ ॥

(ਉਸ ਆਤਮਕ ਸ਼ਹਿਰ ਵਿਚ ਅੱਪੜੇ ਹੋਏ ਬੰਦੇ ਉਸ ਅਵਸਥਾ ਵਿਚ) ਅਨੰਦ ਨਾਲ ਵਿਚਰਦੇ ਹਨ;

ਮਹਰਮ ਮਹਲ ਨ ਕੋ ਅਟਕਾਵੈ ॥

ਉਹ ਉਸ (ਰੱਬੀ) ਮਹਲ ਦੇ ਭੇਤੀ ਹੁੰਦੇ ਹਨ; (ਇਸ ਵਾਸਤੇ) ਕੋਈ (ਉਹਨਾਂ ਦੇ ਰਾਹ ਵਿਚ) ਰੋਕ ਨਹੀਂ ਪਾ ਸਕਦਾ।

ਕਹਿ ਰਵਿਦਾਸ ਖਲਾਸ ਚਮਾਰਾ ॥

ਚਮਿਆਰ ਰਵਿਦਾਸ ਆਖਦਾ ਹੈ-

ਜੋ ਹਮ ਸਹਰੀ ਸੁ ਮੀਤੁ ਹਮਾਰਾ ॥੩॥੨॥

ਅਸਾਡਾ ਮਿੱਤਰ ਉਹ ਹੈ ਜੋ ਅਸਾਡਾ ਸਤਸੰਗੀ ਹੈ, ਜਿਸ ਨੇ (ਦੁਖ-ਅੰਦੋਹ ਤਸ਼ਵੀਸ਼ ਆਦਿਕ ਤੋਂ) ਖ਼ਲਾਸੀ ਪਾ ਲਈ ਹੈ ॥੩॥੨॥


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਗਉੜੀ ਬੈਰਾਗਣਿ ਰਵਿਦਾਸ ਜੀਉ ॥

ਰਾਗ ਗਉੜੀ-ਬੈਰਾਗਣਿ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।

ਘਟ ਅਵਘਟ ਡੂਗਰ ਘਣਾ ਇਕੁ ਨਿਰਗੁਣੁ ਬੈਲੁ ਹਮਾਰ ॥

(ਜਿਨਹੀਂ ਰਾਹੀਂ ਪ੍ਰਭੂ ਦੇ ਨਾਮ ਦਾ ਸੌਦਾ ਲੱਦ ਕੇ ਲੈ ਜਾਣ ਵਾਲਾ ਮੇਰਾ ਟਾਂਡਾ ਲੰਘਣਾ ਹੈ, ਉਹ) ਰਸਤੇ ਬੜੇ ਔਖੇ ਪਹਾੜੀ ਰਸਤੇ ਹਨ, ਤੇ ਮੇਰਾ (ਮਨ-) ਬਲਦ ਮਾੜਾ ਜਿਹਾ ਹੈ;

ਰਮਈਏ ਸਿਉ ਇਕ ਬੇਨਤੀ ਮੇਰੀ ਪੂੰਜੀ ਰਾਖੁ ਮੁਰਾਰਿ ॥੧॥

ਪਿਆਰੇ ਪ੍ਰਭੂ ਅੱਗੇ ਹੀ ਮੇਰੀ ਅਰਜ਼ੋਈ ਹੈ-ਹੇ ਪ੍ਰਭੂ! ਮੇਰੀ ਰਾਸਿ-ਪੂੰਜੀ ਦੀ ਤੂੰ ਆਪ ਰੱਖਿਆ ਕਰੀਂ ॥੧॥

ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਇ ਰੇ ॥੧॥ ਰਹਾਉ ॥

ਹੇ ਭਾਈ! (ਜੇ ਸੋਹਣੇ ਪ੍ਰਭੂ ਦੀ ਕਿਰਪਾ ਨਾਲ) ਪ੍ਰਭੂ ਦੇ ਨਾਮ ਦਾ ਵਣਜ ਕਰਨ ਵਾਲਾ ਕੋਈ ਬੰਦਾ ਮੈਨੂੰ ਮਿਲ ਪਏ ਤਾਂ ਮੇਰਾ ਮਾਲ ਭੀ ਲੱਦਿਆ ਜਾ ਸਕੇ (ਭਾਵ, ਤਾਂ ਉਸ ਗੁਰਮੁਖਿ ਦੀ ਸਹਾਇਤਾ ਨਾਲ ਮੈਂ ਭੀ ਹਰਿ-ਨਾਮ-ਰੂਪ ਦਾ ਵਣਜ ਕਰ ਸਕਾਂ) ॥੧॥ ਰਹਾਉ ॥

ਹਉ ਬਨਜਾਰੋ ਰਾਮ ਕੋ ਸਹਜ ਕਰਉ ਬੵਾਪਾਰੁ ॥

ਮੈਂ ਪ੍ਰਭੂ ਦੇ ਨਾਮ ਦਾ ਵਪਾਰੀ ਹਾਂ; ਮੈਂ ਇਹ ਐਸਾ ਵਪਾਰ ਕਰ ਰਿਹਾ ਹਾਂ ਜਿਸ ਵਿਚੋਂ ਮੈਨੂੰ ਸਹਿਜ ਅਵਸਥਾ ਦੀ ਖੱਟੀ ਹਾਸਲ ਹੋਵੇ।

ਮੈ ਰਾਮ ਨਾਮ ਧਨੁ ਲਾਦਿਆ ਬਿਖੁ ਲਾਦੀ ਸੰਸਾਰਿ ॥੨॥

(ਪ੍ਰਭੂ ਦੀ ਮਿਹਰ ਨਾਲ) ਮੈਂ ਪ੍ਰਭੂ ਦੇ ਨਾਮ ਦਾ ਸੌਦਾ ਲੱਦਿਆ ਹੈ, ਪਰ ਸੰਸਾਰ ਨੇ (ਆਤਮਕ ਮੌਤ ਲਿਆਉਣ ਵਾਲੀ ਮਾਇਆ-ਰੂਪ) ਜ਼ਹਿਰ ਦਾ ਵਪਾਰ ਕੀਤਾ ਹੈ ॥੨॥

ਉਰਵਾਰ ਪਾਰ ਕੇ ਦਾਨੀਆ ਲਿਖਿ ਲੇਹੁ ਆਲ ਪਤਾਲੁ ॥

ਜੀਵਾਂ ਦੀਆਂ ਲੋਕ ਪਰਲੋਕ ਦੀਆਂ ਸਭ ਕਰਤੂਤਾਂ ਜਾਣਨ ਵਾਲੇ ਹੇ ਚਿਤ੍ਰਗੁਪਤੋ! (ਮੇਰੇ ਬਾਰੇ) ਜੋ ਤੁਹਾਡਾ ਜੀਅ ਕਰੇ ਲਿਖ ਲੈਣਾ (ਭਾਵ, ਜਮਰਾਜ ਪਾਸ ਪੇਸ਼ ਕਰਨ ਲਈ ਮੇਰੇ ਕੰਮਾਂ ਵਿਚੋਂ ਕੋਈ ਗੱਲ ਤੁਹਾਨੂੰ ਲੱਭਣੀ ਹੀ ਨਹੀਂ)

ਮੋਹਿ ਜਮ ਡੰਡੁ ਨ ਲਾਗਈ ਤਜੀਲੇ ਸਰਬ ਜੰਜਾਲ ॥੩॥

(ਕਿਉਂਕਿ ਪ੍ਰਭੂ ਦੀ ਕ੍ਰਿਪਾ ਨਾਲ) ਮੈਂ ਸਾਰੇ ਜੰਜਾਲ ਛੱਡ ਦਿੱਤੇ ਹੋਏ ਹਨ, ਤਾਹੀਏਂ ਮੈਨੂੰ ਜਮ ਦਾ ਡੰਨ ਲੱਗਣਾ ਹੀ ਨਹੀਂ ॥੩॥

ਜੈਸਾ ਰੰਗੁ ਕਸੁੰਭ ਕਾ ਤੈਸਾ ਇਹੁ ਸੰਸਾਰੁ ॥

(ਜਿਉਂ ਜਿਉਂ ਮੈਂ ਰਾਮ ਨਾਮ ਦਾ ਵਣਜ ਕਰ ਰਿਹਾ ਹਾਂ, ਮੈਨੂੰ ਯਕੀਨ ਆ ਰਿਹਾ ਹੈ ਕਿ) ਇਹ ਜਗਤ ਇਉਂ ਹੈ ਜਿਵੇਂ ਕਸੁੰਭੇ ਦਾ ਰੰਗ,

ਮੇਰੇ ਰਮਈਏ ਰੰਗੁ ਮਜੀਠ ਕਾ ਕਹੁ ਰਵਿਦਾਸ ਚਮਾਰ ॥੪॥੧॥

ਤੇ, ਰਵਿਦਾਸ ਆਖਦਾ ਹੈ- ਮੇਰੇ ਪਿਆਰੇ ਰਾਮ ਦਾ ਨਾਮ-ਰੰਗ ਇਉਂ ਹੈ ਜਿਵੇਂ ਮਜੀਠ ਦਾ ਰੰਗ ॥੪॥੧॥


ਗਉੜੀ ਪੂਰਬੀ ਰਵਿਦਾਸ ਜੀਉ ॥

ਰਾਗ ਗਉੜੀ-ਪੂਰਬੀ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਕੂਪੁ ਭਰਿਓ ਜੈਸੇ ਦਾਦਿਰਾ ਕਛੁ ਦੇਸੁ ਬਿਦੇਸੁ ਨ ਬੂਝ ॥

ਜਿਵੇਂ (ਕੋਈ) ਖੂਹ ਡੱਡੂਆਂ ਨਾਲ ਭਰਿਆ ਹੋਇਆ ਹੋਵੇ, (ਉਹਨਾਂ ਡੱਡੂਆਂ ਨੂੰ) ਕੋਈ ਵਾਕਫ਼ੀ ਨਹੀਂ ਹੁੰਦੀ (ਕਿ ਇਸ ਖੂਹ ਤੋਂ ਬਾਹਰ ਕੋਈ ਹੋਰ) ਦੇਸ ਪਰਦੇਸ ਭੀ ਹੈ;

ਐਸੇ ਮੇਰਾ ਮਨੁ ਬਿਖਿਆ ਬਿਮੋਹਿਆ ਕਛੁ ਆਰਾ ਪਾਰੁ ਨ ਸੂਝ ॥੧॥

ਤਿਵੇਂ ਮੇਰਾ ਮਨ ਮਾਇਆ (ਦੇ ਖੂਹ) ਵਿਚ ਇਤਨਾ ਚੰਗੀ ਤਰ੍ਹਾਂ ਫਸਿਆ ਹੋਇਆ ਹੈ ਕਿ ਇਸ ਨੂੰ (ਮਾਇਆ ਦੇ ਖੂਹ ਵਿਚੋਂ ਨਿਕਲਣ ਲਈ) ਕੋਈ ਉਰਲਾ ਪਾਰਲਾ ਬੰਨਾ ਨਹੀਂ ਸੁੱਝਦਾ ॥੧॥

ਸਗਲ ਭਵਨ ਕੇ ਨਾਇਕਾ ਇਕੁ ਛਿਨੁ ਦਰਸੁ ਦਿਖਾਇ ਜੀ ॥੧॥ ਰਹਾਉ ॥

ਹੇ ਸਾਰੇ ਭਵਨਾਂ ਦੇ ਸਰਦਾਰ! ਮੈਨੂੰ ਇਕ ਖਿਨ ਭਰ ਲਈ (ਹੀ) ਦੀਦਾਰ ਦੇਹ ॥੧॥ ਰਹਾਉ ॥

ਮਲਿਨ ਭਈ ਮਤਿ ਮਾਧਵਾ ਤੇਰੀ ਗਤਿ ਲਖੀ ਨ ਜਾਇ ॥

ਹੇ ਪ੍ਰਭੂ! ਮੇਰੀ ਅਕਲ (ਵਿਕਾਰਾਂ ਨਾਲ) ਮੈਲੀ ਹੋਈ ਪਈ ਹੈ, (ਇਸ ਵਾਸਤੇ) ਮੈਨੂੰ ਤੇਰੀ ਗਤੀ ਦੀ ਪਛਾਣ ਨਹੀਂ ਆਉਂਦੀ (ਭਾਵ, ਮੈਨੂੰ ਸਮਝ ਨਹੀਂ ਪੈਂਦੀ ਕਿ ਤੂੰ ਕਿਹੋ ਜਿਹਾ ਹੈਂ)।

ਕਰਹੁ ਕ੍ਰਿਪਾ ਭ੍ਰਮੁ ਚੂਕਈ ਮੈ ਸੁਮਤਿ ਦੇਹੁ ਸਮਝਾਇ ॥੨॥

ਹੇ ਪ੍ਰਭੂ! ਮੇਹਰ ਕਰ, ਮੈਨੂੰ ਸੁਚੱਜੀ ਮੱਤ ਸਮਝਾ, (ਤਾਕਿ) ਮੇਰੀ ਭਟਕਣਾ ਮੁੱਕ ਜਾਏ ॥੨॥

ਜੋਗੀਸਰ ਪਾਵਹਿ ਨਹੀ ਤੁਅ ਗੁਣ ਕਥਨੁ ਅਪਾਰ ॥

(ਹੇ ਪ੍ਰਭੂ!) ਵੱਡੇ ਵੱਡੇ ਜੋਗੀ (ਭੀ) ਤੇਰੇ ਬੇਅੰਤ ਗੁਣਾਂ ਦਾ ਅੰਤ ਨਹੀਂ ਪਾ ਸਕਦੇ,

ਪ੍ਰੇਮ ਭਗਤਿ ਕੈ ਕਾਰਣੈ ਕਹੁ ਰਵਿਦਾਸ ਚਮਾਰ ॥੩॥੧॥

(ਪਰ) ਹੇ ਰਵਿਦਾਸ ਚਮਾਰ! ਤੂੰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ, ਤਾਕਿ ਤੈਨੂੰ ਪ੍ਰੇਮ ਤੇ ਭਗਤੀ ਦੀ ਦਾਤਿ ਮਿਲ ਸਕੇ ॥੩॥੧॥


ਗਉੜੀ ਬੈਰਾਗਣਿ ॥

ਰਾਗ ਗਉੜੀ-ਬੈਰਾਗਣਿ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਤਜੁਗਿ ਸਤੁ ਤੇਤਾ ਜਗੀ ਦੁਆਪਰਿ ਪੂਜਾਚਾਰ ॥

(ਹੇ ਪੰਡਿਤ ਜੀ! ਤੁਸੀ ਆਖਦੇ ਹੋ ਕਿ ਹਰੇਕ ਜੁਗ ਵਿਚ ਆਪੋ ਆਪਣਾ ਕਰਮ ਹੀ ਪ੍ਰਧਾਨ ਹੈ, ਇਸ ਅਨੁਸਾਰ) ਸਤਜੁਗ ਵਿਚ ਦਾਨ ਆਦਿਕ ਪ੍ਰਧਾਨ ਸੀ, ਤ੍ਰੇਤਾ ਜੁਗ ਜੱਗਾਂ ਵਿਚ ਪ੍ਰਵਿਰਤ ਰਿਹਾ, ਦੁਆਪਰ ਵਿਚ ਦੇਵਤਿਆਂ ਦੀ ਪੂਜਾ ਪ੍ਰਧਾਨ-ਕਰਮ ਸੀ;

ਤੀਨੌ ਜੁਗ ਤੀਨੌ ਦਿੜੇ ਕਲਿ ਕੇਵਲ ਨਾਮ ਅਧਾਰ ॥੧॥

(ਇਸ ਤਰ੍ਹਾਂ ਤੁਸੀ ਆਖਦੇ ਹੋ ਕਿ) ਤਿੰਨੇ ਜੁਗ ਇਹਨਾਂ ਤਿੰਨਾਂ ਕਰਮਾਂ ਧਰਮਾਂ ਉੱਤੇ ਜ਼ੋਰ ਦੇਂਦੇ ਹਨ; ਤੇ ਹੁਣ ਕਲਜੁਗ ਵਿਚ ਸਿਰਫ਼ (ਰਾਮ) ਨਾਮ ਦਾ ਆਸਰਾ ਹੈ ॥੧॥

ਪਾਰੁ ਕੈਸੇ ਪਾਇਬੋ ਰੇ ॥

ਪਰ, ਹੇ ਪੰਡਿਤ! (ਇਹਨਾਂ ਜੁਗਾਂ ਦੇ ਵੰਡੇ ਹੋਏ ਕਰਮਾਂ ਧਰਮਾਂ ਨਾਲ, ਸੰਸਾਰ-ਸਮੁੰਦਰ ਦਾ) ਪਾਰਲਾ ਬੰਨਾ ਕਿਵੇਂ ਲੱਭੋਗੇ?

ਮੋ ਸਉ ਕੋਊ ਨ ਕਹੈ ਸਮਝਾਇ ॥

(ਤੁਹਾਡੇ ਵਿਚੋਂ) ਕੋਈ ਭੀ ਮੈਨੂੰ ਐਸਾ ਕੰਮ ਸਮਝਾ ਕੇ ਨਹੀਂ ਦੱਸ ਸਕਿਆ,

ਜਾ ਤੇ ਆਵਾ ਗਵਨੁ ਬਿਲਾਇ ॥੧॥ ਰਹਾਉ ॥

ਜਿਸ ਦੀ ਸਹਾਇਤਾ ਨਾਲ (ਮਨੁੱਖ ਦਾ) ਜਨਮ ਮਰਨ ਦਾ ਗੇੜ ਮੁੱਕ ਸਕੇ ॥੧॥ ਰਹਾਉ ॥

ਬਹੁ ਬਿਧਿ ਧਰਮ ਨਿਰੂਪੀਐ ਕਰਤਾ ਦੀਸੈ ਸਭ ਲੋਇ ॥

(ਸ਼ਾਸਤ੍ਰਾਂ ਅਨੁਸਾਰ) ਕਈ ਤਰੀਕਿਆਂ ਨਾਲ ਵਰਨਾਂ ਆਸ਼ਰਮਾਂ ਦੇ ਕਰਤੱਬਾਂ ਦੀ ਹੱਦ-ਬੰਦੀ ਕੀਤੀ ਗਈ ਹੈ; (ਇਹਨਾਂ ਸ਼ਾਸਤ੍ਰਾਂ ਨੂੰ ਮੰਨਣ ਵਾਲਾ) ਸਾਰਾ ਜਗਤ ਇਹੀ ਮਿਥੇ ਹੋਏ ਕਰਮ-ਧਰਮ ਕਰਦਾ ਦਿੱਸ ਰਿਹਾ ਹੈ।

ਕਵਨ ਕਰਮ ਤੇ ਛੂਟੀਐ ਜਿਹ ਸਾਧੇ ਸਭ ਸਿਧਿ ਹੋਇ ॥੨॥

ਪਰ ਕਿਸ ਕਰਮ-ਧਰਮ ਦੇ ਕਰਨ ਨਾਲ (ਆਵਾਗਵਨ ਤੋਂ) ਖ਼ਲਾਸੀ ਹੋ ਸਕਦੀ ਹੈ? ਉਹ ਕਿਹੜਾ ਕਰਮ ਹੈ ਜਿਸ ਦੇ ਸਾਧਿਆਂ ਜਨਮ-ਮਨੋਰਥ ਦੀ ਸਫਲਤਾ ਹੁੰਦੀ ਹੈ?-(ਇਹ ਗੱਲ ਤੁਸੀ ਨਹੀਂ ਦੱਸ ਸਕੇ) ॥੨॥

ਕਰਮ ਅਕਰਮ ਬੀਚਾਰੀਐ ਸੰਕਾ ਸੁਨਿ ਬੇਦ ਪੁਰਾਨ ॥

ਵੇਦਾਂ ਤੇ ਪੁਰਾਣਾਂ ਨੂੰ ਸੁਣ ਕੇ (ਸਗੋਂ ਹੋਰ ਹੋਰ) ਸ਼ੰਕਾ ਵਧਦਾ ਹੈ। ਇਹੀ ਵਿਚਾਰ ਕਰੀਦੀ ਹੈ ਕਿ ਕਿਹੜਾ ਕਰਮ ਸ਼ਾਸਤ੍ਰਾਂ ਦੇ ਅਨੁਸਾਰ ਹੈ, ਤੇ, ਕਿਹੜਾ ਕਰਮ ਸ਼ਾਸਤ੍ਰਾਂ ਨੇ ਵਰਜਿਆ ਹੈ।

ਸੰਸਾ ਸਦ ਹਿਰਦੈ ਬਸੈ ਕਉਨੁ ਹਿਰੈ ਅਭਿਮਾਨੁ ॥੩॥

(ਵਰਨ ਆਸ਼ਰਮਾਂ ਦੇ ਕਰਮ ਧਰਮ ਕਰਦਿਆਂ ਹੀ, ਮਨੁੱਖ ਦੇ) ਹਿਰਦੇ ਵਿਚ ਸਹਿਮ ਤਾਂ ਟਿਕਿਆ ਹੀ ਰਹਿੰਦਾ ਹੈ, (ਫਿਰ) ਉਹ ਕਿਹੜਾ ਕਰਮ-ਧਰਮ (ਤੁਸੀ ਦੱਸਦੇ ਹੋ) ਜੋ ਮਨ ਦਾ ਅਹੰਕਾਰ ਦੂਰ ਕਰੇ? ॥੩॥

ਬਾਹਰੁ ਉਦਕਿ ਪਖਾਰੀਐ ਘਟ ਭੀਤਰਿ ਬਿਬਿਧਿ ਬਿਕਾਰ ॥

(ਹੇ ਪੰਡਿਤ! ਤੁਸੀ ਤੀਰਥ-ਇਸ਼ਨਾਨ ਤੇ ਜ਼ੋਰ ਦੇਂਦੇ ਹੋ, ਪਰ ਤੀਰਥਾਂ ਤੇ ਜਾ ਕੇ ਤਾਂ ਸਰੀਰ ਦਾ) ਬਾਹਰਲਾ ਪਾਸਾ ਹੀ ਪਾਣੀ ਨਾਲ ਧੋਈਦਾ ਹੈ, ਹਿਰਦੇ ਵਿਚ ਕਈ ਕਿਸਮ ਦੇ ਵਿਕਾਰ ਟਿਕੇ ਹੀ ਰਹਿੰਦੇ ਹਨ,

ਸੁਧ ਕਵਨ ਪਰ ਹੋਇਬੋ ਸੁਚ ਕੁੰਚਰ ਬਿਧਿ ਬਿਉਹਾਰ ॥੪॥

(ਇਸ ਤੀਰਥ-ਇਸ਼ਨਾਨ ਨਾਲ) ਕੌਣ ਪਵਿਤ੍ਰ ਹੋ ਸਕਦਾ ਹੈ? ਇਹ ਸੁੱਚ ਤਾਂ ਇਹੋ ਜਿਹੀ ਹੀ ਹੁੰਦੀ ਹੈ ਜਿਵੇਂ ਹਾਥੀ ਦਾ ਇਸ਼ਨਾਨ-ਕਰਮ ਹੈ ॥੪॥

ਰਵਿ ਪ੍ਰਗਾਸ ਰਜਨੀ ਜਥਾ ਗਤਿ ਜਾਨਤ ਸਭ ਸੰਸਾਰ ॥

(ਪਰ ਹੇ ਪੰਡਿਤ!) ਸਾਰਾ ਸੰਸਾਰ ਇਹ ਗੱਲ ਜਾਣਦਾ ਹੈ ਕਿ ਸੂਰਜ ਦੇ ਚੜ੍ਹਿਆਂ ਕਿਵੇਂ ਰਾਤ (ਦਾ ਹਨੇਰਾ) ਦੂਰ ਹੋ ਜਾਂਦਾ ਹੈ।

ਪਾਰਸ ਮਾਨੋ ਤਾਬੋ ਛੁਏ ਕਨਕ ਹੋਤ ਨਹੀ ਬਾਰ ॥੫॥

ਇਹ ਗੱਲ ਭੀ ਚੇਤੇ ਰੱਖਣ ਵਾਲੀ ਹੈ ਕਿ ਤਾਂਬੇ ਦੇ ਪਾਰਸ ਨਾਲ ਛੋਹਿਆਂ ਉਸ ਦੇ ਸੋਨਾ ਬਣਨ ਵਿਚ ਚਿਰ ਨਹੀਂ ਲੱਗਦਾ ॥੫॥

ਪਰਮ ਪਰਸ ਗੁਰੁ ਭੇਟੀਐ ਪੂਰਬ ਲਿਖਤ ਲਿਲਾਟ ॥

(ਇਸੇ ਤਰ੍ਹਾਂ) ਜੇ ਪੂਰਬਲੇ ਭਾਗ ਜਾਗਣ ਤਾਂ ਸਤਿਗੁਰੂ ਮਿਲ ਪੈਂਦਾ ਹੈ ਜੋ ਸਭ ਪਾਰਸਾਂ ਤੋਂ ਵਧੀਆ ਪਾਰਸ ਹੈ।

ਉਨਮਨ ਮਨ ਮਨ ਹੀ ਮਿਲੇ ਛੁਟਕਤ ਬਜਰ ਕਪਾਟ ॥੬॥

(ਗੁਰੂ ਦੀ ਕਿਰਪਾ ਨਾਲ) ਮਨ ਵਿਚ ਪਰਮਾਤਮਾ ਨੂੰ ਮਿਲਣ ਦੀ ਤਾਂਘ ਪੈਦਾ ਹੋ ਜਾਂਦੀ ਹੈ, ਉਹ ਅੰਤਰ-ਆਤਮੇ ਹੀ ਪ੍ਰਭੂ ਨੂੰ ਮਿਲ ਪੈਂਦਾ ਹੈ, ਮਨ ਦੇ ਕਰੜੇ ਕਵਾੜ ਖੁਲ੍ਹ ਜਾਂਦੇ ਹਨ ॥੬॥

ਭਗਤਿ ਜੁਗਤਿ ਮਤਿ ਸਤਿ ਕਰੀ ਭ੍ਰਮ ਬੰਧਨ ਕਾਟਿ ਬਿਕਾਰ ॥

ਜਿਸ ਮਨੁੱਖ ਨੇ ਪ੍ਰਭੂ ਦੀ ਭਗਤੀ ਵਿਚ ਜੁੜ ਕੇ (ਇਸ ਭਗਤੀ ਦੀ ਬਰਕਤ ਨਾਲ) ਭਟਕਣਾ ਵਿਕਾਰਾਂ ਅਤੇ ਮਾਇਆ ਦੇ ਬੰਧਨਾਂ ਨੂੰ ਕੱਟ ਕੇ ਆਪਣੀ ਬੁੱਧੀ ਨੂੰ ਮਾਇਆ ਵਿਚ ਡੋਲਣ ਤੋਂ ਰੋਕ ਲਿਆ ਹੈ।

ਸੋਈ ਬਸਿ ਰਸਿ ਮਨ ਮਿਲੇ ਗੁਨ ਨਿਰਗੁਨ ਏਕ ਬਿਚਾਰ ॥੭॥

ਉਹੀ ਮਨੁੱਖ (ਪ੍ਰਭੂ ਦੀ ਯਾਦ ਵਿਚ) ਟਿਕ ਕੇ ਆਨੰਦ ਨਾਲ (ਪ੍ਰਭੂ ਨੂੰ) ਅੰਤਰ-ਆਤਮੇ ਹੀ ਮਿਲ ਪੈਂਦਾ ਹੈ, ਅਤੇ ਉਸ ਇੱਕ ਪਰਮਾਤਮਾ ਦੇ ਗੁਣਾਂ ਦੀ ਯਾਦ ਵਿਚ ਰਹਿੰਦਾ ਹੈ, ਜੋ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ ਹੈ ॥੭॥

ਅਨਿਕ ਜਤਨ ਨਿਗ੍ਰਹ ਕੀਏ ਟਾਰੀ ਨ ਟਰੈ ਭ੍ਰਮ ਫਾਸ ॥

(ਪ੍ਰਭੂ ਦੀ ਯਾਦ ਤੋਂ ਬਿਨਾ) ਮਨ ਨੂੰ ਵਿਕਾਰਾਂ ਵਲੋਂ ਰੋਕਣ ਦੇ ਜੇ ਹੋਰ ਅਨੇਕਾਂ ਜਤਨ ਭੀ ਕੀਤੇ ਜਾਣ, (ਤਾਂ ਭੀ ਵਿਕਾਰਾਂ ਵਿਚ) ਭਟਕਣ ਦੀ ਫਾਹੀ ਟਾਲਿਆਂ ਟਲਦੀ ਨਹੀਂ ਹੈ।

ਪ੍ਰੇਮ ਭਗਤਿ ਨਹੀ ਊਪਜੈ ਤਾ ਤੇ ਰਵਿਦਾਸ ਉਦਾਸ ॥੮॥੧॥

(ਕਰਮ ਕਾਂਡ ਦੇ) ਇਹਨਾਂ ਜਤਨਾਂ ਨਾਲ ਪ੍ਰਭੂ ਦੀ ਪਿਆਰ-ਭਰੀ ਯਾਦ (ਹਿਰਦੇ ਵਿਚ) ਪੈਦਾ ਨਹੀਂ ਹੋ ਸਕਦੀ। ਇਸੇ ਵਾਸਤੇ ਮੈਂ ਰਵਿਦਾਸ ਇਹਨਾਂ ਕਰਮਾਂ-ਧਰਮਾਂ ਤੋਂ ਉਪਰਾਮ ਹਾਂ ॥੮॥੧॥


ਆਸਾ ਬਾਣੀ ਸ੍ਰੀ ਰਵਿਦਾਸ ਜੀਉ ਕੀ ॥

ਰਾਗ ਆਸਾ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ ॥

ਹਰਨ, ਮੱਛੀ, ਭੌਰਾ, ਭੰਬਟ, ਹਾਥੀ-ਇਕ ਇਕ ਐਬ ਦੇ ਕਾਰਨ ਇਹਨਾਂ ਦਾ ਨਾਸ ਹੋ ਜਾਂਦਾ ਹੈ, (ਹਰਨ ਨੂੰ ਘੰਡੇਹੇੜੇ ਦਾ ਨਾਦ ਸੁਣਨ ਦਾ ਰਸ; ਮੀਨ ਨੂੰ ਜੀਭ ਦਾ ਚਸਕਾ; ਭੌਰੇ ਨੂੰ ਫੁੱਲ ਸੁੰਘਣ ਦੀ ਬਾਣ; ਭੰਬਟ ਦਾ ਦੀਵੇ ਉੱਤੇ ਸੜ ਮਰਨਾ, ਅੱਖਾਂ ਨਾਲ ਵੇਖਣ ਦਾ ਚਸਕਾ; ਹਾਥੀ ਨੂੰ ਕਾਮ ਵਾਸ਼ਨਾ)

ਪੰਚ ਦੋਖ ਅਸਾਧ ਜਾ ਮਹਿ ਤਾ ਕੀ ਕੇਤਕ ਆਸ ॥੧॥

ਪਰ ਇਸ ਮਨੁੱਖ ਵਿਚ ਇਹ ਪੰਜੇ ਅਸਾਧ ਰੋਗ ਹਨ, ਇਸ ਦੇ ਬਚਣ ਦੀ ਕਦ ਤਕ ਆਸ ਹੋ ਸਕਦੀ ਹੈ? ॥੧॥

ਮਾਧੋ ਅਬਿਦਿਆ ਹਿਤ ਕੀਨ ॥

ਹੇ ਪ੍ਰਭੂ! ਜੀਵ ਅਗਿਆਨਤਾ ਨਾਲ ਪਿਆਰ ਕਰ ਰਹੇ ਹਨ;

ਬਿਬੇਕ ਦੀਪ ਮਲੀਨ ॥੧॥ ਰਹਾਉ ॥

ਇਸ ਵਾਸਤੇ ਇਹਨਾਂ ਦੇ ਬਿਬੇਕ ਦਾ ਦੀਵਾ ਧੁੰਧਲਾ ਹੋ ਗਿਆ ਹੈ (ਭਾਵ, ਪਰਖ-ਹੀਣ ਹੋ ਰਹੇ ਹਨ, ਭਲੇ ਬੁਰੇ ਦੀ ਪਛਾਣ ਨਹੀਂ ਕਰਦੇ) ॥੧॥ ਰਹਾਉ ॥

ਤ੍ਰਿਗਦ ਜੋਨਿ ਅਚੇਤ ਸੰਭਵ ਪੁੰਨ ਪਾਪ ਅਸੋਚ ॥

ਪਸ਼ੂ ਆਦਿਕ ਟੇਢੀਆਂ ਜੂਨਾਂ ਦੇ ਜੀਵ ਵਿਚਾਰ-ਹੀਨ ਹਨ, ਉਹਨਾਂ ਦਾ ਪਾਪ ਪੁੰਨ ਵਲੋਂ ਬੇ-ਪਰਵਾਹ ਰਹਿਣਾ ਕੁਦਰਤੀ ਹੈ;

ਮਾਨੁਖਾ ਅਵਤਾਰ ਦੁਲਭ ਤਿਹੀ ਸੰਗਤਿ ਪੋਚ ॥੨॥

ਪਰ ਮਨੁੱਖ ਨੂੰ ਇਹ ਜਨਮ ਮੁਸ਼ਕਲ ਨਾਲ ਮਿਲਿਆ ਹੈ, ਇਸ ਦੀ ਸੰਗਤਿ ਭੀ ਨੀਚ ਵਿਕਾਰਾਂ ਨਾਲ ਹੀ ਹੈ (ਇਸ ਨੂੰ ਤਾਂ ਸੋਚ ਕਰਨੀ ਚਾਹੀਦੀ ਸੀ) ॥੨॥

ਜੀਅ ਜੰਤ ਜਹਾ ਜਹਾ ਲਗੁ ਕਰਮ ਕੇ ਬਸਿ ਜਾਇ ॥

ਕੀਤੇ ਕਰਮਾਂ ਦੇ ਅਧੀਨ ਜਨਮ ਲੈ ਕੇ ਜੀਵ ਜਿਥੇ ਜਿਥੇ ਭੀ ਹਨ,

ਕਾਲ ਫਾਸ ਅਬਧ ਲਾਗੇ ਕਛੁ ਨ ਚਲੈ ਉਪਾਇ ॥੩॥

ਸਾਰੇ ਜੀਅ ਜੰਤਾਂ ਨੂੰ ਕਾਲ ਦੀ (ਆਤਮਕ ਮੌਤ ਦੀ) ਐਸੀ ਫਾਹੀ ਪਈ ਹੋਈ ਹੈ ਜੋ ਕੱਟੀ ਨਹੀਂ ਜਾ ਸਕਦੀ, ਇਹਨਾਂ ਦੀ ਕੁਝ ਪੇਸ਼ ਨਹੀਂ ਜਾਂਦੀ ॥੩॥

ਰਵਿਦਾਸ ਦਾਸ ਉਦਾਸ ਤਜੁ ਭ੍ਰਮੁ ਤਪਨ ਤਪੁ ਗੁਰ ਗਿਆਨ ॥

ਹੇ ਰਵਿਦਾਸ! ਹੇ ਪ੍ਰਭੂ ਦੇ ਦਾਸ ਰਵਿਦਾਸ! ਤੂੰ ਤਾਂ ਵਿਕਾਰਾਂ ਦੇ ਮੋਹ ਵਿਚੋਂ ਨਿਕਲ; ਇਹ ਭਟਕਣਾ ਛੱਡ ਦੇਹ, ਸਤਿਗੁਰੂ ਦਾ ਗਿਆਨ ਕਮਾ, ਇਹੀ ਤਪਾਂ ਦਾ ਤਪ ਹੈ।

ਭਗਤ ਜਨ ਭੈ ਹਰਨ ਪਰਮਾਨੰਦ ਕਰਹੁ ਨਿਦਾਨ ॥੪॥੧॥

ਭਗਤ ਜਨਾਂ ਦੇ ਭੈ ਦੂਰ ਕਰਨ ਵਾਲੇ ਹੇ ਪ੍ਰਭੂ! ਆਖ਼ਰ ਮੈਨੂੰ ਰਵਿਦਾਸ ਨੂੰ ਭੀ (ਆਪਣੇ ਪਿਆਰ ਦਾ) ਪਰਮ ਅਨੰਦ ਬਖ਼ਸ਼ੋ (ਮੈਂ ਤੇਰੀ ਸਰਨ ਆਇਆ ਹਾਂ) ॥੪॥੧॥


ਆਸਾ ॥
ਸੰਤ ਤੁਝੀ ਤਨੁ ਸੰਗਤਿ ਪ੍ਰਾਨ ॥

ਹੇ ਦੇਵਾਂ ਦੇ ਦੇਵ ਪ੍ਰਭੂ! ਸੰਤ ਤੇਰਾ ਹੀ ਰੂਪ ਹਨ, ਸੰਤਾਂ ਦੀ ਸੰਗਤਿ ਤੇਰੀ ਜਿੰਦ-ਜਾਨ ਹੈ।

ਸਤਿਗੁਰ ਗਿਆਨ ਜਾਨੈ ਸੰਤ ਦੇਵਾ ਦੇਵ ॥੧॥

ਸਤਿਗੁਰੂ ਦੀ ਮੱਤ ਲੈ ਕੇ ਸੰਤਾਂ (ਦੀ ਵਡਿਆਈ) ਨੂੰ (ਮਨੁੱਖ) ਸਮਝ ਲੈਂਦਾ ਹੈ ॥੧॥

ਸੰਤ ਚੀ ਸੰਗਤਿ ਸੰਤ ਕਥਾ ਰਸੁ ॥

ਹੇ ਦੇਵਤਿਆਂ ਦੇ ਦੇਵਤੇ ਪ੍ਰਭੂ! ਮੈਨੂੰ ਸੰਤਾਂ ਦੀ ਸੰਗਤਿ ਬਖ਼ਸ਼, ਮਿਹਰ ਕਰ, ਮੈਂ ਸੰਤਾਂ ਦੀ ਪ੍ਰਭੂ-ਕਥਾ ਦਾ ਰਸ ਲੈ ਸਕਾਂ;

ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ ॥੧॥ ਰਹਾਉ ॥

ਮੈਨੂੰ ਸੰਤਾਂ ਦਾ (ਭਾਵ, ਸੰਤਾਂ ਨਾਲ) ਪ੍ਰੇਮ (ਕਰਨ ਦੀ ਦਾਤਿ) ਦੇਹ ॥੧॥ ਰਹਾਉ ॥

ਸੰਤ ਆਚਰਣ ਸੰਤ ਚੋ ਮਾਰਗੁ ਸੰਤ ਚ ਓਲ੍ਹਗ ਓਲ੍ਹਗਣੀ ॥੨॥

ਹੇ ਪ੍ਰਭੂ! ਮੈਨੂੰ ਸੰਤਾਂ ਵਾਲੀ ਕਰਣੀ, ਸੰਤਾਂ ਦਾ ਰਸਤਾ, ਸੰਤਾਂ ਦੇ ਦਾਸਾਂ ਦੀ ਸੇਵਾ ਬਖ਼ਸ਼ ॥੨॥

ਅਉਰ ਇਕ ਮਾਗਉ ਭਗਤਿ ਚਿੰਤਾਮਣਿ ॥

ਮੈਂ ਤੈਥੋਂ ਇਕ ਹੋਰ (ਦਾਤਿ ਭੀ) ਮੰਗਦਾ ਹਾਂ, ਮੈਨੂੰ ਆਪਣੀ ਭਗਤੀ ਦੇਹ, ਜੋ ਮਨ-ਚਿੰਦੇ ਫਲ ਦੇਣ ਵਾਲੀ ਮਣੀ ਹੈ;

ਜਣੀ ਲਖਾਵਹੁ ਅਸੰਤ ਪਾਪੀ ਸਣਿ ॥੩॥

ਮੈਨੂੰ ਵਿਕਾਰੀਆਂ ਤੇ ਪਾਪੀਆਂ ਦਾ ਦਰਸ਼ਨ ਨਾਹ ਕਰਾਈਂ ॥੩॥

ਰਵਿਦਾਸੁ ਭਣੈ ਜੋ ਜਾਣੈ ਸੋ ਜਾਣੁ ॥

ਰਵਿਦਾਸ ਆਖਦਾ ਹੈ-ਅਸਲ ਸਿਆਣਾ ਉਹ ਮਨੁੱਖ ਹੈ ਜੋ ਇਹ ਜਾਣਦਾ ਹੈ,

ਸੰਤ ਅਨੰਤਹਿ ਅੰਤਰੁ ਨਾਹੀ ॥੪॥੨॥

ਕਿ ਸੰਤਾਂ ਤੇ ਬੇਅੰਤ ਪ੍ਰਭੂ ਵਿਚ ਕੋਈ ਵਿੱਥ ਨਹੀਂ ਹੈ ॥੪॥੨॥


ਆਸਾ ॥
ਤੁਮ ਚੰਦਨ ਹਮ ਇਰੰਡ ਬਾਪੁਰੇ ਸੰਗਿ ਤੁਮਾਰੇ ਬਾਸਾ ॥

ਹੇ ਮਾਧੋ! ਤੂੰ ਚੰਦਨ ਦਾ ਬੂਟਾ ਹੈਂ, ਮੈਂ ਨਿਮਾਣਾ ਹਰਿੰਡ ਹਾਂ (ਪਰ ਤੇਰੀ ਮਿਹਰ ਨਾਲ) ਮੈਨੂੰ ਤੇਰੇ (ਚਰਨਾਂ) ਵਿਚ ਰਹਿਣ ਲਈ ਥਾਂ ਮਿਲ ਗਈ ਹੈ।

ਨੀਚ ਰੂਖ ਤੇ ਊਚ ਭਏ ਹੈ ਗੰਧ ਸੁਗੰਧ ਨਿਵਾਸਾ ॥੧॥

ਤੇਰੀ ਸੋਹਣੀ ਮਿੱਠੀ ਵਾਸ਼ਨਾ ਮੇਰੇ ਅੰਦਰ ਵੱਸ ਪਈ ਹੈ, ਹੁਣ ਮੈਂ ਨੀਵੇਂ ਰੁੱਖ ਤੋਂ ਉੱਚਾ ਬਣ ਗਿਆ ਹਾਂ ॥੧॥

ਮਾਧਉ ਸਤਸੰਗਤਿ ਸਰਨਿ ਤੁਮੑਾਰੀ ॥

ਹੇ ਮਾਧੋ! ਮੈਂ ਤੇਰੀ ਸਾਧ ਸੰਗਤਿ ਦੀ ਓਟ ਫੜੀ ਹੈ (ਮੈਨੂੰ ਇਥੋਂ ਵਿਛੁੜਨ ਨਾਹ ਦੇਈਂ),

ਹਮ ਅਉਗਨ ਤੁਮੑ ਉਪਕਾਰੀ ॥੧॥ ਰਹਾਉ ॥

ਮੈਂ ਮੰਦ-ਕਰਮੀ ਹਾਂ (ਤੇਰਾ ਸਤ-ਸੰਗ ਛੱਡ ਕੇ ਮੁੜ ਮੰਦੇ ਪਾਸੇ ਤੁਰ ਪੈਂਦਾ ਹਾਂ, ਪਰ) ਤੂੰ ਮਿਹਰ ਕਰਨ ਵਾਲਾ ਹੈਂ (ਤੂੰ ਫਿਰ ਜੋੜ ਲੈਂਦਾ ਹੈਂ) ॥੧॥ ਰਹਾਉ ॥

ਤੁਮ ਮਖਤੂਲ ਸੁਪੇਦ ਸਪੀਅਲ ਹਮ ਬਪੁਰੇ ਜਸ ਕੀਰਾ ॥

ਹੇ ਮਾਧੋ! ਤੂੰ ਚਿੱਟਾ ਪੀਲਾ (ਸੋਹਣਾ) ਰੇਸ਼ਮ ਹੈਂ, ਮੈਂ ਨਿਮਾਣਾ (ਉਸ) ਕੀੜੇ ਵਾਂਗ ਹਾਂ (ਜੋ ਰੇਸ਼ਮ ਨੂੰ ਛੱਡ ਕੇ ਬਾਹਰ ਨਿਕਲ ਜਾਂਦਾ ਹੈ ਤੇ ਮਰ ਜਾਂਦਾ ਹੈ।)

ਸਤਸੰਗਤਿ ਮਿਲਿ ਰਹੀਐ ਮਾਧਉ ਜੈਸੇ ਮਧੁਪ ਮਖੀਰਾ ॥੨॥

ਮਾਧੋ! (ਮਿਹਰ ਕਰ) ਮੈਂ ਤੇਰੀ ਸਾਧ ਸੰਗਤ ਵਿਚ ਜੁੜਿਆ ਰਹਾਂ, ਜਿਵੇਂ ਸ਼ਹਿਦ ਦੀਆਂ ਮੱਖੀਆਂ ਸ਼ਹਿਦ ਦੇ ਛੱਤੇ ਵਿਚ (ਟਿਕੀਆਂ ਰਹਿੰਦੀਆਂ ਹਨ) ॥੨॥

ਜਾਤੀ ਓਛਾ ਪਾਤੀ ਓਛਾ ਓਛਾ ਜਨਮੁ ਹਮਾਰਾ ॥

ਰਵਿਦਾਸ ਚਮਿਆਰ ਆਖਦਾ ਹੈ-(ਲੋਕਾਂ ਦੀਆਂ ਨਜ਼ਰਾਂ ਵਿਚ) ਮੇਰੀ ਜਾਤਿ ਨੀਵੀਂ, ਮੇਰੀ ਕੁਲ ਨੀਵੀਂ, ਮੇਰਾ ਜਨਮ ਨੀਵਾਂ;

ਰਾਜਾ ਰਾਮ ਕੀ ਸੇਵ ਨ ਕੀਨੀ ਕਹਿ ਰਵਿਦਾਸ ਚਮਾਰਾ ॥੩॥੩॥

(ਪਰ, ਹੇ ਮਾਧੋ! ਮੇਰੀ ਜਾਤਿ, ਕੁਲ ਤੇ ਜਨਮ ਸੱਚ-ਮੁਚ ਨੀਵੇਂ ਰਹਿ ਜਾਣਗੇ) ਜੇ ਮੈਂ, ਹੇ ਮੇਰੇ ਮਾਲਕ ਪ੍ਰਭੂ! ਤੇਰੀ ਭਗਤੀ ਨਾਹ ਕੀਤੀ ॥੩॥੩॥


ਆਸਾ ॥
ਕਹਾ ਭਇਓ ਜਉ ਤਨੁ ਭਇਓ ਛਿਨੁ ਛਿਨੁ ॥

(ਇਹ ਨਾਮ-ਧਨ ਲੱਭ ਕੇ ਹੁਣ) ਜੇ ਮੇਰਾ ਸਰੀਰ ਨਾਸ ਭੀ ਹੋ ਜਾਏ ਤਾਂ ਭੀ ਮੈਨੂੰ ਕੋਈ ਪਰਵਾਹ ਨਹੀਂ।

ਪ੍ਰੇਮੁ ਜਾਇ ਤਉ ਡਰਪੈ ਤੇਰੋ ਜਨੁ ॥੧॥

ਹੇ ਰਾਮ! ਤੇਰਾ ਸੇਵਕ ਤਦੋਂ ਹੀ ਘਬਰਾਏਗਾ ਜੇ (ਇਸ ਦੇ ਮਨ ਵਿਚੋਂ ਤੇਰੇ ਚਰਨਾਂ ਦਾ) ਪਿਆਰ ਦੂਰ ਹੋਵੇਗਾ ॥੧॥

ਤੁਝਹਿ ਚਰਨ ਅਰਬਿੰਦ ਭਵਨ ਮਨੁ ॥

(ਹੇ ਸੋਹਣੇ ਰਾਮ!) ਮੇਰਾ ਮਨ ਕਉਲ ਫੁੱਲ ਵਰਗੇ ਤੇਰੇ ਸੋਹਣੇ ਚਰਨਾਂ ਨੂੰ ਆਪਣੇ ਰਹਿਣ ਦੀ ਥਾਂ ਬਣਾ ਚੁਕਿਆ ਹੈ;

ਪਾਨ ਕਰਤ ਪਾਇਓ ਪਾਇਓ ਰਾਮਈਆ ਧਨੁ ॥੧॥ ਰਹਾਉ ॥

(ਤੇਰੇ ਚਰਨ-ਕਮਲਾਂ ਵਿਚੋਂ ਨਾਮ-ਰਸ) ਪੀਂਦਿਆਂ ਪੀਂਦਿਆਂ ਮੈਂ ਲੱਭ ਲਿਆ ਹੈ, ਮੈਂ ਲੱਭ ਲਿਆ ਹੈ ਤੇਰਾ ਨਾਮ-ਧਨ ॥੧॥ ਰਹਾਉ ॥

ਸੰਪਤਿ ਬਿਪਤਿ ਪਟਲ ਮਾਇਆ ਧਨੁ ॥

ਸੌਖ, ਬਿਪਤਾ, ਧਨ-ਇਹ ਮਾਇਆ ਦੇ ਪਰਦੇ ਹਨ (ਜੋ ਮਨੁੱਖ ਦੀ ਮੱਤ ਉਤੇ ਪਏ ਰਹਿੰਦੇ ਹਨ);

ਤਾ ਮਹਿ ਮਗਨ ਹੋਤ ਨ ਤੇਰੋ ਜਨੁ ॥੨॥

ਹੇ ਪ੍ਰਭੂ! ਤੇਰਾ ਸੇਵਕ (ਮਾਇਆ ਦੇ) ਇਹਨਾਂ (ਪਰਦਿਆਂ) ਵਿਚ (ਹੁਣ) ਨਹੀਂ ਫਸਦਾ ॥੨॥

ਪ੍ਰੇਮ ਕੀ ਜੇਵਰੀ ਬਾਧਿਓ ਤੇਰੋ ਜਨ ॥

ਹੇ ਪ੍ਰਭੂ! (ਮੈਂ) ਤੇਰਾ ਦਾਸ ਤੇਰੇ ਪਿਆਰ ਦੀ ਰੱਸੀ ਨਾਲ ਬੱਝਾ ਹੋਇਆ ਹਾਂ।

ਕਹਿ ਰਵਿਦਾਸ ਛੂਟਿਬੋ ਕਵਨ ਗੁਨ ॥੩॥੪॥

ਰਵਿਦਾਸ ਆਖਦਾ ਹੈ-ਇਸ ਵਿਚੋਂ ਨਿਕਲਣ ਨੂੰ ਮੇਰਾ ਜੀ ਨਹੀਂ ਕਰਦਾ ॥੩॥੪॥


ਆਸਾ ॥
ਹਰਿ ਹਰਿ ਹਰਿ ਹਰਿ ਹਰਿ ਹਰਿ ਹਰੇ ॥

ਮੁੜ ਮੁੜ ਸੁਆਸ ਸੁਆਸ ਹਰਿਨਾਮ ਸਿਮਰਦਿਆਂ,

ਹਰਿ ਸਿਮਰਤ ਜਨ ਗਏ ਨਿਸਤਰਿ ਤਰੇ ॥੧॥ ਰਹਾਉ ॥

ਹਰਿ-ਨਾਮ ਸਿਮਰਨ ਨਾਲ ਹਰੀ ਦੇ ਦਾਸ (ਸੰਸਾਰ-ਸਮੁੰਦਰ ਤੋਂ) ਪੂਰਨ ਤੌਰ ਤੇ ਪਾਰ ਲੰਘ ਜਾਂਦੇ ਹਨ ॥੧॥ ਰਹਾਉ ॥

ਹਰਿ ਕੇ ਨਾਮ ਕਬੀਰ ਉਜਾਗਰ ॥

ਹਰਿ-ਨਾਮ ਸਿਮਰਨ ਦੀ ਬਰਕਤਿ ਨਾਲ ਕਬੀਰ (ਭਗਤ ਜਗਤ ਵਿਚ) ਮਸ਼ਹੂਰ ਹੋਇਆ,

ਜਨਮ ਜਨਮ ਕੇ ਕਾਟੇ ਕਾਗਰ ॥੧॥

ਤੇ ਉਸ ਦੇ ਜਨਮਾਂ ਜਨਮਾਂ ਦੇ ਕੀਤੇ ਕਰਮਾਂ ਦੇ ਲੇਖੇ ਮੁੱਕ ਗਏ ॥੧॥

ਨਿਮਤ ਨਾਮਦੇਉ ਦੂਧੁ ਪੀਆਇਆ ॥

ਹਰਿ-ਨਾਮ ਸਿਮਰਨ ਦੇ ਕਾਰਨ ਹੀ ਨਾਮਦੇਵ ਨੇ (ਗੋਬਿੰਦ ਰਾਇ) ਨੂੰ ਦੁੱਧ ਪਿਆਇਆ ਸੀ,

ਤਉ ਜਗ ਜਨਮ ਸੰਕਟ ਨਹੀ ਆਇਆ ॥੨॥

ਤੇ, ਨਾਮ ਜਪਿਆਂ ਹੀ ਉਹ ਜਗਤ ਦੇ ਜਨਮਾਂ ਦੇ ਕਸ਼ਟਾਂ ਵਿਚ ਨਹੀਂ ਪਿਆ ॥੨॥

ਜਨ ਰਵਿਦਾਸ ਰਾਮ ਰੰਗਿ ਰਾਤਾ ॥

ਹਰੀ ਦਾ ਦਾਸ ਰਵਿਦਾਸ (ਭੀ) ਪ੍ਰਭੂ ਦੇ ਪਿਆਰ ਵਿਚ ਰੰਗਿਆ ਗਿਆ ਹੈ।

ਇਉ ਗੁਰਪਰਸਾਦਿ ਨਰਕ ਨਹੀ ਜਾਤਾ ॥੩॥੫॥

ਇਸ ਰੰਗ ਦੀ ਬਰਕਤਿ ਨਾਲ ਸਤਿਗੁਰੂ ਦੀ ਮਿਹਰ ਦਾ ਸਦਕਾ, ਰਵਿਦਾਸ ਨਰਕਾਂ ਵਿਚ ਨਹੀਂ ਪਏਗਾ ॥੩॥੫॥

ਮਾਟੀ ਕੋ ਪੁਤਰਾ ਕੈਸੇ ਨਚਤੁ ਹੈ ॥

(ਮਾਇਆ ਦੇ ਮੋਹ ਵਿਚ ਫਸ ਕੇ) ਇਹ ਮਿੱਟੀ ਦਾ ਪੁਤਲਾ ਕੇਹਾ ਹਾਸੋ-ਹੀਣਾ ਹੋ ਕੇ ਨੱਚ ਰਿਹਾ ਹੈ (ਭਟਕ ਰਿਹਾ ਹੈ);

ਦੇਖੈ ਦੇਖੈ ਸੁਨੈ ਬੋਲੈ ਦਉਰਿਓ ਫਿਰਤੁ ਹੈ ॥੧॥ ਰਹਾਉ ॥

(ਮਾਇਆ ਨੂੰ ਹੀ) ਚਾਰ-ਚੁਫੇਰੇ ਢੂੰਢਦਾ ਹੈ; (ਮਾਇਆ ਦੀਆਂ ਹੀ ਗੱਲਾਂ) ਸੁਣਦਾ ਹੈ (ਭਾਵ, ਮਾਇਆ ਦੀਆਂ ਗੱਲਾਂ ਹੀ ਸੁਣਨੀਆਂ ਇਸ ਨੂੰ ਚੰਗੀਆਂ ਲੱਗਦੀਆਂ ਹਨ), (ਮਾਇਆ ਕਮਾਣ ਦੀਆਂ ਹੀ) ਗੱਲਾਂ ਕਰਦਾ ਹੈ, (ਹਰ ਵੇਲੇ ਮਾਇਆ ਦੀ ਖ਼ਾਤਰ ਹੀ) ਦੌੜਿਆ ਫਿਰਦਾ ਹੈ ॥੧॥ ਰਹਾਉ ॥

ਜਬ ਕਛੁ ਪਾਵੈ ਤਬ ਗਰਬੁ ਕਰਤੁ ਹੈ ॥

ਜਦੋਂ (ਇਸ ਨੂੰ) ਕੁਝ ਧਨ ਮਿਲ ਜਾਂਦਾ ਹੈ ਤਾਂ (ਇਹ) ਅਹੰਕਾਰ ਕਰਨ ਲੱਗ ਪੈਂਦਾ ਹੈ;

ਮਾਇਆ ਗਈ ਤਬ ਰੋਵਨੁ ਲਗਤੁ ਹੈ ॥੧॥

ਪਰ ਜੇ ਗੁਆਚ ਜਾਏ ਤਾਂ ਰੋਂਦਾ ਹੈ, ਦੁੱਖੀ ਹੁੰਦਾ ਹੈ ॥੧॥

ਮਨ ਬਚ ਕ੍ਰਮ ਰਸ ਕਸਹਿ ਲੁਭਾਨਾ ॥

ਆਪਣੇ ਮਨ ਦੀ ਰਾਹੀਂ, ਬਚਨਾਂ ਦੀ ਰਾਹੀਂ, ਕਰਤੂਤਾਂ ਦੀ ਰਾਹੀਂ, ਚਸਕਿਆਂ ਵਿਚ ਫਸਿਆ ਹੋਇਆ ਹੈ,

ਬਿਨਸਿ ਗਇਆ ਜਾਇ ਕਹੂੰ ਸਮਾਨਾ ॥੨॥

(ਆਖ਼ਰ ਮੌਤ ਆਉਣ ਤੇ) ਜਦੋਂ ਇਹ ਸਰੀਰ ਢਹਿ ਪੈਂਦਾ ਹੈ ਤਾਂ ਜੀਵ (ਸਰੀਰ ਵਿਚੋਂ) ਜਾ ਕੇ (ਪ੍ਰਭੂ-ਚਰਨਾਂ ਵਿਚ ਅਪੜਨ ਦੇ ਥਾਂ) ਕਿਤੇ ਕੁਥਾਂ ਹੀ ਟਿਕਦਾ ਹੈ ॥੨॥

ਕਹਿ ਰਵਿਦਾਸ ਬਾਜੀ ਜਗੁ ਭਾਈ ॥

ਰਵਿਦਾਸ ਆਖਦਾ ਹੈ, ਇਹ ਜਗਤ ਇਕ ਖੇਡ ਹੀ ਹੈ,

ਬਾਜੀਗਰ ਸਉ ਮੁੋਹਿ ਪ੍ਰੀਤਿ ਬਨਿ ਆਈ ॥੩॥੬॥

ਮੇਰੀ ਪ੍ਰੀਤ ਤਾਂ (ਜਗਤ ਦੀ ਮਾਇਆ ਦੇ ਥਾਂ) ਇਸ ਖੇਡ ਦੇ ਬਣਾਉਣ ਵਾਲੇ ਨਾਲ ਲੱਗ ਗਈ ਹੈ (ਸੋ, ਮੈਂ ਇਸ ਹਾਸੋ-ਹੀਣੇ ਨਾਚ ਤੋਂ ਬਚ ਗਿਆ ਹਾਂ) ॥੩॥੬॥


ਗੂਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰੁ ੩ ॥

ਰਾਗ ਗੂਜਰੀ, ਘਰ ੩ ਵਿੱਚ ਭਗਤ ਰਵਿਦਾਸ ਜੀ ਦੀ ਬੰਦਾਂ ਵਾਲੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਦੂਧੁ ਤ ਬਛਰੈ ਥਨਹੁ ਬਿਟਾਰਿਓ ॥

ਦੁੱਧ ਤਾਂ ਥਣਾਂ ਤੋਂ ਹੀ ਵੱਛੇ ਨੇ ਜੂਠਾ ਕਰ ਦਿੱਤਾ;

ਫੂਲੁ ਭਵਰਿ ਜਲੁ ਮੀਨਿ ਬਿਗਾਰਿਓ ॥੧॥

ਫੁੱਲ ਭੌਰੇ ਨੇ (ਸੁੰਘ ਕੇ) ਤੇ ਪਾਣੀ ਮੱਛੀ ਨੇ ਖ਼ਰਾਬ ਕਰ ਦਿੱਤਾ (ਸੋ, ਦੁੱਧ ਫੁੱਲ ਪਾਣੀ ਇਹ ਤਿੰਨੇ ਹੀ ਜੂਠੇ ਹੋ ਜਾਣ ਕਰਕੇ ਪ੍ਰਭੂ ਅੱਗੇ ਭੇਟ ਕਰਨ ਜੋਗੇ ਨਾ ਰਹਿ ਗਏ) ॥੧॥

ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ ॥

ਹੇ ਮਾਂ! ਗੋਬਿੰਦ ਦੀ ਪੂਜਾ ਕਰਨ ਲਈ ਮੈਂ ਕਿਥੋਂ ਕੋਈ ਚੀਜ਼ ਲੈ ਕੇ ਭੇਟ ਕਰਾਂ? ਕੋਈ ਹੋਰ (ਸੁੱਚਾ) ਫੁੱਲ (ਆਦਿਕ ਮਿਲ) ਨਹੀਂ (ਸਕਦਾ)।

ਅਵਰੁ ਨ ਫੂਲੁ ਅਨੂਪੁ ਨ ਪਾਵਉ ॥੧॥ ਰਹਾਉ ॥

ਕੀ ਮੈਂ (ਇਸ ਘਾਟ ਕਰ ਕੇ) ਉਸ ਸੋਹਣੇ ਪ੍ਰਭੂ ਨੂੰ ਪ੍ਰਾਪਤ ਨਹੀਂ ਕਰ ਸਕਾਂਗਾ? ॥੧॥ ਰਹਾਉ ॥

ਮੈਲਾਗਰ ਬੇਰ੍ਹੇ ਹੈ ਭੁਇਅੰਗਾ ॥

ਚੰਦਨ ਦੇ ਬੂਟਿਆਂ ਨੂੰ ਸੱਪ ਚੰਬੜੇ ਹੋਏ ਹਨ (ਤੇ ਉਹਨਾਂ ਨੇ ਚੰਦਨ ਨੂੰ ਜੂਠਾ ਕਰ ਦਿੱਤਾ ਹੈ),

ਬਿਖੁ ਅੰਮ੍ਰਿਤੁ ਬਸਹਿ ਇਕ ਸੰਗਾ ॥੨॥

ਜ਼ਹਿਰ ਤੇ ਅੰਮ੍ਰਿਤ (ਭੀ ਸਮੁੰਦਰ ਵਿਚ) ਇਕੱਠੇ ਹੀ ਵੱਸਦੇ ਹਨ ॥੨॥

ਧੂਪ ਦੀਪ ਨਈਬੇਦਹਿ ਬਾਸਾ ॥

ਸੁਗੰਧੀ ਆ ਜਾਣ ਕਰ ਕੇ ਧੂਪ ਦੀਪ ਤੇ ਨੈਵੇਦ ਭੀ (ਜੂਠੇ ਹੋ ਜਾਂਦੇ ਹਨ),

ਕੈਸੇ ਪੂਜ ਕਰਹਿ ਤੇਰੀ ਦਾਸਾ ॥੩॥

(ਫਿਰ ਹੇ ਪ੍ਰਭੂ! ਜੇ ਤੇਰੀ ਪੂਜਾ ਇਹਨਾਂ ਚੀਜ਼ਾਂ ਨਾਲ ਹੀ ਹੋ ਸਕਦੀ ਹੋਵੇ, ਤਾਂ ਇਹ ਜੂਠੀਆਂ ਚੀਜ਼ਾਂ ਤੇਰੇ ਅੱਗੇ ਰੱਖ ਕੇ) ਤੇਰੇ ਭਗਤ ਕਿਸ ਤਰ੍ਹਾਂ ਤੇਰੀ ਪੂਜਾ ਕਰਨ? ॥੩॥

ਤਨੁ ਮਨੁ ਅਰਪਉ ਪੂਜ ਚਰਾਵਉ ॥

(ਹੇ ਪ੍ਰਭੂ!) ਮੈਂ ਆਪਣਾ ਤਨ ਤੇ ਮਨ ਅਰਪਣ ਕਰਦਾ ਹਾਂ, ਤੇਰੀ ਪੂਜਾ ਵਜੋਂ ਭੇਟ ਕਰਦਾ ਹਾਂ;

ਗੁਰਪਰਸਾਦਿ ਨਿਰੰਜਨੁ ਪਾਵਉ ॥੪॥

(ਇਸੇ ਭੇਟਾ ਨਾਲ ਹੀ) ਸਤਿਗੁਰ ਦੀ ਮਿਹਰ ਦੀ ਬਰਕਤਿ ਨਾਲ ਤੈਨੂੰ ਮਾਇਆ-ਰਹਿਤ ਨੂੰ ਲੱਭ ਸਕਦਾ ਹਾਂ ॥੪॥

ਪੂਜਾ ਅਰਚਾ ਆਹਿ ਨ ਤੋਰੀ ॥

(ਹੇ ਪ੍ਰਭੂ! ਜੇ ਸੁੱਚੇ ਦੁੱਧ, ਫੁੱਲ, ਧੂਪ, ਚੰਦਨ ਤੇ ਨੈਵੇਦ ਆਦਿਕ ਦੀ ਭੇਟਾ ਨਾਲ ਹੀ ਤੇਰੀ ਪੂਜਾ ਹੋ ਸਕਦੀ ਤਾਂ ਕਿਤੇ ਭੀ ਇਹ ਸ਼ੈਆਂ ਸੁੱਚੀਆਂ ਨਾਹ ਮਿਲਣ ਕਰ ਕੇ) ਮੈਥੋਂ ਤੇਰੀ ਪੂਜਾ ਤੇ ਤੇਰੀ ਭਗਤੀ ਹੋ ਹੀ ਨਾਹ ਸਕਦੀ,

ਕਹਿ ਰਵਿਦਾਸ ਕਵਨ ਗਤਿ ਮੋਰੀ ॥੫॥੧॥

ਰਵਿਦਾਸ ਆਖਦਾ ਹੈ, ਤਾਂ ਫਿਰ (ਹੇ ਪ੍ਰਭੂ!) ਮੇਰਾ ਕੀਹ ਹਾਲ ਹੁੰਦਾ? ॥੫॥੧॥


ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ ॥

ਰਾਗ ਸੋਰਠਿ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ ॥

(ਹੇ ਮਾਧੋ!) ਜਿਤਨਾ ਚਿਰ ਅਸਾਂ ਜੀਵਾਂ ਦੇ ਅੰਦਰ ਹਉਮੈ ਰਹਿੰਦੀ ਹੈ, ਉਤਨਾ ਚਿਰ ਤੂੰ (ਅਸਾਡੇ ਅੰਦਰ) ਪਰਗਟ ਨਹੀਂ ਹੁੰਦਾ, ਪਰ ਜਦੋਂ ਤੂੰ ਪ੍ਰਤੱਖ ਹੁੰਦਾ ਹੈਂ ਤਦੋਂ ਅਸਾਡੀ ‘ਮੈਂ’ ਦੂਰ ਹੋ ਜਾਂਦੀ ਹੈ।

ਅਨਲ ਅਗਮ ਜੈਸੇ ਲਹਰਿ ਮਇ ਓਦਧਿ ਜਲ ਕੇਵਲ ਜਲ ਮਾਂਹੀ ॥੧॥

(ਇਸ ‘ਮੈਂ’ ਦੇ ਹਟਣ ਨਾਲ ਇਹ ਸਮਝ ਆ ਜਾਂਦੀ ਹੈ ਕਿ) ਜਿਵੇਂ ਬੜਾ ਤੂਫ਼ਾਨ ਆਇਆਂ ਸਮੁੰਦਰ ਲਹਿਰਾਂ ਨਾਲ ਨਕਾ-ਨਕ ਭਰ ਜਾਂਦਾ ਹੈ, ਪਰ ਅਸਲ ਵਿਚ ਉਹ (ਲਹਿਰਾਂ ਸਮੁੰਦਰ ਦੇ) ਪਾਣੀ ਵਿਚ ਪਾਣੀ ਹੀ ਹੈ (ਤਿਵੇਂ ਇਹ ਸਾਰੇ ਜੀਆ ਜੰਤ ਤੇਰਾ ਆਪਣਾ ਹੀ ਵਿਕਾਸ ਹੈ) ॥੧॥

ਮਾਧਵੇ ਕਿਆ ਕਹੀਐ ਭ੍ਰਮੁ ਐਸਾ ॥

ਹੇ ਮਾਧੋ! ਅਸਾਂ ਜੀਵਾਂ ਨੂੰ ਕੁਝ ਅਜਿਹਾ ਭੁਲੇਖਾ ਪਿਆ ਹੋਇਆ ਹੈ ਕਿ ਇਹ ਬਿਆਨ ਨਹੀਂ ਕੀਤਾ ਜਾ ਸਕਦਾ।

ਜੈਸਾ ਮਾਨੀਐ ਹੋਇ ਨ ਤੈਸਾ ॥੧॥ ਰਹਾਉ ॥

ਅਸੀਂ ਜੋ ਮੰਨੀ ਬੈਠੇ ਹਾਂ (ਕਿ ਜਗਤ ਤੇਰੇ ਨਾਲੋਂ ਕੋਈ ਵੱਖਰੀ ਹਸਤੀ ਹੈ), ਉਹ ਠੀਕ ਨਹੀਂ ਹੈ ॥੧॥ ਰਹਾਉ ॥

ਨਰਪਤਿ ਏਕੁ ਸਿੰਘਾਸਨਿ ਸੋਇਆ ਸੁਪਨੇ ਭਇਆ ਭਿਖਾਰੀ ॥

(ਜਿਵੇਂ) ਕੋਈ ਰਾਜਾ ਆਪਣੇ ਤਖ਼ਤ ਉਤੇ ਸੌਂ ਜਾਏ, ਤੇ, ਸੁਫ਼ਨੇ ਵਿਚ ਮੰਗਤਾ ਬਣ ਜਾਏ,

ਅਛਤ ਰਾਜ ਬਿਛੁਰਤ ਦੁਖੁ ਪਾਇਆ ਸੋ ਗਤਿ ਭਈ ਹਮਾਰੀ ॥੨॥

ਰਾਜ ਹੁੰਦਿਆਂ ਸੁੰਦਿਆਂ ਉਹ (ਸੁਪਨੇ ਵਿਚ ਰਾਜ ਤੋਂ) ਵਿਛੜ ਕੇ ਦੁੱਖੀ ਹੁੰਦਾ ਹੈ, ਤਿਵੇਂ ਹੀ (ਹੇ ਮਾਧੋ! ਤੈਥੋਂ ਵਿਛੁੜ ਕੇ) ਅਸਾਡਾ ਜੀਵਾਂ ਦਾ ਹਾਲ ਹੋ ਰਿਹਾ ਹੈ ॥੨॥

ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ ਅਬ ਕਛੁ ਮਰਮੁ ਜਨਾਇਆ ॥

ਜਿਵੇਂ ਰੱਸੀ ਤੇ ਸੱਪ ਦਾ ਦ੍ਰਿਸ਼ਟਾਂਤ ਹੈ, ਪਰ ਤੂੰ ਮੈਨੂੰ ਹੁਣ ਕੁਝ ਕੁਝ ਭੇਤ ਜਣਾ ਦਿੱਤਾ ਹੈ।

ਅਨਿਕ ਕਟਕ ਜੈਸੇ ਭੂਲਿ ਪਰੇ ਅਬ ਕਹਤੇ ਕਹਨੁ ਨ ਆਇਆ ॥੩॥

ਜਿਵੇਂ (ਸੋਨੇ ਤੋਂ ਬਣੇ ਹੋਏ) ਅਨੇਕਾਂ ਕੜੇ ਵੇਖ ਕੇ ਭੁਲੇਖਾ ਪੈ ਜਾਏ (ਕਿ ਸੋਨਾ ਹੀ ਕਈ ਕਿਸਮ ਦਾ ਹੁੰਦਾ ਹੈ, ਤਿਵੇਂ ਅਸਾਨੂੰ ਭੁਲੇਖਾ ਬਣਿਆ ਪਿਆ ਹੈ ਕਿ ਇਹ ਜਗਤ ਤੈਥੋਂ ਵੱਖਰਾ ਹੈ)। ਹੁਣ ਉਹ ਪੁਰਾਣੀ ਵਿਤਕਰੇ ਵਾਲੀ ਗੱਲ ਮੈਥੋਂ ਆਖੀ ਨਹੀਂ ਜਾਂਦੀ (ਭਾਵ, ਹੁਣ ਮੈਂ ਇਹ ਨਹੀਂ ਆਖਦਾ ਕਿ ਜਗਤ ਤੈਥੋਂ ਵੱਖਰੀ ਹਸਤੀ ਹੈ) ॥੩॥

ਸਰਬੇ ਏਕੁ ਅਨੇਕੈ ਸੁਆਮੀ ਸਭ ਘਟ ਭੁੋਗਵੈ ਸੋਈ ॥

ਉਹ ਪ੍ਰਭੂ-ਖਸਮ ਅਨੇਕਾਂ ਰੂਪ ਬਣਾ ਕੇ ਸਾਰਿਆਂ ਵਿਚ ਇੱਕ ਆਪ ਹੀ ਹੈ, ਸਭ ਘਟਾਂ ਵਿਚ ਆਪ ਹੀ ਬੈਠਾ ਜਗਤ ਦੇ ਰੰਗ ਮਾਣ ਰਿਹਾ ਹੈ।

ਕਹਿ ਰਵਿਦਾਸ ਹਾਥ ਪੈ ਨੇਰੈ ਸਹਜੇ ਹੋਇ ਸੁ ਹੋਈ ॥੪॥੧॥

(ਹੁਣ ਤਾਂ) ਰਵਿਦਾਸ ਆਖਦਾ ਹੈ ਕਿ (ਦੂਰ ਨਹੀਂ) ਮੇਰੇ ਹੱਥ ਤੋਂ ਭੀ ਨੇੜੇ ਹੈ, ਜੋ ਕੁਝ (ਜਗਤ ਵਿਚ) ਵਰਤ ਰਿਹਾ ਹੈ, ਉਸੇ ਦੀ ਰਜ਼ਾ ਵਿਚ ਹੋ ਰਿਹਾ ਹੈ ॥੪॥੧॥


ਜਉ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬਧਨਿ ਤੁਮ ਬਾਧੇ ॥

(ਸੋ, ਹੇ ਮਾਧੋ!) ਜੇ ਅਸੀਂ ਮੋਹ ਦੀ ਫਾਹੀ ਵਿਚ ਬੱਝੇ ਹੋਏ ਸਾਂ, ਤਾਂ ਅਸਾਂ ਤੈਨੂੰ ਆਪਣੇ ਪਿਆਰ ਦੀ ਰੱਸੀ ਨਾਲ ਬੰਨ੍ਹ ਲਿਆ ਹੈ।

ਅਪਨੇ ਛੂਟਨ ਕੋ ਜਤਨੁ ਕਰਹੁ ਹਮ ਛੂਟੇ ਤੁਮ ਆਰਾਧੇ ॥੧॥

ਅਸੀਂ ਤਾਂ (ਉਸ ਮੋਹ ਦੀ ਫਾਹੀ ਵਿਚੋਂ) ਤੈਨੂੰ ਸਿਮਰ ਕੇ ਨਿਕਲ ਆਏ ਹਾਂ, ਤੂੰ ਅਸਾਡੇ ਪਿਆਰ ਦੇ ਜਕੜ ਵਿਚੋਂ ਕਿਵੇਂ ਨਿਕਲੇਂਗਾ? ॥੧॥

ਮਾਧਵੇ ਜਾਨਤ ਹਹੁ ਜੈਸੀ ਤੈਸੀ ॥

ਹੇ ਮਾਧੋ! ਤੇਰੇ ਭਗਤ ਜਿਹੋ ਜਿਹਾ ਪਿਆਰ ਤੇਰੇ ਨਾਲ ਕਰਦੇ ਹਨ ਉਹ ਤੈਥੋਂ ਲੁਕਿਆ ਨਹੀਂ ਰਹਿ ਸਕਦਾ (ਤੂੰ ਉਹ ਚੰਗੀ ਤਰ੍ਹਾਂ ਜਾਣਦਾ ਹੈਂ)।

ਅਬ ਕਹਾ ਕਰਹੁਗੇ ਐਸੀ ॥੧॥ ਰਹਾਉ ॥

ਅਜਿਹੀ ਪ੍ਰੀਤਿ ਦੇ ਹੁੰਦਿਆਂ ਤੂੰ ਜ਼ਰੂਰ ਉਹਨਾਂ ਨੂੰ ਮੋਹ ਤੋਂ ਬਚਾਈ ਰੱਖਦਾ ਹੈਂ ॥੧॥ ਰਹਾਉ ॥

ਮੀਨੁ ਪਕਰਿ ਫਾਂਕਿਓ ਅਰੁ ਕਾਟਿਓ ਰਾਂਧਿ ਕੀਓ ਬਹੁ ਬਾਨੀ ॥

(ਅਸਾਡਾ ਤੇਰੇ ਨਾਲ ਪਿਆਰ ਭੀ ਉਹ ਹੈ ਜੋ ਮੱਛੀ ਨੂੰ ਪਾਣੀ ਨਾਲ ਹੁੰਦਾ ਹੈ, ਅਸਾਂ ਮਰ ਕੇ ਭੀ ਤੇਰੀ ਯਾਦ ਨਹੀਂ ਛੱਡਣੀ) ਮੱਛੀ (ਪਾਣੀ ਵਿਚੋਂ) ਫੜ ਕੇ ਫਾਂਕਾਂ ਕਰ ਦੇਈਏ, ਟੋਟੇ ਕਰ ਦੇਈਏ ਤੇ ਕਈ ਤਰ੍ਹਾਂ ਰਿੰਨ੍ਹ ਲਈਏ,

ਖੰਡ ਖੰਡ ਕਰਿ ਭੋਜਨੁ ਕੀਨੋ ਤਊ ਨ ਬਿਸਰਿਓ ਪਾਨੀ ॥੨॥

ਫਿਰ ਰਤਾ ਰਤਾ ਕਰ ਕੇ ਖਾ ਲਈਏ, ਫਿਰ ਭੀ ਉਸ ਮੱਛੀ ਨੂੰ ਪਾਣੀ ਨਹੀਂ ਭੁੱਲਦਾ (ਜਿਸ ਖਾਣ ਵਾਲੇ ਦੇ ਪੇਟ ਵਿਚ ਜਾਂਦੀ ਹੈ ਉਸ ਨੂੰ ਭੀ ਪਾਣੀ ਦੀ ਪਿਆਸ ਲਗਾ ਦੇਂਦੀ ਹੈ) ॥੨॥

ਆਪਨ ਬਾਪੈ ਨਾਹੀ ਕਿਸੀ ਕੋ ਭਾਵਨ ਕੋ ਹਰਿ ਰਾਜਾ ॥

ਜਗਤ ਦਾ ਮਾਲਕ ਹਰੀ ਕਿਸੇ ਦੇ ਪਿਉ ਦੀ (ਜੱਦੀ ਮਲਕੀਅਤ) ਨਹੀਂ ਹੈ, ਉਹ ਤਾਂ ਪ੍ਰੇਮ ਦਾ ਬੱਝਾ ਹੋਇਆ ਹੈ।

ਮੋਹ ਪਟਲ ਸਭੁ ਜਗਤੁ ਬਿਆਪਿਓ ਭਗਤ ਨਹੀ ਸੰਤਾਪਾ ॥੩॥

(ਇਸ ਪ੍ਰੇਮ ਤੋਂ ਵਾਂਜਿਆ ਹੋਇਆ ਸਾਰਾ ਜਗਤ) ਮੋਹ ਦੇ ਪਰਦੇ ਵਿਚ ਫਸਿਆ ਪਿਆ ਹੈ, ਪਰ (ਪ੍ਰਭੂ ਨਾਲ ਪ੍ਰੇਮ ਕਰਨ ਵਾਲੇ) ਭਗਤਾਂ ਨੂੰ (ਇਸ ਮੋਹ ਦਾ) ਕੋਈ ਕਲੇਸ਼ ਨਹੀਂ ਹੁੰਦਾ ॥੩॥

ਕਹਿ ਰਵਿਦਾਸ ਭਗਤਿ ਇਕ ਬਾਢੀ ਅਬ ਇਹ ਕਾ ਸਿਉ ਕਹੀਐ ॥

ਰਵਿਦਾਸ ਆਖਦਾ ਹੈ-(ਹੇ ਮਾਧੋ!) ਮੈਂ ਇਕ ਤੇਰੀ ਭਗਤੀ (ਆਪਣੇ ਹਿਰਦੇ ਵਿਚ) ਇਤਨੀ ਦ੍ਰਿੜ੍ਹ ਕੀਤੀ ਹੈ ਕਿ ਮੈਨੂੰ ਹੁਣ ਕਿਸੇ ਨਾਲ ਇਹ ਗਿਲਾ ਕਰਨ ਦੀ ਲੋੜ ਹੀ ਨਹੀਂ ਰਹਿ ਗਈ,

ਜਾ ਕਾਰਨਿ ਹਮ ਤੁਮ ਆਰਾਧੇ ਸੋ ਦੁਖੁ ਅਜਹੂ ਸਹੀਐ ॥੪॥੨॥

ਜੁ ਜਿਸ ਮੋਹ ਤੋਂ ਬਚਣ ਲਈ ਮੈਂ ਤੇਰਾ ਸਿਮਰਨ ਕਰ ਰਿਹਾ ਸਾਂ, ਉਸ ਮੋਹ ਦਾ ਦੁੱਖ ਮੈਨੂੰ ਹੁਣ ਤਕ ਸਹਾਰਨਾ ਪੈ ਰਿਹਾ ਹੈ (ਭਾਵ, ਉਸ ਮੋਹ ਦਾ ਤਾਂ ਹੁਣ ਮੇਰੇ ਅੰਦਰ ਨਾਮ ਨਿਸ਼ਾਨ ਹੀ ਨਹੀਂ ਰਹਿ ਗਿਆ) ॥੪॥੨॥


ਦੁਲਭ ਜਨਮੁ ਪੁੰਨ ਫਲ ਪਾਇਓ ਬਿਰਥਾ ਜਾਤ ਅਬਿਬੇਕੈ ॥

ਇਹ ਮਨੁੱਖਾ ਜਨਮ ਬੜੀ ਮੁਸ਼ਕਿਲ ਨਾਲ ਮਿਲਦਾ ਹੈ, (ਪਿਛਲੇ ਕੀਤੇ) ਭਲੇ ਕੰਮਾਂ ਦੇ ਫਲ ਵਜੋਂ ਅਸਾਨੂੰ ਮਿਲ ਗਿਆ, ਪਰ ਅਸਾਡੇ ਅੰਞਾਣਪੁਣੇ ਵਿਚ ਇਹ ਵਿਅਰਥ ਹੀ ਜਾ ਰਿਹਾ ਹੈ।

ਰਾਜੇ ਇੰਦ੍ਰ ਸਮਸਰਿ ਗ੍ਰਿਹ ਆਸਨ ਬਿਨੁ ਹਰਿ ਭਗਤਿ ਕਹਹੁ ਕਿਹ ਲੇਖੈ ॥੧॥

(ਅਸਾਂ ਕਦੇ ਸੋਚਿਆ ਹੀ ਨਹੀਂ ਕਿ) ਜੇ ਪ੍ਰਭੂ ਦੀ ਬੰਦਗੀ ਤੋਂ ਵਾਂਜੇ ਰਹੇ ਤਾਂ (ਦੇਵਤਿਆਂ ਦੇ) ਰਾਜੇ ਇੰਦਰ ਦੇ ਸੁਰਗ ਵਰਗੇ ਭੀ ਮਹਿਲ ਮਾੜੀਆਂ ਕਿਸੇ ਕੰਮ ਨਹੀਂ ਹਨ ॥੧॥

ਨ ਬੀਚਾਰਿਓ ਰਾਜਾ ਰਾਮ ਕੋ ਰਸੁ ॥

(ਅਸਾਂ ਮਾਇਆ-ਧਾਰੀ ਜੀਵਾਂ ਨੇ) ਜਗਤ-ਪ੍ਰਭੂ ਪਰਮਾਤਮਾ ਦੇ ਨਾਮ ਦੇ ਉਸ ਆਨੰਦ ਨੂੰ ਨਹੀਂ ਕਦੇ ਵਿਚਾਰਿਆ,

ਜਿਹ ਰਸ ਅਨ ਰਸ ਬੀਸਰਿ ਜਾਹੀ ॥੧॥ ਰਹਾਉ ॥

ਜਿਸ ਆਨੰਦ ਦੀ ਬਰਕਤਿ ਨਾਲ (ਮਾਇਆ ਦੇ) ਹੋਰ ਸਾਰੇ ਚਸਕੇ ਦੂਰ ਹੋ ਜਾਂਦੇ ਹਨ ॥੧॥ ਰਹਾਉ ॥

ਜਾਨਿ ਅਜਾਨ ਭਏ ਹਮ ਬਾਵਰ ਸੋਚ ਅਸੋਚ ਦਿਵਸ ਜਾਹੀ ॥

(ਹੇ ਪ੍ਰਭੂ!) ਜਾਣਦੇ ਬੁੱਝਦੇ ਹੋਏ ਭੀ ਅਸੀਂ ਕਮਲੇ ਤੇ ਮੂਰਖ ਬਣੇ ਹੋਏ ਹਾਂ, ਅਸਾਡੀ ਉਮਰ ਦੇ ਦਿਹਾੜੇ (ਮਾਇਆ ਦੀਆਂ ਹੀ) ਚੰਗੀਆਂ ਮੰਦੀਆਂ ਵਿਚਾਰਾਂ ਵਿਚ ਗੁਜ਼ਰ ਰਹੇ ਹਨ।

ਇੰਦ੍ਰੀ ਸਬਲ ਨਿਬਲ ਬਿਬੇਕ ਬੁਧਿ ਪਰਮਾਰਥ ਪਰਵੇਸ ਨਹੀ ॥੨॥

ਅਸਾਡੀ ਕਾਮ-ਵਾਸ਼ਨਾ ਵਧ ਰਹੀ ਹੈ, ਵਿਚਾਰ-ਸ਼ਕਤੀ ਘਟ ਰਹੀ ਹੈ, ਇਸ ਗੱਲ ਦੀ ਅਸਾਨੂੰ ਕਦੇ ਸੋਚ ਹੀ ਨਹੀਂ ਫੁਰੀ ਕਿ ਅਸਾਡੀ ਸਭ ਤੋਂ ਵੱਡੀ ਲੋੜ ਕੀਹ ਹੈ ॥੨॥

ਕਹੀਅਤ ਆਨ ਅਚਰੀਅਤ ਅਨ ਕਛੁ ਸਮਝ ਨ ਪਰੈ ਅਪਰ ਮਾਇਆ ॥

ਅਸੀਂ ਆਖਦੇ ਹੋਰ ਹਾਂ ਤੇ ਕਰਦੇ ਕੁਝ ਹੋਰ ਹਾਂ, ਮਾਇਆ ਇਤਨੀ ਬਲਵਾਨ ਹੋ ਰਹੀ ਹੈ ਕਿ ਅਸਾਨੂੰ (ਆਪਣੀ ਮੂਰਖਤਾ ਦੀ) ਸਮਝ ਹੀ ਨਹੀਂ ਪੈਂਦੀ।

ਕਹਿ ਰਵਿਦਾਸ ਉਦਾਸ ਦਾਸ ਮਤਿ ਪਰਹਰਿ ਕੋਪੁ ਕਰਹੁ ਜੀਅ ਦਇਆ ॥੩॥੩॥

(ਹੇ ਪ੍ਰਭੂ!) ਤੇਰਾ ਦਾਸ ਰਵਿਦਾਸ ਆਖਦਾ ਹੈ-ਮੈਂ ਹੁਣ ਇਸ (ਮੂਰਖ-ਪੁਣੇ) ਤੋਂ ਉਪਰਾਮ ਹੋ ਗਿਆ ਹਾਂ, (ਮੇਰੇ ਅੰਞਾਣਪੁਣੇ ਤੇ) ਗੁੱਸਾ ਨਾਹ ਕਰਨਾ ਤੇ ਮੇਰੀ ਆਤਮਾ ਉਤੇ ਮਿਹਰ ਕਰਨੀ ॥੩॥੩॥


ਸੁਖ ਸਾਗਰੁ ਸੁਰਤਰ ਚਿੰਤਾਮਨਿ ਕਾਮਧੇਨੁ ਬਸਿ ਜਾ ਕੇ ॥

(ਹੇ ਪੰਡਿਤ!) ਜੋ ਪ੍ਰਭੂ ਸੁਖਾਂ ਦਾ ਸਮੁੰਦਰ ਹੈ, ਜਿਸ ਪ੍ਰਭੂ ਦੇ ਵੱਸ ਵਿਚ ਸੁਰਗ ਦੇ ਪੰਜੇ ਰੁੱਖ, ਚਿੰਤਾਮਣਿ ਤੇ ਕਾਮਧੇਨ ਹਨ,

ਚਾਰਿ ਪਦਾਰਥ ਅਸਟ ਦਸਾ ਸਿਧਿ ਨਵ ਨਿਧਿ ਕਰ ਤਲ ਤਾ ਕੇ ॥੧॥

ਧਰਮ ਅਰਥ ਕਾਮ ਮੋਖ ਚਾਰੇ ਪਦਾਰਥ, ਅਠਾਰਾਂ ਸਿੱਧੀਆਂ ਤੇ ਨੌ ਨਿਧੀਆਂ ਇਹ ਸਭ ਉਸੇ ਦੇ ਹੱਥਾਂ ਦੀਆਂ ਤਲੀਆਂ ਉੱਤੇ ਹਨ ॥੧॥

ਹਰਿ ਹਰਿ ਹਰਿ ਨ ਜਪਹਿ ਰਸਨਾ ॥

(ਹੇ ਪੰਡਿਤ!) ਤੂੰ ਇਕ ਪਰਮਾਤਮਾ ਦਾ ਨਾਮ ਸਿਮਰਦਾ ਨਹੀਂ।

ਅਵਰ ਸਭ ਤਿਆਗਿ ਬਚਨ ਰਚਨਾ ॥੧॥ ਰਹਾਉ ॥

ਤੂੰ ਹੋਰ ਸਾਰੀਆਂ ਫੋਕੀਆਂ ਗੱਲਾਂ ਛੱਡ ਦੇਹ ॥੧॥ ਰਹਾਉ ॥

ਨਾਨਾ ਖਿਆਨ ਪੁਰਾਨ ਬੇਦ ਬਿਧਿ ਚਉਤੀਸ ਅਖਰ ਮਾਂਹੀ ॥

(ਹੇ ਪੰਡਿਤ!) ਪੁਰਾਣਾਂ ਦੇ ਅਨੇਕ ਕਿਸਮਾਂ ਦੇ ਪ੍ਰਸੰਗ, ਵੇਦਾਂ ਦੀਆਂ ਦੱਸੀਆਂ ਹੋਈਆਂ ਵਿਧੀਆਂ, ਇਹ ਸਭ ਵਾਕ-ਰਚਨਾ ਹੀ ਹਨ (ਅਨੁਭਵੀ ਗਿਆਨ ਨਹੀਂ ਜੋ ਪ੍ਰਭੂ ਦੇ ਚਰਨਾਂ ਵਿਚ ਜੁੜਿਆਂ ਹਿਰਦੇ ਵਿਚ ਪੈਦਾ ਹੁੰਦਾ ਹੈ)।

ਬਿਆਸ ਬਿਚਾਰਿ ਕਹਿਓ ਪਰਮਾਰਥੁ ਰਾਮ ਨਾਮ ਸਰਿ ਨਾਹੀ ॥੨॥

(ਹੇ ਪੰਡਿਤ! ਵੇਦਾਂ ਦੇ ਖੋਜੀ) ਵਿਆਸ (ਰਿਸ਼ੀ) ਨੇ ਸੋਚ ਵਿਚਾਰ ਕੇ ਇਹੀ ਧਰਮ-ਤੱਤ ਦੱਸਿਆ ਹੈ ਕਿ (ਇਹਨਾਂ ਪੁਸਤਕਾਂ ਦੇ ਪਾਠ ਆਦਿਕ) ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਦੀ ਬਰਾਬਰੀ ਨਹੀਂ ਕਰ ਸਕਦੇ। (ਫਿਰ, ਤੂੰ ਕਿਉਂ ਨਾਮ ਨਹੀਂ ਸਿਮਰਦਾ?) ॥੨॥

ਸਹਜ ਸਮਾਧਿ ਉਪਾਧਿ ਰਹਤ ਫੁਨਿ ਬਡੈ ਭਾਗਿ ਲਿਵ ਲਾਗੀ ॥

ਵੱਡੀ ਕਿਸਮਤ ਨਾਲ ਜਿਸ ਮਨੁੱਖ ਦੀ ਸੁਰਤਿ ਪ੍ਰਭੂ-ਚਰਨਾਂ ਵਿਚ ਜੁੜਦੀ ਹੈ ਉਸ ਦਾ ਮਨ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ।

ਕਹਿ ਰਵਿਦਾਸ ਪ੍ਰਗਾਸੁ ਰਿਦੈ ਧਰਿ ਜਨਮ ਮਰਨ ਭੈ ਭਾਗੀ ॥੩॥੪॥

ਰਵਿਦਾਸ ਆਖਦਾ ਹੈ-ਕੋਈ ਵਿਕਾਰ ਉਸ ਵਿਚ ਨਹੀਂ ਉੱਠਦਾ, ਉਹ ਮਨੁੱਖ ਆਪਣੇ ਹਿਰਦੇ ਵਿਚ ਚਾਨਣ ਪ੍ਰਾਪਤ ਕਰਦਾ ਹੈ, ਤੇ, ਜਨਮ ਮਰਨ (ਭਾਵ, ਸਾਰੀ ਉਮਰ) ਦੇ ਉਸ ਦੇ ਡਰ ਨਾਸ ਹੋ ਜਾਂਦੇ ਹਨ ॥੩॥੪॥

ਜਉ ਤੁਮ ਗਿਰਿਵਰ ਤਉ ਹਮ ਮੋਰਾ ॥

ਹੇ ਮੇਰੇ ਮਾਧੋ! ਜੇ ਤੂੰ ਸੋਹਣਾ ਜਿਹਾ ਪਹਾੜ ਬਣੇਂ, ਤਾਂ ਮੈਂ (ਤੇਰਾ) ਮੋਰ ਬਣਾਂਗਾ (ਤੈਨੂੰ ਵੇਖ ਵੇਖ ਕੇ ਪੈਲਾਂ ਪਾਵਾਂਗਾ)।

ਜਉ ਤੁਮ ਚੰਦ ਤਉ ਹਮ ਭਏ ਹੈ ਚਕੋਰਾ ॥੧॥

ਜੇ ਤੂੰ ਚੰਦ ਬਣੇਂ ਤਾਂ ਮੈਂ ਤੇਰੀ ਚਕੋਰ ਬਣਾਂਗਾ (ਤੇ ਤੈਨੂੰ ਵੇਖ ਕੇ ਖ਼ੁਸ਼ ਹੋ ਹੋ ਕੇ ਬੋਲਾਂਗੀ) ॥੧॥

ਮਾਧਵੇ ਤੁਮ ਨ ਤੋਰਹੁ ਤਉ ਹਮ ਨਹੀ ਤੋਰਹਿ ॥

ਹੇ ਮਾਧੋ! ਜੇ ਤੂੰ (ਮੇਰੇ ਨਾਲੋਂ) ਪਿਆਰ ਨਾਹ ਤੋੜੇਂ, ਤਾਂ ਮੈਂ ਭੀ ਨਹੀਂ ਤੋੜਾਂਗਾ;

ਤੁਮ ਸਿਉ ਤੋਰਿ ਕਵਨ ਸਿਉ ਜੋਰਹਿ ॥੧॥ ਰਹਾਉ ॥

ਕਿਉਂਕਿ ਤੇਰੇ ਨਾਲੋਂ ਤੋੜ ਕੇ ਮੈਂ ਹੋਰ ਕਿਸ ਨਾਲ ਜੋੜ ਸਕਦਾ ਹਾਂ? (ਹੋਰ ਕੋਈ, ਹੇ ਮਾਧੋ! ਤੇਰੇ ਵਰਗਾ ਹੈ ਹੀ ਨਹੀਂ) ॥੧॥ ਰਹਾਉ ॥

ਜਉ ਤੁਮ ਦੀਵਰਾ ਤਉ ਹਮ ਬਾਤੀ ॥

ਹੇ ਮਾਧੋ! ਜੇ ਤੂੰ ਸੋਹਣਾ ਦੀਵਾ ਬਣੇਂ, ਮੈਂ (ਤੇਰੀ) ਵੱਟੀ ਬਣ ਜਾਵਾਂ।

ਜਉ ਤੁਮ ਤੀਰਥ ਤਉ ਹਮ ਜਾਤੀ ॥੨॥

ਜੇ ਤੂੰ ਤੀਰਥ ਬਣ ਜਾਏਂ ਤਾਂ ਮੈਂ (ਤੇਰਾ ਦੀਦਾਰ ਕਰਨ ਲਈ) ਜਾਤ੍ਰੂ ਬਣ ਜਾਵਾਂਗਾ ॥੨॥

ਸਾਚੀ ਪ੍ਰੀਤਿ ਹਮ ਤੁਮ ਸਿਉ ਜੋਰੀ ॥

ਹੇ ਪ੍ਰਭੂ! ਮੈਂ ਤੇਰੇ ਨਾਲ ਪੱਕਾ ਪਿਆਰ ਪਾ ਲਿਆ ਹੈ।

ਤੁਮ ਸਿਉ ਜੋਰਿ ਅਵਰ ਸੰਗਿ ਤੋਰੀ ॥੩॥

ਤੇਰੇ ਨਾਲ ਪਿਆਰ ਗੰਢ ਕੇ ਮੈਂ ਹੋਰ ਸਭਨਾਂ ਨਾਲੋਂ ਤੋੜ ਲਿਆ ਹੈ ॥੩॥

ਜਹ ਜਹ ਜਾਉ ਤਹਾ ਤੇਰੀ ਸੇਵਾ ॥

ਹੇ ਮਾਧੋ! ਮੈਂ ਜਿੱਥੇ ਜਿੱਥੇ ਜਾਂਦਾ ਹਾਂ (ਮੈਨੂੰ ਹਰ ਥਾਂ ਤੂੰ ਹੀ ਦਿੱਸਦਾ ਹੈਂ, ਮੈਂ ਹਰ ਥਾਂ) ਤੇਰੀ ਹੀ ਸੇਵਾ ਕਰਦਾ ਹਾਂ।

ਤੁਮ ਸੋ ਠਾਕੁਰੁ ਅਉਰੁ ਨ ਦੇਵਾ ॥੪॥

ਹੇ ਦੇਵ! ਤੇਰੇ ਵਰਗਾ ਕੋਈ ਹੋਰ ਮਾਲਕ ਮੈਨੂੰ ਨਹੀਂ ਦਿੱਸਿਆ ॥੪॥

ਤੁਮਰੇ ਭਜਨ ਕਟਹਿ ਜਮ ਫਾਂਸਾ ॥

ਤੇਰੀ ਬੰਦਗੀ ਕੀਤਿਆਂ ਜਮਾਂ ਦੇ ਬੰਧਨ ਕੱਟੇ ਜਾਂਦੇ ਹਨ,

ਭਗਤਿ ਹੇਤ ਗਾਵੈ ਰਵਿਦਾਸਾ ॥੫॥੫॥

(ਤਾਹੀਏਂ) ਰਵਿਦਾਸ ਤੇਰੀ ਭਗਤੀ ਦਾ ਚਾਉ ਹਾਸਲ ਕਰਨ ਲਈ ਤੇਰੇ ਗੁਣ ਗਾਉਂਦਾ ਹੈ ॥੫॥੫॥


ਜਲ ਕੀ ਭੀਤਿ ਪਵਨ ਕਾ ਥੰਭਾ ਰਕਤ ਬੁੰਦ ਕਾ ਗਾਰਾ ॥

(ਜੀਵ-ਪੰਛੀ ਜਿਸ ਸਰੀਰ ਵਿਚ ਵੱਸ ਰਿਹਾ ਹੈ) ਉਸ ਦੀ ਕੰਧ (ਮਾਨੋ) ਪਾਣੀ ਦੀ ਹੈ, ਥੰਮ੍ਹੀ ਹਵਾ (ਸੁਆਸਾਂ) ਦੀ ਹੈ; ਮਾਂ ਦੀ ਰੱਤ ਤੇ ਪਿਉ ਦੇ ਵੀਰਜ ਦਾ ਜਿਸ ਨੂੰ ਗਾਰਾ ਲੱਗਾ ਹੋਇਆ ਹੈ,

ਹਾਡ ਮਾਸ ਨਾੜਂੀ ਕੋ ਪਿੰਜਰੁ ਪੰਖੀ ਬਸੈ ਬਿਚਾਰਾ ॥੧॥

ਤੇ ਹੱਡ ਮਾਸ ਨਾੜੀਆਂ ਦਾ ਪਿੰਜਰ ਬਣਿਆ ਹੋਇਆ ਹੈ। ਜੀਵ-ਪੰਛੀ ਵਿਚਾਰਾ ਉਸ ਸਰੀਰ ਵਿਚ ਵੱਸ ਰਿਹਾ ਹੈ ॥੧॥

ਪ੍ਰਾਨੀ ਕਿਆ ਮੇਰਾ ਕਿਆ ਤੇਰਾ ॥

ਹੇ ਭਾਈ! ਫਿਰ, ਇਹਨਾਂ ਵਿਤਕਰਿਆਂ ਤੇ ਵੰਡਾਂ ਦਾ ਕੀਹ ਲਾਭ?

ਜੈਸੇ ਤਰਵਰ ਪੰਖਿ ਬਸੇਰਾ ॥੧॥ ਰਹਾਉ ॥

ਜਿਵੇਂ ਰੁੱਖਾਂ ਉੱਤੇ ਪੰਛੀਆਂ ਦਾ (ਸਿਰਫ਼ ਰਾਤ ਲਈ) ਡੇਰਾ ਹੁੰਦਾ ਹੈ (ਤਿਵੇਂ ਜੀਵਾਂ ਦੀ ਵੱਸੋਂ ਜਗਤ ਵਿਚ ਹੈ) ॥੧॥ ਰਹਾਉ ॥

ਰਾਖਹੁ ਕੰਧ ਉਸਾਰਹੁ ਨੀਵਾਂ ॥

ਹੇ ਭਾਈ! (ਡੂੰਘੀਆਂ) ਨੀਹਾਂ ਪੁਟਾ ਪੁਟਾ ਕੇ ਤੂੰ ਉਹਨਾਂ ਉੱਤੇ ਕੰਧਾਂ ਉਸਰਾਉਂਦਾ ਹੈਂ,

ਸਾਢੇ ਤੀਨਿ ਹਾਥ ਤੇਰੀ ਸੀਵਾਂ ॥੨॥

ਪਰ ਤੈਨੂੰ ਆਪ ਨੂੰ (ਹਰ ਰੋਜ਼ ਤਾਂ ਵੱਧ ਤੋਂ ਵੱਧ ਸਾਢੇ ਤਿੰਨ ਹੱਥ ਥਾਂ ਹੀ ਚਾਹੀਦੀ ਹੈ (ਸੌਣ ਵੇਲੇ ਇਤਨੀ ਕੁ ਥਾਂ ਹੀ ਮੱਲਦਾ ਹੈਂ) ॥੨॥

ਬੰਕੇ ਬਾਲ ਪਾਗ ਸਿਰਿ ਡੇਰੀ ॥

ਤੂੰ ਸਿਰ ਉੱਤੇ ਬਾਂਕੇ ਬਾਲ (ਸੰਵਾਰ ਸੰਵਾਰ ਕੇ) ਵਿੰਗੀ ਪੱਗ ਬੰਨ੍ਹਦਾ ਹੈਂ,

ਇਹੁ ਤਨੁ ਹੋਇਗੋ ਭਸਮ ਕੀ ਢੇਰੀ ॥੩॥

(ਪਰ ਸ਼ਾਇਦ ਤੈਨੂੰ ਕਦੇ ਇਹ ਚੇਤਾ ਨਹੀਂ ਆਇਆ ਕਿ) ਇਹ ਸਰੀਰ (ਹੀ ਕਿਸੇ ਦਿਨ) ਸੁਆਹ ਦੀ ਢੇਰੀ ਹੋ ਜਾਇਗਾ ॥੩॥

ਊਚੇ ਮੰਦਰ ਸੁੰਦਰ ਨਾਰੀ ॥

ਹੇ ਭਾਈ! ਤੂੰ ਉੱਚੇ ਉੱਚੇ ਮਹਲ ਮਾੜੀਆਂ ਤੇ ਸੁੰਦਰ ਇਸਤ੍ਰੀ (ਦਾ ਮਾਣ ਕਰਦਾ ਹੈਂ),

ਰਾਮ ਨਾਮ ਬਿਨੁ ਬਾਜੀ ਹਾਰੀ ॥੪॥

ਪ੍ਰਭੂ ਦਾ ਨਾਮ ਵਿਸਾਰ ਕੇ ਤੂੰ ਮਨੁੱਖਾ ਜਨਮ ਦੀ ਖੇਡ ਹਾਰ ਰਿਹਾ ਹੈਂ ॥੪॥

ਮੇਰੀ ਜਾਤਿ ਕਮੀਨੀ ਪਾਂਤਿ ਕਮੀਨੀ ਓਛਾ ਜਨਮੁ ਹਮਾਰਾ ॥

ਹੇ ਮੇਰੇ ਰਾਜਨ! ਹੇ ਮੇਰੇ ਸੋਹਣੇ ਰਾਮ! ਮੇਰੀ ਤਾਂ ਜਾਤਿ, ਕੁਲ ਤੇ ਜਨਮ ਸਭ ਕੁਝ ਨੀਵਾਂ ਹੀ ਨੀਵਾਂ ਸੀ,

ਤੁਮ ਸਰਨਾਗਤਿ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ ॥੫॥੬॥

ਰਵਿਦਾਸ ਚਮਾਰ ਆਖਦਾ ਹੈ-(ਇੱਥੇ ਉੱਚੀਆਂ ਕੁਲਾਂ ਵਾਲੇ ਡੁਬਦੇ ਜਾ ਰਹੇ ਹਨ, ਮੇਰਾ ਕੀਹ ਬਣਨਾ ਸੀ? ਪਰ) ਮੈਂ ਤੇਰੀ ਸਰਨ ਆਇਆ ਹਾਂ ॥੫॥੬॥


ਚਮਰਟਾ ਗਾਂਠਿ ਨ ਜਨਈ ॥

ਮੈਂ ਗ਼ਰੀਬ ਚਮਿਆਰ (ਸਰੀਰ-ਜੁੱਤੀ ਨੂੰ) ਗੰਢਣਾ ਨਹੀਂ ਜਾਣਦਾ,

ਲੋਗੁ ਗਠਾਵੈ ਪਨਹੀ ॥੧॥ ਰਹਾਉ ॥

ਪਰ ਜਗਤ ਦੇ ਜੀਵ ਆਪੋ ਆਪਣੀ (ਸਰੀਰ-ਰੂਪ) ਜੁੱਤੀ ਗੰਢਾ ਰਹੇ ਹਨ (ਭਾਵ, ਲੋਕ ਦਿਨ ਰਾਤ ਨਿਰੇ ਸਰੀਰ ਦੀ ਪਾਲਣਾ ਦੇ ਆਹਰ ਵਿਚ ਲੱਗ ਰਹੇ ਹਨ ॥੧॥ ਰਹਾਉ ॥

ਆਰ ਨਹੀ ਜਿਹ ਤੋਪਉ ॥

ਮੇਰੇ ਪਾਸ ਆਰ ਨਹੀਂ ਕਿ ਮੈਂ (ਜੁੱਤੀ ਨੂੰ) ਤ੍ਰੋਪੇ ਲਾਵਾਂ (ਭਾਵ, ਮੇਰੇ ਅੰਦਰ ਮੋਹ ਦੀ ਖਿੱਚ ਨਹੀਂ ਕਿ ਮੇਰੀ ਸੁਰਤ ਸਦਾ ਸਰੀਰ ਵਿਚ ਹੀ ਟਿਕੀ ਰਹੇ)।

ਨਹੀ ਰਾਂਬੀ ਠਾਉ ਰੋਪਉ ॥੧॥

ਮੇਰੇ ਪਾਸ ਰੰਬੀ ਨਹੀਂ ਕਿ (ਜੁੱਤੀ ਨੂੰ) ਟਾਕੀਆਂ ਲਾਵਾਂ (ਭਾਵ, ਮੇਰੇ ਅੰਦਰ ਲੋਭ ਨਹੀਂ ਕਿ ਚੰਗੇ ਚੰਗੇ ਖਾਣੇ ਲਿਆ ਕੇ ਨਿੱਤ ਸਰੀਰ ਨੂੰ ਪਾਲਦਾ ਰਹਾਂ) ॥੧॥

ਲੋਗੁ ਗੰਠਿ ਗੰਠਿ ਖਰਾ ਬਿਗੂਚਾ ॥

ਜਗਤ ਗੰਢ ਗੰਢ ਕੇ ਬਹੁਤ ਖ਼ੁਆਰ ਹੋ ਰਿਹਾ ਹੈ (ਭਾਵ, ਜਗਤ ਦੇ ਜੀਵ ਆਪੋ ਆਪਣੇ ਸਰੀਰ ਨੂੰ ਦਿਨ ਰਾਤ ਪਾਲਣ ਪੋਸਣ ਦੇ ਆਹਰੇ ਲੱਗ ਕੇ ਦੁਖੀ ਹੋ ਰਹੇ ਹਨ);

ਹਉ ਬਿਨੁ ਗਾਂਠੇ ਜਾਇ ਪਹੂਚਾ ॥੨॥

ਮੈਂ ਗੰਢਣ ਦਾ ਕੰਮ ਛੱਡ ਕੇ (ਭਾਵ, ਆਪਣੇ ਸਰੀਰ ਦੇ ਨਿੱਤ ਆਹਰੇ ਲੱਗੇ ਰਹਿਣ ਨੂੰ ਛੱਡ ਕੇ) ਪ੍ਰਭੂ-ਚਰਨਾਂ ਵਿਚ ਜਾ ਅੱਪੜਿਆ ਹਾਂ ॥੨॥

ਰਵਿਦਾਸੁ ਜਪੈ ਰਾਮ ਨਾਮਾ ॥

ਰਵਿਦਾਸ ਹੁਣ ਪਰਮਾਤਮਾ ਦਾ ਨਾਮ ਸਿਮਰਦਾ ਹੈ, (ਤੇ, ਸਰੀਰ ਦਾ ਮੋਹ ਛੱਡ ਬੈਠਾ ਹੈ)

ਮੋਹਿ ਜਮ ਸਿਉ ਨਾਹੀ ਕਾਮਾ ॥੩॥੭॥

(ਇਸੇ ਵਾਸਤੇ) ਮੈਨੂੰ ਰਵਿਦਾਸ ਨੂੰ ਜਮਾਂ ਨਾਲ ਕੋਈ ਵਾਸਤਾ ਨਹੀਂ ਰਹਿ ਗਿਆ ॥੩॥੭॥


ਧਨਾਸਰੀ ਭਗਤ ਰਵਿਦਾਸ ਜੀ ਕੀ ॥

ਰਾਗ ਧਨਾਸਰੀ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ ਅਬ ਪਤੀਆਰੁ ਕਿਆ ਕੀਜੈ ॥

(ਹੇ ਮਾਧੋ!) ਮੇਰੇ ਵਰਗਾ ਕੋਈ ਨਿਮਾਣਾ ਨਹੀਂ, ਤੇ, ਤੇਰੇ, ਵਰਗਾ ਹੋਰ ਕੋਈ ਦਇਆ ਕਰਨ ਵਾਲਾ ਨਹੀਂ, (ਮੇਰੀ ਕੰਗਾਲਤਾ ਦਾ) ਹੁਣ ਹੋਰ ਪਰਤਾਵਾ ਕਰਨ ਦੀ ਲੋੜ ਨਹੀਂ।

ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨੁ ਦੀਜੈ ॥੧॥

(ਹੇ ਸੋਹਣੇ ਰਾਮ!) ਮੈਨੂੰ ਦਾਸ ਨੂੰ ਇਹ ਪੂਰਨ ਸਿਦਕ ਬਖ਼ਸ਼ ਕਿ ਮੇਰਾ ਮਨ ਤੇਰੀ ਸਿਫ਼ਤ-ਸਾਲਾਹ ਦੀਆਂ ਗੱਲਾਂ ਵਿਚ ਪਰਚ ਜਾਇਆ ਕਰੇ ॥੧॥

ਹਉ ਬਲਿ ਬਲਿ ਜਾਉ ਰਮਈਆ ਕਾਰਨੇ ॥

ਹੇ ਸੋਹਣੇ ਰਾਮ! ਮੈਂ ਤੈਥੋਂ ਸਦਾ ਸਦਕੇ ਹਾਂ;

ਕਾਰਨ ਕਵਨ ਅਬੋਲ ॥ ਰਹਾਉ ॥

ਤੂੰ ਕਿਸ ਗੱਲੇ ਮੇਰੇ ਨਾਲ ਨਹੀਂ ਬੋਲਦਾ? ਰਹਾਉ॥

ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮੑਾਰੇ ਲੇਖੇ ॥

ਰਵਿਦਾਸ ਆਖਦਾ ਹੈ-ਹੇ ਮਾਧੋ! ਕਈ ਜਨਮਾਂ ਤੋਂ ਮੈਂ ਤੈਥੋਂ ਵਿਛੁੜਿਆ ਆ ਰਿਹਾ ਹਾਂ (ਮਿਹਰ ਕਰ, ਮੇਰਾ) ਇਹ ਜਨਮ ਤੇਰੀ ਯਾਦ ਵਿਚ ਬੀਤੇ;

ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ ॥੨॥੧॥

ਤੇਰਾ ਦੀਦਾਰ ਕੀਤਿਆਂ ਬੜਾ ਚਿਰ ਹੋ ਗਿਆ ਹੈ, (ਦਰਸ਼ਨ ਦੀ) ਆਸ ਵਿਚ ਹੀ ਮੈਂ ਜੀਊਂਦਾ ਹਾਂ ॥੨॥੧॥


ਚਿਤ ਸਿਮਰਨੁ ਕਰਉ ਨੈਨ ਅਵਿਲੋਕਨੋ ਸ੍ਰਵਨ ਬਾਨੀ ਸੁਜਸੁ ਪੂਰਿ ਰਾਖਉ ॥

(ਤਾਹੀਏਂ ਮੇਰੀ ਅਰਜ਼ੋਈ ਹੈ ਕਿ) ਮੈਂ ਚਿੱਤ ਨਾਲ ਪ੍ਰਭੂ ਦਾ ਸਿਮਰਨ ਕਰਦਾ ਰਹਾਂ, ਅੱਖਾਂ ਨਾਲ ਉਸ ਦਾ ਦੀਦਾਰ ਕਰਦਾ ਰਹਾਂ, ਕੰਨਾਂ ਵਿਚ ਉਸ ਦੀ ਬਾਣੀ ਤੇ ਉਸ ਦਾ ਸੋਹਣਾ ਜਸ ਭਰੀ ਰੱਖਾਂ,

ਮਨੁ ਸੁ ਮਧੁਕਰੁ ਕਰਉ ਚਰਨ ਹਿਰਦੇ ਧਰਉ ਰਸਨ ਅੰਮ੍ਰਿਤ ਰਾਮ ਨਾਮ ਭਾਖਉ ॥੧॥

ਆਪਣੇ ਮਨ ਨੂੰ ਭੌਰਾ ਬਣਾਈ ਰੱਖਾਂ, ਉਸ ਦੇ (ਚਰਨ-ਕਮਲ) ਹਿਰਦੇ ਵਿਚ ਟਿਕਾ ਰੱਖਾਂ, ਤੇ, ਜੀਭ ਨਾਲ ਉਸ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਉਚਾਰਦਾ ਰਹਾਂ ॥੧॥

ਮੇਰੀ ਪ੍ਰੀਤਿ ਗੋਬਿੰਦ ਸਿਉ ਜਿਨਿ ਘਟੈ ॥

(ਮੈਨੂੰ ਡਰ ਰਹਿੰਦਾ ਹੈ ਕਿ) ਗੋਬਿੰਦ ਨਾਲ ਮੇਰੀ ਪ੍ਰੀਤ ਕਿਤੇ ਘਟ ਨਾਹ ਜਾਏ,

ਮੈ ਤਉ ਮੋਲਿ ਮਹਗੀ ਲਈ ਜੀਅ ਸਟੈ ॥੧॥ ਰਹਾਉ ॥

ਮੈਂ ਤਾਂ ਬੜੇ ਮਹਿੰਗੇ ਮੁੱਲ (ਇਹ ਪ੍ਰੀਤ) ਲਈ ਹੈ, ਜਿੰਦ ਦੇ ਕੇ (ਇਹ ਪ੍ਰੀਤ) ਵਿਹਾਝੀ ਹੈ ॥੧॥ ਰਹਾਉ ॥

ਸਾਧਸੰਗਤਿ ਬਿਨਾ ਭਾਉ ਨਹੀ ਊਪਜੈ ਭਾਵ ਬਿਨੁ ਭਗਤਿ ਨਹੀ ਹੋਇ ਤੇਰੀ ॥

(ਪਰ ਇਹ) ਪ੍ਰੀਤ ਸਾਧ ਸੰਗਤ ਤੋਂ ਬਿਨਾ ਪੈਦਾ ਨਹੀਂ ਹੋ ਸਕਦੀ, ਤੇ, ਹੇ ਪ੍ਰਭੂ! ਪ੍ਰੀਤ ਤੋਂ ਬਿਨਾ ਤੇਰੀ ਭਗਤੀ ਨਹੀਂ ਹੋ ਆਉਂਦੀ।

ਕਹੈ ਰਵਿਦਾਸੁ ਇਕ ਬੇਨਤੀ ਹਰਿ ਸਿਉ ਪੈਜ ਰਾਖਹੁ ਰਾਜਾ ਰਾਮ ਮੇਰੀ ॥੨॥੨॥

ਰਵਿਦਾਸ ਪ੍ਰਭੂ ਅੱਗੇ ਅਰਦਾਸ ਕਰਦਾ ਹੈ-ਹੇ ਰਾਜਨ! ਜੇ ਮੇਰੇ ਰਾਮ! (ਮੈਂ ਤੇਰੀ ਸ਼ਰਨ ਆਇਆ ਹਾਂ) ਮੇਰੀ ਲਾਜ ਰੱਖੀਂ ॥੨॥੨॥


ਨਾਮੁ ਤੇਰੋ ਆਰਤੀ ਮਜਨੁ ਮੁਰਾਰੇ ॥

ਹੇ ਪ੍ਰਭੂ! (ਅੰਞਾਣ ਲੋਕ ਮੂਰਤੀਆਂ ਦੀ ਆਰਤੀ ਕਰਦੇ ਹਨ, ਪਰ ਮੇਰੇ ਲਈ) ਤੇਰਾ ਨਾਮ (ਤੇਰੀ) ਆਰਤੀ ਹੈ, ਤੇ ਤੀਰਥਾਂ ਦਾ ਇਸ਼ਨਾਨ ਹੈ।

ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ ॥੧॥ ਰਹਾਉ ॥

(ਹੇ ਭਾਈ!) ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਹੋਰ ਸਾਰੇ ਅਡੰਬਰ ਕੂੜੇ ਹਨ ॥੧॥ ਰਹਾਉ ॥

ਨਾਮੁ ਤੇਰੋ ਆਸਨੋ ਨਾਮੁ ਤੇਰੋ ਉਰਸਾ ਨਾਮੁ ਤੇਰਾ ਕੇਸਰੋ ਲੇ ਛਿਟਕਾਰੇ ॥

ਤੇਰਾ ਨਾਮ (ਮੇਰੇ ਲਈ ਪੰਡਿਤ ਵਾਲਾ) ਆਸਨ ਹੈ (ਜਿਸ ਉੱਤੇ ਬੈਠ ਕੇ ਉਹ ਮੂਰਤੀ ਦੀ ਪੂਜਾ ਕਰਦਾ ਹੈ), ਤੇਰਾ ਨਾਮ ਹੀ (ਚੰਦਨ ਘਸਾਉਣ ਲਈ) ਸਿਲ ਹੈ, (ਮੂਰਤੀ ਪੂਜਣ ਵਾਲਾ ਮਨੁੱਖ ਸਿਰ ਉੱਤੇ ਕੇਸਰ ਘੋਲ ਕੇ ਮੂਰਤੀ ਉੱਤੇ) ਕੇਸਰ ਛਿੜਕਦਾ ਹੈ, ਪਰ ਮੇਰੇ ਲਈ ਤੇਰਾ ਨਾਮ ਹੀ ਕੇਸਰ ਹੈ।

ਨਾਮੁ ਤੇਰਾ ਅੰਭੁਲਾ ਨਾਮੁ ਤੇਰੋ ਚੰਦਨੋ ਘਸਿ ਜਪੇ ਨਾਮੁ ਲੇ ਤੁਝਹਿ ਕਉ ਚਾਰੇ ॥੧॥

ਹੇ ਮੁਰਾਰਿ! ਤੇਰਾ ਨਾਮ ਹੀ ਪਾਣੀ ਹੈ, ਨਾਮ ਹੀ ਚੰਦਨ ਹੈ, (ਇਸ ਨਾਮ-ਚੰਦਨ ਨੂੰ ਨਾਮ-ਪਾਣੀ ਨਾਲ) ਘਸਾ ਕੇ, ਤੇਰੇ ਨਾਮ ਦਾ ਸਿਮਰਨ-ਰੂਪ ਚੰਦਨ ਹੀ ਮੈਂ ਤੇਰੇ ਉੱਤੇ ਲਾਉਂਦਾ ਹਾਂ ॥੧॥

ਨਾਮੁ ਤੇਰਾ ਦੀਵਾ ਨਾਮੁ ਤੇਰੋ ਬਾਤੀ ਨਾਮੁ ਤੇਰੋ ਤੇਲੁ ਲੇ ਮਾਹਿ ਪਸਾਰੇ ॥

ਹੇ ਪ੍ਰਭੂ! ਤੇਰਾ ਨਾਮ ਦੀਵਾ ਹੈ, ਨਾਮ ਹੀ (ਦੀਵੇ ਦੀ) ਵੱਟੀ ਹੈ, ਨਾਮ ਹੀ ਤੇਲ ਹੈ, ਜੋ ਲੈ ਕੇ ਮੈਂ (ਨਾਮ-ਦੀਵੇ ਵਿਚ) ਪਾਇਆ ਹੈ;

ਨਾਮ ਤੇਰੇ ਕੀ ਜੋਤਿ ਲਗਾਈ ਭਇਓ ਉਜਿਆਰੋ ਭਵਨ ਸਗਲਾਰੇ ॥੨॥

ਮੈਂ ਤੇਰੇ ਨਾਮ ਦੀ ਹੀ ਜੋਤਿ ਜਗਾਈ ਹੈ (ਜਿਸ ਦੀ ਬਰਕਤਿ ਨਾਲ) ਸਾਰੇ ਭਵਨਾਂ ਵਿਚ ਚਾਨਣ ਹੋ ਗਿਆ ਹੈ ॥੨॥

ਨਾਮੁ ਤੇਰੋ ਤਾਗਾ ਨਾਮੁ ਫੂਲ ਮਾਲਾ ਭਾਰ ਅਠਾਰਹ ਸਗਲ ਜੂਠਾਰੇ ॥

ਤੇਰਾ ਨਾਮ ਮੈਂ ਧਾਗਾ ਬਣਾਇਆ ਹੈ, ਨਾਮ ਨੂੰ ਹੀ ਮੈਂ ਫੁੱਲ ਤੇ ਫੁੱਲਾਂ ਦੀ ਮਾਲਾ ਬਣਾਇਆ ਹੈ, ਹੋਰ ਸਾਰੀ ਬਨਸਪਤੀ (ਜਿਸ ਤੋਂ ਲੋਕ ਫੁੱਲ ਲੈ ਕੇ ਮੂਰਤੀਆਂ ਅੱਗੇ ਭੇਟ ਧਰਦੇ ਹਨ; ਤੇਰੇ ਨਾਮ ਦੇ ਟਾਕਰੇ ਤੇ) ਜੂਠੀ ਹੈ।

ਤੇਰੋ ਕੀਆ ਤੁਝਹਿ ਕਿਆ ਅਰਪਉ ਨਾਮੁ ਤੇਰਾ ਤੁਹੀ ਚਵਰ ਢੋਲਾਰੇ ॥੩॥

(ਇਹ ਸਾਰੀ ਕੁਦਰਤ ਤਾਂ ਤੇਰੀ ਬਣਾਈ ਹੋਈ ਹੈ) ਤੇਰੀ ਪੈਦਾ ਕੀਤੀ ਹੋਈ ਵਿਚੋਂ ਮੈਂ ਤੇਰੇ ਅੱਗੇ ਕੀਹ ਰੱਖਾਂ? (ਸੋ,) ਮੈਂ ਤੇਰਾ ਨਾਮ-ਰੂਪ ਚੌਰ ਹੀ ਤੇਰੇ ਉਤੇ ਝਲਾਉਂਦਾ ਹਾਂ। ਭਾਵ ਆਰਤੀ ਆਦਿਕ ਦੇ ਅਡੰਬਰ ਕੂੜੇ ਹਨ। ਸਿਮਰਨ ਹੀ ਜ਼ਿੰਦਗੀ ਦਾ ਸਹੀ ਰਸਤਾ ਹੈ ॥੩॥

ਦਸ ਅਠਾ ਅਠਸਠੇ ਚਾਰੇ ਖਾਣੀ ਇਹੈ ਵਰਤਣਿ ਹੈ ਸਗਲ ਸੰਸਾਰੇ ॥

ਸਾਰੇ ਸੰਸਾਰ ਦੀ ਨਿੱਤ ਦੀ ਕਾਰ ਤਾਂ ਇਹ ਹੈ ਕਿ (ਤੇਰਾ ਨਾਮ ਭੁਲਾ ਕੇ) ਅਠਾਰਾਂ ਪੁਰਾਣਾਂ ਦੀਆਂ ਕਹਾਣੀਆਂ ਵਿਚ ਪਰਚੇ ਹੋਏ ਹਨ, ਅਠਾਹਠ ਤੀਰਥਾਂ ਦੇ ਇਸ਼ਨਾਨ ਨੂੰ ਹੀ ਪੁੰਨ-ਕਰਮ ਸਮਝ ਬੈਠੇ ਹਨ, ਤੇ, ਇਸ ਤਰ੍ਹਾਂ ਚਾਰ ਖਾਣੀਆਂ ਦੀਆਂ ਜੂਨਾਂ ਵਿਚ ਭਟਕ ਰਹੇ ਹਨ।

ਕਹੈ ਰਵਿਦਾਸੁ ਨਾਮੁ ਤੇਰੋ ਆਰਤੀ ਸਤਿ ਨਾਮੁ ਹੈ ਹਰਿ ਭੋਗ ਤੁਹਾਰੇ ॥੪॥੩॥

ਰਵਿਦਾਸ ਆਖਦਾ ਹੈ-ਹੇ ਪ੍ਰਭੂ! ਤੇਰਾ ਨਾਮ ਹੀ (ਮੇਰੇ ਲਈ) ਤੇਰੀ ਆਰਤੀ ਹੈ ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਦਾ ਹੀ ਭੋਗ ਮੈਂ ਤੈਨੂੰ ਲਾਉਂਦਾ ਹਾਂ ॥੪॥੩॥


ਜੈਤਸਰੀ ਬਾਣੀ ਭਗਤਾ ਕੀ ॥
ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਨਾਥ ਕਛੂਅ ਨ ਜਾਨਉ ॥

ਹੇ ਪ੍ਰਭੂ! ਮੇਰੀ ਇਸ ਅੱਗੇ (ਹੁਣ) ਕੋਈ ਪੇਸ਼ ਨਹੀਂ ਜਾਂਦੀ।

ਮਨੁ ਮਾਇਆ ਕੈ ਹਾਥਿ ਬਿਕਾਨਉ ॥੧॥ ਰਹਾਉ ॥

ਮੈਂ ਆਪਣਾ ਮਨ ਮਾਇਆ ਦੇ ਹੱਥ ਵੇਚ ਚੁਕਿਆ ਹਾਂ ॥੧॥ ਰਹਾਉ ॥

ਤੁਮ ਕਹੀਅਤ ਹੌ ਜਗਤ ਗੁਰ ਸੁਆਮੀ ॥

ਹੇ ਨਾਥ! ਤੂੰ ਜਗਤ ਦਾ ਖਸਮ ਅਖਵਾਉਂਦਾ ਹੈਂ,

ਹਮ ਕਹੀਅਤ ਕਲਿਜੁਗ ਕੇ ਕਾਮੀ ॥੧॥

ਅਸੀਂ ਕਲਜੁਗੀ ਵਿਸ਼ਈ ਜੀਵ ਹਾਂ (ਮੇਰੀ ਸਹਾਇਤਾ ਕਰ) ॥੧॥

ਇਨ ਪੰਚਨ ਮੇਰੋ ਮਨੁ ਜੁ ਬਿਗਾਰਿਓ ॥

(ਕਾਮਾਦਿਕ) ਇਹਨਾਂ ਪੰਜਾਂ ਨੇ ਹੀ ਮੇਰਾ ਮਨ ਇਤਨਾ ਵਿਗਾੜ ਦਿੱਤਾ ਹੈ,

ਪਲੁ ਪਲੁ ਹਰਿ ਜੀ ਤੇ ਅੰਤਰੁ ਪਾਰਿਓ ॥੨॥

ਕਿ ਹਰ ਦਮ ਮੇਰੀ ਪਰਮਾਤਮਾ ਨਾਲੋਂ ਵਿੱਥ ਪਵਾ ਰਹੇ ਹਨ ॥੨॥

ਜਤ ਦੇਖਉ ਤਤ ਦੁਖ ਕੀ ਰਾਸੀ ॥

(ਇਹਨਾਂ ਨੇ ਜਗਤ ਨੂੰ ਬੜਾ ਖ਼ੁਆਰ ਕੀਤਾ ਹੈ) ਮੈਂ ਜਿੱਧਰ ਵੇਖਦਾ ਹਾਂ, ਉੱਧਰ ਦੁੱਖਾਂ ਦੀ ਰਾਸਿ-ਪੂੰਜੀ ਬਣੀ ਪਈ ਹੈ।

ਅਜੌਂ ਨ ਪਤੵਾਇ ਨਿਗਮ ਭਏ ਸਾਖੀ ॥੩॥

ਇਹ ਵੇਖ ਕੇ ਭੀ (ਕਿ ਵਿਕਾਰਾਂ ਦਾ ਸਿੱਟਾ ਹੈ ਦੁੱਖ) ਮੇਰਾ ਮਨ ਮੰਨਿਆ ਨਹੀਂ, ਵੇਦਾਦਿਕ ਧਰਮ-ਪੁਸਤਕ ਭੀ (ਸਾਖੀਆਂ ਦੀ ਰਾਹੀਂ) ਇਹੀ ਗਵਾਹੀ ਦੇ ਰਹੇ ਹਨ ॥੩॥

ਗੋਤਮ ਨਾਰਿ ਉਮਾਪਤਿ ਸ੍ਵਾਮੀ ॥

ਗੌਤਮ ਦੀ ਵਹੁਟੀ ਅਹੱਲਿਆ, ਪਾਰਵਤੀ ਦਾ ਪਤੀ ਸ਼ਿਵ,

ਸੀਸੁ ਧਰਨਿ ਸਹਸ ਭਗ ਗਾਂਮੀ ॥੪॥

ਬ੍ਰਹਮਾ, ਹਜ਼ਾਰ ਭਗਾਂ ਦੇ ਚਿੰਨ੍ਹ ਵਾਲਾ ਇੰਦਰ-(ਇਹਨਾਂ ਸਭਨਾਂ ਨੂੰ ਇਹਨਾਂ ਪੰਜਾਂ ਨੇ ਹੀ ਖ਼ੁਆਰ ਕੀਤਾ) ॥੪॥

ਇਨ ਦੂਤਨ ਖਲੁ ਬਧੁ ਕਰਿ ਮਾਰਿਓ ॥

ਇਹਨਾਂ ਚੰਦ੍ਰਿਆਂ ਨੇ (ਮੇਰੇ) ਮੂਰਖ (ਮਨ) ਨੂੰ ਬੁਰੀ ਤਰ੍ਹਾਂ ਮਾਰ ਕੀਤੀ ਹੈ,

ਬਡੋ ਨਿਲਾਜੁ ਅਜਹੂ ਨਹੀ ਹਾਰਿਓ ॥੫॥

ਪਰ ਇਹ ਮਨ ਬੜਾ ਬੇ-ਸ਼ਰਮ ਹੈ, ਅਜੇ ਭੀ ਵਿਕਾਰਾਂ ਵਲੋਂ ਮੁੜਿਆ ਨਹੀਂ ॥੫॥

ਕਹਿ ਰਵਿਦਾਸ ਕਹਾ ਕੈਸੇ ਕੀਜੈ ॥

ਰਵਿਦਾਸ ਆਖਦਾ ਹੈ-ਹੋਰ ਕਿੱਥੇ ਜਾਵਾਂ? ਹੋਰ ਕੀਹ ਕਰਾਂ?

ਬਿਨੁ ਰਘੁਨਾਥ ਸਰਨਿ ਕਾ ਕੀ ਲੀਜੈ ॥੬॥੧॥

(ਇਹਨਾਂ ਵਿਕਾਰਾਂ ਤੋਂ ਬਚਣ ਲਈ) ਪਰਮਾਤਮਾ ਤੋਂ ਬਿਨਾ ਹੋਰ ਕਿਸੇ ਦਾ ਆਸਰਾ ਲਿਆ ਨਹੀਂ ਜਾ ਸਕਦਾ ॥੬॥੧॥


ਰਾਗੁ ਸੂਹੀ ਬਾਣੀ ਸ੍ਰੀ ਰਵਿਦਾਸ ਜੀਉ ਕੀ ॥

ਰਾਗ ਸੂਹੀ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਹ ਕੀ ਸਾਰ ਸੁਹਾਗਨਿ ਜਾਨੈ ॥

ਖਸਮ-ਪ੍ਰਭੂ (ਦੇ ਮਿਲਾਪ) ਦੀ ਕਦਰ ਖਸਮ ਨਾਲ ਪਿਆਰ ਕਰਨ ਵਾਲੀ ਹੀ ਜਾਣਦੀ ਹੈ।

ਤਜਿ ਅਭਿਮਾਨੁ ਸੁਖ ਰਲੀਆ ਮਾਨੈ ॥

ਉਹ ਅਹੰਕਾਰ ਛੱਡ ਕੇ (ਪ੍ਰਭੂ-ਚਰਨਾਂ ਵਿਚ ਜੁੜ ਕੇ ਉਸ ਮਿਲਾਪ ਦਾ) ਸੁਖ-ਆਨੰਦ ਮਾਣਦੀ ਹੈ।

ਤਨੁ ਮਨੁ ਦੇਇ ਨ ਅੰਤਰੁ ਰਾਖੈ ॥

ਆਪਣਾ ਤਨ ਮਨ ਖਸਮ-ਪ੍ਰਭੂ ਦੇ ਹਵਾਲੇ ਕਰ ਦੇਂਦੀ ਹੈ, ਪ੍ਰਭੂ-ਪਤੀ ਨਾਲੋਂ (ਕੋਈ) ਵਿੱਥ ਨਹੀਂ ਰੱਖਦੀ।

ਅਵਰਾ ਦੇਖਿ ਨ ਸੁਨੈ ਅਭਾਖੈ ॥੧॥

ਨਾਂਹ ਕਿਸੇ ਹੋਰ ਦਾ ਆਸਰਾ ਤੱਕਦੀ ਹੈ, ਤੇ ਨਾਹ ਕਿਸੇ ਦੀ ਮੰਦ ਪ੍ਰੇਰਨਾ ਸੁਣਦੀ ਹੈ ॥੧॥

ਸੋ ਕਤ ਜਾਨੈ ਪੀਰ ਪਰਾਈ ॥

ਉਹ ਹੋਰਨਾਂ (ਗੁਰਮੁਖਿ ਸੁਹਾਗਣਾਂ) ਦੇ ਦਿਲ ਦੀ (ਇਹ) ਪੀੜ ਕਿਵੇਂ ਸਮਝ ਸਕਦੀ ਹੈ?

ਜਾ ਕੈ ਅੰਤਰਿ ਦਰਦੁ ਨ ਪਾਈ ॥੧॥ ਰਹਾਉ ॥

ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਭੂ ਤੋਂ ਵਿਛੋੜੇ ਦਾ ਸੱਲ ਨਹੀਂ ਉੱਠਿਆ ॥੧॥ ਰਹਾਉ ॥

ਦੁਖੀ ਦੁਹਾਗਨਿ ਦੁਇ ਪਖ ਹੀਨੀ ॥

ਉਹ ਜੀਵ-ਇਸਤ੍ਰੀ ਛੁੱਟੜ ਦੁਖੀ ਰਹਿੰਦੀ ਹੈ, ਸਹੁਰੇ ਪੇਕੇ (ਲੋਕ ਪਰਲੋਕ) ਦੋਹਾਂ ਥਾਵਾਂ ਤੋਂ ਵਾਂਜੀ ਰਹਿੰਦੀ ਹੈ,

ਜਿਨਿ ਨਾਹ ਨਿਰੰਤਰਿ ਭਗਤਿ ਨ ਕੀਨੀ ॥

ਜਿਸ ਨੇ ਖਸਮ-ਪ੍ਰਭੂ ਦੀ ਬੰਦਗੀ ਇੱਕ-ਰਸ ਨਹੀਂ ਕੀਤੀ।

ਪੁਰ ਸਲਾਤ ਕਾ ਪੰਥੁ ਦੁਹੇਲਾ ॥

ਜੀਵਨ ਦਾ ਇਹ ਰਸਤਾ (ਜੋ) ਪੁਰਸਲਾਤ (ਸਮਾਨ ਹੈ, ਉਸ ਲਈ) ਬੜਾ ਔਖਾ ਹੋ ਜਾਂਦਾ ਹੈ,

ਸੰਗਿ ਨ ਸਾਥੀ ਗਵਨੁ ਇਕੇਲਾ ॥੨॥

(ਇਥੇ ਦੁੱਖਾਂ ਵਿਚ) ਕੋਈ ਸੰਗੀ ਕੋਈ ਸਾਥੀ ਨਹੀਂ ਬਣਦਾ, (ਜੀਵਨ-ਸਫ਼ਰ ਦਾ) ਸਾਰਾ ਪੈਂਡਾ ਇਕੱਲਿਆਂ ਹੀ (ਲੰਘਣਾ ਪੈਂਦਾ ਹੈ) ॥੨॥

ਦੁਖੀਆ ਦਰਦਵੰਦੁ ਦਰਿ ਆਇਆ ॥

ਹੇ ਪ੍ਰਭੂ! ਮੈਂ ਦੁਖੀ ਮੈਂ ਦਰਦਵੰਦਾ ਤੇਰੇ ਦਰ ਤੇ ਆਇਆ ਹਾਂ।

ਬਹੁਤੁ ਪਿਆਸ ਜਬਾਬੁ ਨ ਪਾਇਆ ॥

ਮੈਨੂੰ ਤੇਰੇ ਦਰਸਨ ਦੀ ਬੜੀ ਤਾਂਘ ਹੈ (ਪਰ ਤੇਰੇ ਦਰ ਤੋਂ) ਕੋਈ ਉੱਤਰ ਨਹੀਂ ਮਿਲਦਾ।

ਕਹਿ ਰਵਿਦਾਸ ਸਰਨਿ ਪ੍ਰਭ ਤੇਰੀ ॥

ਰਵਿਦਾਸ ਆਖਦਾ ਹੈ-ਹੇ ਪ੍ਰਭੂ! ਮੈਂ ਤੇਰੀ ਸ਼ਰਨ ਆਇਆ ਹਾਂ,

ਜਿਉ ਜਾਨਹੁ ਤਿਉ ਕਰੁ ਗਤਿ ਮੇਰੀ ॥੩॥੧॥

ਜਿਵੇਂ ਭੀ ਹੋ ਸਕੇ, ਤਿਵੇਂ ਮੇਰੀ ਹਾਲਤ ਸਵਾਰ ਦੇਹ ॥੩॥੧॥


ਸੂਹੀ ॥
ਜੋ ਦਿਨ ਆਵਹਿ ਸੋ ਦਿਨ ਜਾਹੀ ॥

(ਮਨੁੱਖ ਦੀ ਜ਼ਿੰਦਗੀ ਵਿਚ) ਜੇਹੜੇ ਜੇਹੜੇ ਦਿਨ ਆਉਂਦੇ ਹਨ, ਉਹ ਦਿਨ (ਅਸਲ ਵਿਚ ਨਾਲੋ ਨਾਲ) ਲੰਘਦੇ ਜਾਂਦੇ ਹਨ (ਭਾਵ, ਉਮਰ ਵਿਚੋਂ ਘਟਦੇ ਜਾਂਦੇ ਹਨ)।

ਕਰਨਾ ਕੂਚੁ ਰਹਨੁ ਥਿਰੁ ਨਾਹੀ ॥

(ਇਥੋਂ ਹਰੇਕ ਨੇ) ਕੂਚ ਕਰ ਜਾਣਾ ਹੈ (ਕਿਸੇ ਦੀ ਭੀ ਇਥੇ) ਸਦਾ ਦੀ ਰਿਹੈਸ਼ ਨਹੀਂ ਹੈ।

ਸੰਗੁ ਚਲਤ ਹੈ ਹਮ ਭੀ ਚਲਨਾ ॥

ਅਸਾਡਾ ਸਾਥ ਤੁਰਿਆ ਜਾ ਰਿਹਾ ਹੈ, ਅਸਾਂ ਭੀ (ਇਥੋਂ) ਤੁਰ ਜਾਣਾ ਹੈ।

ਦੂਰਿ ਗਵਨੁ ਸਿਰ ਊਪਰਿ ਮਰਨਾ ॥੧॥

ਇਹ ਦੂਰ ਦੀ ਮੁਸਾਫ਼ਰੀ ਹੈ ਤੇ ਮੌਤ ਸਿਰ ਉਤੇ ਖਲੋਤੀ ਹੈ (ਪਤਾ ਨਹੀਂ ਕੇਹੜੇ ਵੇਲੇ ਆ ਜਾਏ) ॥੧॥

ਕਿਆ ਤੂ ਸੋਇਆ ਜਾਗੁ ਇਆਨਾ ॥

ਹੇ ਅੰਞਾਣ! ਹੋਸ਼ ਕਰ! ਤੂੰ ਕਿਉਂ ਸੌਂ ਰਿਹਾ ਹੈਂ?

ਤੈ ਜੀਵਨੁ ਜਗਿ ਸਚੁ ਕਰਿ ਜਾਨਾ ॥੧॥ ਰਹਾਉ ॥

ਤੂੰ ਜਗਤ ਵਿਚ ਇਸ ਜੀਊਣ ਨੂੰ ਸਦਾ ਕਾਇਮ ਰਹਿਣ ਵਾਲਾ ਸਮਝ ਬੈਠਾ ਹੈਂ ॥੧॥ ਰਹਾਉ ॥

ਜਿਨਿ ਜੀਉ ਦੀਆ ਸੁ ਰਿਜਕੁ ਅੰਬਰਾਵੈ ॥

(ਤੂੰ ਹਰ ਵੇਲੇ ਰਿਜ਼ਕ ਦੇ ਹੀ ਫ਼ਿਕਰ ਵਿਚ ਰਹਿੰਦਾ ਹੈਂ, ਵੇਖ) ਜਿਸ ਪ੍ਰਭੂ ਨੇ ਜਿੰਦ ਦਿੱਤੀ ਹੈ, ਉਹ ਰਿਜ਼ਕ ਭੀ ਅਪੜਾਉਂਦਾ ਹੈ।

ਸਭ ਘਟ ਭੀਤਰਿ ਹਾਟੁ ਚਲਾਵੈ ॥

ਸਾਰੇ ਸਰੀਰਾਂ ਵਿਚ ਬੈਠਾ ਹੋਇਆ ਉਹ ਆਪ ਰਿਜ਼ਕ ਦਾ ਆਹਰ ਪੈਦਾ ਕਰ ਰਿਹਾ ਹੈ।

ਕਰਿ ਬੰਦਿਗੀ ਛਾਡਿ ਮੈ ਮੇਰਾ ॥

ਮੈਂ (ਇਤਨਾ ਵੱਡਾ ਹਾਂ) ਮੇਰੀ (ਇਤਨੀ ਮਲਕੀਅਤ ਹੈ)-ਛੱਡ ਇਹ ਗੱਲਾਂ, ਪ੍ਰਭੂ ਦੀ ਬੰਦਗੀ ਕਰ।

ਹਿਰਦੈ ਨਾਮੁ ਸਮੑਾਰਿ ਸਵੇਰਾ ॥੨॥

ਹੁਣ ਵੇਲੇ-ਸਿਰ ਉਸ ਦਾ ਨਾਮ ਆਪਣੇ ਹਿਰਦੇ ਵਿਚ ਸਾਂਭ ॥੨॥

ਜਨਮੁ ਸਿਰਾਨੋ ਪੰਥੁ ਨ ਸਵਾਰਾ ॥

ਉਮਰ ਮੁੱਕਣ ਤੇ ਆ ਰਹੀ ਹੈ, ਪਰ ਤੂੰ ਆਪਣਾ ਰਾਹ ਸੁਚੱਜਾ ਨਹੀਂ ਬਣਾਇਆ।

ਸਾਂਝ ਪਰੀ ਦਹ ਦਿਸ ਅੰਧਿਆਰਾ ॥

ਸ਼ਾਮ ਪੈ ਰਹੀ ਹੈ, ਦਸੀਂ ਪਾਸੀਂ ਹਨੇਰਾ ਹੀ ਹਨੇਰਾ ਹੋਣ ਵਾਲਾ ਹੈ।

ਕਹਿ ਰਵਿਦਾਸ ਨਿਦਾਨਿ ਦਿਵਾਨੇ ॥

ਰਵਿਦਾਸ ਆਖਦਾ ਹੈ-ਹੇ ਕਮਲੇ ਮਨੁੱਖ!

ਚੇਤਸਿ ਨਾਹੀ ਦੁਨੀਆ ਫਨ ਖਾਨੇ ॥੩॥੨॥

ਤੂੰ ਪ੍ਰਭੂ ਨੂੰ ਯਾਦ ਨਹੀਂ ਕਰਦਾ, ਦੁਨੀਆ (ਜਿਸ ਦੇ ਨਾਲ ਤੂੰ ਮਨ ਜੋੜੀ ਬੈਠਾ ਹੈਂ) ਅੰਤ ਨੂੰ ਨਾਸ ਹੋ ਜਾਣ ਵਾਲੀ ਹੈ ॥੩॥੨॥


ਸੂਹੀ ॥
ਊਚੇ ਮੰਦਰ ਸਾਲ ਰਸੋਈ ॥

(ਜੇ) ਉੱਚੇ ਉੱਚੇ ਪੱਕੇ ਘਰ ਤੇ ਰਸੋਈ-ਖ਼ਾਨੇ ਹੋਣ (ਤਾਂ ਭੀ ਕੀਹ ਹੋਇਆ?)

ਏਕ ਘਰੀ ਫੁਨਿ ਰਹਨੁ ਨ ਹੋਈ ॥੧॥

ਮੌਤ ਆਇਆਂ (ਇਹਨਾਂ ਵਿਚ) ਇਕ ਘੜੀ ਭੀ (ਵਧੀਕ) ਖਲੋਣਾ ਨਹੀਂ ਮਿਲਦਾ ॥੧॥

ਇਹੁ ਤਨੁ ਐਸਾ ਜੈਸੇ ਘਾਸ ਕੀ ਟਾਟੀ ॥

(ਪੱਕੇ ਘਰ ਆਦਿਕ ਤਾਂ ਕਿਤੇ ਰਹੇ) ਇਹ ਸਰੀਰ (ਭੀ) ਘਾਹ ਦੇ ਛੱਪਰ ਵਾਂਗ ਹੀ ਹੈ।

ਜਲਿ ਗਇਓ ਘਾਸੁ ਰਲਿ ਗਇਓ ਮਾਟੀ ॥੧॥ ਰਹਾਉ ॥

ਘਾਹ ਸੜ ਜਾਂਦਾ ਹੈ, ਤੇ ਮਿੱਟੀ ਵਿਚ ਰਲ ਜਾਂਦਾ ਹੈ (ਇਹੀ ਹਾਲ ਸਰੀਰ ਦਾ ਹੁੰਦਾ ਹੈ) ॥੧॥ ਰਹਾਉ ॥

ਭਾਈ ਬੰਧ ਕੁਟੰਬ ਸਹੇਰਾ ॥

(ਜਦੋਂ ਮਨੁੱਖ ਮਰ ਜਾਂਦਾ ਹੈ ਤਾਂ) ਰਿਸ਼ਤੇਦਾਰ, ਪਰਵਾਰ, ਸੱਜਣ ਸਾਥੀ-

ਓਇ ਭੀ ਲਾਗੇ ਕਾਢੁ ਸਵੇਰਾ ॥੨॥

ਇਹ ਸਾਰੇ ਹੀ ਆਖਣ ਲੱਗ ਪੈਂਦੇ ਹਨ ਕਿ ਇਸ ਨੂੰ ਹੁਣ ਛੇਤੀ ਬਾਹਰ ਕੱਢੋ ॥੨॥

ਘਰ ਕੀ ਨਾਰਿ ਉਰਹਿ ਤਨ ਲਾਗੀ ॥

ਆਪਣੀ ਵਹੁਟੀ (ਭੀ) ਜੋ ਸਦਾ (ਮਨੁੱਖ) ਦੇ ਨਾਲ ਲੱਗੀ ਰਹਿੰਦੀ ਸੀ,

ਉਹ ਤਉ ਭੂਤੁ ਭੂਤੁ ਕਰਿ ਭਾਗੀ ॥੩॥

ਇਹ ਆਖ ਕੇ ਪਰੇ ਹਟ ਜਾਂਦੀ ਹੈ ਇਹ ਤਾਂ ਹੁਣ ਮਰ ਗਿਆ ਹੈ, ਮਰ ਗਿਆ ॥੩॥

ਕਹਿ ਰਵਿਦਾਸ ਸਭੈ ਜਗੁ ਲੂਟਿਆ ॥

ਰਵਿਦਾਸ ਆਖਦਾ ਹੈ-ਸਾਰਾ ਜਗਤ ਹੀ (ਸਰੀਰ ਨੂੰ, ਜਾਇਦਾਦ ਨੂੰ, ਸੰਬੰਧੀਆਂ ਨੂੰ ਆਪਣਾ ਸਮਝ ਕੇ) ਠੱਗਿਆ ਜਾ ਰਿਹਾ ਹੈ,

ਹਮ ਤਉ ਏਕ ਰਾਮੁ ਕਹਿ ਛੂਟਿਆ ॥੪॥੩॥

ਪਰ ਮੈਂ ਇਕ ਪਰਮਾਤਮਾ ਦਾ ਨਾਮ ਸਿਮਰ ਕੇ (ਇਸ ਠੱਗੀ ਤੋਂ) ਬਚਿਆ ਹਾਂ ॥੪॥੩॥


ਬਿਲਾਵਲੁ ਬਾਣੀ ਰਵਿਦਾਸ ਭਗਤ ਕੀ ॥

ਰਾਗ ਬਿਲਾਵਲੁ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਦਾਰਿਦੁ ਦੇਖਿ ਸਭ ਕੋ ਹਸੈ ਐਸੀ ਦਸਾ ਹਮਾਰੀ ॥

ਹਰੇਕ ਬੰਦਾ (ਕਿਸੇ ਦੀ) ਗ਼ਰੀਬੀ ਵੇਖ ਕੇ ਮਖ਼ੌਲ ਕਰਦਾ ਹੈ, (ਤੇ) ਇਹੋ ਜਿਹੀ ਹਾਲਤ ਹੀ ਮੇਰੀ ਭੀ ਸੀ (ਕਿ ਲੋਕ ਮੇਰੀ ਗ਼ਰੀਬੀ ਤੇ ਠੱਠੇ ਕਰਿਆ ਕਰਦੇ ਸਨ),

ਅਸਟ ਦਸਾ ਸਿਧਿ ਕਰ ਤਲੈ ਸਭ ਕ੍ਰਿਪਾ ਤੁਮਾਰੀ ॥੧॥

ਪਰ ਹੁਣ ਅਠਾਰਾਂ ਸਿੱਧੀਆਂ ਮੇਰੇ ਹੱਥ ਦੀ ਤਲੀ ਉੱਤੇ (ਨੱਚਦੀਆਂ) ਹਨ; ਹੇ ਪ੍ਰਭੂ! ਇਹ ਸਾਰੀ ਤੇਰੀ ਹੀ ਮਿਹਰ ਹੈ ॥੧॥

ਤੂ ਜਾਨਤ ਮੈ ਕਿਛੁ ਨਹੀ ਭਵ ਖੰਡਨ ਰਾਮ ॥

ਹੇ ਜੀਵਾਂ ਦੇ ਜਨਮ-ਮਰਨ ਦਾ ਗੇੜ ਨਾਸ ਕਰਨ ਵਾਲੇ ਰਾਮ! ਤੂੰ ਜਾਣਦਾ ਹੈਂ ਕਿ ਮੇਰੀ ਆਪਣੀ ਕੋਈ ਪਾਂਇਆਂ ਨਹੀਂ ਹੈ।

ਸਗਲ ਜੀਅ ਸਰਨਾਗਤੀ ਪ੍ਰਭ ਪੂਰਨ ਕਾਮ ॥੧॥ ਰਹਾਉ ॥

ਹੇ ਸਭ ਦੀ ਕਾਮਨਾ ਪੂਰੀ ਕਰਨ ਵਾਲੇ ਪ੍ਰਭੂ! ਸਾਰੇ ਜੀਆ ਜੰਤ ਤੇਰੀ ਹੀ ਸਰਨ ਆਉਂਦੇ ਹਨ (ਮੈਂ ਗ਼ਰੀਬ ਭੀ ਤੇਰੀ ਹੀ ਸ਼ਰਨ ਹਾਂ) ॥੧॥ ਰਹਾਉ ॥

ਜੋ ਤੇਰੀ ਸਰਨਾਗਤਾ ਤਿਨ ਨਾਹੀ ਭਾਰੁ ॥

ਜੋ ਜੋ ਭੀ ਤੇਰੀ ਸ਼ਰਨ ਆਉਂਦੇ ਹਨ, ਉਹਨਾਂ (ਦੀ ਆਤਮਾ) ਉੱਤੋਂ (ਵਿਕਾਰਾਂ ਦਾ) ਭਾਰ ਨਹੀਂ ਰਹਿ ਜਾਂਦਾ।

ਊਚ ਨੀਚ ਤੁਮ ਤੇ ਤਰੇ ਆਲਜੁ ਸੰਸਾਰੁ ॥੨॥

ਚਾਹੇ ਉੱਚੀ ਜਾਤਿ ਵਾਲੇ ਹੋਣ, ਚਾਹੇ ਨੀਵੀਂ ਜਾਤਿ ਦੇ, ਉਹ ਤੇਰੀ ਮਿਹਰ ਨਾਲ ਇਸ ਬਖੇੜਿਆਂ-ਭਰੇ ਸੰਸਾਰ (-ਸਮੁੰਦਰ) ਵਿਚੋਂ (ਸੌਖੇ ਹੀ) ਲੰਘ ਜਾਂਦੇ ਹਨ ॥੨॥

ਕਹਿ ਰਵਿਦਾਸ ਅਕਥ ਕਥਾ ਬਹੁ ਕਾਇ ਕਰੀਜੈ ॥

ਰਵਿਦਾਸ ਆਖਦਾ ਹੈ-ਹੇ ਪ੍ਰਭੂ! ਤੇਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ (ਤੂੰ ਕੰਗਾਲਾਂ ਨੂੰ ਭੀ ਸ਼ਹਨਸ਼ਾਹ ਬਣਾਉਣ ਵਾਲਾ ਹੈਂ), ਭਾਵੇਂ ਕਿਤਨਾ ਜਤਨ ਕਰੀਏ, ਤੇਰੇ ਗੁਣ ਕਹੇ ਨਹੀਂ ਜਾ ਸਕਦੇ;

ਜੈਸਾ ਤੂ ਤੈਸਾ ਤੁਹੀ ਕਿਆ ਉਪਮਾ ਦੀਜੈ ॥੩॥੧॥

ਆਪਣੇ ਵਰਗਾ ਤੂੰ ਆਪ ਹੀ ਹੈਂ; (ਜਗਤ) ਵਿਚ ਕੋਈ ਐਸਾ ਨਹੀਂ ਜਿਸ ਨੂੰ ਤੇਰੇ ਵਰਗਾ ਕਿਹਾ ਜਾ ਸਕੇ ॥੩॥੧॥


ਬਿਲਾਵਲੁ ॥
ਜਿਹ ਕੁਲ ਸਾਧੁ ਬੈਸਨੌ ਹੋਇ ॥

ਜਿਸ ਕਿਸੇ ਭੀ ਕੁਲ ਵਿਚ ਪਰਮਾਤਮਾ ਦਾ ਭਗਤ ਜੰਮ ਪਏ,

ਬਰਨ ਅਬਰਨ ਰੰਕੁ ਨਹੀ ਈਸੁਰੁ ਬਿਮਲ ਬਾਸੁ ਜਾਨੀਐ ਜਗਿ ਸੋਇ ॥੧॥ ਰਹਾਉ ॥

ਚਾਹੇ ਉਹ ਚੰਗੀ ਜਾਤ ਦਾ ਹੈ ਚਾਹੇ ਨੀਵੀਂ ਜਾਤ ਦਾ, ਚਾਹੇ ਕੰਗਾਲ ਹੈ ਚਾਹੇ ਧਨਾਢ, (ਉਸ ਦੀ ਜਾਤ ਤੇ ਧਨ ਆਦਿਕ ਦਾ ਜ਼ਿਕਰ ਹੀ) ਨਹੀਂ (ਛਿੜਦਾ), ਉਹ ਜਗਤ ਵਿਚ ਨਿਰਮਲ ਸੋਭਾ ਵਾਲਾ ਮਸ਼ਹੂਰ ਹੁੰਦਾ ਹੈ ॥੧॥ ਰਹਾਉ ॥

ਬ੍ਰਹਮਨ ਬੈਸ ਸੂਦ ਅਰੁ ਖੵਤ੍ਰੀ ਡੋਮ ਚੰਡਾਰ ਮਲੇਛ ਮਨ ਸੋਇ ॥

ਕੋਈ ਬ੍ਰਾਹਮਣ ਹੋਵੇ, ਖੱਤ੍ਰੀ ਹੋਵੇ, ਡੂਮ ਚੰਡਾਲ ਜਾਂ ਮਲੀਨ ਮਨ ਵਾਲਾ ਹੋਵੇ,

ਹੋਇ ਪੁਨੀਤ ਭਗਵੰਤ ਭਜਨ ਤੇ ਆਪੁ ਤਾਰਿ ਤਾਰੇ ਕੁਲ ਦੋਇ ॥੧॥

ਪਰਮਾਤਮਾ ਦੇ ਭਜਨ ਨਾਲ ਮਨੁੱਖ ਪਵਿਤ੍ਰ ਹੋ ਜਾਂਦਾ ਹੈ; ਉਹ ਆਪਣੇ ਆਪ ਨੂੰ (ਸੰਸਾਰ-ਸਮੁੰਦਰ ਤੋਂ) ਤਾਰ ਕੇ ਆਪਣੀਆਂ ਦੋਵੇਂ ਕੁਲਾਂ ਭੀ ਤਾਰ ਲੈਂਦਾ ਹੈ ॥੧॥

ਧੰਨਿ ਸੁ ਗਾਉ ਧੰਨਿ ਸੋ ਠਾਉ ਧੰਨਿ ਪੁਨੀਤ ਕੁਟੰਬ ਸਭ ਲੋਇ ॥

ਸੰਸਾਰ ਵਿਚ ਉਹ ਪਿੰਡ ਮੁਬਾਰਿਕ ਹੈ, ਉਹ ਥਾਂ ਧੰਨ ਹੈ, ਉਹ ਪਵਿਤ੍ਰ ਕੁਲ ਭਾਗਾਂ ਵਾਲੀ ਹੈ,

ਜਿਨਿ ਪੀਆ ਸਾਰ ਰਸੁ ਤਜੇ ਆਨ ਰਸ ਹੋਇ ਰਸ ਮਗਨ ਡਾਰੇ ਬਿਖੁ ਖੋਇ ॥੨॥

(ਜਿਸ ਵਿਚ ਜੰਮ ਕੇ) ਕਿਸੇ ਨੇ ਪਰਮਾਤਮਾ ਦੇ ਨਾਮ ਦਾ ਸ੍ਰੇਸ਼ਟ ਰਸ ਪੀਤਾ ਹੈ, ਹੋਰ (ਮੰਦੇ) ਰਸ ਛਡੇ ਹਨ, ਤੇ, ਪ੍ਰਭੂ ਦੇ ਨਾਮ-ਰਸ ਵਿਚ ਮਸਤ ਹੋ ਕੇ (ਵਿਕਾਰ-ਵਾਸ਼ਨਾ ਦਾ) ਜ਼ਹਿਰ (ਆਪਣੇ ਅੰਦਰੋਂ) ਨਾਸ ਕਰ ਦਿੱਤਾ ਹੈ ॥੨॥

ਪੰਡਿਤ ਸੂਰ ਛਤ੍ਰਪਤਿ ਰਾਜਾ ਭਗਤ ਬਰਾਬਰਿ ਅਉਰੁ ਨ ਕੋਇ ॥

ਭਾਰਾ ਵਿਦਵਾਨ ਹੋਵੇ ਚਾਹੇ ਸੂਰਮਾ, ਚਾਹੇ ਛੱਤਰਪਤੀ ਰਾਜਾ ਹੋਵੇ, ਕੋਈ ਭੀ ਮਨੁੱਖ ਪਰਮਾਤਮਾ ਦੇ ਭਗਤ ਦੇ ਬਰਾਬਰ ਦਾ ਨਹੀਂ ਹੋ ਸਕਦਾ।

ਜੈਸੇ ਪੁਰੈਨ ਪਾਤ ਰਹੈ ਜਲ ਸਮੀਪ ਭਨਿ ਰਵਿਦਾਸ ਜਨਮੇ ਜਗਿ ਓਇ ॥੩॥੨॥

ਰਵਿਦਾਸ ਆਖਦਾ ਹੈ-ਭਗਤਾਂ ਦਾ ਹੀ ਜੰਮਣਾ ਜਗਤ ਵਿਚ ਮੁਬਾਰਿਕ ਹੈ (ਉਹ ਪ੍ਰਭੂ ਦੇ ਚਰਨਾਂ ਵਿਚ ਰਹਿ ਕੇ ਹੀ ਜੀਊ ਸਕਦੇ ਹਨ), ਜਿਵੇਂ ਚੁਪੱਤੀ ਪਾਣੀ ਦੇ ਨੇੜੇ ਰਹਿ ਕੇ ਹੀ (ਹਰੀ) ਰਹਿ ਸਕਦੀ ਹੈ ॥੩॥੨॥


ਰਾਗੁ ਗੋਂਡ ਬਾਣੀ ਰਵਿਦਾਸ ਜੀਉ ਕੀ ਘਰੁ ੨ ॥

ਰਾਗ ਗੋਂਡ, ਘਰ ੨ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਮੁਕੰਦ ਮੁਕੰਦ ਜਪਹੁ ਸੰਸਾਰ ॥

ਹੇ ਲੋਕੋ! ਮੁਕਤੀ-ਦਾਤੇ ਪ੍ਰਭੂ ਨੂੰ ਸਦਾ ਸਿਮਰੋ,

ਬਿਨੁ ਮੁਕੰਦ ਤਨੁ ਹੋਇ ਅਉਹਾਰ ॥

ਉਸ ਦੇ ਸਿਮਰਨ ਤੋਂ ਬਿਨਾ ਇਹ ਸਰੀਰ ਵਿਅਰਥ ਹੀ ਚਲਾ ਜਾਂਦਾ ਹੈ।

ਸੋਈ ਮੁਕੰਦੁ ਮੁਕਤਿ ਕਾ ਦਾਤਾ ॥

ਉਹ ਪ੍ਰਭੂ ਹੀ ਦੁਨੀਆ ਦੇ ਬੰਧਨਾਂ ਤੋਂ ਮੇਰੀ ਰਾਖੀ ਕਰ ਸਕਦਾ ਹੈ।

ਸੋਈ ਮੁਕੰਦੁ ਹਮਰਾ ਪਿਤ ਮਾਤਾ ॥੧॥

ਮੇਰਾ ਤਾਂ ਮਾਂ ਪਿਉ ਹੀ ਉਹ ਪ੍ਰਭੂ ਹੈ ॥੧॥

ਜੀਵਤ ਮੁਕੰਦੇ ਮਰਤ ਮੁਕੰਦੇ ॥

ਬੰਦਗੀ ਕਰਨ ਵਾਲਾ ਜਿਊਂਦਾ ਭੀ ਪ੍ਰਭੂ ਨੂੰ ਸਿਮਰਦਾ ਹੈ ਤੇ ਮਰਦਾ ਭੀ ਉਸੇ ਨੂੰ ਯਾਦ ਕਰਦਾ ਹੈ (ਸਾਰੀ ਉਮਰ ਹੀ ਪ੍ਰਭੂ ਨੂੰ ਚੇਤੇ ਰੱਖਦਾ ਹੈ)

ਤਾ ਕੇ ਸੇਵਕ ਕਉ ਸਦਾ ਅਨੰਦੇ ॥੧॥ ਰਹਾਉ ॥

ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਦੇਣ ਵਾਲੇ ਪ੍ਰਭੂ ਦੀ ਬੰਦਗੀ ਕਰਨ ਵਾਲੇ ਨੂੰ ਸਦਾ ਹੀ ਅਨੰਦ ਬਣਿਆ ਰਹਿੰਦਾ ਹੈ ॥੧॥ ਰਹਾਉ ॥

ਮੁਕੰਦ ਮੁਕੰਦ ਹਮਾਰੇ ਪ੍ਰਾਨੰ ॥

ਪ੍ਰਭੂ ਦਾ ਸਿਮਰਨ ਮੇਰੀ ਜਿੰਦ (ਦਾ ਆਸਰਾ ਬਣ ਗਿਆ) ਹੈ,

ਜਪਿ ਮੁਕੰਦ ਮਸਤਕਿ ਨੀਸਾਨੰ ॥

ਪ੍ਰਭੂ ਨੂੰ ਸਿਮਰ ਕੇ ਮੇਰੇ ਮੱਥੇ ਉੱਤੇ ਭਾਗ ਜਾਗ ਪਏ ਹਨ;

ਸੇਵ ਮੁਕੰਦ ਕਰੈ ਬੈਰਾਗੀ ॥

ਪ੍ਰਭੂ ਦੀ ਭਗਤੀ (ਮਨੁੱਖ ਨੂੰ) ਵੈਰਾਗਵਾਨ ਕਰ ਦੇਂਦੀ ਹੈ,

ਸੋਈ ਮੁਕੰਦੁ ਦੁਰਬਲ ਧਨੁ ਲਾਧੀ ॥੨॥

ਮੈਨੂੰ ਗ਼ਰੀਬ ਨੂੰ ਪ੍ਰਭੂ ਦਾ ਨਾਮ ਹੀ ਧਨ ਲੱਭ ਪਿਆ ਹੈ ॥੨॥

ਏਕੁ ਮੁਕੰਦੁ ਕਰੈ ਉਪਕਾਰੁ ॥

ਜੇ ਇੱਕ ਪਰਮਾਤਮਾ ਮੇਰੇ ਉੱਤੇ ਮਿਹਰ ਕਰੇ,

ਹਮਰਾ ਕਹਾ ਕਰੈ ਸੰਸਾਰੁ ॥

ਤਾਂ (ਮੈਨੂੰ ਚਮਾਰ ਚਮਾਰ ਆਖਣ ਵਾਲੇ ਇਹ) ਲੋਕ ਮੇਰਾ ਕੁਝ ਭੀ ਵਿਗਾੜ ਨਹੀਂ ਸਕਦੇ।

ਮੇਟੀ ਜਾਤਿ ਹੂਏ ਦਰਬਾਰਿ ॥

ਹੇ ਪ੍ਰਭੂ! (ਤੇਰੀ ਭਗਤੀ ਨੇ) ਮੇਰੀ (ਨੀਵੀਂ) ਜਾਤ (ਵਾਲੀ ਢਹਿੰਦੀ ਕਲਾ ਮੇਰੇ ਅੰਦਰੋਂ) ਮਿਟਾ ਦਿੱਤੀ ਹੈ, ਕਿਉਂਕਿ ਮੈਂ ਸਦਾ ਤੇਰੇ ਦਰ ਤੇ ਹੁਣ ਰਹਿੰਦਾ ਹਾਂ;

ਤੁਹੀ ਮੁਕੰਦ ਜੋਗ ਜੁਗ ਤਾਰਿ ॥੩॥

ਤੂੰ ਹੀ ਸਦਾ ਮੈਨੂੰ (ਦੁਨੀਆ ਦੇ ਬੰਧਨਾਂ ਤੇ ਮੁਥਾਜੀਆਂ ਤੋਂ) ਪਾਰ ਲੰਘਾਉਣ ਵਾਲਾ ਹੈਂ ॥੩॥

ਉਪਜਿਓ ਗਿਆਨੁ ਹੂਆ ਪਰਗਾਸ ॥

(ਪ੍ਰਭੂ ਦੀ ਬੰਦਗੀ ਨਾਲ ਮੇਰੇ ਅੰਦਰ) ਆਤਮਕ ਜੀਵਨ ਦੀ ਸੂਝ ਪੈਦਾ ਹੋ ਗਈ ਹੈ, ਚਾਨਣ ਹੋ ਗਿਆ ਹੈ।

ਕਰਿ ਕਿਰਪਾ ਲੀਨੇ ਕੀਟ ਦਾਸ ॥

ਮਿਹਰ ਕਰ ਕੇ ਮੈਨੂੰ ਨਿਮਾਣੇ ਦਾਸ ਨੂੰ ਪ੍ਰਭੂ ਨੇ ਆਪਣਾ ਬਣਾ ਲਿਆ ਹੈ।

ਕਹੁ ਰਵਿਦਾਸ ਅਬ ਤ੍ਰਿਸਨਾ ਚੂਕੀ ॥

ਰਵਿਦਾਸ ਆਖਦਾ ਹੈ- ਹੁਣ ਮੇਰੀ ਤ੍ਰਿਸ਼ਨਾ ਮੁੱਕ ਗਈ ਹੈ,

ਜਪਿ ਮੁਕੰਦ ਸੇਵਾ ਤਾਹੂ ਕੀ ॥੪॥੧॥

ਮੈਂ ਹੁਣ ਪ੍ਰਭੂ ਨੂੰ ਸਿਮਰਦਾ ਹਾਂ, ਨਿੱਤ ਪ੍ਰਭੂ ਦੀ ਹੀ ਭਗਤੀ ਕਰਦਾ ਹਾਂ ॥੪॥੧॥


ਗੋਂਡ ॥
ਜੇ ਓਹੁ ਅਠਸਠਿ ਤੀਰਥ ਨੑਾਵੈ ॥

ਜੇ ਕੋਈ ਮਨੁੱਖ ਅਠਾਹਠ ਤੀਰਥਾਂ ਦਾ ਇਸ਼ਨਾਨ (ਭੀ) ਕਰੇ,

ਜੇ ਓਹੁ ਦੁਆਦਸ ਸਿਲਾ ਪੂਜਾਵੈ ॥

ਜੇ ਬਾਰਾਂ ਸ਼ਿਵਲਿੰਗਾਂ ਦੀ ਪੂਜਾ ਭੀ ਕਰੇ,

ਜੇ ਓਹੁ ਕੂਪ ਤਟਾ ਦੇਵਾਵੈ ॥

ਜੇ (ਲੋਕਾਂ ਦੇ ਭਲੇ ਲਈ) ਖੂਹ ਤਲਾਬ (ਆਦਿਕ) ਲਵਾਏ;

ਕਰੈ ਨਿੰਦ ਸਭ ਬਿਰਥਾ ਜਾਵੈ ॥੧॥

ਪਰ ਜੇ ਉਹ (ਗੁਰਮੁਖਾਂ ਦੀ) ਨਿੰਦਿਆ ਕਰਦਾ ਹੈ, ਤਾਂ ਉਸ ਦੀ ਇਹ ਸਾਰੀ ਮਿਹਨਤ ਵਿਅਰਥ ਜਾਂਦੀ ਹੈ ॥੧॥

ਸਾਧ ਕਾ ਨਿੰਦਕੁ ਕੈਸੇ ਤਰੈ ॥

ਸਾਧੂ ਗੁਰਮੁਖਿ ਦੀ ਨਿੰਦਾ ਕਰਨ ਵਾਲਾ ਮਨੁੱਖ (ਜਗਤ ਦੀਆਂ ਨਿਵਾਣਾਂ ਵਿਚੋਂ) ਪਾਰ ਨਹੀਂ ਲੰਘ ਸਕਦਾ,

ਸਰਪਰ ਜਾਨਹੁ ਨਰਕ ਹੀ ਪਰੈ ॥੧॥ ਰਹਾਉ ॥

ਯਕੀਨ ਨਾਲ ਜਾਣੋ ਉਹ ਸਦਾ ਨਰਕ ਵਿਚ ਹੀ ਪਿਆ ਰਹਿੰਦਾ ਹੈ ॥੧॥ ਰਹਾਉ ॥

ਜੇ ਓਹੁ ਗ੍ਰਹਨ ਕਰੈ ਕੁਲਖੇਤਿ ॥

ਜੇ ਕੋਈ ਮਨੁੱਖ ਕੁਲਖੇਤ੍ਰ ਤੇ (ਜਾ ਕੇ) ਗ੍ਰਹਿਣ (ਦਾ ਇਸ਼ਨਾਨ) ਕਰੇ,

ਅਰਪੈ ਨਾਰਿ ਸੀਗਾਰ ਸਮੇਤਿ ॥

ਗਹਿਣਿਆਂ ਸਮੇਤ ਆਪਣੀ ਵਹੁਟੀ (ਬ੍ਰਾਹਮਣਾਂ ਨੂੰ) ਦਾਨ ਕਰ ਦੇਵੇ,

ਸਗਲੀ ਸਿੰਮ੍ਰਿਤਿ ਸ੍ਰਵਨੀ ਸੁਨੈ ॥

ਸਾਰੀਆਂ ਸਿਮ੍ਰਿਤੀਆਂ ਧਿਆਨ ਨਾਲ ਸੁਣੇ;

ਕਰੈ ਨਿੰਦ ਕਵਨੈ ਨਹੀ ਗੁਨੈ ॥੨॥

ਪਰ ਜੇ ਉਹ ਭਲਿਆਂ ਦੀ ਨਿੰਦਿਆ ਕਰਦਾ ਹੈ, ਤਾਂ ਇਹਨਾਂ ਸਾਰੇ ਕੰਮਾਂ ਤੋਂ ਕੋਈ ਭੀ ਲਾਭ ਨਹੀਂ ॥੨॥

ਜੇ ਓਹੁ ਅਨਿਕ ਪ੍ਰਸਾਦ ਕਰਾਵੈ ॥

ਜੇ ਕੋਈ ਮਨੁੱਖ ਠਾਕਰਾਂ ਨੂੰ ਕਈ ਤਰ੍ਹਾਂ ਦੇ ਭੋਗ ਲਵਾਵੇ,

ਭੂਮਿ ਦਾਨ ਸੋਭਾ ਮੰਡਪਿ ਪਾਵੈ ॥

ਜ਼ਮੀਨ ਦਾ ਦਾਨ ਕਰੇ (ਜਿਸ ਕਰਕੇ) ਜਗਤ ਵਿਚ ਸ਼ੋਭਾ ਖੱਟ ਲਏ,

ਅਪਨਾ ਬਿਗਾਰਿ ਬਿਰਾਂਨਾ ਸਾਂਢੈ ॥

ਜੇ ਆਪਣਾ ਨੁਕਸਾਨ ਕਰ ਕੇ ਭੀ ਦੂਜਿਆਂ ਦੇ ਕੰਮ ਸਵਾਰੇ,

ਕਰੈ ਨਿੰਦ ਬਹੁ ਜੋਨੀ ਹਾਂਢੈ ॥੩॥

ਤਾਂ ਭੀ ਜੇ ਉਹ ਭਲਿਆਂ ਦੀ ਨਿੰਦਿਆ ਕਰਦਾ ਹੈ ਤਾਂ ਕਈ ਜੂਨਾਂ ਵਿਚ ਭਟਕਦਾ ਹੈ ॥੩॥

ਨਿੰਦਾ ਕਹਾ ਕਰਹੁ ਸੰਸਾਰਾ ॥

ਹੇ ਦੁਨੀਆ ਦੇ ਲੋਕੋ! ਤੁਸੀ (ਸੰਤਾਂ ਦੀ) ਨਿੰਦਿਆ ਕਿਉਂ ਕਰਦੇ ਹੋ?

ਨਿੰਦਕ ਕਾ ਪਰਗਟਿ ਪਾਹਾਰਾ ॥

(ਭਾਵੇਂ ਬਾਹਰੋਂ ਕਈ ਧਾਰਮਿਕ ਕੰਮ ਕਰੇ, ਪਰ ਜੇ ਮਨੁੱਖ ਸੰਤ ਦੀ ਨਿੰਦਾ ਕਰਦਾ ਹੈ ਤਾਂ ਸਾਰੇ ਧਾਰਮਿਕ ਕੰਮ ਇਕ ਠੱਗੀ ਹੀ ਹੈ, ਤੇ) ਨਿੰਦਕ ਦੀ ਇਹ ਠੱਗੀ ਦੀ ਦੁਕਾਨ ਉੱਘੜ ਪੈਂਦੀ ਹੈ।

ਨਿੰਦਕੁ ਸੋਧਿ ਸਾਧਿ ਬੀਚਾਰਿਆ ॥

ਨਿੰਦਕ (ਬਾਬਤ) ਅਸਾਂ ਚੰਗੀ ਤਰ੍ਹਾਂ ਵਿਚਾਰ ਕੇ ਵੇਖ ਲਿਆ ਹੈ,

ਕਹੁ ਰਵਿਦਾਸ ਪਾਪੀ ਨਰਕਿ ਸਿਧਾਰਿਆ ॥੪॥੨॥੧੧॥੭॥੨॥੪੯॥ ਜੋੜੁ ॥

ਰਵਿਦਾਸ ਆਖਦਾ ਹੈ- (ਕਿ ਸੰਤ ਦਾ ਨਿੰਦਕ) ਕੁਕਰਮੀ ਰਹਿੰਦਾ ਹੈ ਤੇ ਨਰਕ ਵਿਚ ਪਿਆ ਰਹਿੰਦਾ ਹੈ ॥੪॥੨॥੧੧॥੭॥੨॥੪੯॥ਜੋੜੁ ॥


ਰਾਮਕਲੀ ਬਾਣੀ ਰਵਿਦਾਸ ਜੀ ਕੀ ॥

ਰਾਗ ਰਾਮਕਲੀ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਪੜੀਐ ਗੁਨੀਐ ਨਾਮੁ ਸਭੁ ਸੁਨੀਐ ਅਨਭਉ ਭਾਉ ਨ ਦਰਸੈ ॥

ਹਰ ਥਾਂ ਪ੍ਰਭੂ ਦਾ ਨਾਮ ਪੜ੍ਹੀਦਾ (ਭੀ) ਹੈ, ਸੁਣੀਦਾ (ਭੀ) ਹੈ ਤੇ ਵਿਚਾਰੀਦਾ (ਭੀ) ਹੈ (ਭਾਵ, ਸਭ ਜੀਵ ਪ੍ਰਭੂ ਦਾ ਨਾਮ ਪੜ੍ਹਦੇ ਹਨ, ਵਿਚਾਰਦੇ ਹਨ, ਸੁਣਦੇ ਹਨ; ਪਰ ਕਾਮਾਦਿਕਾਂ ਦੇ ਕਾਰਨ ਮਨ ਵਿਚ ਸਹਿਮ ਦੀ ਗੰਢ ਬਣੀ ਰਹਿਣ ਕਰਕੇ, ਇਹਨਾਂ ਦੇ ਅੰਦਰ} ਪ੍ਰਭੂ ਦਾ ਪਿਆਰ ਪੈਦਾ ਨਹੀਂ ਹੁੰਦਾ, ਪ੍ਰਭੂ ਦਾ ਦਰਸ਼ਨ ਨਹੀਂ ਹੁੰਦਾ;

ਲੋਹਾ ਕੰਚਨੁ ਹਿਰਨ ਹੋਇ ਕੈਸੇ ਜਉ ਪਾਰਸਹਿ ਨ ਪਰਸੈ ॥੧॥

(ਦਰਸ਼ਨ ਹੋਵੇ ਭੀ ਕਿਸ ਤਰ੍ਹਾਂ? ਕਾਮਾਦਿਕ ਦੇ ਕਾਰਨ, ਮਨ ਦੇ ਨਾਲ ਪ੍ਰਭੂ ਦੀ ਛੋਹ ਹੀ ਨਹੀਂ ਬਣਦੀ, ਤੇ) ਜਦ ਤਕ ਲੋਹਾ ਪਾਰਸ ਨਾਲ ਛੁਹੇ ਨਾਹ, ਤਦ ਤਕ ਇਹ ਸ਼ੁੱਧ ਸੋਨਾ ਕਿਵੇਂ ਬਣ ਸਕਦਾ ਹੈ? ॥੧॥

ਦੇਵ ਸੰਸੈ ਗਾਂਠਿ ਨ ਛੂਟੈ ॥

ਹੇ ਪ੍ਰਭੂ! (ਨਿਤਾਣੇ ਹੋ ਜਾਣ ਦੇ ਕਾਰਨ ਜੀਵਾਂ ਦੇ ਅੰਦਰੋਂ) ਸਹਿਮ ਦੀ ਗੰਢ ਨਹੀਂ ਖੁਲ੍ਹਦੀ।

ਕਾਮ ਕ੍ਰੋਧ ਮਾਇਆ ਮਦ ਮਤਸਰ ਇਨ ਪੰਚਹੁ ਮਿਲਿ ਲੂਟੇ ॥੧॥ ਰਹਾਉ ॥

(ਕਿਉਂਕਿ) ਕਾਮ, ਕ੍ਰੋਧ, ਮਾਇਆ (ਦਾ ਮੋਹ), ਅਹੰਕਾਰ ਤੇ ਈਰਖਾ-ਸਾੜਾ-ਇਹਨਾਂ ਪੰਜਾਂ ਨੇ ਰਲ ਕੇ (ਸਭ ਜੀਵਾਂ ਦੇ ਆਤਮਕ ਗੁਣਾਂ ਨੂੰ) ਲੁੱਟ ਲਿਆ ਹੈ ॥੧॥ ਰਹਾਉ ॥

ਹਮ ਬਡ ਕਬਿ ਕੁਲੀਨ ਹਮ ਪੰਡਿਤ ਹਮ ਜੋਗੀ ਸੰਨਿਆਸੀ ॥

(ਕਾਮਾਦਿਕ ਦੀ ਲੁੱਟ ਦੇ ਕਾਰਨ, ਜੀਵਾਂ ਦੇ ਅੰਦਰੋਂ ਇਹ ਹੰਕਾਰ ਨਹੀਂ ਜਾਂਦਾ) ਕਿ ਅਸੀਂ ਬੜੇ ਕਵੀ ਹਾਂ, ਚੰਗੀ ਕੁਲ ਵਾਲੇ ਹਾਂ, ਵਿਦਵਾਨ ਹਾਂ, ਜੋਗੀ ਹਾਂ, ਸੰਨਿਆਸੀ ਹਾਂ,

ਗਿਆਨੀ ਗੁਨੀ ਸੂਰ ਹਮ ਦਾਤੇ ਇਹ ਬੁਧਿ ਕਬਹਿ ਨ ਨਾਸੀ ॥੨॥

ਗਿਆਨਵਾਨ ਹਾਂ, ਗੁਣਵਾਨ ਹਾਂ, ਸੂਰਮੇ ਹਾਂ ਜਾਂ ਦਾਤੇ ਹਾਂ; ਕਿਸੇ ਵੇਲੇ ਭੀ ਇਹ (ਬਣੀ ਹੋਈ) ਸਮਝ ਨਹੀਂ ਹਟਦੀ ਕਿ (ਜਿਹੜੇ ਭੀ ਪਾਸੇ ਪਏ ਉਸੇ ਦਾ ਹੀ ਮਾਣ ਹੋ ਗਿਆ) ॥੨॥

ਕਹੁ ਰਵਿਦਾਸ ਸਭੈ ਨਹੀ ਸਮਝਸਿ ਭੂਲਿ ਪਰੇ ਜੈਸੇ ਬਉਰੇ ॥

ਰਵਿਦਾਸ ਆਖਦਾ ਹੈ- (ਜਿਨ੍ਹਾਂ ਨੂੰ ਕਾਮਾਦਿਕਾਂ ਨੇ ਲੁੱਟ ਲਿਆ ਹੈ, ਉਹ) ਸਾਰੇ ਹੀ ਕਮਲਿਆਂ ਵਾਂਗ ਗ਼ਲਤੀ ਖਾ ਰਹੇ ਹਨ ਤੇ (ਇਹ) ਨਹੀਂ ਸਮਝਦੇ (ਕਿ ਜ਼ਿੰਦਗੀ ਦਾ ਅਸਲ ਆਸਰਾ ਪ੍ਰਭੂ ਦਾ ਨਾਮ ਹੈ);

ਮੋਹਿ ਅਧਾਰੁ ਨਾਮੁ ਨਾਰਾਇਨ ਜੀਵਨ ਪ੍ਰਾਨ ਧਨ ਮੋਰੇ ॥੩॥੧॥

ਮੈਨੂੰ ਰਵਿਦਾਸ ਨੂੰ ਪਰਮਾਤਮਾ ਦਾ ਨਾਮ ਹੀ ਆਸਰਾ ਹੈ, ਨਾਮ ਹੀ ਮੇਰੀ ਜਿੰਦ ਹੈ, ਨਾਮ ਹੀ ਮੇਰੇ ਪ੍ਰਾਣ ਹਨ, ਨਾਮ ਹੀ ਮੇਰਾ ਧਨ ਹੈ ॥੩॥੧॥


ਰਾਗੁ ਮਾਰੂ ਬਾਣੀ ਰਵਿਦਾਸ ਜੀਉ ਕੀ ॥

ਰਾਗ ਮਾਰੂ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਐਸੀ ਲਾਲ ਤੁਝ ਬਿਨੁ ਕਉਨੁ ਕਰੈ ॥

ਹੇ ਸੋਹਣੇ ਪ੍ਰਭੂ! ਤੈਥੋਂ ਬਿਨਾ ਅਜਿਹੀ ਕਰਨੀ ਹੋਰ ਕੌਣ ਕਰ ਸਕਦਾ ਹੈ?

ਗਰੀਬ ਨਿਵਾਜੁ ਗੁਸਈਆ ਮੇਰਾ ਮਾਥੈ ਛਤ੍ਰੁ ਧਰੈ ॥੧॥ ਰਹਾਉ ॥

ਮੇਰਾ ਪ੍ਰਭੂ ਗ਼ਰੀਬਾਂ ਨੂੰ ਮਾਣ ਦੇਣ ਵਾਲਾ ਹੈ, (ਗ਼ਰੀਬ ਦੇ) ਸਿਰ ਉੱਤੇ ਭੀ ਛੱਤਰ ਝੁਲਾ ਦੇਂਦਾ ਹੈ (ਭਾਵ, ਗ਼ਰੀਬ ਨੂੰ ਭੀ ਰਾਜਾ ਬਣਾ ਦੇਂਦਾ ਹੈ) ॥੧॥ ਰਹਾਉ ॥

ਜਾ ਕੀ ਛੋਤਿ ਜਗਤ ਕਉ ਲਾਗੈ ਤਾ ਪਰ ਤੁਹਂੀ ਢਰੈ ॥

(ਜਿਸ ਮਨੁੱਖ ਨੂੰ ਇਤਨਾ ਨੀਵਾਂ ਸਮਝਿਆ ਜਾਂਦਾ ਹੋਵੇ) ਕਿ ਉਸ ਦੀ ਭਿੱਟ ਸਾਰੇ ਸੰਸਾਰ ਨੂੰ ਲੱਗ ਜਾਏ (ਭਾਵ, ਜਿਸ ਮਨੁੱਖ ਦੇ ਛੋਹਣ ਨਾਲ ਹੋਰ ਸਾਰੇ ਲੋਕ ਆਪਣੇ ਆਪ ਨੂੰ ਭਿੱਟਿਆ ਗਿਆ ਸਮਝਣ ਲੱਗ ਪੈਣ) ਉਸ ਮਨੁੱਖ ਉੱਤੇ (ਹੇ ਪ੍ਰਭੂ!) ਤੂੰ ਹੀ ਕਿਰਪਾ ਕਰਦਾ ਹੈਂ।

ਨੀਚਹ ਊਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨ ਡਰੈ ॥੧॥

ਮੇਰਾ ਗੋਬਿੰਦ ਨੀਚ ਬੰਦਿਆਂ ਨੂੰ ਉੱਚੇ ਬਣਾ ਦੇਂਦਾ ਹੈ, ਉਹ ਕਿਸੇ ਤੋਂ ਡਰਦਾ ਨਹੀਂ ॥੧॥

ਨਾਮਦੇਵ ਕਬੀਰੁ ਤਿਲੋਚਨੁ ਸਧਨਾ ਸੈਨੁ ਤਰੈ ॥

(ਪ੍ਰਭੂ ਦੀ ਕਿਰਪਾ ਨਾਲ ਹੀ) ਨਾਮਦੇਵ ਕਬੀਰ ਤ੍ਰਿਲੋਚਨ ਸਧਨਾ ਅਤੇ ਸੈਨ (ਆਦਿਕ ਭਗਤ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਏ।

ਕਹਿ ਰਵਿਦਾਸੁ ਸੁਨਹੁ ਰੇ ਸੰਤਹੁ ਹਰਿ ਜੀਉ ਤੇ ਸਭੈ ਸਰੈ ॥੨॥੧॥

ਰਵਿਦਾਸ ਆਖਦਾ ਹੈ ਕਿ ਹੇ ਸੰਤ ਜਨੋ! ਸੁਣੋ, ਪ੍ਰਭੂ ਸਭ ਕੁਝ ਕਰਨ ਦੇ ਸਮਰੱਥ ਹੈ ॥੨॥੧॥


ਮਾਰੂ ॥
ਸੁਖ ਸਾਗਰ ਸੁਰਿਤਰੁ ਚਿੰਤਾਮਨਿ ਕਾਮਧੇਨ ਬਸਿ ਜਾ ਕੇ ਰੇ ॥

(ਹੇ ਪੰਡਿਤ) ਜੋ ਪ੍ਰਭੂ ਸੁਖਾਂ ਦਾ ਸਮੁੰਦਰ ਹੈ, ਜਿਸ ਪ੍ਰਭੂ ਦੇ ਵੱਸ ਵਿਚ ਸੁਰਗ ਦੇ ਪੰਜ ਰੁੱਖ, ਚਿੰਤਾਮਣਿ ਅਤੇ ਕਾਮਧੇਨ ਹਨ;

ਚਾਰਿ ਪਦਾਰਥ ਅਸਟ ਮਹਾ ਸਿਧਿ ਨਵ ਨਿਧਿ ਕਰ ਤਲ ਤਾ ਕੈ ॥੧॥

ਧਰਮ ਅਰਥ ਕਾਮ ਮੋਖ ਚਾਰੇ ਪਦਾਰਥ, ਅੱਠ ਵੱਡੀਆਂ ਅਤੇ ਨੌ ਨਿਧੀਆਂ ਇਹ ਸਭ ਉਸੇ ਦੇ ਹੱਥਾਂ ਦੀਆਂ ਤਲੀਆਂ ਉਤੇ ਹਨ ॥੧॥

ਹਰਿ ਹਰਿ ਹਰਿ ਨ ਜਪਸਿ ਰਸਨਾ ॥

(ਹੇ ਪੰਡਿਤ!) ਤੂੰ ਇਕ ਪਰਮਾਤਮਾ ਦਾ ਨਾਮ ਕਿਉਂ ਨਹੀਂ ਜਪਦਾ?

ਅਵਰ ਸਭ ਛਾਡਿ ਬਚਨ ਰਚਨਾ ॥੧॥ ਰਹਾਉ ॥

ਹੋਰ ਸਭ ਫੋਕੀਆਂ ਗੱਲਾਂ ਛੱਡ ਕੇ (ਆਪਣੀ) ਜੀਭ ਨਾਲ ਸਦਾ ਪਰਮਾਤਮਾ ਦਾ ਨਾਮ ਜਪ ॥੧॥ ਰਹਾਉ ॥

ਨਾਨਾ ਖਿਆਨ ਪੁਰਾਨ ਬੇਦ ਬਿਧਿ ਚਉਤੀਸ ਅਛਰ ਮਾਹੀ ॥

(ਹੇ ਪੰਡਿਤ!) ਪੁਰਾਣਾਂ ਦੇ ਅਨੇਕਾਂ ਕਿਸਮਾਂ ਦੇ ਪ੍ਰਸੰਗ, ਵੇਦਾਂ ਦੀਆਂ ਦੱਸੀਆਂ ਹੋਈਆਂ ਵਿਧੀਆਂ ਇਹ ਸਭ ਵਾਕ-ਰਚਨਾ ਹੀ ਹਨ (ਅਨੁਭਵੀ ਗਿਆਨ ਨਹੀਂ ਹੈ ਜੋ ਪ੍ਰਭੂ ਦੇ ਚਰਨਾਂ ਵਿਚ ਜੁੜਿਆਂ ਹਿਰਦੇ ਵਿਚ ਪੈਦਾ ਹੁੰਦਾ ਹੈ)।

ਬਿਆਸ ਬੀਚਾਰਿ ਕਹਿਓ ਪਰਮਾਰਥੁ ਰਾਮ ਨਾਮ ਸਰਿ ਨਾਹੀ ॥੨॥

(ਹੇ ਪੰਡਿਤ! ਵੇਦਾਂ ਦੇ ਖੋਜੀ) ਵਿਆਸ ਰਿਸ਼ੀ ਨੇ ਸੋਚ ਵਿਚਾਰ ਕੇ ਇਹੀ ਪਰਮ ਤੱਤ ਦੱਸਿਆ ਹੈ ਕਿ ਇਹਨਾਂ ਪੁਸਤਕਾਂ ਦੇ ਪਾਠ ਆਦਿਕ) ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਦੀ ਬਰਾਬਰੀ ਨਹੀਂ ਕਰ ਸਕਦੇ ॥੨॥

ਸਹਜ ਸਮਾਧਿ ਉਪਾਧਿ ਰਹਤ ਹੋਇ ਬਡੇ ਭਾਗਿ ਲਿਵ ਲਾਗੀ ॥

(ਹੇ ਪੰਡਿਤ!) ਵੱਡੀ ਕਿਸਮਤ ਨਾਲ ਜਿਸ ਮਨੁੱਖ ਦੀ ਸੁਰਤ ਪ੍ਰਭੂ-ਚਰਨਾਂ ਵਿਚ ਜੁੜਦੀ ਹੈ, ਉਸ ਦਾ ਮਨ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਕੋਈ ਵਿਕਾਰ ਉਸ ਵਿਚ ਨਹੀਂ ਉਠਦਾ।

ਕਹਿ ਰਵਿਦਾਸ ਉਦਾਸ ਦਾਸ ਮਤਿ ਜਨਮ ਮਰਨ ਭੈ ਭਾਗੀ ॥੩॥੨॥੧੫॥

ਰਵਿਦਾਸ ਆਖਦਾ ਹੈ ਉਸ ਸੇਵਕ ਦੀ ਮੱਤ (ਮਾਇਆ ਵਲੋਂ) ਨਿਰਮੋਹ ਰਹਿੰਦੀ ਹੈ, ਤੇ, ਜਨਮ ਮਰਨ (ਭਾਵ, ਸਾਰੀ ਉਮਰ) ਦੇ ਉਸ ਦੇ ਡਰ ਨਾਸ ਹੋ ਜਾਂਦੇ ਹਨ ॥੩॥੨॥੧੫॥


ਰਾਗੁ ਕੇਦਾਰਾ ਬਾਣੀ ਰਵਿਦਾਸ ਜੀਉ ਕੀ ॥

ਰਾਗ ਕੇਦਾਰਾ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਖਟੁ ਕਰਮ ਕੁਲ ਸੰਜੁਗਤੁ ਹੈ ਹਰਿ ਭਗਤਿ ਹਿਰਦੈ ਨਾਹਿ ॥

ਜੇ ਕੋਈ ਮਨੁੱਖ ਉੱਚੀ ਬ੍ਰਾਹਮਣ ਕੁਲ ਦਾ ਹੋਵੇ, ਤੇ, ਨਿੱਤ ਛੇ ਕਰਮ ਕਰਦਾ ਹੋਵੇ; ਪਰ ਜੇ ਉਸ ਦੇ ਹਿਰਦੇ ਵਿਚ ਪਰਮਾਤਮਾ ਦੀ ਭਗਤੀ ਨਹੀਂ,

ਚਰਨਾਰਬਿੰਦ ਨ ਕਥਾ ਭਾਵੈ ਸੁਪਚ ਤੁਲਿ ਸਮਾਨਿ ॥੧॥

ਜੇ ਉਸ ਨੂੰ ਪ੍ਰਭੂ ਦੇ ਸੋਹਣੇ ਚਰਨਾਂ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ, ਤਾਂ ਉਹ ਚੰਡਾਲ ਦੇ ਬਰਾਬਰ ਹੈ, ਚੰਡਾਲ ਵਰਗਾ ਹੈ ॥੧॥

ਰੇ ਚਿਤ ਚੇਤਿ ਚੇਤ ਅਚੇਤ ॥

ਹੇ ਮੇਰੇ ਗ਼ਾਫ਼ਲ ਮਨ! ਪ੍ਰਭੂ ਨੂੰ ਸਿਮਰ।

ਕਾਹੇ ਨ ਬਾਲਮੀਕਹਿ ਦੇਖ ॥

ਹੇ ਮਨ! ਤੂੰ ਬਾਲਮੀਕ ਵਲ ਕਿਉਂ ਨਹੀਂ ਵੇਖਦਾ?

ਕਿਸੁ ਜਾਤਿ ਤੇ ਕਿਹ ਪਦਹਿ ਅਮਰਿਓ ਰਾਮ ਭਗਤਿ ਬਿਸੇਖ ॥੧॥ ਰਹਾਉ ॥

ਇਕ ਨੀਵੀਂ ਜਾਤ ਤੋਂ ਬੜੇ ਵੱਡੇ ਦਰਜੇ ਉੱਤੇ ਅੱਪੜ ਗਿਆ-ਇਹ ਵਡਿਆਈ ਪਰਮਾਤਮਾ ਦੀ ਭਗਤੀ ਦੇ ਕਾਰਨ ਹੀ ਸੀ ॥੧॥ ਰਹਾਉ ॥

ਸੁਆਨ ਸਤ੍ਰੁ ਅਜਾਤੁ ਸਭ ਤੇ ਕ੍ਰਿਸ੍ਨ ਲਾਵੈ ਹੇਤੁ ॥

(ਬਾਲਮੀਕ) ਕੁੱਤਿਆਂ ਦਾ ਵੈਰੀ ਸੀ, ਸਭ ਲੋਕਾਂ ਨਾਲੋਂ ਚੰਡਾਲ ਸੀ, ਪਰ ਉਸ ਨੇ ਪ੍ਰਭੂ ਨਾਲ ਪਿਆਰ ਕੀਤਾ।

ਲੋਗੁ ਬਪੁਰਾ ਕਿਆ ਸਰਾਹੈ ਤੀਨਿ ਲੋਕ ਪ੍ਰਵੇਸ ॥੨॥

ਵਿਚਾਰਾ ਜਗਤ ਉਸ ਦੀ ਕੀਹ ਵਡਿਆਈ ਕਰ ਸਕਦਾ ਹੈ? ਉਸ ਦੀ ਸੋਭਾ ਤ੍ਰਿਲੋਕੀ ਵਿਚ ਖਿੱਲਰ ਗਈ ॥੨॥

ਅਜਾਮਲੁ ਪਿੰਗੁਲਾ ਲੁਭਤੁ ਕੁੰਚਰੁ ਗਏ ਹਰਿ ਕੈ ਪਾਸਿ ॥

ਅਜਾਮਲ, ਪਿੰਗਲਾ, ਸ਼ਿਕਾਰੀ, ਕੁੰਚਰ-ਇਹ ਸਾਰੇ (ਮੁਕਤ ਹੋ ਕੇ) ਪ੍ਰਭੂ-ਚਰਨਾਂ ਵਿਚ ਜਾ ਅੱਪੜੇ।

ਐਸੇ ਦੁਰਮਤਿ ਨਿਸਤਰੇ ਤੂ ਕਿਉ ਨ ਤਰਹਿ ਰਵਿਦਾਸ ॥੩॥੧॥

ਹੇ ਰਵਿਦਾਸ! ਜੇ ਅਜਿਹੀ ਭੈੜੀ ਮੱਤ ਵਾਲੇ ਤਰ ਗਏ ਤਾਂ ਤੂੰ (ਇਸ ਸੰਸਾਰ-ਸਾਗਰ ਤੋਂ) ਕਿਉਂ ਨ ਪਾਰ ਲੰਘੇਂਗਾ? ॥੩॥੧॥


ਭੈਰਉ ਬਾਣੀ ਰਵਿਦਾਸ ਜੀਉ ਕੀ ਘਰੁ ੨ ॥

ਰਾਗ ਭੈਰਉ, ਘਰ ੨ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਬਿਨੁ ਦੇਖੇ ਉਪਜੈ ਨਹੀ ਆਸਾ ॥

ਉਸ (ਪ੍ਰਭੂ) ਨੂੰ ਵੇਖਣ ਤੋਂ ਬਿਨਾ (ਉਸ ਨੂੰ ਮਿਲਣ ਦੀ) ਤਾਂਘ ਪੈਦਾ ਨਹੀਂ ਹੁੰਦੀ, (ਇਸ ਦਿੱਸਦੇ ਸੰਸਾਰ ਨਾਲ ਹੀ ਮੋਹ ਬਣਿਆ ਰਹਿੰਦਾ ਹੈ)

ਜੋ ਦੀਸੈ ਸੋ ਹੋਇ ਬਿਨਾਸਾ ॥

ਤੇ, ਇਹ ਜੋ ਕੁਝ ਦਿੱਸਦਾ ਹੈ ਇਹ ਸਭ ਨਾਸ ਹੋ ਜਾਣ ਵਾਲਾ ਹੈ।

ਬਰਨ ਸਹਿਤ ਜੋ ਜਾਪੈ ਨਾਮੁ ॥

ਜੋ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ, ਤੇ, ਪ੍ਰਭੂ ਦਾ ਨਾਮ ਜਪਦਾ ਹੈ,

ਸੋ ਜੋਗੀ ਕੇਵਲ ਨਿਹਕਾਮੁ ॥੧॥

ਸਿਰਫ਼ ਉਹੀ ਅਸਲ ਜੋਗੀ ਹੈ ਤੇ ਉਹ ਕਾਮਨਾ-ਰਹਿਤ ਹੋ ਜਾਂਦਾ ਹੈ ॥੧॥

ਪਰਚੈ ਰਾਮੁ ਰਵੈ ਜਉ ਕੋਈ ॥

ਜਦੋਂ ਕੋਈ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਤਾਂ ਉਸ ਦਾ ਮਨ ਪ੍ਰਭੂ ਵਿਚ ਪਰਚ ਜਾਂਦਾ ਹੈ।

ਪਾਰਸੁ ਪਰਸੈ ਦੁਬਿਧਾ ਨ ਹੋਈ ॥੧॥ ਰਹਾਉ ॥

ਜਦੋਂ ਪਾਰਸ-ਪ੍ਰਭੂ ਨੂੰ ਉਹ ਛੁੰਹਦਾ ਹੈ (ਉਹ, ਮਾਨੋ, ਸੋਨਾ ਹੋ ਜਾਂਦਾ ਹੈ), ਤੇ, ਉਸ ਦੀ ਮੇਰ-ਤੇਰ ਮੁੱਕ ਜਾਂਦੀ ਹੈ ॥੧॥ ਰਹਾਉ ॥

ਸੋ ਮੁਨਿ ਮਨ ਕੀ ਦੁਬਿਧਾ ਖਾਇ ॥

(ਨਾਮ ਸਿਮਰਨ ਵਾਲਾ) ਉਹ ਮਨੁੱਖ (ਅਸਲ) ਰਿਸ਼ੀ ਹੈ, ਉਹ (ਨਾਮ ਦੀ ਬਰਕਤਿ ਨਾਲ) ਆਪਣੇ ਮਨ ਦੀ ਮੇਰ-ਤੇਰ ਮਿਟਾ ਲੈਂਦਾ ਹੈ,

ਬਿਨੁ ਦੁਆਰੇ ਤ੍ਰੈ ਲੋਕ ਸਮਾਇ ॥

ਤੇ, ਤਿੰਨਾਂ ਲੋਕਾਂ ਵਿਚ ਵਿਆਪਕ ਉਸ ਪ੍ਰਭੂ ਵਿਚ ਸਮਾਇਆ ਰਹਿੰਦਾ ਹੈ ਜਿਸ ਦਾ ਦਸ ਦੁਆਰਿਆਂ ਵਾਲਾ ਕੋਈ ਖ਼ਾਸ ਸਰੀਰ ਨਹੀਂ ਹੈ।

ਮਨ ਕਾ ਸੁਭਾਉ ਸਭੁ ਕੋਈ ਕਰੈ ॥

(ਜਗਤ ਵਿਚ) ਹਰੇਕ ਮਨੁੱਖ ਆਪੋ ਆਪਣੇ ਮਨ ਦਾ ਸੁਭਾਉ ਵਰਤਦਾ ਹੈ,

ਕਰਤਾ ਹੋਇ ਸੁ ਅਨਭੈ ਰਹੈ ॥੨॥

(ਆਪਣੇ ਮਨ ਦੇ ਪਿੱਛੇ ਤੁਰਦਾ ਹੈ; ਪਰ ਨਾਮ ਸਿਮਰਨ ਵਾਲਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਨ ਦੇ ਥਾਂ, ਨਾਮ ਦੀ ਬਰਕਤਿ ਨਾਲ) ਕਰਤਾਰ ਦਾ ਰੂਪ ਹੋ ਜਾਂਦਾ ਹੈ, ਤੇ, ਉਸ ਅਵਸਥਾ ਵਿਚ ਟਿਕਿਆ ਰਹਿੰਦਾ ਹੈ ਜਿੱਥੇ ਕੋਈ ਡਰ ਭਉ ਨਹੀਂ ॥੨॥

ਫਲ ਕਾਰਨ ਫੂਲੀ ਬਨਰਾਇ ॥

(ਜਗਤ ਦੀ ਸਾਰੀ) ਬਨਸਪਤੀ ਫਲ ਦੇਣ ਦੀ ਖ਼ਾਤਰ ਖਿੜਦੀ ਹੈ;

ਫਲੁ ਲਾਗਾ ਤਬ ਫੂਲੁ ਬਿਲਾਇ ॥

ਜਦੋਂ ਫਲ ਲੱਗਦਾ ਹੈ ਫੁੱਲ ਦੂਰ ਹੋ ਜਾਂਦਾ ਹੈ।

ਗਿਆਨੈ ਕਾਰਨ ਕਰਮ ਅਭਿਆਸੁ ॥

ਇਸੇ ਤਰ੍ਹਾਂ ਦੁਨੀਆ ਦੀ ਰੋਜ਼ਾਨਾ ਕਿਰਤ-ਕਾਰ ਗਿਆਨ ਦੀ ਖ਼ਾਤਰ ਹੈ (ਪ੍ਰਭੂ ਵਿਚ ਪਰਚਣ ਲਈ ਹੈ, ਉੱਚ-ਜੀਵਨ ਦੀ ਸੂਝ ਲਈ ਹੈ),

ਗਿਆਨੁ ਭਇਆ ਤਹ ਕਰਮਹ ਨਾਸੁ ॥੩॥

ਜਦੋਂ ਉੱਚ-ਜੀਵਨ ਦੀ ਸੂਝ ਪੈਦਾ ਹੋ ਜਾਂਦੀ ਹੈ ਤਾਂ ਉਸ ਅਵਸਥਾ ਵਿਚ ਅੱਪੜ ਕੇ ਕਿਰਤ-ਕਾਰ ਦਾ (ਮਾਇਕ ਉੱਦਮਾਂ ਦਾ) ਮੋਹ ਮਿਟ ਜਾਂਦਾ ਹੈ ॥੩॥

ਘ੍ਰਿਤ ਕਾਰਨ ਦਧਿ ਮਥੈ ਸਇਆਨ ॥

ਸਿਆਣੀ ਇਸਤ੍ਰੀ ਘਿਉ ਦੀ ਖ਼ਾਤਰ ਦਹੀਂ ਰਿੜਕਦੀ ਹੈ,

ਜੀਵਤ ਮੁਕਤ ਸਦਾ ਨਿਰਬਾਨ ॥

(ਤਿਵੇਂ ਜੋ ਮਨੁੱਖ ਨਾਮ ਜਪ ਕੇ ਪ੍ਰਭੂ-ਚਰਨਾਂ ਵਿਚ ਪਰਚਦਾ ਹੈ ਉਹ ਜਾਣਦਾ ਹੈ ਕਿ ਦੁਨੀਆ ਦਾ ਜੀਵਨ-ਨਿਰਬਾਹ, ਦੁਨੀਆ ਦੀ ਕਿਰਤ-ਕਾਰ ਪ੍ਰਭੂ-ਚਰਨਾਂ ਵਿਚ ਜੁੜਨ ਵਾਸਤੇ ਹੀ ਹੈ। ਸੋ, ਉਹ ਮਨੁੱਖ ਨਾਮ ਦੀ ਬਰਕਤਿ ਨਾਲ) ਮਾਇਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਮੁਕਤ ਹੁੰਦਾ ਹੈ ਤੇ ਸਦਾ ਵਾਸ਼ਨਾ-ਰਹਿਤ ਰਹਿੰਦਾ ਹੈ।

ਕਹਿ ਰਵਿਦਾਸ ਪਰਮ ਬੈਰਾਗ ॥

ਰਵਿਦਾਸ ਇਹ ਸਭ ਤੋਂ ਉੱਚੇ ਵੈਰਾਗ (ਦੀ ਪ੍ਰਾਪਤੀ) ਦੀ ਗੱਲ ਦੱਸਦਾ ਹੈ;

ਰਿਦੈ ਰਾਮੁ ਕੀ ਨ ਜਪਸਿ ਅਭਾਗ ॥੪॥੧॥

ਹੇ ਭਾਗ-ਹੀਣ! ਪ੍ਰਭੂ ਤੇਰੇ ਹਿਰਦੇ ਵਿਚ ਹੀ ਹੈ, ਤੂੰ ਉਸ ਨੂੰ ਕਿਉਂ ਨਹੀਂ ਯਾਦ ਕਰਦਾ? ॥੪॥੧॥


ਬਸੰਤੁ ਬਾਣੀ ਰਵਿਦਾਸ ਜੀ ਕੀ ॥

ਰਾਗ ਬਸੰਤੁ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਤੁਝਹਿ ਸੁਝੰਤਾ ਕਛੂ ਨਾਹਿ ॥

(ਹੇ ਕਾਇਆਂ!) ਤੈਨੂੰ ਕੁਝ ਭੀ ਸੁਰਤ ਨਹੀਂ ਰਹੀ,

ਪਹਿਰਾਵਾ ਦੇਖੇ ਊਭਿ ਜਾਹਿ ॥

ਤੂੰ ਆਪਣਾ ਠਾਠ ਵੇਖ ਕੇ ਆਕੜਦੀ ਹੈਂ।

ਗਰਬਵਤੀ ਕਾ ਨਾਹੀ ਠਾਉ ॥

(ਵੇਖ) ਅਹੰਕਾਰਨ ਦਾ ਕੋਈ ਥਾਂ ਨਹੀਂ (ਹੁੰਦਾ),

ਤੇਰੀ ਗਰਦਨਿ ਊਪਰਿ ਲਵੈ ਕਾਉ ॥੧॥

ਤੇਰੇ ਮੰਦੇ ਦਿਨ ਆਏ ਹੋਏ ਹਨ (ਕਿ ਤੂੰ ਝੂਠਾ ਮਾਣ ਕਰ ਰਹੀ ਹੈਂ) ॥੧॥

ਤੂ ਕਾਂਇ ਗਰਬਹਿ ਬਾਵਲੀ ॥

ਹੇ ਮੇਰੀ ਕਮਲੀ ਕਾਇਆਂ! ਤੂੰ ਕਿਉਂ ਮਾਣ ਕਰਦੀ ਹੈਂ?

ਜੈਸੇ ਭਾਦਉ ਖੂੰਬਰਾਜੁ ਤੂ ਤਿਸ ਤੇ ਖਰੀ ਉਤਾਵਲੀ ॥੧॥ ਰਹਾਉ ॥

ਤੂੰ ਤਾਂ ਉਸ ਖੁੰਬ ਨਾਲੋਂ ਭੀ ਛੇਤੀ ਨਾਸ ਹੋ ਜਾਣ ਵਾਲੀ ਹੈਂ ਜੋ ਭਾਦਰੋਂ ਵਿਚ (ਉੱਗਦੀ ਹੈ) ॥੧॥ ਰਹਾਉ ॥

ਜੈਸੇ ਕੁਰੰਕ ਨਹੀ ਪਾਇਓ ਭੇਦੁ ॥

(ਹੇ ਕਾਇਆਂ!) ਜਿਵੇਂ ਹਰਨ ਨੂੰ ਇਹ ਭੇਤ ਨਹੀਂ ਮਿਲਦਾ ਕਿ ਕਸਤੂਰੀ ਦੀ ਸੁਗੰਧੀ ਉਸ ਦੇ ਆਪਣੇ ਸਰੀਰ ਵਿਚੋਂ (ਆਉਂਦੀ ਹੈ),

ਤਨਿ ਸੁਗੰਧ ਢੂਢੈ ਪ੍ਰਦੇਸੁ ॥

ਪਰ ਉਹ ਪਰਦੇਸ ਢੂੰਢਦਾ ਫਿਰਦਾ ਹੈ (ਤਿਵੇਂ ਤੈਨੂੰ ਇਹ ਸਮਝ ਨਹੀਂ ਕਿ ਸੁਖਾਂ ਦਾ ਮੂਲ-ਪ੍ਰਭੂ ਤੇਰੇ ਆਪਣੇ ਅੰਦਰ ਹੈ)।

ਅਪ ਤਨ ਕਾ ਜੋ ਕਰੇ ਬੀਚਾਰੁ ॥

ਜੋ ਜੀਵ ਆਪਣੇ ਸਰੀਰ ਦੀ ਵਿਚਾਰ ਕਰਦਾ ਹੈ (ਕਿ ਇਹ ਸਦਾ-ਥਿਰ ਰਹਿਣ ਵਾਲਾ ਨਹੀਂ),

ਤਿਸੁ ਨਹੀ ਜਮਕੰਕਰੁ ਕਰੇ ਖੁਆਰੁ ॥੨॥

ਉਸ ਨੂੰ ਜਮਦੂਤ ਖ਼ੁਆਰ ਨਹੀਂ ਕਰਦਾ ॥੨॥

ਪੁਤ੍ਰ ਕਲਤ੍ਰ ਕਾ ਕਰਹਿ ਅਹੰਕਾਰੁ ॥

(ਹੇ ਕਾਇਆਂ!) ਤੂੰ ਪੁੱਤਰ ਤੇ ਵਹੁਟੀ ਦਾ ਮਾਣ ਕਰਦੀ ਹੈਂ,

ਠਾਕੁਰੁ ਲੇਖਾ ਮਗਨਹਾਰੁ ॥

(ਤੇ ਪ੍ਰਭੂ ਨੂੰ ਭੁਲਾ ਬੈਠੀ ਹੈਂ, ਚੇਤਾ ਰੱਖ) ਮਾਲਕ-ਪ੍ਰਭੂ (ਕੀਤੇ ਕਰਮਾਂ ਦਾ) ਲੇਖਾ ਮੰਗਦਾ ਹੈ,

ਫੇੜੇ ਕਾ ਦੁਖੁ ਸਹੈ ਜੀਉ ॥

(ਭਾਵ), ਜੀਵ ਆਪਣੇ ਕੀਤੇ ਮੰਦੇ ਕਰਮਾਂ ਕਰਕੇ ਦੁੱਖ ਸਹਾਰਦਾ ਹੈ।

ਪਾਛੇ ਕਿਸਹਿ ਪੁਕਾਰਹਿ ਪੀਉ ਪੀਉ ॥੩॥

(ਹੇ ਕਾਇਆਂ! ਜਿੰਦ ਦੇ ਨਿਕਲ ਜਾਣ ਪਿੱਛੋਂ) ਤੂੰ ਕਿਸ ਨੂੰ ‘ਪਿਆਰਾ, ਪਿਆਰਾ’ ਆਖ ਕੇ ਵਾਜਾਂ ਮਾਰੇਂਗੀ? ॥੩॥

ਸਾਧੂ ਕੀ ਜਉ ਲੇਹਿ ਓਟ ॥

(ਹੇ ਕਾਇਆਂ!) ਜੇ ਤੂੰ ਗੁਰੂ ਦਾ ਆਸਰਾ ਲਏਂ,

ਤੇਰੇ ਮਿਟਹਿ ਪਾਪ ਸਭ ਕੋਟਿ ਕੋਟਿ ॥

ਤੇਰੇ ਕ੍ਰੋੜਾਂ ਕੀਤੇ ਪਾਪ ਸਾਰੇ ਦੇ ਸਾਰੇ ਨਾਸ ਹੋ ਜਾਣ।

ਕਹਿ ਰਵਿਦਾਸ ਜੁੋ ਜਪੈ ਨਾਮੁ ॥

ਰਵਿਦਾਸ ਆਖਦਾ ਹੈ ਕਿ ਜੋ ਮਨੁੱਖ ਨਾਮ ਜਪਦਾ ਹੈ,

ਤਿਸੁ ਜਾਤਿ ਨ ਜਨਮੁ ਨ ਜੋਨਿ ਕਾਮੁ ॥੪॥੧॥

ਉਸ ਦੀ (ਨੀਵੀਂ) ਜਾਤ ਮੁੱਕ ਜਾਂਦੀ ਹੈ, ਉਸ ਦਾ ਜਨਮ ਮਿਟ ਜਾਂਦਾ ਹੈ, ਜੂਨਾਂ ਨਾਲ ਉਸ ਦਾ ਵਾਸਤਾ ਨਹੀਂ ਰਹਿੰਦਾ ॥੪॥੧॥


ਮਲਾਰ ਬਾਣੀ ਭਗਤ ਰਵਿਦਾਸ ਜੀ ਕੀ ॥

ਰਾਗ ਮਲਾਰ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਨਾਗਰ ਜਨਾਂ ਮੇਰੀ ਜਾਤਿ ਬਿਖਿਆਤ ਚੰਮਾਰੰ ॥

ਹੇ ਨਗਰ ਦੇ ਲੋਕੋ! ਇਹ ਗੱਲ ਤਾਂ ਮੰਨੀ-ਪ੍ਰਮੰਨੀ ਹੈ ਕਿ ਮੇਰੀ ਜਾਤ ਹੈ ਚਮਿਆਰ (ਜਿਸ ਨੂੰ ਤੁਸੀਂ ਲੋਕ ਬੜੀ ਨੀਵੀਂ ਸਮਝਦੇ ਹੋ)

ਰਿਦੈ ਰਾਮ ਗੋਬਿੰਦ ਗੁਨ ਸਾਰੰ ॥੧॥ ਰਹਾਉ ॥

ਪਰ ਮੈਂ ਆਪਣੇ ਹਿਰਦੇ ਵਿਚ ਪ੍ਰਭੂ ਦੇ ਗੁਣ ਚੇਤੇ ਕਰਦਾ ਰਹਿੰਦਾ ਹਾਂ (ਇਸ ਵਾਸਤੇ ਮੈਂ ਨੀਚ ਨਹੀਂ ਰਹਿ ਗਿਆ) ॥੧॥ ਰਹਾਉ ॥

ਸੁਰਸਰੀ ਸਲਲ ਕ੍ਰਿਤ ਬਾਰੁਨੀ ਰੇ ਸੰਤ ਜਨ ਕਰਤ ਨਹੀ ਪਾਨੰ ॥

ਹੇ ਭਾਈ! ਗੰਗਾ ਦੇ (ਭੀ) ਪਾਣੀ ਤੋਂ ਬਣਾਇਆ ਹੋਇਆ ਸ਼ਰਾਬ ਗੁਰਮੁਖਿ ਲੋਕ ਨਹੀਂ ਪੀਂਦੇ (ਭਾਵ, ਉਹ ਸ਼ਰਾਬ ਗ੍ਰਹਿਣ-ਕਰਨ-ਜੋਗ ਨਹੀਂ; ਇਸੇ ਤਰ੍ਹਾਂ ਅਹੰਕਾਰ ਭੀ ਅਉਗਣ ਹੀ ਹੈ, ਚਾਹੇ ਉਹ ਉੱਚੀ ਪਵਿਤ੍ਰ ਜਾਤ ਦਾ ਕੀਤਾ ਜਾਏ),

ਸੁਰਾ ਅਪਵਿਤ੍ਰ ਨਤ ਅਵਰ ਜਲ ਰੇ ਸੁਰਸਰੀ ਮਿਲਤ ਨਹਿ ਹੋਇ ਆਨੰ ॥੧॥

ਪਰ ਹੇ ਭਾਈ! ਅਪਵਿਤ੍ਰ ਸ਼ਰਾਬ ਅਤੇ ਭਾਵੇਂ ਹੋਰ (ਗੰਦੇ) ਪਾਣੀ ਭੀ ਹੋਣ ਉਹ ਗੰਗਾ (ਦੇ ਪਾਣੀ) ਵਿਚ ਮਿਲ ਕੇ (ਉਸ ਤੋਂ) ਵੱਖਰੇ ਨਹੀਂ ਰਹਿ ਜਾਂਦੇ (ਇਸੇ ਤਰ੍ਹਾਂ ਨੀਵੀਂ ਕੁਲ ਦਾ ਬੰਦਾ ਭੀ ਪਰਮ ਪਵਿਤ੍ਰ ਪ੍ਰਭੂ ਵਿਚ ਜੁੜ ਕੇ ਉਸ ਤੋਂ ਵੱਖਰਾ ਨਹੀਂ ਰਹਿ ਜਾਂਦਾ) ॥੧॥

ਤਰ ਤਾਰਿ ਅਪਵਿਤ੍ਰ ਕਰਿ ਮਾਨੀਐ ਰੇ ਜੈਸੇ ਕਾਗਰਾ ਕਰਤ ਬੀਚਾਰੰ ॥

ਤਾੜੀ ਦੇ ਰੁੱਖ ਅਪਵਿਤ੍ਰ ਮੰਨੇ ਜਾਂਦੇ ਹਨ, ਉਸੇ ਤਰ੍ਹਾਂ ਹੀ ਉਹਨਾਂ ਰੁੱਖਾਂ ਤੋਂ ਬਣੇ ਹੋਏ ਕਾਗ਼ਜ਼ਾਂ ਬਾਰੇ ਲੋਕ ਵਿਚਾਰ ਕਰਦੇ ਹਨ (ਭਾਵ, ਉਹਨਾਂ ਕਾਗ਼ਜ਼ਾਂ ਨੂੰ ਭੀ ਅਪਵਿਤ੍ਰ ਸਮਝਦੇ ਹਨ),

ਭਗਤਿ ਭਾਗਉਤੁ ਲਿਖੀਐ ਤਿਹ ਊਪਰੇ ਪੂਜੀਐ ਕਰਿ ਨਮਸਕਾਰੰ ॥੨॥

ਪਰ ਜਦੋਂ ਭਗਵਾਨ ਦੀ ਸਿਫ਼ਤ-ਸਾਲਾਹ ਉਹਨਾਂ ਉਤੇ ਲਿਖੀ ਜਾਂਦੀ ਹੈ ਤਾਂ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ ॥੨॥

ਮੇਰੀ ਜਾਤਿ ਕੁਟ ਬਾਂਢਲਾ ਢੋਰ ਢੋਵੰਤਾ ਨਿਤਹਿ ਬਾਨਾਰਸੀ ਆਸ ਪਾਸਾ ॥

ਮੇਰੀ ਜਾਤ ਦੇ ਲੋਕ (ਚੰਮ) ਕੁੱਟਣ ਤੇ ਵੱਢਣ ਵਾਲੇ ਬਨਾਰਸ ਦੇ ਆਲੇ-ਦੁਆਲੇ (ਰਹਿੰਦੇ ਹਨ, ਤੇ) ਨਿੱਤ ਮੋਏ ਪਸ਼ੂ ਢੋਂਦੇ ਹਨ;

ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡੰਡਉਤਿ ਤੇਰੇ ਨਾਮ ਸਰਣਾਇ ਰਵਿਦਾਸੁ ਦਾਸਾ ॥੩॥੧॥

ਪਰ (ਹੇ ਪ੍ਰਭੂ!) ਉਸੇ ਕੁਲ ਵਿਚ ਜੰਮਿਆ ਹੋਇਆ ਤੇਰਾ ਸੇਵਕ ਰਵਿਦਾਸ ਤੇਰੇ ਨਾਮ ਦੀ ਸ਼ਰਨ ਆਇਆ ਹੈ, ਉਸ ਨੂੰ ਹੁਣ ਵੱਡੇ ਵੱਡੇ ਬ੍ਰਾਹਮਣ ਨਮਸਕਾਰ ਕਰਦੇ ਹਨ ॥੩॥੧॥


ਮਲਾਰ ॥
ਹਰਿ ਜਪਤ ਤੇਊ ਜਨਾ ਪਦਮ ਕਵਲਾਸ ਪਤਿ ਤਾਸ ਸਮ ਤੁਲਿ ਨਹੀ ਆਨ ਕੋਊ ॥

ਜੋ ਮਨੁੱਖ ਮਾਇਆ ਦੇ ਪਤੀ ਪਰਮਾਤਮਾ ਨੂੰ ਸਿਮਰਦੇ ਹਨ, ਉਹ ਪ੍ਰਭੂ ਦੇ (ਅਨਿੰਨ) ਸੇਵਕ ਬਣ ਜਾਂਦੇ ਹਨ, ਉਹਨਾਂ ਨੂੰ ਉਸ ਪ੍ਰਭੂ ਵਰਗਾ, ਉਸ ਪ੍ਰਭੂ ਦੇ ਬਰਾਬਰ ਦਾ, ਕੋਈ ਹੋਰ ਨਹੀਂ ਦਿੱਸਦਾ। (ਇਸ ਵਾਸਤੇ ਉਹ ਕਿਸੇ ਦਾ ਦਬਾ ਨਹੀਂ ਮੰਨਦੇ)।

ਏਕ ਹੀ ਏਕ ਅਨੇਕ ਹੋਇ ਬਿਸਥਰਿਓ ਆਨ ਰੇ ਆਨ ਭਰਪੂਰਿ ਸੋਊ ॥ ਰਹਾਉ ॥

ਹੇ ਭਾਈ! ਉਹਨਾਂ ਨੂੰ ਇਕ ਪਰਮਾਤਮਾ ਹੀ ਅਨੇਕ ਰੂਪਾਂ ਵਿਚ ਵਿਆਪਕ, ਘਟ ਘਟ ਵਿਚ ਭਰਪੂਰ ਦਿੱਸਦਾ ਹੈ ॥ ਰਹਾਉ॥

ਜਾ ਕੈ ਭਾਗਵਤੁ ਲੇਖੀਐ ਅਵਰੁ ਨਹੀ ਪੇਖੀਐ ਤਾਸ ਕੀ ਜਾਤਿ ਆਛੋਪ ਛੀਪਾ ॥

ਜਿਸ (ਨਾਮਦੇਵ) ਦੇ ਘਰ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਲਿਖੀ ਜਾ ਰਹੀ ਹੈ, (ਪ੍ਰਭੂ-ਨਾਮ ਤੋਂ ਬਿਨਾ) ਕੁਝ ਹੋਰ ਵੇਖਣ ਵਿਚ ਨਹੀਂ ਆਉਂਦਾ (ਉੱਚੀ ਜਾਤ ਵਾਲਿਆਂ ਦੇ ਭਾਣੇ) ਉਸ ਦੀ ਜਾਤ ਛੀਂਬਾ ਹੈ ਤੇ ਉਹ ਅਛੂਤ ਹੈ (ਪਰ ਉਸ ਦੀ ਵਡਿਆਈ ਤਿੰਨ ਲੋਕਾਂ ਵਿਚ ਹੋ ਰਹੀ ਹੈ);

ਬਿਆਸ ਮਹਿ ਲੇਖੀਐ ਸਨਕ ਮਹਿ ਪੇਖੀਐ ਨਾਮ ਕੀ ਨਾਮਨਾ ਸਪਤ ਦੀਪਾ ॥੧॥

ਬਿਆਸ (ਦੇ ਧਰਮ-ਪੁਸਤਕ) ਵਿਚ ਲਿਖਿਆ ਮਿਲਦਾ ਹੈ, ਸਨਕ (ਆਦਿਕ ਦੇ ਪੁਸਤਕ) ਵਿਚ ਭੀ ਵੇਖਣ ਵਿਚ ਆਉਂਦਾ ਹੈ ਕਿ ਹਰੀ-ਨਾਮ ਦੀ ਵਡਿਆਈ ਸਾਰੇ ਸੰਸਾਰ ਵਿਚ ਹੁੰਦੀ ਹੈ ॥੧॥

ਜਾ ਕੈ ਈਦਿ ਬਕਰੀਦਿ ਕੁਲ ਗਊ ਰੇ ਬਧੁ ਕਰਹਿ ਮਾਨੀਅਹਿ ਸੇਖ ਸਹੀਦ ਪੀਰਾ ॥

ਜਿਸ (ਕਬੀਰ) ਦੀ ਜਾਤ ਦੇ ਲੋਕ (ਮੁਸਲਮਾਨ ਬਣ ਕੇ) ਈਦ ਬਕਰੀਦ ਦੇ ਸਮੇ (ਹੁਣ) ਗਊਆਂ ਹਲਾਲ ਕਰਦੇ ਹਨ ਅਤੇ ਜਿਨ੍ਹਾਂ ਦੀ ਘਰੀਂ ਹੁਣ ਸੇਖਾਂ ਸ਼ਹੀਦਾਂ ਤੇ ਪੀਰਾਂ ਦੀ ਮਾਨਤਾ ਹੁੰਦੀ ਹੈ,

ਜਾ ਕੈ ਬਾਪ ਵੈਸੀ ਕਰੀ ਪੂਤ ਐਸੀ ਸਰੀ ਤਿਹੂ ਰੇ ਲੋਕ ਪਰਸਿਧ ਕਬੀਰਾ ॥੨॥

ਜਿਸ (ਕਬੀਰ) ਦੀ ਜਾਤ ਦੇ ਵੱਡਿਆਂ ਨੇ ਇਹ ਕਰ ਵਿਖਾਈ, ਉਹਨਾਂ ਦੀ ਹੀ ਜਾਤ ਵਿਚ ਜੰਮੇ ਪੁੱਤਰ ਤੋਂ ਅਜਿਹੀ ਸਰ ਆਈ (ਕਿ ਮੁਸਲਮਾਨੀ ਹਕੂਮਤ ਦੇ ਦਬਾ ਤੋਂ ਨਿਡਰ ਰਹਿ ਕੇ ਹਰੀ-ਨਾਮ ਸਿਮਰ ਕੇ) ਸਾਰੇ ਸੰਸਾਰ ਵਿਚ ਮਸ਼ਹੂਰ ਹੋ ਗਿਆ ॥੨॥

ਜਾ ਕੇ ਕੁਟੰਬ ਕੇ ਢੇਢ ਸਭ ਢੋਰ ਢੋਵੰਤ ਫਿਰਹਿ ਅਜਹੁ ਬੰਨਾਰਸੀ ਆਸ ਪਾਸਾ ॥

ਜਿਸ ਦੇ ਖ਼ਾਨਦਾਨ ਦੇ ਨੀਚ ਲੋਕ ਬਨਾਰਸ ਦੇ ਆਸੇ-ਪਾਸੇ (ਵੱਸਦੇ ਹਨ ਤੇ) ਅਜੇ ਤਕ ਮੋਏ ਹੋਏ ਪਸ਼ੂ ਢੋਂਦੇ ਹਨ,

ਆਚਾਰ ਸਹਿਤ ਬਿਪ੍ਰ ਕਰਹਿ ਡੰਡਉਤਿ ਤਿਨ ਤਨੈ ਰਵਿਦਾਸ ਦਾਸਾਨ ਦਾਸਾ ॥੩॥੨॥

ਉਹਨਾਂ ਦੀ ਕੁਲ ਵਿਚ ਜੰਮੇ ਪੁੱਤਰ ਰਵਿਦਾਸ ਨੂੰ, ਜੋ ਪ੍ਰਭੂ ਦੇ ਦਾਸਾਂ ਦਾ ਦਾਸ ਬਣ ਗਿਆ ਹੈ, ਸ਼ਾਸਤ੍ਰਾਂ ਦੀ ਮਰਯਾਦਾ ਅਨੁਸਾਰ ਤੁਰਨ ਵਾਲੇ ਬ੍ਰਾਹਮਣ ਨਮਸਕਾਰ ਕਰਦੇ ਹਨ ॥੩॥੨॥


ਮਲਾਰ ॥

ਰਾਗ ਮਲਾਰ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਮਿਲਤ ਪਿਆਰੋ ਪ੍ਰਾਨ ਨਾਥੁ ਕਵਨ ਭਗਤਿ ਤੇ ॥

ਜਿੰਦ ਦਾ ਸਾਈਂ ਪਿਆਰਾ ਪ੍ਰਭੂ ਕਿਸੇ ਹੋਰ ਤਰ੍ਹਾਂ ਦੀ ਭਗਤੀ ਨਾਲ ਨਹੀਂ ਸੀ ਮਿਲ ਸਕਦਾ

ਸਾਧਸੰਗਤਿ ਪਾਈ ਪਰਮ ਗਤੇ ॥ ਰਹਾਉ ॥

ਸਾਧ ਸੰਗਤ ਵਿਚ ਅੱਪੜ ਕੇ ਮੈਂ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ ਹੈ ॥ ਰਹਾਉ॥

ਮੈਲੇ ਕਪਰੇ ਕਹਾ ਲਉ ਧੋਵਉ ॥

(ਸਾਧ ਸੰਗਤ ਦੀ ਬਰਕਤਿ ਨਾਲ) ਹੁਣ ਮੈਂ ਪਰਾਈ ਨਿੰਦਿਆ ਕਰਨੀ ਛੱਡ ਦਿੱਤੀ ਹੈ,

ਆਵੈਗੀ ਨੀਦ ਕਹਾ ਲਗੁ ਸੋਵਉ ॥੧॥

(ਸਤਸੰਗ ਵਿਚ ਰਹਿਣ ਕਰਕੇ) ਨਾਹ ਮੈਨੂੰ ਅਗਿਆਨਤਾ ਦੀ ਨੀਂਦ ਆਵੇਗੀ ਅਤੇ ਨਾਹ ਹੀ ਮੈਂ ਗ਼ਾਫ਼ਲ ਹੋਵਾਂਗਾ ॥੧॥

ਜੋਈ ਜੋਈ ਜੋਰਿਓ ਸੋਈ ਸੋਈ ਫਾਟਿਓ ॥

(ਸਾਧ ਸੰਗਤ ਵਿਚ ਆਉਣ ਤੋਂ ਪਹਿਲਾਂ) ਮੈਂ ਜਿਤਨੀ ਕੁ ਮੰਦ-ਕਰਮਾਂ ਦੀ ਕਮਾਈ ਕੀਤੀ ਹੋਈ ਸੀ (ਸਤਸੰਗ ਵਿਚ ਆ ਕੇ) ਉਸ ਸਾਰੀ ਦੀ ਸਾਰੀ ਦਾ ਲੇਖਾ ਮੁੱਕ ਗਿਆ ਹੈ,

ਝੂਠੈ ਬਨਜਿ ਉਠਿ ਹੀ ਗਈ ਹਾਟਿਓ ॥੨॥

ਝੂਠੇ ਵਣਜ ਵਿਚ (ਲੱਗ ਕੇ ਮੈਂ ਜੋ ਹੱਟੀ ਪਾਈ ਹੋਈ ਸੀ, ਸਾਧ ਸੰਗਤ ਦੀ ਕਿਰਪਾ ਨਾਲ) ਉਹ ਹੱਟੀ ਹੀ ਉੱਠ ਗਈ ਹੈ ॥੨॥

ਕਹੁ ਰਵਿਦਾਸ ਭਇਓ ਜਬ ਲੇਖੋ ॥

(ਇਹ ਤਬਦੀਲੀ ਕਿਵੇਂ ਆਈ?) ਰਵਿਦਾਸ ਆਖਦਾ ਹੈ- (ਸਾਧ ਸੰਗਤ ਵਿਚ ਆ ਕੇ) ਜਦੋਂ ਮੈਂ ਆਪੇ ਵਲ ਝਾਤ ਮਾਰੀ,

ਜੋਈ ਜੋਈ ਕੀਨੋ ਸੋਈ ਸੋਈ ਦੇਖਿਓ ॥੩॥੧॥੩॥

ਤਾਂ ਜੋ ਜੋ ਕਰਮ ਮੈਂ ਕੀਤਾ ਹੋਇਆ ਸੀ ਉਹ ਸਭ ਕੁਝ ਪ੍ਰਤੱਖ ਦਿੱਸ ਪਿਆ (ਤੇ ਮੈਂ ਮੰਦੇ ਕਰਮਾਂ ਤੋਂ ਸ਼ਰਮਾ ਕੇ ਇਹਨਾਂ ਵਲੋਂ ਹਟ ਗਿਆ) ॥੩॥੧॥੩॥