ਭਗਤ ਪਰਮਾਨੰਦ ਜੀ – ਬਾਣੀ ਸ਼ਬਦ-Bhagat Parmanand ji – Bani Quotes Shabad Path in Punjabi Gurbani

ਭਗਤ ਪਰਮਾਨੰਦ ਜੀ – ਬਾਣੀ ਸ਼ਬਦ-Bhagat Parmanand ji – Bani Quotes Shabad Path in Punjabi Gurbani

ਸਾਰੰਗ ॥

ਰਾਗ ਸਾਰੰਗ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਤੈ ਨਰ ਕਿਆ ਪੁਰਾਨੁ ਸੁਨਿ ਕੀਨਾ ॥

ਪੁਰਾਣ ਆਦਿਕ ਧਰਮ ਪੁਸਤਕਾਂ ਸੁਣ ਕੇ ਤੂੰ ਖੱਟਿਆ ਤਾਂ ਕੁਝ ਭੀ ਨਹੀਂ;

ਅਨਪਾਵਨੀ ਭਗਤਿ ਨਹੀ ਉਪਜੀ ਭੂਖੈ ਦਾਨੁ ਨ ਦੀਨਾ ॥੧॥ ਰਹਾਉ ॥

ਤੇਰੇ ਅੰਦਰ ਨਾਹ ਤਾਂ ਪ੍ਰਭੂ ਦੀ ਅਟੱਲ ਭਗਤੀ ਪੈਦਾ ਹੋਈ ਤੇ ਨਾਹ ਹੀ ਤੂੰ ਕਿਸੇ ਲੋੜਵੰਦ ਦੀ ਸੇਵਾ ਕੀਤੀ ॥੧॥ ਰਹਾਉ ॥

ਕਾਮੁ ਨ ਬਿਸਰਿਓ ਕ੍ਰੋਧੁ ਨ ਬਿਸਰਿਓ ਲੋਭੁ ਨ ਛੂਟਿਓ ਦੇਵਾ ॥

ਹੇ ਦੇਵ! (ਧਰਮ ਪੁਸਤਕ ਸੁਣ ਕੇ ਭੀ) ਨਾਹ ਕਾਮ ਗਿਆ, ਨਾਹ ਕ੍ਰੋਧ ਗਿਆ, ਨਾਹ ਲੋਭ ਮੁੱਕਾ,

ਪਰ ਨਿੰਦਾ ਮੁਖ ਤੇ ਨਹੀ ਛੂਟੀ ਨਿਫਲ ਭਈ ਸਭ ਸੇਵਾ ॥੧॥

ਨਾਹ ਮੂੰਹੋਂ ਪਰਾਈ ਨਿੰਦਿਆ (ਕਰਨ ਦੀ ਆਦਤ) ਹੀ ਗਈ, (ਪੁਰਾਣ ਆਦਿਕ ਪੜ੍ਹਨ ਦੀ) ਸਾਰੀ ਮਿਹਨਤ ਹੀ ਐਵੇਂ ਗਈ ॥੧॥

ਬਾਟ ਪਾਰਿ ਘਰੁ ਮੂਸਿ ਬਿਰਾਨੋ ਪੇਟੁ ਭਰੈ ਅਪ੍ਰਾਧੀ ॥

(ਪੁਰਾਣ ਆਦਿਕ ਸੁਣ ਕੇ ਭੀ) ਪਾਪੀ ਮਨੁੱਖ ਡਾਕੇ ਮਾਰ ਮਾਰ ਕੇ ਪਰਾਏ ਘਰ ਲੁੱਟ ਲੁੱਟ ਕੇ ਹੀ ਆਪਣਾ ਢਿੱਡ ਭਰਦਾ ਰਿਹਾ,

ਜਿਹਿ ਪਰਲੋਕ ਜਾਇ ਅਪਕੀਰਤਿ ਸੋਈ ਅਬਿਦਿਆ ਸਾਧੀ ॥੨॥

ਤੇ (ਸਾਰੀ ਉਮਰ) ਉਹੀ ਮੂਰਖਤਾ ਕਰਦਾ ਰਿਹਾ ਜਿਸ ਨਾਲ ਅਗਲੇ ਜਹਾਨ ਵਿਚ ਭੀ ਬਦਨਾਮੀ (ਦਾ ਟਿੱਕਾ) ਹੀ ਮਿਲੇ ॥੨॥

ਹਿੰਸਾ ਤਉ ਮਨ ਤੇ ਨਹੀ ਛੂਟੀ ਜੀਅ ਦਇਆ ਨਹੀ ਪਾਲੀ ॥

(ਧਰਮ ਪੁਸਤਕ ਸੁਣ ਕੇ ਭੀ) ਤੇਰੇ ਮਨ ਵਿਚੋਂ ਨਿਰਦਇਤਾ ਨਾਹ ਗਈ, ਤੂੰ ਲੋਕਾਂ ਨਾਲ ਪਿਆਰ ਦਾ ਸਲੂਕ ਨਾਹ ਕੀਤਾ,

ਪਰਮਾਨੰਦ ਸਾਧਸੰਗਤਿ ਮਿਲਿ ਕਥਾ ਪੁਨੀਤ ਨ ਚਾਲੀ ॥੩॥੧॥੬॥

ਹੇ ਪਰਮਾਨੰਦ! ਸਤਸੰਗ ਵਿਚ ਬੈਠ ਕੇ ਤੂੰ ਕਦੇ ਪ੍ਰਭੂ ਦੀਆਂ ਪਵਿੱਤਰ (ਕਰਨ ਵਾਲੀਆਂ) ਗੱਲਾਂ ਨਾਹ ਚਲਾਈਆਂ (ਭਾਵ, ਜੇ ਤੈਨੂੰ ਸਤਸੰਗ ਕਰਨ ਦਾ ਸ਼ੌਕ ਨਾਹ ਪਿਆ ਤਾਂ ਪੁਰਾਣ ਆਦਿਕ ਧਰਮ ਪੁਸਤਕਾਂ ਦਾ ਸੁਣਨਾ ਵਿਅਰਥ ਹੀ ਗਿਆ) ॥੩॥੧॥੬॥