ਭਗਤ ਨਾਮਦੇਵ ਜੀ – ਬਾਣੀ ਸ਼ਬਦ-Bhagat Namdev ji – Bani Quotes Shabad Path in Punjabi Gurbani

ਭਗਤ ਨਾਮਦੇਵ ਜੀ – ਬਾਣੀ ਸ਼ਬਦ-Bhagat Namdev ji – Bani Quotes Shabad Path in Punjabi Gurbani

ਰਾਗੁ ਗਉੜੀ ਚੇਤੀ ਬਾਣੀ ਨਾਮਦੇਉ ਜੀਉ ਕੀ ॥

ਰਾਗ ਗਉੜੀ-ਚੇਤੀ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਦੇਵਾ ਪਾਹਨ ਤਾਰੀਅਲੇ ॥

ਹੇ ਪ੍ਰਭੂ! (ਉਹ) ਪੱਥਰ (ਭੀ ਸਮੁੰਦਰ ਉੱਤੇ) ਤੂੰ ਤਰਾ ਦਿੱਤੇ (ਜਿਨ੍ਹਾਂ ਉੱਤੇ ਤੇਰਾ ‘ਰਾਮ’ ਨਾਮ ਲਿਖਿਆ ਗਿਆ ਸੀ)

ਰਾਮ ਕਹਤ ਜਨ ਕਸ ਨ ਤਰੇ ॥੧॥ ਰਹਾਉ ॥

(ਭਲਾ) ਉਹ ਮਨੁੱਖ (ਸੰਸਾਰ-ਸਮੁੰਦਰ ਤੋਂ) ਕਿਉਂ ਨਹੀਂ ਤਰਨਗੇ, ਜੋ ਤੇਰਾ ਨਾਮ ਸਿਮਰਦੇ ਹਨ? ॥੧॥ ਰਹਾਉ ॥

ਤਾਰੀਲੇ ਗਨਿਕਾ ਬਿਨੁ ਰੂਪ ਕੁਬਿਜਾ ਬਿਆਧਿ ਅਜਾਮਲੁ ਤਾਰੀਅਲੇ ॥

ਹੇ ਪ੍ਰਭੂ! ਤੂੰ (ਮੰਦ-ਕਰਮਣ) ਵੇਸਵਾ (ਵਿਕਾਰਾਂ ਤੋਂ) ਬਚਾ ਲਈ, ਤੂੰ ਕੁਰੂਪ ਕੁਬਿਜਾ ਦਾ ਕੋਝ ਦੂਰ ਕੀਤਾ, ਤੂੰ ਵਿਕਾਰਾਂ ਵਿਚ ਗਲੇ ਹੋਏ ਅਜਾਮਲ ਨੂੰ ਤਾਰ ਦਿੱਤਾ।

ਚਰਨ ਬਧਿਕ ਜਨ ਤੇਊ ਮੁਕਤਿ ਭਏ ॥

(ਕ੍ਰਿਸ਼ਨ ਜੀ ਦੇ) ਪੈਰਾਂ ਵਿਚ ਨਿਸ਼ਾਨਾ ਮਾਰਨ ਵਾਲਾ ਸ਼ਿਕਾਰੀ (ਅਤੇ) ਅਜਿਹੇ ਕਈ (ਵਿਕਾਰੀ) ਬੰਦੇ (ਤੇਰੀ ਮਿਹਰ ਨਾਲ) ਮੁਕਤ ਹੋ ਗਏ।

ਹਉ ਬਲਿ ਬਲਿ ਜਿਨ ਰਾਮ ਕਹੇ ॥੧॥

ਮੈਂ ਸਦਕੇ ਹਾਂ ਉਹਨਾਂ ਤੋਂ ਜਿਨ੍ਹਾਂ ਪ੍ਰਭੂ ਦਾ ਨਾਮ ਸਿਮਰਿਆ ॥੧॥

ਦਾਸੀ ਸੁਤ ਜਨੁ ਬਿਦਰੁ ਸੁਦਾਮਾ ਉਗ੍ਰਸੈਨ ਕਉ ਰਾਜ ਦੀਏ ॥

ਹੇ ਪ੍ਰਭੂ! ਗੋੱਲੀ ਦਾ ਪੁੱਤਰ ਬਿਦਰ ਤੇਰਾ ਭਗਤ (ਪ੍ਰਸਿੱਧ ਹੋਇਆ); ਸੁਦਾਮਾ (ਇਸ ਦਾ ਤੂੰ ਦਲਿੱਦਰ ਕੱਟਿਆ), ਉਗਰਸੈਨ ਨੂੰ ਤੂੰ ਰਾਜ ਦਿੱਤਾ।

ਜਪ ਹੀਨ ਤਪ ਹੀਨ ਕੁਲ ਹੀਨ ਕ੍ਰਮ ਹੀਨ ਨਾਮੇ ਕੇ ਸੁਆਮੀ ਤੇਊ ਤਰੇ ॥੨॥੧॥

ਹੇ ਨਾਮਦੇਵ ਦੇ ਸੁਆਮੀ! ਤੇਰੀ ਕਿਰਪਾ ਨਾਲ ਉਹ ਉਹ ਤਰ ਗਏ ਹਨ ਜਿਨ੍ਹਾਂ ਕੋਈ ਜਪ ਨਹੀਂ ਕੀਤੇ, ਕੋਈ ਤਪ ਨਹੀਂ ਸਾਧੇ, ਜਿਨ੍ਹਾਂ ਦੀ ਕੋਈ ਉੱਚੀ ਕੁਲ ਨਹੀਂ ਸੀ, ਕੋਈ ਚੰਗੇ ਅਮਲ ਨਹੀਂ ਸਨ ॥੨॥੧॥


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਆਸਾ ਬਾਣੀ ਸ੍ਰੀ ਨਾਮਦੇਉ ਜੀ ਕੀ ॥

ਰਾਗ ਆਸਾ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।

ਏਕ ਅਨੇਕ ਬਿਆਪਕ ਪੂਰਕ ਜਤ ਦੇਖਉ ਤਤ ਸੋਈ ॥

ਇੱਕ ਪਰਮਾਤਮਾ ਅਨੇਕ ਰੂਪ ਧਾਰ ਕੇ ਹਰ ਥਾਂ ਮੌਜੂਦ ਹੈ ਤੇ ਭਰਪੂਰ ਹੈ; ਮੈਂ ਜਿੱਧਰ ਤੱਕਦਾ ਹਾਂ, ਉਹ ਪਰਮਾਤਮਾ ਹੀ ਮੌਜੂਦ ਹੈ।

ਮਾਇਆ ਚਿਤ੍ਰ ਬਚਿਤ੍ਰ ਬਿਮੋਹਿਤ ਬਿਰਲਾ ਬੂਝੈ ਕੋਈ ॥੧॥

ਪਰ (ਇਸ ਭੇਤ ਨੂੰ) ਕੋਈ ਵਿਰਲਾ ਬੰਦਾ ਸਮਝਦਾ ਹੈ, ਕਿਉਂਕਿ ਜੀਵ ਆਮ ਤੌਰ ਤੇ ਮਾਇਆ ਦੇ ਰੰਗਾ-ਰੰਗ ਦੇ ਰੂਪਾਂ ਵਿਚ ਚੰਗੀ ਤਰ੍ਹਾਂ ਮੋਹੇ ਪਏ ਹਨ ॥੧॥

ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ॥

ਹਰ ਥਾਂ ਪਰਮਾਤਮਾ ਹੈ, ਹਰ ਥਾਂ ਪਰਮਾਤਮਾ ਹੈ, ਪਰਮਾਤਮਾ ਤੋਂ ਸੱਖਣੀ ਕੋਈ ਥਾਂ ਨਹੀਂ;

ਸੂਤੁ ਏਕੁ ਮਣਿ ਸਤ ਸਹੰਸ ਜੈਸੇ ਓਤਿ ਪੋਤਿ ਪ੍ਰਭੁ ਸੋਈ ॥੧॥ ਰਹਾਉ ॥

ਜਿਵੇਂ ਇੱਕ ਧਾਗਾ ਹੋਵੇ ਤੇ (ਉਸ ਵਿਚ) ਸੈਂਕੜੇ ਹਜ਼ਾਰਾਂ ਮਣਕੇ (ਪ੍ਰੋਤੇ ਹੋਏ ਹੋਣ) (ਇਸੇ ਤਰ੍ਹਾਂ ਸਭ ਜੀਵਾਂ ਵਿਚ ਪਰਮਾਤਮਾ ਦੀ ਹੀ ਜੀਵਨ-ਸੱਤਾ ਮਿਲੀ ਹੋਈ ਹੈ, ਜਿਵੇਂ) ਤਾਣੇ-ਪੇਟੇ ਵਿਚ (ਧਾਗੇ ਮਿਲੇ ਹੋਏ ਹਨ, ਤਿਵੇਂ) ਉਹੀ ਪਰਮਾਤਮਾ (ਸਭ ਵਿਚ ਮਿਲਿਆ ਹੋਇਆ) ਹੈ ॥੧॥ ਰਹਾਉ ॥

ਜਲ ਤਰੰਗ ਅਰੁ ਫੇਨ ਬੁਦਬੁਦਾ ਜਲ ਤੇ ਭਿੰਨ ਨ ਹੋਈ ॥

ਪਾਣੀ ਦੀਆਂ ਠਿੱਲ੍ਹਾਂ, ਝੱਗ ਅਤੇ ਬੁਲਬੁਲੇ-ਇਹ ਸਾਰੇ ਪਾਣੀ ਤੋਂ ਵੱਖਰੇ ਨਹੀਂ ਹੁੰਦੇ,

ਇਹੁ ਪਰਪੰਚੁ ਪਾਰਬ੍ਰਹਮ ਕੀ ਲੀਲਾ ਬਿਚਰਤ ਆਨ ਨ ਹੋਈ ॥੨॥

ਤਿਵੇਂ ਹੀ ਇਹ ਦਿੱਸਦਾ ਤਮਾਸ਼ਾ-ਰੂਪ ਜਗਤ ਪਰਮਾਤਮਾ ਦੀ ਰਚੀ ਹੋਈ ਖੇਡ ਹੈ, ਗਹੁ ਨਾਲ ਸੋਚਿਆਂ (ਇਹ ਸਮਝ ਆ ਜਾਂਦੀ ਹੈ ਕਿ ਇਹ ਉਸ ਤੋਂ) ਵੱਖਰਾ ਨਹੀਂ ਹੈ ॥੨॥

ਮਿਥਿਆ ਭਰਮੁ ਅਰੁ ਸੁਪਨ ਮਨੋਰਥ ਸਤਿ ਪਦਾਰਥੁ ਜਾਨਿਆ ॥

(ਇਹ ਪਰਪੰਚ ਵੇਖ ਕੇ ਜੀਵਾਂ ਨੂੰ) ਗ਼ਲਤ ਖ਼ਿਆਲ ਬਣ ਗਿਆ ਹੈ (ਕਿ ਇਸ ਦਾ ਅਸਾਡਾ ਸਾਥ ਪੱਕਾ ਨਿਭਣ ਵਾਲਾ ਹੈ); ਇਹ ਪਦਾਰਥ ਇਉਂ ਹੀ ਹਨ ਜਿਵੇਂ ਸੁਪਨੇ ਵਿਚ ਵੇਖੇ ਹੋਏ ਪਦਾਰਥ; ਪਰ ਜੀਵਾਂ ਨੇ ਇਹਨਾਂ ਨੂੰ ਸਦਾ (ਆਪਣੇ ਨਾਲ) ਟਿਕੇ ਰਹਿਣ ਵਾਲੇ ਸਮਝ ਲਿਆ ਹੈ।

ਸੁਕ੍ਰਿਤ ਮਨਸਾ ਗੁਰ ਉਪਦੇਸੀ ਜਾਗਤ ਹੀ ਮਨੁ ਮਾਨਿਆ ॥੩॥

ਜਿਸ ਮਨੁੱਖ ਨੂੰ ਸਤਿਗੁਰੂ ਭਲੀ ਸਮਝ ਬਖ਼ਸ਼ਦਾ ਹੈ ਉਹ ਇਸ ਵਹਿਮ ਵਿਚੋਂ ਜਾਗ ਪੈਂਦਾ ਹੈ ਤੇ ਉਸ ਦੇ ਮਨ ਨੂੰ ਤਸੱਲੀ ਆ ਜਾਂਦੀ ਹੈ (ਕਿ ਆਸਾਡਾ ਤੇ ਇਹਨਾਂ ਪਦਾਰਥਾਂ ਦਾ ਸਾਥ ਸਦਾ ਲਈ ਨਹੀਂ ਹੈ) ॥੩॥

ਕਹਤ ਨਾਮਦੇਉ ਹਰਿ ਕੀ ਰਚਨਾ ਦੇਖਹੁ ਰਿਦੈ ਬੀਚਾਰੀ ॥

ਨਾਮਦੇਵ ਆਖਦਾ ਹੈ: ਆਪਣੇ ਹਿਰਦੇ ਵਿਚ ਵਿਚਾਰ ਕੇ ਵੇਖ ਲਵੋ ਕਿ ਇਹ ਪਰਮਾਤਮਾ ਦੀ ਰਚੀ ਹੋਈ ਖੇਡ ਹੈ।

ਘਟ ਘਟ ਅੰਤਰਿ ਸਰਬ ਨਿਰੰਤਰਿ ਕੇਵਲ ਏਕ ਮੁਰਾਰੀ ॥੪॥੧॥

ਇਸ ਵਿਚ ਹਰੇਕ ਘਟ ਅੰਦਰ ਹਰ ਥਾਂ ਸਿਰਫ਼ ਇੱਕ ਪਰਮਾਤਮਾ ਹੀ ਵੱਸਦਾ ਹੈ ॥੪॥੧॥


ਆਸਾ ॥
ਆਨੀਲੇ ਕੁੰਭ ਭਰਾਈਲੇ ਊਦਕ ਠਾਕੁਰ ਕਉ ਇਸਨਾਨੁ ਕਰਉ ॥

ਘੜਾ ਲਿਆ ਕੇ (ਉਸ ਵਿਚ) ਪਾਣੀ ਭਰਾ ਕੇ (ਜੇ) ਮੈਂ ਮੂਰਤੀ ਨੂੰ ਇਸ਼ਨਾਨ ਕਰਾਵਾਂ (ਤਾਂ ਉਹ ਇਸ਼ਨਾਨ ਪਰਵਾਨ ਨਹੀਂ, ਪਾਣੀ ਜੂਠਾ ਹੈ, ਕਿਉਂਕਿ)

ਬਇਆਲੀਸ ਲਖ ਜੀ ਜਲ ਮਹਿ ਹੋਤੇ ਬੀਠਲੁ ਭੈਲਾ ਕਾਇ ਕਰਉ ॥੧॥

ਪਾਣੀ ਵਿਚ ਬਿਤਾਲੀ ਲੱਖ (ਜੂਨਾਂ ਦੇ) ਜੀਵ ਰਹਿੰਦੇ ਹਨ। (ਪਰ ਮੇਰਾ) ਨਿਰਲੇਪ ਪ੍ਰਭੂ ਤਾਂ ਪਹਿਲਾਂ ਹੀ (ਉਹਨਾਂ ਜੀਵਾਂ ਵਿਚ) ਵੱਸਦਾ ਸੀ (ਤੇ ਇਸ਼ਨਾਨ ਕਰ ਰਿਹਾ ਸੀ; ਤਾਂ ਫਿਰ ਮੂਰਤੀ ਨੂੰ) ਮੈਂ ਕਾਹਦੇ ਲਈ ਇਸ਼ਨਾਨ ਕਰਾਵਾਂ? ॥੧॥

ਜਤ੍ਰ ਜਾਉ ਤਤ ਬੀਠਲੁ ਭੈਲਾ ॥

ਮੈਂ ਜਿੱਧਰ ਜਾਂਦਾ ਹਾਂ, ਉੱਧਰ ਹੀ ਨਿਰਲੇਪ ਪ੍ਰਭੂ ਮੌਜੂਦ ਹੈ।

ਮਹਾ ਅਨੰਦ ਕਰੇ ਸਦ ਕੇਲਾ ॥੧॥ ਰਹਾਉ ॥

(ਸਭ ਜੀਵਾਂ ਵਿਚ ਵਿਆਪਕ ਹੋ ਕੇ) ਬੜੇ ਅਨੰਦ ਚੋਜ ਤਮਾਸ਼ੇ ਕਰ ਰਿਹਾ ਹੈ ॥੧॥ ਰਹਾਉ ॥

ਆਨੀਲੇ ਫੂਲ ਪਰੋਈਲੇ ਮਾਲਾ ਠਾਕੁਰ ਕੀ ਹਉ ਪੂਜ ਕਰਉ ॥

ਫੁੱਲ ਲਿਆ ਕੇ ਤੇ ਮਾਲਾ ਪ੍ਰੋ ਕੇ ਜੇ ਮੈਂ ਮੂਰਤੀ ਦੀ ਪੂਜਾ ਕਰਾਂ,

ਪਹਿਲੇ ਬਾਸੁ ਲਈ ਹੈ ਭਵਰਹ ਬੀਠਲ ਭੈਲਾ ਕਾਇ ਕਰਉ ॥੨॥

(ਤਾਂ ਉਹ ਫੁੱਲ ਜੂਠੇ ਹੋਣ ਕਰ ਕੇ ਉਹ ਪੂਜਾ ਪਰਵਾਨ ਨਹੀਂ, ਕਿਉਂਕਿ ਉਹਨਾਂ ਫੁੱਲਾਂ ਦੀ) ਸੁਗੰਧੀ ਪਹਿਲਾਂ ਭੌਰੇ ਨੇ ਲੈ ਲਈ; (ਪਰ ਮੇਰਾ) ਬੀਠਲ ਤਾਂ ਪਹਿਲਾਂ ਹੀ (ਉਸ ਭੌਰੇ ਵਿਚ) ਵੱਸਦਾ ਸੀ (ਤੇ ਸੁਗੰਧੀ ਲੈ ਰਿਹਾ ਸੀ, ਤਾਂ ਫਿਰ ਇਹਨਾਂ ਫੁੱਲਾਂ ਨਾਲ) ਮੂਰਤੀ ਦੀ ਪੂਜਾ ਮੈਂ ਕਾਹਦੇ ਲਈ ਕਰਾਂ? ॥੨॥

ਆਨੀਲੇ ਦੂਧੁ ਰੀਧਾਈਲੇ ਖੀਰੰ ਠਾਕੁਰ ਕਉ ਨੈਵੇਦੁ ਕਰਉ ॥

ਦੁੱਧ ਲਿਆ ਕੇ ਖੀਰ ਰਿੰਨ੍ਹਾ ਕੇ ਜੇ ਮੈਂ ਇਹ ਖਾਣ ਵਾਲਾ ਉੱਤਮ ਪਦਾਰਥ ਮੂਰਤੀ ਅੱਗੇ ਭੇਟ ਰੱਖਾਂ,

ਪਹਿਲੇ ਦੂਧੁ ਬਿਟਾਰਿਓ ਬਛਰੈ ਬੀਠਲੁ ਭੈਲਾ ਕਾਇ ਕਰਉ ॥੩॥

(ਤਾਂ ਦੁੱਧ ਜੂਠਾ ਹੋਣ ਕਰ ਕੇ ਭੋਜਨ ਪਰਵਾਨ ਨਹੀਂ, ਕਿਉਂਕਿ ਚੋਣ ਵੇਲੇ) ਪਹਿਲਾਂ ਵੱਛੇ ਨੇ ਦੁੱਧ ਜੂਠਾ ਕਰ ਦਿੱਤਾ ਸੀ; (ਪਰ ਮੇਰਾ) ਬੀਠਲ ਤਾਂ ਪਹਿਲਾਂ ਹੀ (ਉਸ ਵੱਛੇ ਵਿਚ) ਵੱਸਦਾ ਸੀ (ਤੇ ਦੁੱਧ ਪੀ ਰਿਹਾ ਸੀ, ਤਾਂ ਇਸ ਮੂਰਤੀ ਅੱਗੇ) ਮੈਂ ਕਿਉਂ ਨੈਵੇਦ ਭੇਟ ਧਰਾਂ? ॥੩॥

ਈਭੈ ਬੀਠਲੁ ਊਭੈ ਬੀਠਲੁ ਬੀਠਲ ਬਿਨੁ ਸੰਸਾਰੁ ਨਹੀ ॥

(ਜਗਤ ਵਿਚ) ਹੇਠਾਂ ਉਤਾਂਹ (ਹਰ ਥਾਂ) ਬੀਠਲ ਹੀ ਬੀਠਲ ਹੈ, ਬੀਠਲ ਤੋਂ ਸੱਖਣਾ ਜਗਤ ਰਹਿ ਹੀ ਨਹੀਂ ਸਕਦਾ।

ਥਾਨ ਥਨੰਤਰਿ ਨਾਮਾ ਪ੍ਰਣਵੈ ਪੂਰਿ ਰਹਿਓ ਤੂੰ ਸਰਬ ਮਹੀ ॥੪॥੨॥

ਨਾਮਦੇਵ ਉਸ ਬੀਠਲ ਅੱਗੇ ਬੇਨਤੀ ਕਰਦਾ ਹੈ-(ਹੇ ਬੀਠਲ!) ਤੂੰ ਸਾਰੀ ਸ੍ਰਿਸ਼ਟੀ ਵਿਚ ਹਰ ਥਾਂ ਵਿਚ ਭਰਪੂਰ ਹੈਂ ॥੪॥੨॥


ਆਸਾ ॥
ਮਨੁ ਮੇਰੋ ਗਜੁ ਜਿਹਬਾ ਮੇਰੀ ਕਾਤੀ ॥

ਮੇਰਾ ਮਨ ਗਜ਼ (ਬਣ ਗਿਆ ਹੈ), ਮੇਰੀ ਜੀਭ ਕੈਂਚੀ (ਬਣ ਗਈ ਹੈ),

ਮਪਿ ਮਪਿ ਕਾਟਉ ਜਮ ਕੀ ਫਾਸੀ ॥੧॥

(ਪ੍ਰਭੂ ਦੇ ਨਾਮ ਨੂੰ ਮਨ ਵਿਚ ਵਸਾ ਕੇ ਤੇ ਜੀਭ ਨਾਲ ਜਪ ਕੇ) ਮੈਂ (ਆਪਣੇ ਮਨ-ਰੂਪ ਗਜ਼ ਨਾਲ) ਕੱਛ ਕੱਛ ਕੇ (ਜੀਭ-ਕੈਂਚੀ ਨਾਲ) ਮੌਤ ਦੇ ਡਰ ਦੀ ਫਾਹੀ ਕੱਟੀ ਜਾ ਰਿਹਾ ਹਾਂ ॥੧॥

ਕਹਾ ਕਰਉ ਜਾਤੀ ਕਹ ਕਰਉ ਪਾਤੀ ॥

ਮੈਨੂੰ ਹੁਣ ਕਿਸੇ (ਉੱਚੀ-ਨੀਵੀਂ) ਜ਼ਾਤ-ਗੋਤ ਦੀ ਪਰਵਾਹ ਨਹੀਂ ਰਹੀ,

ਰਾਮ ਕੋ ਨਾਮੁ ਜਪਉ ਦਿਨ ਰਾਤੀ ॥੧॥ ਰਹਾਉ ॥

ਕਿਉਂਕਿ ਮੈਂ ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਹਾਂ ॥੧॥ ਰਹਾਉ ॥

ਰਾਂਗਨਿ ਰਾਂਗਉ ਸੀਵਨਿ ਸੀਵਉ ॥

(ਇਸ ਸਰੀਰ) ਮੱਟੀ ਵਿਚ ਮੈਂ (ਆਪਣੇ ਆਪ ਨੂੰ ਨਾਮ ਨਾਲ) ਰੰਗ ਰਿਹਾ ਹਾਂ ਤੇ ਪ੍ਰਭੂ ਦੇ ਨਾਮ ਦੀ ਸੀਊਣ ਸੀਊਂ ਰਿਹਾ ਹਾਂ,

ਰਾਮ ਨਾਮ ਬਿਨੁ ਘਰੀਅ ਨ ਜੀਵਉ ॥੨॥

ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਇਕ ਘੜੀ ਭਰ ਭੀ ਨਹੀਂ ਜੀਉ ਸਕਦਾ ॥੨॥

ਭਗਤਿ ਕਰਉ ਹਰਿ ਕੇ ਗੁਨ ਗਾਵਉ ॥

ਮੈਂ ਪ੍ਰਭੂ ਦੀ ਭਗਤੀ ਕਰ ਰਿਹਾ ਹਾਂ, ਹਰੀ ਦੇ ਗੁਣ ਗਾ ਰਿਹਾ ਹਾਂ,

ਆਠ ਪਹਰ ਅਪਨਾ ਖਸਮੁ ਧਿਆਵਉ ॥੩॥

ਅੱਠੇ ਪਹਿਰ ਆਪਣੇ ਖਸਮ-ਪ੍ਰਭੂ ਨੂੰ ਯਾਦ ਕਰ ਰਿਹਾ ਹਾਂ ॥੩॥

ਸੁਇਨੇ ਕੀ ਸੂਈ ਰੁਪੇ ਕਾ ਧਾਗਾ ॥

ਮੈਨੂੰ (ਗੁਰੂ ਦਾ ਸ਼ਬਦ) ਸੋਨੇ ਦੀ ਸੂਈ ਮਿਲ ਗਈ ਹੈ, (ਉਸ ਦੀ ਬਰਕਤ ਨਾਲ ਮੇਰੀ ਸੁਰਤ ਸ਼ੁੱਧ ਨਿਰਮਲ ਹੋ ਗਈ ਹੈ, ਇਹ, ਮਾਨੋ, ਮੇਰੇ ਪਾਸ) ਚਾਂਦੀ ਦਾ ਧਾਗਾ ਹੈ;

ਨਾਮੇ ਕਾ ਚਿਤੁ ਹਰਿ ਸਉ ਲਾਗਾ ॥੪॥੩॥

(ਇਹ ਸੂਈ ਧਾਗੇ ਨਾਲ) ਮੈਂ ਨਾਮੇ ਦਾ ਮਨ ਪ੍ਰਭੂ ਦੇ ਨਾਲ ਸੀਤਾ ਗਿਆ ਹੈ ॥੪॥੩॥


ਆਸਾ ॥
ਸਾਪੁ ਕੁੰਚ ਛੋਡੈ ਬਿਖੁ ਨਹੀ ਛਾਡੈ ॥

ਸੱਪ ਕੁੰਜ ਲਾਹ ਦੇਂਦਾ ਹੈ ਪਰ (ਅੰਦਰੋਂ) ਜ਼ਹਿਰ ਨਹੀਂ ਛੱਡਦਾ;

ਉਦਕ ਮਾਹਿ ਜੈਸੇ ਬਗੁ ਧਿਆਨੁ ਮਾਡੈ ॥੧॥

ਪਾਣੀ ਵਿਚ (ਖਲੋ ਕੇ) ਜਿਵੇਂ ਬਗਲਾ ਸਮਾਧੀ ਲਾਂਦਾ ਹੈ (ਇਸ ਤਰ੍ਹਾਂ ਜੇ ਅੰਦਰ ਤ੍ਰਿਸ਼ਨਾ ਹੈ ਤਾਂ ਬਾਹਰੋਂ ਭੇਖ ਬਣਾਉਣ ਨਾਲ ਜਾਂ ਅੱਖਾਂ ਮੀਟਣ ਨਾਲ ਕੋਈ ਆਤਮਕ ਲਾਭ ਨਹੀਂ ਹੈ) ॥੧॥

ਕਾਹੇ ਕਉ ਕੀਜੈ ਧਿਆਨੁ ਜਪੰਨਾ ॥

ਤਦ ਤਕ ਸਮਾਧੀ ਲਾਣ ਜਾਂ ਜਾਪ ਕਰਨ ਦਾ ਕੀਹ ਲਾਭ ਹੈ?

ਜਬ ਤੇ ਸੁਧੁ ਨਾਹੀ ਮਨੁ ਅਪਨਾ ॥੧॥ ਰਹਾਉ ॥

ਜਦ ਤਕ (ਅੰਦਰੋਂ) ਆਪਣਾ ਮਨ ਪਵਿੱਤਰ ਨਹੀਂ ਹੈ ॥੧॥ ਰਹਾਉ ॥

ਸਿੰਘਚ ਭੋਜਨੁ ਜੋ ਨਰੁ ਜਾਨੈ ॥

ਜੋ ਮਨੁੱਖ ਜ਼ੁਲਮ ਵਾਲੀ ਰੋਜ਼ੀ ਹੀ ਕਮਾਉਣੀ ਜਾਣਦਾ ਹੈ, (ਤੇ ਬਾਹਰੋਂ ਅੱਖਾਂ ਮੀਟਦਾ ਹੈ, ਜਿਵੇਂ ਸਮਾਧੀ ਲਾਈ ਬੈਠਾ ਹੈ)

ਐਸੇ ਹੀ ਠਗਦੇਉ ਬਖਾਨੈ ॥੨॥

ਜਗਤ ਐਸੇ ਬੰਦੇ ਨੂੰ ਵੱਡੇ ਠੱਗ ਆਖਦਾ ਹੈ ॥੨॥

ਨਾਮੇ ਕੇ ਸੁਆਮੀ ਲਾਹਿ ਲੇ ਝਗਰਾ ॥

ਹੇ ਨਾਮਦੇਵ! ਤੇਰੇ ਮਾਲਕ ਪ੍ਰਭੂ ਨੇ (ਤੇਰੇ ਅੰਦਰੋਂ ਇਹ ਪਖੰਡ ਵਾਲਾ) ਝਗੜਾ ਮੁਕਾ ਦਿੱਤਾ ਹੈ।

ਰਾਮ ਰਸਾਇਨ ਪੀਉ ਰੇ ਦਗਰਾ ॥੩॥੪॥

ਹੇ ਕਠੋਰ-ਚਿੱਤ ਮਨੁੱਖ! ਪਰਮਾਤਮਾ ਦਾ ਨਾਮ-ਅੰਮ੍ਰਿਤ ਪੀ (ਅਤੇ ਪਖੰਡ ਛੱਡ) ॥੩॥੪॥


ਆਸਾ ॥
ਪਾਰਬ੍ਰਹਮੁ ਜਿ ਚੀਨੑਸੀ ਆਸਾ ਤੇ ਨ ਭਾਵਸੀ ॥

ਜੋ ਮਨੁੱਖ ਪਰਮਾਤਮਾ ਨਾਲ ਜਾਣ-ਪਛਾਣ ਪਾ ਲੈਂਦੇ ਹਨ, ਉਹਨਾਂ ਨੂੰ ਹੋਰ ਹੋਰ ਆਸਾਂ ਚੰਗੀਆਂ ਨਹੀਂ ਲੱਗਦੀਆਂ।

ਰਾਮਾ ਭਗਤਹ ਚੇਤੀਅਲੇ ਅਚਿੰਤ ਮਨੁ ਰਾਖਸੀ ॥੧॥

ਜਿਨ੍ਹਾਂ ਸੰਤ ਜਨਾਂ ਨੇ ਪ੍ਰਭੂ ਨੂੰ ਸਿਮਰਿਆ ਹੈ, ਪ੍ਰਭੂ ਉਹਨਾਂ ਦੇ ਮਨ ਨੂੰ ਚਿੰਤਾ ਤੋਂ ਬਚਾਈ ਰੱਖਦਾ ਹੈ ॥੧॥

ਕੈਸੇ ਮਨ ਤਰਹਿਗਾ ਰੇ ਸੰਸਾਰੁ ਸਾਗਰੁ ਬਿਖੈ ਕੋ ਬਨਾ ॥

ਹੇ (ਮੇਰੇ) ਮਨ! ਸੰਸਾਰ-ਸਮੁੰਦਰ ਤੋਂ ਕਿਵੇਂ ਪਾਰ ਲੰਘੇਂਗਾ? ਇਸ (ਸੰਸਾਰ-ਸਮੁੰਦਰ) ਵਿਚ ਵਿਕਾਰਾਂ ਦਾ ਪਾਣੀ (ਭਰਿਆ ਪਿਆ) ਹੈ।

ਝੂਠੀ ਮਾਇਆ ਦੇਖਿ ਕੈ ਭੂਲਾ ਰੇ ਮਨਾ ॥੧॥ ਰਹਾਉ ॥

ਹੇ ਮਨ! ਇਹ ਨਾਸਵੰਤ ਮਾਇਕ ਪਦਾਰਥ ਵੇਖ ਕੇ ਤੂੰ (ਪਰਮਾਤਮਾ ਵਲੋਂ) ਖੁੰਝ ਗਿਆ ਹੈਂ ॥੧॥ ਰਹਾਉ ॥

ਛੀਪੇ ਕੇ ਘਰਿ ਜਨਮੁ ਦੈਲਾ ਗੁਰ ਉਪਦੇਸੁ ਭੈਲਾ ॥

ਮੈਨੂੰ ਨਾਮੇ ਨੂੰ (ਭਾਵੇਂ ਜੀਕਰ) ਛੀਂਬੇ ਦੇ ਘਰ ਜਨਮ ਦਿੱਤਾ, ਪਰ (ਉਸ ਦੀ ਮਿਹਰ ਨਾਲ) ਮੈਨੂੰ ਸਤਿਗੁਰੂ ਦਾ ਉਪਦੇਸ਼ ਮਿਲ ਗਿਆ;

ਸੰਤਹ ਕੈ ਪਰਸਾਦਿ ਨਾਮਾ ਹਰਿ ਭੇਟੁਲਾ ॥੨॥੫॥

ਹੁਣ ਸੰਤ ਜਨਾਂ ਦੀ ਕਿਰਪਾ ਨਾਲ ਮੈਨੂੰ (ਨਾਮੇ) ਨੂੰ ਰੱਬ ਮਿਲ ਪਿਆ ਹੈ ॥੨॥੫॥


ਗੂਜਰੀ ਸ੍ਰੀ ਨਾਮਦੇਵ ਜੀ ਕੇ ਪਦੇ ਘਰੁ ੧ ॥

ਰਾਗ ਗੂਜਰੀ ਵਿੱਚ ਭਗਤ ਨਾਮਦੇਵ ਜੀ ਦੀ ਬੰਦਾਂ ਵਾਲੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਜੌ ਰਾਜੁ ਦੇਹਿ ਤ ਕਵਨ ਬਡਾਈ ॥

ਜੇ (ਪ੍ਰਭੂ) ਤੂੰ ਮੈਨੂੰ ਰਾਜ (ਭੀ) ਦੇ ਦੇਵੇਂ, ਤਾਂ ਮੈਂ ਕਿਸੇ ਗੱਲੇ ਵੱਡਾ ਨਹੀਂ ਹੋ ਜਾਵਾਂਗਾ,

ਜੌ ਭੀਖ ਮੰਗਾਵਹਿ ਤ ਕਿਆ ਘਟਿ ਜਾਈ ॥੧॥

ਤੇ ਜੇ ਤੂੰ ਮੈਨੂੰ ਕੰਗਾਲ ਕਰ ਦੇਵੇਂ, ਤਾਂ ਮੇਰਾ ਕੁਝ ਘਟ ਨਹੀਂ ਜਾਣਾ ॥੧॥

ਤੂੰ ਹਰਿ ਭਜੁ ਮਨ ਮੇਰੇ ਪਦੁ ਨਿਰਬਾਨੁ ॥

ਹੇ ਮੇਰੇ ਮਨ! ਤੂੰ ਇੱਕ ਪ੍ਰਭੂ ਨੂੰ ਸਿਮਰ; ਉਹੀ ਵਾਸ਼ਨਾ-ਰਹਿਤ ਅਵਸਥਾ (ਦੇਣ ਵਾਲਾ) ਹੈ,

ਬਹੁਰਿ ਨ ਹੋਇ ਤੇਰਾ ਆਵਨ ਜਾਨੁ ॥੧॥ ਰਹਾਉ ॥

(ਉਸ ਦਾ ਸਿਮਰਨ ਕੀਤਿਆਂ) ਫਿਰ ਤੇਰਾ (ਜਗਤ ਵਿਚ) ਜੰਮਣਾ ਮਰਨਾ ਮਿਟ ਜਾਇਗਾ ॥੧॥ ਰਹਾਉ ॥

ਸਭ ਤੈ ਉਪਾਈ ਭਰਮ ਭੁਲਾਈ ॥

(ਹੇ ਪ੍ਰਭੂ!) ਸਾਰੀ ਸ੍ਰਿਸ਼ਟੀ ਤੂੰ ਆਪ ਹੀ ਪੈਦਾ ਕੀਤੀ ਹੈ, ਤੇ ਭਰਮਾਂ ਵਿਚ ਕੁਰਾਹੇ ਪਾਈ ਹੋਈ ਹੈ,

ਜਿਸ ਤੂੰ ਦੇਵਹਿ ਤਿਸਹਿ ਬੁਝਾਈ ॥੨॥

ਜਿਸ ਜੀਵ ਨੂੰ ਤੂੰ ਆਪ ਮੱਤ ਦੇਂਦਾ ਹੈਂ ਉਸੇ ਨੂੰ ਮੱਤ ਆਉਂਦੀ ਹੈ ॥੨॥

ਸਤਿਗੁਰੁ ਮਿਲੈ ਤ ਸਹਸਾ ਜਾਈ ॥

ਸਤਿਗੁਰੂ ਮਿਲ ਪਏ ਤਾਂ ਦਿਲ ਦੀ ਘਬਰਾਹਟ ਦੂਰ ਹੋ ਜਾਂਦੀ ਹੈ।

ਕਿਸੁ ਹਉ ਪੂਜਉ ਦੂਜਾ ਨਦਰਿ ਨ ਆਈ ॥੩॥

ਪ੍ਰਭੂ ਤੋਂ ਬਿਨਾ ਕੋਈ ਹੋਰ (ਦੁੱਖ ਸੁਖ ਦੇਣ ਵਾਲਾ) ਮੈਨੂੰ ਦਿੱਸਦਾ ਹੀ ਨਹੀਂ, (ਇਸ ਵਾਸਤੇ) ਮੈਂ ਕਿਸੇ ਹੋਰ ਦੀ ਪੂਜਾ ਨਹੀਂ ਕਰਦਾ ॥੩॥

ਏਕੈ ਪਾਥਰ ਕੀਜੈ ਭਾਉ ॥

ਇਕ ਪੱਥਰ (ਨੂੰ ਦੇਵਤਾ ਬਣਾ ਕੇ ਉਸ) ਨਾਲ ਪਿਆਰ ਕੀਤਾ ਜਾਂਦਾ ਹੈ,

ਦੂਜੈ ਪਾਥਰ ਧਰੀਐ ਪਾਉ ॥

ਤੇ ਦੂਜੇ ਪੱਥਰਾਂ ਉੱਤੇ ਪੈਰ ਧਰਿਆ ਜਾਂਦਾ ਹੈ।

ਜੇ ਓਹੁ ਦੇਉ ਤ ਓਹੁ ਭੀ ਦੇਵਾ ॥

ਜੇ ਉਹ ਪੱਥਰ (ਜਿਸ ਦੀ ਪੂਜਾ ਕੀਤੀ ਜਾਂਦੀ ਹੈ) ਦੇਵਤਾ ਹੈ ਤਾਂ ਦੂਜਾ ਪੱਥਰ ਭੀ ਦੇਵਤਾ ਹੈ।

ਕਹਿ ਨਾਮਦੇਉ ਹਮ ਹਰਿ ਕੀ ਸੇਵਾ ॥੪॥੧॥

ਨਾਮਦੇਉ ਆਖਦਾ ਹੈ: ਅਸੀਂ ਤਾਂ ਪਰਮਾਤਮਾ ਦੀ ਹੀ ਬੰਦਗੀ ਕਰਦੇ ਹਾਂ ॥੪॥੧॥


ਗੂਜਰੀ ਘਰੁ ੧ ॥
ਮਲੈ ਨ ਲਾਛੈ ਪਾਰ ਮਲੋ ਪਰਮਲੀਓ ਬੈਠੋ ਰੀ ਆਈ ॥

ਹੇ ਭੈਣ! ਉਸ ਸੋਹਣੇ ਰਾਮ ਨੂੰ ਮੈਲ ਦਾ ਦਾਗ਼ ਤੱਕ ਨਹੀਂ ਹੈ, ਉਹ ਮੈਲ ਤੋਂ ਪਰੇ ਹੈ, ਉਹ ਤਾਂ (ਫੁਲਾਂ ਦੀ) ਸੁਗੰਧੀ (ਵਾਂਗ) ਸਭ ਜੀਵਾਂ ਵਿਚ ਆ ਕੇ ਵੱਸਦਾ ਹੈ।

ਆਵਤ ਕਿਨੈ ਨ ਪੇਖਿਓ ਕਵਨੈ ਜਾਣੈ ਰੀ ਬਾਈ ॥੧॥

ਹੇ ਭੈਣ! ਉਸ ਸੋਹਣੇ ਰਾਮ ਨੂੰ ਕਦੇ ਕਿਸੇ ਨੇ ਜੰਮਦਾ ਨਹੀਂ ਵੇਖਿਆ, ਕੋਈ ਨਹੀਂ ਜਾਣਦਾ ਕਿ ਉਹ ਕਿਹੋ ਜਿਹਾ ਹੈ ॥੧॥

ਕਉਣੁ ਕਹੈ ਕਿਣਿ ਬੂਝੀਐ ਰਮਈਆ ਆਕੁਲੁ ਰੀ ਬਾਈ ॥੧॥ ਰਹਾਉ ॥

ਹੇ ਭੈਣ! ਮੇਰਾ ਸੋਹਣਾ ਰਾਮ ਹਰ ਥਾਂ ਵਿਆਪਕ ਹੈ, ਪਰ ਕੋਈ ਜੀਵ ਭੀ (ਉਸ ਦਾ ਮੁਕੰਮਲ ਸਰੂਪ) ਬਿਆਨ ਨਹੀਂ ਕਰ ਸਕਦਾ, ਕਿਸੇ ਨੇ ਭੀ (ਉਸ ਦੇ ਮੁਕੰਮਲ ਸਰੂਪ ਨੂੰ) ਨਹੀਂ ਸਮਝਿਆ ॥੧॥ ਰਹਾਉ ॥

ਜਿਉ ਆਕਾਸੈ ਪੰਖੀਅਲੋ ਖੋਜੁ ਨਿਰਖਿਓ ਨ ਜਾਈ ॥

ਜਿਵੇਂ ਆਕਾਸ਼ ਵਿਚ ਪੰਛੀ ਉੱਡਦਾ ਹੈ, ਪਰ ਉਸ ਦੇ ਉੱਡਣ ਵਾਲੇ ਰਸਤੇ ਦਾ ਖੁਰਾ-ਖੋਜ ਵੇਖਿਆ ਨਹੀਂ ਜਾ ਸਕਦਾ;

ਜਿਉ ਜਲ ਮਾਝੈ ਮਾਛਲੋ ਮਾਰਗੁ ਪੇਖਣੋ ਨ ਜਾਈ ॥੨॥

ਜਿਵੇਂ ਮੱਛੀ ਪਾਣੀ ਵਿਚ ਤਰਦੀ ਹੈ, ਪਰ (ਜਿਸ ਰਸਤੇ ਤਰਦੀ ਹੈ) ਉਹ ਰਾਹ ਵੇਖਿਆ ਨਹੀਂ ਜਾ ਸਕਦਾ (ਭਾਵ, ਅੱਖਾਂ ਅੱਗੇ ਕਾਇਮ ਨਹੀਂ ਕੀਤਾ ਜਾ ਸਕਦਾ, ਤਿਵੇਂ ਉਸ ਪ੍ਰਭੂ ਦਾ ਮੁਕੰਮਲ ਸਰੂਪ ਬਿਆਨ ਨਹੀਂ ਹੋ ਸਕਦਾ) ॥੨॥

ਜਿਉ ਆਕਾਸੈ ਘੜੂਅਲੋ ਮ੍ਰਿਗ ਤ੍ਰਿਸਨਾ ਭਰਿਆ ॥

ਜਿਵੇਂ ਖੁਲ੍ਹੇ ਥਾਂ ਮ੍ਰਿਗ ਤ੍ਰਿਸ਼ਨਾ ਦਾ ਜਲ ਦਿੱਸਦਾ ਹੈ (ਅਗਾਂਹ ਅਗਾਂਹ ਤੁਰੇ ਜਾਈਏ, ਪਰ ਉਸ ਦਾ ਟਿਕਾਣਾ ਲੱਭਦਾ ਨਹੀਂ, ਇਸੇ ਤਰ੍ਹਾਂ ਪ੍ਰਭੂ ਦਾ ਖ਼ਾਸ ਟਿਕਾਣਾ ਨਹੀਂ ਲੱਭਦਾ)।

ਨਾਮੇ ਚੇ ਸੁਆਮੀ ਬੀਠਲੋ ਜਿਨਿ ਤੀਨੈ ਜਰਿਆ ॥੩॥੨॥

ਨਾਮਦੇਵ ਦੇ ਖਸਮ ਬੀਠਲ ਜੀ ਐਸੇ ਹਨ ਜਿਸ ਨੇ ਮੇਰੇ ਤਿੰਨੇ ਤਾਪ ਸਾੜ ਦਿੱਤੇ ਹਨ ॥੩॥੨॥


ਰਾਗੁ ਸੋਰਠਿ ਬਾਣੀ ਭਗਤ ਨਾਮਦੇ ਜੀ ਕੀ ਘਰੁ ੨ ॥

ਰਾਗ ਸੋਰਠਿ, ਘਰ ੨ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਜਬ ਦੇਖਾ ਤਬ ਗਾਵਾ ॥

(ਹੁਣ ਸ਼ਬਦ ਦੀ ਬਰਕਤਿ ਦਾ ਸਦਕਾ) ਜਿਉਂ ਜਿਉਂ ਮੈਂ ਪਰਮਾਤਮਾ ਦਾ (ਹਰ ਥਾਂ) ਦੀਦਾਰ ਕਰਦਾ ਹਾਂ ਮੈਂ (ਆਪ-ਮੁਹਾਰਾ) ਉਸ ਦੀ ਸਿਫ਼ਤ-ਸਾਲਾਹ ਕਰਦਾ ਹਾਂ,

ਤਉ ਜਨ ਧੀਰਜੁ ਪਾਵਾ ॥੧॥

ਤੇ ਹੇ ਭਾਈ! ਮੇਰੇ ਅੰਦਰ ਠੰਢ ਪੈਂਦੀ ਜਾਂਦੀ ਹੈ ॥੧॥

ਨਾਦਿ ਸਮਾਇਲੋ ਰੇ ਸਤਿਗੁਰੁ ਭੇਟਿਲੇ ਦੇਵਾ ॥੧॥ ਰਹਾਉ ॥

ਹੇ ਭਾਈ! ਮੈਨੂੰ ਪ੍ਰਭੂ-ਦੇਵ ਨੇ ਸਤਿਗੁਰੂ ਮਿਲਾ ਦਿੱਤਾ ਹੈ, (ਉਸ ਦੀ ਬਰਕਤਿ ਨਾਲ, ਮੇਰਾ ਮਨ) ਉਸ ਦੇ ਸ਼ਬਦ ਵਿਚ ਲੀਨ ਹੋ ਗਿਆ ਹੈ ॥੧॥ ਰਹਾਉ ॥

ਜਹ ਝਿਲਿ ਮਿਲਿ ਕਾਰੁ ਦਿਸੰਤਾ ॥

(ਹੇ ਭਾਈ!) ਜਿਸ ਮਨ ਵਿਚ ਪਹਿਲਾਂ ਚੰਚਲਤਾ ਦਿੱਸ ਰਹੀ ਸੀ,

ਤਹ ਅਨਹਦ ਸਬਦ ਬਜੰਤਾ ॥

ਉੱਥੇ ਹੁਣ ਇੱਕ-ਰਸ ਗੁਰ-ਸ਼ਬਦ ਦਾ ਪ੍ਰਭਾਵ ਪੈ ਰਿਹਾ ਹੈ।

ਜੋਤੀ ਜੋਤਿ ਸਮਾਨੀ ॥

ਹੁਣ ਮੇਰੀ ਆਤਮਾ ਪਰਮਾਤਮਾ ਵਿਚ ਮਿਲ ਗਈ ਹੈ,

ਮੈ ਗੁਰਪਰਸਾਦੀ ਜਾਨੀ ॥੨॥

ਸਤਿਗੁਰੂ ਦੀ ਕਿਰਪਾ ਨਾਲ ਮੈਂ ਉਸ ਜੋਤਿ ਨੂੰ ਪਛਾਣ ਲਿਆ ਹੈ ॥੨॥

ਰਤਨ ਕਮਲ ਕੋਠਰੀ ॥

ਮੇਰੇ ਹਿਰਦੇ-ਕਮਲ ਦੀ ਕੋਠੜੀ ਵਿਚ ਰਤਨ ਸਨ (ਪਰ ਲੁਕੇ ਹੋਏ ਸਨ);

ਚਮਕਾਰ ਬੀਜੁਲ ਤਹੀ ॥

ਹੁਣ ਉੱਥੇ (ਗੁਰੂ ਦੀ ਮਿਹਰ ਸਦਕਾ, ਮਾਨੋ) ਬਿਜਲੀ ਦੀ ਲਿਸ਼ਕ (ਵਰਗਾ ਚਾਨਣ) ਹੈ (ਤੇ ਉਹ ਰਤਨ ਦਿੱਸ ਪਏ ਹਨ)।

ਨੇਰੈ ਨਾਹੀ ਦੂਰਿ ॥

ਹੁਣ ਪ੍ਰਭੂ ਕਿਤੇ ਦੂਰ ਨਹੀਂ ਜਾਪਦਾ, ਨੇੜੇ ਦਿੱਸਦਾ ਹੈ,

ਨਿਜ ਆਤਮੈ ਰਹਿਆ ਭਰਪੂਰਿ ॥੩॥

ਮੈਨੂੰ ਆਪਣੇ ਅੰਦਰ ਹੀ ਭਰਪੂਰ ਦਿੱਸਦਾ ਹੈ ॥੩॥

ਜਹ ਅਨਹਤ ਸੂਰ ਉਜੵਾਰਾ ॥

ਜਿਸ ਮਨ ਵਿਚ ਹੁਣ ਇੱਕ-ਰਸ ਸੂਰਜ ਦੇ ਚਾਨਣ ਵਰਗਾ ਚਾਨਣ ਹੈ,

ਤਹ ਦੀਪਕ ਜਲੈ ਛੰਛਾਰਾ ॥

ਇੱਥੇ ਪਹਿਲਾਂ (ਮਾਨੋ) ਮੱਧਮ ਜਿਹਾ ਦੀਵਾ ਬਲ ਰਿਹਾ ਸੀ।

ਗੁਰਪਰਸਾਦੀ ਜਾਨਿਆ ॥

ਹੁਣ ਗੁਰੂ ਦੀ ਕਿਰਪਾ ਨਾਲ ਮੇਰੀ ਉਸ ਪ੍ਰਭੂ ਨਾਲ ਜਾਣ-ਪਛਾਣ ਹੋ ਗਈ ਹੈ,

ਜਨੁ ਨਾਮਾ ਸਹਜ ਸਮਾਨਿਆ ॥੪॥੧॥

ਤੇ ਮੈਂ ਦਾਸ ਨਾਮਦੇਵ ਅਡੋਲ ਅਵਸਥਾ ਵਿਚ ਟਿਕ ਗਿਆ ਹਾਂ ॥੪॥੧॥


ਘਰੁ ੪ ਸੋਰਠਿ ॥
ਪਾੜ ਪੜੋਸਣਿ ਪੂਛਿ ਲੇ ਨਾਮਾ ਕਾ ਪਹਿ ਛਾਨਿ ਛਵਾਈ ਹੋ ॥

ਨਾਲ ਦੀ ਗੁਆਂਢਣ ਨੇ ਪੁੱਛਿਆ-ਹੇ ਨਾਮੇ! ਤੂੰ ਆਪਣੀ ਛੰਨ ਕਿਸ ਪਾਸੋਂ ਬਣਵਾਈ ਹੈ?

ਤੋ ਪਹਿ ਦੁਗਣੀ ਮਜੂਰੀ ਦੈਹਉ ਮੋ ਕਉ ਬੇਢੀ ਦੇਹੁ ਬਤਾਈ ਹੋ ॥੧॥

ਮੈਨੂੰ ਉਸ ਤਰਖਾਣ ਦੀ ਦੱਸ ਪਾ, ਮੈਂ ਤੇਰੇ ਨਾਲੋਂ ਦੂਣੀ ਮਜੂਰੀ ਦੇ ਦਿਆਂਗੀ ॥੧॥

ਰੀ ਬਾਈ ਬੇਢੀ ਦੇਨੁ ਨ ਜਾਈ ॥

ਹੇ ਭੈਣ! ਉਸ ਤਰਖਾਣ ਦੀ (ਇਸ ਤਰ੍ਹਾਂ) ਦੱਸ ਨਹੀਂ ਪਾਈ ਜਾ ਸਕਦੀ;

ਦੇਖੁ ਬੇਢੀ ਰਹਿਓ ਸਮਾਈ ॥

ਵੇਖ, ਉਹ ਤਰਖਾਣ ਹਰ ਥਾਂ ਮੌਜੂਦ ਹੈ,

ਹਮਾਰੈ ਬੇਢੀ ਪ੍ਰਾਨ ਅਧਾਰਾ ॥੧॥ ਰਹਾਉ ॥

ਤੇ ਉਹ ਮੇਰੀ ਜਿੰਦ ਦਾ ਆਸਰਾ ਹੈ ॥੧॥ ਰਹਾਉ ॥

ਬੇਢੀ ਪ੍ਰੀਤਿ ਮਜੂਰੀ ਮਾਂਗੈ ਜਉ ਕੋਊ ਛਾਨਿ ਛਵਾਵੈ ਹੋ ॥

(ਹੇ ਭੈਣ!) ਜੇ ਕੋਈ ਮਨੁੱਖ (ਉਸ ਤਰਖਾਣ ਪਾਸੋਂ) ਛੰਨ ਬਣਵਾਏ ਤਾਂ ਉਹ ਤਰਖਾਣ ਪ੍ਰੀਤ (ਦੀ) ਮਜੂਰੀ ਮੰਗਦਾ ਹੈ।

ਲੋਗ ਕੁਟੰਬ ਸਭਹੁ ਤੇ ਤੋਰੈ ਤਉ ਆਪਨ ਬੇਢੀ ਆਵੈ ਹੋ ॥੨॥

(ਪ੍ਰੀਤ ਭੀ ਅਜਿਹੀ ਹੋਵੇ ਕਿ ਲੋਕਾਂ ਨਾਲੋਂ, ਪਰਵਾਰ ਨਾਲੋਂ, ਸਭਨਾਂ ਨਾਲੋਂ, ਮੋਹ ਤੋੜ ਲਏ; ਤਾਂ ਉਹ ਤਰਖਾਣ ਆਪਣੇ ਆਪ ਆ ਜਾਂਦਾ ਹੈ) ॥੨॥

ਐਸੋ ਬੇਢੀ ਬਰਨਿ ਨ ਸਾਕਉ ਸਭ ਅੰਤਰ ਸਭ ਠਾਂਈ ਹੋ ॥

(ਹੇ ਭੈਣ!) ਮੈਂ (ਉਸ) ਐਸੇ ਤਰਖਾਣ ਦਾ ਸਰੂਪ ਬਿਆਨ ਨਹੀਂ ਕਰ ਸਕਦਾ। (ਉਂਞ) ਉਹ ਸਭਨਾਂ ਵਿਚ ਹੈ, ਉਹ ਸਭ ਥਾਈਂ ਹੈ।

ਗੂੰਗੈ ਮਹਾ ਅੰਮ੍ਰਿਤ ਰਸੁ ਚਾਖਿਆ ਪੂਛੇ ਕਹਨੁ ਨ ਜਾਈ ਹੋ ॥੩॥

(ਜਿਵੇਂ) ਜੇ ਕੋਈ ਗੁੰਗਾ ਬੜਾ ਸੁਆਦਲਾ ਪਦਾਰਥ ਖਾਏ ਤਾਂ ਪੁੱਛਿਆਂ (ਉਸ ਪਾਸੋਂ ਉਸ ਦਾ ਸੁਆਦ) ਦੱਸਿਆ ਨਹੀਂ ਜਾ ਸਕਦਾ ॥੩॥

ਬੇਢੀ ਕੇ ਗੁਣ ਸੁਨਿ ਰੀ ਬਾਈ ਜਲਧਿ ਬਾਂਧਿ ਧ੍ਰੂ ਥਾਪਿਓ ਹੋ ॥

ਹੇ ਭੈਣ! ਉਸ ਤਰਖਾਣ ਦੇ (ਕੁਝ ਥੋੜੇ ਜਿਹੇ) ਗੁਣ ਸੁਣ ਲੈ-ਉਸ ਨੇ ਧ੍ਰੂ ਨੂੰ ਅਟੱਲ ਪਦਵੀ ਦਿੱਤੀ, ਉਸ ਨੇ ਸਮੁੰਦਰ (ਤੇ ਪੁਲ) ਬੱਧਾ,

ਨਾਮੇ ਕੇ ਸੁਆਮੀ ਸੀਅ ਬਹੋਰੀ ਲੰਕ ਭਭੀਖਣ ਆਪਿਓ ਹੋ ॥੪॥੨॥

ਨਾਮਦੇਵ ਦੇ (ਉਸ ਤਰਖਾਣ) ਨੇ (ਲੰਕਾਂ ਤੋਂ) ਸੀਤਾ ਮੋੜ ਕੇ ਲਿਆਂਦੀ ਤੇ ਭਭੀਖਣ ਨੂੰ ਲੰਕਾ ਦਾ ਮਾਲਕ ਬਣਾ ਦਿੱਤਾ ॥੪॥੨॥


ਸੋਰਠਿ ਘਰੁ ੩ ॥
ਅਣਮੜਿਆ ਮੰਦਲੁ ਬਾਜੈ ॥

(ਉਸ ਮਨੁੱਖ ਦੇ ਅੰਦਰ) ਢੋਲ ਵੱਜਣ ਲੱਗ ਪੈਂਦਾ ਹੈ (ਪਰ ਉਹ ਢੋਲ ਖੱਲ ਨਾਲ) ਮੜ੍ਹਿਆ ਹੋਇਆ ਨਹੀਂ ਹੁੰਦਾ,

ਬਿਨੁ ਸਾਵਣ ਘਨਹਰੁ ਗਾਜੈ ॥

(ਉਸ ਦੇ ਮਨ ਵਿਚ) ਬੱਦਲ ਗੱਜਣ ਲੱਗ ਪੈਂਦਾ ਹੈ, ਪਰ ਉਹ ਬੱਦਲ ਸਾਵਣ ਮਹੀਨੇ ਦੀ ਉਡੀਕ ਨਹੀਂ ਕਰਦਾ (ਭਾਵ, ਹਰ ਵੇਲੇ ਗੱਜਦਾ ਹੈ),

ਬਾਦਲ ਬਿਨੁ ਬਰਖਾ ਹੋਈ ॥

ਉਸ ਦੇ ਅੰਦਰ ਬੱਦਲਾਂ ਤੋਂ ਬਿਨਾ ਹੀ ਮੀਂਹ ਪੈਣ ਲੱਗ ਜਾਂਦਾ ਹੈ (ਬੱਦਲ ਤਾਂ ਕਦੇ ਆਏ ਤੇ ਕਦੇ ਚਲੇ ਗਏ, ਉੱਥੇ ਹਰ ਵੇਲੇ ਹੀ ਨਾਮ ਦੀ ਵਰਖਾ ਹੁੰਦੀ ਹੈ)

ਜਉ ਤਤੁ ਬਿਚਾਰੈ ਕੋਈ ॥੧॥

ਜਿਹੜਾ ਭੀ ਕੋਈ ਮਨੁੱਖ ਅਸਲੀਅਤ ਨੂੰ ਵਿਚਾਰਦਾ ਹੈ (ਭਾਵ, ਜਿਸ ਦੇ ਭੀ ਅੰਦਰ ਇਹ ਮੇਲ-ਅਵਸਥਾ ਵਾਪਰਦੀ ਹੈ ॥੧॥

ਮੋ ਕਉ ਮਿਲਿਓ ਰਾਮੁ ਸਨੇਹੀ ॥

ਮੈਨੂੰ ਪਿਆਰਾ ਰਾਮ ਮਿਲ ਪਿਆ ਹੈ,

ਜਿਹ ਮਿਲਿਐ ਦੇਹ ਸੁਦੇਹੀ ॥੧॥ ਰਹਾਉ ॥

ਜਿਸ ਦੇ ਮਿਲਣ ਦੀ ਬਰਕਤਿ ਨਾਲ ਮੇਰਾ ਸਰੀਰ ਭੀ ਚਮਕ ਪਿਆ ਹੈ ॥੧॥ ਰਹਾਉ ॥

ਮਿਲਿ ਪਾਰਸ ਕੰਚਨੁ ਹੋਇਆ ॥

ਜਿਵੇਂ ਪਾਰਸ ਨਾਲ ਛੋਹ ਕੇ (ਲੋਹਾ) ਸੋਨਾ ਬਣ ਜਾਂਦਾ ਹੈ,

ਮੁਖ ਮਨਸਾ ਰਤਨੁ ਪਰੋਇਆ ॥

ਹੁਣ ਮੇਰੇ ਬਚਨਾਂ ਵਿਚ ਤੇ ਖ਼ਿਆਲਾਂ ਵਿਚ ਨਾਮ-ਰਤਨ ਹੀ ਪਰੋਤਾ ਗਿਆ ਹੈ।

ਨਿਜ ਭਾਉ ਭਇਆ ਭ੍ਰਮੁ ਭਾਗਾ ॥

(ਪ੍ਰਭੂ ਨਾਲ ਹੁਣ) ਮੇਰਾ ਆਪਣਿਆਂ ਵਾਲਾ ਪਿਆਰ ਪੈ ਗਿਆ ਹੈ, (ਇਹ) ਭੁਲੇਖਾ ਰਹਿ ਹੀ ਨਹੀਂ ਗਿਆ (ਕਿ ਕਿਤੇ ਕੋਈ ਓਪਰਾ ਭੀ ਹੈ)

ਗੁਰ ਪੂਛੇ ਮਨੁ ਪਤੀਆਗਾ ॥੨॥

ਸਤਿਗੁਰੂ ਦੀ ਸਿੱਖਿਆ ਲੈ ਕੇ ਮੇਰਾ ਮਨ ਪਤੀਜ ਗਿਆ ਹੈ (ਤੇ ਸੁਅੱਛ ਹੋ ਗਿਆ ਹੈ) ॥੨॥

ਜਲ ਭੀਤਰਿ ਕੁੰਭ ਸਮਾਨਿਆ ॥

(ਜਿਵੇਂ ਸਮੁੰਦਰ ਦੇ) ਪਾਣੀ ਵਿਚ ਘੜੇ ਦਾ ਪਾਣੀ ਮਿਲ ਜਾਂਦਾ ਹੈ (ਤੇ ਆਪਣੀ ਵੱਖਰੀ ਹਸਤੀ ਮਿਟਾ ਲੈਂਦਾ ਹੈ),

ਸਭ ਰਾਮੁ ਏਕੁ ਕਰਿ ਜਾਨਿਆ ॥

ਮੈਨੂੰ ਭੀ ਹੁਣ ਹਰ ਥਾਂ ਰਾਮ ਹੀ ਰਾਮ ਦਿੱਸਦਾ ਹੈ (ਮੇਰੀ ਆਪਣੀ ਅਪਣੱਤ ਰਹੀ ਹੀ ਨਹੀਂ)।

ਗੁਰ ਚੇਲੇ ਹੈ ਮਨੁ ਮਾਨਿਆ ॥

ਆਪਣੇ ਸਤਿਗੁਰੂ ਨਾਲ ਮੇਰਾ ਮਨ ਇਕ-ਮਿਕ ਹੋ ਗਿਆ ਹੈ,

ਜਨ ਨਾਮੈ ਤਤੁ ਪਛਾਨਿਆ ॥੩॥੩॥

ਤੇ ਮੈਂ ਦਾਸ ਨਾਮੇ ਨੇ (ਜਗਤ ਦੇ) ਅਸਲੇ ਪਰਮਾਤਮਾ ਨਾਲ (ਪੱਕੀ) ਸਾਂਝ ਪਾ ਲਈ ਹੈ ॥੩॥੩॥


ਧਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ ॥

ਰਾਗ ਧਨਾਸਰੀ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਗਹਰੀ ਕਰਿ ਕੈ ਨੀਵ ਖੁਦਾਈ ਊਪਰਿ ਮੰਡਪ ਛਾਏ ॥

ਜਿਨ੍ਹਾਂ ਨੇ ਡੂੰਘੀਆਂ ਨੀਹਾਂ ਪੁਟਵਾ ਕੇ ਉੱਤੇ ਮਹਿਲ-ਮਾੜੀਆਂ ਉਸਰਾਏ (ਉਹਨਾਂ ਦੇ ਭੀ ਇੱਥੇ ਹੀ ਰਹਿ ਗਏ;

ਮਾਰਕੰਡੇ ਤੇ ਕੋ ਅਧਿਕਾਈ ਜਿਨਿ ਤ੍ਰਿਣ ਧਰਿ ਮੂੰਡ ਬਲਾਏ ॥੧॥

ਤਾਹੀਏਂ ਸਿਆਣੇ ਬੰਦੇ ਇਹਨਾਂ ਮਹਿਲ-ਮਾੜੀਆਂ ਦਾ ਭੀ ਮਾਣ ਨਹੀਂ ਕਰਦੇ; ਵੇਖੋ) ਮਾਰਕੰਡੇ ਰਿਸ਼ੀ ਨਾਲੋਂ ਕਿਸ ਦੀ ਵੱਡੀ ਉਮਰ ਹੋਣੀ ਏ? ਉਸ ਨੇ ਕੱਖਾਂ ਦੀ ਕੁੱਲੀ ਵਿਚ ਹੀ ਝੱਟ ਲੰਘਾਇਆ ॥੧॥

ਹਮਰੋ ਕਰਤਾ ਰਾਮੁ ਸਨੇਹੀ ॥

ਅਸਾਡਾ ਅਸਲ ਪਿਆਰਾ (ਜਿਸ ਨੇ ਸਾਥ ਨਿਭਾਉਣਾ ਹੈ) ਤਾਂ ਕਰਤਾਰ ਹੈ, ਪਰਮਾਤਮਾ ਹੈ।

ਕਾਹੇ ਰੇ ਨਰ ਗਰਬੁ ਕਰਤ ਹਹੁ ਬਿਨਸਿ ਜਾਇ ਝੂਠੀ ਦੇਹੀ ॥੧॥ ਰਹਾਉ ॥

ਹੇ ਬੰਦਿਓ! (ਆਪਣੇ ਸਰੀਰ ਦਾ) ਕਿਉਂ ਮਾਣ ਕਰਦੇ ਹੋ! ਇਹ ਸਰੀਰ ਨਾਸਵੰਤ ਹੈ, ਨਾਸ ਹੋ ਜਾਇਗਾ ॥੧॥ ਰਹਾਉ ॥

ਮੇਰੀ ਮੇਰੀ ਕੈਰਉ ਕਰਤੇ ਦੁਰਜੋਧਨ ਸੇ ਭਾਈ ॥

ਜਿਨ੍ਹਾਂ ਕੌਰਵਾਂ ਦੇ ਦੁਰਜੋਧਨ ਵਰਗੇ (ਬਲੀ) ਭਰਾ ਸਨ, ਉਹ ਭੀ (ਇਹ ਮਾਣ ਕਰਦੇ ਰਹੇ ਕਿ) ਅਸਾਡੀ (ਪਾਤਸ਼ਾਹੀ) ਅਸਾਡੀ (ਪਾਤਸ਼ਾਹੀ), (ਪਾਂਡੋ ਕੀਹ ਲੱਗਦੇ ਹਨ ਇਸ ਧਰਤੀ ਦੇ?);

ਬਾਰਹ ਜੋਜਨ ਛਤ੍ਰੁ ਚਲੈ ਥਾ ਦੇਹੀ ਗਿਰਝਨ ਖਾਈ ॥੨॥

(ਕੁਰਖੇਤਰ ਦੇ ਜੰਗ ਵੇਲੇ) ਅਠਤਾਲੀਆਂ ਕੋਹਾਂ ਵਿਚ ਉਹਨਾਂ ਦੀ ਸੈਨਾ ਦਾ ਖਿਲਾਰ ਸੀ (ਪਰ ਕਿੱਧਰ ਗਈ ਬਾਦਸ਼ਾਹੀ ਤੇ ਕਿੱਧਰ ਗਿਆ ਉਹ ਛਤਰ? ਕੁਰਖੇਤਰ ਦੇ ਜੰਗ ਵਿਚ) ਗਿਰਝਾਂ ਨੇ ਉਹਨਾਂ ਦੀਆਂ ਲੋਥਾਂ ਖਾਧੀਆਂ ॥੨॥

ਸਰਬ ਸੁੋਇਨ ਕੀ ਲੰਕਾ ਹੋਤੀ ਰਾਵਨ ਸੇ ਅਧਿਕਾਈ ॥

ਰਾਵਣ ਵਰਗੇ ਵੱਡੇ ਬਲੀ ਰਾਜੇ ਦੀ ਲੰਕਾ ਸਾਰੀ ਦੀ ਸਾਰੀ ਸੋਨੇ ਦੀ ਸੀ,

ਕਹਾ ਭਇਓ ਦਰਿ ਬਾਂਧੇ ਹਾਥੀ ਖਿਨ ਮਹਿ ਭਈ ਪਰਾਈ ॥੩॥

(ਉਸ ਦੇ ਮਹਿਲਾਂ ਦੇ) ਦਰਵਾਜ਼ੇ ਤੇ ਹਾਥੀ ਬੱਝੇ ਖਲੋਤੇ ਸਨ, ਪਰ ਆਖ਼ਰ ਕੀਹ ਬਣਿਆ? ਇਕ ਪਲ ਵਿਚ ਸਭ ਕੁਝ ਪਰਾਇਆ ਹੋ ਗਿਆ ॥੩॥

ਦੁਰਬਾਸਾ ਸਿਉ ਕਰਤ ਠਗਉਰੀ ਜਾਦਵ ਏ ਫਲ ਪਾਏ ॥

(ਸੋ, ਅਹੰਕਾਰ ਕਿਸੇ ਚੀਜ਼ ਦਾ ਭੀ ਹੋਵੇ ਉਹ ਮਾੜਾ ਹੈ; ਅਹੰਕਾਰ ਵਿਚ ਹੀ ਆ ਕੇ) ਜਾਦਵਾਂ ਨੇ ਦੁਰਬਾਸਾ ਨਾਲ ਮਸਖ਼ਰੀ ਕੀਤੀ ਤੇ ਇਹ ਫਲ ਪਾਇਓ ਨੇ (ਕਿ ਸਾਰੀ ਕੁਲ ਹੀ ਮੁੱਕ ਗਈ)।

ਕ੍ਰਿਪਾ ਕਰੀ ਜਨ ਅਪੁਨੇ ਊਪਰ ਨਾਮਦੇਉ ਹਰਿ ਗੁਨ ਗਾਏ ॥੪॥੧॥

(ਪਰ ਸ਼ੁਕਰ ਹੈ) ਆਪਣੇ ਦਾਸ ਨਾਮਦੇਵ ਉੱਤੇ ਪਰਮਾਤਮਾ ਨੇ ਕਿਰਪਾ ਕੀਤੀ ਹੈ ਤੇ ਨਾਮਦੇਵ (ਮਾਣ ਤਿਆਗ ਕੇ) ਪਰਮਾਤਮਾ ਦੇ ਗੁਣ ਗਾਉਂਦਾ ਹੈ।੪।੧।ਭਾਵ: ਅਹੰਕਾਰ, ਚਾਹੇ ਕਿਸੇ ਚੀਜ਼ ਦਾ ਭੀ ਹੋਵੇ, ਮਾੜਾ ਹੈ ॥੪॥੧॥


ਦਸ ਬੈਰਾਗਨਿ ਮੋਹਿ ਬਸਿ ਕੀਨੑੀ ਪੰਚਹੁ ਕਾ ਮਿਟ ਨਾਵਉ ॥

(ਪ੍ਰਭੂ ਦੇ ਨਾਮ ਦਾ ਵੈਰਾਗੀ ਬਣ ਕੇ) ਮੈਂ ਆਪਣੀਆਂ ਦਸੇ ਵੈਰਾਗਣ ਇੰਦ੍ਰੀਆਂ ਨੂੰ ਆਪਣੇ ਵੱਸ ਵਿਚ ਕਰ ਲਿਆ ਹੈ, (ਮੇਰੇ ਅੰਦਰੋਂ ਹੁਣ) ਪੰਜ ਕਾਮਾਦਿਕਾਂ ਦਾ ਖੁਰਾ-ਖੋਜ ਹੀ ਮਿਟ ਗਿਆ ਹੈ (ਭਾਵ, ਮੇਰੇ ਉੱਤੇ ਇਹ ਆਪਣਾ ਜ਼ੋਰ ਨਹੀਂ ਪਾ ਸਕਦੇ);

ਸਤਰਿ ਦੋਇ ਭਰੇ ਅੰਮ੍ਰਿਤਸਰਿ ਬਿਖੁ ਕਉ ਮਾਰਿ ਕਢਾਵਉ ॥੧॥

ਮੈਂ ਆਪਣੀ ਰਗ-ਰਗ ਨੂੰ ਨਾਮ ਅੰਮ੍ਰਿਤ ਦੇ ਸਰੋਵਰ ਨਾਲ ਭਰ ਲਿਆ ਹੈ ਤੇ (ਮਾਇਆ ਦੇ) ਜ਼ਹਿਰ ਦਾ ਪੂਰਨ ਤੌਰ ਤੇ ਨਾਸ ਕਰ ਦਿੱਤਾ ਹੈ ॥੧॥

ਪਾਛੈ ਬਹੁਰਿ ਨ ਆਵਨੁ ਪਾਵਉ ॥

ਹੁਣ ਮੈਂ ਮੁੜ ਮੁੜ ਜਨਮ ਮਰਨ ਵਿਚ ਨਹੀਂ ਆਵਾਂਗਾ,

ਅੰਮ੍ਰਿਤ ਬਾਣੀ ਘਟ ਤੇ ਉਚਰਉ ਆਤਮ ਕਉ ਸਮਝਾਵਉ ॥੧॥ ਰਹਾਉ ॥

(ਕਿਉਂਕਿ) ਮੈਂ ਚਿੱਤ ਜੋੜ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਉਚਾਰਦਾ ਹਾਂ ਤੇ ਆਪਣੇ ਆਤਮਾ ਨੂੰ (ਸਹੀ ਜੀਵਨ ਦੀ) ਸਿੱਖਿਆ ਦੇਂਦਾ ਰਹਿੰਦਾ ਹਾਂ ॥੧॥ ਰਹਾਉ ॥

ਬਜਰ ਕੁਠਾਰੁ ਮੋਹਿ ਹੈ ਛੀਨਾਂ ਕਰਿ ਮਿੰਨਤਿ ਲਗਿ ਪਾਵਉ ॥

ਆਪਣੇ ਸਤਗੁਰੂ ਦੀ ਚਰਨੀਂ ਲੱਗ ਕੇ, ਗੁਰੂ ਅੱਗੇ ਅਰਜ਼ੋਈ ਕਰ ਕੇ (ਕਾਲ ਦੇ ਹੱਥੋਂ) ਮੈਂ (ਉਸ ਦਾ) ਭਿਆਨਕ ਕੁਹਾੜਾ ਖੋਹ ਲਿਆ ਹੈ।

ਸੰਤਨ ਕੇ ਹਮ ਉਲਟੇ ਸੇਵਕ ਭਗਤਨ ਤੇ ਡਰਪਾਵਉ ॥੨॥

(ਕਾਲ ਪਾਸੋਂ ਡਰਨ ਦੇ ਥਾਂ) ਮੈਂ ਉਲਟਾ ਭਗਤ ਜਨਾਂ ਤੋਂ ਡਰਦਾ ਹਾਂ (ਭਾਵ, ਅਦਬ ਕਰਦਾ ਹਾਂ) ਤੇ ਉਹਨਾਂ ਦਾ ਹੀ ਸੇਵਕ ਬਣ ਗਿਆ ਹਾਂ ॥੨॥

ਇਹ ਸੰਸਾਰ ਤੇ ਤਬ ਹੀ ਛੂਟਉ ਜਉ ਮਾਇਆ ਨਹ ਲਪਟਾਵਉ ॥

ਇਸ ਸੰਸਾਰ ਦੇ ਬੰਧਨਾਂ ਤੋਂ ਮੇਰੀ ਤਦੋਂ ਹੀ ਖ਼ਲਾਸੀ ਹੋ ਸਕਦੀ ਹੈ ਜੇ ਮੈਂ ਮਾਇਆ ਦੇ ਮੋਹ ਵਿਚ ਨਾ ਫਸਾਂ;

ਮਾਇਆ ਨਾਮੁ ਗਰਭ ਜੋਨਿ ਕਾ ਤਿਹ ਤਜਿ ਦਰਸਨੁ ਪਾਵਉ ॥੩॥

ਮਾਇਆ (ਦਾ ਮੋਹ) ਹੀ ਜਨਮ ਮਰਨ ਦੇ ਗੇੜ ਵਿਚ ਪੈਣ ਦਾ ਮੂਲ ਹੈ, ਇਸ ਨੂੰ ਤਿਆਗ ਕੇ ਹੀ ਪ੍ਰਭੂ ਦਾ ਦੀਦਾਰ ਹੋ ਸਕਦਾ ਹੈ ॥੩॥

ਇਤੁ ਕਰਿ ਭਗਤਿ ਕਰਹਿ ਜੋ ਜਨ ਤਿਨ ਭਉ ਸਗਲ ਚੁਕਾਈਐ ॥

ਇਸ ਤਰੀਕੇ ਨਾਲ ਜੋ ਮਨੁੱਖ ਪ੍ਰਭੂ ਦੀ ਭਗਤੀ ਕਰਦੇ ਹਨ; ਉਹਨਾਂ ਦਾ ਹਰੇਕ ਕਿਸਮ ਦਾ ਸਹਿਮ ਦੂਰ ਹੋ ਜਾਂਦਾ ਹੈ।

ਕਹਤ ਨਾਮਦੇਉ ਬਾਹਰਿ ਕਿਆ ਭਰਮਹੁ ਇਹ ਸੰਜਮ ਹਰਿ ਪਾਈਐ ॥੪॥੨॥

ਨਾਮਦੇਵ ਆਖਦਾ ਹੈ-(ਹੇ ਭਾਈ! ਭੇਖੀ ਬੈਰਾਗੀ ਬਣ ਕੇ) ਬਾਹਰ ਭਟਕਣ ਦਾ ਕੋਈ ਲਾਭ ਨਹੀਂ; (ਜਿਹੜੇ ਸੰਜਮ ਅਸਾਂ ਦੱਸੇ ਹਨ) ਇਹਨਾਂ ਸੰਜਮਾਂ ਦੀ ਰਾਹੀਂ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ ॥੪॥੨॥


ਮਾਰਵਾੜਿ ਜੈਸੇ ਨੀਰੁ ਬਾਲਹਾ ਬੇਲਿ ਬਾਲਹਾ ਕਰਹਲਾ ॥

ਜਿਵੇਂ ਮਾਰਵਾੜ (ਦੇਸ) ਵਿਚ ਪਾਣੀ ਪਿਆਰਾ ਲੱਗਦਾ ਹੈ, ਜਿਵੇਂ ਊਠ ਨੂੰ ਵੇਲ ਪਿਆਰੀ ਲੱਗਦੀ ਹੈ,

ਜਿਉ ਕੁਰੰਕ ਨਿਸਿ ਨਾਦੁ ਬਾਲਹਾ ਤਿਉ ਮੇਰੈ ਮਨਿ ਰਾਮਈਆ ॥੧॥

ਜਿਵੇਂ ਹਰਨ ਨੂੰ ਰਾਤ ਵੇਲੇ (ਘੰਡੇਹੇੜੇ ਦੀ) ਅਵਾਜ਼ ਪਿਆਰੀ ਲੱਗਦੀ ਹੈ, ਜਿਵੇਂ ਮੇਰੇ ਮਨ ਵਿਚ ਸੋਹਣਾ ਰਾਮ ਲੱਗਦਾ ਹੈ ॥੧॥

ਤੇਰਾ ਨਾਮੁ ਰੂੜੋ ਰੂਪੁ ਰੂੜੋ ਅਤਿ ਰੰਗ ਰੂੜੋ ਮੇਰੋ ਰਾਮਈਆ ॥੧॥ ਰਹਾਉ ॥

ਹੇ ਮੇਰੇ ਸੋਹਣੇ ਰਾਮ! ਤੇਰਾ ਨਾਮ ਸੋਹਣਾ ਹੈ, ਤੇਰਾ ਰੂਪ ਸੋਹਣਾ ਹੈ ਅਤੇ ਤੇਰਾ ਰੰਗ ਬਹੁਤ ਸੋਹਣਾ ਹੈ ॥੧॥ ਰਹਾਉ ॥

ਜਿਉ ਧਰਣੀ ਕਉ ਇੰਦ੍ਰੁ ਬਾਲਹਾ ਕੁਸਮ ਬਾਸੁ ਜੈਸੇ ਭਵਰਲਾ ॥

ਜਿਵੇਂ ਧਰਤੀ ਨੂੰ ਮੀਂਹ ਪਿਆਰਾ ਲੱਗਦਾ ਹੈ, ਜਿਵੇਂ ਭੌਰੇ ਨੂੰ ਫੁੱਲ ਦੀ ਸੁਗੰਧੀ ਪਿਆਰੀ ਲੱਗਦੀ ਹੈ,

ਜਿਉ ਕੋਕਿਲ ਕਉ ਅੰਬੁ ਬਾਲਹਾ ਤਿਉ ਮੇਰੈ ਮਨਿ ਰਾਮਈਆ ॥੨॥

ਜਿਵੇਂ ਕੋਇਲ ਨੂੰ ਅੰਬ ਪਿਆਰਾ ਲੱਗਦਾ ਹੈ, ਤਿਵੇਂ ਮੇਰੇ ਮਨ ਵਿਚ ਸੋਹਣਾ ਰਾਮ ਪਿਆਰਾ ਲੱਗਦਾ ਹੈ ॥੨॥

ਚਕਵੀ ਕਉ ਜੈਸੇ ਸੂਰੁ ਬਾਲਹਾ ਮਾਨ ਸਰੋਵਰ ਹੰਸੁਲਾ ॥

ਜਿਵੇਂ ਚਕਵੀ ਨੂੰ ਸੂਰਜ ਪਿਆਰਾ ਲੱਗਦਾ ਹੈ; ਜਿਵੇਂ ਹੰਸ ਨੂੰ ਮਾਨਸਰੋਵਰ ਪਿਆਰਾ ਲੱਗਦਾ ਹੈ;

ਜਿਉ ਤਰੁਣੀ ਕਉ ਕੰਤੁ ਬਾਲਹਾ ਤਿਉ ਮੇਰੈ ਮਨਿ ਰਾਮਈਆ ॥੩॥

ਜਿਵੇਂ ਜੁਆਨ ਇਸਤ੍ਰੀ ਨੂੰ (ਆਪਣਾ) ਖਸਮ ਪਿਆਰਾ ਲੱਗਦਾ ਹੈ, ਤਿਵੇਂ ਮੇਰੇ ਮਨ ਵਿਚ ਸੋਹਣਾ ਰਾਮ ਪਿਆਰਾ ਲੱਗਦਾ ਹੈ ॥੩॥

ਬਾਰਿਕ ਕਉ ਜੈਸੇ ਖੀਰੁ ਬਾਲਹਾ ਚਾਤ੍ਰਿਕ ਮੁਖ ਜੈਸੇ ਜਲਧਰਾ ॥

ਜਿਵੇਂ ਬਾਲਕ ਨੂੰ ਦੁੱਧ ਪਿਆਰਾ ਲੱਗਦਾ ਹੈ, ਜਿਵੇਂ ਪਪੀਹੇ ਦੇ ਮੂੰਹ ਨੂੰ ਬੱਦਲ ਪਿਆਰਾ ਲੱਗਦਾ ਹੈ,

ਮਛੁਲੀ ਕਉ ਜੈਸੇ ਨੀਰੁ ਬਾਲਹਾ ਤਿਉ ਮੇਰੈ ਮਨਿ ਰਾਮਈਆ ॥੪॥

ਮੱਛੀ ਨੂੰ ਜਿਵੇਂ ਪਾਣੀ ਪਿਆਰਾ ਲੱਗਦਾ ਹੈ, ਤਿਵੇਂ ਮੇਰੇ ਮਨ ਵਿਚ ਸੋਹਣਾ ਰਾਮ ਪਿਆਰਾ ਲੱਗਦਾ ਹੈ ॥੪॥

ਸਾਧਿਕ ਸਿਧ ਸਗਲ ਮੁਨਿ ਚਾਹਹਿ ਬਿਰਲੇ ਕਾਹੂ ਡੀਠੁਲਾ ॥

(ਜੋਗ) ਸਾਧਨਾ ਕਰਨ ਵਾਲੇ, (ਜੋਗ-ਸਾਧਨਾਂ ਵਿਚ) ਪੁੱਗੇ ਹੋਏ ਜੋਗੀ ਤੇ ਸਾਰੇ ਮੁਨੀ (ਸੋਹਣੇ ਰਾਮ ਦਾ ਦਰਸ਼ਨ ਕਰਨਾ) ਚਾਹੁੰਦੇ ਹਨ, ਪਰ ਕਿਸੇ ਵਿਰਲੇ ਨੂੰ ਦੀਦਾਰ ਹੁੰਦਾ ਹੈ;

ਸਗਲ ਭਵਣ ਤੇਰੋ ਨਾਮੁ ਬਾਲਹਾ ਤਿਉ ਨਾਮੇ ਮਨਿ ਬੀਠੁਲਾ ॥੫॥੩॥

(ਹੇ ਮੇਰੇ ਸੋਹਣੇ ਰਾਮ! ਜਿਵੇਂ) ਸਾਰੇ ਭਵਨਾਂ (ਦੇ ਜੀਵਾਂ) ਨੂੰ ਤੇਰਾ ਨਾਮ ਪਿਆਰਾ ਹੈ, ਤਿਵੇਂ ਹੀ ਮੈਂ ਨਾਮੇ ਦੇ ਮਨ ਵਿਚ ਭੀ ਤੂੰ ਬੀਠੁਲ ਪਿਆਰਾ ਹੈਂ ॥੫॥੩॥


ਪਹਿਲ ਪੁਰੀਏ ਪੁੰਡਰਕ ਵਨਾ ॥

ਪਹਿਲਾਂ ਪਹਿਲ (ਜੋ ਜਗਤ ਬਣਿਆ ਹੈ ਉਹ, ਮਾਨੋ) ਕੌਲ ਫੁੱਲਾਂ ਦਾ ਖੇਤ ਹੈ,

ਤਾ ਚੇ ਹੰਸਾ ਸਗਲੇ ਜਨਾਂ ॥

ਸਾਰੇ ਜੀਅ ਜੰਤ ਉਸ (ਕੌਲ ਫੁੱਲਾਂ ਦੇ ਖੇਤ) ਦੇ ਹੰਸ ਹਨ।

ਕ੍ਰਿਸ੍ਨਾ ਤੇ ਜਾਨਊ ਹਰਿ ਹਰਿ ਨਾਚੰਤੀ ਨਾਚਨਾ ॥੧॥

ਪਰਮਾਤਮਾ ਦੀ ਇਹ ਰਚਨਾ ਨਾਚ ਕਰ ਰਹੀ ਹੈ। ਇਹ ਪ੍ਰਭੂ ਦੀ ਮਾਇਆ (ਦੀ ਪ੍ਰੇਰਨਾ) ਤੋਂ ਸਮਝੋ ॥੧॥

ਪਹਿਲ ਪੁਰਸਾਬਿਰਾ ॥

ਪਹਿਲਾਂ ਪੁਰਸ਼ (ਅਕਾਲ ਪੁਰਖ) ਪਰਗਟ ਹੋਇਆ {“ਆਪੀਨ੍ਹ੍ਹੈ ਆਪੁ ਸਾਜਿਓ, ਆਪੀਨ੍ਹ੍ਹੈ ਰਚਿਓ ਨਾਉ”}।

ਅਥੋਨ ਪੁਰਸਾਦਮਰਾ ॥

ਫਿਰ ਅਕਾਲ ਪੁਰਖ ਤੋਂ ਮਾਇਆ (ਬਣੀ) (“ਦੁਯੀ ਕੁਦਰਤਿ ਸਾਜੀਐ”)।

ਅਸਗਾ ਅਸ ਉਸਗਾ ॥

ਇਸ ਮਾਇਆ ਦਾ ਅਤੇ ਉਸ ਅਕਾਲ ਪੁਰਖ ਦਾ (ਮੇਲ ਹੋਇਆ) (“ਕਰਿ ਆਸਣੁ ਡਿਠੋ ਚਾਉ”)।

ਹਰਿ ਕਾ ਬਾਗਰਾ ਨਾਚੈ ਪਿੰਧੀ ਮਹਿ ਸਾਗਰਾ ॥੧॥ ਰਹਾਉ ॥

(ਇਸ ਤਰ੍ਹਾਂ ਇਹ ਸੰਸਾਰ) ਪਰਮਾਤਮਾ ਦਾ ਇਕ ਸੋਹਣਾ ਜਿਹਾ ਬਾਗ਼ (ਬਣ ਗਿਆ ਹੈ, ਜੋ) ਇਉਂ ਨੱਚ ਰਿਹਾ ਹੈ ਜਿਵੇਂ (ਖੂਹ ਦੀਆਂ) ਟਿੰਡਾਂ ਵਿਚ ਪਾਣੀ ਨੱਚਦਾ ਹੈ (ਭਾਵ, ਸੰਸਾਰ ਦੇ ਜੀਵ ਮਾਇਆ ਵਿਚ ਮੋਹਿਤ ਹੋ ਕੇ ਦੌੜ-ਭੱਜ ਕਰ ਰਹੇ ਹਨ, ਮਾਇਆ ਦੇ ਹੱਥਾਂ ਉੱਤੇ ਨੱਚ ਰਹੇ ਹਨ) ॥੧॥ ਰਹਾਉ ॥

ਨਾਚੰਤੀ ਗੋਪੀ ਜੰਨਾ ॥

ਇਸਤ੍ਰੀਆਂ ਮਰਦ ਸਭ ਨੱਚ ਰਹੇ ਹਨ,

ਨਈਆ ਤੇ ਬੈਰੇ ਕੰਨਾ ॥

(ਪਰ ਇਹਨਾਂ ਸਭਨਾਂ ਵਿਚ) ਪਰਮਾਤਮਾ ਤੋਂ ਬਿਨਾ ਕੋਈ ਹੋਰ ਨਹੀਂ ਹੈ।

ਤਰਕੁ ਨ ਚਾ ॥

(ਹੇ ਭਾਈ! ਇਸ ਵਿਚ) ਸ਼ੱਕ ਨਾ ਕਰ,

ਭ੍ਰਮੀਆ ਚਾ ॥

(ਇਸ ਸੰਬੰਧੀ) ਭਰਮ ਦੂਰ ਕਰ ਦੇਹ।

ਕੇਸਵਾ ਬਚਉਨੀ ਅਈਏ ਮਈਏ ਏਕ ਆਨ ਜੀਉ ॥੨॥

ਹਰੇਕ ਇਸਤ੍ਰੀ-ਮਰਦ ਵਿਚ ਪਰਮਾਤਮਾ ਦੇ ਬਚਨ ਹੀ ਇੱਕ-ਰਸ ਹੋ ਰਹੇ ਹਨ (ਭਾਵ, ਹਰੇਕ ਜੀਵ ਵਿਚ ਪਰਮਾਤਮਾ ਆਪ ਹੀ ਬੋਲ ਰਿਹਾ ਹੈ) ॥੨॥

ਪਿੰਧੀ ਉਭਕਲੇ ਸੰਸਾਰਾ ॥

(ਹੇ ਭਾਈ! ਜੀਵ-) ਟਿੰਡਾਂ ਸੰਸਾਰ-ਸਮੁੰਦਰ ਵਿਚ ਡੁਬਕੀਆਂ ਲੈ ਰਹੀਆਂ ਹਨ।

ਭ੍ਰਮਿ ਭ੍ਰਮਿ ਆਏ ਤੁਮ ਚੇ ਦੁਆਰਾ ॥

ਹੇ ਪ੍ਰਭੂ! ਭਟਕ ਭਟਕ ਕੇ ਮੈਂ ਤੇਰੇ ਦਰ ਤੇ ਆ ਡਿੱਗਾ ਹਾਂ।

ਤੂ ਕੁਨੁ ਰੇ ॥

ਹੇ (ਪ੍ਰਭੂ) ਜੀ! (ਜੇ ਤੂੰ ਮੈਨੂੰ ਪੁੱਛੇਂ-) ਤੂੰ ਕੌਣ ਹੈਂ?

ਮੈ ਜੀ ॥ ਨਾਮਾ ॥ ਹੋ ਜੀ ॥

(ਤਾਂ) ਮੈਂ ਹੇ ਪ੍ਰਭੂ ਜੀ! ਨਾਮਾ ਹਾਂ। ਹੇ ਪ੍ਰਭੂ ਜੀ!

ਆਲਾ ਤੇ ਨਿਵਾਰਣਾ ਜਮ ਕਾਰਣਾ ॥੩॥੪॥

ਮੈਨੂੰ ਜਗਤ ਦੇ ਜੰਜਾਲ ਤੋਂ, ਜੋ ਕਿ ਜਮਾਂ (ਦੇ ਡਰ) ਦਾ ਕਾਰਨ ਹੈ, ਬਚਾ ਲੈ ॥੩॥੪॥


ਪਤਿਤ ਪਾਵਨ ਮਾਧਉ ਬਿਰਦੁ ਤੇਰਾ ॥

ਹੇ ਮਾਧੋ! (ਵਿਕਾਰਾਂ ਵਿਚ) ਡਿੱਗੇ ਹੋਏ ਬੰਦਿਆਂ ਨੂੰ (ਮੁੜ) ਪਵਿੱਤਰ ਕਰਨਾ ਤੇਰਾ ਮੁੱਢ ਕਦੀਮਾਂ ਦਾ ਸੁਭਾਉ ਹੈ।

ਧੰਨਿ ਤੇ ਵੈ ਮੁਨਿ ਜਨ ਜਿਨ ਧਿਆਇਓ ਹਰਿ ਪ੍ਰਭੁ ਮੇਰਾ ॥੧॥

(ਹੇ ਭਾਈ!) ਉਹ ਮੁਨੀ ਲੋਕ ਭਾਗਾਂ ਵਾਲੇ ਹਨ, ਜਿਨ੍ਹਾਂ ਪਿਆਰੇ ਹਰੀ ਪ੍ਰਭੂ ਨੂੰ ਸਿਮਰਿਆ ਹੈ ॥੧॥

ਮੇਰੈ ਮਾਥੈ ਲਾਗੀ ਲੇ ਧੂਰਿ ਗੋਬਿੰਦ ਚਰਨਨ ਕੀ ॥

(ਉਸ ਗੋਬਿੰਦ ਦੀ ਮਿਹਰ ਨਾਲ) ਮੇਰੇ ਮੱਥੇ ਉੱਤੇ (ਭੀ) ਉਸ ਦੇ ਚਰਨਾਂ ਦੀ ਧੂੜ ਲੱਗੀ ਹੈ (ਭਾਵ, ਮੈਨੂੰ ਭੀ ਗੋਬਿੰਦ ਦੇ ਚਰਨਾਂ ਦੀ ਧੂੜ ਮੱਥੇ ਉੱਤੇ ਲਾਉਣੀ ਨਸੀਬ ਹੋਈ ਹੈ);

ਸੁਰਿ ਨਰ ਮੁਨਿ ਜਨ ਤਿਨਹੂ ਤੇ ਦੂਰਿ ॥੧॥ ਰਹਾਉ ॥

ਉਹ ਧੂੜ ਦੇਵਤੇ ਤੇ ਮੁਨੀ ਲੋਕਾਂ ਦੇ ਭੀ ਭਾਗਾਂ ਵਿਚ ਨਹੀਂ ਹੋ ਸਕੀ ॥੧॥ ਰਹਾਉ ॥

ਦੀਨ ਕਾ ਦਇਆਲੁ ਮਾਧੌ ਗਰਬ ਪਰਹਾਰੀ ॥

ਹੇ ਮਾਧੋ! ਤੂੰ ਦੀਨਾਂ ਉੱਤੇ ਦਇਆ ਕਰਨ ਵਾਲਾ ਹੈਂ। ਤੂੰ (ਅਹੰਕਾਰੀਆਂ ਦਾ) ਅਹੰਕਾਰ ਦੂਰ ਕਰਨ ਵਾਲਾ ਹੈਂ।

ਚਰਨ ਸਰਨ ਨਾਮਾ ਬਲਿ ਤਿਹਾਰੀ ॥੨॥੫॥

ਮੈਂ ਨਾਮਦੇਵ ਤੇਰੇ ਚਰਨਾਂ ਦੀ ਸ਼ਰਨ ਆਇਆ ਹਾਂ ਅਤੇ ਤੈਥੋਂ ਸਦਕੇ ਹਾਂ ॥੨॥੫॥


ਟੋਡੀ ਬਾਣੀ ਭਗਤਾਂ ਕੀ ॥

ਰਾਗ ਟੋਡੀ ਵਿੱਚ ਭਗਤਾਂ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਕੋਈ ਬੋਲੈ ਨਿਰਵਾ ਕੋਈ ਬੋਲੈ ਦੂਰਿ ॥

ਕੋਈ ਮਨੁੱਖ ਆਖਦਾ ਹੈ (ਪਰਮਾਤਮਾ ਅਸਾਡੇ) ਨੇੜੇ (ਵੱਸਦਾ ਹੈ), ਕੋਈ ਆਖਦਾ ਹੈ (ਪ੍ਰਭੂ ਅਸਾਥੋਂ ਕਿਤੇ) ਦੂਰ (ਥਾਂ ਤੇ ਹੈ);

ਜਲ ਕੀ ਮਾਛੁਲੀ ਚਰੈ ਖਜੂਰਿ ॥੧॥

(ਪਰ ਨਿਰਾ ਬਹਿਸ ਨਾਲ ਨਿਰਣਾ ਕਰ ਲੈਣਾ ਇਉਂ ਹੀ ਅਸੰਭਵ ਹੈ ਜਿਵੇਂ) ਪਾਣੀ ਵਿਚ ਰਹਿਣ ਵਾਲੀ ਮੱਛੀ ਖਜੂਰ ਉੱਤੇ ਚੜ੍ਹਨ ਦਾ ਜਤਨ ਕਰੇ (ਜਿਸ ਉੱਤੇ ਮਨੁੱਖ ਭੀ ਬੜੇ ਔਖੇ ਹੋ ਕੇ ਚੜ੍ਹਦੇ ਹਨ) ॥੧॥

ਕਾਂਇ ਰੇ ਬਕਬਾਦੁ ਲਾਇਓ ॥

ਹੇ ਭਾਈ! (ਰੱਬ ਨੇੜੇ ਹੈ ਕਿ ਦੂਰ ਜਿਸ ਬਾਰੇ ਆਪਣੀ ਵਿਦਿਆ ਦਾ ਵਿਖਾਵਾ ਕਰਨ ਲਈ) ਕਿਉਂ ਵਿਅਰਥ ਬਹਿਸ ਕਰਦੇ ਹੋ?

ਜਿਨਿ ਹਰਿ ਪਾਇਓ ਤਿਨਹਿ ਛਪਾਇਓ ॥੧॥ ਰਹਾਉ ॥

ਜਿਸ ਮਨੁੱਖ ਨੇ ਰੱਬ ਨੂੰ ਲੱਭ ਲਿਆ ਹੈ ਉਸ ਨੇ (ਆਪਣੇ ਆਪ ਨੂੰ) ਲੁਕਾਇਆ ਹੈ (ਭਾਵ, ਉਹ ਇਹਨਾਂ ਬਹਿਸਾਂ ਦੀ ਰਾਹੀਂ ਆਪਣੀ ਵਿੱਦਿਆ ਦਾ ਢੰਢੋਰਾ ਨਹੀਂ ਦੇਂਦਾ ਫਿਰਦਾ) ॥੧॥ ਰਹਾਉ ॥

ਪੰਡਿਤੁ ਹੋਇ ਕੈ ਬੇਦੁ ਬਖਾਨੈ ॥

ਵਿੱਦਿਆ ਹਾਸਲ ਕਰ ਕੇ (ਬ੍ਰਾਹਮਣ ਆਦਿਕ ਤਾਂ) ਵੇਦ (ਆਦਿਕ ਧਰਮ-ਪੁਸਤਕਾਂ) ਦੀ ਵਿਸਥਾਰ ਨਾਲ ਚਰਚਾ ਕਰਦਾ ਫਿਰਦਾ ਹੈ,

ਮੂਰਖੁ ਨਾਮਦੇਉ ਰਾਮਹਿ ਜਾਨੈ ॥੨॥੧॥

ਪਰ ਮੂਰਖ ਨਾਮਦੇਵ ਸਿਰਫ਼ ਪਰਮਾਤਮਾ ਨੂੰ ਹੀ ਪਛਾਣਦਾ ਹੈ (ਕੇਵਲ ਪਰਮਾਤਮਾ ਨਾਲ ਹੀ ਉਸ ਦੇ ਸਿਮਰਨ ਦੀ ਰਾਹੀਂ ਸਾਂਝ ਪਾਂਦਾ ਹੈ) ॥੨॥੧॥

ਕਉਨ ਕੋ ਕਲੰਕੁ ਰਹਿਓ ਰਾਮ ਨਾਮੁ ਲੇਤ ਹੀ ॥

ਪਰਮਾਤਮਾ ਦਾ ਨਾਮ ਸਿਮਰਿਆਂ ਕਿਸੇ ਜੀਵ ਦਾ (ਭੀ) ਕੋਈ ਪਾਪ ਨਹੀਂ ਰਹਿ ਜਾਂਦਾ;

ਪਤਿਤ ਪਵਿਤ ਭਏ ਰਾਮੁ ਕਹਤ ਹੀ ॥੧॥ ਰਹਾਉ ॥

ਵਿਕਾਰਾਂ ਵਿੱਚ ਨਿੱਘਰੇ ਹੋਏ ਬੰਦੇ ਭੀ ਪ੍ਰਭੂ ਦਾ ਭਜਨ ਕਰ ਕੇ ਪਵਿੱਤਰ ਹੋ ਜਾਂਦੇ ਹਨ ॥੧॥ ਰਹਾਉ ॥

ਰਾਮ ਸੰਗਿ ਨਾਮਦੇਵ ਜਨ ਕਉ ਪ੍ਰਤਗਿਆ ਆਈ ॥

ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਦਾਸ ਨਾਮਦੇਵ ਨੂੰ ਇਹ ਨਿਸ਼ਚਾ ਆ ਗਿਆ ਹੈ,

ਏਕਾਦਸੀ ਬ੍ਰਤੁ ਰਹੈ ਕਾਹੇ ਕਉ ਤੀਰਥ ਜਾੲਂੀ ॥੧॥

ਕਿ ਕਿਸੇ ਇਕਾਦਸ਼ੀ (ਆਦਿਕ) ਵਰਤ ਦੀ ਲੋੜ ਨਹੀਂ; ਤੇ ਮੈਂ ਤੀਰਥਾਂ ਉੱਤੇ (ਭੀ ਕਿਉਂ) ਜਾਵਾਂ? ॥੧॥

ਭਨਤਿ ਨਾਮਦੇਉ ਸੁਕ੍ਰਿਤ ਸੁਮਤਿ ਭਏ ॥

ਨਾਮਦੇਵ ਆਖਦਾ ਹੈ-(ਨਾਮ ਦੀ ਬਰਕਤਿ ਨਾਲ ਜੀਵ) ਚੰਗੀ ਕਰਣੀ ਵਾਲੇ ਅਤੇ ਚੰਗੀ ਅਕਲ ਵਾਲੇ ਹੋ ਜਾਂਦੇ ਹਨ।

ਗੁਰਮਤਿ ਰਾਮੁ ਕਹਿ ਕੋ ਕੋ ਨ ਬੈਕੁੰਠਿ ਗਏ ॥੨॥੨॥

ਗੁਰੂ ਦੇ ਦੱਸੇ ਰਾਹ ਉੱਤੇ ਤੁਰ ਕੇ, ਪ੍ਰਭੂ ਦਾ ਨਾਮ ਸਿਮਰ ਕੇ ਸਭ ਜੀਵ ਪ੍ਰਭੂ ਦੇ ਦੇਸ ਵਿਚ ਅੱਪੜ ਜਾਂਦੇ ਹਨ ॥੨॥੨॥


ਤੀਨਿ ਛੰਦੇ ਖੇਲੁ ਆਛੈ ॥੧॥ ਰਹਾਉ ॥

(ਪਰਮਾਤਮਾ ਦਾ ਰਚਿਆ ਹੋਇਆ ਇਹ ਜਗਤ) ਤ੍ਰਿ-ਗੁਣੀ ਸੁਭਾਉ ਦਾ ਤਮਾਸ਼ਾ ਹੈ ॥੧॥ ਰਹਾਉ ॥

ਕੁੰਭਾਰ ਕੇ ਘਰ ਹਾਂਡੀ ਆਛੈ ਰਾਜਾ ਕੇ ਘਰ ਸਾਂਡੀ ਗੋ ॥

(ਸਾਧਾਰਨ ਤੌਰ ਤੇ) ਘੁਮਿਆਰ ਦੇ ਘਰ ਹਾਂਡੀ (ਹੀ ਮਿਲਦੀ) ਹੈ, ਰਾਜੇ ਦੇ ਘਰ ਸਾਂਢੀ (ਆਦਿਕ ਹੀ) ਹੈ;

ਬਾਮਨ ਕੇ ਘਰ ਰਾਂਡੀ ਆਛੈ ਰਾਂਡੀ ਸਾਂਡੀ ਹਾਂਡੀ ਗੋ ॥੧॥

ਤੇ ਬ੍ਰਾਹਮਣ ਦੇ ਘਰ (ਸਗਨ ਮਹੂਰਤ ਆਦਿਕ ਵਿਚਾਰਨ ਲਈ) ਪੱਤ੍ਰੀ (ਆਦਿਕ ਪੁਸਤਕ ਹੀ ਮਿਲਦੀ) ਹੈ। (ਇਹਨਾਂ ਘਰਾਂ ਵਿਚ) ਪੱਤ੍ਰੀ, ਸਾਂਢਨੀ, ਭਾਂਡੇ (ਹਾਂਡੀ) ਹੀ (ਪ੍ਰਧਾਨ ਹਨ) ॥੧॥

ਬਾਣੀਏ ਕੇ ਘਰ ਹੀਂਗੁ ਆਛੈ ਭੈਸਰ ਮਾਥੈ ਸੀਂਗੁ ਗੋ ॥

ਹਟਵਾਣੀਏ ਦੇ ਘਰ (ਭਾਵ, ਹੱਟੀ ਵਿੱਚ) ਹਿੰਙ (ਆਦਿਕ ਹੀ ਮਿਲਦੀ) ਹੈ, ਭੈਂਸੇ ਦੇ ਮੱਥੇ ਉੱਤੇ (ਉਸ ਦੇ ਸੁਭਾਉ ਅਨੁਸਾਰ) ਸਿੰਗ (ਹੀ) ਹਨ,

ਦੇਵਲ ਮਧੇ ਲੀਗੁ ਆਛੈ ਲੀਗੁ ਸੀਗੁ ਹੀਗੁ ਗੋ ॥੨॥

ਅਤੇ ਦੇਵਾਲੇ (ਦੇਵ-ਅਸਥਾਨ) ਵਿੱਚ ਲਿੰਗ (ਹੀ ਗੱਡਿਆ ਹੋਇਆ ਦਿੱਸਦਾ) ਹੈ। (ਇਹਨੀਂ ਥਾਈਂ) ਹਿੰਙ, ਸਿੰਗ ਅਤੇ ਲਿੰਗ ਹੀ (ਪ੍ਰਧਾਨ ਹਨ) ॥੨॥

ਤੇਲੀ ਕੈ ਘਰ ਤੇਲੁ ਆਛੈ ਜੰਗਲ ਮਧੇ ਬੇਲ ਗੋ ॥

(ਜੇ) ਤੇਲੀ ਦੇ ਘਰ (ਜਾਉ, ਤਾਂ ਉਥੇ ਅੰਦਰ ਬਾਹਰ) ਤੇਲ (ਹੀ ਤੇਲ ਪਿਆ) ਹੈ, ਜੰਗਲਾਂ ਵਿੱਚ ਵੇਲਾਂ (ਹੀ ਵੇਲਾਂ) ਹਨ,

ਮਾਲੀ ਕੇ ਘਰ ਕੇਲ ਆਛੈ ਕੇਲ ਬੇਲ ਤੇਲ ਗੋ ॥੩॥

ਅਤੇ ਮਾਲੀ ਦੇ ਘਰ ਕੇਲਾ (ਹੀ ਲੱਗਾ ਮਿਲਦਾ) ਹੈ। ਇਹਨੀਂ ਥਾਈਂ ਤੇਲ, ਵੇਲਾਂ ਤੇ ਕੇਲਾ ਹੀ (ਪ੍ਰਧਾਨ ਹਨ) ॥੩॥

ਸੰਤਾਂ ਮਧੇ ਗੋਬਿੰਦੁ ਆਛੈ ਗੋਕਲ ਮਧੇ ਸਿਆਮ ਗੋ ॥

(ਇਸ ਜਗਤ-ਖੇਲ ਦਾ ਰਚਨਹਾਰ ਕਿੱਥੇ ਹੋਇਆ?) (ਜਿਵੇਂ) ਗੋਕਲ ਵਿੱਚ ਕ੍ਰਿਸ਼ਨ ਜੀ (ਦੀ ਹੀ ਗੱਲ ਚੱਲ ਰਹੀ) ਹੈ, (ਤਿਵੇਂ ਇਸ ਖੇਲ ਦਾ ਮਾਲਕ) ਗੋਬਿੰਦ ਸੰਤਾਂ ਦੇ ਹਿਰਦੇ ਵਿੱਚ ਵੱਸ ਰਿਹਾ ਹੈ।

ਨਾਮੇ ਮਧੇ ਰਾਮੁ ਆਛੈ ਰਾਮ ਸਿਆਮ ਗੋਬਿੰਦ ਗੋ ॥੪॥੩॥

(ਉਹੀ) ਰਾਮ ਨਾਮਦੇਵ ਦੇ (ਭੀ) ਅੰਦਰ (ਪ੍ਰਤੱਖ ਵੱਸ ਰਿਹਾ) ਹੈ। (ਜਿਹਨੀਂ ਥਾਈਂ, ਭਾਵ, ਸੰਤਾਂ ਦੇ ਹਿਰਦੇ ਵਿੱਚ, ਗੋਕਲ ਵਿੱਚ ਅਤੇ ਨਾਮਦੇਵ ਦੇ ਅੰਦਰ) ਗੋਬਿੰਦ ਸ਼ਿਆਮ ਅਤੇ ਰਾਮ ਹੀ (ਗੱਜ ਰਿਹਾ) ਹੈ ॥੪॥੩॥


ਨਾਮਦੇਵ ਜੀ ॥
ਮੈ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ ॥

ਹੇ ਮੇਰੇ ਪਾਤਿਸ਼ਾਹ! ਤੇਰਾ ਨਾਮ ਮੈਂ ਅੰਨ੍ਹੇ ਦੀ ਡੰਗੋਰੀ ਹੈ, ਸਹਾਰਾ ਹੈ;

ਮੈ ਗਰੀਬ ਮੈ ਮਸਕੀਨ ਤੇਰਾ ਨਾਮੁ ਹੈ ਅਧਾਰਾ ॥੧॥ ਰਹਾਉ ॥

ਮੈਂ ਕੰਗਾਲ ਹਾਂ, ਮੈਂ ਆਜਿਜ਼ ਹਾਂ, ਤੇਰਾ ਨਾਮ (ਹੀ) ਮੇਰਾ ਆਸਰਾ ਹੈ ॥੧॥ ਰਹਾਉ ॥

ਕਰੀਮਾਂ ਰਹੀਮਾਂ ਅਲਾਹ ਤੂ ਗਨਂੀ ॥

ਹੇ ਅੱਲਾਹ! ਹੇ ਕਰੀਮ! ਹੇ ਰਹੀਮ! ਤੂੰ (ਹੀ) ਅਮੀਰ ਹੈਂ,

ਹਾਜਰਾ ਹਜੂਰਿ ਦਰਿ ਪੇਸਿ ਤੂੰ ਮਨਂੀ ॥੧॥

ਤੂੰ ਹਰ ਵੇਲੇ ਮੇਰੇ ਸਾਹਮਣੇ ਹੈਂ (ਫਿਰ, ਮੈਨੂੰ ਕਿਸੇ ਹੋਰ ਦੀ ਕੀਹ ਮੁਥਾਜੀ?) ॥੧॥

ਦਰੀਆਉ ਤੂ ਦਿਹੰਦ ਤੂ ਬਿਸੀਆਰ ਤੂ ਧਨੀ ॥

ਤੂੰ (ਰਹਿਮਤ ਦਾ) ਦਰੀਆ ਹੈਂ, ਤੂੰ ਦਾਤਾ ਹੈਂ, ਤੂੰ ਬਹੁਤ ਹੀ ਧਨ ਵਾਲਾ ਹੈਂ;

ਦੇਹਿ ਲੇਹਿ ਏਕੁ ਤੂੰ ਦਿਗਰ ਕੋ ਨਹੀ ॥੨॥

ਇੱਕ ਤੂੰ ਹੀ (ਜੀਵਾਂ ਨੂੰ ਪਦਾਰਥ) ਦੇਂਦਾ ਹੈਂ, ਤੇ ਮੋੜ ਲੈਂਦਾ ਹੈਂ, ਕੋਈ ਹੋਰ ਐਸਾ ਨਹੀਂ (ਜੋ ਇਹ ਸਮਰੱਥਾ ਰੱਖਦਾ ਹੋਵੇ) ॥੨॥

ਤੂੰ ਦਾਨਾਂ ਤੂੰ ਬੀਨਾਂ ਮੈ ਬੀਚਾਰੁ ਕਿਆ ਕਰੀ ॥

(ਹੇ ਮਾਲਕ!) ਤੂੰ (ਸਭ ਦੇ ਦਿਲ ਦੀ) ਜਾਣਨ ਵਾਲਾ ਹੈਂ ਤੇ (ਸਭ ਦੇ ਕੰਮ) ਵੇਖਣ ਵਾਲਾ ਹੈਂ; ਹੇ ਹਰੀ! ਮੈਂ ਤੇਰਾ ਕਿਹੜਾ ਕਿਹੜਾ ਗੁਣ ਬਿਆਨ ਕਰਾਂ?

ਨਾਮੇ ਚੇ ਸੁਆਮੀ ਬਖਸੰਦ ਤੂੰ ਹਰੀ ॥੩॥੧॥੨॥

ਹੇ ਨਾਮਦੇਵ ਦੇ ਖਸਮ! ਹੇ ਹਰੀ! ਤੂੰ ਸਭ ਬਖ਼ਸ਼ਸ਼ਾਂ ਕਰਨ ਵਾਲਾ ਹੈਂ ॥੩॥੧॥੨॥


ਹਲੇ ਯਾਰਾਂ ਹਲੇ ਯਾਰਾਂ ਖੁਸਿਖਬਰੀ ॥

ਹੇ ਸੱਜਣ! ਹੇ ਪਿਆਰੇ! ਤੇਰੀ ਸੋਇ ਠੰਢ ਪਾਣ ਵਾਲੀ ਹੈ (ਭਾਵ, ਤੇਰੀਆਂ ਕਥਾਂ ਕਹਾਣੀਆਂ ਸੁਣ ਕੇ ਮੈਨੂੰ ਠੰਡ ਪੈਂਦੀ ਹੈ);

ਬਲਿ ਬਲਿ ਜਾਂਉ ਹਉ ਬਲਿ ਬਲਿ ਜਾਂਉ ॥ ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਉ ॥੧॥ ਰਹਾਉ ॥

ਮੈਂ ਤੈਥੋਂ ਸਦਾ ਸਦਕੇ ਹਾਂ, ਕੁਰਬਾਨ ਹਾਂ। (ਹੇ ਮਿੱਤਰ!) ਤੇਰਾ ਨਾਮ (ਮੈਨੂੰ) ਸਭ ਤੋਂ ਵਧੀਕ ਪਿਆਰਾ (ਲੱਗਦਾ) ਹੈ, (ਇਸ ਨਾਮ ਦੀ ਬਰਕਤ ਨਾਲ ਹੀ, ਦੁਨੀਆ ਦੀ ਕਿਰਤ ਵਾਲੀ) ਤੇਰੀ ਦਿੱਤੀ ਹੋਈ ਵਿਗਾਰ ਭੀ (ਮੈਨੂੰ) ਮਿੱਠੀ ਲੱਗਦੀ ਹੈ ॥੧॥ ਰਹਾਉ ॥

ਕੁਜਾ ਆਮਦ ਕੁਜਾ ਰਫਤੀ ਕੁਜਾ ਮੇ ਰਵੀ ॥

(ਹੇ ਸੱਜਣ!) ਨਾਹ ਤੂੰ ਕਿਤੋਂ ਆਇਆ, ਨਾਹ ਤੂੰ ਕਿਤੇ ਕਦੇ ਗਿਆ ਅਤੇ ਨਾਹ ਤੂੰ ਜਾ ਰਿਹਾ ਹੈਂ (ਭਾਵ, ਤੂੰ ਸਦਾ ਅਟੱਲ ਹੈਂ)

ਦ੍ਵਾਰਿਕਾ ਨਗਰੀ ਰਾਸਿ ਬੁਗੋਈ ॥੧॥

ਦੁਆਰਕਾ ਨਗਰੀ ਵਿਚ ਰਾਸ ਭੀ ਤੂੰ ਆਪ ਹੀ ਪਾਂਦਾ ਹੈਂ (ਭਾਵ, ਕਿਸ਼ਨ ਭੀ ਤੂੰ ਆਪ ਹੀ ਹੈਂ) ॥੧॥

ਖੂਬੁ ਤੇਰੀ ਪਗਰੀ ਮੀਠੇ ਤੇਰੇ ਬੋਲ ॥

ਹੇ ਯਾਰ! ਸੋਹਣੀ ਤੇਰੀ ਪੱਗ ਹੈ (ਭਾਵ, ਸੋਹਣਾ ਤੇਰਾ ਸਰੂਪ ਹੈ) ਤੇ ਪਿਆਰੇ ਤੇਰੇ ਬਚਨ ਹਨ,

ਦ੍ਵਾਰਿਕਾ ਨਗਰੀ ਕਾਹੇ ਕੇ ਮਗੋਲ ॥੨॥

ਨਾਹ ਤੂੰ ਸਿਰਫ਼ ਦੁਆਰਕਾ ਵਿਚ ਹੈਂ ਤੇ ਨਾਹ ਤੂੰ ਸਿਰਫ਼ ਮੁਸਲਮਾਨੀ ਧਰਮ ਦੇ ਕੇਂਦਰ ਮੱਕੇ ਵਿਚ ਹੈਂ (ਭਾਵ, ਤੂੰ ਹਰ ਥਾਂ ਹੈਂ) ॥੨॥

ਚੰਦਂੀ ਹਜਾਰ ਆਲਮ ਏਕਲ ਖਾਨਾਂ ॥

(ਸ੍ਰਿਸ਼ਟੀ ਦੇ) ਕਈ ਹਜ਼ਾਰਾਂ ਮੰਡਲਾਂ ਦਾ ਤੂੰ ਇਕੱਲਾ (ਆਪ ਹੀ) ਮਾਲਕ ਹੈਂ।

ਹਮ ਚਿਨੀ ਪਾਤਿਸਾਹ ਸਾਂਵਲੇ ਬਰਨਾਂ ॥੩॥

ਹੇ ਪਾਤਸ਼ਾਹ! ਇਹੋ ਜਿਹਾ ਹੀ ਸਾਉਲੇ ਰੰਗ ਵਾਲਾ ਕ੍ਰਿਸ਼ਨ ਹੈ (ਭਾਵ, ਕ੍ਰਿਸ਼ਨ ਭੀ ਤੂੰ ਆਪ ਹੀ ਹੈਂ) ॥੩॥

ਅਸਪਤਿ ਗਜਪਤਿ ਨਰਹ ਨਰਿੰਦ ॥

ਤੂੰ ਆਪ ਹੀ ਸੂਰਜ-ਦੇਵਤਾ ਹੈਂ, ਤੂੰ ਆਪ ਹੀ ਇੰਦ੍ਰ ਹੈਂ, ਤੇ ਤੂੰ ਆਪ ਹੀ ਬ੍ਰਹਮਾ ਹੈਂ,

ਨਾਮੇ ਕੇ ਸ੍ਵਾਮੀ ਮੀਰ ਮੁਕੰਦ ॥੪॥੨॥੩॥

ਹੇ ਨਾਮਦੇਵ ਦੇ ਖਸਮ ਪ੍ਰਭੂ! ਤੂੰ ਆਪ ਹੀ ਮੀਰ ਹੈਂ ਤੂੰ ਆਪ ਹੀ ਕ੍ਰਿਸ਼ਨ ਹੈਂ ॥੪॥੨॥੩॥


ਬਿਲਾਵਲੁ ਬਾਣੀ ਭਗਤ ਨਾਮਦੇਵ ਜੀ ਕੀ ॥

ਰਾਗ ਬਿਲਾਵਲੁ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਫਲ ਜਨਮੁ ਮੋ ਕਉ ਗੁਰ ਕੀਨਾ ॥

ਮੈਨੂੰ ਮੇਰੇ ਸਤਿਗੁਰੂ ਨੇ ਸਫਲ ਜੀਵਨ ਵਾਲਾ ਬਣਾ ਦਿੱਤਾ ਹੈ।

ਦੁਖ ਬਿਸਾਰਿ ਸੁਖ ਅੰਤਰਿ ਲੀਨਾ ॥੧॥

ਮੈਂ ਹੁਣ (ਜਗਤ ਦੇ ਸਾਰੇ) ਦੁੱਖ ਭੁਲਾ ਕੇ (ਆਤਮਕ) ਸੁਖ ਵਿਚ ਲੀਨ ਹੋ ਗਿਆ ਹਾਂ ॥੧॥

ਗਿਆਨ ਅੰਜਨੁ ਮੋ ਕਉ ਗੁਰਿ ਦੀਨਾ ॥

ਮੈਨੂੰ ਸਤਿਗੁਰੂ ਨੇ ਆਪਣੇ ਗਿਆਨ ਦਾ (ਐਸਾ) ਸੁਰਮਾ ਦਿੱਤਾ ਹੈ,

ਰਾਮ ਨਾਮ ਬਿਨੁ ਜੀਵਨੁ ਮਨ ਹੀਨਾ ॥੧॥ ਰਹਾਉ ॥

ਕਿ ਹੇ ਮਨ! ਹੁਣ ਪ੍ਰਭੂ ਦੀ ਬੰਦਗੀ ਤੋਂ ਬਿਨਾ ਜੀਊਣਾ ਵਿਅਰਥ ਜਾਪਦਾ ਹੈ ॥੧॥ ਰਹਾਉ ॥

ਨਾਮਦੇਇ ਸਿਮਰਨੁ ਕਰਿ ਜਾਨਾਂ ॥

ਮੈਂ ਨਾਮਦੇਵ ਨੇ ਪ੍ਰਭੂ ਦਾ ਭਜਨ ਕਰ ਕੇ ਪ੍ਰਭੂ ਨਾਲ ਸਾਂਝ ਪਾ ਲਈ ਹੈ,

ਜਗਜੀਵਨ ਸਿਉ ਜੀਉ ਸਮਾਨਾਂ ॥੨॥੧॥

ਤੇ ਜਗਤ-ਦੇ-ਆਸਰੇ ਪ੍ਰਭੂ ਵਿਚ ਮੇਰੀ ਜਿੰਦ ਲੀਨ ਹੋ ਗਈ ਹੈ ॥੨॥੧॥


ਰਾਗੁ ਗੋਂਡ ਬਾਣੀ ਨਾਮਦੇਉ ਜੀ ਕੀ ਘਰੁ ੧ ॥

ਰਾਗ ਗੋਂਡ, ਘਰ ੧ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਅਸੁਮੇਧ ਜਗਨੇ ॥

ਜੇ ਕੋਈ ਮਨੁੱਖ ਅਸਮੇਧ ਜੱਗ ਕਰੇ,

ਤੁਲਾ ਪੁਰਖ ਦਾਨੇ ॥

ਆਪਣੇ ਨਾਲ ਸਾਵਾਂ ਤੋਲ ਕੇ (ਸੋਨਾ ਚਾਂਦੀ ਆਦਿਕ) ਦਾਨ ਕਰੇ,

ਪ੍ਰਾਗ ਇਸਨਾਨੇ ॥੧॥

ਅਤੇ ਪ੍ਰਾਗ ਆਦਿਕ ਤੀਰਥਾਂ ਤੇ ਇਸ਼ਨਾਨ ਕਰੇ ॥੧॥

ਤਉ ਨ ਪੁਜਹਿ ਹਰਿ ਕੀਰਤਿ ਨਾਮਾ ॥

ਤਾਂ ਭੀ ਇਹ ਸਾਰੇ ਕੰਮ ਪ੍ਰਭੂ ਦੇ ਨਾਮ ਦੀ, ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ, ਬਰਾਬਰੀ ਨਹੀਂ ਕਰ ਸਕਦੇ।

ਅਪੁਨੇ ਰਾਮਹਿ ਭਜੁ ਰੇ ਮਨ ਆਲਸੀਆ ॥੧॥ ਰਹਾਉ ॥

ਸੋ, ਹੇ ਮੇਰੇ ਆਲਸੀ ਮਨ! ਆਪਣੇ ਪਿਆਰੇ ਪ੍ਰਭੂ ਨੂੰ ਸਿਮਰ ॥੧॥ ਰਹਾਉ ॥

ਗਇਆ ਪਿੰਡੁ ਭਰਤਾ ॥

ਜੇ ਮਨੁੱਖ ਗਇਆ ਤੀਰਥ ਤੇ ਜਾ ਕੇ ਪਿਤਰਾਂ ਨਿਮਿੱਤ ਪਿੰਡ ਭਰਾਏ,

ਬਨਾਰਸਿ ਅਸਿ ਬਸਤਾ ॥

ਜੇ ਕਾਂਸ਼ੀ ਦੇ ਨਾਲ ਵਗਦੀ ਅਸਿ ਨਦੀ ਦੇ ਕੰਢੇ ਰਹਿੰਦਾ ਹੋਵੇ,

ਮੁਖਿ ਬੇਦ ਚਤੁਰ ਪੜਤਾ ॥੨॥

ਜੇ ਮੂੰਹੋਂ ਚਾਰੇ ਵੇਦ (ਜ਼ਬਾਨੀ) ਪੜ੍ਹਦਾ ਹੋਵੇ ॥੨॥

ਸਗਲ ਧਰਮ ਅਛਿਤਾ ॥

ਜੇ ਮਨੁੱਖ ਸਾਰੇ ਕਰਮ ਧਰਮ ਕਰਦਾ ਹੋਵੇ,

ਗੁਰ ਗਿਆਨ ਇੰਦ੍ਰੀ ਦ੍ਰਿੜਤਾ ॥

ਆਪਣੇ ਗੁਰੂ ਦੀ ਸਿੱਖਿਆ ਲੈ ਕੇ ਇੰਦ੍ਰੀਆਂ ਨੂੰ ਕਾਬੂ ਵਿਚ ਰੱਖਦਾ ਹੋਵੇ,

ਖਟੁ ਕਰਮ ਸਹਿਤ ਰਹਤਾ ॥੩॥

ਜੇ ਬ੍ਰਾਹਮਣਾਂ ਵਾਲੇ ਛੇ ਹੀ ਕਰਮ ਸਦਾ ਕਰਦਾ ਰਹੇ ॥੩॥

ਸਿਵਾ ਸਕਤਿ ਸੰਬਾਦੰ ॥

ਰਾਮਾਇਣ (ਆਦਿਕ) ਦਾ ਪਾਠ-

ਮਨ ਛੋਡਿ ਛੋਡਿ ਸਗਲ ਭੇਦੰ ॥

ਹੇ ਮੇਰੇ ਮਨ! ਇਹ ਸਾਰੇ ਕਰਮ ਛੱਡ ਦੇਹ, ਛੱਡ ਦੇਹ, ਇਹ ਸਭ ਪ੍ਰਭੂ ਨਾਲੋਂ ਵਿੱਥ ਪਾਣ ਵਾਲੇ ਹੀ ਹਨ।

ਸਿਮਰਿ ਸਿਮਰਿ ਗੋਬਿੰਦੰ ॥

ਹੇ ਨਾਮਦੇਵ! ਗੋਬਿੰਦ ਦਾ ਭਜਨ ਕਰ, (ਪ੍ਰਭੂ ਦਾ) ਨਾਮ ਸਿਮਰ,

ਭਜੁ ਨਾਮਾ ਤਰਸਿ ਭਵ ਸਿੰਧੰ ॥੪॥੧॥

(ਨਾਮ ਸਿਮਰਿਆਂ ਹੀ) ਸੰਸਾਰ-ਸਮੁੰਦਰ ਤੋਂ ਪਾਰ ਲੰਘੇਂਗਾ ॥੪॥੧॥


ਗੋਂਡ ॥
ਨਾਦ ਭ੍ਰਮੇ ਜੈਸੇ ਮਿਰਗਾਏ ॥

ਜਿਵੇਂ ਹਰਨ (ਆਪਣਾ ਆਪ ਭੁਲਾ ਕੇ) ਨਾਦ ਦੇ ਪਿੱਛੇ ਦੌੜਦਾ ਹੈ,

ਪ੍ਰਾਨ ਤਜੇ ਵਾ ਕੋ ਧਿਆਨੁ ਨ ਜਾਏ ॥੧॥

ਜਿੰਦ ਦੇ ਦੇਂਦਾ ਹੈ ਪਰ ਉਸ ਨੂੰ ਉਸ ਨਾਦ ਦਾ ਧਿਆਨ ਨਹੀਂ ਵਿੱਸਰਦਾ ॥੧॥

ਐਸੇ ਰਾਮਾ ਐਸੇ ਹੇਰਉ ॥

ਮੈਂ ਭੀ ਪ੍ਰਭੂ ਨੂੰ ਇਉਂ ਹੀ ਤੱਕਦਾ ਹਾਂ।

ਰਾਮੁ ਛੋਡਿ ਚਿਤੁ ਅਨਤ ਨ ਫੇਰਉ ॥੧॥ ਰਹਾਉ ॥

ਮੈਂ ਆਪਣੇ ਪਿਆਰੇ ਪ੍ਰਭੂ ਦੀ ਯਾਦ ਛੱਡ ਕੇ ਕਿਸੇ ਹੋਰ ਪਾਸੇ ਵਲ ਆਪਣੇ ਚਿੱਤ ਨੂੰ ਨਹੀਂ ਜਾਣ ਦੇਂਦਾ ॥੧॥ ਰਹਾਉ ॥

ਜਿਉ ਮੀਨਾ ਹੇਰੈ ਪਸੂਆਰਾ ॥

ਜਿਵੇਂ ਮਾਹੀਗੀਰ ਮੱਛੀਆਂ ਵਲ ਤੱਕਦਾ ਹੈ,

ਸੋਨਾ ਗਢਤੇ ਹਿਰੈ ਸੁਨਾਰਾ ॥੨॥

ਜਿਵੇਂ ਸੋਨਾ ਘੜਦਿਆਂ ਸੁਨਿਆਰਾ (ਸੋਨੇ ਵਲ ਗਹੁ ਨਾਲ) ਤੱਕਦਾ ਹੈ ॥੨॥

ਜਿਉ ਬਿਖਈ ਹੇਰੈ ਪਰ ਨਾਰੀ ॥

ਜਿਵੇਂ ਵਿਸ਼ਈ ਮਨੁੱਖ ਪਰਾਈ ਨਾਰ ਵਲ ਤੱਕਦਾ ਹੈ,

ਕਉਡਾ ਡਾਰਤ ਹਿਰੈ ਜੁਆਰੀ ॥੩॥

ਜਿਵੇਂ (ਜੂਆ ਖੇਡਣ ਲੱਗਾ) ਜੁਆਰੀਆ ਕਉਡਾਂ ਸੁੱਟ ਕੇ ਗਹੁ ਨਾਲ ਤੱਕਦਾ ਹੈ (ਕਿ ਕੀਹ ਦਾਉ ਪਿਆ ਹੈ) ॥੩॥

ਜਹ ਜਹ ਦੇਖਉ ਤਹ ਤਹ ਰਾਮਾ ॥

ਮੈਂ ਭੀ ਜਿੱਧਰ ਤੱਕਦਾ ਹਾਂ ਪ੍ਰਭੂ ਨੂੰ ਹੀ ਵੇਖਦਾ ਹਾਂ (ਮੇਰੀ ਸੁਰਤ ਸਦਾ ਪ੍ਰਭੂ ਵਿਚ ਹੀ ਰਹਿੰਦੀ ਹੈ)।

ਹਰਿ ਕੇ ਚਰਨ ਨਿਤ ਧਿਆਵੈ ਨਾਮਾ ॥੪॥੨॥

ਮੈਂ ਨਾਮਦੇਵ (ਇਹਨਾਂ ਵਾਂਗ) ਸਦਾ ਆਪਣੇ ਪ੍ਰਭੂ ਨੂੰ ਸਿਮਰਦਾ ਹਾਂ ॥੪॥੨॥


ਗੋਂਡ ॥
ਮੋ ਕਉ ਤਾਰਿ ਲੇ ਰਾਮਾ ਤਾਰਿ ਲੇ ॥

ਹੇ ਮੇਰੇ ਰਾਮ! ਮੈਨੂੰ (ਸੰਸਾਰ-ਸਮੁੰਦਰ ਤੋਂ) ਤਾਰ ਲੈ, ਬਚਾ ਲੈ।

ਮੈ ਅਜਾਨੁ ਜਨੁ ਤਰਿਬੇ ਨ ਜਾਨਉ ਬਾਪ ਬੀਠੁਲਾ ਬਾਹ ਦੇ ॥੧॥ ਰਹਾਉ ॥

ਹੇ ਮੇਰੇ ਪਿਤਾ ਪ੍ਰਭੂ! ਮੈਨੂੰ ਆਪਣੀ ਬਾਂਹ ਫੜਾ, ਮੈਂ ਤੇਰਾ ਅੰਞਾਣ ਸੇਵਕ ਹਾਂ, ਮੈਂ ਤਰਨਾ ਨਹੀਂ ਜਾਣਦਾ ॥੧॥ ਰਹਾਉ ॥

ਨਰ ਤੇ ਸੁਰ ਹੋਇ ਜਾਤ ਨਿਮਖ ਮੈ ਸਤਿਗੁਰ ਬੁਧਿ ਸਿਖਲਾਈ ॥

(ਹੇ ਬੀਠੁਲ ਪਿਤਾ! ਮੈਨੂੰ ਭੀ ਗੁਰੂ ਮਿਲਾ) ਗੁਰੂ ਤੋਂ ਮਿਲੀ ਮੱਤ ਦੀ ਬਰਕਤ ਨਾਲ ਅੱਖ ਦੇ ਫੋਰ ਵਿਚ ਮਨੁੱਖਾਂ ਤੋਂ ਦੇਵਤੇ ਬਣ ਜਾਈਦਾ ਹੈ,

ਨਰ ਤੇ ਉਪਜਿ ਸੁਰਗ ਕਉ ਜੀਤਿਓ ਸੋ ਅਵਖਧ ਮੈ ਪਾਈ ॥੧॥

ਹੇ ਪਿਤਾ! (ਮਿਹਰ ਕਰ) ਮੈਂ ਭੀ ਉਹ ਦਵਾਈ ਹਾਸਲ ਕਰ ਲਵਾਂ ਜਿਸ ਨਾਲ ਮਨੁੱਖਾਂ ਤੋਂ ਜੰਮ ਕੇ (ਭਾਵ, ਮਨੁੱਖ-ਜਾਤੀ ਵਿਚੋਂ ਹੋ ਕੇ) ਸੁਰਗ ਨੂੰ ਜਿੱਤਿਆ ਜਾ ਸਕਦਾ ਹੈ (ਭਾਵ, ਸੁਰਗ ਦੀ ਭੀ ਪਰਵਾਹ ਨਹੀਂ ਰਹਿੰਦੀ) ॥੧॥

ਜਹਾ ਜਹਾ ਧੂਅ ਨਾਰਦੁ ਟੇਕੇ ਨੈਕੁ ਟਿਕਾਵਹੁ ਮੋਹਿ ॥

ਹੇ ਮੇਰੇ ਰਾਮ! ਤੂੰ ਜਿਸ ਜਿਸ ਆਤਮਕ ਟਿਕਾਣੇ ਧ੍ਰੂ ਤੇ ਨਾਰਦ (ਵਰਗੇ ਭਗਤਾਂ) ਨੂੰ ਅਪੜਾਇਆ ਹੈ, ਮੈਨੂੰ ਸਦਾ ਲਈ ਅਪੜਾ ਦੇਹ,

ਤੇਰੇ ਨਾਮ ਅਵਿਲੰਬਿ ਬਹੁਤੁ ਜਨ ਉਧਰੇ ਨਾਮੇ ਕੀ ਨਿਜ ਮਤਿ ਏਹ ॥੨॥੩॥

ਮੇਰਾ ਨਾਮਦੇਵ ਦਾ ਇਹ ਪੱਕਾ ਨਿਸ਼ਚਾ ਹੈ ਕਿ ਤੇਰੇ ਨਾਮ ਦੇ ਆਸਰੇ ਬੇਅੰਤ ਜੀਵ (ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਬਚ ਨਿਕਲਦੇ ਹਨ। ਭਾਵ: ਪ੍ਰਭੂ ਤੋਂ ਨਾਮ ਸਿਮਰਨ ਦੀ ਮੰਗ। ਨਾਮ ਦੀ ਬਰਕਤ ਨਾਲ ਸੁਰਗ ਦੀ ਭੀ ਲਾਲਸਾ ਨਹੀਂ ਰਹਿੰਦੀ ॥੨॥੩॥


ਗੋਂਡ ॥
ਮੋਹਿ ਲਾਗਤੀ ਤਾਲਾਬੇਲੀ ॥

ਮੈਨੂੰ (ਪ੍ਰਭੂ ਤੋਂ ਵਿਛੁੜ ਕੇ) ਤੜਫਣੀ ਲੱਗਦੀ ਹੈ,

ਬਛਰੇ ਬਿਨੁ ਗਾਇ ਅਕੇਲੀ ॥੧॥

ਜਿਵੇਂ ਵੱਛੇ ਤੋਂ ਵਿੱਛੜ ਕੇ ਇਕੱਲੀ ਗਾਂ (ਘਾਬਰਦੀ ਹੈ) ॥੧॥

ਪਾਨੀਆ ਬਿਨੁ ਮੀਨੁ ਤਲਫੈ ॥

ਜਿਵੇਂ ਪਾਣੀ ਤੋਂ ਬਿਨਾ ਮੱਛੀ ਫੜਫਦੀ ਹੈ,

ਐਸੇ ਰਾਮ ਨਾਮਾ ਬਿਨੁ ਬਾਪੁਰੋ ਨਾਮਾ ॥੧॥ ਰਹਾਉ ॥

ਤਿਵੇਂ ਮੈਂ ਨਾਮਦੇਵ ਪ੍ਰਭੂ ਦੇ ਨਾਮ ਤੋਂ ਬਿਨਾ ਘਾਬਰਦਾ ਹਾਂ ॥੧॥ ਰਹਾਉ ॥

ਜੈਸੇ ਗਾਇ ਕਾ ਬਾਛਾ ਛੂਟਲਾ ॥

ਜਿਵੇਂ (ਜਦੋਂ) ਗਾਂ ਦਾ ਵੱਛਾ ਕਿੱਲੇ ਨਾਲੋਂ ਖੁਲ੍ਹਦਾ ਹੈ,

ਥਨ ਚੋਖਤਾ ਮਾਖਨੁ ਘੂਟਲਾ ॥੨॥

ਤਾਂ (ਗਾਂ ਦੇ) ਥਣ ਚੁੰਘਦਾ ਹੈ, ਤੇ ਮੱਖਣ ਦੇ ਘੁੱਟ ਭਰਦਾ ਹੈ ॥੨॥

ਨਾਮਦੇਉ ਨਾਰਾਇਨੁ ਪਾਇਆ ॥

ਤਿਵੇਂ ਮੈਨੂੰ ਨਾਮਦੇਵ ਨੂੰ ਮੈਨੂੰ ਰੱਬ ਮਿਲ ਪਿਆ,

ਗੁਰੁ ਭੇਟਤ ਅਲਖੁ ਲਖਾਇਆ ॥੩॥

ਮੈਨੂੰ ਅਲੱਖ ਪ੍ਰਭੂ ਦੀ ਸੂਝ ਪੈ ਗਈ, ਜਦੋਂ ਸਤਿਗੁਰੂ ਮਿਲਿਆ ॥੩॥

ਜੈਸੇ ਬਿਖੈ ਹੇਤ ਪਰ ਨਾਰੀ ॥

ਜਿਵੇਂ (ਵਿਸ਼ਈ ਨੂੰ) ਵਿਸ਼ੇ ਵਾਸਤੇ ਪਰਾਈ ਨਾਰ ਨਾਲ ਪਿਆਰ ਹੁੰਦਾ ਹੈ,

ਐਸੇ ਨਾਮੇ ਪ੍ਰੀਤਿ ਮੁਰਾਰੀ ॥੪॥

ਮੈਨੂੰ ਨਾਮੇ ਨੂੰ ਪ੍ਰਭੂ ਨਾਲ ਪਿਆਰ ਹੈ ॥੪॥

ਜੈਸੇ ਤਾਪਤੇ ਨਿਰਮਲ ਘਾਮਾ ॥

ਜਿਵੇਂ ਚਮਕਦੀ ਧੁੱਪ ਵਿਚ (ਜੀਵ-ਜੰਤ) ਤਪਦੇ-ਲੁੱਛਦੇ ਹਨ,

ਤੈਸੇ ਰਾਮ ਨਾਮਾ ਬਿਨੁ ਬਾਪੁਰੋ ਨਾਮਾ ॥੫॥੪॥

ਪ੍ਰਭੂ ਦੇ ਨਾਮ ਤੋਂ ਵਿੱਛੜ ਕੇ ਮੈਂ ਨਾਮਦੇਵ ਇਉਂ ਘਾਬਰਦਾ ਹਾਂ। ਭਾਵ: ਪ੍ਰੀਤ ਦਾ ਸਰੂਪ-ਵਿਛੋੜਾ ਅਸਹਿ ਹੁੰਦਾ ਹੈ ॥੫॥੪॥


ਰਾਗੁ ਗੋਂਡ ਬਾਣੀ ਨਾਮਦੇਉ ਜੀਉ ਕੀ ਘਰੁ ੨ ॥

ਰਾਗ ਗੋਂਡ, ਘਰ ੨ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਹਰਿ ਹਰਿ ਕਰਤ ਮਿਟੇ ਸਭਿ ਭਰਮਾ ॥

ਹਰਿ-ਨਾਮ ਸਿਮਰਿਆਂ ਸਭ ਭਟਕਣਾਂ ਦੂਰ ਹੋ ਜਾਂਦੀਆਂ ਹਨ;

ਹਰਿ ਕੋ ਨਾਮੁ ਲੈ ਊਤਮ ਧਰਮਾ ॥

ਹੇ ਭਾਈ! ਨਾਮ ਸਿਮਰ, ਇਹੀ ਹੈ ਸਭ ਤੋਂ ਚੰਗਾ ਧਰਮ।

ਹਰਿ ਹਰਿ ਕਰਤ ਜਾਤਿ ਕੁਲ ਹਰੀ ॥

ਨਾਮ ਸਿਮਰਿਆਂ (ਨੀਵੀਂ ਉੱਚੀ) ਜਾਤ ਕੁਲ ਦਾ ਵਿਤਕਰਾ ਦੂਰ ਹੋ ਜਾਂਦਾ ਹੈ।

ਸੋ ਹਰਿ ਅੰਧੁਲੇ ਕੀ ਲਾਕਰੀ ॥੧॥

ਉਹ ਹਰਿ-ਨਾਮ ਹੀ ਮੈਂ ਅੰਨ੍ਹੇ ਦਾ ਆਸਰਾ ਹੈ ॥੧॥

ਹਰਏ ਨਮਸਤੇ ਹਰਏ ਨਮਹ ॥

ਮੇਰੀ ਉਸ ਪਰਮਾਤਮਾ ਨੂੰ ਨਮਸਕਾਰ ਹੈ,

ਹਰਿ ਹਰਿ ਕਰਤ ਨਹੀ ਦੁਖੁ ਜਮਹ ॥੧॥ ਰਹਾਉ ॥

ਜਿਸ ਦਾ ਸਿਮਰਨ ਕੀਤਿਆਂ ਜਮਾਂ ਦਾ ਦੁੱਖ ਨਹੀਂ ਰਹਿੰਦਾ ॥੧॥ ਰਹਾਉ ॥

ਹਰਿ ਹਰਨਾਖਸ ਹਰੇ ਪਰਾਨ ॥

ਪ੍ਰਭੂ ਨੇ ਹਰਨਾਖਸ਼ (ਦੈਂਤ) ਨੂੰ ਮਾਰਿਆ,

ਅਜੈਮਲ ਕੀਓ ਬੈਕੁੰਠਹਿ ਥਾਨ ॥

ਅਜਾਮਲ ਪਾਪੀ ਨੂੰ ਬੈਕੁੰਠ ਵਿਚ ਥਾਂ ਦਿੱਤੀ।

ਸੂਆ ਪੜਾਵਤ ਗਨਿਕਾ ਤਰੀ ॥

ਉਸ ਹਰੀ ਦਾ ਨਾਮ ਤੋਤੇ ਨੂੰ ਪੜ੍ਹਾਉਂਦਿਆਂ ਵੇਸਵਾ ਭੀ ਵਿਕਾਰਾਂ ਵਲੋਂ ਹਟ ਗਈ;

ਸੋ ਹਰਿ ਨੈਨਹੁ ਕੀ ਪੂਤਰੀ ॥੨॥

ਉਹੀ ਪ੍ਰਭੂ ਮੇਰੀਆਂ ਅੱਖਾਂ ਦੀ ਪੁਤਲੀ ਹੈ ॥੨॥

ਹਰਿ ਹਰਿ ਕਰਤ ਪੂਤਨਾ ਤਰੀ ॥

ਪੂਤਨਾ ਦਾਈ ਭੀ ਤਰ ਗਈ, ਜਦੋਂ ਉਸ ਨੇ ਹਰਿ-ਨਾਮ ਸਿਮਰਿਆ;

ਬਾਲ ਘਾਤਨੀ ਕਪਟਹਿ ਭਰੀ ॥

ਬਾਲਾਂ ਨੂੰ ਮਾਰਨ ਵਾਲੀ ਅਤੇ ਕਪਟ ਨਾਲ ਭਰੀ ਹੋਈ (ਉਸ ਪੂਤਨਾ ਦਾ ਉਧਾਰ ਹੋ ਗਿਆ)।

ਸਿਮਰਨ ਦ੍ਰੋਪਦ ਸੁਤ ਉਧਰੀ ॥

ਸਿਮਰਨ ਦੀ ਬਰਕਤ ਨਾਲ ਹੀ ਦ੍ਰੋਪਤੀ (ਨਿਰਾਦਰੀ ਤੋਂ) ਬਚੀ ਸੀ,

ਗਊਤਮ ਸਤੀ ਸਿਲਾ ਨਿਸਤਰੀ ॥੩॥

ਤੇ, ਗੌਤਮ ਦੀ ਨੇਕ ਇਸਤ੍ਰੀ ਦਾ ਪਾਰ-ਉਤਾਰਾ ਹੋਇਆ ਸੀ, ਜੋ (ਗੌਤਮ ਦੇ ਸ੍ਰਾਪ ਨਾਲ) ਸਿਲਾ ਬਣ ਗਈ ਸੀ ॥੩॥

ਕੇਸੀ ਕੰਸ ਮਥਨੁ ਜਿਨਿ ਕੀਆ ॥

ਉਸੇ ਪ੍ਰਭੂ ਨੇ ਕੇਸੀ ਤੇ ਕੰਸ ਦਾ ਨਾਸ ਕੀਤਾ ਸੀ,

ਜੀਅ ਦਾਨੁ ਕਾਲੀ ਕਉ ਦੀਆ ॥

ਤੇ ਕਾਲੀ ਨਾਗ ਦੀ ਜਿੰਦ-ਬਖ਼ਸ਼ੀ ਕੀਤੀ ਸੀ।

ਪ੍ਰਣਵੈ ਨਾਮਾ ਐਸੋ ਹਰੀ ॥

ਨਾਮਦੇਵ ਬੇਨਤੀ ਕਰਦਾ ਹੈ-ਪ੍ਰਭੂ ਐਸਾ (ਬਖ਼ਸ਼ੰਦ) ਹੈ,

ਜਾਸੁ ਜਪਤ ਭੈ ਅਪਦਾ ਟਰੀ ॥੪॥੧॥੫॥

ਕਿ ਉਸ ਦਾ ਨਾਮ ਸਿਮਰਿਆਂ ਸਭ ਡਰ ਤੇ ਮੁਸੀਬਤਾਂ ਟਲ ਜਾਂਦੀਆਂ ਹਨ ॥੪॥੧॥੫॥


ਗੋਂਡ ॥
ਭੈਰਉ ਭੂਤ ਸੀਤਲਾ ਧਾਵੈ ॥

ਜੋ ਮਨੁੱਖ ਭੈਰੋਂ ਵਲ ਜਾਂਦਾ ਹੈ (ਭਾਵ, ਜੋ ਭੈਰੋਂ ਦੀ ਅਰਾਧਨਾ ਕਰਦਾ ਹੈ), ਉਹ (ਵਧ ਤੋਂ ਵਧ ਭੈਰੋਂ ਵਰਗਾ ਹੀ) ਭੂਤ ਬਣ ਜਾਂਦਾ ਹੈ। ਜੋ ਸੀਤਲਾ ਨੂੰ ਅਰਾਧਦਾ ਹੈ,

ਖਰ ਬਾਹਨੁ ਉਹੁ ਛਾਰੁ ਉਡਾਵੈ ॥੧॥

ਉਹ (ਸੀਤਲਾ ਵਾਂਗ) ਖੋਤੇ ਦੀ ਸਵਾਰੀ ਕਰਦਾ ਹੈ ਤੇ (ਖੋਤੇ ਦੇ ਨਾਲ) ਸੁਆਹ ਹੀ ਉਡਾਉਂਦਾ ਹੈ ॥੧॥

ਹਉ ਤਉ ਏਕੁ ਰਮਈਆ ਲੈਹਉ ॥

(ਹੇ ਪੰਡਤ!) ਮੈਂ ਤਾਂ ਇੱਕ ਸੋਹਣੇ ਰਾਮ ਦਾ ਨਾਮ ਹੀ ਲਵਾਂਗਾ,

ਆਨ ਦੇਵ ਬਦਲਾਵਨਿ ਦੈਹਉ ॥੧॥ ਰਹਾਉ ॥

(ਤੁਹਾਡੇ) ਹੋਰ ਸਾਰੇ ਦੇਵਤਿਆਂ ਨੂੰ ਉਸ ਨਾਮ ਦੇ ਵੱਟੇ ਵਿਚ ਦੇ ਦਿਆਂਗਾ, (ਭਾਵ, ਪ੍ਰਭੂ-ਨਾਮ ਦੇ ਟਾਕਰੇ ਤੇ ਮੈਨੂੰ ਤੁਹਾਡੇ ਕਿਸੇ ਭੀ ਦੇਵੀ ਦੇਵਤੇ ਦੀ ਲੋੜ ਨਹੀਂ ਹੈ) ॥੧॥ ਰਹਾਉ ॥

ਸਿਵ ਸਿਵ ਕਰਤੇ ਜੋ ਨਰੁ ਧਿਆਵੈ ॥

ਜੋ ਮਨੁੱਖ ਸ਼ਿਵ ਦਾ ਨਾਮ ਜਪਦਾ ਹੈ,

ਬਰਦ ਚਢੇ ਡਉਰੂ ਢਮਕਾਵੈ ॥੨॥

ਉਹ (ਵਧ ਤੋਂ ਵਧ ਜੋ ਕੁਝ ਹਾਸਲ ਕਰ ਸਕਦਾ ਹੈ ਇਹ ਹੈ ਕਿ ਸ਼ਿਵ ਦਾ ਰੂਪ ਲੈ ਕੇ, ਸ਼ਿਵ ਦੀ ਸਵਾਰੀ) ਬਲਦ ਉੱਤੇ ਚੜ੍ਹਦਾ ਹੈ ਤੇ (ਸ਼ਿਵ ਵਾਂਗ) ਡਮਰੂ ਵਜਾਉਂਦਾ ਹੈ ॥੨॥

ਮਹਾ ਮਾਈ ਕੀ ਪੂਜਾ ਕਰੈ ॥

ਜੋ ਮਨੁੱਖ ਪਾਰਬਤੀ ਦੀ ਪੂਜਾ ਕਰਦਾ ਹੈ,

ਨਰ ਸੈ ਨਾਰਿ ਹੋਇ ਅਉਤਰੈ ॥੩॥

ਉਹ ਮਨੁੱਖ ਤੋਂ ਜ਼ਨਾਨੀ ਬਣ ਕੇ ਜਨਮ ਲੈਂਦਾ ਹੈ (ਕਿਉਂਕਿ ਪੂਜਾ ਕਰਨ ਵਾਲਾ ਆਪਣੇ ਪੂਜਯ ਦਾ ਰੂਪ ਹੀ ਬਣ ਸਕਦਾ ਹੈ) ॥੩॥

ਤੂ ਕਹੀਅਤ ਹੀ ਆਦਿ ਭਵਾਨੀ ॥

ਹੇ ਭਵਾਨੀ! ਤੂੰ ਸਭ ਦਾ ਮੁੱਢ ਅਖਵਾਉਂਦੀ ਹੈਂ,

ਮੁਕਤਿ ਕੀ ਬਰੀਆ ਕਹਾ ਛਪਾਨੀ ॥੪॥

ਪਰ (ਆਪਣੇ ਭਗਤਾਂ ਨੂੰ) ਮੁਕਤੀ ਦੇਣ ਵੇਲੇ ਤੂੰ ਭੀ, ਪਤਾ ਨਹੀਂ, ਕਿੱਥੇ ਲੁਕੀ ਰਹਿੰਦੀ ਹੈਂ (ਭਾਵ, ਮੁਕਤੀ ਭਵਾਨੀ ਪਾਸ ਭੀ ਨਹੀਂ ਹੈ) ॥੪॥

ਗੁਰਮਤਿ ਰਾਮ ਨਾਮ ਗਹੁ ਮੀਤਾ ॥

ਹੇ ਮਿੱਤਰ (ਪੰਡਤ!) ਸਤਿਗੁਰੂ ਦੀ ਸਿੱਖਿਆ ਲੈ ਕੇ ਪਰਮਾਤਮਾ ਦੇ ਨਾਮ ਦੀ ਓਟ ਲੈ,

ਪ੍ਰਣਵੈ ਨਾਮਾ ਇਉ ਕਹੈ ਗੀਤਾ ॥੫॥੨॥੬॥

ਨਾਮਦੇਵ ਬੇਨਤੀ ਕਰਦਾ ਹੈ- (ਤੁਹਾਡੀ ਧਰਮ-ਪੁਸਤਕ) ਗੀਤਾ ਭੀ ਇਹੀ ਆਖਦੀ ਹੈ ॥੫॥੨॥੬॥


ਬਿਲਾਵਲੁ ਗੋਂਡ ॥
ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਊ ਰੇ ॥ ਰਹਾਉ ॥

ਹੇ ਪਾਂਡੇ! ਮੈਂ ਤਾਂ ਇਸੇ ਜਨਮ ਵਿਚ ਪਰਮਾਤਮਾ ਦਾ ਦਰਸ਼ਨ ਕਰ ਲਿਆ ਹੈ (ਪਰ ਤੂੰ ਮੂਰਖ ਹੀ ਰਹਿਓਂ, ਤੈਨੂੰ ਦਰਸ਼ਨ ਨਹੀਂ ਹੋਇਆ; ਆ) ਮੈਂ (ਤੈਨੂੰ) ਮੂਰਖ ਨੂੰ ਸਮਝਾਵਾਂ (ਕਿ ਤੈਨੂੰ ਦਰਸ਼ਨ ਕਿਉਂ ਨਹੀਂ ਹੁੰਦਾ) ਰਹਾਉ॥

ਪਾਂਡੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ ॥

ਹੇ ਪਾਂਡੇ! (ਪਹਿਲਾਂ ਤਾਂ ਜਿਸ ਗਾਇਤ੍ਰੀ ਦਾ ਤੂੰ ਪਾਠ ਕਰਦਾ ਹੈਂ ਉਸ ਉੱਤੇ ਤੇਰੀ ਸ਼ਰਧਾ ਨਹੀਂ ਬਣ ਸਕਦੀ, ਕਿਉਂਕਿ) ਤੇਰੀ ਗਾਇਤ੍ਰੀ (ਉਹ ਹੈ ਜਿਸ ਬਾਰੇ ਤੂੰ ਆਪ ਹੀ ਆਖਦਾ ਹੈਂ ਕਿ ਇਕ ਵਾਰੀ ਸ੍ਰਾਪ ਦੇ ਕਾਰਨ ਗਊ ਦੀ ਜੂਨ ਵਿਚ ਆ ਕੇ ਇਹ) ਇਕ ਲੋਧੇ ਜੱਟ ਦੀ ਪੈਲੀ ਖਾਣ ਜਾ ਪਈ,

ਲੈ ਕਰਿ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ ॥੧॥

ਉਸ ਨੇ ਸੋਟਾ ਲੈ ਕੇ ਲੱਤ ਤੋੜ ਦਿੱਤੀ ਤਾਂ (ਵਿਚਾਰੀ) ਲੰਙਾ ਲੰਙਾ ਕੇ ਤੁਰਨ ਲੱਗੀ ॥੧॥

ਪਾਂਡੇ ਤੁਮਰਾ ਮਹਾਦੇਉ ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ ॥

ਹੇ ਪਾਂਡੇ! (ਫਿਰ ਤੂੰ ਜਿਸ ਸ਼ਿਵ ਜੀ ਦੀ ਅਰਾਧਨਾ ਕਰਦਾ ਹੈਂ ਉਸ ਨੂੰ ਬੜਾ ਕ੍ਰੋਧੀ ਸਮਝਦਾ ਹੈਂ ਤੇ ਆਖਦਾ ਹੈਂ ਕਿ ਗੁੱਸੇ ਵਿਚ ਆ ਕੇ ਉਹ ਸ੍ਰਾਪ ਦੇ ਦੇਂਦਾ ਹੈ, ਭਸਮ ਕਰ ਦੇਂਦਾ ਹੈ। ਐਸੇ ਸ਼ਿਵ ਨਾਲ ਤੂੰ ਪਿਆਰ ਕਿਵੇਂ ਕਰ ਸਕਦਾ ਹੈਂ?)

ਮੋਦੀ ਕੇ ਘਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ ॥੨॥

ਤੇਰਾ ਸ਼ਿਵ (ਤਾਂ ਉਹ ਹੈ ਜਿਸ ਬਾਰੇ ਤੂੰ ਆਖਦਾ ਹੈਂ) ਕਿਸੇ ਭੰਡਾਰੀ ਦੇ ਘਰ ਉਸ ਵਾਸਤੇ ਭੋਜਨ ਤਿਆਰ ਹੋਇਆ, ਸ਼ਿਵ ਨੂੰ ਚਿੱਟੇ ਬਲਦ ਉੱਤੇ ਚੜ੍ਹਿਆ ਜਾਂਦਾ ਵੇਖਿਆ, (ਭਾਵ, ਤੂੰ ਦੱਸਦਾ ਹੈਂ ਕਿ ਸ਼ਿਵ ਜੀ ਚਿੱਟੇ ਬਲਦ ਦੀ ਸਵਾਰੀ ਕਰਦੇ ਸਨ) (ਪਰ ਸ਼ਾਇਦ ਉਹ ਭੋਜਨ ਪਸੰਦ ਨਾ ਆਇਆ, ਸ਼ਿਵ ਜੀ ਨੇ ਸ੍ਰਾਪ ਦੇ ਕੇ) ਉਸ ਦਾ ਮੁੰਡਾ ਮਾਰ ਦਿੱਤਾ ॥੨॥

ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ ॥

ਹੇ ਪਾਂਡੇ! ਤੇਰੇ ਸ੍ਰੀ ਰਾਮ ਚੰਦਰ ਜੀ ਭੀ ਆਉਂਦੇ ਵੇਖੇ ਹਨ (ਭਾਵ, ਜਿਸ ਸ੍ਰੀ ਰਾਮ ਚੰਦਰ ਜੀ ਦੀ ਤੂੰ ਉਪਾਸ਼ਨਾ ਕਰਦਾ ਹੈਂ, ਉਹਨਾਂ ਦੀ ਬਾਬਤ ਭੀ ਤੈਥੋਂ ਇਹੀ ਕੁਝ ਅਸਾਂ ਸੁਣਿਆ ਹੈ ਕਿ)

ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ ॥੩॥

ਰਾਵਣ ਨਾਲ ਉਹਨਾਂ ਦੀ ਲੜਾਈ ਹੋ ਪਈ, ਕਿਉਂਕਿ ਉਹ ਵਹੁਟੀ (ਸੀਤਾ ਜੀ) ਗਵਾ ਬੈਠੇ ਸਨ ॥੩॥

ਹਿੰਦੂ ਅੰਨੑਾ ਤੁਰਕੂ ਕਾਣਾ ॥

ਸੋ ਹਿੰਦੂ ਦੋਵੇਂ ਅੱਖਾਂ ਗਵਾ ਬੈਠਾ ਹੈ, ਪਰ ਮੁਸਲਮਾਨ ਦੀ ਇੱਕ ਅੱਖ ਹੀ ਖ਼ਰਾਬ ਹੋਈ ਹੈ;

ਦੁਹਾਂ ਤੇ ਗਿਆਨੀ ਸਿਆਣਾ ॥

ਇਹਨਾਂ ਦੋਹਾਂ ਨਾਲੋਂ ਸਿਆਣਾ ਉਹ ਬੰਦਾ ਹੈ ਜਿਸ ਨੂੰ (ਪ੍ਰਭੂ ਦੀ ਹਸਤੀ ਦਾ ਸਹੀ) ਗਿਆਨ ਹੋ ਗਿਆ ਹੈ।

ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ ॥

(ਹਿੰਦੂ ਨੇ ਇੱਕ ਅੱਖ ਤਾਂ ਤਦੋਂ ਗਵਾਈ ਜਦੋਂ ਉਹ ਆਪਣੇ ਇਸ਼ਟ ਬਾਰੇ ਸ਼ਰਧਾ-ਹੀਣ ਕਹਾਣੀਆਂ ਘੜਨ ਲੱਗ ਪਿਆ, ਤੇ ਦੂਜੀ ਗਵਾਈ, ਜਦੋਂ ਉਹ ਪਰਮਾਤਮਾ ਨੂੰ ਨਿਰਾ ਮੰਦਰ ਵਿਚ ਬੈਠਾ ਸਮਝ ਕੇ) ਮੰਦਰ ਨੂੰ ਪੂਜਣ ਲੱਗ ਪਿਆ, ਮੁਸਲਮਾਨ (ਦੀ ਹਜ਼ਰਤ ਮੁਹੰਮਦ ਸਾਹਿਬ ਵਿਚ ਪੂਰੀ ਸ਼ਰਧਾ ਹੋਣ ਕਰਕੇ ਇੱਕ ਅੱਖ ਤਾਂ ਸਾਬਤ ਹੈ ਪਰ ਦੂਜੀ ਗਵਾ ਬੈਠਾ ਹੈ, ਕਿਉਂਕਿ ਰੱਬ ਨੂੰ ਨਿਰਾ ਮਸਜਿਦ ਵਿਚ ਜਾਣ ਕੇ) ਮਸਜਿਦ ਨੂੰ ਹੀ ਰੱਬ ਦਾ ਘਰ ਸਮਝ ਰਿਹਾ ਹੈ।

ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ ॥੪॥੩॥੭॥

ਮੈਂ ਨਾਮਦੇਵ ਉਸ ਪਰਮਾਤਮਾ ਦਾ ਸਿਮਰਨ ਕਰਦਾ ਹਾਂ ਜਿਸ ਦਾ ਨਾਹ ਕੋਈ ਖ਼ਾਸ ਮੰਦਰ ਹੈ ਤੇ ਨਾ ਮਸਜਿਦ ॥੪॥੩॥੭॥


ਬਾਣੀ ਨਾਮਦੇਉ ਜੀਉ ਕੀ ਰਾਮਕਲੀ ਘਰੁ ੧ ॥

ਰਾਗ ਰਾਮਕਲੀ, ਘਰ ੧ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਆਨੀਲੇ ਕਾਗਦੁ ਕਾਟੀਲੇ ਗੂਡੀ ਆਕਾਸ ਮਧੇ ਭਰਮੀਅਲੇ ॥

(ਹੇ ਤ੍ਰਿਲੋਚਨ! ਵੇਖ, ਮੁੰਡਾ) ਕਾਗ਼ਜ਼ ਲਿਆਉਂਦਾ ਹੈ, ਉਸ ਦੀ ਗੁੱਡੀ ਕੱਟਦਾ ਹੈ ਤੇ ਗੁੱਡੀ ਨੂੰ ਅਸਮਾਨ ਵਿਚ ਉਡਾਉਂਦਾ ਹੈ,

ਪੰਚ ਜਨਾ ਸਿਉ ਬਾਤ ਬਤਊਆ ਚੀਤੁ ਸੁ ਡੋਰੀ ਰਾਖੀਅਲੇ ॥੧॥

ਸਾਥੀਆਂ ਨਾਲ ਗੱਪਾਂ ਭੀ ਮਾਰੀ ਜਾਂਦਾ ਹੈ, ਪਰ ਉਸ ਦਾ ਮਨ (ਗੁੱਡੀ ਦੀ) ਡੋਰ ਵਿਚ ਟਿਕਿਆ ਰਹਿੰਦਾ ਹੈ ॥੧॥

ਮਨੁ ਰਾਮ ਨਾਮਾ ਬੇਧੀਅਲੇ ॥

(ਹੇ ਤ੍ਰਿਲੋਚਨ!) ਮੇਰਾ ਮਨ ਪਰਮਾਤਮਾ ਦੇ ਨਾਮ ਵਿਚ ਵਿੱਝਾ ਹੋਇਆ ਹੈ,

ਜੈਸੇ ਕਨਿਕ ਕਲਾ ਚਿਤੁ ਮਾਂਡੀਅਲੇ ॥੧॥ ਰਹਾਉ ॥

ਜਿਵੇਂ ਸੁਨਿਆਰੇ ਦਾ ਮਨ (ਹੋਰਨਾਂ ਨਾਲ ਗੱਲਾਂ-ਬਾਤਾਂ ਕਰਦਿਆਂ ਭੀ, ਕੁਠਾਲੀ ਵਿਚ ਪਾਏ ਹੋਏ ਸੋਨੇ ਵਿਚ) ਜੁੜਿਆ ਰਹਿੰਦਾ ਹੈ ॥੧॥ ਰਹਾਉ ॥

ਆਨੀਲੇ ਕੁੰਭੁ ਭਰਾਈਲੇ ਊਦਕ ਰਾਜ ਕੁਆਰਿ ਪੁਰੰਦਰੀਏ ॥

(ਹੇ ਤ੍ਰਿਲੋਚਨ!) ਜੁਆਨ ਕੁੜੀਆਂ ਸ਼ਹਿਰ ਵਿਚੋਂ (ਬਾਹਰ ਜਾਂਦੀਆਂ ਹਨ) ਆਪੋ ਆਪਣਾ ਘੜਾ ਚੁੱਕ ਲੈਂਦੀਆਂ ਹਨ, ਪਾਣੀ ਨਾਲ ਭਰਦੀਆਂ ਹਨ,

ਹਸਤ ਬਿਨੋਦ ਬੀਚਾਰ ਕਰਤੀ ਹੈ ਚੀਤੁ ਸੁ ਗਾਗਰਿ ਰਾਖੀਅਲੇ ॥੨॥

(ਆਪੋ ਵਿਚ) ਹੱਸਦੀਆਂ ਹਨ, ਹਾਸੇ ਦੀਆਂ ਗੱਲਾਂ ਤੇ ਹੋਰ ਕਈ ਵਿਚਾਰਾਂ ਕਰਦੀਆਂ ਹਨ, ਪਰ ਆਪਣਾ ਚਿੱਤ ਆਪੋ ਆਪਣੇ ਘੜੇ ਵਿਚ ਰੱਖਦੀਆਂ ਹਨ ॥੨॥

ਮੰਦਰੁ ਏਕੁ ਦੁਆਰ ਦਸ ਜਾ ਕੇ ਗਊ ਚਰਾਵਨ ਛਾਡੀਅਲੇ ॥

(ਹੇ ਤ੍ਰਿਲੋਚਨ!) ਇੱਕ ਘਰ ਹੈ ਜਿਸ ਦੇ ਦਸ ਬੂਹੇ ਹਨ, ਇਸ ਘਰੋਂ ਮਨੁੱਖ ਗਊਆਂ ਚਾਰਨ ਲਈ ਛੱਡਦਾ ਹੈ;

ਪਾਂਚ ਕੋਸ ਪਰ ਗਊ ਚਰਾਵਤ ਚੀਤੁ ਸੁ ਬਛਰਾ ਰਾਖੀਅਲੇ ॥੩॥

ਇਹ ਗਾਈਆਂ ਪੰਜਾਂ ਕੋਹਾਂ ਤੇ ਜਾ ਚੁਗਦੀਆਂ ਹਨ, ਪਰ ਆਪਣਾ ਚਿੱਤ ਆਪਣੇ ਵੱਛੇ ਵਿਚ ਰੱਖਦੀਆਂ ਹਨ (ਤਿਵੇਂ ਹੀ ਦਸ-ਇੰਦ੍ਰਿਆਂ-ਵਾਲੇ ਇਸ ਸਰੀਰ ਵਿਚੋਂ ਮੇਰੇ ਗਿਆਨ-ਇੰਦ੍ਰੇ ਸਰੀਰ ਦੇ ਨਿਰਬਾਹ ਲਈ ਕੰਮ-ਕਾਰ ਕਰਦੇ ਹਨ, ਪਰ ਮੇਰੀ ਸੁਰਤ ਆਪਣੇ ਪ੍ਰਭੂ-ਚਰਨਾਂ ਵਿਚ ਹੀ ਹੈ) ॥੩॥

ਕਹਤ ਨਾਮਦੇਉ ਸੁਨਹੁ ਤਿਲੋਚਨ ਬਾਲਕੁ ਪਾਲਨ ਪਉਢੀਅਲੇ ॥

ਹੇ ਤ੍ਰਿਲੋਚਨ! ਸੁਣ, ਨਾਮਦੇਵ (ਇਕ ਹੋਰ ਦ੍ਰਿਸ਼ਟਾਂਤ) ਆਖਦਾ ਹੈ ਕਿ ਮਾਂ ਆਪਣੇ ਬਾਲ ਨੂੰ ਪੰਘੂੜੇ ਵਿਚ ਪਾਂਦੀ ਹੈ,

ਅੰਤਰਿ ਬਾਹਰਿ ਕਾਜ ਬਿਰੂਧੀ ਚੀਤੁ ਸੁ ਬਾਰਿਕ ਰਾਖੀਅਲੇ ॥੪॥੧॥

ਅੰਦਰ ਬਾਹਰ ਘਰ ਦੇ ਕੰਮਾਂ ਵਿਚ ਰੁੱਝੀ ਰਹਿੰਦੀ ਹੈ, ਪਰ ਆਪਣੀ ਸੁਰਤ ਆਪਣੇ ਬੱਚੇ ਵਿਚ ਰੱਖਦੀ ਹੈ। ਭਾਵ: ਪ੍ਰੀਤ ਦਾ ਸਰੂਪ-ਕੰਮ-ਕਾਰ ਕਰਦਿਆਂ ਸੁਰਤ ਹਰ ਵੇਲੇ ਪ੍ਰਭੂ ਦੀ ਯਾਦ ਵਿਚ ਰਹੇ ॥੪॥੧॥


ਬੇਦ ਪੁਰਾਨ ਸਾਸਤ੍ਰ ਆਨੰਤਾ ਗੀਤ ਕਬਿਤ ਨ ਗਾਵਉਗੋ ॥

ਮੈਨੂੰ ਵੇਦ ਸ਼ਾਸਤਰ, ਪੁਰਾਨ ਆਦਿਕ ਦੇ ਗੀਤ ਕਬਿੱਤ ਗਾਵਣ ਦੀ ਲੋੜ ਨਹੀਂ,

ਅਖੰਡ ਮੰਡਲ ਨਿਰੰਕਾਰ ਮਹਿ ਅਨਹਦ ਬੇਨੁ ਬਜਾਵਉਗੋ ॥੧॥

ਕਿਉਂਕਿ ਮੈਂ ਅਵਿਨਾਸ਼ੀ ਟਿਕਾਣੇ ਵਾਲੇ ਨਿਰੰਕਾਰ ਵਿਚ ਜੁੜ ਕੇ (ਉਸ ਦੇ ਪਿਆਰੇ ਦੀ) ਇੱਕ-ਰਸ ਬੰਸਰੀ ਵਜਾ ਰਿਹਾ ਹਾਂ ॥੧॥

ਬੈਰਾਗੀ ਰਾਮਹਿ ਗਾਵਉਗੋ ॥

(ਸਤਿਗੁਰੂ ਦੇ) ਸ਼ਬਦ ਦੀ ਬਰਕਤਿ ਨਾਲ ਮੈਂ ਵੈਰਾਗਵਾਨ ਹੋ ਕੇ, ਵਿਰਕਤ ਹੋ ਕੇ ਪ੍ਰਭੂ ਦੇ ਗੁਣ ਗਾ ਰਿਹਾ ਹਾਂ,

ਸਬਦਿ ਅਤੀਤ ਅਨਾਹਦਿ ਰਾਤਾ ਆਕੁਲ ਕੈ ਘਰਿ ਜਾਉਗੋ ॥੧॥ ਰਹਾਉ ॥

ਅਬਿਨਾਸੀ ਪ੍ਰਭੂ (ਦੇ ਪਿਆਰ) ਵਿਚ ਰੰਗਿਆ ਗਿਆ ਹਾਂ, ਤੇ ਸਰਬ-ਕੁਲ-ਵਿਆਪਕ ਪ੍ਰਭੂ ਦੇ ਚਰਨਾਂ ਵਿਚ ਅੱਪੜ ਗਿਆ ਹਾਂ ॥੧॥ ਰਹਾਉ ॥

ਇੜਾ ਪਿੰਗੁਲਾ ਅਉਰੁ ਸੁਖਮਨਾ ਪਉਨੈ ਬੰਧਿ ਰਹਾਉਗੋ ॥

(ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਜੋ ਮੈਂ) ਚੰਚਲ ਮਨ ਨੂੰ ਰੋਕਿਆ ਹੈ, ਇਹੀ ਮੇਰਾ ਇੜਾ, ਪਿੰਗਲਾ, ਸੁਖਮਨਾ (ਦਾ ਸਾਧਨ) ਹੈ;

ਚੰਦੁ ਸੂਰਜੁ ਦੁਇ ਸਮ ਕਰਿ ਰਾਖਉ ਬ੍ਰਹਮ ਜੋਤਿ ਮਿਲਿ ਜਾਉਗੋ ॥੨॥

ਮੇਰੇ ਲਈ ਖੱਬੀ ਸੱਜੀ ਸੁਰ ਇਕੋ ਜਿਹੀ ਹੈ (ਭਾਵ, ਪ੍ਰਾਣ ਚਾੜ੍ਹਨੇ ਉਤਾਰਨੇ ਮੇਰੇ ਵਾਸਤੇ ਇੱਕੋ ਜਿਹੀ ਗੱਲ ਹੈ, ਬੇ-ਲੋੜਵੇਂ ਹਨ) ਕਿਉਂਕਿ ਮੈਂ ਪਰਮਾਤਮਾ ਦੀ ਜੋਤ ਵਿਚ ਟਿਕਿਆ ਬੈਠਾ ਹਾਂ ॥੨॥

ਤੀਰਥ ਦੇਖਿ ਨ ਜਲ ਮਹਿ ਪੈਸਉ ਜੀਅ ਜੰਤ ਨ ਸਤਾਵਉਗੋ ॥

ਨਾ ਮੈਂ ਤੀਰਥਾਂ ਦੇ ਦਰਸ਼ਨ ਕਰਦਾ ਹਾਂ, ਨਾ ਉਹਨਾਂ ਦੇ ਪਾਣੀ ਵਿਚ ਚੁੱਭੀ ਲਾਉਂਦਾ ਹਾਂ, ਤੇ ਨਾ ਹੀ ਮੈਂ ਉਸ ਪਾਣੀ ਵਿਚ ਰਹਿਣ ਵਾਲੇ ਜੀਵਾਂ ਨੂੰ ਡਰਉਂਦਾ ਹਾਂ।

ਅਠਸਠਿ ਤੀਰਥ ਗੁਰੂ ਦਿਖਾਏ ਘਟ ਹੀ ਭੀਤਰਿ ਨੑਾਉਗੋ ॥੩॥

ਮੈਨੂੰ ਤਾਂ ਮੇਰੇ ਗੁਰੂ ਨੇ (ਮੇਰੇ ਅੰਦਰ ਹੀ) ਅਠਾਹਠ ਤੀਰਥ ਵਿਖਾ ਦਿੱਤੇ ਹਨ। ਸੋ, ਮੈਂ ਆਪਣੇ ਅੰਦਰ ਹੀ (ਆਤਮ-ਤੀਰਥ ਉੱਤੇ) ਇਸ਼ਨਾਨ ਕਰਦਾ ਹਾਂ ॥੩॥

ਪੰਚ ਸਹਾਈ ਜਨ ਕੀ ਸੋਭਾ ਭਲੋ ਭਲੋ ਨ ਕਹਾਵਉਗੋ ॥

(ਕਰਮ-ਕਾਂਡ, ਤੀਰਥ ਆਦਿਕ ਨਾਲ ਲੋਕ ਜਗਤ ਦੀ ਸੋਭਾ ਲੋੜਦੇ ਹਨ, ਪਰ) ਮੈਨੂੰ (ਇਹਨਾਂ ਕਰਮਾਂ ਦੇ ਆਧਾਰ ਤੇ) ਸੱਜਣਾਂ-ਮਿੱਤਰਾਂ ਤੇ ਲੋਕਾਂ ਦੀ ਸੋਭਾ ਦੀ ਲੋੜ ਨਹੀਂ ਹੈ, ਮੈਨੂੰ ਇਹ ਗ਼ਰਜ਼ ਨਹੀਂ ਕਿ ਕੋਈ ਮੈਨੂੰ ਭਲਾ ਆਖੇ।

ਨਾਮਾ ਕਹੈ ਚਿਤੁ ਹਰਿ ਸਿਉ ਰਾਤਾ ਸੁੰਨ ਸਮਾਧਿ ਸਮਾਉਗੋ ॥੪॥੨॥

ਨਾਮਦੇਵ ਆਖਦਾ ਹੈ ਮੇਰਾ ਚਿੱਤ ਪ੍ਰਭੂ (ਪਿਆਰ) ਵਿਚ ਰੰਗਿਆ ਗਿਆ ਹੈ, ਮੈਂ ਉਸ ਟਿਕਾਉ ਵਿਚ ਟਿਕਿਆ ਹੋਇਆ ਹਾਂ ਜਿੱਥੇ ਮਾਇਆ ਦਾ ਕੋਈ ਫੁਰਨਾ ਨਹੀਂ ਫੁਰਦਾ ॥੪॥੨॥


ਮਾਇ ਨ ਹੋਤੀ ਬਾਪੁ ਨ ਹੋਤਾ ਕਰਮੁ ਨ ਹੋਤੀ ਕਾਇਆ ॥

(ਜੇ ਇਹ ਮੰਨੀਏ ਕਿ ਕਰਮਾਂ ਦੀ ਖੇਡ ਹੈ ਤਾਂ) ਜਦੋਂ ਨਾ ਮਾਂ ਸੀ ਨਾ ਪਿਉ; ਨਾ ਕੋਈ ਮਨੁੱਖਾ-ਸਰੀਰ ਸੀ, ਤੇ ਨਾ ਉਸ ਦਾ ਕੀਤਾ ਹੋਇਆ ਕਰਮ;

ਹਮ ਨਹੀ ਹੋਤੇ ਤੁਮ ਨਹੀ ਹੋਤੇ ਕਵਨੁ ਕਹਾਂ ਤੇ ਆਇਆ ॥੧॥

ਜਦੋਂ ਕੋਈ ਜੀਵ ਹੀ ਨਹੀਂ ਸਨ, ਤਦੋਂ (ਹੇ ਪ੍ਰਭੂ! ਤੈਥੋਂ ਬਿਨਾ) ਹੋਰ ਕਿਸ ਥਾਂ ਤੋਂ ਕੋਈ ਜੀਵ ਜਨਮ ਲੈ ਸਕਦਾ ਸੀ? ॥੧॥

ਰਾਮ ਕੋਇ ਨ ਕਿਸ ਹੀ ਕੇਰਾ ॥

ਹੇ ਰਾਮ! ਤੈਥੋਂ ਬਿਨਾ ਹੋਰ ਕੋਈ ਭੀ ਕਿਸੇ ਦਾ ਸਹਾਈ ਨਹੀਂ ਹੈ (ਨਾ ਕੋਈ ‘ਕਰਮ’ ਆਦਿਕ ਇਸ ਜੀਵ ਨੂੰ ਜਨਮ ਮਰਨ ਵਿਚ ਲਿਆਉਣ ਵਾਲਾ ਹੈ, ਤੇ ਨਾ ਕੋਈ ਸ਼ਾਸਤਰ-ਵਿਹਿਤ ਕਰਮ ਜਾਂ ਪ੍ਰਾਣਾਯਾਮ ਆਦਿਕ ਇਸ ਨੂੰ ਗੇੜ ਵਿਚੋਂ ਕੱਢਣ ਦੇ ਸਮਰੱਥ ਹੈ),

ਜੈਸੇ ਤਰਵਰਿ ਪੰਖਿ ਬਸੇਰਾ ॥੧॥ ਰਹਾਉ ॥

ਜਿਵੇਂ ਰੁੱਖਾਂ ਉੱਤੇ ਪੰਛੀਆਂ ਦਾ ਵਸੇਰਾ ਹੁੰਦਾ ਹੈ (ਤਿਵੇਂ ਤੇਰੇ ਭੇਜੇ ਜੀਵ ਇੱਥੇ ਆਉਂਦੇ ਹਨ ਤੇ ਤੂੰ ਆਪ ਹੀ ਇਹਨਾਂ ਨੂੰ ਆਪਣੇ ਵਿਚ ਜੋੜਦਾ ਹੈਂ) ॥੧॥ ਰਹਾਉ ॥

ਚੰਦੁ ਨ ਹੋਤਾ ਸੂਰੁ ਨ ਹੋਤਾ ਪਾਨੀ ਪਵਨੁ ਮਿਲਾਇਆ ॥

ਜਦੋਂ ਨਾ ਚੰਦ ਸੀ ਨਾ ਸੂਰਜ; ਜਦੋਂ ਪਾਣੀ, ਹਵਾ ਆਦਿਕ ਤੱਤ ਭੀ ਅਜੇ ਪੈਦਾ ਨਹੀਂ ਸਨ ਹੋਏ,

ਸਾਸਤੁ ਨ ਹੋਤਾ ਬੇਦੁ ਨ ਹੋਤਾ ਕਰਮੁ ਕਹਾਂ ਤੇ ਆਇਆ ॥੨॥

ਜਦੋਂ ਕੋਈ ਵੇਦ ਸ਼ਾਸਤਰ ਭੀ ਨਹੀਂ ਸਨ; ਤਦੋਂ (ਹੇ ਪ੍ਰਭੂ!) ਕਰਮਾਂ ਦੀ ਕੋਈ ਹਸਤੀ ਹੀ ਨਹੀਂ ਸੀ ॥੨॥

ਖੇਚਰ ਭੂਚਰ ਤੁਲਸੀ ਮਾਲਾ ਗੁਰਪਰਸਾਦੀ ਪਾਇਆ ॥

ਕੋਈ ਪ੍ਰਾਣਾਯਾਮ ਕਰਦਾ ਹੈ (ਤੇ ਇਸ ਵਿਚ ਆਪਣੀ ਮੁਕਤੀ ਸਮਝਦਾ ਹੈ), ਕੋਈ ਤੁਲਸੀ ਦੀ ਮਾਲਾ ਆਦਿਕ ਧਾਰਨ ਕਰਦਾ ਹੈ; ਪਰ ਮੈਨੂੰ ਆਪਣੇ ਗੁਰੂ ਦੀ ਕਿਰਪਾ ਨਾਲ ਸਮਝ ਆਈ ਹੈ।

ਨਾਮਾ ਪ੍ਰਣਵੈ ਪਰਮ ਤਤੁ ਹੈ ਸਤਿਗੁਰ ਹੋਇ ਲਖਾਇਆ ॥੩॥੩॥

ਨਾਮਦੇਵ ਆਖਦਾ ਹੈ ਗੁਰੂ ਨੇ ਮਿਲ ਕੇ ਮੈਨੂੰ ਇਹ ਗੱਲ ਸਮਝਾਈ ਹੈ ਕਿ ਅਸਲ ਸਹਾਈ ਸਭ ਤੋਂ ਉੱਚਾ ਉਹ ਪ੍ਰਭੂ ਹੈ, ਜੋ ਜਗਤ ਦਾ ਮੂਲ ਹੈ (ਉਸੇ ਨੇ ਜਗਤ ਬਣਾਇਆ, ਤੇ ਉਹੀ ਸੰਸਾਰ-ਸਮੁੰਦਰ ਵਿਚੋਂ ਪਾਰ ਉਤਾਰਦਾ ਹੈ) ॥੩॥੩॥


ਰਾਮਕਲੀ ਘਰੁ ੨ ॥
ਬਾਨਾਰਸੀ ਤਪੁ ਕਰੈ ਉਲਟਿ ਤੀਰਥ ਮਰੈ ਅਗਨਿ ਦਹੈ ਕਾਇਆ ਕਲਪੁ ਕੀਜੈ ॥

(ਹੇ ਮੇਰੇ ਮਨ!) ਜੇ ਕੋਈ ਮਨੁੱਖ ਕਾਸ਼ੀ ਜਾ ਕੇ ਉਲਟਾ ਲਟਕ ਕੇ ਤਪ ਕਰੇ, ਤੀਰਥਾਂ ਤੇ ਸਰੀਰ ਤਿਆਗੇ, (ਧੂਣੀਆਂ ਦੀ) ਅੱਗ ਵਿਚ ਸੜੇ, ਜਾਂ ਜੋਗ-ਅੱਭਿਆਸ ਆਦਿਕ ਨਾਲ ਸਰੀਰ ਨੂੰ ਚਿਰੰਜੀਵੀ ਕਰ ਲਏ;

ਅਸੁਮੇਧ ਜਗੁ ਕੀਜੈ ਸੋਨਾ ਗਰਭ ਦਾਨੁ ਦੀਜੈ ਰਾਮ ਨਾਮ ਸਰਿ ਤਊ ਨ ਪੂਜੈ ॥੧॥

ਜੇ ਕੋਈ ਅਸਮੇਧ ਜੱਗ ਕਰੇ, ਜਾਂ ਸੋਨਾ (ਫਲ ਆਦਿਕਾਂ ਵਿਚ) ਲੁਕਾ ਕੇ ਦਾਨ ਕਰੇ; ਤਾਂ ਭੀ ਇਹ ਸਾਰੇ ਕੰਮ ਪ੍ਰਭੂ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ ॥੧॥

ਛੋਡਿ ਛੋਡਿ ਰੇ ਪਾਖੰਡੀ ਮਨ ਕਪਟੁ ਨ ਕੀਜੈ ॥

ਹੇ (ਮੇਰੇ) ਪਖੰਡੀ ਮਨ! ਕਪਟ ਨਾ ਕਰ, ਛੱਡ ਇਹ ਕਪਟ, ਛੱਡ ਇਹ ਕਪਟ।

ਹਰਿ ਕਾ ਨਾਮੁ ਨਿਤ ਨਿਤਹਿ ਲੀਜੈ ॥੧॥ ਰਹਾਉ ॥

ਸਦਾ ਪਰਮਾਤਮਾ ਦਾ ਨਾਮ ਹੀ ਸਿਮਰਨਾ ਚਾਹੀਦਾ ਹੈ ॥੧॥ ਰਹਾਉ ॥

ਗੰਗਾ ਜਉ ਗੋਦਾਵਰਿ ਜਾਈਐ ਕੁੰਭਿ ਜਉ ਕੇਦਾਰ ਨੑਾਈਐ ਗੋਮਤੀ ਸਹਸ ਗਊ ਦਾਨੁ ਕੀਜੈ ॥

(ਹੇ ਮੇਰੇ ਮਨ!) ਕੁੰਭ ਦੇ ਮੇਲੇ ਤੇ ਜੇ ਗੰਗਾ ਜਾਂ ਗੋਦਾਵਰੀ ਤੀਰਥ ਤੇ ਜਾਈਏ, ਕੇਦਾਰ ਤੀਰਥ ਤੇ ਇਸ਼ਨਾਨ ਕਰੀਏ ਜਾਂ ਗੋਮਤੀ ਨਦੀ ਦੇ ਕੰਢੇ ਹਜ਼ਾਰ ਗਊਆਂ ਦਾ ਦਾਨ ਕਰੀਏ;

ਕੋਟਿ ਜਉ ਤੀਰਥ ਕਰੈ ਤਨੁ ਜਉ ਹਿਵਾਲੇ ਗਾਰੈ ਰਾਮ ਨਾਮ ਸਰਿ ਤਊ ਨ ਪੂਜੈ ॥੨॥

(ਹੇ ਮਨ!) ਜੇ ਕੋਈ ਕ੍ਰੋੜਾਂ ਵਾਰੀ ਤੀਰਥ-ਜਾਤ੍ਰਾ ਕਰੇ, ਜਾਂ ਆਪਣਾ ਸਰੀਰ ਹਿਮਾਲੈ ਪਰਬਤ ਦੀ ਬਰਫ਼ ਵਿਚ ਗਾਲ ਦੇਵੇ, ਤਾਂ ਭੀ ਇਹ ਸਾਰੇ ਕੰਮ ਪ੍ਰਭੂ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ ॥੨॥

ਅਸੁ ਦਾਨ ਗਜ ਦਾਨ ਸਿਹਜਾ ਨਾਰੀ ਭੂਮਿ ਦਾਨ ਐਸੋ ਦਾਨੁ ਨਿਤ ਨਿਤਹਿ ਕੀਜੈ ॥

(ਹੇ ਮੇਰੇ ਮਨ!) ਜੇ ਘੋੜੇ ਦਾਨ ਕਰੀਏ, ਹਾਥੀ ਦਾਨ ਕਰੀਏ, ਸੇਜ ਦਾਨ ਕਰੀਏ, ਵਹੁਟੀ ਦਾਨ ਕਰ ਦੇਈਏ, ਆਪਣੀ ਜ਼ਿਮੀਂ ਦਾਨ ਕਰ ਦੇਈਏ; ਜੇ ਸਦਾ ਹੀ ਅਜਿਹਾ (ਕੋਈ ਨ ਕੋਈ) ਦਾਨ ਕਰਦੇ ਹੀ ਰਹੀਏ;

ਆਤਮ ਜਉ ਨਿਰਮਾਇਲੁ ਕੀਜੈ ਆਪ ਬਰਾਬਰਿ ਕੰਚਨੁ ਦੀਜੈ ਰਾਮ ਨਾਮ ਸਰਿ ਤਊ ਨ ਪੂਜੈ ॥੩॥

ਜੇ ਆਪਣਾ ਆਪ ਭੀ ਭੇਟ ਕਰ ਦੇਈਏ; ਜੇ ਆਪਣੇ ਬਰਾਬਰ ਤੋਲ ਕੇ ਸੋਨਾ ਦਾਨ ਕਰੀਏ, ਤਾਂ ਭੀ (ਹੇ ਮਨ!) ਇਹ ਸਾਰੇ ਕੰਮ ਪ੍ਰਭੂ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ ॥੩॥

ਮਨਹਿ ਨ ਕੀਜੈ ਰੋਸੁ ਜਮਹਿ ਨ ਦੀਜੈ ਦੋਸੁ ਨਿਰਮਲ ਨਿਰਬਾਣ ਪਦੁ ਚੀਨਿੑ ਲੀਜੈ ॥

(ਹੇ ਜਿੰਦੇ! ਜੇ ਸਦਾ ਅਜਿਹੇ ਕੰਮ ਹੀ ਕਰਦੇ ਰਹਿਣਾ ਹੈ, ਤੇ ਨਾਮ ਨਹੀਂ ਸਿਮਰਨਾ ਤਾਂ ਫਿਰ) ਮਨ ਵਿਚ ਗਿਲਾ ਨਾ ਕਰਨਾ, ਜਮ ਨੂੰ ਦੋਸ਼ ਨਾ ਦੇਣਾ (ਕਿ ਉਹ ਕਿਉਂ ਆ ਗਿਆ ਹੈ; ਇਹਨੀਂ ਕੰਮੀਂ ਜਮ ਨੇ ਖ਼ਲਾਸੀ ਨਹੀਂ ਕਰਨੀ); (ਹੇ ਜਿੰਦੇ!) ਪਵਿੱਤਰ, ਵਾਸ਼ਨਾ-ਰਹਿਤ ਅਵਸਥਾ ਨਾਲ ਜਾਣ-ਪਛਾਣ ਪਾ;

ਜਸਰਥ ਰਾਇ ਨੰਦੁ ਰਾਜਾ ਮੇਰਾ ਰਾਮ ਚੰਦੁ ਪ੍ਰਣਵੈ ਨਾਮਾ ਤਤੁ ਰਸੁ ਅੰਮ੍ਰਿਤੁ ਪੀਜੈ ॥੪॥੪॥

ਨਾਮਦੇਵ ਬੇਨਤੀ ਕਰਦਾ ਹੈ (ਸਭ ਰਸਾਂ ਦਾ) ਮੂਲ-ਰਸ ਨਾਮ-ਅੰਮ੍ਰਿਤ ਹੀ ਪੀਣਾ ਚਾਹੀਦਾ ਹੈ, ਇਹ ਨਾਮ-ਅੰਮ੍ਰਿਤ ਹੀ ਮੇਰਾ (ਨਾਮਦੇਵ ਦਾ) ਰਾਜਾ ਰਾਮ ਚੰਦਰ ਹੈ, ਜੋ ਰਾਜਾ ਜਸਰਥ ਦਾ ਪੁੱਤਰ ਹੈ ॥੪॥੪॥


ਮਾਲੀ ਗਉੜਾ ਬਾਣੀ ਭਗਤ ਨਾਮਦੇਵ ਜੀ ਕੀ ॥

ਰਾਗ ਮਾਲੀ-ਗਉੜਾ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਧਨਿ ਧੰਨਿ ਓ ਰਾਮ ਬੇਨੁ ਬਾਜੈ ॥

ਮੈਂ ਸਦਕੇ ਹਾਂ ਰਾਮ ਜੀ ਦੀ ਬੰਸਰੀ ਤੋਂ ਜੋ ਵੱਜ ਰਹੀ ਹੈ,

ਮਧੁਰ ਮਧੁਰ ਧੁਨਿ ਅਨਹਤ ਗਾਜੈ ॥੧॥ ਰਹਾਉ ॥

ਬੜੀ ਮਿੱਠੀ ਸੁਰ ਨਾਲ ਇੱਕ-ਰਸ ਗੁੰਜਾਰ ਪਾ ਰਹੀ ਹੈ ॥੧॥ ਰਹਾਉ ॥

ਧਨਿ ਧਨਿ ਮੇਘਾ ਰੋਮਾਵਲੀ ॥

ਸਦਕੇ ਹਾਂ ਉਸ ਮੇਢੇ ਦੀ ਉੱਨ ਤੋਂ,

ਧਨਿ ਧਨਿ ਕ੍ਰਿਸਨ ਓਢੈ ਕਾਂਬਲੀ ॥੧॥

ਸਦਕੇ ਹਾਂ ਉਸ ਕੰਬਲੀ ਤੋਂ ਜੋ ਕ੍ਰਿਸ਼ਨ ਜੀ ਪਹਿਨ ਰਹੇ ਹਨ ॥੧॥

ਧਨਿ ਧਨਿ ਤੂ ਮਾਤਾ ਦੇਵਕੀ ॥

ਹੇ ਮਾਂ ਦੇਵਕੀ! ਤੈਥੋਂ (ਭੀ) ਕੁਰਬਾਨ ਹਾਂ,

ਜਿਹ ਗ੍ਰਿਹ ਰਮਈਆ ਕਵਲਾਪਤੀ ॥੨॥

ਜਿਸ ਦੇ ਘਰ ਵਿਚ ਸੋਹਣੇ ਰਾਮ ਜੀ, ਕ੍ਰਿਸ਼ਨ ਜੀ (ਜੰਮੇ) ॥੨॥

ਧਨਿ ਧਨਿ ਬਨ ਖੰਡ ਬਿੰਦ੍ਰਾਬਨਾ ॥

ਧੰਨ ਹੈ ਜੰਗਲ ਦਾ ਉਹ ਟੋਟਾ, ਉਹ ਬਿੰਦ੍ਰਾਬਨ,

ਜਹ ਖੇਲੈ ਸ੍ਰੀ ਨਾਰਾਇਨਾ ॥੩॥

ਜਿੱਥੇ ਸ੍ਰੀ ਨਾਰਾਇਣ ਜੀ (ਕ੍ਰਿਸ਼ਨ ਰੂਪ ਵਿਚ) ਖੇਡਦੇ ਹਨ ॥੩॥

ਬੇਨੁ ਬਜਾਵੈ ਗੋਧਨੁ ਚਰੈ ॥

ਨਾਮਦੇਵ ਦਾ ਪ੍ਰਭੂ (ਕ੍ਰਿਸ਼ਨ ਰੂਪ ਵਿਚ) ਬੰਸਰੀ ਵਜਾ ਰਿਹਾ ਹੈ, ਗਾਈਆਂ ਚਾਰ ਰਿਹਾ ਹੈ,

ਨਾਮੇ ਕਾ ਸੁਆਮੀ ਆਨਦ ਕਰੈ ॥੪॥੧॥

ਤੇ (ਇਹੋ ਜਿਹਾ ਹੋਰ) ਖ਼ੁਸ਼ੀ ਦੇ ਕੌਤਕ ਕਰ ਰਿਹਾ ਹੈ ॥੪॥੧॥


ਮੇਰੋ ਬਾਪੁ ਮਾਧਉ ਤੂ ਧਨੁ ਕੇਸੌ ਸਾਂਵਲੀਓ ਬੀਠੁਲਾਇ ॥੧॥ ਰਹਾਉ ॥

ਹੇ ਮੇਰੇ ਮਾਧੋ! ਹੇ ਲੰਮੇ ਕੇਸਾਂ ਵਾਲੇ ਪ੍ਰਭੂ! ਹੇ ਸਾਂਵਲੇ ਰੰਗ ਵਾਲੇ ਪ੍ਰਭੂ! ਹੇ ਬੀਠੁਲ! ਤੂੰ ਧੰਨ ਹੈਂ, ਤੂੰ ਮੇਰਾ ਪਿਤਾ ਹੈਂ (ਭਾਵ, ਤੂੰ ਹੀ ਮੇਰਾ ਪੈਦਾ ਕਰਨ ਵਾਲਾ ਤੇ ਰਾਖਾ ਹੈਂ) ॥੧॥ ਰਹਾਉ ॥

ਕਰ ਧਰੇ ਚਕ੍ਰ ਬੈਕੁੰਠ ਤੇ ਆਏ ਗਜ ਹਸਤੀ ਕੇ ਪ੍ਰਾਨ ਉਧਾਰੀਅਲੇ ॥

ਹੇ ਮਾਧੋ! ਹੱਥਾਂ ਵਿਚ ਚੱਕਰ ਫੜ ਕੇ ਬੈਕੁੰਠ ਤੋਂ (ਹੀ) ਆਇਆ ਸੈਂ ਤੇ ਗਜ (ਹਾਥੀ) ਦੀ ਜਿੰਦ (ਤੰਦੂਏ ਤੋਂ) ਤੂੰ ਹੀ ਬਚਾਈ ਸੀ।

ਦੁਹਸਾਸਨ ਕੀ ਸਭਾ ਦ੍ਰੋਪਤੀ ਅੰਬਰ ਲੇਤ ਉਬਾਰੀਅਲੇ ॥੧॥

ਹੇ ਸਾਂਵਲੇ ਪ੍ਰਭੂ! ਦੁਹਸਾਸਨ ਦੀ ਸਭਾ ਵਿਚ ਜਦੋਂ ਦਰੋਪਤੀ ਦੇ ਬਸਤਰ ਉਤਾਰੇ ਜਾ ਰਹੇ ਸਨ ਤਾਂ ਉਸ ਦੀ ਇੱਜ਼ਤ ਤੂੰ ਹੀ ਬਚਾਈ ਸੀ ॥੧॥

ਗੋਤਮ ਨਾਰਿ ਅਹਲਿਆ ਤਾਰੀ ਪਾਵਨ ਕੇਤਕ ਤਾਰੀਅਲੇ ॥

ਹੇ ਬੀਠੁਲ! ਗੋਤਮ ਰਿਸ਼ੀ ਦੀ ਵਹੁਟੀ ਅਹੱਲਿਆ ਨੂੰ (ਜੋ ਰਿਸ਼ੀ ਦੇ ਸਰਾਪ ਨਾਲ ਸਿਲਾ ਬਣ ਗਈ ਸੀ) ਤੂੰ ਹੀ ਮੁਕਤ ਕੀਤਾ ਸੀ; ਹੇ ਮਾਧੋ! ਤੂੰ (ਅਨੇਕਾਂ ਪਤਿਤਾਂ ਨੂੰ) ਪਵਿਤੱਰ ਕੀਤਾ ਤੇ ਤਾਰਿਆ ਹੈ।

ਐਸਾ ਅਧਮੁ ਅਜਾਤਿ ਨਾਮਦੇਉ ਤਉ ਸਰਨਾਗਤਿ ਆਈਅਲੇ ॥੨॥੨॥

ਮੈਂ ਨਾਮਦੇਵ (ਭੀ) ਇਕ ਬੜਾ ਨੀਚ ਹਾਂ ਤੇ ਨੀਵੀਂ ਜਾਤ ਵਾਲਾ ਹਾਂ, ਮੈਂ ਤੇਰੀ ਸ਼ਰਨ ਆਇਆ ਹਾਂ (ਮੇਰੀ ਭੀ ਬਾਹੁੜੀ ਕਰ) ॥੨॥੨॥


ਸਭੈ ਘਟ ਰਾਮੁ ਬੋਲੈ ਰਾਮਾ ਬੋਲੈ ॥

ਹੇ ਭਾਈ! ਸਾਰੇ ਘਟਾਂ (ਸਰੀਰਾਂ) ਵਿਚ ਪਰਮਾਤਮਾ ਬੋਲਦਾ ਹੈ, ਪਰਮਾਤਮਾ ਹੀ ਬੋਲਦਾ ਹੈ,

ਰਾਮ ਬਿਨਾ ਕੋ ਬੋਲੈ ਰੇ ॥੧॥ ਰਹਾਉ ॥

ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ ਬੋਲਦਾ ॥੧॥ ਰਹਾਉ ॥

ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈਂ ਬਹੁ ਨਾਨਾ ਰੇ ॥

ਹੇ ਭਾਈ! ਜਿਵੇਂ ਇਕੋ ਹੀ ਮਿੱਟੀ ਤੋਂ ਕਈ ਕਿਸਮਾਂ ਦੇ ਭਾਂਡੇ ਬਣਾਏ ਜਾਂਦੇ ਹਨ,

ਅਸਥਾਵਰ ਜੰਗਮ ਕੀਟ ਪਤੰਗਮ ਘਟਿ ਘਟਿ ਰਾਮੁ ਸਮਾਨਾ ਰੇ ॥੧॥

ਤਿਵੇਂ ਹਾਥੀ ਤੋਂ ਲੈ ਕੇ ਕੀੜੀ ਤਕ, ਨਿਰਜਿੰਦ ਪਦਾਰਥ ਅਤੇ ਸਜਿੰਦ ਜੀ, ਕੀੜੇ-ਪਤੰਗੇ-ਹਰੇਕ ਘਟ ਵਿਚ ਪਰਮਾਤਮਾ ਹੀ ਸਮਾਇਆ ਹੋਇਆ ਹੈ ॥੧॥

ਏਕਲ ਚਿੰਤਾ ਰਾਖੁ ਅਨੰਤਾ ਅਉਰ ਤਜਹੁ ਸਭ ਆਸਾ ਰੇ ॥

ਹੋਰ ਸਭਨਾਂ ਦੀ ਆਸ ਛੱਡ, ਇਕ ਬੇਅੰਤ ਪ੍ਰਭੂ ਦਾ ਧਿਆਨ ਧਰ (ਜੋ ਸਭਨਾਂ ਵਿਚ ਮੌਜੂਦ ਹੈ)।

ਪ੍ਰਣਵੈ ਨਾਮਾ ਭਏ ਨਿਹਕਾਮਾ ਕੋ ਠਾਕੁਰੁ ਕੋ ਦਾਸਾ ਰੇ ॥੨॥੩॥

ਨਾਮਦੇਵ ਬੇਨਤੀ ਕਰਦਾ ਹੈ-ਜੋ ਮਨੁੱਖ (ਪ੍ਰਭੂ ਦਾ ਧਿਆਨ ਧਰ ਕੇ) ਨਿਸ਼ਕਾਮ ਹੋ ਜਾਂਦਾ ਹੈ ਉਸ ਵਿਚ ਅਤੇ ਪ੍ਰਭੂ ਵਿਚ ਕੋਈ ਭਿੰਨ-ਭੇਦ ਨਹੀਂ ਰਹਿ ਜਾਂਦਾ ॥੨॥੩॥


ਕਬੀਰ ਕਾ ਸਬਦੁ ਰਾਗੁ ਮਾਰੂ ਬਾਣੀ ਨਾਮਦੇਉ ਜੀ ਕੀ ॥

ਰਾਗ ਮਾਰੂ ਵਿੱਚ ਭਗਤ ਕਬੀਰ ਜੀ ਦਾ ਸ਼ਬਦ ਤੇ ਭਗਤ ਨਾਮਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਚਾਰਿ ਮੁਕਤਿ ਚਾਰੈ ਸਿਧਿ ਮਿਲਿ ਕੈ ਦੂਲਹ ਪ੍ਰਭ ਕੀ ਸਰਨਿ ਪਰਿਓ ॥

(ਜਗਤ ਵਿਚ) ਚਾਰ ਕਿਸਮ ਦੀਆਂ ਮੁਕਤੀਆਂ (ਮਿੱਥੀਆਂ ਗਈਆਂ ਹਨ), ਇਹ ਚਾਰੇ ਮੁਕਤੀਆਂ (ਅਠਾਰਾਂ) ਸਿੱਧੀਆਂ ਨਾਲ ਮਿਲ ਕੇ ਖਸਮ (-ਪ੍ਰਭੂ) ਦੀ ਸ਼ਰਨੀ ਪਈਆਂ ਹੋਈਆਂ ਹਨ,

ਮੁਕਤਿ ਭਇਓ ਚਉਹੂੰ ਜੁਗ ਜਾਨਿਓ ਜਸੁ ਕੀਰਤਿ ਮਾਥੈ ਛਤ੍ਰੁ ਧਰਿਓ ॥੧॥

(ਜੋ ਮਨੁੱਖ ਉਸ ਪ੍ਰਭੂ ਦਾ ਨਾਮ ਸਿਮਰਦਾ ਹੈ, ਉਸ ਨੂੰ ਇਹ ਹਰੇਕ ਕਿਸਮ ਦੀ) ਮੁਕਤੀ ਮਿਲ ਜਾਂਦੀ ਹੈ, ਉਹ ਮਨੁੱਖ ਚਹੁੰਆਂ ਜੁਗਾਂ ਵਿਚ ਉੱਘਾ ਹੋ ਜਾਂਦਾ ਹੈ, ਉਸ ਦੀ (ਹਰ ਥਾਂ) ਸੋਭਾ ਹੁੰਦੀ ਹੈ, ਵਡਿਆਈ ਹੁੰਦੀ ਹੈ, ਉਸ ਦੇ ਸਿਰ ਉੱਤੇ ਛਤਰ ਝੁਲਦਾ ਹੈ ॥੧॥

ਰਾਜਾ ਰਾਮ ਜਪਤ ਕੋ ਕੋ ਨ ਤਰਿਓ ॥

ਪਰਕਾਸ਼-ਰੂਪ ਪਰਮਾਤਮਾ ਦਾ ਨਾਮ ਸਿਮਰ ਕੇ ਬੇਅੰਤ ਜੀਵ ਤਰੇ ਹਨ।

ਗੁਰ ਉਪਦੇਸਿ ਸਾਧ ਕੀ ਸੰਗਤਿ ਭਗਤੁ ਭਗਤੁ ਤਾ ਕੋ ਨਾਮੁ ਪਰਿਓ ॥੧॥ ਰਹਾਉ ॥

ਜਿਸ ਜਿਸ ਮਨੁੱਖ ਨੇ ਆਪਣੇ ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਸਾਧ ਸੰਗਤ ਕੀਤੀ, ਉਸ ਦਾ ਨਾਮ ਭਗਤ ਪੈ ਗਿਆ ॥੧॥ ਰਹਾਉ ॥

ਸੰਖ ਚਕ੍ਰ ਮਾਲਾ ਤਿਲਕੁ ਬਿਰਾਜਿਤ ਦੇਖਿ ਪ੍ਰਤਾਪੁ ਜਮੁ ਡਰਿਓ ॥

(ਪ੍ਰਭੂ ਦਾ) ਸੰਖ, ਚੱਕ੍ਰ, ਮਾਲਾ, ਤਿਲਕ ਆਦਿਕ ਚਮਕਦਾ ਵੇਖ ਕੇ, ਪਰਤਾਪ ਵੇਖ ਕੇ, ਜਮਰਾਜ ਭੀ ਸਹਿਮ ਜਾਂਦਾ ਹੈ।

ਨਿਰਭਉ ਭਏ ਰਾਮ ਬਲ ਗਰਜਿਤ ਜਨਮ ਮਰਨ ਸੰਤਾਪ ਹਿਰਿਓ ॥੨॥

(ਜਿਨ੍ਹਾਂ ਨੇ ਉਸ ਪ੍ਰਭੂ ਨੂੰ ਸਿਮਰਿਆ ਹੈ) ਉਹਨਾਂ ਨੂੰ ਕੋਈ ਡਰ ਨਹੀਂ ਰਹਿ ਜਾਂਦਾ, (ਕਿਉਂਕਿ ਉਹਨਾਂ ਪਾਸੋਂ ਤਾਂ ਜਮ ਭੀ ਡਰਦਾ ਹੈ), ਪ੍ਰਭੂ ਦਾ ਪਰਤਾਪ ਉਹਨਾਂ ਦੇ ਅੰਦਰ ਉਛਾਲੇ ਮਾਰਦਾ ਹੈ, ਉਹਨਾਂ ਦੇ ਜਨਮ ਮਰਨ ਦੇ ਕਲੇਸ਼ ਨਾਸ ਹੋ ਜਾਂਦੇ ਹਨ ॥੨॥

ਅੰਬਰੀਕ ਕਉ ਦੀਓ ਅਭੈ ਪਦੁ ਰਾਜੁ ਭਭੀਖਨ ਅਧਿਕ ਕਰਿਓ ॥

(ਅੰਬਰੀਕ ਨੇ ਨਾਮ ਸਿਮਰਿਆ, ਪ੍ਰਭੂ ਨੇ) ਅੰਬਰੀਕ ਨੂੰ ਨਿਰਭੈਤਾ ਦਾ ਉੱਚਾ ਦਰਜਾ ਬਖ਼ਸ਼ਿਆ (ਤੇ ਦੁਰਬਾਸਾ ਉਸ ਦਾ ਕੁਝ ਵਿਗਾੜ ਨਾ ਸਕਿਆ), ਪ੍ਰਭੂ ਨੇ ਭਭੀਖਣ ਨੂੰ ਰਾਜ ਦੇ ਕੇ ਵੱਡਾ ਬਣਾ ਦਿੱਤਾ;

ਨਉ ਨਿਧਿ ਠਾਕੁਰਿ ਦਈ ਸੁਦਾਮੈ ਧ੍ਰੂਅ ਅਟਲੁ ਅਜਹੂ ਨ ਟਰਿਓ ॥੩॥

ਸੁਦਾਮੇ (ਗ਼ਰੀਬ) ਨੂੰ ਠਾਕੁਰ ਨੇ ਨੌ ਨਿਧੀਆਂ ਦੇ ਦਿੱਤੀਆਂ, ਧ੍ਰੂ ਨੂੰ ਅਟੱਲ ਪਦਵੀ ਬਖ਼ਸ਼ੀ ਜੋ ਅਜੇ ਤਕ ਕਾਇਮ ਹੈ ॥੩॥

ਭਗਤ ਹੇਤਿ ਮਾਰਿਓ ਹਰਨਾਖਸੁ ਨਰਸਿੰਘ ਰੂਪ ਹੋਇ ਦੇਹ ਧਰਿਓ ॥

ਪ੍ਰਭੂ ਨੇ ਆਪਣੇ ਭਗਤ (ਪ੍ਰਹਿਲਾਦ) ਦੀ ਖ਼ਾਤਰ ਨਰਸਿੰਘ ਦਾ ਰੂਪ ਧਾਰਿਆ, ਤੇ ਹਰਨਾਖਸ਼ ਨੂੰ ਮਾਰਿਆ।

ਨਾਮਾ ਕਹੈ ਭਗਤਿ ਬਸਿ ਕੇਸਵ ਅਜਹੂੰ ਬਲਿ ਕੇ ਦੁਆਰ ਖਰੋ ॥੪॥੧॥

ਨਾਮਦੇਵ ਆਖਦਾ ਹੈ ਕਿ ਪਰਮਾਤਮਾ ਭਗਤੀ ਦੇ ਅਧੀਨ ਹੈ, (ਵੇਖੋ!) ਅਜੇ ਤਕ ਉਹ (ਆਪਣੇ ਭਗਤ ਰਾਜਾ) ਬਲਿ ਦੇ ਬੂਹੇ ਅੱਗੇ ਖਲੋਤਾ ਹੈ ॥੪॥੧॥


ਭੈਰਉ ਬਾਣੀ ਨਾਮਦੇਉ ਜੀਉ ਕੀ ਘਰੁ ੧ ॥

ਰਾਗ ਭੈਰਉ, ਘਰ ੧ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਰੇ ਜਿਹਬਾ ਕਰਉ ਸਤ ਖੰਡ ॥

ਹੇ ਭਾਈ! ਮੈਂ ਇਸ (ਜੀਭ) ਦੇ ਸੌ ਟੋਟੇ ਕਰ ਦਿਆਂ,

ਜਾਮਿ ਨ ਉਚਰਸਿ ਸ੍ਰੀ ਗੋਬਿੰਦ ॥੧॥

ਜੇ ਹੁਣ ਕਦੇ ਮੇਰੀ ਜੀਭ ਪ੍ਰਭੂ ਦਾ ਨਾਮ ਨਾ ਜਪੇ। (ਭਾਵ, ਮੇਰੀ ਜੀਭ ਇਸ ਤਰ੍ਹਾਂ ਨਾਮ ਦੇ ਰੰਗ ਵਿਚ ਰੰਗੀ ਗਈ ਹੈ ਕਿ ਮੈਨੂੰ ਹੁਣ ਯਕੀਨ ਹੈ ਇਹ ਕਦੇ ਨਾਮ ਨੂੰ ਨਹੀਂ ਵਿਸਾਰੇਗੀ) ॥੧॥

ਰੰਗੀ ਲੇ ਜਿਹਬਾ ਹਰਿ ਕੈ ਨਾਇ ॥

ਮੈਂ ਆਪਣੀ ਜੀਭ ਨੂੰ ਪਰਮਾਤਮਾ ਦੇ ਨਾਮ ਵਿਚ ਰੰਗ ਲਿਆ ਹੈ,

ਸੁਰੰਗ ਰੰਗੀਲੇ ਹਰਿ ਹਰਿ ਧਿਆਇ ॥੧॥ ਰਹਾਉ ॥

ਪ੍ਰਭੂ ਦਾ ਨਾਮ ਸਿਮਰ ਸਿਮਰ ਕੇ ਮੈਂ ਇਸ ਨੂੰ ਸੋਹਣੇ ਰੰਗ ਵਿਚ ਰੰਗ ਲਿਆ ਹੈ ॥੧॥ ਰਹਾਉ ॥

ਮਿਥਿਆ ਜਿਹਬਾ ਅਵਰੇਂ ਕਾਮ ॥

ਹੋਰ ਹੋਰ ਆਹਰਾਂ ਵਿਚ ਲੱਗੀ ਹੋਈ ਜੀਭ ਵਿਅਰਥ ਹੈ,

ਨਿਰਬਾਣ ਪਦੁ ਇਕੁ ਹਰਿ ਕੋ ਨਾਮੁ ॥੨॥

(ਕਿਉਂਕਿ) ਪਰਮਾਤਮਾ ਦਾ ਨਾਮ ਹੀ ਵਾਸ਼ਨਾ-ਰਹਿਤ ਅਵਸਥਾ ਪੈਦਾ ਕਰਦਾ ਹੈ (ਹੋਰ ਹੋਰ ਆਹਰ ਸਗੋਂ ਵਾਸ਼ਨਾ ਪੈਦਾ ਕਰਦੇ ਹਨ) ॥੨॥

ਅਸੰਖ ਕੋਟਿ ਅਨ ਪੂਜਾ ਕਰੀ ॥

ਜੇ ਮੈਂ ਕ੍ਰੋੜਾਂ ਅਸੰਖਾਂ ਹੋਰ ਹੋਰ (ਦੇਵਤਿਆਂ ਦੀ) ਪੂਜਾ ਕਰਾਂ,

ਏਕ ਨ ਪੂਜਸਿ ਨਾਮੈ ਹਰੀ ॥੩॥

ਤਾਂ ਭੀ ਉਹ (ਸਾਰੀਆਂ ਮਿਲ ਕੇ) ਪਰਮਾਤਮਾ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੀਆਂ ॥੩॥

ਪ੍ਰਣਵੈ ਨਾਮਦੇਉ ਇਹੁ ਕਰਣਾ ॥

ਨਾਮਦੇਵ ਬੇਨਤੀ ਕਰਦਾ ਹੈ-(ਮੇਰੀ ਜੀਭ ਲਈ) ਇਹੀ ਕੰਮ ਕਰਨ-ਜੋਗ ਹੈ,

ਅਨੰਤ ਰੂਪ ਤੇਰੇ ਨਾਰਾਇਣਾ ॥੪॥੧॥

(ਕਿ ਪ੍ਰਭੂ ਦੇ ਗੁਣ ਗਾਏ ਤੇ ਆਖੇ-) ‘ਹੇ ਨਾਰਾਇਣ! ਤੇਰੇ ਬੇਅੰਤ ਰੂਪ ਹਨ’ ॥੪॥੧॥


ਪਰ ਧਨ ਪਰ ਦਾਰਾ ਪਰਹਰੀ ॥

(ਨਾਰਾਇਣ ਦਾ ਭਜਨ ਕਰ ਕੇ) ਜਿਸ ਮਨੁੱਖ ਨੇ ਪਰਾਏ ਧਨ ਤੇ ਪਰਾਈ ਇਸਤ੍ਰੀ ਦਾ ਤਿਆਗ ਕੀਤਾ ਹੈ,

ਤਾ ਕੈ ਨਿਕਟਿ ਬਸੈ ਨਰਹਰੀ ॥੧॥

ਪਰਮਾਤਮਾ ਉਸ ਦੇ ਅੰਗ-ਸੰਗ ਵੱਸਦਾ ਹੈ ॥੧॥

ਜੋ ਨ ਭਜੰਤੇ ਨਾਰਾਇਣਾ ॥

ਜੋ ਮਨੁੱਖ ਪਰਮਾਤਮਾ ਦਾ ਭਜਨ ਨਹੀਂ ਕਰਦੇ,

ਤਿਨ ਕਾ ਮੈ ਨ ਕਰਉ ਦਰਸਨਾ ॥੧॥ ਰਹਾਉ ॥

ਮੈਂ ਉਹਨਾਂ ਦਾ ਦਰਸ਼ਨ ਨਹੀਂ ਕਰਦਾ (ਭਾਵ, ਮੈਂ ਉਹਨਾਂ ਦੀ ਬੈਠਕ ਨਹੀਂ ਬੈਠਦਾ, ਮੈਂ ਉਹਨਾਂ ਨਾਲ ਬਹਿਣ-ਖਲੋਣ ਨਹੀਂ ਰੱਖਦਾ) ॥੧॥ ਰਹਾਉ ॥

ਜਿਨ ਕੈ ਭੀਤਰਿ ਹੈ ਅੰਤਰਾ ॥

(ਪਰ) ਜਿਨ੍ਹਾਂ ਮਨੁੱਖਾਂ ਦੇ ਅੰਦਰ ਪਰਮਾਤਮਾ ਨਾਲੋਂ ਵਿੱਥ ਹੈ,

ਜੈਸੇ ਪਸੁ ਤੈਸੇ ਓਇ ਨਰਾ ॥੨॥

ਉਹ ਮਨੁੱਖ ਪਸ਼ੂਆਂ ਵਰਗੇ ਹੀ ਹਨ ॥੨॥

ਪ੍ਰਣਵਤਿ ਨਾਮਦੇਉ ਨਾਕਹਿ ਬਿਨਾ ॥

ਨਾਮਦੇਵ ਬੇਨਤੀ ਕਰਦਾ ਹੈ- ਨੱਕ ਤੋਂ ਬਿਨਾ-

ਨਾ ਸੋਹੈ ਬਤੀਸ ਲਖਨਾ ॥੩॥੨॥

ਮਨੁੱਖ ਵਿਚ ਸੁੰਦਰਤਾ ਦੇ ਭਾਵੇਂ ਬੱਤੀ ਦੇ ਬੱਤੀ ਹੀ ਲੱਛਣ ਹੋਣ, ਪਰ ਜੇ ਉਸ ਦਾ ਨੱਕ ਨਾਹ ਹੋਵੇ ਤਾਂ ਉਹ ਸੁਹਣਾ ਨਹੀਂ ਲੱਗਦਾ (ਤਿਵੇਂ, ਹੋਰ ਸਾਰੇ ਗੁਣ ਹੋਣ, ਧਨ ਆਦਿਕ ਭੀ ਹੋਵੇ, ਜੇ ਨਾਮ ਨਹੀਂ ਸਿਮਰਦਾ ਤਾਂ ਕਿਸੇ ਕੰਮ ਦਾ ਨਹੀਂ) ॥੩॥੨॥


ਦੂਧੁ ਕਟੋਰੈ ਗਡਵੈ ਪਾਨੀ ॥

(ਹੇ ਗੋਬਿੰਦ ਰਾਇ! ਤੇਰੇ ਸੇਵਕ ਨਾਮੇ ਨੇ) ਗੜਵੇ ਵਿਚ ਪਾਣੀ ਪਾਇਆ ਹੈ ਤੇ ਕਟੋਰੇ ਵਿਚ ਦੁੱਧ ਪਾਇਆ ਹੈ

ਕਪਲ ਗਾਇ ਨਾਮੈ ਦੁਹਿ ਆਨੀ ॥੧॥

ਨਾਮੇ ਨੇ ਗੋਰੀ ਗਾਂ ਚੋ ਕੇ ਲਿਆਂਦੀ ਹੈ ॥੧॥

ਦੂਧੁ ਪੀਉ ਗੋਬਿੰਦੇ ਰਾਇ ॥

ਹੇ ਪਰਕਾਸ਼-ਰੂਪ ਗੋਬਿੰਦ! ਦੁੱਧ ਪੀ ਲੈ,

ਦੂਧੁ ਪੀਉ ਮੇਰੋ ਮਨੁ ਪਤੀਆਇ ॥

ਦੁੱਧ ਪੀ ਲੈ (ਤਾਂ ਜੋ) ਮੇਰੇ ਮਨ ਨੂੰ ਠੰਢ ਪਏ;

ਨਾਹੀ ਤ ਘਰ ਕੋ ਬਾਪੁ ਰਿਸਾਇ ॥੧॥ ਰਹਾਉ ॥

(ਹੇ ਗੋਬਿੰਦ! ਜੇ ਦੁੱਧ) ਨਹੀਂ (ਪੀਏਂਗਾ) ਤਾਂ ਮੇਰਾ ਆਤਮਾ ਦੁਖੀ ਹੋਵੇਗਾ ॥੧॥ ਰਹਾਉ ॥

ਸੁੋਇਨ ਕਟੋਰੀ ਅੰਮ੍ਰਿਤ ਭਰੀ ॥

ਨਾਮ-ਅੰਮ੍ਰਿਤ ਦੀ ਭਰੀ ਹੋਈ ਪਵਿੱਤਰ ਹਿਰਦਾ-ਰੂਪ ਕਟੋਰੀ-

ਲੈ ਨਾਮੈ ਹਰਿ ਆਗੈ ਧਰੀ ॥੨॥

ਨਾਮੇ ਨੇ ਲੈ ਕੇ (ਆਪਣੇ) ਹਰੀ ਦੇ ਅੱਗੇ ਰੱਖ ਦਿੱਤੀ ਹੈ, (ਭਾਵ, ਪ੍ਰਭੂ ਦੀ ਯਾਦ ਨਾਲ ਨਿਰਮਲ ਹੋਇਆ ਹਿਰਦਾ ਨਾਮਦੇਵ ਨੇ ਆਪਣੇ ਪ੍ਰਭੂ ਦੇ ਅੱਗੇ ਖੋਲ੍ਹ ਕੇ ਰੱਖ ਦਿੱਤਾ, ਨਾਮਦੇਵ ਦਿਲੀ-ਵਲਵਲੇ ਨਾਲ ਪ੍ਰਭੂ ਅੱਗੇ ਅਰਦਾਸ ਕਰਦਾ ਹੈ ਤੇ ਆਖਦਾ ਹੈ ਕਿ ਮੇਰਾ ਦੁੱਧ ਪੀ ਲੈ) ॥੨॥

ਏਕੁ ਭਗਤੁ ਮੇਰੇ ਹਿਰਦੇ ਬਸੈ ॥

ਮੇਰਾ ਅਨੰਨ ਭਗਤ ਸਦਾ ਮੇਰੇ ਹਿਰਦੇ ਵਿਚ ਵੱਸਦਾ ਹੈ।

ਨਾਮੇ ਦੇਖਿ ਨਰਾਇਨੁ ਹਸੈ ॥੩॥

ਨਾਮੇ ਨੂੰ ਵੇਖ ਵੇਖ ਕੇ ਪਰਮਾਤਮਾ (ਇਉਂ ਆਖਦਾ ਹੈ ਅਤੇ) ਖ਼ੁਸ਼ ਹੁੰਦਾ ਹੈ ॥੩॥

ਦੂਧੁ ਪੀਆਇ ਭਗਤੁ ਘਰਿ ਗਇਆ ॥

(ਗੋਬਿੰਦ ਰਾਇ ਨੂੰ) ਦੁੱਧ ਪਿਆਲ ਕੇ ਭਗਤ (ਨਾਮਦੇਵ) ਸ੍ਵੈ-ਸਰੂਪ ਵਿਚ ਟਿਕ ਗਿਆ,

ਨਾਮੇ ਹਰਿ ਕਾ ਦਰਸਨੁ ਭਇਆ ॥੪॥੩॥

(ਉਸ ਸ੍ਵੈ-ਸਰੂਪ ਵਿਚ) ਮੈਂ (ਨਾਮੇ) ਨੂੰ ਪਰਮਾਤਮਾ ਦਾ ਦੀਦਾਰ ਹੋਇਆ ॥੪॥੩॥


ਮੈ ਬਉਰੀ ਮੇਰਾ ਰਾਮੁ ਭਤਾਰੁ ॥

(ਮੈਂ ਆਪਣੇ ਪ੍ਰਭੂ-ਪਤੀ ਦੀ ਨਾਰ ਬਣ ਚੁੱਕੀ ਹਾਂ) ਪ੍ਰਭੂ ਮੇਰਾ ਖਸਮ ਹੈ ਤੇ ਮੈਂ (ਉਸ ਦੀ ਖ਼ਾਤਰ) ਕਮਲੀ ਹੋ ਰਹੀ ਹਾਂ,

ਰਚਿ ਰਚਿ ਤਾ ਕਉ ਕਰਉ ਸਿੰਗਾਰੁ ॥੧॥

ਉਸ ਨੂੰ ਮਿਲਣ ਲਈ ਮੈਂ (ਭਗਤੀ ਤੇ ਭਲੇ ਗੁਣਾਂ ਦੇ) ਸੁਹਣੇ ਸੁਹਣੇ ਸ਼ਿੰਗਾਰ ਕਰ ਰਹੀ ਹਾਂ ॥੧॥

ਭਲੇ ਨਿੰਦਉ ਭਲੇ ਨਿੰਦਉ ਭਲੇ ਨਿੰਦਉ ਲੋਗੁ ॥

ਹੁਣ ਜਗਤ ਬੇ-ਸ਼ੱਕ ਮੈਨੂੰ ਭੈੜਾ ਆਖੀ ਜਾਏ (ਨਾ ਮੇਰੇ ਕੰਨ ਇਹ ਨਿੰਦਾ ਸੁਣਨ ਦੀ ਪਰਵਾਹ ਕਰਦੇ ਹਨ; ਨਾ ਮੇਰਾ ਮਨ ਨਿੰਦਾ ਸੁਣ ਕੇ ਦੁਖੀ ਹੁੰਦਾ ਹੈ)

ਤਨੁ ਮਨੁ ਰਾਮ ਪਿਆਰੇ ਜੋਗੁ ॥੧॥ ਰਹਾਉ ॥

ਮੇਰਾ ਤਨ ਅਤੇ ਮੇਰਾ ਮਨ ਮੇਰੇ ਪਿਆਰੇ ਪ੍ਰਭੂ ਜੋਗੇ ਹੋ ਚੁਕੇ ਹਨ ॥੧॥ ਰਹਾਉ ॥

ਬਾਦੁ ਬਿਬਾਦੁ ਕਾਹੂ ਸਿਉ ਨ ਕੀਜੈ ॥

(ਕੋਈ ਨਿੰਦਾ ਪਿਆ ਕਰੇ) ਕਿਸੇ ਨਾਲ ਝਗੜਾ ਕਰਨ ਦੀ ਲੋੜ ਨਹੀਂ,

ਰਸਨਾ ਰਾਮ ਰਸਾਇਨੁ ਪੀਜੈ ॥੨॥

ਜੀਭ ਨਾਲ ਪ੍ਰਭੂ ਦੇ ਨਾਮ ਦਾ ਸ੍ਰੇਸ਼ਟ ਅੰਮ੍ਰਿਤ ਪੀਣਾ ਚਾਹੀਦਾ ਹੈ ॥੨॥

ਅਬ ਜੀਅ ਜਾਨਿ ਐਸੀ ਬਨਿ ਆਈ ॥

ਹੁਣ ਹਿਰਦੇ ਵਿਚ ਪ੍ਰਭੂ ਨਾਲ ਜਾਣ-ਪਛਾਣ ਕਰ ਕੇ (ਮੇਰੇ ਅੰਦਰ) ਅਜਿਹੀ ਹਾਲਤ ਬਣ ਗਈ ਹੈ,

ਮਿਲਉ ਗੁਪਾਲ ਨੀਸਾਨੁ ਬਜਾਈ ॥੩॥

ਕਿ ਮੈਂ ਲੋਕਾਂ ਦੀ ਨਿੰਦਾ ਵਲੋਂ ਬੇ-ਪਰਵਾਹ ਹੋ ਕੇ ਆਪਣੇ ਪ੍ਰਭੂ ਨੂੰ ਮਿਲ ਰਹੀ ਹਾਂ ॥੩॥

ਉਸਤਤਿ ਨਿੰਦਾ ਕਰੈ ਨਰੁ ਕੋਈ ॥

ਕੋਈ ਮਨੁੱਖ ਮੈਨੂੰ ਚੰਗਾ ਆਖੇ, ਚਾਹੇ ਕੋਈ ਮੰਦਾ ਆਖੇ (ਇਸ ਗੱਲ ਦੀ ਮੈਨੂੰ ਪਰਵਾਹ ਨਹੀਂ ਰਹੀ),

ਨਾਮੇ ਸ੍ਰੀਰੰਗੁ ਭੇਟਲ ਸੋਈ ॥੪॥੪॥
ਮੈਨੂੰ ਨਾਮੇ ਨੂੰ (ਲੱਛਮੀ ਦਾ ਪਤੀ) ਪਰਮਾਤਮਾ ਮਿਲ ਪਿਆ ਹੈ ॥੪॥੪॥

ਕਬਹੂ ਖੀਰਿ ਖਾਡ ਘੀਉ ਨ ਭਾਵੈ ॥

ਕਦੇ (ਕੋਈ ਜੀਵ ਐਸੀ ਮੌਜ ਵਿਚ ਹੈ ਕਿ ਉਸ ਨੂੰ) ਖੀਰ, ਖੰਡ, ਘਿਉ (ਵਰਗੇ ਸੁਹਣੇ ਪਦਾਰਥ) ਭੀ ਚੰਗੇ ਨਹੀਂ ਲੱਗਦੇ;

ਕਬਹੂ ਘਰ ਘਰ ਟੂਕ ਮਗਾਵੈ ॥

ਪਰ ਕਦੇ (ਉਸ ਪਾਸੋਂ) ਘਰ ਘਰ ਦੇ ਟੁੱਕਰ ਮੰਗਾਉਂਦਾ ਹੈ (ਕਦੇ ਉਸ ਨੂੰ ਮੰਗਤਾ ਬਣਾ ਦੇਂਦਾ ਹੈ, ਤੇ ਉਹ ਘਰ ਘਰ ਦੇ ਟੁਕੜੇ ਮੰਗਦਾ ਫਿਰਦਾ ਹੈ),

ਕਬਹੂ ਕੂਰਨੁ ਚਨੇ ਬਿਨਾਵੈ ॥੧॥

ਕਦੇ (ਉਸ ਪਾਸੋਂ) ਰੂੜੀਆਂ ਫੁਲਾਉਂਦਾ ਹੈ, ਤੇ (ਉਹਨਾਂ ਵਿਚੋਂ) ਦਾਣੇ ਚੁਣਾਉਂਦਾ ਹੈ ॥੧॥

ਜਿਉ ਰਾਮੁ ਰਾਖੈ ਤਿਉ ਰਹੀਐ ਰੇ ਭਾਈ ॥

ਹੇ ਭਾਈ! ਜਿਸ ਹਾਲਤ ਵਿਚ ਪਰਮਾਤਮਾ (ਸਾਨੂੰ ਜੀਵਾਂ ਨੂੰ) ਰੱਖਦਾ ਹੈ ਉਸੇ ਹਾਲਤ ਵਿਚ (ਅਮੀਰੀ ਦੀ ਆਕੜ ਤੇ ਗਰੀਬੀ ਦੀ ਘਬਰਾਹਟ ਤੋਂ ਨਿਰਲੇਪ) ਰਹਿਣਾ ਚਾਹੀਦਾ ਹੈ।

ਹਰਿ ਕੀ ਮਹਿਮਾ ਕਿਛੁ ਕਥਨੁ ਨ ਜਾਈ ॥੧॥ ਰਹਾਉ ॥

ਇਹ ਗੱਲ ਦੱਸੀ ਨਹੀਂ ਜਾ ਸਕਦੀ ਕਿ ਪਰਮਾਤਮਾ ਕੇਡਾ ਵੱਡਾ ਹੈ (ਸਾਡੇ ਦੁਖਾਂ ਸੁਖਾਂ ਦਾ ਭੇਤ ਉਹ ਹੀ ਜਾਣਦਾ ਹੈ) ॥੧॥ ਰਹਾਉ ॥

ਕਬਹੂ ਤੁਰੇ ਤੁਰੰਗ ਨਚਾਵੈ ॥

ਕਦੇ (ਕੋਈ ਮਨੁੱਖ ਇਤਨਾ ਅਮੀਰ ਹੈ ਕਿ ਉਹ) ਸੋਹਣੇ ਘੋੜੇ ਨਚਾਉਂਦਾ ਹੈ (ਭਾਵ, ਕਦੇ ਉਸ ਪਾਸ ਐਸੀ ਸੁਹਣੀ ਚਾਲ ਵਾਲੇ ਘੋੜੇ ਹਨ ਕਿ ਚੱਲਣ ਵੇਲੇ, ਮਾਨੋ, ਉਹ ਨੱਚ ਰਹੇ ਹਨ),

ਕਬਹੂ ਪਾਇ ਪਨਹੀਓ ਨ ਪਾਵੈ ॥੨॥

ਪਰ ਕਦੇ ਉਸ ਨੂੰ ਪੈਰੀਂ ਜੁੱਤੀ (ਪਾਣ ਜੋਗੀ) ਭੀ ਨਹੀਂ ਲੱਭਦੀ ॥੨॥

ਕਬਹੂ ਖਾਟ ਸੁਪੇਦੀ ਸੁਵਾਵੈ ॥

ਕਦੇ ਕਿਸੇ ਮਨੁੱਖ ਨੂੰ ਚਿੱਟੇ ਵਿਛਾਉਣਿਆਂ ਵਾਲੇ ਪਲੰਘਾਂ ਉੱਤੇ ਸੁਆਉਂਦਾ ਹੈ,

ਕਬਹੂ ਭੂਮਿ ਪੈਆਰੁ ਨ ਪਾਵੈ ॥੩॥

ਪਰ ਕਦੇ ਉਸ ਨੂੰ ਭੁੰਞੇ (ਵਿਛਾਉਣ ਲਈ) ਪਰਾਲੀ ਭੀ ਨਹੀਂ ਮਿਲਦੀ ॥੩॥

ਭਨਤਿ ਨਾਮਦੇਉ ਇਕੁ ਨਾਮੁ ਨਿਸਤਾਰੈ ॥

ਨਾਮਦੇਵ ਆਖਦਾ ਹੈ ਕਿ ਪ੍ਰਭੂ ਦਾ ਇਕ ਨਾਮ ਹੀ ਹੈ ਜੋ (ਇਹਨਾਂ ਦੋਹਾਂ ਹਾਲਤਾਂ ਵਿਚੋਂ ਅਛੋਹ ਰੱਖ ਕੇ) ਪਾਰ ਲੰਘਾਉਂਦਾ ਹੈ,

ਜਿਹ ਗੁਰੁ ਮਿਲੈ ਤਿਹ ਪਾਰਿ ਉਤਾਰੈ ॥੪॥੫॥

ਜਿਸ ਮਨੁੱਖ ਨੂੰ ਗੁਰੂ ਮਿਲਦਾ ਹੈ ਉਸ ਨੂੰ ਪ੍ਰਭੂ (ਅਮੀਰੀ ਦੀ ਆਕੜ ਤੇ ਗਰੀਬੀ ਦੀ ਘਬਰਾਹਟ) ਤੋਂ ਪਾਰ ਉਤਾਰਦਾ ਹੈ ॥੪॥੫॥


ਹਸਤ ਖੇਲਤ ਤੇਰੇ ਦੇਹੁਰੇ ਆਇਆ ॥

ਮੈਂ ਬੜੇ ਚਾਅ ਨਾਲ ਤੇਰੇ ਮੰਦਰ ਆਇਆ ਸਾਂ,

ਭਗਤਿ ਕਰਤ ਨਾਮਾ ਪਕਰਿ ਉਠਾਇਆ ॥੧॥

ਪਰ (ਚੂੰ ਕਿ ਇਹ ਲੋਕ ‘ਮੇਰੀ ਜਾਤਿ ਹੀਨੜੀ’ ਸਮਝਦੇ ਹਨ, ਇਹਨਾਂ) ਮੈਨੂੰ ਨਾਮੇ ਨੂੰ ਭਗਤੀ ਕਰਦੇ ਨੂੰ (ਬਾਹੋਂ) ਫੜ ਕੇ (ਮੰਦਰ ਵਿਚੋਂ) ਉਠਾਲ ਦਿੱਤਾ ॥੧॥

ਹੀਨੜੀ ਜਾਤਿ ਮੇਰੀ ਜਾਦਿਮ ਰਾਇਆ ॥

ਹੇ ਜਾਦਵ ਕੁਲ ਦੇ ਸ਼ਿਰੋਮਣੀ! ਹੇ ਕ੍ਰਿਸ਼ਨ! ਹੇ ਪ੍ਰਭੂ! (ਲੋਕ) ਮੇਰੀ ਜਾਤ ਨੂੰ ਬੜੀ ਨੀਵੀਂ (ਆਖਦੇ ਹਨ)

ਛੀਪੇ ਕੇ ਜਨਮਿ ਕਾਹੇ ਕਉ ਆਇਆ ॥੧॥ ਰਹਾਉ ॥

ਹੇ ਪ੍ਰਭੂ! ਮੈਂ ਛੀਂਬੇ ਦੇ ਘਰ ਕਿਉਂ ਜੰਮ ਪਿਆ? ॥੧॥ ਰਹਾਉ ॥

ਲੈ ਕਮਲੀ ਚਲਿਓ ਪਲਟਾਇ ॥

ਮੈਂ ਆਪਣੀ ਕੰਬਲੀ ਲੈ ਕੇ (ਉੱਥੋਂ) ਮੁੜ ਕੇ ਤੁਰ ਪਿਆ,

ਦੇਹੁਰੈ ਪਾਛੈ ਬੈਠਾ ਜਾਇ ॥੨॥

ਤੇ (ਹੇ ਪ੍ਰਭੂ!) ਮੈਂ ਤੇਰੇ ਮੰਦਰ ਦੇ ਪਿਛਲੇ ਪਾਸੇ ਜਾ ਕੇ ਬਹਿ ਗਿਆ ॥੨॥

ਜਿਉ ਜਿਉ ਨਾਮਾ ਹਰਿ ਗੁਣ ਉਚਰੈ ॥

(ਪਰ ਪ੍ਰਭੂ ਦੀ ਅਚਰਜ ਖੇਡ ਵਰਤੀ) ਜਿਉਂ ਜਿਉਂ ਨਾਮਾ ਆਪਣੇ ਪ੍ਰਭੂ ਦੇ ਗੁਣ ਗਾਉਂਦਾ ਹੈ,

ਭਗਤ ਜਨਾਂ ਕਉ ਦੇਹੁਰਾ ਫਿਰੈ ॥੩॥੬॥

(ਉਸ ਦਾ) ਮੰਦਰ (ਉਸ ਦੇ) ਭਗਤਾਂ ਦੀ ਖ਼ਾਤਰ, (ਉਸ ਦੇ) ਸੇਵਕਾਂ ਦੀ ਖ਼ਾਤਰ ਫਿਰਦਾ ਜਾ ਰਿਹਾ ਹੈ ॥੩॥੬॥


ਭੈਰਉ ਨਾਮਦੇਉ ਜੀਉ ਘਰੁ ੨ ॥

ਰਾਗ ਭੈਰਉ, ਘਰ ੨ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਜੈਸੀ ਭੂਖੇ ਪ੍ਰੀਤਿ ਅਨਾਜ ॥

ਜਿਵੇਂ ਭੁੱਖੇ ਮਨੁੱਖ ਨੂੰ ਅੰਨ ਪਿਆਰਾ ਲੱਗਦਾ ਹੈ,

ਤ੍ਰਿਖਾਵੰਤ ਜਲ ਸੇਤੀ ਕਾਜ ॥

ਜਿਵੇਂ ਪਿਆਸੇ ਨੂੰ ਪਾਣੀ ਨਾਲ ਗ਼ਰਜ਼ ਹੁੰਦੀ ਹੈ,

ਜੈਸੀ ਮੂੜ ਕੁਟੰਬ ਪਰਾਇਣ ॥

ਜਿਵੇਂ ਕੋਈ ਮੂਰਖ ਆਪਣੇ ਟੱਬਰ ਦੇ ਆਸਰੇ ਹੋ ਜਾਂਦਾ ਹੈ,

ਐਸੀ ਨਾਮੇ ਪ੍ਰੀਤਿ ਨਰਾਇਣ ॥੧॥

ਤਿਵੇਂ (ਮੈਂ) ਨਾਮੇ ਦਾ ਪ੍ਰਭੂ ਨਾਲ ਪਿਆਰ ਹੈ ॥੧॥

ਨਾਮੇ ਪ੍ਰੀਤਿ ਨਾਰਾਇਣ ਲਾਗੀ ॥

(ਮੇਰੀ) ਨਾਮਦੇਵ ਦੀ ਪ੍ਰੀਤ ਪਰਮਾਤਮਾ ਨਾਲ ਲੱਗ ਗਈ ਹੈ,

ਸਹਜ ਸੁਭਾਇ ਭਇਓ ਬੈਰਾਗੀ ॥੧॥ ਰਹਾਉ ॥

(ਉਸ ਪ੍ਰੀਤ ਦੀ ਬਰਕਤਿ ਨਾਲ, ਨਾਮਦੇਵ) ਕੋਈ ਬਾਹਰਲੇ ਭੇਖ ਆਦਿਕ ਦਾ ਉਚੇਚ ਕਰਨ ਤੋਂ ਬਿਨਾ ਹੀ ਬੈਰਾਗੀ ਬਣ ਗਿਆ ਹੈ ॥੧॥ ਰਹਾਉ ॥

ਜੈਸੀ ਪਰ ਪੁਰਖਾ ਰਤ ਨਾਰੀ ॥

ਜਿਵੇਂ ਕੋਈ ਨਾਰ ਪਰਾਏ ਮਨੁੱਖ ਨਾਲ ਪਿਆਰ ਪਾ ਲੈਂਦੀ ਹੈ,

ਲੋਭੀ ਨਰੁ ਧਨ ਕਾ ਹਿਤਕਾਰੀ ॥

ਜਿਵੇਂ ਕਿਸੇ ਲੋਭੀ ਮਨੁੱਖ ਨੂੰ ਧਨ ਪਿਆਰਾ ਲੱਗਦਾ ਹੈ।

ਕਾਮੀ ਪੁਰਖ ਕਾਮਨੀ ਪਿਆਰੀ ॥

ਜਿਵੇਂ ਕਿਸੇ ਵਿਸ਼ਈ ਬੰਦੇ ਨੂੰ ਇਸਤ੍ਰੀ ਚੰਗੀ ਲੱਗਦੀ ਹੈ,

ਐਸੀ ਨਾਮੇ ਪ੍ਰੀਤਿ ਮੁਰਾਰੀ ॥੨॥

ਤਿਵੇਂ ਨਾਮੇ ਨੂੰ ਪਰਮਾਤਮਾ ਮਿੱਠਾ ਲੱਗਦਾ ਹੈ ॥੨॥

ਸਾਈ ਪ੍ਰੀਤਿ ਜਿ ਆਪੇ ਲਾਏ ॥

ਪਰ ਅਸਲੀ ਸੁੱਚਾ ਪਿਆਰ ਉਹ ਹੈ ਜੋ ਪ੍ਰਭੂ ਆਪ (ਕਿਸੇ ਮਨੁੱਖ ਦੇ ਹਿਰਦੇ ਵਿਚ) ਪੈਦਾ ਕਰੇ,

ਗੁਰਪਰਸਾਦੀ ਦੁਬਿਧਾ ਜਾਏ ॥

ਉਸ ਮਨੁੱਖ ਦੀ ਮੇਰ-ਤੇਰ ਗੁਰੂ ਦੀ ਕਿਰਪਾ ਨਾਲ ਮਿਟ ਜਾਂਦੀ ਹੈ।

ਕਬਹੁ ਨ ਤੂਟਸਿ ਰਹਿਆ ਸਮਾਇ ॥

ਉਸ ਦਾ ਪ੍ਰਭੂ ਨਾਲ ਪ੍ਰੇਮ ਕਦੇ ਟੁੱਟਦਾ ਨਹੀਂ, ਹਰ ਵੇਲੇ ਉਹ ਪ੍ਰਭੂ-ਚਰਨਾਂ ਵਿਚ ਜੁੜਿਆ ਰਹਿੰਦਾ ਹੈ।

ਨਾਮੇ ਚਿਤੁ ਲਾਇਆ ਸਚਿ ਨਾਇ ॥੩॥

(ਮੈਂ ਨਾਮੇ ਉੱਤੇ ਭੀ ਪ੍ਰਭੂ ਦੀ ਮਿਹਰ ਹੋਈ ਹੈ ਤੇ) ਨਾਮੇ ਦਾ ਚਿੱਤ ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਵਿਚ ਟਿਕ ਗਿਆ ਹੈ ॥੩॥

ਜੈਸੀ ਪ੍ਰੀਤਿ ਬਾਰਿਕ ਅਰੁ ਮਾਤਾ ॥

ਜਿਵੇਂ ਮਾਂ-ਪੁੱਤਰ ਦਾ ਪਿਆਰ ਹੁੰਦਾ ਹੈ,

ਐਸਾ ਹਰਿ ਸੇਤੀ ਮਨੁ ਰਾਤਾ ॥

ਤਿਵੇਂ ਮੇਰਾ ਮਨ ਪ੍ਰਭੂ! (-ਚਰਨਾਂ) ਨਾਲ ਰੰਗਿਆ ਗਿਆ ਹੈ।

ਪ੍ਰਣਵੈ ਨਾਮਦੇਉ ਲਾਗੀ ਪ੍ਰੀਤਿ ॥

ਨਾਮਦੇਵ ਬੇਨਤੀ ਕਰਦਾ ਹੈ-ਮੇਰੀ ਪ੍ਰਭੂ ਨਾਲ ਪ੍ਰੀਤ ਲੱਗ ਗਈ ਹੈ,

ਗੋਬਿਦੁ ਬਸੈ ਹਮਾਰੈ ਚੀਤਿ ॥੪॥੧॥੭॥

ਪ੍ਰਭੂ (ਹੁਣ ਸਦਾ) ਮੇਰੇ ਚਿੱਤ ਵਿਚ ਵੱਸਦਾ ਹੈ ॥੪॥੧॥੭॥


ਘਰ ਕੀ ਨਾਰਿ ਤਿਆਗੈ ਅੰਧਾ ॥

ਅੰਨ੍ਹਾ (ਪਾਪੀ) ਆਪਣੀ ਵਹੁਟੀ ਛੱਡ ਦੇਂਦਾ ਹੈ,

ਪਰ ਨਾਰੀ ਸਿਉ ਘਾਲੈ ਧੰਧਾ ॥

ਤੇ ਪਰਾਈ ਜ਼ਨਾਨੀ ਨਾਲ ਝਖਾਂ ਮਾਰਦਾ ਹੈ,

ਜੈਸੇ ਸਿੰਬਲੁ ਦੇਖਿ ਸੂਆ ਬਿਗਸਾਨਾ ॥

(ਪਰਾਈ ਨਾਰ ਨੂੰ ਵੇਖ ਕੇ ਉਹ ਇਉਂ ਹੀ ਖ਼ੁਸ਼ ਹੁੰਦਾ ਹੈ) ਜਿਵੇਂ ਤੋਤਾ ਸਿੰਬਲ ਰੁੱਖ ਨੂੰ ਵੇਖ ਕੇ ਖ਼ੁਸ਼ ਹੁੰਦਾ ਹੈ (ਪਰ ਉਸ ਸਿੰਬਲ ਤੋਂ ਉਸ ਤੋਤੇ ਨੂੰ ਹਾਸਲ ਕੁਝ ਨਹੀਂ ਹੁੰਦਾ);

ਅੰਤ ਕੀ ਬਾਰ ਮੂਆ ਲਪਟਾਨਾ ॥੧॥

ਆਖ਼ਰ ਨੂੰ ਅਜਿਹਾ ਵਿਕਾਰੀ ਮਨੁੱਖ (ਇਸ ਵਿਕਾਰ) ਵਿਚ ਗ੍ਰਸਿਆ ਹੋਇਆ ਹੀ ਮਰ ਜਾਂਦਾ ਹੈ ॥੧॥

ਪਾਪੀ ਕਾ ਘਰੁ ਅਗਨੇ ਮਾਹਿ ॥

ਵਿਕਾਰੀ ਬੰਦੇ ਦਾ ਟਿਕਾਣਾ ਸਦਾ ਉਸ ਅੱਗ ਵਿਚ ਰਹਿੰਦਾ ਹੈ,

ਜਲਤ ਰਹੈ ਮਿਟਵੈ ਕਬ ਨਾਹਿ ॥੧॥ ਰਹਾਉ ॥

ਜੋ ਅੱਗ ਸਦਾ ਬਲਦੀ ਰਹਿੰਦੀ ਹੈ, ਕਦੇ ਬੁੱਝਦੀ ਨਹੀਂ ॥੧॥ ਰਹਾਉ ॥

ਹਰਿ ਕੀ ਭਗਤਿ ਨ ਦੇਖੈ ਜਾਇ ॥

ਜਿੱਥੇ ਪ੍ਰਭੂ ਦੀ ਭਗਤੀ ਹੁੰਦੀ ਹੈ (ਵਿਕਾਰੀ ਮਨੁੱਖ) ਉਹ ਥਾਂ ਜਾ ਕੇ ਨਹੀਂ ਵੇਖਦਾ,

ਮਾਰਗੁ ਛੋਡਿ ਅਮਾਰਗਿ ਪਾਇ ॥

(ਜੀਵਨ ਦਾ ਸਿੱਧਾ) ਰਾਹ ਛੱਡ ਕੇ (ਵਿਕਾਰਾਂ ਦੇ) ਉਲਟੇ ਰਸਤੇ ਪੈਂਦਾ ਹੈ,

ਮੂਲਹੁ ਭੂਲਾ ਆਵੈ ਜਾਇ ॥

ਜਗਤ ਦੇ ਮੂਲ ਪ੍ਰਭੂ ਤੋਂ ਖੁੰਝ ਕੇ ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ,

ਅੰਮ੍ਰਿਤੁ ਡਾਰਿ ਲਾਦਿ ਬਿਖੁ ਖਾਇ ॥੨॥

ਨਾਮ-ਅੰਮ੍ਰਿਤ ਡੋਲ੍ਹ ਕੇ (ਵਿਕਾਰਾਂ ਦਾ) ਜ਼ਹਿਰ ਲੱਦ ਕੇ ਖਾਂਦਾ ਹੈ ॥੨॥

ਜਿਉ ਬੇਸ੍ਵਾ ਕੇ ਪਰੈ ਅਖਾਰਾ ॥

ਜਿਵੇਂ ਵੇਸਵਾਂ ਦੇ ਮੁਜਰੇ ਹੁੰਦੇ ਹਨ,

ਕਾਪਰੁ ਪਹਿਰਿ ਕਰਹਿ ਸਂੀਗਾਰਾ ॥

(ਸੁਹਣੀ ਸੁਹਣੀ) ਪੁਸ਼ਾਕ ਪਾ ਕੇ ਸਿੰਗਾਰ ਕਰਦੀਆਂ ਹਨ।

ਪੂਰੇ ਤਾਲ ਨਿਹਾਲੇ ਸਾਸ ॥

ਵੇਸਵਾ ਨੱਚਦੀ ਹੈ, ਤੇ ਬੜੇ ਗਹੁ ਨਾਲ ਆਪਣੀ ਸੁਰ ਨੂੰ ਤੋਲਦੀ ਹੈ,

ਵਾ ਕੇ ਗਲੇ ਜਮ ਕਾ ਹੈ ਫਾਸ ॥੩॥

(ਬੱਸ, ਇਸ ਵਿਕਾਰੀ ਜੀਵਨ ਦੇ ਕਾਰਨ) ਉਸ ਦੇ ਗਲ ਵਿਚ ਜਮਾਂ ਦੀ ਫਾਹੀ ਪੈਂਦੀ ਹੈ ॥੩॥

ਜਾ ਕੇ ਮਸਤਕਿ ਲਿਖਿਓ ਕਰਮਾ ॥

ਜਿਸ ਮਨੁੱਖ ਦੇ ਮੱਥੇ ਉੱਤੇ ਪ੍ਰਭੂ ਦੀ ਬਖ਼ਸ਼ਸ਼ (ਦਾ ਲੇਖ) ਲਿਖਿਆ ਹੋਇਆ ਹੈ (ਭਾਵ, ਪਿਛਲੇ ਕੀਤੇ ਕਰਮਾਂ ਅਨੁਸਾਰ ਧੁਰੋਂ ਬਖ਼ਸ਼ਸ਼ ਹੁੰਦੀ ਹੈ),

ਸੋ ਭਜਿ ਪਰਿ ਹੈ ਗੁਰ ਕੀ ਸਰਨਾ ॥

ਉਹ (ਵਿਕਾਰਾਂ ਵਲੋਂ) ਹਟ ਕੇ ਸਤਿਗੁਰੂ ਦੀ ਸ਼ਰਨ ਪੈਂਦਾ ਹੈ।

ਕਹਤ ਨਾਮਦੇਉ ਇਹੁ ਬੀਚਾਰੁ ॥

ਨਾਮਦੇਵ ਇਹ ਇਕ ਵਿਚਾਰ ਦਾ ਬਚਨ ਆਖਦਾ ਹੈ,

ਇਨ ਬਿਧਿ ਸੰਤਹੁ ਉਤਰਹੁ ਪਾਰਿ ॥੪॥੨॥੮॥

ਹੇ ਸੰਤ ਜਨੋ! ਗੁਰੂ ਦੀ ਸ਼ਰਨ ਪੈ ਕੇ ਹੀ (ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਪਾਰ ਲੰਘ ਸਕੋਗੇ ॥੪॥੨॥੮॥


ਸੰਡਾ ਮਰਕਾ ਜਾਇ ਪੁਕਾਰੇ ॥ ਪੜੈ ਨਹੀ ਹਮ ਹੀ ਪਚਿ ਹਾਰੇ ॥

(ਪ੍ਰਹਿਲਾਦ ਦੇ ਦੋਵੇਂ ਉਸਤਾਦ) ਸੰਡ ਅਤੇ ਅਮਰਕ ਨੇ (ਹਰਨਾਖਸ਼ ਕੋਲ) ਜਾ ਕੇ ਫ਼ਰਿਆਦ ਕੀਤੀ-ਅਸੀਂ ਖਪ ਲੱਥੇ ਹਾਂ, ਪ੍ਰਹਿਲਾਦ ਪੜ੍ਹਦਾ ਨਹੀਂ।

ਰਾਮੁ ਕਹੈ ਕਰ ਤਾਲ ਬਜਾਵੈ ਚਟੀਆ ਸਭੈ ਬਿਗਾਰੇ ॥੧॥

ਉਹ ਹੱਥਾਂ ਨਾਲ ਤਾਲ ਵਜਾਉਂਦਾ ਹੈ, ਤੇ ਰਾਮ ਨਾਮ ਗਾਉਂਦਾ ਹੈ, ਹੋਰ ਸਾਰੇ ਵਿੱਦਿਆਰਥੀ ਭੀ ਉਸ ਨੇ ਵਿਗਾੜ ਦਿੱਤੇ ਹਨ ॥੧॥

ਰਾਮ ਨਾਮਾ ਜਪਿਬੋ ਕਰੈ ॥

(ਪ੍ਰਹਿਲਾਦ) ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦਾ ਹੈ,

ਹਿਰਦੈ ਹਰਿ ਜੀ ਕੋ ਸਿਮਰਨੁ ਧਰੈ ॥੧॥ ਰਹਾਉ ॥

ਪਰਮਾਤਮਾ ਦਾ ਸਿਮਰਨ ਆਪਣੇ ਹਿਰਦੇ ਵਿਚ ਧਾਰਨ ਕਰੀ ਰੱਖਦਾ ਹੈ ॥੧॥ ਰਹਾਉ ॥

ਬਸੁਧਾ ਬਸਿ ਕੀਨੀ ਸਭ ਰਾਜੇ ਬਿਨਤੀ ਕਰੈ ਪਟਰਾਨੀ ॥

(ਪ੍ਰਹਿਲਾਦ ਦੀ ਮਾਂ) ਵੱਡੀ ਰਾਣੀ (ਪ੍ਰਹਿਲਾਦ ਅੱਗੇ) ਤਰਲੇ ਕਰਦੀ ਹੈ (ਤੇ ਸਮਝਾਉਂਦੀ ਹੈ ਕਿ ਤੇਰੇ ਪਿਤਾ) ਰਾਜੇ ਨੇ ਸਾਰੀ ਧਰਤੀ ਆਪਣੇ ਵੱਸ ਕੀਤੀ ਹੋਈ ਹੈ (ਉਸ ਦਾ ਹੁਕਮ ਨਾ ਮੋੜ),

ਪੂਤੁ ਪ੍ਰਹਿਲਾਦੁ ਕਹਿਆ ਨਹੀ ਮਾਨੈ ਤਿਨਿ ਤਉ ਅਉਰੈ ਠਾਨੀ ॥੨॥

ਪਰ ਪੁੱਤਰ ਪ੍ਰਹਿਲਾਦ (ਮਾਂ ਦਾ) ਆਖਿਆ ਮੰਨਦਾ ਨਹੀਂ, ਉਸ ਨੇ ਤਾਂ ਕੋਈ ਹੋਰ ਗੱਲ ਮਨ ਵਿਚ ਪੱਕੀ ਕੀਤੀ ਹੋਈ ਹੈ ॥੨॥

ਦੁਸਟ ਸਭਾ ਮਿਲਿ ਮੰਤਰ ਉਪਾਇਆ ਕਰਸਹ ਅਉਧ ਘਨੇਰੀ ॥

ਦੁਸ਼ਟਾਂ ਦੀ ਜੁੰਡੀ ਨੇ ਰਲ ਕੇ ਸਲਾਹ ਕਰ ਲਈ-(ਜੇ ਪ੍ਰਹਿਲਾਦ ਨਹੀਂ ਮੰਨਦਾ ਤਾਂ) ਅਸੀਂ ਇਸ ਨੂੰ ਮਾਰ ਮੁਕਾਵਾਂਗੇ;

ਗਿਰਿ ਤਰ ਜਲੁ ਜੁਆਲਾ ਭੈ ਰਾਖਿਓ ਰਾਜਾ ਰਾਮਿ ਮਾਇਆ ਫੇਰੀ ॥੩॥

ਪਰ ਜਗਤ ਦੇ ਮਾਲਕ ਪ੍ਰਭੂ ਨੇ ਆਪਣੀ ਮਾਇਆ ਦਾ ਸੁਭਾਉ ਹੀ ਬਦਲਾ ਦਿੱਤਾ, (ਪ੍ਰਭੂ ਨੇ ਪ੍ਰਹਿਲਾਦ ਨੂੰ) ਪਹਾੜ, ਰੁੱਖ, ਪਾਣੀ, ਅੱਗ (ਇਹਨਾਂ ਸਭਨਾਂ ਦੇ) ਡਰ ਤੋਂ ਬਚਾ ਲਿਆ ॥੩॥

ਕਾਢਿ ਖੜਗੁ ਕਾਲੁ ਭੈ ਕੋਪਿਓ ਮੋਹਿ ਬਤਾਉ ਜੁ ਤੁਹਿ ਰਾਖੈ ॥

(ਹੁਣ ਅੰਦਰੋਂ) ਡਰਿਆ ਹੋਇਆ (ਪਰ ਬਾਹਰੋਂ) ਕ੍ਰੋਧਵਾਨ ਹੋ ਕੇ, ਮੌਤ-ਰੂਪ ਤਲਵਾਰ ਕੱਢ ਕੇ (ਬੋਲਿਆ-) ਮੈਨੂੰ ਦੱਸ ਜਿਹੜਾ ਤੈਨੂੰ (ਇਸ ਤਲਵਾਰ ਤੋਂ) ਬਚਾ ਸਕਦਾ ਹੈ।

ਪੀਤ ਪੀਤਾਂਬਰ ਤ੍ਰਿਭਵਣ ਧਣੀ ਥੰਭ ਮਾਹਿ ਹਰਿ ਭਾਖੈ ॥੪॥

(ਅੱਗੋਂ) ਪੀਲੇ ਕੱਪੜਿਆਂ ਵਾਲਾ ਕ੍ਰਿਸ਼ਨ ਪ੍ਰਭੂ, ਤਿੰਨਾਂ ਭਵਨਾਂ ਦਾ ਮਾਲਕ ਪਰਮਾਤਮਾ ਥੰਮ੍ਹ ਵਿਚ ਬੋਲਦਾ ਹੈ ॥੪॥

ਹਰਨਾਖਸੁ ਜਿਨਿ ਨਖਹ ਬਿਦਾਰਿਓ ਸੁਰਿ ਨਰ ਕੀਏ ਸਨਾਥਾ ॥

ਜਿਸ ਪ੍ਰਭੂ ਨੇ ਹਰਨਾਖ਼ਸ਼ ਨੂੰ ਨਹੁੰਆਂ ਨਾਲ ਚੀਰ ਦਿੱਤਾ, ਦੇਵਤਿਆਂ ਤੇ ਮਨੁੱਖਾਂ ਨੂੰ ਢਾਰਸ ਦਿੱਤੀ,

ਕਹਿ ਨਾਮਦੇਉ ਹਮ ਨਰਹਰਿ ਧਿਆਵਹ ਰਾਮੁ ਅਭੈ ਪਦ ਦਾਤਾ ॥੫॥੩॥੯॥

ਨਾਮਦੇਵ ਆਖਦਾ ਹੈ ਕਿ ਮੈਂ ਭੀ ਉਸੇ ਪ੍ਰਭੂ ਨੂੰ ਸਿਮਰਦਾ ਹਾਂ; ਪ੍ਰਭੂ ਹੀ ਨਿਰਭੈਤਾ ਦਾ ਦਰਜਾ ਬਖ਼ਸ਼ਣ ਵਾਲਾ ਹੈ ॥੫॥੩॥੯॥


ਸੁਲਤਾਨੁ ਪੂਛੈ ਸੁਨੁ ਬੇ ਨਾਮਾ ॥

(ਮੁਹੰਮਦ-ਬਿਨ-ਤੁਗ਼ਲਕ) ਬਾਦਸ਼ਾਹ ਪੁੱਛਦਾ ਹੈ-ਹੇ ਨਾਮੇ! ਸੁਣ,

ਦੇਖਉ ਰਾਮ ਤੁਮੑਾਰੇ ਕਾਮਾ ॥੧॥

ਮੈਂ ਤੇਰੇ ਰਾਮ ਦੇ ਕੰਮ ਵੇਖਣੇ ਚਾਹੁੰਦਾ ਹਾਂ ॥੧॥

ਨਾਮਾ ਸੁਲਤਾਨੇ ਬਾਧਿਲਾ ॥

ਬਾਦਸ਼ਾਹ ਨੇ ਮੈਨੂੰ (ਨਾਮੇ ਨੂੰ) ਬੰਨ੍ਹ ਲਿਆ,

ਦੇਖਉ ਤੇਰਾ ਹਰਿ ਬੀਠੁਲਾ ॥੧॥ ਰਹਾਉ ॥

(ਤੇ ਆਖਣ ਲੱਗਾ-) ਮੈਂ ਤੇਰਾ ਹਰੀ, ਤੇਰਾ ਬੀਠਲੁ, ਵੇਖਣਾ ਚਾਹੁੰਦਾ ਹਾਂ ॥੧॥ ਰਹਾਉ ॥

ਬਿਸਮਿਲਿ ਗਊ ਦੇਹੁ ਜੀਵਾਇ ॥

(ਮੇਰੀ ਇਹ) ਮੋਈ ਹੋਈ ਗਾਂ ਜਿਵਾਲ ਦੇਹ,

ਨਾਤਰੁ ਗਰਦਨਿ ਮਾਰਉ ਠਾਂਇ ॥੨॥

ਨਹੀਂ ਤਾਂ ਤੈਨੂੰ ਭੀ ਇੱਥੇ ਹੀ (ਹੁਣੇ ਹੀ) ਮਾਰ ਦਿਆਂਗਾ ॥੨॥

ਬਾਦਿਸਾਹ ਐਸੀ ਕਿਉ ਹੋਇ ॥

(ਮੈਂ ਆਖਿਆ-) ਬਾਦਸ਼ਾਹ! ਅਜਿਹੀ ਗੱਲ ਕਿਵੇਂ ਹੋ ਸਕਦੀ ਹੈ?

ਬਿਸਮਿਲਿ ਕੀਆ ਨ ਜੀਵੈ ਕੋਇ ॥੩॥

ਕਦੇ ਕੋਈ ਮੋਇਆ ਹੋਇਆ ਮੁੜ ਨਹੀਂ ਜੀਵਿਆ ॥੩॥

ਮੇਰਾ ਕੀਆ ਕਛੂ ਨ ਹੋਇ ॥

(ਤੇ ਇਕ ਹੋਰ ਗੱਲ ਭੀ ਹੈ) ਮੇਰਾ ਕੀਤਾ ਕੁਝ ਨਹੀਂ ਹੋ ਸਕਦਾ।

ਕਰਿ ਹੈ ਰਾਮੁ ਹੋਇ ਹੈ ਸੋਇ ॥੪॥

ਉਹੀ ਕੁਝ ਹੁੰਦਾ ਹੈ ਜੋ ਪਰਮਾਤਮਾ ਕਰਦਾ ਹੈ ॥੪॥

ਬਾਦਿਸਾਹੁ ਚੜਿੑਓ ਅਹੰਕਾਰਿ ॥

ਬਾਦਸ਼ਾਹ (ਇਹ ਉੱਤਰ ਸੁਣ ਕੇ) ਅਹੰਕਾਰ ਵਿਚ ਆਇਆ,

ਗਜ ਹਸਤੀ ਦੀਨੋ ਚਮਕਾਰਿ ॥੫॥

ਉਸ ਨੇ (ਮੇਰੇ ਉੱਤੇ) ਇਕ ਵੱਡਾ ਹਾਥੀ ਚਮਕਾ ਕੇ ਚਾੜ੍ਹ ਦਿੱਤਾ ॥੫॥

ਰੁਦਨੁ ਕਰੈ ਨਾਮੇ ਕੀ ਮਾਇ ॥

(ਮੇਰੀ) ਨਾਮੇ ਦੀ ਮਾਂ ਰੋਣ ਲੱਗ ਪਈ,

ਛੋਡਿ ਰਾਮੁ ਕੀ ਨ ਭਜਹਿ ਖੁਦਾਇ ॥੬॥

(ਤੇ ਆਖਣ ਲੱਗੀ-ਹੇ ਬੱਚਾ!) ਤੂੰ ਰਾਮ ਛੱਡ ਕੇ ਖ਼ੁਦਾ ਖ਼ੁਦਾ ਕਿਉਂ ਨਹੀਂ ਆਖਣ ਲੱਗ ਪੈਂਦਾ? ॥੬॥

ਨ ਹਉ ਤੇਰਾ ਪੂੰਗੜਾ ਨ ਤੂ ਮੇਰੀ ਮਾਇ ॥

(ਮੈਂ ਉੱਤਰ ਦਿੱਤਾ-) ਨਾ ਮੈਂ ਤੇਰਾ ਪੁੱਤਰ ਹਾਂ, ਨਾ ਤੂੰ ਮੇਰੀ ਮਾਂ ਹੈਂ;

ਪਿੰਡੁ ਪੜੈ ਤਉ ਹਰਿ ਗੁਨ ਗਾਇ ॥੭॥

ਜੇ ਮੇਰਾ ਸਰੀਰ ਭੀ ਨਾਸ ਹੋ ਜਾਏ, ਤਾਂ ਭੀ ਨਾਮਾ ਹਰੀ ਦੇ ਗੁਣ ਗਾਂਦਾ ਰਹੇਗਾ ॥੭॥

ਕਰੈ ਗਜਿੰਦੁ ਸੁੰਡ ਕੀ ਚੋਟ ॥

ਹਾਥੀ ਆਪਣੀ ਸੁੰਡ ਦੀ ਚੋਟ ਕਰਦਾ ਹੈ,

ਨਾਮਾ ਉਬਰੈ ਹਰਿ ਕੀ ਓਟ ॥੮॥

ਪਰ ਨਾਮਾ ਬਚ ਨਿਕਲਦਾ ਹੈ; ਨਾਮੇ ਨੂੰ ਪਰਮਾਤਮਾ ਦਾ ਆਸਰਾ ਹੈ ॥੮॥

ਕਾਜੀ ਮੁਲਾਂ ਕਰਹਿ ਸਲਾਮੁ ॥

(ਬਾਦਸ਼ਾਹ ਸੋਚਦਾ ਹੈ-) ਮੈਨੂੰ (ਮੇਰੇ ਮਜ਼ਹਬ ਦੇ ਆਗੂ) ਕਾਜ਼ੀ ਤੇ ਮੌਲਵੀ ਤਾਂ ਸਲਾਮ ਕਰਦੇ ਹਨ,

ਇਨਿ ਹਿੰਦੂ ਮੇਰਾ ਮਲਿਆ ਮਾਨੁ ॥੯॥

ਪਰ ਇਸ ਹਿੰਦੂ ਨੇ ਮੇਰਾ ਮਾਣ ਤੋੜ ਦਿੱਤਾ ਹੈ ॥੯॥

ਬਾਦਿਸਾਹ ਬੇਨਤੀ ਸੁਨੇਹੁ ॥

(ਹਿੰਦੂ ਲੋਕ ਰਲ ਕੇ ਆਏ, ਤੇ ਆਖਣ ਲੱਗੇ,) ਹੇ ਬਾਦਸ਼ਾਹ! ਅਸਾਡੀ ਅਰਜ਼ ਸੁਣ,

ਨਾਮੇ ਸਰ ਭਰਿ ਸੋਨਾ ਲੇਹੁ ॥੧੦॥

ਨਾਮਦੇਵ ਨਾਲ ਸਾਵਾਂ ਤੋਲ ਕੇ ਸੋਨਾ ਲੈ ਲੈ (ਤੇ ਇਸ ਨੂੰ ਛੱਡ ਦੇ) ॥੧੦॥

ਮਾਲੁ ਲੇਉ ਤਉ ਦੋਜਕਿ ਪਰਉ ॥

(ਉਸ ਨੇ ਉੱਤਰ ਦਿੱਤਾ) ਜੇ ਮੈਂ ਵੱਢੀ ਲਵਾਂ ਤਾਂ ਦੋਜ਼ਕ ਵਿਚ ਪੈਂਦਾ ਹਾਂ,

ਦੀਨੁ ਛੋਡਿ ਦੁਨੀਆ ਕਉ ਭਰਉ ॥੧੧॥

(ਕਿਉਂਕਿ ਇਸ ਤਰ੍ਹਾਂ ਤਾਂ) ਮੈਂ ਮਜ਼ਹਬ ਛੱਡ ਕੇ ਦੌਲਤ ਇਕੱਠੀ ਕਰਦਾ ਹਾਂ ॥੧੧॥

ਪਾਵਹੁ ਬੇੜੀ ਹਾਥਹੁ ਤਾਲ ॥

ਨਾਮਦੇਵ ਦੇ ਪੈਰਾਂ ਵਿਚ ਬੇੜੀਆਂ ਹਨ,

ਨਾਮਾ ਗਾਵੈ ਗੁਨ ਗੋਪਾਲ ॥੧੨॥

ਪਰ ਫਿਰ ਭੀ ਉਹ ਹੱਥਾਂ ਨਾਲ ਤਾਲ ਦੇ ਦੇ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ ॥੧੨॥

ਗੰਗ ਜਮੁਨ ਜਉ ਉਲਟੀ ਬਹੈ ॥

ਜੇ ਗੰਗਾ ਤੇ ਜਮਨਾ ਉਲਟੀਆਂ ਭੀ ਵਗਣ ਲੱਗ ਪੈਣ,

ਤਉ ਨਾਮਾ ਹਰਿ ਕਰਤਾ ਰਹੈ ॥੧੩॥

ਤਾਂ ਭੀ ਨਾਮਾ ਹਰੀ ਦੇ ਗੁਣ ਗਾਂਦਾ ਰਹੇਗਾ (ਤੇ ਦਬਾਉ ਵਿਚ ਆ ਕੇ ਖ਼ੁਦਾ ਖ਼ੁਦਾ ਨਹੀਂ ਆਖੇਗਾ) ॥੧੩॥

ਸਾਤ ਘੜੀ ਜਬ ਬੀਤੀ ਸੁਣੀ ॥

(ਬਾਦਸ਼ਾਹ ਨੇ ਗਾਂ ਜਿਵਾਲਣ ਲਈ ਇਕ ਪਹਿਰ ਮੁਹਲਤ ਦਿੱਤੀ ਹੋਈ ਸੀ) ਜਦੋਂ (ਘੜਿਆਲ ਤੇ) ਸੱਤ ਘੜੀਆਂ ਗੁਜ਼ਰੀਆਂ ਸੁਣੀਆਂ,

ਅਜਹੁ ਨ ਆਇਓ ਤ੍ਰਿਭਵਣ ਧਣੀ ॥੧੪॥

ਤਾਂ (ਮੈਂ ਨਾਮੇ ਨੇ ਸੋਚਿਆ ਕਿ) ਅਜੇ ਤਕ ਭੀ ਤ੍ਰਿਲੋਕੀ ਦਾ ਮਾਲਕ ਪ੍ਰਭੂ ਨਹੀਂ ਆਇਆ ॥੧੪॥

ਪਾਖੰਤਣ ਬਾਜ ਬਜਾਇਲਾ ॥

(ਬੱਸ! ਉਸੇ ਵੇਲੇ) ਖੰਭਾਂ ਦੇ ਫੜਕਣ ਦਾ ਖੜਾਕ ਆਇਆ,

ਗਰੁੜ ਚੜੑੇ ਗੋਬਿੰਦ ਆਇਲਾ ॥੧੫॥

ਵਿਸ਼ਨੂੰ ਭਗਵਾਨ ਗਰੁੜ ਤੇ ਚੜ੍ਹ ਕੇ ਆ ਗਿਆ ॥੧੫॥

ਅਪਨੇ ਭਗਤ ਪਰਿ ਕੀ ਪ੍ਰਤਿਪਾਲ ॥

ਉਹਨਾਂ ਆਪਣੇ ਭਗਤ ਦੀ ਰੱਖਿਆ ਕਰ ਲਈ,

ਗਰੁੜ ਚੜੑੇ ਆਏ ਗੋਪਾਲ ॥੧੬॥

ਪ੍ਰਭੂ ਜੀ ਗਰੁੜ ਤੇ ਚੜ੍ਹ ਕੇ ਆ ਗਏ ॥੧੬॥

ਕਹਹਿ ਤ ਧਰਣਿ ਇਕੋਡੀ ਕਰਉ ॥

(ਗੋਪਾਲ ਨੇ ਆਖਿਆ-ਹੇ ਨਾਮਦੇਵ!) ਜੇ ਤੂੰ ਆਖੇਂ ਤਾਂ ਮੈਂ ਧਰਤੀ ਟੇਢੀ ਕਰ ਦਿਆਂ,

ਕਹਹਿ ਤ ਲੇ ਕਰਿ ਊਪਰਿ ਧਰਉ ॥੧੭॥v

ਜੇ ਤੂੰ ਆਖੇਂ ਤਾਂ ਇਸ ਨੂੰ ਫੜ ਕੇ ਉਲਟਾ ਦਿਆਂ ॥੧੭॥

ਕਹਹਿ ਤ ਮੁਈ ਗਊ ਦੇਉ ਜੀਆਇ ॥

ਜੇ ਤੂੰ ਆਖੇਂ ਤਾਂ ਮੋਈ ਹੋਈ ਗਾਂ ਜਿਵਾਲ ਦਿਆਂ,

ਸਭੁ ਕੋਈ ਦੇਖੈ ਪਤੀਆਇ ॥੧੮॥

ਤੇ ਇੱਥੇ ਹਰੇਕ ਜਣਾ ਤਸੱਲੀ ਨਾਲ ਵੇਖ ਲਏ ॥੧੮॥

ਨਾਮਾ ਪ੍ਰਣਵੈ ਸੇਲ ਮਸੇਲ ॥

(ਗੋਪਾਲ ਦੀ ਇਸ ਕਿਰਪਾ ਤੇ) ਮੈਂ ਨਾਮੇ ਨੇ (ਉਹਨਾਂ ਲੋਕਾਂ ਨੂੰ) ਬੇਨਤੀ ਕੀਤੀ-(ਗਊ ਨੂੰ) ਨਿਆਣਾ ਪਾ ਦਿਉ।

ਗਊ ਦੁਹਾਈ ਬਛਰਾ ਮੇਲਿ ॥੧੯॥

(ਤਾਂ ਉਹਨਾਂ) ਵੱਛਾ ਛੱਡ ਕੇ ਗਾਂ ਚੋ ਲਈ ॥੧੯॥

ਦੂਧਹਿ ਦੁਹਿ ਜਬ ਮਟੁਕੀ ਭਰੀ ॥

ਦੁੱਧ ਚੋ ਕੇ ਜਦੋਂ ਉਹਨਾਂ ਮਟਕੀ ਭਰ ਲਈ,

ਲੇ ਬਾਦਿਸਾਹ ਕੇ ਆਗੇ ਧਰੀ ॥੨੦॥

ਤਾਂ ਉਹ ਲੈ ਕੇ ਬਾਦਸ਼ਾਹ ਦੇ ਅੱਗੇ ਰੱਖ ਦਿੱਤੀ ॥੨੦॥

ਬਾਦਿਸਾਹੁ ਮਹਲ ਮਹਿ ਜਾਇ ॥

ਬਾਦਸ਼ਾਹ ਮਹਲਾਂ ਵਿਚ ਚਲਾ ਗਿਆ,

ਅਉਘਟ ਕੀ ਘਟ ਲਾਗੀ ਆਇ ॥੨੧॥

(ਤੇ ਉੱਥੇ ਉਸ ਉੱਤੇ) ਔਖੀ ਘੜੀ ਆ ਗਈ (ਭਾਵ, ਉਹ ਸਹਿਮ ਗਿਆ) ॥੨੧॥

ਕਾਜੀ ਮੁਲਾਂ ਬਿਨਤੀ ਫੁਰਮਾਇ ॥

ਆਪਣੇ ਕਾਜ਼ੀਆਂ ਤੇ ਮੌਲਵੀਆਂ ਦੀ ਰਾਹੀਂ ਉਸ ਨੇ ਬੇਨਤੀ (ਕਰ ਘੱਲੀ),

ਬਖਸੀ ਹਿੰਦੂ ਮੈ ਤੇਰੀ ਗਾਇ ॥੨੨॥

ਹੇ ਹਿੰਦੂ! ਮੈਨੂੰ ਹੁਕਮ ਕਰ (ਜੋ ਹੁਕਮ ਤੂੰ ਦੇਵੇਂਗਾ ਮੈਂ ਕਰਾਂਗਾ), ਮੈਨੂੰ ਬਖ਼ਸ਼, ਮੈਂ ਤੇਰੀ ਗਾਂ ਹਾਂ ॥੨੨॥

ਨਾਮਾ ਕਹੈ ਸੁਨਹੁ ਬਾਦਿਸਾਹ ॥

ਨਾਮਾ ਆਖਦਾ ਹੈ ਕਿ ਹੇ ਬਾਦਸ਼ਾਹ! ਸੁਣ,

ਇਹੁ ਕਿਛੁ ਪਤੀਆ ਮੁਝੈ ਦਿਖਾਇ ॥੨੩॥

ਮੈਨੂੰ ਇਕ ਤਸੱਲੀ ਦਿਵਾ ਦੇਹ ॥੨੩॥

ਇਸ ਪਤੀਆ ਕਾ ਇਹੈ ਪਰਵਾਨੁ ॥

ਇਸ ਇਕਰਾਰ ਦਾ ਮਾਪ ਇਹ ਹੋਵੇਗਾ,

ਸਾਚਿ ਸੀਲਿ ਚਾਲਹੁ ਸੁਲਿਤਾਨ ॥੨੪॥

ਕਿ ਹੇ ਬਾਦਸ਼ਾਹ! ਤੂੰ (ਅਗਾਂਹ ਨੂੰ) ਸੱਚ ਵਿਚ ਤੁਰੇਂ, ਚੰਗੇ ਸੁਭਾਉ ਵਿਚ ਰਹੇਂ ॥੨੪॥

ਨਾਮਦੇਉ ਸਭ ਰਹਿਆ ਸਮਾਇ ॥

(ਇਹ ਕੌਤਕ ਸੁਣ ਵੇਖ ਕੇ) ਘਰ ਘਰ ਵਿਚ ਨਾਮਦੇਵ ਦੀਆਂ ਗੱਲਾਂ ਹੋਣ ਲੱਗ ਪਈਆਂ,

ਮਿਲਿ ਹਿੰਦੂ ਸਭ ਨਾਮੇ ਪਹਿ ਜਾਹਿ ॥੨੫॥

(ਨਗਰ ਦੇ) ਸਾਰੇ ਹਿੰਦੂ ਰਲ ਕੇ ਨਾਮਦੇਵ ਪਾਸ ਆਏ (ਤੇ ਆਖਣ ਲੱਗੇ-) ॥੨੫॥

ਜਉ ਅਬ ਕੀ ਬਾਰ ਨ ਜੀਵੈ ਗਾਇ ॥

ਜੇ ਐਤਕੀਂ ਗਾਂ ਨਾ ਜੀਊਂਦੀ,

ਤ ਨਾਮਦੇਵ ਕਾ ਪਤੀਆ ਜਾਇ ॥੨੬॥

ਤਾਂ ਨਾਮਦੇਵ ਦਾ ਇਤਬਾਰ ਜਾਂਦਾ ਰਹਿਣਾ ਸੀ ॥੨੬॥

ਨਾਮੇ ਕੀ ਕੀਰਤਿ ਰਹੀ ਸੰਸਾਰਿ ॥

ਨਾਮਦੇਵ ਦੀ ਸੋਭਾ ਜਗਤ ਵਿਚ ਬਣੀ ਰਹੀ ਹੈ।

ਭਗਤ ਜਨਾਂ ਲੇ ਉਧਰਿਆ ਪਾਰਿ ॥੨੭॥

ਪਰ ਪ੍ਰਭੂ ਨੇ ਆਪਣੇ ਭਗਤਾਂ ਨੂੰ, ਆਪਣੇ ਸੇਵਕਾਂ ਨੂੰ ਚਰਨੀਂ ਲਾ ਕੇ ਪਾਰ ਕਰ ਦਿੱਤਾ ਹੈ ॥੨੭॥

ਸਗਲ ਕਲੇਸ ਨਿੰਦਕ ਭਇਆ ਖੇਦੁ ॥

(ਇਹ ਸੋਭਾ ਸੁਣ ਕੇ) ਨਿੰਦਕਾਂ ਨੂੰ ਬੜੇ ਕਲੇਸ਼ ਤੇ ਬੜਾ ਦੁੱਖ ਹੋਇਆ ਹੈ,

ਨਾਮੇ ਨਾਰਾਇਨ ਨਾਹੀ ਭੇਦੁ ॥੨੮॥੧॥੧੦॥

(ਕਿਉਂਕਿ ਉਹ ਇਹ ਨਹੀਂ ਜਾਣਦੇ ਕਿ) ਨਾਮਦੇਵ ਅਤੇ ਪਰਮਾਤਮਾ ਵਿਚ ਕੋਈ ਵਿੱਥ ਨਹੀਂ ਰਹਿ ਗਈ ॥੨੮॥੧॥੧੦॥


ਘਰੁ ੨ ॥
ਜਉ ਗੁਰਦੇਉ ਤ ਮਿਲੈ ਮੁਰਾਰਿ ॥

ਜੇ ਗੁਰੂ ਮਿਲ ਪਏ ਤਾਂ ਰੱਬ ਮਿਲ ਪੈਂਦਾ ਹੈ,

ਜਉ ਗੁਰਦੇਉ ਤ ਉਤਰੈ ਪਾਰਿ ॥

ਜੇ ਗੁਰੂ ਮਿਲ ਪਏ ਤਾਂ (ਸੰਸਾਰ-ਸਮੁੰਦਰ ਤੋਂ ਮਨੁੱਖ) ਪਾਰ ਲੰਘ ਜਾਂਦਾ ਹੈ,

ਜਉ ਗੁਰਦੇਉ ਤ ਬੈਕੁੰਠ ਤਰੈ ॥

ਜੇ ਗੁਰੂ ਮਿਲ ਪਏ ਤਾਂ (ਇੱਥੋਂ) ਤਰ ਕੇ ਬੈਕੁੰਠ ਵਿਚ ਜਾ ਅੱਪੜਦਾ ਹੈ,

ਜਉ ਗੁਰਦੇਉ ਤ ਜੀਵਤ ਮਰੈ ॥੧॥

ਜੇ ਗੁਰੂ ਮਿਲ ਪਏ ਤਾਂ (ਦੁਨੀਆ ਵਿਚ) ਰਹਿੰਦੇ ਹੋਇਆਂ (ਵਿਕਾਰਾਂ ਵਲੋਂ ਉਸ ਦਾ ਮਨ) ਮਰਿਆ ਰਹਿੰਦਾ ਹੈ ॥੧॥

ਸਤਿ ਸਤਿ ਸਤਿ ਸਤਿ ਸਤਿ ਗੁਰਦੇਵ ॥

ਇਹ ਯਕੀਨ ਜਾਣੋ ਕਿ ਗੁਰੂ ਦੀ ਸੇਵਾ ਹੀ ਸਦਾ-ਥਿਰ ਰਹਿਣ ਵਾਲਾ ਉੱਦਮ ਹੈ।

ਝੂਠੁ ਝੂਠੁ ਝੂਠੁ ਝੂਠੁ ਆਨ ਸਭ ਸੇਵ ॥੧॥ ਰਹਾਉ ॥

ਹੋਰ ਸਭ (ਦੇਵਤਿਆਂ ਦੀ) ਸੇਵਾ-ਪੂਜਾ ਵਿਅਰਥ ਹੈ, ਵਿਅਰਥ ਹੈ, ਵਿਅਰਥ ਹੈ ॥੧॥ ਰਹਾਉ ॥

ਜਉ ਗੁਰਦੇਉ ਤ ਨਾਮੁ ਦ੍ਰਿੜਾਵੈ ॥

ਜੇ ਗੁਰੂ ਮਿਲ ਪਏ ਤਾਂ ਉਹ ਨਾਮ ਜਪਣ ਦਾ ਸੁਭਾਉ ਪਕਾ ਦੇਂਦਾ ਹੈ,

ਜਉ ਗੁਰਦੇਉ ਨ ਦਹ ਦਿਸ ਧਾਵੈ ॥

ਜੇ ਗੁਰੂ ਮਿਲ ਪਏ ਤਾਂ (ਫਿਰ ਮਨ) ਦਸੀਂ ਪਾਸੀਂ ਦੌੜਦਾ ਨਹੀਂ,

ਜਉ ਗੁਰਦੇਉ ਪੰਚ ਤੇ ਦੂਰਿ ॥

ਜੇ ਗੁਰੂ ਮਿਲ ਪਏ ਤਾਂ ਪੰਜ ਕਾਮਾਦਿਕਾਂ ਤੋਂ ਬਚਿਆ ਰਹਿੰਦਾ ਹੈ,

ਜਉ ਗੁਰਦੇਉ ਨ ਮਰਿਬੋ ਝੂਰਿ ॥੨॥

ਜੇ ਗੁਰੂ ਮਿਲ ਪਏ ਤਾਂ (ਚਿੰਤਾ ਫ਼ਿਕਰਾਂ ਵਿਚ) ਝੁਰ ਝੁਰ ਕੇ ਨਹੀਂ ਖਪਦਾ ॥੨॥

ਜਉ ਗੁਰਦੇਉ ਤ ਅੰਮ੍ਰਿਤ ਬਾਨੀ ॥

ਜੇ ਗੁਰੂ ਮਿਲ ਪਏ ਤਾਂ ਮਨੁੱਖ ਦੇ ਬੋਲ ਮਿੱਠੇ ਹੋ ਜਾਂਦੇ ਹਨ,

ਜਉ ਗੁਰਦੇਉ ਤ ਅਕਥ ਕਹਾਨੀ ॥

ਜੇ ਗੁਰੂ ਮਿਲ ਪਏ ਤਾਂ ਅਕੱਥ ਪ੍ਰਭੂ ਦੀਆਂ ਗੱਲਾਂ ਕਰਨ ਲੱਗ ਪੈਂਦਾ ਹੈ,

ਜਉ ਗੁਰਦੇਉ ਤ ਅੰਮ੍ਰਿਤ ਦੇਹ ॥

ਜੇ ਗੁਰੂ ਮਿਲ ਪਏ ਤਾਂ ਸਰੀਰ ਪਵਿੱਤਰ ਰਹਿੰਦਾ ਹੈ,

ਜਉ ਗੁਰਦੇਉ ਨਾਮੁ ਜਪਿ ਲੇਹਿ ॥੩॥

(ਕਿਉਂਕਿ) ਜੇ ਗੁਰੂ ਮਿਲ ਪਏ ਤਾਂ (ਇਹ ਸਦਾ) ਨਾਮ ਜਪਦਾ ਹੈ ॥੩॥

ਜਉ ਗੁਰਦੇਉ ਭਵਨ ਤ੍ਰੈ ਸੂਝੈ ॥

ਜੇ ਗੁਰੂ ਮਿਲ ਪਏ ਤਾਂ ਮਨੁੱਖ ਨੂੰ ਤਿੰਨਾਂ ਭਵਨਾਂ ਦੀ ਸੂਝ ਹੋ ਜਾਂਦੀ ਹੈ (ਭਾਵ, ਇਹ ਸਮਝ ਆ ਜਾਂਦੀ ਹੈ ਕਿ ਪ੍ਰਭੂ ਤਿੰਨਾਂ ਭਵਨਾਂ ਵਿਚ ਹੀ ਮੌਜੂਦ ਹੈ),

ਜਉ ਗੁਰਦੇਉ ਊਚ ਪਦ ਬੂਝੈ ॥

ਜੇ ਗੁਰੂ ਮਿਲ ਪਏ ਤਾਂ ਉੱਚੀ ਆਤਮਕ ਅਵਸਥਾ ਨਾਲ ਜਾਣ-ਪਛਾਣ ਹੋ ਜਾਂਦੀ ਹੈ,

ਜਉ ਗੁਰਦੇਉ ਤ ਸੀਸੁ ਅਕਾਸਿ ॥

ਜੇ ਗੁਰੂ ਮਿਲ ਪਏ ਤਾਂ ਮਨ ਪ੍ਰਭੂ-ਚਰਨਾਂ ਵਿਚ ਟਿਕਿਆ ਰਹਿੰਦਾ ਹੈ,

ਜਉ ਗੁਰਦੇਉ ਸਦਾ ਸਾਬਾਸਿ ॥੪॥

ਜੇ ਗੁਰੂ ਮਿਲ ਪਏ ਤਾਂ (ਹਰ ਥਾਂ ਤੋਂ) ਸਦਾ ਸੋਭਾ ਮਿਲਦੀ ਹੈ ॥੪॥

ਜਉ ਗੁਰਦੇਉ ਸਦਾ ਬੈਰਾਗੀ ॥

ਜੇ ਗੁਰੂ ਮਿਲ ਪਏ ਤਾਂ ਮਨੁੱਖ (ਦੁਨੀਆ ਵਿਚ ਰਹਿੰਦਾ ਹੋਇਆ ਹੀ) ਸਦਾ ਵਿਰਕਤ ਰਹਿੰਦਾ ਹੈ,

ਜਉ ਗੁਰਦੇਉ ਪਰ ਨਿੰਦਾ ਤਿਆਗੀ ॥

ਜੇ ਗੁਰੂ ਮਿਲ ਪਏ ਤਾਂ ਕਿਸੇ ਦੀ ਨਿੰਦਾ ਨਹੀਂ ਕਰਦਾ,

ਜਉ ਗੁਰਦੇਉ ਬੁਰਾ ਭਲਾ ਏਕ ॥

ਜੇ ਗੁਰੂ ਮਿਲ ਪਏ ਤਾਂ ਚੰਗੇ ਮੰਦੇ ਸਭ ਨਾਲ ਪਿਆਰ ਕਰਦਾ ਹੈ।

ਜਉ ਗੁਰਦੇਉ ਲਿਲਾਟਹਿ ਲੇਖ ॥੫॥

ਗੁਰੂ ਦੇ ਮਿਲਿਆਂ ਹੀ ਮੱਥੇ ਦੇ ਚੰਗੇ ਲੇਖ ਉੱਘੜਦੇ ਹਨ ॥੫॥

ਜਉ ਗੁਰਦੇਉ ਕੰਧੁ ਨਹੀ ਹਿਰੈ ॥

ਜੇ ਗੁਰੂ ਮਿਲ ਪਏ ਤਾਂ ਸਰੀਰ (ਵਿਕਾਰਾਂ ਵਿਚ ਪੈ ਕੇ) ਛਿੱਜਦਾ ਨਹੀਂ (ਭਾਵ, ਮਨੁੱਖ ਵਿਕਾਰਾਂ ਵਿਚ ਪ੍ਰਵਿਰਤ ਨਹੀਂ ਹੁੰਦਾ, ਤੇ ਨਾ ਹੀ ਉਸ ਦੀ ਸੱਤਿਆ ਵਿਅਰਥ ਜਾਂਦੀ ਹੈ);

ਜਉ ਗੁਰਦੇਉ ਦੇਹੁਰਾ ਫਿਰੈ ॥

ਜੇ ਗੁਰੂ ਮਿਲ ਪਏ ਤਾਂ ਉੱਚੀ ਜਾਤ ਆਦਿਕ ਦੇ ਮਾਣ ਵਾਲੇ ਮਨੁੱਖ ਗੁਰੂ ਸ਼ਰਨ ਆਏ ਬੰਦੇ ਉੱਤੇ ਦਬਾਉ ਨਹੀਂ ਪਾ ਸਕਦੇ, ਜਿਵੇਂ ਕਿ ਉਹ ਦੇਹੁਰਾ ਨਾਮਦੇਵ ਵਲ ਪਰਤ ਗਿਆ ਸੀ ਜਿਸ ਵਿਚੋਂ ਉਸ ਨੂੰ ਧੱਕੇ ਪਏ ਸਨ;

ਜਉ ਗੁਰਦੇਉ ਤ ਛਾਪਰਿ ਛਾਈ ॥

ਗੁਰੂ ਦੀ ਸ਼ਰਨ ਪਏ ਗ਼ਰੀਬ ਨੂੰ ਰੱਬ ਆਪ ਬਹੁੜਦਾ ਹੈ ਜਿਵੇਂ ਕਿ ਨਾਮਦੇਵ ਦੀ ਕੁੱਲੀ ਬਣੀ ਸੀ;

ਜਉ ਗੁਰਦੇਉ ਸਿਹਜ ਨਿਕਸਾਈ ॥੬॥

ਜੇ ਗੁਰੂ ਮਿਲ ਪਏ ਤਾਂ ਰੱਬ ਆਪ ਸਹਾਈ ਹੁੰਦਾ ਹੈ ਜਿਵੇਂ ਕਿ ਬਾਦਸ਼ਾਹ ਦੇ ਡਰਾਵੇ ਦੇਣ ਤੇ ਮੰਜਾ ਦਰਿਆ ਵਿਚੋਂ ਕਢਾ ਦਿੱਤਾ ॥੬॥

ਜਉ ਗੁਰਦੇਉ ਤ ਅਠਸਠਿ ਨਾਇਆ ॥

ਜੇ ਗੁਰੂ ਮਿਲ ਪਏ ਤਾਂ ਅਠਾਹਠ ਤੀਰਥਾਂ ਦਾ ਇਸ਼ਨਾਨ ਹੋ ਗਿਆ (ਜਾਣੋ),

ਜਉ ਗੁਰਦੇਉ ਤਨਿ ਚਕ੍ਰ ਲਗਾਇਆ ॥

ਜੇ ਗੁਰੂ ਮਿਲ ਪਏ ਤਾਂ ਸਰੀਰ ਉੱਤੇ ਚੱਕਰ ਲੱਗ ਗਏ ਸਮਝੋ (ਜਿਵੇਂ ਬੈਰਾਗੀ ਦੁਆਰਕਾ ਜਾ ਕੇ ਲਾਉਂਦੇ ਹਨ),

ਜਉ ਗੁਰਦੇਉ ਤ ਦੁਆਦਸ ਸੇਵਾ ॥

ਜੇ ਗੁਰੂ ਮਿਲ ਪਏ ਤਾਂ ਬਾਰਾਂ ਹੀ ਸ਼ਿਵ-ਲਿੰਗਾਂ ਦੀ ਪੂਜਾ ਹੋ ਗਈ ਜਾਣੋ;

ਜਉ ਗੁਰਦੇਉ ਸਭੈ ਬਿਖੁ ਮੇਵਾ ॥੭॥

ਜੇ ਗੁਰੂ ਮਿਲ ਪਏ ਤਾਂ ਉਸ ਮਨੁੱਖ ਲਈ ਸਾਰੇ ਜ਼ਹਿਰ ਭੀ ਮਿੱਠੇ ਫਲ ਬਣ ਜਾਂਦੇ ਹਨ ॥੭॥

ਜਉ ਗੁਰਦੇਉ ਤ ਸੰਸਾ ਟੂਟੈ ॥

ਜੇ ਗੁਰੂ ਮਿਲ ਪਏ ਤਾਂ ਦਿਲ ਦੇ ਸੰਸੇ ਮਿਟ ਜਾਂਦੇ ਹਨ,

ਜਉ ਗੁਰਦੇਉ ਤ ਜਮ ਤੇ ਛੂਟੈ ॥

ਜੇ ਗੁਰੂ ਮਿਲ ਪਏ ਤਾਂ ਜਮਾਂ ਤੋਂ (ਹੀ) ਖ਼ਲਾਸੀ ਹੋ ਜਾਂਦੀ ਹੈ,

ਜਉ ਗੁਰਦੇਉ ਤ ਭਉਜਲ ਤਰੈ ॥

ਜੇ ਗੁਰੂ ਮਿਲ ਪਏ ਤਾਂ ਸੰਸਾਰ-ਸਮੁੰਦਰ ਤੋਂ ਮਨੁੱਖ ਪਾਰ ਲੰਘ ਜਾਂਦਾ ਹੈ,

ਜਉ ਗੁਰਦੇਉ ਤ ਜਨਮਿ ਨ ਮਰੈ ॥੮॥

ਜੇ ਗੁਰੂ ਮਿਲ ਪਏ ਤਾਂ ਜਨਮ ਮਰਨ ਤੋਂ ਬਚ ਜਾਂਦਾ ਹੈ ॥੮॥

ਜਉ ਗੁਰਦੇਉ ਅਠਦਸ ਬਿਉਹਾਰ ॥

ਜੇ ਗੁਰੂ ਮਿਲ ਪਏ ਤਾਂ ਅਠਾਰਾਂ ਸਿੰਮ੍ਰਿਤੀਆਂ ਦੇ ਦੱਸੇ ਕਰਮ-ਕਾਂਡ ਦੀ ਲੋੜ ਨਹੀਂ ਰਹਿ ਜਾਂਦੀ,

ਜਉ ਗੁਰਦੇਉ ਅਠਾਰਹ ਭਾਰ ॥

ਜੇ ਗੁਰੂ ਮਿਲ ਪਏ ਤਾਂ ਸਾਰੀ ਬਨਸਪਤੀ ਹੀ (ਪ੍ਰਭੂ-ਦੇਵ ਦੀ ਨਿੱਤ ਭੇਟ ਹੁੰਦੀ ਦਿੱਸ ਪੈਂਦੀ ਹੈ)।

ਬਿਨੁ ਗੁਰਦੇਉ ਅਵਰ ਨਹੀ ਜਾਈ ॥

ਜੇ ਗੁਰੂ ਮਿਲ ਪਏ ਤਾਂ ਸਤਿਗੁਰੂ ਤੋਂ ਬਿਨਾ ਹੋਰ ਕੋਈ ਥਾਂ ਨਹੀਂ (ਜਿੱਥੇ ਮਨੁੱਖ ਜੀਵਨ ਦਾ ਸਹੀ ਰਸਤਾ ਲੱਭ ਸਕੇ),

ਨਾਮਦੇਉ ਗੁਰ ਕੀ ਸਰਣਾਈ ॥੯॥੧॥੨॥੧੧॥

ਨਾਮਦੇਵ (ਹੋਰ ਸਭ ਆਸਰੇ-ਪਰਨੇ ਛੱਡ ਕੇ) ਗੁਰੂ ਦੀ ਸ਼ਰਨ ਪਿਆ ਹੈ ॥੯॥੧॥੨॥੧੧॥


ਨਾਮਦੇਵ ॥
ਆਉ ਕਲੰਦਰ ਕੇਸਵਾ ॥

ਹੇ (ਸੁਹਣੀਆਂ ਜ਼ੁਲਫ਼ਾਂ ਵਾਲੇ) ਕਲੰਦਰ-ਪ੍ਰਭੂ! ਹੇ ਸੁਹਣੇ ਕੇਸਾਂ ਵਾਲੇ ਪ੍ਰਭੂ!

ਕਰਿ ਅਬਦਾਲੀ ਭੇਸਵਾ ॥ ਰਹਾਉ ॥

ਤੂੰ ਅਬਦਾਲੀ ਫ਼ਕੀਰਾਂ ਦਾ ਪਹਿਰਾਵਾ ਪਾ ਕੇ (ਆਇਆ ਹੈਂ); ਜੀ ਆਇਆਂ ਨੂੰ (ਆ, ਮੇਰੇ ਹਿਰਦੇ-ਮਸੀਤ ਵਿਚ ਆ ਬੈਠ) ॥ ਰਹਾਉ॥

ਜਿਨਿ ਆਕਾਸ ਕੁਲਹ ਸਿਰਿ ਕੀਨੀ ਕਉਸੈ ਸਪਤ ਪਯਾਲਾ ॥

(ਹੇ ਕਲੰਦਰ! ਹੇ ਕੇਸ਼ਵ! ਤੂੰ ਆ, ਤੂੰ) ਜਿਸ ਨੇ (ਸੱਤ) ਅਸਮਾਨਾਂ ਨੂੰ ਕੁੱਲਾ (ਬਣਾ ਕੇ ਆਪਣੇ) ਸਿਰ ਉੱਤੇ ਪਾਇਆ ਹੋਇਆ ਹੈ, ਜਿਸ ਨੇ ਸੱਤ ਪਤਾਲਾਂ ਨੂੰ ਆਪਣੀਆਂ ਖੜਾਵਾਂ ਬਣਾਇਆ ਹੋਇਆ ਹੈ।

ਚਮਰ ਪੋਸ ਕਾ ਮੰਦਰੁ ਤੇਰਾ ਇਹ ਬਿਧਿ ਬਨੇ ਗੁਪਾਲਾ ॥੧॥

ਹੇ ਕਲੰਦਰ-ਪ੍ਰਭੂ! ਸਾਰੇ ਜੀਆ-ਜੰਤ ਤੇਰੇ ਵੱਸਣ ਲਈ ਘਰ ਹਨ। ਹੇ ਧਰਤੀ ਦੇ ਰੱਖਿਅਕ! ਤੂੰ ਇਸ ਤਰ੍ਹਾਂ ਦਾ ਬਣਿਆ ਹੋਇਆ ਹੈਂ ॥੧॥

ਛਪਨ ਕੋਟਿ ਕਾ ਪੇਹਨੁ ਤੇਰਾ ਸੋਲਹ ਸਹਸ ਇਜਾਰਾ ॥

(ਹੇ ਕਲੰਦਰ-ਪ੍ਰਭੂ!) ਛਪੰਜਾ ਕਰੋੜ (ਮੇਘ ਮਾਲਾ) ਤੇਰਾ ਚੋਗ਼ਾ ਹੈ, ਸੋਲਾਂ ਹਜ਼ਾਰ ਆਲਮ ਤੇਰਾ ਤੰਬਾ ਹੈ;

ਭਾਰ ਅਠਾਰਹ ਮੁਦਗਰੁ ਤੇਰਾ ਸਹਨਕ ਸਭ ਸੰਸਾਰਾ ॥੨॥

ਹੇ ਕੇਸ਼ਵ! ਸਾਰੀ ਬਨਸਪਤੀ ਤੇਰਾ ਸਲੋਤਰ ਹੈ, ਤੇ ਸਾਰਾ ਸੰਸਾਰ ਤੇਰੀ ਸਹਣਕੀ (ਮਿੱਟੀ ਦੀ ਰਕੇਬੀ) ਹੈ ॥੨॥

ਦੇਹੀ ਮਹਜਿਦਿ ਮਨੁ ਮਉਲਾਨਾ ਸਹਜ ਨਿਵਾਜ ਗੁਜਾਰੈ ॥

(ਹੇ ਕਲੰਦਰ-ਪ੍ਰਭੂ! ਆ, ਮੇਰੀ ਮਸੀਤੇ ਆ) ਮੇਰਾ ਸਰੀਰ (ਤੇਰੇ ਲਈ) ਮਸੀਤ ਹੈ, ਮੇਰਾ ਮਨ (ਤੇਰੇ ਨਾਮ ਦੀ ਬਾਂਗ ਦੇਣ ਵਾਲਾ) ਮੁੱਲਾਂ ਹੈ, ਤੇ (ਤੇਰੇ ਚਰਨਾਂ ਵਿਚ ਜੁੜਿਆ ਰਹਿ ਕੇ) ਅਡੋਲਤਾ ਦੀ ਨਿਮਾਜ਼ ਪੜ੍ਹ ਰਿਹਾ ਹੈ।

ਬੀਬੀ ਕਉਲਾ ਸਉ ਕਾਇਨੁ ਤੇਰਾ ਨਿਰੰਕਾਰ ਆਕਾਰੈ ॥੩॥

ਹੇ ਸਾਰੇ ਜਗਤ ਦੇ ਮਾਲਕ ਨਿਰੰਕਾਰ! ਬੀਬੀ ਲੱਛਮੀ ਨਾਲ ਤੇਰਾ ਵਿਆਹ ਹੋਇਆ ਹੈ (ਭਾਵ, ਇਹ ਸਾਰੀ ਮਾਇਆ ਤੇਰੇ ਚਰਨਾਂ ਦੀ ਹੀ ਦਾਸੀ ਹੈ) ॥੩॥

ਭਗਤਿ ਕਰਤ ਮੇਰੇ ਤਾਲ ਛਿਨਾਏ ਕਿਹ ਪਹਿ ਕਰਉ ਪੁਕਾਰਾ ॥

(ਹੇ ਕਲੰਦਰ-ਪ੍ਰਭੂ!) ਮੈਨੂੰ ਭਗਤੀ ਕਰਦੇ ਨੂੰ ਤੂੰ ਹੀ ਮੰਦਰ ਵਿਚੋਂ ਕਢਾਇਆ, (ਤੈਨੂੰ ਛੱਡ ਕੇ ਮੈਂ ਹੋਰ) ਕਿਸ ਅੱਗੇ ਦਿਲ ਦੀਆਂ ਗੱਲਾਂ ਕਰਾਂ?

ਨਾਮੇ ਕਾ ਸੁਆਮੀ ਅੰਤਰਜਾਮੀ ਫਿਰੇ ਸਗਲ ਬੇਦੇਸਵਾ ॥੪॥੧॥

ਨਾਮਦੇਵ ਦਾ ਮਾਲਕ-ਪਰਮਾਤਮਾ ਹਰੇਕ ਜੀਵ ਦੇ ਅੰਦਰ ਦੀ ਜਾਣਨ ਵਾਲਾ ਹੈ, ਤੇ ਸਾਰੇ ਦੇਸਾਂ ਵਿਚ ਵਿਆਪਕ ਹੈ ॥੪॥੧॥


ਬਸੰਤੁ ਬਾਣੀ ਨਾਮਦੇਉ ਜੀ ਕੀ ॥

ਰਾਗ ਬਸੰਤੁ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਾਹਿਬੁ ਸੰਕਟਵੈ ਸੇਵਕੁ ਭਜੈ ॥

ਜੇ ਮਾਲਕ ਆਪਣੇ ਨੌਕਰ ਨੂੰ ਕੋਈ ਕਸ਼ਟ ਦੇਵੇ, ਤੇ ਨੌਕਰ (ਉਸ ਕਸ਼ਟ ਤੋਂ ਡਰਦਾ) ਨੱਠ ਜਾਏ,

ਚਿਰੰਕਾਲ ਨ ਜੀਵੈ ਦੋਊ ਕੁਲ ਲਜੈ ॥੧॥

(ਜਿੰਦ ਨੂੰ ਕਸ਼ਟਾਂ ਤੋਂ ਬਚਾਉਣ ਦੀ ਖ਼ਾਤਰ ਨੱਠਿਆ ਹੋਇਆ) ਨੌਕਰ ਸਦਾ ਤਾਂ ਜੀਊਂਦਾ ਨਹੀਂ ਰਹਿੰਦਾ, ਪਰ (ਮਾਲਕ ਨੂੰ ਪਿੱਠ ਦੇ ਕੇ) ਆਪਣੀਆਂ ਦੋਵੇਂ ਕੁਲਾਂ ਬਦਨਾਮ ਕਰ ਲੈਂਦਾ ਹੈ। (ਹੇ ਪ੍ਰਭੂ! ਲੋਕਾਂ ਦੇ ਇਸ ਠੱਠੇ ਤੋਂ ਡਰ ਕੇ ਮੈਂ ਤੇਰੇ ਦਰ ਤੋਂ ਨੱਠ ਨਹੀਂ ਜਾਣਾ) ॥੧॥

ਤੇਰੀ ਭਗਤਿ ਨ ਛੋਡਉ ਭਾਵੈ ਲੋਗੁ ਹਸੈ ॥

(ਹੁਣ) ਜਗਤ ਭਾਵੇਂ ਪਿਆ ਠੱਠਾ ਕਰੇ, ਮੈਂ ਤੇਰੀ ਭਗਤੀ ਨਹੀਂ ਛੱਡਾਂਗਾ।

ਚਰਨ ਕਮਲ ਮੇਰੇ ਹੀਅਰੇ ਬਸੈਂ ॥੧॥ ਰਹਾਉ ॥

ਹੇ ਪ੍ਰਭੂ! ਕੰਵਲ ਫੁੱਲਾਂ ਵਰਗੇ ਕੋਮਲ ਤੇਰੇ ਚਰਨ ਮੇਰੇ ਹਿਰਦੇ ਵਿਚ ਵੱਸਦੇ ਹਨ, (ਤੇ ਮੈਨੂੰ ਬੜੇ ਪਿਆਰੇ ਲੱਗਦੇ ਹਨ ॥੧॥ ਰਹਾਉ ॥

ਜੈਸੇ ਅਪਨੇ ਧਨਹਿ ਪ੍ਰਾਨੀ ਮਰਨੁ ਮਾਂਡੈ ॥

ਜਿਵੇਂ ਆਪਣਾ ਧਨ ਬਚਾਣ ਦੀ ਖ਼ਾਤਰ ਮਨੁੱਖ ਮਰਨ ਤੇ ਭੀ ਤੁਲ ਪੈਂਦਾ ਹੈ,

ਤੈਸੇ ਸੰਤ ਜਨਾਂ ਰਾਮ ਨਾਮੁ ਨ ਛਾਡੈਂ ॥੨॥

ਤਿਵੇਂ ਪ੍ਰਭੂ ਦੇ ਭਗਤ ਭੀ ਪ੍ਰਭੂ ਦਾ ਨਾਮ (ਧਨ) ਨਹੀਂ ਛੱਡਦੇ (ਉਹਨਾਂ ਪਾਸ ਭੀ ਪ੍ਰਭੂ ਦਾ ਨਾਮ ਹੀ ਧਨ ਹੈ) ॥੨॥

ਗੰਗਾ ਗਇਆ ਗੋਦਾਵਰੀ ਸੰਸਾਰ ਕੇ ਕਾਮਾ ॥

ਗੰਗਾ, ਗਇਆ, ਗੋਦਾਵਰੀ (ਆਦਿਕ ਤੀਰਥਾਂ ਤੇ ਜਾਣਾ-ਇਹ) ਦੁਨੀਆ ਨੂੰ ਹੀ ਪਤਿਆਉਣ ਵਾਲੇ ਕੰਮ ਹਨ;

ਨਾਰਾਇਣੁ ਸੁਪ੍ਰਸੰਨ ਹੋਇ ਤ ਸੇਵਕੁ ਨਾਮਾ ॥੩॥੧॥

ਪਰ, ਹੇ ਨਾਮਦੇਵ! ਭਗਤ ਉਹੀ ਹੈ ਜਿਸ ਉੱਤੇ ਪ੍ਰਭੂ ਆਪ ਤ੍ਰੁੱਠ ਪਏ (ਤੇ ਆਪਣੇ ਨਾਮ ਦੀ ਦਾਤ ਦਏ) ॥੩॥੧॥


ਲੋਭ ਲਹਰਿ ਅਤਿ ਨੀਝਰ ਬਾਜੈ ॥ ਕਾਇਆ ਡੂਬੈ ਕੇਸਵਾ ॥੧॥

ਹੇ ਪ੍ਰਭੂ! ਲੋਭ ਦੀਆਂ ਠਿੱਲ੍ਹਾਂ ਬੜੀਆਂ ਠਾਠਾਂ ਮਾਰ ਰਹੀਆਂ ਹਨ। ਹੇ ਸੁਹਣੇ ਕੇਸਾਂ ਵਾਲੇ ਪ੍ਰਭੂ! (ਸੰਸਾਰ-ਸਮੁੰਦਰ ਦੀਆਂ ਇਹਨਾਂ ਲਹਿਰਾਂ ਵਿਚ) ਮੇਰਾ ਸਰੀਰ ਡੁੱਬਦਾ ਜਾ ਰਿਹਾ ਹੈ ॥੧॥

ਸੰਸਾਰੁ ਸਮੁੰਦੇ ਤਾਰਿ ਗੁੋਬਿੰਦੇ ॥ ਤਾਰਿ ਲੈ ਬਾਪ ਬੀਠੁਲਾ ॥੧॥ ਰਹਾਉ ॥

ਮੈਨੂੰ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਾ ਲੈ, ਹੇ ਬੀਠਲ ਪਿਤਾ! ਹੇ ਗੋਬਿੰਦ! (ਮੈਨੂੰ ਪਾਰ ਲੰਘਾ ਲੈ) ॥੧॥ ਰਹਾਉ ॥

ਅਨਿਲ ਬੇੜਾ ਹਉ ਖੇਵਿ ਨ ਸਾਕਉ ॥ ਤੇਰਾ ਪਾਰੁ ਨ ਪਾਇਆ ਬੀਠੁਲਾ ॥੨॥

ਹੇ ਬੀਠਲ! (ਮੇਰੀ ਜ਼ਿੰਦਗੀ ਦੀ) ਬੇੜੀ ਝੱਖੜ ਵਿਚ (ਫਸ ਗਈ ਹੈ); ਮੈਂ ਇਸ ਨੂੰ ਚੱਪੂ ਲਾਣ ਜੋਗਾ ਨਹੀਂ ਹਾਂ; ਪ੍ਰਭੂ! ਤੇਰੇ (ਇਸ ਸੰਸਾਰ-ਸਮੁੰਦਰ ਦਾ) ਮੈਨੂੰ ਪਾਰਲਾ ਬੰਨਾ ਨਹੀਂ ਲੱਭਦਾ ॥੨॥

ਹੋਹੁ ਦਇਆਲੁ ਸਤਿਗੁਰੁ ਮੇਲਿ ਤੂ ਮੋ ਕਉ ॥ ਪਾਰਿ ਉਤਾਰੇ ਕੇਸਵਾ ॥੩॥

ਮੇਰੇ ਉੱਤੇ ਦਇਆ ਕਰ, ਮੈਨੂੰ ਗੁਰੂ ਮਿਲਾ, ਤੇ ਹੇ ਕੇਸ਼ਵ! (ਇਸ ਸਮੁੰਦਰ ਵਿਚੋਂ) ਪਾਰ ਲੰਘਾ ॥੩॥

ਨਾਮਾ ਕਹੈ ਹਉ ਤਰਿ ਭੀ ਨ ਜਾਨਉ ॥ ਮੋ ਕਉ ਬਾਹ ਦੇਹਿ ਬਾਹ ਦੇਹਿ ਬੀਠੁਲਾ ॥੪॥੨॥

(ਤੇਰਾ) ਨਾਮਦੇਵ, ਹੇ ਬੀਠਲ! ਬੇਨਤੀ ਕਰਦਾ ਹੈ-(ਸਮੁੰਦਰ ਵਿਚ ਠਿਲ੍ਹਾਂ ਪੈ ਰਹੀਆਂ ਹਨ, ਮੇਰੀ ਬੇੜੀ ਝੱਖੜ ਦੇ ਮੂੰਹ ਆ ਪਈ ਹੈ, ਤੇ) ਮੈਂ ਤਾਂ ਤਰਨਾ ਭੀ ਨਹੀਂ ਜਾਣਦਾ, ਮੈਨੂੰ ਆਪਣੀ ਬਾਂਹ ਫੜਾ, ਦਾਤਾ! ਬਾਂਹ ਫੜਾ ॥੪॥੨॥


ਸਹਜ ਅਵਲਿ ਧੂੜਿ ਮਣੀ ਗਾਡੀ ਚਾਲਤੀ ॥

(ਜਿਵੇਂ) ਪਹਿਲਾਂ (ਭਾਵ, ਅੱਗੇ ਅੱਗੇ) ਮੈਲੇ ਕੱਪੜਿਆਂ ਨਾਲ ਲੱਦੀ ਹੋਈ ਗੱਡੀ ਸਹਿਜੇ ਸਹਿਜੇ ਤੁਰੀ ਜਾਂਦੀ ਹੈ,

ਪੀਛੈ ਤਿਨਕਾ ਲੈ ਕਰਿ ਹਾਂਕਤੀ ॥੧॥

ਅਤੇ ਪਿੱਛੇ ਪਿੱਛੇ (ਧੋਬਣ) ਸੋਟੀ ਲੈ ਕੇ ਹਿੱਕਦੀ ਜਾਂਦੀ ਹੈ; (ਤਿਵੇਂ ਪਹਿਲਾਂ ਇਹ ਆਲਸੀ ਸਰੀਰ ਸਹਿਜੇ ਸਹਿਜੇ ਟੁਰਦਾ ਹੈ, ਪਰ ‘ਲਾਡੁਲੀ’ ਇਸ ਨੂੰ ਪ੍ਰੇਮ ਆਦਿਕ ਨਾਲ ਪ੍ਰੇਰਦੀ ਹੈ) ॥੧॥

ਜੈਸੇ ਪਨਕਤ ਥ੍ਰੂਟਿਟਿ ਹਾਂਕਤੀ ॥

ਜਿਵੇਂ (ਧੋਬਣ) (ਉਸ ਗੱਡੀ ਨੂੰ) ਪਾਣੀ ਦੇ ਘਾਟ ਵਲ ‘ਥ੍ਰੂਟਿਟਿ’ ਆਖ ਆਖ ਕੇ ਹਿੱਕਦੀ ਹੈ,

ਸਰਿ ਧੋਵਨ ਚਾਲੀ ਲਾਡੁਲੀ ॥੧॥ ਰਹਾਉ ॥

ਅਤੇ ਸਰ ਉੱਤੇ (ਧੋਬੀ ਦੀ) ਲਾਡਲੀ (ਇਸਤ੍ਰੀ) (ਕੱਪੜੇ) ਧੋਣ ਲਈ ਜਾਂਦੀ ਹੈ, ਤਿਵੇਂ ਪ੍ਰੇਮਣ (ਜੀਵ-ਇਸਤ੍ਰੀ) ਸਤਸੰਗ ਸਰੋਵਰ ਉੱਤੇ (ਮਨ ਨੂੰ) ਧੋਣ ਲਈ ਜਾਂਦੀ ਹੈ ॥੧॥ ਰਹਾਉ ॥

ਧੋਬੀ ਧੋਵੈ ਬਿਰਹ ਬਿਰਾਤਾ ॥

ਪਿਆਰ ਵਿਚ ਰੰਗਿਆ ਹੋਇਆ ਧੋਬੀ (-ਗੁਰੂ ਸਰੋਵਰ ਤੇ ਆਈਆਂ ਜਗਿਆਸੂ-ਇਸਤ੍ਰੀਆਂ ਦੇ ਮਨ) ਪਵਿੱਤਰ ਕਰ ਦੇਂਦਾ ਹੈ;

ਹਰਿ ਚਰਨ ਮੇਰਾ ਮਨੁ ਰਾਤਾ ॥੨॥

(ਉਸੇ ਗੁਰੂ-ਧੋਬੀ ਦੀ ਮਿਹਰ ਦਾ ਸਦਕਾ) ਮੇਰਾ ਮਨ (ਭੀ) ਅਕਾਲ ਪੁਰਖ ਦੇ ਚਰਨਾਂ ਵਿਚ ਰੰਗਿਆ ਗਿਆ ਹੈ ॥੨॥

ਭਣਤਿ ਨਾਮਦੇਉ ਰਮਿ ਰਹਿਆ ॥

ਨਾਮਦੇਵ ਆਖਦਾ ਹੈ ਕਿ ਉਹ ਅਕਾਲ ਪੁਰਖ ਸਭ ਥਾਈਂ ਵਿਆਪਕ ਹੈ,

ਅਪਨੇ ਭਗਤ ਪਰ ਕਰਿ ਦਇਆ ॥੩॥੩॥

ਅਤੇ ਆਪਣੇ ਭਗਤਾਂ ਉੱਤੇ (ਇਸੇ ਤਰ੍ਹਾਂ, ਭਾਵ, ਗੁਰੂ ਦੀ ਰਾਹੀਂ) ਮਿਹਰ ਕਰਦਾ ਰਹਿੰਦਾ ਹੈ ॥੩॥੩॥


ਸਾਰੰਗ ਬਾਣੀ ਨਾਮਦੇਉ ਜੀ ਕੀ ॥

ਰਾਗ ਸਾਰੰਗ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਕਾਏਂ ਰੇ ਮਨ ਬਿਖਿਆ ਬਨ ਜਾਇ ॥

ਹੇ ਮਨ! ਤੂੰ ਮਾਇਆ-ਜੰਗਲ ਵਿਚ ਕਿਉਂ ਜਾ ਫਸਿਆ ਹੈਂ?

ਭੂਲੌ ਰੇ ਠਗਮੂਰੀ ਖਾਇ ॥੧॥ ਰਹਾਉ ॥

ਤੂੰ ਤਾਂ ਭੁਲੇਖੇ ਵਿਚ ਪੈ ਕੇ ਠਗ-ਬੂਟੀ ਖਾਈ ਜਾ ਰਿਹਾ ਹੈਂ ॥੧॥ ਰਹਾਉ ॥

ਜੈਸੇ ਮੀਨੁ ਪਾਨੀ ਮਹਿ ਰਹੈ ॥

ਜਿਵੇਂ ਮੱਛੀ ਪਾਣੀ ਵਿਚ (ਬੇ-ਫ਼ਿਕਰ ਹੋ ਕੇ) ਰਹਿੰਦੀ-

ਕਾਲ ਜਾਲ ਕੀ ਸੁਧਿ ਨਹੀ ਲਹੈ ॥

ਮੌਤ-ਜਾਲ ਦੀ ਸੋਝੀ ਨਹੀਂ ਲੈਂਦੀ (ਭਾਵ, ਇਹ ਨਹੀਂ ਸਮਝਦੀ ਕਿ ਇਹ ਜਾਲ ਮੇਰੀ ਮੌਤ ਦਾ ਕਾਰਨ ਬਣੇਗਾ),

ਜਿਹਬਾ ਸੁਆਦੀ ਲੀਲਿਤ ਲੋਹ ॥

ਜੀਭ ਦੇ ਸੁਆਦ ਪਿੱਛੇ ਲੋਹੇ ਦੀ ਕੁੰਡੀ ਨਿਗਲ ਲੈਂਦੀ ਹੈ (ਤੇ ਪਕੜੀ ਜਾਂਦੀ ਹੈ);

ਐਸੇ ਕਨਿਕ ਕਾਮਨੀ ਬਾਧਿਓ ਮੋਹ ॥੧॥

ਤਿਵੇਂ ਹੀ ਤੂੰ ਸੋਨੇ ਤੇ ਇਸਤ੍ਰੀ ਦੇ ਮੋਹ ਵਿਚ ਬੱਝਾ ਪਿਆ ਹੈਂ (ਤੇ ਆਪਣੀ ਆਤਮਕ ਮੌਤ ਸਹੇੜ ਰਿਹਾ ਹੈਂ) ॥੧॥

ਜਿਉ ਮਧੁ ਮਾਖੀ ਸੰਚੈ ਅਪਾਰ ॥

ਜਿਵੇਂ ਮੱਖੀ ਬਹੁਤ ਸ਼ਹਿਦ ਇਕੱਠਾ ਕਰਦੀ ਹੈ,

ਮਧੁ ਲੀਨੋ ਮੁਖਿ ਦੀਨੀ ਛਾਰੁ ॥

ਪਰ ਮਨੁੱਖ (ਆ ਕੇ) ਸ਼ਹਿਦ ਲੈ ਲੈਂਦਾ ਹੈ ਤੇ ਉਸ ਮੱਖੀ ਦੇ ਮੂੰਹ ਵਿਚ ਸੁਆਹ ਪਾਂਦਾ ਹੈ (ਭਾਵ, ਉਸ ਮੱਖੀ ਨੂੰ ਕੁਝ ਭੀ ਨਹੀਂ ਦੇਂਦਾ);

ਗਊ ਬਾਛ ਕਉ ਸੰਚੈ ਖੀਰੁ ॥

ਜਿਵੇਂ ਗਊ ਆਪਣੇ ਵੱਛੇ ਲਈ ਦੁੱਧ (ਥਣਾਂ ਵਿਚ) ਇਕੱਠਾ ਕਰਦੀ ਹੈ,

ਗਲਾ ਬਾਂਧਿ ਦੁਹਿ ਲੇਇ ਅਹੀਰੁ ॥੨॥

ਪਰ ਗੁੱਜਰ ਗਲਾਵਾਂ ਪਾ ਕੇ ਦੁੱਧ ਚੋ ਲੈਂਦਾ ਹੈ ॥੨॥

ਮਾਇਆ ਕਾਰਨਿ ਸ੍ਰਮੁ ਅਤਿ ਕਰੈ ॥

ਤਿਵੇਂ ਮੂਰਖ ਮਨੁੱਖ ਮਾਇਆ ਦੀ ਖ਼ਾਤਰ ਬੜੀ ਮਿਹਨਤ ਕਰਦਾ ਹੈ,

ਸੋ ਮਾਇਆ ਲੈ ਗਾਡੈ ਧਰੈ ॥

ਉਸ ਨੂੰ ਕਮਾ ਕੇ ਧਰਤੀ ਵਿਚ ਨੱਪ ਰੱਖਦਾ ਹੈ,

ਅਤਿ ਸੰਚੈ ਸਮਝੈ ਨਹੀ ਮੂੜੑ ॥

ਮੂਰਖ ਬੜੀ ਇਕੱਠੀ ਕਰੀ ਜਾਂਦਾ ਹੈ ਪਰ ਸਮਝਦਾ ਨਹੀਂ,

ਧਨੁ ਧਰਤੀ ਤਨੁ ਹੋਇ ਗਇਓ ਧੂੜਿ ॥੩॥

ਕਿ ਧਨ ਜ਼ਮੀਨ ਵਿਚ ਹੀ ਦੱਬਿਆ ਪਿਆ ਰਹਿੰਦਾ ਹੈ ਤੇ (ਮੌਤ ਆਇਆਂ) ਸਰੀਰ ਮਿੱਟੀ ਹੋ ਜਾਂਦਾ ਹੈ ॥੩॥

ਕਾਮ ਕ੍ਰੋਧ ਤ੍ਰਿਸਨਾ ਅਤਿ ਜਰੈ ॥

(ਮੂਰਖ ਮਨੁੱਖ) ਕਾਮ ਕ੍ਰੋਧ ਅਤੇ ਤ੍ਰਿਸ਼ਨਾ ਵਿਚ ਬਹੁਤ ਖਿੱਝਦਾ ਹੈ,

ਸਾਧਸੰਗਤਿ ਕਬਹੂ ਨਹੀ ਕਰੈ ॥

ਕਦੇ ਭੀ ਸਾਧ-ਸੰਗਤ ਵਿਚ ਨਹੀਂ ਬੈਠਦਾ।

ਕਹਤ ਨਾਮਦੇਉ ਤਾ ਚੀ ਆਣਿ ॥

ਨਾਮਦੇਵ ਆਖਦਾ ਹੈ ਕਿ ਉਸ (ਪ੍ਰਭੂ) ਦੀ ਓਟ (ਲੈ),

ਨਿਰਭੈ ਹੋਇ ਭਜੀਐ ਭਗਵਾਨ ॥੪॥੧॥

(ਜੋ ਸਦਾ ਤੇਰੇ ਨਾਲ ਨਿੱਭਣ ਵਾਲਾ ਹੈ) ਨਿਡਰ ਹੋ ਕੇ ਭਗਵਾਨ ਦਾ ਸਿਮਰਨ ਕਰਨਾ ਚਾਹੀਦਾ ਹੈ ॥੪॥੧॥


ਬਦਹੁ ਕੀ ਨ ਹੋਡ ਮਾਧਉ ਮੋ ਸਿਉ ॥

ਹੇ ਮਾਧੋ! ਮੇਰੇ ਨਾਲ ਵਿਚਾਰ ਕਰ ਕੇ ਵੇਖ ਲੈ (ਇਹ ਗੱਲ ਸੱਚੀ ਹੈ ਕਿ)

ਠਾਕੁਰ ਤੇ ਜਨੁ ਜਨ ਤੇ ਠਾਕੁਰੁ ਖੇਲੁ ਪਰਿਓ ਹੈ ਤੋ ਸਿਉ ॥੧॥ ਰਹਾਉ ॥

ਇਹ ਜਗਤ-ਖੇਡ ਤੇਰੀ ਤੇ ਸਾਡੀ ਜੀਵਾਂ ਦੀ ਸਾਂਝੀ ਖੇਡ ਹੈ, (ਕਿਉਂਕਿ) ਮਾਲਕ ਤੋਂ ਸੇਵਕ ਤੇ ਸੇਵਕ ਤੋਂ ਮਾਲਕ (ਦੀ ਪੀੜ੍ਹੀ ਚਲਦੀ ਹੈ, ਭਾਵ, ਜੇ ਮਾਲਕ ਹੋਵੇ ਤਾਂ ਹੀ ਉਸ ਦਾ ਕੋਈ ਸੇਵਕ ਬਣ ਸਕਦਾ ਹੈ, ਤੇ ਜੇ ਸੇਵਕ ਹੋਵੇ ਤਾਂ ਹੀ ਉਸ ਦਾ ਕੋਈ ਮਾਲਕ ਅਖਵਾ ਸਕੇਗਾ। ਸੋ, ਮਾਲਕ-ਪ੍ਰਭੂ ਅਤੇ ਸੇਵਕ ਦੀ ਹਸਤੀ ਸਾਂਝੀ ਹੈ) ॥੧॥ ਰਹਾਉ ॥

ਆਪਨ ਦੇਉ ਦੇਹੁਰਾ ਆਪਨ ਆਪ ਲਗਾਵੈ ਪੂਜਾ ॥

ਹੇ ਮਾਧੋ! ਤੂੰ ਆਪ ਹੀ ਦੇਵਤਾ ਹੈਂ, ਆਪ ਹੀ ਮੰਦਰ ਹੈਂ, ਤੂੰ ਆਪ ਹੀ (ਜੀਵਾਂ ਨੂੰ ਆਪਣੀ) ਪੂਜਾ ਵਿਚ ਲਗਾਉਂਦਾ ਹੈਂ।

ਜਲ ਤੇ ਤਰੰਗ ਤਰੰਗ ਤੇ ਹੈ ਜਲੁ ਕਹਨ ਸੁਨਨ ਕਉ ਦੂਜਾ ॥੧॥

ਪਾਣੀ ਤੋਂ ਲਹਿਰਾਂ (ਉਠਦੀਆਂ ਹਨ), ਲਹਿਰਾਂ (ਦੇ ਮਿਲਣ) ਤੋਂ ਪਾਣੀ (ਦੀ ਹਸਤੀ) ਹੈ, ਇਹ ਸਿਰਫ਼ ਆਖਣ ਨੂੰ ਤੇ ਸੁਣਨ ਨੂੰ ਹੀ ਵੱਖੋ-ਵੱਖ ਹਨ (ਭਾਵ, ਇਹ ਸਿਰਫ਼ ਕਹਿਣ-ਮਾਤ੍ਰ ਗੱਲ ਹੈ ਕਿ ਇਹ ਪਾਣੀ ਹੈ, ਤੇ ਇਹ ਲਹਿਰਾਂ ਹਨ) ॥੧॥

ਆਪਹਿ ਗਾਵੈ ਆਪਹਿ ਨਾਚੈ ਆਪਿ ਬਜਾਵੈ ਤੂਰਾ ॥

(ਹੇ ਮਾਧੋ!) ਤੂੰ ਆਪ ਹੀ ਗਾਂਦਾ ਹੈਂ, ਤੂੰ ਆਪ ਹੀ ਨੱਚਦਾ ਹੈਂ, ਤੂੰ ਆਪ ਹੀ ਵਾਜਾ ਵਜਾਉਂਦਾ ਹੈਂ।

ਕਹਤ ਨਾਮਦੇਉ ਤੂੰ ਮੇਰੋ ਠਾਕੁਰੁ ਜਨੁ ਊਰਾ ਤੂ ਪੂਰਾ ॥੨॥੨॥

ਨਾਮਦੇਵ ਆਖਦਾ ਹੈ ਕਿ ਹੇ ਮਾਧੋ! ਤੂੰ ਮੇਰਾ ਮਾਲਕ ਹੈਂ, (ਇਹ ਠੀਕ ਹੈ ਕਿ ਮੈਂ) ਤੇਰਾ ਦਾਸ (ਤੈਥੋਂ ਬਹੁਤ) ਛੋਟਾ ਹਾਂ ਅਤੇ ਤੂੰ ਮੁਕੰਮਲ ਹੈਂ (ਪਰ ਜੇ ਦਾਸ ਨਾ ਹੋਵੇ ਤਾਂ ਤੂੰ ਮਾਲਕ ਕਿਵੇਂ ਅਖਵਾਏਂ? ਸੋ, ਮੈਨੂੰ ਆਪਣਾ ਸੇਵਕ ਬਣਾਈ ਰੱਖ) ॥੨॥੨॥


ਦਾਸ ਅਨਿੰਨ ਮੇਰੋ ਨਿਜ ਰੂਪ ॥

ਜੋ (ਮੇਰਾ) ਦਾਸ ਮੈਥੋਂ ਬਿਨਾ ਕਿਸੇ ਹੋਰ ਨਾਲ ਪਿਆਰ ਨਹੀਂ ਕਰਦਾ, ਉਹ ਮੇਰਾ ਆਪਣਾ ਸਰੂਪ ਹੈ;

ਦਰਸਨ ਨਿਮਖ ਤਾਪ ਤ੍ਰਈ ਮੋਚਨ ਪਰਸਤ ਮੁਕਤਿ ਕਰਤ ਗ੍ਰਿਹ ਕੂਪ ॥੧॥ ਰਹਾਉ ॥

ਉਸ ਦਾ ਇਕ ਪਲ ਭਰ ਦਾ ਦਰਸ਼ਨ ਤਿੰਨੇ ਹੀ ਤਾਪ ਦੂਰ ਕਰ ਦੇਂਦਾ ਹੈ, ਉਸ (ਦੇ ਚਰਨਾਂ) ਦੀ ਛੋਹ ਗ੍ਰਿਹਸਤ ਦੇ ਜੰਜਾਲ-ਰੂਪ ਖੂਹ ਵਿਚੋਂ ਕੱਢ ਲੈਂਦੀ ਹੈ ॥੧॥ ਰਹਾਉ ॥

ਮੇਰੀ ਬਾਂਧੀ ਭਗਤੁ ਛਡਾਵੈ ਬਾਂਧੈ ਭਗਤੁ ਨ ਛੂਟੈ ਮੋਹਿ ॥

ਮੇਰੀ ਬੱਧੀ ਹੋਈ (ਮੋਹ ਦੀ) ਗੰਢ ਨੂੰ ਮੇਰਾ ਭਗਤ ਖੋਲ੍ਹ ਲੈਂਦਾ ਹੈ, ਪਰ ਜਦੋਂ ਮੇਰਾ ਭਗਤ (ਮੇਰੇ ਨਾਲ ਪ੍ਰੇਮ ਦੀ ਗੰਢ) ਬੰਨ੍ਹਦਾ ਹੈ ਉਹ ਮੈਥੋਂ ਖੁਲ੍ਹ ਨਹੀਂ ਸਕਦੀ।

ਏਕ ਸਮੈ ਮੋ ਕਉ ਗਹਿ ਬਾਂਧੈ ਤਉ ਫੁਨਿ ਮੋ ਪੈ ਜਬਾਬੁ ਨ ਹੋਇ ॥੧॥

ਜੇ ਮੇਰਾ ਭਗਤ ਇਕ ਵਾਰੀ ਮੈਨੂੰ ਫੜ ਕੇ ਬੰਨ੍ਹ ਲਏ, ਤਾਂ ਮੈਂ ਅੱਗੋਂ ਕੋਈ ਉਜ਼ਰ ਨਹੀਂ ਕਰ ਸਕਦਾ ॥੧॥

ਮੈ ਗੁਨ ਬੰਧ ਸਗਲ ਕੀ ਜੀਵਨਿ ਮੇਰੀ ਜੀਵਨਿ ਮੇਰੇ ਦਾਸ ॥

ਮੈਂ (ਆਪਣੇ ਭਗਤ ਦੇ) ਗੁਣਾਂ ਦਾ ਬੱਝਾ ਹੋਇਆ ਹਾਂ; ਮੈਂ ਸਾਰੇ ਜਗਤ ਦੇ ਜੀਆਂ ਦੀ ਜ਼ਿੰਦਗੀ (ਦਾ ਆਸਰਾ) ਹਾਂ, ਪਰ ਮੇਰੇ ਭਗਤ ਮੇਰੀ ਜ਼ਿੰਦਗੀ (ਦਾ ਆਸਰਾ) ਹਨ।

ਨਾਮਦੇਵ ਜਾ ਕੇ ਜੀਅ ਐਸੀ ਤੈਸੋ ਤਾ ਕੈ ਪ੍ਰੇਮ ਪ੍ਰਗਾਸ ॥੨॥੩॥

ਹੇ ਨਾਮਦੇਵ! ਜਿਸ ਦੇ ਮਨ ਵਿਚ ਇਹ ਉੱਚੀ ਸੋਚ ਫੁਰ ਪਈ ਹੈ, ਉਸ ਦੇ ਅੰਦਰ ਮੇਰੇ ਪਿਆਰ ਦਾ ਪਰਕਾਸ਼ ਭੀ ਉਤਨਾ ਹੀ ਵੱਡਾ (ਭਾਵ, ਬਹੁਤ ਵਧੀਕ) ਹੋ ਜਾਂਦਾ ਹੈ ॥੨॥੩॥


ਰਾਗੁ ਮਲਾਰ ਬਾਣੀ ਭਗਤ ਨਾਮਦੇਵ ਜੀਉ ਕੀ ॥

ਰਾਗ ਮਲਾਰ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸੇਵੀਲੇ ਗੋਪਾਲ ਰਾਇ ਅਕੁਲ ਨਿਰੰਜਨ ॥

ਮੈਂ ਤਾਂ ਉਸ ਪ੍ਰਭੂ ਦਾ ਸਿਮਰਨ ਕੀਤਾ ਹੈ, ਜੋ ਸਾਰੀ ਸ੍ਰਿਸ਼ਟੀ ਦਾ ਰੱਖਿਅਕ ਹੈ, ਜਿਸ ਦੀ ਕੋਈ ਖ਼ਾਸ ਕੁਲ ਨਹੀਂ ਹੈ, ਜਿਸ ਉੱਤੇ ਮਾਇਆ ਆਪਣਾ ਪ੍ਰਭਾਵ ਨਹੀਂ ਪਾ ਸਕਦੀ,

ਭਗਤਿ ਦਾਨੁ ਦੀਜੈ ਜਾਚਹਿ ਸੰਤ ਜਨ ॥੧॥ ਰਹਾਉ ॥

ਅਤੇ (ਜਿਸ ਦੇ ਦਰ ਤੇ) ਸਾਰੇ ਭਗਤ ਮੰਗਦੇ ਹਨ (ਅਤੇ ਆਖਦੇ ਹਨ ਕਿ ਹੇ ਦਾਤਾ! ਅਸਾਨੂੰ) ਆਪਣੀ ਭਗਤੀ ਦੀ ਦਾਤ ਬਖ਼ਸ਼ ॥੧॥ ਰਹਾਉ ॥

ਜਾਂ ਚੈ ਘਰਿ ਦਿਗ ਦਿਸੈ ਸਰਾਇਚਾ ਬੈਕੁੰਠ ਭਵਨ ਚਿਤ੍ਰਸਾਲਾ ਸਪਤ ਲੋਕ ਸਾਮਾਨਿ ਪੂਰੀਅਲੇ ॥

(ਪਰਮਾਤਮਾ ਮਾਨੋ ਇਕ ਬੜਾ ਵੱਡਾ ਰਾਜਾ ਹੈ ਜਿਸ ਦਾ ਇਤਨਾ ਵੱਡਾ ਸ਼ਾਮੀਆਨਾ ਹੈ ਕਿ) ਇਹ ਚਾਰੇ ਦਿਸ਼ਾਂ (ਉਸ ਸ਼ਾਮੀਆਨੇ ਦੀ ਮਾਨੋ) ਕਨਾਤ ਹੈ, (ਰਾਜਿਆਂ ਦੇ ਰਾਜ-ਮਹਲਾਂ ਵਿਚ ਤਸਵੀਰ-ਘਰ ਹੁੰਦੇ ਹਨ, ਪਰਮਾਤਮਾ ਇਕ ਐਸਾ ਰਾਜਾ ਹੈ ਕਿ) ਸਾਰਾ ਬੈਕੁੰਠ ਉਸ ਦਾ (ਮਾਨੋ) ਤਸਵੀਰ-ਘਰ ਹੈ, ਅਤੇ ਸਾਰੇ ਹੀ ਜਗਤ ਵਿਚ ਉਸ ਦਾ ਹੁਕਮ ਇਕ-ਸਾਰ ਚੱਲ ਰਿਹਾ ਹੈ।

ਜਾਂ ਚੈ ਘਰਿ ਲਛਿਮੀ ਕੁਆਰੀ ਚੰਦੁ ਸੂਰਜੁ ਦੀਵੜੇ ਕਉਤਕੁ ਕਾਲੁ ਬਪੁੜਾ ਕੋਟਵਾਲੁ ਸੁ ਕਰਾ ਸਿਰੀ ॥

(ਰਾਜਿਆਂ ਦੀਆਂ ਰਾਣੀਆਂ ਦਾ ਜੋਬਨ ਤਾਂ ਚਾਰ ਦਿਨ ਦਾ ਹੁੰਦਾ ਹੈ, ਪਰਮਾਤਮਾ ਇਕ ਐਸਾ ਰਾਜਾ ਹੈ) ਜਿਸ ਦੇ ਮਹਲ ਵਿਚ ਲੱਛਮੀ ਹੈ, ਜੋ ਸਦਾ ਜੁਆਨ ਰਹਿੰਦੀ ਹੈ (ਜਿਸ ਦਾ ਜੋਬਨ ਕਦੇ ਨਾਸ ਹੋਣ ਵਾਲਾ ਨਹੀਂ), ਇਹ ਚੰਦ ਸੂਰਜ (ਉਸ ਦੇ ਮਹਲ ਦੇ, ਮਾਨੋ) ਨਿੱਕੇ ਜਿਹੇ ਦੀਵੇ ਹਨ, ਜਿਸ ਕਾਲ ਦਾ ਹਾਲਾ ਹਰੇਕ ਜੀਵ ਦੇ ਸਿਰ ਉੱਤੇ ਹੈ (ਜਿਸ ਕਾਲ ਦਾ ਹਾਲਾ ਹਰੇਕ ਜੀਵ ਨੂੰ ਭਰਨਾ ਪੈਂਦਾ ਹੈ, ਜਿਸ ਕਾਲ ਤੋਂ ਜਗਤ ਦਾ ਹਰੇਕ ਜੀਵ ਥਰ-ਥਰ ਕੰਬਦਾ ਹੈ) ਤੇ ਜੋ ਕਾਲ (ਇਸ ਜਗਤ-ਰੂਪ ਸ਼ਹਿਰ ਦੇ ਸਿਰ ਉੱਤੇ) ਕੋਤਵਾਲ ਹੈ, ਉਹ ਕਾਲ ਵਿਚਾਰਾ (ਉਸ ਪਰਮਾਤਮਾ ਦੇ ਘਰ ਵਿਚ, ਮਾਨੋ, ਇਕ) ਖਿਡੌਣਾ ਹੈ-

ਸੁ ਐਸਾ ਰਾਜਾ ਸ੍ਰੀ ਨਰਹਰੀ ॥੧॥

ਇਤਨਾ ਵੱਡਾ ਉਹ ਪਰਮਾਤਮਾ ਰਾਜਾ ਹੈ ॥੧॥

ਜਾਂ ਚੈ ਘਰਿ ਕੁਲਾਲੁ ਬ੍ਰਹਮਾ ਚਤੁਰ ਮੁਖੁ ਡਾਂਵੜਾ ਜਿਨਿ ਬਿਸ੍ਵ ਸੰਸਾਰੁ ਰਾਚੀਲੇ ॥

ਉਹ ਪਰਮਾਤਮਾ ਇਕ ਐਸਾ ਰਾਜਾ ਹੈ ਕਿ (ਲੋਕਾਂ ਦੇ ਖ਼ਿਆਲ ਅਨੁਸਾਰ) ਜਿਸ ਬ੍ਰਹਮਾ ਨੇ ਸਾਰਾ ਸੰਸਾਰ ਪੈਦਾ ਕੀਤਾ ਹੈ, ਚਾਰ ਮੂੰਹਾਂ ਵਾਲਾ ਉਹ ਬ੍ਰਹਮਾ ਭੀ ਉਸ ਦੇ ਘਰ ਵਿਚ ਭਾਂਡੇ ਘੜਨ ਵਾਲਾ ਇਕ ਕੁੰਭਿਆਰ ਹੀ ਹੈ (ਭਾਵ, ਉਸ ਪਰਮਾਤਮਾ ਦੇ ਸਾਹਮਣੇ ਲੋਕਾਂ ਦਾ ਮੰਨਿਆ ਹੋਇਆ ਬ੍ਰਹਮਾ ਭੀ ਇਤਨੀ ਹੀ ਹਸਤੀ ਰੱਖਦਾ ਹੈ ਜਿਤਨੀ ਕਿ ਕਿਸੇ ਪਿੰਡ ਦੇ ਚੌਧਰੀ ਦੇ ਸਾਹਮਣੇ ਪਿੰਡ ਦਾ ਗਰੀਬ ਕੁੰਭਿਆਰ)।

ਜਾਂ ਕੈ ਘਰਿ ਈਸਰੁ ਬਾਵਲਾ ਜਗਤ ਗੁਰੂ ਤਤ ਸਾਰਖਾ ਗਿਆਨੁ ਭਾਖੀਲੇ ॥

(ਇਹਨਾਂ ਲੋਕਾਂ ਦੀਆਂ ਨਜ਼ਰਾਂ ਵਿਚ ਤਾਂ) ਸ਼ਿਵ ਜੀ ਜਗਤ ਦਾ ਗੁਰੂ (ਹੈ), ਜਿਸ ਨੇ (ਜਗਤ ਦੇ ਜੀਵਾਂ ਵਾਸਤੇ) ਅਸਲ ਸਮਝਣ-ਜੋਗ ਉਪਦੇਸ਼ ਸੁਣਾਇਆ ਹੈ (ਭਾਵ, ਜੋ ਸਾਰੇ ਜੀਵਾਂ ਨੂੰ ਮੌਤ ਦਾ ਸੁਨੇਹਾ ਅਪੜਾਂਦਾ ਹੈ, ਜੋ ਸਭ ਜੀਵਾਂ ਦਾ ਨਾਸ ਕਰਦਾ ਮੰਨਿਆ ਜਾ ਰਿਹਾ ਹੈ), ਇਹ ਸ਼ਿਵ ਜੀ (ਸ੍ਰਿਸ਼ਟੀ ਦੇ ਮਾਲਕ) ਉਸ ਪਰਮਾਤਮਾ ਦੇ ਘਰ ਵਿਚ (ਮਾਨੋ) ਇਕ ਕਮਲਾ ਮਸਖ਼ਰਾ ਹੈ।

ਪਾਪੁ ਪੁੰਨੁ ਜਾਂ ਚੈ ਡਾਂਗੀਆ ਦੁਆਰੈ ਚਿਤ੍ਰ ਗੁਪਤੁ ਲੇਖੀਆ ॥

(ਰਾਜੇ ਲੋਕਾਂ ਦੇ ਰਾਜ-ਮਹਲਾਂ ਦੇ ਦਰਵਾਜ਼ੇ ਉੱਤੇ ਚੋਬਦਾਰ ਖੜੇ ਹੁੰਦੇ ਹਨ ਜੋ ਰਾਜਿਆਂ ਦੀ ਹਜ਼ੂਰੀ ਵਿਚ ਜਾਣ ਵਾਲਿਆਂ ਨੂੰ ਵਰਜਦੇ ਜਾਂ ਆਗਿਆ ਦੇਂਦੇ ਹਨ, ਘਟ ਘਟ ਵਿਚ ਵੱਸਣ ਵਾਲੇ ਰਾਜਨ-ਪ੍ਰਭੂ ਨੇ ਐਸਾ ਨਿਯਮ ਬਣਾਇਆ ਹੈ ਕਿ ਹਰੇਕ ਜੀਵ ਦਾ ਕੀਤਾ) ਚੰਗਾ ਜਾਂ ਮੰਦਾ ਕੰਮ ਉਸ ਪ੍ਰਭੂ ਦੇ ਮਹਲ ਦੇ ਦਰ ਤੇ ਚੋਬਦਾਰ ਹੈ (ਭਾਵ, ਹਰੇਕ ਜੀਵ ਦੇ ਅੰਦਰ ਹਿਰਦੇ-ਘਰ ਵਿਚ ਪ੍ਰਭੂ ਵੱਸ ਰਿਹਾ ਹੈ, ਪਰ ਜੀਵ ਦੇ ਆਪਣੇ ਕੀਤੇ ਚੰਗੇ ਮੰਦੇ ਕੰਮ ਹੀ ਉਸ ਪ੍ਰਭੂ ਤੋਂ ਵਿੱਥ ਕਰਾ ਦੇਂਦੇ ਹਨ)। ਜਿਸ ਚਿਤ੍ਰਗੁਪਤ ਦਾ ਸਹਿਮ ਹਰੇਕ ਜੀਵ ਨੂੰ ਲੱਗਾ ਹੋਇਆ ਹੈ, ਉਹ) ਚਿਤ੍ਰਗੁਪਤ ਉਸ ਦੇ ਘਰ ਇਕ ਮੁਨੀਮ (ਦੀ ਹਸਤੀ ਰੱਖਦਾ) ਹੈ।

ਧਰਮ ਰਾਇ ਪਰੁਲੀ ਪ੍ਰਤਿਹਾਰੁ ॥

(ਲੋਕਾਂ ਦੇ ਭਾਣੇ) ਪਰਲੋ ਲਿਆਉਣ ਵਾਲਾ ਧਰਮਰਾਜ ਉਸ ਪ੍ਰਭੂ ਦੇ ਮਹਲ ਦਾ ਇਕ (ਮਮੂਲੀ) ਦਰਬਾਨ ਹੈ,

ਸੁੋ ਐਸਾ ਰਾਜਾ ਸ੍ਰੀ ਗੋਪਾਲੁ ॥੨॥

ਸ੍ਰਿਸ਼ਟੀ ਦਾ ਮਾਲਕ ਉਹ ਪਰਮਾਤਮਾ ਇਕ ਐਸਾ ਰਾਜਾ ਹੈ ॥੨॥

ਜਾਂ ਚੈ ਘਰਿ ਗਣ ਗੰਧਰਬ ਰਿਖੀ ਬਪੁੜੇ ਢਾਢੀਆ ਗਾਵੰਤ ਆਛੈ ॥

(ਉਹ ਪਰਮਾਤਮਾ ਇਕ ਐਸਾ ਰਾਜਾ ਹੈ) ਜਿਸ ਦੇ ਦਰ ਤੇ (ਸ਼ਿਵ ਜੀ ਦੇ) ਗਣ ਦੇਵਤਿਆਂ ਦੇ ਰਾਗੀ ਅਤੇ ਸਾਰੇ ਰਿਸ਼ੀ-ਇਹ ਵਿਚਾਰੇ ਢਾਢੀ (ਬਣ ਕੇ ਉਸ ਦੀਆਂ ਸਿਫ਼ਤਾਂ ਦੀਆਂ ਵਾਰਾਂ) ਗਾਉਂਦੇ ਹਨ।

ਸਰਬ ਸਾਸਤ੍ਰ ਬਹੁ ਰੂਪੀਆ ਅਨਗਰੂਆ ਆਖਾੜਾ ਮੰਡਲੀਕ ਬੋਲ ਬੋਲਹਿ ਕਾਛੇ ॥

ਸਾਰੇ ਸ਼ਾਸਤ੍ਰ (ਮਾਨੋ) ਬਹੁ-ਰੂਪੀਏ ਹਨ, (ਇਹ ਜਗਤ, ਮਾਨੋ, ਉਸ ਦਾ) ਨਿੱਕਾ ਜਿਹਾ ਅਖਾੜਾ ਹੈ, (ਇਸ ਜਗਤ ਦੇ) ਰਾਜੇ ਉਸ ਦਾ ਹਾਲਾ ਭਰਨ ਵਾਲੇ ਹਨ, (ਉਸ ਦੀ ਸਿਫ਼ਤ ਦੇ) ਸੁੰਦਰ ਬੋਲ ਬੋਲਦੇ ਹਨ।

ਚਉਰ ਢੂਲ ਜਾਂ ਚੈ ਹੈ ਪਵਣੁ ॥

ਉਹ ਪ੍ਰਭੂ ਇਕ ਐਸਾ ਰਾਜਾ ਹੈ ਕਿ ਉਸ ਦੇ ਦਰ ਤੇ ਪਵਣ ਚਉਰ ਬਰਦਾਰ ਹੈ,

ਚੇਰੀ ਸਕਤਿ ਜੀਤਿ ਲੇ ਭਵਣੁ ॥

ਮਾਇਆ ਉਸ ਦੀ ਦਾਸੀ ਹੈ ਜਿਸ ਨੇ ਸਾਰਾ ਜਗਤ ਜਿਤ ਲਿਆ ਹੈ,

ਅੰਡ ਟੂਕ ਜਾ ਚੈ ਭਸਮਤੀ ॥

ਇਹ ਧਰਤੀ ਉਸ ਦੇ ਲੰਗਰ ਵਿਚ, ਮਾਨੋ, ਚੁੱਲ੍ਹਾ ਹੈ (ਭਾਵ, ਸਾਰੀ ਧਰਤੀ ਦੇ ਜੀਆਂ ਨੂੰ ਉਹ ਆਪ ਹੀ ਰਿਜ਼ਕ ਦੇਣ ਵਾਲਾ ਹੈ),

ਸੁੋ ਐਸਾ ਰਾਜਾ ਤ੍ਰਿਭਵਣ ਪਤੀ ॥੩॥

ਤਿੰਨਾਂ ਭਵਨਾਂ ਦਾ ਮਾਲਕ ਪਰਮਾਤਮਾ ਇਕ ਐਸਾ ਰਾਜਾ ਹੈ ॥੩॥

ਜਾਂ ਚੈ ਘਰਿ ਕੂਰਮਾ ਪਾਲੁ ਸਹਸ੍ਰ ਫਨੀ ਬਾਸਕੁ ਸੇਜ ਵਾਲੂਆ ॥

(ਉਹ ਪ੍ਰਭੂ ਇਕ ਐਸਾ ਰਾਜਾ ਹੈ) ਕਿ ਵਿਸ਼ਨੂ ਦਾ ਕੱਛ-ਅਵਤਾਰ ਜਿਸ ਦੇ ਘਰ ਵਿਚ, ਮਾਨੋ, ਇਕ ਪਲੰਘ ਹੈ; ਹਜ਼ਾਰ ਫਣਾਂ ਵਾਲਾ ਸ਼ੇਸ਼ਨਾਗ ਜਿਸ ਦੀ ਸੇਜ ਦੀਆਂ ਤਣੀਆਂ (ਦਾ ਕੰਮ ਦੇਂਦਾ) ਹੈ;

ਅਠਾਰਹ ਭਾਰ ਬਨਾਸਪਤੀ ਮਾਲਣੀ ਛਿਨਵੈ ਕਰੋੜੀ ਮੇਘ ਮਾਲਾ ਪਾਣੀਹਾਰੀਆ ॥

ਜਗਤ ਦੀ ਸਾਰੀ ਬਨਸਪਤੀ (ਉਸ ਨੂੰ ਫੁੱਲ ਭੇਟ ਕਰਨ ਵਾਲੀ) ਮਾਲਣ ਹੈ, ਛਿਆਨਵੇ ਕਰੋੜ ਬੱਦਲ ਉਸ ਦਾ ਪਾਣੀ ਭਰਨ ਵਾਲੇ (ਨੌਕਰ) ਹਨ;

ਨਖ ਪ੍ਰਸੇਵ ਜਾ ਚੈ ਸੁਰਸਰੀ ॥

ਗੰਗਾ ਉਸ ਦੇ ਦਰ ਤੇ ਉਸ ਦੇ ਨਹੁੰਆਂ ਦਾ ਪਸੀਨਾ ਹੈ,

ਸਪਤ ਸਮੁੰਦ ਜਾਂ ਚੈ ਘੜਥਲੀ ॥

ਅਤੇ ਸੱਤੇ ਸਮੁੰਦਰ ਉਸ ਦੀ ਘੜਵੰਜੀ ਹਨ,

ਏਤੇ ਜੀਅ ਜਾਂ ਚੈ ਵਰਤਣੀ ॥

ਜਗਤ ਦੇ ਇਹ ਸਾਰੇ ਜੀਆ-ਜੰਤ ਉਸ ਦੇ ਭਾਂਡੇ ਹਨ,

ਸੁੋ ਐਸਾ ਰਾਜਾ ਤ੍ਰਿਭਵਣ ਧਣੀ ॥੪॥

ਐਸਾ ਰਾਜਾ ਹੈ ਤਿੰਨਾਂ ਭਵਨਾਂ ਦਾ ਮਾਲਕ ਉਹ ਪ੍ਰਭੂ ॥੪॥

ਜਾਂ ਚੈ ਘਰਿ ਨਿਕਟ ਵਰਤੀ ਅਰਜਨੁ ਧ੍ਰੂ ਪ੍ਰਹਲਾਦੁ ਅੰਬਰੀਕੁ ਨਾਰਦੁ ਨੇਜੈ ਸਿਧ ਬੁਧ ਗਣ ਗੰਧਰਬ ਬਾਨਵੈ ਹੇਲਾ ॥

(ਉਹ ਪ੍ਰਭੂ ਇਕ ਐਸਾ ਰਾਜਾ ਹੈ) ਜਿਸ ਦੇ ਘਰ ਵਿਚ ਉਸ ਦੇ ਨੇੜੇ ਰਹਿਣ ਵਾਲੇ ਅਰਜਨ, ਪ੍ਰਹਿਲਾਦ, ਅੰਬ੍ਰੀਕ, ਨਾਰਦ, ਨੇਜੈ (ਜੋਗ-ਸਾਧਨਾ ਵਿਚ) ਪੁੱਗੇ ਹੋਏ ਜੋਗੀ, ਗਿਆਨਵਾਨ ਮਨੁੱਖ, ਸ਼ਿਵ ਜੀ ਦੇ ਗਣ ਦੇਵਤਿਆਂ ਦੇ ਰਾਗੀ, ਬਵੰਜਾ ਬੀਰ ਆਦਿਕ ਉਸ ਦੀ (ਇਕ ਸਧਾਰਨ ਜਿਹੀ) ਖੇਡ ਹਨ।

ਏਤੇ ਜੀਅ ਜਾਂ ਚੈ ਹਹਿ ਘਰੀ ॥

ਜਗਤ ਦੇ ਇਹ ਸਾਰੇ ਜੀਆ-ਜੰਤ ਉਸ ਪ੍ਰਭੂ ਦੇ ਘਰ ਵਿਚ ਹਨ,

ਸਰਬ ਬਿਆਪਿਕ ਅੰਤਰ ਹਰੀ ॥

ਉਹ ਹਰੀ-ਪ੍ਰਭੂ ਸਭ ਵਿਚ ਵਿਆਪਕ ਹੈ, ਸਭ ਦੇ ਅੰਦਰ ਵੱਸਦਾ ਹੈ।

ਪ੍ਰਣਵੈ ਨਾਮਦੇਉ ਤਾਂ ਚੀ ਆਣਿ ॥

ਨਾਮਦੇਵ ਬੇਨਤੀ ਕਰਦਾ ਹੈ- ਮੈਨੂੰ ਉਸ ਪਰਮਾਤਮਾ ਦੀ ਓਟ ਆਸਰਾ ਹੈ,

ਸਗਲ ਭਗਤ ਜਾ ਚੈ ਨੀਸਾਣਿ ॥੫॥੧॥

ਸਾਰੇ ਭਗਤ ਜਿਸ ਦੇ ਝੰਡੇ ਹੇਠ (ਅਨੰਦ ਮਾਣ ਰਹੇ) ਹਨ ॥੫॥੧॥


ਮਲਾਰ ॥
ਮੋ ਕਉ ਤੂੰ ਨ ਬਿਸਾਰਿ ਤੂ ਨ ਬਿਸਾਰਿ ॥

(ਹੇ ਰਾਮ!) ਮੈਨੂੰ ਤੂੰ ਨਾ ਭੁਲਾਈਂ, ਮੈਨੂੰ ਤੂੰ ਨਾ ਵਿਸਾਰੀਂ,

ਤੂ ਨ ਬਿਸਾਰੇ ਰਾਮਈਆ ॥੧॥ ਰਹਾਉ ॥

ਹੇ ਸੁਹਣੇ ਰਾਮ! ਮੈਨੂੰ ਤੂੰ ਨਾ ਵਿਸਾਰੀਂ ॥੧॥ ਰਹਾਉ ॥

ਆਲਾਵੰਤੀ ਇਹੁ ਭ੍ਰਮੁ ਜੋ ਹੈ ਮੁਝ ਊਪਰਿ ਸਭ ਕੋਪਿਲਾ ॥

(ਇਹਨਾਂ ਪਾਂਡਿਆਂ ਨੂੰ) ਇਹ ਵਹਿਮ ਹੈ ਕਿ ਇਹ ਉੱਚੀ ਜਾਤੀ ਵਾਲੇ ਹਨ, (ਇਸ ਕਰਕੇ ਇਹ) ਸਾਰੇ ਮੇਰੇ ਉੱਤੇ ਗੁੱਸੇ ਹੋ ਗਏ ਹਨ;

ਸੂਦੁ ਸੂਦੁ ਕਰਿ ਮਾਰਿ ਉਠਾਇਓ ਕਹਾ ਕਰਉ ਬਾਪ ਬੀਠੁਲਾ ॥੧॥

ਸ਼ੂਦਰ ਸ਼ੂਦਰ ਆਖ ਆਖ ਕੇ ਤੇ ਮਾਰ-ਕੁਟਾਈ ਕਰ ਕੇ ਮੈਨੂੰ ਇਹਨਾਂ ਨੇ ਉਠਾਲ ਦਿੱਤਾ ਹੈ; ਹੇ ਮੇਰੇ ਬੀਠੁਲ ਪਿਤਾ! ਇਹਨਾਂ ਅੱਗੇ ਮੇਰੀ ਇਕੱਲੇ ਦੀ ਪੇਸ਼ ਨਹੀਂ ਜਾਂਦੀ ॥੧॥

ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ ॥

ਜੇ ਤੂੰ ਮੈਨੂੰ ਮਰਨ ਪਿੱਛੋਂ ਮੁਕਤੀ ਦੇ ਦਿੱਤੀ, ਤੇਰੀ ਦਿੱਤੀ ਹੋਈ ਮੁਕਤੀ ਦਾ ਕਿਸੇ ਨੂੰ ਪਤਾ ਨਹੀਂ ਲੱਗਣਾ;

ਏ ਪੰਡੀਆ ਮੋ ਕਉ ਢੇਢ ਕਹਤ ਤੇਰੀ ਪੈਜ ਪਿਛੰਉਡੀ ਹੋਇਲਾ ॥੨॥

ਇਹ ਪਾਂਡੇ ਮੈਨੂੰ ਨੀਚ ਆਖ ਰਹੇ ਹਨ, ਇਸ ਤਰ੍ਹਾਂ ਤਾਂ ਤੇਰੀ ਆਪਣੀ ਹੀ ਇੱਜ਼ਤ ਘੱਟ ਰਹੀ ਹੈ (ਕੀ ਤੇਰੀ ਬੰਦਗੀ ਕਰਨ ਵਾਲਾ ਕੋਈ ਬੰਦਾ ਨੀਚ ਰਹਿ ਸਕਦਾ ਹੈ?) ॥੨॥

ਤੂ ਜੁ ਦਇਆਲੁ ਕ੍ਰਿਪਾਲੁ ਕਹੀਅਤੁ ਹੈਂ ਅਤਿਭੁਜ ਭਇਓ ਅਪਾਰਲਾ ॥

(ਹੇ ਸੁਹਣੇ ਰਾਮ!) ਤੂੰ ਤਾਂ (ਸਭਨਾਂ ਉੱਤੇ, ਚਾਹੇ ਕੋਈ ਨੀਚ ਕੁਲ ਦਾ ਹੋਵੇ ਚਾਹੇ ਉੱਚੀ ਕੁਲ ਦਾ) ਦਇਆ ਕਰਨ ਵਾਲਾ ਹੈਂ, ਤੂੰ ਮਿਹਰ ਦਾ ਘਰ ਹੈਂ, (ਫਿਰ ਤੂੰ) ਹੈਂ ਭੀ ਬੜਾ ਬਲੀ ਤੇ ਬੇਅੰਤ। (ਕੀ ਤੇਰੇ ਸੇਵਕ ਉੱਤੇ ਕੋਈ ਤੇਰੀ ਮਰਜ਼ੀ ਤੋਂ ਬਿਨਾ ਧੱਕਾ ਕਰ ਸਕਦਾ ਹੈ?)

ਫੇਰਿ ਦੀਆ ਦੇਹੁਰਾ ਨਾਮੇ ਕਉ ਪੰਡੀਅਨ ਕਉ ਪਿਛਵਾਰਲਾ ॥੩॥੨॥

(ਮੇਰੀ ਨਾਮਦੇਵ ਦੀ ਅਰਜ਼ੋਈ ਸੁਣ ਕੇ ਪ੍ਰਭੂ ਨੇ) ਦੇਹੁਰਾ ਮੈਂ ਨਾਮਦੇਵ ਵਲ ਫੇਰ ਦਿੱਤਾ, ਤੇ ਪਾਂਡਿਆਂ ਵਲ ਪਿੱਠ ਹੋ ਗਈ ॥੩॥੨॥


ਰਾਗੁ ਕਾਨੜਾ ਬਾਣੀ ਨਾਮਦੇਵ ਜੀਉ ਕੀ ॥

ਰਾਗ ਕਾਨੜਾ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਐਸੋ ਰਾਮ ਰਾਇ ਅੰਤਰਜਾਮੀ ॥

ਸੁੱਧ-ਸਰੂਪ ਪਰਮਾਤਮਾ ਐਸਾ ਹੈ ਕਿ ਉਹ ਹਰੇਕ ਜੀਵ ਦੇ ਅੰਦਰ ਬੈਠਾ ਹੋਇਆ ਹੈ,

ਜੈਸੇ ਦਰਪਨ ਮਾਹਿ ਬਦਨ ਪਰਵਾਨੀ ॥੧॥ ਰਹਾਉ ॥

(ਪਰ ਹਰੇਕ ਦੇ ਅੰਦਰ ਵੱਸਦਾ ਭੀ ਇਉਂ) ਪ੍ਰਤੱਖ (ਨਿਰਲੇਪ ਰਹਿੰਦਾ ਹੈ) ਜਿਵੇਂ ਸ਼ੀਸ਼ੇ ਵਿਚ (ਸ਼ੀਸ਼ਾ ਵੇਖਣ ਵਾਲੇ ਦਾ) ਮੂੰਹ ॥੧॥ ਰਹਾਉ ॥

ਬਸੈ ਘਟਾ ਘਟ ਲੀਪ ਨ ਛੀਪੈ ॥

ਉਹ ਸੁੱਧ-ਸਰੂਪ ਹਰੇਕ ਘਟ ਵਿਚ ਵੱਸਦਾ ਹੈ, ਪਰ ਉਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ, ਉਸ ਨੂੰ ਮਾਇਆ ਦਾ ਦਾਗ਼ ਨਹੀਂ ਲੱਗਦਾ,

ਬੰਧਨ ਮੁਕਤਾ ਜਾਤੁ ਨ ਦੀਸੈ ॥੧॥

ਉਹ (ਸਦਾ ਮਾਇਆ ਦੇ) ਬੰਧਨਾਂ ਤੋਂ ਨਿਰਾਲਾ ਹੈ, ਕਦੇ ਭੀ ਉਹ (ਬੰਧਨਾਂ ਵਿਚ ਫਸਿਆ) ਨਹੀਂ ਦਿੱਸਦਾ ॥੧॥

ਪਾਨੀ ਮਾਹਿ ਦੇਖੁ ਮੁਖੁ ਜੈਸਾ ॥

ਤੁਸੀਂ ਜਿਵੇਂ ਪਾਣੀ ਵਿਚ (ਆਪਣਾ) ਮੂੰਹ ਵੇਖਦੇ ਹੋ, (ਮੂੰਹ ਪਾਣੀ ਵਿਚ ਟਿਕਿਆ ਦਿੱਸਦਾ ਹੈ, ਪਰ ਉਸ ਉੱਤੇ ਪਾਣੀ ਦਾ ਕੋਈ ਅਸਰ ਨਹੀਂ ਹੁੰਦਾ),

ਨਾਮੇ ਕੋ ਸੁਆਮੀ ਬੀਠਲੁ ਐਸਾ ॥੨॥੧॥

ਇਸੇ ਤਰ੍ਹਾਂ ਹੈ ਨਾਮੇ ਦਾ ਮਾਲਕ (ਜਿਸ ਨੂੰ ਨਾਮਾ) ਬੀਠਲ (ਆਖਦਾ) ਹੈ ॥੨॥੧॥


ਪ੍ਰਭਾਤੀ ਬਾਣੀ ਭਗਤ ਨਾਮਦੇਵ ਜੀ ਕੀ ॥

ਰਾਗ ਪ੍ਰਭਾਤੀ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਮਨ ਕੀ ਬਿਰਥਾ ਮਨੁ ਹੀ ਜਾਨੈ ਕੈ ਬੂਝਲ ਆਗੈ ਕਹੀਐ ॥

ਮਨ ਦਾ ਦੁੱਖ-ਕਲੇਸ਼ ਜਾਂ (ਦੁਖੀਏ ਦਾ) ਆਪਣਾ ਮਨ ਜਾਣਦਾ ਹੈ ਜਾਂ (ਅੰਤਰਜਾਮੀ ਪ੍ਰਭੂ ਜਾਣਦਾ ਹੈ, ਸੋ ਜੇ ਆਖਣਾ ਹੋਵੇ ਤਾਂ) ਉਸ ਅੰਤਰਜਾਮੀ ਅੱਗੇ ਆਖਣਾ ਚਾਹੀਦਾ ਹੈ।

ਅੰਤਰਜਾਮੀ ਰਾਮੁ ਰਵਾਂਈ ਮੈ ਡਰੁ ਕੈਸੇ ਚਹੀਐ ॥੧॥

ਮੈਨੂੰ ਤਾਂ ਹੁਣ ਕੋਈ (ਦੁੱਖਾਂ ਦਾ) ਡਰ ਰਿਹਾ ਹੀ ਨਹੀਂ, ਕਿਉਂਕਿ ਮੈਂ ਉਸ ਅੰਤਰਜਾਮੀ ਪਰਮਾਤਮਾ ਨੂੰ ਸਿਮਰ ਰਿਹਾ ਹਾਂ ॥੧॥

ਬੇਧੀਅਲੇ ਗੋਪਾਲ ਗੁੋਸਾਈ ॥

ਮੇਰੇ ਗੋਪਾਲ ਗੋਸਾਈਂ ਨੇ ਮੈਨੂੰ (ਆਪਣੇ ਚਰਨਾਂ ਵਿਚ ਵਿੰਨ੍ਹ ਲਿਆ ਹੈ,

ਮੇਰਾ ਪ੍ਰਭੁ ਰਵਿਆ ਸਰਬੇ ਠਾਈ ॥੧॥ ਰਹਾਉ ॥

ਹੁਣ ਮੈਨੂੰ ਉਹ ਪਿਆਰਾ ਪ੍ਰਭੂ ਸਭ ਥਾਂ ਵੱਸਦਾ ਦਿਸਦਾ ਹੈ ॥੧॥ ਰਹਾਉ ॥

ਮਾਨੈ ਹਾਟੁ ਮਾਨੈ ਪਾਟੁ ਮਾਨੈ ਹੈ ਪਾਸਾਰੀ ॥

(ਉਸ ਅੰਤਰਜਾਮੀ ਦਾ ਮਨੁੱਖ ਦੇ) ਮਨ ਵਿਚ ਹੀ ਹੱਟ ਹੈ, ਮਨ ਵਿਚ ਹੀ ਸ਼ਹਿਰ ਹੈ, ਤੇ ਮਨ ਵਿਚ ਹੀ ਉਹ ਹੱਟ ਚਲਾ ਰਿਹਾ ਹੈ,

ਮਾਨੈ ਬਾਸੈ ਨਾਨਾ ਭੇਦੀ ਭਰਮਤੁ ਹੈ ਸੰਸਾਰੀ ॥੨॥

ਉਹ ਅਨੇਕ ਰੂਪਾਂ ਰੰਗਾਂ ਵਾਲਾ ਪ੍ਰਭੂ (ਮਨੁੱਖ ਦੇ) ਮਨ ਵਿਚ ਹੀ ਵੱਸਦਾ ਹੈ। ਪਰ ਸੰਸਾਰ ਨਾਲ ਮੋਹ ਰੱਖਣ ਵਾਲਾ ਮਨੁੱਖ ਬਾਹਰ ਭਟਕਦਾ ਫਿਰਦਾ ਹੈ ॥੨॥

ਗੁਰ ਕੈ ਸਬਦਿ ਏਹੁ ਮਨੁ ਰਾਤਾ ਦੁਬਿਧਾ ਸਹਜਿ ਸਮਾਣੀ ॥

ਜਿਸ ਮਨੁੱਖ ਦਾ ਇਹ ਮਨ ਸਤਿਗੁਰੂ ਦੇ ਸ਼ਬਦ ਵਿਚ ਰੰਗਿਆ ਗਿਆ ਹੈ, ਉਸ ਦੀ ਮੇਰ-ਤੇਰ ਅਡੋਲ ਆਤਮਕ ਅਵਸਥਾ ਵਿਚ ਲੀਨ ਹੋ ਗਈ ਹੈ,

ਸਭੋ ਹੁਕਮੁ ਹੁਕਮੁ ਹੈ ਆਪੇ ਨਿਰਭਉ ਸਮਤੁ ਬੀਚਾਰੀ ॥੩॥

ਉਹ ਸਮ-ਦਰਸੀ ਹੋ ਜਾਂਦਾ ਹੈ, ਉਹ ਨਿਡਰ ਹੋ ਜਾਂਦਾ ਹੈ ਕਿਉਂਕਿ ਉਸ ਨੂੰ (ਹਰ ਥਾਂ) ਪ੍ਰਭੂ ਦਾ ਹੀ ਹੁਕਮ ਵਰਤਦਾ ਦਿੱਸਦਾ ਹੈ, ਪ੍ਰਭੂ ਆਪ ਹੀ ਹੁਕਮ ਚਲਾ ਰਿਹਾ ਜਾਪਦਾ ਹੈ ॥੩॥

ਜੋ ਜਨ ਜਾਨਿ ਭਜਹਿ ਪੁਰਖੋਤਮੁ ਤਾ ਚੀ ਅਬਿਗਤੁ ਬਾਣੀ ॥

ਜੋ ਮਨੁੱਖ ਉੱਤਮ ਪੁਰਖ ਪ੍ਰਭੂ ਨੂੰ (ਇਉਂ ਸਰਬ-ਵਿਆਪਕ) ਜਾਣ ਕੇ ਸਿਮਰਦੇ ਹਨ, ਉਹਨਾਂ ਦੀ ਬਾਣੀ ਹੀ ਪ੍ਰਭੂ ਦਾ ਨਾਮ ਬਣ ਜਾਂਦਾ ਹੈ (ਭਾਵ, ਉਹ ਹਰ ਵੇਲੇ ਸਿਫ਼ਤ-ਸਾਲਾਹ ਹੀ ਕਰਦੇ ਹਨ)।

ਨਾਮਾ ਕਹੈ ਜਗਜੀਵਨੁ ਪਾਇਆ ਹਿਰਦੈ ਅਲਖ ਬਿਡਾਣੀ ॥੪॥੧॥

ਨਾਮਦੇਵ ਆਖਦਾ ਹੈ ਉਹਨਾਂ ਬੰਦਿਆਂ ਨੇ ਅਸਚਰਜ ਅਲੱਖ ਤੇ ਜਗਤ-ਦੇ-ਜੀਵਨ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਹੀ ਲੱਭ ਲਿਆ ਹੈ ॥੪॥੧॥


ਪ੍ਰਭਾਤੀ ॥
ਆਦਿ ਜੁਗਾਦਿ ਜੁਗਾਦਿ ਜੁਗੋ ਜੁਗੁ ਤਾ ਕਾ ਅੰਤੁ ਨ ਜਾਨਿਆ ॥

(ਉਹ ਪ੍ਰਭੂ) ਸਾਰੇ ਸੰਸਾਰ ਦਾ ਮੂਲ ਹੈ, ਜੁਗਾਂ ਦੇ ਆਦਿ ਤੋਂ ਹੈ, ਹਰੇਕ ਜੁਗ ਵਿਚ ਮੌਜੂਦ ਹੈ, ਉਸ ਦੇ ਗੁਣਾਂ ਦਾ ਕਿਸੇ ਨੇ ਅੰਤ ਨਹੀਂ ਪਾਇਆ।

ਸਰਬ ਨਿਰੰਤਰਿ ਰਾਮੁ ਰਹਿਆ ਰਵਿ ਐਸਾ ਰੂਪੁ ਬਖਾਨਿਆ ॥੧॥

ਉਹ ਰਾਮ ਸਭ ਜੀਵਾਂ ਵਿਚ ਇਕ-ਰਸ ਵਿਆਪਕ ਹੈ, (ਸਭ ਧਰਮ-ਪੁਸਤਕਾਂ ਨੇ) ਉਸ ਰਾਮ ਦਾ ਕੁਝ ਇਹੋ ਜਿਹਾ ਸਰੂਪ ਬਿਆਨ ਕੀਤਾ ਹੈ ॥੧॥

ਗੋਬਿਦੁ ਗਾਜੈ ਸਬਦੁ ਬਾਜੈ ॥

ਜਦ (ਹਿਰਦੇ ਵਿਚ ਗੁਰੂ ਦਾ) ਗੋਬਿੰਦ-ਨਾਮ ਦਾ ਸ਼ਬਦ-ਵਾਜਾ ਵੱਜਦਾ ਹੈ,

ਆਨਦ ਰੂਪੀ ਮੇਰੋ ਰਾਮਈਆ ॥੧॥ ਰਹਾਉ ॥

ਤਾਂ ਮੇਰਾ ਸੋਹਣਾ ਸੁਖ-ਸਰੂਪ ਰਾਮ ਪਰਗਟ ਹੋ ਜਾਂਦਾ ਹੈ ॥੧॥ ਰਹਾਉ ॥

ਬਾਵਨ ਬੀਖੂ ਬਾਨੈ ਬੀਖੇ ਬਾਸੁ ਤੇ ਸੁਖ ਲਾਗਿਲਾ ॥

ਜਿਵੇਂ ਜੰਗਲ ਵਿਚ ਚੰਦਨ ਦੇ ਬੂਟੇ ਤੋਂ (ਸਭ ਨੂੰ) ਸੁਗੰਧੀ ਦਾ ਸੁਖ ਮਿਲਦਾ ਹੈ (ਉਸ ਦੀ ਸੰਗਤ ਨਾਲ ਸਾਧਾਰਨ) ਰੁੱਖ ਚੰਦਨ ਵਾਂਗ ਬਣ ਜਾਂਦਾ ਹੈ;

ਸਰਬੇ ਆਦਿ ਪਰਮਲਾਦਿ ਕਾਸਟ ਚੰਦਨੁ ਭੈਇਲਾ ॥੨॥

ਤਿਵੇਂ, ਉਹ ਸਭ ਜੀਵਾਂ ਦਾ ਮੂਲ ਰਾਮ (ਸਭ ਗੁਣਾਂ-ਰੂਪ) ਸੁਗੰਧੀਆਂ ਦਾ ਮੂਲ ਹੈ (ਉਸ ਦੀ ਸੰਗਤ ਵਿਚ ਸਾਧਾਰਨ ਜੀਵ ਗੁਣਾਂ ਵਾਲੇ ਹੋ ਜਾਂਦੇ ਹਨ) ॥੨॥

ਤੁਮੑ ਚੇ ਪਾਰਸੁ ਹਮ ਚੇ ਲੋਹਾ ਸੰਗੇ ਕੰਚਨੁ ਭੈਇਲਾ ॥

(ਹੇ ਰਾਮ!) ਤੂੰ ਪਾਰਸ ਹੈਂ, ਮੈਂ ਲੋਹਾ ਹਾਂ, ਤੇਰੀ ਸੰਗਤ ਵਿਚ ਮੈਂ ਸੋਨਾ ਬਣ ਗਿਆ ਹਾਂ।

ਤੂ ਦਇਆਲੁ ਰਤਨੁ ਲਾਲੁ ਨਾਮਾ ਸਾਚਿ ਸਮਾਇਲਾ ॥੩॥੨॥

ਤੂੰ ਦਇਆ ਦਾ ਘਰ ਹੈਂ, ਤੂੰ ਰਤਨ ਹੈਂ, ਤੂੰ ਲਾਲ ਹੈਂ। ਮੈਂ ਨਾਮਾ ਤੈਂ ਸਦਾ-ਥਿਰ ਰਹਿਣ ਵਾਲੇ ਵਿਚ ਲੀਨ ਹੋ ਗਿਆ ਹਾਂ ॥੩॥੨॥


ਪ੍ਰਭਾਤੀ ॥
ਅਕੁਲ ਪੁਰਖ ਇਕੁ ਚਲਿਤੁ ਉਪਾਇਆ ॥

ਜਿਸ ਪਰਮਾਤਮਾ ਦੀ ਕੋਈ ਖ਼ਾਸ ਕੁਲ ਨਹੀਂ ਹੈ ਉਸ ਸਰਬ-ਵਿਆਪਕ ਨੇ ਇਹ ਜਗਤ-ਰੂਪ ਇਕ ਖੇਡ ਬਣਾ ਦਿੱਤੀ ਹੈ।

ਘਟਿ ਘਟਿ ਅੰਤਰਿ ਬ੍ਰਹਮੁ ਲੁਕਾਇਆ ॥੧॥

ਹਰੇਕ ਸਰੀਰ ਵਿਚ, ਹਰੇਕ ਦੇ ਅੰਦਰ ਉਸ ਨੇ ਆਪਣਾ ਆਤਮਾ ਗੁਪਤ ਰੱਖ ਦਿੱਤਾ ਹੈ ॥੧॥

ਜੀਅ ਕੀ ਜੋਤਿ ਨ ਜਾਨੈ ਕੋਈ ॥

ਸਾਰੇ ਜੀਵਾਂ ਵਿਚ ਵੱਸਦੀ ਜੋਤਿ ਨੂੰ ਤਾਂ ਕੋਈ ਪ੍ਰਾਣੀ ਜਾਣਦਾ ਨਹੀਂ ਹੈ,

ਤੈ ਮੈ ਕੀਆ ਸੁ ਮਾਲੂਮੁ ਹੋਈ ॥੧॥ ਰਹਾਉ ॥

ਪਰ ਅਸੀਂ ਜੋ ਕੁਝ ਕਰਦੇ ਹਾਂ ਉਹ (ਸਾਡੇ ਅੰਦਰ) ਅੰਦਰ-ਵੱਸਦੀ-ਜੋਤਿ ਨੂੰ ਮਲੂਮ ਹੋ ਜਾਂਦਾ ਹੈ ॥੧॥ ਰਹਾਉ ॥

ਜਿਉ ਪ੍ਰਗਾਸਿਆ ਮਾਟੀ ਕੁੰਭੇਉ ॥

ਜਿਵੇਂ ਮਿੱਟੀ ਤੋਂ ਘੜਾ ਬਣ ਜਾਂਦਾ ਹੈ,

ਆਪ ਹੀ ਕਰਤਾ ਬੀਠੁਲੁ ਦੇਉ ॥੨॥

ਤਿਵੇਂ ਉਹ ਬੀਠੁਲ ਪ੍ਰਭੂ ਆਪ ਹੀ ਸਭ ਦਾ ਪੈਦਾ ਕਰਨ ਵਾਲਾ ਹੈ ॥੨॥

ਜੀਅ ਕਾ ਬੰਧਨੁ ਕਰਮੁ ਬਿਆਪੈ ॥

ਜੀਵ ਦਾ ਕੀਤਾ ਹੋਇਆ ਕੰਮ ਉਸ ਲਈ ਜੰਜਾਲ ਹੋ ਢੁਕਦਾ ਹੈ,

ਜੋ ਕਿਛੁ ਕੀਆ ਸੁ ਆਪੈ ਆਪੈ ॥੩॥

ਪਰ ਇਹ ਜੰਜਾਲ ਆਦਿਕ ਭੀ ਜੋ ਕੁਝ ਬਣਾਇਆ ਹੈ ਪ੍ਰਭੂ ਨੇ ਆਪ ਹੀ ਬਣਾਇਆ ਹੈ ॥੩॥

ਪ੍ਰਣਵਤਿ ਨਾਮਦੇਉ ਇਹੁ ਜੀਉ ਚਿਤਵੈ ਸੁ ਲਹੈ ॥

ਨਾਮਦੇਵ ਬੇਨਤੀ ਕਰਦਾ ਹੈ, ਇਹ ਜੀਵ ਜਿਸ ਸ਼ੈ ਉਤੇ ਆਪਣਾ ਮਨ ਟਿਕਾਂਦਾ ਹੈ ਉਸ ਨੂੰ ਹਾਸਲ ਕਰ ਲੈਂਦਾ ਹੈ,

ਅਮਰੁ ਹੋਇ ਸਦ ਆਕੁਲ ਰਹੈ ॥੪॥੩॥

ਜੇ ਇਹ ਜੀਵ ਸਰਬ-ਵਿਆਪਕ ਪਰਮਾਤਮਾ ਨੂੰ ਆਪਣੇ ਮਨ ਵਿਚ ਟਿਕਾਏ ਤਾਂ (ਉਸ ਅਮਰ ਪ੍ਰਭੂ ਵਿਚ ਟਿਕ ਕੇ ਆਪ ਭੀ) ਅਮਰ ਹੋ ਜਾਂਦਾ ਹੈ ॥੪॥੩॥