ਭਗਤ ਕਬੀਰ ਜੀ – ਸਲੋਕ ਦੋਹੇ ਬਾਣੀ ਸ਼ਬਦ-Part 4 – Bhagat Kabir ji – Slok Dohe Bani Quotes Shabad Path in Punjabi Gurbani

ਭਗਤ ਕਬੀਰ ਜੀ – ਸਲੋਕ ਦੋਹੇ ਬਾਣੀ ਸ਼ਬਦ-Part 4 – Bhagat Kabir ji – Slok Dohe Bani Quotes Shabad Path in Punjabi Gurbani

ਬਿਲਾਵਲੁ ॥
ਸਰੀਰ ਸਰੋਵਰ ਭੀਤਰੇ ਆਛੈ ਕਮਲ ਅਨੂਪ ॥

ਹੇ ਮਨ! ਉਹ ਪ੍ਰਭੂ ਇਸ ਸਰੀਰ-ਰੂਪ ਸੁਹਣੇ ਸਰ ਦੇ ਅੰਦਰ ਹੀ ਹੈ, ਉਸੇ ਦੀ ਬਰਕਤ ਨਾਲ ਹਿਰਦਾ-ਰੂਪ ਕੌਲ ਫੁੱਲ ਸੁਹਣਾ ਖਿੜਿਆ ਰਹਿੰਦਾ ਹੈ,

ਪਰਮ ਜੋਤਿ ਪੁਰਖੋਤਮੋ ਜਾ ਕੈ ਰੇਖ ਨ ਰੂਪ ॥੧॥

ਜਿਸ ਉੱਤਮ ਪੁਰਖ ਪ੍ਰਭੂ ਦੀ ਪਰਮ ਜੋਤ ਦਾ ਰੂਪ-ਰੇਖ ਨਹੀਂ ਦੱਸਿਆ ਜਾ ਸਕਦਾ ॥੧॥

ਰੇ ਮਨ ਹਰਿ ਭਜੁ ਭ੍ਰਮੁ ਤਜਹੁ ਜਗਜੀਵਨ ਰਾਮ ॥੧॥ ਰਹਾਉ ॥

ਹੇ ਮੇਰੇ ਮਨ! (ਮਾਇਆ ਦੇ ਪਿੱਛੇ) ਭਟਕਣਾ ਛੱਡ ਦੇਹ, ਤੇ ਉਸ ਪਰਮਾਤਮਾ ਦਾ ਭਜਨ ਕਰ, ਜੋ ਸਾਰੇ ਜਗਤ ਦਾ ਆਸਰਾ ਹੈ ॥੧॥ ਰਹਾਉ ॥

ਆਵਤ ਕਛੂ ਨ ਦੀਸਈ ਨਹ ਦੀਸੈ ਜਾਤ ॥

ਉਹ ਰੱਬੀ-ਜੋਤ ਨਾਹ ਕਦੇ ਜੰਮਦੀ ਹੈ, ਤੇ ਨਾਹ ਮਰਦੀ ਦਿੱਸਦੀ ਹੈ।

ਜਹ ਉਪਜੈ ਬਿਨਸੈ ਤਹੀ ਜੈਸੇ ਪੁਰਿਵਨ ਪਾਤ ॥੨॥

ਪਰ ਇਹ ਮਾਇਆ ਦੀ ਖੇਡ ਚੁਪੱਤੀ ਦੇ ਪੱਤਿਆਂ ਵਾਂਗ ਉਸੇ (ਪ੍ਰਭੂ ਵਿਚੋਂ) ਪੈਦਾ ਹੁੰਦੀ ਹੈ ਤੇ ਉਸੇ ਵਿਚ ਲੀਨ ਹੋ ਜਾਂਦੀ ਹੈ ॥੨॥

ਮਿਥਿਆ ਕਰਿ ਮਾਇਆ ਤਜੀ ਸੁਖ ਸਹਜ ਬੀਚਾਰਿ ॥

ਸਹਿਜ ਅਵਸਥਾ ਦੇ ਸੁਖ ਦੀ ਵਿਚਾਰ ਕਰ ਕੇ (ਭਾਵ, ਇਹ ਸਮਝ ਕੇ ਕਿ ਮਾਇਆ ਦਾ ਮੋਹ ਛੱਡਿਆਂ, ਮਾਇਆ ਵਿਚ ਡੋਲਣੋਂ ਹਟ ਕੇ, ਸੁਖ ਬਣ ਜਾਇਗਾ, ਕਬੀਰ ਨੇ) ਇਸ ਮਾਇਆ ਨੂੰ ਨਾਸਵੰਤ ਜਾਣ ਕੇ (ਇਸ ਦਾ ਮੋਹ) ਛੱਡ ਦਿੱਤਾ ਹੈ,

ਕਹਿ ਕਬੀਰ ਸੇਵਾ ਕਰਹੁ ਮਨ ਮੰਝਿ ਮੁਰਾਰਿ ॥੩॥੧੦॥

ਤੇ ਹੁਣ ਕਬੀਰ ਆਖਦਾ ਹੈ-ਹੇ ਮਨ! ਆਪਣੇ ਅੰਦਰ ਹੀ (ਟਿਕ ਕੇ) ਪਰਮਾਤਮਾ ਦਾ ਸਿਮਰਨ ਕਰ ॥੩॥੧੦॥


ਬਿਲਾਵਲੁ ॥
ਜਨਮ ਮਰਨ ਕਾ ਭ੍ਰਮੁ ਗਇਆ ਗੋਬਿਦ ਲਿਵ ਲਾਗੀ ॥

(ਮੇਰੇ ਅੰਦਰ) ਸਤਿਗੁਰੂ ਦੀ ਸਿੱਖਿਆ ਨਾਲ ਐਸੀ ਬੁੱਧ ਜਾਗ ਪਈ ਹੈ ਕਿ ਮੇਰੀ ਜਨਮ-ਮਰਨ ਦੀ ਭਟਕਣਾ ਮੁੱਕ ਗਈ ਹੈ,

ਜੀਵਤ ਸੁੰਨਿ ਸਮਾਨਿਆ ਗੁਰ ਸਾਖੀ ਜਾਗੀ ॥੧॥ ਰਹਾਉ ॥

ਪ੍ਰਭੂ-ਚਰਨਾਂ ਵਿਚ ਮੇਰੀ ਸੁਰਤ ਜੁੜ ਗਈ ਹੈ, ਤੇ ਮੈਂ ਜਗਤ ਵਿਚ ਵਿਚਰਦਾ ਹੋਇਆ ਹੀ ਉਸ ਹਾਲਤ ਵਿਚ ਟਿਕਿਆ ਰਹਿੰਦਾ ਹਾਂ ਜਿੱਥੇ ਮਾਇਆ ਦੇ ਫੁਰਨੇ ਨਹੀਂ ਉਠਦੇ ॥੧॥ ਰਹਾਉ ॥

ਕਾਸੀ ਤੇ ਧੁਨਿ ਊਪਜੈ ਧੁਨਿ ਕਾਸੀ ਜਾਈ ॥

ਹੇ ਪੰਡਿਤ! ਜਿਵੇਂ ਕੈਂਹ ਦੇ ਭਾਂਡੇ ਨੂੰ ਠਣਕਾਇਆਂ ਉਸ ਵਿਚੋਂ ਅਵਾਜ਼ ਨਿਕਲਦੀ ਹੈ, ਜੇ (ਠਣਕਾਣਾ) ਛੱਡ ਦੇਈਏ ਤਾਂ ਉਹ ਅਵਾਜ਼ ਕੈਂਹ ਵਿਚ ਹੀ ਮੁੱਕ ਜਾਂਦੀ ਹੈ, ਤਿਵੇਂ ਇਸ ਸਰੀਰਕ ਮੋਹ ਦਾ ਹਾਲ ਹੈ।

ਕਾਸੀ ਫੂਟੀ ਪੰਡਿਤਾ ਧੁਨਿ ਕਹਾਂ ਸਮਾਈ ॥੧॥

ਹੇ ਪੰਡਿਤ! (ਜਦੋਂ ਦੀ ਬੁੱਧ ਜਾਗੀ ਹੈ) ਮੇਰਾ ਸਰੀਰ ਨਾਲੋਂ ਮੋਹ ਮਿਟ ਗਿਆ ਹੈ (ਮੇਰਾ ਇਹ ਮਾਇਕ ਪਦਾਰਥਾਂ ਨਾਲ ਠਟਕਣ ਵਾਲਾ ਭਾਂਡਾ ਭੱਜ ਗਿਆ ਹੈ), ਹੁਣ ਪਤਾ ਹੀ ਨਹੀਂ ਕਿ ਉਹ ਤ੍ਰਿਸ਼ਨਾ ਦੀ ਅਵਾਜ਼ ਕਿੱਥੇ ਜਾ ਗੁੰਮ ਹੋਈ ਹੈ ॥੧॥

ਤ੍ਰਿਕੁਟੀ ਸੰਧਿ ਮੈ ਪੇਖਿਆ ਘਟ ਹੂ ਘਟ ਜਾਗੀ ॥

(ਸਤਿਗੁਰੂ ਦੀ ਸਿੱਖਿਆ ਨਾਲ ਬੁੱਧ ਜਾਗਣ ਤੇ) ਮੈਂ ਅੰਦਰਲੀ ਖਿੱਝ ਦੂਰ ਕਰ ਲਈ ਹੈ, ਹੁਣ ਮੈਨੂੰ ਹਰੇਕ ਘਟ ਵਿਚ ਪ੍ਰਭੂ ਦੀ ਜੋਤ ਜਗਦੀ ਦਿੱਸ ਰਹੀ ਹੈ;

ਐਸੀ ਬੁਧਿ ਸਮਾਚਰੀ ਘਟ ਮਾਹਿ ਤਿਆਗੀ ॥੨॥

ਮੇਰੇ ਅੰਦਰ ਐਸੀ ਮੱਤ ਪੈਦਾ ਹੋ ਗਈ ਹੈ ਕਿ ਮੈਂ ਅੰਦਰੋਂ ਵਿਰਕਤ ਹੋ ਗਿਆ ਹਾਂ ॥੨॥

ਆਪੁ ਆਪ ਤੇ ਜਾਨਿਆ ਤੇਜ ਤੇਜੁ ਸਮਾਨਾ ॥

ਹੁਣ ਅੰਦਰੋਂ ਹੀ ਮੈਨੂੰ ਆਪੇ ਦੀ ਸੂਝ ਪੈ ਗਈ ਹੈ, ਮੇਰੀ ਜੋਤ ਰੱਬੀ-ਜੋਤ ਵਿਚ ਰਲ ਗਈ ਹੈ।

ਕਹੁ ਕਬੀਰ ਅਬ ਜਾਨਿਆ ਗੋਬਿਦ ਮਨੁ ਮਾਨਾ ॥੩॥੧੧॥

ਕਬੀਰ ਆਖਦਾ ਹੈ- ਹੁਣ ਮੈਂ ਗੋਬਿੰਦ ਨਾਲ ਜਾਣ-ਪਛਾਣ ਪਾ ਲਈ ਹੈ, ਮੇਰਾ ਮਨ ਗੋਬਿੰਦ ਨਾਲ ਗਿੱਝ ਗਿਆ ਹੈ ॥੩॥੧੧॥


ਬਿਲਾਵਲੁ ॥
ਚਰਨ ਕਮਲ ਜਾ ਕੈ ਰਿਦੈ ਬਸਹਿ ਸੋ ਜਨੁ ਕਿਉ ਡੋਲੈ ਦੇਵ ॥

ਹੇ ਦੇਵ! ਜਿਸ ਮਨੁੱਖ ਦੇ ਹਿਰਦੇ ਵਿਚ ਤੇਰੇ ਸੁਹਣੇ ਚਰਨ ਵੱਸਦੇ ਹਨ, ਉਹ ਮਾਇਆ ਦੇ ਹੱਥਾਂ ਤੇ ਨਹੀਂ ਨੱਚਦਾ।

ਮਾਨੌ ਸਭ ਸੁਖ ਨਉ ਨਿਧਿ ਤਾ ਕੈ ਸਹਜਿ ਸਹਜਿ ਜਸੁ ਬੋਲੈ ਦੇਵ ॥ ਰਹਾਉ ॥

ਉਹ ਅਡੋਲ ਅਵਸਥਾ ਵਿਚ ਟਿਕਿਆ ਰਹਿ ਕੇ ਤੇਰੀ ਸਿਫ਼ਤਿ-ਸਲਾਹ ਕਰਦਾ ਹੈ। ਉਸ ਦੇ ਅੰਦਰ, ਮਾਨੋ, ਸਾਰੇ ਸੁਖ ਤੇ ਜਗਤ ਦੇ ਨੌ ਹੀ ਖ਼ਜ਼ਾਨੇ ਆ ਜਾਂਦੇ ਹਨ ਰਹਾਉ॥

ਤਬ ਇਹ ਮਤਿ ਜਉ ਸਭ ਮਹਿ ਪੇਖੈ ਕੁਟਿਲ ਗਾਂਠਿ ਜਬ ਖੋਲੈ ਦੇਵ ॥

(ਸਿਮਰਨ ਦੀ ਬਰਕਤ ਨਾਲ) ਜਦੋਂ ਮਨੁੱਖ ਆਪਣੇ ਅੰਦਰੋਂ ਵਿੰਗੀ-ਟੇਢੀ ਘੁੰਡੀ (ਭਾਵ, ਖੋਟ) ਕੱਢਦਾ ਹੈ, ਤਾਂ ਉਸ ਦੇ ਅੰਦਰ ਇਹ ਮੱਤ ਉਪਜਦੀ ਹੈ ਕਿ ਉਸ ਨੂੰ ਹਰ ਥਾਂ ਪ੍ਰਭੂ ਹੀ ਦਿੱਸਦਾ ਹੈ।

ਬਾਰੰ ਬਾਰ ਮਾਇਆ ਤੇ ਅਟਕੈ ਲੈ ਨਰਜਾ ਮਨੁ ਤੋਲੈ ਦੇਵ ॥੧॥

ਉਹ ਮਨੁੱਖ ਮੁੜ ਮੁੜ ਆਪਣੇ ਮਨ ਨੂੰ ਮਾਇਆ ਵਲੋਂ ਰੋਕਦਾ ਹੈ, ਤੇ ਤੱਕੜੀ ਲੈ ਕੇ ਤੋਲਦਾ ਰਹਿੰਦਾ ਹੈ (ਭਾਵ, ਮਨ ਦੇ ਔਗੁਣਾਂ ਨੂੰ ਪੜਤਾਲਦਾ ਰਹਿੰਦਾ ਹੈ) ॥੧॥

ਜਹ ਉਹੁ ਜਾਇ ਤਹੀ ਸੁਖੁ ਪਾਵੈ ਮਾਇਆ ਤਾਸੁ ਨ ਝੋਲੈ ਦੇਵ ॥

ਜਿੱਥੇ ਭੀ ਉਹ ਮਨੁੱਖ ਜਾਂਦਾ ਹੈ, ਉੱਥੇ ਹੀ ਸੁਖ ਪਾਂਦਾ ਹੈ, ਉਸ ਨੂੰ ਮਾਇਆ ਭਰਮਾਂਦੀ ਨਹੀਂ।

ਕਹਿ ਕਬੀਰ ਮੇਰਾ ਮਨੁ ਮਾਨਿਆ ਰਾਮ ਪ੍ਰੀਤਿ ਕੀ ਓਲੈ ਦੇਵ ॥੨॥੧੨॥

ਕਬੀਰ ਆਖਦਾ ਹੈ-ਮੈਂ ਭੀ ਆਪਣੇ ਮਨ ਨੂੰ ਪ੍ਰਭੂ ਦੀ ਪ੍ਰੀਤ ਵਿਚ ਲੀਨ ਕਰ ਦਿੱਤਾ ਹੈ, ਹੁਣ ਇਹ ਮੇਰਾ ਮਨ ਪ੍ਰਭੂ ਨਾਲ ਪਤੀਜ ਗਿਆ ਹੈ ॥੨॥੧੨॥


ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸੰਤੁ ਮਿਲੈ ਕਿਛੁ ਸੁਨੀਐ ਕਹੀਐ ॥

ਜੇ ਕੋਈ ਭਲਾ ਮਨੁੱਖ ਮਿਲ ਪਏ ਤਾਂ (ਉਸ ਦੀ ਸਿੱਖਿਆ) ਸੁਣਨੀ ਚਾਹੀਦੀ ਹੈ, ਤੇ (ਜੀਵਨ ਦੇ ਰਾਹ ਦੀਆਂ ਗੁੰਝਲਾਂ) ਪੁੱਛਣੀਆਂ ਚਾਹੀਦੀਆਂ ਹਨ।

ਮਿਲੈ ਅਸੰਤੁ ਮਸਟਿ ਕਰਿ ਰਹੀਐ ॥੧॥

ਪਰ ਜੇ ਕੋਈ ਭੈੜਾ ਬੰਦਾ ਮਿਲ ਪਏ, ਤਾਂ ਉੱਥੇ ਚੁੱਪ ਰਹਿਣਾ ਹੀ ਠੀਕ ਹੈ ॥੧॥

ਬਾਬਾ ਬੋਲਨਾ ਕਿਆ ਕਹੀਐ ॥

ਹੇ ਭਾਈ! (ਜਗਤ ਵਿਚ ਰਹਿੰਦਿਆਂ) ਕਿਹੋ ਜਿਹੇ ਬੋਲ ਬੋਲੀਏ,

ਜੈਸੇ ਰਾਮ ਨਾਮ ਰਵਿ ਰਹੀਐ ॥੧॥ ਰਹਾਉ ॥

ਜਿਨ੍ਹਾਂ ਦੀ ਬਰਕਤਿ ਨਾਲ ਪਰਮਾਤਮਾ ਦੇ ਨਾਮ ਵਿਚ ਸੁਰਤ ਟਿਕੀ ਰਹੇ? (ਨੋਟ: ਬਾਕੀ ਦੇ ਸਾਰੇ ਸ਼ਬਦ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ) ॥੧॥ ਰਹਾਉ ॥

ਸੰਤਨ ਸਿਉ ਬੋਲੇ ਉਪਕਾਰੀ ॥

(ਕਿਉਂਕਿ) ਭਲਿਆਂ ਨਾਲ ਗੱਲ ਕੀਤਿਆਂ ਕੋਈ ਭਲਾਈ ਦੀ ਗੱਲ ਨਿਕਲੇਗੀ,

ਮੂਰਖ ਸਿਉ ਬੋਲੇ ਝਖ ਮਾਰੀ ॥੨॥

ਤੇ ਮੂਰਖ ਨਾਲ ਬੋਲਿਆਂ ਵਿਅਰਥ ਖਪ-ਖਪਾ ਹੀ ਹੋਵੇਗਾ ॥੨॥

ਬੋਲਤ ਬੋਲਤ ਬਢਹਿ ਬਿਕਾਰਾ ॥

(ਫਿਰ) ਜਿਉਂ ਜਿਉਂ (ਮੂਰਖ ਨਾਲ) ਗੱਲਾਂ ਕਰੀਏ (ਉਸ ਦੇ ਕੁਸੰਗ ਵਿਚ) ਵਿਕਾਰ ਹੀ ਵਿਕਾਰ ਵਧਦੇ ਹਨ; (ਪਰ ਇਸ ਦਾ ਭਾਵ ਇਹ ਨਹੀਂ ਕਿ ਕਿਸੇ ਨਾਲ ਭੀ ਬਹਿਣਾ-ਖਲੋਣਾ ਨਹੀਂ ਚਾਹੀਦਾ)।

ਬਿਨੁ ਬੋਲੇ ਕਿਆ ਕਰਹਿ ਬੀਚਾਰਾ ॥੩॥

ਜੇ ਭਲੇ ਮਨੁੱਖਾਂ ਨਾਲ ਭੀ ਨਹੀਂ ਬੋਲਾਂਗੇ, (ਭਾਵ, ਜੇ ਭਲਿਆਂ ਪਾਸ ਭੀ ਨਹੀਂ ਬੈਠਾਂਗੇ) ਤਾਂ ਵਿਚਾਰ ਦੀਆਂ ਗੱਲਾਂ ਕਿਵੇਂ ਕਰ ਸਕਦੇ ਹਾਂ? ॥੩॥

ਕਹੁ ਕਬੀਰ ਛੂਛਾ ਘਟੁ ਬੋਲੈ ॥

ਕਬੀਰ ਆਖਦਾ ਹੈ- ਸੱਚੀ ਗੱਲ ਇਹ ਹੈ ਕਿ (ਜਿਵੇਂ) ਖ਼ਾਲੀ ਘੜਾ ਬੋਲਦਾ ਹੈ, ਜੇ ਉਹ (ਪਾਣੀ ਨਾਲ) ਭਰਿਆ ਹੋਇਆ ਹੋਵੇ ਤਾਂ ਉਹ ਕਦੇ ਡੋਲਦਾ ਨਹੀਂ (ਇਸੇ ਤਰ੍ਹਾਂ ਬਹੁਤੀਆਂ ਫ਼ਾਲਤੂ ਗੱਲਾਂ ਗੁਣ-ਹੀਨ ਮਨੁੱਖ ਹੀ ਕਰਦਾ ਹੈ।

ਭਰਿਆ ਹੋਇ ਸੁ ਕਬਹੁ ਨ ਡੋਲੈ ॥੪॥੧॥

ਜੋ ਗੁਣਵਾਨ ਹੈ ਉਹ ਅਡੋਲ ਰਹਿੰਦਾ ਹੈ। ਸੋ, ਜਗਤ ਵਿਚ ਕੋਈ ਐਸਾ ਉੱਦਮ ਕਰੀਏ, ਜਿਸ ਨਾਲ ਗੁਣ ਗ੍ਰਹਿਣ ਕਰ ਸਕੀਏ, ਤੇ ਇਹ ਗੁਣ ਮਿਲ ਸਕਦੇ ਹਨ ਭਲਿਆਂ ਪਾਸੋਂ ਹੀ) ॥੪॥੧॥


ਗੋਂਡ ॥
ਨਰੂ ਮਰੈ ਨਰੁ ਕਾਮਿ ਨ ਆਵੈ ॥

(ਮੈਨੂੰ ਕਦੇ ਸੋਚ ਹੀ ਨਹੀਂ ਫੁਰਦੀ ਕਿ ਮੈਂ ਕਿਸ ਸਰੀਰ ਤੇ ਮਾਣ ਕਰ ਕੇ ਮੰਦੇ ਕੰਮ ਕਰਦਾ ਰਹਿੰਦਾ ਹਾਂ, ਮੇਰਾ ਅਸਲਾ ਤਾਂ ਇਹੀ ਹੈ ਨਾ ਕਿ) ਜਦੋਂ ਮਨੁੱਖ ਮਰ ਜਾਂਦਾ ਹੈ ਤਾਂ ਮਨੁੱਖ (ਦਾ ਸਰੀਰ) ਕਿਸੇ ਕੰਮ ਨਹੀਂ ਆਉਂਦਾ,

ਪਸੂ ਮਰੈ ਦਸ ਕਾਜ ਸਵਾਰੈ ॥੧॥

ਪਰ ਪਸ਼ੂ ਮਰਦਾ ਹੈ ਤਾਂ (ਫਿਰ ਭੀ ਉਸ ਦਾ ਸਰੀਰ ਮਨੁੱਖ ਦੇ) ਕਈ ਕੰਮ ਸਵਾਰਦਾ ਹੈ ॥੧॥

ਅਪਨੇ ਕਰਮ ਕੀ ਗਤਿ ਮੈ ਕਿਆ ਜਾਨਉ ॥

ਹੇ ਬਾਬਾ! ਮੈਂ ਕਦੇ ਸੋਚਦਾ ਹੀ ਨਹੀਂ ਕਿ ਮੈਂ ਕਿਹੋ ਜਿਹੇ ਨਿੱਤ-ਕਰਮ ਕਰੀ ਜਾ ਰਿਹਾ ਹਾਂ, (ਮੈਂ ਮੰਦੇ ਪਾਸੇ ਹੀ ਲੱਗਾ ਰਹਿੰਦਾ ਹਾਂ, ਤੇ)

ਮੈ ਕਿਆ ਜਾਨਉ ਬਾਬਾ ਰੇ ॥੧॥ ਰਹਾਉ ॥

ਮੈਨੂੰ ਖ਼ਿਆਲ ਹੀ ਨਹੀਂ ਆਉਂਦਾ ॥੧॥ ਰਹਾਉ ॥

ਹਾਡ ਜਲੇ ਜੈਸੇ ਲਕਰੀ ਕਾ ਤੂਲਾ ॥

(ਹੇ ਬਾਬਾ! ਮੈਂ ਕਦੇ ਸੋਚਿਆ ਹੀ ਨਹੀਂ ਕਿ ਮੌਤ ਆਇਆਂ ਇਸ ਸਰੀਰ ਦੀਆਂ) ਹੱਡੀਆਂ ਲੱਕੜਾਂ ਦੇ ਢੇਰ ਵਾਂਗ ਸੜ ਜਾਂਦੀਆਂ ਹਨ,

ਕੇਸ ਜਲੇ ਜੈਸੇ ਘਾਸ ਕਾ ਪੂਲਾ ॥੨॥

ਤੇ (ਇਸ ਦੇ) ਕੇਸ ਘਾਹ ਦੇ ਪੂਲੇ ਵਾਂਘ ਸੜ ਜਾਂਦੇ ਹਨ (ਤੇ ਜਿਸ ਸਰੀਰ ਦਾ ਮਗਰੋਂ ਇਹ ਹਾਲ ਹੁੰਦਾ ਹੈ, ਉਸੇ ਉੱਤੇ ਮੈਂ ਸਾਰੀ ਉਮਰ ਮਾਣ ਕਰਦਾ ਰਹਿੰਦਾ ਹਾਂ) ॥੨॥

ਕਹੁ ਕਬੀਰ ਤਬ ਹੀ ਨਰੁ ਜਾਗੈ ॥

(ਪਰ) ਕਬੀਰ ਆਖਦਾ ਹੈ- ਸੱਚ ਇਹ ਹੈ ਕਿ ਮਨੁੱਖ ਇਸ ਮੂਰਖਤਾ ਵਲੋਂ ਤਦੋਂ ਹੀ ਜਾਗਦਾ ਹੈ (ਤਦੋਂ ਹੀ ਪਛਤਾਉਂਦਾ ਹੈ)

ਜਮ ਕਾ ਡੰਡੁ ਮੂੰਡ ਮਹਿ ਲਾਗੈ ॥੩॥੨॥

ਜਦੋਂ ਮੌਤ ਦਾ ਡੰਡਾ ਇਸ ਦੇ ਸਿਰ ਉੱਤੇ ਆ ਵੱਜਦਾ ਹੈ ॥੩॥੨॥


ਗੋਂਡ ॥
ਆਕਾਸਿ ਗਗਨੁ ਪਾਤਾਲਿ ਗਗਨੁ ਹੈ ਚਹੁ ਦਿਸਿ ਗਗਨੁ ਰਹਾਇਲੇ ॥

(ਇਹ ਜਿੰਦ ਜਿਸ ਦਾ ਅੰਸ਼ ਹੈ ਉਹ) ਚੇਤਨ-ਸੱਤਾ ਅਕਾਸ਼ ਤੋਂ ਪਤਾਲ ਤੱਕ ਹਰ ਪਾਸੇ ਮੌਜੂਦ ਹੈ।

ਆਨਦ ਮੂਲੁ ਸਦਾ ਪੁਰਖੋਤਮੁ ਘਟੁ ਬਿਨਸੈ ਗਗਨੁ ਨ ਜਾਇਲੇ ॥੧॥

ਉਹੀ (ਜੀਵਾਂ ਦੇ) ਸੁਖ ਦਾ ਮੂਲ-ਕਾਰਨ ਹੈ। ਉਹ ਸਦਾ ਕਾਇਮ ਰਹਿਣ ਵਾਲਾ ਹੈ, ਉਹ ਹੀ (ਹੈ ਜਿਸ ਨੂੰ) ਉੱਤਮ ਪੁਰਖ (ਪਰਮਾਤਮਾ ਕਹੀਦਾ) ਹੈ। (ਜੀਵਾਂ ਦਾ) ਸਰੀਰ ਨਾਸ ਹੋ ਜਾਂਦਾ ਹੈ, ਪਰ (ਸਰੀਰ ਵਿਚ ਵੱਸਦੀ ਜਿੰਦ ਦਾ ਸੋਮਾ) ਚੇਤਨ-ਸੱਤਾ ਨਾਸ ਨਹੀਂ ਹੁੰਦੀ ॥੧॥

ਮੋਹਿ ਬੈਰਾਗੁ ਭਇਓ ॥

ਮੇਰੇ ਮਨ ਵਿੱਚ (ਹੋਰਨਾਂ ਗੱਲਾਂ ਵਲੋਂ) ਉਪਰਾਮਤਾ ਹੋ ਰਹੀ ਹੈ, (ਮੈਨੂੰ ਹੋਰ ਗੱਲਾਂ ਗ਼ੈਰ-ਜ਼ਰੂਰੀ ਜਾਪਦੀਆਂ ਹਨ।)

ਇਹੁ ਜੀਉ ਆਇ ਕਹਾ ਗਇਓ ॥੧॥ ਰਹਾਉ ॥

ਮੇਰਾ ਨਿਸ਼ਚਾ ਹੁਣ ਇਸ ਗੱਲ ਉੱਤੇ ਟਿਕ ਗਿਆ ਹੈ ਕਿ ਇਹ ਜਿੰਦ ਕਦੇ ਮਰਦੀ ਨਹੀਂ (ਕਿਉਂਕਿ ਇਹ ਜਿੰਦ ਉਸ ਸਰਬ-ਵਿਆਪਕ ਸਦਾ-ਥਿਰ ਚੇਤਨ-ਸੱਤਾ ਦਾ ਅੰਸ਼ ਹੈ) ॥੧॥ ਰਹਾਉ ॥

ਪੰਚ ਤਤੁ ਮਿਲਿ ਕਾਇਆ ਕੀਨੑੀ ਤਤੁ ਕਹਾ ਤੇ ਕੀਨੁ ਰੇ ॥

ਪੰਜਾਂ ਤੱਤਾਂ ਨੇ ਮਿਲ ਕੇ ਇਹ ਸਰੀਰ ਬਣਾਇਆ ਹੈ (ਪਰ ਇਹਨਾਂ ਤੱਤਾਂ ਦੀ ਭੀ ਕੋਈ ਵੱਖਰੀ ਹਸਤੀ ਨਹੀਂ ਹੈ), ਇਹ ਤੱਤ ਭੀ ਹੋਰ ਕਿੱਥੋਂ ਬਣਨੇ ਸਨ? (ਇਹ ਭੀ ਚੇਤਨ-ਸੱਤਾ ਤੋਂ ਹੀ ਬਣੇ ਹਨ)।

ਕਰਮ ਬਧ ਤੁਮ ਜੀਉ ਕਹਤ ਹੌ ਕਰਮਹਿ ਕਿਨਿ ਜੀਉ ਦੀਨੁ ਰੇ ॥੨॥

ਤੁਸੀ ਲੋਕ ਇਹ ਆਖਦੇ ਹੋ ਕਿ ਜੀਵਾਤਮਾ ਕੀਤੇ ਕਰਮਾਂ ਕਰਮਾਂ ਦਾ ਬੱਝਾ ਹੋਇਆ ਹੈ, (ਪਰ ਅਸਲ ਗੱਲ ਇਹ ਹੈ ਕਿ) ਕਰਮਾਂ ਨੂੰ ਭੀ ਪਹਿਲਾਂ ਚੇਤਨ-ਸੱਤਾ ਤੋਂ ਬਿਨਾ ਹੋਰ ਕਿਸ ਨੇ ਵਜੂਦ ਵਿਚ ਲਿਆਉਣਾ ਸੀ? (ਭਾਵ, ਕਰਮਾਂ ਨੂੰ ਭੀ ਪਹਿਲਾਂ ਇਹ ਚੇਤਨ-ਸੱਤਾ ਹੀ ਵਜੂਦ ਵਿਚ ਲਿਆਉਂਦੀ ਹੈ) ॥੨॥

ਹਰਿ ਮਹਿ ਤਨੁ ਹੈ ਤਨ ਮਹਿ ਹਰਿ ਹੈ ਸਰਬ ਨਿਰੰਤਰਿ ਸੋਇ ਰੇ ॥

ਹੇ ਭਾਈ! ਉਸ ਚੇਤਨ-ਸੱਤਾ ਪ੍ਰਭੂ ਦੇ ਅੰਦਰ ਇਹ (ਜੀਵਾਂ ਦਾ) ਸਰੀਰ ਵਜੂਦ ਵਿਚ ਆਉਂਦਾ ਹੈ, ਤੇ ਸਰੀਰਾਂ ਵਿਚ ਉਹ ਪ੍ਰਭੂ ਵੱਸਦਾ ਹੈ। ਸਭਨਾਂ ਦੇ ਅੰਦਰ ਉਹੀ ਹੈ, ਕਿਤੇ ਵਿੱਥ ਨਹੀਂ ਹੈ।

ਕਹਿ ਕਬੀਰ ਰਾਮ ਨਾਮੁ ਨ ਛੋਡਉ ਸਹਜੇ ਹੋਇ ਸੁ ਹੋਇ ਰੇ ॥੩॥੩॥

ਸੋ, ਕਬੀਰ ਆਖਦਾ ਹੈ-ਐਸੇ ਚੇਤਨ-ਸੱਤਾ ਪਰਮਾਤਮਾ ਦਾ ਨਾਮ ਮੈਂ ਕਦੇ ਨਹੀਂ ਭੁਲਾਵਾਂਗਾ, (ਨਾਮ ਸਿਮਰਨ ਦੀ ਬਰਕਤਿ ਨਾਲ ਹੀ ਇਹ ਸਮਝ ਆਉਂਦੀ ਹੈ ਕਿ) ਜੋ ਕੁਝ ਜਗਤ ਵਿਚ ਹੋ ਰਿਹਾ ਹੈ ਸੁਤੇ ਹੀ (ਉਸ ਚੇਤਨ-ਸੱਤਾ ਪ੍ਰਭੂ ਦੀ ਰਜ਼ਾ ਵਿਚ) ਹੋ ਰਿਹਾ ਹੈ ॥੩॥੩॥


ਰਾਗੁ ਗੋਂਡ ਬਾਣੀ ਕਬੀਰ ਜੀਉ ਕੀ ਘਰੁ ੨ ॥

ਰਾਗ ਗੋਂਡ, ਘਰ ੨ ਵਿੱਚ ਭਗਤ ਕਬੀਰ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਭੁਜਾ ਬਾਂਧਿ ਭਿਲਾ ਕਰਿ ਡਾਰਿਓ ॥

ਮੇਰੀਆਂ ਬਾਹਾਂ ਬੰਨ੍ਹ ਕੇ ਢੇਮ ਵਾਂਗ (ਮੈਨੂੰ ਇਹਨਾਂ ਲੋਕਾਂ ਹਾਥੀ ਅੱਗੇ) ਸੁੱਟ ਦਿੱਤਾ ਹੈ,

ਹਸਤੀ ਕ੍ਰੋਪਿ ਮੂੰਡ ਮਹਿ ਮਾਰਿਓ ॥

(ਮਹਾਵਤ ਨੇ) ਗੁੱਸੇ ਵਿਚ ਆ ਕੇ ਹਾਥੀ ਦੇ ਸਿਰ ਉੱਤੇ (ਸੱਟ) ਮਾਰੀ ਹੈ।

ਹਸਤਿ ਭਾਗਿ ਕੈ ਚੀਸਾ ਮਾਰੈ ॥

ਪਰ ਹਾਥੀ (ਮੈਨੂੰ ਪੈਰਾਂ ਹੇਠ ਲਿਤਾੜਨ ਦੇ ਥਾਂ) ਚੀਕਾਂ ਮਾਰ ਕੇ (ਹੋਰ ਪਾਸੇ) ਭੱਜਦਾ ਹੈ,

ਇਆ ਮੂਰਤਿ ਕੈ ਹਉ ਬਲਿਹਾਰੈ ॥੧॥

(ਜਿਵੇਂ ਆਖਦਾ ਹੈ-) ਮੈਂ ਸਦਕੇ ਹਾਂ ਇਸ ਸੋਹਣੇ ਬੰਦੇ ਤੋਂ ॥੧॥

ਆਹਿ ਮੇਰੇ ਠਾਕੁਰ ਤੁਮਰਾ ਜੋਰੁ ॥

ਹੇ ਮੇਰੇ ਪ੍ਰਭੂ! ਮੈਨੂੰ ਤੇਰਾ ਤਾਣ ਹੈ (ਸੋ, ਤੇਰੀ ਬਰਕਤਿ ਨਾਲ ਮੈਨੂੰ ਕੋਈ ਫ਼ਿਕਰ ਨਹੀਂ ਹੈ)।

ਕਾਜੀ ਬਕਿਬੋ ਹਸਤੀ ਤੋਰੁ ॥੧॥ ਰਹਾਉ ॥

ਕਾਜ਼ੀ ਤਾਂ ਕਹਿ ਰਿਹਾ ਹੈ ਕਿ (ਇਸ ਕਬੀਰ ਉੱਤੇ) ਹਾਥੀ ਚਾੜ੍ਹ ਦੇਹ ॥੧॥ ਰਹਾਉ ॥

ਰੇ ਮਹਾਵਤ ਤੁਝੁ ਡਾਰਉ ਕਾਟਿ ॥

(ਕਾਜ਼ੀ ਆਖਦਾ ਹੈ-) ਨਹੀਂ ਤਾਂ ਮੈਂ ਤੇਰਾ ਸਿਰ ਉਤਰਾ ਦਿਆਂਗਾ,

ਇਸਹਿ ਤੁਰਾਵਹੁ ਘਾਲਹੁ ਸਾਟਿ ॥

ਇਸ ਹਾਥੀ ਨੂੰ ਸੱਟ ਮਾਰ ਤੇ (ਕਬੀਰ ਵਲ) ਤੋਰ।

ਹਸਤਿ ਨ ਤੋਰੈ ਧਰੈ ਧਿਆਨੁ ॥

ਪਰ ਹਾਥੀ ਤੁਰਦਾ ਨਹੀਂ (ਉਹ ਤਾਂ ਇਉਂ ਦਿੱਸਦਾ ਹੈ ਜਿਵੇਂ) ਪ੍ਰਭੂ-ਚਰਨਾਂ ਵਿਚ ਮਸਤ ਹੈ,

ਵਾ ਕੈ ਰਿਦੈ ਬਸੈ ਭਗਵਾਨੁ ॥੨॥

(ਜਿਵੇਂ) ਉਸ ਦੇ ਹਿਰਦੇ ਵਿਚ ਪਰਮਾਤਮਾ (ਪਰਗਟ ਹੋ ਕੇ) ਵੱਸ ਰਿਹਾ ਹੈ ॥੨॥

ਕਿਆ ਅਪਰਾਧੁ ਸੰਤ ਹੈ ਕੀਨੑਾ ॥

ਭਲਾ ਮੈਂ ਆਪਣੇ ਪ੍ਰਭੂ ਦੇ ਸੇਵਕ ਨੇ ਇਹਨਾਂ ਦਾ ਕੀਹ ਵਿਗਾੜ ਕੀਤਾ ਸੀ?

ਬਾਂਧਿ ਪੋਟ ਕੁੰਚਰ ਕਉ ਦੀਨੑਾ ॥

ਜੋ ਮੇਰੀ ਪੋਟਲੀ ਬੰਨ੍ਹ ਕੇ (ਇਹਨਾਂ ਮੈਨੂੰ) ਹਾਥੀ ਅੱਗੇ ਸੁੱਟ ਦਿੱਤਾ।

ਕੁੰਚਰੁ ਪੋਟ ਲੈ ਲੈ ਨਮਸਕਾਰੈ ॥

(ਭਾਵੇਂ ਕਿ) ਹਾਥੀ (ਮੇਰੇ ਸਰੀਰ ਦੀ ਬਣੀ) ਪੋਟਲੀ ਨੂੰ ਮੁੜ ਮੁੜ ਸਿਰ ਨਿਵਾ ਰਿਹਾ ਹੈ,

ਬੂਝੀ ਨਹੀ ਕਾਜੀ ਅੰਧਿਆਰੈ ॥੩॥

ਪਰ ਕਾਜ਼ੀ ਨੂੰ (ਤੁਅੱਸਬ ਦੇ) ਹਨੇਰੇ ਵਿਚ ਇਹ ਸਮਝ ਹੀ ਨਹੀਂ ਆਈ ॥੩॥

ਤੀਨਿ ਬਾਰ ਪਤੀਆ ਭਰਿ ਲੀਨਾ ॥

(ਕਾਜ਼ੀ ਨੇ ਹਾਥੀ ਨੂੰ ਮੇਰੇ ਉਪਰ ਚਾੜ੍ਹ ਚਾੜ੍ਹ ਕੇ) ਤਿੰਨ ਵਾਰੀ ਪਰਤਾਵਾ ਲਿਆ,

ਮਨ ਕਠੋਰੁ ਅਜਹੂ ਨ ਪਤੀਨਾ ॥

ਪਰ ਉਸ ਦੀ (ਫਿਰ ਭੀ) ਤਸੱਲੀ ਨਾਹ ਹੋਈ (ਕਿਉਂਕਿ ਉਹ) ਮਨ ਦਾ ਕਠੋਰ ਸੀ।

ਕਹਿ ਕਬੀਰ ਹਮਰਾ ਗੋਬਿੰਦੁ ॥

ਕਬੀਰ ਆਖਦਾ ਹੈ-(ਕਾਜ਼ੀ ਨੂੰ ਇਹ ਸਮਝ ਨਾਹ ਆਈ ਕਿ) ਸਾਡਾ (ਪ੍ਰਭੂ ਦੇ ਸੇਵਕਾਂ ਦਾ ਰਾਖਾ) ਪਰਮਾਤਮਾ ਹੈ,

ਚਉਥੇ ਪਦ ਮਹਿ ਜਨ ਕੀ ਜਿੰਦੁ ॥੪॥੧॥੪॥

ਪ੍ਰਭੂ ਦੇ ਦਾਸਾਂ ਦੀ ਜਿੰਦ ਸਦਾ ਉਸ ਅਵਸਥਾ ਵਿਚ, ਜੋ ਤਿੰਨ ਗੁਣਾਂ ਤੋਂ ਉਤਾਂਹ ਹੈ, ਪ੍ਰਭੂ-ਚਰਨਾਂ ਵਿਚ ਟਿਕੀ ਰਹਿੰਦੀ ਹੈ (ਇਸ ਵਾਸਤੇ ਉਹਨਾਂ ਨੂੰ ਕੋਈ ਡਰਾ ਧਮਕਾ ਨਹੀਂ ਸਕਦਾ) ॥੪॥੧॥੪॥


ਗੋਂਡ ॥
ਨਾ ਇਹੁ ਮਾਨਸੁ ਨਾ ਇਹੁ ਦੇਉ ॥

(ਕੀਹ ਮਨੁੱਖ, ਕੀਹ ਦੇਵਤਾ; ਕੀਹ ਜਤੀ, ਤੇ ਕੀਹ ਸ਼ਿਵ-ਉਪਾਸ਼ਕ; ਕੀਹ ਜੋਗੀ, ਤੇ ਕੀਹ ਤਿਆਗੀ; ਹਰੇਕ ਵਿਚ ਇੱਕ ਉਹੀ ਵੱਸਦਾ ਹੈ; ਪਰ ਫਿਰ ਭੀ ਸਦਾ ਲਈ) ਨਾਹ ਇਹ ਮਨੁੱਖ ਹੈ ਨਾਹ ਦੇਵਤਾ;

ਨਾ ਇਹੁ ਜਤੀ ਕਹਾਵੈ ਸੇਉ ॥

ਨਾਹ ਜਤੀ ਹੈ ਨਾਹ ਸ਼ਿਵ-ਉਪਾਸ਼ਕ,

ਨਾ ਇਹੁ ਜੋਗੀ ਨਾ ਅਵਧੂਤਾ ॥

ਨਾਹ ਜੋਗੀ ਹੈ, ਨਾਹ ਤਿਆਗੀ;

ਨਾ ਇਸੁ ਮਾਇ ਨ ਕਾਹੂ ਪੂਤਾ ॥੧॥

ਨਾਹ ਇਸ ਦੀ ਕੋਈ ਮਾਂ ਹੈ ਨਾਹ ਇਹ ਕਿਸੇ ਦਾ ਪੁੱਤਰ ॥੧॥

ਇਆ ਮੰਦਰ ਮਹਿ ਕੌਨ ਬਸਾਈ ॥

(ਸਾਡੇ) ਇਸ ਸਰੀਰ-ਰੂਪ ਘਰ ਵਿਚ ਕੌਣ ਵੱਸਦਾ ਹੈ? ਉਸ ਦਾ ਕੀਹ ਅਸਲਾ ਹੈ?

ਤਾ ਕਾ ਅੰਤੁ ਨ ਕੋਊ ਪਾਈ ॥੧॥ ਰਹਾਉ ॥

ਇਸ ਗੱਲ ਦੀ ਤਹਿ ਵਿਚ ਕੋਈ ਨਹੀਂ ਅੱਪੜਿਆ ॥੧॥ ਰਹਾਉ ॥

ਨਾ ਇਹੁ ਗਿਰਹੀ ਨਾ ਓਦਾਸੀ ॥

(ਗ੍ਰਿਹਸਤੀ, ਉਦਾਸੀ; ਰਾਜਾ, ਕੰਗਾਲ; ਬ੍ਰਾਹਮਣ, ਖੱਤ੍ਰੀ; ਸਭ ਵਿਚ ਇਹੀ ਵੱਸਦਾ ਹੈ; ਫਿਰ ਭੀ ਇਹਨਾਂ ਵਿਚ ਰਹਿਣ ਕਰ ਕੇ ਸਦਾ ਲਈ) ਨਾਹ ਇਹ ਗ੍ਰਿਹਸਤੀ ਹੈ ਨਾਹ ਉਦਾਸੀ,

ਨਾ ਇਹੁ ਰਾਜ ਨ ਭੀਖ ਮੰਗਾਸੀ ॥

ਨਾਹ ਇਹ ਰਾਜਾ ਹੈ ਨਾਹ ਮੰਗਤਾ;

ਨਾ ਇਸੁ ਪਿੰਡੁ ਨ ਰਕਤੂ ਰਾਤੀ ॥

ਨਾਹ ਇਸ ਦਾ ਕੋਈ ਸਰੀਰ ਹੈ ਨਾਹ ਇਸ ਵਿਚ ਰਤਾ ਭਰ ਭੀ ਲਹੂ ਹੈ;

ਨਾ ਇਹੁ ਬ੍ਰਹਮਨੁ ਨਾ ਇਹੁ ਖਾਤੀ ॥੨॥

ਨਾਹ ਇਹ ਬ੍ਰਾਹਮਣ ਹੈ ਨਾਹ ਖੱਤ੍ਰੀ ॥੨॥

ਨਾ ਇਹੁ ਤਪਾ ਕਹਾਵੈ ਸੇਖੁ ॥

(ਤਪੇ, ਸ਼ੇਖ਼, ਸਭ ਵਿਚ ਇਹੀ ਹੈ; ਸਭ ਸਰੀਰਾਂ ਵਿਚ ਆ ਕੇ ਜੰਮਦਾ ਮਰਦਾ ਭੀ ਜਾਪਦਾ ਹੈ, ਫਿਰ ਭੀ ਸਦਾ ਲਈ) ਨਾਹ ਇਹ ਕੋਈ ਤਪਸ੍ਵੀ ਹੈ ਨਾਹ ਕੋਈ ਸ਼ੇਖ਼ ਹੈ;

ਨਾ ਇਹੁ ਜੀਵੈ ਨ ਮਰਤਾ ਦੇਖੁ ॥

ਨਾਹ ਇਹ ਜੰਮਦਾ ਹੈ ਨਾਹ ਮਰਦਾ ਹੈ।

ਇਸੁ ਮਰਤੇ ਕਉ ਜੇ ਕੋਊ ਰੋਵੈ ॥

ਜਿਹੜਾ ਕੋਈ ਜੀਵ ਇਸ (ਅੰਦਰ-ਵੱਸਦੇ) ਨੂੰ ਮਰਦਾ ਸਮਝ ਕੇ ਰੋਂਦਾ ਹੈ,

ਜੋ ਰੋਵੈ ਸੋਈ ਪਤਿ ਖੋਵੈ ॥੩॥

ਉਹ (ਜੋ ਰੋਂਦਾ ਹੈ) ਖ਼ੁਆਰ ਹੀ ਹੁੰਦਾ ਹੈ ॥੩॥

ਗੁਰਪ੍ਰਸਾਦਿ ਮੈ ਡਗਰੋ ਪਾਇਆ ॥

(ਜਦੋਂ ਦਾ) ਮੈਂ ਆਪਣੇ ਗੁਰੂ ਦੀ ਕਿਰਪਾ ਨਾਲ (ਜ਼ਿੰਦਗੀ ਦਾ ਸਹੀ) ਰਸਤਾ ਲੱਭਾ ਹੈ,

ਜੀਵਨ ਮਰਨੁ ਦੋਊ ਮਿਟਵਾਇਆ ॥

ਮੈਂ ਆਪਣਾ ਜਨਮ ਮਰਨ ਦੋਵੇਂ ਖ਼ਤਮ ਕਰਾ ਲਏ ਹਨ (ਭਾਵ, ਮੇਰਾ ਜਨਮ-ਮਰਨ ਦਾ ਗੇੜ ਮੁੱਕ ਗਿਆ ਹੈ।

ਕਹੁ ਕਬੀਰ ਇਹੁ ਰਾਮ ਕੀ ਅੰਸੁ ॥

ਕਬੀਰ ਆਖਦਾ ਹੈ- (ਹੁਣ ਮੈਨੂੰ ਸਮਝ ਆ ਗਈ ਹੈ ਕਿ) ਸਾਡੇ ਅੰਦਰ ਵੱਸਣ ਵਾਲਾ ਇਹ ਪਰਮਾਤਮਾ ਦੀ ਅੰਸ ਹੈ,

ਜਸ ਕਾਗਦ ਪਰ ਮਿਟੈ ਨ ਮੰਸੁ ॥੪॥੨॥੫॥

ਤੇ ਇਹ ਦੋਵੇਂ ਆਪੋ ਵਿਚ ਇਉਂ ਜੁੜੇ ਹੋਏ ਹਨ ਜਿਵੇਂ ਕਾਗ਼ਜ਼ ਅਤੇ (ਕਾਗ਼ਜ਼ ਉੱਤੇ ਲਿਖੇ ਅੱਖਰਾਂ ਦੀ) ਸਿਆਹੀ ॥੪॥੨॥੫॥


ਗੋਂਡ ॥
ਤੂਟੇ ਤਾਗੇ ਨਿਖੁਟੀ ਪਾਨਿ ॥

(ਇਸ ਨੂੰ ਘਰ ਦੇ ਕੰਮ-ਕਾਜ ਦਾ ਕੋਈ ਫ਼ਿਕਰ ਹੀ ਨਹੀਂ, ਜੇ) ਤਾਣੀ ਦੇ ਧਾਗੇ ਟੁੱਟੇ ਪਏ ਹਨ (ਤਾਂ ਟੁੱਟੇ ਹੀ ਰਹਿੰਦੇ ਹਨ), ਜੇ ਪਾਣ ਮੁੱਕ ਗਈ ਹੈ (ਤਾਂ ਮੁੱਕੀ ਹੀ ਪਈ ਹੈ)।

ਦੁਆਰ ਊਪਰਿ ਝਿਲਕਾਵਹਿ ਕਾਨ ॥

ਬੂਹੇ ਤੇ (ਸੱਖਣੇ) ਕਾਨੇ ਪਏ ਲਿਸ਼ਕਦੇ ਹਨ (ਵਰਤਣ ਖੁਣੋਂ ਪਏ ਹਨ);

ਕੂਚ ਬਿਚਾਰੇ ਫੂਏ ਫਾਲ ॥

ਵਿਚਾਰੇ ਕੁੱਚ ਤੀਲਾ ਤੀਲਾ ਹੋ ਰਹੇ ਹਨ;

ਇਆ ਮੁੰਡੀਆ ਸਿਰਿ ਚਢਿਬੋ ਕਾਲ ॥੧॥

(ਪਤਾ ਨਹੀਂ ਇਸ ਸਾਧੂ ਦਾ ਕੀਹ ਬਣੇਗਾ), ਇਸ ਸਾਧੂ ਦੇ ਸਿਰ ਮੌਤ ਸਵਾਰ ਹੋਈ ਜਾਪਦੀ ਹੈ ॥੧॥

ਇਹੁ ਮੁੰਡੀਆ ਸਗਲੋ ਦ੍ਰਬੁ ਖੋਈ ॥

(ਮੇਰਾ) ਇਹ (ਖਸਮ) ਸਾਧੂ ਸਾਰਾ (ਕਮਾਇਆ) ਧਨ ਗਵਾਈ ਜਾਂਦਾ ਹੈ।

ਆਵਤ ਜਾਤ ਨਾਕ ਸਰ ਹੋਈ ॥੧॥ ਰਹਾਉ ॥

(ਇਸ ਦੇ ਸਤਸੰਗੀਆਂ ਦੀ) ਆਵਾਜਾਈ ਨਾਲ ਮੇਰੀ ਨੱਕ-ਜਿੰਦ ਆਈ ਪਈ ਹੈ ॥੧॥ ਰਹਾਉ ॥

ਤੁਰੀ ਨਾਰਿ ਕੀ ਛੋਡੀ ਬਾਤਾ ॥

ਤੁਰੀ ਤੇ ਨਾਲਾਂ (ਦੇ ਵਰਤਣ) ਦਾ ਇਸ ਨੂੰ ਚੇਤਾ ਹੀ ਨਹੀਂ (ਭਾਵ, ਕੱਪੜਾ ਉਣਨ ਦਾ ਇਸ ਨੂੰ ਕੋਈ ਖ਼ਿਆਲ ਹੀ ਨਹੀਂ ਹੈ)।

ਰਾਮ ਨਾਮ ਵਾ ਕਾ ਮਨੁ ਰਾਤਾ ॥

ਇਸ ਦਾ ਮਨ ਸਦਾ ਰਾਮ-ਨਾਮ ਵਿਚ ਰੰਗਿਆ ਰਹਿੰਦਾ ਹੈ।

ਲਰਿਕੀ ਲਰਿਕਨ ਖੈਬੋ ਨਾਹਿ ॥

(ਘਰ ਵਿਚ) ਕੁੜੀ ਮੁੰਡਿਆਂ ਦੇ ਖਾਣ ਜੋਗਾ ਕੁਝ ਨਹੀਂ (ਰਹਿੰਦਾ)

ਮੁੰਡੀਆ ਅਨਦਿਨੁ ਧਾਪੇ ਜਾਹਿ ॥੨॥

ਪਰ ਇਸ ਦੇ ਸਤਸੰਗੀ ਹਰ ਰੋਜ਼ ਰੱਜ ਕੇ ਜਾਂਦੇ ਹਨ। (ਨੋਟ: ਸ਼ਿਕਾਇਤ ਇਹੀ ਹੈ ਕਿ ਸਾਂਭ ਕੇ ਨਹੀਂ ਰੱਖਦਾ। ਕੰਮ ਕਰਨਾ ਨਹੀਂ ਛੱਡਿਆ) ॥੨॥

ਇਕ ਦੁਇ ਮੰਦਰਿ ਇਕ ਦੁਇ ਬਾਟ ॥

ਜੇ ਇੱਕ ਦੋ ਸਾਧੂ (ਸਾਡੇ) ਘਰ ਬੈਠੇ ਹਨ ਤਾਂ ਇਕ ਦੋ ਤੁਰੇ ਭੀ ਆ ਰਹੇ ਹਨ, (ਹਰ ਵੇਲੇ ਆਵਾਜਾਈ ਲੱਗੀ ਰਹਿੰਦੀ ਹੈ)।

ਹਮ ਕਉ ਸਾਥਰੁ ਉਨ ਕਉ ਖਾਟ ॥

ਸਾਨੂੰ ਭੁੰਞੇ ਸੌਣਾ ਪੈਂਦਾ ਹੈ, ਉਹਨਾਂ ਨੂੰ ਮੰਜੇ ਦਿੱਤੇ ਜਾਂਦੇ ਹਨ।

ਮੂਡ ਪਲੋਸਿ ਕਮਰ ਬਧਿ ਪੋਥੀ ॥

ਉਹ ਸਾਧੂ ਲੱਕਾਂ ਨਾਲ ਪੋਥੀਆਂ ਲਮਕਾਈਆਂ ਹੋਈਆਂ ਸਿਰਾਂ ਤੇ ਹੱਥ ਫੇਰਦੇ ਤੁਰੇ ਆਉਂਦੇ ਹਨ।

ਹਮ ਕਉ ਚਾਬਨੁ ਉਨ ਕਉ ਰੋਟੀ ॥੩॥

(ਕਈ ਵਾਰ ਉਹਨਾਂ ਦੇ ਕੁਵੇਲੇ ਆ ਜਾਣ ਤੇ) ਸਾਨੂੰ ਤਾਂ ਭੁੱਜੇ ਦਾਣੇ ਚੱਬਣੇ ਪੈਂਦੇ ਹਨ, ਉਹਨਾਂ ਨੂੰ ਰੋਟੀਆਂ ਮਿਲਦੀਆਂ ਹਨ ॥੩॥

ਮੁੰਡੀਆ ਮੁੰਡੀਆ ਹੂਏ ਏਕ ॥

ਹੇ ਕਬੀਰ! (ਆਖ-ਇਹਨਾਂ ਸਤ-ਸੰਗੀਆਂ ਨਾਲ ਇਹ ਪਿਆਰ ਇਸ ਵਾਸਤੇ ਹੈ ਕਿ) ਸਤ ਸੰਗੀਆਂ ਦੇ ਦਿਲ ਆਪੋ ਵਿਚ ਮਿਲੇ ਹੋਏ ਹਨ।

ਏ ਮੁੰਡੀਆ ਬੂਡਤ ਕੀ ਟੇਕ ॥

ਤੇ ਇਹ ਸਤ-ਸੰਗੀ (ਸੰਸਾਰ-ਸਮੁੰਦਰ ਦੇ ਵਿਕਾਰਾਂ ਵਿਚ) ਡੁੱਬਦਿਆਂ ਦਾ ਸਹਾਰਾ ਹਨ।

ਸੁਨਿ ਅੰਧਲੀ ਲੋਈ ਬੇਪੀਰਿ ॥

ਹੇ ਅੰਨ੍ਹੀ ਨਿਗੁਰੀ ਲੋਈ! ਸੁਣ!

ਇਨੑ ਮੁੰਡੀਅਨ ਭਜਿ ਸਰਨਿ ਕਬੀਰ ॥੪॥੩॥੬॥

ਤੂੰ ਭੀ ਇਹਨਾਂ ਸਤ-ਸੰਗੀਆਂ ਦੀ ਸ਼ਰਨ ਪਉ ॥੪॥੩॥੬॥


ਗੋਂਡ ॥
ਖਸਮੁ ਮਰੈ ਤਉ ਨਾਰਿ ਨ ਰੋਵੈ ॥

(ਪਰ ਇਸ ਮਾਇਆ ਨੂੰ ਇਸਤ੍ਰੀ ਬਣਾ ਕੇ ਰੱਖਣ ਵਾਲਾ) ਮਨੁੱਖ (ਆਖ਼ਰ) ਮਰ ਜਾਂਦਾ ਹੈ, ਇਹ (ਮਾਇਆ) ਵਹੁਟੀ (ਉਸ ਦੇ ਮਰਨ ਤੇ) ਰੋਂਦੀ ਭੀ ਨਹੀਂ,

ਉਸੁ ਰਖਵਾਰਾ ਅਉਰੋ ਹੋਵੈ ॥

ਕਿਉਂਕਿ ਇਸ ਦਾ ਰਾਖਾ (ਖਸਮ) ਕੋਈ ਧਿਰ ਹੋਰ ਬਣ ਜਾਂਦਾ ਹੈ (ਸੋ, ਇਹ ਕਦੇ ਭੀ ਰੰਡੀ ਨਹੀਂ ਹੁੰਦੀ)।

ਰਖਵਾਰੇ ਕਾ ਹੋਇ ਬਿਨਾਸ ॥

(ਇਸ ਮਾਇਆ ਦਾ) ਰਾਖਾ ਮਰ ਜਾਂਦਾ ਹੈ,

ਆਗੈ ਨਰਕੁ ਈਹਾ ਭੋਗ ਬਿਲਾਸ ॥੧॥

ਮਨੁੱਖ ਇੱਥੇ ਇਸ ਮਾਇਆ ਦੇ ਭੋਗਾਂ (ਵਿਚ ਮਸਤ ਰਹਿਣ) ਕਰਕੇ ਅਗਾਂਹ (ਆਪਣੇ ਲਈ) ਨਰਕ ਸਹੇੜਦਾ ਹੈ ॥੧॥

ਏਕ ਸੁਹਾਗਨਿ ਜਗਤ ਪਿਆਰੀ ॥

(ਇਹ ਮਾਇਆ) ਇਕ ਐਸੀ ਸੁਹਾਗਣ ਨਾਰ ਹੈ ਜਿਸ ਨੂੰ ਸਾਰਾ ਜਗਤ ਪਿਆਰ ਕਰਦਾ ਹੈ,

ਸਗਲੇ ਜੀਅ ਜੰਤ ਕੀ ਨਾਰੀ ॥੧॥ ਰਹਾਉ ॥

ਸਾਰੇ ਜੀਆ ਜੰਤ ਇਸ ਨੂੰ ਆਪਣੀ ਇਸਤ੍ਰੀ ਬਣਾ ਕੇ ਰੱਖਣਾ ਚਾਹੁੰਦੇ ਹਨ (ਆਪਣੇ ਵੱਸ ਵਿਚ ਰੱਖਣਾ ਚਾਹੁੰਦੇ ਹਨ) ॥੧॥ ਰਹਾਉ ॥

ਸੋਹਾਗਨਿ ਗਲਿ ਸੋਹੈ ਹਾਰੁ ॥

ਇਸ ਸੋਹਾਗਣ ਨਾਰ ਦੇ ਗਲ ਵਿਚ ਹਾਰ ਸੋਭਦਾ ਹੈ, (ਭਾਵ, ਜੀਵਾਂ ਦੇ ਮਨ ਮੋਹਣ ਨੂੰ ਸਦਾ ਸੁਹਣੀ ਬਣੀ ਰਹਿੰਦੀ ਹੈ)।

ਸੰਤ ਕਉ ਬਿਖੁ ਬਿਗਸੈ ਸੰਸਾਰੁ ॥

(ਇਸ ਨੂੰ ਵੇਖ ਵੇਖ ਕੇ) ਜਗਤ ਖ਼ੁਸ਼ ਹੁੰਦਾ ਹੈ, ਪਰ ਸੰਤਾਂ ਨੂੰ ਇਹ ਜ਼ਹਿਰ (ਵਾਂਗ) ਦਿੱਸਦੀ ਹੈ।

ਕਰਿ ਸੀਗਾਰੁ ਬਹੈ ਪਖਿਆਰੀ ॥

ਵੇਸਵਾ (ਵਾਂਗ) ਸਦਾ ਸ਼ਿੰਗਾਰ ਕਰੀ ਰੱਖਦੀ ਹੈ,

ਸੰਤ ਕੀ ਠਿਠਕੀ ਫਿਰੈ ਬਿਚਾਰੀ ॥੨॥

ਪਰ ਸੰਤਾਂ ਦੀ ਫਿਟਕਾਰੀ ਹੋਈ ਵਿਚਾਰੀ (ਸੰਤਾਂ ਤੋਂ) ਪਰੇ ਪਰੇ ਹੀ ਫਿਰਦੀ ਹੈ ॥੨॥

ਸੰਤ ਭਾਗਿ ਓਹ ਪਾਛੈ ਪਰੈ ॥

(ਇਹ ਮਾਇਆ) ਭੱਜ ਕੇ ਸੰਤਾਂ ਦੇ ਲੜ ਲੱਗਣ ਦੀ ਕੋਸ਼ਸ਼ ਕਰਦੀ ਹੈ,

ਗੁਰਪਰਸਾਦੀ ਮਾਰਹੁ ਡਰੈ ॥

ਪਰ (ਸੰਤਾਂ ਉੱਤੇ) ਗੁਰੂ ਦੀ ਮਿਹਰ ਹੋਣ ਕਰ ਕੇ (ਇਹ ਸੰਤਾਂ ਦੀ) ਮਾਰ ਤੋਂ ਭੀ ਡਰਦੀ ਹੈ (ਇਸ ਵਾਸਤੇ ਨੇੜੇ ਨਹੀਂ ਢੁੱਕਦੀ)।

ਸਾਕਤ ਕੀ ਓਹ ਪਿੰਡ ਪਰਾਇਣਿ ॥

ਇਹ ਮਾਇਆ ਪ੍ਰਭੂ ਨਾਲੋਂ ਟੁੱਟੇ ਹੋਏ ਬੰਦਿਆਂ ਦੀ ਜਿੰਦ-ਜਾਨ ਬਣੀ ਰਹਿੰਦੀ ਹੈ,

ਹਮ ਕਉ ਦ੍ਰਿਸਟਿ ਪਰੈ ਤ੍ਰਖਿ ਡਾਇਣਿ ॥੩॥

ਪਰ ਮੈਨੂੰ ਤਾਂ ਇਹ ਭਿਆਨਕ ਡੈਣ ਦਿੱਸਦੀ ਹੈ ॥੩॥

ਹਮ ਤਿਸ ਕਾ ਬਹੁ ਜਾਨਿਆ ਭੇਉ ॥

ਤਦੋਂ ਤੋਂ ਮੈਂ ਇਸ ਮਾਇਆ ਦਾ ਭੇਤ ਪਾ ਲਿਆ ਹੈ,

ਜਬ ਹੂਏ ਕ੍ਰਿਪਾਲ ਮਿਲੇ ਗੁਰਦੇਉ ॥

ਜਦੋਂ ਮੇਰੇ ਸਤਿਗੁਰੂ ਜੀ ਮੇਰੇ ਉੱਤੇ ਦਿਆਲ ਹੋਏ ਤੇ ਮੈਨੂੰ ਮਿਲ ਪਏ।

ਕਹੁ ਕਬੀਰ ਅਬ ਬਾਹਰਿ ਪਰੀ ॥

ਕਬੀਰ ਆਖਦਾ ਹੈ- ਮੈਥੋਂ ਤਾਂ ਇਹ ਮਾਇਆ (ਹੁਣ) ਪਰੇ ਹਟ ਗਈ ਹੈ,

ਸੰਸਾਰੈ ਕੈ ਅੰਚਲਿ ਲਰੀ ॥੪॥੪॥੭॥

ਤੇ ਸੰਸਾਰੀ ਜੀਵਾਂ ਦੇ ਪੱਲੇ ਜਾ ਲੱਗੀ ਹੈ ॥੪॥੪॥੭॥


ਗੋਂਡ ॥
ਗ੍ਰਿਹਿ ਸੋਭਾ ਜਾ ਕੈ ਰੇ ਨਾਹਿ ॥

ਹੇ ਭਾਈ! ਜਿਸ ਮਨੁੱਖ ਦੇ ਘਰ ਵਿਚ (ਘਰ ਦੀ ਸੁਹੱਪਣ) ਮਾਇਆ ਨਹੀਂ ਹੈ,

ਆਵਤ ਪਹੀਆ ਖੂਧੇ ਜਾਹਿ ॥

ਉਸ ਘਰ ਆਏ ਪਾਂਧੀ ਭੁੱਖੇ ਚਲੇ ਜਾਂਦੇ ਹਨ।

ਵਾ ਕੈ ਅੰਤਰਿ ਨਹੀ ਸੰਤੋਖੁ ॥

ਉਸ ਘਰ ਦੇ ਮਾਲਕ ਦੇ ਹਿਰਦੇ ਵਿਚ ਭੀ ਧਰਵਾਸ ਨਹੀਂ ਬਣਦਾ।

ਬਿਨੁ ਸੋਹਾਗਨਿ ਲਾਗੈ ਦੋਖੁ ॥੧॥

ਸੋ, ਮਾਇਆ ਤੋਂ ਬਿਨਾ ਗ੍ਰਿਹਸਤ ਉੱਤੇ ਗਿਲਾ ਆਉਂਦਾ ਹੈ ॥੧॥

ਧਨੁ ਸੋਹਾਗਨਿ ਮਹਾ ਪਵੀਤ ॥

ਸਦਾ ਖਸਮ-ਵਤੀ ਰਹਿਣ ਵਾਲੀ ਮਾਇਆ ਧੰਨ ਹੈ, (ਇਹ ਮਾੜੀ ਨਹੀਂ) ਬੜੀ ਪਵਿੱਤਰ ਹੈ।

ਤਪੇ ਤਪੀਸਰ ਡੋਲੈ ਚੀਤ ॥੧॥ ਰਹਾਉ ॥

(ਇਸ ਤੋਂ ਬਿਨਾ) ਵੱਡੇ ਵੱਡੇ ਤਪੀਆਂ ਦੇ ਮਨ (ਭੀ) ਡੋਲ ਜਾਂਦੇ ਹਨ (ਭਾਵ, ਜੇ ਸਰੀਰ ਦੇ ਨਿਰਬਾਹ ਲਈ ਮਾਇਆ ਨਾਹ ਮਿਲੇ ਤਾਂ ਤਪੀ ਭੀ ਘਾਬਰ ਜਾਂਦੇ ਹਨ) ॥੧॥ ਰਹਾਉ ॥

ਸੋਹਾਗਨਿ ਕਿਰਪਨ ਕੀ ਪੂਤੀ ॥

ਪਰ ਇਹ ਮਾਇਆ ਸ਼ੂਮਾਂ ਦੀ ਧੀ ਬਣ ਕੇ ਰਹਿੰਦੀ ਹੈ, (ਭਾਵ, ਸ਼ੂਮ ਇਕੱਠੀ ਹੀ ਕਰੀ ਜਾਂਦਾ ਹੈ, ਵਰਤਦਾ ਨਹੀਂ)।

ਸੇਵਕ ਤਜਿ ਜਗਤ ਸਿਉ ਸੂਤੀ ॥

ਪ੍ਰਭੂ ਦੇ ਸੇਵਕਾਂ ਤੋਂ ਬਿਨਾ ਹੋਰ ਸਭ ਨੂੰ ਇਸ ਨੇ ਆਪਣੇ ਵੱਸ ਵਿਚ ਕੀਤਾ ਹੋਇਆ ਹੈ।

ਸਾਧੂ ਕੈ ਠਾਢੀ ਦਰਬਾਰਿ ॥

ਭਗਤ-ਜਨ ਦੇ ਦਰ ਤੇ ਖਲੋਤੀ (ਪੁਕਾਰਦੀ ਹੈ ਕਿ),

ਸਰਨਿ ਤੇਰੀ ਮੋ ਕਉ ਨਿਸਤਾਰਿ ॥੨॥

ਮੈਂ ਤੇਰੀ ਸ਼ਰਨ ਆਈ ਹਾਂ, ਮੈਨੂੰ ਬਚਾ ਲੈ ॥੨॥

ਸੋਹਾਗਨਿ ਹੈ ਅਤਿ ਸੁੰਦਰੀ ॥

ਮਾਇਆ ਬੜੀ ਸੁਹਣੀ ਹੈ।

ਪਗ ਨੇਵਰ ਛਨਕ ਛਨਹਰੀ ॥

ਇਸ ਦੇ ਪੈਰੀਂ, ਮਾਨੋ, ਝਾਂਜਰਾਂ ਛਣ-ਛਣ ਕਰ ਰਹੀਆਂ ਹਨ।

ਜਉ ਲਗੁ ਪ੍ਰਾਨ ਤਊ ਲਗੁ ਸੰਗੇ ॥

(ਉਂਞ) ਜਦ ਤਕ ਮਨੁੱਖ ਦੇ ਅੰਦਰ ਜਿੰਦ ਹੈ ਤਦ ਤਕ ਹੀ ਇਹ ਨਾਲ ਰਹਿੰਦੀ ਹੈ,

ਨਾਹਿ ਤ ਚਲੀ ਬੇਗਿ ਉਠਿ ਨੰਗੇ ॥੩॥

ਨਹੀਂ ਤਾਂ (ਭਾਵ, ਜਿੰਦ ਨਿਕਲਦਿਆਂ ਹੀ) ਇਹ ਭੀ ਨੰਗੀ ਪੈਰੀਂ ਉੱਠ ਭੱਜਦੀ ਹੈ (ਭਾਵ, ਉਸੇ ਵੇਲੇ ਸਾਥ ਛੱਡ ਜਾਂਦੀ ਹੈ) ॥੩॥

ਸੋਹਾਗਨਿ ਭਵਨ ਤ੍ਰੈ ਲੀਆ ॥

ਇਸ ਮਾਇਆ ਨੇ ਸਾਰੇ ਜਗਤ ਦੇ ਜੀਵਾਂ ਨੂੰ ਵੱਸ ਕੀਤਾ ਹੋਇਆ ਹੈ,

ਦਸ ਅਠ ਪੁਰਾਣ ਤੀਰਥ ਰਸ ਕੀਆ ॥

ਅਠਾਰਾਂ ਪੁਰਾਨ ਪੜ੍ਹਨ ਵਾਲੇ ਤੇ ਤੀਰਥਾਂ ਉੱਤੇ ਜਾਣ ਵਾਲਿਆਂ ਨੂੰ ਭੀ ਮੋਹ ਲਿਆ ਹੈ,

ਬ੍ਰਹਮਾ ਬਿਸਨੁ ਮਹੇਸਰ ਬੇਧੇ ॥

ਬ੍ਰਹਮਾ, ਵਿਸ਼ਨੂ ਤੇ ਸ਼ਿਵ (ਵਰਗੇ ਦੇਵਤੇ) ਇਸ ਨੇ ਵਿੰਨ੍ਹ ਰੱਖੇ ਹਨ,

ਬਡੇ ਭੂਪਤਿ ਰਾਜੇ ਹੈ ਛੇਧੇ ॥੪॥

ਸਭ ਰਾਜੇ ਰਾਣੇ ਭੀ ਇਸ ਨੇ ਨਕੇਲੇ ਹੋਏ ਹਨ ॥੪॥

ਸੋਹਾਗਨਿ ਉਰਵਾਰਿ ਨ ਪਾਰਿ ॥

ਇਹ ਮਾਇਆ ਵੱਡੇ ਪਸਾਰੇ ਵਾਲੀ ਹੈ, ਇਸ ਦਾ ਅੰਤ ਨਹੀਂ ਪੈ ਸਕਦਾ;

ਪਾਂਚ ਨਾਰਦ ਕੈ ਸੰਗਿ ਬਿਧਵਾਰਿ ॥

ਪੰਜਾਂ ਹੀ ਗਿਆਨ-ਇੰਦ੍ਰਿਆਂ ਨਾਲ ਰਲੀ-ਮਿਲੀ ਰਹਿੰਦੀ ਹੈ।

ਪਾਂਚ ਨਾਰਦ ਕੇ ਮਿਟਵੇ ਫੂਟੇ ॥

ਕਿਉਂਕਿ ਮੇਰੇ ਪੰਜੇ ਹੀ ਇੰਦ੍ਰਿਆਂ ਦੇ ਭਾਂਡੇ ਭੱਜ ਗਏ ਹਨ (ਭਾਵ, ਗਿਆਨ-ਇੰਦ੍ਰਿਆਂ ਉੱਤੇ ਇਸ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ),

ਕਹੁ ਕਬੀਰ ਗੁਰ ਕਿਰਪਾ ਛੂਟੇ ॥੫॥੫॥੮॥

(ਇਸ ਕਰਕੇ) ਕਬੀਰ ਆਖਦਾ ਹੈ- ਮੈਂ ਸਤਿਗੁਰੂ ਦੀ ਕਿਰਪਾ ਨਾਲ ਇਸ (ਦੀ ਮਾਰ) ਤੋਂ ਬਚ ਗਿਆ ਹਾਂ ॥੫॥੫॥੮॥


ਗੋਂਡ ॥
ਜੈਸੇ ਮੰਦਰ ਮਹਿ ਬਲਹਰ ਨਾ ਠਾਹਰੈ ॥

ਜਿਵੇਂ ਘਰ ਵਿਚ ਸ਼ਤੀਰ ਹੈ (ਸ਼ਤੀਰ ਤੋਂ ਬਿਨਾ ਘਰ ਦਾ ਛੱਤ) ਨਹੀਂ ਠਹਿਰ ਸਕਦਾ,

ਨਾਮ ਬਿਨਾ ਕੈਸੇ ਪਾਰਿ ਉਤਰੈ ॥

ਇਸੇ ਤਰ੍ਹਾਂ ਪ੍ਰਭੂ ਤੇ ਨਾਮ ਤੋਂ ਬਿਨਾ (ਮਨੁੱਖ ਦਾ ਮਨ ਸੰਸਾਰ-ਸਮੁੰਦਰ ਦੇ ਘੁੰਮਣ-ਘੇਰਾਂ ਵਿਚੋਂ) ਪਾਰ ਨਹੀਂ ਲੰਘ ਸਕਦਾ।

ਕੁੰਭ ਬਿਨਾ ਜਲੁ ਨਾ ਟੀਕਾਵੈ ॥

ਜਿਵੇਂ ਘੜੇ ਤੋਂ ਬਿਨਾ ਪਾਣੀ ਨਹੀਂ ਟਿਕ ਸਕਦਾ,

ਸਾਧੂ ਬਿਨੁ ਐਸੇ ਅਬਗਤੁ ਜਾਵੈ ॥੧॥

ਤਿਵੇਂ ਗੁਰੂ ਤੋਂ ਬਿਨਾ (ਮਨੁੱਖ ਦਾ ਮਨ ਨਹੀਂ ਟਿਕਦਾ ਤੇ ਮਨੁੱਖ ਦੁਨੀਆ ਤੋਂ) ਭੈੜੇ ਹਾਲ ਹੀ ਜਾਂਦਾ ਹੈ ॥੧॥

ਜਾਰਉ ਤਿਸੈ ਜੁ ਰਾਮੁ ਨ ਚੇਤੈ ॥

ਮੈਂ ਉਸ (ਮਨ) ਨੂੰ ਸਾੜ ਦਿਆਂ ਜੋ ਪ੍ਰਭੂ ਨੂੰ ਨਹੀਂ ਸਿਮਰਦਾ,

ਤਨ ਮਨ ਰਮਤ ਰਹੈ ਮਹਿ ਖੇਤੈ ॥੧॥ ਰਹਾਉ ॥

ਤੇ ਸਦਾ ਸਰੀਰਕ ਭੋਗਾਂ ਵਿਚ ਹੀ ਖਚਿਤ ਰਹਿੰਦਾ ਹੈ ॥੧॥ ਰਹਾਉ ॥

ਜੈਸੇ ਹਲਹਰ ਬਿਨਾ ਜਿਮੀ ਨਹੀ ਬੋਈਐ ॥

ਜਿਵੇਂ ਕਿਸਾਨ ਤੋਂ ਬਿਨਾ ਜ਼ਮੀਨ ਨਹੀਂ ਬੀਜੀ ਜਾ ਸਕਦੀ,

ਸੂਤ ਬਿਨਾ ਕੈਸੇ ਮਣੀ ਪਰੋਈਐ ॥

ਸੂਤਰ ਤੋਂ ਬਿਨਾ ਮਣਕੇ ਪਰੋਏ ਨਹੀਂ ਜਾ ਸਕਦੇ।

ਘੁੰਡੀ ਬਿਨੁ ਕਿਆ ਗੰਠਿ ਚੜ੍ਹਾਈਐ ॥

ਘੁੰਡੀ ਤੋਂ ਬਿਨਾ ਗੰਢ ਨਹੀਂ ਪਾਈ ਜਾ ਸਕਦੀ;

ਸਾਧੂ ਬਿਨੁ ਤੈਸੇ ਅਬਗਤੁ ਜਾਈਐ ॥੨॥

ਤਿਵੇਂ ਹੀ ਗੁਰੂ ਦੀ ਸ਼ਰਨ ਤੋਂ ਬਿਨਾ ਮਨੁੱਖ ਭੈੜੇ ਹਾਲ ਹੀ ਜਾਂਦਾ ਹੈ ॥੨॥

ਜੈਸੇ ਮਾਤ ਪਿਤਾ ਬਿਨੁ ਬਾਲੁ ਨ ਹੋਈ ॥

ਜਿਵੇਂ ਮਾਂ ਪਿਉ (ਦੇ ਮੇਲ) ਤੋਂ ਬਿਨਾ ਬਾਲ ਨਹੀਂ ਜੰਮਦਾ,

ਬਿੰਬ ਬਿਨਾ ਕੈਸੇ ਕਪਰੇ ਧੋਈ ॥

ਪਾਣੀ ਤੋਂ ਬਿਨਾ ਕੱਪੜੇ ਨਹੀਂ ਧੁਪਦੇ,

ਘੋਰ ਬਿਨਾ ਕੈਸੇ ਅਸਵਾਰ ॥

ਘੋੜੇ ਤੋਂ ਬਿਨਾ ਮਨੁੱਖ ਅਸਵਾਰ ਨਹੀਂ ਅਖਵਾ ਸਕਦਾ,

ਸਾਧੂ ਬਿਨੁ ਨਾਹੀ ਦਰਵਾਰ ॥੩॥

ਤਿਵੇਂ ਗੁਰੂ ਤੋਂ ਬਿਨਾ ਪ੍ਰਭੂ ਦੇ ਦਰ ਦੀ ਪ੍ਰਾਪਤੀ ਨਹੀਂ ਹੁੰਦੀ ॥੩॥

ਜੈਸੇ ਬਾਜੇ ਬਿਨੁ ਨਹੀ ਲੀਜੈ ਫੇਰੀ ॥

ਸਾਜ਼ਾਂ ਤੋਂ ਬਿਨਾ ਜਿਵੇਂ ਨਾਚ ਨਹੀਂ ਹੋ ਸਕਦਾ,

ਖਸਮਿ ਦੁਹਾਗਨਿ ਤਜਿ ਅਉਹੇਰੀ ॥

(ਤਿਵੇਂ ਖਸਮ ਤੋਂ ਬਿਨਾ ਇਸਤ੍ਰੀ ਸੁਹਾਗਣ ਨਹੀਂ ਹੋ ਸਕਦੀ) ਦੁਹਾਗਣ (ਭੈੜੇ ਸੁਭਾਉ ਵਾਲੀ ਇਸਤ੍ਰੀ) ਨੂੰ ਖਸਮ ਨੇ ਤਿਆਗ ਕੇ ਸਦਾ ਦੁਰਕਾਰ ਹੀ ਦਿੱਤਾ ਹੁੰਦਾ ਹੈ।

ਕਹੈ ਕਬੀਰੁ ਏਕੈ ਕਰਿ ਕਰਨਾ ॥

ਕਬੀਰ ਆਖਦਾ ਹੈ-ਇੱਕੋ ਹੀ ਕਰਨ-ਜੋਗ ਕੰਮ ਕਰ,

ਗੁਰਮੁਖਿ ਹੋਇ ਬਹੁਰਿ ਨਹੀ ਮਰਨਾ ॥੪॥੬॥੯॥

ਗੁਰੂ ਦੇ ਸਨਮੁਖ ਹੋ (ਤੇ ਨਾਮ ਸਿਮਰ) ਫਿਰ ਫਿਰ ਜੰਮਣਾ-ਮਰਨਾ ਨਹੀਂ ਪਏਗਾ ॥੪॥੬॥੯॥


ਗੋਂਡ ॥
ਕੂਟਨੁ ਸੋਇ ਜੁ ਮਨ ਕਉ ਕੂਟੈ ॥

(ਤੁਸੀ ‘ਕੂਟਨ’ ਠੱਗ ਨੂੰ ਆਖਦੇ ਹੋ, ਪਰ) ਕੂਟਨ ਉਹ ਭੀ ਹੈ ਜੋ ਆਪਣੇ ਮਨ ਨੂੰ ਮਾਰਦਾ ਹੈ,

ਮਨ ਕੂਟੈ ਤਉ ਜਮ ਤੇ ਛੂਟੈ ॥

ਤੇ ਜੋ ਮਨੁੱਖ ਆਪਣੇ ਮਨ ਨੂੰ ਮਾਰਦਾ ਹੈ ਉਹ ਜਮਾਂ ਤੋਂ ਬਚ ਜਾਂਦਾ ਹੈ।

ਕੁਟਿ ਕੁਟਿ ਮਨੁ ਕਸਵਟੀ ਲਾਵੈ ॥

ਜੋ ਮਨੁੱਖ ਮੁੜ ਮੁੜ ਮਨ ਨੂੰ ਮਾਰ ਕੇ (ਫਿਰ ਉਸ ਦੀ) ਜਾਂਚ-ਪੜਤਾਲ ਕਰਦਾ ਰਹਿੰਦਾ ਹੈ;

ਸੋ ਕੂਟਨੁ ਮੁਕਤਿ ਬਹੁ ਪਾਵੈ ॥੧॥

ਉਹ (ਆਪਣੇ ਮਨ ਨੂੰ ਕੁੱਟਣ ਵਾਲਾ) ‘ਕੂਟਨ’ ਮੁਕਤੀ ਹਾਸਲ ਕਰ ਲੈਂਦਾ ਹੈ ॥੧॥

ਕੂਟਨੁ ਕਿਸੈ ਕਹਹੁ ਸੰਸਾਰ ॥

ਹੇ ਜਗਤ ਦੇ ਲੋਕੋ! ਤੁਸੀ ‘ਕੂਟਨ’ ਕਿਸ ਨੂੰ ਆਖਦੇ ਹੋ?

ਸਗਲ ਬੋਲਨ ਕੇ ਮਾਹਿ ਬੀਚਾਰ ॥੧॥ ਰਹਾਉ ॥

ਸਭ ਲਫ਼ਜ਼ਾਂ ਦੇ ਵਖੋ-ਵਖ ਭਾਵ ਹੋ ਸਕਦੇ ਹਨ ॥੧॥ ਰਹਾਉ ॥

ਨਾਚਨੁ ਸੋਇ ਜੁ ਮਨ ਸਿਉ ਨਾਚੈ ॥

(ਤੁਸੀ ‘ਨਾਚਨ’ ਕੰਜਰ ਨੂੰ ਆਖਦੇ ਹੋ, ਪਰ ਸਾਡੇ ਖ਼ਿਆਲ ਅਨੁਸਾਰ) ‘ਨਾਚਨ’ ਉਹ ਹੈ ਜੋ (ਸਰੀਰ ਨਾਲ ਨਹੀਂ) ਮਨ ਨਾਲ ਨੱਚਦਾ ਹੈ,

ਝੂਠਿ ਨ ਪਤੀਐ ਪਰਚੈ ਸਾਚੈ ॥

ਝੂਠ ਵਿਚ ਨਹੀਂ ਪਰਚਦਾ, ਸੱਚ ਨਾਲ ਪਤੀਜਦਾ ਹੈ,

ਇਸੁ ਮਨ ਆਗੇ ਪੂਰੈ ਤਾਲ ॥

ਮਨ ਨੂੰ ਆਤਮਕ ਉਮਾਹ ਵਿਚ ਲਿਆਉਣ ਦੇ ਜਤਨ ਕਰਦਾ ਹੈ;

ਇਸੁ ਨਾਚਨ ਕੇ ਮਨ ਰਖਵਾਲ ॥੨॥

ਅਜਿਹੇ ‘ਨਾਚਨ’ ਦੇ ਮਨ ਦਾ ਰਾਖਾ (ਪ੍ਰਭੂ ਆਪ ਬਣਦਾ ਹੈ) ॥੨॥

ਬਜਾਰੀ ਸੋ ਜੁ ਬਜਾਰਹਿ ਸੋਧੈ ॥

(ਤੁਸੀ ‘ਬਜਾਰੀ’ ਮਸ਼ਕਰੇ ਨੂੰ ਆਖਦੇ ਹੋ, ਪਰ) ‘ਬਜਾਰੀ’ ਉਹ ਹੈ ਜੋ ਆਪਣੇ ਸਰੀਰ-ਰੂਪ ਬਜ਼ਾਰ ਨੂੰ ਪੜਤਾਲਦਾ ਹੈ,

ਪਾਂਚ ਪਲੀਤਹ ਕਉ ਪਰਬੋਧੈ ॥

ਪੰਜਾਂ ਹੀ ਵਿਗੜੇ ਹੋਏ ਗਿਆਨ-ਇੰਦ੍ਰਿਆਂ ਨੂੰ ਜਗਾਉਂਦਾ ਹੈ,

ਨਉ ਨਾਇਕ ਕੀ ਭਗਤਿ ਪਛਾਨੈ ॥

ਨੌ ਖੰਡ ਧਰਤੀ ਦੇ ਮਾਲਕ-ਪ੍ਰਭੂ ਦੀ ਬੰਦਗੀ ਕਰਨ ਦੀ ਜਾਚ ਸਿੱਖਦਾ ਹੈ;

ਸੋ ਬਾਜਾਰੀ ਹਮ ਗੁਰ ਮਾਨੇ ॥੩॥

ਅਸੀਂ ਅਜਿਹੇ ‘ਬਜਾਰੀ’ ਨੂੰ ਵੱਡਾ (ਸ੍ਰੇਸ਼ਟ) ਮਨੁੱਖ ਮੰਨਦੇ ਹਾਂ ॥੩॥

ਤਸਕਰੁ ਸੋਇ ਜਿ ਤਾਤਿ ਨ ਕਰੈ ॥

(ਤੁਸੀ ‘ਤਸਕਰ’ ਚੋਰ ਨੂੰ ਆਖਦੇ ਹੋ, ਪਰ) ‘ਤਸਕਰ’ ਉਹ ਹੈ ਜੋ ਤਾਤਿ (ਈਰਖਾ ਨੂੰ ਆਪਣੇ ਮਨ ਵਿਚੋਂ ਚੁਰਾ ਲੈ ਜਾਂਦਾ ਹੈ) ਨਹੀਂ ਕਰਦਾ,

ਇੰਦ੍ਰੀ ਕੈ ਜਤਨਿ ਨਾਮੁ ਉਚਰੈ ॥

ਜੋ ਇੰਦ੍ਰਿਆਂ ਨੂੰ ਵੱਸ ਵਿਚ ਕਰ ਕੇ ਪ੍ਰਭੂ ਦਾ ਨਾਮ ਸਿਮਰਦਾ ਹੈ।

ਕਹੁ ਕਬੀਰ ਹਮ ਐਸੇ ਲਖਨ ॥

ਕਬੀਰ ਆਖਦਾ ਹੈ- ਜਿਸ ਦੀ ਬਰਕਤ ਨਾਲ ਮੈਂ ਇਹ ਲੱਛਣ (ਗੁਣ) ਪ੍ਰਾਪਤ ਕੀਤੇ ਹਨ,

ਧੰਨੁ ਗੁਰਦੇਵ ਅਤਿ ਰੂਪ ਬਿਚਖਨ ॥੪॥੭॥੧੦॥

ਮੇਰਾ ਉਹ ਗੁਰੂ, ਸੁਹਣਾ ਸਿਆਣਾ ਤੇ ਧੰਨਤਾ-ਜੋਗ ਹੈ ॥੪॥੭॥੧੦॥


ਗੋਂਡ ॥
ਧੰਨੁ ਗੁਪਾਲ ਧੰਨੁ ਗੁਰਦੇਵ ॥

ਸੋ, ਧੰਨ ਹੈ ਧਰਤੀ ਦਾ ਪਾਲਣ ਵਾਲਾ ਪ੍ਰਭੂ (ਜੋ ਅੰਨ ਪੈਦਾ ਕਰਦਾ ਹੈ), ਧੰਨ ਹੈ ਸਤਿਗੁਰੂ (ਜੋ ਐਸੇ ਪ੍ਰਭੂ ਦੀ ਸੂਝ ਬਖ਼ਸ਼ਦਾ ਹੈ),

ਧੰਨੁ ਅਨਾਦਿ ਭੂਖੇ ਕਵਲੁ ਟਹਕੇਵ ॥

ਤੇ ਧੰਨ ਹੈ ਅੰਨ ਜਿਸ ਨਾਲ ਭੁੱਖੇ ਮਨੁੱਖ ਦਾ ਹਿਰਦਾ (ਫੁੱਲ ਵਾਂਗ) ਟਹਿਕ ਪੈਂਦਾ ਹੈ।

ਧਨੁ ਓਇ ਸੰਤ ਜਿਨ ਐਸੀ ਜਾਨੀ ॥

ਉਹ ਸੰਤ ਭੀ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਇਹ ਸਮਝ ਆਈ ਹੈ (ਕਿ ਅੰਨ ਨਿੰਦਣ-ਜੋਗ ਨਹੀਂ ਹੈ)

ਤਿਨ ਕਉ ਮਿਲਿਬੋ ਸਾਰਿੰਗਪਾਨੀ ॥੧॥

(ਤੇ ਅੰਨ ਖਾ ਕੇ ਪ੍ਰਭੂ ਨੂੰ ਸਿਮਰਦੇ ਹਨ), ਉਹਨਾਂ ਨੂੰ ਪਰਮਾਤਮਾ ਮਿਲਦਾ ਹੈ ॥੧॥

ਆਦਿ ਪੁਰਖ ਤੇ ਹੋਇ ਅਨਾਦਿ ॥

(ਹੇ ਭਾਈ!) ਅੰਨ (ਜਿਸ ਨੂੰ ਤਿਆਗਣ ਵਿਚ ਤੁਸੀ ਭਗਤੀ ਸਮਝਦੇ ਹੋ) ਪਰਮਾਤਮਾ ਤੋਂ ਹੀ ਪੈਦਾ ਹੁੰਦਾ ਹੈ,

ਜਪੀਐ ਨਾਮੁ ਅੰਨ ਕੈ ਸਾਦਿ ॥੧॥ ਰਹਾਉ ॥

ਤੇ ਪਰਮਾਤਮਾ ਦਾ ਨਾਮ ਭੀ ਅੰਨ ਖਾਧਿਆਂ ਹੀ ਜਪਿਆ ਜਾ ਸਕਦਾ ਹੈ ॥੧॥ ਰਹਾਉ ॥

ਜਪੀਐ ਨਾਮੁ ਜਪੀਐ ਅੰਨੁ ॥

(ਤਾਂ ਤੇ) ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ ਤੇ ਅੰਨ ਨੂੰ ਭੀ ਪਿਆਰ ਕਰਨਾ ਚਾਹੀਦਾ ਹੈ (ਭਾਵ, ਅੰਨ ਤੋਂ ਤਰਕ ਕਰਨ ਦੇ ਥਾਂ ਅੰਨ ਨੂੰ ਇਉਂ ਸਹਿਜੇ ਸਹਿਜੇ ਪ੍ਰੀਤ ਨਾਲ ਛਕੋ ਜਿਵੇਂ ਅਡੋਲ ਹੋ ਕੇ ਪਿਆਰ ਨਾਲ ਨਾਮ ਸਿਮਰਨਾ ਹੈ)।

ਅੰਭੈ ਕੈ ਸੰਗਿ ਨੀਕਾ ਵੰਨੁ ॥

(ਵੇਖੋ, ਜਿਸ ਪਾਣੀ ਨੂੰ ਰੋਜ਼ ਵਰਤਦੇ ਹੋ, ਉਸੇ) ਪਾਣੀ ਦੀ ਸੰਗਤ ਨਾਲ ਇਸ ਅੰਨ ਦਾ ਕੇਹਾ ਸੁਹਣਾ ਰੰਗ ਨਿਕਲਦਾ ਹੈ! (ਜੇ ਪਾਣੀ ਵਰਤਣ ਵਿਚ ਪਾਪ ਨਹੀਂ ਤਾਂ ਅੰਨ ਤੋਂ ਨਫ਼ਰਤ ਕਿਉਂ?)।

ਅੰਨੈ ਬਾਹਰਿ ਜੋ ਨਰ ਹੋਵਹਿ ॥

ਜੋ ਮਨੁੱਖ ਅੰਨ ਤੋਂ ਤਰਕ ਕਰਦੇ ਹਨ,

ਤੀਨਿ ਭਵਨ ਮਹਿ ਅਪਨੀ ਖੋਵਹਿ ॥੨॥

ਉਹ ਸਭ ਥਾਂ ਆਪਣੀ ਇੱਜ਼ਤ ਗਵਾਉਂਦੇ ਹਨ (ਭਾਵ, ਅੰਨ ਦਾ ਤਿਆਗ ਕੋਈ ਐਸਾ ਕੰਮ ਨਹੀਂ ਜਿਸ ਨੂੰ ਦੁਨੀਆ ਪਸੰਦ ਕਰੇ) ॥੨॥

ਛੋਡਹਿ ਅੰਨੁ ਕਰਹਿ ਪਾਖੰਡ ॥

ਜੋ ਲੋਕ ਅੰਨ ਛੱਡ ਦੇਂਦੇ ਹਨ ਤੇ (ਇਹ) ਪਖੰਡ ਕਰਦੇ ਹਨ,

ਨਾ ਸੋਹਾਗਨਿ ਨਾ ਓਹਿ ਰੰਡ ॥

ਉਹ (ਉਹਨਾਂ ਕੁਚੱਜੀਆਂ ਜ਼ਨਾਨੀਆਂ ਵਾਂਗ ਹਨ ਜੋ) ਨਾਹ ਸੋਹਾਗਣਾਂ ਹਨ ਨਾਹ ਰੰਡੀਆਂ।

ਜਗ ਮਹਿ ਬਕਤੇ ਦੂਧਾਧਾਰੀ ॥

(ਅੰਨ ਛੱਡਣ ਵਾਲੇ ਸਾਧੂ,) ਲੋਕਾਂ ਵਿਚ ਆਖਦੇ ਫਿਰਦੇ ਹਨ, ਅਸੀਂ ਨਿਰਾ ਦੁੱਧ ਪੀ ਕੇ ਹੀ ਨਿਰਬਾਹ ਕਰਦੇ ਹਾਂ,

ਗੁਪਤੀ ਖਾਵਹਿ ਵਟਿਕਾ ਸਾਰੀ ॥੩॥

ਪਰ ਚੋਰੀ ਚੋਰੀ ਸਾਰੀ ਦੀ ਸਾਰੀ ਪਿੰਨੀ ਖਾਂਦੇ ਹਨ ॥੩॥

ਅੰਨੈ ਬਿਨਾ ਨ ਹੋਇ ਸੁਕਾਲੁ ॥

ਅੰਨ ਤੋਂ ਬਗ਼ੈਰ ਸੁਕਾਲ ਨਹੀਂ ਹੋ ਸਕਦਾ,

ਤਜਿਐ ਅੰਨਿ ਨ ਮਿਲੈ ਗੁਪਾਲੁ ॥

ਅੰਨ ਛੱਡਿਆਂ ਰੱਬ ਨਹੀਂ ਮਿਲਦਾ।

ਕਹੁ ਕਬੀਰ ਹਮ ਐਸੇ ਜਾਨਿਆ ॥

ਕਬੀਰ ਆਖਦਾ ਹੈ- ਸਾਨੂੰ ਇਹ ਨਿਸ਼ਚਾ ਹੈ,

ਧੰਨੁ ਅਨਾਦਿ ਠਾਕੁਰ ਮਨੁ ਮਾਨਿਆ ॥੪॥੮॥੧੧॥

ਕਿ ਅੰਨ ਬੜਾ ਸੁੰਦਰ ਪਦਾਰਥ ਹੈ ਜਿਸ ਨੂੰ ਖਾਧਿਆਂ (ਸਿਮਰਨ ਕਰ ਕੇ) ਸਾਡਾ ਮਨ ਪਰਮਾਤਮਾ ਨਾਲ ਜੁੜਦਾ ਹੈ ॥੪॥੮॥੧੧॥


ਸਲੋਕੁ ॥
ਕਬੀਰ ਮਹਿਦੀ ਕਰਿ ਕੈ ਘਾਲਿਆ ਆਪੁ ਪੀਸਾਇ ਪੀਸਾਇ ॥

ਹੇ ਕਬੀਰ! ਮੈਂ ਆਪਣੇ ਆਪ ਨੂੰ ਮਹਿਦੀ ਬਣਾ ਕੇ (ਭਾਵ, ਮਹਿਦੀ ਵਾਂਗ) ਪੀਹ ਪੀਹ ਕੇ ਘਾਲ ਕਮਾਈ,

ਤੈ ਸਹ ਬਾਤ ਨ ਪੁਛੀਆ ਕਬਹੂ ਨ ਲਾਈ ਪਾਇ ॥੧॥

(ਪਰ) ਹੇ ਪਤੀ (ਪ੍ਰਭੂ!) ਤੂੰ ਮੇਰੀ ਵਾਤ ਹੀ ਨਾਹ ਪੁੱਛੀ (ਭਾਵ, ਤੂੰ ਮੇਰੀ ਸਾਰ ਹੀ ਨਾ ਲਈ) ਤੇ ਤੂੰ ਕਦੇ ਮੈਨੂੰ ਆਪਣੀ ਪੈਰੀਂ ਨਾਹ ਲਾਇਆ ॥੧॥


ਸਲੋਕੁ ॥
ਕਬੀਰ ਕਸਉਟੀ ਰਾਮ ਕੀ ਝੂਠਾ ਟਿਕੈ ਨ ਕੋਇ ॥

ਹੇ ਕਬੀਰ! ਪਰਮਾਤਮਾ ਦੀ ਕਸਵੱਟੀ (ਐਸਾ ਨਿਖੇੜਾ ਕਰਨ ਵਾਲੀ ਹੈ ਕਿ ਇਸ) ਉੱਤੇ ਝੂਠਾ ਮਨੁੱਖ ਪੂਰਾ ਨਹੀਂ ਉਤਰ ਸਕਦਾ।

ਰਾਮ ਕਸਉਟੀ ਸੋ ਸਹੈ ਜੋ ਮਰਜੀਵਾ ਹੋਇ ॥੧॥

ਪਰਮਾਤਮਾ ਦੀ ਪਰਖ ਵਿਚ ਉਹੀ ਪੂਰਾ ਉਤਰਦਾ ਹੈ ਜੋ ਦੁਨੀਆ ਵਲੋਂ ਮਰ ਕੇ ਰੱਬ ਵਲ ਜੀਊ ਪਿਆ ਹੈ ॥੧॥


ਰਾਮਕਲੀ ਬਾਣੀ ਭਗਤਾ ਕੀ ॥ ਕਬੀਰ ਜੀਉ ॥

ਰਾਗ ਰਾਮਕਲੀ ਵਿੱਚ ਭਗਤਾਂ ਦੀ ਬਾਣੀ। ਕਬੀਰ ਜੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਕਾਇਆ ਕਲਾਲਨਿ ਲਾਹਨਿ ਮੇਲਉ ਗੁਰ ਕਾ ਸਬਦੁ ਗੁੜੁ ਕੀਨੁ ਰੇ ॥

ਹੇ ਭਾਈ! ਮੈਂ ਸਿਆਣੇ ਸਰੀਰ ਨੂੰ ਮੱਟੀ ਬਣਾਇਆ ਹੈ, ਤੇ ਇਸ ਵਿਚ (ਨਾਮ-ਅੰਮ੍ਰਿਤ-ਰੂਪ ਸ਼ਰਾਬ ਤਿਆਰ ਕਰਨ ਲਈ) ਖ਼ਮੀਰ ਦੀ ਸਮਗ੍ਰੀ ਇਕੱਠੀ ਕਰ ਰਿਹਾ ਹਾਂ-ਸਤਿਗੁਰੂ ਦੇ ਸ਼ਬਦ ਨੂੰ ਮੈਂ ਗੁੜ ਬਣਾਇਆ ਹੈ,

ਤ੍ਰਿਸਨਾ ਕਾਮੁ ਕ੍ਰੋਧੁ ਮਦ ਮਤਸਰ ਕਾਟਿ ਕਾਟਿ ਕਸੁ ਦੀਨੁ ਰੇ ॥੧॥

ਤ੍ਰਿਸ਼ਨਾ, ਕਾਮ, ਕ੍ਰੋਧ, ਹੰਕਾਰ ਤੇ ਈਰਖਾ ਨੂੰ ਕੱਟ ਕੱਟ ਕੇ ਸੱਕ (ਟੁੱਕ ਟੁੱਕ ਕੇ ਉਸ ਗੁੜ ਵਿਚ) ਰਲਾ ਦਿੱਤਾ ਹੈ ॥੧॥

ਕੋਈ ਹੈ ਰੇ ਸੰਤੁ ਸਹਜ ਸੁਖ ਅੰਤਰਿ ਜਾ ਕਉ ਜਪੁ ਤਪੁ ਦੇਉ ਦਲਾਲੀ ਰੇ ॥

ਹੇ ਭਾਈ! ਕੀ ਮੈਨੂੰ ਕੋਈ ਐਸਾ ਸੰਤ ਮਿਲ ਪਵੇਗਾ (ਭਾਵ, ਮੇਰਾ ਮਨ ਲੋਚਦਾ ਹੈ ਕਿ ਮੈਨੂੰ ਕੋਈ ਐਸਾ ਸੰਤ ਮਿਲ ਪਏ) ਜੋ ਆਪ ਅਡੋਲ ਅਵਸਥਾ ਵਿਚ ਟਿਕਿਆ ਹੋਇਆ ਹੋਵੇ, ਸੁਖ ਵਿਚ ਟਿਕਿਆ ਹੋਵੇ?

ਏਕ ਬੂੰਦ ਭਰਿ ਤਨੁ ਮਨੁ ਦੇਵਉ ਜੋ ਮਦੁ ਦੇਇ ਕਲਾਲੀ ਰੇ ॥੧॥ ਰਹਾਉ ॥

ਜੇ ਕੋਈ ਅਜਿਹਾ ਸਾਕੀ (-ਸੰਤ) ਮੈਨੂੰ (ਨਾਮ-ਅੰਮ੍ਰਿਤ-ਰੂਪ) ਨਸ਼ਾ ਪਿਲਾਏ, ਤਾਂ ਮੈਂ ਉਸ ਅੰਮ੍ਰਿਤ ਦੀ ਇਕ ਬੂੰਦ ਦੇ ਬਦਲੇ ਆਪਣਾ ਤਨ ਮਨ ਉਸ ਦੇ ਹਵਾਲੇ ਕਰ ਦਿਆਂ, ਮੈਂ (ਜੋਗੀਆਂ ਤੇ ਪੰਡਿਤਾਂ ਦੇ ਦੱਸੇ ਹੋਏ) ਜਪ ਤੇ ਤਪ ਉਸ ਸੰਤ ਨੂੰ ਦਲਾਲੀ ਵਜੋਂ ਦੇ ਦਿਆਂ ॥੧॥ ਰਹਾਉ ॥

ਭਵਨ ਚਤੁਰ ਦਸ ਭਾਠੀ ਕੀਨੑੀ ਬ੍ਰਹਮ ਅਗਨਿ ਤਨਿ ਜਾਰੀ ਰੇ ॥

ਚੌਦਾਂ ਭਵਨਾਂ ਨੂੰ ਮੈਂ ਭੱਠੀ ਬਣਾਇਆ ਹੈ, ਆਪਣੇ ਸਰੀਰ ਵਿਚ ਰੱਬੀ-ਜੋਤਿ ਰੂਪ ਅੱਗ ਬਾਲੀ ਹੈ (ਭਾਵ, ਸਾਰੇ ਜਗਤ ਦੇ ਮੋਹ ਨੂੰ ਮੈਂ ਸਰੀਰ ਵਿਚ ਦੀ ਬ੍ਰਹਮ-ਅਗਨੀ ਨਾਲ ਸਾੜ ਦਿੱਤਾ ਹੈ)।

ਮੁਦ੍ਰਾ ਮਦਕ ਸਹਜ ਧੁਨਿ ਲਾਗੀ ਸੁਖਮਨ ਪੋਚਨਹਾਰੀ ਰੇ ॥੨॥

ਮੇਰੀ ਲਿਵ ਅਡੋਲ ਅਵਸਥਾ ਵਿਚ ਲੱਗ ਗਈ ਹੈ, ਇਹ ਮੈਂ ਉਸ ਨਾਲ ਦਾ ਡੱਟ ਬਣਾਇਆ ਹੈ (ਜਿਸ ਵਿਚੋਂ ਦੀ ਸ਼ਰਾਬ ਨਿਕਲਦੀ ਹੈ)। ਮੇਰੇ ਮਨ ਦੀ ਸੁਖ-ਅਵਸਥਾ ਉਸ ਨਾਲ ਤੇ ਪੋਚਾ ਦੇ ਰਹੀ ਹੈ (ਜਿਉਂ ਜਿਉਂ ਮੇਰਾ ਮਨ ਅਡੋਲ ਹੁੰਦਾ ਹੈ, ਸੁਖ-ਅਵਸਥਾ ਵਿਚ ਅੱਪੜਦਾ ਹੈ, ਤਿਉਂ ਤਿਉਂ ਮੇਰੇ ਅੰਦਰ ਨਾਮ-ਅੰਮ੍ਰਿਤ ਦਾ ਪ੍ਰਵਾਹ ਚੱਲਦਾ ਹੈ) ॥੨॥

ਤੀਰਥ ਬਰਤ ਨੇਮ ਸੁਚਿ ਸੰਜਮ ਰਵਿ ਸਸਿ ਗਹਨੈ ਦੇਉ ਰੇ ॥

ਇਸ ਨਾਮ-ਅੰਮ੍ਰਿਤ ਦੇ ਬਦਲੇ ਮੈਂ (ਪੰਡਿਤਾਂ ਤੇ ਜੋਗੀਆਂ ਦੇ ਦੱਸੇ ਹੋਏ) ਤੀਰਥ ਇਸ਼ਨਾਨ, ਵਰਤ, ਨੇਮ, ਸੁੱਚ, ਸੰਜਮ, ਪ੍ਰਾਣਾਯਾਮ ਵਿਚ ਸੁਆਸ ਚਾੜ੍ਹਨੇ ਤੇ ਉਤਾਰਨੇ-ਇਹ ਸਭ ਕੁਝ ਗਿਰਵੀ ਰੱਖ ਦਿੱਤੇ ਹਨ।

ਸੁਰਤਿ ਪਿਆਲ ਸੁਧਾ ਰਸੁ ਅੰਮ੍ਰਿਤੁ ਏਹੁ ਮਹਾ ਰਸੁ ਪੇਉ ਰੇ ॥੩॥

ਪ੍ਰਭੂ-ਚਰਨਾਂ ਵਿਚ ਜੁੜੀ ਹੋਈ ਆਪਣੀ ਸੁਰਤ ਨੂੰ ਮੈਂ ਪਿਆਲਾ ਬਣਾ ਲਿਆ ਹੈ ਤੇ (ਨਾਮ-) ਅੰਮ੍ਰਿਤ ਪੀ ਰਿਹਾ ਹਾਂ। ਇਹ ਨਾਮ-ਅੰਮ੍ਰਿਤ ਸਭ ਰਸਾਂ ਤੋਂ ਸ੍ਰੇਸ਼ਟ ਰਸ ਹੈ ॥੩॥

ਨਿਝਰ ਧਾਰ ਚੁਐ ਅਤਿ ਨਿਰਮਲ ਇਹ ਰਸ ਮਨੂਆ ਰਾਤੋ ਰੇ ॥

(ਹੁਣ ਮੇਰੇ ਅੰਦਰ ਨਾਮ-ਅੰਮ੍ਰਿਤ ਦੇ) ਚਸ਼ਮੇ ਦੀ ਬੜੀ ਸਾਫ਼ ਧਾਰ ਪੈ ਰਹੀ ਹੈ। ਮੇਰਾ ਮਨ, ਇਸ ਦੇ ਸੁਆਦ ਵਿਚ ਰਤਾ ਹੋਇਆ ਹੈ।

ਕਹਿ ਕਬੀਰ ਸਗਲੇ ਮਦ ਛੂਛੇ ਇਹੈ ਮਹਾ ਰਸੁ ਸਾਚੋ ਰੇ ॥੪॥੧॥

ਕਬੀਰ ਆਖਦਾ ਹੈ ਕਿ ਹੋਰ ਸਾਰੇ ਨਸ਼ੇ ਫੋਕੇ ਹਨ, ਇਕ ਇਹੀ ਸਭ ਤੋਂ ਸ੍ਰੇਸ਼ਟ ਰਸ ਸਦਾ ਕਾਇਮ ਰਹਿਣ ਵਾਲਾ ਹੈ ॥੪॥੧॥


ਗੁੜੁ ਕਰਿ ਗਿਆਨੁ ਧਿਆਨੁ ਕਰਿ ਮਹੂਆ ਭਉ ਭਾਠੀ ਮਨ ਧਾਰਾ ॥

(ਨਾਮ-ਰਸ ਦੀ ਸ਼ਰਾਬ ਕੱਢਣ ਲਈ) ਮੈਂ ਆਤਮ-ਗਿਆਨ ਨੂੰ ਗੁੜ, ਪ੍ਰਭੂ-ਚਰਨਾਂ ਵਿਚ ਜੁੜੀ ਸੁਰਤ ਨੂੰ ਮਹੂਏ ਦੇ ਫੁੱਲ, ਤੇ ਆਪਣੇ ਮਨ ਵਿਚ ਟਿਕਾਏ ਹੋਏ ਪ੍ਰਭੂ ਦੇ ਭਉ ਨੂੰ ਭੱਠੀ ਬਣਾਇਆ ਹੈ।

ਸੁਖਮਨ ਨਾਰੀ ਸਹਜ ਸਮਾਨੀ ਪੀਵੈ ਪੀਵਨਹਾਰਾ ॥੧॥

(ਇਸ ਗਿਆਨ-ਧਿਆਨ ਤੇ ਭਉ ਤੋਂ ਉਪਜਿਆ ਨਾਮ-ਰਸ ਪੀ ਕੇ, ਮੇਰਾ ਮਨ) ਅਡੋਲ ਅਵਸਥਾ ਵਿਚ ਲੀਨ ਹੋ ਗਿਆ ਹੈ (ਜਿਵੇਂ ਜੋਗੀ ਸ਼ਰਾਬ ਪੀ ਕੇ ਆਪਣੇ ਪ੍ਰਾਣ) ਸੁਖਮਨ ਨਾੜੀ ਵਿਚ ਟਿਕਾਉਂਦਾ ਹੈ। ਹੁਣ ਮੇਰਾ ਮਨ ਨਾਮ-ਰਸ ਨੂੰ ਪੀਣ-ਜੋਗਾ ਹੋ ਕੇ ਪੀ ਰਿਹਾ ਹੈ ॥੧॥

ਅਉਧੂ ਮੇਰਾ ਮਨੁ ਮਤਵਾਰਾ ॥

ਹੇ ਜੋਗੀ! ਮੇਰਾ (ਭੀ) ਮਨ ਮਸਤ ਹੋਇਆ ਹੋਇਆ ਹੈ, ਮੈਨੂੰ (ਉੱਚੀ ਆਤਮਕ ਅਵਸਥਾ ਦੀ) ਮਸਤੀ ਚੜ੍ਹੀ ਹੋਈ ਹੈ।

ਉਨਮਦ ਚਢਾ ਮਦਨ ਰਸੁ ਚਾਖਿਆ ਤ੍ਰਿਭਵਨ ਭਇਆ ਉਜਿਆਰਾ ॥੧॥ ਰਹਾਉ ॥

(ਪਰ) ਮੈਂ ਮਸਤ ਕਰਨ ਵਾਲਾ (ਨਾਮ-) ਰਸ ਚੱਖਿਆ ਹੈ, (ਉਸ ਦੀ ਬਰਕਤਿ ਨਾਲ) ਸਾਰੇ ਹੀ ਜਗਤ ਵਿਚ ਮੈਨੂੰ ਉਸੇ ਦੀ ਜੋਤ ਜਗ ਰਹੀ ਦਿੱਸਦੀ ਹੈ ॥੧॥ ਰਹਾਉ ॥

ਦੁਇ ਪੁਰ ਜੋਰਿ ਰਸਾਈ ਭਾਠੀ ਪੀਉ ਮਹਾ ਰਸੁ ਭਾਰੀ ॥

ਮਾਇਆ ਦੇ ਮੋਹ ਨੂੰ ਵੱਸ ਵਿਚ ਕਰ ਕੇ ਮੈਂ (ਜੋਗੀ ਵਾਲੀ) ਭੱਠੀ ਤਪਾਈ ਹੈ, ਹੁਣ ਮੈਂ ਵੱਡਾ ਮਹਾਨ ਨਾਮ-ਰਸ ਪੀ ਰਿਹਾ ਹਾਂ।

ਕਾਮੁ ਕ੍ਰੋਧੁ ਦੁਇ ਕੀਏ ਜਲੇਤਾ ਛੂਟਿ ਗਈ ਸੰਸਾਰੀ ॥੨॥

ਕਾਮ ਤੇ ਕ੍ਰੋਧ ਦੋਹਾਂ ਨੂੰ ਮੈਂ ਬਾਲਣ ਬਣਾ ਦਿੱਤਾ ਹੈ (ਤੇ, ਉਸ ਭੱਠੀ ਵਿਚ ਸਾੜ ਦਿੱਤਾ ਹੈ, ਭਾਵ, ਮੋਹ ਨੂੰ ਵੱਸ ਕੀਤਿਆਂ ਕਾਮ ਕ੍ਰੋਧ ਭੀ ਮੁੱਕ ਗਏ ਹਨ)। ਇਸ ਤਰ੍ਹਾਂ ਸੰਸਾਰ ਵਿਚ ਫਸਣ ਵਾਲੀ ਬਿਰਤੀ ਖ਼ਤਮ ਹੋ ਗਈ ਹੈ ॥੨॥

ਪ੍ਰਗਟ ਪ੍ਰਗਾਸ ਗਿਆਨ ਗੁਰ ਗੰਮਿਤ ਸਤਿਗੁਰ ਤੇ ਸੁਧਿ ਪਾਈ ॥

(ਪ੍ਰਭੂ ਤਕ) ਪਹੁੰਚ ਵਾਲੇ ਗੁਰੂ ਦੇ ਗਿਆਨ ਦੀ ਬਰਕਤਿ ਨਾਲ ਮੇਰੇ ਅੰਦਰ (ਨਾਮ ਦਾ) ਪਰਕਾਸ਼ ਹੋ ਗਿਆ ਹੈ, ਗੁਰੂ ਤੋਂ ਮੈਨੂੰ (ਉੱਚੀ) ਸਮਝ ਪ੍ਰਾਪਤ ਹੋਈ ਹੈ।

ਦਾਸੁ ਕਬੀਰੁ ਤਾਸੁ ਮਦ ਮਾਤਾ ਉਚਕਿ ਨ ਕਬਹੂ ਜਾਈ ॥੩॥੨॥

ਪ੍ਰਭੂ ਦਾ ਦਾਸ ਕਬੀਰ ਉਸ ਨਸ਼ੇ ਵਿਚ ਮਸਤ ਹੈ, ਉਸ ਦੀ ਮਸਤੀ ਕਦੇ ਮੁੱਕਣ ਵਾਲੀ ਨਹੀਂ ਹੈ ॥੩॥੨॥


ਤੂੰ ਮੇਰੋ ਮੇਰੁ ਪਰਬਤੁ ਸੁਆਮੀ ਓਟ ਗਹੀ ਮੈ ਤੇਰੀ ॥

ਹੇ ਪ੍ਰਭੂ! ਤੂੰ (ਹੀ) ਮੇਰਾ ਸਭ ਤੋਂ ਵੱਡਾ ਆਸਰਾ ਹੈਂ। ਮੈਂ ਤੇਰੀ ਹੀ ਓਟ ਫੜੀ ਹੈ (ਕਿਸੇ ਤੀਰਥ ਉੱਤੇ ਵੱਸਣ ਦਾ ਤਕੀਆ ਮੈਂ ਨਹੀਂ ਤੱਕਿਆ)।

ਨਾ ਤੁਮ ਡੋਲਹੁ ਨਾ ਹਮ ਗਿਰਤੇ ਰਖਿ ਲੀਨੀ ਹਰਿ ਮੇਰੀ ॥੧॥

ਤੂੰ ਸਦਾ ਅਡੋਲ ਰਹਿਣ ਵਾਲਾ ਹੈਂ (ਤੇਰਾ ਲੜ ਫੜ ਕੇ) ਮੈਂ ਭੀ ਨਹੀਂ ਡੋਲਦਾ, ਕਿਉਂਕਿ ਹੇ ਹਰੀ! ਤੂੰ ਆਪ ਮੇਰੀ ਲਾਜ ਰੱਖ ਲਈ ਹੈ ॥੧॥

ਅਬ ਤਬ ਜਬ ਕਬ ਤੁਹੀ ਤੁਹੀ ॥

ਹੇ ਪ੍ਰਭੂ! ਸਦਾ ਲਈ ਤੂੰ ਹੀ ਤੂੰ ਹੀ ਮੇਰਾ ਸਹਾਰਾ ਹੈਂ।

ਹਮ ਤੁਅ ਪਰਸਾਦਿ ਸੁਖੀ ਸਦ ਹੀ ॥੧॥ ਰਹਾਉ ॥

ਤੇਰੀ ਮਿਹਰ ਨਾਲ ਮੈਂ ਸਦਾ ਹੀ ਸੁਖੀ ਹਾਂ ॥੧॥ ਰਹਾਉ ॥

ਤੋਰੇ ਭਰੋਸੇ ਮਗਹਰ ਬਸਿਓ ਮੇਰੇ ਤਨ ਕੀ ਤਪਤਿ ਬੁਝਾਈ ॥

(ਲੋਕ ਆਖਦੇ ਹਨ ਮਗਹਰ ਸਰਾਪੀ ਹੋਈ ਧਰਤੀ ਹੈ, ਪਰ) ਮੈਂ ਤੇਰੇ ਉੱਤੇ ਸ਼ਰਧਾ ਧਾਰ ਕੇ ਮਗਹਰ ਜਾ ਵੱਸਿਆ, (ਤੂੰ ਮਿਹਰ ਕੀਤੀ ਤੇ) ਮੇਰੇ ਸਰੀਰ ਦੀ (ਵਿਕਾਰਾਂ ਦੀ) ਤਪਸ਼ (ਮਗਹਰ ਵਿਚ ਹੀ) ਬੁਝਾ ਦਿੱਤੀ।

ਪਹਿਲੇ ਦਰਸਨੁ ਮਗਹਰ ਪਾਇਓ ਫੁਨਿ ਕਾਸੀ ਬਸੇ ਆਈ ॥੨॥

ਮੈਂ, ਹੇ ਪ੍ਰਭੂ! ਤੇਰਾ ਦੀਦਾਰ ਪਹਿਲਾਂ ਮਗਹਰ ਵਿਚ ਰਹਿੰਦਿਆਂ ਹੀ ਕੀਤਾ ਸੀ, ਤੇ ਫੇਰ ਮੈਂ ਕਾਸ਼ੀ ਵਿਚ ਆ ਵੱਸਿਆ ॥੨॥

ਜੈਸਾ ਮਗਹਰੁ ਤੈਸੀ ਕਾਸੀ ਹਮ ਏਕੈ ਕਰਿ ਜਾਨੀ ॥

(ਹੇ ਪ੍ਰਭੂ ਤੇਰੇ ਆਸਰੇ ਅਤੇ ਨਾਮ ਧਨ ਦੀ ਬਰਕਤਿ ਨਾਲ) ਮੈਂ ਮਗਹਰ ਤੇ ਕਾਸ਼ੀ ਦੋਹਾਂ ਨੂੰ ਇਕੋ ਜਿਹਾ ਹੀ ਸਮਝਿਆ ਹੈ।

ਹਮ ਨਿਰਧਨ ਜਿਉ ਇਹੁ ਧਨੁ ਪਾਇਆ ਮਰਤੇ ਫੂਟਿ ਗੁਮਾਨੀ ॥੩॥

ਜਿਵੇਂ ਕਿਸੇ ਕੰਗਾਲ ਨੂੰ ਧਨ ਮਿਲ ਜਾਏ, (ਤਿਵੇਂ) ਮੈਨੂੰ ਕੰਗਾਲ ਨੂੰ ਤੇਰਾ ਨਾਮ ਧਨ ਮਿਲ ਗਿਆ ਹੈ, ਪਰ (ਜਿਨ੍ਹਾਂ ਨੂੰ ਕਾਸ਼ੀ ਤੀਰਥ ਤੇ ਵੱਸਣ ਦਾ ਮਾਣ ਹੈ ਉਹ) ਹੰਕਾਰੀ ਹੰਕਾਰ ਵਿਚ ਦੁੱਖੀ ਹੁੰਦੇ ਹਨ ॥੩॥

ਕਰੈ ਗੁਮਾਨੁ ਚੁਭਹਿ ਤਿਸੁ ਸੂਲਾ ਕੋ ਕਾਢਨ ਕਉ ਨਾਹੀ ॥

ਜੋ ਮਨੁੱਖ ਮਾਣ ਕਰਦਾ ਹੈ (ਮਾਣ ਚਾਹੇ ਕਿਸੇ ਗੱਲ ਦਾ ਹੋਵੇ) ਉਸ ਨੂੰ (ਇਉਂ ਹੁੰਦਾ ਹੈ ਜਿਵੇਂ) ਸੂਲਾਂ ਚੁੱਭਦੀਆਂ ਹਨ। ਕੋਈ ਉਹਨਾਂ ਦੀਆਂ ਇਹ ਸੂਲਾਂ ਪੁੱਟ ਨਹੀਂ ਸਕਦਾ।

ਅਜੈ ਸੁ ਚੋਭ ਕਉ ਬਿਲਲ ਬਿਲਾਤੇ ਨਰਕੇ ਘੋਰ ਪਚਾਹੀ ॥੪॥

ਸਾਰੀ ਉਮਰ (ਉਹ ਹੰਕਾਰੀ) ਉਹਨਾਂ ਚੋਭਾਂ ਦੇ ਮਾਰੇ ਵਿਲਕਦੇ ਹਨ, ਮਾਨੋ, ਘੋਰ ਨਰਕ ਵਿਚ ਸੜ ਰਹੇ ਹਨ ॥੪॥

ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ ॥

(ਇਹ ਲੋਕ ਆਖਦੇ ਹਨ ਕਿ ਕਾਸ਼ੀ ਵਿਚ ਰਹਿਣ ਵਾਲਾ ਸੁਰਗ ਮਾਣਦਾ ਹੈ, ਪਰ) ਨਰਕ ਕੀਹ, ਤੇ, ਵਿਚਾਰਾ ਸੁਰਗ ਕੀਹ? ਸੰਤਾਂ ਨੇ ਦੋਵੇਂ ਹੀ ਰੱਦ ਕਰ ਦਿੱਤੇ ਹਨ;

ਹਮ ਕਾਹੂ ਕੀ ਕਾਣਿ ਨ ਕਢਤੇ ਅਪਨੇ ਗੁਰ ਪਰਸਾਦੇ ॥੫॥

ਕਿਉਂਕਿ ਸੰਤ ਆਪਣੇ ਗੁਰੂ ਦੀ ਕਿਰਪਾ ਨਾਲ (ਨਾਹ ਸੁਰਗ ਤੇ ਨਾਹ ਨਰਕ) ਕਿਸੇ ਦੇ ਭੀ ਮੁਥਾਜ ਨਹੀਂ ਹਨ ॥੫॥

ਅਬ ਤਉ ਜਾਇ ਚਢੇ ਸਿੰਘਾਸਨਿ ਮਿਲੇ ਹੈ ਸਾਰਿੰਗਪਾਨੀ ॥

(ਆਪਣੇ ਗੁਰੂ ਦੀ ਕਿਰਪਾ ਨਾਲ) ਮੈਂ ਹੁਣ ਉੱਚੇ ਆਤਮਕ ਟਿਕਾਣੇ ਤੇ ਅੱਪੜ ਗਿਆ ਹਾਂ, ਜਿੱਥੇ ਮੈਨੂੰ ਪਰਮਾਤਮਾ ਮਿਲ ਪਿਆ ਹੈ।

ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਨੀ ॥੬॥੩॥

ਮੈਂ ਕਬੀਰ ਅਤੇ ਮੇਰਾ ਰਾਮ ਇੱਕ-ਰੂਪ ਹੋ ਗਏ ਹਾਂ, ਕੋਈ ਸਾਡੇ ਵਿਚ ਫ਼ਰਕ ਨਹੀ ਦੱਸ ਸਕਦਾ ॥੬॥੩॥


ਸੰਤਾ ਮਾਨਉ ਦੂਤਾ ਡਾਨਉ ਇਹ ਕੁਟਵਾਰੀ ਮੇਰੀ ॥

ਆਪਣੇ ਇਸ ਸਰੀਰ-ਰੂਪ ਸ਼ਹਿਰ ਦੀ ਰਾਖੀ ਕਰਨ ਲਈ ਮੇਰਾ ਫ਼ਰਜ਼ ਇਹ ਹੈ ਕਿ ਮੈਂ ਭਲੇ ਗੁਣਾਂ ਨੂੰ ਜੀ-ਆਇਆਂ ਆਖਾਂ ਤੇ ਵਿਕਾਰਾਂ ਨੂੰ ਮਾਰ ਕੱਢਾਂ।

ਦਿਵਸ ਰੈਨਿ ਤੇਰੇ ਪਾਉ ਪਲੋਸਉ ਕੇਸ ਚਵਰ ਕਰਿ ਫੇਰੀ ॥੧॥

ਦਿਨ ਰਾਤ, ਹੇ ਪ੍ਰਭੂ! ਤੇਰੇ ਚਰਨ ਪਰਸਾਂ ਅਤੇ ਆਪਣੇ ਕੇਸਾਂ ਦਾ ਚੌਰ ਤੇਰੇ ਉੱਤੇ ਝੁਲਾਵਾਂ ॥੧॥

ਹਮ ਕੂਕਰ ਤੇਰੇ ਦਰਬਾਰਿ ॥

ਹੇ ਪ੍ਰਭੂ! ਮੈਂ ਤੇਰੇ ਦਰ ਤੇ (ਬੈਠਾ ਹੋਇਆ ਇਕ) ਕੁੱਤਾ ਹਾਂ,

ਭਉਕਹਿ ਆਗੈ ਬਦਨੁ ਪਸਾਰਿ ॥੧॥ ਰਹਾਉ ॥

ਤੇ ਮੂੰਹ ਅਗਾਂਹ ਵਧਾ ਕੇ ਭੌਂਕ ਰਿਹਾ ਹਾਂ {ਭਾਵ, ਤੇਰੇ ਦਰ ਤੇ ਮੈਂ ਜੋ ਤੇਰੀ ਸਿਫ਼ਤ-ਸਾਲਾਹ ਕਰ ਰਿਹਾ ਹਾਂ, ਇਹ ਆਪਣੇ ਸਰੀਰ ਨੂੰ ਵਿਕਾਰ-ਕੁੱਤਿਆਂ ਤੋਂ ਬਚਾਉਣ ਲਈ ਹੈ, ਜਿਵੇਂ ਇਕ ਕੁੱਤਾ ਕਿਸੇ ਪਰਾਈ ਗਲੀ ਦੇ ਕੁੱਤਿਆਂ ਤੋਂ ਆਪਣੇ ਆਪ ਦੀ ਰਾਖੀ ਕਰਨ ਲਈ ਭੌਂਕਦਾ ਹੈ। ਇਹੀ ਗੱਲ ਸਤਿਗੁਰੂ ਨਾਨਕ ਦੇਵ ਜੀ ਨੇ ਆਖੀ ਹੈ: ਏਤੇ ਕੂਕਰ ਹਉ ਬੇਗਾਨਾ ਭਉਕਾ ਇਸੁ ਤਨ ਤਾਈ ॥੧॥ ਰਹਾਉ ॥

ਪੂਰਬ ਜਨਮ ਹਮ ਤੁਮੑਰੇ ਸੇਵਕ ਅਬ ਤਉ ਮਿਟਿਆ ਨ ਜਾਈ ॥

ਹੇ ਪ੍ਰਭੂ! ਮੈਂ ਤਾਂ ਪਹਿਲੇ ਜਨਮਾਂ ਵਿਚ ਭੀ ਤੇਰਾ ਹੀ ਸੇਵਕ ਰਿਹਾ ਹਾਂ, ਹੁਣ ਭੀ ਤੇਰੇ ਦਰ ਤੋਂ ਹਟਿਆ ਨਹੀਂ ਜਾ ਸਕਦਾ।

ਤੇਰੇ ਦੁਆਰੈ ਧੁਨਿ ਸਹਜ ਕੀ ਮਾਥੈ ਮੇਰੇ ਦਗਾਈ ॥੨॥

ਤੇਰੇ ਦਰ ਤੇ ਰਿਹਾਂ (ਮਨੁੱਖ ਦੇ ਅੰਦਰ) ਅਡੋਲ ਅਵਸਥਾ ਦੀ ਰੌ (ਚਲ ਪੈਂਦੀ ਹੈ, ਉਹ ਰੌ) ਮੈਨੂੰ ਭੀ ਪ੍ਰਾਪਤ ਹੋ ਗਈ ਹੈ ॥੨॥

ਦਾਗੇ ਹੋਹਿ ਸੁ ਰਨ ਮਹਿ ਜੂਝਹਿ ਬਿਨੁ ਦਾਗੇ ਭਗਿ ਜਾਈ ॥

ਜਿਨ੍ਹਾਂ ਦੇ ਮੱਥੇ ਉੱਤੇ ਮਾਲਕ ਦਾ (ਇਹ ਭਗਤੀ ਦਾ) ਨਿਸ਼ਾਨ ਹੁੰਦਾ ਹੈ, ਉਹ ਰਣ-ਭੂਮੀ ਵਿਚ ਲੜ ਮਰਦੇ ਹਨ। ਜੋ ਇਸ ਨਿਸ਼ਾਨ ਤੋਂ ਸੱਖਣੇ ਹਨ ਉਹ (ਟਾਕਰਾ ਪੈਣ ਤੇ) ਭਾਂਜ ਖਾ ਜਾਂਦੇ ਹਨ।

ਸਾਧੂ ਹੋਇ ਸੁ ਭਗਤਿ ਪਛਾਨੈ ਹਰਿ ਲਏ ਖਜਾਨੈ ਪਾਈ ॥੩॥

(ਭਾਵ) ਜੋ ਮਨੁੱਖ ਪ੍ਰਭੂ ਦਾ ਭਗਤ ਬਣਦਾ ਹੈ, ਉਹ ਭਗਤੀ ਨਾਲ ਸਾਂਝ ਪਾਂਦਾ ਹੈ ਤੇ ਪ੍ਰਭੂ ਉਸ ਨੂੰ ਆਪਣੇ ਦਰ ਤੇ ਪ੍ਰਵਾਨ ਕਰ ਲੈਂਦਾ ਹੈ ॥੩॥

ਕੋਠਰੇ ਮਹਿ ਕੋਠਰੀ ਪਰਮ ਕੋਠੀ ਬੀਚਾਰਿ ॥

(ਮਨੁੱਖਾ-ਸਰੀਰ, ਮਾਨੋ, ਇਕ ਨਿੱਕਾ ਜਿਹਾ ਕੋਠਾ ਹੈ, ਇਸ) ਨਿੱਕੇ ਜਿਹੇ ਸੁਹਣੇ ਕੋਠੇ ਵਿਚ (ਦਿਮਾਗ਼ ਇਕ ਹੋਰ) ਨਿੱਕੀ ਜਿਹੀ ਕੋਠੜੀ ਹੈ, ਪਰਮਾਤਮਾ ਦੇ ਨਾਮ ਦੀ ਵਿਚਾਰ ਦੀ ਬਰਕਤਿ ਨਾਲ ਇਹ ਨਿੱਕੀ ਕੋਠੜੀ ਸੁਹਣੀ ਬਣਦੀ ਜਾਂਦੀ ਹੈ।

ਗੁਰਿ ਦੀਨੀ ਬਸਤੁ ਕਬੀਰ ਕਉ ਲੇਵਹੁ ਬਸਤੁ ਸਮੑਾਰਿ ॥੪॥

ਮੈਨੂੰ ਕਬੀਰ ਨੂੰ ਮੇਰੇ ਗੁਰੂ ਨੇ ਨਾਮ-ਵਸਤ ਦਿੱਤੀ (ਤੇ, ਆਖਣ ਲੱਗਾ) ਇਹ ਵਸਤ (ਇਕ ਨਿੱਕੀ ਕੋਠੜੀ ਵਿਚ) ਸਾਂਭ ਕੇ ਰੱਖ ਲੈ ॥੪॥

ਕਬੀਰਿ ਦੀਈ ਸੰਸਾਰ ਕਉ ਲੀਨੀ ਜਿਸੁ ਮਸਤਕਿ ਭਾਗੁ ॥

ਮੈਂ ਕਬੀਰ ਨੇ ਇਹ ਨਾਮ-ਵਸਤ ਜਗਤ ਦੇ ਲੋਕਾਂ ਨੂੰ (ਭੀ ਵੰਡ) ਦਿੱਤੀ, ਪਰ ਕਿਸੇ ਭਾਗਾਂ ਵਾਲੇ ਨੇ ਹਾਸਲ ਕੀਤੀ।

ਅੰਮ੍ਰਿਤ ਰਸੁ ਜਿਨਿ ਪਾਇਆ ਥਿਰੁ ਤਾ ਕਾ ਸੋਹਾਗੁ ॥੫॥੪॥

ਜਿਸ ਕਿਸੇ ਨੇ ਇਹ ਨਾਮ-ਅੰਮ੍ਰਿਤ ਦਾ ਸੁਆਦ ਚੱਖਿਆ ਹੈ, ਉਹ ਸਦਾ ਵਾਸਤੇ ਭਾਗਾਂ ਵਾਲਾ ਬਣ ਗਿਆ ਹੈ ॥੫॥੪॥


ਜਿਹ ਮੁਖ ਬੇਦੁ ਗਾਇਤ੍ਰੀ ਨਿਕਸੈ ਸੋ ਕਿਉ ਬ੍ਰਹਮਨੁ ਬਿਸਰੁ ਕਰੈ ॥

ਬ੍ਰਾਹਮਣ ਉਸ ਪ੍ਰਭੂ ਨੂੰ ਕਿਉਂ ਵਿਸਾਰਦਾ ਹੈ, ਜਿਸ ਦੇ ਮੂੰਹ ਵਿਚੋਂ ਵੇਦ ਤੇ ਗਾਇਤ੍ਰੀ (ਆਦਿਕ) ਨਿਕਲੇ (ਮੰਨਦਾ) ਹੈ?

ਜਾ ਕੈ ਪਾਇ ਜਗਤੁ ਸਭੁ ਲਾਗੈ ਸੋ ਕਿਉ ਪੰਡਿਤੁ ਹਰਿ ਨ ਕਹੈ ॥੧॥

ਪੰਡਿਤ ਉਸ ਪਰਮਾਤਮਾ ਨੂੰ ਕਿਉਂ ਨਹੀਂ ਸਿਮਰਦਾ, ਜਿਸ ਦੇ ਚਰਨਾਂ ਤੇ ਸਾਰਾ ਸੰਸਾਰ ਪੈਂਦਾ ਹੈ? ॥੧॥

ਕਾਹੇ ਮੇਰੇ ਬਾਮੑਨ ਹਰਿ ਨ ਕਹਹਿ ॥

ਹੇ ਮੇਰੇ ਬ੍ਰਾਹਮਣ! ਤੂੰ ਪਰਮਾਤਮਾ ਦਾ ਨਾਮ ਕਿਉਂ ਨਹੀਂ ਸਿਮਰਦਾ?

ਰਾਮੁ ਨ ਬੋਲਹਿ ਪਾਡੇ ਦੋਜਕੁ ਭਰਹਿ ॥੧॥ ਰਹਾਉ ॥

ਹੇ ਪੰਡਿਤ! ਤੂੰ ਰਾਮ ਨਹੀਂ ਬੋਲਦਾ, ਤੇ ਦੋਜਕ (ਦਾ ਦੁੱਖ) ਸਹਾਰ ਰਿਹਾ ਹੈਂ ॥੧॥ ਰਹਾਉ ॥

ਆਪਨ ਊਚ ਨੀਚ ਘਰਿ ਭੋਜਨੁ ਹਠੇ ਕਰਮ ਕਰਿ ਉਦਰੁ ਭਰਹਿ ॥

ਹੇ ਬ੍ਰਾਹਮਣ! ਤੂੰ ਆਪਣੇ ਆਪ ਨੂੰ ਉੱਚੀ ਕੁਲ ਦਾ (ਸਮਝਦਾ ਹੈਂ), ਪਰ ਭੋਜਨ ਪਾਂਦਾ ਹੈਂ (ਆਪਣੇ ਤੋਂ) ਨੀਵੀਂ ਕੁਲ ਵਾਲਿਆਂ ਦੇ ਘਰ ਵਿਚ। ਤੂੰ ਹਠ ਵਾਲੇ ਕਰਮ ਕਰ ਕੇ (ਤੇ ਲੋਕਾਂ ਨੂੰ ਵਿਖਾ ਵਿਖਾ ਕੇ) ਆਪਣਾ ਪੇਟ ਪਾਲਦਾ ਹੈਂ।

ਚਉਦਸ ਅਮਾਵਸ ਰਚਿ ਰਚਿ ਮਾਂਗਹਿ ਕਰ ਦੀਪਕੁ ਲੈ ਕੂਪਿ ਪਰਹਿ ॥੨॥

ਚੌਦੇਂ ਤੇ ਮੱਸਿਆ (ਆਦਿਕ ਥਿੱਤਾਂ ਬਨਾਵਟੀ) ਥਾਪ ਥਾਪ ਕੇ ਤੂੰ (ਜਜਮਾਨਾਂ ਪਾਸੋਂ) ਮੰਗਦਾ ਹੈਂ; ਤੂੰ (ਆਪਣੇ ਆਪ ਨੂੰ ਵਿਦਵਾਨ ਸਮਝਦਾ ਹੈਂ ਪਰ ਇਹ ਵਿੱਦਿਆ-ਰੂਪ) ਦੀਵਾ ਹੱਥਾਂ ਉੱਤੇ ਰੱਖ ਕੇ ਖੂਹ ਵਿਚ ਡਿੱਗ ਰਿਹਾ ਹੈਂ ॥੨॥

ਤੂੰ ਬ੍ਰਹਮਨੁ ਮੈ ਕਾਸੀਕ ਜੁਲਹਾ ਮੁਹਿ ਤੋਹਿ ਬਰਾਬਰੀ ਕੈਸੇ ਕੈ ਬਨਹਿ ॥

ਤੂੰ (ਆਪਣੇ ਆਪ ਨੂੰ ਉੱਚੀ ਕੁਲ ਦਾ) ਬ੍ਰਹਮਣ (ਸਮਝਦਾ ਹੈਂ), ਮੈਂ (ਤੇਰੀਆਂ ਨਜ਼ਰਾਂ ਵਿਚ) ਕਾਸ਼ੀ ਦਾ (ਗ਼ਰੀਬ) ਜੁਲਾਹ ਹਾਂ। ਸੋ, ਮੇਰੀ ਤੇਰੀ ਬਰਾਬਰੀ ਕਿਵੇਂ ਹੋ ਸਕਦੀ ਹੈ? (ਭਾਵ, ਤੂੰ ਮੇਰੀ ਗੱਲ ਆਪਣੇ ਮਾਣ ਵਿਚ ਗਹੁ ਨਾਲ ਸੁਣਨ ਨੂੰ ਤਿਆਰ ਨਹੀਂ ਹੋ ਸਕਦਾ)।

ਹਮਰੇ ਰਾਮ ਨਾਮ ਕਹਿ ਉਬਰੇ ਬੇਦ ਭਰੋਸੇ ਪਾਂਡੇ ਡੂਬਿ ਮਰਹਿ ॥੩॥੫॥

ਪਰ ਅਸੀਂ (ਜੁਲਾਹੇ ਤਾਂ) ਪਰਮਾਤਮਾ ਦਾ ਨਾਮ ਸਿਮਰ ਕੇ (ਸੰਸਾਰ-ਸਮੁੰਦਰ ਤੋਂ) ਬਚ ਰਹੇ ਹਾਂ, ਤੇ ਤੁਸੀਂ, ਹੇ ਪਾਂਡੇ! ਵੇਦਾਂ ਦੇ (ਦੱਸੇ ਕਰਮ-ਕਾਂਡ ਦੇ) ਭਰੋਸੇ ਰਹਿ ਕੇ ਹੀ ਡੁੱਬ ਕੇ ਮਰ ਰਹੇ ਹੋ ॥੩॥੫॥


ਤਰਵਰੁ ਏਕੁ ਅਨੰਤ ਡਾਰ ਸਾਖਾ ਪੁਹਪ ਪਤ੍ਰ ਰਸ ਭਰੀਆ ॥

(ਗੁਰੂ ਦੇ ਸਨਮੁਖ ਹੋਏ ਅਜਿਹੇ ਮਨੁੱਖ ਨੂੰ ਇਹ ਸਮਝ ਆ ਜਾਂਦੀ ਹੈ ਕਿ) ਸੰਸਾਰ ਇਕ ਰੁਖ (ਸਮਾਨ) ਹੈ, (ਜਗਤ ਦੇ ਜੀਆ-ਜੰਤ, ਮਾਨੋ, ਉਸ ਰੁੱਖ ਦੀਆਂ) ਬੇਅੰਤ ਡਾਲੀਆਂ ਤੇ ਟਹਿਣੀਆਂ ਹਨ, ਜੋ ਫੁੱਲਾਂ, ਪੱਤਰਾਂ ਤੇ ਰਸ-ਭਰੇ ਫਲਾਂ ਨਾਲ ਲੱਦੀਆਂ ਹੋਈਆਂ ਹਨ।

ਇਹ ਅੰਮ੍ਰਿਤ ਕੀ ਬਾੜੀ ਹੈ ਰੇ ਤਿਨਿ ਹਰਿ ਪੂਰੈ ਕਰੀਆ ॥੧॥

ਇਹ ਸੰਸਾਰ ਅੰਮ੍ਰਿਤ ਦੀ ਇਕ ਬਗ਼ੀਚੀ ਹੈ, ਜੋ ਉਸ ਪੂਰਨ ਪਰਮਾਤਮਾ ਨੇ ਬਣਾਈ ਹੈ ॥੧॥

ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਨੀ ॥

ਹੇ ਭਾਈ! ਜੋ ਕੋਈ ਮਨੁੱਖ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰਦਾ ਹੈ, ਉਹ ਪ੍ਰਕਾਸ਼-ਰੂਪ ਪਰਮਾਤਮਾ ਦੇ ਮੇਲ ਦੀ ਅਵਸਥਾ ਨੂੰ ਸਮਝ ਲੈਂਦਾ ਹੈ।

ਅੰਤਰਿ ਜੋਤਿ ਰਾਮ ਪਰਗਾਸਾ ਗੁਰਮੁਖਿ ਬਿਰਲੈ ਜਾਨੀ ॥੧॥ ਰਹਾਉ ॥

ਉਸ ਦੇ ਅੰਦਰ ਜੋਤ ਜਗ ਪੈਂਦੀ ਹੈ, ਉਸ ਦੇ ਅੰਦਰ ਰਾਮ ਦਾ ਪਰਕਾਸ਼ ਹੋ ਜਾਂਦਾ ਹੈ। ਪਰ ਇਸ ਅਵਸਥਾ ਨਾਲ ਜਾਣ-ਪਛਾਣ ਕਰਨ ਵਾਲਾ ਹੁੰਦਾ ਕੋਈ ਵਿਰਲਾ ਹੈ ॥੧॥ ਰਹਾਉ ॥

ਭਵਰੁ ਏਕੁ ਪੁਹਪ ਰਸ ਬੀਧਾ ਬਾਰਹ ਲੇ ਉਰ ਧਰਿਆ ॥

(ਜਿਵੇਂ) ਇਕ ਭੌਰਾ ਫੁੱਲ ਦੇ ਰਸ ਵਿਚ ਮਸਤ ਹੋ ਕੇ ਫੁੱਲ ਦੀਆਂ ਖਿੜੀਆਂ ਪੱਤੀਆਂ ਵਿਚ ਆਪਣੇ ਆਪ ਨੂੰ ਜਾ ਬੰਨ੍ਹਾਉਂਦਾ ਹੈ,

ਸੋਰਹ ਮਧੇ ਪਵਨੁ ਝਕੋਰਿਆ ਆਕਾਸੇ ਫਰੁ ਫਰਿਆ ॥੨॥

(ਜਿਵੇਂ ਕੋਈ ਪੰਛੀ ਆਪਣੇ ਖੰਭਾਂ ਨਾਲ) ਹਵਾ ਨੂੰ ਹੁਲਾਰਾ ਦੇ ਕੇ ਆਕਾਸ਼ ਵਿਚ ਉੱਡਦਾ ਹੈ, ਤਿਵੇਂ ਉਹ ਗੁਰਮੁਖ ਨਾਮ-ਰਸ ਵਿਚ ਮਸਤ ਹੋ ਕੇ ਪੂਰਨ ਖਿੜਾਉ ਨੂੰ ਹਿਰਦੇ ਵਿਚ ਟਿਕਾਂਦਾ ਹੈ, ਤੇ ਸੋਚ-ਮੰਡਲ ਵਿਚ ਹੁਲਾਰਾ ਦੇ ਕੇ ਪ੍ਰਭੂ-ਚਰਨਾਂ ਵਿਚ ਉਡਾਰੀਆਂ ਲਾਂਦਾ ਹੈ ॥੨॥

ਸਹਜ ਸੁੰਨਿ ਇਕੁ ਬਿਰਵਾ ਉਪਜਿਆ ਧਰਤੀ ਜਲਹਰੁ ਸੋਖਿਆ ॥

ਉਸ ਗੁਰਮੁਖ ਦੀ ਉਸ ਅਡੋਲ ਤੇ ਅਫੁਰ ਅਵਸਥਾ ਵਿਚ ਉਸ ਦੇ ਅੰਦਰ (ਕੋਮਲਤਾ-ਰੂਪ) ਮਾਨੋ, ਇਕ ਕੋਮਲ ਬੂਟਾ ਉੱਗਦਾ ਹੈ, ਜੋ ਉਸ ਦੇ ਸਰੀਰ ਦੀ ਤ੍ਰਿਸ਼ਨਾ ਨੂੰ ਸੁਕਾ ਦੇਂਦਾ ਹੈ।

ਕਹਿ ਕਬੀਰ ਹਉ ਤਾ ਕਾ ਸੇਵਕੁ ਜਿਨਿ ਇਹੁ ਬਿਰਵਾ ਦੇਖਿਆ ॥੩॥੬॥

ਕਬੀਰ ਆਖਦਾ ਹੈ ਕਿ ਮੈਂ ਉਸ ਗੁਰਮੁਖ ਦਾ ਦਾਸ ਹਾਂ, ਜਿਸ ਨੇ (ਆਪਣੇ ਅੰਦਰ ਉੱਗਿਆ ਹੋਇਆ) ਇਹ ਕੋਮਲ ਬੂਟਾ ਵੇਖਿਆ ਹੈ ॥੩॥੬॥


ਮੁੰਦ੍ਰਾ ਮੋਨਿ ਦਇਆ ਕਰਿ ਝੋਲੀ ਪਤ੍ਰ ਕਾ ਕਰਹੁ ਬੀਚਾਰੁ ਰੇ ॥

ਹੇ ਜੋਗੀ! (ਮਨ ਨੂੰ ਵਿਕਾਰਾਂ ਵਲੋਂ) ਸ਼ਾਂਤੀ (ਦੇਣੀ, ਇਹ ਕੰਨਾਂ ਦੀ) ਮੁੰਦ੍ਰਾ ਬਣਾ, ਅਤੇ (ਪ੍ਰਭੂ ਦੇ ਗੁਣਾਂ ਦੀ) ਵਿਚਾਰ ਨੂੰ ਖੱਪਰ ਬਣਾ।

ਖਿੰਥਾ ਇਹੁ ਤਨੁ ਸੀਅਉ ਅਪਨਾ ਨਾਮੁ ਕਰਉ ਆਧਾਰੁ ਰੇ ॥੧॥

(ਮੈਂ ਭੀ ਤੇਰੇ ਵਾਂਗ ਇਕ ਜੋਗੀ ਹਾਂ, ਪਰ) ਮੈਂ ਆਪਣੇ ਸਰੀਰ ਨੂੰ ਵਿਕਾਰਾਂ ਵਲੋਂ ਬਚਾਉਂਦਾ ਹਾਂ, ਇਹ ਮੈਂ ਗੋਦੜੀ ਸੀਤੀ ਹੋਈ ਹੈ, ਜੋਗੀ! ਮੈਂ ਪ੍ਰਭੂ ਦੇ ਨਾਮ ਨੂੰ (ਆਪਣੀ ਜਿੰਦ ਦਾ) ਆਸਰਾ ਬਣਾਇਆ ਹੋਇਆ ਹੈ (ਇਹ ਮੇਰਾ ਸੁਆਹ ਦਾ ਬਟੂਆ ਹੈ) ॥੧॥

ਐਸਾ ਜੋਗੁ ਕਮਾਵਹੁ ਜੋਗੀ ॥

ਹੇ ਜੋਗੀ! ਇਹ ਜੋਗ-ਅੱਭਿਆਸ ਕਰੋ-

ਜਪ ਤਪ ਸੰਜਮੁ ਗੁਰਮੁਖਿ ਭੋਗੀ ॥੧॥ ਰਹਾਉ ॥

(ਕਿ) ਗ੍ਰਿਹਸਤ ਵਿਚ ਰਹਿੰਦੇ ਹੋਏ ਹੀ ਸਤਿਗੁਰੂ ਦੇ ਸਨਮੁਖ ਰਹੋ, ਗੁਰੂ ਦੇ ਦੱਸੇ ਰਾਹ ਉੱਤੇ ਤੁਰਨਾ ਹੀ ਜਪ ਹੈ, ਇਹੀ ਤਪ ਹੈ, ਤੇ ਇਹੀ ਸੰਜਮ ਹੈ ॥੧॥ ਰਹਾਉ ॥

ਬੁਧਿ ਬਿਭੂਤਿ ਚਢਾਵਉ ਅਪੁਨੀ ਸਿੰਗੀ ਸੁਰਤਿ ਮਿਲਾਈ ॥

(ਹੇ ਜੋਗੀ!) ਆਪਣੀ ਅਕਲ ਨੂੰ ਮੈਂ (ਉੱਚੇ ਟਿਕਾਣੇ ਪ੍ਰਭੂ-ਚਰਨਾਂ ਵਿਚ) ਚੜ੍ਹਾਈ ਰੱਖਦਾ ਹਾਂ, ਇਹ ਮੈਂ (ਪਿੰਡੇ ਉੱਤੇ) ਸੁਆਹ ਮਲੀ ਹੋਈ ਹੈ; ਮੈਂ ਆਪਣੇ ਮਨ ਦੀ ਸੁਰਤ ਨੂੰ (ਪ੍ਰਭੂ-ਚਰਨਾਂ ਵਿਚ) ਜੋੜਿਆ ਹੈ, ਇਹ ਮੇਰੀ ਸਿੰਙੀ ਹੈ।

ਕਰਿ ਬੈਰਾਗੁ ਫਿਰਉ ਤਨਿ ਨਗਰੀ ਮਨ ਕੀ ਕਿੰਗੁਰੀ ਬਜਾਈ ॥੨॥

ਮਾਇਆ ਵਲੋਂ ਵੈਰਾਗ ਕਰ ਕੇ ਮੈਂ ਭੀ (ਸਾਧੂ ਬਣ ਕੇ) ਫਿਰਦਾ ਹਾਂ, ਪਰ ਮੈਂ ਆਪਣੇ ਹੀ ਸਰੀਰ-ਰੂਪ ਨਗਰ ਵਿਚ ਫਿਰਦਾ ਹਾਂ (ਭਾਵ, ਖੋਜ ਕਰਦਾ ਹਾਂ); ਮੈਂ ਆਪਣੇ ਮਨ ਦੀ ਹੀ ਕਿੰਗ ਵਜਾਉਂਦਾ ਹਾਂ (ਭਾਵ, ਮਨ ਵਿਚ ਪ੍ਰਭੂ ਦੀ ਲਗਨ ਲਾਈ ਰੱਖਦਾ ਹਾਂ) ॥੨॥

ਪੰਚ ਤਤੁ ਲੈ ਹਿਰਦੈ ਰਾਖਹੁ ਰਹੈ ਨਿਰਾਲਮ ਤਾੜੀ ॥

(ਹੇ ਜੋਗੀ!) ਪ੍ਰਭੂ ਨੂੰ ਆਪਣੇ ਹਿਰਦੇ ਵਿਚ ਪ੍ਰੋ ਰੱਖੋ, ਇਸ ਤਰ੍ਹਾਂ ਦੀ ਸਮਾਧੀ ਇੱਕ-ਟਕ ਬਣੀ ਰਹਿੰਦੀ ਹੈ।

ਕਹਤੁ ਕਬੀਰੁ ਸੁਨਹੁ ਰੇ ਸੰਤਹੁ ਧਰਮੁ ਦਇਆ ਕਰਿ ਬਾੜੀ ॥੩॥੭॥

ਕਬੀਰ ਆਖਦਾ ਹੈ ਕਿ ਹੇ ਸੰਤ ਜਨੋ! ਸੁਣੋ, (ਪ੍ਰਭੂ-ਚਰਨਾਂ ਵਿਚ ਜੁੜ ਕੇ) ਧਰਮ ਤੇ ਦਇਆ ਦੀ (ਆਪਣੇ) ਮਨ ਵਿਚ ਸੋਹਣੀ ਬਗ਼ੀਚੀ ਬਣਾਓ ॥੩॥੭॥


ਕਵਨ ਕਾਜ ਸਿਰਜੇ ਜਗ ਭੀਤਰਿ ਜਨਮਿ ਕਵਨ ਫਲੁ ਪਾਇਆ ॥

ਕਿਹੜੇ ਕੰਮਾਂ ਲਈ ਅਸੀਂ ਜਗਤ ਵਿਚ ਪੈਦਾ ਹੋਏ? ਜਨਮ ਲੈ ਕੇ ਅਸਾਂ ਕੀਹ ਖੱਟਿਆ?

ਭਵ ਨਿਧਿ ਤਰਨ ਤਾਰਨ ਚਿੰਤਾਮਨਿ ਇਕ ਨਿਮਖ ਨ ਇਹੁ ਮਨੁ ਲਾਇਆ ॥੧॥

ਅਸਾਂ ਇਕ ਪਲ ਭਰ ਭੀ (ਉਸ ਪ੍ਰਭੂ ਦੇ ਚਰਨਾਂ ਵਿਚ) ਚਿੱਤ ਨਾਹ ਜੋੜਿਆ ਜੋ ਸੰਸਾਰ-ਸਮੁੰਦਰ ਤੋਂ ਤਾਰਨ ਲਈ ਜਹਾਜ਼ ਹੈ, ਜੋ, ਮਾਨੋ, ਮਨ-ਇੱਛਤ ਫਲ ਦੇਣ ਵਾਲਾ ਹੀਰਾ ਹੈ ॥੧॥

ਗੋਬਿੰਦ ਹਮ ਐਸੇ ਅਪਰਾਧੀ ॥

ਹੇ ਗੋਬਿੰਦ! ਅਸੀਂ ਜੀਵ ਅਜਿਹੇ ਵਿਕਾਰੀ ਹਾਂ,

ਜਿਨਿ ਪ੍ਰਭਿ ਜੀਉ ਪਿੰਡੁ ਥਾ ਦੀਆ ਤਿਸ ਕੀ ਭਾਉ ਭਗਤਿ ਨਹੀ ਸਾਧੀ ॥੧॥ ਰਹਾਉ ॥

ਕਿ ਜਿਸ ਤੈਂ ਪ੍ਰਭੂ ਨੇ ਇਹ ਜਿੰਦ ਤੇ ਸਰੀਰ ਦਿੱਤਾ ਉਸ ਦੀ ਬੰਦਗੀ ਨਹੀਂ ਕੀਤੀ, ਉਸ ਨਾਲ ਪਿਆਰ ਨਹੀਂ ਕੀਤਾ ॥੧॥ ਰਹਾਉ ॥

ਪਰ ਧਨ ਪਰ ਤਨ ਪਰ ਤੀ ਨਿੰਦਾ ਪਰ ਅਪਬਾਦੁ ਨ ਛੂਟੈ ॥

(ਹੇ ਗੋਬਿੰਦ!) ਪਰਾਏ ਧਨ (ਦੀ ਲਾਲਸਾ), ਪਰਾਈ ਇਸਤ੍ਰੀ (ਦੀ ਕਾਮਨਾ), ਪਰਾਈ ਚੁਗ਼ਲੀ, ਦੂਜਿਆਂ ਨਾਲ ਵਿਰੋਧ-ਇਹ ਵਿਕਾਰ ਦੂਰ ਨਹੀਂ ਹੁੰਦੇ।

ਆਵਾ ਗਵਨੁ ਹੋਤੁ ਹੈ ਫੁਨਿ ਫੁਨਿ ਇਹੁ ਪਰਸੰਗੁ ਨ ਤੂਟੈ ॥੨॥

ਮੁੜ ਮੁੜ ਜਨਮ ਮਰਨ ਦਾ ਗੇੜ (ਸਾਨੂੰ) ਮਿਲ ਰਿਹਾ ਹੈ-ਫਿਰ ਭੀ ਪਰ ਮਨ, ਪਰ ਤਨ ਆਦਿਕ ਦਾ ਇਹ ਲੰਮਾ ਝੇੜਾ ਮੁੱਕਦਾ ਨਹੀਂ ॥੨॥

ਜਿਹ ਘਰਿ ਕਥਾ ਹੋਤ ਹਰਿ ਸੰਤਨ ਇਕ ਨਿਮਖ ਨ ਕੀਨੑੋ ਮੈ ਫੇਰਾ ॥

ਜਿਨ੍ਹੀਂ ਥਾਈਂ ਪ੍ਰਭੂ ਦੇ ਭਗਤ ਰਲ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ, ਉੱਥੇ ਮੈਂ ਇਕ ਪਲਕ ਲਈ ਭੀ ਫੇਰਾ ਨਹੀਂ ਮਾਰਦਾ।

ਲੰਪਟ ਚੋਰ ਦੂਤ ਮਤਵਾਰੇ ਤਿਨ ਸੰਗਿ ਸਦਾ ਬਸੇਰਾ ॥੩॥

ਪਰ ਵਿਸ਼ਈ, ਚੋਰ, ਬਦਮਾਸ਼, ਸ਼ਰਾਬੀ-ਇਹਨਾਂ ਨਾਲ ਮੇਰਾ ਸਾਥ ਰਹਿੰਦਾ ਹੈ ॥੩॥

ਕਾਮ ਕ੍ਰੋਧ ਮਾਇਆ ਮਦ ਮਤਸਰ ਏ ਸੰਪੈ ਮੋ ਮਾਹੀ ॥

ਕਾਮ, ਕ੍ਰੋਧ, ਮਾਇਆ ਦਾ ਮੋਹ, ਹੰਕਾਰ, ਈਰਖਾ-ਮੇਰੇ ਪੱਲੇ, ਬੱਸ! ਇਹੀ ਧਨ ਹੈ।

ਦਇਆ ਧਰਮੁ ਅਰੁ ਗੁਰ ਕੀ ਸੇਵਾ ਏ ਸੁਪਨੰਤਰਿ ਨਾਹੀ ॥੪॥

ਦਇਆ, ਧਰਮ, ਸਤਿਗੁਰੂ ਦੀ ਸੇਵਾ-ਮੈਨੂੰ ਇਹਨਾਂ ਦਾ ਖ਼ਿਆਲ ਕਦੇ ਸੁਪਨੇ ਵਿਚ ਭੀ ਨਹੀਂ ਆਇਆ ॥੪॥

ਦੀਨ ਦਇਆਲ ਕ੍ਰਿਪਾਲ ਦਮੋਦਰ ਭਗਤਿ ਬਛਲ ਭੈ ਹਾਰੀ ॥

ਹੇ ਦੀਨਾਂ ਤੇ ਦਇਆ ਕਰਨ ਵਾਲੇ! ਹੇ ਕ੍ਰਿਪਾਲ! ਹੇ ਦਮੋਦਰ! ਹੇ ਭਗਤੀ ਨਾਲ ਪਿਆਰ ਕਰਨ ਵਾਲੇ! ਹੇ ਭੈ-ਹਰਨ!

ਕਹਤ ਕਬੀਰ ਭੀਰ ਜਨ ਰਾਖਹੁ ਹਰਿ ਸੇਵਾ ਕਰਉ ਤੁਮੑਾਰੀ ॥੫॥੮॥

ਕਬੀਰ ਆਖਦਾ ਹੈ- ਮੈਨੂੰ ਦਾਸ ਨੂੰ (ਵਿਕਾਰਾਂ ਦੀ) ਬਿਪਤਾ ਵਿਚੋਂ ਬਚਾ ਲੈ, ਮੈਂ (ਨਿੱਤ) ਤੇਰੀ ਹੀ ਬੰਦਗੀ ਕਰਾਂ ॥੫॥੮॥


ਇਹੁ ਸਿਮਰਨੁ ਸਤਿਗੁਰ ਤੇ ਪਾਈਐ ॥੬॥

(ਪਰ, ਗੁਰੂ ਦੀ ਸ਼ਰਨ ਪਉ), ਇਹ ਸਿਮਰਨ ਗੁਰੂ ਤੋਂ ਹੀ ਮਿਲਦਾ ਹੈ ॥੬॥

ਸਦਾ ਸਦਾ ਸਿਮਰਿ ਦਿਨੁ ਰਾਤਿ ॥

ਸਦਾ ਦਿਨ ਰਾਤ, ਹਰ ਵੇਲੇ ਸਿਮਰਨ ਕਰ।

ਜਾਗੁ ਸੋਇ ਸਿਮਰਨ ਰਸ ਭੋਗ ॥

ਜਾਗਦਿਆਂ, ਸੁੱਤਿਆਂ ਸਿਮਰਨ ਦਾ ਰਸ ਲੈ।

ਜਿਹ ਸਿਮਰਨਿ ਹੋਇ ਮੁਕਤਿ ਦੁਆਰੁ ॥

ਜਿਸ ਸਿਮਰਨ ਦੀ ਬਰਕਤਿ ਨਾਲ ਮੁਕਤੀ ਦਾ ਦਰ ਦਿੱਸ ਪੈਂਦਾ ਹੈ,

ਜਾਹਿ ਬੈਕੁੰਠਿ ਨਹੀ ਸੰਸਾਰਿ ॥

(ਉਸ ਰਸਤੇ) ਤੂੰ ਪ੍ਰਭੂ ਦੇ ਚਰਨਾਂ ਵਿਚ ਜਾ ਅੱਪੜੇਂਗਾ, ਸੰਸਾਰ (-ਸਮੁੰਦਰ) ਵਿਚ ਨਹੀਂ (ਭਟਕੇਂਗਾ)।

ਨਿਰਭਉ ਕੈ ਘਰਿ ਬਜਾਵਹਿ ਤੂਰ ॥

ਜਿਸ ਅਵਸਥਾ ਵਿਚ ਕੋਈ ਡਰ ਨਹੀਂ ਪੋਂਹਦਾ, ਉਸ ਵਿਚ ਪਹੁੰਚ ਕੇ ਤੂੰ (ਆਤਮਕ ਅਨੰਦ ਦੇ, ਮਾਨੋ) ਵਾਜੇ ਵਜਾਏਂਗਾ,

ਅਨਹਦ ਬਜਹਿ ਸਦਾ ਭਰਪੂਰ ॥੧॥

ਉਹ ਵਾਜੇ (ਤੇਰੇ ਅੰਦਰ) ਸਦਾ ਇੱਕ-ਰਸ ਵੱਜਣਗੇ, (ਉਸ ਅਨੰਦ ਵਿਚ) ਕੋਈ ਊਣਤਾ ਨਹੀਂ ਆਵੇਗੀ ॥੧॥

ਐਸਾ ਸਿਮਰਨੁ ਕਰਿ ਮਨ ਮਾਹਿ ॥

ਹੇ ਭਾਈ! ਤੂੰ ਆਪਣੇ ਮਨ ਵਿਚ ਅਜਿਹਾ (ਬਲ ਰੱਖਣ ਵਾਲਾ) ਸਿਮਰਨ ਕਰ।

ਬਿਨੁ ਸਿਮਰਨ ਮੁਕਤਿ ਕਤ ਨਾਹਿ ॥੧॥ ਰਹਾਉ ॥

ਪ੍ਰਭੂ ਦਾ ਸਿਮਰਨ ਕਰਨ ਤੋਂ ਬਿਨਾ ਕਿਸੇ ਭੀ ਹੋਰ ਤਰੀਕੇ ਨਾਲ (ਮਾਇਆ ਦੇ ਬੰਧਨਾਂ) ਤੋਂ ਖ਼ਲਾਸੀ ਨਹੀਂ ਮਿਲਦੀ ॥੧॥ ਰਹਾਉ ॥

ਜਿਹ ਸਿਮਰਨਿ ਨਾਹੀ ਨਨਕਾਰੁ ॥

ਜਿਸ ਸਿਮਰਨ ਨਾਲ (ਵਿਕਾਰ ਤੇਰੇ ਰਾਹ ਵਿਚ) ਰੁਕਾਵਟ ਨਹੀਂ ਪਾ ਸਕਣਗੇ,

ਮੁਕਤਿ ਕਰੈ ਉਤਰੈ ਬਹੁ ਭਾਰੁ ॥

ਉਹ ਸਿਮਰਨ (ਮਾਇਆ ਦੇ ਬੰਧਨਾਂ ਤੋਂ) ਅਜ਼ਾਦ ਕਰ ਦੇਂਦਾ ਹੈ, (ਵਿਕਾਰਾਂ ਦਾ) ਬੋਝ (ਮਨ ਤੋਂ) ਉਤਰ ਜਾਂਦਾ ਹੈ।

ਨਮਸਕਾਰੁ ਕਰਿ ਹਿਰਦੈ ਮਾਹਿ ॥

ਪ੍ਰਭੂ ਨੂੰ ਸਦਾ ਸਿਰ ਨਿਵਾ,

ਫਿਰਿ ਫਿਰਿ ਤੇਰਾ ਆਵਨੁ ਨਾਹਿ ॥੨॥

ਤਾਂ ਜੁ ਮੁੜ ਮੁੜ ਤੈਨੂੰ (ਜਗਤ ਵਿਚ) ਆਉਣਾ ਨਾਹ ਪਏ ॥੨॥

ਜਿਹ ਸਿਮਰਨਿ ਕਰਹਿ ਤੂ ਕੇਲ ॥

ਜਿਸ ਸਿਮਰਨ ਦੀ ਰਾਹੀਂ ਤੂੰ ਅਨੰਦ ਲੈ ਰਿਹਾ ਹੈਂ (ਭਾਵ, ਚਿੰਤਾ ਆਦਿਕ ਤੋਂ ਬਚਿਆ ਰਹਿੰਦਾ ਹੈਂ),

ਦੀਪਕੁ ਬਾਂਧਿ ਧਰਿਓ ਬਿਨੁ ਤੇਲ ॥

ਤੇਰੇ ਅੰਦਰ ਸਦਾ (ਗਿਆਨ ਦਾ) ਦੀਵਾ ਜਗਦਾ ਰਹਿੰਦਾ ਹੈਂ, (ਵਿਕਾਰਾਂ ਦੇ) ਤੇਲ (ਵਾਲਾ ਦੀਵਾ) ਨਹੀਂ ਰਹਿੰਦਾ,

ਸੋ ਦੀਪਕੁ ਅਮਰਕੁ ਸੰਸਾਰਿ ॥

ਉਹ ਦੀਵਾ (ਜਿਸ ਮਨੁੱਖ ਦੇ ਅੰਦਰ ਜਗ ਪਏ ਉਸ ਨੂੰ) ਸੰਸਾਰ ਵਿਚ ਅਮਰ ਕਰ ਦੇਂਦਾ ਹੈ,

ਕਾਮ ਕ੍ਰੋਧ ਬਿਖੁ ਕਾਢੀਲੇ ਮਾਰਿ ॥੩॥

ਕਾਮ ਕ੍ਰੋਧ ਆਦਿਕ ਦੀ ਜ਼ਹਿਰ ਨੂੰ (ਅੰਦਰੋਂ) ਮਾਰ ਕੇ ਕੱਢ ਦੇਂਦਾ ਹੈ ॥੩॥

ਜਿਹ ਸਿਮਰਨਿ ਤੇਰੀ ਗਤਿ ਹੋਇ ॥

ਜਿਸ ਸਿਮਰਨ ਦੀ ਬਰਕਤਿ ਨਾਲ ਤੇਰੀ ਉੱਚੀ ਆਤਮਕ ਅਵਸਥਾ ਬਣਦੀ ਹੈ,

ਸੋ ਸਿਮਰਨੁ ਰਖੁ ਕੰਠਿ ਪਰੋਇ ॥

ਤੂੰ ਉਸ ਸਿਮਰਨ (ਰੂਪ ਹਾਰ) ਨੂੰ ਪ੍ਰੋ ਕੇ ਸਦਾ ਗਲ ਵਿਚ ਪਾਈ ਰੱਖ।

ਸੋ ਸਿਮਰਨੁ ਕਰਿ ਨਹੀ ਰਾਖੁ ਉਤਾਰਿ ॥

(ਕਦੇ ਭੀ ਗਲੋਂ) ਲਾਹ ਕੇ ਨਾਹ ਰੱਖੀਂ, ਸਦਾ ਸਿਮਰਨ ਕਰ।

ਗੁਰਪਰਸਾਦੀ ਉਤਰਹਿ ਪਾਰਿ ॥੪॥

ਗੁਰੂ ਦੀ ਮਿਹਰ ਨਾਲ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਏਂਗਾ ॥੪॥

ਜਿਹ ਸਿਮਰਨਿ ਨਾਹੀ ਤੁਹਿ ਕਾਨਿ ॥

ਜਿਸ ਸਿਮਰਨ ਨਾਲ ਤੈਨੂੰ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ।

ਮੰਦਰਿ ਸੋਵਹਿ ਪਟੰਬਰ ਤਾਨਿ ॥

ਆਪਣੇ ਘਰ ਵਿਚ ਬੇ-ਫ਼ਿਕਰ ਹੋ ਕੇ ਸੌਂਦਾ ਹੈਂ,

ਸੇਜ ਸੁਖਾਲੀ ਬਿਗਸੈ ਜੀਉ ॥

ਹਿਰਦੇ ਵਿਚ ਸੁਖ ਹੈ, ਜਿੰਦ ਖਿੜੀ ਰਹਿੰਦੀ ਹੈ,

ਸੋ ਸਿਮਰਨੁ ਤੂ ਅਨਦਿਨੁ ਪੀਉ ॥੫॥

ਐਸਾ ਸਿਮਰਨ-ਰੂਪ ਅੰਮ੍ਰਿਤ ਹਰ ਵੇਲੇ ਪੀਂਦਾ ਰਹੁ ॥੫॥

ਜਿਹ ਸਿਮਰਨਿ ਤੇਰੀ ਜਾਇ ਬਲਾਇ ॥

ਜਿਸ ਸਿਮਰਨ ਕਰਕੇ ਤੇਰਾ ਆਤਮਕ ਰੋਗ ਕੱਟਿਆ ਜਾਂਦਾ ਹੈ,

ਜਿਹ ਸਿਮਰਨਿ ਤੁਝੁ ਪੋਹੈ ਨ ਮਾਇ ॥

ਜਿਸ ਸਿਮਰਨ ਕਰਕੇ ਤੈਨੂੰ ਮਾਇਆ ਨਹੀਂ ਪੋਂਹਦੀ,

ਸਿਮਰਿ ਸਿਮਰਿ ਹਰਿ ਹਰਿ ਮਨਿ ਗਾਈਐ ॥

ਸਦਾ ਇਹ ਸਿਮਰਨ ਕਰ, ਆਪਣੇ ਮਨ ਵਿਚ ਹਰੀ ਦੀ ਸਿਫ਼ਤ-ਸਾਲਾਹ ਕਰ।

ਊਠਤ ਬੈਠਤ ਸਾਸਿ ਗਿਰਾਸਿ ॥

ਉੱਠਦਿਆਂ ਬੈਠਦਿਆਂ, ਖਾਂਦਿਆਂ, ਸਾਹ ਲੈਂਦਿਆਂ-

ਹਰਿ ਸਿਮਰਨੁ ਪਾਈਐ ਸੰਜੋਗ ॥੭॥

(ਪਰ) ਪ੍ਰਭੂ ਦਾ ਸਿਮਰਨ ਭਾਗਾਂ ਨਾਲ ਮਿਲਦਾ ਹੈ ॥੭॥

ਜਿਹ ਸਿਮਰਨਿ ਨਾਹੀ ਤੁਝੁ ਭਾਰ ॥

ਜਿਸ ਸਿਮਰਨ ਨਾਲ ਤੇਰੇ ਉੱਤੋਂ (ਵਿਕਾਰਾਂ ਦਾ) ਬੋਝ ਲਹਿ ਜਾਇਗਾ,

ਸੋ ਸਿਮਰਨੁ ਰਾਮ ਨਾਮ ਅਧਾਰੁ ॥

ਪ੍ਰਭੂ ਦੇ ਨਾਮ ਦੇ ਉਸ ਸਿਮਰਨ ਨੂੰ (ਆਪਣੀ ਜਿੰਦ ਦਾ) ਆਸਰਾ ਬਣਾ।

ਕਹਿ ਕਬੀਰ ਜਾ ਕਾ ਨਹੀ ਅੰਤੁ ॥

ਕਬੀਰ ਆਖਦਾ ਹੈ ਕਿ ਉਸ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ,

ਤਿਸ ਕੇ ਆਗੇ ਤੰਤੁ ਨ ਮੰਤੁ ॥੮॥੯॥

(ਉਸ ਦੀ ਯਾਦ ਤੋਂ ਬਿਨਾ) ਕੋਈ ਹੋਰ ਮੰਤਰ, ਕੋਈ ਹੋਰ ਟੂਣਾ ਉਸ ਦੇ ਸਾਹਮਣੇ ਨਹੀਂ ਚੱਲ ਸਕਦਾ (ਹੋਰ ਕਿਸੇ ਤਰੀਕੇ ਨਾਲ ਉਸ ਨੂੰ ਮਿਲ ਨਹੀਂ ਸਕਦਾ) ॥੮॥੯॥


ਰਾਮਕਲੀ ਘਰੁ ੨ ਬਾਣੀ ਕਬੀਰ ਜੀ ਕੀ ॥

ਰਾਗ ਰਾਮਕਲੀ, ਘਰ ੨ ਵਿੱਚ ਭਗਤ ਕਬੀਰ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਬੰਧਚਿ ਬੰਧਨੁ ਪਾਇਆ ॥

(ਮਾਇਆ ਤੋਂ) ਮੁਕਤ ਗੁਰੂ ਨੇ ਮਾਇਆ ਨੂੰ ਰੋਕ ਪਾ ਦਿੱਤੀ ਹੈ,

ਮੁਕਤੈ ਗੁਰਿ ਅਨਲੁ ਬੁਝਾਇਆ ॥

ਮੇਰੀ ਤ੍ਰਿਸ਼ਨਾ ਦੀ ਅੱਗ ਬੁਝਾ ਦਿੱਤੀ ਹੈ।

ਜਬ ਨਖ ਸਿਖ ਇਹੁ ਮਨੁ ਚੀਨੑਾ ॥

ਹੁਣ ਜਦੋਂ ਆਪਣੇ ਇਸ ਮਨ ਨੂੰ ਚੰਗੀ ਤਰ੍ਹਾਂ ਵੇਖਦਾ ਹਾਂ,

ਤਬ ਅੰਤਰਿ ਮਜਨੁ ਕੀਨੑਾ ॥੧॥

ਤਾਂ ਆਪਣੇ ਅੰਦਰ ਹੀ ਇਸ਼ਨਾਨ ਕਰਦਾ ਹਾਂ ॥੧॥

ਪਵਨਪਤਿ ਉਨਮਨਿ ਰਹਨੁ ਖਰਾ ॥

ਜੀਵਾਤਮਾ ਦਾ ਪੂਰਨ ਖਿੜਾਉ ਵਿਚ ਟਿਕੇ ਰਹਿਣਾ ਹੀ ਆਤਮਾ ਦੀ ਸਭ ਤੋਂ ਸ੍ਰੇਸ਼ਟ ਅਵਸਥਾ ਹੈ।

ਨਹੀ ਮਿਰਤੁ ਨ ਜਨਮੁ ਜਰਾ ॥੧॥ ਰਹਾਉ ॥

ਇਸ ਅਵਸਥਾ ਨੂੰ ਜਨਮ ਮਰਨ ਤੇ ਬੁਢੇਪਾ ਪੋਹ ਨਹੀਂ ਸਕਦੇ ॥੧॥ ਰਹਾਉ ॥

ਉਲਟੀ ਲੇ ਸਕਤਿ ਸਹਾਰੰ ॥

ਮਾਇਆ ਵਾਲਾ ਸਹਾਰਾ ਹੁਣ ਉਲਟ ਗਿਆ ਹੈ,

ਪੈਸੀਲੇ ਗਗਨ ਮਝਾਰੰ ॥

(ਮਾਇਆ ਦੇ ਥਾਂ ਮੇਰਾ ਮਨ ਹੁਣ) ਪ੍ਰਭੂ-ਚਰਨਾਂ ਵਿਚ ਚੁੱਭੀ ਲਾ ਰਿਹਾ ਹੈ।

ਬੇਧੀਅਲੇ ਚਕ੍ਰ ਭੁਅੰਗਾ ॥

ਟੇਢੀਆਂ ਚਾਲਾਂ ਚੱਲਣ ਵਾਲਾ ਇਹ ਮਨ ਹੁਣ ਵਿੱਝ ਗਿਆ ਹੈ,

ਭੇਟੀਅਲੇ ਰਾਇ ਨਿਸੰਗਾ ॥੨॥

ਕਿਉਂਕਿ ਨਿਸੰਗ ਹੋ ਕੇ ਹੁਣ ਇਹ ਪ੍ਰਭੂ ਨੂੰ ਮਿਲ ਪਿਆ ਹੈ ॥੨॥

ਚੂਕੀਅਲੇ ਮੋਹ ਮਇਆਸਾ ॥

ਮੇਰੀਆਂ ਮੋਹ-ਭਰੀਆਂ ਆਸਾਂ ਹੁਣ ਮੁੱਕ ਗਈਆਂ ਹਨ;

ਸਸਿ ਕੀਨੋ ਸੂਰ ਗਿਰਾਸਾ ॥

(ਮੇਰੇ ਅੰਦਰ ਦੀ) ਸ਼ਾਂਤੀ ਨੇ ਮੇਰੀ ਤਪਸ਼ ਬੁਝਾ ਦਿੱਤੀ ਹੈ।

ਜਬ ਕੁੰਭਕੁ ਭਰਿਪੁਰਿ ਲੀਣਾ ॥

ਹੁਣ ਜਦੋਂ ਕਿ ਮਨ ਦੀ ਬਿਰਤੀ ਸਰਬ-ਵਿਆਪਕ ਪ੍ਰਭੂ ਵਿਚ ਜੁੜ ਗਈ ਹੈ,

ਤਹ ਬਾਜੇ ਅਨਹਦ ਬੀਣਾ ॥੩॥

ਇਸ ਅਵਸਥਾ ਵਿਚ (ਮੇਰੇ ਅੰਦਰ, ਮਾਨੋ) ਇੱਕ-ਰਸ ਵੀਣਾ ਵੱਜ ਰਹੀ ਹੈ ॥੩॥

ਬਕਤੈ ਬਕਿ ਸਬਦੁ ਸੁਨਾਇਆ ॥

ਉਪਦੇਸ਼ ਕਰਨ ਵਾਲੇ ਸਤਿਗੁਰੂ ਨੇ ਜਿਸ ਨੂੰ ਆਪਣਾ ਸ਼ਬਦ ਸੁਣਾਇਆ,

ਸੁਨਤੈ ਸੁਨਿ ਮੰਨਿ ਬਸਾਇਆ ॥

ਜੇ ਉਸ ਨੇ ਗਹੁ ਨਾਲ ਸੁਣ ਕੇ ਆਪਣੇ ਮਨ ਵਿਚ ਵਸਾ ਲਿਆ,

ਕਰਿ ਕਰਤਾ ਉਤਰਸਿ ਪਾਰੰ ॥

ਤਦੋਂ ਪ੍ਰਭੂ ਦਾ ਸਿਮਰਨ ਕਰ ਕੇ ਉਹ ਪਾਰ ਲੰਘ ਗਿਆ।

ਕਹੈ ਕਬੀਰਾ ਸਾਰੰ ॥੪॥੧॥੧੦॥

ਕਬੀਰ ਆਖਦਾ ਹੈ (ਕਿ ਇਸ ਸਾਰੀ ਤਬਦੀਲੀ ਵਿਚ ਇਹ ਹੈ) ਅਸਲ ਰਾਜ਼ ਦੀ ਗੱਲ ॥੪॥੧॥੧੦॥


ਚੰਦੁ ਸੂਰਜੁ ਦੁਇ ਜੋਤਿ ਸਰੂਪੁ ॥

ਇਹ ਚੰਦ ਤੇ ਸੂਰਜ ਦੋਵੇਂ ਉਸ ਪਰਮਾਤਮਾ ਦੀ ਜੋਤ ਦਾ (ਬਾਹਰਲਾ ਦਿੱਸਦਾ) ਸਰੂਪ ਹਨ,

ਜੋਤੀ ਅੰਤਰਿ ਬ੍ਰਹਮੁ ਅਨੂਪੁ ॥੧॥

ਹਰੇਕ ਪ੍ਰਕਾਸ਼ ਵਿਚ ਸੁੰਦਰ ਪ੍ਰਭੂ ਆਪ ਵੱਸ ਰਿਹਾ ਹੈ ॥੧॥

ਕਰੁ ਰੇ ਗਿਆਨੀ ਬ੍ਰਹਮ ਬੀਚਾਰੁ ॥

ਹੇ ਵਿਚਾਰਵਾਨ ਮਨੁੱਖ! (ਤੂੰ ਤਾਂ ਚੰਦ ਸੂਰਜ ਆਦਿਕ ਨੂਰੀ ਚੀਜ਼ਾਂ ਵੇਖ ਕੇ ਨਿਰਾ ਇਹਨਾਂ ਨੂੰ ਹੀ ਸਲਾਹ ਰਿਹਾ ਹੈਂ, ਇਹਨਾਂ ਨੂੰ ਨੂਰ ਦੇਣ ਵਾਲੇ) ਪਰਮਾਤਮਾ (ਦੀ ਵਡਿਆਈ) ਦੀ ਵਿਚਾਰ ਕਰ,

ਜੋਤੀ ਅੰਤਰਿ ਧਰਿਆ ਪਸਾਰੁ ॥੧॥ ਰਹਾਉ ॥

ਉਸ ਨੇ ਇਹ ਸਾਰਾ ਸੰਸਾਰ ਆਪਣੇ ਨੂਰ ਵਿਚੋਂ ਪੈਦਾ ਕੀਤਾ ਹੈ ॥੧॥ ਰਹਾਉ ॥

ਹੀਰਾ ਦੇਖਿ ਹੀਰੇ ਕਰਉ ਆਦੇਸੁ ॥

ਕਬੀਰ ਆਖਦਾ ਹੈ ਕਿ ਮੈਂ ਹੀਰੇ (ਆਦਿਕ ਸੁਹਣੇ ਕੀਮਤੀ ਚਮਕਦੇ ਪਦਾਰਥ) ਨੂੰ ਵੇਖ ਕੇ (ਉਸ) ਹੀਰੇ ਨੂੰ ਸਿਰ ਨਿਵਾਉਂਦਾ ਹਾਂ (ਜਿਸ ਨੇ ਇਹਨਾਂ ਨੂੰ ਇਹ ਗੁਣ ਬਖ਼ਸ਼ਿਆ ਹੈ, ਤੇ ਜੋ ਇਹਨਾਂ ਵਿਚ ਵੱਸਦਾ ਹੋਇਆ ਭੀ)

ਕਹੈ ਕਬੀਰੁ ਨਿਰੰਜਨ ਅਲੇਖੁ ॥੨॥੨॥੧੧॥

ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ, ਤੇ ਜਿਸ ਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ ॥੨॥੨॥੧੧॥


ਦੁਨੀਆ ਹੁਸੀਆਰ ਬੇਦਾਰ ਜਾਗਤ ਮੁਸੀਅਤ ਹਉ ਰੇ ਭਾਈ ॥

ਹੇ ਜਗਤ ਦੇ ਲੋਕੋ! ਸੁਚੇਤ ਰਹੋ, ਜਾਗਦੇ ਰਹੋ। ਹੇ ਭਾਈ! ਤੁਸੀ ਤਾਂ (ਆਪਣੇ ਵਲੋਂ) ਜਾਗਦੇ ਹੀ ਲੁੱਟੇ ਜਾ ਰਹੇ ਹੋ;

ਨਿਗਮ ਹੁਸੀਆਰ ਪਹਰੂਆ ਦੇਖਤ ਜਮੁ ਲੇ ਜਾਈ ॥੧॥ ਰਹਾਉ ॥

ਵੇਦ ਸ਼ਾਸਤ੍ਰ-ਰੂਪ ਸੁਚੇਤ ਪਹਿਰੇਦਾਰਾਂ ਦੇ ਵੇਖਦਿਆਂ ਹੀ ਤੁਹਾਨੂੰ ਜਮ-ਰਾਜ ਲਈ ਜਾ ਰਿਹਾ ਹੈ (ਭਾਵ, ਸ਼ਾਸਤ੍ਰਾਂ ਦੀ ਰਾਖੀ ਪਹਿਰੇਦਾਰੀ ਵਿਚ ਭੀ ਤੁਸੀ ਅਜਿਹੇ ਕੰਮ ਕਰੀ ਜਾ ਰਹੇ ਹੋ, ਜਿਨ੍ਹਾਂ ਕਰਕੇ ਜਨਮ ਮਰਨ ਦਾ ਗੇੜ ਬਣਿਆ ਪਿਆ ਹੈ) ॥੧॥ ਰਹਾਉ ॥

ਨੰੀਬੁ ਭਇਓ ਆਂਬੁ ਆਂਬੁ ਭਇਓ ਨੰੀਬਾ ਕੇਲਾ ਪਾਕਾ ਝਾਰਿ ॥

(ਸ਼ਾਸਤਰਾਂ ਦੇ ਦੱਸੇ ਕਰਮ-ਕਾਂਡ ਵਿਚ ਫਸੇ) ਹੋਇਆਂ ਨੂੰ ਨਿੰਮ ਦਾ ਰੁੱਖ ਅੰਬ ਦਿੱਸਦਾ ਹੈ, ਅੰਬ ਦਾ ਬੂਟਾ ਨਿੰਮ ਜਾਪਦਾ ਹੈ; ਪੱਕਾ ਹੋਇਆ ਕੇਲਾ ਇਹਨਾਂ ਨੂੰ ਝਾੜੀਆਂ ਮਲੂਮ ਹੁੰਦਾ ਹੈ,

ਨਾਲੀਏਰ ਫਲੁ ਸੇਬਰਿ ਪਾਕਾ ਮੂਰਖ ਮੁਗਧ ਗਵਾਰ ॥੧॥

ਤੇ ਸਿੰਬਲ ਇਹਨਾਂ ਮੂਰਖ ਮਤ-ਹੀਣ ਅੰਞਾਣ ਲੋਕਾਂ ਨੂੰ ਨਲੀਏਰ ਦਾ ਪੱਕਾ ਫਲ ਦਿੱਸਦਾ ਹੈ ॥੧॥

ਹਰਿ ਭਇਓ ਖਾਂਡੁ ਰੇਤੁ ਮਹਿ ਬਿਖਰਿਓ ਹਸਤੰੀ ਚੁਨਿਓ ਨ ਜਾਈ ॥

ਕਬੀਰ ਆਖਦਾ ਹੈ ਕਿ ਪਰਮਾਤਮਾ ਨੂੰ ਇਉਂ ਸਮਝੋ ਜਿਵੇਂ ਖੰਡ ਰੇਤ ਵਿਚ ਰਲੀ ਹੋਈ ਹੋਵੇ। ਉਹ ਖੰਡ ਹਾਥੀਆਂ ਪਾਸੋਂ ਨਹੀਂ ਚੁਣੀ ਜਾ ਸਕਦੀ।

ਕਹਿ ਕਬੀਰ ਕੁਲ ਜਾਤਿ ਪਾਂਤਿ ਤਜਿ ਚੀਟੀ ਹੋਇ ਚੁਨਿ ਖਾਈ ॥੨॥੩॥੧੨॥

(ਹਾਂ, ਜੇ) ਕੀੜੀ ਹੋਵੇ ਤਾਂ ਉਹ (ਇਸ ਖੰਡ ਨੂੰ) ਚੁਣ ਕੇ ਖਾ ਸਕਦੀ ਹੈ, ਇਸੇ ਤਰ੍ਹਾਂ ਮਨੁੱਖ ਕੁਲ ਜਾਤ ਖ਼ਾਨਦਾਨ (ਦਾ ਮਾਨ) ਛੱਡ ਕੇ ਪ੍ਰਭੂ ਨੂੰ ਮਿਲ ਸਕਦਾ ਹੈ ॥੨॥੩॥੧੨॥


ਰਾਗੁ ਮਾਰੂ ਬਾਣੀ ਕਬੀਰ ਜੀਉ ਕੀ ॥

ਰਾਗ ਮਾਰੂ ਵਿੱਚ ਭਗਤ ਕਬੀਰ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਪਡੀਆ ਕਵਨ ਕੁਮਤਿ ਤੁਮ ਲਾਗੇ ॥

ਹੇ ਪੰਡਿਤ! ਤੁਸੀਂ ਲੋਕ ਕਿਹੜੀ ਕੁਮੱਤੇ ਲੱਗੇ ਪਏ ਹੋ?

ਬੂਡਹੁਗੇ ਪਰਵਾਰ ਸਕਲ ਸਿਉ ਰਾਮੁ ਨ ਜਪਹੁ ਅਭਾਗੇ ॥੧॥ ਰਹਾਉ ॥

ਹੇ ਮੰਦ-ਭਾਗੀ ਪਾਂਡੇ! ਤੁਸੀਂ ਪ੍ਰਭੂ ਦਾ ਨਾਮ ਨਹੀਂ ਸਿਮਰਦੇ, ਸਾਰੇ ਪਰਵਾਰ ਸਮੇਤ ਹੀ (ਸੰਸਾਰ-ਸਮੁੰਦਰ ਵਿਚ) ਡੁੱਬ ਜਾਉਗੇ ॥੧॥ ਰਹਾਉ ॥

ਬੇਦ ਪੁਰਾਨ ਪੜੇ ਕਾ ਕਿਆ ਗੁਨੁ ਖਰ ਚੰਦਨ ਜਸ ਭਾਰਾ ॥

(ਹੇ ਪਾਂਡੇ! ਤੂੰ ਮਾਣ ਕਰਦਾ ਹੈਂ ਕਿ ਤੂੰ ਵੇਦ ਆਦਿਕ ਧਰਮ-ਪੁਸਤਕਾਂ ਪੜ੍ਹਿਆ ਹੋਇਆ ਹੈਂ, ਪਰ) ਵੇਦ ਪੁਰਾਨ ਪੜ੍ਹਨ ਦਾ ਕੋਈ ਭੀ ਲਾਭ ਨਹੀਂ (ਜੇ ਨਾਮ ਤੋਂ ਸੁੰਞਾ ਰਿਹਾ; ਇਹ ਤਾਂ ਦਿਮਾਗ਼ ਉੱਤੇ ਭਾਰ ਹੀ ਲੱਦ ਲਿਆ), ਜਿਵੇਂ ਕਿਸੇ ਖੋਤੇ ਉੱਤੇ ਚੰਦਨ ਦਾ ਲੱਦਾ ਲੱਦ ਲਿਆ।

ਰਾਮ ਨਾਮ ਕੀ ਗਤਿ ਨਹੀ ਜਾਨੀ ਕੈਸੇ ਉਤਰਸਿ ਪਾਰਾ ॥੧॥

ਤੂੰ (ਸੰਸਾਰ-ਸਮੁੰਦਰ ਤੋਂ) ਕਿਵੇਂ ਪਾਰ ਲੰਘੇਂਗਾ? ਇਹ ਤਾਂ ਤੈਨੂੰ ਸਮਝ ਹੀ ਨਹੀਂ ਪਈ ਕਿ ਪਰਮਾਤਮਾ ਦਾ ਨਾਮ ਸਿਮਰਿਆਂ ਕਿਹੋ ਜਿਹੀ ਆਤਮਕ ਅਵਸਥਾ ਬਣਦੀ ਹੈ ॥੧॥

ਜੀਅ ਬਧਹੁ ਸੁ ਧਰਮੁ ਕਰਿ ਥਾਪਹੁ ਅਧਰਮੁ ਕਹਹੁ ਕਤ ਭਾਈ ॥

(ਹੇ ਪਾਂਡੇ! ਇਕ ਪਾਸੇ ਤੁਸੀਂ ਮਾਸ ਖਾਣ ਨੂੰ ਨਿੰਦਦੇ ਹੋ; ਪਰ ਜੱਗ ਕਰਨ ਵੇਲੇ ਤੁਸੀਂ ਭੀ) ਜੀਵ ਮਾਰਦੇ ਹੋ (ਕੁਰਬਾਨੀ ਦੇਣ ਲਈ, ਤੇ) ਇਸ ਨੂੰ ਧਰਮ ਦਾ ਕੰਮ ਸਮਝਦੇ ਹੋ। ਫਿਰ, ਹੇ ਭਾਈ! ਦੱਸੋ, ਪਾਪ ਕਿਹੜਾ ਹੈ? (ਜੱਗ ਕਰਨ ਵੇਲੇ ਤੁਸੀਂ ਆਪ ਭੀ ਜੀਵ-ਹਿੰਸਾ ਕਰਦੇ ਹੋ, ਪਰ) ਆਪਣੇ ਆਪ ਨੂੰ ਤੁਸੀਂ ਸ੍ਰੇਸ਼ਟ ਰਿਸ਼ੀ ਮਿਥਦੇ ਹੋ।

ਆਪਸ ਕਉ ਮੁਨਿਵਰ ਕਰਿ ਥਾਪਹੁ ਕਾ ਕਉ ਕਹਹੁ ਕਸਾਈ ॥੨॥

(ਜੇ ਜੀਵ ਮਾਰਨ ਵਾਲੇ ਲੋਕ ਰਿਸ਼ੀ ਹੋ ਸਕਦੇ ਹਨ,) ਤਾਂ ਤੁਸੀਂ ਕਸਾਈ ਕਿਸ ਨੂੰ ਆਖਦੇ ਹੋ? (ਤੁਸੀਂ ਉਹਨਾਂ ਲੋਕਾਂ ਨੂੰ ਕਸਾਈ ਕਿਉਂ ਆਖਦੇ ਹੋ ਜੋ ਮਾਸ ਵੇਚਦੇ ਹਨ? ॥੨॥

ਮਨ ਕੇ ਅੰਧੇ ਆਪਿ ਨ ਬੂਝਹੁ ਕਾਹਿ ਬੁਝਾਵਹੁ ਭਾਈ ॥

ਹੇ ਅਗਿਆਨੀ ਪਾਂਡੇ! ਤੁਹਾਨੂੰ ਆਪ ਨੂੰ (ਜੀਵਨ ਦੇ ਸਹੀ ਰਸਤੇ ਦੀ) ਸਮਝ ਨਹੀਂ ਆਈ, ਹੋਰ ਕਿਸ ਨੂੰ ਮੱਤਾਂ ਦੇਹ ਰਹੇ ਹੋ?

ਮਾਇਆ ਕਾਰਨ ਬਿਦਿਆ ਬੇਚਹੁ ਜਨਮੁ ਅਬਿਰਥਾ ਜਾਈ ॥੩॥

(ਇਸ ਪੜ੍ਹੀ ਹੋਈ ਵਿੱਦਿਆ ਤੋਂ ਤੁਸੀਂ ਆਪ ਕੋਈ ਲਾਭ ਨਹੀਂ ਉਠਾ ਰਹੇ, ਇਸ) ਵਿੱਦਿਆ ਨੂੰ ਸਿਰਫ਼ ਮਾਇਆ ਦੀ ਖ਼ਾਤਰ ਵੇਚ ਹੀ ਰਹੇ ਹੋ, ਇਸ ਤਰ੍ਹਾਂ ਤੁਹਾਡੀ ਜ਼ਿੰਦਗੀ ਵਿਅਰਥ ਗੁਜ਼ਰ ਰਹੀ ਹੈ ॥੩॥

ਨਾਰਦ ਬਚਨ ਬਿਆਸੁ ਕਹਤ ਹੈ ਸੁਕ ਕਉ ਪੂਛਹੁ ਜਾਈ ॥

(ਜੇ ਮੇਰੀ ਇਸ ਗੱਲ ਉੱਤੇ ਯਕੀਨ ਨਹੀਂ ਆਉਂਦਾ, ਤਾਂ ਆਪਣੇ ਹੀ ਪੁਰਾਣੇ ਰਿਸ਼ੀਆਂ ਦੇ ਬਚਨ ਪੜ੍ਹ ਸੁਣ ਵੇਖੋ) ਨਾਰਦ ਰਿਸ਼ੀ ਦੇ ਇਹੀ ਬਚਨ ਹਨ, ਵਿਆਸ ਇਹੀ ਗੱਲ ਆਖਦਾ ਹੈ; ਸੁਕਦੇਵ ਨੂੰ ਵੀ ਜਾ ਕੇ ਪੁੱਛ ਲਵੋ (ਭਾਵ, ਸੁਕਦੇਵ ਦੇ ਬਚਨ ਪੜ੍ਹ ਕੇ ਭੀ ਵੇਖ ਲਵੋ, ਉਹ ਭੀ ਇਹੀ ਆਖਦਾ ਹੈ ਕਿ ਨਾਮ ਸਿਮਰਿਆਂ ਪਾਰ-ਉਤਾਰਾ ਹੁੰਦਾ ਹੈ)।

ਕਹਿ ਕਬੀਰ ਰਾਮੈ ਰਮਿ ਛੂਟਹੁ ਨਾਹਿ ਤ ਬੂਡੇ ਭਾਈ ॥੪॥੧॥

ਕਬੀਰ ਆਖਦਾ ਹੈ ਕਿ (ਦੁਨੀਆ ਦੇ ਬੰਧਨਾਂ ਤੋਂ) ਪ੍ਰਭੂ ਦਾ ਨਾਮ ਸਿਮਰ ਕੇ ਹੀ ਮੁਕਤ ਹੋ ਸਕਦੇ ਹੋ, ਨਹੀਂ ਤਾਂ ਆਪਣੇ ਆਪ ਨੂੰ ਡੁੱਬੇ ਸਮਝੋ ॥੪॥੧॥


ਬਨਹਿ ਬਸੇ ਕਿਉ ਪਾਈਐ ਜਉ ਲਉ ਮਨਹੁ ਨ ਤਜਹਿ ਬਿਕਾਰ ॥

ਜਦ ਤਕ, ਤੂੰ ਆਪਣੇ ਮਨ ਵਿਚੋਂ ਵਿਕਾਰ ਨਹੀਂ ਛੱਡਦਾ, ਜੰਗਲ ਵਿਚ ਜਾ ਵੱਸਿਆਂ ਪਰਮਾਤਮਾ ਕਿਵੇਂ ਮਿਲ ਸਕਦਾ ਹੈ?

ਜਿਹ ਘਰੁ ਬਨੁ ਸਮਸਰਿ ਕੀਆ ਤੇ ਪੂਰੇ ਸੰਸਾਰ ॥੧॥

ਜਗਤ ਵਿਚ ਪੂਰਨ ਪੁਰਖ ਉਹੀ ਹਨ ਜਿਨ੍ਹਾਂ ਨੇ ਘਰ ਤੇ ਜੰਗਲ ਨੂੰ ਇਕੋ ਜਿਹਾ ਕਰ ਜਾਣਿਆ ਹੈ (ਭਾਵ, ਗ੍ਰਿਹਸਤ ਵਿਚ ਰਹਿੰਦੇ ਹੋਏ ਹੀ ਤਿਆਗੀ ਹਨ) ॥੧॥

ਸਾਰ ਸੁਖੁ ਪਾਈਐ ਰਾਮਾ ॥

ਅਸਲ ਸ੍ਰੇਸ਼ਟ ਸੁਖ ਪ੍ਰਭੂ ਦਾ ਨਾਮ ਸਿਮਰਿਆਂ ਹੀ ਮਿਲਦਾ ਹੈ।

ਰੰਗਿ ਰਵਹੁ ਆਤਮੈ ਰਾਮ ॥੧॥ ਰਹਾਉ ॥

(ਇਸ ਵਾਸਤੇ, ਹੇ ਭਾਈ!) ਆਪਣੇ ਹਿਰਦੇ ਵਿਚ ਹੀ ਪ੍ਰੇਮ ਨਾਲ ਰਾਮ ਦਾ ਨਾਮ ਸਿਮਰੋ ॥੧॥ ਰਹਾਉ ॥

ਜਟਾ ਭਸਮ ਲੇਪਨ ਕੀਆ ਕਹਾ ਗੁਫਾ ਮਹਿ ਬਾਸੁ ॥

ਜੇ ਤੁਸਾਂ ਜਟਾ (ਧਾਰ ਕੇ ਉਹਨਾਂ) ਨੂੰ ਸੁਆਹ ਲਿੰਬ ਲਈ, ਜਾਂ ਕਿਸੇ ਗੁਫ਼ਾ ਵਿਚ ਜਾ ਡੇਰਾ ਲਾਇਆ, ਤਾਂ ਭੀ ਕੀਹ ਹੋਇਆ? (ਮਾਇਆ ਦਾ ਮੋਹ ਇਸ ਤਰ੍ਹਾਂ ਖ਼ਲਾਸੀ ਨਹੀਂ ਕਰਦਾ)।

ਮਨੁ ਜੀਤੇ ਜਗੁ ਜੀਤਿਆ ਜਾਂ ਤੇ ਬਿਖਿਆ ਤੇ ਹੋਇ ਉਦਾਸੁ ॥੨॥

ਜਿਨ੍ਹਾਂ ਨੇ ਆਪਣੇ ਮਨ ਨੂੰ ਜਿੱਤ ਲਿਆ ਹੈ ਉਹਨਾਂ (ਮਾਨੋ) ਸਾਰੇ ਜਗਤ ਨੂੰ ਜਿੱਤ ਲਿਆ, ਕਿਉਂਕਿ ਮਨ ਜਿੱਤਣ ਨਾਲ ਹੀ ਮਾਇਆ ਤੋਂ ਉਪਰਾਮ ਹੋਈਦਾ ਹੈ ॥੨॥

ਅੰਜਨੁ ਦੇਇ ਸਭੈ ਕੋਈ ਟੁਕੁ ਚਾਹਨ ਮਾਹਿ ਬਿਡਾਨੁ ॥

ਹਰ ਕੋਈ ਸੁਰਮਾ ਪਾ ਲੈਂਦਾ ਹੈ, ਪਰ (ਸੁਰਮਾ ਪਾਣ ਵਾਲਿਆਂ ਦੀ) ਨੀਅਤ ਵਿਚ ਕੁਝ ਫ਼ਰਕ ਹੋਇਆ ਕਰਦਾ ਹੈ (ਕੋਈ ਸੁਰਮਾ ਪਾਂਦਾ ਹੈ ਵਿਕਾਰਾਂ ਲਈ, ਤੇ ਕੋਈ ਅੱਖਾਂ ਦੀ ਨਜ਼ਰ ਚੰਗੀ ਰੱਖਣ ਲਈ। ਤਿਵੇਂ, ਮਾਇਆ ਦੇ ਬੰਧਨਾਂ ਤੋਂ ਨਿਕਲਣ ਲਈ ਉੱਦਮ ਕਰਨ ਦੀ ਲੋੜ ਹੈ, ਪਰ ਉੱਦਮ ਉੱਦਮ ਵਿਚ ਫ਼ਰਕ ਹੈ)

ਗਿਆਨ ਅੰਜਨੁ ਜਿਹ ਪਾਇਆ ਤੇ ਲੋਇਨ ਪਰਵਾਨੁ ॥੩॥

ਉਹੀ ਅੱਖਾਂ (ਪ੍ਰਭੂ ਦੀ ਨਜ਼ਰ ਵਿਚ) ਕਬੂਲ ਹਨ ਜਿਨ੍ਹਾਂ (ਗੁਰੂ ਦੇ) ਗਿਆਨ ਦਾ ਸੁਰਮਾ ਪਾਇਆ ਹੈ ॥੩॥

ਕਹਿ ਕਬੀਰ ਅਬ ਜਾਨਿਆ ਗੁਰਿ ਗਿਆਨੁ ਦੀਆ ਸਮਝਾਇ ॥

ਕਬੀਰ ਆਖਦਾ ਹੈ ਕਿ ਮੈਨੂੰ ਮੇਰੇ ਗੁਰੂ ਨੇ (ਜੀਵਨ ਦੇ ਸਹੀ ਰਸਤੇ ਦਾ) ਗਿਆਨ ਬਖ਼ਸ਼ ਦਿੱਤਾ ਹੈ। ਮੈਨੂੰ ਹੁਣ ਸਮਝ ਆ ਗਈ ਹੈ।

ਅੰਤਰ ਗਤਿ ਹਰਿ ਭੇਟਿਆ ਅਬ ਮੇਰਾ ਮਨੁ ਕਤਹੂ ਨ ਜਾਇ ॥੪॥੨॥

(ਗੁਰੂ ਦੀ ਕਿਰਪਾ ਨਾਲ) ਮੇਰੇ ਅੰਦਰ ਬੈਠਾ ਹੋਇਆ ਪਰਮਾਤਮਾ ਮੈਨੂੰ ਮਿਲ ਪਿਆ ਹੈ, ਮੇਰਾ ਮਨ (ਜੰਗਲ ਗੁਫ਼ਾ ਆਦਿਕ) ਕਿਸੇ ਹੋਰ ਪਾਸੇ ਨਹੀਂ ਜਾਂਦਾ ॥੪॥੨॥


ਰਿਧਿ ਸਿਧਿ ਜਾ ਕਉ ਫੁਰੀ ਤਬ ਕਾਹੂ ਸਿਉ ਕਿਆ ਕਾਜ ॥

(ਭਲਾ, ਹੇ ਜੋਗੀ!) ਜਿਸ ਮਨੁੱਖ ਦੇ ਨਿਰਾ ਫੁਰਨਾ ਉੱਠਣ ਤੇ ਹੀ ਰਿੱਧੀਆਂ ਸਿੱਧੀਆਂ ਹੋ ਪੈਣ, ਉਸ ਨੂੰ ਕਿਸੇ ਹੋਰ ਦੀ ਕੀਹ ਮੁਥਾਜੀ ਰਹਿੰਦੀ ਹੈ? (ਤੇ ਤੂੰ ਅਜੇ ਭੀ ਮੁਥਾਜ ਹੋ ਕੇ ਲੋਕਾਂ ਦੇ ਦਰ ਤੇ ਭਟਕਦਾ ਹੈਂ)।

ਤੇਰੇ ਕਹਨੇ ਕੀ ਗਤਿ ਕਿਆ ਕਹਉ ਮੈ ਬੋਲਤ ਹੀ ਬਡ ਲਾਜ ॥੧॥

(ਹੇ ਜੋਗੀ! ਤੂੰ ਆਖਦਾ ਹੈਂ ‘ਮੈਨੂੰ ਰਿੱਧੀਆਂ ਸਿੱਧੀਆਂ ਫੁਰ ਪਈਆਂ ਹਨ’, ਪਰ) ਤੇਰੇ ਨਿਰਾ (ਇਹ ਗੱਲ) ਆਖਣ ਦੀ ਹਾਲਤ ਮੈਂ ਕੀਹ ਦੱਸਾਂ? ਮੈਨੂੰ ਤਾਂ ਗੱਲ ਕਰਦਿਆਂ ਸ਼ਰਮ ਆਉਂਦੀ ਹੈ ॥੧॥

ਰਾਮੁ ਜਿਹ ਪਾਇਆ ਰਾਮ ॥

(ਹੇ ਜੋਗੀ!) ਜਿਨ੍ਹਾਂ ਲੋਕਾਂ ਨੂੰ ਸਚ-ਮੁਚ ਪਰਮਾਤਮਾ ਮਿਲ ਪੈਂਦਾ ਹੈ,

ਤੇ ਭਵਹਿ ਨ ਬਾਰੈ ਬਾਰ ॥੧॥ ਰਹਾਉ ॥

ਉਹ (ਭਿੱਛਿਆ ਮੰਗਣ ਲਈ) ਦਰ ਦਰ ਤੇ ਨਹੀਂ ਭਟਕਦੇ ॥੧॥ ਰਹਾਉ ॥

ਝੂਠਾ ਜਗੁ ਡਹਕੈ ਘਨਾ ਦਿਨ ਦੁਇ ਬਰਤਨ ਕੀ ਆਸ ॥

ਦੋ ਚਾਰ ਦਿਨ (ਮਾਇਆ) ਵਰਤਣ ਦੀ ਆਸ ਤੇ ਹੀ ਇਹ ਝੂਠਾ ਜਗਤ ਕਿਤਨਾ ਹੀ ਭਟਕਦਾ ਫਿਰਦਾ ਹੈ।

ਰਾਮ ਉਦਕੁ ਜਿਹ ਜਨ ਪੀਆ ਤਿਹਿ ਬਹੁਰਿ ਨ ਭਈ ਪਿਆਸ ॥੨॥

(ਹੇ ਜੋਗੀ!) ਜਿਨ੍ਹਾਂ ਬੰਦਿਆਂ ਨੇ ਪ੍ਰਭੂ ਦਾ ਨਾਮ-ਅੰਮ੍ਰਿਤ ਪੀਤਾ ਹੈ, ਉਹਨਾਂ ਨੂੰ ਮੁੜ ਮਾਇਆ ਦੀ ਤ੍ਰੇਹ ਨਹੀਂ ਲੱਗਦੀ ॥੨॥

ਗੁਰਪ੍ਰਸਾਦਿ ਜਿਹ ਬੂਝਿਆ ਆਸਾ ਤੇ ਭਇਆ ਨਿਰਾਸੁ ॥

ਗੁਰੂ ਦੀ ਕਿਰਪਾ ਨਾਲ ਜਿਸ ਨੇ (ਸਹੀ ਜੀਵਨ) ਸਮਝ ਲਿਆ ਹੈ, ਉਹ ਆਸਾਂ ਛੱਡ ਕੇ ਆਸਾਂ ਤੋਂ ਉਤਾਂਹ ਹੋ ਜਾਂਦਾ ਹੈ,

ਸਭੁ ਸਚੁ ਨਦਰੀ ਆਇਆ ਜਉ ਆਤਮ ਭਇਆ ਉਦਾਸੁ ॥੩॥

ਕਿਉਂਕਿ ਜਦੋਂ ਮਨੁੱਖ ਅੰਦਰੋਂ ਮਾਇਆ ਤੋਂ ਉਪਰਾਮ ਹੋ ਜਾਏ ਤਾਂ ਉਸ ਨੂੰ ਹਰ ਥਾਂ ਪ੍ਰਭੂ ਦਿੱਸਦਾ ਹੈ (ਮਾਇਆ ਵਲ ਉਸ ਦੀ ਨਿਗਾਹ ਹੀ ਨਹੀਂ ਪੈਂਦੀ) ॥੩॥

ਰਾਮ ਨਾਮ ਰਸੁ ਚਾਖਿਆ ਹਰਿ ਨਾਮਾ ਹਰ ਤਾਰਿ ॥

ਜਿਸ ਮਨੁੱਖ ਨੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖ ਲਿਆ ਹੈ, ਉਸ ਨੂੰ ਹਰੇਕ ਕੌਤਕ ਵਿਚ ਪ੍ਰਭੂ ਦਾ ਨਾਮ ਹੀ ਦਿੱਸਦਾ ਸੁਣੀਦਾ ਹੈ,

ਕਹੁ ਕਬੀਰ ਕੰਚਨੁ ਭਇਆ ਭ੍ਰਮੁ ਗਇਆ ਸਮੁਦ੍ਰੈ ਪਾਰਿ ॥੪॥੩॥

ਕਬੀਰ ਆਖਦਾ ਹੈ- ਉਹ ਸੁੱਧ ਸੋਨਾ ਬਣ ਜਾਂਦਾ ਹੈ, ਉਸ ਦੀ ਭਟਕਣਾ ਸਮੁੰਦਰੋਂ ਪਾਰ ਚਲੀ ਜਾਂਦੀ ਹੈ (ਸਦਾ ਲਈ ਮਿਟ ਜਾਂਦੀ ਹੈ) ॥੪॥੩॥


ਉਦਕ ਸਮੁੰਦ ਸਲਲ ਕੀ ਸਾਖਿਆ ਨਦੀ ਤਰੰਗ ਸਮਾਵਹਿਗੇ ॥

ਜਿਵੇਂ ਪਾਣੀ ਸਮੁੰਦਰ ਦੇ ਪਾਣੀ ਵਿਚ ਮਿਲ ਕੇ ਇਕ-ਰੂਪ ਹੋ ਜਾਂਦਾ ਹੈ, ਜਿਵੇਂ ਨਦੀ ਦੇ ਪਾਣੀ ਦੀਆਂ ਲਹਿਰਾਂ ਨਦੀ ਦੇ ਪਾਣੀ ਵਿਚ ਲੀਨ ਹੋ ਜਾਂਦੀਆਂ ਹਨ,

ਸੁੰਨਹਿ ਸੁੰਨੁ ਮਿਲਿਆ ਸਮਦਰਸੀ ਪਵਨ ਰੂਪ ਹੋਇ ਜਾਵਹਿਗੇ ॥੧॥

ਜਿਵੇਂ ਹਵਾ ਹਵਾ ਵਿਚ ਮਿਲ ਜਾਂਦੀ ਹੈ, ਤਿਵੇਂ ਵਾਸ਼ਨਾ-ਰਹਿਤ ਹੋਇਆ ਮੇਰਾ ਮਨ ਅਫੁਰ ਪ੍ਰਭੂ ਵਿਚ ਮਿਲ ਗਿਆ ਹੈ, ਤੇ ਹੁਣ ਮੈਨੂੰ ਹਰ ਥਾਂ ਪ੍ਰਭੂ ਹੀ ਦਿੱਸ ਰਿਹਾ ਹੈ ॥੧॥

ਬਹੁਰਿ ਹਮ ਕਾਹੇ ਆਵਹਿਗੇ ॥

ਮੈਂ ਫਿਰ ਕਦੇ (ਜਨਮ ਮਰਨ ਦੇ ਗੇੜ ਵਿਚ) ਨਹੀਂ ਆਵਾਂਗਾ।

ਆਵਨ ਜਾਨਾ ਹੁਕਮੁ ਤਿਸੈ ਕਾ ਹੁਕਮੈ ਬੁਝਿ ਸਮਾਵਹਿਗੇ ॥੧॥ ਰਹਾਉ ॥

ਇਹ ਜਨਮ ਮਰਨ ਦਾ ਗੇੜ ਪ੍ਰਭੂ ਦੀ ਰਜ਼ਾ (ਅਨੁਸਾਰ) ਹੀ ਹੈ, ਮੈਂ ਉਸ ਰਜ਼ਾ ਨੂੰ ਸਮਝ ਕੇ (ਰਜ਼ਾ ਵਿਚ) ਲੀਨ ਹੋ ਗਿਆ ਹਾਂ ॥੧॥ ਰਹਾਉ ॥

ਜਬ ਚੂਕੈ ਪੰਚ ਧਾਤੁ ਕੀ ਰਚਨਾ ਐਸੇ ਭਰਮੁ ਚੁਕਾਵਹਿਗੇ ॥

ਹੁਣ ਜਦੋਂ (ਪ੍ਰਭੂ ਵਿਚ ਲੀਨ ਹੋਣ ਕਰਕੇ) ਮੇਰਾ ਪੰਜ-ਤੱਤੀ ਸਰੀਰ ਦਾ ਮੋਹ ਮੁੱਕ ਗਿਆ ਹੈ, ਮੈਂ ਆਪਣਾ ਭੁਲੇਖਾ ਭੀ ਇਉਂ ਮੁਕਾ ਲਿਆ ਹੈ,

ਦਰਸਨੁ ਛੋਡਿ ਭਏ ਸਮਦਰਸੀ ਏਕੋ ਨਾਮੁ ਧਿਆਵਹਿਗੇ ॥੨॥

ਕਿ ਕਿਸੇ ਖ਼ਾਸ ਭੇਖ (ਦੀ ਮਹੱਤਤਾ ਦਾ ਖ਼ਿਆਲ) ਛੱਡ ਕੇ ਮੈਨੂੰ ਸਭਨਾਂ ਵਿਚ ਹੀ ਪਰਮਾਤਮਾ ਦਿੱਸਦਾ ਹੈ, ਮੈਂ ਇਕ ਪ੍ਰਭੂ ਦਾ ਨਾਮ ਹੀ ਸਿਮਰ ਰਿਹਾ ਹਾਂ ॥੨॥

ਜਿਤ ਹਮ ਲਾਏ ਤਿਤ ਹੀ ਲਾਗੇ ਤੈਸੇ ਕਰਮ ਕਮਾਵਹਿਗੇ ॥

(ਪਰ, ਇਹ ਪ੍ਰਭੂ ਦੀ ਆਪਣੀ ਹੀ ਮਿਹਰ ਹੈ) ਜਿਸ ਪਾਸੇ ਉਸ ਨੇ ਮੈਨੂੰ ਲਾਇਆ ਹੈ ਮੈਂ ਉਧਰ ਹੀ ਲੱਗ ਪਿਆ ਹਾਂ (ਜਿਹੋ ਜਿਹੇ ਕੰਮ ਉਹ ਮੈਥੋਂ ਕਰਾਉਂਦਾ ਹੈ) ਉਹੋ ਜਿਹੇ ਕੰਮ ਮੈਂ ਕਰ ਰਿਹਾ ਹਾਂ।

ਹਰਿ ਜੀ ਕ੍ਰਿਪਾ ਕਰੇ ਜਉ ਅਪਨੀ ਤੌ ਗੁਰ ਕੇ ਸਬਦਿ ਸਮਾਵਹਿਗੇ ॥੩॥

ਜਦੋਂ ਭੀ (ਜਿਨ੍ਹਾਂ ਉੱਤੇ) ਪ੍ਰਭੂ ਜੀ ਆਪਣੀ ਮਿਹਰ ਕਰਦੇ ਹਨ, ਉਹ ਗੁਰੂ ਦੇ ਸ਼ਬਦ ਵਿਚ ਲੀਨ ਹੋ ਜਾਂਦੇ ਹਨ ॥੩॥

ਜੀਵਤ ਮਰਹੁ ਮਰਹੁ ਫੁਨਿ ਜੀਵਹੁ ਪੁਨਰਪਿ ਜਨਮੁ ਨ ਹੋਈ ॥

ਗ੍ਰਿਹਸਤ ਵਿਚ ਰਹਿੰਦੇ ਹੋਏ ਹੀ (ਪਹਿਲਾਂ) ਵਿਕਾਰਾਂ ਵਲੋਂ ਮਰੋ। ਜਦੋਂ ਇਸ ਤਰ੍ਹਾਂ ਮਰੋਗੇ, ਤਾਂ ਫਿਰ ਆਤਮਕ ਜੀਵਨ ਵਾਲੇ ਪਾਸੇ ਜੀਊ ਪਵੋਗੇ। ਫਿਰ ਕਦੇ ਜਨਮ (ਮਰਨ ਦਾ ਗੇੜ) ਨਹੀਂ ਹੋਵੇਗਾ।

ਕਹੁ ਕਬੀਰ ਜੋ ਨਾਮਿ ਸਮਾਨੇ ਸੁੰਨ ਰਹਿਆ ਲਿਵ ਸੋਈ ॥੪॥੪॥

ਕਬੀਰ ਆਖਦਾ ਹੈ- ਜੋ ਜੋ ਮਨੁੱਖ ਪ੍ਰਭੂ ਦੇ ਨਾਮ ਵਿਚ ਲੀਨ ਹੁੰਦਾ ਹੈ, ਉਹ ਅਫੁਰ ਪ੍ਰਭੂ ਵਿਚ ਸੁਰਤ ਜੋੜੀ ਰੱਖਦਾ ਹੈ ॥੪॥੪॥


ਜਉ ਤੁਮੑ ਮੋ ਕਉ ਦੂਰਿ ਕਰਤ ਹਉ ਤਉ ਤੁਮ ਮੁਕਤਿ ਬਤਾਵਹੁ ॥

ਹੇ ਰਾਮ! ਜੇ ਤੂੰ ਮੈਨੂੰ ਆਪਣੇ ਚਰਨਾਂ ਤੋਂ ਵਿਛੋੜ ਦੇਵੇਂ, ਤਾਂ ਦੱਸ ਹੋਰ ਮੁਕਤੀ ਕੀਹ ਹੈ?

ਏਕ ਅਨੇਕ ਹੋਇ ਰਹਿਓ ਸਗਲ ਮਹਿ ਅਬ ਕੈਸੇ ਭਰਮਾਵਹੁ ॥੧॥

ਤੂੰ ਇਕ ਪ੍ਰਭੂ ਅਨੇਕਾਂ ਰੂਪ ਧਾਰ ਕੇ ਸਾਰੇ ਜੀਵਾਂ ਵਿਚ ਵਿਆਪਕ ਹੈਂ (ਮੇਰੇ ਅੰਦਰ ਭੀ ਬੈਠ ਕੇ ਮੈਨੂੰ ਮਿਲਿਆ ਹੋਇਆ ਹੈਂ)। ਹੁਣ ਮੈਨੂੰ ਕਿਸੇ ਹੋਰ ਭੁਲੇਖੇ ਵਿਚ ਕਿਉਂ ਪਾਂਦਾ ਹੈਂ (ਕਿ ਮੁਕਤੀ ਕਿਸੇ ਹੋਰ ਥਾਂ ਕਿਸੇ ਹੋਰ ਕਿਸਮ ਦੀ ਮਿਲੇਗੀ)? ॥੧॥

ਰਾਮ ਮੋ ਕਉ ਤਾਰਿ ਕਹਾਂ ਲੈ ਜਈ ਹੈ ॥

ਹੇ ਰਾਮ! (ਮੈਂ ਤਾਂ ਅੱਗੇ ਹੀ ਤੇਰੇ ਚਰਨਾਂ ਵਿਚ ਜੁੜਿਆ ਬੈਠਾ ਹਾਂ। ਲੋਕ ਆਖਦੇ ਹਨ ਕਿ ਮਰਨ ਪਿਛੋਂ ਮੁਕਤੀ ਮਿਲਦੀ ਹੈ) ਮੈਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਕੇ ਹੋਰ ਕਿੱਥੇ ਲੈ ਜਾਏਂਗਾ? (ਤੇਰੇ ਚਰਨਾਂ ਵਿਚ ਟਿਕੇ ਰਹਿਣਾ ਹੀ ਮੇਰੇ ਲਈ ਮੁਕਤੀ ਹੈ।

ਸੋਧਉ ਮੁਕਤਿ ਕਹਾ ਦੇਉ ਕੈਸੀ ਕਰਿ ਪ੍ਰਸਾਦੁ ਮੋਹਿ ਪਾਈ ਹੈ ॥੧॥ ਰਹਾਉ ॥

ਜੇ ਤੇਰੇ ਚਰਨਾਂ ਵਿਚ ਜੁੜੇ ਰਹਿਣਾ ਮੁਕਤੀ ਨਹੀਂ ਹੈ, ਤਾਂ) ਮੈਂ ਪੁੱਛਦਾ ਹਾਂ-ਉਹ ਮੁਕਤੀ ਕਿਹੋ ਜਿਹੀ ਹੋਵੇਗੀ, ਤੇ ਮੈਨੂੰ ਹੋਰ ਕਿਥੇ ਲੈ ਜਾ ਕੇ ਤੂੰ ਦੇਵੇਂਗਾ? (ਤੇਰੇ ਚਰਨਾਂ ਵਿਚ ਜੁੜੇ ਰਹਿਣ ਵਾਲੀ ਮੁਕਤੀ ਤਾਂ) ਤੇਰੀ ਕਿਰਪਾ ਨਾਲ ਮੈਂ ਅੱਗੇ ਹੀ ਪ੍ਰਾਪਤ ਕੀਤੀ ਹੋਈ ਹੈ ॥੧॥ ਰਹਾਉ ॥

ਤਾਰਨ ਤਰਨੁ ਤਬੈ ਲਗੁ ਕਹੀਐ ਜਬ ਲਗੁ ਤਤੁ ਨ ਜਾਨਿਆ ॥

ਸੰਸਾਰ-ਸਮੁੰਦਰ ਤੋਂ ਪਾਰ ਲੰਘਾਣਾ ਤੇ ਪਾਰ ਲੰਘਣਾ-ਇਹ ਗੱਲ ਤਦ ਤਕ ਹੀ ਕਹੀਦੀ ਹੈ, ਜਦ ਤਕ ਜਗਤ ਦੇ ਮੂਲ-ਪ੍ਰਭੂ ਨਾਲ ਸਾਂਝ ਨਹੀਂ ਪਾਈ ਜਾਂਦੀ।

ਅਬ ਤਉ ਬਿਮਲ ਭਏ ਘਟ ਹੀ ਮਹਿ ਕਹਿ ਕਬੀਰ ਮਨੁ ਮਾਨਿਆ ॥੨॥੫॥

ਕਬੀਰ ਆਖਦਾ ਹੈ ਕਿ ਮੈਂ ਤਾਂ ਹੁਣ ਹਿਰਦੇ ਵਿਚ ਹੀ (ਤੇਰੇ ਮਿਲਾਪ ਦੀ ਬਰਕਤਿ ਨਾਲ) ਪਵਿੱਤਰ ਹੋ ਚੁਕਾ ਹਾਂ ਮੇਰਾ ਮਨ (ਤੇਰੇ ਨਾਲ ਹੀ) ਪਰਚ ਗਿਆ ਹੈ (ਕਿਸੇ ਹੋਰ ਮੁਕਤੀ ਦੀ ਮੈਨੂੰ ਲੋੜ ਨਹੀਂ ਹੈ) ॥੨॥੫॥


ਜਿਨਿ ਗੜ ਕੋਟ ਕੀਏ ਕੰਚਨ ਕੇ ਛੋਡਿ ਗਇਆ ਸੋ ਰਾਵਨੁ ॥੧॥

ਜਿਸ ਰਾਵਣ ਨੇ ਸੋਨੇ ਦੇ ਕਿਲ੍ਹੇ ਬਣਾਏ (ਦੱਸੀਏ ਹਨ), ਉਹ ਭੀ (ਉਹ ਕਿਲ੍ਹੇ ਇਥੇ ਹੀ) ਛੱਡ ਗਿਆ ॥੧॥

ਕਾਹੇ ਕੀਜਤੁ ਹੈ ਮਨਿ ਭਾਵਨੁ ॥

ਕਿਉਂ ਆਪਣੀ ਮਨ-ਮਰਜ਼ੀ ਕਰਦਾ ਹੈਂ?

ਜਬ ਜਮੁ ਆਇ ਕੇਸ ਤੇ ਪਕਰੈ ਤਹ ਹਰਿ ਕੋ ਨਾਮੁ ਛਡਾਵਨ ॥੧॥ ਰਹਾਉ ॥

ਜਦੋਂ ਜਮਦੂਤ ਆ ਕੇ ਕੇਸਾਂ ਤੋਂ ਫੜ ਲੈਂਦਾ ਹੈ (ਭਾਵ, ਜਦੋਂ ਮੌਤ ਸਿਰ ਤੇ ਆ ਜਾਂਦੀ ਹੈ) ਉਸ ਵੇਲੇ ਪਰਮਾਤਮਾ ਦਾ ਨਾਮ ਹੀ (ਉਸ ਮੌਤ ਦੇ ਸਹਿਮ ਤੋਂ) ਬਚਾਂਦਾ ਹੈ ॥੧॥ ਰਹਾਉ ॥

ਕਾਲੁ ਅਕਾਲੁ ਖਸਮ ਕਾ ਕੀਨੑਾ ਇਹੁ ਪਰਪੰਚੁ ਬਧਾਵਨੁ ॥

ਕਬੀਰ ਆਖਦਾ ਹੈ ਕਿ ਇਹ ਅਮੋੜ ਮੌਤ ਅਤੇ ਬੰਧਨ-ਰੂਪ ਇਹ ਜਗਤ ਪਰਮਾਤਮਾ ਦੇ ਹੀ ਬਣਾਏ ਹੋਏ ਹਨ।

ਕਹਿ ਕਬੀਰ ਤੇ ਅੰਤੇ ਮੁਕਤੇ ਜਿਨੑ ਹਿਰਦੈ ਰਾਮ ਰਸਾਇਨੁ ॥੨॥੬॥

ਇਹਨਾਂ ਤੋਂ ਬਚਦੇ ਉਹੀ ਹਨ ਜਿਨ੍ਹਾਂ ਦੇ ਹਿਰਦੇ ਵਿਚ ਸਭ ਰਸਾਂ ਦਾ ਘਰ ਪਰਮਾਤਮਾ ਦਾ ਨਾਮ ਮੌਜੂਦ ਹੈ ॥੨॥੬॥


ਦੇਹੀ ਗਾਵਾ ਜੀਉ ਧਰ ਮਹਤਉ ਬਸਹਿ ਪੰਚ ਕਿਰਸਾਨਾ ॥

ਇਹ ਮਨੁੱਖਾ ਸਰੀਰ (ਮਾਨੋ ਇਕ) ਨਗਰ ਹੈ, ਜੀਵ ਇਸ (ਨਗਰ ਦੀ) ਧਰਤੀ ਦਾ ਚੌਧਰੀ ਹੈ, ਇਸ ਵਿਚ ਪੰਜ ਕਿਸਾਨ ਵੱਸਦੇ ਹਨ-

ਨੈਨੂ ਨਕਟੂ ਸ੍ਰਵਨੂ ਰਸਪਤਿ ਇੰਦ੍ਰੀ ਕਹਿਆ ਨ ਮਾਨਾ ॥੧॥

ਅੱਖਾਂ, ਨੱਕ, ਕੰਨ, ਜੀਭ ਤੇ (ਕਾਮ-ਵਾਸ਼ਨਾ ਵਾਲੀ) ਇੰਦ੍ਰੀ। ਇਹ ਪੰਜੇ ਹੀ ਜੀਵ-ਚੌਧਰੀ ਦਾ ਕਿਹਾ ਨਹੀਂ ਮੰਨਦੇ (ਅਮੋੜ ਹਨ) ॥੧॥

ਬਾਬਾ ਅਬ ਨ ਬਸਉ ਇਹ ਗਾਉ ॥

ਹੇ ਬਾਬਾ! ਹੁਣ ਮੈਂ ਇਸ ਪਿੰਡ ਵਿਚ ਨਹੀਂ ਵੱਸਣਾ,

ਘਰੀ ਘਰੀ ਕਾ ਲੇਖਾ ਮਾਗੈ ਕਾਇਥੁ ਚੇਤੂ ਨਾਉ ॥੧॥ ਰਹਾਉ ॥

ਜਿੱਥੇ ਰਿਹਾਂ ਉਹ ਪਟਵਾਰੀ ਜਿਸ ਦਾ ਨਾਮ ਚਿਤ੍ਰਗੁਪਤ ਹੈ, ਹਰੇਕ ਘੜੀ ਦਾ ਲੇਖਾ ਮੰਗਦਾ ਹੈ ॥੧॥ ਰਹਾਉ ॥

ਧਰਮ ਰਾਇ ਜਬ ਲੇਖਾ ਮਾਗੈ ਬਾਕੀ ਨਿਕਸੀ ਭਾਰੀ ॥

(ਜੋ ਜੀਵ ਇਹਨਾਂ ਪੰਜਾਂ ਦੇ ਅਧੀਨ ਹੋ ਕੇ ਰਹਿੰਦਾ ਹੈ) ਜਦੋਂ ਧਰਮਰਾਜ (ਇਸ ਜੀਵਨ ਵਿਚ ਕੀਤੇ ਕੰਮਾਂ ਦਾ) ਹਿਸਾਬ ਮੰਗਦਾ ਹੈ (ਉਸ ਦੇ ਜ਼ਿੰਮੇ) ਬਹੁਤ ਕੁਝ ਦੇਣਾ ਨਿਕਲਦਾ ਹੈ।

ਪੰਚ ਕ੍ਰਿਸਾਨਵਾ ਭਾਗਿ ਗਏ ਲੈ ਬਾਧਿਓ ਜੀਉ ਦਰਬਾਰੀ ॥੨॥

(ਸਰੀਰ ਢਹਿ ਜਾਣ ਤੇ) ਉਹ ਪੰਜ ਮੁਜ਼ਾਰੇ ਤਾਂ ਭੱਜ ਜਾਂਦੇ ਹਨ ਪਰ ਜੀਵ ਨੂੰ (ਲੇਖਾ ਮੰਗਣ ਵਾਲੇ) ਦਰਬਾਰੀ ਬੰਨ੍ਹ ਲੈਂਦੇ ਹਨ ॥੨॥

ਕਹੈ ਕਬੀਰੁ ਸੁਨਹੁ ਰੇ ਸੰਤਹੁ ਖੇਤ ਹੀ ਕਰਹੁ ਨਿਬੇਰਾ ॥

ਕਬੀਰ ਆਖਦਾ ਹੈ ਕਿ ਹੇ ਸੰਤ ਜਨੋ! ਸੁਣੋ, ਇਸੇ ਹੀ ਮਨੁੱਖਾ ਜਨਮ ਵਿਚ (ਇਹਨਾਂ ਇੰਦ੍ਰਿਆਂ ਦਾ) ਹਿਸਾਬ ਮੁਕਾਉ,

ਅਬ ਕੀ ਬਾਰ ਬਖਸਿ ਬੰਦੇ ਕਉ ਬਹੁਰਿ ਨ ਭਉਜਲਿ ਫੇਰਾ ॥੩॥੭॥

(ਤੇ ਪ੍ਰਭੂ ਅੱਗੇ ਨਿੱਤ ਅਰਦਾਸ ਕਰੋ-ਹੇ ਪ੍ਰਭੂ! ਇਸੇ ਹੀ ਵਾਰੀ (ਭਾਵ, ਇਸੇ ਹੀ ਜਨਮ ਵਿਚ) ਮੈਨੂੰ ਆਪਣੇ ਸੇਵਕ ਨੂੰ ਬਖ਼ਸ਼ ਲੈ, ਇਸ ਸੰਸਾਰ-ਸਮੁੰਦਰ ਵਿਚ ਮੇਰਾ ਮੁੜ ਫੇਰ ਨਾਹ ਹੋਵੇ ॥੩॥੭॥


ਰਾਗੁ ਮਾਰੂ ਬਾਣੀ ਕਬੀਰ ਜੀਉ ਕੀ ॥

ਰਾਗ ਮਾਰੂ ਵਿੱਚ ਭਗਤ ਕਬੀਰ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਅਨਭਉ ਕਿਨੈ ਨ ਦੇਖਿਆ ਬੈਰਾਗੀਅੜੇ ॥

ਹੇ ਅੰਞਾਣ ਵੈਰਾਗੀ! (ਪਰਮਾਤਮਾ ਨੂੰ ਇਹਨਾਂ ਅੱਖਾਂ ਨਾਲ ਕਦੇ) ਕਿਸੇ ਨੇ ਨਹੀਂ ਵੇਖਿਆ, ਉਸ ਦਾ ਤਾਂ ਆਤਮਕ ਝਲਕਾਰਾ ਹੀ ਵੱਜਦਾ ਹੈ।

ਬਿਨੁ ਭੈ ਅਨਭਉ ਹੋਇ ਵਣਾਹੰਬੈ ॥੧॥

ਤੇ, ਇਹ ਆਤਮਕ ਝਲਕਾਰਾ ਤਦੋਂ ਵੱਜਦਾ ਹੈ, ਜਦੋਂ ਮਨੁੱਖ ਦੁਨੀਆ ਦੇ ਡਰਾਂ ਤੋਂ ਰਹਿਤ ਹੋ ਜਾਂਦਾ ਹੈ ॥੧॥

ਸਹੁ ਹਦੂਰਿ ਦੇਖੈ ਤਾਂ ਭਉ ਪਵੈ ਬੈਰਾਗੀਅੜੇ ॥

ਹੇ ਅੰਞਾਣ ਬੈਰਾਗੀ! ਜੋ ਮਨੁੱਖ ਪਰਮਾਤਮਾ-ਖਸਮ ਨੂੰ ਹਰ ਵੇਲੇ ਅੰਗ-ਸੰਗ ਸਮਝਦਾ ਹੈ, ਉਸ ਦੇ ਅੰਦਰ ਉਸ ਦਾ ਡਰ ਪੈਦਾ ਹੁੰਦਾ ਹੈ (ਕਿ ਪ੍ਰਭੂ ਸਾਡੇ ਸਾਰੇ ਕੀਤੇ ਕਰਮਾਂ ਨੂੰ ਵੇਖ ਰਿਹਾ ਹੈ)।

ਹੁਕਮੈ ਬੂਝੈ ਤ ਨਿਰਭਉ ਹੋਇ ਵਣਾਹੰਬੈ ॥੨॥

ਇਸ ਡਰ ਦੀ ਬਰਕਤਿ ਨਾਲ ਮਨੁੱਖ ਉਸ ਪ੍ਰਭੂ ਦਾ) ਹੁਕਮ ਸਮਝਦਾ ਹੈ (ਭਾਵ, ਇਹ ਸਮਝਣ ਦੀ ਕੋਸ਼ਸ਼ ਕਰਦਾ ਹੈ ਕਿ ਸਾਨੂੰ ਜੀਵਾਂ ਨੂੰ ਕਿਵੇਂ ਜੀਊਣਾ ਚਾਹੀਦਾ ਹੈ) ਤਾਂ ਸੰਸਾਰਕ ਡਰਾਂ ਤੋਂ ਰਹਿਤ ਹੋ ਜਾਂਦਾ ਹੈ (ਕਿਉਂਕਿ ਰਜ਼ਾ ਨੂੰ ਸਮਝ ਕੇ ਸੰਸਾਰਕ ਡਰਾਂ ਵਾਲੇ ਕੰਮ ਕਰਨੇ ਛੱਡ ਦੇਂਦਾ ਹੈ) ॥੨॥

ਹਰਿ ਪਾਖੰਡੁ ਨ ਕੀਜਈ ਬੈਰਾਗੀਅੜੇ ॥

ਹੇ ਅੰਞਾਣ ਬੈਰਾਗੀ! (ਇਹ ਤੀਰਥ ਆਦਿਕ ਕਰ ਕੇ) ਪਰਮਾਤਮਾ ਨਾਲ ਠੱਗੀ ਨਾਹ ਕਰੀਏ,

ਪਾਖੰਡਿ ਰਤਾ ਸਭੁ ਲੋਕੁ ਵਣਾਹੰਬੈ ॥੩॥

ਸਾਰਾ ਜਗਤ (ਤੀਰਥ ਆਦਿਕ ਕਰਨ ਦੇ ਵਹਿਣ ਵਿਚ ਪੈ ਕੇ) ਪਖੰਡ ਵਿਚ ਰੁੱਝਾ ਪਿਆ ਹੈ ॥੩॥

ਤ੍ਰਿਸਨਾ ਪਾਸੁ ਨ ਛੋਡਈ ਬੈਰਾਗੀਅੜੇ ॥

ਹੇ ਅੰਞਾਣ ਬੈਰਾਗੀ! (ਪਖੰਡ-ਕਰਮ ਕੀਤਿਆਂ) ਤ੍ਰਿਸ਼ਨਾ ਖ਼ਲਾਸੀ ਨਹੀਂ ਕਰਦੀ,

ਮਮਤਾ ਜਾਲਿਆ ਪਿੰਡੁ ਵਣਾਹੰਬੈ ॥੪॥

ਸਗੋਂ ਮਾਇਆ ਦੀ ਮਮਤਾ ਸਰੀਰ ਨੂੰ ਸਾੜ ਦੇਂਦੀ ਹੈ ॥੪॥

ਚਿੰਤਾ ਜਾਲਿ ਤਨੁ ਜਾਲਿਆ ਬੈਰਾਗੀਅੜੇ ॥

ਹੇ ਅੰਞਾਣ ਬੈਰਾਗੀ! ਜੇ ਮਨੁੱਖ ਦਾ ਮਨ (ਤ੍ਰਿਸ਼ਨਾ ਮਮਤਾ ਵਲੋਂ) ਮਰ ਜਾਏ,

ਜੇ ਮਨੁ ਮਿਰਤਕੁ ਹੋਇ ਵਣਾਹੰਬੈ ॥੫॥

(ਤਾਂ ਉਹ ਸੱਚਾ ਬੈਰਾਗੀ ਬਣ ਜਾਂਦਾ ਹੈ, ਉਸ ਅਜਿਹੇ ਬੈਰਾਗੀ ਨੇ) ਚਿੰਤਾ ਸਾੜ ਕੇ ਸਰੀਰ (ਦਾ ਮੋਹ) ਸਾੜ ਲਿਆ ਹੈ ॥੫॥

ਸਤਿਗੁਰ ਬਿਨੁ ਬੈਰਾਗੁ ਨ ਹੋਵਈ ਬੈਰਾਗੀਅੜੇ ॥

(ਪਰ) ਹੇ ਅੰਞਾਣ ਬੈਰਾਗੀ! ਸਤਿਗੁਰੂ (ਦੀ ਸ਼ਰਨ ਆਉਣ) ਤੋਂ ਬਿਨਾ (ਹਿਰਦੇ ਵਿਚ) ਵੈਰਾਗ ਪੈਦਾ ਨਹੀਂ ਹੋ ਸਕਦਾ,

ਜੇ ਲੋਚੈ ਸਭੁ ਕੋਇ ਵਣਾਹੰਬੈ ॥੬॥

ਭਾਵੇਂ ਕੋਈ ਕਿਤਨੀ ਹੀ ਤਾਂਘ ਕਰੇ ॥੬॥

ਕਰਮੁ ਹੋਵੈ ਸਤਿਗੁਰੁ ਮਿਲੈ ਬੈਰਾਗੀਅੜੇ ॥

ਹੇ ਅੰਞਾਣ ਬੈਰਾਗੀ! ਸਤਿਗੁਰੂ ਤਦੋਂ ਮਿਲਦਾ ਹੈ ਜੇ (ਪ੍ਰਭੂ ਦੀ) ਕਿਰਪਾ ਹੋਵੇ,

ਸਹਜੇ ਪਾਵੈ ਸੋਇ ਵਣਾਹੰਬੈ ॥੭॥

ਉਹ ਮਨੁੱਖ (ਫਿਰ) ਸਹਿਜੇ ਹੀ (ਵੈਰਾਗ) ਪ੍ਰਾਪਤ ਕਰ ਲੈਂਦਾ ਹੈ ॥੭॥

ਕਹੁ ਕਬੀਰ ਇਕ ਬੇਨਤੀ ਬੈਰਾਗੀਅੜੇ ॥

ਕਬੀਰ ਆਖਦਾ ਹੈ- ਹੇ ਅੰਞਾਣ ਬੈਰਾਗੀ! (ਪਖੰਡ ਨਾਲ ਕੁਝ ਨਹੀਂ ਸੌਰਨਾ, ਪ੍ਰਭੂ ਅੱਗੇ) ਇਉਂ ਅਰਦਾਸ ਕਰ,

ਮੋ ਕਉ ਭਉਜਲੁ ਪਾਰਿ ਉਤਾਰਿ ਵਣਾਹੰਬੈ ॥੮॥੧॥੮॥

‘ਹੇ ਪ੍ਰਭੂ! ਮੈਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ’ ॥੮॥੧॥੮॥


ਰਾਜਨ ਕਉਨੁ ਤੁਮਾਰੈ ਆਵੈ ॥

ਹੇ ਰਾਜਾ (ਦੁਰਜੋਧਨ)! ਤੇਰੇ ਘਰ ਕੌਣ ਆਵੇ? (ਮੈਨੂੰ ਤੇਰੇ ਘਰ ਆਉਣ ਦੀ ਖਿੱਚ ਨਹੀਂ ਹੋ ਸਕਦੀ)।

ਐਸੋ ਭਾਉ ਬਿਦਰ ਕੋ ਦੇਖਿਓ ਓਹੁ ਗਰੀਬੁ ਮੋਹਿ ਭਾਵੈ ॥੧॥ ਰਹਾਉ ॥

ਮੈਂ ਬਿਦਰ ਦਾ ਇਤਨਾ ਪ੍ਰੇਮ ਵੇਖਿਆ ਹੈ ਕਿ ਉਹ ਗ਼ਰੀਬ (ਭੀ) ਮੈਨੂੰ ਪਿਆਰਾ ਲੱਗਦਾ ਹੈ ॥੧॥ ਰਹਾਉ ॥

ਹਸਤੀ ਦੇਖਿ ਭਰਮ ਤੇ ਭੂਲਾ ਸ੍ਰੀ ਭਗਵਾਨੁ ਨ ਜਾਨਿਆ ॥

ਤੂੰ ਹਾਥੀ (ਆਦਿਕ) ਵੇਖ ਕੇ ਮਾਣ ਵਿਚ ਆ ਕੇ ਖੁੰਝ ਗਿਆ ਹੈਂ, ਪਰਮਾਤਮਾ ਨੂੰ ਭੁਲਾ ਬੈਠਾ ਹੈਂ।

ਤੁਮਰੋ ਦੂਧੁ ਬਿਦਰ ਕੋ ਪਾਨੑੋ ਅੰਮ੍ਰਿਤੁ ਕਰਿ ਮੈ ਮਾਨਿਆ ॥੧॥

ਇਕ ਪਾਸੇ ਤੇਰਾ ਦੁੱਧ ਹੈ, ਦੂਜੇ ਪਾਸੇ ਬਿਦਰ ਦਾ ਪਾਣੀ ਹੈ; ਇਹ ਪਾਣੀ ਮੈਨੂੰ ਅੰਮ੍ਰਿਤ ਦਿੱਸਦਾ ਹੈ ॥੧॥

ਖੀਰ ਸਮਾਨਿ ਸਾਗੁ ਮੈ ਪਾਇਆ ਗੁਨ ਗਾਵਤ ਰੈਨਿ ਬਿਹਾਨੀ ॥

(ਬਿਦਰ ਦੇ ਘਰ ਦਾ ਰਿੱਝਾ ਹੋਇਆ) ਸਾਗ (ਤੇਰੀ ਰਸੋਈ ਦੀ ਪੱਕੀ) ਖੀਰ ਵਰਗਾ ਮੈਨੂੰ (ਮਿੱਠਾ) ਲੱਗਦਾ ਹੈ, (ਕਿਉਂਕਿ ਬਿਦਰ ਦੇ ਕੋਲ ਰਹਿ ਕੇ ਮੇਰੀ) ਰਾਤ ਪ੍ਰਭੂ ਦੇ ਗੁਣ ਗਾਂਦਿਆਂ ਬੀਤੀ ਹੈ।

ਕਬੀਰ ਕੋ ਠਾਕੁਰੁ ਅਨਦ ਬਿਨੋਦੀ ਜਾਤਿ ਨ ਕਾਹੂ ਕੀ ਮਾਨੀ ॥੨॥੯॥

ਕਬੀਰ ਦਾ ਮਾਲਕ ਪ੍ਰਭੂ ਆਨੰਦ ਤੇ ਮੌਜ ਦਾ ਮਾਲਕ ਹੈ (ਜਿਵੇਂ ਉਸ ਨੇ ਕ੍ਰਿਸ਼ਨ-ਰੂਪ ਵਿਚ ਆ ਕੇ ਕਿਸੇ ਦੇ ਉੱਚੇ ਮਰਾਤਬੇ ਦੀ ਪਰਵਾਹ ਨਹੀਂ ਕੀਤੀ, ਤਿਵੇਂ) ਉਹ ਕਿਸੇ ਦੀ ਉੱਚੀ ਜਾਤ ਦੀ ਪਰਵਾਹ ਨਹੀਂ ਕਰਦਾ ॥੨॥੯॥


ਸਲੋਕ ਕਬੀਰ ॥
ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥

ਉਸ ਦੇ ਦਸਮ-ਦੁਆਰ ਵਿਚ ਧੌਂਸਾ ਵੱਜਦਾ ਹੈ, ਉਸ ਦੇ ਨਿਸ਼ਾਨੇ ਤੇ ਚੋਟ ਪੈਂਦੀ ਹੈ (ਭਾਵ, ਉਸ ਦਾ ਮਨ ਪ੍ਰਭੂ-ਚਰਨਾਂ ਵਿਚ ਉੱਚੀਆਂ ਉਡਾਰੀਆਂ ਲਾਂਦਾ ਹੈ, ਜਿੱਥੇ ਕਿਸੇ ਵਿਕਾਰ ਦੀ ਸੁਣਾਈ ਹੀ ਨਹੀਂ ਹੋ ਸਕਦੀ, ਉਸ ਦੇ ਹਿਰਦੇ ਵਿਚ ਪ੍ਰਭੂ-ਚਰਨਾਂ ਵਿਚ ਜੁੜੇ ਰਹਿਣ ਦੀ ਧ੍ਰੂਹ ਪੈਂਦੀ ਹੈ)।

ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥੧॥

ਜੋ ਮਨੁੱਖ ਇਸ ਜਗਤ-ਰੂਪ ਰਣ-ਭੂਮੀ ਵਿਚ ਦਲੇਰ ਹੋ ਕੇ ਵਿਕਾਰਾਂ ਦੇ ਟਾਕਰੇ ਤੇ ਅੜ ਖਲੋਤਾ ਹੈ, ਤੇ ਇਹ ਸਮਝਦਾ ਹੈ ਕਿ ਇਹ ਮਨੁੱਖਾ-ਜੀਵਨ ਹੀ ਮੌਕਾ ਹੈ ਜਦੋਂ ਇਹਨਾਂ ਨਾਲ ਲੜਿਆ ਜਾ ਸਕਦਾ ਹੈ, ਉਹ ਹੈ ਅਸਲ ਸੂਰਮਾ ॥੧॥

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥

(ਹਾਂ, ਇਕ ਹੋਰ ਭੀ ਸੂਰਮਾ ਹੈ) ਉਸ ਮਨੁੱਖ ਨੂੰ ਭੀ ਸੂਰਮਾ ਹੀ ਸਮਝਣਾ ਚਾਹੀਦਾ ਹੈ ਜੋ ਗ਼ਰੀਬਾਂ ਦੀ ਖ਼ਾਤਰ ਲੜਦਾ ਹੈ,

ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥੨॥੨॥

(ਗ਼ਰੀਬਾਂ ਵਾਸਤੇ ਲੜਦਾ ਲੜਦਾ) ਟੋਟੇ ਟੋਟੇ ਹੋ ਮਰਦਾ ਹੈ, ਪਰ ਲੜਾਈ ਦਾ ਮੈਦਾਨ ਕਦੇ ਨਹੀਂ ਛੱਡਦਾ (ਪਰ ਪਿਛਾਂਹ ਪੈਰ ਨਹੀਂ ਹਟਾਂਦਾ, ਆਪਣੀ ਜਿੰਦ ਬਚਾਣ ਦੀ ਖ਼ਾਤਰ ਗ਼ਰੀਬ ਦੀ ਫੜੀ ਹੋਈ ਬਾਂਹ ਨਹੀਂ ਛੱਡਦਾ) ॥੨॥੨॥


ਮਾਰੂ ਕਬੀਰ ਜੀਉ ॥
ਦੀਨੁ ਬਿਸਾਰਿਓ ਰੇ ਦਿਵਾਨੇ ਦੀਨੁ ਬਿਸਾਰਿਓ ਰੇ ॥

ਹੇ ਕਮਲੇ ਮਨੁੱਖ! ਤੂੰ ਧਰਮ (ਮਨੁੱਖਾ-ਜੀਵਨ ਦਾ ਫ਼ਰਜ਼) ਵਿਸਾਰ ਦਿੱਤਾ ਹੈ।

ਪੇਟੁ ਭਰਿਓ ਪਸੂਆ ਜਿਉ ਸੋਇਓ ਮਨੁਖੁ ਜਨਮੁ ਹੈ ਹਾਰਿਓ ॥੧॥ ਰਹਾਉ ॥
ਤੂੰ ਪਸ਼ੂਆਂ ਵਾਂਗ ਢਿੱਡ ਭਰ ਕੇ ਸੁੱਤਾ ਰਹਿੰਦਾ ਹੈਂ; ਤੂੰ ਮਨੁੱਖ ਜੀਵਨ ਐਵੇਂ ਹੀ ਗੰਵਾ ਲਿਆ ਹੈ ॥੧॥ ਰਹਾਉ ॥
ਸਾਧਸੰਗਤਿ ਕਬਹੂ ਨਹੀ ਕੀਨੀ ਰਚਿਓ ਧੰਧੈ ਝੂਠ ॥

ਤੂੰ ਕਦੇ ਸਤਸੰਗ ਵਿਚ ਨਹੀਂ ਗਿਆ, ਜਗਤ ਦੇ ਝੂਠੇ ਧੰਧਿਆਂ ਵਿਚ ਹੀ ਮਸਤ ਹੈਂ;

ਸੁਆਨ ਸੂਕਰ ਬਾਇਸ ਜਿਵੈ ਭਟਕਤੁ ਚਾਲਿਓ ਊਠਿ ॥੧॥

ਕਾਂ, ਕੁੱਤੇ, ਸੂਰ ਵਾਂਗ ਭਟਕਦਾ ਹੀ (ਜਗਤ ਤੋਂ) ਤੁਰ ਜਾਏਂਗਾ ॥੧॥

ਆਪਸ ਕਉ ਦੀਰਘੁ ਕਰਿ ਜਾਨੈ ਅਉਰਨ ਕਉ ਲਗ ਮਾਤ ॥

ਜੋ ਮਨੁੱਖ ਆਪਣੇ ਆਪ ਨੂੰ ਵੱਡੇ ਸਮਝਦੇ ਹਨ ਤੇ ਹੋਰਨਾਂ ਨੂੰ ਤੁੱਛ ਜਾਣਦੇ ਹਨ,

ਮਨਸਾ ਬਾਚਾ ਕਰਮਨਾ ਮੈ ਦੇਖੇ ਦੋਜਕ ਜਾਤ ॥੨॥

ਮਨੁੱਖ ਮਨ, ਬਚਨ ਜਾਂ ਕਰਮ ਦੁਆਰਾ (ਆਪਣੇ ਆਪ ਨੂੰ ਵੱਡੇ ਹੋਰਨਾਂ ਨੂੰ ਛੋਟੇ ਜਾਣਦੇ ਹਨ) ਐਸੇ ਬੰਦੇ ਮੈਂ ਦੋਜ਼ਕ ਜਾਂਦੇ ਵੇਖੇ ਹਨ (ਭਾਵ, ਨਿੱਤ ਇਹ ਵੇਖਣ ਵਿਚ ਆਉਂਦਾ ਹੈ ਕਿ ਅਜਿਹੇ ਹੰਕਾਰੀ ਮਨੁੱਖ ਹਉਮੈ ਵਿਚ ਇਉਂ ਦੁਖੀ ਹੁੰਦੇ ਹਨ ਜਿਵੇਂ ਦੋਜ਼ਕ ਦੀ ਅੱਗ ਵਿਚ ਸੜ ਰਹੇ ਹਨ) ॥੨॥

ਕਾਮੀ ਕ੍ਰੋਧੀ ਚਾਤੁਰੀ ਬਾਜੀਗਰ ਬੇਕਾਮ ॥

ਕਾਮ-ਵੱਸ ਹੋ ਕੇ, ਕ੍ਰੋਧ-ਅਧੀਨ ਹੋ ਕੇ, ਚਤਰਾਈਆ ਠੱਗੀਆਂ ਨਕਾਰੇ-ਪਨ ਵਿਚ,

ਨਿੰਦਾ ਕਰਤੇ ਜਨਮੁ ਸਿਰਾਨੋ ਕਬਹੂ ਨ ਸਿਮਰਿਓ ਰਾਮੁ ॥੩॥

ਦੂਜਿਆਂ ਦੀ ਨਿੰਦਿਆ ਕਰ ਕੇ, (ਹੇ ਕਮਲਿਆ!) ਤੂੰ ਜੀਵਨ ਗੁਜ਼ਾਰ ਦਿੱਤਾ ਹੈ, ਕਦੇ ਪ੍ਰਭੂ ਨੂੰ ਯਾਦ ਨਹੀਂ ਕੀਤਾ ॥੩॥

ਕਹਿ ਕਬੀਰ ਚੇਤੈ ਨਹੀ ਮੂਰਖੁ ਮੁਗਧੁ ਗਵਾਰੁ ॥

ਕਬੀਰ ਆਖਦਾ ਹੈ ਕਿ (ਉਹ) ਮੂਰਖ ਮੂੜ੍ਹ ਗੰਵਾਰ ਮਨੁੱਖ-

ਰਾਮੁ ਨਾਮੁ ਜਾਨਿਓ ਨਹੀ ਕੈਸੇ ਉਤਰਸਿ ਪਾਰਿ ॥੪॥੧॥

ਜਿਹੜਾ ਪਰਮਾਤਮਾ ਨੂੰ ਨਹੀਂ ਸਿਮਰਦਾ, ਪ੍ਰਭੂ ਦੇ ਨਾਮ ਨਾਲ ਸਾਂਝ ਨਹੀਂ ਪਾਂਦਾ, (ਸੰਸਾਰ-ਸਮੁੰਦਰ ਵਿਚੋਂ) ਕਿਵੇਂ ਪਾਰ ਲੰਘੇਗਾ? ॥੪॥੧॥


ਕਬੀਰੁ ॥ ਮਾਰੂ ॥
ਰਾਮੁ ਸਿਮਰੁ ਪਛੁਤਾਹਿਗਾ ਮਨ ॥

ਹੇ ਮਨ! (ਹੁਣ ਹੀ ਵੇਲਾ ਹੈ) ਪ੍ਰਭੂ ਦਾ ਸਿਮਰਨ ਕਰ, (ਨਹੀਂ ਤਾਂ ਸਮਾ ਵਿਹਾ ਜਾਣ ਤੇ) ਅਫ਼ਸੋਸ ਕਰੇਂਗਾ।

ਪਾਪੀ ਜੀਅਰਾ ਲੋਭੁ ਕਰਤੁ ਹੈ ਆਜੁ ਕਾਲਿ ਉਠਿ ਜਾਹਿਗਾ ॥੧॥ ਰਹਾਉ ॥

ਵਿਕਾਰਾਂ ਵਿਚ ਫਸੀ ਹੋਈ ਤੇਰੀ ਕਮਜ਼ੋਰ ਜਿੰਦ (ਧਨ ਪਦਾਰਥ ਦਾ) ਲੋਭ ਕਰ ਰਹੀ ਹੈ, ਪਰ ਤੂੰ ਥੋੜੇ ਹੀ ਦਿਨਾਂ ਵਿਚ (ਇਹ ਸਭ ਕੁਝ ਛੱਡ ਕੇ ਇੱਥੋਂ) ਤੁਰ ਜਾਏਂਗਾ ॥੧॥ ਰਹਾਉ ॥

ਲਾਲਚ ਲਾਗੇ ਜਨਮੁ ਗਵਾਇਆ ਮਾਇਆ ਭਰਮ ਭੁਲਾਹਿਗਾ ॥

ਹੇ ਮਨ! ਤੂੰ ਲਾਲਚ ਵਿਚ ਫਸ ਕੇ ਜੀਵਨ ਅਜਾਈਂ ਗਵਾ ਰਿਹਾ ਹੈਂ, ਮਾਇਆ ਦੀ ਭਟਕਣਾ ਵਿਚ ਖੁੰਝਿਆ ਫਿਰਦਾ ਹੈਂ।

ਧਨ ਜੋਬਨ ਕਾ ਗਰਬੁ ਨ ਕੀਜੈ ਕਾਗਦ ਜਿਉ ਗਲਿ ਜਾਹਿਗਾ ॥੧॥

ਨਾਹ ਕਰ ਇਹ ਮਾਣ ਧਨ ਤੇ ਜੁਆਨੀ ਦਾ, (ਮੌਤ ਆਉਣ ਤੇ) ਕਾਗ਼ਜ਼ ਵਾਂਗ ਗਲ ਜਾਏਂਗਾ ॥੧॥

ਜਉ ਜਮੁ ਆਇ ਕੇਸ ਗਹਿ ਪਟਕੈ ਤਾ ਦਿਨ ਕਿਛੁ ਨ ਬਸਾਹਿਗਾ ॥

ਹੇ ਮਨ! ਜਦੋਂ ਜਮ ਨੇ ਆ ਕੇ ਕੇਸਾਂ ਤੋਂ ਫੜ ਕੇ ਤੈਨੂੰ ਭੁੰਞੇ ਪਟਕਾਇਆ, ਤਦੋਂ ਤੇਰੀ (ਉਸ ਅੱਗੇ) ਕੋਈ ਪੇਸ਼ ਨਹੀਂ ਜਾਇਗੀ।

ਸਿਮਰਨੁ ਭਜਨੁ ਦਇਆ ਨਹੀ ਕੀਨੀ ਤਉ ਮੁਖਿ ਚੋਟਾ ਖਾਹਿਗਾ ॥੨॥

ਤੂੰ ਹੁਣ ਪ੍ਰਭੂ ਦਾ ਸਿਮਰਨ ਭਜਨ ਨਹੀਂ ਕਰਦਾ, ਤੂੰ ਦਇਆ ਨਹੀਂ ਪਾਲਦਾ, ਮਰਨ ਵੇਲੇ ਦੁਖੀ ਹੋਵੇਂਗਾ ॥੨॥

ਧਰਮ ਰਾਇ ਜਬ ਲੇਖਾ ਮਾਗੈ ਕਿਆ ਮੁਖੁ ਲੈ ਕੈ ਜਾਹਿਗਾ ॥

ਹੇ ਮਨ! ਜਦੋਂ ਧਰਮਰਾਜ ਨੇ (ਤੈਥੋਂ ਜੀਵਨ ਵਿਚ ਕੀਤੇ ਕੰਮਾਂ ਦਾ) ਹਿਸਾਬ ਮੰਗਿਆ, ਤਾਂ ਕੀਹ ਮੂੰਹ ਲੈ ਕੇ ਉਸ ਦੇ ਸਾਹਮਣੇ ਹੋਵੇਂਗਾ?

ਕਹਤੁ ਕਬੀਰੁ ਸੁਨਹੁ ਰੇ ਸੰਤਹੁ ਸਾਧਸੰਗਤਿ ਤਰਿ ਜਾਂਹਿਗਾ ॥੩॥੧॥

ਕਬੀਰ ਆਖਦਾ ਹੈ ਕਿ ਹੇ ਸੰਤ ਜਨੋ! ਸੁਣੋ, ਸਾਧ-ਸੰਗਤ ਵਿਚ ਰਹਿ ਕੇ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘੀਦਾ ਹੈ ॥੩॥੧॥


ਰਾਗੁ ਕੇਦਾਰਾ ਬਾਣੀ ਕਬੀਰ ਜੀਉ ਕੀ ॥

ਰਾਗ ਕੇਦਾਰਾ ਵਿੱਚ ਭਗਤ ਕਬੀਰ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਉਸਤਤਿ ਨਿੰਦਾ ਦੋਊ ਬਿਬਰਜਿਤ ਤਜਹੁ ਮਾਨੁ ਅਭਿਮਾਨਾ ॥

ਕਿਸੇ ਮਨੁੱਖ ਦੀ ਖ਼ੁਸ਼ਾਮਦ ਕਰਨੀ ਜਾਂ ਕਿਸੇ ਦੇ ਐਬ ਫਰੋਲਣੇ-ਇਹ ਦੋਵੇਂ ਕੰਮ ਮਾੜੇ ਹਨ। (ਇਹ ਖ਼ਿਆਲ ਭੀ) ਛੱਡ ਦਿਉ (ਕਿ ਕੋਈ ਤੁਹਾਡਾ) ਆਦਰ (ਕਰਦਾ ਹੈ ਜਾਂ ਕੋਈ) ਆਕੜ (ਵਿਖਾਉਂਦਾ ਹੈ)।

ਲੋਹਾ ਕੰਚਨੁ ਸਮ ਕਰਿ ਜਾਨਹਿ ਤੇ ਮੂਰਤਿ ਭਗਵਾਨਾ ॥੧॥

ਜੋ ਮਨੁੱਖ ਲੋਹੇ ਤੇ ਸੋਨੇ ਨੂੰ ਇਕੋ ਜਿਹਾ ਜਾਣਦੇ ਹਨ, ਉਹ ਭਗਵਾਨ ਦਾ ਰੂਪ ਹਨ। {ਸੋਨਾ-ਆਦਰ। ਲੋਹਾ-ਨਿਰਾਦਰੀ} ॥੧॥

ਤੇਰਾ ਜਨੁ ਏਕੁ ਆਧੁ ਕੋਈ ॥

ਹੇ ਪ੍ਰਭੂ! ਕੋਈ ਵਿਰਲਾ ਮਨੁੱਖ ਤੇਰਾ ਹੋ ਕੇ ਰਹਿੰਦਾ ਹੈ।

ਕਾਮੁ ਕ੍ਰੋਧੁ ਲੋਭੁ ਮੋਹੁ ਬਿਬਰਜਿਤ ਹਰਿ ਪਦੁ ਚੀਨੑੈ ਸੋਈ ॥੧॥ ਰਹਾਉ ॥

(ਜੋ ਤੇਰਾ ਬਣਦਾ ਹੈ) ਉਸ ਨੂੰ ਕਾਮ, ਕ੍ਰੋਧ, ਲੋਭ, ਮੋਹ (ਆਦਿਕ ਵਿਕਾਰ) ਮਾੜੇ ਲੱਗਦੇ ਹਨ। (ਜੋ ਮਨੁੱਖ ਇਹਨਾਂ ਨੂੰ ਤਿਆਗਦਾ ਹੈ) ਉਹੀ ਮਨੁੱਖ ਪ੍ਰਭੂ-ਮਿਲਾਪ ਵਾਲੀ ਅਵਸਥਾ ਨਾਲ ਸਾਂਝ ਪਾਂਦਾ ਹੈ ॥੧॥ ਰਹਾਉ ॥

ਰਜ ਗੁਣ ਤਮ ਗੁਣ ਸਤ ਗੁਣ ਕਹੀਐ ਇਹ ਤੇਰੀ ਸਭ ਮਾਇਆ ॥

ਕੋਈ ਜੀਵ ਰਜੋ ਗੁਣ ਵਿਚ ਹਨ, ਕੋਈ ਤਮੋ ਗੁਣ ਵਿਚ ਹਨ, ਕੋਈ ਸਤੋ ਗੁਣ ਵਿਚ ਹਨ। ਪਰ (ਜੀਵਾਂ ਦੇ ਕੀਹ ਵੱਸ?) ਇਹ ਸਭ ਕੁਝ, ਹੇ ਪ੍ਰਭੂ! ਤੇਰੀ ਮਾਇਆ ਹੀ ਕਹੀ ਜਾ ਸਕਦੀ ਹੈ।

ਚਉਥੇ ਪਦ ਕਉ ਜੋ ਨਰੁ ਚੀਨੑੈ ਤਿਨੑ ਹੀ ਪਰਮ ਪਦੁ ਪਾਇਆ ॥੨॥

ਜੋ ਮਨੁੱਖ (ਇਹਨਾਂ ਤੋਂ ਉਤਾਂਹ) ਚੌਥੀ ਅਵਸਥਾ (ਪ੍ਰਭੂ-ਮਿਲਾਪ) ਨਾਲ ਜਾਣ-ਪਛਾਣ ਕਰਦਾ ਹੈ, ਉਸੇ ਨੂੰ ਹੀ ਉੱਚੀ ਆਤਮਕ ਅਵਸਥਾ ਪ੍ਰਾਪਤ ਹੁੰਦੀ ਹੈ ॥੨॥

ਤੀਰਥ ਬਰਤ ਨੇਮ ਸੁਚਿ ਸੰਜਮ ਸਦਾ ਰਹੈ ਨਿਹਕਾਮਾ ॥

ਉਹ ਸਦਾ ਤੀਰਥ ਵਰਤ ਸੁੱਚ ਸੰਜਮ ਆਦਿਕ ਨੇਮਾਂ ਵਲੋਂ ਨਿਸ਼ਕਾਮ ਰਹਿੰਦਾ ਹੈ, (ਭਾਵ, ਇਹਨਾਂ ਕਰਮਾਂ ਦੇ ਕਰਨ ਦੀ ਉਸ ਨੂੰ ਚਾਹ ਨਹੀਂ ਰਹਿੰਦੀ)।

ਤ੍ਰਿਸਨਾ ਅਰੁ ਮਾਇਆ ਭ੍ਰਮੁ ਚੂਕਾ ਚਿਤਵਤ ਆਤਮ ਰਾਮਾ ॥੩॥

ਜੋ ਮਨੁੱਖ ਸਦਾ ਸਰਬ-ਵਿਆਪਕ ਪ੍ਰਭੂ ਨੂੰ ਸਿਮਰਦਾ ਹੈ, ਉਸ ਦੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਤੇ ਭਟਕਣਾ ਦੂਰ ਹੋ ਜਾਂਦੀ ਹੈ ॥੩॥

ਜਿਹ ਮੰਦਰਿ ਦੀਪਕੁ ਪਰਗਾਸਿਆ ਅੰਧਕਾਰੁ ਤਹ ਨਾਸਾ ॥

*ਜਿਵੇਂ) ਜਿਸ ਘਰ ਵਿਚ ਦੀਵਾ ਜਗ ਪਏ, ਉੱਥੋਂ ਹਨੇਰਾ ਦੂਰ ਹੋ ਜਾਂਦਾ ਹੈ,

ਨਿਰਭਉ ਪੂਰਿ ਰਹੇ ਭ੍ਰਮੁ ਭਾਗਾ ਕਹਿ ਕਬੀਰ ਜਨ ਦਾਸਾ ॥੪॥੧॥

ਪ੍ਰਭੂ ਦਾ ਜਨ, ਪ੍ਰਭੂ ਦਾ ਦਾਸ ਕਬੀਰ ਆਖਦਾ ਹੈ ਤਿਵੇਂ ਹੀ ਜਿਸ ਹਿਰਦੇ ਵਿਚ ਨਿਰਭਉ ਪ੍ਰਭੂ ਪਰਗਟ ਹੋ ਜਾਏ ਉਸ ਦੀ ਭਟਕਣਾ ਮਿਟ ਜਾਂਦੀ ਹੈ ॥੪॥੧॥


ਕਿਨਹੀ ਬਨਜਿਆ ਕਾਂਸੀ ਤਾਂਬਾ ਕਿਨਹੀ ਲਉਗ ਸੁਪਾਰੀ ॥

ਕਈ ਲੋਕ ਕੈਂਹ ਤਾਂਬੇ ਆਦਿਕ ਦਾ ਵਣਜ ਕਰਦੇ ਹਨ, ਕਈ ਲੌਂਗ ਸੁਪਾਰੀ ਆਦਿਕ ਵਣਜਦੇ ਹਨ।

ਸੰਤਹੁ ਬਨਜਿਆ ਨਾਮੁ ਗੋਬਿਦ ਕਾ ਐਸੀ ਖੇਪ ਹਮਾਰੀ ॥੧॥

ਪ੍ਰਭੂ ਦੇ ਸੰਤਾਂ ਨੇ ਪਰਮਾਤਮਾ ਦਾ ਨਾਮ ਵਣਜਿਆ ਹੈ; ਮੈਂ ਭੀ ਇਹੀ ਸੌਦਾ ਲੱਦਿਆ ਹੈ ॥੧॥

ਹਰਿ ਕੇ ਨਾਮ ਕੇ ਬਿਆਪਾਰੀ ॥

ਜੋ ਮਨੁੱਖ ਪ੍ਰਭੂ ਦੇ ਨਾਮ ਦਾ ਵਣਜ ਕਰਦੇ ਹਨ,

ਹੀਰਾ ਹਾਥਿ ਚੜਿਆ ਨਿਰਮੋਲਕੁ ਛੂਟਿ ਗਈ ਸੰਸਾਰੀ ॥੧॥ ਰਹਾਉ ॥

ਉਹਨਾਂ ਨੂੰ ਪ੍ਰਭੂ ਦਾ ਨਾਮ-ਰੂਪ ਅਮੋਲਕ ਹੀਰਾ ਲੱਭ ਪੈਂਦਾ ਹੈ। ਤੇ, ਉਹਨਾਂ ਦੀ ਉਹ ਬਿਰਤੀ ਮੁੱਕ ਜਾਂਦੀ ਹੈ, ਜੋ ਸਦਾ ਸੰਸਾਰ ਵਿਚ ਹੀ ਜੋੜੀ ਰੱਖਦੀ ਹੈ ॥੧॥ ਰਹਾਉ ॥

ਸਾਚੇ ਲਾਏ ਤਉ ਸਚ ਲਾਗੇ ਸਾਚੇ ਕੇ ਬਿਉਹਾਰੀ ॥

ਸੱਚੇ ਨਾਮ ਦਾ ਵਪਾਰ ਕਰਨ ਵਾਲੇ ਬੰਦੇ ਤਦੋਂ ਹੀ ਸੱਚੇ ਨਾਮ ਵਿਚ ਲੱਗਦੇ ਹਨ, ਜਦੋਂ ਪ੍ਰਭੂ ਆਪ ਉਹਨਾਂ ਨੂੰ ਇਸ ਵਣਜ ਵਿਚ ਲਾਂਦਾ ਹੈ।

ਸਾਚੀ ਬਸਤੁ ਕੇ ਭਾਰ ਚਲਾਏ ਪਹੁਚੇ ਜਾਇ ਭੰਡਾਰੀ ॥੨॥

ਉਹ ਮਨੁੱਖ ਇਸ ਸਦਾ-ਥਿਰ ਰਹਿਣ ਵਾਲੀ ਨਾਮ ਵਸਤ ਦੇ ਲੱਦੇ ਲੱਦ ਤੁਰਦੇ ਹਨ, ਤੇ ਪ੍ਰਭੂ ਦੀ ਹਜ਼ੂਰੀ ਵਿਚ ਜਾ ਅੱਪੜਦੇ ਹਨ ॥੨॥

ਆਪਹਿ ਰਤਨ ਜਵਾਹਰ ਮਾਨਿਕ ਆਪੈ ਹੈ ਪਾਸਾਰੀ ॥

ਪ੍ਰਭੂ ਆਪ ਹੀ ਰਤਨ ਹੈ, ਆਪ ਹੀ ਹੀਰਾ ਹੈ, ਆਪ ਹੀ ਮੋਤੀ ਹੈ, ਉਹ ਆਪ ਹੀ ਇਸ ਦਾ ਹੱਟ ਚਲਾ ਰਿਹਾ ਹੈ;

ਆਪੈ ਦਹ ਦਿਸ ਆਪ ਚਲਾਵੈ ਨਿਹਚਲੁ ਹੈ ਬਿਆਪਾਰੀ ॥੩॥

ਉਹ ਆਪ ਹੀ ਸਦਾ-ਥਿਰ ਰਹਿਣ ਵਾਲਾ ਸੌਦਾਗਰ ਹੈ, ਉਹ ਆਪ ਹੀ ਜੀਵ-ਵਣਜਾਰਿਆਂ ਨੂੰ (ਜਗਤ ਵਿਚ) ਦਸੀਂ ਪਾਸੀਂ ਤੋਰ ਰਿਹਾ ਹੈ ॥੩॥

ਮਨੁ ਕਰਿ ਬੈਲੁ ਸੁਰਤਿ ਕਰਿ ਪੈਡਾ ਗਿਆਨ ਗੋਨਿ ਭਰਿ ਡਾਰੀ ॥

ਮੈਂ ਆਪਣੇ ਮਨ ਨੂੰ ਬਲਦ ਬਣਾ ਕੇ, (ਪ੍ਰਭੂ-ਚਰਨਾਂ ਵਿਚ ਜੁੜੀ ਆਪਣੀ) ਸੁਰਤ ਦੀ ਰਾਹੀਂ ਜੀਵਨ-ਪੰਧ ਤੁਰ ਕੇ (ਗੁਰੂ ਦੇ ਦੱਸੇ) ਗਿਆਨ ਦੀ ਛੱਟ ਭਰ ਲਈ ਹੈ।

ਕਹਤੁ ਕਬੀਰੁ ਸੁਨਹੁ ਰੇ ਸੰਤਹੁ ਨਿਬਹੀ ਖੇਪ ਹਮਾਰੀ ॥੪॥੨॥

ਕਬੀਰ ਆਖਦਾ ਹੈ ਕਿ ਹੇ ਸੰਤ ਜਨੋ! ਸੁਣੋ, ਮੇਰਾ ਵਣਜਿਆ ਹੋਇਆ ਨਾਮ-ਵੱਖਰ ਬੜਾ ਲਾਹੇ-ਵੰਦਾ ਹੋਇਆ ਹੈ ॥੪॥੨॥


ਰੀ ਕਲਵਾਰਿ ਗਵਾਰਿ ਮੂਢ ਮਤਿ ਉਲਟੋ ਪਵਨੁ ਫਿਰਾਵਉ ॥

ਹੇ (ਮਾਇਆ ਦਾ) ਨਸ਼ਾ ਵੰਡਣ ਵਾਲੀ! ਹੇ ਗੰਵਾਰਨ! ਹੇ ਮੇਰੀ ਮੂਰਖ ਅਕਲ! ਮੈਂ ਤਾਂ (ਨਾਮ-ਅੰਮ੍ਰਿਤ ਦੀ ਮੌਜ ਵਿਚ) ਆਪਣੇ ਵਿੰਗੇ ਜਾਂਦੇ ਚੰਚਲ ਮਨ ਨੂੰ (ਮਾਇਆ ਵਲੋਂ) ਵਰਜ ਰਿਹਾ ਹਾਂ।

ਮਨੁ ਮਤਵਾਰ ਮੇਰ ਸਰ ਭਾਠੀ ਅੰਮ੍ਰਿਤ ਧਾਰ ਚੁਆਵਉ ॥੧॥

(ਪ੍ਰਭੂ-ਚਰਨਾਂ ਵਿਚ ਜੁੜੀ) ਸੁਰਤ ਦੀ ਭੱਠੀ ਬਣਾ ਕੇ ਮੈਂ ਜਿਉਂ ਜਿਉਂ (ਨਾਮ-) ਅੰਮ੍ਰਿਤ ਦੀਆਂ ਧਾਰਾਂ ਚੋਂਦਾ ਹਾਂ, ਤਿਉਂ ਤਿਉਂ ਮੇਰਾ ਮਨ (ਉਸ ਵਿਚ) ਮਸਤ ਹੁੰਦਾ ਜਾ ਰਿਹਾ ਹੈ ॥੧॥

ਬੋਲਹੁ ਭਈਆ ਰਾਮ ਕੀ ਦੁਹਾਈ ॥

ਹੇ ਭਾਈ! ਮੁੜ ਮੁੜ ਪ੍ਰਭੂ ਦੇ ਨਾਮ ਦਾ ਜਾਪ ਜਪੋ; ਹੇ ਸੰਤ ਜਨੋ! (ਪ੍ਰਭੂ ਦੇ ਨਾਮ ਦਾ ਜਾਪ-ਰਸ ਅੰਮ੍ਰਿਤ) ਪੀਓ।

ਪੀਵਹੁ ਸੰਤ ਸਦਾ ਮਤਿ ਦੁਰਲਭ ਸਹਜੇ ਪਿਆਸ ਬੁਝਾਈ ॥੧॥ ਰਹਾਉ ॥

ਇਸ ਨਾਮ-ਰਸ ਅੰਮ੍ਰਿਤ ਦੇ ਪੀਣ ਨਾਲ) ਤੁਹਾਡੀ ਮਤ ਸਦਾ ਲਈ ਐਸੀ ਬਣ ਜਾਇਗੀ ਜੋ ਮੁਸ਼ਕਲ ਨਾਲ ਬਣਿਆ ਕਰਦੀ ਹੈ, (ਇਹ ਅੰਮ੍ਰਿਤ) ਸਹਿਜ ਅਵਸਥਾ ਵਿਚ (ਅਪੜਾ ਕੇ, ਮਾਇਆ ਦੀ) ਪਿਆਸ ਬੁਝਾ ਦੇਂਦਾ ਹੈ ॥੧॥ ਰਹਾਉ ॥

ਭੈ ਬਿਚਿ ਭਾਉ ਭਾਇ ਕੋਊ ਬੂਝਹਿ ਹਰਿ ਰਸੁ ਪਾਵੈ ਭਾਈ ॥

ਹੇ ਭਾਈ! ਜੋ ਜੋ ਮਨੁੱਖ ਇਸ ਹਰਿ-ਨਾਮ ਅੰਮ੍ਰਿਤ ਦਾ ਸੁਆਦ ਚੱਖਦਾ ਹੈ, ਪ੍ਰਭੂ ਦੇ ਡਰ ਵਿਚ ਰਹਿ ਕੇ ਉਸ ਦੇ ਅੰਦਰ ਪ੍ਰਭੂ ਦਾ ਪ੍ਰੇਮ ਪੈਦਾ ਹੁੰਦਾ ਹੈ। ਉਸ ਪ੍ਰੇਮ ਦੀ ਬਰਕਤਿ ਨਾਲ ਉਹ ਵਿਰਲੇ (ਭਾਗਾਂ ਵਾਲੇ) ਬੰਦੇ ਇਹ ਗੱਲ ਸਮਝ ਲੈਂਦੇ ਹਨ,

ਜੇਤੇ ਘਟ ਅੰਮ੍ਰਿਤੁ ਸਭ ਹੀ ਮਹਿ ਭਾਵੈ ਤਿਸਹਿ ਪੀਆਈ ॥੨॥

ਕਿ ਜਿਤਨੇ ਭੀ ਜੀਵ ਹਨ, ਉਹਨਾਂ ਸਭਨਾਂ ਦੇ ਅੰਦਰ ਇਹ ਨਾਮ-ਅੰਮ੍ਰਿਤ ਮੌਜੂਦ ਹੈ। ਪਰ, ਜੋ ਜੀਵ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਸੇ ਨੂੰ ਹੀ ਉਹ ਅੰਮ੍ਰਿਤ ਪਿਆਲਦਾ ਹੈ ॥੨॥

ਨਗਰੀ ਏਕੈ ਨਉ ਦਰਵਾਜੇ ਧਾਵਤੁ ਬਰਜਿ ਰਹਾਈ ॥

(“ਰਾਮ ਕੀ ਦੁਹਾਈ” ਦੀ ਬਰਕਤਿ ਨਾਲ) ਜੋ ਮਨੁੱਖ ਇਸ ਨੌਂ-ਗੋਲਕੀ ਸਰੀਰ ਦੇ ਅੰਦਰ ਹੀ ਭਟਕਦੇ ਮਨ ਨੂੰ ਮਾਇਆ ਵਲੋਂ ਵਰਜ ਕੇ ਰੋਕ ਰੱਖਦਾ ਹੈ,

ਤ੍ਰਿਕੁਟੀ ਛੂਟੈ ਦਸਵਾ ਦਰੁ ਖੂਲੑੈ ਤਾ ਮਨੁ ਖੀਵਾ ਭਾਈ ॥੩॥

ਉਸ ਦੀ ਤ੍ਰਿਊੜੀ ਮੁੱਕ ਜਾਂਦੀ ਹੈ (ਭਾਵ, ਮਾਇਆ ਦੇ ਕਾਰਨ ਪੈਦਾ ਹੋਈ ਖਿੱਝ ਖ਼ਤਮ ਹੋ ਜਾਂਦੀ ਹੈ), ਉਸ ਦੀ ਸੁਰਤ ਪ੍ਰਭੂ-ਚਰਨਾਂ ਵਿਚ ਜੁੜ ਜਾਂਦੀ ਹੈ ਤੇ (ਉਸ ਮਿਲਾਪ ਵਿਚ ਉਸ ਦਾ) ਮਨ ਮਗਨ ਰਹਿੰਦਾ ਹੈ ॥੩॥

ਅਭੈ ਪਦ ਪੂਰਿ ਤਾਪ ਤਹ ਨਾਸੇ ਕਹਿ ਕਬੀਰ ਬੀਚਾਰੀ ॥

ਹੁਣ ਕਬੀਰ ਇਹ ਗੱਲ ਬੜੇ ਯਕੀਨ ਨਾਲ ਆਖਦਾ ਹੈ ਕਿ (‘ਰਾਮ ਕੀ ਦੁਹਾਈ’ ਦੀ ਬਰਕਤਿ ਨਾਲ) ਮਨ ਵਿਚ ਉਹ ਹਾਲਤ ਪੈਦਾ ਹੋ ਜਾਂਦੀ ਹੈ ਜਿੱਥੇ ਇਸ ਨੂੰ ਦੁਨੀਆ ਦੇ ਕੋਈ) ਡਰ ਨਹੀਂ ਪੋਂਹਦੇ, ਮਨ ਦੇ ਸਾਰੇ ਕਲੇਸ਼ ਨਾਸ ਹੋ ਜਾਂਦੇ ਹਨ।

ਉਬਟ ਚਲੰਤੇ ਇਹੁ ਮਦੁ ਪਾਇਆ ਜੈਸੇ ਖੋਂਦ ਖੁਮਾਰੀ ॥੪॥੩॥

(ਪਰ ਇਹ ਨਾਮ-ਅੰਮ੍ਰਿਤ ਹਾਸਲ ਕਰਨ ਵਾਲਾ ਰਾਹ, ਔਖਾ ਪਹਾੜੀ ਰਾਹ ਹੈ) ਇਸ ਔਖੇ ਚੜ੍ਹਾਈ ਦੇ ਰਾਹ ਚੜ੍ਹਦਿਆਂ ਹੀ ਇਹ ਨਸ਼ਾ ਪ੍ਰਾਪਤ ਹੁੰਦਾ ਹੈ (ਤੇ ਇਹ ਨਸ਼ਾ ਇਉਂ ਹੈ) ਜਿਵੇਂ ਅੰਗੂਰੀ ਸ਼ਰਾਬ ਦਾ ਨਸ਼ਾ ਹੁੰਦਾ ਹੈ ॥੪॥੩॥


ਕਾਮ ਕ੍ਰੋਧ ਤ੍ਰਿਸਨਾ ਕੇ ਲੀਨੇ ਗਤਿ ਨਹੀ ਏਕੈ ਜਾਨੀ ॥

(ਹੇ ਅੰਞਾਣ!) ਕਾਮ, ਕ੍ਰੋਧ, ਤ੍ਰਿਸ਼ਨਾ ਆਦਿਕ ਵਿਚ ਗ੍ਰਸੇ ਰਹਿ ਕੇ ਤੂੰ ਇਹ ਨਹੀਂ ਸਮਝਿਆ ਕਿ ਪ੍ਰਭੂ ਨਾਲ ਮੇਲ ਕਿਵੇਂ ਹੋ ਸਕੇਗਾ।

ਫੂਟੀ ਆਖੈ ਕਛੂ ਨ ਸੂਝੈ ਬੂਡਿ ਮੂਏ ਬਿਨੁ ਪਾਨੀ ॥੧॥

ਮਾਇਆ ਵਿਚ ਤੂੰ ਅੰਨ੍ਹਾ ਹੋ ਰਿਹਾ ਹੈਂ, (ਮਾਇਆ ਤੋਂ ਬਿਨਾ) ਕੁਝ ਹੋਰ ਤੈਨੂੰ ਸੁੱਝਦਾ ਹੀ ਨਹੀਂ। ਤੂੰ ਪਾਣੀ ਤੋਂ ਬਿਨਾ ਹੀ (ਰੜੇ ਹੀ) ਡੁੱਬ ਮੋਇਓਂ ॥੧॥

ਚਲਤ ਕਤ ਟੇਢੇ ਟੇਢੇ ਟੇਢੇ ॥

(ਹੇ ਅੰਞਾਣ ਜੀਵ!) ਕਿਉਂ ਆਕੜ ਆਕੜ ਕੇ ਤੁਰਦਾ ਹੈਂ?

ਅਸਤਿ ਚਰਮ ਬਿਸਟਾ ਕੇ ਮੂੰਦੇ ਦੁਰਗੰਧ ਹੀ ਕੇ ਬੇਢੇ ॥੧॥ ਰਹਾਉ ॥

ਹੈਂ ਤਾਂ ਤੂੰ ਹੱਡੀਆਂ, ਚੰਮੜੀ ਤੇ ਵਿਸ਼ਟੇ ਨਾਲ ਹੀ ਭਰਿਆ ਹੋਇਆ, ਤੇ ਦੁਰਗੰਧ ਨਾਲ ਹੀ ਲਿੱਬੜਿਆ ਹੋਇਆ ॥੧॥ ਰਹਾਉ ॥

ਰਾਮ ਨ ਜਪਹੁ ਕਵਨ ਭ੍ਰਮ ਭੂਲੇ ਤੁਮ ਤੇ ਕਾਲੁ ਨ ਦੂਰੇ ॥

(ਹੇ ਅੰਞਾਣ!) ਤੂੰ ਪ੍ਰਭੂ ਨੂੰ ਨਹੀਂ ਸਿਮਰਦਾ, ਕਿਹੜੇ ਭੁਲੇਖਿਆਂ ਵਿਚ ਭੁੱਲਿਆ ਹੈਂ? (ਕੀ ਤੇਰਾ ਇਹ ਖ਼ਿਆਲ ਹੈ ਕਿ ਮੌਤ ਨਹੀਂ ਆਵੇਗੀ?) ਮੌਤ ਤੈਥੋਂ ਦੂਰ ਨਹੀਂ।

ਅਨਿਕ ਜਤਨ ਕਰਿ ਇਹੁ ਤਨੁ ਰਾਖਹੁ ਰਹੈ ਅਵਸਥਾ ਪੂਰੇ ॥੨॥

ਜਿਸ ਸਰੀਰ ਨੂੰ ਅਨੇਕਾਂ ਜਤਨ ਕਰ ਕੇ ਪਾਲ ਰਿਹਾ ਹੈਂ, ਇਹ ਉਮਰ ਪੂਰੀ ਹੋਣ ਤੇ ਢਹਿ ਪਏਗਾ ॥੨॥

ਆਪਨ ਕੀਆ ਕਛੂ ਨ ਹੋਵੈ ਕਿਆ ਕੋ ਕਰੈ ਪਰਾਨੀ ॥

(ਪਰ) ਜੀਵ ਦੇ ਭੀ ਕੀਹ ਵੱਸ? ਜੀਵ ਦਾ ਆਪਣਾ ਕੀਤਾ ਕੁਝ ਨਹੀਂ ਹੋ ਸਕਦਾ।

ਜਾ ਤਿਸੁ ਭਾਵੈ ਸਤਿਗੁਰੁ ਭੇਟੈ ਏਕੋ ਨਾਮੁ ਬਖਾਨੀ ॥੩॥

ਜਦੋਂ ਪ੍ਰਭੂ ਦੀ ਰਜ਼ਾ ਹੁੰਦੀ ਹੈ (ਜੀਵ ਨੂੰ) ਗੁਰੂ ਮਿਲਦਾ ਹੈ (ਤੇ, ਗੁਰੂ ਦੀ ਮਿਹਰ ਨਾਲ) ਇਹ ਪ੍ਰਭੂ ਦੇ ਨਾਮ ਨੂੰ ਹੀ ਸਿਮਰਦਾ ਹੈ ॥੩॥

ਬਲੂਆ ਕੇ ਘਰੂਆ ਮਹਿ ਬਸਤੇ ਫੁਲਵਤ ਦੇਹ ਅਇਆਨੇ ॥

ਹੇ ਅੰਞਾਣ! (ਇਹ ਤੇਰਾ ਸਰੀਰ ਰੇਤ ਦੇ ਘਰ ਸਮਾਨ ਹੈ) ਤੂੰ ਰੇਤ ਦੇ ਘਰ ਵਿਚ ਵੱਸਦਾ ਹੈਂ, ਤੇ ਇਸ ਸਰੀਰ ਉੱਤੇ ਮਾਣ ਕਰਦਾ ਹੈਂ।

ਕਹੁ ਕਬੀਰ ਜਿਹ ਰਾਮੁ ਨ ਚੇਤਿਓ ਬੂਡੇ ਬਹੁਤੁ ਸਿਆਨੇ ॥੪॥੪॥

ਕਬੀਰ ਆਖਦਾ ਹੈ- ਜਿਨ੍ਹਾਂ ਬੰਦਿਆਂ ਨੇ ਪ੍ਰਭੂ ਦਾ ਸਿਮਰਨ ਨਹੀਂ ਕੀਤਾ, ਉਹ ਬੜੇ ਬੜੇ ਸਿਆਣੇ ਭੀ (ਸੰਸਾਰ-ਸਮੁੰਦਰ) ਵਿਚ ਡੁੱਬ ਗਏ ॥੪॥੪॥


ਟੇਢੀ ਪਾਗ ਟੇਢੇ ਚਲੇ ਲਾਗੇ ਬੀਰੇ ਖਾਨ ॥

(ਅਹੰਕਾਰ ਵਿਚ) ਵਿੰਗੀ ਪੱਗ ਬੰਨ੍ਹਦਾ ਹੈ, ਆਕੜ ਕੇ ਤੁਰਦਾ ਹੈ, ਪਾਨ ਦੇ ਬੀੜੇ ਖਾਂਦਾ ਹੈ,

ਭਾਉ ਭਗਤਿ ਸਿਉ ਕਾਜੁ ਨ ਕਛੂਐ ਮੇਰੋ ਕਾਮੁ ਦੀਵਾਨ ॥੧॥
(ਤੇ ਆਖਦਾ ਹੈ ਕਿ) ਮੇਰਾ ਕੰਮ ਹੈ ਹਕੂਮਤ ਕਰਨੀ, ਪਰਮਾਤਮਾ ਨਾਲ ਪਿਆਰ ਜਾਂ ਪ੍ਰਭੂ ਦੀ ਭਗਤੀ ਦੀ ਮੈਨੂੰ ਕੋਈ ਲੋੜ ਨਹੀਂ ॥੧॥
ਰਾਮੁ ਬਿਸਾਰਿਓ ਹੈ ਅਭਿਮਾਨਿ ॥

ਮਨੁੱਖ ਅਹੰਕਾਰ ਵਿਚ (ਆ ਕੇ) ਪਰਮਾਤਮਾ ਨੂੰ ਭੁਲਾ ਦੇਂਦਾ ਹੈ।

ਕਨਿਕ ਕਾਮਨੀ ਮਹਾ ਸੁੰਦਰੀ ਪੇਖਿ ਪੇਖਿ ਸਚੁ ਮਾਨਿ ॥੧॥ ਰਹਾਉ ॥

ਸੋਨਾ ਤੇ ਬੜੀ ਸੁਹਣੀ ਇਸਤ੍ਰੀ ਵੇਖ ਵੇਖ ਕੇ ਇਹ ਮੰਨ ਬੈਠਦਾ ਹੈ ਕਿ ਇਹ ਸਦਾ ਰਹਿਣ ਵਾਲੇ ਹਨ ॥੧॥ ਰਹਾਉ ॥

ਲਾਲਚ ਝੂਠ ਬਿਕਾਰ ਮਹਾ ਮਦ ਇਹ ਬਿਧਿ ਅਉਧ ਬਿਹਾਨਿ ॥

(ਮਾਇਆ ਦਾ) ਲਾਲਚ, ਝੂਠ, ਵਿਕਾਰ, ਬੜਾ ਅਹੰਕਾਰ-ਇਹਨੀਂ ਗੱਲੀਂ ਹੀ (ਸਾਰੀ) ਉਮਰ ਗੁਜ਼ਰ ਜਾਂਦੀ ਹੈ।

ਕਹਿ ਕਬੀਰ ਅੰਤ ਕੀ ਬੇਰ ਆਇ ਲਾਗੋ ਕਾਲੁ ਨਿਦਾਨਿ ॥੨॥੫॥

ਕਬੀਰ ਆਖਦਾ ਹੈ ਕਿ ਆਖ਼ਰ ਉਮਰ ਮੁੱਕਣ ਤੇ ਮੌਤ (ਸਿਰ ਤੇ) ਆ ਹੀ ਅੱਪੜਦੀ ਹੈ ॥੨॥੫॥


ਚਾਰਿ ਦਿਨ ਅਪਨੀ ਨਉਬਤਿ ਚਲੇ ਬਜਾਇ ॥

ਮਨੁੱਖ (ਜੇ ਰਾਜਾ ਭੀ ਬਣ ਜਾਏ ਤਾਂ ਭੀ) ਥੋੜ੍ਹੇ ਹੀ ਦਿਨ ਰਾਜ ਮਾਣ ਕੇ ਇੱਥੋਂ) ਤੁਰ ਪੈਂਦਾ ਹੈ।

ਇਤਨਕੁ ਖਟੀਆ ਗਠੀਆ ਮਟੀਆ ਸੰਗਿ ਨ ਕਛੁ ਲੈ ਜਾਇ ॥੧॥ ਰਹਾਉ ॥

ਜੇ ਇਤਨਾ ਧਨ ਭੀ ਜੋੜ ਲਏ ਕਿ ਗੰਢਾਂ ਬੰਨ੍ਹ ਲਏ, ਜ਼ਮੀਨ ਵਿਚ ਦੱਬ ਰੱਖੇ, ਤਾਂ ਭੀ ਕੋਈ ਚੀਜ਼ (ਅੰਤ ਵੇਲੇ ਜੀਵ ਦੇ) ਨਾਲ ਨਹੀਂ ਜਾਂਦੀ ॥੧॥ ਰਹਾਉ ॥

ਦਿਹਰੀ ਬੈਠੀ ਮਿਹਰੀ ਰੋਵੈ ਦੁਆਰੈ ਲਉ ਸੰਗਿ ਮਾਇ ॥

(ਜਦੋਂ ਮਰ ਜਾਂਦਾ ਹੈ ਤਾਂ) ਘਰ ਦੀ ਦਲੀਜ਼ ਉੱਤੇ ਬੈਠੀ ਵਹੁਟੀ ਰੋਂਦੀ ਹੈ, ਬਾਹਰਲੇ ਬੂਹੇ ਤਕ ਉਸ ਦੀ ਮਾਂ (ਉਸ ਦੇ ਮੁਰਦਾ ਸਰੀਰ ਦਾ) ਸਾਥ ਕਰਦੀ ਹੈ,

ਮਰਹਟ ਲਗਿ ਸਭੁ ਲੋਗੁ ਕੁਟੰਬੁ ਮਿਲਿ ਹੰਸੁ ਇਕੇਲਾ ਜਾਇ ॥੧॥

ਮਸਾਣਾਂ ਤਕ ਹੋਰ ਲੋਕ ਤੇ ਪਰਵਾਰ ਦੇ ਬੰਦੇ ਜਾਂਦੇ ਹਨ। ਪਰ ਜਿੰਦ ਇਕੱਲੀ ਹੀ ਜਾਂਦੀ ਹੈ ॥੧॥

ਵੈ ਸੁਤ ਵੈ ਬਿਤ ਵੈ ਪੁਰ ਪਾਟਨ ਬਹੁਰਿ ਨ ਦੇਖੈ ਆਇ ॥

ਉਹ (ਆਪਣੇ) ਪੁੱਤਰ, ਧਨ, ਨਗਰ ਸ਼ਹਿਰ ਮੁੜ ਕਦੇ ਆ ਕੇ ਨਹੀਂ ਵੇਖ ਸਕਦਾ।

ਕਹਤੁ ਕਬੀਰੁ ਰਾਮੁ ਕੀ ਨ ਸਿਮਰਹੁ ਜਨਮੁ ਅਕਾਰਥੁ ਜਾਇ ॥੨॥੬॥

ਕਬੀਰ ਆਖਦਾ ਹੈ ਕਿ ਪਰਮਾਤਮਾ ਦਾ ਸਿਮਰਨ ਕਿਉਂ ਨਹੀਂ ਕਰਦਾ? (ਸਿਮਰਨ ਤੋਂ ਬਿਨਾ) ਜੀਵਨ ਵਿਅਰਥ ਚਲਾ ਜਾਂਦਾ ਹੈ ॥੨॥੬॥


ਭੈਰਉ ਬਾਣੀ ਭਗਤਾ ਕੀ ॥ ਕਬੀਰ ਜੀਉ ਘਰੁ ੧ ॥

ਰਾਗ ਭੈਰਉ ਵਿੱਚ ਭਗਤਾਂ ਦੀ ਬਾਣੀ। (ਰਾਗ ਭੈਰਉ) ਘਰ ੧ ਵਿੱਚ ਭਗਤ ਕਬੀਰ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਇਹੁ ਧਨੁ ਮੇਰੇ ਹਰਿ ਕੋ ਨਾਉ ॥

ਪ੍ਰਭੂ ਦਾ ਇਹ ਨਾਮ ਹੀ ਮੇਰੇ ਲਈ ਧਨ ਹੈ (ਜਿਵੇਂ ਲੋਕ ਧਨ ਨੂੰ ਜੀਵਨ ਦਾ ਸਹਾਰਾ ਬਣਾ ਲੈਂਦੇ ਹਨ, ਮੇਰੇ ਜੀਵਨ ਦਾ ਸਹਾਰਾ ਪ੍ਰਭੂ ਦਾ ਨਾਮ ਹੀ ਹੈ, ਪਰ)

ਗਾਂਠਿ ਨ ਬਾਧਉ ਬੇਚਿ ਨ ਖਾਉ ॥੧॥ ਰਹਾਉ ॥

ਮੈਂ ਨਾਹ ਤਾਂ ਇਸ ਨੂੰ ਲੁਕਾ ਕੇ ਰੱਖਦਾ ਹਾਂ, ਤੇ ਨਾਹ ਹੀ ਵਿਖਾਵੇ ਲਈ ਵਰਤਦਾ ਹਾਂ ॥੧॥ ਰਹਾਉ ॥

ਨਾਉ ਮੇਰੇ ਖੇਤੀ ਨਾਉ ਮੇਰੇ ਬਾਰੀ ॥

(ਕੋਈ ਮਨੁੱਖ ਖੇਤੀ-ਵਾੜੀ ਨੂੰ ਆਸਰਾ ਮੰਨਦਾ ਹੈ, ਪਰ) ਮੇਰੇ ਲਈ ਪ੍ਰਭੂ ਦਾ ਨਾਮ ਹੀ ਖੇਤੀ ਹੈ, ਤੇ ਨਾਮ ਹੀ ਬਗ਼ੀਚੀ ਹੈ।

ਭਗਤਿ ਕਰਉ ਜਨੁ ਸਰਨਿ ਤੁਮੑਾਰੀ ॥੧॥

ਹੇ ਪ੍ਰਭੂ! ਮੈਂ ਤੇਰਾ ਦਾਸ ਤੇਰੀ ਹੀ ਸ਼ਰਨ ਹਾਂ, ਤੇ ਤੇਰੀ ਭਗਤੀ ਕਰਦਾ ਹਾਂ ॥੧॥

ਨਾਉ ਮੇਰੇ ਮਾਇਆ ਨਾਉ ਮੇਰੇ ਪੂੰਜੀ ॥

ਹੇ ਪ੍ਰਭੂ! ਤੇਰਾ ਨਾਮ ਹੀ ਮੇਰੇ ਲਈ ਮਾਇਆ ਹੈ ਤੇ ਰਾਸ-ਪੂੰਜੀ ਹੈ (ਵਪਾਰ ਕਰਨ ਲਈ। ਭਾਵ, ਵਪਾਰ ਸਰੀਰਕ ਨਿਰਬਾਹ ਵਾਸਤੇ ਹੈ, ਮੇਰੀ ਜ਼ਿੰਦਗੀ ਦਾ ਸਹਾਰਾ ਨਹੀਂ ਹੈ)।

ਤੁਮਹਿ ਛੋਡਿ ਜਾਨਉ ਨਹੀ ਦੂਜੀ ॥੨॥

ਹੇ ਪ੍ਰਭੂ! ਤੈਨੂੰ ਵਿਸਾਰ ਕੇ ਮੈਂ ਕਿਸੇ ਹੋਰ ਰਾਸ-ਪੂੰਜੀ ਨਾਲ ਸਾਂਝ ਨਹੀਂ ਬਣਾਂਦਾ ॥੨॥

ਨਾਉ ਮੇਰੇ ਬੰਧਿਪ ਨਾਉ ਮੇਰੇ ਭਾਈ ॥

ਪ੍ਰਭੂ ਦਾ ਨਾਮ ਹੀ ਮੇਰੇ ਲਈ ਰਿਸ਼ਤੇਦਾਰ ਹੈ, ਨਾਮ ਹੀ ਮੇਰਾ ਭਰਾ ਹੈ;

ਨਾਉ ਮੇਰੇ ਸੰਗਿ ਅੰਤਿ ਹੋਇ ਸਖਾਈ ॥੩॥

ਨਾਮ ਹੀ ਮੇਰੇ ਨਾਲ ਆਖ਼ਰ ਨੂੰ ਸਹਾਇਤਾ ਕਰਨ ਵਾਲਾ ਬਣ ਸਕਦਾ ਹੈ ॥੩॥

ਮਾਇਆ ਮਹਿ ਜਿਸੁ ਰਖੈ ਉਦਾਸੁ ॥

ਜਿਸ ਨੂੰ ਪ੍ਰਭੂ ਮਾਇਆ ਵਿਚ ਰਹਿੰਦੇ ਹੋਏ ਨੂੰ ਮਾਇਆ ਤੋਂ ਨਿਰਲੇਪ ਰੱਖਦਾ ਹੈ,

ਕਹਿ ਕਬੀਰ ਹਉ ਤਾ ਕੋ ਦਾਸੁ ॥੪॥੧॥

ਕਬੀਰ ਆਖਦਾ ਹੈ ਕਿ ਮੈਂ ਉਸ ਮਨੁੱਖ ਦਾ ਸੇਵਕ ਹਾਂ ॥੪॥੧॥


ਨਾਂਗੇ ਆਵਨੁ ਨਾਂਗੇ ਜਾਨਾ ॥

(ਜਗਤ ਵਿਚ) ਨੰਗੇ ਆਈਦਾ ਹੈ, ਤੇ ਨੰਗੇ ਹੀ (ਇੱਥੋਂ) ਤੁਰ ਪਈਦਾ ਹੈ।

ਕੋਇ ਨ ਰਹਿਹੈ ਰਾਜਾ ਰਾਨਾ ॥੧॥

ਕੋਈ ਰਾਜਾ ਹੋਵੇ, ਅਮੀਰ ਹੋਵੇ, ਕਿਸੇ ਨੇ ਇੱਥੇ ਸਦਾ ਨਹੀਂ ਰਹਿਣਾ ॥੧॥

ਰਾਮੁ ਰਾਜਾ ਨਉ ਨਿਧਿ ਮੇਰੈ ॥

ਮੇਰੇ ਲਈ ਤਾਂ ਜਗਤ ਦੇ ਮਾਲਕ ਪ੍ਰਭੂ ਦਾ ਨਾਮ ਹੀ ਜਗਤ ਦਾ ਸਾਰਾ ਧਨ-ਮਾਲ ਹੈ (ਭਾਵ, ਪ੍ਰਭੂ ਮੇਰੇ ਹਿਰਦੇ ਵਿਚ ਵੱਸਦਾ ਹੈ, ਇਹੀ ਮੇਰੇ ਲਈ ਸਭ ਕੁਝ ਹੈ)।

ਸੰਪੈ ਹੇਤੁ ਕਲਤੁ ਧਨੁ ਤੇਰੈ ॥੧॥ ਰਹਾਉ ॥

ਪਰ ਤੇਰੇ ਭਾਣੇ ਐਸ਼੍ਵਰਜ ਦਾ ਮੋਹ, ਇਸਤ੍ਰੀ ਧਨ-(ਇਹੀ ਜ਼ਿੰਦਗੀ ਦਾ ਸਹਾਰਾ ਹਨ) ॥੧॥ ਰਹਾਉ ॥

ਆਵਤ ਸੰਗ ਨ ਜਾਤ ਸੰਗਾਤੀ ॥

(ਇਹ ਅਪਣਾ ਸਰੀਰ ਭੀ) ਜੋ ਜਨਮ ਵੇਲੇ ਨਾਲ ਆਉਂਦਾ ਹੈ (ਤੁਰਨ ਵੇਲੇ) ਨਾਲ ਨਹੀਂ ਜਾਂਦਾ।

ਕਹਾ ਭਇਓ ਦਰਿ ਬਾਂਧੇ ਹਾਥੀ ॥੨॥

(ਫਿਰ) ਜੇ ਬੂਹੇ ਉੱਤੇ ਹਾਥੀ ਬੱਝੇ ਹੋਏ ਹਨ, ਤਾਂ ਭੀ ਕੀਹ ਹੋਇਆ ॥੨॥

ਲੰਕਾ ਗਢੁ ਸੋਨੇ ਕਾ ਭਇਆ ॥

(ਲੋਕ ਆਖਦੇ ਹਨ ਕਿ) ਲੰਕਾ ਦਾ ਕਿਲ੍ਹਾ ਸੋਨੇ ਦਾ ਬਣਿਆ ਹੋਇਆ ਸੀ,

ਮੂਰਖੁ ਰਾਵਨੁ ਕਿਆ ਲੇ ਗਇਆ ॥੩॥

(ਪਰ ਇਸੇ ਦੇ ਮਾਣ ਉੱਤੇ ਰਹਿਣ ਵਾਲਾ) ਮੂਰਖ ਰਾਵਣ (ਮਰਨ ਵੇਲੇ) ਆਪਣੇ ਨਾਲ ਕੁਝ ਭੀ ਨਾਹ ਲੈ ਤੁਰਿਆ ॥੩॥

ਕਹਿ ਕਬੀਰ ਕਿਛੁ ਗੁਨੁ ਬੀਚਾਰਿ ॥

ਕਬੀਰ ਆਖਦਾ ਹੈ ਕਿ ਕੋਈ ਭਲਿਆਈ ਦੀ ਗੱਲ ਭੀ ਵਿਚਾਰ,

ਚਲੇ ਜੁਆਰੀ ਦੁਇ ਹਥ ਝਾਰਿ ॥੪॥੨॥

(ਧਨ ਉੱਤੇ ਮਾਣ ਕਰਨ ਵਾਲਾ ਬੰਦਾ) ਜੁਆਰੀਏ ਵਾਂਗ (ਜਗਤ ਤੋਂ) ਖ਼ਾਲੀ-ਹੱਥ ਤੁਰ ਪੈਂਦਾ ਹੈ ॥੪॥੨॥


ਮੈਲਾ ਬ੍ਰਹਮਾ ਮੈਲਾ ਇੰਦੁ ॥

ਬ੍ਰਹਮਾ (ਭਾਵੇਂ ਜਗਤ ਦਾ ਪੈਦਾ ਕਰਨ ਵਾਲਾ ਮਿਥਿਆ ਜਾਂਦਾ ਹੈ ਪਰ) ਬ੍ਰਹਮਾ ਭੀ ਮੈਲਾ, ਇੰਦਰ ਭੀ ਮੈਲਾ (ਭਾਵੇਂ ਉਹ ਦੇਵਤਿਆਂ ਦਾ ਰਾਜਾ ਮਿਥਿਆ ਗਿਆ ਹੈ)।

ਰਵਿ ਮੈਲਾ ਮੈਲਾ ਹੈ ਚੰਦੁ ॥੧॥

(ਦੁਨੀਆ ਨੂੰ ਚਾਨਣ ਦੇਣ ਵਾਲੇ) ਸੂਰਜ ਤੇ ਚੰਦ੍ਰਮਾ ਭੀ ਮੈਲੇ ਹਨ ॥੧॥

ਮੈਲਾ ਮਲਤਾ ਇਹੁ ਸੰਸਾਰੁ ॥

ਇਹ (ਸਾਰਾ) ਸੰਸਾਰ ਮੈਲਾ ਹੈ, ਮਲੀਨ ਹੈ,

ਇਕੁ ਹਰਿ ਨਿਰਮਲੁ ਜਾ ਕਾ ਅੰਤੁ ਨ ਪਾਰੁ ॥੧॥ ਰਹਾਉ ॥

ਕੇਵਲ ਪਰਮਾਤਮਾ ਹੀ ਪਵਿੱਤਰ ਹੈ, (ਇਤਨਾ ਪਵਿੱਤਰ ਹੈ ਕਿ ਉਸ ਦੀ ਪਵਿੱਤ੍ਰਤਾ ਦਾ) ਅੰਤ ਨਹੀਂ ਪਾਇਆ ਜਾ ਸਕਦਾ, ਪਾਰਲਾ ਬੰਨਾ ਨਹੀਂ ਲੱਭ ਸਕਦਾ ॥੧॥ ਰਹਾਉ ॥

ਮੈਲੇ ਬ੍ਰਹਮੰਡਾ ਇਕੈ ਈਸ ॥

ਬ੍ਰਹਿਮੰਡਾਂ ਦੇ ਰਾਜੇ (ਭੀ ਹੋ ਜਾਣ ਤਾਂ ਭੀ) ਮੈਲੇ ਹਨ;

ਮੈਲੇ ਨਿਸਿ ਬਾਸੁਰ ਦਿਨ ਤੀਸ ॥੨॥

ਰਾਤ ਦਿਨ, ਮਹੀਨੇ ਦੇ ਤ੍ਰੀਹੇ ਦਿਨ ਸਭ ਮੈਲੇ ਹਨ (ਬੇਅੰਤ ਜੀਅ-ਜੰਤ ਵਿਕਾਰਾਂ ਨਾਲ ਇਹਨਾਂ ਨੂੰ ਮੈਲਾ ਕਰੀ ਜਾ ਰਹੇ ਹਨ) ॥੨॥

ਮੈਲਾ ਮੋਤੀ ਮੈਲਾ ਹੀਰੁ ॥

(ਇਤਨੇ ਕੀਮਤੀ ਹੁੰਦੇ ਹੋਏ ਭੀ) ਮੋਤੀ ਤੇ ਹੀਰੇ ਭੀ ਮੈਲੇ ਹਨ,

ਮੈਲਾ ਪਉਨੁ ਪਾਵਕੁ ਅਰੁ ਨੀਰੁ ॥੩॥

ਹਵਾ, ਅੱਗ ਤੇ ਪਾਣੀ ਭੀ ਮੈਲੇ ਹਨ ॥੩॥

ਮੈਲੇ ਸਿਵ ਸੰਕਰਾ ਮਹੇਸ ॥

ਸ਼ਿਵ-ਸ਼ੰਕਰ-ਮਹੇਸ਼ ਭੀ ਮੈਲੇ ਹਨ (ਭਾਵੇਂ ਇਹ ਵੱਡੇ ਦੇਵਤੇ ਮਿਥੇ ਗਏ ਹਨ)।

ਮੈਲੇ ਸਿਧ ਸਾਧਿਕ ਅਰੁ ਭੇਖ ॥੪॥

ਸਿੱਧ, ਸਾਧਕ ਤੇ ਭੇਖਧਾਰੀ ਸਾਧੂ ਸਭ ਮੈਲੇ ਹਨ ॥੪॥

ਮੈਲੇ ਜੋਗੀ ਜੰਗਮ ਜਟਾ ਸਹੇਤਿ ॥

ਜੋਗੀ, ਜੰਗਮ, ਜਟਾਧਾਰੀ ਸਭ ਅਪਵਿੱਤਰ ਹਨ;

ਮੈਲੀ ਕਾਇਆ ਹੰਸ ਸਮੇਤਿ ॥੫॥

ਇਹ ਸਰੀਰ ਭੀ ਮੈਲਾ ਤੇ ਜੀਵਾਤਮਾ ਭੀ ਮੈਲਾ ਹੋਇਆ ਪਿਆ ਹੈ ॥੫॥

ਕਹਿ ਕਬੀਰ ਤੇ ਜਨ ਪਰਵਾਨ ॥

ਕਬੀਰ ਆਖਦਾ ਹੈ ਕਿ ਸਿਰਫ਼ ਉਹ ਮਨੁੱਖ (ਪ੍ਰਭੂ ਦੇ ਦਰ ਤੇ) ਕਬੂਲ ਹਨ,

ਨਿਰਮਲ ਤੇ ਜੋ ਰਾਮਹਿ ਜਾਨ ॥੬॥੩॥

ਸਿਰਫ਼ ਉਹ ਮਨੁੱਖ ਪਵਿੱਤਰ ਹਨ ਜਿਨ੍ਹਾਂ ਨੇ ਪਰਮਾਤਮਾ ਨਾਲ ਸਾਂਝ ਪਾਈ ਹੈ ॥੬॥੩॥


ਮਨੁ ਕਰਿ ਮਕਾ ਕਿਬਲਾ ਕਰਿ ਦੇਹੀ ॥

ਹੇ ਮੁੱਲਾਂ! ਮਨ ਨੂੰ ਮੱਕਾ ਅਤੇ ਪਰਮਾਤਮਾ ਨੂੰ ਕਿਬਲਾ ਬਣਾ। (ਅੰਤਹਕਰਨ ਮੱਕਾ ਹੈ ਅਤੇ ਸਭ ਸਰੀਰਾਂ ਦਾ ਸੁਆਮੀ ਕਰਤਾਰ ਉਸ ਵਿਚ ਪੂਜ੍ਯ ਹੈ)।

ਬੋਲਨਹਾਰੁ ਪਰਮ ਗੁਰੁ ਏਹੀ ॥੧॥

ਬੋਲਣਹਾਰ ਜੀਵਾਤਮਾ ਬਾਂਗ ਦੇਣ ਵਾਲਾ ਅਤੇ ਆਗੂ ਹੋ ਕੇ ਨਿਮਾਜ਼ ਪੜ੍ਹਣ ਵਾਲਾ ਪਰਮ ਗੁਰ (ਇਮਾਮ) ਹੈ ॥੧॥

ਕਹੁ ਰੇ ਮੁਲਾਂ ਬਾਂਗ ਨਿਵਾਜ ॥

ਹੇ ਮੁੱਲਾਂ! ਇਹ ਦਸ ਦਰਵਾਜ਼ਿਆਂ (ਇੰਦ੍ਰਿਆਂ) ਵਾਲਾ ਸਰੀਰ ਹੀ ਅਸਲ ਮਸੀਤ ਹੈ,

ਏਕ ਮਸੀਤਿ ਦਸੈ ਦਰਵਾਜ ॥੧॥ ਰਹਾਉ ॥

ਇਸ ਵਿਚ ਟਿਕ ਕੇ ਬਾਂਗ ਦੇਹ ਤੇ ਨਿਮਾਜ਼ ਪੜ੍ਹ ॥੧॥ ਰਹਾਉ ॥

ਮਿਸਿਮਿਲਿ ਤਾਮਸੁ ਭਰਮੁ ਕਦੂਰੀ ॥

(ਹੇ ਮੁੱਲਾਂ! ਪਸ਼ੂ ਦੀ ਕੁਰਬਾਨੀ ਦੇਣ ਦੇ ਥਾਂ ਆਪਣੇ ਅੰਦਰੋਂ) ਕ੍ਰੋਧੀ ਸੁਭਾਉ, ਭਟਕਣਾ ਤੇ ਕਦੂਰਤ ਦੂਰ ਕਰ,

ਭਾਖਿ ਲੇ ਪੰਚੈ ਹੋਇ ਸਬੂਰੀ ॥੨॥

ਕਾਮਾਦਿਕ ਪੰਜਾਂ ਨੂੰ ਮੁਕਾ ਦੇਹ, ਤੇਰੇ ਅੰਦਰ ਸ਼ਾਂਤੀ ਪੈਦਾ ਹੋਵੇਗੀ ॥੨॥

ਹਿੰਦੂ ਤੁਰਕ ਕਾ ਸਾਹਿਬੁ ਏਕ ॥

ਹਿੰਦੂ ਤੇ ਮੁਸਲਮਾਨ ਦੋਹਾਂ ਦਾ ਮਾਲਕ ਪ੍ਰਭੂ ਆਪ ਹੀ ਹੈ।

ਕਹ ਕਰੈ ਮੁਲਾਂ ਕਹ ਕਰੈ ਸੇਖ ॥੩॥

ਮੁੱਲਾਂ ਜਾਂ ਸ਼ੇਖ਼ (ਬਣਿਆਂ ਪ੍ਰਭੂ ਦੀ ਹਜ਼ੂਰੀ ਵਿਚ) ਕੋਈ ਖ਼ਾਸ ਵੱਡਾ ਮਰਾਤਬਾ ਨਹੀਂ ਮਿਲ ਜਾਂਦਾ ॥੩॥

ਕਹਿ ਕਬੀਰ ਹਉ ਭਇਆ ਦਿਵਾਨਾ ॥

ਕਬੀਰ ਆਖਦਾ ਹੈ ਕਿ (ਮੇਰੀਆਂ ਇਹ ਗੱਲਾਂ ਤੰਗ-ਦਿਲ ਲੋਕਾਂ ਨੂੰ ਪਾਗਲਾਂ ਵਾਲੀਆਂ ਜਾਪਦੀਆਂ ਹਨ; ਲੋਕਾਂ ਦੇ ਭਾਣੇ) ਮੈਂ ਪਾਗਲ ਹੋ ਗਿਆ ਹਾਂ,

ਮੁਸਿ ਮੁਸਿ ਮਨੂਆ ਸਹਜਿ ਸਮਾਨਾ ॥੪॥੪॥

ਪਰ ਮੇਰਾ ਮਨ ਹੌਲੇ ਹੌਲੇ (ਅੰਦਰਲਾ ਹੱਜ ਕਰ ਕੇ ਹੀ) ਅਡੋਲ ਅਵਸਥਾ ਵਿਚ ਟਿਕ ਗਿਆ ਹੈ ॥੪॥੪॥


ਗੰਗਾ ਕੈ ਸੰਗਿ ਸਲਿਤਾ ਬਿਗਰੀ ॥

(ਹੇ ਜਿੰਦ ਦੇ ਮਾਲਕ ਪ੍ਰਭੂ ਦੀ ਚਰਨੀਂ ਲੱਗਣਾ ਵਿਗੜਨਾ ਹੀ ਹੈ ਤਾਂ) ਨਦੀ ਭੀ ਗੰਗਾ ਨਾਲ ਰਲ ਕੇ ਵਿਗੜ ਜਾਂਦੀ ਹੈ,

ਸੋ ਸਲਿਤਾ ਗੰਗਾ ਹੋਇ ਨਿਬਰੀ ॥੧॥

ਪਰ ਉਹ ਨਦੀ ਤਾਂ ਗੰਗਾ ਦਾ ਰੂਪ ਹੋ ਕੇ ਆਪਣਾ ਆਪ ਮੁਕਾ ਦੇਂਦੀ ਹੈ ॥੧॥

ਬਿਗਰਿਓ ਕਬੀਰਾ ਰਾਮ ਦੁਹਾਈ ॥

ਕਬੀਰ ਆਪਣੇ ਪ੍ਰਭੂ ਦਾ ਸਿਮਰਨ ਹਰ ਵੇਲੇ ਕਰ ਰਿਹਾ ਹੈ (ਪਰ ਲੋਕਾਂ ਦੇ ਭਾਣੇ) ਕਬੀਰ ਵਿਗੜ ਗਿਆ ਹੈ।

ਸਾਚੁ ਭਇਓ ਅਨ ਕਤਹਿ ਨ ਜਾਈ ॥੧॥ ਰਹਾਉ ॥

(ਲੋਕ ਨਹੀਂ ਜਾਣਦੇ ਕਿ ਰਾਮ ਦੀ ਦੁਹਾਈ ਦੇ ਦੇ ਕੇ) ਕਬੀਰ ਰਾਮ ਦਾ ਰੂਪ ਹੋ ਗਿਆ ਹੈ, ਹੁਣ (ਰਾਮ ਨੂੰ ਛੱਡ ਕੇ) ਕਿਸੇ ਹੋਰ ਪਾਸੇ ਨਹੀਂ ਭਟਕਦਾ ॥੧॥ ਰਹਾਉ ॥

ਚੰਦਨ ਕੈ ਸੰਗਿ ਤਰਵਰੁ ਬਿਗਰਿਓ ॥

(ਸਧਾਰਨ) ਰੁੱਖ ਭੀ ਚੰਦਨ ਦੇ ਨਾਲ (ਲੱਗ ਕੇ) ਵਿਗੜ ਜਾਂਦਾ ਹੈ,

ਸੋ ਤਰਵਰੁ ਚੰਦਨੁ ਹੋਇ ਨਿਬਰਿਓ ॥੨॥

ਪਰ ਉਹ ਰੁੱਖ ਚੰਦਨ ਦਾ ਰੂਪ ਹੋ ਕੇ ਆਪਣਾ ਆਪ ਮੁਕਾ ਲੈਂਦਾ ਹੈ ॥੨॥

ਪਾਰਸ ਕੈ ਸੰਗਿ ਤਾਂਬਾ ਬਿਗਰਿਓ ॥

ਤਾਂਬਾ ਭੀ ਪਾਰਸ ਨਾਲ ਛੋਹ ਕੇ ਰੂਪ ਵਟਾ ਲੈਂਦਾ ਹੈ,

ਸੋ ਤਾਂਬਾ ਕੰਚਨੁ ਹੋਇ ਨਿਬਰਿਓ ॥੩॥

ਪਰ ਉਹ ਤਾਂਬਾ ਸੋਨਾ ਹੀ ਬਣ ਜਾਂਦਾ ਹੈ ਤੇ ਆਪਣਾ ਆਪ ਮੁਕਾ ਦੇਂਦਾ ਹੈ ॥੩॥

ਸੰਤਨ ਸੰਗਿ ਕਬੀਰਾ ਬਿਗਰਿਓ ॥

(ਇਸੇ ਤਰ੍ਹਾਂ) ਕਬੀਰ ਭੀ ਸੰਤਾਂ ਦੀ ਸੰਗਤ ਵਿਚ ਰਹਿ ਕੇ ਵਿਗੜ ਗਿਆ ਹੈ।

ਸੋ ਕਬੀਰੁ ਰਾਮੈ ਹੋਇ ਨਿਬਰਿਓ ॥੪॥੫॥

ਪਰ ਇਹ ਕਬੀਰ ਹੁਣ ਪ੍ਰਭੂ ਨਾਲ ਇੱਕ-ਮਿੱਕ ਹੋ ਗਿਆ ਹੈ, ਤੇ ਆਪਾ-ਭਾਵ ਮੁਕਾ ਚੁਕਿਆ ਹੈ ॥੪॥੫॥


ਮਾਥੇ ਤਿਲਕੁ ਹਥਿ ਮਾਲਾ ਬਾਨਾਂ ॥

(ਲੋਕ) ਮੱਥੇ ਉੱਤੇ ਤਿਲਕ ਲਾ ਲੈਂਦੇ ਹਨ, ਹੱਥ ਵਿਚ ਮਾਲਾ ਫੜ ਲੈਂਦੇ ਹਨ, ਧਾਰਮਿਕ ਪਹਿਰਾਵਾ ਬਣਾ ਲੈਂਦੇ ਹਨ, (ਤੇ ਸਮਝਦੇ ਹਨ ਕਿ ਪਰਮਾਤਮਾ ਦੇ ਭਗਤ ਬਣ ਗਏ ਹਾਂ),

ਲੋਗਨ ਰਾਮੁ ਖਿਲਉਨਾ ਜਾਨਾਂ ॥੧॥

ਲੋਕਾਂ ਨੇ ਪਰਮਾਤਮਾ ਨੂੰ ਖਿਡੌਣਾ (ਭਾਵ, ਅੰਞਾਣਾ ਬਾਲ) ਸਮਝ ਲਿਆ ਹੈ (ਕਿ ਇਹਨੀਂ ਗਲੀਂ ਉਸ ਨੂੰ ਪਰਚਾਇਆ ਜਾ ਸਕਦਾ ਹੈ) ॥੧॥

ਜਉ ਹਉ ਬਉਰਾ ਤਉ ਰਾਮ ਤੋਰਾ ॥

(ਮੈਂ ਕੋਈ ਧਾਰਮਿਕ ਭੇਖ ਨਹੀਂ ਬਣਾਂਦਾ, ਮੈਂ ਮੰਦਰ ਆਦਿਕ ਵਿਚ ਜਾ ਕੇ ਕਿਸੇ ਦੇਵਤੇ ਦੀ ਪੂਜਾ ਨਹੀਂ ਕਰਦਾ, ਲੋਕ ਮੈਨੂੰ ਪਾਗਲ ਆਖਦੇ ਹਨ; ਪਰ ਹੇ ਮੇਰੇ ਰਾਮ! ਜੇ ਮੈਂ (ਲੋਕਾਂ ਦੇ ਭਾਣੇ) ਪਾਗਲ ਹਾਂ, ਤਾਂ ਭੀ (ਮੈਨੂੰ ਇਹ ਠੰਢ ਹੈ ਕਿ) ਮੈਂ ਤੇਰਾ (ਸੇਵਕ) ਹਾਂ।

ਲੋਗੁ ਮਰਮੁ ਕਹ ਜਾਨੈ ਮੋਰਾ ॥੧॥ ਰਹਾਉ ॥

ਦੁਨੀਆ ਭਲਾ ਮੇਰੇ ਦਿਲ ਦਾ ਭੇਤ ਕੀਹ ਜਾਣ ਸਕਦੀ ਹੈ? ॥੧॥ ਰਹਾਉ ॥

ਤੋਰਉ ਨ ਪਾਤੀ ਪੂਜਉ ਨ ਦੇਵਾ ॥

(ਦੇਵਤਿਆਂ ਅੱਗੇ ਭੇਟ ਧਰਨ ਲਈ) ਨਾਹ ਹੀ ਮੈਂ (ਫੁੱਲ) ਪੱਤਰ ਤੋੜਦਾ ਹਾਂ, ਨਾਹ ਮੈਂ ਕਿਸੇ ਦੇਵੀ ਦੇਵਤੇ ਦੀ ਪੂਜਾ ਕਰਦਾ ਹਾਂ,

ਰਾਮ ਭਗਤਿ ਬਿਨੁ ਨਿਹਫਲ ਸੇਵਾ ॥੨॥

(ਮੈਂ ਜਾਣਦਾ ਹਾਂ ਕਿ) ਪ੍ਰਭੂ ਦੀ ਬੰਦਗੀ ਤੋਂ ਬਿਨਾ ਹੋਰ ਕਿਸੇ ਦੀ ਪੂਜਾ ਵਿਅਰਥ ਹੈ ॥੨॥

ਸਤਿਗੁਰੁ ਪੂਜਉ ਸਦਾ ਸਦਾ ਮਨਾਵਉ ॥

ਮੈਂ ਆਪਣੇ ਸਤਿਗੁਰੂ ਅੱਗੇ ਸਿਰ ਨਿਵਾਉਂਦਾ ਹਾਂ, ਉਸੇ ਨੂੰ ਸਦਾ ਪ੍ਰਸੰਨ ਕਰਦਾ ਹਾਂ,

ਐਸੀ ਸੇਵ ਦਰਗਹ ਸੁਖੁ ਪਾਵਉ ॥੩॥

ਤੇ ਇਸ ਸੇਵਾ ਦੀ ਬਰਕਤਿ ਨਾਲ ਪ੍ਰਭੂ ਦੀ ਹਜ਼ੂਰੀ ਵਿਚ ਜੁੜ ਕੇ ਸੁਖ ਮਾਣਦਾ ਹਾਂ ॥੩॥

ਲੋਗੁ ਕਹੈ ਕਬੀਰੁ ਬਉਰਾਨਾ ॥

(ਹਿੰਦੂ-) ਜਗਤ ਆਖਦਾ ਹੈ, ਕਬੀਰ ਪਾਗਲ ਹੋ ਗਿਆ ਹੈ (ਕਿਉਂਕਿ ਨਾਹ ਇਹ ਤਿਲਕ ਆਦਿਕ ਚਿਹਨ ਵਰਤਦਾ ਹੈ ਤੇ ਨਾਹ ਹੀ ਫੁੱਲ ਪੱਤਰ ਲੈ ਕੇ ਕਿਸੇ ਮੰਦਰ ਵਿਚ ਭੇਟ ਕਰਨ ਜਾਂਦਾ ਹੈ),

ਕਬੀਰ ਕਾ ਮਰਮੁ ਰਾਮ ਪਹਿਚਾਨਾਂ ॥੪॥੬॥

ਪਰ ਕਬੀਰ ਦੇ ਦਿਲ ਦਾ ਭੇਤ ਕਬੀਰ ਦਾ ਪਰਮਾਤਮਾ ਜਾਣਦਾ ਹੈ ॥੪॥੬॥


ਉਲਟਿ ਜਾਤਿ ਕੁਲ ਦੋਊ ਬਿਸਾਰੀ ॥

(ਨਾਮ ਦੀ ਬਰਕਤਿ ਨਾਲ ਮਨ ਨੂੰ ਮਾਇਆ ਵਲੋਂ) ਉਲਟਾ ਕੇ ਮੈਂ ਜਾਤ ਤੇ ਕੁਲ ਦੋਵੇਂ ਵਿਸਾਰ ਦਿੱਤੀਆਂ ਹਨ (ਮੈਨੂੰ ਇਹ ਸਮਝ ਆ ਗਈ ਹੈ ਕਿ ਪ੍ਰਭੂ-ਮਿਲਾਪ ਦਾ ਕਿਸੇ ਖ਼ਾਸ ਜਾਤ ਜਾਂ ਕੁਲ ਨਾਲ ਸੰਬੰਧ ਨਹੀਂ ਹੈ)।

ਸੁੰਨ ਸਹਜ ਮਹਿ ਬੁਨਤ ਹਮਾਰੀ ॥੧॥

ਮੇਰੀ ਲਿਵ ਹੁਣ ਉਸ ਅਵਸਥਾ ਵਿਚ ਟਿਕੀ ਹੋਈ ਹੈ, ਜਿੱਥੇ ਮਾਇਆ ਦੇ ਫੁਰਨੇ ਨਹੀਂ ਹਨ, ਜਿੱਥੇ ਅਡੋਲਤਾ ਹੀ ਅਡੋਲਤਾ ਹੈ ॥੧॥

ਹਮਰਾ ਝਗਰਾ ਰਹਾ ਨ ਕੋਊ ॥

ਦੋਹਾਂ (ਦੇ ਦੱਸੇ ਕਰਮ-ਕਾਂਡ ਤੇ ਸ਼ਰਹ ਦੇ ਰਸਤੇ) ਨਾਲ ਮੇਰਾ ਕੋਈ ਵਾਸਤਾ ਨਹੀਂ ਰਿਹਾ (ਭਾਵ, ਕਰਮ-ਕਾਂਡ ਅਤੇ ਸ਼ਰਹ ਇਹ ਦੋਵੇਂ ਹੀ ਨਾਮ-ਸਿਮਰਨ ਦੇ ਟਾਕਰੇ ਤੇ ਤੁੱਛ ਹਨ)।

ਪੰਡਿਤ ਮੁਲਾਂ ਛਾਡੇ ਦੋਊ ॥੧॥ ਰਹਾਉ ॥

(ਜਿਉਂ ਜਿਉਂ ਮੈਂ ਨਾਮ ਸਿਮਰਨ ਦੀ ਤਾਣੀ ਉਣ ਰਿਹਾ ਹਾਂ) ਮੈਂ ਪੰਡਿਤ ਅਤੇ ਮੁੱਲਾਂ ਦੋਵੇਂ ਹੀ ਛੱਡ ਦਿੱਤੇ ਹਨ ॥੧॥ ਰਹਾਉ ॥

ਬੁਨਿ ਬੁਨਿ ਆਪ ਆਪੁ ਪਹਿਰਾਵਉ ॥

(ਪ੍ਰਭੂ-ਚਰਨਾਂ ਵਿਚ ਟਿਕੀ ਸੁਰਤ ਦੀ ਤਾਣੀ) ਉਣ ਉਣ ਕੇ ਮੈਂ ਆਪਣੇ ਆਪ ਨੂੰ ਪਹਿਨਾ ਰਿਹਾ ਹਾਂ।

ਜਹ ਨਹੀ ਆਪੁ ਤਹਾ ਹੋਇ ਗਾਵਉ ॥੨॥

ਮੈਂ ਉੱਥੇ ਪਹੁੰਚ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਰਿਹਾ ਹਾਂ ਜਿੱਥੇ ਆਪਾ-ਭਾਵ ਨਹੀਂ ਹੈ ॥੨॥

ਪੰਡਿਤ ਮੁਲਾਂ ਜੋ ਲਿਖਿ ਦੀਆ ॥

(ਕਰਮ-ਕਾਂਡ ਤੇ ਸ਼ਰਹ ਬਾਰੇ) ਪੰਡਿਤਾਂ ਅਤੇ ਮੌਲਵੀਆਂ ਨੇ ਜੋ ਕੁਝ ਲਿਖਿਆ ਹੈ,

ਛਾਡਿ ਚਲੇ ਹਮ ਕਛੂ ਨ ਲੀਆ ॥੩॥

ਮੈਨੂੰ ਕਿਸੇ ਦੀ ਭੀ ਲੋੜ ਨਹੀਂ ਰਹੀ, ਮੈਂ ਇਹ ਸਭ ਕੁਝ ਛੱਡ ਦਿੱਤਾ ਹੈ ॥੩॥

ਰਿਦੈ ਇਖਲਾਸੁ ਨਿਰਖਿ ਲੇ ਮੀਰਾ ॥

ਜੇ ਹਿਰਦੇ ਵਿਚ ਪ੍ਰੇਮ ਹੋਵੇ, ਤਾਂ ਹੀ ਪ੍ਰਭੂ ਦਾ ਦੀਦਾਰ ਹੋ ਸਕਦਾ ਹੈ (ਕਰਮ-ਕਾਂਡ ਅਤੇ ਸ਼ਰਹ ਸਹਾਇਤਾ ਨਹੀਂ ਕਰਦੇ)।

ਆਪੁ ਖੋਜਿ ਖੋਜਿ ਮਿਲੇ ਕਬੀਰਾ ॥੪॥੭॥

ਹੇ ਕਬੀਰ! ਜੋ ਭੀ ਪ੍ਰਭੂ ਨੂੰ ਮਿਲੇ ਹਨ ਆਪਾ ਖੋਜ ਖੋਜ ਕੇ ਹੀ ਮਿਲੇ ਹਨ (ਕਰਮ-ਕਾਂਡ ਅਤੇ ਸ਼ਰਹ ਦੀ ਮਦਦ ਨਾਲ ਨਹੀਂ ਮਿਲੇ) ॥੪॥੭॥


ਨਿਰਧਨ ਆਦਰੁ ਕੋਈ ਨ ਦੇਇ ॥

ਕੋਈ (ਧਨੀ) ਮਨੁੱਖ ਕਿਸੇ ਕੰਗਾਲ ਮਨੁੱਖ ਦਾ ਸਤਿਕਾਰ ਨਹੀਂ ਕਰਦਾ।

ਲਾਖ ਜਤਨ ਕਰੈ ਓਹੁ ਚਿਤਿ ਨ ਧਰੇਇ ॥੧॥ ਰਹਾਉ ॥

ਕੰਗਾਲ ਮਨੁੱਖ ਭਾਵੇਂ ਲੱਖਾਂ ਜਤਨ (ਧਨੀ ਨੂੰ ਖ਼ੁਸ਼ ਕਰਨ ਦੇ) ਕਰੇ, ਉਹ ਧਨੀ ਮਨੁੱਖ (ਉਸ ਦੇ ਜਤਨਾਂ ਦੀ) ਪਰਵਾਹ ਨਹੀਂ ਰੱਖਦਾ ॥੧॥ ਰਹਾਉ ॥

ਜਉ ਨਿਰਧਨੁ ਸਰਧਨ ਕੈ ਜਾਇ ॥

ਜੇ ਕਦੇ ਕੋਈ ਗ਼ਰੀਬ ਬੰਦਾ ਕਿਸੇ ਧਨਵਾਨ ਦੇ ਘਰ ਚਲਾ ਜਾਏ,

ਆਗੇ ਬੈਠਾ ਪੀਠਿ ਫਿਰਾਇ ॥੧॥

ਅੱਗੋਂ ਉਹ ਧਨੀ ਬੈਠਾ (ਉਸ ਗ਼ਰੀਬ ਵਲੋਂ) ਪਿੱਠ ਮੋੜ ਲੈਂਦਾ ਹੈ ॥੧॥

ਜਉ ਸਰਧਨੁ ਨਿਰਧਨ ਕੈ ਜਾਇ ॥

ਪਰ ਜੇ ਧਨੀ ਮਨੁੱਖ ਗ਼ਰੀਬ ਦੇ ਘਰ ਜਾਏ,

ਦੀਆ ਆਦਰੁ ਲੀਆ ਬੁਲਾਇ ॥੨॥

ਉਹ ਆਦਰ ਦੇਂਦਾ ਹੈ, ਜੀ-ਆਇਆਂ ਆਖਦਾ ਹੈ ॥੨॥

ਨਿਰਧਨੁ ਸਰਧਨੁ ਦੋਨਉ ਭਾਈ ॥

ਉਂਞ ਕੰਗਾਲ ਤੇ ਧਨੀ ਦੋਵੇਂ ਭਰਾ ਹੀ ਹਨ (ਧਨੀ ਨੂੰ ਇਤਨਾ ਮਾਣ ਨਹੀਂ ਕਰਨਾ ਚਾਹੀਦਾ)।

ਪ੍ਰਭ ਕੀ ਕਲਾ ਨ ਮੇਟੀ ਜਾਈ ॥੩॥

ਪ੍ਰਭੂ ਦੀ ਇਹ ਰਜ਼ਾ (ਜਿਸ ਕਰਕੇ ਕੋਈ ਗ਼ਰੀਬ ਰਹਿ ਗਿਆ ਤੇ ਕੋਈ ਧਨੀ ਬਣ ਗਿਆ) ਮਿਟਾਈ ਨਹੀਂ ਜਾ ਸਕਦੀ ॥੩॥

ਕਹਿ ਕਬੀਰ ਨਿਰਧਨੁ ਹੈ ਸੋਈ ॥

ਕਬੀਰ ਆਖਦਾ ਹੈ ਕਿ (ਅਸਲ ਵਿਚ) ਉਹ ਮਨੁੱਖ ਹੀ ਕੰਗਾਲ ਹੈ,

ਜਾ ਕੇ ਹਿਰਦੈ ਨਾਮੁ ਨ ਹੋਈ ॥੪॥੮॥

ਜਿਸ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਨਹੀਂ ਹੈ (ਕਿਉਂਕਿ ਧਨ ਇੱਥੇ ਹੀ ਰਹਿ ਜਾਂਦਾ ਹੈ, ਤੇ ਨਾਮ-ਧਨ ਨੇ ਨਾਲ ਨਿਭਣਾ ਹੈ; ਦੂਜੇ, ਕਿਤਨਾ ਹੀ ਧਨ ਮਨੁੱਖ ਇਕੱਠਾ ਕਰੀ ਜਾਏ, ਕਦੇ ਰੱਜਦਾ ਨਹੀਂ, ਮਨ ਭੁੱਖਾ ਕੰਗਾਲ ਹੀ ਰਹਿੰਦਾ ਹੈ) ॥੪॥੮॥

1
2
3
4
5