Bhagat Kabir Ji Slok Dohe Bani Quotes Shabad Path In Punjabi Gurbani
Bhagat Kabir Ji Slok Dohe Bani Quotes Shabad Path In Punjabi Gurbani
Bhagat Kabir Ji Slok Dohe Bani
ਭਗਤ ਕਬੀਰ ਜੀ – ਸਲੋਕ ਦੋਹੇ ਬਾਣੀ ਸ਼ਬਦ-Bhagat Kabir ji – Slok Dohe Bani Quotes Shabad Path in Punjabi Gurbani
Bhagat Kabir Ji Slok Dohe Bani
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸਿਰੀਰਾਗੁ ਕਬੀਰ ਜੀਉ ਕਾ ॥ ਏਕੁ ਸੁਆਨੁ ਕੈ ਘਰਿ ਗਾਵਣਾ ॥
ਜਨਨੀ ਜਾਨਤ ਸੁਤੁ ਬਡਾ ਹੋਤੁ ਹੈ ਇਤਨਾ ਕੁ ਨ ਜਾਨੈ ਜਿ ਦਿਨ ਦਿਨ ਅਵਧ ਘਟਤੁ ਹੈ ॥
ਮਾਂ ਸਮਝਦੀ ਹੈ ਕਿ ਮੇਰਾ ਪੁੱਤਰ ਵੱਡਾ ਹੋ ਰਿਹਾ ਹੈ, ਪਰ ਉਹ ਏਨੀ ਗੱਲ ਨਹੀਂ ਸਮਝਦੀ ਕਿ ਜਿਉਂ ਜਿਉਂ ਦਿਨ ਬੀਤ ਰਹੇ ਹਨ ਇਸ ਦੀ ਉਮਰ ਘਟ ਰਹੀ ਹੈ।
ਮੋਰ ਮੋਰ ਕਰਿ ਅਧਿਕ ਲਾਡੁ ਧਰਿ ਪੇਖਤ ਹੀ ਜਮਰਾਉ ਹਸੈ ॥੧॥
ਉਹ ਇਉਂ ਆਖਦੀ ਹੈ “ਇਹ ਮੇਰਾ ਪੁੱਤਰ ਹੈ, ਇਹ ਮੇਰਾ ਪੁੱਤਰ” (ਤੇ ਉਸ ਨਾਲ) ਬੜਾ ਲਾਡ ਕਰਦੀ ਹੈ; (ਮਾਂ ਦੀ ਇਸ ਮਮਤਾ ਨੂੰ) ਵੇਖ ਵੇਖ ਕੇ ਜਮਰਾਜ ਹੱਸਦਾ ਹੈ ॥੧॥
ਐਸਾ ਤੈਂ ਜਗੁ ਭਰਮਿ ਲਾਇਆ ॥
(ਹੇ ਪ੍ਰਭੂ!) ਇਸ ਤਰ੍ਹਾਂ ਤੂੰ ਜਗਤ ਨੂੰ ਭੁਲੇਖੇ ਵਿਚ ਪਾਇਆ ਹੋਇਆ ਹੈ।
ਕੈਸੇ ਬੂਝੈ ਜਬ ਮੋਹਿਆ ਹੈ ਮਾਇਆ ॥੧॥ ਰਹਾਉ ॥
ਮਾਇਆ ਦੇ ਠੱਗੇ ਹੋਏ (ਜੀਵ) ਨੂੰ ਇਹ ਸਮਝ ਹੀ ਨਹੀਂ ਆਉਂਦੀ (ਕਿ ਮੈਂ ਭੁਲੇਖੇ ਵਿਚ ਫਸਿਆ ਪਿਆ ਹਾਂ) ॥੧॥ ਰਹਾਉ ॥
ਕਹਤ ਕਬੀਰ ਛੋਡਿ ਬਿਖਿਆ ਰਸ ਇਤੁ ਸੰਗਤਿ ਨਿਹਚਉ ਮਰਣਾ ॥
ਕਬੀਰ ਆਖਦਾ ਹੈ-ਹੇ ਪ੍ਰਾਣੀ! ਮਾਇਆ ਦੇ ਚਸਕੇ ਛੱਡ ਦੇਹ, ਇਹਨਾਂ ਰਸਾਂ ਦੇ ਬਹਿਣੇ ਬੈਠਿਆਂ ਜ਼ਰਰੂ ਆਤਮਕ ਮੌਤ ਹੁੰਦੀ ਹੈ (ਭਾਵ, ਆਤਮਾ ਮੁਰਦਾ ਹੋ ਜਾਂਦਾ ਹੈ);
ਰਮਈਆ ਜਪਹੁ ਪ੍ਰਾਣੀ ਅਨਤ ਜੀਵਣ ਬਾਣੀ ਇਨ ਬਿਧਿ ਭਵ ਸਾਗਰੁ ਤਰਣਾ ॥੨॥
(ਪ੍ਰਭੂ ਦੇ ਭਜਨ ਵਾਲੀ ਇਹ) ਬਾਣੀ (ਮਨੁੱਖ ਨੂੰ) ਅਟੱਲ ਜੀਵਨ ਬਖ਼ਸ਼ਦੀ ਹੈ; ਇਸ ਤਰ੍ਹਾਂ ਸੰਸਾਰ-ਸਮੁੰਦਰ ਨੂੰ ਤਰ ਜਾਈਦਾ ਹੈ ॥੨॥
ਜਾਂ ਤਿਸੁ ਭਾਵੈ ਤਾ ਲਾਗੈ ਭਾਉ ॥
(ਪਰ) ਜੇ ਉਸ ਪ੍ਰਭੂ ਨੂੰ ਭਾਵੇ ਤਾਂ ਹੀ (ਜੀਵ ਦਾ) ਪਿਆਰ ਉਸ ਨਾਲ ਪੈਂਦਾ ਹੈ,
ਭਰਮੁ ਭੁਲਾਵਾ ਵਿਚਹੁ ਜਾਇ ॥
ਤੇ (ਇਸ ਦੇ) ਮਨ ਵਿਚੋਂ ਭਰਮ ਤੇ ਭੁਲੇਖਾ ਦੂਰ ਹੁੰਦਾ ਹੈ।
ਉਪਜੈ ਸਹਜੁ ਗਿਆਨ ਮਤਿ ਜਾਗੈ ॥
(ਜੀਵ ਦੇ ਅੰਦਰ) ਅਡੋਲਤਾ ਦੀ ਹਾਲਤ ਪੈਦਾ ਹੁੰਦੀ ਹੈ, ਗਿਆਨ ਵਾਲੀ ਬੁੱਧ ਪਰਗਟ ਹੋ ਜਾਂਦੀ ਹੈ,
ਗੁਰਪ੍ਰਸਾਦਿ ਅੰਤਰਿ ਲਿਵ ਲਾਗੈ ॥੩॥
ਅਤੇ ਗੁਰੂ ਦੀ ਮਿਹਰ ਨਾਲ ਇਸ ਦੇ ਹਿਰਦੇ ਵਿਚ ਪ੍ਰਭੂ ਨਾਲ ਜੋੜ ਜੁੜ ਜਾਂਦਾ ਹੈ ॥੩॥
ਇਤੁ ਸੰਗਤਿ ਨਾਹੀ ਮਰਣਾ ॥
ਪ੍ਰਭੂ ਨਾਲ ਚਿੱਤ ਜੋੜਿਆਂ ਆਤਮਕ ਮੌਤ ਨਹੀਂ ਹੁੰਦੀ,
ਹੁਕਮੁ ਪਛਾਣਿ ਤਾ ਖਸਮੈ ਮਿਲਣਾ ॥੧॥ ਰਹਾਉ ਦੂਜਾ ॥
(ਕਿਉਂਕਿ ਜਿਉਂ ਜਿਉਂ ਜੀਵ ਪ੍ਰਭੂ ਦੇ) ਹੁਕਮ ਨੂੰ ਪਛਾਣਦਾ ਹੈ, ਤਾਂ ਪ੍ਰਭੂ ਨਾਲ ਇਸ ਦਾ ਮਿਲਾਪ ਹੋ ਜਾਂਦਾ ਹੈ ॥੧॥ਰਹਾਉ ਦੂਜਾ॥
Bhagat Kabir Ji Slok Dohe Bani
ਸ੍ਰੀਰਾਗੁ ਭਗਤ ਕਬੀਰ ਜੀਉ ਕਾ ॥
ਅਚਰਜ ਏਕੁ ਸੁਨਹੁ ਰੇ ਪੰਡੀਆ ਅਬ ਕਿਛੁ ਕਹਨੁ ਨ ਜਾਈ ॥
ਹੇ ਪੰਡਤ! ਉਸ ਅਚਰਜ ਪ੍ਰਭੂ ਦਾ ਇਕ ਕੌਤਕ ਸੁਣੋ (ਜੋ ਮੇਰੇ ਨਾਲ ਵਰਤਿਆ ਹੈ ਤੇ ਜੋ) ਐਸ ਵੇਲੇ (ਜਿਉਂ ਕਾ ਤਿਉਂ) ਕਿਹਾ ਨਹੀਂ ਜਾ ਸਕਦਾ।
ਸੁਰਿ ਨਰ ਗਣ ਗੰਧ੍ਰਬ ਜਿਨਿ ਮੋਹੇ ਤ੍ਰਿਭਵਣ ਮੇਖੁਲੀ ਲਾਈ ॥੧॥
ਉਸ ਪ੍ਰਭੂ ਨੇ ਸਾਰੇ ਜਗਤ ਨੂੰ (ਮਾਇਆ ਦੀ) ਤੜਾਗੀ ਪਾ ਕੇ ਦੇਵਤੇ, ਮਨੁੱਖ, ਗਣ ਅਤੇ ਗੰਧਰਬਾਂ ਨੂੰ ਮੋਹ ਲਿਆ ਹੋਇਆ ਹੈ ॥੧॥
ਰਾਜਾ ਰਾਮ ਅਨਹਦ ਕਿੰਗੁਰੀ ਬਾਜੈ ॥
(ਉਹ ਅਚਰਜ ਕੌਤਕ ਇਹ ਹੈ ਕਿ) ਉਸ ਪ੍ਰਭੂ ਦੀ (ਮੇਰੇ ਅੰਦਰ) ਇੱਕ-ਰਸ ਤਾਰ ਵੱਜ ਰਹੀ ਹੈ,
ਜਾ ਕੀ ਦਿਸਟਿ ਨਾਦ ਲਿਵ ਲਾਗੈ ॥੧॥ ਰਹਾਉ ॥
ਜਿਸ ਪ੍ਰਕਾਸ਼-ਰੂਪ ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਸ਼ਬਦ ਵਿਚ ਲਿਵ ਲੱਗਦੀ ਹੈ ॥੧॥ ਰਹਾਉ ॥
ਭਾਠੀ ਗਗਨੁ ਸਿੰਙਿਆ ਅਰੁ ਚੁੰਙਿਆ ਕਨਕ ਕਲਸ ਇਕੁ ਪਾਇਆ ॥
ਮੇਰਾ ਦਿਮਾਗ਼ ਭੱਠੀ ਬਣਿਆ ਪਿਆ ਹੈ, (ਭਾਵ, ਸੁਰਤ ਪ੍ਰਭੂ ਵਿਚ ਜੁੜੀ ਹੋਈ ਹੈ); ਮੰਦੇ ਕਰਮਾਂ ਵਲੋਂ ਸੰਕੋਚ, ਮਾਨੋ, ਵਾਧੂ ਪਾਣੀ ਰੱਦ ਕਰਨ ਵਾਲੀ ਨਾਲ ਹੈ; ਗੁਣਾਂ ਨੂੰ ਗ੍ਰਹਿਣ ਕਰਨਾ, ਮਾਨੋ, (ਨਾਮ ਰੂਪ) ਸ਼ਰਾਬ ਕੱਢਣ ਵਾਲੀ ਨਾਲ ਹੈ; ਤੇ ਸ਼ੁੱਧ ਹਿਰਦਾ, ਮਾਨੋ, ਸੋਨੇ ਦਾ ਮੱਟ ਹੈ; ਹੁਣ ਮੈਂ ਇੱਕ ਪ੍ਰਭੂ ਨੂੰ ਪ੍ਰਾਪਤ ਕਰ ਲਿਆ ਹੈ।
ਤਿਸੁ ਮਹਿ ਧਾਰ ਚੁਐ ਅਤਿ ਨਿਰਮਲ ਰਸ ਮਹਿ ਰਸਨ ਚੁਆਇਆ ॥੨॥
ਮੇਰੇ ਸ਼ੁੱਧ ਹਿਰਦੇ ਵਿਚ (ਨਾਮ- ਅੰਮ੍ਰਿਤ ਦੀ) ਬੜੀ ਸਾਫ਼ ਧਾਰ ਚੋ ਚੋ ਕੇ ਪੈ ਰਹੀ ਹੈ ਅਤੇ ਸਭ ਰਸਾਂ ਤੋਂ ਸੁਆਦਲਾ (ਨਾਮ) ਰਸ ਖਿੱਚਿਆ ਜਾ ਰਿਹਾ ਹੈ ॥੨॥
ਏਕ ਜੁ ਬਾਤ ਅਨੂਪ ਬਨੀ ਹੈ ਪਵਨ ਪਿਆਲਾ ਸਾਜਿਆ ॥
ਇੱਕ ਹੋਰ ਸੁਆਦਲੀ ਗੱਲ ਬਣ ਪਈ ਹੈ (ਉਹ ਇਹ) ਕਿ ਮੈਂ ਸੁਆਸਾਂ ਨੂੰ (ਨਾਮ-ਅੰਮ੍ਰਿਤ ਪੀਣ ਲਈ) ਪਿਆਲਾ ਬਣਾ ਲਿਆ ਹੈ (ਭਾਵ, ਉਸ ਪ੍ਰਭੂ ਦੇ ਨਾਮ ਨੂੰ ਮੈਂ ਸੁਆਸ ਸੁਆਸ ਜਪ ਰਿਹਾ ਹਾਂ);
ਤੀਨਿ ਭਵਨ ਮਹਿ ਏਕੋ ਜੋਗੀ ਕਹਹੁ ਕਵਨੁ ਹੈ ਰਾਜਾ ॥੩॥
(ਇਸ ਸੁਆਸ ਸੁਆਸ ਜਪਣ ਕਰ ਕੇ ਮੈਨੂੰ) ਸਾਰੇ ਜਗਤ ਵਿਚ ਇਕ ਪ੍ਰਭੂ ਹੀ ਵਿਆਪਕ (ਦਿੱਸ ਰਿਹਾ ਹੈ)। ਦੱਸ, (ਹੇ ਪੰਡਿਤ! ਮੈਨੂੰ) ਉਸ ਨਾਲੋਂ ਹੋਰ ਕੌਣ ਵੱਡਾ (ਹੋ ਸਕਦਾ) ਹੈ? ॥੩॥
ਐਸੇ ਗਿਆਨ ਪ੍ਰਗਟਿਆ ਪੁਰਖੋਤਮ ਕਹੁ ਕਬੀਰ ਰੰਗਿ ਰਾਤਾ ॥
(ਜਿਵੇਂ ਉੱਪਰ ਦੱਸਿਆ ਹੈ) ਇਸ ਤਰ੍ਹਾਂ ਉਸ ਪ੍ਰਭੂ ਦੀ ਪਛਾਣ (ਮੇਰੇ ਅੰਦਰ) ਪਰਗਟ ਹੋ ਪਈ ਹੈ। ਪ੍ਰਭੂ ਦੇ ਪਿਆਰ ਵਿਚ ਰੱਤਾ ਹੋਇਆ ਕਬੀਰ (ਹੁਣ) ਆਖਦਾ ਹੈ,
ਅਉਰ ਦੁਨੀ ਸਭ ਭਰਮਿ ਭੁਲਾਨੀ ਮਨੁ ਰਾਮ ਰਸਾਇਨ ਮਾਤਾ ॥੪॥੩॥
ਕਿ ਹੋਰ ਸਾਰਾ ਜਗਤ ਤਾਂ ਭੁਲੇਖੇ ਵਿਚ ਭੁੱਲਾ ਹੋਇਆ ਹੈ (ਪਰ ਪ੍ਰਭੂ ਦੀ ਮਿਹਰ ਨਾਲ) ਮੇਰਾ ਮਨ ਰਸਾਂ ਦੇ ਸੋਮੇ ਪ੍ਰਭੂ ਵਿਚ ਮਸਤ ਹੋਇਆ ਹੋਇਆ ਹੈ ॥੪॥੩॥
Bhagat Kabir Ji Slok Dohe Bani
ਰਾਗੁ ਗਉੜੀ ਭਗਤਾਂ ਕੀ ਬਾਣੀ ॥
ਰਾਗ ਗਉੜੀ ਵਿੱਚ ਭਗਤਾਂ ਦੀ ਬਾਣੀ।
ੴ ਸਤਿ ਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ‘ਹੋਂਦ ਵਾਲਾ’ ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਗਉੜੀ ਗੁਆਰੇਰੀ ਸ੍ਰੀ ਕਬੀਰ ਜੀਉ ਕੇ ਚਉਪਦੇ ੧੪ ॥
ਰਾਗ ਗਉੜੀ-ਗੁਆਰੇਰੀ ਵਿੱਚ ਭਗਤ ਕਬੀਰ ਜੀ ਦੀ ਚਾਰ-ਬੰਦਾਂ ਵਾਲੀ ਬਾਣੀ ਦੇ ੧੪ ਸ਼ਬਦ।
ਅਬ ਮੋਹਿ ਜਲਤ ਰਾਮ ਜਲੁ ਪਾਇਆ ॥
(ਭਾਲਦਿਆਂ ਭਾਲਦਿਆਂ) ਹੁਣ ਮੈਂ ਪ੍ਰਭੂ ਦੇ ਨਾਮ ਦਾ ਅੰਮ੍ਰਿਤ ਲੱਭ ਲਿਆ ਹੈ,
ਰਾਮ ਉਦਕਿ ਤਨੁ ਜਲਤ ਬੁਝਾਇਆ ॥੧॥ ਰਹਾਉ ॥
ਉਸ ਨਾਮ-ਅੰਮ੍ਰਿਤ ਨੇ ਮੇਰੇ ਸੜਦੇ ਸਰੀਰ ਨੂੰ ਠੰਢ ਪਾ ਦਿੱਤੀ ਹੈ ॥੧॥ ਰਹਾਉ ॥
ਮਨੁ ਮਾਰਣ ਕਾਰਣਿ ਬਨ ਜਾਈਐ ॥
ਜੰਗਲਾਂ ਵਲ (ਤੀਰਥ ਆਦਿਕਾਂ ਤੇ) ਮਨ ਨੂੰ ਮਾਰਨ ਲਈ (ਸ਼ਾਂਤ ਕਰਨ ਲਈ) ਜਾਈਦਾ ਹੈ,
ਸੋ ਜਲੁ ਬਿਨੁ ਭਗਵੰਤ ਨ ਪਾਈਐ ॥੧॥
ਪਰ ਉਹ (ਨਾਮ-ਰੂਪ) ਅੰਮ੍ਰਿਤ (ਜੋ ਮਨ ਨੂੰ ਸ਼ਾਂਤ ਕਰ ਸਕੇ) ਪ੍ਰਭੂ ਤੋਂ ਬਿਨਾ (ਪ੍ਰਭੂ ਦੇ ਸਿਮਰਨ ਤੋਂ ਬਿਨਾ) ਨਹੀਂ ਲੱਭ ਸਕਦਾ ॥੧॥
ਜਿਹ ਪਾਵਕ ਸੁਰਿ ਨਰ ਹੈ ਜਾਰੇ ॥
(ਤ੍ਰਿਸ਼ਨਾ ਦੀ) ਜਿਸ ਅੱਗ ਨੇ ਦੇਵਤੇ ਤੇ ਮਨੁੱਖ ਸਾੜ ਸੁੱਟੇ ਸਨ,
ਰਾਮ ਉਦਕਿ ਜਨ ਜਲਤ ਉਬਾਰੇ ॥੨॥
ਪ੍ਰਭੂ ਦੇ (ਨਾਮ-) ਅੰਮ੍ਰਿਤ ਨੇ ਭਗਤ ਜਨਾਂ ਨੂੰ ਉਸ ਸੜਨ ਤੋਂ ਬਚਾ ਲਿਆ ਹੈ ॥੨॥
ਭਵ ਸਾਗਰ ਸੁਖ ਸਾਗਰ ਮਾਹੀ ॥
(ਉਹ ਭਗਤ ਜਨ ਜਿਨ੍ਹਾਂ ਨੂੰ ‘ਰਾਮ-ਉਦਕ’ ਨੇ ਸੜਨ ਤੋਂ ਬਚਾਇਆ ਹੈ) ਇਸ ਸੰਸਾਰ-ਸਮੁੰਦਰ ਵਿਚ (ਜੋ ਹੁਣ ਉਹਨਾਂ ਲਈ) ਸੁਖਾਂ ਦਾ ਸਮੁੰਦਰ (ਬਣ ਗਿਆ ਹੈ),
ਪੀਵਿ ਰਹੇ ਜਲ ਨਿਖੁਟਤ ਨਾਹੀ ॥੩॥
ਨਾਮ-ਅੰਮ੍ਰਿਤ ਲਗਾਤਾਰ ਪੀ ਰਹੇ ਹਨ ਤੇ ਉਹ ਅੰਮ੍ਰਿਤ ਮੁੱਕਦਾ ਨਹੀਂ ॥੩॥
ਕਹਿ ਕਬੀਰ ਭਜੁ ਸਾਰਿੰਗਪਾਨੀ ॥
ਕਬੀਰ ਆਖਦਾ ਹੈ-(ਹੇ ਮਨ!) ਪਰਮਾਤਮਾ ਦਾ ਸਿਮਰਨ ਕਰ,
ਰਾਮ ਉਦਕਿ ਮੇਰੀ ਤਿਖਾ ਬੁਝਾਨੀ ॥੪॥੧॥
ਪਰਮਾਤਮਾ ਦੇ ਨਾਮ-ਅੰਮ੍ਰਿਤ ਨੇ ਮੇਰੀ (ਮਾਇਆ ਦੀ) ਤ੍ਰਿਸ਼ਨਾ ਮਿਟਾ ਦਿੱਤੀ ਹੈ ॥੪॥੧॥
Bhagat Kabir Ji Slok Dohe Bani
ਗਉੜੀ ਕਬੀਰ ਜੀ ॥
ਮਾਧਉ ਜਲ ਕੀ ਪਿਆਸ ਨ ਜਾਇ ॥
ਹੇ ਮਾਇਆ ਦੇ ਪਤੀ ਪ੍ਰਭੂ! ਤੇਰੇ ਨਾਮ-ਅੰਮ੍ਰਿਤ ਦੀ ਤ੍ਰੇਹ ਮਿਟਦੀ ਨਹੀਂ (ਭਾਵ, ਤੇਰਾ ਨਾਮ ਜਪ ਜਪ ਕੇ ਮੈਂ ਰੱਜਦਾ ਨਹੀਂ ਹਾਂ।)
ਜਲ ਮਹਿ ਅਗਨਿ ਉਠੀ ਅਧਿਕਾਇ ॥੧॥ ਰਹਾਉ ॥
ਤੇਰਾ ਨਾਮ-ਅੰਮ੍ਰਿਤ ਪੀਂਦਿਆਂ ਪੀਂਦਿਆਂ ਵਧੀਕ ਤਾਂਘ ਪੈਦਾ ਹੋ ਰਹੀ ਹੈ ॥੧॥ ਰਹਾਉ ॥
ਤੂੰ ਜਲਨਿਧਿ ਹਉ ਜਲ ਕਾ ਮੀਨੁ ॥
ਹੇ ਪ੍ਰਭੂ! ਤੂੰ ਜਲ ਦਾ ਖ਼ਜ਼ਾਨਾ (ਸਮੁੰਦਰ) ਹੈਂ, ਤੇ ਮੈਂ ਉਸ ਜਲ ਦਾ ਮੱਛ ਹਾਂ।
ਜਲ ਮਹਿ ਰਹਉ ਜਲਹਿ ਬਿਨੁ ਖੀਨੁ ॥੧॥
ਜਲ ਵਿਚ ਹੀ ਮੈਂ ਜੀਊਂਦਾ ਰਹਿ ਸਕਦਾ ਹਾਂ; ਜਲ ਤੋਂ ਬਿਨਾ ਮੈਂ ਮਰ ਜਾਂਦਾ ਹਾਂ ॥੧॥
ਤੂੰ ਪਿੰਜਰੁ ਹਉ ਸੂਅਟਾ ਤੋਰ ॥
ਤੂੰ ਮੇਰਾ ਪਿੰਜਰਾ ਹੈਂ, ਮੈਂ ਤੇਰਾ ਕਮਜ਼ੋਰ ਜਿਹਾ ਤੋਤਾ ਹਾਂ।
ਜਮੁ ਮੰਜਾਰੁ ਕਹਾ ਕਰੈ ਮੋਰ ॥੨॥
(ਤੇਰੇ ਆਸਰੇ ਰਿਹਾਂ) ਜਮ-ਰੂਪ ਬਿੱਲਾ ਮੇਰਾ ਕੀਹ ਵਿਗਾੜ ਸਕਦਾ ਹੈ? ॥੨॥
ਤੂੰ ਤਰਵਰੁ ਹਉ ਪੰਖੀ ਆਹਿ ॥
ਹੇ ਪ੍ਰਭੂ! ਤੂੰ ਸੋਹਣਾ ਰੁੱਖ ਹੈਂ ਤੇ ਮੈਂ (ਉਸ ਰੁੱਖ ਦੇ ਆਸਰੇ ਰਹਿਣ ਵਾਲਾ) ਪੰਛੀ ਹਾਂ।
ਮੰਦਭਾਗੀ ਤੇਰੋ ਦਰਸਨੁ ਨਾਹਿ ॥੩॥
(ਮੈਨੂੰ) ਮੰਦ-ਭਾਗੀ ਨੂੰ (ਅਜੇ ਤਕ) ਤੇਰਾ ਦਰਸ਼ਨ ਨਸੀਬ ਨਹੀਂ ਹੋਇਆ ॥੩॥
ਤੂੰ ਸਤਿਗੁਰੁ ਹਉ ਨਉਤਨੁ ਚੇਲਾ ॥
ਹੇ ਪ੍ਰਭੂ! ਤੂੰ (ਮੇਰਾ) ਗੁਰੂ ਹੈਂ, ਮੈਂ ਤੇਰਾ ਨਵਾਂ ਸਿੱਖ ਹਾਂ (ਭਾਵ, ਤੇਰੇ ਨਾਲ ਉਸੇ ਤਰ੍ਹਾਂ ਪਿਆਰ ਹੈ ਜਿਵੇਂ ਨਵਾਂ ਨਵਾਂ ਸਿੱਖ ਆਪਣੇ ਗੁਰੂ ਨਾਲ ਕਰਦਾ ਹੈ)।
ਕਹਿ ਕਬੀਰ ਮਿਲੁ ਅੰਤ ਕੀ ਬੇਲਾ ॥੪॥੨॥
ਕਬੀਰ ਆਖਦਾ ਹੈ-ਹੁਣ ਤਾਂ (ਮਨੁੱਖਾ-ਜਨਮ) ਅਖ਼ੀਰ ਦਾ ਵੇਲਾ ਹੈ, ਮੈਨੂੰ ਜ਼ਰੂਰ ਮਿਲ ॥੪॥੨॥
Bhagat Kabir Ji Slok Dohe Bani
ਗਉੜੀ ਕਬੀਰ ਜੀ ॥
ਜਬ ਹਮ ਏਕੋ ਏਕੁ ਕਰਿ ਜਾਨਿਆ ॥
ਜਦੋਂ ਅਸਾਂ (ਭਾਵ, ਮੈਂ) ਇਹ ਸਮਝ ਲਿਆ ਹੈ ਕਿ ਸਭ ਥਾਈਂ ਇਕ ਪਰਮਾਤਮਾ ਹੀ ਵਿਆਪਕ ਹੈ,
ਤਬ ਲੋਗਹ ਕਾਹੇ ਦੁਖੁ ਮਾਨਿਆ ॥੧॥
ਤਾਂ (ਪਤਾ ਨਹੀਂ) ਲੋਕਾਂ ਨੇ ਇਸ ਗੱਲ ਨੂੰ ਕਿਉਂ ਬੁਰਾ ਮਨਾਇਆ ਹੈ ॥੧॥
ਹਮ ਅਪਤਹ ਅਪੁਨੀ ਪਤਿ ਖੋਈ ॥
ਮੈਂ ਨਿਸੰਗ ਹੋ ਗਿਆ ਹਾਂ ਤੇ ਮੈਨੂੰ ਇਹ ਪਰਵਾਹ ਨਹੀਂ ਕਿ ਕੋਈ ਮਨੁੱਖ ਮੇਰੀ ਇੱਜ਼ਤ ਕਰੇ ਜਾਂ ਨਾਹ ਕਰੇ।
ਹਮਰੈ ਖੋਜਿ ਪਰਹੁ ਮਤਿ ਕੋਈ ॥੧॥ ਰਹਾਉ ॥
(ਤੁਹਾਨੂੰ ਲੋਕਾਂ ਨੂੰ ਜਗਤ ਵਿਚ ਮਨ-ਵਡਿਆਈ ਦਾ ਖ਼ਿਆਲ ਹੈ, ਇਸ ਵਾਸਤੇ ਜਿਸ ਰਾਹੇ ਮੈਂ ਪਿਆ ਹਾਂ) ਉਸ ਰਾਹੇ ਮੇਰੇ ਪਿੱਛੇ ਨਾਹ ਤੁਰੋ ॥੧॥ ਰਹਾਉ ॥
ਹਮ ਮੰਦੇ ਮੰਦੇ ਮਨ ਮਾਹੀ ॥
ਜੇ ਮੈਂ ਭੈੜਾ ਹਾਂ ਤਾਂ ਆਪਣੇ ਹੀ ਅੰਦਰ ਭੈੜਾ ਹਾਂ ਨ, (ਕਿਸੇ ਨੂੰ ਇਸ ਗੱਲ ਨਾਲ ਕੀਹ?)
ਸਾਝ ਪਾਤਿ ਕਾਹੂ ਸਿਉ ਨਾਹੀ ॥੨॥
ਮੈਂ ਕਿਸੇ ਨਾਲ (ਇਸੇ ਕਰਕੇ) ਕੋਈ ਮੇਲ-ਮੁਲਾਕਾਤ ਭੀ ਨਹੀਂ ਰੱਖੀ ਹੋਈ ॥੨॥
ਪਤਿ ਅਪਤਿ ਤਾ ਕੀ ਨਹੀ ਲਾਜ ॥
ਕੋਈ ਮੇਰੀ ਇੱਜ਼ਤ ਕਰੇ ਜਾਂ ਨਿਰਾਦਰੀ ਕਰੇ, ਮੈਂ ਇਸ ਵਿਚ ਕੋਈ ਹਾਣਤ ਨਹੀਂ ਸਮਝਦਾ;
ਤਬ ਜਾਨਹੁਗੇ ਜਬ ਉਘਰੈਗੋ ਪਾਜ ॥੩॥
ਕਿਉਂਕਿ ਤੁਹਾਨੂੰ ਭੀ ਤਦੋਂ ਹੀ ਸਮਝ ਆਵੇਗੀ (ਕਿ ਅਸਲ ਇੱਜ਼ਤ ਜਾਂ ਨਿਰਾਦਰੀ ਕਿਹੜੀ ਹੈ) ਜਦੋਂ ਤੁਹਾਡਾ ਇਹ ਜਗਤ-ਵਿਖਾਵਾ ਉੱਘੜ ਜਾਇਗਾ ॥੩॥
ਕਹੁ ਕਬੀਰ ਪਤਿ ਹਰਿ ਪਰਵਾਨੁ ॥
ਕਬੀਰ ਆਖਦਾ ਹੈ- (ਅਸਲ) ਇੱਜ਼ਤ ਉਸੇ ਦੀ ਹੀ ਹੈ, ਜਿਸ ਨੂੰ ਪ੍ਰਭੂ ਕਬੂਲ ਕਰ ਲਏ।
ਸਰਬ ਤਿਆਗਿ ਭਜੁ ਕੇਵਲ ਰਾਮੁ ॥੪॥੩॥
(ਤਾਂ ਤੇ, ਹੇ ਕਬੀਰ!) ਹੋਰ ਸਭ ਕੁਝ (ਭਾਵ, ਦੁਨੀਆ ਦੀ ਲੋਕ-ਲਾਜ) ਛੱਡ ਕੇ ਪਰਮਾਤਮਾ ਦਾ ਸਿਮਰਨ ਕਰ ॥੪॥੩॥
Bhagat Kabir Ji Slok Dohe Bani
ਗਉੜੀ ਕਬੀਰ ਜੀ ॥
ਨਗਨ ਫਿਰਤ ਜੌ ਪਾਈਐ ਜੋਗੁ ॥
ਜੇ ਨੰਗੇ ਫਿਰਦਿਆਂ ਪਰਮਾਤਮਾ ਨਾਲ ਮਿਲਾਪ ਹੋ ਸਕਦਾ ਹੈ,
ਬਨ ਕਾ ਮਿਰਗੁ ਮੁਕਤਿ ਸਭੁ ਹੋਗੁ ॥੧॥
ਤਾਂ ਜੰਗਲ ਦਾ ਹਰੇਕ ਪਸ਼ੂ ਮੁਕਤ ਹੋ ਜਾਣਾ ਚਾਹੀਦਾ ਹੈ ॥੧॥
ਕਿਆ ਨਾਗੇ ਕਿਆ ਬਾਧੇ ਚਾਮ ॥
(ਹੇ ਭਾਈ!) ਤਦ ਤਕ ਨੰਗੇ ਰਿਹਾਂ ਕੀਹ ਸੌਰ ਜਾਣਾ ਹੈ ਤੇ ਪਿੰਡੇ ਤੇ ਚੰਮ ਲਪੇਟਿਆਂ ਕੀਹ ਮਿਲ ਜਾਣਾ ਹੈ?
ਜਬ ਨਹੀ ਚੀਨਸਿ ਆਤਮ ਰਾਮ ॥੧॥ ਰਹਾਉ ॥
ਜਦ ਤਕ ਤੂੰ ਪਰਮਾਤਮਾ ਨੂੰ ਨਹੀਂ ਪਛਾਣਦਾ ॥੧॥ ਰਹਾਉ ॥
ਮੂਡ ਮੁੰਡਾਏ ਜੌ ਸਿਧਿ ਪਾਈ ॥
ਜੇ ਸਿਰ ਮੁਨਾਇਆਂ ਸਿੱਧੀ ਮਿਲ ਸਕਦੀ ਹੈ,
ਮੁਕਤੀ ਭੇਡ ਨ ਗਈਆ ਕਾਈ ॥੨॥
(ਤਾਂ ਇਹ ਕੀਹ ਕਾਰਨ ਹੈ ਕਿ) ਕੋਈ ਭੀ ਭੇਡ (ਹੁਣ ਤਕ ਮੁਕਤ ਨਹੀਂ ਹੋਈ?) ॥੨॥
ਬਿੰਦੁ ਰਾਖਿ ਜੌ ਤਰੀਐ ਭਾਈ ॥
ਹੇ ਭਾਈ! ਜੇ ਬਾਲ-ਜਤੀ ਰਿਹਾਂ (ਸੰਸਾਰ-ਸਮੁੰਦਰ ਤੋਂ) ਤਰ ਸਕੀਦਾ ਹੈ,
ਖੁਸਰੈ ਕਿਉ ਨ ਪਰਮ ਗਤਿ ਪਾਈ ॥੩॥
ਤਾਂ ਖੁਸਰੇ ਨੂੰ ਕਿਉਂ ਮੁਕਤੀ ਨਹੀਂ ਮਿਲ ਜਾਂਦੀ? ॥੩॥
ਕਹੁ ਕਬੀਰ ਸੁਨਹੁ ਨਰ ਭਾਈ ॥
ਕਬੀਰ ਆਖਦਾ ਹੈ- ਹੇ ਭਰਾਵੋ! ਸੁਣੋ!
ਰਾਮ ਨਾਮ ਬਿਨੁ ਕਿਨਿ ਗਤਿ ਪਾਈ ॥੪॥੪॥
ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਕਿਸੇ ਨੂੰ ਮੁਕਤੀ ਨਹੀਂ ਮਿਲੀ ॥੪॥੪॥
Bhagat Kabir Ji Slok Dohe Bani
ਗਉੜੀ ਕਬੀਰ ਜੀ ॥
ਸੰਧਿਆ ਪ੍ਰਾਤ ਇਸ੍ਨਾਨੁ ਕਰਾਹੀ ॥
(ਜੋ ਮਨੁੱਖ) ਸਵੇਰੇ ਤੇ ਸ਼ਾਮ ਨੂੰ (ਭਾਵ, ਦੋਵੇਂ ਵੇਲੇ ਨਿਰਾ) ਇਸ਼ਨਾਨ ਹੀ ਕਰਦੇ ਹਨ
ਜਿਉ ਭਏ ਦਾਦੁਰ ਪਾਨੀ ਮਾਹੀ ॥੧॥
(ਤੇ ਸਮਝਦੇ ਹਨ ਕਿ ਅਸੀਂ ਪਵਿੱਤਰ ਹੋ ਗਏ ਹਾਂ, ਉਹ ਇਉਂ ਹਨ) ਜਿਵੇਂ ਪਾਣੀ ਵਿਚ ਡੱਡੂ ਵੱਸ ਰਹੇ ਹਨ ॥੧॥
ਜਉ ਪੈ ਰਾਮ ਰਾਮ ਰਤਿ ਨਾਹੀ ॥
ਪਰ ਜੇਕਰ ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦੇ ਨਾਮ ਦਾ ਪਿਆਰ ਨਹੀਂ ਹੈ,
ਤੇ ਸਭਿ ਧਰਮ ਰਾਇ ਕੈ ਜਾਹੀ ॥੧॥ ਰਹਾਉ ॥
ਤਾਂ ਉਹ ਸਾਰੇ ਧਰਮਰਾਜ ਦੇ ਵੱਸ ਪੈਂਦੇ ਹਨ ॥੧॥ ਰਹਾਉ ॥
ਕਾਇਆ ਰਤਿ ਬਹੁ ਰੂਪ ਰਚਾਹੀ ॥
(ਕਈ ਮਨੁੱਖ) ਸਰੀਰ ਦੇ ਮੋਹ ਵਿਚ ਹੀ (ਭਾਵ, ਸਰੀਰ ਨੂੰ ਪਾਲਣ ਦੀ ਖ਼ਾਤਰ ਹੀ) ਕਈ ਭੇਖ ਬਣਾਉਂਦੇ ਹਨ;
ਤਿਨ ਕਉ ਦਇਆ ਸੁਪਨੈ ਭੀ ਨਾਹੀ ॥੨॥
ਉਹਨਾਂ ਨੂੰ ਕਦੇ ਸੁਪਨੇ ਵਿਚ ਭੀ ਦਇਆ ਨਹੀਂ ਆਈ (ਉਹਨਾਂ ਦਾ ਹਿਰਦਾ ਕਦੇ ਭੀ ਨਹੀਂ ਦ੍ਰਵਿਆ) ॥੨॥
ਚਾਰਿ ਚਰਨ ਕਹਹਿ ਬਹੁ ਆਗਰ ॥
ਬਹੁਤੇ ਸਿਆਣੇ ਮਨੁੱਖ ਚਾਰ ਵੇਦ (ਆਦਿਕ ਧਰਮ-ਪੁਸਤਕਾਂ ਨੂੰ) ਹੀ (ਨਿਰੇ) ਪੜ੍ਹਦੇ ਹਨ (ਪਰ ਨਿਰਾ ਪੜ੍ਹਨ ਨਾਲ ਕੀਹ ਬਣੇ?)।
ਸਾਧੂ ਸੁਖੁ ਪਾਵਹਿ ਕਲਿ ਸਾਗਰ ॥੩॥
ਇਸ ਸੰਸਾਰ-ਸਮੁੰਦਰ ਵਿਚ (ਸਿਰਫ਼) ਸੰਤ ਜਨ ਹੀ (ਅਸਲ) ਸੁਖ ਮਾਣਦੇ ਹਨ ॥੩॥
ਕਹੁ ਕਬੀਰ ਬਹੁ ਕਾਇ ਕਰੀਜੈ ॥
ਕਬੀਰ ਆਖਦਾ ਹੈ- ਸਾਰੀਆਂ ਵਿਚਾਰਾਂ ਦਾ ਨਿਚੋੜ ਇਹ ਹੈ,
ਸਰਬਸੁ ਛੋਡਿ ਮਹਾ ਰਸੁ ਪੀਜੈ ॥੪॥੫॥
ਕਿ ਸਭ ਪਦਾਰਥਾਂ ਦਾ ਮੋਹ ਛੱਡ ਕੇ ਪਰਮਾਤਮਾ ਦੇ ਨਾਮ ਦਾ ਰਸ ਪੀਣਾ ਚਾਹੀਦਾ ਹੈ ॥੪॥੫॥
Bhagat Kabir Ji Slok Dohe Bani
ਕਬੀਰ ਜੀ ਗਉੜੀ ॥
ਕਿਆ ਜਪੁ ਕਿਆ ਤਪੁ ਕਿਆ ਬ੍ਰਤ ਪੂਜਾ ॥
ਉਸ ਮਨੁੱਖ ਦਾ ਜਪ ਕਰਨਾ ਕਿਸ ਭਾ? ਉਸ ਦਾ ਤਪ ਕਿਸ ਅਰਥ? ਉਸ ਦੇ ਵਰਤ ਤੇ ਪੂਜਾ ਕਿਹੜੇ ਗੁਣ?
ਜਾ ਕੈ ਰਿਦੈ ਭਾਉ ਹੈ ਦੂਜਾ ॥੧॥
ਜਿਸ ਦੇ ਹਿਰਦੇ ਵਿਚ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਦਾ ਪਿਆਰ ਹੈ ॥੧॥
ਰੇ ਜਨ ਮਨੁ ਮਾਧਉ ਸਿਉ ਲਾਈਐ ॥
ਹੇ ਭਾਈ! ਮਨ ਨੂੰ ਪਰਮਾਤਮਾ ਨਾਲ ਜੋੜਨਾ ਚਾਹੀਦਾ ਹੈ।
ਚਤੁਰਾਈ ਨ ਚਤੁਰਭੁਜੁ ਪਾਈਐ ॥ ਰਹਾਉ ॥
(ਸਿਮਰਨ ਛੱਡ ਕੇ ਹੋਰ) ਸਿਆਣਪਾਂ ਨਾਲ ਰੱਬ ਨਹੀਂ ਮਿਲ ਸਕਦਾ ਰਹਾਉ॥
ਪਰਹਰੁ ਲੋਭੁ ਅਰੁ ਲੋਕਾਚਾਰੁ ॥
(ਹੇ ਭਾਈ!) ਲਾਲਚ, ਵਿਖਾਵੇ ਦਾ ਤਿਆਗ ਕਰ ਦੇਹ।
ਪਰਹਰੁ ਕਾਮੁ ਕ੍ਰੋਧੁ ਅਹੰਕਾਰੁ ॥੨॥
ਕਾਮ, ਕ੍ਰੋਧ ਅਤੇ ਅਹੰਕਾਰ ਛੱਡ ਦੇਹ ॥੨॥
ਕਰਮ ਕਰਤ ਬਧੇ ਅਹੰਮੇਵ ॥
ਮਨੁੱਖ ਧਾਰਮਿਕ ਰਸਮਾਂ ਕਰਦੇ ਕਰਦੇ ਹਉਮੈ ਵਿਚ ਬੱਝੇ ਪਏ ਹਨ,
ਮਿਲਿ ਪਾਥਰ ਕੀ ਕਰਹੀ ਸੇਵ ॥੩॥
ਅਤੇ ਰਲ ਕੇ ਪੱਥਰਾਂ ਦੀ (ਹੀ) ਪੂਜਾ ਕਰ ਰਹੇ ਹਨ (ਪਰ ਇਹ ਸਭ ਕੁਝ ਵਿਅਰਥ ਹੈ) ॥੩॥
ਕਹੁ ਕਬੀਰ ਭਗਤਿ ਕਰਿ ਪਾਇਆ ॥
ਕਬੀਰ ਆਖਦਾ ਹੈ- ਪਰਮਾਤਮਾ ਬੰਦਗੀ ਕਰਨ ਨਾਲ (ਹੀ) ਮਿਲਦਾ ਹੈ,
ਭੋਲੇ ਭਾਇ ਮਿਲੇ ਰਘੁਰਾਇਆ ॥੪॥੬॥
ਭੋਲੇ ਸੁਭਾਉ ਨਾਲ ਮਿਲਦਾ ਹੈ ॥੪॥੬॥
ਗਉੜੀ ਕਬੀਰ ਜੀ ॥
ਗਰਭ ਵਾਸ ਮਹਿ ਕੁਲੁ ਨਹੀ ਜਾਤੀ ॥
ਮਾਂ ਦੇ ਪੇਟ ਵਿਚ ਤਾਂ ਕਿਸੇ ਨੂੰ ਇਹ ਸਮਝ ਨਹੀਂ ਹੁੰਦੀ ਕਿ ਮੈਂ ਕਿਸ ਕੁਲ ਦਾ ਹਾਂ।
ਬ੍ਰਹਮ ਬਿੰਦੁ ਤੇ ਸਭ ਉਤਪਾਤੀ ॥੧॥
ਸਾਰੇ ਜੀਵਾਂ ਦੀ ਉਤਪੱਤੀ ਪਰਮਾਤਮਾ ਦੀ ਅੰਸ਼ ਤੋਂ (ਹੋ ਰਹੀ) ਹੈ (ਭਾਵ, ਸਭ ਦਾ ਮੂਲ ਕਾਰਨ ਪਰਮਾਤਮਾ ਆਪ ਹੈ) ॥੧॥
ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ ॥
ਦੱਸ, ਹੇ ਪੰਡਿਤ! ਤੁਸੀ ਬ੍ਰਾਹਮਣ ਕਦੋਂ ਦੇ ਬਣ ਗਏ ਹੋ?
ਬਾਮਨ ਕਹਿ ਕਹਿ ਜਨਮੁ ਮਤ ਖੋਏ ॥੧॥ ਰਹਾਉ ॥
ਇਹ ਆਖ ਆਖ ਕੇ ਕਿ ਮੈਂ ਬ੍ਰਾਹਮਣ ਹਾਂ, ਮੈਂ ਬ੍ਰਾਹਮਣ ਹਾਂ, ਮਨੁੱਖਾ ਜਨਮ (ਅਹੰਕਾਰ ਵਿਚ ਅਜਾਈਂ) ਨਾਹ ਗਵਾਓ ॥੧॥ ਰਹਾਉ ॥
ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥
ਜੇ (ਹੇ ਪੰਡਿਤ!) ਤੂੰ (ਸੱਚ-ਮੁੱਚ) ਬ੍ਰਾਹਮਣ ਹੈਂ ਤੇ ਬ੍ਰਾਹਮਣੀ ਦੇ ਪੇਟੋਂ ਜੰਮਿਆ ਹੈਂ,
ਤਉ ਆਨ ਬਾਟ ਕਾਹੇ ਨਹੀ ਆਇਆ ॥੨॥
ਤਾਂ ਕਿਸੇ ਹੋਰ ਰਾਹੇ ਕਿਉਂ ਨਹੀਂ ਜੰਮ ਪਿਆ? ॥੨॥
ਤੁਮ ਕਤ ਬ੍ਰਾਹਮਣ ਹਮ ਕਤ ਸੂਦ ॥
(ਹੇ ਪੰਡਿਤ!) ਤੁਸੀ ਕਿਵੇਂ ਬ੍ਰਾਹਮਣ (ਬਣ ਗਏ)? ਅਸੀਂ ਕਿਵੇਂ ਸ਼ੂਦਰ (ਰਹਿ ਗਏ)?
ਹਮ ਕਤ ਲੋਹੂ ਤੁਮ ਕਤ ਦੂਧ ॥੩॥
ਅਸਾਡੇ ਸਰੀਰ ਵਿਚ ਕਿਵੇਂ (ਨਿਰਾ) ਲਹੂ ਹੀ ਹੈ? ਤੁਹਾਡੇ ਸਰੀਰ ਵਿਚ ਕਿਵੇਂ (ਲਹੂ ਦੀ ਥਾਂ) ਦੁੱਧ ਹੈ? ॥੩॥
ਕਹੁ ਕਬੀਰ ਜੋ ਬ੍ਰਹਮੁ ਬੀਚਾਰੈ ॥
ਕਬੀਰ ਆਖਦਾ ਹੈ- ਜੋ ਪਰਮਾਤਮਾ (ਬ੍ਰਹਮ) ਨੂੰ ਸਿਮਰਦਾ ਹੈ,
ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ ॥੪॥੭॥
ਅਸੀਂ ਤਾਂ ਉਸ ਮਨੁੱਖ ਨੂੰ ਬ੍ਰਾਹਮਣ ਸੱਦਦੇ ਹਾਂ ॥੪॥੭॥
ਗਉੜੀ ਕਬੀਰ ਜੀ ॥
ਅੰਧਕਾਰ ਸੁਖਿ ਕਬਹਿ ਨ ਸੋਈ ਹੈ ॥
(ਪਰਮਾਤਮਾ ਨੂੰ ਭੁਲਾ ਕੇ ਅਗਿਆਨਤਾ ਦੇ) ਹਨੇਰੇ ਵਿਚ ਕਦੇ ਸੁਖੀ ਨਹੀਂ ਸੌਂ ਸਕੀਦਾ;
ਰਾਜਾ ਰੰਕੁ ਦੋਊ ਮਿਲਿ ਰੋਈ ਹੈ ॥੧॥
ਰਾਜਾ ਹੋਵੇ ਚਾਹੇ ਕੰਗਾਲ, ਦੋਵੇਂ ਹੀ ਦੁਖੀ ਹੁੰਦੇ ਹਨ ॥੧॥
ਜਉ ਪੈ ਰਸਨਾ ਰਾਮੁ ਨ ਕਹਿਬੋ ॥
(ਹੇ ਭਾਈ!) ਜਦ ਤਕ ਜੀਭ ਨਾਲ ਪਰਮਾਤਮਾ ਨੂੰ ਨਹੀਂ ਜਪਦੇ,
ਉਪਜਤ ਬਿਨਸਤ ਰੋਵਤ ਰਹਿਬੋ ॥੧॥ ਰਹਾਉ ॥
ਤਦ ਤਕ ਜੰਮਦੇ ਮਰਦੇ ਤੇ (ਇਸੇ ਦੁੱਖ ਵਿਚ) ਰੋਂਦੇ ਰਹੋਗੇ ॥੧॥ ਰਹਾਉ ॥
ਜਸ ਦੇਖੀਐ ਤਰਵਰ ਕੀ ਛਾਇਆ ॥
ਜਿਵੇਂ ਰੁੱਖ ਦੀ ਛਾਂ ਵੇਖੀਦੀ ਹੈ (ਭਾਵ, ਜਿਵੇਂ ਰੁੱਖ ਦੀ ਛਾਂ ਸਦਾ ਟਿਕੀ ਨਹੀਂ ਰਹਿੰਦੀ, ਤਿਵੇਂ ਇਸ ਮਾਇਆ ਦਾ ਹਾਲ ਹੈ);
ਪ੍ਰਾਨ ਗਏ ਕਹੁ ਕਾ ਕੀ ਮਾਇਆ ॥੨॥
ਜਦੋਂ ਮਨੁੱਖ ਦੇ ਪ੍ਰਾਣ ਨਿਕਲ ਜਾਂਦੇ ਹਨ ਤਾਂ ਦੱਸੋ, ਇਹ ਮਾਇਆ ਕਿਸ ਦੀ ਹੁੰਦੀ ਹੈ? (ਭਾਵ, ਕਿਸੇ ਹੋਰ ਦੀ ਬਣ ਜਾਂਦੀ ਹੈ, ਤਾਂ ਤੇ ਇਸ ਦਾ ਕੀਹ ਮਾਣ?) ॥੨॥
ਜਸ ਜੰਤੀ ਮਹਿ ਜੀਉ ਸਮਾਨਾ ॥
ਜਿਵੇਂ (ਜਦੋਂ ਗਵਈਆ ਆਪਣਾ ਹੱਥ ਸਾਜ਼ ਤੋਂ ਹਟਾ ਲੈਂਦਾ ਹੈ, ਤਾਂ) ਰਾਗ ਦੀ ਅਵਾਜ਼ ਸਾਜ਼ ਦੇ ਵਿਚ (ਹੀ) ਲੀਨ ਹੋ ਜਾਂਦੀ ਹੈ (ਕੋਈ ਦੱਸ ਨਹੀਂ ਸਕਦਾ ਕਿ ਉਹ ਕਿਥੇ ਗਈ)
ਮੂਏ ਮਰਮੁ ਕੋ ਕਾ ਕਰ ਜਾਨਾ ॥੩॥
ਤਿਵੇਂ ਮਰੇ ਮਨੁੱਖ ਦਾ ਭੇਤ (ਕਿ ਉਸ ਦੀ ਜਿੰਦ ਕਿਥੇ ਗਈ) ਕੋਈ ਮਨੁੱਖ ਕਿਵੇਂ ਜਾਣ ਸਕਦਾ ਹੈ? ॥੩॥
ਹੰਸਾ ਸਰਵਰੁ ਕਾਲੁ ਸਰੀਰ ॥
ਜਿਵੇਂ ਹੰਸਾਂ ਨੂੰ ਸਰੋਵਰ ਹੈ (ਭਾਵ, ਜਿਵੇਂ ਹੰਸ ਸਰੋਵਰ ਦੇ ਨੇੜੇ ਹੀ ਉੱਡਦੇ ਰਹਿੰਦੇ ਹਨ) ਤਿਵੇਂ ਮੌਤ ਸਰੀਰਾਂ (ਲਈ) ਹੈ।
ਰਾਮ ਰਸਾਇਨ ਪੀਉ ਰੇ ਕਬੀਰ ॥੪॥੮॥
ਤਾਂ ਤੇ ਹੇ ਕਬੀਰ! ਸਭ ਰਸਾਂ ਤੋਂ ਸ੍ਰੇਸ਼ਟ ਨਾਮ-ਰਸ ਪੀ ॥੪॥੮॥
ਗਉੜੀ ਕਬੀਰ ਜੀ ॥
ਜੋਤਿ ਕੀ ਜਾਤਿ ਜਾਤਿ ਕੀ ਜੋਤੀ ॥
ਪਰਮਾਤਮਾ ਦੀ ਬਣਾਈ ਹੋਈ (ਸਾਰੀ) ਸ੍ਰਿਸ਼ਟੀ ਹੈ; ਇਸ ਸ੍ਰਿਸ਼ਟੀ ਦੇ (ਜੀਵਾਂ) ਦੀ (ਜੋ) ਬੁੱਧੀ (ਹੈ),
ਤਿਤੁ ਲਾਗੇ ਕੰਚੂਆ ਫਲ ਮੋਤੀ ॥੧॥
(ਉਸ) ਨੂੰ ਕੱਚ ਤੇ ਮੋਤੀ ਫਲ ਲੱਗੇ ਹੋਏ ਹਨ (ਭਾਵ, ਕੋਈ ਭਲੇ ਪਾਸੇ ਲੱਗੇ ਹੋਏ ਹਨ, ਤੇ ਕੋਈ ਮੰਦੇ ਪਾਸੇ) ॥੧॥
ਕਵਨੁ ਸੁ ਘਰੁ ਜੋ ਨਿਰਭਉ ਕਹੀਐ ॥
ਉਹ ਕਿਹੜਾ ਥਾਂ ਹੈ ਜੋ ਡਰ ਤੋਂ ਖ਼ਾਲੀ ਹੈ?
ਭਉ ਭਜਿ ਜਾਇ ਅਭੈ ਹੋਇ ਰਹੀਐ ॥੧॥ ਰਹਾਉ ॥
(ਜਿਥੇ ਰਿਹਾਂ ਹਿਰਦੇ ਦਾ) ਡਰ ਦੂਰ ਹੋ ਸਕਦਾ ਹੈ, ਜਿਥੇ ਨਿਡਰ ਹੋ ਕੇ ਰਹਿ ਸਕੀਦਾ ਹੈ? ॥੧॥ ਰਹਾਉ ॥
ਤਟਿ ਤੀਰਥਿ ਨਹੀ ਮਨੁ ਪਤੀਆਇ ॥
ਕਿਸੇ (ਪਵਿਤ੍ਰ ਨਦੀ ਦੇ) ਕੰਢੇ ਜਾਂ ਤੀਰਥ ਤੇ (ਜਾ ਕੇ ਭੀ) ਮਨ ਥਾਵੇਂ ਨਹੀਂ ਆਉਂਦਾ,
ਚਾਰ ਅਚਾਰ ਰਹੇ ਉਰਝਾਇ ॥੨॥
ਓਥੇ ਭੀ ਲੋਕ ਪੁੰਨ-ਪਾਪ ਵਿਚ ਰੁੱਝੇ ਪਏ ਹਨ ॥੨॥
ਪਾਪ ਪੁੰਨ ਦੁਇ ਏਕ ਸਮਾਨ ॥
(ਪਰ) ਪਾਪ ਅਤੇ ਪੁੰਨ ਦੋਵੇਂ ਹੀ ਇਕੋ ਜਿਹੇ ਹਨ (ਭਾਵ, ਦੋਵੇਂ ਹੀ ਵਾਸ਼ਨਾ ਵਲ ਦੁੜਾਈ ਫਿਰਦੇ ਹਨ।)
ਨਿਜ ਘਰਿ ਪਾਰਸੁ ਤਜਹੁ ਗੁਨ ਆਨ ॥੩॥
(ਹੇ ਮਨ! ਨੀਚੋਂ ਊਚ ਕਰਨ ਵਾਲਾ) ਪਾਰਸ (ਪ੍ਰਭੂ) ਤੇਰੇ ਆਪਣੇ ਅੰਦਰ ਹੀ ਹੈ, (ਤਾਂ ਤੇ, ਪਾਪ ਪੁੰਨ ਵਾਲੇ) ਹੋਰ ਗੁਣ (ਅੰਦਰ ਧਾਰਨੇ) ਛੱਡ ਦੇਹ (ਅਤੇ ਪ੍ਰਭੂ ਨੂੰ ਆਪਣੇ ਅੰਦਰ ਸੰਭਾਲ) ॥੩॥
ਕਬੀਰ ਨਿਰਗੁਣ ਨਾਮ ਨ ਰੋਸੁ ॥
ਹੇ ਕਬੀਰ! ਮਾਇਆ ਦੇ ਮੋਹ ਤੋਂ ਉੱਚੇ ਪ੍ਰਭੂ ਦੇ ਨਾਮ ਨੂੰ ਨਾਹ ਭੁਲਾ;
ਇਸੁ ਪਰਚਾਇ ਪਰਚਿ ਰਹੁ ਏਸੁ ॥੪॥੯॥
ਆਪਣੇ ਮਨ ਨੂੰ ਨਾਮ ਜਪਣ ਦੇ ਆਹਰੇ ਲਾ ਕੇ ਨਾਮ ਵਿਚ ਰੁੱਝਿਆ ਰਹੁ ॥੪॥੯॥
ਗਉੜੀ ਕਬੀਰ ਜੀ ॥
ਜੋ ਜਨ ਪਰਮਿਤਿ ਪਰਮਨੁ ਜਾਨਾ ॥
ਜੋ ਮਨੁੱਖ (ਨਿਰਾ ਆਖਦੇ ਹੀ ਹਨ ਕਿ) ਅਸਾਂ ਉਸ ਪ੍ਰਭੂ ਨੂੰ ਜਾਣ ਲਿਆ ਹੈ, ਜਿਸ ਦਾ ਹੱਦ-ਬੰਨਾ ਨਹੀਂ ਲੱਭਿਆ ਜਾ ਸਕਦਾ ਤੇ ਜੋ ਮਨ ਦੀ ਪਹੁੰਚ ਤੋਂ ਪਰੇ ਹੈ,
ਬਾਤਨ ਹੀ ਬੈਕੁੰਠ ਸਮਾਨਾ ॥੧॥
ਉਹ ਮਨੁੱਖ ਨਿਰੀਆਂ ਗੱਲਾਂ ਨਾਲ ਹੀ ਬੈਕੁੰਠ ਵਿਚ ਅੱਪੜੇ ਹਨ (ਭਾਵ, ਉਹ ਗੱਪਾਂ ਹੀ ਮਾਰ ਰਹੇ ਹਨ, ਉਹਨਾਂ ਬੈਕੁੰਠ ਅਸਲ ਵਿਚ ਡਿੱਠਾ ਨਹੀਂ ਹੈ) ॥੧॥
ਨਾ ਜਾਨਾ ਬੈਕੁੰਠ ਕਹਾ ਹੀ ॥
ਮੈਨੂੰ ਤਾਂ ਪਤਾ ਨਹੀਂ, ਉਹ ਬੈਕੁੰਠ ਕਿੱਥੇ ਹੈ,
ਜਾਨੁ ਜਾਨੁ ਸਭਿ ਕਹਹਿ ਤਹਾ ਹੀ ॥੧॥ ਰਹਾਉ ॥
ਜਿੱਥੇ ਇਹ ਸਾਰੇ ਲੋਕ ਆਖਦੇ ਹਨ, ਚੱਲਣਾ ਹੈ, ਚੱਲਣਾ ਹੈ ॥੧॥ ਰਹਾਉ ॥
ਕਹਨ ਕਹਾਵਨ ਨਹ ਪਤੀਅਈ ਹੈ ॥
ਨਿਰਾ ਇਹ ਆਖਣ ਨਾਲ ਤੇ ਸੁਣਨ ਨਾਲ (ਕਿ ਅਸਾਂ ਬੈਕੁੰਠ ਵਿਚ ਜਾਣਾ ਹੈ) ਮਨ ਨੂੰ ਤਸੱਲੀ ਨਹੀਂ ਹੋ ਸਕਦੀ।
ਤਉ ਮਨੁ ਮਾਨੈ ਜਾ ਤੇ ਹਉਮੈ ਜਈ ਹੈ ॥੨॥
ਮਨ ਨੂੰ ਤਦੋਂ ਹੀ ਧੀਰਜ ਆ ਸਕਦੀ ਹੈ ਜੇ ਅਹੰਕਾਰ ਦੂਰ ਹੋ ਜਾਏ ॥੨॥
ਜਬ ਲਗੁ ਮਨਿ ਬੈਕੁੰਠ ਕੀ ਆਸ ॥
(ਇੱਕ ਗੱਲ ਹੋਰ ਚੇਤੇ ਰੱਖਣ ਵਾਲੀ ਹੈ ਕਿ) ਜਦ ਤਕ ਮਨ ਵਿਚ ਬੈਕੁੰਠ ਜਾਣ ਦੀ ਤਾਂਘ ਲੱਗੀ ਹੋਈ ਹੈ,
ਤਬ ਲਗੁ ਹੋਇ ਨਹੀ ਚਰਨ ਨਿਵਾਸੁ ॥੩॥
ਤਦ ਤਕ ਪ੍ਰਭੂ ਦੇ ਚਰਨਾਂ ਵਿਚ ਮਨ ਜੁੜ ਨਹੀਂ ਸਕਦਾ ॥੩॥
ਕਹੁ ਕਬੀਰ ਇਹ ਕਹੀਐ ਕਾਹਿ ॥
ਕਬੀਰ ਆਖਦਾ ਹੈ- ਇਹ ਗੱਲ ਕਿਵੇਂ ਸਮਝਾ ਕੇ ਦੱਸੀਏ,
ਸਾਧਸੰਗਤਿ ਬੈਕੁੰਠੈ ਆਹਿ ॥੪॥੧੦॥
(ਭਾਵ, ਇਹ ਗੱਲ ਪਰਤੱਖ ਹੀ ਹੈ) ਕਿ ਸਾਧ-ਸੰਗਤ ਹੀ (ਅਸਲੀ) ਬੈਕੁੰਠ ਹੈ ॥੪॥੧੦॥
ਗਉੜੀ ਕਬੀਰ ਜੀ ॥
ਉਪਜੈ ਨਿਪਜੈ ਨਿਪਜਿ ਸਮਾਈ ॥
(ਪਹਿਲਾਂ ਇਸ ਜੀਵ ਦਾ ਪਿਤਾ ਦੀ ਬਿੰਦ ਤੋਂ) ਮੁੱਢ ਬੱਝਦਾ ਹੈ, (ਫਿਰ ਮਾਂ ਦੇ ਪੇਟ ਵਿਚ ਇਹ) ਵਜੂਦ ਵਿਚ ਆਉਂਦਾ ਹੈ; ਵਜੂਦ ਵਿਚ ਆ ਕੇ (ਮੁੜ) ਨਾਸ ਹੋ ਜਾਂਦਾ ਹੈ।
ਨੈਨਹ ਦੇਖਤ ਇਹੁ ਜਗੁ ਜਾਈ ॥੧॥
(ਸੋ) ਅਸਾਡੇ ਅਖੀਂ ਵੇਖਦਿਆਂ ਹੀ ਇਹ ਸੰਸਾਰ (ਇਸੇ ਤਰ੍ਹਾਂ) ਤੁਰਿਆ ਜਾ ਰਿਹਾ ਹੈ ॥੧॥
ਲਾਜ ਨ ਮਰਹੁ ਕਹਹੁ ਘਰੁ ਮੇਰਾ ॥
(ਤਾਂ ਤੇ, ਹੇ ਜੀਵ!) ਸ਼ਰਮ ਨਾਲ ਕਿਉਂ ਨਹੀਂ ਡੁੱਬ ਮਰਦਾ (ਭਾਵ, ਤੂੰ ਝੱਕਦਾ ਕਿਉਂ ਨਹੀਂ) ਜਦੋਂ ਤੂੰ ਇਹ ਆਖਦਾ ਹੈਂ ਕਿ ਇਹ ਘਰ ਮੇਰਾ ਹੈ?
ਅੰਤ ਕੀ ਬਾਰ ਨਹੀ ਕਛੁ ਤੇਰਾ ॥੧॥ ਰਹਾਉ ॥
(ਚੇਤੇ ਰੱਖ) ਜਿਸ ਵੇਲੇ ਮੌਤ ਆਵੇਗੀ, ਤਦੋਂ ਕੋਈ ਭੀ ਚੀਜ਼ ਤੇਰੀ ਨਹੀਂ ਰਹੇਗੀ ॥੧॥ ਰਹਾਉ ॥
ਅਨਿਕ ਜਤਨ ਕਰਿ ਕਾਇਆ ਪਾਲੀ ॥
ਅਨੇਕਾਂ ਜਤਨ ਕਰ ਕੇ ਇਹ ਸਰੀਰ ਪਾਲੀਦਾ ਹੈ;
ਮਰਤੀ ਬਾਰ ਅਗਨਿ ਸੰਗਿ ਜਾਲੀ ॥੨॥
ਪਰ ਜਦੋਂ ਮੌਤ ਆਉਂਦੀ ਹੈ, ਇਸ ਨੂੰ ਅੱਗ ਨਾਲ ਸਾੜ ਦੇਈਦਾ ਹੈ ॥੨॥
ਚੋਆ ਚੰਦਨੁ ਮਰਦਨ ਅੰਗਾ ॥
(ਜਿਸ ਸਰੀਰ ਦੇ) ਅੰਗਾਂ ਨੂੰ ਅਤਰ ਤੇ ਚੰਦਨ ਮਲੀਦਾ ਹੈ,
ਸੋ ਤਨੁ ਜਲੈ ਕਾਠ ਕੈ ਸੰਗਾ ॥੩॥
ਉਹ ਸਰੀਰ (ਆਖ਼ਰ ਨੂੰ) ਲੱਕੜਾਂ ਨਾਲ ਸੜ ਜਾਂਦਾ ਹੈ ॥੩॥
ਕਹੁ ਕਬੀਰ ਸੁਨਹੁ ਰੇ ਗੁਨੀਆ ॥
ਕਬੀਰ ਆਖਦਾ ਹੈ- ਹੇ ਵਿਚਾਰਨ ਮਨੁੱਖ! ਚੇਤੇ ਰੱਖ;
ਬਿਨਸੈਗੋ ਰੂਪੁ ਦੇਖੈ ਸਭ ਦੁਨੀਆ ॥੪॥੧੧॥
ਸਾਰੀ ਦੁਨੀਆ ਵੇਖੇਗੀ (ਭਾਵ, ਸਭ ਦੇ ਵੇਖਦਿਆਂ ਵੇਖਦਿਆਂ) ਇਹ ਰੂਪ ਨਾਸ ਹੋ ਜਾਇਗਾ ॥੪॥੧੧॥
ਗਉੜੀ ਕਬੀਰ ਜੀ ॥
ਅਵਰ ਮੂਏ ਕਿਆ ਸੋਗੁ ਕਰੀਜੈ ॥
ਹੋਰਨਾਂ ਦੇ ਮਰਨ ਤੇ ਸੋਗ ਕਰਨ ਦਾ ਕੀਹ ਲਾਭ?
ਤਉ ਕੀਜੈ ਜਉ ਆਪਨ ਜੀਜੈ ॥੧॥
(ਉਹਨਾਂ ਦੇ ਵਿਛੋੜੇ ਦਾ) ਸੋਗ ਤਾਂ ਹੀ ਕਰੀਏ ਜੇ ਆਪ (ਇਥੇ ਸਦਾ) ਜੀਊਂਦੇ ਰਹਿਣਾ ਹੋਵੇ ॥੧॥
ਮੈ ਨ ਮਰਉ ਮਰਿਬੋ ਸੰਸਾਰਾ ॥
ਮੇਰੇ ਆਤਮਾ ਦੀ ਕਦੇ ਮੌਤ ਨਹੀਂ ਹੋਵੇਗੀ। ਮੁਰਦਾ ਹਨ ਉਹ ਜੀਵ ਜੋ ਜਗਤ ਦੇ ਧੰਧਿਆਂ ਵਿਚ ਫਸੇ ਹੋਏ ਹਨ।
ਅਬ ਮੋਹਿ ਮਿਲਿਓ ਹੈ ਜੀਆਵਨਹਾਰਾ ॥੧॥ ਰਹਾਉ ॥
ਮੈਨੂੰ (ਤਾਂ) ਹੁਣ (ਅਸਲ) ਜ਼ਿੰਦਗੀ ਦੇਣ ਵਾਲਾ ਪਰਮਾਤਮਾ ਮਿਲ ਪਿਆ ਹੈ ॥੧॥ ਰਹਾਉ ॥
ਇਆ ਦੇਹੀ ਪਰਮਲ ਮਹਕੰਦਾ ॥
(ਜੀਵ) ਇਸ ਸਰੀਰ ਤੇ ਕਈ ਸੁਗੰਧੀਆਂ ਮਹਿਕਾਉਂਦਾ ਹੈ;
ਤਾ ਸੁਖ ਬਿਸਰੇ ਪਰਮਾਨੰਦਾ ॥੨॥
ਇਹਨਾਂ ਹੀ ਸੁਖਾਂ ਵਿਚ ਇਸ ਨੂੰ ਪਰਮ ਅਨੰਦ-ਸਰੂਪ ਪਰਮਾਤਮਾ ਭੁੱਲ ਜਾਂਦਾ ਹੈ ॥੨॥
ਕੂਅਟਾ ਏਕੁ ਪੰਚ ਪਨਿਹਾਰੀ ॥
(ਸਰੀਰ ਮਾਨੋ) ਇਕ ਨਿੱਕਾ ਜਿਹਾ ਖੂਹ ਹੈ, (ਪੰਜ ਗਿਆਨ-ਇੰਦਰੇ, ਮਾਨੋ) ਪੰਜ ਚਰੱਖੜੀਆਂ ਹਨ,
ਟੂਟੀ ਲਾਜੁ ਭਰੈ ਮਤਿ ਹਾਰੀ ॥੩॥
ਮਾਰੀ ਹੋਈ ਮੱਤ ਲੱਜ ਤੋਂ ਬਿਨਾ (ਪਾਣੀ) ਭਰ ਰਹੀ ਹੈ (ਭਾਵ, ਵਿਕਾਰਾਂ ਵਿਚ ਫਸੀ ਹੋਈ ਮੱਤ ਗਿਆਨ-ਇੰਦ੍ਰਿਆਂ ਦੀ ਰਾਹੀਂ ਵਿਕਾਰਾਂ ਵਿਚੋਂ ਸੁਖ ਲੈਣ ਦੇ ਵਿਅਰਥ ਜਤਨ ਕਰ ਰਹੀ ਹੈ) ॥੩॥
ਕਹੁ ਕਬੀਰ ਇਕ ਬੁਧਿ ਬੀਚਾਰੀ ॥
ਕਬੀਰ ਆਖਦਾ ਹੈ- (ਜਦੋਂ) ਵਿਚਾਰ ਵਾਲੀ ਬੁੱਧ ਅੰਦਰ (ਜਾਗ ਪਈ),
ਨਾ ਓਹੁ ਕੂਅਟਾ ਨਾ ਪਨਿਹਾਰੀ ॥੪॥੧੨॥
ਤਦੋਂ ਨਾਹ ਉਹ ਸਰੀਰਕ ਮੋਹ ਰਿਹਾ ਤੇ ਨਾਹ ਹੀ (ਵਿਕਾਰਾਂ ਵਲ ਖਿੱਚਣ ਵਾਲੇ) ਉਹ ਇੰਦਰੇ ਰਹੇ ॥੪॥੧੨॥
ਗਉੜੀ ਕਬੀਰ ਜੀ ॥
ਅਸਥਾਵਰ ਜੰਗਮ ਕੀਟ ਪਤੰਗਾ ॥
ਅਸੀਂ (ਹੁਣ ਤਕ) ਅਸਥਾਵਰ, ਜੰਗਮ ਕੀੜੇ-ਪਤੰਗੇ
ਅਨਿਕ ਜਨਮ ਕੀਏ ਬਹੁ ਰੰਗਾ ॥੧॥
ਇਹੋ ਜਿਹੇ ਕਈ ਕਿਸਮਾਂ ਦੇ ਜਨਮਾਂ ਵਿਚ ਆ ਚੁਕੇ ਹਾਂ ॥੧॥
ਐਸੇ ਘਰ ਹਮ ਬਹੁਤੁ ਬਸਾਏ ॥
ਹੇ ਰਾਮ! ਅਸੀਂ ਇਹੋ ਜਿਹੇ ਕਈ ਸਰੀਰਾਂ ਵਿਚੋਂ ਦੀ ਲੰਘ ਕੇ ਆਏ ਹਾਂ,
ਜਬ ਹਮ ਰਾਮ ਗਰਭ ਹੋਇ ਆਏ ॥੧॥ ਰਹਾਉ ॥
ਜਦੋਂ ਅਸੀਂ ਜੂਨਾਂ ਵਿਚ ਪੈਂਦੇ ਗਏ ॥੧॥ ਰਹਾਉ ॥
ਜੋਗੀ ਜਤੀ ਤਪੀ ਬ੍ਰਹਮਚਾਰੀ ॥
ਕਦੇ ਅਸੀਂ ਜੋਗੀ ਬਣੇ, ਕਦੇ ਜਤੀ, ਕਦੇ ਤਪੀ, ਕਦੇ ਬ੍ਰਹਮਚਾਰੀ;
ਕਬਹੂ ਰਾਜਾ ਛਤ੍ਰਪਤਿ ਕਬਹੂ ਭੇਖਾਰੀ ॥੨॥
ਕਦੇ ਛਤ੍ਰਪਤੀ ਰਾਜੇ ਬਣੇ ਕਦੇ ਮੰਗਤੇ ॥੨॥
ਸਾਕਤ ਮਰਹਿ ਸੰਤ ਸਭਿ ਜੀਵਹਿ ॥
ਜੋ ਮਨੁੱਖ ਰੱਬ ਨਾਲੋਂ ਟੁੱਟੇ ਰਹਿੰਦੇ ਹਨ ਉਹ ਸਦਾ (ਇਸੇ ਤਰ੍ਹਾਂ) ਕਈ ਜੂਨਾਂ ਵਿਚ ਪੈਂਦੇ ਰਹਿੰਦੇ ਹਨ,
ਰਾਮ ਰਸਾਇਨੁ ਰਸਨਾ ਪੀਵਹਿ ॥੩॥
ਪਰ ਸੰਤ ਜਨ ਸਦਾ ਜੀਊਂਦੇ ਹਨ (ਭਾਵ, ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦੇ, ਕਿਉਂਕਿ) ਉਹ ਜੀਭ ਨਾਲ ਪ੍ਰਭੂ ਦੇ ਨਾਮ ਦਾ ਸ੍ਰੇਸ਼ਟ ਰਸ ਪੀਂਦੇ ਰਹਿੰਦੇ ਹਨ ॥੩॥
ਕਹੁ ਕਬੀਰ ਪ੍ਰਭ ਕਿਰਪਾ ਕੀਜੈ ॥
(ਸੋ)ਕਬੀਰ ਆਖਦਾ ਹੈ- ਹੇ ਪ੍ਰਭੂ! ਮਿਹਰ ਕਰ ਤੇ ਹੁਣ ਆਪਣਾ ਗਿਆਨ ਬਖ਼ਸ਼।
ਹਾਰਿ ਪਰੇ ਅਬ ਪੂਰਾ ਦੀਜੈ ॥੪॥੧੩॥
ਅਸੀਂ ਥੱਕ-ਟੁੱਟ ਕੇ (ਤੇਰੇ ਦਰ ਤੇ) ਆ ਡਿੱਗੇ ਹਾਂ ॥੪॥੧੩॥
ਗਉੜੀ ਕਬੀਰ ਜੀ ਕੀ ਨਾਲਿ ਰਲਾਇ ਲਿਖਿਆ ਮਹਲਾ ੫ ॥
ਐਸੋ ਅਚਰਜੁ ਦੇਖਿਓ ਕਬੀਰ ॥
ਹੇ ਕਬੀਰ! ਮੈਂ ਇਕ ਅਜੀਬ ਤਮਾਸ਼ਾ ਵੇਖਿਆ ਹੈ,
ਦਧਿ ਕੈ ਭੋਲੈ ਬਿਰੋਲੈ ਨੀਰੁ ॥੧॥ ਰਹਾਉ ॥
ਕਿ (ਜੀਵ) ਦਹੀਂ ਦੇ ਭੁਲੇਖੇ ਪਾਣੀ ਰਿੜਕ ਰਿਹਾ ਹੈ ॥੧॥ ਰਹਾਉ ॥
ਹਰੀ ਅੰਗੂਰੀ ਗਦਹਾ ਚਰੈ ॥
ਮੂਰਖ ਜੀਵ ਮਨ-ਭਾਉਂਦੇ ਵਿਕਾਰ ਮਾਣਦਾ ਹੈ,
ਨਿਤ ਉਠਿ ਹਾਸੈ ਹੀਗੈ ਮਰੈ ॥੧॥
ਇਸੇ ਤਰ੍ਹਾਂ ਸਦਾ ਹੱਸਦਾ ਤੇ (ਖੋਤੇ ਵਾਂਗ) ਹੀਂਗਦਾ ਰਹਿੰਦਾ ਹੈ (ਆਖ਼ਰ) ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ ॥੧॥
ਮਾਤਾ ਭੈਸਾ ਅੰਮੁਹਾ ਜਾਇ ॥
ਮਸਤੇ ਹੋਏ ਸੰਢੇ ਵਰਗਾ ਮਨ ਅਮੋੜ-ਪੁਣਾ ਕਰਦਾ ਹੈ,
ਕੁਦਿ ਕੁਦਿ ਚਰੈ ਰਸਾਤਲਿ ਪਾਇ ॥੨॥
ਕੁੱਦਦਾ ਹੈ (ਭਾਵ, ਅਹੰਕਾਰ ਕਰਦਾ ਹੈ) ਵਿਸ਼ਿਆਂ ਦੀ ਖੇਤੀ ਚੁਗਦਾ ਰਹਿੰਦਾ ਹੈ, ਤੇ ਨਰਕ ਵਿਚ ਪੈ ਜਾਂਦਾ ਹੈ ॥੨॥
ਕਹੁ ਕਬੀਰ ਪਰਗਟੁ ਭਈ ਖੇਡ ॥
ਕਬੀਰ ਆਖਦਾ ਹੈ- (ਮੈਨੂੰ ਤਾਂ) ਇਹ ਅਜੀਬ ਤਮਾਸ਼ਾ ਸਮਝ ਵਿਚ ਆ ਗਿਆ ਹੈ,
ਲੇਲੇ ਕਉ ਚੂਘੈ ਨਿਤ ਭੇਡ ॥੩॥
(ਤਮਾਸ਼ਾ ਇਹ ਹੈ ਕਿ) ਸੰਸਾਰੀ ਜੀਵਾਂ ਦੀ ਬੁੱਧੀ ਮਨ ਦੇ ਪਿਛੇ ਲੱਗੀ ਫਿਰਦੀ ਹੈ ॥੩॥
ਰਾਮ ਰਮਤ ਮਤਿ ਪਰਗਟੀ ਆਈ ॥
(ਇਹ ਸਮਝ ਕਿਸ ਨੇ ਪਾਈ ਹੈ?) ਹੇ (ਜਿਸ ਗੁਰੂ ਦੀ ਬਰਕਤਿ ਨਾਲ) ਪ੍ਰਭੂ ਦਾ ਸਿਮਰਨ ਕਰਦਿਆਂ ਕਰਦਿਆਂ (ਮੇਰੀ) ਬੁੱਧੀ ਜਾਗ ਪਈ ਹੈ (ਤੇ ਮਨ ਦੇ ਪਿਛੇ ਤੁਰਨੋਂ ਹਟ ਗਈ ਹੈ)
ਕਹੁ ਕਬੀਰ ਗੁਰਿ ਸੋਝੀ ਪਾਈ ॥੪॥੧॥੧੪॥
ਕਬੀਰ ਆਖਦਾ ਹੈ- (ਉਸ) ਸਤਿਗੁਰੂ ਨੇ ਇਹ ਸਮਝ ਬਖ਼ਸ਼ੀ ਹੈ ॥੪॥੧॥੧੪॥
ਗਉੜੀ ਕਬੀਰ ਜੀ ਪੰਚਪਦੇ ॥
ਜਿਉ ਜਲ ਛੋਡਿ ਬਾਹਰਿ ਭਇਓ ਮੀਨਾ ॥
(ਮੈਨੂੰ ਲੋਕ ਕਹਿ ਰਹੇ ਹਨ ਕਿ) ਜਿਵੇਂ ਮੱਛ ਪਾਣੀ ਨੂੰ ਛੱਡ ਕੇ ਬਾਹਰ ਨਿਕਲ ਆਉਂਦਾ ਹੈ (ਤਾਂ ਦੁਖੀ ਹੋ ਹੋ ਕੇ ਮਰ ਜਾਂਦਾ ਹੈ;
ਪੂਰਬ ਜਨਮ ਹਉ ਤਪ ਕਾ ਹੀਨਾ ॥੧॥
ਤਿਵੇਂ) ਮੈਂ ਭੀ ਪਿਛਲੇ ਜਨਮਾਂ ਵਿਚ ਤਪ ਨਹੀਂ ਕੀਤਾ (ਤਾਹੀਏਂ ਮੁਕਤੀ ਦੇਣ ਵਾਲੀ ਕਾਂਸ਼ੀ ਨੂੰ ਛੱਡ ਕੇ ਮਗਹਰ ਆ ਗਿਆ ਹਾਂ) ॥੧॥
ਅਬ ਕਹੁ ਰਾਮ ਕਵਨ ਗਤਿ ਮੋਰੀ ॥
ਹੇ ਮੇਰੇ ਰਾਮ! ਹੁਣ ਮੈਨੂੰ ਦੱਸ, ਮੇਰਾ ਕੀਹ ਹਾਲ ਹੋਵੇਗਾ?
ਤਜੀ ਲੇ ਬਨਾਰਸ ਮਤਿ ਭਈ ਥੋਰੀ ॥੧॥ ਰਹਾਉ ॥
ਮੈਂ ਕਾਂਸ਼ੀ ਛੱਡ ਆਇਆ ਹਾਂ (ਕੀ ਇਹ ਠੀਕ ਹੈ ਕਿ) ਮੇਰੀ ਮੱਤ ਮਾਰੀ ਗਈ ਹੈ? ॥੧॥ ਰਹਾਉ ॥
ਸਗਲ ਜਨਮੁ ਸਿਵ ਪੁਰੀ ਗਵਾਇਆ ॥
(ਹੇ ਰਾਮ! ਮੈਨੂੰ ਲੋਕ ਆਖਦੇ ਹਨ-) ਤੂੰ ਸਾਰੀ ਉਮਰ ਕਾਂਸ਼ੀ ਵਿਚ ਵਿਅਰਥ ਗੁਜ਼ਾਰ ਦਿੱਤੀ,
ਮਰਤੀ ਬਾਰ ਮਗਹਰਿ ਉਠਿ ਆਇਆ ॥੨॥
(ਕਿਉਂਕਿ ਹੁਣ ਜਦੋਂ ਮੁਕਤੀ ਮਿਲਣੀ ਸੀ ਤਾਂ) ਮਰਨ ਵੇਲੇ (ਕਾਂਸ਼ੀ) ਛੱਡ ਕੇ ਮਗਹਰ ਤੁਰ ਆਇਆ ਹੈਂ ॥੨॥
ਬਹੁਤੁ ਬਰਸ ਤਪੁ ਕੀਆ ਕਾਸੀ ॥
(ਹੇ ਪ੍ਰਭੂ! ਲੋਕ ਕਹਿੰਦੇ ਹਨ-) ਤੂੰ ਕਾਂਸ਼ੀ ਵਿਚ ਰਹਿ ਕੇ ਕਈ ਸਾਲ ਤਪ ਕੀਤਾ (ਪਰ ਉਸ ਤਪ ਦਾ ਕੀਹ ਲਾਭ?)
ਮਰਨੁ ਭਇਆ ਮਗਹਰ ਕੀ ਬਾਸੀ ॥੩॥
ਜਦੋਂ ਮਰਨ ਦਾ ਵੇਲਾ ਆਇਆ ਤਾਂ ਮਗਹਰ ਆ ਵੱਸਿਓਂ ॥੩॥
ਕਾਸੀ ਮਗਹਰ ਸਮ ਬੀਚਾਰੀ ॥
(ਹੇ ਰਾਮ! ਲੋਕ ਬੋਲੀ ਮਾਰਦੇ ਹਨ-) ਤੂੰ ਕਾਂਸ਼ੀ ਤੇ ਮਗਹਰ ਨੂੰ ਇਕੋ ਜਿਹਾ ਸਮਝ ਲਿਆ ਹੈ,
ਓਛੀ ਭਗਤਿ ਕੈਸੇ ਉਤਰਸਿ ਪਾਰੀ ॥੪॥
ਇਸ ਹੋਛੀ ਭਗਤੀ ਨਾਲ (ਜੋ ਤੂੰ ਕਰ ਰਿਹਾ ਹੈਂ) ਕਿਵੇਂ ਸੰਸਾਰ-ਸਮੁੰਦਰ ਤੋਂ ਪਾਰ ਲੰਘੇਂਗਾ? ॥੪॥
ਕਹੁ ਗੁਰ ਗਜ ਸਿਵ ਸਭੁ ਕੋ ਜਾਨੈ ॥
(ਹੇ ਕਬੀਰ!) ਆਖ-ਹਰੇਕ ਮਨੁੱਖ ਗਣੇਸ਼ ਤੇ ਸ਼ਿਵ ਨੂੰ ਹੀ ਪਛਾਣਦਾ ਹੈ (ਭਾਵ, ਹਰੇਕ ਮਨੁੱਖ ਇਹੀ ਸਮਝ ਰਿਹਾ ਹੈ ਕਿ ਸ਼ਿਵ ਮੁਕਤੀਦਾਤਾ ਹੈ ਤੇ ਗਣੇਸ਼ ਦੀ ਨਗਰੀ ਮੁਕਤੀ ਖੋਹਣ ਵਾਲੀ ਹੈ);
ਮੁਆ ਕਬੀਰੁ ਰਮਤ ਸ੍ਰੀ ਰਾਮੈ ॥੫॥੧੫॥
ਪਰ ਕਬੀਰ ਤਾਂ ਪ੍ਰਭੂ ਦਾ ਸਿਮਰਨ ਕਰ ਕਰ ਕੇ ਆਪਾ-ਭਾਵ ਹੀ ਮਿਟਾ ਬੈਠਾ ਹੈ (ਕਬੀਰ ਨੂੰ ਇਹ ਪਤਾ ਕਰਨ ਦੀ ਲੋੜ ਹੀ ਨਹੀਂ ਰਹੀ ਕਿ ਉਸ ਦੀ ਕੀਹ ਗਤੀ ਹੋਵੇਗੀ) ॥੫॥੧੫॥
ਗਉੜੀ ਕਬੀਰ ਜੀ ॥
ਚੋਆ ਚੰਦਨ ਮਰਦਨ ਅੰਗਾ ॥
(ਜਿਸ ਸਰੀਰ ਦੇ) ਅੰਗਾਂ ਨੂੰ ਅਤਰ ਤੇ ਚੰਦਨ ਮਲੀਦਾ ਹੈ,
ਸੋ ਤਨੁ ਜਲੈ ਕਾਠ ਕੈ ਸੰਗਾ ॥੧॥
ਉਹ ਸਰੀਰ (ਆਖ਼ਰ ਨੂੰ) ਲੱਕੜਾਂ ਵਿਚ ਪਾ ਕੇ ਸਾੜਿਆ ਜਾਂਦਾ ਹੈ ॥੧॥
ਇਸੁ ਤਨ ਧਨ ਕੀ ਕਵਨ ਬਡਾਈ ॥
ਇਸ ਸਰੀਰ ਤੇ ਧਨ ਉੱਤੇ ਕੀਹ ਮਾਣ ਕਰਨਾ ਹੋਇਆ?
ਧਰਨਿ ਪਰੈ ਉਰਵਾਰਿ ਨ ਜਾਈ ॥੧॥ ਰਹਾਉ ॥
ਇਹ ਇੱਥੇ ਹੀ ਧਰਤੀ ਤੇ ਪਏ ਰਹਿ ਜਾਂਦੇ ਹਨ (ਜੀਵ ਦੇ ਨਾਲ) ਨਹੀਂ ਜਾਂਦੇ ॥੧॥ ਰਹਾਉ ॥
ਰਾਤਿ ਜਿ ਸੋਵਹਿ ਦਿਨ ਕਰਹਿ ਕਾਮ ॥
ਜੋ ਮਨੁੱਖ ਰਾਤ ਨੂੰ ਸੁੱਤੇ ਰਹਿੰਦੇ ਹਨ (ਭਾਵ, ਰਾਤ ਤਾਂ ਸੁੱਤਿਆਂ ਗੁਜ਼ਾਰ ਦੇਂਦੇ ਹਨ), ਤੇ ਦਿਨੇ (ਦੁਨਿਆਵੀ) ਕੰਮ-ਧੰਧੇ ਕਰਦੇ ਰਹਿੰਦੇ ਹਨ,
ਇਕੁ ਖਿਨੁ ਲੇਹਿ ਨ ਹਰਿ ਕੋ ਨਾਮ ॥੨॥
ਪਰ ਇਕ ਪਲ ਮਾਤ੍ਰ ਭੀ ਪ੍ਰਭੂ ਦਾ ਨਾਮ ਨਹੀਂ ਜਪਦੇ ॥੨॥
ਹਾਥਿ ਤ ਡੋਰ ਮੁਖਿ ਖਾਇਓ ਤੰਬੋਰ ॥
ਜੋ ਮਨੁੱਖ ਮੂੰਹ ਵਿਚ ਤਾਂ ਪਾਨ ਚੱਬ ਰਹੇ ਹਨ, ਤੇ ਜਿਨ੍ਹਾਂ ਦੇ ਹੱਥ ਵਿਚ (ਬਾਜਾਂ ਦੀਆਂ) ਡੋਰਾਂ ਹਨ (ਭਾਵ, ਜੋ ਸ਼ਿਕਾਰ ਆਦਿਕ ਸ਼ੁਗਲ ਵਿਚ ਰੁੱਝੇ ਰਹਿੰਦੇ ਹਨ),
ਮਰਤੀ ਬਾਰ ਕਸਿ ਬਾਧਿਓ ਚੋਰ ॥੩॥
ਉਹ ਮਰਨ ਵੇਲੇ ਚੋਰਾਂ ਵਾਂਗ ਕੱਸ ਕੇ ਬੱਧੇ ਜਾਂਦੇ ਹਨ ॥੩॥
ਗੁਰਮਤਿ ਰਸਿ ਰਸਿ ਹਰਿ ਗੁਨ ਗਾਵੈ ॥
ਜੋ ਮਨੁੱਖ ਸਤਿਗੁਰੂ ਦੀ ਮੱਤ ਲੈ ਕੇ ਬੜੇ ਪ੍ਰੇਮ ਨਾਲ ਪ੍ਰਭੂ ਦੇ ਗੁਣ ਗਾਉਂਦਾ ਹੈ,
ਰਾਮੈ ਰਾਮ ਰਮਤ ਸੁਖੁ ਪਾਵੈ ॥੪॥
ਉਹ ਕੇਵਲ ਪ੍ਰਭੂ ਨੂੰ ਸਿਮਰ ਸਿਮਰ ਕੇ ਸੁਖ ਮਾਣਦਾ ਹੈ ॥੪॥
ਕਿਰਪਾ ਕਰਿ ਕੈ ਨਾਮੁ ਦ੍ਰਿੜਾਈ ॥
ਪ੍ਰਭੂ ਆਪਣੀ ਮਿਹਰ ਕਰ ਕੇ ਜਿਸ ਦੇ ਹਿਰਦੇ ਵਿਚ ਆਪਣਾ ਨਾਮ ਟਿਕਾਉਂਦਾ ਹੈ,
ਹਰਿ ਹਰਿ ਬਾਸੁ ਸੁਗੰਧ ਬਸਾਈ ॥੫॥
ਉਸ ਵਿਚ ਉਹ ‘ਨਾਮ’ ਦੀ ਖ਼ੁਸ਼ਬੋ ਦਾ ਵਾਸ ਕਰਾ ਦੇਂਦਾ ਹੈ ॥੫॥
ਕਹਤ ਕਬੀਰ ਚੇਤਿ ਰੇ ਅੰਧਾ ॥
ਕਬੀਰ ਆਖਦਾ ਹੈ-ਹੇ ਅਗਿਆਨੀ ਜੀਵ! ਪ੍ਰਭੂ ਨੂੰ ਸਿਮਰ।
ਸਤਿ ਰਾਮੁ ਝੂਠਾ ਸਭੁ ਧੰਧਾ ॥੬॥੧੬॥
ਪ੍ਰਭੂ ਹੀ ਸਦਾ-ਥਿਰ ਰਹਿਣ ਵਾਲਾ ਹੈ, ਬਾਕੀ ਸਾਰਾ ਜੰਜਾਲ ਨਾਸ ਹੋ ਜਾਣ ਵਾਲਾ ਹੈ ॥੬॥੧੬॥
ਗਉੜੀ ਕਬੀਰ ਜੀ ਤਿਪਦੇ ਚਾਰਤੁਕੇ ॥
ਜਮ ਤੇ ਉਲਟਿ ਭਏ ਹੈ ਰਾਮ ॥
(ਜਦ ਤੋਂ ਮੇਰੀ ਪ੍ਰਭੂ ਨਾਲ ਸਾਂਝ ਪੈ ਗਈ ਹੈ) ਜਮਾਂ ਤੋਂ ਬਦਲ ਕੇ ਪ੍ਰਭੂ (ਦਾ ਰੂਪ) ਹੋ ਗਏ ਹਨ (ਭਾਵ, ਪਹਿਲਾਂ ਜੋ ਮੈਨੂੰ ਜਮ-ਰੂਪ ਦਿੱਸਦੇ ਸਨ, ਹੁਣ ਉਹ ਪ੍ਰਭੂ ਦਾ ਰੂਪ ਦਿਖਾਈ ਦੇਂਦੇ ਹਨ),
ਦੁਖ ਬਿਨਸੇ ਸੁਖ ਕੀਓ ਬਿਸਰਾਮ ॥
ਮੇਰੇ ਦੁੱਖ ਦੂਰ ਹੋ ਗਏ ਹਨ ਤੇ ਸੁਖਾਂ ਨੇ (ਮੇਰੇ ਅੰਦਰ) ਡੇਰਾ ਆਣ ਜਮਾਇਆ ਹੈ।
ਬੈਰੀ ਉਲਟਿ ਭਏ ਹੈ ਮੀਤਾ ॥
ਜੋ ਪਹਿਲਾਂ ਵੈਰੀ ਸਨ, ਹੁਣ ਉਹ ਸੱਜਣ ਬਣ ਗਏ ਹਨ (ਭਾਵ, ਜੋ ਇੰਦ੍ਰੇ ਪਹਿਲਾਂ ਵਿਕਾਰਾਂ ਵਲ ਲੈ ਜਾ ਕੇ ਵੈਰੀਆਂ ਵਾਲਾ ਕੰਮ ਕਰ ਰਹੇ ਸਨ, ਹੁਣ ਉਹ ਭਲੇ ਪਾਸੇ ਲਿਆ ਰਹੇ ਹਨ);
ਸਾਕਤ ਉਲਟਿ ਸੁਜਨ ਭਏ ਚੀਤਾ ॥੧॥
ਪਹਿਲਾਂ ਇਹ ਰੱਬ ਨਾਲੋਂ ਟੁੱਟੇ ਹੋਏ ਸਨ, ਹੁਣ ਉਲਟ ਕੇ ਅੰਤਰ-ਆਤਮੇ ਗੁਰਮੁਖ ਬਣ ਗਏ ਹਨ ॥੧॥
ਅਬ ਮੋਹਿ ਸਰਬ ਕੁਸਲ ਕਰਿ ਮਾਨਿਆ ॥
ਹੁਣ ਮੈਨੂੰ ਸਾਰੇ ਸੁਖ ਆਨੰਦ ਪ੍ਰਤੀਤ ਹੋ ਰਹੇ ਹਨ;
ਸਾਂਤਿ ਭਈ ਜਬ ਗੋਬਿਦੁ ਜਾਨਿਆ ॥੧॥ ਰਹਾਉ ॥
ਜਦੋਂ ਦਾ ਮੈਂ ਪ੍ਰਭੂ ਨੂੰ ਪਛਾਣ ਲਿਆ ਹੈ (ਪ੍ਰਭੂ ਨਾਲ ਸਾਂਝ ਪਾ ਲਈ ਹੈ) ਤਦੋਂ ਦੀ (ਮੇਰੇ ਅੰਦਰ) ਠੰਢ ਪੈ ਗਈ ਹੈ ॥੧॥ ਰਹਾਉ ॥
ਤਨ ਮਹਿ ਹੋਤੀ ਕੋਟਿ ਉਪਾਧਿ ॥
(ਮੇਰੇ ਸਰੀਰ ਵਿਚ ਵਿਕਾਰਾਂ ਦੇ) ਕ੍ਰੋੜਾਂ ਬਖੇੜੇ ਸਨ;
ਉਲਟਿ ਭਈ ਸੁਖ ਸਹਜਿ ਸਮਾਧਿ ॥
ਪ੍ਰਭੂ ਦੇ ਨਾਮ-ਰਸ ਵਿਚ ਜੁੜੇ ਰਹਿਣ ਕਰਕੇ ਉਹ ਸਾਰੇ ਪਲਟ ਕੇ ਸੁਖ ਬਣ ਗਏ ਹਨ।
ਆਪੁ ਪਛਾਨੈ ਆਪੈ ਆਪ ॥
(ਮੇਰੇ ਮਨ ਨੇ) ਆਪਣੇ ਅਸਲ ਸਰੂਪ ਨੂੰ ਪਛਾਣ ਲਿਆ ਹੈ (ਹੁਣ ਇਸ ਨੂੰ) ਪ੍ਰਭੂ ਹੀ ਪ੍ਰਭੂ ਦਿੱਸ ਰਿਹਾ ਹੈ;
ਰੋਗੁ ਨ ਬਿਆਪੈ ਤੀਨੌ ਤਾਪ ॥੨॥
ਰੋਗ ਤੇ ਤਿੰਨੇ ਤਾਪ (ਹੁਣ) ਪੋਹ ਨਹੀਂ ਸਕਦੇ ॥੨॥
ਅਬ ਮਨੁ ਉਲਟਿ ਸਨਾਤਨੁ ਹੂਆ ॥
ਹੁਣ ਮੇਰਾ ਮਨ (ਆਪਣੇ ਪਹਿਲੇ ਵਿਕਾਰਾਂ ਵਾਲੇ ਸੁਭਾਉ ਵਲੋਂ) ਹਟ ਕੇ ਪ੍ਰਭੂ ਦਾ ਰੂਪ ਹੋ ਗਿਆ ਹੈ;
ਤਬ ਜਾਨਿਆ ਜਬ ਜੀਵਤ ਮੂਆ ॥
(ਇਸ ਗੱਲ ਦੀ) ਤਦੋਂ ਸਮਝ ਆਈ ਹੈ ਜਦੋਂ (ਇਹ ਮਨ) ਮਾਇਆ ਵਿਚ ਵਿਚਰਦਾ ਹੋਇਆ ਭੀ ਮਾਇਆ ਦੇ ਮੋਹ ਤੋਂ ਉੱਚਾ ਹੋ ਗਿਆ ਹੈ।
ਕਹੁ ਕਬੀਰ ਸੁਖਿ ਸਹਜਿ ਸਮਾਵਉ ॥
ਕਬੀਰ ਆਖਦਾ ਹੈ- ਮੈਂ ਆਤਮਕ ਅਨੰਦ ਵਿਚ ਅਡੋਲ ਅਵਸਥਾ ਵਿਚ ਜੁੜਿਆ ਹੋਇਆ ਹਾਂ।
ਆਪਿ ਨ ਡਰਉ ਨ ਅਵਰ ਡਰਾਵਉ ॥੩॥੧੭॥
ਨਾਹ ਮੈਂ ਆਪ ਕਿਸੇ ਹੋਰ ਪਾਸੋਂ ਡਰਦਾ ਹਾਂ ਅਤੇ ਨਾਹ ਹੀ ਹੋਰਨਾਂ ਨੂੰ ਡਰਾਉਂਦਾ ਹਾਂ ॥੩॥੧੭॥
ਗਉੜੀ ਕਬੀਰ ਜੀ ॥
ਪਿੰਡਿ ਮੂਐ ਜੀਉ ਕਿਹ ਘਰਿ ਜਾਤਾ ॥
(ਪ੍ਰਸ਼ਨ:) ਸਰੀਰ ਦਾ ਮੋਹ ਦੂਰ ਹੋਇਆਂ ਆਤਮਾ ਕਿੱਥੇ ਟਿਕਦਾ ਹੈ? (ਭਾਵ, ਪਹਿਲਾਂ ਤਾਂ ਜੀਵ ਆਪਣੇ ਸਰੀਰ ਦੇ ਮੋਹ ਕਰਕੇ ਮਾਇਆ ਵਿਚ ਮਸਤ ਰਹਿੰਦਾ ਹੈ, ਜਦੋਂ ਇਹ ਮੋਹ ਦੂਰ ਹੋ ਜਾਏ, ਤਦੋਂ ਜੀਵ ਦੀ ਸੁਰਤ ਕਿੱਥੇ ਜੁੜੀ ਰਹਿੰਦੀ ਹੈ?)।
ਸਬਦਿ ਅਤੀਤਿ ਅਨਾਹਦਿ ਰਾਤਾ ॥
(ਉੱਤਰ:) (ਤਦੋਂ ਆਤਮਾ) ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ ਪ੍ਰਭੂ ਵਿਚ ਜੁੜਿਆ ਰਹਿੰਦਾ ਹੈ ਜੋ ਮਾਇਆ ਦੇ ਬੰਧਨਾਂ ਤੋ ਪਰੇ ਹੈ ਤੇ ਬੇਅੰਤ ਹੈ।
ਜਿਨਿ ਰਾਮੁ ਜਾਨਿਆ ਤਿਨਹਿ ਪਛਾਨਿਆ ॥
(ਪਰ) ਜਿਸ ਮਨੁੱਖ ਨੇ ਪ੍ਰਭੂ ਨੂੰ (ਆਪਣੇ ਅੰਦਰ) ਜਾਣਿਆ ਹੈ ਉਸ ਨੇ ਹੀ ਉਸ ਨੂੰ ਪਛਾਣਿਆ ਹੈ,
ਜਿਉ ਗੂੰਗੇ ਸਾਕਰ ਮਨੁ ਮਾਨਿਆ ॥੧॥
ਜਿਵੇਂ ਗੁੰਗੇ ਦਾ ਮਨ ਸ਼ੱਕਰ ਵਿਚ ਪਤੀਜਦਾ ਹੈ (ਕੋਈ ਹੋਰ ਉਸ ਸੁਆਦ ਨੂੰ ਨਹੀਂ ਸਮਝਦਾ, ਕਿਸੇ ਹੋਰ ਨੂੰ ਉਹ ਸਮਝਾ ਨਹੀਂ ਸਕਦਾ) ॥੧॥
ਐਸਾ ਗਿਆਨੁ ਕਥੈ ਬਨਵਾਰੀ ॥
ਇਹੋ ਜਿਹਾ ਗਿਆਨ ਪ੍ਰਭੂ ਆਪ ਹੀ ਪਰਗਟ ਕਰਦਾ ਹੈ (ਭਾਵ, ਪ੍ਰਭੂ ਨਾਲ ਮਿਲਾਪ ਵਾਲਾ ਇਹ ਸੁਆਦ ਪ੍ਰਭੂ ਆਪ ਹੀ ਬਖ਼ਸ਼ਦਾ ਹੈ)
ਮਨ ਰੇ ਪਵਨ ਦ੍ਰਿੜ ਸੁਖਮਨ ਨਾਰੀ ॥੧॥ ਰਹਾਉ ॥
(ਤਾਂ ਤੇ) ਹੇ ਮਨ! ਸੁਆਸ ਸੁਆਸ ਨਾਮ ਜਪ, ਇਹੀ ਹੈ ਸੁਖਮਨਾ ਨਾੜੀ ਦਾ ਅੱਭਿਆਸ ॥੧॥ ਰਹਾਉ ॥
ਸੋ ਗੁਰੁ ਕਰਹੁ ਜਿ ਬਹੁਰਿ ਨ ਕਰਨਾ ॥
ਇਹੋ ਜਿਹਾ ਗੁਰੂ ਧਾਰਨ ਕਰੋ ਕਿ ਦੂਜੀ ਵਾਰੀ ਗੁਰੂ ਧਾਰਨ ਦੀ ਲੋੜ ਹੀ ਨਾਹ ਰਹੇ; (ਭਾਵ, ਪੂਰੇ ਗੁਰੂ ਦੀ ਚਰਨੀਂ ਲੱਗੋ);
ਸੋ ਪਦੁ ਰਵਹੁ ਜਿ ਬਹੁਰਿ ਨ ਰਵਨਾ ॥
ਉਸ ਟਿਕਾਣੇ ਦਾ ਆਨੰਦ ਮਾਣੋ ਕਿ ਕਿਸੇ ਹੋਰ ਸੁਆਦ ਦੇ ਮਾਣਨ ਦੀ ਚਾਹ ਹੀ ਨਾਹ ਰਹੇ।
ਸੋ ਧਿਆਨੁ ਧਰਹੁ ਜਿ ਬਹੁਰਿ ਨ ਧਰਨਾ ॥
ਇਹੋ ਜਿਹੀ ਬਿਰਤੀ ਜੋੜੋ ਕਿ ਫਿਰ (ਹੋਰਥੇ) ਜੋੜਨ ਦੀ ਲੋੜ ਨਾਹ ਰਹੇ;
ਐਸੇ ਮਰਹੁ ਜਿ ਬਹੁਰਿ ਨ ਮਰਨਾ ॥੨॥
ਇਸ ਤਰ੍ਹਾਂ ਮਰੋ (ਭਾਵ, ਆਪਾ-ਭਾਵ ਦੂਰ ਕਰੋ ਕਿ) ਫਿਰ (ਜਨਮ) ਮਰਨ ਵਿਚ ਪੈਣਾ ਹੀ ਨਾਹ ਪਏ ॥੨॥
ਉਲਟੀ ਗੰਗਾ ਜਮੁਨ ਮਿਲਾਵਉ ॥
ਮੈਂ ਆਪਣੇ ਮਨ ਦੀ ਬਿਰਤੀ ਪਰਤਾ ਦਿੱਤੀ ਹੈ (ਇਸ ਤਰ੍ਹਾਂ) ਮੈਂ ਗੰਗਾ ਤੇ ਜਮਨਾ ਨੂੰ ਮਿਲਾ ਰਿਹਾ ਹਾਂ। (ਭਾਵ, ਆਪਣੇ ਅੰਦਰ ਤ੍ਰਿਬੇਣੀ ਦਾ ਸੰਗਮ ਬਣਾ ਰਿਹਾ ਹਾਂ);
ਬਿਨੁ ਜਲ ਸੰਗਮ ਮਨ ਮਹਿ ਨੑਾਵਉ ॥
(ਇਸ ਉੱਦਮ ਨਾਲ) ਮੈਂ ਉਸ ਮਨ-ਰੂਪ (ਤ੍ਰਿਬੇਣੀ-) ਸੰਗਮ ਵਿਚ ਇਸ਼ਨਾਨ ਕਰ ਰਿਹਾ ਹਾਂ ਜਿੱਥੇ (ਗੰਗਾ, ਜਮਨਾ, ਸਰਸ੍ਵਤੀ ਵਾਲਾ) ਜਲ ਨਹੀਂ ਹੈ।
ਲੋਚਾ ਸਮਸਰਿ ਇਹੁ ਬਿਉਹਾਰਾ ॥
(ਹੁਣ ਮੈਂ) ਇਹਨਾਂ ਅੱਖਾਂ ਨਾਲ (ਸਭ ਨੂੰ) ਇਕੋ ਜਿਹਾ ਵੇਖ ਰਿਹਾ ਹਾਂ-ਇਹ ਮੇਰੀ ਵਰਤਣ ਹੈ।
ਤਤੁ ਬੀਚਾਰਿ ਕਿਆ ਅਵਰਿ ਬੀਚਾਰਾ ॥੩॥
ਇੱਕ ਪ੍ਰਭੂ ਨੂੰ ਸਿਮਰ ਕੇ ਮੈਨੂੰ ਹੁਣ ਹੋਰ ਵਿਚਾਰਾਂ ਦੀ ਲੋੜ ਨਹੀਂ ਰਹੀ ॥੩॥
ਅਪੁ ਤੇਜੁ ਬਾਇ ਪ੍ਰਿਥਮੀ ਆਕਾਸਾ ॥
ਜਿਵੇਂ ਪਾਣੀ, ਅੱਗ, ਹਵਾ, ਧਰਤੀ ਤੇ ਅਕਾਸ਼ (ਭਾਵ, ਇਹਨਾਂ ਤੱਤਾਂ ਦੇ ਸੀਤਲਤਾ ਆਦਿਕ ਸ਼ੁਭ ਗੁਣਾਂ ਵਾਂਗ ਮੈਂ ਭੀ ਸ਼ੁਭ ਗੁਣ ਧਾਰਨ ਕੀਤੇ ਹਨ)।
ਐਸੀ ਰਹਤ ਰਹਉ ਹਰਿ ਪਾਸਾ ॥
ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਮੈਂ ਇਸ ਤਰ੍ਹਾਂ ਦੀ ਰਹਿਣੀ ਰਹਿ ਰਿਹਾ ਹਾਂ।
ਕਹੈ ਕਬੀਰ ਨਿਰੰਜਨ ਧਿਆਵਉ ॥
ਕਬੀਰ ਆਖਦਾ ਹੈ-ਮੈਂ ਮਾਇਆ ਤੋਂ ਰਹਿਤ ਪ੍ਰਭੂ ਨੂੰ ਸਿਮਰ ਰਿਹਾ ਹਾਂ,
ਤਿਤੁ ਘਰਿ ਜਾਉ ਜਿ ਬਹੁਰਿ ਨ ਆਵਉ ॥੪॥੧੮॥
ਸਿਮਰਨ ਕਰਕੇ) ਉਸ ਘਰ (ਸਹਿਜ ਅਵਸਥਾ) ਵਿਚ ਅੱਪੜ ਗਿਆ ਹਾਂ ਕਿ ਫਿਰ (ਪਰਤ ਕੇ ਉਥੋਂ) ਆਉਣਾ ਨਹੀਂ ਪਏਗਾ ॥੪॥੧੮॥
ਗਉੜੀ ਕਬੀਰ ਜੀ ਤਿਪਦੇ ॥
ਕੰਚਨ ਸਿਉ ਪਾਈਐ ਨਹੀ ਤੋਲਿ ॥
ਸੋਨਾ ਸਾਵਾਂ ਤੋਲ ਕੇ ਵੱਟੇ ਵਿਚ ਦਿੱਤਿਆਂ ਰੱਬ ਨਹੀਂ ਮਿਲਦਾ।
ਮਨੁ ਦੇ ਰਾਮੁ ਲੀਆ ਹੈ ਮੋਲਿ ॥੧॥
ਮੈਂ ਤਾਂ ਮੁੱਲ ਵਜੋਂ ਆਪਣਾ ਮਨ ਦੇ ਕੇ ਰੱਬ ਲੱਭਾ ਹੈ ॥੧॥
ਅਬ ਮੋਹਿ ਰਾਮੁ ਅਪੁਨਾ ਕਰਿ ਜਾਨਿਆ ॥
ਹੁਣ ਤਾਂ ਮੈਨੂੰ ਯਕੀਨ ਆ ਗਿਆ ਹੋਇਆ ਹੈ ਕਿ ਰੱਬ ਮੇਰਾ ਆਪਣਾ ਹੀ ਹੈ;
ਸਹਜ ਸੁਭਾਇ ਮੇਰਾ ਮਨੁ ਮਾਨਿਆ ॥੧॥ ਰਹਾਉ ॥
ਸੁਤੇ ਹੀ ਮੇਰੇ ਮਨ ਵਿਚ ਇਹ ਗੰਢ ਬੱਝ ਗਈ ਹੋਈ ਹੈ ॥੧॥ ਰਹਾਉ ॥
ਬ੍ਰਹਮੈ ਕਥਿ ਕਥਿ ਅੰਤੁ ਨ ਪਾਇਆ ॥
ਜਿਸ ਰੱਬ ਦੇ ਗੁਣ ਦੱਸ ਦੱਸ ਕੇ ਬ੍ਰਹਮਾ ਨੇ (ਭੀ) ਅੰਤ ਨਾਹ ਪਾਇਆ,
ਰਾਮ ਭਗਤਿ ਬੈਠੇ ਘਰਿ ਆਇਆ ॥੨॥
ਉਹ ਰੱਬ ਮੇਰੇ ਭਜਨ ਦੇ ਕਾਰਨ ਸਹਜਿ-ਸੁਭਾਇ ਹੀ ਮੈਨੂੰ ਮੇਰੇ ਹਿਰਦੇ ਵਿਚ ਆ ਕੇ ਮਿਲ ਪਿਆ ਹੈ ॥੨॥
ਕਹੁ ਕਬੀਰ ਚੰਚਲ ਮਤਿ ਤਿਆਗੀ ॥
ਕਬੀਰ ਆਖਦਾ ਹੈ- (ਹੁਣ) ਮੈਂ ਛੋਹਰ-ਛਿੰਨਾ ਸੁਭਾਉ ਛੱਡ ਦਿੱਤਾ ਹੈ,
ਕੇਵਲ ਰਾਮ ਭਗਤਿ ਨਿਜ ਭਾਗੀ ॥੩॥੧॥੧੯॥
(ਹੁਣ ਤਾਂ) ਨਿਰੀ ਰੱਬ ਦੀ ਭਗਤੀ ਹੀ ਮੇਰੇ ਹਿੱਸੇ ਆਈ ਹੋਈ ਹੈ ॥੩॥੧॥੧੯॥
ਗਉੜੀ ਕਬੀਰ ਜੀ ॥
ਜਿਹ ਮਰਨੈ ਸਭੁ ਜਗਤੁ ਤਰਾਸਿਆ ॥
ਜਿਸ ਮੌਤ ਨੇ ਸਾਰਾ ਸੰਸਾਰ ਡਰਾ ਦਿੱਤਾ ਹੋਇਆ ਹੈ,
ਸੋ ਮਰਨਾ ਗੁਰ ਸਬਦਿ ਪ੍ਰਗਾਸਿਆ ॥੧॥
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮੈਨੂੰ ਸਮਝ ਆ ਗਈ ਹੈ ਕਿ ਉਹ ਮੌਤ ਅਸਲ ਵਿਚ ਕੀਹ ਚੀਜ਼ ਹੈ ॥੧॥
ਅਬ ਕੈਸੇ ਮਰਉ ਮਰਨਿ ਮਨੁ ਮਾਨਿਆ ॥
ਹੁਣ ਮੈਂ ਜਨਮ ਮਰਨ ਵਿਚ ਕਿਉਂ ਪਵਾਂਗਾ? (ਭਾਵ, ਨਹੀਂ ਪਵਾਂਗਾ) (ਕਿਉਂਕਿ) ਮੇਰਾ ਮਨ ਆਪਾ-ਭਾਵ ਦੀ ਮੌਤ ਵਿਚ ਪਤੀਜ ਗਿਆ ਹੈ।
ਮਰਿ ਮਰਿ ਜਾਤੇ ਜਿਨ ਰਾਮੁ ਨ ਜਾਨਿਆ ॥੧॥ ਰਹਾਉ ॥
(ਕੇਵਲ) ਉਹ ਮਨੁੱਖ ਸਦਾ ਜੰਮਦੇ ਮਰਦੇ ਰਹਿੰਦੇ ਹਨ ਜਿਨ੍ਹਾਂ ਨੇ ਪ੍ਰਭੂ ਨੂੰ ਨਹੀਂ ਪਛਾਣਿਆ (ਪ੍ਰਭੂ ਨਾਲ ਸਾਂਝ ਨਹੀਂ ਪਾਈ) ॥੧॥ ਰਹਾਉ ॥
ਮਰਨੋ ਮਰਨੁ ਕਹੈ ਸਭੁ ਕੋਈ ॥
(ਦੁਨੀਆ ਵਿਚ) ਹਰੇਕ ਜੀਵ ‘ਮੌਤ, ਮੌਤ’ ਆਖ ਰਿਹਾ ਹੈ (ਭਾਵ, ਹਰੇਕ ਜੀਵ ਮੌਤ ਤੋਂ ਘਾਬਰ ਰਿਹਾ ਹੈ),
ਸਹਜੇ ਮਰੈ ਅਮਰੁ ਹੋਇ ਸੋਈ ॥੨॥
(ਪਰ ਜੋ ਮਨੁੱਖ) ਅਡੋਲਤਾ ਵਿਚ (ਰਹਿ ਕੇ) ਦੁਨੀਆ ਦੀਆਂ ਖ਼ਾਹਸ਼ਾਂ ਤੋਂ ਬੇਪਰਵਾਹ ਹੋ ਜਾਂਦਾ ਹੈ ਉਹ ਅਮਰ ਹੋ ਜਾਂਦਾ ਹੈ (ਉਸ ਨੂੰ ਮੌਤ ਡਰਾ ਨਹੀਂ ਸਕਦੀ) ॥੨॥
ਕਹੁ ਕਬੀਰ ਮਨਿ ਭਇਆ ਅਨੰਦਾ ॥
ਕਬੀਰ ਆਖਦਾ ਹੈ- (ਗੁਰੂ ਦੀ ਕਿਰਪਾ ਨਾਲ ਮੇਰੇ) ਮਨ ਵਿਚ ਅਨੰਦ ਪੈਦਾ ਹੋ ਗਿਆ ਹੈ,
ਗਇਆ ਭਰਮੁ ਰਹਿਆ ਪਰਮਾਨੰਦਾ ॥੩॥੨੦॥
ਮੇਰਾ ਭੁਲੇਖਾ ਦੂਰ ਹੋ ਚੁਕਾ ਹੈ, ਤੇ ਪਰਮ ਸੁਖ (ਮੇਰੇ ਹਿਰਦੇ ਵਿਚ) ਟਿਕ ਗਿਆ ਹੈ ॥੩॥੨੦॥
ਗਉੜੀ ਕਬੀਰ ਜੀ ॥
ਕਤ ਨਹੀ ਠਉਰ ਮੂਲੁ ਕਤ ਲਾਵਉ ॥
ਭਾਲ ਕਰਦਿਆਂ ਭੀ ਸਰੀਰ ਵਿਚ ਕਿਤੇ (ਅਜਿਹੀ ਖ਼ਾਸ) ਥਾਂ ਮੈਨੂੰ ਨਹੀਂ ਲੱਭੀ (ਜਿੱਥੇ ਬਿਰਹੋਂ ਦੀ ਪੀੜ ਦੱਸੀ ਜਾ ਸਕੇ);
ਖੋਜਤ ਤਨ ਮਹਿ ਠਉਰ ਨ ਪਾਵਉ ॥੧॥
(ਸਰੀਰ ਵਿਚ) ਕਿਤੇ (ਅਜਿਹਾ) ਥਾਂ ਨਹੀਂ ਹੈ, (ਤਾਂ ਫਿਰ) ਮੈਂ ਦਵਾਈ ਕਿੱਥੇ ਵਰਤਾਂ? (ਭਾਵ, ਕੋਈ ਬਾਹਰਲੀ ਦਵਾਈ ਪ੍ਰਭੂ ਤੋਂ ਵਿਛੋੜੇ ਦਾ ਦੁੱਖ ਦੂਰ ਕਰਨ ਦੇ ਸਮਰੱਥ ਨਹੀਂ ਹੈ) ॥੧॥
ਲਾਗੀ ਹੋਇ ਸੁ ਜਾਨੈ ਪੀਰ ॥
ਜਿਸ ਨੂੰ (ਪ੍ਰਭੂ ਭਗਤੀ ਦੇ ਤੀਰਾਂ ਦੇ ਲੱਗੇ ਹੋਏ ਜ਼ਖ਼ਮ ਦੀ) ਦਰਦ ਹੋ ਰਹੀ ਹੋਵੇ ਉਹੀ ਜਾਣਦਾ ਹੈ (ਕਿ ਇਹ ਪੀੜ ਕਿਹੋ ਜਿਹੀ ਹੁੰਦੀ ਹੈ),
ਰਾਮ ਭਗਤਿ ਅਨੀਆਲੇ ਤੀਰ ॥੧॥ ਰਹਾਉ ॥
ਪ੍ਰਭੂ ਦੀ ਭਗਤੀ ਅਣੀਆਂ ਵਾਲੇ (ਅਜਿਹੇ) ਤੀਰ ਹਨ ॥੧॥ ਰਹਾਉ ॥
ਏਕ ਭਾਇ ਦੇਖਉ ਸਭ ਨਾਰੀ ॥
ਮੈਂ ਸਾਰੀਆਂ ਜੀਵ-ਇਸਤ੍ਰੀਆਂ ਨੂੰ ਇੱਕ ਪ੍ਰਭੂ ਦੇ ਪਿਆਰ ਵਿਚ ਵੇਖ ਰਿਹਾ ਹਾਂ,
ਕਿਆ ਜਾਨਉ ਸਹ ਕਉਨ ਪਿਆਰੀ ॥੨॥
(ਪਰ) ਮੈਂ ਕੀਹ ਜਾਣਾਂ ਕਿ ਕਿਹੜੀ (ਜੀਵ-ਇਸਤ੍ਰੀ) ਪ੍ਰਭੂ-ਪਤੀ ਦੀ ਪਿਆਰੀ ਹੈ ॥੨॥
ਕਹੁ ਕਬੀਰ ਜਾ ਕੈ ਮਸਤਕਿ ਭਾਗੁ ॥
ਕਬੀਰ ਆਖਦਾ ਹੈ- ਜਿਸ (ਜਗਿਆਸੂ) ਜੀਵ-ਇਸਤ੍ਰੀ ਦੇ ਮੱਥੇ ਤੇ ਚੰਗੇ ਲੇਖ ਹਨ (ਜਿਸ ਦੇ ਭਾਗ ਚੰਗੇ ਹਨ),
ਸਭ ਪਰਹਰਿ ਤਾ ਕਉ ਮਿਲੈ ਸੁਹਾਗੁ ॥੩॥੨੧॥
ਪਤੀ-ਪ੍ਰਭੂ ਹੋਰ ਸਾਰੀਆਂ ਨੂੰ ਛੱਡ ਕੇ ਉਸ ਨੂੰ ਆ ਮਿਲਦਾ ਹੈ (ਭਾਵ, ਹੋਰਨਾਂ ਨਾਲੋਂ ਵਧੀਕ ਉਸ ਨਾਲ ਪਿਆਰ ਕਰਦਾ ਹੈ ਤੇ ਉਸ ਦਾ ਬਿਰਹੋਂ ਦਾ ਦੁੱਖ ਦੂਰ ਹੋ ਜਾਂਦਾ ਹੈ) ॥੩॥੨੧॥
ਗਉੜੀ ਕਬੀਰ ਜੀ ॥
ਜਾ ਕੈ ਹਰਿ ਸਾ ਠਾਕੁਰੁ ਭਾਈ ॥
ਹੇ ਸੱਜਣ! ਜਿਸ ਮਨੁੱਖ ਦੇ ਹਿਰਦੇ-ਰੂਪ ਘਰ ਵਿਚ ਪ੍ਰਭੂ ਮਾਲਕ ਆਪ (ਮੌਜੂਦ) ਹੈ,
ਮੁਕਤਿ ਅਨੰਤ ਪੁਕਾਰਣਿ ਜਾਈ ॥੧॥
ਮੁਕਤੀ ਉਸ ਅੱਗੇ ਆਪਣਾ ਆਪ ਅਨੇਕਾਂ ਵਾਰੀ ਭੇਟ ਕਰਦੀ ਹੈ ॥੧॥
ਅਬ ਕਹੁ ਰਾਮ ਭਰੋਸਾ ਤੋਰਾ ॥
(ਹੇ ਕਬੀਰ! ਪ੍ਰਭੂ ਦੀ ਹਜ਼ੂਰੀ ਵਿਚ) ਹੁਣ ਆਖ-ਹੇ ਪ੍ਰਭੂ! ਜਿਸ ਮਨੁੱਖ ਨੂੰ ਇਕ ਤੇਰਾ ਆਸਰਾ ਹੈ,
ਤਬ ਕਾਹੂ ਕਾ ਕਵਨੁ ਨਿਹੋਰਾ ॥੧॥ ਰਹਾਉ ॥
ਉਸ ਨੂੰ ਹੁਣ ਕਿਸੇ ਦੀ ਖ਼ੁਸ਼ਾਮਦ (ਕਰਨ ਦੀ ਲੋੜ) ਨਹੀਂ ਹੈ ॥੧॥ ਰਹਾਉ ॥
ਤੀਨਿ ਲੋਕ ਜਾ ਕੈ ਹਹਿ ਭਾਰ ॥
ਜਿਸ ਪ੍ਰਭੂ ਦੇ ਆਸਰੇ ਤ੍ਰੈਵੇ ਲੋਕ ਹਨ,
ਸੋ ਕਾਹੇ ਨ ਕਰੈ ਪ੍ਰਤਿਪਾਰ ॥੨॥
ਉਹ (ਤੇਰੀ) ਪਾਲਣਾ ਕਿਉਂ ਨ ਕਰੇਗਾ? ॥੨॥
ਕਹੁ ਕਬੀਰ ਇਕ ਬੁਧਿ ਬੀਚਾਰੀ ॥
ਕਬੀਰ ਆਖਦਾ ਹੈ- ਅਸਾਂ ਇਕ ਸੋਚ ਸੋਚੀ ਹੈ;
ਕਿਆ ਬਸੁ ਜਉ ਬਿਖੁ ਦੇ ਮਹਤਾਰੀ ॥੩॥੨੨॥
(ਉਹ ਇਹ ਹੈ ਕਿ) ਜੇ ਮਾਂ ਹੀ ਜ਼ਹਿਰ ਦੇਣ ਲੱਗੇ ਤਾਂ (ਪੁੱਤਰ ਦਾ) ਕੋਈ ਜ਼ੋਰ ਨਹੀਂ ਚੱਲ ਸਕਦਾ ॥੩॥੨੨॥
ਗਉੜੀ ਕਬੀਰ ਜੀ ॥
ਬਿਨੁ ਸਤ ਸਤੀ ਹੋਇ ਕੈਸੇ ਨਾਰਿ ॥
ਭਲਾ ਸਤਿ-ਧਰਮ ਤੋਂ ਬਿਨਾ ਕੋਈ ਇਸਤ੍ਰੀ ਸਤੀ ਕਿਵੇਂ ਬਣ ਸਕਦੀ ਹੈ?
ਪੰਡਿਤ ਦੇਖਹੁ ਰਿਦੈ ਬੀਚਾਰਿ ॥੧॥
ਹੇ ਪੰਡਿਤ! ਮਨ ਵਿਚ ਵਿਚਾਰ ਕੇ ਵੇਖ ॥੧॥
ਪ੍ਰੀਤਿ ਬਿਨਾ ਕੈਸੇ ਬਧੈ ਸਨੇਹੁ ॥
(ਇਸੇ ਤਰ੍ਹਾਂ ਹਿਰਦੇ ਵਿਚ) ਪ੍ਰੀਤ ਤੋਂ ਬਿਨਾ (ਪ੍ਰਭੂ-ਪਤੀ ਨਾਲ) ਪਿਆਰ ਕਿਵੇਂ ਬਣ ਸਕਦਾ ਹੈ?
ਜਬ ਲਗੁ ਰਸੁ ਤਬ ਲਗੁ ਨਹੀ ਨੇਹੁ ॥੧॥ ਰਹਾਉ ॥
ਜਦ ਤਾਈਂ (ਮਨ ਵਿਚ) ਮਾਇਆ ਦਾ ਚਸਕਾ ਹੈ, ਤਦ ਤਾਈਂ (ਪਤੀ ਪਰਮਾਤਮਾ ਨਾਲ) ਪਿਆਰ ਨਹੀਂ ਹੋ ਸਕਦਾ ॥੧॥ ਰਹਾਉ ॥
ਸਾਹਨਿ ਸਤੁ ਕਰੈ ਜੀਅ ਅਪਨੈ ॥
ਜੋ ਮਨੁੱਖ ਮਾਇਆ ਨੂੰ ਹੀ ਆਪਣੇ ਹਿਰਦੇ ਵਿਚ ਸੱਤ ਸਮਝਦਾ ਹੈ,
ਸੋ ਰਮਯੇ ਕਉ ਮਿਲੈ ਨ ਸੁਪਨੈ ॥੨॥
ਉਹ ਪ੍ਰਭੂ ਨੂੰ ਸੁਪਨੇ ਵਿਚ ਭੀ (ਭਾਵ, ਕਦੇ ਭੀ) ਨਹੀਂ ਮਿਲ ਸਕਦਾ ॥੨॥
ਤਨੁ ਮਨੁ ਧਨੁ ਗ੍ਰਿਹੁ ਸਉਪਿ ਸਰੀਰੁ ॥
ਜੋ ਆਪਣਾ ਤਨ, ਮਨ, ਧਨ, ਘਰ ਤੇ ਸਰੀਰ (ਆਪਣੇ ਪਤੀ ਦੇ) ਹਵਾਲੇ ਕਰ ਦੇਂਦੀ ਹੈ,
ਸੋਈ ਸੁਹਾਗਨਿ ਕਹੈ ਕਬੀਰੁ ॥੩॥੨੩॥
ਕਬੀਰ ਆਖਦਾ ਹੈ-ਉਹੋ (ਜੀਵ-) ਇਸਤ੍ਰੀ ਭਾਗਾਂ ਵਾਲੀ ਹੈ ॥੩॥੨੩॥
ਗਉੜੀ ਕਬੀਰ ਜੀ ॥
ਬਿਖਿਆ ਬਿਆਪਿਆ ਸਗਲ ਸੰਸਾਰੁ ॥
ਸਾਰਾ ਜਹਾਨ ਹੀ ਮਾਇਆ (ਦੇ ਪ੍ਰਭਾਵ) ਨਾਲ ਨੱਪਿਆ ਹੋਇਆ ਹੈ;
ਬਿਖਿਆ ਲੈ ਡੂਬੀ ਪਰਵਾਰੁ ॥੧॥
ਮਾਇਆ ਸਾਰੇ ਹੀ ਕਟੁੰਬ ਨੂੰ (ਸਾਰੇ ਹੀ ਜੀਵਾਂ ਨੂੰ) ਡੋਬੀ ਬੈਠੀ ਹੈ ॥੧॥
ਰੇ ਨਰ ਨਾਵ ਚਉੜਿ ਕਤ ਬੋੜੀ ॥
ਹੇ ਮਨੁੱਖ! ਤੂੰ (ਆਪਣੀ ਜ਼ਿੰਦਗੀ ਦੀ) ਬੇੜੀ ਕਿਉਂ ਰੜੇ ਥਾਂ ਤੇ ਹੀ ਡੋਬ ਲਈ ਹੈ?
ਹਰਿ ਸਿਉ ਤੋੜਿ ਬਿਖਿਆ ਸੰਗਿ ਜੋੜੀ ॥੧॥ ਰਹਾਉ ॥
ਤੂੰ ਪ੍ਰਭੂ ਨਾਲੋਂ ਪ੍ਰੀਤ ਤੋੜ ਕੇ ਮਾਇਆ ਨਾਲ ਗੰਢੀ ਬੈਠਾ ਹੈਂ ॥੧॥ ਰਹਾਉ ॥
ਸੁਰਿ ਨਰ ਦਾਧੇ ਲਾਗੀ ਆਗਿ ॥
(ਸਾਰੇ ਜਗਤ ਵਿਚ ਮਾਇਆ ਦੀ ਤ੍ਰਿਸ਼ਨਾ ਦੀ) ਅੱਗ ਲੱਗੀ ਹੋਈ ਹੈ (ਜਿਸ ਵਿਚ) ਦੇਵਤੇ ਤੇ ਮਨੁੱਖ ਸੜ ਰਹੇ ਹਨ।
ਨਿਕਟਿ ਨੀਰੁ ਪਸੁ ਪੀਵਸਿ ਨ ਝਾਗਿ ॥੨॥
(ਇਸ ਅੱਗ ਨੂੰ ਸ਼ਾਂਤ ਕਰਨ ਲਈ ਨਾਮ-ਰੂਪ) ਪਾਣੀ ਭੀ ਨੇੜੇ ਹੀ ਹੈ, ਪਰ (ਇਹ) ਪਸ਼ੂ (ਜੀਵ) ਉੱਦਮ ਕਰ ਕੇ ਪੀਂਦਾ ਨਹੀਂ ਹੈ ॥੨॥
ਚੇਤਤ ਚੇਤਤ ਨਿਕਸਿਓ ਨੀਰੁ ॥
(ਉਹ ਨਾਮ-ਰੂਪ) ਪਾਣੀ ਸਿਮਰਨ ਕਰਦਿਆਂ ਕਰਦਿਆਂ ਹੀ (ਮਨੁੱਖ ਦੇ ਹਿਰਦੇ ਵਿਚ) ਪਰਗਟ ਹੁੰਦਾ ਹੈ।
ਸੋ ਜਲੁ ਨਿਰਮਲੁ ਕਥਤ ਕਬੀਰੁ ॥੩॥੨੪॥
ਕਬੀਰ ਆਖਦਾ ਹੈ- ਉਹ (ਅੰਮ੍ਰਿਤ-) ਜਲ ਪਵਿੱਤਰ ਹੁੰਦਾ ਹੈ, (ਤ੍ਰਿਸ਼ਨਾ ਦੀ ਅੱਗ ਉਸੇ ਜਲ ਨਾਲ ਬੁਝ ਸਕਦੀ ਹੈ) ॥੩॥੨੪॥”
ਗਉੜੀ ਕਬੀਰ ਜੀ ॥
ਜਿਹ ਕੁਲਿ ਪੂਤੁ ਨ ਗਿਆਨ ਬੀਚਾਰੀ ॥
ਜਿਸ ਕੁਲ ਵਿਚ ਗਿਆਨ ਦੀ ਵਿਚਾਰ ਕਰਨ ਵਾਲਾ (ਕੋਈ) ਪੁੱਤਰ ਨਹੀਂ (ਜੰਮਿਆ),
ਬਿਧਵਾ ਕਸ ਨ ਭਈ ਮਹਤਾਰੀ ॥੧॥
ਉਸ ਦੀ ਮਾਂ ਰੰਡੀ ਕਿਉਂ ਨ ਹੋ ਗਈ? ॥੧॥
ਜਿਹ ਨਰ ਰਾਮ ਭਗਤਿ ਨਹਿ ਸਾਧੀ ॥
ਜਿਸ ਮਨੁੱਖ ਨੇ ਪ੍ਰਭੂ ਦੀ ਬੰਦਗ਼ੀ ਨਹੀਂ ਕੀਤੀ,
ਜਨਮਤ ਕਸ ਨ ਮੁਓ ਅਪਰਾਧੀ ॥੧॥ ਰਹਾਉ ॥
ਉਹ ਅਪਰਾਧੀ ਜੰਮਦਾ ਹੀ ਕਿਉਂ ਨਹੀਂ ਮਰ ਗਿਆ? ॥੧॥ ਰਹਾਉ ॥
ਮੁਚੁ ਮੁਚੁ ਗਰਭ ਗਏ ਕੀਨ ਬਚਿਆ ॥
(ਸੰਸਾਰ ਵਿਚ) ਕਈ ਗਰਭ ਛਣ ਗਏ ਹਨ, ਇਹ (ਬੰਦਗੀ-ਹੀਣ ਚੰਦਰਾ) ਕਿਉਂ ਬਚ ਰਿਹਾ?
ਬੁਡਭੁਜ ਰੂਪ ਜੀਵੇ ਜਗ ਮਝਿਆ ॥੨॥
(ਬੰਦਗੀ ਤੋਂ ਸੱਖਣਾ ਇਹ) ਜਗਤ ਵਿਚ ਇਕ ਕੋੜ੍ਹੀ ਜੀਊ ਰਿਹਾ ਹੈ ॥੨॥
ਕਹੁ ਕਬੀਰ ਜੈਸੇ ਸੁੰਦਰ ਸਰੂਪ ॥
ਕਬੀਰ ਆਖਦਾ ਹੈ- ਜੋ ਮਨੁੱਖ ਨਾਮ ਤੋਂ ਸੱਖਣੇ ਹਨ, ਉਹ (ਭਾਵੇਂ ਵੇਖਣ ਨੂੰ) ਸੋਹਣੇ ਰੂਪ ਵਾਲੇ ਹਨ
ਨਾਮ ਬਿਨਾ ਜੈਸੇ ਕੁਬਜ ਕੁਰੂਪ ॥੩॥੨੫॥
ਪਰ ਨਾਮ ਤੋਂ ਸੱਖਣੇ (ਅਸਲ ਵਿਚ) ਕੁੱਬੇ ਤੇ ਬਦ-ਸ਼ਕਲ ਹਨ ॥੩॥੨੫॥
ਗਉੜੀ ਕਬੀਰ ਜੀ ॥
ਜੋ ਜਨ ਲੇਹਿ ਖਸਮ ਕਾ ਨਾਉ ॥
ਜੋ ਮਨੁੱਖ ਮਾਲਕ ਪ੍ਰਭੂ ਦਾ ਨਾਮ ਜਪਦੇ ਹਨ,
ਤਿਨ ਕੈ ਸਦ ਬਲਿਹਾਰੈ ਜਾਉ ॥੧॥
ਮੈਂ ਸਦਾ ਉਹਨਾਂ ਤੋਂ ਸਦਕੇ ਜਾਂਦਾ ਹਾਂ ॥੧॥
ਸੋ ਨਿਰਮਲੁ ਨਿਰਮਲ ਹਰਿ ਗੁਨ ਗਾਵੈ ॥
ਜੋ ਵੀਰ ਪ੍ਰਭੂ ਦੇ ਸੁਹਣੇ (ਨਿਰਮਲ) ਗੁਣ ਗਾਂਦਾ ਹੈ, ਉਹ ਪਵਿੱਤਰ ਹੈ,
ਸੋ ਭਾਈ ਮੇਰੈ ਮਨਿ ਭਾਵੈ ॥੧॥ ਰਹਾਉ ॥
ਤੇ ਉਹ ਮੇਰੇ ਮਨ ਵਿਚ ਪਿਆਰਾ ਲੱਗਦਾ ਹੈ ॥੧॥ ਰਹਾਉ ॥
ਜਿਹ ਘਟ ਰਾਮੁ ਰਹਿਆ ਭਰਪੂਰਿ ॥
ਜਿਨ੍ਹਾਂ ਮਨੁੱਖਾਂ ਦੇ ਹਿਰਦਿਆਂ ਵਿਚ ਪ੍ਰਭੂ ਪਰਗਟ ਹੋ ਗਿਆ ਹੈ,
ਤਿਨ ਕੀ ਪਗ ਪੰਕਜ ਹਮ ਧੂਰਿ ॥੨॥
ਉਹਨਾਂ ਦੇ ਕੌਲ ਫੁੱਲ ਵਰਗੇ (ਸੁਹਣੇ) ਚਰਨਾਂ ਦੀ ਅਸੀਂ ਧੂੜ ਹਾਂ (ਭਾਵ, ਚਰਨਾਂ ਤੋਂ ਸਦਕੇ ਹਾਂ) ॥੨॥
ਜਾਤਿ ਜੁਲਾਹਾ ਮਤਿ ਕਾ ਧੀਰੁ ॥
ਕਬੀਰ ਭਾਵੇਂ ਜਾਤ ਦਾ ਜੁਲਾਹਾ ਹੈ, ਪਰ ਮੱਤ ਦਾ ਧੀਰਜ ਵਾਲਾ ਹੈ,
ਸਹਜਿ ਸਹਜਿ ਗੁਣ ਰਮੈ ਕਬੀਰੁ ॥੩॥੨੬॥
(ਕਿਉਂਕਿ) ਅਡੋਲਤਾ ਵਿਚ ਰਹਿ ਕੇ (ਪ੍ਰਭੂ ਦੇ) ਗੁਣ ਗਾਂਦਾ ਹੈ ॥੩॥੨੬॥
Bhagat Kabir Ji Slok Dohe Bani
ਗਉੜੀ ਕਬੀਰ ਜੀ ॥
ਗਗਨਿ ਰਸਾਲ ਚੁਐ ਮੇਰੀ ਭਾਠੀ ॥
ਮੇਰੀ ਗਗਨ-ਰੂਪ ਭੱਠੀ ਵਿਚੋਂ ਸੁਆਦਲਾ ਅੰਮ੍ਰਿਤ ਚੋ ਰਿਹਾ ਹੈ (ਭਾਵ, ਜਿਉਂ ਜਿਉਂ ਮੇਰਾ ਮਨ ਪ੍ਰਭੂ ਦੀ ਯਾਦ ਵਿਚ ਜੁੜਦਾ ਹੈ, ਉਸ ਯਾਦ ਵਿਚ ਜੁੜੇ ਰਹਿਣ ਦੀ ਇਕ-ਤਾਰ ਲਗਨ, ਮਾਨੋ, ਅੰਮ੍ਰਿਤ ਦੀ ਧਾਰ ਨਿਕਲਣੀ ਸ਼ੁਰੂ ਹੋ ਜਾਂਦੀ ਹੈ),
ਸੰਚਿ ਮਹਾ ਰਸੁ ਤਨੁ ਭਇਆ ਕਾਠੀ ॥੧॥
ਇਸ ਉੱਚੇ ਨਾਮ-ਰਸ ਨੂੰ ਇਕੱਠਾ ਕਰਨ ਕਰਕੇ ਸਰੀਰ (ਦੀ ਮਮਤਾ) ਲੱਕੜੀਆਂ ਦਾ ਕੰਮ ਦੇ ਰਹੀ ਹੈ (ਭਾਵ, ਸਰੀਰ ਦੀ ਮਮਤਾ ਸੜ ਗਈ ਹੈ) ॥੧॥
ਉਆ ਕਉ ਕਹੀਐ ਸਹਜ ਮਤਵਾਰਾ ॥
ਉਸ ਨੂੰ ਕੁਦਰਤੀ ਤੌਰ ਤੇ (ਭਾਵ, ਸੁਭਾਵਿਕ ਹੀ) ਮਸਤ ਹੋਇਆ ਹੋਇਆ ਆਖੀਦਾ ਹੈ,
ਪੀਵਤ ਰਾਮ ਰਸੁ ਗਿਆਨ ਬੀਚਾਰਾ ॥੧॥ ਰਹਾਉ ॥
ਜਿਸ ਮਨੁੱਖ ਨੇ ਗਿਆਨ ਦੇ ਵਿਚਾਰ ਦੀ ਰਾਹੀਂ (ਭਾਵ, ਸੁਰਤ ਮਾਇਆ ਤੋਂ ਉੱਚੀ ਕਰ ਕੇ) ਰਾਮ-ਰਸ ਪੀਤਾ ਹੈ ॥੧॥ ਰਹਾਉ ॥
ਸਹਜ ਕਲਾਲਨਿ ਜਉ ਮਿਲਿ ਆਈ ॥
ਜਦੋਂ ਸਹਿਜ ਅਵਸਥਾ-ਰੂਪ ਸ਼ਰਾਬ ਪਿਲਾਉਣ ਵਾਲੀ ਆ ਮਿਲਦੀ ਹੈ,
ਆਨੰਦਿ ਮਾਤੇ ਅਨਦਿਨੁ ਜਾਈ ॥੨॥
ਤਦੋਂ ਅਨੰਦ ਵਿਚ ਮਸਤ ਹੋ ਕੇ (ਉਮਰ ਦਾ) ਹਰੇਕ ਦਿਨ ਬੀਤਦਾ ਹੈ (ਭਾਵ, ਨਾਮ ਸਿਮਰਦਿਆਂ ਮਨ ਵਿਚ ਇਕ ਐਸੀ ਹਾਲਤ ਪੈਦਾ ਹੁੰਦੀ ਹੈ ਜਿੱਥੇ ਮਨ ਮਾਇਆ ਦੇ ਝਕੋਲਿਆਂ ਵਿਚ ਡੋਲਦਾ ਨਹੀਂ। ਇਸ ਹਾਲਤ ਨੂੰ ਸਹਿਜ ਅਵਸਥਾ ਕਹੀਦਾ ਹੈ; ਇਹ ਸਹਿਜ ਅਵਸਥਾ, ਮਾਨੋ, ਇਕ ਕਲਾਲਣ ਹੈ, ਜੋ ਨਾਮ ਦਾ ਨਸ਼ਾ ਦੇਈ ਜਾਂਦੀ ਹੈ; ਇਸ ਨਸ਼ੇ ਤੋਂ ਵਿਛੜਨ ਨੂੰ ਚਿੱਤ ਨਹੀਂ ਕਰਦਾ, ਤੇ ਮੁੜ ਮੁੜ ਨਾਮ ਦੀ ਲਿਵ ਵਿਚ ਹੀ ਟਿਕੇ ਰਹੀਦਾ ਹੈ) ॥੨॥
ਚੀਨਤ ਚੀਤੁ ਨਿਰੰਜਨ ਲਾਇਆ ॥
(ਇਸ ਤਰ੍ਹਾਂ) ਆਨੰਦ ਮਾਣ ਮਾਣ ਕੇ ਜਦੋਂ ਮੈਂ ਆਪਣਾ ਮਨ ਨਿਰੰਕਾਰ ਨਾਲ ਜੋੜਿਆ,
ਕਹੁ ਕਬੀਰ ਤੌ ਅਨਭਉ ਪਾਇਆ ॥੩॥੨੭॥
ਕਬੀਰ ਆਖਦਾ ਹੈ- ਤਾਂ ਮੈਨੂੰ ਅੰਦਰਲਾ ਚਾਨਣ ਲੱਭ ਪਿਆ ॥੩॥੨੭॥
ਗਉੜੀ ਕਬੀਰ ਜੀ ॥
ਮਨ ਕਾ ਸੁਭਾਉ ਮਨਹਿ ਬਿਆਪੀ ॥
(ਹਰੇਕ ਮਨੁੱਖ ਦੇ) ਮਨ ਦੀ ਅੰਦਰਲੀ ਲਗਨ (ਜੋ ਭੀ ਹੋਵੇ ਉਹ ਉਸ ਮਨੁੱਖ ਦੇ) ਸਾਰੇ ਮਨ (ਭਾਵ, ਮਨ ਦੀ ਸਾਰੀ ਦੌੜ-ਭੱਜ, ਸਾਰੇ ਮਨੁੱਖੀ ਜੀਵਨ) ਉਤੇ ਪ੍ਰਭਾਵ ਪਾ ਰੱਖਦੀ ਹੈ,
ਮਨਹਿ ਮਾਰਿ ਕਵਨ ਸਿਧਿ ਥਾਪੀ ॥੧॥
(ਤਾਂ ਫਿਰ) ਮਨ ਨੂੰ ਮਾਰ ਕੇ ਕਿਹੜੀ ਕਮਾਈ ਕਰ ਲਈਦੀ ਹੈ, (ਭਾਵ, ਕੋਈ ਕਾਮਯਾਬੀ ਵਾਲੀ ਗੱਲ ਨਹੀਂ ਹੁੰਦੀ) ॥੧॥
ਕਵਨੁ ਸੁ ਮੁਨਿ ਜੋ ਮਨੁ ਮਾਰੈ ॥
ਉਹ ਕਿਹੜਾ ਮੁਨੀ ਹੈ ਜੋ ਮਨ ਨੂੰ ਮਾਰਦਾ ਹੈ?
ਮਨ ਕਉ ਮਾਰਿ ਕਹਹੁ ਕਿਸੁ ਤਾਰੈ ॥੧॥ ਰਹਾਉ ॥
ਦੱਸੋ, ਮਨ ਨੂੰ ਮਾਰ ਕੇ ਉਹ ਕਿਸ ਨੂੰ ਤਾਰਦਾ ਹੈ? ॥੧॥ ਰਹਾਉ ॥
ਮਨ ਅੰਤਰਿ ਬੋਲੈ ਸਭੁ ਕੋਈ ॥
ਹਰੇਕ ਮਨੁੱਖ ਮਨ ਦਾ ਪ੍ਰੇਰਿਆ ਹੋਇਆ ਹੀ ਬੋਲਦਾ ਹੈ (ਭਾਵ, ਜੋ ਚੰਗੇ ਮੰਦੇ ਕੰਮ ਮਨੁੱਖ ਕਰਦਾ ਹੈ, ਉਹਨਾਂ ਲਈ ਪ੍ਰੇਰਨਾ ਮਨ ਵਲੋਂ ਹੀ ਹੁੰਦੀ ਹੈ;
ਮਨ ਮਾਰੇ ਬਿਨੁ ਭਗਤਿ ਨ ਹੋਈ ॥੨॥
ਇਸ ਵਾਸਤੇ) ਮਨ ਨੂੰ ਮਾਰਨ ਤੋਂ ਬਿਨਾ (ਭਾਵ, ਮਨ ਨੂੰ ਵਿਕਾਰਾਂ ਤੋਂ ਹੋੜਨ ਤੋਂ ਬਿਨਾ) ਭਗਤੀ (ਭੀ) ਨਹੀਂ ਹੋ ਸਕਦੀ ॥੨॥
ਕਹੁ ਕਬੀਰ ਜੋ ਜਾਨੈ ਭੇਉ ॥
ਕਬੀਰ ਆਖਦਾ ਹੈ- ਜੋ ਮਨੁੱਖ ਇਸ ਰਮਜ਼ ਨੂੰ ਸਮਝਦਾ ਹੈ,
ਮਨੁ ਮਧੁਸੂਦਨੁ ਤ੍ਰਿਭਵਣ ਦੇਉ ॥੩॥੨੮॥
ਉਸ ਦਾ ਮਨ ਤਿੰਨਾਂ ਲੋਕਾਂ ਨੂੰ ਚਾਨਣ ਦੇਣ ਵਾਲੇ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ॥੩॥੨੮॥
ਗਉੜੀ ਕਬੀਰ ਜੀ ॥
ਓਇ ਜੁ ਦੀਸਹਿ ਅੰਬਰਿ ਤਾਰੇ ॥
ਉਹ ਤਾਰੇ ਜੋ ਅਕਾਸ਼ ਵਿਚ ਦਿੱਸ ਰਹੇ ਹਨ,
ਕਿਨਿ ਓਇ ਚੀਤੇ ਚੀਤਨਹਾਰੇ ॥੧॥
ਕਿਸ ਚਿੱਤ੍ਰਕਾਰ ਨੇ ਚਿੱਤਰੇ ਹਨ? ॥੧॥
ਕਹੁ ਰੇ ਪੰਡਿਤ ਅੰਬਰੁ ਕਾ ਸਿਉ ਲਾਗਾ ॥
ਦੱਸ, ਹੇ ਪੰਡਿਤ! ਅਕਾਸ਼ ਕਿਸ ਦੇ ਸਹਾਰੇ ਹੈ?
ਬੂਝੈ ਬੂਝਨਹਾਰੁ ਸਭਾਗਾ ॥੧॥ ਰਹਾਉ ॥
ਕੋਈ ਭਾਗਾਂ ਵਾਲਾ ਸਿਆਣਾ ਬੰਦਾ ਹੀ ਇਸ (ਰਮਜ਼ ਨੂੰ) ਸਮਝਦਾ ਹੈ ॥੧॥ ਰਹਾਉ ॥
ਸੂਰਜ ਚੰਦੁ ਕਰਹਿ ਉਜੀਆਰਾ ॥
(ਇਹ ਜੋ) ਸੂਰਜ ਤੇ ਚੰਦ੍ਰਮਾ (ਆਦਿਕ ਜਗਤ ਵਿਚ) ਚਾਨਣ ਕਰ ਰਹੇ ਹਨ,
ਸਭ ਮਹਿ ਪਸਰਿਆ ਬ੍ਰਹਮ ਪਸਾਰਾ ॥੨॥
(ਇਹਨਾਂ) ਸਭਨਾਂ ਵਿਚ ਪ੍ਰਭੂ ਦੀ ਜੋਤਿ ਦਾ (ਹੀ) ਪ੍ਰਕਾਸ਼ ਖਿਲਰਿਆ ਹੋਇਆ ਹੈ ॥੨॥
ਕਹੁ ਕਬੀਰ ਜਾਨੈਗਾ ਸੋਇ ॥
ਕਬੀਰ ਆਖਦਾ ਹੈ- (ਇਸ ਭੇਤ ਨੂੰ) ਓਹੀ ਮਨੁੱਖ ਸਮਝੇਗਾ,
ਹਿਰਦੈ ਰਾਮੁ ਮੁਖਿ ਰਾਮੈ ਹੋਇ ॥੩॥੨੯॥
ਜਿਸ ਦੇ ਹਿਰਦੇ ਵਿਚ ਪ੍ਰਭੂ ਵੱਸ ਰਿਹਾ ਹੈ, ਤੇ ਮੂੰਹ ਵਿਚ (ਭੀ) ਕੇਵਲ ਪ੍ਰਭੂ ਹੀ ਹੈ (ਭਾਵ, ਜੋ ਮੂੰਹੋਂ ਭੀ ਪ੍ਰਭੂ ਦੇ ਗੁਣ ਉਚਾਰ ਰਿਹਾ ਹੈ) ॥੩॥੨੯॥
ਗਉੜੀ ਕਬੀਰ ਜੀ ॥
ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ ॥
ਹੇ ਵੀਰ! ਇਹ ਸਿੰਮ੍ਰਿਤੀ ਜੋ ਵੇਦਾਂ ਦੇ ਆਧਾਰ ਤੇ ਬਣੀ ਹੈ,
ਸਾਂਕਲ ਜੇਵਰੀ ਲੈ ਹੈ ਆਈ ॥੧॥
(ਇਹ ਤਾਂ ਆਪਣੇ ਸ਼ਰਧਾਲੂਆਂ ਵਾਸਤੇ ਵਰਨ ਆਸ਼ਰਮ ਦੇ, ਮਾਨੋ) ਸੰਗਲ ਤੇ (ਕਰਮ-ਕਾਂਡ ਦੀਆਂ) ਰੱਸੀਆਂ ਲੈ ਕੇ ਆਈ ਹੋਈ ਹੈ ॥੧॥
ਆਪਨ ਨਗਰੁ ਆਪ ਤੇ ਬਾਧਿਆ ॥
(ਇਸ ਸਿੰਮ੍ਰਿਤੀ ਨੇ) ਆਪਣੇ ਸਾਰੇ ਸ਼ਰਧਾਲੂ ਆਪ ਹੀ ਜਕੜੇ ਹੋਏ ਹਨ,
ਮੋਹ ਕੈ ਫਾਧਿ ਕਾਲ ਸਰੁ ਸਾਂਧਿਆ ॥੧॥ ਰਹਾਉ ॥
(ਇਨ੍ਹਾਂ ਨੂੰ ਸੁਰਗ ਆਦਿਕ ਦੇ) ਮੋਹ ਦੀ ਫਾਹੀ ਵਿਚ ਫਸਾ ਕੇ (ਇਹਨਾਂ ਦੇ ਸਿਰ ਤੇ) ਮੌਤ (ਦੇ ਸਹਿਮ) ਦਾ ਤੀਰ (ਇਸ ਨੇ) ਖਿੱਚਿਆ ਹੋਇਆ ਹੈ ॥੧॥ ਰਹਾਉ ॥
ਕਟੀ ਨ ਕਟੈ ਤੂਟਿ ਨਹ ਜਾਈ ॥
(ਇਹ ਸਿੰਮ੍ਰਿਤੀ-ਰੂਪ ਫਾਹੀ ਸ਼ਰਧਾਲੂਆਂ ਪਾਸੋਂ) ਵੱਢਿਆਂ ਵੱਢੀ ਨਹੀਂ ਜਾ ਸਕਦੀ ਅਤੇ ਨਾਹ ਹੀ (ਆਪਣੇ ਆਪ) ਇਹ ਟੁੱਟਦੀ ਹੈ।
ਸਾ ਸਾਪਨਿ ਹੋਇ ਜਗ ਕਉ ਖਾਈ ॥੨॥
(ਹੁਣ ਤਾਂ) ਇਹ ਸੱਪਣੀ ਬਣ ਕੇ ਜਗਤ ਨੂੰ ਖਾ ਰਹੀ ਹੈ (ਭਾਵ, ਜਿਵੇਂ ਸੱਪਣੀ ਆਪਣੇ ਹੀ ਬੱਚਿਆਂ ਨੂੰ ਖਾ ਜਾਂਦੀ ਹੈ, ਤਿਵੇਂ ਇਹ ਸਿੰਮ੍ਰਿਤੀ ਆਪਣੇ ਹੀ ਸ਼ਰਧਾਲੂਆਂ ਦਾ ਨਾਸ ਕਰ ਰਹੀ ਹੈ) ॥੨॥
ਹਮ ਦੇਖਤ ਜਿਨਿ ਸਭੁ ਜਗੁ ਲੂਟਿਆ ॥
ਅਸਾਡੇ ਵੇਖਦਿਆਂ ਵੇਖਦਿਆਂ ਜਿਸ (ਸਿੰਮ੍ਰਿਤੀ) ਨੇ ਸਾਰੇ ਸੰਸਾਰ ਨੂੰ ਠੱਗ ਲਿਆ ਹੈ।
ਕਹੁ ਕਬੀਰ ਮੈ ਰਾਮ ਕਹਿ ਛੂਟਿਆ ॥੩॥੩੦॥
ਕਬੀਰ ਆਖਦਾ ਹੈ- ਮੈਂ ਪ੍ਰਭੂ ਦਾ ਸਿਮਰਨ ਕਰ ਕੇ ਉਸ ਤੋਂ ਬਚ ਗਿਆ ਹਾਂ ॥੩॥੩੦॥
ਗਉੜੀ ਕਬੀਰ ਜੀ ॥
ਦੇਇ ਮੁਹਾਰ ਲਗਾਮੁ ਪਹਿਰਾਵਉ ॥
ਮੈਂ ਤਾਂ (ਆਪਣੇ ਮਨ-ਰੂਪ ਅਤੇ ਘੋੜੇ ਨੂੰ ਉਸਤਤਿ ਨਿੰਦਾ ਤੋਂ ਰੋਕਣ ਦੀ) ਪੂਜੀ ਦੇ ਕੇ (ਪ੍ਰੇਮ ਦੀ ਲਗਨ ਦੀ) ਲਗਾਮ ਪਾਂਦਾ ਹਾਂ,
ਸਗਲ ਤ ਜੀਨੁ ਗਗਨ ਦਉਰਾਵਉ ॥੧॥
ਅਤੇ ਪ੍ਰਭੂ ਨੂੰ ਸਭ ਥਾਈਂ ਵਿਆਪਕ ਜਾਣਨਾ-ਇਹ ਕਾਠੀ ਪਾ ਕੇ (ਮਨ ਨੂੰ) ਨਿਰੰਕਾਰ ਦੇ ਦੇਸ ਦੀ ਉਡਾਰੀ ਲਵਾਉਂਦਾ ਹਾਂ (ਭਾਵ, ਮਨ ਨੂੰ ਪ੍ਰਭੂ ਦੀ ਯਾਦ ਵਿਚ ਜੋੜਦਾ ਹਾਂ) ॥੧॥
ਅਪਨੈ ਬੀਚਾਰਿ ਅਸਵਾਰੀ ਕੀਜੈ ॥
(ਆਓ, ਭਾਈ!) ਆਪਣੇ ਸਰੂਪ ਦੇ ਗਿਆਨ-ਰੂਪ ਘੋੜੇ ਉੱਤੇ ਸਵਾਰ ਹੋ ਜਾਈਏ (ਭਾਵ, ਅਸਾਡਾ ਅਸਲਾ ਕੀਹ ਹੈ, ਇਸ ਵਿਚਾਰ ਨੂੰ ਘੋੜਾ ਬਣਾ ਕੇ ਇਸ ਉੱਤੇ ਸਵਾਰ ਹੋਵੀਏ;
ਸਹਜ ਕੈ ਪਾਵੜੈ ਪਗੁ ਧਰਿ ਲੀਜੈ ॥੧॥ ਰਹਾਉ ॥
ਹਰ ਵੇਲੇ ਆਪਣੇ ਅਸਲੇ ਦਾ ਚੇਤਾ ਰੱਖੀਏ), ਅਤੇ ਆਪਣੀ ਅਕਲ-ਰੂਪ ਪੈਰ ਨੂੰ ਸਹਿਜ ਅਵਸਥਾ ਦੀ ਰਕਾਬ ਵਿਚ ਰੱਖੀ ਰੱਖੀਏ ॥੧॥ ਰਹਾਉ ॥
ਚਲੁ ਰੇ ਬੈਕੁੰਠ ਤੁਝਹਿ ਲੇ ਤਾਰਉ ॥
ਚੱਲ, ਹੇ (ਮਨ-ਰੂਪ ਘੋੜੇ)! ਤੈਨੂੰ ਬੈਕੁੰਠ ਦੇ ਸੈਰ ਕਰਾਵਾਂ;
ਹਿਚਹਿ ਤ ਪ੍ਰੇਮ ਕੈ ਚਾਬੁਕ ਮਾਰਉ ॥੨॥
ਜੇ ਅੜੀ ਕੀਤੀਓਈ, ਤਾਂ ਤੈਨੂੰ ਮੈਂ ਪ੍ਰੇਮ ਦਾ ਚਾਬਕ ਮਾਰਾਂਗਾ ॥੨॥
ਕਹਤ ਕਬੀਰ ਭਲੇ ਅਸਵਾਰਾ ॥
ਕਬੀਰ ਆਖਦਾ ਹੈ-(ਇਹੋ ਜਿਹੇ) ਸਿਆਣੇ ਅਸਵਾਰ (ਜੋ ਆਪਣੇ ਮਨ ਉੱਤੇ ਸਵਾਰ ਹੁੰਦੇ ਹਨ),
ਬੇਦ ਕਤੇਬ ਤੇ ਰਹਹਿ ਨਿਰਾਰਾ ॥੩॥੩੧॥
ਵੇਦਾਂ ਤੇ ਕਤੇਬਾਂ (ਨੂੰ ਸੱਚੇ ਝੂਠੇ ਆਖਣ ਦੇ ਝਗੜੇ) ਤੋਂ ਵੱਖਰੇ ਰਹਿੰਦੇ ਹਨ ॥੩॥੩੧॥
ਗਉੜੀ ਕਬੀਰ ਜੀ ॥
ਜਿਹ ਮੁਖਿ ਪਾਂਚਉ ਅੰਮ੍ਰਿਤ ਖਾਏ ॥
ਜਿਸ ਮੂੰਹ ਨਾਲ ਪੰਜੇ ਹੀ ਉੱਤਮ ਪਦਾਰਥ ਖਾਈਦੇ ਹਨ,
ਤਿਹ ਮੁਖ ਦੇਖਤ ਲੂਕਟ ਲਾਏ ॥੧॥
(ਮਰਨ ਤੇ) ਉਸ ਮੂੰਹ ਨੂੰ ਆਪਣੇ ਸਾਹਮਣੇ ਹੀ ਚੁਆਤੀ (ਬਾਲ ਕੇ) ਲਾ ਦੇਈਦੀ ਹੈ ॥੧॥
ਇਕੁ ਦੁਖੁ ਰਾਮ ਰਾਇ ਕਾਟਹੁ ਮੇਰਾ ॥
ਹੇ ਮੇਰੇ ਸੁਹਣੇ ਰਾਮ! ਮੇਰਾ ਇਕ ਇਹ ਦੁੱਖ ਦੂਰ ਕਰ ਦੇਹ,
ਅਗਨਿ ਦਹੈ ਅਰੁ ਗਰਭ ਬਸੇਰਾ ॥੧॥ ਰਹਾਉ ॥
ਇਹ ਜੋ ਤ੍ਰਿਸ਼ਨਾ ਦੀ ਅੱਗ ਸਾੜਦੀ ਹੈ, ਤੇ ਗਰਭ ਦਾ ਵਾਸ ਹੈ (ਭਾਵ, ਇਹ ਜੋ ਮੁੜ ਮੁੜ ਜੰਮਣਾ ਮਰਨਾ ਪੈਂਦਾ ਹੈ ਤੇ ਤ੍ਰਿਸ਼ਨਾ ਅੱਗ ਵਿਚ ਸੜੀਦਾ ਹੈ, ਇਸ ਤੋਂ ਬਚਾ ਲੈ) ॥੧॥ ਰਹਾਉ ॥
ਕਾਇਆ ਬਿਗੂਤੀ ਬਹੁ ਬਿਧਿ ਭਾਤੀ ॥
(ਮਰਨ ਪਿਛੋਂ) ਇਹ ਸਰੀਰ ਕਈ ਤਰ੍ਹਾਂ ਖ਼ਰਾਬ ਹੁੰਦਾ ਹੈ।
ਕੋ ਜਾਰੇ ਕੋ ਗਡਿ ਲੇ ਮਾਟੀ ॥੨॥
ਕੋਈ ਇਸ ਨੂੰ ਸਾੜ ਦੇਂਦਾ ਹੈ, ਕੋਈ ਇਸ ਨੂੰ ਮਿੱਟੀ ਵਿਚ ਦੱਬ ਦੇਂਦਾ ਹੈ ॥੨॥
ਕਹੁ ਕਬੀਰ ਹਰਿ ਚਰਣ ਦਿਖਾਵਹੁ ॥
ਕਬੀਰ ਆਖਦਾ ਹੈ- ਹੇ ਪ੍ਰਭੂ! (ਮੈਨੂੰ) ਆਪਣੇ ਚਰਨਾਂ ਦਾ ਦਰਸ਼ਨ ਕਰਾ ਦੇਹ।
ਪਾਛੈ ਤੇ ਜਮੁ ਕਿਉ ਨ ਪਠਾਵਹੁ ॥੩॥੩੨॥
ਉਸ ਤੋਂ ਪਿਛੋਂ ਬੇਸ਼ੱਕ ਜਮ ਨੂੰ ਹੀ (ਮੇਰੇ ਪ੍ਰਾਣ ਲੈਣ ਲਈ) ਘੱਲ ਦੇਵੀਂ ॥੩॥੩੨॥
ਗਉੜੀ ਕਬੀਰ ਜੀ ॥
ਆਪੇ ਪਾਵਕੁ ਆਪੇ ਪਵਨਾ ॥
ਖਸਮ (ਪ੍ਰਭੂ) ਆਪ ਹੀ ਅੱਗ ਹੈ, ਆਪ ਹੀ ਹਵਾ ਹੈ।
ਜਾਰੈ ਖਸਮੁ ਤ ਰਾਖੈ ਕਵਨਾ ॥੧॥
ਜੇ ਉਹ ਆਪ ਹੀ (ਜੀਵ ਨੂੰ) ਸਾੜਨ ਲੱਗੇ, ਤਾਂ ਕੌਣ ਬਚਾ ਸਕਦਾ ਹੈ? ॥੧॥
ਰਾਮ ਜਪਤ ਤਨੁ ਜਰਿ ਕੀ ਨ ਜਾਇ ॥
ਪ੍ਰਭੂ ਦਾ ਸਿਮਰਨ ਕਰਦਿਆਂ (ਉਸ ਦਾ) ਸਰੀਰ ਭੀ ਭਾਵੇਂ ਸੜ ਜਾਏ (ਉਹ ਰਤਾ ਪਰਵਾਹ ਨਹੀਂ ਕਰਦਾ)
ਰਾਮ ਨਾਮ ਚਿਤੁ ਰਹਿਆ ਸਮਾਇ ॥੧॥ ਰਹਾਉ ॥
(ਜਿਸ ਮਨੁੱਖ ਦਾ) ਮਨ ਪ੍ਰਭੂ ਦੇ ਨਾਮ ਵਿਚ ਜੁੜ ਰਿਹਾ ਹੈ ॥੧॥ ਰਹਾਉ ॥
ਕਾ ਕੋ ਜਰੈ ਕਾਹਿ ਹੋਇ ਹਾਨਿ ॥
(ਕਿਉਂਕਿ ਬੰਦਗੀ ਕਰਨ ਵਾਲੇ ਨੂੰ ਇਹ ਨਿਸ਼ਚਾ ਹੁੰਦਾ ਹੈ ਕਿ) ਨਾਹ ਕਿਸੇ ਦਾ ਕੁਝ ਸੜਦਾ ਹੈ, ਤੇ ਨਾਹ ਕਿਸੇ ਦਾ ਕੋਈ ਨੁਕਸਾਨ ਹੁੰਦਾ ਹੈ;
ਨਟ ਵਟ ਖੇਲੈ ਸਾਰਿਗਪਾਨਿ ॥੨॥
ਪ੍ਰਭੂ ਆਪ ਹੀ (ਸਭ ਥਾਈਂ) ਨਟਾਂ ਦੇ ਭੇਸਾਂ ਵਾਂਗ ਖੇਡ ਰਿਹਾ ਹੈ, (ਭਾਵ, ਕਿਤੇ ਆਪ ਹੀ ਨੁਕਸਾਨ ਕਰ ਰਿਹਾ ਹੈ, ਤੇ ਕਿਤੇ ਆਪ ਹੀ ਉਹ ਨੁਕਸਾਨ ਸਹਿ ਰਿਹਾ ਹੈ) ॥੨॥
ਕਹੁ ਕਬੀਰ ਅਖਰ ਦੁਇ ਭਾਖਿ ॥
(ਇਸ ਵਾਸਤੇ) ਕਬੀਰ ਆਖਦਾ ਹੈ- (ਤੂੰ ਤਾਂ) ਇਹ ਨਿੱਕੀ ਜਿਹੀ ਗੱਲ ਚੇਤੇ ਰੱਖ,
ਹੋਇਗਾ ਖਸਮੁ ਤ ਲੇਇਗਾ ਰਾਖਿ ॥੩॥੩੩॥
ਕਿ ਜੇ ਖ਼ਸਮ ਨੂੰ ਮਨਜ਼ੂਰ ਹੋਵੇਗਾ ਤਾਂ (ਜਿਥੇ ਕਿਤੇ ਲੋੜ ਪਏਗੀ, ਆਪ ਹੀ) ਬਚਾ ਲਏਗਾ ॥੩॥੩੩॥
ਗਉੜੀ ਕਬੀਰ ਜੀ ਦੁਪਦੇ ॥
ਨਾ ਮੈ ਜੋਗ ਧਿਆਨ ਚਿਤੁ ਲਾਇਆ ॥
ਮੈਂ ਤਾਂ ਜੋਗ (ਦੇ ਦੱਸੇ ਹੋਏ) ਧਿਆਨ (ਭਾਵ, ਸਮਾਧੀਆਂ) ਦਾ ਗਹੁ ਨਹੀਂ ਕੀਤਾ,
ਬਿਨੁ ਬੈਰਾਗ ਨ ਛੂਟਸਿ ਮਾਇਆ ॥੧॥
(ਕਿਉਂਕਿ ਇਸ ਨਾਲ ਵੈਰਾਗ ਪੈਦਾ ਨਹੀਂ ਹੁੰਦਾ, ਅਤੇ) ਵੈਰਾਗ ਤੋਂ ਬਿਨਾ ਮਾਇਆ (ਦੇ ਮੋਹ) ਤੋਂ ਖ਼ਲਾਸੀ ਨਹੀਂ ਹੋ ਸਕਦੀ ॥੧॥
ਕੈਸੇ ਜੀਵਨੁ ਹੋਇ ਹਮਾਰਾ ॥
(ਪ੍ਰਭੂ ਦੇ ਨਾਮ ਦਾ ਆਸਰੇ ਬਿਨਾਂ ਅਸੀਂ ਸਹੀ) ਜੀਵਨ ਜੀਊ ਹੀ ਨਹੀਂ ਸਕਦੇ,
ਜਬ ਨ ਹੋਇ ਰਾਮ ਨਾਮ ਅਧਾਰਾ ॥੧॥ ਰਹਾਉ ॥
(ਕਿਉਂਕਿ ਮਾਇਆ ਇਤਨੀ ਪ੍ਰਬਲ ਹੈ ਕਿ) ਜੇ ਅਸਾਨੂੰ ਪ੍ਰਭੂ ਦੇ ਨਾਮ ਦਾ ਆਸਰਾ ਨਾਹ ਹੋਵੇ ਤਾਂ ॥੧॥ ਰਹਾਉ ॥
ਕਹੁ ਕਬੀਰ ਖੋਜਉ ਅਸਮਾਨ ॥
ਮੈਂ ਅਕਾਸ਼ ਤਕ (ਭਾਵ, ਸਾਰੀ ਦੁਨੀਆ) ਭਾਲ ਕਰ ਚੁਕਿਆ ਹਾਂ,
ਰਾਮ ਸਮਾਨ ਨ ਦੇਖਉ ਆਨ ॥੨॥੩੪॥
ਕਬੀਰ ਆਖਦਾ ਹੈ- (ਪਰ ਪ੍ਰਭੂ ਤੋਂ ਬਿਨਾ) ਮੈਨੂੰ ਕੋਈ ਹੋਰ ਨਹੀਂ ਲੱਭਾ (ਜੋ ਮਾਇਆ ਦੇ ਮੋਹ ਤੋਂ ਬਚਾ ਕੇ ਅਸਲ ਜੀਵਨ ਦੇ ਸਕੇ) ॥੨॥੩੪॥
ਗਉੜੀ ਕਬੀਰ ਜੀ ॥
ਜਿਹ ਸਿਰਿ ਰਚਿ ਰਚਿ ਬਾਧਤ ਪਾਗ ॥
ਜਿਸ ਸਿਰ ਤੇ (ਮਨੁੱਖ) ਸੰਵਾਰ ਸੰਵਾਰ ਪੱਗ ਬੰਨ੍ਹਦਾ ਹੈ,
ਸੋ ਸਿਰੁ ਚੁੰਚ ਸਵਾਰਹਿ ਕਾਗ ॥੧॥
(ਮੌਤ ਆਉਣ ਤੇ) ਉਸ ਸਿਰ ਨੂੰ ਕਾਂ ਆਪਣੀਆਂ ਚੁੰਝਾਂ ਨਾਲ ਸੰਵਾਰਦੇ ਹਨ ॥੧॥
ਇਸੁ ਤਨ ਧਨ ਕੋ ਕਿਆ ਗਰਬਈਆ ॥
(ਹੇ ਭਾਈ!) ਇਸ ਸਰੀਰ ਦਾ ਅਤੇ ਇਸ ਧਨ ਦਾ ਕੀਹ ਮਾਣ ਕਰਦਾ ਹੈਂ?
ਰਾਮ ਨਾਮੁ ਕਾਹੇ ਨ ਦ੍ਰਿੜੑੀਆ ॥੧॥ ਰਹਾਉ ॥
ਪ੍ਰਭੂ ਦਾ ਨਾਮ ਕਿਉਂ ਨਹੀਂ ਸਿਮਰਦਾ? ॥੧॥ ਰਹਾਉ ॥
ਕਹਤ ਕਬੀਰ ਸੁਨਹੁ ਮਨ ਮੇਰੇ ॥
ਕਬੀਰ ਆਖਦਾ ਹੈ-ਹੇ ਮੇਰੇ ਮਨ! ਸੁਣ,
ਇਹੀ ਹਵਾਲ ਹੋਹਿਗੇ ਤੇਰੇ ॥੨॥੩੫॥
(ਮੌਤ ਆਉਣ ਤੇ) ਤੇਰੇ ਨਾਲ ਭੀ ਇਹੋ ਜਿਹੀ ਹੀ ਹੋਵੇਗੀ ॥੨॥੩੫॥
ਗਉੜੀ ਗੁਆਰੇਰੀ ਕੇ ਪਦੇ ਪੈਤੀਸ ॥
ਗਉੜੀ ਗੁਆਰੇਰੀ ਕੇ ਪਦੇ ਪੈਤੀਸ ॥
ਰਾਗੁ ਗਉੜੀ ਗੁਆਰੇਰੀ ਅਸਟਪਦੀ ਕਬੀਰ ਜੀ ਕੀ ॥
ਰਾਗ ਗਉੜੀ-ਗੁਆਰੇਰੀ ਵਿੱਚ ਗੁਰੂ ਭਗਾ ਕਬੀਰ ਜੀ ਦੀ ਅੱਠ-ਪਦਿਆਂ ਵਾਲੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸੁਖੁ ਮਾਂਗਤ ਦੁਖੁ ਆਗੈ ਆਵੈ ॥
ਮੈਨੂੰ ਉਸ ਸੁਖ ਦੇ ਮੰਗਣ ਦੀ ਲੋੜ ਨਹੀਂ,
ਸੋ ਸੁਖੁ ਹਮਹੁ ਨ ਮਾਂਗਿਆ ਭਾਵੈ ॥੧॥
ਜਿਸ ਸੁਖ ਦੇ ਮੰਗਿਆਂ ਦੁੱਖ ਮਿਲਦਾ ਹੈ ॥੧॥
ਬਿਖਿਆ ਅਜਹੁ ਸੁਰਤਿ ਸੁਖ ਆਸਾ ॥
ਅਜੇ ਭੀ ਸਾਡੀ ਸੁਰਤਿ ਮਾਇਆ ਵਿਚ ਹੀ ਲੱਗੀ ਹੋਈ ਹੈ ਤੇ (ਇਸ ਮਾਇਆ ਤੋਂ ਹੀ) ਸੁਖਾਂ ਦੀ ਆਸ ਲਾਈ ਬੈਠੇ ਹਾਂ;
ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ ॥੧॥ ਰਹਾਉ ॥
ਤਾਂ ਫਿਰ ਜੋਤਿ-ਰੂਪ ਨਿਰੰਕਾਰ ਦਾ ਨਿਵਾਸ (ਇਸ ਸੁਰਤਿ ਵਿਚ) ਕਿਵੇਂ ਹੋ ਸਕੇ? ॥੧॥ ਰਹਾਉ ॥
ਇਸੁ ਸੁਖ ਤੇ ਸਿਵ ਬ੍ਰਹਮ ਡਰਾਨਾ ॥
ਇਸ (ਮਾਇਆ-) ਸੁਖ ਤੋਂ ਤਾਂ ਸ਼ਿਵ ਜੀ ਤੇ ਬ੍ਰਹਮਾ (ਵਰਗੇ ਦੇਵਤਿਆਂ) ਨੇ ਭੀ ਕੰਨਾਂ ਨੂੰ ਹੱਥ ਲਾਏ;
ਸੋ ਸੁਖੁ ਹਮਹੁ ਸਾਚੁ ਕਰਿ ਜਾਨਾ ॥੨॥
(ਪਰ (ਸੰਸਾਰੀ ਜੀਵਾਂ ਨੇ) ਇਸ ਸੁਖ ਨੂੰ ਸੱਚਾ ਕਰ ਕੇ ਸਮਝਿਆ ਹੈ ॥੨॥
ਸਨਕਾਦਿਕ ਨਾਰਦ ਮੁਨਿ ਸੇਖਾ ॥
ਬ੍ਰਹਮਾ ਦੇ ਚਾਰੇ ਪੁੱਤਰ ਸਨਕ ਆਦਿਕ, ਨਾਰਦ ਮੁਨੀ ਅਤੇ ਸ਼ੇਸ਼ ਨਾਗ-
ਤਿਨ ਭੀ ਤਨ ਮਹਿ ਮਨੁ ਨਹੀ ਪੇਖਾ ॥੩॥
ਇਹਨਾਂ ਨੇ ਭੀ (ਇਸ ਮਾਇਆ-ਸੁਖ ਵਲ ਸੁਰਤ ਲੱਗੀ ਰਹਿਣ ਦੇ ਕਾਰਨ) ਆਪਣੇ ਮਨ ਨੂੰ ਆਪਣੇ ਸਰੀਰ ਵਿਚ ਨਾਹ ਵੇਖਿਆ (ਭਾਵ, ਇਹਨਾਂ ਦਾ ਮਨ ਭੀ ਅੰਤਰ-ਆਤਮੇ ਟਿਕਿਆ ਨਾਹ ਰਹਿ ਸਕਿਆ) ॥੩॥
ਇਸੁ ਮਨ ਕਉ ਕੋਈ ਖੋਜਹੁ ਭਾਈ ॥
ਹੇ ਭਾਈ! ਕੋਈ ਧਿਰ ਇਸ ਮਨ ਦੀ ਭੀ ਖੋਜ ਕਰੋ,
ਤਨ ਛੂਟੇ ਮਨੁ ਕਹਾ ਸਮਾਈ ॥੪॥
ਕਿ ਸਰੀਰ ਨਾਲੋਂ ਵਿਛੋੜਾ ਹੋਣ ਤੇ ਇਹ ਮਨ ਕਿੱਥੇ ਜਾ ਟਿਕਦਾ ਹੈ ॥੪॥
ਗੁਰਪਰਸਾਦੀ ਜੈਦੇਉ ਨਾਮਾਂ ॥
ਸਤਿਗੁਰੂ ਦੀ ਕਿਰਪਾ ਨਾਲ, ਇਹਨਾਂ ਜੈਦੇਵ ਤੇ ਨਾਮਦੇਵ ਜੀ (ਵਰਗੇ ਭਗਤਾਂ) ਨੇ ਹੀ-
ਭਗਤਿ ਕੈ ਪ੍ਰੇਮਿ ਇਨ ਹੀ ਹੈ ਜਾਨਾਂ ॥੫॥
ਭਗਤੀ ਦੇ ਚਾਉ ਨਾਲ ਇਹ ਗੱਲ ਸਮਝੀ ਹੈ (ਕਿ “ਤਨ ਛੂਟੇ ਮਨੁ ਕਹਾ ਸਮਾਈ”) ॥੫॥
ਇਸੁ ਮਨ ਕਉ ਨਹੀ ਆਵਨ ਜਾਨਾ ॥
ਉਸ ਮਨੁੱਖ ਦੇ ਇਸ ਆਤਮਾ ਨੂੰ ਜਨਮ ਮਰਨ ਦੇ ਗੇੜ ਵਿਚ ਪੈਣਾ ਨਹੀਂ ਪੈਂਦਾ,
ਜਿਸ ਕਾ ਭਰਮੁ ਗਇਆ ਤਿਨਿ ਸਾਚੁ ਪਛਾਨਾ ॥੬॥
ਜਿਸ ਮਨੁੱਖ ਦੀ (ਸੁਖਾਂ ਵਾਸਤੇ) ਭਟਕਣਾ ਦੂਰ ਹੋ ਗਈ ਹੈ, ਜਿਸ ਨੇ ਪ੍ਰਭੂ ਨੂੰ ਪਛਾਣ ਲਿਆ ਹੈ (ਪ੍ਰਭੂ ਨਾਲ ਸਾਂਝ ਪਾ ਲਈ ਹੈ) ॥੬॥
ਇਸੁ ਮਨ ਕਉ ਰੂਪੁ ਨ ਰੇਖਿਆ ਕਾਈ ॥
(ਅਸਲ ਵਿਚ) ਇਸ ਜੀਵ ਦਾ (ਪ੍ਰਭੂ ਤੋਂ ਵੱਖਰਾ) ਕੋਈ ਰੂਪ ਜਾਂ ਚਿਹਨ ਨਹੀਂ ਹੈ।
ਹੁਕਮੇ ਹੋਇਆ ਹੁਕਮੁ ਬੂਝਿ ਸਮਾਈ ॥੭॥
ਪ੍ਰਭੂ ਦੇ ਹੁਕਮ ਵਿਚ ਹੀ ਇਹ (ਵੱਖਰੇ ਸਰੂਪ ਵਾਲਾ) ਬਣਿਆ ਹੈ ਤੇ ਪ੍ਰਭੂ ਦੀ ਰਜ਼ਾ ਨੂੰ ਸਮਝ ਕੇ ਉਸ ਵਿਚ ਲੀਨ ਹੋ ਜਾਂਦਾ ਹੈ ॥੭॥
ਇਸ ਮਨ ਕਾ ਕੋਈ ਜਾਨੈ ਭੇਉ ॥
ਜੋ ਮਨੁੱਖ ਇਸ ਮਨ ਦਾ ਭੇਦ ਜਾਣ ਲੈਂਦਾ ਹੈ,
ਇਹ ਮਨਿ ਲੀਣ ਭਏ ਸੁਖਦੇਉ ॥੮॥
ਉਹ ਇਸ ਮਨ ਦੀ ਰਾਹੀਂ ਹੀ (ਅੰਤਰ-ਆਤਮੇ) ਲੀਨ ਹੋ ਕੇ ਸੁਖਦੇਵ ਪ੍ਰਭੂ ਦਾ ਰੂਪ ਹੋ ਜਾਂਦਾ ਹੈ ॥੮॥
ਜੀਉ ਏਕੁ ਅਰੁ ਸਗਲ ਸਰੀਰਾ ॥
ਜੋ ਆਪ ਇੱਕ ਹੈ ਤੇ ਸਾਰੇ ਸਰੀਰਾਂ ਵਿਚ ਮੌਜੂਦ ਹੈ,
ਇਸੁ ਮਨ ਕਉ ਰਵਿ ਰਹੇ ਕਬੀਰਾ ॥੯॥੧॥੩੬॥
ਕਬੀਰ ਉਸ (ਸਰਬ-ਵਿਆਪਕ) ਮਨ (ਭਾਵ, ਪਰਮਾਤਮਾ) ਦਾ ਸਿਮਰਨ ਕਰ ਰਿਹਾ ਹੈ ॥੯॥੧॥੩੬॥
ਗਉੜੀ ਗੁਆਰੇਰੀ ॥
ਅਹਿਨਿਸਿ ਏਕ ਨਾਮ ਜੋ ਜਾਗੇ ॥
ਜੋ ਦਿਨ ਰਾਤ ਕੇਵਲ ਪ੍ਰਭੂ ਦੇ ਨਾਮ ਵਿਚ ਸੁਚੇਤ ਰਹੇ ਹਨ,
ਕੇਤਕ ਸਿਧ ਭਏ ਲਿਵ ਲਾਗੇ ॥੧॥ ਰਹਾਉ ॥
ਬਥੇਰੇ ਉਹ ਮਨੁੱਖ (ਜੀਵਨ-ਸਫ਼ਰ ਦੀ ਦੌੜ ਵਿਚ) ਪੁੱਗ ਗਏ ਹਨ, ਜਿਨ੍ਹਾਂ ਨੇ (ਨਾਮ ਵਿਚ ਹੀ) ਸੁਰਤ ਜੋੜੀ ਰੱਖੀ ਹੈ ॥੧॥ ਰਹਾਉ ॥
ਸਾਧਕ ਸਿਧ ਸਗਲ ਮੁਨਿ ਹਾਰੇ ॥
(ਜੋਗ-) ਸਾਧਨ ਕਰਨ ਵਾਲੇ, (ਜੋਗ-ਸਾਧਨਾਂ ਵਿਚ) ਪੁੱਗੇ ਹੋਏ ਜੋਗੀ ਤੇ ਸਾਰੇ ਮੁਨੀ ਲੋਕ (ਸੰਸਾਰ-ਸਮੁੰਦਰ ਤੋਂ ਤਰਨ ਦੇ ਹੋਰ ਹੋਰ ਵਸੀਲੇ ਲੱਭ ਲੱਭ ਕੇ) ਥੱਕ ਗਏ ਹਨ;
ਏਕ ਨਾਮ ਕਲਿਪ ਤਰ ਤਾਰੇ ॥੧॥
ਕੇਵਲ ਪ੍ਰਭੂ ਦਾ ਨਾਮ ਹੀ ਕਲਪ-ਰੁੱਖ ਹੈ ਜੋ (ਜੀਵਾਂ ਦਾ) ਬੇੜਾ ਪਾਰ ਕਰਦਾ ਹੈ ॥੧॥
ਜੋ ਹਰਿ ਹਰੇ ਸੁ ਹੋਹਿ ਨ ਆਨਾ ॥
ਜੋ ਮਨੁੱਖ ਪ੍ਰਭੂ ਦਾ ਸਿਮਰਨ ਕਰਦੇ ਹਨ, ਉਹ ਪ੍ਰਭੂ ਤੋਂ ਵੱਖਰੇ ਨਹੀਂ ਰਹਿ ਜਾਂਦੇ,
ਕਹਿ ਕਬੀਰ ਰਾਮ ਨਾਮ ਪਛਾਨਾ ॥੨॥੩੭॥
ਕਬੀਰ ਆਖਦਾ ਹੈ- ਉਹਨਾਂ ਨੇ ਪ੍ਰਭੂ ਦੇ ਨਾਮ ਨੂੰ ਪਛਾਣ ਲਿਆ ਹੈ (ਨਾਮ ਨਾਲ ਡੂੰਘੀ ਸਾਂਝ ਪਾ ਲਈ ਹੈ) ॥੨॥੩੭॥
ਗਉੜੀ ਭੀ ਸੋਰਠਿ ਭੀ ॥
ਰੇ ਜੀਅ ਨਿਲਜ ਲਾਜ ਤੁੋਹਿ ਨਾਹੀ ॥
ਹੇ ਬੇਸ਼ਰਮ ਮਨ! ਤੈਨੂੰ ਸ਼ਰਮ ਨਹੀਂ ਆਉਂਦੀ?
ਹਰਿ ਤਜਿ ਕਤ ਕਾਹੂ ਕੇ ਜਾਂਹੀ ॥੧॥ ਰਹਾਉ ॥
ਪ੍ਰਭੂ ਨੂੰ ਛੱਡ ਕੇ ਕਿੱਥੇ ਤੇ ਕਿਸ ਦੇ ਪਾਸ ਤੂੰ ਜਾਂਦਾ ਹੈਂ? (ਭਾਵ, ਕਿਉਂ ਹੋਰ ਆਸਰੇ ਤੂੰ ਤੱਕਦਾ ਹੈਂ?) ॥੧॥ ਰਹਾਉ ॥
ਜਾ ਕੋ ਠਾਕੁਰੁ ਊਚਾ ਹੋਈ ॥
ਜਿਸ ਮਨੁੱਖ ਦਾ ਮਾਲਕ ਵੱਡਾ ਹੋਵੇ,
ਸੋ ਜਨੁ ਪਰ ਘਰ ਜਾਤ ਨ ਸੋਹੀ ॥੧॥
ਉਹ ਪਰਾਏ ਘਰੀਂ ਜਾਂਦਾ ਚੰਗਾ ਨਹੀਂ ਲੱਗਦਾ ॥੧॥
ਸੋ ਸਾਹਿਬੁ ਰਹਿਆ ਭਰਪੂਰਿ ॥
(ਹੇ ਮਨ!) ਉਹ ਮਾਲਕ ਪ੍ਰਭੂ ਸਭ ਥਾਈਂ ਮੌਜੂਦ ਹੈ,
ਸਦਾ ਸੰਗਿ ਨਾਹੀ ਹਰਿ ਦੂਰਿ ॥੨॥
ਸਦਾ (ਤੇਰੇ) ਨਾਲ ਹੈ, (ਤੈਥੋਂ) ਦੂਰ ਨਹੀਂ ਹੈ ॥੨॥
ਕਵਲਾ ਚਰਨ ਸਰਨ ਹੈ ਜਾ ਕੇ ॥
ਲੱਛਮੀ (ਭੀ) ਜਿਸ ਦੇ ਚਰਨਾਂ ਦਾ ਆਸਰਾ ਲਈ ਬੈਠੀ ਹੈ,
ਕਹੁ ਜਨ ਕਾ ਨਾਹੀ ਘਰ ਤਾ ਕੇ ॥੩॥
ਹੇ ਭਾਈ! ਦੱਸ, ਉਸ ਪ੍ਰਭੂ ਦੇ ਘਰ ਕਿਸ ਸ਼ੈ ਦੀ ਕਮੀ ਹੈ? ॥੩॥
ਸਭੁ ਕੋਊ ਕਹੈ ਜਾਸੁ ਕੀ ਬਾਤਾ ॥
ਜਿਸ ਪ੍ਰਭੂ ਦੀਆਂ (ਵਡਿਆਈਆਂ ਦੀਆਂ) ਗੱਲਾਂ ਹਰੇਕ ਜੀਵ ਕਰ ਰਿਹਾ ਹੈ,
ਸੋ ਸੰਮ੍ਰਥੁ ਨਿਜ ਪਤਿ ਹੈ ਦਾਤਾ ॥੪॥
ਉਹ ਪ੍ਰਭੂ ਸਭ ਤਾਕਤਾਂ ਦਾ ਮਾਲਕ ਹੈ, ਉਹ ਸਾਡਾ (ਸਭਨਾਂ ਦਾ) ਖਸਮ ਹੈ ਤੇ ਸਭ ਪਦਾਰਥ ਦੇਣ ਵਾਲਾ ਹੈ ॥੪॥
ਕਹੈ ਕਬੀਰੁ ਪੂਰਨ ਜਗ ਸੋਈ ॥
ਕਬੀਰ ਆਖਦਾ ਹੈ-ਸੰਸਾਰ ਵਿਚ ਕੇਵਲ ਉਹੀ ਮਨੁੱਖ ਗੁਣਾਂ ਵਾਲਾ ਹੈ,
ਜਾ ਕੇ ਹਿਰਦੈ ਅਵਰੁ ਨ ਹੋਈ ॥੫॥੩੮॥
ਜਿਸ ਦੇ ਹਿਰਦੇ ਵਿਚ (ਪ੍ਰਭੂ ਤੋਂ ਬਿਨਾ) ਕੋਈ ਹੋਰ (ਦਾਤਾ ਜਚਦਾ) ਨਹੀਂ ॥੫॥੩੮॥
ਕਉਨੁ ਕੋ ਪੂਤੁ ਪਿਤਾ ਕੋ ਕਾ ਕੋ ॥
ਕਿਸ ਦਾ ਕੋਈ ਪੁੱਤਰ ਹੈ? ਕਿਸ ਦਾ ਕੋਈ ਪਿਉ ਹੈ? (ਭਾਵ, ਪਿਉ ਤੇ ਪੁੱਤਰ ਵਾਲਾ ਸਾਕ ਸਦਾ ਕਾਇਮ ਰਹਿਣ ਵਾਲਾ ਨਹੀਂ ਹੈ, ਪ੍ਰਭੂ ਨੇ ਇਕ ਖੇਡ ਰਚੀ ਹੋਈ ਹੈ)।
ਕਉਨੁ ਮਰੈ ਕੋ ਦੇਇ ਸੰਤਾਪੋ ॥੧॥
ਕੌਣ ਮਰਦਾ ਹੈ ਤੇ ਕੌਣ (ਇਸ ਮੌਤ ਦੇ ਕਾਰਨ ਪਿਛਲਿਆਂ ਨੂੰ) ਕਲੇਸ਼ ਦੇਂਦਾ ਹੈ? (ਭਾਵ, ਨਾ ਹੀ ਕੋਈ ਕਿਸੇ ਦਾ ਮਰਦਾ ਹੈ ਅਤੇ ਨਾਹ ਹੀ ਇਸ ਤਰ੍ਹਾਂ ਪਿਛਲਿਆਂ ਨੂੰ ਕਲੇਸ਼ ਦੇਂਦਾ ਹੈ, ਸੰਜੋਗਾਂ ਅਨੁਸਾਰ ਚਾਰ ਦਿਨਾਂ ਦਾ ਮੇਲਾ ਹੈ) ॥੧॥
ਹਰਿ ਠਗ ਜਗ ਕਉ ਠਗਉਰੀ ਲਾਈ ॥
ਪ੍ਰਭੂ-ਠੱਗ ਨੇ ਜਗਤ (ਦੇ ਜੀਵਾਂ) ਨੂੰ ਮੋਹ-ਰੂਪ ਠਗ-ਬੂਟੀ ਲਾਈ ਹੋਈ ਹੈ (ਜਿਸ ਕਰਕੇ ਜੀਵ ਸੰਬੰਧੀਆਂ ਦਾ ਮੋਹ ਰੱਖ ਕੇ ਤੇ ਪ੍ਰਭੂ ਨੂੰ ਭੁਲਾ ਕੇ ਕਲੇਸ਼ ਪਾ ਰਹੇ ਹਨ),
ਹਰਿ ਕੇ ਬਿਓਗ ਕੈਸੇ ਜੀਅਉ ਮੇਰੀ ਮਾਈ ॥੧॥ ਰਹਾਉ ॥
ਪਰ ਹੇ ਮੇਰੀ ਮਾਂ! (ਮੈਂ ਇਸ ਠਗ-ਬੂਟੀ ਵਿਚ ਨਹੀਂ ਫਸਿਆ, ਕਿਉਂਕਿ) ਮੈਂ ਪ੍ਰਭੂ ਤੋਂ ਵਿੱਛੜ ਕੇ ਜੀਊਂ ਹੀ ਨਹੀਂ ਸਕਦਾ ॥੧॥ ਰਹਾਉ ॥
ਕਉਨ ਕੋ ਪੁਰਖੁ ਕਉਨ ਕੀ ਨਾਰੀ ॥
ਕਿਸ (ਇਸਤ੍ਰੀ) ਦਾ ਕੋਈ ਖਸਮ? ਕਿਸ (ਖਸਮ) ਦੀ ਕੋਈ ਵਹੁਟੀ? (ਭਾਵ, ਇਹ ਇਸਤ੍ਰੀ ਪਤੀ ਵਾਲਾ ਸਾਕ ਭੀ ਜਗਤ ਵਿਚ ਸਦਾ-ਥਿਰ ਰਹਿਣ ਵਾਲਾ ਨਹੀਂ, ਇਹ ਖੇਡ ਆਖ਼ਿਰ ਮੁੱਕ ਜਾਂਦੀ ਹੈ)।
ਇਆ ਤਤ ਲੇਹੁ ਸਰੀਰ ਬਿਚਾਰੀ ॥੨॥
ਇਸ ਅਸਲੀਅਤ ਨੂੰ (ਹੇ ਭਾਈ!) ਇਸ ਮਨੁੱਖਾ ਸਰੀਰ ਵਿਚ ਹੀ ਸਮਝੋ (ਭਾਵ, ਇਹ ਮਨੁੱਖਾ ਜਨਮ ਹੀ ਮੌਕਾ ਹੈ, ਜਦੋਂ ਇਹ ਅਸਲੀਅਤ ਸਮਝੀ ਜਾ ਸਕਦੀ ਹੈ) ॥੨॥
ਕਹਿ ਕਬੀਰ ਠਗ ਸਿਉ ਮਨੁ ਮਾਨਿਆ ॥
ਕਬੀਰ ਆਖਦਾ ਹੈ-ਜਿਸ ਜੀਵ ਦਾ ਮਨ (ਮੋਹ-ਰੂਪ ਠਗਬੂਟੀ ਬਨਾਣ ਵਾਲੇ ਪ੍ਰਭੂ-) ਠੱਗ ਨਾਲ ਇਕ-ਮਿਕ ਹੋ ਗਿਆ ਹੈ,
ਗਈ ਠਗਉਰੀ ਠਗੁ ਪਹਿਚਾਨਿਆ ॥੩॥੩੯॥
(ਉਸ ਵਾਸਤੇ) ਠਗ-ਬੂਟੀ ਮੁੱਕ ਗਈ (ਸਮਝੋ), ਕਿਉਂਕਿ ਉਸ ਨੇ ਮੋਹ ਦੇ ਪੈਦਾ ਕਰਨ ਵਾਲੇ ਨਾਲ ਸਾਂਝ ਪਾ ਲਈ ਹੈ ॥੩॥੩੯॥
ਅਬ ਮੋ ਕਉ ਭਏ ਰਾਜਾ ਰਾਮ ਸਹਾਈ ॥
ਹਰ ਥਾਂ ਚਾਨਣ ਕਰਨ ਵਾਲੇ ਪ੍ਰਭੂ ਜੀ ਹੁਣ ਮੇਰੇ ਮਦਦਗਾਰ ਬਣ ਗਏ ਹਨ,
ਜਨਮ ਮਰਨ ਕਟਿ ਪਰਮ ਗਤਿ ਪਾਈ ॥੧॥ ਰਹਾਉ ॥
(ਤਾਹੀਏਂ) ਮੈਂ ਜਨਮ ਮਰਨ ਦੀ (ਬੇੜੀ) ਕੱਟ ਕੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ ਹੈ ॥੧॥ ਰਹਾਉ ॥
ਸਾਧੂ ਸੰਗਤਿ ਦੀਓ ਰਲਾਇ ॥
(ਪ੍ਰਭੂ ਨੇ) ਮੈਨੂੰ ਸਤਸੰਗ ਵਿਚ ਰਲਾ ਦਿੱਤਾ ਹੈ,
ਪੰਚ ਦੂਤ ਤੇ ਲੀਓ ਛਡਾਇ ॥
ਤੇ (ਕਾਮ ਆਦਿਕ) ਪੰਜ ਵੈਰੀਆਂ ਤੋਂ ਉਸ ਨੇ ਮੈਨੂੰ ਬਚਾ ਲਿਆ ਹੈ।
ਅੰਮ੍ਰਿਤ ਨਾਮੁ ਜਪਉ ਜਪੁ ਰਸਨਾ ॥
ਹੁਣ ਮੈਂ ਜੀਭ ਨਾਲ ਉਸ ਦਾ ਅਮਰ ਕਰਨ ਵਾਲਾ ਨਾਮ-ਰੂਪ ਜਾਪ ਜਪਦਾ ਹਾਂ।
ਅਮੋਲ ਦਾਸੁ ਕਰਿ ਲੀਨੋ ਅਪਨਾ ॥੧॥
ਮੈਨੂੰ ਤਾਂ ਉਸ ਨੇ ਬਿਨਾ ਦੰਮਾਂ ਦੇ ਆਪਣਾ ਗੋੱਲਾ ਬਣਾ ਲਿਆ ਹੈ ॥੧॥
ਸਤਿਗੁਰ ਕੀਨੋ ਪਰਉਪਕਾਰੁ ॥
ਸਤਿਗੁਰੂ ਨੇ (ਮੇਰੇ ਉਤੇ) ਬੜੀ ਮਿਹਰ ਕੀਤੀ ਹੈ,
ਕਾਢਿ ਲੀਨ ਸਾਗਰ ਸੰਸਾਰ ॥
ਮੈਨੂੰ ਉਸ ਨੇ ਸੰਸਾਰ-ਸਮੁੰਦਰ ਵਿਚੋਂ ਕੱਢ ਲਿਆ ਹੈ।
ਚਰਨ ਕਮਲ ਸਿਉ ਲਾਗੀ ਪ੍ਰੀਤਿ ॥
ਮੇਰੀ ਹੁਣ ਪ੍ਰਭੂ ਦੇ ਸੋਹਣੇ ਚਰਨਾਂ ਨਾਲ ਪ੍ਰੀਤ ਬਣ ਗਈ ਹੈ।
ਗੋਬਿੰਦੁ ਬਸੈ ਨਿਤਾ ਨਿਤ ਚੀਤ ॥੨॥
ਪ੍ਰਭੂ ਹਰ ਵੇਲੇ ਮੇਰੇ ਚਿੱਤ ਵਿਚ ਵੱਸ ਰਿਹਾ ਹੈ ॥੨॥
ਮਾਇਆ ਤਪਤਿ ਬੁਝਿਆ ਅੰਗਿਆਰੁ ॥
(ਮੇਰੇ ਅੰਦਰੋਂ) ਮਾਇਆ ਵਾਲੀ ਸੜਨ ਮਿਟ ਗਈ ਹੈ। ਮਾਇਆ ਦਾ ਬਦਲਾ ਭਾਂਬੜ ਬੁੱਝ ਗਿਆ ਹੈ;
ਮਨਿ ਸੰਤੋਖੁ ਨਾਮੁ ਆਧਾਰੁ ॥
(ਹੁਣ) ਮੇਰੇ ਮਨ ਵਿਚ ਸੰਤੋਖ ਹੈ, (ਪ੍ਰਭੂ ਦਾ) ਨਾਮ (ਮਾਇਆ ਦੇ ਥਾਂ ਮੇਰੇ ਮਨ ਦਾ) ਆਸਰਾ ਬਣ ਗਿਆ ਹੈ।
ਜਲਿ ਥਲਿ ਪੂਰਿ ਰਹੇ ਪ੍ਰਭ ਸੁਆਮੀ ॥
ਪਾਣੀ ਵਿਚ, ਧਰਤੀ ਤੇ, ਹਰ ਥਾਂ ਪ੍ਰਭੂ-ਖਸਮ ਜੀ ਵੱਸ ਰਹੇ (ਜਾਪਦੇ) ਹਨ;
ਜਤ ਪੇਖਉ ਤਤ ਅੰਤਰਜਾਮੀ ॥੩॥
ਮੈਂ ਜਿੱਧਰ ਤੱਕਦਾ ਹਾਂ, ਓਧਰ ਘਟ ਘਟ ਦੀ ਜਾਣਨ ਵਾਲਾ ਪ੍ਰਭੂ ਹੀ (ਦਿੱਸਦਾ) ਹੈ ॥੩॥
ਅਪਨੀ ਭਗਤਿ ਆਪ ਹੀ ਦ੍ਰਿੜਾਈ ॥
ਪ੍ਰਭੂ ਨੇ ਆਪ ਹੀ ਆਪਣੀ ਭਗਤੀ ਮੇਰੇ ਹਿਰਦੇ ਵਿਚ ਪੱਕੀ ਕੀਤੀ ਹੈ।
ਪੂਰਬ ਲਿਖਤੁ ਮਿਲਿਆ ਮੇਰੇ ਭਾਈ ॥
ਹੇ ਪਿਆਰੇ ਵੀਰ! (ਮੈਨੂੰ ਤਾਂ) ਪਿਛਲੇ ਜਨਮਾਂ ਦੇ ਕੀਤੇ ਕਰਮਾਂ ਦਾ ਲੇਖ ਮਿਲ ਪਿਆ ਹੈ (ਮੇਰੇ ਤਾਂ ਭਾਗ ਜਾਗ ਪਏ ਹਨ)।
ਜਿਸੁ ਕ੍ਰਿਪਾ ਕਰੇ ਤਿਸੁ ਪੂਰਨ ਸਾਜ ॥
ਜਿਸ (ਭੀ ਜੀਵ) ਉੱਤੇ ਮਿਹਰ ਕਰਦਾ ਹੈ, ਉਸ ਲਈ (ਅਜਿਹਾ) ਸੋਹਣਾ ਸਬੱਬ ਬਣਾ ਦੇਂਦਾ ਹੈ।
ਕਬੀਰ ਕੋ ਸੁਆਮੀ ਗਰੀਬ ਨਿਵਾਜ ॥੪॥੪੦॥
ਕਬੀਰ ਦਾ ਖਸਮ-ਪ੍ਰਭੂ ਗ਼ਰੀਬਾਂ ਨੂੰ ਨਿਵਾਜਣ ਵਾਲਾ ਹੈ ॥੪॥੪੦॥
ਜਲਿ ਹੈ ਸੂਤਕੁ ਥਲਿ ਹੈ ਸੂਤਕੁ ਸੂਤਕ ਓਪਤਿ ਹੋਈ ॥
(ਜੇ ਜੀਵਾਂ ਦੇ ਜੰਮਣ ਤੇ ਮਰਨ ਨਾਲ ਸੂਤਕ-ਪਾਤਕ ਦੀ ਭਿੱਟ ਪੈਦਾ ਹੋ ਜਾਂਦੀ ਹੈ ਤਾਂ) ਪਾਣੀ ਵਿਚ ਸੂਤਕ ਹੈ, ਧਰਤੀ ਉਤੇ ਸੂਤਕ ਹੈ, (ਹਰ ਥਾਂ) ਸੂਤਕ ਦੀ ਉਤਪੱਤੀ ਹੈ (ਭਾਵ, ਹਰ ਥਾਂ ਭਿੱਟਿਆ ਹੋਇਆ ਹੈ, ਕਿਉਂਕਿ)
ਜਨਮੇ ਸੂਤਕੁ ਮੂਏ ਫੁਨਿ ਸੂਤਕੁ ਸੂਤਕ ਪਰਜ ਬਿਗੋਈ ॥੧॥
ਕਿਸੇ ਜੀਵ ਦੇ ਜੰਮਣ ਤੇ ਸੂਤਕ (ਪੈ ਜਾਂਦਾ ਹੈ) ਫਿਰ ਮਰਨ ਤੇ ਭੀ ਸੂਤਕ (ਆ ਪੈਂਦਾ ਹੈ); (ਇਸ) ਭਿੱਟ (ਤੇ ਭਰਮ) ਵਿਚ ਦੁਨੀਆ ਖ਼ੁਆਰ ਹੋ ਰਹੀ ਹੈ ॥੧॥
ਕਹੁ ਰੇ ਪੰਡੀਆ ਕਉਨ ਪਵੀਤਾ ॥
ਹੇ ਪੰਡਿਤ! (ਜਦੋਂ ਹਰ ਥਾਂ ਸੂਤਕ ਪੈ ਰਿਹਾ ਹੈ) ਸੁੱਚਾ ਕੌਣ (ਹੋ ਸਕਦਾ) ਹੈ?
ਐਸਾ ਗਿਆਨੁ ਜਪਹੁ ਮੇਰੇ ਮੀਤਾ ॥੧॥ ਰਹਾਉ ॥
(ਤਾਂ ਫਿਰ) ਹੇ ਪਿਆਰੇ ਮਿੱਤਰ! ਇਸ ਗੱਲ ਨੂੰ ਗਹੁ ਨਾਲ ਵਿਚਾਰ ਤੇ ਦੱਸ ॥੧॥ ਰਹਾਉ ॥
ਨੈਨਹੁ ਸੂਤਕੁ ਬੈਨਹੁ ਸੂਤਕੁ ਸੂਤਕੁ ਸ੍ਰਵਨੀ ਹੋਈ ॥
(ਨਿਰੇ ਇਹਨੀਂ ਅੱਖੀਂ ਦਿੱਸਦੇ ਜੀਵ ਹੀ ਨਹੀਂ ਜੰਮਦੇ ਮਰਦੇ, ਸਾਡੇ ਬੋਲਣ ਚਾਲਣ ਆਦਿਕ ਹਰਕਤਾਂ ਨਾਲ ਕਈ ਸੂਖਮ ਜੀਵ ਮਰ ਰਹੇ ਹਨ, ਤਾਂ ਫਿਰ) ਅੱਖਾਂ ਵਿਚ ਸੂਤਕ ਹੈ, ਬੋਲਣ (ਭਾਵ, ਜੀਭ) ਵਿਚ ਸੂਤਕ ਹੈ, ਕੰਨਾਂ ਵਿਚ ਭੀ ਸੂਤਕ ਹੈ।
ਊਠਤ ਬੈਠਤ ਸੂਤਕੁ ਲਾਗੈ ਸੂਤਕੁ ਪਰੈ ਰਸੋਈ ॥੨॥
ਉਠਦਿਆਂ ਬੈਠਦਿਆਂ ਹਰ ਵੇਲੇ (ਸਾਨੂੰ) ਸੂਤਕ ਪੈ ਰਿਹਾ ਹੈ, (ਸਾਡੀ) ਰਸੋਈ ਵਿਚ ਭੀ ਸੂਤਕ ਹੈ ॥੨॥
ਫਾਸਨ ਕੀ ਬਿਧਿ ਸਭੁ ਕੋਊ ਜਾਨੈ ਛੂਟਨ ਕੀ ਇਕੁ ਕੋਈ ॥
(ਜਿੱਧਰ ਵੇਖੋ) ਹਰੇਕ ਜੀਵ (ਸੂਤਕ ਦੇ ਭਰਮਾਂ ਵਿਚ) ਫਸਣ ਦਾ ਹੀ ਢੰਗ ਜਾਣਦਾ ਹੈ, (ਇਹਨਾਂ ਵਿਚੋਂ) ਖ਼ਲਾਸੀ ਕਰਾਣ ਦੀ ਸਮਝ ਕਿਸੇ ਵਿਰਲੇ ਨੂੰ ਹੈ।
ਕਹਿ ਕਬੀਰ ਰਾਮੁ ਰਿਦੈ ਬਿਚਾਰੈ ਸੂਤਕੁ ਤਿਨੈ ਨ ਹੋਈ ॥੩॥੪੧॥
ਕਬੀਰ ਆਖਦਾ ਹੈ-ਜੋ ਜੋ ਮਨੁੱਖ (ਆਪਣੇ) ਹਿਰਦੇ ਵਿਚ ਪ੍ਰਭੂ ਨੂੰ ਸਿਮਰਦਾ ਹੈ, ਉਹਨਾਂ ਨੂੰ (ਇਹ) ਭਿੱਟ ਨਹੀਂ ਲੱਗਦੀ ॥੩॥੪੧॥
ਗਉੜੀ ॥
ਝਗਰਾ ਏਕੁ ਨਿਬੇਰਹੁ ਰਾਮ ॥
ਇਹ ਇਕ (ਵੱਡਾ) ਸ਼ੰਕਾ ਦੂਰ ਕਰ ਦੇਹ (ਭਾਵ, ਇਹ ਸ਼ੱਕ ਮੈਨੂੰ ਤੇਰੇ ਚਰਨਾਂ ਵਿਚ ਜੁੜਨ ਨਹੀਂ ਦੇਵੇਗਾ),
ਜਉ ਤੁਮ ਅਪਨੇ ਜਨ ਸੌ ਕਾਮੁ ॥੧॥ ਰਹਾਉ ॥
ਹੇ ਪ੍ਰਭੂ! ਜੇ ਤੈਨੂੰ ਆਪਣੇ ਸੇਵਕ ਨਾਲ ਕੰਮ ਹੈ (ਭਾਵ, ਜੇ ਤੂੰ ਮੈਨੂੰ ਆਪਣੇ ਚਰਨਾਂ ਵਿਚ ਜੋੜੀ ਰੱਖਣਾ ਹੈ) ॥੧॥ ਰਹਾਉ ॥
ਇਹੁ ਮਨੁ ਬਡਾ ਕਿ ਜਾ ਸਉ ਮਨੁ ਮਾਨਿਆ ॥
ਕੀ ਇਹ ਮਨ ਬਲਵਾਨ ਹੈ ਜਾਂ (ਇਸ ਤੋਂ ਵਧੀਕ ਬਲਵਾਨ ਉਹ ਪ੍ਰਭੂ ਹੈ) ਜਿਸ ਨਾਲ ਮਨ ਪਤੀਜ ਜਾਂਦਾ ਹੈ (ਤੇ ਭਟਕਣੋਂ ਹਟ ਜਾਂਦਾ ਹੈ)?
ਰਾਮੁ ਬਡਾ ਕੈ ਰਾਮਹਿ ਜਾਨਿਆ ॥੧॥
ਕੀ ਪਰਮਾਤਮਾ ਸਤਕਾਰ-ਜੋਗ ਹੈ, ਜਾਂ (ਉਸ ਤੋਂ ਵਧੀਕ ਸਤਕਾਰ-ਜੋਗ ਉਹ ਮਹਾਂਪੁਰਖ ਹੈ), ਜਿਸ ਨੇ ਪਰਮਾਤਮਾ ਨੂੰ ਪਛਾਣ ਲਿਆ ਹੈ? ॥੧॥
ਬ੍ਰਹਮਾ ਬਡਾ ਕਿ ਜਾਸੁ ਉਪਾਇਆ ॥
ਕੀ ਬ੍ਰਹਮਾ (ਆਦਿਕ ਦੇਵਤਾ) ਬਲੀ ਹੈ, ਜਾਂ (ਉਸ ਤੋਂ ਵਧੀਕ ਉਹ ਪ੍ਰਭੂ ਹੈ) ਜਿਸ ਦਾ ਪੈਦਾ ਕੀਤਾ ਹੋਇਆ (ਇਹ ਬ੍ਰਹਮਾ) ਹੈ?
ਬੇਦੁ ਬਡਾ ਕਿ ਜਹਾਂ ਤੇ ਆਇਆ ॥੨॥
ਕੀ ਵੇਦ (ਆਦਿਕ ਧਰਮ-ਪੁਸਤਕਾਂ ਦਾ ਗਿਆਨ) ਸਿਰ-ਨਿਵਾਉਣ-ਜੋਗ ਹੈ ਜਾਂ ਉਹ (ਮਹਾਂਪੁਰਖ) ਜਿਸ ਤੋਂ (ਇਹ ਗਿਆਨ) ਮਿਲਿਆ? ॥੨॥
ਕਹਿ ਕਬੀਰ ਹਉ ਭਇਆ ਉਦਾਸੁ ॥
ਕਬੀਰ ਆਖਦਾ ਹੈ-ਮੇਰੇ ਮਨ ਵਿਚ ਇਹ ਸ਼ੱਕ ਉੱਠ ਰਿਹਾ ਹੈ,
ਤੀਰਥੁ ਬਡਾ ਕਿ ਹਰਿ ਕਾ ਦਾਸੁ ॥੩॥੪੨॥
ਕਿ ਤੀਰਥ (ਧਰਮ-ਅਸਥਾਨ) ਪੂਜਣ-ਜੋਗ ਹੈ ਜਾਂ ਪ੍ਰਭੂ ਦਾ (ਉਹ) ਭਗਤ (ਵਧੀਕ ਪੂਜਣ-ਜੋਗ ਹੈ ਜਿਸ ਦਾ ਸਦਕਾ ਉਹ ਤੀਰਥ ਬਣਿਆ) ॥੩॥੪੨॥
ਰਾਗੁ ਗਉੜੀ ਚੇਤੀ ॥
ਦੇਖੌ ਭਾਈ ਗੵਾਨ ਕੀ ਆਈ ਆਂਧੀ ॥
ਹੇ ਸੱਜਣ! ਵੇਖ, (ਜਦੋਂ) ਗਿਆਨ ਦੀ ਹਨੇਰੀ ਆਉਂਦੀ ਹੈ,
ਸਭੈ ਉਡਾਨੀ ਭ੍ਰਮ ਕੀ ਟਾਟੀ ਰਹੈ ਨ ਮਾਇਆ ਬਾਂਧੀ ॥੧॥ ਰਹਾਉ ॥
ਤਾਂ ਭਰਮ-ਵਹਿਮ ਦਾ ਛੱਪਰ ਸਾਰੇ ਦਾ ਸਾਰਾ ਉੱਡ ਜਾਂਦਾ ਹੈ; ਮਾਇਆ ਦੇ ਆਸਰੇ ਖਲੋਤਾ ਹੋਇਆ (ਇਹ ਛੱਪਰ ਗਿਆਨ ਦੀ ਹਨੇਰੀ ਦੇ ਅੱਗੇ) ਟਿਕਿਆ ਨਹੀਂ ਰਹਿ ਸਕਦਾ ॥੧॥ ਰਹਾਉ ॥
ਦੁਚਿਤੇ ਕੀ ਦੁਇ ਥੂਨਿ ਗਿਰਾਨੀ ਮੋਹ ਬਲੇਡਾ ਟੂਟਾ ॥
(ਭਰਮਾਂ-ਵਹਿਮਾਂ ਵਿਚ) ਡੋਲਦੇ ਮਨ ਦੀ ਦ੍ਵੈਤ-ਰੂਪ ਥੰਮ੍ਹੀ ਡਿੱਗ ਪੈਂਦੀ ਹੈ (ਭਾਵ, ਪ੍ਰਭੂ ਦੀ ਟੇਕ ਛੱਡ ਕੇ ਕਦੇ ਕੋਈ ਆਸਰਾ ਤੱਕਣਾ, ਕਦੇ ਕੋਈ ਸਹਾਰਾ ਬਣਾਉਣਾ-ਮਨ ਦੀ ਇਹ ਡਾਵਾਂ-ਡੋਲ ਹਾਲਤ ਮੁੱਕ ਜਾਂਦੀ ਹੈ)। ਇਸ ਦੁਨੀਆਵੀ ਆਸਰੇ ਦੀ ਥੰਮ੍ਹੀ ਤੇ ਟਿਕਿਆ ਹੋਇਆ) ਮੋਹ-ਰੂਪ ਵਲਾ (ਭੀ ਡਿੱਗ ਕੇ) ਟੁੱਟ ਜਾਂਦਾ ਹੈ।
ਤਿਸਨਾ ਛਾਨਿ ਪਰੀ ਧਰ ਊਪਰਿ ਦੁਰਮਤਿ ਭਾਂਡਾ ਫੂਟਾ ॥੧॥
(ਇਸ ਮੋਹ-ਰੂਪ ਵਲੇ ਤੇ ਟਿਕਿਆ ਹੋਇਆ) ਤ੍ਰਿਸ਼ਨਾ ਦਾ ਛੱਪਰ (ਵਲਾ ਟੁੱਟ ਜਾਣ ਕਰਕੇ) ਭੁੰਞੇ ਆ ਪੈਂਦਾ ਹੈ, ਤੇ ਇਸ ਕੁਚੱਜੀ ਮੱਤ ਦਾ ਭਾਂਡਾ ਭੱਜ ਜਾਂਦਾ ਹੈ (ਭਾਵ, ਇਹ ਸਾਰੀ ਦੀ ਸਾਰੀ ਕੁਚੱਜੀ ਮੱਤ ਮੁੱਕ ਜਾਂਦੀ ਹੈ) ॥੧॥
ਆਂਧੀ ਪਾਛੇ ਜੋ ਜਲੁ ਬਰਖੈ ਤਿਹਿ ਤੇਰਾ ਜਨੁ ਭੀਨਾਂ ॥
(ਗਿਆਨ ਦੀ) ਹਨੇਰੀ ਦੇ ਪਿਛੋਂ ਜਿਹੜਾ (‘ਨਾਮ’ ਦਾ) ਮੀਂਹ ਵਰ੍ਹਦਾ ਹੈ, ਉਸ ਵਿਚ (ਹੇ ਪ੍ਰਭੂ! ਤੇਰੀ ਭਗਤੀ ਕਰਨ ਵਾਲਾ) ਤੇਰਾ ਭਗਤ ਭਿੱਜ ਜਾਂਦਾ ਹੈ (ਭਾਵ, ਗਿਆਨ ਦੀ ਬਰਕਤਿ ਨਾਲ ਭਰਮ-ਵਹਿਮ ਮੁੱਕ ਜਾਣ ਤੇ ਜਿਉਂ ਜਿਉਂ ਮਨੁੱਖ ਨਾਮ ਜਪਦਾ ਹੈ, ਉਸ ਦੇ ਮਨ ਵਿਚ ਸ਼ਾਂਤੀ ਤੇ ਟਿਕਾਉ ਪੈਦਾ ਹੁੰਦਾ ਹੈ)।
ਕਹਿ ਕਬੀਰ ਮਨਿ ਭਇਆ ਪ੍ਰਗਾਸਾ ਉਦੈ ਭਾਨੁ ਜਬ ਚੀਨਾ ॥੨॥੪੩॥
ਕਬੀਰ ਆਖਦਾ ਹੈ-ਜਦੋਂ (ਹੇ ਪ੍ਰਭੂ! ਤੇਰਾ ਸੇਵਕ) ਆਪਣੇ ਅੰਦਰ (ਤੇਰੇ ਨਾਮ ਦਾ) ਸੂਰਜ ਚੜ੍ਹਿਆ ਹੋਇਆ ਤੱਕਦਾ ਹੈ ਤਾਂ ਉਸ ਦੇ ਮਨ ਵਿਚ ਚਾਨਣ (ਹੀ ਚਾਨਣ) ਹੋ ਜਾਂਦਾ ਹੈ ॥੨॥੪੩॥
ਗਉੜੀ ਚੇਤੀ ॥
ਰਾਗ ਗਉੜੀ-ਚੇਤੀ।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹਰਿ ਜਸੁ ਸੁਨਹਿ ਨ ਹਰਿ ਗੁਨ ਗਾਵਹਿ ॥
(ਕਈ ਮਨੁੱਖ ਆਪ) ਨਾਹ ਕਦੇ ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣਦੇ ਹਨ, ਨਾਹ ਹਰੀ ਦੇ ਗੁਣ ਗਾਉਂਦੇ ਹਨ,
ਬਾਤਨ ਹੀ ਅਸਮਾਨੁ ਗਿਰਾਵਹਿ ॥੧॥
ਪਰ ਸ਼ੇਖ਼ੀ ਦੀਆਂ ਗੱਲਾਂ ਨਾਲ ਤਾਂ (ਮਾਨੋ) ਅਸਮਾਨ ਨੂੰ ਢਾਹ ਲੈਂਦੇ ਹਨ ॥੧॥
ਐਸੇ ਲੋਗਨ ਸਿਉ ਕਿਆ ਕਹੀਐ ॥
ਅਜਿਹੇ ਬੰਦਿਆਂ ਨੂੰ ਭਲੀ ਮੱਤ ਦੇਣ ਦਾ ਕੋਈ ਲਾਭ ਨਹੀਂ,
ਜੋ ਪ੍ਰਭ ਕੀਏ ਭਗਤਿ ਤੇ ਬਾਹਜ ਤਿਨ ਤੇ ਸਦਾ ਡਰਾਨੇ ਰਹੀਐ ॥੧॥ ਰਹਾਉ ॥
ਜਿਨ੍ਹਾਂ ਨੂੰ ਪ੍ਰਭੂ ਨੇ ਭਗਤੀ ਤੋਂ ਵਾਂਜੇ ਰੱਖਿਆ ਹੈ (ਉਹਨਾਂ ਨੂੰ ਮੱਤ ਦੇਣ ਦੇ ਥਾਂ ਸਗੋਂ) ਉਹਨਾਂ ਤੋਂ ਸਦਾ ਦੂਰ ਦੂਰ ਹੀ ਰਹਿਣਾ ਚਾਹੀਦਾ ਹੈ ॥੧॥ ਰਹਾਉ ॥
ਆਪਿ ਨ ਦੇਹਿ ਚੁਰੂ ਭਰਿ ਪਾਨੀ ॥
(ਉਹ ਲੋਕ) ਆਪ ਤਾਂ (ਕਿਸੇ ਨੂੰ) ਇਕ ਚੁਲੀ ਜਿਤਨਾ ਪਾਣੀ ਭੀ ਨਹੀਂ ਦੇਂਦੇ,
ਤਿਹ ਨਿੰਦਹਿ ਜਿਹ ਗੰਗਾ ਆਨੀ ॥੨॥
ਪਰ ਨਿੰਦਿਆ ਉਹਨਾਂ ਦੀ ਕਰਦੇ ਹਨ ਜਿਨ੍ਹਾਂ ਨੇ ਗੰਗਾ ਵਗਾ ਦਿੱਤੀ ਹੋਵੇ ॥੨॥
ਬੈਠਤ ਉਠਤ ਕੁਟਿਲਤਾ ਚਾਲਹਿ ॥
ਬੈਠਦਿਆਂ ਉਠਦਿਆਂ (ਹਰ ਵੇਲੇ ਉਹ) ਟੇਢੀਆਂ ਚਾਲਾਂ ਹੀ ਚੱਲਦੇ ਹਨ,
ਆਪੁ ਗਏ ਅਉਰਨ ਹੂ ਘਾਲਹਿ ॥੩॥
ਉਹ ਆਪਣੇ ਆਪ ਤੋਂ ਗਏ-ਗੁਜ਼ਰੇ ਬੰਦੇ ਹੋਰਨਾਂ ਨੂੰ ਭੀ ਕੁਰਾਹੇ ਪਾਂਦੇ ਹਨ ॥੩॥
ਛਾਡਿ ਕੁਚਰਚਾ ਆਨ ਨ ਜਾਨਹਿ ॥
ਫੋਕੀ ਬਹਿਸ ਤੋਂ ਬਿਨਾ ਉਹ ਹੋਰ ਕੁਝ ਕਰਨਾ ਜਾਣਦੇ ਹੀ ਨਹੀਂ,
ਬ੍ਰਹਮਾ ਹੂ ਕੋ ਕਹਿਓ ਨ ਮਾਨਹਿ ॥੪॥
ਕਿਸੇ ਵੱਡੇ ਤੋਂ ਵੱਡੇ ਮੰਨੇ-ਪ੍ਰਮੰਨੇ ਸਿਆਣੇ ਦੀ ਭੀ ਗੱਲ ਨਹੀਂ ਮੰਨਦੇ ॥੪॥
ਆਪੁ ਗਏ ਅਉਰਨ ਹੂ ਖੋਵਹਿ ॥
ਆਪਣੇ ਆਪ ਤੋਂ ਗਏ-ਗੁਜ਼ਰੇ ਉਹ ਲੋਕ ਹੋਰਨਾਂ ਨੂੰ ਭੀ ਖੁੰਝਾਉਂਦੇ ਹਨ,
ਆਗਿ ਲਗਾਇ ਮੰਦਰ ਮੈ ਸੋਵਹਿ ॥੫॥
ਉਹ (ਮਾਨੋ, ਆਪਣੇ ਹੀ ਘਰ ਨੂੰ) ਅੱਗ ਲਾ ਕੇ ਘਰ ਵਿਚ ਸੌਂ ਰਹੇ ਹਨ ॥੫॥
ਅਵਰਨ ਹਸਤ ਆਪ ਹਹਿ ਕਾਂਨੇ ॥
ਉਹ ਆਪ ਤਾਂ ਕਾਣੇ ਹਨ (ਕਈ ਤਰ੍ਹਾਂ ਦੇ ਵੈਲ ਕਰਦੇ ਹਨ) ਪਰ ਹੋਰਨਾਂ ਨੂੰ ਮਖ਼ੌਲ ਕਰਦੇ ਹਨ।
ਤਿਨ ਕਉ ਦੇਖਿ ਕਬੀਰ ਲਜਾਨੇ ॥੬॥੧॥੪੪॥
ਅਜਿਹੇ ਬੰਦਿਆਂ ਨੂੰ ਵੇਖ ਕੇ, ਹੇ ਕਬੀਰ! ਸ਼ਰਮ ਆਉਂਦੀ ਹੈ ॥੬॥੧॥੪੪॥
ਰਾਗੁ ਗਉੜੀ ਬੈਰਾਗਣਿ ਕਬੀਰ ਜੀ ॥
ਰਾਗ ਗਉੜੀ-ਬੈਰਾਗਣਿ ਵਿੱਚ, ਭਗਤ ਕਬੀਰ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ ॥
ਲੋਕ ਜੀਊਂਦੇ ਮਾਪਿਆਂ ਦਾ ਤਾਂ ਆਦਰ ਮਾਣ ਨਹੀਂ ਕਰਦੇ, ਪਰ ਮਰ ਗਏ ਪਿਤਰਾਂ ਨਿਮਿਤ ਭੋਜਨ ਖੁਆਉਂਦੇ ਹਨ।
ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ ॥੧॥
ਵਿਚਾਰੇ ਪਿਤਰ ਭਲਾ ਉਹ ਸਰਾਧਾਂ ਦਾ ਭੋਜਨ ਕਿਵੇਂ ਹਾਸਲ ਕਰਨ? ਉਸ ਨੂੰ ਤਾਂ ਕਾਂ-ਕੁੱਤੇ ਖਾ ਜਾਂਦੇ ਹਨ ॥੧॥
ਮੋ ਕਉ ਕੁਸਲੁ ਬਤਾਵਹੁ ਕੋਈ ॥
ਮੈਨੂੰ ਕੋਈ ਧਿਰ ਦੱਸੋ ਕਿ (ਪਿਤਰਾਂ ਦੇ ਨਮਿਤ ਸਰਾਧ ਖੁਆਉਣ ਨਾਲ ਪਿਛੇ ਘਰ ਵਿਚ) ਸੁਖ-ਆਨੰਦ ਕਿਵੇਂ ਹੋ ਜਾਂਦਾ ਹੈ।
ਕੁਸਲੁ ਕੁਸਲੁ ਕਰਤੇ ਜਗੁ ਬਿਨਸੈ ਕੁਸਲੁ ਭੀ ਕੈਸੇ ਹੋਈ ॥੧॥ ਰਹਾਉ ॥
ਸਾਰਾ ਸੰਸਾਰ (ਇਸੇ ਭਰਮ-ਵਹਿਮ ਵਿਚ) ਖਪ ਰਿਹਾ ਹੈ ਕਿ (ਪਿਤਰਾਂ ਨਿਮਿਤ ਸਰਾਧ ਕੀਤਿਆਂ ਘਰ ਵਿਚ) ਸੁਖ-ਆਨੰਦ ਬਣਿਆ ਰਹਿੰਦਾ ਹੈ ॥੧॥ ਰਹਾਉ ॥
ਮਾਟੀ ਕੇ ਕਰਿ ਦੇਵੀ ਦੇਵਾ ਤਿਸੁ ਆਗੈ ਜੀਉ ਦੇਹੀ ॥
ਮਿੱਟੀ ਦੇ ਦੇਵੀ-ਦੇਵਤੇ ਬਣਾ ਕੇ ਲੋਕ ਉਸ ਦੇਵੀ ਜਾਂ ਦੇਵਤੇ ਅੱਗੇ (ਬੱਕਰੇ ਆਦਿਕ ਦੀ) ਕੁਰਬਾਨੀ ਦੇਂਦੇ ਹਨ।
ਐਸੇ ਪਿਤਰ ਤੁਮਾਰੇ ਕਹੀਅਹਿ ਆਪਨ ਕਹਿਆ ਨ ਲੇਹੀ ॥੨॥
(ਹੇ ਭਾਈ! ਇਸੇ ਤਰ੍ਹਾਂ) ਦੇ (ਮਿੱਟੀ ਦੇ ਬਣਾਏ ਹੋਏ) ਤੁਹਾਡੇ ਪਿਤਰ ਅਖਵਾਉਂਦੇ ਹਨ, (ਉਹਨਾਂ ਅੱਗੇ ਭੀ ਜੋ ਤੁਹਾਡਾ ਚਿੱਤ ਕਰਦਾ ਹੈ ਧਰ ਦੇਂਦੇ ਹੋ) ਉਹ ਆਪਣੇ ਮੂੰਹੋਂ ਮੰਗਿਆ ਕੁਝ ਨਹੀਂ ਲੈ ਸਕਦੇ ॥੨॥
ਸਰਜੀਉ ਕਾਟਹਿ ਨਿਰਜੀਉ ਪੂਜਹਿ ਅੰਤ ਕਾਲ ਕਉ ਭਾਰੀ ॥
ਲੋਕੀ ਜੀਉਂਦੇ ਜੀਵਾਂ ਨੂੰ (ਦੇਵੀ ਦੇਵਤਿਆਂ ਅੱਗੇ ਭੇਟ ਕਰਨ ਲਈ) ਮਾਰਦੇ ਹਨ (ਤੇ ਇਸ ਤਰ੍ਹਾਂ ਮਿੱਟੀ ਆਦਿਕ ਦੇ ਬਣਾਏ ਹੋਏ) ਨਿਰਜਿੰਦ ਦੇਵਤਿਆਂ ਨੂੰ ਪੂਜਦੇ ਹਨ; ਆਪਣਾ ਅੱਗਾ ਵਿਗਾੜੀ ਜਾ ਰਹੇ ਹਨ।
ਰਾਮ ਨਾਮ ਕੀ ਗਤਿ ਨਹੀ ਜਾਨੀ ਭੈ ਡੂਬੇ ਸੰਸਾਰੀ ॥੩॥
(ਐਸੇ ਲੋਕਾਂ ਨੂੰ) ਉਸ ਆਤਮਕ ਅਵਸਥਾ ਦੀ ਸਮਝ ਨਹੀਂ ਪੈਂਦੀ ਜੋ ਪ੍ਰਭੂ ਦਾ ਨਾਮ ਸਿਮਰਦਿਆਂ ਬਣਦੀ ਹੈ। ਲੋਕ ਲੋਕਾਚਾਰੀ ਰਸਮਾਂ ਦੇ ਡਰ ਵਿਚ ਗ਼ਰਕ ਹੋ ਰਹੇ ਹਨ ॥੩॥
ਦੇਵੀ ਦੇਵਾ ਪੂਜਹਿ ਡੋਲਹਿ ਪਾਰਬ੍ਰਹਮੁ ਨਹੀ ਜਾਨਾ ॥
(ਅਜਿਹੇ ਲੋਕ ਮਿੱਟੀ ਦੇ ਬਣਾਏ ਹੋਏ) ਦੇਵੀ-ਦੇਵਤਿਆਂ ਨੂੰ ਪੂਜਦੇ ਹਨ ਤੇ ਸਹਿਮੇ ਭੀ ਰਹਿੰਦੇ ਹਨ (ਕਿਉਂਕਿ ਅਸਲ ‘ਕੁਸ਼ਲ’ ਦੇਣ ਵਾਲੇ) ਅਕਾਲ ਪੁਰਖ ਨੂੰ ਉਹ ਜਾਣਦੇ ਹੀ ਨਹੀਂ ਹਨ।
ਕਹਤ ਕਬੀਰ ਅਕੁਲੁ ਨਹੀ ਚੇਤਿਆ ਬਿਖਿਆ ਸਿਉ ਲਪਟਾਨਾ ॥੪॥੧॥੪੫॥
ਕਬੀਰ ਆਖਦਾ ਹੈ-ਉਹ ਜਾਤ-ਕੁਲ-ਰਹਿਤ ਪ੍ਰਭੂ ਨੂੰ ਨਹੀਂ ਸਿਮਰਦੇ ਉਹ (ਸਦਾ) ਮਾਇਆ ਨਾਲ ਲਪਟੇ ਰਹਿੰਦੇ ਹਨ ॥੪॥੧॥੪੫॥
ਗਉੜੀ ॥
ਜੀਵਤ ਮਰੈ ਮਰੈ ਫੁਨਿ ਜੀਵੈ ਐਸੇ ਸੁੰਨਿ ਸਮਾਇਆ ॥
ਜੋ ਮਨੁੱਖ ਮੁੜ ਮੁੜ ਜਤਨ ਕਰ ਕੇ ਮਨ ਵਿਕਾਰਾਂ ਦੇ ਫੁਰਨਿਆਂ ਵਲੋਂ ਹਟਾ ਲੈਂਦਾ ਹੈ, ਉਹ ਫਿਰ (ਅਸਲ ਜੀਵਨ) ਜੀਊਂਦਾ ਹੈ ਤੇ ਉਸ ਅਵਸਥਾ ਵਿਚ ਜਿਥੇ ਵਿਕਾਰਾਂ ਦੇ ਫੁਰਨੇ ਨਹੀਂ ਉਠਦੇ, ਇਉਂ ਲੀਨ ਹੁੰਦਾ ਹੈ,
ਅੰਜਨ ਮਾਹਿ ਨਿਰੰਜਨਿ ਰਹੀਐ ਬਹੁੜਿ ਨ ਭਵਜਲਿ ਪਾਇਆ ॥੧॥
ਕਿ ਮਾਇਆ ਵਿਚ ਰਹਿੰਦਾ ਹੋਇਆ ਭੀ ਉਹ ਮਾਇਆ-ਰਹਿਤ ਪ੍ਰਭੂ ਵਿਚ ਟਿਕਿਆ ਰਹਿੰਦਾ ਹੈ ਤੇ ਮੁੜ (ਮਾਇਆ ਦੀ) ਘੁੰਮਣਘੇਰ ਵਿਚ ਨਹੀਂ ਪੈਂਦਾ ॥੧॥
ਮੇਰੇ ਰਾਮ ਐਸਾ ਖੀਰੁ ਬਿਲੋਈਐ ॥
ਹੇ ਪਿਆਰੇ ਪ੍ਰਭੂ! ਤਦੋਂ ਹੀ ਦੁੱਧ ਰਿੜਕਿਆ ਜਾ ਸਕਦਾ ਹੈ (ਭਾਵ, ਸਿਮਰਨ ਦਾ ਸਫਲ ਉੱਦਮ ਕੀਤਾ ਜਾ ਸਕਦਾ ਹੈ)
ਗੁਰਮਤਿ ਮਨੂਆ ਅਸਥਿਰੁ ਰਾਖਹੁ ਇਨ ਬਿਧਿ ਅੰਮ੍ਰਿਤੁ ਪੀਓਈਐ ॥੧॥ ਰਹਾਉ ॥
ਤੇ, ਇਸੇ ਤਰੀਕੇ ਨਾਲ ਹੀ (ਭਾਵ, ਜੇ ਤੂੰ ਮੇਰੇ ਮਨ ਨੂੰ ਅਡੋਲ ਰੱਖੇਂ) ਤੇਰਾ ਨਾਮ-ਅੰਮ੍ਰਿਤ ਪੀਤਾ ਜਾ ਸਕਦਾ ਹੈ। ਹੇ ਪ੍ਰਭੂ! ਮੈਨੂੰ ਗੁਰੂ ਦੀ ਮੱਤ ਦੇ ਕੇ ਮੇਰਾ ਕਮਜ਼ੋਰ ਮਨ (ਮਾਇਆ ਵਲੋਂ) ਅਡੋਲ ਰੱਖ ॥੧॥ ਰਹਾਉ ॥
ਗੁਰ ਕੈ ਬਾਣਿ ਬਜਰ ਕਲ ਛੇਦੀ ਪ੍ਰਗਟਿਆ ਪਦੁ ਪਰਗਾਸਾ ॥
ਜਿਸ ਮਨੁੱਖ ਨੇ ਸਤਿਗੁਰੂ ਦੇ (ਸ਼ਬਦ-ਰੂਪ) ਤੀਰ ਨਾਲ ਕਰੜੀ ਮਨੋ-ਕਲਪਣਾ ਵਿੰਨ੍ਹ ਲਈ ਹੈ (ਭਾਵ, ਮਨ ਦੀ ਵਿਕਾਰਾਂ ਵਲ ਦੀ ਦੌੜ ਰੋਕ ਲਈ ਹੈ) ਉਸ ਦੇ ਅੰਦਰ ਪ੍ਰਕਾਸ਼-ਪਦ ਪੈਦਾ ਹੋ ਜਾਂਦਾ ਹੈ (ਭਾਵ, ਉਸ ਦੇ ਅੰਦਰ ਉਹ ਅਵਸਥਾ ਬਣ ਜਾਂਦੀ ਹੈ ਜਿੱਥੇ ਐਸਾ ਆਤਮਕ ਚਾਨਣ ਹੋ ਜਾਂਦਾ ਹੈ ਕਿ ਉਹ ਮਾਇਆ ਦੇ ਹਨੇਰੇ ਵਿਚ ਨਹੀਂ ਫਸਦਾ)।
ਸਕਤਿ ਅਧੇਰ ਜੇਵੜੀ ਭ੍ਰਮੁ ਚੂਕਾ ਨਿਹਚਲੁ ਸਿਵ ਘਰਿ ਬਾਸਾ ॥੨॥
(ਜਿਵੇਂ ਹਨੇਰੇ ਵਿਚ) ਰੱਸੀ (ਨੂੰ ਸੱਪ ਸਮਝਣ) ਦਾ ਭੁਲੇਖਾ (ਪੈਂਦਾ ਹੈ ਤੇ ਚਾਨਣ ਹੋਇਆਂ ਉਹ ਭੁਲੇਖਾ ਮਿਟ ਜਾਂਦਾ ਹੈ ਤਿਵੇਂ) ਮਾਇਆ ਦੇ (ਪ੍ਰਭਾਵ-ਰੂਪ) ਹਨੇਰੇ ਵਿਚ (ਵਿਕਾਰਾਂ ਨੂੰ ਹੀ ਸਹੀ ਜੀਵਨ ਸਮਝ ਲੈਣ ਦਾ ਭੁਲੇਖਾ) ਨਾਮ ਦੇ ਚਾਨਣ ਨਾਲ ਮਿਟ ਜਾਂਦਾ ਹੈ, ਤੇ ਉਸ ਮਨੁੱਖ ਦਾ ਨਿਵਾਸ ਸਦਾ-ਅਨੰਦ ਰਹਿਣ ਵਾਲੇ ਪ੍ਰਭੂ ਦੇ ਚਰਨਾਂ ਵਿਚ ਸਦਾ ਲਈ ਹੋ ਜਾਂਦਾ ਹੈ ॥੨॥
ਤਿਨਿ ਬਿਨੁ ਬਾਣੈ ਧਨਖੁ ਚਢਾਈਐ ਇਹੁ ਜਗੁ ਬੇਧਿਆ ਭਾਈ ॥
ਹੇ ਸੱਜਣ! (ਜਿਸ ਮਨੁੱਖ ਨੇ ਗੁਰ-ਸ਼ਬਦ ਰੂਪ ਤੀਰ ਦਾ ਆਸਰਾ ਲਿਆ ਹੈ) ਉਸ ਨੇ (ਮਾਨੋ,) ਤੀਰ ਕਮਾਨ ਚੜ੍ਹਾਉਣ ਤੋਂ ਬਿਨਾ ਹੀ ਇਸ ਜਗਤ ਨੂੰ ਵਿੰਨ੍ਹ ਲਿਆ ਹੈ (ਭਾਵ, ਮਾਇਆ ਦਾ ਜ਼ੋਰ ਆਪਣੇ ਉੱਤੇ ਪੈਣ ਨਹੀਂ ਦਿੱਤਾ)।
ਦਹ ਦਿਸ ਬੂਡੀ ਪਵਨੁ ਝੁਲਾਵੈ ਡੋਰਿ ਰਹੀ ਲਿਵ ਲਾਈ ॥੩॥
(ਦੁਨੀਆ ਦੇ ਕੰਮ-ਕਾਰ ਰੂਪ) ਹਵਾ ਉਸ ਦੀ (ਜ਼ਿੰਦਗੀ ਦੀ) ਗੁੱਡੀ ਨੂੰ (ਭਾਵੇਂ ਵੇਖਣ-ਮਾਤ੍ਰ) ਦਸੀਂ ਪਾਸੀਂ ਉਡਾਉਂਦੀ ਹੈ (ਭਾਵ, ਭਾਵੇਂ, ਜੀਵਨ-ਨਿਰਬਾਹ ਦੀ ਖ਼ਾਤਰ ਉਹ ਕਿਰਤ-ਕਾਰ ਕਰਦਾ ਹੈ), ਪਰ, ਉਸ ਦੀ ਸੁਰਤ ਦੀ ਡੋਰ (ਪ੍ਰਭੂ ਨਾਲ) ਜੁੜੀ ਰਹਿੰਦੀ ਹੈ ॥੩॥
ਉਨਮਨਿ ਮਨੂਆ ਸੁੰਨਿ ਸਮਾਨਾ ਦੁਬਿਧਾ ਦੁਰਮਤਿ ਭਾਗੀ ॥
ਉਸ ਮਨੁੱਖ ਦਾ ਮਨ ਬਿਰਹੋਂ ਅਵਸਥਾ ਵਿਚ ਅੱਪੜ ਕੇ ਉਸ ਹਾਲਤ ਵਿਚ ਲੀਨ ਹੋ ਜਾਂਦਾ ਹੈ, ਜਿੱਥੇ ਵਿਕਾਰਾਂ ਦੇ ਫੁਰਨੇ ਨਹੀਂ ਉਠਦੇ। ਉਸ ਦੀ ਦੁਬਿਧਾ ਤੇ ਉਸ ਦੀ ਭੈੜੀ ਮੱਤ ਸਭ ਨਾਸ ਹੋ ਜਾਂਦੀ ਹੈ।
ਕਹੁ ਕਬੀਰ ਅਨਭਉ ਇਕੁ ਦੇਖਿਆ ਰਾਮ ਨਾਮਿ ਲਿਵ ਲਾਗੀ ॥੪॥੨॥੪੬॥
ਕਬੀਰ ਆਖਦਾ ਹੈ- ਉਹ ਇਕ ਅਚਰਜ ਚਮਤਕਾਰਾ ਆਪਣੇ ਅੰਦਰ ਵੇਖ ਲੈਂਦਾ ਹੈ। ਉਸ ਦੀ ਸੁਰਤ ਪ੍ਰਭੂ ਦੇ ਨਾਮ ਵਿਚ ਜੁੜ ਜਾਂਦੀ ਹੈ ॥੪॥੨॥੪੬॥
ਗਉੜੀ ਬੈਰਾਗਣਿ ਤਿਪਦੇ ॥
ਉਲਟਤ ਪਵਨ ਚਕ੍ਰ ਖਟੁ ਭੇਦੇ ਸੁਰਤਿ ਸੁੰਨ ਅਨਰਾਗੀ ॥
ਮਨ ਦੀ ਭਟਕਣਾ ਨੂੰ ਪਰਤਾਂਦਿਆਂ ਹੀ, (ਮਾਨੋ,) (ਜੋਗੀਆਂ ਦੇ ਦੱਸੇ ਹੋਏ) ਛੇ ਹੀ ਚੱਕ੍ਰ (ਇਕੱਠੇ ਹੀ) ਵਿੱਝ ਜਾਂਦੇ ਹਨ, ਅਤੇ ਸੁਰਤੀ ਉਸ ਅਵਸਥਾ ਦੀ ਆਸ਼ਿਕ ਹੋ ਜਾਂਦੀ ਹੈ ਜਿੱਥੇ ਵਿਕਾਰਾਂ ਦਾ ਕੋਈ ਫੁਰਨਾ ਪੈਦਾ ਹੀ ਨਹੀਂ ਹੁੰਦਾ।
ਆਵੈ ਨ ਜਾਇ ਮਰੈ ਨ ਜੀਵੈ ਤਾਸੁ ਖੋਜੁ ਬੈਰਾਗੀ ॥੧॥
(ਹੇ ਭਾਈ! ਵੈਰਾਗੀ ਹੋ ਕੇ) ਮਾਇਆ ਵਲੋਂ ਉਪਰਾਮ ਹੋ ਕੇ ਉਸ ਪ੍ਰਭੂ ਨੂੰ ਲੱਭ, ਜੋ ਨਾਹ ਆਉਂਦਾ ਹੈ ਨਾਹ ਜਾਂਦਾ ਹੈ, ਨਾਹ ਮਰਦਾ ਹੈ, ਨਾਹ ਜੰਮਦਾ ਹੈ ॥੧॥
ਮੇਰੇ ਮਨ ਮਨ ਹੀ ਉਲਟਿ ਸਮਾਨਾ ॥
ਹੇ ਮੇਰੇ ਮਨ! ਜੀਵ ਪਹਿਲਾਂ ਤਾਂ ਪ੍ਰਭੂ ਤੋਂ ਓਪਰਾ ਓਪਰਾ ਰਹਿੰਦਾ ਹੈ (ਭਾਵ, ਪਰਮਾਤਮਾ ਬਾਰੇ ਇਸ ਨੂੰ ਕੋਈ ਸੂਝ ਨਹੀਂ ਹੁੰਦੀ; ਪਰ)
ਗੁਰਪਰਸਾਦਿ ਅਕਲਿ ਭਈ ਅਵਰੈ ਨਾਤਰੁ ਥਾ ਬੇਗਾਨਾ ॥੧॥ ਰਹਾਉ ॥
ਸਤਿਗੁਰੂ ਦੀ ਕਿਰਪਾ ਨਾਲ ਜਿਸ ਦੀ ਸਮਝ ਹੋਰ ਤਰ੍ਹਾਂ ਦੀ ਹੋ ਜਾਂਦੀ ਹੈ, ਉਹ ਮਨ ਦੀ ਵਿਕਾਰਾਂ ਵਲ ਦੀ ਦੌੜ ਨੂੰ ਹੀ ਪਰਤਾ ਕੇ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ ॥੧॥ ਰਹਾਉ ॥
ਨਿਵਰੈ ਦੂਰਿ ਦੂਰਿ ਫੁਨਿ ਨਿਵਰੈ ਜਿਨਿ ਜੈਸਾ ਕਰਿ ਮਾਨਿਆ ॥
(ਇਸ ਤਰ੍ਹਾਂ) ਜਿਸ ਮਨੁੱਖ ਨੇ ਪ੍ਰਭੂ ਨੂੰ ਸਹੀ ਸਰੂਪ ਵਿਚ ਸਮਝ ਲਿਆ ਹੈ, ਉਸ ਤੋਂ (ਉਹ ਕਾਮਾਦਿਕ) ਜੋ ਪਹਿਲਾਂ ਨੇੜੇ ਸਨ, ਦੂਰ ਹੋ ਜਾਂਦੇ ਹਨ, ਤੇ ਜੋ ਪ੍ਰਭੂ ਪਹਿਲਾਂ ਕਿਤੇ ਦੂਰ ਸੀ (ਭਾਵ, ਕਦੇ ਚੇਤੇ ਹੀ ਨਹੀਂ ਸੀ ਆਉਂਦਾ) ਹੁਣ ਅੰਗ-ਸੰਗ ਜਾਪਦਾ ਹੈ।
ਅਲਉਤੀ ਕਾ ਜੈਸੇ ਭਇਆ ਬਰੇਡਾ ਜਿਨਿ ਪੀਆ ਤਿਨਿ ਜਾਨਿਆ ॥੨॥
(ਪਰ ਇਹ ਇਕ ਐਸਾ ਅਨੁਭਵ ਹੈ ਜੋ ਬਿਆਨ ਨਹੀਂ ਕੀਤਾ ਜਾ ਸਕਦਾ, ਸਿਰਫ਼ ਮਾਣਿਆ ਹੀ ਜਾ ਸਕਦਾ ਹੈ) ਜਿਵੇਂ ਮਿਸਰੀ ਦਾ ਸ਼ਰਬਤ ਹੋਵੇ, ਉਸ ਦਾ ਆਨੰਦ ਉਸੇ ਮਨੁੱਖ ਨੇ ਜਾਣਿਆ ਹੈ ਜਿਸ ਨੇ (ਉਹ ਸ਼ਰਬਤ) ਪੀਤਾ ਹੈ ॥੨॥
ਤੇਰੀ ਨਿਰਗੁਨ ਕਥਾ ਕਾਇ ਸਿਉ ਕਹੀਐ ਐਸਾ ਕੋਇ ਬਿਬੇਕੀ ॥
(ਹੇ ਪ੍ਰਭੂ!) ਤੇਰੇ ਉਸ ਸਰੂਪ ਦੀਆਂ ਗੱਲਾਂ ਕਿਸ ਨਾਲ ਕੀਤੀਆਂ ਜਾਣ ਜਿਸ (ਸਰੂਪ) ਵਰਗਾ ਕਿਤੇ ਕੁਝ ਹੈ ਹੀ ਨਹੀਂ? (ਕਿਉਂਕਿ ਇੱਕ ਤਾਂ) ਕੋਈ ਵਿਰਲਾ ਹੀ ਅਜਿਹਾ ਵਿਚਾਰਵਾਨ ਹੈ (ਜੋ ਤੇਰੀਆਂ ਅਜਿਹੀਆਂ ਗੱਲਾਂ ਸੁਣਨ ਦਾ ਚਾਹਵਾਨ ਹੋਵੇ, ਤੇ ਦੂਜੇ, ਇਹ ਅਨੰਦ ਮਾਣਿਆ ਹੀ ਜਾ ਸਕਦਾ ਹੈ, ਬਿਆਨ ਤੋਂ ਪਰੇ ਹੈ)
ਕਹੁ ਕਬੀਰ ਜਿਨਿ ਦੀਆ ਪਲੀਤਾ ਤਿਨਿ ਤੈਸੀ ਝਲ ਦੇਖੀ ॥੩॥੩॥੪੭॥
ਕਬੀਰ ਆਖਦਾ ਹੈ- ਜਿਸ ਨੇ (ਜਿਤਨਾ ਕੁ) ਪ੍ਰੇਮ ਦਾ ਪਲੀਤਾ ਲਾਇਆ ਹੈ ਉਸੇ ਨੇ ਹੀ ਉਤਨੀ ਕੁ ਉਸ ਦੀ ਝਲਕ ਵੇਖੀ ਹੈ ॥੩॥੩॥੪੭॥
ਗਉੜੀ ॥
ਤਹ ਪਾਵਸ ਸਿੰਧੁ ਧੂਪ ਨਹੀ ਛਹੀਆ ਤਹ ਉਤਪਤਿ ਪਰਲਉ ਨਾਹੀ ॥
(ਉਹ ਅਡੋਲ ਅਵਸਥਾ ਐਸੀ ਹੈ ਕਿ) ਉਸ ਵਿਚ (ਅੱਪੜ ਕੇ ਮਨੁੱਖ ਨੂੰ) ਇੰਦ੍ਰਪੁਰੀ, ਵਿਸ਼ਨੂੰ-ਪੁਰੀ, ਸੂਰਜ-ਲੋਕ, ਚੰਦ੍ਰ-ਲੋਕ, ਬ੍ਰਹਮ-ਪੁਰੀ, ਸ਼ਿਵ-ਪੁਰੀ-(ਕਿਸੇ ਦੀ ਭੀ ਤਾਂਘ) ਨਹੀਂ ਰਹਿੰਦੀ।
ਜੀਵਨ ਮਿਰਤੁ ਨ ਦੁਖੁ ਸੁਖੁ ਬਿਆਪੈ ਸੁੰਨ ਸਮਾਧਿ ਦੋਊ ਤਹ ਨਾਹੀ ॥੧॥
ਨਾਹ (ਹੋਰ ਹੋਰ) ਜੀਊਣ (ਦੀ ਲਾਲਸਾ), ਨਾਹ ਮੌਤ (ਦਾ ਡਰ), ਨਾਹ ਕੋਈ ਦੁਖ, ਨਾਹ ਸੁਖ (ਭਾਵ, ਦੁੱਖ ਤੋਂ ਘਬਰਾਹਟ ਜਾਂ ਸੁਖ ਦੀ ਤਾਂਘ), ਸਹਿਜ ਅਵਸਥਾ ਵਿਚ ਅੱਪੜਿਆਂ ਕੋਈ ਭੀ ਨਹੀਂ ਪੁਂਹਦਾ। ਉਹ ਮਨ ਦੀ ਇਕ ਅਜਿਹੀ ਟਿਕਵੀਂ ਹਾਲਤ ਹੁੰਦੀ ਹੈ ਕਿ ਉਸ ਵਿਚ ਵਿਕਾਰਾਂ ਦਾ ਕੋਈ ਫੁਰਨਾ ਉਠਦਾ ਹੀ ਨਹੀਂ, ਨਾਹ ਹੀ ਕੋਈ ਮੇਰ-ਤੇਰ ਰਹਿ ਜਾਂਦੀ ਹੈ ॥੧॥
ਸਹਜ ਕੀ ਅਕਥ ਕਥਾ ਹੈ ਨਿਰਾਰੀ ॥
ਮਨੁੱਖ ਦੇ ਮਨ ਦੀ ਅਡੋਲਤਾ ਇਕ ਐਸੀ ਹਾਲਤ ਹੈ ਜੋ (ਨਿਰਾਲੀ) ਆਪਣੇ ਵਰਗੀ ਆਪ ਹੀ ਹੈ, (ਇਸ ਵਾਸਤੇ) ਉਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ।
ਤੁਲਿ ਨਹੀ ਚਢੈ ਜਾਇ ਨ ਮੁਕਾਤੀ ਹਲੁਕੀ ਲਗੈ ਨ ਭਾਰੀ ॥੧॥ ਰਹਾਉ ॥
ਇਹ ਅਵਸਥਾ ਕਿਸੇ ਚੰਗੇ ਤੋਂ ਚੰਗੇ ਸੁਖ ਨਾਲ ਭੀ ਸਾਵੀਂ ਤੋਲੀ-ਮਿਣੀ ਨਹੀਂ ਜਾ ਸਕਦੀ। (ਦੁਨੀਆ ਵਿਚ ਕੋਈ ਐਸਾ ਸੁਖ-ਐਸ਼੍ਵਰਜ ਨਹੀਂ ਹੈ ਜਿਸ ਦੇ ਟਾਕਰੇ ਤੇ ਇਹ ਆਖਿਆ ਜਾ ਸਕੇ ਕਿ ‘ਸਹਿਜ’ ਅਵਸਥਾ ਇਸ ਤੋਂ ਘਟੀਆ ਹੈ ਜਾਂ ਵਧੀਆ ਹੈ)। ਇਹ ਨਹੀਂ ਕਿਹਾ ਜਾ ਸਕਦਾ ਕਿ (ਦੁਨੀਆ ਦੇ ਵਧੀਆ ਤੋਂ ਵਧੀਆ ਕਿਸੇ ਸੁਖ ਨਾਲੋਂ) ਇਹ ਹੌਲੇ ਮੇਲ ਦੀ ਹੈ ਜਾਂ ਚੰਗੀ ਹੈ (ਭਾਵ, ਦੁਨੀਆ ਦਾ ਕੋਈ ਭੀ ਸੁਖ ਇਸ ਅਵਸਥਾ ਨਾਲ ਬਰਾਬਰੀ ਨਹੀਂ ਕਰ ਸਕਦਾ) ॥੧॥ ਰਹਾਉ ॥
ਅਰਧ ਉਰਧ ਦੋਊ ਤਹ ਨਾਹੀ ਰਾਤਿ ਦਿਨਸੁ ਤਹ ਨਾਹੀ ॥
‘ਸਹਿਜ’ ਵਿਚ ਅੱਪੜਿਆਂ ਨੀਵੇਂ ਉੱਚੇ ਵਾਲਾ ਕੋਈ ਵਿਤਕਰਾ ਨਹੀਂ ਰਹਿੰਦਾ; (ਇੱਥੇ ਅੱਪੜਿਆ ਮਨੁੱਖ) ਨਾਹ ਗ਼ਫ਼ਲਤ ਦੀ ਨੀਂਦ (ਸੌਂਦਾ ਹੈ), ਨਾਹ ਮਾਇਆ ਦੀ ਭਟਕਣਾ (ਵਿਚ ਭਟਕਦਾ ਹੈ)
ਜਲੁ ਨਹੀ ਪਵਨੁ ਪਾਵਕੁ ਫੁਨਿ ਨਾਹੀ ਸਤਿਗੁਰ ਤਹਾ ਸਮਾਹੀ ॥੨॥
(ਕਿਉਂਕਿ) ਉਸ ਅਵਸਥਾ ਵਿਚ ਵਿਸ਼ੇ-ਵਿਕਾਰ, ਚੰਚਲਤਾ ਅਤੇ ਤ੍ਰਿਸ਼ਨਾ-ਇਹਨਾਂ ਦਾ ਨਾਮ-ਨਿਸ਼ਾਨ ਨਹੀਂ ਰਹਿੰਦਾ। (ਬੱਸ!) ਸਤਿਗੁਰੂ ਹੀ ਸਤਿਗੁਰੂ ਉਸ ਅਵਸਥਾ ਸਮੇ (ਮਨੁੱਖ ਦੇ ਹਿਰਦੇ ਵਿਚ) ਟਿਕੇ ਹੁੰਦੇ ਹਨ ॥੨॥
ਅਗਮ ਅਗੋਚਰੁ ਰਹੈ ਨਿਰੰਤਰਿ ਗੁਰ ਕਿਰਪਾ ਤੇ ਲਹੀਐ ॥
ਤਦੋਂ ਅਪਹੁੰਚ ਤੇ ਅਗੋਚਰ ਪਰਮਾਤਮਾ (ਭੀ ਮਨੁੱਖ ਦੇ ਹਿਰਦੇ ਵਿਚ) ਇੱਕ-ਰਸ ਸਦਾ (ਪਰਗਟ ਹੋਇਆ) ਰਹਿੰਦਾ ਹੈ, (ਪਰ) ਉਹ ਮਿਲਦਾ ਸਤਿਗੁਰੂ ਦੀ ਮਿਹਰ ਨਾਲ ਹੀ ਹੈ।
ਕਹੁ ਕਬੀਰ ਬਲਿ ਜਾਉ ਗੁਰ ਅਪੁਨੇ ਸਤਸੰਗਤਿ ਮਿਲਿ ਰਹੀਐ ॥੩॥੪॥੪੮॥
ਕਬੀਰ ਆਖਦਾ ਹੈ- ਮੈਂ ਆਪਣੇ ਗੁਰੂ ਤੋਂ ਸਦਕੇ ਹਾਂ, ਮੈਂ (ਆਪਣੇ ਗੁਰੂ ਦੀ) ਸੁਹਣੀ ਸੰਗਤ ਵਿਚ ਹੀ ਜੁੜਿਆ ਰਹਾਂ ॥੩॥੪॥੪੮॥
ਗਉੜੀ ॥
ਪਾਪੁ ਪੁੰਨੁ ਦੁਇ ਬੈਲ ਬਿਸਾਹੇ ਪਵਨੁ ਪੂਜੀ ਪਰਗਾਸਿਓ ॥
(ਸਾਰੇ ਸੰਸਾਰੀ ਜੀਵ-ਰੂਪ ਵਣਜਾਰਿਆਂ ਨੇ) ਪਾਪ ਅਤੇ ਪੁੰਨ ਦੋ ਬਲਦ ਮੁੱਲ ਲਏ ਹਨ, ਸੁਆਸਾਂ ਦੀ ਪੂੰਜੀ ਲੈ ਕੇ ਜੰਮੇ ਹਨ (ਭਾਵ, ਮਾਨੋ, ਜਗਤ ਵਿਚ ਵਪਾਰ ਕਰਨ ਆਏ ਹਨ)।
ਤ੍ਰਿਸਨਾ ਗੂਣਿ ਭਰੀ ਘਟ ਭੀਤਰਿ ਇਨ ਬਿਧਿ ਟਾਂਡ ਬਿਸਾਹਿਓ ॥੧॥
(ਹਰੇਕ ਦੇ) ਹਿਰਦੇ ਵਿਚ ਤ੍ਰਿਸ਼ਨਾ ਦੀ ਛੱਟ ਲੱਦੀ ਪਈ ਹੈ। ਸੋ, ਇਸ ਤਰ੍ਹਾਂ (ਇਹਨਾਂ ਜੀਵਾਂ ਨੇ) ਮਾਲ ਲੱਦਿਆ ਹੈ ॥੧॥
ਐਸਾ ਨਾਇਕੁ ਰਾਮੁ ਹਮਾਰਾ ॥
ਸਾਡਾ ਪ੍ਰਭੂ ਕੁਝ ਅਜਿਹਾ ਸ਼ਾਹ ਹੈ,
ਸਗਲ ਸੰਸਾਰੁ ਕੀਓ ਬਨਜਾਰਾ ॥੧॥ ਰਹਾਉ ॥
ਕਿ ਉਸ ਨੇ ਸਾਰੇ ਜਗਤ (ਭਾਵ, ਸਾਰੇ ਸੰਸਾਰੀ ਜੀਵਾਂ) ਨੂੰ ਵਪਾਰੀ ਬਣਾ (ਕੇ ਜਗਤ ਵਿਚ) ਘੱਲਿਆ ਹੈ ॥੧॥ ਰਹਾਉ ॥
ਕਾਮੁ ਕ੍ਰੋਧੁ ਦੁਇ ਭਏ ਜਗਾਤੀ ਮਨ ਤਰੰਗ ਬਟਵਾਰਾ ॥
ਕਾਮ ਅਤੇ ਕ੍ਰੋਧ ਦੋਵੇਂ (ਇਹਨਾਂ ਜੀਵ-ਵਪਾਰੀਆਂ ਦੇ ਰਾਹ ਵਿਚ ਮਸੂਲੀਏ ਬਣੇ ਹੋਏ ਹਨ (ਭਾਵ, ਸੁਆਸਾਂ ਦੀ ਪੂੰਜੀ ਦਾ ਕੁਝ ਹਿੱਸਾ ਕਾਮ ਅਤੇ ਕ੍ਰੋਧ ਵਿਚ ਫਸਣ ਨਾਲ ਮੁੱਕਦਾ ਜਾ ਰਿਹਾ ਹੈ), ਜੀਵਾਂ ਦੇ ਮਨਾਂ ਦੇ ਤਰੰਗ ਲੁਟੇਰੇ ਬਣ ਰਹੇ ਹਨ (ਭਾਵ, ਮਨ ਦੇ ਕਈ ਕਿਸਮ ਦੇ ਤਰੰਗ ਉਮਰ ਦਾ ਕਾਫ਼ੀ ਹਿੱਸਾ ਖ਼ਰਚ ਕਰੀ ਜਾ ਰਹੇ ਹਨ।)
ਪੰਚ ਤਤੁ ਮਿਲਿ ਦਾਨੁ ਨਿਬੇਰਹਿ ਟਾਂਡਾ ਉਤਰਿਓ ਪਾਰਾ ॥੨॥
ਇਹ ਕਾਮ ਕ੍ਰੋਧ ਅਤੇ ਮਨ-ਤਰੰਗ ਮਨੁੱਖਾ-ਸਰੀਰ ਨਾਲ ਮਿਲ ਕੇ ਸਾਰੀ ਦੀ ਸਾਰੀ ਉਮਰ-ਰੂਪ ਰਾਸ ਮੁਕਾਈ ਜਾ ਰਹੇ ਹਨ, ਅਤੇ ਤ੍ਰਿਸ਼ਨਾ-ਰੂਪ ਮਾਲ (ਜੋ ਜੀਵਾਂ ਨੇ ਲੱਦਿਆ ਹੋਇਆ ਹੈ, ਹੂ-ਬ-ਹੂ) ਪਾਰਲੇ ਬੰਨੇ ਲੰਘਦਾ ਜਾ ਰਿਹਾ ਹੈ (ਭਾਵ, ਜੀਵ ਜਗਤ ਤੋਂ ਨਿਰੀ ਤ੍ਰਿਸ਼ਨਾ ਹੀ ਆਪਣੇ ਨਾਲ ਲਈ ਜਾਂਦੇ ਹਨ) ॥੨॥
ਕਹਤ ਕਬੀਰੁ ਸੁਨਹੁ ਰੇ ਸੰਤਹੁ ਅਬ ਐਸੀ ਬਨਿ ਆਈ ॥
ਕਬੀਰ ਆਖਦਾ ਹੈ-ਹੇ ਸੰਤ ਜਨੋ! ਸੁਣੋ, ਹੁਣ ਅਜਿਹੀ ਹਾਲਤ ਬਣ ਰਹੀ ਹੈ,
ਘਾਟੀ ਚਢਤ ਬੈਲੁ ਇਕੁ ਥਾਕਾ ਚਲੋ ਗੋਨਿ ਛਿਟਕਾਈ ॥੩॥੫॥੪੯॥
ਕਿ ਪ੍ਰਭੂ ਦਾ ਸਿਮਰਨ-ਰੂਪ ਚੜ੍ਹਾਈ ਦਾ ਔਖਾ ਪੈਂਡਾ ਕਰਨ ਵਾਲੇ ਜੀਵ-ਵਣਜਾਰਿਆਂ ਦਾ ਪਾਪ-ਰੂਪ ਇੱਕ ਬਲਦ ਥੱਕ ਗਿਆ ਹੈ। ਉਹ ਬੈਲ ਤ੍ਰਿਸ਼ਨਾ ਦੀ ਛੱਟ ਸੁੱਟ ਕੇ ਨੱਸ ਗਿਆ ਹੈ (ਭਾਵ, ਜੋ ਜੀਵ ਵਣਜਾਰੇ ਨਾਮ ਸਿਮਰਨ ਵਾਲੇ ਔਖੇ ਰਾਹ ਤੇ ਤੁਰਦੇ ਹਨ, ਉਹ ਪਾਪ ਕਰਨੇ ਛੱਡ ਦੇਂਦੇ ਹਨ ਅਤੇ ਉਹਨਾਂ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ) ॥੩॥੫॥੪੯॥
ਗਉੜੀ ਪੰਚਪਦਾ ॥
ਪੇਵਕੜੈ ਦਿਨ ਚਾਰਿ ਹੈ ਸਾਹੁਰੜੈ ਜਾਣਾ ॥
(ਜੀਵ-ਇਸਤ੍ਰੀ ਨੇ ਇਸ ਸੰਸਾਰ-ਰੂਪ) ਪੇਕੇ ਘਰ ਵਿਚ ਚਾਰ ਦਿਨ (ਭਾਵ, ਥੋੜੇ ਦਿਨ) ਹੀ ਰਹਿਣਾ ਹੈ, (ਹਰੇਕ ਨੇ ਪਰਲੋਕ-ਰੂਪ) ਸਹੁਰੇ ਘਰ (ਜ਼ਰੂਰ) ਜਾਣਾ ਹੈ।
ਅੰਧਾ ਲੋਕੁ ਨ ਜਾਣਈ ਮੂਰਖੁ ਏਆਣਾ ॥੧॥
(ਪਰ) ਅੰਞਾਣਾ ਮੂਰਖ ਅੰਨ੍ਹਾ ਜਗਤ ਨਹੀਂ ਜਾਣਦਾ ॥੧॥
ਕਹੁ ਡਡੀਆ ਬਾਧੈ ਧਨ ਖੜੀ ॥
ਦੱਸੋ! (ਇਹ ਕੀਹ ਅਚਰਜ ਖੇਡ ਹੈ?) ਇਸਤ੍ਰੀ ਤਾਂ ਅਜੇ ਘਰ ਦੇ ਕੰਮ-ਕਾਜ ਵਾਲੀ ਅੱਧੀ ਧੋਤੀ ਹੀ ਬੰਨ੍ਹ ਕੇ ਖਲੋਤੀ ਹੈ, ਅੱਧੜ ਵੰਜੇ ਹੀ ਫਿਰਦੀ ਹੈ, (ਭਾਵ, ਜੀਵ-ਇਸਤ੍ਰੀ ਇਸ ਸੰਸਾਰ ਦੇ ਮੋਹ ਵਿਚ ਹੀ ਲਾ-ਪਰਵਾਹ ਹੈ)
ਪਾਹੂ ਘਰਿ ਆਏ ਮੁਕਲਾਊ ਆਏ ॥੧॥ ਰਹਾਉ ॥
ਮੁਕਲਾਵਾ ਲੈ ਜਾਣ ਵਾਲੇ ਪ੍ਰਾਹੁਣੇ (ਭਾਵ, ਜਿੰਦ ਨੂੰ ਲੈ ਜਾਣ ਵਾਲੇ ਜਮ) ਘਰ ਵਿਚ ਆ ਵੀ ਬੈਠੇ ਹਨ ॥੧॥ ਰਹਾਉ ॥
ਓਹ ਜਿ ਦਿਸੈ ਖੂਹੜੀ ਕਉਨ ਲਾਜੁ ਵਹਾਰੀ ॥
ਇਹ ਜੋ ਸੁਹਣੀ ਖੂਹੀ ਦਿੱਸ ਰਹੀ ਹੈ (ਭਾਵ, ਇਹ ਜੋ ਸੁਹਣਾ ਜਗਤ ਦਿੱਸ ਰਿਹਾ ਹੈ) ਇਸ ਵਿਚ ਕਿਹੜੀ ਇਸਤ੍ਰੀ ਲੱਜ ਵਹਾ ਰਹੀ ਹੈ (ਭਾਵ, ਇੱਥੇ ਜੋ ਭੀ ਆਉਂਦਾ ਹੈ, ਆਪਣੀ ਉਮਰ ਸੰਸਾਰਕ ਭੋਗਾਂ ਵਿਚ ਗੁਜ਼ਾਰਨ ਲੱਗ ਪੈਂਦਾ ਹੈ)।
ਲਾਜੁ ਘੜੀ ਸਿਉ ਤੂਟਿ ਪੜੀ ਉਠਿ ਚਲੀ ਪਨਿਹਾਰੀ ॥੨॥
ਜਿਸ ਦੀ ਲੱਜ ਘੜੇ ਸਮੇਤ ਟੁੱਟ ਜਾਂਦੀ ਹੈ (ਭਾਵ, ਜਿਸ ਦੀ ਉਮਰ ਮੁੱਕ ਜਾਂਦੀ ਹੈ, ਤੇ ਸਰੀਰ ਢਹਿ ਪੈਂਦਾ ਹੈ) ਉਹ ਪਾਣੀ ਭਰਨ ਵਾਲੀ (ਭਾਵ, ਭੋਗਾਂ ਵਿਚ ਪ੍ਰਵਿਰਤ) ਇੱਥੋਂ ਉੱਠ ਕੇ (ਪਰਲੋਕ ਨੂੰ) ਤੁਰ ਪੈਂਦੀ ਹੈ ॥੨॥
ਸਾਹਿਬੁ ਹੋਇ ਦਇਆਲੁ ਕ੍ਰਿਪਾ ਕਰੇ ਅਪੁਨਾ ਕਾਰਜੁ ਸਵਾਰੇ ॥
ਜੇ ਪ੍ਰਭੂ-ਮਾਲਕ ਦਿਆਲ ਹੋ ਜਾਏ, (ਜੀਵ-ਇਸਤ੍ਰੀ ਉੱਤੇ) ਮਿਹਰ ਕਰੇ ਤਾਂ ਉਹ (ਜੀਵ-ਇਸਤ੍ਰੀ ਨੂੰ ਸੰਸਾਰ-ਖੂਹੀ ਵਿਚੋਂ ਭੋਗਾਂ ਦਾ ਪਾਣੀ ਕੱਢਣ ਤੋਂ ਬਚਾਣ ਦਾ) ਕੰਮ ਆਪਣਾ ਜਾਣ ਕੇ ਆਪ ਹੀ ਸਿਰੇ ਚੜ੍ਹਾਉਂਦਾ ਹੈ।
ਤਾ ਸੋਹਾਗਣਿ ਜਾਣੀਐ ਗੁਰਸਬਦੁ ਬੀਚਾਰੇ ॥੩॥
(ਉਸ ਦੀ ਮਿਹਰ ਨਾਲ ਜੀਵ-ਇਸਤ੍ਰੀ ਜਦੋਂ) ਗੁਰੂ ਦੇ ਸ਼ਬਦ ਨੂੰ ਵਿਚਾਰਦੀ ਹੈ (ਭਾਵ, ਚਿੱਤ ਵਿਚ ਵਸਾਉਂਦੀ ਹੈ) ਤਾਂ ਉਹ ਖਸਮ ਵਾਲੀ ਸਮਝੀ ਜਾਂਦੀ ਹੈ ॥੩॥
ਕਿਰਤ ਕੀ ਬਾਂਧੀ ਸਭ ਫਿਰੈ ਦੇਖਹੁ ਬੀਚਾਰੀ ॥
(ਪਰ, ਹੇ ਭਾਈ!) ਜੇ ਵਿਚਾਰ ਕੇ ਵੇਖੋ, (ਇੱਥੇ ਤਾਂ) ਸਾਰੀ ਲੁਕਾਈ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦੀ ਬੱਝੀ ਹੋਈ ਭਟਕ ਰਹੀ ਹੈ।
ਏਸ ਨੋ ਕਿਆ ਆਖੀਐ ਕਿਆ ਕਰੇ ਵਿਚਾਰੀ ॥੪॥
ਇਸ ਜੀਵ-ਇਸਤ੍ਰੀ ਨੂੰ ਕੀਹ ਦੋਸ਼? ਇਹ ਨਮਾਣੀ ਕੀਹ ਕਰ ਸਕਦੀ ਹੈ? ॥੪॥
ਭਈ ਨਿਰਾਸੀ ਉਠਿ ਚਲੀ ਚਿਤ ਬੰਧਿ ਨ ਧੀਰਾ ॥
ਆਸਾਂ ਸਿਰੇ ਨਹੀਂ ਚੜ੍ਹਦੀਆਂ, ਮਨ ਧੀਰਜ ਨਹੀਂ ਫੜਦਾ ਤੇ (ਜੀਵ-ਇਸਤ੍ਰੀ ਇੱਥੋਂ) ਉੱਠ ਤੁਰਦੀ ਹੈ।
ਹਰਿ ਕੀ ਚਰਣੀ ਲਾਗਿ ਰਹੁ ਭਜੁ ਸਰਣਿ ਕਬੀਰਾ ॥੫॥੬॥੫੦॥
ਹੇ ਕਬੀਰ! (ਇਸ ਨਿਰਾਸਤਾ ਤੋਂ ਬਚਣ ਲਈ) ਤੂੰ ਪ੍ਰਭੂ ਦੀ ਚਰਨੀਂ ਲੱਗਾ ਰਹੁ, ਪ੍ਰਭੂ ਦਾ ਆਸਰਾ ਲਈ ਰੱਖ ॥੫॥੬॥੫੦॥
ਗਉੜੀ ॥
ਜੋਗੀ ਕਹਹਿ ਜੋਗੁ ਭਲ ਮੀਠਾ ਅਵਰੁ ਨ ਦੂਜਾ ਭਾਈ ॥
ਜੋਗੀ ਆਖਦੇ ਹਨ-ਹੇ ਭਾਈ! ਜੋਗ (ਦਾ ਮਾਰਗ ਹੀ) ਚੰਗਾ ਤੇ ਮਿੱਠਾ ਹੈ, (ਇਸ ਵਰਗਾ) ਹੋਰ ਕੋਈ (ਸਾਧਨ) ਨਹੀਂ ਹੈ।
ਰੁੰਡਿਤ ਮੁੰਡਿਤ ਏਕੈ ਸਬਦੀ ਏਇ ਕਹਹਿ ਸਿਧਿ ਪਾਈ ॥੧॥
ਸਰੇਵੜੇ ਸੰਨਿਆਸੀ ਅਵਧੂਤ, ਇਹ ਸਾਰੇ ਆਖਦੇ ਹਨ-ਅਸਾਂ ਹੀ ਸਿੱਧੀ ਲੱਭੀ ਹੈ ॥੧॥
ਹਰਿ ਬਿਨੁ ਭਰਮਿ ਭੁਲਾਨੇ ਅੰਧਾ ॥
ਅੰਨ੍ਹੇ ਲੋਕ ਪਰਮਾਤਮਾ ਨੂੰ ਵਿਸਾਰ ਕੇ (ਪ੍ਰਭੂ ਦਾ ਸਿਮਰਨ ਛੱਡ ਕੇ) ਭੁਲੇਖੇ ਵਿਚ ਪਏ ਹੋਏ ਹਨ;
ਜਾ ਪਹਿ ਜਾਉ ਆਪੁ ਛੁਟਕਾਵਨਿ ਤੇ ਬਾਧੇ ਬਹੁ ਫੰਧਾ ॥੧॥ ਰਹਾਉ ॥
(ਇਹੀ ਕਾਰਨ ਹੈ ਕਿ) ਮੈਂ ਜਿਸ ਜਿਸ ਕੋਲ ਹਉਮੈ ਤੋਂ ਛੁਟਕਾਰਾ ਕਰਾਣ ਜਾਂਦਾ ਹਾਂ, ਉਹ ਸਾਰੇ ਆਪ ਹੀ ਹਉਮੈ ਦੀਆਂ ਕਈ ਫਾਹੀਆਂ ਵਿਚ ਬੱਝੇ ਹੋਏ ਹਨ ॥੧॥ ਰਹਾਉ ॥
ਜਹ ਤੇ ਉਪਜੀ ਤਹੀ ਸਮਾਨੀ ਇਹ ਬਿਧਿ ਬਿਸਰੀ ਤਬ ਹੀ ॥
ਜਿਸ (ਪ੍ਰਭੂ-ਵਿਛੋੜੇ) ਤੋਂ ਇਹ ਹਉਮੈ ਉਪਜਦੀ ਹੈ ਉਸ (ਪ੍ਰਭੂ ਵਿਛੋੜੇ) ਵਿਚ ਹੀ (ਸਾਰੀ ਲੋਕਾਈ) ਟਿਕੀ ਪਈ ਹੈ (ਭਾਵ, ਪ੍ਰਭੂ ਦੀ ਯਾਦ ਭੁਲਾਇਆਂ ਮਨੁੱਖ ਦੇ ਅੰਦਰ ਹਉਮੈ ਪੈਦਾ ਹੁੰਦੀ ਹੈ ਤੇ ਸਾਰੀ ਲੋਕਾਈ ਪ੍ਰਭੂ ਨੂੰ ਹੀ ਭੁਲਾਈ ਬੈਠੀ ਹੈ), ਇਸੇ ਕਰਕੇ ਤਾਹੀਏਂ ਦੁਨੀਆ ਭੁਲੇਖੇ ਵਿਚ ਹੈ (ਭਾਵ, ਹਰੇਕ ਭੇਖ ਵਾਲਾ ਆਪਣੇ ਹੀ ਬਾਹਰਲੇ ਚਿੰਨ੍ਹ ਆਦਿਕਾਂ ਨੂੰ ਜੀਵਨ ਦਾ ਸਹੀ ਰਸਤਾ ਕਹਿ ਰਿਹਾ ਹੈ)।
ਪੰਡਿਤ ਗੁਣੀ ਸੂਰ ਹਮ ਦਾਤੇ ਏਹਿ ਕਹਹਿ ਬਡ ਹਮ ਹੀ ॥੨॥
ਪੰਡਿਤ, ਗੁਣੀ, ਸੂਰਮੇ, ਦਾਤੇ; ਇਹ ਸਾਰੇ (ਨਾਮ ਤੋਂ ਵਿੱਛੜ ਕੇ) ਇਹੀ ਆਖਦੇ ਹਨ ਕਿ ਅਸੀਂ ਸਭ ਤੋਂ ਵੱਡੇ ਹਾਂ ॥੨॥
ਜਿਸਹਿ ਬੁਝਾਏ ਸੋਈ ਬੂਝੈ ਬਿਨੁ ਬੂਝੇ ਕਿਉ ਰਹੀਐ ॥
ਜਿਸ ਮਨੁੱਖ ਨੂੰ ਪ੍ਰਭੂ ਆਪ ਮੱਤ ਦੇਂਦਾ ਹੈ ਉਹੀ (ਅਸਲ ਗੱਲ) ਸਮਝਦਾ ਹੈ ਤੇ (ਉਸ ਅਸਲ ਗੱਲ ਦੇ) ਸਮਝਣ ਤੋਂ ਬਿਨਾ ਜੀਵਨ ਹੀ ਵਿਅਰਥ ਹੈ।
ਸਤਿਗੁਰੁ ਮਿਲੈ ਅੰਧੇਰਾ ਚੂਕੈ ਇਨ ਬਿਧਿ ਮਾਣਕੁ ਲਹੀਐ ॥੩॥
(ਉਹ ਅਸਲ ਇਹ ਹੈ ਕਿ ਜਦੋਂ ਮਨੁੱਖ ਨੂੰ) ਸਤਿਗੁਰੂ ਮਿਲਦਾ ਹੈ (ਤਾਂ ਇਸ ਦੇ ਮਨ ਵਿਚੋਂ ਹਉਮੈ ਦਾ) ਹਨੇਰਾ ਦੂਰ ਹੋ ਜਾਂਦਾ ਹੈ ਤੇ ਇਸ ਤਰ੍ਹਾਂ (ਇਸ ਨੂੰ ਅੰਦਰੋਂ ਹੀ ਨਾਮ-ਰੂਪ) ਲਾਲ ਲੱਭ ਪੈਂਦਾ ਹੈ ॥੩॥
ਤਜਿ ਬਾਵੇ ਦਾਹਨੇ ਬਿਕਾਰਾ ਹਰਿ ਪਦੁ ਦ੍ਰਿੜੁ ਕਰਿ ਰਹੀਐ ॥
ਲਾਂਭ ਦੇ ਵਿਕਾਰਾਂ ਦੇ ਫੁਰਨੇ ਛੱਡ ਕੇ ਪ੍ਰਭੂ ਦੀ ਯਾਦ ਦਾ (ਸਾਹਮਣੇ ਵਾਲਾ) ਨਿਸ਼ਾਨਾ ਪੱਕਾ ਕਰ ਰੱਖਣਾ ਚਾਹੀਦਾ ਹੈ।
ਕਹੁ ਕਬੀਰ ਗੂੰਗੈ ਗੁੜੁ ਖਾਇਆ ਪੂਛੇ ਤੇ ਕਿਆ ਕਹੀਐ ॥੪॥੭॥੫੧॥
ਸੋ, ਕਬੀਰ ਆਖਦਾ ਹੈ- (ਜਿਵੇਂ) ਗੁੰਗੇ ਮਨੁੱਖ ਨੇ ਗੁੜ ਖਾਧਾ ਹੋਵੇ (ਤਾਂ) ਪੁੱਛਿਆਂ (ਉਸ ਦਾ ਸੁਆਦ) ਨਹੀਂ ਦੱਸ ਸਕਦਾ (ਤਿਵੇਂ ਪ੍ਰਭੂ ਦੇ ਚਰਨਾਂ ਵਿਚ ਜੁੜਨ ਦਾ ਅਨੰਦ ਬਿਆਨ ਨਹੀਂ ਕੀਤਾ ਜਾ ਸਕਦਾ) ॥੪॥੭॥੫੧॥
ਰਾਗੁ ਗਉੜੀ ਪੂਰਬੀ ਕਬੀਰ ਜੀ ॥
ਰਾਗ ਗਉੜੀ-ਪੂਰਬੀ ਵਿੱਚ ਭਗਤ ਕਬੀਰ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਜਹ ਕਛੁ ਅਹਾ ਤਹਾ ਕਿਛੁ ਨਾਹੀ ਪੰਚ ਤਤੁ ਤਹ ਨਾਹੀ ॥
(ਹੇ ਕਬੀਰ! ਮੇਰੀ ਲਿਵ ਪ੍ਰਭੂ-ਚਰਨਾਂ ਵਿਚ ਲੱਗ ਰਹੀ ਹੈ) ਜਿਸ (ਮੇਰੇ) ਮਨ ਵਿਚ (ਪਹਿਲਾਂ) ਮਮਤਾ ਸੀ, ਹੁਣ (ਲਿਵ ਦੀ ਬਰਕਤ ਨਾਲ) ਉਸ ਵਿਚੋਂ ਮਮਤਾ ਮੁੱਕ ਗਈ ਹੈ, ਆਪਣੇ ਸਰੀਰ ਦਾ ਮੋਹ ਭੀ ਨਹੀਂ ਰਹਿ ਗਿਆ।
ਇੜਾ ਪਿੰਗੁਲਾ ਸੁਖਮਨ ਬੰਦੇ ਏ ਅਵਗਨ ਕਤ ਜਾਹੀ ॥੧॥
ਹੇ ਭਾਈ! ਇੜਾ-ਪਿੰਗਲਾ-ਸੁਖਮਨਾ ਵਾਲੇ (ਪ੍ਰਾਣ ਚਾੜ੍ਹਨ ਤੇ ਰੋਕਣ ਆਦਿਕ ਦੇ ਕੋਝੇ ਕੰਮ ਤਾਂ ਪਤਾ ਹੀ ਨਹੀਂ ਕਿੱਥੇ ਚਲੇ ਜਾਂਦੇ ਹਨ (ਭਾਵ, ਜਿਸ ਮਨੁੱਖ ਦੀ ਸੁਰਤ ਪ੍ਰਭੂ-ਚਰਨਾਂ ਵਿਚ ਜੁੜ ਗਈ ਹੈ, ਉਸ ਨੂੰ ਪ੍ਰਾਣਾਯਾਮ ਆਦਿਕ ਸਾਧਨ ਤਾਂ ਜਪਦੇ ਹੀ ਬੇਲੋੜਵੇਂ ਕੋਝੇ ਕੰਮ ਹਨ) ॥੧॥
ਤਾਗਾ ਤੂਟਾ ਗਗਨੁ ਬਿਨਸਿ ਗਇਆ ਤੇਰਾ ਬੋਲਤੁ ਕਹਾ ਸਮਾਈ ॥
(ਪ੍ਰਭੂ-ਚਰਨਾਂ ਵਿਚ ਲਿਵ ਦੀ ਬਰਕਤ ਨਾਲ ਮੇਰਾ ਮੋਹ ਦਾ) ਧਾਗਾ ਟੁੱਟ ਗਿਆ ਹੈ, ਮੇਰੇ ਅੰਦਰੋਂ ਮੋਹ ਦਾ ਪਸਾਰਾ ਮੁੱਕ ਗਿਆ ਹੈ, ਵਿਤਕਰੇ ਕਰਨ ਵਾਲੇ ਸੁਭਾਵ ਦਾ ਨਾਮ-ਨਿਸ਼ਾਨ ਹੀ ਮਿਟ ਗਿਆ ਹੈ।
ਏਹ ਸੰਸਾ ਮੋ ਕਉ ਅਨਦਿਨੁ ਬਿਆਪੈ ਮੋ ਕਉ ਕੋ ਨ ਕਹੈ ਸਮਝਾਈ ॥੧॥ ਰਹਾਉ ॥
(ਇਸ ਤਬਦੀਲੀ ਦੀ) ਹੈਰਾਨੀ ਮੈਨੂੰ ਹਰ ਰੋਜ਼ ਆਉਂਦੀ ਹੈ (ਕਿ ਇਹ ਕਿਵੇਂ ਹੋ ਗਿਆ, ਪਰ) ਕੋਈ ਮਨੁੱਖ ਇਹ ਸਮਝਾ ਨਹੀਂ ਸਕਦਾ, (ਕਿਉਂਕਿ ਇਹ ਅਵਸਥਾ ਸਮਝਾਈ ਨਹੀਂ ਜਾ ਸਕਦੀ, ਅਨੁਭਵ ਹੀ ਕੀਤੀ ਜਾ ਸਕਦੀ ਹੈ) ॥੧॥ ਰਹਾਉ ॥
ਜਹ ਬਰਭੰਡੁ ਪਿੰਡੁ ਤਹ ਨਾਹੀ ਰਚਨਹਾਰੁ ਤਹ ਨਾਹੀ ॥
ਜਿਸ ਮਨ ਵਿਚ (ਪਹਿਲਾਂ) ਸਾਰੀ ਦੁਨੀਆ (ਦੇ ਧਨ ਦਾ ਮੋਹ) ਸੀ, (ਲਿਵ ਦੀ ਬਰਕਤ ਨਾਲ) ਉਸ ਵਿਚ ਹੁਣ ਆਪਣੇ ਸਰੀਰ ਦਾ ਮੋਹ ਭੀ ਨਹੀਂ ਰਿਹਾ, ਮੋਹ ਦੇ ਤਾਣੇ ਤਣਨ ਵਾਲਾ ਉਹ ਮਨ ਹੀ ਨਹੀਂ ਰਿਹਾ;
ਜੋੜਨਹਾਰੋ ਸਦਾ ਅਤੀਤਾ ਇਹ ਕਹੀਐ ਕਿਸੁ ਮਾਹੀ ॥੨॥
ਹੁਣ ਤਾਂ ਮਾਇਆ ਦੇ ਮੋਹ ਤੋਂ ਨਿਰਲੇਪ ਜੋੜਨਹਾਰ ਪ੍ਰਭੂ ਆਪ ਹੀ (ਮਨ ਵਿਚ) ਵੱਸ ਰਿਹਾ ਹੈ। ਪਰ, ਇਹ ਅਵਸਥਾ ਕਿਸੇ ਪਾਸ ਬਿਆਨ ਨਹੀਂ ਕੀਤੀ ਜਾ ਸਕਦੀ ॥੨॥
ਜੋੜੀ ਜੁੜੈ ਨ ਤੋੜੀ ਤੂਟੈ ਜਬ ਲਗੁ ਹੋਇ ਬਿਨਾਸੀ ॥
ਜਦ ਤਕ (ਮਨੁੱਖ ਦਾ ਮਨ) ਨਾਸਵੰਤ (ਸਰੀਰ ਨਾਲ ਇੱਕ-ਰੂਪ) ਰਹਿੰਦਾ ਹੈ, ਤਦ ਤਕ ਇਸ ਦੀ ਪ੍ਰੀਤ ਨਾਹ (ਪ੍ਰਭੂ ਨਾਲ) ਜੋੜਿਆਂ ਜੁੜ ਸਕਦੀ ਹੈ, ਨਾਹ (ਮਾਇਆ ਨਾਲੋਂ) ਤੋੜਿਆਂ ਟੁੱਟ ਸਕਦੀ ਹੈ।
ਕਾ ਕੋ ਠਾਕੁਰੁ ਕਾ ਕੋ ਸੇਵਕੁ ਕੋ ਕਾਹੂ ਕੈ ਜਾਸੀ ॥੩॥
(ਇਸ ਦਸ਼ਾ ਵਿਚ ਗ੍ਰਸੇ ਹੋਏ) ਮਨ ਦਾ ਨਾਹ ਹੀ ਪ੍ਰਭੂ (ਸਹੀ ਭਾਵ ਵਿਚ) ਖਸਮ ਹੈ, ਨਾਹ ਇਹ ਮਨ ਪ੍ਰਭੂ ਦਾ ਸੇਵਕ ਬਣ ਸਕਦਾ ਹੈ। ਫਿਰ ਕਿਸ ਨੇ ਕਿਸ ਦੇ ਪਾਸ ਜਾਣਾ ਹੈ? (ਭਾਵ, ਇਹ ਦੇਹ-ਅੱਧਿਆਸੀ ਮਨ ਸਰੀਰ ਦੇ ਮੋਹ ਵਿਚੋਂ ਉੱਚਾ ਉੱਠ ਕੇ ਪ੍ਰਭੂ ਦੇ ਚਰਨਾਂ ਵਿਚ ਜਾਂਦਾ ਹੀ ਨਹੀਂ) ॥੩॥
ਕਹੁ ਕਬੀਰ ਲਿਵ ਲਾਗਿ ਰਹੀ ਹੈ ਜਹਾ ਬਸੇ ਦਿਨ ਰਾਤੀ ॥
ਕਬੀਰ ਆਖਦਾ ਹੈ- ਮੇਰੀ ਸੁਰਤ (ਪ੍ਰਭੂ-ਚਰਨਾਂ ਵਿਚ) ਲੱਗੀ ਰਹਿੰਦੀ ਹੈ ਅਤੇ ਦਿਨ ਰਾਤ ਉੱਥੇ ਹੀ ਟਿਕੀ ਰਹਿੰਦੀ ਹੈ (ਪਰ ਇਸ ਤਰ੍ਹਾਂ ਮੈਂ ਉਸ ਦਾ ਭੇਤ ਨਹੀਂ ਪਾ ਸਕਦਾ)।
ਉਆ ਕਾ ਮਰਮੁ ਓਹੀ ਪਰੁ ਜਾਨੈ ਓਹੁ ਤਉ ਸਦਾ ਅਬਿਨਾਸੀ ॥੪॥੧॥੫੨॥
ਉਸ ਦਾ ਭੇਤ ਉਹ ਆਪ ਹੀ ਜਾਣਦਾ ਹੈ, ਅਤੇ ਉਹ ਹੈ ਸਦਾ ਹੀ ਕਾਇਮ ਰਹਿਣ ਵਾਲਾ ਹੈ ॥੪॥੧॥੫੨॥
ਗਉੜੀ ॥
ਸੁਰਤਿ ਸਿਮ੍ਰਿਤਿ ਦੁਇ ਕੰਨੀ ਮੁੰਦਾ ਪਰਮਿਤਿ ਬਾਹਰਿ ਖਿੰਥਾ ॥
ਪ੍ਰਭੂ ਦੇ ਚਰਨਾਂ ਵਿਚ ਸੁਰਤ ਜੋੜਨੀ ਤੇ ਪ੍ਰਭੂ ਦਾ ਨਾਮ ਸਿਮਰਨਾ-ਇਹ ਮਾਨੋ, ਮੈਂ ਦੋਹਾਂ ਕੰਨਾਂ ਵਿਚ ਮੁੰਦਰਾਂ ਪਾਈਆਂ ਹੋਈਆਂ ਹਨ। ਪ੍ਰਭੂ ਦਾ ਯਥਾਰਥ ਗਿਆਨ-ਇਹ ਮੈਂ ਆਪਣੇ ਤੇ ਗੋਦੜੀ ਲਈ ਹੋਈ ਹੈ।
ਸੁੰਨ ਗੁਫਾ ਮਹਿ ਆਸਣੁ ਬੈਸਣੁ ਕਲਪ ਬਿਬਰਜਿਤ ਪੰਥਾ ॥੧॥
ਅਫੁਰ ਅਵਸਥਾ-ਰੂਪ ਗੁਫ਼ਾ ਵਿਚ ਮੈਂ ਆਸਣ ਲਾਈ ਬੈਠਾ ਹਾਂ (ਭਾਵ, ਮੇਰਾ ਮਨ ਹੀ ਮੇਰੀ ਗੁਫ਼ਾ ਹੈ; ਜਿਥੇ ਮੈਂ ਦੁਨੀਆ ਧੰਧਿਆਂ ਵਾਲੇ ਕੋਈ ਫੁਰਨੇ ਨਹੀਂ ਉਠਣ ਦੇਂਦਾ ਤੇ ਇਸ ਤਰ੍ਹਾਂ ਆਪਣੇ ਅੰਦਰ, ਮਾਨੋ, ਇਕ ਏਕਾਂਤ ਵਿਚ ਬੈਠਾ ਹੋਇਆ ਹਾਂ)। ਦੁਨੀਆ ਦੀਆਂ ਕਲਪਣਾ ਤਿਆਗ ਦੇਣੀਆਂ-ਇਹ ਹੈ ਮੇਰਾ (ਜੋਗ-) ਪੰਥ ॥੧॥
ਮੇਰੇ ਰਾਜਨ ਮੈ ਬੈਰਾਗੀ ਜੋਗੀ ॥
ਹੇ ਮੇਰੇ ਪਾਤਸ਼ਾਹ (ਪ੍ਰਭੂ!) ਮੈਂ (ਤੇਰੀ ਯਾਦ ਦੀ) ਲਗਨ ਵਾਲਾ ਜੋਗੀ ਹਾਂ,
ਮਰਤ ਨ ਸੋਗ ਬਿਓਗੀ ॥੧॥ ਰਹਾਉ ॥
(ਇਸ ਵਾਸਤੇ) ਮੌਤ (ਦਾ ਡਰ) ਚਿੰਤਾ ਤੇ ਵਿਛੋੜਾ ਮੈਨੂੰ ਪੋਂਹਦੇ ਨਹੀਂ ਹਨ ॥੧॥ ਰਹਾਉ ॥
ਖੰਡ ਬ੍ਰਹਮੰਡ ਮਹਿ ਸਿੰਙੀ ਮੇਰਾ ਬਟੂਆ ਸਭੁ ਜਗੁ ਭਸਮਾਧਾਰੀ ॥
ਸਾਰੇ ਖੰਡਾਂ ਬ੍ਰਹਿਮੰਡਾਂ ਵਿਚ (ਪ੍ਰਭੂ ਦੀ ਵਿਆਪਕਤਾ ਦਾ ਸਭ ਨੂੰ ਸੁਨੇਹਾ ਦੇਣਾ)-ਇਹ, ਮਾਨੋ, ਮੈਂ ਸਿੰਙੀ ਵਜਾ ਰਿਹਾ ਹਾਂ। ਸਾਰੇ ਜਗਤ ਨੂੰ ਨਾਸਵੰਤ ਸਮਝਣਾ-ਇਹ ਹੈ ਮੇਰਾ ਸੁਆਹ ਪਾਣ ਵਾਲਾ ਥੈਲਾ।
ਤਾੜੀ ਲਾਗੀ ਤ੍ਰਿਪਲੁ ਪਲਟੀਐ ਛੂਟੈ ਹੋਇ ਪਸਾਰੀ ॥੨॥
ਤ੍ਰੈਗੁਣੀ ਮਾਇਆ ਦੇ ਪ੍ਰਭਾਵ ਨੂੰ ਮੈਂ ਪਰਤਾਅ ਦਿੱਤਾ ਹੈ-ਇਹ ਮਾਨੋ, ਮੈਂ ਤਾੜੀ ਲਾਈ ਹੋਈ ਹੈ। ਇਸ ਤਰ੍ਹਾਂ ਮੈਂ ਗ੍ਰਿਹਸਤੀ ਹੁੰਦਾ ਹੋਇਆ ਭੀ ਮੁਕਤ ਹਾਂ ॥੨॥
ਮਨੁ ਪਵਨੁ ਦੁਇ ਤੂੰਬਾ ਕਰੀ ਹੈ ਜੁਗ ਜੁਗ ਸਾਰਦ ਸਾਜੀ ॥
(ਮੇਰੇ ਅੰਦਰ) ਇਕ-ਰਸ ਕਿੰਗੁਰੀ (ਵੀਣਾ) ਵੱਜ ਰਹੀ ਹੈ। ਮੇਰਾ ਮਨ ਅਤੇ ਸੁਆਸ (ਉਸ ਕਿੰਗੁਰੀ ਦੇ) ਦੋਵੇਂ ਤੂੰਬੇ ਹਨ। ਸਦਾ-ਥਿਰ ਰਹਿਣ ਵਾਲਾ ਪ੍ਰਭੂ (ਮਨ ਤੇ ਸੁਆਸ ਦੋਹਾਂ ਤੂੰਬਿਆਂ ਨੂੰ ਜੋੜਨ ਵਾਲੀ) ਮੈਂ ਡੰਡੀ ਬਣਾਈ ਹੈ।
ਥਿਰੁ ਭਈ ਤੰਤੀ ਤੂਟਸਿ ਨਾਹੀ ਅਨਹਦ ਕਿੰਗੁਰੀ ਬਾਜੀ ॥੩॥
ਸੁਰਤ ਦੀ ਤਾਰ (ਉਸ ਕਿੰਗੁਰੀ ਦੀ ਵੱਜਣ ਵਾਲੀ ਤੰਤੀ) ਮਜ਼ਬੂਤ ਹੋ ਗਈ ਹੈ, ਕਦੇ ਟੁੱਟਦੇ ਨਹੀਂ ॥੩॥
ਸੁਨਿ ਮਨ ਮਗਨ ਭਏ ਹੈ ਪੂਰੇ ਮਾਇਆ ਡੋਲ ਨ ਲਾਗੀ ॥
(ਇਸ ਅੰਦਰਲੀ ਕਿੰਗੁਰੀ ਦੇ ਰਾਗ ਨੂੰ) ਸੁਣ ਕੇ ਮੇਰਾ ਮਨ ਇਸ ਤਰ੍ਹਾਂ ਪੂਰਨ ਤੌਰ ਤੇ ਮਸਤ ਹੋ ਗਿਆ ਹੈ ਕਿ ਇਸ ਨੂੰ ਮਾਇਆ ਦਾ ਧੱਕਾ ਨਹੀਂ ਵੱਜ ਸਕਦਾ।
ਕਹੁ ਕਬੀਰ ਤਾ ਕਉ ਪੁਨਰਪਿ ਜਨਮੁ ਨਹੀ ਖੇਲਿ ਗਇਓ ਬੈਰਾਗੀ ॥੪॥੨॥੫੩॥
ਕਬੀਰ ਆਖਦਾ ਹੈ- ਜੋ ਲਗਨ ਵਾਲਾ ਜੋਗੀ ਅਜਿਹੀ ਖੇਡ ਖੇਡ ਕੇ ਜਾਂਦਾ ਹੈ ਉਸ ਨੂੰ ਫਿਰ ਕਦੇ ਜਨਮ (ਮਰਨ) ਨਹੀਂ ਹੁੰਦਾ ॥੪॥੨॥੫੩॥
ਗਉੜੀ ॥
ਗਜ ਨਵ ਗਜ ਦਸ ਗਜ ਇਕੀਸ ਪੁਰੀਆ ਏਕ ਤਨਾਈ ॥
(ਜਦੋਂ ਜੀਵ ਜਨਮ ਲੈਂਦਾ ਹੈ ਤਾਂ, ਮਾਨੋ,) ਪੂਰੀ ਇਕ ਤਾਣੀ (੪੦ ਗਜ਼ਾਂ ਦੀ ਤਿਆਰ ਹੋ ਜਾਂਦੀ ਹੈ) ਜਿਸ ਵਿਚ ਨੌ ਗੋਲਕਾਂ, ਦਸ ਇੰਦਰੇ ਤੇ ਇੱਕੀ ਗਜ਼ ਹੋਰ ਹੁੰਦੇ ਹਨ (ਭਾਵ, ਪੰਜ ਸੂਖਮ ਤੱਤ, ਪੰਜ ਸਥੂਲ ਤੱਤ, ਦਸ ਪ੍ਰਾਣ ਤੇ ਇਕ ਮਨ-ਇਹ ੨੧ ਗਜ਼ ਤਾਣੀ ਦੇ ਹੋਰ ਹਨ)।
ਸਾਠ ਸੂਤ ਨਵ ਖੰਡ ਬਹਤਰਿ ਪਾਟੁ ਲਗੋ ਅਧਿਕਾਈ ॥੧॥
ਸੱਠ ਨਾੜੀਆਂ (ਇਹ ਉਸ ਤਾਣੀ ਦੇ ਲੰਮੇ ਪਾਸੇ ਦਾ) ਸੂਤਰ ਹੁੰਦਾ ਹੈ, (ਸਰੀਰ ਦੇ ਨੌ ਜੋੜ ਉਸ ਤਾਣੀ ਦੇ) ਨੌ ਟੋਟੇ ਹਨ ਅਤੇ ਬਹੱਤਰ ਛੋਟੀਆਂ ਨਾੜੀਆਂ (ਇਹ ਉਸ ਤਾਣੀ ਨੂੰ) ਵਾਧੂ ਪੇਟਾ ਲੱਗਾ ਹੋਇਆ ਸਮਝੋ ॥੧॥
ਗਈ ਬੁਨਾਵਨ ਮਾਹੋ ॥
ਵਾਸ਼ਨਾ (ਇਹ ਸਰੀਰ ਦੀ ਤਾਣੀ) ਉਣਾਉਣ ਤੁਰ ਪੈਂਦੀ ਹੈ,
ਘਰ ਛੋਡਿਐ ਜਾਇ ਜੁਲਾਹੋ ॥੧॥ ਰਹਾਉ ॥
ਜਦੋਂ ਜੀਵ-ਜੁਲਾਹਾ ਪ੍ਰਭੂ ਦੇ ਚਰਨ ਵਿਸਾਰਦਾ ਹੈ। (ਭਾਵ, ਪ੍ਰਭੂ ਨੂੰ ਵਿਸਾਰਨ ਕਰਕੇ ਜੀਵ ਵਾਸ਼ਨਾ ਵਿਚ ਬੱਝ ਜਾਂਦਾ ਹੈ ਤੇ ਇਹ ਵਾਸ਼ਨਾ ਇਸ ਨੂੰ ਸਰੀਰ ਵਿਚ ਲਿਆਉਣ ਦਾ ਕਾਰਨ ਬਣਦੀ ਹੈ) ॥੧॥ ਰਹਾਉ ॥
ਗਜੀ ਨ ਮਿਨੀਐ ਤੋਲਿ ਨ ਤੁਲੀਐ ਪਾਚਨੁ ਸੇਰ ਅਢਾਈ ॥
(ਸਰੀਰ-ਰੂਪ ਇਹ ਤਾਣੀ) ਗਜ਼ਾਂ ਨਾਲ ਨਹੀਂ ਮਿਣੀਦੀ, ਤੇ ਵੱਟੇ ਨਾਲ ਤੋਲੀਦੀ ਭੀ ਨਹੀਂ (ਉਂਞ ਇਸ ਤਾਣੀ ਨੂੰ ਭੀ ਹਰ ਰੋਜ਼) ਢਾਈ ਸੇਰ (ਖ਼ੁਰਾਕ-ਰੂਪ) ਪਾਣ ਚਾਹੀਦੀ ਹੈ।
ਜੌ ਕਰਿ ਪਾਚਨੁ ਬੇਗਿ ਨ ਪਾਵੈ ਝਗਰੁ ਕਰੈ ਘਰਹਾਈ ॥੨॥
ਜੇ ਇਸ ਨੂੰ ਇਹ ਪਾਣ ਵੇਲੇ ਸਿਰ ਨਾ ਮਿਲੇ ਤਾਂ ਘਰ ਵਿਚ ਹੀ ਰੌਲਾ ਪਾ ਦੇਂਦੀ ਹੈ (ਭਾਵ, ਜੇ ਖ਼ੁਰਾਕ ਨਾਹ ਮਿਲੇ ਤਾਂ ਸਰੀਰ ਵਿਚ ਤਰਥੱਲ ਮੱਚ ਜਾਂਦੀ ਹੈ) ॥੨॥
ਦਿਨ ਕੀ ਬੈਠ ਖਸਮ ਕੀ ਬਰਕਸ ਇਹ ਬੇਲਾ ਕਤ ਆਈ ॥
(ਵਾਸ਼ਨਾ-ਬੱਧਾ ਜੀਵ) ਥੋੜੇ ਦਿਨਾਂ ਦੇ ਜੀਊਣ ਖ਼ਾਤਰ ਖਸਮ-ਪ੍ਰਭੂ ਤੋਂ ਆਕੀ ਹੋ ਜਾਂਦਾ ਹੈ (ਪ੍ਰਭੂ ਦੀ ਯਾਦ ਦਾ ਸਮਾ ਗੁਆ ਲੈਂਦਾ ਹੈ ਤੇ ਫਿਰ) ਇਹ ਵੇਲਾ ਹੱਥ ਨਹੀਂ ਆਉਂਦਾ।
ਛੂਟੇ ਕੂੰਡੇ ਭੀਗੈ ਪੁਰੀਆ ਚਲਿਓ ਜੁਲਾਹੋ ਰੀਸਾਈ ॥੩॥
(ਆਖ਼ਰ) ਇਹ ਪਦਾਰਥ ਖੁੱਸ ਜਾਂਦੇ ਹਨ, ਮਨ ਦੀਆਂ ਵਾਸ਼ਨਾਂ ਇਹਨਾਂ ਪਦਾਰਥਾਂ ਵਿਚ ਫਸੀਆਂ ਹੀ ਰਹਿ ਜਾਂਦੀਆਂ ਹਨ, (ਇਸ ਵਿਛੋੜੇ ਦੇ ਕਾਰਨ) ਜੀਵ-ਜੁਲਾਹਾ ਖਿੱਝ ਕੇ ਇਥੋਂ ਤੁਰ ਪੈਂਦਾ ਹੈ ॥੩॥
ਛੋਛੀ ਨਲੀ ਤੰਤੁ ਨਹੀ ਨਿਕਸੈ ਨਤਰ ਰਹੀ ਉਰਝਾਈ ॥
(ਆਖ਼ਰ) ਨਲੀ ਖ਼ਾਲੀ ਹੋ ਜਾਂਦੀ ਹੈ, ਤੰਦ ਨਹੀਂ ਨਿਕਲਦੀ, ਤੁਰ ਉਲਝੀ ਨਹੀਂ ਰਹਿੰਦੀ (ਭਾਵ, ਜੀਵਾਤਮਾ ਸਰੀਰ ਨੂੰ ਛੱਡ ਦੇਂਦਾ ਹੈ, ਸੁਆਸ ਚੱਲਣੇ ਮੁੱਕ ਜਾਂਦੇ ਹਨ, ਸੁਆਸਾਂ ਦਾ ਨਾਭੀ ਨਾਲੋਂ ਸੰਬੰਧ ਟੁੱਟ ਜਾਂਦਾ ਹੈ)।
ਛੋਡਿ ਪਸਾਰੁ ਈਹਾ ਰਹੁ ਬਪੁਰੀ ਕਹੁ ਕਬੀਰ ਸਮਝਾਈ ॥੪॥੩॥੫੪॥
ਕਬੀਰ ਆਖਦਾ ਹੈ- ਹੇ ਚੰਦਰੀ ਵਾਸ਼ਨਾ! ਇਹ ਜੰਜਾਲ ਛੱਡ ਦੇ, ਤੇ ਹੁਣ ਤਾਂ ਇਸ ਜੀਵ ਦੀ ਖ਼ਲਾਸੀ ਕਰ ॥੪॥੩॥੫੪॥
ਗਉੜੀ ॥
ਏਕ ਜੋਤਿ ਏਕਾ ਮਿਲੀ ਕਿੰਬਾ ਹੋਇ ਮਹੋਇ ॥
(ਸਤਿਗੁਰੂ ਦੇ ਸ਼ਬਦ ਦੀ ਬਰਕਤ ਨਾਲ ਜਿਸ ਮਨੁੱਖ ਦੀ ਸੁਰਤ ਪਰਮਾਤਮਾ ਦੀ) ਜੋਤ ਨਾਲ ਮਿਲ ਕੇ ਇੱਕ-ਰੂਪ ਹੋ ਜਾਂਦੀ ਹੈ, ਉਸ ਦੇ ਅੰਦਰ ਹਉਮੈ ਬਿਲਕੁਲ ਨਹੀਂ ਰਹਿੰਦੀ।
ਜਿਤੁ ਘਟਿ ਨਾਮੁ ਨ ਊਪਜੈ ਫੂਟਿ ਮਰੈ ਜਨੁ ਸੋਇ ॥੧॥
ਕੇਵਲ ਉਹੀ ਮਨੁੱਖ ਹਉਮੈ ਨਾਲ ਦੁਖੀ ਹੁੰਦਾ ਹੈ, ਜਿਸ ਦੇ ਅੰਦਰ ਪਰਮਾਤਮਾ ਦਾ ਨਾਮ ਨਹੀਂ ਪੈਦਾ ਹੁੰਦਾ ॥੧॥
ਸਾਵਲ ਸੁੰਦਰ ਰਾਮਈਆ ॥
ਹੇ ਮੇਰੇ ਸਾਂਵਲੇ ਸੁਹਣੇ ਰਾਮ!
ਮੇਰਾ ਮਨੁ ਲਾਗਾ ਤੋਹਿ ॥੧॥ ਰਹਾਉ ॥
(ਗੁਰੂ ਦੀ ਕਿਰਪਾ ਨਾਲ) ਮੇਰਾ ਮਨ ਤਾਂ ਤੇਰੇ ਚਰਨਾਂ ਵਿਚ ਜੁੜਿਆ ਹੋਇਆ ਹੈ (ਮੈਨੂੰ ਹਉਮੈ ਕਿਉਂ ਦੁਖੀ ਕਰੇ?) ॥੧॥ ਰਹਾਉ ॥
ਸਾਧੁ ਮਿਲੈ ਸਿਧਿ ਪਾਈਐ ਕਿ ਏਹੁ ਜੋਗੁ ਕਿ ਭੋਗੁ ॥
(ਹਉਮੈ ਦੇ ਅਭਾਵ ਅਤੇ ਅੰਦਰਲੀ ਸ਼ਾਂਤੀ-ਠੰਢ ਦੀ) ਇਹ ਸਿੱਧੀ ਸਤਿਗੁਰੂ ਨੂੰ ਮਿਲਿਆਂ ਲੱਭਦੀ ਹੈ। (ਫਿਰ ਇਸ ਸਿੱਧੀ ਦੇ ਸਾਹਮਣੇ ਜੋਗੀਆਂ ਦਾ) ਜੋਗ ਤੁੱਛ ਹੈ, (ਦੁਨੀਆ ਦੇ ਪਦਾਰਥਾਂ ਦਾ) ਭੋਗਣਾ ਭੀ ਕੋਈ ਚੀਜ਼ ਨਹੀਂ ਹੈ
ਦੁਹੁ ਮਿਲਿ ਕਾਰਜੁ ਊਪਜੈ ਰਾਮ ਨਾਮ ਸੰਜੋਗੁ ॥੨॥
ਜਦੋਂ ਸਤਿਗੁਰੂ ਦਾ ਸ਼ਬਦ ਅਤੇ ਸਿੱਖ ਦੀ ਸੁਰਤ ਮਿਲਦੇ ਹਨ, ਤਾਂ ਪਰਮਾਤਮਾ ਦੇ ਨਾਮ ਦਾ ਮਿਲਾਪ-ਰੂਪ ਨਤੀਜਾ ਨਿਕਲਦਾ ਹੈ ॥੨॥
ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ ॥
ਜਗਤ ਸਮਝਦਾ ਹੈ ਕਿ ਸਤਿਗੁਰੂ ਦਾ ਸ਼ਬਦ (ਕੋਈ ਸਧਾਰਨ ਜਿਹਾ) ਗੀਤ ਹੀ ਹੈ, ਪਰ ਇਹ ਤਾਂ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਹੈ,
ਜਿਉ ਕਾਸੀ ਉਪਦੇਸੁ ਹੋਇ ਮਾਨਸ ਮਰਤੀ ਬਾਰ ॥੩॥
(ਜੋ ਹਉਮੈ ਤੋਂ ਜਿਊਂਦਿਆਂ ਹੀ ਮੁਕਤੀ ਦਿਵਾਉਂਦੀ ਹੈ) ਜਿਵੇਂ ਕਾਂਸ਼ੀ ਵਿਚ ਮਨੁੱਖ ਨੂੰ ਮਰਨ ਵੇਲੇ (ਸ਼ਿਵ ਜੀ ਦਾ ਮੁਕਤੀ ਦਾਤਾ) ਉਪਦੇਸ਼ ਮਿਲਦਾ ਖ਼ਿਆਲ ਕੀਤਾ ਜਾਂਦਾ ਹੈ (ਭਾਵ, ਕਾਂਸ਼ੀ ਵਾਲਾ ਉਪਦੇਸ਼ ਤਾਂ ਮਰਨ ਪਿਛੋਂ ਅਸਰ ਕਰਦਾ ਹੋਵੇਗਾ, ਪਰ ਸਤਿਗੁਰੂ ਦਾ ਸ਼ਬਦ ਐਥੇ ਹੀ ਜੀਵਨ-ਮੁਕਤ ਕਰ ਦੇਂਦਾ ਹੈ) ॥੩॥
ਕੋਈ ਗਾਵੈ ਕੋ ਸੁਣੈ ਹਰਿ ਨਾਮਾ ਚਿਤੁ ਲਾਇ ॥
ਜੋ ਭੀ ਮਨੁੱਖ ਪ੍ਰੇਮ ਨਾਲ ਪ੍ਰਭੂ ਦਾ ਨਾਮ ਗਾਉਂਦਾ ਹੈ ਜਾਂ ਸੁਣਦਾ ਹੈ,
ਕਹੁ ਕਬੀਰ ਸੰਸਾ ਨਹੀ ਅੰਤਿ ਪਰਮ ਗਤਿ ਪਾਇ ॥੪॥੧॥੪॥੫੫॥
ਕਬੀਰ ਆਖਦਾ ਹੈ- ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਜ਼ਰੂਰ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ ॥੪॥੧॥੪॥੫੫॥
ਗਉੜੀ ॥
ਜੇਤੇ ਜਤਨ ਕਰਤ ਤੇ ਡੂਬੇ ਭਵ ਸਾਗਰੁ ਨਹੀ ਤਾਰਿਓ ਰੇ ॥
ਹੇ ਭਾਈ! ਜਿਹੜੇ ਜਿਹੜੇ ਭੀ ਮਨੁੱਖ ਅਜਿਹੇ ਜਤਨ ਕਰਦੇ ਹਨ, ਉਹ ਸਾਰੇ (ਸੰਸਾਰ-ਸਮੁੰਦਰ ਵਿਚ) ਡੁੱਬ ਜਾਂਦੇ ਹਨ, ਇਹ ਰਸਮਾਂ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘਾਉਂਦੀਆਂ (ਸੰਸਾਰ ਦੇ ਵਿਕਾਰਾਂ ਤੋਂ ਬਚਾ ਨਹੀਂ ਸਕਦੀਆਂ।)
ਕਰਮ ਧਰਮ ਕਰਤੇ ਬਹੁ ਸੰਜਮ ਅਹੰਬੁਧਿ ਮਨੁ ਜਾਰਿਓ ਰੇ ॥੧॥
ਧਾਰਮਿਕ ਰਸਮਾਂ, ਵਰਨ ਆਸ਼੍ਰਮਾਂ ਦੀਆਂ ਆਪੋ ਆਪਣੀਆਂ ਰਸਮਾਂ ਕਰਨ ਦੇ ਫ਼ਰਜ਼ ਅਤੇ ਹੋਰ ਕਈ ਕਿਸਮ ਦੇ ਧਾਰਮਿਕ ਪ੍ਰਣ ਕਰਨ ਨਾਲ ਹਉਮੈ (ਮਨੁੱਖ ਦੇ) ਮਨ ਨੂੰ ਸਾੜ ਦੇਂਦੀ ਹੈ ॥੧॥
ਸਾਸ ਗ੍ਰਾਸ ਕੋ ਦਾਤੋ ਠਾਕੁਰੁ ਸੋ ਕਿਉ ਮਨਹੁ ਬਿਸਾਰਿਓ ਰੇ ॥
ਹੇ ਭਾਈ! ਜਿੰਦ ਤੇ ਰੋਜ਼ੀ ਦੇ ਦੇਣ ਵਾਲਾ ਇਕ ਪਰਮਾਤਮਾ ਹੀ ਹੈ। ਤੂੰ ਉਸ ਨੂੰ ਆਪਣੇ ਮਨੋਂ ਕਿਉਂ ਭੁਲਾ ਦਿੱਤਾ ਹੈ?
ਹੀਰਾ ਲਾਲੁ ਅਮੋਲੁ ਜਨਮੁ ਹੈ ਕਉਡੀ ਬਦਲੈ ਹਾਰਿਓ ਰੇ ॥੧॥ ਰਹਾਉ ॥
ਇਹ (ਮਨੁੱਖਾ-) ਜਨਮ (ਮਾਨੋ) ਹੀਰਾ ਹੈ, ਅਮੋਲਕ ਲਾਲ ਹੈ, ਪਰ ਤੂੰ ਤਾਂ ਇਸ ਨੂੰ ਕੌਡੀ ਦੀ ਖ਼ਾਤਰ ਗਵਾ ਦਿੱਤਾ ਹੈ ॥੧॥ ਰਹਾਉ ॥
ਤ੍ਰਿਸਨਾ ਤ੍ਰਿਖਾ ਭੂਖ ਭ੍ਰਮਿ ਲਾਗੀ ਹਿਰਦੈ ਨਾਹਿ ਬੀਚਾਰਿਓ ਰੇ ॥
ਹੇ ਭਾਈ! ਤੂੰ ਕਦੇ ਆਪਣੇ ਦਿਲ ਵਿਚ ਵਿਚਾਰ ਨਹੀਂ ਕੀਤੀ ਕਿ ਭਟਕਣਾ ਦੇ ਕਾਰਨ ਤੈਨੂੰ ਤਾਂ ਮਾਇਆ ਦੀ ਭੁੱਖ-ਤ੍ਰੇਹ ਲੱਗੀ ਹੋਈ ਹੈ।
ਉਨਮਤ ਮਾਨ ਹਿਰਿਓ ਮਨ ਮਾਹੀ ਗੁਰ ਕਾ ਸਬਦੁ ਨ ਧਾਰਿਓ ਰੇ ॥੨॥
(ਕਰਮਾਂ ਧਰਮਾਂ ਵਿਚ ਹੀ) ਤੂੰ ਮਸਤਿਆ ਤੇ ਹੰਕਾਰਿਆ ਰਹਿੰਦਾ ਹੈਂ। ਗੁਰੂ ਦਾ ਸ਼ਬਦ ਤੂੰ ਕਦੇ ਆਪਣੇ ਮਨ ਵਿਚ ਵਸਾਇਆ ਹੀ ਨਹੀਂ ॥੨॥
ਸੁਆਦ ਲੁਭਤ ਇੰਦ੍ਰੀ ਰਸ ਪ੍ਰੇਰਿਓ ਮਦ ਰਸ ਲੈਤ ਬਿਕਾਰਿਓ ਰੇ ॥
(ਪ੍ਰਭੂ ਨੂੰ ਵਿਸਾਰਨ ਕਰਕੇ) ਤੂੰ (ਦੁਨੀਆ ਦੇ) ਸੁਆਦਾਂ ਦਾ ਲੋਭੀ ਬਣ ਰਿਹਾ ਹੈਂ। ਇੰਦ੍ਰੀ ਦੇ ਚਸਕੇ ਦਾ ਪ੍ਰੇਰਿਆ ਹੋਇਆ ਤੂੰ ਵਿਕਾਰਾਂ ਦੇ ਨਸ਼ੇ ਦੇ ਸੁਆਦ ਲੈਂਦਾ ਰਹਿੰਦਾ ਹੈਂ।
ਕਰਮ ਭਾਗ ਸੰਤਨ ਸੰਗਾਨੇ ਕਾਸਟ ਲੋਹ ਉਧਾਰਿਓ ਰੇ ॥੩॥
ਜਿਨ੍ਹਾਂ ਦੇ ਮੱਥੇ ਉੱਤੇ ਚੰਗੇ ਭਾਗ (ਜਾਗਦੇ) ਹਨ, ਉਹਨਾਂ ਨੂੰ ਸਾਧ-ਸੰਗਤ ਵਿਚ (ਲਿਆ ਕੇ ਪ੍ਰਭੂ ਵਿਕਾਰਾਂ ਤੋਂ ਇਉਂ) ਬਚਾਉਂਦਾ ਹੈ ਜਿਵੇਂ ਲੱਕੜੀ ਲੋਹੇ ਨੂੰ (ਸਮੁੰਦਰ ਤੋਂ) ਪਾਰ ਲੰਘਾਉਂਦੀ ਹੈ ॥੩॥
ਧਾਵਤ ਜੋਨਿ ਜਨਮ ਭ੍ਰਮਿ ਥਾਕੇ ਅਬ ਦੁਖ ਕਰਿ ਹਮ ਹਾਰਿਓ ਰੇ ॥
ਜੂਨਾਂ ਵਿਚ, ਜਨਮਾਂ ਵਿਚ ਦੌੜ ਦੌੜ ਕੇ, ਭਟਕ ਭਟਕ ਕੇ ਮੈਂ ਤਾਂ ਥੱਕ ਗਿਆ ਹਾਂ। ਦੁੱਖ ਸਹਾਰ ਸਹਾਰ ਕੇ ਹੋਰ ਆਸਰੇ ਛੱਡ ਬੈਠਾ ਹਾਂ (ਅਤੇ ਗੁਰੂ ਦੀ ਸ਼ਰਨ ਲਈ ਹੈ।)
ਕਹਿ ਕਬੀਰ ਗੁਰ ਮਿਲਤ ਮਹਾ ਰਸੁ ਪ੍ਰੇਮ ਭਗਤਿ ਨਿਸਤਾਰਿਓ ਰੇ ॥੪॥੧॥੫॥੫੬॥
ਕਬੀਰ ਆਖਦਾ ਹੈ-ਸਤਿਗੁਰੂ ਨੂੰ ਮਿਲਦਿਆਂ ਹੀ (ਪ੍ਰਭੂ ਦਾ ਨਾਮ-ਰੂਪ) ਸਭ ਤੋਂ ਸ੍ਰ੍ਰੇਸ਼ਟ ਰਸ ਪੈਦਾ ਹੁੰਦਾ ਹੈ, ਅਤੇ ਪਿਆਰ ਨਾਲ ਕੀਤੀ ਹੋਈ ਪ੍ਰਭੂ ਦੀ ਭਗਤੀ (ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਤੋਂ) ਬਚਾ ਲੈਂਦੀ ਹੈ ॥੪॥੧॥੫॥੫੬॥
ਗਉੜੀ ॥
ਕਾਲਬੂਤ ਕੀ ਹਸਤਨੀ ਮਨ ਬਉਰਾ ਰੇ ਚਲਤੁ ਰਚਿਓ ਜਗਦੀਸ ॥
ਹੇ ਕਮਲੇ ਮਨਾ! (ਇਹ ਜਗਤ) ਪਰਮਾਤਮਾ ਨੇ (ਜੀਵਾਂ ਨੂੰ ਰੁੱਝੇ ਰੱਖਣ ਲਈ) ਇਕ ਖੇਡ ਬਣਾਈ ਹੈ ਜਿਵੇਂ (ਲੋਕ ਹਾਥੀ ਨੂੰ ਫੜਨ ਲਈ) ਕਲਬੂਤ ਦੀ ਹਥਣੀ (ਬਣਾਉਂਦੇ ਹਨ);
ਕਾਮ ਸੁਆਇ ਗਜ ਬਸਿ ਪਰੇ ਮਨ ਬਉਰਾ ਰੇ ਅੰਕਸੁ ਸਹਿਓ ਸੀਸ ॥੧॥
(ਉਸ ਹਥਣੀ ਨੂੰ ਵੇਖ ਕੇ) ਕਾਮ ਦੀ ਵਾਸ਼ਨਾ ਦੇ ਕਾਰਨ ਹਾਥੀ ਫੜਿਆ ਜਾਂਦਾ ਹੈ ਤੇ ਆਪਣੇ ਸਿਰ ਉੱਤੇ (ਸਦਾ ਮਹਾਉਤ ਦਾ) ਅੰਕਸ ਸਹਾਰਦਾ ਹੈ, (ਤਿਵੇਂ) ਹੇ ਝੱਲੇ ਮਨ! (ਤੂੰ ਭੀ ਮਨ-ਮੋਹਨੀ ਮਾਇਆ ਵਿਚ ਫਸ ਕੇ ਦੁੱਖ ਸਹਾਰਦਾ ਹੈਂ) ॥੧॥
ਬਿਖੈ ਬਾਚੁ ਹਰਿ ਰਾਚੁ ਸਮਝੁ ਮਨ ਬਉਰਾ ਰੇ ॥
ਹੇ ਮੂਰਖ ਮਨ! ਅਕਲ ਕਰ, ਵਿਸ਼ਿਆਂ ਤੋਂ ਬਚਿਆ ਰਹੁ ਤੇ ਪ੍ਰਭੂ ਵਿਚ ਜੁੜਿਆ ਕਰ।
ਨਿਰਭੈ ਹੋਇ ਨ ਹਰਿ ਭਜੇ ਮਨ ਬਉਰਾ ਰੇ ਗਹਿਓ ਨ ਰਾਮ ਜਹਾਜੁ ॥੧॥ ਰਹਾਉ ॥
ਤੂੰ ਸਹਿਮ ਛੱਡ ਕੇ ਕਿਉਂ ਪਰਮਾਤਮਾ ਨੂੰ ਨਹੀਂ ਸਿਮਰਦਾ ਤੇ ਕਿਉਂ ਪ੍ਰਭੂ ਦਾ ਆਸਰਾ ਨਹੀਂ ਲੈਂਦਾ? ॥੧॥ ਰਹਾਉ ॥
ਮਰਕਟ ਮੁਸਟੀ ਅਨਾਜ ਕੀ ਮਨ ਬਉਰਾ ਰੇ ਲੀਨੀ ਹਾਥੁ ਪਸਾਰਿ ॥
ਹੇ ਕਮਲੇ ਮਨ! ਬਾਂਦਰ ਨੇ ਹੱਥ ਖਿਲਾਰ ਕੇ ਦਾਣਿਆਂ ਦੀ ਮੁੱਠ ਭਰ ਲਈ,
ਛੂਟਨ ਕੋ ਸਹਸਾ ਪਰਿਆ ਮਨ ਬਉਰਾ ਰੇ ਨਾਚਿਓ ਘਰ ਘਰ ਬਾਰਿ ॥੨॥
ਤੇ ਉਸ ਨੂੰ ਸਹਿਮ ਪੈ ਗਿਆ ਕਿ ਕੈਦ ਵਿਚੋਂ ਕਿਵੇਂ ਨਿਕਲੇ। (ਉਸ ਲਾਲਚ ਦੇ ਕਾਰਨ ਹੁਣ) ਹਰੇਕ ਘਰ ਦੇ ਬੂਹੇ ਤੇ ਨੱਚਦਾ ਫਿਰਦਾ ਹੈ ॥੨॥
ਜਿਉ ਨਲਨੀ ਸੂਅਟਾ ਗਹਿਓ ਮਨ ਬਉਰਾ ਰੇ ਮਾਯਾ ਇਹੁ ਬਿਉਹਾਰੁ ॥
ਹੇ ਝੱਲੇ ਮਨਾਂ! ਜਗਤ ਦੀ ਮਾਇਆ ਦਾ ਇਉਂ ਹੀ ਵਰਤਾਰਾ ਹੈ (ਭਾਵ, ਮਾਇਆ ਜੀਵ ਨੂੰ ਇਉਂ ਹੀ ਮੋਹ ਵਿਚ ਫਸਾਉਂਦੀ ਹੈ) ਜਿਵੇਂ ਤੋਤਾ ਨਲਨੀ (ਤੇ ਬੈਠ ਕੇ) ਫਸ ਜਾਂਦਾ ਹੈ।
ਜੈਸਾ ਰੰਗੁ ਕਸੁੰਭ ਕਾ ਮਨ ਬਉਰਾ ਰੇ ਤਿਉ ਪਸਰਿਓ ਪਾਸਾਰੁ ॥੩॥
ਹੇ ਕਮਲੇ ਮਨ! ਜਿਵੇਂ ਕਸੁੰਭੇ ਦਾ ਰੰਗ (ਥੋੜੇ ਹੀ ਦਿਨ ਰਹਿੰਦਾ) ਹੈ, ਇਸੇ ਤਰ੍ਹਾਂ ਜਗਤ ਦਾ ਖਿਲਾਰਾ (ਚਾਰ ਦਿਨ ਲਈ ਹੀ) ਖਿਲਰਿਆ ਹੋਇਆ ਹੈ ॥੩॥
ਨਾਵਨ ਕਉ ਤੀਰਥ ਘਨੇ ਮਨ ਬਉਰਾ ਰੇ ਪੂਜਨ ਕਉ ਬਹੁ ਦੇਵ ॥
ਹੇ ਝੱਲੇ ਮਨਾਂ! (ਭਾਵੇਂ) ਇਸ਼ਨਾਨ ਕਰਨ ਲਈ ਬਥੇਰੇ ਤੀਰਥ ਹਨ, ਤੇ ਪੂਜਣ ਲਈ ਬਥੇਰੇ ਦੇਵਤੇ ਹਨ (ਭਾਵ, ਭਾਵੇਂ ਲੋਕ ਕਈ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਹਨ ਤੇ ਕਈ ਦੇਵਤਿਆਂ ਦੀ ਪੂਜਾ ਕਰਦੇ ਹਨ)
ਕਹੁ ਕਬੀਰ ਛੂਟਨੁ ਨਹੀ ਮਨ ਬਉਰਾ ਰੇ ਛੂਟਨੁ ਹਰਿ ਕੀ ਸੇਵ ॥੪॥੧॥੬॥੫੭॥
ਕਬੀਰ ਆਖਦਾ ਹੈ- ਪਰ (ਇਸ ਸਹਿਮ ਤੋਂ ਤੇ ਮਾਇਆ ਦੇ ਮੋਹ ਤੋਂ) ਖ਼ਲਾਸੀ ਨਹੀਂ ਹੋ ਸਕਦੀ। ਖ਼ਲਾਸੀ ਸਿਰਫ਼ ਪ੍ਰਭੂ ਦਾ ਸਿਮਰਨ ਕੀਤਿਆਂ ਹੀ ਹੁੰਦੀ ਹੈ ॥੪॥੧॥੬॥੫੭॥
ਗਉੜੀ ॥
ਅਗਨਿ ਨ ਦਹੈ ਪਵਨੁ ਨਹੀ ਮਗਨੈ ਤਸਕਰੁ ਨੇਰਿ ਨ ਆਵੈ ॥
(ਹੇ ਭਾਈ!) ਇਸ ਧਨ ਨੂੰ ਨਾਹ ਅੱਗ ਸਾੜ ਸਕਦੀ ਹੈ, ਨਾਹ ਹਵਾ ਉਡਾ ਕੇ ਲੈ ਜਾ ਸਕਦੀ ਹੈ, ਅਤੇ ਨਾਹ ਹੀ ਕੋਈ ਚੋਰ ਇਸ ਦੇ ਨੇੜੇ ਢੁਕ ਸਕਦਾ ਹੈ।
ਰਾਮ ਨਾਮ ਧਨੁ ਕਰਿ ਸੰਚਉਨੀ ਸੋ ਧਨੁ ਕਤ ਹੀ ਨ ਜਾਵੈ ॥੧॥
ਪਰਮਾਤਮਾ ਦਾ ਨਾਮ-ਰੂਪ ਧਨ ਇਕੱਠਾ ਕਰ, ਇਹ ਕਿਧਰੇ ਨਾਸ ਨਹੀਂ ਹੁੰਦਾ ॥੧॥
ਹਮਰਾ ਧਨੁ ਮਾਧਉ ਗੋਬਿੰਦੁ ਧਰਣੀਧਰੁ ਇਹੈ ਸਾਰ ਧਨੁ ਕਹੀਐ ॥
ਸਾਡਾ ਧਨ ਤਾਂ ਮਾਧੋ ਗੋਬਿੰਦ ਹੀ ਹੈ ਜੋ ਸਾਰੀ ਧਰਤੀ ਦਾ ਆਸਰਾ ਹੈ। (ਸਾਡੇ ਮਤ ਵਿਚ ਤਾਂ) ਇਸੇ ਧਨ ਨੂੰ ਸਭ ਧਨਾਂ ਨਾਲੋਂ ਚੰਗਾ ਵਧੀਆ ਆਖੀਦਾ ਹੈ।
ਜੋ ਸੁਖੁ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖੁ ਰਾਜਿ ਨ ਲਹੀਐ ॥੧॥ ਰਹਾਉ ॥
ਜੋ ਸੁਖ ਪਰਮਾਤਮਾ ਗੋਬਿੰਦ ਦੇ ਭਜਨ ਵਿਚ ਮਿਲਦਾ ਹੈ, ਉਹ ਸੁਖ ਰਾਜ ਵਿਚ (ਭੀ) ਨਹੀਂ ਲੱਭਦਾ ॥੧॥ ਰਹਾਉ ॥
ਇਸੁ ਧਨ ਕਾਰਣਿ ਸਿਵ ਸਨਕਾਦਿਕ ਖੋਜਤ ਭਏ ਉਦਾਸੀ ॥
ਇਸ (ਨਾਮ) ਧਨ ਦੀ ਖ਼ਾਤਰ ਸ਼ਿਵ ਤੇ ਸਨਕ ਆਦਿਕ (ਬ੍ਰਹਮਾ ਦੇ ਚਾਰੇ ਪੁੱਤਰ) ਭਾਲ ਕਰਦੇ ਕਰਦੇ ਜਗਤ ਤੋਂ ਵਿਰਕਤ ਹੋਏ।
ਮਨਿ ਮੁਕੰਦੁ ਜਿਹਬਾ ਨਾਰਾਇਨੁ ਪਰੈ ਨ ਜਮ ਕੀ ਫਾਸੀ ॥੨॥
ਜਿਸ ਮਨੁੱਖ ਦੇ ਮਨ ਵਿਚ ਮੁਕਤੀ ਦਾਤਾ ਪ੍ਰਭੂ ਵੱਸਦਾ ਹੈ, ਜਿਸ ਦੀ ਜੀਭ ਤੇ ਅਕਾਲ ਪੁਰਖ ਟਿਕਿਆ ਹੈ, ਉਸ ਨੂੰ ਜਮ ਦੀ (ਮੋਹ-ਰੂਪ) ਫਾਹੀ ਨਹੀਂ ਪੈ ਸਕਦੀ ॥੨॥
ਨਿਜ ਧਨੁ ਗਿਆਨੁ ਭਗਤਿ ਗੁਰਿ ਦੀਨੀ ਤਾਸੁ ਸੁਮਤਿ ਮਨੁ ਲਾਗਾ ॥
ਪ੍ਰਭੂ ਦੀ ਭਗਤੀ, ਪ੍ਰਭੂ ਦਾ ਗਿਆਨ ਹੀ, (ਜੀਵ ਦਾ) ਨਿਰੋਲ ਆਪਣਾ ਧਨ (ਹੋ ਸਕਦਾ) ਹੈ। ਜਿਸ ਸੁਚੱਜੀ ਮਤ ਵਾਲੇ ਨੂੰ ਗੁਰੂ ਨੇ (ਇਹ ਦਾਤ) ਦਿਤੀ ਹੈ, ਉਸ ਦਾ ਮਨ ਉਸ ਪ੍ਰਭੂ ਵਿਚ ਟਿਕਦਾ ਹੈ।
ਜਲਤ ਅੰਭ ਥੰਭਿ ਮਨੁ ਧਾਵਤ ਭਰਮ ਬੰਧਨ ਭਉ ਭਾਗਾ ॥੩॥
(ਮਾਇਆ ਦੀ ਤ੍ਰਿਸ਼ਨਾ ਦੀ ਅੱਗ ਵਿਚ) ਸੜਦੇ ਲਈ (ਇਹ ਨਾਮ-ਧਨ) ਪਾਣੀ ਹੈ, ਤੇ ਭਟਕਦੇ ਮਨ ਨੂੰ ਇਹ ਥੰਮ੍ਹੀ ਹੈ, (ਨਾਮ ਦੀ ਬਰਕਤ ਨਾਲ) ਭਰਮਾਂ ਦੇ ਬੰਧਨਾਂ ਦਾ ਡਰ ਦੂਰ ਹੋ ਜਾਂਦਾ ਹੈ ॥੩॥
ਕਹੈ ਕਬੀਰੁ ਮਦਨ ਕੇ ਮਾਤੇ ਹਿਰਦੈ ਦੇਖੁ ਬੀਚਾਰੀ ॥
ਕਬੀਰ ਆਖਦਾ ਹੈ-ਹੇ ਕਾਮ-ਵਾਸ਼ਨਾ ਵਿਚ ਮੱਤੇ ਹੋਏ (ਰਾਜਨ!) ਮਨ ਵਿਚ ਸੋਚ ਕੇ ਵੇਖ,
ਤੁਮ ਘਰਿ ਲਾਖ ਕੋਟਿ ਅਸ੍ਵ ਹਸਤੀ ਹਮ ਘਰਿ ਏਕੁ ਮੁਰਾਰੀ ॥੪॥੧॥੭॥੫੮॥
ਜੇ ਤੇਰੇ ਘਰ ਵਿਚ ਲੱਖਾਂ ਕ੍ਰੋੜਾਂ ਘੋੜੇ ਤੇ ਹਾਥੀ ਹਨ ਤਾਂ ਸਾਡੇ (ਹਿਰਦੇ-) ਘਰ ਵਿਚ (ਇਹ ਸਾਰੇ ਪਦਾਰਥ ਦੇਣ ਵਾਲਾ) ਇਕ ਪਰਮਾਤਮਾ (ਵੱਸਦਾ) ਹੈ ॥੪॥੧॥੭॥੫੮॥