ਬਸੰਤ ਕੀ ਵਾਰ (ਮਹਲਾ 5), Basant ki vaar (Mahalla 5) Path in Punjabi Gurbani

ਬਸੰਤ ਕੀ ਵਾਰ (ਮਹਲਾ 5), Basant ki vaar (Mahalla 5) Path in Punjabi Gurbani

ਬਸੰਤ ਕੀ ਵਾਰ ਮਹਲੁ ੫ ॥

ਰਾਗ ਬਸੰਤੁ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ‘ਵਾਰ’।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਹਰਿ ਕਾ ਨਾਮੁ ਧਿਆਇ ਕੈ ਹੋਹੁ ਹਰਿਆ ਭਾਈ ॥

ਪਰਮਾਤਮਾ ਦਾ ਨਾਮ ਸਿਮਰ ਕੇ ਆਤਮਕ ਜੀਵਨ ਵਾਲਾ ਬਣ ਜਾ (ਜਿਵੇਂ ਪਾਣੀ ਮਿਲਣ ਨਾਲ ਰੁੱਖ ਨੂੰ ਹਰਿਆਵਲ ਮਿਲ ਜਾਂਦੀ ਹੈ)।

ਕਰਮਿ ਲਿਖੰਤੈ ਪਾਈਐ ਇਹ ਰੁਤਿ ਸੁਹਾਈ ॥

(ਨਾਮ ਜਪਣ ਵਾਸਤੇ ਮਨੁੱਖਾ ਜਨਮ ਦਾ) ਇਹ ਸੋਹਣਾ ਸਮਾ (ਪੂਰਬਲੇ ਕੀਤੇ ਕਰਮਾਂ ਅਨੁਸਾਰ ਪ੍ਰਭੂ ਵਲੋਂ) ਲਿਖੇ ਬਖ਼ਸ਼ਸ਼ ਦੇ ਲੇਖ ਦੇ ਉੱਘੜਨ ਨਾਲ ਹੀ ਮਿਲਦਾ ਹੈ।

ਵਣੁ ਤ੍ਰਿਣੁ ਤ੍ਰਿਭਵਣੁ ਮਉਲਿਆ ਅੰਮ੍ਰਿਤ ਫਲੁ ਪਾਈ ॥

(ਜਿਵੇਂ ਵਰਖਾ ਨਾਲ) ਜੰਗਲ ਬਨਸਪਤੀ ਸਾਰਾ ਜਗਤ ਖਿੜ ਪੈਂਦਾ ਹੈ, (ਤਿਵੇਂ ਉਸ ਮਨੁੱਖ ਦਾ ਲੂੰ ਲੂੰ ਖਿੜ ਪੈਂਦਾ ਹੈ ਜੋ) ਅੰਮ੍ਰਿਤ ਨਾਮ-ਰੂਪ ਫਲ ਹਾਸਲ ਕਰ ਲੈਂਦਾ ਹੈ।

ਮਿਲਿ ਸਾਧੂ ਸੁਖੁ ਊਪਜੈ ਲਥੀ ਸਭ ਛਾਈ ॥

ਗੁਰੂ ਨੂੰ ਮਿਲ ਕੇ (ਉਸ ਦੇ ਹਿਰਦੇ ਵਿਚ) ਸੁਖ ਪੈਦਾ ਹੁੰਦਾ ਹੈ, ਉਸ ਦੇ ਮਨ ਦੀ ਮੈਲ ਲਹਿ ਜਾਂਦੀ ਹੈ।

ਨਾਨਕੁ ਸਿਮਰੈ ਏਕੁ ਨਾਮੁ ਫਿਰਿ ਬਹੁੜਿ ਨ ਧਾਈ ॥੧॥

ਨਾਨਕ (ਭੀ) ਪ੍ਰਭੂ ਦਾ ਹੀ ਨਾਮ ਸਿਮਰਦਾ ਹੈ (ਤੇ ਜੋ ਮਨੁੱਖ ਸਿਮਰਦਾ ਹੈ ਉਸ ਨੂੰ) ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਭਟਕਣਾ ਨਹੀਂ ਪੈਂਦਾ ॥੧॥

ਪੰਜੇ ਬਧੇ ਮਹਾਬਲੀ ਕਰਿ ਸਚਾ ਢੋਆ ॥

ਜਿਸ ਮਨੁੱਖ ਨੇ (ਪ੍ਰਭੂ ਦਾ ਸਿਮਰਨ-ਰੂਪ) ਸੱਚੀ ਭੇਟਾ (ਪ੍ਰਭੂ ਦੀ ਹਜ਼ੂਰੀ ਵਿਚ) ਪੇਸ਼ ਕੀਤੀ ਹੈ, ਪ੍ਰਭੂ ਨੇ ਉਸ ਦੇ ਕਾਮਾਦਿਕ ਪੰਜੇ ਹੀ ਵੱਡੇ ਬਲੀ ਵਿਕਾਰ ਬੰਨ੍ਹ ਦਿੱਤੇ ਹਨ,

ਆਪਣੇ ਚਰਣ ਜਪਾਇਅਨੁ ਵਿਚਿ ਦਯੁ ਖੜੋਆ ॥

ਦਿਆਲ ਪ੍ਰਭੂ ਨੇ ਵਿਚ ਖਲੋ ਉਸ ਦੇ ਹਿਰਦੇ ਵਿਚ ਆਪਣੇ ਚਰਨ ਟਿਕਾਏ ਭਾਵ ਆਪ ਨਾਮ ਜਪਾਇਆ ਹੈ,

ਰੋਗ ਸੋਗ ਸਭਿ ਮਿਟਿ ਗਏ ਨਿਤ ਨਵਾ ਨਿਰੋਆ ॥

(ਜਿਸ ਕਰਕੇ) ਉਸ ਦੇ ਸਾਰੇ ਹੀ ਰੋਗ ਤੇ ਸਹਸੇ ਮਿਟ ਜਾਂਦੇ ਹਨ, ਉਹ ਸਦਾ ਪਵਿਤ੍ਰ-ਆਤਮਾ ਤੇ ਅਰੋਗ ਰਹਿੰਦਾ ਹੈ।

ਦਿਨੁ ਰੈਣਿ ਨਾਮੁ ਧਿਆਇਦਾ ਫਿਰਿ ਪਾਇ ਨ ਮੋਆ ॥

ਉਹ ਮਨੁੱਖ ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਸ ਨੂੰ ਜਨਮ ਮਰਨ ਦਾ ਗੇੜ ਨਹੀਂ ਲਾਣਾ ਪੈਂਦਾ।

ਜਿਸ ਤੇ ਉਪਜਿਆ ਨਾਨਕਾ ਸੋਈ ਫਿਰਿ ਹੋਆ ॥੨॥

ਹੇ ਨਾਨਕ! ਜਿਸ ਪਰਮਾਤਮਾ ਤੋਂ ਉਹ ਪੈਦਾ ਹੋਇਆ ਸੀ (ਸਿਮਰਨ ਦੀ ਬਰਕਤਿ ਨਾਲ) ਉਸੇ ਦਾ ਰੂਪ ਹੋ ਜਾਂਦਾ ਹੈ ॥੨॥

ਕਿਥਹੁ ਉਪਜੈ ਕਹ ਰਹੈ ਕਹ ਮਾਹਿ ਸਮਾਵੈ ॥

(ਕੋਈ ਨਹੀਂ ਦੱਸ ਸਕਦਾ ਕਿ) ਪ੍ਰਭੂ ਕਿਥੋਂ ਪੈਦਾ ਹੁੰਦਾ ਹੈ ਕਿਥੇ ਰਹਿੰਦਾ ਹੈ ਤੇ ਕਿਥੇ ਲੀਨ ਹੋ ਜਾਂਦਾ ਹੈ।

ਜੀਅ ਜੰਤ ਸਭਿ ਖਸਮ ਕੇ ਕਉਣੁ ਕੀਮਤਿ ਪਾਵੈ ॥

ਸਾਰੇ ਜੀਵ ਖਸਮ-ਪ੍ਰਭੂ ਦੇ ਪੈਦਾ ਕੀਤੇ ਹੋਏ ਹਨ, ਕੋਈ ਭੀ (ਆਪਣੇ ਪੈਦਾ ਕਰਨ ਵਾਲੇ ਦੇ ਗੁਣਾਂ ਦਾ) ਮੁੱਲ ਨਹੀਂ ਪਾ ਸਕਦਾ।

ਕਹਨਿ ਧਿਆਇਨਿ ਸੁਣਨਿ ਨਿਤ ਸੇ ਭਗਤ ਸੁਹਾਵੈ ॥

ਜੋ ਜੋ ਉਸ ਪ੍ਰਭੂ ਦੇ ਗੁਣ ਉਚਾਰਦੇ ਹਨ ਚੇਤੇ ਕਰਦੇ ਹਨ ਸੁਣਦੇ ਹਨ ਉਹ ਭਗਤ ਸੋਹਣੇ (ਜੀਵਨ ਵਾਲੇ) ਹੋ ਜਾਂਦੇ ਹਨ।

ਅਗਮੁ ਅਗੋਚਰੁ ਸਾਹਿਬੋ ਦੂਸਰੁ ਲਵੈ ਨ ਲਾਵੈ ॥

ਪਰਮਾਤਮਾ ਅਪਹੁੰਚ ਹੈ, ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ ਸਭ ਦਾ ਮਾਲਕ ਹੈ, ਕੋਈ ਉਸ ਦੀ ਬਰਾਬਰੀ ਨਹੀਂ ਕਰ ਸਕਦਾ।

ਸਚੁ ਪੂਰੈ ਗੁਰਿ ਉਪਦੇਸਿਆ ਨਾਨਕੁ ਸੁਣਾਵੈ ॥੩॥੧॥

ਨਾਨਕ ਉਸ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਸੁਣਾਂਦਾ ਹੈ, ਪੂਰੇ ਗੁਰੂ ਨੇ ਉਹ ਪ੍ਰਭੂ ਨੇੜੇ ਵਿਖਾ ਦਿੱਤਾ ਹੈ (ਅੰਦਰ ਵੱਸਦਾ ਵਿਖਾ ਦਿੱਤਾ ਹੈ) ॥੩॥੧॥