ਰਾਗ ਕੇਦਾਰਾ – ਬਾਣੀ ਸ਼ਬਦ-Raag Kedara – Bani

ਰਾਗ ਕੇਦਾਰਾ – ਬਾਣੀ ਸ਼ਬਦ-Raag Kedara – Bani

ਕੇਦਾਰਾ ਮਹਲਾ ੪ ਘਰੁ ੧ ॥

ਰਾਗ ਕੇਦਾਰਾ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਮੇਰੇ ਮਨ ਰਾਮ ਨਾਮ ਨਿਤ ਗਾਵੀਐ ਰੇ ॥

ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ।

ਅਗਮ ਅਗੋਚਰੁ ਨ ਜਾਈ ਹਰਿ ਲਖਿਆ ਗੁਰੁ ਪੂਰਾ ਮਿਲੈ ਲਖਾਵੀਐ ਰੇ ॥ ਰਹਾਉ ॥

ਹੇ ਮਨ! ਉਹ ਪਰਮਾਤਮਾ ਅਪਹੁੰਚ ਹੈ, ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, (ਮਨੁੱਖ ਦੀ ਆਪਣੀ ਅਕਲ ਨਾਲ ਉਹ) ਸਮਝਿਆ ਨਹੀਂ ਜਾ ਸਕਦਾ। ਜਦੋਂ ਪੂਰਾ ਗੁਰੂ ਮਿਲਦਾ ਹੈ ਤਦੋਂ ਉਸ ਨੂੰ ਸਮਝਿਆ ਜਾ ਸਕਦਾ ਹੈ ॥ ਰਹਾਉ॥

ਜਿਸੁ ਆਪੇ ਕਿਰਪਾ ਕਰੇ ਮੇਰਾ ਸੁਆਮੀ ਤਿਸੁ ਜਨ ਕਉ ਹਰਿ ਲਿਵ ਲਾਵੀਐ ਰੇ ॥

ਹੇ ਮੇਰੇ ਮਨ! ਮੇਰਾ ਮਾਲਕ-ਪ੍ਰਭੂ ਜਿਸ ਮਨੁੱਖ ਉਤੇ ਆਪ ਹੀ ਕਿਰਪਾ ਕਰਦਾ ਹੈ, ਉਸ ਮਨੁੱਖ ਨੂੰ ਪ੍ਰਭੂ (ਆਪਣੇ ਚਰਨਾਂ ਦਾ) ਪਿਆਰ ਲਾਂਦਾ ਹੈ।

ਸਭੁ ਕੋ ਭਗਤਿ ਕਰੇ ਹਰਿ ਕੇਰੀ ਹਰਿ ਭਾਵੈ ਸੋ ਥਾਇ ਪਾਵੀਐ ਰੇ ॥੧॥

ਹੇ ਮਨ! (ਆਪਣੇ ਵੱਲੋਂ) ਹਰੇਕ ਜੀਵ ਪਰਮਾਤਮਾ ਦੀ ਭਗਤੀ ਕਰਦਾ ਹੈ, ਪਰ ਉਹ ਮਨੁੱਖ (ਉਸ ਦੇ ਦਰ ਤੇ) ਪਰਵਾਨ ਹੁੰਦਾ ਹੈ ਜਿਹੜਾ ਉਸ ਨੂੰ ਪਿਆਰਾ ਲੱਗਦਾ ਹੈ ॥੧॥

ਹਰਿ ਹਰਿ ਨਾਮੁ ਅਮੋਲਕੁ ਹਰਿ ਪਹਿ ਹਰਿ ਦੇਵੈ ਤਾ ਨਾਮੁ ਧਿਆਵੀਐ ਰੇ ॥

ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਕਿਸੇ ਦੁਨੀਆਵੀ ਮੁੱਲ ਤੋਂ ਨਹੀਂ ਮਿਲ ਸਕਦਾ, (ਉਸ ਦਾ ਇਹ ਨਾਮ ਉਸ) ਪਰਮਾਤਮਾ ਦੇ (ਆਪਣੇ) ਪਾਸ ਹੈ। ਜਦੋਂ ਪਰਮਾਤਮਾ (ਕਿਸੇ ਨੂੰ ਨਾਮ ਦੀ ਦਾਤਿ) ਦੇਂਦਾ ਹੈ, ਤਦੋਂ ਹੀ ਸਿਮਰਿਆ ਜਾ ਸਕਦਾ ਹੈ।

ਜਿਸ ਨੋ ਨਾਮੁ ਦੇਇ ਮੇਰਾ ਸੁਆਮੀ ਤਿਸੁ ਲੇਖਾ ਸਭੁ ਛਡਾਵੀਐ ਰੇ ॥੨॥

ਹੇ ਮਨ! ਮੇਰਾ ਮਾਲਕ-ਪ੍ਰਭੂ ਜਿਸ ਮਨੁੱਖ ਨੂੰ ਆਪਣਾ ਨਾਮ ਦੇਂਦਾ ਹੈ ਉਸ (ਦੇ ਪਿਛਲੇ ਕੀਤੇ ਕਰਮਾਂ ਦਾ) ਸਾਰਾ ਹਿਸਾਬ ਮੁੱਕ ਜਾਂਦਾ ਹੈ ॥੨॥

ਹਰਿ ਨਾਮੁ ਅਰਾਧਹਿ ਸੇ ਧੰਨੁ ਜਨ ਕਹੀਅਹਿ ਤਿਨ ਮਸਤਕਿ ਭਾਗੁ ਧੁਰਿ ਲਿਖਿ ਪਾਵੀਐ ਰੇ ॥

ਹੇ ਮੇਰੇ ਮਨ! ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹ ਮਨੁੱਖ ਵੱਡੇ ਭਾਗਾਂ ਵਾਲੇ ਆਖੇ ਜਾਂਦੇ ਹਨ। ਉਹਨਾਂ ਦੇ ਮੱਥੇ ਉੱਤੇ ਧੁਰੋਂ ਪ੍ਰਭੂ ਦੀ ਹਜ਼ੂਰੀ ਤੋਂ ਲਿਖੀ ਚੰਗੀ ਕਿਸਮਤ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ।

ਤਿਨ ਦੇਖੇ ਮੇਰਾ ਮਨੁ ਬਿਗਸੈ ਜਿਉ ਸੁਤੁ ਮਿਲਿ ਮਾਤ ਗਲਿ ਲਾਵੀਐ ਰੇ ॥੩॥

ਉਹਨਾਂ ਦਾ ਦਰਸਨ ਕੀਤਿਆਂ ਮੇਰਾ ਮਨ (ਇਉਂ) ਖ਼ੁਸ਼ ਹੁੰਦਾ ਹੈ, ਜਿਵੇਂ ਪੁੱਤਰ (ਆਪਣੀ) ਮਾਂ ਨੂੰ ਮਿਲ ਕੇ (ਖ਼ੁਸ਼ ਹੁੰਦਾ ਹੈ), ਉਹ ਮਾਂ ਦੇ ਗਲ ਨਾਲ ਚੰਬੜ ਜਾਂਦਾ ਹੈ ॥੩॥

ਹਮ ਬਾਰਿਕ ਹਰਿ ਪਿਤਾ ਪ੍ਰਭ ਮੇਰੇ ਮੋ ਕਉ ਦੇਹੁ ਮਤੀ ਜਿਤੁ ਹਰਿ ਪਾਵੀਐ ਰੇ ॥

ਹੇ ਮੇਰੇ ਪਿਤਾ ਪ੍ਰਭੂ! ਅਸੀਂ ਜੀਵ ਤੇਰੇ ਬੱਚੇ ਹਾਂ। (ਹੇ ਪ੍ਰਭੂ!) ਮੈਨੂੰ ਅਜਿਹੀ ਮੱਤ ਦੇਹ, ਜਿਸ ਦੀ ਰਾਹੀਂ ਤੇਰਾ ਨਾਮ ਪ੍ਰਾਪਤ ਹੋ ਸਕੇ।

ਜਿਉ ਬਛੁਰਾ ਦੇਖਿ ਗਊ ਸੁਖੁ ਮਾਨੈ ਤਿਉ ਨਾਨਕ ਹਰਿ ਗਲਿ ਲਾਵੀਐ ਰੇ ॥੪॥੧॥

ਹੇ ਨਾਨਕ! ਜਿਵੇਂ ਗਾਂ (ਆਪਣੇ) ਵੱਛੇ ਨੂੰ ਵੇਖ ਕੇ ਖ਼ੁਸ਼ ਹੁੰਦੀ ਹੈ ਤਿਵੇਂ ਉਹ ਵਡਭਾਗੀ ਮਨੁੱਖ ਸੁਖ ਪ੍ਰਤੀਤ ਕਰਦਾ ਹੈ ਜਿਸ ਨੂੰ ਪਰਮਾਤਮਾ ਆਪਣੇ ਗਲ ਨਾਲ ਲਾ ਲੈਂਦਾ ਹੈ ॥੪॥੧॥


ਕੇਦਾਰਾ ਮਹਲਾ ੪ ਘਰੁ ੧ ॥

ਰਾਗ ਕੇਦਾਰਾ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਮੇਰੇ ਮਨ ਹਰਿ ਹਰਿ ਗੁਨ ਕਹੁ ਰੇ ॥

ਹੇ ਮੇਰੇ ਮਨ! ਪਰਮਾਤਮਾ ਦੇ ਗੁਣ ਗਾਇਆ ਕਰ।

ਸਤਿਗੁਰੂ ਕੇ ਚਰਨ ਧੋਇ ਧੋਇ ਪੂਜਹੁ ਇਨ ਬਿਧਿ ਮੇਰਾ ਹਰਿ ਪ੍ਰਭੁ ਲਹੁ ਰੇ ॥ ਰਹਾਉ ॥

ਗੁਰੂ ਦੇ ਚਰਨ ਧੋ ਧੋ ਕੇ ਪੂਜਿਆ ਕਰ (ਭਾਵ, ਅਹੰਕਾਰ ਛੱਡ ਕੇ ਗੁਰੂ ਦੀ ਸਰਨ ਪਿਆ ਰਹੁ)। ਹੇ ਮਨ! ਇਸ ਤਰੀਕੇ ਨਾਲ ਪਿਆਰੇ ਪ੍ਰਭੂ ਨੂੰ ਲੱਭ ਲੈ ॥ ਰਹਾਉ॥

ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ ਬਿਖੈ ਰਸ ਇਨ ਸੰਗਤਿ ਤੇ ਤੂ ਰਹੁ ਰੇ ॥

ਹੇ ਮਨ! ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਵਿਸ਼ਿਆਂ ਦੇ ਚਸਕੇ-ਇਹਨਾਂ ਦੇ ਸਾਥ ਤੋਂ ਸਦਾ ਪਰੇ ਟਿਕਿਆ ਰਹੁ।

ਮਿਲਿ ਸਤਸੰਗਤਿ ਕੀਜੈ ਹਰਿ ਗੋਸਟਿ ਸਾਧੂ ਸਿਉ ਗੋਸਟਿ ਹਰਿ ਪ੍ਰੇਮ ਰਸਾਇਣੁ ਰਾਮ ਨਾਮੁ ਰਸਾਇਣੁ ਹਰਿ ਰਾਮ ਨਾਮ ਰਾਮ ਰਮਹੁ ਰੇ ॥੧॥

ਹੇ ਮਨ! ਸਾਧ ਸੰਗਤ ਵਿਚ ਮਿਲ ਕੇ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਨੀ ਚਾਹੀਦੀ ਹੈ, ਗੁਰਮੁਖਾਂ ਨਾਲ ਮਿਲ ਕੇ ਹਰਿ-ਗੁਣਾਂ ਦੀ ਵਿਚਾਰ ਕਰਨੀ ਚਾਹੀਦੀ ਹੈ। ਹੇ ਮੇਰੇ ਮਨ! ਪਰਮਾਤਮਾ ਦਾ ਪਿਆਰ ਸਭ ਰਸਾਂ ਨਾਲੋਂ ਸ੍ਰੇਸ਼ਟ ਰਸ ਹੈ, ਪਰਮਾਤਮਾ ਦਾ ਨਾਮ ਸਾਰੇ ਰਸਾਂ ਦਾ ਘਰ ਹੈ। ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ ॥੧॥

ਅੰਤਰ ਕਾ ਅਭਿਮਾਨੁ ਜੋਰੁ ਤੂ ਕਿਛੁ ਕਿਛੁ ਕਿਛੁ ਜਾਨਤਾ ਇਹੁ ਦੂਰਿ ਕਰਹੁ ਆਪਨ ਗਹੁ ਰੇ ॥

ਆਪਣੇ ਅੰਦਰ ਦਾ ਇਹ ਮਾਣ ਹੈਂਕੜ ਦੂਰ ਕਰ ਕਿ ਤੂੰ ਬਹੁਤ ਕੁਝ ਜਾਣਦਾ ਹੈਂ (ਕਿ ਤੂੰ ਬੜਾ ਸਿਆਣਾ ਹੈਂ)। ਆਪਣੇ ਆਪ ਨੂੰ ਵੱਸ ਵਿਚ ਰੱਖ।

ਜਨ ਨਾਨਕ ਕਉ ਹਰਿ ਦਇਆਲ ਹੋਹੁ ਸੁਆਮੀ ਹਰਿ ਸੰਤਨ ਕੀ ਧੂਰਿ ਕਰਿ ਹਰੇ ॥੨॥੧॥੨॥

ਹੇ ਹਰੀ! ਹੇ ਸੁਆਮੀ! ਦਾਸ ਨਾਨਕ ਉਤੇ ਦਇਆਵਾਨ ਹੋਹੁ। (ਦਾਸ ਨਾਨਕ ਨੂੰ) ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਾਈ ਰੱਖ ॥੨॥੧॥੨॥


ਕੇਦਾਰਾ ਮਹਲਾ ੫ ਘਰੁ ੨ ॥

ਰਾਗ ਕੇਦਾਰਾ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਮਾਈ ਸੰਤਸੰਗਿ ਜਾਗੀ ॥ ਪ੍ਰਿਅ ਰੰਗ ਦੇਖੈ ਜਪਤੀ ਨਾਮੁ ਨਿਧਾਨੀ ॥ ਰਹਾਉ ॥

ਹੇ ਮਾਂ! (ਜਿਹੜੀ ਜੀਵ-ਇਸਤ੍ਰੀ) ਗੁਰੂ ਦੀ ਸੰਗਤ ਵਿਚ (ਟਿਕ ਕੇ ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗ ਪੈਂਦੀ ਹੈ, (ਉਹ ਹਰ ਪਾਸੇ) ਪਿਆਰੇ ਪ੍ਰਭੂ ਦੇ ਹੀ (ਕੀਤੇ) ਕੌਤਕ ਵੇਖਦੀ ਹੈ, (ਉਹ ਜੀਵ-ਇਸਤ੍ਰੀ ਪਰਮਾਤਮਾ ਦਾ) ਨਾਮ ਜਪਦੀ ਸੁਖਾਂ ਦੇ ਖ਼ਜ਼ਾਨੇ ਵਾਲੀ ਬਣ ਜਾਂਦੀ ਹੈ ॥ ਰਹਾਉ॥

ਦਰਸਨ ਪਿਆਸ ਲੋਚਨ ਤਾਰ ਲਾਗੀ ॥

ਹੇ ਮਾਂ! (ਜਿਹੜੀ ਜੀਵ-ਇਸਤ੍ਰੀ ਗੁਰੂ ਦੀ ਸੰਗਤ ਵਿਚ ਟਿਕ ਕੇ ਮਾਇਆ ਦੇ ਮੋਹ ਦੀ ਨੀਂਦ ਤੋਂ ਜਾਗ ਪੈਂਦੀ ਹੈ, ਉਸ ਦੇ ਅੰਦਰ ਪਰਮਾਤਮਾ ਦੇ) ਦਰਸਨ ਦੀ ਤਾਂਘ ਬਣੀ ਰਹਿੰਦੀ ਹੈ (ਦਰਸਨ ਦੀ ਉਡੀਕ ਵਿਚ ਹੀ ਉਸ ਦੀਆਂ) ਅੱਖਾਂ ਦੀ ਤਾਰ ਬੱਝੀ ਰਹਿੰਦੀ ਹੈ।

ਬਿਸਰੀ ਤਿਆਸ ਬਿਡਾਨੀ ॥੧॥

ਉਸ ਨੂੰ ਹੋਰ ਹੋਰ ਪਾਸੇ ਦੀ ਪਿਆਸ ਭੁੱਲ ਜਾਂਦੀ ਹੈ ॥੧॥

ਅਬ ਗੁਰੁ ਪਾਇਓ ਹੈ ਸਹਜ ਸੁਖਦਾਇਕ ਦਰਸਨੁ ਪੇਖਤ ਮਨੁ ਲਪਟਾਨੀ ॥

ਹੇ ਮਾਂ! (ਮੈਨੂੰ ਭੀ) ਹੁਣ ਆਤਮਕ ਅਡੋਲਤਾ ਦਾ ਆਨੰਦ ਦੇਣ ਵਾਲਾ ਗੁਰੂ ਮਿਲ ਪਿਆ ਹੈ। (ਉਸ ਦਾ) ਦਰਸਨ ਕਰ ਕੇ (ਮੇਰਾ) ਮਨ (ਉਸ ਦੇ ਚਰਨਾਂ ਵਿਚ) ਲਪਟ ਗਿਆ ਹੈ।

ਦੇਖਿ ਦਮੋਦਰ ਰਹਸੁ ਮਨਿ ਉਪਜਿਓ ਨਾਨਕ ਪ੍ਰਿਅ ਅੰਮ੍ਰਿਤ ਬਾਨੀ ॥੨॥੧॥

ਨਾਨਕ ਆਖਦਾ ਹੈ (ਹੇ ਮਾਂ!) ਪਰਮਾਤਮਾ ਦਾ ਦਰਸਨ ਕਰ ਕੇ ਮਨ ਵਿਚ ਹੁਲਾਸ ਪੈਦਾ ਹੋ ਜਾਂਦਾ ਹੈ। ਪਿਆਰੇ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਆਤਮਕ ਜੀਵਨ ਦੇਣ ਵਾਲੀ ਹੈ ॥੨॥੧॥


ਕੇਦਾਰਾ ਮਹਲਾ ੫ ਘਰੁ ੩ ॥

ਰਾਗ ਕੇਦਾਰਾ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਦੀਨ ਬਿਨਉ ਸੁਨੁ ਦਇਆਲ ॥

ਹੇ ਦਇਆਲ ਪ੍ਰਭੂ! ਹੇ ਅਨਾਥਾਂ ਦੇ ਨਾਥ! ਮੇਰੀ ਗਰੀਬ ਦੀ ਬੇਨਤੀ ਸੁਣ-

ਪੰਚ ਦਾਸ ਤੀਨਿ ਦੋਖੀ ਏਕ ਮਨੁ ਅਨਾਥ ਨਾਥ ॥

(ਮੇਰਾ ਇਹ) ਇਕ ਮਨ ਹੈ, (ਕਾਮਾਦਿਕ) ਪੰਜਾਂ ਦਾ ਗ਼ੁਲਾਮ (ਬਣਿਆ ਪਿਆ) ਹੈ, ਮਾਇਆ ਦੇ ਤਿੰਨ ਗੁਣ ਇਸ ਦੇ ਵੈਰੀ ਹਨ।

ਰਾਖੁ ਹੋ ਕਿਰਪਾਲ ॥ ਰਹਾਉ ॥

ਹੇ ਕਿਰਪਾਲ ਪ੍ਰਭੂ! (ਮੈਨੂੰ ਇਹਨਾਂ ਤੋਂ) ਬਚਾ ਲੈ ॥ ਰਹਾਉ॥

ਅਨਿਕ ਜਤਨ ਗਵਨੁ ਕਰਉ ॥

ਹੇ ਪ੍ਰਭੂ! (ਇਹਨਾਂ ਤੋਂ ਬਚਣ ਲਈ) ਮੈਂ ਕਦੀ ਜਤਨ ਕਰਦਾ ਹਾਂ, ਮੈਂ ਤੀਰਥਾਂ ਤੇ ਜਾਂਦਾ ਹਾਂ,

ਖਟੁ ਕਰਮ ਜੁਗਤਿ ਧਿਆਨੁ ਧਰਉ ॥

ਮੈਂ ਛੇ (ਰੋਜ਼ਾਨਾ) ਕਰਮਾਂ ਦੀ ਮਰਯਾਦਾ ਨਿਬਾਹੁੰਦਾ ਹਾਂ, ਮੈਂ ਸਮਾਧੀਆਂ ਲਾਂਦਾ ਹਾਂ।

ਉਪਾਵ ਸਗਲ ਕਰਿ ਹਾਰਿਓ ਨਹ ਨਹ ਹੁਟਹਿ ਬਿਕਰਾਲ ॥੧॥

ਹੇ ਪ੍ਰਭੂ! ਮੈਂ ਸਾਰੇ ਹੀਲੇ ਕਰ ਕੇ ਥੱਕ ਗਿਆ ਹਾਂ, ਪਰ ਇਹ ਡਰਾਉਣੇ ਵਿਕਾਰ (ਮੇਰੇ ਉੱਤੇ ਹੱਲੇ ਕਰਨੋਂ) ਥੱਕਦੇ ਨਹੀਂ ਹਨ ॥੧॥

ਸਰਣਿ ਬੰਦਨ ਕਰੁਣਾ ਪਤੇ ॥

ਹੇ ਦਇਆ ਦੇ ਮਾਲਕ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਮੈਂ ਤੇਰੇ ਦਰ ਤੇ ਸਿਰ ਨਿਵਾਉਂਦਾ ਹਾਂ।

ਭਵ ਹਰਣ ਹਰਿ ਹਰਿ ਹਰਿ ਹਰੇ ॥

ਹੇ ਜਨਮ ਮਰਨ ਦਾ ਗੇੜ ਦੂਰ ਕਰਨ ਵਾਲੇ ਹਰੀ!

ਏਕ ਤੂਹੀ ਦੀਨ ਦਇਆਲ ॥

ਹੇ ਦੀਨਾਂ ਉਤੇ ਦਇਆ ਕਰਨ ਵਾਲੇ! (ਮੇਰਾ) ਸਿਰਫ਼ ਤੂੰ ਹੀ (ਰਾਖਾ) ਹੈਂ।

ਪ੍ਰਭ ਚਰਨ ਨਾਨਕ ਆਸਰੋ ॥

ਹੇ ਪ੍ਰਭੂ! ਨਾਨਕ ਨੂੰ ਤੇਰੇ ਹੀ ਚਰਨਾਂ ਦਾ ਆਸਰਾ ਹੈ।

ਉਧਰੇ ਭ੍ਰਮ ਮੋਹ ਸਾਗਰ ॥

ਹੇ ਪ੍ਰਭੂ! (ਅਨੇਕਾਂ ਜੀਵ) ਭਰਮ ਤੇ ਮੋਹ ਦੇ ਸਮੁੰਦਰ (ਵਿਚ ਡੁੱਬਣ) ਤੋਂ ਬਚ ਗਏ,

ਲਗਿ ਸੰਤਨਾ ਪਗ ਪਾਲ ॥੨॥੧॥੨॥

ਤੇਰੇ ਸੰਤ ਜਨਾਂ ਦੀ ਚਰਨੀਂ ਲੱਗ ਕੇ, ਤੇਰੇ ਸੰਤ ਜਨਾਂ ਦਾ ਪੱਲਾ ਫੜ ਕੇ ॥੨॥੧॥੨॥


ਕੇਦਾਰਾ ਮਹਲਾ ੫ ਘਰੁ ੪ ॥

ਰਾਗ ਕੇਦਾਰਾ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਰਨੀ ਆਇਓ ਨਾਥ ਨਿਧਾਨ ॥

ਹੇ ਨਾਥ! ਹੇ (ਸਭ ਸੁਖਾਂ ਦੇ) ਖ਼ਜ਼ਾਨੇ! ਮੈਂ ਤੇਰੀ ਸਰਨ ਆਇਆ ਹਾਂ

ਨਾਮ ਪ੍ਰੀਤਿ ਲਾਗੀ ਮਨ ਭੀਤਰਿ ਮਾਗਨ ਕਉ ਹਰਿ ਦਾਨ ॥੧॥ ਰਹਾਉ ॥

ਮੇਰੇ ਮਨ ਵਿਚ ਤੇਰੇ ਨਾਮ ਦਾ ਪਿਆਰ ਪੈਦਾ ਹੋ ਗਿਆ ਹੈ। ਹੇ ਹਰੀ! ਤੇਰੇ ਨਾਮ ਦਾ ਦਾਨ ਮੰਗਣ ਲਈ (ਮੈਂ ਤੇਰੀ ਸਰਨ ਪਿਆ ਹਾਂ) ॥੧॥ ਰਹਾਉ ॥

ਸੁਖਦਾਈ ਪੂਰਨ ਪਰਮੇਸੁਰ ਕਰਿ ਕਿਰਪਾ ਰਾਖਹੁ ਮਾਨ ॥

ਹੇ ਸੁਖ ਦਾਤੇ! ਹੇ ਸਰਬ ਗੁਣ ਭਰਪੂਰ! ਹੇ ਸਭ ਤੋਂ ਉੱਚੇ ਮਾਲਕ! ਮਿਹਰ ਕਰ, (ਮੇਰੀ ਸਰਨ ਪਏ ਦੀ) ਲਾਜ ਰੱਖ।

ਦੇਹੁ ਪ੍ਰੀਤਿ ਸਾਧੂ ਸੰਗਿ ਸੁਆਮੀ ਹਰਿ ਗੁਨ ਰਸਨ ਬਖਾਨ ॥੧॥

ਹੇ ਸੁਆਮੀ! ਗੁਰੂ ਦੀ ਸੰਗਤ ਵਿਚ (ਰੱਖ ਕੇ ਮੈਨੂੰ ਆਪਣਾ) ਪਿਆਰ ਬਖ਼ਸ਼। ਹੇ ਹਰੀ! ਮੇਰੀ ਜੀਭ ਤੇਰੇ ਗੁਣ ਉਚਾਰਦੀ ਰਹੇ ॥੧॥

ਗੋਪਾਲ ਦਇਆਲ ਗੋਬਿਦ ਦਮੋਦਰ ਨਿਰਮਲ ਕਥਾ ਗਿਆਨ ॥

ਹੇ ਗੋਪਾਲ! ਹੇ ਦਇਆਲ! ਹੇ ਗੋਬਿੰਦ! ਹੇ ਦਮੋਦਰ! ਮੈਨੂੰ ਆਪਣੀ ਪਵਿੱਤਰ ਸਿਫ਼ਤ-ਸਾਲਾਹ ਦੀ ਸੂਝ (ਬਖ਼ਸ਼)।

ਨਾਨਕ ਕਉ ਹਰਿ ਕੈ ਰੰਗਿ ਰਾਗਹੁ ਚਰਨ ਕਮਲ ਸੰਗਿ ਧਿਆਨ ॥੨॥੧॥੩॥

ਹੇ ਹਰੀ! ਨਾਨਕ ਨੂੰ ਆਪਣੇ (ਪਿਆਰ-) ਰੰਗ ਵਿਚ ਰੰਗ ਦੇਹ। (ਨਾਨਕ ਦੀ) ਸੁਰਤ ਤੇਰੇ ਸੋਹਣੇ ਚਰਨਾਂ ਵਿਚ ਟਿਕੀ ਰਹੇ ॥੨॥੧॥੩॥


ਕੇਦਾਰਾ ਮਹਲਾ ੫ ॥
ਹਰਿ ਕੇ ਦਰਸਨ ਕੋ ਮਨਿ ਚਾਉ ॥

ਮੇਰੇ ਮਨ ਵਿਚ ਹਰੀ ਦੇ ਦਰਸਨ ਦੀ ਤਾਂਘ ਹੈ।

ਕਰਿ ਕਿਰਪਾ ਸਤਸੰਗਿ ਮਿਲਾਵਹੁ ਤੁਮ ਦੇਵਹੁ ਅਪਨੋ ਨਾਉ ॥ ਰਹਾਉ ॥

ਹੇ ਹਰੀ! ਮਿਹਰ ਕਰ ਕੇ ਮੈਨੂੰ ਸਾਧ ਸੰਗਤ ਵਿਚ ਮਿਲਾਈ ਰੱਖ, (ਤੇ ਉਥੇ ਰੱਖ ਕੇ) ਮੈਨੂੰ ਆਪਣਾ ਨਾਮ ਬਖ਼ਸ਼ ॥ ਰਹਾਉ॥

ਕਰਉ ਸੇਵਾ ਸਤ ਪੁਰਖ ਪਿਆਰੇ ਜਤ ਸੁਨੀਐ ਤਤ ਮਨਿ ਰਹਸਾਉ ॥

ਹੇ ਪਿਆਰੇ ਹਰੀ! (ਮਿਹਰ ਕਰ) ਮੈਂ ਗੁਰਮੁਖਾਂ ਦੀ ਸੇਵਾ ਕਰਦਾ ਰਹਾਂ (ਕਿਉਂਕਿ ਗੁਰਮੁਖਾਂ ਦੀ ਸੰਗਤ ਵਿਚ) ਜਿਥੇ ਭੀ ਤੇਰਾ ਨਾਮ ਸੁਣਿਆ ਜਾਂਦਾ ਹੈ ਉਥੇ ਹੀ ਮਨ ਵਿਚ ਖ਼ੁਸ਼ੀ ਪੈਦਾ ਹੁੰਦੀ ਹੈ।

ਵਾਰੀ ਫੇਰੀ ਸਦਾ ਘੁਮਾਈ ਕਵਨੁ ਅਨੂਪੁ ਤੇਰੋ ਠਾਉ ॥੧॥

ਹੇ ਪ੍ਰਭੂ! ਮੈਂ ਤੈਥੋਂ ਵਾਰਨੇ ਜਾਂਦਾ ਹਾਂ, ਤੈਥੋਂ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ, (ਜਿੱਥੇ ਤੂੰ ਵੱਸਦਾ ਹੈਂ) ਤੇਰਾ (ਉਹ) ਥਾਂ ਬਹੁਤ ਹੀ ਸੋਹਣਾ ਹੈ ॥੧॥

ਸਰਬ ਪ੍ਰਤਿਪਾਲਹਿ ਸਗਲ ਸਮਾਲਹਿ ਸਗਲਿਆ ਤੇਰੀ ਛਾਉ ॥

ਹੇ ਪ੍ਰਭੂ! ਤੂੰ ਸਭ ਜੀਵਾਂ ਦੀ ਪਾਲਣਾ ਕਰਦਾ ਹੈਂ, ਤੂੰ ਸਭ ਦੀ ਸੰਭਾਲ ਕਰਦਾ ਹੈਂ, ਸਭ ਜੀਵਾਂ ਨੂੰ ਤੇਰਾ ਹੀ ਆਸਰਾ ਹੈ।

ਨਾਨਕ ਕੇ ਪ੍ਰਭ ਪੁਰਖ ਬਿਧਾਤੇ ਘਟਿ ਘਟਿ ਤੁਝਹਿ ਦਿਖਾਉ ॥੨॥੨॥੪॥

ਹੇ ਨਾਨਕ ਦੇ ਪ੍ਰਭੂ! ਹੇ ਸਰਬ-ਵਿਆਪਕ ਸਿਰਜਣਹਾਰ! (ਮਿਹਰ ਕਰ) ਮੈਂ ਤੈਨੂੰ ਹੀ ਹਰੇਕ ਸਰੀਰ ਵਿਚ ਵੇਖਦਾ ਰਹਾਂ ॥੨॥੨॥੪॥


ਕੇਦਾਰਾ ਮਹਲਾ ੫ ॥
ਪ੍ਰਿਅ ਕੀ ਪ੍ਰੀਤਿ ਪਿਆਰੀ ॥

ਪਿਆਰੇ ਪ੍ਰਭੂ ਦੀ ਪ੍ਰੀਤ ਮੇਰੇ ਮਨ ਨੂੰ ਖਿੱਚ ਪਾਂਦੀ ਰਹਿੰਦੀ ਹੈ।

ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ ॥ ਰਹਾਉ ॥

ਹੇ ਪ੍ਰਭੂ! ਆਪਣੇ ਮਨ ਵਿਚ ਹੀ ਮਸਤ (ਰਹਿ ਕੇ) ਮੈਂ (ਤੇਰੇ ਦਰਸਨ ਦੀਆਂ) ਆਸਾਂ ਚਿਤਵਦਾ ਰਹਿੰਦਾ ਹਾਂ, ਮੇਰੀਆਂ ਅੱਖਾਂ ਵਿਚ (ਤੇਰੇ ਹੀ ਦਰਸਨ ਦੀ) ਤਾਂਘ-ਭਰੀ ਉਡੀਕ ਬਣੀ ਰਹਿੰਦੀ ਹੈ ॥ ਰਹਾਉ॥

ਓਇ ਦਿਨ ਪਹਰ ਮੂਰਤ ਪਲ ਕੈਸੇ ਓਇ ਪਲ ਘਰੀ ਕਿਹਾਰੀ ॥

ਉਹ ਦਿਹਾੜੇ, ਉਹ ਪਹਰ, ਉਹ ਮੁਹੂਰਤ, ਉਹ ਪਲ ਬੜੇ ਹੀ ਭਾਗਾਂ ਵਾਲੇ ਹੁੰਦੇ ਹਨ, ਉਹ ਘੜੀ ਭੀ ਬੜੀ ਭਾਗਾਂ ਵਾਲੀ ਹੁੰਦੀ ਹੈ,

ਖੂਲੇ ਕਪਟ ਧਪਟ ਬੁਝਿ ਤ੍ਰਿਸਨਾ ਜੀਵਉ ਪੇਖਿ ਦਰਸਾਰੀ ॥੧॥

ਜਦੋਂ (ਮਨੁੱਖ ਦੇ ਅੰਦਰੋਂ) ਮਾਇਆ ਦੀ ਤ੍ਰਿਸ਼ਨਾ ਮਿਟ ਕੇ ਉਸ ਦੇ (ਮਨ ਦੇ ਬੰਦ ਹੋ ਚੁਕੇ) ਕਿਵਾੜ ਝਟਪਟ ਖੁਲ੍ਹ ਜਾਂਦੇ ਹਨ। ਪ੍ਰਭੂ ਦਾ ਦਰਸਨ ਕਰ ਕੇ (ਮੇਰੇ ਅੰਦਰ ਤਾਂ) ਆਤਮਕ ਜੀਵਨ ਪੈਦਾ ਹੁੰਦਾ ਹੈ ॥੧॥

ਕਉਨੁ ਸੁ ਜਤਨੁ ਉਪਾਉ ਕਿਨੇਹਾ ਸੇਵਾ ਕਉਨ ਬੀਚਾਰੀ ॥

(ਹੇ ਭਾਈ!) ਮੈਂ ਉਹ ਕਿਹੜਾ ਜਤਨ ਦੱਸਾਂ? ਉਹ ਕਿਹੜਾ ਹੀਲਾ ਦੱਸਾਂ? ਮੈਂ ਉਹ ਕਿਹੜੀ ਸੇਵਾ ਵਿਚਾਰਾਂ (ਜਿਨ੍ਹਾਂ ਦਾ ਸਦਕਾ ਪਿਆਰੇ ਪ੍ਰਭੂ ਦਾ ਦਰਸਨ ਹੋ ਸਕਦਾ ਹੈ)।

ਮਾਨੁ ਅਭਿਮਾਨੁ ਮੋਹੁ ਤਜਿ ਨਾਨਕ ਸੰਤਹ ਸੰਗਿ ਉਧਾਰੀ ॥੨॥੩॥੫॥

ਹੇ ਨਾਨਕ! ਸੰਤ ਜਨਾਂ ਦੀ ਸੰਗਤ ਵਿਚ ਮਾਣ ਅਹੰਕਾਰ ਮੋਹ ਤਿਆਗ ਕੇ ਹੀ ਪਾਰ-ਉਤਾਰਾ ਹੁੰਦਾ ਹੈ (ਤੇ ਪ੍ਰਭੂ ਦਾ ਮਿਲਾਪ ਹੁੰਦਾ ਹੈ) ॥੨॥੩॥੫॥


ਕੇਦਾਰਾ ਮਹਲਾ ੫ ॥
ਹਰਿ ਹਰਿ ਹਰਿ ਗੁਨ ਗਾਵਹੁ ॥

ਸਦਾ ਪਰਮਾਤਮਾ ਦੇ ਗੁਣ ਗਾਂਦੇ ਰਿਹਾ ਕਰੋ।

ਕਰਹੁ ਕ੍ਰਿਪਾ ਗੋਪਾਲ ਗੋਬਿਦੇ ਅਪਨਾ ਨਾਮੁ ਜਪਾਵਹੁ ॥ ਰਹਾਉ ॥

ਹੇ ਗੋਪਾਲ! ਹੇ ਗੋਬਿੰਦ! (ਮੇਰੇ ਉਤੇ) ਮਿਹਰ ਕਰ, ਮੈਨੂੰ ਆਪਣਾ ਨਾਮ ਜਪਣ ਵਿਚ ਸਹਾਇਤਾ ਕਰ ॥ ਰਹਾਉ॥

ਕਾਢਿ ਲੀਏ ਪ੍ਰਭ ਆਨ ਬਿਖੈ ਤੇ ਸਾਧਸੰਗਿ ਮਨੁ ਲਾਵਹੁ ॥

ਹੇ ਪ੍ਰਭੂ! ਤੂੰ ਮਨੁੱਖਾਂ ਦਾ ਮਨ ਸਾਧ ਸੰਗਤ ਵਿਚ ਲਾਂਦਾ ਹੈਂ, ਉਹਨਾਂ ਨੂੰ ਤੂੰ ਹੋਰ ਹੋਰ ਵਿਸ਼ਿਆਂ ਵਿਚੋਂ ਕੱਢ ਲਿਆ ਹੈ।

ਭ੍ਰਮੁ ਭਉ ਮੋਹੁ ਕਟਿਓ ਗੁਰ ਬਚਨੀ ਅਪਨਾ ਦਰਸੁ ਦਿਖਾਵਹੁ ॥੧॥

ਹੇ ਪ੍ਰਭੂ! ਜਿਨ੍ਹਾਂ ਨੂੰ ਤੂੰ ਆਪਣਾ ਦਰਸਨ ਦੇਂਦਾ ਹੈਂ, ਗੁਰੂ ਦੇ ਬਚਨਾਂ ਦੀ ਰਾਹੀਂ ਉਹਨਾਂ ਦਾ ਭਰਮ ਉਹਨਾਂ ਦਾ ਡਰ ਉਹਨਾਂ ਦਾ ਮੋਹ ਕੱਟਿਆ ਜਾਂਦਾ ਹੈ ॥੧॥

ਸਭ ਕੀ ਰੇਨ ਹੋਇ ਮਨੁ ਮੇਰਾ ਅਹੰਬੁਧਿ ਤਜਾਵਹੁ ॥

ਹੇ ਪ੍ਰਭੂ! (ਮਿਹਰ ਕਰ, ਮੇਰੇ ਅੰਦਰੋਂ) ਹਉਮੈ ਦੂਰ ਕਰਾ, ਮੇਰਾ ਮਨ ਸਭਨਾਂ ਦੇ ਚਰਨਾਂ ਦੀ ਧੂੜ ਹੋਇਆ ਰਹੇ।

ਅਪਨੀ ਭਗਤਿ ਦੇਹਿ ਦਇਆਲਾ ਵਡਭਾਗੀ ਨਾਨਕ ਹਰਿ ਪਾਵਹੁ ॥੨॥੪॥੬॥

ਹੇ ਦਇਆਲ ਪ੍ਰਭੂ! (ਮਿਹਰ ਕਰ, ਮੈਨੂੰ) ਆਪਣੀ ਭਗਤੀ (ਦੀ ਦਾਤਿ) ਬਖ਼ਸ਼। ਹੇ ਨਾਨਕ! ਤੁਸੀਂ ਵੱਡੇ ਭਾਗਾਂ ਨਾਲ (ਹੀ) ਪਰਮਾਤਮਾ ਦਾ ਮਿਲਾਪ ਕਰ ਸਕਦੇ ਹੋ ॥੨॥੪॥੬॥


ਕੇਦਾਰਾ ਮਹਲਾ ੫ ॥
ਹਰਿ ਬਿਨੁ ਜਨਮੁ ਅਕਾਰਥ ਜਾਤ ॥

ਪਰਮਾਤਮਾ (ਦੇ ਭਜਨ) ਤੋਂ ਬਿਨਾ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ।

ਤਜਿ ਗੋਪਾਲ ਆਨ ਰੰਗਿ ਰਾਚਤ ਮਿਥਿਆ ਪਹਿਰਤ ਖਾਤ ॥ ਰਹਾਉ ॥

(ਜਿਹੜਾ ਮਨੁੱਖ) ਪਰਮਾਤਮਾ (ਦੀ ਯਾਦ) ਭੁਲਾ ਕੇ ਹੋਰ ਹੋਰ ਰੰਗ ਵਿਚ ਮਸਤ ਰਹਿੰਦਾ ਹੈ, ਉਸ ਦਾ ਪਹਿਨਣਾ ਖਾਣਾ ਸਭ ਕੁਝ ਵਿਅਰਥ ਹੈ ॥ ਰਹਾਉ॥

ਧਨੁ ਜੋਬਨੁ ਸੰਪੈ ਸੁਖ ਭੁੋਗਵੈ ਸੰਗਿ ਨ ਨਿਬਹਤ ਮਾਤ ॥

(ਮਨੁੱਖ ਇਥੇ) ਧਨ ਦੌਲਤ (ਇਕੱਠੀ ਕਰਦਾ ਹੈ), ਜੁਆਨੀ ਸੁਖ ਮਾਣਦਾ ਹੈ (ਪਰ ਇਹਨਾਂ ਵਿਚੋਂ ਕੋਈ ਭੀ ਚੀਜ਼ ਜਗਤ ਤੋਂ ਤੁਰਨ ਵੇਲੇ) ਰਤਾ ਭਰ ਭੀ (ਮਨੁੱਖ ਦੇ) ਨਾਲ ਨਹੀਂ ਜਾਂਦੀ।

ਮ੍ਰਿਗ ਤ੍ਰਿਸਨਾ ਦੇਖਿ ਰਚਿਓ ਬਾਵਰ ਦ੍ਰੁਮ ਛਾਇਆ ਰੰਗਿ ਰਾਤ ॥੧॥

ਝੱਲਾ ਮਨੁੱਖ (ਮਾਇਆ ਦੇ ਇਸ) ਠਗ-ਨੀਰੇ ਨੂੰ ਵੇਖ ਕੇ ਇਸ ਵਿਚ ਮਸਤ ਰਹਿੰਦਾ ਹੈ (ਮਾਨੋ) ਰੁੱਖ ਦੀ ਛਾਂ ਦੀ ਮੌਜ ਵਿਚ ਮਸਤ ਹੈ ॥੧॥

ਮਾਨ ਮੋਹ ਮਹਾ ਮਦ ਮੋਹਤ ਕਾਮ ਕ੍ਰੋਧ ਕੈ ਖਾਤ ॥

ਮਨੁੱਖ (ਦੁਨੀਆ ਦੇ) ਮਾਣ ਮੋਹ ਦੇ ਭਾਰੇ ਨਸ਼ੇ ਵਿਚ ਮੋਹਿਆ ਰਹਿੰਦਾ ਹੈ, ਕਾਮ ਕ੍ਰੋਧ ਦੇ ਟੋਏ ਵਿਚ ਡਿੱਗਾ ਰਹਿੰਦਾ ਹੈ।

ਕਰੁ ਗਹਿ ਲੇਹੁ ਦਾਸ ਨਾਨਕ ਕਉ ਪ੍ਰਭ ਜੀਉ ਹੋਇ ਸਹਾਤ ॥੨॥੫॥੭॥

ਹੇ ਪ੍ਰਭੂ ਜੀ! (ਨਾਨਕ ਦਾ) ਸਹਾਈ ਬਣ ਕੇ ਦਾਸ ਨਾਨਕ ਨੂੰ ਹੱਥ ਫੜ ਕੇ (ਇਸ ਟੋਏ ਵਿਚ ਡਿੱਗਣੋਂ) ਬਚਾ ਲੈ ॥੨॥੫॥੭॥


ਕੇਦਾਰਾ ਮਹਲਾ ੫ ॥
ਹਰਿ ਬਿਨੁ ਕੋਇ ਨ ਚਾਲਸਿ ਸਾਥ ॥

(ਜਗਤ ਤੋਂ ਤੁਰਨ ਵੇਲੇ) ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ (ਜੀਵ ਦੇ) ਨਾਲ ਨਹੀਂ ਜਾਂਦਾ।

ਦੀਨਾ ਨਾਥ ਕਰੁਣਾਪਤਿ ਸੁਆਮੀ ਅਨਾਥਾ ਕੇ ਨਾਥ ॥ ਰਹਾਉ ॥

ਹੇ ਦੀਨਾਂ ਦੇ ਨਾਥ! ਹੇ ਮਿਹਰਾਂ ਦੇ ਸਾਈਂ! ਹੇ ਸੁਆਮੀ! ਹੇ ਅਨਾਥਾਂ ਦੇ ਨਾਥ! (ਤੇਰਾ ਨਾਮ ਹੀ ਅਸਲ ਸਾਥੀ ਹੈ) ॥ ਰਹਾਉ॥

ਸੁਤ ਸੰਪਤਿ ਬਿਖਿਆ ਰਸ ਭੁੋਗਵਤ ਨਹ ਨਿਬਹਤ ਜਮ ਕੈ ਪਾਥ ॥

(ਮਨੁੱਖ ਦੇ ਪਾਸ) ਪੁੱਤਰ (ਹੁੰਦੇ ਹਨ), ਧਨ (ਹੁੰਦਾ ਹੈ), (ਮਨੁੱਖ) ਮਾਇਆ ਦੇ ਅਨੇਕਾਂ ਰਸ ਭੋਗਦਾ ਹੈ, ਪਰ ਜਮਰਾਜ ਦੇ ਰਸਤੇ ਤੁਰਨ ਵੇਲੇ ਕੋਈ ਸਾਥ ਨਹੀਂ ਨਿਬਾਹੁੰਦਾ।

ਨਾਮੁ ਨਿਧਾਨੁ ਗਾਉ ਗੁਨ ਗੋਬਿੰਦ ਉਧਰੁ ਸਾਗਰ ਕੇ ਖਾਤ ॥੧॥

ਪਰਮਾਤਮਾ ਦਾ ਨਾਮ ਹੀ (ਨਾਲ ਨਿਭਣ ਵਾਲਾ ਅਸਲ) ਖ਼ਜ਼ਾਨਾ ਹੈ। ਗੋਬਿੰਦ ਦੇ ਗੁਣ ਗਾਇਆ ਕਰ, (ਇਸ ਤਰ੍ਹਾਂ ਆਪਣੇ ਆਪ ਨੂੰ) ਸੰਸਾਰ-ਸਮੁੰਦਰ ਦੇ (ਵਿਕਾਰਾਂ ਦੇ) ਟੋਟੇ (ਵਿਚ ਡਿੱਗਣ) ਤੋਂ ਬਚਾ ਲੈ ॥੧॥

ਸਰਨਿ ਸਮਰਥ ਅਕਥ ਅਗੋਚਰ ਹਰਿ ਸਿਮਰਤ ਦੁਖ ਲਾਥ ॥

ਹੇ ਸਮਰਥ! ਹੇ ਅਕੱਥ! ਹੇ ਅਗੋਚਰ! ਹੇ ਹਰੀ! (ਮੈਂ ਤੇਰੀ) ਸਰਨ (ਆਇਆ ਹਾਂ), (ਤੇਰਾ ਨਾਮ) ਸਿਮਰਦਿਆਂ ਸਾਰੇ ਦੁੱਖ ਦੂਰ ਹੋ ਜਾਂਦੇ ਹਨ।

ਨਾਨਕ ਦੀਨ ਧੂਰਿ ਜਨ ਬਾਂਛਤ ਮਿਲੈ ਲਿਖਤ ਧੁਰਿ ਮਾਥ ॥੨॥੬॥੮॥

ਗਰੀਬ ਨਾਨਕ ਤੇਰੇ ਸੰਤ ਜਨਾਂ ਦੀ ਚਰਨ-ਧੂੜ ਮੰਗਦਾ ਹੈ। ਇਹ ਚਰਨ-ਧੂੜ ਉਸ ਮਨੁੱਖ ਨੂੰ ਮਿਲਦੀ ਹੈ, ਜਿਸ ਦੇ ਮੱਥੇ ਉਤੇ ਧੁਰ-ਦਰਗਾਹ ਤੋਂ ਲਿਖੀ ਹੁੰਦੀ ਹੈ ॥੨॥੬॥੮॥


ਕੇਦਾਰਾ ਮਹਲਾ ੫ ਘਰੁ ੫ ॥

ਰਾਗ ਕੇਦਾਰਾ, ਘਰ ੫ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਬਿਸਰਤ ਨਾਹਿ ਮਨ ਤੇ ਹਰੀ ॥

(ਜਿਸ ਮਨੁੱਖ ਦੇ) ਮਨ ਤੋਂ ਪਰਮਾਤਮਾ ਨਹੀਂ ਭੁੱਲਦਾ,

ਅਬ ਇਹ ਪ੍ਰੀਤਿ ਮਹਾ ਪ੍ਰਬਲ ਭਈ ਆਨ ਬਿਖੈ ਜਰੀ ॥ ਰਹਾਉ ॥

ਉਸ ਦੇ ਅੰਦਰ ਆਖ਼ਰ ਇਹ ਪਿਆਰ ਇਤਨਾ ਬਲਵਾਨ ਹੋ ਜਾਂਦਾ ਹੈ ਕਿ ਹੋਰ ਸਾਰੇ ਵਿਸ਼ੇ (ਇਸ ਪ੍ਰੀਤ-ਅਗਨੀ ਵਿਚ) ਸੜ ਜਾਂਦੇ ਹਨ ॥ ਰਹਾਉ॥

ਬੂੰਦ ਕਹਾ ਤਿਆਗਿ ਚਾਤ੍ਰਿਕ ਮੀਨ ਰਹਤ ਨ ਘਰੀ ॥

(ਵੇਖੋ ਪ੍ਰੀਤ ਦੇ ਕਾਰਨਾਮੇ!) ਪਪੀਹਾ (ਸ਼੍ਵਾਂਤੀ ਨਛੱਤ੍ਰ ਦੀ ਵਰਖਾ ਦੀ) ਬੂੰਦ ਛੱਡ ਕੇ ਕਿਸੇ ਹੋਰ ਬੂੰਦ ਨਾਲ ਤ੍ਰਿਪਤ ਨਹੀਂ ਹੁੰਦਾ। ਮੱਛੀ (ਦਾ ਪਾਣੀ ਨਾਲ ਇਤਨਾ ਪਿਆਰ ਹੈ ਕਿ ਉਹ ਪਾਣੀ ਤੋਂ ਬਿਨਾ) ਇਕ ਘੜੀ ਭੀ ਜੀਊ ਨਹੀਂ ਸਕਦੀ।

ਗੁਨ ਗੋਪਾਲ ਉਚਾਰੁ ਰਸਨਾ ਟੇਵ ਏਹ ਪਰੀ ॥੧॥

ਆਪਣੀ ਜੀਭ ਨਾਲ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੇ ਗੁਣ ਗਾਇਆ ਕਰ। (ਜਿਹੜਾ ਮਨੁੱਖ ਸਦਾ ਹਰਿ-ਗੁਣ ਉਚਾਰਦਾ ਹੈ, ਉਸ ਨੂੰ) ਇਹ ਆਦਤ ਹੀ ਬਣ ਜਾਂਦੀ ਹੈ (ਫਿਰ ਉਹ ਗੁਣ ਉਚਾਰਨ ਤੋਂ ਬਿਨਾ ਰਹਿ ਨਹੀਂ ਸਕਦਾ) ॥੧॥

ਮਹਾ ਨਾਦ ਕੁਰੰਕ ਮੋਹਿਓ ਬੇਧਿ ਤੀਖਨ ਸਰੀ ॥

(ਪ੍ਰੀਤ ਦਾ ਹੋਰ ਕਾਰਨਾਮਾ ਵੇਖ!) ਹਰਨ (ਘੰਡੇਹੇੜੇ ਦੀ) ਆਵਾਜ਼ ਨਾਲ ਮੋਹਿਆ ਜਾਂਦਾ ਹੈ (ਉਸ ਵਿਚ ਇਤਨਾ ਮਸਤ ਹੁੰਦਾ ਹੈ ਕਿ ਸ਼ਿਕਾਰੀ ਦੇ) ਤ੍ਰਿੱਖੇ ਤੀਰਾਂ ਨਾਲ ਵਿੱਝ ਜਾਂਦਾ ਹੈ।

ਪ੍ਰਭ ਚਰਨ ਕਮਲ ਰਸਾਲ ਨਾਨਕ ਗਾਠਿ ਬਾਧਿ ਧਰੀ ॥੨॥੧॥੯॥

(ਇਸੇ ਤਰ੍ਹਾਂ) ਹੇ ਨਾਨਕ! (ਜਿਸ ਮਨੁੱਖ ਨੂੰ) ਪ੍ਰਭੂ ਦੇ ਸੋਹਣੇ ਚਰਨ ਮਿੱਠੇ ਲੱਗਦੇ ਹਨ, (ਉਹ ਮਨੁੱਖ ਇਹਨਾਂ ਚਰਨਾਂ ਨਾਲ ਆਪਣੇ ਮਨ ਦੀ ਪੱਕੀ) ਗੰਢ ਬੰਨ੍ਹ ਲੈਂਦਾ ਹੈ ॥੨॥੧॥੯॥


ਕੇਦਾਰਾ ਮਹਲਾ ੫ ॥
ਪ੍ਰੀਤਮ ਬਸਤ ਰਿਦ ਮਹਿ ਖੋਰ ॥

ਹੇ ਪ੍ਰੀਤਮ ਪ੍ਰਭੂ! (ਮੇਰੇ) ਹਿਰਦੇ ਵਿਚ ਕੋਰਾ-ਪਨ ਵੱਸ ਰਿਹਾ ਹੈ (ਜੋ ਤੇਰੇ ਚਰਨਾਂ ਨਾਲ ਪਿਆਰ ਬਣਨ ਨਹੀਂ ਦੇਂਦਾ)।

ਭਰਮ ਭੀਤਿ ਨਿਵਾਰਿ ਠਾਕੁਰ ਗਹਿ ਲੇਹੁ ਅਪਨੀ ਓਰ ॥੧॥ ਰਹਾਉ ॥

ਹੇ ਠਾਕੁਰ! (ਮੇਰੇ ਅੰਦਰੋਂ) ਭਟਕਣਾ ਦੀ ਕੰਧ ਦੂਰ ਕਰ (ਇਹ ਕੰਧ ਮੈਨੂੰ ਤੇਰੇ ਨਾਲੋਂ ਪਰੇ ਰੱਖ ਰਹੀ ਹੈ)। (ਮੇਰਾ ਹੱਥ) ਫੜ ਕੇ ਮੈਨੂੰ ਆਪਣੇ ਪਾਸੇ (ਜੋੜ) ਲੈ (ਆਪਣੇ ਚਰਨਾਂ ਵਿਚ ਜੋੜ ਲੈ) ॥੧॥ ਰਹਾਉ ॥

ਅਧਿਕ ਗਰਤ ਸੰਸਾਰ ਸਾਗਰ ਕਰਿ ਦਇਆ ਚਾਰਹੁ ਧੋਰ ॥

ਹੇ ਪ੍ਰੀਤਮ! (ਤੇਰੇ ਇਸ) ਸੰਸਾਰ-ਸਮੁੰਦਰ ਵਿਚ (ਵਿਕਾਰਾਂ ਦੇ) ਅਨੇਕਾਂ ਗੜ੍ਹੇ ਹਨ, ਮਿਹਰ ਕੇ (ਮੈਨੂੰ ਇਹਨਾਂ ਤੋਂ ਬਚਾ ਕੇ) ਕੰਢੇ ਤੇ ਚਾੜ੍ਹ ਲੈ।

ਸੰਤਸੰਗਿ ਹਰਿ ਚਰਨ ਬੋਹਿਥ ਉਧਰਤੇ ਲੈ ਮੋਰ ॥੧॥

ਹੇ ਹਰੀ! ਸੰਤ ਜਨਾਂ ਦੀ ਸੰਗਤ ਵਿਚ (ਰੱਖ ਕੇ ਮੈਨੂੰ ਆਪਣੇ) ਚਰਨਾਂ ਦੇ ਜਹਾਜ਼ (ਵਿਚ ਚਾੜ੍ਹ ਲੈ), (ਤੇਰੇ ਇਹ ਚਰਨ) ਮੈਨੂੰ ਪਾਰ ਲੰਘਾਣ ਦੇ ਸਮਰਥ ਹਨ ॥੧॥

ਗਰਭ ਕੁੰਟ ਮਹਿ ਜਿਨਹਿ ਧਾਰਿਓ ਨਹੀ ਬਿਖੈ ਬਨ ਮਹਿ ਹੋਰ ॥

ਜਿਸ ਪਰਮਾਤਮਾ ਨੇ ਮਾਂ ਦੇ ਪੇਟ ਵਿਚ ਬਚਾਈ ਰੱਖਿਆ, ਵਿਸ਼ੇ ਵਿਕਾਰਾਂ ਦੇ ਸਮੁੰਦਰ ਵਿਚ (ਡੁੱਬਦੇ ਨੂੰ ਬਚਾਣ ਵਾਲਾ ਭੀ ਉਸ ਤੋਂ ਬਿਨਾ) ਕੋਈ ਹੋਰ ਨਹੀਂ ਹੈ।

ਹਰਿ ਸਕਤ ਸਰਨ ਸਮਰਥ ਨਾਨਕ ਆਨ ਨਹੀ ਨਿਹੋਰ ॥੨॥੨॥੧੦॥

ਹੇ ਨਾਨਕ! ਪਰਮਾਤਮਾ ਸਭ ਤਾਕਤਾਂ ਦਾ ਮਾਲਕ ਹੈ, ਸਰਨ ਪਏ ਨੂੰ ਬਚਾ ਸਕਣ ਵਾਲਾ ਹੈ, (ਜਿਹੜਾ ਮਨੁੱਖ ਉਸ ਦੀ ਸਰਨ ਆ ਪੈਂਦਾ ਹੈ, ਉਸ ਨੂੰ) ਕੋਈ ਹੋਰ ਮੁਥਾਜੀ ਨਹੀਂ ਰਹਿ ਜਾਂਦੀ ॥੨॥੨॥੧੦॥


ਕੇਦਾਰਾ ਮਹਲਾ ੫ ॥
ਰਸਨਾ ਰਾਮ ਰਾਮ ਬਖਾਨੁ ॥

(ਆਪਣੀ) ਜੀਭ ਨਾਲ ਹਰ ਵੇਲੇ ਪਰਮਾਤਮਾ ਦਾ ਨਾਮ ਜਪਿਆ ਕਰ,

ਗੁਨ ਗੁੋਪਾਲ ਉਚਾਰੁ ਦਿਨੁ ਰੈਨਿ ਭਏ ਕਲਮਲ ਹਾਨ ॥ ਰਹਾਉ ॥

ਦਿਨ ਰਾਤ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੇ ਗੁਣ ਗਾਇਆ ਕਰ। (ਜਿਹੜਾ ਮਨੁੱਖ ਇਹ ਉੱਦਮ ਕਰਦਾ ਹੈ, ਉਸ ਦੇ ਸਾਰੇ) ਪਾਪ ਨਾਸ ਹੋ ਜਾਂਦੇ ਹਨ ॥ ਰਹਾਉ॥

ਤਿਆਗਿ ਚਲਨਾ ਸਗਲ ਸੰਪਤ ਕਾਲੁ ਸਿਰ ਪਰਿ ਜਾਨੁ ॥

ਸਾਰਾ ਧਨ-ਪਦਾਰਥ ਛੱਡ ਕੇ (ਆਖ਼ਿਰ ਹਰੇਕ ਪ੍ਰਾਣੀ ਨੇ ਇਥੋਂ) ਚਲੇ ਜਾਣਾ ਹੈ। ਮੌਤ ਨੂੰ (ਸਦਾ ਆਪਣੇ) ਸਿਰ ਉਤੇ (ਖਲੋਤੀ) ਸਮਝ।

ਮਿਥਨ ਮੋਹ ਦੁਰੰਤ ਆਸਾ ਝੂਠੁ ਸਰਪਰ ਮਾਨੁ ॥੧॥

ਨਾਸਵੰਤ ਪਦਾਰਥਾਂ ਦਾ ਮੋਹ, ਕਦੇ ਨਾਹ ਮੁੱਕਣ ਵਾਲੀਆਂ ਆਸਾਂ-ਇਹਨਾਂ ਨੂੰ ਨਿਸ਼ਚੇ ਕਰ ਕੇ ਨਾਸਵੰਤ ਮੰਨ ॥੧॥

ਸਤਿ ਪੁਰਖ ਅਕਾਲ ਮੂਰਤਿ ਰਿਦੈ ਧਾਰਹੁ ਧਿਆਨੁ ॥

(ਆਪਣੇ) ਹਿਰਦੇ ਵਿਚ ਉਸ ਪਰਮਾਤਮਾ ਦਾ ਧਿਆਨ ਧਰਿਆ ਕਰ ਜਿਹੜਾ ਸਦਾ ਕਾਇਮ ਰਹਿਣ ਵਾਲਾ ਹੈ ਜਿਹੜਾ ਸਰਬ-ਵਿਆਪਕ ਹੈ ਅਤੇ ਜਿਹੜਾ ਨਾਸ-ਰਹਿਤ ਹੋਂਦ ਵਾਲਾ ਹੈ।

ਨਾਮੁ ਨਿਧਾਨੁ ਲਾਭੁ ਨਾਨਕ ਬਸਤੁ ਇਹ ਪਰਵਾਨੁ ॥੨॥੩॥੧੧॥

ਹੇ ਨਾਨਕ! (ਆਖ-ਹੇ ਭਾਈ!) ਪਰਮਾਤਮਾ ਦਾ ਨਾਮ (ਹੀ ਅਸਲ) ਖ਼ਜ਼ਾਨਾ ਹੈ (ਅਸਲ) ਖੱਟੀ ਹੈ। ਇਹ ਚੀਜ਼ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਹੁੰਦੀ ਹੈ ॥੨॥੩॥੧੧॥


ਕੇਦਾਰਾ ਮਹਲਾ ੫ ॥
ਹਰਿ ਕੇ ਨਾਮ ਕੋ ਆਧਾਰੁ ॥

(ਜਿਸ ਮਨੁੱਖ ਨੂੰ ਸਦਾ) ਪਰਮਾਤਮਾ ਦੇ ਨਾਮ ਦਾ ਆਸਰਾ ਰਹਿੰਦਾ ਹੈ,

ਕਲਿ ਕਲੇਸ ਨ ਕਛੁ ਬਿਆਪੈ ਸੰਤਸੰਗਿ ਬਿਉਹਾਰੁ ॥ ਰਹਾਉ ॥

ਜਿਹੜਾ ਮਨੁੱਖ ਸੰਤ ਜਨਾਂ ਦੀ ਸੰਗਤ ਵਿਚ ਰਹਿ ਕੇ ਹਰਿ-ਨਾਮ ਦਾ ਵਣਜ ਕਰਦਾ ਹੈ, (ਦੁਨੀਆ ਦੇ) ਝਗੜੇ ਕਲੇਸ਼ (ਇਹਨਾਂ ਵਿਚੋਂ) ਕੋਈ ਭੀ ਉਸ ਉਤੇ ਆਪਣਾ ਜ਼ੋਰ ਨਹੀਂ ਪਾ ਸਕਦਾ ॥ ਰਹਾਉ॥

ਕਰਿ ਅਨੁਗ੍ਰਹੁ ਆਪਿ ਰਾਖਿਓ ਨਹ ਉਪਜਤਉ ਬੇਕਾਰੁ ॥

ਪਰਮਾਤਮਾ ਆਪ ਮਿਹਰ ਕਰ ਕੇ ਜਿਸ ਮਨੁੱਖ ਦੀ ਰੱਖਿਆ ਕਰਦਾ ਹੈ, ਉਸ ਦੇ ਅੰਦਰ ਕੋਈ ਵਿਕਾਰ ਪੈਦਾ ਨਹੀਂ ਹੁੰਦਾ।

ਜਿਸੁ ਪਰਾਪਤਿ ਹੋਇ ਸਿਮਰੈ ਤਿਸੁ ਦਹਤ ਨਹ ਸੰਸਾਰੁ ॥੧॥

ਜਿਸ ਮਨੁੱਖ ਨੂੰ ਨਾਮ ਦੀ ਦਾਤ ਧੁਰ-ਦਰਗਾਹ ਤੋਂ ਮਿਲਦੀ ਹੈ, ਉਹੀ ਹਰਿ-ਨਾਮ ਸਿਮਰਦਾ ਹੈ, ਫਿਰ ਉਸ (ਦੇ ਆਤਮਕ ਜੀਵਨ) ਨੂੰ ਸੰਸਾਰ (ਭਾਵ, ਸੰਸਾਰ ਦੇ ਵਿਕਾਰਾਂ ਦੀ ਅੱਗ) ਸਾੜ ਨਹੀਂ ਸਕਦੀ ॥੧॥

ਸੁਖ ਮੰਗਲ ਆਨੰਦ ਹਰਿ ਹਰਿ ਪ੍ਰਭ ਚਰਨ ਅੰਮ੍ਰਿਤ ਸਾਰੁ ॥

ਹਰੀ ਪ੍ਰਭੂ ਦੇ ਚਰਨ ਆਤਮਕ ਜੀਵਨ ਦੇਣ ਵਾਲੇ ਹਨ, ਇਹਨਾਂ ਨੂੰ ਆਪਣੇ ਹਿਰਦੇ ਵਿਚ ਸੰਭਾਲ, (ਤੇਰੇ ਅੰਦਰ) ਆਤਮਕ ਸੁਖ ਖ਼ੁਸ਼ੀਆਂ ਆਨੰਦ (ਪੈਦਾ ਹੋਣਗੇ)।

ਨਾਨਕ ਦਾਸ ਸਰਨਾਗਤੀ ਤੇਰੇ ਸੰਤਨਾ ਕੀ ਛਾਰੁ ॥੨॥੪॥੧੨॥

(ਹੇ ਪ੍ਰਭੂ !) ਤੇਰਾ ਦਾਸ ਨਾਨਕ ਤੇਰੀ ਸਰਨ ਆਇਆ ਹੈ, ਤੇਰੇ ਸੰਤ ਜਨਾਂ ਦੀ ਚਰਨ-ਧੂੜ (ਮੰਗਦਾ ਹੈ) ॥੨॥੪॥੧੨॥


ਕੇਦਾਰਾ ਮਹਲਾ ੫ ॥
ਹਰਿ ਕੇ ਨਾਮ ਬਿਨੁ ਧ੍ਰਿਗੁ ਸ੍ਰੋਤ ॥

ਪਰਮਾਤਮਾ ਦਾ ਨਾਮ ਸੁਣਨ ਤੋਂ ਬਿਨਾ (ਮਨੁੱਖ ਦੇ) ਕੰਨ ਫਿਟਕਾਰ-ਜੋਗ ਹਨ (ਕਿਉਂਕਿ ਫਿਰ ਇਹ ਨਿੰਦਾ-ਚੁਗਲੀ ਵਿਚ ਹੀ ਰੁੱਝੇ ਰਹਿੰਦੇ ਹਨ)।

ਜੀਵਨ ਰੂਪ ਬਿਸਾਰਿ ਜੀਵਹਿ ਤਿਹ ਕਤ ਜੀਵਨ ਹੋਤ ॥ ਰਹਾਉ ॥

ਜਿਹੜੇ ਮਨੁੱਖ ਸਾਰੇ ਜਗਤ ਦੇ ਜੀਵਨ ਪ੍ਰਭੂ ਨੂੰ ਭੁਲਾ ਕੇ ਜੀਊਂਦੇ ਹਨ (ਜ਼ਿੰਦਗੀ ਦੇ ਦਿਨ ਗੁਜ਼ਾਰਦੇ ਹਨ), ਉਹਨਾਂ ਦਾ ਜੀਊਣ ਕਾਹਦਾ ਹੈ? (ਉਹਨਾਂ ਦੇ ਜੀਊਣ ਨੂੰ ਜੀਊਣਾ ਨਹੀਂ ਕਿਹਾ ਜਾ ਸਕਦਾ) ॥ ਰਹਾਉ॥

ਖਾਤ ਪੀਤ ਅਨੇਕ ਬਿੰਜਨ ਜੈਸੇ ਭਾਰ ਬਾਹਕ ਖੋਤ ॥

(ਹਰਿ-ਨਾਮ ਨੂੰ ਵਿਸਾਰ ਕੇ ਜਿਹੜੇ ਮਨੁੱਖ) ਅਨੇਕਾਂ ਚੰਗੇ ਚੰਗੇ ਖਾਣੇ ਖਾਂਦੇ ਪੀਂਦੇ ਹਨ, (ਉਹ ਇਉਂ ਹੀ ਹਨ) ਜਿਵੇਂ ਭਾਰ ਢੋਣ ਵਾਲੇ ਖੋਤੇ।

ਆਠ ਪਹਰ ਮਹਾ ਸ੍ਰਮੁ ਪਾਇਆ ਜੈਸੇ ਬਿਰਖ ਜੰਤੀ ਜੋਤ ॥੧॥

(ਹਰਿ-ਨਾਮ ਨੂੰ ਵਿਸਾਰਨ ਵਾਲੇ) ਅੱਠੇ ਪਹਰ (ਮਾਇਆ ਦੀ ਖ਼ਾਤਰ ਦੌੜ-ਭੱਜ ਕਰਦੇ ਹੋਏ) ਬੜਾ ਥਕੇਵਾਂ ਸਹਾਰਦੇ ਹਨ, ਜਿਵੇਂ ਕੋਈ ਬਲਦ ਕੋਹਲੂ ਅੱਗੇ ਜੋਇਆ ਹੁੰਦਾ ਹੈ ॥੧॥

ਤਜਿ ਗੁੋਪਾਲ ਜਿ ਆਨ ਲਾਗੇ ਸੇ ਬਹੁ ਪ੍ਰਕਾਰੀ ਰੋਤ ॥

ਸ੍ਰਿਸ਼ਟੀ ਦੇ ਪਾਲਣਹਾਰ (ਦਾ ਨਾਮ) ਤਿਆਗ ਕੇ ਜਿਹੜੇ ਮਨੁੱਖ ਹੋਰ ਹੋਰ ਆਹਰਾਂ ਵਿਚ ਲੱਗੇ ਰਹਿੰਦੇ ਹਨ, ਉਹ ਕਈ ਤਰੀਕਿਆਂ ਨਾਲ ਦੁਖੀ ਹੁੰਦੇ ਰਹਿੰਦੇ ਹਨ।

ਕਰ ਜੋਰਿ ਨਾਨਕ ਦਾਨੁ ਮਾਗੈ ਹਰਿ ਰਖਉ ਕੰਠਿ ਪਰੋਤ ॥੨॥੫॥੧੩॥

ਹੇ ਹਰੀ! (ਤੇਰਾ ਦਾਸ) ਨਾਨਕ ਹੱਥ ਜੋੜ ਕੇ (ਤੇਰੇ ਨਾਮ ਦਾ) ਦਾਨ ਮੰਗਦਾ ਹੈ (ਆਪਣਾ ਨਾਮ ਦੇਹ), ਮੈਂ (ਇਸ ਨੂੰ ਆਪਣੇ) ਗਲੇ ਵਿਚ ਪ੍ਰੋ ਕੇ ਰੱਖਾਂ ॥੨॥੫॥੧੩॥


ਕੇਦਾਰਾ ਮਹਲਾ ੫ ॥
ਸੰਤਹ ਧੂਰਿ ਲੇ ਮੁਖਿ ਮਲੀ ॥

ਹੇ ਭਾਈ ! (ਜਿਸ ਮਨੁੱਖ ਨੇ) ਸੰਤ ਜਨਾਂ ਦੇ ਚਰਨਾਂ ਦੀ ਧੂੜ ਲੈ ਕੇ (ਆਪਣੇ) ਮੱਥੇ ਉੱਤੇ ਮਲ ਲਈ (ਤੇ, ਸੰਤਾਂ ਦੀ ਸੰਗਤ ਵਿਚ ਜਿਸ ਨੇ ਪਰਮਾਤਮਾ ਦੇ ਗੁਣ ਗਾਏ),

ਗੁਣਾ ਅਚੁਤ ਸਦਾ ਪੂਰਨ ਨਹ ਦੋਖ ਬਿਆਪਹਿ ਕਲੀ ॥ ਰਹਾਉ ॥

ਅਬਿਨਾਸ਼ੀ ਤੇ ਸਰਬ-ਵਿਆਪਕ ਪ੍ਰਭੂ ਦੇ ਗੁਣ ਹਿਰਦੇ ਵਿਚ ਵਸਾਣ ਦੀ ਬਰਕਤਿ ਨਾਲ ਜਗਤ ਦੇ ਵਿਕਾਰ ਉਸ ਉੱਤੇ ਆਪਣਾ ਜ਼ੋਰ ਨਹੀਂ ਪਾ ਸਕਦੇ ॥ ਰਹਾਉ॥

ਗੁਰ ਬਚਨਿ ਕਾਰਜ ਸਰਬ ਪੂਰਨ ਈਤ ਊਤ ਨ ਹਲੀ ॥

(ਜਿਸ ਮਨੁੱਖ ਨੇ ਸੰਤ ਜਨਾਂ ਦੀ ਚਰਨ-ਧੂੜ ਆਪਣੇ ਮੱਥੇ ਤੇ ਲਾਈ) ਗੁਰੂ ਦੇ ਉਪਦੇਸ਼ ਦਾ ਸਦਕਾ ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ, ਉਸ ਦਾ ਮਨ ਇਧਰ ਉਧਰ ਨਹੀਂ ਡੋਲਦਾ,

ਪ੍ਰਭ ਏਕ ਅਨਿਕ ਸਰਬਤ ਪੂਰਨ ਬਿਖੈ ਅਗਨਿ ਨ ਜਲੀ ॥੧॥

(ਉਸ ਨੂੰ ਇਉਂ ਦਿੱਸ ਪੈਂਦਾ ਹੈ ਕਿ) ਇਕ ਪਰਮਾਤਮਾ ਅਨੇਕਾਂ ਰੂਪਾਂ ਵਿਚ ਸਭ ਥਾਈਂ ਵਿਆਪਕ ਹੈ, ਉਹ ਮਨੁੱਖ ਵਿਕਾਰਾਂ ਦੀ ਅੱਗ ਵਿਚ ਨਹੀਂ ਸੜਦਾ (ਉਸ ਦਾ ਆਤਮਕ ਜੀਵਨ ਵਿਕਾਰਾਂ ਦੀ ਅੱਗ ਵਿਚ ਤਬਾਹ ਨਹੀਂ ਹੁੰਦਾ) ॥੧॥

ਗਹਿ ਭੁਜਾ ਲੀਨੋ ਦਾਸੁ ਅਪਨੋ ਜੋਤਿ ਜੋਤੀ ਰਲੀ ॥

ਪ੍ਰਭੂ ਆਪਣੇ ਜਿਸ ਦਾਸ ਨੂੰ (ਉਸ ਦੀ) ਬਾਂਹ ਫੜ ਕੇ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ, ਉਸ ਦੀ ਜਿੰਦ ਪ੍ਰਭੂ ਦੀ ਜੋਤਿ ਵਿਚ ਲੀਨ ਹੋ ਜਾਂਦੀ ਹੈ।

ਪ੍ਰਭ ਚਰਨ ਸਰਨ ਅਨਾਥੁ ਆਇਓ ਨਾਨਕ ਹਰਿ ਸੰਗਿ ਚਲੀ ॥੨॥੬॥੧੪॥

ਹੇ ਨਾਨਕ! ਜਿਹੜਾ ਅਨਾਥ (ਪ੍ਰਾਣੀ ਭੀ) ਪ੍ਰਭੂ ਦੇ ਚਰਨਾਂ ਦੀ ਸਰਨ ਵਿਚ ਆ ਜਾਂਦਾ ਹੈ, ਉਹ ਪ੍ਰਾਣੀ ਪ੍ਰਭੂ ਦੀ ਯਾਦ ਵਿਚ ਹੀ ਜੀਵਨ-ਰਾਹ ਉਤੇ ਤੁਰਦਾ ਹੈ ॥੨॥੬॥੧੪॥


ਕੇਦਾਰਾ ਮਹਲਾ ੫ ॥
ਹਰਿ ਕੇ ਨਾਮ ਕੀ ਮਨ ਰੁਚੈ ॥

ਜਿਸ ਮਨੁੱਖ ਦੇ ਮਨ ਨੂੰ ਪਰਮਾਤਮਾ ਦੇ ਨਾਮ ਦੀ ਲਗਨ ਲੱਗ ਜਾਂਦੀ ਹੈ,

ਕੋਟਿ ਸਾਂਤਿ ਅਨੰਦ ਪੂਰਨ ਜਲਤ ਛਾਤੀ ਬੁਝੈ ॥ ਰਹਾਉ ॥

ਉਸ ਦੇ ਹਿਰਦੇ ਵਿਚ ਪੂਰਨ ਸ਼ਾਂਤੀ ਆਨੰਦ ਬਣਿਆ ਰਹਿੰਦਾ ਹੈ, ਉਸ ਦੇ ਹਿਰਦੇ ਵਿਚ (ਵਿਕਾਰਾਂ ਦੀ ਪਹਿਲੀ) ਬਲ ਰਹੀ ਅੱਗ ਬੁੱਝ ਜਾਂਦੀ ਹੈ ॥ ਰਹਾਉ॥

ਸੰਤ ਮਾਰਗਿ ਚਲਤ ਪ੍ਰਾਨੀ ਪਤਿਤ ਉਧਰੇ ਮੁਚੈ ॥

ਜਿਹੜਾ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰਦਾ ਹੈ, (ਉਸ ਦੀ ਸੰਗਤ ਵਿਚ ਰਹਿ ਕੇ) ਅਨੇਕਾਂ ਵਿਕਾਰੀ ਮਨੁੱਖ (ਵਿਕਾਰਾਂ ਤੋਂ) ਬਚ ਜਾਂਦੇ ਹਨ।

ਰੇਨੁ ਜਨ ਕੀ ਲਗੀ ਮਸਤਕਿ ਅਨਿਕ ਤੀਰਥ ਸੁਚੈ ॥੧॥

ਜਿਸ ਮਨੁੱਖ ਦੇ ਮੱਥੇ ਉਤੇ ਪਰਮਾਤਮਾ ਦੇ ਸੇਵਕ ਦੀ ਚਰਨ-ਧੂੜ ਲੱਗਦੀ ਹੈ, (ਉਸ ਦੇ ਅੰਦਰ, ਮਾਨੋ) ਅਨੇਕਾਂ ਤੀਰਥਾਂ (ਦੇ ਇਸ਼ਨਾਨ) ਦੀ ਪਵਿੱਤ੍ਰਤਾ ਹੋ ਜਾਂਦੀ ਹੈ ॥੧॥

ਚਰਨ ਕਮਲ ਧਿਆਨ ਭੀਤਰਿ ਘਟਿ ਘਟਹਿ ਸੁਆਮੀ ਸੁਝੈ ॥

ਜਿਸ ਮਨੁੱਖ ਦੀ ਸੁਰਤ ਪ੍ਰਭੂ ਦੇ ਸੋਹਣੇ ਚਰਨਾਂ ਦੇ ਧਿਆਨ ਵਿਚ ਟਿਕੀ ਰਹਿੰਦੀ ਹੈ, ਉਸ ਨੂੰ ਮਾਲਕ-ਪ੍ਰਭੂ ਹਰੇਕ ਸਰੀਰ ਵਿਚ ਵੱਸਦਾ ਦਿੱਸ ਪੈਂਦਾ ਹੈ।

ਸਰਨਿ ਦੇਵ ਅਪਾਰ ਨਾਨਕ ਬਹੁਰਿ ਜਮੁ ਨਹੀ ਲੁਝੈ ॥੨॥੭॥੧੫॥

ਹੇ ਨਾਨਕ! ਜਿਹੜਾ ਮਨੁੱਖ ਚਾਨਣ-ਰੂਪ ਬੇਅੰਤ ਪ੍ਰਭੂ ਦੀ ਸਰਨ ਵਿਚ ਆ ਜਾਂਦਾ ਹੈ, ਜਮਦੂਤ ਮੁੜ ਉਸ ਨਾਲ ਕੋਈ ਝਗੜਾ ਨਹੀਂ ਪਾਂਦਾ ॥੨॥੭॥੧੫॥


ਕੇਦਾਰਾ ਛੰਤ ਮਹਲਾ ੫ ॥

ਰਾਗ ਕੇਦਾਰਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ‘ਛੰਤ’।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਮਿਲੁ ਮੇਰੇ ਪ੍ਰੀਤਮ ਪਿਆਰਿਆ ॥ ਰਹਾਉ ॥

ਹੇ ਮੇਰੇ ਪਿਆਰੇ! ਹੇ ਮੇਰੇ ਪ੍ਰੀਤਮ! (ਮੈਨੂੰ) ਮਿਲ ॥ ਰਹਾਉ॥

ਪੂਰਿ ਰਹਿਆ ਸਰਬਤ੍ਰ ਮੈ ਸੋ ਪੁਰਖੁ ਬਿਧਾਤਾ ॥

ਉਹ ਸਰਬ-ਵਿਆਪਕ ਸਿਰਜਣਹਾਰ ਸਭ ਥਾਈਂ ਮੌਜੂਦ ਹੈ।

ਮਾਰਗੁ ਪ੍ਰਭ ਕਾ ਹਰਿ ਕੀਆ ਸੰਤਨ ਸੰਗਿ ਜਾਤਾ ॥

ਪ੍ਰਭੂ (ਨੂੰ ਮਿਲਣ) ਦਾ ਰਸਤਾ ਪ੍ਰਭੂ ਨੇ ਆਪ ਹੀ ਬਣਾਇਆ ਹੈ (ਉਹ ਰਸਤਾ ਇਹ ਹੈ ਕਿ) ਸੰਤ ਜਨਾਂ ਦੀ ਸੰਗਤ ਵਿਚ ਹੀ ਉਸ ਨਾਲ ਡੂੰਘੀ ਸਾਂਝ ਪੈ ਸਕਦੀ ਹੈ।

ਸੰਤਨ ਸੰਗਿ ਜਾਤਾ ਪੁਰਖੁ ਬਿਧਾਤਾ ਘਟਿ ਘਟਿ ਨਦਰਿ ਨਿਹਾਲਿਆ ॥

ਸੰਤ ਜਨਾਂ ਦੀ ਸੰਗਤ ਵਿਚ ਹੀ ਸਿਰਜਣਹਾਰ ਅਕਾਲ ਪੁਰਖ ਨਾਲ ਜਾਣ-ਪਛਾਣ ਹੋ ਸਕਦੀ ਹੈ। (ਸੰਤ ਜਨਾਂ ਦੀ ਸੰਗਤ ਵਿਚ ਰਹਿ ਕੇ ਹੀ ਉਸ ਨੂੰ) ਹਰੇਕ ਸਰੀਰ ਵਿਚ ਅੱਖੀਂ ਵੇਖਿਆ ਜਾ ਸਕਦਾ ਹੈ।

ਜੋ ਸਰਨੀ ਆਵੈ ਸਰਬ ਸੁਖ ਪਾਵੈ ਤਿਲੁ ਨਹੀ ਭੰਨੈ ਘਾਲਿਆ ॥

ਜਿਹੜਾ ਮਨੁੱਖ (ਸੰਤ ਜਨਾਂ ਦੀ ਸੰਗਤ ਦੀ ਬਰਕਤਿ ਨਾਲ ਪ੍ਰਭੂ ਦੀ) ਸਰਨ ਆਉਂਦਾ ਹੈ, ਉਹ ਸਾਰੇ ਸੁਖ ਹਾਸਲ ਕਰ ਲੈਂਦਾ ਹੈ। ਪ੍ਰਭੂ ਉਸ ਮਨੁੱਖ ਦੀ ਕੀਤੀ ਹੋਈ ਮਿਹਨਤ ਨੂੰ ਰਤਾ ਭਰ ਭੀ ਨਹੀਂ ਗਵਾਂਦਾ।

ਹਰਿ ਗੁਣ ਨਿਧਿ ਗਾਏ ਸਹਜ ਸੁਭਾਏ ਪ੍ਰੇਮ ਮਹਾ ਰਸ ਮਾਤਾ ॥

ਜਿਹੜਾ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਪਿਆਰ ਨਾਲ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੇ ਗੁਣ ਗਾਂਦਾ ਹੈ, ਉਹ ਸਭ ਤੋਂ ਉੱਚੇ ਪ੍ਰੇਮ-ਰਸ ਵਿਚ ਮਸਤ ਰਹਿੰਦਾ ਹੈ।

ਨਾਨਕ ਦਾਸ ਤੇਰੀ ਸਰਣਾਈ ਤੂ ਪੂਰਨ ਪੁਰਖੁ ਬਿਧਾਤਾ ॥੧॥

(ਹੇ ਪ੍ਰਭੂ!) ਦਾਸ ਨਾਨਕ ਤੇਰੀ ਸਰਨ ਹੈ। ਤੂੰ ਸਭ ਗੁਣਾਂ ਨਾਲ ਭਰਪੂਰ ਹੈਂ, ਤੂੰ ਸਰਬ-ਵਿਆਪਕ ਹੈਂ, ਤੂੰ (ਸਾਰੇ ਜਗਤ ਦਾ) ਰਚਨਹਾਰ ਹੈਂ ॥੧॥

ਹਰਿ ਪ੍ਰੇਮ ਭਗਤਿ ਜਨ ਬੇਧਿਆ ਸੇ ਆਨ ਕਤ ਜਾਹੀ ॥

ਜਿਹੜੇ ਮਨੁੱਖ ਹਰੀ ਦੀ ਪ੍ਰੇਮਾ-ਭਗਤੀ ਵਿਚ ਵਿੱਝ ਜਾਂਦੇ ਹਨ, ਉਹ (ਹਰੀ ਨੂੰ ਛੱਡ ਕੇ) ਕਿਸੇ ਹੋਰ ਥਾਂ ਨਹੀਂ ਜਾ ਸਕਦੇ।

ਮੀਨੁ ਬਿਛੋਹਾ ਨਾ ਸਹੈ ਜਲ ਬਿਨੁ ਮਰਿ ਪਾਹੀ ॥

(ਜਿਵੇਂ) ਮੱਛੀ (ਪਾਣੀ ਦਾ) ਵਿਛੋੜਾ ਸਹਾਰ ਨਹੀਂ ਸਕਦੀ, ਪਾਣੀ ਤੋਂ ਬਿਨਾ ਮੱਛੀਆਂ ਮਰ ਜਾਂਦੀਆਂ ਹਨ।

ਹਰਿ ਬਿਨੁ ਕਿਉ ਰਹੀਐ ਦੂਖ ਕਿਨਿ ਸਹੀਐ ਚਾਤ੍ਰਿਕ ਬੂੰਦ ਪਿਆਸਿਆ ॥

(ਜਿਨ੍ਹਾਂ ਦੇ ਮਨ ਪ੍ਰੇਮ-ਭਗਤੀ ਵਿਚ ਵਿੱਝ ਗਏ ਹਨ, ਉਹਨਾਂ ਵਿਚੋਂ ਕਿਸੇ ਪਾਸੋਂ ਭੀ) ਪਰਮਾਤਮਾ (ਦੀ ਯਾਦ) ਤੋਂ ਬਿਨਾ ਰਿਹਾ ਨਹੀਂ ਜਾ ਸਕਦਾ, ਕਿਸੇ ਪਾਸੋਂ ਭੀ ਵਿਛੋੜੇ ਦਾ ਦੁੱਖ ਸਹਾਰਿਆ ਨਹੀਂ ਜਾ ਸਕਦਾ (ਜਿਵੇਂ) ਪਪੀਹਾ ਹਰ ਵੇਲੇ ਸ੍ਵਾਂਤੀ ਬੂੰਦ ਲਈ ਤਰਸਦਾ ਹੈ।

ਕਬ ਰੈਨਿ ਬਿਹਾਵੈ ਚਕਵੀ ਸੁਖੁ ਪਾਵੈ ਸੂਰਜ ਕਿਰਣਿ ਪ੍ਰਗਾਸਿਆ ॥

(ਜਿਵੇਂ) ਜਦ ਤਕ ਰਾਤ ਨਾਹ ਮੁੱਕੇ, ਜਦ ਤਕ ਸੂਰਜ ਦੀ ਕਿਰਨ ਲੋਅ ਨ ਕਰੇ, ਚਕਵੀ ਨੂੰ ਸੁਖ ਨਹੀਂ ਮਿਲ ਸਕਦਾ।

ਹਰਿ ਦਰਸਿ ਮਨੁ ਲਾਗਾ ਦਿਨਸੁ ਸਭਾਗਾ ਅਨਦਿਨੁ ਹਰਿ ਗੁਣ ਗਾਹੀ ॥

(ਪ੍ਰਭੂ-ਪ੍ਰੇਮ ਵਿਚ ਵਿੱਝੇ ਹੋਏ ਮਨੁੱਖਾਂ ਲਈ) ਉਹ ਦਿਨ ਭਾਗਾਂ ਵਾਲਾ ਹੁੰਦਾ ਹੈ ਜਦੋਂ ਉਹਨਾਂ ਦਾ ਮਨ ਪ੍ਰਭੂ ਦੇ ਦੀਦਾਰ ਵਿਚ ਜੁੜਦਾ ਹੈ, ਉਹ ਹਰ ਵੇਲੇ ਪ੍ਰਭੂ ਦੇ ਗੁਣ ਗਾਂਦੇ ਰਹਿੰਦੇ ਹਨ।

ਨਾਨਕ ਦਾਸੁ ਕਹੈ ਬੇਨੰਤੀ ਕਤ ਹਰਿ ਬਿਨੁ ਪ੍ਰਾਣ ਟਿਕਾਹੀ ॥੨॥

ਦਾਸ ਨਾਨਕ ਬੇਨਤੀ ਕਰਦਾ ਹੈ (ਕਿ ਜਿਨ੍ਹਾਂ ਦੇ ਮਨ ਪ੍ਰਭੂ-ਪ੍ਰੇਮ ਵਿਚ ਵਿੱਝੇ ਹੋਏ ਹਨ, ਉਹਨਾਂ ਦੇ) ਪ੍ਰਾਣ ਪਰਮਾਤਮਾ ਦੀ ਯਾਦ ਤੋਂ ਬਿਨਾ ਕਿਤੇ ਭੀ ਧੀਰਜ ਨਹੀਂ ਪਾ ਸਕਦੇ ॥੨॥

ਸਾਸ ਬਿਨਾ ਜਿਉ ਦੇਹੁਰੀ ਕਤ ਸੋਭਾ ਪਾਵੈ ॥

ਜਿਵੇਂ ਸਾਹ (ਆਉਣ) ਤੋਂ ਬਿਨਾ ਮਨੁੱਖ ਦਾ ਸਰੀਰ ਕਿਤੇ ਸੋਭਾ ਨਹੀਂ ਪਾ ਸਕਦਾ,

ਦਰਸ ਬਿਹੂਨਾ ਸਾਧ ਜਨੁ ਖਿਨੁ ਟਿਕਣੁ ਨ ਆਵੈ ॥

(ਤਿਵੇਂ ਪਰਮਾਤਮਾ ਦੇ) ਦਰਸਨ ਤੋਂ ਬਿਨਾ ਸਾਧੂ-ਜਨ (ਸੋਭਾ ਨਹੀਂ ਪਾ ਸਕਦਾ)। (ਪ੍ਰਭੂ ਦੇ ਦਰਸਨ ਤੋਂ ਬਿਨਾ ਮਨੁੱਖ ਦਾ ਮਨ) ਇਕ ਖਿਨ ਲਈ ਭੀ ਟਿਕ ਨਹੀਂ ਸਕਦਾ।

ਹਰਿ ਬਿਨੁ ਜੋ ਰਹਣਾ ਨਰਕੁ ਸੋ ਸਹਣਾ ਚਰਨ ਕਮਲ ਮਨੁ ਬੇਧਿਆ ॥

ਪਰਮਾਤਮਾ ਦੇ ਨਾਮ ਤੋਂ ਬਿਨਾ ਜੋ ਜੀਊਣ ਹੈ, ਉਹ ਜੀਊਣ ਨਰਕ (ਦਾ ਦੁੱਖ) ਸਹਾਰਨ (ਦੇ ਤੁੱਲ) ਹੈ। ਪਰ ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਸੋਹਣੇ ਚਰਨਾਂ ਵਿਚ ਵਿੱਛ ਜਾਂਦਾ ਹੈ,

ਹਰਿ ਰਸਿਕ ਬੈਰਾਗੀ ਨਾਮਿ ਲਿਵ ਲਾਗੀ ਕਤਹੁ ਨ ਜਾਇ ਨਿਖੇਧਿਆ ॥

ਉਹ ਪਰਮਾਤਮਾ ਦੇ ਨਾਮ ਦਾ ਰਸੀਆ ਹੋ ਜਾਂਦਾ ਹੈ, ਹਰਿ-ਨਾਮ ਦਾ ਪ੍ਰੇਮੀ ਹੋ ਜਾਂਦਾ ਹੈ, ਹਰਿ-ਨਾਮ ਵਿਚ ਉਸ ਦੀ ਲਗਨ ਲੱਗੀ ਰਹਿੰਦੀ ਹੈ, ਉਸ ਦੀ ਕਿਤੇ ਭੀ ਨਿਰਾਦਰੀ ਨਹੀਂ ਹੁੰਦੀ।

ਹਰਿ ਸਿਉ ਜਾਇ ਮਿਲਣਾ ਸਾਧਸੰਗਿ ਰਹਣਾ ਸੋ ਸੁਖੁ ਅੰਕਿ ਨ ਮਾਵੈ ॥

ਸਾਧ ਸੰਗਤ ਵਿਚ ਟਿਕੇ ਰਹਿਣਾ (ਤੇ, ਸਾਧ ਸੰਗਤ ਦੀ ਬਰਕਤਿ ਨਾਲ) ਪ੍ਰਭੂ ਨਾਲ ਮਿਲਾਪ ਹੋ ਜਾਣਾ (ਇਸ ਤੋਂ ਐਸਾ ਆਤਮਕ ਆਨੰਦ ਪੈਦਾ ਹੁੰਦਾ ਹੈ ਕਿ) ਉਹ ਆਨੰਦ ਲੁਕਿਆ ਨਹੀਂ ਰਹਿ ਸਕਦਾ।

ਹੋਹੁ ਕ੍ਰਿਪਾਲ ਨਾਨਕ ਕੇ ਸੁਆਮੀ ਹਰਿ ਚਰਨਹ ਸੰਗਿ ਸਮਾਵੈ ॥੩॥

ਹੇ ਨਾਨਕ ਦੇ ਮਾਲਕ-ਪ੍ਰਭੂ! ਜਿਸ ਮਨੁੱਖ ਉੱਤੇ ਤੂੰ ਦਇਆਵਾਨ ਹੁੰਦਾ ਹੈਂ, ਉਹ ਤੇਰੇ ਚਰਨਾਂ ਵਿਚ ਲੀਨ ਰਹਿੰਦਾ ਹੈ ॥੩॥

ਖੋਜਤ ਖੋਜਤ ਪ੍ਰਭ ਮਿਲੇ ਹਰਿ ਕਰੁਣਾ ਧਾਰੇ ॥

(ਪ੍ਰਭੂ ਜੀ ਦੀ) ਭਾਲ ਕਰਦਿਆਂ ਕਰਦਿਆਂ (ਆਖ਼ਰ) ਪ੍ਰਭੂ ਜੀ (ਆਪ ਹੀ) ਦਇਆ ਕਰ ਕੇ (ਮੈਨੂੰ) ਮਿਲ ਪਏ (ਪ੍ਰਭੂ ਦਾ ਮਿਲਾਪ ਪ੍ਰਭੂ ਜੀ ਦੀ ਮਿਹਰ ਨਾਲ ਹੀ ਹੁੰਦਾ ਹੈ)।

ਨਿਰਗੁਣੁ ਨੀਚੁ ਅਨਾਥੁ ਮੈ ਨਹੀ ਦੋਖ ਬੀਚਾਰੇ ॥

ਮੇਰੇ ਵਿਚ ਕੋਈ ਗੁਣ ਨਹੀਂ ਸੀ, ਮੈਂ ਨੀਵੇਂ ਜੀਵਨ ਵਾਲਾ ਸਾਂ, ਮੈਂ ਅਨਾਥ ਸਾਂ। ਪਰ ਪ੍ਰਭੂ ਜੀ ਨੇ ਮੇਰੇ ਔਗੁਣਾਂ ਵਲ ਧਿਆਨ ਨਹੀਂ ਦਿੱਤਾ।

ਨਹੀ ਦੋਖ ਬੀਚਾਰੇ ਪੂਰਨ ਸੁਖ ਸਾਰੇ ਪਾਵਨ ਬਿਰਦੁ ਬਖਾਨਿਆ ॥

ਪ੍ਰਭੂ ਨੇ ਮੇਰੇ ਔਗੁਣ ਨਹੀਂ ਵਿਚਾਰੇ, ਮੈਨੂੰ ਪੂਰਨ ਸੁਖ ਉਸ ਨੇ ਦੇ ਦਿੱਤੇ, (ਤਾਹੀਏਂ ਤਾਂ ਇਹ) ਕਿਹਾ ਜਾਂਦਾ ਹੈ ਕਿ (ਪਤਿਤਾਂ ਨੂੰ) ਪਵਿੱਤਰ ਕਰਨਾ (ਪ੍ਰਭੂ ਦਾ) ਮੁੱਢ-ਕਦੀਮਾਂ ਦਾ ਸੁਭਾਉ ਹੈ।

ਭਗਤਿ ਵਛਲੁ ਸੁਨਿ ਅੰਚਲੁੋ ਗਹਿਆ ਘਟਿ ਘਟਿ ਪੂਰ ਸਮਾਨਿਆ ॥

ਇਹ ਸੁਣ ਕੇ ਕਿ ਪ੍ਰਭੂ ਭਗਤੀ ਨੂੰ ਪਿਆਰ ਕਰਨ ਵਾਲਾ ਹੈ, ਮੈਂ ਉਸ ਦਾ ਪੱਲਾ ਫੜ ਲਿਆ (ਤੇ ਭਗਤੀ ਦੀ ਦਾਤ ਮੰਗੀ)। ਪ੍ਰਭੂ ਹਰੇਕ ਸਰੀਰ ਵਿਚ ਪੂਰਨ ਤੌਰ ਤੇ ਵਿਆਪਕ ਹੈ।

ਸੁਖ ਸਾਗਰੁੋ ਪਾਇਆ ਸਹਜ ਸੁਭਾਇਆ ਜਨਮ ਮਰਨ ਦੁਖ ਹਾਰੇ ॥

ਜਦੋਂ ਮੈਂ ਉਸ ਦਾ ਪੱਲਾ ਫੜ ਲਿਆ, ਤਾਂ ਉਹ ਸੁਖਾਂ ਦਾ ਸਮੁੰਦਰ ਪ੍ਰਭੂ ਮੈਨੂੰ ਆਪ-ਮੁਹਾਰਾ ਹੀ ਮਿਲ ਪਿਆ। ਜਨਮ ਤੋਂ ਮਰਨ ਤਕ ਦੇ ਮੇਰੇ ਸਾਰੇ ਹੀ ਦੁੱਖ ਥੱਕ ਗਏ (ਮੁੱਕ ਗਏ)।

ਕਰੁ ਗਹਿ ਲੀਨੇ ਨਾਨਕ ਦਾਸ ਅਪਨੇ ਰਾਮ ਨਾਮ ਉਰਿ ਹਾਰੇ ॥੪॥੧॥

ਹੇ ਨਾਨਕ! (ਆਖ-ਹੇ ਭਾਈ!) ਪ੍ਰਭੂ ਆਪਣੇ ਦਾਸਾਂ ਦਾ ਹੱਥ ਫੜ ਕੇ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਪਰਮਾਤਮਾ ਦਾ ਨਾਮ (ਉਹਨਾਂ ਸੇਵਕਾਂ ਦੇ) ਹਿਰਦੇ ਵਿਚ ਹਾਰ ਬਣਿਆ ਰਹਿੰਦਾ ਹੈ ॥੪॥੧॥


ਰਾਗੁ ਕੇਦਾਰਾ ਬਾਣੀ ਕਬੀਰ ਜੀਉ ਕੀ ॥

ਰਾਗ ਕੇਦਾਰਾ ਵਿੱਚ ਭਗਤ ਕਬੀਰ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਉਸਤਤਿ ਨਿੰਦਾ ਦੋਊ ਬਿਬਰਜਿਤ ਤਜਹੁ ਮਾਨੁ ਅਭਿਮਾਨਾ ॥

ਕਿਸੇ ਮਨੁੱਖ ਦੀ ਖ਼ੁਸ਼ਾਮਦ ਕਰਨੀ ਜਾਂ ਕਿਸੇ ਦੇ ਐਬ ਫਰੋਲਣੇ-ਇਹ ਦੋਵੇਂ ਕੰਮ ਮਾੜੇ ਹਨ। (ਇਹ ਖ਼ਿਆਲ ਭੀ) ਛੱਡ ਦਿਉ (ਕਿ ਕੋਈ ਤੁਹਾਡਾ) ਆਦਰ (ਕਰਦਾ ਹੈ ਜਾਂ ਕੋਈ) ਆਕੜ (ਵਿਖਾਉਂਦਾ ਹੈ)।

ਲੋਹਾ ਕੰਚਨੁ ਸਮ ਕਰਿ ਜਾਨਹਿ ਤੇ ਮੂਰਤਿ ਭਗਵਾਨਾ ॥੧॥

ਜੋ ਮਨੁੱਖ ਲੋਹੇ ਤੇ ਸੋਨੇ ਨੂੰ ਇਕੋ ਜਿਹਾ ਜਾਣਦੇ ਹਨ, ਉਹ ਭਗਵਾਨ ਦਾ ਰੂਪ ਹਨ। {ਸੋਨਾ-ਆਦਰ। ਲੋਹਾ-ਨਿਰਾਦਰੀ} ॥੧॥

ਤੇਰਾ ਜਨੁ ਏਕੁ ਆਧੁ ਕੋਈ ॥

ਹੇ ਪ੍ਰਭੂ! ਕੋਈ ਵਿਰਲਾ ਮਨੁੱਖ ਤੇਰਾ ਹੋ ਕੇ ਰਹਿੰਦਾ ਹੈ।

ਕਾਮੁ ਕ੍ਰੋਧੁ ਲੋਭੁ ਮੋਹੁ ਬਿਬਰਜਿਤ ਹਰਿ ਪਦੁ ਚੀਨ੍ਰੈ ਸੋਈ ॥੧॥ ਰਹਾਉ ॥

(ਜੋ ਤੇਰਾ ਬਣਦਾ ਹੈ) ਉਸ ਨੂੰ ਕਾਮ, ਕ੍ਰੋਧ, ਲੋਭ, ਮੋਹ (ਆਦਿਕ ਵਿਕਾਰ) ਮਾੜੇ ਲੱਗਦੇ ਹਨ। (ਜੋ ਮਨੁੱਖ ਇਹਨਾਂ ਨੂੰ ਤਿਆਗਦਾ ਹੈ) ਉਹੀ ਮਨੁੱਖ ਪ੍ਰਭੂ-ਮਿਲਾਪ ਵਾਲੀ ਅਵਸਥਾ ਨਾਲ ਸਾਂਝ ਪਾਂਦਾ ਹੈ ॥੧॥ ਰਹਾਉ ॥

ਰਜ ਗੁਣ ਤਮ ਗੁਣ ਸਤ ਗੁਣ ਕਹੀਐ ਇਹ ਤੇਰੀ ਸਭ ਮਾਇਆ ॥

ਕੋਈ ਜੀਵ ਰਜੋ ਗੁਣ ਵਿਚ ਹਨ, ਕੋਈ ਤਮੋ ਗੁਣ ਵਿਚ ਹਨ, ਕੋਈ ਸਤੋ ਗੁਣ ਵਿਚ ਹਨ। ਪਰ (ਜੀਵਾਂ ਦੇ ਕੀਹ ਵੱਸ?) ਇਹ ਸਭ ਕੁਝ, ਹੇ ਪ੍ਰਭੂ! ਤੇਰੀ ਮਾਇਆ ਹੀ ਕਹੀ ਜਾ ਸਕਦੀ ਹੈ।

ਚਉਥੇ ਪਦ ਕਉ ਜੋ ਨਰੁ ਚੀਨ੍ਰੈ ਤਿਨ੍ਰ ਹੀ ਪਰਮ ਪਦੁ ਪਾਇਆ ॥੨॥

ਜੋ ਮਨੁੱਖ (ਇਹਨਾਂ ਤੋਂ ਉਤਾਂਹ) ਚੌਥੀ ਅਵਸਥਾ (ਪ੍ਰਭੂ-ਮਿਲਾਪ) ਨਾਲ ਜਾਣ-ਪਛਾਣ ਕਰਦਾ ਹੈ, ਉਸੇ ਨੂੰ ਹੀ ਉੱਚੀ ਆਤਮਕ ਅਵਸਥਾ ਪ੍ਰਾਪਤ ਹੁੰਦੀ ਹੈ ॥੨॥

ਤੀਰਥ ਬਰਤ ਨੇਮ ਸੁਚਿ ਸੰਜਮ ਸਦਾ ਰਹੈ ਨਿਹਕਾਮਾ ॥

ਉਹ ਸਦਾ ਤੀਰਥ ਵਰਤ ਸੁੱਚ ਸੰਜਮ ਆਦਿਕ ਨੇਮਾਂ ਵਲੋਂ ਨਿਸ਼ਕਾਮ ਰਹਿੰਦਾ ਹੈ, (ਭਾਵ, ਇਹਨਾਂ ਕਰਮਾਂ ਦੇ ਕਰਨ ਦੀ ਉਸ ਨੂੰ ਚਾਹ ਨਹੀਂ ਰਹਿੰਦੀ)।

ਤ੍ਰਿਸਨਾ ਅਰੁ ਮਾਇਆ ਭ੍ਰਮੁ ਚੂਕਾ ਚਿਤਵਤ ਆਤਮ ਰਾਮਾ ॥੩॥

ਜੋ ਮਨੁੱਖ ਸਦਾ ਸਰਬ-ਵਿਆਪਕ ਪ੍ਰਭੂ ਨੂੰ ਸਿਮਰਦਾ ਹੈ, ਉਸ ਦੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਤੇ ਭਟਕਣਾ ਦੂਰ ਹੋ ਜਾਂਦੀ ਹੈ ॥੩॥

ਜਿਹ ਮੰਦਰਿ ਦੀਪਕੁ ਪਰਗਾਸਿਆ ਅੰਧਕਾਰੁ ਤਹ ਨਾਸਾ ॥

*ਜਿਵੇਂ) ਜਿਸ ਘਰ ਵਿਚ ਦੀਵਾ ਜਗ ਪਏ, ਉੱਥੋਂ ਹਨੇਰਾ ਦੂਰ ਹੋ ਜਾਂਦਾ ਹੈ,

ਨਿਰਭਉ ਪੂਰਿ ਰਹੇ ਭ੍ਰਮੁ ਭਾਗਾ ਕਹਿ ਕਬੀਰ ਜਨ ਦਾਸਾ ॥੪॥੧॥

ਪ੍ਰਭੂ ਦਾ ਜਨ, ਪ੍ਰਭੂ ਦਾ ਦਾਸ ਕਬੀਰ ਆਖਦਾ ਹੈ ਤਿਵੇਂ ਹੀ ਜਿਸ ਹਿਰਦੇ ਵਿਚ ਨਿਰਭਉ ਪ੍ਰਭੂ ਪਰਗਟ ਹੋ ਜਾਏ ਉਸ ਦੀ ਭਟਕਣਾ ਮਿਟ ਜਾਂਦੀ ਹੈ ॥੪॥੧॥


ਕਿਨਹੀ ਬਨਜਿਆ ਕਾਂਸੀ ਤਾਂਬਾ ਕਿਨਹੀ ਲਉਗ ਸੁਪਾਰੀ ॥

ਕਈ ਲੋਕ ਕੈਂਹ ਤਾਂਬੇ ਆਦਿਕ ਦਾ ਵਣਜ ਕਰਦੇ ਹਨ, ਕਈ ਲੌਂਗ ਸੁਪਾਰੀ ਆਦਿਕ ਵਣਜਦੇ ਹਨ।

ਸੰਤਹੁ ਬਨਜਿਆ ਨਾਮੁ ਗੋਬਿਦ ਕਾ ਐਸੀ ਖੇਪ ਹਮਾਰੀ ॥੧॥

ਪ੍ਰਭੂ ਦੇ ਸੰਤਾਂ ਨੇ ਪਰਮਾਤਮਾ ਦਾ ਨਾਮ ਵਣਜਿਆ ਹੈ; ਮੈਂ ਭੀ ਇਹੀ ਸੌਦਾ ਲੱਦਿਆ ਹੈ ॥੧॥

ਹਰਿ ਕੇ ਨਾਮ ਕੇ ਬਿਆਪਾਰੀ ॥

ਜੋ ਮਨੁੱਖ ਪ੍ਰਭੂ ਦੇ ਨਾਮ ਦਾ ਵਣਜ ਕਰਦੇ ਹਨ,

ਹੀਰਾ ਹਾਥਿ ਚੜਿਆ ਨਿਰਮੋਲਕੁ ਛੂਟਿ ਗਈ ਸੰਸਾਰੀ ॥੧॥ ਰਹਾਉ ॥

ਉਹਨਾਂ ਨੂੰ ਪ੍ਰਭੂ ਦਾ ਨਾਮ-ਰੂਪ ਅਮੋਲਕ ਹੀਰਾ ਲੱਭ ਪੈਂਦਾ ਹੈ। ਤੇ, ਉਹਨਾਂ ਦੀ ਉਹ ਬਿਰਤੀ ਮੁੱਕ ਜਾਂਦੀ ਹੈ, ਜੋ ਸਦਾ ਸੰਸਾਰ ਵਿਚ ਹੀ ਜੋੜੀ ਰੱਖਦੀ ਹੈ ॥੧॥ ਰਹਾਉ ॥

ਸਾਚੇ ਲਾਏ ਤਉ ਸਚ ਲਾਗੇ ਸਾਚੇ ਕੇ ਬਿਉਹਾਰੀ ॥

ਸੱਚੇ ਨਾਮ ਦਾ ਵਪਾਰ ਕਰਨ ਵਾਲੇ ਬੰਦੇ ਤਦੋਂ ਹੀ ਸੱਚੇ ਨਾਮ ਵਿਚ ਲੱਗਦੇ ਹਨ, ਜਦੋਂ ਪ੍ਰਭੂ ਆਪ ਉਹਨਾਂ ਨੂੰ ਇਸ ਵਣਜ ਵਿਚ ਲਾਂਦਾ ਹੈ।

ਸਾਚੀ ਬਸਤੁ ਕੇ ਭਾਰ ਚਲਾਏ ਪਹੁਚੇ ਜਾਇ ਭੰਡਾਰੀ ॥੨॥

ਉਹ ਮਨੁੱਖ ਇਸ ਸਦਾ-ਥਿਰ ਰਹਿਣ ਵਾਲੀ ਨਾਮ ਵਸਤ ਦੇ ਲੱਦੇ ਲੱਦ ਤੁਰਦੇ ਹਨ, ਤੇ ਪ੍ਰਭੂ ਦੀ ਹਜ਼ੂਰੀ ਵਿਚ ਜਾ ਅੱਪੜਦੇ ਹਨ ॥੨॥

ਆਪਹਿ ਰਤਨ ਜਵਾਹਰ ਮਾਨਿਕ ਆਪੈ ਹੈ ਪਾਸਾਰੀ ॥

ਪ੍ਰਭੂ ਆਪ ਹੀ ਰਤਨ ਹੈ, ਆਪ ਹੀ ਹੀਰਾ ਹੈ, ਆਪ ਹੀ ਮੋਤੀ ਹੈ, ਉਹ ਆਪ ਹੀ ਇਸ ਦਾ ਹੱਟ ਚਲਾ ਰਿਹਾ ਹੈ;

ਆਪੈ ਦਹ ਦਿਸ ਆਪ ਚਲਾਵੈ ਨਿਹਚਲੁ ਹੈ ਬਿਆਪਾਰੀ ॥੩॥

ਉਹ ਆਪ ਹੀ ਸਦਾ-ਥਿਰ ਰਹਿਣ ਵਾਲਾ ਸੌਦਾਗਰ ਹੈ, ਉਹ ਆਪ ਹੀ ਜੀਵ-ਵਣਜਾਰਿਆਂ ਨੂੰ (ਜਗਤ ਵਿਚ) ਦਸੀਂ ਪਾਸੀਂ ਤੋਰ ਰਿਹਾ ਹੈ ॥੩॥

ਮਨੁ ਕਰਿ ਬੈਲੁ ਸੁਰਤਿ ਕਰਿ ਪੈਡਾ ਗਿਆਨ ਗੋਨਿ ਭਰਿ ਡਾਰੀ ॥

ਮੈਂ ਆਪਣੇ ਮਨ ਨੂੰ ਬਲਦ ਬਣਾ ਕੇ, (ਪ੍ਰਭੂ-ਚਰਨਾਂ ਵਿਚ ਜੁੜੀ ਆਪਣੀ) ਸੁਰਤ ਦੀ ਰਾਹੀਂ ਜੀਵਨ-ਪੰਧ ਤੁਰ ਕੇ (ਗੁਰੂ ਦੇ ਦੱਸੇ) ਗਿਆਨ ਦੀ ਛੱਟ ਭਰ ਲਈ ਹੈ।

ਕਹਤੁ ਕਬੀਰੁ ਸੁਨਹੁ ਰੇ ਸੰਤਹੁ ਨਿਬਹੀ ਖੇਪ ਹਮਾਰੀ ॥੪॥੨॥

ਕਬੀਰ ਆਖਦਾ ਹੈ ਕਿ ਹੇ ਸੰਤ ਜਨੋ! ਸੁਣੋ, ਮੇਰਾ ਵਣਜਿਆ ਹੋਇਆ ਨਾਮ-ਵੱਖਰ ਬੜਾ ਲਾਹੇ-ਵੰਦਾ ਹੋਇਆ ਹੈ ॥੪॥੨॥


ਰੀ ਕਲਵਾਰਿ ਗਵਾਰਿ ਮੂਢ ਮਤਿ ਉਲਟੋ ਪਵਨੁ ਫਿਰਾਵਉ ॥

ਹੇ (ਮਾਇਆ ਦਾ) ਨਸ਼ਾ ਵੰਡਣ ਵਾਲੀ! ਹੇ ਗੰਵਾਰਨ! ਹੇ ਮੇਰੀ ਮੂਰਖ ਅਕਲ! ਮੈਂ ਤਾਂ (ਨਾਮ-ਅੰਮ੍ਰਿਤ ਦੀ ਮੌਜ ਵਿਚ) ਆਪਣੇ ਵਿੰਗੇ ਜਾਂਦੇ ਚੰਚਲ ਮਨ ਨੂੰ (ਮਾਇਆ ਵਲੋਂ) ਵਰਜ ਰਿਹਾ ਹਾਂ।

ਮਨੁ ਮਤਵਾਰ ਮੇਰ ਸਰ ਭਾਠੀ ਅੰਮ੍ਰਿਤ ਧਾਰ ਚੁਆਵਉ ॥੧॥

(ਪ੍ਰਭੂ-ਚਰਨਾਂ ਵਿਚ ਜੁੜੀ) ਸੁਰਤ ਦੀ ਭੱਠੀ ਬਣਾ ਕੇ ਮੈਂ ਜਿਉਂ ਜਿਉਂ (ਨਾਮ-) ਅੰਮ੍ਰਿਤ ਦੀਆਂ ਧਾਰਾਂ ਚੋਂਦਾ ਹਾਂ, ਤਿਉਂ ਤਿਉਂ ਮੇਰਾ ਮਨ (ਉਸ ਵਿਚ) ਮਸਤ ਹੁੰਦਾ ਜਾ ਰਿਹਾ ਹੈ ॥੧॥

ਬੋਲਹੁ ਭਈਆ ਰਾਮ ਕੀ ਦੁਹਾਈ ॥

ਹੇ ਭਾਈ! ਮੁੜ ਮੁੜ ਪ੍ਰਭੂ ਦੇ ਨਾਮ ਦਾ ਜਾਪ ਜਪੋ; ਹੇ ਸੰਤ ਜਨੋ! (ਪ੍ਰਭੂ ਦੇ ਨਾਮ ਦਾ ਜਾਪ-ਰਸ ਅੰਮ੍ਰਿਤ) ਪੀਓ।

ਪੀਵਹੁ ਸੰਤ ਸਦਾ ਮਤਿ ਦੁਰਲਭ ਸਹਜੇ ਪਿਆਸ ਬੁਝਾਈ ॥੧॥ ਰਹਾਉ ॥

ਇਸ ਨਾਮ-ਰਸ ਅੰਮ੍ਰਿਤ ਦੇ ਪੀਣ ਨਾਲ) ਤੁਹਾਡੀ ਮਤ ਸਦਾ ਲਈ ਐਸੀ ਬਣ ਜਾਇਗੀ ਜੋ ਮੁਸ਼ਕਲ ਨਾਲ ਬਣਿਆ ਕਰਦੀ ਹੈ, (ਇਹ ਅੰਮ੍ਰਿਤ) ਸਹਿਜ ਅਵਸਥਾ ਵਿਚ (ਅਪੜਾ ਕੇ, ਮਾਇਆ ਦੀ) ਪਿਆਸ ਬੁਝਾ ਦੇਂਦਾ ਹੈ ॥੧॥ ਰਹਾਉ ॥

ਭੈ ਬਿਚਿ ਭਾਉ ਭਾਇ ਕੋਊ ਬੂਝਹਿ ਹਰਿ ਰਸੁ ਪਾਵੈ ਭਾਈ ॥

ਹੇ ਭਾਈ! ਜੋ ਜੋ ਮਨੁੱਖ ਇਸ ਹਰਿ-ਨਾਮ ਅੰਮ੍ਰਿਤ ਦਾ ਸੁਆਦ ਚੱਖਦਾ ਹੈ, ਪ੍ਰਭੂ ਦੇ ਡਰ ਵਿਚ ਰਹਿ ਕੇ ਉਸ ਦੇ ਅੰਦਰ ਪ੍ਰਭੂ ਦਾ ਪ੍ਰੇਮ ਪੈਦਾ ਹੁੰਦਾ ਹੈ। ਉਸ ਪ੍ਰੇਮ ਦੀ ਬਰਕਤਿ ਨਾਲ ਉਹ ਵਿਰਲੇ (ਭਾਗਾਂ ਵਾਲੇ) ਬੰਦੇ ਇਹ ਗੱਲ ਸਮਝ ਲੈਂਦੇ ਹਨ,

ਜੇਤੇ ਘਟ ਅੰਮ੍ਰਿਤੁ ਸਭ ਹੀ ਮਹਿ ਭਾਵੈ ਤਿਸਹਿ ਪੀਆਈ ॥੨॥

ਕਿ ਜਿਤਨੇ ਭੀ ਜੀਵ ਹਨ, ਉਹਨਾਂ ਸਭਨਾਂ ਦੇ ਅੰਦਰ ਇਹ ਨਾਮ-ਅੰਮ੍ਰਿਤ ਮੌਜੂਦ ਹੈ। ਪਰ, ਜੋ ਜੀਵ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਸੇ ਨੂੰ ਹੀ ਉਹ ਅੰਮ੍ਰਿਤ ਪਿਆਲਦਾ ਹੈ ॥੨॥

ਨਗਰੀ ਏਕੈ ਨਉ ਦਰਵਾਜੇ ਧਾਵਤੁ ਬਰਜਿ ਰਹਾਈ ॥

(“ਰਾਮ ਕੀ ਦੁਹਾਈ” ਦੀ ਬਰਕਤਿ ਨਾਲ) ਜੋ ਮਨੁੱਖ ਇਸ ਨੌਂ-ਗੋਲਕੀ ਸਰੀਰ ਦੇ ਅੰਦਰ ਹੀ ਭਟਕਦੇ ਮਨ ਨੂੰ ਮਾਇਆ ਵਲੋਂ ਵਰਜ ਕੇ ਰੋਕ ਰੱਖਦਾ ਹੈ,

ਤ੍ਰਿਕੁਟੀ ਛੂਟੈ ਦਸਵਾ ਦਰੁ ਖੁਲੈ੍ ਤਾ ਮਨੁ ਖੀਵਾ ਭਾਈ ॥੩॥

ਉਸ ਦੀ ਤ੍ਰਿਊੜੀ ਮੁੱਕ ਜਾਂਦੀ ਹੈ (ਭਾਵ, ਮਾਇਆ ਦੇ ਕਾਰਨ ਪੈਦਾ ਹੋਈ ਖਿੱਝ ਖ਼ਤਮ ਹੋ ਜਾਂਦੀ ਹੈ), ਉਸ ਦੀ ਸੁਰਤ ਪ੍ਰਭੂ-ਚਰਨਾਂ ਵਿਚ ਜੁੜ ਜਾਂਦੀ ਹੈ ਤੇ (ਉਸ ਮਿਲਾਪ ਵਿਚ ਉਸ ਦਾ) ਮਨ ਮਗਨ ਰਹਿੰਦਾ ਹੈ ॥੩॥

ਅਭੈ ਪਦ ਪੂਰਿ ਤਾਪ ਤਹ ਨਾਸੇ ਕਹਿ ਕਬੀਰ ਬੀਚਾਰੀ ॥

ਹੁਣ ਕਬੀਰ ਇਹ ਗੱਲ ਬੜੇ ਯਕੀਨ ਨਾਲ ਆਖਦਾ ਹੈ ਕਿ (‘ਰਾਮ ਕੀ ਦੁਹਾਈ’ ਦੀ ਬਰਕਤਿ ਨਾਲ) ਮਨ ਵਿਚ ਉਹ ਹਾਲਤ ਪੈਦਾ ਹੋ ਜਾਂਦੀ ਹੈ ਜਿੱਥੇ ਇਸ ਨੂੰ ਦੁਨੀਆ ਦੇ ਕੋਈ) ਡਰ ਨਹੀਂ ਪੋਂਹਦੇ, ਮਨ ਦੇ ਸਾਰੇ ਕਲੇਸ਼ ਨਾਸ ਹੋ ਜਾਂਦੇ ਹਨ।

ਉਬਟ ਚਲੰਤੇ ਇਹੁ ਮਦੁ ਪਾਇਆ ਜੈਸੇ ਖੋਂਦ ਖੁਮਾਰੀ ॥੪॥੩॥

(ਪਰ ਇਹ ਨਾਮ-ਅੰਮ੍ਰਿਤ ਹਾਸਲ ਕਰਨ ਵਾਲਾ ਰਾਹ, ਔਖਾ ਪਹਾੜੀ ਰਾਹ ਹੈ) ਇਸ ਔਖੇ ਚੜ੍ਹਾਈ ਦੇ ਰਾਹ ਚੜ੍ਹਦਿਆਂ ਹੀ ਇਹ ਨਸ਼ਾ ਪ੍ਰਾਪਤ ਹੁੰਦਾ ਹੈ (ਤੇ ਇਹ ਨਸ਼ਾ ਇਉਂ ਹੈ) ਜਿਵੇਂ ਅੰਗੂਰੀ ਸ਼ਰਾਬ ਦਾ ਨਸ਼ਾ ਹੁੰਦਾ ਹੈ ॥੪॥੩॥


ਕਾਮ ਕ੍ਰੋਧ ਤ੍ਰਿਸਨਾ ਕੇ ਲੀਨੇ ਗਤਿ ਨਹੀ ਏਕੈ ਜਾਨੀ ॥

(ਹੇ ਅੰਞਾਣ!) ਕਾਮ, ਕ੍ਰੋਧ, ਤ੍ਰਿਸ਼ਨਾ ਆਦਿਕ ਵਿਚ ਗ੍ਰਸੇ ਰਹਿ ਕੇ ਤੂੰ ਇਹ ਨਹੀਂ ਸਮਝਿਆ ਕਿ ਪ੍ਰਭੂ ਨਾਲ ਮੇਲ ਕਿਵੇਂ ਹੋ ਸਕੇਗਾ।

ਫੂਟੀ ਆਖੈ ਕਛੂ ਨ ਸੂਝੈ ਬੂਡਿ ਮੂਏ ਬਿਨੁ ਪਾਨੀ ॥੧॥

ਮਾਇਆ ਵਿਚ ਤੂੰ ਅੰਨ੍ਹਾ ਹੋ ਰਿਹਾ ਹੈਂ, (ਮਾਇਆ ਤੋਂ ਬਿਨਾ) ਕੁਝ ਹੋਰ ਤੈਨੂੰ ਸੁੱਝਦਾ ਹੀ ਨਹੀਂ। ਤੂੰ ਪਾਣੀ ਤੋਂ ਬਿਨਾ ਹੀ (ਰੜੇ ਹੀ) ਡੁੱਬ ਮੋਇਓਂ ॥੧॥

ਚਲਤ ਕਤ ਟੇਢੇ ਟੇਢੇ ਟੇਢੇ ॥

(ਹੇ ਅੰਞਾਣ ਜੀਵ!) ਕਿਉਂ ਆਕੜ ਆਕੜ ਕੇ ਤੁਰਦਾ ਹੈਂ?

ਅਸਤਿ ਚਰਮ ਬਿਸਟਾ ਕੇ ਮੂੰਦੇ ਦੁਰਗੰਧ ਹੀ ਕੇ ਬੇਢੇ ॥੧॥ ਰਹਾਉ ॥

ਹੈਂ ਤਾਂ ਤੂੰ ਹੱਡੀਆਂ, ਚੰਮੜੀ ਤੇ ਵਿਸ਼ਟੇ ਨਾਲ ਹੀ ਭਰਿਆ ਹੋਇਆ, ਤੇ ਦੁਰਗੰਧ ਨਾਲ ਹੀ ਲਿੱਬੜਿਆ ਹੋਇਆ ॥੧॥ ਰਹਾਉ ॥

ਰਾਮ ਨ ਜਪਹੁ ਕਵਨ ਭ੍ਰਮ ਭੂਲੇ ਤੁਮ ਤੇ ਕਾਲੁ ਨ ਦੂਰੇ ॥

(ਹੇ ਅੰਞਾਣ!) ਤੂੰ ਪ੍ਰਭੂ ਨੂੰ ਨਹੀਂ ਸਿਮਰਦਾ, ਕਿਹੜੇ ਭੁਲੇਖਿਆਂ ਵਿਚ ਭੁੱਲਿਆ ਹੈਂ? (ਕੀ ਤੇਰਾ ਇਹ ਖ਼ਿਆਲ ਹੈ ਕਿ ਮੌਤ ਨਹੀਂ ਆਵੇਗੀ?) ਮੌਤ ਤੈਥੋਂ ਦੂਰ ਨਹੀਂ।

ਅਨਿਕ ਜਤਨ ਕਰਿ ਇਹੁ ਤਨੁ ਰਾਖਹੁ ਰਹੈ ਅਵਸਥਾ ਪੂਰੇ ॥੨॥

ਜਿਸ ਸਰੀਰ ਨੂੰ ਅਨੇਕਾਂ ਜਤਨ ਕਰ ਕੇ ਪਾਲ ਰਿਹਾ ਹੈਂ, ਇਹ ਉਮਰ ਪੂਰੀ ਹੋਣ ਤੇ ਢਹਿ ਪਏਗਾ ॥੨॥

ਆਪਨ ਕੀਆ ਕਛੂ ਨ ਹੋਵੈ ਕਿਆ ਕੋ ਕਰੈ ਪਰਾਨੀ ॥

(ਪਰ) ਜੀਵ ਦੇ ਭੀ ਕੀਹ ਵੱਸ? ਜੀਵ ਦਾ ਆਪਣਾ ਕੀਤਾ ਕੁਝ ਨਹੀਂ ਹੋ ਸਕਦਾ।

ਜਾ ਤਿਸੁ ਭਾਵੈ ਸਤਿਗੁਰੁ ਭੇਟੈ ਏਕੋ ਨਾਮੁ ਬਖਾਨੀ ॥੩॥

ਜਦੋਂ ਪ੍ਰਭੂ ਦੀ ਰਜ਼ਾ ਹੁੰਦੀ ਹੈ (ਜੀਵ ਨੂੰ) ਗੁਰੂ ਮਿਲਦਾ ਹੈ (ਤੇ, ਗੁਰੂ ਦੀ ਮਿਹਰ ਨਾਲ) ਇਹ ਪ੍ਰਭੂ ਦੇ ਨਾਮ ਨੂੰ ਹੀ ਸਿਮਰਦਾ ਹੈ ॥੩॥

ਬਲੂਆ ਕੇ ਘਰੂਆ ਮਹਿ ਬਸਤੇ ਫੁਲਵਤ ਦੇਹ ਅਇਆਨੇ ॥

ਹੇ ਅੰਞਾਣ! (ਇਹ ਤੇਰਾ ਸਰੀਰ ਰੇਤ ਦੇ ਘਰ ਸਮਾਨ ਹੈ) ਤੂੰ ਰੇਤ ਦੇ ਘਰ ਵਿਚ ਵੱਸਦਾ ਹੈਂ, ਤੇ ਇਸ ਸਰੀਰ ਉੱਤੇ ਮਾਣ ਕਰਦਾ ਹੈਂ।

ਕਹੁ ਕਬੀਰ ਜਿਹ ਰਾਮੁ ਨ ਚੇਤਿਓ ਬੂਡੇ ਬਹੁਤੁ ਸਿਆਨੇ ॥੪॥੪॥

ਕਬੀਰ ਆਖਦਾ ਹੈ- ਜਿਨ੍ਹਾਂ ਬੰਦਿਆਂ ਨੇ ਪ੍ਰਭੂ ਦਾ ਸਿਮਰਨ ਨਹੀਂ ਕੀਤਾ, ਉਹ ਬੜੇ ਬੜੇ ਸਿਆਣੇ ਭੀ (ਸੰਸਾਰ-ਸਮੁੰਦਰ) ਵਿਚ ਡੁੱਬ ਗਏ ॥੪॥੪॥


ਟੇਢੀ ਪਾਗ ਟੇਢੇ ਚਲੇ ਲਾਗੇ ਬੀਰੇ ਖਾਨ ॥

(ਅਹੰਕਾਰ ਵਿਚ) ਵਿੰਗੀ ਪੱਗ ਬੰਨ੍ਹਦਾ ਹੈ, ਆਕੜ ਕੇ ਤੁਰਦਾ ਹੈ, ਪਾਨ ਦੇ ਬੀੜੇ ਖਾਂਦਾ ਹੈ,

ਭਾਉ ਭਗਤਿ ਸਿਉ ਕਾਜੁ ਨ ਕਛੂਐ ਮੇਰੋ ਕਾਮੁ ਦੀਵਾਨ ॥੧॥

(ਤੇ ਆਖਦਾ ਹੈ ਕਿ) ਮੇਰਾ ਕੰਮ ਹੈ ਹਕੂਮਤ ਕਰਨੀ, ਪਰਮਾਤਮਾ ਨਾਲ ਪਿਆਰ ਜਾਂ ਪ੍ਰਭੂ ਦੀ ਭਗਤੀ ਦੀ ਮੈਨੂੰ ਕੋਈ ਲੋੜ ਨਹੀਂ ॥੧॥

ਰਾਮੁ ਬਿਸਾਰਿਓ ਹੈ ਅਭਿਮਾਨਿ ॥

ਮਨੁੱਖ ਅਹੰਕਾਰ ਵਿਚ (ਆ ਕੇ) ਪਰਮਾਤਮਾ ਨੂੰ ਭੁਲਾ ਦੇਂਦਾ ਹੈ।

ਕਨਿਕ ਕਾਮਨੀ ਮਹਾ ਸੁੰਦਰੀ ਪੇਖਿ ਪੇਖਿ ਸਚੁ ਮਾਨਿ ॥੧॥ ਰਹਾਉ ॥

ਸੋਨਾ ਤੇ ਬੜੀ ਸੁਹਣੀ ਇਸਤ੍ਰੀ ਵੇਖ ਵੇਖ ਕੇ ਇਹ ਮੰਨ ਬੈਠਦਾ ਹੈ ਕਿ ਇਹ ਸਦਾ ਰਹਿਣ ਵਾਲੇ ਹਨ ॥੧॥ ਰਹਾਉ ॥

ਲਾਲਚ ਝੂਠ ਬਿਕਾਰ ਮਹਾ ਮਦ ਇਹ ਬਿਧਿ ਅਉਧ ਬਿਹਾਨਿ ॥

(ਮਾਇਆ ਦਾ) ਲਾਲਚ, ਝੂਠ, ਵਿਕਾਰ, ਬੜਾ ਅਹੰਕਾਰ-ਇਹਨੀਂ ਗੱਲੀਂ ਹੀ (ਸਾਰੀ) ਉਮਰ ਗੁਜ਼ਰ ਜਾਂਦੀ ਹੈ।

ਕਹਿ ਕਬੀਰ ਅੰਤ ਕੀ ਬੇਰ ਆਇ ਲਾਗੋ ਕਾਲੁ ਨਿਦਾਨਿ ॥੨॥੫॥

ਕਬੀਰ ਆਖਦਾ ਹੈ ਕਿ ਆਖ਼ਰ ਉਮਰ ਮੁੱਕਣ ਤੇ ਮੌਤ (ਸਿਰ ਤੇ) ਆ ਹੀ ਅੱਪੜਦੀ ਹੈ ॥੨॥੫॥


ਚਾਰਿ ਦਿਨ ਅਪਨੀ ਨਉਬਤਿ ਚਲੇ ਬਜਾਇ ॥

ਮਨੁੱਖ (ਜੇ ਰਾਜਾ ਭੀ ਬਣ ਜਾਏ ਤਾਂ ਭੀ) ਥੋੜ੍ਹੇ ਹੀ ਦਿਨ ਰਾਜ ਮਾਣ ਕੇ ਇੱਥੋਂ) ਤੁਰ ਪੈਂਦਾ ਹੈ।

ਇਤਨਕੁ ਖਟੀਆ ਗਠੀਆ ਮਟੀਆ ਸੰਗਿ ਨ ਕਛੁ ਲੈ ਜਾਇ ॥੧॥ ਰਹਾਉ ॥

ਜੇ ਇਤਨਾ ਧਨ ਭੀ ਜੋੜ ਲਏ ਕਿ ਗੰਢਾਂ ਬੰਨ੍ਹ ਲਏ, ਜ਼ਮੀਨ ਵਿਚ ਦੱਬ ਰੱਖੇ, ਤਾਂ ਭੀ ਕੋਈ ਚੀਜ਼ (ਅੰਤ ਵੇਲੇ ਜੀਵ ਦੇ) ਨਾਲ ਨਹੀਂ ਜਾਂਦੀ ॥੧॥ ਰਹਾਉ ॥

ਦਿਹਰੀ ਬੈਠੀ ਮਿਹਰੀ ਰੋਵੈ ਦੁਆਰੈ ਲਉ ਸੰਗਿ ਮਾਇ ॥

(ਜਦੋਂ ਮਰ ਜਾਂਦਾ ਹੈ ਤਾਂ) ਘਰ ਦੀ ਦਲੀਜ਼ ਉੱਤੇ ਬੈਠੀ ਵਹੁਟੀ ਰੋਂਦੀ ਹੈ, ਬਾਹਰਲੇ ਬੂਹੇ ਤਕ ਉਸ ਦੀ ਮਾਂ (ਉਸ ਦੇ ਮੁਰਦਾ ਸਰੀਰ ਦਾ) ਸਾਥ ਕਰਦੀ ਹੈ,

ਮਰਹਟ ਲਗਿ ਸਭੁ ਲੋਗੁ ਕੁਟੰਬੁ ਮਿਲਿ ਹੰਸੁ ਇਕੇਲਾ ਜਾਇ ॥੧॥

ਮਸਾਣਾਂ ਤਕ ਹੋਰ ਲੋਕ ਤੇ ਪਰਵਾਰ ਦੇ ਬੰਦੇ ਜਾਂਦੇ ਹਨ। ਪਰ ਜਿੰਦ ਇਕੱਲੀ ਹੀ ਜਾਂਦੀ ਹੈ ॥੧॥

ਵੈ ਸੁਤ ਵੈ ਬਿਤ ਵੈ ਪੁਰ ਪਾਟਨ ਬਹੁਰਿ ਨ ਦੇਖੈ ਆਇ ॥

ਉਹ (ਆਪਣੇ) ਪੁੱਤਰ, ਧਨ, ਨਗਰ ਸ਼ਹਿਰ ਮੁੜ ਕਦੇ ਆ ਕੇ ਨਹੀਂ ਵੇਖ ਸਕਦਾ।

ਕਹਤੁ ਕਬੀਰੁ ਰਾਮੁ ਕੀ ਨ ਸਿਮਰਹੁ ਜਨਮੁ ਅਕਾਰਥੁ ਜਾਇ ॥੨॥੬॥

ਕਬੀਰ ਆਖਦਾ ਹੈ ਕਿ ਪਰਮਾਤਮਾ ਦਾ ਸਿਮਰਨ ਕਿਉਂ ਨਹੀਂ ਕਰਦਾ? (ਸਿਮਰਨ ਤੋਂ ਬਿਨਾ) ਜੀਵਨ ਵਿਅਰਥ ਚਲਾ ਜਾਂਦਾ ਹੈ ॥੨॥੬॥


ਰਾਗੁ ਕੇਦਾਰਾ ਬਾਣੀ ਰਵਿਦਾਸ ਜੀਉ ਕੀ ॥

ਰਾਗ ਕੇਦਾਰਾ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਖਟੁ ਕਰਮ ਕੁਲ ਸੰਜੁਗਤੁ ਹੈ ਹਰਿ ਭਗਤਿ ਹਿਰਦੈ ਨਾਹਿ ॥

ਜੇ ਕੋਈ ਮਨੁੱਖ ਉੱਚੀ ਬ੍ਰਾਹਮਣ ਕੁਲ ਦਾ ਹੋਵੇ, ਤੇ, ਨਿੱਤ ਛੇ ਕਰਮ ਕਰਦਾ ਹੋਵੇ; ਪਰ ਜੇ ਉਸ ਦੇ ਹਿਰਦੇ ਵਿਚ ਪਰਮਾਤਮਾ ਦੀ ਭਗਤੀ ਨਹੀਂ,

ਚਰਨਾਰਬਿੰਦ ਨ ਕਥਾ ਭਾਵੈ ਸੁਪਚ ਤੁਲਿ ਸਮਾਨਿ ॥੧॥

ਜੇ ਉਸ ਨੂੰ ਪ੍ਰਭੂ ਦੇ ਸੋਹਣੇ ਚਰਨਾਂ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ, ਤਾਂ ਉਹ ਚੰਡਾਲ ਦੇ ਬਰਾਬਰ ਹੈ, ਚੰਡਾਲ ਵਰਗਾ ਹੈ ॥੧॥

ਰੇ ਚਿਤ ਚੇਤਿ ਚੇਤ ਅਚੇਤ ॥

ਹੇ ਮੇਰੇ ਗ਼ਾਫ਼ਲ ਮਨ! ਪ੍ਰਭੂ ਨੂੰ ਸਿਮਰ।

ਕਾਹੇ ਨ ਬਾਲਮੀਕਹਿ ਦੇਖ ॥

ਹੇ ਮਨ! ਤੂੰ ਬਾਲਮੀਕ ਵਲ ਕਿਉਂ ਨਹੀਂ ਵੇਖਦਾ?

ਕਿਸੁ ਜਾਤਿ ਤੇ ਕਿਹ ਪਦਹਿ ਅਮਰਿਓ ਰਾਮ ਭਗਤਿ ਬਿਸੇਖ ॥੧॥ ਰਹਾਉ ॥

ਇਕ ਨੀਵੀਂ ਜਾਤ ਤੋਂ ਬੜੇ ਵੱਡੇ ਦਰਜੇ ਉੱਤੇ ਅੱਪੜ ਗਿਆ-ਇਹ ਵਡਿਆਈ ਪਰਮਾਤਮਾ ਦੀ ਭਗਤੀ ਦੇ ਕਾਰਨ ਹੀ ਸੀ ॥੧॥ ਰਹਾਉ ॥

ਸੁਆਨ ਸਤ੍ਰੁ ਅਜਾਤੁ ਸਭ ਤੇ ਕ੍ਰਿਸ੍ਨ ਲਾਵੈ ਹੇਤੁ ॥

(ਬਾਲਮੀਕ) ਕੁੱਤਿਆਂ ਦਾ ਵੈਰੀ ਸੀ, ਸਭ ਲੋਕਾਂ ਨਾਲੋਂ ਚੰਡਾਲ ਸੀ, ਪਰ ਉਸ ਨੇ ਪ੍ਰਭੂ ਨਾਲ ਪਿਆਰ ਕੀਤਾ।

ਲੋਗੁ ਬਪੁਰਾ ਕਿਆ ਸਰਾਹੈ ਤੀਨਿ ਲੋਕ ਪ੍ਰਵੇਸ ॥੨॥

ਵਿਚਾਰਾ ਜਗਤ ਉਸ ਦੀ ਕੀਹ ਵਡਿਆਈ ਕਰ ਸਕਦਾ ਹੈ? ਉਸ ਦੀ ਸੋਭਾ ਤ੍ਰਿਲੋਕੀ ਵਿਚ ਖਿੱਲਰ ਗਈ ॥੨॥

ਅਜਾਮਲੁ ਪਿੰਗੁਲਾ ਲੁਭਤੁ ਕੁੰਚਰੁ ਗਏ ਹਰਿ ਕੈ ਪਾਸਿ ॥

ਅਜਾਮਲ, ਪਿੰਗਲਾ, ਸ਼ਿਕਾਰੀ, ਕੁੰਚਰ-ਇਹ ਸਾਰੇ (ਮੁਕਤ ਹੋ ਕੇ) ਪ੍ਰਭੂ-ਚਰਨਾਂ ਵਿਚ ਜਾ ਅੱਪੜੇ।

ਐਸੇ ਦੁਰਮਤਿ ਨਿਸਤਰੇ ਤੂ ਕਿਉ ਨ ਤਰਹਿ ਰਵਿਦਾਸ ॥੩॥੧॥

ਹੇ ਰਵਿਦਾਸ! ਜੇ ਅਜਿਹੀ ਭੈੜੀ ਮੱਤ ਵਾਲੇ ਤਰ ਗਏ ਤਾਂ ਤੂੰ (ਇਸ ਸੰਸਾਰ-ਸਾਗਰ ਤੋਂ) ਕਿਉਂ ਨ ਪਾਰ ਲੰਘੇਂਗਾ? ॥੩॥੧॥