ਰਾਗ ਸੂਹੀ ਲਲਿਤ – ਬਾਣੀ ਸ਼ਬਦ-Raag Suhi Lalit – Bani

ਰਾਗ ਸੂਹੀ ਲਲਿਤ – ਬਾਣੀ ਸ਼ਬਦ-Raag Suhi Lalit – Bani

ਸੂਹੀ ਮਹਲਾ ੧ ਕਾਫੀ ਘਰੁ ੧੦ ॥

ਰਾਗ ਸੂਹੀ/ਕਾਫੀ, ਘਰ ੧੦ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਮਾਣਸ ਜਨਮੁ ਦੁਲੰਭੁ ਗੁਰਮੁਖਿ ਪਾਇਆ ॥

(ਚੌਰਾਸੀ ਲੱਖ ਜੂਨਾਂ ਵਿਚੋਂ) ਮਨੁੱਖਾ ਜਨਮ ਬੜੀ ਮੁਸ਼ਕਲ ਨਾਲ ਮਿਲਦਾ ਹੈ, ਪਰ ਇਸ ਦੀ ਕਦਰ ਉਹੀ ਮਨੁੱਖ ਜਾਣਦਾ ਹੈ ਜੋ ਗੁਰੂ ਦੀ ਸਰਨ ਪਏ।

ਮਨੁ ਤਨੁ ਹੋਇ ਚੁਲੰਭੁ ਜੇ ਸਤਿਗੁਰ ਭਾਇਆ ॥੧॥

ਜੇ ਸਤਿਗੁਰੂ ਨੂੰ ਚੰਗਾ ਲੱਗੇ (ਭਾਵ, ਜੇ ਗੁਰੂ ਦੀ ਕਿਰਪਾ ਹੋ ਜਾਏ) ਤਾਂ (ਸਰਨ ਪਏ ਉਸ ਮਨੁੱਖ ਦਾ) ਮਨ ਅਤੇ ਸਰੀਰ (ਪ੍ਰਭੂ ਦੇ ਪ੍ਰੇਮ-ਰੰਗ ਨਾਲ) ਗੂੜ੍ਹਾ ਲਾਲ ਹੋ ਜਾਂਦਾ ਹੈ (ਨਾਮ ਦੀ ਬਰਕਤਿ ਨਾਲ ਉਸ ਨੂੰ ਲਾਲੀ ਚੜ੍ਹੀ ਰਹਿੰਦੀ ਹੈ) ॥੧॥

ਚਲੈ ਜਨਮੁ ਸਵਾਰਿ ਵਖਰੁ ਸਚੁ ਲੈ ॥

ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਦਾ ਨਾਮ-ਸੌਦਾ ਵਿਹਾਝਦਾ ਹੈ ਉਹ ਆਪਣਾ ਜੀਵਨ ਸੋਹਣਾ ਬਣਾ ਕੇ (ਇਥੋਂ) ਤੁਰਦਾ ਹੈ।

ਪਤਿ ਪਾਏ ਦਰਬਾਰਿ ਸਤਿਗੁਰ ਸਬਦਿ ਭੈ ॥੧॥ ਰਹਾਉ ॥

ਸਤਿਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ) ਡਰ ਅਦਬ ਵਿਚ (ਰਹਿ ਕੇ) ਉਹ (ਪਰਮਾਤਮਾ ਦੀ) ਦਰਗਾਹ ਵਿਚ ਇੱਜ਼ਤ ਹਾਸਲ ਕਰਦਾ ਹੈ ॥੧॥ ਰਹਾਉ ॥

ਮਨਿ ਤਨਿ ਸਚੁ ਸਲਾਹਿ ਸਾਚੇ ਮਨਿ ਭਾਇਆ ॥

ਉਹ ਮਨੁੱਖ ਆਪਣੇ ਮਨ ਅਤੇ ਸਰੀਰ ਦੀ ਰਾਹੀਂ ਸਦਾ-ਥਿਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰ ਕੇ ਸਦਾ-ਥਿਰ ਪ੍ਰਭੂ ਦੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ,

ਲਾਲਿ ਰਤਾ ਮਨੁ ਮਾਨਿਆ ਗੁਰੁ ਪੂਰਾ ਪਾਇਆ ॥੨॥

ਜਿਸ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ। ਪ੍ਰਭੂ-ਨਾਮ ਦੀ ਲਾਲੀ ਵਿਚ ਮਸਤ ਹੋਇਆ ਉਸ ਦਾ ਮਨ ਉਸ ਲਾਲੀ ਵਿਚ ਗਿੱਝ ਜਾਂਦਾ ਹੈ (ਉਸ ਤੋਂ ਬਿਨਾ ਰਹਿ ਨਹੀਂ ਸਕਦਾ) ॥੨॥

ਹਉ ਜੀਵਾ ਗੁਣ ਸਾਰਿ ਅੰਤਰਿ ਤੂ ਵਸੈ ॥

ਹੇ ਪ੍ਰਭੂ! ਤੇਰੇ ਗੁਣ ਚੇਤੇ ਕਰ ਕਰ ਕੇ ਮੇਰੇ ਅੰਦਰ ਆਤਮਕ ਜੀਵਨ ਮੌਲ ਪਏ, ਮੇਰੇ ਅੰਦਰ “ਤੂ ਹੀ ਤੂ” ਦੀ ਧੁਨ ਲੱਗ ਪਏ।

ਤੂੰ ਵਸਹਿ ਮਨ ਮਾਹਿ ਸਹਜੇ ਰਸਿ ਰਸੈ ॥੩॥

ਜੇ ਤੂੰ ਮੇਰੇ ਮਨ ਵਿਚ ਵੱਸ ਪਏਂ, ਤਾਂ ਮੇਰਾ ਮਨ ਅਡੋਲ ਅਵਸਥਾ ਵਿਚ ਟਿਕ ਕੇ ਤੇਰੇ ਨਾਮ ਦੇ ਸੁਆਦ ਵਿਚ ਭਿੱਜ ਜਾਏ ॥੩॥

ਮੂਰਖ ਮਨ ਸਮਝਾਇ ਆਖਉ ਕੇਤੜਾ ॥

ਹੇ ਮੇਰੇ ਮੂਰਖ ਮਨ! ਮੈਂ ਤੈਨੂੰ ਕਿਤਨਾ ਕੁ ਸਮਝਾ ਸਮਝਾ ਕੇ ਦੱਸਾਂ,

ਗੁਰਮੁਖਿ ਹਰਿ ਗੁਣ ਗਾਇ ਰੰਗਿ ਰੰਗੇਤੜਾ ॥੪॥

ਕਿ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰ, ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਜਾ (ਤੇ ਇਸ ਤਰ੍ਹਾਂ ਆਪਣਾ ਜਨਮ ਮਰਨ ਸੋਹਣਾ ਬਣਾ ਲੈ) ॥੪॥

ਨਿਤ ਨਿਤ ਰਿਦੈ ਸਮਾਲਿ ਪ੍ਰੀਤਮੁ ਆਪਣਾ ॥

ਹੇ ਭਾਈ! ਆਪਣੇ ਪ੍ਰੀਤਮ ਪ੍ਰਭੂ ਨੂੰ ਸਦਾ ਆਪਣੇ ਹਿਰਦੇ ਵਿਚ ਸਾਂਭ ਕੇ ਰੱਖ।

ਜੇ ਚਲਹਿ ਗੁਣ ਨਾਲਿ ਨਾਹੀ ਦੁਖੁ ਸੰਤਾਪਣਾ ॥੫॥

ਜੇ ਤੂੰ (ਪ੍ਰਭੂ ਦੀ ਭਗਤੀ ਵਾਲੇ ਚੰਗੇ) ਗੁਣ ਨਾਲ ਲੈ ਕੇ (ਜੀਵਨ ਸਫ਼ਰ ਵਿਚ) ਤੁਰੇਂ ਤਾਂ ਕੋਈ ਦੁੱਖ ਕਲੇਸ਼ ਤੈਨੂੰ ਪੋਹ ਨਹੀਂ ਸਕੇਗਾ ॥੫॥

ਮਨਮੁਖ ਭਰਮਿ ਭੁਲਾਣਾ ਨਾ ਤਿਸੁ ਰੰਗੁ ਹੈ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਮਨ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ, ਉਸ ਨੂੰ ਪਰਮਾਤਮਾ ਦੇ ਨਾਮ ਦੀ ਲਾਲੀ ਨਹੀਂ ਚੜ੍ਹਦੀ।

ਮਰਸੀ ਹੋਇ ਵਿਡਾਣਾ ਮਨਿ ਤਨਿ ਭੰਗੁ ਹੈ ॥੬॥

ਉਹ ਨਿਖਸਮਾ ਹੋ ਕੇ ਆਤਮਕ ਮੌਤ ਸਹੇੜਦਾ ਹੈ, ਉਸ ਦੇ ਮਨ ਵਿਚ ਉਸ ਦੇ ਸਰੀਰ ਵਿਚ (ਪਰਮਾਤਮਾ ਨਾਲੋਂ) ਵਿਛੋੜਾ ਬਣਿਆ ਰਹਿੰਦਾ ਹੈ ॥੬॥

ਗੁਰ ਕੀ ਕਾਰ ਕਮਾਇ ਲਾਹਾ ਘਰਿ ਆਣਿਆ ॥

ਜਿਸ ਮਨੁੱਖ ਨੇ ਗੁਰੂ ਦੀ ਦੱਸੀ ਕਾਰ (ਭਗਤੀ) ਕਰ ਕੇ (ਭਗਤੀ ਦਾ) ਲਾਭ ਆਪਣੇ ਹਿਰਦੇ-ਘਰ ਵਿਚ ਲੈ ਆਂਦਾ,

ਗੁਰਬਾਣੀ ਨਿਰਬਾਣੁ ਸਬਦਿ ਪਛਾਣਿਆ ॥੭॥

ਉਸ ਨੇ ਗੁਰੂ ਦੀ ਬਾਣੀ ਦੀ ਬਰਕਤਿ ਨਾਲ ਗੁਰੂ ਦੇ ਸ਼ਬਦ ਵਿਚ ਜੁੜ ਕੇ ਵਾਸਨਾ-ਰਹਿਤ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ ॥੭॥

ਇਕ ਨਾਨਕ ਕੀ ਅਰਦਾਸਿ ਜੇ ਤੁਧੁ ਭਾਵਸੀ ॥

ਹੇ ਪ੍ਰਭੂ! ਮੇਰੀ ਨਾਨਕ ਦੀ ਅਰਦਾਸ ਭੀ ਇਹੀ ਹੈ ਜੇ ਤੈਨੂੰ ਇਹ ਪਸੰਦ ਆ ਜਾਏ,

ਮੈ ਦੀਜੈ ਨਾਮ ਨਿਵਾਸੁ ਹਰਿ ਗੁਣ ਗਾਵਸੀ ॥੮॥੧॥੩॥

ਤਾਂ ਮੇਰੇ ਹਿਰਦੇ ਵਿਚ ਆਪਣੇ ਨਾਮ ਦਾ ਨਿਵਾਸ ਕਰ ਦੇਹ ਤਾ ਕਿ ਮੈਂ ਤੇਰੇ ਗੁਣ ਗਾਂਦਾ ਰਹਾਂ ॥੮॥੧॥੩॥


ਰਾਗੁ ਸੂਹੀ ਮਹਲਾ ੫ ਅਸਟਪਦੀਆ ਘਰੁ ੧੦ ਕਾਫੀ ॥

ਰਾਗ ਸੂਹੀ/ਕਾਫੀ, ਘਰ ੧੦ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਜੇ ਭੁਲੀ ਜੇ ਚੁਕੀ ਸਾਈਂ ਭੀ ਤਹਿੰਜੀ ਕਾਢੀਆ ॥

ਹੇ ਮੇਰੇ ਖਸਮ-ਪ੍ਰਭੂ! ਜੇ ਮੈਂ ਭੁੱਲਾਂ ਕਰਦੀ ਹਾਂ, ਜੇ ਮੈਂ ਉਕਾਇਆਂ ਕਰਦੀ ਹਾਂ, ਤਾਂ ਭੀ ਮੈਂ ਤੇਰੀ ਹੀ ਅਖਵਾਂਦੀ ਹਾਂ (ਮੈਂ ਤੇਰਾ ਦਰ ਛੱਡ ਕੇ ਹੋਰ ਕਿਧਰੇ ਭੀ ਜਾਣ ਨੂੰ ਤਿਆਰ ਨਹੀਂ ਹਾਂ)।

ਜਿਨ੍ਰਾ ਨੇਹੁ ਦੂਜਾਣੇ ਲਗਾ ਝੂਰਿ ਮਰਹੁ ਸੇ ਵਾਢੀਆ ॥੧॥

ਜਿਨ੍ਹਾਂ ਦਾ ਪਿਆਰ (ਤੈਥੋਂ ਬਿਨਾ) ਕਿਸੇ ਹੋਰ ਨਾਲ ਬਣਿਆ ਹੋਇਆ ਹੈ, ਉਹ ਛੁੱਟੜਾਂ ਜ਼ਰੂਰ ਝੁਰ ਝੁਰ ਕੇ ਮਰ ਰਹੀਆਂ ਹਨ ॥੧॥

ਹਉ ਨਾ ਛੋਡਉ ਕੰਤ ਪਾਸਰਾ ॥

ਮੈਂ ਖਸਮ-ਪ੍ਰਭੂ ਦਾ ਸੋਹਣਾ ਪਾਸਾ (ਕਦੇ ਭੀ) ਨਾਹ ਛੱਡਾਂਗੀ।

ਸਦਾ ਰੰਗੀਲਾ ਲਾਲੁ ਪਿਆਰਾ ਏਹੁ ਮਹਿੰਜਾ ਆਸਰਾ ॥੧॥ ਰਹਾਉ ॥

ਮੇਰਾ ਉਹ ਪਿਆਰਾ ਲਾਲ ਸਦਾ ਆਨੰਦ-ਸਰੂਪ ਹੈ, ਮੇਰਾ ਇਹੀ ਆਸਰਾ ਹੈ ॥੧॥ ਰਹਾਉ ॥

ਸਜਣੁ ਤੂਹੈ ਸੈਣੁ ਤੂ ਮੈ ਤੁਝ ਉਪਰਿ ਬਹੁ ਮਾਣੀਆ ॥

ਹੇ ਖਸਮ-ਪ੍ਰਭੂ! ਮੇਰਾ ਤਾਂ ਤੂੰ ਹੀ ਸੱਜਣ ਹੈਂ, ਤੂੰ ਹੀ ਸਨਬੰਧੀ ਹੈਂ। ਮੈਨੂੰ ਤਾਂ ਤੇਰੇ ਉਤੇ ਹੀ ਮਾਣ ਹੈ।

ਜਾ ਤੂ ਅੰਦਰਿ ਤਾ ਸੁਖੇ ਤੂੰ ਨਿਮਾਣੀ ਮਾਣੀਆ ॥੨॥

ਜਦੋਂ ਤੂੰ ਮੇਰੇ ਹਿਰਦੇ-ਘਰ ਵਿਚ ਵੱਸਦਾ ਹੈਂ, ਤਦੋਂ ਹੀ ਮੈਂ ਸੁਖੀ ਹੁੰਦੀ ਹਾਂ। ਮੈਂ ਨਿਮਾਣੀ ਦਾ ਤੂੰ ਹੀ ਮਾਣ ਹੈਂ ॥੨॥

ਜੇ ਤੂ ਤੁਠਾ ਕ੍ਰਿਪਾ ਨਿਧਾਨ ਨਾ ਦੂਜਾ ਵੇਖਾਲਿ ॥

ਹੇ ਕਿਰਪਾ ਦੇ ਖ਼ਜ਼ਾਨੇ ਖਸਮ-ਪ੍ਰਭੂ! ਜੇ ਤੂੰ ਮੇਰੇ ਉੱਤੇ ਦਇਆਵਾਨ ਹੋਇਆ ਹੈਂ, ਤਾਂ (ਆਪਣੇ ਚਰਨਾਂ ਤੋਂ ਬਿਨਾ) ਕੋਈ ਹੋਰ (ਆਸਰਾ) ਨਾਹ ਵਿਖਾਈਂ।

ਏਹਾ ਪਾਈ ਮੂ ਦਾਤੜੀ ਨਿਤ ਹਿਰਦੈ ਰਖਾ ਸਮਾਲਿ ॥੩॥

ਮੈਂ ਤਾਂ ਇਹੋ ਸੋਹਣੀ ਦਾਤ ਲੱਭੀ ਹੋਈ ਹੈ, ਇਸੇ ਨੂੰ ਮੈਂ ਸਦਾ ਆਪਣੇ ਹਿਰਦੇ ਵਿਚ ਸਾਂਭ ਸਾਂਭ ਰੱਖਦੀ ਹਾਂ ॥੩॥

ਪਾਵ ਜੁਲਾਈ ਪੰਧ ਤਉ ਨੈਣੀ ਦਰਸੁ ਦਿਖਾਲਿ ॥

ਹੇ ਖਸਮ-ਪ੍ਰਭੂ! ਮੈਂ ਆਪਣੇ ਪੈਰਾਂ ਨੂੰ ਤੇਰੇ (ਦੇਸ ਲੈ ਜਾਣ ਵਾਲੇ) ਰਸਤੇ ਉਤੇ ਤੋਰਾਂ। ਹੇ ਪਿਆਰੇ! (ਮੇਰੀਆਂ ਇਹਨਾਂ) ਅੱਖਾਂ ਨੂੰ ਆਪਣਾ ਦਰਸਨ ਦਿਖਾਲ।

ਸ੍ਰਵਣੀ ਸੁਣੀ ਕਹਾਣੀਆ ਜੇ ਗੁਰੁ ਥੀਵੈ ਕਿਰਪਾਲਿ ॥੪॥

ਜੇ ਗੁਰੂ (ਮੇਰੇ ਉਤੇ) ਦਇਆਵਾਨ ਹੋਵੇ, ਤਾਂ ਮੈਂ (ਉਸ ਪਾਸੋਂ) ਆਪਣੇ ਕੰਨਾਂ ਨਾਲ ਤੇਰੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਦੀ ਰਹਾਂ ॥੪॥

ਕਿਤੀ ਲਖ ਕਰੋੜਿ ਪਿਰੀਏ ਰੋਮ ਨ ਪੁਜਨਿ ਤੇਰਿਆ ॥

ਜੇ ਮੈਂ ਕਿਤਨੇ ਹੀ ਲੱਖਾਂ ਤੇ ਕ੍ਰੋੜਾਂ ਤੇਰੇ ਗੁਣ ਦੱਸਾਂ, ਤਾਂ ਭੀ ਉਹ ਸਾਰੇ ਤੇਰੇ ਇਕ ਰੋਮ (ਦੀ ਵਡਿਆਈ) ਤਕ ਨਹੀਂ ਅੱਪੜ ਸਕਦੇ।

ਤੂ ਸਾਹੀ ਹੂ ਸਾਹੁ ਹਉ ਕਹਿ ਨ ਸਕਾ ਗੁਣ ਤੇਰਿਆ ॥੫॥

ਹੇ ਪਿਆਰੇ! ਤੂੰ ਸ਼ਾਹਾਂ ਦਾ ਪਾਤਿਸ਼ਾਹ ਹੈਂ। ਮੈਂ ਤੇਰੇ ਸਾਰੇ ਗੁਣ ਬਿਆਨ ਨਹੀਂ ਕਰ ਸਕਦੀ ॥੫॥

ਸਹੀਆ ਤਊ ਅਸੰਖ ਮੰਞਹੁ ਹਭਿ ਵਧਾਣੀਆ ॥

ਹੇ ਪਿਆਰੇ! ਅਣਗਿਣਤ ਹੀ ਸਹੇਲੀਆਂ ਤੇਰੇ (ਦਰ ਦੀਆਂ ਦਾਸੀਆਂ) ਹਨ। ਮੇਰੇ ਨਾਲੋਂ ਉਹ ਸਾਰੀਆਂ ਹੀ ਚੰਗੀਆਂ ਹਨ।

ਹਿਕ ਭੋਰੀ ਨਦਰਿ ਨਿਹਾਲਿ ਦੇਹਿ ਦਰਸੁ ਰੰਗੁ ਮਾਣੀਆ ॥੬॥

ਇਕ ਰਤਾ ਭੀ ਸਮੇ ਲਈ ਹੀ ਮੇਰੇ ਵਲ ਭੀ ਮੇਹਰ ਦੀ ਨਿਗਾਹ ਨਾਲ ਵੇਖ। ਮੈਨੂੰ ਭੀ ਦਰਸਨ ਦੇਹ, ਤਾ ਕਿ ਮੈਂ ਭੀ ਆਤਮਕ ਆਨੰਦ ਮਾਣ ਸਕਾਂ ॥੬॥

ਜੈ ਡਿਠੇ ਮਨੁ ਧੀਰੀਐ ਕਿਲਵਿਖ ਵੰਞਨਿ੍ ਦੂਰੇ ॥

ਹੇ ਮਾਂ! ਜਿਸ ਪ੍ਰਭੂ ਦਾ ਦਰਸਨ ਕੀਤਿਆਂ ਮਨ ਧੀਰਜ ਫੜਦਾ ਹੈ ਅਤੇ ਸਾਰੇ ਪਾਪ ਦੂਰ ਹੋ ਜਾਂਦੇ ਹਨ?

ਸੋ ਕਿਉ ਵਿਸਰੈ ਮਾਉ ਮੈ ਜੋ ਰਹਿਆ ਭਰਪੂਰੇ ॥੭॥

ਮੈਨੂੰ (ਭਲਾ) ਉਹ (ਪਿਆਰਾ) ਕਿਵੇਂ ਵਿਸਰ ਸਕਦਾ ਹੈ, ਜੋ ਸਾਰੇ ਜਗਤ ਵਿਚ ਵਿਆਪਕ ਹੈ ॥੭॥

ਹੋਇ ਨਿਮਾਣੀ ਢਹਿ ਪਈ ਮਿਲਿਆ ਸਹਜਿ ਸੁਭਾਇ ॥

ਜਦੋਂ ਮੈਂ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਟਿਕ ਕੇ, ਆਜਜ਼ ਹੋ ਕੇ (ਮਾਣ ਛੱਡ ਕੇ ਉਸ ਦੇ ਦਰ ਤੇ) ਢਹਿ ਪਈ, ਤਾਂ ਉਹ ਪਿਆਰਾ ਮੈਨੂੰ ਮਿਲ ਪਿਆ।

ਪੂਰਬਿ ਲਿਖਿਆ ਪਾਇਆ ਨਾਨਕ ਸੰਤ ਸਹਾਇ ॥੮॥੧॥੪॥

ਹੇ ਨਾਨਕ! (ਆਖ-) ਕਿਸੇ ਪੂਰਬਲੇ ਜਨਮ ਵਿਚ ਚੰਗੀ ਕਿਸਮਤ ਦਾ ਲਿਖਿਆ ਲੇਖ ਮੈਨੂੰ ਗੁਰੂ ਦੀ ਸਹਾਇਤਾ ਨਾਲ ਮਿਲ ਪਿਆ ਹੈ ॥੮॥