ਗੁਰੂ ਨਾਨਕ ਦੇਵ ਜੀ – ਸਲੋਕ ਬਾਣੀ ਸ਼ਬਦ-Part 7 – Guru Nanak Dev ji (Mahalla 1) – Slok Bani Quotes Shabad Path in Punjabi Gurbani

ਗੁਰੂ ਨਾਨਕ ਦੇਵ ਜੀ – ਸਲੋਕ ਬਾਣੀ ਸ਼ਬਦ-Part 7 – Guru Nanak Dev ji (Mahalla 1) – Slok Bani Quotes Shabad Path in Punjabi Gurbani

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਆਸਾ ਕਾਫੀ ਮਹਲਾ ੧ ਘਰੁ ੮ ਅਸਟਪਦੀਆ ॥

ਰਾਗ ਆਸਾ-ਕਾਫੀ, ਘਰ ੮ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।

ਜੈਸੇ ਗੋਇਲਿ ਗੋਇਲੀ ਤੈਸੇ ਸੰਸਾਰਾ ॥

ਜਿਵੇਂ ਕੋਈ ਗਵਾਲਾ ਪਰਾਏ ਚਰਾਂਦ ਵਿਚ (ਆਪਣਾ ਮਾਲ-ਡੰਗਰ ਚਾਰਨ ਲਈ ਲੈ ਜਾਂਦਾ ਹੈ) ਤਿਵੇਂ ਇਹ ਜਗਤ ਦੀ ਕਾਰ ਹੈ।

ਕੂੜੁ ਕਮਾਵਹਿ ਆਦਮੀ ਬਾਂਧਹਿ ਘਰ ਬਾਰਾ ॥੧॥

ਜੇਹੜੇ ਆਦਮੀ (ਮੌਤ ਨੂੰ ਭੁਲਾ ਕੇ) ਪੱਕੇ ਘਰ ਮਕਾਨ ਬਣਾਂਦੇ ਹਨ, ਉਹ ਵਿਅਰਥ ਉੱਦਮ ਕਰਦੇ ਹਨ ॥੧॥

ਜਾਗਹੁ ਜਾਗਹੁ ਸੂਤਿਹੋ ਚਲਿਆ ਵਣਜਾਰਾ ॥੧॥ ਰਹਾਉ ॥

(ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੇ ਹੋਏ ਜੀਵੋ! ਹੋਸ਼ ਕਰੋ, ਹੋਸ਼ ਕਰੋ। (ਤੁਹਾਡੇ ਸਾਹਮਣੇ ਤੁਹਾਡਾ ਸਾਥੀ) ਜੀਵ-ਵਣਜਾਰਾ (ਦੁਨੀਆ ਤੋਂ ਸਦਾ ਲਈ) ਜਾ ਰਿਹਾ ਹੈ (ਇਸੇ ਤਰ੍ਹਾਂ) ਤੁਹਾਡੀ ਵਾਰੀ ਆਵੇਗੀ। ਪਰਮਾਤਮਾ ਨੂੰ ਯਾਦ (ਰੱਖੋ) ॥੧॥ ਰਹਾਉ ॥

ਨੀਤ ਨੀਤ ਘਰ ਬਾਂਧੀਅਹਿ ਜੇ ਰਹਣਾ ਹੋਈ ॥

ਸਦਾ ਟਿਕੇ ਰਹਿਣ ਵਾਲੇ ਘਰ ਤਦੋਂ ਹੀ ਬਣਾਏ ਜਾਂਦੇ ਹਨ ਜੇ ਇਥੇ ਸਦਾ ਟਿਕੇ ਰਹਿਣਾ ਹੋਵੇ,

ਪਿੰਡੁ ਪਵੈ ਜੀਉ ਚਲਸੀ ਜੇ ਜਾਣੈ ਕੋਈ ॥੨॥

ਪਰ ਜੇ ਕੋਈ ਮਨੁੱਖ ਵਿਚਾਰ ਕਰੇ (ਤਾਂ ਅਸਲੀਅਤ ਇਹ ਹੈ ਕਿ) ਜਦੋਂ ਜਿੰਦ ਇਥੋਂ ਤੁਰ ਪੈਂਦੀ ਹੈ ਤਾਂ ਸਰੀਰ ਭੀ ਢਹਿ ਪੈਂਦਾ ਹੈ (ਨਾਹ ਸਰੀਰ ਰਹਿੰਦਾ ਹੈ ਤੇ ਨਾਹ ਜਿੰਦ) ॥੨॥

ਓਹੀ ਓਹੀ ਕਿਆ ਕਰਹੁ ਹੈ ਹੋਸੀ ਸੋਈ ॥

(ਕਿਸੇ ਸੰਬੰਧੀ ਦੇ ਮਰਨ ਤੇ) ਕਿਉਂ ਵਿਅਰਥ ‘ਹਾਇ! ਹਾਇ’! ਕਰਦੇ ਹੋ। ਸਦਾ-ਥਿਰ ਤਾਂ ਪਰਮਾਤਮਾ ਹੀ ਹੈ ਜੋ ਹੁਣ ਭੀ ਮੌਜੂਦ ਹੈ ਤੇ ਸਦਾ ਮੌਜੂਦ ਰਹੇਗਾ।

ਤੁਮ ਰੋਵਹੁਗੇ ਓਸ ਨੋ ਤੁਮ੍ਰ ਕਉ ਕਉਣੁ ਰੋਈ ॥੩॥

ਜੇ ਤੁਸੀ (ਆਪਣੇ) ਉਸ ਮਰਨ ਵਾਲੇ ਦੇ ਮਰਨ ਤੇ ਰੋਂਦੇ ਹੋ ਤਾਂ (ਮਰਨਾ ਤਾਂ ਤੁਸਾਂ ਭੀ ਹੈ) ਤੁਹਾਨੂੰ ਭੀ ਕੋਈ ਰੋਵੇਗਾ ॥੩॥

ਧੰਧਾ ਪਿਟਿਹੁ ਭਾਈਹੋ ਤੁਮ੍ਰ ਕੂੜੁ ਕਮਾਵਹੁ ॥

ਤੁਸੀ (ਕਿਸੇ ਦੇ ਮਰਨ ਤੇ ਰੋਣ ਦਾ) ਵਿਅਰਥ ਪਿੱਟਣਾ ਪਿੱਟਦੇ ਹੋ, ਵਿਅਰਥ ਕੰਮ ਕਰਦੇ ਹੋ।

ਓਹੁ ਨ ਸੁਣਈ ਕਤ ਹੀ ਤੁਮ੍ਰ ਲੋਕ ਸੁਣਾਵਹੁ ॥੪॥

ਜੇਹੜਾ ਮਰ ਗਿਆ ਹੈ, ਉਹ ਤਾਂ ਤੁਹਾਡਾ ਰੋਣਾ ਬਿਲਕੁਲ ਨਹੀਂ ਸੁਣਦਾ। ਤੁਸੀਂ (ਲੋਕਾਚਾਰੀ) ਸਿਰਫ਼ ਲੋਕਾਂ ਨੂੰ ਸੁਣਾ ਰਹੇ ਹੋ ॥੪॥

ਜਿਸ ਤੇ ਸੁਤਾ ਨਾਨਕਾ ਜਾਗਾਏ ਸੋਈ ॥

(ਜੀਵ ਦੇ ਕੀਹ ਵੱਸ?) ਹੇ ਨਾਨਕ! ਜਿਸ ਪਰਮਾਤਮਾ ਦੇ ਹੁਕਮ ਨਾਲ ਜੀਵ (ਮਾਇਆ ਦੇ ਮੋਹ ਵਿਚ) ਸੁੱਤਾ ਹੋਇਆ ਹੈ, ਉਹੀ ਇਸ ਨੂੰ ਜਗਾਂਦਾ ਹੈ।

ਜੇ ਘਰੁ ਬੂਝੈ ਆਪਣਾ ਤਾਂ ਨੀਦ ਨ ਹੋਈ ॥੫॥

(ਪ੍ਰਭੂ ਦੀ ਮੇਹਰ ਨਾਲ) ਜੇ ਜੀਵ ਇਹ ਸਮਝ ਲਏ ਕਿ ਮੇਰਾ ਅਸਲ ਘਰ ਕਿਹੜਾ ਹੈ ਤਾਂ ਉਸ ਨੂੰ ਮਾਇਆ ਦੇ ਮੋਹ ਦੀ ਨੀਂਦ ਨਹੀਂ ਵਿਆਪਦੀ ॥੫॥

ਜੇ ਚਲਦਾ ਲੈ ਚਲਿਆ ਕਿਛੁ ਸੰਪੈ ਨਾਲੇ ॥

ਜੇ ਕੋਈ ਮਰਨ ਵਾਲਾ ਮਨੁੱਖ ਮਰਨ ਵੇਲੇ ਆਪਣੇ ਨਾਲ ਕੁਝ ਧਨ ਲੈ ਜਾਂਦਾ ਹੈ,

ਤਾ ਧਨੁ ਸੰਚਹੁ ਦੇਖਿ ਕੈ ਬੂਝਹੁ ਬੀਚਾਰੇ ॥੬॥

ਤਾਂ ਤੁਸੀ ਭੀ ਧਨ ਬੇਸ਼ੱਕ ਜੋੜੀ ਚੱਲੋ। ਵੇਖ ਵਿਚਾਰ ਕੇ ਸਮਝੋ! ॥੬॥

ਵਣਜੁ ਕਰਹੁ ਮਖਸੂਦੁ ਲੈਹੁ ਮਤ ਪਛੋਤਾਵਹੁ ॥

(ਨਾਮ-ਸਿਮਰਨ ਦਾ ਅਜੇਹਾ) ਵਣਜ-ਵਪਾਰ ਕਰੋ, ਜਿਸ ਤੋਂ ਜੀਵਨ ਮਨੋਰਥ ਦਾ ਲਾਭ ਖੱਟ ਸਕੋ, ਨਹੀਂ ਤਾਂ ਪਛਤਾਣਾ ਪਵੇਗਾ।

ਅਉਗਣ ਛੋਡਹੁ ਗੁਣ ਕਰਹੁ ਐਸੇ ਤਤੁ ਪਰਾਵਹੁ ॥੭॥

ਮਾੜੇ ਕੰਮ ਛੱਡੋ, ਗੁਣ ਗ੍ਰਹਣ ਕਰੋ, ਇਸ ਤਰ੍ਹਾਂ ਅਸਲ (ਖੱਟੀ) ਖੱਟੋ! ॥੭॥

ਧਰਮੁ ਭੂਮਿ ਸਤੁ ਬੀਜੁ ਕਰਿ ਐਸੀ ਕਿਰਸ ਕਮਾਵਹੁ ॥

ਧਰਮ ਨੂੰ ਧਰਤੀ ਬਣਾਵੋ, ਉਸ ਵਿਚ ਸੁੱਚਾ ਆਚਰਨ ਬੀ ਬੀਜੋ। ਬੱਸ! ਇਹੋ ਜਿਹੀ (ਆਤਮਕ ਜੀਵਨ ਨੂੰ ਪ੍ਰਫੁਲਤ ਕਰਨ ਵਾਲੀ) ਖੇਤੀ-ਵਾਹੀ ਕਰੋ!

ਤਾਂ ਵਾਪਾਰੀ ਜਾਣੀਅਹੁ ਲਾਹਾ ਲੈ ਜਾਵਹੁ ॥੮॥

ਜੇ ਤੁਸੀ (ਇਥੋਂ ਉੱਚੇ ਆਤਮਕ ਜੀਵਨ ਦਾ) ਲਾਭ ਖੱਟ ਕੇ ਲੈ ਜਾਵੋਗੇ ਤਾਂ (ਸਿਆਣੇ) ਵਪਾਰੀ ਸਮਝੇ ਜਾਉਗੇ! ॥੮॥

ਕਰਮੁ ਹੋਵੈ ਸਤਿਗੁਰੁ ਮਿਲੈ ਬੂਝੈ ਬੀਚਾਰਾ ॥

(ਜਿਸ ਮਨੁੱਖ ਉਤੇ ਪਰਮਾਤਮਾ ਦੀ) ਬਖ਼ਸ਼ਸ਼ ਹੋਵੇ ਉਸ ਨੂੰ ਗੁਰੂ ਮਿਲਦਾ ਹੈ ਤੇ ਉਹ ਇਸ ਵਿਚਾਰ ਨੂੰ ਸਮਝਦਾ ਹੈ।

ਨਾਮੁ ਵਖਾਣੈ ਸੁਣੇ ਨਾਮੁ ਨਾਮੇ ਬਿਉਹਾਰਾ ॥੯॥

ਉਹ ਪਰਮਾਤਮਾ ਦਾ ਨਾਮ ਉਚਾਰਦਾ ਹੈ, ਨਾਮ ਸੁਣਦਾ ਹੈ, ਤੇ ਨਾਮ ਵਿਚ ਹੀ ਵਿਹਾਰ ਕਰਦਾ ਹੈ ॥੯॥

ਜਿਉ ਲਾਹਾ ਤੋਟਾ ਤਿਵੈ ਵਾਟ ਚਲਦੀ ਆਈ ॥

ਸੰਸਾਰ ਦੀ ਇਹ ਕਾਰ (ਸਦਾ ਤੋਂ) ਤੁਰੀ ਆਈ ਹੈ, ਕੋਈ (ਨਾਮ ਵਿਚ ਜੁੜ ਕੇ ਆਤਮਕ) ਲਾਭ ਖੱਟਦਾ ਹੈ, (ਕੋਈ ਮਾਇਆ ਦੇ ਮੋਹ ਵਿਚ ਫਸ ਕੇ ਆਤਮਕ ਜੀਵਨ ਵਿਚ) ਘਾਟਾ ਖਾਂਦਾ ਹੈ।

ਜੋ ਤਿਸੁ ਭਾਵੈ ਨਾਨਕਾ ਸਾਈ ਵਡਿਆਈ ॥੧੦॥੧੩॥

ਹੇ ਨਾਨਕ! ਪਰਮਾਤਮਾ ਨੂੰ ਜੋ ਚੰਗਾ ਲੱਗਦਾ ਹੈ (ਉਹੀ ਹੁੰਦਾ ਹੈ), ਇਹੀ ਉਸ ਦੀ ਬਜ਼ੁਰਗੀ ਹੈ! ॥੧੦॥੧੩॥


ਆਸਾ ਮਹਲਾ ੧ ॥
ਚਾਰੇ ਕੁੰਡਾ ਢੂਢੀਆ ਕੋ ਨੀਮ੍ਰੀ ਮੈਡਾ ॥

ਮੈਂ ਸਾਰੀ ਸ੍ਰਿਸ਼ਟੀ ਭਾਲ ਵੇਖੀ ਹੈ, ਮੈਨੂੰ ਕੋਈ ਭੀ ਆਪਣਾ (ਸੱਚਾ ਦਰਦੀ) ਨਹੀਂ ਲੱਭਾ।

ਜੇ ਤੁਧੁ ਭਾਵੈ ਸਾਹਿਬਾ ਤੂ ਮੈ ਹਉ ਤੈਡਾ ॥੧॥

ਹੇ ਮੇਰੇ ਸਾਹਿਬ! ਜੇ ਤੈਨੂੰ (ਮੇਰੀ ਬੇਨਤੀ) ਪਸੰਦ ਆਵੇ (ਤਾਂ ਮੇਹਰ ਕਰ) ਤੂੰ ਮੇਰਾ (ਰਾਖਾ ਬਣ), ਮੈਂ ਤੇਰਾ (ਸੇਵਕ) ਬਣਿਆ ਰਹਾਂ ॥੧॥

ਦਰੁ ਬੀਭਾ ਮੈ ਨੀਮਿ੍ ਕੋ ਕੈ ਕਰੀ ਸਲਾਮੁ ॥

ਮੈਨੂੰ (ਤੇਰੇ ਦਰ ਤੋਂ ਬਿਨਾ) ਕੋਈ ਹੋਰ ਦਰ ਨਹੀਂ ਲੱਭਦਾ, ਹੋਰ ਕਿਸ ਦੇ ਅੱਗੇ ਮੈਂ ਸਲਾਮ ਕਰਾਂ?

ਹਿਕੋ ਮੈਡਾ ਤੂ ਧਣੀ ਸਾਚਾ ਮੁਖਿ ਨਾਮੁ ॥੧॥ ਰਹਾਉ ॥

ਸਿਰਫ਼ ਇਕ ਤੂੰ ਹੀ ਮੇਰਾ ਮਾਲਕ ਹੈਂ (ਮੈਂ ਤੈਥੋਂ ਹੀ ਇਹ ਦਾਨ ਮੰਗਦਾ ਹਾਂ ਕਿ) ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ ਮੇਰੇ ਮੂੰਹ ਵਿਚ (ਟਿਕਿਆ ਰਹੇ) ॥੧॥ ਰਹਾਉ ॥

ਸਿਧਾ ਸੇਵਨਿ ਸਿਧ ਪੀਰ ਮਾਗਹਿ ਰਿਧਿ ਸਿਧਿ ॥

(ਲੋਕ) ਸਿੱਧ ਤੇ ਪੀਰ (ਬਣਨ ਲਈ) ਪੁੱਗੇ ਹੋਏ ਜੋਗੀਆਂ ਦੀ ਸੇਵਾ ਕਰਦੇ ਹਨ, ਤੇ ਉਹਨਾਂ ਪਾਸੋਂ ਰਿੱਧੀਆਂ ਸਿੱਧੀਆਂ (ਦੀ ਤਾਕਤ) ਮੰਗਦੇ ਹਨ।

ਮੈ ਇਕੁ ਨਾਮੁ ਨ ਵੀਸਰੈ ਸਾਚੇ ਗੁਰ ਬੁਧਿ ॥੨॥

(ਮੇਰੀ ਇਕ ਤੇਰੇ ਅੱਗੇ ਹੀ ਇਹ ਅਰਦਾਸਿ ਹੈ ਕਿ) ਅਭੁੱਲ ਗੁਰੂ ਦੀ ਬਖ਼ਸ਼ੀ ਬੁੱਧੀ ਅਨੁਸਾਰ ਮੈਨੂੰ ਤੇਰਾ ਨਾਮ ਕਦੇ ਨਾਹ ਭੁੱਲੇ! ॥੨॥

ਜੋਗੀ ਭੋਗੀ ਕਾਪੜੀ ਕਿਆ ਭਵਹਿ ਦਿਸੰਤਰ ॥

ਜੋਗੀ ਤੇ ਲੀਰਾਂ ਪਹਿਨਣ ਵਾਲੇ ਫ਼ਕੀਰ ਵਿਅਰਥ ਹੀ ਦੇਸ ਦੇਸ ਦਾ ਰਟਨ ਕਰਦੇ ਹਨ।

ਗੁਰ ਕਾ ਸਬਦੁ ਨ ਚੀਨ੍ਰਹੀ ਤਤੁ ਸਾਰੁ ਨਿਰੰਤਰ ॥੩॥

ਉਹ ਸਤਿਗੁਰ ਦੇ ਸ਼ਬਦ ਨੂੰ ਖੋਜਦੇ ਨਹੀਂ, ਉਹ ਇਕ-ਰਸ ਸ੍ਰੇਸ਼ਟ ਅਸਲੀਅਤ ਨੂੰ ਨਹੀਂ ਖੋਜਦੇ ॥੩॥

ਪੰਡਿਤ ਪਾਧੇ ਜੋਇਸੀ ਨਿਤ ਪੜ੍ਹਹਿ ਪੁਰਾਣਾ ॥

ਪੰਡਿਤ ਪਾਂਧੇ ਤੇ ਜੋਤਸ਼ੀ ਨਿੱਤ ਪੁਰਾਣ ਆਦਿਕ ਪੁਸਤਕਾਂ ਹੀ ਪੜ੍ਹਦੇ ਰਹਿੰਦੇ ਹਨ।

ਅੰਤਰਿ ਵਸਤੁ ਨ ਜਾਣਨ੍ਰੀ ਘਟਿ ਬ੍ਰਹਮੁ ਲੁਕਾਣਾ ॥੪॥

ਪਰਮਾਤਮਾ ਹਿਰਦੇ ਵਿਚ ਲੁਕਿਆ ਪਿਆ ਹੈ, ਇਹ ਲੋਕ ਅੰਦਰ-ਵੱਸਦੀ ਨਾਮ-ਵਸਤੂ ਨੂੰ ਨਹੀਂ ਪਛਾਣਦੇ ॥੪॥

ਇਕਿ ਤਪਸੀ ਬਨ ਮਹਿ ਤਪੁ ਕਰਹਿ ਨਿਤ ਤੀਰਥ ਵਾਸਾ ॥

ਅਨੇਕਾਂ ਬੰਦੇ ਤਪੀ ਬਣੇ ਹੋਏ ਹਨ, ਜੰਗਲਾਂ ਵਿਚ (ਜਾ ਕੇ) ਤਪ ਸਾਧ ਰਹੇ ਹਨ, ਤੇ ਸਦਾ ਤੀਰਥਾਂ ਉਤੇ ਨਿਵਾਸ ਰੱਖਦੇ ਹਨ।

ਆਪੁ ਨ ਚੀਨਹਿ ਤਾਮਸੀ ਕਾਹੇ ਭਏ ਉਦਾਸਾ ॥੫॥

(ਤਪਾਂ ਦੇ ਕਾਰਨ ਉਹ) ਕ੍ਰੋਧ ਨਾਲ ਭਰੇ ਰਹਿੰਦੇ ਹਨ, ਆਪਣੇ ਆਤਮਕ ਜੀਵਨ ਨੂੰ ਨਹੀਂ ਖੋਜਦੇ ਤੇ ਤਿਆਗੀ ਬਣਨ ਦਾ ਉਹਨਾਂ ਨੂੰ ਕੋਈ ਲਾਭ ਨਹੀਂ ਹੁੰਦਾ ॥੫॥

ਇਕਿ ਬਿੰਦੁ ਜਤਨ ਕਰਿ ਰਾਖਦੇ ਸੇ ਜਤੀ ਕਹਾਵਹਿ ॥

ਅਨੇਕਾਂ ਬੰਦੇ ਐਸੇ ਹਨ ਜੋ ਜਤਨ ਕਰ ਕੇ ਵੀਰਜ ਨੂੰ ਰੋਕ ਰੱਖਦੇ ਹਨ, ਤੇ ਆਪਣੇ ਆਪ ਨੂੰ ਜਤੀ ਸਦਾਂਦੇ ਹਨ।

ਬਿਨੁ ਗੁਰਸਬਦ ਨ ਛੂਟਹੀ ਭ੍ਰਮਿ ਆਵਹਿ ਜਾਵਹਿ ॥੬॥

ਪਰ ਗੁਰੂ ਦੇ ਸ਼ਬਦ ਤੋਂ ਬਿਨਾ ਉਹ ਭੀ (ਕ੍ਰੋਧ ਆਦਿਕ ਤਾਮਸੀ ਸੁਭਾਵ ਤੋਂ) ਖ਼ਲਾਸੀ ਨਹੀਂ ਪ੍ਰਾਪਤ ਕਰਦੇ ਤੇ (ਜਤੀ ਹੋਣ ਦੀ ਹੀ) ਭਟਕਣਾ ਵਿਚ ਪੈ ਕੇ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ॥੬॥

ਇਕਿ ਗਿਰਹੀ ਸੇਵਕ ਸਾਧਿਕਾ ਗੁਰਮਤੀ ਲਾਗੇ ॥

(ਪਰ) ਅਨੇਕਾਂ ਗ੍ਰਿਹਸਤੀ ਐਸੇ ਹਨ ਜੋ ਸੇਵਾ ਕਰਦੇ ਹਨ ਸੇਵਾ ਦੇ ਸਾਧਨ ਕਰਦੇ ਹਨ, ਤੇ ਗੁਰੂ ਦੀ ਦਿੱਤੀ ਮਤਿ ਉਤੇ ਤੁਰਦੇ ਹਨ।

ਨਾਮੁ ਦਾਨੁ ਇਸਨਾਨੁ ਦ੍ਰਿੜੁ ਹਰਿ ਭਗਤਿ ਸੁ ਜਾਗੇ ॥੭॥

ਉਹ ਨਾਮ ਜਪਦੇ ਹਨ, ਹੋਰਨਾਂ ਨੂੰ ਨਾਮ ਜਪਣ ਲਈ ਪ੍ਰੇਰਦੇ ਹਨ, ਆਪਣਾ ਆਚਰਨ ਪਵਿਤ੍ਰ ਰੱਖਦੇ ਹਨ ਤੇ ਉਹ ਪਰਮਾਤਮਾ ਦੀ ਭਗਤੀ ਵਿਚ ਆਪਣੇ ਆਪ ਨੂੰ ਦ੍ਰਿੜ੍ਹ ਕਰ ਕੇ (ਵਿਕਾਰਾਂ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ ॥੭॥

ਗੁਰ ਤੇ ਦਰੁ ਘਰੁ ਜਾਣੀਐ ਸੋ ਜਾਇ ਸਿਞਾਣੈ ॥

ਜੋ ਗੁਰੂ ਦੇ ਪਾਸ ਜਾਂਦਾ ਹੈ ਉਹ ਹੀ ਪਰਮਾਤਮਾ ਦਾ ਦਰ ਘਰ ਗੁਰੂ ਪਾਸੋਂ (ਗੁਰੂ ਦੀ ਸਰਨ ਪਿਆਂ) ਪਛਾਣਦਾ ਹੈ।

ਨਾਨਕ ਨਾਮੁ ਨ ਵੀਸਰੈ ਸਾਚੇ ਮਨੁ ਮਾਨੈ ॥੮॥੧੪॥

ਹੇ ਨਾਨਕ! ਐਸਾ ਮਨੁਖ ਪਰਮਾਤਮਾ ਦਾ ਨਾਮ ਨਹੀਂ ਵਿਸਰਦਾ ਤੇ ਉਸ ਦਾ ਮਨ ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਗਿੱਝ ਜਾਂਦਾ ਹੈ ॥੮॥੧੪॥


ਆਸਾ ਮਹਲਾ ੧ ॥
ਮਨਸਾ ਮਨਹਿ ਸਮਾਇਲੇ ਭਉਜਲੁ ਸਚਿ ਤਰਣਾ ॥

ਮਾਇਕ ਫੁਰਨਾ ਮਨ ਵਿਚ ਹੀ ਲੀਨ ਕਰ ਦੇਹ! ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਜੁੜਿਆਂ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ।

ਆਦਿ ਜੁਗਾਦਿ ਦਇਆਲੁ ਤੂ ਠਾਕੁਰ ਤੇਰੀ ਸਰਣਾ ॥੧॥

ਹੇ ਸ੍ਰਿਸ਼ਟੀ ਦੇ ਮੁੱਢ ਪ੍ਰਭੂ! ਹੇ ਜੁਗਾਂ ਤੋਂ ਭੀ ਪਹਿਲਾਂ ਦੇ ਪ੍ਰਭੂ! ਹੇ ਸਭ ਦੇ ਪਾਲਣ ਵਾਲੇ ਪ੍ਰਭੂ! ਤੂੰ ਸਭ ਜੀਵਾਂ ਉਤੇ ਦਇਆ ਕਰਨ ਵਾਲਾ ਹੈਂ। ਮੈਂ ਤੇਰੀ ਸਰਨ ਆਇਆ ਹਾਂ! ॥੧॥

ਤੂ ਦਾਤੌ ਹਮ ਜਾਚਿਕਾ ਹਰਿ ਦਰਸਨੁ ਦੀਜੈ ॥

ਹੇ ਹਰੀ! ਤੂੰ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ, ਅਸੀਂ ਜੀਵ (ਤੇਰੇ ਦਰ ਦੇ) ਮੰਗਤੇ ਹਾਂ, (ਸਾਨੂੰ) ਦਰਸਨ ਦੇਹ।

ਗੁਰਮੁਖਿ ਨਾਮੁ ਧਿਆਈਐ ਮਨ ਮੰਦਰੁ ਭੀਜੈ ॥੧॥ ਰਹਾਉ ॥

ਗੁਰੂ ਦੀ ਸਰਨ ਪਿਆਂ ਹੀ ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ, (ਜੋ ਸਿਮਰਦਾ ਹੈ, ਉਸ ਦੇ) ਮਨ ਦਾ ਮੰਦਰ (ਹਰਿ-ਨਾਮ ਨਾਲ) ਭਿੱਜ ਜਾਂਦਾ ਹੈ ॥੧॥ ਰਹਾਉ ॥

ਕੂੜਾ ਲਾਲਚੁ ਛੋਡੀਐ ਤਉ ਸਾਚੁ ਪਛਾਣੈ ॥

ਭੈੜਾ ਲਾਲਚ ਛੱਡਣ ਨਾਲ ਹੀ ਸਦਾ-ਥਿਰ ਪ੍ਰਭੂ ਨਾਲ ਸਾਂਝ ਪੈਂਦੀ ਹੈ।

ਗੁਰ ਕੈ ਸਬਦਿ ਸਮਾਈਐ ਪਰਮਾਰਥੁ ਜਾਣੈ ॥੨॥

ਗੁਰੂ ਦੇ ਸ਼ਬਦ ਦੀ ਰਾਹੀਂ ਹੀ (ਪਰਮਾਤਮਾ ਦੇ ਨਾਮ ਵਿਚ) ਲੀਨ ਹੋ ਕੇ ਉਹ ਜੀਵਨ ਦੇ ਸਭ ਤੋਂ ਉੱਚੇ ਮਨੋਰਥ ਨੂੰ ਸਮਝ ਲਈਦਾ ਹੈ ॥੨॥

ਇਹੁ ਮਨੁ ਰਾਜਾ ਲੋਭੀਆ ਲੁਭਤਉ ਲੋਭਾਈ ॥

ਇਹ (ਮਾਇਆ ਦਾ) ਲੋਭੀ ਮਨ (ਸਰੀਰ-ਨਗਰ ਦਾ) ਰਾਜਾ (ਬਣ ਬੈਠਦਾ ਹੈ) ਲੋਭ ਵਿਚ ਫਸਿਆ ਹੋਇਆ (ਸਦਾ) ਮਾਇਆ ਦਾ ਲੋਭ ਕਰਦਾ ਰਹਿੰਦਾ ਹੈ।

ਗੁਰਮੁਖਿ ਲੋਭੁ ਨਿਵਾਰੀਐ ਹਰਿ ਸਿਉ ਬਣਿ ਆਈ ॥੩॥

ਗੁਰੂ ਦੀ ਸਰਨ ਪੈ ਕੇ ਹੀ ਇਹ ਲੋਭ ਦੂਰ ਕੀਤਾ ਜਾ ਸਕਦਾ ਹੈ (ਜੇਹੜਾ ਮਨੁੱਖ ਲੋਭ ਦੂਰ ਕਰ ਲੈਂਦਾ ਹੈ, ਉਸ ਦੀ) ਪਰਮਾਤਮਾ ਨਾਲ ਪ੍ਰੀਤ ਬਣ ਜਾਂਦੀ ਹੈ ॥੩॥

ਕਲਰਿ ਖੇਤੀ ਬੀਜੀਐ ਕਿਉ ਲਾਹਾ ਪਾਵੈ ॥

ਜੇ ਕੱਲਰ ਵਿਚ ਖੇਤੀ ਬੀਜੀ ਜਾਏ, ਤਾਂ (ਬੀਜਣ ਵਾਲਾ) ਉਸ ਵਿਚੋਂ ਲਾਭ ਨਹੀਂ ਖੱਟ ਸਕਦਾ।

ਮਨਮੁਖੁ ਸਚਿ ਨ ਭੀਜਈ ਕੂੜੁ ਕੂੜਿ ਗਡਾਵੈ ॥੪॥

ਆਪਣੇ ਮਨ ਦੇ ਪਿਛੇ ਤੁਰਨ ਵਾਲਾ ਮਨੁੱਖ ਸਦਾ-ਥਿਰ ਪ੍ਰਭੂ ਵਿਚ ਰਚ-ਮਿਚ ਨਹੀਂ ਸਕਦਾ ਤੇ ਝੂਠ ਝੂਠ ਵਿਚ ਹੀ ਰਲਦਾ ਹੈ ॥੪॥

ਲਾਲਚੁ ਛੋਡਹੁ ਅੰਧਿਹੋ ਲਾਲਚਿ ਦੁਖੁ ਭਾਰੀ ॥

ਹੇ ਮਾਇਆ-ਮੋਹ ਵਿਚ ਅੰਨ੍ਹੇ ਹੋਏ ਜੀਵੋ! ਮਾਇਆ ਦਾ ਲਾਲਚ ਛੱਡ ਦੇਵਹੁ! ਲਾਲਚ ਵਿਚ (ਫਸਿਆਂ) ਭਾਰੀ ਦੁੱਖ ਸਹਿਣਾ ਪੈਂਦਾ ਹੈ।

ਸਾਚੌ ਸਾਹਿਬੁ ਮਨਿ ਵਸੈ ਹਉਮੈ ਬਿਖੁ ਮਾਰੀ ॥੫॥

ਜਿਸ ਮਨੁੱਖ ਦੇ ਮਨ ਵਿਚ (ਲਾਲਚ ਦੇ ਥਾਂ) ਸਦਾ-ਥਿਰ ਮਾਲਕ ਵੱਸ ਪੈਂਦਾ ਹੈ, ਉਹ ਹਉਮੈ ਦੀ ਜ਼ਹਰ ਨੂੰ ਮਾਰ ਲੈਂਦਾ ਹੈ (ਉਸ ਹਉਮੈ ਨੂੰ ਮਾਰ ਮੁਕਾਂਦਾ ਹੈ ਜੋ ਆਤਮਕ ਮੌਤ ਦਾ ਕਾਰਨ ਬਣਦੀ ਹੈ) ॥੫॥

ਦੁਬਿਧਾ ਛੋਡਿ ਕੁਵਾਟੜੀ ਮੂਸਹੁਗੇ ਭਾਈ ॥

ਦੁਬਿਧਾ ਛੱਡ ਦੇਵਹੁ, ਇਹ ਗ਼ਲਤ ਰਸਤੇ ਤੇ ਪੈ ਕੇ ਲੁੱਟੇ ਜਾਵੋਗੇ!

ਅਹਿਨਿਸਿ ਨਾਮੁ ਸਲਾਹੀਐ ਸਤਿਗੁਰ ਸਰਣਾਈ ॥੬॥

ਸਤਿਗੁਰੂ ਦੀ ਸਰਨ ਪੈ ਕੇ ਦਿਨ ਰਾਤ ਪਰਮਾਤਮਾ ਦੇ ਨਾਮ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ ॥੬॥

ਮਨਮੁਖ ਪਥਰੁ ਸੈਲੁ ਹੈ ਧ੍ਰਿਗੁ ਜੀਵਣੁ ਫੀਕਾ ॥

ਮਨ ਦਾ ਮੁਰੀਦ ਮਨੁੱਖ ਪੱਥਰ ਦੀ ਚਟਾਨ ਹੈ (ਚਟਾਨ ਪੱਥਰ ਵਾਂਗ ਕੁਰਖ਼ਤ ਹੈ), ਜਿਸ ਦਾ ਜੀਵਨ ਬੇ-ਸੁਆਦ ਰਹਿੰਦਾ ਹੈ ਤੇ ਫਿਟਕਾਰ-ਜੋਗ ਹੈ।

ਜਲ ਮਹਿ ਕੇਤਾ ਰਾਖੀਐ ਅਭ ਅੰਤਰਿ ਸੂਕਾ ॥੭॥

ਪੱਥਰ ਨੂੰ ਕਿਤਨਾ ਹੀ ਸਮਾ ਪਾਣੀ ਵਿਚ ਰੱਖਿਆ ਜਾਏ, ਤਾਂ ਵੀ ਉਹ ਅੰਦਰੋਂ ਸੁੱਕਾ ਹੀ ਰਹਿੰਦਾ ਹੈ ॥੭॥

ਹਰਿ ਕਾ ਨਾਮੁ ਨਿਧਾਨੁ ਹੈ ਪੂਰੈ ਗੁਰਿ ਦੀਆ ॥

ਪਰਮਾਤਮਾ ਦਾ ਨਾਮ (ਸਾਰੇ ਆਤਮਕ ਗੁਣਾਂ ਦਾ) ਖ਼ਜ਼ਾਨਾ ਹੈ, ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਨਾਮ ਦੇ ਦਿੱਤਾ,

ਨਾਨਕ ਨਾਮੁ ਨ ਵੀਸਰੈ ਮਥਿ ਅੰਮ੍ਰਿਤੁ ਪੀਆ ॥੮॥੧੫॥

ਉਹ ਹੇ ਨਾਨਕ! ਸਦਾ ਜਪ ਜਪ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਂਦਾ ਹੈ ਤੇ ਉਸ ਨੂੰ ਪਰਮਾਤਮਾ ਦਾ ਨਾਮ ਕਦੇ ਭੁੱਲਦਾ ਨਹੀਂ ॥੮॥੧੫॥


ਆਸਾ ਮਹਲਾ ੧ ॥
ਚਲੇ ਚਲਣਹਾਰ ਵਾਟ ਵਟਾਇਆ ॥

ਪਰਦੇਸੀ ਜੀਊੜੇ ਜੀਵਨ ਦਾ ਸਹੀ ਰਸਤਾ ਖੁੰਝ ਕੇ ਤੁਰੇ ਜਾ ਰਹੇ ਹਨ,

ਧੰਧੁ ਪਿਟੇ ਸੰਸਾਰੁ ਸਚੁ ਨ ਭਾਇਆ ॥੧॥

ਉਹ ਕੰਮ ਔਖਾ ਹੋ ਹੋ ਕੇ ਗਲ ਵਿਚ ਮਾਇਆ ਦੇ ਜੰਜਾਲ ਪਾਈ ਰਖਦੇ ਹਨ ਤੇ ਉਹਨਾਂ ਨੂੰ ਸਦਾ-ਥਿਰ ਪ੍ਰਭੂ ਦਾ ਨਾਮ ਪਿਆਰਾ ਨਹੀਂ ਲੱਗਦਾ ॥੧॥

ਕਿਆ ਭਵੀਐ ਕਿਆ ਢੂਢੀਐ ਗੁਰ ਸਬਦਿ ਦਿਖਾਇਆ ॥

ਜਿਸ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਨੂੰ ਵੇਖ ਲਿਆ ਹੈ, ਉਸ ਦੀ ਭਟਕਣਾ ਮੁੱਕ ਜਾਂਦੀ ਹੈ, ਉਸ ਨੂੰ ਕਿਸੇ ਹੋਰ ਥਾਂ ਸੁਖ ਭਾਲਣ ਦੀ ਲੋੜ ਨਹੀਂ ਪੈਂਦੀ।

ਮਮਤਾ ਮੋਹੁ ਵਿਸਰਜਿਆ ਅਪਨੈ ਘਰਿ ਆਇਆ ॥੧॥ ਰਹਾਉ ॥

ਉਹ ਆਪਣੇ ਅੰਦਰੋਂ ਮਮਤਾ ਤੇ ਮਾਇਆ ਦੀ ਮੋਹ ਦੂਰ ਕਰ ਦੇਂਦਾ ਹੈ, ਤੇ ਉਹ ਆਪਣੇ ਅਸਲੀ ਘਰ (ਪ੍ਰਭੂ) ਵਿਚ ਸਦਾ ਲਈ ਟਿਕ ਜਾਂਦਾ ਹੈ ॥੧॥ ਰਹਾਉ ॥

ਸਚਿ ਮਿਲੈ ਸਚਿਆਰੁ ਕੂੜਿ ਨ ਪਾਈਐ ॥

ਸੱਚ ਦਾ ਵਪਾਰੀ ਜੀਵ ਸਦਾ-ਥਿਰ ਪ੍ਰਭੂ ਵਿਚ ਜੁੜ ਕੇ (ਪ੍ਰਭੂ ਨੂੰ) ਮਿਲ ਪੈਂਦਾ ਹੈ, ਝੂਠੇ ਪਦਾਰਥਾਂ ਦੇ ਮੋਹ ਵਿਚ ਲੱਗਿਆਂ ਪ੍ਰਭੂ ਨਹੀਂ ਮਿਲਦਾ।

ਸਚੇ ਸਿਉ ਚਿਤੁ ਲਾਇ ਬਹੁੜਿ ਨ ਆਈਐ ॥੨॥

ਸਦਾ-ਥਿਰ ਪਰਮਾਤਮਾ ਵਿਚ ਚਿੱਤ ਜੋੜਿਆਂ ਮੁੜ ਮੁੜ ਜਨਮ ਵਿਚ ਨਹੀਂ ਆਵੀਦਾ ॥੨॥

ਮੋਇਆ ਕਉ ਕਿਆ ਰੋਵਹੁ ਰੋਇ ਨ ਜਾਣਹੂ ॥

ਤੁਸੀਂ ਮਰੇ ਸੰਬੰਧੀਆਂ ਨੂੰ ਰੋਂਦੇ ਹੋ (ਉਹਨਾਂ ਦੀ ਖ਼ਾਤਰ ਵੈਰਾਗ ਕਰਦੇ ਹੋ) ਇਹ ਵਿਅਰਥ ਕੰਮ ਹੈ, ਅਸਲ ਵੈਰਾਗ ਵਿਚ ਆਉਣ ਦੀ ਤੁਹਾਨੂੰ ਜਾਚ ਨਹੀਂ।

ਰੋਵਹੁ ਸਚੁ ਸਲਾਹਿ ਹੁਕਮੁ ਪਛਾਣਹੂ ॥੩॥

ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਦੀ ਵੈਰਾਗ ਵਿੱਚ ਆਵੋ ਤੇ ਸਮਝੋ ਕਿ ਇਹ (ਕਿ ਜੰਮਣਾ ਮਰਨਾ) ਪਰਮਾਤਮਾ ਦਾ ਹੁਕਮ ਹੈ ॥੩॥

ਹੁਕਮੀ ਵਜਹੁ ਲਿਖਾਇ ਆਇਆ ਜਾਣੀਐ ॥

ਇਹ ਗੱਲ ਸਮਝਣੀ ਚਾਹੀਦੀ ਹੈ ਕਿ ਹਰੇਕ ਜੀਵ ਪਰਮਾਤਮਾ ਦੀ ਰਜ਼ਾ ਵਿਚ ਹੀ ਰੋਜ਼ੀ ਲਿਖਾ ਕੇ ਜਗਤ ਵਿਚ ਆਉਂਦਾ ਹੈ।

ਲਾਹਾ ਪਲੈ ਪਾਇ ਹੁਕਮੁ ਸਿਞਾਣੀਐ ॥੪॥

ਉਸ ਦੀ ਰਜ਼ਾ ਨੂੰ ਪਛਾਨਣਾ ਚਾਹੀਦਾ ਹੈ, ਇਸ ਤਰ੍ਹਾਂ ਹੀ ਜੀਵਨ ਲਾਭ ਮਿਲਦਾ ਹੈ ॥੪॥

ਹੁਕਮੀ ਪੈਧਾ ਜਾਇ ਦਰਗਹ ਭਾਣੀਐ ॥

ਪਰਮਾਤਮਾ ਦੀ ਰਜ਼ਾ ਵਿਚ ਹੀ (ਮਮਤਾ ਮੋਹ ਵਿਸਾਰ ਕੇ) ਜੀਵ ਇਥੋਂ ਇੱਜ਼ਤ ਖੱਟ ਕੇ ਜਾਂਦਾ ਹੈ ਤੇ ਪ੍ਰਭੂ ਦੀ ਦਰਗਾਹ ਵਿਚ ਭੀ ਆਦਰ ਪਾਂਦਾ ਹੈ,

ਹੁਕਮੇ ਹੀ ਸਿਰਿ ਮਾਰ ਬੰਦਿ ਰਬਾਣੀਐ ॥੫॥

ਪ੍ਰਭੂ ਦੀ ਰਜ਼ਾ ਵਿਚ ਹੀ (ਮਮਤਾ ਮੋਹ ਵਿਚ ਫਸਣ ਕਰਕੇ) ਜੀਵਾਂ ਨੂੰ ਸਿਰ ਉਤੇ ਮਾਰ ਪੈਂਦੀ ਹੈ ਤੇ (ਜਨਮ ਮਰਨ ਦੀ) ਰੱਬੀ ਕੈਦ ਵਿਚ ਜੀਵ ਪੈਂਦੇ ਹਨ ॥੫॥

ਲਾਹਾ ਸਚੁ ਨਿਆਉ ਮਨਿ ਵਸਾਈਐ ॥

ਜੇ ਇਹ ਗੱਲ ਮਨ ਵਿਚ ਵਸਾ ਲਈਏ ਕਿ (ਹਰ ਥਾਂ) ਪਰਮਾਤਮਾ ਦਾ ਨਿਆਂ ਹੀ ਵਰਤ ਰਿਹਾ ਹੈ, ਤਾਂ ਸਦਾ-ਥਿਰ ਪ੍ਰਭੂ ਦਾ ਨਾਮ-ਲਾਭ ਖੱਟ ਲਈਦਾ ਹੈ।

ਲਿਖਿਆ ਪਲੈ ਪਾਇ ਗਰਬੁ ਵਞਾਈਐ ॥੬॥

ਮਾਣ ਦੂਰ ਕਰ ਦੇਣਾ ਚਾਹੀਦਾ ਹੈ, (ਪ੍ਰਭੂ ਦੀ ਰਜ਼ਾ ਵਿਚ ਹੀ) ਹਰੇਕ ਜੀਵ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਪ੍ਰਾਪਤੀ ਕਰਦਾ ਹੈ ॥੬॥

ਮਨਮੁਖੀਆ ਸਿਰਿ ਮਾਰ ਵਾਦਿ ਖਪਾਈਐ ॥

ਜੇਹੜੀ ਜੀਵ-ਇਸਤ੍ਰੀ ਆਪਣੇ ਮਨ ਦੀ ਅਗਵਾਈ ਵਿਚ ਤੁਰਦੀ ਹੈ ਉਸ ਦੇ ਸਿਰ ਉਤੇ (ਜਨਮ ਮਰਨ ਦੇ ਗੇੜ ਦੀ) ਮਾਰ ਹੈ, ਉਹ (ਮਮਤਾ ਮੋਹ ਦੇ) ਝਗੜੇ ਵਿਚ ਹੀ ਖ਼ੁਆਰ ਹੁੰਦੀ ਹੈ।

ਠਗਿ ਮੁਠੀ ਕੂੜਿਆਰ ਬੰਨਿੑ ਚਲਾਈਐ ॥੭॥

ਕੂੜ ਦੀ ਵਪਾਰਨ ਜੀਵ-ਇਸਤ੍ਰੀ (ਮਮਤਾ ਮੋਹ ਵਿਚ ਹੀ) ਠੱਗੀ ਜਾਂਦੀ ਹੈ ਲੁੱਟੀ ਜਾਂਦੀ ਹੈ, (ਮੋਹ ਦੀ ਫਾਹੀ ਵਿਚ ਬੱਝੀ ਹੋਈ ਹੀ ਇਥੋਂ ਪਰਲੋਕ ਵਲ ਤੋਰੀ ਜਾਂਦੀ ਹੈ) ॥੭॥

ਸਾਹਿਬੁ ਰਿਦੈ ਵਸਾਇ ਨ ਪਛੋਤਾਵਹੀ ॥

ਮਾਲਕ-ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾ, (ਅੰਤ ਨੂੰ) ਪਛੁਤਾਉਣਾ ਨਹੀਂ ਪਏਗਾ।

ਗੁਨਹਾਂ ਬਖਸਣਹਾਰੁ ਸਬਦੁ ਕਮਾਵਹੀ ॥੮॥

ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਕਰ, ਉਹ ਸਾਰੇ ਗੁਨਾਹ ਬਖ਼ਸ਼ਣ ਵਾਲਾ ਹੈ ॥੮॥

ਨਾਨਕੁ ਮੰਗੈ ਸਚੁ ਗੁਰਮੁਖਿ ਘਾਲੀਐ ॥

ਹੇ ਪ੍ਰਭੂ! ਨਾਨਕ ਤੇਰਾ ਸਦਾ-ਥਿਰ ਨਾਮ ਮੰਗਦਾ ਹੈ, (ਤੇਰੀ ਮੇਹਰ ਹੋਵੇ ਤਾਂ) ਗੁਰੂ ਦੀ ਸਰਨ ਪੈ ਕੇ ਮੈਂ ਇਹ ਘਾਲ-ਕਮਾਈ ਕਰਾਂ।

ਮੈ ਤੁਝ ਬਿਨੁ ਅਵਰੁ ਨ ਕੋਇ ਨਦਰਿ ਨਿਹਾਲੀਐ ॥੯॥੧੬॥

ਤੈਥੋਂ ਬਿਨਾ ਮੇਰਾ ਕੋਈ ਹੋਰ ਆਸਰਾ ਨਹੀਂ ਹੈ, ਮੇਰੇ ਵਲ ਆਪਣੀ ਮੇਹਰ ਦੀ ਨਿਗਾਹ ਨਾਲ ਵੇਖ ॥੯॥੧੬॥