ਬਾਬਾ ਸੇਖ ਫਰੀਦ ਜੀ – ਸਲੋਕ ਬਾਣੀ ਸ਼ਬਦ-Baba Sheikh Farid ji – Slok Bani Quotes Shabad Path in Punjabi Gurbani

ਬਾਬਾ ਸੇਖ ਫਰੀਦ ਜੀ – ਸਲੋਕ ਬਾਣੀ ਸ਼ਬਦ-Baba Sheikh Farid ji – Slok Bani Quotes Shabad Path in Punjabi Gurbani

ਆਸਾ ਸੇਖ ਫਰੀਦ ਜੀਉ ਕੀ ਬਾਣੀ ॥

ਰਾਗ ਆਸਾ ਵਿੱਚ ਸ਼ੇਖ ਫਰੀਦ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਦਿਲਹੁ ਮੁਹਬਤਿ ਜਿੰਨੑ ਸੇਈ ਸਚਿਆ ॥

ਜਿਨ੍ਹਾਂ ਮਨੁੱਖਾਂ ਦਾ ਰੱਬ ਨਾਲ ਦਿਲੋਂ ਪਿਆਰ ਹੈ, ਉਹੀ ਸੱਚੇ (ਆਸ਼ਕ) ਹਨ;

ਜਿਨੑ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ ॥੧॥

ਪਰ ਜਿਨ੍ਹਾਂ ਦੇ ਮਨ ਵਿਚ ਹੋਰ ਹੈ ਤੇ ਮੂੰਹੋਂ ਕੁਝ ਹੋਰ ਆਖਦੇ ਹਨ ਉਹ ਕੱਚੇ (ਆਸ਼ਕ) ਆਖੇ ਜਾਂਦੇ ਹਨ ॥੧॥

ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ ॥

ਜੋ ਮਨੁੱਖ ਰੱਬ ਦੇ ਪਿਆਰ ਵਿਚ ਰੱਤੇ ਹੋਏ ਹਨ, ਜੋ ਮਨੁੱਖ ਰੱਬ ਦੇ ਦੀਦਾਰ ਵਿਚ ਰੰਗੇ ਹੋਏ ਹਨ, (ਉਹੀ ਅਸਲ ਮਨੁੱਖ ਹਨ)

ਵਿਸਰਿਆ ਜਿਨੑ ਨਾਮੁ ਤੇ ਭੁਇ ਭਾਰੁ ਥੀਏ ॥੧॥ ਰਹਾਉ ॥

ਪਰ ਜਿਨ੍ਹਾਂ ਨੂੰ ਰੱਬ ਦਾ ਨਾਮ ਭੁੱਲ ਗਿਆ ਹੈ ਉਹ ਮਨੁੱਖ ਧਰਤੀ ਉੱਤੇ ਨਿਰਾ ਭਾਰ ਹੀ ਹਨ ॥੧॥ ਰਹਾਉ ॥

ਆਪਿ ਲੀਏ ਲੜਿ ਲਾਇ ਦਰਿ ਦਰਵੇਸ ਸੇ ॥

ਉਹੀ ਮਨੁੱਖ (ਰੱਬ ਦੇ) ਦਰਵਾਜ਼ੇ ਹਨ (ਉਹੀ ਮਨੁੱਖ ਰੱਬ ਦੇ ਦਰ ਤੋਂ ਇਸ਼ਕ ਦਾ ਖੈਰ ਮੰਗ ਸਕਦੇ ਹਨ) ਜਿਨ੍ਹਾਂ ਨੂੰ ਰੱਬ ਨੇ ਆਪ ਆਪਣੇ ਲੜ ਲਾਇਆ ਹੈ,

ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ ॥੨॥

ਉਹਨਾਂ ਦੀ ਜੰਮਣ ਵਾਲੀ ਮਾਂ ਭਾਗਾਂ ਵਾਲੀ ਹੈ, ਉਹਨਾਂ ਦਾ (ਜਗਤ ਵਿਚ) ਆਉਣਾ ਮੁਬਾਰਕ ਹੈ ॥੨॥

ਪਰਵਦਗਾਰ ਅਪਾਰ ਅਗਮ ਬੇਅੰਤ ਤੂ ॥

ਹੇ ਪਾਲਣਹਾਰ! ਹੇ ਬੇਅੰਤ! ਹੇ ਅਪਹੁੰਚ!

ਜਿਨਾ ਪਛਾਤਾ ਸਚੁ ਚੁੰਮਾ ਪੈਰ ਮੂੰ ॥੩॥

ਜਿਨ੍ਹਾਂ ਨੇ ਇਹ ਸਮਝ ਲਿਆ ਹੈ ਕਿ ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਮੈਂ ਉਹਨਾਂ ਦੇ ਪੈਰ ਚੁੰਮਦਾ ਹਾਂ ॥੩॥

ਤੇਰੀ ਪਨਹ ਖੁਦਾਇ ਤੂ ਬਖਸੰਦਗੀ ॥

ਹੇ ਖ਼ੁਦਾ! ਮੈਨੂੰ ਤੇਰਾ ਹੀ ਆਸਰਾ ਹੈ, ਤੂੰ ਬਖ਼ਸ਼ਣ ਵਾਲਾ ਹੈਂ;

ਸੇਖ ਫਰੀਦੈ ਖੈਰੁ ਦੀਜੈ ਬੰਦਗੀ ॥੪॥੧॥

ਮੈਨੂੰ ਸੇਖ਼ ਫ਼ਰੀਦ ਨੂੰ ਆਪਣੀ ਬੰਦਗੀ ਦਾ ਖ਼ੈਰ ਪਾ ॥੪॥੧॥


ਆਸਾ ॥
ਬੋਲੈ ਸੇਖ ਫਰੀਦੁ ਪਿਆਰੇ ਅਲਹ ਲਗੇ ॥

ਸ਼ੇਖ਼ ਫ਼ਰੀਦ ਆਖਦਾ ਹੈ-ਹੇ ਪਿਆਰੇ! ਰੱਬ (ਦੇ ਚਰਨਾਂ) ਵਿਚ ਜੁੜ;

ਇਹੁ ਤਨੁ ਹੋਸੀ ਖਾਕ ਨਿਮਾਣੀ ਗੋਰ ਘਰੇ ॥੧॥

(ਤੇਰਾ) ਇਹ ਜਿਸਮ ਨੀਵੀਂ ਕਬਰ ਦੇ ਵਿਚ ਪੈ ਕੇ ਮਿੱਟੀ ਹੋ ਜਾਇਗਾ ॥੧॥

ਆਜੁ ਮਿਲਾਵਾ ਸੇਖ ਫਰੀਦ ਟਾਕਿਮ ਕੂੰਜੜੀਆ ਮਨਹੁ ਮਚਿੰਦੜੀਆ ॥੧॥ ਰਹਾਉ ॥

ਹੇ ਸ਼ੇਖ ਫ਼ਰੀਦ! ਇਸ ਮਨੁੱਖਾ ਜਨਮ ਵਿਚ ਹੀ (ਰੱਬ ਨਾਲ) ਮੇਲ ਹੋ ਸਕਦਾ ਹੈ (ਇਸ ਵਾਸਤੇ ਇਹਨਾਂ) ਮਨ ਨੂੰ ਮਚਾਉਣ ਵਾਲੀਆਂ ਇੰਦ੍ਰੀਆਂ ਨੂੰ ਕਾਬੂ ਵਿਚ ਰੱਖ ॥੧॥ ਰਹਾਉ ॥

ਜੇ ਜਾਣਾ ਮਰਿ ਜਾਈਐ ਘੁਮਿ ਨ ਆਈਐ ॥

(ਹੇ ਪਿਆਰੇ ਮਨ!) ਜਦੋਂ ਤੈਨੂੰ ਪਤਾ ਹੈ ਕਿ ਆਖ਼ਰ ਮਰਨਾ ਹੈ ਤੇ ਮੁੜ (ਇਥੇ) ਨਹੀਂ ਆਉਣਾ,

ਝੂਠੀ ਦੁਨੀਆ ਲਗਿ ਨ ਆਪੁ ਵਞਾਈਐ ॥੨॥

ਤਾਂ ਇਸ ਨਾਸਵੰਤ ਦੁਨੀਆ ਨਾਲ ਪ੍ਰੀਤ ਲਾ ਕੇ ਆਪਣਾ ਆਪ ਗਵਾਉਣਾ ਨਹੀਂ ਚਾਹੀਦਾ ॥੨॥

ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ ॥

ਸੱਚ ਤੇ ਧਰਮ ਹੀ ਬੋਲਣਾ ਚਾਹੀਦਾ ਹੈ, ਝੂਠ ਨਹੀਂ ਬੋਲਣਾ ਚਾਹੀਦਾ,

ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ ॥੩॥

ਜੋ ਰਸਤਾ ਗੁਰੂ ਦੱਸੇ ਉਸ ਰਸਤੇ ਤੇ ਮੁਰੀਦਾਂ ਵਾਂਗ ਤੁਰਨਾ ਚਾਹੀਦਾ ਹੈ ॥੩॥

ਛੈਲ ਲੰਘੰਦੇ ਪਾਰਿ ਗੋਰੀ ਮਨੁ ਧੀਰਿਆ ॥

(ਕਿਸੇ ਦਰੀਆ ਤੋਂ) ਜੁਆਨਾਂ ਨੂੰ ਪਾਰ ਲੰਘਦਿਆਂ ਵੇਖ ਕੇ (ਕਮਜ਼ੋਰ) ਇਸਤ੍ਰੀ ਦਾ ਮਨ ਭੀ (ਹੌਸਲਾ ਫੜ ਲੈਂਦਾ ਹੈ (ਤੇ ਲੰਘਣ ਦਾ ਹੀਆ ਕਰਦੀ ਹੈ; ਇਸੇ ਤਰ੍ਹਾਂ ਸੰਤ ਜਨਾਂ ਨੂੰ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਦਿਆਂ ਵੇਖ ਕੇ ਕਮਜ਼ੋਰ-ਦਿਲ ਮਨੁੱਖ ਨੂੰ ਭੀ ਹੌਸਲਾ ਪੈ ਜਾਂਦਾ ਹੈ)

ਕੰਚਨ ਵੰਨੇ ਪਾਸੇ ਕਲਵਤਿ ਚੀਰਿਆ ॥੪॥

(ਤਾਂ ਤੇ ਹੇ ਮਨ! ਤੂੰ ਸੰਤ ਜਨਾਂ ਦੀ ਸੰਗਤਿ ਕਰ! ਵੇਖ) ਜੋ ਮਨੁੱਖ ਨਿਰੇ ਸੋਨੇ ਵਾਲੇ ਪਾਸੇ (ਭਾਵ, ਮਾਇਆ ਜੋੜਨ ਵਲ ਲੱਗ) ਪੈਂਦੇ ਹਨ ਉਹ ਆਰੇ ਨਾਲ ਚੀਰੇ ਜਾਂਦੇ ਹਨ (ਭਾਵ, ਬਹੁਤ ਦੁੱਖੀ ਜੀਵਨ ਬਿਤੀਤ ਕਰਦੇ ਹਨ) ॥੪॥

ਸੇਖ ਹੈਯਾਤੀ ਜਗਿ ਨ ਕੋਈ ਥਿਰੁ ਰਹਿਆ ॥

ਹੇ ਸ਼ੇਖ਼ ਫ਼ਰੀਦ! ਜਗਤ ਵਿਚ ਕੋਈ ਸਦਾ ਲਈ ਉਮਰ ਨਹੀਂ ਭੋਗ ਸਕਿਆ।

ਜਿਸੁ ਆਸਣਿ ਹਮ ਬੈਠੇ ਕੇਤੇ ਬੈਸਿ ਗਇਆ ॥੫॥

(ਵੇਖ!) ਜਿਸ (ਧਰਤੀ ਦੇ ਇਸ) ਥਾਂ ਤੇ ਅਸੀਂ (ਹੁਣ) ਬੈਠੇ ਹਾਂ (ਇਸ ਧਰਤੀ ਉੱਤੇ) ਕਈ ਬਹਿ ਕੇ ਚਲੇ ਗਏ ॥੫॥

ਕਤਿਕ ਕੂੰਜਾਂ ਚੇਤਿ ਡਉ ਸਾਵਣਿ ਬਿਜੁਲੀਆਂ ॥

ਕੱਤਕ ਦੇ ਮਹੀਨੇ ਕੂੰਜਾਂ (ਆਉਂਦੀਆਂ ਹਨ); ਚੇਤਰ ਵਿਚ ਜੰਗਲਾਂ ਨੂੰ ਅੱਗ (ਲੱਗ ਪੈਂਦੀ ਹੈ), ਸਾਉਣ ਵਿਚ ਬਿਜਲੀਆਂ (ਚਮਕਦੀਆਂ ਹਨ),

ਸੀਆਲੇ ਸੋਹੰਦੀਆਂ ਪਿਰ ਗਲਿ ਬਾਹੜੀਆਂ ॥੬॥

ਸਿਆਲ ਵਿਚ (ਇਸਤ੍ਰੀਆਂ ਦੀਆਂ) ਸੁਹਣੀਆਂ ਬਾਹਾਂ (ਆਪਣੇ) ਖਸਮਾਂ ਦੇ ਗਲ ਵਿਚ ਸੋਭਦੀਆਂ ਹਨ ॥੬॥

ਚਲੇ ਚਲਣਹਾਰ ਵਿਚਾਰਾ ਲੇਇ ਮਨੋ ॥

(ਇਸੇ ਤਰ੍ਹਾਂ ਜਗਤ ਦੀ ਸਾਰੀ ਕਾਰ ਆਪੋ ਆਪਣੇ ਸਮੇ ਸਿਰ ਹੋ ਕੇ ਤੁਰੀ ਜਾ ਰਹੀ ਹੈ; ਜਗਤ ਤੋਂ) ਤੁਰ ਜਾਣ ਵਾਲੇ ਜੀਵ (ਆਪੋ ਆਪਣਾ ਸਮਾ ਲੰਘਾ ਕੇ) ਤੁਰੇ ਜਾ ਰਹੇ ਹਨ; ਹੇ ਮਨ! ਵਿਚਾਰ ਕੇ ਵੇਖ,

ਗੰਢੇਦਿਆਂ ਛਿਅ ਮਾਹ ਤੁੜੰਦਿਆ ਹਿਕੁ ਖਿਨੋ ॥੭॥

ਜਿਸ ਸਰੀਰ ਦੇ ਬਣਨ ਵਿਚ ਛੇ ਮਹੀਨੇ ਲੱਗਦੇ ਹਨ ਉਸ ਦੇ ਨਾਸ ਹੁੰਦਿਆਂ ਇਕ ਪਲ ਹੀ ਲੱਗਦਾ ਹੈ ॥੭॥

ਜਿਮੀ ਪੁਛੈ ਅਸਮਾਨ ਫਰੀਦਾ ਖੇਵਟ ਕਿੰਨਿ ਗਏ ॥

ਹੇ ਫ਼ਰੀਦ! ਇਸ ਗੱਲ ਦੇ ਜ਼ਿਮੀਂ ਅਸਮਾਨ ਗਵਾਹ ਹਨ ਕਿ ਬੇਅੰਤ ਉਹ ਬੰਦੇ ਇਥੋਂ ਚਲੇ ਗਏ ਜਿਹੜੇ ਆਪਣੇ ਆਪ ਨੂੰ ਵੱਡੇ ਆਗੂ ਅਖਵਾਉਂਦੇ ਸਨ।

ਜਾਲਣ ਗੋਰਾਂ ਨਾਲਿ ਉਲਾਮੇ ਜੀਅ ਸਹੇ ॥੮॥੨॥

ਸਰੀਰ ਤਾਂ ਕਬਰਾਂ ਵਿਚ ਗਲ ਜਾਂਦੇ ਹਨ, (ਪਰ ਕੀਤੇ ਕਰਮਾਂ ਦੇ) ਔਖ-ਸੌਖ ਜਿੰਦ ਸਹਾਰਦੀ ਹੈ ॥੮॥੨॥


ੴ ਸਤਿਗੁਰ ਪ੍ਰਸਾਦਿ ॥

ਰਾਗ ਸੂਹੀ ਵਿੱਚ ਸ਼ੇਖ ਫਰੀਦ ਜੀ ਦੀ ਬਾਣੀ।

ਰਾਗੁ ਸੂਹੀ ਬਾਣੀ ਸੇਖ ਫਰੀਦ ਜੀ ਕੀ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਤਪਿ ਤਪਿ ਲੁਹਿ ਲੁਹਿ ਹਾਥ ਮਰੋਰਉ ॥

ਬੜੀ ਦੁਖੀ ਹੋ ਕੇ, ਬੜੀ ਤੜਫ ਕੇ ਮੈਂ ਹੁਣ ਹੱਥ ਮਲ ਰਹੀ ਹਾਂ,

ਬਾਵਲਿ ਹੋਈ ਸੋ ਸਹੁ ਲੋਰਉ ॥

ਤੇ ਝੱਲੀ ਹੋ ਕੇ ਹੁਣ ਮੈਂ ਉਸ ਖਸਮ ਨੂੰ ਲੱਭਦੀ ਫਿਰਦੀ ਹਾਂ।

ਤੈ ਸਹਿ ਮਨ ਮਹਿ ਕੀਆ ਰੋਸੁ ॥

ਹੇ ਖਸਮ-ਪ੍ਰਭੂ! ਤਾਹੀਏਂ ਤੂੰ ਆਪਣੇ ਮਨ ਵਿਚ ਮੇਰੇ ਨਾਲ ਰੋਸਾ ਕੀਤਾ।

ਮੁਝੁ ਅਵਗਨ ਸਹ ਨਾਹੀ ਦੋਸੁ ॥੧॥

ਤੇਰਾ ਕੋਈ ਦੋਸ (ਮੇਰੀ ਇਸ ਭੈੜੀ ਹਾਲਤ ਬਾਰੇ) ਨਹੀਂ ਹੈ, ਮੇਰੇ ਵਿਚ ਹੀ ਔਗੁਣ ਸਨ ॥੧॥

ਤੈ ਸਾਹਿਬ ਕੀ ਮੈ ਸਾਰ ਨ ਜਾਨੀ ॥

ਹੇ ਮੇਰੇ ਮਾਲਿਕ! ਮੈਂ ਤੇਰੀ ਕਦਰ ਨਾ ਜਾਤੀ।

ਜੋਬਨੁ ਖੋਇ ਪਾਛੈ ਪਛੁਤਾਨੀ ॥੧॥ ਰਹਾਉ ॥

ਜੁਆਨੀ ਦਾ ਵੇਲਾ ਗਵਾ ਕੇ ਹੁਣ ਪਿਛੋਂ ਮੈਂ ਝੁਰ ਰਹੀ ਹਾਂ ॥੧॥ ਰਹਾਉ ॥

ਕਾਲੀ ਕੋਇਲ ਤੂ ਕਿਤ ਗੁਨ ਕਾਲੀ ॥

(ਹੁਣ ਮੈਂ ਕੋਇਲ ਨੂੰ ਪੁੱਛਦੀ ਫਿਰਦੀ ਹਾਂ-) ਹੇ ਕਾਲੀ ਕੋਇਲ! ਭਲਾ, ਮੈਂ ਤਾਂ ਆਪਣੇ ਕਰਮਾਂ ਦੀ ਮਾਰੀ ਦੁਖੀ ਹਾਂ ਹੀ) ਤੂੰ ਭੀ ਕਿਉਂ ਕਾਲੀ (ਹੋ ਗਈ) ਹੈਂ?

ਅਪਨੇ ਪ੍ਰੀਤਮ ਕੇ ਹਉ ਬਿਰਹੈ ਜਾਲੀ ॥

(ਕੋਇਲ ਭੀ ਇਹੀ ਉੱਤਰ ਦੇਂਦੀ ਹੈ) ਮੈਨੂੰ ਮੇਰੇ ਪ੍ਰੀਤਮ ਦੇ ਵਿਛੋੜੇ ਨੇ ਸਾੜ ਦਿੱਤਾ ਹੈ।

ਪਿਰਹਿ ਬਿਹੂਨ ਕਤਹਿ ਸੁਖੁ ਪਾਏ ॥

(ਠੀਕ ਹੈ) ਖਸਮ ਤੋਂ ਵਿੱਛੁੜ ਕੇ ਕਿਥੇ ਕੋਈ ਸੁਖ ਪਾ ਸਕਦੀ ਹੈ?

ਜਾ ਹੋਇ ਕ੍ਰਿਪਾਲੁ ਤਾ ਪ੍ਰਭੂ ਮਿਲਾਏ ॥੨॥

(ਪਰ ਜੀਵ-ਇਸਤ੍ਰੀ ਦੇ ਵੱਸ ਦੀ ਗੱਲ ਨਹੀਂ ਹੈ) ਜਦੋਂ ਪ੍ਰਭੂ ਆਪ ਮਿਹਰਬਾਨ ਹੁੰਦਾ ਹੈ ਤਾਂ ਆਪ ਹੀ ਮਿਲਾ ਲੈਂਦਾ ਹੈ ॥੨॥

ਵਿਧਣ ਖੂਹੀ ਮੁੰਧ ਇਕੇਲੀ ॥

(ਇਸ ਜਗਤ-ਰੂਪ) ਡਰਾਉਣੀ ਖੂਹੀ ਵਿਚ ਮੈਂ ਜੀਵ-ਇਸਤ੍ਰੀ ਇਕੱਲੀ (ਡਿੱਗੀ ਪਈ ਸਾਂ, ਇਥੇ)

ਨਾ ਕੋ ਸਾਥੀ ਨਾ ਕੋ ਬੇਲੀ ॥

ਕੋਈ ਮੇਰਾ ਸਾਥੀ ਨਹੀਂ (ਮੇਰੇ ਦੁੱਖਾਂ ਵਿਚ) ਕੋਈ ਮੇਰਾ ਮਦਦਗਾਰ ਨਹੀਂ।

ਕਰਿ ਕਿਰਪਾ ਪ੍ਰਭਿ ਸਾਧਸੰਗਿ ਮੇਲੀ ॥

ਹੁਣ ਜਦੋਂ ਪ੍ਰਭੂ ਨੇ ਮੇਹਰ ਕਰ ਕੇ ਮੈਨੂੰ ਸਤਸੰਗ ਵਿਚ ਮਿਲਾਇਆ ਹੈ,

ਜਾ ਫਿਰਿ ਦੇਖਾ ਤਾ ਮੇਰਾ ਅਲਹੁ ਬੇਲੀ ॥੩॥

(ਸਤਸੰਗ ਵਿਚ ਆ ਕੇ) ਜਦੋਂ ਮੈਂ ਵੇਖਦੀ ਹਾਂ ਤਾਂ ਮੈਨੂੰ ਮੇਰਾ ਰੱਬ ਬੇਲੀ ਦਿੱਸ ਰਿਹਾ ਹੈ ॥੩॥

ਵਾਟ ਹਮਾਰੀ ਖਰੀ ਉਡੀਣੀ ॥

ਹੇ ਭਾਈ! ਅਸਾਡਾ ਇਹ ਜੀਵਨ-ਪੰਧ ਬੜਾ ਭਿਆਨਕ ਹੈ,

ਖੰਨਿਅਹੁ ਤਿਖੀ ਬਹੁਤੁ ਪਿਈਣੀ ॥

ਖੰਡੇ ਨਾਲੋਂ ਤਿੱਖਾ ਹੈ, ਬੜੀ ਤੇਜ਼ ਧਾਰ ਵਾਲਾ ਹੈ।

ਉਸੁ ਊਪਰਿ ਹੈ ਮਾਰਗੁ ਮੇਰਾ ॥

ਇਸ ਦੇ ਉਤੋਂ ਦੀ ਅਸਾਂ ਲੰਘਣਾ ਹੈ।

ਸੇਖ ਫਰੀਦਾ ਪੰਥੁ ਸਮੑਾਰਿ ਸਵੇਰਾ ॥੪॥੧॥

ਇਸ ਵਾਸਤੇ, ਹੇ ਫਰੀਦ! ਸਵੇਰੇ ਸਵੇਰੇ ਰਸਤਾ ਸੰਭਾਲ ॥੪॥੧॥


ਸੂਹੀ ਲਲਿਤ ॥
ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ ॥

(ਜਿਸ ਮਨੁੱਖ ਨੇ ਮਾਇਆ ਨਾਲ ਹੀ ਮਨ ਲਾਈ ਰੱਖਿਆ) ਉਹ (ਬੇੜਾ) ਤਿਆਰ ਕਰਨ ਵਾਲੀ ਉਮਰੇ ਨਾਮ-ਰੂਪ ਬੇੜਾ ਤਿਆਰ ਨਾਹ ਕਰ ਸਕਿਆ,

ਭਰਿ ਸਰਵਰੁ ਜਬ ਊਛਲੈ ਤਬ ਤਰਣੁ ਦੁਹੇਲਾ ॥੧॥

ਤੇ, ਜਦੋਂ ਸਰੋਵਰ (ਨਕਾ ਨਕ) ਭਰ ਕੇ (ਬਾਹਰ) ਉਛਲਣ ਲੱਗ ਪੈਂਦਾ ਹੈ ਤਦੋਂ ਇਸ ਵਿਚ ਤਰਨਾ ਔਖਾ ਹੋ ਜਾਂਦਾ ਹੈ (ਭਾਵ; ਜਦੋਂ ਮਨੁੱਖ ਵਿਕਾਰਾਂ ਦੀ ਅੱਤ ਕਰ ਦੇਂਦਾ ਹੈ, ਤਾਂ ਇਹਨਾਂ ਦੇ ਚਸਕੇ ਵਿਚੋਂ ਨਿਕਲਣਾ ਔਖਾ ਹੋ ਜਾਂਦਾ ਹੈ) ॥੧॥

ਹਥੁ ਨ ਲਾਇ ਕਸੁੰਭੜੈ ਜਲਿ ਜਾਸੀ ਢੋਲਾ ॥੧॥ ਰਹਾਉ ॥

ਹੇ ਮਿੱਤਰ! ਕਸੁੰਭੇ-ਰੂਪ ਮਾਇਆ ਨੂੰ ਹੱਥ ਨਾ ਲਾ, ਇਹ ਕਸੁੰਭਾ ਸੜ ਜਾਇਗਾ, ਭਾਵ, ਇਹ ਮਾਇਆ ਦਾ ਸਾਥ ਛੇਤੀ ਨਸ਼ਟ ਹੋਣ ਵਾਲਾ ਹੈ ॥੧॥ ਰਹਾਉ ॥

ਇਕ ਆਪੀਨੑੈ ਪਤਲੀ ਸਹ ਕੇਰੇ ਬੋਲਾ ॥

ਜੋ ਜੀਵ-ਇਸਤ੍ਰੀਆਂ (ਮਾਇਆ ਨਾਲੋਂ ਮੋਹ ਪਾਣ ਕਰਕੇ) ਆਪਣੇ ਆਪ ਵਿਚ ਕਮਜ਼ੋਰ ਆਤਮਕ ਜੀਵਨ ਵਾਲੀਆਂ ਹੋ ਜਾਂਦੀਆਂ ਹਨ, ਉਹਨਾਂ ਨੂੰ (ਪ੍ਰਭੂ-) ਪਤੀ ਦੇ ਦਰ ਤੋਂ ਅਨਾਦਰੀ ਦੇ ਬੋਲ ਨਸੀਬ ਹੁੰਦੇ ਹਨ।

ਦੁਧਾ ਥਣੀ ਨ ਆਵਈ ਫਿਰਿ ਹੋਇ ਨ ਮੇਲਾ ॥੨॥

ਉਹਨਾਂ ਉੱਤੇ ਪਤੀ-ਮਿਲਾਪ ਦੀ ਅਵਸਥਾ ਨਹੀਂ ਆਉਂਦੀ ਤੇ ਮਨੁੱਖਾ ਜਨਮ ਦਾ ਸਮਾ ਖੁੰਝਣ ਤੇ (ਜਦੋਂ ਨਾਮ-ਸਿਮਰਨ ਦਾ ਬੇੜਾ ਤਿਆਰ ਹੋ ਸਕਦਾ ਸੀ) ਪ੍ਰਭੂ ਨਾਲ ਮੇਲ ਨਹੀਂ ਹੋ ਸਕਦਾ ॥੨॥

ਕਹੈ ਫਰੀਦੁ ਸਹੇਲੀਹੋ ਸਹੁ ਅਲਾਏਸੀ ॥

ਫ਼ਰੀਦ ਆਖਦਾ ਹੈ-ਹੇ ਸਹੇਲੀਓ! ਜਦੋਂ ਪਤੀ ਪ੍ਰਭੂ ਦਾ ਸੱਦਾ (ਇਸ ਜਗਤ ਵਿਚੋਂ ਤੁਰਨ ਲਈ) ਆਵੇਗਾ,

ਹੰਸੁ ਚਲਸੀ ਡੁੰਮਣਾ ਅਹਿ ਤਨੁ ਢੇਰੀ ਥੀਸੀ ॥੩॥੨॥

ਤਾਂ (ਮਾਇਆ ਵਿਚ ਹੀ ਗ੍ਰਸੀ ਰਹਿਣ ਵਾਲੀ ਜੀਵ-ਇਸਤ੍ਰੀ ਦਾ) ਆਤਮਾ-ਹੰਸ ਜੱਕੋ-ਤੱਕੇ ਕਰਦਾ ਹੋਇਆ (ਇਥੋਂ) ਤੁਰੇਗਾ (ਭਾਵ, ਮਾਇਆ ਤੋਂ ਵਿਛੁੜਨ ਨੂੰ ਚਿੱਤ ਨਹੀਂ ਕਰੇਗਾ), ਤੇ ਇਹ ਸਰੀਰ ਮਿੱਟੀ ਦੀ ਢੇਰੀ ਹੋ ਜਾਇਗਾ ॥੩॥੨॥


ਸਲੋਕ ਸੇਖ ਫਰੀਦ ਕੇ ॥

ਸ਼ੇਖ ਫਰੀਦ ਜੀ ਦੇ ਸਲੋਕ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਜਿਤੁ ਦਿਹਾੜੈ ਧਨ ਵਰੀ ਸਾਹੇ ਲਏ ਲਿਖਾਇ ॥

ਜਿਸ ਦਿਨ (ਜੀਵ-) ਇਸਤ੍ਰੀ ਵਿਆਹੀ ਜਾਇਗੀ, ਉਹ ਸਮਾ (ਪਹਿਲਾਂ ਹੀ) ਲਿਖਿਆ ਗਿਆ ਹੈ (ਭਾਵ, ਜੀਵ ਦੇ ਜਗਤ ਵਿਚ ਆਉਣ ਤੋਂ ਪਹਿਲਾਂ ਹੀ ਇਸ ਦੀ ਮੌਤ ਦਾ ਸਮਾ ਮਿਥਿਆ ਜਾਂਦਾ ਹੈ),

ਮਲਕੁ ਜਿ ਕੰਨੀ ਸੁਣੀਦਾ ਮੁਹੁ ਦੇਖਾਲੇ ਆਇ ॥

ਮੌਤ ਦਾ ਫ਼ਰਿਸਤਾ ਜੋ ਕੰਨਾਂ ਨਾਲ ਸੁਣਿਆ ਹੀ ਹੋਇਆ ਸੀ, ਆ ਕੇ ਮੂੰਹ ਵਿਖਾਂਦਾ ਹੈ (ਭਾਵ, ਜਿਸ ਬਾਰੇ ਪਹਿਲਾਂ ਹੋਰਨਾਂ ਦੀ ਮੌਤ ਸਮੇ ਸੁਣਿਆ ਸੀ, ਹੁਣ ਉਸ ਜੀਵ-ਇਸਤ੍ਰੀ ਨੂੰ ਆ ਮੂੰਹ ਵਿਖਾਂਦਾ ਹੈ ਜਿਸ ਦੀ ਵਾਰੀ ਆ ਜਾਂਦੀ ਹੈ)।

ਜਿੰਦੁ ਨਿਮਾਣੀ ਕਢੀਐ ਹਡਾ ਕੂ ਕੜਕਾਇ ॥

ਹੱਡਾਂ ਨੂੰ ਭੰਨ ਭੰਨ ਕੇ (ਭਾਵ, ਸਰੀਰ ਨੂੰ ਰੋਗ ਆਦਿਕ ਨਾਲ ਨਿਤਾਣਾ ਕਰ ਕੇ) ਵਿਚਾਰੀ ਜਿੰਦ (ਇਸ ਵਿਚੋਂ) ਕੱਢ ਲਈ ਜਾਂਦੀ ਹੈ।

ਸਾਹੇ ਲਿਖੇ ਨ ਚਲਨੀ ਜਿੰਦੂ ਕੂੰ ਸਮਝਾਇ ॥

ਜਿੰਦ ਨੂੰ (ਇਹ ਗੱਲ) ਸਮਝਾ ਕਿ (ਮੌਤ ਦਾ) ਇਹ ਮਿਥਿਆ ਹੋਇਆ ਸਮਾ ਟਲ ਨਹੀਂ ਸਕਦਾ।

ਜਿੰਦੁ ਵਹੁਟੀ ਮਰਣੁ ਵਰੁ ਲੈ ਜਾਸੀ ਪਰਣਾਇ ॥

ਜਿੰਦ, ਮਾਨੋ, ਵਹੁਟੀ ਹੈ, ਮੌਤ (ਦਾ ਫ਼ਰਿਸਤਾ ਇਸ ਦਾ) ਲਾੜਾ ਹੈ (ਜਿੰਦ ਨੂੰ) ਵਿਆਹ ਕੇ ਜ਼ਰੂਰ ਲੈ ਜਾਇਗਾ,

ਆਪਣ ਹਥੀ ਜੋਲਿ ਕੈ ਕੈ ਗਲਿ ਲਗੈ ਧਾਇ ॥

ਇਹ (ਕਾਂਇਆਂ ਜਿੰਦ ਨੂੰ) ਆਪਣੀ ਹੱਥੀਂ ਤੋਰ ਤੇ ਕਿਸ ਦੇ ਗਲ ਲੱਗੇਗੀ? (ਭਾਵ ਨਿਆਸਰੀ ਹੋ ਜਾਇਗੀ)।

ਵਾਲਹੁ ਨਿਕੀ ਪੁਰਸਲਾਤ ਕੰਨੀ ਨ ਸੁਣੀ ਆਇ ॥

ਹੇ ਫਰੀਦ! ਤੂੰ ਕਦੇ ‘ਪੁਲ ਸਿਰਾਤ’ ਦਾ ਨਾਮ ਨਹੀਂ ਸੁਣਿਆ ਜੋ ਵਾਲ ਤੋਂ ਭੀ ਬਰੀਕ ਹੈ?

ਫਰੀਦਾ ਕਿੜੀ ਪਵੰਦੀਈ ਖੜਾ ਨ ਆਪੁ ਮੁਹਾਇ ॥੧॥

ਕੰਨੀਂ ਵਾਜਾਂ ਪੈਂਦਿਆਂ ਭੀ ਆਪਣੇ ਆਪ ਨੂੰ ਲੁਟਾਈ ਨਾ ਜਾਹ (ਭਾਵ, ਜਗਤ ਵਿਚ ਸਮੁੰਦਰ ਹੈ ਜਿਸ ਵਿਚ ਵਿਕਾਰਾਂ ਦੀਆਂ ਲਹਿਰਾਂ ਉੱਠ ਰਹੀਆਂ ਹਨ, ਇਸ ਵਿਚੋਂ ਸਹੀ ਸਲਾਮੱਤ ਪਾਰ ਲੰਘਣ ਲਈ ‘ਦਰਵੇਸ਼ੀ’, ਮਾਨੋ, ਇਕ ਪੁਲ ਹੈ, ਜੋ ਹੈ ਬਹੁਤ ਸੌੜਾ ਤੇ ਬਾਰੀਕ, ਭਾਵ, ਦਰਵੇਸ਼ੀ ਕਮਾਣੀ ਬੜੀ ਹੀ ਔਖੀ ਹੈ, ਪਰ ਦੁਨੀਆ ਦੇ ਵਿਕਾਰਾਂ ਤੋਂ ਬਚਣ ਲਈ ਰਸਤਾ ਸਿਰਫ਼ ਇਹੀ ਹੈ। ਧਰਮ-ਪੁਸਤਕਾਂ ਦੀ ਰਾਹੀਂ ਗੁਰੂ-ਪੈਗ਼ੰਬਰ ਤੈਨੂੰ ਵਿਕਾਰਾਂ ਦੀਆਂ ਲਹਿਰਾਂ ਦੇ ਖ਼ਤਰੇ ਤੋਂ ਬਚਣ ਲਈ ਵਾਜਾਂ ਮਾਰ ਰਹੇ ਹਨ; ਧਿਆਨ ਨਾਲ ਸੁਣ ਤੇ ਜੀਵਨ ਅਜ਼ਾਈਂ ਨਾਹ ਗਵਾ) ॥੧॥

ਫਰੀਦਾ ਦਰ ਦਰਵੇਸੀ ਗਾਖੜੀ ਚਲਾਂ ਦੁਨੀਆਂ ਭਤਿ ॥

ਹੇ ਫਰੀਦ! (ਪਰਮਾਤਮਾ ਦੇ) ਦਰ ਦੀ ਫ਼ਕੀਰੀ ਔਖੀ (ਕਾਰ) ਹੈ, ਤੇ ਮੈਂ ਦੁਨੀਆਦਾਰਾਂ ਵਾਂਗ ਹੀ ਤੁਰ ਰਿਹਾ ਹਾਂ,

ਬੰਨਿੑ ਉਠਾਈ ਪੋਟਲੀ ਕਿਥੈ ਵੰਞਾ ਘਤਿ ॥੨॥

(‘ਦੁਨੀਆ’ ਵਾਲੀ) ਨਿੱਕੀ ਜਹੀ ਗੰਢ (ਮੈਂ ਭੀ) ਬੰਨ੍ਹ ਕੇ ਚੁੱਕੀ ਹੋਈ ਹੈ, ਇਸ ਨੂੰ ਸੁੱਟ ਕੇ ਕਿਥੇ ਜਾਵਾਂ? (ਭਾਵ, ਦੁਨੀਆ ਦੇ ਮੋਹ ਨੂੰ ਛੱਡਣਾ ਕੋਈ ਸੌਖਾ ਕੰਮ ਨਹੀਂ ਹੈ) ॥੨॥

ਕਿਝੁ ਨ ਬੁਝੈ ਕਿਝੁ ਨ ਸੁਝੈ ਦੁਨੀਆ ਗੁਝੀ ਭਾਹਿ ॥

ਦੁਨੀਆ (ਵੇਖਣ ਨੂੰ ਤਾਂ ਗੁਲਜ਼ਾਰ ਹੈ, ਪਰ ਇਸ ਦਾ ਮੋਹ ਅਸਲ ਵਿਚ) ਲੁਕਵੀਂ ਅੱਗ ਹੈ (ਜੋ ਅੰਦਰ ਹੀ ਅੰਦਰ ਮਨ ਵਿਚ ਧੁਖਦੀ ਰਹਿੰਦੀ ਹੈ; ਇਸ ਵਿਚ ਪਏ ਹੋਏ ਜੀਵਾਂ ਨੂੰ ਜ਼ਿੰਦਗੀ ਦੇ ਸਹੀ ਰਸਤੇ ਦੀ) ਕੁਝ ਸੂਝ-ਬੂਝ ਨਹੀਂ ਪੈਂਦੀ।

ਸਾਂਈਂ ਮੇਰੈ ਚੰਗਾ ਕੀਤਾ ਨਾਹੀ ਤ ਹੰ ਭੀ ਦਝਾਂ ਆਹਿ ॥੩॥

ਮੇਰੇ ਸਾਂਈ ਨੇ (ਮੇਰੇ ਉਤੇ) ਮੇਹਰ ਕੀਤੀ ਹੈ (ਤੇ ਮੈਨੂੰ ਇਸ ਤੋਂ ਬਚਾ ਲਿਆ ਹੈ) ਨਹੀਂ ਤਾਂ (ਬਾਕੀ ਲੋਕਾਂ ਵਾਂਗ) ਮੈਂ ਭੀ (ਇਸ ਵਿਚ) ਸੜ ਜਾਂਦਾ (ਭਾਵ, ਮਾਇਆ ਦੇ ਮੋਹ ਤੋਂ ਪ੍ਰਭੂ ਆਪ ਹੀ ਮੇਹਰ ਕਰ ਕੇ ਬਚਾਂਦਾ ਹੈ, ਅਸਾਡੇ ਆਪਣੇ ਵੱਸ ਦੀ ਗੱਲ ਨਹੀਂ ਕਿ ਇਹ ‘ਪੋਟਲੀ’ ਸਿਰੋਂ ਲਾਹ ਕੇ ਸੁੱਟ ਦੇਈਏ) ॥੩॥

ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲਿ ਬੁਕੁ ਭਰੀ ॥

ਹੇ ਫਰੀਦ! ਜੇ ਮੈਨੂੰ ਪਤਾ ਹੋਵੇ ਕਿ (ਇਸ ਸਰੀਰ-ਰੂਪ ਭਾਂਡੇ ਵਿਚ) ਬਹੁਤ ਥੋੜ੍ਹੇ ਜਿਹੇ (ਸੁਆਸ ਰੂਪ) ਤਿਲ ਹਨ ਤਾਂ ਮੈਂ ਸੋਚ-ਸਮਝ ਕੇ (ਇਹਨਾਂ ਦਾ) ਬੁੱਕ ਭਰਾਂ (ਭਾਵ, ਬੇ-ਪਰਵਾਹੀ ਨਾਲ ਜੀਵਨ ਦੇ ਸੁਆਸ ਨਾ ਗੁਜ਼ਾਰੀ ਜਾਵਾਂ)।

ਜੇ ਜਾਣਾ ਸਹੁ ਨੰਢੜਾ ਤਾਂ ਥੋੜਾ ਮਾਣੁ ਕਰੀ ॥੪॥

ਜੇ ਮੈਨੂੰ ਸਮਝ ਆ ਜਾਏ ਕਿ (ਮੇਰਾ) ਪਤੀ (-ਪ੍ਰਭੂ) ਬਾਲ-ਸੁਭਾਵ ਵਾਲਾ ਹੈ (ਭਾਵ, ਭੋਲੇ ਸੁਭਾਵ ਨੂੰ ਪਿਆਰ ਕਰਦਾ ਹੈ) ਤਾਂ ਮੈਂ ਭੀ (ਇਸ ਦੁਨੀਆ ਵਾਲੀ ‘ਪੋਟਲੀ’ ਦਾ) ਮਾਣ ਛੱਡ ਦਿਆਂ ॥੪॥

ਜੇ ਜਾਣਾ ਲੜੁ ਛਿਜਣਾ ਪੀਡੀ ਪਾਈਂ ਗੰਢਿ ॥

(ਹੇ ਪਤੀ-ਪ੍ਰਭੂ!) ਜੇ ਮੈਨੂੰ ਸਮਝ ਹੋਵੇ ਕਿ (ਇਸ ‘ਪੋਟਲੀ’ ਦੇ ਕਾਰਨ ਤੇਰਾ ਫੜਿਆ ਹੋਇਆ) ਪੱਲਾ ਛਿੱਜ ਜਾਂਦਾ ਹੈ (ਭਾਵ, ਤੇਰੇ ਨਾਲੋਂ ਵਿੱਥ ਪੈ ਜਾਂਦੀ ਹੈ) ਤਾਂ ਮੈਂ (ਤੇਰੇ ਪੱਲੇ ਨਾਲ ਹੀ) ਪੱਕੀ ਗੰਢ ਪਾਵਾਂ।

ਤੈ ਜੇਵਡੁ ਮੈ ਨਾਹਿ ਕੋ ਸਭੁ ਜਗੁ ਡਿਠਾ ਹੰਢਿ ॥੫॥

(ਹੇ ਸਾਂਈਂ!) ਮੈਂ ਸਾਰਾ ਜਗਤ ਫਿਰ ਕੇ ਵੇਖ ਲਿਆ ਹੈ, ਤੇਰੇ ਵਰਗਾ (ਸਾਥੀ) ਮੈਨੂੰ ਹੋਰ ਕੋਈ ਨਹੀਂ ਲੱਭਾ ॥੫॥

ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥

ਹੇ ਫਰੀਦ! ਜੇ ਤੂੰ ਬਰੀਕ ਅਕਲ ਵਾਲਾ (ਸਮਝਦਾਰ) ਹੈਂ, ਤਾਂ ਹੋਰ ਬੰਦਿਆਂ ਦੇ ਮੰਦੇ ਕਰਮਾਂ ਦੀ ਪਛਚੋਲ ਨਾ ਕਰ;

ਆਪਨੜੇ ਗਿਰੀਵਾਨ ਮਹਿ ਸਿਰੁ ਨਂੀਵਾਂ ਕਰਿ ਦੇਖੁ ॥੬॥

ਆਪਣੀ ਬੁੱਕਲ ਵਿਚ ਮੂੰਹ ਪਾ ਕੇ ਵੇਖ (ਕਿ ਤੇਰੇ ਆਪਣੇ ਕਰਮ ਕੈਸੇ ਹਨ) ॥੬॥

ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨੑਾ ਨ ਮਾਰੇ ਘੁੰਮਿ ॥

ਹੇ ਫਰੀਦ! ਜੋ (ਮਨੁੱਖ) ਤੈਨੂੰ ਮੁੱਕੀਆਂ ਮਾਰਨ (ਭਾਵ, ਕੋਈ ਦੁੱਖ ਦੇਣ) ਉਹਨਾਂ ਨੂੰ ਤੂੰ ਪਰਤ ਕੇ ਨਾ ਮਾਰੀਂ (ਭਾਵ, ਬਦਲਾ ਨਾ ਲਈਂ, ਸਗੋਂ)

ਆਪਨੜੈ ਘਰਿ ਜਾਈਐ ਪੈਰ ਤਿਨੑਾ ਦੇ ਚੁੰਮਿ ॥੭॥

ਉਹਨਾਂ ਦੇ ਪੈਰ ਚੁੰਮ ਕੇ ਆਪਣੇ ਘਰ ਵਿਚ (ਸ਼ਾਂਤ ਅਵਸਥਾ ਵਿਚ) ਟਿਕੇ ਰਹੀਦਾ ਹੈ ॥੭॥

ਫਰੀਦਾ ਜਾਂ ਤਉ ਖਟਣ ਵੇਲ ਤਾਂ ਤੂ ਰਤਾ ਦੁਨੀ ਸਿਉ ॥

ਹੇ ਫਰੀਦ! ਜਦੋਂ ਤੇਰਾ (ਅਸਲ ਖੱਟੀ) ਖੱਟਣ ਦਾ ਵੇਲਾ ਸੀ ਤਦੋਂ ਤੂੰ ਦੁਨੀਆ (ਦੀ ‘ਪੋਟਲੀ’) ਨਾਲ ਮਸਤ ਰਿਹਾ।

ਮਰਗ ਸਵਾਈ ਨੀਹਿ ਜਾਂ ਭਰਿਆ ਤਾਂ ਲਦਿਆ ॥੮॥

(ਇਸ ਤਰ੍ਹਾਂ) ਮੌਤ ਦੀ ਨੀਂਹ ਪੱਕੀ ਹੁੰਦੀ ਗਈ, (ਭਾਵ, ਮੌਤ ਦਾ ਸਮਾਂ ਨੇੜੇ ਆਉਂਦਾ ਗਿਆ) ਜਦੋਂ ਸਾਰੇ ਸੁਆਸ ਪੂਰੇ ਹੋ ਗਏ, ਤਾਂ ਇਥੋਂ ਕੂਚ ਕਰਨਾ ਪਿਆ ॥੮॥

ਦੇਖੁ ਫਰੀਦਾ ਜੁ ਥੀਆ ਦਾੜੀ ਹੋਈ ਭੂਰ ॥

ਹੇ ਫਰੀਦ! ਵੇਖ ਜੋ ਕੁਝ (ਹੁਣ ਤਕ) ਹੋ ਚੁਕਿਆ ਹੈ (ਉਹ ਇਹ ਹੈ ਕਿ) ਦਾੜ੍ਹੀ ਚਿੱਟੀ ਹੋ ਗਈ ਹੈ,

ਅਗਹੁ ਨੇੜਾ ਆਇਆ ਪਿਛਾ ਰਹਿਆ ਦੂਰਿ ॥੯॥

ਮੌਤ ਵਾਲੇ ਪਾਸਿਓਂ ਸਮਾਂ ਨੇੜੇ ਆ ਰਿਹਾ ਹੈ, ਤੇ ਪਿਛਲਾ ਪਾਸਾ (ਜਦੋਂ ਜੰਮਿਆਂ ਸੈਂ) ਦੂਰ (ਪਿਛਾਂਹ) ਰਹਿ ਗਿਆ ਹੈ, (ਸੋ ਹੁਣ ਅੰਞਾਣਾਂ ਵਾਲੇ ਕੰਮ ਨਾਹ ਕਰ, ਤੇ ਅਗਾਂਹ ਦੀ ਤਿਆਰੀ ਲਈ ਕਮਾਈ ਕਰ) ॥੯॥

ਦੇਖੁ ਫਰੀਦਾ ਜਿ ਥੀਆ ਸਕਰ ਹੋਈ ਵਿਸੁ ॥

ਹੇ ਫਰੀਦ! ਵੇਖ, (ਹੁਣ ਤਕ) ਜੋ ਹੋਇਆ ਹੈ (ਉਹ ਇਹ ਹੈ ਕਿ ‘ਦਾੜ੍ਹੀ ਭੂਰ’ ਹੋ ਜਾਣ ਕਰਕੇ) ਦੁਨੀਆ ਦੇ ਮਿੱਠੇ ਪਦਾਰਥ (ਭੀ) ਦੁਖਦਾਈ ਲੱਗਦੇ ਹਨ (ਕਿਉਂਕਿ ਹੁਣ ਸਰੀਰਕ ਇੰਦ੍ਰੇ ਕਮਜ਼ੋਰ ਪੈ ਜਾਣ ਕਰਕੇ ਉਨ੍ਹਾਂ ਭੋਗਾਂ ਨੂੰ ਚੰਗੀ ਤਰ੍ਹਾਂ ਭੋਗ ਨਹੀਂ ਸਕਦੇ)।

ਸਾਂਈ ਬਾਝਹੁ ਆਪਣੇ ਵੇਦਣ ਕਹੀਐ ਕਿਸੁ ॥੧੦॥

ਇਹ ਦੁੱਖੜਾ ਆਪਣੇ ਸਾਈਂ ਬਾਝੋਂ ਹੋਰ ਕਿਸ ਨੂੰ ਆਖੀਏ? (ਭਾਵ, ਪ੍ਰਭੂ ਦੇ ਨਿਯਮਾਂ ਅਨੁਸਾਰ ਹੋ ਰਹੀ ਇਸ ਤਬਦੀਲੀ ਵਿਚ ਕੋਈ ਰੋਕ ਨਹੀਂ ਪਾ ਸਕਦਾ) ॥੧੦॥

ਫਰੀਦਾ ਅਖੀ ਦੇਖਿ ਪਤੀਣੀਆਂ ਸੁਣਿ ਸੁਣਿ ਰੀਣੇ ਕੰਨ ॥

ਹੇ ਫਰੀਦ! (‘ਸੱਕਰ’ ਦੇ ‘ਵਿਸੁ’ ਹੋ ਜਾਣ ਦਾ ਕਾਰਨ ਇਹ ਹੈ ਕਿ) ਅੱਖਾਂ (ਜਗਤ ਦੇ ਰੰਗ-ਤਮਾਸ਼ੇ) ਵੇਖ ਕੇ (ਹੁਣ) ਕਮਜ਼ੋਰ ਹੋ ਗਈਆਂ ਹਨ (ਜਗਤ ਦੇ ਰੰਗ-ਤਮਾਸ਼ੇ ਤਾਂ ਉਸੇ ਤਰ੍ਹਾਂ ਮੌਜੂਦ ਹਨ, ਪਰ ਅੱਖਾਂ ਵਿਚ ਹੁਣ ਵੇਖਣ ਦੀ ਸੱਤਿਆ ਨਹੀਂ ਰਹੀ), ਕੰਨ (ਦੁਨੀਆ ਦੇ ਰਾਗ-ਰੰਗ) ਸੁਣ ਸੁਣ ਕੇ (ਹੁਣ) ਬੋਲੇ ਹੋ ਗਏ ਹਨ।

ਸਾਖ ਪਕੰਦੀ ਆਈਆ ਹੋਰ ਕਰੇਂਦੀ ਵੰਨ ॥੧੧॥

(ਨਿਰਾ ਅੱਖਾਂ ਤੇ ਕੰਨ ਹੀ ਨਹੀਂ, ਸਾਰਾ) ਸਰੀਰ ਹੀ ਬਿਰਧ ਹੋ ਗਿਆ ਹੈ, ਇਸ ਨੇ ਹੋਰ ਹੀ ਰੰਗ ਵਟਾ ਲਿਆ ਹੈ (ਹੁਣ ਭੋਗ ਭੋਗਣ ਜੋਗਾ ਨਹੀਂ ਰਿਹਾ, ਤੇ ਇਸ ਹਹੁਕੇ ਦਾ ਕੋਈ ਇਲਾਜ ਨਹੀਂ ਹੈ) ॥੧੧॥

ਫਰੀਦਾ ਕਾਲਂੀ ਜਿਨੀ ਨ ਰਾਵਿਆ ਧਉਲੀ ਰਾਵੈ ਕੋਇ ॥

ਹੇ ਫਰੀਦ! ਕਾਲੇ ਕੇਸਾਂ ਦੇ ਹੁੰਦਿਆਂ ਜਿਨ੍ਹਾਂ ਨੇ ਪਤੀ-ਪ੍ਰਭੂ ਨਾਲ ਪਿਆਰ ਨਹੀਂ ਕੀਤਾ, ਉਨ੍ਹਾਂ ਵਿਚੋਂ ਕੋਈ ਵਿਰਲਾ ਹੀ ਧਉਲੇ ਆਇਆਂ (ਭਾਵ, ਬਿਰਧ ਉਮਰੇ) ਰੱਬ ਨੂੰ ਯਾਦ ਕਰ ਸਕਦਾ ਹੈ।

ਕਰਿ ਸਾਂਈ ਸਿਉ ਪਿਰਹੜੀ ਰੰਗੁ ਨਵੇਲਾ ਹੋਇ ॥੧੨॥

(ਹੇ ਫਰੀਦ!) ਤੂੰ ਸਾਂਈਂ ਪ੍ਰਭੂ ਨਾਲ ਪਿਆਰ ਕਰ, (ਇਹ) ਪਿਆਰ (ਨਿੱਤ) ਨਵਾਂ ਰਹੇਗਾ (ਦੁਨੀਆ ਦੀ ‘ਪੋਟਲੀ’ ਵਾਲਾ ਪਿਆਰ ਤਾਂ ਸਰੀਰ-‘ਸਾਖ’ ਪੱਕਣ ਤੇ ਟੁੱਟ ਜਾਇਗਾ) ॥੧੨॥


ਮਃ ੩ ॥
ਫਰੀਦਾ ਕਾਲੀ ਧਉਲੀ ਸਾਹਿਬੁ ਸਦਾ ਹੈ ਜੇ ਕੋ ਚਿਤਿ ਕਰੇ ॥

ਹੇ ਫਰੀਦ! ਜੇ ਕੋਈ ਬੰਦਾ ਬੰਦਗੀ ਕਰੇ, ਤਾਂ ਜੁਆਨੀ ਵਿਚ ਭੀ ਤੇ ਬੁਢੇਪੇ ਵਿਚ ਭੀ ਮਾਲਿਕ (ਮਿਲ ਸਕਦਾ) ਹੈ।

ਆਪਣਾ ਲਾਇਆ ਪਿਰਮੁ ਨ ਲਗਈ ਜੇ ਲੋਚੈ ਸਭੁ ਕੋਇ ॥

ਪਰ ਬੇਸ਼ਕ ਕੋਈ ਤਾਂਘ ਕਰ ਕੇ ਵੇਖ ਲਏ, ‘ਇਹ ਪਿਆਰ’ ਆਪਣਾ ਲਾਇਆ ਨਹੀਂ ਲੱਗ ਸਕਦਾ।

ਏਹੁ ਪਿਰਮੁ ਪਿਆਲਾ ਖਸਮ ਕਾ ਜੈ ਭਾਵੈ ਤੈ ਦੇਇ ॥੧੩॥

ਇਹ ਪਿਆਰ-ਰੂਪ ਪਿਆਲਾ ਤਾਂ ਮਾਲਿਕ ਦਾ (ਆਪਣਾ) ਹੈ, ਜਿਸ ਨੂੰ ਉਸ ਦੀ ਮਰਜ਼ੀ ਹੁੰਦੀ ਹੈ ਦੇਂਦਾ ਹੈ ॥੧੩॥


ਫਰੀਦਾ ਜਿਨੑ ਲੋਇਣ ਜਗੁ ਮੋਹਿਆ ਸੇ ਲੋਇਣ ਮੈ ਡਿਠੁ ॥

ਹੇ ਫਰੀਦ! (ਇਸ ਦਿੱਸਦੀ ਗੁਲਜ਼ਾਰ, ਪਰ ਅਸਲ ਵਿਚ, ‘ਗੁਝੀ ਭਾਹਿ’ ਵਿਚ ਮਸਤ ਜੀਵ ਨੂੰ ਕੁਝ ਸੁੱਝਦਾ-ਬੁੱਝਦਾ ਨਹੀਂ। ਪਿਆ ਮਾਣ ਕਰਦਾ ਹੈ। ਪਰ ਮਾਣ ਕਾਹਦਾ?) ਜਿਹੜੀਆਂ (ਸੋਹਣੀਆਂ) ਅੱਖਾਂ ਨੇ ਜਗਤ ਨੂੰ ਮੋਹ ਰੱਖਿਆ ਸੀ, ਉਹ ਅੱਖਾਂ ਮੈਂ ਭੀ ਵੇਖੀਆਂ,

ਕਜਲ ਰੇਖ ਨ ਸਹਦਿਆ ਸੇ ਪੰਖੀ ਸੂਇ ਬਹਿਠੁ ॥੧੪॥

(ਪਹਿਲਾਂ ਤਾਂ ਇਤਨੀਆਂ ਨਾਜ਼ਕ ਸਨ ਕਿ) ਕੱਜਲ ਦੀ ਧਾਰ ਨਹੀਂ ਸਹਾਰ ਸਕਦੀਆਂ ਸਨ, ਫਿਰ ਉਹ ਪੰਛੀਆਂ ਦੇ ਬੱਚਿਆਂ ਦਾ ਆਹਲਣਾ ਬਣੀਆਂ (ਭਾਵ, ਅਸਾਡੇ ਸਾਹਮਣੇ ਸਰੀਰਕ ਸੁੰਦਰਤਾ ਆਖ਼ਰ ਨਿੱਤ ਨਾਸ ਹੋ ਜਾਂਦੀ ਹੈ, ਇਸ ਤੇ ਮਾਣ ਕੂੜਾ ਹੈ) ॥੧੪॥

ਫਰੀਦਾ ਕੂਕੇਦਿਆ ਚਾਂਗੇਦਿਆ ਮਤੀ ਦੇਦਿਆ ਨਿਤ ॥

ਹੇ ਫਰੀਦ! (ਭਾਵੇਂ ਕਿਤਨਾ ਹੀ) ਪੁਕਾਰ ਪੁਕਾਰ ਕੇ ਆਖੀਏ (ਕਿਤਨਾ ਹੀ) ਨਿੱਤ ਮੱਤਾਂ ਦੇਈਏ;

ਜੋ ਸੈਤਾਨਿ ਵੰਞਾਇਆ ਸੇ ਕਿਤ ਫੇਰਹਿ ਚਿਤ ॥੧੫॥

ਪਰ, ਜਿਨ੍ਹਾਂ ਬੰਦਿਆਂ ਨੂੰ (ਮਨ-) ਸ਼ੈਤਾਨ ਨੇ ਵਿਗਾੜਿਆ ਹੋਇਆ ਹੈ, ਉਹ ਕਿਵੇਂ (‘ਦੁਨੀ’ ਵਲੋਂ) ਚਿੱਤ ਫੇਰ ਸਕਦੇ ਹਨ? ॥੧੫॥

ਰੀਦਾ ਥੀਉ ਪਵਾਹੀ ਦਭੁ ॥

ਹੇ ਫਰੀਦ! ਤੂੰ ਪਹੇ ਦੀ ਦੱਭ (ਵਰਗਾ) ਬਣ ਜਾ,

ਜੇ ਸਾਂਈ ਲੋੜਹਿ ਸਭੁ ॥

ਜੇ ਤੂੰ ਮਾਲਕ (-ਪ੍ਰਭੂ) ਨੂੰ ਹਰ ਥਾਂ ਭਾਲਦਾ ਹੈਂ (ਭਾਵ, ਵੇਖਣਾ ਚਾਹੁੰਦਾ ਹੈਂ)।

ਇਕੁ ਛਿਜਹਿ ਬਿਆ ਲਤਾੜੀਅਹਿ ॥

(ਦੱਭ ਦੇ) ਇਕ ਬੂਟੇ ਨੂੰ (ਲੋਕ) ਤੋੜਦੇ ਹਨ, ਤੇ ਕਈ ਹੋਰ ਬੂਟੇ (ਉਨ੍ਹਾਂ ਦੇ ਪੈਰਾਂ ਹੇਠ) ਲਤਾੜੇ ਜਾਂਦੇ ਹਨ।

ਤਾਂ ਸਾਈ ਦੈ ਦਰਿ ਵਾੜੀਅਹਿ ॥੧੬॥

(ਜੇ ਤੂੰ ਇਹੋ ਜਿਹਾ ਸੁਭਾਉ ਬਣਾ ਲਏਂ) ਤਾਂ ਤੂੰ ਮਾਲਕ ਦੇ ਦਰ ਤੇ ਕਬੂਲ ਹੋਵੇਂਗਾ ॥੧੬॥

ਫਰੀਦਾ ਖਾਕੁ ਨ ਨਿੰਦੀਐ ਖਾਕੂ ਜੇਡੁ ਨ ਕੋਇ ॥

ਹੇ ਫਰੀਦ! ਮਿੱਟੀ ਨੂੰ ਮਾੜਾ ਨਹੀਂ ਆਖਣਾ ਚਾਹੀਦਾ, ਮਿੱਟੀ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ।

ਜੀਵਦਿਆ ਪੈਰਾ ਤਲੈ ਮੁਇਆ ਉਪਰਿ ਹੋਇ ॥੧੭॥

(ਮਨੁੱਖ ਦੇ) ਪੈਰਾਂ ਹੇਠ ਹੁੰਦੀ ਹੈ, (ਪਰ ਮਨੁੱਖ ਦੇ) ਮਰਿਆਂ ਉਸ ਦੇ ਉੱਤੇ ਹੋ ਜਾਂਦੀ ਹੈ, (ਇਸੇ ਤਰ੍ਹਾਂ ‘ਗ਼ਰੀਬੀ-ਸੁਭਾਵ’ ਦੀ ਰੀਸ ਨਹੀਂ ਹੋ ਸਕਦੀ, ‘ਗ਼ਰੀਬੀ-ਸੁਭਾਵ’ ਵਾਲਾ ਬੰਦਾ ਜ਼ਿੰਦਗੀ ਵਿਚ ਭਾਵੇਂ ਸਭ ਦੀ ਵਧੀਕੀ ਸਹਾਰਦਾ ਹੈ, ਪਰ ਮਨ ਨੂੰ ਮਾਰਨ ਕਰਕੇ ਆਤਮਕ ਅਵਸਥਾ ਵਿਚ ਉਹ ਸਭ ਤੋਂ ਉੱਚਾ ਹੁੰਦਾ ਹੈ) ॥੧੭॥

ਫਰੀਦਾ ਜਾ ਲਬੁ ਤਾ ਨੇਹੁ ਕਿਆ ਲਬੁ ਤ ਕੂੜਾ ਨੇਹੁ ॥

ਹੇ ਫਰੀਦ! ਜੇ (ਰੱਬ ਦੀ ਬੰਦਗੀ ਕਰਦਿਆਂ ਇਵਜ਼ਾਨੇ ਵਜੋਂ ਕੋਈ ਦੁਨੀਆ ਦਾ) ਲਾਲਚ ਹੈ, ਤਾਂ (ਰੱਬ ਨਾਲ) ਅਸਲ ਪਿਆਰ ਨਹੀਂ ਹੈ। (ਜਦ ਤਕ) ਲਾਲਚ ਹੈ, ਤਦ ਤਕ ਪਿਆਰ ਝੂਠਾ ਹੈ।

ਕਿਚਰੁ ਝਤਿ ਲਘਾਈਐ ਛਪਰਿ ਤੁਟੈ ਮੇਹੁ ॥੧੮॥

ਟੁੱਟੇ ਹੋਏ ਛੱਪਰ ਉਤੇ ਮੀਂਹ ਪੈਂਦਿਆਂ ਕਦ ਤਾਂਈ ਸਮਾ ਨਿਕਲ ਸਕੇਗਾ? (ਭਾਵ, ਜਦੋਂ ਦੁਨੀਆ ਵਾਲੀ ਗ਼ਰਜ਼ ਪੂਰੀ ਨਾ ਹੋਈ, ਪਿਆਰ ਟੁੱਟ ਜਾਏਗਾ) ॥੧੮॥

ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ ॥

ਹੇ ਫਰੀਦ! ਹਰੇਕ ਜੰਗਲ ਨੂੰ ਗਾਹਣ ਦਾ ਕੀਹ ਲਾਭ ਹੈ? ਜੰਗਲ ਵਿਚ ਕੰਡੇ ਕਿਉਂ ਲਤਾੜਦਾ ਫਿਰਦਾ ਹੈਂ?

ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ ॥੧੯॥

ਰੱਬ (ਤਾਂ ਤੇਰੇ) ਹਿਰਦੇ ਵਿਚ ਵੱਸਦਾ ਹੈ, ਜੰਗਲ ਨੂੰ ਭਾਲਣ ਦਾ ਕੀ ਫ਼ਾਇਦਾ? ॥੧੯॥

ਫਰੀਦਾ ਇਨੀ ਨਿਕੀ ਜੰਘੀਐ ਥਲ ਡੂੰਗਰ ਭਵਿਓਮਿੑ ॥

ਹੇ ਫਰੀਦ! ਇਹਨਾਂ ਨਿੱਕੀਆਂ ਨਿੱਕੀਆਂ ਲੱਤਾਂ ਨਾਲ (ਜਵਾਨੀ ਵੇਲੇ) ਮੈਂ ਥਲ ਤੇ ਪਹਾੜ ਗਾਹ ਆਉਂਦਾ ਰਿਹਾ,

ਅਜੁ ਫਰੀਦੈ ਕੂਜੜਾ ਸੈ ਕੋਹਾਂ ਥੀਓਮਿ ॥੨੦॥

ਪਰ ਅੱਜ (ਬੁਢੇਪੇ ਵਿਚ) ਮੈਨੂੰ ਫਰੀਦ ਨੂੰ (ਇਹ ਰਤਾ ਪਰੇ ਪਿਆ) ਲੋਟਾ ਸੈ ਕੋਹਾਂ ਤੇ ਹੋ ਗਿਆ ਹੈ (ਸੋ, ਬੰਦਗੀ ਦਾ ਵੇਲਾ ਭੀ ਜੁਆਨੀ ਹੀ ਹੈ ਜਦੋਂ ਸਰੀਰ ਕੰਮ ਦੇ ਸਕਦਾ ਹੈ) ॥੨੦॥

ਫਰੀਦਾ ਰਾਤੀ ਵਡੀਆਂ ਧੁਖਿ ਧੁਖਿ ਉਠਨਿ ਪਾਸ ॥

ਹੇ ਫਰੀਦ! (ਸਿਆਲ ਦੀਆਂ) ਲੰਮੀਆਂ ਰਾਤਾਂ ਵਿਚ (ਸਉਂ ਸਉਂ ਕੇ) ਪਾਸੇ ਧੁਖ ਉੱਠਦੇ ਹਨ (ਇਸੇ ਤਰ੍ਹਾਂ ਪਰਾਈ ਆਸ ਤੱਕਦਿਆਂ ਸਮਾ ਮੁੱਕਦਾ ਨਹੀਂ, ਪਰਾਏ ਦਰ ਤੇ ਬੈਠਿਆਂ ਅੱਕ ਜਾਈਦਾ ਹੈ)।

ਧਿਗੁ ਤਿਨੑਾ ਦਾ ਜੀਵਿਆ ਜਿਨਾ ਵਿਡਾਣੀ ਆਸ ॥੨੧॥

ਸੋ, ਜੋ ਲੋਕ ਦੂਜਿਆਂ ਦੀ ਆਸ ਤੱਕਦੇ ਹਨ ਉਹਨਾਂ ਦੇ ਜੀਉਣ ਨੂੰ ਫਿਟਕਾਰ ਹੈ, (ਆਸ ਇਕ ਰੱਬ ਦੀ ਰੱਖੋ) ॥੨੧॥

ਫਰੀਦਾ ਜੇ ਮੈ ਹੋਦਾ ਵਾਰਿਆ ਮਿਤਾ ਆਇੜਿਆਂ ॥

ਹੇ ਫਰੀਦ! ਜੇ ਮੈਂ ਆਏ ਸੱਜਣਾਂ ਤੋਂ ਕਦੇ ਕੁਝ ਲੁਕਾ ਰੱਖਾਂ,

ਹੇੜਾ ਜਲੈ ਮਜੀਠ ਜਿਉ ਉਪਰਿ ਅੰਗਾਰਾ ॥੨੨॥

ਤਾਂ ਮੇਰਾ ਸਰੀਰ (ਇਉਂ) ਸੜਦਾ ਹੈ ਜਿਵੇਂ ਬਲਦੇ ਕੋਲਿਆਂ ਉੱਤੇ ਮਜੀਠ (ਭਾਵ, ਘਰ-ਆਏ ਕਿਸੇ ਅੱਭਿਆਗਤ ਦੀ ਸੇਵਾ ਕਰਨ ਤੋਂ ਜੇ ਕਦੇ ਮਨ ਖਿਸਕੇ ਤਾਂ ਜਿੰਦ ਨੂੰ ਬੜਾ ਦੁੱਖ ਪ੍ਰਤੀਤ ਹੁੰਦਾ ਹੈ) ॥੨੨॥

ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ ॥

ਹੇ ਫਰੀਦ! (ਬੰਦਗੀ ਤੋਂ ਬਿਨਾ ਸੁਖੀ ਜੀਵਨ ਦੀ ਆਸ ਰੱਖਣ ਵਾਲਾ ਮਨੁੱਖ ਉਸ ਜੱਟ ਵਾਂਗ ਹੈ) ਜੋ ਜੱਟ ਕਿਕਰੀਆਂ ਬੀਜਦਾ ਹੈ ਪਰ (ਉਹਨਾਂ ਕਿਕਰੀਆਂ ਤੋਂ) ਬਿਜੌਰ ਦੇ ਇਲਾਕੇ ਦਾ ਛੋਟਾ ਅੰਗੂਰ (ਖਾਣਾ) ਚਾਹੁੰਦਾ ਹੈ,

ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ ॥੨੩॥

(ਸਾਰੀ ਉਮਰ) ਉੱਨ ਕਤਾਂਦਾ ਫਿਰਦਾ ਹੈ, ਪਰ ਰੇਸ਼ਮ ਪਹਿਨਣਾ ਚਾਹੁੰਦਾ ਹੈ ॥੨੩॥

ਫਰੀਦਾ ਗਲੀਏ ਚਿਕੜੁ ਦੂਰਿ ਘਰੁ ਨਾਲਿ ਪਿਆਰੇ ਨੇਹੁ ॥

ਹੇ ਫਰੀਦ! (ਵਰਖਾ ਦੇ ਕਾਰਨ) ਗਲੀ ਵਿਚ ਚਿੱਕੜ ਹੈ, (ਇਥੋਂ ਪਿਆਰੇ ਦਾ) ਘਰ ਦੂਰ ਹੈ (ਪਰ) ਪਿਆਰੇ ਨਾਲ (ਮੇਰਾ) ਪਿਆਰ (ਬਹੁਤ) ਹੈ।

ਚਲਾ ਤ ਭਿਜੈ ਕੰਬਲੀ ਰਹਾਂ ਤ ਤੁਟੈ ਨੇਹੁ ॥੨੪॥

ਜੇ ਮੈਂ (ਪਿਆਰੇ ਨੂੰ ਮਿਲਣ) ਜਾਵਾਂ ਤਾਂ ਮੇਰੀ ਕੰਬਲੀ ਭਿੱਜਦੀ ਹੈ, ਜੇ (ਵਰਖਾ ਤੇ ਚਿੱਕੜ ਤੋਂ ਡਰਦਾ) ਨਾਹ ਜਾਵਾਂ ਤਾਂ ਮੇਰਾ ਪਿਆਰ ਟੁੱਟਦਾ ਹੈ ॥੨੪॥

ਭਿਜਉ ਸਿਜਉ ਕੰਬਲੀ ਅਲਹ ਵਰਸਉ ਮੇਹੁ ॥

(ਮੇਰੀ) ਕੰਬਲੀ ਬੇਸ਼ੱਕ ਚੰਗੀ ਤਰ੍ਹਾਂ ਭਿੱਜ ਜਾਏ, ਰੱਬ ਕਰੇ ਮੀਂਹ (ਭੀ) ਬੇਸ਼ੱਕ ਵਰ੍ਹਦਾ ਰਹੇ,

ਜਾਇ ਮਿਲਾ ਤਿਨਾ ਸਜਣਾ ਤੁਟਉ ਨਾਹੀ ਨੇਹੁ ॥੨੫॥

(ਪਰ) ਮੈਂ ਉਨ੍ਹਾਂ ਸੱਜਣਾਂ ਨੂੰ ਜ਼ਰੂਰ ਮਿਲਾਂਗਾ, (ਤਾਕਿ ਕਿਤੇ) ਮੇਰਾ ਪਿਆਰ ਨ ਟੁੱਟ ਜਾਏ ॥੨੫॥

ਫਰੀਦਾ ਮੈ ਭੋਲਾਵਾ ਪਗ ਦਾ ਮਤੁ ਮੈਲੀ ਹੋਇ ਜਾਇ ॥

ਹੇ ਫਰੀਦ! ਮੈਨੂੰ (ਆਪਣੀ) ਪੱਗ ਦਾ ਫ਼ਿਕਰ (ਰਹਿੰਦਾ) ਹੈ (ਕਿ ਮਿੱਟੀ ਨਾਲ ਮੇਰੀ ਪੱਗ) ਕਿਤੇ ਮੈਲੀ ਨਾ ਹੋ ਜਾਏ,

ਗਹਿਲਾ ਰੂਹੁ ਨ ਜਾਣਈ ਸਿਰੁ ਭੀ ਮਿਟੀ ਖਾਇ ॥੨੬॥

ਪਰ ਕਮਲੀ ਜਿੰਦ ਇਹ ਨਹੀਂ ਜਾਣਦੀ ਕਿ ਮਿੱਟੀ (ਤਾਂ) ਸਿਰ ਨੂੰ ਭੀ ਖਾ ਜਾਂਦੀ ਹੈ ॥੨੬॥

ਫਰੀਦਾ ਸਕਰ ਖੰਡੁ ਨਿਵਾਤ ਗੁੜੁ ਮਾਖਿਓੁ ਮਾਂਝਾ ਦੁਧੁ ॥

ਹੇ ਫਰੀਦ! ਸ਼ੱਕਰ, ਖੰਡ, ਮਿਸਰੀ, ਗੁੜ, ਸ਼ਹਿਦ ਅਤੇ ਮਾਝਾ ਦੁੱਧ-

ਸਭੇ ਵਸਤੂ ਮਿਠੀਆਂ ਰਬ ਨ ਪੁਜਨਿ ਤੁਧੁ ॥੨੭॥

ਇਹ ਸਾਰੀਆਂ ਚੀਜ਼ਾਂ ਮਿੱਠੀਆਂ ਹਨ। ਪਰ, ਹੇ ਰੱਬ! (ਮਿਠਾਸ ਵਿਚ ਇਹ ਚੀਜ਼ਾਂ) ਤੇਰੇ (ਨਾਮ ਦੀ ਮਿਠਾਸ) ਤਕ ਨਹੀਂ ਅੱਪੜ ਸਕਦੀਆਂ ॥੨੭॥

ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ ॥

ਹੇ ਫਰੀਦ! (ਆਪਣੇ ਹੱਥਾਂ ਦੀ ਕਮਾਈ ਹੋਈ) ਮੇਰੀ ਰੁੱਖੀ-ਮਿੱਸੀ (ਭਾਵ, ਸਾਦਾ) ਰੋਟੀ ਹੈ, ਮੇਰੀ ਭੁੱਖ ਹੀ (ਇਸ ਰੋਟੀ ਦੇ ਨਾਲ) ਸਲੂਣਾ ਹੈ।

ਜਿਨਾ ਖਾਧੀ ਚੋਪੜੀ ਘਣੇ ਸਹਨਿਗੇ ਦੁਖ ॥੨੮॥

ਜੋ ਲੋਕ ਚੰਗੀ-ਚੋਖੀ ਖਾਂਦੇ ਹਨ, ਉਹ ਬੜੇ ਕਸ਼ਟ ਸਹਿੰਦੇ ਹਨ (ਭਾਵ, ਆਪਣੀ ਕਮਾਈ ਦੀ ਸਾਦਾ ਰੋਟੀ ਚੰਗੀ ਹੈ, ਚਸਕੇ ਮਨੁੱਖ ਨੂੰ ਖ਼ੁਆਰ ਕਰਦੇ ਹਨ) ॥੨੮॥

ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ ॥

ਹੇ ਫਰੀਦ! (ਆਪਣੀ ਕਮਾਈ ਦੀ) ਰੁੱਖੀ-ਸੁੱਖੀ ਹੀ ਖਾ ਕੇ ਠੰਢਾ ਪਾਣੀ ਪੀ ਲੈ।

ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ ॥੨੯॥

ਪਰ ਪਰਾਈ ਸੁਆਦਲੀ ਰੋਟੀ ਵੇਖ ਕੇ ਆਪਣਾ ਮਨ ਨਾਹ ਤਰਸਾਈਂ ॥੨੯॥

ਅਜੁ ਨ ਸੁਤੀ ਕੰਤ ਸਿਉ ਅੰਗੁ ਮੁੜੇ ਮੁੜਿ ਜਾਇ ॥

ਮੈਂ (ਤਾਂ ਕੇਵਲ) ਅੱਜ (ਹੀ) ਪਿਆਰੇ ਨਾਲ ਨਹੀਂ ਸੁੱਤੀ (ਭਾਵ, ਮੈਂ ਤਾਂ ਕੇਵਲ ਅੱਜ ਹੀ ਪਿਆਰੇ ਪਤੀ-ਪਰਮਾਤਮਾ ਵਿਚ ਲੀਨ ਨਹੀਂ ਹੋਈ, ਤੇ ਹੁਣ) ਇਉਂ ਹੈ ਜਿਵੇਂ ਮੇਰਾ ਸਰੀਰ ਟੁੱਟ ਰਿਹਾ ਹੈ।

ਜਾਇ ਪੁਛਹੁ ਡੋਹਾਗਣੀ ਤੁਮ ਕਿਉ ਰੈਣਿ ਵਿਹਾਇ ॥੩੦॥

ਜਾ ਕੇ ਛੁੱਟੜਾਂ (ਮੰਦ-ਭਾਗਣਾਂ) ਨੂੰ ਪੁੱਛੋ ਕਿ ਤੁਹਾਡੀ (ਸਦਾ ਹੀ) ਰਾਤ ਕਿਵੇਂ ਬੀਤਦੀ ਹੈ (ਭਾਵ, ਮੈਨੂੰ ਤਾਂ ਅੱਜ ਹੀ ਥੋੜਾ ਚਿਰ ਪ੍ਰਭੂ ਵਿਸਰਿਆ ਹੈ ਤੇ ਮੈਂ ਦੁਖੀ ਹਾਂ। ਜਿਨ੍ਹਾਂ ਕਦੇ ਭੀ ਉਸ ਨੂੰ ਯਾਦ ਨਹੀਂ ਕੀਤਾ, ਉਹਨਾਂ ਦੀ ਤਾਂ ਸਾਰੀ ਉਮਰ ਹੀ ਦੁਖੀ ਗੁਜ਼ਰਦੀ ਹੋਵੇਗੀ) ॥੩੦॥

ਸਾਹੁਰੈ ਢੋਈ ਨਾ ਲਹੈ ਪੇਈਐ ਨਾਹੀ ਥਾਉ ॥

ਉਸ ਇਸਤ੍ਰੀ ਨੂੰ ਨਾਹ ਸਹੁਰੇ ਘਰ ਤੇ ਨਾਹ ਹੀ ਪੇਕੇ ਘਰ ਕੋਈ ਥਾਂ ਕੋਈ ਆਸਰਾ ਮਿਲਦਾ ਹੈ,

ਪਿਰੁ ਵਾਤੜੀ ਨ ਪੁਛਈ ਧਨ ਸੋਹਾਗਣਿ ਨਾਉ ॥੩੧॥

ਜਿਸ ਇਸਤ੍ਰੀ ਦੀ ਮਾੜੀ ਜਿਹੀ ਵਾਤ ਭੀ ਪਤੀ ਨਾਹ ਪੁੱਛੇ, ਉਹ ਆਪਣਾ ਨਾਮ ਬੇਸ਼ੱਕ ਸੁਹਾਗਣ ਰੱਖੀ ਰੱਖੇ (ਭਾਵ, ਪ੍ਰਭੂ ਦੀ ਯਾਦ ਤੋਂ ਖੁੰਝੇ ਹੋਏ ਜੀਵ ਲੋਕ ਪਰਲੋਕ ਦੋਹੀਂ ਥਾਈਂ ਖ਼ੁਆਰ ਹੁੰਦੇ ਹਨ, ਬਾਹਰੋਂ ਬੰਦਗੀ ਵਾਲਾ ਵੇਸ ਸਹੈਤਾ ਨਹੀਂ ਕਰ ਸਕਦਾ) ॥੩੧॥

ਸਾਹੁਰੈ ਪੇਈਐ ਕੰਤ ਕੀ ਕੰਤੁ ਅਗੰਮੁ ਅਥਾਹੁ ॥

ਹੇ ਨਾਨਕ! ਸੋਹਾਗਣ (ਜੀਵ-ਇਸਤ੍ਰੀ) ਉਹੀ ਹੈ ਜੋ ਉਸ ਬੇ-ਪਰਵਾਹ ਪ੍ਰਭੂ ਨੂੰ ਪਿਆਰੀ ਲੱਗਦੀ ਹੈ,

ਨਾਨਕ ਸੋ ਸੋਹਾਗਣੀ ਜੁ ਭਾਵੈ ਬੇਪਰਵਾਹ ॥੩੨॥

ਜੋ ਇਸ ਲੋਕ ਤੇ ਪਰਲੋਕ ਵਿਚ ਉਸ ਖਸਮ ਦੀ ਬਣ ਕੇ ਰਹਿੰਦੀ ਹੈ। ਖਸਮ ਪਰਮਾਤਮਾ ਜੀਵਾਂ ਦੀ ਪਹੁੰਚ ਤੋਂ ਪਰੇ ਹੈ, ਤੇ ਬਹੁਤ ਡੂੰਘਾ ਹੈ (ਭਾਵ, ਉਹ ਇਤਨਾ ਜਿਗਰੇ ਵਾਲਾ ਹੈ ਕਿ ਭੁੱਲੜਾਂ ਉੱਤੇ ਭੀ ਗੁੱਸੇ ਨਹੀਂ ਹੁੰਦਾ) ॥੩੨॥

ਨਾਤੀ ਧੋਤੀ ਸੰਬਹੀ ਸੁਤੀ ਆਇ ਨਚਿੰਦੁ ॥

(ਜੋ ਜੀਵ-ਇਸਤ੍ਰੀ) ਨ੍ਹਾ ਧੋ ਕੇ (ਪਤੀ ਮਿਲਣ ਦੀ ਆਸ ਵਿਚ) ਤਿਆਰ ਹੋ ਬੈਠੀ, (ਪਰ ਫਿਰ) ਬੇ-ਫ਼ਿਕਰ ਹੋ ਕੇ ਸਉਂ ਗਈ,

ਫਰੀਦਾ ਰਹੀ ਸੁ ਬੇੜੀ ਹਿੰਙੁ ਦੀ ਗਈ ਕਥੂਰੀ ਗੰਧੁ ॥੩੩॥

ਹੇ ਫਰੀਦ! ਉਸ ਦੀ ਕਸਤੂਰੀ ਵਾਲੀ ਸੁਗੰਧੀ ਤਾਂ ਉੱਡ ਗਈ, ਉਹ ਹਿੰਙ ਦੀ (ਬੋ ਨਾਲ) ਭਰੀ ਰਹਿ ਗਈ (ਭਾਵ, ਜੇ ਬਾਹਰਲੇ ਧਾਰਮਿਕ ਸਾਧਨ ਕਰ ਲਏ, ਪਰ ਸਿਮਰਨ ਤੋਂ ਖੁੰਝੇ ਰਹੇ ਤਾਂ ਭਲੇ ਗੁਣ ਸਭ ਦੂਰ ਹੋ ਜਾਂਦੇ ਹਨ, ਤੇ ਪੱਲੇ ਅਉਗਣ ਹੀ ਰਹਿ ਜਾਂਦੇ ਹਨ) ॥੩੩॥

ਜੋਬਨ ਜਾਂਦੇ ਨਾ ਡਰਾਂ ਜੇ ਸਹ ਪ੍ਰੀਤਿ ਨ ਜਾਇ ॥

ਜੇ ਖਸਮ (ਪ੍ਰਭੂ) ਨਾਲ ਮੇਰੀ ਪ੍ਰੀਤ ਨਾਹ ਟੁੱਟੇ ਤਾਂ ਮੈਨੂੰ ਜੁਆਨੀ ਦੇ (ਗੁਜ਼ਰ) ਜਾਣ ਦਾ ਡਰ ਨਹੀਂ ਹੈ।

ਫਰੀਦਾ ਕਿਤਂੀ ਜੋਬਨ ਪ੍ਰੀਤਿ ਬਿਨੁ ਸੁਕਿ ਗਏ ਕੁਮਲਾਇ ॥੩੪॥

ਹੇ ਫਰੀਦ! (ਪ੍ਰਭੂ ਦੀ) ਪ੍ਰੀਤ ਤੋਂ ਸੱਖਣੇ ਕਿਤਨੇ ਹੀ ਜੋਬਨ ਕੁਮਲਾ ਕੇ ਸੁੱਕ ਗਏ (ਭਾਵ, ਜੇ ਪ੍ਰਭੂ-ਚਰਨਾਂ ਨਾਲ ਪਿਆਰ ਨਹੀਂ ਬਣਿਆ ਤਾਂ ਮਨੁੱਖਾ ਜੀਵਨ ਦਾ ਜੋਬਨ ਵਿਅਰਥ ਹੀ ਗਿਆ) ॥੩੪॥

ਫਰੀਦਾ ਚਿੰਤ ਖਟੋਲਾ ਵਾਣੁ ਦੁਖੁ ਬਿਰਹਿ ਵਿਛਾਵਣ ਲੇਫੁ ॥

ਹੇ ਫਰੀਦ! (ਪ੍ਰਭੂ ਦੀ ਯਾਦ ਭੁਲਾ ਕੇ) ਚਿੰਤਾ (ਅਸਾਡੀ) ਨਿੱਕੀ ਜਿਹੀ ਮੰਜੀ (ਬਣੀ ਹੋਈ ਹੈ), ਦੁੱਖ (ਉਸ ਮੰਜੇ ਦਾ) ਵਾਣ ਹੈ ਅਤੇ ਵਿਛੋੜੇ ਦੇ ਕਾਰਣ (ਦੁੱਖ ਦੀ) ਤੁਲਾਈ ਤੇ ਲੇਫ਼ ਹੈ।

ਏਹੁ ਹਮਾਰਾ ਜੀਵਣਾ ਤੂ ਸਾਹਿਬ ਸਚੇ ਵੇਖੁ ॥੩੫॥

ਹੇ ਸੱਚੇ ਮਾਲਿਕ! ਵੇਖ, (ਤੈਥੋਂ ਵਿਛੁੜ ਕੇ) ਇਹ ਹੈ ਅਸਾਡਾ ਜੀਊਣ (ਦਾ ਹਾਲ) ॥੩੫॥

ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨੁ ॥

ਹਰ ਕੋਈ ਆਖਦਾ ਹੈ (ਹਾਇ!) ਵਿਛੋੜਾ (ਬੁਰਾ) (ਹਾਇ!) ਵਿਛੋੜਾ (ਬੁਰਾ)। ਪਰ ਹੇ ਵਿਛੋੜੇ! ਤੂੰ ਪਾਤਸ਼ਾਹ ਹੈਂ (ਭਾਵ, ਤੈਨੂੰ ਮੈਂ ਸਲਾਮ ਕਰਦਾ ਹਾਂ, ਕਿਉਂਕਿ),

ਫਰੀਦਾ ਜਿਤੁ ਤਨਿ ਬਿਰਹੁ ਨ ਊਪਜੈ ਸੋ ਤਨੁ ਜਾਣੁ ਮਸਾਨੁ ॥੩੬॥

ਹੇ ਫਰੀਦ! ਜਿਸ ਸਰੀਰ ਵਿਚ ਵਿਛੋੜੇ ਦਾ ਸੱਲ ਨਹੀਂ ਪੈਦਾ ਹੁੰਦਾ (ਭਾਵ, ਜਿਸ ਮਨੁੱਖ ਨੂੰ ਕਦੇ ਇਹ ਚੋਭ ਨਹੀਂ ਵੱਜੀ ਕਿ ਮੈਂ ਪ੍ਰਭੂ ਤੋਂ ਵਿਛੁੜਿਆ ਹੋਇਆ ਹਾਂ) ਉਸ ਸਰੀਰ ਨੂੰ ਮਸਾਣ ਸਮਝੋ (ਭਾਵ, ਉਸ ਸਰੀਰ ਵਿਚ ਰਹਿਣ ਵਾਲੀ ਰੂਹ ਵਿਕਾਰਾਂ ਵਿਚ ਸੜ ਰਹੀ ਹੈ) ॥੩੬॥

ਫਰੀਦਾ ਏ ਵਿਸੁ ਗੰਦਲਾ ਧਰੀਆਂ ਖੰਡੁ ਲਿਵਾੜਿ ॥

ਹੇ ਫਰੀਦ! ਇਹ ਦੁਨੀਆ ਦੇ ਪਦਾਰਥ (ਮਾਨੋ) ਜ਼ਹਿਰ-ਭਰੀਆਂ ਗੰਦਲਾਂ ਹਨ, ਜੋ ਖੰਡ ਨਾਲ ਗਲੇਫ਼ ਰੱਖੀਆਂ ਹਨ।

ਇਕਿ ਰਾਹੇਦੇ ਰਹਿ ਗਏ ਇਕਿ ਰਾਧੀ ਗਏ ਉਜਾੜਿ ॥੩੭॥

ਇਹਨਾਂ ਗੰਦਲਾਂ ਨੂੰ ਕਈ ਬੀਜਦੇ ਹੀ ਮਰ ਗਏ ਤੇ, ਬੀਜੀਆਂ ਨੂੰ (ਵਿਚੇ ਹੀ) ਛੱਡ ਗਏ ॥੩੭॥

ਫਰੀਦਾ ਚਾਰਿ ਗਵਾਇਆ ਹੰਢਿ ਕੈ ਚਾਰਿ ਗਵਾਇਆ ਸੰਮਿ ॥

ਹੇ ਫਰੀਦ! (ਇਹਨਾਂ ‘ਵਿਸੁ-ਗੰਦਲਾਂ’ ਲਈ, ਦੁਨੀਆ ਦੇ ਇਹਨਾਂ ਪਦਾਰਥਾਂ ਲਈ) ਚਾਰ (ਪਹਿਰ ਦਿਨ) ਤੂੰ ਦੌੜ-ਭੱਜ ਕੇ ਵਿਅਰਥ ਗੁਜ਼ਾਰ ਦਿੱਤਾ ਹੈ, ਤੇ ਚਾਰ (ਪਹਿਰ ਰਾਤਿ) ਸਉਂ ਕੇ ਗਵਾ ਦਿੱਤੀ ਹੈ।

ਲੇਖਾ ਰਬੁ ਮੰਗੇਸੀਆ ਤੂ ਆਂਹੋ ਕੇਰ੍ਹੇ ਕੰਮਿ ॥੩੮॥

ਪਰਮਾਤਮਾ ਹਿਸਾਬ ਮੰਗੇਗਾ ਕਿ (ਜਗਤ ਵਿਚ) ਤੂੰ ਕਿਸ ਕੰਮ ਆਇਆ ਸੈਂ ॥੩੮॥

ਫਰੀਦਾ ਦਰਿ ਦਰਵਾਜੈ ਜਾਇ ਕੈ ਕਿਉ ਡਿਠੋ ਘੜੀਆਲੁ ॥

ਹੇ ਫਰੀਦ! ਕੀ (ਕਿਸੇ) ਬੂਹੇ ਤੇ (ਕਿਸੇ) ਦਰਵਾਜ਼ੇ ਤੇ ਜਾ ਕੇ (ਕਦੇ) ਘੜੀਆਲ (ਵੱਜਦਾ) ਵੇਖਿਆ ਈ?

ਏਹੁ ਨਿਦੋਸਾਂ ਮਾਰੀਐ ਹਮ ਦੋਸਾਂ ਦਾ ਕਿਆ ਹਾਲੁ ॥੩੯॥

ਇਹ (ਘੜਿਆਲ) ਬੇ-ਦੋਸਾ (ਹੀ) ਮਾਰ ਖਾਂਦਾ ਹੈ, (ਭਲਾ) ਅਸਾਡਾ ਦੋਸੀਆਂ ਦਾ ਕੀਹ ਹਾਲ? ॥੩੯॥

ਘੜੀਏ ਘੜੀਏ ਮਾਰੀਐ ਪਹਰੀ ਲਹੈ ਸਜਾਇ ॥

(ਘੜੀਆਲ ਨੂੰ) ਹਰੇਕ ਘੜੀ ਪਿਛੋਂ ਮਾਰ ਪੈਂਦੀ ਹੈ, ਹਰੇਕ ਪਹਿਰ ਮਗਰੋਂ (ਇਹ) ਕੁੱਟ ਖਾਂਦਾ ਹੈ।

ਸੋ ਹੇੜਾ ਘੜੀਆਲ ਜਿਉ ਡੁਖੀ ਰੈਣਿ ਵਿਹਾਇ ॥੪੦॥

ਘੜੀਆਲ ਵਾਂਗ ਹੀ ਹੈ ਉਹ ਸਰੀਰ (ਜਿਸ ਨੇ ‘ਵਿਸੁ ਗੰਦਲਾਂ’ ਦੀ ਖ਼ਾਤਰ ਹੀ ਉਮਰ ਗੁਜ਼ਾਰ ਦਿੱਤੀ)। ਉਸ ਦੀ (ਜ਼ਿੰਦਗੀ-ਰੂਪ) ਰਾਤਿ ਦੁੱਖਾਂ ਵਿਚ ਹੀ ਬੀਤਦੀ ਹੈ ॥੪੦॥

ਬੁਢਾ ਹੋਆ ਸੇਖ ਫਰੀਦੁ ਕੰਬਣਿ ਲਗੀ ਦੇਹ ॥

(‘ਵਿਸੁ ਗੰਦਲਾਂ’ ਪਿੱਛੇ ਦੌੜ ਦੌੜ ਕੇ ਹੀ) ਸ਼ੇਖ਼ ਫਰੀਦ (ਹੁਣ) ਬੁੱਢਾ ਹੋ ਗਿਆ ਹੈ, ਸਰੀਰ ਕੰਬਣ ਲੱਗ ਪਿਆ ਹੈ।

ਜੇ ਸਉ ਵਰਿੑਆ ਜੀਵਣਾ ਭੀ ਤਨੁ ਹੋਸੀ ਖੇਹ ॥੪੧॥

ਜੇ ਸਉ ਵਰ੍ਹੇ ਭੀ ਜੀਊਣਾ ਮਿਲ ਜਾਏ, ਤਾਂ ਭੀ (ਅੰਤ ਨੂੰ) ਸਰੀਰ ਮਿੱਟੀ ਹੋ ਜਾਇਗਾ (ਤੇ ਇਹਨਾਂ ‘ਵਿਸੁ ਗੰਦਲਾਂ’ ਤੋਂ ਸਾਥ ਟੁੱਟ ਜਾਇਗਾ) ॥੪੧॥

ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ ॥

ਹੇ ਫਰੀਦ! ਹੇ ਸਾਂਈਂ! (ਇਹਨਾਂ ਦੁਨੀਆ ਦੇ ਪਦਾਰਥਾਂ ਦੀ ਖ਼ਾਤਰ) ਮੈਨੂੰ ਪਰਾਏ ਬੂਹੇ ਤੇ ਬੈਠਣ ਨਾਹ ਦੇਈਂ।

ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ ॥੪੨॥

ਪਰ ਜੇ ਤੂੰ ਇਸੇ ਤਰ੍ਹਾਂ ਰੱਖਣਾ ਹੈ (ਭਾਵ, ਜੇ ਤੂੰ ਮੈਨੂੰ ਦੂਜਿਆਂ ਦਾ ਮੁਥਾਜ ਬਣਾਣਾ ਹੈ) ਤਾਂ ਮੇਰੇ ਸਰੀਰ ਵਿਚੋਂ ਜਿੰਦ ਕੱਢ ਲੈ ॥੪੨॥

ਕੰਧਿ ਕੁਹਾੜਾ ਸਿਰਿ ਘੜਾ ਵਣਿ ਕੈ ਸਰੁ ਲੋਹਾਰੁ ॥

ਮੋਢੇ ਉੱਤੇ ਕੁਹਾੜਾ ਤੇ ਸਿਰ ਉਤੇ ਘੜਾ (ਰੱਖੀ) ਲੋਹਾਰ ਜੰਗਲ ਵਿਚ ਬਾਦਸ਼ਾਹ (ਬਣਿਆ ਹੁੰਦਾ) ਹੈ (ਕਿਉਂਕਿ ਜਿਸ ਰੁੱਖ ਤੇ ਚਾਹੇ ਕੁਹਾੜਾ ਚਲਾ ਸਕਦਾ ਹੈ) (ਇਸੇ ਤਰ੍ਹਾਂ ਮਨੁੱਖ ਜਗਤ-ਰੂਪ ਜੰਗਲ ਵਿਚ ਸਰਦਾਰ ਹੈ)।

ਫਰੀਦਾ ਹਉ ਲੋੜੀ ਸਹੁ ਆਪਣਾ ਤੂ ਲੋੜਹਿ ਅੰਗਿਆਰ ॥੪੩॥

ਹੇ ਫਰੀਦ! ਮੈਂ ਤਾਂ (ਇਸ ਜਗਤ-ਰੂਪ ਜੰਗਲ ਵਿਚ) ਆਪਣੇ ਮਾਲਕ-ਪ੍ਰਭੂ ਨੂੰ ਲੱਭ ਰਿਹਾ ਹਾਂ, ਤੇ, ਤੂੰ, (ਹੇ ਜੀਵ! ਲੋਹਾਰ ਵਾਂਗ) ਕੋਲੇ ਲੱਭ ਰਿਹਾ ਹੈਂ (ਭਾਵ, ‘ਵਿਸੁ ਗੰਦਲਾਂ’-ਰੂਪ ਕੋਲੇ ਲੱਭਦਾ ਹੈਂ) ॥੪੩॥

ਫਰੀਦਾ ਇਕਨਾ ਆਟਾ ਅਗਲਾ ਇਕਨਾ ਨਾਹੀ ਲੋਣੁ ॥

ਹੇ ਫਰੀਦ! ਕਈ ਬੰਦਿਆਂ ਪਾਸ ਆਟਾ ਬਹੁਤ ਹੈ (‘ਵਿਸੁ ਗੰਦਲਾਂ’ ਬਹੁਤ ਹਨ, ਦੁਨੀਆ ਦੇ ਪਦਾਰਥ ਬਹੁਤ ਹਨ), ਇਕਨਾਂ ਪਾਸ (ਇਤਨਾ ਭੀ) ਨਹੀਂ ਜਿਤਨਾ (ਆਟੇ ਵਿਚ) ਲੂਣ (ਪਾਈਦਾ) ਹੈ।

ਅਗੈ ਗਏ ਸਿੰਞਾਪਸਨਿ ਚੋਟਾਂ ਖਾਸੀ ਕਉਣੁ ॥੪੪॥

(ਮਨੁੱਖੀ ਜੀਵਨ ਦੀ ਸਫਲਤਾ ਦਾ ਮਾਪ ਇਹ ‘ਵਿਸੁ ਗੰਦਲਾਂ’ ਨਹੀਂ), ਅੱਗੇ ਜਾ ਕੇ (ਅਮਲਾਂ ਉੱਤੇ) ਪਛਾਣ ਹੋਵੇਗੀ ਕਿ ਮਾਰ ਕਿਸ ਨੂੰ ਪੈਂਦੀ ਹੈ ॥੪੪॥

ਪਾਸਿ ਦਮਾਮੇ ਛਤੁ ਸਿਰਿ ਭੇਰੀ ਸਡੋ ਰਡ ॥

(ਇਹਨਾਂ ‘ਵਿਸੁ ਗੰਦਲਾਂ’ ਦਾ ਕੀਹ ਮਾਣ?) (ਜਿਨ੍ਹਾਂ ਲੋਕਾਂ ਦੇ) ਪਾਸ ਧੌਂਸੇ (ਵੱਜਦੇ ਸਨ), ਸਿਰ ਉੱਤੇ ਛਤਰ (ਝੁਲਦੇ ਸਨ), ਤੂਤੀਆਂ (ਵੱਜਦੀਆਂ ਸਨ) ਉਸਤਤੀ ਦੇ ਛੰਦ (ਗਾਂਵੇ ਜਾਂਦੇ ਸਨ),

ਜਾਇ ਸੁਤੇ ਜੀਰਾਣ ਮਹਿ ਥੀਏ ਅਤੀਮਾ ਗਡ ॥੪੫॥

ਉਹ ਭੀ ਆਖ਼ਰ ਮਸਾਣਾਂ ਵਿਚ ਜਾ ਸੁੱਤੇ, ਤੇ ਯਤੀਮਾਂ ਨਾਲ ਜਾ ਰਲੇ (ਭਾਵ, ਯਤੀਮਾਂ ਵਰਗੇ ਹੀ ਹੋ ਗਏ) ॥੪੫॥

ਫਰੀਦਾ ਕੋਠੇ ਮੰਡਪ ਮਾੜੀਆ ਉਸਾਰੇਦੇ ਭੀ ਗਏ ॥

ਹੇ ਫਰੀਦ! (‘ਵਿਸੁ ਗੰਦਲਾਂ’ ਦੇ ਵਪਾਰੀਆਂ ਵਲ ਤੱਕ!) ਘਰ ਮਹਲ ਮਾੜੀਆਂ ਉਸਾਰਨ ਵਾਲੇ ਭੀ (ਇਹਨਾਂ ਨੂੰ ਛੱਡ ਕੇ) ਚਲੇ ਗਏ।

ਕੂੜਾ ਸਉਦਾ ਕਰਿ ਗਏ ਗੋਰੀ ਆਇ ਪਏ ॥੪੬॥

ਉਹੋ ਹੀ ਸਉਦਾ ਕੀਤੋ ਨੇ, ਜੋ ਨਾਲ ਨਾਹ ਨਿਭਿਆ ਤੇ (ਅੰਤ ਖ਼ਾਲੀ ਹੱਥ) ਕਬਰੀਂ ਜਾ ਪਏ ॥੪੬॥

ਫਰੀਦਾ ਖਿੰਥੜਿ ਮੇਖਾ ਅਗਲੀਆ ਜਿੰਦੁ ਨ ਕਾਈ ਮੇਖ ॥

ਹੇ ਫਰੀਦ! ਇਹ ‘ਵਿਸੁ ਗੰਦਲਾਂ’ ਤਾਂ ਕਿਤੇ ਰਹੀਆਂ, ਇਸ ਆਪਣੀ ਜਿੰਦ ਦੀ ਭੀ ਕੋਈ ਪਾਂਇਆਂ ਨਹੀਂ। (ਇਸ ਨਾਲੋਂ ਤਾਂ ਨਕਾਰੀ ਗੋਦੜੀ ਦਾ ਹੀ ਵਧੀਕ ਇਤਬਾਰ ਹੋ ਸਕਦਾ ਹੈ, ਕਿਉਂਕਿ) ਗੋਦੜੀ ਨੂੰ ਕਈ ਟਾਂਕੇ ਲੱਗੇ ਹੋਏ ਹਨ, ਪਰ ਜਿੰਦ ਨੂੰ ਇੱਕ ਭੀ ਟਾਂਕਾ ਨਹੀਂ (ਕੀਹ ਪਤਾ, ਕੇਹੜੇ ਵੇਲੇ ਸਰੀਰ ਨਾਲੋਂ ਵੱਖ ਹੋ ਜਾਏ?)

ਵਾਰੀ ਆਪੋ ਆਪਣੀ ਚਲੇ ਮਸਾਇਕ ਸੇਖ ॥੪੭॥

ਵੱਡੇ ਵੱਡੇ ਅਖਵਾਣ ਵਾਲੇ ਸ਼ੇਖ਼ ਆਦਿਕ ਸਭ ਆਪੋ ਆਪਣੀ ਵਾਰੀ ਇਥੋਂ ਤੁਰ ਗਏ ॥੪੭॥

ਫਰੀਦਾ ਦੁਹੁ ਦੀਵੀ ਬਲੰਦਿਆ ਮਲਕੁ ਬਹਿਠਾ ਆਇ ॥

ਹੇ ਫਰੀਦ! ਇਹਨਾਂ ਦੋਹਾਂ ਅੱਖਾਂ ਦੇ ਸਾਹਮਣੇ (ਇਹਨਾਂ ਦੋਹਾਂ ਦੀਵਿਆਂ ਦੇ ਜਗਦਿਆਂ ਹੀ) ਮੌਤ ਦਾ ਫ਼ਰਿਸਤਾ (ਜਿਸ ਭੀ ਬੰਦੇ ਪਾਸ) ਆ ਬੈਠਾ,

ਗੜੁ ਲੀਤਾ ਘਟੁ ਲੁਟਿਆ ਦੀਵੜੇ ਗਇਆ ਬੁਝਾਇ ॥੪੮॥

ਉਸ ਨੇ ਉਸ ਦੇ ਸਰੀਰ-ਰੂਪ ਕਿਲ੍ਹੇ ਉਤੇ ਕਬਜ਼ਾ ਕਰ ਲਿਆ, ਅੰਤਹਕਰਣ ਲੁੱਟ ਲਿਆ (ਭਾਵ, ਜਿੰਦ ਕਾਬੂ ਕਰ ਲਈ) ਤੇ (ਇਹ ਅੱਖਾਂ ਦੇ) ਦੀਵੇ ਬੁਝਾ ਗਿਆ ॥੪੮॥

ਫਰੀਦਾ ਵੇਖੁ ਕਪਾਹੈ ਜਿ ਥੀਆ ਜਿ ਸਿਰਿ ਥੀਆ ਤਿਲਾਹ ॥

ਹੇ ਫਰੀਦ! ਵੇਖ! ਜੋ ਹਾਲਤ ਕਪਾਹ ਦੀ ਹੁੰਦੀ ਹੈ (ਭਾਵ, ਵੇਲਣੇ ਵਿਚ ਵੇਲੀ ਜਾਂਦੀ ਹੈ), ਜੋ ਤਿਲਾਂ ਦੇ ਸਿਰ ਤੇ ਬੀਤਦੀ ਹੈ (ਕੋਹਲੂ ਵਿਚ ਪੀੜੇ ਜਾਂਦੇ ਹਨ),

ਕਮਾਦੈ ਅਰੁ ਕਾਗਦੈ ਕੁੰਨੇ ਕੋਇਲਿਆਹ ॥

ਜੋ ਕਮਾਦ, ਕਾਗਜ਼, ਮਿੱਟੀ ਦੀ ਹਾਂਡੀ ਅਤੇ ਕੋਲਿਆਂ ਨਾਲ ਵਰਤਦੀ ਹੈ,

ਮੰਦੇ ਅਮਲ ਕਰੇਦਿਆ ਏਹ ਸਜਾਇ ਤਿਨਾਹ ॥੪੯॥

ਇਹ ਸਜ਼ਾ ਉਹਨਾਂ ਲੋਕਾਂ ਨੂੰ ਮਿਲਦੀ ਹੈ ਜੋ (ਇਹਨਾਂ ‘ਵਿਸੁ ਗੰਦਲਾਂ’ ਦੀ ਖ਼ਾਤਰ) ਮੰਦੇ ਕੰਮ ਕਰਦੇ ਹਨ (ਭਾਵ, ਜਿਉਂ ਜਿਉਂ ਦੁਨੀਆਵੀ ਪਦਾਰਥਾਂ ਦੀ ਖ਼ਾਤਰ ਮੰਦੇ ਕੰਮ ਕਰਦੇ ਹਨ, ਤਿਉਂ ਤਿਉਂ ਬੜੇ ਦੁਖੀ ਹੁੰਦੇ ਹਨ ॥੪੯॥

ਫਰੀਦਾ ਕੰਨਿ ਮੁਸਲਾ ਸੂਫੁ ਗਲਿ ਦਿਲਿ ਕਾਤੀ ਗੁੜੁ ਵਾਤਿ ॥

ਹੇ ਫਰੀਦ! (ਤੇਰੇ) ਮੋਢੇ ਉਤੇ ਮੁਸੱਲਾ ਹੈ, (ਤੂੰ) ਗਲ ਵਿਚ ਕਾਲੀ ਖ਼ਫ਼ਨੀ (ਪਾਈ ਹੋਈ ਹੈ), (ਤੇਰੇ) ਮੂੰਹ ਵਿਚ ਗੁੜ ਹੈ; (ਪਰ) ਦਿਲ ਵਿਚ ਕੈਂਚੀ ਹੈ (ਭਾਵ, ਬਾਹਰ ਲੋਕਾਂ ਨੂੰ ਵਿਖਾਲਣ ਲਈ ਫ਼ਕੀਰੀ ਵੇਸ ਹੈ, ਮੂੰਹੋਂ ਭੀ ਲੋਕਾਂ ਨਾਲ ਮਿੱਠਾ ਬੋਲਦਾ ਹੈਂ, ਪਰ ਦਿਲੋਂ ‘ਵਿਸੁ ਗੰਦਲਾਂ’ ਦੀ ਖ਼ਾਤਰ ਖੋਟਾ ਹੈਂ ਸੋ)

ਬਾਹਰਿ ਦਿਸੈ ਚਾਨਣਾ ਦਿਲਿ ਅੰਧਿਆਰੀ ਰਾਤਿ ॥੫੦॥

ਬਾਹਰ ਤਾਂ ਚਾਨਣ ਦਿੱਸ ਰਿਹਾ ਹੈ (ਪਰ) ਦਿਲ ਵਿਚ ਹਨੇਰੀ ਰਾਤ (ਵਾਪਰੀ ਹੋਈ) ਹੈ ॥੫੦॥

ਫਰੀਦਾ ਰਤੀ ਰਤੁ ਨ ਨਿਕਲੈ ਜੇ ਤਨੁ ਚੀਰੈ ਕੋਇ ॥

ਹੇ ਫਰੀਦ! ਜੇ ਕੋਈ (ਰੱਬ ਦੇ ਪਿਆਰ ਵਿਚ ਰੰਗੇ ਹੋਏ ਦਾ) ਸਰੀਰ ਚੀਰੇ (ਤਾਂ ਉਸ ਵਿਚੋਂ) ਰਤਾ ਜਿਤਨਾ ਭੀ ਲਹੂ ਨਹੀਂ ਨਿਕਲਦਾ (ਪਰ, ਹੇ ਫਰੀਦ! ਤੂੰ ਤਾਂ ਮੁਸੱਲੇ ਤੇ ਖ਼ਫ਼ਨੀ ਆਦਿਕ ਨਾਲ ਨਿਰਾ ਬਾਹਰ ਦਾ ਹੀ ਖ਼ਿਆਲ ਰੱਖਿਆ ਹੋਇਆ ਹੈ)

ਜੋ ਤਨ ਰਤੇ ਰਬ ਸਿਉ ਤਿਨ ਤਨਿ ਰਤੁ ਨ ਹੋਇ ॥੫੧॥

ਜੋ ਬੰਦੇ ਰੱਬ ਨਾਲ ਰੰਗੇ ਹੁੰਦੇ ਹਨ (ਭਾਵ, ਰੱਬ ਦੇ ਪਿਆਰ ਵਿਚ ਰੰਗੇ ਹੁੰਦੇ ਹਨ), ਉਹਨਾਂ ਦੇ ਸਰੀਰ ਵਿਚ (‘ਵਿਸੁ ਗੰਦਲਾਂ’ ਦਾ ਮੋਹ-ਰੂਪ) ਲਹੂ ਨਹੀਂ ਹੁੰਦਾ ॥੫੧॥


ਸਲੋਕ ਮਃ ੩ ॥
ਇਹੁ ਤਨੁ ਸਭੋ ਰਤੁ ਹੈ ਰਤੁ ਬਿਨੁ ਤੰਨੁ ਨ ਹੋਇ ॥

ਇਹ ਸਾਰਾ ਸਰੀਰ ਲਹੂ ਹੈ (ਭਾਵ, ਸਾਰੇ ਸਰੀਰ ਵਿਚ ਲਹੂ ਮੌਜੂਦ ਹੈ), ਲਹੂ ਤੋਂ ਬਿਨਾ ਸਰੀਰ ਰਹਿ ਨਹੀਂ ਸਕਦਾ।

ਜੋ ਸਹਿ ਰਤੇ ਆਪਣੈ ਤਿਨ ਤਨਿ ਲੋਭ ਰਤੁ ਨ ਹੋਇ ॥

(ਫਿਰ, ਸਰੀਰ ਨੂੰ ਚੀਰਿਆਂ, ਭਾਵ, ਸਰੀਰ ਦੀ ਪੜਤਾਲ ਕੀਤਿਆਂ, ਕੇਹੜਾ ਲਹੂ ਨਹੀਂ ਨਿਕਲਦਾ?) ਜੋ ਬੰਦੇ ਆਪਣੇ ਖਸਮ (-ਪ੍ਰਭੂ ਦੇ ਪਿਆਰ) ਵਿਚ ਰੰਗੇ ਹੋਏ ਹਨ ਉਹਨਾਂ ਦੇ ਸਰੀਰ ਵਿਚ ਲਾਲਚ ਦਾ ਲਹੂ ਨਹੀਂ ਹੁੰਦਾ।

ਭੈ ਪਇਐ ਤਨੁ ਖੀਣੁ ਹੋਇ ਲੋਭ ਰਤੁ ਵਿਚਹੁ ਜਾਇ ॥

ਜੇ (ਪਰਮਾਤਮਾ ਦੇ) ਡਰ ਵਿਚ ਜੀਵੀਏ ਤਾਂ ਸਰੀਰ (ਇਸ ਤਰ੍ਹਾਂ ਦਾ) ਲਿੱਸਾ ਹੋ ਜਾਂਦਾ ਹੈ (ਕਿ) ਇਸ ਵਿਚੋਂ ਲੋਭ ਦੀ ਰੁੱਤ ਨਿਕਲ ਜਾਂਦੀ ਹੈ।

ਜਿਉ ਬੈਸੰਤਰਿ ਧਾਤੁ ਸੁਧੁ ਹੋਇ ਤਿਉ ਹਰਿ ਕਾ ਭਉ ਦੁਰਮਤਿ ਮੈਲੁ ਗਵਾਇ ॥

ਜਿਵੇਂ ਅੱਗ ਵਿਚ (ਪਾਇਆਂ ਸੋਨਾ ਆਦਿਕ) ਧਾਤ ਸਾਫ਼ ਹੋ ਜਾਂਦੀ ਹੈ, ਇਸੇ ਤਰ੍ਹਾਂ ਪਰਮਾਤਮਾ ਦਾ ਡਰ (ਮਨੁੱਖ ਦੀ) ਭੈੜੀ ਮੱਤ ਦੀ ਮੈਲ ਨੂੰ ਕੱਟ ਦੇਂਦਾ ਹੈ।

ਨਾਨਕ ਤੇ ਜਨ ਸੋਹਣੇ ਜੋ ਰਤੇ ਹਰਿ ਰੰਗੁ ਲਾਇ ॥੧॥

ਹੇ ਨਾਨਕ! ਉਹ ਬੰਦੇ ਸੋਹਣੇ ਹਨ ਜੋ ਪਰਮਾਤਮਾ ਨਾਲ ਪ੍ਰੇਮ ਜੋੜ ਕੇ (ਉਸ ਦੇ ਪ੍ਰੇਮ ਵਿਚ) ਰੰਗੇ ਹੋਏ ਹਨ ॥੧॥


ਫਰੀਦਾ ਸੋਈ ਸਰਵਰੁ ਢੂਢਿ ਲਹੁ ਜਿਥਹੁ ਲਭੀ ਵਥੁ ॥

ਹੇ ਫਰੀਦ! ਉਹੀ ਸੋਹਣਾ ਤਲਾਬ ਲੱਭ, ਜਿਸ ਵਿਚੋਂ (ਅਸਲ) ਚੀਜ਼ (ਨਾਮ-ਰੂਪ ਮੋਤੀ) ਮਿਲ ਪਏ,

ਛਪੜਿ ਢੂਢੈ ਕਿਆ ਹੋਵੈ ਚਿਕੜਿ ਡੁਬੈ ਹਥੁ ॥੫੩॥

ਛੱਪੜ ਭਾਲਿਆਂ ਕੁਝ ਨਹੀਂ ਮਿਲਦਾ, (ਉਥੇ ਤਾਂ) ਚਿੱਕੜ ਵਿਚ (ਹੀ) ਹੱਥ ਡੁੱਬਦਾ ਹੈ ॥੫੩॥

ਫਰੀਦਾ ਨੰਢੀ ਕੰਤੁ ਨ ਰਾਵਿਓ ਵਡੀ ਥੀ ਮੁਈਆਸੁ ॥

ਹੇ ਫਰੀਦ! ਜਿਸ ਜੁਆਨ (ਜੀਵ-) ਇਸਤ੍ਰੀ ਨੇ (ਪਰਮਾਤਮਾ-) ਪਤੀ ਨਾ ਮਾਣਿਆ (ਭਾਵ, ਜਿਸ ਜੀਵ ਨੇ ਜੁਆਨੀ ਵੇਲੇ ਰੱਬ ਨੂੰ ਨਾਹ ਸਿਮਰਿਆ), ਉਹ (ਜੀਵ-) ਇਸਤ੍ਰੀ ਜਦੋਂ ਬੁੱਢੀ ਹੋ ਕੇ ਮਰ ਗਈ,

ਧਨ ਕੂਕੇਂਦੀ ਗੋਰ ਮੇਂ ਤੈ ਸਹ ਨਾ ਮਿਲੀਆਸੁ ॥੫੪॥

ਤਾਂ (ਫਿਰ) ਕਬਰ ਵਿਚ ਤਰਲੇ ਲੈਂਦੀ ਹੈ (ਭਾਵ, ਮਰਨ ਪਿਛੋਂ ਜੀਵ ਪਛੁਤਾਂਦਾ ਹੈ) ਕਿ ਹੇ (ਪ੍ਰਭੂ-) ਪਤੀ! ਮੈਂ ਤੈਨੂੰ (ਵੇਲੇ-ਸਿਰ) ਨਾਹ ਮਿਲੀ ॥੫੪॥

ਫਰੀਦਾ ਸਿਰੁ ਪਲਿਆ ਦਾੜੀ ਪਲੀ ਮੁਛਾਂ ਭੀ ਪਲੀਆਂ ॥

ਹੇ ਫਰੀਦ! ਸਿਰ ਚਿੱਟਾ ਹੋ ਗਿਆ ਹੈ, ਦਾੜ੍ਹੀ ਚਿੱਟੀ ਹੋ ਗਈ ਹੈ, ਮੁਛਾਂ ਭੀ ਚਿੱਟੀਆਂ ਹੋ ਗਈਆਂ ਹਨ।

ਰੇ ਮਨ ਗਹਿਲੇ ਬਾਵਲੇ ਮਾਣਹਿ ਕਿਆ ਰਲੀਆਂ ॥੫੫॥

ਹੇ ਗ਼ਾਫ਼ਿਲ ਤੇ ਕਮਲੇ ਮਨ! (ਅਜੇ ਭੀ ਤੂੰ ਦੁਨੀਆ ਦੀਆਂ ਹੀ) ਮੌਜਾਂ ਕਿਉਂ ਮਾਣ ਰਿਹਾ ਹੈਂ? ॥੫੫॥

ਫਰੀਦਾ ਕੋਠੇ ਧੁਕਣੁ ਕੇਤੜਾ ਪਿਰ ਨੀਦੜੀ ਨਿਵਾਰਿ ॥

ਹੇ ਫਰੀਦ! ਕੋਠੇ ਦੀ ਦੌੜ ਕਿਥੋਂ ਤਕ (ਭਾਵ, ਕੋਠੇ ਉਤੇ ਦੌੜ ਲੰਮੀ ਨਹੀਂ ਹੋ ਸਕਦੀ, ਇਸੇ ਤਰ੍ਹਾਂ ਰੱਬ ਵਲੋਂ ਗ਼ਾਫ਼ਿਲ ਭੀ ਕਦ ਤਕ ਰਹੇਂਗਾ? ਉਮਰ ਆਖ਼ਰ ਮੁੱਕ ਜਾਇਗੀ, ਸੋ) ਰੱਬ (ਵਾਲੇ ਪਾਸੇ) ਤੋਂ ਇਹ ਕੋਝੀ (ਗ਼ਫ਼ਲਤ ਦੀ) ਨੀਂਦ ਦੂਰ ਕਰ ਦੇਹ।

ਜੋ ਦਿਹ ਲਧੇ ਗਾਣਵੇ ਗਏ ਵਿਲਾੜਿ ਵਿਲਾੜਿ ॥੫੬॥

(ਉਮਰ ਦੇ) ਜੋ ਗਿਣਵੇਂ ਦਿਨ ਮਿਲੇ ਹੋਏ ਹਨ ਉਹ ਛਾਲਾਂ ਮਾਰ ਮਾਰ ਕੇ ਮੁੱਕਦੇ ਜਾ ਰਹੇ ਹਨ ॥੫੬॥

ਫਰੀਦਾ ਕੋਠੇ ਮੰਡਪ ਮਾੜੀਆ ਏਤੁ ਨ ਲਾਏ ਚਿਤੁ ॥

ਹੇ ਫਰੀਦ! (ਇਹ ਜੋ ਤੇਰੇ) ਘਰ ਤੇ ਮਹਲ-ਮਾੜੀਆਂ (ਹਨ, ਇਹਨਾਂ ਦੇ) ਇਸ (ਸਿਲਸਿਲੇ) ਵਿਚ ਚਿੱਤ ਨਾਹ ਜੋੜ।

ਮਿਟੀ ਪਈ ਅਤੋਲਵੀ ਕੋਇ ਨ ਹੋਸੀ ਮਿਤੁ ॥੫੭॥

(ਮਰਨ ਤੇ ਜਦੋਂ ਕਬਰ ਵਿਚ ਤੇਰੇ ਉੱਤੇ) ਅਤੋਲਵੀਂ ਮਿੱਟੀ ਪਏਗੀ ਤਦੋਂ (ਇਹਨਾਂ ਵਿਚੋਂ) ਕੋਈ ਭੀ ਸਾਥੀ ਨਹੀਂ ਬਣੇਗਾ ॥੫੭॥

ਫਰੀਦਾ ਮੰਡਪ ਮਾਲੁ ਨ ਲਾਇ ਮਰਗ ਸਤਾਣੀ ਚਿਤਿ ਧਰਿ ॥

ਹੇ ਫਰੀਦ! (ਨਿਰਾ) ਮਹਲ-ਮਾੜੀਆਂ ਤੇ ਧਨ ਨੂੰ ਚਿੱਤ ਵਿਚ ਨਾਹ ਟਿਕਾਈ ਰੱਖ, (ਸਭ ਤੋਂ) ਬਲੀ ਮੌਤ ਨੂੰ ਚਿੱਤ ਵਿਚ ਰੱਖ (ਚੇਤੇ ਰੱਖ)।

ਸਾਈ ਜਾਇ ਸਮੑਾਲਿ ਜਿਥੈ ਹੀ ਤਉ ਵੰਞਣਾ ॥੫੮॥

ਉਹ ਥਾਂ ਭੀ ਯਾਦ ਰੱਖ ਆਖ਼ਰ ਨੂੰ ਤੂੰ ਜਾਣਾ ਹੈ ॥੫੮॥

ਫਰੀਦਾ ਜਿਨੑੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ ॥

ਹੇ ਫਰੀਦ! ਉਹ ਕੋਝੇ ਕੰਮ ਛੱਡ ਦੇਹ, ਜਿਨ੍ਹਾਂ ਕੰਮਾਂ ਵਿਚ (ਜਿੰਦ ਵਾਸਤੇ ਕੋਈ) ਲਾਭ ਨਹੀਂ ਹੈ,

ਮਤੁ ਸਰਮਿੰਦਾ ਥੀਵਹੀ ਸਾਂਈ ਦੈ ਦਰਬਾਰਿ ॥੫੯॥

ਮਤਾਂ ਖਸਮ (ਪਰਮਾਤਮਾ) ਦੇ ਦਰਬਾਰ ਵਿਚ ਸ਼ਰਮਿੰਦਾ ਹੋਣਾ ਪਏ ॥੫੯॥

ਫਰੀਦਾ ਸਾਹਿਬ ਦੀ ਕਰਿ ਚਾਕਰੀ ਦਿਲ ਦੀ ਲਾਹਿ ਭਰਾਂਦਿ ॥

ਹੇ ਫਰੀਦ! (ਇਹਨਾਂ ‘ਵਿਸੁ ਗੰਦਲਾਂ’ ਦੀ ਖ਼ਾਤਰ ਆਪਣੇ) ਦਿਲ ਦੀ ਭਟਕਣਾ ਦੂਰ ਕਰ ਕੇ ਮਾਲਕ (-ਪ੍ਰਭੂ) ਦੀ ਬੰਦਗੀ ਕਰ।

ਦਰਵੇਸਾਂ ਨੋ ਲੋੜੀਐ ਰੁਖਾਂ ਦੀ ਜੀਰਾਂਦਿ ॥੬੦॥

ਫ਼ਕੀਰਾਂ ਨੂੰ (ਤਾਂ) ਰੁੱਖਾਂ ਵਰਗਾ ਜਿਗਰਾ ਕਰਨਾ ਚਾਹੀਦਾ ਹੈ ॥੬੦॥

ਫਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸੁ ॥

ਹੇ ਫਰੀਦ! (ਮੇਰੇ ਅੰਦਰ ਰੁੱਖਾਂ ਵਾਲੀ ਜੀਰਾਂਦ ਨਹੀਂ ਹੈ ਜੋ ਫ਼ਕੀਰ ਦੇ ਅੰਦਰ ਚਾਹੀਦੀ ਸੀ ਫ਼ਕੀਰਾਂ ਵਾਂਗ) ਮੇਰੇ ਕੱਪੜੇ (ਤਾਂ) ਕਾਲੇ ਹਨ, ਮੇਰਾ ਵੇਸ ਕਾਲਾ ਹੈ,

ਗੁਨਹੀ ਭਰਿਆ ਮੈ ਫਿਰਾ ਲੋਕੁ ਕਹੈ ਦਰਵੇਸੁ ॥੬੧॥

(ਪਰ ‘ਵਿਸੁ ਗੰਦਲਾਂ’ ਦੀ ਖ਼ਾਤਰ ‘ਭਰਾਂਦਿ’ ਦੇ ਕਾਰਨ) ਮੈਂ ਗੁਨਾਹਾਂ ਨਾਲ ਭਰਿਆ ਹੋਇਆ ਫਿਰਦਾ ਹਾਂ ਤੇ ਜਗਤ ਮੈਨੂੰ ਫ਼ਕੀਰ ਆਖਦਾ ਹੈ ॥੬੧॥

ਤਤੀ ਤੋਇ ਨ ਪਲਵੈ ਜੇ ਜਲਿ ਟੁਬੀ ਦੇਇ ॥

ਪਾਣੀ ਵਿਚ ਸੜੀ ਹੋਈ (ਖੇਤੀ ਫਿਰ) ਹਰੀ ਨਹੀਂ ਹੁੰਦੀ, ਭਾਵੇਂ (ਉਸ ਖੇਤੀ ਨੂੰ) ਪਾਣੀ ਵਿਚ (ਕੋਈ) ਡੋਬਾ ਦੇ ਦੇਵੇ।

ਫਰੀਦਾ ਜੋ ਡੋਹਾਗਣਿ ਰਬ ਦੀ ਝੂਰੇਦੀ ਝੂਰੇਇ ॥੬੨॥

ਹੇ ਫਰੀਦ! (ਇਸੇ ਤਰ੍ਹਾਂ ਜੋ ਜੀਵ-ਇਸਤ੍ਰੀ ਆਪਣੇ ਵਲੋਂ ਰੱਬ ਦੇ ਰਾਹ ਤੇ ਤੁਰਦੀ ਹੋਈ ਭੀ) ਰੱਬ ਤੋਂ ਵਿਛੁੜੀ ਹੋਈ ਹੈ, ਉਹ ਸਦਾ ਹੀ ਦੁਖੀ ਹੁੰਦੀ ਹੈ, (ਭਾਵ, ਫ਼ਕੀਰੀ ਲਿਬਾਸ ਹੁੰਦਿਆਂ ਭੀ ਜੇ ਮਨ ਗੁਨਾਹਾਂ ਨਾਲ ਭਰਿਆ ਰਿਹਾ, ਦਰਵੇਸੁ ਬਣ ਕੇ ਭੀ ਜੇ ‘ਵਿਸੁ ਗੰਦਲਾਂ’ ਦੀ ਖ਼ਾਤਰ ਮਨ ਵਿਚ ‘ਭਰਾਂਦਿ’ ਰਹੀ, ਸਤਸੰਗ ਵਿਚ ਰਹਿ ਕੇ ਭੀ ਜੇ ਮਨ ਸਹਸਿਆਂ ਵਿਚ ਰਿਹਾ, ਤਾਂ ਭਾਗਾਂ ਵਿਚ ਸਦਾ ਝੋਰਾ ਹੀ ਝੋਰਾ ਹੈ) ॥੬੨॥

ਜਾਂ ਕੁਆਰੀ ਤਾ ਚਾਉ ਵੀਵਾਹੀ ਤਾਂ ਮਾਮਲੇ ॥

ਜਦੋਂ (ਲੜਕੀ) ਕੁਆਰੀ ਹੁੰਦੀ ਹੈ ਤਦੋਂ (ਉਸ ਨੂੰ ਵਿਆਹ ਦਾ) ਚਾਉ ਹੁੰਦਾ ਹੈ (ਪਰ ਜਦੋਂ) ਵਿਆਹੀ ਜਾਂਦੀ ਹੈ ਤਾਂ ਜੰਜਾਲ ਪੈ ਜਾਂਦੇ ਹਨ।

ਫਰੀਦਾ ਏਹੋ ਪਛੋਤਾਉ ਵਤਿ ਕੁਆਰੀ ਨ ਥੀਐ ॥੬੩॥

ਹੇ ਫਰੀਦ! (ਉਸ ਵੇਲੇ) ਇਹੀ ਪਛੁਤਾਵਾ ਹੁੰਦਾ ਹੈ ਕਿ ਉਹ ਮੁੜ ਕੁਆਰੀ ਨਹੀਂ ਹੋ ਸਕਦੀ (ਭਾਵ, ਉਹ ਪਹਿਲਾ ਚਾਉ ਉਸ ਦੇ ਮਨ ਵਿਚ ਪੈਦਾ ਨਹੀਂ ਹੋ ਸਕਦਾ) ॥੬੩॥

ਕਲਰ ਕੇਰੀ ਛਪੜੀ ਆਇ ਉਲਥੇ ਹੰਝ ॥

ਕੱਲਰ ਦੀ ਛੱਪਰੀ ਵਿਚ ਹੰਸ ਆ ਉਤਰਦੇ ਹਨ,

ਚਿੰਜੂ ਬੋੜਨਿੑ ਨਾ ਪੀਵਹਿ ਉਡਣ ਸੰਦੀ ਡੰਝ ॥੬੪॥

(ਉਹ ਹੰਸ ਛੱਪੜੀ ਵਿਚ ਆਪਣੀ) ਚੁੰਝ ਡੋਬਦੇ ਹਨ, (ਪਰ, ਉਹ ਮੈਲਾ ਪਾਣੀ) ਨਹੀਂ ਪੀਂਦੇ, ਉਹਨਾਂ ਨੂੰ ਉਥੋਂ ਉੱਡ ਜਾਣ ਦੀ ਤਾਂਘ ਲੱਗੀ ਰਹਿੰਦੀ ਹੈ ॥੬੪॥

ਹੰਸੁ ਉਡਰਿ ਕੋਧ੍ਰੈ ਪਇਆ ਲੋਕੁ ਵਿਡਾਰਣਿ ਜਾਇ ॥

ਹੰਸ ਉੱਡ ਕੇ ਕੋਧਰੇ ਦੀ ਪੈਲੀ ਵਿਚ ਜਾ ਬੈਠਾ ਤਾਂ ਦੁਨੀਆ ਦੇ ਬੰਦੇ ਉਸ ਨੂੰ ਉਡਾਣ ਜਾਂਦੇ ਹਨ।

ਗਹਿਲਾ ਲੋਕੁ ਨ ਜਾਣਦਾ ਹੰਸੁ ਨ ਕੋਧ੍ਰਾ ਖਾਇ ॥੬੫॥

ਕਮਲੀ ਦੁਨੀਆ ਇਹ ਨਹੀਂ ਜਾਣਦੀ ਕਿ ਹੰਸ ਕੋਧਰਾ ਨਹੀਂ ਖਾਂਦਾ ॥੬੫॥

ਚਲਿ ਚਲਿ ਗਈਆਂ ਪੰਖੀਆਂ ਜਿਨੑੀ ਵਸਾਏ ਤਲ ॥

ਹੇ ਫਰੀਦ! ਜਿਨ੍ਹਾਂ (ਜੀਵ-) ਪੰਛੀਆਂ ਦੀਆਂ ਡਾਰਾਂ ਨੇ ਇਸ (ਸੰਸਾਰ-) ਤਲਾਬ ਨੂੰ ਸੁਹਾਵਣਾ ਬਣਾਇਆ ਹੋਇਆ ਹੈ, ਉਹ ਆਪੋ ਆਪਣੀ ਵਾਰੀ (ਇਸ ਨੂੰ ਛੱਡ ਕੇ) ਟੁਰੀਆਂ ਜਾ ਰਹੀਆਂ ਹਨ।

ਫਰੀਦਾ ਸਰੁ ਭਰਿਆ ਭੀ ਚਲਸੀ ਥਕੇ ਕਵਲ ਇਕਲ ॥੬੬॥

(ਇਹ ਜਗਤ-) ਸਰੋਵਰ ਭੀ ਸੁੱਕ ਜਾਇਗਾ ਤੇ ਪਿੱਛੇ ਰਹੇ ਹੋਏ ਇਕੱਲੇ ਕਉਲ ਫੁਲ ਭੀ ਕੁਮਲਾ ਜਾਣਗੇ (ਭਾਵ, ਇਹ ਸ੍ਰਿਸ਼ਟੀ ਦੇ ਸੋਹਣੇ ਪਦਾਰਥ ਸਭ ਨਾਸ ਹੋ ਜਾਣਗੇ) ॥੬੬॥

ਫਰੀਦਾ ਇਟ ਸਿਰਾਣੇ ਭੁਇ ਸਵਣੁ ਕੀੜਾ ਲੜਿਓ ਮਾਸਿ ॥

ਹੇ ਫਰੀਦ! (ਜੀਵ-ਪੰਛੀਆਂ ਦੀਆਂ ਤੁਰੀਆਂ ਜਾ ਰਹੀਆਂ ਡਾਰਾਂ ਵਾਂਗ ਜਦੋਂ ਤੇਰੀ ਵਾਰੀ ਆਈ, ਤੇਰੇ ਭੀ) ਸਿਰ ਹੇਠ ਇੱਟ ਹੋਵੇਗੀ, ਧਰਤੀ ਵਿਚ (ਭਾਵ, ਤੂੰ ਕਬਰ ਵਿਚ) ਸੁੱਤਾ ਪਿਆ ਹੋਵੇਂਗਾ, (ਤੇ ਤੇਰੇ) ਪਿੰਡੇ ਵਿਚ ਕੀੜੇ ਤੁਰਦੇ ਹੋਣਗੇ।

ਕੇਤੜਿਆ ਜੁਗ ਵਾਪਰੇ ਇਕਤੁ ਪਇਆ ਪਾਸਿ ॥੬੭॥

(ਇਸ ਤਰ੍ਹਾਂ) ਇੱਕੋ ਪਾਸੇ ਪਿਆਂ ਢੇਰ ਲੰਮਾ ਸਮਾਂ ਲੰਘ ਜਾਇਗਾ (ਤਦੋਂ ਤੈਨੂੰ ਕਿਸੇ ਜਗਾਣਾ ਨਹੀਂ, ਹੁਣ ਤਾਂ ਗ਼ਾਫ਼ਿਲ ਹੋ ਕੇ ਨਾ ਸਉਂ) ॥੬੭॥

ਫਰੀਦਾ ਭੰਨੀ ਘੜੀ ਸਵੰਨਵੀ ਟੁਟੀ ਨਾਗਰ ਲਜੁ ॥

ਹੇ ਫਰੀਦ! (ਵੇਖ, ਤੇਰੇ ਗੁਆਂਢ ਕਿਸ ਬੰਦੇ ਦਾ ਸਰੀਰ-ਰੂਪ) ਸੁੰਦਰ ਰੰਗ ਵਾਲਾ ਭਾਂਡਾ ਭੱਜ ਗਿਆ ਹੈ (ਅਤੇ ਸੁਆਸਾਂ ਦੀ) ਸੋਹਣੀ ਲੱਜ ਟੁੱਟ ਗਈ ਹੈ।

ਅਜਰਾਈਲੁ ਫਰੇਸਤਾ ਕੈ ਘਰਿ ਨਾਠੀ ਅਜੁ ॥੬੮॥

(ਵੇਖ,) ਅੱਜ ਕਿਸ ਦੇ ਘਰ (ਮੌਤ ਦਾ) ਫ਼ਰਿਸਤਾ ਅਜ਼ਰਾਈਲ ਪ੍ਰਾਹੁਣਾ ਹੈ? (ਭਾਵ, ਜੇ ਜੀਵ-ਪੰਛੀਆਂ ਦੀਆਂ ਡਾਰਾਂ ਵਿਚੋਂ ਨਿੱਤ ਤੇਰੇ ਸਾਹਮਣੇ ਕਿਸੇ ਨ ਕਿਸੇ ਦੀ ਇਥੋਂ ਤੁਰਨ ਦੀ ਵਾਰੀ ਆਈ ਰਹਿੰਦੀ ਹੈ, ਤਾਂ ਨੂੰ ਕਿਉਂ ਗ਼ਾਫ਼ਿਲ ਹੋ ਕੇ ਸੁੱਤਾ ਪਿਆ ਹੈਂ?) ॥੬੮॥

ਫਰੀਦਾ ਭੰਨੀ ਘੜੀ ਸਵੰਨਵੀ ਟੂਟੀ ਨਾਗਰ ਲਜੁ ॥

ਹੇ ਫਰੀਦ! (ਵੇਖ, ਕਿਸ ਦਾ ਸਰੀਰ-ਰੂਪ) ਸੋਹਣੇ ਰੰਗ ਵਾਲਾ ਭਾਂਡਾ ਭੱਜ ਗਿਆ ਹੈ (ਤੇ ਸੁਆਸਾਂ-ਰੂਪ) ਸੋਹਣੀ ਲੱਜ ਟੁੱਟ ਗਈ ਹੈ?

ਜੋ ਸਜਣ ਭੁਇ ਭਾਰੁ ਥੇ ਸੇ ਕਿਉ ਆਵਹਿ ਅਜੁ ॥੬੯॥

ਜਿਹੜੇ ਭਰਾ (ਨਮਾਜ਼ ਵਲੋਂ ਗ਼ਾਫ਼ਿਲ ਹੋ ਕੇ) ਧਰਤੀ ਉਤੇ (ਨਿਰਾ) ਭਾਰ ਹੀ ਬਣੇ ਰਹੇ, ਉਹਨਾਂ ਨੂੰ ਮਨੁੱਖਾ ਜਨਮ ਵਾਲਾ ਇਹ ਸਮਾ ਫਿਰ ਨਹੀਂ ਮਿਲੇਗਾ ॥੬੯॥

ਫਰੀਦਾ ਬੇ ਨਿਵਾਜਾ ਕੁਤਿਆ ਏਹ ਨ ਭਲੀ ਰੀਤਿ ॥

ਹੇ ਫਰੀਦ! ਜੋ ਬੰਦੇ ਨਿਮਾਜ਼ ਨਹੀਂ ਪੜ੍ਹਦੇ (ਭਾਵ, ਜੋ ਬੰਦਗੀ ਵਲੋਂ ਗ਼ਾਫ਼ਿਲ ਹਨ) ਉਹ ਕੁੱਤਿਆਂ (ਸਮਾਨ) ਹਨ, ਉਹਨਾਂ ਦਾ ਇਹ ਜੀਊਣ ਦਾ ਤਰੀਕਾ ਚੰਗਾ ਨਹੀਂ ਕਿਹਾ ਜਾ ਸਕਦਾ,

ਕਬਹੀ ਚਲਿ ਨ ਆਇਆ ਪੰਜੇ ਵਖਤ ਮਸੀਤਿ ॥੭੦॥

(ਕਿਉਂਕਿ ਉਹ) ਕਦੇ ਭੀ ਉੱਦਮ ਕਰ ਕੇ ਪੰਜੇ ਵੇਲੇ ਮਸੀਤ ਨਹੀਂ ਆਉਂਦੇ (ਭਾਵ, ਜੋ ਕਦੇ ਭੀ ਘੱਟ ਤੋਂ ਘੱਟ ਪੰਜ ਵੇਲੇ ਰੱਬ ਨੂੰ ਯਾਦ ਨਹੀਂ ਕਰਦੇ) ॥੭੦॥

ਉਠੁ ਫਰੀਦਾ ਉਜੂ ਸਾਜਿ ਸੁਬਹ ਨਿਵਾਜ ਗੁਜਾਰਿ ॥

ਹੇ ਫਰੀਦ! ਉੱਠ, ਮੂੰਹ ਹੱਥ ਧੋ, ਤੇ ਸਵੇਰ ਦੀ ਨਿਮਾਜ਼ ਪੜ੍ਹ।

ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਕਪਿ ਉਤਾਰਿ ॥੭੧॥

ਜੋ ਸਿਰ ਮਾਲਕ-ਰੱਬ ਅੱਗੇ ਨਹੀਂ ਨਿਊਂਦਾ, ਉਹ ਸਿਰ ਕੱਟ ਕੇ ਲਾਹ ਦੇਹ (ਭਾਵ, ਬੰਦਗੀਹੀਣ ਬੰਦੇ ਦਾ ਜੀਊਣਾ ਕਿਸ ਅਰਥ?) ॥੭੧॥

ਜੋ ਸਿਰੁ ਸਾਈ ਨਾ ਨਿਵੈ ਸੋ ਸਿਰੁ ਕੀਜੈ ਕਾਂਇ ॥

ਜੋ ਸਿਰ (ਬੰਦਗੀ ਵਿਚ) ਮਾਲਕ-ਰੱਬ ਅੱਗੇ ਨਹੀਂ ਨਿਊਂਦਾ, ਉਸ ਸਿਰ ਦਾ ਕੋਈ ਲਾਭ ਨਹੀਂ।

ਕੁੰਨੇ ਹੇਠਿ ਜਲਾਈਐ ਬਾਲਣ ਸੰਦੈ ਥਾਇ ॥੭੨॥

ਉਸ ਸਿਰ ਨੂੰ ਹਾਂਡੀ ਹੇਠ ਬਾਲਣ ਦੇ ਥਾਂ ਬਾਲ ਦੇਣਾ ਚਾਹੀਏ (ਭਾਵ, ਉਸ ਆਕੜੇ ਹੋਏ ਸਿਰ ਨੂੰ ਸੁੱਕੀ ਲੱਕੜੀ ਹੀ ਸਮਝੋ) ॥੭੨॥

ਫਰੀਦਾ ਕਿਥੈ ਤੈਡੇ ਮਾਪਿਆ ਜਿਨੑੀ ਤੂ ਜਣਿਓਹਿ ॥

ਹੇ ਫਰੀਦ! (ਜੀਵ-ਪੰਛੀਆਂ ਦੀਆਂ ਤੁਰੀਆਂ ਜਾ ਰਹੀਆਂ ਹੋਰ ਡਾਰਾਂ ਦਾ ਜੇ ਤੈਨੂੰ ਖ਼ਿਆਲ ਨਹੀਂ ਆਉਂਦਾ, ਤਾਂ ਇਹੀ ਵੇਖ ਕਿ) ਤੇਰੇ (ਆਪਣੇ) ਮਾਪੇ ਕਿੱਥੇ ਹਨ, ਜਿਨ੍ਹਾਂ ਤੈਨੂੰ ਜੰਮਿਆ ਸੀ। ਉਹ ਤੇਰੇ ਮਾਪੇ ਤੇਰੇ ਪਾਸੋਂ ਕਦੇ ਦੇ ਚਲੇ ਗਏ ਹਨ।

ਤੈ ਪਾਸਹੁ ਓਇ ਲਦਿ ਗਏ ਤੂੰ ਅਜੈ ਨ ਪਤੀਣੋਹਿ ॥੭੩॥

ਤੈਨੂੰ ਅਜੇ ਭੀ ਯਕੀਨ ਨਹੀਂ ਆਇਆ (ਕਿ ਤੂੰ ਤਾਂ ਇਥੋਂ ਤੁਰ ਜਾਣਾ ਹੈ, ਇਸੇ ਕਰਕੇ ਰੱਬ ਦੀ ਬੰਦਗੀ ਵਲੋਂ ਗ਼ਾਫ਼ਿਲ ਪਿਆ ਹੈਂ) ॥੭੩॥

ਫਰੀਦਾ ਮਨੁ ਮੈਦਾਨੁ ਕਰਿ ਟੋਏ ਟਿਬੇ ਲਾਹਿ ॥

ਹੇ ਫਰੀਦ! ਮਨ ਨੂੰ ਪੱਧਰਾ ਕਰ ਦੇਹ (ਅਤੇ ਇਸ ਦੇ) ਉੱਚੇ ਨੀਵੇਂ ਥਾਂ ਦੂਰ ਕਰ ਦੇਹ,

ਅਗੈ ਮੂਲਿ ਨ ਆਵਸੀ ਦੋਜਕ ਸੰਦੀ ਭਾਹਿ ॥੭੪॥

(ਜੇ ਤੂੰ ਕਰ ਸਕੇਂ, ਤਾਂ) ਤੇਰੇ ਜੀਵਨ-ਸਫ਼ਰ ਵਿਚ ਦੋਜ਼ਕ ਦੀ ਅੱਗ ਬਿਲਕੁਲ ਨਹੀਂ ਆਵੇਗੀ, (ਭਾਵ, ਮਨ ਵਿਚ ਟੋਏ ਟਿੱਬੇ ਟਿਕੇ ਰਹਿਣ ਕਰਕੇ ਜੋ ਕਲੇਸ਼ ਮਨੁੱਖ ਨੂੰ ਵਾਪਰਦੇ ਹਨ, ਇਹਨਾਂ ਦੇ ਦੂਰ ਹੋਇਆਂ ਉਹ ਕਲੇਸ਼ ਭੀ ਮਿਟ ਜਾਣਗੇ) ॥੭੪॥


ਮਹਲਾ ੫ ॥
ਫਰੀਦਾ ਖਾਲਕੁ ਖਲਕ ਮਹਿ ਖਲਕ ਵਸੈ ਰਬ ਮਾਹਿ ॥

ਹੇ ਫਰੀਦ! (ਖ਼ਲਕਤ ਪੈਦਾ ਕਰਨ ਵਾਲਾ) ਪਰਮਾਤਮਾ (ਸਾਰੀ) ਖ਼ਲਕਤ ਵਿਚ ਮੌਜੂਦ ਹੈ, ਅਤੇ ਖ਼ਲਕਤ ਪਰਮਾਤਮਾ ਵਿਚ ਵੱਸ ਰਹੀ ਹੈ।

ਮੰਦਾ ਕਿਸ ਨੋ ਆਖੀਐ ਜਾਂ ਤਿਸੁ ਬਿਨੁ ਕੋਈ ਨਾਹਿ ॥੭੫॥

ਜਦੋਂ (ਕਿਤੇ ਭੀ) ਉਸ ਪਰਮਾਤਮਾ ਤੋਂ ਬਿਨਾ ਹੋਰ ਦੂਜਾ ਨਹੀਂ ਹੈ, ਤਾਂ ਕਿਸ ਜੀਵ ਨੂੰ ਭੈੜਾ ਕਿਹਾ ਜਾਏ? (ਭਾਵ, ਕਿਸੇ ਮਨੁੱਖ ਨੂੰ ਮਾੜਾ ਨਹੀਂ ਕਿਹਾ ਜਾ ਸਕਦਾ) ॥੭੫॥


ਫਰੀਦਾ ਜਿ ਦਿਹਿ ਨਾਲਾ ਕਪਿਆ ਜੇ ਗਲੁ ਕਪਹਿ ਚੁਖ ॥

ਹੇ ਫਰੀਦ! (ਹੇ ਦਾਈ!) ਜਿਸ ਦਿਨ ਮੇਰਾ ਨਾੜੂ ਕੱਟਿਆ ਸੀ, ਜੇ ਰਤਾ ਕੁ ਮੇਰਾ ਗਲ ਵੱਢ ਦੇਂਦੀਓਂ,

ਪਵਨਿ ਨ ਇਤੀ ਮਾਮਲੇ ਸਹਾਂ ਨ ਇਤੀ ਦੁਖ ॥੭੬॥

ਤਾਂ (ਮਨ ਦੇ ਇਹਨਾਂ ਟੋਇਆਂ ਟਿੱਬਿਆਂ ਦੇ ਕਾਰਣ) ਨਾਹ ਇਤਨੇ ਝੰਬੇਲੇ ਪੈਂਦੇ ਅਤੇ ਨਾਹ ਹੀ ਮੈਂ ਇਤਨੇ ਦੁੱਖ ਸਹਾਰਦਾ ॥੭੬॥

ਚਬਣ ਚਲਣ ਰਤੰਨ ਸੇ ਸੁਣੀਅਰ ਬਹਿ ਗਏ ॥

(ਕਿਸ ਮਾਣ ਤੇ ਦੂਜਿਆਂ ਨੂੰ ਮਾੜਾ ਆਖਣਾ ਹੋਇਆ? ਕਿਸ ਮਾਣ ਤੇ ਮਨ ਵਿਚ ਇਹ ਟੋਏ ਟਿੱਬੇ ਬਣਾਣੇ ਹੋਏ?) ਉਹ ਦੰਦ, ਲੱਤਾਂ, ਅੱਖਾਂ ਤੇ ਕੰਨ (ਜਿਨ੍ਹਾਂ ਦੇ ਮਾਣ ਦੇ ਇਹ ਟੋਏ ਟਿੱਬੇ ਬਣੇ ਸਨ) ਕੰਮ ਕਰਨੋਂ ਰਹਿ ਗਏ ਹਨ।

ਹੇੜੇ ਮੁਤੀ ਧਾਹ ਸੇ ਜਾਨੀ ਚਲਿ ਗਏ ॥੭੭॥

(ਇਸ) ਸਰੀਰ ਨੇ ਢਾਹ ਮਾਰੀ ਹੈ (ਭਾਵ, ਇਹ ਆਪਣਾ ਹੀ ਸਰੀਰ ਹੁਣ ਦੁਖੀ ਹੋ ਰਿਹਾ ਹੈ, ਕਿ ਮੇਰੇ) ਉਹ ਮਿੱਤਰ ਤੁਰ ਗਏ ਹਨ (ਭਾਵ, ਕੰਮ ਦੇਣੋਂ ਰਹਿ ਗਏ ਹਨ, ਜਿਨ੍ਹਾਂ ਤੇ ਮੈਨੂੰ ਮਾਣ ਸੀ) ॥੭੭॥

ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ ॥

ਹੇ ਫਰੀਦ! ਬੁਰਾਈ ਕਰਨ ਵਾਲੇ ਨਾਲ ਭੀ ਭਲਾਈ ਕਰ। ਗੁੱਸਾ ਮਨ ਵਿਚ ਨਾਹ ਆਉਣ ਦੇਹ।

ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ ॥੭੮॥

(ਇਸ ਤਰ੍ਹਾਂ) ਸਰੀਰ ਨੂੰ ਕੋਈ ਰੋਗ ਨਹੀਂ ਲੱਗਦਾ ਅਤੇ ਹਰੇਕ ਪਦਾਰਥ (ਭਾਵ, ਚੰਗਾ ਗੁਣ) ਸਾਂਭਿਆ ਰਹਿੰਦਾ ਹੈ ॥੭੮॥

ਫਰੀਦਾ ਪੰਖ ਪਰਾਹੁਣੀ ਦੁਨੀ ਸੁਹਾਵਾ ਬਾਗੁ ॥

ਹੇ ਫਰੀਦ! ਇਹ ਦੁਨੀਆ (ਇਕ) ਸੋਹਣਾ ਬਾਗ਼ ਹੈ (ਇਥੇ ਮਨ ਵਿਚ ‘ਟੋਏ ਟਿੱਬੇ’ ਬਣਾਏ ਕਿਉਂ ਹੋਏ? ਇਥੇ ਤਾਂ ਸਾਰੇ ਜੀਵ-ਰੂਪ) ਪੰਛੀਆਂ ਦੀ ਡਾਰ ਪਰਾਹੁਣੀ ਹੈ।

ਨਉਬਤਿ ਵਜੀ ਸੁਬਹ ਸਿਉ ਚਲਣ ਕਾ ਕਰਿ ਸਾਜੁ ॥੭੯॥

ਜਦੋਂ ਸਵੇਰ ਦਾ ਧੌਂਸਾ ਵੱਜਾ (ਸਭ ਨੇ ਜ਼ਿੰਦਗੀ ਦੀ ਰਾਤ ਕੱਟ ਕੇ ਤੁਰ ਜਾਣਾ ਹੈ)। (ਹੇ ਫਰੀਦ! ਇਹ ‘ਟੋਏ ਟਿੱਬੇ’ ਦੂਰ ਕਰ, ਤੇ ਤੂੰ ਭੀ) ਤੁਰਨ ਦੀ ਤਿਆਰੀ ਕਰ ॥੭੯॥

ਫਰੀਦਾ ਰਾਤਿ ਕਥੂਰੀ ਵੰਡੀਐ ਸੁਤਿਆ ਮਿਲੈ ਨ ਭਾਉ ॥

ਹੇ ਫਰੀਦ! (ਉਹ ਤਿਆਰੀ ਰਾਤ ਨੂੰ ਹੀ ਹੋ ਸਕਦੀ ਹੈ) ਰਾਤਿ (ਦੀ ਇਕਾਂਤ) ਵਿਚ ਕਸਤੂਰੀ ਵੰਡੀਦੀ ਹੈ (ਭਾਵ, ਰਾਤਿ ਦੀ ਇਕਾਂਤ ਵੇਲੇ ਭਜਨ ਦੀ ਸੁਗੰਧੀ ਪੈਦਾ ਹੁੰਦੀ ਹੈ), ਜੋ ਸੁੱਤੇ ਰਹਿਣ ਉਹਨਾਂ ਨੂੰ (ਇਸ ਵਿਚੋਂ) ਹਿੱਸਾ ਨਹੀਂ ਮਿਲਦਾ।

ਜਿੰਨੑਾ ਨੈਣ ਨਂੀਦ੍ਰਾਵਲੇ ਤਿੰਨੑਾ ਮਿਲਣੁ ਕੁਆਉ ॥੮੦॥

ਜਿਨ੍ਹਾਂ ਦੀਆਂ ਅੱਖਾਂ (ਸਾਰੀ ਰਾਤ) ਨੀਂਦ ਵਿਚ ਘੁੱਟੀਆਂ ਰਹਿਣ, ਉਹਨਾਂ ਨੂੰ (ਨਾਮ ਦੀ ਕਸਤੂਰੀ ਦੀ) ਪ੍ਰਾਪਤੀ ਕਿਵੇਂ ਹੋਵੇ? ॥੮੦॥

ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ ॥

ਹੇ ਫਰੀਦ! ਮੈਂ (ਪਹਿਲਾਂ ਮਨ ਦੇ ‘ਟੋਏ ਟਿੱਬੇ’ ਤੋਂ ਪੈਦਾ ਹੋਏ ਦੁੱਖ ਵਿਚ ਘਾਬਰ ਕੇ ਇਹ) ਸਮਝਿਆ ਕਿ ਦੁੱਖ (ਸਿਰਫ਼) ਮੈਨੂੰ (ਹੀ) ਹੈ (ਸਿਰਫ਼ ਮੈਂ ਹੀ ਦੁਖੀ ਹਾਂ), (ਪਰ ਅਸਲ ਵਿਚ ਇਹ) ਦੁੱਖ ਤਾਂ ਸਾਰੇ (ਹੀ) ਜਗਤ ਵਿਚ (ਵਾਪਰ ਰਿਹਾ) ਹੈ।

ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ ॥੮੧॥

ਜਦੋਂ ਮੈਂ (ਆਪਣੇ ਦੁੱਖ ਤੋਂ) ਉਚੇਰਾ ਹੋ ਕੇ (ਧਿਆਨ ਮਾਰਿਆ) ਤਾਂ ਮੈਂ ਵੇਖਿਆ ਕਿ ਹਰੇਕ ਘਰ ਵਿਚ ਇਹੀ ਅੱਗ (ਬਲ) ਰਹੀ ਹੈ (ਭਾਵ, ਹਰੇਕ ਜੀਵ ਦੁਖੀ ਹੈ) ॥੮੧॥


ਮਹਲਾ ੫ ॥
ਫਰੀਦਾ ਭੂਮਿ ਰੰਗਾਵਲੀ ਮੰਝਿ ਵਿਸੂਲਾ ਬਾਗ ॥

ਹੇ ਫਰੀਦ! (ਇਹ) ਧਰਤੀ (ਤਾਂ) ਸੁਹਾਵਣੀ ਹੈ, (ਪਰ ਮਨੁੱਖੀ ਮਨ ਦੇ ਟੋਏ ਟਿੱਬਿਆਂ ਦੇ ਕਾਰਨ ਇਸ) ਵਿਚ ਵਿਹੁਲਾ ਬਾਗ (ਲੱਗਾ ਹੋਇਆ) ਹੈ (ਜਿਸ ਵਿਚ ਦੁੱਖਾਂ ਦੀ ਅੱਗ ਬਲ ਰਹੀ ਹੈ)।

ਜੋ ਜਨ ਪੀਰਿ ਨਿਵਾਜਿਆ ਤਿੰਨੑਾ ਅੰਚ ਨ ਲਾਗ ॥੮੨॥

ਜਿਸ ਵਿਚ ਮਨੁੱਖ ਨੂੰ ਸਤਿਗੁਰੂ ਨੇ ਉੱਚਾ ਕੀਤਾ ਹੈ, ਉਹਨਾਂ ਨੂੰ (ਦੁੱਖ-ਅਗਨਿ ਦਾ) ਸੇਕ ਨਹੀਂ ਲੱਗਦਾ ॥੮੨॥


ਮਃ ੫ ॥
ਫਰੀਦਾ ਉਮਰ ਸੁਹਾਵੜੀ ਸੰਗਿ ਸੁਵੰਨੜੀ ਦੇਹ ॥

ਹੇ ਫਰੀਦ! (ਉਹਨਾਂ ਬੰਦਿਆਂ ਦੀ) ਜ਼ਿੰਦਗੀ ਸੌਖੀ ਹੈ ਅਤੇ ਸਰੀਰ ਭੀ ਸੋਹਣੇ ਰੰਗ ਵਾਲਾ (ਭਾਵ, ਰੋਗ-ਰਹਿਤ) ਹੈ,

ਵਿਰਲੇ ਕੇਈ ਪਾਈਅਨਿੑ ਜਿਨੑਾ ਪਿਆਰੇ ਨੇਹ ॥੨॥

ਜਿਨ੍ਹਾਂ ਦਾ ਪਿਆਰ ਪਿਆਰੇ ਪਰਮਾਤਮਾ ਨਾਲ ਹੈ (‘ਵਿਸੂਲਾ ਬਾਗ’ ਤੇ ‘ਦੁਖ-ਅਗਨੀ’ ਉਹਨਾਂ ਨੂੰ ਛੂੰਹਦੇ ਨਹੀਂ, ਪਰ ਅਜੇਹੇ ਬੰਦੇ) ਕੋਈ ਵਿਰਲੇ ਹੀ ਮਿਲਦੇ ਹਨ ॥੨॥


ਕੰਧੀ ਵਹਣ ਨ ਢਾਹਿ ਤਉ ਭੀ ਲੇਖਾ ਦੇਵਣਾ ॥

ਦੁੱਖਾਂ ਹੇਠ ਨੱਪਿਆ ਹੋਇਆ ਜੀਵ ‘ਦੁੱਖ’ ਅੱਗੇ ਤਰਲੇ ਲੈ ਕੇ ਆਖਦਾ ਹੈ ਕਿ) ਹੇ (ਦੁੱਖਾਂ ਦੇ) ਵਹਣ! (ਮੈਨੂੰ) ਕੰਧੀ (-ਰੁੱਖੜੇ) ਨੂੰ ਨਾਹ ਢਾਹ (ਭਾਵ, ਮੈਨੂੰ ਦੁਖੀ ਨਾਹ ਕਰ), ਤੈਨੂੰ ਭੀ (ਆਪਣੇ ਕੀਤੇ ਦਾ) ਹਿਸਾਬ ਦੇਣਾ ਪਏਗਾ।

ਜਿਧਰਿ ਰਬ ਰਜਾਇ ਵਹਣੁ ਤਿਦਾਊ ਗੰਉ ਕਰੇ ॥੮੪॥

(ਦੁਖੀ ਮਨੁੱਖ ਨੂੰ ਇਹ ਸਮਝ ਨਹੀਂ ਰਹਿੰਦੀ ਕਿ) ਦੁੱਖਾਂ ਦਾ ਹੜ੍ਹ ਉਸੇ ਪਾਸੇ ਹੀ ਢਾਹ ਲਾਂਦਾ ਹੈ, ਜਿਸ ਪਾਸੇ ਰੱਬ ਦੀ ਮਰਜ਼ੀ ਹੁੰਦੀ ਹੈ (ਭਾਵ, ਰੱਬ ਦੀ ਰਜ਼ਾ-ਅਨੁਸਾਰ ਰੱਬ ਤੋਂ ਵਿਛੁੜੇ ਹੋਏ ਬੰਦੇ ਆਪਣੇ ਕੀਤੇ ਮੰਦੇ ਕਰਮਾਂ ਦੇ ਅਧੀਨ ਦੁੱਖਾਂ ਦਾ ਹੜ੍ਹ ਉਸ ਨੂੰ ਆ ਰੋੜ੍ਹਦਾ ਹੈ) ॥੮੪॥

ਫਰੀਦਾ ਡੁਖਾ ਸੇਤੀ ਦਿਹੁ ਗਇਆ ਸੂਲਾਂ ਸੇਤੀ ਰਾਤਿ ॥

ਹੇ ਫਰੀਦ! (ਮਨ ਵਿਚ ਬਣੇ ‘ਟੋਏ ਟਿਬੇ’ ਦੇ ਕਾਰਨ ਦੁੱਖਾਂ ਦੀ ਨਦੀ ਵਿਚ ਰੁੜ੍ਹੇ ਜਾਂਦੇ ਜੀਵਾਂ ਦਾ) ਦਿਨ ਦੁੱਖਾਂ ਵਿਚ ਲੰਘਦਾ ਹੈ, ਰਾਤ ਭੀ (ਚਿੰਤਾ ਦੀਆਂ) ਚੋਭਾਂ ਵਿਚ ਬੀਤਦੀ ਹੈ।

ਖੜਾ ਪੁਕਾਰੇ ਪਾਤਣੀ ਬੇੜਾ ਕਪਰ ਵਾਤਿ ॥੮੫॥

(ਕੰਢੇ ਤੇ) ਖਲੋਤਾ ਹੋਇਆ (ਗੁਰੂ-) ਮਲਾਹ ਇਹਨਾਂ ਨੂੰ ਉੱਚੀ ਉੱਚੀ ਕਹਿ ਰਿਹਾ ਹੈ (ਕਿ ਤੁਹਾਡਾ ਜ਼ਿੰਦਗੀ ਦਾ) ਬੇੜਾ (ਦੁੱਖਾਂ ਦੀਆਂ) ਠਾਠਾਂ ਦੇ ਮੂੰਹ ਵਿਚ (ਆ ਡਿੱਗਣ ਲੱਗਾ) ਹੈ ॥੮੫॥

ਲੰਮੀ ਲੰਮੀ ਨਦੀ ਵਹੈ ਕੰਧੀ ਕੇਰੈ ਹੇਤਿ ॥

(ਸੰਸਾਰੀ ਬੰਦਿਆਂ-ਰੂਪ) ਕੰਧੀ (ਰੁੱਖੜਿਆਂ) ਨੂੰ ਢਾਹੁਣ ਲਈ (ਭਾਵ, ਦੁੱਖੀ ਕਰਨ ਲਈ) (ਇਹ ਦੁੱਖਾਂ ਦੀ) ਬੇਅੰਤ ਲੰਮੀ ਨਦੀ ਵਗ ਰਹੀ ਹੈ,

ਬੇੜੇ ਨੋ ਕਪਰੁ ਕਿਆ ਕਰੇ ਜੇ ਪਾਤਣ ਰਹੈ ਸੁਚੇਤਿ ॥੮੬॥

(ਪਰ ਇਸ ਨਦੀ ਦਾ) ਘੁੰਮਣ-ਘੇਰ (ਉਸ ਜ਼ਿੰਦਗੀ-ਰੂਪ) ਬੇੜੇ ਦਾ ਕੋਈ ਨੁਕਸਾਨ ਨਹੀਂ ਕਰ ਸਕਦਾ, ਜੋ (ਸਤਿਗੁਰੂ) ਮਲਾਹ ਦੇ ਚੇਤੇ ਵਿਚ ਰਹੇ (ਭਾਵ, ਜਿਸ ਮਨੁੱਖ ਉਤੇ ਗੁਰੂ ਮੇਹਰ ਦੀ ਨਜ਼ਰ ਰੱਖੇ, ਉਸ ਨੂੰ ਦੁੱਖ-ਅਗਨੀ ਨਹੀਂ ਪੋਂਹਦੀ) ॥੮੬॥

ਫਰੀਦਾ ਗਲਂੀ ਸੁ ਸਜਣ ਵੀਹ ਇਕੁ ਢੂੰਢੇਦੀ ਨ ਲਹਾਂ ॥

ਹੇ ਫਰੀਦ! ਗੱਲਾਂ ਨਾਲ ਪਤਿਆਉਣ ਵਾਲੇ ਤਾਂ ਵੀਹ ਮਿਤ੍ਰ (ਮਿਲ ਪੈਂਦੇ) ਹਨ; ਪਰ ਖੋਜ ਕਰਨ ਲੱਗਿਆਂ ਅਸਲ ਸੱਚਾ ਮਿੱਤਰ ਨਹੀਂ ਲੱਭਦਾ (ਜੋ ਮੇਰੀ ਜ਼ਿੰਦਗੀ ਦੇ ਬੇੜੇ ਨੂੰ ਦੁੱਖਾਂ ਦੀ ਨਦੀ ਵਿਚੋਂ ਪਾਰ ਲਾਏ)।

ਧੁਖਾਂ ਜਿਉ ਮਾਂਲੀਹ ਕਾਰਣਿ ਤਿੰਨੑਾ ਮਾ ਪਿਰੀ ॥੮੭॥

ਮੈਂ ਤਾਂ ਇਹੋ ਜਿਹੇ (ਸਤ-ਸੰਗੀ) ਸੱਜਣਾਂ ਦੇ (ਨਾਹ ਮਿਲਣ) ਕਰਕੇ ਧੁਖਦੀ ਮਿਲੀ ਵਾਂਗ ਅੰਦਰੇ ਅੰਦਰ ਦੁਖੀ ਹੋ ਰਿਹਾ ਹਾਂ ॥੮੭॥

ਫਰੀਦਾ ਇਹੁ ਤਨੁ ਭਉਕਣਾ ਨਿਤ ਨਿਤ ਦੁਖੀਐ ਕਉਣੁ ॥

ਹੇ ਫਰੀਦ! ਇਹ (ਮੇਰਾ) ਸਰੀਰ ਤਾਂ ਭੌਂਕਾ ਹੋ ਗਿਆ ਹੈ (ਭਾਵ, ਹਰ ਵੇਲੇ ਨਿੱਤ ਨਵੇਂ ਪਦਾਰਥ ਮੰਗਦਾ ਰਹਿੰਦਾ ਹੈ, ਇਸ ਦੀਆਂ ਨਿੱਤ ਦੀਆਂ ਮੰਗਾਂ ਪੂਰੀਆਂ ਕਰਨ ਦੀ ਖ਼ਾਤਰ) ਕੌਣ ਨਿੱਤ ਔਖਾ ਹੁੰਦਾ ਰਹੇ? (ਭਾਵ, ਮੈਨੂੰ ਨਹੀਂ ਪੁੱਜਦਾ ਕਿ ਨਿੱਤ ਔਖਾ ਹੁੰਦਾ ਰਹਾਂ)।

ਕੰਨੀ ਬੁਜੇ ਦੇ ਰਹਾਂ ਕਿਤੀ ਵਗੈ ਪਉਣੁ ॥੮੮॥

ਮੈਂ ਤਾਂ ਕੰਨਾਂ ਵਿਚ ਬੁੱਜੇ ਦੇਈ ਰੱਖਾਂਗਾ ਜਿਤਨੀ ਜੀ ਚਾਹੇ ਹਵਾ ਝੁੱਲਦੀ ਰਹੇ, (ਭਾਵ, ਜਿਤਨਾ ਜੀ ਚਾਹੇ ਇਹ ਸਰੀਰ ਮੰਗਾਂ ਮੰਗਣ ਦਾ ਰੌਲਾ ਪਾਈ ਜਾਏ, ਮੈਂ ਇਸ ਦੀ ਇੱਕ ਭੀ ਨਹੀਂ ਸੁਣਾਂਗਾ) ॥੮੮॥

ਫਰੀਦਾ ਰਬ ਖਜੂਰੀ ਪਕੀਆਂ ਮਾਖਿਅ ਨਈ ਵਹੰਨਿੑ ॥

(ਪਰ ਇਹ ਸਰੀਰ ਵਿਚਾਰਾ ਭੀ ਕੀਹ ਕਰੇ? ਇਸ ਨੂੰ ਖਿੱਚ ਪਾਣ ਲਈ ਚਾਰ-ਚੁਫੇਰੇ ਜਗਤ ਵਿਚ) ਹੇ ਫਰੀਦ! ਪਰਮਾਤਮਾ ਦੀਆਂ ਪੱਕੀਆਂ ਹੋਈਆਂ ਖਜੂਰਾਂ (ਦਿੱਸ ਰਹੀਆਂ ਹਨ), ਅਤੇ ਸ਼ਹਿਦ ਦੀਆਂ ਨਦੀਆਂ ਵਗ ਰਹੀਆਂ ਹਨ (ਭਾਵ, ਹਰ ਪਾਸੇ ਸੋਹਣੇ ਸੋਹਣੇ, ਸੁਆਦਲੇ ਤੇ ਮਨ-ਮੋਹਣੇ ਪਦਾਰਥ ਤੇ ਵਿਸ਼ੇ-ਵਿਕਾਰ ਮੌਜੂਦ ਹਨ)।

ਜੋ ਜੋ ਵੰਞੈਂ ਡੀਹੜਾ ਸੋ ਉਮਰ ਹਥ ਪਵੰਨਿ ॥੮੯॥

(ਉ​ਂਞ ਇਹ ਭੀ ਠੀਕ ਹੈ ਕਿ ਇਹਨਾਂ ਪਦਾਰਥਾਂ ਦੇ ਮਾਣਨ ਵਿਚ ਮਨੁੱਖ ਦਾ) ਜੋ ਜੋ ਦਿਹਾੜਾ ਬੀਤਦਾ ਹੈ, ਉਹ ਇਸ ਦੀ ਉਮਰ ਨੂੰ ਹੀ ਹੱਥ ਪੈ ਰਹੇ ਹਨ (ਭਾਵ, ਅਜ਼ਾਈਂ ਜਾ ਰਹੇ ਹਨ) ॥੮੯॥

ਫਰੀਦਾ ਤਨੁ ਸੁਕਾ ਪਿੰਜਰੁ ਥੀਆ ਤਲੀਆਂ ਖੂੰਡਹਿ ਕਾਗ ॥

ਹੇ ਫਰੀਦ! ਇਹ ਭੌਂਕਾ) ਸਰੀਰ (ਵਿਸ਼ੇ-ਵਿਕਾਰਾਂ ਵਿਚ ਪੈ ਪੈ ਕੇ) ਡਾਢਾ ਮਾੜਾ ਹੋ ਗਿਆ ਹੈ, ਹੱਡੀਆਂ ਦੀ ਮੁੱਠ ਰਹਿ ਗਿਆ ਹੈ। (ਫਿਰ ਭੀ, ਇਹ) ਕਾਂ ਇਸ ਦੀਆਂ ਤਲੀਆਂ ਨੂੰ ਠੂੰਗੇ ਮਾਰੀ ਜਾ ਰਹੇ ਹਨ (ਭਾਵ, ਦੁਨੀਆਵੀ ਪਦਾਰਥਾਂ ਦੇ ਚਸਕੇ ਤੇ ਵਿਸ਼ੇ-ਵਿਕਾਰ ਇਸ ਦੇ ਮਨ ਨੂੰ ਚੋਭਾਂ ਲਾਈ ਜਾ ਰਹੇ ਹਨ)।

ਅਜੈ ਸੁ ਰਬੁ ਨ ਬਾਹੁੜਿਓ ਦੇਖੁ ਬੰਦੇ ਕੇ ਭਾਗ ॥੯੦॥

ਵੇਖੋ, (ਵਿਕਾਰਾਂ ਵਿਚ ਪਏ) ਮਨੁੱਖ ਦੀ ਕਿਸਮਤ ਭੀ ਅਜੀਬ ਹੈ ਕਿ ਅਜੇ ਭੀ (ਜਦੋਂ ਕਿ ਇਸ ਦਾ ਸਰੀਰ ਦੁਨੀਆ ਦੇ ਵਿਸ਼ੇ ਭੋਗ ਭੋਗ ਕੇ ਆਪਣੀ ਸੱਤਿਆ ਭੀ ਗਵਾ ਬੈਠਾ ਹੈ) ਰੱਬ ਇਸ ਉਤੇ ਤ੍ਰੁੱਠਾ ਨਹੀਂ (ਭਾਵ, ਇਸ ਦੀ ਝਾਕ ਮਿਟੀ ਨਹੀਂ) ॥੯੦॥

ਕਾਗਾ ਕਰੰਗ ਢੰਢੋਲਿਆ ਸਗਲਾ ਖਾਇਆ ਮਾਸੁ ॥

ਕਾਵਾਂ ਨੇ ਪਿੰਜਰ ਭੀ ਫੋਲ ਮਾਰਿਆ ਹੈ, ਅਤੇ ਸਾਰਾ ਮਾਸ ਖਾ ਲਿਆ ਹੈ (ਭਾਵ, ਦੁਨੀਆਵੀ ਪਦਾਰਥਾਂ ਦੇ ਚਸਕੇ ਤੇ ਵਿਸ਼ੇ-ਵਿਕਾਰ ਇਸ ਅੱਤ ਲਿੱਸੇ ਹੋਏ ਹੋਏ ਸਰੀਰ ਨੂੰ ਭੀ ਚੋਭਾਂ ਲਾਈ ਜਾ ਰਹੇ ਹਨ, ਇਸ ਭੌਂਕੇ ਸਰੀਰ ਦੀ ਸਾਰੀ ਸੱਤਿਆ ਇਹਨਾਂ ਨੇ ਖਿੱਚ ਲਈ ਹੈ)।

ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ ॥੯੧॥

ਰੱਬ ਕਰ ਕੇ ਕੋਈ ਵਿਕਾਰ (ਮੇਰੀਆਂ) ਅੱਖਾਂ ਅੱਖਾਂ ਨੂੰ ਨਾਹ ਛੇੜੇ, ਇਹਨਾਂ ਵਿਚ ਤਾਂ ਪਿਆਰੇ ਪ੍ਰਭੂ ਨੂੰ ਵੇਖਣ ਦੀ ਤਾਂਘ ਟਿਕੀ ਰਹੇ ॥੯੧॥

ਕਾਗਾ ਚੂੰਡਿ ਨ ਪਿੰਜਰਾ ਬਸੈ ਤ ਉਡਰਿ ਜਾਹਿ ॥

ਹੇ ਕਾਂ! ਮੇਰਾ ਪਿੰਜਰ ਨਾਹ ਠੂੰਗ, ਜੇ ਤੇਰੇ ਵੱਸ ਵਿਚ (ਇਹ ਗੱਲ) ਹੈ ਤਾਂ (ਇਥੋਂ) ਉੱਡ ਜਾਹ,

ਜਿਤੁ ਪਿੰਜਰੈ ਮੇਰਾ ਸਹੁ ਵਸੈ ਮਾਸੁ ਨ ਤਿਦੂ ਖਾਹਿ ॥੯੨॥

ਜਿਸ ਸਰੀਰ ਵਿਚ ਮੇਰਾ ਖਸਮ-ਪ੍ਰਭੂ ਵੱਸ ਰਿਹਾ ਹੈ, ਇਸ ਵਿਚੋਂ ਮਾਸ ਨਾਹ ਖਾਹ, (ਭਾਵ, ਹੇ ਵਿਸ਼ਿਆਂ ਦੇ ਚਸਕੇ! ਮੇਰੇ ਇਸ ਸਰੀਰ ਨੂੰ ਚੋਭਾਂ ਲਾਣੀਆਂ ਛੱਡ ਦੇਹ, ਤਰਸ ਕਰ, ਤੇ ਜਾਹ, ਖ਼ਲਾਸੀ ਕਰ। ਇਸ ਸਰੀਰ ਵਿਚ ਤਾਂ ਖਸਮ-ਪ੍ਰਭੂ ਦਾ ਪਿਆਰ ਵੱਸ ਰਿਹਾ ਹੈ, ਤੂੰ ਇਸ ਨੂੰ ਵਿਸ਼ੇ-ਭੋਗਾਂ ਵਲ ਪ੍ਰੇਰਨ ਦਾ ਜਤਨ ਨਾਹ ਕਰ) ॥੯੨॥

ਫਰੀਦਾ ਗੋਰ ਨਿਮਾਣੀ ਸਡੁ ਕਰੇ ਨਿਘਰਿਆ ਘਰਿ ਆਉ ॥

ਹੇ ਫਰੀਦ! ਕਬਰ ਵਿਚਾਰੀ (ਬੰਦੇ ਨੂੰ) ਵਾਜ ਮਾਰ ਰਹੀ ਹੈ (ਤੇ ਆਖਦੀ ਹੈ-) ਹੇ ਬੇ-ਘਰੇ ਜੀਵ! (ਆਪਣੇ) ਘਰ ਵਿਚ ਆ,

ਸਰਪਰ ਮੈਥੈ ਆਵਣਾ ਮਰਣਹੁ ਨ ਡਰਿਆਹੁ ॥੯੩॥

(ਭਾਵ) ਆਖ਼ਿਰ ਨੂੰ (ਤੂੰ) ਮੇਰੇ ਪਾਸ ਹੀ ਆਉਣਾ ਹੈ (ਤਾਂ ਫਿਰ) ਮੌਤ ਤੋਂ (ਇਤਨਾ) ਨਾਹ ਡਰ ॥੯੩॥

ਏਨੀ ਲੋਇਣੀ ਦੇਖਦਿਆ ਕੇਤੀ ਚਲਿ ਗਈ ॥

ਇਹਨਾਂ ਅੱਖਾਂ ਨਾਲ ਵੇਖਦਿਆਂ (ਭਾਵ, ਮੇਰੀਆਂ ਅੱਖਾਂ ਦੇ ਸਾਹਮਣੇ) ਕਿਤਨੀ ਹੀ ਖ਼ਲਕਤਿ ਚਲੀ ਗਈ ਹੈ (ਮੌਤ ਦਾ ਸ਼ਿਕਾਰ ਹੋ ਗਈ ਹੈ)।

ਫਰੀਦਾ ਲੋਕਾਂ ਆਪੋ ਆਪਣੀ ਮੈ ਆਪਣੀ ਪਈ ॥੯੪॥

ਹੇ ਫਰੀਦ! (ਖ਼ਲਕਤਿ ਤੁਰੀ ਜਾਂਦੀ ਵੇਖ ਕੇ ਭੀ) ਹਰੇਕ ਨੂੰ ਆਪੋ ਆਪਣੇ ਸੁਆਰਥ ਦਾ ਹੀ ਖ਼ਿਆਲ ਹੈ (ਭਾਵ, ਹਰੇਕ ਜੀਵ ਦੁਨੀਆ ਵਾਲੀ ਧੁਨ ਵਿਚ ਹੀ ਹੈ), ਮੈਨੂੰ ਭੀ ਆਪਣਾ ਹੀ ਫ਼ਿਕਰ ਪਿਆ ਹੋਇਆ ਹੈ ॥੯੪॥

ਆਪੁ ਸਵਾਰਹਿ ਮੈ ਮਿਲਹਿ ਮੈ ਮਿਲਿਆ ਸੁਖੁ ਹੋਇ ॥

ਜੇ ਤੂੰ ਆਪਣੇ ਆਪ ਨੂੰ ਸਵਾਰ ਲਏਂ, ਤਾਂ ਤੂੰ ਮੈਨੂੰ ਮਿਲ ਪਏਂਗਾ, ਤੇ ਮੇਰੇ ਵਿਚ ਜੁੜਿਆਂ ਹੀ ਤੈਨੂੰ ਸੁਖ ਹੋਵੇਗਾ (ਦੁਨੀਆ ਦੇ ਪਦਾਰਥਾਂ ਵਿਚ ਨਹੀਂ)।

ਫਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ ॥੯੫॥

ਹੇ ਫਰੀਦ! ਜੇ ਤੂੰ ਮੇਰਾ ਬਣ ਜਾਏਂ, (ਭਾਵ, ਦੁਨੀਆ ਵਾਲਾ ਪਿਆਰ ਛੱਡ ਕੇ ਮੇਰੇ ਨਾਲ ਪਿਆਰ ਕਰਨ ਲੱਗ ਪਏਂ, ਤਾਂ) ਸਾਰਾ ਜਗਤ ਤੇਰਾ ਬਣ ਜਾਏਗਾ (ਭਾਵ, ਮਾਇਆ ਤੇਰੇ ਪਿੱਛੇ ਪਿੱਛੇ ਦੌੜੇਗੀ) ॥੯੫॥

ਕੰਧੀ ਉਤੈ ਰੁਖੜਾ ਕਿਚਰਕੁ ਬੰਨੈ ਧੀਰੁ ॥

(ਦਰੀਆ ਦੇ) ਕੰਢੇ ਉੱਤੇ (ਉੱਗਾ ਹੋਇਆ) ਵਿਚਾਰਾ ਰੁੱਖ ਕਿਤਨਾ ਕੁ ਚਿਰ ਧਰਵਾਸ ਬੰਨ੍ਹੇਗਾ? ਹੇ ਫਰੀਦ! ਕੱਚੇ ਭਾਂਡੇ ਵਿਚ ਪਾਣੀ ਕਿਤਨਾ ਕੁ ਚਿਰ ਰੱਖਿਆ ਜਾ ਸਕਦਾ ਹੈ?

ਫਰੀਦਾ ਕਚੈ ਭਾਂਡੈ ਰਖੀਐ ਕਿਚਰੁ ਤਾਈ ਨੀਰੁ ॥੯੬॥

(ਇਸੇ ਤਰ੍ਹਾਂ ਮਨੁੱਖ ਮੌਤ ਦੀ ਨਦੀ ਦੇ ਕੰਢੇ ਤੇ ਖਲੋਤਾ ਹੋਇਆ ਹੈ, ਇਸ ਸਰੀਰ ਵਿਚੋਂ ਸੁਆਸ ਮੁੱਕਦੇ ਜਾ ਰਹੇ ਹਨ) ॥੯੬॥

ਫਰੀਦਾ ਮਹਲ ਨਿਸਖਣ ਰਹਿ ਗਏ ਵਾਸਾ ਆਇਆ ਤਲਿ ॥

ਹੇ ਫਰੀਦ! (ਮੌਤ ਆਉਣ ਤੇ) ਮਹਲ-ਮਾੜੀਆਂ ਸੁੰਞੀਆਂ ਰਹਿ ਜਾਂਦੀਆਂ ਹਨ, ਧਰਤੀ ਦੇ ਹੇਠ (ਕਬਰ ਵਿਚ) ਡੇਰਾ ਲਾਣਾ ਪੈਂਦਾ ਹੈ।

ਗੋਰਾਂ ਸੇ ਨਿਮਾਣੀਆ ਬਹਸਨਿ ਰੂਹਾਂ ਮਲਿ ॥

ਉਹਨਾਂ ਕਬਰਾਂ ਵਿਚ ਜਿਨ੍ਹਾਂ ਤੋਂ ਨਫ਼ਰਤ ਕਰੀਦੀ ਹੈ ਰੂਹਾਂ ਸਦਾ ਲਈ ਜਾ ਬੈਠਣਗੀਆਂ।

ਆਖੀਂ ਸੇਖਾ ਬੰਦਗੀ ਚਲਣੁ ਅਜੁ ਕਿ ਕਲਿ ॥੯੭॥

ਹੇ ਸ਼ੇਖ਼ (ਫਰੀਦ)! (ਰੱਬ ਦੀ) ਬੰਦਗੀ ਕਰ (ਇਹਨਾਂ ਮਹਲ-ਮਾੜੀਆਂ ਤੋਂ) ਅੱਜ ਭਲਕ ਕੂਚ ਕਰਨਾ ਹੋਵੇਗਾ ॥੯੭॥

ਫਰੀਦਾ ਮਉਤੈ ਦਾ ਬੰਨਾ ਏਵੈ ਦਿਸੈ ਜਿਉ ਦਰੀਆਵੈ ਢਾਹਾ ॥

ਹੇ ਫਰੀਦ! ਜਿਵੇਂ ਦਰਿਆ ਦਾ ਕਿਨਾਰਾ ਹੈ (ਜੋ ਪਾਣੀ ਦੇ ਵੇਗ ਨਾਲ ਢਹਿ ਰਿਹਾ ਹੁੰਦਾ ਹੈ) ਇਸੇ ਤਰ੍ਹਾਂ ਮੌਤ (-ਰੂਪ) ਨਦੀ ਦਾ ਕੰਢਾ ਹੈ (ਜਿਸ ਵਿਚ ਬੇਅੰਤ ਜੀਵ ਉਮਰ ਭੋਗ ਕੇ ਡਿੱਗਦੇ ਜਾ ਰਹੇ ਹਨ)।

ਅਗੈ ਦੋਜਕੁ ਤਪਿਆ ਸੁਣੀਐ ਹੂਲ ਪਵੈ ਕਾਹਾਹਾ ॥

(ਮੌਤ) ਅਗਲੇ ਪਾਸੇ (ਵਿਕਾਰੀਆਂ ਵਾਸਤੇ) ਤਪੇ ਹੋਏ ਨਰਕ ਸੁਣੀਂਦੇ ਹਨ, ਉਥੇ ਉਹਨਾਂ ਦੀ ਹਾਹਾਕਾਰ ਤੇ ਰੌਲਾ ਪੈ ਰਿਹਾ ਹੈ।

ਇਕਨਾ ਨੋ ਸਭ ਸੋਝੀ ਆਈ ਇਕਿ ਫਿਰਦੇ ਵੇਪਰਵਾਹਾ ॥

ਕਈ (ਭਾਗਾਂ ਵਾਲਿਆਂ) ਨੂੰ ਤਾਂ ਸਾਰੀ ਸਮਝ ਆ ਗਈ ਹੈ (ਕਿ ਇਥੇ ਕਿਵੇਂ ਜ਼ਿੰਦਗੀ ਗੁਜ਼ਾਰਨੀ ਹੈ, ਪਰ) ਕਈ ਬੇਪਰਵਾਹ ਫਿਰ ਰਹੇ ਹਨ।

ਅਮਲ ਜਿ ਕੀਤਿਆ ਦੁਨੀ ਵਿਚਿ ਸੇ ਦਰਗਹ ਓਗਾਹਾ ॥੯੮॥

ਜੇਹੜੇ ਅਮਲ ਇਥੇ ਦੁਨੀਆ ਵਿਚ ਕਰੀਦੇ ਹਨ, ਉਹ ਰੱਬ ਦੀ ਦਰਗਾਹ ਵਿਚ (ਮਨੁੱਖ ਦੀ ਜ਼ਿੰਦਗੀ ਦੇ) ਗਵਾਹ ਬਣਦੇ ਹਨ ॥੯੮॥

ਫਰੀਦਾ ਦਰੀਆਵੈ ਕੰਨੑੈ ਬਗੁਲਾ ਬੈਠਾ ਕੇਲ ਕਰੇ ॥

ਹੇ ਫਰੀਦ! (ਬੰਦਾ ਜਗਤ ਦੇ ਰੰਗ-ਤਮਾਸ਼ਿਆਂ ਵਿਚ ਮਸਤ ਹੈ, ਜਿਵੇਂ) ਦਰਿਆ ਦੇ ਕੰਢੇ ਤੇ ਬੈਠਾ ਹੋਇਆ ਬਗੁਲਾ ਕਲੋਲ ਕਰਦਾ ਹੈ।

ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ ॥

(ਜਿਵੇਂ ਉਸ) ਹੰਸ (ਵਰਗੇ ਚਿੱਟੇ ਬਗੁਲੇ) ਨੂੰ ਕਲੋਲ ਕਰਦੇ ਨੂੰ ਅਚਨ-ਚੇਤ ਬਾਜ਼ ਆ ਪੈਂਦੇ ਹਨ, (ਤਿਵੇਂ ਬੰਦੇ ਨੂੰ ਮੌਤ ਦੇ ਦੂਤ ਆ ਫੜਦੇ ਹਨ)।

ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ ॥

ਜਦੋਂ ਉਸ ਨੂੰ ਬਾਜ਼ ਆ ਕੇ ਪੈਂਦੇ ਹਨ, ਤਾਂ ਸਾਰੇ ਕਲੋਲ ਉਸ ਨੂੰ ਭੁੱਲ ਜਾਂਦੇ ਹਨ (ਆਪਣੀ ਜਾਨ ਦੀ ਪੈ ਜਾਂਦੀ ਹੈ, ਇਹੀ ਹਾਲ ਮੌਤ ਆਇਆਂ ਬੰਦੇ ਦਾ ਹੁੰਦਾ ਹੈ)।

ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆਂ ॥੯੯॥

ਜੋ ਗੱਲਾਂ (ਮਨੁੱਖ ਦੇ ਕਦੇ) ਮਨ ਵਿਚ ਚਿੱਤ-ਚੇਤੇ ਵਿਚ ਨਹੀਂ ਸਨ, ਰੱਬ ਨੇ ਉਹ ਕਰ ਦਿੱਤੀਆਂ ॥੯੯॥

ਸਾਢੇ ਤ੍ਰੈ ਮਣ ਦੇਹੁਰੀ ਚਲੈ ਪਾਣੀ ਅੰਨਿ ॥

(ਮਨੁੱਖ ਦਾ ਇਹ) ਸਾਢੇ ਤਿੰਨ ਮਣ ਦਾ ਪਲਿਆ ਹੋਇਆ ਸਰੀਰ (ਇਸ ਨੂੰ) ਪਾਣੀ ਤੇ ਅੰਨ ਦੇ ਜ਼ੋਰ ਕੰਮ ਦੇ ਰਿਹਾ ਹੈ।

ਆਇਓ ਬੰਦਾ ਦੁਨੀ ਵਿਚਿ ਵਤਿ ਆਸੂਣੀ ਬੰਨਿੑ ॥

ਬੰਦਾ ਜਗਤ ਵਿਚ ਕੋਈ ਸੋਹਣੀ ਜਿਹੀ ਆਸ ਬਣ ਕੇ ਆਇਆ ਹੈ (ਪਰ ਆਸ ਪੂਰੀ ਨਹੀਂ ਹੁੰਦੀ)।

ਮਲਕਲ ਮਉਤ ਜਾਂ ਆਵਸੀ ਸਭ ਦਰਵਾਜੇ ਭੰਨਿ ॥

ਜਦੋਂ ਮੌਤ ਦਾ ਫ਼ਰਿਸਤਾ (ਸਰੀਰ ਦੇ) ਸਾਰੇ ਦਰਵਾਜ਼ੇ ਭੰਨ ਕੇ (ਭਾਵ, ਸਾਰੇ ਇੰਦ੍ਰਿਆਂ ਨੂੰ ਨਕਾਰੇ ਕਰ ਕੇ) ਆ ਜਾਂਦਾ ਹੈ,

ਤਿਨੑਾ ਪਿਆਰਿਆ ਭਾਈਆਂ ਅਗੈ ਦਿਤਾ ਬੰਨਿੑ ॥

(ਮਨੁੱਖ ਦੇ) ਉਹ ਪਿਆਰੇ ਵੀਰ (ਮੌਤ ਦੇ ਫ਼ਰਿਸਤੇ ਦੇ) ਅੱਗੇ ਬੰਨ੍ਹ ਕੇ ਤੋਰ ਦੇਂਦੇ ਹਨ।

ਵੇਖਹੁ ਬੰਦਾ ਚਲਿਆ ਚਹੁ ਜਣਿਆ ਦੈ ਕੰਨਿੑ ॥

ਵੇਖੋ! ਬੰਦਾ ਚਹੁੰ ਮਨੁੱਖਾਂ ਦੇ ਮੋਢੇ ਤੇ ਤੁਰ ਪਿਆ ਹੈ।

ਫਰੀਦਾ ਅਮਲ ਜਿ ਕੀਤੇ ਦੁਨੀ ਵਿਚਿ ਦਰਗਹ ਆਏ ਕੰਮਿ ॥੧੦੦॥

ਹੇ ਫਰੀਦ! (ਪਰਮਾਤਮਾ ਦੀ) ਦਰਗਾਹ ਵਿਚ ਉਹੀ (ਭਲੇ) ਕੰਮ ਸਹਾਈ ਹੁੰਦੇ ਹਨ ਜੋ ਦੁਨੀਆ ਵਿਚ (ਰਹਿ ਕੇ) ਕੀਤੇ ਜਾਂਦੇ ਹਨ ॥੧੦੦॥

ਫਰੀਦਾ ਹਉ ਬਲਿਹਾਰੀ ਤਿਨੑ ਪੰਖੀਆ ਜੰਗਲਿ ਜਿੰਨੑਾ ਵਾਸੁ ॥

ਹੇ ਫਰੀਦ! ਮੈਂ ਉਹਨਾਂ ਪੰਛੀਆਂ ਤੋਂ ਸਦਕੇ ਹਾਂ ਜਿਨ੍ਹਾਂ ਦਾ ਵਾਸਾ ਜੰਗਲ ਵਿਚ ਹੈ,

ਕਕਰੁ ਚੁਗਨਿ ਥਲਿ ਵਸਨਿ ਰਬ ਨ ਛੋਡਨਿ ਪਾਸੁ ॥੧੦੧॥

ਰੋੜ ਚੁਗਦੇ ਹਨ, ਭੋਇਂ ਉੱਤੇ ਵੱਸਦੇ ਹਨ, (ਪਰ) ਰੱਬ ਦਾ ਆਸਰਾ ਨਹੀਂ ਛੱਡਦੇ (ਭਾਵ, ਮਹਲਾਂ ਵਿਚ ਰਹਿਣ ਵਾਲੇ ਪਲੇ ਹੋਏ ਸਰੀਰ ਵਾਲੇ ਪਰ ਰੱਬ ਨੂੰ ਭੁਲਾ ਦੇਣ ਵਾਲੇ ਬੰਦੇ ਨਾਲੋਂ ਤਾਂ ਉਹ ਪੰਛੀ ਹੀ ਚੰਗੇ ਹਨ ਜੋ ਰੁੱਖਾਂ ਤੇ ਆਲ੍ਹਣੇ ਬਣਾ ਲੈਂਦੇ ਹਨ, ਰੋੜ ਚੁਗ ਕੇ ਗੁਜ਼ਾਰਾ ਕਰ ਲੈਂਦੇ ਹਨ, ਪਰ ਰੱਬ ਨੂੰ ਚੇਤੇ ਰੱਖਦੇ ਹਨ) ॥੧੦੧॥

ਫਰੀਦਾ ਰੁਤਿ ਫਿਰੀ ਵਣੁ ਕੰਬਿਆ ਪਤ ਝੜੇ ਝੜਿ ਪਾਹਿ ॥

ਹੇ ਫਰੀਦ! ਮੌਸਮ ਬਦਲ ਗਿਆ ਹੈ, ਜੰਗਲ (ਦਾ ਬੂਟਾ ਬੂਟਾ) ਹਿੱਲ ਗਿਆ ਹੈ, ਪੱਤਰ ਝੜ ਰਹੇ ਹਨ।

ਚਾਰੇ ਕੁੰਡਾ ਢੂੰਢੀਆਂ ਰਹਣੁ ਕਿਥਾਊ ਨਾਹਿ ॥੧੦੨॥

(ਜਗਤ ਦੇ) ਚਾਰੇ ਪਾਸੇ ਢੂੰਢ ਵੇਖੇ ਹਨ, ਥਿਰਤਾ ਕਿਤੇ ਭੀ ਨਹੀਂ ਹੈ (ਨਾਹ ਹੀ ਰੁੱਤ ਇਕੋ ਰਹਿ ਸਕਦੀ ਹੈ, ਨਾਹ ਹੀ ਰੁੱਖ ਤੇ ਰੁੱਖਾਂ ਦੇ ਪੱਤਰ ਸਦਾ ਟਿਕੇ ਰਹਿ ਸਕਦੇ ਹਨ। ਭਾਵ, ਸਮਾਂ ਗੁਜ਼ਰਨ ਤੇ ਇਸ ਮਨੁੱਖ ਉਤੇ ਬੁਢੇਪਾ ਆ ਜਾਂਦਾ ਹੈ, ਸਾਰੇ ਅੰਗ ਕਮਜ਼ੋਰ ਪੈ ਜਾਂਦੇ ਹਨ, ਆਖ਼ਰ ਜਗਤ ਤੋਂ ਤੁਰ ਪੈਂਦਾ ਹੈ) ॥੧੦੨॥

ਫਰੀਦਾ ਪਾੜਿ ਪਟੋਲਾ ਧਜ ਕਰੀ ਕੰਬਲੜੀ ਪਹਿਰੇਉ ॥

ਹੇ ਫਰੀਦ! ਪੱਟ ਦਾ ਕੱਪੜਾ ਪਾੜ ਕੇ ਮੈਂ ਲੀਰਾਂ ਕਰ ਦਿਆਂ, ਤੇ ਮਾੜੀ ਜਿਹੀ ਕੰਬਲੀ ਪਾ ਲਵਾਂ।

ਜਿਨੑੀ ਵੇਸੀ ਸਹੁ ਮਿਲੈ ਸੇਈ ਵੇਸ ਕਰੇਉ ॥੧੦੩॥

ਮੈਂ ਉਹੀ ਵੇਸ ਕਰ ਲਵਾਂ, ਜਿਨ੍ਹਾਂ ਵੇਸਾਂ ਨਾਲ (ਮੇਰਾ) ਖਸਮ ਪਰਮਾਤਮਾ ਮਿਲ ਪਏ ॥੧੦੩॥


ਮਃ ੩ ॥
ਕਾਇ ਪਟੋਲਾ ਪਾੜਤੀ ਕੰਬਲੜੀ ਪਹਿਰੇਇ ॥

(ਪਤੀ ਪਰਮਾਤਮਾ ਨੂੰ ਮਿਲਣ ਵਾਸਤੇ ਜੀਵ-ਇਸਤ੍ਰੀ) ਸਿਰ ਦਾ ਪੱਟ ਦਾ ਕਪੜਾ ਕਿਉਂ ਪਾੜੇ ਤੇ ਭੈੜੀ ਜਿਹੀ ਕੰਬਲੀ ਕਿਉਂ ਪਾਏ?

ਨਾਨਕ ਘਰ ਹੀ ਬੈਠਿਆ ਸਹੁ ਮਿਲੈ ਜੇ ਨੀਅਤਿ ਰਾਸਿ ਕਰੇਇ ॥੧੦੪॥

ਹੇ ਨਾਨਕ! ਘਰ ਵਿਚ ਬੈਠਿਆਂ ਹੀ ਖਸਮ (-ਪਰਮਾਤਮਾ) ਮਿਲ ਪੈਂਦਾ ਹੈ, ਜੇ (ਜੀਵ-ਇਸਤ੍ਰੀ ਆਪਣੀ) ਨੀਅਤ ਸਾਫ਼ ਕਰ ਲਏ (ਜੇ ਮਨ ਪਵਿਤ੍ਰ ਕਰ ਲਏ) ॥੧੦੪॥

ਮਃ ੫ ॥
ਫਰੀਦਾ ਗਰਬੁ ਜਿਨੑਾ ਵਡਿਆਈਆ ਧਨਿ ਜੋਬਨਿ ਆਗਾਹ ॥

ਹੇ ਫਰੀਦ! ਜਿਨ੍ਹਾਂ ਲੋਕਾਂ ਨੂੰ ਦੁਨੀਆਵੀ ਇੱਜ਼ਤ ਦਾ ਅਹੰਕਾਰ (ਰਿਹਾ), ਬੇਅੰਤ ਧਨ ਦੇ ਕਾਰਣ ਜਾਂ ਜੁਆਨੀ ਦੇ ਕਾਰਣ (ਕੋਈ) ਮਾਣ ਰਿਹਾ,

ਖਾਲੀ ਚਲੇ ਧਣੀ ਸਿਉ ਟਿਬੇ ਜਿਉ ਮੀਹਾਹੁ ॥੧੦੫॥

ਉਹ (ਜਗਤ ਵਿਚੋਂ) ਮਾਲਕ (ਦੀ ਮੇਹਰ) ਤੋਂ ਸੱਖਣੇ ਹੀ ਚਲੇ ਗਏ, ਜਿਵੇਂ ਟਿੱਬੇ ਮੀਂਹ (ਦੇ ਵੱਸਣ) ਪਿੱਛੋਂ (ਸੁੱਕੇ ਰਹਿ ਜਾਂਦੇ ਹਨ) ॥੧੦੫॥


ਫਰੀਦਾ ਤਿਨਾ ਮੁਖ ਡਰਾਵਣੇ ਜਿਨਾ ਵਿਸਾਰਿਓਨੁ ਨਾਉ ॥

ਹੇ ਫਰੀਦ! ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਭੁਲਾਇਆ ਹੋਇਆ ਹੈ, ਉਹਨਾਂ ਦੇ ਮੂੰਹ ਡਰਾਉਣੇ ਲੱਗਦੇ ਹਨ (ਉਹਨਾਂ ਨੂੰ ਵੇਖਦਿਆਂ ਡਰ ਲੱਗਦਾ ਹੈ, ਭਾਵੇਂ ਉਹ ਪੱਟ ਪਹਿਨਣ ਵਾਲੇ ਹੋਣ, ਧਨ ਵਾਲੇ ਹੋਣ, ਜੁਆਨੀ ਵਾਲੇ ਹੋਣ ਜਾਂ ਮਾਣ ਵਡਿਆਈਆਂ ਵਾਲੇ ਹੋਣ)।

ਐਥੈ ਦੁਖ ਘਣੇਰਿਆ ਅਗੈ ਠਉਰ ਨ ਠਾਉ ॥੧੦੬॥

(ਜਿਤਨਾ ਚਿਰ) ਉਹ ਇਥੇ (ਜਿਊਂਦੇ ਹਨ, ਉਹਨਾਂ ਨੂੰ) ਕਈ ਦੁੱਖ ਵਾਪਰਦੇ ਹਨ, ਤੇ ਅਗਾਂਹ ਵੀ ਉਹਨਾਂ ਨੂੰ ਕੋਈ ਥਾਂ-ਥਿੱਤਾ ਨਹੀਂ ਮਿਲਦਾ (ਭਾਵ, ਧੱਕੇ ਹੀ ਪੈਂਦੇ ਹਨ) ॥੧੦੬॥

ਫਰੀਦਾ ਪਿਛਲ ਰਾਤਿ ਨ ਜਾਗਿਓਹਿ ਜੀਵਦੜੋ ਮੁਇਓਹਿ ॥

ਹੇ ਫਰੀਦ! ਜੇ ਤੂੰ ਅੰਮ੍ਰਿਤ ਵੇਲੇ ਨਹੀਂ ਜਾਗਿਆ ਤਾਂ (ਇਹ ਕੋਝਾ ਜੀਵਨ) ਜਿਊਂਦਾ ਹੀ ਤੂੰ ਮਰਿਆ ਹੋਇਆ ਹੈਂ।

ਜੇ ਤੈ ਰਬੁ ਵਿਸਾਰਿਆ ਤ ਰਬਿ ਨ ਵਿਸਰਿਓਹਿ ॥੧੦੭॥

ਜੇ ਤੂੰ ਰੱਬ ਨੂੰ ਭੁਲਾ ਦਿੱਤਾ ਹੈ, ਤਾਂ ਰੱਬ ਨੇ ਤੈਨੂੰ ਨਹੀਂ ਭੁਲਾਇਆ (ਭਾਵ, ਪਰਮਾਤਮਾ ਹਰ ਵੇਲੇ ਤੇਰੇ ਅਮਲਾਂ ਨੂੰ ਵੇਖ ਰਿਹਾ ਹੈ) ॥੧੦੭॥


ਮਃ ੫ ॥
ਫਰੀਦਾ ਕੰਤੁ ਰੰਗਾਵਲਾ ਵਡਾ ਵੇਮੁਹਤਾਜੁ ॥

ਹੇ ਫਰੀਦ! ਖਸਮ (ਪਰਮਾਤਮਾ) ਸੋਹਣਾ ਹੈ ਤੇ ਬੜਾ ਬੇ-ਮੁਥਾਜ ਹੈ।

ਅਲਹ ਸੇਤੀ ਰਤਿਆ ਏਹੁ ਸਚਾਵਾਂ ਸਾਜੁ ॥੧੦੮॥

(ਅੰਮ੍ਰਿਤ ਵੇਲੇ ਉੱਠ ਕੇ) ਜੇ ਰੱਬ ਨਾਲ ਰੰਗੇ ਜਾਈਏ ਤਾਂ (ਮਨੁੱਖ ਨੂੰ ਭੀ) ਰੱਬ ਵਾਲਾ ਇਹ (ਸੋਹਣਾ ਤੇ ਬੇ-ਮੁਥਾਜੀ ਵਾਲਾ) ਰੂਪ ਮਿਲ ਜਾਂਦਾ ਹੈ (ਭਾਵ, ਮਨੁੱਖ ਦਾ ਮਨ ਸੁੰਦਰ ਹੋ ਜਾਂਦਾ ਹੈ, ਤੇ ਇਸ ਨੂੰ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ) ॥੧੦੮॥

ਮਃ ੫ ॥
ਫਰੀਦਾ ਦੁਖੁ ਸੁਖੁ ਇਕੁ ਕਰਿ ਦਿਲ ਤੇ ਲਾਹਿ ਵਿਕਾਰੁ ॥

ਹੇ ਫਰੀਦ! (ਅੰਮ੍ਰਿਤ ਵੇਲੇ ਉੱਠ ਕੇ ਰੱਬੀ ਯਾਦ ਦੇ ਅੱਭਿਆਸ ਨਾਲ ਜੀਵਨ ਵਿਚ ਵਾਪਰਦੇ) ਦੁੱਖ ਤੇ ਸੁੱਖ ਨੂੰ ਇੱਕੋ ਜੇਹਾ ਜਾਣ, ਦਿਲ ਤੋਂ ਪਾਪ ਕੱਢ ਦੇਹ,

ਅਲਹ ਭਾਵੈ ਸੋ ਭਲਾ ਤਾਂ ਲਭੀ ਦਰਬਾਰੁ ॥੧੦੯॥

ਜੋ ਰੱਬ ਦੀ ਰਜ਼ਾ ਵਿਚ ਵਰਤੇ ਉਸ ਨੂੰ ਉਸ ਨੂੰ ਚੰਗਾ ਜਾਣ, ਤਾਂ ਤੈਨੂੰ (ਪਰਮਾਤਮਾ ਦੀ) ਦਰਗਾਹ ਦੀ ਪ੍ਰਾਪਤੀ ਹੋਵੇਗੀ ॥੧੦੯॥

ਮਃ ੫ ॥
ਫਰੀਦਾ ਦੁਨੀ ਵਜਾਈ ਵਜਦੀ ਤੂੰ ਭੀ ਵਜਹਿ ਨਾਲਿ ॥

ਹੇ ਫਰੀਦ! ਦੁਨੀਆ ਦੇ ਲੋਕ (ਵਾਜੇ ਹਨ ਜੋ ਮਾਇਆ ਦੇ) ਵਜਾਏ ਹੋਏ ਵੱਜ ਰਹੇ ਹਨ, ਤੂੰ ਭੀ ਉਹਨਾਂ ਦੇ ਨਾਲ ਹੀ ਵੱਜ ਰਿਹਾ ਹੈਂ, (ਭਾਵ, ਮਾਇਆ ਦਾ ਨਚਾਇਆ ਨੱਚ ਰਿਹਾ ਹੈਂ)।

ਸੋਈ ਜੀਉ ਨ ਵਜਦਾ ਜਿਸੁ ਅਲਹੁ ਕਰਦਾ ਸਾਰ ॥੧੧੦॥

ਉਹੀ (ਭਾਗਾਂ ਵਾਲਾ) ਜੀਵ (ਮਾਇਆ ਦਾ ਵਜਾਇਆ ਹੋਇਆ) ਨਹੀਂ ਵੱਜਦਾ, ਜਿਸ ਦੀ ਸੰਭਾਲ (ਰਾਖੀ) ਪਰਮਾਤਮਾ ਆਪ ਕਰਦਾ ਹੈ (ਸੋ, ਅੰਮ੍ਰਿਤ ਵੇਲੇ ਉੱਠ ਕੇ ਉਸ ਦੀ ਯਾਦ ਵਿਚ ਜੁੜ, ਤਾਕਿ ਤੇਰੀ ਭੀ ਸੰਭਾਲ ਹੋ ਸਕੇ) ॥੧੧੦॥


ਮਃ ੫ ॥
ਫਰੀਦਾ ਦਿਲੁ ਰਤਾ ਇਸੁ ਦੁਨੀ ਸਿਉ ਦੁਨੀ ਨ ਕਿਤੈ ਕੰਮਿ ॥

ਹੇ ਫਰੀਦ! (ਅੰਮ੍ਰਿਤ ਵੇਲੇ ਉੱਠਣਾ ਹੀ ਕਾਫ਼ੀ ਨਹੀਂ; ਉਸ ਉੱਠਣ ਦੀ ਕੀਹ ਲਾਭ ਜੇ ਉਸ ਵੇਲੇ ਭੀ) ਦਿਲ ਦੁਨੀਆ (ਦੇ ਪਦਾਰਥਾਂ) ਨਾਲ ਹੀ ਰੰਗਿਆ ਰਿਹਾ? ਦੁਨੀਆ (ਅੰਤ ਵੇਲੇ) ਕਿਸੇ ਕੰਮ ਨਹੀਂ ਆਉਂਦੀ।

ਮਿਸਲ ਫਕੀਰਾਂ ਗਾਖੜੀ ਸੁ ਪਾਈਐ ਪੂਰ ਕਰੰਮਿ ॥੧੧੧॥

(ਉੱਠ ਕੇ ਰੱਬ ਨੂੰ ਯਾਦ ਕਰ, ਇਹ) ਫ਼ਕੀਰਾਂ ਵਾਲੀ ਰਹਿਣੀ ਬੜੀ ਔਖੀ ਹੈ, ਤੇ ਮਿਲਦੀ ਹੈ ਵੱਡੇ ਭਾਗਾਂ ਨਾਲ ॥੧੧੧॥


ਪਹਿਲੈ ਪਹਰੈ ਫੁਲੜਾ ਫਲੁ ਭੀ ਪਛਾ ਰਾਤਿ ॥

(ਰਾਤ ਦੇ) ਪਹਿਲੇ ਪਹਿਰ ਦੀ ਬੰਦਗੀ (ਮਾਨੋ) ਇਕ ਸੋਹਣਾ ਜਿਹਾ ਫੁੱਲ ਹੈ, ਫਲ ਅੰਮ੍ਰਿਤ ਵੇਲੇ ਦੀ ਬੰਦਗੀ ਹੀ ਹੋ ਸਕਦੀ ਹੈ।

ਜੋ ਜਾਗੰਨਿੑ ਲਹੰਨਿ ਸੇ ਸਾਈ ਕੰਨੋ ਦਾਤਿ ॥੧੧੨॥

ਜੋ ਬੰਦੇ (ਅੰਮ੍ਰਿਤ ਵੇਲੇ) ਜਾਗਦੇ ਹਨ ਉਹ ਪਰਮਾਤਮਾ ਪਾਸੋਂ ਬਖ਼ਸ਼ਸ਼ ਹਾਸਲ ਕਰਦੇ ਹਨ ॥੧੧੨॥

ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ ॥

ਬਖ਼ਸ਼ਸ਼ਾਂ ਮਾਲਕ ਦੀਆਂ (ਆਪਣੀਆਂ) ਹਨ। ਉਸ ਮਾਲਕ ਨਾਲ (ਕਿਸੇ ਦਾ) ਕੀਹ ਜ਼ੋਰ ਚੱਲ ਸਕਦਾ ਹੈ?

ਇਕਿ ਜਾਗੰਦੇ ਨਾ ਲਹਨਿੑ ਇਕਨੑਾ ਸੁਤਿਆ ਦੇਇ ਉਠਾਲਿ ॥੧੧੩॥

ਕਈ (ਅੰਮ੍ਰਿਤ ਵੇਲੇ) ਜਾਗਦੇ ਭੀ (ਇਹ ਬਖ਼ਸ਼ਸ਼ਾਂ) ਨਹੀਂ ਲੈ ਸਕਦੇ, ਕਈ (ਭਾਗਾਂ ਵਾਲਿਆਂ ਨੂੰ) ਸੁੱਤੇ ਪਿਆਂ ਨੂੰ (ਉਹ ਆਪ) ਜਗਾ ਦੇਂਦਾ ਹੈ (ਭਾਵ, ਕਈ ਅੰਮ੍ਰਿਤ ਵੇਲੇ ਜਾਗੇ ਹੋਏ ਭੀ ਕਿਸੇ ਅਹੰਕਾਰ ਆਦਿਕ-ਰੂਪ ਮਾਇਆ ਵਿਚ ਸੁੱਤੇ ਰਹਿ ਜਾਂਦੇ ਹਨ, ਤੇ, ਕਈ ਗ਼ਾਫ਼ਿਲਾਂ ਨੂੰ ਮੇਹਰ ਕਰ ਕੇ ਆਪ ਸੂਝ ਦੇ ਦੇਂਦਾ ਹੈ) ॥੧੧੩॥

ਢੂਢੇਦੀਏ ਸੁਹਾਗ ਕੂ ਤਉ ਤਨਿ ਕਾਈ ਕੋਰ ॥

ਸੁਹਾਗ (-ਪਰਮਾਤਮਾ) ਨੂੰ ਭਾਲਣ ਵਾਲੀਏ (ਹੇ ਜੀਵ ਇਸਤ੍ਰੀਏ!) (ਤੂੰ ਅੰਮ੍ਰਿਤ ਵੇਲੇ ਉੱਠ ਕੇ ਪਤੀ-ਪਰਮਾਤਮਾ ਨੂੰ ਮਿਲਣ ਲਈ ਬੰਦਗੀ ਕਰਦੀ ਹੈਂ ਪਰ ਤੈਨੂੰ ਅਜੇ ਭੀ ਨਹੀਂ ਮਿਲਿਆ) ਤੇਰੇ ਆਪਣੇ ਅੰਦਰ ਹੀ ਕੋਈ ਕਸਰ ਹੈ।

ਜਿਨੑਾ ਨਾਉ ਸੁਹਾਗਣੀ ਤਿਨੑਾ ਝਾਕ ਨ ਹੋਰ ॥੧੧੪॥

ਜਿਨ੍ਹਾਂ ਦਾ ਨਾਮ ‘ਸੋਹਾਗਣਾਂ’ ਹੈ ਉਹਨਾਂ ਦੇ ਅੰਦਰ ਕੋਈ ਹੋਰ ਟੇਕ ਨਹੀਂ ਹੁੰਦੀ (ਭਾਵ, ਪਤੀ-ਮਿਲਾਪ ਦੀ ‘ਦਾਤਿ’ ਉਹਨਾਂ ਨੂੰ ਹੀ ਮਿਲਦੀ ਹੈ ਜੋ ਅੰਮ੍ਰਿਤ ਵੇਲੇ ਉੱਠਣ ਦਾ ਕੋਈ ‘ਹੱਕ’ ਨਹੀਂ ਜਮਾਂਦੀਆਂ) ॥੧੧੪॥

ਸਬਰ ਮੰਝ ਕਮਾਣ ਏ ਸਬਰੁ ਕਾ ਨੀਹਣੋ ॥

ਜੇ ਮਨ ਵਿਚ ਇਸ ਸਬਰ ਦੀ ਕਮਾਨ ਹੋਵੇ, ਜੇ ਸਬਰ ਹੀ ਕਮਾਣ ਦਾ ਚਿੱਲਾ ਹੋਵੇ,

ਸਬਰ ਸੰਦਾ ਬਾਣੁ ਖਾਲਕੁ ਖਤਾ ਨ ਕਰੀ ॥੧੧੫॥

ਸਬਰ ਦਾ ਹੀ ਤੀਰ ਹੋਵੇ, ਤਾਂ ਪਰਮਾਤਮਾ (ਇਸ ਦਾ ਨਿਸ਼ਾਨਾ) ਖੁੰਝਣ ਨਹੀਂ ਦੇਂਦਾ ॥੧੧੫॥

ਸਬਰ ਅੰਦਰਿ ਸਾਬਰੀ ਤਨੁ ਏਵੈ ਜਾਲੇਨਿੑ ॥

ਸਬਰ ਵਾਲੇ ਬੰਦੇ ਸਬਰ ਵਿਚ ਰਹਿ ਕੇ ਇਸੇ ਤਰ੍ਹਾਂ (ਸਦਾ ਸਬਰ ਵਿਚ ਹੀ) ਬੰਦਗੀ ਦੀ ਘਾਲ ਘਾਲਦੇ ਹਨ,

ਹੋਨਿ ਨਜੀਕਿ ਖੁਦਾਇ ਦੈ ਭੇਤੁ ਨ ਕਿਸੈ ਦੇਨਿ ॥੧੧੬॥

(ਇਸ ਤਰ੍ਹਾਂ ਉਹ) ਰੱਬ ਦੇ ਨੇੜੇ ਹੁੰਦੇ ਜਾਂਦੇ ਹਨ, ਤੇ ਕਿਸੇ ਨੂੰ ਆਪਣੇ ਦਿਲ ਦਾ ਭੇਤ ਨਹੀਂ ਦੇਂਦੇ ॥੧੧੬॥

ਸਬਰੁ ਏਹੁ ਸੁਆਉ ਜੇ ਤੂੰ ਬੰਦਾ ਦਿੜੁ ਕਰਹਿ ॥

ਹੇ ਬੰਦੇ! ਇਹ ਸਬਰ ਹੀ ਜ਼ਿੰਦਗੀ ਦਾ ਅਸਲ ਨਿਸ਼ਾਨਾ ਹੈ। ਜੇ ਤੂੰ (ਸਬਰ ਨੂੰ ਹਿਰਦੇ ਵਿਚ) ਪੱਕਾ ਕਰ ਲਏਂ,

ਵਧਿ ਥੀਵਹਿ ਦਰੀਆਉ ਟੁਟਿ ਨ ਥੀਵਹਿ ਵਾਹੜਾ ॥੧੧੭॥

ਤਾਂ ਤੂੰ ਵਧ ਕੇ ਦਰੀਆ ਹੋ ਜਾਹਿਂਗਾ, (ਪਰ) ਘਟ ਕੇ ਨਿੱਕਾ ਜਿਹਾ ਵਹਣ ਨਹੀਂ ਬਣੇਂਗਾ (ਭਾਵ, ਸਬਰ ਵਾਲਾ ਜੀਵਨ ਬਣਾਇਆਂ ਤੇਰਾ ਦਿਲ ਵਧ ਕੇ ਦਰਿਆ ਹੋ ਜਾਇਗਾ, ਤੇਰੇ ਦਿਲ ਵਿਚ ਸਾਰੇ ਜਗਤ ਵਾਸਤੇ ਪਿਆਰ ਪੈਦਾ ਹੋ ਜਾਇਗਾ, ਤੇਰੇ ਅੰਦਰ ਤੰਗ-ਦਿਲੀ ਨਹੀਂ ਰਹਿ ਜਾਇਗੀ) ॥੧੧੭॥

ਫਰੀਦਾ ਦਰਵੇਸੀ ਗਾਖੜੀ ਚੋਪੜੀ ਪਰੀਤਿ ॥

ਹੇ ਫਰੀਦ! (ਇਹ ਸਬਰ ਵਾਲਾ ਜੀਵਨ ਅਸਲ) ਫ਼ਕੀਰੀ (ਹੈ, ਤੇ ਇਹ) ਔਖੀ (ਕਾਰ) ਹੈ, ਪਰ (ਹੇ ਫਰੀਦ! ਰੱਬ ਨਾਲ ਤੇਰੀ) ਪ੍ਰੀਤ ਤਾਂ ਉਪਰੋਂ ਉਪਰੋਂ ਹੈ।

ਇਕਨਿ ਕਿਨੈ ਚਾਲੀਐ ਦਰਵੇਸਾਵੀ ਰੀਤਿ ॥੧੧੮॥

ਫ਼ਕੀਰਾਂ ਦੀ (ਇਹ ਸਬਰ ਵਾਲੀ) ਕਾਰ ਕਿਸੇ ਵਿਰਲੇ ਬੰਦੇ ਨੇ ਕਮਾਈ ਹੈ ॥੧੧੮॥

ਤਨੁ ਤਪੈ ਤਨੂਰ ਜਿਉ ਬਾਲਣੁ ਹਡ ਬਲੰਨਿੑ ॥

ਮੇਰਾ ਸਰੀਰ (ਬੇਸ਼ੱਕ) ਤਨੂਰ ਵਾਂਗ ਤਪੇ, ਮੇਰੇ ਹੱਡ (ਬੇਸ਼ੱਕ ਇਉਂ) ਬਲਣ ਜਿਵੇਂ ਬਾਲਣ (ਬਲਦਾ) ਹੈ।

ਪੈਰੀ ਥਕਾਂ ਸਿਰਿ ਜੁਲਾਂ ਜੇ ਮੂੰ ਪਿਰੀ ਮਿਲੰਨਿੑ ॥੧੧੯॥

(ਪਿਆਰੇ ਰੱਬ ਨੂੰ ਮਿਲਣ ਦੇ ਰਾਹ ਤੇ ਜੇ ਮੈਂ) ਪੈਰਾਂ ਨਾਲ (ਤੁਰਦਾ ਤੁਰਦਾ) ਥੱਕ ਜਾਵਾਂ, ਤਾਂ ਮੈਂ ਸਿਰ ਭਾਰ ਤੁਰਨ ਲੱਗ ਪਵਾਂ। (ਮੈਂ ਇਹ ਸਾਰੇ ਔਖ ਸਹਾਰਨ ਨੂੰ ਤਿਆਰ ਹਾਂ) ਜੇ ਮੈਨੂੰ ਪਿਆਰੇ ਰੱਬ ਜੀ ਮਿਲ ਪੈਣ (ਭਾਵ, ਰੱਬ ਨੂੰ ਮਿਲਣ ਵਾਸਤੇ ਜੇ ਇਹ ਜ਼ਰੂਰੀ ਹੋਵੇ ਕਿ ਸਰੀਰ ਨੂੰ ਧੂਣੀਆਂ ਤਪਾ ਤਪਾ ਕੇ ਦੁਖੀ ਕੀਤਾ ਜਾਏ, ਤਾਂ ਮੈਂ ਇਹ ਕਸ਼ਟ ਸਹਾਰਨ ਨੂੰ ਭੀ ਤਿਆਰ ਹਾਂ) ॥੧੧੯॥

ਤਨੁ ਨ ਤਪਾਇ ਤਨੂਰ ਜਿਉ ਬਾਲਣੁ ਹਡ ਨ ਬਾਲਿ ॥

ਸਰੀਰ ਨੂੰ (ਧੂਣੀਆਂ ਨਾਲ) ਤਨੂਰ ਵਾਂਗ ਨਾਹ ਸਾੜ; ਤੇ ਹੱਡਾਂ ਨੂੰ ਇਉਂ ਨਾਹ ਬਾਲ ਜਿਵੇਂ ਇਹ ਬਾਲਣ ਹੈ।

ਸਿਰਿ ਪੈਰੀ ਕਿਆ ਫੇੜਿਆ ਅੰਦਰਿ ਪਿਰੀ ਨਿਹਾਲਿ ॥੧੨੦॥

ਸਿਰ ਨੇ ਤੇ ਪੈਰਾਂ ਨੇ ਕੁਝ ਨਹੀਂ ਵਿਗਾੜਿਆ ਹੈ, (ਇਸ ਵਾਸਤੇ ਇਹਨਾਂ ਨੂੰ ਦੁਖੀ ਨਾਹ ਕਰ) ਪਰਮਾਤਮਾ ਨੂੰ ਆਪਣੇ ਅੰਦਰ ਵੇਖ ॥੧੨੦॥

ਹਉ ਢੂਢੇਦੀ ਸਜਣਾ ਸਜਣੁ ਮੈਡੇ ਨਾਲਿ ॥

ਮੈਂ (ਜੀਵ-ਇਸਤ੍ਰੀ) ਸੱਜਣ (-ਪ੍ਰਭੂ) ਨੂੰ (ਬਾਹਰ) ਭਾਲ ਰਹੀ ਹਾਂ, (ਪਰ ਉਹ) ਸੱਜਣ (ਤਾਂ) ਮੇਰੇ ਹਿਰਦੇ ਵਿਚ ਵੱਸ ਰਿਹਾ ਹੈ।

ਨਾਨਕ ਅਲਖੁ ਨ ਲਖੀਐ ਗੁਰਮੁਖਿ ਦੇਇ ਦਿਖਾਲਿ ॥੧੨੧॥

ਹੇ ਨਾਨਕ! ਉਸ (ਸੱਜਣ) ਦਾ ਕੋਈ ਲੱਛਣ ਨਹੀਂ, (ਆਪਣੇ ਉੱਦਮ ਨਾਲ ਜੀਵ ਪਾਸੋਂ) ਉਹ ਪਛਾਣਿਆ ਨਹੀਂ ਜਾ ਸਕਦਾ, ਸਤਿਗੁਰੂ ਵਿਖਾਲ ਦੇਂਦਾ ਹੈ ॥੧੨੧॥

ਹੰਸਾ ਦੇਖਿ ਤਰੰਦਿਆ ਬਗਾ ਆਇਆ ਚਾਉ ॥

ਹੰਸਾਂ ਨੂੰ ਤਰਦਿਆਂ ਵੇਖ ਕੇ ਬਗਲਿਆਂ ਨੂੰ ਭੀ ਚਾਉ ਆ ਗਿਆ,

ਡੁਬਿ ਮੁਏ ਬਗ ਬਪੁੜੇ ਸਿਰੁ ਤਲਿ ਉਪਰਿ ਪਾਉ ॥੧੨੨॥

ਪਰ ਵਿਚਾਰੇ ਬਗਲੇ (ਇਹ ਉੱਦਮ ਕਰਦੇ) ਸਿਰ ਹੇਠਾਂ ਤੇ ਪੈਰ ਉੱਪਰ (ਹੋ ਕੇ) ਡੁੱਬ ਕੇ ਮਰ ਗਏ ॥੧੨੨॥

ਮੈ ਜਾਣਿਆ ਵਡ ਹੰਸੁ ਹੈ ਤਾਂ ਮੈ ਕੀਤਾ ਸੰਗੁ ॥

ਮੈਂ ਸਮਝਿਆ ਕਿ ਇਹ ਕੋਈ ਵੱਡਾ ਹੰਸ ਹੈ, ਇਸੇ ਕਰ ਕੇ ਮੈਂ ਉਸ ਦੀ ਸੰਗਤ ਕੀਤੀ।

ਜੇ ਜਾਣਾ ਬਗੁ ਬਪੁੜਾ ਜਨਮਿ ਨ ਭੇੜੀ ਅੰਗੁ ॥੧੨੩॥

ਪਰ ਜੇ ਮੈਨੂੰ ਪਤਾ ਹੁੰਦਾ ਕਿ ਇਹ ਤਾਂ ਨਕਾਰਾ ਬਗਲਾ ਹੈ, ਤਾਂ ਮੈਂ ਕਦੇ ਉਸ ਦੇ ਨੇੜੇ ਨਾਹ ਢੁਕਦੀ ॥੧੨੩॥

ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਧਰੇ ॥

ਭਾਵੇਂ ਹੋਵੇ ਹੰਸ ਤੇ ਭਾਵੇਂ ਬਗਲਾ, ਜਿਸ ਉਤੇ (ਪ੍ਰਭੂ) ਕਿਰਪਾ ਦੀ ਨਜ਼ਰ ਕਰੇ (ਉਸ ਨੂੰ ਆਪਣਾ ਬਣਾ ਲੈਂਦਾ ਹੈ; ਸੋ ਕਿਸੇ ਤੋਂ ਨਫ਼ਰਤਿ ਕਿਉਂ?)

ਜੇ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇ ॥੧੨੪॥

ਹੇ ਨਾਨਕ! ਜੇ ਪਰਮਾਤਮਾ ਨੂੰ ਚੰਗਾ ਲੱਗੇ ਤਾਂ (ਬਗਲਾ ਤਾਂ ਕਿਤੇ ਰਿਹਾ, ਉਹ) ਕਾਂ ਤੋਂ (ਭੀ) ਹੰਸ ਬਣਾ ਦੇਂਦਾ ਹੈ (ਭਾਵ, ਬੜੇ ਵਿਕਾਰੀ ਨੂੰ ਭੀ ਸੁਧਾਰ ਲੈਂਦਾ ਹੈਂ) ॥੧੨੪॥

ਸਰਵਰ ਪੰਖੀ ਹੇਕੜੋ ਫਾਹੀਵਾਲ ਪਚਾਸ ॥

(ਜਗਤ-ਰੂਪ) ਤਲਾਬ ਦਾ (ਇਹ ਜੀਵ-ਰੂਪ) ਪੰਛੀ ਇਕੱਲਾ ਹੀ ਹੈ, ਫਸਾਉਣ ਵਾਲੇ (ਕਾਮਾਦਿਕ) ਪੰਜਾਹ ਹਨ।

ਇਹੁ ਤਨੁ ਲਹਰੀ ਗਡੁ ਥਿਆ ਸਚੇ ਤੇਰੀ ਆਸ ॥੧੨੫॥

(ਮੇਰਾ) ਇਹ ਸਰੀਰ (ਸੰਸਾਰ-ਰੂਪ ਤਲਾਬ ਦੀਆਂ ਵਿਕਾਰਾਂ ਰੂਪ) ਲਹਿਰਾਂ ਵਿਚ ਫਸ ਗਿਆ ਹੈ। ਹੇ ਸੱਚੇ (ਪ੍ਰਭੂ)! (ਇਹਨਾਂ ਤੋਂ ਬਚਣ ਲਈ) ਇਕ ਤੇਰੀ (ਸਹੈਤਾ ਦੀ ਹੀ) ਆਸ ਹੈ (ਇਸ ਵਾਸਤੇ ਤੈਨੂੰ ਮਿਲਣ ਲਈ ਜੇ ਤਪ ਤਪਣੇ ਪੈਣ ਤਾਂ ਭੀ ਸੌਦਾ ਸਸਤਾ ਹੈ) ॥੧੨੫॥

ਕਵਣੁ ਸੁ ਅਖਰੁ ਕਵਣੁ ਗੁਣੁ ਕਵਣੁ ਸੁ ਮਣੀਆ ਮੰਤੁ ॥

(ਹੇ ਭੈਣ!) ਉਹ ਕੇਹੜਾ ਅੱਖਰ ਹੈ? ਉਹ ਕੇਹੜਾ ਗੁਣ ਹੈ? ਉਹ ਕੇਹੜਾ ਸ਼ਿਰੋਮਣੀ ਮੰਤਰ ਹੈ?

ਕਵਣੁ ਸੁ ਵੇਸੋ ਹਉ ਕਰੀ ਜਿਤੁ ਵਸਿ ਆਵੈ ਕੰਤੁ ॥੧੨੬॥

ਉਹ ਕੇਹੜਾ ਵੇਸ ਮੈਂ ਕਰਾਂ ਜਿਸ ਨਾਲ (ਮੇਰਾ) ਖਸਮ (ਮੇਰੇ) ਵੱਸ ਵਿਚ ਆ ਜਾਏ? ॥੧੨੬॥

ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ ॥

ਹੇ ਭੈਣ! ਨਿਊਣਾ ਅੱਖਰ ਹੈ, ਸਹਾਰਨਾ ਗੁਣ ਹੈ, ਮਿੱਠਾ ਬੋਲਣਾ ਸ਼ਿਰੋਮਣੀ ਮੰਤਰ ਹੈ।

ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ ॥੧੨੭॥

ਜੇ ਇਹ ਤਿੰਨ ਵੇਸ ਕਰ ਲਏਂ ਤਾਂ (ਮੇਰਾ) ਖਸਮ (ਤੇਰੇ) ਵੱਸ ਵਿਚ ਆ ਜਾਇਗਾ ॥੧੨੭॥

ਮਤਿ ਹੋਦੀ ਹੋਇ ਇਆਣਾ ॥

(ਜੋ ਮਨੁੱਖ) ਅਕਲ ਹੁੰਦਿਆਂ ਭੀ ਅੰਞਾਣਾ ਬਣੇ (ਭਾਵ, ਅਕਲ ਦੇ ਤ੍ਰਾਣ ਦੂਜਿਆਂ ਤੇ ਕੋਈ ਦਬਾਉ ਨ ਪਾਏ),

ਤਾਣ ਹੋਦੇ ਹੋਇ ਨਿਤਾਣਾ ॥

ਜ਼ੋਰ ਹੁੰਦਿਆਂ ਕਮਜ਼ੋਰਾਂ ਵਾਂਗ ਜੀਵੇ (ਭਾਵ, ਕਿਸੇ ਉਤੇ ਧੱਕਾ ਨਾ ਕਰੇ),

ਅਣਹੋਦੇ ਆਪੁ ਵੰਡਾਏ ॥

ਜਦੋਂ ਕੁਝ ਭੀ ਦੇਣ-ਜੋਗਾ ਨਾਹ ਹੋਵੇ, ਤਦੋਂ ਆਪਣਾ ਆਪ (ਭਾਵ, ਆਪਣਾ ਹਿੱਸਾ) ਵੰਡ ਦੇਵੇ,

ਕੋ ਐਸਾ ਭਗਤੁ ਸਦਾਏ ॥੧੨੮॥

ਕਿਸੇ ਅਜੇਹੇ ਮਨੁੱਖ ਨੂੰ (ਹੀ) ਭਗਤ ਆਖਣਾ ਚਾਹੀਦਾ ਹੈ ॥੧੨੮॥

ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ ॥

ਇੱਕ ਭੀ ਫਿੱਕਾ ਬਚਨ ਨਾਹ ਬੋਲ (ਕਿਉਂਕਿ) ਸਭ ਵਿਚ ਸੱਚਾ ਮਾਲਕ (ਵੱਸ ਰਿਹਾ ਹੈ)।

ਹਿਆਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ ॥੧੨੯॥

ਕਿਸੇ ਦਾ ਭੀ ਦਿਲ ਨਾਹ ਦੁਖਾ (ਕਿਉਂਕਿ) ਇਹ ਸਾਰੇ (ਜੀਵ) ਅਮੋਲਕ ਮੋਤੀ ਹਨ ॥੧੨੯॥

ਸਭਨਾ ਮਨ ਮਾਣਿਕ ਠਾਹਣੁ ਮੂਲਿ ਮਚਾਂਗਵਾ ॥

ਸਾਰੇ ਜੀਵਾਂ ਦੇ ਮਨ ਮੋਤੀ ਹਨ, (ਕਿਸੇ ਨੂੰ ਭੀ) ਦੁਖਾਣਾ ਉੱਕਾ ਹੀ ਚੰਗਾ ਨਹੀਂ।

ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹੇ ਕਹੀ ਦਾ ॥੧੩੦॥

ਜੇ ਤੈਨੂੰ ਪਿਆਰੇ ਪ੍ਰਭੂ ਦੇ ਮਿਲਣ ਦੀ ਤਾਂਘ ਹੈ, ਤਾਂ ਕਿਸੇ ਦਾ ਦਿਲ ਨਾਹ ਢਾਹ ॥੧੩੦॥