ਭਗਤ ਸੈਣੁ ਜੀ – ਬਾਣੀ ਸ਼ਬਦ-Bhagat Sain ji – Bani Quotes Shabad Path in Punjabi Gurbani

ਭਗਤ ਸੈਣੁ ਜੀ – ਬਾਣੀ ਸ਼ਬਦ-Bhagat Sain ji – Bani Quotes Shabad Path in Punjabi Gurbani

ਸ੍ਰੀ ਸੈਣੁ ॥
ਧੂਪ ਦੀਪ ਘ੍ਰਿਤ ਸਾਜਿ ਆਰਤੀ ॥

(ਤੈਥੋਂ ਸਦਕੇ ਜਾਣਾ ਹੀ) ਧੂਪ ਦੀਵੇ ਤੇ ਘਿਉ (ਆਦਿਕ) ਸਮੱਗ੍ਰੀ ਇਕੱਠੇ ਕਰ ਕੇ ਤੇਰੀ ਆਰਤੀ ਕਰਨੀ ਹੈ।

ਵਾਰਨੇ ਜਾਉ ਕਮਲਾ ਪਤੀ ॥੧॥

ਹੇ ਮਾਇਆ ਦੇ ਮਾਲਕ ਪ੍ਰਭੂ! ਮੈਂ ਤੈਥੋਂ ਸਦਕੇ ਜਾਂਦਾ ਹਾਂ ॥੧॥

ਮੰਗਲਾ ਹਰਿ ਮੰਗਲਾ ॥

ਹੇ ਹਰੀ! ਹੇ ਰਾਜਨ!

ਨਿਤ ਮੰਗਲੁ ਰਾਜਾ ਰਾਮ ਰਾਇ ਕੋ ॥੧॥ ਰਹਾਉ ॥

ਹੇ ਰਾਮ! ਤੇਰੀ ਮਿਹਰ ਨਾਲ (ਮੇਰੇ ਅੰਦਰ) ਸਦਾ (ਤੇਰੇ ਨਾਮ-ਸਿਮਰਨ ਦਾ) ਅਨੰਦ ਮੰਗਲ ਹੋ ਰਿਹਾ ਹੈ ॥੧॥ ਰਹਾਉ ॥

ਊਤਮੁ ਦੀਅਰਾ ਨਿਰਮਲ ਬਾਤੀ ॥

(ਆਰਤੀ ਕਰਨ ਲਈ) ਸੋਹਣਾ ਚੰਗਾ ਦੀਵਾ ਤੇ ਸਾਫ਼ ਸੁਥਰੀ ਵੱਟੀ ਵੀ-

ਤੁਹਂੀ ਨਿਰੰਜਨੁ ਕਮਲਾ ਪਾਤੀ ॥੨॥

ਹੇ ਕਮਲਾਪਤੀ! ਹੇ ਨਿਰੰਜਨ! ਮੇਰੇ ਲਈ ਤੂੰ ਹੀ ਹੈਂ ॥੨॥

ਰਾਮਾ ਭਗਤਿ ਰਾਮਾਨੰਦੁ ਜਾਨੈ ॥

ਉਹ ਮਨੁੱਖ ਪ੍ਰਭੂ ਦੀ ਭਗਤੀ ਦੀ ਬਰਕਤਿ ਨਾਲ ਉਸ ਦੇ ਮਿਲਾਪ ਦਾ ਆਨੰਦ ਮਾਣਦਾ ਹੈ,

ਪੂਰਨ ਪਰਮਾਨੰਦੁ ਬਖਾਨੈ ॥੩॥

ਜੋ ਸਰਬ-ਵਿਆਪਕ ਪਰਮ ਆਨੰਦ-ਰੂਪ ਪ੍ਰਭੂ ਦੇ ਗੁਣ ਗਾਂਦਾ ਹੈ ॥੩॥

ਮਦਨ ਮੂਰਤਿ ਭੈ ਤਾਰਿ ਗੋਬਿੰਦੇ ॥

ਜੋ ਪਰਮਾਤਮਾ ਸੋਹਣੇ ਸਰੂਪ ਵਾਲਾ ਹੈ, ਜੋ (ਸੰਸਾਰ ਦੇ) ਡਰਾਂ ਤੋਂ ਪਾਰ ਲੰਘਾਣ ਵਾਲਾ ਹੈ ਤੇ ਜੋ ਸ੍ਰਿਸ਼ਟੀ ਦੀ ਸਾਰ ਲੈਣ ਵਾਲਾ ਹੈ,

ਸੈਨੁ ਭਣੈ ਭਜੁ ਪਰਮਾਨੰਦੇ ॥੪॥੨॥

ਸੈਣ ਆਖਦਾ ਹੈ-(ਹੇ ਮੇਰੇ ਮਨ!) ਉਸ ਪਰਮ-ਆਨੰਦ ਪਰਮਾਤਮਾ ਦਾ ਸਿਮਰਨ ਕਰ ॥੪॥੨॥