ਭਗਤ ਪੀਪਾ ਜੀ – ਬਾਣੀ ਸ਼ਬਦ-Bhagat Pipa ji – Bani Quotes Shabad Path in Punjabi Gurbani

ਭਗਤ ਪੀਪਾ ਜੀ – ਬਾਣੀ ਸ਼ਬਦ-Bhagat Pipa ji – Bani Quotes Shabad Path in Punjabi Gurbani

ਪੀਪਾ ॥
ਕਾਯਉ ਦੇਵਾ ਕਾਇਅਉ ਦੇਵਲ ਕਾਇਅਉ ਜੰਗਮ ਜਾਤੀ ॥

(ਸੋ) ਕਾਇਆਂ (ਦੀ ਖੋਜ) ਹੀ ਮੇਰਾ ਦੇਵਤਾ ਹੈ (ਜਿਸ ਦੀ ਮੈਂ ਆਰਤੀ ਕਰਨੀ ਹੈ), ਸਰੀਰ (ਦੀ ਖੋਜ) ਹੀ ਮੇਰਾ ਮੰਦਰ ਹੈ (ਜਿਥੇ ਮੈਂ ਸਰੀਰ ਅੰਦਰ ਵੱਸਦੇ ਪ੍ਰਭੂ ਦੀ ਆਰਤੀ ਕਰਦਾ ਹਾਂ), ਕਾਇਆਂ (ਦੀ ਖੋਜ) ਹੀ ਮੈਂ ਜੰਗਮ ਅਤੇ ਜਾਤ੍ਰੂ ਲਈ (ਤੀਰਥ ਦੀ ਜਾਤ੍ਰਾ ਹੈ)।

ਕਾਇਅਉ ਧੂਪ ਦੀਪ ਨਈਬੇਦਾ ਕਾਇਅਉ ਪੂਜਉ ਪਾਤੀ ॥੧॥

ਸਰੀਰ (ਦੀ ਖੋਜ) ਹੀ (ਮੇਰੇ ਵਾਸਤੇ ਮੇਰੇ ਅੰਦਰ ਵੱਸਦੇ ਦੇਵਤੇ ਲਈ) ਧੂਪ ਦੀਪ ਤੇ ਨੈਵੇਦ ਹੈ, ਕਾਇਆ ਦੀ ਖੋਜ (ਕਰ ਕੇ) ਹੀ, ਮੈਂ ਮਾਨੋ, ਪੱਤਰ ਭੇਟ ਰੱਖ ਕੇ (ਆਪਣੇ ਅੰਦਰ ਵੱਸਦੇ ਇਸ਼ਟ ਦੇਵ ਦੀ) ਪੂਜਾ ਕਰ ਰਿਹਾ ਹਾਂ ॥੧॥

ਕਾਇਆ ਬਹੁ ਖੰਡ ਖੋਜਤੇ ਨਵ ਨਿਧਿ ਪਾਈ ॥

ਦੇਸ ਦੇਸਾਂਤਰਾਂ ਨੂੰ ਖੋਜ ਕੇ (ਆਖ਼ਰ ਆਪਣੇ) ਸਰੀਰ ਦੇ ਅੰਦਰ ਹੀ ਮੈਂ ਪ੍ਰਭੂ ਦਾ ਨਾਮ-ਰੂਪ ਨੌ ਨਿਧੀ ਲੱਭ ਲਈ ਹੈ,

ਨਾ ਕਛੁ ਆਇਬੋ ਨਾ ਕਛੁ ਜਾਇਬੋ ਰਾਮ ਕੀ ਦੁਹਾਈ ॥੧॥ ਰਹਾਉ ॥

(ਹੁਣ ਮੇਰੀ ਕਾਇਆਂ ਵਿਚ) ਪਰਮਾਤਮਾ (ਦੀ ਯਾਦ) ਦਾ ਹੀ ਤੇਜ-ਪ੍ਰਤਾਪ ਹੈ, (ਉਸ ਦੀ ਬਰਕਤਿ ਨਾਲ ਮੇਰੇ ਲਈ) ਨਾ ਕੁਝ ਜੰਮਦਾ ਹੈ ਨਾਹ ਮਰਦਾ ਹੈ (ਭਾਵ, ਮੇਰਾ ਜਨਮ ਮਰਨ ਮਿਟ ਗਿਆ ਹੈ) ॥੧॥ ਰਹਾਉ ॥

ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ॥

ਜੋ ਸ੍ਰਿਸ਼ਟੀ ਦਾ ਰਚਣਹਾਰ ਪਰਮਾਤਮਾ ਸਾਰੇ ਬ੍ਰਹਮੰਡ ਵਿਚ (ਵਿਆਪਕ) ਹੈ ਉਹੀ (ਮਨੁੱਖਾ) ਸਰੀਰ ਵਿਚ ਹੈ, ਜੋ ਮਨੁੱਖ ਖੋਜ ਕਰਦਾ ਹੈ ਉਹ ਉਸ ਨੂੰ ਲੱਭ ਲੈਂਦਾ ਹੈ,

ਪੀਪਾ ਪ੍ਰਣਵੈ ਪਰਮ ਤਤੁ ਹੈ ਸਤਿਗੁਰੁ ਹੋਇ ਲਖਾਵੈ ॥੨॥੩॥

ਪੀਪਾ ਬੇਨਤੀ ਕਰਦਾ ਹੈ- ਜੇ ਸਤਿਗੁਰੂ ਮਿਲ ਪਏ ਤਾਂ ਉਹ (ਅੰਦਰ ਹੀ) ਸਭ ਤੋਂ ਵੱਡੀ ਅਸਲੀਅਤ, ਪਰਲੇ ਤੋਂ ਪਰਲਾ ਤੱਤ, ਸ੍ਰਿਸ਼ਟੀ ਦੇ ਅਸਲ ਸੋਮੇ ਦਾ ਦਰਸ਼ਨ ਕਰਾ ਦੇਂਦਾ ਹੈ ॥੨॥੩॥