ਭਗਤ ਕਬੀਰ ਜੀ – ਸਲੋਕ ਦੋਹੇ ਬਾਣੀ ਸ਼ਬਦ-Part 5 – Bhagat Kabir ji – Slok Dohe Bani Quotes Shabad Path in Punjabi Gurbani
ਭਗਤ ਕਬੀਰ ਜੀ – ਸਲੋਕ ਦੋਹੇ ਬਾਣੀ ਸ਼ਬਦ-Part 5 – Bhagat Kabir ji – Slok Dohe Bani Quotes Shabad Path in Punjabi Gurbani
ਗੁਰ ਸੇਵਾ ਤੇ ਭਗਤਿ ਕਮਾਈ ॥
ਜੇ ਤੂੰ ਗੁਰੂ ਦੀ ਸੇਵਾ ਦੀ ਰਾਹੀਂ ਬੰਦਗੀ ਦੀ ਕਮਾਈ ਕਰੇਂ,
ਤਬ ਇਹ ਮਾਨਸ ਦੇਹੀ ਪਾਈ ॥
ਤਾਂ ਹੀ ਇਹ ਮਨੁੱਖਾ-ਸਰੀਰ ਮਿਲਿਆ ਸਮਝ।
ਇਸ ਦੇਹੀ ਕਉ ਸਿਮਰਹਿ ਦੇਵ ॥
ਇਸ ਸਰੀਰ ਦੀ ਖ਼ਾਤਰ ਦੇਵਤੇ ਭੀ ਤਾਂਘਦੇ ਹਨ।
ਸੋ ਦੇਹੀ ਭਜੁ ਹਰਿ ਕੀ ਸੇਵ ॥੧॥
ਤੈਨੂੰ ਇਹ ਸਰੀਰ (ਮਿਲਿਆ ਹੈ, ਇਸ ਰਾਹੀਂ) ਨਾਮ ਸਿਮਰ, ਹਰੀ ਦਾ ਭਜਨ ਕਰ ॥੧॥
ਭਜਹੁ ਗੁੋਬਿੰਦ ਭੂਲਿ ਮਤ ਜਾਹੁ ॥
ਗੋਬਿੰਦ ਨੂੰ ਸਿਮਰੋ, ਇਹ ਗੱਲ ਭੁਲਾ ਨਾਹ ਦੇਣੀ।
ਮਾਨਸ ਜਨਮ ਕਾ ਏਹੀ ਲਾਹੁ ॥੧॥ ਰਹਾਉ ॥
ਇਹ ਸਿਮਰਨ ਹੀ ਮਨੁੱਖਾ-ਜਨਮ ਦੀ ਖੱਟੀ ਕਮਾਈ ਹੈ ॥੧॥ ਰਹਾਉ ॥
ਜਬ ਲਗੁ ਜਰਾ ਰੋਗੁ ਨਹੀ ਆਇਆ ॥
ਜਦੋਂ ਤਕ ਬੁਢੇਪਾ-ਰੂਪ ਰੋਗ ਨਹੀਂ ਆ ਗਿਆ,
ਜਬ ਲਗੁ ਕਾਲਿ ਗ੍ਰਸੀ ਨਹੀ ਕਾਇਆ ॥
ਜਦ ਤਕ ਤੇਰੇ ਸਰੀਰ ਨੂੰ ਮੌਤ ਨੇ ਨਹੀਂ ਆ ਪਕੜਿਆ,
ਜਬ ਲਗੁ ਬਿਕਲ ਭਈ ਨਹੀ ਬਾਨੀ ॥
ਜਦ ਤਕ ਤੇਰੀ ਜ਼ਬਾਨ ਥਿੜਕਣ ਨਹੀਂ ਲੱਗ ਪੈਂਦੀ,
ਭਜਿ ਲੇਹਿ ਰੇ ਮਨ ਸਾਰਿਗਪਾਨੀ ॥੨॥
(ਉਸ ਤੋਂ ਪਹਿਲਾਂ ਪਹਿਲਾਂ ਹੀ) ਹੇ ਮੇਰੇ ਮਨ! ਪਰਮਾਤਮਾ ਦਾ ਭਜਨ ਕਰ ਲੈ ॥੨॥
ਅਬ ਨ ਭਜਸਿ ਭਜਸਿ ਕਬ ਭਾਈ ॥
ਹੇ ਭਾਈ! ਜੇ ਤੂੰ ਐਸ ਵੇਲੇ ਭਜਨ ਨਹੀਂ ਕਰਦਾ, ਤਾਂ ਫਿਰ ਕਦੋਂ ਕਰੇਂਗਾ?
ਆਵੈ ਅੰਤੁ ਨ ਭਜਿਆ ਜਾਈ ॥
ਜਦੋਂ ਮੌਤ (ਸਿਰ ਤੇ) ਆ ਅੱਪੜੀ ਉਸ ਵੇਲੇ ਤਾਂ ਭਜਨ ਨਹੀਂ ਹੋ ਸਕੇਗਾ।
ਜੋ ਕਿਛੁ ਕਰਹਿ ਸੋਈ ਅਬ ਸਾਰੁ ॥
ਜੋ ਕੁਝ (ਭਜਨ ਸਿਮਰਨ) ਤੂੰ ਕਰਨਾ ਚਾਹੁੰਦਾ ਹੈਂ, ਹੁਣੇ ਹੀ ਕਰ ਲੈ,
ਫਿਰਿ ਪਛੁਤਾਹੁ ਨ ਪਾਵਹੁ ਪਾਰੁ ॥੩॥
(ਜੇ ਸਮਾ ਲੰਘ ਗਿਆ) ਤਾਂ ਮੁੜ ਅਫ਼ਸੋਸ ਹੀ ਕਰੇਂਗਾ, ਤੇ ਇਸ ਪਛਤਾਵੇ ਵਿਚੋਂ ਖ਼ਲਾਸੀ ਨਹੀਂ ਹੋਵੇਗੀ ॥੩॥
ਸੋ ਸੇਵਕੁ ਜੋ ਲਾਇਆ ਸੇਵ ॥
(ਪਰ ਜੀਵ ਦੇ ਕੀਹ ਵੱਸ?) ਜਿਸ ਮਨੁੱਖ ਨੂੰ ਪ੍ਰਭੂ ਆਪ ਹੀ ਬੰਦਗੀ ਵਿਚ ਜੋੜਦਾ ਹੈ, ਉਹੀ ਉਸ ਦਾ ਸੇਵਕ ਬਣਦਾ ਹੈ,
ਤਿਨ ਹੀ ਪਾਏ ਨਿਰੰਜਨ ਦੇਵ ॥
ਉਸੇ ਨੂੰ ਪ੍ਰਭੂ ਮਿਲਦਾ ਹੈ,
ਗੁਰ ਮਿਲਿ ਤਾ ਕੇ ਖੁਲੑੇ ਕਪਾਟ ॥
ਸਤਿਗੁਰੂ ਨੂੰ ਮਿਲ ਕੇ ਉਸੇ ਦੇ ਮਨ ਦੇ ਕਵਾੜ ਖੁਲ੍ਹਦੇ ਹਨ,
ਬਹੁਰਿ ਨ ਆਵੈ ਜੋਨੀ ਬਾਟ ॥੪॥
ਤੇ ਉਹ ਮੁੜ ਜਨਮ (ਮਰਨ) ਦੇ ਗੇੜ ਵਿਚ ਨਹੀਂ ਆਉਂਦਾ ॥੪॥
ਇਹੀ ਤੇਰਾ ਅਉਸਰੁ ਇਹ ਤੇਰੀ ਬਾਰ ॥
(ਪ੍ਰਭੂ ਨੂੰ ਮਿਲਣ ਦਾ) ਇਹ ਮਨੁੱਖਾ-ਜਨਮ ਹੀ ਮੌਕਾ ਹੈ, ਇਹੀ ਵਾਰੀ ਹੈ (ਇੱਥੋਂ ਖੁੰਝ ਕੇ ਸਮਾ ਨਹੀਂ ਮਿਲਣਾ)।
ਘਟ ਭੀਤਰਿ ਤੂ ਦੇਖੁ ਬਿਚਾਰਿ ॥
ਤੂੰ ਆਪਣੇ ਹਿਰਦੇ ਵਿਚ ਵਿਚਾਰ ਕੇ ਵੇਖ ਲੈ।
ਕਹਤ ਕਬੀਰੁ ਜੀਤਿ ਕੈ ਹਾਰਿ ॥
ਕਬੀਰ ਆਖਦਾ ਹੈ ਕਿ (ਤੇਰੀ ਮਰਜ਼ੀ ਹੈ ਇਹ ਮਨੁੱਖਾ-ਜਨਮ ਦੀ ਬਾਜ਼ੀ) ਜਿੱਤ ਕੇ ਜਾਹ ਚਾਹੇ ਹਾਰ ਕੇ ਜਾਹ।
ਬਹੁ ਬਿਧਿ ਕਹਿਓ ਪੁਕਾਰਿ ਪੁਕਾਰਿ ॥੫॥੧॥੯॥
ਮੈਂ ਤੈਨੂੰ ਕਈ ਤਰੀਕਿਆਂ ਨਾਲ ਕੂਕ ਕੂਕ ਕੇ ਦੱਸ ਰਿਹਾ ਹਾਂ ॥੫॥੧॥੯॥
ਸਿਵ ਕੀ ਪੁਰੀ ਬਸੈ ਬੁਧਿ ਸਾਰੁ ॥
(ਇਸ ਨਾਮ ਦੀ ਬਰਕਤਿ ਨਾਲ) ਮੇਰੀ ਮੱਤ ਸ੍ਰੇਸ਼ਟ (ਬਣ ਕੇ) ਕੱਲਿਆਣ-ਸਰੂਪ ਪ੍ਰਭੂ ਦੇ ਦੇਸ ਵਿਚ ਵੱਸਣ ਲੱਗ ਪਈ ਹੈ।
ਤਹ ਤੁਮੑ ਮਿਲਿ ਕੈ ਕਰਹੁ ਬਿਚਾਰੁ ॥
(ਹੇ ਜੋਗੀ!) ਤੁਸੀਂ ਭੀ ਉਸ ਦੇਸ ਵਿਚ ਅੱਪੜ ਕੇ ਪ੍ਰਭੂ ਦੇ ਨਾਮ ਦੀ ਹੀ ਵਿਚਾਰ ਕਰੋ,
ਈਤ ਊਤ ਕੀ ਸੋਝੀ ਪਰੈ ॥
(ਜੋ ਮਨੁੱਖ ਉਸ ਦੇਸ ਵਿਚ ਅੱਪੜਦਾ ਹੈ, ਭਾਵ, ਜੋ ਮਨੁੱਖ ਪ੍ਰਭੂ-ਚਰਨਾਂ ਵਿਚ ਜੁੜਿਆ ਰਹਿੰਦਾ ਹੈ ਉਸ ਨੂੰ) ਇਹ ਸਮਝ ਪੈ ਜਾਂਦੀ ਹੈ ਕਿ ਹੁਣ ਵਾਲਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਹੈ, ਤੇ ਇਸ ਦਾ ਅਸਰ ਅਗਲੇ ਜੀਵਨ ਉਤੇ ਕੀਹ ਪੈਂਦਾ ਹੈ;
ਕਉਨੁ ਕਰਮ ਮੇਰਾ ਕਰਿ ਕਰਿ ਮਰੈ ॥੧॥
ਉਸ ਦੇਸ ਵਿਚ ਅੱਪੜਿਆ ਹੋਇਆ ਕੋਈ ਭੀ ਮਨੁੱਖ ਮਮਤਾ ਵਿਚ ਫਸਣ ਵਾਲੇ ਕੰਮ ਨਹੀਂ ਕਰਦਾ ॥੧॥
ਨਿਜ ਪਦ ਊਪਰਿ ਲਾਗੋ ਧਿਆਨੁ ॥
(ਹੇ ਜੋਗੀ!) ਮੇਰੀ ਸੁਰਤ ਉਸ (ਪ੍ਰਭੂ ਦੇ ਚਰਨ-ਰੂਪ) ਘਰ ਵਿਚ ਜੁੜੀ ਹੋਈ ਹੈ ਜੋ ਮੇਰਾ ਆਪਣਾ ਅਸਲੀ ਘਰ ਹੈ,
ਰਾਜਾ ਰਾਮ ਨਾਮੁ ਮੋਰਾ ਬ੍ਰਹਮ ਗਿਆਨੁ ॥੧॥ ਰਹਾਉ ॥
ਪ੍ਰਕਾਸ਼-ਰੂਪ ਪ੍ਰਭੂ ਦਾ ਨਾਮ (ਹਿਰਦੇ ਵਿਚ ਵੱਸਣਾ) ਹੀ ਮੇਰੇ ਲਈ ਬ੍ਰਹਮ-ਗਿਆਨ ਹੈ ॥੧॥ ਰਹਾਉ ॥
ਮੂਲ ਦੁਆਰੈ ਬੰਧਿਆ ਬੰਧੁ ॥
(ਹੇ ਜੋਗੀ! ਇਸ ਨਾਮ ਦੀ ਬਰਕਤਿ ਨਾਲ) ਮੈਂ ਜਗਤ-ਦੇ-ਮੂਲ-ਪ੍ਰਭੂ ਦੇ ਦਰ ਤੇ ਟਿਕ ਕੇ (ਮਾਇਆ ਦੇ ਹੜ੍ਹ ਅੱਗੇ) ਬੰਨ੍ਹ ਬੰਨ੍ਹ ਲਿਆ ਹੈ।
ਰਵਿ ਊਪਰਿ ਗਹਿ ਰਾਖਿਆ ਚੰਦੁ ॥
ਮੈਂ ਸ਼ਾਂਤ-ਸੁਭਾਉ ਨੂੰ ਗ੍ਰਹਿਣ ਕਰ ਕੇ ਇਸ ਨੂੰ ਤਮੋਗੁਣੀ ਸੁਭਾਉ ਦੇ ਉੱਤੇ ਟਿਕਾ ਦਿੱਤਾ ਹੈ।
ਪਛਮ ਦੁਆਰੈ ਸੂਰਜੁ ਤਪੈ ॥
ਜਿੱਥੇ (ਪਹਿਲਾਂ ਅਗਿਆਨਤਾ ਦਾ) ਹਨੇਰਾ ਹੀ ਹਨੇਰਾ ਸੀ, ਉਸ ਦੇ ਬੂਹੇ ਉੱਤੇ ਹੁਣ ਗਿਆਨ ਦਾ ਸੂਰਜ ਚਮਕ ਰਿਹਾ ਹੈ।
ਮੇਰ ਡੰਡ ਸਿਰ ਊਪਰਿ ਬਸੈ ॥੨॥
ਉਹ ਪ੍ਰਭੂ, ਜਿਸ ਦੇ ਹੁਕਮ ਵਿਚ ਸਾਰਾ ਜਗਤ ਹੈ, ਹੁਣ ਮੇਰੇ ਮਨ ਵਿਚ ਵੱਸ ਰਿਹਾ ਹੈ ॥੨॥
ਪਸਚਮ ਦੁਆਰੇ ਕੀ ਸਿਲ ਓੜ ॥
(ਨਾਮ ਦੀ ਬਰਕਤਿ ਨਾਲ, ਹੇ ਜੋਗੀ!) ਮੈਨੂੰ ਉਸ ਸਿਲ ਦਾ ਅਖ਼ੀਰਲਾ ਸਿਰਾ (ਲੱਭ ਪਿਆ ਹੈ) ਜੋ ਅਗਿਆਨਤਾ ਦੇ ਹਨੇਰੇ ਥਾਂ ਦੇ ਬੂਹੇ (ਅੱਗੇ ਜੜੀ ਹੋਈ ਸੀ),
ਤਿਹ ਸਿਲ ਊਪਰਿ ਖਿੜਕੀ ਅਉਰ ॥
ਕਿਉਂਕਿ ਇਸ ਸਿਲ ਦੇ ਉੱਤੇ ਮੈਨੂੰ (ਚਾਨਣ ਦੇਣ ਵਾਲੀ) ਇਕ ਹੋਰ ਤਾਕੀ ਲੱਭ ਪਈ ਹੈ,
ਖਿੜਕੀ ਊਪਰਿ ਦਸਵਾ ਦੁਆਰੁ ॥
ਇਸ ਤਾਕੀ ਦੇ ਉੱਤੇ ਹੀ ਹੈ ਉਹ ਦਸਵਾਂ ਦੁਆਰ (ਜਿੱਥੇ ਮੇਰਾ ਪ੍ਰਭੂ ਵੱਸਦਾ ਹੈ)।
ਕਹਿ ਕਬੀਰ ਤਾ ਕਾ ਅੰਤੁ ਨ ਪਾਰੁ ॥੩॥੨॥੧੦॥
ਕਬੀਰ ਆਖਦਾ ਹੈ ਕਿ ਹੁਣ ਐਸੀ ਦਸ਼ਾ ਬਣੀ ਪਈ ਹੈ ਜੋ ਮੁੱਕ ਨਹੀਂ ਸਕਦੀ ॥੩॥੨॥੧੦॥
ਸੋ ਮੁਲਾਂ ਜੋ ਮਨ ਸਿਉ ਲਰੈ ॥
ਅਸਲ ਮੁੱਲਾਂ ਉਹ ਹੈ ਜੋ ਆਪਣੇ ਮਨ ਨਾਲ ਘੋਲ ਕਰਦਾ ਹੈ (ਭਾਵ, ਮਨ ਨੂੰ ਵੱਸ ਕਰਨ ਦੇ ਜਤਨ ਕਰਦਾ ਹੈ),
ਗੁਰ ਉਪਦੇਸਿ ਕਾਲ ਸਿਉ ਜੁਰੈ ॥
ਗੁਰੂ ਦੇ ਦੱਸੇ ਹੋਏ ਉਪਦੇਸ਼ ਉੱਤੇ ਤੁਰ ਕੇ ਮੌਤ (ਦੇ ਸਹਿਮ) ਨਾਲ ਟਾਕਰਾ ਕਰਦਾ ਹੈ,
ਕਾਲ ਪੁਰਖ ਕਾ ਮਰਦੈ ਮਾਨੁ ॥
ਜੋ ਜਮ-ਰਾਜ ਦਾ (ਇਹ) ਮਾਣ (ਕਿ ਸਾਰਾ ਜਗਤ ਉਸ ਤੋਂ ਥਰ-ਥਰ ਕੰਬਦਾ ਹੈ) ਨਾਸ ਕਰ ਦੇਂਦਾ ਹੈ।
ਤਿਸੁ ਮੁਲਾ ਕਉ ਸਦਾ ਸਲਾਮੁ ॥੧॥
ਮੈਂ ਐਸੇ ਮੁੱਲਾਂ ਅੱਗੇ ਸਦਾ ਸਿਰ ਨਿਵਾਉਂਦਾ ਹਾਂ ॥੧॥
ਹੈ ਹਜੂਰਿ ਕਤ ਦੂਰਿ ਬਤਾਵਹੁ ॥
(ਹੇ ਮੁੱਲਾਂ!) ਰੱਬ ਹਰ ਥਾਂ ਹਾਜ਼ਰ-ਨਾਜ਼ਰ ਹੈ, ਤੁਸੀਂ ਉਸ ਨੂੰ ਦੂਰ (ਕਿਤੇ ਸਤਵੇਂ ਅਸਮਾਨ ਤੇ) ਕਿਉਂ (ਬੈਠਾ) ਦੱਸਦੇ ਹੋ?
ਦੁੰਦਰ ਬਾਧਹੁ ਸੁੰਦਰ ਪਾਵਹੁ ॥੧॥ ਰਹਾਉ ॥
ਜੇ ਉਸ ਸੁਹਣੇ ਰੱਬ ਨੂੰ ਮਿਲਣਾ ਹੈ, ਤਾਂ ਕਾਮਾਦਿਕ ਰੌਲਾ ਪਾਣ ਵਾਲੇ ਵਿਕਾਰਾਂ ਨੂੰ ਕਾਬੂ ਵਿਚ ਰੱਖੋ ॥੧॥ ਰਹਾਉ ॥
ਕਾਜੀ ਸੋ ਜੁ ਕਾਇਆ ਬੀਚਾਰੈ ॥
ਅਸਲ ਕਾਜ਼ੀ ਉਹ ਹੈ ਜੋ ਆਪਣੇ ਸਰੀਰ ਨੂੰ ਖੋਜੇ,
ਕਾਇਆ ਕੀ ਅਗਨਿ ਬ੍ਰਹਮੁ ਪਰਜਾਰੈ ॥
ਸਰੀਰ ਵਿਚ ਪ੍ਰਭੂ ਦੀ ਜੋਤ ਨੂੰ ਰੌਸ਼ਨ ਕਰੇ,
ਸੁਪਨੈ ਬਿੰਦੁ ਨ ਦੇਈ ਝਰਨਾ ॥
ਸੁਪਨੇ ਵਿਚ ਭੀ ਕਾਮ ਦੀ ਵਾਸ਼ਨਾ ਮਨ ਵਿਚ ਨਾਹ ਆਉਣ ਦੇਵੇ।
ਤਿਸੁ ਕਾਜੀ ਕਉ ਜਰਾ ਨ ਮਰਨਾ ॥੨॥
ਅਜਿਹੇ ਕਾਜ਼ੀ ਨੂੰ ਬੁਢੇਪੇ ਤੇ ਮੌਤ ਦਾ ਡਰ ਨਹੀਂ ਰਹਿ ਜਾਂਦਾ ॥੨॥
ਸੋ ਸੁਰਤਾਨੁ ਜੁ ਦੁਇ ਸਰ ਤਾਨੈ ॥
ਅਸਲ ਸੁਲਤਾਨ (ਬਾਦਸ਼ਾਹ) ਉਹ ਹੈ ਜੋ (ਗਿਆਨ ਤੇ ਵੈਰਾਗ ਦੇ) ਦੋ ਤੀਰ ਤਾਣਦਾ ਹੈ,
ਬਾਹਰਿ ਜਾਤਾ ਭੀਤਰਿ ਆਨੈ ॥
ਬਾਹਰ ਦੁਨੀਆ ਦੇ ਪਦਾਰਥਾਂ ਵਲ ਭਟਕਦੇ ਮਨ ਨੂੰ ਅੰਦਰ ਵਲ ਲੈ ਆਉਂਦਾ ਹੈ,
ਗਗਨ ਮੰਡਲ ਮਹਿ ਲਸਕਰੁ ਕਰੈ ॥
ਪ੍ਰਭੂ-ਚਰਨਾਂ ਵਿਚ ਜੁੜ ਕੇ ਆਪਣੇ ਅੰਦਰ ਭਲੇ ਗੁਣ ਪੈਦਾ ਕਰਦਾ ਹੈ।
ਸੋ ਸੁਰਤਾਨੁ ਛਤ੍ਰੁ ਸਿਰਿ ਧਰੈ ॥੩॥
ਉਹ ਸੁਲਤਾਨ ਆਪਣੇ ਸਿਰ ਤੇ (ਅਸਲ) ਛਤਰ ਝੁਲਵਾਉਂਦਾ ਹੈ ॥੩॥
ਜੋਗੀ ਗੋਰਖੁ ਗੋਰਖੁ ਕਰੈ ॥
ਜੋਗੀ (ਪ੍ਰਭੂ ਨੂੰ ਵਿਸਾਰ ਕੇ) ਗੋਰਖ ਗੋਰਖ ਜਪਦਾ ਹੈ,
ਹਿੰਦੂ ਰਾਮ ਨਾਮੁ ਉਚਰੈ ॥
ਹਿੰਦੂ (ਸ੍ਰੀ ਰਾਮ ਚੰਦਰ ਦੀ ਮੂਰਤੀ ਵਿਚ ਹੀ ਮਿਥੇ ਹੋਏ) ਰਾਮ ਦਾ ਨਾਮ ਉਚਾਰਦਾ ਹੈ,
ਮੁਸਲਮਾਨ ਕਾ ਏਕੁ ਖੁਦਾਇ ॥
ਮੁਸਲਮਾਨ ਨੇ (ਸਤਵੇਂ ਅਸਮਾਨ ਵਿਚ ਬੈਠਾ ਹੋਇਆ) ਨਿਰਾ ਆਪਣਾ (ਮੁਸਲਮਾਨਾਂ ਦਾ ਹੀ) ਰੱਬ ਮੰਨ ਰੱਖਿਆ ਹੈ।
ਕਬੀਰ ਕਾ ਸੁਆਮੀ ਰਹਿਆ ਸਮਾਇ ॥੪॥੩॥੧੧॥
ਪਰ ਮੇਰਾ ਕਬੀਰ ਦਾ ਪ੍ਰਭੂ ਉਹ ਹੈ, ਜੋ ਸਭ ਵਿਚ ਵਿਆਪਕ ਹੈ (ਤੇ ਸਭ ਦਾ ਸਾਂਝਾ ਹੈ) ॥੪॥੩॥੧੧॥
ਜਲ ਮਹਿ ਮੀਨ ਮਾਇਆ ਕੇ ਬੇਧੇ ॥
ਪਾਣੀ ਵਿਚ ਰਹਿਣ ਵਾਲੀਆਂ ਮੱਛੀਆਂ ਮਾਇਆ ਵਿਚ ਵਿੱਝੀਆਂ ਪਈਆਂ ਹਨ,
ਦੀਪਕ ਪਤੰਗ ਮਾਇਆ ਕੇ ਛੇਦੇ ॥
ਦੀਵਿਆਂ ਉੱਤੇ (ਸੜਨ ਵਾਲੇ) ਭੰਬਟ ਮਾਇਆ ਵਿਚ ਪ੍ਰੋਤੇ ਹੋਏ ਹਨ।
ਕਾਮ ਮਾਇਆ ਕੁੰਚਰ ਕਉ ਬਿਆਪੈ ॥
ਕਾਮ-ਵਾਸ਼ਨਾ ਰੂਪ ਮਾਇਆ ਹਾਥੀ ਉੱਤੇ ਦਬਾਉ ਪਾਂਦੀ ਹੈ;
ਭੁਇਅੰਗਮ ਭ੍ਰਿੰਗ ਮਾਇਆ ਮਹਿ ਖਾਪੇ ॥੧॥
ਸੱਪ ਤੇ ਭੌਰੇ ਭੀ ਮਾਇਆ ਵਿਚ ਦੁਖੀ ਹੋ ਰਹੇ ਹਨ ॥੧॥
ਮਾਇਆ ਐਸੀ ਮੋਹਨੀ ਭਾਈ ॥
ਹੇ ਭਾਈ! ਮਾਇਆ ਇਤਨੀ ਬਲ ਵਾਲੀ, ਮੋਹਣ ਵਾਲੀ ਹੈ,
ਜੇਤੇ ਜੀਅ ਤੇਤੇ ਡਹਕਾਈ ॥੧॥ ਰਹਾਉ ॥
ਕਿ ਜਿਤਨੇ ਭੀ ਜੀਵ (ਜਗਤ ਵਿਚ) ਹਨ, ਸਭ ਨੂੰ ਡੁਲਾ ਦੇਂਦੀ ਹੈ ॥੧॥ ਰਹਾਉ ॥
ਪੰਖੀ ਮ੍ਰਿਗ ਮਾਇਆ ਮਹਿ ਰਾਤੇ ॥
ਪੰਛੀ, ਜੰਗਲ ਦੇ ਪਸ਼ੂ ਸਭ ਮਾਇਆ ਵਿਚ ਰੰਗੇ ਪਏ ਹਨ।
ਸਾਕਰ ਮਾਖੀ ਅਧਿਕ ਸੰਤਾਪੇ ॥
ਸ਼ੱਕਰ-ਰੂਪ ਮਾਇਆ ਮੱਖੀ ਨੂੰ ਬੜਾ ਦੁਖੀ ਕਰ ਰਹੀ ਹੈ।
ਤੁਰੇ ਉਸਟ ਮਾਇਆ ਮਹਿ ਭੇਲਾ ॥
ਘੋੜੇ ਊਠ ਸਭ ਮਾਇਆ ਵਿਚ ਫਸੇ ਪਏ ਹਨ।
ਸਿਧ ਚਉਰਾਸੀਹ ਮਾਇਆ ਮਹਿ ਖੇਲਾ ॥੨॥
ਚੌਰਾਸੀਹ ਸਿੱਧ ਭੀ ਮਾਇਆ ਵਿਚ ਖੇਡ ਰਹੇ ਹਨ ॥੨॥
ਛਿਅ ਜਤੀ ਮਾਇਆ ਕੇ ਬੰਦਾ ॥
ਜਤੀ ਭੀ ਮਾਇਆ ਦੇ ਹੀ ਗ਼ੁਲਾਮ ਹਨ।
ਨਵੈ ਨਾਥ ਸੂਰਜ ਅਰੁ ਚੰਦਾ ॥
ਨੌ ਨਾਥ ਸੂਰਜ (ਦੇਵਤਾ) ਅਤੇ ਚੰਦ੍ਰਮਾ (ਦੇਵਤਾ)
ਤਪੇ ਰਖੀਸਰ ਮਾਇਆ ਮਹਿ ਸੂਤਾ ॥
ਵੱਡੇ ਵੱਡੇ ਤਪੀ ਤੇ ਰਿਸ਼ੀ ਸਭ ਮਾਇਆ ਵਿਚ ਸੁੱਤੇ ਪਏ ਹਨ।
ਮਾਇਆ ਮਹਿ ਕਾਲੁ ਅਰੁ ਪੰਚ ਦੂਤਾ ॥੩॥
ਮੌਤ (ਦਾ ਸਹਿਮ) ਤੇ ਪੰਜੇ ਵਿਕਾਰ ਭੀ ਮਾਇਆ ਵਿਚ ਹੀ (ਜੀਵਾਂ ਨੂੰ ਵਿਆਪਦੇ ਹਨ) ॥੩॥
ਸੁਆਨ ਸਿਆਲ ਮਾਇਆ ਮਹਿ ਰਾਤਾ ॥
ਕੁੱਤੇ, ਗਿੱਦੜ, ਬਾਂਦਰ, ਚਿੱਤ੍ਰੇ, ਸ਼ੇਰ ਸਭ ਮਾਇਆ ਵਿਚ ਰੰਗੇ ਪਏ ਹਨ।
ਬੰਤਰ ਚੀਤੇ ਅਰੁ ਸਿੰਘਾਤਾ ॥
ਬਾਂਦਰ, ਚਿੱਤ੍ਰੇ, ਸ਼ੇਰ (ਸਭ ਮਾਇਆ ਵਿਚ ਉਲਝੇ ਪਏ ਹਨ।)
ਮਾਂਜਾਰ ਗਾਡਰ ਅਰੁ ਲੂਬਰਾ ॥
ਬਿੱਲੇ, ਭੇਡਾਂ, ਲੂੰਬੜ,
ਬਿਰਖ ਮੂਲ ਮਾਇਆ ਮਹਿ ਪਰਾ ॥੪॥
ਰੁੱਖ, ਕੰਦ-ਮੂਲ ਸਭ ਮਾਇਆ ਦੇ ਅਧੀਨ ਹਨ ॥੪॥
ਮਾਇਆ ਅੰਤਰਿ ਭੀਨੇ ਦੇਵ ॥
ਦੇਵਤੇ ਭੀ ਮਾਇਆ (ਦੇ ਮੋਹ) ਵਿਚ ਭਿੱਜੇ ਹੋਏ ਹਨ।
ਸਾਗਰ ਇੰਦ੍ਰਾ ਅਰੁ ਧਰਤੇਵ ॥
ਸਮੁੰਦਰ, ਸ੍ਵਰਗ, ਧਰਤੀ ਇਹਨਾਂ ਸਭਨਾਂ ਦੇ ਜੀਵ ਮਾਇਆ ਵਿਚ ਹੀ ਹਨ।
ਕਹਿ ਕਬੀਰ ਜਿਸੁ ਉਦਰੁ ਤਿਸੁ ਮਾਇਆ ॥
ਕਬੀਰ ਆਖਦਾ ਹੈ ਕਿ (ਮੁੱਕਦੀ ਗੱਲ ਇਹ ਹੈ ਕਿ) ਜਿਸ ਨੂੰ ਢਿੱਡ ਲੱਗਾ ਹੋਇਆ ਹੈ ਉਸ ਨੂੰ (ਭਾਵ, ਹਰੇਕ ਜੀਵ ਨੂੰ) ਮਾਇਆ ਵਿਆਪ ਰਹੀ ਹੈ।
ਤਬ ਛੂਟੇ ਜਬ ਸਾਧੂ ਪਾਇਆ ॥੫॥੫॥੧੩॥
ਜਦੋਂ ਗੁਰੂ ਮਿਲੇ ਤਦੋਂ ਹੀ ਜੀਵ ਮਾਇਆ ਦੇ ਪ੍ਰਭਾਵ ਤੋਂ ਬਚਦਾ ਹੈ ॥੫॥੫॥੧੩॥
ਜਬ ਲਗੁ ਮੇਰੀ ਮੇਰੀ ਕਰੈ ॥
ਜਦ ਤਕ ਮਨੁੱਖ ਮਮਤਾ ਦੇ ਗੇੜ ਵਿਚ ਰਹਿੰਦਾ ਹੈ,
ਤਬ ਲਗੁ ਕਾਜੁ ਏਕੁ ਨਹੀ ਸਰੈ ॥
ਤਦ ਤਕ ਇਸ ਦਾ (ਆਤਮਕ ਜੀਵਨ ਦਾ) ਇੱਕ ਕੰਮ ਭੀ ਨਹੀਂ ਸੌਰਦਾ।
ਜਬ ਮੇਰੀ ਮੇਰੀ ਮਿਟਿ ਜਾਇ ॥
ਜਦੋਂ ਇਸ ਦੀ ਮਮਤਾ ਮਿਟ ਜਾਂਦੀ ਹੈ,
ਤਬ ਪ੍ਰਭ ਕਾਜੁ ਸਵਾਰਹਿ ਆਇ ॥੧॥
ਤਦੋਂ ਪ੍ਰਭੂ ਜੀ (ਇਸ ਦੇ ਹਿਰਦੇ ਵਿਚ) ਵੱਸ ਕੇ ਜੀਵਨ-ਮਨੋਰਥ ਪੂਰਾ ਕਰ ਦੇਂਦੇ ਹਨ ॥੧॥
ਐਸਾ ਗਿਆਨੁ ਬਿਚਾਰੁ ਮਨਾ ॥
ਹੇ ਮਨ! ਕੋਈ ਅਜਿਹੀ ਉੱਚੀ ਸਮਝ ਦੀ ਗੱਲ ਸੋਚ (ਜਿਸ ਨਾਲ ਤੂੰ ਸਿਮਰਨ ਵਲ ਪਰਤ ਸਕੇਂ)।
ਹਰਿ ਕੀ ਨ ਸਿਮਰਹੁ ਦੁਖ ਭੰਜਨਾ ॥੧॥ ਰਹਾਉ ॥
ਹੇ ਮੇਰੇ ਮਨ! ਸਭ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਨੂੰ ਕਿਉਂ ਨਹੀਂ ਸਿਮਰਦਾ? ॥੧॥ ਰਹਾਉ ॥
ਜਬ ਲਗੁ ਸਿੰਘੁ ਰਹੈ ਬਨ ਮਾਹਿ ॥
ਜਦ ਤਾਈਂ ਇਸ ਹਿਰਦੇ-ਰੂਪ ਜੰਗਲ ਵਿਚ ਅਹੰਕਾਰ-ਸ਼ੇਰ ਰਹਿੰਦਾ ਹੈ,
ਤਬ ਲਗੁ ਬਨੁ ਫੂਲੈ ਹੀ ਨਾਹਿ ॥
ਤਦ ਤਾਈਂ ਇਹ ਹਿਰਦਾ-ਫੁਲਵਾੜੀ ਫੁੱਲਦੀ ਨਹੀਂ (ਹਿਰਦੇ ਵਿਚ ਕੋਮਲ ਗੁਣ ਉੱਘੜਦੇ ਨਹੀਂ)।
ਜਬ ਹੀ ਸਿਆਰੁ ਸਿੰਘ ਕਉ ਖਾਇ ॥
ਪਰ, ਜਦੋਂ (ਨਿਮ੍ਰਤਾ-ਰੂਪ) ਗਿੱਦੜ (ਅਹੰਕਾਰ-) ਸ਼ੇਰ ਨੂੰ ਖਾ ਜਾਂਦਾ ਹੈ,
ਫੂਲਿ ਰਹੀ ਸਗਲੀ ਬਨਰਾਇ ॥੨॥
ਤਾਂ (ਹਿਰਦੇ ਦੀ ਸਾਰੀ) ਬਨਸਪਤੀ ਨੂੰ ਫੁੱਲ ਲੱਗ ਪੈਂਦੇ ਹਨ ॥੨॥
ਜੀਤੋ ਬੂਡੈ ਹਾਰੋ ਤਿਰੈ ॥
ਜੋ ਮਨੁੱਖ (ਕਿਸੇ ਮਾਣ ਵਿਚ ਆ ਕੇ) ਇਹ ਸਮਝਦਾ ਹੈ ਕਿ ਮੈਂ ਬਾਜ਼ੀ ਜਿੱਤ ਲਈ ਹੈ, ਉਹ ਸੰਸਾਰ-ਸਮੁੰਦਰ ਵਿਚ ਡੁੱਬ ਜਾਂਦਾ ਹੈ।
ਗੁਰਪਰਸਾਦੀ ਪਾਰਿ ਉਤਰੈ ॥
ਪਰ ਜੋ ਮਨੁੱਖ ਗ਼ਰੀਬੀ ਸੁਭਾਵ ਵਿਚ ਤੁਰਦਾ ਹੈ, ਉਹ ਤਰ ਜਾਂਦਾ ਹੈ, ਉਹ ਆਪਣੇ ਗੁਰੂ ਦੀ ਮਿਹਰ ਨਾਲ ਪਾਰ ਲੰਘ ਜਾਂਦਾ ਹੈ।
ਦਾਸੁ ਕਬੀਰੁ ਕਹੈ ਸਮਝਾਇ ॥
ਸੇਵਕ ਕਬੀਰ ਸਮਝਾ ਕੇ ਆਖਦਾ ਹੈ,
ਕੇਵਲ ਰਾਮ ਰਹਹੁ ਲਿਵ ਲਾਇ ॥੩॥੬॥੧੪॥
ਕਿ ਸਿਰਫ਼ ਪਰਮਾਤਮਾ ਦੇ ਚਰਨਾਂ ਵਿਚ ਮਨ ਜੋੜੀ ਰੱਖੋ ॥੩॥੬॥੧੪॥
ਸਤਰਿ ਸੈਇ ਸਲਾਰ ਹੈ ਜਾ ਕੇ ॥
ਜਿਸ ਖ਼ੁਦਾ ਦੇ ਸੱਤ ਹਜ਼ਾਰ ਫ਼ਰਿਸ਼ਤੇ (ਤੂੰ ਦੱਸਦਾ ਹੈਂ),
ਸਵਾ ਲਾਖੁ ਪੈਕਾਬਰ ਤਾ ਕੇ ॥
ਉਸ ਦੇ ਸਵਾ ਲੱਖ ਪੈਗ਼ੰਬਰ (ਤੂੰ ਆਖਦਾ ਹੈਂ),
ਸੇਖ ਜੁ ਕਹੀਅਹਿ ਕੋਟਿ ਅਠਾਸੀ ॥
ਅਠਾਸੀ ਕਰੋੜ ਉਸ ਦੇ (ਦਰ ਤੇ ਰਹਿਣ ਵਾਲੇ) ਬਜ਼ੁਰਗ ਆਲਿਮ ਸ਼ੇਖ਼ ਕਹੇ ਜਾ ਰਹੇ ਹਨ,
ਛਪਨ ਕੋਟਿ ਜਾ ਕੇ ਖੇਲ ਖਾਸੀ ॥੧॥
ਤੇ ਛਵੰਜਾ ਕਰੋੜ ਜਿਸ ਦੇ ਮੁਸਾਹਿਬ (ਤੂੰ ਦੱਸਦਾ ਹੈਂ, ਉਸ ਦੇ ਦਰਬਾਰ ਤਕ) ॥੧॥
ਮੋ ਗਰੀਬ ਕੀ ਕੋ ਗੁਜਰਾਵੈ ॥
ਮੇਰੀ ਗ਼ਰੀਬ ਦੀ ਅਰਜ਼ ਕੌਣ ਅਪੜਾਵੇਗਾ?
ਮਜਲਸਿ ਦੂਰਿ ਮਹਲੁ ਕੋ ਪਾਵੈ ॥੧॥ ਰਹਾਉ ॥
(ਫਿਰ ਤੂੰ ਕਹਿੰਦਾ ਹੈਂ ਕਿ ਉਸ ਦਾ) ਦਰਬਾਰ ਦੂਰ (ਸਤਵੇਂ ਅਸਮਾਨ ਤੇ) ਹੈ। (ਮੈਂ ਤਾਂ ਗ਼ਰੀਬ ਜੁਲਾਹ ਹਾਂ, ਉਸ ਦਾ) ਘਰ (ਮੇਰਾ) ਕੌਣ ਲੱਭੇਗਾ? ॥੧॥ ਰਹਾਉ ॥
ਤੇਤੀਸ ਕਰੋੜੀ ਹੈ ਖੇਲ ਖਾਨਾ ॥
(ਬੈਕੁੰਠ ਦੀਆਂ ਗੱਲਾਂ ਦੱਸਣ ਵਾਲੇ ਭੀ ਆਖਦੇ ਹਨ ਕਿ) ਤੇਤੀ ਕਰੋੜ ਦੇਵਤੇ ਉਸ ਦੇ ਸੇਵਕ ਹਨ (ਉਹਨਾਂ ਭੀ ਮੇਰੀ ਕਿੱਥੇ ਸੁਣਨੀ ਹੈ?)।
ਚਉਰਾਸੀ ਲਖ ਫਿਰੈ ਦਿਵਾਨਾਂ ॥
ਚੌਰਾਸੀਹ ਲੱਖ ਜੂਨੀਆਂ ਦੇ ਜੀਵ (ਉਸ ਤੋਂ ਖੁੰਝੇ ਹੋਏ) ਝੱਲੇ ਹੋਏ ਫਿਰਦੇ ਹਨ।
ਬਾਬਾ ਆਦਮ ਕਉ ਕਿਛੁ ਨਦਰਿ ਦਿਖਾਈ ॥
(ਤੁਸੀਂ ਦੱਸਦੇ ਹੋ ਕਿ ਖ਼ੁਦਾ ਨੇ ਬਾਬਾ ਆਦਮ ਨੂੰ ਬਹਿਸ਼ਤ ਵਿਚ ਰੱਖਿਆ ਸੀ, ਪਰ ਤੁਹਾਡੇ ਹੀ ਆਖਣ ਅਨੁਸਾਰ) ਜਦੋਂ ਬਾਬਾ ਆਦਮ ਨੂੰ ਰੱਬ ਨੇ (ਉਸ ਦੀ ਹੁਕਮ-ਅਦੂਲੀ ਤੇ) ਰਤਾ ਕੁ ਅੱਖ ਵਿਖਾਈ,
ਉਨਿ ਭੀ ਭਿਸਤਿ ਘਨੇਰੀ ਪਾਈ ॥੨॥
ਤਾਂ ਉਸ ਆਦਮ ਨੇ ਭੀ ਉਹ ਬਹਿਸ਼ਤ ਥੋੜਾ ਚਿਰ ਹੀ ਮਾਣਿਆ (ਉੱਥੋਂ ਛੇਤੀ ਕੱਢਿਆ ਗਿਆ, ਤੇ ਜੇ ਬਾਬਾ ਆਦਮ ਵਰਗੇ ਕੱਢੇ ਗਏ, ਤਾਂ ਦੱਸ, ਮੈਨੂੰ ਗ਼ਰੀਬ ਨੂੰ ਉੱਥੇ ਕੋਈ ਕਿਤਨਾ ਚਿਰ ਰਹਿਣ ਦੇਵੇਗਾ?) ॥੨॥
ਦਿਲ ਖਲਹਲੁ ਜਾ ਕੈ ਜਰਦ ਰੂ ਬਾਨੀ ॥
ਜਿਸ ਦੇ ਭੀ ਦਿਲ ਵਿਚ (ਵਿਕਾਰਾਂ ਦੀ) ਗੜਬੜ ਹੈ, ਉਸ ਦੇ ਮੂੰਹ ਦੀ ਰੰਗਤ ਪੀਲੀ ਪੈ ਜਾਂਦੀ ਹੈ (ਭਾਵ, ਉਹ ਹੀ ਪ੍ਰਭੂ-ਦਰ ਤੋਂ ਧੱਕਿਆ ਜਾਂਦਾ ਹੈ)।
ਛੋਡਿ ਕਤੇਬ ਕਰੈ ਸੈਤਾਨੀ ॥
ਅਜਿਹਾ ਮਨੁੱਖ ਆਪਣੇ ਧਰਮ-ਪੁਸਤਕਾਂ (ਦੇ ਦੱਸੇ ਰਾਹ) ਨੂੰ ਛੱਡ ਕੇ ਮੰਦੇ ਪਾਸੇ ਤੁਰਦਾ ਹੈ,
ਦੁਨੀਆ ਦੋਸੁ ਰੋਸੁ ਹੈ ਲੋਈ ॥
ਉਹ (ਅੰਞਾਣ-ਪੁਣੇ ਵਿਚ) ਦੁਨੀਆ ਨੂੰ ਦੋਸ਼ ਦੇਂਦਾ ਹੈ, ਜਗਤ ਤੇ ਗੁੱਸਾ ਕਰਦਾ ਹੈ,
ਅਪਨਾ ਕੀਆ ਪਾਵੈ ਸੋਈ ॥੩॥
(ਹਾਲਾਂਕਿ ਉਹ) ਮਨੁੱਖ ਆਪਣਾ ਕੀਤਾ ਆਪ ਹੀ ਪਾਂਦਾ ਹੈ ॥੩॥
ਤੁਮ ਦਾਤੇ ਹਮ ਸਦਾ ਭਿਖਾਰੀ ॥
(ਹੇ ਮੇਰੇ ਪ੍ਰਭੂ! ਮੈਨੂੰ ਕਿਸੇ ਬਹਿਸ਼ਤ ਬੈਕੁੰਠ ਦੀ ਲੋੜ ਨਹੀਂ ਹੈ) ਤੂੰ ਮੇਰਾ ਦਾਤਾ ਹੈਂ, ਮੈਂ ਸਦਾ (ਤੇਰੇ ਦਰ ਦਾ) ਮੰਗਤਾ ਹਾਂ (ਜੋ ਕੁਝ ਤੂੰ ਮੈਨੂੰ ਦੇ ਰਿਹਾ ਹੈਂ ਉਹੀ ਠੀਕ ਹੈ,
ਦੇਉ ਜਬਾਬੁ ਹੋਇ ਬਜਗਾਰੀ ॥
ਤੇਰੀ ਕਿਸੇ ਭੀ ਦਾਤ ਅੱਗੇ) ਜੇ ਮੈਂ ਨਾਹ-ਨੁੱਕਰ ਕਰਾਂ ਤਾਂ ਇਹ ਮੇਰੀ ਗੁਨਹਗਾਰੀ ਹੋਵੇਗੀ।
ਦਾਸੁ ਕਬੀਰੁ ਤੇਰੀ ਪਨਹ ਸਮਾਨਾਂ ॥
ਮੈਂ ਤੇਰਾ ਦਾਸ ਕਬੀਰ ਤੇਰੀ ਸ਼ਰਨ ਆਇਆ ਹਾਂ।
ਭਿਸਤੁ ਨਜੀਕਿ ਰਾਖੁ ਰਹਮਾਨਾ ॥੪॥੭॥੧੫॥
ਹੇ ਰਹਿਮ ਕਰਨ ਵਾਲੇ! ਮੈਨੂੰ ਆਪਣੇ ਚਰਨਾਂ ਦੇ ਨੇੜੇ ਰੱਖ, (ਇਹੀ ਮੇਰੇ ਲਈ) ਬਹਿਸ਼ਤ ਹੈ ॥੪॥੭॥੧੫॥
ਸਭੁ ਕੋਈ ਚਲਨ ਕਹਤ ਹੈ ਊਹਾਂ ॥
ਹਰ ਕੋਈ ਆਖ ਰਿਹਾ ਹੈ ਕਿ ਮੈਂ ਉਸ ਬੈਕੁੰਠ ਵਿਚ ਅੱਪੜਨਾ ਹੈ।
ਨਾ ਜਾਨਉ ਬੈਕੁੰਠੁ ਹੈ ਕਹਾਂ ॥੧॥ ਰਹਾਉ ॥
ਪਰ ਮੈਨੂੰ ਤਾਂ ਸਮਝ ਨਹੀਂ ਆਈ, (ਇਹਨਾਂ ਦਾ ਉਹ) ਬੈਕੁੰਠ ਕਿੱਥੇ ਹੈ ॥੧॥ ਰਹਾਉ ॥
ਆਪ ਆਪ ਕਾ ਮਰਮੁ ਨ ਜਾਨਾਂ ॥
(ਇਹਨਾਂ ਲੋਕਾਂ ਨੇ) ਆਪਣੇ ਆਪ ਦਾ ਤਾਂ ਭੇਤ ਨਹੀਂ ਪਾਇਆ,
ਬਾਤਨ ਹੀ ਬੈਕੁੰਠੁ ਬਖਾਨਾਂ ॥੧॥
ਨਿਰੀਆਂ ਗੱਲਾਂ ਨਾਲ ਹੀ ‘ਬੈਕੁੰਠ’ ਆਖ ਰਹੇ ਹਨ ॥੧॥
ਜਬ ਲਗੁ ਮਨ ਬੈਕੁੰਠ ਕੀ ਆਸ ॥
ਹੇ ਮਨ! ਜਦ ਤਕ ਤੇਰੀਆਂ ਬੈਕੁੰਠ ਅੱਪੜਨ ਦੀਆਂ ਆਸਾਂ ਹਨ,
ਤਬ ਲਗੁ ਨਾਹੀ ਚਰਨ ਨਿਵਾਸ ॥੨॥
ਤਦ ਤਕ ਪ੍ਰਭੂ ਦੇ ਚਰਨਾਂ ਵਿਚ ਨਿਵਾਸ ਨਹੀਂ ਹੋ ਸਕਦਾ ॥੨॥
ਖਾਈ ਕੋਟੁ ਨ ਪਰਲ ਪਗਾਰਾ ॥
(ਮੈਨੂੰ ਤਾਂ ਪਤਾ ਨਹੀਂ ਇਹਨਾਂ ਲੋਕਾਂ ਦੇ) ਬੈਕੁੰਠ ਦੇ ਕਿਲ੍ਹੇ ਦੁਆਲੇ ਕਿਹੋ ਜਿਹੀ ਖਾਈ ਹੈ, ਕਿਹੋ ਜਿਹਾ ਸ਼ਹਿਰ ਹੈ, ਕਿਹੋ ਜਿਹੀ ਉਸ ਦੀ ਫ਼ਸੀਲ ਹੈ।
ਨਾ ਜਾਨਉ ਬੈਕੁੰਠ ਦੁਆਰਾ ॥੩॥
ਮੈਂ ਨਹੀਂ ਜਾਣਦਾ (ਕਿ ਇਹਨਾਂ ਲੋਕਾਂ ਦੇ) ਬੈਕੁੰਠ ਦਾ ਬੂਹਾ ਕਿਹੋ ਜਿਹਾ ਹੈ ॥੩॥
ਕਹਿ ਕਬੀਰ ਅਬ ਕਹੀਐ ਕਾਹਿ ॥
ਕਬੀਰ ਆਖਦਾ ਹੈ ਕਿ (ਇਹ ਲੋਕ ਸਮਝਦੇ ਨਹੀਂ ਕਿ ਅਗਾਂਹ ਕਿਤੇ ਬੈਕੁੰਠ ਨਹੀਂ ਹੈ) ਕਿਸ ਨੂੰ ਹੁਣ ਆਖੀਏ,
ਸਾਧਸੰਗਤਿ ਬੈਕੁੰਠੈ ਆਹਿ ॥੪॥੮॥੧੬॥
ਕਿ ਸਾਧ-ਸੰਗਤ ਹੀ ਬੈਕੁੰਠ ਹੈ? (ਤੇ ਉਹ ਬੈਕੁੰਠ ਇੱਥੇ ਹੀ ਹੈ) ॥੪॥੮॥੧੬॥
ਕਿਉ ਲੀਜੈ ਗਢੁ ਬੰਕਾ ਭਾਈ ॥
ਹੇ ਭਾਈ! ਇਹ (ਸਰੀਰ-ਰੂਪ) ਪੱਕਾ ਕਿਲ੍ਹਾ ਕਾਬੂ ਕਰਨਾ ਬਹੁਤ ਔਖਾ ਹੈ।
ਦੋਵਰ ਕੋਟ ਅਰੁ ਤੇਵਰ ਖਾਈ ॥੧॥ ਰਹਾਉ ॥
ਇਸ ਦੇ ਦੁਆਲੇ ਦ੍ਵੈਤ ਦੀ ਦੋਹਰੀ ਫ਼ਸੀਲ ਤੇ ਤਿੰਨ ਗੁਣਾਂ ਦੀ ਤੇਹਰੀ ਖਾਈ ਹੈ ॥੧॥ ਰਹਾਉ ॥
ਪਾਂਚ ਪਚੀਸ ਮੋਹ ਮਦ ਮਤਸਰ ਆਡੀ ਪਰਬਲ ਮਾਇਆ ॥
ਬਲ ਵਾਲੀ ਮਾਇਆ ਦਾ ਆਸਰਾ ਲੈ ਕੇ ਪੰਜ ਕਾਮਾਦਿਕ, ਪੰਝੀ ਤੱਤ, ਮੋਹ, ਅਹੰਕਾਰ, ਈਰਖਾ (ਦੀ ਫ਼ੌਜ ਲੜਨ ਨੂੰ ਤਿਆਰ ਹੈ)।
ਜਨ ਗਰੀਬ ਕੋ ਜੋਰੁ ਨ ਪਹੁਚੈ ਕਹਾ ਕਰਉ ਰਘੁਰਾਇਆ ॥੧॥
ਹੇ ਪ੍ਰਭੂ! ਮੇਰੀ ਗ਼ਰੀਬ ਦੀ ਕੋਈ ਪੇਸ਼ ਨਹੀਂ ਜਾਂਦੀ, (ਦੱਸ) ਮੈਂ ਕੀਹ ਕਰਾਂ? ॥੧॥
ਕਾਮੁ ਕਿਵਾਰੀ ਦੁਖੁ ਸੁਖੁ ਦਰਵਾਨੀ ਪਾਪੁ ਪੁੰਨੁ ਦਰਵਾਜਾ ॥
ਕਾਮ (ਇਸ ਕਿਲ੍ਹੇ ਦੇ) ਬੂਹੇ ਦਾ ਮਾਲਕ ਹੈ, ਦੁਖ ਤੇ ਸੁਖ ਪਹਿਰੇਦਾਰ ਹਨ, ਪਾਪ ਤੇ ਪੁੰਨ (ਕਿਲ੍ਹੇ ਦੇ) ਦਰਵਾਜ਼ੇ ਹਨ,
ਕ੍ਰੋਧੁ ਪ੍ਰਧਾਨੁ ਮਹਾ ਬਡ ਦੁੰਦਰ ਤਹ ਮਨੁ ਮਾਵਾਸੀ ਰਾਜਾ ॥੨॥
ਬੜਾ ਲੜਾਕਾ ਕ੍ਰੋਧ (ਕਿਲ੍ਹੇ ਦਾ) ਚੌਧਰੀ ਹੈ। ਅਜਿਹੇ ਕਿਲ੍ਹੇ ਵਿਚ ਮਨ ਰਾਜਾ ਆਕੀ ਹੋ ਕੇ ਬੈਠਾ ਹੈ ॥੨॥
ਸ੍ਵਾਦ ਸਨਾਹ ਟੋਪੁ ਮਮਤਾ ਕੋ ਕੁਬੁਧਿ ਕਮਾਨ ਚਢਾਈ ॥
(ਜੀਭ ਦੇ) ਚਸਕੇ (ਮਨ-ਰਾਜੇ ਨੇ) ਸੰਜੋਅ (ਪਹਿਨੀ ਹੋਈ ਹੈ), ਮਮਤਾ ਦਾ ਟੋਪ (ਪਾਇਆ ਹੋਇਆ ਹੈ), ਭੈੜੀ ਮੱਤ ਦੀ ਕਮਾਨ ਕੱਸੀ ਹੋਈ ਹੈ,
ਤਿਸਨਾ ਤੀਰ ਰਹੇ ਘਟ ਭੀਤਰਿ ਇਉ ਗਢੁ ਲੀਓ ਨ ਜਾਈ ॥੩॥
ਤ੍ਰਿਸ਼ਨਾ ਦੇ ਤੀਰ ਅੰਦਰ ਹੀ ਅੰਦਰ ਕੱਸੇ ਹੋਏ ਹਨ। ਅਜਿਹਾ ਕਿਲ੍ਹਾ (ਮੈਥੋਂ) ਜਿੱਤਿਆ ਨਹੀਂ ਜਾ ਸਕਦਾ ॥੩॥
ਪ੍ਰੇਮ ਪਲੀਤਾ ਸੁਰਤਿ ਹਵਾਈ ਗੋਲਾ ਗਿਆਨੁ ਚਲਾਇਆ ॥
(ਪਰ ਜਦੋਂ ਮੈਂ ਪ੍ਰਭੂ-ਚਰਨਾਂ ਦੇ) ਪ੍ਰੇਮ ਦਾ ਪਲੀਤਾ ਲਾਇਆ, (ਪ੍ਰਭੂ-ਚਰਨਾਂ ਵਿਚ ਜੁੜੀ) ਸੁਰਤ ਨੂੰ ਹਵਾਈ ਬਣਾਇਆ, (ਗੁਰੂ ਦੇ ਬਖ਼ਸ਼ੇ) ਗਿਆਨ ਦਾ ਗੋਲਾ ਚਲਾਇਆ,
ਬ੍ਰਹਮ ਅਗਨਿ ਸਹਜੇ ਪਰਜਾਲੀ ਏਕਹਿ ਚੋਟ ਸਿਝਾਇਆ ॥੪॥
ਸਹਿਜ ਅਵਸਥਾ ਵਿਚ ਅੱਪੜ ਕੇ ਅੰਦਰ ਰੱਬੀ-ਜੋਤ ਜਗਾਈ, ਤਾਂ ਇੱਕੋ ਹੀ ਸੱਟ ਨਾਲ ਕਾਮਯਾਬੀ ਹੋ ਗਈ ॥੪॥
ਸਤੁ ਸੰਤੋਖੁ ਲੈ ਲਰਨੇ ਲਾਗਾ ਤੋਰੇ ਦੁਇ ਦਰਵਾਜਾ ॥
ਸਤ ਤੇ ਸੰਤੋਖ ਲੈ ਕੇ ਮੈਂ (ਉਸ ਫ਼ੌਜ ਦੇ ਟਾਕਰੇ ਤੇ) ਲੜਨ ਲੱਗ ਪਿਆ, ਦੋਵੇਂ ਦਰਵਾਜ਼ੇ ਮੈਂ ਭੰਨ ਲਏ,
ਸਾਧਸੰਗਤਿ ਅਰੁ ਗੁਰ ਕੀ ਕ੍ਰਿਪਾ ਤੇ ਪਕਰਿਓ ਗਢ ਕੋ ਰਾਜਾ ॥੫॥
ਸਤਿਗੁਰੂ ਤੇ ਸਤਸੰਗ ਦੀ ਮਿਹਰ ਨਾਲ ਮੈਂ ਕਿਲ੍ਹੇ ਦਾ (ਆਕੀ) ਰਾਜਾ ਫੜ ਲਿਆ ॥੫॥
ਭਗਵਤ ਭੀਰਿ ਸਕਤਿ ਸਿਮਰਨ ਕੀ ਕਟੀ ਕਾਲ ਭੈ ਫਾਸੀ ॥
ਸਤਸੰਗ ਤੇ ਸਿਮਰਨ ਦੇ ਬਲ ਨਾਲ ਮੈਂ ਕਾਲ ਦੀ ਫਾਹੀ, ਦੁਨੀਆ ਦੇ ਡਰਾਂ ਦੀ ਫਾਹੀ, ਵੱਢ ਲਈ ਹੈ।
ਦਾਸੁ ਕਬੀਰੁ ਚੜਿੑਓ ਗੜੑ ਊਪਰਿ ਰਾਜੁ ਲੀਓ ਅਬਿਨਾਸੀ ॥੬॥੯॥੧੭॥
ਪ੍ਰਭੂ ਦਾ ਦਾਸ ਕਬੀਰ ਹੁਣ ਕਿਲ੍ਹੇ ਦੇ ਉੱਪਰ ਚੜ੍ਹ ਬੈਠਾ ਹੈ (ਸਰੀਰ ਨੂੰ ਵੱਸ ਕਰ ਚੁਕਿਆ ਹੈ), ਤੇ ਕਦੇ ਨਾਹ ਨਾਸ ਹੋਣ ਵਾਲੀ ਆਤਮਕ ਬਾਦਸ਼ਾਹੀ ਲੈ ਚੁਕਾ ਹੈ ॥੬॥੯॥੧੭॥
ਗੰਗ ਗੁਸਾਇਨਿ ਗਹਿਰ ਗੰਭੀਰ ॥
ਡੂੰਘੀ ਗੰਭੀਰ ਗੰਗਾ ਮਾਤਾ ਵਿਚ (ਡੋਬਣ ਲਈ)-
ਜੰਜੀਰ ਬਾਂਧਿ ਕਰਿ ਖਰੇ ਕਬੀਰ ॥੧॥
(ਇਹ ਵਿਰੋਧੀ ਲੋਕ) ਮੈਨੂੰ ਕਬੀਰ ਨੂੰ ਜ਼ੰਜੀਰਾਂ ਨਾਲ ਬੰਨ੍ਹ ਕੇ ਡੂੰਘੀ ਗੰਭੀਰ ਗੰਗਾ ਮਾਤਾ ਵਿਚ (ਡੋਬਣ ਲਈ) ਲੈ ਗਏ (ਭਾਵ, ਉਸ ਗੰਗਾ ਵਿਚ ਲੈ ਗਏ ਜਿਸ ਨੂੰ ਇਹ ‘ਮਾਤਾ’ ਆਖਦੇ ਹਨ ਤੇ ਉਸ ਮਾਤਾ ਕੋਲੋਂ ਜਾਨੋਂ ਮਰਵਾਣ ਦਾ ਅਪਰਾਧ ਕਰਾਣ ਲੱਗੇ) ॥੧॥
ਮਨੁ ਨ ਡਿਗੈ ਤਨੁ ਕਾਹੇ ਕਉ ਡਰਾਇ ॥
ਉਸ ਦਾ ਮਨ (ਕਿਸੇ ਕਸ਼ਟ ਵੇਲੇ) ਡੋਲਦਾ ਨਹੀਂ, ਉਸ ਦੇ ਸਰੀਰ ਨੂੰ (ਕਸ਼ਟ ਦੇ ਦੇ ਕੇ) ਡਰਾਉਣ ਤੋਂ ਕੋਈ ਲਾਭ ਨਹੀਂ ਹੋ ਸਕਦਾ,
ਚਰਨ ਕਮਲ ਚਿਤੁ ਰਹਿਓ ਸਮਾਇ ॥ ਰਹਾਉ ॥
ਜਿਸ ਮਨੁੱਖ ਦਾ ਮਨ ਪ੍ਰਭੂ ਦੇ ਸੁਹਣੇ ਚਰਨਾਂ ਵਿਚ ਲੀਨ ਰਹੇ ॥ ਰਹਾਉ॥
ਗੰਗਾ ਕੀ ਲਹਰਿ ਮੇਰੀ ਟੁਟੀ ਜੰਜੀਰ ॥
(ਪਰ ਡੁੱਬਣ ਦੇ ਥਾਂ) ਗੰਗਾ ਦੀਆਂ ਲਹਿਰਾਂ ਨਾਲ ਮੇਰੀ ਜ਼ੰਜੀਰ ਟੁੱਟ ਗਈ,
ਮ੍ਰਿਗਛਾਲਾ ਪਰ ਬੈਠੇ ਕਬੀਰ ॥੨॥
ਮੈਂ ਕਬੀਰ (ਉਸ ਜਲ ਉੱਤੇ ਇਉਂ ਤਰਨ ਲੱਗ ਪਿਆ ਜਿਵੇਂ) ਮ੍ਰਿਗਛਾਲਾ ਉੱਤੇ ਬੈਠਾ ਹੋਇਆ ਹਾਂ ॥੨॥
ਕਹਿ ਕੰਬੀਰ ਕੋਊ ਸੰਗ ਨ ਸਾਥ ॥
ਕਬੀਰ ਆਖਦਾ ਹੈ ਕਿ ਤੁਹਾਡੇ ਮਿਥੇ ਹੋਏ ਕਰਮ-ਕਾਂਡ ਜਾਂ ਤੀਰਥ-ਇਸ਼ਨਾਨ) ਕੋਈ ਭੀ ਸੰਗੀ ਨਹੀਂ ਬਣ ਸਕਦੇ, ਕੋਈ ਭੀ ਸਾਥੀ ਨਹੀਂ ਹੋ ਸਕਦੇ।
ਜਲ ਥਲ ਰਾਖਨ ਹੈ ਰਘੁਨਾਥ ॥੩॥੧੦॥੧੮॥
ਪਾਣੀ ਤੇ ਧਰਤੀ ਹਰ ਥਾਂ ਇਕ ਪਰਮਾਤਮਾ ਹੀ ਰੱਖਣ-ਜੋਗ ਹੈ ॥੩॥੧੦॥੧੮॥
ਭੈਰਉ ਕਬੀਰ ਜੀਉ ਅਸਟਪਦੀ ਘਰੁ ੨ ॥
ਰਾਗ ਭੈਰਉ, ਘਰ ੨ ਵਿੱਚ ਭਗਤ ਕਬੀਰ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਅਗਮ ਦ੍ਰੁਗਮ ਗੜਿ ਰਚਿਓ ਬਾਸ ॥
(ਪਰਮਾਤਮਾ ਦੇ ਨਾਮ ਵਿਚ ਸੁਰਤ ਜੋੜਨ ਵਾਲਾ) ਮਨੁੱਖ ਇਕ ਐਸੇ ਕਿਲ੍ਹੇ ਵਿਚ ਵੱਸੋਂ ਬਣਾ ਲੈਂਦਾ ਹੈ ਜਿੱਥੇ (ਵਿਕਾਰ ਆਦਿਕਾਂ ਦੀ) ਪਹੁੰਚ ਨਹੀਂ ਹੋ ਸਕਦੀ, ਜਿੱਥੇ (ਵਿਕਾਰਾਂ ਲਈ) ਅੱਪੜਨਾ ਬੜਾ ਔਖਾ ਹੁੰਦਾ ਹੈ।
ਜਾ ਮਹਿ ਜੋਤਿ ਕਰੇ ਪਰਗਾਸ ॥
ਜਿਸ ਮਨੁੱਖ ਦੇ ਅੰਦਰ ਪ੍ਰਭੂ ਆਪਣੀ ਜੋਤ ਦਾ ਚਾਨਣ ਕਰਦਾ ਹੈ,
ਬਿਜੁਲੀ ਚਮਕੈ ਹੋਇ ਅਨੰਦੁ ॥
ਉਸ ਦੇ ਅੰਦਰ, ਮਾਨੋ, ਬਿਜਲੀ ਚਮਕ ਪੈਂਦੀ ਹੈ, ਉੱਥੇ ਸਦਾ ਖਿੜਾਉ ਹੀ ਖਿੜਾਉ ਹੋ ਜਾਂਦਾ ਹੈ,
ਜਿਹ ਪਉੜੑੇ ਪ੍ਰਭ ਬਾਲ ਗੋਬਿੰਦ ॥੧॥
(ਨਾਮ ਸਿਮਰਨ ਦੀ ਬਰਕਤਿ ਨਾਲ) ਜਿਸ ਹਿਰਦੇ ਵਿਚ ਬਾਲ-ਸੁਭਾਉ ਪ੍ਰਭੂ-ਗੋਬਿੰਦ ਆ ਵੱਸਦਾ ਹੈ ॥੧॥
ਇਹੁ ਜੀਉ ਰਾਮ ਨਾਮ ਲਿਵ ਲਾਗੈ ॥
(ਜਦੋਂ) ਇਹ ਜੀਵ ਪਰਮਾਤਮਾ ਦੇ ਨਾਮ ਵਿਚ ਸੁਰਤ ਜੋੜਦਾ ਹੈ,
ਜਰਾ ਮਰਨੁ ਛੂਟੈ ਭ੍ਰਮੁ ਭਾਗੈ ॥੧॥ ਰਹਾਉ ॥
ਤਾਂ ਇਸ ਦਾ ਬੁਢੇਪਾ (ਬੁਢੇਪੇ ਦਾ ਡਰ) ਮੁੱਕ ਜਾਂਦਾ ਹੈ, ਮੌਤ (ਦਾ ਸਹਿਮ) ਮੁੱਕ ਜਾਂਦਾ ਹੈ ਅਤੇ ਭਟਕਣਾ ਦੂਰ ਹੋ ਜਾਂਦੀ ਹੈ ॥੧॥ ਰਹਾਉ ॥
ਅਬਰਨ ਬਰਨ ਸਿਉ ਮਨ ਹੀ ਪ੍ਰੀਤਿ ॥
ਪਰ ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਇਸੇ ਖ਼ਿਆਲ ਦੀ ਲਗਨ ਹੈ ਕਿ ਫਲਾਣਾ ਨੀਵੀਂ ਜਾਤ ਦਾ ਤੇ ਫਲਾਣਾ ਉੱਚੀ ਜਾਤ ਦਾ ਹੈ,
ਹਉਮੈ ਗਾਵਨਿ ਗਾਵਹਿ ਗੀਤ ॥
ਉਹ ਸਦਾ ਅਹੰਕਾਰ ਦੀਆਂ ਗੱਲਾਂ ਕਰਦੇ ਰਹਿੰਦੇ ਹਨ।
ਅਨਹਦ ਸਬਦ ਹੋਤ ਝੁਨਕਾਰ ॥
(ਪਰ) ਉੱਥੇ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਇੱਕ-ਰਸ, ਮਾਨੋ, ਰਾਗ ਹੁੰਦਾ ਰਹਿੰਦਾ ਹੈ,
ਜਿਹ ਪਉੜੑੇ ਪ੍ਰਭ ਸ੍ਰੀ ਗੋਪਾਲ ॥੨॥
ਜਿਸ ਹਿਰਦੇ ਵਿਚ ਸ੍ਰੀ ਗੋਪਾਲ ਪ੍ਰਭੂ ਜੀ ਵੱਸਦੇ ਹਨ ॥੨॥
ਖੰਡਲ ਮੰਡਲ ਮੰਡਲ ਮੰਡਾ ॥
ਜੋ ਪ੍ਰਭੂ ਸਾਰੇ ਖੰਡਾਂ ਦਾ, ਮੰਡਲਾਂ ਦਾ ਸਾਜਣ ਵਾਲਾ ਹੈ,
ਤ੍ਰਿਅ ਅਸਥਾਨ ਤੀਨਿ ਤ੍ਰਿਅ ਖੰਡਾ ॥
ਜੋ (ਫਿਰ) ਤਿੰਨਾਂ ਭਵਨਾਂ ਦਾ, ਤਿੰਨਾਂ ਗੁਣਾਂ ਦਾ ਨਾਸ ਕਰਨ ਵਾਲਾ ਭੀ ਹੈ,
ਅਗਮ ਅਗੋਚਰੁ ਰਹਿਆ ਅਭ ਅੰਤ ॥
ਜਿਸ ਤਕ ਮਨੁੱਖੀ ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਉਹ ਪ੍ਰਭੂ ਉਸ ਮਨੁੱਖ ਦੇ ਹਿਰਦੇ ਵਿਚ ਵੱਸਦਾ ਹੈ (ਜਿਸ ਨੇ ਪਰਮਾਤਮਾ ਦੇ ਨਾਮ ਨਾਲ ਲਿਵ ਲਾਈ ਹੋਈ ਹੈ)।
ਪਾਰੁ ਨ ਪਾਵੈ ਕੋ ਧਰਨੀਧਰ ਮੰਤ ॥੩॥
ਪਰ, ਕੋਈ ਜੀਵ ਧਰਤੀ-ਦੇ-ਆਸਰੇ ਉਸ ਪ੍ਰਭੂ ਦੇ ਭੇਤ ਦਾ ਅੰਤ ਨਹੀ ਪਾ ਸਕਦਾ ॥੩॥
ਕਦਲੀ ਪੁਹਪ ਧੂਪ ਪਰਗਾਸ ॥
ਜਿਵੇਂ ਕੇਲੇ ਦੇ ਫੁੱਲਾਂ ਵਿਚ ਸੁਗੰਧੀ ਦਾ ਪ੍ਰਕਾਸ਼ ਹੁੰਦਾ ਹੈ,
ਰਜ ਪੰਕਜ ਮਹਿ ਲੀਓ ਨਿਵਾਸ ॥
ਜਿਵੇਂ ਕੌਲ ਫੁੱਲ ਵਿਚ ਮਕਰੰਦ ਆ ਨਿਵਾਸ ਕਰਦਾ ਹੈ
ਦੁਆਦਸ ਦਲ ਅਭ ਅੰਤਰਿ ਮੰਤ ॥
ਪੂਰਨ ਤੌਰ ਤੇ ਖਿੜੇ ਹੋਏ ਉਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਮੰਤਰ ਇਉਂ ਵੱਸ ਪੈਂਦਾ ਹੈ,
ਜਹ ਪਉੜੇ ਸ੍ਰੀ ਕਮਲਾ ਕੰਤ ॥੪॥
ਜਿਸ ਹਿਰਦੇ ਵਿਚ (ਸਿਮਰਨ ਦੀ ਬਰਕਤਿ ਨਾਲ) ਮਾਇਆ-ਦਾ-ਪਤੀ ਪ੍ਰਭੂ ਆ ਵੱਸਦਾ ਹੈ ॥੪॥
ਅਰਧ ਉਰਧ ਮੁਖਿ ਲਾਗੋ ਕਾਸੁ ॥
(ਜੋ ਮਨੁੱਖ ਪ੍ਰਭੂ ਦੇ ਨਾਮ ਵਿਚ ਲਿਵ ਲਾਂਦਾ ਹੈ) ਉਸ ਨੂੰ ਅਕਾਸ਼ ਪਤਾਲ ਹਰ ਥਾਂ ਪ੍ਰਭੂ ਦਾ ਹੀ ਪ੍ਰਕਾਸ਼ ਦਿੱਸਦਾ ਹੈ,
ਸੁੰਨ ਮੰਡਲ ਮਹਿ ਕਰਿ ਪਰਗਾਸੁ ॥
ਉਸ ਦੀ ਅਫੁਰ ਸਮਾਧੀ ਵਿਚ (ਭਾਵ, ਉਸ ਦੇ ਟਿਕੇ ਹੋਏ ਮਨ ਵਿਚ) ਪਰਮਾਤਮਾ ਆਪਣਾ ਚਾਨਣ ਕਰਦਾ ਹੈ,
ਊਹਾਂ ਸੂਰਜ ਨਾਹੀ ਚੰਦ ॥
(ਇਤਨਾ ਚਾਨਣ ਕਿ) ਸੂਰਜ ਤੇ ਚੰਦ ਦਾ ਚਾਨਣ ਉਸ ਦੀ ਬਰਾਬਰੀ ਨਹੀਂ ਕਰ ਸਕਦਾ (ਉਹ ਚਾਨਣ ਸੂਰਜ ਚੰਦ ਦੇ ਚਾਨਣ ਵਰਗਾ ਨਹੀਂ ਹੈ)।
ਆਦਿ ਨਿਰੰਜਨੁ ਕਰੈ ਅਨੰਦ ॥੫॥
ਸਾਰੇ ਜਗਤ ਦਾ ਮੂਲ ਮਾਇਆ-ਰਹਿਤ ਪ੍ਰਭੂ ਉਸ ਦੇ ਹਿਰਦੇ ਵਿਚ ਉਮਾਹ ਪੈਦਾ ਕਰਦਾ ਹੈ ॥੫॥
ਸੋ ਬ੍ਰਹਮੰਡਿ ਪਿੰਡਿ ਸੋ ਜਾਨੁ ॥
ਉਹ ਮਨੁੱਖ (ਲਿਵ ਦੀ ਬਰਕਤਿ ਨਾਲ) ਸਾਰੇ ਜਗਤ ਵਿਚ ਉਸੇ ਪ੍ਰਭੂ ਨੂੰ ਪਛਾਣਦਾ ਹੈ ਜਿਸ ਨੂੰ ਆਪਣੇ ਸਰੀਰ ਵਿਚ (ਵੱਸਦਾ ਵੇਖਦਾ ਹੈ),
ਮਾਨ ਸਰੋਵਰਿ ਕਰਿ ਇਸਨਾਨੁ ॥
ਉਹ (ਪ੍ਰਭੂ-ਨਾਮ ਰੂਪ) ਮਾਨ-ਸਰੋਵਰ ਵਿਚ ਇਸ਼ਨਾਨ ਕਰਦਾ ਹੈ
ਸੋਹੰ ਸੋ ਜਾ ਕਉ ਹੈ ਜਾਪ ॥
ਜਿਸ ਮਨੁੱਖ ਦੇ ਹਿਰਦੇ ਵਿਚ ਸਦਾ ਇਹ ਲਗਨ ਹੈ ਕਿ ਉਹ ਪ੍ਰਭੂ ਤੇ ਮੈਂ ਇੱਕ ਹਾਂ (ਭਾਵ, ਮੇਰੇ ਅੰਦਰ ਪ੍ਰਭੂ ਦੀ ਜੋਤ ਵੱਸ ਰਹੀ ਹੈ)।
ਜਾ ਕਉ ਲਿਪਤ ਨ ਹੋਇ ਪੁੰਨ ਅਰੁ ਪਾਪ ॥੬॥
(ਇਸ ਲਗਨ ਦੀ ਬਰਕਤਿ ਨਾਲ) ਜਿਸ ਉੱਤੇ ਨਾਹ ਪੁੰਨ ਨਾਹ ਪਾਪ ਕੋਈ ਭੀ ਪ੍ਰਭਾਵ ਨਹੀਂ ਪਾ ਸਕਦਾ (ਭਾਵ, ਜਿਸ ਨੂੰ ਨਾ ਕੋਈ ਪਾਪ-ਵਿਕਾਰ ਖਿੱਚ ਪਾ ਸਕਦੇ ਹਨ, ਤੇ ਨਾਹ ਹੀ ਪੁੰਨ ਕਰਮਾਂ ਦੇ ਫਲ ਦੀ ਲਾਲਸਾ ਹੈ, ਉਸ ਦੀ ਲਿਵ ਪਰਮਾਤਮਾ ਨਾਲ ਜੁੜੀ ਜਾਣੋ) ॥੬॥
ਅਬਰਨ ਬਰਨ ਘਾਮ ਨਹੀ ਛਾਮ ॥
ਉਸ ਮਨੁੱਖ ਦੇ ਅੰਦਰ ਕਿਸੇ ਉੱਚੀ ਨੀਵੀਂ ਜਾਤ ਦਾ ਵਿਤਕਰਾ ਨਹੀਂ ਰਹਿੰਦਾ, ਕੋਈ ਦੁੱਖ-ਸੁਖ ਉਸ ਨੂੰ ਨਹੀਂ ਵਿਆਪਦੇ।
ਅਵਰ ਨ ਪਾਈਐ ਗੁਰ ਕੀ ਸਾਮ ॥
ਪਰ ਇਹ ਆਤਮਕ ਹਾਲਤ ਗੁਰੂ ਦੀ ਸ਼ਰਨ ਪਿਆਂ ਮਿਲਦੀ ਹੈ, ਕਿਸੇ ਹੋਰ ਥਾਂ ਤੋਂ ਨਹੀਂ ਮਿਲਦੀ
ਟਾਰੀ ਨ ਟਰੈ ਆਵੈ ਨ ਜਾਇ ॥
ਇਹ ਅਵਸਥਾ ਕਿਸੇ ਦੀ ਹਟਾਈ ਹਟ ਨਹੀਂ ਸਕਦੀ, ਸਦਾ ਕਾਇਮ ਰਹਿੰਦੀ ਹੈ।
ਸੁੰਨ ਸਹਜ ਮਹਿ ਰਹਿਓ ਸਮਾਇ ॥੭॥
(‘ਲਿਵ ਦਾ ਸਦਕਾ’) ਉਹ ਮਨੁੱਖ ਸਦਾ ਅਫੁਰ ਅਵਸਥਾ ਵਿਚ ਟਿਕਿਆ ਰਹਿੰਦਾ ਹੈ, ਸਹਿਜ ਅਵਸਥਾ ਵਿਚ ਜੁੜਿਆ ਰਹਿੰਦਾ ਹੈ ॥੭॥
ਮਨ ਮਧੇ ਜਾਨੈ ਜੇ ਕੋਇ ॥
ਜੋ ਮਨੁੱਖ ਪ੍ਰਭੂ ਨੂੰ ਆਪਣੇ ਮਨ ਵਿਚ ਵੱਸਦਾ ਪਛਾਣ ਲੈਂਦਾ ਹੈ,
ਜੋ ਬੋਲੈ ਸੋ ਆਪੈ ਹੋਇ ॥
ਜੋ ਮਨੁੱਖ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ, ਉਹ ਪ੍ਰਭੂ ਦਾ ਰੂਪ ਹੀ ਹੋ ਜਾਂਦਾ ਹੈ।
ਜੋਤਿ ਮੰਤ੍ਰਿ ਮਨਿ ਅਸਥਿਰੁ ਕਰੈ ॥
ਜੋ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੀ ਜੋਤ ਨੂੰ ਆਪਣੇ ਮਨ ਵਿਚ ਪੱਕਾ ਕਰ ਕੇ ਟਿਕਾ ਲੈਂਦਾ ਹੈ,
ਕਹਿ ਕਬੀਰ ਸੋ ਪ੍ਰਾਨੀ ਤਰੈ ॥੮॥੧॥
ਕਬੀਰ ਆਖਦਾ ਹੈ ਕਿ ਉਹ ਸੰਸਾਰ-ਸਮੁੰਦਰ ਤੋਂ ਤਰ ਜਾਂਦਾ ਹੈ ॥੮॥੧॥
ਕੋਟਿ ਸੂਰ ਜਾ ਕੈ ਪਰਗਾਸ ॥
(ਮੈਂ ਉਸ ਪ੍ਰਭੂ ਦੇ ਦਰ ਤੋਂ ਮੰਗਦਾ ਹਾਂ) ਜਿਸ ਦੇ ਦਰ ਤੇ ਕ੍ਰੋੜਾਂ ਸੂਰਜ ਚਾਨਣ ਕਰ ਰਹੇ ਹਨ,
ਕੋਟਿ ਮਹਾਦੇਵ ਅਰੁ ਕਬਿਲਾਸ ॥
ਜਿਸ ਦੇ ਦਰ ਤੇ ਕ੍ਰੋੜਾਂ ਸ਼ਿਵ ਜੀ ਤੇ ਕੈਲਾਸ਼ ਹਨ;
ਦੁਰਗਾ ਕੋਟਿ ਜਾ ਕੈ ਮਰਦਨੁ ਕਰੈ ॥
ਦੁਰਗਾ (ਵਰਗੀਆਂ) ਕ੍ਰੋੜਾਂਹੀ ਦੇਵੀਆਂ ਜਿਸ ਦੇ ਚਰਨਾਂ ਦੀ ਮਾਲਸ਼ ਕਰ ਰਹੀਆਂ ਹਨ,
ਬ੍ਰਹਮਾ ਕੋਟਿ ਬੇਦ ਉਚਰੈ ॥੧॥
ਅਤੇ ਕ੍ਰੋੜਾਂ ਹੀ ਬ੍ਰਹਮਾ ਜਿਸ ਦੇ ਦਰ ਤੇ ਵੇਦ ਉਚਾਰ ਰਹੇ ਹਨ ॥੧॥
ਜਉ ਜਾਚਉ ਤਉ ਕੇਵਲ ਰਾਮ ॥
ਮੈਂ ਜਦੋਂ ਭੀ ਮੰਗਦਾ ਹਾਂ, ਸਿਰਫ਼ ਪ੍ਰਭੂ ਦੇ ਦਰ ਤੋਂ ਮੰਗਦਾ ਹਾਂ,
ਆਨ ਦੇਵ ਸਿਉ ਨਾਹੀ ਕਾਮ ॥੧॥ ਰਹਾਉ ॥
ਮੈਨੂੰ ਕਿਸੇ ਹੋਰ ਦੇਵਤੇ ਨਾਲ ਕੋਈ ਗ਼ਰਜ਼ ਨਹੀਂ ਹੈ ॥੧॥ ਰਹਾਉ ॥
ਕੋਟਿ ਚੰਦ੍ਰਮੇ ਕਰਹਿ ਚਰਾਕ ॥
(ਮੈਂ ਉਸ ਪ੍ਰਭੂ ਦਾ ਜਾਚਕ ਹਾਂ) ਜਿਸ ਦੇ ਦਰ ਤੇ ਕ੍ਰੋੜਾਂ ਚੰਦ੍ਰਮਾ ਰੌਸ਼ਨੀ ਕਰਦੇ ਹਨ,
ਸੁਰ ਤੇਤੀਸਉ ਜੇਵਹਿ ਪਾਕ ॥
ਜਿਸ ਦੇ ਦਰ ਤੋਂ ਤੇਤੀ ਕ੍ਰੋੜ ਦੇਵਤੇ ਭੋਜਨ ਛਕਦੇ ਹਨ,
ਨਵ ਗ੍ਰਹ ਕੋਟਿ ਠਾਢੇ ਦਰਬਾਰ ॥
ਕ੍ਰੋੜਾਂ ਹੀ ਨੌ ਗ੍ਰਹਿ ਜਿਸ ਦੇ ਦਰਬਾਰ ਵਿਚ ਖਲੋਤੇ ਹੋਏ ਹਨ,
ਧਰਮ ਕੋਟਿ ਜਾ ਕੈ ਪ੍ਰਤਿਹਾਰ ॥੨॥
ਅਤੇ ਕ੍ਰੋੜਾਂ ਹੀ ਧਰਮ-ਰਾਜ ਜਿਸ ਦੇ ਦਰਬਾਨ ਹਨ ॥੨॥
ਪਵਨ ਕੋਟਿ ਚਉਬਾਰੇ ਫਿਰਹਿ ॥
(ਮੈਂ ਕੇਵਲ ਉਸ ਪ੍ਰਭੂ ਦੇ ਦਰ ਦਾ ਮੰਗਤਾ ਹਾਂ) ਜਿਸ ਦੇ ਚੁਬਾਰੇ ਉੱਤੇ ਕ੍ਰੋੜਾਂ ਹਵਾਵਾਂ ਚੱਲਦੀਆਂ ਹਨ,
ਬਾਸਕ ਕੋਟਿ ਸੇਜ ਬਿਸਥਰਹਿ ॥
ਕ੍ਰੋੜਾਂ ਸ਼ੇਸ਼ਨਾਗ ਜਿਸ ਦੀ ਸੇਜ ਵਿਛਾਉਂਦੇ ਹਨ,
ਸਮੁੰਦ ਕੋਟਿ ਜਾ ਕੇ ਪਾਨੀਹਾਰ ॥
ਕ੍ਰੋੜਾਂ ਸਮੁੰਦਰ ਜਿਸ ਦੇ ਪਾਣੀ ਭਰਨ ਵਾਲੇ ਹਨ,
ਰੋਮਾਵਲਿ ਕੋਟਿ ਅਠਾਰਹ ਭਾਰ ॥੩॥
ਅਤੇ ਬਨਸਪਤੀ ਦੇ ਕ੍ਰੋੜਾਂ ਹੀ ਅਠਾਰਾਂ ਭਾਰ ਜਿਸ ਦੇ ਜਿਸਮ ਦੇ, ਮਾਨੋ, ਰੋਮ ਹਨ ॥੩॥
ਕੋਟਿ ਕਮੇਰ ਭਰਹਿ ਭੰਡਾਰ ॥
(ਮੈਂ ਉਸ ਪ੍ਰਭੂ ਤੋਂ ਹੀ ਮੰਗਦਾ ਹਾਂ) ਜਿਸ ਦੇ ਖ਼ਜ਼ਾਨੇ ਕ੍ਰੋੜਾਂ ਹੀ ਕੁਬੇਰ ਦੇਵਤੇ ਭਰਦੇ ਹਨ,
ਕੋਟਿਕ ਲਖਮੀ ਕਰੈ ਸੀਗਾਰ ॥
ਜਿਸ ਦੇ ਦਰ ਤੇ ਕ੍ਰੋੜਾਂ ਹੀ ਲਛਮੀਆਂ ਸ਼ਿੰਗਾਰ ਕਰ ਰਹੀਆਂ ਹਨ,
ਕੋਟਿਕ ਪਾਪ ਪੁੰਨ ਬਹੁ ਹਿਰਹਿ ॥
ਕ੍ਰੋੜਾਂ ਹੀ ਪਾਪ ਤੇ ਪੁੰਨ ਜਿਸ ਵਲ ਤੱਕ ਰਹੇ ਹਨ (ਕਿ ਸਾਨੂੰ ਆਗਿਆ ਕਰੇ)
ਇੰਦ੍ਰ ਕੋਟਿ ਜਾ ਕੇ ਸੇਵਾ ਕਰਹਿ ॥੪॥
ਅਤੇ ਕ੍ਰੋੜਾਂ ਹੀ ਇੰਦਰ ਦੇਵਤੇ ਜਿਸ ਦੇ ਦਰ ਤੇ ਸੇਵਾ ਕਰ ਰਹੇ ਹਨ ॥੪॥
ਛਪਨ ਕੋਟਿ ਜਾ ਕੈ ਪ੍ਰਤਿਹਾਰ ॥
(ਮੈਂ ਕੇਵਲ ਉਸ ਗੋਪਾਲ ਦਾ ਜਾਚਕ ਹਾਂ) ਜਿਸ ਦੇ ਦਰ ਤੇ ਛਵੰਜਾ ਕਰੋੜ ਬੱਦਲ ਦਰਬਾਨ ਹਨ,
ਨਗਰੀ ਨਗਰੀ ਖਿਅਤ ਅਪਾਰ ॥
ਤੇ ਜੋ ਥਾਂ ਥਾਂ ਤੇ ਚਮਕ ਰਹੇ ਹਨ;
ਲਟ ਛੂਟੀ ਵਰਤੈ ਬਿਕਰਾਲ ॥
ਕ੍ਰੋੜਾਂ ਹੀ ਕਾਲਕਾ ਕੇਸ ਖੋਲ੍ਹ ਕੇ ਡਰਾਉਣਾ ਰੂਪ ਧਾਰ ਕੇ ਜਿਸ ਦੇ ਦਰ ਤੇ ਮੌਜੂਦ ਹਨ,
ਕੋਟਿ ਕਲਾ ਖੇਲੈ ਗੋਪਾਲ ॥੫॥
ਤੇ ਜਿਸ ਗੋਪਾਲ ਦੇ ਦਰ ਤੇ ਕ੍ਰੋੜਾਂ ਸ਼ਕਤੀਆਂ ਖੇਡਾਂ ਕਰ ਰਹੀਆਂ ਹਨ ॥੫॥
ਕੋਟਿ ਜਗ ਜਾ ਕੈ ਦਰਬਾਰ ॥
(ਮੈਂ ਉਸ ਪ੍ਰਭੂ ਤੋਂ ਹੀ ਮੰਗਦਾ ਹਾਂ) ਜਿਸ ਦੇ ਦਰਬਾਰ ਵਿਚ ਕ੍ਰੋੜਾਂ ਜੱਗ ਹੋ ਰਹੇ ਹਨ,
ਗੰਧ੍ਰਬ ਕੋਟਿ ਕਰਹਿ ਜੈਕਾਰ ॥
ਤੇ ਕ੍ਰੋੜਾਂ ਗੰਧਰਬ ਜੈ-ਜੈਕਾਰ ਗਾ ਰਹੇ ਹਨ,
ਬਿਦਿਆ ਕੋਟਿ ਸਭੈ ਗੁਨ ਕਹੈ ॥
ਕ੍ਰੋੜਾਂ ਹੀ ਵਿੱਦਿਆ ਜਿਸ ਦੇ ਬੇਅੰਤ ਗੁਣ ਬਿਆਨ ਕਰ ਰਹੀਆਂ ਹਨ,
ਤਊ ਪਾਰਬ੍ਰਹਮ ਕਾ ਅੰਤੁ ਨ ਲਹੈ ॥੬॥
ਪਰ ਫਿਰ ਭੀ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦੀਆਂ ॥੬॥
ਬਾਵਨ ਕੋਟਿ ਜਾ ਕੈ ਰੋਮਾਵਲੀ ॥
(ਮੈਂ ਉਸ ਪ੍ਰਭੂ ਦਾ ਜਾਚਕ ਹਾਂ) ਕ੍ਰੋੜਾਂ ਹੀ ਵਾਮਨ ਅਵਤਾਰ ਜਿਸ ਦੇ ਸਰੀਰ ਦੇ, ਮਾਨੋ, ਰੋਮ ਹਨ,
ਰਾਵਨ ਸੈਨਾ ਜਹ ਤੇ ਛਲੀ ॥
ਜਿਸ ਦੇ ਦਰ ਤੇ ਕ੍ਰੋੜਾਂ ਹੀ ਉਹ (ਸ੍ਰੀ ਰਾਮ ਚੰਦਰ ਜੀ) ਹਨ ਜਿਸ ਤੋਂ ਰਾਵਣ ਦੀ ਸੈਨਾ ਹਾਰੀ ਸੀ;
ਸਹਸ ਕੋਟਿ ਬਹੁ ਕਹਤ ਪੁਰਾਨ ॥
ਜਿਸ ਦੇ ਦਰ ਤੇ ਕ੍ਰੋੜਾਂ ਹੀ ਉਹ (ਕ੍ਰਿਸ਼ਨ ਜੀ) ਹਨ ਜਿਸ ਨੂੰ ਭਾਗਵਤ ਪੁਰਾਣ ਬਿਆਨ ਕਰ ਰਿਹਾ ਹੈ,
ਦੁਰਜੋਧਨ ਕਾ ਮਥਿਆ ਮਾਨੁ ॥੭॥
ਤੇ ਜਿਸ ਨੇ ਦੁਰਜੋਧਨ ਦਾ ਅਹੰਕਾਰ ਤੋੜਿਆ ਸੀ ॥੭॥
ਕੰਦ੍ਰਪ ਕੋਟਿ ਜਾ ਕੈ ਲਵੈ ਨ ਧਰਹਿ ॥
(ਮੈਂ ਉਸ ਤੋਂ ਮੰਗਦਾ ਹਾਂ) ਜਿਸ ਦੀ ਸੁੰਦਰਤਾ ਦੀ ਬਰਾਬਰੀ ਉਹ ਕ੍ਰੋੜਾਂ ਕਾਮਦੇਵ ਭੀ ਨਹੀਂ ਕਰ ਸਕਦੇ,
ਅੰਤਰ ਅੰਤਰਿ ਮਨਸਾ ਹਰਹਿ ॥
ਜੋ ਨਿੱਤ ਜੀਵਾਂ ਦੇ ਹਿਰਦਿਆਂ ਦੀ ਅੰਦਰਲੀ ਵਾਸ਼ਨਾ ਚੁਰਾਉਂਦੇ ਰਹਿੰਦੇ ਹਨ।
ਕਹਿ ਕਬੀਰ ਸੁਨਿ ਸਾਰਿਗਪਾਨ ॥
ਕਬੀਰ ਆਖਦਾ ਹੈ, ਹੇ ਧਨਖਧਾਰੀ ਪ੍ਰਭੂ! (ਮੇਰ ਬੇਨਤੀ) ਸੁਣ,
ਦੇਹਿ ਅਭੈ ਪਦੁ ਮਾਂਗਉ ਦਾਨ ॥੮॥੨॥੧੮॥੨੦॥
ਮੈਨੂੰ ਉਹ ਆਤਮਕ ਅਵਸਥਾ ਬਖ਼ਸ਼ ਜਿੱਥੇ ਮੈਨੂੰ ਕੋਈ ਕਿਸੇ (ਦੇਵੀ ਦੇਵਤੇ) ਦਾ ਡਰ ਨਾਹ ਰਹੇ, (ਬੱਸ) ਮੈਂ ਇਹੀ ਦਾਨ ਮੰਗਦਾ ਹੈ ॥੮॥੨॥੧੮॥੨੦॥
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਮਉਲੀ ਧਰਤੀ ਮਉਲਿਆ ਅਕਾਸੁ ॥
ਧਰਤੀ ਤੇ ਅਕਾਸ਼ (ਪਰਮਾਤਮਾ ਦੀ ਜੋਤ ਦੇ ਪ੍ਰਕਾਸ਼ ਨਾਲ) ਖਿੜੇ ਹੋਏ ਹਨ।
ਘਟਿ ਘਟਿ ਮਉਲਿਆ ਆਤਮ ਪ੍ਰਗਾਸੁ ॥੧॥
ਹਰੇਕ ਘਟ ਵਿਚ ਉਸ ਪਰਮਾਤਮਾ ਦਾ ਹੀ ਪ੍ਰਕਾਸ਼ ਹੈ ॥੧॥
ਰਾਜਾ ਰਾਮੁ ਮਉਲਿਆ ਅਨਤ ਭਾਇ ॥
(ਸਾਰੇ ਜਗਤ ਦਾ ਮਾਲਕ) ਜੋਤ-ਸਰੂਪ ਪਰਮਾਤਮਾ (ਆਪਣੇ ਬਣਾਏ ਜਗਤ ਵਿਚ) ਅਨੇਕ ਤਰ੍ਹਾਂ ਆਪਣਾ ਪ੍ਰਕਾਸ਼ ਕਰ ਰਿਹਾ ਹੈ।
ਜਹ ਦੇਖਉ ਤਹ ਰਹਿਆ ਸਮਾਇ ॥੧॥ ਰਹਾਉ ॥
ਮੈਂ ਜਿੱਧਰ ਵੇਖਦਾ ਹਾਂ, ਉਧਰ ਹੀ ਉਹ ਭਰਪੂਰ (ਦਿੱਸਦਾ) ਹੈ ॥੧॥ ਰਹਾਉ ॥
ਦੁਤੀਆ ਮਉਲੇ ਚਾਰਿ ਬੇਦ ॥
ਦੂਜੀ ਗੱਲ (ਇਹ ਹੈ, ਨਿਰੀ ਧਰਤ ਅਕਾਸ਼ ਹੀ ਨਹੀਂ) ਚਾਰੇ ਵੇਦ ਵੀ ਪਰਮਾਤਮਾ ਦੀ ਜੋਤ ਨਾਲ ਪਰਗਟ ਹੋਏ ਹਨ,
ਸਿੰਮ੍ਰਿਤਿ ਮਉਲੀ ਸਿਉ ਕਤੇਬ ॥੨॥
ਸਿਮ੍ਰਿਤੀਆਂ ਤੇ ਮੁਸਲਮਾਨੀ ਧਰਮ-ਪੁਸਤਕ-ਇਹ ਸਾਰੇ ਭੀ ਪਰਮਾਤਮਾ ਦੀ ਜੋਤ ਨਾਲ ਪਰਗਟ ਹੋਏ ਹਨ ॥੨॥
ਸੰਕਰੁ ਮਉਲਿਓ ਜੋਗ ਧਿਆਨ ॥
ਜੋਗ-ਸਮਾਧੀ ਲਾਣ ਵਾਲਾ ਸ਼ਿਵ ਭੀ (ਪ੍ਰਭੂ ਦੀ ਜੋਤ ਦੀ ਬਰਕਤਿ ਨਾਲ) ਖਿੜਿਆ।
ਕਬੀਰ ਕੋ ਸੁਆਮੀ ਸਭ ਸਮਾਨ ॥੩॥੧॥
(ਮੁੱਕਦੀ ਗੱਲ ਇਹ ਕਿ) ਕਬੀਰ ਦਾ ਮਾਲਕ (-ਪ੍ਰਭੂ) ਸਭ ਥਾਂ ਇਕੋ ਜਿਹਾ ਖਿੜ ਰਿਹਾ ਹੈ ॥੩॥੧॥
ਪੰਡਿਤ ਜਨ ਮਾਤੇ ਪੜਿੑ ਪੁਰਾਨ ॥
ਪੰਡਿਤ ਲੋਕ ਪੁਰਾਨ (ਆਦਿਕ ਧਰਮ-ਪੁਸਤਕਾਂ) ਪੜ੍ਹ ਕੇ ਅਹੰਕਾਰੇ ਹੋਏ ਹਨ;
ਜੋਗੀ ਮਾਤੇ ਜੋਗ ਧਿਆਨ ॥
ਜੋਗੀ ਜੋਗ-ਸਾਧਨਾਂ ਦੇ ਮਾਣ ਵਿਚ ਮੱਤੇ ਹੋਏ ਹਨ,
ਸੰਨਿਆਸੀ ਮਾਤੇ ਅਹੰਮੇਵ ॥
ਸੰਨਿਆਸੀ (ਸੰਨਿਆਸ ਦੇ) ਅਹੰਕਾਰ ਵਿਚ ਡੁੱਬੇ ਹੋਏ ਹਨ;
ਤਪਸੀ ਮਾਤੇ ਤਪ ਕੈ ਭੇਵ ॥੧॥
ਤਪੀ ਲੋਕ ਇਸ ਵਾਸਤੇ ਮਸਤੇ ਹੋਏ ਹਨ ਕਿ ਉਹਨਾਂ ਨੇ ਤਪ ਦਾ ਭੇਤ ਪਾ ਲਿਆ ਹੈ ॥੧॥
ਸਭ ਮਦ ਮਾਤੇ ਕੋਊ ਨ ਜਾਗ ॥
ਸਭ ਜੀਵ (ਕਿਸੇ ਨਾ ਕਿਸੇ ਵਿਕਾਰ ਵਿਚ) ਮੱਤੇ ਪਏ ਹਨ, ਕੋਈ ਜਾਗਦਾ ਨਹੀਂ (ਦਿੱਸਦਾ)।
ਸੰਗ ਹੀ ਚੋਰ ਘਰੁ ਮੁਸਨ ਲਾਗ ॥੧॥ ਰਹਾਉ ॥
ਤੇ, ਇਹਨਾਂ ਜੀਵਾਂ ਦੇ ਅੰਦਰੋਂ ਹੀ (ਉੱਠ ਕੇ ਕਾਮਾਦਿਕ) ਚੋਰ ਇਹਨਾਂ ਦਾ (ਹਿਰਦਾ-ਰੂਪ) ਘਰ ਲੁੱਟ ਰਹੇ ਹਨ ॥੧॥ ਰਹਾਉ ॥
ਜਾਗੈ ਸੁਕਦੇਉ ਅਰੁ ਅਕੂਰੁ ॥
(ਜਗਤ ਵਿਚ ਕੋਈ ਵਿਰਲੇ ਵਿਰਲੇ ਜਾਗੇ, ਵਿਰਲੇ ਵਿਰਲੇ ਮਾਇਆ ਦੇ ਪ੍ਰਭਾਵ ਤੋਂ ਬਚੇ); ਜਾਗਦਾ ਰਿਹਾ ਸੁਕਦੇਵ ਰਿਸ਼ੀ ਤੇ ਅਕ੍ਰੂਰ ਭਗਤ;
ਹਣਵੰਤੁ ਜਾਗੈ ਧਰਿ ਲੰਕੂਰੁ ॥
ਜਾਗਦਾ ਰਿਹਾ ਹਨੂਮਾਨ ਪੂਛਲ ਧਾਰ ਕੇ ਭੀ (ਭਾਵ, ਭਾਵੇਂ ਲੋਕ ਉਸ ਨੂੰ ਪੂਛਲ ਵਾਲਾ ਹੀ ਆਖਦੇ ਹਨ)।
ਸੰਕਰੁ ਜਾਗੈ ਚਰਨ ਸੇਵ ॥
ਪ੍ਰਭੂ-ਚਰਨਾਂ ਦੀ ਸੇਵਾ ਕਰ ਕੇ ਜਾਗਿਆ ਸ਼ਿਵ ਜੀ।
ਕਲਿ ਜਾਗੇ ਨਾਮਾ ਜੈਦੇਵ ॥੨॥
(ਹੁਣ ਦੇ ਸਮੇ) ਕਲਿਜੁਗ ਵਿਚ ਜਾਗਦੇ ਰਹੇ ਭਗਤ ਨਾਮਦੇਵ ਤੇ ਜੈਦੇਵ ਜੀ ॥੨॥
ਜਾਗਤ ਸੋਵਤ ਬਹੁ ਪ੍ਰਕਾਰ ॥
ਜਾਗਣਾ ਤੇ ਸੁੱਤੇ ਰਹਿਣਾ (ਭੀ) ਕਈ ਕਿਸਮ ਦਾ ਹੈ (ਚੋਰ ਭੀ ਤਾਂ ਰਾਤ ਨੂੰ ਜਾਗਦੇ ਹੀ ਹਨ)।
ਗੁਰਮੁਖਿ ਜਾਗੈ ਸੋਈ ਸਾਰੁ ॥
ਉਹ ਜਾਗਣਾ ਸ੍ਰੇਸ਼ਟ ਹੈ ਜੋ ਗੁਰਮੁਖਾਂ ਦਾ ਜਾਗਣਾ ਹੈ (ਭਾਵ, ਜੋ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਮਾਇਆ ਦੇ ਹੱਲੇ ਵਲੋਂ ਸੁਚੇਤ ਰਹਿੰਦਾ ਹੈ, ਉਹੀ ਜਾਗ ਰਿਹਾ ਹੈ)।
ਇਸੁ ਦੇਹੀ ਕੇ ਅਧਿਕ ਕਾਮ ॥
(ਮਾਇਆ ਦੇ ਹੱਲੇ ਵਲੋਂ ਸੁਚੇਤ ਰਹਿ ਕੇ ਸਿਮਰਨ ਕਰਨਾ) ਜੀਵ ਦੇ ਬਹੁਤ ਕੰਮ ਆਉਂਦਾ ਹੈ।
ਕਹਿ ਕਬੀਰ ਭਜਿ ਰਾਮ ਨਾਮ ॥੩॥੨॥
ਕਬੀਰ ਆਖਦਾ ਹੈ ਕਿ ਪ੍ਰਭੂ ਦਾ ਨਾਮ ਸਿਮਰ (ਕੇ ਸੁਚੇਤ ਰਹੁ) ॥੩॥੨॥
ਜੋਇ ਖਸਮੁ ਹੈ ਜਾਇਆ ॥
ਇਸਤ੍ਰੀ ਨੇ ਖਸਮ ਨੂੰ ਜਨਮ ਦਿੱਤਾ ਹੈ (ਭਾਵ, ਜਿਸ ਮਨ ਨੂੰ ਮਾਇਆ ਨੇ ਜਨਮ ਦਿੱਤਾ ਹੈ, ਉਹੀ ਇਸ ਨੂੰ ਭੋਗਣਹਾਰਾ ਬਣ ਜਾਂਦਾ ਹੈ)।
ਪੂਤਿ ਬਾਪੁ ਖੇਲਾਇਆ ॥
ਮਨ-ਪੁੱਤਰ ਨੇ ਪਿਉ-ਜੀਵਾਤਮਾ ਨੂੰ ਖੇਡੇ ਲਾਇਆ ਹੋਇਆ ਹੈ।
ਬਿਨੁ ਸ੍ਰਵਣਾ ਖੀਰੁ ਪਿਲਾਇਆ ॥੧॥
(ਇਹ ਮਨ) ਥਣਾਂ ਤੋਂ ਬਿਨਾ ਹੀ (ਜੀਵਾਤਮਾ ਨੂੰ) ਦੁੱਧ ਪਿਲਾ ਰਿਹਾ ਹੈ (ਭਾਵ, ਨਾਸਵੰਤ ਪਦਾਰਥਾਂ ਦੇ ਸੁਆਦ ਵਿਚ ਪਾ ਰਿਹਾ ਹੈ) ॥੧॥
ਦੇਖਹੁ ਲੋਗਾ ਕਲਿ ਕੋ ਭਾਉ ॥
ਹੇ ਲੋਕੋ! ਵੇਖੋ, ਕਲਿਜੁਗ ਦਾ ਅਜਬ ਪ੍ਰਭਾਵ ਪੈ ਰਿਹਾ ਹੈ (ਭਾਵ, ਪ੍ਰਭੂ ਤੋਂ ਵਿਛੜਨ ਕਰਕੇ ਜੀਵ ਉੱਤੇ ਅਜਬ ਦਬਾਉ ਪੈ ਰਿਹਾ ਹੈ)।
ਸੁਤਿ ਮੁਕਲਾਈ ਅਪਨੀ ਮਾਉ ॥੧॥ ਰਹਾਉ ॥
(ਮਨ-ਰੂਪ) ਪੁੱਤਰ ਨੇ ਆਪਣੀ ਮਾਂ (-ਮਾਇਆ) ਨੂੰ ਵਿਆਹ ਲਿਆ ਹੈ ॥੧॥ ਰਹਾਉ ॥
ਪਗਾ ਬਿਨੁ ਹੁਰੀਆ ਮਾਰਤਾ ॥
(ਇਸ ਮਨ ਦੇ) ਕੋਈ ਪੈਰ ਨਹੀਂ ਹਨ, ਪਰ ਛਾਲਾਂ ਮਾਰਦਾ ਫਿਰਦਾ ਹੈ;
ਬਦਨੈ ਬਿਨੁ ਖਿਰ ਖਿਰ ਹਾਸਤਾ ॥
(ਇਸ ਦਾ) ਮੂੰਹ ਨਹੀਂ, ਪਰ ਖਿੜ ਖਿੜ ਹੱਸਦਾ ਫਿਰਦਾ ਹੈ।
ਨਿਦ੍ਰਾ ਬਿਨੁ ਨਰੁ ਪੈ ਸੋਵੈ ॥
(ਜੀਵ ਦਾ ਅਸਲਾ ਤਾਂ ਐਸਾ ਹੈ ਕਿ ਇਸ ਨੂੰ ਮਾਇਆ ਦੀ) ਨੀਂਦ ਨਹੀਂ ਵਿਆਪ ਸਕਦੀ ਸੀ, ਪਰ (‘ਕਲਿ ਕੋ ਭਾਉ’ ਵੇਖੋ) ਜੀਵ ਲੰਮੀ ਤਾਣ ਕੇ ਸੁੱਤਾ ਪਿਆ ਹੈ;
ਬਿਨੁ ਬਾਸਨ ਖੀਰੁ ਬਿਲੋਵੈ ॥੨॥
ਤੇ ਭਾਂਡੇ ਤੋਂ ਬਿਨਾ ਦੁੱਧ ਰਿੜਕ ਰਿਹਾ ਹੈ (ਭਾਵ, ਸ਼ੇਖ਼ ਚਿੱਲੀ ਵਾਂਗ ਘਾੜਤਾਂ ਘੜਦਾ ਰਹਿੰਦਾ ਹੈ) ॥੨॥
ਬਿਨੁ ਅਸਥਨ ਗਊ ਲਵੇਰੀ ॥
(ਇਸ ਮਾਇਆ-ਰੂਪ) ਗਾਂ ਪਾਸੋਂ ਸੁਖ ਤਾਂ ਨਹੀਂ ਮਿਲ ਸਕਦੇ, ਪਰ ਇਹ (ਮਨ ਨੂੰ) ਝੂਠੇ ਪਦਾਰਥਾਂ-ਰੂਪ ਦੁੱਧ ਵਿਚ ਮੋਹ ਰਹੀ ਹੈ।
ਪੈਡੇ ਬਿਨੁ ਬਾਟ ਘਨੇਰੀ ॥
(ਆਪਣੇ ਅਸਲੇ ਅਨੁਸਾਰ ਤਾਂ ਇਸ ਜੀਵ ਨੂੰ ਕੋਈ ਭਟਕਣਾ ਨਹੀਂ ਸੀ ਚਾਹੀਦੀ, ਪਰ ‘ਕਲਿ ਕੋ ਭਾਉ’ ਵੇਖੋ) ਲੰਮੇ ਪੈਂਡੇ (ਚੌਰਾਸੀ ਦੇ ਗੇੜ ਵਿਚ) ਪਿਆ ਹੋਇਆ ਹੈ।
ਬਿਨੁ ਸਤਿਗੁਰ ਬਾਟ ਨ ਪਾਈ ॥
ਸਤਿਗੁਰੂ ਤੋ ਬਿਨਾ ਜੀਵਨ-ਸਫ਼ਰ ਦਾ ਸਹੀ ਰਸਤਾ ਨਹੀਂ ਲੱਭ ਸਕਦਾ।
ਕਹੁ ਕਬੀਰ ਸਮਝਾਈ ॥੩॥੩॥
ਕਬੀਰ (ਇਸ ਜਗਤ ਨੂੰ) ਸਮਝਾ ਕੇ (ਇਹ) ਦੱਸ ਰਿਹਾ ਹੈ ॥੩॥੩॥
ਪ੍ਰਹਲਾਦ ਪਠਾਏ ਪੜਨ ਸਾਲ ॥
ਪ੍ਰਹਿਲਾਦ ਨੂੰ (ਉਸ ਦੇ ਪਿਉ ਹਰਨਾਖਸ਼ ਨੇ) ਪਾਠਸ਼ਾਲਾ ਵਿਚ ਪੜ੍ਹਨ ਘੱਲਿਆ,
ਸੰਗਿ ਸਖਾ ਬਹੁ ਲੀਏ ਬਾਲ ॥
(ਪ੍ਰਹਿਲਾਦ ਨੇ ਆਪਣੇ) ਨਾਲ ਕਈ ਬਾਲਕ ਸਾਥੀ ਲੈ ਲਏ।
ਮੋ ਕਉ ਕਹਾ ਪੜੑਾਵਸਿ ਆਲ ਜਾਲ ॥
(ਜਦੋਂ ਪਾਂਧਾ ਕੁਝ ਹੋਰ ਉਲਟ-ਪੁਲਟ ਪੜ੍ਹਾਣ ਲੱਗਾ, ਤਾਂ ਪ੍ਰਹਿਲਾਦ ਨੇ ਆਖਿਆ, ਹੇ ਬਾਬਾ!) ਮੈਨੂੰ ਊਲ-ਜਲੂਲ ਕਿਉਂ ਪੜ੍ਹਾਉਂਦਾ ਹੈਂ?
ਮੇਰੀ ਪਟੀਆ ਲਿਖਿ ਦੇਹੁ ਸ੍ਰੀ ਗੁੋਪਾਲ ॥੧॥
ਮੇਰੀ ਇਸ ਨਿੱਕੀ ਜਿਹੀ ਪੱਟੀ ਉੱਤੇ ‘ਸ੍ਰੀ ਗੋਪਾਲ, ਸ੍ਰੀ ਗੋਪਾਲ’ ਲਿਖ ਦੇਹ ॥੧॥
ਨਹੀ ਛੋਡਉ ਰੇ ਬਾਬਾ ਰਾਮ ਨਾਮ ॥
ਹੇ ਬਾਬਾ! ਮੈਂ ਪਰਮਾਤਮਾ ਦਾ ਨਾਮ ਸਿਮਰਨਾ ਨਹੀਂ ਛੱਡਾਂਗਾ।
ਮੇਰੋ ਅਉਰ ਪੜੑਨ ਸਿਉ ਨਹੀ ਕਾਮੁ ॥੧॥ ਰਹਾਉ ॥
ਨਾਮ ਤੋਂ ਬਿਨਾ ਕੋਈ ਹੋਰ ਗੱਲ ਪੜ੍ਹਨ ਨਾਲ ਮੇਰਾ ਕੋਈ ਵਾਸਤਾ ਨਹੀਂ ਹੈ ॥੧॥ ਰਹਾਉ ॥
ਸੰਡੈ ਮਰਕੈ ਕਹਿਓ ਜਾਇ ॥
(ਪ੍ਰਹਿਲਾਦ ਦੇ ਅਧਿਆਪਕ) ਸੰਡੇ ਮਰਕੇ (ਅਮਰਕ) ਨੇ ਜਾ ਕੇ (ਹਰਨਾਖਸ਼ ਨੂੰ ਇਹ ਗੱਲ) ਕਹਿ ਦਿੱਤੀ।
ਪ੍ਰਹਲਾਦ ਬੁਲਾਏ ਬੇਗਿ ਧਾਇ ॥
ਉਸ ਨੇ ਛੇਤੀ ਨਾਲ ਪ੍ਰਹਿਲਾਦ ਨੂੰ ਸੱਦ ਘੱਲਿਆ।
ਤੂ ਰਾਮ ਕਹਨ ਕੀ ਛੋਡੁ ਬਾਨਿ ॥
(ਪਾਂਧੇ ਨੇ ਪ੍ਰਹਿਲਾਦ ਨੂੰ ਸਮਝਾਇਆ) ਤੂੰ ਪਰਮਾਤਮਾ ਦਾ ਨਾਮ ਸਿਮਰਨ ਦੀ ਆਦਤ ਛੱਡ ਦੇਹ,
ਤੁਝੁ ਤੁਰਤੁ ਛਡਾਊ ਮੇਰੋ ਕਹਿਓ ਮਾਨਿ ॥੨॥
ਮੇਰਾ ਆਖਿਆ ਮੰਨ ਲੈ, ਮੈਂ ਤੈਨੂੰ ਤੁਰਤ ਛਡਾ ਲਵਾਂਗਾ ॥੨॥
ਮੋ ਕਉ ਕਹਾ ਸਤਾਵਹੁ ਬਾਰ ਬਾਰ ॥
(ਪ੍ਰਹਿਲਾਦ ਨੇ ਉੱਤਰ ਦਿੱਤਾ, ਇਹ ਗੱਲ ਆਖ ਕੇ) ਮੈਨੂੰ ਮੁੜ ਮੁੜ ਕਿਉਂ ਦਿੱਕ ਕਰਦੇ ਹੋ?
ਪ੍ਰਭਿ ਜਲ ਥਲ ਗਿਰਿ ਕੀਏ ਪਹਾਰ ॥
ਜਿਸ ਪ੍ਰਭੂ ਨੇ ਪਾਣੀ, ਧਰਤੀ, ਪਹਾੜ ਆਦਿਕ ਸਾਰੀ ਸ੍ਰਿਸ਼ਟੀ ਬਣਾਈ ਹੈ, ਮੈਂ ਉਸ ਰਾਮ ਨੂੰ ਸਿਮਰਨਾ ਨਹੀਂ ਛੱਡਾਂਗਾ।
ਇਕੁ ਰਾਮੁ ਨ ਛੋਡਉ ਗੁਰਹਿ ਗਾਰਿ ॥
(ਉਸ ਨੂੰ ਛੱਡਿਆਂ) ਮੇਰੇ ਗੁਰੂ ਨੂੰ ਗਾਲ੍ਹ ਲੱਗਦੀ ਹੈ (ਭਾਵ, ਮੇਰੇ ਗੁਰੂ ਦੀ ਬਦਨਾਮੀ ਹੁੰਦੀ ਹੈ)।
ਮੋ ਕਉ ਘਾਲਿ ਜਾਰਿ ਭਾਵੈ ਮਾਰਿ ਡਾਰਿ ॥੩॥
ਮੈਨੂੰ ਚਾਹੇ ਸਾੜ ਭੀ ਦੇਹ, ਚਾਹੇ ਮਾਰ ਦੇਹ (ਪਰ ਨਾਮ ਨਹੀਂ ਛੱਡਾਂਗਾ) ॥੩॥
ਕਾਢਿ ਖੜਗੁ ਕੋਪਿਓ ਰਿਸਾਇ ॥
(ਹਰਨਾਖਸ਼) ਖਿੱਝ ਕੇ ਕ੍ਰੋਧ ਵਿਚ ਆਇਆ, ਤਲਵਾਰ (ਮਿਆਨੋਂ) ਕੱਢ ਕੇ (ਆਖਣ ਲੱਗਾ-)
ਤੁਝ ਰਾਖਨਹਾਰੋ ਮੋਹਿ ਬਤਾਇ ॥
ਮੈਨੂੰ ਉਹ ਦੱਸ ਜੋ ਤੈਨੂੰ ਬਚਾਉਣ ਵਾਲਾ ਹੈ।
ਪ੍ਰਭ ਥੰਭ ਤੇ ਨਿਕਸੇ ਕੈ ਬਿਸਥਾਰ ॥
ਪ੍ਰਭੂ ਭਿਆਨਕ ਰੂਪ ਧਾਰ ਕੇ ਥੰਮ੍ਹ ਵਿਚੋਂ ਨਿਕਲ ਆਇਆ,
ਹਰਨਾਖਸੁ ਛੇਦਿਓ ਨਖ ਬਿਦਾਰ ॥੪॥
ਤੇ ਉਸ ਨੇ ਆਪਣੇ ਨਹੁੰਆਂ ਨਾਲ ਚੀਰ ਕੇ ਹਰਨਾਖਸ਼ ਨੂੰ ਮਾਰ ਦਿੱਤਾ ॥੪॥
ਓਇ ਪਰਮ ਪੁਰਖ ਦੇਵਾਧਿ ਦੇਵ ॥
ਪ੍ਰਭੂ ਜੀ ਪਰਮ-ਪੁਰਖ ਹਨ, ਦੇਵਤਿਆਂ ਦੇ ਭੀ ਵੱਡੇ ਦੇਵਤੇ ਹਨ।
ਭਗਤਿ ਹੇਤਿ ਨਰਸਿੰਘ ਭੇਵ ॥
(ਪ੍ਰਹਿਲਾਦ ਦੀ) ਭਗਤੀ ਨਾਲ ਪਿਆਰ ਕਰ ਕੇ ਪ੍ਰਭੂ ਨੇ ਨਰਸਿੰਘ ਰੂਪ ਧਾਰਿਆ,
ਕਹਿ ਕਬੀਰ ਕੋ ਲਖੈ ਨ ਪਾਰ ॥
ਕਬੀਰ ਆਖਦਾ ਹੈ ਕਿ ਕੋਈ ਜੀਵ ਉਸ ਪ੍ਰਭੂ ਦੀ ਤਾਕਤ ਦਾ ਅੰਤ ਨਹੀਂ ਪਾ ਸਕਦਾ,
ਪ੍ਰਹਲਾਦ ਉਧਾਰੇ ਅਨਿਕ ਬਾਰ ॥੫॥੪॥
(ਜਿਸ ਨੇ) ਪ੍ਰਹਿਲਾਦ ਨੂੰ ਅਨੇਕਾਂ ਕਸ਼ਟਾਂ ਤੋਂ ਬਚਾਇਆ ॥੫॥੪॥
ਇਸੁ ਤਨ ਮਨ ਮਧੇ ਮਦਨ ਚੋਰ ॥
(ਮੇਰੀ ‘ਚੰਚਲ ਬੱਧ’ ਦੇ ਕਾਰਨ, ਹੁਣ) ਮੇਰੇ ਇਸ ਤਨ ਮਨ ਵਿਚ ਕਾਮਦੇਵ ਚੋਰ ਆ ਵੱਸਿਆ ਹੈ,
ਜਿਨਿ ਗਿਆਨ ਰਤਨੁ ਹਿਰਿ ਲੀਨ ਮੋਰ ॥
ਜਿਸ ਨੇ ਗਿਆਨ-ਰੂਪ ਮੇਰਾ ਰਤਨ (ਮੇਰੇ ਅੰਦਰੋਂ) ਚੁਰਾ ਲਿਆ ਹੈ (ਭਾਵ, ਜਿਸ ਨੇ ਮੇਰੀ ਸਮਝ ਵਿਗਾੜ ਦਿੱਤੀ ਹੈ)।
ਮੈ ਅਨਾਥੁ ਪ੍ਰਭ ਕਹਉ ਕਾਹਿ ॥
ਹੇ ਪ੍ਰਭੂ! ਮੈਂ (ਬੜਾ) ਆਜਜ਼ ਹੋ ਗਿਆ ਹਾਂ, (ਆਪਣਾ ਦੁੱਖ ਤੈਥੋਂ ਬਿਨਾ ਹੋਰ) ਕਿਸ ਨੂੰ ਦੱਸਾਂ?
ਕੋ ਕੋ ਨ ਬਿਗੂਤੋ ਮੈ ਕੋ ਆਹਿ ॥੧॥
(ਇਸ ਕਾਮ ਦੇ ਹੱਥੋਂ) ਕੌਣ ਕੌਣ ਖ਼ੁਆਰ ਨਹੀਂ ਹੋਇਆ? ਮੇਰੀ (ਗ਼ਰੀਬ) ਦੀ ਕੀਹ ਪਾਂਇਆਂ ਹੈ? ॥੧॥
ਮਾਧਉ ਦਾਰੁਨ ਦੁਖੁ ਸਹਿਓ ਨ ਜਾਇ ॥
ਹੇ ਮੇਰੇ ਮਾਧੋ! ਆਪਣੀ ਚੰਚਲ ਮੱਤ ਅੱਗੇ ਮੇਰੀ ਕੋਈ ਪੇਸ਼ ਨਹੀਂ ਜਾਂਦੀ।
ਮੇਰੋ ਚਪਲ ਬੁਧਿ ਸਿਉ ਕਹਾ ਬਸਾਇ ॥੧॥ ਰਹਾਉ ॥
ਇਹ ਡਾਢਾ ਭਿਆਨਕ ਦੁੱਖ (ਹੁਣ) ਮੈਥੋਂ ਸਹਾਰਿਆ ਨਹੀਂ ਜਾਂਦਾ ॥੧॥ ਰਹਾਉ ॥
ਸਨਕ ਸਨੰਦਨ ਸਿਵ ਸੁਕਾਦਿ ॥
ਸਨਕ, ਸਨੰਦਨ, ਸ਼ਿਵ, ਸੁਕਦੇਵ ਵਰਗੇ (ਵੱਡੇ-ਵੱਡੇ ਰਿਸ਼ੀ ਤਪੀ)
ਨਾਭਿ ਕਮਲ ਜਾਨੇ ਬ੍ਰਹਮਾਦਿ ॥
ਕਮਲ ਦੀ ਨਾਭੀ ਤੋਂ ਜਣੇ ਹੋਏ ਬ੍ਰਹਮਾ ਆਦਿਕ,
ਕਬਿ ਜਨ ਜੋਗੀ ਜਟਾਧਾਰਿ ॥
ਕਵੀ ਲੋਕ, ਜੋਗੀ ਤੇ ਜਟਾਧਾਰੀ ਸਾਧੂ-
ਸਭ ਆਪਨ ਅਉਸਰ ਚਲੇ ਸਾਰਿ ॥੨॥
ਇਹ ਸਭ (ਕਾਮ ਤੋਂ ਡਰਦੇ ਡਰਦੇ) ਆਪੋ ਆਪਣੇ ਵੇਲੇ ਦਿਨ-ਕੱਟੀ ਕਰ ਕੇ ਚਲੇ ਗਏ ॥੨॥
ਤੂ ਅਥਾਹੁ ਮੋਹਿ ਥਾਹ ਨਾਹਿ ॥
(ਹੇ ਭਾਈ! ਕਾਮ ਆਦਿਕ ਤੋਂ ਬਚਣ ਲਈ ਇੱਕੋ ਪ੍ਰਭੂ ਹੀ ਆਸਰਾ ਹੈ, ਉਸ ਅੱਗੇ ਇਉਂ ਅਰਜ਼ੋਈ ਕਰ-) ਹੇ ਸੁਖਾਂ ਦੇ ਸਾਗਰ ਪ੍ਰਭੂ! ਤੂੰ ਬੜੇ ਡੂੰਘੇ ਜਿਗਰੇ ਵਾਲਾ ਹੈਂ, ਮੈਂ (ਤੇਰੇ ਗੰਭੀਰ ਸਮੁੰਦਰ ਵਰਗੇ ਦਿਲ ਦੀ) ਹਾਥ ਨਹੀਂ ਪਾ ਸਕਦਾ।
ਪ੍ਰਭ ਦੀਨਾ ਨਾਥ ਦੁਖੁ ਕਹਉ ਕਾਹਿ ॥
ਹੇ ਦੀਨਾਨਾਥ ਪ੍ਰਭੂ! ਮੈਂ ਹੋਰ ਕਿਸ ਅੱਗੇ ਅਰਜ਼ੋਈ ਕਰਾਂ?
ਮੋਰੋ ਜਨਮ ਮਰਨ ਦੁਖੁ ਆਥਿ ਧੀਰ ॥
ਮਾਇਆ ਤੋਂ ਪੈਦਾ ਹੋਇਆ ਇਹ ਮੇਰਾ ਸਾਰੀ ਉਮਰ ਦਾ ਦੁੱਖ ਦੂਰ ਕਰ,
ਸੁਖ ਸਾਗਰ ਗੁਨ ਰਉ ਕਬੀਰ ॥੩॥੫॥
ਤਾਂ ਜੁ ਮੈਂ ਕਬੀਰ ਤੇਰੇ ਗੁਣ ਚੇਤੇ ਕਰ ਸਕਾਂ ॥੩॥੫॥
ਨਾਇਕੁ ਏਕੁ ਬਨਜਾਰੇ ਪਾਚ ॥
ਜੀਵ (ਮਾਨੋ) ਇਕ ਸ਼ਾਹ ਹੈ, ਪੰਜ ਗਿਆਨ-ਇੰਦਰੇ (ਇਸ ਸ਼ਾਹ ਦੇ ਨਾਲ) ਵਣਜਾਰੇ ਹਨ।
ਬਰਧ ਪਚੀਸਕ ਸੰਗੁ ਕਾਚ ॥
ਪੰਝੀ ਪ੍ਰਕ੍ਰਿਤੀਆਂ (ਕਾਫ਼ਲੇ ਦੇ) ਬਲਦ ਹਨ। ਪਰ ਇਹ ਸਾਰਾ ਸਾਥ ਕੱਚਾ ਹੀ ਹੈ।
ਨਉ ਬਹੀਆਂ ਦਸ ਗੋਨਿ ਆਹਿ ॥
ਨੌ ਗੋਲਕਾਂ (ਮਾਨੋ) ਚੁਆੜੀਆਂ ਹਨ, ਦਸ ਇੰਦਰੇ ਛੱਟਾਂ ਹਨ,
ਕਸਨਿ ਬਹਤਰਿ ਲਾਗੀ ਤਾਹਿ ॥੧॥
ਬਹੱਤਰ ਨਾੜੀਆਂ (ਛੱਟਾਂ ਸੀਉਣ ਲਈ) ਸੇਬੇ ਹਨ ਜੋ ਇਹਨਾਂ (ਇੰਦਰੇ-ਰੂਪ ਛੱਟਾਂ) ਨੂੰ ਲੱਗੀਆਂ ਹੋਈਆਂ ਹਨ ॥੧॥
ਮੋਹਿ ਐਸੇ ਬਨਜ ਸਿਉ ਨਹੀਨ ਕਾਜੁ ॥
ਮੈਨੂੰ ਅਜਿਹਾ ਵਣਜ ਕਰਨ ਦੀ ਲੋੜ ਨਹੀਂ,
ਜਿਹ ਘਟੈ ਮੂਲੁ ਨਿਤ ਬਢੈ ਬਿਆਜੁ ॥ ਰਹਾਉ ॥
ਜਿਸ ਵਣਜ ਦੇ ਕੀਤਿਆਂ ਮੂਲ ਘਟਦਾ ਜਾਏ ਤੇ ਵਿਆਜ ਵਧਦਾ ਜਾਏ (ਭਾਵ, ਜਿਉਂ ਜਿਉਂ ਉਮਰ ਗੁਜ਼ਰੇ ਤਿਉਂ ਤਿਉਂ ਵਿਕਾਰਾਂ ਦਾ ਭਾਰ ਵਧੀ ਜਾਏ) ॥ ਰਹਾਉ॥
ਸਾਤ ਸੂਤ ਮਿਲਿ ਬਨਜੁ ਕੀਨ ॥
(ਇਹ ਗਿਆਨ-ਇੰਦਰੇ) ਮਿਲ ਕੇ ਕਈ ਕਿਸਮਾਂ ਦੇ ਸੂਤਰ (ਭਾਵ, ਵਿਕਾਰਾਂ) ਦਾ ਵਣਜ ਕਰ ਰਹੇ ਹਨ,
ਕਰਮ ਭਾਵਨੀ ਸੰਗ ਲੀਨ ॥
ਕੀਤੇ ਕਰਮਾਂ ਦੇ ਸੰਸਕਾਰਾਂ ਨੂੰ ਇਹਨਾਂ (ਆਪਣੀ ਸਹਾਇਤਾ ਵਾਸਤੇ) ਨਾਲ ਲੈ ਲਿਆ ਹੈ (ਭਾਵ, ਇਹ ਪਿਛਲੇ ਸੰਸਕਾਰ ਹੋਰ ਵਿਕਾਰਾਂ ਵਲ ਪ੍ਰੇਰਦੇ ਜਾ ਰਹੇ ਹਨ)।
ਤੀਨਿ ਜਗਾਤੀ ਕਰਤ ਰਾਰਿ ॥
ਤਿੰਨ ਗੁਣ (-ਰੂਪ) ਮਸੂਲੀਏ (ਹੋਰ) ਝਗੜਾ ਵਧਾਉਂਦੇ ਹਨ,
ਚਲੋ ਬਨਜਾਰਾ ਹਾਥ ਝਾਰਿ ॥੨॥
(ਨਤੀਜਾ ਇਹ ਨਿਕਲਦਾ ਹੈ ਕਿ) ਵਣਜਾਰਾ (ਜੀਵ) ਖ਼ਾਲੀ-ਹੱਥ ਤੁਰ ਪੈਂਦਾ ਹੈ ॥੨॥
ਪੂੰਜੀ ਹਿਰਾਨੀ ਬਨਜੁ ਟੂਟ ॥
ਜਦੋਂ (ਸੁਆਸਾਂ ਦੀ) ਰਾਸ ਖੁੱਸ ਜਾਂਦੀ ਹੈ, ਤਦੋਂ ਵਣਜ ਮੁੱਕ ਜਾਂਦਾ ਹੈ,
ਦਹ ਦਿਸ ਟਾਂਡੋ ਗਇਓ ਫੂਟਿ ॥
ਤੇ ਕਾਫ਼ਲਾ (ਸਰੀਰ) ਦਸੀਂ ਪਾਸੀਂ ਖਿੱਲਰ ਜਾਂਦਾ ਹੈ।
ਕਹਿ ਕਬੀਰ ਮਨ ਸਰਸੀ ਕਾਜ ॥
ਕਬੀਰ ਆਖਦਾ ਹੈ ਕਿ ਹੇ ਮਨ! ਤੇਰਾ ਕੰਮ ਤਾਂ ਹੀ ਸੰਵਰੇਗਾ,
ਸਹਜ ਸਮਾਨੋ ਤ ਭਰਮ ਭਾਜ ॥੩॥੬॥
ਜੇ ਤੂੰ ਸਹਿਜ ਅਵਸਥਾ ਵਿਚ ਲੀਨ ਹੋ ਜਾਏਂ ਅਤੇ ਤੇਰੀ ਭਟਕਣਾ ਮੁੱਕ ਜਾਏ ॥੩॥੬॥
ਬਸੰਤੁ ਹਿੰਡੋਲੁ ਘਰੁ ੨ ॥
ਰਾਗ ਬਸੰਤ/ਹਿੰਡੋਲ, ਘਰ ੨ ਵਿੱਚ ਬਾਣੀ।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਮਾਤਾ ਜੂਠੀ ਪਿਤਾ ਭੀ ਜੂਠਾ ਜੂਠੇ ਹੀ ਫਲ ਲਾਗੇ ॥
ਮਾਂ ਅਪਵਿੱਤਰ, ਪਿਉ ਅਪਵਿੱਤਰ, ਇਹਨਾਂ ਤੋਂ ਜੰਮੇ ਹੋਏ ਬਾਲ-ਬੱਚੇ ਭੀ ਅਪਵਿੱਤਰ;
ਆਵਹਿ ਜੂਠੇ ਜਾਹਿ ਭੀ ਜੂਠੇ ਜੂਠੇ ਮਰਹਿ ਅਭਾਗੇ ॥੧॥
(ਜਗਤ ਵਿਚ ਜੋ ਭੀ) ਜੰਮਦੇ ਹਨ ਉਹ ਅਪਵਿੱਤਰ, ਜੋ ਮਰਦੇ ਹਨ ਉਹ ਭੀ ਅਪਵਿੱਤਰ; ਬਦ-ਨਸੀਬ ਜੀਵ ਅਪਵਿੱਤਰ ਹੀ ਮਰ ਜਾਂਦੇ ਹਨ ॥੧॥
ਕਹੁ ਪੰਡਿਤ ਸੂਚਾ ਕਵਨੁ ਠਾਉ ॥
ਹੇ ਪੰਡਿਤ! ਦੱਸ, ਉਹ ਕਿਹੜਾ ਥਾਂ ਹੈ ਜੋ ਸੁੱਚਾ ਹੈ,
ਜਹਾਂ ਬੈਸਿ ਹਉ ਭੋਜਨੁ ਖਾਉ ॥੧॥ ਰਹਾਉ ॥
ਜਿੱਥੇ ਬੈਠ ਕੇ ਮੈਂ ਰੋਟੀ ਖਾ ਸਕਾਂ (ਤਾਂ ਜੁ ਪੂਰੀ ਸੁੱਚ ਰਹਿ ਸਕੇ)? ॥੧॥ ਰਹਾਉ ॥
ਜਿਹਬਾ ਜੂਠੀ ਬੋਲਤ ਜੂਠਾ ਕਰਨ ਨੇਤ੍ਰ ਸਭਿ ਜੂਠੇ ॥
(ਮਨੁੱਖ ਦੀ) ਜੀਭ ਮੈਲੀ, ਬਚਨ ਭੀ ਮਾੜੇ, ਕੰਨ ਅੱਖਾਂ ਆਦਿਕ ਸਾਰੇ ਹੀ ਅਪਵਿੱਤਰ,
ਇੰਦ੍ਰੀ ਕੀ ਜੂਠਿ ਉਤਰਸਿ ਨਾਹੀ ਬ੍ਰਹਮ ਅਗਨਿ ਕੇ ਲੂਠੇ ॥੨॥
(ਇਹਨਾਂ ਤੋਂ ਵਧੀਕ) ਕਾਮ-ਚੇਸ਼ਟਾ (ਐਸੀ ਹੈ ਜਿਸ) ਦੀ ਮੈਲ ਲਹਿੰਦੀ ਹੀ ਨਹੀਂ। ਹੇ ਬ੍ਰਾਹਮਣ-ਪੁਣੇ ਦੇ ਮਾਣ ਦੀ ਅੱਗ ਦੇ ਸੜੇ ਹੋਏ! (ਦੱਸ, ਸੁੱਚੀ ਕਿਹੜੀ ਸ਼ੈ ਹੋਈ?) ॥੨॥
ਅਗਨਿ ਭੀ ਜੂਠੀ ਪਾਨੀ ਜੂਠਾ ਜੂਠੀ ਬੈਸਿ ਪਕਾਇਆ ॥
ਅੱਗ ਜੂਠੀ, ਪਾਣੀ ਜੂਠਾ, ਪਕਾਣ ਵਾਲੀ ਭੀ ਜੂਠੀ,
ਜੂਠੀ ਕਰਛੀ ਪਰੋਸਨ ਲਾਗਾ ਜੂਠੇ ਹੀ ਬੈਠਿ ਖਾਇਆ ॥੩॥
ਕੜਛੀ ਜੂਠੀ ਜਿਸ ਨਾਲ (ਭਾਜੀ ਆਦਿਕ) ਵਰਤਾਉਂਦਾ ਹੈ, ਉਹ ਪ੍ਰਾਣੀ ਭੀ ਜੂਠਾ ਜਿਹੜਾ ਬਹਿ ਕੇ ਖਾਂਦਾ ਹੈ ॥੩॥
ਗੋਬਰੁ ਜੂਠਾ ਚਉਕਾ ਜੂਠਾ ਜੂਠੀ ਦੀਨੀ ਕਾਰਾ ॥
ਗੋਹਾ ਜੂਠਾ, ਚੌਕਾ ਜੂਠਾ, ਜੂਠੀਆਂ ਹੀ ਉਸ ਚੌਕੇ ਦੇ ਦੁਆਲੇ ਪਾਈਆਂ ਲਕੀਰਾਂ;
ਕਹਿ ਕਬੀਰ ਤੇਈ ਨਰ ਸੂਚੇ ਸਾਚੀ ਪਰੀ ਬਿਚਾਰਾ ॥੪॥੧॥੭॥
ਕਬੀਰ ਆਖਦਾ ਹੈ ਕਿ ਸਿਰਫ਼ ਉਹੀ ਮਨੁੱਖ ਸੁੱਚੇ ਹਨ ਜਿਨ੍ਹਾਂ ਨੂੰ ਪਰਮਾਤਮਾ ਦੀ ਸੂਝ ਆ ਗਈ ਹੈ ॥੪॥੧॥੭॥
ਬਸੰਤੁ ਕਬੀਰ ਜੀਉ ॥
ਰਾਗ ਬਸੰਤੁ ਵਿੱਚ ਭਗਤ ਕਬੀਰ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸੁਰਹ ਕੀ ਜੈਸੀ ਤੇਰੀ ਚਾਲ ॥
(ਹੇ ਕੁੱਤੇ!) ਗਾਂ ਵਰਗੀ ਤੇਰੀ ਤੋਰ ਹੈ,
ਤੇਰੀ ਪੂੰਛਟ ਊਪਰਿ ਝਮਕ ਬਾਲ ॥੧॥
ਤੇਰੀ ਪੂਛਲ ਉੱਤੇ ਵਾਲ ਭੀ ਸੁਹਣੇ ਚਮਕਦੇ ਹਨ (ਹੇ ਕੁੱਤਾ-ਸੁਭਾਉ ਜੀਵ! ਸ਼ਰੀਫ਼ਾਂ ਵਰਗੀ ਤੇਰੀ ਸ਼ਕਲ ਤੇ ਪਹਿਰਾਵਾ ਹੈ) ॥੧॥
ਇਸ ਘਰ ਮਹਿ ਹੈ ਸੁ ਤੂ ਢੂੰਢਿ ਖਾਹਿ ॥
(ਹੇ ਕੁੱਤੇ ਦੇ ਸੁਭਾਉ ਵਾਲੇ ਜੀਵ!) ਜੋ ਕੁਝ ਆਪਣੀ ਹੱਕ ਦੀ ਕਮਾਈ ਹੈ, ਉਸੇ ਨੂੰ ਨਿਸੰਗ ਹੋ ਕੇ ਵਰਤ।
ਅਉਰ ਕਿਸ ਹੀ ਕੇ ਤੂ ਮਤਿ ਹੀ ਜਾਹਿ ॥੧॥ ਰਹਾਉ ॥
ਕਿਸੇ ਬਿਗਾਨੇ ਮਾਲ ਦੀ ਲਾਲਸਾ ਨਾਹ ਕਰਨੀ। {ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ ॥ ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ ॥} ॥੧॥ ਰਹਾਉ ॥
ਚਾਕੀ ਚਾਟਹਿ ਚੂਨੁ ਖਾਹਿ ॥
(ਹੇ ਕੁੱਤੇ!) ਤੂੰ ਚੱਕੀ ਚੱਟਦਾ ਹੈਂ, ਤੇ ਆਟਾ ਖਾਂਦਾ ਹੈਂ,
ਚਾਕੀ ਕਾ ਚੀਥਰਾ ਕਹਾਂ ਲੈ ਜਾਹਿ ॥੨॥
ਪਰ (ਜਾਂਦਾ ਹੋਇਆ) ਪਰੋਲਾ ਕਿੱਥੇ ਲੈ ਜਾਇਂਗਾ? (ਹੇ ਜੀਵ! ਜਿਹੜੀ ਮਾਇਆ ਰੋਜ਼ ਵਰਤਦਾ ਹੈਂ ਇਹ ਤਾਂ ਭਲਾ ਵਰਤੀ; ਪਰ ਜੋੜ ਜੋੜ ਕੇ ਆਖ਼ਰ ਨਾਲ ਕੀਹ ਲੈ ਜਾਇਂਗਾ?) ॥੨॥
ਛੀਕੇ ਪਰ ਤੇਰੀ ਬਹੁਤੁ ਡੀਠਿ ॥
(ਹੇ ਸੁਆਨ!) ਤੂੰ ਛਿੱਕੇ ਵਲ ਬੜਾ ਤੱਕ ਰਿਹਾ ਹੈਂ,
ਮਤੁ ਲਕਰੀ ਸੋਟਾ ਤੇਰੀ ਪਰੈ ਪੀਠਿ ॥੩॥
ਵੇਖੀਂ, ਕਿਤੇ ਲੱਕ ਉੱਤੇ ਕਿਤੋਂ ਸੋਟਾ ਨਾਹ ਵੱਜੇ। (ਜੇ ਜੀਵ! ਬਿਗਾਨੇ ਘਰਾਂ ਵਲ ਤੱਕਦਾ ਹੈਂ; ਇਸ ਵਿਚੋਂ ਉਪਾਧੀ ਹੀ ਨਿਕਲੇਗੀ) ॥੩॥
ਕਹਿ ਕਬੀਰ ਭੋਗ ਭਲੇ ਕੀਨ ॥
ਕਬੀਰ ਆਖਦਾ ਹੈ ਕਿ (ਹੇ ਸੁਆਨ!) ਤੂੰ ਬਥੇਰਾ ਕੁਝ ਖਾਧਾ ਉਜਾੜਿਆ ਹੈ,
ਮਤਿ ਕੋਊ ਮਾਰੈ ਈਂਟ ਢੇਮ ॥੪॥੧॥
ਪਰ ਧਿਆਨ ਰੱਖੀਂ ਕਿਤੇ ਕੋਈ ਇੱਟ ਢੇਮ ਤੇਰੇ ਸਿਰ ਉੱਤੇ ਨਾਹ ਮਾਰ ਦੇਵੇ। (ਹੇ ਜੀਵ! ਤੂੰ ਜੁ ਇਹ ਭੋਗ ਭੋਗਣ ਵਿਚ ਹੀ ਰੁੱਝਾ ਪਿਆ ਹੈਂ, ਇਹਨਾਂ ਦਾ ਅੰਤ ਖ਼ੁਆਰੀ ਹੀ ਹੁੰਦਾ ਹੈ) ॥੪॥੧॥
ਰਾਗੁ ਸਾਰੰਗ ਬਾਣੀ ਭਗਤਾਂ ਕੀ ॥ ਕਬੀਰ ਜੀ ॥
ਰਾਗ ਸਾਰੰਗ ਵਿੱਚ ਭਗਤਾਂ ਦੀ ਬਾਣੀ। ਭਗਤ ਕਬੀਰ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਕਹਾ ਨਰ ਗਰਬਸਿ ਥੋਰੀ ਬਾਤ ॥
ਹੇ ਬੰਦੇ! ਥੋੜ੍ਹੀ ਜਿਹੀ ਗੱਲ ਪਿੱਛੇ (ਭਾਵ, ਇਸ ਚੰਦ-ਰੋਜ਼ਾ ਜ਼ਿੰਦਗੀ ਪਿੱਛੇ) ਕਿਉਂ ਮਾਣ ਕਰ ਰਿਹਾ ਹੈਂ?
ਮਨ ਦਸ ਨਾਜੁ ਟਕਾ ਚਾਰਿ ਗਾਂਠੀ ਐਂਡੌ ਟੇਢੌ ਜਾਤੁ ॥੧॥ ਰਹਾਉ ॥
ਦਸ ਮਣ ਦਾਣੇ ਜਾਂ ਚਾਰ ਟਕੇ ਜੇ ਪੱਲੇ ਹੋ ਗਏ (ਤਾਂ ਕੀਹ ਹੋਇਆ? ਕਿਉਂ) ਇਤਨਾ ਆਕੜ ਕੇ ਤੁਰਦਾ ਹੈਂ? ॥੧॥ ਰਹਾਉ ॥
ਬਹੁਤੁ ਪ੍ਰਤਾਪੁ ਗਾਂਉ ਸਉ ਪਾਏ ਦੁਇ ਲਖ ਟਕਾ ਬਰਾਤ ॥
ਜੇ ਇਸ ਤੋਂ ਭੀ ਵਧੀਕ ਪ੍ਰਤਾਪ ਹੋਇਆ ਤਾਂ ਸੌ ਪਿੰਡਾਂ ਦੀ ਮਾਲਕੀ ਹੋ ਗਈ ਜਾਂ (ਲੱਖ) ਦੋ ਲੱਖ ਟਕੇ ਦੀ ਜਾਗੀਰ ਮਿਲ ਗਈ,
ਦਿਵਸ ਚਾਰਿ ਕੀ ਕਰਹੁ ਸਾਹਿਬੀ ਜੈਸੇ ਬਨ ਹਰ ਪਾਤ ॥੧॥
ਹੇ ਬੰਦੇ! ਤਾਂ ਭੀ ਚਾਰ ਦਿਨ ਦੀ ਸਰਦਾਰੀ ਕਰ ਲਵੋਗੇ (ਤੇ ਆਖ਼ਰ ਛੱਡ ਜਾਉਗੇ) ਜਿਵੇਂ ਜੰਗਲ ਦੇ ਹਰੇ ਪੱਤੇ (ਚਾਰ ਦਿਨ ਹੀ ਹਰੇ ਰਹਿੰਦੇ ਹਨ, ਤੇ ਫਿਰ ਸੁੱਕ-ਸੜ ਜਾਂਦੇ ਹਨ) ॥੧॥
ਨਾ ਕੋਊ ਲੈ ਆਇਓ ਇਹੁ ਧਨੁ ਨਾ ਕੋਊ ਲੈ ਜਾਤੁ ॥
(ਦੁਨੀਆ ਦਾ) ਇਹ ਮਾਲ-ਧਨ ਨਾਹ ਕੋਈ ਬੰਦਾ (ਜੰਮਣ ਵੇਲੇ) ਆਪਣੇ ਨਾਲ ਲੈ ਕੇ ਆਇਆ ਹੈ ਤੇ ਨਾਹ ਕੋਈ (ਮਰਨ ਵੇਲੇ) ਇਹ ਧਨ ਨਾਲ ਲੈ ਜਾਂਦਾ ਹੈ।
ਰਾਵਨ ਹੂੰ ਤੇ ਅਧਿਕ ਛਤ੍ਰਪਤਿ ਖਿਨ ਮਹਿ ਗਏ ਬਿਲਾਤ ॥੨॥
ਰਾਵਣ ਤੋਂ ਭੀ ਵੱਡੇ ਵੱਡੇ ਰਾਜੇ ਇਕ ਪਲਕ ਵਿਚ ਇੱਥੋਂ ਚੱਲ ਵਸੇ ॥੨॥
ਹਰਿ ਕੇ ਸੰਤ ਸਦਾ ਥਿਰੁ ਪੂਜਹੁ ਜੋ ਹਰਿ ਨਾਮੁ ਜਪਾਤ ॥
(ਹੇ ਬੰਦੇ! ਜਨਮ-ਮਰਨ ਦਾ ਗੇੜ ਹਰੇਕ ਦੇ ਸਿਰ ਉੱਤੇ ਹੈ, ਸਿਰਫ਼) ਪ੍ਰਭੂ ਦੇ ਸੰਤ ਹੀ ਹਨ ਜੋ ਸਦਾ ਅਟੱਲ ਰਹਿੰਦੇ ਹਨ (ਜੋ ਮੁੜ ਮੁੜ ਮੌਤ ਦਾ ਸ਼ਿਕਾਰ ਨਹੀਂ ਹੁੰਦੇ), ਉਹਨਾਂ ਦੀ ਸੇਵਾ ਕਰੋ, ਉਹ ਪ੍ਰਭੂ ਦਾ ਨਾਮ (ਆਪ ਸਿਮਰਦੇ ਹਨ ਤੇ ਹੋਰਨਾਂ ਤੋਂ) ਜਪਾਂਦੇ ਹਨ।
ਜਿਨ ਕਉ ਕ੍ਰਿਪਾ ਕਰਤ ਹੈ ਗੋਬਿਦੁ ਤੇ ਸਤਸੰਗਿ ਮਿਲਾਤ ॥੩॥
ਪਰਮਾਤਮਾ ਜਿਨ੍ਹਾਂ ਉੱਤੇ ਮਿਹਰ ਕਰਦਾ ਹੈ ਉਹਨਾਂ ਨੂੰ (ਐਸੇ) ਸੰਤ ਜਨਾਂ ਦੀ ਸੰਗਤ ਵਿਚ ਮਿਲਾਂਦਾ ਹੈ ॥੩॥
ਮਾਤ ਪਿਤਾ ਬਨਿਤਾ ਸੁਤ ਸੰਪਤਿ ਅੰਤਿ ਨ ਚਲਤ ਸੰਗਾਤ ॥
ਹੇ ਕਮਲੇ! ਮਾਂ, ਪਿਉ, ਵਹੁਟੀ, ਪੁੱਤਰ, ਧਨ-ਇਹਨਾਂ ਵਿਚੋਂ ਕੋਈ ਭੀ ਅਖ਼ੀਰ ਵੇਲੇ ਨਾਲ ਨਹੀਂ ਤੁਰਦਾ।
ਕਹਤ ਕਬੀਰੁ ਰਾਮ ਭਜੁ ਬਉਰੇ ਜਨਮੁ ਅਕਾਰਥ ਜਾਤ ॥੪॥੧॥
ਕਬੀਰ ਆਖਦਾ ਹੈ ਕਿ (ਇਕ ਪ੍ਰਭੂ ਹੀ ਸਾਥੀ ਬਣਦਾ ਹੈ) ਪ੍ਰਭੂ ਦਾ ਨਾਮ ਸਿਮਰ, (ਸਿਮਰਨ ਤੋਂ ਬਿਨਾ) ਜੀਵਨ ਵਿਅਰਥ ਜਾ ਰਿਹਾ ਹੈ ॥੪॥੧॥
ਰਾਜਾ ਸ੍ਰਮ ਮਿਤਿ ਨਹੀ ਜਾਨੀ ਤੇਰੀ ॥
ਹੇ ਉੱਚੇ ਮਹੱਲ ਵਾਲੇ (ਪ੍ਰਭੂ!) ਮੈਥੋਂ ਤੇਰੀ ਕੁਦਰਤ ਦਾ ਅੰਤ ਨਹੀਂ ਪੈ ਸਕਦਾ,
ਤੇਰੇ ਸੰਤਨ ਕੀ ਹਉ ਚੇਰੀ ॥੧॥ ਰਹਾਉ ॥
(ਤੇਰੇ ਸੰਤ ਹੀ ਤੇਰੇ ਗੁਣਾਂ ਦਾ ਜ਼ਿਕਰ ਕਰਦੇ ਹਨ; ਸੋ) ਮੈਂ ਤੇਰੇ ਸੰਤਾਂ ਦੀ ਹੀ ਦਾਸੀ ਬਣੀ ਰਹਾਂ (ਇਹੋ ਮੇਰੀ ਤਾਂਘ ਹੈ) ॥੧॥ ਰਹਾਉ ॥
ਹਸਤੋ ਜਾਇ ਸੁ ਰੋਵਤੁ ਆਵੈ ਰੋਵਤੁ ਜਾਇ ਸੁ ਹਸੈ ॥
(ਅਚਰਜ ਖੇਡ ਹੈ) ਜੋ ਹੱਸਦਾ ਜਾਂਦਾ ਹੈ ਉਹ ਰੋਂਦਾ (ਵਾਪਸ) ਆਉਂਦਾ ਹੈ; ਜੋ ਰੋਂਦਾ ਜਾਂਦਾ ਹੈ ਉਹ ਹੱਸਦਾ ਮੁੜਦਾ ਹੈ।
ਬਸਤੋ ਹੋਇ ਹੋਇ ਸੁੋ ਊਜਰੁ ਊਜਰੁ ਹੋਇ ਸੁ ਬਸੈ ॥੧॥
ਜੋ ਕਦੇ ਵੱਸਦਾ (ਨਗਰ) ਹੁੰਦਾ ਹੈ, ਉਹ ਉੱਜੜ ਜਾਂਦਾ ਹੈ, ਤੇ ਉੱਜੜਿਆ ਹੋਇਆ ਥਾਂ ਵੱਸ ਪੈਂਦਾ ਹੈ ॥੧॥
ਜਲ ਤੇ ਥਲ ਕਰਿ ਥਲ ਤੇ ਕੂਆ ਕੂਪ ਤੇ ਮੇਰੁ ਕਰਾਵੈ ॥
(ਪਰਮਾਤਮਾ ਦੀ ਖੇਡ ਅਸਚਰਜ ਹੈ) ਪਾਣੀ (ਨਾਲ ਭਰੇ ਥਾਵਾਂ ਤੋਂ) ਬਰੇਤਾ ਕਰ ਦੇਂਦਾ ਹੈ, ਬਰੇਤੇ ਤੋਂ ਖੂਹ ਬਣਾ ਦੇਂਦਾ ਹੈ, ਅਤੇ ਖੂਹ (ਦੇ ਥਾਂ) ਤੋਂ ਪਹਾੜ ਕਰ ਦੇਂਦਾ ਹੈ।
ਧਰਤੀ ਤੇ ਆਕਾਸਿ ਚਢਾਵੈ ਚਢੇ ਅਕਾਸਿ ਗਿਰਾਵੈ ॥੨॥
ਜ਼ਮੀਨ ਉਤੇ ਪਏ ਨੂੰ ਅਸਮਾਨ ਉਤੇ ਚਾੜ੍ਹ ਦੇਂਦਾ ਹੈ, ਅਸਮਾਨ ਉਤੇ ਚੜ੍ਹੇ ਨੂੰ ਹੇਠਾਂ ਡੇਗ ਦੇਂਦਾ ਹੈ ॥੨॥
ਭੇਖਾਰੀ ਤੇ ਰਾਜੁ ਕਰਾਵੈ ਰਾਜਾ ਤੇ ਭੇਖਾਰੀ ॥
ਮੰਗਤੇ (ਨੂੰ ਰਾਜਾ ਬਣਾ ਕੇ ਉਸ) ਤੋਂ ਰਾਜ ਕਰਾਂਦਾ ਹੈ, ਰਾਜੇ ਤੋਂ ਮੰਗਤਾ ਬਣਾ ਦੇਂਦਾ ਹੈ;
ਖਲ ਮੂਰਖ ਤੇ ਪੰਡਿਤੁ ਕਰਿਬੋ ਪੰਡਿਤ ਤੇ ਮੁਗਧਾਰੀ ॥੩॥
ਮਹਾਂ ਪੂਰਖ ਤੋਂ ਵਿਦਵਾਨ ਬਣਾ ਦੇਂਦਾ ਹੈ ਅਤੇ ਪੰਡਿਤ ਤੋਂ ਮੂਰਖ ਕਰ ਦੇਂਦਾ ਹੈ ॥੩॥
ਨਾਰੀ ਤੇ ਜੋ ਪੁਰਖੁ ਕਰਾਵੈ ਪੁਰਖਨ ਤੇ ਜੋ ਨਾਰੀ ॥
(ਜੋ ਪ੍ਰਭੂ) ਜ਼ਨਾਨੀ ਤੋਂ ਮਰਦ ਪੈਦਾ ਕਰਦਾ ਹੈ, ਮਰਦਾਂ (ਦੀ ਬਿੰਦ) ਤੋਂ ਜੋ ਜ਼ਨਾਨੀਆਂ ਪੈਦਾ ਕਰ ਦੇਂਦਾ ਹੈ,
ਕਹੁ ਕਬੀਰ ਸਾਧੂ ਕੋ ਪ੍ਰੀਤਮੁ ਤਿਸੁ ਮੂਰਤਿ ਬਲਿਹਾਰੀ ॥੪॥੨॥
ਕਬੀਰ ਆਖਦਾ ਹੈ- ਮੈਂ ਉਸ ਸੋਹਣੇ ਸਰੂਪ ਤੋਂ ਸਦਕੇ ਹਾਂ, ਉਹ ਸੰਤ ਜਨਾਂ ਦਾ ਪਿਆਰਾ ਹੈ ॥੪॥੨॥
ਸਾਰੰਗ ਕਬੀਰ ਜੀਉ ॥
ਰਾਗ ਸਾਰੰਗ ਵਿੱਚ ਭਗਤ ਕਬੀਰ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹਰਿ ਬਿਨੁ ਕਉਨੁ ਸਹਾਈ ਮਨ ਕਾ ॥
ਪਰਮਾਤਮਾ ਤੋਂ ਬਿਨਾ ਕੋਈ ਹੋਰ ਇਸ ਮਨ ਦੀ ਸਹਾਇਤਾ ਕਰਨ ਵਾਲਾ ਨਹੀਂ ਹੋ ਸਕਦਾ।
ਮਾਤ ਪਿਤਾ ਭਾਈ ਸੁਤ ਬਨਿਤਾ ਹਿਤੁ ਲਾਗੋ ਸਭ ਫਨ ਕਾ ॥੧॥ ਰਹਾਉ ॥
ਮਾਂ, ਪਿਉ, ਭਰਾ, ਪੁੱਤਰ, ਵਹੁਟੀ-ਇਹਨਾਂ ਸਭਨਾਂ ਨਾਲ ਜੋ ਮੋਹ ਪਾਇਆ ਹੋਇਆ ਹੈ, ਇਹ ਛਲ ਨਾਲ ਹੀ ਮੋਹ ਪਾਇਆ ਹੈ (ਭਾਵ; ਇਹ ਮੋਹ ਅਜਿਹੇ ਪਦਾਰਥਾਂ ਨਾਲ ਹੈ ਜੋ ਛਲ ਹੀ ਹਨ, ਸਦਾ ਨਾਲ ਨਿੱਭਣ ਵਾਲੇ ਨਹੀਂ ਹਨ) ॥੧॥ ਰਹਾਉ ॥
ਆਗੇ ਕਉ ਕਿਛੁ ਤੁਲਹਾ ਬਾਂਧਹੁ ਕਿਆ ਭਰਵਾਸਾ ਧਨ ਕਾ ॥
ਇਸ ਧਨ ਦਾ (ਜੋ ਤੂੰ ਖੱਟਿਆ ਕਮਾਇਆ ਹੈ) ਕੋਈ ਇਤਬਾਰ ਨਹੀਂ (ਕਿ ਕਦੋਂ ਨਾਸ ਹੋ ਜਾਏ, ਸੋ) ਅਗਾਂਹ ਵਾਸਤੇ ਕੋਈ ਹੋਰ (ਭਾਵ, ਨਾਮ ਧਨ ਦਾ) ਬੇੜਾ ਬੰਨ੍ਹੋ।
ਕਹਾ ਬਿਸਾਸਾ ਇਸ ਭਾਂਡੇ ਕਾ ਇਤਨਕੁ ਲਾਗੈ ਠਨਕਾ ॥੧॥
(ਧਨ ਤਾਂ ਕਿਤੇ ਰਿਹਾ) ਇਸ ਸਰੀਰ ਦਾ ਭੀ ਕੋਈ ਵਿਸਾਹ ਨਹੀਂ, ਇਸ ਨੂੰ ਰਤਾ ਕੁ ਜਿਤਨੀ ਠੋਕਰ ਲੱਗੇ (ਤਾਂ ਢਹਿ-ਢੇਰੀ ਹੋ ਜਾਂਦਾ ਹੈ) ॥੧॥
ਸਗਲ ਧਰਮ ਪੁੰਨ ਫਲ ਪਾਵਹੁ ਧੂਰਿ ਬਾਂਛਹੁ ਸਭ ਜਨ ਕਾ ॥
ਹੇ ਸੰਤ ਜਨੋ! (ਜਦ ਮੰਗੋ) ਗੁਰਮੁਖਾਂ (ਦੇ ਚਰਨਾਂ) ਦੀ ਧੂੜ ਮੰਗੋ, (ਇਸੇ ਵਿਚੋਂ) ਸਾਰੇ ਧਰਮਾਂ ਤੇ ਪੁੰਨਾਂ ਦੇ ਫਲ ਮਿਲਣਗੇ।
ਕਹੈ ਕਬੀਰੁ ਸੁਨਹੁ ਰੇ ਸੰਤਹੁ ਇਹੁ ਮਨੁ ਉਡਨ ਪੰਖੇਰੂ ਬਨ ਕਾ ॥੨॥੧॥੯॥
ਕਬੀਰ ਆਖਦਾ ਹੈ ਕਿ ਹੇ ਸੰਤ ਜਨੋ! ਸੁਣੋ, ਇਹ ਮਨ ਇਉਂ ਹੈ ਜਿਵੇਂ ਜੰਗਲ ਦਾ ਕੋਈ ਉਡਾਰੂ ਪੰਛੀ (ਇਸ ਨੂੰ ਟਿਕਾਣ ਲਈ ਗੁਰਮੁਖਾਂ ਦੀ ਸੰਗਤ ਵਿਚ ਲਿਆਉ) ॥੨॥੧॥੯॥
ਬਿਭਾਸ ਪ੍ਰਭਾਤੀ ਬਾਣੀ ਭਗਤ ਕਬੀਰ ਜੀ ਕੀ ॥
ਰਾਗ ਪ੍ਰਭਾਤੀ/ਬਿਭਾਗ ਵਿੱਚ ਭਗਤ ਕਬੀਰ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਮਰਨ ਜੀਵਨ ਕੀ ਸੰਕਾ ਨਾਸੀ ॥
(ਉਸ ਮਨੁੱਖ ਦਾ) ਇਹ ਤੌਖਲਾ ਮੁੱਕ ਜਾਂਦਾ ਹੈ ਕਿ ਜਨਮ ਮਰਨ ਦੇ ਗੇੜ ਵਿਚ ਪੈਣਾ ਪਏਗਾ,
ਆਪਨ ਰੰਗਿ ਸਹਜ ਪਰਗਾਸੀ ॥੧॥
ਕਿਉਂਕਿ ਪਰਮਾਤਮਾ ਆਪਣੀ ਮਿਹਰ ਨਾਲ (ਉਸ ਦੇ ਅੰਦਰ) ਆਤਮਕ ਅਡੋਲਤਾ ਦਾ ਪ੍ਰਕਾਸ਼ ਕਰ ਦੇਂਦਾ ਹੈ ॥੧॥
ਪ੍ਰਗਟੀ ਜੋਤਿ ਮਿਟਿਆ ਅੰਧਿਆਰਾ ॥
(ਉਸ ਮਨੁੱਖ ਦੇ ਅੰਦਰ) ਪ੍ਰਭੂ ਦੀ ਜੋਤਿ ਜਗ ਪੈਂਦੀ ਹੈ, ਤੇ (ਉਸ ਦੇ ਅੰਦਰੋਂ ਵਿਕਾਰ ਆਦਿਕਾਂ ਦਾ) ਹਨੇਰਾ ਮਿਟ ਜਾਂਦਾ ਹੈ,
ਰਾਮ ਰਤਨੁ ਪਾਇਆ ਕਰਤ ਬੀਚਾਰਾ ॥੧॥ ਰਹਾਉ ॥
ਜਿਸ ਮਨੁੱਖ ਨੂੰ (ਪ੍ਰਭੂ ਦੇ ਨਾਮ ਵਿਚ) ਸੁਰਤ ਜੋੜਦਿਆਂ ਜੋੜਦਿਆਂ ਨਾਮ ਰਤਨ ਲੱਭ ਪੈਂਦਾ ਹੈ ॥੧॥ ਰਹਾਉ ॥
ਜਹ ਅਨੰਦੁ ਦੁਖੁ ਦੂਰਿ ਪਇਆਨਾ ॥
ਜਿਸ ਮਨ ਵਿਚ (ਪ੍ਰਭੂ ਦੇ ਮੇਲ ਦਾ) ਅਨੰਦ ਬਣ ਜਾਏ ਤੇ (ਦੁਨੀਆ ਵਾਲਾ) ਦੁੱਖ ਕਲੇਸ਼ ਨਾਸ ਹੋ ਜਾਏ,
ਮਨੁ ਮਾਨਕੁ ਲਿਵ ਤਤੁ ਲੁਕਾਨਾ ॥੨॥
ਉਹ ਮਨ (ਪ੍ਰਭੂ-ਚਰਨਾਂ ਵਿਚ) ਜੁੜਨ ਦੀ ਬਰਕਤਿ ਨਾਲ ਮੋਤੀ (ਵਰਗਾ ਕੀਮਤੀ) ਬਣ ਕੇ ਪ੍ਰਭੂ ਨੂੰ ਆਪਣੇ ਅੰਦਰ ਵਸਾ ਲੈਂਦਾ ਹੈ ॥੨॥
ਜੋ ਕਿਛੁ ਹੋਆ ਸੁ ਤੇਰਾ ਭਾਣਾ ॥
ਹੇ ਪ੍ਰਭੂ! ਜਗਤ ਵਿਚ ਜੋ ਕੁਝ ਹੋ ਰਿਹਾ ਹੈ ਤੇਰੀ ਰਜ਼ਾ ਹੋ ਰਹੀ ਹੈ,
ਜੋ ਇਵ ਬੂਝੈ ਸੁ ਸਹਜਿ ਸਮਾਣਾ ॥੩॥
(ਤੇਰੇ ਨਾਮ ਵਿਚ ਸੁਰਤ ਜੋੜਦਿਆਂ ਜੋੜਦਿਆਂ) ਜਿਸ ਮਨੁੱਖ ਨੂੰ ਇਹ ਸੂਝ ਪੈ ਜਾਂਦੀ ਹੈ, ਉਹ ਮਨੁੱਖ ਸਦਾ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ (ਉਸ ਨੂੰ ਕਦੇ ਕੋਈ ਤੌਖਲਾ ਨਹੀਂ ਹੁੰਦਾ) ॥੩॥
ਕਹਤੁ ਕਬੀਰੁ ਕਿਲਬਿਖ ਗਏ ਖੀਣਾ ॥
ਕਬੀਰ ਆਖਦਾ ਹੈ ਕਿ ਉਸ ਮਨੁੱਖ ਦੇ ਪਾਪ ਨਾਸ ਹੋ ਜਾਂਦੇ ਹਨ,
ਮਨੁ ਭਇਆ ਜਗਜੀਵਨ ਲੀਣਾ ॥੪॥੧॥
ਉਸ ਦਾ ਮਨ ਜਗਤ-ਦੇ-ਜੀਵਨ ਪ੍ਰਭੂ ਵਿਚ ਮਗਨ ਰਹਿੰਦਾ ਹੈ ॥੪॥੧॥
ਪ੍ਰਭਾਤੀ ॥
ਅਲਹੁ ਏਕੁ ਮਸੀਤਿ ਬਸਤੁ ਹੈ ਅਵਰੁ ਮੁਲਖੁ ਕਿਸੁ ਕੇਰਾ ॥
ਜੇ (ਉਹ) ਇਕ ਖ਼ੁਦਾ (ਸਿਰਫ਼) ਕਾਹਬੇ ਵਿਚ ਵੱਸਦਾ ਹੈ ਤਾਂ ਬਾਕੀ ਦਾ ਮੁਲਕ ਕਿਸ ਦਾ (ਕਿਹਾ ਜਾਏ)? (ਸੋ, ਮੁਸਲਮਾਨ ਦਾ ਇਹ ਅਕੀਦਾ ਠੀਕ ਨਹੀਂ ਹੈ)।
ਹਿੰਦੂ ਮੂਰਤਿ ਨਾਮ ਨਿਵਾਸੀ ਦੁਹ ਮਹਿ ਤਤੁ ਨ ਹੇਰਾ ॥੧॥
ਹਿੰਦੂ ਪਰਮਾਤਮਾ ਦਾ ਨਿਵਾਸ ਮੂਰਤੀ ਵਿਚ ਸਮਝਦਾ ਹੈ; (ਇਸ ਤਰ੍ਹਾਂ ਹਿੰਦੂ ਮੁਸਲਮਾਨ) ਦੋਹਾਂ ਵਿਚੋਂ ਕਿਸੇ ਨੇ ਪਰਮਾਤਮਾ ਨੂੰ ਨਹੀਂ ਵੇਖਿਆ ॥੧॥
ਅਲਹ ਰਾਮ ਜੀਵਉ ਤੇਰੇ ਨਾਈ ॥
ਹੇ ਅੱਲਾਹ! ਹੇ ਰਾਮ! (ਮੈਂ ਤੈਨੂੰ ਇਕ ਹੀ ਜਾਣ ਕੇ) ਤੇਰਾ ਨਾਮ ਸਿਮਰ ਕੇ ਜੀਵਾਂ (ਆਤਮਕ ਜੀਵਨ ਹਾਸਲ ਕਰਾਂ)
ਤੂ ਕਰਿ ਮਿਹਰਾਮਤਿ ਸਾਈ ॥੧॥ ਰਹਾਉ ॥
ਹੇ ਸਾਈਂ! ਤੂੰ ਮੇਰੇ ਉੱਤੇ ਮਿਹਰ ਕਰ ॥੧॥ ਰਹਾਉ ॥
ਦਖਨ ਦੇਸਿ ਹਰੀ ਕਾ ਬਾਸਾ ਪਛਿਮਿ ਅਲਹ ਮੁਕਾਮਾ ॥
(ਹਿੰਦੂ ਆਖਦਾ ਹੈ ਕਿ) ਹਰੀ ਦਾ ਨਿਵਾਸ ਦੱਖਣ ਦੇਸ ਵਿਚ (ਜਗਨ ਨਾਥ ਪੁਰੀ ਵਿਚ) ਹੈ, ਮੁਸਲਮਾਨ ਆਖਦਾ ਹੈ ਕਿ ਖ਼ੁਦਾ ਦਾ ਘਰ ਪੱਛਮ ਵਲ (ਕਾਹਬੇ ਵਿਚ) ਹੈ।
ਦਿਲ ਮਹਿ ਖੋਜਿ ਦਿਲੈ ਦਿਲਿ ਖੋਜਹੁ ਏਹੀ ਠਉਰ ਮੁਕਾਮਾ ॥੨॥
(ਪਰ ਹੇ ਸੱਜਣ!) ਆਪਣੇ ਦਿਲ ਵਿਚ (ਰੱਬ ਨੂੰ) ਭਾਲ, ਸਿਰਫ਼ ਦਿਲ ਵਿਚ ਹੀ ਲੱਭ, ਇਹ ਦਿਲ ਹੀ ਉਸ ਦਾ ਨਿਵਾਸ ਥਾਂ ਹੈ, ਉਸ ਦਾ ਮੁਕਾਮ ਹੈ ॥੨॥
ਬ੍ਰਹਮਨ ਗਿਆਸ ਕਰਹਿ ਚਉਬੀਸਾ ਕਾਜੀ ਮਹ ਰਮਜਾਨਾ ॥
ਬ੍ਰਾਹਮਣ ਚੌਵੀ ਇਕਾਦਸ਼ੀਆਂ (ਦੇ ਵਰਤ ਰੱਖਣ ਦੀ ਆਗਿਆ) ਕਰਦੇ ਹਨ, ਕਾਜ਼ੀ ਰਮਜ਼ਾਨ ਦੇ ਮਹੀਨੇ (ਰੋਜ਼ੇ ਰੱਖਣ ਦੀ ਹਿਦਾਇਤ) ਕਰਦੇ ਹਨ।
ਗਿਆਰਹ ਮਾਸ ਪਾਸ ਕੈ ਰਾਖੇ ਏਕੈ ਮਾਹਿ ਨਿਧਾਨਾ ॥੩॥
ਇਹ ਲੋਕ (ਬਾਕੀ ਦੇ) ਗਿਆਰਾਂ ਮਹੀਨੇ ਲਾਂਭੇ ਹੀ ਰੱਖ ਦੇਂਦੇ ਹਨ, ਤੇ (ਕੋਈ) ਖ਼ਜ਼ਾਨਾ ਇੱਕੋ ਹੀ ਮਹੀਨੇ ਵਿਚੋਂ ਲੱਭਦੇ ਹਨ ॥੩॥
ਕਹਾ ਉਡੀਸੇ ਮਜਨੁ ਕੀਆ ਕਿਆ ਮਸੀਤਿ ਸਿਰੁ ਨਾਂਏਂ ॥
(ਜੇ ਦਿਲ ਵਿਚ ਫ਼ਰੇਬ ਹੈ) ਤਾਂ ਨਾਹ ਤਾਂ ਉਡੀਸੇ ਜਗਨ ਨਾਥ ਪੁਰੀ ਵਿਚ ਇਸ਼ਨਾਨ ਕਰਨ ਦਾ ਕੋਈ ਲਾਭ ਹੈ, ਨਾਹ ਮਸੀਤ ਵਿਚ ਜਾ ਕੇ ਸਿਜਦਾ ਕਰਨ ਦਾ ਫ਼ਾਇਦਾ ਹੈ।
ਦਿਲ ਮਹਿ ਕਪਟੁ ਨਿਵਾਜ ਗੁਜਾਰੈ ਕਿਆ ਹਜ ਕਾਬੈ ਜਾਂਏਂ ॥੪॥
(ਅਸਲ ਗੱਲ ਇਹ ਹੈ ਕਿ) ਜੇ ਦਿਲ ਵਿਚ ਠੱਗੀ ਫ਼ਰੇਬ ਵੱਸਦਾ ਹੈ, (ਤਾਂ) ਨਾਹ ਨਮਾਜ਼ ਪੜ੍ਹਨ ਦਾ ਲਾਭ ਹੈ, ਨਾਹ ਹੀ ਕਾਹਬੇ ਦਾ ਹੱਜ ਕਰਨ ਦਾ ਕੋਈ ਗੁਣ ਹੈ ॥੪॥
ਏਤੇ ਅਉਰਤ ਮਰਦਾ ਸਾਜੇ ਏ ਸਭ ਰੂਪ ਤੁਮੑਾਰੇ ॥
ਹੇ ਪ੍ਰਭੂ! ਇਹ ਸਾਰੇ ਇਸਤ੍ਰੀ ਮਰਦ ਜੋ ਤੂੰ ਪੈਦਾ ਕੀਤੇ ਹਨ, ਇਹ ਸਭ ਤੇਰਾ ਹੀ ਰੂਪ ਹਨ (ਤੂੰ ਹੀ ਆਪ ਇਹਨਾਂ ਵਿਚ ਵੱਸਦਾ ਹੈਂ)।
ਕਬੀਰੁ ਪੂੰਗਰਾ ਰਾਮ ਅਲਹ ਕਾ ਸਭ ਗੁਰ ਪੀਰ ਹਮਾਰੇ ॥੫॥
ਤੂੰ ਹੀ, ਹੇ ਪ੍ਰਭੂ! ਅੱਲਾਹ ਹੈਂ ਤੇ ਰਾਮ ਹੈਂ। ਮੈਂ ਕਬੀਰ ਤੇਰਾ ਅੰਞਾਣ ਬੱਚਾ ਹਾਂ, (ਤੇਰੇ ਭੇਜੇ ਹੋਏ) ਅਵਤਾਰ ਪੈਗ਼ੰਬਰ ਮੈਨੂੰ ਸਭ ਆਪਣੇ ਦਿੱਸਦੇ ਹਨ ॥੫॥
ਕਹਤੁ ਕਬੀਰੁ ਸੁਨਹੁ ਨਰ ਨਰਵੈ ਪਰਹੁ ਏਕ ਕੀ ਸਰਨਾ ॥
ਕਬੀਰ ਆਖਦਾ ਹੈ ਕਿ ਹੇ ਨਰ ਨਾਰੀਓ! ਸੁਣੋ, ਇਕ ਪਰਮਾਤਮਾ ਦੀ ਸ਼ਰਨ ਪਵੋ (ਉਹੀ ਅੱਲਾਹ ਹੈ, ਉਹੀ ਰਾਮ ਹੈ)।
ਕੇਵਲ ਨਾਮੁ ਜਪਹੁ ਰੇ ਪ੍ਰਾਨੀ ਤਬ ਹੀ ਨਿਹਚੈ ਤਰਨਾ ॥੬॥੨॥
ਹੇ ਬੰਦਿਓ! ਸਿਰਫ਼ ਨਾਮ ਜਪੋ, ਯਕੀਨ ਨਾਲ ਜਾਣੋ, ਤਾਂ ਹੀ (ਸੰਸਾਰ-ਸਾਗਰ ਤੋਂ) ਤਰ ਸਕੋਗੇ ॥੬॥੨॥
ਪ੍ਰਭਾਤੀ ॥
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥
ਸਭ ਤੋਂ ਪਹਿਲਾਂ ਖ਼ੁਦਾ ਦਾ ਨੂਰ ਹੀ ਹੈ ਜਿਸ ਨੇ (ਜਗਤ) ਪੈਦਾ ਕੀਤਾ ਹੈ, ਇਹ ਸਾਰੇ ਜੀਅ-ਜੰਤ ਰੱਬ ਦੀ ਕੁਦਰਤ ਦੇ ਹੀ ਬਣਾਏ ਹੋਏ ਹਨ।
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥
ਇਕ ਪ੍ਰਭੂ ਦੀ ਹੀ ਜੋਤ ਤੋਂ ਸਾਰਾ ਜਗਤ ਪੈਦਾ ਹੋਇਆ ਹੈ। (ਤਾਂ ਫਿਰ ਕਿਸੇ ਜਾਤ ਮਜ਼ਹਬ ਦੇ ਭੁਲੇਖੇ ਵਿਚ ਪੈ ਕੇ) ਕਿਸੇ ਨੂੰ ਚੰਗਾ ਤੇ ਕਿਸੇ ਨੂੰ ਮੰਦਾ ਨਾਹ ਸਮਝੋ ॥੧॥
ਲੋਗਾ ਭਰਮਿ ਨ ਭੂਲਹੁ ਭਾਈ ॥
ਹੇ ਲੋਕੋ! (ਰੱਬ ਦੀ ਹਸਤੀ ਬਾਰੇ) ਕਿਸੇ ਭੁਲੇਖੇ ਵਿਚ ਪੈ ਕੇ ਖ਼ੁਆਰ ਨਾਹ ਹੋਵੋ।
ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ ॥੧॥ ਰਹਾਉ ॥
ਉਹ ਰੱਬ ਸਾਰੀ ਖ਼ਲਕਤ ਨੂੰ ਪੈਦਾ ਕਰਨ ਵਾਲਾ ਹੈ ਤੇ ਸਾਰੀ ਖ਼ਲਕਤ ਵਿਚ ਮੌਜੂਦ ਹੈ, ਉਹ ਸਭ ਥਾਂ ਭਰਪੂਰ ਹੈ ॥੧॥ ਰਹਾਉ ॥
ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ ॥
ਸਿਰਜਨਹਾਰ ਨੇ ਇੱਕੋ ਹੀ ਮਿੱਟੀ ਤੋਂ (ਭਾਵ, ਇੱਕੋ ਜਿਹੇ ਹੀ ਤੱਤਾਂ ਤੋਂ) ਅਨੇਕਾਂ ਕਿਸਮਾਂ ਦੇ ਜੀਆ-ਜੰਤ ਪੈਦਾ ਕਰ ਦਿੱਤੇ ਹਨ।
ਨਾ ਕਛੁ ਪੋਚ ਮਾਟੀ ਕੇ ਭਾਂਡੇ ਨਾ ਕਛੁ ਪੋਚ ਕੁੰਭਾਰੈ ॥੨॥
(ਜਿੱਥੋਂ ਤਕ ਜੀਵਾਂ ਦੇ ਅਸਲੇ ਦਾ ਸੰਬੰਧ ਹੈ) ਨਾਹ ਇਹਨਾਂ ਮਿੱਟੀ ਦੇ ਭਾਂਡਿਆਂ (ਭਾਵ, ਜੀਵਾਂ) ਵਿਚ ਕੋਈ ਊਣਤਾ ਹੈ, ਤੇ ਨਾਹ (ਇਹਨਾਂ ਭਾਂਡਿਆਂ ਦੇ ਬਣਾਣ ਵਾਲੇ) ਘੁਮਿਆਰ ਵਿਚ ॥੨॥
ਸਭ ਮਹਿ ਸਚਾ ਏਕੋ ਸੋਈ ਤਿਸ ਕਾ ਕੀਆ ਸਭੁ ਕਛੁ ਹੋਈ ॥
ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਸਭ ਜੀਵਾਂ ਵਿਚ ਵੱਸਦਾ ਹੈ। ਜੋ ਕੁਝ ਜਗਤ ਵਿਚ ਹੋ ਰਿਹਾ ਹੈ, ਉਸੇ ਦਾ ਕੀਤਾ ਹੋ ਰਿਹਾ ਹੈ।
ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ ॥੩॥
ਉਹੀ ਮਨੁੱਖ ਰੱਬ ਦਾ (ਪਿਆਰਾ) ਬੰਦਾ ਕਿਹਾ ਜਾ ਸਕਦਾ ਹੈ, ਜੋ ਉਸ ਦੀ ਰਜ਼ਾ ਨੂੰ ਪਛਾਣਦਾ ਹੈ ਤੇ ਉਸ ਇਕ ਨਾਲ ਸਾਂਝ ਪਾਂਦਾ ਹੈ ॥੩॥
ਅਲਹੁ ਅਲਖੁ ਨ ਜਾਈ ਲਖਿਆ ਗੁਰਿ ਗੁੜੁ ਦੀਨਾ ਮੀਠਾ ॥
ਉਹ ਰੱਬ ਐਸਾ ਹੈ ਜਿਸ ਦਾ ਮੁਕੰਮਲ ਸਰੂਪ ਬਿਆਨ ਤੋਂ ਪਰੇ ਹੈ, ਉਸ ਦੇ ਗੁਣ ਕਹੇ ਨਹੀਂ ਜਾ ਸਕਦੇ। ਮੇਰੇ ਗੁਰੂ ਨੇ (ਪ੍ਰਭੂ ਦੇ ਗੁਣਾਂ ਦੀ ਸੂਝ-ਰੂਪ) ਮਿੱਠਾ ਗੁੜ ਮੈਨੂੰ ਦਿੱਤਾ ਹੈ (ਜਿਸ ਦਾ ਸੁਆਦ ਤਾਂ ਮੈਂ ਨਹੀਂ ਦੱਸ ਸਕਦਾ, ਪਰ)
ਕਹਿ ਕਬੀਰ ਮੇਰੀ ਸੰਕਾ ਨਾਸੀ ਸਰਬ ਨਿਰੰਜਨੁ ਡੀਠਾ ॥੪॥੩॥
ਕਬੀਰ ਆਖਦਾ ਹੈ ਕਿ ਮੈਂ ਉਸ ਮਾਇਆ ਰਹਿਤ ਪ੍ਰਭੂ ਨੂੰ ਹਰ ਥਾਂ ਵੇਖ ਲਿਆ ਹੈ, ਮੈਨੂੰ ਇਸ ਵਿਚ ਕੋਈ ਸ਼ੱਕ ਨਹੀਂ ਰਿਹਾ (ਮੇਰਾ ਅੰਦਰ ਕਿਸੇ ਜਾਤ ਜਾਂ ਮਜ਼ਹਬ ਦੇ ਬੰਦਿਆਂ ਦੀ ਉੱਚਤਾ ਜਾਂ ਨੀਚਤਾ ਦਾ ਕਰਮ ਨਹੀਂ ਰਿਹਾ) ॥੪॥੩॥
ਪ੍ਰਭਾਤੀ ॥
ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨ ਬਿਚਾਰੈ ॥
(ਹੇ ਹਿੰਦੂ ਤੇ ਮੁਸਲਮਾਨ ਵੀਰੋ!) ਵੇਦਾਂ ਜਾਂ ਕੁਰਾਨ ਆਦਿਕ (ਇਕ ਦੂਜੇ ਦੀਆਂ) ਧਰਮ-ਪੁਸਤਕਾਂ ਨੂੰ ਝੂਠੀਆਂ ਨਾਹ ਆਖੋ। ਝੂਠਾ ਤਾਂ ਉਹ ਬੰਦਾ ਹੈ ਜੋ ਇਹਨਾਂ ਧਰਮ-ਪੁਸਤਕਾਂ ਦੀ ਵਿਚਾਰ ਨਹੀਂ ਕਰਦਾ।
ਜਉ ਸਭ ਮਹਿ ਏਕੁ ਖੁਦਾਇ ਕਹਤ ਹਉ ਤਉ ਕਿਉ ਮੁਰਗੀ ਮਾਰੈ ॥੧॥
(ਭਲਾ, ਹੇ ਮੁੱਲਾਂ!) ਜੇ ਤੂੰ ਇਹ ਆਖਦਾ ਹੈਂ ਕਿ ਖ਼ੁਦਾ ਸਭ ਜੀਵਾਂ ਵਿਚ ਮੌਜੂਦ ਹੈ ਤਾਂ (ਉਸ ਖ਼ੁਦਾ ਅੱਗੇ ਕੁਰਬਾਨੀ ਦੇਣ ਲਈ) ਮੁਰਗ਼ੀ ਕਿਉਂ ਮਾਰਦਾ ਹੈਂ? (ਕੀ ਉਸ ਮੁਰਗ਼ੀ ਵਿਚ ਉਹ ਆਪ ਨਹੀਂ ਹੈ? ਮੁਰਗ਼ੀ ਵਿਚ ਬੈਠੇ ਖ਼ੁਦਾ ਦੀ ਅੰਸ਼ ਨੂੰ ਮਾਰ ਕੇ ਖ਼ੁਦਾ ਦੇ ਅੱਗੇ ਹੀ ਭੇਟਾ ਕਰਨ ਦਾ ਕੀਹ ਭਾਵ ਹੈ? ॥੧॥
ਮੁਲਾਂ ਕਹਹੁ ਨਿਆਉ ਖੁਦਾਈ ॥
ਹੇ ਮੁੱਲਾਂ! ਤੂੰ (ਹੋਰ ਲੋਕਾਂ ਨੂੰ ਤਾਂ) ਖ਼ੁਦਾ ਦਾ ਨਿਆਂ ਸੁਣਾਉਂਦਾ ਹੈਂ,
ਤੇਰੇ ਮਨ ਕਾ ਭਰਮੁ ਨ ਜਾਈ ॥੧॥ ਰਹਾਉ ॥
ਪਰ ਤੇਰੇ ਆਪਣੇ ਮਨ ਦਾ ਭੁਲੇਖਾ ਅਜੇ ਦੂਰ ਹੀ ਨਹੀਂ ਹੋਇਆ ॥੧॥ ਰਹਾਉ ॥
ਪਕਰਿ ਜੀਉ ਆਨਿਆ ਦੇਹ ਬਿਨਾਸੀ ਮਾਟੀ ਕਉ ਬਿਸਮਿਲਿ ਕੀਆ ॥
ਹੇ ਮੁੱਲਾਂ! (ਮੁਰਗ਼ੀ ਆਦਿਕ) ਜੀਵ ਨੂੰ ਫੜ ਕੇ ਤੂੰ ਲੈ ਆਂਦਾ, ਉਸ ਦਾ ਸਰੀਰ ਤੂੰ ਨਾਸ ਕੀਤਾ, ਉਸ (ਦੇ ਜਿਸਮ) ਦੀ ਮਿੱਟੀ ਨੂੰ ਤੂੰ ਖ਼ੁਦਾ ਦੇ ਨਾਮ ਤੇ ਕੁਰਬਾਨ ਕੀਤਾ (ਭਾਵ, ਖ਼ੁਦਾ ਦੀ ਨਜ਼ਰ-ਭੇਟ ਕੀਤਾ)।
ਜੋਤਿ ਸਰੂਪ ਅਨਾਹਤ ਲਾਗੀ ਕਹੁ ਹਲਾਲੁ ਕਿਆ ਕੀਆ ॥੨॥
ਪਰ ਹੇ ਮੁੱਲਾਂ! ਜੋ ਖ਼ੁਦਾ ਨਿਰਾ ਨੂਰ ਹੀ ਨੂਰ ਹੈ, ਤੇ ਜੋ ਅਵਿਨਾਸ਼ੀ ਹੈ ਉਸ ਦੀ ਜੋਤ ਤਾਂ ਹਰ ਥਾਂ ਮੌਜੂਦ ਹੈ, (ਉਸ ਮੁਰਗ਼ੀ ਵਿਚ ਭੀ ਹੈ ਜੋ ਤੂੰ ਖ਼ੁਦਾ ਦੇ ਨਾਮ ਤੇ ਕੁਰਬਾਨ ਕਰਦਾ ਹੈਂ) ਤਾਂ ਫਿਰ, ਦੱਸ, ਤੂੰ ਰੱਬ ਦੇ ਨਾਮ ਤੇ ਕੁਰਬਾਨੀ ਦੇਣ ਦੇ ਲਾਇਕ ਕਿਹੜੀ ਚੀਜ਼ ਬਣਾਈ? ॥੨॥
ਕਿਆ ਉਜੂ ਪਾਕੁ ਕੀਆ ਮੁਹੁ ਧੋਇਆ ਕਿਆ ਮਸੀਤਿ ਸਿਰੁ ਲਾਇਆ ॥
ਹੇ ਮੁੱਲਾਂ! ਪੈਰ ਹੱਥ ਆਦਿਕ ਸਾਫ਼ ਕਰਨ ਦੀ ਰਸਮ ਦਾ ਕੀਹ ਲਾਭ? ਮੂੰਹ ਧੋਣ ਦਾ ਕੀਹ ਗੁਣ? ਮਸਜਦ ਵਿਚ ਜਾ ਕੇ ਸਜਦਾ ਕਰਨ ਦੀ ਕੀਹ ਲੋੜ?
ਜਉ ਦਿਲ ਮਹਿ ਕਪਟੁ ਨਿਵਾਜ ਗੁਜਾਰਹੁ ਕਿਆ ਹਜ ਕਾਬੈ ਜਾਇਆ ॥੩॥
ਜੇ ਤੂੰ ਆਪਣੇ ਦਿਲ ਵਿਚ ਕਪਟ ਰੱਖ ਕੇ ਨਿਮਾਜ਼ ਪੜ੍ਹਦਾ ਹੈਂ, ਤਾਂ ਇਹ ਨਿਮਾਜ਼ ਦਾ ਕੀਹ ਫ਼ਾਇਦਾ? ਤੇ, ਕਾਹਬੇ ਦੇ ਹੱਜ ਦਾ ਕੀਹ ਫ਼ਾਇਦਾ? ॥੩॥
ਤੂੰ ਨਾਪਾਕੁ ਪਾਕੁ ਨਹੀ ਸੂਝਿਆ ਤਿਸ ਕਾ ਮਰਮੁ ਨ ਜਾਨਿਆ ॥
ਹੇ ਮੁੱਲਾਂ! ਤੂੰ ਅੰਦਰੋਂ ਤਾਂ ਪਲੀਤ ਹੀ ਰਿਹਾ, ਤੈਨੂੰ ਉਸ ਪਵਿੱਤਰ ਪ੍ਰਭੂ ਦੀ ਸਮਝ ਨਹੀਂ ਪਈ, ਤੂੰ ਉਸ ਦਾ ਭੇਤ ਨਹੀਂ ਪਾਇਆ।
ਕਹਿ ਕਬੀਰ ਭਿਸਤਿ ਤੇ ਚੂਕਾ ਦੋਜਕ ਸਿਉ ਮਨੁ ਮਾਨਿਆ ॥੪॥੪॥
ਕਬੀਰ ਆਖਦਾ ਹੈ ਕਿ (ਇਸ ਭੁਲੇਖੇ ਵਿਚ ਫਸੇ ਰਹਿ ਕੇ) ਤੂੰ ਬਹਿਸ਼ਤ ਤੋਂ ਖੁੰਝ ਗਿਆ ਹੈਂ, ਤੇ ਦੋਜ਼ਕ ਨਾਲ ਤੇਰਾ ਮਨ ਪਤੀਜ ਗਿਆ ਹੈ ॥੪॥੪॥
ਪ੍ਰਭਾਤੀ ॥
ਸੁੰਨ ਸੰਧਿਆ ਤੇਰੀ ਦੇਵ ਦੇਵਾਕਰ ਅਧਪਤਿ ਆਦਿ ਸਮਾਈ ॥
ਹੇ ਦੇਵ! ਹੇ ਚਾਨਣ ਦੀ ਖਾਣ! ਹੇ ਜਗਤ ਦੇ ਮਾਲਕ! ਹੇ ਸਭ ਦੇ ਮੂਲ! ਹੇ ਸਰਬ ਵਿਆਪਕ ਪ੍ਰਭੂ! (ਤੂੰ ਮਾਇਆ ਤੋਂ ਰਹਿਤ ਹੈਂ, ਸੋ) ਮਾਇਆ ਦੇ ਫੁਰਨਿਆਂ ਵਲੋਂ ਮਨ ਨੂੰ ਸਾਫ਼ ਰੱਖਣਾ (ਤੇ ਤੇਰੇ ਚਰਨਾਂ ਵਿਚ ਹੀ ਜੁੜੇ ਰਹਿਣਾ) ਇਹ ਤੇਰੀ ਆਰਤੀ ਕਰਨੀ ਹੈ।
ਸਿਧ ਸਮਾਧਿ ਅੰਤੁ ਨਹੀ ਪਾਇਆ ਲਾਗਿ ਰਹੇ ਸਰਨਾਈ ॥੧॥
ਜੋਗ-ਅੱਭਿਆਸ ਵਿਚ ਨਿਪੁੰਨ ਜੋਗੀਆਂ ਨੇ ਸਮਾਧੀਆਂ ਲਾ ਕੇ ਭੀ ਤੇਰਾ ਅੰਤ ਨਹੀਂ ਲੱਭਾ ਉਹ ਆਖ਼ਰ ਤੇਰੀ ਸ਼ਰਨ ਲੈਂਦੇ ਹਨ ॥੧॥
ਲੇਹੁ ਆਰਤੀ ਹੋ ਪੁਰਖ ਨਿਰੰਜਨ ਸਤਿਗੁਰ ਪੂਜਹੁ ਭਾਈ ॥
ਗੁਰੂ ਦੇ ਦੱਸੇ ਹੋਏ ਰਾਹ ਤੇ ਤੁਰੋ, ਤੇ ਉਸ ਪ੍ਰਭੂ ਦੀ ਆਰਤੀ ਉਤਾਰੋ ਜੋ ਮਾਇਆ ਤੋਂ ਰਹਿਤ ਹੈ ਤੇ ਜੋ ਸਭ ਵਿਚ ਵਿਆਪਕ ਹੈ,
ਠਾਢਾ ਬ੍ਰਹਮਾ ਨਿਗਮ ਬੀਚਾਰੈ ਅਲਖੁ ਨ ਲਖਿਆ ਜਾਈ ॥੧॥ ਰਹਾਉ ॥
ਜਿਸ ਦੇ ਕੋਈ ਖ਼ਾਸ ਚਿਹਨ-ਚੱਕ੍ਰ ਨਹੀਂ ਹਨ, ਜਿਸ ਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ ਤੇ ਜਿਸ ਦੇ ਦਰ ਤੇ ਖਲੋਤਾ ਬ੍ਰਹਮਾ ਵੇਦ ਵਿਚਾਰ ਰਿਹਾ ਹੈ ॥੧॥ ਰਹਾਉ ॥
ਤਤੁ ਤੇਲੁ ਨਾਮੁ ਕੀਆ ਬਾਤੀ ਦੀਪਕੁ ਦੇਹ ਉਜੵਾਰਾ ॥
(ਜਿਸ ਨੇ ਆਰਤੀ ਦਾ ਇਹ ਭੇਤ ਸਮਝਿਆ ਹੈ ਉਸ ਨੇ) ਗਿਆਨ ਨੂੰ ਤੇਲ ਬਣਾਇਆ ਹੈ, ਨਾਮ ਨੂੰ ਵੱਟੀ ਤੇ ਸਰੀਰ ਵਿਚ (ਨਾਮ ਦੇ) ਚਾਨਣ ਨੂੰ ਹੀ ਦੀਵਾ ਬਣਾਇਆ ਹੈ।
ਜੋਤਿ ਲਾਇ ਜਗਦੀਸ ਜਗਾਇਆ ਬੂਝੈ ਬੂਝਨਹਾਰਾ ॥੨॥
ਇਹ ਦੀਵਾ ਉਸ ਨੇ ਜਗਤ ਦੇ ਮਾਲਕ ਪ੍ਰਭੂ ਦੀ ਜੋਤ (ਵਿਚ ਜੁੜ ਕੇ) ਜਗਾਇਆ ਹੈ। ਕੋਈ ਵਿਰਲਾ ਗਿਆਨਵਾਨ (ਪ੍ਰਭੂ ਦੀ ਆਰਤੀ ਦਾ ਭੇਤ) ਸਮਝਦਾ ਹੈ ॥੨॥
ਪੰਚੇ ਸਬਦ ਅਨਾਹਦ ਬਾਜੇ ਸੰਗੇ ਸਾਰਿੰਗਪਾਨੀ ॥
(ਹੇ ਪ੍ਰਭੂ! ਇਸ ਆਰਤੀ ਦੀ ਬਰਕਤਿ ਨਾਲ) ਤੂੰ ਮੈਨੂੰ ਅੰਗ-ਸੰਗ ਦਿੱਸ ਰਿਹਾ ਹੈਂ (ਤੇ ਮੇਰੇ ਅੰਦਰ ਇਕ ਐਸਾ ਆਨੰਦ ਬਣ ਰਿਹਾ ਹੈ, ਮਾਨੋ) ਪੰਜ ਹੀ ਕਿਸਮਾਂ ਦੇ ਸਾਜ਼ (ਮੇਰੇ ਅੰਦਰ) ਇੱਕ-ਰਸ ਵੱਜ ਰਹੇ ਹਨ।
ਕਬੀਰ ਦਾਸ ਤੇਰੀ ਆਰਤੀ ਕੀਨੀ ਨਿਰੰਕਾਰ ਨਿਰਬਾਨੀ ॥੩॥੫॥
ਹੇ ਵਾਸ਼ਨਾ-ਰਹਿਤ ਨਿਰੰਕਾਰ! ਹੇ ਸਾਰਿੰਗਪਾਣ! ਮੈਂ ਤੇਰੇ ਦਾਸ ਕਬੀਰ ਨੇ ਭੀ ਤੇਰੀ (ਇਹੋ ਜਿਹੀ ਹੀ) ਆਰਤੀ ਕੀਤੀ ਹੈ ॥੩॥੫॥
ਸਲੋਕ ਭਗਤ ਕਬੀਰ ਜੀਉ ਕੇ ॥
ਭਗਤ ਕਬੀਰ ਜੀ ਦੇ ਸਲੋਕ।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਕਬੀਰ ਮੇਰੀ ਸਿਮਰਨੀ ਰਸਨਾ ਊਪਰਿ ਰਾਮੁ ॥
ਹੇ ਕਬੀਰ! ਮੇਰੀ ਜੀਭ ਉਤੇ ਰਾਮ (ਦਾ ਨਾਮ) ਵੱਸ ਰਿਹਾ ਹੈ-ਇਹੀ ਮੇਰੀ ਮਾਲਾ ਹੈ।
ਆਦਿ ਜੁਗਾਦੀ ਸਗਲ ਭਗਤ ਤਾ ਕੋ ਸੁਖੁ ਬਿਸ੍ਰਾਮੁ ॥੧॥
ਜਦ ਤੋਂ ਸ੍ਰਿਸ਼ਟੀ ਬਣੀ ਹੈ ਸਾਰੇ ਭਗਤ (ਇਹੀ ਨਾਮ ਸਿਮਰਦੇ ਆਏ ਹਨ)। ਉਸ ਦਾ ਨਾਮ (ਹੀ ਭਗਤਾਂ ਲਈ) ਸੁਖ ਅਤੇ ਸ਼ਾਂਤੀ (ਦਾ ਕਾਰਨ) ਹੈ ॥੧॥
ਕਬੀਰ ਮੇਰੀ ਜਾਤਿ ਕਉ ਸਭੁ ਕੋ ਹਸਨੇਹਾਰੁ ॥
ਹੇ ਕਬੀਰ! ਮੇਰੀ ਜਾਤਿ ਨੂੰ ਹਰੇਕ ਬੰਦਾ ਹੱਸਦਾ ਹੁੰਦਾ ਸੀ (ਭਾਵ, ਜੁਲਾਹਿਆਂ ਦੀ ਜਾਤਿ ਨੂੰ ਹਰ ਕੋਈ ਮਖ਼ੌਲ ਕਰਦਾ ਹੈ)।
ਬਲਿਹਾਰੀ ਇਸ ਜਾਤਿ ਕਉ ਜਿਹ ਜਪਿਓ ਸਿਰਜਨਹਾਰੁ ॥੨॥
ਪਰ ਹੁਣ ਮੈਂ ਇਸ ਜਾਤਿ ਤੋਂ ਸਦਕੇ ਹਾਂ ਕਿਉਂਕਿ ਇਸ ਵਿਚ ਜੰਮ ਕੇ ਮੈਂ ਕਰਤਾਰ ਦੀ ਬੰਦਗੀ ਕੀਤੀ ਹੈ (ਤੇ ਆਤਮਕ ਸੁਖ ਮਾਣ ਰਿਹਾ ਹਾਂ) ॥੨॥
ਕਬੀਰ ਡਗਮਗ ਕਿਆ ਕਰਹਿ ਕਹਾ ਡੁਲਾਵਹਿ ਜੀਉ ॥
ਹੇ ਕਬੀਰ! (ਸੁਖ ਦੀ ਖ਼ਾਤਰ ਪਰਮਾਤਮਾ ਨੂੰ ਬਿਸਾਰ ਕੇ) ਹੋਰ ਕੇਹੜੇ ਪਾਸੇ ਮਨ ਨੂੰ ਭਟਕਾ ਰਿਹਾ ਹੈਂ? (ਪਰਮਾਤਮਾ ਦੀ ਯਾਦ ਵਲੋਂ) ਕਿਉਂ ਜਕੋ-ਤਕੇ ਕਰਦਾ ਹੈਂ?
ਸਰਬ ਸੂਖ ਕੋ ਨਾਇਕੋ ਰਾਮ ਨਾਮ ਰਸੁ ਪੀਉ ॥੩॥
ਪਰਮਾਤਮਾ ਦੇ ਨਾਮ ਦਾ ਅੰਮ੍ਰਿਤ ਪੀ, ਇਹ ਨਾਮ ਹੀ ਸਾਰੇ ਸੁਖਾਂ ਦਾ ਪ੍ਰੇਰਕ ਹੈ (ਸਾਰੇ ਸੁਖ ਪਰਮਾਤਮਾ ਆਪ ਹੀ ਦੇਣ-ਜੋਗਾ ਹੈ) ॥੩॥
ਕਬੀਰ ਕੰਚਨ ਕੇ ਕੁੰਡਲ ਬਨੇ ਊਪਰਿ ਲਾਲ ਜੜਾਉ ॥
ਹੇ ਕਬੀਰ! ਜੇ ਸੋਨੇ ਦੇ ‘ਵਾਲੇ’ ਬਣੇ ਹੋਏ ਹੋਣ, ਉਹਨਾਂ ‘ਵਾਲਿਆਂ ਉਤੇ ਲਾਲ ਜੜੇ ਹੋਣ, (ਤੇ ਇਹ ‘ਵਾਲੇ’ ਲੋਕਾਂ ਦੇ ਕੰਨਾਂ ਵਿਚ ਪਾਏ ਹੋਣ);
ਦੀਸਹਿ ਦਾਧੇ ਕਾਨ ਜਿਉ ਜਿਨੑ ਮਨਿ ਨਾਹੀ ਨਾਉ ॥੪॥
ਪਰ ਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਨਹੀਂ ਵੱਸਦਾ, ਉਹਨਾਂ ਦੇ ਇਹ ਕੁੰਡਲ ਸੜੇ ਹੋਏ ਕਾਨਿਆਂ ਵਾਂਗ ਦਿੱਸਦੇ ਹਨ (ਜੋ ਬਾਹਰੋਂ ਤਾਂ ਲਿਸ਼ਕਦੇ ਹਨ, ਪਰ ਅੰਦਰੋਂ ਸੁਆਹ ਹੁੰਦੇ ਹਨ) ॥੪॥
ਕਬੀਰ ਐਸਾ ਏਕੁ ਆਧੁ ਜੋ ਜੀਵਤ ਮਿਰਤਕੁ ਹੋਇ ॥
ਹੇ ਕਬੀਰ! ਅਜੇਹਾ ਕੋਈ ਵਿਰਲਾ ਹੀ ਮਨੁੱਖ ਹੁੰਦਾ ਹੈ, ਜੋ ਦੁਨੀਆਵੀ ਸੁਖਾਂ ਵਲੋਂ ਬੇ-ਪਰਵਾਹ ਰਹੇ, ਸੁਖ ਮਿਲੇ ਚਾਹੇ ਦੁੱਖ ਆਵੇ-
ਨਿਰਭੈ ਹੋਇ ਕੈ ਗੁਨ ਰਵੈ ਜਤ ਪੇਖਉ ਤਤ ਸੋਇ ॥੫॥
ਇਸ ਗੱਲ ਦੀ ਪਰਵਾਹ ਨਾ ਕਰਦਾ ਹੋਇਆ ਉਸ ਪਰਮਾਤਮਾ ਦੇ ਗੁਣ ਗਾਏ ਜਿਸ ਨੂੰ ਮੈਂ ਜਿਧਰ ਵੇਖਦਾ ਹਾਂ ਉਧਰ ਹੀ ਮੌਜੂਦ ਹੈ ॥੫॥
ਕਬੀਰ ਜਾ ਦਿਨ ਹਉ ਮੂਆ ਪਾਛੈ ਭਇਆ ਅਨੰਦੁ ॥
ਹੇ ਕਬੀਰ! (ਪ੍ਰਭੂ ਦੇ ਗੁਣ ਚੇਤੇ ਕਰ ਕੇ) ਜਦੋਂ ਮੇਰਾ ‘ਮੈਂ, ਮੈਂ’ ਕਰਨ ਵਾਲਾ ਸੁਭਾਉ ਮੁੱਕ ਗਿਆ, ਤਦੋਂ ਮੇਰੇ ਅੰਦਰ ਸੁਖ ਬਣ ਗਿਆ।
ਮੋਹਿ ਮਿਲਿਓ ਪ੍ਰਭੁ ਆਪਨਾ ਸੰਗੀ ਭਜਹਿ ਗੁੋਬਿੰਦੁ ॥੬॥
(ਨਿਰਾ ਸੁਖ ਹੀ ਨਾਹ ਬਣਿਆ) ਮੈਨੂੰ ਮੇਰਾ ਪਿਆਰਾ ਰੱਬ ਮਿਲ ਪਿਆ, ਤੇ ਹੁਣ ਮੇਰੇ ਸਾਥੀ ਗਿਆਨ-ਇੰਦ੍ਰੇ ਭੀ ਪਰਮਾਤਮਾ ਨੂੰ ਹੀ ਯਾਦ ਕਰਦੇ ਹਨ (ਗਿਆਨ-ਇੰਦ੍ਰਿਆਂ ਦੀ ਰੁਚੀ ਰੱਬ ਵਾਲੇ ਪਾਸੇ ਹੋ ਗਈ ਹੈ) ॥੬॥
ਕਬੀਰ ਸਭ ਤੇ ਹਮ ਬੁਰੇ ਹਮ ਤਜਿ ਭਲੋ ਸਭੁ ਕੋਇ ॥
ਹੇ ਕਬੀਰ! (ਹਰਿ-ਨਾਮ ਸਿਮਰ ਕੇ ਹੁਣ ਜਦੋਂ ਮੇਰਾ ‘ਮੈਂ, ਮੈਂ’ ਕਰਨ ਵਾਲਾ ਸੁਭਾਉ ਹਟ ਗਿਆ ਹੈ, ਮੈਨੂੰ ਇਉਂ ਜਾਪਦਾ ਹੈ ਕਿ) ਮੈਂ ਸਭ ਨਾਲੋਂ ਮਾੜਾ ਹਾਂ, ਹਰੇਕ ਜੀਵ ਮੈਥੋਂ ਚੰਗਾ ਹੈ;
ਜਿਨਿ ਐਸਾ ਕਰਿ ਬੂਝਿਆ ਮੀਤੁ ਹਮਾਰਾ ਸੋਇ ॥੭॥
(ਨਿਰਾ ਇਹੀ ਨਹੀਂ) ਜਿਸ ਜਿਸ ਭੀ ਮਨੁੱਖ ਨੇ ਇਸੇ ਤਰ੍ਹਾਂ ਦੀ ਸੂਝ ਪ੍ਰਾਪਤ ਕਰ ਲਈ ਹੈ, ਉਹ ਭੀ ਮੈਨੂੰ ਆਪਣਾ ਮਿਤ੍ਰ ਮਲੂਮ ਹੁੰਦਾ ਹੈ ॥੭॥
ਕਬੀਰ ਆਈ ਮੁਝਹਿ ਪਹਿ ਅਨਿਕ ਕਰੇ ਕਰਿ ਭੇਸ ॥
ਹੇ ਕਬੀਰ! (ਇਹ ਹਉਮੈ ਜਿਵੇਂ ਹੋਰਨਾਂ ਨੂੰ ਭਰਮਾਣ ਆਉਂਦੀ ਹੈ ਤਿਵੇਂ) ਮੇਰੇ ਕੋਲ ਭੀ ਕਈ ਸ਼ਕਲਾਂ ਵਿਚ ਆਈ।
ਹਮ ਰਾਖੇ ਗੁਰ ਆਪਨੇ ਉਨਿ ਕੀਨੋ ਆਦੇਸੁ ॥੮॥
ਪਰ ਮੈਨੂੰ ਪਿਆਰੇ ਸਤਿਗੁਰੂ ਨੇ (ਇਸ ਤੋਂ) ਬਚਾ ਲਿਆ, ਉਸ ਹਉਮੈ ਨੇ ਨਮਸਕਾਰ ਕੀਤੀ (ਉਹ ਹਉਮੈ ਬਦਲ ਕੇ ਨਿਮ੍ਰਤਾ ਬਣ ਗਈ) ॥੮॥
ਕਬੀਰ ਸੋਈ ਮਾਰੀਐ ਜਿਹ ਮੂਐ ਸੁਖੁ ਹੋਇ ॥
ਹੇ ਕਬੀਰ! ਇਸ ਹਉਮੈ ਨੂੰ ਹੀ ਮਾਰਨਾ ਚਾਹੀਦਾ ਹੈ, ਜਿਸ ਦੇ ਮਰਿਆਂ ਸੁਖ ਹੁੰਦਾ ਹੈ।
ਭਲੋ ਭਲੋ ਸਭੁ ਕੋ ਕਹੈ ਬੁਰੋ ਨ ਮਾਨੈ ਕੋਇ ॥੯॥
ਹਉਮੈ ਦੇ ਤਿਆਗ ਨੂੰ ਹਰੇਕ ਮਨੁੱਖ ਸਲਾਹੁੰਦਾ ਹੈ, ਕੋਈ ਮਨੁੱਖ ਇਸ ਕੰਮ ਨੂੰ ਮਾੜਾ ਨਹੀਂ ਆਖਦਾ ॥੯॥
ਕਬੀਰ ਰਾਤੀ ਹੋਵਹਿ ਕਾਰੀਆ ਕਾਰੇ ਊਭੇ ਜੰਤ ॥
ਹੇ ਕਬੀਰ! ਜਦੋਂ ਰਾਤਾਂ ਹਨ੍ਹੇਰੀਆਂ ਹੁੰਦੀਆਂ ਹਨ, ਤਾਂ ਚੋਰ ਆਦਿਕ ਕਾਲੇ ਦਿਲਾਂ ਵਾਲੇ ਬੰਦੇ (ਆਪਣੇ ਘਰਾਂ ਤੋਂ) ਉੱਠ ਖਲੋਂਦੇ ਹਨ,
ਲੈ ਫਾਹੇ ਉਠਿ ਧਾਵਤੇ ਸਿ ਜਾਨਿ ਮਾਰੇ ਭਗਵੰਤ ॥੧੦॥
ਫਾਹੇ ਲੈ ਕੇ (ਦੂਜਿਆਂ ਦੇ ਘਰ ਲੁੱਟਣ ਲਈ) ਤੁਰ ਪੈਂਦੇ ਹਨ, ਪਰ ਯਕੀਨ ਜਾਣੋ ਅਜੇਹੇ ਬੰਦੇ ਰੱਬ ਵਲੋਂ ਮਾਰੇ ਹੋਏ ਹਨ ॥੧੦॥
ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿੑਓ ਢਾਕ ਪਲਾਸ ॥
ਹੇ ਕਬੀਰ! ਚੰਦਨ ਦਾ ਨਿੱਕਾ ਜਿਹਾ ਭੀ ਬੂਟਾ ਚੰਗਾ ਜਾਣੋ, ਭਾਵੇਂ ਉਹ ਢਾਕ ਪਲਾਹ ਆਦਿਕ ਵਰਗੇ ਰੁੱਖਾਂ ਨਾਲ ਘਿਰਿਆ ਹੋਇਆ ਹੋਵੇ।
ਓਇ ਭੀ ਚੰਦਨੁ ਹੋਇ ਰਹੇ ਬਸੇ ਜੁ ਚੰਦਨ ਪਾਸਿ ॥੧੧॥
ਉਹ (ਢਾਕ ਪਲਾਹ ਵਰਗੇ ਨਿਕੰਮੇ ਰੁੱਖ) ਭੀ, ਜੋ ਚੰਦਨ ਦੇ ਨੇੜੇ ਉੱਗੇ ਹੋਏ ਹੁੰਦੇ ਹਨ, ਚੰਦਨ ਹੀ ਹੋ ਜਾਂਦੇ ਹਨ ॥੧੧॥
ਬੀਰ ਬਾਂਸੁ ਬਡਾਈ ਬੂਡਿਆ ਇਉ ਮਤ ਡੂਬਹੁ ਕੋਇ ॥
ਹੇ ਕਬੀਰ! ਬਾਂਸ ਦਾ ਬੂਟਾ (ਉੱਚਾ ਲੰਮਾ ਹੋਣ ਦੇ) ਮਾਣ ਵਿਚ ਡੁੱਬਿਆ ਹੋਇਆ ਹੈ; ਤੁਸੀਂ ਕੋਈ ਧਿਰ ਬਾਂਸ ਵਾਂਗ (ਹਉਮੈ ਵਿਚ) ਨਾਹ ਡੁੱਬ ਜਾਇਓ, ਕਿਉਂਕਿ,
ਚੰਦਨ ਕੈ ਨਿਕਟੇ ਬਸੈ ਬਾਂਸੁ ਸੁਗੰਧੁ ਨ ਹੋਇ ॥੧੨॥
ਬਾਂਸ ਭਾਵੇਂ ਚੰਦਨ ਦੇ ਨੇੜੇ ਭੀ ਉੱਗਾ ਹੋਇਆ ਹੋਵੇ, ਉਸ ਵਿਚ ਚੰਦਨ ਵਾਲੀ ਸੁਗੰਧੀ ਨਹੀਂ ਆਉਂਦੀ ॥੧੨॥
ਕਬੀਰ ਦੀਨੁ ਗਵਾਇਆ ਦੁਨੀ ਸਿਉ ਦੁਨੀ ਨ ਚਾਲੀ ਸਾਥਿ ॥
ਹੇ ਕਬੀਰ! ਗ਼ਾਫ਼ਲ ਮਨੁੱਖ ਨੇ ‘ਦੁਨੀਆ’ (ਦੇ ਧਨ-ਪਦਾਰਥ) ਦੀ ਖ਼ਾਤਰ ‘ਦੀਨ’ ਗਵਾ ਲਿਆ, (ਅਖ਼ੀਰ ਵੇਲੇ ਇਹ) ਦੁਨੀਆ ਭੀ ਮਨੁੱਖ ਦੇ ਨਾਲ ਨਾਹ ਤੁਰੀ।
ਪਾਇ ਕੁਹਾੜਾ ਮਾਰਿਆ ਗਾਫਲਿ ਅਪੁਨੈ ਹਾਥਿ ॥੧੩॥
(ਸੋ) ਲਾ-ਪਰਵਾਹ ਬੰਦੇ ਨੇ ਆਪਣੇ ਪੈਰ ਉਤੇ ਆਪਣੇ ਹੀ ਹੱਥ ਨਾਲ ਕੁਹਾੜਾ ਮਾਰ ਲਿਆ (ਭਾਵ, ਆਪਣਾ ਨੁਕਸਾਨ ਆਪ ਹੀ ਕਰ ਲਿਆ) ॥੧੩॥
ਕਬੀਰ ਜਹ ਜਹ ਹਉ ਫਿਰਿਓ ਕਉਤਕ ਠਾਓ ਠਾਇ ॥
ਹੇ ਕਬੀਰ! ਮੈਂ ਜਿਥੇ ਜਿਥੇ ਗਿਆ ਹਾਂ, ਥਾਂ ਥਾਂ ‘ਦੁਨੀਆ’ ਵਾਲੇ ਰੰਗ-ਤਮਾਸ਼ੇ ਹੀ (ਵੇਖੇ ਹਨ);
ਇਕ ਰਾਮ ਸਨੇਹੀ ਬਾਹਰਾ ਊਜਰੁ ਮੇਰੈ ਭਾਂਇ ॥੧੪॥
ਪਰ ਮੇਰੇ ਭਾ ਦਾ ਉਹ ਥਾਂ ਉਜਾੜ ਹੈ ਜਿਥੇ ਪਰਮਾਤਮਾ ਨਾਲ ਪਿਆਰ ਕਰਨ ਵਾਲਾ (ਸੰਤ) ਕੋਈ ਨਹੀਂ (ਕਿਉਂਕਿ ਉਥੇ ‘ਦੁਨੀਆ’ ਹੀ ‘ਦੁਨੀਆ’ ਵੇਖੀ ਹੈ ‘ਦੀਨ’ ਦਾ ਨਾਮ-ਨਿਸ਼ਾਨ ਨਹੀਂ) ॥੧੪॥
ਕਬੀਰ ਸੰਤਨ ਕੀ ਝੁੰਗੀਆ ਭਲੀ ਭਠਿ ਕੁਸਤੀ ਗਾਉ ॥
ਹੇ ਕਬੀਰ! ਸੰਤਾਂ ਦੀ ਭੈੜੀ ਜਿਹੀ ਕੁੱਲੀ ਭੀ (ਮੈਨੂੰ) ਸੋਹਣੀ (ਲੱਗਦੀ) ਹੈ, (ਉਥੇ ‘ਦੀਨ’ ਵਿਹਾਝੀਦਾ ਹੈ) ਪਰ ਖੋਟੇ ਮਨੁੱਖ ਦਾ ਪਿੰਡ (ਸੜਦੀ) ਭੱਠੀ ਵਰਗਾ (ਜਾਣੋ) (ਉਥੇ ਹਰ ਵੇਲੇ ‘ਦੁਨੀਆ’ ਦੀ ਤ੍ਰਿਸ਼ਨਾ ਦੀ ਅੱਗ ਬਲ ਰਹੀ ਹੈ)।
ਆਗਿ ਲਗਉ ਤਿਹ ਧਉਲਹਰ ਜਿਹ ਨਾਹੀ ਹਰਿ ਕੋ ਨਾਉ ॥੧੫॥
ਜਿਸ ਮਹਲ-ਮਾੜੀ ਵਿਚ ਪਰਮਾਤਮਾ ਦਾ ਨਾਮ ਨਹੀਂ ਸਿਮਰੀਦਾ, ਉਸ ਨੂੰ ਪਈ ਅੱਗ ਲੱਗੇ (ਮੈਨੂੰ ਅਜੇਹੇ ਮਹਲ-ਮਾੜੀਆਂ ਦੀ ਲੋੜ ਨਹੀਂ) ॥੧੫॥
ਕਬੀਰ ਸੰਤ ਮੂਏ ਕਿਆ ਰੋਈਐ ਜੋ ਅਪੁਨੇ ਗ੍ਰਿਹਿ ਜਾਇ ॥
ਹੇ ਕਬੀਰ! ਕਿਸੇ ਸੰਤ ਦੇ ਮਰਨ ਤੇ ਅਫ਼ਸੋਸ ਕਰਨ ਦੀ ਲੋੜ ਨਹੀਂ, ਕਿਉਂਕਿ ਉਹ ਸੰਤ ਤਾਂ ਉਸ ਘਰ ਵਿਚ ਜਾਂਦਾ ਹੈ ਜਿਥੋਂ ਉਸ ਨੂੰ ਕੋਈ ਕੱਢੇਗਾ ਨਹੀਂ (ਭਾਵ, ਉਹ ਸੰਤ ‘ਦੀਨ’ ਦਾ ਵਪਾਰੀ ਹੋਣ ਕਰਕੇ ਪ੍ਰਭੂ-ਚਰਨਾਂ ਵਿਚ ਜਾ ਅੱਪੜਦਾ ਹੈ);
ਰੋਵਹੁ ਸਾਕਤ ਬਾਪੁਰੇ ਜੁ ਹਾਟੈ ਹਾਟ ਬਿਕਾਇ ॥੧੬॥
(ਜੇ ਅਫ਼ਸੋਸ ਕਰਨਾ ਹੈ ਤਾਂ) ਉਸ ਮੰਦ-ਭਾਗੀ (ਦੇ ਮਰਨ) ਤੇ ਅਫ਼ਸੋਸ ਕਰੋ ਜੋ ਪ੍ਰਭੂ-ਚਰਨਾਂ ਤੋਂ ਵਿਛੁੜਿਆ ਹੋਇਆ ਹੈ, (ਉਹ ਆਪਣੇ ਕੀਤੇ ਮੰਦ-ਕਰਮਾਂ ਦੇ ਵੱਟੇ) ਹਰੇਕ ਹੱਟੀ ਤੇ ਵਿਕਦਾ ਹੈ (ਭਾਵ, ਸਾਰੀ ‘ਦੁਨੀਆ’ ਦੀ ਖ਼ਾਤਰ ਭਟਕਣ ਕਰਕੇ ਹੁਣ ਕਈ ਜੂਨਾਂ ਵਿਚ ਭਟਕਦਾ ਹੈ) ॥੧੬॥
ਕਬੀਰ ਸਾਕਤੁ ਐਸਾ ਹੈ ਜੈਸੀ ਲਸਨ ਕੀ ਖਾਨਿ ॥
ਹੇ ਕਬੀਰ! ਜੋ ਮਨੁੱਖ ਰੱਬ ਨਾਲੋਂ ਟੁੱਟਾ ਹੋਇਆ ਹੈ (ਜੋ ‘ਦੁਨੀਆ’ ਦੀ ਖ਼ਾਤਰ ‘ਦੀਨ’ ਨੂੰ ਗਵਾਈ ਜਾ ਰਿਹਾ ਹੈ) ਉਸ ਨੂੰ ਇਉਂ ਸਮਝੋ ਜਿਵੇਂ ਥੋਮ ਦੀ ਭਰੀ ਹੋਈ ਕੋਠੜੀ ਹੈ।
ਕੋਨੇ ਬੈਠੇ ਖਾਈਐ ਪਰਗਟ ਹੋਇ ਨਿਦਾਨਿ ॥੧੭॥
ਥੋਮ ਨੂੰ ਕਿਤੇ ਲੁਕਵੇਂ ਥਾਂ ਭੀ ਬਹਿ ਕੇ ਖਾ ਲਈਏ, ਤਾਂ ਭੀ ਉਹ ਜ਼ਰੂਰ (ਆਪਣੀ ਬੋ ਤੋਂ) ਉੱਘੜ ਪੈਂਦਾ ਹੈ (ਸਾਕਤ ਦੇ ਅੰਦਰੋਂ ਭੀ ਜਦੋਂ ਨਿਕਲਣਗੇ ਮੰਦੇ ਬਚਨ ਹੀ ਨਿਕਲਣਗੇ) ॥੧੭॥
ਕਬੀਰ ਮਾਇਆ ਡੋਲਨੀ ਪਵਨੁ ਝਕੋਲਨਹਾਰੁ ॥
ਹੇ ਕਬੀਰ! ਇਸ ‘ਦੁਨੀਆ’ (‘ਮਾਇਆ’) ਨੂੰ ਦੁੱਧ ਦੀ ਭਰੀ ਚਾਟੀ ਸਮਝੋ, (ਹਰੇਕ ਜੀਵ ਦਾ) ਸੁਆਸ ਸੁਆਸ (ਉਸ ਚਾਟੀ ਨੂੰ ਰਿੜਕਣ ਲਈ) ਮਧਾਣੀ ਮਿਥ ਲਵੋ।
ਸੰਤਹੁ ਮਾਖਨੁ ਖਾਇਆ ਛਾਛਿ ਪੀਐ ਸੰਸਾਰੁ ॥੧੮॥
(ਜਿਨ੍ਹਾਂ ਨੂੰ ਇਹ ਦੁੱਧ ਰਿੜਕਣ ਦੀ ਜਾਚ ਆ ਗਈ, ਜਿਨ੍ਹਾਂ ਪਰਮਾਤਮਾ ਦਾ ਸਿਮਰਨ ਕਰਦਿਆਂ ਇਸ ਮਾਇਆ ਨੂੰ ਵਰਤਿਆ, ਜਿਨ੍ਹਾਂ ਨੇ ‘ਦੁਨੀਆ’ ਨੂੰ ਵਣ-ਜਿਆ ਪਰ ‘ਦੀਨ’ ਭੀ ਗੁਆਚਨ ਨਾਹ ਦਿੱਤਾ) ਉਹਨਾਂ ਸੰਤ ਜਨਾਂ ਨੇ (ਇਸ ਰੇੜਕੇ ਵਿਚੋਂ) ਮੱਖਣ (ਹਾਸਲ ਕੀਤਾ ਤੇ) ਖਾਧਾ (ਭਾਵ; ਮਨੁੱਖਾ ਜਨਮ ਦਾ ਅਸਲ ਮਨੋਰਥ ਹਾਸਲ ਕੀਤਾ, ਜਿਵੇਂ ਦੁੱਧ ਨੂੰ ਰਿੜਕਣ ਦਾ ਮਨੋਰਥ ਹੈ ਮੱਖਣ ਕੱਢਣਾ); ਪਰ ਨਿਰੀ ‘ਦੁਨੀਆ’ ਦਾ ਵਪਾਰੀ (ਮਾਨੋ,) ਲੱਸੀ ਹੀ ਪੀ ਰਿਹਾ ਹੈ (ਮਨੁੱਖਾ ਜਨਮ ਦਾ ਅਸਲੀ ਮਨੋਰਥ ਨਹੀਂ ਪਾ ਸਕਿਆ) ॥੧੮॥
ਕਬੀਰ ਮਾਇਆ ਡੋਲਨੀ ਪਵਨੁ ਵਹੈ ਹਿਵ ਧਾਰ ॥
ਹੇ ਕਬੀਰ! ਇਹ ‘ਦੁਨੀਆ’ (ਮਾਇਆ’) ਮਾਨੋ, ਦੁੱਧ ਦੀ ਚਾਟੀ ਹੈ, (ਇਸ ਚਾਟੀ ਵਿਚ ਨਾਮ ਦੀ) ਠੰਢਕ ਵਾਲੇ ਸੁਆਸ, ਮਾਨੋ, ਮਧਾਣੀ ਹਿਲਾਈ ਜਾ ਰਹੀ ਹੈ।
ਜਿਨਿ ਬਿਲੋਇਆ ਤਿਨਿ ਖਾਇਆ ਅਵਰ ਬਿਲੋਵਨਹਾਰ ॥੧੯॥
ਜਿਸ (ਭਾਗਾਂ ਵਾਲੇ ਮਨੁੱਖ) ਨੇ (ਇਸ ਮਧਾਣੀ ਨਾਲ ਦੁੱਧ) ਰਿੜਕਿਆ ਹੈ ਉਸ ਨੇ (ਮੱਖਣ) ਖਾਧਾ ਹੈ, ਬਾਕੀ ਦੇ ਹੋਰ ਲੋਕ ਨਿਰਾ ਰਿੜਕ ਹੀ ਰਹੇ ਹਨ (ਉਹਨਾਂ ਨੂੰ ਮੱਖਣ ਖਾਣ ਨੂੰ ਨਹੀਂ ਮਿਲਦਾ) (ਭਾਵ, ਜੋ ਲੋਕ ਨਿਰਬਾਹ-ਮਾਤ੍ਰ ਮਾਇਆ ਨੂੰ ਵਰਤਦੇ ਹਨ, ਤੇ ਨਾਲ ਨਾਲ ਸੁਆਸ ਸੁਆਸ ਪਰਮਾਤਮਾ ਨੂੰ ਯਾਦ ਰੱਖਦੇ ਹਨ, ਉਹਨਾਂ ਦਾ ਜੀਵਨ ਸ਼ਾਂਤੀ-ਭਰਿਆ ਹੁੰਦਾ ਹੈ, ਮਨੁੱਖਾ ਜਨਮ ਦਾ ਅਸਲ ਮਨੋਰਥ ਉਹ ਪ੍ਰਾਪਤ ਕਰ ਲੈਂਦੇ ਹਨ। ਪਰ ਜੋ ਲੋਕ ‘ਦੀਨ’ ਵਿਸਾਰ ਕੇ ਨਿਰੀ ‘ਦੁਨੀਆ’ ਪਿੱਛੇ ਦੌੜ-ਭੱਜ ਕਰਦੇ ਹਨ, ਉਹ ਖ਼ੁਆਰ ਹੁੰਦੇ ਹਨ, ਤੇ ਜੀਵਨ ਅਜਾਈਂ ਗੰਵਾ ਜਾਂਦੇ ਹਨ) ॥੧੯॥
ਕਬੀਰ ਮਾਇਆ ਚੋਰਟੀ ਮੁਸਿ ਮੁਸਿ ਲਾਵੈ ਹਾਟਿ ॥
ਹੇ ਕਬੀਰ! ਇਹ ਦੁਨੀਆ, ਇਹ ਮਾਇਆ, ਮੋਮੋ-ਠੱਗਣੀ ਹੈ (ਜੋ ਲੋਕ ‘ਦੀਨ’ ਵਿਸਾਰ ਕੇ ਨਿਰੀ ‘ਦੁਨੀਆ’ ਦੀ ਖ਼ਾਤਰ ਭਟਕ ਰਹੇ ਹਨ, ਉਹਨਾਂ ਨੂੰ) ਠੱਗ ਠੱਗ ਕੇ ਇਹ ਮਾਇਆ ਆਪਣੀ ਹੱਟੀ (ਹੋਰ ਹੋਰ) ਸਜਾਂਦੀ ਹੈ।
ਏਕੁ ਕਬੀਰਾ ਨਾ ਮੁਸੈ ਜਿਨਿ ਕੀਨੀ ਬਾਰਹ ਬਾਟ ॥੨੦॥
ਹੇ ਕਬੀਰ! ਸਿਰਫ਼ ਉਹ ਮਨੁੱਖ ਇਸ ਦੀ ਠੱਗੀ ਤੋਂ ਬਚਿਆ ਰਹਿੰਦਾ ਹੈ ਜਿਸ ਨੇ ਇਸ ਮਾਇਆ ਦੀਆਂ ਬਾਰਾਂ ਵੰਡੀਆਂ ਕਰ ਦਿੱਤੀਆਂ ਹਨ (ਜਿਸ ਨੇ ਇਸ ਦੀ ਠੱਗੀ ਨੂੰ ਭੰਨ ਕੇ ਰੱਖ ਦਿੱਤਾ ਹੈ) ॥੨੦॥
ਕਬੀਰ ਸੂਖੁ ਨ ਏਂਹ ਜੁਗਿ ਕਰਹਿ ਜੁ ਬਹੁਤੈ ਮੀਤ ॥
ਹੇ ਕਬੀਰ! (‘ਦੀਨ’ ਵਿਸਾਰ ਕੇ, ਪਰਮਾਤਮਾ ਨੂੰ ਭੁਲਾ ਕੇ ਤੂੰ ਜੋ ਪੁਤ੍ਰ ਇਸਤ੍ਰੀ ਧਨ ਮਿਲਖ ਆਦਿਕ) ਕਈ ਮਿਤ੍ਰ ਬਣਾ ਰਿਹਾ ਹੈਂ, ਇਸ ਮਨੁੱਖਾ ਜਨਮ ਵਿਚ (ਇਹਨਾਂ ਮਿਤ੍ਰਾਂ ਤੋਂ) ਸੁਖ ਨਹੀਂ ਮਿਲੇਗਾ।
ਜੋ ਚਿਤੁ ਰਾਖਹਿ ਏਕ ਸਿਉ ਤੇ ਸੁਖੁ ਪਾਵਹਿ ਨੀਤ ॥੨੧॥
ਸਿਰਫ਼ ਉਹ ਮਨੁੱਖ ਸਦਾ ਸੁਖ ਮਾਣਦੇ ਹਨ ਜੋ (‘ਦੁਨੀਆ’ ਵਿਚ ਵਰਤਦੇ ਹੋਏ ਭੀ) ਇੱਕ ਪਰਮਾਤਮਾ ਨਾਲ ਆਪਣਾ ਮਨ ਜੋੜ ਰੱਖਦੇ ਹਨ ॥੨੧॥
ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ ॥
(‘ਦੁਨੀਆ’ ਦੀ ਖ਼ਾਤਰ ‘ਦੀਨ’ ਨੂੰ ਵਿਸਾਰ ਕੇ ਮਨੁੱਖ ਧਨ-ਪਦਾਰਥ ਪੁਤ੍ਰ ਇਸਤ੍ਰੀ ਆਦਿਕ ਕਈ ਮਿਤ੍ਰ ਬਣਾਂਦਾ ਹੈ, ਅਤੇ ਇਹਨਾਂ ਤੋਂ ਸੁਖ ਦੀ ਆਸ ਰੱਖਦਾ ਹੈ, ਇਸ ਆਸ ਦੇ ਕਾਰਨ ਹੀ ਇਹਨਾਂ ਨਾਲੋਂ ਮੋਹ ਤੋੜ ਨਹੀਂ ਸਕਦਾ; ਪਰ) ਹੇ ਕਬੀਰ! ਜਿਸ (ਮੋਹ ਦੇ ਤਿਆਗ-ਰੂਪ) ਮੌਤ ਤੋਂ ਜਗਤ ਝੱਕਦਾ ਹੈ, ਉਸ ਨਾਲ ਮੇਰੇ ਮਨ ਵਿਚ ਖ਼ੁਸ਼ੀ ਪੈਦਾ ਹੁੰਦੀ ਹੈ;
ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ ॥੨੨॥
‘ਦੁਨੀਆ’ ਦੇ ਇਸ ਮੋਹ ਵਲੋਂ ਮਰਿਆਂ ਹੀ ਉਹ ਪਰਮਾਤਮਾ ਮਿਲਦਾ ਹੈ ਜੋ ਮੁਕੰਮਲ ਤੌਰ ਤੇ ਆਨੰਦ ਸਰੂਪ ਹੈ ॥੨੨॥
ਰਾਮ ਪਦਾਰਥੁ ਪਾਇ ਕੈ ਕਬੀਰਾ ਗਾਂਠਿ ਨ ਖੋਲੑ ॥
(ਜਿਧਰ ਤੱਕੋ, ‘ਦੁਨੀਆ’ ਦੀ ਖ਼ਾਤਰ ਹੀ ਦੌੜ-ਭੱਜ ਹੈ; ਸੋ) ਹੇ ਕਬੀਰ! (ਚੰਗੇ ਭਾਗਾਂ ਨਾਲ) ਜੇ ਤੈਨੂੰ ਪਰਮਾਤਮਾ ਦੇ ਨਾਮ ਦੀ ਸੋਹਣੀ ਵਸਤ ਮਿਲ ਗਈ ਹੈ ਤਾਂ ਇਹ ਗਠੜੀ ਹੋਰਨਾਂ ਅੱਗੇ ਨਾਹ ਖੋਲ੍ਹਦਾ ਫਿਰ।
ਨਹੀ ਪਟਣੁ ਨਹੀ ਪਾਰਖੂ ਨਹੀ ਗਾਹਕੁ ਨਹੀ ਮੋਲੁ ॥੨੩॥
(ਜਗਤ ‘ਦੁਨੀਆ’ ਵਿਚ ਇਤਨਾ ਮਸਤ ਹੈ ਕਿ ਨਾਮ-ਪਦਾਰਥ ਦੇ ਖ਼ਰੀਦਣ ਲਈ) ਨਾਹ ਕੋਈ ਮੰਡੀ ਹੈ ਨਾ ਕੋਈ ਇਸ ਵਸਤ ਦੀ ਕਦਰ ਕਰਨ ਵਾਲਾ ਹੈ, ਨਾਹ ਇਹ ਕੋਈ ਵਸਤ ਖ਼ਰੀਦਣੀ ਚਾਹੁੰਦਾ ਹੈ, ਤੇ ਨਾਹ ਕੋਈ ਇਤਨੀ ਕੀਮਤ ਹੀ ਦੇਣ ਨੂੰ ਤਿਆਰ ਹੈ (ਕਿ ‘ਦੁਨੀਆ’ ਨਾਲੋਂ ਪ੍ਰੀਤ ਤੋੜੇ) ॥੨੩॥
ਕਬੀਰ ਤਾ ਸਿਉ ਪ੍ਰੀਤਿ ਕਰਿ ਜਾ ਕੋ ਠਾਕੁਰੁ ਰਾਮੁ ॥
ਹੇ ਕਬੀਰ! ਉਸ (ਸਤਸੰਗੀ) ਨਾਲ ਸਾਂਝ ਬਣਾ ਜਿਸ ਦਾ (ਆਸਰਾ-ਪਰਨਾ) ਉਹ ਪਰਮਾਤਮਾ ਹੈ ਜੋ ਸਭ ਦਾ ਪਾਲਕ ਹੈ, (‘ਰਾਮ ਪਦਾਰਥ’ ਦੇ ਵਣਜਾਰਿਆਂ ਨਾਲ ਬਣੀ ਹੋਈ ਪ੍ਰੀਤ ਤੋੜ ਨਿਭ ਸਕਦੀ ਹੈ,
ਪੰਡਿਤ ਰਾਜੇ ਭੂਪਤੀ ਆਵਹਿ ਕਉਨੇ ਕਾਮ ॥੨੪॥
ਪਰ ਜਿਨ੍ਹਾਂ ਨੂੰ ਵਿਦਿਆ ਰਾਜ ਭੁਇਂ ਆਦਿਕ ਦਾ ਮਾਣ ਹੈ, ਜੋ ‘ਦੁਨੀਆ’ ਦੇ ਵਪਾਰੀ ਹਨ ਉਹ) ਪੰਡਿਤ ਹੋਣ ਚਾਹੇ ਰਾਜੇ ਹੋਣ ਚਾਹੇ ਬੜੀ ਭੁਇਂ ਦੇ ਮਾਲਕ ਹੋਣ ਕਿਸੇ ਕੰਮ ਨਹੀਂ ਆਉਂਦੇ ॥੨੪॥
ਕਬੀਰ ਪ੍ਰੀਤਿ ਇਕ ਸਿਉ ਕੀਏ ਆਨ ਦੁਬਿਧਾ ਜਾਇ ॥
ਹੇ ਕਬੀਰ! (‘ਦੁਨੀਆ’ ਵਾਲਾ) ਹੋਰ ਹੋਰ ਸਹਿਮ ਤਦੋਂ ਹੀ ਦੂਰ ਹੁੰਦਾ ਹੈ ਜੇ ਇੱਕ ਪਰਮਾਤਮਾ ਨਾਲ ਪਿਆਰ ਪਾਇਆ ਜਾਏ।
ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰਿ ਮੁਡਾਇ ॥੨੫॥
(ਜਦ ਤਕ ਪ੍ਰਭੂ ਨਾਲ ਪ੍ਰੀਤ ਨਹੀਂ ਜੋੜੀ ਜਾਂਦੀ, ‘ਦੁਨੀਆ’ ਵਾਲੀ ‘ਦੁਬਿਧਾ’ ਮਿਟ ਨਹੀਂ ਸਕਦੀ) ਚਾਹੇ (ਸੁਆਹ ਮਲ ਕੇ) ਲੰਮੀਆਂ ਜਟਾਂ ਰਖ ਲੈ, ਚਾਹੇ ਉੱਕਾ ਹੀ ਸਿਰ ਰੋਡ-ਮੋਡ ਕਰ ਲੈ (ਅਤੇ ਜੰਗਲਾਂ ਜਾਂ ਤੀਰਥਾਂ ਤੇ ਜਾ ਕੇ ਡੇਰਾ ਲਾ ਲੈ) ॥੨੫॥
ਕਬੀਰ ਜਗੁ ਕਾਜਲ ਕੀ ਕੋਠਰੀ ਅੰਧ ਪਰੇ ਤਿਸ ਮਾਹਿ ॥
ਹੇ ਕਬੀਰ! ‘ਦੁਨੀਆ’ ਦਾ ਮੋਹ, ਮਾਨੋ, ਇਕ ਐਸੀ ਕੋਠੜੀ ਹੈ ਜੋ ਕਾਲਖ ਨਾਲ ਭਰੀ ਹੋਈ ਹੈ; ਇਸ ਵਿਚ ਉਹ ਬੰਦੇ ਡਿੱਗੇ ਪਏ ਹਨ ਜਿਨ੍ਹਾਂ ਦੀਆਂ ਅੱਖਾਂ ਬੰਦ ਹਨ (ਜਿਨ੍ਹਾਂ ਨੂੰ ‘ਦੀਨ’ ਦੀ ਸੂਝ ਨਹੀਂ ਆਈ, ਚਾਹੇ ਉਹ ਪੰਡਿਤ ਰਾਜੇ ਭੂਪਤੀ ਹਨ, ਚਾਹੇ ਜਟਾਧਾਰੀ ਸੰਨਿਆਸੀ ਆਦਿਕ ਤਿਆਗੀ ਹਨ)।
ਹਉ ਬਲਿਹਾਰੀ ਤਿਨ ਕਉ ਪੈਸਿ ਜੁ ਨੀਕਸਿ ਜਾਹਿ ॥੨੬॥
ਪਰ, ਮੈਂ ਉਹਨਾਂ ਤੋਂ ਸਦਕੇ ਹਾਂ, ਜੋ ਇਸ ਵਿਚ ਡਿੱਗ ਕੇ ਮੁੜ ਨਿਕਲ ਆਉਂਦੇ ਹਨ-(ਜੋ ਇੱਕ ਪਰਮਾਤਮਾ ਨਾਲ ਪਿਆਰ ਪਾ ਕੇ ‘ਦੁਨੀ’ ਦੇ ਮੋਹ ਨੂੰ ਤਿਆਗ ਦੇਂਦੇ ਹਨ) ॥੨੬॥
ਕਬੀਰ ਇਹੁ ਤਨੁ ਜਾਇਗਾ ਸਕਹੁ ਤ ਲੇਹੁ ਬਹੋਰਿ ॥
ਹੇ ਕਬੀਰ! ਇਹ ਸਾਰਾ ਸਰੀਰ ਨਾਸ ਹੋ ਜਾਇਗਾ, ਜੇ ਤੁਸੀਂ ਇਸ ਨੂੰ ਨਾਸ ਹੋਣ ਤੋਂ ਬਚਾ ਸਕਦੇ ਹੋ ਤਾਂ ਬਚਾ ਲਵੋ (ਭਾਵ, ਕੋਈ ਭੀ ਆਪਣੇ ਸਰੀਰ ਨੂੰ ਨਾਸ ਹੋਣ ਤੋਂ ਬਚਾ ਨਹੀਂ ਸਕਦਾ, ਇਹ ਜ਼ਰੂਰ ਨਾਸ ਹੋਵੇਗਾ)।
ਨਾਂਗੇ ਪਾਵਹੁ ਤੇ ਗਏ ਜਿਨ ਕੇ ਲਾਖ ਕਰੋਰਿ ॥੨੭॥
ਜਿਨ੍ਹਾਂ ਬੰਦਿਆਂ ਦੇ ਪਾਸ ਲੱਖਾਂ ਕ੍ਰੋੜਾਂ ਰੁਪਏ ਜਮ੍ਹਾ ਸਨ, ਉਹ ਭੀ ਇਥੋਂ ਨੰਗੀ ਪੈਰੀਂ ਹੀ (ਭਾਵ, ਕੰਗਾਲਾਂ ਵਾਂਗ ਹੀ) ਚਲੇ ਗਏ (ਸਾਰੀ ਉਮਰ ‘ਦੁਨੀਆ’ ਦੀ ਖ਼ਾਤਰ ਭਟਕਦੇ ਰਹੇ, ‘ਦੀਨ’ ਨੂੰ ਵਿਸਾਰ ਦਿੱਤਾ; ਆਖ਼ਰ ਇਹ ‘ਦੁਨੀਆ’ ਤਾਂ ਇਥੇ ਰਹਿ ਗਈ, ਇਥੋਂ ਆਤਮਕ ਜੀਵਨ ਵਿਚ ਨਿਰੋਲ ਕੰਗਾਲ ਹੋ ਕੇ ਤੁਰੇ) ॥੨੭॥
ਕਬੀਰ ਇਹੁ ਤਨੁ ਜਾਇਗਾ ਕਵਨੈ ਮਾਰਗਿ ਲਾਇ ॥
ਹੇ ਕਬੀਰ! ਇਹ ਸਰੀਰ ਨਾਸ ਹੋ ਜਾਇਗਾ, ਇਸ ਨੂੰ ਕਿਸੇ (ਉਸ) ਕੰਮ ਵਿਚ ਜੋੜ (ਜੋ ਤੇਰੇ ਲਈ ਲਾਹੇਵੰਦਾ ਹੋਵੇ);
ਕੈ ਸੰਗਤਿ ਕਰਿ ਸਾਧ ਕੀ ਕੈ ਹਰਿ ਕੇ ਗੁਨ ਗਾਇ ॥੨੮॥
ਸੋ, ਸਾਧ ਸੰਗਤ ਕਰ ਅਤੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰ (‘ਦੁਨੀ’ ਤਾਂ ਇਥੇ ਹੀ ਰਹਿ ਜਾਂਦੀ ਹੈ, ‘ਦੀਨ’ ਹੀ ਸਾਥੀ ਬਣਦਾ ਹੈ) ॥੨੮॥
ਕਬੀਰ ਮਰਤਾ ਮਰਤਾ ਜਗੁ ਮੂਆ ਮਰਿ ਭੀ ਨ ਜਾਨਿਆ ਕੋਇ ॥
ਹੇ ਕਬੀਰ! (ਨਿਰੀ ‘ਦੁਨੀਆ’ ਦਾ ਵਪਾਰੀ) ਜਗਤ ਹਰ ਵੇਲੇ ਮੌਤ ਦੇ ਸਹਿਮ ਦਾ ਦਬਾਇਆ ਰਹਿੰਦਾ ਹੈ, (ਨਿਰੀ ਮਾਇਆ ਦਾ ਵਪਾਰੀ) ਕਿਸੇ ਧਿਰ ਨੂੰ ਭੀ ਸਮਝ ਨਹੀਂ ਆਉਂਦੀ ਕਿ ਮੌਤ ਦਾ ਇਹ ਸਹਿਮ ਕਿਵੇਂ ਮੁਕਾਇਆ ਜਾਏ।
ਐਸੇ ਮਰਨੇ ਜੋ ਮਰੈ ਬਹੁਰਿ ਨ ਮਰਨਾ ਹੋਇ ॥੨੯॥
(ਸਾਧ ਸੰਗਤ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ) ਜੋ ਮਨੁੱਖ ਜਿਊਂਦਾ ਹੀ ਮਰਦਾ ਹੈ (‘ਦੁਨੀਆ’ ਵਲੋਂ ਮੋਹ ਤੋੜਦਾ ਹੈ) ਉਸ ਨੂੰ ਫਿਰ ਇਹ ਸਹਿਮ ਨਹੀਂ ਰਹਿੰਦਾ ॥੨੯॥
ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ ॥
ਹੇ ਕਬੀਰ! ਮਨੁੱਖਾ ਜਨਮ ਬੜੀ ਮੁਸ਼ਕਲ ਨਾਲ ਮਿਲਦਾ ਹੈ, (ਤੇ, ਜੇ ਪ੍ਰਭੂ ਦਾ ਨਾਮ ਵਿਸਾਰ ਕੇ ਨਿਰਾ ‘ਦੁਨੀਆ’ ਵਿਚ ਲੱਗ ਕੇ ਇੱਕ ਵਾਰੀ ਹੱਥੋਂ ਗਿਆ) ਤਾਂ ਮੁੜ ਮੁੜ ਨਹੀਂ ਮਿਲਦਾ;
ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ ॥੩੦॥
ਜਿਵੇਂ ਜੰਗਲ ਦੇ ਰੁੱਖਾਂ ਦੇ ਪੱਕੇ ਹੋਏ ਫਲ (ਜਦੋਂ) ਜ਼ਮੀਨ ਉਤੇ ਡਿੱਗ ਪੈਂਦੇ ਹਨ ਤਾਂ ਮੁੜ ਡਾਲੀ ਨਾਲ ਨਹੀਂ ਲੱਗਦੇ ॥੩੦॥
ਕਬੀਰਾ ਤੁਹੀ ਕਬੀਰੁ ਤੂ ਤੇਰੋ ਨਾਉ ਕਬੀਰੁ ॥
(ਇਸ ਮਨੁੱਖਾ ਜਨਮ ਦਾ ਅਸਲ ਮਨੋਰਥ ‘ਪਰਮਾਤਮਾ ਦੇ ਨਾਮ ਦੀ ਪ੍ਰਾਪਤੀ’ ਹੈ, ਇਸ ਦੀ ਖ਼ਾਤਰ ਇਹ ਜ਼ਰੂਰੀ ਹੈ ਕਿ ਪਰਮਾਤਮਾ ਦਾ ਸਿਮਰਨ ਕੀਤਾ ਜਾਏ, ਪ੍ਰਭੂ ਦੇ ਗੁਣ ਜਾਏ ਜਾਣ; ਸੋ) ਹੇ ਕਬੀਰ! (ਸਦਾ ਇਉਂ ਆਖ-ਹੇ ਪ੍ਰਭੂ!) ਤੂੰ ਹੀ ਸਭ ਤੋਂ ਵੱਡਾ ਹੈਂ, ਤੇਰਾ ਹੀ ਨਾਮ ਸਭ ਤੋਂ ਵੱਡਾ ਹੈ।
ਰਾਮ ਰਤਨੁ ਤਬ ਪਾਈਐ ਜਉ ਪਹਿਲੇ ਤਜਹਿ ਸਰੀਰੁ ॥੩੧॥
(ਪਰ ਇਸ ਸਿਫ਼ਤ-ਸਾਲਾਹ ਦੇ ਨਾਲ ਨਾਲ ਹੇ ਕਬੀਰ!) ਜੇ ਤੂੰ ਪਹਿਲਾਂ ਆਪਣੇ ਸਰੀਰ ਦਾ ਮੋਹ ਭੀ ਤਿਆਗੇਂ, ਤਦੋਂ ਹੀ ਪਰਮਾਤਮਾ ਦਾ ਨਾਮ-ਰੂਪ ਰਤਨ ਮਿਲਦਾ ਹੈ ॥੩੧॥
ਕਬੀਰ ਝੰਖੁ ਨ ਝੰਖੀਐ ਤੁਮਰੋ ਕਹਿਓ ਨ ਹੋਇ ॥
ਹੇ ਕਬੀਰ! (‘ਸਰੀਰ ਤਜਣ’ ਦਾ ਭਾਵ ਇਹ ਹੈ ਕਿ ‘ਦੁਨੀਆ’ ਦੀ ਖ਼ਾਤਰ) ਗਿਲੇ-ਗੁਜ਼ਾਰੀ ਨਾਹ ਕਰਦੇ ਰਹੀਏ, (‘ਦੁਨੀਆ’ ਦੇ ਲਾਲਚ ਵਿਚ ਫਸਿਆ ਹੋਇਆ) ਜੋ ਕੁਝ ਤੂੰ ਆਖਦਾ ਹੈਂ ਉਹੀ ਨਹੀਂ ਹੋ ਸਕਦਾ,
ਕਰਮ ਕਰੀਮ ਜੁ ਕਰਿ ਰਹੇ ਮੇਟਿ ਨ ਸਾਕੈ ਕੋਇ ॥੩੨॥
(ਸਿਫ਼ਤ-ਸਾਲਾਹ ਕਰਨ ਦੇ ਨਾਲ ਨਾਲ ਇਹ ਭੀ ਯਕੀਨ ਰੱਖ ਕਿ) ਬਖ਼ਸ਼ਸ਼ ਕਰਨ ਵਾਲੇ ਪ੍ਰਭੂ ਜੀ ਜੋ ਬਖ਼ਸ਼ਸ਼ਾਂ (ਜੀਵਾਂ ਉਤੇ) ਕਰਦੇ ਹਨ ਉਹਨਾਂ ਨੂੰ ਕੋਈ (ਹੋਰ ਜੀਵ) ਵਧਾ-ਘਟਾ ਨਹੀਂ ਸਕਦਾ ॥੩੨॥
ਸਲੋਕੁ ॥
ਕਬੀਰ ਕਸਉਟੀ ਰਾਮ ਕੀ ਝੂਠਾ ਟਿਕੈ ਨ ਕੋਇ ॥
ਹੇ ਕਬੀਰ! ਪਰਮਾਤਮਾ ਦੀ ਕਸਵੱਟੀ (ਐਸਾ ਨਿਖੇੜਾ ਕਰਨ ਵਾਲੀ ਹੈ ਕਿ ਇਸ) ਉੱਤੇ ਝੂਠਾ ਮਨੁੱਖ ਪੂਰਾ ਨਹੀਂ ਉਤਰ ਸਕਦਾ।
ਰਾਮ ਕਸਉਟੀ ਸੋ ਸਹੈ ਜੋ ਮਰਜੀਵਾ ਹੋਇ ॥੧॥
ਪਰਮਾਤਮਾ ਦੀ ਪਰਖ ਵਿਚ ਉਹੀ ਪੂਰਾ ਉਤਰਦਾ ਹੈ ਜੋ ਦੁਨੀਆ ਵਲੋਂ ਮਰ ਕੇ ਰੱਬ ਵਲ ਜੀਊ ਪਿਆ ਹੈ ॥੧॥
ਕਬੀਰ ਊਜਲ ਪਹਿਰਹਿ ਕਾਪਰੇ ਪਾਨ ਸੁਪਾਰੀ ਖਾਹਿ ॥
ਹੇ ਕਬੀਰ! (ਨਿਰੀ ‘ਦੁਨੀਆ’ ਦੇ ਵਪਾਰੀ ਬੰਦੇ ਆਪਣੇ ਆਪ ਦੀ ਸ਼ੂਕਾ-ਸ਼ਾਕੀ ਵਾਸਤੇ) ਵਧੀਆ ਕੱਪੜੇ ਪਾਂਦੇ ਹਨ ਤੇ ਪਾਨ ਸੁਪਾਰੀਆਂ ਖਾਂਦੇ ਹਨ;
ਏਕਸ ਹਰਿ ਕੇ ਨਾਮ ਬਿਨੁ ਬਾਧੇ ਜਮ ਪੁਰਿ ਜਾਂਹਿ ॥੩੪॥
ਪਰ (ਸਰੀਰ ਨੂੰ ਸਜਾਈ ਰੱਖਣ ਦੇ ਮੋਹ ਨਾਲ) ਬੱਝੇ ਹੋਏ ਉਹ ਬੰਦੇ ਮੌਤ ਆਦਿਕ ਦੇ ਸਹਿਮ ਵਿਚ ਟਿਕੇ ਰਹਿੰਦੇ ਹਨ ਕਿਉਂਕਿ ਉਹ ਪਰਮਾਤਮਾ ਦੇ ਨਾਮ ਤੋਂ ਵਾਂਜੇ ਰਹਿੰਦੇ ਹਨ (‘ਦੀਨ’ ਵਿਸਾਰ ਕੇ ‘ਦੁਨੀ’ ਦਾ ਮੋਹ ਹਰ ਹਾਲਤ ਵਿਚ ਦੁਖਦਾਈ ਹੈ) ॥੩੪॥
ਕਬੀਰ ਬੇੜਾ ਜਰਜਰਾ ਫੂਟੇ ਛੇਂਕ ਹਜਾਰ ॥
ਹੇ ਕਬੀਰ! ਜੇ ਇਕ ਬਹੁਤ ਹੀ ਪੁਰਾਣਾ ਜਹਾਜ਼ ਹੋਵੇ, ਜਿਸ ਵਿਚ ਹਜ਼ਾਰਾਂ ਹੀ ਛੇਕ ਫੁੱਟ ਪਏ ਹੋਣ,
ਹਰੂਏ ਹਰੂਏ ਤਿਰਿ ਗਏ ਡੂਬੇ ਜਿਨ ਸਿਰ ਭਾਰ ॥੩੫॥
(ਉਹ ਆਖ਼ਰ ਸਮੁੰਦਰ ਵਿਚ ਡੁੱਬ ਹੀ ਜਾਂਦਾ ਹੈ, ਇਸ ਜਹਾਜ਼ ਦੇ ਮੁਸਾਫ਼ਿਰਾਂ ਵਿਚੋਂ) ਸਿਰਫ਼ ਉਹੀ ਬੰਦੇ ਤਰ ਕੇ ਪਾਰ ਲੰਘ ਜਾਂਦੇ ਹਨ ਜਿਨ੍ਹਾਂ ਨੇ ਕੋਈ ਭਾਰ ਨਹੀਂ ਚੁੱਕਿਆ ਹੁੰਦਾ; ਪਰ ਜਿੰਨ੍ਹਾਂ ਦੇ ਸਿਰਾਂ ਉਤੇ ਭਾਰ ਹੁੰਦਾ ਹੈ, ਉਹ (ਭਾਰ ਹੇਠ ਦੱਬ ਕੇ) ਡੁੱਬ ਜਾਂਦੇ ਹਨ ॥੩੫॥
ਕਬੀਰ ਹਾਡ ਜਰੇ ਜਿਉ ਲਾਕਰੀ ਕੇਸ ਜਰੇ ਜਿਉ ਘਾਸੁ ॥
(‘ਦੀਨ’ ਨੂੰ ਵਿਸਾਰ ਕੇ ਨਿਰੀ ‘ਦੁਨੀਆ’ ਦੀ ਖ਼ਾਤਰ ਦੌੜ-ਭੱਜ ਕਰਦਿਆਂ ਮਨੁੱਖ ਆਪਣੇ ਸਰੀਰ ਦੇ ਮੋਹ ਵਿਚ ਇਤਨਾ ਫਸਦਾ ਹੈ ਕਿ ਹਰ ਵੇਲੇ ਮੌਤ ਤੋਂ ਸਹਿਮਿਆ ਰਹਿੰਦਾ ਹੈ। ਫਿਰ ਭੀ, ਇਹ ਸਰੀਰ ਸਦਾ ਕਾਇਮ ਨਹੀਂ ਰਹਿ ਸਕਦਾ, ਮੌਤ ਆ ਹੀ ਜਾਂਦੀ ਹੈ, ਤਦੋਂ) ਹੇ ਕਬੀਰ! (ਸਰੀਰ ਨੂੰ ਚਿਖਾ ਤੇ ਪਾਇਆਂ) ਹੱਡ ਲੱਕੜਾਂ ਵਾਂਗ ਸੜਦੇ ਹਨ, ਕੇਸ ਘਾਹ ਵਾਂਗ ਸੜਦੇ ਹਨ।
ਇਹੁ ਜਗੁ ਜਰਤਾ ਦੇਖਿ ਕੈ ਭਇਓ ਕਬੀਰੁ ਉਦਾਸੁ ॥੩੬॥
ਇਸ ਸਾਰੇ ਸੰਸਾਰ ਨੂੰ ਹੀ ਸੜਦਿਆਂ ਵੇਖ ਕੇ (ਭਾਵ, ਇਹ ਵੇਖ ਕੇ ਕਿ ਸਭ ਜੀਵਾਂ ਦਾ ਇਸ ਸਰੀਰ ਨਾਲੋਂ ਵਿਛੋੜਾ ਆਖ਼ਰ ਜ਼ਰੂਰ ਹੁੰਦਾ ਹੈ) ਮੈਂ ਕਬੀਰ ਇਸ ਸਰੀਰ ਦੇ ਮੋਹ ਤੋਂ ਉਪਰਾਮ ਹੋ ਗਿਆ ਹਾਂ (ਮੈਂ ਸਰੀਰ ਦਾ ਮੋਹ ਛੱਡ ਦਿੱਤਾ ਹੈ) ॥੩੬॥
ਕਬੀਰ ਗਰਬੁ ਨ ਕੀਜੀਐ ਚਾਮ ਲਪੇਟੇ ਹਾਡ ॥
ਹੇ ਕਬੀਰ! (ਇਸ ਸਰੀਰ ਦੀ ਜੁਆਨੀ ਸੁੰਦਰਤਾ ਆਦਿਕ ਦਾ) ਮਾਣ ਨਹੀਂ ਕਰਨਾ ਚਾਹੀਦਾ (ਆਖ਼ਰ ਹੈ ਤਾਂ ਇਹ) ਹੱਡੀਆਂ (ਦੀ ਮੁੱਠ) ਜੋ ਚੰਮ ਨਾਲ ਲਪੇਟੀਆਂ ਹੋਈਆਂ ਹਨ।
ਹੈਵਰ ਊਪਰਿ ਛਤ੍ਰ ਤਰ ਤੇ ਫੁਨਿ ਧਰਨੀ ਗਾਡ ॥੩੭॥
(ਇਸ ਸਰੀਰ ਦਾ ਅਹੰਕਾਰ ਕਰਦੇ) ਉਹ ਬੰਦੇ ਭੀ (ਅੰਤ ਨੂੰ) ਮਿੱਟੀ ਵਿਚ ਜਾ ਰਲੇ ਜੋ ਵਧੀਆ ਘੋੜਿਆਂ ਉੱਤੇ (ਸਵਾਰ ਹੁੰਦੇ ਸਨ) ਤੇ ਜੋ (ਝੁਲਦੇ) ਛਤਰਾਂ ਹੇਠ ਬੈਠਦੇ ਸਨ ॥੩੭॥
ਕਬੀਰ ਗਰਬੁ ਨ ਕੀਜੀਐ ਊਚਾ ਦੇਖਿ ਅਵਾਸੁ ॥
ਹੇ ਕਬੀਰ! ਆਪਣਾ ਉੱਚਾ ਮਹਲ ਵੇਖ ਕੇ (ਭੀ) ਅਹੰਕਾਰ ਨਹੀਂ ਕਰਨਾ ਚਾਹੀਦਾ (ਇਹ ਭੀ ਚਾਰ ਦਿਨ ਦੀ ਹੀ ਖੇਡ ਹੈ;
ਆਜੁ ਕਾਲਿੑ ਭੁਇ ਲੇਟਣਾ ਊਪਰਿ ਜਾਮੈ ਘਾਸੁ ॥੩੮॥
ਮੌਤ ਆਉਣ ਤੇ ਇਸ ਮਹਲ ਨੂੰ ਛੱਡ ਕੇ) ਅੱਜ ਭਲਕ ਹੀ ਮਿੱਟੀ ਵਿਚ ਰਲ ਜਾਣਾ ਹੈ, ਸਾਡੇ (ਸਰੀਰ) ਉਤੇ ਘਾਹ ਉੱਗ ਪਏਗਾ ॥੩੮॥
ਕਬੀਰ ਗਰਬੁ ਨ ਕੀਜੀਐ ਰੰਕੁ ਨ ਹਸੀਐ ਕੋਇ ॥
ਹੇ ਕਬੀਰ! (ਜੇ ਤੂੰ ਧਨਵਾਨ ਹੈਂ, ਤਾਂ ਇਸ ਧਨ-ਪਦਾਰਥ ਦਾ ਭੀ) ਮਾਣ ਨਾਹ ਕਰੀਂ, ਨਾਹ ਕਿਸੇ ਕੰਗਾਲ ਨੂੰ (ਵੇਖ ਕੇ) ਠੱਠਾ-ਮਖ਼ੌਲ ਕਰੀਂ।
ਅਜਹੁ ਸੁ ਨਾਉ ਸਮੁੰਦ੍ਰ ਮਹਿ ਕਿਆ ਜਾਨਉ ਕਿਆ ਹੋਇ ॥੩੯॥
(ਤੇਰੀ ਆਪਣੀ ਜੀਵਨ-) ਬੇੜੀ ਅਜੇ ਸਮੁੰਦਰ ਵਿਚ ਹੈ, ਪਤਾ ਨਹੀਂ ਕੀਹ ਹੋ ਜਾਏ (ਇਹ ਧਨ-ਪਦਾਰਥ ਹੱਥੋਂ ਜਾਂਦਿਆਂ ਚਿਰ ਨਹੀਂ ਲੱਗਦਾ) ॥੩੯॥
ਕਬੀਰ ਗਰਬੁ ਨ ਕੀਜੀਐ ਦੇਹੀ ਦੇਖਿ ਸੁਰੰਗ ॥
ਹੇ ਕਬੀਰ! ਇਸ ਸੋਹਣੇ ਰੰਗ ਵਾਲੇ ਸਰੀਰ ਨੂੰ ਵੇਖ ਕੇ ਭੀ ਅਹੰਕਾਰ ਨਾਹ ਕਰੀਏ;
ਆਜੁ ਕਾਲਿੑ ਤਜਿ ਜਾਹੁਗੇ ਜਿਉ ਕਾਂਚੁਰੀ ਭੁਯੰਗ ॥੪੦॥
ਇਹ ਸਰੀਰ ਭੀ ਥੋਹੜੇ ਦਿਨਾਂ ਵਿਚ ਹੀ ਛੱਡ ਜਾਉਗੇ ਜਿਵੇਂ ਸੱਪ ਕੁੰਜ ਲਾਹ ਦੇਂਦਾ ਹੈ (ਜਿੰਦ ਤੇ ਸਰੀਰ ਦਾ ਭੀ ਪੱਕਾ ਸਦਾ-ਨਿਭਵਾਂ ਸਾਥ ਨਹੀਂ ਹੈ) ॥੪੦॥
ਕਬੀਰ ਲੂਟਨਾ ਹੈ ਤ ਲੂਟਿ ਲੈ ਰਾਮ ਨਾਮ ਹੈ ਲੂਟਿ ॥
ਹੇ ਕਬੀਰ! (‘ਦੁਨੀਆ’ ਦੀ ਖ਼ਾਤਰ ਕੀਹ ਭਟਕ ਰਿਹਾ ਹੈਂ? ਵੇਖ) ਪਰਮਾਤਮਾ ਦਾ ਨਾਮ ਦਬਾ-ਦਬ ਵੰਡਿਆ ਜਾ ਰਿਹਾ ਹੈ, ਜੇ ਇਕੱਠਾ ਕਰਨਾ ਹੈ ਤਾਂ ਇਹ ਨਾਮ-ਧਨ ਇਕੱਠਾ ਕਰ।
ਫਿਰਿ ਪਾਛੈ ਪਛੁਤਾਹੁਗੇ ਪ੍ਰਾਨ ਜਾਹਿੰਗੇ ਛੂਟਿ ॥੪੧॥
ਜਦੋਂ ਜਿੰਦ (ਸਰੀਰ ਵਿਚੋਂ) ਨਿਕਲ ਗਈ, ਸਮਾਂ ਵਿਹਾ ਜਾਣ ਤੇ ਅਫ਼ਸੋਸ ਕਰਨਾ ਪਏਗਾ ॥੪੧॥
ਕਬੀਰ ਐਸਾ ਕੋਈ ਨ ਜਨਮਿਓ ਅਪਨੈ ਘਰਿ ਲਾਵੈ ਆਗਿ ॥
(ਪਰ ਨਾਮ ਧਨ ਇਕੱਠਾ ਕਰਨ ਲਈ ਜ਼ਰੂਰੀ ਹੈ ਕਿ ਮਨੁੱਖ ਅਪਣੱਤ ਨੂੰ ਪਹਿਲਾਂ ਖ਼ਤਮ ਕਰੇ, ਤੇ) ਹੇ ਕਬੀਰ! (ਜਗਤ ਵਿਚ) ਅਜਿਹਾ ਕੋਈ ਵਿਰਲਾ ਹੀ ਮਿਲਦਾ ਹੈ ਜੋ ਆਪਣੇ ਸਰੀਰਕ ਮੋਹ ਨੂੰ ਸਾੜਦਾ ਹੈ,
ਪਾਂਚਉ ਲਰਿਕਾ ਜਾਰਿ ਕੈ ਰਹੈ ਰਾਮ ਲਿਵ ਲਾਗਿ ॥੪੨॥
ਤੇ, ਕਾਮਾਦਿਕ ਮਾਇਆ ਦੇ ਪੰਜਾਂ ਹੀ ਪੁੱਤ੍ਰਾਂ ਨੂੰ ਸਾੜ ਕੇ ਪਰਮਾਤਮਾ (ਦੀ ਯਾਦ) ਵਿਚ ਸੁਰਤ ਜੋੜੀ ਰੱਖਦਾ ਹੈ ॥੪੨॥
ਕੋ ਹੈ ਲਰਿਕਾ ਬੇਚਈ ਲਰਿਕੀ ਬੇਚੈ ਕੋਇ ॥
ਕੋਈ ਵਿਰਲਾ ਹੀ ਹੁੰਦਾ ਹੈ ਜੋ ਪਰਮਾਤਮਾ ਨਾਲ (ਉਸ ਦੇ ਨਾਮ ਦਾ) ਵਣਜ ਕਰਦਾ ਹੈ, ਜੋ (ਨਾਮ ਧਨ ਖ਼ਰੀਦਣ ਲਈ ਕਾਮਾਦਿਕ ਮਾਇਆ ਦੇ ਪੰਜ) ਪੁੱਤ੍ਰ ਅਤੇ (ਆਸ਼ਾ ਤ੍ਰਿਸ਼ਨਾ ਈਰਖਾ ਆਦਿਕ) ਧੀਆਂ ਵੱਟੇ ਵਿਚ ਦੇਂਦਾ ਹੈ।
ਸਾਝਾ ਕਰੈ ਕਬੀਰ ਸਿਉ ਹਰਿ ਸੰਗਿ ਬਨਜੁ ਕਰੇਇ ॥੪੩॥
ਕਬੀਰ ਚਾਹੁੰਦਾ ਹੈ ਕਿ ਅਜੇਹਾ ਮਨੁੱਖ (ਇਸ ਵਪਾਰ ਵਿਚ) ਮੇਰੇ ਨਾਲ ਭੀ ਸਤ-ਸੰਗ ਦੀ ਸਾਂਝ ਬਣਾਏ ॥੪੩॥
ਕਬੀਰ ਇਹ ਚੇਤਾਵਨੀ ਮਤ ਸਹਸਾ ਰਹਿ ਜਾਇ ॥
ਹੇ ਕਬੀਰ! ਮੈਂ ਤੈਨੂੰ ਚੇਤਾ ਕਰਾਂਦਾ ਹਾਂ, ਮਤਾਂ ਫਿਰ ਗੁਮਰ ਰਹਿ ਜਾਏ;
ਪਾਛੈ ਭੋਗ ਜੁ ਭੋਗਵੇ ਤਿਨ ਕੋ ਗੁੜੁ ਲੈ ਖਾਹਿ ॥੪੪॥
ਜੋ ਭੋਗ ਹੁਣ ਤਾਈਂ ਤੂੰ ਭੋਗੇ ਹਨ (ਮਤਾਂ ਸਮਝੇਂ ਕਿ ਤੂੰ ਬੜੀਆਂ ਮੌਜਾਂ ਮਾਣ ਲਈਆਂ ਹਨ, ਅਸਲ ਵਿਚ) ਇਹਨਾਂ ਦੀ ਪਾਂਇਆਂ ਇਤਨੀ ਕੁ ਹੀ ਹੈ (ਜਿਵੇਂ ਕਿਸੇ ਹੱਟੀ ਤੋਂ ਸੌਦਾ ਲੈ ਕੇ ਝੂੰਗੇ ਵਜੋਂ) ਰਤਾ ਕੁ ਗੁੜ ਲੈ ਕੇ ਖਾ ਲਏਂ ॥੪੪॥
ਕਬੀਰ ਮੈ ਜਾਨਿਓ ਪੜਿਬੋ ਭਲੋ ਪੜਿਬੇ ਸਿਉ ਭਲ ਜੋਗੁ ॥
ਹੇ ਕਬੀਰ! (ਇਥੇ ਕਾਸ਼ੀ ਵਿਚ ਉੱਚੀਆਂ ਜਾਤਾਂ ਵਾਲਿਆਂ ਨੂੰ ਵੇਦ ਸ਼ਾਸਤ੍ਰ ਆਦਿਕ ਪੜ੍ਹਦਿਆਂ ਵੇਖ ਕੇ) ਮੈਂ ਸਮਝਿਆ ਸੀ ਕਿ ਵਿੱਦਿਆ ਪੜ੍ਹਨੀ ਮਨੁੱਖਾ ਜਨਮ ਦਾ ਸਭ ਤੋਂ ਚੰਗਾ ਕੰਮ ਹੋਵੇਗਾ, ਪਰ (ਇਹਨਾਂ ਲੋਕਾਂ ਦੇ ਨਿਰੇ ਵਾਦ ਵਿਵਾਦ ਵੇਖ ਕੇ ਮੈਨੂੰ ਯਕੀਨ ਆ ਗਿਆ ਹੈ ਕਿ ਅਜੇਹੀ ਵਿੱਦਿਆ) ਪੜ੍ਹਨ ਨਾਲੋਂ ਪ੍ਰਭੂ-ਚਰਨਾਂ ਵਿਚ ਜੁੜਨਾ (ਮਨੁੱਖ ਲਈ) ਭਲਾ ਹੈ।
ਭਗਤਿ ਨ ਛਾਡਉ ਰਾਮ ਕੀ ਭਾਵੈ ਨਿੰਦਉ ਲੋਗੁ ॥੪੫॥
(ਸੋ, ਇਸ ਗੱਲੋਂ) ਜਗਤ ਬੇ-ਸ਼ੱਕ ਮੈਨੂੰ ਮਾੜਾ ਪਿਆ ਆਖੇ ਮੈਂ (ਵਿੱਦਿਆ ਦੇ ਵੱਟੇ ਭੀ) ਪਰਮਾਤਮਾ ਦੀ ਭਗਤੀ ਨਹੀਂ ਛੱਡਾਂਗਾ ॥੪੫॥
ਕਬੀਰ ਲੋਗੁ ਕਿ ਨਿੰਦੈ ਬਪੁੜਾ ਜਿਹ ਮਨਿ ਨਾਹੀ ਗਿਆਨੁ ॥
ਹੇ ਕਬੀਰ! ਜਿਸ ਮਨੁੱਖ ਦੇ ਅੰਦਰ (ਇਹ) ਸੂਝ ਨਹੀਂ ਹੈ (ਕਿ ਵਿੱਦਿਆ ਦੇ ਟਾਕਰੇ ਤੇ ਪ੍ਰਭੂ ਦੀ ਭਗਤੀ ਕਿਤਨੀ ਵਡ-ਮੁੱਲੀ ਦਾਤ ਹੈ, ਉਹ ਮਨੁੱਖ ਜੇ ਮੇਰੀ ਇਸ ਚੋਣ ਤੇ ਮੈਨੂੰ ਮਾੜਾ ਆਖੇ) ਤਾਂ ਉਸ ਮਨੁੱਖ ਦੇ ਇਹ ਨਿੰਦਾ ਕਰਨ ਦਾ ਕੋਈ ਅਰਥ ਨਹੀਂ ਹੈ।
ਰਾਮ ਕਬੀਰਾ ਰਵਿ ਰਹੇ ਅਵਰ ਤਜੇ ਸਭ ਕਾਮ ॥੪੬॥
ਸੋ, ਕਬੀਰ (ਅਜੇਹੇ ਬੰਦਿਆਂ ਦੀ ਇਸ ਦੰਦ-ਕਥਾ ਦੀ ਪਰਵਾਹ ਨਹੀਂ ਕਰਦਾ, ਤੇ) ਪਰਮਾਤਮਾ ਦਾ ਸਿਮਰਨ ਕਰ ਰਿਹਾ ਹੈ, ਅਤੇ ਹੋਰ ਸਾਰੇ (ਕੰਮਾਂ ਦੇ) ਮੋਹ ਦਾ ਤਿਆਗ ਕਰ ਰਿਹਾ ਹੈ ॥੪੬॥
ਕਬੀਰ ਪਰਦੇਸੀ ਕੈ ਘਾਘਰੈ ਚਹੁ ਦਿਸਿ ਲਾਗੀ ਆਗਿ ॥
ਇਸ ਪਰਦੇਸੀ ਜੀਵ ਦੇ ਗਿਆਨ-ਇੰਦ੍ਰਿਆਂ ਨੂੰ ਹਰ ਪਾਸੇ ਵਲੋਂ ਵਿਕਾਰਾਂ ਦੀ ਅੱਗ ਲੱਗੀ ਹੋਈ ਹੈ,
ਖਿੰਥਾ ਜਲਿ ਕੋਇਲਾ ਭਈ ਤਾਗੇ ਆਂਚ ਨ ਲਾਗ ॥੪੭॥
(ਜੋ ਪਰਦੇਸੀ ਜੋਗੀ ਬੇ-ਪਰਵਾਹ ਹੋ ਕੇ ਇਸ ਅੱਗ ਦਾ ਨਿੱਘ ਮਾਣਦਾ ਰਿਹਾ, ਉਸ ਦੀ) ਸਰੀਰ-ਗੋਦੜੀ (ਵਿਕਾਰਾਂ ਦੀ ਅੱਗ ਵਿਚ) ਸੜ ਕੇ ਕੋਲੇ ਹੋ ਗਈ, (ਪਰ ਜਿਸ ਪਰਦੇਸੀ ਜੋਗੀ ਨੇ ਇਸ ਗੋਦੜੀ ਦੇ ਧਾਗੇ ਦਾ, ਇਸ ਸਰੀਰ ਵਿਚ ਵੱਸਦੀ ਜਿੰਦ ਦਾ, ਖ਼ਿਆਲ ਰੱਖਿਆ ਤੇ ਵਿਕਾਰ-ਅਗਨੀ ਦੇ ਨਿੱਘ ਦਾ ਸੁਆਦ ਮਾਣਨ ਤੋਂ ਸੰਕੋਚ ਕੀਤੀ ਰੱਖਿਆ, ਉਸ ਦੀ) ਆਤਮਾ ਨੂੰ (ਇਹਨਾਂ ਵਿਕਾਰਾਂ ਦੀ ਅੱਗ ਦਾ) ਸੇਕ ਭੀ ਨਾਹ ਲੱਗਾ (ਭਾਵ, ਉਹ ਇਸ ਬਲਦੀ ਅੱਗ ਵਿਚੋਂ ਬਚ ਗਿਆ) ॥੪੭॥
ਕਬੀਰ ਖਿੰਥਾ ਜਲਿ ਕੋਇਲਾ ਭਈ ਖਾਪਰੁ ਫੂਟ ਮਫੂਟ ॥
ਹੇ ਕਬੀਰ! (ਵਿਕਾਰਾਂ ਦੀ ਅੱਗ ਵਿਚ ਪੈ ਕੇ ਜਿਸ ਬਦ-ਨਸੀਬ ਜੀਵ-ਜੋਗੀ ਦੀ) ਸਰੀਰ-ਗੋਦੜੀ ਸੜ ਕੇ ਕੋਲਾ ਹੋ ਗਈ ਤੇ (ਜਿਸ ਦਾ) ਮਨ-ਖੱਪਰ ਦਰ ਦਰ ਤੋਂ ਵਾਸਨਾਂ ਦੀ ਭਿੱਛਿਆ ਹੀ ਇਕੱਠੀ ਕਰਦਾ ਰਿਹਾ,
ਜੋਗੀ ਬਪੁੜਾ ਖੇਲਿਓ ਆਸਨਿ ਰਹੀ ਬਿਭੂਤਿ ॥੪੮॥
(ਉਹ) ਮੰਦ-ਭਾਗੀ ਜੀਵ-ਜੋਗੀ ਮਨੁੱਖਾ ਜਨਮ ਦੀ ਖੇਡ ਉਜਾੜ ਕੇ ਹੀ ਜਾਂਦਾ ਹੈ, ਉਸ ਦੇ ਪੱਲੇ ਖੇਹ-ਖ਼ੁਆਰੀ ਹੀ ਪੈਂਦੀ ਹੈ ॥੪੮॥
ਕਬੀਰ ਥੋਰੈ ਜਲਿ ਮਾਛੁਲੀ ਝੀਵਰਿ ਮੇਲਿਓ ਜਾਲੁ ॥
ਹੇ ਕਬੀਰ! ਥੋੜ੍ਹੇ ਪਾਣੀ ਵਿਚ ਮੱਛੀ ਰਹਿੰਦੀ ਹੋਵੇ, ਤਾਂ ਝੀਊਰ ਆ ਕੇ ਜਾਲ ਪਾ ਲੈਂਦਾ ਹੈ (ਤਿਵੇਂ ਜੇ ਜੀਵ ਦੁਨਿਆਵੀ ਭੋਗ ਵਿੱਦਿਆ ਧਨ ਆਦਿਕ ਨੂੰ ਆਪਣੇ ਜੀਵਨ ਦਾ ਆਸਰਾ ਬਣਾ ਲਏ ਤਾਂ ਮਾਇਆ ਦੇ ‘ਪਾਂਚਉ ਲਰਿਕਾ’ ਅਸਾਨੀ ਨਾਲ ਹੀ ਗ੍ਰਸ ਲੈਂਦੇ ਹਨ)।
ਇਹ ਟੋਘਨੈ ਨ ਛੂਟਸਹਿ ਫਿਰਿ ਕਰਿ ਸਮੁੰਦੁ ਸਮੑਾਲਿ ॥੪੯॥
ਹੇ ਮੱਛੀ! ਇਸ ਟੋਏ ਵਿਚ ਰਹਿ ਕੇ ਤੂੰ ਝੀਊਰ ਦੇ ਜਾਲ ਤੋਂ ਬਚ ਨਹੀਂ ਸਕਦੀ, ਜੇ ਬਚਣਾ ਹੈ ਤਾਂ ਸਮੁੰਦਰ ਲੱਭ (ਹੇ ਜਿੰਦੇ! ਇਹਨਾਂ ਭੋਗ-ਪਦਾਰਥਾਂ ਨੂੰ ਆਸਰਾ ਬਣਾਇਆਂ ਤੂੰ ਕਾਮਾਦਿਕ ਦੀ ਮਾਰ ਤੋਂ ਬਚ ਨਹੀਂ ਸਕਦੀ; ਇਹ ਹੋਛੇ ਆਸਰੇ ਛੱਡ, ਤੇ ਪਰਮਾਤਮਾ ਨੂੰ ਲੱਭ) ॥੪੯॥
ਕਬੀਰ ਸਮੁੰਦੁ ਨ ਛੋਡੀਐ ਜਉ ਅਤਿ ਖਾਰੋ ਹੋਇ ॥
ਹੇ ਕਬੀਰ! ਸਮੁੰਦਰ ਨਾਹ ਛੱਡੀਏ, ਚਾਹੇ (ਉਸ ਦਾ ਪਾਣੀ) ਬੜਾ ਹੀ ਖਾਰਾ ਹੋਵੇ;
ਪੋਖਰਿ ਪੋਖਰਿ ਢੂਢਤੇ ਭਲੋ ਨ ਕਹਿਹੈ ਕੋਇ ॥੫੦॥
ਨਿੱਕੇ ਨਿੱਕੇ ਛੱਪੜਾਂ ਵਿਚ (ਜਿੰਦ ਦਾ ਆਸਰਾ) ਢੂੰਢਿਆਂ-ਕੋਈ ਨਹੀਂ ਆਖਦਾ ਕਿ ਇਹ ਕੰਮ ਚੰਗਾ ਹੈ ॥੫੦॥
ਕਬੀਰ ਨਿਗੁਸਾਂਏਂ ਬਹਿ ਗਏ ਥਾਂਘੀ ਨਾਹੀ ਕੋਇ ॥
ਹੇ ਕਬੀਰ! (ਇਹ ਸੰਸਾਰ, ਮਾਨੋ ਸਮੁੰਦਰ ਹੈ, ਜਿਸ ਵਿਚੋਂ ਦੀ ਜੀਵਾਂ ਦੇ ਜ਼ਿੰਦਗੀ ਦੇ ਬੇੜੇ ਤਰ ਕੇ ਲੰਘ ਰਹੇ ਹਨ, ਪਰ) ਜੋ ਬੇੜੇ ਨਿ-ਖਸਮੇ ਹੁੰਦੇ ਹਨ ਜਿਨ੍ਹਾਂ ਉਤੇ ਕੋਈ ਗੁਰੂ-ਮਲਾਹ ਨਹੀਂ ਹੁੰਦਾ ਉਹ ਡੁੱਬ ਜਾਂਦੇ ਹਨ।
ਦੀਨ ਗਰੀਬੀ ਆਪੁਨੀ ਕਰਤੇ ਹੋਇ ਸੁ ਹੋਇ ॥੫੧॥
ਜਿਨ੍ਹਾਂ ਬੰਦਿਆਂ ਨੇ (ਆਪਣੀ ਸਿਆਣਪ ਛੱਡ ਕੇ) ਨਿਮ੍ਰਤਾ ਤੇ ਗ਼ਰੀਬੀ ਧਾਰ ਕੇ (ਗੁਰੂ-ਮਲਾਹ ਦਾ ਆਸਰਾ ਲਿਆ ਹੈ, ਉਹ ਸੰਸਾਰ-ਸਮੁੰਦਰ ਦੀਆਂ ਠਿੱਲਾਂ ਵੇਖ ਕੇ) ਜੋ ਹੁੰਦਾ ਹੈ ਉਸ ਨੂੰ ਕਰਤਾਰ ਦੀ ਰਜ਼ਾ ਜਾਣ ਕੇ ਬੇ-ਫ਼ਿਕਰ ਰਹਿੰਦੇ ਹਨ (ਉਹਨਾਂ ਨੂੰ ਆਪਣੇ ਬੇੜੇ ਦੇ ਡੁੱਬਣ ਦਾ ਕੋਈ ਫ਼ਿਕਰ ਨਹੀਂ ਹੁੰਦਾ ਹੈ) ॥੫੧॥
ਕਬੀਰ ਬੈਸਨਉ ਕੀ ਕੂਕਰਿ ਭਲੀ ਸਾਕਤ ਕੀ ਬੁਰੀ ਮਾਇ ॥
ਹੇ ਕਬੀਰ! (ਕਿਸੇ) ਭਗਤ ਦੀ ਕੁੱਤੀ ਭੀ ਭਾਗਾਂ ਵਾਲੀ ਜਾਣ, ਪਰ ਰੱਬ ਤੋਂ ਟੁੱਟੇ ਹੋਏ ਬੰਦੇ ਦੀ ਮਾਂ ਭੀ ਮੰਦ-ਭਾਗਣ ਹੈ;
ਓਹ ਨਿਤ ਸੁਨੈ ਹਰਿ ਨਾਮ ਜਸੁ ਉਹ ਪਾਪ ਬਿਸਾਹਨ ਜਾਇ ॥੫੨॥
ਕਿਉਂਕਿ ਉਹ ਭਗਤ ਸਦਾ ਹਰਿ-ਨਾਮ ਦੀ ਵਡਿਆਈ ਕਰਦਾ ਹੈ ਉਸ ਦੀ ਸੰਗਤ ਵਿਚ ਰਹਿ ਕੇ ਉਹ ਕੁੱਤੀ ਭੀ ਸੁਣਦੀ ਹੈ, (ਸਾਕਤ ਨਿਤ ਪਾਪ ਕਮਾਂਦਾ ਹੈ, ਉਸ ਦੇ ਕੁਸੰਗ ਵਿਚ) ਉਸ ਦੀ ਮਾਂ ਭੀ ਪਾਪਾਂ ਦੀ ਭਾਗਣ ਬਣਦੀ ਹੈ ॥੫੨॥
ਕਬੀਰ ਹਰਨਾ ਦੂਬਲਾ ਇਹੁ ਹਰੀਆਰਾ ਤਾਲੁ ॥
ਹੇ ਕਬੀਰ! ਇਹ ਜਗਤ ਇਕ ਐਸਾ ਸਰੋਵਰ ਹੈ ਜਿਸ ਵਿਚ ਬੇਅੰਤ ਮਾਇਕ ਭੋਗਾਂ ਦੀ ਹਰਿਆਵਲ ਹੈ, ਮੇਰੀ ਇਹ ਜਿੰਦ-ਰੂਪ ਹਰਨ ਕਮਜ਼ੋਰ ਹੈ (ਇਸ ਹਰਿਆਵਲ ਵਲ ਜਾਣ ਤੋਂ ਰਹਿ ਨਹੀਂ ਸਕਦਾ)।
ਲਾਖ ਅਹੇਰੀ ਏਕੁ ਜੀਉ ਕੇਤਾ ਬੰਚਉ ਕਾਲੁ ॥੫੩॥
ਮੇਰੀ ਜਿੰਦ ਇੱਕ-ਇਕੱਲੀ ਹੈ, (ਇਸ ਨੂੰ ਫਸਾਣ ਲਈ ਮਾਇਕ ਭੋਗ) ਲੱਖਾਂ ਸ਼ਿਕਾਰੀ ਹਨ, (ਇਹਨਾਂ ਦੀ ਮਾਰ ਤੋਂ ਆਪਣੇ ਉੱਦਮ ਨਾਲ) ਮੈਂ ਬਹੁਤਾ ਚਿਰ ਬਚ ਨਹੀਂ ਸਕਦਾ ॥੫੩॥
ਕਬੀਰ ਗੰਗਾ ਤੀਰ ਜੁ ਘਰੁ ਕਰਹਿ ਪੀਵਹਿ ਨਿਰਮਲ ਨੀਰੁ ॥
ਹੇ ਕਬੀਰ! ਜੇ ਤੂੰ ਗੰਗਾ ਦੇ ਕੰਢੇ ਉਤੇ (ਰਹਿਣ ਲਈ) ਆਪਣਾ ਘਰ ਬਣਾ ਲਏਂ, ਤੇ (ਗੰਗਾ ਦਾ) ਸਾਫ਼ ਪਾਣੀ ਪੀਂਦਾ ਰਹੇਂ,
ਬਿਨੁ ਹਰਿ ਭਗਤਿ ਨ ਮੁਕਤਿ ਹੋਇ ਇਉ ਕਹਿ ਰਮੇ ਕਬੀਰ ॥੫੪॥
ਤਾਂ ਭੀ ਪਰਮਾਤਮਾ ਦੀ ਭਗਤੀ ਕਰਨ ਤੋਂ ਬਿਨਾ (‘ਲਾਖ ਅਹੇਰੀ’ ਆਦਿਕ ਵਿਕਾਰਾਂ ਤੋਂ) ਖ਼ਲਾਸੀ ਨਹੀਂ ਹੋ ਸਕਦੀ। ਕਬੀਰ ਤਾਂ ਇਹ ਗੱਲ ਦੱਸ ਕੇ ਪਰਮਾਤਮਾ ਦਾ ਨਾਮ ਹੀ ਸਿਮਰਦਾ ਹੈ ॥੫੪॥
ਕਬੀਰ ਮਨੁ ਨਿਰਮਲੁ ਭਇਆ ਜੈਸਾ ਗੰਗਾ ਨੀਰੁ ॥
ਹੇ ਕਬੀਰ! (ਗੰਗਾ ਆਦਿਕ ਤੀਰਥਾਂ ਦੇ ਸਾਫ਼ ਜਲ ਦੇ ਕੰਢੇ ਰਿਹੈਸ਼ ਰੱਖਿਆਂ ਤਾਂ ਕਾਮਾਦਿਕ ਵਿਕਾਰ ਖ਼ਲਾਸੀ ਨਹੀਂ ਕਰਦੇ, ਤੇ ਨਾਹ ਹੀ ਮਨ ਪਵਿਤ੍ਰ ਹੋ ਸਕਦਾ ਹੈ, ਪਰ) ਜਦੋਂ (ਪਰਮਾਤਮਾ ਦੇ ਨਾਮ ਦਾ ਸਿਮਰਨ ਕੀਤਿਆਂ) ਮੇਰਾ ਮਨ ਗੰਗਾ ਦੇ ਸਾਫ਼ ਪਾਣੀ ਵਰਗਾ ਪਵਿੱਤ੍ਰ ਹੋ ਗਿਆ,
ਪਾਛੈ ਲਾਗੋ ਹਰਿ ਫਿਰੈ ਕਹਤ ਕਬੀਰ ਕਬੀਰ ॥੫੫॥
ਤਾਂ ਪਰਮਾਤਮਾ ਮੈਨੂੰ ਕਬੀਰ ਕਬੀਰ ਆਖ ਕੇ (‘ਵਾਜਾਂ ਮਾਰਦਾ) ਮੇਰੇ ਪਿੱਛੇ ਤੁਰਿਆ ਫਿਰੇਗਾ ॥੫੫॥
ਕਬੀਰ ਹਰਦੀ ਪੀਅਰੀ ਚੂੰਨਾਂ ਊਜਲ ਭਾਇ ॥
ਹੇ ਕਬੀਰ! ਹਲਦੀ ਪੀਲੇ ਰੰਗ ਦੀ ਹੁੰਦੀ ਹੈ, ਚੂਨਾ ਸਫ਼ੈਦ ਹੁੰਦਾ ਹੈ (ਪਰ ਜਦੋਂ ਇਹ ਦੋਵੇਂ ਮਿਲਦੇ ਹਨ ਤਾਂ ਦੋਹਾਂ ਦਾ ਰੰਗ ਦੂਰ ਹੋ ਜਾਂਦਾ ਹੈ, ਤੇ ਲਾਲ ਰੰਗ ਪੈਦਾ ਹੋ ਜਾਂਦਾ ਹੈ; ਇਸੇ ਤਰ੍ਹਾਂ)
ਰਾਮ ਸਨੇਹੀ ਤਉ ਮਿਲੈ ਦੋਨਉ ਬਰਨ ਗਵਾਇ ॥੫੬॥
ਪਰਮਾਤਮਾ ਨਾਲ ਪਿਆਰ ਕਰਨ ਵਾਲਾ ਮਨੁੱਖ ਪਰਮਾਤਮਾ ਨੂੰ ਤਦੋਂ ਮਿਲਿਆ ਸਮਝੋ, ਜਦੋਂ ਮਨੁੱਖ ਉੱਚੀ ਨੀਵੀਂ ਦੋਵੇਂ ਜਾਤੀਆਂ (ਦਾ ਵਿਤਕਰਾ) ਮਿਟਾ ਦੇਂਦਾ ਹੈ, (ਤੇ ਉਸ ਦੇ ਅੰਦਰ ਸਭ ਜੀਵਾਂ ਵਿਚ ਇੱਕ ਪ੍ਰਭੂ ਦੀ ਜੋਤਿ ਹੀ ਵੇਖਣ ਦੀ ਸੂਝ ਪੈਦਾ ਹੋ ਜਾਂਦੀ ਹੈ) ॥੫੬॥
ਕਬੀਰ ਹਰਦੀ ਪੀਰਤਨੁ ਹਰੈ ਚੂਨ ਚਿਹਨੁ ਨ ਰਹਾਇ ॥
ਹੇ ਕਬੀਰ! (ਜਦੋਂ ਹਲਦੀ ਤੇ ਚੂਨਾ ਮਿਲਦੇ ਹਨ ਤਾਂ) ਹਲਦੀ ਆਪਣਾ ਪੀਲਾ ਰੰਗ ਛੱਡ ਦੇਂਦੀ ਹੈ, ਚੂਨੇ ਦਾ ਚਿੱਟਾ ਰੰਗ ਨਹੀਂ ਰਹਿੰਦਾ, (ਇਸੇ ਤਰ੍ਹਾਂ ਸਿਮਰਨ ਦੀ ਬਰਕਤਿ ਨਾਲ ਨੀਵੀਂ ਜਾਤਿ ਵਾਲੇ ਮਨੁੱਖ ਦੇ ਅੰਦਰੋਂ ਨੀਵੀਂ ਜਾਤਿ ਵਾਲੀ ਢਹਿੰਦੀ ਕਲਾ ਮਿਟ ਜਾਂਦੀ ਹੈ, ਤੇ ਉੱਚੀ ਜਾਤਿ ਵਾਲੇ ਦੇ ਮਨ ਵਿਚੋਂ ਉੱਚਤਾ ਦਾ ਮਾਣ ਦੂਰ ਹੁੰਦਾ ਹੈ)।
ਬਲਿਹਾਰੀ ਇਹ ਪ੍ਰੀਤਿ ਕਉ ਜਿਹ ਜਾਤਿ ਬਰਨੁ ਕੁਲੁ ਜਾਇ ॥੫੭॥
ਮੈਂ ਸਦਕੇ ਹਾਂ ਇਸ ਪ੍ਰਭੂ-ਪ੍ਰੀਤ ਤੋਂ, ਜਿਸ ਦਾ ਸਦਕਾ ਉੱਚੀ ਨੀਵੀਂ ਜਾਤਿ ਵਰਨ ਕੁਲ (ਦਾ ਫ਼ਰਕ) ਮਿਟ ਜਾਂਦਾ ਹੈ ॥੫੭॥
ਕਬੀਰ ਮੁਕਤਿ ਦੁਆਰਾ ਸੰਕੁਰਾ ਰਾਈ ਦਸਏਂ ਭਾਇ ॥
ਹੇ ਕਬੀਰ! ਉਹ ਦਰਵਾਜ਼ਾ ਜਿਸ ਵਿਚੋਂ ਦੀ ਲੰਘ ਕੇ ‘ਲਾਖ ਅਹੇਰੀ’ ਅਤੇ ‘ਪਾਂਚਉ ਲਰਿਕਾ’ ਤੋਂ ਖ਼ਲਾਸੀ ਹੁੰਦੀ ਹੈ, ਬਹੁਤ ਭੀੜਾ ਹੈ, ਰਾਈ ਦੇ ਦਾਣੇ ਤੋਂ ਭੀ ਦਸਵਾਂ ਹਿੱਸਾ ਸਮਝੋ,
ਮਨੁ ਤਉ ਮੈਗਲੁ ਹੋਇ ਰਹਿਓ ਨਿਕਸੋ ਕਿਉ ਕੈ ਜਾਇ ॥੫੮॥
ਪਰ ਜਿਸ ਮਨੁੱਖ ਦਾ ਮਨ ਤੀਰਥ-ਇਸ਼ਨਾਨ ਅਤੇ ਉੱਚੀ ਜਾਤਿ ਵਿਚ ਜਨਮ ਲੈਣ ਦੇ ਅਹੰਕਾਰ ਨਾਲ ਮਸਤ ਹਾਥੀ ਵਰਗਾ ਬਣਿਆ ਪਿਆ ਹੈ, ਉਹ ਇਸ ਦਰਵਾਜ਼ੇ ਵਿਚੋਂ ਦੀ ਨਹੀਂ ਲੰਘ ਸਕਦਾ ॥੫੮॥
ਕਬੀਰ ਐਸਾ ਸਤਿਗੁਰੁ ਜੇ ਮਿਲੈ ਤੁਠਾ ਕਰੇ ਪਸਾਉ ॥
ਹੇ ਕਬੀਰ! ਜੇ ਕੋਈ ਅਜਿਹਾ ਗੁਰੂ ਮਿਲ ਪਏ, ਜੋ ਪ੍ਰਸੰਨ ਹੋ ਕੇ (ਮਨੁੱਖ ਉਤੇ) ਮੇਹਰ ਕਰੇ,
ਮੁਕਤਿ ਦੁਆਰਾ ਮੋਕਲਾ ਸਹਜੇ ਆਵਉ ਜਾਉ ॥੫੯॥
ਤਾਂ ਉਹ ਦਰਵਾਜ਼ਾ ਜਿਸ ਰਾਹੀਂ ਇਹਨਾਂ ਕਾਮਾਦਿਕਾਂ ਤੋਂ ਖ਼ਲਾਸੀ ਹੋ ਸਕਦੀ ਹੈ, ਖੁੱਲ੍ਹਾ ਹੋ ਜਾਂਦਾ ਹੈ, (ਗੁਰੂ-ਦਰ ਤੋਂ ਮਿਲੀ) ਅਡੋਲ ਅਵਸਥਾ ਵਿਚ ਟਿਕ ਕੇ ਫਿਰ ਬੇ-ਸ਼ੱਕ ਕਿਰਤ-ਕਾਰ ਕਰਦੇ ਫਿਰੋ ॥੫੯॥
ਕਬੀਰ ਨਾ ਮੁੋਹਿ ਛਾਨਿ ਨ ਛਾਪਰੀ ਨਾ ਮੁੋਹਿ ਘਰੁ ਨਹੀ ਗਾਉ ॥
ਹੇ ਕਬੀਰ! ਮੇਰੇ ਪਾਸ ਨਾਹ ਕੋਈ ਛੰਨ ਨਾਹ ਕੁੱਲੀ; ਨਾਹ ਮੇਰੇ ਪਾਸ ਕੋਈ ਘਰ ਨਾਹ ਗਿਰਾਂ;
ਮਤ ਹਰਿ ਪੂਛੈ ਕਉਨੁ ਹੈ ਮੇਰੇ ਜਾਤਿ ਨ ਨਾਉ ॥੬੦॥
ਜਿਵੇਂ ਮੇਰੇ ਮਨ ਵਿਚ ਜਾਤਿ ਦਾ ਕੋਈ ਵਿਤਕਰਾ ਨਹੀਂ ਤਿਵੇਂ ਮਲਕੀਅਤ ਦੇ ਨਾਮਣੇ ਦੀ ਕੋਈ ਚਾਹ ਨਹੀਂ (ਜੇ ਜਾਤਿ-ਅਭਿਮਾਨ ਤੇ ਮਾਇਆ ਦੀ ਮਮਤਾ ਛੱਡ ਦੇਈਏ ਤਾਂ) ਸ਼ਾਇਦ ਪਰਮਾਤਮਾ (ਅਸਾਡੀ) ਵਾਤ ਪੁੱਛ ਲਏ ॥੬੦॥
ਕਬੀਰ ਮੁਹਿ ਮਰਨੇ ਕਾ ਚਾਉ ਹੈ ਮਰਉ ਤ ਹਰਿ ਕੈ ਦੁਆਰ ॥
ਹੇ ਕਬੀਰ! ਮੇਰੇ ਅੰਦਰ ਤਾਂਘ ਹੈ ਕਿ ਮੈਂ ਆਪਾ-ਭਾਵ ਮਿਟਾ ਦਿਆਂ, ਮਮਤਾ ਮੁਕਾ ਦਿਆਂ; ਪਰ ਇਹ ਆਪਾ-ਭਾਵ ਤਦੋਂ ਹੀ ਮਿਟ ਸਕਦਾ ਹੈ ਜੇ ਪ੍ਰਭੂ ਦੇ ਦਰ ਤੇ ਡਿੱਗ ਪਈਏ,
ਮਤ ਹਰਿ ਪੂਛੈ ਕਉਨੁ ਹੈ ਪਰਾ ਹਮਾਰੈ ਬਾਰ ॥੬੧॥
(ਇਸ ਤਰ੍ਹਾਂ ਕੋਈ ਅਜਬ ਗੱਲ ਨਹੀਂ ਕਿ ਮੇਹਰ ਕਰ ਕੇ ਉਹ ਬਖ਼ਸ਼ਿੰਦ) ਪ੍ਰਭੂ ਕਦੇ ਪੁੱਛ ਹੀ ਬਹੇ ਕਿ ਮੇਰੇ ਦਰਵਾਜ਼ੇ ਉਤੇ ਕੌਣ ਡਿੱਗ ਪਿਆ ਹੈ ॥੬੧॥
ਕਬੀਰ ਨਾ ਹਮ ਕੀਆ ਨ ਕਰਹਿਗੇ ਨਾ ਕਰਿ ਸਕੈ ਸਰੀਰੁ ॥
ਹੇ ਕਬੀਰ! ਇਹ ਮੇਰੀ ਹਿੰਮਤ ਨਹੀਂ ਸੀ ਕਿ ਕਾਮਾਦਿਕ ‘ਲਾਖ ਅਹੇਰੀ’ ਦੀ ਮਾਰ ਤੋਂ ਬਚ ਕੇ ਮੈਂ ਪ੍ਰਭੂ-ਚਰਨਾਂ ਵਿਚ ਜੁੜ ਸਕਦਾ; ਅਗਾਂਹ ਨੂੰ ਭੀ ਮੇਰੇ ਵਿਚ ਇਹ ਤਾਕਤ ਨਹੀਂ ਆ ਸਕਦੀ ਕਿ ਖ਼ੁਦ ਇਹਨਾਂ ਵਿਕਾਰਾਂ ਦਾ ਟਾਕਰਾ ਕਰਾਂ, ਮੇਰਾ ਇਹ ਸਰੀਰ ਇਤਨੇ ਜੋਗਾ ਹੈ ਹੀ ਨਹੀਂ।
ਕਿਆ ਜਾਨਉ ਕਿਛੁ ਹਰਿ ਕੀਆ ਭਇਓ ਕਬੀਰੁ ਕਬੀਰੁ ॥੬੨॥
ਅਸਲ ਗੱਲ ਇਹ ਹੈ ਕਿ ਕਾਮਾਦਿਕਾਂ ਨੂੰ ਜਿੱਤ ਕੇ ਜੋ ਥੋੜ੍ਹੀ-ਬਹੁਤ ਭਗਤੀ ਮੈਥੋਂ ਹੋਈ ਹੈ ਇਹ ਸਭ ਕੁਝ ਪ੍ਰਭੂ ਨੇ ਆਪ ਕੀਤਾ ਹੈ ਤੇ (ਉਸ ਦੀ ਮੇਹਰ ਨਾਲ) ਕਬੀਰ (ਭਗਤ) ਮਸ਼ਹੂਰ ਹੋ ਗਿਆ ਹੈ ॥੬੨॥
ਕਬੀਰ ਸੁਪਨੈ ਹੂ ਬਰੜਾਇ ਕੈ ਜਿਹ ਮੁਖਿ ਨਿਕਸੈ ਰਾਮੁ ॥
ਹੇ ਕਬੀਰ! ਸੁੱਤੇ ਪਿਆਂ ਸੁਪਨੇ ਵਿਚ ਉੱਚੀ ਬੋਲਿਆਂ ਜੇ ਕਿਸੇ ਮਨੁੱਖ ਦੇ ਮੂੰਹੋਂ ਪਰਮਾਤਮਾ ਦਾ ਨਾਮ ਨਿਕਲੇ ਤਾਂ,
ਤਾ ਕੇ ਪਗ ਕੀ ਪਾਨਹੀ ਮੇਰੇ ਤਨ ਕੋ ਚਾਮੁ ॥੬੩॥
ਉਸ ਦੇ ਪੈਰਾਂ ਦੀ ਜੁੱਤੀ ਵਾਸਤੇ ਮੇਰੇ ਸਰੀਰ ਦੀ ਖੱਲ ਹਾਜ਼ਰ ਹੈ (ਭਾਵ, ਮੈਂ ਹਰ ਤਰ੍ਹਾਂ ਉਸ ਦੀ ਸੇਵਾ ਕਰਨ ਨੂੰ ਤਿਆਰ ਹਾਂ) ॥੬੩॥
ਕਬੀਰ ਮਾਟੀ ਕੇ ਹਮ ਪੂਤਰੇ ਮਾਨਸੁ ਰਾਖਿਓੁ ਨਾਉ ॥
ਹੇ ਕਬੀਰ! ਅਸੀਂ ਮਿੱਟੀ ਦੀਆਂ ਪੁਤਲੀਆਂ ਹਾਂ, ਅਸਾਂ ਆਪਣੇ ਆਪ ਦਾ ਨਾਮ ਤਾਂ ਮਨੁੱਖ ਰੱਖ ਲਿਆ ਹੈ (ਪਰ ਰਹੇ ਅਸੀਂ ਮਿੱਟੀ ਦੇ ਹੀ ਪੁਤਲੇ, ਕਿਉਂਕਿ ਜਿਸ ਪਰਮਾਤਮਾ ਨੇ ਅਸਾਡਾ ਇਹ ਪੁਤਲਾ ਸਜਾ ਕੇ ਇਸ ਵਿਚ ਆਪਣੀ ਜੋਤਿ ਪਾਈ ਹੈ ਉਸ ਨੂੰ ਵਿਸਾਰ ਕੇ ਮਿੱਟੀ ਨਾਲ ਹੀ ਪਿਆਰ ਕਰ ਰਹੇ ਹਾਂ);
ਚਾਰਿ ਦਿਵਸ ਕੇ ਪਾਹੁਨੇ ਬਡ ਬਡ ਰੂੰਧਹਿ ਠਾਉ ॥੬੪॥
ਅਸੀਂ ਇਥੇ ਚਾਰ ਦਿਨਾਂ ਲਈ ਪ੍ਰਾਹੁਣੇ ਹਾਂ ਪਰ ਵਧੀਕ ਵਧੀਕ ਥਾਂ ਮੱਲਦੇ ਜਾ ਰਹੇ ਹਾਂ ॥੬੪॥
ਕਬੀਰ ਮਹਿਦੀ ਕਰਿ ਘਾਲਿਆ ਆਪੁ ਪੀਸਾਇ ਪੀਸਾਇ ॥
ਹੇ ਕਬੀਰ! (ਮਹਿੰਦੀ ਪੀਹ ਪੀਹ ਕੇ ਬਾਰੀਕ ਕਰੀਦੀ ਹੈ, ਤੇ ਫਿਰ ਪੈਰੀਂ ਲਾਈਦੀ ਹੈ। ਇਸ ਤਰ੍ਹਾਂ ਮਹਿੰਦੀ ਦੇ ਸਹੇ ਹੋਏ ਕਸ਼ਟ ਮਾਨੋ, ਕਬੂਲ ਪੈ ਜਾਂਦੇ ਹਨ; ਪਰ)
ਤੈ ਸਹ ਬਾਤ ਨ ਪੂਛੀਐ ਕਬਹੁ ਨ ਲਾਈ ਪਾਇ ॥੬੫॥
ਜਿਸ ਮਨੁੱਖ ਨੇ ਆਪਣੇ ਆਪ ਨੂੰ ਤਪ ਆਦਿਕਾਂ ਦੇ ਕਸ਼ਟ ਦੇ ਕੇ ਬੜੀ ਘਾਲ ਘਾਲੀ ਜਿਵੇਂ ਮਹਿੰਦੀ ਨੂੰ ਪੀਹ ਪੀਹ ਕੇ ਬਾਰੀਕ ਕਰੀਦਾ ਹੈ, ਹੇ ਪ੍ਰਭੂ! ਤੂੰ ਉਸ ਦੀ ਘਾਲ-ਕਮਾਈ ਵਲ ਤਾਂ ਪਰਤ ਕੇ ਤੱਕਿਆ ਭੀ ਨਾ, ਤੂੰ ਉਸ ਨੂੰ ਕਦੇ ਆਪਣੇ ਚਰਨਾਂ ਵਿਚ ਨਾਹ ਜੋੜਿਆ ॥੬੫॥
ਕਬੀਰ ਜਿਹ ਦਰਿ ਆਵਤ ਜਾਤਿਅਹੁ ਹਟਕੈ ਨਾਹੀ ਕੋਇ ॥
ਹੇ ਕਬੀਰ! ਜਿਸ ਦਰ ਤੇ ਟਿਕੇ ਰਿਹਾਂ (‘ਲਾਖ ਅਹੇਰੀ’, ‘ਪਾਂਚਉ ਲਰਿਕਾ’ ਆਦਿਕ ਵਿਚੋਂ) ਕੋਈ ਭੀ (ਜੀਵਨ ਦੇ ਸਹੀ ਰਾਹ ਵਿਚ ਰੋਕ ਨਹੀਂ ਪਾ ਸਕਦਾ,
ਸੋ ਦਰੁ ਕੈਸੇ ਛੋਡੀਐ ਜੋ ਦਰੁ ਐਸਾ ਹੋਇ ॥੬੬॥
ਜੋ ਦਰਵਾਜ਼ਾ ਅਜੇਹਾ ਹੈ ਉਹ ਦਰ ਕਦੇ ਛੱਡਣਾ ਨਹੀਂ ਚਾਹੀਦਾ ॥੬੬॥
ਕਬੀਰ ਡੂਬਾ ਥਾ ਪੈ ਉਬਰਿਓ ਗੁਨ ਕੀ ਲਹਰਿ ਝਬਕਿ ॥
ਹੇ ਕਬੀਰ! (ਸੰਸਾਰ-ਸਮੁੰਦਰ ਵਿਚ) ਮੈਂ ਡੁੱਬ ਚੱਲਿਆ ਸਾਂ, ਪਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਲਹਿਰ ਦੇ ਧੱਕੇ ਨਾਲ (ਸੰਸਾਰਕ ਮੋਹ ਦੀਆਂ ਠਿੱਲਾਂ ਵਿਚੋਂ) ਮੈਂ ਉਤਾਂਹ ਚੁਕਿਆ ਗਿਆ।
ਜਬ ਦੇਖਿਓ ਬੇੜਾ ਜਰਜਰਾ ਤਬ ਉਤਰਿ ਪਰਿਓ ਹਉ ਫਰਕਿ ॥੬੭॥
(ਪਹਿਲਾਂ ਮੋਹ ਵਿਚ ਮਸਤ ਸਾਂ, ਹੁਣ ਅੱਖਾਂ ਖੁਲ੍ਹ ਆਈਆਂ) ਉਸ ਵੇਲੇ ਮੈਂ ਵੇਖਿਆ (ਕਿ ਜਿਸ ਸਰੀਰਕ ਮੋਹ ਦੇ ਬੇੜੇ ਵਿਚ ਮੈਂ ਸੁਆਰ ਹਾਂ ਉਹ) ਥੋੜਾ-ਬਹੁਤ ਪੁਰਾਣਾ ਹੋਇਆ ਹੋਇਆ ਹੈ (ਵਿਕਾਰਾਂ ਨਾਲ ਛੇਕੋ-ਛੇਕ ਹੋਇਆ ਪਿਆ ਹੈ)। ਮੈਂ ਛਾਲ ਮਾਰ ਕੇ (ਉਸ ਅਪਣੱਤ ਦੇ ਬੇੜੇ ਵਿਚੋਂ) ਉਤਰ ਪਿਆ (ਮੈਂ ਅਪਣੱਤ, ਸਰੀਰਕ ਮੋਹ ਛੱਡ ਦਿੱਤਾ। ਪਰ ਇਹ ਸਭ ਕੁਝ ਇਸੇ ਕਰਕੇ ਸੀ ਕਿ ਮੈਂ ਉਹ ‘ਦਰੁ’ ਨਾਹ ਛੱਡਿਆ ਜਿਸ ਦਰ ਤੇ ਟਿਕਿਆਂ ‘ਹਟਕੈ ਨਾਹੀ ਕੋਇ’) ॥੬੭॥
ਕਬੀਰ ਪਾਪੀ ਭਗਤਿ ਨ ਭਾਵਈ ਹਰਿ ਪੂਜਾ ਨ ਸੁਹਾਇ ॥
ਹੇ ਕਬੀਰ! (ਭਾਵੇਂ ਪ੍ਰਭੂ ਦੇ ਦਰ ਤੇ ਟਿਕੇ ਰਹਿਣ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਕਰਨ ਵਿਚ ਇਹ ਬਰਕਤਿ ਹੈ ਕਿ ਸੰਸਾਰ-ਸਮੁੰਦਰ ਵਿਚ ਡੁੱਬਣੋਂ ਬਚ ਜਾਈਦਾ ਹੈ, ਪਰ) ਵਿਕਾਰੀ ਬੰਦੇ ਨੂੰ ਪਰਮਾਤਮਾ ਦੀ ਭਗਤੀ ਚੰਗੀ ਨਹੀਂ ਲੱਗਦੀ, ਪਰਮਾਤਮਾ ਦੀ ਪੂਜਾ ਸੁਖਾਂਦੀ ਨਹੀਂ (ਸੁਖ ਦੇਣ ਵਾਲੀ ਨਹੀਂ ਜਾਪਦੀ)।
ਮਾਖੀ ਚੰਦਨੁ ਪਰਹਰੈ ਜਹ ਬਿਗੰਧ ਤਹ ਜਾਇ ॥੬੮॥
(ਵਿਕਾਰੀ ਬੰਦੇ ਦਾ ਸੁਭਾਉ ਮੱਖੀ ਵਾਂਗ ਹੋ ਜਾਂਦਾ ਹੈ) ਮੱਖੀ (ਸੋਹਣੀ ਖ਼ੁਸ਼-ਬੂ ਵਾਲੇ) ਚੰਦਨ ਨੂੰ ਤਿਆਗ ਦੇਂਦੀ ਹੈ, ਜਿੱਥੇ ਬਦ-ਬੂ ਹੋਵੇ ਉਥੇ ਜਾਂਦੀ ਹੈ ॥੬੮॥
ਕਬੀਰ ਬੈਦੁ ਮੂਆ ਰੋਗੀ ਮੂਆ ਮੂਆ ਸਭੁ ਸੰਸਾਰੁ ॥
ਹੇ ਕਬੀਰ! (ਮਾਇਕ ਭੋਗਾਂ ਦੀ ਖ਼ਾਤਰ ਖਪ ਖਪ ਕੇ) ਸਾਰਾ ਜਗਤ (ਸੰਸਾਰ-ਸਮੁੰਦਰ ਵਿਚ ਡੁੱਬ ਕੇ, ਮਾਇਕ ਮੋਹ ਵਿਚ ਡੁੱਬ ਕੇ, ਆਤਮਕ ਮੌਤੇ) ਮਰ ਰਿਹਾ ਹੈ, ਚਾਹੇ ਕੋਈ ਰੋਗੀ ਹੈ ਤੇ ਚਾਹੇ ਕੋਈ ਹਕੀਮ ਹੈ (ਭਾਵ, ਇਕ ਤਾਂ ਉਹ ਬੰਦੇ ਹਨ ਜੋ ਅੰਞਾਣ ਤੇ ਮੂੜ੍ਹ ਹੋਣ ਕਰ ਕੇ ਜੀਵਨ ਦਾ ਰਾਹ ਜਾਣਦੇ ਹੀ ਨਹੀਂ, ਤੇ ਵਿਕਾਰਾਂ ਵਿਚ ਫਸੇ ਪਏ ਹਨ, ਦੂਜੇ ਉਹ ਹਨ ਜੋ ਵਿਦਵਾਨ ਪੰਡਿਤ ਹਨ ਤੇ ਮੂਰਖ ਲੋਕਾਂ ਨੂੰ ਉਪਦੇਸ਼ ਕਰਦੇ ਹਨ। ਪਰ ਹਾਲਤ ਦੋਹਾਂ ਦੀ ਇਹ ਹੈ ਕਿ ਇਹਨਾਂ ਦੀ ਸਾਰੀ ਦੌੜ-ਭੱਜ ਮਾਇਕ ਭੋਗਾਂ ਵਾਸਤੇ ਹੀ ਹੈ, ਇਨ੍ਹਾਂ ਦੇ ਗਿਆਨ-ਇੰਦ੍ਰੇ ਆਪੋ ਆਪਣੇ ਵਿਸ਼ੇ-ਭੋਗਾਂ ਵਲ ਖਪ ਰਹੇ ਹਨ, ਭੋਗਾਂ ਨੂੰ ਰੋ ਰਹੇ ਹਨ। ਇੱਕ ਭਗਤੀ ਤੋਂ ਵਾਂਜੇ ਰਹਿਣ ਕਰਕੇ ਇਹ ਸਭ ਆਤਮਕ ਮੌਤੇ ਮਰੇ ਪਏ ਹਨ)।
ਏਕੁ ਕਬੀਰਾ ਨਾ ਮੂਆ ਜਿਹ ਨਾਹੀ ਰੋਵਨਹਾਰੁ ॥੬੯॥
ਹੇ ਕਬੀਰ! ਸਿਰਫ਼ ਉਹ ਮਨੁੱਖ (ਆਤਮਕ ਮੌਤੇ) ਨਹੀਂ ਮਰਦਾ ਜਿਸ ਦਾ ਕੋਈ (ਸੰਗੀ ਸਾਥੀ, ਗਿਆਨ-ਇੰਦ੍ਰਾ) (ਮਾਇਕ ਭੋਗਾਂ ਦੀ ਖ਼ਾਤਰ) ਰੋ ਨਹੀਂ ਰਿਹਾ (ਖਪ ਨਹੀਂ ਰਿਹਾ ਤੇ, ਅਜੇਹਾ ਮਨੁੱਖ ਸਿਰਫ਼ ਉਹੀ ਹੋ ਸਕਦਾ ਹੈ ਜੋ ਪ੍ਰਭੂ-ਦਰ ਨਹੀਂ ਛੱਡਦਾ, ਕਿਉਂਕਿ ਪ੍ਰਭੂ-ਦਰ ਤੇ ਰਿਹਾਂ ‘ਹਟਕੈ ਨਾਹੀ ਕੋਇ’) ॥੬੯॥
ਕਬੀਰ ਰਾਮੁ ਨ ਧਿਆਇਓ ਮੋਟੀ ਲਾਗੀ ਖੋਰਿ ॥
ਹੇ ਕਬੀਰ! ਜਿਸ ਜਿਸ ਮਨੁੱਖ ਨੇ ਪਰਮਾਤਮਾ ਦਾ ਸਿਮਰਨ ਨਹੀਂ ਕੀਤਾ, ਉਸ ਨੂੰ ਅੰਦਰੋ ਅੰਦਰ ਵਿਕਾਰ ਖੋਖਲਾ ਕਰੀ ਜਾਂਦੇ ਹਨ (ਤੇ ਉਹ ਸਹਜੇ ਸਹਜੇ ਆਤਮਕ ਮੌਤੇ ਮਰਦਾ ਜਾਂਦਾ ਹੈ)।
ਕਾਇਆ ਹਾਂਡੀ ਕਾਠ ਕੀ ਨਾ ਓਹ ਚਰ੍ਹੈ ਬਹੋਰਿ ॥੭੦॥
ਜਿਵੇਂ ਲੱਕੜ ਦੀ ਹਾਂਡੀ (ਚੁੱਲ੍ਹੇ ਉਤੇ ਇਕ ਵਾਰੀ ਸੜ ਕੇ) ਮੁੜ (ਚੁੱਲ੍ਹੇ ਉਤੇ) ਨਹੀਂ ਚੜ੍ਹ ਸਕਦੀ, ਤਿਵੇਂ (ਵਿਕਾਰਾਂ ਦੀ ਅੱਗ ਵਿਚ ਸੜਿ-ਮੁਏ ਮਨੁੱਖ ਦਾ) ਇਹ ਸਰੀਰ ਹੈ (ਜੋ ਇਸ ਨੂੰ ਦੂਜੀ ਵਾਰੀ ਨਹੀਂ ਮਿਲਦਾ) ॥੭੦॥
ਕਬੀਰ ਐਸੀ ਹੋਇ ਪਰੀ ਮਨ ਕੋ ਭਾਵਤੁ ਕੀਨੁ ॥
ਜਿਸ ਮਨੁੱਖ ਨੂੰ ਪ੍ਰਭੂ ਮਨ-ਭਾਉਂਦੀ (ਭਗਤੀ ਦੀ) ਦਾਤ ਬਖ਼ਸ਼ਦਾ ਹੈ, ਜਿਸ ਉਤੇ ਇਹ ਅਜਬ ਮੇਹਰ ਹੁੰਦੀ ਹੈ, ਉਹ ਮਨੁੱਖ ਭੀ ਖ਼ੁਸ਼ੀ-ਖ਼ੁਸ਼ੀ ਆਪਾ-ਭਾਵ ਤਿਆਗਦਾ ਹੈ।
ਮਰਨੇ ਤੇ ਕਿਆ ਡਰਪਨਾ ਜਬ ਹਾਥਿ ਸਿਧਉਰਾ ਲੀਨ ॥੭੧॥
ਹੇ ਕਬੀਰ! ਜਦੋਂ ਕੋਈ ਇਸਤ੍ਰੀ (ਆਪਣੇ ਪਤੀ ਦੇ ਮਰਨ ਤੇ) ਹੱਥ ਵਿਚ ਸੰਧੂਰਿਆ ਹੋਇਆ ਨਲੀਏਰ ਫੜ ਲੈਂਦੀ ਹੈ ਤਾਂ ਉਹ ਮਰਨ ਤੋਂ ਨਹੀਂ ਡਰਦੀ ॥੭੧॥
ਕਬੀਰ ਰਸ ਕੋ ਗਾਂਡੋ ਚੂਸੀਐ ਗੁਨ ਕਉ ਮਰੀਐ ਰੋਇ ॥
ਹੇ ਕਬੀਰ! ਰਸ ਨਾਲ ਭਰਿਆ ਹੋਇਆ ਗੰਨਾ (ਵੇਲਣੇ ਵਿਚ) ਪੀੜਿਆ ਜਾਂਦਾ ਹੈ (ਭਾਵ, ਰਸ ਦੀ ਦਾਤ ਦੇ ਇਵਜ਼ ਵਿਚ ਉਸ ਨੂੰ ਇਹ ਮੁੱਲ ਦੇਣਾ ਪੈਂਦਾ ਹੈ ਕਿ ਉਹ ਵੇਲਣੇ ਵਿਚ ਪੀੜੀਦਾ ਹੈ (ਸੋ ਗੁਣਾਂ ਦੇ ਬਦਲੇ ਔਗੁਣਾਂ ਨੂੰ ਛੱਡ ਕੇ ਆਪਾ-ਭਾਵ ਵਲੋਂ ਮਰਨਾ ਹੀ ਪੈਂਦਾ ਹੈ)।
ਅਵਗੁਨੀਆਰੇ ਮਾਨਸੈ ਭਲੋ ਨ ਕਹਿਹੈ ਕੋਇ ॥੭੨॥
(ਜੋ ਮਨੁੱਖ ਆਪਾ-ਭਾਵ ਨਹੀਂ ਤਿਆਗਦਾ, ਤੇ, ਵਿਕਾਰਾਂ ਵਲ ਹੀ ਰੁੱਚੀ ਰੱਖਦਾ ਹੈ, ਉਸ) ਵਿਕਾਰੀ ਮਨੁੱਖ ਨੂੰ (ਜਗਤ ਵਿਚ) ਕੋਈ ਬੰਦਾ ਚੰਗਾ ਨਹੀਂ ਆਖਦਾ (ਭਾਵ, ਭਗਤੀ ਦੀ ਦਾਤ ਤੋਂ ਵਾਂਜਿਆ ਰਹਿੰਦਾ ਹੈ, ਤੇ, ਜਗਤ ਵਿਚ ਬਦਨਾਮੀ ਭੀ ਖੱਟਦਾ ਹੈ) ॥੭੨॥
ਕਬੀਰ ਗਾਗਰਿ ਜਲ ਭਰੀ ਆਜੁ ਕਾਲਿੑ ਜੈਹੈ ਫੂਟਿ ॥
ਹੇ ਕਬੀਰ! ਮਿੱਟੀ ਦਾ ਕੱਚਾ ਘੜਾ ਪਾਣੀ ਨਾਲ ਭਰਿਆ ਹੋਇਆ ਹੋਵੇ, ਉਹ ਛੇਤੀ ਹੀ ਫੁੱਟ ਜਾਂਦਾ ਹੈ (ਇਸ ਸਰੀਰ ਦੀ ਭੀ ਇਹੀ ਪਾਂਇਆਂ ਹੈ, ਸਦਾ ਕਾਇਮ ਨਹੀਂ ਰਹਿ ਸਕਦਾ। ਮਨੁੱਖਾ ਜਨਮ ਦਾ ਮਨੋਰਥ ਪ੍ਰਾਪਤ ਕਰਨ ਲਈ ਇਸ ਸਰੀਰ ਦਾ ਮੋਹ ਇਸ ਦੇ ਨਾਸ ਹੋਣ ਤੋਂ ਪਹਿਲਾਂ ਹੀ ਤਿਆਗਣਾ ਹੈ, ਆਪਣੀ ਮਰਜ਼ੀ ਤਿਆਗ ਕੇ ਗੁਰੂ ਦੇ ਦੱਸੇ ਹੋਏ ਰਾਹ ਉਤੇ ਤੁਰਨਾ ਹੈ; ਪਰ)
ਗੁਰੁ ਜੁ ਨ ਚੇਤਹਿ ਆਪਨੋ ਅਧ ਮਾਝਿ ਲੀਜਹਿਗੇ ਲੂਟਿ ॥੭੩॥
ਜੋ ਮਨੁੱਖ ਆਪਣੇ ਗੁਰੂ ਨੂੰ ਯਾਦ ਨਹੀਂ ਰੱਖਦੇ (ਸਰੀਰਕ ਮੋਹ ਵਿਚ ਫਸ ਕੇ ਗੁਰੂ ਨੂੰ ਭੁਲਾ ਬੈਠਦੇ ਹਨ, ਗੁਰੂ ਦੇ ਦੱਸੇ ਰਾਹ ਨੂੰ ਵਿਸਾਰ ਦੇਂਦੇ ਹਨ) ਉਹ ਮਨੁੱਖ ਜ਼ਿੰਦਗੀ ਦੇ ਸਫ਼ਰ ਦੇ ਅੱਧ ਵਿਚ ਹੀ ਲੁੱਟ ਲਏ ਜਾਂਦੇ ਹਨ (ਕਾਮਾਦਿਕ ਵਿਕਾਰ ਆਪਣੇ ਜਾਲ ਵਿਚ ਫਸਾ ਕੇ ਉਹਨਾਂ ਦੇ ਸਾਰੇ ਗੁਣ ਨਾਸ ਕਰ ਦੇਂਦੇ ਹਨ, ਵਿਕਾਰਾਂ ਵਿਚ ਪੈ ਕੇ ਇਥੋਂ ਦੀ ਰਾਸਿ-ਪੂੰਜੀ ਭੀ ਮੁੱਕ ਜਾਂਦੀ ਹੈ ਤੇ ਪਰਲੋਕ ਭੀ ਵਿਗੜ ਜਾਂਦਾ ਹੈ) ॥੭੩॥
ਕਬੀਰ ਕੂਕਰੁ ਰਾਮ ਕੋ ਮੁਤੀਆ ਮੇਰੋ ਨਾਉ ॥
ਹੇ ਕਬੀਰ! ਮੈਂ ਆਪਣੇ ਮਾਲਕ-ਪ੍ਰਭੂ (ਦੇ ਦਰ) ਦਾ ਕੁੱਤਾ ਹਾਂ (ਪ੍ਰਭੂ ਦੇ ਦਰਵਾਜ਼ੇ ਤੇ ਹੀ ਟਿਕਿਆ ਰਹਿੰਦਾ ਹਾਂ, ਤੇ ਇਸ ਕਰਕੇ) ਮੇਰਾ ਨਾਮ ਭੀ ‘ਮੋਤੀ’ ਪੈ ਗਿਆ ਹੈ (ਭਾਵ, ਦੁਨੀਆ ਭੀ ਮੈਨੂੰ ਪਿਆਰ ਨਾਲ ਬੁਲਾਂਦੀ ਹੈ)।
ਗਲੇ ਹਮਾਰੇ ਜੇਵਰੀ ਜਹ ਖਿੰਚੈ ਤਹ ਜਾਉ ॥੭੪॥
ਮੇਰੇ ਮਾਲਕ-ਪ੍ਰਭੂ ਨੇ ਮੇਰੇ ਗਲ ਵਿਚ ਰੱਸੀ ਪਾਈ ਹੋਈ ਹੈ, ਜਿਧਰ ਉਹ ਮੈਨੂੰ ਖਿੱਚਦਾ ਹੈ, ਮੈਂ ਉਧਰ ਹੀ ਜਾਂਦਾ ਹਾਂ ॥੭੪॥
ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵਹਿ ਲੋਇ ॥
ਹੇ ਕਬੀਰ! ਤੂੰ ਤੁਲਸੀ ਰੁੱਦ੍ਰਾਖ ਆਦਿਕ ਦੀ ਮਾਲਾ (ਹੱਥ ਵਿਚ ਲੈ ਕੇ) ਕਿਉਂ ਲੋਕਾਂ ਨੂੰ ਵਿਖਾਂਦਾ ਫਿਰਦਾ ਹੈਂ?
ਹਿਰਦੈ ਰਾਮੁ ਨ ਚੇਤਹੀ ਇਹ ਜਪਨੀ ਕਿਆ ਹੋਇ ॥੭੫॥
ਤੂੰ ਆਪਣੇ ਹਿਰਦੇ ਵਿਚ ਤਾਂ ਪਰਮਾਤਮਾ ਨੂੰ ਯਾਦ ਨਹੀਂ ਕਰਦਾ, (ਹੱਥ ਵਿਚ ਫੜੀ ਹੋਈ) ਇਸ ਮਾਲਾ ਦਾ ਕੋਈ ਲਾਭ ਨਹੀਂ ਹੋ ਸਕਦਾ ॥੭੫॥
ਕਬੀਰ ਬਿਰਹੁ ਭੁਯੰਗਮੁ ਮਨਿ ਬਸੈ ਮੰਤੁ ਨ ਮਾਨੈ ਕੋਇ ॥
ਹੇ ਕਬੀਰ! (‘ਕਾਠ ਕੀ ਜਪਨੀ’ ਤਾਂ ਕੁਝ ਸਵਾਰ ਨਹੀਂ ਸਕਦੀ, ਪਰ) ਜਿਸ ਮਨੁੱਖ ਦੇ ਮਨ ਵਿਚ ਗੁਰੂ ਦੀ ਸਰਨ ਪੈ ਕੇ ਬਿਰਹੋਂ ਦਾ ਸੱਪ ਆ ਵੱਸੇ (ਜਿਸ ਮਨੁੱਖ ਨੂੰ ਗੁਰੂ-ਦਰ ਤੋਂ ਇਹ ਸੂਝ ਮਿਲ ਜਾਏ ਕਿ ਇਹਨਾਂ ਕਾਮਾਦਿਕਾਂ ਨੇ ਮੈਨੂੰ ਰੱਬ ਨਾਲੋਂ ਵਿਛੋੜ ਦਿੱਤਾ ਹੈ) (ਕਾਮਾਦਿਕਾਂ ਦਾ) ਕੋਈ ਮੰਤ੍ਰ ਉਸ ਉਤੇ ਨਹੀਂ ਚੱਲ ਸਕਦਾ।
ਰਾਮ ਬਿਓਗੀ ਨਾ ਜੀਐ ਜੀਐ ਤ ਬਉਰਾ ਹੋਇ ॥੭੬॥
ਪਰਮਾਤਮਾ ਤੋਂ ਵਿਛੋੜੇ ਨੂੰ ਮਹਿਸੂਸ ਕਰਨ ਵਾਲਾ ਮਨੁੱਖ ਜੀਊ ਹੀ ਨਹੀਂ ਸਕਦਾ, (ਭਾਵ, ਪਰਮਾਤਮਾ ਤੋਂ ਵਿਛੋੜੇ ਦਾ ਅਹਿਸਾਸ ਇਕ ਐਸਾ ਡੰਗ ਹੈ ਕਿ ਇਸ ਦਾ ਡੰਗਿਆ ਹੋਇਆ ਬੰਦਾ ਮਾਇਕ ਭੋਗਾਂ ਵਾਸਤੇ ਜੀਊ ਹੀ ਨਹੀਂ ਸਕਦਾ) ਜੇਹੜਾ ਜੀਵਨ ਉਹ ਜੀਊਂਦਾ ਹੈ, ਦੁਨੀਆ ਦੇ ਭਾਣੇ ਉਹ ਝੱਲਿਆਂ ਵਾਲਾ ਜੀਵਨ ਹੈ ॥੭੬॥
ਕਬੀਰ ਪਾਰਸ ਚੰਦਨੈ ਤਿਨੑ ਹੈ ਏਕ ਸੁਗੰਧ ॥
ਹੇ ਕਬੀਰ! ਪਾਰਸ ਅਤੇ ਚੰਦਨ-ਇਹਨਾਂ ਦੋਹਾਂ ਵਿਚ ਇਕ ਇਕ ਗੁਣ ਹੈ;
ਤਿਹ ਮਿਲਿ ਤੇਊ ਊਤਮ ਭਏ ਲੋਹ ਕਾਠ ਨਿਰਗੰਧ ॥੭੭॥
ਲੋਹਾ ਅਤੇ ਸੁਗੰਧੀ-ਹੀਨ ਲੱਕੜੀ ਇਹਨਾਂ ਨਾਲ ਛੋਹ ਕੇ ਉੱਤਮ ਬਣ ਜਾਂਦੇ ਹਨ (ਲੋਹਾ ਪਾਰਸ ਨੂੰ ਛੋਹ ਕੇ ਸੋਨਾ ਬਣ ਜਾਂਦਾ ਹੈ; ਸਾਧਾਰਨ ਰੁੱਖ ਚੰਦਨ ਦੇ ਨੇੜੇ ਰਹਿ ਕੇ ਸੁਗੰਧੀ ਵਾਲਾ ਹੋ ਜਾਂਦਾ ਹੈ। ਤਿਵੇਂ ਪਹਿਲਾਂ ਕਾਮਾਦਿਕਾਂ ਤੋਂ ਵਿਕਿਆ ਮਨੁੱਖ ਗੁਰੂ ਨੂੰ ਮਿਲ ਕੇ “ਰਾਮ ਬਿਓਗੀ” ਬਣ ਜਾਂਦਾ ਹੈ) ॥੭੭॥
ਕਬੀਰ ਜਮ ਕਾ ਠੇਂਗਾ ਬੁਰਾ ਹੈ ਓਹੁ ਨਹੀ ਸਹਿਆ ਜਾਇ ॥
ਹੇ ਕਬੀਰ! (ਕਾਮਾਦਿਕਾਂ ਦੇ ਵੱਸ ਪਏ ਰਿਹਾਂ ਜਮ ਦਾ ਡੰਡਾ ਸਿਰ ਤੇ ਵੱਜਦਾ ਹੈ, ਜਨਮ-ਮਰਨ ਦੇ ਗੇੜ ਵਿਚ ਪੈ ਜਾਈਦਾ ਹੈ, ਤੇ) ਜਮ ਦੀ (ਇਹ) ਸੱਟ ਇਤਨੀ ਭੈੜੀ ਹੈ ਕਿ ਸਹਾਰਨੀ ਬੜੀ ਔਖੀ ਹੈ।
ਏਕੁ ਜੁ ਸਾਧੂ ਮੁੋਹਿ ਮਿਲਿਓ ਤਿਨਿੑ ਲੀਆ ਅੰਚਲਿ ਲਾਇ ॥੭੮॥
(ਪਰਮਾਤਮਾ ਦੀ ਕਿਰਪਾ ਨਾਲ) ਮੈਨੂੰ ਗੁਰੂ ਮਿਲ ਪਿਆ, ਉਸ ਨੇ ਆਪਣੇ ਲੜ ਲਾ ਲਿਆ (ਤੇ ਮੈਂ ਕਾਮਾਦਿਕਾਂ ਦੇ) ਢਹੇ ਨਹੀਂ ਚੜ੍ਹਿਆ ॥੭੮॥
ਕਬੀਰ ਬੈਦੁ ਕਹੈ ਹਉ ਹੀ ਭਲਾ ਦਾਰੂ ਮੇਰੈ ਵਸਿ ॥
ਹੇ ਕਬੀਰ! ਹਕੀਮ (ਤਾਂ) ਆਖਦਾ ਹੈ ਕਿ ਮੈਂ ਬੜਾ ਸਿਆਣਾ ਹਾਂ (ਰੋਗ ਆਉਣ ਤੇ ਜਿੰਦ ਨੂੰ ਸਰੀਰ ਨਾਲੋਂ ਵਿਛੁੜਨ ਤੋਂ ਬਚਾਣ ਲਈ) ਇਲਾਜ ਮੇਰੇ ਇਖ਼ਤਿਆਰ ਵਿਚ ਹੈ (ਮੈਂ ਰੋਗ ਦਾ ਇਲਾਜ ਕਰਨਾ ਜਾਣਦਾ ਹਾਂ)।
ਇਹ ਤਉ ਬਸਤੁ ਗੁਪਾਲ ਕੀ ਜਬ ਭਾਵੈ ਲੇਇ ਖਸਿ ॥੭੯॥
ਪਰ ਇਹ ਜਿੰਦ ਉਸ ਮਾਲਕ ਪ੍ਰਭੂ ਦੀ (ਦਿੱਤੀ ਹੋਈ ਅਮਾਨਤੀ) ਚੀਜ਼ ਹੈ, ਜਦੋਂ ਉਹ ਚਾਹੁੰਦਾ ਹੈ (ਸਰੀਰ ਵਿਚੋਂ) ਮੋੜ ਲੈਂਦਾ ਹੈ (ਇਥੇ ਸਦਾ ਨਹੀਂ ਟਿਕੇ ਰਹਿਣਾ, ਤਾਂ ਤੇ ਜਮ ਦੇ ਠੇਂਗੇ ਦਾ ਖ਼ਿਆਲ ਰੱਖੋ ਤੇ ਗੁਰੂ-ਦਰ ਤੇ ਆ ਕੇ ‘ਗੁਨ ਕਉ ਮਰੀਐ ਰੋਇ’) ॥੭੯॥
ਕਬੀਰ ਨਉਬਤਿ ਆਪਨੀ ਦਿਨ ਦਸ ਲੇਹੁ ਬਜਾਇ ॥
ਹੇ ਕਬੀਰ! (ਜੇ ਤੂੰ ਇਹ ਨਹੀਂ ਸੁਣਦਾ, ਤਾਂ ਤੇਰੀ ਮਰਜ਼ੀ) ਮਨ-ਮੰਨੀਆਂ ਮੌਜਾਂ ਮਾਣ ਲੈ (ਪਰ ਇਹ ਮੌਜਾਂ ਹਨ ਸਿਰਫ਼) ਦਸ ਦਿਨਾਂ ਲਈ ਹੀ।
ਨਦੀ ਨਾਵ ਸੰਜੋਗ ਜਿਉ ਬਹੁਰਿ ਨ ਮਿਲਹੈ ਆਇ ॥੮੦॥
ਜਿਵੇਂ ਨਦੀ ਤੋਂ ਪਾਰ ਲੰਘਣ ਲਈ ਬੇੜੀ ਵਿਚ ਬੈਠੇ ਮੁਸਾਫਿਰਾਂ ਦਾ ਮਿਲਾਪ ਹੈ (ਮੁੜ ਉਹ ਸਾਰੇ ਕਦੇ ਨਹੀਂ ਮਿਲਦੇ); ਤਿਵੇਂ (ਮਨ-ਮੰਨੀਆਂ ਮੌਜਾਂ ਵਿਚ ਗਵਾਇਆ ਹੋਇਆ ਇਹ ਮਨੁੱਖਾ ਸਰੀਰ ਮੁੜ ਨਹੀਂ ਮਿਲੇਗਾ ॥੮੦॥
ਕਬੀਰ ਸਾਤ ਸਮੁੰਦਹਿ ਮਸੁ ਕਰਉ ਕਲਮ ਕਰਉ ਬਨਰਾਇ ॥
ਹੇ ਕਬੀਰ! ਜੇ ਮੈਂ ਸੱਤਾਂ ਹੀ ਸਮੁੰਦ੍ਰਾਂ (ਦੇ ਪਾਣੀ ਨੂੰ ਸਿਆਹੀ ਬਣਾ ਲਵਾਂ, ਸਾਰੇ ਰੁੱਖਾਂ-ਬਿਰਖਾਂ ਦੀਆਂ ਕਲਮਾਂ ਘੜ ਲਵਾਂ, ਸਾਰੀ ਧਰਤੀ ਨੂੰ ਕਾਗਜ਼ ਦੇ ਥਾਂ ਵਰਤਾਂ,
ਬਸੁਧਾ ਕਾਗਦੁ ਜਉ ਕਰਉ ਹਰਿ ਜਸੁ ਲਿਖਨੁ ਨ ਜਾਇ ॥੮੧॥
ਤਾਂ ਭੀ ਪਰਮਾਤਮਾ ਦੇ ਗੁਣ (ਪੂਰਨ ਤੌਰ ਤੇ) ਲਿਖੇ ਨਹੀਂ ਜਾ ਸਕਦੇ (ਭਾਵ, ਇਨਸਾਨ ਨੇ ਪਰਮਾਤਮਾ ਦੇ ਗੁਣ ਇਸ ਵਾਸਤੇ ਨਹੀਂ ਗਾਵਣੇ ਕਿ ਗੁਣਾਂ ਦਾ ਅੰਤ ਪਾਇਆ ਜਾ ਸਕੇ, ਤੇ ਸਾਰੇ ਗੁਣ ਬਿਆਨ ਕੀਤੇ ਜਾ ਸਕਣ) ॥੮੧॥
ਕਬੀਰ ਜਾਤਿ ਜੁਲਾਹਾ ਕਿਆ ਕਰੈ ਹਿਰਦੈ ਬਸੇ ਗੁਪਾਲ ॥
ਹੇ ਕਬੀਰ! (ਪ੍ਰਭੂ ਦੇ ਗੁਣ ਗਾਵਿਆਂ ਗੁਣਾਂ ਦਾ ਅੰਤ ਤਾਂ ਨਹੀਂ ਪੈ ਸਕਦਾ, ਪਰ ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਮੇਰੀ (ਨੀਵੀਂ) ਜੁਲਾਹਾ-ਜਾਤਿ ਮੇਰੇ ਅੰਦਰ ਨਿਤਾਣਾ-ਪਨ ਪੈਦਾ ਨਹੀਂ ਕਰ ਸਕਦੀ ਕਿਉਂਕਿ ਹੁਣ ਮੇਰੇ ਹਿਰਦੇ ਵਿਚ ਸ੍ਰਿਸ਼ਟੀ ਦਾ ਮਾਲਕ ਪਰਮਾਤਮਾ ਵੱਸ ਰਿਹਾ ਹੈ।
ਕਬੀਰ ਰਮਈਆ ਕੰਠਿ ਮਿਲੁ ਚੂਕਹਿ ਸਰਬ ਜੰਜਾਲ ॥੮੨॥
ਹੇ ਕਬੀਰ! ਪ੍ਰਭੂ ਦੀ ਯਾਦ ਵਿਚ ਜੁੜ (ਨਿਰੀ ਨੀਵੀਂ ਜਾਤਿ ਦੀ ਕਮਜ਼ੋਰੀ ਹੀ ਨਹੀਂ) ਮਾਇਆ ਦੇ ਸਾਰੇ ਹੀ ਜੰਜਾਲ ਮੁੱਕ ਜਾਣਗੇ ॥੮੨॥
ਕਬੀਰ ਐਸਾ ਕੋ ਨਹੀ ਮੰਦਰੁ ਦੇਇ ਜਰਾਇ ॥
ਹੇ ਕਬੀਰ! (ਭਾਵੇਂ ਸਿਫ਼ਤ-ਸਾਲਾਹ ਵਿਚ ਬੜੀ ਬਰਕਤਿ ਹੈ, ਪਰ ਸਰੀਰਕ ਮੋਹ ਅਤੇ ਕਾਮਾਦਿਕ ਦਾ ਇਤਨਾ ਜ਼ੋਰ ਹੈ ਕਿ) ਕੋਈ ਵਿਰਲਾ ਅਜਿਹਾ ਮਨੁੱਖ ਹੁੰਦਾ ਹੈ ਜੋ ਸਰੀਰਕ ਮੋਹ ਨੂੰ ਸਾੜਦਾ ਹੈ,
ਪਾਂਚਉ ਲਰਿਕੇ ਮਾਰਿ ਕੈ ਰਹੈ ਰਾਮ ਲਿਉ ਲਾਇ ॥੮੩॥
ਕੋਈ ਵਿਰਲਾ ਹੈ ਜੋ ਕਾਮਾਦਿਕ ਮਾਇਆ ਦੇ ਪੰਜਾਂ ਪੁਤ੍ਰਾਂ ਨੂੰ ਮਾਰ ਕੇ ਪ੍ਰਭੂ ਨਾਲ ਲਿਵ ਲਾਈ ਰੱਖਦਾ ਹੈ ॥੮੩॥
ਕਬੀਰ ਐਸਾ ਕੋ ਨਹੀ ਇਹੁ ਤਨੁ ਦੇਵੈ ਫੂਕਿ ॥
ਹੇ ਕਬੀਰ! (ਮਾਇਆ ਦੇ ਪ੍ਰਭਾਵ ਕਰ ਕੇ) ਕੋਈ ਵਿਰਲਾ ਹੀ ਅਜੇਹਾ ਮਿਲਦਾ ਹੈ ਜੋ (ਪ੍ਰਭੂ ਦੀ ਸਿਫ਼ਤ-ਸਾਲਾਹ ਕਰੇ, ਤੇ) ਸਰੀਰਕ ਮੋਹ ਨੂੰ ਸਾੜ ਦੇਵੇ।
ਅੰਧਾ ਲੋਗੁ ਨ ਜਾਨਈ ਰਹਿਓ ਕਬੀਰਾ ਕੂਕਿ ॥੮੪॥
ਜਗਤ ਮੋਹ ਵਿਚ ਇਤਨਾ ਗ਼ਰਕ ਹੈ ਕਿ ਇਸ ਨੂੰ ਆਪਣੀ ਭਲਾਈ ਸੁੱਝਦੀ ਹੀ ਨਹੀਂ, (ਭਾਵੇਂ) ਕਬੀਰ ਉੱਚੀ ਉੱਚੀ ਦੱਸ ਰਿਹਾ ਹੈ ॥੮੪॥
ਕਬੀਰ ਸਤੀ ਪੁਕਾਰੈ ਚਿਹ ਚੜੀ ਸੁਨੁ ਹੋ ਬੀਰ ਮਸਾਨ ॥
ਹੇ ਕਬੀਰ! ਜੋ ਇਸਤ੍ਰੀ ਆਪਣੇ ਪਰਲੋਕ-ਅੱਪੜੇ ਪਤੀ ਨੂੰ ਮਿਲਣ ਦੀ ਖ਼ਾਤਰ ਉਸ ਦੇ ਸਰੀਰ ਨਾਲ ਆਪਣੇ ਆਪ ਨੂੰ ਸਾੜਨ ਲਈ ਤਿਆਰ ਹੁੰਦੀ ਹੈ ਉਹ ਚਿਖ਼ਾ ਉਤੇ ਚੜ੍ਹ ਕੇ ਦਲੇਰ ਹੋ ਕੇ ਆਖਦੀ ਹੈ-ਹੇ ਵੀਰ ਮਸਾਣ!
ਲੋਗੁ ਸਬਾਇਆ ਚਲਿ ਗਇਓ ਹਮ ਤੁਮ ਕਾਮੁ ਨਿਦਾਨ ॥੮੫॥
ਸੁਣ, ਸਾਰੇ ਸੰਬੰਧੀ ਮੇਰਾ ਸਾਥ ਛੱਡ ਗਏ ਹਨ (ਮੈਨੂੰ ਕੋਈ ਮੇਰੇ ਪਤੀ ਨਾਲ ਨਹੀਂ ਮਿਲਾ ਸਕਿਆ) ਆਖ਼ਰ, ਹੇ ਵੀਰ! ਮੈਨੂੰ ਤੇਰੇ ਨਾਲ ਗ਼ਰਜ਼ ਪਈ ਹੈ ॥੮੫॥
ਕਬੀਰ ਮਨੁ ਪੰਖੀ ਭਇਓ ਉਡਿ ਉਡਿ ਦਹ ਦਿਸ ਜਾਇ ॥
(ਹੇ ਕਬੀਰ! ਇਹ ਜਾਣਦਿਆਂ ਭੀ ਕਿ ਪ੍ਰਭੂ ਦੀ ਸਿਫ਼ਤ-ਸਾਲਾਹ ਵਿਕਾਰਾਂ ਨੂੰ ਸਾੜ ਕੇ ਪ੍ਰਭੂ-ਚਰਨਾਂ ਵਿਚ ਜੋੜਦੀ ਹੈ) ਮਨੁੱਖ ਦਾ ਮਨ ਪੰਛੀ ਬਣ ਜਾਂਦਾ ਹੈ ਇਕ ਪ੍ਰਭੂ ਦਾ ਆਸਰਾ ਛੱਡ ਕੇ) ਭਟਕ ਭਟਕ ਕੇ (ਮਾਇਕ ਪਦਾਰਥਾਂ ਦੇ ਪਿੱਛੇ) ਦਸੀਂ ਪਾਸੀਂ ਦੌੜਦਾ ਹੈ।
ਜੋ ਜੈਸੀ ਸੰਗਤਿ ਮਿਲੈ ਸੋ ਤੈਸੋ ਫਲੁ ਖਾਇ ॥੮੬॥
(ਤੇ ਇਹ ਕੁਦਰਤਿ ਦਾ ਨਿਯਮ ਹੀ ਹੈ ਕਿ) ਜੋ ਮਨੁੱਖ ਜਿਹੋ ਜਿਹੀ ਸੰਗਤ ਵਿਚ ਬੈਠਦਾ ਹੈ ਉਹੋ ਜਿਹਾ ਉਸ ਨੂੰ ਫਲ ਮਿਲਦਾ ਹੈ ॥੮੬॥
ਕਬੀਰ ਜਾ ਕਉ ਖੋਜਤੇ ਪਾਇਓ ਸੋਈ ਠਉਰੁ ॥
ਹੇ ਕਬੀਰ! (ਪ੍ਰਭੂ ਦੀ ਸਿਫ਼ਤ-ਸਾਲਾਹ ਕੀਤਿਆਂ, ਪ੍ਰਭੂ ਦੇ ਗੁਣ ਗਾਂਵਿਆਂ, ਗੁਣਾਂ ਦਾ ਅੰਤ ਤਾਂ ਨਹੀਂ ਪੈ ਸਕਦਾ; ਪਰ ਸਿਫ਼ਤ-ਸਾਲਾਹ ਦੀ ਸਹੈਤਾ ਨਾਲ) ਮੈਂ (ਪ੍ਰਭੂ ਦੇ ਚਰਨ-ਰੂਪ) ਜੇਹੜੀ ਥਾਂ ਭਾਲ ਰਿਹਾ ਸਾਂ, ਉਹੀ ਥਾਂ ਮੈਨੂੰ ਲੱਭ ਪਈ ਹੈ।
ਸੋਈ ਫਿਰਿ ਕੈ ਤੂ ਭਇਆ ਜਾ ਕਉ ਕਹਤਾ ਅਉਰੁ ॥੮੭॥
ਹੇ ਕਬੀਰ! ਜਿਸ (ਪ੍ਰਭੂ) ਨੂੰ ਤੂੰ ਪਹਿਲਾਂ ‘ਕੋਈ ਹੋਰ’ ਆਖਦਾ ਸੈਂ (ਜਿਸ ਨੂੰ ਤੂੰ ਪਹਿਲਾਂ ਆਪਣੇ ਨਾਲੋਂ ਵੱਖਰਾ ਸਮਝਦਾ ਸੈਂ) ਤੂੰ (ਸਿਫ਼ਤ ਸਾਲਾਹ ਦੀ ਬਰਕਤਿ ਨਾਲ) ਬਦਲ ਕੇ ਉਸੇ ਦਾ ਹੀ ਰੂਪ ਬਣ ਗਿਆ ਹੈਂ, (ਉਸੇ ਵਿਚ ਲੀਨ ਹੋ ਗਿਆ ਹੈਂ, ਉਸੇ ਨਾਲ ਇਕ-ਮਿਕ ਹੋ ਗਿਆ ਹੈਂ) ॥੮੭॥
ਕਬੀਰ ਮਾਰੀ ਮਰਉ ਕੁਸੰਗ ਕੀ ਕੇਲੇ ਨਿਕਟਿ ਜੁ ਬੇਰਿ ॥
ਹੇ ਕਬੀਰ! (ਜੇ ਤੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਛੱਡ ਦਿੱਤੀ, ਤਾਂ ਸੁਤੇ ਹੀ ਉਹਨਾਂ ਦਾ ਸਾਥ ਕਰੇਂਗਾ ਜੋ ਪ੍ਰਭੂ ਨਾਲੋਂ ਟੁੱਟੇ ਹੋਏ ਹਨ; ਪਰ ਵੇਖ) ਰੱਬ ਨਾਲੋਂ ਟੁੱਟੇ ਬੰਦਿਆਂ ਦਾ ਸਾਥ ਕਦੇ ਭੀ ਨਾਹ ਕਰੀਂ। ਕੇਲੇ ਦੇ ਨੇੜੇ ਬੇਰੀ ਉੱਗੀ ਹੋਈ ਹੋਵੇ,
ਉਹ ਝੂਲੈ ਉਹ ਚੀਰੀਐ ਸਾਕਤ ਸੰਗੁ ਨ ਹੇਰਿ ॥੮੮॥
ਬੇਰੀ ਹਵਾ ਨਾਲ ਹੁਲਾਰੇ ਲੈਂਦੀ ਹੈ, ਕੇਲਾ (ਉਸ ਦੇ ਕੰਡਿਆਂ ਨਾਲ) ਚੀਰੀਦਾ ਹੈ; ਤਿਵੇਂ (ਹੇ ਕਬੀਰ!) ਭੈੜੀ ਸੁਹਬਤਿ ਵਿਚ ਬੈਠਿਆਂ ਵਿਕਾਰਾਂ ਦੇ ਅਸਰ ਹੇਠ ਤੇਰੀ ਜਿੰਦ ਆਤਮਕ ਮੌਤੇ ਮਰ ਜਾਇਗੀ ॥੮੮॥
ਕਬੀਰ ਭਾਰ ਪਰਾਈ ਸਿਰਿ ਚਰੈ ਚਲਿਓ ਚਾਹੈ ਬਾਟ ॥
ਹੇ ਕਬੀਰ! (ਕੁਸੰਗ ਦੇ ਕਾਰਨ ਇਸ ਦੇ ਸਿਰ ਉਤੇ ਪਰਾਈ (ਨਿੰਦਿਆ) ਦਾ ਭਾਰ ਚੜ੍ਹਦਾ ਜਾਂਦਾ ਹੈ (ਭਾਰ ਭੀ ਚੜ੍ਹੀ ਜਾਂਦਾ ਹੈ, ਫਿਰ ਭੀ ਮਨੁੱਖ ਇਸ ਨਿੰਦਿਆ ਦੇ) ਰਾਹੇ ਹੀ ਤੁਰਨਾ ਪਸੰਦ ਕਰਦਾ ਹੈ;
ਅਪਨੇ ਭਾਰਹਿ ਨਾ ਡਰੈ ਆਗੈ ਅਉਘਟ ਘਾਟ ॥੮੯॥
ਮਨੁੱਖ ਦੇ ਸਾਹਮਣੇ ਇਕ ਡਾਢਾ ਔਖਾ ਰਸਤਾ ਹੈ, ਆਪਣੇ (ਕੀਤੇ ਹੋਰ ਮੰਦ-ਕਰਮਾਂ ਦੇ) ਭਾਰ ਦਾ ਤਾਂ ਇਸ ਨੂੰ ਚੇਤਾ ਹੀ ਨਹੀਂ ਆਉਂਦਾ ॥੮੯॥
ਕਬੀਰ ਬਨ ਕੀ ਦਾਧੀ ਲਾਕਰੀ ਠਾਢੀ ਕਰੈ ਪੁਕਾਰ ॥
ਹੇ ਕਬੀਰ (ਜੇ ਤੂੰ ਧਿਆਨ ਨਾਲ ਸੁਣ ਕੇ ਸਮਝੇਂ ਤਾਂ) ਜੰਗਲ ਦੀ ਕੋਲਾ ਬਣੀ ਹੋਈ ਲੱਕੜੀ ਭੀ ਸਾਫ਼ ਤੌਰ ਤੇ ਪੁਕਾਰ ਕਰਦੀ (ਸੁਣੀਦੀ ਹੈ)
ਮਤਿ ਬਸਿ ਪਰਉ ਲੁਹਾਰ ਕੇ ਜਾਰੈ ਦੂਜੀ ਬਾਰ ॥੯੦॥
ਕਿ ਮੈਂ ਕਿਤੇ ਲੁਹਾਰ ਦੇ ਵੱਸ ਨਾ ਪੈ ਜਾਵਾਂ, ਉਹ ਤਾਂ ਮੈਨੂੰ ਦੂਜੀ ਵਾਰੀ ਸਾੜੇਗਾ ॥੯੦॥
ਕਬੀਰ ਏਕ ਮਰੰਤੇ ਦੁਇ ਮੂਏ ਦੋਇ ਮਰੰਤਹ ਚਾਰਿ ॥
ਹੇ ਕਬੀਰ! (ਪ੍ਰਭੂ ਦੇ ਗੁਣ ਗਾਂਵਿਆਂ ਗੁਣਾਂ ਦਾ ਅੰਤ ਤਾਂ ਨਹੀਂ ਪੈ ਸਕਦਾ, ਪਰ ਇਸ ਸਿਫ਼ਤ-ਸਾਲਾਹ ਦੀ ਬਰਕਤਿ ਨਾਲ ‘ਮਨ’ ਮਰ ਜਾਂਦਾ ਹੈ ‘ਮਨ’ ਵਿਕਾਰਾਂ ਵਲੋਂ ਹਟ ਜਾਂਦਾ ਹੈ) ਇਸ ਇੱਕ ਮਨ ਦੇ ਮਰਨ ਨਾਲ ਇਕ ਹੋਰ ਭੀ ਮਰਿਆ ਜਾਤਿ-ਅਭਿਮਾਨ, ਤੇ ਕੁਲ ਦੋ ਮਰ ਗਏ-ਮਨ ਅਤੇ ਜਾਤਿ-ਅਭਿਮਾਨ। ਫਿਰ ਦੋ ਹੋਰ ਮਰੇ-ਦੇਹ-ਅੱਧਿਆਸ ਅਤੇ ਤ੍ਰਿਸ਼ਨਾ; ਕੁੱਲ ਚਾਰ ਹੋ ਗਏ।
ਚਾਰਿ ਮਰੰਤਹ ਛਹ ਮੂਏ ਚਾਰਿ ਪੁਰਖ ਦੁਇ ਨਾਰਿ ॥੯੧॥
ਦੋ ਹੋਰ ਮਰੇ-ਕੁਸੰਗ ਅਤੇ ਨਿੰਦਾ; ਤੇ ਇਹ ਸਾਰੇ ਛੇ ਹੋ ਗਏ, ਚਾਰ ਪੁਲਿੰਗ (‘ਪੁਰਖ’) ਅਤੇ ਦੋ ਇਸਤ੍ਰੀ-ਲਿੰਗ (‘ਨਾਰਿ’) ॥੯੧॥
ਕਬੀਰ ਦੇਖਿ ਦੇਖਿ ਜਗੁ ਢੂੰਢਿਆ ਕਹੂੰ ਨ ਪਾਇਆ ਠਉਰੁ ॥
ਹੇ ਕਬੀਰ! ਮੈਂ ਬੜੀ ਮੇਹਨਤਿ ਨਾਲ ਸਾਰਾ ਜਗਤ ਢੂੰਡ ਵੇਖਿਆ ਹੈ, ਕਿਤੇ ਵੀ ਅਜੇਹਾ ਥਾਂ ਨਹੀਂ ਲੱਭਾ (ਜਿਥੇ ਮਨ ਭਟਕਣੋਂ ਹਟ ਜਾਏ)।
ਜਿਨਿ ਹਰਿ ਕਾ ਨਾਮੁ ਨ ਚੇਤਿਓ ਕਹਾ ਭੁਲਾਨੇ ਅਉਰ ॥੯੨॥
ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ (ਉਸ ਨੂੰ ਕਿਤੇ ਭੀ ਮਨ ਦੀ ਸ਼ਾਂਤੀ ਦਾ ਥਾਂ ਨਹੀਂ ਲੱਭ ਸਕਿਆ; ਪ੍ਰਭੂ ਦਾ ਨਾਮ ਹੀ, ਜੋ ਸਤਸੰਗ ਵਿਚ ਮਿਲਦਾ ਹੈ, ਭਟਕਣ ਤੋਂ ਬਚਾਂਦਾ ਹੈ)। (ਸਿਫ਼ਤ-ਸਾਲਾਹ ਛੱਡ ਕੇ) ਕਿਉਂ ਹੋਰ ਹੋਰ ਥਾਂ ਭਟਕਦੇ ਫਿਰਦੇ ਹੋ? ॥੯੨॥
ਕਬੀਰ ਸੰਗਤਿ ਕਰੀਐ ਸਾਧ ਕੀ ਅੰਤਿ ਕਰੈ ਨਿਰਬਾਹੁ ॥
ਹੇ ਕਬੀਰ! (ਮਨ ਦੀ ਸ਼ਾਂਤੀ ਲਈ ਇਕੋ ਹੀ ‘ਠੌਰ’ ਹੈ, ਉਹ ਹੈ ‘ਸਾਧ ਸੰਗਤ’, ਸੋ) ਸਾਧ ਸੰਗਤ ਵਿਚ ਜੁੜਨਾ ਚਾਹੀਦਾ ਹੈ, ਸਾਧ ਸੰਗਤ ਵਾਲਾ ਸਾਥ ਤੋੜ ਨਿਭਦਾ ਹੈ;
ਸਾਕਤ ਸੰਗੁ ਨ ਕੀਜੀਐ ਜਾ ਤੇ ਹੋਇ ਬਿਨਾਹੁ ॥੯੩॥
ਰੱਬ ਨਾਲੋਂ ਟੁੱਟੇ ਬੰਦਿਆਂ ਦੀ ਸੁਹਬਤਿ ਨਹੀਂ ਕਰਨੀ ਚਾਹੀਦੀ, ਇਸ ਤੋਂ ਆਤਮਕ ਮੌਤ (ਹੋਣ ਦਾ ਡਰ) ਹੈ ॥੯੩॥
ਕਬੀਰ ਜਗ ਮਹਿ ਚੇਤਿਓ ਜਾਨਿ ਕੈ ਜਗ ਮਹਿ ਰਹਿਓ ਸਮਾਇ ॥
ਹੇ ਕਬੀਰ! (ਮਨ ਵਾਸਤੇ ਸ਼ਾਂਤੀ ਦੀ ‘ਠੌਰ’ ਪ੍ਰਭੂ ਦਾ ਨਾਮ ਹੀ ਹੈ, ਸੋ) ਜਿਨ੍ਹਾਂ ਨੇ ਜਗਤ ਵਿਚ ਜਨਮ ਲੈ ਕੇ ਉਸ ਪ੍ਰਭੂ ਨੂੰ, ਇਉਂ ਪਛਾਣ ਕੇ ਕਿ ਉਹ ਸਾਰੇ ਜਗਤ ਵਿਚ ਵਿਆਪਕ ਹੈ, ਸਿਮਰਿਆ ਹੈ (ਉਹਨਾਂ ਨੂੰ ਹੀ ਜਗਤ ਵਿਚ ਜੰਮੇ ਸਮਝੋ, ਉਹਨਾਂ ਦਾ ਹੀ ਜੰਮਣਾ ਸਫਲ ਹੈ, ਉਹੀ ਹਨ ਸਾਧ, ਤੇ ਉਹਨਾਂ ਦੀ ਸੰਗਤ ਹੀ ਸਾਧ-ਸੰਗਤ ਹੈ)।
ਜਿਨ ਹਰਿ ਕਾ ਨਾਮੁ ਨ ਚੇਤਿਓ ਬਾਦਹਿ ਜਨਮੇਂ ਆਇ ॥੯੪॥
ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ, ਉਹ ਵਿਅਰਥ ਹੀ ਜੰਮੇ ॥੯੪॥
ਕਬੀਰ ਆਸਾ ਕਰੀਐ ਰਾਮ ਕੀ ਅਵਰੈ ਆਸ ਨਿਰਾਸ ॥
ਹੇ ਕਬੀਰ! (ਜੇ ਮਨ ਵਾਸਤੇ ਸ਼ਾਂਤੀ ਦੀ ‘ਠੌਰ’ ਚਾਹੀਦੀ ਹੈ ਤਾਂ ‘ਸਾਧ ਸੰਗਤ’ ਵਿਚ ਜੁੜ ਕੇ) ਇਕ ਪਰਮਾਤਮਾ ਉਤੇ ਡੋਰੀ ਰੱਖਣੀ ਚਾਹੀਦੀ ਹੈ, ਹੋਰ ਆਸਾਂ ਛੱਡ ਦੇਣੀਆਂ ਚਾਹੀਦੀਆਂ ਹਨ।
ਨਰਕਿ ਪਰਹਿ ਤੇ ਮਾਨਈ ਜੋ ਹਰਿ ਨਾਮ ਉਦਾਸ ॥੯੫॥
ਜੋ ਮਨੁੱਖ ਪਰਮਾਤਮਾ ਦੀ ਯਾਦ ਵਲੋਂ ਮੂੰਹ ਮੋੜ ਲੈਂਦੇ ਹਨ ਉਹ ਨਰਕ ਵਿਚ ਪਏ ਰਹਿੰਦੇ ਹਨ (ਸਦਾ ਦੁਖੀ ਰਹਿੰਦੇ ਹਨ) ॥੯੫॥
ਕਬੀਰ ਸਿਖ ਸਾਖਾ ਬਹੁਤੇ ਕੀਏ ਕੇਸੋ ਕੀਓ ਨ ਮੀਤੁ ॥
ਹੇ ਕਬੀਰ! ਜਿਨ੍ਹਾਂ ਨੇ ਪਰਮਾਤਮਾ ਨੂੰ ਮਿਤ੍ਰ ਨਾਹ ਬਣਾਇਆ (ਪਰਮਾਤਮਾ ਨਾਲ ਸਾਂਝ ਨਾਹ ਬਣਾਈ, ਤੇ) ਕਈ ਚੇਲੇ-ਚਾਟੜੇ ਬਣਾ ਲਏ,
ਚਾਲੇ ਥੇ ਹਰਿ ਮਿਲਨ ਕਉ ਬੀਚੈ ਅਟਕਿਓ ਚੀਤੁ ॥੯੬॥
(ਉਹਨਾਂ ਨੇ ਪਹਿਲਾਂ ਤਾਂ ਭਾਵੇਂ) ਪਰਮਾਤਮਾ ਨੂੰ ਮਿਲਣ ਲਈ ਉੱਦਮ ਕੀਤਾ ਸੀ, ਪਰ ਉਹਨਾਂ ਦਾ ਮਨ ਰਾਹ ਵਿਚ ਹੀ ਅਟਕ ਗਿਆ (ਚੇਲਿਆਂ-ਚਾਟੜਿਆਂ ਤੋਂ ਸੇਵਾ-ਪੂਜਾ ਕਰਾਣ ਵਿਚ ਹੀ ਉਹ ਰੁਝ ਗਏ, ਪ੍ਰਭੂ ਦਾ ਸਿਮਰਨ ਭੁਲਾ ਬੈਠੇ ਤੇ ਮਨ ਦੀ ਸ਼ਾਂਤੀ ਦੀ ‘ਠੌਰ’ ਨਸੀਬ ਨਾਹ ਹੋਈ) ॥੯੬॥
ਕਬੀਰ ਕਾਰਨੁ ਬਪੁਰਾ ਕਿਆ ਕਰੈ ਜਉ ਰਾਮੁ ਨ ਕਰੈ ਸਹਾਇ ॥
ਹੇ ਕਬੀਰ! (ਇਹ ਤਾਂ ਠੀਕ ਹੈ ਕਿ ਮਨ ਦੀ ਸ਼ਾਂਤੀ ਦਾ ‘ਠੌਰ’ ਸਾਧ ਸੰਗਤ ਹੀ ਹੈ, ਪ੍ਰਭੂ ਦੇ ਚਰਨਾਂ ਵਿਚ ਟਿਕੇ ਰਹਿਣ ਲਈ ‘ਸੰਗਤ ਕਰੀਐ ਸਾਧ ਕੀ’ ਸਾਧ ਸੰਗਤ ਹੀ ਇਕੋ-ਇਕ ਵਸੀਲਾ ਹੈ; ਪਰ) ਜੇ ਪਰਮਾਤਮਾ ਆਪ ਸਹੈਤਾ ਨਾਹ ਕਰੇ (ਜੇ ‘ਸਾਧ’ ਦੇ ਅੰਦਰ ਪਰਮਾਤਮਾ ਆਪ ਨ ਆ ਵਸੇ, ਜੇ ‘ਸਾਧ’ ਖ਼ੁਦਿ ਪ੍ਰਭੂ-ਚਰਨਾਂ ਵਿਚ ਨਾਹ ਜੁੜਿਆ ਹੋਵੇ) ਤਾਂ ਇਹ ਵਸੀਲਾ ਕਮਜ਼ੋਰ ਹੋ ਜਾਣ ਦੇ ਕਾਰਨ ਕੋਈ ਲਾਭ ਨਹੀਂ ਪੁਚਾਂਦਾ।
ਜਿਹ ਜਿਹ ਡਾਲੀ ਪਗੁ ਧਰਉ ਸੋਈ ਮੁਰਿ ਮੁਰਿ ਜਾਇ ॥੯੭॥
(ਇਨਸਾਨੀ ਉੱਚ ਜੀਵਨ-ਰੂਪ ਰੁੱਖ ਦੀ ਚੋਟੀ ਤੇ ਅਪੜਾਣ ਲਈ ‘ਸਾਧ’, ਮਾਨੋ, ਡਾਲੀਆਂ ਹਨ, ਪਰ ਭੇਖੀ ਤੇ ਚੇਲੇ-ਚਾਟੜੇ ਹੀ ਬਨਾਣ ਵਾਲੇ ‘ਸਾਧ’ ਕਮਜ਼ੋਰ ਟਹਿਣੀਆਂ ਹਨ) ਮੈਂ ਤਾਂ (ਅਜੇਹੀ) ਜਿਸ ਜਿਸ ਡਾਲੀ ਉੱਤੇ ਪੈਰ ਧਰਦਾ ਹਾਂ ਉਹ (ਸੁਆਰਥ ਵਿਚ ਕਮਜ਼ੋਰ ਹੋਣ ਕਰਕੇ) ਟੁੱਟਦੀ ਜਾ ਰਹੀ ਹੈ ॥੯੭॥
ਕਬੀਰ ਅਵਰਹ ਕਉ ਉਪਦੇਸਤੇ ਮੁਖ ਮੈ ਪਰਿ ਹੈ ਰੇਤੁ ॥
ਹੇ ਕਬੀਰ! ਜੋ (‘ਸਾਧ’ ਨਿਰਾ) ਹੋਰਨਾਂ ਨੂੰ ਮੱਤਾਂ ਦੇਂਦੇ ਹਨ, ਪਰ ਉਹਨਾਂ ਦੇ ਆਪਣੇ ਅੰਦਰ ਕੋਈ ਰਸ ਨਹੀਂ ਆਉਂਦਾ।
ਰਾਸਿ ਬਿਰਾਨੀ ਰਾਖਤੇ ਖਾਯਾ ਘਰ ਕਾ ਖੇਤੁ ॥੯੮॥
ਅਜੇਹੇ (‘ਸਾਧ’) ਹੋਰਨਾਂ ਦੀ ਰਾਸ-ਪੂੰਜੀ ਦੀ ਤਾਂ ਰਾਖੀ ਕਰਨ ਦਾ ਜਤਨ ਕਰਦੇ ਹਨ, ਪਰ ਆਪਣੇ ਪਿਛਲੇ ਸਾਰੇ ਗੁਣ ਮੁਕਾ ਲੈਂਦੇ ਹਨ (ਅਜੇਹੇ ‘ਸਾਧ’ ਭੀ ਕਮਜ਼ੋਰ ਡਾਲੀਆਂ ਹਨ, ਮਨੁੱਖਤਾ ਦੀ ਚੋਟੀ ਉਤੇ ਇਹ ਭੀ ਅਪੜਾ ਨਹੀਂ ਸਕਦੇ) ॥੯੮॥
ਕਬੀਰ ਸਾਧੂ ਕੀ ਸੰਗਤਿ ਰਹਉ ਜਉ ਕੀ ਭੂਸੀ ਖਾਉ ॥
ਹੇ ਕਬੀਰ! (ਆਖ-ਮੇਰੀ ਤਾਂ ਇਹ ਤਾਂਘ ਹੈ ਕਿ) ਮੈਂ ਗੁਰਮੁਖਾਂ ਦੀ ਸੰਗਤ ਵਿਚ ਟਿਕਿਆ ਰਹਾਂ (ਚਾਹੇ ਮੇਰੀ ਕਿਰਤ-ਕਮਾਈ ਬਹੁਤ ਹੀ ਘਟ ਜਾਏ) ਤੇ ਮੈਂ ਜੌਂ ਦੇ ਛਿੱਲੜ ਖਾ ਕੇ ਗੁਜ਼ਾਰਾ ਕਰਾਂ।
ਹੋਨਹਾਰੁ ਸੋ ਹੋਇਹੈ ਸਾਕਤ ਸੰਗਿ ਨ ਜਾਉ ॥੯੯॥
(ਸਾਧ ਸੰਗਤ ਵਿਚ ਸਮਾਂ ਦੇਣ ਕਰਕੇ ਗ਼ਰੀਬੀ ਆਦਿਕ) ਜੇਹੜਾ ਕਸ਼ਟ ਭੀ ਆਵੇ ਪਿਆ ਆਵੇ। ਪਰ ਮੈਂ ਰੱਬ ਤੋਂ ਟੁੱਟੇ ਹੋਏ ਬੰਦਿਆਂ ਦੀ ਸੁਹਬਤਿ ਵਿਚ ਨਾਹ ਜਾਵਾਂ ॥੯੯॥
ਕਬੀਰ ਸੰਗਤਿ ਸਾਧ ਕੀ ਦਿਨ ਦਿਨ ਦੂਨਾ ਹੇਤੁ ॥
ਹੇ ਕਬੀਰ! ਗੁਰਮੁਖਾਂ ਦੀ ਸੰਗਤ ਵਿਚ ਰਿਹਾਂ ਦਿਨੋ ਦਿਨ ਪਰਮਾਤਮਾ ਨਾਲ ਪਿਆਰ ਵਧਦਾ ਹੀ ਵਧਦਾ ਹੈ।
ਸਾਕਤ ਕਾਰੀ ਕਾਂਬਰੀ ਧੋਏ ਹੋਇ ਨ ਸੇਤੁ ॥੧੦੦॥
ਪਰ ਰੱਬ ਨਾਲੋਂ ਟੁੱਟਾ ਹੋਇਆ ਮਨੁੱਖ, ਮਾਨੋ, ਕਾਲੀ ਕੰਬਲੀ ਹੈ ਜੋ ਧੋਤਿਆਂ ਭੀ ਕਦੇ ਚਿੱਟੀ ਨਹੀਂ ਹੁੰਦੀ। ਉਸ ਦੀ ਸੁਹਬਤਿ ਵਿਚ ਟਿਕਿਆਂ ਮਨ ਦੀ ਪਵਿਤ੍ਰਤਾ ਨਹੀਂ ਮਿਲ ਸਕਦੀ ॥੧੦੦॥
ਕਬੀਰ ਮਨੁ ਮੂੰਡਿਆ ਨਹੀ ਕੇਸ ਮੁੰਡਾਏ ਕਾਂਇ ॥
ਹੇ ਕਬੀਰ! (ਇਹ ਜੋ ਸਿਰ ਮੁਨਾ ਕੇ ਆਪਣੇ ਆਪ ਨੂੰ ‘ਸਾਧ’ ਸਮਝਦਾ ਫਿਰਦਾ ਹੈ, ਇਸ ਨੇ) ਆਪਣਾ ਮਨ ਨਹੀਂ ਮੁੰਨਿਆ (ਮਨ ਉਤੋਂ ਵਿਕਾਰਾਂ ਦੀ ਮੈਲ ਨਹੀਂ ਦੂਰ ਕੀਤੀ) ਸਿਰ ਦੇ ਕੇਸ ਮੁਨਾਇਆਂ ਤਾਂ ਇਹ ‘ਸਾਧੂ’ ਨਹੀਂ ਬਣ ਗਿਆ।
ਜੋ ਕਿਛੁ ਕੀਆ ਸੋ ਮਨ ਕੀਆ ਮੂੰਡਾ ਮੂੰਡੁ ਅਜਾਂਇ ॥੧੦੧॥
ਜਿਸ ਭੀ ਮੰਦੇ ਕਰਮ ਦੀ ਪ੍ਰੇਰਨਾ ਕਰਦਾ ਹੈ ਮਨ ਹੀ ਕਰਦਾ ਹੈ (ਜੇ ‘ਸਾਧੂ’ ਬਣਨ ਦੀ ਖ਼ਾਤਰ ਹੀ ਸਿਰ ਮੁਨਾਇਆ ਹੈ ਤਾਂ) ਸਿਰ ਮੁਨਾਉਣਾ ਵਿਅਰਥ ਹੈ ॥੧੦੧॥
ਕਬੀਰ ਰਾਮੁ ਨ ਛੋਡੀਐ ਤਨੁ ਧਨੁ ਜਾਇ ਤ ਜਾਉ ॥
ਹੇ ਕਬੀਰ! ਪਰਮਾਤਮਾ ਦਾ ਨਾਮ ਕਦੇ ਨਾਹ ਭੁਲਾਈਏ, (ਜੇ ਨਾਮ ਸਿਮਰਦਿਆਂ ਅਸਾਡਾ) ਸਰੀਰ ਤੇ ਧਨ ਨਾਸ ਹੋਣ ਲੱਗੇ ਤਾਂ ਬੇਸ਼ੱਕ ਨਾਸ ਹੋ ਜਾਏ।
ਚਰਨ ਕਮਲ ਚਿਤੁ ਬੇਧਿਆ ਰਾਮਹਿ ਨਾਮਿ ਸਮਾਉ ॥੧੦੨॥
ਪਰ ਅਸਾਡਾ ਚਿੱਤ ਪ੍ਰਭੂ ਦੇ ਸੋਹਣੇ ਚਰਨਾਂ ਵਿਚ ਜ਼ਰੂਰ ਵਿੱਝਿਆ ਰਹੇ, ਪਰਮਾਤਮਾ ਦੇ ਨਾਮ ਵਿਚ ਜ਼ਰੂਰ ਸਮਾਇਆ ਰਹੇ ॥੧੦੨॥
ਕਬੀਰ ਜੋ ਹਮ ਜੰਤੁ ਬਜਾਵਤੇ ਟੂਟਿ ਗਈਂ ਸਭ ਤਾਰ ॥
(‘ਤਨੁ ਧਨ’ ਜਾਣ ਤੇ ਭੀ ਜੇ ਮੇਰਾ ਮਨ ‘ਰਾਮਹਿ ਨਾਮਿ’ ਸਮਾਇਆ ਰਹੇ, ਤਾਂ ਇਹ ਸੌਦਾ ਬੜਾ ਸਸਤਾ ਹੈ, ਕਿਉਂਕਿ) ਹੇ ਕਬੀਰ! (ਪਰਮਾਤਮਾ ਦੇ ਨਾਮ ਤੋਂ ਖੁੰਝ ਕੇ) ਸਰੀਰਕ ਮੋਹ ਦਾ ਜੇਹੜਾ ਵਾਜਾ ਮੈਂ ਸਦਾ ਵਜਾਂਦਾ ਰਹਿੰਦਾ ਸਾਂ (ਹੁਣ ਨਾਮ ਸਿਮਰਨ ਦੀ ਬਰਕਤਿ ਨਾਲ) ਉਸ ਦੀਆਂ (ਮੋਹ ਦੀਆਂ) ਸਾਰੀਆਂ ਤਾਰਾਂ ਟੁੱਟ ਗਈਆਂ ਹਨ।
ਜੰਤੁ ਬਿਚਾਰਾ ਕਿਆ ਕਰੈ ਚਲੇ ਬਜਾਵਨਹਾਰ ॥੧੦੩॥
(ਦੇਹ-ਅੱਧਿਆਸ ਦਾ ਇਹ) ਵਿਚਾਰਾ ਵਾਜਾ (ਹੁਣ) ਕੀਹ ਕਰ ਸਕਦਾ ਹੈ? ਭਾਵ, ਨਾਮ ਦੀ ਬਰਕਤਿ ਨਾਲ ਸਰੀਰਕ ਮੋਹ ਮਾਤ ਪੈ ਗਿਆ ਹੈ। (ਸਰੀਰਕ ਮੋਹ ਤਾਂ ਕਿਤੇ ਰਿਹਾ) ਉਹ ਮਨ ਹੀ ਨਹੀਂ ਰਿਹਾ ਜੋ ਸਰੀਰਕ ਮੋਹ ਦਾ ਵਾਜਾ ਵਜਾ ਰਿਹਾ ਸੀ ॥੧੦੩॥
ਕਬੀਰ ਮਾਇ ਮੂੰਡਉ ਤਿਹ ਗੁਰੂ ਕੀ ਜਾ ਤੇ ਭਰਮੁ ਨ ਜਾਇ ॥
(ਇਹ ਪੰਡਿਤ ਮੈਨੂੰ ਪਰਮਾਤਮਾ ਦੇ ਨਾਮ ਵਿਚ ਜੁੜਨ ਤੋਂ ਹੋੜਦਾ ਹੈ ਤੇ ਆਪਣੇ ਵੇਦ ਆਦਿਕ ਕਰਮ ਪੁਸਤਕਾਂ ਦੇ ਕਰਮ-ਕਾਂਡ ਦਾ ਢੋਲ ਵਜਾ ਕੇ ਮੇਰਾ ਗੁਰੂ-ਪੁਰੋਹਤ ਬਣਨਾ ਚਾਹੁੰਦਾ ਹੈ; ਪਰ) ਹੇ ਕਬੀਰ! ਮੈਂ ਅਜੇਹੇ ਗੁਰੂ ਦੀ ਮਾਂ ਦਾ ਸਿਰ ਮੁੰਨ ਦਿਆਂ, ਇਸ ਦੇ ਰਾਹ ਤੇ ਤੁਰਿਆਂ (ਸਰੀਰਕ ਮੋਹ ਦੀ) ਭਟਕਣਾ ਦੂਰ ਨਹੀਂ ਹੋ ਸਕਦੀ।
ਆਪ ਡੁਬੇ ਚਹੁ ਬੇਦ ਮਹਿ ਚੇਲੇ ਦੀਏ ਬਹਾਇ ॥੧੦੪॥
ਇਹ ਲੋਕ ਆਪ ਭੀ ਚਹੁੰਆਂ ਵੇਦਾਂ (ਦੇ ਕਰਮ-ਕਾਂਡ) ਵਿਚ ਪੈ ਕੇ (ਦੇਹ-ਅੱਧਿਆਸ ਦੇ ਡੂੰਘੇ ਪਾਣੀਆਂ ਵਿਚ) ਡੁੱਬੇ ਹੋਏ ਹਨ, ਜੋ ਜੋ ਬੰਦੇ ਇਹਨਾਂ ਦੇ ਪਿੱਛੇ ਲੱਗਦੇ ਹਨ ਉਹਨਾਂ ਨੂੰ ਭੀ ਇਹਨਾਂ ਉਸੇ ਮੋਹ ਵਿਚ ਰੋੜ੍ਹ ਦਿੱਤਾ ਹੈ ॥੧੦੪॥
ਕਬੀਰ ਜੇਤੇ ਪਾਪ ਕੀਏ ਰਾਖੇ ਤਲੈ ਦੁਰਾਇ ॥
(ਪਰਮਾਤਮਾ ਦੀ ਯਾਦ ਭੁਲਾਇਆਂ ਮਨੁੱਖ ਸਰੀਰਕ ਮੋਹ ਦੇ ਵਹਿਣ ਵਿਚ ਪੈ ਕੇ ਵਿਕਾਰਾਂ ਵਾਲੇ ਰਾਹੇ ਪੈ ਜਾਂਦਾ ਹੈ; ਤਿਲਕ, ਮਾਲਾ, ਪੂਜਾ, ਧੋਤੀ ਆਦਿਕ ਧਰਮ-ਭੇਖ ਨਾਲ ਲੋਕ ਸ਼ਾਇਦ ਪਤੀਜ ਜਾਣ ਕਿ ਇਹ ਭਗਤ ਹਨ; ਪਰ ਪ੍ਰਭੂ ਦੇ ਨਾਮ ਤੋਂ ਖੁੰਝ ਕੇ) ਹੇ ਕਬੀਰ! ਜੋ ਜੋ ਪਾਪ ਕੀਤੇ ਜਾਂਦੇ ਹਨ (ਭਾਵੇਂ ਉਹ ਪਾਪ) ਆਪਣੇ ਅੰਦਰ ਲੁਕਾ ਕੇ ਰੱਖੇ ਜਾਂਦੇ ਹਨ,
ਪਰਗਟ ਭਏ ਨਿਦਾਨ ਸਭ ਜਬ ਪੂਛੇ ਧਰਮ ਰਾਇ ॥੧੦੫॥
ਫਿਰ ਭੀ ਜਦੋਂ ਧਰਮਰਾਜ ਪੁੱਛਦਾ ਹੈ ਉਹ ਪਾਪ ਆਖ਼ਰ ਸਾਰੇ ਉੱਘੜ ਆਉਂਦੇ ਹਨ (ਭਾਵ, ਵੇਦ ਆਦਿਕਾਂ ਦਾ ਕਰਮ-ਕਾਂਡ ਵਿਕਾਰਾਂ ਤੋਂ ਨਹੀਂ ਬਚਾ ਸਕਦਾ, ਬਾਹਰਲੇ ਧਰਮ-ਭੇਖ ਨਾਲ ਲੋਕ ਤਾਂ ਭਾਵੇਂ ਪਤੀਜ ਜਾਣ, ਪਰ ਅੰਦਰਲੇ ਪਾਪ ਪਰਮਾਤਮਾ ਤੋਂ ਲੁਕੇ ਨਹੀਂ ਰਹਿ ਸਕਦੇ) ॥੧੦੫॥
ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਪਾਲਿਓ ਬਹੁਤੁ ਕੁਟੰਬੁ ॥
ਹੇ ਕਬੀਰ! ਪਰਮਾਤਮਾ ਦਾ ਸਿਮਰਨ ਛੱਡਣ ਦਾ ਹੀ ਇਹ ਨਤੀਜਾ ਹੈ ਕਿ ਮਨੁੱਖ ਸਾਰੀ ਉਮਰ ਨਿਰਾ ਟੱਬਰ ਹੀ ਪਾਲਦਾ ਰਹਿੰਦਾ ਹੈ,
ਧੰਧਾ ਕਰਤਾ ਰਹਿ ਗਇਆ ਭਾਈ ਰਹਿਆ ਨ ਬੰਧੁ ॥੧੦੬॥
(ਟੱਬਰ ਦੀ ਖ਼ਾਤਰ) ਜਗਤ ਦੇ ਧੰਧੇ ਕਰਦਾ (ਤੇ, ਜਿੰਦ ਦੇ ਸਾਥੀ ਪਰਮਾਤਮਾ ਤੋਂ ਵਿਛੜਿਆ ਰਹਿ ਕੇ) ਆਖ਼ਰ ਆਤਮਕ ਮੌਤੇ ਮਰ ਜਾਂਦਾ ਹੈ (ਇਸ ਆਤਮਕ ਮੌਤ ਤੋਂ) ਕੋਈ ਰਿਸ਼ਤੇਦਾਰ ਬਚਾਣ-ਜੋਗਾ ਨਹੀਂ ਹੁੰਦਾ ॥੧੦੬॥
ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਰਾਤਿ ਜਗਾਵਨ ਜਾਇ ॥
ਹੇ ਕਬੀਰ! ਪਰਮਾਤਮਾ ਦੇ ਸਿਮਰਨ ਤੋਂ ਵਾਂਜੀ ਰਹਿਣ ਕਰਕੇ ਹੀ, (ਕੋਈ ਔਤਰੀ ਜਾਹਲ ਜ਼ਨਾਨੀ) ਰਾਤ ਨੂੰ ਮਸਾਣ ਜਗਾਣ ਲਈ (ਮਸਾਣ-ਭੂਮੀ ਵਿਚ) ਜਾਂਦੀ ਹੈ।
ਸਰਪਨਿ ਹੋਇ ਕੈ ਅਉਤਰੈ ਜਾਏ ਅਪੁਨੇ ਖਾਇ ॥੧੦੭॥
(ਪਰ ਮੰਦੇ ਕੰਮਾਂ ਤੋਂ ਸੁਖ ਕਿੱਥੇ? ਅਜੇਹੀ ਤ੍ਰੀਮਤ ਮਨੁੱਖਾ ਜਨਮ ਹੱਥੋਂ ਗਵਾਣ ਪਿਛੋਂ) ਸੱਪਣੀ ਬਣ ਕੇ ਜੰਮਦੀ ਹੈ, ਤੇ ਆਪਣੇ ਹੀ ਬੱਚੇ ਖਾਂਦੀ ਹੈ ॥੧੦੭॥
ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਅਹੋਈ ਰਾਖੈ ਨਾਰਿ ॥
ਹੇ ਕਬੀਰ! (“ਰਾਮੁ ਨ ਛੋਡੀਐ, ਤਨੁ ਧਨੁ ਜਾਇ ਤ ਜਾਉ” ਨਹੀਂ ਤਾਂ) ਰਾਮ-ਨਾਮ ਛੱਡਣ ਦਾ ਹੀ ਇਹ ਨਤੀਜਾ ਹੈ ਕਿ (ਮੂਰਖ) ਇਸਤ੍ਰੀ ਸੀਤਲਾ ਦੀ ਵਰਤ ਰੱਖਦੀ ਫਿਰਦੀ ਹੈ।
ਗਦਹੀ ਹੋਇ ਕੈ ਅਉਤਰੈ ਭਾਰੁ ਸਹੈ ਮਨ ਚਾਰਿ ॥੧੦੮॥
(ਤੇ, ਜੇ ਭਲਾ ਸੀਤਲਾ ਉਸ ਨਾਲ ਬੜਾ ਹੀ ਪਿਆਰ ਕਰੇਗੀ ਤਾਂ ਉਸ ਨੂੰ ਹਰ ਵੇਲੇ ਆਪਣੇ ਪਾਸ ਰੱਖਣ ਲਈ ਆਪਣੀ ਸਵਾਰੀ ਖੋਤੀ ਬਣਾ ਲਏਗੀ) ਸੋ, ਉਹ ਮੂਰਖ ਇਸਤ੍ਰੀ ਖੋਤੀ ਦੀ ਜੂਨੇ ਪੈਂਦੀ ਹੈ ਤੇ (ਹੋਰ ਖੋਤੇ ਖੋਤੀਆਂ ਵਾਂਗ ਛੱਟਾ ਆਦਿਕ ਦਾ) ਚਾਰ ਮਣ ਭਾਰ ਢੋਂਦੀ ਹੈ ॥੧੦੮॥
ਕਬੀਰ ਚਤੁਰਾਈ ਅਤਿ ਘਨੀ ਹਰਿ ਜਪਿ ਹਿਰਦੈ ਮਾਹਿ ॥
ਹੇ ਕਬੀਰ! (ਦੁਨੀਆ ਦੇ ਸਹਿਮਾਂ ਭਰਮਾਂ-ਵਹਿਮਾਂ ਤੋਂ ਬਚਣ ਲਈ) ਸਭ ਤੋਂ ਵੱਡੀ ਸਿਆਣਪ ਇਹੀ ਹੈ ਕਿ ਪਰਮਾਤਮਾ ਦਾ ਨਾਮ ਹਿਰਦੇ ਵਿਚ ਹੀ ਯਾਦ ਕਰ।
ਸੂਰੀ ਊਪਰਿ ਖੇਲਨਾ ਗਿਰੈ ਤ ਠਾਹਰ ਨਾਹਿ ॥੧੦੯॥
(ਪਰ) ਇਹ ਸਿਮਰਨ ਕਰਨਾ ਕੋਈ ਸੌਖੀ ਕਾਰ ਨਹੀਂ ਹੈ; (ਜਾਤਿ-ਅਭਿਮਾਨ, ਨਿੰਦਾ, ਕੁਸੰਗ; ਚਸਕੇ, ਵਰਤ ਆਦਿਕ ਭਰਮ ਛੱਡਣੇ ਪੈਂਦੇ ਹਨ; ਸੋ,) ਪ੍ਰਭੂ ਦਾ ਸਿਮਰਨ ਸੂਲੀ ਉਤੇ ਚੜ੍ਹਨ ਸਮਾਨ ਹੈ, ਇਸ ਸੂਲੀ ਤੋਂ ਡਿਗਿਆਂ ਹੀ (ਭਾਵ, ਸਿਮਰਨ ਦੀ ਇਹ ਅੱਤ ਔਖੀ ਕਾਰ ਛੱਡਿਆਂ ਭੀ) ਨਹੀਂ ਬਣ ਆਉਂਦੀ, ਕਿਉਂਕਿ ਸਿਮਰਨ ਤੋਂ ਬਿਨਾਂ (ਦੁਨੀਆ ਦੇ ਦੁੱਖ-ਕਲੇਸ਼ਾਂ ਤੇ ਸਹਿਮਾਂ ਤੋਂ ਬਚਣ ਲਈ) ਹੋਰ ਕੋਈ ਆਸਰਾ ਭੀ ਨਹੀਂ ਹੈ ॥੧੦੯॥
ਕਬੀਰ ਸੁੋਈ ਮੁਖੁ ਧੰਨਿ ਹੈ ਜਾ ਮੁਖਿ ਕਹੀਐ ਰਾਮੁ ॥
(ਇਸ ਵਾਸਤੇ) ਹੇ ਕਬੀਰ! ਉਹੀ ਮੂੰਹ ਭਾਗਾਂ ਵਾਲਾ ਹੈ ਜਿਸ ਮੂੰਹ ਨਾਲ ਰਾਮ ਦਾ ਨਾਮ ਉਚਾਰਿਆ ਜਾਂਦਾ ਹੈ।
ਦੇਹੀ ਕਿਸ ਕੀ ਬਾਪੁਰੀ ਪਵਿਤ੍ਰੁ ਹੋਇਗੋ ਗ੍ਰਾਮੁ ॥੧੧੦॥
ਉਸ ਸਰੀਰ ਵਿਚਾਰੇ ਦੀ ਕੀਹ ਗੱਲ ਹੈ? (ਉਸ ਸਰੀਰ ਦਾ ਪਵਿੱਤ੍ਰ ਹੋਣਾ ਤਾਂ ਇਕ ਨਿੱਕੀ ਜਿਹੀ ਗੱਲ ਹੈ, ਨਿਰਾ ਉਹ ਸਰੀਰ ਤਾਂ ਕਿਤੇ ਰਿਹਾ,) ਉਹ ਸਾਰਾ ਪਿੰਡ ਹੀ ਪਵਿੱਤ੍ਰ ਹੋ ਜਾਂਦਾ ਹੈ ਜਿਥੇ ਰਹਿੰਦਾ ਹੋਇਆ ਮਨੁੱਖ ਨਾਮ ਸਿਮਰਦਾ ਹੈ ॥੧੧੦॥
ਕਬੀਰ ਸੋਈ ਕੁਲ ਭਲੀ ਜਾ ਕੁਲ ਹਰਿ ਕੋ ਦਾਸੁ ॥
ਹੇ ਕਬੀਰ! ਜਿਸ ਕੁਲ ਵਿਚ ਪਰਮਾਤਮਾ ਦਾ ਸਿਮਰਨ ਕਰਨ ਵਾਲਾ ਭਗਤ ਪਰਗਟ ਹੋ ਪਏ, ਉਹੀ ਕੁਲ ਸੁਲੱਖਣੀ ਹੈ।
ਜਿਹ ਕੁਲ ਦਾਸੁ ਨ ਊਪਜੈ ਸੋ ਕੁਲ ਢਾਕੁ ਪਲਾਸੁ ॥੧੧੧॥
ਜਿਸ ਕੁਲ ਵਿਚ ਪ੍ਰਭੂ ਦੀ ਭਗਤੀ ਕਰਨ ਵਾਲਾ ਬੰਦਾ ਨਹੀਂ ਪਰਗਟਦਾ, ਉਹ ਕੁਲ ਢਾਕ ਪਲਾਹ (ਆਦਿਕ ਨਿਕੰਮੇ ਰੁੱਖਾਂ ਵਰਗੀ ਅਫਲ ਜਾਣੋ) ॥੧੧੧॥
ਕਬੀਰ ਹੈ ਗਇ ਬਾਹਨ ਸਘਨ ਘਨ ਲਾਖ ਧਜਾ ਫਹਰਾਹਿ ॥
ਹੇ ਕਬੀਰ! ਜੇ ਸਵਾਰੀ ਕਰਨ ਲਈ ਬੇਅੰਤ ਘੋੜੇ ਤੇ ਹਾਥੀ ਹੋਣ, ਜੇ (ਮਹੱਲਾਂ ਉਤੇ) ਲੱਖਾਂ ਝੰਡੇ ਝੂਲਦੇ ਹੋਣ (ਇਤਨਾ ਤੇਜ-ਪ੍ਰਤਾਪ ਭੀ ਹੋਵੇ, ਪਰ ਪਰਮਾਤਮਾ ਦੇ ਨਾਮ ਤੋਂ ਖੁੰਝੇ ਰਹਿ ਕੇ ਇਹ ਰਾਜ-ਭਾਗ ਕਿਸੇ ਕੰਮ ਦਾ ਨਹੀਂ ਹੈ)।
ਇਆ ਸੁਖ ਤੇ ਭਿਖੵਾ ਭਲੀ ਜਉ ਹਰਿ ਸਿਮਰਤ ਦਿਨ ਜਾਹਿ ॥੧੧੨॥
ਜੇ ਪਰਮਾਤਮਾ ਦਾ ਸਿਮਰਨ ਕਰਦਿਆਂ (ਜ਼ਿੰਦਗੀ ਦੇ) ਦਿਨ ਗੁਜ਼ਰਨ ਤਾਂ ਉਸ (ਸਿਮਰਨ-ਹੀਣ ਰਾਜ-ਭਾਗ ਦੇ) ਸੁਖ ਨਾਲੋਂ ਉਹ ਟੁੱਕਰ ਚੰਗਾ ਹੈ ਜੋ ਲੋਕਾਂ ਦੇ ਦਰ ਤੋਂ ਮੰਗ ਕੇ ਮੰਗਤੇ ਫ਼ਕੀਰ ਖਾਂਦੇ ਹਨ ॥੧੧੨॥
ਕਬੀਰ ਸਭੁ ਜਗੁ ਹਉ ਫਿਰਿਓ ਮਾਂਦਲੁ ਕੰਧ ਚਢਾਇ ॥
ਹੇ ਕਬੀਰ! ਢੋਲ ਮੋਢਿਆਂ ਤੇ ਰੱਖ ਕੇ ਮੈਂ (ਵਜਾਂਦਾ ਫਿਰਿਆ ਹਾਂ ਤੇ) ਸਾਰਾ ਜਗਤ ਗਾਹਿਆ ਹੈ (ਮੈਂ ਪੁੱਛਦਾ ਫਿਰਿਆ ਹਾਂ ਕਿ ਦੱਸੋ, ਭਾਈ! ਇਸ ਰਾਜ-ਭਾਗ, ਮਹਲ-ਮਾੜੀਆਂ, ਸਾਕ-ਸੰਬੰਧੀ ਵਿਚੋਂ ਕੋਈ ਤੋੜ ਨਿਭਣ ਵਾਲਾ ਸਾਥੀ ਭੀ ਕਿਸੇ ਨੇ ਵੇਖਿਆ ਹੈ, ਪਰ ਕਿਸੇ ਨੇ ਹਾਮੀ ਨਹੀਂ ਭਰੀ)
ਕੋਈ ਕਾਹੂ ਕੋ ਨਹੀ ਸਭ ਦੇਖੀ ਠੋਕਿ ਬਜਾਇ ॥੧੧੩॥
(ਸੋ) ਸਾਰੀ ਸ੍ਰਿਸ਼ਟੀ ਮੈਂ ਚੰਗੀ ਤਰ੍ਹਾਂ ਪਰਖ ਕੇ ਵੇਖ ਲਈ ਹੈ ਕੋਈ ਭੀ ਕਿਸੇ ਦਾ (ਤੋੜ ਨਿਭਣ ਵਾਲਾ ਸਾਥੀ) ਨਹੀਂ ਹੈ (ਅਸਲ ਸਾਥੀ ਸਿਰਫ਼ ਪਰਮਾਤਮਾ ਦਾ ਨਾਮ ਹੈ, ਇਸ ਵਾਸਤੇ ‘ਰਾਮੁ ਨ ਛੋਡੀਐ, ਤਨੁ ਧਨੁ ਜਾਇ ਤ ਜਾਉ’) ॥੧੧੩॥
ਮਾਰਗਿ ਮੋਤੀ ਬੀਥਰੇ ਅੰਧਾ ਨਿਕਸਿਓ ਆਇ ॥
(ਪਰਮਾਤਮਾ ਦੇ ਗੁਣ, ਮਾਨੋ) ਮੋਤੀ (ਹਨ ਜੋ ਇਨਸਾਨੀ ਜ਼ਿੰਦਗੀ ਦੇ ਸਫ਼ਰ ਦੇ) ਰਸਤੇ ਵਿਚ ਖਿੱਲਰੇ ਹੋਏ ਹਨ (ਭਾਵ, ਇਹ ਮੋਤੀ ਲੈਣ ਵਾਸਤੇ ਕੋਈ ਧਨ-ਪਦਾਰਥ ਨਹੀਂ ਖਰਚਣਾ ਪੈਂਦਾ; ਪਰ ਇਥੇ ਗਿਆਨ-ਹੀਣ) ਅੰਨ੍ਹਾ ਮਨੁੱਖ ਆ ਅੱਪੜਿਆ ਹੈ।
ਜੋਤਿ ਬਿਨਾ ਜਗਦੀਸ ਕੀ ਜਗਤੁ ਉਲੰਘੇ ਜਾਇ ॥੧੧੪॥
ਪਰਮਾਤਮਾ ਦੀ ਬਖ਼ਸ਼ੀ ਹੋਈ (ਗਿਆਨ ਦੀ) ਜੋਤਿ ਤੋਂ ਬਿਨਾਂ ਜਗਤ ਇਹਨਾਂ ਮੋਤੀਆਂ ਨੂੰ ਪੈਰਾਂ ਹੇਠ ਲਤਾੜਦਾ ਤੁਰਿਆ ਜਾ ਰਿਹਾ ਹੈ (ਮਨੁੱਖ ਨੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਦੀ ਕਦਰ ਨਹੀਂ ਪੈਂਦੀ, ਪ੍ਰਭੂ ਆਪ ਹੀ ਮੇਹਰ ਕਰੇ ਤਾਂ ਇਹ ਜੀਵ ਗੁਣ ਗਾ ਸਕਦਾ ਹੈ) ॥੧੧੪॥
ਬੂਡਾ ਬੰਸੁ ਕਬੀਰ ਕਾ ਉਪਜਿਓ ਪੂਤੁ ਕਮਾਲੁ ॥
(‘ਹੈ ਗਇ ਬਾਹਨ ਸਘਨ ਘਨ’ ਅਤੇ ‘ਲਾਖ ਧਜਾ’ ਵਿਚੋਂ ‘ਕੋਈ ਕਾਹੂ ਕੋ ਨਹੀਂ’-ਇਹ ਗੱਲ ਮੈਂ ਡਿੱਠੀ ‘ਡਿੱਠੀ ਟੋਕਿ ਬਜਾਇ’, ਫਿਰ ਭੀ) ਜੇ ਮੇਰਾ ਮੂਰਖ ਮਨ (ਨੀਵੀਂ) ਅਵਸਥਾ ਤੇ ਆ ਅੱਪੜਿਆ ਹੈ, ਤਾਂ ਮੈਂ ਕਬੀਰ ਦਾ ਸਾਰਾ ਹੀ ਟੱਬਰ (ਅੱਖਾਂ, ਕੰਨ, ਨੱਕ ਆਦਿਕ ਸਾਰੇ ਹੀ ਇੰਦ੍ਰਿਆਂ ਦਾ ਟੋਲਾ ਵਿਕਾਰਾਂ ਵਿਚ ਜ਼ਰੂਰ) ਡੁੱਬ ਗਿਆ ਜਾਣੋ,
ਹਰਿ ਕਾ ਸਿਮਰਨੁ ਛਾਡਿ ਕੈ ਘਰਿ ਲੇ ਆਯਾ ਮਾਲੁ ॥੧੧੫॥
ਕਿਉਂਕਿ ਪਰਮਾਤਮਾ ਦਾ ਸਿਮਰਨ ਛੱਡ ਕੇ ਮੈਂ ਆਪਣੇ ਅੰਦਰ ਮਾਇਆ ਦਾ ਮੋਹ ਵਸਾ ਲਿਆ ਹੈ ॥੧੧੫॥
ਕਬੀਰ ਸਾਧੂ ਕਉ ਮਿਲਨੇ ਜਾਈਐ ਸਾਥਿ ਨ ਲੀਜੈ ਕੋਇ ॥
ਹੇ ਕਬੀਰ! (‘ਰਾਮੁ ਨ ਛੋਡੀਐ, ਤਨੁ ਧਨੁ ਜਾਇ ਤ ਜਾਉ’; ਪਰ ਪ੍ਰਭੂ ਦਾ ਨਾਮ ਸਿਰਫ਼ ਉਨ੍ਹਾਂ ਤੋਂ ਮਿਲਦਾ ਹੈ ਜਿਨ੍ਹਾਂ ਆਪਣੇ ਮਨ ਨੂੰ ਸਾਧ ਕੇ ਰੱਖਿਆ ਹੋਇਆ ਹੈ, ਜੋ ਆਪ ‘ਸਾਧੂ’ ਹਨ; ਸੋ, ‘ਸਾਧੂ’ ਦੀ ਸੰਗਤ ਕਰਨੀ ਚਾਹੀਦੀ ਹੈ; ਪਰ) ਜੇ ਕਿਸੇ ਸਾਧੂ ਗੁਰਮੁਖਿ ਦੇ ਦਰਸ਼ਨ ਕਰਨ ਜਾਈਏ, ਤਾਂ ਕਿਸੇ ਨੂੰ ਆਪਣੇ ਨਾਲ ਨਹੀਂ ਲੈ ਜਾਣਾ ਚਾਹੀਦਾ (ਕੋਈ ਸਾਥ ਉਡੀਕਣਾ ਨਹੀਂ ਚਾਹੀਦਾ, ਜਾਣ ਵਾਸਤੇ ਕੋਈ ਆਸਰੇ ਨਹੀਂ ਢੂੰਡਣੇ ਚਾਹੀਦੇ, ਮਤਾਂ ਕੋਈ ਮਮਤਾ-ਬੱਧਾ ਸਾਥੀ ਢਿੱਲ-ਮੱਠ ਹੀ ਕਰਾ ਦੇਵੇ)।
ਪਾਛੈ ਪਾਉ ਨ ਦੀਜੀਐ ਆਗੈ ਹੋਇ ਸੁ ਹੋਇ ॥੧੧੬॥
ਕਿਸੇ ਗੁਰਮੁਖਿ ਦਾ ਦੀਦਾਰ ਕਰਨ ਗਿਆਂ ਕਦੇ ਪੈਰ ਪਿਛਾਂਹ ਨਾਹ ਰੱਖੀਏ, (ਕਦੇ ਆਲਸ ਨਾਹ ਕਰੀਏ); ਸਗੋਂ ਉਧਰ ਜਾਂਦਿਆਂ ਜੇ ਕੋਈ ਔਖਿਆਈ ਭੀ ਆਵੇ ਤਾਂ ਪਈ ਆਵੇ ॥੧੧੬॥
ਕਬੀਰ ਜਗੁ ਬਾਧਿਓ ਜਿਹ ਜੇਵਰੀ ਤਿਹ ਮਤ ਬੰਧਹੁ ਕਬੀਰ ॥
ਹੇ ਕਬੀਰ! ਮਾਇਆ-ਮੋਹ ਦੀ ਜਿਸ ਰੱਸੀ ਨਾਲ ਜਗਤ (ਦਾ ਹਰੇਕ ਜੀਵ) ਬੱਝਾ ਪਿਆ ਹੈ, ਉਸ ਰੱਸੀ ਨਾਲ ਆਪਣੇ ਆਪ ਨੂੰ ਬੱਝਣ ਨਾ ਦੇਈਂ।
ਜੈਹਹਿ ਆਟਾ ਲੋਨ ਜਿਉ ਸੋਨ ਸਮਾਨਿ ਸਰੀਰੁ ॥੧੧੭॥
ਇਹ ਸੋਨੇ ਵਰਗਾ (ਕੀਮਤੀ) ਮਨੁੱਖਾ ਸਰੀਰ (ਮਿਲਿਆ) ਹੈ (ਜੇ ਤੂੰ ਮੋਹ ਦੀ ਰੱਸੀ ਵਿਚ ਬੱਝ ਕੇ ਗੁਰਮੁਖਾਂ ਦੀ ਸੰਗਤ ਤੋਂ ਪਰੇ ਰਹਿ ਕੇ, ਪਰਮਾਤਮਾ ਦਾ ਸਿਮਰਨ ਛੱਡ ਬੈਠਾ, ਤਾਂ) ਸਸਤੇ ਭਾ ਅਜਾਈਂ ਤਬਾਹ ਹੋ ਜਾਹਿਂਗਾ ॥੧੧੭॥
ਕਬੀਰ ਹੰਸੁ ਉਡਿਓ ਤਨੁ ਗਾਡਿਓ ਸੋਝਾਈ ਸੈਨਾਹ ॥
(ਇਹ ਮਮਤਾ ਦੀ ਜੇਵੜੀ ਕੋਈ ਸਾਧਾਰਨ ਜਿਹਾ ਜਕੜ-ਬੰਦ ਨਹੀਂ ਹੁੰਦਾ) ਹੇ ਕਬੀਰ! (ਪਰਮਾਤਮਾ ਦੇ ਸਿਮਰਨ ਤੋਂ ਖੁੰਝ ਕੇ ਮਾਇਆ-ਮੋਹ ਦੀ ਰੱਸੀ ਵਿਚ ਬੱਝੇ ਹੋਇਆਂ ਦਾ ਹਾਲ ਜੇ ਤੂੰ ਸਮਝਣਾ ਹੈ ਤਾਂ ਵੇਖ ਕਿ ਮੌਤ ਸਿਰ ਉਤੇ ਆ ਅੱਪੜਦੀ ਹੈ) ਜੀਵਾਤਮਾ (ਸਰੀਰ ਵਿਚੋਂ) ਨਿਕਲਣ ਤੇ ਹੁੰਦਾ ਹੈ, ਸਰੀਰ (ਆਤਮਾ ਦੇ ਵਿਛੁੜਨ ਤੇ) ਢਹਿ-ਢੇਰੀ ਹੋਣ ਵਾਲਾ ਹੁੰਦਾ ਹੈ, ਫਿਰ ਵੀ ਮੋਹ ਦੀ ਜੇਵੜੀ ਨਾਲ ਬੱਝਾ ਹੋਇਆ ਜੀਵ ਸੈਣਤਾਂ ਨਾਲ ਹੀ (ਪਿਛਲੇ ਸੰਬੰਧੀਆਂ ਨੂੰ) ਸਮਝਾਂਦਾ ਹੈ,
ਅਜਹੂ ਜੀਉ ਨ ਛੋਡਈ ਰੰਕਾਈ ਨੈਨਾਹ ॥੧੧੮॥
(ਉਸ ਵੇਲੇ ਭੀ ਪ੍ਰਭੂ ਚੇਤੇ ਨਹੀਂ ਆਉਂਦਾ), ਅਜੇ ਭੀ ਜੀਵ ਅੱਖਾਂ ਦੀ ਕੰਗਾਲਤਾ ਨਹੀਂ ਛੱਡਦਾ ॥੧੧੮॥
ਕਬੀਰ ਨੈਨ ਨਿਹਾਰਉ ਤੁਝ ਕਉ ਸ੍ਰਵਨ ਸੁਨਉ ਤੁਅ ਨਾਉ ॥
ਹੇ ਕਬੀਰ! (ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ- ਹੇ ਪ੍ਰਭੂ! ਤੈਨੂੰ ਵਿਸਾਰ ਕੇ ਜਿਸ ਮੋਹ-ਜੇਵੜੀ ਨਾਲ ਜਗਤ ਬੱਝਾ ਪਿਆ ਹੈ ਤੇ ਮਰਨ ਦੇ ਵੇਲੇ ਤਕ ਭੀ ਅੱਖਾਂ ਦੀ ਕੰਗਾਲਤਾ ਨਹੀਂ ਛੱਡਦਾ; ਮੇਹਰ ਕਰ, ਉਸ ਜੇਵੜੀ ਤੋਂ ਬਚਣ ਲਈ) ਮੈਂ ਆਪਣੀਆਂ ਅੱਖਾਂ ਨਾਲ (ਹਰ ਪਾਸੇ) ਤੇਰਾ ਹੀ ਦੀਦਾਰ ਕਰਦਾ ਰਹਾਂ, ਤੇਰਾ ਹੀ ਨਾਮ ਮੈਂ ਆਪਣੇ ਕੰਨਾਂ ਨਾਲ ਸੁਣਦਾ ਰਹਾਂ,
ਬੈਨ ਉਚਰਉ ਤੁਅ ਨਾਮ ਜੀ ਚਰਨ ਕਮਲ ਰਿਦ ਠਾਉ ॥੧੧੯॥
(ਜੀਭ ਨਾਲ) ਬਚਨਾਂ ਦੁਆਰਾ ਮੈਂ ਤੇਰਾ ਨਾਮ ਹੀ ਉਚਾਰਦਾ ਰਹਾਂ, ਅਤੇ ਤੇਰੇ ਸੋਹਣੇ ਚਰਨਾਂ ਨੂੰ ਆਪਣੇ ਹਿਰਦੇ ਵਿਚ ਥਾਂ ਦੇਈ ਰੱਖਾਂ ॥੧੧੯॥
ਕਬੀਰ ਸੁਰਗ ਨਰਕ ਤੇ ਮੈ ਰਹਿਓ ਸਤਿਗੁਰ ਕੇ ਪਰਸਾਦਿ ॥
ਹੇ ਕਬੀਰ! ਆਪਣੇ ਸਤਿਗੁਰੂ ਦੀ ਕਿਰਪਾ ਨਾਲ ਮੈਂ ਸੁਰਗ (ਦੀ ਲਾਲਸਾ) ਅਤੇ ਨਰਕ (ਦੇ ਡਰ) ਤੋਂ ਬਚ ਗਿਆ ਹਾਂ।
ਚਰਨ ਕਮਲ ਕੀ ਮਉਜ ਮਹਿ ਰਹਉ ਅੰਤਿ ਅਰੁ ਆਦਿ ॥੧੨੦॥
ਮੈਂ ਤਾਂ ਸਦਾ ਹੀ ਪਰਮਾਤਮਾ ਦੇ ਸੋਹਣੇ ਚਰਨਾਂ (ਦੀ ਯਾਦ) ਦੇ ਹੁਲਾਰੇ ਵਿਚ ਰਹਿੰਦਾ ਹਾਂ ॥੧੨੦॥
ਕਬੀਰ ਚਰਨ ਕਮਲ ਕੀ ਮਉਜ ਕੋ ਕਹਿ ਕੈਸੇ ਉਨਮਾਨ ॥
(ਪਰ), ਹੇ ਕਬੀਰ! ਪ੍ਰਭੂ ਦੇ ਸੋਹਣੇ ਚਰਨਾਂ ਵਿਚ ਟਿਕੇ ਰਹਿਣ ਦੇ ਹੁਲਾਰੇ ਦਾ ਅੰਦਾਜ਼ਾ ਕਿਵੇਂ ਕੋਈ ਦੱਸ ਸਕਦਾ ਹੈ?
ਕਹਿਬੇ ਕਉ ਸੋਭਾ ਨਹੀ ਦੇਖਾ ਹੀ ਪਰਵਾਨੁ ॥੧੨੧॥
(ਜੀਭ ਨਾਲ) ਉਸ ਮੌਜ ਦਾ ਬਿਆਨ ਕਰਨਾ ਫਬਦਾ ਹੀ ਨਹੀਂ ਹੈ; ਉਹ ਕੇਡਾ ਕੁ ਹੁਲਾਰਾ ਹੈ? ਇਹ ਤਾਂ ਉਹ ਹੁਲਾਰਾ ਲਿਆਂ ਹੀ ਤਸੱਲੀ ਹੁੰਦੀ ਹੈ ॥੧੨੧॥
ਕਬੀਰ ਦੇਖਿ ਕੈ ਕਿਹ ਕਹਉ ਕਹੇ ਨ ਕੋ ਪਤੀਆਇ ॥
ਹੇ ਕਬੀਰ! ਉਸ ਪ੍ਰਭੂ ਦਾ ਦੀਦਾਰ ਕਰਕੇ ਮੈਂ ਦੱਸ ਭੀ ਕੁਝ ਨਹੀਂ ਸਕਦਾ, ਤੇ ਦੱਸਿਆਂ ਕਿਸੇ ਨੂੰ ਤਸੱਲੀ ਭੀ ਨਹੀਂ ਹੋ ਸਕਦੀ (ਕਿਉਂਕਿ ਜਗਤ ਵਿਚ ਕੋਈ ਸ਼ੈ ਐਸੀ ਨਹੀਂ ਹੈ ਜਿਸ ਵਲ ਇਸ਼ਾਰਾ ਕਰ ਕੇ ਆਖਿਆ ਜਾ ਸਕੇ ਕਿ ਪਰਮਾਤਮਾ ਇਸ ਵਰਗਾ ਹੈ),
ਹਰਿ ਜੈਸਾ ਤੈਸਾ ਉਹੀ ਰਹਉ ਹਰਖਿ ਗੁਨ ਗਾਇ ॥੧੨੨॥
ਪਰਮਾਤਮਾ ਆਪਣੇ ਵਰਗਾ ਆਪ ਹੀ ਹੈ; (ਮੈਂ ਤਾਂ ਸਿਰਫ਼ ਇਹ ਕਹਿ ਸਕਦਾ ਹਾਂ ਕਿ) ਉਸ ਦੇ ਗੁਣ ਗਾ ਗਾ ਕੇ ਮੈਂ ਮੌਜ ਵਿਚ ਟਿਕਿਆ ਰਹਿੰਦਾ ਹਾਂ ॥੧੨੨॥
ਕਬੀਰ ਚੁਗੈ ਚਿਤਾਰੈ ਭੀ ਚੁਗੈ ਚੁਗਿ ਚੁਗਿ ਚਿਤਾਰੇ ॥
ਹੇ ਕਬੀਰ! ਕੂੰਜ ਚੋਗਾ ਚੁਗਦੀ ਹੈ ਤੇ ਆਪਣੇ ਬੱਚਿਆਂ ਦਾ ਭੀ ਚੇਤਾ ਕਰਦੀ ਹੈ, ਮੁੜ ਚੁਗਦੀ ਹੈ, ਚੋਗਾ ਭੀ ਚੁਗਦੀ ਹੈ ਤੇ ਬੱਚਿਆਂ ਦਾ ਚੇਤਾ ਭੀ ਕਰਦੀ ਹੈ।
ਜੈਸੇ ਬਚਰਹਿ ਕੂੰਜ ਮਨ ਮਾਇਆ ਮਮਤਾ ਰੇ ॥੧੨੩॥
ਜਿਵੇਂ ਕੂੰਜ ਦੀ ਸੁਰਤ ਹਰ ਵੇਲੇ ਆਪਣੇ ਬੱਚਿਆਂ ਵਿਚ ਰਹਿੰਦੀ ਹੈ, ਤਿਵੇਂ, (“ਹਰਿ ਕਾ ਸਿਮਰਨੁ ਛਾਡਿ ਕੈ”) ਮਨੁੱਖ ਦਾ ਮਨ ਮਾਇਆ ਦੀ ਮਲਕੀਅਤ ਦੀ ਤਾਂਘ ਵਿਚ ਟਿਕਿਆ ਰਹਿੰਦਾ ਹੈ ॥੧੨੩॥
ਕਬੀਰ ਅੰਬਰ ਘਨਹਰੁ ਛਾਇਆ ਬਰਖਿ ਭਰੇ ਸਰ ਤਾਲ ॥
ਹੇ ਕਬੀਰ! (ਵਰਖਾ ਰੁੱਤੇ) ਬੱਦਲ ਆਕਾਸ਼ ਵਿਚ (ਚਾਰ ਚੁਫੇਰੇ) ਵਿਛ ਜਾਂਦਾ ਹੈ, ਵਰਖਾ ਕਰ ਕੇ (ਨਿੱਕੇ ਵੱਡੇ ਸਾਰੇ) ਸਰੋਵਰ ਤਾਲਾਬ ਭਰ ਦੇਂਦਾ ਹੈ,
ਚਾਤ੍ਰਿਕ ਜਿਉ ਤਰਸਤ ਰਹੈ ਤਿਨ ਕੋ ਕਉਨੁ ਹਵਾਲੁ ॥੧੨੪॥
(ਪਰ ਪਪੀਹਾ ਫਿਰ ਭੀ ਵਰਖਾ ਦੀ ਬੂੰਦ ਨੂੰ ਤਰਸਦਾ ਤੇ ਕੂਕਦਾ ਰਹਿੰਦਾ ਹੈ। ਪਰਮਾਤਮਾ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੈ, ਪਰ ਮਾਇਆ ਦੀ ਮਮਤਾ ਵਿਚ ਫਸੇ ਹੋਏ ਜੀਵ ਉਸ ਦਾ ਦਰਸ਼ਨ ਨਹੀਂ ਕਰ ਸਕਦੇ) (“ਹਰਿ ਕਾ ਸਿਮਰਨੁ ਛਾਡਿ ਕੈ”) ਉਹ ਪਪੀਹੇ ਵਾਂਗ ਤਰਲੇ ਲੈਂਦੇ ਹਨ, ਤੇ ਉਹਨਾਂ ਦਾ ਸਦਾ ਮੰਦਾ ਹਾਲ ਹੀ ਰਹਿੰਦਾ ਹੈ ॥੧੨੪॥
ਕਬੀਰ ਚਕਈ ਜਉ ਨਿਸਿ ਬੀਛੁਰੈ ਆਇ ਮਿਲੈ ਪਰਭਾਤਿ ॥
ਹੇ ਕਬੀਰ! ਚਕਵੀ ਜਦੋਂ ਰਾਤ ਨੂੰ (ਆਪਣੇ ਚੁਕਵੇ ਤੋਂ) ਵਿਛੁੜਦੀ ਹੈ ਤਾਂ ਸਵੇਰ-ਸਾਰ ਮੁੜ ਆ ਮਿਲਦੀ ਹੈ (ਰਾਤ ਦਾ ਹਨੇਰਾ ਇਹਨਾਂ ਦੇ ਮੇਲ ਦੇ ਰਸਤੇ ਵਿਚ ਰੁਕਾਵਟ ਬਣਿਆ ਰਹਿੰਦਾ ਹੈ, ਉਂਞ ਇਹ ਹਨੇਰਾ ਉਨ੍ਹਾਂ ਨੂੰ ਵਧ ਤੋਂ ਵਧ ਚਾਰ ਪਹਿਰ ਹੀ ਵਿਛੋੜ ਸਕਦਾ ਹੈ।
ਜੋ ਨਰ ਬਿਛੁਰੇ ਰਾਮ ਸਿਉ ਨਾ ਦਿਨ ਮਿਲੇ ਨ ਰਾਤਿ ॥੧੨੫॥
ਪਰ ਮਾਇਆ ਦੀ ਮਮਤਾ ਦਾ ਹਨੇਰਾ ਐਸਾ ਨਹੀਂ ਜੋ ਛੇਤੀ ਮੁੱਕ ਸਕੇ, ਇਹ ਤਾਂ ਜਨਮਾਂ ਜਨਮਾਂਤਰਾਂ ਤਕ ਖ਼ਲਾਸੀ ਨਹੀਂ ਕਰਦਾ; ਇਸ ਹਨੇਰੇ ਦੇ ਕਾਰਨ) ਜੋ ਮਨੁੱਖ ਪ੍ਰਭੂ ਤੋਂ ਵਿਛੁੜਦੇ ਹਨ, ਉਹ ਨਾਹ ਦਿਨੇ ਮਿਲ ਸਕਦੇ ਹਨ ਨਾਹ ਰਾਤ ਨੂੰ ॥੧੨੫॥
ਕਬੀਰ ਰੈਨਾਇਰ ਬਿਛੋਰਿਆ ਰਹੁ ਰੇ ਸੰਖ ਮਝੂਰਿ ॥
ਹੇ ਕਬੀਰ! ਸਮੁੰਦਰ ਤੋਂ ਵਿਛੁੜੇ ਹੋਏ ਹੇ ਸੰਖ! ਸਮੁੰਦਰ ਦੇ ਵਿਚ ਹੀ ਟਿਕਿਆ ਰਹੁ,
ਦੇਵਲ ਦੇਵਲ ਧਾਹੜੀ ਦੇਸਹਿ ਉਗਵਤ ਸੂਰ ॥੧੨੬॥
ਨਹੀਂ ਤਾਂ ਹਰ ਰੋਜ਼ ਸੂਰਜ ਚੜ੍ਹਦੇ ਸਾਰ ਹਰੇਕ ਮੰਦਰ ਵਿਚ ਡਰਾਉਣੀ ਢਾਹ ਮਾਰੇਂਗਾ ॥੧੨੬॥
ਕਬੀਰ ਸੂਤਾ ਕਿਆ ਕਰਹਿ ਜਾਗੁ ਰੋਇ ਭੈ ਦੁਖ ॥
ਹੇ ਕਬੀਰ! (ਮਾਇਆ ਦੇ ਮੋਹ ਵਿਚ) ਸੁੱਤਾ ਹੋਇਆ (ਮਸਤ ਹੋਇਆ) ਕੀਹ ਕਰ ਰਿਹਾ ਹੈਂ (ਕਿਉਂ ਅਜਾਈਂ ਉਮਰ ਗਵਾ ਰਿਹਾ ਹੈਂ?) ਪ੍ਰਭੂ ਦੀ ਯਾਦ ਵਿਚ ਹੁਸ਼ਿਆਰ ਹੋ ਅਤੇ (ਇਸ ਯਾਦ ਦੀ ਬਰਕਤਿ ਨਾਲ ਉਹਨਾਂ ਸੰਸਾਰਕ) ਸਹਿਮਾਂ ਤੇ ਕਲੇਸ਼ਾਂ ਤੋਂ ਖ਼ਲਾਸੀ ਹਾਸਲ ਕਰ (ਜੋ ਪ੍ਰਭੂ-ਚਰਨਾਂ ਤੋਂ ਵਿਛੁੜਿਆਂ ਆ ਘੇਰਦੇ ਹਨ। ਤੂੰ ਸਮਝਦਾ ਹੈਂ ਕਿ ਮੋਹ ਦੀ ਨੀਂਦ ਮਿੱਠੀ ਨੀਂਦ ਹੈ, ਪਰ ਇਹ ਮੋਹ ਤੋਂ ਪੈਦਾ ਹੋਏ ਦੁੱਖਾਂ ਕਲੇਸ਼ਾਂ ਤੇ ਸਹਿਮਾਂ ਹੇਠ ਦੱਬੇ ਰਹਿਣਾ ਕਬਰ ਵਿਚ ਪੈਣ ਸਮਾਨ ਹੈ। ਇਹ ਦੁੱਖਾਂ ਕਲੇਸ਼ਾਂ ਸਹਿਮਾਂ ਭਰਿਆ ਜੀਵਨ ਸੁਖੀ ਜੀਵਨ ਨਹੀਂ ਹੈ)।
ਜਾ ਕਾ ਬਾਸਾ ਗੋਰ ਮਹਿ ਸੋ ਕਿਉ ਸੋਵੈ ਸੁਖ ॥੧੨੭॥
ਜਿਸ ਮਨੁੱਖ ਦਾ ਵਾਸ ਸਦਾ (ਅਜੇਹੀ) ਕਬਰ ਵਿਚ ਰਹੇ, ਉਹ ਕਦੇ ਸੁਖੀ ਜੀਵਨ ਜਿਊਂਦਾ ਨਹੀਂ ਕਿਹਾ ਜਾ ਸਕਦਾ ॥੧੨੭॥
ਕਬੀਰ ਸੂਤਾ ਕਿਆ ਕਰਹਿ ਉਠਿ ਕਿ ਨ ਜਪਹਿ ਮੁਰਾਰਿ ॥
ਹੇ ਕਬੀਰ! ਮਾਇਆ ਦੇ ਮੋਹ ਵਿਚ ਮਸਤ ਹੋ ਕੇ ਕਿਉਂ ਉਮਰ ਅਜਾਈਂ ਗਵਾ ਰਿਹਾ ਹੈਂ? ਇਸ ਮੋਹ ਨੀਂਦ ਵਿਚੋਂ ਹੁਸ਼ਿਆਰ ਹੋ ਕੇ ਕਿਉਂ ਪਰਮਾਤਮਾ ਦਾ ਸਿਮਰਨ ਨਹੀਂ ਕਰਦਾ?
ਇਕ ਦਿਨ ਸੋਵਨੁ ਹੋਇਗੋ ਲਾਂਬੇ ਗੋਡ ਪਸਾਰਿ ॥੧੨੮॥
ਇਕ ਦਿਨ ਅਜੇਹਾ ਬੇ-ਬਸ ਹੋ ਕੇ ਸੌਣਾ ਪਏਗਾ ਕਿ ਮੁੜ ਉੱਠਿਆ ਹੀ ਨਹੀਂ ਜਾ ਸਕੇਗਾ (ਇਕ ਦਿਨ ਸਦਾ ਦੀ ਨੀਂਦਰੇ ਸੌਣਾ ਪਏਗਾ) ॥੧੨੮॥
ਕਬੀਰ ਸੂਤਾ ਕਿਆ ਕਰਹਿ ਬੈਠਾ ਰਹੁ ਅਰੁ ਜਾਗੁ ॥
ਹੇ ਕਬੀਰ! ਮਾਇਆ ਦੇ ਮੋਹ ਵਿਚ ਮਸਤ ਹੋ ਕੇ ਕਿਉਂ ਉਮਰ ਅਜਾਈਂ ਗਵਾ ਰਿਹਾ ਹੈਂ? ਹੁਸ਼ਿਆਰ ਹੋ, ਮਮਤਾ ਦੀ ਨੀਂਦ ਦੇ ਹੁਲਾਰੇ ਵਲੋਂ ਸੁਚੇਤ ਰਹੁ।
ਜਾ ਕੇ ਸੰਗ ਤੇ ਬੀਛੁਰਾ ਤਾ ਹੀ ਕੇ ਸੰਗਿ ਲਾਗੁ ॥੧੨੯॥
ਜਿਸ ਪ੍ਰਭੂ ਦੀ ਯਾਦ ਤੋਂ ਵਿਛੁੜਿਆ ਹੋਇਆ ਹੈਂ (ਅਤੇ ਇਹ ਸਹਿਮ ਤੇ ਕਲੇਸ਼ ਸਹਾਰ ਰਿਹਾ ਹੈਂ) ਉਸੇ ਪ੍ਰਭੂ ਦੇ ਚਰਨਾਂ ਵਿਚ ਜੁੜਿਆ ਰਹੁ ॥੧੨੯॥
ਕਬੀਰ ਸੰਤ ਕੀ ਗੈਲ ਨ ਛੋਡੀਐ ਮਾਰਗਿ ਲਾਗਾ ਜਾਉ ॥
(ਪਰ) ਹੇ ਕਬੀਰ! (ਜੇ “ਜਾ ਕੇ ਸੰਗ ਤੇ ਬੀਛੁਰਾ, ਤਾਹੀ ਕੇ ਸੰਗ ਲਾਗੁ” ਵਾਲਾ ਉੱਦਮ ਕਰਨਾ ਹੈ ਤਾਂ) ਉਹ ਰਸਤਾ ਨਾਹ ਛੱਡੀਏ ਜਿਸ ਉੱਤੇ ਸੰਤ ਗੁਰਮੁਖਿ ਤੁਰਦੇ ਹਨ, ਉਹਨਾਂ ਦੇ ਰਸਤੇ ਉੱਤੇ ਤੁਰੇ ਚੱਲਣਾ ਚਾਹੀਦਾ ਹੈ।
ਪੇਖਤ ਹੀ ਪੁੰਨੀਤ ਹੋਇ ਭੇਟਤ ਜਪੀਐ ਨਾਉ ॥੧੩੦॥
ਸੰਤਾਂ ਗੁਰਮੁਖਾਂ ਦਾ ਦਰਸ਼ਨ ਕੀਤਿਆਂ ਮਨ ਪਵਿਤ੍ਰ ਹੋ ਜਾਂਦਾ ਹੈ, ਉਹਨਾਂ ਦੇ ਪਾਸ ਬੈਠਿਆਂ ਪਰਮਾਤਮਾ ਦਾ ਨਾਮ ਸਿਮਰੀਦਾ ਹੈ (ਸਿਮਰਨ ਦਾ ਸ਼ੌਕ ਪੈ ਜਾਂਦਾ ਹੈ) ॥੧੩੦॥
ਕਬੀਰ ਸਾਕਤ ਸੰਗੁ ਨ ਕੀਜੀਐ ਦੂਰਹਿ ਜਾਈਐ ਭਾਗਿ ॥
ਹੇ ਕਬੀਰ! (ਜੇ “ਜਾ ਕੇ ਸੰਗ ਤੇ ਬੀਛੁਰਾ, ਤਾਹੀ ਕੇ ਸੰਗ ਲਾਗੁ” ਵਾਲਾ ਉੱਦਮ ਕਰਨਾ ਹੈ ਤਾਂ) ਰੱਬ ਨਾਲੋਂ ਟੁੱਟੇ ਹੋਏ ਬੰਦੇ ਦੀ ਸੁਹਬਤਿ ਨਹੀਂ ਕਰਨੀ ਚਾਹੀਦੀ, ਉਸ ਤੋਂ ਦੂਰ ਹੀ ਹਟ ਜਾਣਾ ਚਾਹੀਦਾ ਹੈ।
ਬਾਸਨੁ ਕਾਰੋ ਪਰਸੀਐ ਤਉ ਕਛੁ ਲਾਗੈ ਦਾਗੁ ॥੧੩੧॥
(ਵੇਖ) ਜੇ ਕਿਸੇ ਕਾਲੇ ਭਾਂਡੇ ਨੂੰ ਛੋਹੀਏ, ਤਾਂ ਥੋੜਾ-ਬਹੁਤ ਦਾਗ਼ ਲੱਗ ਹੀ ਜਾਂਦਾ ਹੈ ॥੧੩੧॥
ਕਬੀਰਾ ਰਾਮੁ ਨ ਚੇਤਿਓ ਜਰਾ ਪਹੂੰਚਿਓ ਆਇ ॥
ਹੇ ਕਬੀਰ! (ਜੇ “ਜਾ ਕੇ ਸੰਗ ਤੇ ਬੀਛੁਰਾ, ਤਾਹੀ ਕੇ ਸੰਗ ਲਾਗੁ” ਦਾ ਉੱਦਮ ਕਰਨਾ ਹੈ, ਤਾਂ ਇਹ ਵੇਲੇ-ਸਿਰ ਹੀ ਹੋ ਸਕਦਾ ਹੈ, ਸਾਧਾਰਨ ਤੌਰ ਤੇ ਬੁਢੇਪੇ ਤੋਂ ਪਹਿਲਾਂ ਪਹਿਲਾਂ ਹੀ ਇਹ ਉੱਦਮ ਕਰਨਾ ਚਾਹੀਦਾ ਹੈ; ਪਰ ਜੇ ਜੁਆਨੀ ਵਿਚ ਪਰਮਾਤਮਾ ਦਾ ਭਜਨ ਨਾਹ ਕੀਤਾ (ਉਤੋਂ) ਬੁਢੇਪਾ ਆ ਅੱਪੜਿਆ (ਇਸ ਉਮਰ ਤਕ ਮਾਇਆ ਦੇ ਮੋਹ ਵਿਚ ਫਸੇ ਰਿਹਾਂ ਬੇਅੰਤ ਮੰਦੇ ਸੰਸਕਾਰ ਅੰਦਰ ਜਮ੍ਹਾ ਹੁੰਦੇ ਗਏ, ਇਹ ਕਿਵੇਂ ਹੁਣ ਸਿਮਰਨ ਵਲ ਪਰਤਣ ਦੇਣਗੇ?)।
ਲਾਗੀ ਮੰਦਿਰ ਦੁਆਰ ਤੇ ਅਬ ਕਿਆ ਕਾਢਿਆ ਜਾਇ ॥੧੩੨॥
ਜੇ ਕਿਸੇ ਘਰ ਨੂੰ ਬੂਹੇ ਵਲੋਂ ਹੀ ਅੱਗ ਲੱਗ ਜਾਏ, ਤਾਂ ਉਸ ਵੇਲੇ (ਘਰ ਵਿਚੋਂ) ਬਹੁਤਾ ਕੁਝ (ਸੜਨੋਂ) ਬਚਾਇਆ ਨਹੀਂ ਜਾ ਸਕਦਾ (ਇਸੇ ਤਰ੍ਹਾਂ ਜੇ ਜੁਆਨੀ ਵਿਕਾਰਾਂ ਵਿਚ ਗਲ ਜਾਏ, ਤਾਂ ਬੁਢੇਪੇ ਵਿਚ ਉਮਰ ਦੇ ਗਿਣਤੀ ਦੇ ਦਿਨ ਹੋਣ ਕਰਕੇ ਜੀਵਨ ਬਹੁਤ ਸੰਵਾਰਿਆ ਨਹੀਂ ਜਾ ਸਕਦਾ ॥੧੩੨॥
ਕਬੀਰ ਕਾਰਨੁ ਸੋ ਭਇਓ ਜੋ ਕੀਨੋ ਕਰਤਾਰਿ ॥
(ਪਰ) ਹੇ ਕਬੀਰ! (ਜੇ ਸਿਮਰਨ ਤੋਂ ਖੁੰਝਿਆਂ ਹੀ ਜੁਆਨੀ ਲੰਘ ਗਈ ਹੈ ਅਤੇ ਬੁਢੇਪਾ ਆ ਜਾਣ ਤੇ ਹੁਣ ਸੂਝ ਪਈ ਹੈ, ਤਾਂ ਭੀ ਨਿਰਾਸ ਹੋਣ ਦੀ ਲੋੜ ਨਹੀਂ। ਸਿਮਰਨ ਪ੍ਰਭੂ ਦੀ ਆਪਣੀ ਬਖ਼ਸ਼ਸ਼ ਹੈ ਜਦੋਂ ਦੇਵੇ ਤਦੋਂ ਹੀ ਜੀਵ ਸਿਮਰਨ ਕਰ ਸਕਦਾ ਹੈ। ਜੁਆਨੀ ਹੋਵੇ ਚਾਹੇ ਬੁਢੇਪਾ, ਸਿਮਰਨ ਕਰਨ ਦਾ) ਸਬਬ ਉਹੀ ਬਣਦਾ ਹੈ ਜੋ ਕਰਤਾਰ ਆਪ ਬਣਾਏ;
ਤਿਸੁ ਬਿਨੁ ਦੂਸਰੁ ਕੋ ਨਹੀ ਏਕੈ ਸਿਰਜਨਹਾਰੁ ॥੧੩੩॥
(ਇਹ ਦਾਤ ਕਿਸੇ ਭੀ ਜੀਵ ਦੇ ਹੱਥ ਵਿਚ ਨਹੀਂ ਹੈ, ਇਹ ਸਬਬ ਬਣਾਣ ਵਾਲਾ) ਉਸ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਨਹੀਂ, ਸਿਰਫ਼ ਸ੍ਰਿਸ਼ਟੀ ਦਾ ਰਚਨਹਾਰ ਆਪ ਹੀ ਇਹ ਸਬਬ ਬਣਾਣ-ਜੋਗਾ ਹੈ ॥੧੩੩॥
ਕਬੀਰ ਫਲ ਲਾਗੇ ਫਲਨਿ ਪਾਕਨਿ ਲਾਗੇ ਆਂਬ ॥
ਹੇ ਕਬੀਰ! ਅੰਬਾਂ ਦੇ ਬੂਟਿਆਂ ਨੂੰ (ਪਹਿਲਾਂ) ਫਲ ਲੱਗਦੇ ਹਨ, ਤੇ (ਸਹਜੇ ਸਹਜੇ ਫਿਰ ਉਹ) ਪੱਕਣੇ ਸ਼ੁਰੂ ਹੁੰਦੇ ਹਨ;
ਜਾਇ ਪਹੂਚਹਿ ਖਸਮ ਕਉ ਜਉ ਬੀਚਿ ਨ ਖਾਹੀ ਕਾਂਬ ॥੧੩੪॥
ਪੱਕਣ ਤੋਂ ਪਹਿਲਾਂ ਜੇ ਇਹ ਅੰਬ (ਹਨੇਰੀ ਆਦਿਕ ਨਾਲ ਟਹਿਣੀ ਨਾਲੋਂ) ਹਿੱਲ ਨਾਹ ਜਾਣ ਤਾਂ ਹੀ ਮਾਲਕ ਤਕ ਅੱਪੜਦੇ ਹਨ ॥੧੩੪॥
ਕਬੀਰ ਠਾਕੁਰੁ ਪੂਜਹਿ ਮੋਲਿ ਲੇ ਮਨਹਠਿ ਤੀਰਥ ਜਾਹਿ ॥
ਹੇ ਕਬੀਰ! ਜੋ ਲੋਕ ਠਾਕੁਰ (ਦੀ ਮੂਰਤੀ) ਮੁੱਲ ਲੈ ਕੇ (ਉਸ ਦੀ) ਪੂਜਾ ਕਰਦੇ ਹਨ, ਅਤੇ ਮਨ ਦੇ ਹਠ ਨਾਲ ਤੀਰਥਾਂ ਤੇ ਜਾਂਦੇ ਹਨ,
ਦੇਖਾ ਦੇਖੀ ਸ੍ਵਾਂਗੁ ਧਰਿ ਭੂਲੇ ਭਟਕਾ ਖਾਹਿ ॥੧੩੫॥
(ਅਸਲ ਵਿਚ ਉਹ ਲੋਕ) ਇਕ ਦੂਜੇ ਨੂੰ (ਇਹ ਕੰਮ ਕਰਦਿਆਂ) ਵੇਖ ਕੇ ਸਾਂਗ ਬਣਾਈ ਜਾਂਦੇ ਹਨ (ਇਸ ਵਿਚ ਅਸਲੀਅਤ ਕੋਈ ਨਹੀਂ ਹੁੰਦੀ, ਸਭ ਕੁਝ ਲੋਕਾਂ ਵਿਚ ਚੰਗਾ ਅਖਵਾਣ ਲਈ ਹੀ ਕੀਤਾ ਜਾਂਦਾ ਹੈ, ਹਿਰਦੇ ਵਿਚ ਪਰਮਾਤਮਾ ਦੇ ਪਿਆਰ ਦਾ ਕੋਈ ਹੁਲਾਰਾ ਨਹੀਂ ਹੁੰਦਾ, ਸਹੀ ਰਾਹ ਤੋਂ ਖੁੰਝੇ ਹੋਏ ਇਹ ਲੋਕ ਭਟਕਦੇ ਹਨ ॥੧੩੫॥
ਕਬੀਰ ਪਾਹਨੁ ਪਰਮੇਸੁਰੁ ਕੀਆ ਪੂਜੈ ਸਭੁ ਸੰਸਾਰੁ ॥
ਹੇ ਕਬੀਰ! (ਪੰਡਿਤਾਂ ਦੇ ਪਿੱਛੇ ਲੱਗਾ ਹੋਇਆ ਇਹ) ਸਾਰਾ ਜਗਤ ਪੱਥਰ (ਦੀ ਮੂਰਤੀ) ਨੂੰ ਪਰਮੇਸਰ ਮਿਥ ਰਿਹਾ ਹੈ ਤੇ ਇਸ ਦੀ ਪੂਜਾ ਕਰ ਰਿਹਾ ਹੈ।
ਇਸ ਭਰਵਾਸੇ ਜੋ ਰਹੇ ਬੂਡੇ ਕਾਲੀ ਧਾਰ ॥੧੩੬॥
ਜਿਨ੍ਹਾਂ ਮਨੁੱਖਾਂ ਨੂੰ ਇਹ ਖ਼ਿਆਲ ਬਣਿਆ ਹੋਇਆ ਹੈ ਕਿ ਪੱਥਰ ਨੂੰ ਪੂਜ ਕੇ ਉਹ ਪਰਮਾਤਮਾ ਦੀ ਭਗਤੀ ਕਰ ਰਹੇ ਹਨ ਉਹ ਡੂੰਘੇ ਪਾਣੀਆਂ ਵਿਚ ਡੁੱਬੇ ਸਮਝੋ (ਜਿਥੋਂ ਉਹਨਾਂ ਦਾ ਕੋਈ ਥਹੁ-ਪਤਾ ਹੀ ਨਹੀਂ ਲੱਗਣਾ) ॥੧੩੬॥
ਕਬੀਰ ਕਾਗਦ ਕੀ ਓਬਰੀ ਮਸੁ ਕੇ ਕਰਮ ਕਪਾਟ ॥
ਹੇ ਕਬੀਰ! (ਇਹਨਾਂ ਪੰਡਿਤਾਂ ਦੇ) ਸ਼ਾਸਤ੍ਰ, ਮਾਨੋ ਕੈਦਖ਼ਾਨਾ ਹਨ, (ਇਹਨਾਂ ਸ਼ਾਸਤ੍ਰਾਂ ਵਿਚ) ਸਿਆਹੀ ਨਾਲ ਲਿਖੀ ਹੋਈ ਕਰਮ-ਕਾਂਡ ਦੀ ਮਰਯਾਦਾ, ਮਾਨੋ, ਉਸ ਕੈਦਖ਼ਾਨੇ ਦੇ ਬੰਦ ਦਰਵਾਜ਼ੇ ਹਨ।
ਪਾਹਨ ਬੋਰੀ ਪਿਰਥਮੀ ਪੰਡਿਤ ਪਾੜੀ ਬਾਟ ॥੧੩੭॥
(ਇਸ ਕੈਦਖ਼ਾਨੇ ਵਿਚ ਰੱਖੀਆਂ) ਪੱਥਰ ਦੀਆਂ ਮੂਰਤੀਆਂ ਨੇ ਧਰਤੀ ਨੇ ਬੰਦਿਆਂ ਨੂੰ (ਸੰਸਾਰ-ਸਮੁੰਦਰ ਵਿਚ) ਡੋਬ ਦਿੱਤਾ ਹੈ, ਪੰਡਿਤ ਲੋਕ ਡਾਕੇ ਮਾਰ ਰਹੇ ਹਨ (ਭਾਵ, ਸਾਦਾ-ਦਿਲ ਲੋਕਾਂ ਨੂੰ ਸ਼ਾਸਤ੍ਰਾਂ ਦੀ ਕਰਮ-ਕਾਂਡ ਦੀ ਮਰਯਾਦਾ ਤੇ ਮੂਰਤੀ-ਪੂਜਾ ਵਿਚ ਲਾ ਕੇ ਦੱਛਣਾ-ਦਾਨ ਆਦਿ ਦੀ ਰਾਹੀਂ ਲੁੱਟ ਰਹੇ ਹਨ) ॥੧੩੭॥
ਕਬੀਰ ਕਾਲਿ ਕਰੰਤਾ ਅਬਹਿ ਕਰੁ ਅਬ ਕਰਤਾ ਸੁਇ ਤਾਲ ॥
(ਸ਼ਲੋਕ ਨੰ: ੧੩੨ ਦੇ ਖ਼ਿਆਲ ਨੂੰ ਮੁੜ ਜਾਰੀ ਰੱਖਦੇ ਹੋਏ ਆਖਦੇ ਹਨ ਕਿ:) ਹੇ ਕਬੀਰ! (ਪਰਮਾਤਮਾ ਦਾ ਸਿਮਰਨ ਕਰਨ ਵਿਚ ਕਦੇ ਆਲਸ ਨਾਹ ਕਰ) ਭਲਕੇ (ਸਿਮਰਨ ਕਰਾਂਗਾ, ਇਹ ਸਲਾਹ) ਕਰਦਾ ਹੁਣੇ ਹੀ (ਸਿਮਰਨ) ਕਰ (ਭਲਕੇ ਸਿਮਰਨ ਸ਼ੁਰੂ ਕਰਨ ਦੇ ਥਾਂ ਹੁਣੇ ਹੀ ਸ਼ੁਰੂ ਕਰ ਦੇਹ। ਨਹੀਂ ਤਾਂ ਭਲਕ ਭਲਕ ਕਰਦਿਆਂ)
ਪਾਛੈ ਕਛੂ ਨ ਹੋਇਗਾ ਜਉ ਸਿਰ ਪਰਿ ਆਵੈ ਕਾਲੁ ॥੧੩੮॥
ਜਦੋਂ ਮੌਤ ਸਿਰ ਤੇ ਆ ਜਾਂਦੀ ਹੈ ਉਸ ਵੇਲੇ ਸਮਾਂ ਵਿਹਾ ਜਾਣ ਤੇ ਕੁਝ ਨਹੀਂ ਹੋ ਸਕਦਾ ॥੧੩੮॥
ਕਬੀਰ ਐਸਾ ਜੰਤੁ ਇਕੁ ਦੇਖਿਆ ਜੈਸੀ ਧੋਈ ਲਾਖ ॥
ਹੇ ਕਬੀਰ! ਮੈਂ ਇਕ ਅਜੇਹਾ ਮਨੁੱਖ ਵੇਖਿਆ (ਜਿਸ ਨੇ ਕਦੇ ਪਰਮਾਤਮਾ ਦਾ ਸਿਮਰਨ ਨਹੀਂ ਸੀ ਕੀਤਾ) ਉਹ (ਬਾਹਰੋਂ ਵੇਖਣ ਨੂੰ) ਧੋਤੀ ਹੋਈ ਚਮਕਦੀ ਲਾਖ ਵਰਗਾ ਸੀ।
ਦੀਸੈ ਚੰਚਲੁ ਬਹੁ ਗੁਨਾ ਮਤਿ ਹੀਨਾ ਨਾਪਾਕ ॥੧੩੯॥
ਪ੍ਰਭੂ ਦੀ ਯਾਦ ਤੋਂ ਖੁੰਝਿਆ ਹੋਇਆ ਮਨੁੱਖ ਭਾਵੇਂ ਬਹੁਤ ਹੀ ਚੁਸਤ-ਚਲਾਕ ਦਿੱਸਦਾ ਹੋਵੇ, ਪਰ ਉਹ ਅਸਲ ਵਿਚ ਅਕਲ ਤੋਂ ਸੱਖਣਾ ਹੁੰਦਾ ਹੈ ਕਿਉਂਕਿ ਪ੍ਰਭੂ ਤੋਂ ਵਿਛੁੜ ਕੇ ਉਸ ਦਾ ਜੀਵਨ ਗੰਦਾ ਹੁੰਦਾ ਹੈ ॥੧੩੯॥
ਕਬੀਰ ਮੇਰੀ ਬੁਧਿ ਕਉ ਜਮੁ ਨ ਕਰੈ ਤਿਸਕਾਰ ॥
ਹੇ ਕਬੀਰ! (ਪ੍ਰਭੂ ਦੀ ਯਾਦ ਤੋਂ ਭੁੱਲਾ ਹੋਇਆ ਮਨੁੱਖ ਬੜਾ ਚੁਸਤ-ਚਾਲਾਕ ਹੁੰਦਾ ਹੋਇਆ ਭੀ ਅਕਲ-ਹੀਣ ਤੇ ਫਿਟਕਾਰ-ਜੋਗ ਹੁੰਦਾ ਹੈ ਕਿਉਂਕਿ ਉਸ ਦਾ ਜੀਵਨ ਨੀਵਾਂ ਰਹਿ ਜਾਂਦਾ ਹੈ। ਪਰ ਮੇਰੇ ਉਤੇ ਪ੍ਰਭੂ ਦੀ ਮੇਹਰ ਹੋਈ ਹੈ, ਦੁਨੀਆ ਦੇ ਲੋਕ ਤਾਂ ਕਿਤੇ ਰਹੇ) ਮੇਰੀ ਅਕਲ ਨੂੰ ਜਮਰਾਜ ਭੀ ਫਿਟਕਾਰ ਨਹੀਂ ਪਾ ਸਕਦਾ,
ਜਿਨਿ ਇਹੁ ਜਮੂਆ ਸਿਰਜਿਆ ਸੁ ਜਪਿਆ ਪਰਵਿਦਗਾਰ ॥੧੪੦॥
ਕਿਉਂਕਿ ਮੈਂ ਉਸ ਪਾਲਣਹਾਰ ਪ੍ਰਭੂ ਨੂੰ ਸਿਮਰਿਆ ਹੈ ਜਿਸ ਨੇ ਇਸ ਵਿਚਾਰੇ ਜਮ ਨੂੰ ਪੈਦਾ ਕੀਤਾ ਹੈ ॥੧੪੦॥
ਕਬੀਰੁ ਕਸਤੂਰੀ ਭਇਆ ਭਵਰ ਭਏ ਸਭ ਦਾਸ ॥
(ਭਗਤੀ ਕਰਨ ਵਾਲਿਆਂ ਨੂੰ) ਪਰਮਾਤਮਾ (ਇਉਂ ਪ੍ਰਤੀਤ ਹੁੰਦਾ ਹੈ ਜਿਵੇਂ) ਕਸਤੂਰੀ ਹੈ, ਸਾਰੇ ਭਗਤ ਉਸ ਦੇ ਭੌਰੇ ਬਣ ਜਾਂਦੇ ਹਨ (ਜਿਵੇਂ ਭੌਰੇ ਫੁੱਲ ਦੀ ਸੁਗੰਧੀ ਵਿਚ ਮਸਤ ਹੋ ਜਾਂਦੇ ਹਨ ਤੇ ਕਿਤੇ ਗੰਦੀ-ਮੰਦੀ ਬੂ ਵਾਲੇ ਥਾਂ ਵਲ ਨਹੀਂ ਜਾਂਦੇ, ਤਿਵੇਂ ਭਗਤ ਪਰਮਾਤਮਾ ਦੇ ਪਿਆਰ ਦੀ ਸੁਗੰਧੀ ਵਿਚ ਲੀਨ ਰਹਿੰਦੇ ਹਨ ਤੇ ਮਾਇਕ ਪਦਾਰਥਾਂ ਵਲ ਨਹੀਂ ਪਰਤਦੇ)।
ਜਿਉ ਜਿਉ ਭਗਤਿ ਕਬੀਰ ਕੀ ਤਿਉ ਤਿਉ ਰਾਮ ਨਿਵਾਸ ॥੧੪੧॥
ਜਿਉਂ ਜਿਉਂ ਉਹ ਪਰਮਾਤਮਾ ਦੀ ਭਗਤੀ ਕਰਦੇ ਹਨ, ਤਿਉਂ ਤਿਉਂ ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ (ਅਜੇਹੇ ਮਨੁੱਖਾਂ ਦੀ ਅਕਲ ਨੂੰ ਕੌਣ ਫਿਟਕਾਰ ਪਾ ਸਕਦਾ ਹੈ?) ॥੧੪੧॥
ਕਬੀਰ ਗਹਗਚਿ ਪਰਿਓ ਕੁਟੰਬ ਕੈ ਕਾਂਠੈ ਰਹਿ ਗਇਓ ਰਾਮੁ ॥
ਹੇ ਕਬੀਰ! ਜੋ ਮਨੁੱਖ ਟੱਬਰ ਦੇ ਗਾੜ੍ਹ ਵਿਚ ਹੀ ਫਸਿਆ ਰਹਿੰਦਾ ਹੈ, ਪਰਮਾਤਮਾ (ਦਾ ਭਜਨ ਉਸ ਦੇ ਹਿਰਦੇ ਤੋਂ) ਲਾਂਭੇ ਹੀ ਰਹਿ ਜਾਂਦਾ ਹੈ।
ਆਇ ਪਰੇ ਧਰਮ ਰਾਇ ਕੇ ਬੀਚਹਿ ਧੂਮਾ ਧਾਮ ॥੧੪੨॥
ਇਸ ਰੌਲੇ-ਗੌਲੇ ਵਿਚ ਹੀ ਫਸੇ ਹੋਏ ਦੇ ਪਾਸ ਧਰਮਰਾਜ ਦੇ ਭੇਜੇ ਹੋਏ ਦੂਤ ਆ ਅੱਪੜਦੇ ਹਨ (‘ਰਾਮੁ ਨ ਚੇਤਿਓ, ਜਰਾ ਪਹੂੰਚਿਓ ਆਇ’) ॥੧੪੨॥
ਕਬੀਰ ਸਾਕਤ ਤੇ ਸੂਕਰ ਭਲਾ ਰਾਖੈ ਆਛਾ ਗਾਉ ॥
ਹੇ ਕਬੀਰ! (ਕੁਟੰਬ ਦੇ ਗਹਗਚ ਵਿਚ ਪੈ ਕੇ ਪਰਮਾਤਮਾ ਨੂੰ ਵਿਸਾਰ ਦੇਣ ਵਾਲੇ) ਸਾਕਤ ਨਾਲੋਂ ਤਾਂ ਸੂਰ ਹੀ ਚੰਗਾ ਜਾਣੋ (ਪਿੰਡ ਦੇ ਦੁਆਲੇ ਦਾ ਗੰਦ ਖਾ ਕੇ) ਪਿੰਡ ਨੂੰ ਸਾਫ਼-ਸੁਥਰਾ ਰੱਖਦਾ ਹੈ।
ਉਹੁ ਸਾਕਤੁ ਬਪੁਰਾ ਮਰਿ ਗਇਆ ਕੋਇ ਨ ਲੈਹੈ ਨਾਉ ॥੧੪੩॥
ਜਦੋਂ ਉਹ ਮੰਦ-ਭਾਗੀ ਸਾਕਤ ਮਰ ਜਾਂਦਾ ਹੈ ਕਿਸੇ ਨੂੰ ਉਸ ਦਾ ਚੇਤਾ ਭੀ ਨਹੀਂ ਰਹਿ ਜਾਂਦਾ (ਭਾਵੇਂ ਉਹ ਜਿਊਂਦਿਆਂ ਕਿਤਨਾ ਹੀ ਵੱਡਾ ਬਣ ਬਣ ਬਹਿੰਦਾ ਰਿਹਾ ਹੋਵੇ) ॥੧੪੩॥
ਕਬੀਰ ਕਉਡੀ ਕਉਡੀ ਜੋਰਿ ਕੈ ਜੋਰੇ ਲਾਖ ਕਰੋਰਿ ॥
ਹੇ ਕਬੀਰ! (ਪ੍ਰਭੂ ਨਾਲੋਂ ਟੁੱਟ ਕੇ ਨਿਰੀ ਮਾਇਆ ਜੋੜਨ ਦਾ ਭੀ ਕੀਹ ਲਾਭ?) ਜਿਸ ਮਨੁੱਖ ਨੇ ਤਰਲਿਆਂ ਨਾਲ ਜੋੜ ਕੇ ਲੱਖਾਂ ਕ੍ਰੋੜਾਂ ਰੁਪਏ ਭੀ ਇਕੱਠੇ ਕਰ ਲਏ ਹੋਣ,
ਚਲਤੀ ਬਾਰ ਨ ਕਛੁ ਮਿਲਿਓ ਲਈ ਲੰਗੋਟੀ ਤੋਰਿ ॥੧੪੪॥
(ਤੇ ਇਸ ਜੋੜੇ ਹੋਏ ਧਨ ਦਾ ਇਤਨਾ ਖ਼ਿਆਲ ਰੱਖਦਾ ਹੋਵੇ ਕਿ ਵਾਂਸਲੀ ਵਿਚ ਪਾ ਕੇ ਲੱਕ ਨਾਲ ਬੰਨ੍ਹੀ ਫਿਰਦਾ ਹੋਵੇ, ਉਸ ਨੂੰ ਭੀ) ਮਰਨ ਵੇਲੇ ਕੁਝ ਪ੍ਰਾਪਤ ਨਹੀਂ ਹੁੰਦਾ, (ਉਸ ਦੇ ਸੰਬੰਧੀ) ਉਸ ਦੀ ਵਾਂਸਲੀ ਭੀ ਤੋੜ ਕੇ ਲਾਹ ਲੈਂਦੇ ਹਨ ॥੧੪੪॥
ਕਬੀਰ ਬੈਸਨੋ ਹੂਆ ਤ ਕਿਆ ਭਇਆ ਮਾਲਾ ਮੇਲੀਂ ਚਾਰਿ ॥
ਹੇ ਕਬੀਰ! (ਪ੍ਰਭੂ ਦਾ ਸਿਮਰਨ ਛੱਡ ਕੇ ਨਿਰਾ ਧਨ ਕਮਾਣ ਵਾਲੇ ਬੰਦੇ ਉਮਰ ਅਜਾਈਂ ਗਵਾਂਦੇ ਹਨ ਕਿਉਂਕਿ ਧਨ ਇਥੇ ਹੀ ਪਿਆ ਰਹਿੰਦਾ ਹੈ। ਪਰ ਨਿਰ ਭੇਖ ਨੂੰ ਹੀ ਭਗਤੀ-ਮਾਰਗ ਸਮਝਣ ਵਾਲੇ ਭੀ ਕੁਝ ਨਹੀਂ ਖੱਟ ਰਹੇ) ਜੇ ਕਿਸੇ ਮਨੁੱਖ ਨੇ ਤਿਲਕ ਚੱਕ੍ਰ ਲਾ ਕੇ ਅਤੇ ਚਾਰ ਮਾਲਾ ਪਾ ਕੇ ਆਪਣੇ ਆਪ ਨੂੰ ਵੈਸ਼ਨਵ ਭਗਤ ਅਖਵਾ ਲਿਆ, ਉਸ ਨੇ ਭੀ ਕੁਝ ਨਹੀਂ ਖੱਟਿਆ।
ਬਾਹਰਿ ਕੰਚਨੁ ਬਾਰਹਾ ਭੀਤਰਿ ਭਰੀ ਭੰਗਾਰ ॥੧੪੫॥
(ਇਸ ਧਾਰਮਿਕ ਭੇਖ ਦੇ ਕਾਰਨ) ਬਾਹਰੋਂ ਵੇਖਣ ਨੂੰ ਭਾਵੇਂ ਸ਼ੁੱਧ ਸੋਨਾ ਦਿਸੇ, ਪਰ ਉਸ ਦੇ ਅੰਦਰ ਖੋਟ ਹੀ ਖੋਟ ਹੈ ॥੧੪੫॥
ਕਬੀਰ ਰੋੜਾ ਹੋਇ ਰਹੁ ਬਾਟ ਕਾ ਤਜਿ ਮਨ ਕਾ ਅਭਿਮਾਨੁ ॥
ਹੇ ਕਬੀਰ! (ਜੇ ‘ਜਾ ਕੇ ਸੰਗ ਤੇ ਬੀਛੁਰਾ, ਤਾ ਹੀ ਕੇ ਸੰਗਿ’ ਮਿਲਣ ਦੀ ਤਾਂਘ ਹੈ, ਤਾਂ) ਅਹੰਕਾਰ ਛੱਡ ਕੇ ਰਾਹ ਵਿਚ ਪਏ ਹੋਏ ਰੋੜੇ ਵਰਗਾ ਹੋ ਜਾਹ (ਤੇ ਹਰੇਕ ਰਾਹੀ ਦੇ ਠੇਡੇ ਸਹਾਰ)!
ਐਸਾ ਕੋਈ ਦਾਸੁ ਹੋਇ ਤਾਹਿ ਮਿਲੈ ਭਗਵਾਨੁ ॥੧੪੬॥
ਜੇਹੜਾ ਕੋਈ ਮਨੁੱਖ ਅਜੇਹਾ ਸੇਵਕ ਬਣ ਜਾਂਦਾ ਹੈ, ਉਸ ਨੂੰ ਪਰਮਾਤਮਾ ਮਿਲ ਪੈਂਦਾ ਹੈ ॥੧੪੬॥
ਕਬੀਰ ਰੋੜਾ ਹੂਆ ਤ ਕਿਆ ਭਇਆ ਪੰਥੀ ਕਉ ਦੁਖੁ ਦੇਇ ॥
ਪਰ ਹੇ ਕਬੀਰ! ਰੋੜਾ ਬਣਿਆਂ ਭੀ ਅਜੇ ਪੂਰੀ ਕਾਮਯਾਬੀ ਨਹੀਂ ਹੁੰਦੀ, ਕਿਉਂਕਿ (ਰੋੜਾ ਠੇਡੇ ਤਾਂ ਸਹਾਰਦਾ ਹੈ, ਪਰ ਨੰਗੀਂ ਪੈਰੀਂ ਤੁਰਨ ਵਾਲੇ) ਰਾਹੀਆਂ ਦੇ ਪੈਰਾਂ ਵਿਚ ਚੁੱਭਦਾ ਭੀ ਹੈ (ਤੂੰ ਕਿਸੇ ਨੂੰ ਦੁੱਖ ਨਹੀਂ ਦੇਣਾ)।
ਐਸਾ ਤੇਰਾ ਦਾਸੁ ਹੈ ਜਿਉ ਧਰਨੀ ਮਹਿ ਖੇਹ ॥੧੪੭॥
ਹੇ ਪ੍ਰਭੂ! ਤੇਰਾ ਭਗਤ ਤਾਂ ਅਜੇਹਾ (ਨਰਮ-ਦਿਲ) ਬਣ ਜਾਂਦਾ ਹੈ ਜਿਵੇਂ ਰਾਹ ਦੀ ਬਾਰੀਕ ਧੂੜ ॥੧੪੭॥
ਕਬੀਰ ਖੇਹ ਹੂਈ ਤਉ ਕਿਆ ਭਇਆ ਜਉ ਉਡਿ ਲਾਗੈ ਅੰਗ ॥
ਹੇ ਕਬੀਰ! ਖੇਹ (ਵਾਂਗ) ਬਣਿਆਂ ਭੀ ਅਜੇ ਕਸਰ ਰਹਿ ਜਾਂਦੀ ਹੈ, ਖੇਹ (ਪੈਰਾਂ ਨਾਲ) ਉੱਡ ਕੇ (ਰਾਹੀਆਂ ਦੇ) ਅੰਗਾਂ ਉਤੇ ਪੈਂਦੀ ਹੈ।
ਹਰਿ ਜਨੁ ਐਸਾ ਚਾਹੀਐ ਜਿਉ ਪਾਨੀ ਸਰਬੰਗ ॥੧੪੮॥
ਪਰਮਾਤਮਾ ਦਾ ਭਗਤ ਅਜੇਹਾ ਚਾਹੀਦਾ ਹੈ ਜਿਵੇਂ ਪਾਣੀ ਹਰੇਕ ਸ਼ਕਲ ਦੇ ਭਾਂਡੇ ਨਾਲ ਸਮਾਈ ਰੱਖਦਾ ਹੈ ॥੧੪੮॥
ਕਬੀਰ ਪਾਨੀ ਹੂਆ ਤ ਕਿਆ ਭਇਆ ਸੀਰਾ ਤਾਤਾ ਹੋਇ ॥
ਹੇ ਕਬੀਰ! ਪਾਣੀ ਵਾਂਗ ਸਭ ਨਾਲ ਮੇਲ ਰੱਖਿਆਂ (ਭੀ) ਅਜੇ ਪੂਰਨਤਾ ਨਸੀਬ ਨਹੀਂ ਹੁੰਦੀ, ਪਾਣੀ ਕਦੇ ਠੰਢਾ ਤੇ ਕਦੇ ਤੱਤਾ ਹੋ ਜਾਂਦਾ ਹੈ,
ਹਰਿ ਜਨੁ ਐਸਾ ਚਾਹੀਐ ਜੈਸਾ ਹਰਿ ਹੀ ਹੋਇ ॥੧੪੯॥
ਭਗਤ ਅਜੇਹਾ ਹੋਣਾ ਚਾਹੀਦਾ ਹੈ (ਕਿ ਦੁਨੀਆ ਨਾਲ ਵਰਤਦਾ ਹੋਇਆ ਆਪਣੇ ਸੁਭਾਵ ਨੂੰ ਇਤਨਾ ਅਡੋਲ ਰੱਖੇ) ਕਿ ਇਸ ਵਿਚ ਤੇ ਪਰਮਾਤਮਾ ਵਿਚ ਕੋਈ ਫ਼ਰਕ ਨਾਹ ਰਹਿ ਜਾਏ ॥੧੪੯॥
ਊਚ ਭਵਨ ਕਨਕਾਮਨੀ ਸਿਖਰਿ ਧਜਾ ਫਹਰਾਇ ॥
ਉੱਚੇ ਮਹਲ-ਮਾੜੀਆਂ ਹੋਣ, ਬੜਾ ਧਨ-ਪਦਾਰਥ ਹੋਵੇ, ਸੁੰਦਰ ਇਸਤ੍ਰੀ ਹੋਵੇ, ਮਹਲ ਦੀ ਚੋਟੀ ਉਤੇ ਝੰਡਾ ਝੂਲਦਾ ਹੋਵੇ,
ਤਾ ਤੇ ਭਲੀ ਮਧੂਕਰੀ ਸੰਤਸੰਗਿ ਗੁਨ ਗਾਇ ॥੧੫੦॥
(ਪਰ ਜੇ ਪ੍ਰਭੂ ਦੇ ਨਾਮ ਤੋਂ ਸੁੰਞ ਹੋਵੇ)-ਇਸ ਸਾਰੇ ਰਾਜ-ਭਾਗ ਨਾਲੋਂ ਮੰਗ ਕੇ ਲਿਆਂਦੀ ਭਿੱਛਿਆ ਚੰਗੀ ਹੈ ਜੇ ਮਨੁੱਖ ਸੰਤਾਂ ਦੀ ਸੰਗਤ ਵਿਚ ਰਹਿ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੋਵੇ ॥੧੫੦॥
ਕਬੀਰ ਪਾਟਨ ਤੇ ਊਜਰੁ ਭਲਾ ਰਾਮ ਭਗਤ ਜਿਹ ਠਾਇ ॥
ਹੇ ਕਬੀਰ! ਸ਼ਹਿਰ ਨਾਲੋਂ ਉਹ ਉੱਜੜਿਆ ਹੋਇਆ ਥਾਂ ਚੰਗਾ ਹੈ ਜਿਥੇ ਪ੍ਰਭੂ ਦੇ ਭਗਤ (ਪ੍ਰਭੂ ਦੇ ਗੁਣ ਗਾਂਦੇ) ਹੋਣ।
ਰਾਮ ਸਨੇਹੀ ਬਾਹਰਾ ਜਮ ਪੁਰੁ ਮੇਰੇ ਭਾਂਇ ॥੧੫੧॥
ਜੇਹੜਾ ਥਾਂ ਪਰਮਾਤਮਾ ਨਾਲ ਪਿਆਰ ਕਰਨ ਵਾਲੇ ਬੰਦਿਆਂ ਤੋਂ ਸੁੰਞਾ ਹੋਵੇ, ਮੈਨੂੰ ਤਾਂ ਉਹ ਨਰਕ ਜਾਪਦਾ ਹੈ ॥੧੫੧॥
ਕਬੀਰ ਗੰਗ ਜਮੁਨ ਕੇ ਅੰਤਰੇ ਸਹਜ ਸੁੰਨ ਕੇ ਘਾਟ ॥
ਹੇ ਕਬੀਰ! (ਜਿਉਂ ਜਿਉਂ ਮੈਂ ‘ਜਪਿਆ ਪਰਵਿਦਗਾਰ’, ਰੋੜੇ ਆਦਿਕ ਵਾਂਗ ਮੈਂ ਅਭਿਮਾਨ ਤਜਿਆ ਤੇ ‘ਜੈਸਾ ਹਰਿ ਹੀ ਹੋਇ’ ਵਾਲੀ ਮੇਰੀ ਅਵਸਥਾ ਬਣੀ, ਤਾਂ) ਮੈਂ ਕਬੀਰ ਦੇ ਮਨ ਨੇ ਉਸ ਪੱਤਣ ਤੇ ਟਿਕਾਣਾ ਕੀਤਾ ਜਿਥੇ ਸਹਜ ਅਵਸਥਾ ਮਾਇਕ ਪਦਾਰਥਾਂ ਦੇ ਫੁਰਨਿਆਂ ਵਲੋਂ ਸੁੰਞ ਹੈ, ਜਿਥੇ, ਮਾਨੋ, ਗੰਗਾ ਜਮੁਨਾ ਦੇ ਪਾਣੀਆਂ ਦਾ ਮਿਲਾਪ ਹੈ (ਵੱਖ ਵੱਖ ਨਦੀਆਂ ਦੇ ਪਾਣੀ ਦਾ ਵੇਗ ਘਟ ਕੇ ਹੁਣ ਗੰਭੀਰਤਾ ਤੇ ਸ਼ਾਂਤੀ ਹੈ)।
ਤਹਾ ਕਬੀਰੈ ਮਟੁ ਕੀਆ ਖੋਜਤ ਮੁਨਿ ਜਨ ਬਾਟ ॥੧੫੨॥
ਮੈਂ ਕਬੀਰ ਦਾ ਮਨ ਉਸ ਅਵਸਥਾ ਵਿਚ ਟਿਕ ਗਿਆ, ਜਿਥੇ ਅੱਪੜਨ ਦਾ ਰਸਤਾ ਸਾਰੇ ਰਿਸ਼ੀ ਲੋਕ ਭਾਲਦੇ ਰਹਿੰਦੇ ਹਨ ॥੧੫੨॥
ਕਬੀਰ ਜੈਸੀ ਉਪਜੀ ਪੇਡ ਤੇ ਜਉ ਤੈਸੀ ਨਿਬਹੈ ਓੜਿ ॥
ਹੇ ਕਬੀਰ! ਜਿਹੋ ਜਿਹੀ ਕੋਮਲਤਾ ਨਵੇਂ ਉੱਗੇ ਪੌਦੇ ਦੀ ਹੁੰਦੀ ਹੈ, ਜੇ ਅਜੇਹੀ ਕੋਮਲਤਾ (ਮਨੁੱਖ ਦੇ ਹਿਰਦੇ ਵਿਚ) ਸਦਾ ਲਈ ਟਿਕੀ ਰਹੇ (‘ਊਚ ਭਵਨ ਕਨਕਾਮਨੀ’ ਤੇ ‘ਸਿਖਰਿ ਧਜਾ’ ਉਸ ਕੋਮਲਤਾ ਨੂੰ ਦੂਰ ਨ ਕਰ ਸਕਣ, ਮਨੁੱਖ ‘ਸਹਜ ਸੁੰਨ ਕੇ ਘਾਟ’ ਉੱਤੇ ਸਦਾ ਆਸਨ ਲਾਈ ਰੱਖੇ, ਤਾਂ ਉਸ ਮਨੁੱਖ ਦਾ ਜੀਵਨ ਇਤਨਾ ਉੱਚਾ ਹੋ ਜਾਂਦਾ ਹੈ ਕਿ),
ਹੀਰਾ ਕਿਸ ਕਾ ਬਾਪੁਰਾ ਪੁਜਹਿ ਨ ਰਤਨ ਕਰੋੜਿ ॥੧੫੩॥
ਇਕ ਹੀਰਾ ਕੀਹ? ਕਰੋੜਾਂ ਰਤਨ ਭੀ ਉਸ ਦੀ ਕੀਮਤ ਨਹੀਂ ਪਾ ਸਕਦੇ ॥੧੫੩॥
ਕਬੀਰਾ ਏਕੁ ਅਚੰਭਉ ਦੇਖਿਓ ਹੀਰਾ ਹਾਟ ਬਿਕਾਇ ॥
ਹੇ ਕਬੀਰ! (ਜਗਤ ਵਿਚ) ਮੈਂ ਇਕ ਅਚਰਜ (ਮੂਰਖਤਾ ਦਾ) ਤਮਾਸ਼ਾ ਵੇਖਿਆ ਹੈ। ਹੀਰਾ ਹੱਟੀ ਹੱਟੀ ਤੇ ਵਿਕ ਰਿਹਾ ਹੈ,
ਬਨਜਨਹਾਰੇ ਬਾਹਰਾ ਕਉਡੀ ਬਦਲੈ ਜਾਇ ॥੧੫੪॥
ਚੂੰਕਿ ਕਿਸੇ ਨੂੰ ਇਸ ਦੀ ਕਦਰ-ਪਛਾਣ ਨਹੀਂ ਹੈ, ਇਹ ਕਉਡੀਆਂ ਦੇ ਭਾ ਜਾ ਰਿਹਾ ਹੈ (ਅਜਾਈਂ ਜਾ ਰਿਹਾ ਹੈ) ॥੧੫੪॥
ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠੁ ਤਹ ਪਾਪੁ ॥
ਹੇ ਕਬੀਰ! ਜਨਮ-ਮਨੋਰਥ ਦੇ ਪੂਰਾ ਕਰਨ ਦੀ ਫ਼ਰਜ਼-ਸ਼ਿਨਾਸੀ ਸਿਰਫ਼ ਉਥੇ ਹੋ ਸਕਦੀ ਹੈ ਜਿਥੇ ਇਹ ਸਮਝ ਹੋਵੇ ਕਿ ਹੀਰਾ-ਜਨਮ ਕਾਹਦੇ ਲਈ ਮਿਲਿਆ ਹੈ।
ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ ॥੧੫੫॥
ਪਰ ਜਿਸ ਮਨੁੱਖ ਦੇ ਅੰਦਰ ਝੂਠ ਅਤੇ ਲੋਭ (ਦਾ ਜ਼ੋਰ) ਹੋਵੇ, ਉਥੇ (ਧਰਮ ਦੇ ਥਾਂ) ਪਾਪ ਅਤੇ ਆਤਮਕ ਮੌਤ ਹੀ ਹੋ ਸਕਦੇ ਹਨ (ਉਹ ਜੀਵਨ ‘ਕਉਡੀ ਬਦਲੈ’ ਹੀ ਜਾਣਾ ਹੋਇਆ)। ਪਰਮਾਤਮਾ ਦਾ ਨਿਵਾਸ ਸਿਰਫ਼ ਉਸ ਹਿਰਦੇ ਵਿਚ ਹੁੰਦਾ ਹੈ ਜਿਥੇ ਸ਼ਾਂਤੀ ਹੈ ॥੧੫੫॥
ਕਬੀਰ ਮਾਇਆ ਤਜੀ ਤ ਕਿਆ ਭਇਆ ਜਉ ਮਾਨੁ ਤਜਿਆ ਨਹੀ ਜਾਇ ॥
ਹੇ ਕਬੀਰ! (‘ਊਚ ਭਵਨ ਕਨਕਾਮਨੀ’ ਆਦਿਕ) ਮਾਇਆ ਤਿਆਗ ਦਿੱਤੀ ਤਾਂ ਭੀ ਕੁਝ ਨਹੀਂ ਸੰਵਾਰਦਾ, ਜੇ ਅਹੰਕਾਰ ਨਹੀਂ ਤਿਆਗਿਆ ਜਾਂਦਾ।
ਮਾਨ ਮੁਨੀ ਮੁਨਿਵਰ ਗਲੇ ਮਾਨੁ ਸਭੈ ਕਉ ਖਾਇ ॥੧੫੬॥
ਵੱਡੇ ਵੱਡੇ ਰਿਸ਼ੀ ਮੁਨੀ (ਤਿਆਗ ਦੇ) ਇਸ ਮਾਣ-ਅਹੰਕਾਰ ਵਿਚ ਗਲ ਜਾਂਦੇ ਹਨ, (ਇਹ ਮਾਣ ਕਿਸੇ ਦਾ ਲਿਹਾਜ਼ ਨਹੀਂ ਕਰਦਾ) ਮਾਣ ਹਰੇਕ ਨੂੰ ਖਾ ਜਾਂਦਾ ਹੈ (ਜੋ ਭੀ ਪ੍ਰਾਣੀ ਅਹੰਕਾਰ ਕਰਦਾ ਹੈ ਉਸ ਦਾ ਆਤਮਕ ਜੀਵਨ ਖ਼ਤਮ ਹੋ ਜਾਂਦਾ ਹੈ) ॥੧੫੬॥
ਕਬੀਰ ਸਾਚਾ ਸਤਿਗੁਰੁ ਮੈ ਮਿਲਿਆ ਸਬਦੁ ਜੁ ਬਾਹਿਆ ਏਕੁ ॥
ਹੇ ਕਬੀਰ! (ਹੀਰਾ ਜਨਮ ਬਚਾਣ ਲਈ ਮੈਨੂੰ ਗ੍ਰਿਹਸਤ ਤਿਆਗਣ ਦੀ ਲੋੜ ਹੀ ਨਾਹ ਪਈ) ਮੈਨੂੰ ਪੂਰਾ ਗੁਰੂ ਮਿਲ ਪਿਆ, ਉਸ ਨੇ ਇਕ ਸ਼ਬਦ ਸੁਣਾਇਆ ਜੋ ਮੈਨੂੰ ਤੀਰ ਵਾਂਗ ਲੱਗਾ,
ਲਾਗਤ ਹੀ ਭੁਇ ਮਿਲਿ ਗਇਆ ਪਰਿਆ ਕਲੇਜੇ ਛੇਕੁ ॥੧੫੭॥
ਮੇਰਾ ਹਿਰਦਾ ਗੁਰੂ-ਚਰਨਾਂ ਵਿਚ ਪ੍ਰੋਤਾ ਗਿਆ, ਤੇ ਮੇਰਾ ਅਹੰਕਾਰ ਮਿੱਟੀ ਵਿਚ ਮਿਲ ਗਿਆ ॥੧੫੭॥
ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ ॥
ਪਰ ਹੇ ਕਬੀਰ! ਜੇ ਸਿੱਖਾਂ ਵਿਚ ਉਕਾਈ ਹੋਵੇ, ਤਾਂ ਸਤਿਗੁਰੂ ਭੀ ਕੁਝ ਸੰਵਾਰ ਨਹੀਂ ਸਕਦਾ (ਇਸ ਹੀਰੇ-ਜਨਮ ਨੂੰ ‘ਕਉਡੀ ਬਦਲੈ’ ਜਾਂਦੇ ਨੂੰ ਬਚਾ ਨਹੀਂ ਸਕਦਾ),
ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ ॥੧੫੮॥
ਜੋ ਮਨੁੱਖ ਅਹੰਕਾਰ ਵਿਚ ਅੰਨ੍ਹਾ ਹੋਇਆ ਰਹੇ, ਗੁਰੂ ਦੀ ਸਿੱਖਿਆ ਦੀ ਕੋਈ ਭੀ ਗੱਲ ਉਸ ਨੂੰ ਪੋਹ ਨਹੀਂ ਸਕਦੀ। ਜਿਵੇਂ ਫੂਕ ਮਾਰਿਆਂ ਬਾਂਸ (ਦੀ ਬੰਸਰੀ) ਵੱਜਣ ਲੱਗ ਪੈਂਦੀ ਹੈ (ਪਰ ਫੂਕ ਇਕ ਸਿਰੇ ਤੋਂ ਲੰਘ ਕੇ ਦੂਜੇ ਸਿਰੇ ਰਾਹ ਬਾਹਰ ਨਿਕਲ ਜਾਂਦੀ ਹੈ, ਤਿਵੇਂ ਅਹੰਕਾਰੀ ਦੇ ਇਕ ਕੰਨ ਤੋਂ ਦੂਜੇ ਕੰਨ ਰਾਹੀਂ ਉਹ ਸਿੱਖਿਆ ਅਸਰ ਕਰਨ ਤੋਂ ਬਿਨਾ ਹੀ ਨਿਕਲ ਜਾਂਦੀ ਹੈ। ਚੁੰਚ-ਗਿਆਨੀ ਉਹ ਭਾਵੇਂ ਬਣ ਜਾਏ।) ॥੧੫੮॥
ਕਬੀਰ ਹੈ ਗੈ ਬਾਹਨ ਸਘਨ ਘਨ ਛਤ੍ਰਪਤੀ ਕੀ ਨਾਰਿ ॥
ਹੇ ਕਬੀਰ! ਉਸ ਇਸਤ੍ਰੀ ਦੀ ਬਰਾਬਰੀ ਉਸ ਛਤਰ-ਪਤੀ ਰਾਜੇ ਦੀ ਰਾਣੀ ਭੀ ਨਹੀਂ ਕਰ ਸਕਦੀ ਜਿਸ ਦੇ ਪਾਸ ਸਵਾਰੀ ਲਈ ਬੇਅੰਤ ਘੋੜੇ ਹਾਥੀ ਹੋਣ,
ਤਾਸੁ ਪਟੰਤਰ ਨ ਪੁਜੈ ਹਰਿ ਜਨ ਕੀ ਪਨਿਹਾਰਿ ॥੧੫੯॥
ਜੋ ਇਸਤ੍ਰੀ ਪਰਮਾਤਮਾ ਦਾ ਭਜਨ ਕਰਨ ਵਾਲੇ ਗੁਰਮੁਖਾਂ ਦਾ ਪਾਣੀ ਭਰਨ ਦੀ ਸੇਵਾ ਕਰਦੀ ਹੈ (ਉਹ ਭਾਵੇਂ ਕਿਤਨੀ ਭੀ ਗ਼ਰੀਬ ਕਿਉਂ ਨਾ ਹੋਵੇ) ॥੧੫੯॥
ਕਬੀਰ ਨ੍ਰਿਪ ਨਾਰੀ ਕਿਉ ਨਿੰਦੀਐ ਕਿਉ ਹਰਿ ਚੇਰੀ ਕਉ ਮਾਨੁ ॥
ਹੇ ਕਬੀਰ! ਅਸੀਂ ਉਸ ਰਾਣੀ ਨੂੰ ਕਿਉਂ ਮਾੜੀ ਆਖਦੇ ਹਾਂ ਤੇ ਸੰਤ ਜਨਾਂ ਦੀ ਸੇਵਾ ਕਰਨ ਵਾਲੀ ਨੂੰ ਕਿਉਂ ਆਦਰ ਦੇਂਦੇ ਹਾਂ?
ਓਹ ਮਾਂਗ ਸਵਾਰੈ ਬਿਖੈ ਕਉ ਓਹ ਸਿਮਰੈ ਹਰਿ ਨਾਮੁ ॥੧੬੦॥
(ਇਸ ਦਾ ਕਾਰਨ ਇਹ ਹੈ ਕਿ) ਨ੍ਰਿਪ-ਨਾਰੀ ਤਾਂ ਸਦਾ ਕਾਮ-ਵਾਸਨਾ ਦੀ ਖ਼ਾਤਰ ਪੱਟੀਆਂ ਢਾਲਦੀ ਰਹਿੰਦੀ ਹੈ, ਪਰ ਸੰਤ ਜਨਾਂ ਦੀ ਟਹਿਲਣ (ਸੰਤਾਂ ਦੀ ਸੰਗਤ ਵਿਚ ਰਹਿ ਕੇ) ਪਰਮਾਤਮਾ ਦਾ ਨਾਮ ਸਿਮਰਦੀ ਹੈ ॥੧੬੦॥
ਕਬੀਰ ਥੂਨੀ ਪਾਈ ਥਿਤਿ ਭਈ ਸਤਿਗੁਰ ਬੰਧੀ ਧੀਰ ॥
ਹੇ ਕਬੀਰ! ਜਿਸ ਮਨੁੱਖ ਨੂੰ ਸਤਿਗੁਰੂ ਦੇ ਸ਼ਬਦ ਦਾ ਸਹਾਰਾ ਮਿਲ ਜਾਂਦਾ ਹੈ ਜਿਸ ਨੂੰ ਗੁਰੂ (‘ਊਚ ਭਵਨ ਕਨਕਾਮਨੀ’ ‘ਹੈ ਗੈ ਬਾਹਨ’ ਆਦਿਕ ਵਲ) ਭਟਕਣੋਂ ਬਚਾ ਲੈਂਦਾ ਹੈ ਉਸ ਦਾ ਮਨ ਪ੍ਰਭੂ ਦੇ ਚਰਨਾਂ ਵਿਚ ਟਿਕ ਜਾਂਦਾ ਹੈ।
ਕਬੀਰ ਹੀਰਾ ਬਨਜਿਆ ਮਾਨ ਸਰੋਵਰ ਤੀਰ ॥੧੬੧॥
ਹੇ ਕਬੀਰ (ਆਪਣਾ ਮਨ ਸਤਿਗੁਰੂ ਦੇ ਹਵਾਲੇ ਕਰ ਕੇ) ਉਹ ਮਨੁੱਖ ਸਤਸੰਗ ਵਿਚ ਪਰਮਾਤਮਾ ਦਾ ਅਮੋਲਕ ਨਾਮ ਖ਼ਰੀਦਦਾ ਹੈ ॥੧੬੧॥
ਕਬੀਰ ਹਰਿ ਹੀਰਾ ਜਨ ਜਉਹਰੀ ਲੇ ਕੈ ਮਾਂਡੈ ਹਾਟ ॥
ਹੇ ਕਬੀਰ! ਪਰਮਾਤਮਾ ਦਾ ਨਾਮ, ਮਾਨੋ, ਹੀਰਾ ਹੈ; ਪਰਮਾਤਮਾ ਦਾ ਸੇਵਕ ਉਸ ਹੀਰੇ ਦਾ ਵਪਾਰੀ ਹੈ; ਇਹ ਹੀਰਾ ਹਾਸਲ ਕਰ ਕੇ ਉਹ (ਆਪਣੇ) ਹਿਰਦੇ ਨੂੰ ਸੋਹਣਾ ਸਜਾਂਦਾ ਹੈ।
ਜਬ ਹੀ ਪਾਈਅਹਿ ਪਾਰਖੂ ਤਬ ਹੀਰਨ ਕੀ ਸਾਟ ॥੧੬੨॥
ਜਦੋਂ (ਨਾਮ-ਹੀਰੇ ਦੀ) ਕਦਰ ਜਾਨਣ ਵਾਲੇ ਇਹ ਸੇਵਕ (ਸਤਸੰਗ ਵਿਚ) ਮਿਲਦੇ ਹਨ, ਤਦੋਂ ਪਰਮਾਤਮਾ ਦੇ ਗੁਣਾਂ ਦੀ ਸਾਂਝ ਬਣਾਂਦੇ ਹਨ (ਭਾਵ, ਰਲ ਕੇ ਪ੍ਰਭੂ ਦੀ) ਸਿਫ਼ਤ-ਸਾਲਾਹ ਕਰਦੇ ਹਨ ॥੧੬੨॥
ਕਬੀਰ ਕਾਮ ਪਰੇ ਹਰਿ ਸਿਮਰੀਐ ਐਸਾ ਸਿਮਰਹੁ ਨਿਤ ॥
ਹੇ ਕਬੀਰ! ਕੋਈ ਗ਼ਰਜ਼ ਪੈਣ ਤੇ ਜਿਸ ਤਰ੍ਹਾਂ (ਭਾਵ, ਜਿਸ ਖਿੱਚ ਤੇ ਪਿਆਰ ਨਾਲ) ਪਰਮਾਤਮਾ ਨੂੰ ਯਾਦ ਕਰੀਦਾ ਹੈ, ਜੇ ਉਸੇ ਖਿੱਚ-ਪਿਆਰ ਨਾਲ ਉਸ ਨੂੰ ਸਦਾ ਹੀ ਯਾਦ ਕਰੋ,
ਅਮਰਾ ਪੁਰ ਬਾਸਾ ਕਰਹੁ ਹਰਿ ਗਇਆ ਬਹੋਰੈ ਬਿਤ ॥੧੬੩॥
ਤਾਂ ਉਸ ਥਾਂ ਤੇ ਟਿਕ ਜਾਉਗੇ ਜਿਥੇ ਅਮਰ ਹੋ ਜਾਈਦਾ ਹੈ (ਜਿਥੇ ਆਤਮਕ ਮੌਤ ਪੋਹ ਨਹੀਂ ਸਕਦੀ); ਅਤੇ, ਜੋ ਸੁੰਦਰ ਗੁਣ ਮਾਇਕ ਪਦਾਰਥਾਂ ਪਿਛੇ ਦੌੜ ਦੌੜ ਕੇ ਗੁਆਚ ਚੁਕੇ ਹੁੰਦੇ ਹਨ, ਉਹ ਗੁਣ ਪ੍ਰਭੂ ਮੁੜ (ਸਿਮਰਨ ਕਰਨ ਵਾਲੇ ਦੇ ਹਿਰਦੇ ਵਿਚ) ਪੈਦਾ ਕਰ ਦੇਂਦਾ ਹੈ ॥੧੬੩॥
ਕਬੀਰ ਸੇਵਾ ਕਉ ਦੁਇ ਭਲੇ ਏਕੁ ਸੰਤੁ ਇਕੁ ਰਾਮੁ ॥
ਹੇ ਕਬੀਰ! ਇਕ ਸੰਤ ਅਤੇ ਇਕ ਪਰਮਾਤਮਾ-(ਮੁਕਤੀ ਅਤੇ ਪ੍ਰਭੂ-ਮਿਲਾਪ ਦੀ ਖ਼ਾਤਰ) ਇਹਨਾਂ ਦੋਹਾਂ ਦੀ ਹੀ ਸੇਵਾ-ਪੂਜਾ ਕਰਨੀ ਚਾਹੀਦੀ ਹੈ।
ਰਾਮੁ ਜੁ ਦਾਤਾ ਮੁਕਤਿ ਕੋ ਸੰਤੁ ਜਪਾਵੈ ਨਾਮੁ ॥੧੬੪॥
ਕਿਉਂਕਿ ਮਾਇਕ ਬੰਧਨਾਂ ਤੋਂ ਖ਼ਲਾਸੀ ਦੇਣ ਵਾਲਾ ਪਰਮਾਤਮਾ ਆਪ ਹੈ, ਅਤੇ ਸੰਤ-ਗੁਰਮੁਖਿ ਉਸ ਪਰਮਾਤਮਾ ਦਾ ਨਾਮ ਸਿਮਰਨ ਵਲ ਪ੍ਰੇਰਦਾ ਹੈ ॥੧੬੪॥
ਕਬੀਰ ਜਿਹ ਮਾਰਗਿ ਪੰਡਿਤ ਗਏ ਪਾਛੈ ਪਰੀ ਬਹੀਰ ॥
ਹੇ ਕਬੀਰ! (ਤੀਰਥ ਵਰਤ ਆਦਿਕ ਦੇ) ਜਿਸ ਰਸਤੇ ਉੱਤੇ ਪੰਡਿਤ ਲੋਕ ਤੁਰ ਰਹੇ ਹਨ (ਇਹ ਰਾਹ ਚੂੰਕਿ ਸੌਖਾ ਹੈ) ਬੜੇ ਲੋਕ ਉਹਨਾਂ ਦੇ ਪਿਛੇ ਪਿਛੇ ਲੱਗੇ ਹੋਏ ਹਨ;
ਇਕ ਅਵਘਟ ਘਾਟੀ ਰਾਮ ਕੀ ਤਿਹ ਚੜਿ ਰਹਿਓ ਕਬੀਰ ॥੧੬੫॥
ਪਰ ਪਰਮਾਤਮਾ ਦੇ ਸਿਮਰਨ ਦਾ ਰਸਤਾ, ਮਾਨੋ, ਇਕ ਔਖਾ ਪਹਾੜੀ ਰਸਤਾ ਹੈ, ਕਬੀਰ (ਇਹਨਾਂ ਪੰਡਿਤਾਂ ਲੋਕਾਂ ਨੂੰ ਛੱਡ ਕੇ) ਚੜ੍ਹਾਈ ਵਾਲਾ ਪੈਂਡਾ ਕਰ ਰਿਹਾ ਹੈ ॥੧੬੫॥
ਕਬੀਰ ਦੁਨੀਆ ਕੇ ਦੋਖੇ ਮੂਆ ਚਾਲਤ ਕੁਲ ਕੀ ਕਾਨਿ ॥
ਹੇ ਕਬੀਰ! ਮਨੁੱਖ ਆਮ ਤੌਰ ਤੇ ਕੁਲਾ-ਰੀਤ ਅਨੁਸਾਰ ਹੀ ਤੁਰਦਾ ਹੈ, ਇਸ ਖ਼ਿਆਲ ਨਾਲ ਕਿ ਦੁਨੀਆ ਕੀਹ ਆਖੇਗੀ (ਲੋਕਾਚਾਰ ਨੂੰ ਛੱਡ ਕੇ ਭਗਤੀ ਸਤਸੰਗ ਵਾਲੇ ਰਸਤੇ ਵਲ ਨਹੀਂ ਆਉਂਦਾ, ਇਸ ਤਰ੍ਹਾਂ) ਆਤਮਕ ਮੌਤੇ ਮਰ ਜਾਂਦਾ ਹੈ।
ਤਬ ਕੁਲੁ ਕਿਸ ਕਾ ਲਾਜਸੀ ਜਬ ਲੇ ਧਰਹਿ ਮਸਾਨਿ ॥੧੬੬॥
(ਇਹ ਨਹੀਂ ਸੋਚਦਾ ਕਿ) ਜਦੋਂ ਮੌਤ ਆ ਗਈ (ਤਦੋਂ ਇਹ ਕੁਲਾ-ਰੀਤ ਤਾਂ ਆਪੇ ਛੁੱਟ ਜਾਣੀ ਹੈ; ਸਿਮਰਨ-ਭਗਤੀ ਤੋਂ ਵਾਂਜੇ ਰਹਿ ਕੇ ਜੋ ਖੁਆਰੀ ਖੱਟੀ, ਉਸ ਦੇ ਕਾਰਨ) ਕਿਸ ਦੀ ਕੁਲ ਨੂੰ ਨਮੋਸ਼ੀ ਆਵੇਗੀ? ॥੧੬੬॥
ਕਬੀਰ ਡੂਬਹਿਗੋ ਰੇ ਬਾਪੁਰੇ ਬਹੁ ਲੋਗਨ ਕੀ ਕਾਨਿ ॥
ਹੇ ਕਬੀਰ! (ਲੋਕ-ਲਾਜ ਵਿਚ ਫਸ ਕੇ ਭਗਤੀ ਤੋਂ ਵਾਂਜੇ ਰਹਿਣ ਵਾਲੇ ਬੰਦੇ ਨੂੰ ਆਖ-) ਹੇ ਮੰਦ-ਭਾਗੀ ਮਨੁੱਖ! ਬਹੁਤਾ ਲੋਕ-ਲਾਜ ਵਿਚ ਹੀ ਰਿਹਾਂ (ਲੋਕ-ਲਾਜ ਵਿਚ ਹੀ) ਡੁੱਬ ਜਾਇਂਗਾ (ਆਤਮਕ ਮੌਤੇ ਮਰ ਜਾਇਂਗਾ)।
ਪਾਰੋਸੀ ਕੇ ਜੋ ਹੂਆ ਤੂ ਅਪਨੇ ਭੀ ਜਾਨੁ ॥੧੬੭॥
(ਇਥੇ ਸਦਾ ਬੈਠ ਨਹੀਂ ਰਹਿਣਾ) ਜੋ ਮੌਤ ਕਿਸੇ ਗੁਆਂਢੀ ਤੇ ਆ ਰਹੀ ਹੈ, ਚੇਤਾ ਰੱਖ ਉਹ ਤੇਰੇ ਉਤੇ ਭੀ ਆਉਣੀ ਹੈ ॥੧੬੭॥
ਕਬੀਰ ਭਲੀ ਮਧੂਕਰੀ ਨਾਨਾ ਬਿਧਿ ਕੋ ਨਾਜੁ ॥
ਹੇ ਕਬੀਰ! (ਜਾਇਦਾਦਾਂ ਦੀਆਂ ਮੱਲਾਂ ਮੱਲਣ ਨਾਲੋਂ ਮੰਗਤਾ ਬਣ ਕੇ) ਘਰ ਘਰ ਤੋਂ ਮੰਗੀ ਹੋਈ ਰੋਟੀ ਖਾ ਲੈਣੀ ਚੰਗੀ ਹੈ ਜਿਸ ਵਿਚ (ਘਰ ਘਰ ਤੋਂ ਮੰਗਣ ਕਰਕੇ) ਕਈ ਕਿਸਮਾਂ ਦਾ ਅੰਨ ਹੁੰਦਾ ਹੈ।
ਦਾਵਾ ਕਾਹੂ ਕੋ ਨਹੀ ਬਡਾ ਦੇਸੁ ਬਡ ਰਾਜੁ ॥੧੬੮॥
(ਮੰਗਤਾ) ਕਿਸੇ ਜਾਇਦਾਦ ਉਤੇ ਮਲਕੀਅਤ ਦਾ ਹੱਕ ਨਹੀਂ ਬੰਨ੍ਹਦਾ, ਸਾਰਾ ਦੇਸ ਉਸ ਦਾ ਆਪਣਾ ਦੇਸ ਹੈ, ਸਾਰਾ ਰਾਜ ਉਸ ਦਾ ਆਪਣਾ ਰਾਜ ਹੈ ॥੧੬੮॥
ਕਬੀਰ ਦਾਵੈ ਦਾਝਨੁ ਹੋਤੁ ਹੈ ਨਿਰਦਾਵੈ ਰਹੈ ਨਿਸੰਕ ॥
ਹੇ ਕਬੀਰ! ਮਲਕੀਅਤਾਂ ਬਣਾਇਆਂ ਮਨੁੱਖ ਦੇ ਅੰਦਰ ਖਿੱਝ-ਸੜਨ ਪੈਦਾ ਹੁੰਦੀ ਹੈ। ਜੋ ਮਨੁੱਖ ਕੋਈ ਮਲਕੀਅਤ ਨਹੀਂ ਬਣਾਂਦਾ ਉਸ ਨੂੰ ਕੋਈ ਚਿੰਤਾ-ਫ਼ਿਕਰ ਨਹੀਂ ਰਹਿੰਦਾ।
ਜੋ ਜਨੁ ਨਿਰਦਾਵੈ ਰਹੈ ਸੋ ਗਨੈ ਇੰਦ੍ਰ ਸੋ ਰੰਕ ॥੧੬੯॥
ਜੋ ਮਨੁੱਖ ਜਾਇਦਾਦਾਂ ਦੀਆਂ ਮਲਕੀਅਤਾਂ ਨਹੀਂ ਬਣਾਂਦਾ, ਉਹ ਇੰਦ੍ਰ ਦੇਵਤੇ ਵਰਗਿਆਂ ਨੂੰ ਭੀ ਕੰਗਾਲ ਸਮਝਦਾ ਹੈ (ਭਾਵ, ਉਹ ਕਿਸੇ ਧਨਾਢ ਆਦਿਕ ਦੀ ਖ਼ੁਸ਼ਾਮਦ ਨਹੀਂ ਕਰਦਾ ਫਿਰਦਾ) ॥੧੬੯॥
ਕਬੀਰ ਪਾਲਿ ਸਮੁਹਾ ਸਰਵਰੁ ਭਰਾ ਪੀ ਨ ਸਕੈ ਕੋਈ ਨੀਰੁ ॥
ਹੇ ਕਬੀਰ! ਸਰੋਵਰ ਕੰਢਿਆਂ ਤਕ ਨਕਾ-ਨਕ (ਪਾਣੀ ਨਾਲ) ਭਰਿਆ ਹੋਇਆ ਹੈ, (ਪਰ “ਦਾਵੈ ਦਾਝਨੁ” ਦੇ ਕਾਰਨ ਇਹ ਪਾਣੀ ਕਿਸੇ ਨੂੰ ਦਿੱਸਦਾ ਹੀ ਨਹੀਂ, ਇਸ ਵਾਸਤੇ) ਕੋਈ ਮਨੁੱਖ ਇਹ ਪਾਣੀ ਪੀ ਨਹੀਂ ਸਕਦਾ।
ਭਾਗ ਬਡੇ ਤੈ ਪਾਇਓ ਤੂੰ ਭਰਿ ਭਰਿ ਪੀਉ ਕਬੀਰ ॥੧੭੦॥
ਹੇ ਕਬੀਰ! (ਤੂੰ ਇਸ ‘ਦਾਝਨ’ ਤੋਂ ਬਚ ਗਿਆ) ਚੰਗੇ ਭਾਗਾਂ ਨਾਲ ਤੈਨੂੰ ਇਹ ਪਾਣੀ ਦਿੱਸ ਪਿਆ ਹੈ, ਤੂੰ ਹੁਣ (ਪਿਆਲੇ) ਭਰ ਭਰ ਕੇ ਪੀ (ਮੌਜ ਨਾਲ ਸੁਆਸ ਸੁਆਸ ਨਾਮ ਜਪ) ॥੧੭੦॥
ਕਬੀਰ ਪਰਭਾਤੇ ਤਾਰੇ ਖਿਸਹਿ ਤਿਉ ਇਹੁ ਖਿਸੈ ਸਰੀਰੁ ॥
ਹੇ ਕਬੀਰ! (ਜਿਵੇਂ ਸੂਰਜ ਦੇ ਤੇਜ-ਪ੍ਰਤਾਪ ਕਰਕੇ) ਪਰਭਾਤ ਵੇਲੇ ਤਾਰੇ (ਜੋ ਰਾਤ ਦੀ ਟਿਕਵੀਂ ਸ਼ਾਂਤੀ ਵਿਚ ਚਮਕ ਰਹੇ ਹੁੰਦੇ ਹਨ) ਮੱਧਮ ਪੈਂਦੇ ਜਾਂਦੇ ਹਨ; ਤਿਵੇਂ ਮਲਕੀਅਤਾਂ ਤੋਂ ਪੈਦਾ ਹੋਈ ਅੰਦਰਲੀ ਤਪਸ਼ ਦੇ ਕਾਰਨ ਗਿਆਨ ਇੰਦ੍ਰਿਆਂ ਵਿਚੋਂ ਪ੍ਰਭੂ ਵਾਲੇ ਪਾਸੇ ਦੀ ਲੋ ਘਟਦੀ ਜਾਂਦੀ ਹੈ।
ਏ ਦੁਇ ਅਖਰ ਨਾ ਖਿਸਹਿ ਸੋ ਗਹਿ ਰਹਿਓ ਕਬੀਰੁ ॥੧੭੧॥
ਸਿਰਫ਼ ਇਕ ਪ੍ਰਭੂ-ਨਾਮ ਹੀ ਹੈਂ ਜੋ ਮਲਕੀਅਤਾਂ ਦੀ ਤਪਸ਼ ਦੇ ਅਸਰ ਤੋਂ ਪਰੇ ਰਹਿੰਦਾ ਹੈ। ਕਬੀਰ (ਦੁਨੀਆ ਦੀਆਂ ਮੱਲਾਂ ਮੱਲਣ ਦੇ ਥਾਂ) ਉਸ ਨਾਮ ਨੂੰ ਸਾਂਭੀ ਬੈਠਾ ਹੈ ॥੧੭੧॥
ਕਬੀਰ ਕੋਠੀ ਕਾਠ ਕੀ ਦਹ ਦਿਸਿ ਲਾਗੀ ਆਗਿ ॥
ਹੇ ਕਬੀਰ! ਇਹ ਜਗਤ, ਮਾਨੋ, ਲੱਕੜ ਦਾ ਮਕਾਨ ਹੈ ਜਿਸ ਨੂੰ ਹਰ ਪਾਸੇ ਵਲੋਂ (ਮੱਲਾਂ ਮੱਲਣ ਦੀ) ਅੱਗ ਲੱਗੀ ਹੋਈ ਹੈ;
ਪੰਡਿਤ ਪੰਡਿਤ ਜਲਿ ਮੂਏ ਮੂਰਖ ਉਬਰੇ ਭਾਗਿ ॥੧੭੨॥
(ਜੋ ਮਨੁੱਖ ਆਪਣੇ ਵਲੋਂ) ਸਿਆਣੇ (ਬਣ ਕੇ ਇਸ ਅੱਗ ਦੇ ਵਿਚ ਹੀ ਬੈਠੇ ਰਹਿੰਦੇ ਹਨ ਉਹ) ਸੜ ਮਰਦੇ ਹਨ, (ਜੋ ਇਹਨਾਂ ਸਿਆਣਿਆਂ ਦੇ ਭਾਣੇ) ਮੂਰਖ (ਹਨ ਉਹ) ਇਸ ਅੱਗ ਤੋਂ ਦੂਰ ਪਰੇ ਭੱਜ ਕੇ (ਸੜਨੋਂ) ਬਚ ਜਾਂਦੇ ਹਨ ॥੧੭੨॥
ਕਬੀਰ ਸੰਸਾ ਦੂਰਿ ਕਰੁ ਕਾਗਦ ਦੇਹ ਬਿਹਾਇ ॥
ਹੇ ਕਬੀਰ! (ਇਸ ਪ੍ਰਭੂ-ਯਾਦ ਦੀ ਬਰਕਤਿ ਨਾਲ) ਦੁਨੀਆ ਵਾਲੇ ਸਹਸੇ-ਦਾਝਨ ਦੂਰ ਕਰ, ਚਿੰਤਾ ਵਾਲੇ ਸਾਰੇ ਲੇਖੇ ਹੀ ਭਗਤੀ ਦੇ ਪਰਵਾਹ ਵਿਚ ਰੋੜ੍ਹ ਦੇਹ।
ਬਾਵਨ ਅਖਰ ਸੋਧਿ ਕੈ ਹਰਿ ਚਰਨੀ ਚਿਤੁ ਲਾਇ ॥੧੭੩॥
ਵਿੱਦਿਆ ਦੀ ਰਾਹੀਂ ਵਿਚਾਰਵਾਨ ਬਣ ਕੇ ਪ੍ਰਭੂ-ਚਰਨਾਂ ਵਿਚ ਚਿੱਤ ਜੋੜ (ਭਾਵ, ਜੇ ਤੈਨੂੰ ਵਿੱਦਿਆ ਹਾਸਲ ਕਰਨ ਦਾ ਮੌਕਾ ਮਿਲਿਆ ਹੈ ਤਾਂ ਉਸ ਦੀ ਰਾਹੀਂ ਦੁਨੀਆ ਦੀਆਂ ਮਲਕੀਅਤਾਂ ਵਿਚ ਖਿੱਝਣ ਦੇ ਥਾਂ ਵਿਚਾਰਵਾਨ ਬਣ ਅਤੇ ਪਰਮਾਤਮਾ ਦਾ ਸਿਮਰਨ ਕਰ) ॥੧੭੩॥
ਕਬੀਰ ਸੰਤੁ ਨ ਛਾਡੈ ਸੰਤਈ ਜਉ ਕੋਟਿਕ ਮਿਲਹਿ ਅਸੰਤ ॥
ਹੇ ਕਬੀਰ! (ਹਰਿ-ਚਰਨਾਂ ਵਿਚ ਚਿੱਤ ਲਾਣ ਦੀ ਹੀ ਇਹ ਬਰਕਤਿ ਹੈ ਕਿ) ਸੰਤ ਆਪਣਾ ਸ਼ਾਂਤ ਸੁਭਾਉ ਨਹੀਂ ਛੱਡਦਾ, ਭਾਵੇਂ ਉਸ ਨੂੰ ਕ੍ਰੋੜਾਂ ਭੈੜੇ ਬੰਦਿਆਂ ਨਾਲ ਵਾਹ ਪੈਂਦਾ ਰਹੇ।
ਮਲਿਆਗਰੁ ਭੁਯੰਗਮ ਬੇਢਿਓ ਤ ਸੀਤਲਤਾ ਨ ਤਜੰਤ ॥੧੭੪॥
ਚੰਦਨ ਦਾ ਬੂਟਾ ਸੱਪਾਂ ਨਾਲ ਘਿਰਿਆ ਰਹਿੰਦਾ ਹੈ, ਪਰ ਉਹ ਆਪਣੀ ਅੰਦਰਲੀ ਠੰਢਕ ਨਹੀਂ ਤਿਆਗਦਾ ॥੧੭੪॥
ਕਬੀਰ ਮਨੁ ਸੀਤਲੁ ਭਇਆ ਪਾਇਆ ਬ੍ਰਹਮ ਗਿਆਨੁ ॥
ਹੇ ਕਬੀਰ! ਜਦੋਂ ਮਨੁੱਖ ਪਰਮਾਤਮਾ ਨਾਲ (ਸਿਮਰਨ ਦੀ ਰਾਹੀਂ) ਜਾਣ-ਪਛਾਣ ਬਣਾ ਲੈਂਦਾ ਹੈ ਤਾਂ (ਦੁਨੀਆ ਦੇ ਕਾਰ-ਵਿਹਾਰ ਕਰਦਿਆਂ ਭੀ) ਉਸ ਦਾ ਮਨ ਠੰਢਾ-ਠਾਰ ਰਹਿੰਦਾ ਹੈ।
ਜਿਨਿ ਜੁਆਲਾ ਜਗੁ ਜਾਰਿਆ ਸੁ ਜਨ ਕੇ ਉਦਕ ਸਮਾਨਿ ॥੧੭੫॥
ਜਿਸ (ਮਾਇਆ ਦੀ ਮਲਕੀਅਤ ਦੀ) ਅੱਗ ਨੇ ਸਾਰਾ ਸੰਸਾਰ ਸਾੜ ਦਿੱਤਾ ਹੈ, ਬੰਦਗੀ ਕਰਨ ਵਾਲੇ ਮਨੁੱਖ ਵਾਸਤੇ ਉਹ ਪਾਣੀ (ਵਰਗੀ ਠੰਢੀ) ਰਹਿੰਦੀ ਹੈ ॥੧੭੫॥
ਕਬੀਰ ਸਾਰੀ ਸਿਰਜਨਹਾਰ ਕੀ ਜਾਨੈ ਨਾਹੀ ਕੋਇ ॥
ਹੇ ਕਬੀਰ! ਇਹ ਗੱਲ ਹਰੇਕ ਸ਼ਖ਼ਸ ਨਹੀਂ ਜਾਣਦਾ ਕਿ ਇਹ (ਮਾਇਆ-ਰੂਪ ਅੱਗ ਜੋ ਸਾਰੇ ਸੰਸਾਰ ਨੂੰ ਸਾੜ ਰਹੀ ਹੈ) ਪਰਮਾਤਮਾ ਨੇ ਆਪ ਬਣਾਈ ਹੈ।
ਕੈ ਜਾਨੈ ਆਪਨ ਧਨੀ ਕੈ ਦਾਸੁ ਦੀਵਾਨੀ ਹੋਇ ॥੧੭੬॥
ਇਸ ਭੇਤ ਨੂੰ ਪ੍ਰਭੂ ਆਪ ਜਾਣਦਾ ਹੈ ਜਾਂ ਉਹ ਭਗਤ ਜਾਣਦਾ ਹੈ ਜੋ ਸਦਾ ਉਸ ਦੇ ਚਰਨਾਂ ਵਿਚ ਜੁੜਿਆ ਰਹੇ (ਸੋ, ਹਜ਼ੂਰੀ ਵਿਚ ਰਹਿਣ ਵਾਲੇ ਨੂੰ ਪਤਾ ਹੁੰਦਾ ਹੈ ਕਿ ਮਾਇਆ ਦੀ ਸੜਨ ਤੋਂ ਬਚਣ ਲਈ ਮਾਇਆ ਨੂੰ ਬਣਾਣ ਵਾਲੇ ਦੇ ਚਰਨਾਂ ਵਿਚ ਜੁੜੇ ਰਹਿਣਾ ਹੀ ਸਹੀ ਤਰੀਕਾ ਹੈ) ॥੧੭੬॥
ਕਬੀਰ ਭਲੀ ਭਈ ਜੋ ਭਉ ਪਰਿਆ ਦਿਸਾ ਗੲਂੀ ਸਭ ਭੁਲਿ ॥
ਹੇ ਕਬੀਰ! ਜਦੋਂ ਮਨੁੱਖ ਦੇ ਅੰਦਰ (ਇਹ) ਡਰ ਪੈਦਾ ਹੁੰਦਾ ਹੈ (ਕਿ ਪਰਮਾਤਮਾ ਨੂੰ ਵਿਸਾਰ ਕੇ ਮਾਇਆ ਪਿੱਛੇ ਭਟਕਿਆਂ ਕਈ ਠੇਡੇ ਖਾਣੇ ਪੈਂਦੇ ਹਨ) ਤਾਂ (ਇਸ ਦੇ) ਮਨ ਦੀ ਹਾਲਤ ਚੰਗੀ ਹੋ ਜਾਂਦੀ ਹੈ, ਇਸ ਨੂੰ (ਪਰਮਾਤਮਾ ਦੀ ਓਟ ਤੋਂ ਬਿਨਾ ਹੋਰ) ਸਾਰੇ ਪਾਸੇ ਭੁੱਲ ਜਾਂਦੇ ਹਨ।
ਓਰਾ ਗਰਿ ਪਾਨੀ ਭਇਆ ਜਾਇ ਮਿਲਿਓ ਢਲਿ ਕੂਲਿ ॥੧੭੭॥
(ਪਰਮਾਤਮਾ ਦਾ ਡਰ ਮਨੁੱਖ ਦੇ ਕਠੋਰ ਹੋਏ ਮਨ ਵਾਸਤੇ, ਮਾਨੋ, ਸੇਕ ਦਾ ਕੰਮ ਦੇਂਦਾ ਹੈ; ਜਿਵੇਂ ਸੇਕ ਲੱਗਣ ਨਾਲ) ਗੜਾ ਪੰਘਰ ਕੇ ਮੁੜ ਪਾਣੀ ਬਣ ਜਾਂਦਾ ਹੈ, ਤੇ ਢਲ ਕੇ ਨਦੀ ਵਿਚ ਜਾ ਰਲਦਾ ਹੈ ॥੧੭੭॥
ਕਬੀਰਾ ਧੂਰਿ ਸਕੇਲਿ ਕੈ ਪੁਰੀਆ ਬਾਂਧੀ ਦੇਹ ॥
ਹੇ ਕਬੀਰ! (ਜਿਵੇਂ) ਮਿੱਟੀ ਇਕੱਠੀ ਕਰ ਕੇ ਇਕ ਨਗਰੀ ਵਸਾਈ ਜਾਂਦੀ ਹੈ ਤਿਵੇਂ (ਪੰਜ ਤੱਤ ਇਕੱਠੇ ਕਰ ਕੇ ਪਰਮਾਤਮਾ ਨੇ) ਇਹ ਸਰੀਰ ਰਚਿਆ ਹੈ।
ਦਿਵਸ ਚਾਰਿ ਕੋ ਪੇਖਨਾ ਅੰਤਿ ਖੇਹ ਕੀ ਖੇਹ ॥੧੭੮॥
ਵੇਖਣ ਨੂੰ ਚਾਰ ਦਿਨ ਸੋਹਣਾ ਲੱਗਦਾ ਹੈ, ਪਰ ਆਖ਼ਰ ਜਿਸ ਮਿੱਟੀ ਤੋਂ ਬਣਿਆ ਉਸ ਮਿੱਟੀ ਵਿਚ ਹੀ ਰਲ ਜਾਂਦਾ ਹੈ ॥੧੭੮॥
ਕਬੀਰ ਸੂਰਜ ਚਾਂਦ ਕੈ ਉਦੈ ਭਈ ਸਭ ਦੇਹ ॥
ਹੇ ਕਬੀਰ! (ਪੰਜਾਂ ਤੱਤਾਂ ਤੋਂ ਇਹ) ਸਰੀਰ-ਰਚਨਾ ਇਸ ਵਾਸਤੇ ਹੋਈ ਹੈ ਕਿ ਇਸ ਵਿਚ ਸੂਰਜ ਅਤੇ ਚੰਦ੍ਰਮਾ ਦਾ ਉਦੈ ਹੋਵੇ (ਭਾਵ, ਨਰਮ-ਦਿਲੀ ਅਤੇ ਸੀਤਲਤਾ ਪੈਦਾ ਹੋਣ, ਪਰ ਇਹ ਗੁਣ ਤਾਂ ਪੈਦਾ ਹੋ ਸਕਦੇ ਹਨ ਜੇ ਗੁਰੂ ਮਿਲੇ ਤੇ ਗੁਰੂ ਦੀ ਰਾਹੀਂ ਗੋਬਿੰਦ ਦੇ ਚਰਨਾਂ ਵਿਚ ਜੁੜੀਏ)।
ਗੁਰ ਗੋਬਿੰਦ ਕੇ ਬਿਨੁ ਮਿਲੇ ਪਲਟਿ ਭਈ ਸਭ ਖੇਹ ॥੧੭੯॥
ਗੁਰੂ ਪਰਮਾਤਮਾ ਦੇ ਮੇਲ ਤੋਂ ਬਿਨਾ ਇਹ ਸਰੀਰ ਮੁੜ ਮਿੱਟੀ ਦਾ ਮਿੱਟੀ ਹੀ ਹੋ ਜਾਂਦਾ ਹੈ (ਭਾਵ, ਇਹ ਮਨੁੱਖਾ ਸਰੀਰ ਬਿਲਕੁਲ ਵਿਅਰਥ ਹੀ ਚਲਾ ਜਾਂਦਾ ਹੈ) ॥੧੭੯॥
ਜਹ ਅਨਭਉ ਤਹ ਭੈ ਨਹੀ ਜਹ ਭਉ ਤਹ ਹਰਿ ਨਾਹਿ ॥
ਜਿਸ ਹਿਰਦੇ ਵਿਚ ਜ਼ਿੰਦਗੀ ਦੇ ਸਹੀ ਰਸਤੇ ਦੀ ਸਮਝ ਪੈਦਾ ਹੋ ਜਾਂਦੀ ਹੈ, ਉਥੇ (ਦਾਝਨ, ਸੰਸਾ, ਕਠੋਰਤਾ ਆਦਿਕ) ਕੋਈ ਖ਼ਤਰੇ ਨਹੀਂ ਰਹਿ ਜਾਂਦੇ। ਪਰ ਜਿਸ ਹਿਰਦੇ ਵਿਚ ਅਜੇ (ਸ਼ਾਂਤ ਜੀਵਨ ਨੂੰ ਭੁਲਾ ਦੇਣ ਲਈ ਖਿੱਝ, ਸਹਿਮ, ਬੇ-ਰਹਿਮੀ ਆਦਿਕ ਕੋਈ) ਡਰ ਮੌਜੂਦ ਹੈ, ਉਥੇ ਪਰਮਾਤਮਾ ਦਾ ਨਿਵਾਸ ਨਹੀਂ ਹੋਇਆ
ਕਹਿਓ ਕਬੀਰ ਬਿਚਾਰਿ ਕੈ ਸੰਤ ਸੁਨਹੁ ਮਨ ਮਾਹਿ ॥੧੮੦॥
ਮੈਂ ਕਬੀਰ ਇਹ ਗੱਲ ਵਿਚਾਰ ਕੇ ਆਖ ਰਿਹਾ ਹਾਂ। ਹੇ ਸੰਤ ਜਨੋ! ਧਿਆਨ ਲਾ ਕੇ ਸੁਣੋ ॥੧੮੦॥
ਕਬੀਰ ਜਿਨਹੁ ਕਿਛੂ ਜਾਨਿਆ ਨਹੀ ਤਿਨ ਸੁਖ ਨੀਦ ਬਿਹਾਇ ॥
ਹੇ ਕਬੀਰ! ਜਿਨ੍ਹਾਂ ਲੋਕਾਂ ਨੇ (ਜੀਵਨ ਦੇ ਇਸ ਭੇਤ ਨੂੰ) ਰਤਾ ਭੀ ਨਹੀਂ ਸਮਝਿਆ, ਉਹ (ਇਸ ਦਾਝਨ, ਸੰਸੇ, ਕਠੋਰਤਾ ਆਦਿਕ ਵਿਚ ਵਿਲਕਦੇ ਹੋਏ ਭੀ) ਬੇ-ਪਰਵਾਹੀ ਨਾਲ ਉਮਰ ਗੁਜ਼ਾਰ ਰਹੇ ਹਨ ;
ਹਮਹੁ ਜੁ ਬੂਝਾ ਬੂਝਨਾ ਪੂਰੀ ਪਰੀ ਬਲਾਇ ॥੧੮੧॥
ਪਰ (‘ਗੁਰ ਗੋਬਿੰਦ’ ਦੀ ਮੇਹਰ ਨਾਲ) ਮੈਂ ਇਹ ਗੱਲ ਸਮਝ ਲਈ ਹੈ ਕਿ ‘ਜਹ ਅਨਭਉ ਤਹ ਭੈ ਨਹੀ, ਜਹ ਭਉ ਤਹ ਹਰਿ ਨਾਹਿ’; ਮੈਨੂੰ ਇਹ ਗੱਲ ਕਿਸੇ ਵੇਲੇ ਭੀ ਵਿਸਰਦੀ ਨਹੀਂ ॥੧੮੧॥
ਬੀਰ ਮਾਰੇ ਬਹੁਤੁ ਪੁਕਾਰਿਆ ਪੀਰ ਪੁਕਾਰੈ ਅਉਰ ॥
ਹੇ ਕਬੀਰ! ਜਿਸ ਮਨੁੱਖ ਨੂੰ (‘ਦਾਝਨ ਸੰਸੇ’ ਆਦਿਕ ਦੀ) ਮਾਰ ਪੈਂਦੀ ਹੈ, ਉਹ ਬਹੁਤ ਹਾਹਾਕਾਰ ਕਰਦਾ ਹੈ, ਜਿਉਂ ਜਿਉਂ ਉਹ ਪੀੜ ਉਠਦੀ ਹੈ ਤਿਉਂ ਤਿਉਂ ਹੋਰ ਦੁਖੀ ਹੁੰਦਾ ਹੈ (ਪਰ ਫਿਰ ਭੀ ਮਾਇਆ ਦਾ ਖਹਿੜਾ ਨਹੀਂ ਛੱਡਦਾ)।
ਲਾਗੀ ਚੋਟ ਮਰੰਮ ਕੀ ਰਹਿਓ ਕਬੀਰਾ ਠਉਰ ॥੧੮੨॥
ਮੈਨੂੰ ਕਬੀਰ ਨੂੰ ਗੁਰੂ ਦੇ ਸ਼ਬਦ ਦੀ ਚੋਟ ਵੱਜੀ ਹੈ ਜਿਸ ਨੇ ਮੇਰਾ ਦਿਲ ਵਿੰਨ੍ਹ ਲਿਆ ਹੈ, ਹੁਣ ਮੈਂ ਥਾਂ ਸਿਰ (ਭਾਵ, ਪ੍ਰਭੂ-ਚਰਨਾਂ ਵਿਚ) ਟਿਕ ਗਿਆ ਹਾਂ। (ਮੈਨੂੰ ਇਹ ਦਾਝਨ ਸੰਸਾ ਆਦਿਕ ਦੁਖੀ ਕਰ ਹੀ ਨਹੀਂ ਸਕਦੇ) ॥੧੮੨॥
ਕਬੀਰ ਚੋਟ ਸੁਹੇਲੀ ਸੇਲ ਕੀ ਲਾਗਤ ਲੇਇ ਉਸਾਸ ॥
ਹੇ ਕਬੀਰ! ਗੁਰੂ ਦੇ ਸ਼ਬਦ-ਰੂਪ ਨੇਜ਼ੇ ਦੀ ਸੱਟ ਹੈ ਭੀ ਸੁਖਦਾਈ। ਜਿਸ ਮਨੁੱਖ ਨੂੰ ਇਹ ਸੱਟ ਵੱਜਦੀ ਹੈ (ਬਿਰਹਣੀ ਨਾਰਿ ਵਾਂਗ ਉਸ ਦੇ ਅੰਦਰ) ਪਤੀ-ਪ੍ਰਭੂ ਨੂੰ ਮਿਲਣ ਦੀ ਤਾਂਘ ਪੈਦਾ ਹੋ ਜਾਂਦੀ ਹੈ।
ਚੋਟ ਸਹਾਰੈ ਸਬਦ ਕੀ ਤਾਸੁ ਗੁਰੂ ਮੈ ਦਾਸ ॥੧੮੩॥
ਜੋ (ਭਾਗਾਂ ਵਾਲਾ) ਮਨੁੱਖ ਗੁਰ-ਸ਼ਬਦ ਦੀ ਚੋਟ ਖਾਂਦਾ ਰਹਿੰਦਾ ਹੈ, ਉਸ ਪੂਜਣ-ਜੋਗ ਮਨੁੱਖ ਦਾ ਮੈਂ (ਹਰ ਵੇਲੇ) ਦਾਸ (ਬਣਨ ਨੂੰ ਤਿਆਰ) ਹਾਂ ॥੧੮੩॥
ਕਬੀਰ ਮੁਲਾਂ ਮੁਨਾਰੇ ਕਿਆ ਚਢਹਿ ਸਾਂਈ ਨ ਬਹਰਾ ਹੋਇ ॥
ਹੇ ਕਬੀਰ! ਹੇ ਮੁੱਲਾਂ! ਮਸਜਿਦ ਦੇ ਮੁਨਾਰੇ ਉਤੇ ਚੜ੍ਹਨ ਦਾ ਤੈਨੂੰ ਆਪ ਨੂੰ ਤਾਂ ਕੋਈ ਫ਼ਾਇਦਾ ਨਹੀਂ ਹੋ ਰਿਹਾ। ਖ਼ੁਦਾ ਬੋਲਾ ਨਹੀਂ (ਉਹ ਤੇਰੇ ਦਿਲ ਦੀ ਹਾਲਤ ਭੀ ਜਾਣਦਾ ਹੈ, ਉਸ ਨੂੰ ਠੱਗਿਆ ਨਹੀਂ ਜਾ ਸਕਦਾ)।
ਜਾ ਕਾਰਨਿ ਤੂੰ ਬਾਂਗ ਦੇਹਿ ਦਿਲ ਹੀ ਭੀਤਰਿ ਜੋਇ ॥੧੮੪॥
ਜਿਸ (ਰੱਬ ਦੀ ਨਮਾਜ਼) ਦੀ ਖ਼ਾਤਰ ਤੂੰ ਬਾਂਗ ਦੇ ਰਿਹਾ ਹੈਂ, ਉਸ ਨੂੰ ਆਪਣੇ ਦਿਲ ਵਿਚ ਵੇਖ (ਤੇਰੇ ਅੰਦਰ ਹੀ ਵੱਸਦਾ ਹੈ। ਤੇਰੇ ਆਪਣੇ, ਅੰਦਰ ਸ਼ਾਂਤੀ ਨਹੀਂ, ਸਿਰਫ਼ ਲੋਕਾਂ ਨੂੰ ਹੀ ਸੱਦ ਰਿਹਾ ਹੈਂ) ॥੧੮੪॥
ਸੇਖ ਸਬੂਰੀ ਬਾਹਰਾ ਕਿਆ ਹਜ ਕਾਬੇ ਜਾਇ ॥
ਹੇ ਸ਼ੇਖ! ਜੇ ਤੇਰੇ ਆਪਣੇ ਅੰਦਰ ਸੰਤੋਖ ਨਹੀਂ ਹੈ, ਤਾਂ ਕਾਬੇ ਦਾ ਹੱਜ ਕਰਨ ਲਈ ਜਾਣ ਦਾ ਕੋਈ ਲਾਭ ਨਹੀਂ ਹੈ;
ਕਬੀਰ ਜਾ ਕੀ ਦਿਲ ਸਾਬਤਿ ਨਹੀ ਤਾ ਕਉ ਕਹਾਂ ਖੁਦਾਇ ॥੧੮੫॥
ਕਿਉਂਕਿ, ਹੇ ਕਬੀਰ! ਜਿਸ ਮਨੁੱਖ ਦੇ ਆਪਣੇ ਦਿਲ ਵਿਚ ਸ਼ਾਂਤੀ ਨਹੀਂ ਆਈ, ਉਸ ਦੇ ਭਾਣੇ ਰੱਬ ਕਿਤੇ ਭੀ ਨਹੀਂ ਹੈ ॥੧੮੫॥
ਕਬੀਰ ਅਲਹ ਕੀ ਕਰਿ ਬੰਦਗੀ ਜਿਹ ਸਿਮਰਤ ਦੁਖੁ ਜਾਇ ॥
ਹੇ ਕਬੀਰ! ਰੱਬ ਦੀ ਬੰਦਗੀ ਕਰ, ਬੰਦਗੀ ਕੀਤਿਆਂ ਹੀ ਦਿਲ ਦਾ ਵਿਕਾਰ ਦੂਰ ਹੁੰਦਾ ਹੈ,
ਦਿਲ ਮਹਿ ਸਾਂਈ ਪਰਗਟੈ ਬੁਝੈ ਬਲੰਤੀ ਨਾਂਇ ॥੧੮੬॥
ਦਿਲ ਵਿਚ ਰੱਬ ਦਾ ਜ਼ਹੂਰ ਹੁੰਦਾ ਹੈ, ਅਤੇ ਇਸ ਬੰਦਗੀ ਦੀ ਬਰਕਤਿ ਨਾਲ ਲਾਲਚ ਦੀ ਬਲਦੀ ਅੱਗ ਦਿਲ ਵਿਚੋਂ ਬੁੱਝ ਜਾਂਦੀ ਹੈ ॥੧੮੬॥
ਕਬੀਰ ਜੋਰੀ ਕੀਏ ਜੁਲਮੁ ਹੈ ਕਹਤਾ ਨਾਉ ਹਲਾਲੁ ॥
ਹੇ ਕਬੀਰ! (ਮੁੱਲਾਂ ਨੂੰ ਦੱਸ ਕਿ) ਕਿਸੇ ਉਤੇ ਧੱਕਾ ਕਰਨਾ ਜ਼ੁਲਮ ਹੈ, (ਤੂੰ ਜਾਨਵਰ ਨੂੰ ਫੜ ਕੇ ਬਿਸਮਿੱਲਾ ਆਖ ਕੇ ਜ਼ਬਹ ਕਰਦਾ ਹੈਂ ਅਤੇ) ਤੂੰ ਆਖਦਾ ਹੈਂ ਕਿ ਇਹ (ਜ਼ਬਹ ਕੀਤਾ ਜਾਨਵਰ) ਰੱਬ ਦੇ ਨਾਮ ਤੇ ਕੁਰਬਾਨੀ ਦੇਣ ਦੇ ਲਾਇਕ ਹੋ ਗਿਆ ਹੈ (ਅਤੇ ਇਸ ਕੁਰਬਾਨੀ ਨਾਲ ਖ਼ੁਦਾ ਤੇਰੇ ਉਤੇ ਖ਼ੁਸ਼ ਹੋ ਗਿਆ ਹੈ); (ਪਰ ਇਹ ਮਾਸ ਤੂੰ ਆਪ ਹੀ ਖਾ ਲੈਂਦਾ ਹੈਂ। ਇਸ ਤਰ੍ਹਾਂ ਪਾਪ ਨਹੀਂ ਬਖ਼ਸ਼ੀਂਦੇ, ਕਦੇ ਸੋਚ ਕਿ)
ਦਫਤਰਿ ਲੇਖਾ ਮਾਂਗੀਐ ਤਬ ਹੋਇਗੋ ਕਉਨੁ ਹਵਾਲੁ ॥੧੮੭॥
ਜਦੋਂ ਰੱਬ ਦੀ ਦਰਗਾਹ ਵਿਚ ਤੇਰੇ ਅਮਲਾਂ ਦਾ ਹਿਸਾਬ ਹੋਵੇਗਾ ਤਾਂ ਤੇਰਾ ਕੀਹ ਹਾਲ ਹੋਵੇਗਾ ॥੧੮੭॥
ਕਬੀਰ ਖੂਬੁ ਖਾਨਾ ਖੀਚਰੀ ਜਾ ਮਹਿ ਅੰਮ੍ਰਿਤੁ ਲੋਨੁ ॥
ਹੇ ਕਬੀਰ! (ਮੁੱਲਾਂ ਨੂੰ ਬੇਸ਼ੱਕ ਆਖ ਕਿ ਕੁਰਬਾਨੀ ਦੇ ਬਹਾਨੇ ਮਾਸ ਖਾਣ ਨਾਲੋਂ) ਖਿਚੜੀ ਖਾ ਲੈਣੀ ਚੰਗੀ ਹੈ ਜਿਸ ਵਿਚ ਸਿਰਫ਼ ਸੁਆਦਲਾ ਲੂਣ ਹੀ ਪਾਇਆ ਹੋਇਆ ਹੋਵੇ।
ਹੇਰਾ ਰੋਟੀ ਕਾਰਨੇ ਗਲਾ ਕਟਾਵੈ ਕਉਨੁ ॥੧੮੮॥
ਮੈਂ ਤਾਂ ਇਸ ਗੱਲ ਲਈ ਤਿਆਰ ਨਹੀਂ ਹਾਂ ਕਿ ਮਾਸ ਰੋਟੀ ਖਾਣ ਦੀ ਨਿਯਤ ਮੇਰੀ ਆਪਣੀ ਹੋਵੇ ਪਰ (ਕੁਰਬਾਨੀ ਦਾ ਹੋਕਾ ਦੇ ਦੇ ਕੇ ਕਿਸੇ ਪਸ਼ੂ ਨੂੰ) ਜ਼ਬਹ ਕਰਦਾ ਫਿਰਾਂ ॥੧੮੮॥
ਕਬੀਰ ਗੁਰੁ ਲਾਗਾ ਤਬ ਜਾਨੀਐ ਮਿਟੈ ਮੋਹੁ ਤਨ ਤਾਪ ॥
ਹੇ ਕਬੀਰ! (ਜਨੇਊ ਆਦਿਕ ਪਾ ਕੇ ਹਿੰਦੂ ਸਮਝਦਾ ਹੈ ਕਿ ਮੈਂ ਫਲਾਣੇ ਬ੍ਰਾਹਮਣ ਨੂੰ ਆਪਣਾ ਗੁਰੂ ਧਾਰ ਲਿਆ ਹੈ; ਪਰ) ਤਦੋਂ ਸਮਝੋ ਕਿ ਗੁਰੂ ਮਿਲ ਪਿਆ ਹੈ ਜਦੋਂ (ਗੁਰੂ ਧਾਰਨ ਵਾਲੇ ਮਨੁੱਖ ਦੇ ਦਿਲ ਵਿਚੋਂ) ਮਾਇਆ ਦਾ ਮੋਹ ਦੂਰ ਹੋ ਜਾਏ, ਜਦੋਂ ਸਰੀਰ ਨੂੰ ਸਾੜਨ ਵਾਲੇ ਕਲੇਸ਼ ਮਿਟ ਜਾਣ।
ਹਰਖ ਸੋਗ ਦਾਝੈ ਨਹੀ ਤਬ ਹਰਿ ਆਪਹਿ ਆਪਿ ॥੧੮੯॥
ਜਦੋਂ ਹਰਖ ਸੋਗ ਕੋਈ ਭੀ ਚਿੱਤ ਨੂੰ ਨਾਹ ਸਾੜੇ, ਅਜੇਹੀ ਹਾਲਤ ਵਿਚ ਅੱਪੜਿਆਂ ਹਰ ਥਾਂ ਪਰਮਾਤਮਾ ਆਪ ਹੀ ਆਪ ਦਿੱਸਦਾ ਹੈ ॥੧੮੯॥
ਕਬੀਰ ਰਾਮ ਕਹਨ ਮਹਿ ਭੇਦੁ ਹੈ ਤਾ ਮਹਿ ਏਕੁ ਬਿਚਾਰੁ ॥
ਹੇ ਕਬੀਰ! (ਜਨੇਊ ਦੇ ਕੇ ਬ੍ਰਾਹਮਣ ਰਾਮ ਦੀ ਪੂਜਾ-ਪਾਠ ਦਾ ਉਪਦੇਸ਼ ਭੀ ਕਰਦਾ ਹੈ; ਪਰ) ਰਾਮ ਰਾਮ ਆਖਣ ਵਿਚ ਭੀ ਫ਼ਰਕ ਪੈ ਜਾਂਦਾ ਹੈ, ਇਸ ਵਿਚ ਭੀ ਇਕ ਗੱਲ ਸਮਝਣ ਵਾਲੀ ਹੈ।
ਸੋਈ ਰਾਮੁ ਸਭੈ ਕਹਹਿ ਸੋਈ ਕਉਤਕਹਾਰ ॥੧੯੦॥
ਇਕ ਰਾਮ ਤਾਂ ਉਹ ਹੈ ਜਿਸ ਨੂੰ ਹਰੇਕ ਜੀਵ ਸਿਮਰਦਾ ਹੈ (ਇਹ ਹੈ ਸਰਬ-ਵਿਆਪੀ ਰਾਮ, ਇਸ ਦਾ ਸਿਮਰਨ ਕਰਨਾ ਮਨੁੱਖ ਮਾਤ੍ਰ ਦਾ ਫ਼ਰਜ਼ ਹੈ)। ਪਰ ਇਹੀ ਰਾਮ ਨਾਮ ਰਾਸਧਾਰੀਏ ਭੀ (ਰਾਸਾਂ ਵਿਚ ਸਾਂਗ ਬਣਾ ਬਣਾ ਕੇ) ਲੈਂਦੇ ਹਨ (ਇਹ ਰਾਮ ਅਵਤਾਰੀ ਰਾਮ ਹੈ ਤੇ ਰਾਜਾ ਦਸਰਥ ਦਾ ਪੁੱਤਰ ਹੈ, ਇਹੀ ਮੂਰਤੀ-ਪੂਜਾ ਵਿਅਰਥ ਹੈ) ॥੧੯੦॥
ਕਬੀਰ ਰਾਮੈ ਰਾਮ ਕਹੁ ਕਹਿਬੇ ਮਾਹਿ ਬਿਬੇਕ ॥
ਹੇ ਕਬੀਰ! ਸਦਾ ਰਾਮ ਦਾ ਨਾਮ ਜਪ, ਪਰ ਜਪਣ ਵੇਲੇ ਇਹ ਗੱਲ ਚੇਤੇ ਰੱਖਣੀ-
ਏਕੁ ਅਨੇਕਹਿ ਮਿਲਿ ਗਇਆ ਏਕ ਸਮਾਨਾ ਏਕ ॥੧੯੧॥
ਕਿ ਇਕ ਰਾਮ ਤਾਂ ਅਨੇਕਾਂ ਜੀਵਾਂ ਵਿਚ ਵਿਆਪਕ ਹੈ (ਇਸ ਦਾ ਨਾਮ ਜਪਣਾ ਹਰੇਕ ਮਨੁੱਖ ਦਾ ਧਰਮ ਹੈ), ਪਰ ਇਕ ਰਾਮ (ਦਰਸਥ ਦਾ ਪੁੱਤਰ) ਸਿਰਫ਼ ਇਕ ਸਰੀਰ ਵਿਚ ਹੀ ਆਇਆ (ਅਵਤਾਰ ਬਣਿਆ; ਇਸ ਦਾ ਜਾਪ ਕੋਈ ਗੁਣ ਨਹੀਂ ਕਰ ਸਕਦਾ) ॥੧੯੧॥
ਕਬੀਰ ਜਾ ਘਰ ਸਾਧ ਨ ਸੇਵੀਅਹਿ ਹਰਿ ਕੀ ਸੇਵਾ ਨਾਹਿ ॥
ਹੇ ਕਬੀਰ! (ਠਾਕੁਰਾਂ ਦੀ ਪੂਜਾ ਤੇ ਹਰੇਕ ਦਿਨ-ਦਿਹਾਰ ਸਮੇ ਬ੍ਰਾਹਮਣ ਦੀ ਸੇਵਾ-ਬੱਸ! ਇਹ ਹੈ ਸਿੱਖਿਆ ਜੋ ਬ੍ਰਾਹਮਣ ਦੇਵਤਾ ਆਪਣੇ ਸ਼ਰਧਾਲੂਆਂ ਨੂੰ ਦੇ ਰਿਹਾ ਹੈ। ਸ਼ਰਧਾਲੂ ਵਿਚਾਰੇ ਭੀ ਠਾਕੁਰ-ਪੂਜਾ ਤੇ ਬ੍ਰਾਹਮਣ ਦੀ ਸੇਵਾ ਕਰ ਕੇ ਆਪਣੇ ਆਪ ਨੂੰ ਸੁਚੱਜੇ ਤੇ ਸੁੱਚੇ ਹਿੰਦੂ ਸਮਝ ਲੈਂਦੇ ਹਨ; ਪਰ ਅਸਲ ਗੱਲ ਇਹ ਹੈ ਕਿ) ਜਿਨ੍ਹਾਂ ਘਰਾਂ ਵਿਚ ਨੇਕ ਬੰਦਿਆਂ ਦੀ ਸੇਵਾ ਨਹੀਂ ਹੁੰਦੀ, ਤੇ ਪਰਮਾਤਮਾ ਦੀ ਭਗਤੀ ਨਹੀਂ ਕੀਤੀ ਜਾਂਦੀ,
ਤੇ ਘਰ ਮਰਹਟ ਸਾਰਖੇ ਭੂਤ ਬਸਹਿ ਤਿਨ ਮਾਹਿ ॥੧੯੨॥
ਉਹ ਘਰ (ਭਾਵੇਂ ਕਿਤਨੇ ਹੀ ਸੁੱਚੇ ਤੇ ਸਾਫ਼ ਰੱਖੇ ਜਾਂਦੇ ਹੋਣ) ਮਸਾਣਾਂ ਵਰਗੇ ਹਨ, ਉਹਨਾਂ ਘਰਾਂ ਵਿਚ (ਮਨੁੱਖ ਨਹੀਂ) ਭੂਤਨੇ ਵੱਸਦੇ ਹਨ ॥੧੯੨॥
ਕਬੀਰ ਗੂੰਗਾ ਹੂਆ ਬਾਵਰਾ ਬਹਰਾ ਹੂਆ ਕਾਨ ॥
ਹੇ ਕਬੀਰ! (ਜਨੇਊ ਪਾ ਕੇ ਬ੍ਰਾਹਮਣ ਨੂੰ ਗੁਰੂ ਧਾਰ ਕੇ, ਠਾਕੁਰ-ਪੂਜਾ ਅਤੇ ਹਰੇਕ ਦਿਨ-ਦਿਹਾਰ ਸਮੇ ਬ੍ਰਾਹਮਣ ਦੀ ਹੀ ਪੂਜਾ-ਸੇਵਾ ਕਰ ਕੇ ਗੁਰੂ ਵਾਲਾ ਨਹੀਂ ਬਣ ਸਕੀਦਾ; ਜਿਸ ਨੂੰ ਸੱਚ-ਮੁੱਚ ਪੂਰਾ ਗੁਰੂ ਮਿਲਦਾ ਹੈ ਉਸ ਦਾ ਸਾਰਾ ਜੀਵਨ ਹੀ ਬਦਲ ਜਾਂਦਾ ਹੈ) ਉਹ (ਦੁਨੀਆ ਦੇ ਭਾਣੇ) ਗੁੰਗਾ, ਕਮਲਾ, ਬੋਲਾ ਹੋ ਜਾਂਦਾ ਹੈ (ਕਿਉਂਕਿ ਉਹ ਮਨੁੱਖ ਮੂੰਹੋਂ ਮੰਦੇ ਬੋਲ ਨਹੀਂ ਬੋਲਦਾ, ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ਹੁੰਦੀ, ਕੰਨਾਂ ਨਾਲ ਨਿੰਦਾ ਨਹੀਂ ਸੁਣਦਾ)
ਪਾਵਹੁ ਤੇ ਪਿੰਗੁਲ ਭਇਆ ਮਾਰਿਆ ਸਤਿਗੁਰ ਬਾਨ ॥੧੯੩॥
ਜਿਸ ਮਨੁੱਖ ਦੇ ਹਿਰਦੇ ਵਿਚ ਸਤਿਗੁਰੂ ਆਪਣੇ ਸ਼ਬਦ ਦਾ ਤੀਰ ਮਾਰਦਾ ਹੈ, ਉਹ (ਦੁਨੀਆਂ ਭਾਣੇ) ਲੂਲ੍ਹਾ ਹੋ ਜਾਂਦਾ ਹੈ (ਕਿਉਂਕਿ ਉਹ ਪੈਰਾਂ ਨਾਲ ਮੰਦੇ ਪਾਸੇ ਵੱਲ ਤੁਰ ਕੇ ਨਹੀਂ ਜਾਂਦਾ) ॥੧੯੩॥
ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨੁ ਜੁ ਏਕੁ ॥
ਹੇ ਕਬੀਰ! ਜਿਸ ਮਨੁੱਖ ਨੂੰ ਸੂਰਮਾ ਸਤਿਗੁਰੂ ਆਪਣੇ ਸ਼ਬਦ ਦਾ ਇਕ ਤੀਰ ਮਾਰਦਾ ਹੈ,
ਲਾਗਤ ਹੀ ਭੁਇ ਗਿਰਿ ਪਰਿਆ ਪਰਾ ਕਰੇਜੇ ਛੇਕੁ ॥੧੯੪॥
ਤੀਰ ਵੱਜਦਿਆਂ ਹੀ ਉਹ ਮਨੁੱਖ ਨਿਰ-ਅਹੰਕਾਰ ਹੋ ਜਾਂਦਾ ਹੈ, ਉਸ ਦਾ ਹਿਰਦਾ ਪ੍ਰਭੂ-ਚਰਨਾਂ ਨਾਲ ਪ੍ਰੋਤਾ ਜਾਂਦਾ ਹੈ ॥੧੯੪॥
ਕਬੀਰ ਨਿਰਮਲ ਬੂੰਦ ਅਕਾਸ ਕੀ ਪਰਿ ਗਈ ਭੂਮਿ ਬਿਕਾਰ ॥
ਹੇ ਕਬੀਰ! (ਵਰਖਾ ਸਮੇ) ਆਕਾਸ਼ (ਤੋਂ ਮੀਂਹ) ਦੀ ਜੋ ਸਾਫ਼ ਬੂੰਦ ਨਕਾਰੀ ਧਰਤੀ ਵਿਚ ਡਿੱਗ ਪਈ,
ਬਿਨੁ ਸੰਗਤਿ ਇਉ ਮਾਂਨਈ ਹੋਇ ਗਈ ਭਠ ਛਾਰ ॥੧੯੫॥
(ਉਹ ਕਿਸੇ ਦਾ ਕੁਝ ਸੰਵਾਰ ਨਾਹ ਸਕੀ, ਸਗੋਂ ਆਪ ਭੀ) ਉਹ, ਮਾਨੋ, (ਬਲਦੇ) ਭੱਠ ਦੀ ਸੁਆਹ ਹੋ ਗਈ। ਇਹੀ ਹਾਲ ਸੰਗਤ ਤੋਂ ਬਿਨਾ ਮਨੁੱਖ ਦਾ ਹੁੰਦਾ ਹੈ (ਪਰਮ ਪਵਿਤ੍ਰ ਪਰਮਾਤਮਾ ਦੀ ਅੰਸ਼ ਜੀਵ ਜਨਮ ਲੈ ਕੇ ਜੇ ਕੁਸੰਗ ਵਿਚ ਫਸ ਗਿਆ ਤਾਂ ਸ੍ਰਿਸ਼ਟੀ ਦੀ ਕੋਈ ਸੇਵਾ ਕਰਨ ਦੇ ਥਾਂ ਆਪ ਭੀ ਵਿਕਾਰਾਂ ਵਿਚ ਸੜ ਮੁਇਆ) ॥੧੯੫॥
ਕਬੀਰ ਨਿਰਮਲ ਬੂੰਦ ਅਕਾਸ ਕੀ ਲੀਨੀ ਭੂਮਿ ਮਿਲਾਇ ॥
ਹੇ ਕਬੀਰ! (ਵਰਖਾ ਸਮੇ) ਆਕਾਸ਼ (ਤੋਂ ਮੀਂਹ) ਦੀ ਜਿਸ ਸਾਫ਼ ਬੂੰਦ ਨੂੰ (ਸਿਆਣੇ ਜ਼ਿਮੀਂਦਾਰ ਨੇ ਹਲ ਆਦਿਕ ਨਾਲ ਵਾਹ-ਬਣਾ ਕੇ ਸੰਵਾਰੀ ਹੋਈ ਆਪਣੀ, ਜ਼ਮੀਨ ਵਿਚ (ਵੱਟ-ਬੰਨਾ ਠੀਕ ਕਰ ਕੇ) ਰਲਾ ਲਿਆ,
ਅਨਿਕ ਸਿਆਨੇ ਪਚਿ ਗਏ ਨਾ ਨਿਰਵਾਰੀ ਜਾਇ ॥੧੯੬॥
ਉਹ ਬੂੰਦ ਜ਼ਮੀਨ ਨਾਲੋਂ ਨਿਖੇੜੀ ਨਹੀਂ ਜਾ ਸਕਦੀ, ਭਾਵੇਂ ਅਨੇਕਾਂ ਸਿਆਣੇ ਕੋਸ਼ਸ਼ ਕਰ ਥੱਕਣ। (ਨੋਟ: ਕਲਰਾਠੀ ਅਣਵਾਹੀ ਧਰਤੀ ਉਤੇ ਪਿਆ ਮੀਂਹ ਦਾ ਪਾਣੀ ਧਰਤੀ ਉਤੇ ਜਾਲਾ ਬਣ ਜਾਣ ਕਰਕੇ ਬਹੁਤ ਘਟ ਜੀਊਰਦਾ ਹੈ)। (ਇਹੀ ਹਾਲ ਮਨੁੱਖ ਦਾ ਸਮਝੋ। ਪੂਰੇ ਗੁਰੂ ਦੀ ਮੇਹਰ ਨਾਲ ਉਸ ਦੀ ਜੀਭ ਕੰਨ ਆਦਿਕ ਇੰਦ੍ਰੇ ਪਰ-ਨਿੰਦਾ ਆਦਿਕ ਵਿਕਾਰਾਂ ਵਲੋਂ ਹਟ ਜਾਂਦੇ ਹਨ। ਇਸ ਸੰਵਾਰੀ ਹੋਈ ਸਰੀਰ-ਧਰਤੀ ਦੀ ਰਾਹੀਂ ਉਹ ਮਨੁੱਖ ਪ੍ਰਭੂ-ਚਰਨਾਂ ਵਿਚ ਅਜੇਹਾ ਜੁੜਦਾ ਹੈ ਕਿ ਕੋਈ ਵਿਕਾਰ ਉਸ ਨੂੰ ਉਥੋਂ ਵਿਛੋੜ ਨਹੀਂ ਸਕਦਾ) ॥੧੯੬॥
ਕਬੀਰ ਹਜ ਕਾਬੇ ਹਉ ਜਾਇ ਥਾ ਆਗੈ ਮਿਲਿਆ ਖੁਦਾਇ ॥
ਹੇ ਕਬੀਰ! ਮੈਂ ਕਾਬੇ ਦਾ ਹੱਜ ਕਰਨ ਜਾ ਰਿਹਾ ਸਾਂ, ਉਥੇ ਗਏ ਨੂੰ ਅੱਗੋਂ ਖ਼ੁਦਾ ਮਿਲ ਪਿਆ।
ਸਾਂਈ ਮੁਝ ਸਿਉ ਲਰਿ ਪਰਿਆ ਤੁਝੈ ਕਿਨਿੑ ਫੁਰਮਾਈ ਗਾਇ ॥੧੯੭॥
ਉਹ ਮੇਰਾ ਸਾਈਂ (ਖ਼ੁਦਾ ਖ਼ੁਸ਼ ਹੋਣ ਦੇ ਥਾਂ ਕਿ ਮੈਂ ਉਸ ਦੇ ਘਰ ਦਾ ਦੀਦਾਰ ਕਰਨ ਆਇਆ ਹਾਂ, ਸਗੋਂ) ਮੇਰੇ ਉਤੇ ਗੁੱਸੇ ਹੋਇਆ (ਤੇ ਆਖਣ ਲੱਗਾ) ਕਿ ਮੈਂ ਤਾਂ ਇਹ ਹੁਕਮ ਨਹੀਂ ਦਿੱਤਾ ਜੁ ਮੇਰੇ ਨਾਮ ਤੇ ਤੂੰ ਗਾਂ (ਆਦਿਕ) ਦੀ ਕੁਰਬਾਨੀ ਦੇਵੇਂ (ਤੇ, ਮੈਂ ਤੇਰੇ ਗੁਨਾਹ ਬਖ਼ਸ਼ ਦਿਆਂਗਾ) ॥੧੯੭॥
ਕਬੀਰ ਹਜ ਕਾਬੈ ਹੋਇ ਹੋਇ ਗਇਆ ਕੇਤੀ ਬਾਰ ਕਬੀਰ ॥
ਹੇ ਕਬੀਰ! ਮੈਂ ਕਈ ਵਾਰੀ, ਹੇ ਸਾਈਂ! (ਤੇਰੇ ਘਰ-) ਕਾਬੇ ਦਾ ਦੀਦਾਰ ਕਰਨ ਲਈ ਗਿਆ ਹਾਂ।
ਸਾਂਈ ਮੁਝ ਮਹਿ ਕਿਆ ਖਤਾ ਮੁਖਹੁ ਨ ਬੋਲੈ ਪੀਰ ॥੧੯੮॥
ਪਰ, ਹੇ ਖ਼ੁਦਾ! ਤੂੰ ਮੇਰੇ ਨਾਲ ਗੱਲ ਹੀ ਨਹੀਂ ਕਰਦਾ, ਮੇਰੇ ਵਿਚ ਤੂੰ ਕੀਹ ਕੀਹ ਖ਼ਤਾ ਵੇਖ ਰਿਹਾ ਹੈਂ? (ਜੋ ਹੱਜ ਅਤੇ ਕੁਰਬਾਨੀ ਨਾਲ ਭੀ ਬਖ਼ਸ਼ੇ ਨਹੀਂ ਗਏ। ਭਾਵ, ਹੱਜ ਅਤੇ ਕੁਰਬਾਨੀ ਨਾਲ ਖ਼ੁਦਾ ਖ਼ੁਸ਼ ਨਹੀਂ ਹੁੰਦਾ) ॥੧੯੮॥
ਕਬੀਰ ਜੀਅ ਜੁ ਮਾਰਹਿ ਜੋਰੁ ਕਰਿ ਕਹਤੇ ਹਹਿ ਜੁ ਹਲਾਲੁ ॥
ਹੇ ਕਬੀਰ! ਜੋ ਲੋਕ ਧੱਕਾ ਕਰ ਕੇ (ਗਾਂ ਆਦਿਕ) ਜੀਵਾਂ ਨੂੰ ਮਾਰਦੇ ਹਨ; ਪਰ ਆਖਦੇ ਇਹ ਹਨ ਕਿ (ਇਹ ਜ਼ਬਹ ਕੀਤਾ ਹੋਇਆ ਮਾਸ) ਖ਼ੁਦਾ ਦੇ ਨਾਮ ਤੇ ਕੁਰਬਾਨੀ ਦੇ ਲਾਇਕ ਹੋ ਗਿਆ ਹੈ,
ਦਫਤਰੁ ਦਈ ਜਬ ਕਾਢਿ ਹੈ ਹੋਇਗਾ ਕਉਨੁ ਹਵਾਲੁ ॥੧੯੯॥
ਜਦੋਂ ਸਭ ਜੀਵਾਂ ਨਾਲ ਪਿਆਰ ਕਰਨ ਵਾਲਾ ਖ਼ੁਦਾ (ਇਹਨਾਂ ਲੋਕਾਂ ਪਾਸੋਂ-ਅਮਲਾਂ ਦਾ ਲੇਖਾ ਮੰਗੇਗਾ, ਤਾਂ ਇਹਨਾਂ ਦਾ ਕੀਹ ਹਾਲ ਹੋਵੇਗਾ? (ਭਾਵ, ਕੁਰਬਾਨੀ ਦਿੱਤਿਆਂ ਗੁਨਾਹ ਬਖ਼ਸ਼ੇ ਨਹੀਂ ਜਾਂਦੇ) ॥੧੯੯॥
ਕਬੀਰ ਜੋਰੁ ਕੀਆ ਸੋ ਜੁਲਮੁ ਹੈ ਲੇਇ ਜਬਾਬੁ ਖੁਦਾਇ ॥
ਹੇ ਕਬੀਰ! ਜੋ ਭੀ ਮਨੁੱਖ ਕਿਸੇ ਉਤੇ ਧੱਕਾ ਕਰਦਾ ਹੈ ਉਹ ਜ਼ੁਲਮ ਕਰਦਾ ਹੈ; (ਅਤੇ ਜ਼ੁਲਮ ਦਾ) ਲੇਖਾ ਖ਼ੁਦਾ ਮੰਗਦਾ ਹੈ।
ਦਫਤਰਿ ਲੇਖਾ ਨੀਕਸੈ ਮਾਰ ਮੁਹੈ ਮੁਹਿ ਖਾਇ ॥੨੦੦॥
ਜਿਸ ਕਿਸੇ ਦੀ ਵੀ ਲੇਖੇ ਦੀ ਬਾਕੀ ਨਿਕਲਦੀ ਹੈ ਉਹ ਬੜੀ ਸਜ਼ਾ ਭੁਗਤਦਾ ਹੈ। ਨੋਟ: ਕੀਤੇ ਗੁਨਾਹਾਂ ਨੂੰ ‘ਕੁਰਬਾਨੀ’ ਦੇ ਕੇ ਧੋਤਾ ਨਹੀਂ ਜਾ ਸਕਦਾ ॥੨੦੦॥
ਕਬੀਰ ਲੇਖਾ ਦੇਨਾ ਸੁਹੇਲਾ ਜਉ ਦਿਲ ਸੂਚੀ ਹੋਇ ॥
ਹੇ ਕਬੀਰ! (ਉਹ ਰੱਬ ਮਨੁੱਖ ਪਾਸੋਂ ਸਿਰਫ਼ ਦਿਲ ਦੀ ਪਾਕੀਜ਼ਗੀ ਦੀ ਕੁਰਬਾਨੀ ਮੰਗਦਾ ਹੈ) ਜੇ ਮਨੁੱਖ ਦੇ ਦਿਲ ਦੀ ਪਵਿਤ੍ਰਤਾ ਕਾਇਮ ਹੋਵੇ ਤਾਂ ਆਪਣੇ ਕੀਤੇ ਅਮਲਾਂ ਦਾ ਲੇਖਾ ਦੇਣਾ ਸੌਖਾ ਹੋ ਜਾਂਦਾ ਹੈ;
ਉਸੁ ਸਾਚੇ ਦੀਬਾਨ ਮਹਿ ਪਲਾ ਨ ਪਕਰੈ ਕੋਇ ॥੨੦੧॥
(ਇਸ ਪਵਿਤ੍ਰਤਾ ਦੀ ਬਰਕਤਿ ਨਾਲ) ਉਸ ਸੱਚੀ ਕਚਹਿਰੀ ਵਿਚ ਕੋਈ ਰੋਕ-ਟੋਕ ਨਹੀਂ ਕਰਦਾ ॥੨੦੧॥
ਕਬੀਰ ਧਰਤੀ ਅਰੁ ਆਕਾਸ ਮਹਿ ਦੁਇ ਤੂੰ ਬਰੀ ਅਬਧ ॥
ਹੇ ਕਬੀਰ! ਹੇ ਦ੍ਵੈਤ! ਸਾਰੀ ਸ੍ਰਿਸ਼ਟੀ ਵਿਚ ਹੀ (ਤੂੰ ਬਹੁਤ ਬਲੀ ਹੈਂ) ਤੈਨੂੰ ਬੜੀ ਔਖਿਆਈ ਨਾਲ ਹੀ ਮੁਕਾਇਆ ਜਾ ਸਕਦਾ ਹੈ।
ਖਟ ਦਰਸਨ ਸੰਸੇ ਪਰੇ ਅਰੁ ਚਉਰਾਸੀਹ ਸਿਧ ॥੨੦੨॥
(ਹੱਜ ਕਰਨ ਤੇ ਕੁਰਬਾਨੀ ਦੇਣ ਵਾਲੇ ਮੁੱਲਾਂ, ਜਾਂ ਠਾਕੁਰ-ਪੂਜਾ ਕਰਨ ਕਰਾਣ ਵਾਲੇ ਬ੍ਰਾਹਮਣ ਤਾਂ ਕਿਤੇ ਰਹੇ) ਛੇ ਭੇਖਾਂ ਦੇ ਤਿਆਗੀ ਅਤੇ (ਜੋਗ ਦੇ ਸਾਧਨਾਂ ਵਿਚ ਪ੍ਰਪੱਕ ਹੋਏ) ਚੌਰਾਸੀ ਸਿੱਧ ਭੀ, ਹੇ ਦੁਇ! ਤੈਥੋਂ ਸਹਿਮੇ ਹੋਏ ਹਨ ॥੨੦੨॥
ਕਬੀਰ ਮੇਰਾ ਮੁਝ ਮਹਿ ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ ॥
ਹੇ ਕਬੀਰ! (ਇਸ ‘ਦੁਇ’ ਨੂੰ ਮਿਟਾਣ ਲਈ ਨਾਹ ਹੱਜ, ਕੁਰਬਾਨੀਆਂ, ਨਾਹ ਠਾਕੁਰ-ਪੂਜਾ ਨਾਹ ਬ੍ਰਾਹਮਣ ਦੀ ਸੇਵਾ, ਨਾਹ ਤਿਆਗ ਤੇ ਨਾਹ ਜੋਗ-ਸਾਧਨ-ਇਹ ਕੋਈ ਭੀ ਸਹਾਇਤਾ ਨਹੀਂ ਕਰਦੇ। ਸਿਰਫ਼ ਇੱਕੋ ਹੀ ਤਰੀਕਾ ਹੈ ਉਹ ਇਹ ਕਿ ਆਪਣਾ ਆਪ ਪ੍ਰਭੂ ਦੇ ਹਵਾਲੇ ਕੀਤਾ ਜਾਏ, ਇਸੇ ਦਾ ਨਾਮ ‘ਦਿਲ-ਸਾਬਤਿ’ ਹੈ। ਸੋ, ਪ੍ਰਭੂ ਦੇ ਦਰ ਤੇ ਅਰਦਾਸ ਕਰ ਤੇ ਆਖ-) ਹੇ ਪ੍ਰਭੂ! ਜੋ ਕੁਝ ਮੇਰੇ ਪਾਸ ਹੈ (ਇਹ ਤਨ ਮਨ ਧਨ), ਇਸ ਵਿਚ ਕੋਈ ਚੀਜ਼ ਐਸੀ ਨਹੀਂ ਜਿਸ ਨੂੰ ਮੈਂ ਆਪਣੀ ਆਖ ਸਕਾਂ; ਜੋ ਕੁਝ ਮੇਰੇ ਕੋਲ ਹੈ ਸਭ ਤੇਰਾ ਹੀ ਦਿੱਤਾ ਹੋਇਆ ਹੈ।
ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ ॥੨੦੩॥
(ਜੇ ਤੇਰੀ ਮੇਹਰ ਹੋਵੇ ਤਾਂ) ਤੇਰਾ ਬਖ਼ਸ਼ਿਆ ਹੋਇਆ (ਇਹ ਤਨ ਮਨ ਧਨ) ਮੈਂ ਤੇਰੀ ਭੇਟ ਕਰਦਾ ਹਾਂ, ਇਸ ਵਿਚ ਮੇਰੇ ਪੱਲਿਓਂ ਕੁਝ ਖ਼ਰਚ ਨਹੀਂ ਹੁੰਦਾ ॥੨੦੩॥
ਕਬੀਰ ਤੂੰ ਤੂੰ ਕਰਤਾ ਤੂ ਹੂਆ ਮੁਝ ਮਹਿ ਰਹਾ ਨ ਹੂੰ ॥
ਹੇ ਕਬੀਰ! (ਪ੍ਰਭੂ ਦੇ ਦਰ ਤੇ ਇਉਂ ਆਖ-ਹੇ ਪ੍ਰਭੂ! ਤੇਰੀ ਮੇਹਰ ਨਾਲ) ਹਰ ਵੇਲੇ ਤੇਰਾ ਸਿਮਰਨ ਕਰਦਿਆਂ ਮੈਂ ਤੇਰੇ ਵਿਚ ਹੀ ਲੀਨ ਹੋ ਗਿਆ ਹਾਂ, ਮੇਰੇ ਅੰਦਰ ‘ਮੈਂ ਮੈਂ’ ਦਾ ਖ਼ਿਆਲ ਰਹਿ ਹੀ ਨਹੀਂ ਗਿਆ।
ਜਬ ਆਪਾ ਪਰ ਕਾ ਮਿਟਿ ਗਇਆ ਜਤ ਦੇਖਉ ਤਤ ਤੂ ॥੨੦੪॥
(ਤੇਰਾ ਸਿਮਰਨ ਕਰਦਿਆਂ ਹੁਣ) ਜਦੋਂ (ਮੇਰੇ ਅੰਦਰੋਂ ਆਪਣੇ ਪਰਾਏ ਵਾਲਾ ਵਿਤਕਰਾ ਮਿਟ ਗਿਆ ਹੈ (‘ਦੁਇ’ ਮਿਟ ਗਈ ਹੈ), ਮੈਂ ਜਿਧਰ ਵੇਖਦਾ ਹਾਂ ਮੈਨੂੰ (ਹਰ ਥਾਂ) ਤੂੰ ਹੀ ਦਿਸ ਰਿਹਾ ਹੈਂ ॥੨੦੪॥
ਕਬੀਰ ਬਿਕਾਰਹ ਚਿਤਵਤੇ ਝੂਠੇ ਕਰਤੇ ਆਸ ॥
ਹੇ ਕਬੀਰ! (ਜੋ ਮਨੁੱਖ ‘ਦੁਇ’ ਵਿਚ ਫਸੇ ਰਹਿ ਕੇ ਪ੍ਰਭੂ ਦਾ ਸਿਮਰਨ ਨਹੀਂ ਕਰਦੇ) ਜੋ ਸਦਾ ਭੈੜੇ ਕੰਮ ਕਰਨ ਦੀਆਂ ਹੀ ਸੋਚਾਂ ਸੋਚਦੇ ਰਹਿੰਦੇ ਹਨ, ਜੋ ਸਦਾ ਇਹਨਾਂ ਨਾਸਵੰਤ ਪਦਾਰਥਾਂ ਦੀਆਂ ਹੀ ਤਾਂਘਾਂ ਤਾਂਘਦੇ ਰਹਿੰਦੇ ਹਨ,
ਮਨੋਰਥੁ ਕੋਇ ਨ ਪੂਰਿਓ ਚਾਲੇ ਊਠਿ ਨਿਰਾਸ ॥੨੦੫॥
ਉਹ ਮਨੁੱਖ ਦਿਲ ਦੀਆਂ ਆਸਾਂ ਨਾਲ ਲੈ ਕੇ ਹੀ (ਇਥੋਂ) ਤੁਰ ਪੈਂਦੇ ਹਨ, ਉਹਨਾਂ ਦੇ ਮਨ ਦੀ ਕੋਈ ਦੌੜ-ਭੱਜ ਪੂਰੀ ਨਹੀਂ ਹੁੰਦੀ (ਭਾਵ, ਕਿਸੇ ਭੀ ਪਦਾਰਥ ਦੇ ਮਿਲਣ ਨਾਲ ਉਹਨਾਂ ਦੇ ਮਨ ਦੀ ਦੌੜ-ਭੱਜ ਮੁੱਕਦੀ ਨਹੀਂ, ਆਸਾਂ ਹੋਰ ਹੋਰ ਵਧਦੀਆਂ ਜਾਂਦੀਆਂ ਹਨ) ॥੨੦੫॥
ਕਬੀਰ ਹਰਿ ਕਾ ਸਿਮਰਨੁ ਜੋ ਕਰੈ ਸੋ ਸੁਖੀਆ ਸੰਸਾਰਿ ॥
ਹੇ ਕਬੀਰ! ਜੋ ਮਨੁੱਖ ਪਰਮਾਤਮਾ ਦੀ ਯਾਦ ਹਿਰਦੇ ਵਿਚ ਵਸਾਂਦਾ ਹੈ, ਉਹ ਇਸ ਜਗਤ ਵਿਚ ਸੁਖੀ ਜੀਵਨ ਬਿਤੀਤ ਕਰਦਾ ਹੈ;
ਇਤ ਉਤ ਕਤਹਿ ਨ ਡੋਲਈ ਜਿਸ ਰਾਖੈ ਸਿਰਜਨਹਾਰ ॥੨੦੬॥
ਉਹ ਮਨੁੱਖ ਇਸ ਲੋਕ ਤੇ ਪਰਲੋਕ ਵਿਚ ਕਿਤੇ ਭੀ (ਇਹਨਾਂ ਵਿਕਾਰਾਂ ਤੇ ਆਸਾਂ ਦੇ ਕਾਰਨ) ਭਟਕਦਾ ਨਹੀਂ ਹੈ, ਕਿਉਂਕਿ ਪਰਮਾਤਮਾ ਆਪ ਉਸ ਨੂੰ ਇਹਨਾਂ ਤੋਂ ਬਚਾਂਦਾ ਹੈ ॥੨੦੬॥
ਕਬੀਰ ਘਾਣੀ ਪੀੜਤੇ ਸਤਿਗੁਰ ਲੀਏ ਛਡਾਇ ॥
ਹੇ ਕਬੀਰ! (ਦੁਨੀਆ ਦੇ ਜੀਵ ਵਿਕਾਰਾਂ ਤੇ ਦੁਨਿਆਵੀ ਆਸਾਂ ਦੀ) ਘਾਣੀ ਵਿਚ (ਇਉਂ) ਪੀੜੇ ਜਾ ਰਹੇ ਹਨ, (ਜਿਵੇਂ ਕੋਹਲੂ ਵਿਚ ਤਿਲ ਪੀੜੀਦੇ ਹਨ;) (ਪਰ ਜੋ ਜੋ ‘ਹਰਿ ਕਾ ਸਿਮਰਨੁ ਕਰੈ’) ਉਹਨਾਂ ਨੂੰ ਸਤਿਗੁਰੂ (ਇਸ ਘਾਣੀ ਵਿਚੋਂ) ਬਚਾ ਲੈਂਦਾ ਹੈ।
ਪਰਾ ਪੂਰਬਲੀ ਭਾਵਨੀ ਪਰਗਟੁ ਹੋਈ ਆਇ ॥੨੦੭॥
(ਪ੍ਰਭੂ ਚਰਨਾਂ ਨਾਲ ਉਹਨਾਂ ਦਾ) ਪਿਆਰ ਜੋ ਧੁਰ ਤੋਂ ਤੁਰਿਆ ਆ ਰਿਹਾ ਸੀ (ਪਰ ਜੋ ਇਹਨਾਂ ਵਿਕਾਰਾਂ ਤੇ ਆਸਾਂ ਹੇਠ ਨੱਪਿਆ ਗਿਆ ਸੀ, ਉਹ ਸਿਮਰਨ ਦੀ ਬਰਕਤਿ ਤੇ ਸਤਿਗੁਰੂ ਦੀ ਮੇਹਰ ਨਾਲ) ਮੁੜ ਹਿਰਦੇ ਵਿਚ ਚਮਕ ਪੈਂਦਾ ਹੈ ॥੨੦੭॥
ਕਬੀਰ ਟਾਲੈ ਟੋਲੈ ਦਿਨੁ ਗਇਆ ਬਿਆਜੁ ਬਢੰਤਉ ਜਾਇ ॥
ਹੇ ਕਬੀਰ! (ਜੋ ਮਨੁੱਖ ਗੁਰੂ ਦੀ ਸਰਨ ਨਹੀਂ ਆਉਂਦੇ, ਉਹਨਾਂ ਦੇ ਕੀਤੇ ਵਿਕਾਰਾਂ ਤੇ ਬਣਾਈਆਂ ਆਸਾਂ ਦੇ ਕਾਰਨ ਸਿਮਰਨ ਵਲੋਂ) ਅੱਜ-ਭਲਕ ਕਰਦਿਆਂ ਉਹਨਾਂ ਦੀ ਉਮਰ ਦਾ ਸਮਾਂ ਗੁਜ਼ਰਦਾ ਜਾਂਦਾ ਹੈ, (ਵਿਕਾਰਾਂ ਤੇ ਆਸਾਂ ਦਾ) ਵਿਆਜ ਵਧਦਾ ਜਾਂਦਾ ਹੈ।
ਨਾ ਹਰਿ ਭਜਿਓ ਨ ਖਤੁ ਫਟਿਓ ਕਾਲੁ ਪਹੂੰਚੋ ਆਇ ॥੨੦੮॥
ਨਾਹ ਹੀ ਉਹ ਪਰਮਾਤਮਾ ਦਾ ਸਿਮਰਨ ਕਰਦੇ ਹਨ, ਨਾਹ ਹੀ ਉਹਨਾਂ ਦਾ (ਵਿਕਾਰਾਂ ਤੇ ਆਸਾਂ ਦਾ ਇਹ) ਲੇਖਾ ਮੁੱਕਦਾ ਹੈ। (ਬੱਸ! ਇਹਨਾਂ ਵਿਕਾਰਾਂ ਤੇ ਆਸਾਂ ਵਿਚ ਫਸੇ ਹੋਇਆਂ ਦੇ ਸਿਰ ਉਤੇ) ਮੌਤ ਆ ਅੱਪੜਦੀ ਹੈ ॥੨੦੮॥
ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤ ॥
ਤ੍ਰਿਲੋਚਨ ਆਖਦਾ ਹੈ ਕਿ ਹੇ ਮਿੱਤ੍ਰ ਨਾਮਦੇਵ! ਤੂੰ ਤਾਂ ਮਾਇਆ ਵਿਚ ਫਸਿਆ ਜਾਪਦਾ ਹੈਂ।
ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ ॥੨੧੨॥
ਇਹ ਅੰਬਰੇ ਕਿਉਂ ਠੇਕ ਰਿਹਾ ਹੈਂ? ਪਰਮਾਤਮਾ ਦੇ (ਚਰਨਾਂ) ਨਾਲ ਕਿਉਂ ਚਿੱਤ ਨਹੀਂ ਜੋੜਦਾ? ॥੨੧੨॥
ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮੑਾਲਿ ॥
ਨਾਮਦੇਵ (ਅੱਗੋਂ) ਉੱਤਰ ਦੇਂਦਾ ਹੈ- ਹੇ ਤ੍ਰਿਲੋਚਨ! ਮੂੰਹ ਨਾਲ ਪਰਮਾਤਮਾ ਦਾ ਨਾਮ ਲੈ;
ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ ॥੨੧੩॥
ਹੱਥ ਪੈਰ ਵਰਤ ਕੇ ਸਾਰਾ ਕੰਮ-ਕਾਜ ਕਰ, ਅਤੇ ਆਪਣਾ ਚਿਤ ਮਾਇਆ-ਰਹਿਤ ਪਰਮਾਤਮਾ ਨਾਲ ਜੋੜ ॥੨੧੩॥
ਬੀਰ ਕੀਚੜਿ ਆਟਾ ਗਿਰਿ ਪਰਿਆ ਕਿਛੂ ਨ ਆਇਓ ਹਾਥ ॥
ਹੇ ਕਬੀਰ! (ਕੋਈ ਤੀਵੀਂ ਜੁ ਕਿਸੇ ਦੇ ਘਰੋਂ ਆਟਾ ਪੀਹ ਕੇ ਲਿਆਈ, ਆਪਣੇ ਘਰ ਆਉਂਦਿਆਂ ਰਾਹ ਵਿਚ ਉਹ) ਆਟਾ ਚਿੱਕੜ ਵਿਚ ਡਿੱਗ ਪਿਆ, ਉਸ (ਵਿਚਾਰੀ) ਦੇ ਹੱਥ-ਪੱਲੇ ਕੁਝ ਭੀ ਨਾਹ ਪਿਆ।
ਪੀਸਤ ਪੀਸਤ ਚਾਬਿਆ ਸੋਈ ਨਿਬਹਿਆ ਸਾਥ ॥੨੧੫॥
ਚੱਕੀ ਪੀਂਹਦਿਆਂ ਪੀਂਹਦਿਆਂ ਜਿਤਨੇ ਕੁ ਦਾਣੇ ਉਸ ਨੇ ਚੱਬ ਲਏ, ਬੱਸ! ਉਹੀ ਉਸ ਦੇ ਕੰਮ ਆਇਆ ॥੨੧੫॥
ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ ॥
ਹੇ ਕਬੀਰ! (ਜੋ ਮਨੁੱਖ ਹਰ ਰੋਜ਼ ਧਰਮ = ਅਸਥਾਨ ਤੇ ਜਾ ਕੇ ਭਜਨ ਭਗਤੀ ਕਰਨ ਪਿਛੋਂ ਸਾਰਾ ਦਿਨ ਠੱਗੀ-ਫ਼ਰੇਬ ਦੀ ਕਿਰਤ-ਕਮਾਈ ਕਰਦਾ ਹੈ, ਉਹ ਇਸ ਗੱਲੋਂ ਨਾਵਾਕਿਫ਼ ਨਹੀਂ ਕਿ ਇਹ ਮਾੜੀ ਗੱਲ ਹੈ, ਉਸ ਦਾ) ਮਨ ਸਭ ਕੁਝ ਜਾਣਦਾ ਹੈ, ਪਰ ਉਹ ਜਾਣਦਾ ਹੋਇਆ ਭੀ (ਠੱਗੀ ਦੀ ਕਮਾਈ ਵਾਲਾ) ਪਾਪ ਕਰੀ ਜਾਂਦਾ ਹੈ।
ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ ॥੨੧੬॥
(ਪਰਮਾਤਮਾ ਦੀ ਭਗਤੀ ਤਾਂ ਇਕ ਜਗਦਾ ਦੀਵਾ ਹੈ ਜਿਸ ਨੇ ਜ਼ਿੰਦਗੀ ਦੇ ਹਨੇਰੇ ਸਫ਼ਰ ਵਿਚ ਮਨੁੱਖ ਨੂੰ ਰਸਤਾ ਵਿਖਾਣਾ ਹੈ, ਵਿਕਾਰਾਂ ਦੇ ਖੂਹ-ਖਾਤੇ ਵਿਚ ਡਿੱਗਣੋਂ ਬਚਾਣਾ ਹੈ, ਪਰ) ਉਸ ਦੀਵੇ ਤੋਂ ਕੀਹ ਸੁਖ ਜੇ ਉਸ ਦੀਵੇ ਦੇ ਅਸਾਡੇ ਹੱਥ ਵਿਚ ਹੁੰਦਿਆਂ ਭੀ ਅਸੀਂ ਖੂਹ ਵਿਚ ਡਿੱਗ ਪਏ? ॥੨੧੬॥
ਕਬੀਰ ਲਾਗੀ ਪ੍ਰੀਤਿ ਸੁਜਾਨ ਸਿਉ ਬਰਜੈ ਲੋਗੁ ਅਜਾਨੁ ॥
ਹੇ ਕਬੀਰ! (ਜੇ ਤੂੰ “ਚੀਤੁ ਨਿਰੰਜਨ ਨਾਲਿ” ਜੋੜੀ ਰੱਖਣਾ ਹੈ ਤਾਂ ਇਹ ਚੇਤਾ ਰੱਖ ਕਿ ਇਹ) ਮੂਰਖ ਜਗਤ (ਭਾਵ, ਸਾਕ-ਸੰਬੰਧੀਆਂ ਦਾ ਮੋਹ ਅਤੇ ਠੱਗੀ ਦੀ ਕਿਰਤ-ਕਾਰ) ਘਟ ਘਟ ਦੀ ਜਾਨਣ ਵਾਲੇ ਪਰਮਾਤਮਾ ਨਾਲ ਬਣੀ ਪ੍ਰੀਤ ਦੇ ਰਸਤੇ ਵਿਚ ਰੋਕ ਪਾਂਦਾ ਹੈ;
ਤਾ ਸਿਉ ਟੂਟੀ ਕਿਉ ਬਨੈ ਜਾ ਕੇ ਜੀਅ ਪਰਾਨ ॥੨੧੭॥
(ਅਤੇ ਇਸ ਧੋਖੇ ਵਿਚ ਆਇਆਂ ਘਾਟਾ ਹੀ ਘਾਟਾ ਹੈ, ਕਿਉਂਕਿ) ਜਿਸ ਪਰਮਾਤਮਾ ਦੀ ਦਿੱਤੀ ਹੋਈ ਇਹ ਜਿੰਦ-ਜਾਨ ਹੈ ਉਸ ਨਾਲੋਂ ਵਿਛੜੀ ਹੋਈ (ਕਿਸੇ ਹਾਲਤ ਵਿਚ ਭੀ) ਇਹ ਸੋਹਣੀ ਨਹੀਂ ਲੱਗ ਸਕਦੀ (ਸੌਖੀ ਨਹੀਂ ਰਹਿ ਸਕਦੀ) ॥੨੧੭॥
ਕਬੀਰ ਕੋਠੇ ਮੰਡਪ ਹੇਤੁ ਕਰਿ ਕਾਹੇ ਮਰਹੁ ਸਵਾਰਿ ॥
(ਜਿੰਦ-ਦਾਤੇ ਪ੍ਰਭੂ ਨਾਲੋਂ ਵਿਛੁੜੀ ਜਿੰਦ ਸੌਖੀ ਨਹੀਂ ਰਹਿ ਸਕਦੀ, ‘ਤਾ ਸਿਉ ਟੂਟੀ ਕਿਉ ਬਨੈ’; ਤਾਂ ਤੇ) ਹੇ ਕਬੀਰ! (ਉਸ ਜਿੰਦ ਦਾਤੇ ਨੂੰ ਭੁਲਾ ਕੇ) ਘਰ ਮਹਲ-ਮਾੜੀਆਂ ਬੜੇ ਸ਼ੌਕ ਨਾਲ ਸਜਾ ਸਜਾ ਕੇ ਕਿਉਂ ਆਤਮਕ ਮੌਤੇ ਮਰ ਰਹੇ ਹੋ?
ਕਾਰਜੁ ਸਾਢੇ ਤੀਨਿ ਹਥ ਘਨੀ ਤ ਪਉਨੇ ਚਾਰਿ ॥੨੧੮॥
ਤੁਹਾਡੀ ਆਪਣੀ ਲੋੜ ਤਾਂ ਸਾਢੇ ਤਿੰਨ ਹੱਥ ਜ਼ਮੀਨ ਨਾਲ ਪੂਰੀ ਹੋ ਰਹੀ ਹੈ (ਕਿਉਂਕਿ ਹਰ ਰੋਜ਼ ਸੌਣ ਵੇਲੇ ਆਪਣੇ ਕੱਦ ਅਨੁਸਾਰ ਤੁਸੀਂ ਇਤਨੀ ਕੁ ਹੀ ਵਰਤਦੇ ਹੋ), ਪਰ ਜੇ (ਤੁਹਾਡਾ ਕੱਦ ਕੁਝ ਲੰਮਾ ਹੈ, ਜੇ) ਤੁਹਾਨੂੰ ਕੁਝ ਵਧੀਕ ਜ਼ਮੀਨ ਦੀ ਲੋੜ ਪੈਂਦੀ ਹੈ ਤਾਂ ਪੌਣੇ ਚਾਰ ਹੱਥ ਵਰਤ ਲੈਂਦੇ ਹੋਵੋਗੇ ॥੨੧੮॥
ਕਬੀਰ ਜੋ ਮੈ ਚਿਤਵਉ ਨਾ ਕਰੈ ਕਿਆ ਮੇਰੇ ਚਿਤਵੇ ਹੋਇ ॥
ਹੇ ਕਬੀਰ! (“ਚੀਤੁ ਨਿਰੰਜਨ ਨਾਲਿ” ਰੱਖਣ ਦੇ ਥਾਂ ਤੂੰ ਸਾਰਾ ਦਿਨ ਮਾਇਆ ਦੀਆਂ ਹੀ ਸੋਚਾਂ ਸੋਚਦਾ ਰਹਿੰਦਾ ਹੈਂ, ਪਰ ਤੇਰੇ) ਮੇਰੇ ਸੋਚਾਂ ਸੋਚਣ ਨਾਲ ਕੁੱਝ ਨਹੀਂ ਬਣਦਾ; ਪਰਮਾਤਮਾ ਉਹ ਕੁਝ ਨਹੀਂ ਕਰਦਾ ਜੋ ਮੈਂ ਸੋਚਦਾ ਹਾਂ (ਭਾਵ, ਜੋ ਅਸੀਂ ਸੋਚਦੇ ਰਹਿੰਦੇ ਹਾਂ)।
ਅਪਨਾ ਚਿਤਵਿਆ ਹਰਿ ਕਰੈ ਜੋ ਮੇਰੇ ਚਿਤਿ ਨ ਹੋਇ ॥੨੧੯॥
ਪ੍ਰਭੂ ਉਹ ਕੁਝ ਕਰਦਾ ਹੈ ਜੋ ਉਹ ਆਪ ਸੋਚਦਾ ਹੈ, ਤੇ ਜੋ ਕੁਝ ਉਹ ਪਰਮਾਤਮਾ ਸੋਚਦਾ ਹੈ ਉਹ ਅਸਾਡੇ ਚਿੱਤ-ਚੇਤੇ ਭੀ ਨਹੀਂ ਹੁੰਦਾ ॥੨੧੯॥
ਕਬੀਰ ਕਾਇਆ ਕਾਚੀ ਕਾਰਵੀ ਕੇਵਲ ਕਾਚੀ ਧਾਤੁ ॥
ਹੇ ਕਬੀਰ! ਇਹ ਸਰੀਰ ਕੱਚਾ ਲੋਟਾ (ਸਮਝ ਲੈ), ਇਸ ਦਾ ਅਸਲਾ ਨਿਰੋਲ ਕੱਚੀ ਮਿੱਟੀ (ਮਿਥ ਲੈ)।
ਸਾਬਤੁ ਰਖਹਿ ਤ ਰਾਮ ਭਜੁ ਨਾਹਿ ਤ ਬਿਨਠੀ ਬਾਤ ॥੨੨੨॥
ਜੇ ਤੂੰ ਇਸ ਨੂੰ (ਬਾਹਰਲੇ ਭੈੜੇ ਅਸਰਾਂ ਤੋਂ) ਪਵ੍ਰਿਤ ਰੱਖਣਾ ਲੋੜਦਾ ਹੈਂ ਤਾਂ ਪਰਮਾਤਮਾ ਦਾ ਨਾਮ ਸਿਮਰ, ਨਹੀਂ ਤਾਂ (ਮਨੁੱਖਾ ਜਨਮ ਦੀ ਇਹ) ਖੇਡ ਵਿਗੜੀ ਹੀ ਜਾਣ ਲੈ (ਭਾਵ, ਜ਼ਰੂਰ ਵਿਗੜ ਜਾਇਗੀ) ॥੨੨੨॥
ਕਬੀਰ ਕੇਸੋ ਕੇਸੋ ਕੂਕੀਐ ਨ ਸੋਈਐ ਅਸਾਰ ॥
ਹੇ ਕਬੀਰ! (ਜੇ ਇਸ ਸਰੀਰ ਨੂੰ ਵਿਕਾਰਾਂ ਵਲੋਂ ‘ਸਾਬਤੁ ਰਖਹਿ ਤ’) ਹਰ ਵੇਲੇ ਪਰਮਾਤਮਾ ਦਾ ਨਾਮ ਯਾਦ ਕਰਦੇ ਰਹੀਏ, ਕਿਸੇ ਵੇਲੇ ਭੀ ਵਿਕਾਰਾਂ ਵਲੋਂ ਬੇ-ਪਰਵਾਹ ਨਾਹ ਹੋਈਏ।
ਰਾਤਿ ਦਿਵਸ ਕੇ ਕੂਕਨੇ ਕਬਹੂ ਕੇ ਸੁਨੈ ਪੁਕਾਰ ॥੨੨੩॥
ਜੇ ਦਿਨ ਰਾਤ (ਹਰ ਵੇਲੇ) ਪਰਮਾਤਮਾ ਨੂੰ ਸਿਮਰਦੇ ਰਹੀਏ ਤਾਂ ਕਿਸੇ ਨ ਕਿਸੇ ਵੇਲੇ ਉਹ ਪ੍ਰਭੂ ਜੀਵ ਦੀ ਅਰਦਾਸ ਸੁਣ ਹੀ ਲੈਂਦਾ ਹੈ (ਤੇ ਇਸ ਨੂੰ ਆਤਮਕ ਮੌਤੇ ਮਰਨੋਂ ਬਚਾ ਲੈਂਦਾ ਹੈ) ॥੨੨੩॥
ਕਬੀਰ ਕਾਇਆ ਕਜਲੀ ਬਨੁ ਭਇਆ ਮਨੁ ਕੁੰਚਰੁ ਮਯ ਮੰਤੁ ॥
ਹੇ ਕਬੀਰ! (ਜੇ ਕੇਸੋ ਕੇਸੋ ਨਾਹ ਕੂਕੀਏ, ਜੇ ਪਰਮਾਤਮਾ ਦਾ ਸਿਮਰਨ ਨਾਹ ਕਰੀਏ ਤਾਂ ਅਨੇਕਾਂ ਵਿਕਾਰ ਪੈਦਾ ਹੋ ਜਾਣ ਕਰਕੇ) ਇਹ ਮਨੁੱਖਾ ਸਰੀਰ, ਮਾਨੋ, ‘ਕਜਲੀ ਬਨੁ’ ਬਣ ਜਾਂਦਾ ਹੈ ਜਿਸ ਵਿਚ ਮਨ-ਹਾਥੀ ਆਪਣੇ ਮਦ ਵਿਚ ਮੱਤਾ ਹੋਇਆ ਫਿਰਦਾ ਹੈ।
ਅੰਕਸੁ ਗੵਾਨੁ ਰਤਨੁ ਹੈ ਖੇਵਟੁ ਬਿਰਲਾ ਸੰਤੁ ॥੨੨੪॥
ਇਸ ਹਾਥੀ ਨੂੰ ਕਾਬੂ ਵਿਚ ਰੱਖਣ ਲਈ ਗੁਰੂ ਦਾ ਸ੍ਰੇਸ਼ਟ ਗਿਆਨ ਹੀ ਕੁੰਡਾ ਬਣ ਸਕਦਾ ਹੈ, ਕੋਈ ਭਾਗਾਂ ਵਾਲਾ ਗੁਰਮੁਖਿ (ਇਸ ਗਿਆਨ-ਕੁੰਡੇ ਨੂੰ ਵਰਤ ਕੇ ਮਨ-ਹਾਥੀ ਨੂੰ) ਚਲਾਣ-ਜੋਗਾ ਹੁੰਦਾ ਹੈ ॥੨੨੪॥
ਕਬੀਰ ਰਾਮ ਰਤਨੁ ਮੁਖੁ ਕੋਥਰੀ ਪਾਰਖ ਆਗੈ ਖੋਲਿ ॥
ਹੇ ਕਬੀਰ! ਪਰਮਾਤਮਾ ਦਾ ਨਾਮ (ਦੁਨੀਆ ਵਿਚ) ਸਭ ਤੋਂ ਕੀਮਤੀ ਪਦਾਰਥ ਹੈ, (ਇਸ ਪਦਾਰਥ ਨੂੰ ਸਾਂਭ ਕੇ ਰੱਖਣ ਵਾਸਤੇ) ਆਪਣੇ ਮੂੰਹ ਨੂੰ ਗੁੱਥੀ ਬਣਾ ਤੇ ਇਸ ਰਤਨ ਦੀ ਕਦਰ-ਕੀਮਤ ਜਾਣਨ ਵਾਲੇ ਕਿਸੇ ਗੁਰਮੁਖਿ ਦੇ ਅੱਗੇ ਹੀ ਮੂੰਹ ਖੋਲ੍ਹਣਾ (ਭਾਵ, ਸਤਸੰਗ ਵਿਚ ਪ੍ਰਭੂ-ਨਾਮ ਦੀ ਸਿਫ਼ਤ-ਸਾਲਾਹ ਕਰ)।
ਕੋਈ ਆਇ ਮਿਲੈਗੋ ਗਾਹਕੀ ਲੇਗੋ ਮਹਗੇ ਮੋਲਿ ॥੨੨੫॥
ਜਦੋਂ ਨਾਮ-ਰਤਨ ਦੀ ਕਦਰ ਜਾਨਣ ਵਾਲਾ ਕੋਈ ਗਾਹਕ ਸਤਸੰਗ ਵਿਚ ਆ ਅੱਪੜਦਾ ਹੈ ਤਾਂ ਉਹ ਆਪਣਾ ਮਨ ਗੁਰੂ ਦੇ ਹਵਾਲੇ ਕਰ ਕੇ ਨਾਮ ਰਤਨ ਨੂੰ ਖ਼ਰੀਦਦਾ ਹੈ ॥੨੨੫॥
ਕਬੀਰ ਰਾਮ ਨਾਮੁ ਜਾਨਿਓ ਨਹੀ ਪਾਲਿਓ ਕਟਕੁ ਕੁਟੰਬੁ ॥
(ਪਰ), ਹੇ ਕਬੀਰ! ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ-ਰਤਨ ਦੀ ਕਦਰ-ਕੀਮਤ ਨਹੀਂ ਪੈਂਦੀ, ਉਹ (ਨਾਮ-ਰਤਨ ਨੂੰ ਵਿਸਾਰ ਕੇ ਸਾਰੀ ਉਮਰ) ਬਹੁਤਾ ਟੱਬਰ ਹੀ ਪਾਲਦਾ ਰਹਿੰਦਾ ਹੈ;
ਧੰਧੇ ਹੀ ਮਹਿ ਮਰਿ ਗਇਓ ਬਾਹਰਿ ਭਈ ਨ ਬੰਬ ॥੨੨੬॥
ਦੁਨੀਆ ਦੇ ਧੰਧਿਆਂ ਵਿਚ ਹੀ ਖਪ ਖਪ ਕੇ ਉਹ ਮਨੁੱਖ ਆਤਮਕ ਮੌਤੇ ਮਰ ਜਾਂਦਾ ਹੈ, ਇਹਨਾਂ ਖਪਾਣਿਆਂ ਵਿਚੋਂ ਨਿਕਲ ਕੇ ਕਦੇ ਉਸ ਦੇ ਮੂੰਹੋਂ ਰਾਮ-ਨਾਮ ਦੀ ਆਵਾਜ਼ ਨਹੀਂ ਨਿਕਲਦੀ (ਨਾਹ ਹੀ ਇਹਨਾਂ ਖਪਾਣਿਆਂ ਵਿਚੋਂ ਕਦੇ ਉਸ ਨੂੰ ਵੇਹਲ ਮਿਲਦੀ ਹੈ, ਤੇ ਨਾਹ ਉਹ ਕਦੇ ਪਰਮਾਤਮਾ ਦਾ ਨਾਮ ਮੂੰਹੋਂ ਉਚਾਰਦਾ ਹੈ) ॥੨੨੬॥
ਕਬੀਰ ਆਖੀ ਕੇਰੇ ਮਾਟੁਕੇ ਪਲੁ ਪਲੁ ਗਈ ਬਿਹਾਇ ॥
ਹੇ ਕਬੀਰ! (ਉਸ ਬਦ-ਨਸੀਬ ਦਾ ਹਾਲ ਵੇਖ ਜੋ ਪ੍ਰਭੂ-ਨਾਮ ਦੀ ਕਦਰ-ਕੀਮਤ ਨਾਹ ਜਾਣਦਾ ਹੋਇਆ ਸਾਰੀ ਉਮਰ ਕੁਟੰਬ ਪਾਲਣ ਵਿਚ ਹੀ ਗੁਜ਼ਾਰਦਾ ਹੈ ਤੇ ਕਦੇ ਭੀ ਪ੍ਰਭੂ-ਨਾਮ ਮੂੰਹੋਂ ਨਹੀਂ ਉਚਾਰਦਾ! ਥੋੜੀ ਥੋੜੀ ਕਰ ਕੇ ਬੇ-ਮਲੂਮੇ ਜਿਹੇ) ਉਸ ਦੀ ਉਮਰ ਅੱਖਾਂ ਦੇ ਝਮਕਣ ਜਿਤਨਾ ਸਮਾਂ ਤੇ ਪਲ ਪਲ ਕਰ ਕੇ ਬੀਤ ਜਾਂਦੀ ਹੈ;
ਮਨੁ ਜੰਜਾਲੁ ਨ ਛੋਡਈ ਜਮ ਦੀਆ ਦਮਾਮਾ ਆਇ ॥੨੨੭॥
ਫਿਰ ਭੀ ਉਸ ਦਾ ਮਨ (ਕੁਟੰਬ ਦਾ) ਜੰਜਾਲ ਨਹੀਂ ਛੱਡਦਾ, ਆਖ਼ਰ ਜਮ ਮੌਤ ਦਾ ਨਗਾਰਾ ਆ ਵਜਾਂਦੇ ਹਨ ॥੨੨੭॥
ਕਬੀਰ ਤਰਵਰ ਰੂਪੀ ਰਾਮੁ ਹੈ ਫਲ ਰੂਪੀ ਬੈਰਾਗੁ ॥
ਹੇ ਕਬੀਰ! (ਵਿਕਾਰਾਂ ਦੀ ਤਪਸ਼ ਨਾਲ ਤਪ ਰਹੇ ਇਸ ਸੰਸਾਰ ਵਿਚ) ਪ੍ਰਭੂ ਦਾ ਨਾਮ ਇਕ ਸੋਹਣਾ ਰੁੱਖ ਹੈ।
ਛਾਇਆ ਰੂਪੀ ਸਾਧੁ ਹੈ ਜਿਨਿ ਤਜਿਆ ਬਾਦੁ ਬਿਬਾਦੁ ॥੨੨੮॥
ਜਿਸ ਮਨੁੱਖ ਨੇ (ਆਪਣੇ ਅੰਦਰੋਂ ਇਹਨਾਂ ਵਿਕਾਰਾਂ ਦਾ) ਝਗੜਾ-ਝਾਂਜਾ ਮੁਕਾ ਦਿੱਤਾ ਹੈ ਉਹ ਗੁਰਮੁਖਿ ਇਸ ਰੁੱਖ ਦੀ, ਮਾਨੋ, ਛਾਂ ਹੈ। (ਜੋ ਭਾਗਾਂ ਵਾਲਾ ਬੰਦਾ ਉਸ ਤਪਸ਼ ਤੋਂ ਬਚਣ ਲਈ ਇਸ ਛਾਂ ਦਾ ਆਸਰਾ ਲੈਂਦਾ ਹੈ ਉਸ ਨੂੰ) ਵੈਰਾਗ-ਰੂਪ ਫਲ (ਹਾਸਲ ਹੁੰਦਾ) ਹੈ ॥੨੨੮॥
ਕਬੀਰ ਐਸਾ ਬੀਜੁ ਬੋਇ ਬਾਰਹ ਮਾਸ ਫਲੰਤ ॥
ਹੇ ਕਬੀਰ! (“ਜਿਨਿ ਤਜਿਆ ਬਾਦੁ ਬਿਬਾਦੁ” ਉਸ ‘ਸਾਧ’ ਦੀ ਸੰਗਤ ਵਿਚ ਰਹਿ ਕੇ ਤੂੰ ਵੀ ਆਪਣੇ ਹਿਰਦੇ ਦੀ ਧਰਤੀ ਵਿਚ ਪਰਮਾਤਮਾ ਦੇ ਨਾਮ ਦਾ) ਇਕ ਅਜੇਹਾ ਬੀ ਬੀਜ ਜੋ ਸਦਾ ਹੀ ਫਲ ਦੇਂਦਾ ਰਹਿੰਦਾ ਹੈ;
ਸੀਤਲ ਛਾਇਆ ਗਹਿਰ ਫਲ ਪੰਖੀ ਕੇਲ ਕਰੰਤ ॥੨੨੯॥
ਉਸ ਦਾ ਆਸਰਾ ਲਈਏ ਤਾਂ ਅੰਦਰ ਠੰਢ ਪੈਂਦੀ ਹੈ, ਫਲ ਮਿਲਦਾ ਹੈ ਕਿ ਦੁਨੀਆ ਦੇ “ਬਾਦ ਬਿਬਾਦ” ਵਲੋਂ ਮਨ ਟਿਕ ਜਾਂਦਾ ਹੈ, ਤੇ ਸਾਰੇ ਗਿਆਨ-ਇੰਦ੍ਰੇ (ਜੋ ਪਹਿਲਾਂ ਪੰਛੀਆਂ ਵਾਂਗ ਥਾਂ ਥਾਂ ਤੇ ਚੋਗ ਲਈ ਭਟਕਦੇ ਸਨ, ਹੁਣ ਪ੍ਰਭੂ ਦੇ ਨਾਮ ਦਾ) ਆਨੰਦ ਲੈਂਦੇ ਹਨ ॥੨੨੯॥
ਕਬੀਰ ਦਾਤਾ ਤਰਵਰੁ ਦਯਾ ਫਲੁ ਉਪਕਾਰੀ ਜੀਵੰਤ ॥
ਹੇ ਕਬੀਰ! (“ਜਿਨਿ ਤਜਿਆ ਬਾਦੁ ਬਿਬਾਦੁ”) ਉਹ ‘ਸਾਧੂ’ ਆਪਣੀ ਸਾਰੀ ਉਮਰ ਉਪਕਾਰ ਵਿਚ ਹੀ ਗੁਜ਼ਾਰਦਾ ਹੈ; ਪ੍ਰਭੂ ਦੇ ਨਾਮ ਦੀ ਦਾਤ ਦੇਣ ਵਾਲਾ ਉਹ ‘ਸਾਧੂ’ ਵਿਕਾਰਾਂ ਵਿਚ ਤਪਦੇ ਸਾਰੇ ਇਸ ਸੰਸਾਰ ਲਈ), ਮਾਨੋ, ਇਕ ਸੋਹਣਾ ਰੁੱਖ ਹੈ, ਉਸ ਪਾਸੋਂ ‘ਜੀਅ-ਦਇਆ’ ਦੀ ਦਾਤ ਪ੍ਰਾਪਤ ਹੁੰਦੀ ਹੈ।
ਪੰਖੀ ਚਲੇ ਦਿਸਾਵਰੀ ਬਿਰਖਾ ਸੁਫਲ ਫਲੰਤ ॥੨੩੦॥
ਸੰਸਾਰੀ ਜੀਵ ਤਾਂ ਹੋਰ ਹੋਰ ਧੰਧਿਆਂ ਵਿਚ ਰੁੱਝੇ ਰਹਿੰਦੇ ਹਨ, ਪਰ ਗੁਰਮੁਖ ‘ਸਾਧ’ ਸਦਾ ਇਹੀ ਸਿੱਖਿਆ ਦੇਂਦਾ ਰਹਿੰਦਾ ਹੈ ਕਿ ਸਭ ਨਾਲ ਦਇਆ-ਪਿਆਰ ਵਰਤੋ ॥੨੩੦॥
ਕਬੀਰ ਸਾਧੂ ਸੰਗੁ ਪਰਾਪਤੀ ਲਿਖਿਆ ਹੋਇ ਲਿਲਾਟ ॥
ਹੇ ਕਬੀਰ! “ਜਿਨਿ ਤਜਿਆ ਬਾਦੁ ਬਿਬਾਦੁ” ਉਸ ਸਾਧੂ-ਗੁਰਮੁਖਿ ਦੀ ਸੰਗਤ ਉਸ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ ਜਿਸ ਦੇ ਬੜੇ ਚੰਗੇ ਭਾਗ ਹੋਣ।
ਮੁਕਤਿ ਪਦਾਰਥੁ ਪਾਈਐ ਠਾਕ ਨ ਅਵਘਟ ਘਾਟ ॥੨੩੧॥
ਉਸ ਦੀ ਸੰਗਤ ਤੋਂ ਫਲ ਇਹ ਮਿਲਦਾ ਹੈ ਕਿ ਦੁਨੀਆ ਦੇ “ਬਾਦ ਬਿਬਾਦ” ਤੋਂ ਖ਼ਲਾਸੀ ਹੋ ਜਾਂਦੀ ਹੈ, ਕੋਈ ਭੀ ਵਿਕਾਰ ਇਸ ਔਖੇ ਸਫ਼ਰ ਦੇ ਰਾਹ ਵਿਚ ਰੋਕ ਨਹੀਂ ਪਾਂਦਾ ॥੨੩੧॥
ਕਬੀਰ ਏਕ ਘੜੀ ਆਧੀ ਘਰੀ ਆਧੀ ਹੂੰ ਤੇ ਆਧ ॥
ਹੇ ਕਬੀਰ! (ਚੂੰਕਿ ਦੁਨੀਆ ਦੇ “ਬਾਦ ਬਿਬਾਦ” ਤੋਂ ਖ਼ਲਾਸੀ ਸਾਧੂ ਦੀ ਸੰਗਤ ਕੀਤਿਆਂ ਹੀ ਮਿਲਦੀ ਹੈ, ਇਸ ਵਾਸਤੇ) ਇੱਕ ਘੜੀ, ਅੱਧੀ ਘੜੀ, ਘੜੀ ਦਾ ਚੌਥਾ ਹਿੱਸਾ-
ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ ॥੨੩੨॥
ਜਿਤਨਾ ਚਿਰ ਭੀ ਗੁਰਮੁਖਾਂ ਦੀ ਸੰਗਤ ਕੀਤੀ ਜਾਏ, ਇਸ ਤੋਂ (ਆਤਮਕ ਜੀਵਨ ਵਿਚ) ਨਫ਼ਾ ਹੀ ਨਫ਼ਾ ਹੈ ॥੨੩੨॥
ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ ॥
ਹੇ ਕਬੀਰ! ਜੇ ਲੋਕ ‘ਭਗਤਨ ਸੇਤੀ ਗੋਸਟੇ’ ਕਰ ਕੇ ਤੀਰਥ-ਜਾਤ੍ਰਾ ਵਰਤ-ਨੇਮ ਆਦਿਕ ਭੀ ਕਰਦੇ ਹਨ ਤੇ ਉਹ ਸ਼ਰਾਬੀ ਲੋਕ ਭੰਗ ਮੱਛੀ ਭੀ ਖਾਂਦੇ ਹਨ (ਭਾਵ, ਸਤਸੰਗ ਵਿਚ ਭੀ ਜਾਂਦੇ ਹਨ ਤੇ ਸ਼ਰਾਬ-ਕਬਾਬ ਭੀ ਖਾਂਦੇ ਪੀਂਦੇ ਹਨ, ਵਿਕਾਰ ਭੀ ਕਰਦੇ ਹਨ)
ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾਤਲਿ ਜਾਂਹਿ ॥੨੩੩॥
ਉਹਨਾਂ ਦੇ ਉਹ ਤੀਰਥ ਵਰਤ ਆਦਿਕ ਵਾਲੇ ਸਾਰੇ ਕਰਮ ਬਿਲਕੁਲ ਵਿਅਰਥ ਜਾਂਦੇ ਹਨ ॥੨੩੩॥
ਨੀਚੇ ਲੋਇਨ ਕਰਿ ਰਹਉ ਲੇ ਸਾਜਨ ਘਟ ਮਾਹਿ ॥
(ਹੇ ਮੇਰੀ ਸਤ-ਸੰਗਣ ਸਹੇਲੀਏ! ਜਦੋਂ ਦੀ ਮੈਨੂੰ ‘ਸਾਧੂ ਸੰਗੁ ਪਰਾਪਤੀ’ ਹੋਈ ਹੈ, ਮੈਂ ‘ਭਗਤਨ ਸੇਤੀ ਗੋਸਟੇ’ ਹੀ ਕਰਦੀ ਹਾਂ, ਇਸ ‘ਸਾਧੂ ਸੰਗ’ ਦੀ ਬਰਕਤਿ ਨਾਲ) ਪਿਆਰੇ ਪ੍ਰਭੂ-ਪਤੀ ਨੂੰ ਆਪਣੇ ਹਿਰਦੇ ਵਿਚ ਸਾਂਭ ਕੇ (ਇਹਨਾਂ ‘ਭਾਂਗ ਮਾਛੁਲੀ ਸੁਰਾ’ ਆਦਿਕ ਵਿਕਾਰਾਂ ਵਲੋਂ) ਮੈਂ ਆਪਣੀਆਂ ਅੱਖਾਂ ਨੀਵੀਆਂ ਕਰੀ ਰੱਖਦੀ ਹਾਂ,
ਸਭ ਰਸ ਖੇਲਉ ਪੀਅ ਸਉ ਕਿਸੀ ਲਖਾਵਉ ਨਾਹਿ ॥੨੩੪॥
(ਦੁਨੀਆ ਦੇ ਇਹਨਾਂ ਰਸਾਂ ਨਾਲ ਖੇਡਾਂ ਖੇਡਣ ਦੇ ਥਾਂ) ਮੈਂ ਪ੍ਰਭੂ-ਪਤੀ ਨਾਲ ਸਾਰੇ ਰੰਗ ਮਾਣਦੀ ਹਾਂ; ਪਰ ਮੈਂ (ਇਹ ਭੇਤ) ਕਿਸੇ ਨੂੰ ਨਹੀਂ ਦੱਸਦੀ ॥੨੩੪॥
ਆਠ ਜਾਮ ਚਉਸਠਿ ਘਰੀ ਤੁਅ ਨਿਰਖਤ ਰਹੈ ਜੀਉ ॥
(ਹੇ ਸਖੀ! ਮੈਂ ਸਿਰਫ਼ ਪ੍ਰਭੂ-ਪਤੀ ਨੂੰ ਹੀ ਆਖਦੀ ਹਾਂ ਕਿ ਹੇ ਪਤੀ!) ਅੱਠੇ ਪਹਿਰ ਹਰ ਘੜੀ ਮੇਰੀ ਜਿੰਦ ਤੈਨੂੰ ਹੀ ਤੱਕਦੀ ਰਹਿੰਦੀ ਹੈ।
ਨੀਚੇ ਲੋਇਨ ਕਿਉ ਕਰਉ ਸਭ ਘਟ ਦੇਖਉ ਪੀਉ ॥੨੩੫॥
(ਹੇ ਸਖੀ!) ਮੈਂ ਸਭ ਸਰੀਰਾਂ ਵਿਚ ਪ੍ਰਭੂ-ਪਤੀ ਨੂੰ ਹੀ ਵੇਖਦੀ ਹਾਂ, ਇਸ ਵਾਸਤੇ ਮੈਨੂੰ ਕਿਸੇ ਪ੍ਰਾਣੀ-ਮਾਤ੍ਰ ਤੋਂ ਨਫ਼ਰਤ ਨਹੀਂ ਹੈ ॥੨੩੫॥
ਸੁਨੁ ਸਖੀ ਪੀਅ ਮਹਿ ਜੀਉ ਬਸੈ ਜੀਅ ਮਹਿ ਬਸੈ ਕਿ ਪੀਉ ॥
ਹੇ ਸਹੇਲੀਏ! (‘ਸਾਧੂ ਸੰਗ’ ਦੀ ਬਰਕਤਿ ਨਾਲ ਮੇਰੇ ਅੰਦਰ ਇਕ ਅਚਰਜ ਖੇਡ ਬਣ ਗਈ ਹੈ, ਮੈਨੂੰ ਹੁਣ ਇਹ ਪਤਾ ਨਹੀਂ ਲੱਗਦਾ ਕਿ) ਮੇਰੀ ਜਿੰਦ ਪ੍ਰਭੂ-ਪਤੀ ਵਿਚ ਵੱਸ ਰਹੀ ਹੈ ਜਾਂ ਜਿੰਦ ਵਿਚ ਪਿਆਰਾ ਆ ਵੱਸਿਆ ਹੈ।
ਜੀਉ ਪੀਉ ਬੂਝਉ ਨਹੀ ਘਟ ਮਹਿ ਜੀਉ ਕਿ ਪੀਉ ॥੨੩੬॥
ਹੇ ਸਹੇਲੀਏ! ਤੂੰ ਹੁਣ ਇਹ ਸਮਝ ਹੀ ਨਹੀਂ ਸਕਦੀ ਕਿ ਮੇਰੇ ਅੰਦਰ ਮੇਰੀ ਜਿੰਦ ਹੈ ਜਾਂ ਮੇਰਾ ਪਿਆਰਾ ਪ੍ਰਭੂ-ਪਤੀ ॥੨੩੬॥
ਕਬੀਰ ਬਾਮਨੁ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ ॥
ਪਰ, ਹੇ ਕਬੀਰ! (ਆਖ-ਮੈਨੂੰ ਜੋ ਇਹ ਜੀਵਨ- ਦਾਤ ਮਿਲੀ ਹੈ, ਜੀਵਨ-ਦਾਤੇ ਸਤਿਗੁਰੂ ਤੋਂ ਮਿਲੀ ਹੈ ਜੋ ਆਪ ਭੀ ਨਾਮ ਦਾ ਰਸੀਆ ਹੈ; ਜਨੇਊ ਆਦਿਕ ਦੇ ਕੇ ਤੇ ਕਰਮ-ਕਾਂਡ ਦਾ ਰਾਹ ਦੱਸ ਕੇ) ਬ੍ਰਾਹਮਣ ਸਿਰਫ਼ ਦੁਨੀਆਦਾਰਾਂ ਦਾ ਹੀ ਗੁਰੂ ਅਖਵਾ ਸਕਦਾ ਹੈ, ਭਗਤੀ ਕਰਨ ਵਾਲਿਆਂ ਦਾ ਉਪਦੇਸ਼-ਦਾਤਾ ਬ੍ਰਾਹਮਣ ਨਹੀਂ ਬਣ ਸਕਦਾ,
ਅਰਝਿ ਉਰਝਿ ਕੈ ਪਚਿ ਮੂਆ ਚਾਰਉ ਬੇਦਹੁ ਮਾਹਿ ॥੨੩੭॥
ਕਿਉਂਕਿ ਇਹ ਤਾਂ ਆਪ ਹੀ ਚਹੁੰਆਂ ਵੇਦਾਂ ਦੇ ਜੱਗ ਆਦਿਕ ਕਰਮ-ਕਾਂਡ ਦੀਆਂ ਉਲਝਣਾਂ ਨੂੰ ਸੋਚ ਸੋਚ ਕੇ ਇਹਨਾਂ ਵਿਚ ਹੀ ਖਪ ਖਪ ਕੇ ਆਤਮਕ ਮੌਤ ਮਰ ਚੁੱਕਾ ਹੈ (ਇਸ ਦੀ ਆਪਣੀ ਹੀ ਜਿੰਦ ਪ੍ਰਭੂ-ਮਿਲਾਪ ਦਾ ਆਨੰਦ ਨਹੀਂ ਮਾਣ ਸਕੀ, ਇਹ ਭਗਤਾਂ ਨੂੰ ਉਹ ਸੁਆਦ ਕਿਵੇਂ ਦੇ ਦਿਵਾ ਸਕਦਾ ਹੈ?) ॥੨੩੭॥
ਹਰਿ ਹੈ ਖਾਂਡੁ ਰੇਤੁ ਮਹਿ ਬਿਖਰੀ ਹਾਥੀ ਚੁਨੀ ਨ ਜਾਇ ॥
ਪਰਮਾਤਮਾ ਦਾ ਨਾਮ, ਮਾਨੋ, ਖੰਡ ਹੈ ਜੋ ਰੇਤ ਵਿਚ ਖਿੱਲਰੀ ਹੋਈ ਹੈ, ਹਾਥੀ ਪਾਸੋਂ ਇਹ ਖੰਡ ਰੇਤ ਵਿਚੋਂ ਚੁਣੀ ਨਹੀਂ ਜਾ ਸਕਦੀ।
ਕਹਿ ਕਬੀਰ ਗੁਰਿ ਭਲੀ ਬੁਝਾਈ ਕੀਟੀ ਹੋਇ ਕੈ ਖਾਇ ॥੨੩੮॥
ਕਬੀਰ ਆਖਦਾ ਹੈ ਕਿ ਪੂਰੇ ਸਤਿਗੁਰੂ ਨੇ ਹੀ ਇਹ ਭਲੀ ਮੱਤ ਦਿੱਤੀ ਹੈ ਕਿ ਮਨੁੱਖ ਕੀੜੀ ਬਣ ਕੇ ਇਹ ਖੰਡ ਖਾ ਸਕਦਾ ਹੈ ॥੨੩੮॥
ਕਬੀਰ ਜਉ ਤੁਹਿ ਸਾਧ ਪਿਰੰਮ ਕੀ ਸੀਸੁ ਕਾਟਿ ਕਰਿ ਗੋਇ ॥
ਹੇ ਕਬੀਰ! ਜੇ ਤੈਨੂੰ ਪ੍ਰਭੂ-ਪਿਆਰ ਦੀ ਖੇਡ ਖੇਡਣ ਦੀ ਤਾਂਘ ਹੈ, ਤਾਂ ਆਪਣਾ ਸਿਰ ਕੱਟ ਕੇ ਗੇਂਦ ਬਣਾ ਲੈ (ਇਸ ਤਰ੍ਹਾਂ ਅਹੰਕਾਰ ਦੂਰ ਕਰ ਕਿ ਲੋਕ ਬੇ-ਸ਼ੱਕ ਠੇਡੇ ਪਏ ਮਾਰਨ ‘ਕਬੀਰ ਰੋੜਾ ਹੋਇ ਰਹੁ ਬਾਟ ਕਾ, ਤਜਿ ਮਨ ਕਾ, ਅਭਿਮਾਨੁ’)
ਖੇਲਤ ਖੇਲਤ ਹਾਲ ਕਰਿ ਜੋ ਕਿਛੁ ਹੋਇ ਤ ਹੋਇ ॥੨੩੯॥
ਇਹ ਖੇਡ ਖੇਡਦਾ ਖੇਡਦਾ ਇਤਨਾ ਮਸਤ ਹੋ ਜਾ ਕਿ (ਦੁਨੀਆ ਵਲੋਂ) ਜੋ (ਸਲੂਕ ਤੇਰੇ ਨਾਲ) ਹੋਵੇ ਉਹ ਪਿਆ ਹੋਵੇ ॥੨੩੯॥
ਕਬੀਰ ਜਉ ਤੁਹਿ ਸਾਧ ਪਿਰੰਮ ਕੀ ਪਾਕੇ ਸੇਤੀ ਖੇਲੁ ॥
ਪਰ, ਹੇ ਕਬੀਰ! ਜੇ ਤੈਨੂੰ ਪ੍ਰਭੂ-ਪਿਆਰ ਦੀ ਇਹ ਖੇਡ ਖੇਡਣ ਦੀ ਸਿੱਕ ਹੈ ਤਾਂ ਪੂਰੇ ਸਤਿਗੁਰੂ ਦੀ ਸਰਨ ਪੈ ਕੇ ਖੇਡ; (ਕਰਮ-ਕਾਂਡੀ ਬ੍ਰਾਹਮਣ ਪਾਸ ਇਹ ਚੀਜ਼ ਨਹੀਂ ਹੈ)।
ਕਾਚੀ ਸਰਸਉਂ ਪੇਲਿ ਕੈ ਨਾ ਖਲਿ ਭਈ ਨ ਤੇਲੁ ॥੨੪੦॥
ਕੱਚੀ ਸਰਹੋਂ ਪੀੜਿਆਂ ਨਾਹ ਤੇਲ ਨਿਕਲਦਾ ਹੈ ਤੇ ਨਾਹ ਹੀ ਖਲ ਬਣਦੀ ਹੈ (ਇਹੀ ਹਾਲ ਜਨੇਊ ਆਦਿਕ ਦੇ ਕੇ ਬਣੇ ਕੱਚੇ ਗੁਰੂਆਂ ਦਾ ਹੈ) ॥੨੪੦॥
ਢੂੰਢਤ ਡੋਲਹਿ ਅੰਧ ਗਤਿ ਅਰੁ ਚੀਨਤ ਨਾਹੀ ਸੰਤ ॥
ਜੋ ਮਨੁੱਖ (ਪ੍ਰਭੂ ਦੀ) ਭਾਲ ਤਾਂ ਕਰਦੇ ਹਨ, ਪਰ ਭਗਤ ਜਨਾਂ ਨੂੰ ਪਛਾਣ ਨਹੀਂ ਸਕਦੇ ਉਹ ਅੰਨ੍ਹਿਆਂ ਵਾਂਗ ਹੀ ਟਟੌਲੇ ਮਾਰਦੇ ਹਨ।
ਕਹਿ ਨਾਮਾ ਕਿਉ ਪਾਈਐ ਬਿਨੁ ਭਗਤਹੁ ਭਗਵੰਤੁ ॥੨੪੧॥
ਨਾਮਦੇਵ ਆਖਦਾ ਹੈ ਕਿ ਭਗਤੀ ਕਰਨ ਵਾਲੇ ਬੰਦਿਆਂ (ਦੀ ਸੰਗਤ) ਤੋਂ ਬਿਨਾ ਭਗਵਾਨ ਨਹੀਂ ਮਿਲ ਸਕਦਾ ॥੨੪੧॥
ਹਰਿ ਸੋ ਹੀਰਾ ਛਾਡਿ ਕੈ ਕਰਹਿ ਆਨ ਕੀ ਆਸ ॥
(ਸਾਰੇ ਸੁਖ ਪ੍ਰਭੂ ਦੇ ਸਿਮਰਨ ਵਿਚ ਹਨ, ਪਰ) ਜੋ ਮਨੁੱਖ ਪਰਮਾਤਮਾ ਦਾ ਨਾਮ-ਹੀਰਾ ਛੱਡ ਕੇ ਹੋਰ ਹੋਰ ਥਾਂ ਤੋਂ ਸੁਖਾਂ ਦੀ ਆਸ ਰੱਖਦੇ ਹਨ,
ਤੇ ਨਰ ਦੋਜਕ ਜਾਹਿਗੇ ਸਤਿ ਭਾਖੈ ਰਵਿਦਾਸ ॥੨੪੨॥
ਉਹ ਲੋਕ ਸਦਾ ਦੁੱਖ ਹੀ ਸਹਾਰਦੇ ਹਨ-ਇਹ ਸੱਚੀ ਗੱਲ ਰਵਿਦਾਸ ਦੱਸਦਾ ਹੈ ॥੨੪੨॥
ਕਬੀਰ ਜਉ ਗ੍ਰਿਹੁ ਕਰਹਿ ਤ ਧਰਮੁ ਕਰੁ ਨਾਹੀ ਤ ਕਰੁ ਬੈਰਾਗੁ ॥
ਹੇ ਕਬੀਰ! ਜੇ ਤੂੰ ਘਰ-ਬਾਰੀ ਬਣਦਾ ਹੈਂ ਤਾਂ ਘਰ-ਬਾਰੀ ਵਾਲਾ ਫ਼ਰਜ਼ ਭੀ ਨਿਬਾਹ (ਭਾਵ, ਪ੍ਰਭੂ ਦਾ ਸਿਮਰਨ ਕਰ, ਵਿਕਾਰਾਂ ਤੋਂ ਬਚਿਆ ਰਹੁ ਅਤੇ ਕਿਸੇ ਤੋਂ ਨਫ਼ਰਤ ਨਾਹ ਕਰ। ਪਰ ਗ੍ਰਿਹਸਤ ਵਿਚ ਰਹਿ ਕੇ) ਜੇ ਤੂੰ ਮਾਇਆ ਵਿਚ ਹੀ ਗ਼ਰਕੇ ਰਹਿਣਾ ਹੈ ਤਾਂ ਇਸ ਨੂੰ ਤਿਆਗਣਾ ਹੀ ਭਲਾ ਹੈ।
ਬੈਰਾਗੀ ਬੰਧਨੁ ਕਰੈ ਤਾ ਕੋ ਬਡੋ ਅਭਾਗੁ ॥੨੪੩॥
ਤਿਆਗੀ ਬਣ ਕੇ ਜੋ ਮਨੁੱਖ ਫਿਰ ਭੀ ਨਾਲ ਨਾਲ ਮਾਇਆ ਦਾ ਜੰਜਾਲ ਸਹੇੜਦਾ ਹੈ ਉਸ ਦੀ ਬੜੀ ਬਦ-ਕਿਸਮਤੀ ਸਮਝੋ (ਉਹ ਕਿਸੇ ਥਾਂ ਜੋਗਾ ਨਾਹ ਰਿਹਾ) ॥੨੪੩॥