ਵਡਹੰਸ ਕੀ ਵਾਰ (ਮਹਲਾ 4)-Vadhans ki vaar (Mahalla 4) Path in Punjabi Gurbani

ਵਡਹੰਸ ਕੀ ਵਾਰ (ਮਹਲਾ 4)-Vadhans ki vaar (Mahalla 4) Path in Punjabi Gurbani

ਵਡਹੰਸ ਕੀ ਵਾਰ ਮਹਲਾ ੪ ਲਲਾਂ ਬਹਲੀਮਾ ਕੀ ਧੁਨਿ ਗਾਵਣੀ ॥

ਵਡਹੰਸ ਰਾਗ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ‘ਵਾਰ’। ਲਲਾਂ ਤੇ ਬਹਲੀਮਾ ਦੀ ਧੁਨ ਅਨੁਸਾਰ ਗਾਈ ਜਾਵੇ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਲੋਕ ਮਃ ੩ ॥
ਸਬਦਿ ਰਤੇ ਵਡ ਹੰਸ ਹੈ ਸਚੁ ਨਾਮੁ ਉਰਿ ਧਾਰਿ ॥

ਜੋ ਸੱਚੇ ਨਾਮ ਨੂੰ ਹਿਰਦੇ ਵਿਚ ਪਰੋ ਕੇ ਸਤਿਗੁਰੂ ਦੇ ਸ਼ਬਦ ਵਿਚ ਰੱਤੇ ਹੋਏ ਹਨ, ਉਹ ਵੱਡੇ ਬਿਬੇਕੀ (ਸੰਤ) ਹਨ।

ਸਚੁ ਸੰਗ੍ਰਹਹਿ ਸਦ ਸਚਿ ਰਹਹਿ ਸਚੈ ਨਾਮਿ ਪਿਆਰਿ ॥

ਉਹ ਸੱਚਾ ਨਾਮ (ਰੂਪ ਧਨ) ਇਕੱਠਾ ਕਰਦੇ ਹਨ, ਤੇ ਸੱਚੇ ਨਾਮ ਵਿਚ ਪਿਆਰ ਦੇ ਕਾਰਨ ਸੱਚ ਵਿਚ ਹੀ ਲੀਨ ਰਹਿੰਦੇ ਹਨ।

ਸਦਾ ਨਿਰਮਲ ਮੈਲੁ ਨ ਲਗਈ ਨਦਰਿ ਕੀਤੀ ਕਰਤਾਰਿ ॥

ਕਰਤਾਰ ਨੇ ਉਹਨਾਂ ਉਤੇ ਮੇਹਰ ਦੀ ਨਜ਼ਰ ਕੀਤੀ ਹੋਈ ਹੈ; (ਇਸ ਕਰਕੇ) ਉਹ ਸਦਾ ਪਵਿਤ੍ਰ ਹਨ ਉਹਨਾਂ ਨੂੰ (ਵਿਕਾਰਾਂ ਦੀ) ਮੈਲ ਨਹੀਂ ਲੱਗਦੀ।

ਨਾਨਕ ਹਉ ਤਿਨ ਕੈ ਬਲਿਹਾਰਣੈ ਜੋ ਅਨਦਿਨੁ ਜਪਹਿ ਮੁਰਾਰਿ ॥੧॥

ਹੇ ਨਾਨਕ! ਜੋ ਮਨੁੱਖ ਹਰ ਵੇਲੇ ਪ੍ਰਭੂ ਨੂੰ ਸਿਮਰਦੇ ਹਨ, ਮੈਂ ਉਹਨਾਂ ਤੋਂ ਸਦਕੇ ਹਾਂ ॥੧॥


ਮਃ ੩ ॥
ਮੈ ਜਾਨਿਆ ਵਡ ਹੰਸੁ ਹੈ ਤਾ ਮੈ ਕੀਆ ਸੰਗੁ ॥

ਮੈਂ ਸਮਝਿਆ ਸੀ ਕਿ ਇਹ ਕੋਈ ਵੱਡਾ ਸੰਤ ਹੈ, ਇਸ ਵਾਸਤੇ ਮੈਂ ਇਸ ਨਾਲ ਸਾਥ ਕੀਤਾ ਸੀ।

ਜੇ ਜਾਣਾ ਬਗੁ ਬਪੁੜਾ ਤ ਜਨਮਿ ਨ ਦੇਦੀ ਅੰਗੁ ॥੨॥

ਜੇ ਮੈਨੂੰ ਪਤਾ ਹੁੰਦਾ ਕਿ ਇਹ ਵਿਚਾਰਾ ਪਖੰਡੀ ਮਨੁੱਖ ਹੈ ਤਾਂ ਮੈਂ ਮੁੱਢ ਤੋਂ ਹੀ ਇਸ ਦੇ ਪਾਸ ਨਾਹ ਬੈਠਦੀ ॥੨॥


ਮਃ ੩ ॥
ਹੰਸਾ ਵੇਖਿ ਤਰੰਦਿਆ ਬਗਾਂ ਭਿ ਆਯਾ ਚਾਉ ॥

ਹੰਸਾਂ ਨੂੰ ਤਰਦਿਆਂ ਵੇਖ ਕੇ ਬਗਲਿਆਂ ਨੂੰ ਭੀ ਚਾਅ ਕੁੱਦਿਆ,

ਡੁਬਿ ਮੁਏ ਬਗ ਬਪੁੜੇ ਸਿਰੁ ਤਲਿ ਉਪਰਿ ਪਾਉ ॥੩॥

ਪਰ ਬਗਲੇ ਵਿਚਾਰੇ ਸਿਰ-ਪਰਨੇ ਹੋ ਕੇ ਡੁੱਬ ਕੇ ਮਰ ਗਏ ॥੩॥


ਪਉੜੀ ॥
ਤੂ ਆਪੇ ਹੀ ਆਪਿ ਆਪਿ ਹੈ ਆਪਿ ਕਾਰਣੁ ਕੀਆ ॥

(ਹੇ ਪ੍ਰਭੂ!) ਸੰਸਾਰ ਦਾ ਮੁੱਢ ਤੂੰ ਆਪ ਹੀ ਬਣਾਇਆ, (ਕਿਉਂਕਿ ਇਸ ਤੋਂ ਪਹਿਲਾਂ ਦਾ ਭੀ) ਤੂੰ ਆਪ ਹੀ ਹੈਂ, ਤੂੰ ਆਪ ਹੀ ਹੈਂ।

ਤੂ ਆਪੇ ਆਪਿ ਨਿਰੰਕਾਰੁ ਹੈ ਕੋ ਅਵਰੁ ਨ ਬੀਆ ॥

ਤੇਰਾ ਕੋਈ ਖ਼ਾਸ ਸਰੂਪ ਨਹੀਂ ਹੈ (ਜੋ ਮੈਂ ਬਿਆਨ ਕਰ ਸਕਾਂ), ਤੇਰੇ ਵਰਗਾ ਕੋਈ ਦੂਜਾ ਨਹੀਂ ਹੈ।

ਤੂ ਕਰਣ ਕਾਰਣ ਸਮਰਥੁ ਹੈ ਤੂ ਕਰਹਿ ਸੁ ਥੀਆ ॥

ਸ੍ਰਿਸ਼ਟੀ ਦੀ ਉਤਪੱਤੀ ਕਰਨ ਦੇ ਤੂੰ ਹੀ ਸਮਰੱਥ ਹੈਂ, ਜੋ ਕੁਝ ਤੂੰ ਕਰਦਾ ਹੈਂ ਉਹੀ ਹੁੰਦਾ ਹੈ।

ਤੂ ਅਣਮੰਗਿਆ ਦਾਨੁ ਦੇਵਣਾ ਸਭਨਾਹਾ ਜੀਆ ॥

ਤੂੰ ਸਾਰੇ ਜੀਵਾਂ ਨੂੰ (ਉਹਨਾਂ ਦੇ) ਮੰਗਣ ਤੋਂ ਬਿਨਾ ਹੀ ਸਭ ਦਾਤਾਂ ਦੇ ਰਿਹਾ ਹੈਂ।

ਸਭਿ ਆਖਹੁ ਸਤਿਗੁਰੁ ਵਾਹੁ ਵਾਹੁ ਜਿਨਿ ਦਾਨੁ ਹਰਿ ਨਾਮੁ ਮੁਖਿ ਦੀਆ ॥੧॥

ਸਾਰੇ ਆਖੋ! ਸਤਿਗੁਰੂ (ਭੀ) ਧੰਨ ਹੈ ਜਿਸ ਨੇ (ਇਹੋ ਜਿਹੇ) ਪ੍ਰਭੂ ਦੀ ਨਾਮ-ਰੂਪ ਦਾਤ (ਅਸਾਡੇ) ਮੂੰਹ ਵਿਚ ਪਾਈ ਹੈ ॥੧॥


ਸਲੋਕੁ ਮਃ ੩ ॥
ਭੈ ਵਿਚਿ ਸਭੁ ਆਕਾਰੁ ਹੈ ਨਿਰਭਉ ਹਰਿ ਜੀਉ ਸੋਇ ॥

(ਜਗਤ ਦਾ) ਸਾਰਾ ਆਕਾਰ (ਪ੍ਰਭੂ-ਪ੍ਰਭਾਵ) ਡਰ ਦੇ ਅਧੀਨ ਹੈ, ਇਕ ਉਹ ਪਰਮਾਤਮਾ ਹੀ ਡਰ ਤੋਂ ਰਹਿਤ ਹੈ।

ਸਤਿਗੁਰਿ ਸੇਵਿਐ ਹਰਿ ਮਨਿ ਵਸੈ ਤਿਥੈ ਭਉ ਕਦੇ ਨ ਹੋਇ ॥

ਜੇ ਗੁਰੂ ਦੇ ਦੱਸੇ ਹੋਏ ਰਾਹ ਉਤੇ ਤੁਰੀਏ ਤਾਂ (ਉਹ ਡਰ-ਰਹਿਤ) ਪ੍ਰਭੂ ਮਨ ਵਿਚ ਆ ਵੱਸਦਾ ਹੈ, (ਫਿਰ) ਉਸ ਮਨ ਵਿਚ ਕਦੇ (ਕੋਈ) ਡਰ ਨਹੀਂ ਵਿਆਪਦਾ।

ਦੁਸਮਨੁ ਦੁਖੁ ਤਿਸ ਨੋ ਨੇੜਿ ਨ ਆਵੈ ਪੋਹਿ ਨ ਸਕੈ ਕੋਇ ॥

ਕੋਈ ਵੈਰੀ ਉਸ ਦੇ ਨੇੜੇ ਨਹੀਂ ਢੁੱਕਦਾ, ਕੋਈ ਦੁਖ ਉਸ ਨੂੰ ਪੋਹ ਨਹੀਂ ਸਕਦਾ।

ਗੁਰਮੁਖਿ ਮਨਿ ਵੀਚਾਰਿਆ ਜੋ ਤਿਸੁ ਭਾਵੈ ਸੁ ਹੋਇ ॥

ਗੁਰਮੁਖਾਂ ਦੇ ਮਨ ਵਿਚ ਇਹ ਵਿਚਾਰ ਉੱਠਦੀ ਹੈ ਕਿ ਜੋ ਕੁਝ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ।

ਨਾਨਕ ਆਪੇ ਹੀ ਪਤਿ ਰਖਸੀ ਕਾਰਜ ਸਵਾਰੇ ਸੋਇ ॥੧॥

ਹੇ ਨਾਨਕ! ਅਸਾਡੀ ਲਾਜ ਉਹ ਆਪ ਹੀ ਰੱਖੇਗਾ, (ਅਸਾਡੇ) ਕੰਮ ਉਹ ਆਪ ਹੀ ਸੰਵਾਰਦਾ ਹੈ ॥੧॥


ਮਃ ੩ ॥
ਇਕਿ ਸਜਣ ਚਲੇ ਇਕਿ ਚਲਿ ਗਏ ਰਹਦੇ ਭੀ ਫੁਨਿ ਜਾਹਿ ॥

ਕੁਝ ਸੱਜਣ ਜਾਣ ਨੂੰ ਤਿਆਰ ਹਨ, ਕੁਝ ਕੂਚ ਕਰ ਗਏ ਹਨ, ਤੇ ਬਾਕੀ ਦੇ ਭੀ ਚਲੇ ਜਾਣਗੇ (ਭਾਵ, ਜਗਤ ਨਾਸਹੀਣ ਹੈ)।

ਜਿਨੀ ਸਤਿਗੁਰੁ ਨ ਸੇਵਿਓ ਸੇ ਆਇ ਗਏ ਪਛੁਤਾਹਿ ॥

ਪਰ ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਦੱਸੀ ਹੋਈ ਕਾਰ ਨਹੀਂ ਕੀਤੀ, ਉਹ (ਜਗਤ ਵਿਚ) ਆ ਕੇ ਇਥੋਂ ਪਛੁਤਾਉਂਦੇ ਚਲੇ ਜਾਂਦੇ ਹਨ।

ਨਾਨਕ ਸਚਿ ਰਤੇ ਸੇ ਨ ਵਿਛੁੜਹਿ ਸਤਿਗੁਰੁ ਸੇਵਿ ਸਮਾਹਿ ॥੨॥

ਹੇ ਨਾਨਕ! ਜੋ ਮਨੁੱਖ ਸੱਚੇ ਨਾਮ ਵਿਚ ਰੰਗੇ ਹੋਏ ਹਨ ਉਹ (ਪਰਮਾਤਮਾ ਤੋਂ) ਨਹੀਂ ਵਿਛੜਦੇ, ਉਹ ਗੁਰੂ ਦੀ ਦੱਸੀ ਸੇਵਾ ਕਰ ਕੇ (ਪ੍ਰਭੂ ਵਿਚ) ਜੁੜੇ ਰਹਿੰਦੇ ਹਨ ॥੨॥


ਪਉੜੀ ॥
ਤਿਸੁ ਮਿਲੀਐ ਸਤਿਗੁਰ ਸਜਣੈ ਜਿਸੁ ਅੰਤਰਿ ਹਰਿ ਗੁਣਕਾਰੀ ॥

ਉਸ ਪਿਆਰੇ ਗੁਰੂ ਨੂੰ ਮਿਲਣਾ ਚਾਹੀਦਾ ਹੈ, ਜਿਸ ਦੇ ਹਿਰਦੇ ਵਿਚ ਗੁਣਾਂ ਦਾ ਸੋਮਾ ਪਰਮਾਤਮਾ ਵੱਸ ਰਿਹਾ ਹੈ।

ਤਿਸੁ ਮਿਲੀਐ ਸਤਿਗੁਰ ਪ੍ਰੀਤਮੈ ਜਿਨਿ ਹੰਉਮੈ ਵਿਚਹੁ ਮਾਰੀ ॥

ਉਸ ਪ੍ਰੀਤਮ ਸਤਿਗੁਰੂ ਦੀ ਸਰਨ ਪੈਣਾ ਚਾਹੀਦਾ ਹੈ, ਜਿਸ ਨੇ ਆਪਣੇ ਅੰਦਰੋਂ ਅਹੰਕਾਰ ਦੂਰ ਕਰ ਲਿਆ ਹੈ।

ਸੋ ਸਤਿਗੁਰੁ ਪੂਰਾ ਧਨੁ ਧੰਨੁ ਹੈ ਜਿਨਿ ਹਰਿ ਉਪਦੇਸੁ ਦੇ ਸਭ ਸ੍ਰਿਸ੍ਟਿ ਸਵਾਰੀ ॥

ਉਹ ਸਤਿਗੁਰੂ ਧੰਨ ਹੈ ਧੰਨ ਹੈ, ਜਿਸ ਨੇ ਪ੍ਰਭੂ-ਸਿਮਰਨ ਦੀ ਇਹ ਸਿੱਖਿਆ ਦੇ ਕੇ ਸਾਰੀ ਸ੍ਰਿਸ਼ਟੀ ਨੂੰ ਸੋਹਣਾ ਬਣਾ ਦਿੱਤਾ ਹੈ।

ਨਿਤ ਜਪਿਅਹੁ ਸੰਤਹੁ ਰਾਮ ਨਾਮੁ ਭਉਜਲ ਬਿਖੁ ਤਾਰੀ ॥

ਹੇ ਸੰਤ ਜਨੋਂ! ਸੰਸਾਰ-ਸਮੁੰਦਰ ਦੀ (ਮਾਇਆ-ਰੂਪ) ਜ਼ਹਿਰ ਤੋਂ ਪਾਰ ਲੰਘਾਉਣ ਵਾਲਾ ਹਰਿ-ਨਾਮ ਰੋਜ਼ ਜਪ!

ਗੁਰਿ ਪੂਰੈ ਹਰਿ ਉਪਦੇਸਿਆ ਗੁਰ ਵਿਟੜਿਅਹੁ ਹੰਉ ਸਦ ਵਾਰੀ ॥੨॥

ਆਪਣੇ ਸਤਿਗੁਰੂ ਤੋਂ ਮੈਂ ਸਦਕੇ ਹਾਂ, ਪੂਰੇ ਸਤਿਗੁਰੂ ਨੇ ਮੈਨੂੰ ਪਰਮਾਤਮਾ ਨੇੜੇ ਵਿਖਾ ਦਿੱਤਾ ਹੈ ॥੨॥


ਸਲੋਕੁ ਮਃ ੩ ॥
ਸਤਿਗੁਰ ਕੀ ਸੇਵਾ ਚਾਕਰੀ ਸੁਖੀ ਹੂੰ ਸੁਖ ਸਾਰੁ ॥

ਗੁਰੂ ਦੀ ਦੱਸੀ ਸੇਵਾ ਚਾਕਰੀ ਕਰਨੀ ਚੰਗੇ ਤੋਂ ਚੰਗੇ ਸੁਖ ਦਾ ਤੱਤ ਹੈ;

ਐਥੈ ਮਿਲਨਿ ਵਡਿਆਈਆ ਦਰਗਹ ਮੋਖ ਦੁਆਰੁ ॥

(ਗੁਰੂ ਦੀ ਦੱਸੀ ਸੇਵਾ ਕੀਤਿਆਂ) ਜਗਤ ਵਿਚ ਆਦਰ ਮਿਲਦਾ ਹੈ, ਤੇ ਪ੍ਰਭੂ ਦੀ ਹਜ਼ੂਰੀ ਵਿਚ ਸੁਰਖ਼ਰੂਈ ਦਾ ਦਰਵਾਜ਼ਾ।

ਸਚੀ ਕਾਰ ਕਮਾਵਣੀ ਸਚੁ ਪੈਨਣੁ ਸਚੁ ਨਾਮੁ ਅਧਾਰੁ ॥

(ਗੁਰ-ਸੇਵਾ ਦੀ ਇਹੀ) ਸੱਚੀ ਕਾਰ ਕਮਾਉਣ-ਜੋਗ ਹੈ, (ਇਸ ਨਾਲ) ਮਨੁੱਖ ਨੂੰ (ਪੜਦੇ ਕੱਜਣ ਲਈ) ਸੱਚਾ ਨਾਮ-ਰੂਪ ਪੁਸ਼ਾਕਾ ਮਿਲ ਜਾਂਦਾ ਹੈ,

ਸਚੀ ਸੰਗਤਿ ਸਚਿ ਮਿਲੈ ਸਚੈ ਨਾਇ ਪਿਆਰੁ ॥

ਸੱਚੀ ਸੰਗਤ ਵਿਚ ਸੱਚੇ ਨਾਮ ਵਿਚ ਪਿਆਰ ਪੈਂਦਾ ਹੈ ਤੇ ਸੱਚੇ ਪ੍ਰਭੂ ਵਿਚ ਸਮਾਈ ਹੋ ਜਾਂਦੀ ਹੈ।

ਸਚੈ ਸਬਦਿ ਹਰਖੁ ਸਦਾ ਦਰਿ ਸਚੈ ਸਚਿਆਰੁ ॥

(ਗੁਰੂ ਦੇ) ਸੱਚੇ ਸ਼ਬਦ ਦੀ ਬਰਕਤਿ ਨਾਲ (ਮਨੁੱਖ ਦੇ ਮਨ ਵਿਚ) ਸਦਾ ਖ਼ੁਸ਼ੀ ਬਣੀ ਰਹਿੰਦੀ ਹੈ, ਤੇ ਪ੍ਰਭੂ ਦੀ ਹਜ਼ੂਰੀ ਵਿਚ ਮਨੁੱਖ ਸੁਰਖ਼ਰੂ ਹੋ ਜਾਂਦਾ ਹੈ।

ਨਾਨਕ ਸਤਿਗੁਰ ਕੀ ਸੇਵਾ ਸੋ ਕਰੈ ਜਿਸ ਨੋ ਨਦਰਿ ਕਰੈ ਕਰਤਾਰੁ ॥੧॥

ਹੇ ਨਾਨਕ! ਸਤਿਗੁਰੂ ਦੀ ਦੱਸੀ ਹੋਈ ਕਾਰ ਉਹੀ ਮਨੁੱਖ ਕਰਦਾ ਹੈ, ਜਿਸ ਉਤੇ ਪ੍ਰਭੂ ਆਪ ਮੇਹਰ ਦੀ ਨਜ਼ਰ ਕਰਦਾ ਹੈ ॥੧॥


ਮਃ ੩ ॥
ਹੋਰ ਵਿਡਾਣੀ ਚਾਕਰੀ ਧ੍ਰਿਗੁ ਜੀਵਣੁ ਧ੍ਰਿਗੁ ਵਾਸੁ ॥

(ਪ੍ਰਭੂ ਦੀ ਬੰਦਗੀ ਛੱਡ ਕੇ) ਹੋਰ ਬਿਗਾਨੀ ਕਾਰ ਕਰਨ ਵਾਲਿਆਂ ਦਾ ਜੀਊਣਾ ਤੇ ਵੱਸਣਾ ਫਿਟਕਾਰ-ਜੋਗ ਹੈ।

ਅੰਮ੍ਰਿਤੁ ਛੋਡਿ ਬਿਖੁ ਲਗੇ ਬਿਖੁ ਖਟਣਾ ਬਿਖੁ ਰਾਸਿ ॥

ਐਸੇ ਮਨੁੱਖ ਅੰਮ੍ਰਿਤ ਛੱਡ ਕੇ (ਮਾਇਆ-ਰੂਪ) ਜ਼ਹਿਰ (ਇਕੱਠਾ ਕਰਨ) ਵਿਚ ਲੱਗੇ ਹੋਏ ਹਨ ਤੇ ਜ਼ਹਿਰ ਹੀ ਉਹਨਾਂ ਦੀ ਖੱਟੀ-ਕਮਾਈ ਤੇ ਪੂੰਜੀ ਹੈ।

ਬਿਖੁ ਖਾਣਾ ਬਿਖੁ ਪੈਨਣਾ ਬਿਖੁ ਕੇ ਮੁਖਿ ਗਿਰਾਸ ॥

ਉਨ੍ਹਾਂ ਦੀ ਖ਼ੁਰਾਕ ਤੇ ਪੁਸ਼ਾਕ ਜ਼ਹਿਰ ਹੈ ਤੇ ਜ਼ਹਿਰ ਹਨ ਮੂੰਹ ਵਿਚ ਦੀਆਂ ਗਿਰਾਹੀਆਂ।

ਐਥੈ ਦੁਖੋ ਦੁਖੁ ਕਮਾਵਣਾ ਮੁਇਆ ਨਰਕਿ ਨਿਵਾਸੁ ॥

ਅਜੇਹੇ ਬੰਦੇ ਜਗਤ ਵਿਚ ਨਿਰਾ ਦੁੱਖ ਹੀ ਭੋਗਦੇ ਹਨ ਤੇ ਮੋਇਆਂ ਭੀ ਉਹਨਾਂ ਦਾ ਵਾਸ ਨਰਕ ਵਿਚ ਹੀ ਹੁੰਦਾ ਹੈ।

ਮਨਮੁਖ ਮੁਹਿ ਮੈਲੈ ਸਬਦੁ ਨ ਜਾਣਨੀ ਕਾਮ ਕਰੋਧਿ ਵਿਣਾਸੁ ॥

ਮੂੰਹੋਂ ਮੈਲੇ ਹੋਣ ਕਰਕੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਗੁਰੂ ਦੇ ਸ਼ਬਦ ਨੂੰ ਨਹੀਂ ਪਛਾਣਦੇ ਅਤੇ ਕਾਮ, ਕ੍ਰੋਧ ਨਾਲ ਉਹਨਾਂ ਦੀ (ਆਤਮਕ) ਮੌਤ ਹੋ ਜਾਂਦੀ ਹੈ।

ਸਤਿਗੁਰ ਕਾ ਭਉ ਛੋਡਿਆ ਮਨਹਠਿ ਕੰਮੁ ਨ ਆਵੈ ਰਾਸਿ ॥

ਸਤਿਗੁਰੂ ਦਾ ਅਦਬ ਛੱਡ ਦੇਣ ਕਰ ਕੇ, ਮਨ ਦੇ ਹਠ ਨਾਲ ਕੀਤਾ ਹੋਇਆ ਉਹਨਾਂ ਦਾ ਕੋਈ ਕੰਮ ਸਿਰੇ ਨਹੀਂ ਚੜ੍ਹਦਾ।

ਜਮ ਪੁਰਿ ਬਧੇ ਮਾਰੀਅਹਿ ਕੋ ਨ ਸੁਣੇ ਅਰਦਾਸਿ ॥

(ਇਸ ਵਾਸਤੇ ਮਨਮੁਖ ਮਨੁੱਖ) ਜਮ-ਪੁਰੀ ਵਿਚ ਬੱਧੇ ਮਾਰ ਖਾਂਦੇ ਹਨ ਤੇ ਕੋਈ ਉਹਨਾਂ ਦੀ ਪੁਕਾਰ ਨਹੀਂ ਸੁਣਦਾ।

ਨਾਨਕ ਪੂਰਬਿ ਲਿਖਿਆ ਕਮਾਵਣਾ ਗੁਰਮੁਖਿ ਨਾਮਿ ਨਿਵਾਸੁ ॥੨॥

ਹੇ ਨਾਨਕ! ਜੀਵ ਮੁੱਢ ਤੋਂ (ਕੀਤੇ ਕਰਮਾਂ-ਅਨੁਸਾਰ) ਲਿਖਿਆ ਲੇਖ ਕਮਾਉਂਦੇ ਹਨ। ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦਿਆਂ ਦੀ ਸੁਰਤ ਨਾਮ ਵਿਚ ਜੁੜੀ ਰਹਿੰਦੀ ਹੈ ॥੨॥


ਪਉੜੀ ॥
ਸੋ ਸਤਿਗੁਰੁ ਸੇਵਿਹੁ ਸਾਧ ਜਨੁ ਜਿਨਿ ਹਰਿ ਹਰਿ ਨਾਮੁ ਦ੍ਰਿੜਾਇਆ ॥

ਜਿਸ ਸਤਿਗੁਰੂ ਨੇ ਪ੍ਰਭੂ ਦਾ ਨਾਮ (ਮਨੁੱਖ ਦੇ ਹਿਰਦੇ ਵਿਚ) ਪੱਕਾ ਕਰਾਇਆ ਹੈ, ਉਸ ਸਾਧ-ਗੁਰੂ ਦੀ ਸੇਵਾ ਕਰੋ।

ਸੋ ਸਤਿਗੁਰੁ ਪੂਜਹੁ ਦਿਨਸੁ ਰਾਤਿ ਜਿਨਿ ਜਗੰਨਾਥੁ ਜਗਦੀਸੁ ਜਪਾਇਆ ॥

ਜਿਸ ਗੁਰੂ ਨੇ ਜਗਤ ਦੇ ਮਾਲਕ ਤੇ ਨਾਥ ਦਾ ਨਾਮ (ਜੀਵਾਂ ਤੋਂ) ਜਪਾਇਆ ਹੈ, ਉਸ ਦੀ ਦਿਨ ਰਾਤ ਪੂਜਾ ਕਰੋ।

ਸੋ ਸਤਿਗੁਰੁ ਦੇਖਹੁ ਇਕ ਨਿਮਖ ਨਿਮਖ ਜਿਨਿ ਹਰਿ ਕਾ ਹਰਿ ਪੰਥੁ ਬਤਾਇਆ ॥

ਜਿਸ ਗੁਰੂ ਨੇ ਪਰਮਾਤਮਾ (ਦੇ ਮਿਲਣ) ਦਾ ਰਾਹ ਦੱਸਿਆ ਹੈ, ਉਸ ਦਾ ਹਰ ਵੇਲੇ ਦਰਸ਼ਨ ਕਰੋ।

ਤਿਸੁ ਸਤਿਗੁਰ ਕੀ ਸਭ ਪਗੀ ਪਵਹੁ ਜਿਨਿ ਮੋਹ ਅੰਧੇਰੁ ਚੁਕਾਇਆ ॥

ਜਿਸ ਸਤਿਗੁਰੂ ਨੇ (ਜੀਵਾਂ ਦੇ ਹਿਰਦੇ ਵਿਚੋਂ ਮਾਇਆ ਦੇ) ਮੋਹ ਦਾ ਹਨੇਰਾ ਦੂਰ ਕੀਤਾ ਹੈ, ਸਾਰੇ ਉਸ ਦੀ ਚਰਨੀਂ ਲੱਗੋ।

ਸੋ ਸਤਗੁਰੁ ਕਹਹੁ ਸਭਿ ਧੰਨੁ ਧੰਨੁ ਜਿਨਿ ਹਰਿ ਭਗਤਿ ਭੰਡਾਰ ਲਹਾਇਆ ॥੩॥

ਜਿਸ ਗੁਰੂ ਨੇ ਪ੍ਰਭੂ ਦੀ ਭਗਤੀ ਦੇ ਖ਼ਜ਼ਾਨੇ ਲਭਾ ਦਿੱਤੇ ਹਨ, ਆਖੋ-ਉਹ ਗੁਰੂ ਧੰਨ ਹੈ, ਉਹ ਗੁਰੂ ਧੰਨ ਹੈ ॥੩॥


ਸਲੋਕੁ ਮਃ ੩ ॥
ਸਤਿਗੁਰਿ ਮਿਲਿਐ ਭੁਖ ਗਈ ਭੇਖੀ ਭੁਖ ਨ ਜਾਇ ॥

ਗੁਰੂ ਨੂੰ ਮਿਲਿਆਂ ਹੀ (ਮਨੁੱਖ ਦੇ ਮਨ ਦੀ) ਭੁੱਖ ਦੂਰ ਹੋ ਸਕਦੀ ਹੈ, ਭੇਖਾਂ ਨਾਲ ਤ੍ਰਿਸ਼ਨਾ ਨਹੀਂ ਜਾਂਦੀ;

ਦੁਖਿ ਲਗੈ ਘਰਿ ਘਰਿ ਫਿਰੈ ਅਗੈ ਦੂਣੀ ਮਿਲੈ ਸਜਾਇ ॥

(ਭੇਖੀ ਸਾਧੂ ਤ੍ਰਿਸ਼ਨਾ ਦੇ) ਦੁੱਖ ਵਿਚ ਕਲਪਦਾ ਹੈ, ਘਰ ਘਰ ਭਟਕਦਾ ਫਿਰਦਾ ਹੈ, ਤੇ ਪਰਲੋਕ ਵਿਚ ਇਸ ਨਾਲੋਂ ਭੀ ਵਧੀਕ ਸਜ਼ਾ ਭੁਗਤਦਾ ਹੈ।

ਅੰਦਰਿ ਸਹਜੁ ਨ ਆਇਓ ਸਹਜੇ ਹੀ ਲੈ ਖਾਇ ॥

ਭੇਖੀ ਸਾਧੂ ਦੇ ਮਨ ਵਿਚ ਸ਼ਾਂਤੀ ਨਹੀਂ ਆਉਂਦੀ, ਜਿਸ ਸ਼ਾਂਤੀ ਦੀ ਬਰਕਤਿ ਨਾਲ ਉਹ ਜੋ ਕੁਝ ਉਸ ਨੂੰ ਕਿਸੇ ਪਾਸੋਂ ਮਿਲੇ, ਲੈ ਕੇ ਖਾ ਲਏ (ਭਾਵ, ਤ੍ਰਿਪਤ ਹੋ ਜਾਏ);

ਮਨਹਠਿ ਜਿਸ ਤੇ ਮੰਗਣਾ ਲੈਣਾ ਦੁਖੁ ਮਨਾਇ ॥

ਪਰ ਮਨ ਦੇ ਹਠ ਦੇ ਆਸਰੇ (ਭਿੱਖਿਆ) ਮੰਗਿਆਂ (ਦੋਹੀਂ ਧਿਰੀਂ) ਕਲੇਸ਼ ਪੈਦਾ ਕਰ ਕੇ ਹੀ ਭਿੱਖਿਆ ਲਈਦੀ ਹੈ।

ਇਸੁ ਭੇਖੈ ਥਾਵਹੁ ਗਿਰਹੋ ਭਲਾ ਜਿਥਹੁ ਕੋ ਵਰਸਾਇ ॥

ਇਸ ਭੇਖ ਨਾਲੋਂ ਗ੍ਰਿਹਸਥ ਚੰਗਾ ਹੈ, ਕਿਉਂਕਿ ਇਥੋਂ ਮਨੁੱਖ ਆਪਣੀ ਆਸ ਪੂਰੀ ਕਰ ਸਕਦਾ ਹੈ।

ਸਬਦਿ ਰਤੇ ਤਿਨਾ ਸੋਝੀ ਪਈ ਦੂਜੈ ਭਰਮਿ ਭੁਲਾਇ ॥

ਜੋ ਮਨੁੱਖ ਗੁਰੂ ਦੇ ਸ਼ਬਦ ਵਿਚ ਰੱਤੇ ਜਾਂਦੇ ਹਨ, ਉਹਨਾਂ ਨੂੰ ਉੱਚੀ ਸੂਝ ਪ੍ਰਾਪਤ ਹੁੰਦੀ ਹੈ; ਪਰ, ਜੋ ਮਾਇਆ ਵਿਚ ਫਸੇ ਰਹਿੰਦੇ ਹਨ, ਉਹ ਭਟਕਦੇ ਹਨ।

ਪਇਐ ਕਿਰਤਿ ਕਮਾਵਣਾ ਕਹਣਾ ਕਛੂ ਨ ਜਾਇ ॥

ਪਿਛਲੇ ਕੀਤੇ ਕਰਮਾਂ (ਦੇ ਸੰਸਕਾਰਾਂ ਅਨੁਸਾਰ) ਦੀ ਕਾਰ ਕਮਾਉਣੀ ਪੈਂਦੀ ਹੈ। ਇਸ ਬਾਰੇ ਕੁਝ ਹੋਰ ਕੀ ਆਖਿਆ ਜਾ ਸਕਦਾ?

ਨਾਨਕ ਜੋ ਤਿਸੁ ਭਾਵਹਿ ਸੇ ਭਲੇ ਜਿਨ ਕੀ ਪਤਿ ਪਾਵਹਿ ਥਾਇ ॥੧॥

ਹੇ ਨਾਨਕ! ਜੋ ਜੀਵ ਉਸ ਪ੍ਰਭੂ ਨੂੰ ਪਿਆਰੇ ਲੱਗਦੇ ਹਨ, ਉਹੀ ਚੰਗੇ ਹਨ, ਕਿਉਂਕਿ, ਹੇ ਪ੍ਰਭੂ! ਤੂੰ ਉਹਨਾਂ ਦੀ ਇੱਜ਼ਤ ਥਾਂਇ ਪਾਉਂਦਾ ਹੈ (ਭਾਵ, ਲਾਜ ਰੱਖਦਾ ਹੈਂ) ॥੧॥


ਮਃ ੩ ॥
ਸਤਿਗੁਰਿ ਸੇਵਿਐ ਸਦਾ ਸੁਖੁ ਜਨਮ ਮਰਣ ਦੁਖੁ ਜਾਇ ॥

ਗੁਰੂ ਦੇ ਦੱਸੇ ਰਾਹ ਉੱਤੇ ਤੁਰਿਆਂ ਸਦਾ ਸੁਖ ਮਿਲਦਾ ਹੈ, ਤੇ ਜਮਣ-ਮਰਨ ਦੇ ਸਾਰੇ ਦੁਖ ਦੂਰ ਹੋ ਜਾਂਦੇ ਹਨ,

ਚਿੰਤਾ ਮੂਲਿ ਨ ਹੋਵਈ ਅਚਿੰਤੁ ਵਸੈ ਮਨਿ ਆਇ ॥

ਤੇ ਚਿੰਤਾ ਉੱਕਾ ਹੀ ਨਹੀਂ ਰਹਿੰਦੀ (ਕਿਉਂਕਿ) ਚਿੰਤਾ ਤੋਂ ਰਹਿਤ ਪ੍ਰਭੂ ਮਨ ਵਿਚ ਆ ਵੱਸਦਾ ਹੈ।

ਅੰਤਰਿ ਤੀਰਥੁ ਗਿਆਨੁ ਹੈ ਸਤਿਗੁਰਿ ਦੀਆ ਬੁਝਾਇ ॥

ਸਤਿਗੁਰੂ ਨੇ ਇਸ ਸਮਝ ਬਖ਼ਸ਼ੀ ਹੈ ਕਿ ਮਨੁੱਖ ਦੇ ਅੰਦਰ ਹੀ ਗਿਆਨ (-ਰੂਪ) ਤੀਰਥ ਹੈ।

ਮੈਲੁ ਗਈ ਮਨੁ ਨਿਰਮਲੁ ਹੋਆ ਅੰਮ੍ਰਿਤ ਸਰਿ ਤੀਰਥਿ ਨਾਇ ॥

ਜੋ ਨਾਮ-ਅੰਮ੍ਰਿਤ ਦੇ ਸਰੋਵਰ ਵਿਚ ਤੀਰਥ ਨ੍ਹਾਉਂਦਾ ਹੈ ਉਸ ਦੀ (ਮਨ ਦੇ ਵਿਕਾਰਾਂ ਦੀ) ਮੈਲ ਦੂਰ ਹੋ ਜਾਂਦੀ ਹੈ ਤੇ ਮਨ ਪਵਿਤ੍ਰ ਹੋ ਜਾਂਦਾ ਹੈ।

ਸਜਣ ਮਿਲੇ ਸਜਣਾ ਸਚੈ ਸਬਦਿ ਸੁਭਾਇ ॥

ਸਤਿਗੁਰੂ ਦੇ ਸੱਚੇ ਸ਼ਬਦ ਦੀ ਬਰਕਤਿ ਨਾਲ ਸਹਿਜੇ ਹੀ ਸਤਸੰਗੀਆਂ ਨੂੰ ਸਤਸੰਗੀ ਆ ਮਿਲਦੇ ਹਨ,

ਘਰ ਹੀ ਪਰਚਾ ਪਾਇਆ ਜੋਤੀ ਜੋਤਿ ਮਿਲਾਇ ॥

ਹਿਰਦੇ-ਰੂਪ ਘਰ ਵਿਚ ਉਹਨਾਂ ਨੂੰ (ਪ੍ਰਭੂ-ਸਿਮਰਨ ਰੂਪ) ਆਹਰ ਮਿਲ ਜਾਂਦਾ ਹੈ ਤੇ ਪ੍ਰਭੂ ਵਿਚ ਬਿਰਤੀ ਜੁੜ ਜਾਂਦੀ ਹੈ।

ਪਾਖੰਡਿ ਜਮਕਾਲੁ ਨ ਛੋਡਈ ਲੈ ਜਾਸੀ ਪਤਿ ਗਵਾਇ ॥

ਪਰ, ਪਖੰਡ ਕੀਤਿਆਂ ਮੌਤ ਦਾ ਸਹਮ ਨਹੀਂ ਛੱਡਦਾ, (ਪਖੰਡ ਦੀ) ਇੱਜ਼ਤ ਮਿਟਾ ਕੇ ਮੌਤ ਇਸ ਨੂੰ ਲੈ ਤੁਰਦੀ ਹੈ।

ਨਾਨਕ ਨਾਮਿ ਰਤੇ ਸੇ ਉਬਰੇ ਸਚੇ ਸਿਉ ਲਿਵ ਲਾਇ ॥੨॥

ਹੇ ਨਾਨਕ! ਜੋ ਮਨੁੱਖ ਨਾਮ ਵਿਚ ਰੰਗੇ ਹੋਏ ਹਨ ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ (ਦੇ ਚਰਨਾਂ) ਵਿਚ ਸੁਰਤ ਜੋੜ ਕੇ (ਇਸ ਸਹਮ ਤੋਂ) ਬਚ ਜਾਂਦੇ ਹਨ ॥੨॥


ਪਉੜੀ ॥
ਤਿਤੁ ਜਾਇ ਬਹਹੁ ਸਤਸੰਗਤੀ ਜਿਥੈ ਹਰਿ ਕਾ ਹਰਿ ਨਾਮੁ ਬਿਲੋਈਐ ॥

ਉਸ ਸਤਸੰਗ ਵਿਚ ਜਾ ਕੇ ਬੈਠੋ, ਜਿਥੇ ਪ੍ਰਭੂ ਦੇ ਨਾਮ ਦੀ ਵਿਚਾਰ ਹੁੰਦੀ ਹੈ,

ਸਹਜੇ ਹੀ ਹਰਿ ਨਾਮੁ ਲੇਹੁ ਹਰਿ ਤਤੁ ਨ ਖੋਈਐ ॥

(ਉਥੇ ਜਾ ਕੇ) ਮਨ ਟਿਕਾ ਕੇ ਹਰੀ ਦਾ ਨਾਮ ਜਪੋ, ਤਾਂ ਜੋ ਨਾਮ-ਤੱਤ ਖੁੱਸ ਨਾਹ ਜਾਏ।

ਨਿਤ ਜਪਿਅਹੁ ਹਰਿ ਹਰਿ ਦਿਨਸੁ ਰਾਤਿ ਹਰਿ ਦਰਗਹ ਢੋਈਐ ॥

ਸਦਾ ਦਿਨ ਰਾਤ ਹਰੀ ਦਾ ਨਾਮ ਜਪੋ, ਇਹ ਨਾਮ-ਰੂਪ ਢੋਆ ਲੈ ਕੇ ਹੀ ਪ੍ਰਭੂ ਦੀ ਹਜ਼ੂਰੀ ਵਿਚ ਅੱਪੜੀਦਾ ਹੈ।

ਸੋ ਪਾਏ ਪੂਰਾ ਸਤਗੁਰੂ ਜਿਸੁ ਧੁਰਿ ਮਸਤਕਿ ਲਿਲਾਟਿ ਲਿਖੋਈਐ ॥

ਪਰ, ਉਸੇ ਮਨੁੱਖ ਨੂੰ ਪੂਰਾ ਗੁਰੂ ਲੱਭਦਾ ਹੈ, ਜਿਸ ਦੇ ਮੱਥੇ ਉਤੇ ਧੁਰੋਂ (ਭਲੇ ਕਰਮਾਂ ਦੇ ਸੰਸਕਾਰਾਂ ਦਾ ਲੇਖ) ਲਿਖਿਆ ਹੋਇਆ ਹੈ।

ਤਿਸੁ ਗੁਰ ਕੰਉ ਸਭਿ ਨਮਸਕਾਰੁ ਕਰਹੁ ਜਿਨਿ ਹਰਿ ਕੀ ਹਰਿ ਗਾਲ ਗਲੋਈਐ ॥੪॥

ਸਾਰੇ ਉਸ ਗੁਰੂ ਨੂੰ ਸਿਰ ਨਿਵਾਓ ਜੋ ਸਦਾ ਪ੍ਰਭੂ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਕਰਦਾ ਹੈ ॥੪॥


ਸਲੋਕ ਮਃ ੩ ॥
ਸਜਣ ਮਿਲੇ ਸਜਣਾ ਜਿਨ ਸਤਗੁਰ ਨਾਲਿ ਪਿਆਰੁ ॥

ਉਹ ਸਤਸੰਗੀ ਸਤਸੰਗੀਆਂ ਨੂੰ ਮਿਲਦੇ ਹਨ ਜਿਨ੍ਹਾਂ ਦਾ ਗੁਰੂ ਨਾਲ ਪ੍ਰੇਮ ਹੁੰਦਾ ਹੈ।

ਮਿਲਿ ਪ੍ਰੀਤਮ ਤਿਨੀ ਧਿਆਇਆ ਸਚੈ ਪ੍ਰੇਮਿ ਪਿਆਰੁ ॥

ਉਹ ਮਿਲ ਕੇ ਪ੍ਰਭੂ ਪ੍ਰੀਤਮ ਨੂੰ ਸਿਮਰਦੇ ਹਨ ਕਿਉਂਕਿ ਸੱਚੇ ਪਿਆਰ ਵਿਚ ਉਹਨਾਂ ਦੀ ਬਿਰਤੀ ਜੁੜੀ ਰਹਿੰਦੀ ਹੈ;।

ਮਨ ਹੀ ਤੇ ਮਨੁ ਮਾਨਿਆ ਗੁਰ ਕੈ ਸਬਦਿ ਅਪਾਰਿ ॥

ਸਤਿਗੁਰੂ ਦੇ ਅਪਾਰ ਸ਼ਬਦ ਦੀ ਬਰਕਤਿ ਨਾਲ ਉਹਨਾਂ ਦਾ ਮਨ ਆਪਣੇ ਆਪ ਤੋਂ ਹੀ ਪ੍ਰਭੂ ਵਿਚ ਪਤੀਜ ਜਾਂਦਾ ਹੈ।

ਏਹਿ ਸਜਣ ਮਿਲੇ ਨ ਵਿਛੁੜਹਿ ਜਿ ਆਪਿ ਮੇਲੇ ਕਰਤਾਰਿ ॥

ਅਜੇਹੇ ਸਤਸੰਗੀ (ਇਕ ਵਾਰੀ) ਮਿਲੇ ਹੋਏ ਫਿਰ ਵਿਛੁੜਦੇ ਨਹੀਂ ਹਨ, ਕਿਉਂਕਿ ਕਰਤਾਰ ਨੇ ਆਪ ਇਹਨਾਂ ਨੂੰ ਮਿਲਾ ਦਿੱਤਾ ਹੈ।

ਇਕਨਾ ਦਰਸਨ ਕੀ ਪਰਤੀਤਿ ਨ ਆਈਆ ਸਬਦਿ ਨ ਕਰਹਿ ਵੀਚਾਰੁ ॥

ਇਕਨਾਂ (ਵਿਛੁੜੇ ਹੋਇਆਂ) ਨੂੰ ਪ੍ਰਭੂ ਦੇ ਦੀਦਾਰ ਦਾ ਯਕੀਨ ਹੀ ਨਹੀਂ ਬੱਝਦਾ, ਕਿਉਂਕਿ ਉਹ ਗੁਰੂ ਦੇ ਸ਼ਬਦ ਵਿਚ ਕਦੇ ਵਿਚਾਰ ਹੀ ਨਹੀਂ ਕਰਦੇ।

ਵਿਛੁੜਿਆ ਕਾ ਕਿਆ ਵਿਛੁੜੈ ਜਿਨਾ ਦੂਜੈ ਭਾਇ ਪਿਆਰੁ ॥

ਪਰ, ਜਿਨ੍ਹਾਂ ਮਨੁੱਖਾਂ ਦੀ ਸੁਰਤ ਸਦਾ ਮਾਇਆ ਦੇ ਮੋਹ ਵਿਚ ਜੁੜੀ ਰਹਿੰਦੀ ਹੈ, ਉਹਨਾਂ (ਪ੍ਰਭੂ ਤੋਂ) ਵਿਛੁੜੇ ਹੋਇਆਂ ਦਾ ਹੋਰ ਵਿਛੋੜਾ ਕੀਹ ਹੋਣਾ ਹੋਇਆ?

ਮਨਮੁਖ ਸੇਤੀ ਦੋਸਤੀ ਥੋੜੜਿਆ ਦਿਨ ਚਾਰਿ ॥

ਆਪਣੇ ਮਨ ਦੇ ਪਿਛੇ ਤੁਰਣ ਵਾਲਿਆਂ ਦੀ ਮਿੱਤ੍ਰਤਾ ਥੋੜੇ ਹੀ ਦੋ ਚਾਰ ਦਿਨ ਲਈ ਹੀ ਰਹਿ ਸਕਦੀ ਹੈ।

ਇਸੁ ਪਰੀਤੀ ਤੁਟਦੀ ਵਿਲਮੁ ਨ ਹੋਵਈ ਇਤੁ ਦੋਸਤੀ ਚਲਨਿ ਵਿਕਾਰ ॥

ਇਸ ਮਿੱਤ੍ਰਤਾ ਦੇ ਟੁੱਟਦਿਆਂ ਚਿਰ ਨਹੀਂ ਲੱਗਦਾ, (ਉਂਞ ਭੀ) ਇਸ ਮਿੱਤ੍ਰਤਾ ਵਿਚੋਂ ਬੁਰਾਈਆਂ ਹੀ ਨਿਕਲਦੀਆਂ ਹਨ।

ਜਿਨਾ ਅੰਦਰਿ ਸਚੇ ਕਾ ਭਉ ਨਾਹੀ ਨਾਮਿ ਨ ਕਰਹਿ ਪਿਆਰੁ ॥

ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਡਰ ਨਹੀਂ, ਜੋ ਪਰਮਾਤਮਾ ਦੇ ਨਾਮ ਵਿਚ ਕਦੇ ਪਿਆਰ ਨਹੀਂ ਪਾਉਂਦੇ,

ਨਾਨਕ ਤਿਨ ਸਿਉ ਕਿਆ ਕੀਚੈ ਦੋਸਤੀ ਜਿ ਆਪਿ ਭੁਲਾਏ ਕਰਤਾਰਿ ॥੧॥

ਹੇ ਨਾਨਕ! ਉਹਨਾਂ ਨਾਲ ਸਾਂਝ ਕਿਉਂ ਪਾਈਏ ਜੋ ਪਰਮਾਤਮਾ ਨੂੰ ਭੁਲੇ ਫਿਰਦੇ ਹਨ? ॥੧॥


ਮਃ ੩ ॥
ਇਕਿ ਸਦਾ ਇਕਤੈ ਰੰਗਿ ਰਹਹਿ ਤਿਨ ਕੈ ਹਉ ਸਦ ਬਲਿਹਾਰੈ ਜਾਉ ॥

ਕਈ (ਵਡ-ਭਾਗੀ) ਮਨੁੱਖ ਇਕ (ਪ੍ਰਭੂ ਦੇ) ਰੰਗ ਵਿਚ ਹੀ (ਮਸਤ) ਰਹਿੰਦੇ ਹਨ, ਮੈਂ ਉਹਨਾਂ ਤੋਂ ਕੁਰਬਾਨ ਹਾਂ;

ਤਨੁ ਮਨੁ ਧਨੁ ਅਰਪੀ ਤਿਨ ਕਉ ਨਿਵਿ ਨਿਵਿ ਲਾਗਉ ਪਾਇ ॥

(ਮੇਰਾ ਚਿੱਤ ਕਰਦਾ ਹੈ) ਆਪਣਾ ਤਨ ਮਨ ਧਨ ਉਹਨਾਂ ਦੀ ਭੇਟ ਕਰ ਦਿਆਂ ਤੇ ਨਿਉਂ ਨਿਉਂ ਕੇ ਉਹਨਾਂ ਦੀ ਪੈਰੀਂ ਲੱਗਾਂ।

ਤਿਨ ਮਿਲਿਆ ਮਨੁ ਸੰਤੋਖੀਐ ਤ੍ਰਿਸਨਾ ਭੁਖ ਸਭ ਜਾਇ ॥

ਉਹਨਾਂ ਨੂੰ ਮਿਲਿਆਂ ਮਨ ਨੂੰ ਠੰਢ ਪੈਂਦੀ ਹੈ, ਸਾਰੀ ਤ੍ਰਿਸ਼ਨਾ ਤੇ ਭੁੱਖ ਦੂਰ ਹੋ ਜਾਂਦੀ ਹੈ।

ਨਾਨਕ ਨਾਮਿ ਰਤੇ ਸੁਖੀਏ ਸਦਾ ਸਚੇ ਸਿਉ ਲਿਵ ਲਾਇ ॥੨॥

ਹੇ ਨਾਨਕ! ਨਾਮ ਵਿਚ ਭਿੱਜੇ ਹੋਏ ਮਨੁੱਖ ਸੱਚੇ ਪ੍ਰਭੂ ਨਾਲ ਚਿੱਤ ਜੋੜ ਕੇ ਸਦਾ ਸੁਖਾਲੇ ਰਹਿੰਦੇ ਹਨ ॥੨॥


ਪਉੜੀ ॥
ਤਿਸੁ ਗੁਰ ਕਉ ਹਉ ਵਾਰਿਆ ਜਿਨਿ ਹਰਿ ਕੀ ਹਰਿ ਕਥਾ ਸੁਣਾਈ ॥

ਮੈਂ ਸਦਕੇ ਹਾਂ ਉਸ ਸਤਿਗੁਰੂ ਤੋਂ ਜਿਸ ਨੇ ਪ੍ਰਭੂ ਦੀ ਗੱਲ ਸੁਣਾਈ ਹੈ।

ਤਿਸੁ ਗੁਰ ਕਉ ਸਦ ਬਲਿਹਾਰਣੈ ਜਿਨਿ ਹਰਿ ਸੇਵਾ ਬਣਤ ਬਣਾਈ ॥

ਮੈਂ ਸਦਕੇ ਹਾਂ ਉਸ ਸਤਿਗੁਰੂ ਤੋਂ ਜਿਸ ਨੇ ਪ੍ਰਭੂ ਦੀ ਭਗਤੀ ਦੀ ਰੀਤ ਚਲਾਈ ਹੈ।

ਸੋ ਸਤਿਗੁਰੁ ਪਿਆਰਾ ਮੇਰੈ ਨਾਲਿ ਹੈ ਜਿਥੈ ਕਿਥੈ ਮੈਨੋ ਲਏ ਛਡਾਈ ॥

ਉਹ ਪਿਆਰਾ ਸਤਿਗੁਰੂ ਮੇਰੇ ਅੰਗ ਸੰਗ ਹੈ, ਸਭ ਥਾਈਂ ਮੈਨੂੰ (ਵਿਕਾਰਾਂ ਤੋਂ) ਛਡਾ ਲੈਂਦਾ ਹੈ।

ਤਿਸੁ ਗੁਰ ਕਉ ਸਾਬਾਸਿ ਹੈ ਜਿਨਿ ਹਰਿ ਸੋਝੀ ਪਾਈ ॥

ਸ਼ਾਬਾਸ਼ੇ ਉਸ ਸਤਿਗੁਰੂ ਨੂੰ ਜਿਸ ਨੇ ਮੈਨੂੰ ਪਰਮਾਤਮਾ ਦੀ ਸੂਝ ਪਾਈ ਹੈ।

ਨਾਨਕੁ ਗੁਰ ਵਿਟਹੁ ਵਾਰਿਆ ਜਿਨਿ ਹਰਿ ਨਾਮੁ ਦੀਆ ਮੇਰੇ ਮਨ ਕੀ ਆਸ ਪੁਰਾਈ ॥੫॥

ਜਿਸ ਗੁਰੂ ਨੇ ਮੈਨੂੰ ਪਰਮਾਤਮਾ ਦਾ ਨਾਮ ਦਿੱਤਾ ਹੈ ਤੇ ਮੇਰੇ ਮਨ ਦੀ ਆਸ ਪੂਰੀ ਕੀਤੀ ਹੈ ਮੈਂ ਨਾਨਕ ਉਸ ਤੋਂ ਸਦਕੇ ਹਾਂ ॥੫॥


ਸਲੋਕ ਮਃ ੩ ॥
ਤ੍ਰਿਸਨਾ ਦਾਧੀ ਜਲਿ ਮੁਈ ਜਲਿ ਜਲਿ ਕਰੇ ਪੁਕਾਰ ॥

ਦੁਨੀਆ ਤ੍ਰਿਸ਼ਨਾ ਦੀ ਸਾੜੀ ਹੋਈ ਦੁੱਖੀ ਹੋ ਰਹੀ ਹੈ, ਸੜ ਸੜ ਕੇ ਵਿਲਕ ਰਹੀ ਹੈ।

ਸਤਿਗੁਰ ਸੀਤਲ ਜੇ ਮਿਲੈ ਫਿਰਿ ਜਲੈ ਨ ਦੂਜੀ ਵਾਰ ॥

ਜੇ ਇਹ ਠੰਡ ਪਾਣ ਵਾਲੇ ਗੁਰੂ ਨੂੰ ਮਿਲ ਪਏ, ਤਾਂ ਫਿਰ ਦੂਜੀ ਵਾਰੀ ਨਾਹ ਸੜੇ।

ਨਾਨਕ ਵਿਣੁ ਨਾਵੈ ਨਿਰਭਉ ਕੋ ਨਹੀ ਜਿਚਰੁ ਸਬਦਿ ਨ ਕਰੇ ਵੀਚਾਰੁ ॥੧॥

ਹੇ ਨਾਨਕ! ਨਾਮ ਤੋਂ ਬਿਨਾ ਕਿਸੇ ਦਾ ਭੀ ਡਰ ਨਹੀਂ ਮੁੱਕਦਾ, ਜਦ ਤਕ ਗੁਰੂ ਦੇ ਸ਼ਬਦ ਦੀ ਰਾਹੀਂ ਮਨੁੱਖ ਪ੍ਰਭੂ ਦੀ ਵਿਚਾਰ ਨਾਹ ਕਰੇ ॥੧॥


ਮਃ ੩ ॥
ਭੇਖੀ ਅਗਨਿ ਨ ਬੁਝਈ ਚਿੰਤਾ ਹੈ ਮਨ ਮਾਹਿ ॥

ਭੇਖ ਧਾਰਿਆਂ (ਤ੍ਰਿਸ਼ਨਾ ਦੀ) ਅੱਗ ਨਹੀਂ ਬੁੱਝਦੀ, ਮਨ ਵਿਚ ਚਿੰਤਾ ਟਿਕੀ ਰਹਿੰਦੀ ਹੈ।

ਵਰਮੀ ਮਾਰੀ ਸਾਪੁ ਨ ਮਰੈ ਤਿਉ ਨਿਗੁਰੇ ਕਰਮ ਕਮਾਹਿ ॥

ਉਹ ਮਨੁੱਖ ਤਿਵੇਂ ਦੇ ਕਰਮ ਕਰਦੇ ਹਨ ਜਿਵੇਂ ਸੱਪ ਦੀ ਰੁੱਡ ਬੰਦ ਕੀਤਿਆਂ ਸੱਪ ਨਹੀਂ ਮਰਦਾ।

ਸਤਿਗੁਰੁ ਦਾਤਾ ਸੇਵੀਐ ਸਬਦੁ ਵਸੈ ਮਨਿ ਆਇ ॥

ਜੇ (ਨਾਮ ਦੀ ਦਾਤਿ) ਦੇਣ ਵਾਲੇ ਗੁਰੂ ਦੀ ਦੱਸੀ ਹੋਈ ਕਾਰ ਕਰੀਏ ਤਾਂ ਗੁਰੂ ਦਾ ਸ਼ਬਦ ਮਨ ਵਿਚ ਆ ਵੱਸਦਾ ਹੈ।

ਮਨੁ ਤਨੁ ਸੀਤਲੁ ਸਾਂਤਿ ਹੋਇ ਤ੍ਰਿਸਨਾ ਅਗਨਿ ਬੁਝਾਇ ॥

ਫਿਰ, ਮਨ ਤਨ ਠੰਢਾ ਠਾਰ ਹੋ ਜਾਂਦਾ ਹੈ, ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ।

ਸੁਖਾ ਸਿਰਿ ਸਦਾ ਸੁਖੁ ਹੋਇ ਜਾ ਵਿਚਹੁ ਆਪੁ ਗਵਾਇ ॥

(ਗੁਰੂ ਦੀ ਸੇਵਾ ਵਿਚ) ਜਦੋਂ ਮਨੁੱਖ ਅਹੰਕਾਰ ਦੂਰ ਕਰਦਾ ਹੈ ਤਾਂ ਸਭ ਤੋਂ ਸ੍ਰੇਸ਼ਟ ਸੁਖ ਮਿਲਦਾ ਹੈ।

ਗੁਰਮੁਖਿ ਉਦਾਸੀ ਸੋ ਕਰੇ ਜਿ ਸਚਿ ਰਹੈ ਲਿਵ ਲਾਇ ॥

ਗੁਰੂ ਦੇ ਸਨਮੁਖ ਹੋਇਆ ਹੋਇਆ ਉਹ ਮਨੁੱਖ ਹੀ (ਤ੍ਰਿਸ਼ਨਾ ਵਲੋਂ) ਤਿਆਗ ਕਰਦਾ ਹੈ ਜੋ ਸੱਚੇ ਨਾਮ ਵਿਚ ਸੁਰਤ ਜੋੜੀ ਰੱਖਦਾ ਹੈ।

ਚਿੰਤਾ ਮੂਲਿ ਨ ਹੋਵਈ ਹਰਿ ਨਾਮਿ ਰਜਾ ਆਘਾਇ ॥

ਉਸ ਨੂੰ ਚਿੰਤਾ ਉੱਕਾ ਹੀ ਨਹੀਂ ਹੁੰਦੀ, ਪ੍ਰਭੂ ਦੇ ਨਾਲ ਹੀ ਉਹ ਚੰਗੀ ਤਰ੍ਹਾਂ ਰੱਜਿਆ ਰਹਿੰਦਾ ਹੈ।

ਨਾਨਕ ਨਾਮ ਬਿਨਾ ਨਹ ਛੂਟੀਐ ਹਉਮੈ ਪਚਹਿ ਪਚਾਇ ॥੨॥

ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ (ਤ੍ਰਿਸ਼ਨਾ ਦੀ ਅੱਗ ਤੋਂ) ਬਚ ਨਹੀਂ ਸਕੀਦਾ, (ਨਾਮ ਤੋਂ ਬਿਨਾ) ਜੀਵ ਅਹੰਕਾਰ ਵਿਚ ਪਏ ਸੜਦੇ ਹਨ ॥੨॥


ਪਉੜੀ ॥
ਜਿਨੀ ਹਰਿ ਹਰਿ ਨਾਮੁ ਧਿਆਇਆ ਤਿਨੀ ਪਾਇਅੜੇ ਸਰਬ ਸੁਖਾ ॥

ਜਿਨ੍ਹਾਂ ਨੇ ਪ੍ਰਭੂ ਦਾ ਨਾਮ ਸਿਮਰਿਆ ਹੈ, ਉਹਨਾਂ ਨੂੰ ਸਾਰੇ ਸੁਖ ਮਿਲ ਗਏ ਹਨ,

ਸਭੁ ਜਨਮੁ ਤਿਨਾ ਕਾ ਸਫਲੁ ਹੈ ਜਿਨ ਹਰਿ ਕੇ ਨਾਮ ਕੀ ਮਨਿ ਲਾਗੀ ਭੁਖਾ ॥

ਉਹਨਾਂ ਦਾ ਸਾਰਾ ਜੀਵਨ ਸਫਲ ਹੋਇਆ ਹੈ ਜਿਨ੍ਹਾਂ ਦੇ ਮਨ ਵਿਚ ਪ੍ਰਭੂ ਦੇ ਨਾਮ ਦੀ ਭੁੱਖ ਲੱਗੀ ਹੋਈ ਹੈ (ਭਾਵ, ‘ਨਾਮ’ ਜਿਨ੍ਹਾਂ ਦੀ ਜ਼ਿੰਦਗੀ ਦਾ ਆਸਰਾ ਹੋ ਜਾਂਦਾ ਹੈ)।

ਜਿਨੀ ਗੁਰ ਕੈ ਬਚਨਿ ਆਰਾਧਿਆ ਤਿਨ ਵਿਸਰਿ ਗਏ ਸਭਿ ਦੁਖਾ ॥

ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦਾ ਸਿਮਰਨ ਕੀਤਾ ਹੈ, ਉਹਨਾਂ ਦੇ ਸਾਰੇ ਦੁਖ ਦੂਰ ਹੋ ਗਏ ਹਨ।

ਤੇ ਸੰਤ ਭਲੇ ਗੁਰਸਿਖ ਹੈ ਜਿਨ ਨਾਹੀ ਚਿੰਤ ਪਰਾਈ ਚੁਖਾ ॥

ਉਹ ਗੁਰਸਿੱਖ ਚੰਗੇ ਸੰਤ ਹਨ ਜਿਨ੍ਹਾਂ ਨੇ (ਪ੍ਰਭੂ ਤੋਂ ਬਿਨਾ) ਹੋਰ ਕਿਸੇ ਦੀ ਰਤਾ ਭੀ ਆਸ ਨਹੀਂ ਰੱਖੀ।

ਧਨੁ ਧੰਨੁ ਤਿਨਾ ਕਾ ਗੁਰੂ ਹੈ ਜਿਸੁ ਅੰਮ੍ਰਿਤ ਫਲ ਹਰਿ ਲਾਗੇ ਮੁਖਾ ॥੬॥

ਉਹਨਾਂ ਦਾ ਗੁਰੂ ਭੀ ਧੰਨ ਹੈ, ਭਾਗਾਂ ਵਾਲਾ ਹੈ, ਜਿਸ ਦੇ ਮੂੰਹ ਨੂੰ (ਪ੍ਰਭੂ ਦੀ ਸਿਫ਼ਤ-ਸਾਲਾਹ ਰੂਪ) ਅਮਰ ਕਰਨ ਵਾਲੇ ਫਲ ਲੱਗੇ ਹੋਏ ਹਨ (ਭਾਵ, ਜਿਸ ਦੇ ਮੂੰਹੋਂ ਪ੍ਰਭੂ ਦੀ ਵਡਿਆਈ ਦੇ ਬਚਨ ਨਿਕਲਦੇ ਹਨ) ॥੬॥


ਸਲੋਕ ਮਃ ੩ ॥
ਕਲਿ ਮਹਿ ਜਮੁ ਜੰਦਾਰੁ ਹੈ ਹੁਕਮੇ ਕਾਰ ਕਮਾਇ ॥

ਦੁਬਿਧਾ ਵਾਲੀ ਹਾਲਤ ਵਿਚ (ਮਨੁੱਖ ਦੇ ਸਿਰ ਉਤੇ) ਮੌਤ ਦਾ ਸਹਿਮ ਟਿਕਿਆ ਰਹਿੰਦਾ ਹੈ; (ਪਰ ਉਹ ਜਮ ਭੀ) ਪ੍ਰਭੂ ਦੇ ਹੁਕਮ ਵਿਚ ਹੀ ਕਾਰ ਕਰਦਾ ਹੈ।

ਗੁਰਿ ਰਾਖੇ ਸੇ ਉਬਰੇ ਮਨਮੁਖਾ ਦੇਇ ਸਜਾਇ ॥

ਜਿਨ੍ਹਾਂ ਨੂੰ ਗੁਰੂ ਨੇ (‘ਕਲਿ’ ਤੋਂ) ਬਚਾ ਲਿਆ ਉਹ (ਜਮ ਦੇ ਸਹਿਮ ਤੋਂ) ਬਚ ਜਾਂਦੇ ਹਨ, ਮਨ ਦੇ ਪਿਛੇ ਤੁਰਨ ਵਾਲੇ ਬੰਦਿਆਂ ਨੂੰ (ਸਹਿਮ ਦੀ) ਸਜ਼ਾ ਦੇਂਦਾ ਹੈ।

ਜਮਕਾਲੈ ਵਸਿ ਜਗੁ ਬਾਂਧਿਆ ਤਿਸ ਦਾ ਫਰੂ ਨ ਕੋਇ ॥

ਜਗਤ (ਭਾਵ, ਪ੍ਰਭੂ ਤੋਂ ਵਿਛੁੜਿਆ ਜੀਵ) ਜਮਕਾਲ ਦੇ ਵੱਸ ਵਿਚ ਬੱਧਾ ਪਿਆ ਹੈ, ਉਸ ਦਾ ਕੋਈ ਰਾਖਾ ਨਹੀਂ ਬਣਦਾ।

ਜਿਨਿ ਜਮੁ ਕੀਤਾ ਸੋ ਸੇਵੀਐ ਗੁਰਮੁਖਿ ਦੁਖੁ ਨ ਹੋਇ ॥

ਜੇ ਗੁਰੂ ਦੇ ਸਨਮੁਖ ਹੋ ਕੇ ਉਸ ਪ੍ਰਭੂ ਦੀ ਬੰਦਗੀ ਕਰੀਏ ਜਿਸ ਨੇ ਜਮ ਪੈਦਾ ਕੀਤਾ ਹੈ (ਤਾਂ ਫਿਰ ਜਮ ਦਾ) ਦੁਖ ਨਹੀਂ ਪੋਂਹਦਾ।

ਨਾਨਕ ਗੁਰਮੁਖਿ ਜਮੁ ਸੇਵਾ ਕਰੇ ਜਿਨ ਮਨਿ ਸਚਾ ਹੋਇ ॥੧॥

(ਸਗੋਂ) ਹੇ ਨਾਨਕ! ਜਿਨ੍ਹਾਂ ਗੁਰਮੁਖਾਂ ਦੇ ਮਨ ਵਿਚ ਸੱਚਾ ਪ੍ਰਭੂ ਵੱਸਦਾ ਹੈ ਉਹਨਾਂ ਦੀ ਜਮ ਭੀ ਸੇਵਾ ਕਰਦਾ ਹੈ ॥੧॥


ਮਃ ੩ ॥
ਏਹਾ ਕਾਇਆ ਰੋਗਿ ਭਰੀ ਬਿਨੁ ਸਬਦੈ ਦੁਖੁ ਹਉਮੈ ਰੋਗੁ ਨ ਜਾਇ ॥

ਇਹ ਸਰੀਰ (ਹਉਮੈ ਦੇ) ਰੋਗ ਨਾਲ ਭਰਿਆ ਹੋਇਆ ਹੈ, ਗੁਰੂ ਦੇ ਸ਼ਬਦ ਤੋਂ ਬਿਨਾ ਹਉਮੈ ਰੋਗ-ਰੂਪ ਦੁੱਖ ਦੂਰ ਨਹੀਂ ਹੁੰਦਾ।

ਸਤਿਗੁਰੁ ਮਿਲੈ ਤਾ ਨਿਰਮਲ ਹੋਵੈ ਹਰਿ ਨਾਮੋ ਮੰਨਿ ਵਸਾਇ ॥

ਜੇ ਗੁਰੂ ਮਿਲ ਪਏ ਤਾਂ ਮਨੁੱਖ ਦਾ ਮਨ ਪਵਿਤ੍ਰ ਹੋ ਜਾਂਦਾ ਹੈ (ਕਿਉਂਕਿ ਗੁਰੂ ਮਿਲਿਆਂ ਮਨੁੱਖ) ਪਰਮਾਤਮਾ ਦਾ ਨਾਮ ਮਨ ਵਿਚ ਵਸਾਂਦਾ ਹੈ।

ਨਾਨਕ ਨਾਮੁ ਧਿਆਇਆ ਸੁਖਦਾਤਾ ਦੁਖੁ ਵਿਸਰਿਆ ਸਹਜਿ ਸੁਭਾਇ ॥੨॥

ਹੇ ਨਾਨਕ! ਜਿਨ੍ਹਾਂ ਨੇ ਸੁਖਦਾਈ ਹਰਿ-ਨਾਮ ਸਿਮਰਿਆ ਹੈ, ਉਹਨਾਂ ਦਾ ਹਉਮੈ-ਦੁੱਖ ਸਹਿਜ ਸੁਭਾਇ ਦੂਰ ਹੋ ਜਾਂਦਾ ਹੈ ॥੨॥


ਪਉੜੀ ॥
ਜਿਨਿ ਜਗਜੀਵਨੁ ਉਪਦੇਸਿਆ ਤਿਸੁ ਗੁਰ ਕਉ ਹਉ ਸਦਾ ਘੁਮਾਇਆ ॥

ਮੈਂ ਉਸ ਗੁਰੂ ਤੋਂ ਸਦਾ ਕੁਰਬਾਨ ਹਾਂ ਜਿਸ ਨੇ ਜਗਤ-ਦਾ-ਸਹਾਰਾ-ਪ੍ਰਭੂ ਨੇੜੇ ਵਿਖਾ ਦਿੱਤਾ ਹੈ।

ਤਿਸੁ ਗੁਰ ਕਉ ਹਉ ਖੰਨੀਐ ਜਿਨਿ ਮਧੁਸੂਦਨੁ ਹਰਿ ਨਾਮੁ ਸੁਣਾਇਆ ॥

ਮੈਂ ਉਸ ਗੁਰੂ ਤੋਂ ਸਦਾ ਕੁਰਬਾਨ ਹਾਂ ਜਿਸ ਨੇ ਅਹੰਕਾਰ-ਦੈਂਤ ਨੂੰ ਮਾਰਨ ਵਾਲੇ ਪ੍ਰਭੂ ਦਾ ਨਾਮ ਸੁਣਾਇਆ ਹੈ (ਭਾਵ, ਨਾਮ ਸਿਮਰਨ ਦੀ ਸਿੱਖਿਆ ਦਿੱਤੀ ਹੈ)।

ਤਿਸੁ ਗੁਰ ਕਉ ਹਉ ਵਾਰਣੈ ਜਿਨਿ ਹਉਮੈ ਬਿਖੁ ਸਭੁ ਰੋਗੁ ਗਵਾਇਆ ॥

ਮੈਂ ਉਸ ਗੁਰੂ ਤੋਂ ਸਦਾ ਕੁਰਬਾਨ ਹਾਂ ਜਿਸ ਨੇ ਹਉਮੈ ਰੂਪ ਜ਼ਹਿਰ ਤੇ ਹੋਰ ਸਾਰਾ (ਵਿਕਾਰਾਂ ਦਾ) ਰੋਗ ਦੂਰ ਕੀਤਾ ਹੈ।

ਤਿਸੁ ਸਤਿਗੁਰ ਕਉ ਵਡ ਪੁੰਨੁ ਹੈ ਜਿਨਿ ਅਵਗਣ ਕਟਿ ਗੁਣੀ ਸਮਝਾਇਆ ॥

ਜਿਸ ਗੁਰੂ ਨੇ (ਜੀਵ ਦੇ) ਪਾਪ ਕੱਟ ਕੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੀ ਸੋਝੀ ਪਾਈ ਹੈ, ਉਸ ਦਾ (ਜੀਵਾਂ ਉੱਤੇ) ਇਹ ਬਹੁਤ ਭਾਰਾ ਉਪਕਾਰ ਹੈ।

ਸੋ ਸਤਿਗੁਰੁ ਤਿਨ ਕਉ ਭੇਟਿਆ ਜਿਨ ਕੈ ਮੁਖਿ ਮਸਤਕਿ ਭਾਗੁ ਲਿਖਿ ਪਾਇਆ ॥੭॥

ਐਸਾ ਗੁਰੂ ਉਹਨਾਂ ਨੂੰ ਮਿਲਿਆ ਹੈ ਜਿਨ੍ਹਾਂ ਦੇ ਮੱਥੇ ਉੱਤੇ ਮੂੰਹ ਉੱਤੇ (ਪਿਛਲੇ ਕੀਤੇ ਚੰਗੇ ਕਰਮਾਂ ਦੇ ਸੰਸਕਾਰਾਂ ਦਾ) ਭਾਗ ਲਿਖਿਆ ਪਿਆ ਹੈ ॥੭॥


ਸਲੋਕੁ ਮਃ ੩ ॥
ਭਗਤਿ ਕਰਹਿ ਮਰਜੀਵੜੇ ਗੁਰਮੁਖਿ ਭਗਤਿ ਸਦਾ ਹੋਇ ॥

(ਸੰਸਾਰ ਵਲੋਂ) ਮਰ ਕੇ (ਰੱਬ ਵੱਲ) ਜੀਊਣ ਵਾਲੇ ਮਨੁੱਖ (ਹੀ ਸੱਚੀ) ਭਗਤੀ ਕਰਦੇ ਹਨ, ਅਸਲ ਭਗਤੀ ਉਹਨਾਂ ਪਾਸੋਂ ਹੀ ਹੋ ਸਕਦੀ ਹੈ ਜੋ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰ ਦੇਂਦੇ ਹਨ।

ਓਨਾ ਕਉ ਧੁਰਿ ਭਗਤਿ ਖਜਾਨਾ ਬਖਸਿਆ ਮੇਟਿ ਨ ਸਕੈ ਕੋਇ ॥

ਐਸੇ ਬੰਦਿਆਂ ਨੂੰ ਧੁਰੋਂ ਪਰਮਾਤਮਾ ਨੇ ਭਗਤੀ ਦੇ ਖ਼ਜ਼ਾਨੇ ਦੀ ਦਾਤ ਬਖ਼ਸ਼ੀ ਹੋਈ ਹੈ, ਕੋਈ ਉਸ ਬਖ਼ਸ਼ਸ਼ ਨੂੰ ਮਿਟਾ ਨਹੀਂ ਸਕਦਾ।

ਗੁਣ ਨਿਧਾਨੁ ਮਨਿ ਪਾਇਆ ਏਕੋ ਸਚਾ ਸੋਇ ॥

ਉਹਨਾਂ ਨੇ ਉਸ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਨੂੰ ਆਪਣੇ ਮਨ ਵਿਚ ਲੱਭ ਲਿਆ ਹੈ ਜੋ ਇਕ ਆਪ ਹੀ ਆਪ ਹੈ ਤੇ ਸਦਾ-ਥਿਰ ਰਹਿਣ ਵਾਲਾ ਹੈ।

ਨਾਨਕ ਗੁਰਮੁਖਿ ਮਿਲਿ ਰਹੇ ਫਿਰਿ ਵਿਛੋੜਾ ਕਦੇ ਨ ਹੋਇ ॥੧॥

ਹੇ ਨਾਨਕ! ਜੋ ਮਨੁੱਖ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰ ਦੇਂਦੇ ਹਨ, ਉਹ ਪ੍ਰਭੂ ਵਿਚ ਜੁੜੇ ਰਹਿੰਦੇ ਹਨ, ਤੇ ਫਿਰ ਕਦੇ ਉਹਨਾਂ ਨੂੰ (ਪ੍ਰਭੂ-ਚਰਨਾਂ ਨਾਲੋਂ) ਵਿਛੋੜਾ ਨਹੀਂ ਹੁੰਦਾ ॥੧॥


ਮਃ ੩ ॥
ਸਤਿਗੁਰ ਕੀ ਸੇਵ ਨ ਕੀਨੀਆ ਕਿਆ ਓਹੁ ਕਰੇ ਵੀਚਾਰੁ ॥

ਜਿਸ ਮਨੁੱਖ ਨੇ ਗੁਰੂ ਦੀ ਦੱਸੀ ਹੋਈ ਕਾਰ ਨਹੀਂ ਕੀਤੀ, ਉਹ ਹੋਰ ਕੀਹ ਵਿਚਾਰ ਕਰਦਾ ਹੈ? (ਭਾਵ, ਉਸ ਦੀ ਹੋਰ ਕਿਸੇ ਵਿਚਾਰ ਦਾ ਗੁਣ ਨਹੀਂ)।

ਸਬਦੈ ਸਾਰ ਨ ਜਾਣਈ ਬਿਖੁ ਭੂਲਾ ਗਾਵਾਰੁ ॥

ਉਹ ਮੂਰਖ ਜ਼ਹਿਰ (ਨੂੰ ਵੇਖ ਕੇ) ਭੁੱਲਾ ਹੋਇਆ ਗੁਰੂ ਦੇ ਸ਼ਬਦ ਦੀ ਕਦਰ ਨਹੀਂ ਜਾਣਦਾ।

ਅਗਿਆਨੀ ਅੰਧੁ ਬਹੁ ਕਰਮ ਕਮਾਵੈ ਦੂਜੈ ਭਾਇ ਪਿਆਰੁ ॥

ਉਹ ਅੰਨ੍ਹਾ ਅਗਿਆਨੀ (ਹੋਰ) ਬਹੁਤੇ ਕਰਮ ਕਰਦਾ ਹੈ (ਕਰਮ-ਧਾਰਮਿਕ ਰਸਮਾਂ) ਪਰ ਉਸ ਦੀ ਸੁਰਤ ਮਾਇਆ ਦੇ ਪਿਆਰ ਵਿਚ (ਹੀ ਲੱਗੀ ਰਹਿੰਦੀ ਹੈ)।

ਅਣਹੋਦਾ ਆਪੁ ਗਣਾਇਦੇ ਜਮੁ ਮਾਰਿ ਕਰੇ ਤਿਨ ਖੁਆਰੁ ॥

ਜੋ ਮਨੁੱਖ ਆਪਣੇ ਅੰਦਰ ਕੋਈ ਗੁਣ ਨਾਹ ਹੁੰਦਿਆਂ ਆਪਣੇ ਆਪ ਨੂੰ (ਵੱਡਾ) ਜਤਾਉਂਦੇ ਹਨ, ਉਹਨਾਂ ਨੂੰ ਜਮ ਮਾਰ ਕੇ ਖ਼ੁਆਰ ਕਰਦਾ ਹੈ।

ਨਾਨਕ ਕਿਸ ਨੋ ਆਖੀਐ ਜਾ ਆਪੇ ਬਖਸਣਹਾਰੁ ॥੨॥

ਪਰ, ਹੇ ਨਾਨਕ! ਕਿਸੇ ਨੂੰ ਕੀਹ ਆਖਣਾ ਹੈ? ਪਰਮਾਤਮਾ ਆਪ ਹੀ ਬਖ਼ਸ਼ਸ਼ ਕਰਨ ਵਾਲਾ ਹੈ (ਭਾਵ, ਇਸ ਮਨ-ਮੁਖਤਾ ਵਲੋਂ ਪ੍ਰਭੂ ਆਪ ਹੀ ਬਚਾਉਣ ਦੇ ਸਮਰੱਥ ਹੈ, ਹੋਰ ਕੋਈ ਜੀਵ ਸਹੈਤਾ ਨਹੀਂ ਕਰ ਸਕਦਾ) ॥੨॥


ਪਉੜੀ ॥
ਤੂ ਕਰਤਾ ਸਭੁ ਕਿਛੁ ਜਾਣਦਾ ਸਭਿ ਜੀਅ ਤੁਮਾਰੇ ॥

ਹੇ ਸਿਰਜਣਹਾਰ! ਤੂੰ ਸਭ ਕੁਝ ਜਾਣਦਾ ਹੈਂ ਤੇ ਸਾਰੇ ਜੀਵ ਤੇਰੇ ਹਨ।

ਜਿਸੁ ਤੂ ਭਾਵੈ ਤਿਸੁ ਤੂ ਮੇਲਿ ਲੈਹਿ ਕਿਆ ਜੰਤ ਵਿਚਾਰੇ ॥

ਜੀਆਂ ਵਿਚਾਰਿਆਂ ਦੇ ਕੀਹ ਵੱਸ ਹੈ? ਜੋ ਤੈਨੂੰ ਭਾਉਂਦਾ ਹੈ ਉਸ ਨੂੰ ਤੂੰ (ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈਂ।

ਤੂ ਕਰਣ ਕਾਰਣ ਸਮਰਥੁ ਹੈ ਸਚੁ ਸਿਰਜਣਹਾਰੇ ॥

ਹੇ ਸਦਾ ਕਾਇਮ ਰਹਿਣ ਵਾਲੇ ਕਰਤਾਰ! ਤੂੰ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈਂ।

ਜਿਸੁ ਤੂ ਮੇਲਹਿ ਪਿਆਰਿਆ ਸੋ ਤੁਧੁ ਮਿਲੈ ਗੁਰਮੁਖਿ ਵੀਚਾਰੇ ॥

ਹੇ ਪਿਆਰੇ! ਜਿਸ ਨੂੰ ਤੂੰ ਆਪ ਮਿਲਾਉਂਦਾ ਹੈਂ ਉਹ ਗੁਰੂ ਦੇ (ਸ਼ਬਦ) ਦੀ ਰਾਹੀਂ ਤੇਰੇ ਗੁਣਾਂ ਦੀ ਵਿਚਾਰ ਕਰ ਕੇ ਤੈਨੂੰ ਮਿਲ ਪੈਂਦਾ ਹੈ।

ਹਉ ਬਲਿਹਾਰੀ ਸਤਿਗੁਰ ਆਪਣੇ ਜਿਨਿ ਮੇਰਾ ਹਰਿ ਅਲਖੁ ਲਖਾਰੇ ॥੮॥

ਮੈਂ ਪਿਆਰੇ ਸਤਿਗੁਰੂ ਤੋਂ ਸਦਕੇ ਹਾਂ ਜਿਸ ਨੇ ਮੈਨੂੰ ਅਦ੍ਰਿਸ਼ਟ ਪਰਮਾਤਮਾ ਦੀ ਸੋਝੀ ਪਾ ਦਿੱਤੀ ਹੈ ॥੮॥


ਸਲੋਕ ਮਃ ੩ ॥
ਰਤਨਾ ਪਾਰਖੁ ਜੋ ਹੋਵੈ ਸੁ ਰਤਨਾ ਕਰੇ ਵੀਚਾਰੁ ॥

ਜੋ ਮਨੁੱਖ ਰਤਨਾਂ ਦੀ ਕਦਰ ਜਾਣਦਾ ਹੈ, ਉਹੀ ਰਤਨਾਂ ਦੀ ਸੋਚ ਵਿਚਾਰ ਕਰਦਾ ਹੈ।

ਰਤਨਾ ਸਾਰ ਨ ਜਾਣਈ ਅਗਿਆਨੀ ਅੰਧੁ ਅੰਧਾਰੁ ॥

ਪਰ ਅੰਨ੍ਹਾ ਤੇ ਅਗਿਆਨੀ ਬੰਦਾ ਰਤਨਾਂ ਦੀ ਕਦਰ ਨਹੀਂ ਪਾ ਸਕਦਾ।

ਰਤਨੁ ਗੁਰੂ ਕਾ ਸਬਦੁ ਹੈ ਬੂਝੈ ਬੂਝਣਹਾਰੁ ॥

ਕੋਈ ਸੂਝ ਵਾਲਾ ਮਨੁੱਖ ਸਮਝਦਾ ਹੈ ਕਿ (ਅਸਲ) ਰਤਨ ਸਤਿਗੁਰੂ ਦਾ ਸ਼ਬਦ ਹੈ।

ਮੂਰਖ ਆਪੁ ਗਣਾਇਦੇ ਮਰਿ ਜੰਮਹਿ ਹੋਇ ਖੁਆਰੁ ॥

ਪਰ, ਮੂਰਖ ਬੰਦੇ (ਗੁਰ-ਸ਼ਬਦ ਨੂੰ ਸਮਝਣ ਦੇ ਥਾਂ) ਆਪਣੇ ਆਪ ਨੂੰ ਵੱਡਾ ਜਤਾਉਂਦੇ ਹਨ ਤੇ ਖ਼ੁਆਰ ਹੋ ਹੋ ਕੇ ਮਰਦੇ ਜੰਮਦੇ ਰਹਿੰਦੇ ਹਨ।

ਨਾਨਕ ਰਤਨਾ ਸੋ ਲਹੈ ਜਿਸੁ ਗੁਰਮੁਖਿ ਲਗੈ ਪਿਆਰੁ ॥

ਹੇ ਨਾਨਕ! ਉਹੀ ਮਨੁੱਖ (ਗੁਰ-ਸ਼ਬਦ ਰੂਪ) ਰਤਨਾਂ ਨੂੰ ਹਾਸਲ ਕਰਦਾ ਹੈ ਜਿਸ ਨੂੰ ਗੁਰੂ ਦੀ ਰਾਹੀਂ (ਗੁਰ-ਸ਼ਬਦ ਦੀ) ਲਗਨ ਲੱਗਦੀ ਹੈ।

ਸਦਾ ਸਦਾ ਨਾਮੁ ਉਚਰੈ ਹਰਿ ਨਾਮੋ ਨਿਤ ਬਿਉਹਾਰੁ ॥

ਉਹ ਮਨੁੱਖ ਸਦਾ ਪ੍ਰਭੂ ਦਾ ਨਾਮ ਜਪਦਾ ਹੈ, ਨਾਮ ਜਪਣਾ ਹੀ ਉਸ ਦਾ ਨਿੱਤ ਦਾ ਵਿਹਾਰ ਬਣ ਜਾਂਦਾ ਹੈ।

ਕ੍ਰਿਪਾ ਕਰੇ ਜੇ ਆਪਣੀ ਤਾ ਹਰਿ ਰਖਾ ਉਰ ਧਾਰਿ ॥੧॥

ਜੇ ਪਰਮਾਤਮਾ ਆਪਣੀ ਮੇਹਰ ਕਰੇ, ਤਾਂ ਮੈਂ ਭੀ ਉਸ ਦਾ ਨਾਮ ਹਿਰਦੇ ਵਿਚ ਪਰੋ ਰੱਖਾਂ ॥੧॥


ਮਃ ੩ ॥
ਸਤਿਗੁਰ ਕੀ ਸੇਵ ਨ ਕੀਨੀਆ ਹਰਿ ਨਾਮਿ ਨ ਲਗੋ ਪਿਆਰੁ ॥

ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਦੱਸੀ ਕਾਰ ਨਹੀਂ ਕੀਤੀ, ਜਿਨ੍ਹਾਂ ਦੀ ਲਗਨ ਪ੍ਰਭੂ ਦੇ ਨਾਮ ਵਿਚ ਨਹੀਂ ਬਣੀ,

ਮਤ ਤੁਮ ਜਾਣਹੁ ਓਇ ਜੀਵਦੇ ਓਇ ਆਪਿ ਮਾਰੇ ਕਰਤਾਰਿ ॥

ਇਹ ਨਾ ਸਮਝੋ ਕਿ ਉਹ ਬੰਦੇ ਜੀਊਂਦੇ ਹਨ, ਉਹਨਾਂ ਨੂੰ ਕਰਤਾਰ ਨੇ ਆਪ ਹੀ (ਆਤਮਕ ਮੌਤੇ) ਮਾਰ ਦਿੱਤਾ ਹੈ।

ਹਉਮੈ ਵਡਾ ਰੋਗੁ ਹੈ ਭਾਇ ਦੂਜੈ ਕਰਮ ਕਮਾਇ ॥

ਮਾਇਆ ਦੇ ਮੋਹ ਵਿਚ ਕਰਮ ਕਰ ਕਰ ਕੇ ਉਹਨਾਂ ਨੂੰ ਹਉਮੈ ਦਾ ਰੋਗ (ਚੰਬੜਿਆ ਹੋਇਆ) ਹੈ।

ਨਾਨਕ ਮਨਮੁਖਿ ਜੀਵਦਿਆ ਮੁਏ ਹਰਿ ਵਿਸਰਿਆ ਦੁਖੁ ਪਾਇ ॥੨॥

ਹੇ ਨਾਨਕ! ਮਨ ਦੇ ਪਿਛੇ ਤੁਰਨ ਵਾਲੇ ਬੰਦੇ ਜੀਊਂਦੇ ਹੀ ਮੋਏ ਜਾਣੋ। ਜੋ ਮਨੁੱਖ ਰੱਬ ਨੂੰ ਭੁਲਾਉਂਦਾ ਹੈ; ਉਹ ਦੁਖ ਪਾਉਂਦਾ ਹੈ ॥੨॥


ਪਉੜੀ ॥
ਜਿਸੁ ਅੰਤਰੁ ਹਿਰਦਾ ਸੁਧੁ ਹੈ ਤਿਸੁ ਜਨ ਕਉ ਸਭਿ ਨਮਸਕਾਰੀ ॥

ਜਿਸ ਦਾ ਅੰਦਰਲਾ ਹਿਰਦਾ ਪਵਿੱਤ੍ਰ ਹੈ, ਉਸ ਨੂੰ ਸਾਰੇ ਜੀਵ ਨਮਸਕਾਰ ਕਰਦੇ ਹਨ।

ਜਿਸੁ ਅੰਦਰਿ ਨਾਮੁ ਨਿਧਾਨੁ ਹੈ ਤਿਸੁ ਜਨ ਕਉ ਹਉ ਬਲਿਹਾਰੀ ॥

ਉਸ ਤੋਂ ਮੈਂ ਸਦਕੇ ਹਾਂ, ਜਿਸਦੇ ਹਿਰਦੇ ਵਿਚ ਨਾਮ (ਰੂਪ) ਖ਼ਜ਼ਾਨਾ ਹੈ,

ਜਿਸੁ ਅੰਦਰਿ ਬੁਧਿ ਬਿਬੇਕੁ ਹੈ ਹਰਿ ਨਾਮੁ ਮੁਰਾਰੀ ॥

ਜਿਸ ਦੇ ਅੰਦਰ (ਭਲੀ) ਮੱਤ ਹੈ, (ਚੰਗੇ ਮੰਦੇ ਦੀ) ਪਛਾਣ ਹੈ ਤੇ ਹਰੀ ਮੁਰਾਰੀ ਦਾ ਨਾਮ ਹੈ।

ਸੋ ਸਤਿਗੁਰੁ ਸਭਨਾ ਕਾ ਮਿਤੁ ਹੈ ਸਭ ਤਿਸਹਿ ਪਿਆਰੀ ॥

ਉਹ ਸਤਿਗੁਰੂ ਸਭ ਜੀਵਾਂ ਦਾ ਮਿੱਤ੍ਰ ਹੈ ਤੇ ਸਾਰੀ ਸ੍ਰਿਸ਼ਟੀ ਉਸ ਨੂੰ ਪਿਆਰੀ ਲੱਗਦੀ ਹੈ।

ਸਭੁ ਆਤਮ ਰਾਮੁ ਪਸਾਰਿਆ ਗੁਰ ਬੁਧਿ ਬੀਚਾਰੀ ॥੯॥

ਸਤਿਗੁਰੂ ਦੀ ਸਮਝ ਨੇ ਤਾਂ ਇਹ ਸਮਝਿਆ ਹੈ ਕਿ ਸਭ ਥਾਈਂ ਪਰਮਾਤਮਾ ਨੇ ਆਪਣਾ ਆਪ ਪਸਾਰਿਆ ਹੋਇਆ ਹੈ ॥੯॥


ਸਲੋਕ ਮਃ ੩ ॥
ਬਿਨੁ ਸਤਿਗੁਰ ਸੇਵੇ ਜੀਅ ਕੇ ਬੰਧਨਾ ਵਿਚਿ ਹਉਮੈ ਕਰਮ ਕਮਾਹਿ ॥

ਮਨੁੱਖ ਸਤਿਗੁਰੂ ਦੀ ਸੇਵਾ ਤੋਂ ਖੁੰਝ ਕੇ ਅਹੰਕਾਰ ਦੇ ਆਸਰੇ ਕਰਮ ਕਰਦੇ ਹਨ, ਪਰ ਉਹ ਕਰਮ ਉਹਨਾਂ ਦੇ ਆਤਮਾ ਲਈ ਬੰਧਨ ਹੋ ਜਾਂਦੇ ਹਨ।

ਬਿਨੁ ਸਤਿਗੁਰ ਸੇਵੇ ਠਉਰ ਨ ਪਾਵਹੀ ਮਰਿ ਜੰਮਹਿ ਆਵਹਿ ਜਾਹਿ ॥

ਸਤਿਗੁਰੂ ਦੀ ਦੱਸੀ ਕਾਰ ਨਾ ਕਰਨ ਕਰ ਕੇ ਉਹਨਾਂ ਨੂੰ ਕਿਤੇ ਥਾ ਨਹੀਂ ਮਿਲਦੀ, ਉਹ ਮਰਦੇ ਹਨ (ਫੇਰ) ਜੰਮਦੇ ਹਨ, (ਸੰਸਾਰ ਵਿਚ) ਆਉਂਦੇ ਹਨ, (ਫੇਰ) ਜਾਂਦੇ ਹਨ।

ਬਿਨੁ ਸਤਿਗੁਰ ਸੇਵੇ ਫਿਕਾ ਬੋਲਣਾ ਨਾਮੁ ਨ ਵਸੈ ਮਨ ਮਾਹਿ ॥

ਸਤਿਗੁਰੂ ਦੀ ਦੱਸੀ ਸੇਵਾ ਤੋਂ ਵਾਂਜੇ ਰਹਿ ਕੇ ਉਹਨਾਂ ਦੇ ਬੋਲ ਭੀ ਫਿੱਕੇ ਹੁੰਦੇ ਹਨ ਤੇ ‘ਨਾਮ’ ਉਹਨਾਂ ਦੇ ਮਨ ਵਿਚ ਵੱਸਦਾ ਨਹੀਂ।

ਨਾਨਕ ਬਿਨੁ ਸਤਿਗੁਰ ਸੇਵੇ ਜਮ ਪੁਰਿ ਬਧੇ ਮਾਰੀਅਨਿ ਮੁਹਿ ਕਾਲੈ ਉਠਿ ਜਾਹਿ ॥੧॥

ਹੇ ਨਾਨਕ! ਸਤਿਗੁਰੂ ਦੀ ਸੇਵਾ ਤੋਂ ਬਿਨਾ ਕਾਲੇ-ਮੂੰਹ (ਸੰਸਾਰ ਤੋਂ) ਤੁਰ ਜਾਂਦੇ ਹਨ ਤੇ ਜਮਪੁਰੀ ਵਿਚ ਬੱਧੇ ਹੋਏ ਮਾਰ ਖਾਂਦੇ ਹਨ (ਭਾਵ, ਇਸ ਲੋਕ ਵਿਚ ਮੁਕਾਲਖ ਖੱਟਦੇ ਹਨ ਤੇ ਅਗਾਂਹ ਭੀ ਦੁਖੀ ਹੁੰਦੇ ਹਨ) ॥੧॥


ਮਹਲਾ ੧ ॥
ਜਾਲਉ ਐਸੀ ਰੀਤਿ ਜਿਤੁ ਮੈ ਪਿਆਰਾ ਵੀਸਰੈ ॥

ਮੈਂ ਇਹੋ ਜਿਹੀ ਰੀਤ ਨੂੰ ਸਾੜ ਦਿਆਂ ਜਿਸ ਕਰਕੇ ਪਿਆਰਾ ਪ੍ਰਭੂ ਮੈਨੂੰ ਵਿਸਰ ਜਾਏ।

ਨਾਨਕ ਸਾਈ ਭਲੀ ਪਰੀਤਿ ਜਿਤੁ ਸਾਹਿਬ ਸੇਤੀ ਪਤਿ ਰਹੈ ॥੨॥

ਹੇ ਨਾਨਕ! ਪ੍ਰੇਮ ਉਹੋ ਹੀ ਚੰਗਾ ਹੈ ਜਿਸ ਦੀ ਰਾਹੀਂ ਖਸਮ ਨਾਲ ਇੱਜ਼ਤ ਬਣੀ ਰਹੇ ॥੨॥


ਪਉੜੀ ॥
ਹਰਿ ਇਕੋ ਦਾਤਾ ਸੇਵੀਐ ਹਰਿ ਇਕੁ ਧਿਆਈਐ ॥

ਇਕੋ ਦਾਤਾਰ ਕਰਤਾਰ ਦੀ ਸੇਵਾ ਕਰਨੀ ਚਾਹੀਦੀ ਹੈ, ਇਕੋ ਪਰਮਾਤਮਾ ਨੂੰ ਹੀ ਸਿਮਰਨਾ ਚਾਹੀਦਾ ਹੈ।

ਹਰਿ ਇਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ ॥

ਇਕੋ ਹਰੀ ਦਾਤਾਰ ਕੋਲੋਂ ਹੀ ਦਾਨ ਮੰਗਣਾ ਚਾਹੀਦਾ ਹੈ, ਜਿਸ ਪਾਸੋਂ ਮਨ-ਮੰਗੀ ਮੁਰਾਦ ਮਿਲ ਜਾਏ,

ਜੇ ਦੂਜੇ ਪਾਸਹੁ ਮੰਗੀਐ ਤਾ ਲਾਜ ਮਰਾਈਐ ॥

ਜੇ ਕਿਸੇ ਹੋਰ ਕੋਲੋਂ ਮੰਗੀਏ ਤਾਂ ਸ਼ਰਮ ਨਾਲ ਮਰ ਜਾਈਏ (ਭਾਵ, ਕਿਸੇ ਹੋਰ ਪਾਸੋਂ ਮੰਗਣ ਨਾਲੋਂ ਸ਼ਰਮ ਨਾਲ ਮਰ ਜਾਣਾ ਚੰਗਾ ਹੈ)।

ਜਿਨਿ ਸੇਵਿਆ ਤਿਨਿ ਫਲੁ ਪਾਇਆ ਤਿਸੁ ਜਨ ਕੀ ਸਭ ਭੁਖ ਗਵਾਈਐ ॥

ਜਿਸ ਭੀ ਮਨੁੱਖ ਨੇ ਹਰੀ ਨੂੰ ਸੇਵਿਆ ਹੈ ਉਸੇ ਨੇ ਫਲ ਪਾ ਲਿਆ ਹੈ, ਉਸ ਮਨੁੱਖ ਦੀ ਸਾਰੀ ਤ੍ਰਿਸ਼ਨਾ ਦੂਰ ਹੋ ਗਈ ਹੈ।

ਨਾਨਕੁ ਤਿਨ ਵਿਟਹੁ ਵਾਰਿਆ ਜਿਨ ਅਨਦਿਨੁ ਹਿਰਦੈ ਹਰਿ ਨਾਮੁ ਧਿਆਈਐ ॥੧੦॥

ਨਾਨਕ ਸਦਕੇ ਹੈ ਉਹਨਾਂ ਮਨੁੱਖਾਂ ਤੋਂ, ਜੋ ਹਰ ਵੇਲੇ ਹਿਰਦੇ ਵਿਚ ਪ੍ਰਭੂ ਦਾ ਨਾਮ ਸਿਮਰਦੇ ਹਨ ॥੧੦॥


ਸਲੋਕੁ ਮਃ ੩ ॥
ਭਗਤ ਜਨਾ ਕੰਉ ਆਪਿ ਤੁਠਾ ਮੇਰਾ ਪਿਆਰਾ ਆਪੇ ਲਇਅਨੁ ਜਨ ਲਾਇ ॥

ਪਿਆਰਾ ਪ੍ਰਭੂ ਆਪਣੇ ਭਗਤਾਂ ਤੇ ਆਪ ਪ੍ਰਸੰਨ ਹੁੰਦਾ ਹੈ ਤੇ ਆਪ ਹੀ ਉਸ ਨੇ ਉਹਨਾਂ ਨੂੰ ਆਪਣੇ ਨਾਲ ਜੋੜ ਲਿਆ ਹੈ।

ਪਾਤਿਸਾਹੀ ਭਗਤ ਜਨਾ ਕਉ ਦਿਤੀਅਨੁ ਸਿਰਿ ਛਤੁ ਸਚਾ ਹਰਿ ਬਣਾਇ ॥

ਭਗਤਾਂ ਦੇ ਸਿਰ ਤੇ ਸੱਚਾ ਛੱਤ੍ਰ ਝੁਲਾ ਕੇ ਉਸ ਨੇ ਭਗਤਾਂ ਨੂੰ ਪਾਤਸ਼ਾਹੀ ਬਖ਼ਸ਼ੀ ਹੈ।

ਸਦਾ ਸੁਖੀਏ ਨਿਰਮਲੇ ਸਤਿਗੁਰ ਕੀ ਕਾਰ ਕਮਾਇ ॥

ਸਤਿਗੁਰੂ ਦੀ ਦੱਸੀ ਕਾਰ ਕਮਾ ਕੇ ਉਹ ਸਦਾ ਸੁਖੀਏ ਤੇ ਪਵਿਤ੍ਰ ਰਹਿੰਦੇ ਹਨ।

ਰਾਜੇ ਓਇ ਨ ਆਖੀਅਹਿ ਭਿੜਿ ਮਰਹਿ ਫਿਰਿ ਜੂਨੀ ਪਾਹਿ ॥

ਰਾਜੇ ਉਹਨਾਂ ਨੂੰ ਨਹੀਂ ਆਖੀਦਾ ਜੋ ਆਪੋ ਵਿਚ ਲੜ ਮਰਦੇ ਹਨ ਤੇ ਫਿਰ ਜੂਨਾਂ ਵਿਚ ਪੈ ਜਾਂਦੇ ਹਨ।

ਨਾਨਕ ਵਿਣੁ ਨਾਵੈ ਨਕਂੀ ਵਢਂੀ ਫਿਰਹਿ ਸੋਭਾ ਮੂਲਿ ਨ ਪਾਹਿ ॥੧॥

ਹੇ ਨਾਨਕ! ਨਾਮ ਤੋਂ ਸੱਖਣੇ ਰਾਜੇ ਭੀ ਨਕ-ਵੱਢੇ ਫਿਰਦੇ ਹਨ ਤੇ ਕਦੇ ਸੋਭਾ ਨਹੀਂ ਪਾਂਦੇ ॥੧॥


ਮਃ ੩ ॥
ਸੁਣਿ ਸਿਖਿਐ ਸਾਦੁ ਨ ਆਇਓ ਜਿਚਰੁ ਗੁਰਮੁਖਿ ਸਬਦਿ ਨ ਲਾਗੈ ॥

ਜਦ ਤਾਈਂ ਸਤਿਗੁਰੂ ਦੇ ਸਨਮੁਖ ਹੋ ਕੇ ਮਨੁੱਖ ਸਤਿਗੁਰੂ ਦੇ ਸ਼ਬਦ ਵਿਚ ਨਹੀਂ ਜੁੜਦਾ ਤਦ ਤਾਈਂ ਸਤਿਗੁਰੂ ਦੀ ਸਿੱਖਿਆ ਨਿਰੀ ਸੁਣ ਕੇ ਸੁਆਦ ਨਹੀਂ ਆਉਂਦਾ।

ਸਤਿਗੁਰਿ ਸੇਵਿਐ ਨਾਮੁ ਮਨਿ ਵਸੈ ਵਿਚਹੁ ਭ੍ਰਮੁ ਭਉ ਭਾਗੈ ॥

ਸਤਿਗੁਰੂ ਦੀ ਦੱਸੀ ਸੇਵਾ ਕੀਤਿਆਂ ਹੀ ਨਾਮ ਮਨ ਵਿਚ ਵੱਸਦਾ ਹੈ ਤੇ ਅੰਦਰੋਂ ਭਰਮ ਤੇ ਡਰ ਦੂਰ ਹੋ ਜਾਂਦਾ ਹੈ।

ਜੇਹਾ ਸਤਿਗੁਰ ਨੋ ਜਾਣੈ ਤੇਹੋ ਹੋਵੈ ਤਾ ਸਚਿ ਨਾਮਿ ਲਿਵ ਲਾਗੈ ॥

ਜਦੋਂ ਮਨੁੱਖ ਜਿਹੋ ਜਿਹਾ ਆਪਣੇ ਸਤਿਗੁਰੂ ਨੂੰ ਸਮਝਦਾ ਹੈ, ਤਿਹੋ ਜਿਹਾ ਆਪ ਬਣ ਜਾਏ (ਭਾਵ, ਜਦੋਂ ਆਪਣੇ ਸਤਿਗੁਰੂ ਵਾਲੇ ਗੁਣ ਧਾਰਨ ਕਰੇ) ਤਦੋਂ ਉਸ ਦੀ ਬ੍ਰਿਤੀ ਸੱਚੇ ਨਾਮ ਵਿਚ ਜੁੜਦੀ ਹੈ।

ਨਾਨਕ ਨਾਮਿ ਮਿਲੈ ਵਡਿਆਈ ਹਰਿ ਦਰਿ ਸੋਹਨਿ ਆਗੈ ॥੨॥

ਹੇ ਨਾਨਕ! (ਇਹੋ ਜਿਹੇ ਜੀਵਾਂ ਨੂੰ) ਨਾਮ ਦੇ ਕਾਰਨ ਏਥੇ ਆਦਰ ਮਿਲਦਾ ਹੈ ਤੇ ਅੱਗੇ ਹਰੀ ਦੀ ਨਿਗਾਹ ਦੀ ਦਰਗਾਹ ਵਿਚ ਉਹ ਸੋਭਾ ਪਾਉਂਦੇ ਹਨ ॥੨॥


ਪਉੜੀ ॥
ਗੁਰਸਿਖਾਂ ਮਨਿ ਹਰਿ ਪ੍ਰੀਤਿ ਹੈ ਗੁਰੁ ਪੂਜਣ ਆਵਹਿ ॥

ਗੁਰਸਿੱਖਾਂ ਦੇ ਮਨ ਵਿਚ ਹਰੀ ਦਾ ਪਿਆਰ ਹੁੰਦਾ ਹੈ ਤੇ (ਉਸ ਪਿਆਰ ਦਾ ਸਦਕਾ ਉਹ) ਆਪਣੇ ਸਤਿਗੁਰੂ ਦੀ ਸੇਵਾ ਕਰਨ ਆਉਂਦੇ ਹਨ।

ਹਰਿ ਨਾਮੁ ਵਣੰਜਹਿ ਰੰਗ ਸਿਉ ਲਾਹਾ ਹਰਿ ਨਾਮੁ ਲੈ ਜਾਵਹਿ ॥

(ਸਤਿਗੁਰੂ ਦੇ ਕੋਲ ਆ ਕੇ) ਪਿਆਰ ਨਾਲ ਹਰੀ-ਨਾਮ ਦਾ ਵਪਾਰ ਕਰਦੇ ਹਨ ਤੇ ਹਰੀ-ਨਾਮ ਦਾ ਲਾਭ ਖੱਟ ਕੇ ਲੈ ਜਾਂਦੇ ਹਨ।

ਗੁਰਸਿਖਾ ਕੇ ਮੁਖ ਉਜਲੇ ਹਰਿ ਦਰਗਹ ਭਾਵਹਿ ॥

(ਇਹੋ ਜਿਹੇ) ਗੁਰਸਿੱਖਾਂ ਦੇ ਮੂੰਹ ਉਜਲੇ ਹੁੰਦੇ ਹਨ ਤੇ ਹਰੀ ਦੀ ਦਰਗਾਹ ਵਿਚ ਉਹ ਪਿਆਰੇ ਲੱਗਦੇ ਹਨ।

ਗੁਰੁ ਸਤਿਗੁਰੁ ਬੋਹਲੁ ਹਰਿ ਨਾਮ ਕਾ ਵਡਭਾਗੀ ਸਿਖ ਗੁਣ ਸਾਂਝ ਕਰਾਵਹਿ ॥

ਗੁਰੂ ਸਤਿਗੁਰੂ ਹਰੀ ਦੇ ਨਾਮ ਦਾ (ਮਾਨੋ) ਬੋਹਲ ਹੈ, ਵੱਡੇ ਭਾਗਾਂ ਵਾਲੇ ਸਿੱਖ ਆ ਕੇ ਗੁਣਾਂ ਦੀ ਭਿਆਲੀ ਪਾਉਂਦੇ ਹਨ।

ਤਿਨਾ ਗੁਰਸਿਖਾ ਕੰਉ ਹਉ ਵਾਰਿਆ ਜੋ ਬਹਦਿਆ ਉਠਦਿਆ ਹਰਿ ਨਾਮੁ ਧਿਆਵਹਿ ॥੧੧॥

ਸਦਕੇ ਹਾਂ ਉਹਨਾਂ ਗੁਰਸਿੱਖਾਂ ਤੋਂ, ਜੋ ਬਹਦਿਆਂ ਉਠਦਿਆਂ (ਭਾਵ, ਹਰ ਵੇਲੇ) ਹਰੀ ਦਾ ਨਾਮ ਸਿਮਰਦੇ ਹਨ ॥੧੧॥


ਸਲੋਕ ਮਃ ੩ ॥
ਨਾਨਕ ਨਾਮੁ ਨਿਧਾਨੁ ਹੈ ਗੁਰਮੁਖਿ ਪਾਇਆ ਜਾਇ ॥

ਹੇ ਨਾਨਕ! ਨਾਮ (ਹੀ ਅਸਲ) ਖ਼ਜ਼ਾਨਾ ਹੈ, ਜੋ ਸਤਿਗੁਰੂ ਦੇ ਸਨਮੁਖ ਹੋ ਕੇ ਮਿਲ ਸਕਦਾ ਹੈ।

ਮਨਮੁਖ ਘਰਿ ਹੋਦੀ ਵਥੁ ਨ ਜਾਣਨੀ ਅੰਧੇ ਭਉਕਿ ਮੁਏ ਬਿਲਲਾਇ ॥੧॥

ਅੰਨ੍ਹੇ ਮਨਮੁਖ (ਹਿਰਦੇ-ਰੂਪ) ਘਰ ਵਿਚ ਹੁੰਦੀ (ਇਸ) ਵਸਤ ਨੂੰ ਨਹੀਂ ਪਛਾਣਦੇ, ਤੇ (ਬਾਹਰ ਮਾਇਆ ਦੇ ਪਿਛੇ) ਵਿਲਕਦੇ ਤੇ ਭਉਂਕਦੇ ਮਰ ਜਾਂਦੇ ਹਨ ॥੧॥


ਮਃ ੩ ॥
ਕੰਚਨ ਕਾਇਆ ਨਿਰਮਲੀ ਜੋ ਸਚਿ ਨਾਮਿ ਸਚਿ ਲਾਗੀ ॥

ਜੋ ਸਰੀਰ ਸੱਚੇ ਨਾਮ ਦੀ ਰਾਹੀਂ ਸੱਚੇ ਪ੍ਰਭੂ ਵਿਚ ਜੁੜਿਆ ਹੋਇਆ ਹੈ, ਉਹ ਸੋਨੇ ਵਰਗਾ ਸੁੱਧ ਹੈ।

ਨਿਰਮਲ ਜੋਤਿ ਨਿਰੰਜਨੁ ਪਾਇਆ ਗੁਰਮੁਖਿ ਭ੍ਰਮੁ ਭਉ ਭਾਗੀ ॥

ਉਸ ਨੂੰ ਨਿਰਮਲ ਜੋਤਿ (ਰੂਪ) ਮਾਇਆ ਤੋਂ ਰਹਿਤ ਪ੍ਰਭੂ ਮਿਲ ਪੈਂਦਾ ਹੈ ਤੇ ਸਤਿਗੁਰੂ ਦੇ ਸਨਮੁਖ ਹੋ ਕੇ ਉਸ ਦਾ ਭਰਮ ਤੇ ਡਰ ਦੂਰ ਹੋ ਜਾਂਦਾ ਹੈ।

ਨਾਨਕ ਗੁਰਮੁਖਿ ਸਦਾ ਸੁਖੁ ਪਾਵਹਿ ਅਨਦਿਨੁ ਹਰਿ ਬੈਰਾਗੀ ॥੨॥

ਹੇ ਨਾਨਕ! ਸਤਿਗੁਰੂ ਦੇ ਸਨਮੁਖ ਮਨੁੱਖ ਹਰ ਵੇਲੇ ਪਰਮਾਤਮਾ ਦੇ ਵੈਰਾਗੀ ਹੋ ਕੇ ਸਦਾ ਸੁਖ ਪਾਉਂਦੇ ਹਨ ॥੨॥


ਪਉੜੀ ॥
ਸੇ ਗੁਰਸਿਖ ਧਨੁ ਧੰਨੁ ਹੈ ਜਿਨੀ ਗੁਰ ਉਪਦੇਸੁ ਸੁਣਿਆ ਹਰਿ ਕੰਨੀ ॥

ਧੰਨ ਹਨ ਉਹ ਗੁਰਸਿੱਖ ਜਿਨ੍ਹਾਂ ਨੇ ਸਤਿਗੁਰੂ ਦਾ ਉਪਦੇਸ਼ ਗਹੁ ਨਾਲ ਸੁਣਿਆ ਹੈ।

ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ਤਿਨਿ ਹੰਉਮੈ ਦੁਬਿਧਾ ਭੰਨੀ ॥

ਸਤਿਗੁਰੂ ਨੇ (ਜਿਸ ਦੇ ਭੀ ਹਿਰਦੇ ਵਿਚ) ਨਾਮ ਦ੍ਰਿੜ੍ਹ ਕੀਤਾ ਹੈ ਉਸ ਨੇ ਹਉਮੈ ਤੇ ਦੁਬਿਧਾ (ਹਿਰਦੇ ਵਿਚੋਂ) ਭੰਨ ਸੁੱਟੀ ਹੈ।

ਬਿਨੁ ਹਰਿ ਨਾਵੈ ਕੋ ਮਿਤ੍ਰੁ ਨਾਹੀ ਵੀਚਾਰਿ ਡਿਠਾ ਹਰਿ ਜੰਨੀ ॥

ਪ੍ਰਭੂ ਦਾ ਸਿਮਰਨ ਕਰਨ ਵਾਲਿਆਂ (ਗੁਰ-ਸਿੱਖਾਂ) ਨੇ ਇਹ ਗੱਲ ਵਿਚਾਰ ਕੇ ਵੇਖ ਲਈ ਹੈ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ (ਸੱਚਾ) ਮਿਤ੍ਰ ਨਹੀਂ ਹੈ।

ਜਿਨਾ ਗੁਰਸਿਖਾ ਕਉ ਹਰਿ ਸੰਤੁਸਟੁ ਹੈ ਤਿਨੀ ਸਤਿਗੁਰ ਕੀ ਗਲ ਮੰਨੀ ॥

ਜਿਨ੍ਹਾਂ ਗੁਰਸਿੱਖਾਂ ਤੇ ਪ੍ਰਭੂ ਪ੍ਰਸੰਨ ਹੁੰਦਾ ਹੈ, ਉਹ ਸਤਿਗੁਰੂ ਦੀ ਸਿੱਖਿਆ ਤੇ ਤੁਰਦੇ ਹਨ।

ਜੋ ਗੁਰਮੁਖਿ ਨਾਮੁ ਧਿਆਇਦੇ ਤਿਨੀ ਚੜੀ ਚਵਗਣਿ ਵੰਨੀ ॥੧੨॥

ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੋ ਕੇ ਨਾਮ ਜਪਦੇ ਹਨ, ਉਹਨਾਂ ਨੂੰ (ਪ੍ਰੇਮ ਦੀ) ਚੌਗੁਣੀ ਰੰਗਣ ਚੜ੍ਹਦੀ ਹੈ ॥੧੨॥


ਸਲੋਕ ਮਃ ੩ ॥
ਮਨਮੁਖੁ ਕਾਇਰੁ ਕਰੂਪੁ ਹੈ ਬਿਨੁ ਨਾਵੈ ਨਕੁ ਨਾਹਿ ॥

ਮਨ ਦੇ ਅਧੀਨ ਮਨੁੱਖ ਡਰਾਕਲ ਤੇ ਬੇ-ਸ਼ਕਲ ਹੁੰਦਾ ਹੈ, ਨਾਮ ਤੋਂ ਬਿਨਾ ਕਿਤੇ ਉਸ ਨੂੰ ਆਦਰ ਨਹੀਂ ਮਿਲਦਾ।

ਅਨਦਿਨੁ ਧੰਧੈ ਵਿਆਪਿਆ ਸੁਪਨੈ ਭੀ ਸੁਖੁ ਨਾਹਿ ॥

ਉਹ ਹਰ ਵੇਲੇ ਮਾਇਆ ਦੇ ਕਜ਼ੀਏ ਵਿਚ ਰੁੱਝਾ ਰਹਿੰਦਾ ਹੈ ਤੇ (ਏਸ ਕਰ ਕੇ) ਉਸ ਨੂੰ ਸੁਪਨੇ ਵਿਚ ਭੀ ਸੁਖ ਨਹੀਂ ਹੁੰਦਾ।

ਨਾਨਕ ਗੁਰਮੁਖਿ ਹੋਵਹਿ ਤਾ ਉਬਰਹਿ ਨਾਹਿ ਤ ਬਧੇ ਦੁਖ ਸਹਾਹਿ ॥੧॥

ਹੇ ਨਾਨਕ! ਜੋ ਸਤਿਗੁਰੂ ਦੇ ਸਨਮੁਖ ਹੋ ਜਾਂਦੇ ਹਨ, ਉਹ (ਜੰਜਾਲ ਤੋਂ) ਬਚ ਜਾਂਦੇ ਹਨ, ਨਹੀਂ ਤਾਂ (ਮਾਇਆ ਦੇ ਮੋਹ ਵਿਚ) ਬੱਧੇ ਹੋਏ ਦੁੱਖ ਸਹਿੰਦੇ ਹਨ ॥੧॥


ਮਃ ੩ ॥
ਗੁਰਮੁਖਿ ਸਦਾ ਦਰਿ ਸੋਹਣੇ ਗੁਰ ਕਾ ਸਬਦੁ ਕਮਾਹਿ ॥

ਸਤਿਗੁਰੂ ਦੇ ਸਨਮੁਖ ਹੋਏ ਹੋਏ ਮਨੁੱਖ ਦਰਗਾਹ ਵਿਚ ਸਦਾ ਸੋਭਦੇ ਹਨ (ਕਿਉਂਕਿ) ਉਹ ਸਤਿਗੁਰੂ ਦਾ ਸ਼ਬਦ ਕਮਾਉਂਦੇ ਹਨ।

ਅੰਤਰਿ ਸਾਂਤਿ ਸਦਾ ਸੁਖੁ ਦਰਿ ਸਚੈ ਸੋਭਾ ਪਾਹਿ ॥

ਉਹਨਾਂ ਦੇ ਹਿਰਦੇ ਵਿਚ ਸਦਾ ਸ਼ਾਂਤੀ ਤੇ ਸੁਖ ਹੁੰਦਾ ਹੈ, (ਇਸ ਕਰ ਕੇ) ਸੱਚੀ ਦਰਗਾਹ ਵਿਚ ਸੋਭਾ ਪਾਉਂਦੇ ਹਨ।

ਨਾਨਕ ਗੁਰਮੁਖਿ ਹਰਿ ਨਾਮੁ ਪਾਇਆ ਸਹਜੇ ਸਚਿ ਸਮਾਹਿ ॥੨॥

ਹੇ ਨਾਨਕ! ਸਤਿਗੁਰੂ ਦੇ ਸਨਮੁਖ ਮਨੁੱਖਾਂ ਨੂੰ ਹਰੀ ਦਾ ਨਾਮ ਮਿਲਿਆ ਹੋਇਆ ਹੁੰਦਾ ਹੈ, (ਇਸ ਕਰ ਕੇ) ਉਹ ਸੁਤੇ ਹੀ ਸੱਚੇ ਵਿਚ ਲੀਨ ਹੋ ਜਾਂਦੇ ਹਨ ॥੨॥


ਪਉੜੀ ॥
ਗੁਰਮੁਖਿ ਪ੍ਰਹਿਲਾਦਿ ਜਪਿ ਹਰਿ ਗਤਿ ਪਾਈ ॥

ਸਤਿਗੁਰੂ ਦੇ ਸਨਮੁਖ ਹੋ ਕੇ ਪ੍ਰਹਿਲਾਦ ਨੇ ਹਰੀ ਦਾ ਨਾਮ ਜਪ ਕੇ ਉੱਚੀ ਆਤਮਕ ਅਵਸਥਾ ਪ੍ਰਾਪਤ ਕੀਤੀ;।

ਗੁਰਮੁਖਿ ਜਨਕਿ ਹਰਿ ਨਾਮਿ ਲਿਵ ਲਾਈ ॥

ਸਤਿਗੁਰੂ ਦੇ ਸਨਮੁਖ ਹੋ ਕੇ ਜਨਕ ਨੇ ਹਰੀ ਦੇ ਨਾਮ ਵਿਚ ਬਿਰਤੀ ਜੋੜੀ।

ਗੁਰਮੁਖਿ ਬਸਿਸਟਿ ਹਰਿ ਉਪਦੇਸੁ ਸੁਣਾਈ ॥

ਸਤਿਗੁਰੂ ਦੇ ਸਨਮੁਖ ਹੋ ਕੇ ਵਸ਼ਿਸ਼ਟ ਨੇ ਹਰੀ ਦਾ ਉਪਦੇਸ਼ (ਹੋਰਨਾਂ ਨੂੰ) ਸੁਣਾਇਆ।

ਬਿਨੁ ਗੁਰ ਹਰਿ ਨਾਮੁ ਨ ਕਿਨੈ ਪਾਇਆ ਮੇਰੇ ਭਾਈ ॥

ਹੇ ਮੇਰੇ ਭਾਈ! ਸਤਿਗੁਰੂ ਤੋਂ ਬਿਨਾ ਕਿਸੇ ਨੇ ਨਾਮ ਨਹੀਂ ਲੱਭਾ।

ਗੁਰਮੁਖਿ ਹਰਿ ਭਗਤਿ ਹਰਿ ਆਪਿ ਲਹਾਈ ॥੧੩॥

ਸਤਿਗੁਰੂ ਦੇ ਸਨਮੁਖ ਹੋਏ ਮਨੁੱਖ ਨੂੰ ਪ੍ਰਭੂ ਨੇ ਆਪਣੀ ਭਗਤੀ ਆਪ ਬਖ਼ਸ਼ੀ ਹੈ ॥੧੩॥


ਸਲੋਕੁ ਮਃ ੩ ॥
ਸਤਿਗੁਰ ਕੀ ਪਰਤੀਤਿ ਨ ਆਈਆ ਸਬਦਿ ਨ ਲਾਗੋ ਭਾਉ ॥

ਜਿਸ ਮਨੁੱਖ ਨੂੰ ਸਤਿਗੁਰੂ ਤੇ ਭਰੋਸਾ ਨਹੀਂ ਬਣਿਆ ਤੇ ਸਤਿਗੁਰੂ ਦੇ ਸ਼ਬਦ ਵਿਚ ਜਿਸ ਦਾ ਪਿਆਰ ਨਹੀਂ ਲੱਗਾ,

ਓਸ ਨੋ ਸੁਖੁ ਨ ਉਪਜੈ ਭਾਵੈ ਸਉ ਗੇੜਾ ਆਵਉ ਜਾਉ ॥

ਉਸ ਨੂੰ ਕਦੇ ਸੁਖ ਨਹੀਂ, ਭਾਵੇਂ (ਗੁਰੂ ਪਾਸ) ਸੌ ਵਾਰੀ ਆਵੇ ਜਾਏ।

ਨਾਨਕ ਗੁਰਮੁਖਿ ਸਹਜਿ ਮਿਲੈ ਸਚੇ ਸਿਉ ਲਿਵ ਲਾਉ ॥੧॥

ਹੇ ਨਾਨਕ! ਜੇ ਗੁਰੂ ਦੇ ਸਨਮੁਖ ਹੋ ਕੇ ਸੱਚੇ ਵਿਚ ਲਿਵ ਜੋੜੀਏ ਤਾਂ ਪ੍ਰਭੂ ਸਹਿਜੇ ਹੀ ਮਿਲ ਪੈਂਦਾ ਹੈ ॥੧॥


ਮਃ ੩ ॥
ਏ ਮਨ ਐਸਾ ਸਤਿਗੁਰੁ ਖੋਜਿ ਲਹੁ ਜਿਤੁ ਸੇਵਿਐ ਜਨਮ ਮਰਣ ਦੁਖੁ ਜਾਇ ॥

ਹੇ ਮੇਰੇ ਮਨ! ਇਹੋ ਜਿਹਾ ਸਤਿਗੁਰੂ ਖੋਜ ਕੇ ਲੱਭ, ਜਿਸ ਦੀ ਸੇਵਾ ਕੀਤਿਆਂ ਤੇਰਾ ਸਾਰੀ ਉਮਰ ਦਾ ਦੁਖ ਦੂਰ ਹੋ ਜਾਏ,

ਸਹਸਾ ਮੂਲਿ ਨ ਹੋਵਈ ਹਉਮੈ ਸਬਦਿ ਜਲਾਇ ॥

ਕਦੇ ਉੱਕਾ ਹੀ ਚਿੰਤਾ ਨਾ ਹੋਵੇ ਤੇ (ਉਸ ਸਤਿਗੁਰੂ ਦੇ) ਸ਼ਬਦ ਨਾਲ ਤੇਰੀ ਹਉਮੈ ਸੜ ਜਾਏ,

ਕੂੜੈ ਕੀ ਪਾਲਿ ਵਿਚਹੁ ਨਿਕਲੈ ਸਚੁ ਵਸੈ ਮਨਿ ਆਇ ॥

ਤੇਰੇ ਅੰਦਰੋਂ ਕੂੜ ਦੀ ਕੰਧ ਦੂਰ ਹੋ ਜਾਏ ਤੇ ਮਨ ਵਿਚ ਸੱਚਾ ਹਰੀ ਆ ਵੱਸੇ,

ਅੰਤਰਿ ਸਾਂਤਿ ਮਨਿ ਸੁਖੁ ਹੋਇ ਸਚ ਸੰਜਮਿ ਕਾਰ ਕਮਾਇ ॥

ਅਤੇ ਹੇ ਮਨ! (ਉਸ ਸਤਿਗੁਰੂ ਦੇ ਦੱਸੇ ਹੋਏ) ਸੰਜਮ ਵਿਚ ਸੱਚੀ ਕਾਰ ਕਰ ਕੇ ਤੇਰੇ ਅੰਦਰ ਸ਼ਾਂਤੀ ਤੇ ਸੁਖ ਹੋ ਜਾਏ।

ਨਾਨਕ ਪੂਰੈ ਕਰਮਿ ਸਤਿਗੁਰੁ ਮਿਲੈ ਹਰਿ ਜੀਉ ਕਿਰਪਾ ਕਰੇ ਰਜਾਇ ॥੨॥

ਹੇ ਨਾਨਕ! ਜਦੋਂ ਹਰੀ ਆਪਣੀ ਰਜ਼ਾ ਵਿਚ ਮੇਹਰ ਕਰਦਾ ਹੈ ਤਦੋਂ (ਇਹੋ ਜਿਹਾ) ਸਤਿਗੁਰੂ ਪੂਰੀ ਬਖ਼ਸ਼ਸ਼ ਨਾਲ ਹੀ ਮਿਲਦਾ ਹੈ ॥੨॥


ਪਉੜੀ ॥
ਜਿਸ ਕੈ ਘਰਿ ਦੀਬਾਨੁ ਹਰਿ ਹੋਵੈ ਤਿਸ ਕੀ ਮੁਠੀ ਵਿਚਿ ਜਗਤੁ ਸਭੁ ਆਇਆ ॥

ਜਿਸ ਮਨੁੱਖ ਦੇ ਹਿਰਦੇ ਵਿਚ (ਸਭ ਦਾ) ਹਾਕਮ ਪ੍ਰਭੂ ਵੱਸਦਾ ਹੋਵੇ, ਸਾਰਾ ਸੰਸਾਰ ਉਸ ਦੇ ਵੱਸ ਵਿਚ ਆ ਜਾਂਦਾ ਹੈ।

ਤਿਸ ਕਉ ਤਲਕੀ ਕਿਸੈ ਦੀ ਨਾਹੀ ਹਰਿ ਦੀਬਾਨਿ ਸਭਿ ਆਣਿ ਪੈਰੀ ਪਾਇਆ ॥

ਉਸ ਨੂੰ ਕਿਸੇ ਦੀ ਕਾਣ ਨਹੀਂ ਹੁੰਦੀ, (ਸਗੋਂ) ਪਰਮਾਤਮਾ ਹਾਕਮ ਨੇ ਸਾਰਿਆਂ ਨੂੰ ਲਿਆ ਕੇ ਉਸ ਦੀ ਚਰਨੀਂ ਪਾਇਆ (ਹੁੰਦਾ) ਹੈ।

ਮਾਣਸਾ ਕਿਅਹੁ ਦੀਬਾਣਹੁ ਕੋਈ ਨਸਿ ਭਜਿ ਨਿਕਲੈ ਹਰਿ ਦੀਬਾਣਹੁ ਕੋਈ ਕਿਥੈ ਜਾਇਆ ॥

ਮਨੁੱਖ ਦੀ ਕਚਹਿਰੀ ਵਿਚੋਂ ਤਾਂ ਮਨੁੱਖ ਨੱਸ ਭੱਜ ਕੇ ਭੀ ਕਿਤੇ ਖਿਸਕ ਸਕਦਾ ਹੈ, ਪਰ ਰੱਬ ਦੀ ਹਕੂਮਤ ਤੋਂ ਭੱਜ ਕੇ ਕੋਈ ਕਿੱਥੇ ਜਾ ਸਕਦਾ ਹੈ?

ਸੋ ਐਸਾ ਹਰਿ ਦੀਬਾਨੁ ਵਸਿਆ ਭਗਤਾ ਕੈ ਹਿਰਦੈ ਤਿਨਿ ਰਹਦੇ ਖੁਹਦੇ ਆਣਿ ਸਭਿ ਭਗਤਾ ਅਗੈ ਖਲਵਾਇਆ ॥

ਇਹੋ ਜਿਹਾ ਹਾਕਮ ਹਰੀ ਭਗਤਾਂ ਦੇ ਹਿਰਦੇ ਵਿਚ ਵੱਸਿਆ ਹੋਇਆ ਹੈ, ਉਸ ਨੇ “ਰਹਿੰਦੇ ਖੁੰਹਦੇ” ਸਾਰੇ ਜੀਵਾਂ ਨੂੰ ਲਿਆ ਕੇ ਭਗਤ ਜਨਾਂ ਦੇ ਅੱਗੇ ਖੜੇ ਕਰ ਦਿੱਤਾ ਹੈ (ਭਾਵ, ਚਰਨੀਂ ਲਿਆ ਪਾਇਆ ਹੈ)।

ਹਰਿ ਨਾਵੈ ਕੀ ਵਡਿਆਈ ਕਰਮਿ ਪਰਾਪਤਿ ਹੋਵੈ ਗੁਰਮੁਖਿ ਵਿਰਲੈ ਕਿਨੈ ਧਿਆਇਆ ॥੧੪॥

ਪ੍ਰਭੂ ਦੀ ਖ਼ਾਸ ਮੇਹਰ ਨਾਲ ਹੀ ਪ੍ਰਭੂ ਦੇ ਨਾਮ ਦੀ ਵਡਿਆਈ (ਕਰਨ ਦਾ ਗੁਣ) ਪ੍ਰਾਪਤ ਹੁੰਦਾ ਹੈ; ਸਤਿਗੁਰੂ ਦੇ ਸਨਮੁਖ ਹੋ ਕੇ ਕੋਈ ਵਿਰਲਾ ਹੀ (ਨਾਮ) ਸਿਮਰਦਾ ਹੈ ॥੧੪॥


ਸਲੋਕੁ ਮਃ ੩ ॥
ਬਿਨੁ ਸਤਿਗੁਰ ਸੇਵੇ ਜਗਤੁ ਮੁਆ ਬਿਰਥਾ ਜਨਮੁ ਗਵਾਇ ॥

ਸਤਿਗੁਰੂ ਦੇ ਦੱਸੇ ਰਾਹ ਤੇ ਤੁਰਨ ਤੋਂ ਬਿਨਾ (ਮਨੁੱਖਾ) ਜਨਮ ਵਿਅਰਥ ਗਵਾ ਕੇ ਸੰਸਾਰ ਮੁਇਆ ਹੋਇਆ ਹੈ।

ਦੂਜੈ ਭਾਇ ਅਤਿ ਦੁਖੁ ਲਗਾ ਮਰਿ ਜੰਮੈ ਆਵੈ ਜਾਇ ॥

ਮਾਇਆ ਦੇ ਪਿਆਰ ਵਿਚ ਭਾਰੀ ਕਲੇਸ਼ ਲੱਗਦਾ ਹੈ ਤੇ (ਇਸੇ ਵਿਚ ਹੀ) ਮਰਦਾ ਹੈ ਫੇਰ ਜੰਮਦਾ ਹੈ, ਆਉਂਦਾ ਹੈ ਫੇਰ ਜਾਂਦਾ ਹੈ।

ਵਿਸਟਾ ਅੰਦਰਿ ਵਾਸੁ ਹੈ ਫਿਰਿ ਫਿਰਿ ਜੂਨੀ ਪਾਇ ॥

(ਇਸ ਦਾ ਵਿਕਾਰਾਂ ਦੇ) ਗੰਦ ਵਿਚ ਵਾਸ ਰਹਿੰਦਾ ਹੈ, ਪਰਤ ਪਰਤ ਕੇ ਜੂਨਾਂ ਵਿਚ ਪੈਂਦਾ ਹੈ।

ਨਾਨਕ ਬਿਨੁ ਨਾਵੈ ਜਮੁ ਮਾਰਸੀ ਅੰਤਿ ਗਇਆ ਪਛੁਤਾਇ ॥੧॥

ਹੇ ਨਾਨਕ! ਅਖ਼ੀਰਲੇ ਵੇਲੇ ਪਛੁਤਾਉਂਦਾ ਹੋਇਆ ਜਾਂਦਾ ਹੈ (ਕਿਉਂਕਿ ਉਸ ਵੇਲੇ ਚੇਤਾ ਆਉਂਦਾ ਹੈ) ਕਿ ਨਾਮ ਤੋਂ ਬਿਨਾ ਜਮ ਸਜ਼ਾ ਦੇਵੇਗਾ ॥੧॥


ਮਃ ੩ ॥
ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ ॥

ਇਸ ਸੰਸਾਰ ਵਿਚ ਪਤੀ ਇੱਕੋ ਪਰਮਾਤਮਾ ਹੀ ਹੈ, ਹੋਰ ਸਾਰੀ ਸ੍ਰਿਸ਼ਟੀ (ਉਸ ਦੀਆਂ) ਇਸਤ੍ਰੀਆਂ ਹਨ।

ਸਭਿ ਘਟ ਭੋਗਵੈ ਅਲਿਪਤੁ ਰਹੈ ਅਲਖੁ ਨ ਲਖਣਾ ਜਾਈ ॥

ਪਰਮਾਤਮਾ ਪਤੀ ਸਾਰੇ ਘਟਾਂ ਨੂੰ ਭੋਗਦਾ ਹੈ (ਭਾਵ, ਸਾਰੇ ਸਰੀਰਾਂ ਵਿਚ ਵਿਆਪਕ ਹੈ) ਤੇ ਨਿਰਲੇਪ ਭੀ ਹੈ, ਇਸ ਅਲੱਖ ਪ੍ਰਭੂ ਦੀ ਸਮਝ ਨਹੀਂ ਪੈਂਦੀ।

ਪੂਰੈ ਗੁਰਿ ਵੇਖਾਲਿਆ ਸਬਦੇ ਸੋਝੀ ਪਾਈ ॥

ਜਦ ਪੂਰੇ ਸਤਿਗੁਰੂ ਨੇ (ਉਸ ਅਲੱਖ ਪ੍ਰਭੂ ਦਾ) ਦਰਸ਼ਨ ਕਰਾ ਦਿੱਤਾ ਤਾਂ ਸਤਿਗੁਰੂ ਦੇ ਸ਼ਬਦ ਦੁਆਰਾ ਸਮਝ ਪੈ ਗਈ।

ਪੁਰਖੈ ਸੇਵਹਿ ਸੇ ਪੁਰਖ ਹੋਵਹਿ ਜਿਨੀ ਹਉਮੈ ਸਬਦਿ ਜਲਾਈ ॥

ਜਿਨ੍ਹਾਂ ਮਨੁੱਖਾਂ ਨੇ ਸ਼ਬਦ ਦੀ ਰਾਹੀਂ ਅਹੰਕਾਰ ਦੂਰ ਕੀਤਾ ਹੈ ਉਹ ਪ੍ਰਭੂ ਪੁਰਖ ਨੂੰ ਜਪਦੇ ਹਨ ਤੇ ਉਸ ਪੁਰਖ ਦਾ ਰੂਪ ਹੋ ਜਾਂਦੇ ਹਨ।

ਤਿਸ ਕਾ ਸਰੀਕੁ ਕੋ ਨਹੀ ਨਾ ਕੋ ਕੰਟਕੁ ਵੈਰਾਈ ॥

ਉਸ ਅਲੱਖ ਹਰੀ ਦਾ ਕੋਈ ਸ਼ਰੀਕ ਨਹੀਂ, ਨਾ ਕੋਈ ਦੁਖੀ ਕਰਨ ਵਾਲਾ (ਕੰਟਕ-ਰੂਪ) ਉਸ ਦਾ ਵੈਰੀ ਹੈ।

ਨਿਹਚਲ ਰਾਜੁ ਹੈ ਸਦਾ ਤਿਸੁ ਕੇਰਾ ਨਾ ਆਵੈ ਨਾ ਜਾਈ ॥

ਉਸ ਦਾ ਰਾਜ ਸਦਾ ਅਟੱਲ ਹੈ, ਨਾ ਉਹ ਜੰਮਦਾ ਹੈ ਨਾ ਮਰਦਾ ਹੈ।

ਅਨਦਿਨੁ ਸੇਵਕੁ ਸੇਵਾ ਕਰੇ ਹਰਿ ਸਚੇ ਕੇ ਗੁਣ ਗਾਈ ॥

(ਸੱਚਾ) ਸੇਵਕ ਉਸ ਸੱਚੇ ਹਰੀ ਦੀ ਸਿਫ਼ਤ-ਸਾਲਾਹ ਕਰ ਕੇ ਹਰ ਵੇਲੇ ਉਸ ਦਾ ਸਿਮਰਨ ਕਰਦਾ ਹੈ।

ਨਾਨਕੁ ਵੇਖਿ ਵਿਗਸਿਆ ਹਰਿ ਸਚੇ ਕੀ ਵਡਿਆਈ ॥੨॥

ਨਾਨਕ (ਵੀ) ਸੱਚੇ ਦੀ ਵਡਿਆਈ ਵੇਖ ਕੇ ਪ੍ਰਸੰਨ ਹੋ ਰਿਹਾ ਹੈ ॥੨॥


ਪਉੜੀ ॥
ਜਿਨ ਕੈ ਹਰਿ ਨਾਮੁ ਵਸਿਆ ਸਦ ਹਿਰਦੈ ਹਰਿ ਨਾਮੋ ਤਿਨ ਕੰਉ ਰਖਣਹਾਰਾ ॥

ਜਿਨ੍ਹਾਂ ਦੇ ਹਿਰਦੇ ਵਿਚ ਸਦਾ ਹਰੀ ਦਾ ਨਾਮ ਵੱਸਦਾ ਹੈ, ਉਹਨਾਂ ਨੂੰ (ਦੀ ਸਮਝ ਵਿਚ) ਬਚਾਉਣ ਵਾਲਾ ਹਰੀ ਦਾ ਨਾਮ ਹੀ ਹੁੰਦਾ ਹੈ।

ਹਰਿ ਨਾਮੁ ਪਿਤਾ ਹਰਿ ਨਾਮੋ ਮਾਤਾ ਹਰਿ ਨਾਮੁ ਸਖਾਈ ਮਿਤ੍ਰੁ ਹਮਾਰਾ ॥

(ਉਹਨਾਂ ਦਾ ਯਕੀਨ ਬਣ ਜਾਂਦਾ ਹੈ ਕਿ) ਹਰੀ ਦਾ ਨਾਮ ਹੀ ਸਾਡਾ ਮਾਂ ਪਿਉ ਹੈ ਤੇ ਨਾਮ ਹੀ ਸਾਡਾ ਸਖਾ ਤੇ ਮਿਤ੍ਰ ਹੈ।

ਹਰਿ ਨਾਵੈ ਨਾਲਿ ਗਲਾ ਹਰਿ ਨਾਵੈ ਨਾਲਿ ਮਸਲਤਿ ਹਰਿ ਨਾਮੁ ਹਮਾਰੀ ਕਰਦਾ ਨਿਤ ਸਾਰਾ ॥

ਹਰੀ ਦੇ ਨਾਮ ਨਾਲ ਹੀ ਸਾਡੀਆਂ ਗੱਲਾਂ, ਤੇ ਨਾਮ ਨਾਲ ਹੀ ਸਲਾਹ ਹੈ; ਨਾਮ ਹੀ ਸਦਾ ਸਾਡੀ ਸਾਰ ਲੈਂਦਾ ਹੈ।

ਹਰਿ ਨਾਮੁ ਹਮਾਰੀ ਸੰਗਤਿ ਅਤਿ ਪਿਆਰੀ ਹਰਿ ਨਾਮੁ ਕੁਲੁ ਹਰਿ ਨਾਮੁ ਪਰਵਾਰਾ ॥

ਹਰੀ ਦਾ ਨਾਮ ਹੀ ਸਾਡੀ ਪਿਆਰੀ ਸੰਗਤ ਹੈ, ਤੇ ਨਾਮ ਹੀ ਸਾਡੀ ਕੁਲ ਤੇ ਪਰਵਾਰ ਹੈ।

ਜਨ ਨਾਨਕ ਕੰਉ ਹਰਿ ਨਾਮੁ ਹਰਿ ਗੁਰਿ ਦੀਆ ਹਰਿ ਹਲਤਿ ਪਲਤਿ ਸਦਾ ਕਰੇ ਨਿਸਤਾਰਾ ॥੧੫॥

ਦਾਸ ਨਾਨਕ ਨੂੰ ਭੀ ਗੁਰੂ ਨੇ (ਉਸ) ਹਰੀ ਦਾ ਨਾਮ ਦਿੱਤਾ ਹੈ ਜੋ ਇਸ ਲੋਕ ਵਿਚ ਤੇ ਪਰਲੋਕ ਵਿਚ ਪਾਰ-ਉਤਾਰਾ ਕਰਦਾ ਹੈ ॥੧੫॥


ਸਲੋਕੁ ਮਃ ੩ ॥
ਜਿਨ ਕੰਉ ਸਤਿਗੁਰੁ ਭੇਟਿਆ ਸੇ ਹਰਿ ਕੀਰਤਿ ਸਦਾ ਕਮਾਹਿ ॥

ਜਿਨ੍ਹਾਂ ਨੂੰ ਸਤਿਗੁਰੂ ਮਿਲਿਆ ਹੈ, ਉਹ ਸਦਾ ਹਰੀ ਦੀ ਸਿਫ਼ਤ-ਸਾਲਾਹ ਕਰਦੇ ਹਨ।

ਅਚਿੰਤੁ ਹਰਿ ਨਾਮੁ ਤਿਨ ਕੈ ਮਨਿ ਵਸਿਆ ਸਚੈ ਸਬਦਿ ਸਮਾਹਿ ॥

ਚਿੰਤਾ ਤੋਂ ਰਹਿਤ (ਕਰਨ ਵਾਲੇ) ਹਰੀ ਦਾ ਨਾਮ ਉਹਨਾਂ ਦੇ ਮਨ ਵਿਚ ਵੱਸਦਾ ਹੈ ਤੇ ਉਹ ਸਤਿਗੁਰੂ ਦੇ ਸੱਚੇ ਸ਼ਬਦ ਵਿਚ ਲੀਨ ਰਹਿੰਦੇ ਹਨ।

ਕੁਲੁ ਉਧਾਰਹਿ ਆਪਣਾ ਮੋਖ ਪਦਵੀ ਆਪੇ ਪਾਹਿ ॥

ਉਹ ਮਨੁੱਖ ਆਪਣੀ ਕੁਲ ਨੂੰ ਤਾਰ ਲੈਂਦੇ ਹਨ ਤੇ ਆਪ ਭੀ ਮੁਕਤੀ ਦਾ ਦਰਜਾ ਹਾਸਲ ਕਰ ਲੈਂਦੇ ਹਨ।

ਪਾਰਬ੍ਰਹਮੁ ਤਿਨ ਕੰਉ ਸੰਤੁਸਟੁ ਭਇਆ ਜੋ ਗੁਰ ਚਰਨੀ ਜਨ ਪਾਹਿ ॥

ਜੋ ਮਨੁੱਖ ਸਤਿਗੁਰੂ ਦੀ ਚਰਨੀਂ ਲੱਗਦੇ ਹਨ, ਉਹਨਾਂ ਤੇ ਪਰਮਾਤਮਾ ਪ੍ਰਸੰਨ ਹੋ ਜਾਂਦਾ ਹੈ।

ਜਨੁ ਨਾਨਕੁ ਹਰਿ ਕਾ ਦਾਸੁ ਹੈ ਕਰਿ ਕਿਰਪਾ ਹਰਿ ਲਾਜ ਰਖਾਹਿ ॥੧॥

ਦਾਸ ਨਾਨਕ (ਵੀ) ਉਸ ਹਰੀ ਦਾ ਦਾਸ ਹੈ, ਹਰੀ ਮੇਹਰ ਕਰ ਕੇ (ਆਪਣੇ ਦਾਸ ਦੀ) ਲਾਜ ਰੱਖਦਾ ਹੈ ॥੧॥


ਮਃ ੩ ॥
ਹੰਉਮੈ ਅੰਦਰਿ ਖੜਕੁ ਹੈ ਖੜਕੇ ਖੜਕਿ ਵਿਹਾਇ ॥

ਅਹੰਕਾਰ ਵਿਚ ਰਿਹਾਂ ਮਨੁੱਖ ਦੇ ਮਨ ਵਿਚ ਅਸ਼ਾਂਤੀ ਬਣੀ ਰਹਿੰਦੀ ਹੈ ਤੇ ਉਸ ਦੀ ਉਮਰ ਇਸ ਅਸ਼ਾਂਤੀ ਵਿਚ ਹੀ ਗੁਜ਼ਰ ਜਾਂਦੀ ਹੈ।

ਹੰਉਮੈ ਵਡਾ ਰੋਗੁ ਹੈ ਮਰਿ ਜੰਮੈ ਆਵੈ ਜਾਇ ॥

ਅਹੰਕਾਰ (ਮਨੁੱਖ ਲਈ) ਇਕ ਤਗੜਾ ਰੋਗ ਹੈ (ਇਸ ਰੋਗ ਵਿਚ ਹੀ) ਮਨੁੱਖ ਮਰਦਾ ਹੈ, ਜੰਮਦਾ ਹੈ, ਆਉਂਦਾ ਹੈ ਫੇਰ ਜਾਂਦਾ ਹੈ (ਭਾਵ, ਜੰਮਣ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ)।

ਜਿਨ ਕਉ ਪੂਰਬਿ ਲਿਖਿਆ ਤਿਨਾ ਸਤਗੁਰੁ ਮਿਲਿਆ ਪ੍ਰਭੁ ਆਇ ॥

ਜਿਨ੍ਹਾਂ ਦੇ ਹਿਰਦੇ ਵਿਚ ਮੁੱਢ ਤੋਂ (ਕੀਤੇ ਕਰਮਾਂ ਦਾ ਸੰਸਕਾਰ-ਰੂਪ ਲੇਖ) ਉੱਕਰਿਆ ਹੋਇਆ ਹੈ, ਉਹਨਾਂ ਨੂੰ ਸਤਿਗੁਰੂ ਮਿਲਦਾ ਹੈ, ਤੇ (ਸਤਿਗੁਰੂ ਦੇ ਮਿਲਿਆਂ) ਪਰਮਾਤਮਾ (ਭੀ) ਆ ਮਿਲਦਾ ਹੈ।

ਨਾਨਕ ਗੁਰਪਰਸਾਦੀ ਉਬਰੇ ਹਉਮੈ ਸਬਦਿ ਜਲਾਇ ॥੨॥

ਹੇ ਨਾਨਕ! ਉਹ ਮਨੁੱਖ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹਉਮੈ ਦੂਰ ਕਰ ਕੇ ਸਤਿਗੁਰੂ ਦੀ ਕਿਰਪਾ ਨਾਲ (‘ਹਉਮੈ ਰੋਗ’ ਤੋਂ) ਬਚ ਜਾਂਦੇ ਹਨ ॥੨॥


ਪਉੜੀ ॥
ਹਰਿ ਨਾਮੁ ਹਮਾਰਾ ਪ੍ਰਭੁ ਅਬਿਗਤੁ ਅਗੋਚਰੁ ਅਬਿਨਾਸੀ ਪੁਰਖੁ ਬਿਧਾਤਾ ॥

ਜੋ ਹਰੀ ਅਦ੍ਰਿਸ਼ਟ ਹੈ, ਜੋ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਨਾਸ ਤੋਂ ਰਹਿਤ ਹੈ, ਹਰ ਥਾਂ ਵਿਆਪਕ ਹੈ ਤੇ ਸਿਰਜਣਹਾਰ ਹੈ, ਉਸ ਦਾ ਨਾਮ ਸਾਡਾ (ਰਾਖਾ) ਹੈ;

ਹਰਿ ਨਾਮੁ ਹਮ ਸ੍ਰੇਵਹ ਹਰਿ ਨਾਮੁ ਹਮ ਪੂਜਹ ਹਰਿ ਨਾਮੇ ਹੀ ਮਨੁ ਰਾਤਾ ॥

ਅਸੀਂ ਉਸ ਹਰੀ-ਨਾਮ ਨੂੰ ਸੇਂਵਦੇ ਹਾਂ, ਨਾਮ ਨੂੰ ਪੂਜਦੇ ਹਾਂ, ਨਾਮ ਵਿਚ ਹੀ ਸਾਡਾ ਮਨ ਰੱਤਾ ਹੋਇਆ ਹੈ।

ਹਰਿ ਨਾਮੈ ਜੇਵਡੁ ਕੋਈ ਅਵਰੁ ਨ ਸੂਝੈ ਹਰਿ ਨਾਮੋ ਅੰਤਿ ਛਡਾਤਾ ॥

ਹਰੀ ਦੇ ਨਾਮ ਜੇਡਾ ਮੈਨੂੰ ਕੋਈ ਹੋਰ ਸੁੱਝਦਾ ਨਹੀਂ, ਨਾਮ ਹੀ ਅਖ਼ੀਰ ਵੇਲੇ ਛਡਾਉਂਦਾ ਹੈ।

ਹਰਿ ਨਾਮੁ ਦੀਆ ਗੁਰਿ ਪਰਉਪਕਾਰੀ ਧਨੁ ਧੰਨੁ ਗੁਰੂ ਕਾ ਪਿਤਾ ਮਾਤਾ ॥

ਧੰਨ ਹੈ ਉਸ ਪਰਉਪਕਾਰੀ ਸਤਿਗੁਰੂ ਦਾ ਮਾਂ ਪਿਉ, ਜਿਸ ਗੁਰੂ ਨੇ ਸਾਨੂੰ ਨਾਮ ਬਖ਼ਸ਼ਿਆ ਹੈ।

ਹੰਉ ਸਤਿਗੁਰ ਅਪੁਣੇ ਕੰਉ ਸਦਾ ਨਮਸਕਾਰੀ ਜਿਤੁ ਮਿਲਿਐ ਹਰਿ ਨਾਮੁ ਮੈ ਜਾਤਾ ॥੧੬॥

ਮੈਂ ਆਪਣੇ ਸਤਿਗੁਰੂ ਨੂੰ ਸਦਾ ਨਮਸਕਾਰ ਕਰਦਾ ਹਾਂ, ਜਿਸ ਦੇ ਮਿਲਣ ਤੇ ਮੈਨੂੰ ਹਰੀ ਦੇ ਨਾਮ ਦੀ ਸਮਝ ਪਈ ਹੈ ॥੧੬॥


ਸਲੋਕੁ ਮਃ ੩ ॥
ਗੁਰਮੁਖਿ ਸੇਵ ਨ ਕੀਨੀਆ ਹਰਿ ਨਾਮਿ ਨ ਲਗੋ ਪਿਆਰੁ ॥

ਜਿਸ ਨੇ ਸਤਿਗੁਰੂ ਦੇ ਸਨਮੁਖ ਹੋ ਕੇ ਨਾ ਸੇਵਾ ਕੀਤੀ, ਨਾ ਪਰਮਾਤਮਾ ਦੇ ਨਾਮ ਵਿਚ ਉਸ ਦਾ ਪਿਆਰ ਹੀ ਲੱਗਾ,

ਸਬਦੈ ਸਾਦੁ ਨ ਆਇਓ ਮਰਿ ਜਨਮੈ ਵਾਰੋ ਵਾਰ ॥

ਸ਼ਬਦ ਵਿਚ ਰਸ ਭੀ ਨਾ ਆਇਆ, ਤਾਂ ਉਹ ਘੜੀ ਮੁੜੀ ਜੰਮਦਾ ਮਰਦਾ ਹੈ।

ਮਨਮੁਖਿ ਅੰਧੁ ਨ ਚੇਤਈ ਕਿਤੁ ਆਇਆ ਸੈਸਾਰਿ ॥

ਜੇ ਅੰਨ੍ਹਾ ਮਨਮੁਖ ਹਰੀ ਨੂੰ ਯਾਦ ਨਹੀਂ ਕਰਦਾ ਤਾਂ ਸੰਸਾਰ ਵਿਚ ਆਉਣ ਦਾ ਕੀਹ ਲਾਭ?

ਨਾਨਕ ਜਿਨ ਕਉ ਨਦਰਿ ਕਰੇ ਸੇ ਗੁਰਮੁਖਿ ਲੰਘੇ ਪਾਰਿ ॥੧॥

ਹੇ ਨਾਨਕ! ਜਿਨ੍ਹਾਂ ਮਨੁੱਖਾਂ ਤੇ ਮੇਹਰ ਦੀ ਨਜ਼ਰ ਕਰਦਾ ਹੈ, ਉਹ ਸਤਿਗੁਰੂ ਦੇ ਸਨਮੁਖ ਹੋ ਕੇ (ਸੰਸਾਰ ਸਾਗਰ ਤੋਂ) ਪਾਰ ਉਤਰਦੇ ਹਨ ॥੧॥


ਮਃ ੩ ॥
ਇਕੋ ਸਤਿਗੁਰੁ ਜਾਗਤਾ ਹੋਰੁ ਜਗੁ ਸੂਤਾ ਮੋਹਿ ਪਿਆਸਿ ॥

ਇਕ ਸਤਿਗੁਰੂ ਹੀ ਸੁਚੇਤ ਹੈ, ਹੋਰ ਸਾਰਾ ਸੰਸਾਰ (ਮਾਇਆ ਦੇ) ਮੋਹ ਵਿਚ ਤੇ ਤ੍ਰਿਸ਼ਨਾ ਵਿਚ ਸੁੱਤਾ ਹੋਇਆ ਹੈ।

ਸਤਿਗੁਰੁ ਸੇਵਨਿ ਜਾਗੰਨਿ ਸੇ ਜੋ ਰਤੇ ਸਚਿ ਨਾਮਿ ਗੁਣਤਾਸਿ ॥

ਜੋ ਮਨੁੱਖ ਸਤਿਗੁਰੂ ਦੀ ਸੇਵਾ ਕਰਦੇ ਹਨ ਤੇ ਗੁਣਾਂ ਦੇ ਖ਼ਜ਼ਾਨੇ ਸੱਚੇ ਨਾਮ ਵਿਚ ਰੱਤੇ ਹੋਏ ਹਨ, (ਉਹ) ਜਾਗਦੇ ਹਨ।

ਮਨਮੁਖਿ ਅੰਧ ਨ ਚੇਤਨੀ ਜਨਮਿ ਮਰਿ ਹੋਹਿ ਬਿਨਾਸਿ ॥

ਅੰਨ੍ਹੇ ਮਨਮੁਖ ਹਰੀ ਨੂੰ ਸਿਮਰਦੇ ਨਹੀਂ, ਜਨਮ ਮਰਨ ਦੇ ਗੇੜ ਵਿਚ ਪੈ ਕੇ ਤਬਾਹ ਹੋ ਰਹੇ ਹਨ।

ਨਾਨਕ ਗੁਰਮੁਖਿ ਤਿਨੀ ਨਾਮੁ ਧਿਆਇਆ ਜਿਨ ਕੰਉ ਧੁਰਿ ਪੂਰਬਿ ਲਿਖਿਆਸਿ ॥੨॥

ਹੇ ਨਾਨਕ! ਗੁਰੂ ਦੇ ਸਨਮੁਖ ਹੋ ਕੇ ਉਹਨਾਂ ਨੇ ਨਾਮ ਸਿਮਰਿਆ ਹੈ, ਜਿਨ੍ਹਾਂ ਦੇ ਹਿਰਦੇ ਵਿਚ ਧੁਰ ਮੁੱਢ ਤੋਂ (ਕੀਤੇ ਕਰਮਾ ਦੇ ਸੰਸਕਾਰਾਂ ਅਨੁਸਾਰ) ਇਹ ਲਿਖਿਆ ਪਿਆ ਹੈ ॥੨॥


ਪਉੜੀ ॥
ਹਰਿ ਨਾਮੁ ਹਮਾਰਾ ਭੋਜਨੁ ਛਤੀਹ ਪਰਕਾਰ ਜਿਤੁ ਖਾਇਐ ਹਮ ਕਉ ਤ੍ਰਿਪਤਿ ਭਈ ॥

ਹਰੀ ਦਾ ਨਾਮ ਸਾਡਾ ਛੱਤੀ (੩੬) ਤਰ੍ਹਾਂ ਦਾ (ਭਾਵ, ਕਈ ਸੁਆਦਾਂ ਵਾਲਾ) ਭੋਜਨ ਹੈ, ਜਿਸ ਨੂੰ ਖਾ ਕੇ ਅਸੀਂ ਰੱਜ ਗਏ ਹਾਂ (ਭਾਵ, ਮਾਇਕ ਪਦਾਰਥਾਂ ਵਲੋਂ ਤ੍ਰਿਪਤ ਹੋ ਗਏ ਹਾਂ)।

ਹਰਿ ਨਾਮੁ ਹਮਾਰਾ ਪੈਨਣੁ ਜਿਤੁ ਫਿਰਿ ਨੰਗੇ ਨ ਹੋਵਹ ਹੋਰ ਪੈਨਣ ਕੀ ਹਮਾਰੀ ਸਰਧ ਗਈ ॥

ਹਰੀ ਦਾ ਨਾਮ ਹੀ ਸਾਡੀ ਪੁਸ਼ਾਕ ਹੈ ਜਿਸ ਨੂੰ ਪਹਿਨ ਕੇ ਕਦੇ ਬੇ-ਪੜਦਾ ਨਾਹ ਹੋਵਾਂਗੇ, ਤੇ ਹੋਰ (ਸੁੰਦਰ) ਪੁਸ਼ਾਕਾਂ ਪਾਉਣ ਦੀ ਸਾਡੀ ਚਾਹ ਦੂਰ ਹੋ ਗਈ ਹੈ।

ਹਰਿ ਨਾਮੁ ਹਮਾਰਾ ਵਣਜੁ ਹਰਿ ਨਾਮੁ ਵਾਪਾਰੁ ਹਰਿ ਨਾਮੈ ਕੀ ਹਮ ਕੰਉ ਸਤਿਗੁਰਿ ਕਾਰਕੁਨੀ ਦੀਈ ॥

ਹਰੀ ਦਾ ਨਾਮ ਸਾਡਾ ਵਣਜ, ਨਾਮ ਹੀ ਸਾਡਾ ਵਪਾਰ ਹੈ ਤੇ ਸਤਿਗੁਰੂ ਨੇ ਸਾਨੂੰ ਨਾਮ ਦੀ ਹੀ ਮੁਖ਼ਤਿਆਰੀ ਦਿੱਤੀ ਹੈ।

ਹਰਿ ਨਾਮੈ ਕਾ ਹਮ ਲੇਖਾ ਲਿਖਿਆ ਸਭ ਜਮ ਕੀ ਅਗਲੀ ਕਾਣਿ ਗਈ ॥

ਹਰੀ ਦੇ ਨਾਮ ਦਾ ਹੀ ਅਸਾਂ ਲੇਖਾ ਲਿਖਿਆ ਹੈ, (ਜਿਸ ਲੇਖੇ ਕਰ ਕੇ) ਜਮ ਦੀ ਪਹਿਲੀ ਖ਼ੁਸ਼ਾਮਦ ਦੂਰ ਹੋ ਗਈ ਹੈ।

ਹਰਿ ਕਾ ਨਾਮੁ ਗੁਰਮੁਖਿ ਕਿਨੈ ਵਿਰਲੈ ਧਿਆਇਆ ਜਿਨ ਕੰਉ ਧੁਰਿ ਕਰਮਿ ਪਰਾਪਤਿ ਲਿਖਤੁ ਪਈ ॥੧੭॥

ਪਰ ਕਿਸੇ ਵਿਰਲੇ ਗੁਰਮੁਖ ਨੇ ਨਾਮ ਸਿਮਰਿਆ ਹੈ (ਉਹੀ ਸਿਮਰਦੇ ਹਨ) ਜਿਨ੍ਹਾਂ ਨੂੰ ਧੁਰੋਂ ਬਖ਼ਸ਼ਸ਼ ਦੀ ਰਾਹੀਂ (ਪਿਛਲੇ ਕੀਤੇ ਕੰਮਾਂ ਦੇ ਸੰਸਕਾਰਾਂ ਅਨੁਸਾਰ ਉੱਕਰੇ ਹੋਏ) ਲੇਖ ਦੀ ਪਰਾਪਤੀ ਹੋਈ ਹੈ ॥੧੭॥


ਸਲੋਕ ਮਃ ੩ ॥
ਜਗਤੁ ਅਗਿਆਨੀ ਅੰਧੁ ਹੈ ਦੂਜੈ ਭਾਇ ਕਰਮ ਕਮਾਇ ॥

ਸੰਸਾਰ ਅੰਨ੍ਹਾ ਤੇ ਅਗਿਆਨੀ ਹੈ, ਮਾਇਆ ਦੇ ਮੋਹ ਵਿਚ ਕੰਮ ਕਰ ਰਿਹਾ ਹੈ;

ਦੂਜੈ ਭਾਇ ਜੇਤੇ ਕਰਮ ਕਰੇ ਦੁਖੁ ਲਗੈ ਤਨਿ ਧਾਇ ॥

(ਪਰ) ਮਾਇਆ ਦੇ ਮੋਹ ਵਿਚ ਜਿਤਨੇ ਭੀ ਕਰਮ ਕਰਦਾ ਹੈ (ਉਤਨਾ ਹੀ) ਸਰੀਰ ਨੂੰ ਦੁੱਖ ਧਾ ਕੇ ਲੱਗਦਾ ਹੈ (ਭਾਵ, ਖ਼ਾਸ ਤੌਰ ਤੇ ਦੁੱਖ ਲੱਗਦਾ ਹੈ)।

ਗੁਰਪਰਸਾਦੀ ਸੁਖੁ ਊਪਜੈ ਜਾ ਗੁਰ ਕਾ ਸਬਦੁ ਕਮਾਇ ॥

ਸਤਿਗੁਰੂ ਦੀ ਮੇਹਰ ਨਾਲ ਜੀਵ ਸੁਖ ਉਪਜਦਾ ਹੈ, ਜੇ ਗੁਰੂ ਦਾ ਸ਼ਬਦ ਕਮਾਏ,

ਸਚੀ ਬਾਣੀ ਕਰਮ ਕਰੇ ਅਨਦਿਨੁ ਨਾਮੁ ਧਿਆਇ ॥

ਤੇ ਸੱਚੀ ਬਾਣੀ ਦੀ ਰਾਹੀਂ ਹਰ ਵੇਲੇ ਨਾਮ ਸਿਮਰਨ ਦੇ ਕਰਮ ਕਰੇ,

ਨਾਨਕ ਜਿਤੁ ਆਪੇ ਲਾਏ ਤਿਤੁ ਲਗੇ ਕਹਣਾ ਕਿਛੂ ਨ ਜਾਇ ॥੧॥

ਹੇ ਨਾਨਕ! ਕੋਈ ਗੱਲ ਆਖ ਨਹੀਂ ਸਕੀਦੀ, ਜਿੱਧਰ ਆਪ ਹਰੀ (ਜੀਵਾਂ ਨੂੰ) ਜੋੜਦਾ ਹੈ, ਉਧਰ ਹੀ ਜੁੜਦੇ ਹਨ ॥੧॥


ਮਃ ੩ ॥
ਹਮ ਘਰਿ ਨਾਮੁ ਖਜਾਨਾ ਸਦਾ ਹੈ ਭਗਤਿ ਭਰੇ ਭੰਡਾਰਾ ॥

ਸਾਡੇ (ਹਿਰਦੇ-ਰੂਪ) ਘਰ ਵਿਚ ਸਦਾ ਨਾਮ (ਰੂਪ) ਖ਼ਜ਼ਾਨਾ (ਮੌਜੂਦ) ਹੈ ਤੇ ਭਗਤੀ ਦੇ ਭੰਡਾਰ ਭਰੇ ਹੋਏ ਹਨ,

ਸਤਗੁਰੁ ਦਾਤਾ ਜੀਅ ਕਾ ਸਦ ਜੀਵੈ ਦੇਵਣਹਾਰਾ ॥

(ਕਿਉਂਕਿ) ਆਤਮਕ ਜੀਵਨ ਦੇਣ ਵਾਲਾ ਸਤਿਗੁਰੂ ਸਦਾ ਅਸਾਡੇ ਸਿਰ ਤੇ ਕਾਇਮ ਹੈ।

ਅਨਦਿਨੁ ਕੀਰਤਨੁ ਸਦਾ ਕਰਹਿ ਗੁਰ ਕੈ ਸਬਦਿ ਅਪਾਰਾ ॥

(ਨਾਮ ਖ਼ਜ਼ਾਨੇ ਦੀ ਬਰਕਤਿ ਨਾਲ) ਅਸੀਂ ਸਤਿਗੁਰੂ ਦੇ ਅਪਾਰ ਸ਼ਬਦ ਦੀ ਰਾਹੀਂ ਸਦਾ ਹਰ ਵੇਲੇ ਹਰੀ ਦੇ ਗੁਣ ਗਾਉਂਦੇ ਹਾਂ,

ਸਬਦੁ ਗੁਰੂ ਕਾ ਸਦ ਉਚਰਹਿ ਜੁਗੁ ਜੁਗੁ ਵਰਤਾਵਣਹਾਰਾ ॥

ਤੇ ਸਤਿਗੁਰੂ ਦਾ ਸ਼ਬਦ, ਜੋ ਹਰੇਕ ਜੁਗ ਵਿਚ (ਨਾਮ ਦੀ ਦਾਤਿ) ਵਰਤਾਉਣ ਵਾਲਾ ਹੈ, ਸਦਾ ਉਚਾਰਦੇ ਹਾਂ।

ਇਹੁ ਮਨੂਆ ਸਦਾ ਸੁਖਿ ਵਸੈ ਸਹਜੇ ਕਰੇ ਵਾਪਾਰਾ ॥

(ਸਤਿਗੁਰੂ ਦੇ ਸ਼ਬਦ ਨਾਲ) ਸਾਡਾ ਇਹ ਮਨ ਸਦਾ ਸੁਖੀ ਰਹਿੰਦਾ ਹੈ ਤੇ ਸੁਤੇ ਹੀ (ਭਾਵ, ਕਿਸੇ ਖ਼ਾਸ ਜਤਨ ਤੋਂ ਬਿਨਾ ਹੀ) ਨਾਮ ਦਾ ਵਾਪਾਰ ਕਰਦਾ ਹੈ,

ਅੰਤਰਿ ਗੁਰ ਗਿਆਨੁ ਹਰਿ ਰਤਨੁ ਹੈ ਮੁਕਤਿ ਕਰਾਵਣਹਾਰਾ ॥

ਅਤੇ ਮਨ ਦੇ ਅੰਦਰ ਸਤਿਗੁਰੂ ਦਾ (ਬਖ਼ਸ਼ਿਆ ਹੋਇਆ) ਗਿਆਨ ਤੇ ਮੁਕਤੀ ਕਰਾਉਣ ਵਾਲਾ ਹਰੀ-ਨਾਮ (ਰੂਪ) ਰਤਨ ਵੱਸਦਾ ਹੈ।

ਨਾਨਕ ਜਿਸ ਨੋ ਨਦਰਿ ਕਰੇ ਸੋ ਪਾਏ ਸੋ ਹੋਵੈ ਦਰਿ ਸਚਿਆਰਾ ॥੨॥

ਹੇ ਨਾਨਕ! ਜਿਸ ਤੇ ਕ੍ਰਿਪਾ ਦ੍ਰਿਸ਼ਟੀ ਕਰਦਾ ਹੈ, ਉਸ ਨੂੰ (ਇਹ ਦਾਤਿ) ਮਿਲਦੀ ਹੈ ਤੇ ਦਰਗਾਹ ਵਿਚ ਉਹ ਸੁਰਖ਼ਰੂ ਹੋ ਜਾਂਦਾ ਹੈ ॥੨॥


ਪਉੜੀ ॥
ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜੋ ਸਤਿਗੁਰ ਚਰਣੀ ਜਾਇ ਪਇਆ ॥

ਉਸ ਗੁਰਸਿੱਖ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ ਜੋ ਆਪਣੇ ਸਤਿਗੁਰੂ ਦੀ ਚਰਨੀਂ ਜਾ ਲੱਗਦਾ ਹੈ।

ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜਿਨਿ ਹਰਿ ਨਾਮਾ ਮੁਖਿ ਰਾਮੁ ਕਹਿਆ ॥

ਉਸ ਗੁਰਸਿੱਖ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ, ਜਿਸ ਨੇ ਮੂੰਹੋਂ ਹਰੀ ਦਾ ਨਾਮ ਉਚਾਰਿਆ ਹੈ।

ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜਿਸੁ ਹਰਿ ਨਾਮਿ ਸੁਣਿਐ ਮਨਿ ਅਨਦੁ ਭਇਆ ॥

ਉਸ ਗੁਰਸਿੱਖ ਨੂੰ ਧੰਨੁ ਧੰਨੁ ਆਖਣਾ ਚਾਹੀਦਾ ਹੈ, ਜਿਸ ਦੇ ਮਨ ਵਿਚ ਹਰੀ ਦਾ ਨਾਮ ਸੁਣ ਕੇ ਚਾਅ ਪੈਦਾ ਹੁੰਦਾ ਹੈ।

ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜਿਨਿ ਸਤਿਗੁਰ ਸੇਵਾ ਕਰਿ ਹਰਿ ਨਾਮੁ ਲਇਆ ॥

ਉਸ ਗੁਰਸਿੱਖ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ ਜਿਸ ਨੇ ਸਤਿਗੁਰੂ ਦੀ ਸੇਵਾ ਕਰ ਕੇ ਪਰਮਾਤਮਾ ਦਾ ਨਾਮ ਲੱਭਾ ਹੈ।

ਤਿਸੁ ਗੁਰਸਿਖ ਕੰਉ ਹੰਉ ਸਦਾ ਨਮਸਕਾਰੀ ਜੋ ਗੁਰ ਕੈ ਭਾਣੈ ਗੁਰਸਿਖੁ ਚਲਿਆ ॥੧੮॥

ਮੈਂ ਸਦਾ ਉਸ ਗੁਰਸਿੱਖ ਅਗੇ ਆਪਣਾ ਸਿਰ ਨਿਵਾਉਂਦਾ ਹਾਂ, ਜੋ ਗੁਰਸਿੱਖ ਸਤਿਗੁਰੂ ਦੇ ਭਾਣੇ ਵਿਚ ਚੱਲਦਾ ਹੈ ॥੧੮॥


ਸਲੋਕੁ ਮਃ ੩ ॥
ਮਨਹਠਿ ਕਿਨੈ ਨ ਪਾਇਓ ਸਭ ਥਕੇ ਕਰਮ ਕਮਾਇ ॥

ਕਿਸੇ ਮਨੁੱਖ ਨੇ ਮਨ ਦੇ ਹਠ ਨਾਲ ਰੱਬ ਨੂੰ ਨਹੀਂ ਲੱਭਾ, ਸਾਰੇ ਜੀਵ (ਭਾਵ, ਕਈ ਮਨੁੱਖ) (ਹਠ ਨਾਲ) ਕਰਮ ਕਰ ਕੇ (ਓੜਕ) ਥੱਕ ਗਏ ਹਨ।

ਮਨਹਠਿ ਭੇਖ ਕਰਿ ਭਰਮਦੇ ਦੁਖੁ ਪਾਇਆ ਦੂਜੈ ਭਾਇ ॥

ਮਨ ਦੇ ਹਠ ਨਾਲ (ਕਈ ਤਰ੍ਹਾਂ ਦੇ) ਭੇਖ ਕਰ ਕਰ ਕੇ ਭਟਕਦੇ ਹਨ ਤੇ ਮਾਇਆ ਦੇ ਮੋਹ ਵਿਚ ਦੁੱਖ ਉਠਾਉਂਦੇ ਹਨ।

ਰਿਧਿ ਸਿਧਿ ਸਭੁ ਮੋਹੁ ਹੈ ਨਾਮੁ ਨ ਵਸੈ ਮਨਿ ਆਇ ॥

ਰਿੱਧੀਆਂ ਤੇ ਸਿੱਧੀਆਂ (ਭੀ) ਨਿਰੋਲ ਮੋਹ (ਰੂਪ) ਹਨ, (ਇਹਨਾਂ ਨਾਲ) ਹਰੀ ਦਾ ਨਾਮ ਹਿਰਦੇ ਵਿਚ ਨਹੀਂ ਵੱਸ ਸਕਦਾ।

ਗੁਰ ਸੇਵਾ ਤੇ ਮਨੁ ਨਿਰਮਲੁ ਹੋਵੈ ਅਗਿਆਨੁ ਅੰਧੇਰਾ ਜਾਇ ॥

ਸਤਿਗੁਰੂ ਦੀ ਸੇਵਾ ਨਾਲ ਮਨ ਸਾਫ਼ ਹੁੰਦਾ ਹੈ ਤੇ ਅਗਿਆਨ (ਰੂਪ) ਹਨੇਰਾ ਦੂਰ ਹੁੰਦਾ ਹੈ।

ਨਾਮੁ ਰਤਨੁ ਘਰਿ ਪਰਗਟੁ ਹੋਆ ਨਾਨਕ ਸਹਜਿ ਸਮਾਇ ॥੧॥

ਹੇ ਨਾਨਕ! ਨਾਮ (ਰੂਪ) ਰਤਨ ਹਿਰਦੇ ਵਿਚ ਪਰਤੱਖ ਹੋ ਜਾਂਦਾ ਹੈ ਤੇ ਸਹਿਜ ਅਵਸਥਾ ਵਿਚ ਮਨੁੱਖ ਲੀਨ ਹੋ ਜਾਂਦਾ ਹੈ ॥੧॥


ਮਃ ੩ ॥
ਸਬਦੈ ਸਾਦੁ ਨ ਆਇਓ ਨਾਮਿ ਨ ਲਗੋ ਪਿਆਰੁ ॥

ਜਿਸ ਮਨੁੱਖ ਨੂੰ ਸਤਿਗੁਰੂ ਦੇ ਸ਼ਬਦ ਵਿਚ ਰਸ ਨਹੀਂ ਆਉਂਦਾ, ਨਾਮ ਵਿਚ ਜਿਸ ਦਾ ਪਿਆਰ ਨਹੀਂ ਜੁੜਿਆ,

ਰਸਨਾ ਫਿਕਾ ਬੋਲਣਾ ਨਿਤ ਨਿਤ ਹੋਇ ਖੁਆਰੁ ॥

ਉਹ ਮਨੁੱਖ ਜੀਭ ਨਾਲ ਫਿੱਕੇ ਬਚਨ ਹੀ ਬੋਲਦਾ ਹੈ ਤੇ ਸਦਾ ਖ਼ੁਆਰ ਹੁੰਦਾ ਹੈ।

ਨਾਨਕ ਕਿਰਤਿ ਪਇਐ ਕਮਾਵਣਾ ਕੋਇ ਨ ਮੇਟਣਹਾਰੁ ॥੨॥

ਹੇ ਨਾਨਕ! ਉਸ ਨੂੰ (ਪਿਛਲੇ ਕੀਤੇ ਕੰਮਾਂ ਦੇ) ਉੱਕਰੇ ਹੋਏ ਸੰਸਕਾਰਾਂ ਅਨੁਸਾਰ ਕਾਰ ਕਰਨੀ ਪੈਂਦੀ ਹੈ; ਕੋਈ ਵੀ (ਸੰਸਕਾਰਾਂ ਨੂੰ) ਮਿਟਾ ਨਹੀਂ ਸਕਦਾ ॥੨॥


ਪਉੜੀ ॥
ਧਨੁ ਧਨੁ ਸਤ ਪੁਰਖੁ ਸਤਿਗੁਰੂ ਹਮਾਰਾ ਜਿਤੁ ਮਿਲਿਐ ਹਮ ਕਉ ਸਾਂਤਿ ਆਈ ॥

ਸਾਡਾ ਸਤਪੁਰਖੁ ਸਤਿਗੁਰੂ ਧੰਨ ਹੈ, ਜਿਸ ਦੇ ਮਿਲਿਆਂ ਸਾਡੇ ਹਿਰਦੇ ਵਿਚ ਠੰਡ ਪਈ ਹੈ।

ਧਨੁ ਧਨੁ ਸਤ ਪੁਰਖੁ ਸਤਿਗੁਰੂ ਹਮਾਰਾ ਜਿਤੁ ਮਿਲਿਐ ਹਮ ਹਰਿ ਭਗਤਿ ਪਾਈ ॥

ਸਾਡਾ ਸਤਪੁਰਖੁ ਸਤਿਗੁਰੂ ਧੰਨ ਹੈ, ਜਿਸਦੇ ਮਿਲਿਆਂ ਅਸਾਂ ਪਰਮਾਤਮਾ ਦੀ ਭਗਤੀ ਲੱਭੀ ਹੈ।

ਧਨੁ ਧਨੁ ਹਰਿ ਭਗਤੁ ਸਤਿਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰਿ ਨਾਮਿ ਲਿਵ ਲਾਈ ॥

ਹਰੀ ਦਾ ਭਗਤ ਸਾਡਾ ਸਤਿਗੁਰੂ ਧੰਨ ਹੈ, ਜਿਸ ਦੀ ਸੇਵਾ ਕਰ ਕੇ ਅਸਾਂ ਹਰੀ ਦੇ ਨਾਮ ਵਿਚ ਬਿਰਤੀ ਜੋੜੀ ਹੈ।

ਧਨੁ ਧਨੁ ਹਰਿ ਗਿਆਨੀ ਸਤਿਗੁਰੂ ਹਮਾਰਾ ਜਿਨਿ ਵੈਰੀ ਮਿਤ੍ਰੁ ਹਮ ਕਉ ਸਭ ਸਮ ਦ੍ਰਿਸਟਿ ਦਿਖਾਈ ॥

ਹਰੀ ਦੇ ਗਿਆਨ ਵਾਲਾ ਸਾਡਾ ਸਤਿਗੁਰੂ ਧੰਨ ਹੈ ਜਿਸ ਨੇ ਵੈਰੀ ਕੀਹ ਤੇ ਸਜਨ ਕੀਹ-ਸਭ ਵਾਲ ਸਾਨੂੰ ਏਕਤਾ ਦੀ ਨਜ਼ਰ (ਨਾਲ ਵੇਖਣ ਦੀ ਜਾਚ) ਸਿਖਾਈ ਹੈ।

ਧਨੁ ਧਨੁ ਸਤਿਗੁਰੂ ਮਿਤ੍ਰੁ ਹਮਾਰਾ ਜਿਨਿ ਹਰਿ ਨਾਮ ਸਿਉ ਹਮਾਰੀ ਪ੍ਰੀਤਿ ਬਣਾਈ ॥੧੯॥

ਸਾਡਾ ਸੱਜਣ ਸਤਿਗੁਰੂ ਧੰਨ ਹੈ, ਜਿਸ ਨੇ ਹਰੀ ਦੇ ਨਾਮ ਨਾਲ ਸਾਡਾ ਪਿਆਰ ਬਣਾ ਦਿੱਤਾ ਹੈ ॥੧੯॥


ਸਲੋਕੁ ਮਃ ੧ ॥
ਘਰ ਹੀ ਮੁੰਧਿ ਵਿਦੇਸਿ ਪਿਰੁ ਨਿਤ ਝੂਰੇ ਸੰਮ੍ਹਾਲੇ ॥

ਪ੍ਰਭੂ-ਪਤੀ ਤਾਂ ਘਰ (ਭਾਵ, ਹਿਰਦੇ) ਵਿਚ ਹੀ ਹੈ, ਪਰ, (ਜੀਵ-ਇਸਤ੍ਰੀ) ਉਸ ਨੂੰ ਪਰਦੇਸ ਵਿਚ (ਸਮਝਦੀ ਹੋਈ) ਸਦਾ ਝੂਰਦੀ ਤੇ ਯਾਦ ਕਰਦੀ ਹੈ,

ਮਿਲਦਿਆ ਢਿਲ ਨ ਹੋਵਈ ਜੇ ਨੀਅਤਿ ਰਾਸਿ ਕਰੇ ॥੧॥

ਜੇ ਨੀਯਤ ਸਾਫ਼ ਕਰੇ ਤਾਂ (ਪ੍ਰਭੂ ਨੂੰ) ਮਿਲਦਿਆਂ ਢਿੱਲ ਨਹੀਂ ਲੱਗਦੀ ॥੧॥


ਮਃ ੧ ॥
ਨਾਨਕ ਗਾਲੀ ਕੂੜੀਆ ਬਾਝੁ ਪਰੀਤਿ ਕਰੇਇ ॥

ਹੇ ਨਾਨਕ! ਉਹ ਗਲ-ਬਾਤ ਸਭ ਝੂਠੀ ਹੈ ਜੋ (ਹਰੀ ਨਾਲ) ਪਿਆਰ ਕਰਨ ਤੋਂ ਦੂਰ ਕਰਦੀ ਹੈ।

ਤਿਚਰੁ ਜਾਣੈ ਭਲਾ ਕਰਿ ਜਿਚਰੁ ਲੇਵੈ ਦੇਇ ॥੨॥

ਜਦ ਤਾਈਂ (ਹਰੀ) ਦੇਂਦਾ ਹੈ ਤੇ (ਜੀਵ) ਲੈਂਦਾ ਹੈ (ਭਾਵ, ਜਦ ਤਕ ਜੀਵ ਨੂੰ ਕੁਝ ਮਿਲਦਾ ਰਹਿੰਦਾ ਹੈ) ਤਦ ਤਾਈਂ (ਹਰੀ ਨੂੰ ਜੀਵ) ਚੰਗਾ ਸਮਝਦਾ ਹੈ ॥੨॥


ਪਉੜੀ ॥
ਜਿਨਿ ਉਪਾਏ ਜੀਅ ਤਿਨਿ ਹਰਿ ਰਾਖਿਆ ॥

ਜਿਸ ਹਰੀ ਨੇ ਜੀਵ ਪੈਦਾ ਕੀਤੇ ਹਨ, ਉਸੇ ਨੇ ਉਹਨਾਂ ਦੀ ਰੱਖਿਆ ਕੀਤੀ ਹੈ।

ਅੰਮ੍ਰਿਤੁ ਸਚਾ ਨਾਉ ਭੋਜਨੁ ਚਾਖਿਆ ॥

ਜੋ ਜੀਵ ਉਸ ਹਰੀ ਦਾ ਆਤਮਕ ਜੀਵਨ ਦੇਣ ਵਾਲਾ ਸੱਚਾ ਨਾਮ (ਰੂਪ) ਭੋਜਨ ਛਕਦੇ ਹਨ,

ਤਿਪਤਿ ਰਹੇ ਆਘਾਇ ਮਿਟੀ ਭਭਾਖਿਆ ॥

ਤੇ (ਇਸ ਨਾਮ-ਰੂਪ ਭੋਜਨ ਨਾਲ) ਉਹ ਬੜੇ ਰੱਜ ਜਾਂਦੇ ਹਨ ਉਹਨਾਂ ਦੀ ਹੋਰ ਖਾਣ ਦੀ ਇੱਛਾ ਮਿਟ ਜਾਂਦੀ ਹੈ।

ਸਭ ਅੰਦਰਿ ਇਕੁ ਵਰਤੈ ਕਿਨੈ ਵਿਰਲੈ ਲਾਖਿਆ ॥

ਸਾਰੇ ਜੀਵਾਂ ਵਿਚ ਇਕ ਪ੍ਰਭੂ ਆਪ ਵਿਆਪਕ ਹੈ, ਪਰ ਕਿਸੇ ਵਿਹਲੇ ਨੇ ਇਹ ਸਮਝਿਆ ਹੈ;

ਜਨ ਨਾਨਕ ਭਏ ਨਿਹਾਲੁ ਪ੍ਰਭ ਕੀ ਪਾਖਿਆ ॥੨੦॥

ਤੇ ਹੇ ਨਾਨਕ! (ਉਹ ਵਿਰਲਾ) ਦਾਸ ਪ੍ਰਭੂ ਦੇ ਪੱਖ ਕਰ ਕੇ ਖਿੜਿਆ ਰਹਿੰਦਾ ਹੈ ॥੨੦॥


ਸਲੋਕੁ ਮਃ ੩ ॥
ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ ॥

ਜਿਤਨਾ ਇਹ ਸਾਰਾ ਸੰਸਾਰ ਹੈ (ਇਸ ਵਿਚ) ਹਰੇਕ ਜੀਵ ਸਤਿਗੁਰੂ ਦੇ ਦਰਸਨ ਕਰਦਾ ਹੈ,

ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ ॥

(ਪਰ) ਨਿਰਾ ਦਰਸ਼ਨ ਕੀਤਿਆਂ ਮੁਕਤੀ ਨਹੀਂ ਮਿਲਦੀ, ਜਦ ਤਾਈਂ ਜੀਵ ਸਤਿਗੁਰੂ ਦੇ ਸ਼ਬਦ ਵਿਚ ਵਿਚਾਰ ਨਹੀਂ ਕਰਦਾ,

ਹਉਮੈ ਮੈਲੁ ਨ ਚੁਕਈ ਨਾਮਿ ਨ ਲਗੈ ਪਿਆਰੁ ॥

(ਕਿਉਂਕਿ ਵਿਚਾਰ ਕਰਨ ਤੋਂ ਬਿਨਾ) ਅਹੰਕਾਰ (-ਰੂਪ ਮਨ ਦੀ) ਮੈਲ ਨਹੀਂ ਉਤਰਦੀ ਤੇ ਨਾਮ ਵਿਚ ਪਿਆਰ ਨਹੀਂ ਬਣਦਾ।

ਇਕਿ ਆਪੇ ਬਖਸਿ ਮਿਲਾਇਅਨੁ ਦੁਬਿਧਾ ਤਜਿ ਵਿਕਾਰ ॥

ਕਈ ਮਨੁੱਖਾਂ ਨੂੰ ਪ੍ਰਭੂ ਨੇ ਆਪ ਹੀ ਮੇਹਰ ਕਰ ਕੇ ਮਿਲਾ ਲਿਆ ਹੈ ਜਿਨ੍ਹਾਂ ਨੇ ਮੇਰ-ਤੇਰ ਤੇ ਵਿਕਾਰ ਛੱਡੇ ਹਨ।

ਨਾਨਕ ਇਕਿ ਦਰਸਨੁ ਦੇਖਿ ਮਰਿ ਮਿਲੇ ਸਤਿਗੁਰ ਹੇਤਿ ਪਿਆਰਿ ॥੧॥

ਹੇ ਨਾਨਕ! ਕਈ ਮਨੁੱਖ (ਸਤਿਗੁਰੂ ਦਾ) ਦਰਸ਼ਨ ਕਰ ਕੇ ਸਤਿਗੁਰੂ ਦੇ ਪਿਆਰ ਵਿਚ ਬਿਰਤੀ ਜੋੜ ਕੇ ਮਰ ਕੇ (ਭਾਵ, ਆਪਾ ਗਵਾ ਕੇ) ਹਰੀ ਵਿਚ ਮਿਲ ਗਏ ਹਨ ॥੧॥


ਮਃ ੩ ॥
ਸਤਿਗੁਰੂ ਨ ਸੇਵਿਓ ਮੂਰਖ ਅੰਧ ਗਵਾਰਿ ॥

ਅੰਨ੍ਹੇ ਮੂਰਖ ਗਵਾਰ ਨੇ ਆਪਣੇ ਸਤਿਗੁਰੂ ਦੀ ਸੇਵਾ ਨਹੀਂ ਕੀਤੀ,

ਦੂਜੈ ਭਾਇ ਬਹੁਤੁ ਦੁਖੁ ਲਾਗਾ ਜਲਤਾ ਕਰੇ ਪੁਕਾਰ ॥

ਮਾਇਆ ਦੇ ਪਿਆਰ ਵਿਚ ਜਦੋਂ ਬਹੁਤ ਦੁਖੀ ਹੋਇਆ ਤਦੋਂ ਸੜਦਾ ਹੋਇਆ ਹਾੜੇ ਘੱਤਦਾ ਹੈ;

ਜਿਨ ਕਾਰਣਿ ਗੁਰੂ ਵਿਸਾਰਿਆ ਸੇ ਨ ਉਪਕਰੇ ਅੰਤੀ ਵਾਰ ॥

ਤੇ ਜਿਨ੍ਹਾਂ ਦੇ ਵਾਸਤੇ ਸਤਿਗੁਰੂ ਨੂੰ ਵਿਸਾਰਿਆ ਹੈ ਉਹ ਆਖ਼ਰੀ ਵੇਲੇ ਨਹੀਂ ਪੁੱਕਰਦੇ।

ਨਾਨਕ ਗੁਰਮਤੀ ਸੁਖੁ ਪਾਇਆ ਬਖਸੇ ਬਖਸਣਹਾਰ ॥੨॥

ਹੇ ਨਾਨਕ! ਗੁਰੂ ਦੀ ਮੱਤ ਲਿਆਂ ਹੀ ਸੁਖ ਮਿਲਦਾ ਹੈ ਤੇ ਬਖ਼ਸ਼ਣ ਵਾਲਾ ਹਰੀ ਬਖ਼ਸ਼ਦਾ ਹੈ ॥੨॥


ਪਉੜੀ ॥
ਤੂ ਆਪੇ ਆਪਿ ਆਪਿ ਸਭੁ ਕਰਤਾ ਕੋਈ ਦੂਜਾ ਹੋਇ ਸੁ ਅਵਰੋ ਕਹੀਐ ॥

ਹੇ ਹਰੀ! ਤੂੰ ਆਪ ਹੀ ਆਪ ਹੈਂ ਤੇ ਆਪ ਹੀ ਸਭ ਕੁਝ ਪੈਦਾ ਕਰਦਾ ਹੈਂ, ਕਿਸੇ ਹੋਰ ਦੂਜੇ ਨੂੰ ਪੈਦਾ ਕਰਨ ਵਾਲਾ ਤਾਂ ਹੀ ਆਖੀਏ, ਜੇ ਕੋਈ ਹੋਰ ਹੋਵੇ ਹੀ।

ਹਰਿ ਆਪੇ ਬੋਲੈ ਆਪਿ ਬੁਲਾਵੈ ਹਰਿ ਆਪੇ ਜਲਿ ਥਲਿ ਰਵਿ ਰਹੀਐ ॥

ਹਰੀ ਆਪ ਹੀ (ਸਭ ਜੀਵਾਂ ਵਿਚ) ਬੋਲਦਾ ਹੈ, ਆਪ ਹੀ ਸਭ ਨੂੰ ਬੁਲਾਉਂਦਾ ਹੈ ਅਤੇ ਆਪ ਹੀ ਜਲ ਵਿਚ ਥਲ ਵਿਚ ਵਿਆਪ ਰਿਹਾ ਹੈ।

ਹਰਿ ਆਪੇ ਮਾਰੈ ਹਰਿ ਆਪੇ ਛੋਡੈ ਮਨ ਹਰਿ ਸਰਣੀ ਪੜਿ ਰਹੀਐ ॥

ਹੇ ਮਨ! ਹਰੀ ਆਪ ਹੀ ਮਾਰਦਾ ਹੈ ਤੇ ਆਪ ਹੀ ਬਖ਼ਸ਼ਦਾ ਹੈ, (ਇਸ ਵਾਸਤੇ) ਹਰੀ ਦੀ ਸ਼ਰਨ ਵਿਚ ਪਿਆ ਰਹੁ।

ਹਰਿ ਬਿਨੁ ਕੋਈ ਮਾਰਿ ਜੀਵਾਲਿ ਨ ਸਕੈ ਮਨ ਹੋਇ ਨਿਚਿੰਦ ਨਿਸਲੁ ਹੋਇ ਰਹੀਐ ॥

ਹਰੀ ਤੋਂ ਬਿਨਾ ਕੋਈ ਹੋਰ ਨਾ ਮਾਰ ਸਕਦਾ ਹੈ ਨਾ ਜਿਵਾ ਸਕਦਾ ਹੈ, (ਇਸ ਵਾਸਤੇ) ਹੇ ਮਨ! ਬਿਲਕੁਲ ਬੇਫਿਕਰ ਹੋ ਰਹੁ (ਭਾਵ, ਹੋਰ ਕਿਸੇ ਦੀ ਆਸ ਨਾ ਰੱਖ)।

ਉਠਦਿਆ ਬਹਦਿਆ ਸੁਤਿਆ ਸਦਾ ਸਦਾ ਹਰਿ ਨਾਮੁ ਧਿਆਈਐ ਜਨ ਨਾਨਕ ਗੁਰਮੁਖਿ ਹਰਿ ਲਹੀਐ ॥੨੧॥੧॥ ਸੁਧੁ

ਹੇ ਦਾਸ ਨਾਨਕ! ਜੇ ਉਠਦਿਆਂ ਬਹਿੰਦਿਆਂ ਤੇ ਸੁੱਤਿਆਂ ਹਰ ਵੇਲੇ ਹਰੀ ਦਾ ਨਾਮ ਸਿਮਰੀਏ ਤਾਂ ਸਤਿਗੁਰੂ ਦੇ ਸਨਮੁਖ ਹੋ ਕੇ ਹਰਿ ਮਿਲ ਪੈਂਦਾ ਹੈ ॥੨੧॥੧॥ਸ਼ੁਧ।