ਵਡਹੰਸੁ ਮਹਲਾ ੩ ॥ ਰਸਨਾ ਹਰਿ ਸਾਦਿ ਲਗੀ ਸਹਜਿ ਸੁਭਾਇ ॥ ਮਨੁ ਤ੍ਰਿਪਤਿਆ ਹਰਿ ਨਾਮੁ ਧਿਆਇ ॥੧॥ ਸਦਾ ਸੁਖੁ ਸਾਚੈ ਸਬਦਿ ਵੀਚਾਰੀ ॥ ਆਪਣੇ ਸਤਗੁਰ ਵਿਟਹੁ ਸਦਾ ਬਲਿਹਾਰੀ ॥੧॥ ਰਹਾਉ ॥ ਅਖੀ ਸੰਤੋਖੀਆ ਏਕ ਲਿਵ ਲਾਇ ॥ ਮਨੁ ਸੰਤੋਖਿਆ ਦੂਜਾ ਭਾਉ ਗਵਾਇ ॥੨॥
ਜਿਸ ਮਨੁੱਖ ਦੀ ਜੀਭ ਪਰਮਾਤਮਾ ਦੇ ਨਾਮ ਦੇ ਸੁਆਦ ਵਿਚ ਲੱਗਦੀ ਹੈ, ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਜਾਂਦਾ ਹੈ, ਪ੍ਰਭੂ-ਪ੍ਰੇਮ ਵਿਚ ਜੁੜ ਜਾਂਦਾ ਹੈ। ਪਰਮਾਤਮਾ ਦਾ ਨਾਮ ਸਿਮਰ ਕੇ ਉਸ ਦਾ ਮਨ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦਾ ਹੈ ॥੧॥ ਜਿਸ ਦੇ ਸ਼ਬਦ ਵਿਚ ਜੁੜਿਆਂ ਵਿਚਾਰਵਾਨ ਹੋ ਜਾਈਦਾ ਹੈ ਤੇ ਸਦਾ ਆਤਮਕ ਆਨੰਦ ਮਿਲਿਆ ਰਹਿੰਦਾ ਹੈ, ਮੈਂ ਆਪਣੇ ਉਸ ਗੁਰੂ ਤੋਂ ਸਦਾ ਕੁਰਬਾਨ ਜਾਂਦਾ ਹਾਂ ॥੧॥ ਰਹਾਉ ॥ ਇਕ ਪਰਮਾਤਮਾ ਵਿਚ ਸੁਰਤ ਜੋੜ ਕੇ ਮਨੁੱਖ ਦੀਆਂ ਅੱਖਾਂ (ਪਰਾਏ ਰੂਪ ਵਲੋਂ) ਰੱਜ ਜਾਂਦੀਆਂ ਹਨ, ਤੇ ਮਾਇਆ ਦਾ ਪਿਆਰ ਦੂਰ ਕਰ ਕੇ ਮਨੁੱਖ ਦਾ ਮਨ (ਤ੍ਰਿਸ਼ਨਾ ਵਲੋਂ) ਰੱਜ ਜਾਂਦਾ ਹੈ ॥੨॥
