Chandi di Vaar in Punjabi

ਚੰਡੀ ਦੀ ਵਾਰ ॥
ੴ ਵਾਹਿਗੁਰੂ ਜੀ ਕੀ ਫਤਹ ॥
ਸ੍ਰੀ ਭਗਉਤੀ ਜੀ ਸਹਾਇ ॥
ਵਾਰ ਸ੍ਰੀ ਭਗਉਤੀ ਜੀ ਕੀ ॥
ਪਾਤਿਸਾਹੀ ੧੦ ॥
ਪਉੜੀ ॥
ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈਂ ਧਿਆਇ ॥
ਫਿਰ ਅੰਗਦ ਗੁਰ ਤੇ ਅਮਰਦਾਸੁ ਰਾਮਦਾਸੈ ਹੋਈਂ ਸਹਾਇ ॥
ਅਰਜਨ ਹਰਿਗੋਬਿੰਦ ਨੋ ਸਿਮਰੌ ਸ੍ਰੀ ਹਰਿਰਾਇ ॥
ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸੁ ਡਿਠੇ ਸਭਿ ਦੁਖਿ ਜਾਇ ॥
ਤੇਗ ਬਹਾਦਰ ਸਿਮਰਿਐ ਘਰਿ ਨਉ ਨਿਧਿ ਆਵੈ ਧਾਇ ॥
ਸਭ ਥਾਈਂ ਹੋਇ ਸਹਾਇ ॥੧॥
ਖੰਡਾ ਪ੍ਰਿਥਮੈ ਸਾਜ ਕੈ ਜਿਨ ਸਭ ਸੈਸਾਰੁ ਉਪਾਇਆ ॥
ਬ੍ਰਹਮਾ ਬਿਸਨੁ ਮਹੇਸ ਸਾਜਿ ਕੁਦਰਤਿ ਦਾ ਖੇਲੁ ਰਚਾਇ ਬਣਾਇਆ ॥
ਸਿੰਧੁ ਪਰਬਤ ਮੇਦਨੀ ਬਿਨੁ ਥੰਮ੍ਹਾ ਗਗਨਿ ਰਹਾਇਆ ॥
ਸਿਰਜੇ ਦਾਨੋ ਦੇਵਤੇ ਤਿਨ ਅੰਦਰਿ ਬਾਦੁ ਰਚਾਇਆ ॥
ਤੈ ਹੀ ਦੁਰਗਾ ਸਾਜਿ ਕੈ ਦੈਤਾ ਦਾ ਨਾਸੁ ਕਰਾਇਆ ॥
ਤੈਥੋਂ ਹੀ ਬਲੁ ਰਾਮ ਲੈ ਨਾਲ ਬਾਣਾ ਦਹਸਿਰੁ ਘਾਇਆ ॥
ਤੈਥੋਂ ਹੀ ਬਲੁ ਕ੍ਰਿਸਨ ਲੈ ਕੰਸੁ ਕੇਸੀ ਪਕੜਿ ਗਿਰਾਇਆ ॥
ਬਡੇ ਬਡੇ ਮੁਨਿ ਦੇਵਤੇ ਕਈ ਜੁਗ ਤਿਨੀ ਤਨੁ ਤਾਇਆ ॥
ਕਿਨੀ ਤੇਰਾ ਅੰਤੁ ਨ ਪਾਇਆ ॥੨॥
ਸਾਧੂ ਸਤਜੁਗੁ ਬੀਤਿਆ ਅਧ ਸੀਲੀ ਤ੍ਰੇਤਾ ਆਇਆ ॥
ਨੱਚੀ ਕਲ ਸਰੋਸਰੀ ਕਲ ਨਾਰਦ ਡਉਰੂ ਵਾਇਆ ॥
ਅਭਿਮਾਨੁ ਉਤਾਰਨ ਦੇਵਤਿਆਂ ਮਹਿਖਾਸੁਰ ਸੁੰਭ ਉਪਾਇਆ ॥
ਜੀਤਿ ਲਏ ਤਿਨਿ ਦੇਵਤੇ ਤਿਹ ਲੋਕੀ ਰਾਜੁ ਕਮਾਇਆ ॥
ਵੱਡਾ ਬੀਰ ਅਖਾਇ ਕੈ ਸਿਰ ਉਪਰ ਛਤ੍ਰ ਫਿਰਾਇਆ ॥
ਦਿੱਤਾ ਇੰਦੁ੍ਰ ਨਿਕਾਲ ਕੈ ਤਿਨ ਗਿਰਿ ਕੈਲਾਸੁ ਤਕਾਇਆ ॥
ਡਰਿ ਕੈ ਹੱਥੋ ਦਾਨਵੀ ਦਿਲ ਅੰਦਰਿ ਤ੍ਰਾਸੁ ਵਧਾਇਆ ॥
ਪਾਸ ਦੁਰਗਾ ਦੇ ਇੰਦੁ੍ਰ ਆਇਆ ॥੩॥
ਇਕ ਦਿਹਾੜੇ ਨਾਵਣ ਆਈ ਦੁਰਗਸਾਹ ॥
ਇੰਦ੍ਰ ਬਿਰਥਾ ਸੁਣਾਈ ਅਪਣੇ ਹਾਲ ਦੀ ॥
ਛੀਨ ਲਈ ਠਕੁਰਾਈ ਸਾਤੇ ਦਾਨਵੀ ॥
ਲੋਕੀ ਤਿਹੀ ਫਿਰਾਈ ਦੋਹੀ ਆਪਣੀ ॥
ਬੈਠੇ ਵਾਇ ਵਧਾਈ ਤੇ ਅਮਰਾਵਤੀ ॥
ਦਿੱਤੇ ਦੇਵ ਭਜਾਈ ਸਭਨਾ ਰਾਕਸਾਂ ॥
ਕਿਨੈ ਨ ਜਿੱਤਾ ਜਾਈ ਮੱਹਖੇ ਦੈਤ ਨੂੰ ॥
ਤੇਰੀ ਸਾਮ ਤਕਾਈ ਦੇਵੀ ਦੁਰਗਸਾਹ ॥੪॥
ਦੁਰਗਾ ਬੈਣ ਸੁਣੰਦੀ ਹੱਸੀ ਹੜਹੜਾਇ ॥
ਓਹੀ ਸੀਹੁ ਮੰਗਾਇਆ ਰਾਖਸ ਭੱਖਣਾ ॥
ਚਿੰਤਾ ਕਰਹੁ ਨ ਕਾਈ ਦੇਵਾ ਨੂੰ ਆਖਿਆ ॥
ਰੋਹ ਹੋਈ ਮਹਾ ਮਾਈ ਰਾਕਸਿ ਮਾਰਣੇ ॥੫॥
ਦੋਹਰਾ ॥
ਰਾਕਸਿ ਆਏ ਰੋਹਲੇ ਖੇਤਿ ਭਿੜਨ ਕੇ ਚਾਇ ॥
ਲਸ਼ਕਨਿ ਤੇਗਾਂ ਬਰਛੀਆਂ ਸੂਰਜੁ ਨਦਰਿ ਨ ਪਾਇ ॥੬॥
ਪਉੜੀ ॥
ਦੁਹਾਂ ਕੰਧਾਰਾ ਮੁਹਿ ਜੁੜੇ ਢੋਲ ਸੰਖ ਨਗਾਰੇ ਬਜੇ ॥
ਰਾਕਸਿ ਆਏ ਰੋਹਲੇ ਤਰਵਾਰੀ ਬਖਤਰ ਸੱਜੇ ॥
ਜੁਟੇ ਸਉਹੇ ਜੁੱਧ ਨੋ ਇਕ ਜਾਤ ਨ ਜਾਣਨਿ ਭੱਜੇ।
ਖੇਤ ਅੰਦਰਿ ਜੋਧੇ ਗੱਜੇ ॥੭॥
ਜੰਗ ਮੁਸਾਫਾ ਬੱਜਿਆ ਰਣਿ ਘੁਰੇ ਨਗਾਰੇ ਚਾਵਲੇ ॥
ਝੂਲਣ ਨੇਜੇ ਬੈਰਕਾ ਨੀਸਾਣ ਲਸਨਿ ਲਸਾਵਲੇ ॥
ਢੋਲ ਨਗਾਰੇ ਪਉਣ ਦੇ ਊਂਘਨ ਜਾਣੁ ਜਟਾਵਲੇ ॥
ਦੁਰਗਾ ਦਾਨੋ ਡਹੇ ਰਣ ਨਾਦ ਵੱਜਨ ਖੇਤੁ ਭੀਹਾਵਲੇ ॥
ਬੀਰ ਪਰੋਤੇ ਬਰਛੀਏਂ ਜਣੁ ਡਾਲਿ ਚਮੁੱਟੇ ਆਵਲੇ।
ਇਕ ਵੱਢੇ ਤੇਗੀ ਤੜਫੀਅਨ ਮਦ ਪੀਤੇ ਲੋਟਨਿ ਬਾਵਲੇ ॥
ਇਕ ਚੁਣ ਚੁਣ ਝਾੜਉ ਕਢੀਅਨ ਰੇਤ ਵਿਚੋ ਸੁਇਨਾ ਡਾਵਲੇ ॥
ਗਦਾ ਤ੍ਰਿਸੂਲਾਂ ਬਰਛੀਆਂ ਤੀਰ ਵੱਗਨ ਖਰੇ ਉਤਾਵਲੇ ॥
ਜਣ ਡਸੇ ਭੁਜੰਗਮ ਸਾਵਲੇ॥ ਮਰ ਜਾਵਨਿ ਬੀਰ ਰੁਹਾਵਲੇ ॥੮॥
ਦੇਖਣ ਚੰਡ ਪ੍ਰਚੰਡ ਨੂੰ ਰਣ ਘੁਰੇ ਨਗਾਰੇ ॥
ਧਾਏ ਰਾਕਸਿ ਰੋਹਲੇ ਚਉਗਿਰਦੇ ਭਾਰੇ ॥
ਹਥੀਂ ਤੇਗਾਂ ਪਕੜਿ ਕੈ ਰਣ ਭਿੜੇ ਕਰਾਰੇ ॥
ਕਦੇ ਨਾ ਨੱਠੇ ਜੁਧ ਤੇ ਜੋਧੇ ਜੁਝਾਰੇ ॥
ਦਿਲ ਵਿਚ ਰੋਹ ਬਢਾਇ ਕੈ ਮਾਰਿ ਮਾਰਿ ਪੁਕਾਰੇ ॥
ਮਾਰੇ ਚੰਡ ਪ੍ਰਚੰਡ ਨੈ ਬੀਰ ਖੇਤ ਉਤਾਰੇ ॥
ਮਾਰੇ ਜਾਪਨ ਬਿਜੁਲੀ ਸਿਰਭਾਰਿ ਮੁਨਾਰੇ ॥੯॥
ਚੋਟ ਪਈ ਦਮਾਮੇ ਦਲਾਂ ਮੁਕਾਬਲਾ ॥
ਦੇਵੀ ਦਸਤ ਨਚਾਈ ਸੀਹਣ ਸਾਰਦੀ ॥
ਪੇਟ ਮਲੰਦੇ ਲਾਈ ਮਹਿਖੇ ਦੈਂਤ ਨੋ ॥
ਗੁਰਦੇ ਆਂਦਾ ਖਾਈ ਨਾਲੇ ਰੁਕੜੇ ॥
ਜੇਹੀ ਦਿਲ ਵਿਚ ਆਈ ਕਹੀ ਸੁਣਾਇ ਕੈ ॥
ਚੋਟੀ ਜਾਣ ਦਿਖਾਈ ਤਾਰੇ ਧੂਮਕੇਤ ॥੧੦॥
ਚੋਟਾਂ ਪਵਨ ਨਗਾਰੇ ਅਣੀਆਂ ਜੱਟੀਆਂ ॥
ਧੂਹ ਲਈਆਂ ਤਰਵਾਰੀ ਦੇਵਾਂ ਦਾਨਵੀ ॥
ਵਾਹਨ ਵਾਰੋ ਵਾਰੀ ਸੂਰੇ ਸੰਘਰੇ ॥
ਵਗੈ ਰੱਤੁ ਝੁਲਾਰੀ ਜਿਉ ਗੇਰੂ ਬਾਬਤ੍ਰਾ ॥
ਦੇਖਨ ਬੈਠ ਅਟਾਰੀ ਨਾਰੀ ਰਾਕਸਾਂ ॥
ਪਾਈ ਧੂਮ ਸਵਾਰੀ ਦੁਰਗਾ ਦਾਨਵੀ ॥੧੧॥
ਲੱਖ ਨਗਾਰੇ ਵੱਜਨ ਆਮ੍ਹੋ ਸਾਮ੍ਹਣੇ ॥
ਰਾਕਸ ਰਣੋ ਨ ਭੱਜਨ ਰੋਹੇ ਰੋਹਲੇ ॥
ਸੀਹਾਂ ਵਾਂਗੂ ਗੱਜਣ ਸੱਭੇ ਸੂਰਮੇ ॥
ਤਣਿ ਤਣਿ ਕੈਬਰ ਛੱਡਨ ਦੁਰਗਾ ਸਾਮਣੇ ॥੧੨॥
ਘੁਰੇ ਨਗਾਰੇ ਦੋਹਰੇ ਰਣ ਸੰਗਲੀਆਲੇ ॥
ਧੂੜਿ ਲਪੇਟੇ ਧੂਹਰੇ ਸਿਰਦਾਰ ਜਟਾਲੇ ॥
ਉਖਲੀਆਂ ਨਾਸਾ ਜਿਨਾ ਮੁਹਿ ਜਾਪਨ ਆਲੇ ॥
ਧਾਏ ਦੇਵੀ ਸਾਹਮਣੇ ਬੀਰ ਮੁਛਲੀਆਲੇ॥
ਸੁਰਪਤ ਜੇਹੇ ਲੜ ਹਟੇ ਬੀਰ ਟਲੇ ਨ ਟਾਲੇ ॥
ਗੱਜੇ ਦੁਰਗਾ ਘੇਰਿ ਕੈ ਜਣੁ ਘਣੀਅਰੁ ਕਾਲੇ ॥੧੩॥
ਚੋਟ ਪਈ ਖਰਚਾਮੀ ਦਲਾਂ ਮੁਕਾਬਲਾ ॥
ਘੇਰ ਲਈ ਵਰਿਆਮੀ ਦੁਰਗਾ ਆਇ ਕੈ ॥
ਰਾਖਸ ਵਡੇ ਅਲਾਮੀ ਭੱਜ ਨ ਜਾਣਦੇ ॥
ਅੰਤ ਹੋਏ ਸੁਰਗਾਮੀ ਮਾਰੇ ਦੇਵਤਾ ॥੧੪॥
ਅਗਣਤ ਘੁਰੇ ਨਗਾਰੇ ਦਲਾਂ ਭਿੜੰਦਿਆਂ ॥
ਪਾਏ ਮਹਖਲ ਭਾਰੇ ਦੇਵਾ ਦਾਨਵਾਂ ॥
ਵਾਹਨ ਫੱਟ ਕਰਾਰੇ ਰਾਕਸਿ ਰੋਹਲੇ ॥
ਜਾਪਣ ਤੇਗੀ ਆਰੇ ਮਿਆਨੋ ਧੂਹੀਆਂ ॥
ਜੋਧੇ ਵਡੇ ਮੁਨਾਰੇ ਜਾਪਨ ਖੇਤ ਵਿਚਿ ॥
ਦੇਵੀ ਆਪ ਸਵਾਰੇ ਪਬ ਜਵੇਹਣੇ ॥
ਕਦੇ ਨ ਆਖਨ ਹਾਰੇ ਧਾਵਨ ਸਾਹਮਣੇ ॥
ਦੁਰਗਾ ਸਭ ਸੰਘਾਰੇ ਰਾਖਸਿ ਖੜਗ ਲੈ ॥੧੫॥
ਉਮਲ ਲੱਥੇ ਜੋਧੇ ਮਾਰੂ ਬੱਜਿਆ ॥
ਬੱਦਲ ਜਿਉ ਮਹਿਖਾਸੁਰ ਰਣ ਵਿਚਿ ਗੱਜਿਆ ॥
ਇੰਦ੍ਰ ਜੇਹਾ ਜੋਧਾ ਮੈਥਉ ਭੱਜਿਆ ॥
ਕਉਣ ਵਿਚਾਰੀ ਦੁਰਗਾ ਜਿਨ ਰਣੁ ਸਜਿਆ ॥੧੬॥
ਵੱਜੇ ਢੋਲ ਨਗਾਰੇ ਦਲਾਂ ਮੁਕਾਬਲਾ ॥
ਤੀਰ ਫਿਰੈ ਰੈਬਾਰੇ ਆਮ੍ਹੋ ਸਾਮ੍ਹਣੇ ॥
ਅਗਣਤ ਬੀਰ ਸੰਘਾਰੇ ਲਗਦੀ ਕੈਬਰੀ ॥
ਡਿੱਗੇ ਜਾਣਿ ਮੁਨਾਰੇ ਮਾਰੈ ਬਿੱਜੁ ਦੇ ॥
ਖੁੱਲੀ ਵਾਲੀ ਦੈਤ ਅਹਾੜੇ ਸਭੇ ਸੂਰਮੇ ॥
ਸੁਤੇ ਜਾਣੁ ਜਟਾਲੇ ਭੰਗਾਂ ਖਾਇਕੈ ॥੧੭॥
ਦੁਹਾਂ ਕੰਧਾਰਾਂ ਮੁਹਿ ਜੁੜੇ ਨਾਲਿ ਧਉਸਾ ਭਾਰੀ ॥
ਕੜਕ ਉੱਠਿਆ ਫਉਜ ਤੇ ਵਡਾ ਅਹੰਕਾਰੀ ॥
ਲੈ ਕੈ ਚਲਿਆ ਸੂਰਮੇ ਨਾਲਿ ਵਡੇ ਹਜਾਰੀ ॥
ਮਿਆਨੋ ਖੰਡਾ ਧੂਹਿਆ ਮਹਿਖਾਸੁਰ ਭਾਰੀ ॥
ਉੱਮਲ ਲੱਥੇ ਸੂਰਮੇ ਮਾਰ ਮਚੀ ਕਰਾਰੀ ॥
ਜਾਪੇ ਚੱਲੇ ਰੱਤ ਦੇ ਸਲਲੇ ਜਟਧਾਰੀ ॥੧੮॥
ਸੱਟ ਪਈ ਜਮਧਾਣੀ ਦਲਾਂ ਮੁਕਾਬਲਾ ॥
ਧੂਹਿ ਲਈ ਕ੍ਰਿਪਾਣੀ ਦੁਰਗਾ ਮਿਆਨ ਤੇ ॥
ਚੰਡੀ ਰਾਕਸਿ ਖਾਣੀ ਵਾਹੀ ਦੈਤ ਨੂੰ ॥
ਕੋਪਰ ਚੂਰ ਚਵਾਣੀ ਲੱਥੀ ਕਰਗ ਲੈ ॥
ਪਾਖਰ ਤੁਰਾ ਪਲਾਣੀ ਰੜਕੀ ਧਰਤ ਜਾਇ ॥
ਲੈਦੀ ਅਘਾ ਸਿਧਾਣੀ ਸਿੰਗਾਂ ਧਉਲ ਦਿਆਂ ॥
ਕੂਰਮ ਸਿਰ ਲਹਿਲਾਣੀ ਦੁਸਮਨ ਮਾਰਿ ਕੈ ॥
ਵੱਢੇ ਗਨ ਤਿਖਾਣੀ ਮੂਏ ਖੇਤ ਵਿਚ ॥
ਰਣ ਵਿਚ ਘੱਤੀ ਘਾਣੀ ਲੋਹੂ ਮਿਝ ਦੀ ॥
ਚਾਰੇ ਜੁਗ ਕਹਾਣੀ ਚੱਲਗ ਤੇਗ ਦੀ ॥
ਬਿਧਣ ਖੇਤ ਵਿਹਾਣੀ ਮਹਖੇ ਦੈਤ ਨੂੰ ॥੧੯॥
ਇਤੀ ਮਹਖਾਸੁਰ ਦੈਤ ਮਾਰੇ ਦੁਰਗਾ ਆਇਆ ॥
ਚਉਦਹ ਲੋਕਾਂ ਰਾਣੀ ਸਿੰਘੁ ਨਚਾਇਆ ॥
ਮਾਰੇ ਬੀਰ ਜਟਾਣੀ ਦਲ ਵਿਚਿ ਅਗਲੇ ॥
ਮੰਗਨ ਨਾਹੀ ਪਾਣੀ ਦਲੀ ਹੰਕਾਰ ਕੈ ॥
ਜਣ ਕਰੀ ਸਮਾਇ ਪਠਾਣੀ ਸੁਣਿ ਕੈ ਰਾਗੁ ਨੂੰ ॥
ਰੱਤੂ ਦੇ ਹੜਵਾਣੀ ਚਲੇ ਬੀਰ ਖੇਤ ॥
ਪੀਤਾ ਫੁੱਲ ਇਆਣੀ ਘੁਮਨ ਸੂਰਮੇ ॥੨੦॥
ਹੋਈ ਅਲੋਪ ਭਵਾਨੀ ਦੇਵਾਂ ਨੂੰ ਰਾਜੁ ਦੇ ॥
ਈਸਰ ਦੀ ਬਰਦਾਨੀ ਹੋਈ ਜਿੱਤੁ ਦਿਨ ॥
ਸੁੰਭ ਨਿਸੁੰਭ ਗੁਮਾਨੀ ਜਨਮੇ ਸੂਰਮੇ ॥
ਇੰਦ੍ਰ ਦੀ ਰਜਧਾਨੀ ਤੱਕੀ ਜਿੱਤਣੀ ॥੨੧॥
ਇੰਦ੍ਰਪੁਰੀ ਤੇ ਧਾਵਣਾ ਵਡ ਜੋਧੀ ਮਤਾ ਪਕਾਇਆ ॥
ਸੰਜ ਪਟੇਲਾ ਪਾਖਰਾ ਭੇੜ ਸੰਦਾ ਸਾਜੁ ਬਣਾਇਆ ॥
ਜੰਮੇ ਕਟਕ ਅਛੂਹਣੀ ਅਸਮਾਨੁ ਗਰਦੀ ਛਾਇਆ ॥
ਰੋਹ ਸੁੰਭ ਨਿਸੁੰਭ ਸਿਧਾਇਆ ॥੨੨॥
ਸੁੰਭ ਨਿਸੁੰਭ ਅਲਾਇਆ ਵਡ ਜੋਧੀ ਸੰਘਰੁ ਵਾਏ ॥
ਰੋਹ ਦਿਖਾਲੀ ਦਿੱਤੀਆ ਵਰਿਆਮੀ ਤੁਰੇ ਨਚਾਏ ॥
ਘੁਰੇ ਦਮਾਮੇ ਦੋਹਰੇ ਜਮ ਬਾਹਣ ਜਿਉ ਅਰੜਾਏ ॥
ਦੇਉ ਦਾਨੋ ਲੁੱਝਣ ਆਏ ॥੨੩॥
ਦਾਨੋ ਦੇਉ ਅਨਾਗੀ ਸੰਘਰੁ ਰਚਿਆ ॥
ਫੁਲ ਖਿੜੇ ਜਣੁ ਬਾਗੀਂ ਬਾਣੇ ਜੋਧਿਆਂ ॥
ਭੂਤਾਂ ਇੱਲਾਂ ਕਾਗੀਂ ਗੋਸਤ ਭਖਿਆ ॥
ਹੁੰਮੜ ਧੁੰਮੜ ਜਾਗੀ ਘੱਤੀ ਸੂਰਿਆਂ ॥੨੪॥
ਸੱਟ ਪਈ ਨਗਾਰੇ ਦਲਾਂ ਮੁਕਾਬਲਾ ॥
ਦਿਤੇ ਦੇਉ ਭਜਾਈ ਮਿਲਿ ਕੈ ਰਾਕਸੀਂ ॥
ਲੋਕੀ ਤਿਹੀ ਫਿਰਾਈ ਦੋਹੀ ਆਪਣੀ ॥
ਦੁਰਗਾ ਦੀ ਸਾਮ ਤਕਾਈ ਦੇਵਾਂ ਡਰਦਿਆਂ ॥
ਆਂਦੀ ਚੰਡਿ ਚੜਾਈ ਉਤੇ ਰਾਕਸਾਂ ॥੨੫॥
ਆਈ ਫੇਰ ਭਵਾਨੀ ਖਬਰੀ ਪਾਈਆਂ ॥
ਦੈਤ ਵਡੇ ਅਭਿਮਾਨੀ ਹੋਏ ਏਕਠੇ ॥
ਲੋਚਨ ਧੂਮ ਗੁਮਾਨੀ ਰਾਇ ਬੁਲਾਇਆ ॥
ਜਗ ਵਿਚ ਵਡਾ ਦਾਨੋ ਆਪ ਕਹਾਇਆ ॥
ਸੱਟ ਪਈ ਖਰਚਾਮੀ ਦੁਰਗਾ ਲਿਆਵਣੀ ॥੨੬॥
ਕੜਕ ਉਠੀ ਰਣ ਚੰਡੀ ਫਉਜਾਂ ਦੇਖ ਕੈ ॥
ਧੂਹਿ ਮਿਆਨੋ ਖੰਡਾ ਹੋਈ ਸਾਹਮਣੇ ॥
ਸਭੇ ਬੀਰ ਸੰਘਾਰੇ ਧੂਮਰਨੈਣ ਦੇ ॥
ਜਣ ਲੈ ਕਟੇ ਆਰੇ ਦਰਖਤ ਬਾਢੀਆਂ ॥੨੭॥
ਚੋਬੀਂ ਧਉਂਸ ਬਜਾਈ ਦਲਾਂ ਮੁਕਾਬਲਾ ॥
ਰੋਹ ਭਵਾਨੀ ਆਈ ਉਤੇ ਰਾਕਸਾਂ ॥
ਖੱਬੈ ਦਸਤ ਨਚਾਈ ਸੀਹਣ ਸਾਰ ਦੀ ॥
ਬਹੁਤਿਆਂ ਦੇ ਤਨ ਲਾਈ ਕੀਤੀ ਰੰਗੁਲੀ ॥
ਭਾਈਆਂ ਮਾਰਨ ਭਾਈ ਦੁਰਗਾ ਜਾਣਿ ਕੈ ॥
ਰੋਹ ਹੋਇ ਚਲਾਈ ਰਾਕਸਿ ਰਾਇ ਨੋ ॥
ਜਮ ਪੁਰ ਦੀਆ ਪਠਾਈ ਲੋਚਨ ਧੂਮ ਨੋ ॥
ਜਾਪੇ ਦਿੱਤੀ ਸਾਈ ਮਾਰਣ ਸੁੰਭ ਦੀ ॥੨੮॥
ਭੰਨੇ ਦੈਤ ਪੁਕਾਰੇ ਰਾਜੇ ਸੁੰਭ ਥੈ ॥
ਲੋਚਨਧੂਮ ਸੰਘਾਰੇ ਸਣੇ ਸਿਪਾਹੀਆਂ ॥
ਚੁਣਿ ਚੁਣਿ ਜੋਧੇ ਮਾਰੇ ਅੰਦਰ ਖੇਤ ਦੈ ॥
ਜਾਪਨ ਅੰਬਰਿ ਤਾਰੇ ਡਿੱਗਨਿ ਸੂਰਮੇ ॥
ਗਿਰੇ ਪਰਬਤ ਭਾਰੇ ਮਾਰੇ ਬਿੱਜੁ ਦੈ ॥
ਦੈਤਾਂ ਦੇ ਦਲ ਹਾਰੇ ਦਹਸਤ ਖਾਇ ਕੈ ॥
ਬਚੇ ਸੁ ਮਾਰੇ ਮਾਰੇ ਰਹਦੇ ਰਾਇ ਥੈ ॥੨੯॥
ਰੋਹ ਹੋਇ ਬੁਲਾਏ ਰਾਕਸਿ ਰਾਇ ਨੇ ॥
ਬੈਠੇ ਮਤਾ ਪਕਾਏ ਦੁਰਗਾ ਲਿਆਵਣੀ ॥
ਚੰਡ ਅਰ ਮੁੰਡ ਪਠਾਏ ਬਹੁਤਾ ਕਟਕੁ ਦੈ ॥
ਜਾਪੇ ਛੱਪਰ ਛਾਏ ਬਣੀਆ ਕੇਜਮਾ ॥
ਜੇਤੇ ਰਾਇ ਬੁਲਾਇ ਚੱਲੇ ਜੁੱਧ ਨੋ ॥
ਜਣ ਜਮ ਪੁਰ ਪਕੜ ਚਲਾਏ ਸਭੇ ਮਾਰਨੇ ॥੩੦॥
ਢੋਲ ਨਗਾਰੇ ਵਾਏ ਦਲਾਂ ਮੁਕਾਬਲਾ ॥
ਰੋਹ ਰੁਹੇਲੇ ਆਏ ਉਤੇ ਰਾਕਸਾਂ ॥
ਸਭਨੀ ਤੁਰੇ ਨਚਾਏ ਬਰਛੇ ਪਕੜਿ ਕੈ ॥
ਬਹੁਤੇ ਮਾਰ ਗਿਰਾਏ ਅੰਦਰਿ ਖੇਤ ਦੈ ॥
ਤੀਰੀਂ ਛਹਬਰਿ ਲਾਏ ਬੁਠੀ ਦੇਵਤਾ ॥੩੧॥
ਭੇਰੀ ਸੰਖ ਵਜਾਏ ਸੰਘਰਿ ਰੱਚਿਆ ॥
ਤਣਿ ਤਣਿ ਤੀਰ ਚਲਾਏ ਦੁਰਗਾ ਧਨਖ ਲੈ ॥
ਜਿਨੀ ਦਸਤ ਉਠਾਏ ਰਹੇ ਨ ਜੀਵਦੇ ॥
ਚੰਡ ਅਰ ਮੁੰਡ ਖਪਾਏ ਦੋਨੋ ਦੇਵਤਾ ॥੩੨॥
ਸੁੰਭ ਨਿਸੁੰਭ ਰਿਸਾਏ ਮਾਰੇ ਦੈਤ ਸੁਣ ॥
ਜੋਧੇ ਸਭ ਬੁਲਾਏ ਆਪਣੇ ਮਜਲਸੀ ॥
ਜਿਨੀ ਦੇਉ ਭਜਾਏ ਇੰਦ੍ਰ ਜੇਵਹੇ ॥
ਤੇਈ ਮਾਰ ਗਿਰਾਏ ਪਲ ਵਿਚ ਦੇਵਤਾ ॥
ਓਨੀ ਦਸਤੀ ਦਸਤ ਵਜਾਏ ਤਿਨਾ ਚਿਤ ਕਰਿ ॥
ਫਿਰ ਸ੍ਰਣਵਤ ਬੀਜ ਚਲਾਏ ਬੀੜੇ ਰਾਇ ਦੇ ॥
ਸੰਜ ਪਟੋਲਾ ਪਾਏ ਚਿਲਕਤ ਟੋਪੀਆਂ ॥
ਲੁਝੱਣ ਨੋ ਅਰੜਾਏ ਰਾਕਸ ਰੋਹਲੇ ॥
ਕਦੇ ਨ ਕਿਨੈ ਹਟਾਏ ਜੁਧ ਮਚਾਇ ਕੈ ॥
ਮਿਲ ਤੇਈ ਦਾਨੋ ਆਏ ਹੁਣ ਸੰਘਰਿ ਦੇਖਣਾ ॥੩੩॥
ਦੈਤੀ ਡੰਡ ਉਭਾਰੀ ਨੇੜੈ ਆਇ ਕੈ ॥
ਸਿੰਘ ਕਰੀ ਅਸਵਾਰੀ ਦੁਰਗਾ ਸੋਰ ਸੁਣ ॥
ਖੱਬੇ ਦਸਤ ਉਭਾਰੀ ਗਦਾ ਫਿਰਾਇ ਕੈ ॥
ਸੈਨਾ ਸਭ ਸੰਘਾਰੀ ਸ੍ਰਣਵਤ ਬੀਜ ਦੀ ॥
ਜਣ ਮਦ ਖਾਇ ਮਦਾਰੀ ਘੂਮਨ ਸੂਰਮੇ ॥
ਅਗਣਤ ਪਾਉ ਪਸਾਰੀ ਰੁਲੇ ਅਹਾੜ ਵਿਚਿ ॥
ਜਾਪੇ ਖੇਡਿ ਖਿਡਾਰੀ ਸੁੱਤੇ ਫਾਗ ਨੋ ॥੩੪॥
ਸ੍ਰਣਵਤ ਬੀਜ ਹਕਾਰੇ ਰਹਿੰਦੇ ਸੂਰਮੇ ॥
ਜੋਧੇ ਜੇਡ ਮੁਨਾਰੇ ਦਿੱਸਣ ਖੇਤ ਵਿਚਿ ॥
ਸਭਨੀ ਦਸਤ ਉਭਾਰੇ ਤੇਗਾਂ ਧੂਹਿ ਕੈ ॥
ਮਾਰੋ ਮਾਰ ਪੁਕਾਰੇ ਆਏ ਸਾਹਮਣੇ ॥
ਸੰਜਾਤੇ ਠਣਿਕਾਰੇ ਤੇਗੀਂ ਉੱਭਰੇ ॥
ਘਾੜ ਘੜਨਿ ਠਠਿਆਰੇ ਜਾਣਿ ਬਣਾਇ ਕੈ ॥੩੫॥
ਸੱਟ ਪਈ ਜਮਧਾਣੀ ਦਲਾਂ ਮੁਕਾਬਲਾ ॥
ਘੂਮਰ ਬਰਗ ਸਤਾਣੀ ਦਲ ਵਿਚਿ ਘੱਤਿਓ ॥
ਸਣੇ ਤੁਰਾ ਪਲਾਣੀ ਡਿੱਗਣ ਸੂਰਮੇ ॥
ਉਠਿ ਉਠਿ ਮੰਗਣਿ ਪਾਣੀ ਘਾਇਲ ਘੂਮਦੇ ॥
ਏਵਡੁ ਮਾਰਿ ਵਿਹਾਣੀ ਉਪਰ ਰਾਕਸਾਂ ॥
ਬਿੱਜਲ ਜਿਉ ਝਰਲਾਣੀ ਉੱਠੀ ਦੇਵਤਾ ॥੩੬॥
ਚੋਬੀ ਧਉਸ ਉਭਾਰੀ ਦਲਾਂ ਮੁਕਾਬਲਾ ॥
ਸਭੋ ਸੈਨਾ ਮਾਰੀ ਪਲ ਵਿਚਿ ਦਾਨਵੀ ॥
ਦੁਰਗਾ ਦਾਨੋ ਮਾਰੇ ਰੋਹ ਬਢਾਇ ਕੈ ॥
ਸਿਰ ਵਿਚ ਤੇਗ ਵਗਾਈ ਸ੍ਰਣਵਤ ਬੀਜ ਦੇ ॥੩੭॥
ਅਗਣਤ ਦਾਨੋ ਭਾਰੇ ਹੋਏ ਲੋਹੂਆ ॥
ਜੋਧੇ ਜੇਡ ਮੁਨਾਰੇ ਅੰਦਰਿ ਖੇਤ ਦੈ ॥
ਦੁਰਗਾ ਨੋ ਲਲਕਾਰੇ ਆਏ ਸਾਹਮਣੇ ॥
ਦੁਰਗਾ ਸਭ ਸੰਘਾਰੇ ਰਾਕਸ ਆਂਵਦੇ ॥
ਰਤੂ ਦੇ ਪਰਨਾਲੇ ਤਿਨ ਤੇ ਭੁਇ ਪਏ ॥
ਉੱਠੇ ਕਾਰਣਿਆਰੇ ਰਾਕਸ ਹੜਹੜਾਇ ॥੩੮॥
ਧਗਾ ਸੰਗਲੀਆਲੀ ਸੰਘਰ ਵਾਇਆ ॥
ਬਰਛੀ ਬੁੰਬਲੀਆਲੀ ਸੂਰੇ ਸੰਘਰੇ ॥
ਭੇੜਿ ਮਚਿਆ ਬੀਰਾਲੀ ਦੁਰਗਾ ਦਾਨਵੀਂ ॥
ਮਾਰ ਮਚੀ ਮੁਹਰਾਲੀ ਅੰਦਰਿ ਖੇਤ ਦੈ ॥
ਜਣ ਨਟ ਲੱਥੇ ਛਾਲੀ ਢੋਲਿ ਬਜਾਇ ਕੈ ॥
ਲੋਹੂ ਫਾਥੀ ਜਾਲੀ ਲੋਥੀ ਜਮਧੜੀ ॥
ਘਣ ਵਿਚਿ ਜਿਉ ਛੰਛਾਲੀ ਤੇਗਾਂ ਹੱਸੀਆਂ ॥
ਘੁੰਮਰਿਆਰ ਸਿਆਲੀ ਬਣੀਆਂ ਕੇਜਮਾਂ ॥੩੯॥
ਧਗਾ ਸੂਲੀ ਬਜਾਈਆਂ ਦਲਾਂ ਮੁਕਾਬਲਾ ॥
ਧੂਹਿ ਮਿਆਨੋ ਲਈਆਂ ਜੁਆਨੀ ਸੂਰਮੀ ॥
ਸ੍ਰਣਵਤ ਬੀਜ ਬਧਾਈਆਂ ਅਗਣਤ ਸੂਰਤਾਂ ॥
ਦੁਰਗਾ ਸਉਹੇਂ ਆਈਆਂ ਰੋਹ ਬਢਾਇ ਕੈ ॥
ਸਭਨੀ ਆਣ ਵਗਾਈਆਂ ਤੇਗਾਂ ਧੂਹਿ ਕੈ ॥
ਦੁਰਗਾ ਸਭ ਬਚਾਈਆਂ ਢਾਲ ਸੰਭਾਲ ਕੈ ॥
ਦੇਵੀ ਆਪ ਚਲਾਈਆਂ ਤਕਿ ਤਕਿ ਦਾਨਵੀ ॥
ਲੋਹੂ ਨਾਲਿ ਡੁਬਾਈਆਂ ਤੇਗਾਂ ਨੰਗੀਆਂ ॥
ਸਾਰਸੁਤੀ ਜਨੁ ਨਾਈਆਂ ਮਿਲ ਕੈ ਦੇਵੀਆਂ ॥
ਸਭੇ ਮਾਰ ਗਿਰਾਈਆਂ ਅੰਦਰਿ ਖੇਤ ਦੈ ॥
ਤਿੱਦੂੰ ਫੇਰਿ ਸਵਾਈਆਂ ਹੋਈਆਂ ਸੂਰਤਾਂ ॥੪੦॥
ਸੂਰੀ ਸੰਘਰਿ ਰਚਿਆ ਢੋਲ ਸੰਖ ਨਗਾਰੇ ਵਾਇ ਕੈ ॥
ਚੰਡ ਚਿਤਾਰੀ ਕਾਲਕਾ ਮਨਿ ਬਾਹਲਾ ਰੋਸ ਬਢਾਇ ਕੈ ॥
ਨਿਕਲੀ ਮੱਥਾ ਫੋੜਿ ਕੈ ਜਨ ਫਤੇ ਨੀਸਾਣ ਬਜਾਇ ਕੈ ॥
ਜਾਗ ਸੁ ਜੰਮੀ ਜੁਧ ਨੋ ਜਰਵਾਣਾ ਜਣੁ ਮਰੜਾਇ ਕੈ ॥
ਦਲ ਵਿਚਿ ਘੇਰਾ ਘੱਤਿਆ ਜਣ ਸੀਂਹ ਤੁਰਿਆ ਗਣਿਣਾਇ ਕੈ ॥
ਆਪ ਵਿਸੂਲਾ ਹੋਇਆ ਤਿਹੁ ਲੋਕਾਂ ਤੇ ਖੁਨਸਾਇ ਕੈ ॥
ਰੋਹ ਸਿਧਾਇਆਂ ਚਕ੍ਰ ਪਾਨ ਕਰ ਨਿੰਦਾ ਖੜਗ ਉਠਾਇ ਕੈ ॥
ਅਗੈ ਰਾਕਸ ਬੈਠੇ ਰੋਹਲੇ ਤੀਰੀ ਤੇਗੀ ਛਹਬਰ ਲਾਇ ਕੈ ॥
ਪਕੜ ਪਛਾੜੇ ਰਾਕਸਾਂ ਦਲ ਦੈਤਾਂ ਅੰਦਰਿ ਜਾਇ ਕੈ ॥
ਬਹੁ ਕੇਸੀ ਪਕੜਿ ਪਛਾੜਿਅਨਿ ਤਿਨ ਅੰਦਰਿ ਧੂਮ ਰਚਾਇ ਕੈ ॥
ਬਡੇ ਬਡੇ ਚੁਣ ਸੂਰਮੇ ਗਹਿ ਕੋਟੀ ਦਏ ਚਲਾਇ ਕੈ ॥
ਰਣ ਕਾਲੀ ਗੁੱਸਾ ਖਾਇ ਕੈ ॥੪੧॥
ਦੁਹਾ ਕੰਧਾਰਾ ਮੁਿਹ ਜੁੜੇ ਅਣੀਆਰਾ ਚੋਈਆਂ ॥
ਧੂਹਿ ਕਿਰਪਾਣਾਂ ਤਿੱਖੀਆ ਨਾਲ ਲੋਹੂ ਧੋਈਆਂ ॥
ਹੂਰਾਂ ਸ੍ਰਣਵਤ ਬੀਜ ਨੂੰ ਘਤਿ ਘੇਰ ਖਲੋਈਆਂ ॥
ਲਾੜਾ ਵੇਖਣਿ ਲਾੜੀਆਂ ਚਉਗਿਰਦੈ ਹੋਈਆਂ ॥੪੨॥
ਚੋਬੀ ਧਉਸੀ ਪਾਈਆਂ ਦਲਾਂ ਮੁਕਾਬਲਾ ॥
ਦਸਤੀ ਧੂਹ ਨਚਾਈਆਂ ਤੇਗਾਂ ਤਿਖੀਆਂ ॥
ਸੂਰਿਆਂ ਦੇ ਤਨ ਲਾਈਆਂ ਗੋਸ਼ਤ ਗਿੱਧੀਆਂ ॥
ਬਿੱਧਣ ਰਾਤੀ ਆਈਆਂ ਮਰਦਾਂ ਘੋੜਿਆਂ ॥
ਜੋਗਣੀਆਂ ਮਿਲਿ ਧਾਈਆਂ ਲੋਹੂ ਭੱਖਣਾ ॥
ਫਉਜਾਂ ਮਾਰਿ ਹਟਾਈਅਥ ਦੇਵਾਂ ਦਾਨਵਾਂ ॥
ਭਜਦੀ ਕਥਾ ਸੁਣਾਈਆਂ ਰਾਜੇ ਸੁੰਭ ਥੈ ॥
ਭੁਈਂ ਨ ਪਉਣੈ ਪਾਈਆਂ ਬੂੰਦਾ ਰਕਤ ਦੀਆਂ ॥
ਕਾਲੀ ਖੇਤ ਖਪਾਈਆਂ ਸਭੈ ਸੂਰਤਾਂ ॥
ਬਹੁਤੀ ਸਿਰੀ ਵਿਹਾਈਆਂ ਘੜੀਆਂ ਕਾਲ ਕੀਆ ॥
ਜਾਣਿ ਨ ਜਾਏ ਮਾਈਆਂ ਜੂਝੇ ਸੂਰਮੇ ॥੪੩॥
ਸੁੰਭ ਸੁਣੀ ਕਰਹਾਲੀ ਸ੍ਰਣਵਤ ਬੀਜ ਦੀ ॥
ਰਣ ਵਿਚਿ ਕਿਨੈ ਨ ਝਾਲੀ ਦੁਰਗਾ ਆਂਵਦੀ ॥
ਬਹੁਤੇ ਬੀਰ ਜਟਾਲੀ ਉਠੇ ਆਖਿ ਕੈ ॥
ਚੋਟਾਂ ਪਾਨ ਤਬਾਲੀ ਜਾਸਨਿ ਜੁੱਧ ਨੂੰ ॥
ਥਰਿ ਥਰਿ ਪ੍ਰਿਥਮੀ ਚਾਲੀ ਦਲਾਂ ਚੜੰਦਿਆਂ ॥
ਨਾਉ ਜਿਵੇ ਹੈ ਹਾਲੀ ਸਹੁ ਦਰੀਆਉ ਵਿਚਿ ॥
ਧੂੜਿ ਉਤਾਹਾਂ ਘਾਲੀ ਛੜੀ ਤੁਰੰਗਮਾਂ ॥
ਜਾਣਿ ਪੁਕਾਰੂ ਚਾਲੀ ਧਰਤੀ ਇੰਦ੍ਰ ਥੈ ॥੪੪॥
ਆਹਰਿ ਮਿਲਿਆ ਆਹਰੀਆਂ ਸੈਣ ਸੂਰਿਆਂ ਸਾਜੀ ॥
ਚੱਲੇ ਸਉਹੇ ਦੁਰਗਸਾਹ ਜਣ ਕਾਬੈ ਹਾਜੀ ॥
ਤੀਰੀ ਤੇਗੀ ਜਮਧੜੀ ਰਣਿ ਵੰਡੀ ਭਾਜੀ ॥
ਇਕ ਘਾਇਲ ਘੁਮਨਿ ਸੂਰਮੇ ਜਣੁ ਮਕਤਬ ਕਾਜੀ ॥
ਇਕ ਬੀਰ ਪਰੋਤੇ ਬਰਛੀਏ ਜਿਉ ਝੁਕ ਪਉਨ ਨਿਵਾਜੀ ॥
ਇਕ ਦੁਰਗਾ ਸਉਹੇ ਖੁਨਸ ਕੈ ਖੁਣਸਾਇਨ ਤਾਜੀ ॥
ਇਕ ਧਾਵਨ ਦੁਰਗਾ ਸਾਮ੍ਹਣੇ ਜਿਉ ਭੁਖਿਆਏ ਪਾਜੀ ॥
ਕਦੇ ਨ ਰੱਜੇ ਜੁਝ ਤੇ ਰਜਿ ਹੋਏ ਰਾਜੀ ॥੪੫॥
ਬੱਜੇ ਸੰਗਲੀਆਲੇ ਸੰਘਰ ਡੋਹਰੇ ॥
ਡਹੇ ਜੁ ਖੇਤ ਜਟਾਲੇ ਹਾਠਾਂ ਜੋੜਿ ਕੈ ॥
ਨੇਜੇ ਬੰਬਲੀਆਲੇ ਦਿੱਸਨ ਓਰੜੇ ॥
ਚੱਲੇ ਜਾਣ ਜਟਾਲੇ ਨਾਵਣ ਗੰਗ ਨੂੰ ॥੪੬॥
ਦੁਰਗਾ ਅਤੈ ਦਾਨਵੀ ਸੂਲ ਹੋਈਆਂ ਕੰਗਾ ॥
ਵਾਛੜ ਘੱਤੀ ਸੂਰਿਆਂ ਵਿਚ ਖੇਤ ਖਤੰਗਾਂ ॥
ਧੂਹਿ ਕ੍ਰਿਪਾਣਾ ਤਿੱਖੀਆਂ ਬਢ ਲਾਹਨਿ ਅੰਗਾਂ ॥
ਪਹਲਾ ਦਲਾਂ ਮਿਲੰਦਿਆਂ ਭੇੜੁ ਪਾਇਆ ਨਿਹੰਗਾਂ ॥੪੭॥
ਓਰੜ ਫਉਜਾਂ ਆਈਆਂ ਬੀਰ ਚੜੇ ਕੰਧਾਰੀ ॥
ਸੜਕ ਮਿਆਨੋ ਕਢੀਆਂ ਤਿੱਖੀਆ ਤਰਵਾਰੀ ॥
ਕੜਕ ਉਠੇ ਰਣ ਮੱਚਿਆ ਵੱਡੇ ਹੰਕਾਰੀ ॥
ਸਿਰ ਧੜ ਬਾਹਾਂ ਗਨ ਲੇ ਫੁਲ ਜੇਹੈ ਬਾੜੀ ॥
ਜਾਪੇ ਕਟੇ ਬਾਢੀਆਂ ਰੁਖ ਚੰਦਨਿ ਆਰੀ ॥੪੮॥
ਦੁਹਾ ਕੰਧਾਰਾ ਮੁਹਿ ਜੁੜੇ ਜਾ ਸੱਟ ਪਈ ਖਰਵਾਰ ਕਉ ॥
ਤਕ ਤਕ ਕੈਬਰਿ ਦੁਰਗਸਾਹ ਤਕ ਮਾਰੇ ਭਲੇ ਜੁਝਾਰ ਕਉ ॥
ਪੈਦਲ ਮਾਰੇ ਹਾਥੀਆਂ ਸੰਗਿ ਰਥ ਗਿਰੇ ਅਸਵਾਰ ਕਉ ॥
ਸੋਹਨ ਸੰਜਾਂ ਬਾਗੜਾਂ ਜਣੁ ਲੱਗੇ ਫੁੱਲ ਅਨਾਰ ਕਉ ॥
ਗੁੱਸੇ ਆਈ ਕਾਲਿਕਾ ਹੱਥ ਸਜੇ ਲੈ ਤਰਵਾਰ ਕਉ ॥
ਏਦੂ ਪਾਰਉ ਓਤ ਪਾਰ ਹਰਨਾਕਸਿ ਕਈ ਹਜਾਰ ਕਉ ॥
ਜਿਣ ਇੱਕਾ ਰਹੀ ਕੰਧਾਰ ਕਉ ॥
ਸਦ ਰਹਮਤ ਤੇਰੇ ਵਾਰ ਕਉ ॥੪੯॥
ਦੁਹਾ ਕੰਧਾਰਾ ਮੁਹਿ ਜੁੜੇ ਸੱਟ ਪਈ ਜਮਧਾਣ ਕਉ ॥
ਤਦ ਖਿੰਗ ਨਸੁੰਭ ਨਚਾਇਆ ਡਾਲਿ ਉਪਰਿ ਬਰਗਸਤਾਣ ਕਉ ॥
ਫੜੀ ਬਿਲੰਦ ਮੰਗਾਇਉਸੁ ਫਰਮਾਇਸ ਕਰਿ ਮੁਲਤਾਨ ਕਉ ॥
ਗੁੱਸੇ ਆਈ ਸਾਮ੍ਹਣੇ ਰਣ ਅੰਦਰਿ ਘੱਤਣ ਘਾਣ ਕਉ ॥
ਅਗੈ ਤੇਗ ਵਗਾਈ ਦੁਰਗਸਾਹ ਬਢ ਸੁੰਭਨ ਬਹੀ ਪਲਾਣ ਕਉ ॥
ਰੜਕੀ ਜਾਇ ਕੈ ਧਰਤ ਕਉ ਬੱਢ ਪਾਖਰ ਬੱਢ ਕਿਕਾਣ ਕਉ ॥
ਬੀਰ ਪਲਾਣੋ ਡਿੱਗਿਆ ਕਰਿ ਸਿਜਦਾ ਸੁੰਭ ਸੁਜਾਣ ਕਉ ॥
ਸਾਬਾਸ ਸਲੋਣੇ ਖਾਨ ਕਉ ॥
ਸਦ ਸਾਬਾਸ ਤੇਰੇ ਤਾਣ ਕਉ ॥
ਤਾਰੀਫਾਂ ਪਾਨ ਚਬਾਨ ਕਉ ॥
ਸਦ ਰਹਮਤ ਕੈਫਾਂ ਖਾਣ ਕਉ ॥
ਸਦ ਰਹਮਤ ਤੁਰੇ ਨਚਾਣ ਕਉ ॥੫੦॥
ਦੁਰਗਾ ਅਤੈ ਦਾਨਵੀ ਗਹ ਸੰਘਰਿ ਕੱਥੇ ॥
ਓਰੜ ਉੱਠੇ ਸੂਰਮੇ ਆ ਡਾਹੇ ਮੱਥੇ ॥
ਕੱਟ ਤੁਫੰਗੀ ਕੈਬਰੀ ਦਲ ਗਾਹਿ ਨਿੱਕਥੇ ॥
ਦੇਖਣਿ ਜੰਗ ਫਰੇਸ਼ਤੇ ਅਸਮਾਨੋ ਲੱਥੇ ॥੫੧॥
ਦੁਹਾ ਕੰਧਾਰਾਂ ਮੁਹ ਜੁੜੇ ਦਲ ਘੁਰੇ ਨਗਾਰੇ ॥
ਓਰੜ ਆਏ ਸੂਰਮੇ ਸਿਰਦਾਰ ਅਣਿਆਰੇ ॥
ਲੈ ਕੇ ਤੇਗਾਂ ਬਰਛੀਆਂ ਹਥਿਆਰ ਉਭਾਰੇ ॥
ਟੋਪ ਪਟੇਲਾ ਪਾਖਰਾਂ ਗਲਿ ਸੰਜ ਸਵਾਰੇ ॥
ਲੈ ਕੇ ਬਰਛੀ ਦੁਰਗਸਾਹ ਬਹੁ ਦਾਨਵ ਮਾਰੇ ॥
ਚੜੇ ਰਥੀ ਗਜ ਘੋੜਿਈ ਮਾਰ ਭੁਇ ਤੇ ਡਾਰੇ ॥
ਜਾਣ ਹਲਵਾਈ ਸੀਖ ਨਾਲ ਵਿੰਨ੍ਹ ਵੜੇ ਉਤਾਰੇ ॥੫੨॥
ਦੁਹਾਂ ਕੰਧਾਰਾਂ ਮੁਹਿ ਜੁੜੇ ਨਾਲ ਧਉਸਾ ਭਾਰੀ ॥
ਲਈ ਭਗਉਤੀ ਦੁਰਗਸਾਹ ਵਰ ਜਾਗਨ ਭਾਰੀ ॥
ਲਾਈ ਰਾਜੇ ਸੁੰਭ ਨੋ ਰਤੁ ਪੀਐ ਪਿਆਰੀ ॥
ਸੁੰਭ ਪਲਾਣੋ ਡਿੱਗਿਆ ਉਪਮਾ ਬੀਚਾਰੀ ॥
ਡੁਬ ਰਤੁ ਨਾਲਹੁ ਨਿਕਲੀ ਬਰਛੀ ਦੁਧਾਰੀ ॥
ਜਾਣ ਰਜਾਦੀ ਉਤਰੀ ਪੈਨ ਸੂਹੀ ਸਾਰੀ ॥੫੩॥
ਦੁਰਗਾ ਅਤੈ ਦਾਨਵੀ ਭੇੜ ਪਇਆ ਸਬਾਹੀਂ ॥
ਸਸਤ੍ਰ ਪਜੂਤੇ ਦੁਰਗਸਾਹ ਗਹ ਸਭਨੀਂ ਬਾਹੀਂ ॥
ਸੁੰਭ ਨਿਸੁੰਭ ਸੰਘਾਰਿਆ ਵਥ ਜੇ ਹੈ ਸਾਹੀਂ ॥
ਫਉਜਾਂ ਰਾਕਸਿਆਰੀਆਂ ਵੇਖ ਰੋਵਨਿ ਧਾਹੀਂ ॥
ਮੁਹਿ ਕੜੂਚੇ ਘਾਹ ਦੇ ਛੱਡ ਘੋੜੇ ਰਾਹੀਂ ॥
ਭਜਦੇ ਹੋਇ ਮਾਰੀਅਨ ਮੁੜ ਝਾਕਨ ਨਾਹੀਂ ॥੫੪॥
ਸੁੰਭ ਨਿਸੁੰਭ ਪਠਾਇਆ ਜਮ ਦੇ ਧਾਮ ਨੋ ॥
ਇੰਦ੍ਰ ਸੱਦ ਬੁਲਾਇਆ ਰਾਜ ਅਭਿਸ਼ੇਖਨੋ ॥
ਸਿਰ ਪਰ ਛਤ੍ਰ ਫਿਰਾਇਆ ਰਾਜੇ ਇੰਦ੍ਰ ਦੈ ॥
ਚਉਦਹ ਲੋਕਾਂ ਛਾਇਆ ਜਸੁ ਜਗਮਾਤ ਦਾ ॥
ਦੁਰਗਾ ਪਾਠ ਬਣਾਇਆ ਸਭੇ ਪਉੜੀਆਂ ॥
ਫੇਰ ਨ ਜੂਨੀ ਆਇਆ ਜਿਨ ਇਹ ਗਾਇਆ ॥੫੫॥
ਇਤਿ ਸ੍ਰੀ ਦੁਰਗਾ ਕੀ ਵਾਰ ਸਮਾਪਤੰ ਸਤੁ ਸੁਭਮ ਸਤੁ ॥