ਸਲੋਕੁ ਮ: ੧ ॥ ਘਰ ਹੀ ਮੁੰਧਿ ਵਿਦੇਸਿ ਪਿਰੁ ਨਿਤ ਝੂਰੇ ਸੰਮ੍ਹਾਲੇ ॥ ਮਿਲਦਿਆ ਢਿਲ ਨ ਹੋਵਈ ਜੇ ਨੀਅਤਿ ਰਾਸਿ ਕਰੇ ॥੧॥ ਮਃ ੧ ॥ ਨਾਨਕ ਗਾਲੀ ਕੂੜੀਆ ਬਾਝੁ ਪਰੀਤਿ ਕਰੇਇ ॥ ਤਿਚਰੁ ਜਾਣੈ ਭਲਾ ਕਰਿ ਜਿਚਰੁ ਲੇਵੈ ਦੇਇ ॥੨॥
ਪਤੀ ਤਾਂ ਘਰ (ਭਾਵ, ਹਿਰਦੇ) ਵਿਚ ਹੀ ਹੈ, (ਪਰ ਉਸ ਨੂੰ) ਪਰਦੇਸ ਵਿਚ (ਸਮਝਦੀ ਹੋਈ) ਕਮਲੀ ਇਸਤ੍ਰੀ ਸਦਾ ਝੂਰਦੀ ਹੈ ਤੇ (ਉਸ ਨੂੰ) ਯਾਦ ਕਰਦੀ ਹੈ; ਜੇ ਨੀਯਤ ਸਾਫ਼ ਕਰੇ ਤਾਂ ਮਿਲਦਿਆਂ ਢਿੱਲ ਨਹੀਂ ਲੱਗਦੀ ।੧। ਹੇ ਨਾਨਕ! ਹਰੀ ਨਾਲ) ਪਿਆਰ ਕਰਨ ਤੋਂ ਬਿਨਾ (ਭਾਵ, ਪਿਆਰ ਤੋਂ ਸੱਖਣਾ ਜਦ ਤਾਈਂ ਰਹੇ) ਹੋਰ ਗੱਲਾਂ (ਕਰਨੀਆਂ) ਝੂਠੀਆਂ ਹਨ; (ਕਿਉਂਕਿ ਏਸ ਤਰ੍ਹਾਂ) ਤਦ ਤਾਈਂ (ਹਰੀ ਨੂੰ ਜੀਵ) ਚੰਗਾ ਸਮਝਦਾ ਹੈ ਜਦ ਤਾਈਂ (ਹਰੀ) ਦੇਂਦਾ ਹੈ ਤੇ (ਜੀਵ) ਲੈਂਦਾ ਹੈ (ਭਾਵ, ਜਦ ਤਕ ਜੀਵ ਨੂੰ ਕੁਝ ਮਿਲਦਾ ਰਹਿੰਦਾ ਹੈ) ।੨।
