ਟੋਡੀ ਮਹਲਾ ੫ ॥ ਸਤਿਗੁਰ ਆਇਓ ਸਰਣਿ ਤੁਹਾਰੀ ॥ ਮਿਲੈ ਸੂਖੁ ਨਾਮੁ ਹਰਿ ਸੋਭਾ ਚਿੰਤਾ ਲਾਹਿ ਹਮਾਰੀ ॥੧॥ ਰਹਾਉ ॥ ਅਵਰ ਨ ਸੂਝੈ ਦੂਜੀ ਠਾਹਰ ਹਾਰਿ ਪਰਿਓ ਤਉ ਦੁਆਰੀ ॥ ਲੇਖਾ ਛੋਡਿ ਅਲੇਖੈ ਛੂਟਹ ਹਮ ਨਿਰਗੁਨ ਲੇਹੁ ਉਬਾਰੀ ॥੧॥
ਹੇ ਗੁਰੂ! ਮੈਂ ਤੇਰੀ ਸਰਨ ਆਇਆ ਹਾਂ । ਮੇਰੀ ਚਿੰਤਾ ਦੂਰ ਕਰ (ਮੇਹਰ ਕਰ, ਤੇਰੇ ਦਰ ਤੋਂ ਮੈਨੂੰ) ਪਰਮਾਤਮਾ ਦਾ ਨਾਮ ਮਿਲ ਜਾਏ, (ਇਹੀ ਮੇਰੇ ਵਾਸਤੇ) ਸੁਖ (ਹੈ, ਇਹੀ ਮੇਰੇ ਵਾਸਤੇ) ਸੋਭਾ (ਹੈ) ॥੧॥ ਰਹਾਉ ॥ ਹੇ ਪ੍ਰਭੂ! (ਮੈਂ ਹੋਰ ਆਸਰਿਆਂ ਵਲੋਂ) ਹਾਰ ਕੇ ਤੇਰੇ ਦਰ ਤੇ ਆ ਪਿਆ ਹਾਂ, ਹੁਣ ਮੈਨੂੰ ਕੋਈ ਹੋਰ ਆਸਰਾ ਸੁੱਝਦਾ ਨਹੀਂ । ਹੇ ਪ੍ਰਭੂ ਅਸਾਂ ਜੀਵਾਂ ਦੇ ਕਰਮਾਂ ਦਾ ਲੇਖਾ ਨਾਹ ਕਰ, ਅਸੀਂ ਤਦੋਂ ਹੀ ਸੁਰਖ਼ਰੂ ਹੋ ਸਕਦੇ ਹਾਂ, ਜੇ ਸਾਡੇ ਕਰਮਾਂ ਦਾ ਲੇਖਾ ਨਾਹ ਹੀ ਕੀਤਾ ਜਾਏ । ਹੇ ਪ੍ਰਭੂ! ਸਾਨੂੰ ਗੁਣਹੀਨ ਜੀਵਾਂ ਨੂੰ (ਵਿਕਾਰਾਂ ਤੋਂ ਤੂੰ ਆਪ) ਬਚਾ ਲੈ ॥੧॥
