ਸਲੋਕ ਮ: ੩ ॥
ਅਪਣਾ ਆਪੁ ਨ ਪਛਾਣਈ ਹਰਿ ਪ੍ਰਭੁ ਜਾਤਾ ਦੂਰਿ ॥ ਗੁਰ ਕੀ ਸੇਵਾ ਵਿਸਰੀ ਕਿਉ ਮਨੁ ਰਹੈ ਹਜੂਰਿ ॥
ਮਨਮੁਖਿ ਜਨਮੁ ਗਵਾਇਆ ਝੂਠੈ ਲਾਲਚਿ ਕੂਰਿ ॥ ਨਾਨਕ ਬਖਸਿ ਮਿਲਾਇਅਨੁ ਸਚੈ ਸਬਦਿ ਹਦੂਰਿ ॥੧॥
ਵਿਆਖਿਆ :
(ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ) ਆਪਣੇ ਆਤਮਕ ਜੀਵਨ ਨੂੰ (ਕਦੇ) ਪਰਖਦਾ ਨਹੀਂ, ਉਹ ਪਰਮਾਤਮਾਨੂੰ (ਕਿਤੇ) ਦੂਰ ਵੱਸਦਾ ਸਮਝਦਾ ਹੈ,
ਉਸ ਨੂੰ ਗੁਰੂ ਦੀ ਦੱਸੀ ਕਾਰ (ਸਦਾ) ਭੁੱਲੀ ਰਹਿੰਦੀ ਹੈ, (ਇਸ ਵਾਸਤੇ ਉਸ ਦਾ) ਮਨ(ਪਰਮਾਤਮਾ ਦੀ) ਹਜ਼ੂਰੀ ਵਿਚ (ਕਦੇ) ਨਹੀਂ ਟਿਕਦਾ।
ਹੇ ਨਾਨਕ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੇ ਝੂਠੇ ਲਾਲਚ ਵਿਚ (ਲੱਗ ਕੇ) ਮਾਇਆ ਦੇ ਮੋਹ ਵਿਚ (ਫਸ ਕੇ ਹੀ ਆਪਣਾ) ਜੀਵਨ ਗਵਾ ਲਿਆ ਹੁੰਦਾ ਹੈ।
ਜਿਹੜੇ ਮਨੁੱਖ ਸਿਫ਼ਤਿ-ਸਾਲਾਹ ਵਾਲੇ ਗੁਰ-ਸ਼ਬਦ ਦੀ ਰਾਹੀਂ (ਪਰਮਾਤਮਾ ਦੀ) ਹਜ਼ੂਰੀ ਟਿਕੇ ਰਹਿੰਦੇ ਹਨ,ਉਹਨਾਂ ਨੂੰ ਪਰਮਾਤਮਾ ਨੇ ਮਿਹਰ ਕਰ ਕੇ (ਆਪਣੇ ਚਰਨਾਂ ਵਿਚ) ਮਿਲਾ ਲਿਆ ਹੁੰਦਾ ਹੈ।੧। ।
