ਆਸਾ ਸ੍ਰੀ ਕਬੀਰ ਜੀਉ ਕੇ ਦੁਪਦੇ ੴ ਸਤਿਗੁਰ ਪ੍ਰਸਾਦਿ ॥ ਹੀਰੈ ਹੀਰਾ ਬੇਧਿ ਪਵਨ ਮਨੁ ਸਹਜੇ ਰਹਿਆ ਸਮਾਈ ॥
ਸਗਲ ਜੋਤਿ ਇਨਿ ਹੀਰੈ ਬੇਧੀ ਸਤਿਗੁਰ ਬਚਨੀ ਮੈ ਪਾਈ ॥੧॥ ਹਰਿ ਕੀ ਕਥਾ ਅਨਾਹਦ ਬਾਨੀ ॥ ਹੰਸੁ ਹੁਇ ਹੀਰਾ ਲੇਇ ਪਛਾਨੀ ॥੧॥ ਰਹਾਉ ॥
ਜਦੋਂ (ਜੀਵ-) ਹੀਰਾ (ਪ੍ਰਭੂ-) ਹੀਰੇ ਨੂੰ ਵਿੰਨ੍ਹ ਲੈਂਦਾ ਹੈ (ਭਾਵ, ਜਦੋਂ ਜੀਵ ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜ ਲੈਂਦਾ ਹੈ) ਤਾਂ ਇਸ ਦਾ ਚੰਚਲ ਮਨ ਅਡੋਲ ਅਵਸਥਾ ਵਿਚ ਸਦਾ ਟਿਕਿਆ ਰਹਿੰਦਾ ਹੈ।
ਇਹ ਪ੍ਰਭੂ-ਹੀਰਾ ਐਸਾ ਹੈ ਜੋ ਸਾਰੇ ਜੀਆ-ਜੰਤਾਂ ਵਿਚ ਮੌਜੂਦ ਹੈ-ਇਹ ਗੱਲ ਮੈਂ ਸਤਿਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਸਮਝੀ ਹੈ।੧। ਪ੍ਰਭੂ ਦੀ ਸਿਫ਼ਤਿ-ਸਾਲਾਹ ਨਾਲ ਤੇ ਇੱਕ-ਰਸ ਗੁਰੂ ਦੀ ਬਾਣੀ
ਵਿਚ ਜੁੜ ਕੇ ਜੋ ਜੀਵ ਹੰਸ ਬਣ ਜਾਂਦਾ ਹੈ ਉਹ (ਪ੍ਰਭੂ-) ਹੀਰੇ ਨੂੰ ਪਛਾਣ ਲੈਂਦਾ ਹੈ (ਜਿਵੇਂ ਹੰਸ ਮੋਤੀ ਪਛਾਣ ਲੈਂਦਾ ਹੈ)।੧।ਰਹਾਉ।
