ਰਾਗ ਪ੍ਰਭਾਤੀ ਦਖਣੀ – ਬਾਣੀ ਸ਼ਬਦ-Raag Parbhati Dakhni – Bani

ਰਾਗ ਪ੍ਰਭਾਤੀ ਦਖਣੀ – ਬਾਣੀ ਸ਼ਬਦ-Raag Parbhati Dakhni – Bani

ਪ੍ਰਭਾਤੀ ਮਹਲਾ ੧ ਦਖਣੀ ॥
ਗੋਤਮੁ ਤਪਾ ਅਹਿਲਿਆ ਇਸਤ੍ਰੀ ਤਿਸੁ ਦੇਖਿ ਇੰਦ੍ਰੁ ਲੁਭਾਇਆ ॥

ਗੋਤਮ (ਇਕ ਪ੍ਰਸਿੱਧ) ਤਪੀ (ਸੀ), ਅਹਿੱਲਿਆ (ਉਸ ਦੀ) ਇਸਤ੍ਰੀ (ਸੀ), ਉਸ ਦਾ ਰੂਪ ਵੇਖ ਕੇ (ਦੇਵਤਿਆਂ ਦਾ ਰਾਜਾ ਅਖਵਾਂਦਾ) ਇੰਦ੍ਰ ਮਸਤ ਹੋ ਗਿਆ।

ਸਹਸ ਸਰੀਰ ਚਿਹਨ ਭਗ ਹੂਏ ਤਾ ਮਨਿ ਪਛੋਤਾਇਆ ॥੧॥

(ਗੋਤਮ ਦੇ ਸਰਾਪ ਨਾਲ) (ਉਸ ਦੇ ਇੰਦਰ ਦੇ) ਸਰੀਰ ਉਤੇ ਹਜ਼ਾਰ ਭਗਾਂ ਦੇ ਨਿਸ਼ਾਨ ਬਣ ਗਏ, ਤਦੋਂ ਇੰਦ੍ਰ ਆਪਣੇ ਮਨ ਵਿਚ (ਉਸ ਕੁਕਰਮ ਤੇ) ਪਛੁਤਾਇਆ ॥੧॥

ਕੋਈ ਜਾਣਿ ਨ ਭੂਲੈ ਭਾਈ ॥

ਕੋਈ ਭੀ ਜੀਵ ਜਾਣ ਬੁੱਝ ਕੇ ਕੁਰਾਹੇ ਨਹੀਂ ਪੈਂਦਾ (ਜੀਵ ਦੇ ਵੱਸ ਦੀ ਗੱਲ ਨਹੀਂ)।

ਸੋ ਭੂਲੈ ਜਿਸੁ ਆਪਿ ਭੁਲਾਏ ਬੂਝੈ ਜਿਸੈ ਬੁਝਾਈ ॥੧॥ ਰਹਾਉ ॥

ਉਹੀ ਮਨੁੱਖ ਕੁਰਾਹੇ ਪੈਂਦਾ ਹੈ ਜਿਸ ਨੂੰ ਪਰਮਾਤਮਾ ਆਪ ਕੁਰਾਹੇ ਪਾਂਦਾ ਹੈ। ਉਹੀ ਮਨੁੱਖ (ਸਹੀ ਜੀਵਨ-ਰਾਹ) ਸਮਝਦਾ ਹੈ, ਜਿਸ ਨੂੰ ਪਰਮਾਤਮਾ ਆਪ ਸਮਝ ਬਖ਼ਸ਼ਦਾ ਹੈ ॥੧॥ ਰਹਾਉ ॥

ਤਿਨਿ ਹਰੀ ਚੰਦਿ ਪ੍ਰਿਥਮੀ ਪਤਿ ਰਾਜੈ ਕਾਗਦਿ ਕੀਮ ਨ ਪਾਈ ॥

ਧਰਤੀ ਦੇ ਰਾਜੇ ਉਸ ਰਾਜਾ ਹਰੀ ਚੰਦ ਨੇ (ਇਤਨੇ ਦਾਨ-ਪੁੰਨ ਕੀਤੇ ਕਿ ਉਹਨਾਂ ਦਾ) ਮੁੱਲ ਕਾਗਜ਼ ਉਤੇ ਨਹੀਂ ਪੈ ਸਕਦਾ।

ਅਉਗਣੁ ਜਾਣੈ ਤ ਪੁੰਨ ਕਰੇ ਕਿਉ ਕਿਉ ਨੇਖਾਸਿ ਬਿਕਾਈ ॥੨॥

ਜੇ (ਰਾਜਾ ਹਰੀ ਚੰਦ ਉਹਨਾਂ ਦਾਨ-ਪੁੰਨਾਂ ਨੂੰ) ਮਾੜਾ ਕੰਮ ਸਮਝਦਾ ਤਾਂ ਦਾਨ ਪੁੰਨ ਕਰਦਾ ਹੀ ਕਿਉਂ? (ਨਾਹ ਉਹ ਦਾਨ-ਪੁੰਨ ਕਰਦਾ) ਤੇ ਨਾਹ ਹੀ ਮੰਡੀ ਵਿਚ ਵਿਕਦਾ ॥੨॥

ਕਰਉ ਅਢਾਈ ਧਰਤੀ ਮਾਂਗੀ ਬਾਵਨ ਰੂਪਿ ਬਹਾਨੈ ॥

(ਵਿਸ਼ਨੂੰ ਨੇ) ਵਉਣੇ ਰੂਪ ਵਿਚ (ਆ ਕੇ) ਬਹਾਨੇ ਨਾਲ ਰਾਜਾ ਬਲਿ ਪਾਸੋਂ ਢਾਈ ਕਰਮ ਧਰਤੀ (ਦਾ ਦਾਨ ਆਪਣੀ ਕੁਟੀਆ ਬਣਾਣ ਲਈ) ਮੰਗਿਆ।

ਕਿਉ ਪਇਆਲਿ ਜਾਇ ਕਿਉ ਛਲੀਐ ਜੇ ਬਲਿ ਰੂਪੁ ਪਛਾਨੈ ॥੩॥

ਜੇ ਬਲਿ ਰਾਜਾ ਵਉਣੇ ਰੂਪ ਨੂੰ ਪਛਾਣ ਲੈਂਦਾ, ਤਾਂ ਨਾਹ ਹੀ ਠੱਗਿਆ ਜਾਂਦਾ ਤੇ ਨਾਹ ਹੀ ਪਾਤਾਲ ਵਿਚ ਜਾਂਦਾ ॥੩॥

ਰਾਜਾ ਜਨਮੇਜਾ ਦੇ ਮਤੀਂ ਬਰਜਿ ਬਿਆਸਿ ਪੜ੍ਰਾਇਆ ॥

ਬਿਆਸ ਰਿਸ਼ੀ ਨੇ ਮੱਤਾਂ ਦੇ ਕੇ ਰਾਜਾ ਜਨਮੇਜੈ ਨੂੰ ਸਮਝਾਇਆ ਤੇ ਵਰਜਿਆ (ਕਿ ਉਸ ਅਪੱਛਰਾਂ ਨੂੰ ਆਪਣੇ ਘਰ ਵਿਚ ਨਾਹ ਲਿਆਈਂ। ਪਰ ਪਰਮਾਤਮਾ ਨੇ ਉਸ ਦੀ ਮੱਤ ਮਾਰੀ ਹੋਈ ਸੀ। ਉਹ ਰਿਸ਼ੀ ਦੇ ਆਖੇ ਨਾਹ ਲੱਗਾ। ਅਪੱਛਰਾਂ ਨੂੰ ਲੈ ਕੇ ਆਇਆ। ਫਿਰ)

ਤਿਨਿ੍ ਕਰਿ ਜਗ ਅਠਾਰਹ ਘਾਏ ਕਿਰਤੁ ਨ ਚਲੈ ਚਲਾਇਆ ॥੪॥

ਉਸ ਨੇ ਅਠਾਰਾਂ ਜੱਗ ਕਰ ਕੇ ਅਠਾਰਾਂ ਬ੍ਰਾਹਮਣ ਮਾਰ ਦਿੱਤੇ (ਕਿਉਂਕਿ ਉਹ ਅੱਤ ਬਰੀਕ ਕਪੜਿਆਂ ਵਿਚ ਆਈ ਅੱਧ-ਨਗਨ ਅਪੱਛਰਾ ਵੇਖ ਕੇ ਹੱਸ ਪਏ ਸਨ)। ਕੀਤੇ ਕਰਮਾਂ ਦੇ ਫਲ ਨੂੰ ਕੋਈ ਮਿਟਾ ਨਹੀਂ ਸਕਦਾ ॥੪॥

ਗਣਤ ਨ ਗਣੀਂ ਹੁਕਮੁ ਪਛਾਣਾ ਬੋਲੀ ਭਾਇ ਸੁਭਾਈ ॥

ਹੇ ਪ੍ਰਭੂ! ਮੈਂ ਹੋਰ ਕੋਈ ਸੋਚਾਂ ਨਹੀਂ ਸੋਚਦਾ, ਮੈਂ ਤਾਂ ਤੇਰੀ ਰਜ਼ਾ ਨੂੰ ਸਮਝਣ ਦਾ ਜਤਨ ਕਰਦਾ ਹਾਂ, ਤੇ ਤੇਰੇ ਪ੍ਰੇਮ ਵਿਚ (ਮਗਨ ਹੋ ਕੇ) ਤੇਰੇ ਗੁਣ ਉਚਾਰਦਾ ਹਾਂ।

ਜੋ ਕਿਛੁ ਵਰਤੈ ਤੁਧੈ ਸਲਾਹੀਂ ਸਭ ਤੇਰੀ ਵਡਿਆਈ ॥੫॥

ਮੈਂ ਤਾਂ ਤੇਰੀ ਹੀ ਸਿਫ਼ਤ-ਸਾਲਾਹ ਕਰਦਾ ਹਾਂ। ਜੋ ਕੁਝ ਜਗਤ ਵਿਚ ਹੋ ਰਿਹਾ ਹੈ ਤੇਰੀ ਤਾਕਤ ਦਾ ਜ਼ਹੂਰ ਹੋ ਰਿਹਾ ਹੈ ॥੫॥

ਗੁਰਮੁਖਿ ਅਲਿਪਤੁ ਲੇਪੁ ਕਦੇ ਨ ਲਾਗੈ ਸਦਾ ਰਹੈ ਸਰਣਾਈ ॥

ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ ਜਗਤ ਵਿਚ ਨਿਰਲੇਪ ਰਹਿੰਦਾ ਹੈ, ਉਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ, ਉਹ ਸਦਾ ਪਰਮਾਤਮਾ ਦੀ ਓਟ ਫੜਦਾ ਹੈ।

ਮਨਮੁਖੁ ਮੁਗਧੁ ਆਗੈ ਚੇਤੈ ਨਾਹੀ ਦੁਖਿ ਲਾਗੈ ਪਛੁਤਾਈ ॥੬॥

ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮੂਰਖ ਮਨੁੱਖ (ਜ਼ਿੰਦਗੀ ਵਿਚ) ਵੇਲੇ ਸਿਰ ਪਰਮਾਤਮਾ ਨੂੰ ਯਾਦ ਨਹੀਂ ਕਰਦਾ, ਜਦੋਂ (ਆਪਣੀ ਇਸ ਮੂਰਖਤਾ ਦੇ ਕਾਰਨ) ਦੁੱਖ ਵਿਚ ਫਸਦਾ ਹੈ ਤਾਂ ਹੱਥ ਮਲਦਾ ਹੈ ॥੬॥

ਆਪੇ ਕਰੇ ਕਰਾਏ ਕਰਤਾ ਜਿਨਿ ਏਹ ਰਚਨਾ ਰਚੀਐ ॥

ਜਿਸ ਪਰਮਾਤਮਾ ਨੇ ਇਹ ਜਗਤ-ਰਚਨਾ ਰਚੀ ਹੈ ਉਹ ਆਪ ਹੀ ਸਭ ਕੁਝ ਕਰਦਾ ਹੈ ਉਹ ਆਪ ਹੀ ਜੀਵਾਂ ਪਾਸੋਂ ਸਭ ਕੁਝ ਕਰਾਂਦਾ ਹੈ।

ਹਰਿ ਅਭਿਮਾਨੁ ਨ ਜਾਈ ਜੀਅਹੁ ਅਭਿਮਾਨੇ ਪੈ ਪਚੀਐ ॥੭॥

ਹੇ ਪ੍ਰਭੂ! (ਅਸੀਂ ਜੀਵ ਮੂਰਖ ਹਾਂ, ਅਸੀਂ ਇਹ ਮਾਣ ਕਰਦੇ ਹਾਂ ਕਿ ਅਸੀਂ ਹੀ ਸਭ ਕੁਝ ਕਰਦੇ ਹਾਂ ਤੇ ਕਰ ਸਕਦੇ ਹਾਂ) ਸਾਡੇ ਦਿਲਾਂ ਵਿਚੋਂ ਅਹੰਕਾਰ ਦੂਰ ਨਹੀਂ ਹੁੰਦਾ। ਅਹੰਕਾਰ ਵਿਚ ਪੈ ਕੇ ਖ਼ੁਆਰ ਹੁੰਦੇ ਹਾਂ ॥੭॥

ਭੁਲਣ ਵਿਚਿ ਕੀਆ ਸਭੁ ਕੋਈ ਕਰਤਾ ਆਪਿ ਨ ਭੁਲੈ ॥

ਕਰਤਾਰ ਆਪ ਕਦੇ ਗ਼ਲਤੀ ਨਹੀਂ ਖਾਂਦਾ ਪਰ ਹਰੇਕ ਜੀਵ ਜੋ ਉਸ ਨੇ ਪੈਦਾ ਕੀਤਾ ਹੈ ਭੁੱਲਾਂ ਵਿਚ ਫਸਦਾ ਰਹਿੰਦਾ ਹੈ।

ਨਾਨਕ ਸਚਿ ਨਾਮਿ ਨਿਸਤਾਰਾ ਕੋ ਗੁਰਪਰਸਾਦਿ ਅਘੁਲੈ ॥੮॥੪॥

ਹੇ ਨਾਨਕ! ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਇਹਨਾਂ ਭੁੱਲਾਂ ਤੋਂ ਬਚ ਸਕੀਦਾ ਹੈ। ਗੁਰੂ ਦੀ ਕਿਰਪਾ ਨਾਲ ਹੀ ਕੋਈ ਵਿਰਲਾ ਜੀਵ ਕੁਰਾਹੇ ਪੈਣ ਤੋਂ ਬਚਦਾ ਹੈ ॥੮॥੪॥