ਰਾਗ ਪ੍ਰਭਾਤੀ - ਬਾਣੀ ਸ਼ਬਦ-Part 2 - Raag Parbhati - Bani - Nitnem Path

ਰਾਗ ਪ੍ਰਭਾਤੀ – ਬਾਣੀ ਸ਼ਬਦ-Part 2 – Raag Parbhati – Bani

ਰਾਗ ਪ੍ਰਭਾਤੀ – ਬਾਣੀ ਸ਼ਬਦ-Part 2 – Raag Parbhati – Bani

ਪ੍ਰਭਾਤੀ ਮਹਲਾ ੫ ॥
ਗੁਰੁ ਗੁਰੁ ਕਰਤ ਸਦਾ ਸੁਖੁ ਪਾਇਆ ॥

ਗੁਰੂ ਨੂੰ ਹਰ ਵੇਲੇ ਯਾਦ ਕਰਦਿਆਂ ਸਦਾ ਆਤਮਕ ਆਨੰਦ ਪ੍ਰਾਪਤ ਹੋਇਆ ਰਹਿੰਦਾ ਹੈ।

ਦੀਨ ਦਇਆਲ ਭਏ ਕਿਰਪਾਲਾ ਅਪਣਾ ਨਾਮੁ ਆਪਿ ਜਪਾਇਆ ॥੧॥ ਰਹਾਉ ॥

ਗਰੀਬਾਂ ਉਤੇ ਦਇਆ ਕਰਨ ਵਾਲੇ ਪ੍ਰਭੂ ਜੀ ਮਿਹਰਵਾਨ ਹੋ ਜਾਂਦੇ ਹਨ, ਅਤੇ ਆਪਣਾ ਨਾਮ ਆਪ ਜਪਣ ਲਈ (ਜੀਵ ਨੂੰ) ਪ੍ਰੇਰਨਾ ਦੇਂਦੇ ਹਨ ॥੧॥ ਰਹਾਉ ॥

ਸੰਤਸੰਗਤਿ ਮਿਲਿ ਭਇਆ ਪ੍ਰਗਾਸ ॥

ਗੁਰੂ ਦੀ ਸੰਗਤ ਵਿਚ ਮਿਲ ਕੇ (ਬੈਠਿਆਂ ਮਨੁੱਖ ਦੇ ਅੰਦਰ ਆਤਮਕ ਜੀਵਨ ਦੀ ਸੂਝ ਦਾ) ਚਾਨਣ ਹੋ ਜਾਂਦਾ ਹੈ।

ਹਰਿ ਹਰਿ ਜਪਤ ਪੂਰਨ ਭਈ ਆਸ ॥੧॥

(ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਹਰ ਵੇਲੇ ਜਪਦਿਆਂ (ਹਰੇਕ) ਆਸ ਪੂਰੀ ਹੋ ਜਾਂਦੀ ਹੈ ॥੧॥

ਸਰਬ ਕਲਿਆਣ ਸੂਖ ਮਨਿ ਵੂਠੇ ॥

(ਗੁਣ ਗਾਣ ਦੀ ਬਰਕਤਿ ਨਾਲ) ਸਾਰੇ ਸੁਖ ਆਨੰਦ (ਮਨੁੱਖ ਦੇ) ਮਨ ਵਿਚ ਆ ਵੱਸਦੇ ਹਨ।

ਹਰਿ ਗੁਣ ਗਾਏ ਗੁਰ ਨਾਨਕ ਤੂਠੇ ॥੨॥੧੨॥

ਹੇ ਨਾਨਕ! ਜੇ ਗੁਰੂ ਮਿਹਰਵਾਨ ਹੋ ਜਾਏ, ਤਾਂ ਪਰਮਾਤਮਾ ਦੇ ਗੁਣ ਗਾਏ ਜਾ ਸਕਦੇ ਹਨ ॥੨॥੧੨॥


ਪ੍ਰਭਾਤੀ ਮਹਲਾ ੫ ॥
ਚਰਨ ਕਮਲ ਸਰਨਿ ਟੇਕ ॥

(ਤੇਰੇ) ਸੋਹਣੇ ਚਰਨਾਂ ਦੀ ਸਰਨ ਹੀ (ਜੀਵਾਂ ਵਾਸਤੇ) ਆਸਰਾ ਹੈ।

ਊਚ ਮੂਚ ਬੇਅੰਤੁ ਠਾਕੁਰੁ ਸਰਬ ਊਪਰਿ ਤੁਹੀ ਏਕ ॥੧॥ ਰਹਾਉ ॥

ਹੇ ਪ੍ਰਭੂ! ਸਭ ਜੀਵਾਂ ਦੇ ਉੱਤੇ ਇਕ ਤੂੰ ਹੀ (ਰਾਖਾ) ਹੈਂ। ਤੂੰ ਬੇਅੰਤ ਉੱਚਾ ਮਾਲਕ ਹੈਂ, ਤੂੰ ਬੇਅੰਤ ਵੱਡਾ ਮਾਲਕ ਹੈਂ ॥੧॥ ਰਹਾਉ ॥

ਪ੍ਰਾਨ ਅਧਾਰ ਦੁਖ ਬਿਦਾਰ ਦੈਨਹਾਰ ਬੁਧਿ ਬਿਬੇਕ ॥੧॥

ਹੇ ਪ੍ਰਭੂ! (ਤੂੰ ਸਭ ਜੀਵਾਂ ਦੀ) ਜਿੰਦ ਦਾ ਆਸਰਾ ਹੈਂ, ਤੂੰ (ਸਭ ਜੀਵਾਂ ਦੇ) ਦੁੱਖ ਨਾਸ ਕਰਨ ਵਾਲਾ ਹੈਂ, ਤੂੰ (ਜੀਵਾਂ ਨੂੰ) ਚੰਗੇ ਮੰਦੇ ਕਰਮ ਦੀ ਪਰਖ ਕਰ ਸਕਣ ਵਾਲੀ ਅਕਲ ਦੇਣ ਵਾਲਾ ਹੈਂ ॥੧॥

ਨਮਸਕਾਰ ਰਖਨਹਾਰ ਮਨਿ ਅਰਾਧਿ ਪ੍ਰਭੂ ਮੇਕ ॥

ਸਿਰਫ਼ (ਉਸ) ਪ੍ਰਭੂ ਨੂੰ ਹੀ (ਆਪਣੇ) ਮਨ ਵਿਚ ਸਿਮਰਿਆ ਕਰੋ, ਉਸ ਸਭ ਦੀ ਰਖਿਆ ਕਰ ਸਕਣ ਵਾਲੇ ਨੂੰ ਸਿਰ ਨਿਵਾਇਆ ਕਰੋ।

ਸੰਤ ਰੇਨੁ ਕਰਉ ਮਜਨੁ ਨਾਨਕ ਪਾਵੈ ਸੁਖ ਅਨੇਕ ॥੨॥੨॥੧੫॥

ਹੇ ਨਾਨਕ! ਮੈਂ (ਉਸ ਪ੍ਰਭੂ ਦੇ) ਸੰਤ ਜਨਾਂ ਦੇ ਚਰਨਾਂ ਦੀ ਧੂੜ ਵਿਚ ਇਸ਼ਨਾਨ ਕਰਦਾ ਹਾਂ। (ਜਿਹੜਾ ਮਨੁੱਖ ਸੰਤ-ਜਨਾਂ ਦੀ ਚਰਨ-ਧੂੜ ਵਿਚ ਇਸ਼ਨਾਨ ਕਰਦਾ ਹੈ, ਉਹ) ਅਨੇਕਾਂ ਸੁਖ ਹਾਸਲ ਕਰ ਲੈਂਦਾ ਹੈ ॥੨॥੨॥੧੫॥


ਪ੍ਰਭਾਤੀ ਮਹਲਾ ੧ ॥
ਮਾਇਆ ਮੋਹਿ ਸਗਲ ਜਗੁ ਛਾਇਆ ॥

(ਪ੍ਰਭੂ ਦੇ ਨਾਮ ਤੋਂ ਖੁੰਝੇ ਹੋਏ) ਸਾਰੇ ਜਗਤ ਨੂੰ ਮਾਇਆ ਦੇ ਮੋਹ ਨੇ ਪ੍ਰਭਾਵਿਤ ਕੀਤਾ ਹੋਇਆ ਹੈ।

ਕਾਮਣਿ ਦੇਖਿ ਕਾਮਿ ਲੋਭਾਇਆ ॥

(ਕਿਤੇ ਤਾਂ ਇਹ) ਇਸਤ੍ਰੀ ਨੂੰ ਵੇਖ ਕੇ ਕਾਮ-ਵਾਸਨਾ ਵਿਚ ਫਸਦਾ ਹੈ,

ਸੁਤ ਕੰਚਨ ਸਿਉ ਹੇਤੁ ਵਧਾਇਆ ॥

(ਕਿਤੇ ਇਹ ਜਗਤ) ਪੁੱਤਰਾਂ ਤੇ ਸੋਨੇ (ਆਦਿਕ ਧਨ) ਨਾਲ ਪਿਆਰ ਵਧਾ ਰਿਹਾ ਹੈ।

ਸਭੁ ਕਿਛੁ ਅਪਨਾ ਇਕੁ ਰਾਮੁ ਪਰਾਇਆ ॥੧॥

(ਜਗਤ ਨੇ ਦਿੱਸਦੀ) ਹਰੇਕ ਚੀਜ਼ ਨੂੰ ਆਪਣੀ ਬਣਾਇਆ ਹੋਇਆ ਹੈ, ਸਿਰਫ਼ ਪਰਮਾਤਮਾ ਨੂੰ ਹੀ (ਇਹ) ਓਪਰਾ ਸਮਝਦਾ ਹੈ ॥੧॥

ਐਸਾ ਜਾਪੁ ਜਪਉ ਜਪਮਾਲੀ ॥

(ਜਿਵੇਂ ਮਾਲਾ ਦੇ ਮਣਕੇ ਮੁੱਕਦੇ ਨਹੀਂ, ਮਣਕਿਆਂ ਦਾ ਗੇੜ ਜਾਰੀ ਰਹਿੰਦਾ ਹੈ) ਮੈਂ ਇਕ-ਤਾਰ (ਸਦਾ) ਅਜੇਹੇ ਤਰੀਕੇ ਨਾਲ ਪਰਮਾਤਮਾ ਦੇ ਗੁਣਾਂ ਦਾ ਜਾਪ ਜਪਦਾ ਹਾਂ,

ਦੁਖ ਸੁਖ ਪਰਹਰਿ ਭਗਤਿ ਨਿਰਾਲੀ ॥੧॥ ਰਹਾਉ ॥

ਕਿ ਦੁੱਖਾਂ ਦੀ ਘਬਰਾਹਟ ਤੇ ਸੁਖਾਂ ਦੀ ਲਾਲਸਾ ਛੱਡ ਕੇ ਪ੍ਰਭੂ ਦੀ ਕੇਵਲ (ਪ੍ਰੇਮ-ਭਰੀ) ਭਗਤੀ ਹੀ ਕਰਦਾ ਹਾਂ ॥੧॥ ਰਹਾਉ ॥

ਗੁਣ ਨਿਧਾਨ ਤੇਰਾ ਅੰਤੁ ਨ ਪਾਇਆ ॥

ਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! (ਤੇਰੀ ਕੁਦਰਤਿ ਦਾ) ਕਿਸੇ ਅੰਤ ਨਹੀਂ ਲੱਭਾ।

ਸਾਚ ਸਬਦਿ ਤੁਝ ਮਾਹਿ ਸਮਾਇਆ ॥

ਜੇਹੜਾ ਮਨੁੱਖ ਤੇਰੀ ਸਦਾ-ਥਿਰ ਰਹਿਣ ਵਾਲੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੁੜਦਾ ਹੈ ਉਹੋ ਤੇਰੇ ਚਰਨਾਂ ਵਿਚ ਲੀਨ ਰਹਿੰਦਾ ਹੈ (ਉਹ ਤੈਨੂੰ “ਪਰਾਇਆ” ਨਹੀਂ ਜਾਣਦਾ)।

ਆਵਾ ਗਉਣੁ ਤੁਧੁ ਆਪਿ ਰਚਾਇਆ ॥

ਹੇ ਪ੍ਰਭੂ! ਜਨਮ ਮਰਨ ਦਾ ਗੇੜ ਤੂੰ ਆਪ ਹੀ ਬਣਾਇਆ ਹੈ,

ਸੇਈ ਭਗਤ ਜਿਨ ਸਚਿ ਚਿਤੁ ਲਾਇਆ ॥੨॥

ਜਿਨ੍ਹਾਂ ਨੇ ਤੇਰੇ ਸਦਾ-ਥਿਰ ਨਾਮ ਵਿਚ ਚਿੱਤ ਜੋੜਿਆ ਹੈ (ਉਹ ਇਸ ਗੇੜ ਵਿਚ ਨਹੀਂ ਪੈਂਦੇ, ਤੇ) ਉਹੀ (ਤੇਰੇ ਅਸਲ) ਭਗਤ ਹਨ ॥੨॥

ਗਿਆਨੁ ਧਿਆਨੁ ਨਰਹਰਿ ਨਿਰਬਾਣੀ ॥

ਉਸ ਵਾਸਨਾ-ਰਹਿਤ ਪ੍ਰਭੂ ਨਾਲ ਡੂੰਘੀ ਸਾਂਝ ਤੇ ਉਸ ਦੇ ਚਰਨਾਂ ਵਿਚ ਜੁੜਨ (ਦੁਆਰਾ ਹੀ ਇਹ ਸੂਝ ਪੈਂਦੀ ਹੈ ਕਿ ਪਰਮਾਤਮਾ ਸਾਰੇ ਵਿਆਪਕ ਹੈ)

ਬਿਨੁ ਸਤਿਗੁਰ ਭੇਟੇ ਕੋਇ ਨ ਜਾਣੀ ॥

ਸਤਿਗੁਰੂ ਨੂੰ ਮਿਲਣ ਤੋਂ ਬਿਨਾ ਕੋਈ ਮਨੁੱਖ ਨਹੀਂ ਸਮਝ ਸਕਦਾ,

ਸਗਲ ਸਰੋਵਰ ਜੋਤਿ ਸਮਾਣੀ ॥

ਕਿ ਪਰਮਾਤਮਾ ਦੀ ਜੋਤਿ ਸਾਰੇ ਹੀ ਸਰੀਰਾਂ ਵਿਚ ਵਿਆਪਕ ਹੈ।

ਆਨਦ ਰੂਪ ਵਿਟਹੁ ਕੁਰਬਾਣੀ ॥੩॥

ਮੈਂ ਉਸ ਆਨੰਦ-ਸਰੂਪ ਪਰਮਾਤਮਾ ਤੋਂ ਸਦਕੇ (ਜਾਂਦਾ) ਹਾਂ ॥੩॥

ਭਾਉ ਭਗਤਿ ਗੁਰਮਤੀ ਪਾਏ ॥

ਜੇਹੜਾ ਮਨੁੱਖ ਗੁਰੂ ਦੀ ਮੱਤ ਤੇ ਤੁਰ ਕੇ ਪਰਮਾਤਮਾ ਨਾਲ ਪਿਆਰ ਕਰਨਾ ਸਿੱਖਦਾ ਹੈ ਪਰਮਾਤਮਾ ਦੀ ਭਗਤੀ ਕਰਦਾ ਹੈ,

ਹਉਮੈ ਵਿਚਹੁ ਸਬਦਿ ਜਲਾਏ ॥

ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਣੇ ਅੰਦਰੋਂ ਹਉਮੈ ਨੂੰ ਸਾੜ ਦੇਂਦਾ ਹੈ।

ਧਾਵਤੁ ਰਾਖੈ ਠਾਕਿ ਰਹਾਏ ॥

ਉਹ (ਮਾਇਆ ਵੱਲ) ਦੌੜਦੇ ਮਨ ਨੂੰ ਬਚਾ ਲੈਂਦਾ ਹੈ (ਬਾਹਰ ਜਾਂਦੇ ਨੂੰ) ਰੋਕ ਕੇ (ਆਪਣੇ ਅੰਦਰ ਹੀ) ਟਿਕਾ ਲੈਂਦਾ ਹੈ।

ਸਚਾ ਨਾਮੁ ਮੰਨਿ ਵਸਾਏ ॥੪॥

ਉਹ ਮਨੁੱਖ ਪਰਮਾਤਮਾ ਦਾ ਸਦਾ-ਥਿਰ ਨਾਮ ਆਪਣੇ ਮਨ ਵਿਚ ਵਸਾ ਲੈਂਦਾ ਹੈ ॥੪॥

ਬਿਸਮ ਬਿਨੋਦ ਰਹੇ ਪਰਮਾਦੀ ॥

(ਉਸ ਮਨੁੱਖ ਦੇ ਅੰਦਰੋਂ) ਮੋਹ ਦੇ ਮਸਤੀ ਪੈਦਾ ਕਰਨ ਵਾਲੇ ਅਚਰਜ ਚੋਜ ਤਮਾਸ਼ੇ ਖ਼ਤਮ ਹੋ ਜਾਂਦੇ ਹਨ।

ਗੁਰਮਤਿ ਮਾਨਿਆ ਏਕ ਲਿਵ ਲਾਗੀ ॥

ਉਸ ਦਾ ਮਨ ਗੁਰੂ ਦੀ ਸਿੱਖਿਆ ਵਿਚ ਪਤੀਜ ਜਾਂਦਾ ਹੈ, ਉਸ ਦੀ ਸੁਰਤ ਇਕ ਪ੍ਰਭੂ ਵਿਚ ਜੁੜੀ ਰਹਿੰਦੀ ਹੈ।

ਦੇਖਿ ਨਿਵਾਰਿਆ ਜਲ ਮਹਿ ਆਗੀ ॥

ਪਰਮਾਤਮਾ ਦਾ ਦਰਸਨ ਕਰ ਕੇ ਪਰਮਾਤਮਾ ਦੇ ਨਾਮ-ਜਲ ਵਿਚ ਚੁੱਭੀ ਲਾ ਕੇ ਉਹ ਆਪਣੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝਾ ਲੈਂਦਾ ਹੈ।

ਸੋ ਬੂਝੈ ਹੋਵੈ ਵਡਭਾਗੀ ॥੫॥

ਪਰ ਇਹ ਭੇਤ ਉਹੀ ਸਮਝਦਾ ਹੈ ਜੋ ਚੰਗੇ ਭਾਗਾਂ ਵਾਲਾ ਹੋਵੇ ॥੫॥

ਸਤਿਗੁਰੁ ਸੇਵੇ ਭਰਮੁ ਚੁਕਾਏ ॥

ਜੇਹੜਾ ਮਨੁੱਖ ਸਤਿਗੁਰੂ ਦੀ ਸਰਨ ਪੈਂਦਾ ਹੈ ਉਹ ਆਪਣੇ ਮਨ ਦੀ ਭਟਕਣਾ ਦੂਰ ਕਰ ਲੈਂਦਾ ਹੈ,

ਅਨਦਿਨੁ ਜਾਗੈ ਸਚਿ ਲਿਵ ਲਾਏ ॥

ਉਹ ਹਰ ਵੇਲੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਆਪਣੀ ਸੁਰਤ ਜੋੜੀ ਰੱਖਦਾ ਹੈ।

ਏਕੋ ਜਾਣੈ ਅਵਰੁ ਨ ਕੋਇ ॥

ਉਹ ਮਨੁੱਖ ਸਿਰਫ਼ ਪਰਮਾਤਮਾ ਨੂੰ ਹੀ ਸੁਖਾਂ ਦਾ ਦਾਤਾ ਸਮਝਦਾ ਹੈ, ਕਿਸੇ ਹੋਰ ਨੂੰ ਨਹੀਂ।

ਸੁਖਦਾਤਾ ਸੇਵੇ ਨਿਰਮਲੁ ਹੋਇ ॥੬॥

ਉਹ ਉਸ ਸੁਖਦਾਤੇ ਨੂੰ ਸਿਮਰਦਾ ਹੈ ਤੇ (ਸਿਮਰਨ ਦੀ ਬਰਕਤਿ ਨਾਲ) ਪਵਿਤ੍ਰ (ਜੀਵਨ ਵਾਲਾ) ਹੋ ਜਾਂਦਾ ਹੈ ॥੬॥

ਸੇਵਾ ਸੁਰਤਿ ਸਬਦਿ ਵੀਚਾਰਿ ॥

ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰ ਕੇ ਉਸ ਮਨੁੱਖ ਦੀ ਸੁਰਤ ਸੇਵਾ ਵਲ ਪਰਤਦੀ ਹੈ,

ਜਪੁ ਤਪੁ ਸੰਜਮੁ ਹਉਮੈ ਮਾਰਿ ॥

ਆਪਣੇ ਅੰਦਰੋਂ ਹਉਮੈ ਮਾਰ ਕੇ ਉਹ, ਮਾਨੋ, ਜਪ ਤਪ ਤੇ ਸੰਜਮ ਕਮਾ ਲੈਂਦਾ ਹੈ।

ਜੀਵਨ ਮੁਕਤੁ ਜਾ ਸਬਦੁ ਸੁਣਾਏ ॥

ਸਤਿਗੁਰੂ ਉਸ ਨੂੰ ਆਪਣਾ ਸ਼ਬਦ ਸੁਣਾਂਦਾ ਹੈ ਤੇ ਉਹ ਮਨੁੱਖ ਦੁਨੀਆ ਦੇ ਕਾਰ-ਵਿਹਾਰ ਕਰਦਾ ਹੋਇਆ ਹੀ (ਮਾਇਆ ਦੇ ਮੋਹ ਤੋਂ) ਸੁਤੰਤਰ ਹੋ ਜਾਂਦਾ ਹੈ।

ਸਚੀ ਰਹਤ ਸਚਾ ਸੁਖੁ ਪਾਏ ॥੭॥

ਉਸ ਦੀ ਰਹਤ-ਬਹਤ ਐਸੀ ਹੋ ਜਾਂਦੀ ਹੈ ਕਿ (ਮਾਇਆ ਵੱਲ) ਉਹ ਡੋਲਦਾ ਨਹੀਂ ਤੇ (ਇਸ ਤਰ੍ਹਾਂ) ਉਹ ਸਦਾ ਕਾਇਮ ਰਹਿਣ ਵਾਲਾ ਆਤਮਕ ਆਨੰਦ ਮਾਣਦਾ ਹੈ ॥੭॥

ਸੁਖਦਾਤਾ ਦੁਖੁ ਮੇਟਣਹਾਰਾ ॥

ਉਸ ਮਨੁੱਖ ਨੂੰ ਪਰਮਾਤਮਾ ਹੀ ਸੁਖਾਂ ਦੇ ਦੇਣ ਵਾਲਾ ਤੇ ਦੁੱਖਾਂ ਦਾ ਕੱਟਣ ਵਾਲਾ ਦਿੱਸਦਾ ਹੈ।

ਅਵਰੁ ਨ ਸੂਝਸਿ ਬੀਜੀ ਕਾਰਾ ॥

(ਇਸ ਵਾਸਤੇ ਪ੍ਰਭੂ ਦੇ ਸਿਮਰਨ ਤੋਂ ਬਿਨਾ) ਉਸ ਨੂੰ ਕੋਈ ਹੋਰ ਕਾਰ (ਲਾਭਦਾਇਕ) ਨਹੀਂ ਸੁੱਝਦੀ।

ਤਨੁ ਮਨੁ ਧਨੁ ਹਰਿ ਆਗੈ ਰਾਖਿਆ ॥

ਉਹ ਮਨੁੱਖ ਆਪਣਾ ਸਰੀਰ ਆਪਣਾ ਮਨ ਤੇ ਆਪਣਾ ਧਨ-ਪਦਾਰਥ ਪਰਮਾਤਮਾ ਦੇ ਅੱਗੇ ਭੇਟ ਰੱਖਦਾ ਹੈ।

ਨਾਨਕੁ ਕਹੈ ਮਹਾ ਰਸੁ ਚਾਖਿਆ ॥੮॥੨॥

ਨਾਨਕ ਆਖਦਾ ਹੈ ਕਿ ਉਹ ਮਨੁੱਖ (ਸਭ ਰਸਾਂ ਤੋਂ) ਸ੍ਰੇਸ਼ਟ ਨਾਮ-ਰਸ (ਸਦਾ) ਚੱਖਦਾ ਹੈ ॥੮॥੨॥


ਪ੍ਰਭਾਤੀ ਮਹਲਾ ੧ ॥
ਨਿਵਲੀ ਕਰਮ ਭੁਅੰਗਮ ਭਾਠੀ ਰੇਚਕ ਪੂਰਕ ਕੁੰਭ ਕਰੈ ॥

(ਅਗਿਆਨੀ ਅੰਨ੍ਹਾ ਮਨੁੱਖ ਪ੍ਰਭੂ ਦਾ ਨਾਮ ਵਿਸਾਰ ਕੇ) ਨਿਵਲੀ ਕਰਮ ਕਰਦਾ ਹੈ, ਕੁੰਡਲਨੀ ਨਾੜੀ ਦੀ ਰਾਹੀਂ ਦਸਮ ਦੁਆਰ ਵਿਚ ਪ੍ਰਾਣ ਚਾੜ੍ਹਦਾ ਹੈ, ਸੁਆਸ ਉਤਾਰਦਾ ਹੈ, ਸੁਆਸ ਚਾੜ੍ਹਦਾ ਹੈ, ਸੁਆਸ (ਸੁਖਮਨਾ ਵਿਚ) ਟਿਕਾਂਦਾ ਹੈ।

ਬਿਨੁ ਸਤਿਗੁਰ ਕਿਛੁ ਸੋਝੀ ਨਾਹੀ ਭਰਮੇ ਭੂਲਾ ਬੂਡਿ ਮਰੈ ॥

ਪਰ ਇਸ ਭਟਕਣਾ ਵਿਚ ਕੁਰਾਹੇ ਪੈ ਕੇ (ਇਹਨਾਂ ਕਰਮਾਂ ਦੇ ਗੇੜ ਵਿਚ) ਫਸ ਕੇ ਆਤਮਕ ਮੌਤ ਸਹੇੜ ਲੈਂਦਾ ਹੈ। ਸਤਿਗੁਰੂ ਦੀ ਸਰਨ ਪੈਣ ਤੋਂ ਬਿਨਾ ਸਹੀ ਜੀਵਨ ਦੀ ਇਸ ਨੂੰ ਸਮਝ ਨਹੀਂ ਪੈਂਦੀ।

ਅੰਧਾ ਭਰਿਆ ਭਰਿ ਭਰਿ ਧੋਵੈ ਅੰਤਰ ਕੀ ਮਲੁ ਕਦੇ ਨ ਲਹੈ ॥

ਅੰਨ੍ਹਾ ਮਨੁੱਖ ਵਿਕਾਰਾਂ ਦੀ ਮੈਲ ਨਾਲ ਭਰਿਆ ਰਹਿੰਦਾ ਹੈ, ਮੁੜ ਮੁੜ ਕੁਰਾਹੇ ਪੈ ਕੇ ਹੋਰ ਵਿਕਾਰਾਂ ਦੀ ਮੈਲ ਨਾਲ ਲਿਬੜਦਾ ਹੈ (ਨਿਵਲੀ ਕਰਮ ਆਦਿ ਦੀ ਰਾਹੀਂ) ਇਹ ਮੈਲ ਧੋਣ ਦਾ ਜਤਨ ਕਰਦਾ ਹੈ, ਪਰ (ਇਸ ਤਰ੍ਹਾਂ) ਮਨ ਦੀ ਮੈਲ ਕਦੇ ਉਤਰਦੀ ਨਹੀਂ।

ਨਾਮ ਬਿਨਾ ਫੋਕਟ ਸਭਿ ਕਰਮਾ ਜਿਉ ਬਾਜੀਗਰੁ ਭਰਮਿ ਭੁਲੈ ॥੧॥

(ਇਹ ਰੇਚਕ ਪੂਰਕ ਆਦਿਕ) ਸਾਰੇ ਹੀ ਕਰਮ ਪਰਮਾਤਮਾ ਦੇ ਨਾਮ ਤੋਂ ਬਿਨਾ ਵਿਅਰਥ ਹਨ। ਜਿਵੇਂ ਕਿਸੇ ਮਦਾਰੀ ਨੂੰ ਵੇਖ ਕੇ (ਅੰਞਾਣ ਮਨੁੱਖ) ਭੁਲੇਖੇ ਵਿਚ ਪੈ ਜਾਂਦਾ ਹੈ (ਕਿ ਜੋ ਜੋ ਕੁਝ ਮਦਾਰੀ ਵਿਖਾਂਦਾ ਹੈ ਸਚਮੁਚ ਉਸ ਦੇ ਪਾਸ ਮੌਜੂਦ ਹੈ, ਤਿਵੇਂ ਕਰਮ-ਕਾਂਡੀ ਮਨੁੱਖ ਇਹਨਾਂ ਨਾਟਕਾਂ ਚੇਟਕਾਂ ਵਿਚ ਭੁਲੇਖਾ ਖਾ ਜਾਂਦਾ ਹੈ) ॥੧॥

ਖਟੁ ਕਰਮ ਨਾਮੁ ਨਿਰੰਜਨੁ ਸੋਈ ॥

ਹੇ ਪ੍ਰਭੂ! ਸ਼ਾਸਤ੍ਰਾਂ ਦੇ ਦੱਸੇ ਹੋਏ ਛੇ ਧਾਰਮਿਕ ਕੰਮ (ਮੇਰੇ ਵਾਸਤੇ) ਤੇਰਾ ਨਾਮ ਹੀ ਹੈ, ਤੇਰਾ ਨਾਮ ਮਾਇਆ ਦੀ ਕਾਲਖ ਤੋਂ ਰਹਿਤ ਹੈ।

ਤੂ ਗੁਣ ਸਾਗਰੁ ਅਵਗੁਣ ਮੋਹੀ ॥੧॥ ਰਹਾਉ ॥

ਹੇ ਪ੍ਰਭੂ! ਤੂੰ ਗੁਣਾਂ ਦਾ ਖ਼ਜ਼ਾਨਾ ਹੈਂ, ਪਰ (ਤੇਰੇ ਨਾਮ ਤੋਂ ਖੁੰਝ ਕੇ ਤੇ ਹੋਰ ਹੋਰ ਕਰਮ-ਕਾਂਡ ਵਿਚ ਪੈ ਕੇ) ਮੇਰੇ ਅੰਦਰ ਔਗੁਣ ਪੈਦਾ ਹੋ ਜਾਂਦੇ ਹਨ ॥੧॥ ਰਹਾਉ ॥

ਮਾਇਆ ਧੰਧਾ ਧਾਵਣੀ ਦੁਰਮਤਿ ਕਾਰ ਬਿਕਾਰ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ ਮਨ ਦੀ ਦੌੜ-ਭੱਜ ਤਾਂ ਮਾਇਆ ਦੇ ਧੰਧਿਆਂ ਵਿਚ ਹੀ ਰਹਿੰਦੀ ਹੈ, ਭੈੜੀ ਮੱਤੇ ਲੱਗ ਕੇ (ਨਿਵਲੀ ਕਰਮ, ਰੇਚਕ ਪੂਰਕ ਆਦਿਕ) ਵਿਅਰਥ ਕੰਮ ਕਰਦਾ ਰਹਿੰਦਾ ਹੈ।

ਮੂਰਖੁ ਆਪੁ ਗਣਾਇਦਾ ਬੂਝਿ ਨ ਸਕੈ ਕਾਰ ॥

ਮੂਰਖ ਸਹੀ ਰਸਤੇ ਦੀ ਕਾਰ ਤਾਂ ਸਮਝਦਾ ਨਹੀਂ, (ਇਹਨਾਂ ਨਿਵਲੀ ਕਰਮ ਆਦਿਕਾਂ ਦੇ ਕਾਰਨ) ਆਪਣੇ ਆਪ ਨੂੰ ਵੱਡਾ ਜ਼ਾਹਰ ਕਰਨ ਦਾ ਜਤਨ ਕਰਦਾ ਹੈ।

ਮਨਸਾ ਮਾਇਆ ਮੋਹਣੀ ਮਨਮੁਖ ਬੋਲ ਖੁਆਰ ॥

ਉਸ ਮਨਮੁਖ ਦੀਆਂ ਖ਼ਾਹਸ਼ਾਂ ਮੋਹਣੀ ਮਾਇਆ ਵਿਚ ਹੀ ਰਹਿੰਦੀਆਂ ਹਨ (ਉਤੋਂ ਉਤੋਂ ਧਰਮ ਦੇ) ਬੋਲਾਂ ਦੀ ਰਾਹੀਂ (ਸਗੋਂ) ਖ਼ੁਆਰ ਹੁੰਦਾ ਹੈ।

ਮਜਨੁ ਝੂਠਾ ਚੰਡਾਲ ਕਾ ਫੋਕਟ ਚਾਰ ਸੀਂਗਾਰ ॥੨॥

(ਅੰਤਰ ਆਤਮੇ ਉਸ ਦਾ ਜੀਵਨ ਚੰਡਾਲ ਵਰਗਾ ਹੈ) ਉਸ ਚੰਡਾਲ ਦਾ ਤੀਰਥ-ਇਸ਼ਨਾਨ ਭੀ ਨਿਰੀ ਠੱਗੀ ਹੁੰਦੀ ਹੈ, (ਨਿਵਲੀ ਕਰਮ ਆਦਿਕ ਵਾਲੇ ਉਸ ਦੇ ਸਾਰੇ) ਸੁੰਦਰ ਸਿੰਗਾਰ ਵਿਅਰਥ ਜਾਂਦੇ ਹਨ। ਉਸ ਦਾ ਇਹ ਸਾਰਾ ਉੱਦਮ ਇਉਂ ਹੈ ਜਿਵੇਂ ਕਿਸੇ ਬ੍ਰਾਹਮਣ ਦੇ ਵਾਸਤੇ ਕਿਸੇ ਚੰਡਾਲ ਦਾ ਤੀਰਥ-ਇਸ਼ਨਾਨ ਨਿਰੀ ਠੱਗੀ ਹੈ ਤੇ ਉਸ ਦਾ ਸੁੰਦਰ ਸਿੰਗਾਰ ਭੀ ਫੋਕਾ ਹੈ ॥੨॥

ਝੂਠੀ ਮਨ ਕੀ ਮਤਿ ਹੈ ਕਰਣੀ ਬਾਦਿ ਬਿਬਾਦੁ ॥

ਮਨਮੁਖ ਦੇ ਮਨ ਦੀ ਮੱਤ ਝੂਠ ਵਾਲੇ ਪਾਸੇ ਲੈ ਜਾਂਦੀ ਹੈ, ਉਸ ਦਾ ਕਰਤੱਬ ਭੀ ਨਿਰਾ ਝਗੜੇ ਦਾ ਮੂਲ ਹੈ ਤੇ ਵਿਅਰਥ ਜਾਂਦਾ ਹੈ।

ਝੂਠੇ ਵਿਚਿ ਅਹੰਕਰਣੁ ਹੈ ਖਸਮ ਨ ਪਾਵੈ ਸਾਦੁ ॥

ਉਸ ਝੂਠ ਵਿਹਾਝਣ ਵਾਲੇ ਦੇ ਅੰਦਰ ਹਉਮੈ ਅਹੰਕਾਰ ਟਿਕਿਆ ਰਹਿੰਦਾ ਹੈ ਉਸ ਨੂੰ ਖਸਮ-ਪ੍ਰਭੂ ਦੇ ਮਿਲਾਪ ਦਾ ਆਨੰਦ ਨਹੀਂ ਆ ਸਕਦਾ।

ਬਿਨੁ ਨਾਵੈ ਹੋਰੁ ਕਮਾਵਣਾ ਫਿਕਾ ਆਵੈ ਸਾਦੁ ॥

ਪਰਮਾਤਮਾ ਦੇ ਨਾਮ ਨੂੰ ਛੱਡ ਕੇ (ਨਿਵਲੀ ਕਰਮ ਆਦਿਕ) ਜੋ ਕਰਮ ਭੀ ਕਰੀਦੇ ਹਨ ਉਹਨਾਂ ਦਾ ਸੁਆਦ ਫਿੱਕਾ ਹੁੰਦਾ ਹੈ (ਉਹ ਜੀਵਨ ਨੂੰ ਫਿੱਕਾ ਹੀ ਬਣਾਂਦੇ ਹਨ)।

ਦੁਸਟੀ ਸਭਾ ਵਿਗੁਚੀਐ ਬਿਖੁ ਵਾਤੀ ਜੀਵਣ ਬਾਦਿ ॥੩॥

ਅਜੇਹੀ ਭੈੜੀ ਸੰਗਤ ਵਿਚ (ਬੈਠਿਆਂ) ਖ਼ੁਆਰ ਹੋਈਦਾ ਹੈ ਕਿਉਂਕਿ ਅਜੇਹੇ ਬੰਦਿਆਂ ਦੇ ਮੂੰਹ ਵਿਚ (ਫਿੱਕੇ ਬੋਲ-ਰੂਪ) ਜ਼ਹਿਰ ਹੁੰਦਾ ਹੈ ਤੇ ਉਹਨਾਂ ਦਾ ਜੀਵਨ ਵਿਅਰਥ ਜਾਂਦਾ ਹੈ ॥੩॥

ਏ ਭ੍ਰਮਿ ਭੂਲੇ ਮਰਹੁ ਨ ਕੋਈ ॥

(ਨਿਉਲੀ ਕਰਮ ਆਦਿਕ ਦੀ) ਭਟਕਣਾ ਵਿਚ ਭੁੱਲੇ ਹੋਏ ਹੇ ਬੰਦਿਓ! (ਇਸ ਰਾਹੇ ਪੈ ਕੇ) ਆਤਮਕ ਮੌਤ ਨਾਹ ਸਹੇੜੋ।

ਸਤਿਗੁਰੁ ਸੇਵਿ ਸਦਾ ਸੁਖੁ ਹੋਈ ॥

ਸਤਿਗੁਰੂ ਦੀ ਸਰਨ ਪਿਆਂ ਹੀ ਸਦਾ ਦਾ ਆਤਮਕ ਆਨੰਦ ਮਿਲਦਾ ਹੈ।

ਬਿਨੁ ਸਤਿਗੁਰ ਮੁਕਤਿ ਕਿਨੈ ਨ ਪਾਈ ॥

ਗੁਰੂ ਦੀ ਸਰਨ ਤੋਂ ਬਿਨਾ ਕਦੇ ਕਿਸੇ ਨੂੰ (ਮਾਇਆ ਦੇ ਮੋਹ ਤੋਂ) ਖ਼ਲਾਸੀ ਨਹੀਂ ਮਿਲਦੀ।

ਆਵਹਿ ਜਾਂਹਿ ਮਰਹਿ ਮਰਿ ਜਾਈ ॥੪॥

ਉਹ ਸਦਾ ਜੰਮਦੇ ਹਨ ਤੇ ਆਤਮਕ ਮੌਤ ਸਹੇੜਦੇ ਹਨ। (ਜੇਹੜਾ ਭੀ ਮਨੁੱਖ ਗੁਰੂ ਦੀ ਸਰਨ ਤੋਂ ਤੇ ਸਿਮਰਨ ਤੋਂ ਵਾਂਜਿਆ ਰਹਿੰਦਾ ਹੈ) ਉਹ ਆਤਮਕ ਮੌਤ ਸਹੇੜਦਾ ਹੈ ॥੪॥

ਏਹੁ ਸਰੀਰੁ ਹੈ ਤ੍ਰੈ ਗੁਣ ਧਾਤੁ ॥

ਇਹ ਸਰੀਰ ਹੈ ਹੀ ਤ੍ਰੈ-ਗੁਣੀ ਮਾਇਆ ਦਾ ਸਰੂਪ (ਭਾਵ, ਇੰਦ੍ਰੇ ਸੁਤੇ ਹੀ ਮਾਇਆ ਦੇ ਮੋਹ ਵਿਚ ਫਸ ਜਾਂਦੇ ਹਨ, ਜਿਸ ਦਾ ਸਿੱਟਾ ਇਹ ਨਿਕਲਦਾ ਹੈ ਕਿ)

ਇਸ ਨੋ ਵਿਆਪੈ ਸੋਗ ਸੰਤਾਪੁ ॥

ਇਸ (ਸਰੀਰ) ਨੂੰ ਚਿੰਤਾ-ਫ਼ਿਕਰ ਤੇ ਦੁੱਖ-ਕਲੇਸ਼ ਦਬਾਈ ਰੱਖਦਾ ਹੈ।

ਸੋ ਸੇਵਹੁ ਜਿਸੁ ਮਾਈ ਨ ਬਾਪੁ ॥

ਉਸ ਪਰਮਾਤਮਾ ਦਾ ਸਿਮਰਨ ਕਰੋ, ਜਿਸ ਦਾ ਨਾਹ ਕੋਈ ਪਿਉ ਹੈ ਨਾਹ ਕੋਈ ਮਾਂ ਹੈ,

ਵਿਚਹੁ ਚੂਕੈ ਤਿਸਨਾ ਅਰੁ ਆਪੁ ॥੫॥

(ਸਿਮਰਨ ਦੀ ਬਰਕਤਿ ਨਾਲ) ਅੰਦਰੋਂ ਮਾਇਆ ਦੀ ਤ੍ਰਿਸ਼ਨਾ ਹਉਮੈ ਅਹੰਕਾਰ ਮੁੱਕ ਜਾਂਦਾ ਹੈ ॥੫॥

ਜਹ ਜਹ ਦੇਖਾ ਤਹ ਤਹ ਸੋਈ ॥

(ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਿਆਂ ਹੁਣ) ਮੈਂ ਜਿਧਰ ਜਿਧਰ ਨਿਗਾਹ ਮਾਰਦਾ ਹਾਂ ਮੈਨੂੰ ਉਹੀ ਪਰਮਾਤਮਾ ਵੱਸਦਾ ਦਿੱਸਦਾ ਹੈ (ਤੇ ਮੈਨੂੰ ਮਾਇਆ ਕੁਰਾਹੇ ਨਹੀਂ ਪਾਂਦੀ)।

ਬਿਨੁ ਸਤਿਗੁਰ ਭੇਟੇ ਮੁਕਤਿ ਨ ਹੋਈ ॥

ਪਰ ਗੁਰੂ ਦੀ ਸਰਨ ਤੋਂ ਬਿਨਾ ਮਾਇਆ ਦੇ ਬੰਧਨਾਂ ਤੋਂ ਆਜ਼ਾਦੀ ਨਹੀਂ ਮਿਲ ਸਕਦੀ।

ਹਿਰਦੈ ਸਚੁ ਏਹ ਕਰਣੀ ਸਾਰੁ ॥

ਸਦਾ-ਥਿਰ ਪਰਮਾਤਮਾ ਦਾ ਨਾਮ ਹਿਰਦੇ ਵਿਚ ਵਸਾਣਾ-ਇਹ ਕਰਤੱਬ ਸਭ ਤੋਂ ਸ੍ਰੇਸ਼ਟ ਹੈ।

ਹੋਰੁ ਸਭੁ ਪਾਖੰਡੁ ਪੂਜ ਖੁਆਰੁ ॥੬॥

(ਇਹ ਛੱਡ ਕੇ ਨਿਵਲੀ ਆਦਿਕ ਕਰਮ ਕਰਨਾ) ਇਹ ਸਭ ਕੁਝ ਪਖੰਡ ਹੈ (ਇਹਨਾਂ ਕਰਮਾਂ ਦੀ ਰਾਹੀਂ ਲੋਕਾਂ ਪਾਸੋਂ ਕਰਾਈ) ਪੂਜਾ-ਸੇਵਾ (ਆਖ਼ਰ) ਖ਼ੁਆਰ ਕਰਦੀ ਹੈ ॥੬॥

ਦੁਬਿਧਾ ਚੂਕੈ ਤਾਂ ਸਬਦੁ ਪਛਾਣੁ ॥

ਗੁਰੂ ਦੇ ਸ਼ਬਦ ਨਾਲ ਸਾਂਝ ਬਣਾਓ, ਤਦੋਂ ਹੀ ਹੋਰ ਹੋਰ ਆਸਰੇ ਦੀ ਝਾਕ ਮੁੱਕੇਗੀ।

ਘਰਿ ਬਾਹਰਿ ਏਕੋ ਕਰਿ ਜਾਣੁ ॥

ਆਪਣੇ ਅੰਦਰ ਤੇ ਬਾਹਰ ਸਾਰੇ ਸੰਸਾਰ ਵਿਚ ਸਿਰਫ਼ ਇਕ ਪਰਮਾਤਮਾ ਨੂੰ ਵੱਸਦਾ ਸਮਝੋ।

ਏਹਾ ਮਤਿ ਸਬਦੁ ਹੈ ਸਾਰੁ ॥

ਇਹੀ ਚੰਗੀ ਅਕਲ ਹੈ। ਗੁਰੂ ਦਾ ਸ਼ਬਦ (ਹਿਰਦੇ ਵਿਚ ਵਸਾਣਾ ਹੀ) ਸ੍ਰੇਸ਼ਟ (ਉੱਦਮ) ਹੈ।

ਵਿਚਿ ਦੁਬਿਧਾ ਮਾਥੈ ਪਵੈ ਛਾਰੁ ॥੭॥

ਜੇਹੜਾ ਮਨੁੱਖ ਗੁਰੂ ਦਾ ਸ਼ਬਦ ਵਿਸਾਰ ਕੇ ਪ੍ਰਭੂ ਦਾ ਨਾਮ ਭੁਲਾ ਕੇ ਹੋਰ ਆਸਰੇ ਦੀ ਝਾਕ ਵਿਚ ਪੈਂਦਾ ਹੈ, ਉਸ ਦੇ ਸਿਰ ਸੁਆਹ ਪੈਂਦੀ ਹੈ (ਉਹ ਖ਼ੁਆਰ ਹੁੰਦਾ ਹੈ) ॥੭॥

ਕਰਣੀ ਕੀਰਤਿ ਗੁਰਮਤਿ ਸਾਰੁ ॥

ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਸ੍ਰੇਸ਼ਟ ਕਰਨੀ ਹੈ, ਗੁਰੂ ਦੀ ਸਿੱਖਿਆ ਤੇ ਤੁਰਨਾ ਸ੍ਰੇਸ਼ਟ ਉੱਦਮ ਹੈ।

ਸੰਤ ਸਭਾ ਗੁਣ ਗਿਆਨੁ ਬੀਚਾਰੁ ॥

ਸਾਧ ਸੰਗਤ ਵਿਚ ਜਾ ਕੇ ਪਰਮਾਤਮਾ ਦੇ ਗੁਣਾਂ ਨਾਲ ਸਾਂਝ ਪਾਣੀ ਸਿੱਖ।

ਮਨੁ ਮਾਰੇ ਜੀਵਤ ਮਰਿ ਜਾਣੁ ॥

ਇਹ ਗੱਲ ਪੱਕ ਸਮਝ ਕਿ ਜੇਹੜਾ ਮਨੁੱਖ ਆਪਣੇ ਮਨ ਨੂੰ ਮਾਰਦਾ ਹੈ ਉਹ ਦੁਨੀਆ ਦੇ ਕਾਰ-ਵਿਹਾਰ ਕਰਦਾ ਹੋਇਆ ਹੀ (ਵਿਕਾਰਾਂ ਦੀ ਚੋਟ ਤੋਂ ਬਚਿਆ ਰਹਿੰਦਾ ਹੈ) ਮਾਇਆ ਦੇ ਮੋਹ ਵਲੋਂ ਮਰਿਆ ਰਹਿੰਦਾ ਹੈ।

ਨਾਨਕ ਨਦਰੀ ਨਦਰਿ ਪਛਾਣੁ ॥੮॥੩॥

ਹੇ ਨਾਨਕ! ਉਹ ਮਨੁੱਖ ਮੇਹਰ ਦੀ ਨਿਗਾਹ ਕਰਨ ਵਾਲੇ ਪਰਮਾਤਮਾ ਦੀ ਨਜ਼ਰ ਵਿਚ ਪਛਾਣੂ ਹੋ ਜਾਂਦਾ ਹੈ (ਜਚ ਜਾਂਦਾ ਹੈ) ॥੮॥੩॥


ਪ੍ਰਭਾਤੀ ਮਹਲਾ ੧ ॥
ਆਖਣਾ ਸੁਨਣਾ ਨਾਮੁ ਅਧਾਰੁ ॥

ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਸੁਣਨ ਸੁਣਾਨ ਨੂੰ ਆਪਣੇ ਆਤਮਕ ਜੀਵਨ ਦਾ ਸਹਾਰਾ ਬਣਾ ਲਿਆ ਹੈ,

ਧੰਧਾ ਛੁਟਕਿ ਗਇਆ ਵੇਕਾਰੁ ॥

ਉਸ ਦੀ ਮਾਇਆ ਦੀ ਖ਼ਾਤਰ ਹਰ ਵੇਲੇ ਦੀ ਵਿਅਰਥ ਦੌੜ-ਭੱਜ ਮੁੱਕ ਜਾਂਦੀ ਹੈ।

ਜਿਉ ਮਨਮੁਖਿ ਦੂਜੈ ਪਤਿ ਖੋਈ ॥

ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਪਰਮਾਤਮਾ ਤੋਂ ਬਿਨਾ ਹੋਰ ਹੋਰ ਆਸਰੇ ਦੀ ਝਾਕ ਵਿਚ (ਦੌੜ-ਭੱਜ ਕਰਦਾ) ਹੈ ਤੇ ਇੱਜ਼ਤ ਗਵਾ ਲੈਂਦਾ ਹੈ।

ਬਿਨੁ ਨਾਵੈ ਮੈ ਅਵਰੁ ਨ ਕੋਈ ॥੧॥

(ਹੇ ਮੇਰੇ ਮਨ!) ਮੈਨੂੰ ਤਾਂ ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਹੋਰ ਆਸਰਾ ਨਹੀਂ ਸੁੱਝਦਾ ॥੧॥

ਸੁਣਿ ਮਨ ਅੰਧੇ ਮੂਰਖ ਗਵਾਰ ॥

ਹੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਮਨ! ਹੇ ਮੂਰਖ ਮਨ! ਹੇ ਅਮੋੜ ਮਨ! ਸੁਣ,

ਆਵਤ ਜਾਤ ਲਾਜ ਨਹੀ ਲਾਗੈ ਬਿਨੁ ਗੁਰ ਬੂਡੈ ਬਾਰੋ ਬਾਰ ॥੧॥ ਰਹਾਉ ॥

(ਜੇਹੜਾ ਬੰਦਾ ਮਾਇਆ ਦੇ ਮੋਹ ਵਿਚ ਅੰਨ੍ਹਾ ਹੋ ਜਾਂਦਾ ਹੈ, ਤੇ ਮੁੜ ਮੁੜ ਮਾਇਆ ਦੇ ਮੋਹ ਵਿਚ ਫਸਣੋਂ ਮੁੜਦਾ ਨਹੀਂ, ਉਸ ਨੂੰ ਨਿਰੀ) ਮਾਇਆ ਦੀ ਖ਼ਾਤਰ ਦੌੜ-ਭੱਜ ਕਰਨ ਵਿਚ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ। ਗੁਰੂ ਦੀ ਸਰਨ ਤੋਂ ਵਾਂਜਿਆਂ ਰਹਿ ਕੇ ਉਹ ਮੁੜ ਮੁੜ ਮਾਇਆ ਦੇ ਮੋਹ ਵਿਚ ਹੀ ਡੁੱਬਦਾ ਹੈ (ਹੇ ਮਨ! ਚੇਤਾ ਰੱਖ ਤੂੰ ਭੀ ਐਸਾ ਹੀ ਨਿਲੱਜ ਹੋ ਜਾਵੇਂਗਾ) ॥੧॥ ਰਹਾਉ ॥

ਇਸੁ ਮਨ ਮਾਇਆ ਮੋਹਿ ਬਿਨਾਸੁ ॥

ਮਾਇਆ ਦੇ ਮੋਹ ਵਿਚ (ਫਸ ਕੇ) ਇਸ ਮਨ ਦੀ ਆਤਮਕ ਮੌਤ ਹੋ ਜਾਂਦੀ ਹੈ।

ਧੁਰਿ ਹੁਕਮੁ ਲਿਖਿਆ ਤਾਂ ਕਹੀਐ ਕਾਸੁ ॥

(ਪਰ ਜੀਵ ਦੇ ਕੀਹ ਵੱਸ?) ਜਦੋਂ ਧੁਰੋਂ ਹੀ ਇਹ ਹੁਕਮ ਚਲਿਆ ਆ ਰਿਹਾ ਹੈ ਤਾਂ ਕਿਸੇ ਹੋਰ ਅੱਗੇ ਪੁਕਾਰ ਭੀ ਨਹੀਂ ਕੀਤੀ ਜਾ ਸਕਦੀ (ਭਾਵ, ਮਾਇਆ ਦਾ ਮੋਹ ਆਤਮਕ ਮੌਤ ਦਾ ਕਾਰਨ ਬਣਦਾ ਹੈ-ਇਹ ਨਿਯਮ ਅਟੱਲ ਹੈ, ਇਸ ਨੂੰ ਕੋਈ ਉਲੰਘ ਨਹੀਂ ਸਕਦਾ)।

ਗੁਰਮੁਖਿ ਵਿਰਲਾ ਚੀਨੈ੍ ਕੋਈ ॥

ਕੋਈ ਵਿਰਲਾ ਬੰਦਾ ਗੁਰੂ ਦੀ ਸਰਨ ਪੈ ਕੇ ਸਮਝਦਾ ਹੈ,

ਨਾਮ ਬਿਹੂਨਾ ਮੁਕਤਿ ਨ ਹੋਈ ॥੨॥

ਕਿ ਪ੍ਰਭੂ ਦੇ ਨਾਮ ਤੋਂ ਬਿਨਾ ਮਾਇਆ ਦੇ ਮੋਹ ਤੋਂ ਖ਼ਲਾਸੀ ਨਹੀਂ ਹੋ ਸਕਦੀ ॥੨॥

ਭ੍ਰਮਿ ਭ੍ਰਮਿ ਡੋਲੈ ਲਖ ਚਉਰਾਸੀ ॥

ਮਾਇਆ ਦੇ ਮੋਹ ਵਿਚ ਭਟਕ ਭਟਕ ਕੇ ਜੀਵ ਚੌਰਾਸੀ ਲੱਖ ਜੂਨਾਂ ਦੇ ਗੇੜ ਵਿਚ ਧੱਕੇ ਖਾਂਦਾ ਫਿਰਦਾ ਹੈ।

ਬਿਨੁ ਗੁਰ ਬੂਝੇ ਜਮ ਕੀ ਫਾਸੀ ॥

ਗੁਰੂ ਤੋਂ ਬਿਨਾ ਸਹੀ ਜੀਵਨ-ਰਾਹ ਨਹੀਂ ਸਮਝਦਾ ਤੇ ਜਮ ਦੀ ਫਾਹੀ (ਇਸ ਦੇ ਗਲ ਵਿਚ ਪਈ ਰਹਿੰਦੀ ਹੈ)।

ਇਹੁ ਮਨੂਆ ਖਿਨੁ ਖਿਨੁ ਊਭਿ ਪਇਆਲਿ ॥

(ਮਾਇਆ ਦੇ ਅਸਰ ਵਿਚ) ਇਹ ਮਨ ਕਦੇ ਆਕਾਸ਼ ਵਿਚ ਜਾ ਚੜ੍ਹਦਾ ਹੈ ਕਦੇ ਪਾਤਾਲ ਵਿਚ ਡਿੱਗ ਪੈਂਦਾ ਹੈ।

ਗੁਰਮੁਖਿ ਛੂਟੈ ਨਾਮੁ ਸਮੑਾਲਿ ॥੩॥

ਜੇਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ ਉਹ ਪਰਮਾਤਮਾ ਦਾ ਨਾਮ ਸਿਮਰ ਕੇ ਇਸ ਗੇੜ ਵਿਚੋਂ ਬਚ ਨਿਕਲਦਾ ਹੈ ॥੩॥

ਆਪੇ ਸਦੇ ਢਿਲ ਨ ਹੋਇ ॥

ਜਿਸ ਮਨੁੱਖ ਨੂੰ ਪ੍ਰਭੂ ਆਪ ਹੀ (ਆਪਣੇ ਚਰਨਾਂ ਵਿਚ ਜੁੜਨ ਲਈ) ਸੱਦਦਾ ਹੈ ਉਸ ਨੂੰ ਮਿਲਦਿਆਂ ਚਿਰ ਨਹੀਂ ਲੱਗਦਾ,

ਸਬਦਿ ਮਰੈ ਸਹਿਲਾ ਜੀਵੈ ਸੋਇ ॥

ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਮਾਇਆ ਦੇ ਮੋਹ ਵਲੋਂ ਮਰ ਜਾਂਦਾ ਹੈ (ਭਾਵ, ਮਾਇਆ ਉਸ ਉਤੇ ਪ੍ਰਭਾਵ ਨਹੀਂ ਪਾ ਸਕਦੀ) ਤੇ ਉਹ ਬੜਾ ਸੌਖਾ ਜੀਵਨ ਗੁਜ਼ਾਰਦਾ ਹੈ।

ਬਿਨੁ ਗੁਰ ਸੋਝੀ ਕਿਸੈ ਨ ਹੋਇ ॥

ਗੁਰੂ ਦੀ ਸਰਨ ਪੈਣ ਤੋਂ ਬਿਨਾ ਕਿਸੇ ਨੂੰ ਆਤਮਕ ਜੀਵਨ ਦੀ ਸਮਝ ਨਹੀਂ ਪੈਂਦੀ।

ਆਪੇ ਕਰੈ ਕਰਾਵੈ ਸੋਇ ॥੪॥

(ਗੁਰੂ ਨਾਲ ਭੀ ਪ੍ਰਭੂ ਆਪ ਹੀ ਮਿਲਾਂਦਾ ਹੈ) ਪ੍ਰਭੂ ਆਪ ਹੀ ਇਹ ਸਭ ਕੁਝ ਕਰਦਾ ਹੈ ਤੇ ਜੀਵਾਂ ਪਾਸੋਂ ਕਰਾਂਦਾ ਹੈ ॥੪॥

ਝਗੜੁ ਚੁਕਾਵੈ ਹਰਿ ਗੁਣ ਗਾਵੈ ॥

ਜਿਸ ਮਨੁੱਖ ਦਾ ਮਾਇਆ ਦੇ ਮੋਹ ਦਾ ਲੰਮਾ ਗੇੜ ਪ੍ਰਭੂ ਮੁਕਾਂਦਾ ਹੈ ਉਹ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ,

ਪੂਰਾ ਸਤਿਗੁਰੁ ਸਹਜਿ ਸਮਾਵੈ ॥

ਪੂਰਾ ਗੁਰੂ ਉਸ ਦੇ ਸਿਰ ਉਤੇ ਰਾਖਾ ਬਣਦਾ ਹੈ ਤੇ ਉਹ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ।

ਇਹੁ ਮਨੁ ਡੋਲਤ ਤਉ ਠਹਰਾਵੈ ॥

ਤਦੋਂ ਮਨੁੱਖ ਦਾ ਇਹ ਮਨ ਮਾਇਆ ਪਿੱਛੇ ਭਟਕਣੋਂ ਹਟ ਜਾਂਦਾ ਹੈ,

ਸਚੁ ਕਰਣੀ ਕਰਿ ਕਾਰ ਕਮਾਵੈ ॥੫॥

ਤਦੋਂ ਮਨੁੱਖ ਸਦਾ-ਥਿਰ ਨਾਮ ਦੇ ਸਿਮਰਨ ਨੂੰ ਆਪਣਾ ਕਰਤੱਬ ਜਾਣ ਕੇ ਸਿਮਰਨ ਦੀ ਕਾਰ ਕਰਦਾ ਹੈ ॥੫॥

ਅੰਤਰਿ ਜੂਠਾ ਕਿਉ ਸੁਚਿ ਹੋਇ ॥

ਪਰ ਜਿਸ ਮਨੁੱਖ ਦਾ ਮਨ (ਵਿਕਾਰਾਂ ਨਾਲ) ਮੈਲਾ ਹੋ ਚੁਕਾ ਹੋਵੇ ਉਸ ਦੇ ਅੰਦਰ (ਬਾਹਰਲੇ ਇਸ਼ਨਾਨ ਆਦਿਕ ਨਾਲ) ਪਵਿਤ੍ਰਤਾ ਨਹੀਂ ਆ ਸਕਦੀ।

ਸਬਦੀ ਧੋਵੈ ਵਿਰਲਾ ਕੋਇ ॥

ਕੋਈ ਵਿਰਲਾ ਮਨੁੱਖ ਗੁਰੂ ਦੇ ਸ਼ਬਦ ਨਾਲ ਹੀ (ਮਨ ਨੂੰ) ਸਾਫ਼ ਕਰਦਾ ਹੈ।

ਗੁਰਮੁਖਿ ਕੋਈ ਸਚੁ ਕਮਾਵੈ ॥

ਕੋਈ ਵਿਰਲਾ ਹੀ ਗੁਰੂ ਦੀ ਸਰਨ ਪੈ ਕੇ ਸਦਾ-ਥਿਰ ਨਾਮ ਨੂੰ ਸਿਮਰਨ ਦੀ ਕਾਰ ਕਰਦਾ ਹੈ,

ਆਵਣੁ ਜਾਣਾ ਠਾਕਿ ਰਹਾਵੈ ॥੬॥

ਤੇ ਆਪਣੇ ਮਨ ਦੀ ਭਟਕਣਾ ਨੂੰ ਰੋਕ ਰੱਖਦਾ ਹੈ ॥੬॥

ਭਉ ਖਾਣਾ ਪੀਣਾ ਸੁਖੁ ਸਾਰੁ ॥

ਜਿਸ ਮਨੁੱਖ ਨੇ ਪਰਮਾਤਮਾ ਦੇ ਡਰ-ਅਦਬ ਨੂੰ ਆਪਣੇ ਆਤਮਕ ਜੀਵਨ ਦਾ ਆਸਰਾ ਬਣਾ ਲਿਆ ਹੈ ਜਿਵੇਂ ਖਾਣ ਪੀਣ ਨੂੰ ਸਰੀਰ ਦਾ ਸਹਾਰਾ ਬਣਾਈਦਾ ਹੈ,

ਹਰਿ ਜਨ ਸੰਗਤਿ ਪਾਵੈ ਪਾਰੁ ॥

ਉਹ ਮਨੁੱਖ ਗੁਰਮੁਖਾਂ ਦੀ ਸੰਗਤ ਵਿਚ ਰਹਿ ਕੇ (ਮਾਇਆ ਦੇ ਮੋਹ ਦੇ ਸਮੁੰਦਰ ਦਾ) ਪਾਰਲਾ ਬੰਨਾ ਲੱਭ ਲੈਂਦਾ ਹੈ।

ਸਚੁ ਬੋਲੈ ਬੋਲਾਵੈ ਪਿਆਰੁ ॥

ਉਹ ਮਨੁੱਖ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਦਾ ਹੈ, ਪ੍ਰਭੂ-ਚਰਨਾਂ ਦਾ ਪਿਆਰ ਉਸ ਨੂੰ ਸਿਮਰਨ ਵਲ ਹੀ ਪ੍ਰੇਰਦਾ ਰਹਿੰਦਾ ਹੈ।

ਗੁਰ ਕਾ ਸਬਦੁ ਕਰਣੀ ਹੈ ਸਾਰੁ ॥੭॥

ਗੁਰੂ ਦੇ ਸ਼ਬਦ ਨੂੰ ਹਿਰਦੇ ਵਿਚ ਟਿਕਾਣਾ ਹੀ ਉਹ ਮਨੁੱਖ ਸਭ ਤੋਂ ਸ੍ਰੇਸ਼ਟ ਕਰਤੱਬ ਸਮਝਦਾ ਹੈ ॥੭॥

ਹਰਿ ਜਸੁ ਕਰਮੁ ਧਰਮੁ ਪਤਿ ਪੂਜਾ ॥

ਉਸ ਮਨੁੱਖ ਨੇ ਇਹ ਨਿਸ਼ਚਾ ਕਰ ਲਿਆ ਹੁੰਦਾ ਹੈ ਕਿ ਪਰਮਾਤਮਾ ਦੀ ਸਿਫ਼ਤ-ਸਾਲਾਹ ਹੀ ਮੇਰੇ ਵਾਸਤੇ ਕਰਮ-ਕਾਂਡ ਹੈ, ਇਹੀ ਮੇਰੇ ਲਈ (ਲੋਕ ਪਰਲੋਕ ਦੀ) ਇੱਜ਼ਤ ਹੈ ਤੇ ਇਹੀ ਮੇਰੇ ਵਾਸਤੇ ਦੇਵ-ਪੂਜਾ ਹੈ।

ਕਾਮ ਕ੍ਰੋਧ ਅਗਨੀ ਮਹਿ ਭੂੰਜਾ ॥

ਉਹ ਮਨੁੱਖ ਕਾਮ ਕ੍ਰੋਧ ਆਦਿਕ ਵਿਕਾਰਾਂ ਨੂੰ (ਗਿਆਨ ਦੀ) ਅੱਗ ਵਿਚ ਸਾੜ ਦੇਂਦਾ ਹੈ।

ਹਰਿ ਰਸੁ ਚਾਖਿਆ ਤਉ ਮਨੁ ਭੀਜਾ ॥

ਜਦੋਂ ਮਨੁੱਖ (ਇਕ ਵਾਰੀ) ਪਰਮਾਤਮਾ ਦੇ ਨਾਮ ਦਾ ਰਸ ਚੱਖ ਲੈਂਦਾ ਹੈ ਤਾਂ ਉਸ ਦਾ ਮਨ (ਸਦਾ ਲਈ ਉਸ ਰਸ ਵਿਚ) ਭਿੱਜ ਜਾਂਦਾ ਹੈ।

ਪ੍ਰਣਵਤਿ ਨਾਨਕੁ ਅਵਰੁ ਨ ਦੂਜਾ ॥੮॥੫॥

ਨਾਨਕ ਬੇਨਤੀ ਕਰਦਾ ਹੈ ਕਿ ਫਿਰ ਉਸ ਨੂੰ ਕੋਈ ਹੋਰ ਰਸ ਚੰਗਾ ਨਹੀਂ ਲੱਗਦਾ ॥੮॥੫॥


ਪ੍ਰਭਾਤੀ ਮਹਲਾ ੧ ॥
ਰਾਮ ਨਾਮੁ ਜਪਿ ਅੰਤਰਿ ਪੂਜਾ ॥

(ਹੇ ਪੰਡਿਤ!) ਪਰਮਾਤਮਾ ਦਾ ਨਾਮ ਜਪ, (ਇਹੀ) ਅੰਤਰ ਆਤਮੇ (ਪਰਮਾਤਮ ਦੇਵ ਦੀ) ਪੂਜਾ ਹੈ।

ਗੁਰਸਬਦੁ ਵੀਚਾਰਿ ਅਵਰੁ ਨਹੀ ਦੂਜਾ ॥੧॥

ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਈ ਰੱਖ (ਤੈਨੂੰ ਸਮਝ ਆ ਜਾਇਗੀ ਕਿ) ਪਰਮਾਤਮਾ ਤੋਂ ਬਿਨਾ ਕੋਈ (ਦੇਵੀ ਦੇਵਤਾ) ਨਹੀਂ ਹੈ (ਜਿਸ ਦੀ ਪੂਜਾ ਕੀਤੀ ਜਾਏ) ॥੧॥

ਏਕੋ ਰਵਿ ਰਹਿਆ ਸਭ ਠਾਈ ॥

(ਹੇ ਪੰਡਿਤ!) ਇਕ ਪਰਮਾਤਮਾ ਸਭ ਥਾਵਾਂ ਵਿਚ ਵਿਆਪਕ ਹੈ।

ਅਵਰੁ ਨ ਦੀਸੈ ਕਿਸੁ ਪੂਜ ਚੜਾਈ ॥੧॥ ਰਹਾਉ ॥

ਮੈਨੂੰ (ਉਸ ਤੋਂ ਬਿਨਾ ਕਿਤੇ) ਕੋਈ ਹੋਰ ਨਹੀਂ ਦਿੱਸਦਾ। ਮੈਂ ਹੋਰ ਕਿਸ ਦੀ ਪੂਜਾ ਕਰਾਂ? ਮੈਂ ਹੋਰ ਕਿਸ ਨੂੰ (ਫੁੱਲ ਆਦਿਕ) ਭੇਟ ਕਰਾਂ? ॥੧॥ ਰਹਾਉ ॥

ਮਨੁ ਤਨੁ ਆਗੈ ਜੀਅੜਾ ਤੁਝ ਪਾਸਿ ॥

(ਹੇ ਪੰਡਿਤ! ਇਹ ਫੁੱਲਾਂ ਦੀ ਭੇਟ ਕਿਸ ਅਰਥ? ਹੇ ਪ੍ਰਭੂ!) ਮੇਰਾ ਇਹ ਮਨ ਮੇਰਾ ਇਹ ਸਰੀਰ ਤੇਰੇ ਅੱਗੇ ਹਾਜ਼ਰ ਹੈ ਮੇਰੀ ਇਹ ਨਿੱਕੀ ਜਿੰਦ ਭੀ ਤੇਰੇ ਹਵਾਲੇ ਹੈ।

ਜਿਉ ਭਾਵੈ ਤਿਉ ਰਖਹੁ ਅਰਦਾਸਿ ॥੨॥

(ਮੈਂ ਤਾਂ ਇਉਂ ਪਰਮਾਤਮਾ ਦੇ ਦਰ ਤੇ) ਅਰਦਾਸ ਕਰਦਾ ਹਾਂ- (ਹੇ ਪ੍ਰਭੂ!) ਜਿਵੇਂ ਤੇਰੀ ਰਜ਼ਾ ਹੈ ਮੈਨੂੰ ਉਵੇਂ ਰੱਖ ॥੨॥

ਸਚੁ ਜਿਹਵਾ ਹਰਿ ਰਸਨ ਰਸਾਈ ॥

ਜੇਹੜਾ ਮਨੁੱਖ ਆਪਣੀ ਜੀਭ ਨਾਲ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਦਾ ਹੈ ਤੇ ਆਪਣੀ ਜੀਭ ਨੂੰ ਪ੍ਰਭੂ ਦੇ ਨਾਮ-ਰਸ ਵਿਚ ਰਸਾ ਲੈਂਦਾ ਹੈ,

ਗੁਰਮਤਿ ਛੂਟਸਿ ਪ੍ਰਭ ਸਰਣਾਈ ॥੩॥

ਗੁਰੂ ਦੀ ਮੱਤ ਲੈ ਕੇ ਪ੍ਰਭੂ ਦੀ ਸਰਨ ਪੈਂਦਾ ਹੈ, ਉਹ ਮਾਇਆ ਦੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ ॥੩॥

ਕਰਮ ਧਰਮ ਪ੍ਰਭਿ ਮੇਰੈ ਕੀਏ ॥

(ਪਰਮਾਤਮਾ ਸਭ ਹੀ ਜੀਵਾਂ ਵਿਚ ਵਿਆਪਕ ਹੈ, ਇਸ ਦ੍ਰਿਸ਼ਟੀ-ਕੋਣ ਤੋਂ) ਮੇਰੇ ਪਰਮਾਤਮਾ ਨੇ ਹੀ ਕਰਮ-ਕਾਂਡ ਬਣਾਏ ਹਨ,

ਨਾਮੁ ਵਡਾਈ ਸਿਰਿ ਕਰਮਾਂ ਕੀਏ ॥੪॥

ਪਰ ਪ੍ਰਭੂ ਨੇ ਹੀ ਨਾਮ-ਸਿਮਰਨ ਨੂੰ ਸਭ ਕਰਮਾਂ ਦੇ ਉੱਤੇ ਵਡਿਆਈ ਦਿੱਤੀ ਹੈ ॥੪॥

ਸਤਿਗੁਰ ਕੈ ਵਸਿ ਚਾਰਿ ਪਦਾਰਥ ॥

(ਲੋਕ ਦੁਨੀਆ ਦੇ ਪਦਾਰਥਾਂ ਦੀ ਖ਼ਾਤਰ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਫਿਰਦੇ ਹਨ, ਪਰ) ਗੁਰੂ ਦੇ ਇਖ਼ਤਿਆਰ ਵਿਚ (ਧਰਮ, ਅਰਥ, ਕਾਮ, ਮੋਖ) ਚਾਰੇ ਹੀ ਪਦਾਰਥ ਹਨ।

ਤੀਨਿ ਸਮਾਏ ਏਕ ਕ੍ਰਿਤਾਰਥ ॥੫॥

(ਗੁਰੂ ਦੀ) ਸਰਨ ਪਿਆਂ (ਪਹਿਲੇ) ਤਿੰਨਾਂ ਪਦਾਰਥਾਂ ਦੀ ਵਾਸਨਾ ਹੀ ਮੁੱਕ ਜਾਂਦੀ ਹੈ, ਤੇ, ਮਨੁੱਖ ਨੂੰ ਇਕ ਵਿਚ ਸਫਲਤਾ ਹੋ ਜਾਂਦੀ ਹੈ (ਭਾਵ, ਮਾਇਆ ਦੇ ਮੋਹ ਤੋਂ ਮੁਕਤੀ ਮਿਲ ਜਾਂਦੀ ਹੈ) ॥੫॥

ਸਤਿਗੁਰਿ ਦੀਏ ਮੁਕਤਿ ਧਿਆਨਾਂ ॥

ਜਿਨ੍ਹਾਂ ਮਨੁੱਖਾਂ ਨੂੰ ਗੁਰੂ ਨੇ ਮਾਇਆ ਦੇ ਮੋਹ ਤੋਂ ਖ਼ਲਾਸੀ ਬਖ਼ਸ਼ੀ, ਪ੍ਰਭੂ-ਚਰਨਾਂ ਵਿਚ ਸੁਰਤ ਜੋੜਨ ਦੀ ਦਾਤ ਦਿੱਤੀ,

ਹਰਿ ਪਦੁ ਚੀਨਿ੍ ਭਏ ਪਰਧਾਨਾ ॥੬॥

ਉਹਨਾਂ ਨੇ ਪਰਮਾਤਮਾ ਨਾਲ ਮੇਲ-ਅਵਸਥਾ ਪਛਾਣ ਲਈ ਤੇ ਉਹ (ਲੋਕ ਪਰਲੋਕ ਵਿਚ) ਮੰਨੇ ਪ੍ਰਮੰਨੇ ਗਏ ॥੬॥

ਮਨੁ ਤਨੁ ਸੀਤਲੁ ਗੁਰਿ ਬੂਝ ਬੁਝਾਈ ॥

ਜਿਨ੍ਹਾਂ ਮਨੁੱਖਾਂ ਨੂੰ ਸਤਿਗੁਰੂ ਨੇ ਆਤਮਕ ਜੀਵਨ ਦੀ ਸਮਝ ਬਖ਼ਸ਼ੀ ਉਹਨਾਂ ਦਾ ਮਨ ਉਹਨਾਂ ਦਾ ਸਰੀਰ (ਭਾਵ, ਗਿਆਨ-ਇੰਦ੍ਰੇ ਵਿਕਾਰਾਂ ਦੀ ਤਪਸ਼ ਤੋਂ ਬਚ ਕੇ) ਠੰਢੇ-ਠਾਰ ਹੋ ਗਏ,

ਪ੍ਰਭੁ ਨਿਵਾਜੇ ਕਿਨਿ ਕੀਮਤਿ ਪਾਈ ॥੭॥

ਪ੍ਰਭੂ ਨੇ ਉਹਨਾਂ ਨੂੰ ਵਡਿਆਈ ਦਿੱਤੀ, (ਉਹਨਾਂ ਦਾ ਆਤਮਕ ਜੀਵਨ ਇਤਨਾ ਉੱਚਾ ਹੋ ਗਿਆ ਕਿ) ਕੋਈ ਆਦਮੀ ਉਸ ਜੀਵਨ ਦਾ ਮੁੱਲ ਨਹੀਂ ਪਾ ਸਕਦਾ ॥੭॥

ਕਹੁ ਨਾਨਕ ਗੁਰਿ ਬੂਝ ਬੁਝਾਈ ॥
ਨਾਨਕ ਆਖਦਾ ਹੈ- ਗੁਰੂ ਨੇ (ਮੈਨੂੰ) ਇਹ ਸੂਝ ਬਖ਼ਸ਼ ਦਿੱਤੀ ਹੈ,
ਨਾਮ ਬਿਨਾ ਗਤਿ ਕਿਨੈ ਨ ਪਾਈ ॥੮॥੬॥

ਕਿ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਕਿਸੇ ਨੇ (ਕਦੇ) ਉੱਚੀ ਆਤਮਕ ਅਵਸਥਾ ਹਾਸਲ ਨਹੀਂ ਕੀਤੀ ॥੮॥੬॥


ਪ੍ਰਭਾਤੀ ਮਹਲਾ ੧ ॥
ਇਕਿ ਧੁਰਿ ਬਖਸਿ ਲਏ ਗੁਰਿ ਪੂਰੈ ਸਚੀ ਬਣਤ ਬਣਾਈ ॥

ਜੇਹੜੇ ਬੰਦੇ ਧੁਰੋਂ ਪ੍ਰਭੂ ਦੀ ਰਜ਼ਾ ਅਨੁਸਾਰ ਪੂਰੇ ਗੁਰੂ ਨੇ ਬਖ਼ਸ਼ੇ ਹਨ (ਜਿਨ੍ਹਾਂ ਉਤੇ ਗੁਰੂ ਨੇ ਮੇਹਰ ਕੀਤੀ ਹੈ) ਗੁਰੂ ਨੇ ਉਹਨਾਂ ਦੀ ਮਾਨਸਕ ਬਨਾਵਟ ਅਜੇਹੀ ਬਣਾ ਦਿੱਤੀ ਹੈ ਕਿ ਉਹਨਾਂ ਨੂੰ ਸਦਾ-ਥਿਰ ਪ੍ਰਭੂ ਦੇ ਸਿਮਰਨ ਵੱਲ ਪ੍ਰੇਰਦੀ ਹੈ।

ਹਰਿ ਰੰਗ ਰਾਤੇ ਸਦਾ ਰੰਗੁ ਸਾਚਾ ਦੁਖ ਬਿਸਰੇ ਪਤਿ ਪਾਈ ॥੧॥

ਉਹ ਸਦਾ ਪਰਮਾਤਮਾ ਦੇ ਨਾਮ-ਰੰਗ ਨਾਲ ਰੰਗੇ ਰਹਿੰਦੇ ਹਨ, ਉਹਨਾਂ (ਦੇ ਮਨ) ਨੂੰ ਸਦਾ-ਥਿਰ ਰਹਿਣ ਵਾਲਾ ਪ੍ਰੇਮ-ਰੰਗ ਚੜ੍ਹਿਆ ਰਹਿੰਦਾ ਹੈ। ਉਹਨਾਂ ਦੇ ਦੁੱਖ ਦੂਰ ਹੋ ਜਾਂਦੇ ਹਨ ਤੇ ਉਹ (ਲੋਕ ਪਰਲੋਕ ਵਿਚ) ਸੋਭਾ ਖੱਟਦੇ ਹਨ ॥੧॥

ਝੂਠੀ ਦੁਰਮਤਿ ਕੀ ਚਤੁਰਾਈ ॥

ਭੈੜੀ ਮੱਤ ਤੋਂ ਪੈਦਾ ਹੋਈ ਸਿਆਣਪ ਮਨੁੱਖ ਨੂੰ ਨਾਸਵੰਤ ਪਦਾਰਥਾਂ ਵੱਲ ਹੀ ਪ੍ਰੇਰਦੀ ਰਹਿੰਦੀ ਹੈ,

ਬਿਨਸਤ ਬਾਰ ਨ ਲਾਗੈ ਕਾਈ ॥੧॥ ਰਹਾਉ ॥

(ਇਸ ਸਿਆਣਪ ਦੇ ਕਾਰਨ) ਮਨੁੱਖ ਨੂੰ ਆਤਮਕ ਮੌਤੇ ਮਰਦਿਆਂ ਰਤਾ ਚਿਰ ਨਹੀਂ ਲੱਗਦਾ ॥੧॥ ਰਹਾਉ ॥

ਮਨਮੁਖ ਕਉ ਦੁਖੁ ਦਰਦੁ ਵਿਆਪਸਿ ਮਨਮੁਖਿ ਦੁਖੁ ਨ ਜਾਈ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਨੂੰ (ਕਈ ਕਿਸਮ ਦੇ) ਦੁੱਖ ਕਲੇਸ਼ ਦਬਾਈ ਰੱਖਦੇ ਹਨ, ਆਪਣੇ ਮਨ ਦੀ ਅਗਵਾਈ ਵਿਚ ਉਹਨਾਂ ਦਾ ਦੁਖ ਕਦੇ ਦੂਰ ਨਹੀਂ ਹੁੰਦਾ।

ਸੁਖ ਦੁਖ ਦਾਤਾ ਗੁਰਮੁਖਿ ਜਾਤਾ ਮੇਲਿ ਲਏ ਸਰਣਾਈ ॥੨॥

ਜੇਹੜੇ ਬੰਦੇ ਗੁਰੂ ਦੀ ਸਰਨ ਪੈਂਦੇ ਹਨ ਉਹ ਸੁਖ ਦੇਣ ਵਾਲੇ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦੇ ਹਨ, ਪਰਮਾਤਮਾ ਉਹਨਾਂ ਨੂੰ ਆਪਣੀ ਸਰਨ ਵਿਚ ਰੱਖ ਕੇ ਆਪਣੇ ਨਾਲ ਮਿਲਾ ਲੈਂਦਾ ਹੈ ॥੨॥

ਮਨਮੁਖ ਤੇ ਅਭ ਭਗਤਿ ਨ ਹੋਵਸਿ ਹਉਮੈ ਪਚਹਿ ਦਿਵਾਨੇ ॥

ਮਨਮੁਖਾਂ ਪਾਸੋਂ ਚਿੱਤ ਦੀ ਇਕਾਗ੍ਰਤਾ ਨਾਲ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ ਕਿਉਂਕਿ ਉਹ ਹਉਮੈ ਵਿਚ ਕਮਲੇ ਹੋਏ ਹੋਏ ਅੰਦਰੇ ਅੰਦਰ ਖ਼ੁਆਰ ਹੁੰਦੇ ਰਹਿੰਦੇ ਹਨ।

ਇਹੁ ਮਨੂਆ ਖਿਨੁ ਊਭਿ ਪਇਆਲੀ ਜਬ ਲਗਿ ਸਬਦ ਨ ਜਾਨੇ ॥੩॥

ਜਦੋਂ ਤਕ ਮਨੁੱਖ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਂਦਾ, ਤਦ ਤਕ ਇਸ ਦਾ ਇਹ ਮਨ (ਮਾਇਆ ਦੇ ਮੋਹ ਕਾਰਨ) ਕਦੇ ਆਕਾਸ਼ ਵਿਚ ਜਾ ਪਹੁੰਚਦਾ ਹੈ ਕਦੇ ਪਾਤਾਲ ਵਿਚ ਜਾ ਡਿੱਗਦਾ ਹੈ ॥੩॥

ਭੂਖ ਪਿਆਸਾ ਜਗੁ ਭਇਆ ਤਿਪਤਿ ਨਹੀ ਬਿਨੁ ਸਤਿਗੁਰ ਪਾਏ ॥

ਜਗਤ ਮਾਇਆ ਦੀ ਭੁੱਖ ਮਾਇਆ ਦੀ ਤ੍ਰੇਹ ਨਾਲ ਘਬਰਾਇਆ ਪਿਆ ਹੈ, ਸਤਿਗੁਰੂ ਦੀ ਸਰਨ ਆਉਣ ਤੋਂ ਬਿਨਾ ਤ੍ਰਿਸ਼ਨਾ ਨਹੀਂ ਮਿਟਦੀ ਸੰਤੋਖ ਨਹੀਂ ਆਉਂਦਾ।

ਸਹਜੈ ਸਹਜੁ ਮਿਲੈ ਸੁਖੁ ਪਾਈਐ ਦਰਗਹ ਪੈਧਾ ਜਾਏ ॥੪॥

(ਗੁਰੂ ਦੀ ਸਰਨ ਪਿਆਂ) ਆਤਮਕ ਅਡੋਲਤਾ ਪ੍ਰਾਪਤ ਹੁੰਦੀ ਹੈ, ਆਤਮਕ ਆਨੰਦ ਮਿਲਦਾ ਹੈ, ਤੇ ਪਰਮਾਤਮਾ ਦੀ ਹਜ਼ੂਰੀ ਵਿਚ ਮਨੁੱਖ ਆਦਰ ਨਾਲ ਜਾਂਦਾ ਹੈ ॥੪॥

ਦਰਗਹ ਦਾਨਾ ਬੀਨਾ ਇਕੁ ਆਪੇ ਨਿਰਮਲ ਗੁਰ ਕੀ ਬਾਣੀ ॥

ਸਤਿਗੁਰੂ ਦੀ ਪਵਿਤ੍ਰ-ਬਾਣੀ ਵਿਚ ਜੁੜਿਆਂ ਇਹ ਸਮਝ ਆਉਂਦੀ ਹੈ ਕਿ ਪਰਮਾਤਮਾ ਆਪ ਹੀ ਸਭ ਜੀਵਾਂ ਦੇ ਦਿਲ ਦੀ ਜਾਣਦਾ ਹੈ, ਆਪ ਹੀ ਸਭ ਦੇ ਕਰਮ ਵੇਖਦਾ ਹੈ,

ਆਪੇ ਸੁਰਤਾ ਸਚੁ ਵੀਚਾਰਸਿ ਆਪੇ ਬੂਝੈ ਪਦੁ ਨਿਰਬਾਣੀ ॥੫॥

ਸਦਾ-ਥਿਰ ਪ੍ਰਭੂ ਆਪ ਹੀ ਸਭ ਦੀਆਂ ਅਰਦਾਸਾਂ ਸੁਣਦਾ ਹੈ ਤੇ ਵਿਚਾਰਦਾ ਹੈ, ਆਪ ਹੀ ਜੀਵਾਂ ਦੀਆਂ ਲੋੜਾਂ ਸਮਝਦਾ ਹੈ, ਆਪ ਹੀ ਵਾਸਨਾ-ਰਹਿਤ ਆਤਮਕ ਅਵਸਥਾ ਦਾ ਮਾਲਕ ਹੈ ॥੫॥

ਜਲੁ ਤਰੰਗ ਅਗਨੀ ਪਵਨੈ ਫੁਨਿ ਤ੍ਰੈ ਮਿਲਿ ਜਗਤੁ ਉਪਾਇਆ ॥

ਗੁਰੂ ਦੀ ਰਾਹੀਂ ਇਹ ਸਮਝ ਆਉਂਦੀ ਹੈ ਕਿ ਪਰਮਾਤਮਾ ਨੇ ਆਪ ਹੀ ਪਾਣੀ ਅੱਗ ਹਵਾ (ਆਦਿਕ) ਤੱਤ ਪੈਂਦਾ ਕੀਤੇ, ਪ੍ਰਭੂ ਦੇ ਹੁਕਮ ਵਿਚ ਹੀ ਇਹਨਾਂ ਤਿੰਨਾਂ ਨੇ ਮਿਲ ਕੇ ਜਗਤ ਪੈਦਾ ਕੀਤਾ।

ਐਸਾ ਬਲੁ ਛਲੁ ਤਿਨ ਕਉ ਦੀਆ ਹੁਕਮੀ ਠਾਕਿ ਰਹਾਇਆ ॥੬॥

ਪਰਮਾਤਮਾ ਨੇ ਇਹਨਾਂ ਤੱਤਾਂ ਨੂੰ ਬੇਅੰਤ ਤਾਕਤ ਦਿੱਤੀ ਹੋਈ ਹੈ, ਪਰ ਆਪਣੇ ਹੁਕਮ ਨਾਲ ਇਹਨਾਂ ਨੂੰ (ਬੇ-ਥਵ੍ਹੀ ਤਾਕਤ ਵਰਤਣ ਵਲੋਂ) ਰੋਕ ਭੀ ਰਖਿਆ ॥੬॥

ਐਸੇ ਜਨ ਵਿਰਲੇ ਜਗ ਅੰਦਰਿ ਪਰਖਿ ਖਜਾਨੈ ਪਾਇਆ ॥

ਜਗਤ ਵਿਚ ਅਜੇਹੇ ਬੰਦੇ ਵਿਰਲੇ ਹਨ ਜਿਨ੍ਹਾਂ ਦੇ ਜੀਵਨ ਨੂੰ ਪਰਖ ਕੇ (ਤੇ ਪਰਵਾਨ ਕਰ ਕੇ) ਪਰਮਾਤਮਾ ਨੇ ਆਪਣੇ ਖ਼ਜ਼ਾਨੇ ਵਿਚ ਪਾ ਲਿਆ,

ਜਾਤਿ ਵਰਨ ਤੇ ਭਏ ਅਤੀਤਾ ਮਮਤਾ ਲੋਭੁ ਚੁਕਾਇਆ ॥੭॥

ਅਜੇਹੇ ਬੰਦੇ ਜਾਤਿ ਤੇ (ਬ੍ਰਾਹਮਣ ਖਤ੍ਰੀ ਆਦਿਕ) ਵਰਨ ਦੇ ਮਾਣ ਤੋਂ ਨਿਰਲੇਪ ਰਹਿੰਦੇ ਹਨ, ਤੇ ਮਾਇਆ ਦੀ ਮਮਤਾ ਤੇ ਮਾਇਆ ਦਾ ਲੋਭ ਦੂਰ ਕਰ ਲੈਂਦੇ ਹਨ ॥੭॥

ਨਾਮਿ ਰਤੇ ਤੀਰਥ ਸੇ ਨਿਰਮਲ ਦੁਖੁ ਹਉਮੈ ਮੈਲੁ ਚੁਕਾਇਆ ॥

ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਹੋਏ ਬੰਦੇ ਅਸਲੀ ਪਵਿਤ੍ਰ ਤੀਰਥ ਹਨ, ਉਹਨਾਂ ਨੇ ਹਉਮੈ ਦਾ ਦੁੱਖ ਹਉਮੈ ਦੀ ਮੈਲ ਆਪਣੇ ਮਨ ਵਿਚੋਂ ਮੁਕਾ ਲਈ ਹੁੰਦੀ ਹੈ।

ਨਾਨਕੁ ਤਿਨ ਕੇ ਚਰਨ ਪਖਾਲੈ ਜਿਨਾ ਗੁਰਮੁਖਿ ਸਾਚਾ ਭਾਇਆ ॥੮॥੭॥

ਹੇ ਨਾਨਕ! ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਬੰਦਿਆਂ ਨੂੰ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਪਿਆਰਾ ਲੱਗਦਾ ਹੈ ਮੈਂ ਉਹਨਾਂ ਦੇ ਚਰਨ ਧੋਂਦਾ ਹਾਂ ॥੮॥੭॥


ਪ੍ਰਭਾਤੀ ਮਹਲਾ ੩ ॥
ਭੈ ਭਾਇ ਜਾਗੇ ਸੇ ਜਨ ਜਾਗ੍ਰਣ ਕਰਹਿ ਹਉਮੈ ਮੈਲੁ ਉਤਾਰਿ ॥

ਜਿਹੜੇ ਮਨੁੱਖ ਪਰਮਾਤਮਾ ਦੇ ਡਰ-ਅਦਬ ਵਿਚ ਰਹਿ ਕੇ ਪਰਮਾਤਮਾ ਦੇ ਪਿਆਰ ਵਿਚ ਟਿਕ ਕੇ (ਕਾਮਾਦਿਕ ਵਿਕਾਰਾਂ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ, ਉਹ ਬੰਦੇ ਹੀ (ਆਪਣੇ ਮਨ ਤੋਂ) ਹਉਮੈ ਦੀ ਮੈਲ ਲਾਹ ਕੇ (ਅਸਲ) ਜਾਗਰੇ ਕਰਦੇ ਹਨ।

ਸਦਾ ਜਾਗਹਿ ਘਰੁ ਅਪਣਾ ਰਾਖਹਿ ਪੰਚ ਤਸਕਰ ਕਾਢਹਿ ਮਾਰਿ ॥੧॥

(ਅਜਿਹੇ ਮਨੁੱਖ) ਸਦਾ ਸੁਚੇਤ ਰਹਿੰਦੇ ਹਨ, ਆਪਣਾ ਹਿਰਦਾ-ਘਰ (ਵਿਕਾਰ ਦੀ ਮਾਰ ਤੋਂ) ਬਚਾ ਰੱਖਦੇ ਹਨ (ਇਹਨਾਂ ਕਾਮਾਦਕਿ) ਪੰਜ ਚੋਰਾਂ ਨੂੰ (ਆਪਣੇ ਅੰਦਰੋਂ) ਮਾਰ ਕੇ ਕੱਢ ਦੇਂਦੇ ਹਨ ॥੧॥

ਮਨ ਮੇਰੇ ਗੁਰਮੁਖਿ ਨਾਮੁ ਧਿਆਇ ॥

ਹੇ ਮੇਰੇ ਮਨ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰ।

ਜਿਤੁ ਮਾਰਗਿ ਹਰਿ ਪਾਈਐ ਮਨ ਸੇਈ ਕਰਮ ਕਮਾਇ ॥੧॥ ਰਹਾਉ ॥

ਹੇ ਮਨ! (ਹੋਰ ਹੋਰ ਪੂਜਾ ਦੇ ਕਰਮ ਛੱਡ ਕੇ) ਉਹੀ ਕਰਮ ਕਰਿਆ ਕਰ, ਜਿਸ ਰਸਤੇ ਪਿਆਂ ਪਰਮਾਤਮਾ ਦਾ ਮਿਲਾਪ ਹੋ ਸਕੇ ॥੧॥ ਰਹਾਉ ॥

ਗੁਰਮੁਖਿ ਸਹਜ ਧੁਨਿ ਊਪਜੈ ਦੁਖੁ ਹਉਮੈ ਵਿਚਹੁ ਜਾਇ ॥

ਗੁਰੂ ਦੀ ਸਰਨ ਪਿਆਂ (ਮਨੁੱਖ ਦੇ ਅੰਦਰ) ਆਤਮਕ ਅਡੋਲਤਾ ਦੀ ਰੌ ਚੱਲ ਪੈਂਦੀ ਹੈ (ਮਨੁੱਖ ਦੇ ਅੰਦਰੋਂ) ਹਉਮੈ ਦਾ ਦੁੱਖ ਦੂਰ ਹੋ ਜਾਂਦਾ ਹੈ।

ਹਰਿ ਨਾਮਾ ਹਰਿ ਮਨਿ ਵਸੈ ਸਹਜੇ ਹਰਿ ਗੁਣ ਗਾਇ ॥੨॥

ਆਤਮਕ ਅਡੋਲਤਾ ਵਿਚ ਪਰਮਾਤਮਾ ਦੇ ਗੁਣ ਗਾ ਗਾ ਕੇ ਪਰਮਾਤਮਾ ਦਾ ਨਾਮ ਸਦਾ ਲਈ (ਮਨੁੱਖ ਦੇ) ਮਨ ਵਿਚ ਆ ਵੱਸਦਾ ਹੈ ॥੨॥

ਗੁਰਮਤੀ ਮੁਖ ਸੋਹਣੇ ਹਰਿ ਰਾਖਿਆ ਉਰਿ ਧਾਰਿ ॥

ਗੁਰੂ ਦੀ ਮੱਤ ਉੱਤੇ ਤੁਰ ਕੇ (ਜਿਨ੍ਹਾਂ ਮਨੁੱਖਾਂ ਨੇ) ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ, ਉਹਨਾਂ ਦੇ ਮੂੰਹ (ਲੋਕ ਪਰਲੋਕ ਵਿਚ) ਸੋਹਣੇ ਹੋ ਜਾਂਦੇ ਹਨ।

ਐਥੈ ਓਥੈ ਸੁਖੁ ਘਣਾ ਜਪਿ ਹਰਿ ਹਰਿ ਉਤਰੇ ਪਾਰਿ ॥੩॥

(ਉਹਨਾਂ ਨੂੰ) ਇਸ ਲੋਕ ਅਤੇ ਪਰਲੋਕ ਵਿਚ ਬਹੁਤ ਆਨੰਦ ਮਿਲਦਾ ਹੈ, ਪਰਮਾਤਮਾ ਦਾ ਨਾਮ ਸਦਾ ਜਪ ਕੇ ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ॥੩॥

ਹਉਮੈ ਵਿਚਿ ਜਾਗ੍ਰਣੁ ਨ ਹੋਵਈ ਹਰਿ ਭਗਤਿ ਨ ਪਵਈ ਥਾਇ ॥

ਹਉਮੈ ਵਿਚ ਫਸੇ ਰਿਹਾਂ (ਵਿਕਾਰਾਂ ਵਲੋਂ) ਜਾਗਰਾ ਨਹੀਂ ਹੋ ਸਕਦਾ, (ਹਉਮੈ ਵਿਚ ਟਿਕੇ ਰਹਿ ਕੇ ਕੀਤੀ ਹੋਈ) ਪਰਮਾਤਮਾ ਦੀ ਭਗਤੀ (ਭੀ) ਕਬੂਲ ਨਹੀਂ ਹੁੰਦੀ।

ਮਨਮੁਖ ਦਰਿ ਢੋਈ ਨਾ ਲਹਹਿ ਭਾਇ ਦੂਜੈ ਕਰਮ ਕਮਾਇ ॥੪॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਪ੍ਰਭੂ ਤੋਂ ਬਿਨਾ) ਹੋਰ ਹੋਰ ਦੇ ਪਿਆਰ ਵਿਚ ਕਰਮ ਕਰ ਕੇ ਪਰਮਾਤਮਾ ਦੇ ਦਰ ਤੇ ਆਸਰਾ ਨਹੀਂ ਲੱਭ ਸਕਦੇ ॥੪॥

ਧ੍ਰਿਗੁ ਖਾਣਾ ਧ੍ਰਿਗੁ ਪੈਨ੍ਰਣਾ ਜਿਨ੍ਰਾ ਦੂਜੈ ਭਾਇ ਪਿਆਰੁ ॥

ਜਿਨ੍ਹਾਂ ਮਨੁੱਖਾਂ ਦੀ ਲਗਨ ਮਾਇਆ ਦੇ ਮੋਹ ਵਿਚ ਟਿਕੀ ਰਹਿੰਦੀ ਹੈ, (ਉਹਨਾਂ ਦਾ ਚੰਗੇ ਚੰਗੇ ਪਦਾਰਥ) ਖਾਣਾ ਹੰਢਾਣਾ (ਭੀ ਉਹਨਾਂ ਵਾਸਤੇ) ਫਿਟਕਾਰ-ਜੋਗ (ਜੀਵਨ ਹੀ ਬਣਾਂਦਾ) ਹੈ।

ਬਿਸਟਾ ਕੇ ਕੀੜੇ ਬਿਸਟਾ ਰਾਤੇ ਮਰਿ ਜੰਮਹਿ ਹੋਹਿ ਖੁਆਰੁ ॥੫॥

(ਜਿਵੇਂ) ਗੂੰਹ ਦੇ ਕੀੜੇ ਗੂੰਹ ਵਿਚ ਹੀ ਮਸਤ ਰਹਿੰਦੇ ਹਨ (ਤਿਵੇਂ ਮਾਇਆ ਦੇ ਮੋਹ ਵਿਚ ਫਸੇ ਮਨੁੱਖ ਭੀ ਵਿਕਾਰਾਂ ਦੇ ਗੰਦ ਵਿਚ ਹੀ ਪਏ ਰਹਿੰਦੇ ਹਨ, ਉਹ) ਜਨਮ ਮਰਨ ਦੇ ਗੇੜ ਵਿਚ ਫਸੇ ਰਹਿੰਦੇ ਹਨ ਅਤੇ ਦੁਖੀ ਹੁੰਦੇ ਰਹਿੰਦੇ ਹਨ ॥੫॥

ਜਿਨ ਕਉ ਸਤਿਗੁਰੁ ਭੇਟਿਆ ਤਿਨਾ ਵਿਟਹੁ ਬਲਿ ਜਾਉ ॥

ਜਿਨ੍ਹਾਂ (ਵਡ-ਭਾਗੀਆਂ) ਨੂੰ ਗੁਰੂ ਮਿਲ ਪੈਂਦਾ ਹੈ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ।

ਤਿਨ ਕੀ ਸੰਗਤਿ ਮਿਲਿ ਰਹਾਂ ਸਚੇ ਸਚਿ ਸਮਾਉ ॥੬॥

(ਮੇਰੀ ਤਾਂਘ ਹੈ ਕਿ) ਮੈਂ ਉਹਨਾਂ ਦੀ ਸੰਗਤ ਵਿਚ ਟਿਕਿਆ ਰਹਾਂ (ਅਤੇ ਇਸ ਤਰ੍ਹਾਂ) ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਲੀਨ ਰਹਾਂ ॥੬॥

ਪੂਰੈ ਭਾਗਿ ਗੁਰੁ ਪਾਈਐ ਉਪਾਇ ਕਿਤੈ ਨ ਪਾਇਆ ਜਾਇ ॥

ਪਰ, ਗੁਰੂ ਵੱਡੀ ਕਿਸਮਤ ਨਾਲ (ਹੀ) ਮਿਲਦਾ ਹੈ, ਕਿਸੇ ਭੀ (ਹੋਰ) ਹੀਲੇ ਨਾਲ ਨਹੀਂ ਲਭਿਆ ਜਾ ਸਕਦਾ।

ਸਤਿਗੁਰ ਤੇ ਸਹਜੁ ਊਪਜੈ ਹਉਮੈ ਸਬਦਿ ਜਲਾਇ ॥੭॥

(ਜੇ ਗੁਰੂ ਮਿਲ ਪਏ, ਤਾਂ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਅੰਦਰੋਂ) ਹਉਮੈ ਸਾੜ ਕੇ ਗੁਰੂ ਦੀ ਰਾਹੀਂ (ਅੰਦਰ) ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ ॥੭॥

ਹਰਿ ਸਰਣਾਈ ਭਜੁ ਮਨ ਮੇਰੇ ਸਭ ਕਿਛੁ ਕਰਣੈ ਜੋਗੁ ॥

ਹੇ ਮੇਰੇ ਮਨ! (ਗੁਰੂ ਦੀ ਰਾਹੀਂ) ਪਰਮਾਤਮਾ ਦੀ ਸਰਨ ਪਿਆ ਰਹੁ। ਪਰਮਾਤਮਾ ਸਭ ਕੁਝ ਕਰਨ ਦੀ ਸਮਰਥਾ ਵਾਲਾ ਹੈ।

ਨਾਨਕ ਨਾਮੁ ਨ ਵੀਸਰੈ ਜੋ ਕਿਛੁ ਕਰੈ ਸੁ ਹੋਗੁ ॥੮॥੨॥੭॥੨॥੯॥

ਹੇ ਨਾਨਕ! (ਤੂੰ ਸਦਾ ਅਰਦਾਸ ਕਰਦਾ ਰਹੁ ਕਿ ਪਰਮਾਤਮਾ ਦਾ) ਨਾਮ ਨਾਹ ਭੁੱਲ ਜਾਏ, ਹੋਵੇਗਾ ਉਹੀ ਕੁਝ ਜੋ ਉਹ ਆਪ ਕਰਦਾ ਹੈ (ਭਾਵ, ਉਸ ਦਾ ਨਾਮ ਉਸ ਦੀ ਮਿਹਰ ਨਾਲ ਹੀ ਮਿਲੇਗਾ) ॥੮॥੨॥੭॥੨॥੯॥


ਪ੍ਰਭਾਤੀ ਮਹਲਾ ੫ ॥
ਮਨ ਮਹਿ ਕ੍ਰੋਧੁ ਮਹਾ ਅਹੰਕਾਰਾ ॥

ਜੇ ਮਨ ਵਿਚ ਕ੍ਰੋਧ ਟਿਕਿਆ ਰਹੇ, ਬਲੀ ਅਹੰਕਾਰ ਵੱਸਿਆ ਰਹੇ,

ਪੂਜਾ ਕਰਹਿ ਬਹੁਤੁ ਬਿਸਥਾਰਾ ॥

ਪਰ ਕਈ ਧਾਰਮਿਕ ਰਸਮਾਂ ਦੇ ਖਿਲਾਰੇ ਖਿਲਾਰ ਕੇ (ਮਨੁੱਖ ਦੇਵ) ਪੂਜਾ ਕਰਦੇ ਰਹਿਣ,

ਕਰਿ ਇਸਨਾਨੁ ਤਨਿ ਚਕ੍ਰ ਬਣਾਏ ॥

ਜੇ (ਤੀਰਥ-ਆਦਿ ਉਤੇ) ਇਸ਼ਨਾਨ ਕਰ ਕੇ ਸਰੀਰ ਉੱਤੇ (ਧਾਰਮਿਕ ਚਿਹਨਾਂ ਦੇ) ਨਿਸ਼ਾਨ ਲਾਏ ਜਾਣ,

ਅੰਤਰ ਕੀ ਮਲੁ ਕਬ ਹੀ ਨ ਜਾਏ ॥੧॥

(ਇਸ ਤਰ੍ਹਾਂ) ਮਨ ਦੀ (ਵਿਕਾਰਾਂ ਦੀ) ਮੈਲ ਕਦੇ ਦੂਰ ਨਹੀਂ ਹੁੰਦੀ ॥੧॥

ਇਤੁ ਸੰਜਮਿ ਪ੍ਰਭੁ ਕਿਨ ਹੀ ਨ ਪਾਇਆ ॥

ਇਸ ਤਰੀਕੇ ਦੁਆਰਾ ਕਿਸੇ (ਮਨੁੱਖ) ਨੇ ਭੀ ਪ੍ਰਭੂ-ਮਿਲਾਪ ਹਾਸਲ ਨਹੀਂ ਕੀਤਾ,

ਭਗਉਤੀ ਮੁਦ੍ਰਾ ਮਨੁ ਮੋਹਿਆ ਮਾਇਆ ॥੧॥ ਰਹਾਉ ॥

(ਜੇ) ਮਨ ਮਾਇਆ ਦੇ ਮੋਹ ਵਿਚ ਫਸਿਆ ਰਹੇ, (ਪਰ) ਵਿਸ਼ਨੂ-ਭਗਤੀ ਦੇ ਬਾਹਰਲੇ ਚਿਹਨ (ਆਪਣੇ ਸਰੀਰ ਉੱਤੇ ਬਣਾਂਦਾ ਰਹੇ) ॥੧॥ ਰਹਾਉ ॥

ਪਾਪ ਕਰਹਿ ਪੰਚਾਂ ਕੇ ਬਸਿ ਰੇ ॥

ਹੇ ਭਾਈ! (ਜਿਹੜੇ ਮਨੁੱਖ ਕਾਮਾਦਿਕ) ਪੰਜਾਂ ਦੇ ਵੱਸ ਵਿਚ (ਰਹਿ ਕੇ) ਪਾਪ ਕਰਦੇ ਰਹਿੰਦੇ ਹਨ।

ਤੀਰਥਿ ਨਾਇ ਕਹਹਿ ਸਭਿ ਉਤਰੇ ॥

(ਫਿਰ ਕਿਸੇ) ਤੀਰਥ ਉੱਤੇ ਇਸ਼ਨਾਨ ਕਰ ਕੇ ਆਖਦੇ ਹਨ (ਕਿ ਸਾਡੇ) ਸਾਰੇ (ਪਾਪ) ਲਹਿ ਗਏ ਹਨ,

ਬਹੁਰਿ ਕਮਾਵਹਿ ਹੋਇ ਨਿਸੰਕ ॥

(ਤੇ) ਝਾਕਾ ਲਾਹ ਕੇ ਮੁੜ ਮੁੜ (ਉਹੀ ਪਾਪ) ਕਰੀ ਜਾਂਦੇ ਹਨ।

ਜਮ ਪੁਰਿ ਬਾਂਧਿ ਖਰੇ ਕਾਲੰਕ ॥੨॥

(ਤੀਰਥ-ਇਸ਼ਨਾਨ ਉਹਨਾਂ ਨੂੰ ਜਮਰਾਜ ਤੋਂ ਬਚਾ ਨਹੀਂ ਸਕਦਾ, ਉਹ ਤਾਂ ਕੀਤੇ) ਪਾਪਾਂ ਦੇ ਕਾਰਨ ਬੰਨ੍ਹ ਕੇ ਜਮਰਾਜ ਦੇ ਦੇਸ ਵਿਚ ਅਪੜਾਏ ਜਾਂਦੇ ਹਨ ॥੨॥

ਘੂਘਰ ਬਾਧਿ ਬਜਾਵਹਿ ਤਾਲਾ ॥

(ਜਿਹੜੇ ਮਨੁੱਖ) ਘੁੰਘਰੂ ਬੰਨ੍ਹ ਕੇ (ਕਿਸੇ ਮੂਰਤੀ ਅੱਗੇ ਜਾਂ ਰਾਸਿ ਆਦਿਕ ਵਿਚ) ਤਾਲ ਵਜਾਂਦੇ ਹਨ (ਤਾਲ-ਸਿਰ ਨੱਚਦੇ ਹਨ),

ਅੰਤਰਿ ਕਪਟੁ ਫਿਰਹਿ ਬੇਤਾਲਾ ॥

ਪਰ ਉਹਨਾਂ ਦੇ ਮਨ ਵਿਚ ਠੱਗੀ-ਫ਼ਰੇਬ ਹੈ, (ਉਹ ਮਨੁੱਖ ਅਸਲ ਵਿਚ ਸਹੀ ਜੀਵਨ-) ਤਾਲ ਤੋਂ ਖੁੰਝੇ ਫਿਰਦੇ ਹਨ।

ਵਰਮੀ ਮਾਰੀ ਸਾਪੁ ਨ ਮੂਆ ॥

ਜੇ ਸੱਪ ਦੀ ਖੁੱਡ ਬੰਦ ਕਰ ਦਿੱਤੀ ਜਾਏ, (ਤਾਂ ਇਸ ਤਰ੍ਹਾਂ ਉਸ ਖੁੱਡ ਵਿਚ ਰਹਿਣ ਵਾਲਾ) ਸੱਪ ਨਹੀਂ ਮਰਦਾ।

ਪ੍ਰਭੁ ਸਭ ਕਿਛੁ ਜਾਨੈ ਜਿਨਿ ਤੂ ਕੀਆ ॥੩॥

ਜਿਸ ਪਰਮਾਤਮਾ ਨੇ ਪੈਦਾ ਕੀਤਾ ਹੈ ਉਹ (ਤੇਰੇ ਦਿਲ ਦੀ) ਹਰੇਕ ਗੱਲ ਜਾਣਦਾ ਹੈ ॥੩॥

ਪੂੰਅਰ ਤਾਪ ਗੇਰੀ ਕੇ ਬਸਤ੍ਰਾ ॥

ਜਿਹੜਾ ਮਨੁੱਖ ਧੂਣੀਆਂ ਤਪਾਂਦਾ ਰਹਿੰਦਾ ਹੈ, ਗੇਰੀ-ਰੰਗੇ ਕੱਪੜੇ ਪਾਈ ਫਿਰਦਾ ਹੈ,

ਅਪਦਾ ਕਾ ਮਾਰਿਆ ਗ੍ਰਿਹ ਤੇ ਨਸਤਾ ॥

(ਉਂਝ ਕਿਸੇ) ਬਿਪਤਾ ਦਾ ਮਾਰਿਆ (ਆਪਣੇ) ਘਰੋਂ ਭੱਜਾ ਫਿਰਦਾ ਹੈ,

ਦੇਸੁ ਛੋਡਿ ਪਰਦੇਸਹਿ ਧਾਇਆ ॥

ਆਪਣਾ ਵਤਨ ਛੱਡ ਕੇ ਹੋਰ ਹੋਰ ਦੇਸਾਂ ਵਿਚ ਭਟਕਦਾ ਫਿਰਦਾ ਹੈ,

ਪੰਚ ਚੰਡਾਲ ਨਾਲੇ ਲੈ ਆਇਆ ॥੪॥

(ਅਜਿਹਾ ਮਨੁੱਖ ਕਾਮਾਦਿਕ) ਪੰਜ ਚੰਡਾਲਾਂ ਨੂੰ ਤਾਂ (ਆਪਣੇ ਅੰਦਰ) ਨਾਲ ਹੀ ਲਈ ਫਿਰਦਾ ਹੈ ॥੪॥

ਕਾਨ ਫਰਾਇ ਹਿਰਾਏ ਟੂਕਾ ॥

(ਜਿਹੜਾ ਮਨੁੱਖ ਆਪਣੇ ਵਲੋਂ ਸ਼ਾਂਤੀ ਦੀ ਖ਼ਾਤਰ) ਕੰਨ ਪੜਵਾ ਕੇ (ਜੋਗੀ ਬਣ ਜਾਂਦਾ ਹੈ, ਪਰ ਪੇਟ ਦੀ ਭੁੱਖ ਮਿਟਾਣ ਲਈ ਹੋਰਨਾਂ ਦੇ) ਟੁੱਕਰ ਤੱਕਦਾ ਫਿਰਦਾ ਹੈ,

ਘਰਿ ਘਰਿ ਮਾਂਗੈ ਤ੍ਰਿਪਤਾਵਨ ਤੇ ਚੂਕਾ ॥

ਹਰੇਕ ਘਰ (ਦੇ ਬੂਹੇ) ਤੇ (ਰੋਟੀ) ਮੰਗਦਾ ਫਿਰਦਾ ਹੈ, ਉਹ (ਸਗੋਂ) ਤ੍ਰਿਪਤੀ ਤੋਂ ਵਾਂਜਿਆ ਰਹਿੰਦਾ ਹੈ।

ਬਨਿਤਾ ਛੋਡਿ ਬਦ ਨਦਰਿ ਪਰ ਨਾਰੀ ॥

(ਉਹ ਮਨੁੱਖ ਆਪਣੀ) ਇਸਤ੍ਰੀ ਛੱਡ ਕੇ ਪਰਾਈ ਇਸਤ੍ਰੀ ਵੱਲ ਭੈੜੀ ਨਿਗਾਹ ਰੱਖਦਾ ਹੈ।

ਵੇਸਿ ਨ ਪਾਈਐ ਮਹਾ ਦੁਖਿਆਰੀ ॥੫॥

(ਨਿਰੇ) ਧਾਰਮਿਕ ਪਹਿਰਾਵੇ ਨਾਲ (ਪਰਮਾਤਮਾ) ਨਹੀਂ ਮਿਲਦਾ। (ਇਸ ਤਰ੍ਹਾਂ ਸਗੋਂ ਜਿੰਦ) ਬਹੁਤ ਦੁਖੀ ਹੁੰਦੀ ਹੈ ॥੫॥

ਬੋਲੈ ਨਾਹੀ ਹੋਇ ਬੈਠਾ ਮੋਨੀ ॥

(ਜਿਹੜਾ ਮਨੁੱਖ ਆਤਮਕ ਸ਼ਾਂਤੀ ਵਾਸਤੇ ਜੀਭ ਨਾਲ) ਨਹੀਂ ਬੋਲਦਾ, ਮੋਨਧਾਰੀ ਬਣ ਕੇ ਬੈਠ ਜਾਂਦਾ ਹੈ,

ਅੰਤਰਿ ਕਲਪ ਭਵਾਈਐ ਜੋਨੀ ॥

(ਉਸਦੇ) ਅੰਦਰ (ਤਾਂ) ਕਾਮਨਾ ਟਿਕੀ ਰਹਿੰਦੀ ਹੈ (ਜਿਸ ਦੇ ਕਾਰਨ) ਕਈ ਜੂਨਾਂ ਵਿਚ ਉਹ ਭਟਕਾਇਆ ਜਾਂਦਾ ਹੈ।

ਅੰਨ ਤੇ ਰਹਤਾ ਦੁਖੁ ਦੇਹੀ ਸਹਤਾ ॥

(ਉਹ) ਅੰਨ (ਖਾਣ) ਤੋਂ ਪਰਹੇਜ਼ ਕਰਦਾ ਹੈ, (ਇਸ ਤਰ੍ਹਾਂ) ਸਰੀਰ ਉੱਤੇ ਦੁੱਖ (ਹੀ) ਸਹਾਰਦਾ ਹੈ।

ਹੁਕਮੁ ਨ ਬੂਝੈ ਵਿਆਪਿਆ ਮਮਤਾ ॥੬॥

(ਜਦ ਤਕ ਮਨੁੱਖ ਪਰਮਾਤਮਾ ਦੀ) ਰਜ਼ਾ ਨੂੰ ਨਹੀਂ ਸਮਝਦਾ, (ਮਾਇਆ ਦੀ) ਮਮਤਾ ਵਿਚ ਫਸਿਆ (ਹੀ) ਰਹਿੰਦਾ ਹੈ ॥੬॥

ਬਿਨੁ ਸਤਿਗੁਰ ਕਿਨੈ ਨ ਪਾਈ ਪਰਮ ਗਤੇ ॥

ਗੁਰੂ ਦੇ ਸਰਨ ਤੋਂ ਬਿਨਾ ਕਦੇ ਕਿਸੇ ਨੇ ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਕੀਤੀ,

ਪੂਛਹੁ ਸਗਲ ਬੇਦ ਸਿੰਮ੍ਰਿਤੇ ॥

ਬੇ-ਸ਼ੱਕ ਵੇਦ ਸਿਮ੍ਰਿਤੀਆਂ (ਆਦਿਕ ਧਰਮ-ਪੁਸਤਕਾਂ) ਨੂੰ ਭੀ ਵਿਚਾਰਦੇ ਰਹੋ।

ਮਨਮੁਖ ਕਰਮ ਕਰੈ ਅਜਾਈ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਜਿਹੜੇ ਭੀ ਆਪਣੇ ਵਲੋਂ ਧਾਰਮਿਕ) ਕਰਮ ਕਰਦਾ ਹੈ ਵਿਅਰਥ (ਹੀ ਜਾਂਦੇ ਹਨ),

ਜਿਉ ਬਾਲੂ ਘਰ ਠਉਰ ਨ ਠਾਈ ॥੭॥

ਜਿਵੇਂ ਰੇਤ ਦੇ ਘਰ ਦਾ ਨਿਸ਼ਾਨ ਹੀ ਮਿਟ ਜਾਂਦਾ ਹੈ ॥੭॥

ਜਿਸ ਨੋ ਭਏ ਗੁੋਬਿੰਦ ਦਇਆਲਾ ॥

ਜਿਸ ਮਨੁੱਖ ਉੱਤੇ ਪਰਮਾਤਮਾ ਦਇਆਵਾਨ ਹੋਇਆ,

ਗੁਰ ਕਾ ਬਚਨੁ ਤਿਨਿ ਬਾਧਿਓ ਪਾਲਾ ॥

ਉਸ ਨੇ ਗੁਰੂ ਦਾ ਬਚਨ (ਆਪਣੇ) ਪੱਲੇ ਬੰਨ੍ਹ ਲਿਆ।

ਕੋਟਿ ਮਧੇ ਕੋਈ ਸੰਤੁ ਦਿਖਾਇਆ ॥

(ਪਰ ਇਹੋ ਜਿਹਾ) ਸੰਤ ਕ੍ਰੋੜਾਂ ਵਿਚੋਂ ਕੋਈ ਕੋਈ ਵਿਰਲਾ ਹੀ ਵੇਖਣ ਵਿਚ ਆਉਂਦਾ ਹੈ।

ਨਾਨਕੁ ਤਿਨ ਕੈ ਸੰਗਿ ਤਰਾਇਆ ॥੮॥

ਨਾਨਕ (ਤਾਂ) ਇਹੋ ਜਿਹੇ (ਸੰਤ ਜਨਾਂ) ਦੀ ਸੰਗਤ ਵਿਚ (ਹੀ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ ॥੮॥

ਜੇ ਹੋਵੈ ਭਾਗੁ ਤਾ ਦਰਸਨੁ ਪਾਈਐ ॥

ਜੇ (ਮੱਥੇ ਦਾ) ਭਾਗ ਜਾਗ ਪਏ ਤਾਂ (ਅਜਿਹੇ ਸੰਤ ਦਾ) ਦਰਸਨ ਪ੍ਰਾਪਤ ਹੁੰਦਾ ਹੈ।

ਆਪਿ ਤਰੈ ਸਭੁ ਕੁਟੰਬੁ ਤਰਾਈਐ ॥੧॥ ਰਹਾਉ ਦੂਜਾ ॥੨॥

(ਦਰਸਨ ਕਰਨ ਵਾਲਾ) ਆਪ ਪਾਰ ਲੰਘਦਾ ਹੈ, ਆਪਣੇ ਸਾਰੇ ਪਰਵਾਰ ਨੂੰ ਭੀ ਪਾਰ ਲੰਘਾ ਲੈਂਦਾ ਹੈ।ਰਹਾਉ ਦੂਜਾ ॥੧॥ਰਹਾਉ ਦੂਜਾ॥੨॥


ਪ੍ਰਭਾਤੀ ਮਹਲਾ ੫ ॥
ਸਿਮਰਤ ਨਾਮੁ ਕਿਲਬਿਖ ਸਭਿ ਕਾਟੇ ॥

(ਸੰਤ ਜਨਾਂ ਦੀ ਸਰਨ ਪੈ ਕੇ) ਹਰਿ-ਨਾਮ ਸਿਮਰਦਿਆਂ (ਮਨੁੱਖ ਦੇ) ਸਾਰੇ ਪਾਪ ਕੱਟੇ ਜਾਂਦੇ ਹਨ,

ਧਰਮ ਰਾਇ ਕੇ ਕਾਗਰ ਫਾਟੇ ॥

ਧਰਮਰਾਜ ਦੇ ਲੇਖੇ ਦੇ ਕਾਗ਼ਜ਼ ਭੀ ਪਾਟ ਜਾਂਦੇ ਹਨ।

ਸਾਧਸੰਗਤਿ ਮਿਲਿ ਹਰਿ ਰਸੁ ਪਾਇਆ ॥

(ਜਿਸ ਮਨੁੱਖ ਨੇ) ਸਾਧ ਸੰਗਤ ਵਿਚ ਮਿਲ ਕੇ ਪਰਮਾਤਮਾ ਦੇ ਨਾਮ ਦਾ ਆਨੰਦ ਪ੍ਰਾਪਤ ਕੀਤਾ,

ਪਾਰਬ੍ਰਹਮੁ ਰਿਦ ਮਾਹਿ ਸਮਾਇਆ ॥੧॥

ਪਰਮਾਤਮਾ ਉਸ ਦੇ ਹਿਰਦੇ ਵਿਚ ਟਿਕ ਗਿਆ ॥੧॥

ਰਾਮ ਰਮਤ ਹਰਿ ਹਰਿ ਸੁਖੁ ਪਾਇਆ ॥

ਹੇ ਪ੍ਰਭੂ! ਉਸ ਮਨੁੱਖ ਨੇ ਸਦਾ ਤੇਰਾ ਹਰਿ-ਨਾਮ ਸਿਮਰਦਿਆਂ ਆਤਮਕ ਆਨੰਦ ਮਾਣਿਆ,

ਤੇਰੇ ਦਾਸ ਚਰਨ ਸਰਨਾਇਆ ॥੧॥ ਰਹਾਉ ॥

(ਜਿਹੜਾ) ਤੇਰੇ ਦਾਸਾਂ ਦੇ ਚਰਨਾਂ ਦੀ ਸਰਨ ਆ ਪਿਆ ॥੧॥ ਰਹਾਉ ॥

ਚੂਕਾ ਗਉਣੁ ਮਿਟਿਆ ਅੰਧਿਆਰੁ ॥

ਉਸ ਮਨੁੱਖ ਦੀ ਭਟਕਣਾ ਮੁੱਕ ਗਈ, (ਉਸ ਦੇ ਅੰਦਰੋਂ ਆਤਮਕ ਜੀਵਨ ਵਲੋਂ ਬੇਸਮਝੀ ਦਾ ਹਨੇਰਾ ਮਿਟ ਗਿਆ,

ਗੁਰਿ ਦਿਖਲਾਇਆ ਮੁਕਤਿ ਦੁਆਰੁ ॥

(ਜਿਸ ਨੂੰ) ਗੁਰੂ ਨੇ ਵਿਕਾਰਾਂ ਤੋਂ ਖ਼ਲਾਸੀ ਪਾਣ ਦਾ (ਇਹ ਨਾਮ-ਸਿਮਰਨ ਵਾਲਾ) ਰਸਤਾ ਵਿਖਾ ਦਿੱਤਾ।

ਹਰਿ ਪ੍ਰੇਮ ਭਗਤਿ ਮਨੁ ਤਨੁ ਸਦ ਰਾਤਾ ॥

ਉਸ ਦਾ ਮਨ ਉਸ ਦਾ ਤਨ ਪਰਮਾਤਮਾ ਦੀ ਪਿਆਰ-ਭਰੀ ਭਗਤੀ ਵਿਚ ਸਦਾ ਰੰਗਿਆ ਰਹਿੰਦਾ ਹੈ।

ਪ੍ਰਭੂ ਜਨਾਇਆ ਤਬ ਹੀ ਜਾਤਾ ॥੨॥

ਪਰ, ਇਹ ਸੂਝ ਤਦੋਂ ਹੀ ਪੈਂਦੀ ਹੈ ਜਦੋਂ ਪਰਮਾਤਮਾ ਆਪ ਸੂਝ ਬਖ਼ਸ਼ੇ ॥੨॥

ਘਟਿ ਘਟਿ ਅੰਤਰਿ ਰਵਿਆ ਸੋਇ ॥

(ਸੰਤ ਜਨਾਂ ਦੀ ਸਰਨ ਪੈ ਕੇ ਹਰਿ-ਨਾਮ ਸਿਮਰਦਿਆਂ ਇਹ ਸਮਝ ਆ ਜਾਂਦੀ ਹੈ ਕਿ) ਹਰੇਕ ਸਰੀਰ ਵਿਚ (ਸਭਨਾਂ ਜੀਵਾਂ ਦੇ) ਅੰਦਰ ਉਹ (ਪਰਮਾਤਮਾ) ਹੀ ਮੌਜੂਦ ਹੈ,

ਤਿਸੁ ਬਿਨੁ ਬੀਜੋ ਨਾਹੀ ਕੋਇ ॥

ਉਸ (ਪਰਮਾਤਮਾ) ਤੋਂ ਬਿਨਾ ਕੋਈ ਦੂਜਾ ਨਹੀਂ ਹੈ।

ਬੈਰ ਬਿਰੋਧ ਛੇਦੇ ਭੈ ਭਰਮਾਂ ॥

(ਸਿਮਰਨ ਦੀ ਬਰਕਤਿ ਨਾਲ ਮਨੁੱਖ ਦੇ ਅੰਦਰੋਂ) ਸਾਰੇ ਵੈਰ-ਵਿਰੋਧ ਸਾਰੇ ਡਰ ਭਰਮ ਕੱਟੇ ਜਾਂਦੇ ਹਨ।

ਪ੍ਰਭਿ ਪੁੰਨਿ ਆਤਮੈ ਕੀਨੇ ਧਰਮਾ ॥੩॥

(ਪਰ ਇਹ ਦਰਜਾ ਉਸੇ ਨੂੰ ਮਿਲਿਆ, ਜਿਸ ਉੱਤੇ) ਪਵਿੱਤਰ ਆਤਮਾ ਵਾਲੇ ਪਰਮਾਤਮਾ ਨੇ ਆਪ ਮਿਹਰ ਕੀਤੀ ॥੩॥

ਮਹਾ ਤਰੰਗ ਤੇ ਕਾਂਢੈ ਲਾਗਾ ॥

ਉਹ ਮਨੁੱਖ (ਸੰਸਾਰ-ਸਮੁੰਦਰ ਦੀਆਂ) ਵੱਡੀਆਂ ਲਹਿਰਾਂ ਤੋਂ (ਬਚ ਕੇ) ਕੰਢੇ ਆ ਲੱਗਦਾ ਹੈ,

ਜਨਮ ਜਨਮ ਕਾ ਟੂਟਾ ਗਾਂਢਾ ॥

ਅਨੇਕਾਂ ਹੀ ਜਨਮਾਂ ਦਾ ਵਿਛੁੜਿਆ ਹੋਇਆ ਉਹ ਫਿਰ ਪ੍ਰਭੂ ਚਰਨਾਂ ਨਾਲ ਜੁੜ ਜਾਂਦਾ ਹੈ,

ਜਪੁ ਤਪੁ ਸੰਜਮੁ ਨਾਮੁ ਸਮਾਲਿ੍ਆ ॥

ਉਸ ਨੇ (ਆਪਣੇ ਹਿਰਦੇ ਵਿਚ) ਪਰਮਾਤਮਾ ਦਾ ਨਾਮ ਵਸਾਇਆ (ਇਹ ਹਰਿ-ਨਾਮ ਹੀ ਉਸ ਦੇ ਵਾਸਤੇ) ਜਪ ਤਪ ਸੰਜਮ ਹੁੰਦਾ ਹੈ,

ਅਪੁਨੈ ਠਾਕੁਰਿ ਨਦਰਿ ਨਿਹਾਲਿਆ ॥੪॥

(ਜਿਸ ਮਨੁੱਖ ਨੂੰ) ਪਿਆਰੇ ਮਾਲਕ-ਪ੍ਰਭੂ ਨੇ ਮਿਹਰ ਦੀ ਨਿਗਾਹ ਨਾਲ ਵੇਖਿਆ ॥੪॥

ਮੰਗਲ ਸੂਖ ਕਲਿਆਣ ਤਿਥਾਈਂ ॥

ਉਥੇ ਹੀ ਸਾਰੇ ਸੁਖ ਸਾਰੀਆਂ ਖੁਸ਼ੀਆਂ ਸਾਰੇ ਆਨੰਦ ਹੁੰਦੇ ਹਨ,

ਜਹ ਸੇਵਕ ਗੋਪਾਲ ਗੁਸਾਈ ॥

ਜਿੱਥੇ (ਸਾਧ ਸੰਗਤ ਵਿਚ) ਸ੍ਰਿਸ਼ਟੀ ਦੇ ਰੱਖਿਅਕ ਖਸਮ-ਪ੍ਰਭੂ ਦੇ ਭਗਤ-ਜਨ (ਰਹਿੰਦੇ ਹਨ)।

ਪ੍ਰਭ ਸੁਪ੍ਰਸੰਨ ਭਏ ਗੋਪਾਲ ॥

(ਉਥੇ ਸਾਧ ਸੰਗਤ ਵਿਚ ਜਿਹੜੇ ਮਨੁੱਖ ਟਿਕਦੇ ਹਨ, ਉਹਨਾਂ ਉੱਤੇ) ਜਗਤ-ਰੱਖਿਅਕ ਪ੍ਰਭੂ ਜੀ ਬਹੁਤ ਤ੍ਰੁੱਠਦੇ ਹਨ,

ਜਨਮ ਜਨਮ ਕੇ ਮਿਟੇ ਬਿਤਾਲ ॥੫॥

(ਉਹਨਾਂ ਦੇ) ਅਨੇਕਾਂ ਜਨਮਾਂ ਦੇ ਬੇ-ਥਵ੍ਹੇ-ਪਨ ਮਿਟ ਜਾਂਦੇ ਹਨ ॥੫॥

ਹੋਮ ਜਗ ਉਰਧ ਤਪ ਪੂਜਾ ॥

(ਉਸ ਨੇ, ਮਾਨੋ, ਅਨੇਕਾਂ) ਹੋਮ ਜੱਗ (ਕਰ ਲਏ। ਉਸ ਨੇ, ਮਾਨੋ,) ਉਲਟੇ ਲਟਕ ਕੇ ਤਪ (ਕਰ ਲਏ। ਉਸ ਨੇ, ਮਾਨੋ, ਦੇਵ) ਪੂਜਾ (ਕਰ ਲਈ),

ਕੋਟਿ ਤੀਰਥ ਇਸਨਾਨੁ ਕਰੀਜਾ ॥

(ਉਸ ਨੇ ਮਾਨੋ) ਕ੍ਰੋੜਾਂ ਤੀਰਥਾਂ ਦਾ ਇਸ਼ਨਾਨ ਕਰ ਲਿਆ,

ਚਰਨ ਕਮਲ ਨਿਮਖ ਰਿਦੈ ਧਾਰੇ ॥

(ਸਾਧ ਸੰਗਤ ਦੀ ਬਰਕਤਿ ਨਾਲ ਜਿਹੜਾ ਮਨੁੱਖ) ਪਰਮਾਤਮਾ ਦੇ ਸੋਹਣੇ ਚਰਨ ਨਿਮਖ ਨਿਮਖ (ਹਰ ਵੇਲੇ) ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ,

ਗੋਬਿੰਦ ਜਪਤ ਸਭਿ ਕਾਰਜ ਸਾਰੇ ॥੬॥

ਉਹ ਮਨੁੱਖ ਗੋਬਿੰਦ ਦਾ ਨਾਮ ਜਪਦਿਆਂ (ਅਪਣੇ) ਸਾਰੇ ਕੰਮ ਸੰਵਾਰ ਲੈਂਦਾ ਹੈ ॥੬॥

ਊਚੇ ਤੇ ਊਚਾ ਪ੍ਰਭ ਥਾਨੁ ॥

(ਸਾਧ ਸੰਗਤ ਦੀ ਬਰਕਤਿ ਨਾਲ ਇਹ ਸਮਝ ਆ ਜਾਂਦੀ ਹੈ ਕਿ) ਪਰਮਾਤਮਾ ਦਾ ਟਿਕਾਣਾ ਬਹੁਤ ਹੀ ਉੱਚਾ ਹੈ (ਬਹੁਤ ਹੀ ਉੱਚਾ ਆਤਮਕ ਜੀਵਨ ਹੀ ਉਸ ਦੇ ਚਰਨਾਂ ਨਾਲ ਮਿਲਾ ਸਕਦਾ ਹੈ)।

ਹਰਿ ਜਨ ਲਾਵਹਿ ਸਹਜਿ ਧਿਆਨੁ ॥

ਪ੍ਰਭੂ ਦੇ ਭਗਤ ਆਤਮਕ ਅਡੋਲਤਾ ਵਿਚ (ਉਸ ਪ੍ਰਭੂ ਵਿਚ) ਸੁਰਤ ਜੋੜੀ ਰੱਖਦੇ ਹਨ।

ਦਾਸ ਦਾਸਨ ਕੀ ਬਾਂਛਉ ਧੂਰਿ ॥

ਉਸ ਪ੍ਰਭੂ ਦੇ ਦਾਸਾਂ ਦੇ ਦਾਸਾਂ ਦੀ ਚਰਨ-ਧੂੜ ਮੈਂ (ਭੀ) ਲੋਚਦਾ ਰਹਿੰਦਾ ਹਾਂ,

ਸਰਬ ਕਲਾ ਪ੍ਰੀਤਮ ਭਰਪੂਰਿ ॥੭॥

ਜਿਹੜਾ ਪ੍ਰਭੂ-ਪ੍ਰੀਤਮ ਸਾਰੀਆਂ ਤਾਕਤਾਂ ਦਾ ਮਾਲਕ ਹੈ ਜੋ ਸਭ ਥਾਈਂ ਮੌਜੂਦ ਹੈ ॥੭॥

ਮਾਤ ਪਿਤਾ ਹਰਿ ਪ੍ਰੀਤਮੁ ਨੇਰਾ ॥

ਹੇ ਪ੍ਰਭੂ! ਤੂੰ ਹੀ ਮੇਰੀ ਮਾਂ ਹੈਂ ਮੇਰਾ ਪਿਉ ਹੈਂ ਪ੍ਰੀਤਮ ਹੈਂ ਮੇਰੇ ਹਰ ਵੇਲੇ ਨੇੜੇ ਰਹਿੰਦਾ ਹੈਂ।

ਮੀਤ ਸਾਜਨ ਭਰਵਾਸਾ ਤੇਰਾ ॥

ਹੇ ਪ੍ਰਭੂ! ਤੂੰ ਹੀ ਮੇਰਾ ਮਿੱਤਰ ਹੈਂ, ਮੇਰਾ ਸੱਜਣ ਹੈਂ, ਮੈਨੂੰ ਤੇਰਾ ਹੀ ਸਹਾਰਾ ਹੈ।

ਕਰੁ ਗਹਿ ਲੀਨੇ ਅਪੁਨੇ ਦਾਸ ॥

ਹੇ ਪ੍ਰਭੂ! ਆਪਣੇ ਦਾਸਾਂ ਨੂੰ (ਉਹਨਾਂ ਦਾ) ਹੱਥ ਫੜ ਕੇ ਤੂੰ ਆਪਣੇ ਬਣਾ ਲੈਂਦਾ ਹੈਂ।

ਜਪਿ ਜੀਵੈ ਨਾਨਕੁ ਗੁਣਤਾਸ ॥੮॥੩॥੨॥੭॥੧੨॥

ਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! (ਤੇਰਾ ਦਾਸ) ਨਾਨਕ (ਤੇਰਾ ਨਾਮ) ਜਪ ਕੇ (ਹੀ) ਆਤਮਕ ਜੀਵਨ ਹਾਸਲ ਕਰ ਰਿਹਾ ਹੈ ॥੮॥੩॥੨॥੭॥੧੨॥


ਪ੍ਰਭਾਤੀ ॥
ਅਲਹੁ ਏਕੁ ਮਸੀਤਿ ਬਸਤੁ ਹੈ ਅਵਰੁ ਮੁਲਖੁ ਕਿਸੁ ਕੇਰਾ ॥

ਜੇ (ਉਹ) ਇਕ ਖ਼ੁਦਾ (ਸਿਰਫ਼) ਕਾਹਬੇ ਵਿਚ ਵੱਸਦਾ ਹੈ ਤਾਂ ਬਾਕੀ ਦਾ ਮੁਲਕ ਕਿਸ ਦਾ (ਕਿਹਾ ਜਾਏ)? (ਸੋ, ਮੁਸਲਮਾਨ ਦਾ ਇਹ ਅਕੀਦਾ ਠੀਕ ਨਹੀਂ ਹੈ)।

ਹਿੰਦੂ ਮੂਰਤਿ ਨਾਮ ਨਿਵਾਸੀ ਦੁਹ ਮਹਿ ਤਤੁ ਨ ਹੇਰਾ ॥੧॥

ਹਿੰਦੂ ਪਰਮਾਤਮਾ ਦਾ ਨਿਵਾਸ ਮੂਰਤੀ ਵਿਚ ਸਮਝਦਾ ਹੈ; (ਇਸ ਤਰ੍ਹਾਂ ਹਿੰਦੂ ਮੁਸਲਮਾਨ) ਦੋਹਾਂ ਵਿਚੋਂ ਕਿਸੇ ਨੇ ਪਰਮਾਤਮਾ ਨੂੰ ਨਹੀਂ ਵੇਖਿਆ ॥੧॥

ਅਲਹ ਰਾਮ ਜੀਵਉ ਤੇਰੇ ਨਾਈ ॥

ਹੇ ਅੱਲਾਹ! ਹੇ ਰਾਮ! (ਮੈਂ ਤੈਨੂੰ ਇਕ ਹੀ ਜਾਣ ਕੇ) ਤੇਰਾ ਨਾਮ ਸਿਮਰ ਕੇ ਜੀਵਾਂ (ਆਤਮਕ ਜੀਵਨ ਹਾਸਲ ਕਰਾਂ)

ਤੂ ਕਰਿ ਮਿਹਰਾਮਤਿ ਸਾਈ ॥੧॥ ਰਹਾਉ ॥

ਹੇ ਸਾਈਂ! ਤੂੰ ਮੇਰੇ ਉੱਤੇ ਮਿਹਰ ਕਰ ॥੧॥ ਰਹਾਉ ॥

ਦਖਨ ਦੇਸਿ ਹਰੀ ਕਾ ਬਾਸਾ ਪਛਿਮਿ ਅਲਹ ਮੁਕਾਮਾ ॥

(ਹਿੰਦੂ ਆਖਦਾ ਹੈ ਕਿ) ਹਰੀ ਦਾ ਨਿਵਾਸ ਦੱਖਣ ਦੇਸ ਵਿਚ (ਜਗਨ ਨਾਥ ਪੁਰੀ ਵਿਚ) ਹੈ, ਮੁਸਲਮਾਨ ਆਖਦਾ ਹੈ ਕਿ ਖ਼ੁਦਾ ਦਾ ਘਰ ਪੱਛਮ ਵਲ (ਕਾਹਬੇ ਵਿਚ) ਹੈ।

ਦਿਲ ਮਹਿ ਖੋਜਿ ਦਿਲੈ ਦਿਲਿ ਖੋਜਹੁ ਏਹੀ ਠਉਰ ਮੁਕਾਮਾ ॥੨॥

(ਪਰ ਹੇ ਸੱਜਣ!) ਆਪਣੇ ਦਿਲ ਵਿਚ (ਰੱਬ ਨੂੰ) ਭਾਲ, ਸਿਰਫ਼ ਦਿਲ ਵਿਚ ਹੀ ਲੱਭ, ਇਹ ਦਿਲ ਹੀ ਉਸ ਦਾ ਨਿਵਾਸ ਥਾਂ ਹੈ, ਉਸ ਦਾ ਮੁਕਾਮ ਹੈ ॥੨॥

ਬ੍ਰਹਮਨ ਗਿਆਸ ਕਰਹਿ ਚਉਬੀਸਾ ਕਾਜੀ ਮਹ ਰਮਜਾਨਾ ॥

ਬ੍ਰਾਹਮਣ ਚੌਵੀ ਇਕਾਦਸ਼ੀਆਂ (ਦੇ ਵਰਤ ਰੱਖਣ ਦੀ ਆਗਿਆ) ਕਰਦੇ ਹਨ, ਕਾਜ਼ੀ ਰਮਜ਼ਾਨ ਦੇ ਮਹੀਨੇ (ਰੋਜ਼ੇ ਰੱਖਣ ਦੀ ਹਿਦਾਇਤ) ਕਰਦੇ ਹਨ।

ਗਿਆਰਹ ਮਾਸ ਪਾਸ ਕੈ ਰਾਖੇ ਏਕੈ ਮਾਹਿ ਨਿਧਾਨਾ ॥੩॥

ਇਹ ਲੋਕ (ਬਾਕੀ ਦੇ) ਗਿਆਰਾਂ ਮਹੀਨੇ ਲਾਂਭੇ ਹੀ ਰੱਖ ਦੇਂਦੇ ਹਨ, ਤੇ (ਕੋਈ) ਖ਼ਜ਼ਾਨਾ ਇੱਕੋ ਹੀ ਮਹੀਨੇ ਵਿਚੋਂ ਲੱਭਦੇ ਹਨ ॥੩॥

ਕਹਾ ਉਡੀਸੇ ਮਜਨੁ ਕੀਆ ਕਿਆ ਮਸੀਤਿ ਸਿਰੁ ਨਾਂਏਂ ॥

(ਜੇ ਦਿਲ ਵਿਚ ਫ਼ਰੇਬ ਹੈ) ਤਾਂ ਨਾਹ ਤਾਂ ਉਡੀਸੇ ਜਗਨ ਨਾਥ ਪੁਰੀ ਵਿਚ ਇਸ਼ਨਾਨ ਕਰਨ ਦਾ ਕੋਈ ਲਾਭ ਹੈ, ਨਾਹ ਮਸੀਤ ਵਿਚ ਜਾ ਕੇ ਸਿਜਦਾ ਕਰਨ ਦਾ ਫ਼ਾਇਦਾ ਹੈ।

ਦਿਲ ਮਹਿ ਕਪਟੁ ਨਿਵਾਜ ਗੁਜਾਰੈ ਕਿਆ ਹਜ ਕਾਬੈ ਜਾਂਏਂ ॥੪॥

(ਅਸਲ ਗੱਲ ਇਹ ਹੈ ਕਿ) ਜੇ ਦਿਲ ਵਿਚ ਠੱਗੀ ਫ਼ਰੇਬ ਵੱਸਦਾ ਹੈ, (ਤਾਂ) ਨਾਹ ਨਮਾਜ਼ ਪੜ੍ਹਨ ਦਾ ਲਾਭ ਹੈ, ਨਾਹ ਹੀ ਕਾਹਬੇ ਦਾ ਹੱਜ ਕਰਨ ਦਾ ਕੋਈ ਗੁਣ ਹੈ ॥੪॥

ਏਤੇ ਅਉਰਤ ਮਰਦਾ ਸਾਜੇ ਏ ਸਭ ਰੂਪ ਤੁਮ੍ਰਾਰੇ ॥

ਹੇ ਪ੍ਰਭੂ! ਇਹ ਸਾਰੇ ਇਸਤ੍ਰੀ ਮਰਦ ਜੋ ਤੂੰ ਪੈਦਾ ਕੀਤੇ ਹਨ, ਇਹ ਸਭ ਤੇਰਾ ਹੀ ਰੂਪ ਹਨ (ਤੂੰ ਹੀ ਆਪ ਇਹਨਾਂ ਵਿਚ ਵੱਸਦਾ ਹੈਂ)।

ਕਬੀਰੁ ਪੂੰਗਰਾ ਰਾਮ ਅਲਹ ਕਾ ਸਭ ਗੁਰ ਪੀਰ ਹਮਾਰੇ ॥੫॥

ਤੂੰ ਹੀ, ਹੇ ਪ੍ਰਭੂ! ਅੱਲਾਹ ਹੈਂ ਤੇ ਰਾਮ ਹੈਂ। ਮੈਂ ਕਬੀਰ ਤੇਰਾ ਅੰਞਾਣ ਬੱਚਾ ਹਾਂ, (ਤੇਰੇ ਭੇਜੇ ਹੋਏ) ਅਵਤਾਰ ਪੈਗ਼ੰਬਰ ਮੈਨੂੰ ਸਭ ਆਪਣੇ ਦਿੱਸਦੇ ਹਨ ॥੫॥

ਕਹਤੁ ਕਬੀਰੁ ਸੁਨਹੁ ਨਰ ਨਰਵੈ ਪਰਹੁ ਏਕ ਕੀ ਸਰਨਾ ॥

ਕਬੀਰ ਆਖਦਾ ਹੈ ਕਿ ਹੇ ਨਰ ਨਾਰੀਓ! ਸੁਣੋ, ਇਕ ਪਰਮਾਤਮਾ ਦੀ ਸ਼ਰਨ ਪਵੋ (ਉਹੀ ਅੱਲਾਹ ਹੈ, ਉਹੀ ਰਾਮ ਹੈ)।

ਕੇਵਲ ਨਾਮੁ ਜਪਹੁ ਰੇ ਪ੍ਰਾਨੀ ਤਬ ਹੀ ਨਿਹਚੈ ਤਰਨਾ ॥੬॥੨॥

ਹੇ ਬੰਦਿਓ! ਸਿਰਫ਼ ਨਾਮ ਜਪੋ, ਯਕੀਨ ਨਾਲ ਜਾਣੋ, ਤਾਂ ਹੀ (ਸੰਸਾਰ-ਸਾਗਰ ਤੋਂ) ਤਰ ਸਕੋਗੇ ॥੬॥੨॥


ਪ੍ਰਭਾਤੀ ॥
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥

ਸਭ ਤੋਂ ਪਹਿਲਾਂ ਖ਼ੁਦਾ ਦਾ ਨੂਰ ਹੀ ਹੈ ਜਿਸ ਨੇ (ਜਗਤ) ਪੈਦਾ ਕੀਤਾ ਹੈ, ਇਹ ਸਾਰੇ ਜੀਅ-ਜੰਤ ਰੱਬ ਦੀ ਕੁਦਰਤ ਦੇ ਹੀ ਬਣਾਏ ਹੋਏ ਹਨ।

ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥

ਇਕ ਪ੍ਰਭੂ ਦੀ ਹੀ ਜੋਤ ਤੋਂ ਸਾਰਾ ਜਗਤ ਪੈਦਾ ਹੋਇਆ ਹੈ। (ਤਾਂ ਫਿਰ ਕਿਸੇ ਜਾਤ ਮਜ਼ਹਬ ਦੇ ਭੁਲੇਖੇ ਵਿਚ ਪੈ ਕੇ) ਕਿਸੇ ਨੂੰ ਚੰਗਾ ਤੇ ਕਿਸੇ ਨੂੰ ਮੰਦਾ ਨਾਹ ਸਮਝੋ ॥੧॥

ਲੋਗਾ ਭਰਮਿ ਨ ਭੂਲਹੁ ਭਾਈ ॥

ਹੇ ਲੋਕੋ! (ਰੱਬ ਦੀ ਹਸਤੀ ਬਾਰੇ) ਕਿਸੇ ਭੁਲੇਖੇ ਵਿਚ ਪੈ ਕੇ ਖ਼ੁਆਰ ਨਾਹ ਹੋਵੋ।

ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ ॥੧॥ ਰਹਾਉ ॥

ਉਹ ਰੱਬ ਸਾਰੀ ਖ਼ਲਕਤ ਨੂੰ ਪੈਦਾ ਕਰਨ ਵਾਲਾ ਹੈ ਤੇ ਸਾਰੀ ਖ਼ਲਕਤ ਵਿਚ ਮੌਜੂਦ ਹੈ, ਉਹ ਸਭ ਥਾਂ ਭਰਪੂਰ ਹੈ ॥੧॥ ਰਹਾਉ ॥

ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ ॥

ਸਿਰਜਨਹਾਰ ਨੇ ਇੱਕੋ ਹੀ ਮਿੱਟੀ ਤੋਂ (ਭਾਵ, ਇੱਕੋ ਜਿਹੇ ਹੀ ਤੱਤਾਂ ਤੋਂ) ਅਨੇਕਾਂ ਕਿਸਮਾਂ ਦੇ ਜੀਆ-ਜੰਤ ਪੈਦਾ ਕਰ ਦਿੱਤੇ ਹਨ।

ਨਾ ਕਛੁ ਪੋਚ ਮਾਟੀ ਕੇ ਭਾਂਡੇ ਨਾ ਕਛੁ ਪੋਚ ਕੁੰਭਾਰੈ ॥੨॥

(ਜਿੱਥੋਂ ਤਕ ਜੀਵਾਂ ਦੇ ਅਸਲੇ ਦਾ ਸੰਬੰਧ ਹੈ) ਨਾਹ ਇਹਨਾਂ ਮਿੱਟੀ ਦੇ ਭਾਂਡਿਆਂ (ਭਾਵ, ਜੀਵਾਂ) ਵਿਚ ਕੋਈ ਊਣਤਾ ਹੈ, ਤੇ ਨਾਹ (ਇਹਨਾਂ ਭਾਂਡਿਆਂ ਦੇ ਬਣਾਣ ਵਾਲੇ) ਘੁਮਿਆਰ ਵਿਚ ॥੨॥

ਸਭ ਮਹਿ ਸਚਾ ਏਕੋ ਸੋਈ ਤਿਸ ਕਾ ਕੀਆ ਸਭੁ ਕਛੁ ਹੋਈ ॥

ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਸਭ ਜੀਵਾਂ ਵਿਚ ਵੱਸਦਾ ਹੈ। ਜੋ ਕੁਝ ਜਗਤ ਵਿਚ ਹੋ ਰਿਹਾ ਹੈ, ਉਸੇ ਦਾ ਕੀਤਾ ਹੋ ਰਿਹਾ ਹੈ।

ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ ॥੩॥

ਉਹੀ ਮਨੁੱਖ ਰੱਬ ਦਾ (ਪਿਆਰਾ) ਬੰਦਾ ਕਿਹਾ ਜਾ ਸਕਦਾ ਹੈ, ਜੋ ਉਸ ਦੀ ਰਜ਼ਾ ਨੂੰ ਪਛਾਣਦਾ ਹੈ ਤੇ ਉਸ ਇਕ ਨਾਲ ਸਾਂਝ ਪਾਂਦਾ ਹੈ ॥੩॥

ਅਲਹੁ ਅਲਖੁ ਨ ਜਾਈ ਲਖਿਆ ਗੁਰਿ ਗੁੜੁ ਦੀਨਾ ਮੀਠਾ ॥

ਉਹ ਰੱਬ ਐਸਾ ਹੈ ਜਿਸ ਦਾ ਮੁਕੰਮਲ ਸਰੂਪ ਬਿਆਨ ਤੋਂ ਪਰੇ ਹੈ, ਉਸ ਦੇ ਗੁਣ ਕਹੇ ਨਹੀਂ ਜਾ ਸਕਦੇ। ਮੇਰੇ ਗੁਰੂ ਨੇ (ਪ੍ਰਭੂ ਦੇ ਗੁਣਾਂ ਦੀ ਸੂਝ-ਰੂਪ) ਮਿੱਠਾ ਗੁੜ ਮੈਨੂੰ ਦਿੱਤਾ ਹੈ (ਜਿਸ ਦਾ ਸੁਆਦ ਤਾਂ ਮੈਂ ਨਹੀਂ ਦੱਸ ਸਕਦਾ, ਪਰ)

ਕਹਿ ਕਬੀਰ ਮੇਰੀ ਸੰਕਾ ਨਾਸੀ ਸਰਬ ਨਿਰੰਜਨੁ ਡੀਠਾ ॥੪॥੩॥</5>
ਕਬੀਰ ਆਖਦਾ ਹੈ ਕਿ ਮੈਂ ਉਸ ਮਾਇਆ ਰਹਿਤ ਪ੍ਰਭੂ ਨੂੰ ਹਰ ਥਾਂ ਵੇਖ ਲਿਆ ਹੈ, ਮੈਨੂੰ ਇਸ ਵਿਚ ਕੋਈ ਸ਼ੱਕ ਨਹੀਂ ਰਿਹਾ (ਮੇਰਾ ਅੰਦਰ ਕਿਸੇ ਜਾਤ ਜਾਂ ਮਜ਼ਹਬ ਦੇ ਬੰਦਿਆਂ ਦੀ ਉੱਚਤਾ ਜਾਂ ਨੀਚਤਾ ਦਾ ਕਰਮ ਨਹੀਂ ਰਿਹਾ) ॥੪॥੩॥

ਪ੍ਰਭਾਤੀ ॥
ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨ ਬਿਚਾਰੈ ॥

(ਹੇ ਹਿੰਦੂ ਤੇ ਮੁਸਲਮਾਨ ਵੀਰੋ!) ਵੇਦਾਂ ਜਾਂ ਕੁਰਾਨ ਆਦਿਕ (ਇਕ ਦੂਜੇ ਦੀਆਂ) ਧਰਮ-ਪੁਸਤਕਾਂ ਨੂੰ ਝੂਠੀਆਂ ਨਾਹ ਆਖੋ। ਝੂਠਾ ਤਾਂ ਉਹ ਬੰਦਾ ਹੈ ਜੋ ਇਹਨਾਂ ਧਰਮ-ਪੁਸਤਕਾਂ ਦੀ ਵਿਚਾਰ ਨਹੀਂ ਕਰਦਾ।

ਜਉ ਸਭ ਮਹਿ ਏਕੁ ਖੁਦਾਇ ਕਹਤ ਹਉ ਤਉ ਕਿਉ ਮੁਰਗੀ ਮਾਰੈ ॥੧॥

(ਭਲਾ, ਹੇ ਮੁੱਲਾਂ!) ਜੇ ਤੂੰ ਇਹ ਆਖਦਾ ਹੈਂ ਕਿ ਖ਼ੁਦਾ ਸਭ ਜੀਵਾਂ ਵਿਚ ਮੌਜੂਦ ਹੈ ਤਾਂ (ਉਸ ਖ਼ੁਦਾ ਅੱਗੇ ਕੁਰਬਾਨੀ ਦੇਣ ਲਈ) ਮੁਰਗ਼ੀ ਕਿਉਂ ਮਾਰਦਾ ਹੈਂ? (ਕੀ ਉਸ ਮੁਰਗ਼ੀ ਵਿਚ ਉਹ ਆਪ ਨਹੀਂ ਹੈ? ਮੁਰਗ਼ੀ ਵਿਚ ਬੈਠੇ ਖ਼ੁਦਾ ਦੀ ਅੰਸ਼ ਨੂੰ ਮਾਰ ਕੇ ਖ਼ੁਦਾ ਦੇ ਅੱਗੇ ਹੀ ਭੇਟਾ ਕਰਨ ਦਾ ਕੀਹ ਭਾਵ ਹੈ? ॥੧॥

ਮੁਲਾਂ ਕਹਹੁ ਨਿਆਉ ਖੁਦਾਈ ॥

ਹੇ ਮੁੱਲਾਂ! ਤੂੰ (ਹੋਰ ਲੋਕਾਂ ਨੂੰ ਤਾਂ) ਖ਼ੁਦਾ ਦਾ ਨਿਆਂ ਸੁਣਾਉਂਦਾ ਹੈਂ,

ਤੇਰੇ ਮਨ ਕਾ ਭਰਮੁ ਨ ਜਾਈ ॥੧॥ ਰਹਾਉ ॥

ਪਰ ਤੇਰੇ ਆਪਣੇ ਮਨ ਦਾ ਭੁਲੇਖਾ ਅਜੇ ਦੂਰ ਹੀ ਨਹੀਂ ਹੋਇਆ ॥੧॥ ਰਹਾਉ ॥

ਪਕਰਿ ਜੀਉ ਆਨਿਆ ਦੇਹ ਬਿਨਾਸੀ ਮਾਟੀ ਕਉ ਬਿਸਮਿਲਿ ਕੀਆ ॥

ਹੇ ਮੁੱਲਾਂ! (ਮੁਰਗ਼ੀ ਆਦਿਕ) ਜੀਵ ਨੂੰ ਫੜ ਕੇ ਤੂੰ ਲੈ ਆਂਦਾ, ਉਸ ਦਾ ਸਰੀਰ ਤੂੰ ਨਾਸ ਕੀਤਾ, ਉਸ (ਦੇ ਜਿਸਮ) ਦੀ ਮਿੱਟੀ ਨੂੰ ਤੂੰ ਖ਼ੁਦਾ ਦੇ ਨਾਮ ਤੇ ਕੁਰਬਾਨ ਕੀਤਾ (ਭਾਵ, ਖ਼ੁਦਾ ਦੀ ਨਜ਼ਰ-ਭੇਟ ਕੀਤਾ)।

ਜੋਤਿ ਸਰੂਪ ਅਨਾਹਤ ਲਾਗੀ ਕਹੁ ਹਲਾਲੁ ਕਿਆ ਕੀਆ ॥੨॥

ਪਰ ਹੇ ਮੁੱਲਾਂ! ਜੋ ਖ਼ੁਦਾ ਨਿਰਾ ਨੂਰ ਹੀ ਨੂਰ ਹੈ, ਤੇ ਜੋ ਅਵਿਨਾਸ਼ੀ ਹੈ ਉਸ ਦੀ ਜੋਤ ਤਾਂ ਹਰ ਥਾਂ ਮੌਜੂਦ ਹੈ, (ਉਸ ਮੁਰਗ਼ੀ ਵਿਚ ਭੀ ਹੈ ਜੋ ਤੂੰ ਖ਼ੁਦਾ ਦੇ ਨਾਮ ਤੇ ਕੁਰਬਾਨ ਕਰਦਾ ਹੈਂ) ਤਾਂ ਫਿਰ, ਦੱਸ, ਤੂੰ ਰੱਬ ਦੇ ਨਾਮ ਤੇ ਕੁਰਬਾਨੀ ਦੇਣ ਦੇ ਲਾਇਕ ਕਿਹੜੀ ਚੀਜ਼ ਬਣਾਈ? ॥੨॥

ਕਿਆ ਉਜੂ ਪਾਕੁ ਕੀਆ ਮੁਹੁ ਧੋਇਆ ਕਿਆ ਮਸੀਤਿ ਸਿਰੁ ਲਾਇਆ ॥

ਹੇ ਮੁੱਲਾਂ! ਪੈਰ ਹੱਥ ਆਦਿਕ ਸਾਫ਼ ਕਰਨ ਦੀ ਰਸਮ ਦਾ ਕੀਹ ਲਾਭ? ਮੂੰਹ ਧੋਣ ਦਾ ਕੀਹ ਗੁਣ? ਮਸਜਦ ਵਿਚ ਜਾ ਕੇ ਸਜਦਾ ਕਰਨ ਦੀ ਕੀਹ ਲੋੜ?

ਜਉ ਦਿਲ ਮਹਿ ਕਪਟੁ ਨਿਵਾਜ ਗੁਜਾਰਹੁ ਕਿਆ ਹਜ ਕਾਬੈ ਜਾਇਆ ॥੩॥

ਜੇ ਤੂੰ ਆਪਣੇ ਦਿਲ ਵਿਚ ਕਪਟ ਰੱਖ ਕੇ ਨਿਮਾਜ਼ ਪੜ੍ਹਦਾ ਹੈਂ, ਤਾਂ ਇਹ ਨਿਮਾਜ਼ ਦਾ ਕੀਹ ਫ਼ਾਇਦਾ? ਤੇ, ਕਾਹਬੇ ਦੇ ਹੱਜ ਦਾ ਕੀਹ ਫ਼ਾਇਦਾ? ॥੩॥

ਤੂੰ ਨਾਪਾਕੁ ਪਾਕੁ ਨਹੀ ਸੂਝਿਆ ਤਿਸ ਕਾ ਮਰਮੁ ਨ ਜਾਨਿਆ ॥

ਹੇ ਮੁੱਲਾਂ! ਤੂੰ ਅੰਦਰੋਂ ਤਾਂ ਪਲੀਤ ਹੀ ਰਿਹਾ, ਤੈਨੂੰ ਉਸ ਪਵਿੱਤਰ ਪ੍ਰਭੂ ਦੀ ਸਮਝ ਨਹੀਂ ਪਈ, ਤੂੰ ਉਸ ਦਾ ਭੇਤ ਨਹੀਂ ਪਾਇਆ।

ਕਹਿ ਕਬੀਰ ਭਿਸਤਿ ਤੇ ਚੂਕਾ ਦੋਜਕ ਸਿਉ ਮਨੁ ਮਾਨਿਆ ॥੪॥੪॥

ਕਬੀਰ ਆਖਦਾ ਹੈ ਕਿ (ਇਸ ਭੁਲੇਖੇ ਵਿਚ ਫਸੇ ਰਹਿ ਕੇ) ਤੂੰ ਬਹਿਸ਼ਤ ਤੋਂ ਖੁੰਝ ਗਿਆ ਹੈਂ, ਤੇ ਦੋਜ਼ਕ ਨਾਲ ਤੇਰਾ ਮਨ ਪਤੀਜ ਗਿਆ ਹੈ ॥੪॥੪॥


ਪ੍ਰਭਾਤੀ ॥
ਸੁੰਨ ਸੰਧਿਆ ਤੇਰੀ ਦੇਵ ਦੇਵਾਕਰ ਅਧਪਤਿ ਆਦਿ ਸਮਾਈ ॥

ਹੇ ਦੇਵ! ਹੇ ਚਾਨਣ ਦੀ ਖਾਣ! ਹੇ ਜਗਤ ਦੇ ਮਾਲਕ! ਹੇ ਸਭ ਦੇ ਮੂਲ! ਹੇ ਸਰਬ ਵਿਆਪਕ ਪ੍ਰਭੂ! (ਤੂੰ ਮਾਇਆ ਤੋਂ ਰਹਿਤ ਹੈਂ, ਸੋ) ਮਾਇਆ ਦੇ ਫੁਰਨਿਆਂ ਵਲੋਂ ਮਨ ਨੂੰ ਸਾਫ਼ ਰੱਖਣਾ (ਤੇ ਤੇਰੇ ਚਰਨਾਂ ਵਿਚ ਹੀ ਜੁੜੇ ਰਹਿਣਾ) ਇਹ ਤੇਰੀ ਆਰਤੀ ਕਰਨੀ ਹੈ।

ਸਿਧ ਸਮਾਧਿ ਅੰਤੁ ਨਹੀ ਪਾਇਆ ਲਾਗਿ ਰਹੇ ਸਰਨਾਈ ॥੧॥

ਜੋਗ-ਅੱਭਿਆਸ ਵਿਚ ਨਿਪੁੰਨ ਜੋਗੀਆਂ ਨੇ ਸਮਾਧੀਆਂ ਲਾ ਕੇ ਭੀ ਤੇਰਾ ਅੰਤ ਨਹੀਂ ਲੱਭਾ ਉਹ ਆਖ਼ਰ ਤੇਰੀ ਸ਼ਰਨ ਲੈਂਦੇ ਹਨ ॥੧॥

ਲੇਹੁ ਆਰਤੀ ਹੋ ਪੁਰਖ ਨਿਰੰਜਨ ਸਤਿਗੁਰ ਪੂਜਹੁ ਭਾਈ ॥

ਗੁਰੂ ਦੇ ਦੱਸੇ ਹੋਏ ਰਾਹ ਤੇ ਤੁਰੋ, ਤੇ ਉਸ ਪ੍ਰਭੂ ਦੀ ਆਰਤੀ ਉਤਾਰੋ ਜੋ ਮਾਇਆ ਤੋਂ ਰਹਿਤ ਹੈ ਤੇ ਜੋ ਸਭ ਵਿਚ ਵਿਆਪਕ ਹੈ,

ਠਾਢਾ ਬ੍ਰਹਮਾ ਨਿਗਮ ਬੀਚਾਰੈ ਅਲਖੁ ਨ ਲਖਿਆ ਜਾਈ ॥੧॥ ਰਹਾਉ ॥

ਜਿਸ ਦੇ ਕੋਈ ਖ਼ਾਸ ਚਿਹਨ-ਚੱਕ੍ਰ ਨਹੀਂ ਹਨ, ਜਿਸ ਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ ਤੇ ਜਿਸ ਦੇ ਦਰ ਤੇ ਖਲੋਤਾ ਬ੍ਰਹਮਾ ਵੇਦ ਵਿਚਾਰ ਰਿਹਾ ਹੈ ॥੧॥ ਰਹਾਉ ॥

ਤਤੁ ਤੇਲੁ ਨਾਮੁ ਕੀਆ ਬਾਤੀ ਦੀਪਕੁ ਦੇਹ ਉਜ੍ਹਾਰਾ ॥

(ਜਿਸ ਨੇ ਆਰਤੀ ਦਾ ਇਹ ਭੇਤ ਸਮਝਿਆ ਹੈ ਉਸ ਨੇ) ਗਿਆਨ ਨੂੰ ਤੇਲ ਬਣਾਇਆ ਹੈ, ਨਾਮ ਨੂੰ ਵੱਟੀ ਤੇ ਸਰੀਰ ਵਿਚ (ਨਾਮ ਦੇ) ਚਾਨਣ ਨੂੰ ਹੀ ਦੀਵਾ ਬਣਾਇਆ ਹੈ।

ਜੋਤਿ ਲਾਇ ਜਗਦੀਸ ਜਗਾਇਆ ਬੂਝੈ ਬੂਝਨਹਾਰਾ ॥੨॥

ਇਹ ਦੀਵਾ ਉਸ ਨੇ ਜਗਤ ਦੇ ਮਾਲਕ ਪ੍ਰਭੂ ਦੀ ਜੋਤ (ਵਿਚ ਜੁੜ ਕੇ) ਜਗਾਇਆ ਹੈ। ਕੋਈ ਵਿਰਲਾ ਗਿਆਨਵਾਨ (ਪ੍ਰਭੂ ਦੀ ਆਰਤੀ ਦਾ ਭੇਤ) ਸਮਝਦਾ ਹੈ ॥੨॥

ਪੰਚੇ ਸਬਦ ਅਨਾਹਦ ਬਾਜੇ ਸੰਗੇ ਸਾਰਿੰਗਪਾਨੀ ॥

(ਹੇ ਪ੍ਰਭੂ! ਇਸ ਆਰਤੀ ਦੀ ਬਰਕਤਿ ਨਾਲ) ਤੂੰ ਮੈਨੂੰ ਅੰਗ-ਸੰਗ ਦਿੱਸ ਰਿਹਾ ਹੈਂ (ਤੇ ਮੇਰੇ ਅੰਦਰ ਇਕ ਐਸਾ ਆਨੰਦ ਬਣ ਰਿਹਾ ਹੈ, ਮਾਨੋ) ਪੰਜ ਹੀ ਕਿਸਮਾਂ ਦੇ ਸਾਜ਼ (ਮੇਰੇ ਅੰਦਰ) ਇੱਕ-ਰਸ ਵੱਜ ਰਹੇ ਹਨ।

ਕਬੀਰ ਦਾਸ ਤੇਰੀ ਆਰਤੀ ਕੀਨੀ ਨਿਰੰਕਾਰ ਨਿਰਬਾਨੀ ॥੩॥੫॥

ਹੇ ਵਾਸ਼ਨਾ-ਰਹਿਤ ਨਿਰੰਕਾਰ! ਹੇ ਸਾਰਿੰਗਪਾਣ! ਮੈਂ ਤੇਰੇ ਦਾਸ ਕਬੀਰ ਨੇ ਭੀ ਤੇਰੀ (ਇਹੋ ਜਿਹੀ ਹੀ) ਆਰਤੀ ਕੀਤੀ ਹੈ ॥੩॥੫॥


ਪ੍ਰਭਾਤੀ ਬਾਣੀ ਭਗਤ ਨਾਮਦੇਵ ਜੀ ਕੀ ॥

ਰਾਗ ਪ੍ਰਭਾਤੀ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਮਨ ਕੀ ਬਿਰਥਾ ਮਨੁ ਹੀ ਜਾਨੈ ਕੈ ਬੂਝਲ ਆਗੈ ਕਹੀਐ ॥

ਮਨ ਦਾ ਦੁੱਖ-ਕਲੇਸ਼ ਜਾਂ (ਦੁਖੀਏ ਦਾ) ਆਪਣਾ ਮਨ ਜਾਣਦਾ ਹੈ ਜਾਂ (ਅੰਤਰਜਾਮੀ ਪ੍ਰਭੂ ਜਾਣਦਾ ਹੈ, ਸੋ ਜੇ ਆਖਣਾ ਹੋਵੇ ਤਾਂ) ਉਸ ਅੰਤਰਜਾਮੀ ਅੱਗੇ ਆਖਣਾ ਚਾਹੀਦਾ ਹੈ।

ਅੰਤਰਜਾਮੀ ਰਾਮੁ ਰਵਾਂਈ ਮੈ ਡਰੁ ਕੈਸੇ ਚਹੀਐ ॥੧॥

ਮੈਨੂੰ ਤਾਂ ਹੁਣ ਕੋਈ (ਦੁੱਖਾਂ ਦਾ) ਡਰ ਰਿਹਾ ਹੀ ਨਹੀਂ, ਕਿਉਂਕਿ ਮੈਂ ਉਸ ਅੰਤਰਜਾਮੀ ਪਰਮਾਤਮਾ ਨੂੰ ਸਿਮਰ ਰਿਹਾ ਹਾਂ ॥੧॥

ਬੇਧੀਅਲੇ ਗੋਪਾਲ ਗੁੋਸਾਈ ॥

ਮੇਰੇ ਗੋਪਾਲ ਗੋਸਾਈਂ ਨੇ ਮੈਨੂੰ (ਆਪਣੇ ਚਰਨਾਂ ਵਿਚ ਵਿੰਨ੍ਹ ਲਿਆ ਹੈ,

ਮੇਰਾ ਪ੍ਰਭੁ ਰਵਿਆ ਸਰਬੇ ਠਾਈ ॥੧॥ ਰਹਾਉ ॥

ਹੁਣ ਮੈਨੂੰ ਉਹ ਪਿਆਰਾ ਪ੍ਰਭੂ ਸਭ ਥਾਂ ਵੱਸਦਾ ਦਿਸਦਾ ਹੈ ॥੧॥ ਰਹਾਉ ॥

ਮਾਨੈ ਹਾਟੁ ਮਾਨੈ ਪਾਟੁ ਮਾਨੈ ਹੈ ਪਾਸਾਰੀ ॥

(ਉਸ ਅੰਤਰਜਾਮੀ ਦਾ ਮਨੁੱਖ ਦੇ) ਮਨ ਵਿਚ ਹੀ ਹੱਟ ਹੈ, ਮਨ ਵਿਚ ਹੀ ਸ਼ਹਿਰ ਹੈ, ਤੇ ਮਨ ਵਿਚ ਹੀ ਉਹ ਹੱਟ ਚਲਾ ਰਿਹਾ ਹੈ,

ਮਾਨੈ ਬਾਸੈ ਨਾਨਾ ਭੇਦੀ ਭਰਮਤੁ ਹੈ ਸੰਸਾਰੀ ॥੨॥

ਉਹ ਅਨੇਕ ਰੂਪਾਂ ਰੰਗਾਂ ਵਾਲਾ ਪ੍ਰਭੂ (ਮਨੁੱਖ ਦੇ) ਮਨ ਵਿਚ ਹੀ ਵੱਸਦਾ ਹੈ। ਪਰ ਸੰਸਾਰ ਨਾਲ ਮੋਹ ਰੱਖਣ ਵਾਲਾ ਮਨੁੱਖ ਬਾਹਰ ਭਟਕਦਾ ਫਿਰਦਾ ਹੈ ॥੨॥

ਗੁਰ ਕੈ ਸਬਦਿ ਏਹੁ ਮਨੁ ਰਾਤਾ ਦੁਬਿਧਾ ਸਹਜਿ ਸਮਾਣੀ ॥

ਜਿਸ ਮਨੁੱਖ ਦਾ ਇਹ ਮਨ ਸਤਿਗੁਰੂ ਦੇ ਸ਼ਬਦ ਵਿਚ ਰੰਗਿਆ ਗਿਆ ਹੈ, ਉਸ ਦੀ ਮੇਰ-ਤੇਰ ਅਡੋਲ ਆਤਮਕ ਅਵਸਥਾ ਵਿਚ ਲੀਨ ਹੋ ਗਈ ਹੈ,

ਸਭੋ ਹੁਕਮੁ ਹੁਕਮੁ ਹੈ ਆਪੇ ਨਿਰਭਉ ਸਮਤੁ ਬੀਚਾਰੀ ॥੩॥

ਉਹ ਸਮ-ਦਰਸੀ ਹੋ ਜਾਂਦਾ ਹੈ, ਉਹ ਨਿਡਰ ਹੋ ਜਾਂਦਾ ਹੈ ਕਿਉਂਕਿ ਉਸ ਨੂੰ (ਹਰ ਥਾਂ) ਪ੍ਰਭੂ ਦਾ ਹੀ ਹੁਕਮ ਵਰਤਦਾ ਦਿੱਸਦਾ ਹੈ, ਪ੍ਰਭੂ ਆਪ ਹੀ ਹੁਕਮ ਚਲਾ ਰਿਹਾ ਜਾਪਦਾ ਹੈ ॥੩॥

ਜੋ ਜਨ ਜਾਨਿ ਭਜਹਿ ਪੁਰਖੋਤਮੁ ਤਾ ਚੀ ਅਬਿਗਤੁ ਬਾਣੀ ॥

ਜੋ ਮਨੁੱਖ ਉੱਤਮ ਪੁਰਖ ਪ੍ਰਭੂ ਨੂੰ (ਇਉਂ ਸਰਬ-ਵਿਆਪਕ) ਜਾਣ ਕੇ ਸਿਮਰਦੇ ਹਨ, ਉਹਨਾਂ ਦੀ ਬਾਣੀ ਹੀ ਪ੍ਰਭੂ ਦਾ ਨਾਮ ਬਣ ਜਾਂਦਾ ਹੈ (ਭਾਵ, ਉਹ ਹਰ ਵੇਲੇ ਸਿਫ਼ਤ-ਸਾਲਾਹ ਹੀ ਕਰਦੇ ਹਨ)।

ਨਾਮਾ ਕਹੈ ਜਗਜੀਵਨੁ ਪਾਇਆ ਹਿਰਦੈ ਅਲਖ ਬਿਡਾਣੀ ॥੪॥੧॥

ਨਾਮਦੇਵ ਆਖਦਾ ਹੈ ਉਹਨਾਂ ਬੰਦਿਆਂ ਨੇ ਅਸਚਰਜ ਅਲੱਖ ਤੇ ਜਗਤ-ਦੇ-ਜੀਵਨ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਹੀ ਲੱਭ ਲਿਆ ਹੈ ॥੪॥੧॥


ਪ੍ਰਭਾਤੀ ॥
ਆਦਿ ਜੁਗਾਦਿ ਜੁਗਾਦਿ ਜੁਗੋ ਜੁਗੁ ਤਾ ਕਾ ਅੰਤੁ ਨ ਜਾਨਿਆ ॥

(ਉਹ ਪ੍ਰਭੂ) ਸਾਰੇ ਸੰਸਾਰ ਦਾ ਮੂਲ ਹੈ, ਜੁਗਾਂ ਦੇ ਆਦਿ ਤੋਂ ਹੈ, ਹਰੇਕ ਜੁਗ ਵਿਚ ਮੌਜੂਦ ਹੈ, ਉਸ ਦੇ ਗੁਣਾਂ ਦਾ ਕਿਸੇ ਨੇ ਅੰਤ ਨਹੀਂ ਪਾਇਆ।

ਸਰਬ ਨਿਰੰਤਰਿ ਰਾਮੁ ਰਹਿਆ ਰਵਿ ਐਸਾ ਰੂਪੁ ਬਖਾਨਿਆ ॥੧॥

ਉਹ ਰਾਮ ਸਭ ਜੀਵਾਂ ਵਿਚ ਇਕ-ਰਸ ਵਿਆਪਕ ਹੈ, (ਸਭ ਧਰਮ-ਪੁਸਤਕਾਂ ਨੇ) ਉਸ ਰਾਮ ਦਾ ਕੁਝ ਇਹੋ ਜਿਹਾ ਸਰੂਪ ਬਿਆਨ ਕੀਤਾ ਹੈ ॥੧॥

ਗੋਬਿਦੁ ਗਾਜੈ ਸਬਦੁ ਬਾਜੈ ॥

ਜਦ (ਹਿਰਦੇ ਵਿਚ ਗੁਰੂ ਦਾ) ਗੋਬਿੰਦ-ਨਾਮ ਦਾ ਸ਼ਬਦ-ਵਾਜਾ ਵੱਜਦਾ ਹੈ,

ਆਨਦ ਰੂਪੀ ਮੇਰੋ ਰਾਮਈਆ ॥੧॥ ਰਹਾਉ ॥

ਤਾਂ ਮੇਰਾ ਸੋਹਣਾ ਸੁਖ-ਸਰੂਪ ਰਾਮ ਪਰਗਟ ਹੋ ਜਾਂਦਾ ਹੈ ॥੧॥ ਰਹਾਉ ॥

ਬਾਵਨ ਬੀਖੂ ਬਾਨੈ ਬੀਖੇ ਬਾਸੁ ਤੇ ਸੁਖ ਲਾਗਿਲਾ ॥

ਜਿਵੇਂ ਜੰਗਲ ਵਿਚ ਚੰਦਨ ਦੇ ਬੂਟੇ ਤੋਂ (ਸਭ ਨੂੰ) ਸੁਗੰਧੀ ਦਾ ਸੁਖ ਮਿਲਦਾ ਹੈ (ਉਸ ਦੀ ਸੰਗਤ ਨਾਲ ਸਾਧਾਰਨ) ਰੁੱਖ ਚੰਦਨ ਵਾਂਗ ਬਣ ਜਾਂਦਾ ਹੈ;

ਸਰਬੇ ਆਦਿ ਪਰਮਲਾਦਿ ਕਾਸਟ ਚੰਦਨੁ ਭੈਇਲਾ ॥੨॥

ਤਿਵੇਂ, ਉਹ ਸਭ ਜੀਵਾਂ ਦਾ ਮੂਲ ਰਾਮ (ਸਭ ਗੁਣਾਂ-ਰੂਪ) ਸੁਗੰਧੀਆਂ ਦਾ ਮੂਲ ਹੈ (ਉਸ ਦੀ ਸੰਗਤ ਵਿਚ ਸਾਧਾਰਨ ਜੀਵ ਗੁਣਾਂ ਵਾਲੇ ਹੋ ਜਾਂਦੇ ਹਨ) ॥੨॥

ਤੁਮ੍ਰ ਚੇ ਪਾਰਸੁ ਹਮ ਚੇ ਲੋਹਾ ਸੰਗੇ ਕੰਚਨੁ ਭੈਇਲਾ ॥

(ਹੇ ਰਾਮ!) ਤੂੰ ਪਾਰਸ ਹੈਂ, ਮੈਂ ਲੋਹਾ ਹਾਂ, ਤੇਰੀ ਸੰਗਤ ਵਿਚ ਮੈਂ ਸੋਨਾ ਬਣ ਗਿਆ ਹਾਂ।

ਤੂ ਦਇਆਲੁ ਰਤਨੁ ਲਾਲੁ ਨਾਮਾ ਸਾਚਿ ਸਮਾਇਲਾ ॥੩॥੨॥

ਤੂੰ ਦਇਆ ਦਾ ਘਰ ਹੈਂ, ਤੂੰ ਰਤਨ ਹੈਂ, ਤੂੰ ਲਾਲ ਹੈਂ। ਮੈਂ ਨਾਮਾ ਤੈਂ ਸਦਾ-ਥਿਰ ਰਹਿਣ ਵਾਲੇ ਵਿਚ ਲੀਨ ਹੋ ਗਿਆ ਹਾਂ ॥੩॥੨॥


ਪ੍ਰਭਾਤੀ ॥
ਅਕੁਲ ਪੁਰਖ ਇਕੁ ਚਲਿਤੁ ਉਪਾਇਆ ॥

ਜਿਸ ਪਰਮਾਤਮਾ ਦੀ ਕੋਈ ਖ਼ਾਸ ਕੁਲ ਨਹੀਂ ਹੈ ਉਸ ਸਰਬ-ਵਿਆਪਕ ਨੇ ਇਹ ਜਗਤ-ਰੂਪ ਇਕ ਖੇਡ ਬਣਾ ਦਿੱਤੀ ਹੈ।

ਘਟਿ ਘਟਿ ਅੰਤਰਿ ਬ੍ਰਹਮੁ ਲੁਕਾਇਆ ॥੧॥

ਹਰੇਕ ਸਰੀਰ ਵਿਚ, ਹਰੇਕ ਦੇ ਅੰਦਰ ਉਸ ਨੇ ਆਪਣਾ ਆਤਮਾ ਗੁਪਤ ਰੱਖ ਦਿੱਤਾ ਹੈ ॥੧॥

ਜੀਅ ਕੀ ਜੋਤਿ ਨ ਜਾਨੈ ਕੋਈ ॥

ਸਾਰੇ ਜੀਵਾਂ ਵਿਚ ਵੱਸਦੀ ਜੋਤਿ ਨੂੰ ਤਾਂ ਕੋਈ ਪ੍ਰਾਣੀ ਜਾਣਦਾ ਨਹੀਂ ਹੈ,

ਤੈ ਮੈ ਕੀਆ ਸੁ ਮਾਲੂਮੁ ਹੋਈ ॥੧॥ ਰਹਾਉ ॥

ਪਰ ਅਸੀਂ ਜੋ ਕੁਝ ਕਰਦੇ ਹਾਂ ਉਹ (ਸਾਡੇ ਅੰਦਰ) ਅੰਦਰ-ਵੱਸਦੀ-ਜੋਤਿ ਨੂੰ ਮਲੂਮ ਹੋ ਜਾਂਦਾ ਹੈ ॥੧॥ ਰਹਾਉ ॥

ਜਿਉ ਪ੍ਰਗਾਸਿਆ ਮਾਟੀ ਕੁੰਭੇਉ ॥

ਜਿਵੇਂ ਮਿੱਟੀ ਤੋਂ ਘੜਾ ਬਣ ਜਾਂਦਾ ਹੈ,

ਆਪ ਹੀ ਕਰਤਾ ਬੀਠੁਲੁ ਦੇਉ ॥੨॥

ਤਿਵੇਂ ਉਹ ਬੀਠੁਲ ਪ੍ਰਭੂ ਆਪ ਹੀ ਸਭ ਦਾ ਪੈਦਾ ਕਰਨ ਵਾਲਾ ਹੈ ॥੨॥

ਜੀਅ ਕਾ ਬੰਧਨੁ ਕਰਮੁ ਬਿਆਪੈ ॥

ਜੀਵ ਦਾ ਕੀਤਾ ਹੋਇਆ ਕੰਮ ਉਸ ਲਈ ਜੰਜਾਲ ਹੋ ਢੁਕਦਾ ਹੈ,

ਜੋ ਕਿਛੁ ਕੀਆ ਸੁ ਆਪੈ ਆਪੈ ॥੩॥

ਪਰ ਇਹ ਜੰਜਾਲ ਆਦਿਕ ਭੀ ਜੋ ਕੁਝ ਬਣਾਇਆ ਹੈ ਪ੍ਰਭੂ ਨੇ ਆਪ ਹੀ ਬਣਾਇਆ ਹੈ ॥੩॥

ਪ੍ਰਣਵਤਿ ਨਾਮਦੇਉ ਇਹੁ ਜੀਉ ਚਿਤਵੈ ਸੁ ਲਹੈ ॥

ਨਾਮਦੇਵ ਬੇਨਤੀ ਕਰਦਾ ਹੈ, ਇਹ ਜੀਵ ਜਿਸ ਸ਼ੈ ਉਤੇ ਆਪਣਾ ਮਨ ਟਿਕਾਂਦਾ ਹੈ ਉਸ ਨੂੰ ਹਾਸਲ ਕਰ ਲੈਂਦਾ ਹੈ,

ਅਮਰੁ ਹੋਇ ਸਦ ਆਕੁਲ ਰਹੈ ॥੪॥੩॥

ਜੇ ਇਹ ਜੀਵ ਸਰਬ-ਵਿਆਪਕ ਪਰਮਾਤਮਾ ਨੂੰ ਆਪਣੇ ਮਨ ਵਿਚ ਟਿਕਾਏ ਤਾਂ (ਉਸ ਅਮਰ ਪ੍ਰਭੂ ਵਿਚ ਟਿਕ ਕੇ ਆਪ ਭੀ) ਅਮਰ ਹੋ ਜਾਂਦਾ ਹੈ ॥੪॥੩॥


ਪ੍ਰਭਾਤੀ ਭਗਤ ਬੇਣੀ ਜੀ ਕੀ ॥

ਰਾਗ ਪ੍ਰਭਾਤੀ ਵਿੱਚ ਭਗਤ ਬੇਣੀ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਤਨਿ ਚੰਦਨੁ ਮਸਤਕਿ ਪਾਤੀ ॥

(ਹੇ ਲੰਪਟ!) ਤੂੰ ਸਰੀਰ ਉੱਤੇ ਚੰਦਨ ਦਾ ਲੇਪ ਤੇ ਮੱਥੇ ਉੱਤੇ ਤੁਲਸੀ ਦੇ ਪੱਤਰ ਲਾਂਦਾ ਹੈਂ,

ਰਿਦ ਅੰਤਰਿ ਕਰ ਤਲ ਕਾਤੀ ॥

ਪਰ, ਤੇਰੇ ਹਿਰਦੇ ਵਿਚ (ਇਉਂ ਕੁਝ ਹੋ ਰਿਹਾ ਹੈ ਜਿਵੇਂ) ਤੇਰੇ ਹੱਥਾਂ ਵਿਚ ਕੈਂਚੀ ਫੜੀ ਹੋਈ ਹੈ।

ਠਗ ਦਿਸਟਿ ਬਗਾ ਲਿਵ ਲਾਗਾ ॥

ਤੇਰੀ ਨਿਗਾਹ ਠੱਗਾਂ ਵਾਲੀ ਹੈ, ਪਰ ਬਗਲੇ ਵਾਂਗ ਤੂੰ ਸਮਾਧੀ ਲਾਈ ਹੋਈ ਹੈ,

ਦੇਖਿ ਬੈਸਨੋ ਪ੍ਰਾਨ ਮੁਖ ਭਾਗਾ ॥੧॥

ਪਰ ਵੇਖਣ ਨੂੰ ਤੂੰ ਵੈਸ਼ਨੋ ਜਾਪਦਾ ਹੈਂ ਜਿਵੇਂ ਤੇਰੇ ਮੂੰਹ ਵਿਚੋਂ ਸੁਆਸ ਭੀ ਨਿਕਲ ਗਏ ਹਨ (ਭਾਵ, ਵੇਖਣ ਨੂੰ ਤੂੰ ਬੜਾ ਹੀ ਦਇਆਵਾਨ ਜਾਪਦਾ ਹੈਂ) ॥੧॥

ਕਲਿ ਭਗਵਤ ਬੰਦ ਚਿਰਾਂਮੰ ॥

(ਹੇ ਵਿਸ਼ਈ ਮਨੁੱਖ!) ਤੂੰ ਕਲਜੁਗੀ ਸੁਭਾਵ ਵਿਚ ਅਪ੍ਰਵਿਰਤ ਹੈਂ, ਪਰ, ਮੂਰਤੀ ਨੂੰ ਚਿਰ ਤੱਕ ਨਮਸਕਾਰ ਕਰਦਾ ਹੈਂ।

ਕ੍ਰੂਰ ਦਿਸਟਿ ਰਤਾ ਨਿਸਿ ਬਾਦੰ ॥੧॥ ਰਹਾਉ ॥

ਤੇਰੀ ਨਜ਼ਰ ਟੇਢੀ ਹੈ (ਤੇਰੀ ਨਿਗਾਹ ਵਿਚ ਖੋਟ ਹੈ), ਤੇ ਦਿਨ ਰਾਤ ਤੂੰ ਮਾਇਆ ਦੇ ਧੰਧਿਆਂ ਵਿਚ ਰੱਤਾ ਹੋਇਆ ਹੈਂ ॥੧॥ ਰਹਾਉ ॥

ਨਿਤਪ੍ਰਤਿ ਇਸਨਾਨੁ ਸਰੀਰੰ ॥

(ਹੇ ਵਿਸ਼ਈ ਮਨੁੱਖ!) ਤੂੰ ਹਰ ਰੋਜ਼ ਆਪਣੇ ਸਰੀਰ ਨੂੰ ਇਸ਼ਨਾਨ ਕਰਾਂਦਾ ਹੈਂ,

ਦੁਇ ਧੋਤੀ ਕਰਮ ਮੁਖਿ ਖੀਰੰ ॥

ਦੋ ਧੋਤੀਆਂ ਰੱਖਦਾ ਹੈਂ, (ਹੋਰ) ਕਰਮ ਕਾਂਡ (ਭੀ ਕਰਦਾ ਹੈਂ), ਦੂਧਾਧਾਰੀ ਹੈਂ;

ਰਿਦੈ ਛੁਰੀ ਸੰਧਿਆਨੀ ॥

ਪਰ ਆਪਣੇ ਹਿਰਦੇ ਵਿਚ ਤੂੰ ਛੁਰੀ ਕੱਸ ਕੇ ਰੱਖੀ ਹੋਈ ਹੈ,

ਪਰ ਦਰਬੁ ਹਿਰਨ ਕੀ ਬਾਨੀ ॥੨॥

ਤੇ ਤੈਨੂੰ ਪਰਾਇਆ ਧਨ ਠੱਗਣ ਦੀ ਆਦਤ ਪਈ ਹੋਈ ਹੈ ॥੨॥

ਸਿਲ ਪੂਜਸਿ ਚਕ੍ਰ ਗਣੇਸੰ ॥

(ਹੇ ਲੰਪਟ!) ਤੂੰ ਸਿਲਾ ਪੂਜਦਾ ਹੈਂ, ਸਰੀਰ ਉੱਤੇ ਤੂੰ ਗਣੇਸ਼ ਦੇਵਤੇ ਦੇ ਨਿਸ਼ਾਨ ਬਣਾਏ ਹੋਏ ਹਨ,

ਨਿਸਿ ਜਾਗਸਿ ਭਗਤਿ ਪ੍ਰਵੇਸੰ ॥

ਰਾਤ ਨੂੰ ਰਾਸਾਂ ਵਿਚ (ਭਗਤੀ ਵਜੋਂ) ਜਾਗਦਾ ਭੀ ਹੈਂ, ਉਥੇ ਪੈਰਾਂ ਨਾਲ ਤੂੰ ਨੱਚਦਾ ਹੈਂ,

ਪਗ ਨਾਚਸਿ ਚਿਤੁ ਅਕਰਮੰ ॥

ਪਰ ਤੇਰਾ ਚਿੱਤ ਮੰਦੇ ਕਰਮਾਂ ਵਿਚ ਹੀ ਮਗਨ ਰਹਿੰਦਾ ਹੈ,

ਏ ਲੰਪਟ ਨਾਚ ਅਧਰਮੰ ॥੩॥

ਹੇ ਲੰਪਟ! ਇਹ ਨਾਚ ਕੋਈ ਧਰਮ (ਦਾ ਕੰਮ) ਨਹੀਂ ਹੈ ॥੩॥

ਮ੍ਰਿਗ ਆਸਣੁ ਤੁਲਸੀ ਮਾਲਾ ॥
(ਪੂਜਾ ਪਾਠ ਵੇਲੇ) ਤੂੰ ਹਿਰਨ ਦੀ ਖੱਲ ਦਾ ਆਸਣ (ਵਰਤਦਾ ਹੈਂ), ਤੁਲਸੀ ਦੀ ਮਾਲਾ ਤੇਰੇ ਪਾਸ ਹੈ,
ਕਰ ਊਜਲ ਤਿਲਕੁ ਕਪਾਲਾ ॥

ਸਾਫ਼ ਹੱਥਾਂ ਨਾਲ ਤੂੰ ਮੱਥੇ ਉੱਤੇ ਤਿਲਕ ਲਾਂਦਾ ਹੈਂ,

ਰਿਦੈ ਕੂੜੁ ਕੰਠਿ ਰੁਦ੍ਰਾਖੰ ॥

ਗਲ ਵਿਚ ਤੂੰ ਰੁਦ੍ਰਾਖ ਦੀ ਮਾਲਾ ਪਾਈ ਹੋਈ ਹੈ, ਪਰ ਤੇਰੇ ਹਿਰਦੇ ਵਿਚ ਠੱਗੀ ਹੈ।

ਰੇ ਲੰਪਟ ਕ੍ਰਿਸਨੁ ਅਭਾਖੰ ॥੪॥

(ਹੇ ਲੰਪਟ!) ਤੂੰ ਹਰੀ ਨੂੰ ਸਿਮਰ ਨਹੀਂ ਰਿਹਾ ਹੈਂ ॥੪॥

ਜਿਨਿ ਆਤਮ ਤਤੁ ਨ ਚੀਨਿ੍ਆ ॥

ਇਹ ਗੱਲ ਸੱਚ ਹੈ ਕਿ ਜਿਸ ਮਨੁੱਖ ਨੇ ਆਤਮਾ ਦੀ ਅਸਲੀਅਤ ਨੂੰ ਨਹੀਂ ਪਛਾਣਿਆ,

ਸਭ ਫੋਕਟ ਧਰਮ ਅਬੀਨਿਆ ॥

ਉਸ ਅੰਨ੍ਹੇ ਦੇ ਸਾਰੇ ਕਰਮ-ਧਰਮ ਫੋਕੇ ਹਨ।

ਕਹੁ ਬੇਣੀ ਗੁਰਮੁਖਿ ਧਿਆਵੈ ॥

ਬੇਣੀ ਆਖਦਾ ਹੈ- ਉਹੀ ਮਨੁੱਖ ਸਿਮਰਨ ਕਰਦਾ ਹੈ ਜੋ ਗੁਰੂ ਦੇ ਸਨਮੁਖ ਹੁੰਦਾ ਹੈ,

ਬਿਨੁ ਸਤਿਗੁਰ ਬਾਟ ਨ ਪਾਵੈ ॥੫॥੧॥

ਗੁਰੂ ਤੋਂ ਬਿਨਾ ਜ਼ਿੰਦਗੀ ਦਾ ਸਹੀ ਰਾਹ ਨਹੀਂ ਲੱਭਦਾ ॥੫॥੧॥

1
2