ਰਾਗ ਬਿਹਾਗੜਾ – ਬਾਣੀ ਸ਼ਬਦ-Part 2 – Raag Bihagra – Bani

ਰਾਗ ਬਿਹਾਗੜਾ – ਬਾਣੀ ਸ਼ਬਦ-Part 2 – Raag Bihagra – Bani

ਸਲੋਕ ਮ: ੩ ॥

ਸਲੋਕ ਤੀਜੀ ਪਾਤਸ਼ਾਹੀ।

ਮਨਿ ਪਰਤੀਤਿ ਨ ਆਈਆ; ਸਹਜਿ ਨ ਲਗੋ ਭਾਉ ॥

ਜੇਕਰ ਤੇਰੇ ਅੰਤਰਕਰਨ ਅੰਦਰ ਭਰੋਸਾ ਨਹੀਂ, ਤੂੰ ਆਪਣੇ ਪ੍ਰਭੂ ਨੂੰ ਪਿਆਰ ਨਹੀਂ ਕਰਦਾ,

ਸਬਦੈ ਸਾਦੁ ਨ ਪਾਇਓ; ਮਨਹਠਿ ਕਿਆ ਗੁਣ ਗਾਇ? ॥

ਅਤੇ ਤੂੰ ਨਾਮ ਦੇ ਸੁਆਦ ਨੂੰ ਨਹੀਂ ਮਾਣਦਾ, ਤਦ ਤੂੰ ਆਪਣੇ ਮਨ ਨੂੰ ਮਜਬੂਰ ਕਰਕੇ ਮਾਲਕ ਦਾ ਕੀ ਜੱਸ ਗਾਇਨ ਕਰੇਗਾ।

ਨਾਨਕ ਆਇਆ ਸੋ ਪਰਵਾਣੁ ਹੈ; ਜਿ ਗੁਰਮੁਖਿ ਸਚਿ ਸਮਾਇ ॥੧॥

ਨਾਨਕ ਕੇਵਲ ਉਸ ਦਾ ਆਗਮਨ ਪ੍ਰਮਾਣੀਕ ਹੈ, ਜੋ ਗੁਰਾਂ ਦੇ ਉਪਦੇਸ਼ ਦੁਆਰਾ ਸੱਚੇ ਸਾਈਂ ਵਿੱਚ ਲੀਨ ਹੋ ਜਾਂਦਾ ਹੈ।


ਮ: ੩ ॥

ਤੀਜੀ ਪਾਤਿਸ਼ਾਹੀ।

ਆਪਣਾ ਆਪੁ ਨ ਪਛਾਣੈ ਮੂੜਾ; ਅਵਰਾ ਆਖਿ ਦੁਖਾਏ ॥

ਮੂਰਖ ਆਪਣੇ ਆਪ ਨੂੰ ਨਹੀਂ ਸਮਝਦਾ। ਆਪਣੇ ਬਚਨ ਦੁਆਰਾ ਉਹ ਹੋਰਨਾ ਨੂੰ ਦੁਖੀ ਕਰਦਾ ਹੈ।

ਮੁੰਢੈ ਦੀ ਖਸਲਤਿ, ਨ ਗਈਆ ਅੰਧੇ; ਵਿਛੁੜਿ ਚੋਟਾ ਖਾਏ ॥

ਮੂਰਖ ਦੀ ਆਦੀ ਆਦਤ ਉਸ ਨੂੰ ਨਹੀਂ ਛੱਡਦੀ। ਰੱਬ ਤੋਂ ਵਿਛੜ ਕੇ ਉਹ ਸੱਟਾਂ ਖਾਂਦਾ ਹੈ।

ਸਤਿਗੁਰ ਕੈ ਭੈ ਭੰਨਿ ਨ ਘੜਿਓ; ਰਹੈ ਅੰਕਿ ਸਮਾਏ ॥

ਸੱਚੇ ਗੁਰਾਂ ਦੇ ਡਰ ਦੁਆਰਾ ਉਸ ਨੇ ਆਪਣੇ ਸੁਭਾਵ ਨੂੰ ਬਦਲ ਕੇ ਸੁਧਾਰਿਆ ਨਹੀਂ ਤਾਂ ਜੋ ਉਹ ਸੁਆਮੀ ਦੀ ਗੋਦ ਵਿੱਚ ਲੀਨ ਹੋਇਆ ਰਹੇ।

ਅਨਦਿਨੁ ਸਹਸਾ ਕਦੇ ਨ ਚੂਕੈ; ਬਿਨੁ ਸਬਦੈ ਦੁਖੁ ਪਾਏ ॥

ਰਾਤ ਦਿਨ ਉਸ ਦੇ ਵਹਿਮ ਕਦਾਚਿੱਤ ਦੁਰ ਨਹੀਂ ਹੁੰਦੇ ਅਤੇ ਸੁਆਮੀ ਦੇ ਨਾਮ ਬਿਨਾ ਉਹ ਕਸ਼ਟ ਉਠਾਉਂਦਾ ਹੈ।

ਕਾਮੁ ਕ੍ਰੋਧੁ ਲੋਭੁ ਅੰਤਰਿ ਸਬਲਾ; ਨਿਤ ਧੰਧਾ ਕਰਤ ਵਿਹਾਏ ॥

ਸ਼ਹਿਵਤ ਗੁੱਸਾ ਤੇ ਲਾਲਚ ਉਸ ਦੇ ਰਿਦੇ ਅੰਦਰ ਬੜੇ ਬਲਵਾਨ ਹਨ। ਉਸ ਦੀ ਆਰਬਲਾ ਸਦਾ ਸੰਸਾਰੀ ਕੰਮ ਕਰਦਿਆਂ ਬੀਤ ਜਾਂਦੀ ਹੈ।

ਚਰਣ ਕਰ ਦੇਖਤ ਸੁਣਿ ਥਕੇ; ਦਿਹ ਮੁਕੇ ਨੇੜੈ ਆਏ ॥

ਹਾਰ ਹੁੱਟ ਗਏ ਹਨ ਉਸ ਦੇ ਪੈਰ, ਹੱਥ, ਅੱਖਾਂ ਤੇ ਕੰਨ। ਉਸ ਦਿਨ ਖਤਮ ਹੋ ਗਏ ਹਨ ਅਤੇ ਮੌਤ ਨੇੜੇ ਆ ਗਈ ਹੈ।

ਸਚਾ ਨਾਮੁ ਨ ਲਗੋ ਮੀਠਾ; ਜਿਤੁ ਨਾਮਿ ਨਵ ਨਿਧਿ ਪਾਏ ॥

ਸੱਚਾ ਨਾਮ ਉਸ ਨੂੰ ਮਿਠੜਾ ਨਹੀਂ ਲਗਦਾ, ਜਿਸ ਨਾਮ ਦੁਆਰਾ ਨੌ ਖ਼ਜ਼ਾਨੇ ਪ੍ਰਾਪਤ ਹੁੰਦੇ ਹਨ।

ਜੀਵਤੁ ਮਰੈ, ਮਰੈ ਫੁਨਿ ਜੀਵੈ; ਤਾਂ ਮੋਖੰਤਰੁ ਪਾਏ ॥

ਜੇਕਰ ਬੰਦਾ ਜੀਉਂਦੇ ਜੀ ਮਰ ਜਾਵੇ ਅਤੇ ਐਕੁਰ ਮਰ ਕੇ ਮੁੜ ਜੀਵੇ, ਤਦ ਉਹ ਮੁਕਤੀ ਪਾ ਲੈਦਾ ਹੈ।

ਧੁਰਿ ਕਰਮੁ ਨ ਪਾਇਓ ਪਰਾਣੀ; ਵਿਣੁ ਕਰਮਾ, ਕਿਆ ਪਾਏ? ॥

ਬੰਦਾ ਪ੍ਰਭੂ ਦੀ ਰਹਿਮਤ ਦਾ ਪਾਤ੍ਰ ਨਹੀਂ ਹੋਇਆ, ਪ੍ਰਭੂ ਦੀ ਰਹਿਮਤ ਦੇ ਬਾਝੋਂ ਉਹ ਕੀ ਪ੍ਰਾਪਤ ਕਰ ਸਕਦਾ ਹੈ?

ਗੁਰ ਕਾ ਸਬਦੁ ਸਮਾਲਿ ਤੂ ਮੂੜੇ! ਗਤਿ ਮਤਿ ਸਬਦੇ ਪਾਏ ॥

ਹੇ ਮੂਰਖ ਤੂੰ ਗੁਰਾਂ ਦੀ ਬਾਣੀ ਦੀ ਸੋਚ ਵਿਚਾਰ ਕਰ। ਗੁਰਬਾਣੀ ਰਾਹੀਂ ਤੂੰ ਮੁਕਤੀ ਤੇ ਸਿਆਣਪ ਪਾ ਲਵੇਗਾ।

ਨਾਨਕ ਸਤਿਗੁਰੁ ਤਦ ਹੀ ਪਾਏ; ਜਾਂ ਵਿਚਹੁ ਆਪੁ ਗਵਾਏ ॥੨॥

ਨਾਨਕ, ਜੇਕਰ ਤੂੰ ਅੰਦਰੋ ਆਪਣੀ ਹਉਮੈ ਮੇਟ ਦੇਵੇ, ਕੇਵਲ ਤਾਂ ਹੀ ਤੂੰ ਸੱਚੇ ਗੁਰਾਂ ਨੂੰ ਪ੍ਰਾਪਤ ਹੋਵੇਗਾ।


ਪਉੜੀ ॥

ਪਉੜੀ।

ਜਿਸ ਦੈ ਚਿਤਿ ਵਸਿਆ ਮੇਰਾ ਸੁਆਮੀ; ਤਿਸ ਨੋ ਕਿਉ ਅੰਦੇਸਾ ਕਿਸੈ ਗਲੈ ਦਾ ਲੋੜੀਐ? ॥

ਜੀਹਦੇ ਮਨ ਅੰਦਰ ਮੇਰਾ ਮਾਲਕ ਵਸਦਾ ਹੈ, ਉਸ ਨੂੰ ਕਿਸੀ ਬਾਤ ਦਾ ਫਿਕਰ ਕਰਨਾ ਨਹੀਂ ਚਾਹੀਦਾ।

ਹਰਿ ਸੁਖਦਾਤਾ ਸਭਨਾ ਗਲਾ ਕਾ; ਤਿਸ ਨੋ ਧਿਆਇਦਿਆ, ਕਿਵ ਨਿਮਖ ਘੜੀ ਮੁਹੁ ਮੋੜੀਐ? ॥

ਵਾਹਿਗੁਰੂ ਆਰਾਮ ਬਖਸ਼ਣਹਾਰ ਅਤੇ ਸਾਰੀਆਂ ਸ਼ੈਆਂ ਦਾ ਸੁਆਮੀ ਹੈ। ਉਸ ਦੇ ਸਿਮਰਨ ਵੱਲੋਂ ਆਪਾਂ ਆਪਣੇ ਮੂੰਹ ਨੂੰ ਇਕ ਮੁਹਤ ਤੇ ਛਿਨ ਭਰ ਲਈ ਭੀ ਕਿਉਂ ਫੇਰੀਏ?

ਜਿਨਿ ਹਰਿ ਧਿਆਇਆ, ਤਿਸ ਨੋ ਸਰਬ ਕਲਿਆਣ ਹੋਏ; ਨਿਤ ਸੰਤ ਜਨਾ ਕੀ ਸੰਗਤਿ ਜਾਇ ਬਹੀਐ, ਮੁਹੁ ਜੋੜੀਐ ॥

ਜੋ ਹਰੀ ਦਾ ਆਰਾਧਨ ਕਰਦਾ ਹੈ, ਉਹ ਸਾਰੇ ਆਰਾਮ ਪਾ ਲੈਦਾ ਹੈ। ਹਰ ਰੋਜ਼ ਜਾ ਕੇ ਆਪਾਂ ਨੂੰ ਪਵਿੱਤਰ ਪੁਰਸ਼ਾਂ ਦੇ ਸਮਾਗਮ ਨਾਲ ਬੈਠਣਾ ਤੇ ਮੇਲ-ਮਿਲਾਪ ਕਰਨਾ ਉਚਿੱਤ ਹੈ।

ਸਭਿ ਦੁਖ ਭੁਖ ਰੋਗ ਗਏ ਹਰਿ ਸੇਵਕ ਕੇ; ਸਭਿ ਜਨ ਕੇ ਬੰਧਨ ਤੋੜੀਐ ॥

ਹਰੀ ਦੇ ਦਾਸ ਦੇ ਸਾਰੇ ਗਮ, ਭੁਖਾਂ ਤੇ ਬੀਮਾਰੀਆਂ ਮਿੱਟ ਜਾਂਦੀਆਂ ਹਨ। ਹਰੀ-ਦਾਸ ਦੀਆਂ ਸਾਰੀਆਂ ਬੇੜੀਆਂ ਕੱਟੀਆਂ ਜਾਂਦੀਆਂ ਹਨ।

ਹਰਿ ਕਿਰਪਾ ਤੇ, ਹੋਆ ਹਰਿ ਭਗਤੁ; ਹਰਿ ਭਗਤ ਜਨਾ ਕੈ ਮੁਹਿ ਡਿਠੈ, ਜਗਤੁ ਤਰਿਆ ਸਭੁ ਲੋੜੀਐ ॥੪॥

ਵਾਹਿਗੁਰੂ ਦੀ ਮਿਹਰ ਦੁਆਰਾ, ਬੰਦਾ ਵਾਹਿਗੁਰੂ ਦਾ ਸ਼੍ਰਧਾਲੂ ਬਣਦਾ ਹੈ। ਪ੍ਰਭੂ ਦੇ ਪਵਿੱਤਰ ਪੁਰਸ਼ ਦਾ ਚਿਹਰਾ ਵੇਖਣ ਦੁਆਰਾ, ਸਾਰਾ ਸੰਸਾਰ ਪਾਰ ਉੱਤਰ ਜਾਣਾ ਚਾਹੀਦਾ ਹੈ।


ਸਲੋਕ ਮ : ੩ ॥

ਸਲੋਕ ਤੀਜੀ ਪਾਤਿਸ਼ਾਹੀ।

ਸਾ ਰਸਨਾ ਜਲਿ ਜਾਉ; ਜਿਨਿ ਹਰਿ ਕਾ ਸੁਆਉ ਨ ਪਾਇਆ ॥

ਉਹ ਜੀਭ ਸੜ ਵੰਝੇ, ਜਿਸ ਨੇ ਸੁਆਮੀ ਦੇ ਨਾਮ ਦਾ ਸੁਆਦ ਪ੍ਰਾਪਤ ਨਹੀਂ ਕੀਤਾ।

ਨਾਨਕ ਰਸਨਾ ਸਬਦਿ ਰਸਾਇ; ਜਿਨਿ ਹਰਿ ਹਰਿ ਮੰਨਿ ਵਸਾਇਆ ॥੧॥

ਨਾਨਕ, ਉਸ ਦੀ ਜੀਭਾ, ਜੋ ਵਾਹਿਗੁਰੂ ਸੁਆਮੀ ਨੂੰ ਆਪਣੇ ਚਿੱਤ ਵਿੱਚ ਟਿਕਾਉਂਦਾ ਹੈ, ਨਾਮ ਦੇ ਸਵਾਦ ਨੂੰ ਮਾਣਦੀ ਹੈ।


ਮ : ੩ ॥
ਤੀਜੀ ਪਾਤਿਸ਼ਾਹੀ।
ਸਾ ਰਸਨਾ ਜਲਿ ਜਾਉ; ਜਿਨਿ ਹਰਿ ਕਾ ਨਾਉ ਵਿਸਾਰਿਆ ॥

ਉਹ ਜੀਭਾਂ ਸੜ ਮਚ ਜਾਵੇ, ਜਿਸ ਨੇ ਵਾਹਿਗੁਰੂ ਦੇ ਨਾਮ ਨੂੰ ਭੁਲਾ ਛਡਿਆ ਹੈ।

ਨਾਨਕ ਗੁਰਮੁਖਿ ਰਸਨਾ ਹਰਿ ਜਪੈ; ਹਰਿ ਕੈ ਨਾਇ ਪਿਆਰਿਆ ॥੨॥

ਨਾਨਕ, ਗੁਰੂ-ਸਮਰਪਣ ਦੀ ਜੀਭਾ ਸੁਆਮੀ ਦਾ ਸਿਮਰਨ ਕਰਦੀ ਹੈ ਤੇ ਵਾਹਿਗੁਰੂ ਦੇ ਨਾਮ ਨਾਲ ਨੇਹੁ ਗੰਢਦੀ ਹੈ।


ਪਉੜੀ ॥

ਪਉੜੀ।

ਹਰਿ ਆਪੇ ਠਾਕੁਰੁ ਸੇਵਕੁ ਭਗਤੁ; ਹਰਿ ਆਪੇ ਕਰੇ ਕਰਾਏ ॥

ਵਾਹਿਗੁਰੂ ਆਪ ਸੁਆਮੀ, ਟਹਿਲੂਆ ਅਤੇ ਸ਼ਰਧਾਵਾਨ ਹੈ। ਵਾਹਿਗੁਰੂ ਆਪ ਹੀ (ਸਭ ਕੁਝ) ਕਰਦਾ ਅਤੇ ਕਰਾਉਂਦਾ ਹੈ।

ਹਰਿ ਆਪੇ ਵੇਖੈ, ਵਿਗਸੈ ਆਪੇ; ਜਿਤੁ ਭਾਵੈ, ਤਿਤੁ ਲਾਏ ॥

ਹਰੀ ਖੁਦ ਦੇਖਦਾ ਅਤੇ ਖੁਦ ਹੀ ਪ੍ਰਸੰਨ ਹੁੰਦਾ ਹੈ। ਜਿਸ ਤਰ੍ਹਾਂ ਉਸ ਦੀ ਰਜ਼ਾ ਹੁੰਦੀ ਹੈ, ਉਸੇ ਤਰ੍ਹਾਂ ਹੀ ਉਹ ਪ੍ਰਾਣੀਆਂ ਨੂੰ ਕੰਮੀ ਲਾਈ ਰਖਦਾ ਹੈ।

ਹਰਿ ਇਕਨਾ ਮਾਰਗਿ ਪਾਏ ਆਪੇ; ਹਰਿ ਇਕਨਾ ਉਝੜਿ ਪਾਏ ॥

ਕਈਆਂ ਨੂੰ ਸਾਈਂ ਖੁਦ ਠੀਕ ਰਸਤੇ ਪਾ ਦਿੰਦਾ ਹੈ ਅਤੇ ਕਈਆਂ ਨੂੰ ਸਾਹਿਬ ਬੀਆਬਾਨ ਵਿੱਚ ਕੁਰਾਹੇ ਪਾ ਦਿੰਦਾ ਹੈ।

ਹਰਿ ਸਚਾ ਸਾਹਿਬੁ ਸਚੁ ਤਪਾਵਸੁ; ਕਰਿ ਵੇਖੈ ਚਲਤ ਸਬਾਏ ॥

ਵਾਹਿਗੁਰੂ ਸੱਚਾ ਸੁਆਮੀ ਹੈ ਅਤੇ ਸੱਚਾ ਹੈ ਉਸ ਦਾ ਨਿਆਉ। ਉਹ ਆਪਣੀਆਂ ਸਾਰੀਆਂ ਖੇਡਾਂ ਨੂੰ ਰਚਦਾ ਅਤੇ ਦੇਖਦਾ ਹੈ।

ਗੁਰ ਪਰਸਾਦਿ ਕਹੈ ਜਨੁ ਨਾਨਕੁ; ਹਰਿ ਸਚੇ ਕੇ ਗੁਣ ਗਾਏ ॥੫॥

ਗੁਰਾਂ ਦੀ ਦਇਆ ਦੁਆਰਾ ਨਫ਼ਰ ਨਾਨਕ ਸੱਚੇ ਸੁਆਮੀ ਦੀ ਕੀਰਤੀ ਆਖਦਾ ਅਤੇ ਗਾਇਨ ਕਰਦਾ ਹੈ।


ਸਲੋਕ ਮ : ੩ ॥

ਸਲੋਕ ਤੀਜੀ ਪਾਤਿਸ਼ਾਹੀ।

ਦਰਵੇਸੀ ਕੋ ਜਾਣਸੀ; ਵਿਰਲਾ ਕੋ ਦਰਵੇਸੁ ॥

ਕੋਈ ਟਾਵਾ ਜਣਾ ਹੀ ਸਾਧੂਗੀਰੀ ਨੂੰ ਸਮਝਦਾ ਹੈ ਅਤੇ ਬਹੁਤ ਹੀ ਥੋੜੇ ਸਾਧੂ ਹਨ।

ਜੇ ਘਰਿ ਘਰਿ ਹੰਢੈ ਮੰਗਦਾ; ਧਿਗੁ ਜੀਵਣੁ ਧਿਗੁ ਵੇਸੁ ॥

ਲਾਣ੍ਹਤ ਹੈ ਉਸ ਦੀ ਜਿੰਦਗੀ ਨੂੰ ਅਤੇ ਲਾਣ੍ਹਤ ਉਸ ਦੇ ਬਾਣੇ ਨੂੰ ਜਿਹੜਾ ਗ੍ਰਿਹ ਗ੍ਰਿਹ ਹੱਥ ਟੱਡਦਾ ਫਿਰਦਾ ਹੈ।

ਜੇ ਆਸਾ ਅੰਦੇਸਾ ਤਜਿ ਰਹੈ; ਗੁਰਮੁਖਿ ਭਿਖਿਆ ਨਾਉ ॥

ਜੇਕਰ ਉਹ ਉਮੈਦ ਤੇ ਫ਼ਿਕਰ ਨੂੰ ਛੱਡ ਦਿੰਦਾ ਹੈ ਅਤੇ ਗੁਰਾਂ ਦੇ ਰਾਹੀਂ ਨਾਮ ਨੂੰ ਖੈਰ ਵਜੋਂ ਹਾਸਲ ਕਰਦਾ ਹੈ,

ਤਿਸ ਕੇ ਚਰਨ ਪਖਾਲੀਅਹਿ; ਨਾਨਕ ਹਉ ਬਲਿਹਾਰੈ ਜਾਉ ॥੧॥

ਨਾਨਕ ਉਸ ਦੇ ਪੈਰ ਧੋਦਾ ਹੈ ਅਤੇ ਉਸ ਉਤੋਂ ਕੁਰਬਾਨ ਵੰਞਦਾ ਹੈ।


ਮ : ੩ ॥

ਤੀਜੀ ਪਾਤਿਸ਼ਾਹੀ।

ਨਾਨਕ ਤਰਵਰੁ ਏਕੁ ਫਲੁ; ਦੁਇ ਪੰਖੇਰੂ ਆਹਿ ॥

ਨਾਨਕ, ਸੰਸਾਰ ਰੂਪੀ ਰੁਖ ਨੂੰ ਮਾਇਆ ਦੇ ਮੋਹ ਦਾ ਇਕ ਫੱਲ ਲੱਗਾ ਹੈ। ਇਸ ਉੱਪਰ ਦੋ ਪੰਛੀ-ਗੁਰਮੁਖ ਤੇ ਮਨਮੁਖ ਬੈਠਦੇ ਹਨ ਅਤੇ ਉਹਨਾਂ ਦੇ ਪਰ ਨਹੀਂ ਹਨ।

ਆਵਤ ਜਾਤ ਨ ਦੀਸਹੀ; ਨਾ ਪਰ ਪੰਖੀ ਤਾਹਿ ॥

ਉਹਨਾਂ ਨੂੰ ਆਉਦਿਆਂ ਤੇ ਜਾਦਿਆਂ ਕੋਈ ਨਹੀਂ ਵੇਖਦਾ।

ਬਹੁ ਰੰਗੀ ਰਸ ਭੋਗਿਆ; ਸਬਦਿ ਰਹੈ ਨਿਰਬਾਣੁ ॥

ਮਨਮੁਖ ਦੁਨੀਆਂ ਦੇ ਭੋਗਾਂ ਵਿੱਚ ਮਸਤ ਰਹਿੰਦਾ ਹੈ, ਜਦ ਕਿ ਗੁਰਮੁਖ ਗੁਰੂ ਦੇ ਉਪਦੇਸ਼ ਦੁਆਰਾ ਨਿਰਲੇਪ।

ਹਰਿ ਰਸਿ ਫਲਿ ਰਾਤੇ ਨਾਨਕਾ! ਕਰਮਿ ਸਚਾ ਨੀਸਾਣੁ ॥੨॥

ਵਾਹਿਗੁਰੂ ਦੇ ਨਾਮ ਦੇ ਮੇਵੇ ਦੇ ਅੰਮ੍ਰਿਤ ਨਾਲ ਰੰਗੀਜ ਕੇ ਆਤਮਾ ਨੂੰ ਵਾਹਿਗੁਰੂ ਦੀ ਮਿਹਰ ਦਾ ਸੱਚਾ ਚਿੰਨ੍ਹ ਲਗ ਜਾਂਦਾ ਹੈ, ਹੇ ਨਾਨਕ।


ਪਉੜੀ ॥

ਪਉੜੀ।

ਆਪੇ ਧਰਤੀ, ਆਪੇ ਹੈ ਰਾਹਕੁ; ਆਪਿ ਜੰਮਾਇ ਪੀਸਾਵੈ ॥

ਪ੍ਰਭੂ ਖੁਦ ਖੇਤ ਹੈ, ਖੁਦ ਖੇਤੀ ਕਰਨ ਵਾਲਾ ਅਤੇ ਖੁਦ ਹੀ ਉਹ ਦਾਣੇ ਨੂੰ ਉਗਾਉਂਦਾ ਅਤੇ ਪੀਹਦਾ ਹੈ।

ਆਪਿ ਪਕਾਵੈ, ਆਪਿ ਭਾਂਡੇ ਦੇਇ ਪਰੋਸੈ; ਆਪੇ ਹੀ ਬਹਿ ਖਾਵੈ ॥

ਆਪੇ ਹੀ ਰਿੰਨ੍ਹਦਾ ਹੈ ਅਤੇ ਆਪੇ ਹੀ ਬਰਤਨ ਦਿੰਦਾ ਹੈ ਅਤੇ ਉਨ੍ਹਾਂ ਵਿੱਚ ਭੋਜਨ ਪਾਉਂਦਾ ਹੈ। ਉਹ ਆਪ ਹੀ ਇਸ ਨੂੰ ਖਾਣ ਲਈ ਬੈਠਦਾ ਹੈ।

ਆਪੇ ਜਲੁ, ਆਪੇ ਦੇ ਛਿੰਗਾ; ਆਪੇ ਚੁਲੀ ਭਰਾਵੈ ॥

ਆਪ ਉਹ ਪਾਣੀ ਹੈ ਅਤੇ ਆਪ ਹੀ ਦੰਦਾਂ ਦਾ ਤੀਲ੍ਹਾ ਦਿੰਦਾ ਹੈ। ਉਹ ਆਪ ਹੀ ਕੁਰਲੀ ਕਰਨ ਨੂੰ ਪਾਣੀ ਦਿੰਦਾ ਹੈ।

ਆਪੇ ਸੰਗਤਿ ਸਦਿ ਬਹਾਲੈ; ਆਪੇ ਵਿਦਾ ਕਰਾਵੈ ॥

ਉਹ ਖੁਦ ਹੀ ਮੰਡਲੀ ਨੂੰ ਬੁਲਾ ਕੇ ਬਿਠਾਲਦਾ ਹੈ ਅਤੇ ਖੁਦ ਹੀ ਉਸ ਨੂੰ ਰੁਖਸਤ ਕਰਦਾ ਹੈ।

ਜਿਸ ਨੋ ਕਿਰਪਾਲੁ ਹੋਵੈ ਹਰਿ ਆਪੇ; ਤਿਸ ਨੋ ਹੁਕਮੁ ਮਨਾਵੈ ॥੬॥

ਜਿਸ ਉੱਤੇ ਮਾਲਕ ਖੁਦ ਮਿਹਰਬਾਨ ਹੋ ਜਾਂਦਾ ਹੈ, ਉਸ ਨੂੰ ਉਹ ਆਪਣੀ ਰਜ਼ਾ ਅੰਦਰ ਤੋਰਦਾ ਹੈ।


ਸਲੋਕ ਮ : ੩ ॥

ਸਲੋਕ ਤੀਜੀ ਪਾਤਸ਼ਾਹੀ।

ਕਰਮ ਧਰਮ ਸਭਿ ਬੰਧਨਾ; ਪਾਪ ਪੁੰਨ ਸਨਬੰਧੁ ॥

ਧਾਰਮਕ ਸੰਸਕਾਰ ਸਮੂਹ ਜੰਜਾਲ ਹਨ। ਬੁਰੇ ਤੇ ਭਲੇ ਬੰਦੇ ਉਨ੍ਹਾਂ ਨਾਲ ਜਕੜੇ ਹੋਏ ਹਨ।

ਮਮਤਾ ਮੋਹੁ ਸੁ ਬੰਧਨਾ; ਪੁਤ੍ਰ ਕਲਤ੍ਰ ਸੁ ਧੰਧੁ ॥

ਅਪਣੱਤ ਅਤੇ ਸੰਸਾਰੀ ਲਗਨ ਦੇ ਰਾਹੀਂ ਬੱਚਿਆਂ ਅਤੇ ਵਹੁਟੀ ਲਈ ਕੀਤੀਆਂ ਮੁਸ਼ੱਕਤਾ ਨਿਰੋਲ ਜ਼ੰਜੀਰਾਂ ਹੀ ਹਨ।

ਜਹ ਦੇਖਾ ਤਹ ਜੇਵਰੀ; ਮਾਇਆ ਕਾ ਸਨਬੰਧੁ ॥

ਜਿਥੇ ਕਿਤੇ ਭੀ ਮੈਂ ਤੱਕਦਾ ਹਾਂ, ਉਥੇ ਮੈਂ ਸੰਸਾਰੀ ਲਗਨ ਦੀ ਫਾਹੀ ਹੀ ਵੇਖਦਾ ਹਾਂ।

ਨਾਨਕ ਸਚੇ ਨਾਮ ਬਿਨੁ; ਵਰਤਣਿ ਵਰਤੈ ਅੰਧੁ ॥੧॥

ਨਾਨਕ, ਸੱਚੇ ਨਾਮ ਦੇ ਬਗੈਰ, ਸੰਸਾਰ ਅੰਨਿ੍ਹਆਂ ਵਿਹਾਰਾਂ ਅੰਦਰ ਖੱਚਤ ਹੋਇਆ ਹੋਇਆ ਹੈ।


ਮ : ੪ ॥

ਚੌਥੀ ਪਾਤਸ਼ਾਹੀ।

ਅੰਧੇ ਚਾਨਣੁ ਤਾ ਥੀਐ; ਜਾ ਸਤਿਗੁਰੁ ਮਿਲੈ ਰਜਾਇ ॥

ਕੇਵਲ ਤਦ ਹੀ ਅੰਨ੍ਹੇ (ਅਗਿਆਨੀ) ਪ੍ਰਾਣੀ ਨੂੰ ਰੱਬੀ ਨੂਰ ਪ੍ਰਾਪਤ ਹੁੰਦਾ ਹੈ, ਜੇਕਰ ਉਹ ਸੱਚੇ ਗੁਰਾਂ ਦੇ ਭਾਣੇ ਨਾਲ ਮਿਲ ਜਾਵੇ।

ਬੰਧਨ ਤੋੜੈ ਸਚਿ ਵਸੈ; ਅਗਿਆਨੁ ਅਧੇਰਾ ਜਾਇ ॥

ਉਹ ਤਦ ਆਪਣੇ ਜੂੜ ਵੱਢ ਸੁੱਟਦਾ ਹੈ, ਸੱਚ ਅੰਦਰ ਟਿਕਦਾ ਹੈ ਅਤੇ ਉਸ ਦੀ ਬੇਸਮਝੀ ਦਾ ਅੰਨ੍ਹੇਰਾ ਦੂਰ ਹੋ ਜਾਂਦਾ ਹੈ।

ਸਭੁ ਕਿਛੁ ਦੇਖੈ ਤਿਸੈ ਕਾ; ਜਿਨਿ ਕੀਆ ਤਨੁ ਸਾਜਿ ॥

ਉਹ ਹਰ ਸ਼ੈ ਨੂੰ ਉਸ ਦੀ ਮਲਕੀਅਤ ਵੇਖਦਾ ਹੈ ਜਿਸ ਨੇ ਉਸ ਨੂੰ ਰਚਿਆ ਅਤੇ ਉਸ ਦੀ ਦੇਹ ਨੂੰ ਸਾਜਿਆ ਹੈ।

ਨਾਨਕ ਸਰਣਿ ਕਰਤਾਰ ਕੀ; ਕਰਤਾ ਰਾਖੈ ਲਾਜ ॥੨॥

ਨਾਨਕ ਨੇ ਸਿਰਜਣਹਾਰ ਦੀ ਪਨਾਹ ਲਈ ਹੈ ਅਤੇ ਰਚਣਹਾਰ ਹੀ ਉਸ ਦੀ ਪੱਤ-ਆਬਰੂ ਰੱਖਦਾ ਹੈ।


ਪਉੜੀ ॥

ਪਉੜੀ।

ਜਦਹੁ ਆਪੇ ਥਾਟੁ ਕੀਆ ਬਹਿ ਕਰਤੈ; ਤਦਹੁ ਪੁਛਿ ਨ ਸੇਵਕੁ ਬੀਆ ॥

ਖੁਦ-ਬ-ਖੁਦ ਬੈਠ ਕੇ, ਜਦ ਰਚਣਹਾਰ ਨੇ ਰਚਨਾ ਰਚੀ, ਤਦ ਉਸ ਨੇ ਆਪਣੇ ਕਿਸੇ ਹੋਰ ਦਾਸ ਦੀ ਸਲਾਹ ਨਹੀਂ ਲਈ।

ਤਦਹੁ ਕਿਆ ਕੋ ਲੇਵੈ? ਕਿਆ ਕੋ ਦੇਵੈ? ਜਾਂ ਅਵਰੁ ਨ ਦੂਜਾ ਕੀਆ ॥

ਤਦੋਂ ਕੋਈ ਜਣਾ ਕੀ ਲੈ ਸਕਦਾ ਹੈ ਅਤੇ ਕੋਈ ਜਣਾ ਕੀ ਦੇ ਸਕਦਾ ਹੈ, ਜਦ ਉਸ ਨੇ ਕੋਈ ਹੋਰ ਆਪਣੇ ਵਰਗਾ ਰਚਿਆ ਹੀ ਨਹੀਂ।

ਫਿਰਿ ਆਪੇ ਜਗਤੁ ਉਪਾਇਆ ਕਰਤੈ; ਦਾਨੁ ਸਭਨਾ ਕਉ ਦੀਆ ॥

ਤਦ ਰਚਨਾ ਨੂੰ ਰਚ ਕੇ ਰਚਣਹਾਰ ਨੇ ਖੁਦ ਸਾਰਿਆਂ ਨੂੰ ਬਖਸ਼ੀਸ਼ਾਂ ਬਖਸ਼ੀਆਂ।

ਆਪੇ ਸੇਵ ਬਣਾਈਅਨੁ ਗੁਰਮੁਖਿ; ਆਪੇ ਅੰਮ੍ਰਿਤੁ ਪੀਆ ॥

ਉਹ ਆਪ ਹੀ ਗੁਰਾਂ ਦੇ ਰਾਹੀਂ ਸਾਨੂੰ ਆਪਣੀ ਟਹਿਲ-ਸੇਵਾ ਦਰਸਾਉਂਦਾ ਹੈ ਤੇ ਖੁਦ ਹੀ ਨਾਮ ਸੁਧਾਰਸ (ਅੰਮ੍ਰਿਤ) ਪੀਣ ਨੂੰ ਦਿੰਦਾ ਹੈ।

ਆਪਿ ਨਿਰੰਕਾਰ, ਆਕਾਰੁ ਹੈ ਆਪੇ; ਆਪੇ ਕਰੈ ਸੁ ਥੀਆ ॥੭॥

ਸਰੂਪ-ਰਹਿਤ ਸੁਆਮੀ ਆਪ ਹੀ ਆਪਣੇ ਆਪ ਨੂੰ ਸਰੂਪ-ਸਹਿਤ ਪ੍ਰਗਟ ਕਰਦਾ ਹੈ। ਜੋ ਉਹ ਆਪ ਕਰਦਾ ਹੈ ਉਹ ਹੀ ਹੁੰਦਾ ਹੈ।

ਸਲੋਕ ਮ: ੩ ॥

ਸਲੋਕ ਤੀਜੀ ਪਾਤਿਸ਼ਾਹੀ।

ਗੁਰਮੁਖਿ ਪ੍ਰਭੁ ਸੇਵਹਿ ਸਦ ਸਾਚਾ; ਅਨਦਿਨੁ ਸਹਜਿ ਪਿਆਰਿ ॥

ਗੁਰੂ-ਰੱਖਿਅਕ ਹਮੇਸ਼ਾਂ ਆਪਣੇ ਸੁਆਮੀ ਦੀ ਸੇਵਾ ਕਰਦੇ ਹਨ ਅਤੇ ਰੈਣ ਦਿਹੁੰ ਪ੍ਰਭੂ ਦੀ ਪ੍ਰੀਤ ਅੰਦਰ ਲੀਨ ਰਹਿੰਦੇ ਹਨ।

ਸਦਾ ਅਨੰਦਿ ਗਾਵਹਿ ਗੁਣ ਸਾਚੇ; ਅਰਧਿ ਉਰਧਿ ਉਰਿ ਧਾਰਿ ॥

ਸਦੀਵ ਹੀ ਖੁਸ਼ੀ ਅੰਦਰ ਉਹ ਸਤਿ ਪੁਰਖ ਦਾ ਜੱਸ ਗਾਇਨ ਕਰਦੇ ਹਨ ਅਤੇ ਇਸ ਲੋਕ ਤੇ ਪ੍ਰਲੋਕ ਅੰਦਰ ਉਸ ਨੂੰ ਆਪਣੇ ਦਿਲ ਅੰਦਰ ਵਸਾਈ ਰੱਖਦੇ ਹਨ।

ਅੰਤਰਿ ਪ੍ਰੀਤਮੁ ਵਸਿਆ; ਧੁਰਿ ਕਰਮੁ ਲਿਖਿਆ ਕਰਤਾਰਿ ॥

ਉਨ੍ਹਾਂ ਦੇ ਹਿਰਦੇ ਅੰਦਰ ਪਿਆਰਾ ਨਿਵਾਸ ਰੱਖਦਾ ਹੈ। ਉਨ੍ਹਾਂ ਦੇ ਇਹ ਭਾਗ ਸਿਰਜਣਹਾਰ ਨੇ ਮੁੱਢ ਤੋਂ ਲਿਖੇ ਹੋਏ ਸਨ।

ਨਾਨਕ ਆਪਿ ਮਿਲਾਇਅਨੁ; ਆਪੇ ਕਿਰਪਾ ਧਾਰਿ ॥੧॥

ਹੇ ਨਾਨਕ! ਆਪ ਮਿਹਰਬਾਨੀ ਕਰਕੇ, ਸੁਆਮੀ ਉਨ੍ਹਾਂ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।


ਮ : ੩ ॥
ਤੀਜੀ ਪਾਤਸ਼ਾਹੀ।
ਕਹਿਐ ਕਥਿਐ ਨ ਪਾਈਐ; ਅਨਦਿਨੁ ਰਹੈ ਸਦਾ ਗੁਣ ਗਾਇ ॥

ਕੇਵਲ ਆਖਣ ਤੇ ਵਰਣਨ ਕਰਨ ਦੁਆਰਾ ਪ੍ਰਭੂ ਪ੍ਰਾਪਤ ਨਹੀਂ ਹੁੰਦਾ। ਰੈਣ ਦਿਹੁੰ ਆਦਮੀ ਨੂੰ ਹਮੇਸ਼ਾਂ ਉਸ ਦਾ ਜੱਸ ਗਾਉਣਾ ਉਚਿਤ ਹੈ।

ਵਿਣੁ ਕਰਮੈ ਕਿਨੈ ਨ ਪਾਇਓ; ਭਉਕਿ ਮੁਏ ਬਿਲਲਾਇ ॥

ਉਸ ਦੀ ਮਿਹਰ ਬਾਝੋਂ ਪ੍ਰਭੂ ਪਾਇਆ ਨਹੀਂ ਜਾਂਦਾ ਅਤੇ ਇਸ ਤੋਂ ਵਾਂਝੇ ਹੋਏ ਇਨਸਾਨ ਬਕਦੇ ਤੇ ਰੋਂਦੇ ਮਰ ਖੱਪ ਗਏ ਹਨ।

ਗੁਰ ਕੈ ਸਬਦਿ ਮਨੁ ਤਨੁ ਭਿਜੈ; ਆਪਿ ਵਸੈ ਮਨਿ ਆਇ ॥

ਜਦ ਇਨਸਾਨ ਦਾ ਚਿੱਤ ਅਤੇ ਦੇਹੀ ਗੁਰਬਾਣੀ ਨਲਾ ਗੱਚ ਹੋ ਜਾਂਦੇ ਹਨ, ਪ੍ਰਭੂ ਖੁਦ ਆ ਕੇ ਉਸ ਦੇ ਰਿਦੇ ਅੰਦਰ ਨਿਵਾਸ ਕਰ ਲੈਦਾ ਹੈ।

ਨਾਨਕ ਨਦਰੀ ਪਾਈਐ; ਆਪੇ ਲਏ ਮਿਲਾਇ ॥੨॥

ਨਾਨਕ, ਸੁਆਮੀ ਦੀ ਦਇਆ ਦੁਆਰਾ ਹੀ ਸੁਆਮੀ ਪ੍ਰਾਪਤ ਹੁੰਦਾ ਹੈ ਅਤੇ ਉਹ ਬੰਦੇ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।


ਪਉੜੀ ॥

ਪਉੜੀ।

ਆਪੇ ਵੇਦ ਪੁਰਾਣ ਸਭਿ ਸਾਸਤ; ਆਪਿ ਕਥੈ ਆਪਿ ਭੀਜੈ ॥

ਸੁਆਮੀ ਆਪ ਹੀ ਬੇਦ, ਪੁਰਾਣ ਅਤੇ ਸਾਰੇ ਸ਼ਾਸਤਰ ਹੈ। ਉਹ ਆਪੇ ਹੀ ਉਨ੍ਹਾਂ ਨੂੰ ਉਚਾਰਦਾ ਹੈ ਅਤੇ ਆਪੇ ਹੀ ਪ੍ਰਸੰਨ ਹੁੰਦਾ ਹੈ।

ਆਪੇ ਹੀ ਬਹਿ ਪੂਜੇ ਕਰਤਾ; ਆਪਿ ਪਰਪੰਚੁ ਕਰੀਜੈ ॥

ਖੁਦ ਸਿਰਜਣਹਾਰ ਉਪਾਸ਼ਨਾ ਕਰਨ ਨੂੰ ਬੈਠਦਾ ਹੈ ਅਤੇ ਖੁਦ ਹੀ ਸੰਸਾਰ ਨੂੰ ਰਚਦਾ ਹੈ।

ਆਪਿ ਪਰਵਿਰਤਿ, ਆਪਿ ਨਿਰਵਿਰਤੀ; ਆਪੇ ਅਕਥੁ ਕਥੀਜੈ ॥

ਉਹ ਖੁਦ ਘਰ-ਬਾਰੀ ਹੈ ਅਤੇ ਖੁਦ ਹੀ ਤਿਆਗੀ। ਖੁਦ ਹੀ ਉਹ ਨਾਂ-ਬਿਆਨ ਹੋਣ ਵਾਲੇ ਨੂੰ ਬਿਆਨ ਕਰਦਾ ਹੈ।

ਆਪੇ ਪੁੰਨੁ ਸਭੁ ਆਪਿ ਕਰਾਏ; ਆਪਿ ਅਲਿਪਤੁ ਵਰਤੀਜੈ ॥

ਵਾਹਿਗੁਰੂ ਆਪ ਸਮੂਹ ਨੇਕੀ ਹੈ ਅਤੇ ਆਪੇ ਹੀ ਬੰਦਿਆਂ ਪਾਸੋਂ ਨੇਕ ਕੰਮ ਕਰਵਾਉਂਦਾ ਹੈ। ਖੁਦ ਹੀ ਉਹ ਨਿਰਲੇਪ ਵਿਚਰਦਾ ਹੈ।

ਆਪੇ ਸੁਖੁ ਦੁਖੁ ਦੇਵੈ ਕਰਤਾ; ਆਪੇ ਬਖਸ ਕਰੀਜੈ ॥੮॥

ਆਪ ਕਰਤਾਰ ਖੁਸ਼ੀ ਤੇ ਗਮੀ ਪਰਦਾਨ ਕਰਦਾ ਹੈ ਅਤੇ ਆਪ ਹੀ ਉਹ ਦਾਤਾ ਦਿੰਦਾ ਹੈ।


ਸਲੋਕ ਮ : ੩ ॥

ਸਲੋਕ ਤੀਜੀ ਪਾਤਸ਼ਾਹੀ।

ਸੇਖਾ! ਅੰਦਰਹੁ ਜੋਰੁ ਛਡਿ ਤੂ; ਭਉ ਕਰਿ, ਝਲੁ ਗਵਾਇ ॥

ਹੇ ਸ਼ੇਖ! ਆਪਣੇ ਮਨ ਦੀ ਜੋਰਾਜਬਰੀ ਤਿਆਗ ਦੇ, ਰੱਬ ਦੇ ਡਰ ਅੰਦਰ ਵੱਸ ਅਤੇ ਆਪਣੇ ਪਾਗਲਪਣੇ ਨੂੰ ਦੂਰ ਕਰ ਦੇ।

ਗੁਰ ਕੈ ਭੈ ਕੇਤੇ ਨਿਸਤਰੇ; ਭੈ ਵਿਚਿ ਨਿਰਭਉ ਪਾਇ ॥

ਗੁਰਾਂ ਦੇ ਡਰ ਦੇ ਰਾਹੀਂ ਬਹੁਤ ਸਾਰੇ ਬਚ ਗਏ ਹਨ। ਡਰ ਅੰਦਰ ਵਸ ਕੇ ਤੂੰ ਨਿਡਰ ਸੁਆਮੀ ਨੂੰ ਪ੍ਰਾਪਤ ਹੋ।

ਮਨੁ ਕਠੋਰੁ, ਸਬਦਿ ਭੇਦਿ ਤੂੰ; ਸਾਂਤਿ ਵਸੈ ਮਨਿ ਆਇ ॥

ਤੂੰ ਆਪਣੇ ਪੱਥਰ-ਦਿਲ ਨੂੰ ਸਾਹਿਬ ਦੇ ਨਾਮ ਨਾਲ ਵਿੰਨ੍ਹ। ਇਸ ਤਰ੍ਹਾਂ ਠੰਢ-ਚੈਨ ਤੇਰੇ ਚਿੱਤ ਵਿੱਚ ਆ ਕੇ ਟਿੱਕ ਜਾਵੇਗੀ।

ਸਾਂਤੀ ਵਿਚਿ ਕਾਰ ਕਮਾਵਣੀ; ਸਾ ਖਸਮੁ ਪਾਏ ਥਾਇ ॥

ਆਰਾਮ ਚੈਨ ਵਿੱਚ/ਲਗਨ ਨਾਲ ਕੀਤੇ ਹੋਏ ਨੇਕ ਕਰਮਾਂ ਨੂੰ ਕੰਤ ਕਬੂਲ ਕਰ ਲੈਂਦਾ ਹੈ।

ਨਾਨਕ ਕਾਮਿ ਕ੍ਰੋਧਿ ਕਿਨੈ ਨ ਪਾਇਓ; ਪੁਛਹੁ ਗਿਆਨੀ ਜਾਇ ॥੧॥

ਨਾਨਕ, ਸ਼ਹਿਵਤ ਅਤੇ ਰੋਹ ਦੁਆਰਾ ਕਦੇ ਕਿਸੇ ਨੂੰ ਰੱਬ ਪ੍ਰਾਪਤ ਨਹੀਂ ਹੋਇਆ (ਬੇਸ਼ਕ) ਜਾ ਕੇ ਕਿਸੇ ਬ੍ਰਹਮ-ਬੇਤੇ ਕੋਲੋਂ ਪਤਾ ਕਰ ਲਓ।


ਮ : ੩ ॥

ਤੀਜੀ ਪਾਤਸ਼ਾਹੀ।

ਮਨਮੁਖ ਮਾਇਆ ਮੋਹੁ ਹੈ; ਨਾਮਿ ਨ ਲਗੋ ਪਿਆਰੁ ॥

ਅਧਰਮੀ ਧਨ-ਦੌਲਤ ਨੂੰ ਪਿਆਰ ਕਰਦਾ ਹੈ। ਉਹ ਨਾਮ ਨਾਲ ਪ੍ਰੀਤ ਨਹੀਂ ਪਾਉਂਦਾ।

ਕੂੜੁ ਕਮਾਵੈ ਕੂੜੁ ਸੰਗ੍ਰਹੈ; ਕੂੜੁ ਕਰੇ ਆਹਾਰੁ ॥

ਉਹ ਝੂਠ ਦੀ ਕਮਾਈ ਕਰਦਾ ਹੈ, ਝੂਠ ਨੂੰ ਇਕੱਤ੍ਰ ਕਰਦਾ ਹੈ ਅਤੇ ਝੂਠ ਨੂੰ ਹੀ ਆਪਣਾ ਭੋਜਨ ਬਣਾਉਂਦਾ ਹੈ।

ਬਿਖੁ ਮਾਇਆ ਧਨੁ ਸੰਚਿ ਮਰਹਿ; ਅੰਤੇ ਹੋਇ ਸਭੁ ਛਾਰੁ ॥

ਉਹ ਜ਼ਹਿਰੀਲੀ ਸੰਸਾਰੀ ਦੌਲਤ ਨੂੰ ਇਕੱਠੀ ਕਰਦਾ ਹੈ ਤੇ ਮਰ ਜਾਂਦਾ ਹੈ। ਇਹ ਸਮੂਹ ਦੌਲਤ ਅਖੀਰ ਵਿੱਚ ਸੁਆਹ ਹੋ ਜਾਂਦੀ ਹੈ।

ਕਰਮ ਧਰਮ ਸੁਚ ਸੰਜਮ ਕਰਹਿ; ਅੰਤਰਿ ਲੋਭੁ ਵਿਕਾਰੁ ॥

ਉਹ ਧਾਰਮਕ ਕੰਮ ਸੁੱਚਮਤਾ ਅਤੇ ਸਵੈ-ਜ਼ਬਤ ਕਮਾਉਂਦਾ ਹੈ ਪ੍ਰੰਤੂ ਉਸ ਦੇ ਮਨ ਵਿੱਚ ਲਾਲਚ ਤੇ ਪਾਪ ਹਨ।

ਨਾਨਕ ਜਿ ਮਨਮੁਖੁ ਕਮਾਵੈ, ਸੁ ਥਾਇ ਨਾ ਪਵੈ; ਦਰਗਹਿ ਹੋਇ ਖੁਆਰੁ ॥੨॥

ਨਾਨਕ ਜੋ ਕੁਝ ਭੀ ਆਪ ਹੁਦਰਾ ਪੁਰਸ਼ ਕਰਦਾ ਹੈ, ਉਹ ਕਬੂਲ ਨਹੀਂ ਪੈਦਾ ਅਤੇ ਉਹ ਸੁਆਮੀ ਦੇ ਦਰਬਾਰ ਵਿੱਚ ਬੇਇੱਜ਼ਤ ਹੁੰਦਾ ਹੈ।


ਪਉੜੀ ॥

ਪਉੜੀ।

ਆਪੇ ਖਾਣੀ, ਆਪੇ ਬਾਣੀ; ਆਪੇ ਖੰਡ ਵਰਭੰਡ ਕਰੇ ॥

ਸਾਹਿਬ ਨੇ ਖੁਦ ਚਾਰੇ ਉਤਪਤੀ ਦੇ ਸੋਮੇ, ਖੁਦ ਬਚਨ-ਬਿਲਾਸ ਦੀ ਸ਼ਕਤੀ ਅਤੇ ਖੁਦ ਹੀ ਸੰਸਾਰ ਅਤੇ ਸੂਰਜ-ਮੰਡਲ ਰਚੇ ਹਨ।

ਆਪਿ ਸਮੁੰਦੁ, ਆਪਿ ਹੈ ਸਾਗਰੁ; ਆਪੇ ਹੀ ਵਿਚਿ ਰਤਨ ਧਰੇ ॥

ਉਹ ਆਪੇ ਸਮੁੰਦਰ ਹੈ, ਆਪ ਹੀ ਸਿੰਧ ਹੈ ਅਤੇ ਆਪ ਹੀ ਉਨ੍ਹਾਂ ਅੰਦਰ ਮੋਤੀ ਰੱਖਦਾ ਹੈ।

ਆਪਿ ਲਹਾਏ ਕਰੇ ਜਿਸੁ ਕਿਰਪਾ; ਜਿਸ ਨੋ ਗੁਰਮੁਖਿ ਕਰੇ ਹਰੇ ॥

ਜਿਸ ਨੂੰ ਵਾਹਿਗੁਰੂ ਪਵਿੱਤ੍ਰ ਪੁਰਸ਼ ਬਣਾਉਂਦਾ ਹੈ, ਉਸ ਨੂੰ ਉਹ ਖੁਦ, ਮਿਹਰ ਧਾਰ ਕੇ, ਇਨ੍ਹਾਂ ਮੋਤੀਆਂ ਨੂੰ ਲਭਾ ਦਿੰਦਾ ਹੈ।

ਆਪੇ ਭਉਜਲੁ, ਆਪਿ ਹੈ ਬੋਹਿਥਾ; ਆਪੇ ਖੇਵਟੁ ਆਪਿ ਤਰੇ ॥

ਖੁਦ ਉਹ ਡਰਾਉਣਾ ਸਮੁੰਦਰ ਹੈ, ਖੁਦ ਜਹਾਜ਼ ਖੁਦ ਹੀ ਮਲਾਹ ਅਤੇ ਖੁਦ ਹੀ ਉਹ ਪਾਰ ਉਤਰਦਾ ਹੈ।

ਆਪੇ ਕਰੇ ਕਰਾਏ ਕਰਤਾ; ਅਵਰੁ ਨ ਦੂਜਾ ਤੁਝੈ ਸਰੇ ॥੯॥

ਸਿਰਜਣਹਾਰ ਆਪ ਹੀ ਕਰਦਾ ਅਤੇ ਕਰਵਾਉਂਦਾ ਹੈ। ਕੋਈ ਹੋਰ ਤੇਰੇ ਤੁਲ ਨਹੀਂ ਹੇ ਸੁਆਮੀ!


ਸਲੋਕ ਮ: ੩ ॥

ਸਲੋਕ ਤੀਜੀ ਪਾਤਿਸ਼ਾਹੀ।

ਸਤਿਗੁਰ ਕੀ ਸੇਵਾ ਸਫਲ ਹੈ; ਜੇ ਕੋ ਕਰੇ ਚਿਤੁ ਲਾਇ ॥

ਫਲਦਾਇਕ ਹੈ ਸੱਚੇ ਗੁਰਾਂ ਦੀ ਚਾਕਰੀ, ਜੇਕਰ ਕੋਈ ਜਣਾ ਇਸ ਨੂੰ ਮਨ ਲਾ ਕੇ ਕਮਾਵੇ।

ਨਾਮੁ ਪਦਾਰਥੁ ਪਾਈਐ; ਅਚਿੰਤੁ ਵਸੈ ਮਨਿ ਆਇ ॥

ਇਸ ਦੇ ਰਾਹੀਂ ਨਾਮ ਦੀ ਦੌਲਤ ਪ੍ਰਾਪਤ ਹੋ ਜਾਂਦੀ ਹੈ ਅਤੇ ਸੁਆਮੀ ਸੁਤੇਸਿਧ ਹੀ ਬੰਦੇ ਦੇ ਚਿੱਤ ਵਿੱਚ ਆ ਟਿਕਦਾ ਹੈ।

ਜਨਮ ਮਰਨ ਦੁਖੁ ਕਟੀਐ; ਹਉਮੈ ਮਮਤਾ ਜਾਇ ॥

ਜੰਮਣ ਅਤੇ ਮਰਨ ਦੀ ਪੀੜ ਮਿੱਟ ਜਾਂਦੀ ਹੈ ਅਤੇ ਇਨਸਾਨ ਹੰਕਾਰ ਅਤੇ ਅਪੱਣਤ ਤੋਂ ਖਲਾਸੀ ਪਾ ਜਾਂਦਾ ਹੈ।

ਉਤਮ ਪਦਵੀ ਪਾਈਐ; ਸਚੇ ਰਹੈ ਸਮਾਇ ॥

ਉਹ ਮਹਾਨ ਮਰਤਬੇ ਨੂੰ ਪਾ ਲੈਂਦਾ ਹੈ ਅਤੇ ਸੱਚੇ ਸਾਹਿਬ ਅੰਦਰ ਲੀਨ ਰਹਿੰਦਾ ਹੈ।

ਨਾਨਕ ਪੂਰਬਿ ਜਿਨ ਕਉ ਲਿਖਿਆ; ਤਿਨਾ ਸਤਿਗੁਰੁ ਮਿਲਿਆ ਆਇ ॥੧॥

ਨਾਨਕ ਸੱਚੇ ਗੁਰਦੇਵ ਜੀ ਉਨ੍ਹਾਂ ਨੂੰ ਆ ਕੇ ਮਿਲਦੇ ਹਨ, ਜਿਨ੍ਹਾਂ ਲਈ ਐਨ ਆਰੰਭ ਤੋਂ ਐਸੀ ਲਿਖਤਾਕਾਰ ਹੁੰਦੀ ਹੈ।


ਮ: ੩ ॥

ਤੀਜੀ ਪਾਤਸ਼ਾਹੀ।

ਨਾਮਿ ਰਤਾ ਸਤਿਗੁਰੂ ਹੈ; ਕਲਿਜੁਗ ਬੋਹਿਥੁ ਹੋਇ ॥

ਸੱਚੇ ਗੁਰੂ ਜੀ ਨਾਮ ਨਾਂ ਰੰਗੇ ਹੋਏ ਹਨ। ਇਸ ਕਾਲੇ ਸਮੇਂ ਅੰਦਰ ਉਹ ਇਕ ਜਹਾਜ਼ ਹਨ।

ਗੁਰਮੁਖਿ ਹੋਵੈ, ਸੁ ਪਾਰਿ ਪਵੈ; ਜਿਨਾ ਅੰਦਰਿ ਸਚਾ ਸੋਇ ॥

ਜੋ ਗੁਰੂ-ਅਨੁਸਾਰੀ ਹੋ ਜਾਂਦਾ ਹੈ ਅਤੇ ਜਿਸ ਦੇ ਅੰਦਰ ਉਹ ਸੱਚਾ ਸੁਆਮੀ ਵੱਸਦਾ ਹੈ, ਉਹ ਸੰਸਾਰ ਸਮੁੰਦਰ ਨੂੰ ਤਰ ਜਾਂਦਾ ਹੈ।

ਨਾਮੁ ਸਮ੍ਹ੍ਹਾਲੇ, ਨਾਮੁ ਸੰਗ੍ਰਹੈ; ਨਾਮੇ ਹੀ ਪਤਿ ਹੋਇ ॥

ਉਹ ਨਾਮ ਨੂੰ ਸਿਮਰਦਾ ਹੈ ਨਾਮ ਨੂੰ ਇਕੱਤ੍ਰ ਕਰਦਾ ਹੈ ਅਤੇ ਨਾਮ ਤੋਂ ਹੀ ਉਸ ਨੂੰ ਇੱਜ਼ਤ-ਆਬਰੂ ਪ੍ਰਾਪਤ ਹੁੰਦੀ ਹੈ।

ਨਾਨਕ ਸਤਿਗੁਰੁ ਪਾਇਆ; ਕਰਮਿ ਪਰਾਪਤਿ ਹੋਇ ॥੨॥

ਨਾਨਕ ਨੂੰ ਸੱਚੇ ਗੁਰੂ ਲੱਭ ਪਏ ਹਨ, ਜਿਨ੍ਹਾਂ ਦੀ ਦਇਆ ਦੁਆਰਾ ਉਸ ਨੇ ਸੁਆਮੀ ਦਾ ਨਾਮ ਪਾ ਲਿਆ ਹੈ।


ਪਉੜੀ ॥

ਪਉੜੀ।

ਆਪੇ ਪਾਰਸੁ ਆਪਿ ਧਾਤੁ ਹੈ; ਆਪਿ ਕੀਤੋਨੁ ਕੰਚਨੁ ॥

ਵਾਹਿਗੁਰੂ ਖੁਦ ਅਮੋਲਕ ਪੱਥਰ ਹੈ। ਖੁਦ ਹੀ ਧਾਤ ਅਤੇ ਖੁਦ ਹੀ ਉਹ ਇਸ ਨੂੰ ਸੋਨਾ ਬਣਾ ਦਿੰਦਾ ਹੈ।

ਆਪੇ ਠਾਕੁਰੁ, ਸੇਵਕੁ ਆਪੇ; ਆਪੇ ਹੀ ਪਾਪ ਖੰਡਨੁ ॥

ਉਹ ਆਪ ਸੁਆਮੀ ਹੈ, ਆਪ ਹੀ ਦਾਸ ਅਤੇ ਉਹ ਆਪ ਹੀ ਗੁਨਾਹਾਂ ਨੂੰ ਨਸ਼ਟ ਕਰਨ ਵਾਲਾ ਹੈ।

ਆਪੇ ਸਭਿ ਘਟ ਭੋਗਵੈ ਸੁਆਮੀ; ਆਪੇ ਹੀ ਸਭੁ ਅੰਜਨੁ ॥

ਪ੍ਰਭੂ ਆਪ ਹੀ ਸਾਰਿਆਂ ਦਿਲਾਂ ਨੂੰ ਮਾਣਦਾ ਹੈ ਅਤੇ ਆਪ ਹੀ ਉਹ ਸਮੂਹ ਮਾਇਆ ਰੂਪ ਹੈ।

ਆਪਿ ਬਿਬੇਕੁ, ਆਪਿ ਸਭੁ ਬੇਤਾ; ਆਪੇ ਗੁਰਮੁਖਿ ਭੰਜਨੁ ॥

ਉਹ ਖੁਦ ਵਿਚਾਰਵਾਨ ਹੈ, ਖੁਦ ਹੀ ਸਾਰਿਆਂ ਨੂੰ ਜਾਨਣ ਵਾਲਾ ਅਤੇ ਖੁਦ ਹੀ ਉਹ ਨੇਕ ਬੰਦਿਆਂ ਦੇ ਬੰਧਨ ਕੱਟਦਾ ਹੈ।

ਜਨੁ ਨਾਨਕੁ ਸਾਲਾਹਿ ਨ ਰਜੈ ਤੁਧੁ ਕਰਤੇ! ਤੂ ਹਰਿ ਸੁਖਦਾਤਾ ਵਡਨੁ ॥੧੦॥

ਗੋਲਾ ਨਾਨਕ ਤੇਰੀ ਪ੍ਰਸੰਸਾ ਕਰਦਾ ਹੋਇਆ ਧ੍ਰਾਪਦਾ ਨਹੀਂ ਹੇ ਸਿਰਜਣਹਾਰ ਵਾਹਿਗੁਰੂ! ਤੂੰ ਵੱਡਾ ਆਰਾਮ ਬਖਸ਼ਣਹਾਰ ਹੈਂ।


ਸਲੋਕ ਮ : ੪ ॥

ਸਲੋਕ ਚੌਥੀ ਪਾਤਿਸ਼ਾਹੀ।

ਬਿਨੁ ਸਤਿਗੁਰ ਸੇਵੇ ਜੀਅ ਕੇ ਬੰਧਨਾ; ਜੇਤੇ ਕਰਮ ਕਮਾਹਿ ॥

ਸੱਚੇ ਗੁਰਾਂ ਦੀ ਚਾਕਰੀ ਦੇ ਬਾਝੋਂ ਸਾਰੇ ਕੰਮ ਜੋ ਜੀਵ ਕਰਦਾ ਹੈ, ਆਤਮਾਂ ਲਈ ਜ਼ੰਜੀਰ ਹਨ।

ਬਿਨੁ ਸਤਿਗੁਰ ਸੇਵੇ ਠਵਰ ਨ ਪਾਵਹੀ; ਮਰਿ ਜੰਮਹਿ ਆਵਹਿ ਜਾਹਿ ॥

ਸੱਚੇ ਗੁਰਾਂ ਦੀ ਸੇਵਾ ਦੇ ਬਗੈਰ ਬੰਦੇ ਨੂੰ ਕੋਈ ਆਰਾਮ ਦੀ ਥਾਂ ਨਹੀਂ ਮਿਲਦੀ ਉਹ ਮਰਦਾ ਤੇ ਜੰਮਦਾ ਹੈ ਅਤੇ ਆਉਂਦਾ ਤੇ ਜਾਂਦਾ ਰਹਿੰਦਾ ਹੈ।

ਬਿਨੁ ਸਤਿਗੁਰ ਸੇਵੇ ਫਿਕਾ ਬੋਲਣਾ; ਨਾਮੁ ਨ ਵਸੈ ਮਨਿ ਆਇ ॥

ਸੱਚੇ ਗੁਰਾਂ ਦੀ ਘਾਲ ਕਮਾਏ ਬਗੈਰ ਆਦਮੀ ਰੁੱਖਾ ਬੋਲਦਾ ਹੈ ਅਤੇ ਨਾਮ ਆ ਕੇ ਉਸ ਦੇ ਚਿੱਤ ਅੰਦਰ ਨਹੀਂ ਟਿਕਦਾ।

ਨਾਨਕ ਬਿਨੁ ਸਤਿਗੁਰ ਸੇਵੇ ਜਮ ਪੁਰਿ ਬਧੇ ਮਾਰੀਅਹਿ; ਮੁਹਿ ਕਾਲੈ ਉਠਿ ਜਾਹਿ ॥੧॥

ਨਾਨਕ, ਸੱਚੇ ਗੁਰਾਂ ਦੀ ਸੇਵਾ ਟਹਿਲ ਦੇ ਬਾਝੋਂ, ਪ੍ਰਾਣੀ ਸਿਆਹ ਚਿਹਰੇ ਨਾਲ ਟੁਰ ਜਾਂਦੇ ਹਨ ਅਤੇ ਮੌਤ ਦੇ ਸ਼ਹਿਰ ਅੰਦਰ ਉਹ ਜੂੜ ਕੇ ਕੁਟੇ ਜਾਂਦੇ ਹਨ।


ਮ : ੩ ॥

ਤੀਜੀ ਪਾਤਿਸ਼ਾਹੀ।

ਇਕਿ ਸਤਿਗੁਰ ਕੀ ਸੇਵਾ ਕਰਹਿ ਚਾਕਰੀ; ਹਰਿ ਨਾਮੇ ਲਗੈ ਪਿਆਰੁ ॥

ਕਈ ਸੱਚੇ ਗੁਰਾਂ ਦੀ ਟਹਿਲ ਅਤੇ ਘਾਲ ਕਮਾਉਂਦੇ ਹਨ। ਉਨ੍ਹਾਂ ਦਾ ਵਾਹਿਗੁਰੂ ਦੇ ਨਾਮ ਨਾਲ ਪ੍ਰੇਮ ਪੈ ਜਾਂਦਾ ਹੈ।

ਨਾਨਕ ਜਨਮੁ ਸਵਾਰਨਿ ਆਪਣਾ; ਕੁਲ ਕਾ ਕਰਨਿ ਉਧਾਰੁ ॥੨॥

ਨਾਨਕ, ਉਹ ਆਪਣੇ ਜੀਵਨ ਨੂੰ ਸੁਧਾਰ ਲੈਂਦੇ ਹਨ ਅਤੇ ਆਪਣੀਆਂ ਪੀੜ੍ਹੀਆਂ ਨੂੰ ਭੀ ਬਚਾ ਲੈਂਦੇ ਹਨ।


ਪਉੜੀ ॥

ਪਉੜੀ।

ਆਪੇ ਚਾਟਸਾਲ, ਆਪਿ ਹੈ ਪਾਧਾ; ਆਪੇ ਚਾਟੜੇ ਪੜਣ ਕਉ ਆਣੇ ॥

ਸੁਆਮੀ ਆਪ ਪਾਠਸ਼ਾਲਾ ਹੈ, ਆਪ ਹੀ ਮਾਸਟਰ ਅਤੇ ਆਪ ਹੀ ਪੜ੍ਹਾਉਣ ਲਈ ਵਿਦਿਆਰਥੀਆਂ ਨੂੰ ਲਿਆਉਂਦਾ ਹੈ।

ਆਪੇ ਪਿਤਾ, ਮਾਤਾ ਹੈ ਆਪੇ; ਆਪੇ ਬਾਲਕ ਕਰੇ ਸਿਆਣੇ ॥

ਉਹ ਆਪ ਬਾਬਲ ਹੈ ਆਪ ਹੀ ਅੰਮੜੀ ਅਤੇ ਆਪ ਹੀ ਉਹ ਬੱਚਿਆ ਨੂੰ ਅਕਲਮੰਦ ਬਣਾਉਂਦਾ ਹੈ।

ਇਕ ਥੈ ਪੜਿ, ਬੁਝੈ ਸਭੁ ਆਪੇ; ਇਕ ਥੈ ਆਪੇ ਕਰੇ ਇਆਣੇ ॥

ਇੱਕ ਥਾਂ ਤੇ ਉਹ ਆਪ ਇਨਸਾਨਾਂ ਨੂੰ ਪੜ੍ਹਨਾ ਅਤੇ ਸਮਝਣਾ ਸਿਖਾਂਦਾ ਹੈ, ਹੋਰਸ ਥਾਂ ਤੇ ਉਹ ਖੁਦ ਹੀ ਉਨ੍ਹਾਂ ਨੂੰ ਅਣਜਾਣ ਬਣਾ ਦਿੰਦਾ ਹੈ।

ਇਕਨਾ ਅੰਦਰਿ ਮਹਲਿ ਬੁਲਾਏ; ਜਾ ਆਪਿ ਤੇਰੈ ਮਨਿ ਸਚੇ ਭਾਣੇ ॥

ਕਈਆਂ ਨੂੰ ਜਦ ਉਹ ਤੇਰੇ ਚਿੱਤ ਨੂੰ ਚੰਗੇ ਲੱਗਣ ਲੱਗ ਜਾਂਦੇ ਹਨ, ਹੇ ਸੱਚੇ ਸੁਆਮੀ ਤੂੰ ਆਪਣੇ ਮੰਦਰ ਵਿੱਚ ਸੱਦ ਲੈਂਦਾ ਹੈਂ।

ਜਿਨਾ ਆਪੇ ਗੁਰਮੁਖਿ ਦੇ ਵਡਿਆਈ; ਸੇ ਜਨ ਸਚੀ ਦਰਗਹਿ ਜਾਣੇ ॥੧੧॥

ਉਹ ਬੰਦੇ, ਜਿਨ੍ਹਾਂ ਨੂੰ ਤੂੰ ਗੁਰਾਂ ਦੇ ਰਾਹੀਂ ਮਾਣ ਬਖਸ਼ਦਾ ਹੈਂ, ਤੇਰੇ ਸੱਚੇ ਦਰਬਾਰ ਅੰਦਰ ਨਾਮਵਰ ਹੋ ਜਾਂਦੇ ਹਨ, ਹੇ ਸੁਆਮੀ!


ਸਲੋਕੁ ਮਰਦਾਨਾ ੧ ॥

ਸਲੋਕ ਮਰਦਾਨਾ।

ਕਲਿ ਕਲਵਾਲੀ ਕਾਮੁ ਮਦੁ; ਮਨੂਆ ਪੀਵਣਹਾਰੁ ॥

ਕਲਜੁਗ ਸ਼ਹਿਵਤ ਦੀ ਸ਼ਰਾਬ ਨਾਲ ਭਰਿਆ ਹੋਇਆ ਇਕ ਭਾਂਡਾ ਹੈ ਅਤੇ ਮਨ ਪੀਣ ਵਾਲਾ ਹੈ।

ਕ੍ਰੋਧ ਕਟੋਰੀ ਮੋਹਿ ਭਰੀ; ਪੀਲਾਵਾ ਅਹੰਕਾਰੁ ॥

ਗੁੱਸਾ ਪਿਆਲੀ ਹੈ, ਜੋ ਸੰਸਾਰੀ ਮਮਤਾ ਨਾਲ ਭਰੀ ਹੋਈ ਹੈ ਅਤੇ ਹਊਮੇ ਪੀਆਉਣ ਵਾਲੀ ਹੈ।

ਮਜਲਸ ਕੂੜੇ ਲਬ ਕੀ; ਪੀ ਪੀ ਹੋਇ ਖੁਆਰੁ ॥

ਝੂਠ ਅਤੇ ਲਾਲਚ ਦੀ ਸਭਾ ਅੰਦਰ ਬਹੁਤੀ ਸ਼ਰਾਬ ਪੀ ਕੇ ਪ੍ਰਾਣੀ ਬਰਬਾਰ ਹੋ ਜਾਂਦਾ ਹੈ।

ਕਰਣੀ ਲਾਹਣਿ ਸਤੁ ਗੁੜੁ; ਸਚੁ ਸਰਾ ਕਰਿ ਸਾਰੁ ॥

ਚੰਗੇ ਅਮਲ ਤੇਰੀ ਭੱਠੀ ਹੋਵੇ ਅਤੇ ਸੱਚ ਤੇਰਾ ਗੁੜ। ਉਨ੍ਹਾਂ ਦੇ ਨਾਲ ਤੂੰ ਸੱਚੇ ਨਾਮ ਦੀ ਸ਼੍ਰੇਸ਼ਟ ਸ਼ਰਾਬ ਬਣਾ।

ਗੁਣ ਮੰਡੇ ਕਰਿ ਸੀਲੁ ਘਿਉ; ਸਰਮੁ ਮਾਸੁ ਆਹਾਰੁ ॥

ਨੇਕੀ ਨੂੰ ਆਪਣੇ ਪਤਲੇ ਪਰਸ਼ਾਦੇ, ਭਲਮਨਸਊ ਨੂੰ ਆਪਣਾ ਘੀ ਅਤੇ ਲੱਜਿਆ ਨੂੰ ਖਾਣ ਲਈ ਆਪਣਾ ਗੋਸ਼ਤ ਬਣਾ।

ਗੁਰਮੁਖਿ ਪਾਈਐ ਨਾਨਕਾ; ਖਾਧੈ ਜਾਹਿ ਬਿਕਾਰ ॥੧॥

ਐਹੋ ਜੇਹੇ ਮੇਵੇ, ਹੇ ਨਾਨਕ! ਗੁਰਾਂ ਦੇ ਰਾਹੀਂ ਪ੍ਰਾਪਤ ਹੁੰਦੇ ਹਨ, ਜਿਨ੍ਹਾਂ ਨੂੰ ਛਕਣ ਦੁਆਰਾ ਪਾਪ ਦੂਰ ਹੋ ਜਾਂਦੇ ਹਨ।


ਮਰਦਾਨਾ ੧ ॥

ਮਰਦਾਨਾ।

ਕਾਇਆ ਲਾਹਣਿ ਆਪੁ ਮਦੁ; ਮਜਲਸ ਤ੍ਰਿਸਨਾ ਧਾਤੁ ॥

ਮੁਨਸ਼ੀ ਦੇਹ ਮੱਟੀ ਹੈ, ਸਵੈ-ਹੰਗਤਾ ਸ਼ਰਾਬ ਅਤੇ ਸੰਗਤ ਮਾਇਆ ਦੀਆਂ ਖਾਹਿਸ਼ਾਂ ਦੀ ਹੈ।

ਮਨਸਾ ਕਟੋਰੀ ਕੂੜਿ ਭਰੀ; ਪੀਲਾਏ ਜਮਕਾਲੁ ॥

ਮਨ ਦੇ ਮਨੋਰਥਾਂ ਦੀ ਪਿਆਲੀ ਝੂਠ ਨਾਲ ਪਰੀਪੂਰਨ ਹੈ ਅਤੇ ਮੌਤ ਦਾ ਦੂਤ ਪਿਆਲੀ ਪਿਲਾਉਣ ਵਾਲਾ ਹੈ।

ਇਤੁ ਮਦਿ ਪੀਤੈ ਨਾਨਕਾ; ਬਹੁਤੇ ਖਟੀਅਹਿ ਬਿਕਾਰ ॥

ਇਸ ਸ਼ਰਾਬ ਨੂੰ ਪੀਣ ਦੁਆਰਾ, ਹੇ ਨਾਨਕ! ਪ੍ਰਾਣੀ ਘਨੇਰੇ ਪਾਪਾਂ ਦੀ ਖੱਟੀ ਖੱਟ ਲੈਂਦਾ ਹੈ।

ਗਿਆਨੁ ਗੁੜੁ ਸਾਲਾਹ ਮੰਡੇ; ਭਉ ਮਾਸੁ ਆਹਾਰੁ ॥

ਬ੍ਰਹਮ ਗਿਆਤ ਨੂੰ ਆਪਣਾ ਗੁੜ, ਰੱਬ ਦੇ ਜੱਸ ਨੂੰ ਆਪਣੀਆਂ ਰੋਟੀਆਂ ਅਤੇ ਸੁਆਮੀ ਦੇ ਡਰ ਨੂੰ ਖਾਣ ਲਈ ਆਪਣਾ ਗੋਸ਼ਤ ਬਣਾ।

ਨਾਨਕ ਇਹੁ ਭੋਜਨੁ ਸਚੁ ਹੈ; ਸਚੁ ਨਾਮੁ ਆਧਾਰੁ ॥੨॥

ਨਾਨਕ ਇਹ ਸੱਚੀ (ਰੂਹਾਨੀ) ਖੁਰਾਕ ਹੈ, ਜਿਸ ਦੁਆਰਾ ਸੱਚਾ ਨਾਮ ਤੇਰਾ ਆਸਰਾ ਹੋ ਜਾਵੇਗਾ।

ਕਾਂਯਾਂ ਲਾਹਣਿ, ਆਪੁ ਮਦੁ; ਅੰਮ੍ਰਿਤ ਤਿਸ ਕੀ ਧਾਰ ॥

ਜੇਕਰ ਦੇਹ ਦਾ ਘੜਾ ਹੋਵੇ ਅਤੇ ਸਵੈ-ਗਿਆਤ ਦੀ ਸ਼ਰਾਬ ਤਾਂ ਨਾਮ ਸੁਧਾਰਸ ਉਸ ਦੀ ਧਾਰਾ ਬਣ ਜਾਂਦੀ ਹੈ।

ਸਤਸੰਗਤਿ ਸਿਉ ਮੇਲਾਪੁ ਹੋਇ; ਲਿਵ ਕਟੋਰੀ ਅੰਮ੍ਰਿਤ ਭਰੀ; ਪੀ ਪੀ ਕਟਹਿ ਬਿਕਾਰ ॥੩॥

ਸਾਧ ਸੰਗਤ ਨਾਲ ਮਿਲਣ ਦੁਆਰਾ ਪ੍ਰਭੂ ਦੀ ਪ੍ਰੀਤ ਦਾ ਪਿਆਲਾ ਨਾਮ ਦੇ ਆਬਿ-ਹਿਯਾਤ ਨਾਲ ਭਰਿਆ ਜਾਂਦਾ ਹੈ। ਇਸ ਨੂੰ ਇਕ ਰਸ ਪਾਨ ਕਰਨ ਦੁਆਰਾ ਪਾਪ ਮਿੱਟ ਜਾਂਦੇ ਹਨ।


ਪਉੜੀ ॥

ਪਉੜੀ।

ਆਪੇ ਸੁਰਿ ਨਰ ਗਣ ਗੰਧਰਬਾ; ਆਪੇ ਖਟ ਦਰਸਨ ਕੀ ਬਾਣੀ ॥

ਖੁਦ ਹੀ ਸੁਆਮੀ ਸ਼੍ਰੇਸ਼ਟ ਪੁਰਸ਼ ਇਲਾਹੀ ਏਲਚੀ ਅਤੇ ਬੈਕੁੰਠੀ ਗਵੱਈਆ ਅਤੇ ਅਤੇ ਖੁਦ ਹੀ ਉਹ ਛਿਆ ਫਲਸਫੇ ਦਿਆਂ ਸ਼ਾਸਤਰਾਂ ਦਾ ਉਚਾਰਨ ਵਾਲਾ ਹੈ।

ਆਪੇ ਸਿਵ ਸੰਕਰ ਮਹੇਸਾ; ਆਪੇ ਗੁਰਮੁਖਿ ਅਕਥ ਕਹਾਣੀ ॥

ਸਾਹਿਬ ਖੁਦ ਹੀ ਬਰ੍ਹਮਾ, ਮਹਾਂਦੇਉ ਅਤੇ ਵਿਸ਼ਨੂੰ ਹੈ। ਗੁਰਾਂ ਦੇ ਰਾਹੀਂ ਉਹ ਖੁਦ ਹੀ ਨਾਂ-ਬਿਆਨ ਹੋਣ ਵਾਲੀ ਸਾਖੀ ਨੂੰ ਬਿਆਨ ਕਰਦਾ ਹੈ।

ਆਪੇ ਜੋਗੀ ਆਪੇ ਭੋਗੀ; ਆਪੇ ਸੰਨਿਆਸੀ ਫਿਰੈ ਬਿਬਾਣੀ ॥

ਉਹ ਆਪ ਤਿਆਗੀ, ਆਪ ਅਨੰਦ ਮਾਨਣ ਵਾਲਾ ਅਤੇ ਆਪ ਹੀ ਇਕਾਂਤੀ ਹੋ ਕੇ ਬੀਆਬਾਨਾਂ ਅੰਦਰ ਤੁਰਿਆ ਫਿਰਦਾ ਹੈ।

ਆਪੈ ਨਾਲਿ ਗੋਸਟਿ, ਆਪਿ ਉਪਦੇਸੈ; ਆਪੇ ਸੁਘੜੁ ਸਰੂਪੁ ਸਿਆਣੀ ॥

ਸਾਹਿਬ ਆਪਣੇ ਆਪ ਨਾਲ ਚਰਚਾ ਕਰਦਾ ਹੈ, ਆਪੇ ਹੀ ਸਿਖਮਤ ਦਿੰਦਾ ਹੈ ਅਤੇ ਆਪ ਹੀ ਪ੍ਰਬੀਨ ਸੁੰਦਰ ਅਤੇ ਅਕਲਮੰਦ ਹੈ।

ਆਪਣਾ ਚੋਜੁ ਕਰਿ ਵੇਖੈ ਆਪੇ; ਆਪੇ ਸਭਨਾ ਜੀਆ ਕਾ ਹੈ ਜਾਣੀ ॥੧੨॥

ਆਪਣੀ ਖੇਲ ਨੂੰ ਰਚ ਕੇ ਉਹ ਆਪ ਹੀ ਇਸ ਨੂੰ ਦੇਖਦਾ ਹੈ। ਸੁਆਮੀ ਖੁਦ ਹੀ ਸਾਰਿਆਂ ਜੀਵ-ਜੰਤੂਆਂ ਨੂੰ ਜਾਨਣ ਵਾਲਾ ਹੈ।


ਸਲੋਕੁ ਮ : ੩ ॥

ਸਲੋਕ ਤੀਜੀ ਪਾਤਸ਼ਾਹੀ।

ਏਹਾ ਸੰਧਿਆ ਪਰਵਾਣੁ ਹੈ; ਜਿਤੁ ਹਰਿ ਪ੍ਰਭੁ ਮੇਰਾ ਚਿਤਿ ਆਵੈ ॥

ਇਹ ਤ੍ਰਿਕਾਲਾਂ ਦੀ ਪ੍ਰਾਰਥਨਾ ਜਿਸ ਦੁਆਰਾ ਮੇਰਾ ਸੁਆਮੀ ਵਾਹਿਗੁਰੂ ਮੇਰੇ ਚਿੱਤ ਵਿੱਚ ਮੈਨੂੰ ਯਾਦ ਆਉਂਦਾ ਹੈ, ਪ੍ਰਮਾਣੀਕ ਹੈ।

ਹਰਿ ਸਿਉ ਪ੍ਰੀਤਿ ਊਪਜੈ; ਮਾਇਆ ਮੋਹੁ ਜਲਾਵੈ ॥

ਇਹ ਵਾਹਿਗੁਰੂ ਨਾਲ ਲਗਨ ਪੈਦਾ ਕਰਦੀ ਹੈ। ਅਤੇ ਧਨ-ਦੌਲਤ ਦੀ ਮਮਤਾ ਨੂੰ ਸਾੜ ਸੁੱਟਦੀ ਹੈ।

ਗੁਰ ਪਰਸਾਦੀ ਦੁਬਿਧਾ ਮਰੈ; ਮਨੂਆ ਅਸਥਿਰੁ, ਸੰਧਿਆ ਕਰੇ ਵੀਚਾਰੁ ॥

ਗੁਰਾਂ ਦੀ ਦਇਆ ਦੁਆਰਾ, ਦਵੈਤ-ਭਾਵ ਮਰ ਜਾਂਦਾ ਹੈ, ਮਨ ਅਡੋਲ ਥੀ ਵੰਞਦਾ ਹੈ ਅਤੇ ਸਾਹਿਬ ਦੇ ਸਿਮਰਨ ਨੂੰ ਬੰਦਾ ਆਪਣੀ ਸੂਰਜ ਅਸਤ ਵੇਲੇ ਦੀ ਪ੍ਰਾਰਥਨਾ ਬਣਾ ਲੈਂਦਾ ਹੈ।

ਨਾਨਕ ਸੰਧਿਆ ਕਰੈ ਮਨਮੁਖੀ, ਜੀਉ ਨ ਟਿਕੈ; ਮਰਿ ਜੰਮੈ ਹੋਇ ਖੁਆਰੁ ॥੧॥

ਨਾਨਕ ਆਪ-ਹੁਦਰੇ ਜੋ ਤ੍ਰਿਕਾਲਾਂ ਦੀ ਪ੍ਰਾਰਥਨਾ ਕਰਦੇ ਹਨ, ਉਸ ਵਿੱਚ ਉਨ੍ਹਾਂ ਦਾ ਮਨ ਸਥਿਰ ਨਹੀਂ ਹੁੰਦਾ ਤੇ ਉਹ ਆਵਾ-ਗਉਣ ਵਿੱਚ ਖੱਜਲ ਹੁੰਦੇ ਹਨ।


ਮ : ੩ ॥

ਤੀਜੀ ਪਾਤਿਸ਼ਾਹੀ।

ਪ੍ਰਿਉ ਪ੍ਰਿਉ ਕਰਤੀ ਸਭੁ ਜਗੁ ਫਿਰੀ; ਮੇਰੀ ਪਿਆਸ ਨ ਜਾਇ ॥

ਪ੍ਰੀਤਮ, ਆਪਣਾ ਪ੍ਰੀਤਮ ਪੁਕਾਰਦੀ ਹੋਈ ਨੇ ਮੈਂ ਸਾਰੇ ਸੰਸਾਰ ਦਾ ਚੱਕਰ ਕੱਟਿਆ, ਪਰ ਮੇਰੀ ਤ੍ਰੇਹ ਨਾਂ ਬੁੱਝੀ।

ਨਾਨਕ ਸਤਿਗੁਰਿ ਮਿਲਿਐ, ਮੇਰੀ ਪਿਆਸ ਗਈ; ਪਿਰੁ ਪਾਇਆ ਘਰਿ ਆਇ ॥੨॥

ਸੱਚੇ ਗੁਰਾਂ ਨੂੰ ਮਿਲ ਕੇ ਮੇਰੀ ਖਾਹਿਸ਼ ਪੂਰੀ ਹੋ ਗਈ ਹੈ, ਹੇ ਨਾਨਕ! ਤੇ ਵਾਪਸ ਆ ਕੇ ਮੈਂ ਆਪਣਾ ਪਿਆਰਾ ਆਪਣੇ ਗ੍ਰਿਹ ਵਿੱਚ ਹੀ ਪਾ ਲਿਆ ਹੈ।


ਪਉੜੀ ॥

ਪਉੜੀ।

ਆਪੇ ਤੰਤੁ, ਪਰਮ ਤੰਤੁ ਸਭੁ ਆਪੇ; ਆਪੇ ਠਾਕੁਰੁ ਦਾਸੁ ਭਇਆ ॥

ਸੁਆਮੀ ਆਪ ਸਾਰ ਵਸਤੂ ਹੈ ਅਤੇ ਆਪ ਹੀ ਸਮੂਹ ਮਹਾਨ ਸਾਰ ਵਸਤੂ ਹੈ। ਆਪ ਹੀ ਉਹ ਸਾਹਿਬ ਅਤੇ ਸੇਵਕ ਹੈ।

ਆਪੇ ਦਸ ਅਠ ਵਰਨ ਉਪਾਇਅਨੁ; ਆਪਿ ਬ੍ਰਹਮੁ ਆਪਿ ਰਾਜੁ ਲਇਆ ॥

ਆਪ ਹੀ ਉਸ ਨੇ ਅਠਾਰਾਂ ਜਾਤਾਂ ਦੇ ਲੋਕਾਂ ਨੂੰ ਰਚਿਆ ਹੈ ਅਤੇ ਆਪੇ ਹੀ ਪਰਮ ਪ੍ਰਭੂ ਆਪਣੀ ਸਲਤਨਤ ਤੇ ਹਕੂਮਤ ਪ੍ਰਾਪਤ ਕੀਤੀ ਹੈ।

ਆਪੇ ਮਾਰੇ, ਆਪੇ ਛੋਡੈ; ਆਪੇ ਬਖਸੇ ਕਰੇ ਦਇਆ ॥

ਆਪ ਉਹ ਨਾਸ ਕਰਦਾ ਹੈ, ਆਪ ਹੀ ਉਹ ਬੰਦ ਖਲਾਸ ਕਰਦਾ ਹੈ ਅਤੇ ਆਪਣੀ ਮਿਹਰ ਦੁਆਰਾ ਆਪ ਹੀ ਮੁਆਫ ਕਰ ਦਿੰਦਾ ਹੈ।

ਆਪਿ ਅਭੁਲੁ, ਨ ਭੁਲੈ ਕਬ ਹੀ; ਸਭੁ ਸਚੁ ਤਪਾਵਸੁ ਸਚੁ ਥਿਆ ॥

ਉਹ ਅਚੂਕ ਹੈ ਅਤੇ ਕਦਾਚਿਤ ਭੁੱਲਦਾ ਨਹੀਂ। ਸੰਪੂਰਨ ਤੌਰ ਤੇ ਖਰਾ ਹੈ ਸੱਚੇ ਸਾਹਿਬ ਦਾ ਨਿਆਉ।

ਆਪੇ ਜਿਨਾ ਬੁਝਾਏ ਗੁਰਮੁਖਿ; ਤਿਨ ਅੰਦਰਹੁ ਦੂਜਾ ਭਰਮੁ ਗਇਆ ॥੧੩॥

ਗੁਰਾਂ ਦੇ ਰਾਹੀਂ ਜਿਨ੍ਹਾਂ ਨੂੰ ਸਾਈਂ ਆਪ ਸਿਖਮਤ ਦਿੰਦਾ ਹੈ, ਉਨ੍ਹਾਂ ਦੇ ਅੰਦਰੋਂ ਦਵੈਤ-ਭਾਵ ਅਤੇ ਸੰਦੇਹ ਦੂਰ ਹੋ ਜਾਂਦੇ ਹਨ।


ਸਲੋਕੁ ਮ : ੫ ॥

ਸਲੋਕ ਪੰਜਵੀਂ ਪਾਤਿਸ਼ਾਹੀ।

ਹਰਿ ਨਾਮੁ ਨ ਸਿਮਰਹਿ ਸਾਧਸੰਗਿ; ਤੈ ਤਨਿ ਉਡੈ ਖੇਹ ॥

ਉਹ ਦੇਹ, ਜੋ ਸਤਿ ਸੰਗਤ ਅੰਦਰ ਵਾਹਿਗੁਰੂ ਦੇ ਨਾਮ ਦਾ ਆਰਾਧਨ ਨਹੀਂ ਕਰਦੀ, ਧੂੜ ਦੀ ਤਰ੍ਹਾਂ ਖਿਲਰ ਪੁਲਰ ਜਾਂਦੀ ਹੈ।

ਜਿਨਿ ਕੀਤੀ ਤਿਸੈ ਨ ਜਾਣਈ; ਨਾਨਕ ਫਿਟੁ ਅਲੂਣੀ ਦੇਹ ॥੧॥

ਲਾਹਨਤੀ ਅਤੇ ਝੂਠਾ ਹੈ ਉਹ ਸਰੀਰ ਹੇ ਨਾਨਕ! ਜੋ ਉਸ ਨੂੰ ਨਹੀਂ ਜਾਣਦਾ ਜਿਸ ਨੇ ਉਸ ਨੂੰ ਰਚਿਆ ਹੈ।


ਮ : ੫ ॥

ਪੰਜਵੀਂ ਪਾਤਸ਼ਾਹੀ।

ਘਟਿ ਵਸਹਿ ਚਰਣਾਰਬਿੰਦ; ਰਸਨਾ ਜਪੈ ਗੁਪਾਲ ॥

ਆਪਣੇ ਹਿਰਦੇ ਅੰਦਰ ਸਾਹਿਬ ਦੇ ਕੰਵਲ ਚਰਨ ਅਸਥਾਪਨ ਕਰ ਅਤੇ ਆਪਣੀ ਜੀਭਾ ਨਾਲ ਸਾਹਿਬ ਦਾ ਨਾਮ ਉਚਾਰਨ ਕਰ।

ਨਾਨਕ, ਸੋ ਪ੍ਰਭੁ ਸਿਮਰੀਐ; ਤਿਸੁ ਦੇਹੀ ਕਉ ਪਾਲਿ ॥੨॥

ਹੇ ਨਾਨਕ ਉਸ ਸਾਹਿਬ ਦੇ ਆਰਾਧਨ ਦੁਆਰਾ ਆਪਣੇ ਇਸ ਸਰੀਰ ਦੀ ਪਾਲਨਾ ਪੋਸਨਾ ਕਰ।


ਪਉੜੀ ॥

ਪਉੜੀ।

ਆਪੇ ਅਠਸਠਿ ਤੀਰਥ ਕਰਤਾ; ਆਪੇ ਕਰੇ ਇਸਨਾਨੁ ॥

ਸਿਰਜਣਹਾਰ ਆਪ ਹੀ ਅਠਾਹਟ ਧਰਮ ਅਸਥਾਨ ਹੈ ਅਤੇ ਆਪੇ ਹੀ ਉਨ੍ਹਾਂ ਅੰਦਰ ਮੱਜਨ ਕਰਦਾ ਹੈ।

ਆਪੇ ਸੰਜਮਿ ਵਰਤੈ ਸ੍ਵਾਮੀ; ਆਪਿ ਜਪਾਇਹਿ ਨਾਮੁ ॥

ਆਪ ਸੁਆਮੀ ਸਵੈ-ਪ੍ਰਹੇਜ਼ ਕਮਾਉਂਦਾ ਹੈ ਅਤੇ ਆਪੇ ਹੀ ਬੰਦਿਆਂ ਪਾਸੋਂ ਆਪਣਾ ਨਾਮ ਜਪਾਉਂਦਾ ਹੈ।

ਆਪਿ ਦਇਆਲੁ ਹੋਇ ਭਉ ਖੰਡਨੁ; ਆਪਿ ਕਰੈ ਸਭੁ ਦਾਨੁ ॥

ਡਰ ਨਾਸ ਕਰਨ ਵਾਲਾ ਖੁਦ ਮਿਹਰਬਾਨ ਹੁੰਦਾ ਹੈ ਅਤੇ ਖੁਦ ਹੀ ਸਾਰਿਆਂ ਨੂੰ ਖੈਰ ਪਾਉਂਦਾ ਹੈ।

ਜਿਸ ਨੋ ਗੁਰਮੁਖਿ ਆਪਿ ਬੁਝਾਏ; ਸੋ ਸਦ ਹੀ ਦਰਗਹਿ ਪਾਏ ਮਾਨੁ ॥

ਜਿਸ ਨੂੰ ਉਹ ਗੁਰਾਂ ਦੇ ਰਾਹੀਂ, ਆਪ ਸੋਝੀ ਪਾਉਂਦਾ ਹੈ, ਉਹ ਉਸ ਦੇ ਦਰਬਾਰ ਅੰਦਰ ਹਮੇਸ਼ਾਂ ਇੱਜ਼ਤ ਪਾਉਂਦਾ ਹੈ।

ਜਿਸ ਦੀ ਪੈਜ ਰਖੈ ਹਰਿ ਸੁਆਮੀ; ਸੋ ਸਚਾ ਹਰਿ ਜਾਨੁ ॥੧੪॥

ਜਿਸ ਦੀ ਇੱਜ਼ਤ ਆਬਰੂ ਵਾਹਿਗੁਰੂ ਮਾਲਕ ਰੱਖਦਾ ਹੈ, ਉਹ ਸੱਚੇ ਵਾਹਿਗੁਰੂ ਨੂੰ ਅਨੁਭਵ ਕਰ ਲੈਂਦਾ ਹੈ।


ਸਲੋਕੁ ਮ : ੩ ॥

ਸਲੋਕ ਤੀਜੀ ਪਾਤਸ਼ਾਹੀ।

ਨਾਨਕ ਬਿਨੁ ਸਤਿਗੁਰ ਭੇਟੇ ਜਗੁ ਅੰਧੁ ਹੈ; ਅੰਧੇ ਕਰਮ ਕਮਾਇ ॥

ਨਾਨਕ ਸੱਚੇ ਗੁਰਾਂ ਨੂੰ ਮਿਲਣ ਬਾਝੋਂ ਸੰਸਾਰ ਅੰਨ੍ਹਾਂ ਹੈ ਅਤੇ ਅੰਨ੍ਹੇ ਅਮਲ ਕਮਾਉਂਦਾ ਹੈ।

ਸਬਦੈ ਸਿਉ ਚਿਤੁ ਨ ਲਾਵਈ; ਜਿਤੁ ਸੁਖੁ ਵਸੈ ਮਨਿ ਆਇ ॥

ਇਹ ਆਪਣੀ ਬਿਰਤੀ ਗੁਰਬਾਣੀ ਨਾਲ ਨਹੀਂ ਜੋੜਦਾ, ਜਿਸ ਦੁਆਰਾ ਅਨੰਦ ਆ ਕੇ ਚਿੱਤ ਵਿੱਚ ਟਿੱਕ ਜਾਂਦਾ ਹੈ।

ਤਾਮਸਿ ਲਗਾ ਸਦਾ ਫਿਰੈ; ਅਹਿਨਿਸਿ ਜਲਤੁ ਬਿਹਾਇ ॥

ਹਮੇਸ਼ਾਂ ਹੀ ਕ੍ਰੋਧ ਨਾਲ ਜੁੜੀ ਹੋਈ ਦੁਨੀਆਂ ਭਟਕਦੀ ਫਿਰਦੀ ਹੈ। ਉਸ ਅੰਦਰ ਸੜਦੀ ਹੋਈ ਇਹ ਆਪਣਾ ਦਿਨ ਰੈਣ ਬਿਤਾਉਂਦੀ ਹੈ।

ਜੋ ਤਿਸੁ ਭਾਵੈ, ਸੋ ਥੀਐ; ਕਹਣਾ ਕਿਛੂ ਨ ਜਾਇ ॥੧॥

ਜਿਹੜਾ ਕੁੱਝ ਉਸ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ। ਉਸ ਵਿੱਚ ਕਿਸੇ ਦਾ ਕੋਈ ਲਾਗਾ ਦੇਗਾ (ਦਖਲ) ਨਹੀਂ।


ਮ : ੩ ॥

ਤੀਜੀ ਪਾਤਸ਼ਾਹੀ।

ਸਤਿਗੁਰੂ ਫੁਰਮਾਇਆ; ਕਾਰੀ ਏਹ ਕਰੇਹੁ ॥

ਸੱਚੇ ਗੁਰਾਂ ਨੇ ਮੈਨੂੰ ਇਹ ਕੰਮ ਕਰਨ ਦਾ ਹੁਕਮ ਕੀਤਾ ਹੈ।

ਗੁਰੂ ਦੁਆਰੈ ਹੋਇ ਕੈ; ਸਾਹਿਬੁ ਸੰਮਾਲੇਹੁ ॥

ਗੁਰਾਂ ਦੇ ਰਾਹੀਂ ਤੂੰ ਆਪਣੇ ਸੁਆਮੀ ਦਾ ਸਿਮਰਨ ਕਰ।

ਸਾਹਿਬੁ ਸਦਾ ਹਜੂਰਿ ਹੈ; ਭਰਮੈ ਕੇ ਛਉੜ ਕਟਿ ਕੈ, ਅੰਤਰਿ ਜੋਤਿ ਧਰੇਹੁ ॥

ਸੁਆਮੀ ਹਮੇਸ਼ਾਂ ਹਾਜ਼ਰ ਨਾਜ਼ਰ ਹੈ। ਸੰਦੇਹ ਦੇ ਪੜਦੇ ਨੂੰ ਪਾੜ ਕੇ ਉਹ ਆਪਣਾ ਪਰਕਾਸ਼ ਤੇਰੇ ਰਿਦੇ ਅੰਦਰ ਰੱਖ ਦੇਵੇਗਾ।

ਹਰਿ ਕਾ ਨਾਮੁ ਅੰਮ੍ਰਿਤੁ ਹੈ; ਦਾਰੂ ਏਹੁ ਲਾਏਹੁ ॥

ਵਾਹਿਗੁਰੂ ਦਾ ਨਾਮ ਆਬਿ-ਹਿਯਾਤ ਹੈ। ਤੂੰ ਇਸ ਸਹਿਤ-ਬਖਸ਼ ਵਸਤੂ ਦਾ ਪ੍ਰਯੋਗ ਕਰ।

ਸਤਿਗੁਰ ਕਾ ਭਾਣਾ ਚਿਤਿ ਰਖਹੁ; ਸੰਜਮੁ ਸਚਾ ਨੇਹੁ ॥

ਸੱਚੇ ਗੁਰਾਂ ਦੀ ਰਜ਼ਾ ਨੂੰ ਤੂੰ ਆਪਣੇ ਮਨ ਵਿੱਚ ਟਿਕਾ ਅਤੇ ਸੱਚੇ ਪ੍ਰਭੂ ਦੇ ਪਿਆਰ ਨੂੰ ਆਪਣਾ ਸਵੈ-ਪ੍ਰਹੇਜ਼ ਬਣਾ।

ਨਾਨਕ ਐਥੈ ਸੁਖੈ ਅੰਦਰਿ ਰਖਸੀ; ਅਗੈ ਹਰਿ ਸਿਉ ਕੇਲ ਕਰੇਹੁ ॥੨॥

ਨਾਨਕ, ਏਥੇ ਸੱਚਾ ਗੁਰੂ ਤੈਨੂੰ ਸੁਖ ਆਰਾਮ ਵਿੱਚ ਰੱਖੇਗਾ ਅਤੇ ਏਦੂੰ ਮਗਰੋਂ ਤੂੰ ਵਾਹਿਗੁਰੂ ਨਾਲ ਮੌਜ ਬਹਾਰਾਂ ਕਰੇਗਾਂ।


ਪਉੜੀ ॥

ਪਉੜੀ।

ਆਪੇ ਭਾਰ ਅਠਾਰਹ ਬਣਸਪਤਿ; ਆਪੇ ਹੀ ਫਲ ਲਾਏ ॥

ਪ੍ਰਮਾਤਮਾ ਆਪ ਹੀ ਅਠਾਰਾਂ ਬੋਝ ਨਬਾਤਾਤ (ਬਨਸਪਤੀ) ਦੇ ਹੈ ਅਤੇ ਆਪ ਹੀ ਇਸ ਨੂੰ ਫਲ ਲਾਉਂਦਾ ਹੈ।

ਆਪੇ ਮਾਲੀ ਆਪਿ ਸਭੁ ਸਿੰਚੈ; ਆਪੇ ਹੀ ਮੁਹਿ ਪਾਏ ॥

ਉਹ ਆਪ ਬਾਗਵਾਨ ਹੈ ਆਪੇ ਹੀ ਸਾਰਿਆਂ ਪੌਦਿਆਂ ਨੂੰ ਸਿੰਜਦਾ ਹੈ ਅਤੇ ਉਹ ਆਪ ਹੀ ਉਨ੍ਹਾਂ ਦੇ ਫਲ ਨੂੰ ਮੂੰਹ ਵਿੱਚ ਪਾਉਂਦਾ ਹੈ।

ਆਪੇ ਕਰਤਾ ਆਪੇ ਭੁਗਤਾ; ਆਪੇ ਦੇਇ ਦਿਵਾਏ ॥

ਆਪ ਉਹ ਬਣਾਉਣ ਵਾਲਾ ਹੈ ਅਤੇ ਆਪ ਹੀ ਆਨੰਦ ਲੈਣ ਵਾਲਾ। ਉਹ ਆਪ ਹੀ ਦਿੰਦਾ ਤੇ ਹੋਰਨਾਂ ਤੋਂ ਦਿਵਾਉਂਦਾ ਹੈ।

ਆਪੇ ਸਾਹਿਬੁ ਆਪੇ ਹੈ ਰਾਖਾ; ਆਪੇ ਰਹਿਆ ਸਮਾਏ ॥

ਉਹ ਆਪ ਸੁਆਮੀ ਹੈ, ਆਪ ਹੀ ਰਖਵਾਲਾ ਅਤੇ ਆਪ ਹੀ ਆਪਣੀ ਰਚਨਾ ਅੰਦਰ ਲੀਨ ਹੋ ਰਿਹਾ ਹੈ।

ਜਨੁ ਨਾਨਕ ਵਡਿਆਈ ਆਖੈ ਹਰਿ ਕਰਤੇ ਕੀ; ਜਿਸ ਨੋ ਤਿਲੁ ਨ ਤਮਾਏ ॥੧੫॥

ਦਾਸ ਨਾਨਕ ਵਾਹਿਗੁਰੂ ਸਿਰਜਣਹਾਰ ਦਾ ਜੱਸ ਵਰਨਣ ਕਰਦਾ ਹੈ ਜਿਸ ਨੂੰ ਇਕ ਭੋਰਾ ਭਰ ਭੀ ਤਮ੍ਹਾ ਨਹੀਂ।


ਸਲੋਕ ਮ : ੩ ॥

ਸਲੋਕ ਤੀਜੀ ਪਾਤਸ਼ਾਹੀ।

ਮਾਣਸੁ ਭਰਿਆ ਆਣਿਆ; ਮਾਣਸੁ ਭਰਿਆ ਆਇ ॥

ਇਕ ਆਦਮੀ ਸ਼ਰਾਬ ਨਾਲ ਭਰਿਆ ਹੋਇਆ ਭਾਂਡਾ ਲਿਆਉਂਦਾ ਹੈ, ਹੋਰ ਜਣਾ ਆ ਕੇ ਉਸ ਵਿਚੋਂ ਪਿਆਲਾ ਭਰ ਲੈਂਦਾ ਹੈ।

ਜਿਤੁ ਪੀਤੈ ਮਤਿ ਦੂਰਿ ਹੋਇ; ਬਰਲੁ ਪਵੈ ਵਿਚਿ ਆਇ ॥

ਜਿਸ ਨੂੰ ਪੀਣ ਦੁਆਰਾ, ਅਕਲ ਮਾਰੀ ਜਾਂਦੀ ਹੈ, ਝੱਲਪੁਣਾ ਦਿਮਾਗ ਵਿੱਚ ਆ ਵੜਦਾ ਹੈ,

ਆਪਣਾ ਪਰਾਇਆ ਨ ਪਛਾਣਈ; ਖਸਮਹੁ ਧਕੇ ਖਾਇ ॥

ਆਦਮੀ ਆਪਣੇ ਤੇ ਓਪਰੇ ਦੀ ਸਿੰਞਾਣ ਨਹੀਂ ਕਰਦਾ ਅਤੇ ਆਪਣੇ ਮਾਲਕ ਪਾਸੋਂ ਧੌਲ-ਧੱਪਾ ਖਾਂਦਾ ਹੈ।

ਜਿਤੁ ਪੀਤੈ ਖਸਮੁ ਵਿਸਰੈ; ਦਰਗਹ ਮਿਲੈ ਸਜਾਇ ॥

ਜਿਸ ਨੂੰ ਪੀਣ ਦੁਆਰਾ ਸੁਆਮੀ ਭੁਲ ਜਾਂਦਾ ਹੈ ਅਤੇ ਪ੍ਰਾਣੀ ਨੂੰ ਉਸ ਦੇ ਦਰਬਾਰ ਵਿੱਚ ਸਜ਼ਾ ਮਿਲਦੀ ਹੈ।

ਝੂਠਾ ਮਦੁ ਮੂਲਿ ਨ ਪੀਚਈ; ਜੇ ਕਾ ਪਾਰਿ ਵਸਾਇ ॥

ਜਿਥੇ ਤਾਂਈ ਤੇਰਾ ਵੱਸ ਚੱਲਦਾ ਹੈ, ਤੂੰ ਕੂੜੀ ਸ਼ਰਾਬ ਨੂੰ ਕਦਾਚਿਤ ਪਾਨ ਨਾਂ ਕਰ।

ਨਾਨਕ ਨਦਰੀ ਸਚੁ ਮਦੁ ਪਾਈਐ; ਸਤਿਗੁਰੁ ਮਿਲੈ ਜਿਸੁ ਆਇ ॥

ਨਾਨਕ, ਜਿਸ ਨੂੰ ਸੱਚੇ ਗੁਰੂ ਜੀ ਆ ਕੇ ਮਿਲ ਪੈਦੇ ਹਨ, ਉਹ ਵਾਹਿਗੁਰੂ ਦੀ ਦਇਆ ਦੁਆਰਾ ਸੱਚੀ ਸ਼ਰਾਬ ਪਾ ਲੈਂਦਾ ਹੈ।

ਸਦਾ ਸਾਹਿਬ ਕੈ ਰੰਗਿ ਰਹੈ; ਮਹਲੀ ਪਾਵੈ ਥਾਉ ॥੧॥

ਉਹ ਹਮੇਸ਼ਾਂ ਪ੍ਰਭੂ ਦੀ ਪ੍ਰੀਤ ਅੰਦਰ ਵੱਸੇਗਾ ਅਤੇ ਉਸ ਦੀ ਹਜ਼ੂਰੀ ਵਿੱਚ ਟਿਕਾਣਾ ਪਾ ਲਵੇਗਾ।


ਮ: ੩ ॥

ਤੀਜੀ ਪਾਤਸ਼ਾਹੀ।

ਇਹੁ ਜਗਤੁ ਜੀਵਤੁ ਮਰੈ; ਜਾ ਇਸ ਨੋ ਸੋਝੀ ਹੋਇ ॥

ਜਦ, ਇਹ ਆਦਮੀ ਨੂੰ ਸੱਚੀ ਦਰਗਾਹ ਮਿਲ ਜਾਂਦੀ ਹੈ ਤਾਂ ਇਹ ਜੀਉਂਦੇ ਜੀ ਮਰਿਆ ਰਹਿੰਦਾ ਹੈ।

ਜਾ ਤਿਨ੍ਹ੍ਹਿ ਸਵਾਲਿਆ, ਤਾਂ ਸਵਿ ਰਹਿਆ; ਜਗਾਏ ਤਾਂ ਸੁਧਿ ਹੋਇ ॥

ਜਦ ਉਹ ਉਸ ਨੂੰ ਸੁਆਲ ਦਿੰਦਾ ਹੈ ਤਦ ਉਹ ਸੁੱਤਾ ਰਹਿੰਦਾ ਹੈ। ਜਦ ਸੁਆਮੀ ਉਸ ਜਗਾ ਦਿੰਦਾ ਹੈ, ਤਦ ਉਸ ਨੂੰ (ਆਪਣੇ ਅਸਲੇ ਤੋਂ ਜੀਵਨ-ਮੰਤਵ ਦੀ) ਹੋਸ਼ ਆ ਜਾਂਦੀ ਹੈ।

ਨਾਨਕ ਨਦਰਿ ਕਰੇ ਜੇ ਆਪਣੀ; ਸਤਿਗੁਰੁ ਮੇਲੈ ਸੋਇ ॥

ਨਾਨਕ ਜੇਕਰ ਵਾਹਿਗੁਰੂ ਆਪਣੀ ਮਿਹਰ ਦੀ ਨਿਗ੍ਹਾ ਧਾਰੇ, ਉਹ ਇਨਸਾਨ ਨੂੰ ਸੱਚੇ ਗੁਰਾਂ ਨਾਲ ਮਿਲਾ ਦਿੰਦਾ ਹੈ।

ਗੁਰ ਪ੍ਰਸਾਦਿ ਜੀਵਤੁ ਮਰੈ; ਤਾ ਫਿਰਿ ਮਰਣੁ ਨ ਹੋਇ ॥੨॥

ਜੇਕਰ ਗੁਰਾਂ ਦੀ ਦਇਆ ਦੁਆਰਾ ਪ੍ਰਾਣੀ ਜੀਉਂਦੇ ਜੀ ਮਾਰਿਆ ਰਹੇ, ਤਦ ਉਹ ਮੁੜ ਕੇ ਨਹੀਂ ਮਰਦਾ।


ਪਉੜੀ ॥

ਪਉੜੀ।

ਜਿਸ ਦਾ ਕੀਤਾ ਸਭੁ ਕਿਛੁ ਹੋਵੈ; ਤਿਸ ਨੋ ਪਰਵਾਹ ਨਾਹੀ ਕਿਸੈ ਕੇਰੀ ॥

ਜਿਸ ਦੇ ਕੀਤਿਆਂ ਸਾਰਾ ਕੁੱਝ ਹੁੰਦਾ ਹੈ, ਉਸ ਨੂੰ ਕਿਸੇ ਹੋਰ ਦੀ ਕੀ ਮੁਛੰਦਗੀ ਹੈ?

ਹਰਿ ਜੀਉ! ਤੇਰਾ ਦਿਤਾ ਸਭੁ ਕੋ ਖਾਵੈ; ਸਭ ਮੁਹਤਾਜੀ ਕਢੈ ਤੇਰੀ ॥

ਮੇਰੇ ਪੂਜਯ ਪ੍ਰਭੂ! ਜਿਹੜਾ ਕੁੱਛ ਤੂੰ ਦਿੰਦਾ ਹੈਂ, ਸਾਰੇ ਉਹੀ ਖਾਂਦੇ ਹਨ। ਸਾਰੇ ਹੀ ਤੇਰੀ ਤਾਬੇਦਾਰੀ ਕਰਦੇ ਹਨ।

ਜਿ ਤੁਧ ਨੋ ਸਾਲਾਹੇ, ਸੁ ਸਭੁ ਕਿਛੁ ਪਾਵੈ; ਜਿਸ ਨੋ ਕਿਰਪਾ ਨਿਰੰਜਨ ਕੇਰੀ ॥

ਹੇ ਮੇਰੇ ਪਵਿੱਤ੍ਰ ਪ੍ਰਭੂ! ਜੋ ਤੇਰੀ ਸਿਫ਼ਤ ਕਰਦਾ ਹੈ ਅਤੇ ਜਿਸ ਉਤੇ ਤੂੰ ਮਿਹਰਬਾਨ ਹੈ, ਉਹ ਸਾਰਾ ਕੁਝ ਹਾਸਲ ਕਰ ਲੈਂਦਾ ਹੈ।

ਸੋਈ ਸਾਹੁ ਸਚਾ ਵਣਜਾਰਾ; ਜਿਨਿ ਵਖਰੁ ਲਦਿਆ ਹਰਿ ਨਾਮੁ ਧਨੁ ਤੇਰੀ ॥

ਕੇਵਲ ਓਹੀ ਸ਼ਾਹੂਕਾਰ ਅਤੇ ਸੱਚਾ ਸੁਦਾਗਰ ਹੈ ਜੋ ਤੇਰੇ ਨਾਮ ਦੀ ਦੌਲਤ ਦਾ ਸੌਦਾ-ਸੂਤ ਲੱਦ ਲੈਂਦਾ ਹੈ, ਹੇ ਮੇਰੇ ਵਾਹਿਗੁਰੂ! ਸਭਿ ਤਿਸੈ ਨੋ ਸਾਲਾਹਿਹੁ ਸੰਤਹੁ! ਜਿਨਿ ਦੂਜੇ

ਭਾਵ ਕੀ ਮਾਰਿ ਵਿਡਾਰੀ ਢੇਰੀ ॥੧੬॥

ਹੇ ਸਾਧੂਓ! ਤੁਸੀਂ ਸਾਰੇ ਉਸ ਸਾਹਿਬ ਦੀ ਕੀਰਤੀ ਗਾਇਨ ਕਰੋ ਜਿਸ ਨੇ ਹੋਰਸ ਦੀ ਪ੍ਰੀਤ ਦੇ ਟਿੱਬੇ ਨੂੰ ਢਾਹ ਸੁੱਟਿਆ ਹੈ।


ਸਲੋਕ ॥

ਸਲੋਕ।

ਕਬੀਰਾ ਮਰਤਾ ਮਰਤਾ ਜਗੁ ਮੁਆ; ਮਰਿ ਭਿ ਨ ਜਾਨੈ ਕੋਇ ॥

ਕਬੀਰ ਸੰਸਾਰ ਮਰਦਾ ਜਾ ਰਿਹਾ ਹੈ ਅਤੇ ਹਰ ਕੋਈ ਅੰਤ ਨੂੰ ਮਰ ਜਾਂਦਾ ਹੈ ਪ੍ਰੰਤੂ ਮਰਨ ਦੀ ਜਾਂਚ ਕਿਸੇ ਨੂੰ ਭੀ ਨਹੀਂ ਆਉਂਦੀ।

ਐਸੀ ਮਰਨੀ ਜੋ ਮਰੈ; ਬਹੁਰਿ ਨ ਮਰਨਾ ਹੋਇ ॥੧॥

ਜਿਹੜਾ ਐਹੋ ਜੇਹੀ (ਰੱਬ ਦੀ ਰਜ਼ਾ ਵਿੱਚ) ਮੌਤ ਮਰਦਾ ਹੈ, ਉਹ ਮੁੜ ਕੇ ਨਹੀਂ ਮਰਦਾ।


ਮ : ੩ ॥

ਤੀਜੀ ਪਾਤਸ਼ਾਹੀ।

ਕਿਆ ਜਾਣਾ? ਕਿਵ ਮਰਹਗੇ? ਕੈਸਾ ਮਰਣਾ ਹੋਇ ॥

ਮੈਂ ਕੀ ਜਾਣਦਾ ਹਾਂ ਕਿ ਮੈਂ ਕਿਸ ਤਰ੍ਹਾਂ ਮਰਾਂਗਾ ਅਤੇ ਇਹ ਕਿਸ ਕਿਸਮ ਦੀ ਮੌਤ ਹੋਵੇਗੀ?

ਜੇ ਕਰਿ ਸਾਹਿਬੁ ਮਨਹੁ ਨ ਵੀਸਰੈ; ਤਾ ਸਹਿਲਾ ਮਰਣਾ ਹੋਇ ॥

ਜੇਕਰ, ਆਪਣੇ ਚਿੱਤ ਅੰਦਰ ਮੈਂ ਸੁਆਮੀ ਨੂੰ ਨਾਂ ਭੁਲਾਵਾਂ ਤਦ, ਮੇਰੀ ਮੌਤ ਸੁਖਾਲੀ ਹੋਵੇਗੀ।

ਮਰਣੈ ਤੇ ਜਗਤੁ ਡਰੈ; ਜੀਵਿਆ ਲੋੜੈ ਸਭੁ ਕੋਇ ॥

ਮੌਤ ਪਾਸੋਂ ਸੰਸਾਰ ਭੈ ਕਰਦਾ ਹੈ। ਹਰ ਕੋਈ ਜੀਉਣਾ ਲੋਚਦਾ ਹੈ।

ਗੁਰ ਪਰਸਾਦੀ ਜੀਵਤੁ ਮਰੈ; ਹੁਕਮੈ ਬੂਝੈ ਸੋਇ ॥

ਕੇਵਲ ਓਹੀ, ਜੋ ਗੁਰਾਂ ਦੀ ਦਇਆ ਦੁਆਰਾ ਜੀਉਂਦੇ ਜੀ ਮਰ ਜਾਂਦਾ ਹੈ, ਸੁਆਮੀ ਦੀ ਰਜ਼ਾ ਨੂੰ ਸਮਝਦਾ ਹੈ।

ਨਾਨਕ ਐਸੀ ਮਰਨੀ ਜੋ ਮਰੈ; ਤਾ ਸਦ ਜੀਵਣੁ ਹੋਇ ॥੨॥

ਨਾਨਕ, ਜੇਕਰ ਬੰਦਾ ਐਹੋ ਜੇਹੀ ਮੌਤੇ ਮਰਦਾ ਹੈ ਤਦ, ਉਹ ਹਮੇਸ਼ਾਂ ਲਈ ਜੀਉਂਦਾ ਰਹਿੰਦਾ ਹੈ।

ਪਉੜੀ ॥

ਪਉੜੀ।

ਜਾ ਆਪਿ ਕ੍ਰਿਪਾਲੁ ਹੋਵੈ ਹਰਿ ਸੁਆਮੀ; ਤਾ ਆਪਣਾਂ ਨਾਉ ਹਰਿ ਆਪਿ ਜਪਾਵੈ ॥

ਜਦ ਵਾਹਿਗੁਰੂ ਮਾਲਕ ਆਪ ਮਿਹਰਬਾਨ ਹੋ ਜਾਂਦਾ ਹੈ, ਤਦ ਹਰੀ ਆਪ ਆਪਣੇ ਨਾਮ ਦਾ ਉਚਾਰਨ ਕਰਵਾਉਂਦਾ ਹੈ।

ਆਪੇ ਸਤਿਗੁਰੁ ਮੇਲਿ ਸੁਖੁ ਦੇਵੈ; ਆਪਣਾਂ ਸੇਵਕੁ, ਆਪਿ ਹਰਿ ਭਾਵੈ ॥

ਸੁਆਮੀ ਆਪ ਉਸ ਨੂੰ ਸੱਚੇ ਗੁਰਾਂ ਨਾਲ ਮਿਲਾਉਂਦਾ ਹੈ ਅਤੇ ਉਸ ਨੂੰ ਆਰਾਮ ਬਖਸ਼ਦਾ ਹੈ। ਆਪਣਾ ਟਹਿਲੂਆ ਸੁਆਮੀ ਨੂੰ ਸਦਾ ਚੰਗਾ ਲੱਗਦਾ ਹੈ।

ਆਪਣਿਆ ਸੇਵਕਾ ਕੀ ਆਪਿ ਪੈਜ ਰਖੈ; ਆਪਣਿਆ ਭਗਤਾ ਕੀ ਪੈਰੀ ਪਾਵੈ ॥

ਵਾਹਿਗੁਰੂ ਆਪੇ ਹੀ ਆਪਣੇ ਚਾਕਰਾਂ ਦੀ ਇੱਜ਼ਤ ਰੱਖਦਾ ਹੈ ਅਤੇ ਲੋਕਾਂ ਨੂੰ ਆਪਣਿਆਂ ਸ਼ਰਧਾਲੂਆਂ ਦੇ ਪੈਰੀਂ ਪਾਉਂਦਾ ਹੈ।

ਧਰਮ ਰਾਇ ਹੈ ਹਰਿ ਕਾ ਕੀਆ; ਹਰਿ ਜਨ ਸੇਵਕ ਨੇੜਿ ਨ ਆਵੈ ॥

ਧਰਮ-ਰਾਜਾ ਵਾਹਿਗੁਰੂ ਦਾ ਕੀਤਾ ਹੋਇਆ ਹੈ, ਉਹ ਵਾਹਿਗੁਰੂ ਦੇ ਨਫਰ ਤੇ ਨੌਕਰ ਦੇ ਲਾਗੇ ਵੀ ਨਹੀਂ ਲੱਗਦਾ।

ਜੋ ਹਰਿ ਕਾ ਪਿਆਰਾ, ਸੋ ਸਭਨਾ ਕਾ ਪਿਆਰਾ; ਹੋਰ ਕੇਤੀ ਝਖਿ ਝਖਿ ਆਵੈ ਜਾਵੈ ॥੧੭॥

ਜੋ ਵਾਹਿਗੁਰੂ ਦਾ ਲਾਡਲਾ ਹੈ, ਉਹ ਸਾਰਿਆਂ ਦਾ ਲਾਡਲਾ ਹੈ। ਹੋਰ ਬਥੇਰੇ ਬੇ-ਫਾਇਦਾ ਆਉਂਦੇ ਤੇ ਜਾਂਦੇ ਰਹਿੰਦੇ ਹਨ।


ਸਲੋਕ ਮ : ੩ ॥

ਸਲੋਕ ਤੀਜੀ ਪਾਤਸ਼ਾਹੀ।

ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ; ਰਾਮੁ ਨ ਪਾਇਆ ਜਾਇ ॥

ਸਾਰਾ ਸੰਸਾਰ ਸੁਆਮੀ ਦਾ ਨਾਮ ਜਪਦਾ ਫਿਰਦਾ ਹੈ, ਪ੍ਰੰਤੂ ਸੁਆਮੀ ਇਸ ਤਰ੍ਹਾਂ ਪ੍ਰਾਪਤ ਨਹੀਂ ਹੁੰਦਾ।

ਅਗਮੁ ਅਗੋਚਰੁ ਅਤਿ ਵਡਾ; ਅਤੁਲੁ ਨ ਤੁਲਿਆ ਜਾਇ ॥

ਅਪਹੁੰਚ, ਅਗਾਧ ਤੇ ਪਰਮ ਵਿਸ਼ਾਲ ਹੈ ਸੁਆਮੀ। ਉਹ ਅਜੋਖ ਹੈ ਅਤੇ ਜੋਖਿਆ ਨਹੀਂ ਜਾ ਸਕਦਾ।

ਕੀਮਤਿ ਕਿਨੈ ਨ ਪਾਈਆ; ਕਿਤੈ ਨ ਲਇਆ ਜਾਇ ॥

ਉਸ ਦਾ ਕੋਈ ਮੁੱਲ ਨਹੀਂ ਪਾ ਸਕਦਾ ਅਤੇ ਉਹ ਕਿਸੇ ਕੀਮਤ ਤੋਂ ਵੀ ਖਰੀਦਿਆਂ ਨਹੀਂ ਜਾ ਸਕਦਾ।

ਗੁਰ ਕੈ ਸਬਦਿ ਭੇਦਿਆ; ਇਨ ਬਿਧਿ ਵਸਿਆ ਮਨਿ ਆਇ ॥

ਗੁਰਾਂ ਦੀ ਬਾਣੀ ਰਾਹੀਂ ਉਹ ਭੇਤ ਜਾਣਿਆ ਜਾਂਦਾ ਹੈ ਅਤੇ ਇਸ ਤਰ੍ਹਾਂ ਉਹ ਆ ਕੇ ਬੰਦੇ ਦੇ ਚਿੱਤ ਵਿੱਚ ਟਿੱਕ ਜਾਂਦਾ ਹੈ।

ਨਾਨਕ ਆਪਿ ਅਮੇਉ ਹੈ; ਗੁਰ ਕਿਰਪਾ ਤੇ ਰਹਿਆ ਸਮਾਇ ॥

ਨਾਨਕ ਉਹ ਹਦਬੰਨਾ-ਰਹਿਤ ਹੈ ਅਤੇ ਗੁਰਾਂ ਦੀ ਦਇਆ ਦੁਆਰਾ ਹਰ ਥਾਂ ਵਿਆਪਕ ਵੇਖਿਆ ਜਾਂਦਾ ਹੈ।

ਆਪੇ ਮਿਲਿਆ, ਮਿਲਿ ਰਹਿਆ; ਆਪੇ ਮਿਲਿਆ ਆਇ ॥੧॥

ਸਾਈਂ ਖੁਦ ਆ ਕੇ ਬੰਦੇ ਨੂੰ ਮਿਲਦਾ ਹੈ ਅਤੇ ਮਿਲ ਕੇ ਉਸ ਨਾਲ ਅਭੇਦ ਹੋਇਆ ਰਹਿੰਦਾ ਹੈ।


ਮ : ੩ ॥

ਤੀਜੀ ਪਾਤਸ਼ਾਹੀ।

ਏ ਮਨ! ਇਹੁ ਧਨੁ ਨਾਮੁ ਹੈ; ਜਿਤੁ ਸਦਾ ਸਦਾ ਸੁਖੁ ਹੋਇ ॥

ਹੇ ਮੇਰੀ ਜਿੰਦੜੀਏ! ਇਹ ਨਾਮ ਉਹ ਪਦਾਰਥ ਹੈ, ਜਿਸ ਤੋਂ ਹਮੇਸ਼ਾਂ, ਹਮੇਸ਼ਾਂ ਹੀ ਆਰਾਮ ਉਤਪੰਨ ਹੁੰਦਾ ਹੈ।

ਤੋਟਾ ਮੂਲਿ ਨ ਆਵਈ; ਲਾਹਾ ਸਦ ਹੀ ਹੋਇ ॥

ਉਸ ਤੋਂ ਘਾਟਾ ਕਦਾਚਿਤ ਨਹੀਂ ਪੈਂਦਾ ਪ੍ਰੰਤੂ ਇਨਸਾਨ ਹਮੇਸ਼ਾਂ ਫਾਇਦਾ ਉਠਾਉਂਦਾ ਹੈ।

ਖਾਧੈ ਖਰਚਿਐ ਤੋਟਿ ਨ ਆਵਈ; ਸਦਾ ਸਦਾ ਓਹੁ ਦੇਇ ॥

ਖਾਣ ਅਤੇ ਖਰਚਣ ਦੁਆਰਾ ਇਹ ਘਟ (ਘੱਟ) ਨਹੀਂ ਹੁੰਦਾ ਕਿਉਂਕਿ ਉਹ ਸੁਆਮੀ ਸਦੀਵ, ਸਦੀਵ ਹੀ ਦੇਈ ਜਾਂਦਾ ਹੈ।

ਸਹਸਾ ਮੂਲਿ ਨ ਹੋਵਈ; ਹਾਣਤ ਕਦੇ ਨ ਹੋਇ ॥

ਮਨੁੱਖ ਨੂੰ ਮੁੱਢੋਂ ਹੀ ਚਿੰਤਾ ਨਹੀਂ ਵਿਆਪਦੀ ਅਤੇ ਕਦਾਚਿਤ ਉਸ ਦਾ ਅਪਮਾਨ ਨਹੀਂ ਹੁੰਦਾ।

ਨਾਨਕ ਗੁਰਮੁਖਿ ਪਾਈਐ; ਜਾ ਕਉ ਨਦਰਿ ਕਰੇਇ ॥੨॥

ਨਾਨਕ, ਗੁਰਾਂ ਦੇ ਰਾਹੀਂ ਨਾਮ ਉਸ ਨੂੰ ਪ੍ਰਾਪਤ ਹੁੰਦਾ ਹੈ, ਜਿਸ ਉੱਤੇ ਉਹ ਮਿਹਰ ਦੀ ਨਿਗ੍ਹਾ ਧਾਰਦਾ ਹੈ।


ਪਉੜੀ ॥

ਪਉੜੀ।

ਆਪੇ ਸਭ ਘਟ ਅੰਦਰੇ; ਆਪੇ ਹੀ ਬਾਹਰਿ ॥

ਪ੍ਰਭੂ ਆਪ ਹੀ ਸਾਰਿਆਂ ਦਿਲਾਂ ਦੇ ਅੰਦਰ ਅਤੇ ਆਪ ਹੀ ਬਾਹਰ ਹੈ।

ਆਪੇ ਗੁਪਤੁ ਵਰਤਦਾ; ਆਪੇ ਹੀ ਜਾਹਰਿ ॥

ਉਹ ਆਪੇ ਅਲੋਪ ਵਿਚਰਦਾ ਹੈ ਅਤੇ ਆਪ ਹੀ ਪ੍ਰਗਟ ਹੈ।

ਜੁਗ ਛਤੀਹ ਗੁਬਾਰੁ ਕਰਿ; ਵਰਤਿਆ ਸੁੰਨਾਹਰਿ ॥

ਛੱਤੀ ਯੁਗਾਂ ਲਈ ਉਸ ਨੇ ਘੁਪ ਅੰਨ੍ਹੇਰਾ ਰੱਚ ਦਿੱਤਾ ਅਤੇ ਖੁਦ ਸੁੰਨਮਸਾਨ ਅੰਦਰ ਵੱਸਦਾ ਸੀ।

ਓਥੈ ਵੇਦ ਪੁਰਾਨ ਨ ਸਾਸਤਾ; ਆਪੇ ਹਰਿ ਨਰਹਰਿ ॥

ਵੇਦ ਪੁਰਾਣ ਅਤੇ ਸ਼ਾਸਤਰ ਓਥੇ ਨਹੀਂ ਸਨ। ਸ਼੍ਰੋਮਣੀ ਸਾਹਿਬ ਵਾਹਿਗੁਰੂ ਖੁਦ-ਬ-ਖੁਦ ਹੀ ਸੀ।

ਬੈਠਾ ਤਾੜੀ ਲਾਇ; ਆਪਿ ਸਭ ਦੂ ਹੀ ਬਾਹਰਿ ॥

ਸਾਰਿਆਂ ਤੋਂ ਅੱਡਰਾ ਹੋ, ਉਹ ਆਪ ਸੁੰਨ-ਸਮਾਧ ਧਾਰਨ ਕਰੀ ਬੈਠਾ ਸੀ।

ਆਪਣੀ ਮਿਤਿ ਆਪਿ ਜਾਣਦਾ; ਆਪੇ ਹੀ ਗਉਹਰੁ ॥੧੮॥

ਆਪਣੇ ਵਿਸਥਾਰ ਨੂੰ ਉਹ ਆਪੇ ਹੀ ਜਾਣਦਾ ਹੈ ਅਤੇ ਉਹ ਆਪ ਹੀ ਅਥਾਹ ਸਮੁੰਦਰ ਹੈ।


ਸਲੋਕ ਮ : ੩ ॥

ਸਲੋਕ ਤੀਜੀ ਪਾਤਸ਼ਾਹੀ।

ਹਉਮੈ ਵਿਚਿ ਜਗਤੁ ਮੁਆ; ਮਰਦੋ ਮਰਦਾ ਜਾਇ ॥

ਹੰਕਾਰ ਅੰਦਰ ਸੰਸਾਰ ਮਰਿਆ ਹੋਇਆ ਹੈ ਅਤੇ ਮਰਦਾ ਜਾ ਰਿਹਾ ਹੈ।

ਜਿਚਰੁ ਵਿਚਿ ਦੰਮੁ ਹੈ, ਤਿਚਰੁ ਨ ਚੇਤਈ; ਕਿ ਕਰੇਗੁ ਅਗੈ ਜਾਇ ॥

ਜਦ ਤਾਈਂ ਦੇਹ ਅੰਦਰ ਸੁਆਸ ਹੈ, ਉਦੋਂ ਤਾਈਂ ਇਨਸਾਨ ਸਾਹਿਬ ਨੂੰ ਨਹੀਂ ਸਿਮਰਦਾ। ਜਦ ਉਹ ਪ੍ਰਲੋਕ ਨੂੰ ਜਾਊਗਾ, ਉਹ ਕੀ ਕਰੂਗਾ?

ਗਿਆਨੀ ਹੋਇ ਸੁ ਚੇਤੰਨੁ ਹੋਇ; ਅਗਿਆਨੀ ਅੰਧੁ ਕਮਾਇ ॥

ਜੋ ਗਿਆਨਵਾਨ ਹੈ ਉਹ ਖ਼ਬਰਦਾਰ ਹੁੰਦਾ ਹੈ। ਬੇਸਮਝ ਅੰਨ੍ਹੇਵਾਹ ਕੰਮ ਕਰਦਾ ਹੈ।

ਨਾਨਕ, ਏਥੈ ਕਮਾਵੈ ਸੋ ਮਿਲੈ; ਅਗੈ ਪਾਏ ਜਾਇ ॥੧॥

ਨਾਨਕ, ਜਿਹੜਾ ਕੁੱਛ ਆਦਮੀ ਏਥੇ ਕਰਦਾ ਹੈ ਉਹੀ ਕੁੱਛ ਉਹ ਅੱਗੇ ਜਾ ਕੇ ਪ੍ਰਾਪਤ ਤੇ ਹਾਸਲ ਕਰ ਲੈਂਦਾ ਹੈ।


ਮ : ੩ ॥

ਤੀਜੀ ਪਾਤਸ਼ਾਹੀ।

ਧੁਰਿ ਖਸਮੈ ਕਾ ਹੁਕਮੁ ਪਇਆ; ਵਿਣੁ ਸਤਿਗੁਰ ਚੇਤਿਆ ਨ ਜਾਇ ॥

ਐਨ ਆਰੰਭ ਤੋਂ ਹੀ ਸਾਹਿਬ ਦੀ ਇਹ ਰਜ਼ਾ ਹੈ, ਕਿ ਸੱਚੇ ਗੁਰਾਂ ਦੇ ਬਾਝੋਂ ਉਸ ਦਾ ਸਿਮਰਨ ਕੀਤਾ ਨਹੀਂ ਕੀਤਾ ਜਾ ਸਕਦਾ।

ਸਤਿਗੁਰਿ ਮਿਲਿਐ ਅੰਤਰਿ ਰਵਿ ਰਹਿਆ; ਸਦਾ ਰਹਿਆ ਲਿਵ ਲਾਇ ॥

ਸੱਚੇ ਗੁਰਾਂ ਨਾਲ ਮਿਲ ਕੇ ਆਦਮੀ ਸਾਈਂ ਨੂੰ ਆਪਣੇ ਮਨ ਅੰਦਰ ਵਿਆਪਕ ਅਨੁਭਵ ਕਰ ਲੈਂਦਾ ਹੈ ਅਤੇ ਉਹ ਸਦੀਵ ਹੀ ਉਸ ਦੀ ਪ੍ਰੀਤ ਅੰਦਰ ਲੀਨ ਰਹਿੰਦਾ ਹੈ।

ਦਮਿ ਦਮਿ ਸਦਾ ਸਮਾਲਦਾ; ਦੰਮੁ ਨ ਬਿਰਥਾ ਜਾਇ ॥

ਹਰ ਸੁਆਸ ਨਾਲ ਉਹ ਹਮੇਸ਼ਾਂ ਸੁਆਮੀ ਨੂੰ ਸਿਮਰਦਾ ਹੈ ਅਤੇ ਉਸ ਦਾ ਕੋਈ ਸਾਹ ਵਿਅਰਥ ਨਹੀਂ ਜਾਂਦਾ।

ਜਨਮ ਮਰਨ ਕਾ ਭਉ ਗਇਆ; ਜੀਵਨ ਪਦਵੀ ਪਾਇ ॥

ਉਸ ਦਾ ਜੰਮਣ ਤੇ ਮਰਨ ਦਾ ਡਰ ਦੂਰ ਹੋ ਜਾਂਦਾ ਹੈ ਅਤੇ ਉਹ ਅਬਿਨਾਸ਼ੀ ਜ਼ਿੰਦਗੀ ਦਾ ਮਰਤਬਾ ਪਾ ਲੈਂਦਾ ਹੈ।

ਨਾਨਕ ਇਹੁ ਮਰਤਬਾ ਤਿਸ ਨੋ ਦੇਇ; ਜਿਸ ਨੋ ਕਿਰਪਾ ਕਰੇ ਰਜਾਇ ॥੨॥

ਨਾਨਕ ਰਜ਼ਾ ਦਾ ਮਾਲਕ ਇਹ ਰੁਤਬਾ ਉਸ ਨੂੰ ਦਿੰਦਾ ਹੈ, ਜਿਸ ਉਤੇ ਉਹ ਆਪਣੀ ਰਹਿਮਤ ਧਾਰਦਾ ਹੈ।


ਪਉੜੀ ॥

ਪਉੜੀ।

ਆਪੇ ਦਾਨਾਂ ਬੀਨਿਆ; ਆਪੇ ਪਰਧਾਨਾਂ ॥

ਸਾਹਿਬ ਖੁਦ ਸਰਬ ਸਿਆਣਾ ਤੇ ਸਭ ਕੁੱਛ ਜਾਨਣਹਾਰ ਹੈ ਅਤੇ ਖੁਦ ਹੀ ਮੁੱਖੀ ਹੈ।

ਆਪੇ ਰੂਪ ਦਿਖਾਲਦਾ; ਆਪੇ ਲਾਇ ਧਿਆਨਾਂ ॥

ਉਹ ਆਪ ਆਪਣਾ ਦਰਸ਼ਨ ਵਿਖਾਲਦਾ ਹੈ ਅਤੇ ਆਪ ਹੀ ਬੰਦੇ ਨੂੰ ਆਪਣੀ ਬੰਦਗੀ ਨਾਲ ਜੋੜਦਾ ਹੈ।

ਆਪੇ ਮੋਨੀ ਵਰਤਦਾ; ਆਪੇ ਕਥੈ ਗਿਆਨਾਂ ॥

ਉਹ ਆਪ ਹੀ ਚੁੱਪ ਚੁਪੀਤਾ ਹੋ ਵਿਚਰਦਾ ਹੈ ਅਤੇ ਆਪ ਹੀ ਬ੍ਰਹਮ ਵੀਚਾਰ ਦੀ ਵਿਆਖਿਆ ਕਰਦਾ ਹੈ।

ਕਉੜਾ ਕਿਸੈ ਨ ਲਗਈ; ਸਭਨਾ ਹੀ ਭਾਨਾ ॥

ਉਹ ਕਿਸੇ ਨੂੰ ਵੀ ਕੌੜਾ ਨਹੀਂ ਲੱਗਦਾ ਅਤੇ ਸਾਰਿਆਂ ਨੂੰ ਚੰਗਾ ਭਾਸਦਾ ਹੈ।

ਉਸਤਤਿ ਬਰਨਿ ਨ ਸਕੀਐ; ਸਦ ਸਦ ਕੁਰਬਾਨਾ ॥੧੯॥

ਉਸ ਦਾ ਜੱਸ ਬਿਆਨ ਨਹੀਂ ਕੀਤਾ ਜਾ ਸਕਦਾ। ਹਮੇਸ਼ਾਂ, ਹਮੇਸ਼ਾਂ ਮੈਂ ਉਸ ਉਤੋਂ ਬਲਿਹਾਰ ਜਾਂਦਾ ਹਾਂ।


ਸਲੋਕ ਮ : ੧ ॥

ਸਲੋਕ ਪਹਿਲੀ ਪਾਤਸ਼ਾਹੀ।

ਕਲੀ ਅੰਦਰਿ ਨਾਨਕਾ; ਜਿੰਨਾਂ ਦਾ ਅਉਤਾਰੁ ॥

ਕਲਜੁਗ ਵਿੱਚ, ਹੇ ਨਾਨਕ! ਭੂਤਨੇ ਪੈਦਾ ਹੋਏ ਹੋਏ ਹਨ।

ਪੁਤੁ ਜਿਨੂਰਾ, ਧੀਅ ਜਿੰਨੂਰੀ; ਜੋਰੂ ਜਿੰਨਾ ਦਾ ਸਿਕਦਾਰੁ ॥੧॥

ਪ੍ਰੱਤ੍ਰ ਪ੍ਰੇਤ ਹੈ, ਪੁੱਤ੍ਰੀ ਚੁੜੇਲ ਅਤੇ ਪਤਨੀ ਉਨ੍ਹਾਂ ਪੁੱਤ੍ਰਾਂ ਤੇ ਚੁੜੇਲਾਂ ਦੀ ਸਰਦਾਰਨੀ ਹੈ।


ਮ: ੧ ॥

ਪਹਿਲੀ ਪਾਤਸ਼ਾਹੀ।

ਹਿੰਦੂ ਮੂਲੇ ਭੂਲੇ, ਅਖੁਟੀ ਜਾਂਹੀ ॥

ਹਿੰਦੂਆਂ ਨੇ ਪ੍ਰਿਥਮ ਪ੍ਰਭੂ ਨੂੰ ਭੁਲਾ ਦਿੱਤਾ ਹੈ ਅਤੇ ਕੁਰਾਹੇ ਪਏ ਜਾ ਰਹੇ ਹਨ।

ਨਾਰਦਿ ਕਹਿਆ, ਸਿ ਪੂਜ ਕਰਾਂਹੀ ॥

ਜਿਸ ਤਰ੍ਹਾਂ ਨਾਰਦ ਨੇ ਆਖਿਆ ਹੈ, ਉਸੇ ਤਰ੍ਹਾਂ ਹੀ ਉਹ ਬੁੱਤਾਂ ਦੀ ਉਪਾਸ਼ਨਾ ਕਰਦੇ ਹਨ।

ਅੰਧੇ ਗੁੰਗੇ, ਅੰਧ ਅੰਧਾਰੁ ॥

ਉਹ ਅੰਨ੍ਹੇ, ਅਣਬੋਲੇ (ਗੁੰਗੇ) ਅਤੇ ਅੰਨਿ੍ਹਆਂ ਦੇ ਮਹਾਂ-ਅੰਨ੍ਹੇ ਹਨ।

ਪਾਥਰੁ ਲੇ ਪੂਜਹਿ, ਮੁਗਧ ਗਵਾਰ ॥

ਬੇ-ਸਮਝ ਮੂਰਖ ਪੱਥਰ ਲੈ ਕੇ ਉਨ੍ਹਾਂ ਦੀ ਉਪਾਸ਼ਨਾ ਕਰਦੇ ਹਨ।

ਓਹਿ ਜਾ ਆਪਿ ਡੁਬੇ, ਤੁਮ ਕਹਾ ਤਰਣਹਾਰੁ ॥੨॥

ਜਦ ਉਹ ਪੱਥਰ ਖੁਦ ਡੁੱਬ ਜਾਂਦੇ ਹਨ, ਉਹ ਤੈਨੂੰ ਕਿਸ ਤਰ੍ਹਾਂ ਪਾਰ ਲੈ ਜਾਣਗੇ।


ਪਉੜੀ ॥

ਪਉੜੀ।

ਸਭੁ ਕਿਹੁ ਤੇਰੈ ਵਸਿ ਹੈ; ਤੂ ਸਚਾ ਸਾਹੁ ॥

ਹਰ ਚੀਜ਼ ਤੇਰੇ ਇਖ਼ਤਿਆਰ ਵਿੱਚ ਹੈ। ਤੂੰ ਸੱਚਾ ਬਾਦਸ਼ਾਹ ਹੈਂ।

ਭਗਤ ਰਤੇ ਰੰਗਿ ਏਕ ਕੈ; ਪੂਰਾ ਵੇਸਾਹੁ ॥

ਸਾਧੂ ਇਕ ਸੁਆਮੀ ਦੀ ਪ੍ਰੀਤ ਨਾਲ ਰੰਗੇ ਹੋਏ ਹਨ ਅਤੇ ਉਨ੍ਹਾਂ ਦਾ ਉਸ ਉਤੇ ਪੂਰਨ ਭਰੋਸਾ ਹੈ।

ਅੰਮ੍ਰਿਤੁ ਭੋਜਨੁ ਨਾਮੁ ਹਰਿ; ਰਜਿ ਰਜਿ ਜਨ ਖਾਹੁ ॥

ਵਾਹਿਗੁਰੂ ਦਾ ਨਾਮ ਸੁਧਾ ਸਰੂਪ ਖਾਣਾ ਹੈ, ਜਿਸ ਨੂੰ ਉਸ ਦੇ ਗੋਲੇ ਐਨ ਤ੍ਰਿਪਤ ਹੋ ਕੇ ਛਕਦੇ ਹਨ।

ਸਭਿ ਪਦਾਰਥ ਪਾਈਅਨਿ; ਸਿਮਰਣੁ ਸਚੁ ਲਾਹੁ ॥

ਸਾਹਿਬ ਦੀ ਬੰਦਗੀ ਸੱਚਾ ਮੁਨਾਫ਼ਾ ਹੈ, ਜਿਸ ਦੁਆਰਾ ਸਾਰੇ ਧਨ-ਪਦਾਰਥ ਪ੍ਰਾਪਤ ਹੋ ਜਾਂਦੇ ਹਨ।

ਸੰਤ ਪਿਆਰੇ ਪਾਰਬ੍ਰਹਮ; ਨਾਨਕ ਹਰਿ ਅਗਮ ਅਗਾਹੁ ॥੨੦॥

ਨਾਨਕ ਸਾਧੂ ਪਰਮ ਪ੍ਰਭੂ ਵਾਹਿਗੁਰੂ ਦੇ ਲਾਡਲੇ ਹਨ, ਜੋ ਪਹੁੰਚ ਤੋਂ ਪਰ੍ਹੇ ਅਤੇ ਅਥਾਹ ਹੈ।


ਸਲੋਕ ਮ : ੩ ॥

ਸਲੋਕ ਤੀਜੀ ਪਾਤਸ਼ਾਹੀ।

ਸਭੁ ਕਿਛੁ ਹੁਕਮੇ ਆਵਦਾ; ਸਭੁ ਕਿਛੁ ਹੁਕਮੇ ਜਾਇ ॥

ਹਰ ਵਸਤੂ ਸੁਆਮੀ ਦੇ ਫ਼ੁਰਮਾਨ ਰਾਹੀਂ ਆਉਂਦੀ ਹੈ ਅਤੇ ਸੁਆਮੀ ਦੇ ਫ਼ੁਰਮਾਨ ਰਾਹੀਂ ਚਲੀ ਜਾਂਦੀ ਹੈ।

ਜੇ ਕੋ ਮੂਰਖੁ ਆਪਹੁ ਜਾਣੈ; ਅੰਧਾ ਅੰਧੁ ਕਮਾਇ ॥

ਜੇਕਰ ਕੋਈ ਬੇਵਕੂਫ ਆਪਣੇ ਆਪ ਨੂੰ ਕਰਣਹਾਰਾ ਜਾਣਦਾ ਹੈ, ਤਾਂ ਉਹ ਅੰਨ੍ਹਾਂ ਹੈ ਅਤੇ ਅੰਨ੍ਹੇ ਕੰਮ ਕਰਦਾ ਹੈ।

ਨਾਨਕ ਹੁਕਮੁ ਕੋ ਗੁਰਮੁਖਿ ਬੁਝੈ; ਜਿਸ ਨੋ ਕਿਰਪਾ ਕਰੇ ਰਜਾਇ ॥੧॥

ਨਾਨਕ, ਕੋਈ ਵਿਰਲਾ ਜਣਾ ਹੀ, ਜਿਸ ਤੇ ਰਜ਼ਾ ਦਾ ਮਾਲਕ ਮਿਹਰ ਧਾਰਦਾ ਹੈ, ਗੁਰਾਂ ਰਾਹੀਂ ਉਸ ਦੇ ਭਾਣੇ ਨੂੰ ਸਮਝਦਾ ਹੈ।


ਮ : ੩ ॥

ਤੀਜੀ ਪਾਤਸ਼ਾਹੀ।

ਸੋ ਜੋਗੀ ਜੁਗਤਿ ਸੋ ਪਾਏ; ਜਿਸ ਨੋ ਗੁਰਮੁਖਿ ਨਾਮੁ ਪਰਾਪਤਿ ਹੋਇ ॥

ਉਹ ਹੀ ਯੋਗੀ ਹੈ ਅਤੇ ਕੇਵਲ ਉਸੇ ਨੂੰ ਹੀ (ਸੱਚਾ) ਮਾਰਗ ਲੱਭਦਾ ਹੈ, ਜਿਸ ਨੂੰ, ਗੁਰਾਂ ਦੇ ਰਾਹੀਂ ਨਾਮ ਹਾਸਲ ਹੋਇਆ ਹੈ।

ਤਿਸੁ ਜੋਗੀ ਕੀ ਨਗਰੀ ਸਭੁ ਕੋ ਵਸੈ; ਭੇਖੀ ਜੋਗੁ ਨ ਹੋਇ ॥

ਉਸ ਯੋਗੀ ਦੇ ਦੇਹ-ਰੂਪੀ ਪਿੰਡ ਵਿੱਚ ਸਾਰੀਆਂ ਨੇਕੀਆਂ ਵੱਸਦੀਆਂ ਹਨ। ਧਾਰਮਿਕ ਪਾਖੰਡ ਰਾਹੀਂ ਸੱਚਾ ਯੋਗ ਪ੍ਰਾਪਤ ਨਹੀਂ ਹੁੰਦਾ।

ਨਾਨਕ ਐਸਾ ਵਿਰਲਾ ਕੋ ਜੋਗੀ; ਜਿਸੁ ਘਟਿ ਪਰਗਟੁ ਹੋਇ ॥੨॥

ਨਾਨਕ, ਕੋਈ ਟਾਂਵਾ-ਟੱਲਾ ਹੀ ਐਹੋ ਜੇਹਾ ਯੋਗੀ ਹੈ ਜਿਸ ਦੇ ਅੰਤਰ-ਆਤਮੇ ਪ੍ਰਭੂ ਪ੍ਰਕਾਸ਼ ਹੁੰਦਾ ਹੈ।


ਪਉੜੀ ॥

ਪਾਉੜੀ।

ਆਪੇ ਜੰਤ ਉਪਾਇਅਨੁ; ਆਪੇ ਆਧਾਰੁ ॥

ਸੁਆਮੀ ਨੇ ਆਪ ਜੀਵ ਪੈਦਾ ਕੀਤੇ ਹਨ ਅਤੇ ਆਪ ਹੀ ਉਨ੍ਹਾਂ ਨੂੰ ਆਹਾਰ ਦਿੰਦਾ ਹੈ।

ਆਪੇ ਸੂਖਮੁ ਭਾਲੀਐ; ਆਪੇ ਪਾਸਾਰੁ ॥ ਆਪਿ ਇਕਾਤੀ ਹੋਇ ਰਹੈ; ਆਪੇ ਵਡ ਪਰਵਾਰੁ ॥

ਖੁਦ ਹੀ ਉਹ ਮਹੀਨ ਦਿਸਦਾ ਹੈ ਅਤੇ ਖੁਦ ਹੀ ਵਿਸਥਾਰ ਵਾਲਾ। ਉਹ ਆਪੇ ਹੀ ਅਟੰਕ ਹੋ ਵਿਚਰਦਾ ਹੈ ਅਤੇ ਆਪ ਹੀ ਭਾਰੇ ਟੱਬਰ-ਕਬੀਲੇ ਵਾਲਾ ਹੈ।

ਨਾਨਕੁ ਮੰਗੈ ਦਾਨੁ ਹਰਿ; ਸੰਤਾ ਰੇਨਾਰੁ ॥

ਨਾਨਕ, ਵਾਹਿਗੁਰੂ ਦੇ ਸਾਧੂਆਂ ਦੇ ਪੈਰਾਂ ਦੀ ਧੂੜ ਦੀ ਦਾਤ ਹੀ ਯਾਚਨਾ ਕਰਦਾ ਹੈ।

ਹੋਰੁ ਦਾਤਾਰੁ ਨ ਸੁਝਈ; ਤੂ ਦੇਵਣਹਾਰੁ ॥੨੧॥੧॥ ਸੁਧੁ ॥

ਮੈਨੂੰ ਹੋਰ ਕੋਈ ਦਾਤਾ ਨਜ਼ਰੀਂ ਨਹੀਂ ਪੈਂਦਾ। ਕੇਵਲ ਤੂੰ ਹੀ ਦੇਣ ਵਾਲਾ ਹੈਂ।

1
2