ਰਾਗ ਬਸੰਤੁ ਹਿੰਡੋਲ – ਬਾਣੀ ਸ਼ਬਦ-Raag Basant Hindol – Bani

ਰਾਗ ਬਸੰਤੁ ਹਿੰਡੋਲ – ਬਾਣੀ ਸ਼ਬਦ-Raag Basant Hindol – Bani

ਮਹਲਾ ੧ ਬਸੰਤੁ ਹਿੰਡੋਲ ਘਰੁ ੨

ਪਹਿਲੀ ਪਾਤਿਸ਼ਾਹੀ ਬਸੰਤ ਹਿੰਡੋਲ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

ਸਾਲ ਗ੍ਰਾਮ ਬਿਪ ਪੂਜਿ ਮਨਾਵਹੁ; ਸੁਕ੍ਰਿਤੁ ਤੁਲਸੀ ਮਾਲਾ ॥

ਹੇ ਬ੍ਰਾਹਮਣ! ਤੂੰ ਪੱਥਰ ਦੇ ਦੇਵ ਦੀ ਉਪਾਸ਼ਨਾ ਕਰ ਕੇ ਉਸ ਨੂੰ ਖੁਸ਼ ਕਰਦਾ ਹੈ ਅਤੇ ਨਿਆਜ਼ਖੋ ਦੀ ਜਪਨੀ ਧਾਰਨ ਕਰਨ ਨੂੰ ਚੰਗਾ ਕਰਮ ਜਾਣਦਾ ਹੈ।

ਰਾਮ ਨਾਮੁ ਜਪਿ ਬੇੜਾ ਬਾਂਧਹੁ; ਦਇਆ ਕਰਹੁ ਦਇਆਲਾ ॥੧॥

ਤੂੰ ਸੁਆਮੀ ਦੇ ਨਾਮ ਸਿਮਰਨ ਦਾ ਜਹਾਜ਼ ਬਣਾ ਅਤੇ ਅਰਦਾਸ ਕਰ, “ਹੇ ਮਿਹਰਬਾਨ ਮਾਲਕ! ਤੂੰ ਮੇਰੇ ਉਤੇ ਤਰਸ ਕਰ।

ਕਾਹੇ ਕਲਰਾ ਸਿੰਚਹੁ, ਜਨਮੁ ਗਵਾਵਹੁ ॥

ਤੂੰ ਕਿਉਂ ਸ਼ੋਰੇ ਵਾਲੇ ਖੇਤ ਨੂੰ ਸਿੰਜਦਾ ਹੈ ਅਤੇ ਇਸ ਤਰ੍ਹਾਂ ਆਪਣਾ ਮਨੁੱਖਾ ਜੀਵਨ ਗੁਆਉਂਦਾ ਹੈ?

ਕਾਚੀ ਢਹਗਿ ਦਿਵਾਲ, ਕਾਹੇ ਗਚੁ ਲਾਵਹੁ ॥੧॥ ਰਹਾਉ ॥

ਗਾਰੇ ਦੀ ਕੰਧ ਨਿਸਚਿਤ ਹੀ ਡਿਗ ਪਏਗੀ। ਤੂੰ ਇਸ ਨੂੰ ਕਿਉਂ ਚੂਨੇ ਨਾਲ ਲਿਪਦਾ ਹੈ? ਠਹਿਰਾਉ।

ਕਰ ਹਰਿਹਟ, ਮਾਲ ਟਿੰਡ ਪਰੋਵਹੁ; ਤਿਸੁ ਭੀਤਰਿ ਮਨੁ ਜੋਵਹੁ ॥

ਵਾਹਿਗੁਰੂ ਨੂੰ ਆਪਣਾ ਖੂਹ ਬਣਾ, ਇਸ ਦੀ ਮਾਲ੍ਹ ਨਾਲ ਤੂੰ ਉਸ ਦੇ ਨਾਮ ਦੀਆਂ ਟਿੰਡਾ ਬੰਨ੍ਹ ਅਤੇ ਮਨੂਏ ਨੂੰ ਉਸ ਦੇ ਨਾਲ ਬਲਦ ਵਜੋ ਜੋੜ।

ਅੰਮ੍ਰਿਤੁ ਸਿੰਚਹੁ, ਭਰਹੁ ਕਿਆਰੇ; ਤਉ ਮਾਲੀ ਕੇ ਹੋਵਹੁ ॥੨॥

ਤੂੰ ਸੁਧਾਰਸ ਨਾਲ ਸਿੰਜ ਅਤੇ ਉਸ ਨਾਲ ਖੱਤੀਆਂ ਨੂੰ ਭਰ ਲੈ। ਤਦ ਹੀ ਤੂੰ ਬਾਗਬਾਨੇ ਦੀ ਮਲਕੀਅਤ ਹੋ ਜਾਏਗਾ।

ਕਾਮੁ ਕ੍ਰੋਧਿ, ਦੁਇ ਕਰਹੁ ਬਸੋਲੇ; ਗੋਡਹੁ ਧਰਤੀ ਭਾਈ ॥

ਵਿਸ਼ੇ ਭੋਗ ਤੇ ਗੁੱਸੇ ਦੋਹਾਂ ਨੂੰ ਖੁਰਪੇ ਬਣਾ ਤੇ ਉਨ੍ਹਾਂ ਨਾਲ ਆਪਣੀ ਪੈਲੀ ਨੂੰ ਗੋਡ, ਹੇ ਵੀਰ!

ਜਿਉ ਗੋਡਹੁ, ਤਿਉ ਤੁਮ੍ਹ੍ਹ ਸੁਖ ਪਾਵਹੁ; ਕਿਰਤੁ ਨ ਮੇਟਿਆ ਜਾਈ ॥੩॥

ਜਿੰਨੀ ਬਹੁਤੀ ਤੂੰ ਗੋਡੀ ਕਰੇਗਾ, ਓਨਾ ਬਹੁਤਾ ਤੂੰ ਆਰਾਮ ਪਾਵੇਗਾ। ਕੀਤੇ ਹੋਏ ਕਰਮ ਮੇਸੇ ਨਹੀਂ ਜਾ ਸਕਦੇ।

ਬਗੁਲੇ ਤੇ ਫੁਨਿ ਹੰਸੁਲਾ ਹੋਵੈ; ਜੇ ਤੂ ਕਰਹਿ ਦਇਆਲਾ ॥

ਜੇਕਰ ਤੂੰ ਐਸੀ ਬਖਸ਼ਸ਼ ਕਰੇ ਹੇ ਮਿਹਰਬਾਨ ਮਾਲਕ! ਤਾਂ ਬਗ ਮੁੜ ਕੇ ਹੰਸ ਹੋ ਜਾਂਦਾ ਹੈ।

ਪ੍ਰਣਵਤਿ ਨਾਨਕੁ, ਦਾਸਨਿ ਦਾਸਾ; ਦਇਆ ਕਰਹੁ ਦਇਆਲਾ ॥੪॥੧॥੯॥

ਤੇਰਿਆਂ ਗੋਲਿਆਂ ਦਾ ਗੋਲਾ ਨਾਨਕ ਪ੍ਰਾਰਥਨਾ ਕਰਦਾ ਹੈ, ਹੈ ਮਿਹਰਬਾਨ ਮਾਲਕ, ਤੂੰ ਮੇਰੇ ਉਤੇ ਮਿਹਰ ਧਾਰ।


ਬਸੰਤੁ ਮਹਲਾ ੧ ਹਿੰਡੋਲ ॥

ਬਸੰਤ ਪਹਿਲੀ ਪਾਤਿਸ਼ਾਹੀ ਹਿੰਡੋਲ।

ਸਾਹੁਰੜੀ ਵਥੁ ਸਭੁ ਕਿਛੁ ਸਾਝੀ; ਪੇਵਕੜੈ ਧਨ ਵਖੇ ॥

ਉਸ ਦੇ ਖਸਮ ਦੇ ਘਰ ਵਿੱਚ ਵਸਤੂਆਂ ਸਾਰਿਆ ਦੀ ਸਾਂਝੀ ਮਲਕੀਅਤ ਹਨ, ਪ੍ਰੰਤੂ ਇਸ ਜਹਾਨ ਵਿੱਚ ਪਤਨੀ ਦੀ ਉਹ ਵਖਰੀ ਮਲਕੀਅਤ ਹਨ।

ਆਪਿ ਕੁਚਜੀ ਦੋਸੁ ਨ ਦੇਊ; ਜਾਣਾ ਨਾਹੀ ਰਖੇ ॥੧॥

ਉਹ ਖੁਦ ਬ-ਸ਼ਊਰੀ ਹੈ। ਹੋਰ ਕਿਸੇ ਤੇ ਉਹ ਦੂਸ਼ਨ ਕਿਸ ਤਰ੍ਹਾਂ ਲਾ ਸਕਦੀ ਹੈ? ਉਹ ਆਪਣੀਆਂ ਵਸਤੂਆਂ ਨੂੰ ਸੰਭਾਲਣਾ ਨਹੀਂ ਜਾਣਦੀ।

ਮੇਰੇ ਸਾਹਿਬਾ! ਹਉ ਆਪੇ ਭਰਮਿ ਭੁਲਾਣੀ ॥

ਮੇਰੇ ਸਾਂਈ, ਮੈਂ ਖੁਦ ਹੀ ਸੰਦੇਹ ਅੰਦਰ ਭੁੱਲੀ ਫਿਰਦੀ ਹਾਂ।

ਅਖਰ ਲਿਖੇ, ਸੇਈ ਗਾਵਾ; ਅਵਰ ਨ ਜਾਣਾ ਬਾਣੀ ॥੧॥ ਰਹਾਉ ॥

ਮੈਂ ਗੁਰਾਂ ਦੀ ਉਸ ਲਿਖੀ ਹੋਈ ਬਾਣੀ ਨੂੰ ਗਾਹਿਨ ਕਰਦਾ ਹਾਂ। ਮੈਂ ਹੋਰ ਕਿਸੇ ਭਜਨ ਨੂੰ ਨਹੀਂ ਜਾਣਦਾ। ਠਹਿਰਾਉ।

ਕਢਿ ਕਸੀਦਾ, ਪਹਿਰਹਿ ਚੋਲੀ; ਤਾਂ ਤੁਮ੍ਹ੍ਹ ਜਾਣਹੁ ਨਾਰੀ ॥

ਜੇਕਰ ਤੂੰ ਨਾਮ ਦੇ ਬੇਲ ਬੁਟਿਆਂ ਨਾਲ ਕੱਖਿਆਂ ਹੋਇਆਂ ਚੋਗਾ ਪਹਿਨੇਗੀ, ਕੇਵਲ ਤਦ ਹੀ ਤੂੰ ਪ੍ਰਭੂ ਦੀ ਪਤਲੀ ਜਾਣੀ ਜਾਵੇਗੀ।

ਜੇ ਘਰੁ ਰਾਖਹਿ, ਬੁਰਾ ਨ ਚਾਖਹਿ; ਹੋਵਹਿ ਕੰਤ ਪਿਆਰੀ ॥੨॥

ਜੇਕਰ ਤੂੰ ਗ੍ਰਹਿ ਨੂੰ ਸੰਭਾਲ ਕੇ ਰਖੇਂ ਅਤੇ ਪਾਪਾਂ ਦੇ ਸੁਆਦ ਨ ਮਾਣੇ ਤਦ ਤੂੰ ਪਤੀ ਦੀ ਦਿਲਬਰ ਹੋ ਜਾਏਗੀ।

ਜੇ ਤੂੰ ਪੜਿਆ ਪੰਡਿਤੁ ਬੀਨਾ; ਦੁਇ ਅਖਰ, ਦੁਇ ਨਾਵਾ ॥

ਜੇਕਰ ਤੂੰ ਵਿਦਵਾਨ ਅਤੇ ਸਿਆਣਾ ਬ੍ਰਾਹਮਣ ਹੈ, ਤਾਂ ਤੂੰ ਰੱਬ ਦੇ, ਦੋ ਅੱਖਰਾਂ, ਕੇਵਲ ਦੋ ਅੱਖਰਾਂ ਦੀ ਨਊਕਾ ਬਣਾ।

ਪ੍ਰਣਵਤਿ ਨਾਨਕੁ, ਏਕੁ ਲੰਘਾਏ; ਜੇ ਕਰਿ ਸਚਿ ਸਮਾਵਾਂ ॥੩॥੨॥੧੦॥

ਗੁਰੂ ਜੀ ਬੇਨਤੀ ਕਰਦੇ ਹਨ, ਜੇਕਰ ਤੂੰ ਸੱਚੇ ਨਾਮ ਅੰਦਰ ਲੀਨ ਹੋਇਆ ਹੋਇਆ ਹੈ, ਤਾਂ ਅਦੁੱਤੀ ਪ੍ਰਭੂ ਤੈਨੂੰ ਪਾਰ ਕਰ ਦੇਵੇਗਾ।


ਬਸੰਤੁ ਹਿੰਡੋਲ ਮਹਲਾ ੧ ॥

ਬਸੰਤ ਹਿੰਡੋਲ ਪਹਿਲੀ ਪਾਤਿਸ਼ਾਹੀ।

ਰਾਜਾ ਬਾਲਕੁ, ਨਗਰੀ ਕਾਚੀ; ਦੁਸਟਾ ਨਾਲਿ ਪਿਆਰੋ ॥

ਸ਼ਹਿਰ ਕਮਜ਼ੋਰ ਹੈ ਤੇ ਬਾਦਸ਼ਾਹ ਬੱਚਾ ਹੈ ਜਿਸ ਦੀ ਲੰਡਰਾਂ-ਲੱਚੜਾ ਨਾਲ ਮੁਹੱਬਤ ਹੈ।

ਦੁਇ ਮਾਈ, ਦੁਇ ਬਾਪਾ ਪੜੀਅਹਿ; ਪੰਡਿਤ! ਕਰਹੁ ਬੀਚਾਰੋ ॥੧॥

ਤੂੰ ਆਪਣੀਆਂ ਦੋ ਅੰਮੜੀਆਂ ਤੇ ਦੋ ਬਾਬਲਾ ਬਾਰੇ ਪੜ੍ਹਦਾ ਹੈਂ, ਹੇ ਪੰਡਤ, ਤੂੰ ਇਸ ਦੀ ਸੋਚ ਵਿਚਾਰ ਕਰ।

ਸੁਆਮੀ ਪੰਡਿਤਾ! ਤੁਮ੍ਹ੍ਹ ਦੇਹੁ ਮਤੀ ॥

ਹੇ ਪੰਡਤ ਸਾਹਿਬ, ਤੂੰ ਮੈਨੂੰ ਸਿਖ-ਮਤ ਦੇ ਕਿ,

ਕਿਨ ਬਿਧਿ ਪਾਵਉ ਪ੍ਰਾਨਪਤੀ ॥੧॥ ਰਹਾਉ ॥

ਉਹ ਕਿਹੜਾਂ ਤਰੀਕਾ ਹੈ, ਜਿਸ ਦੁਆਰਾ ਮੈਂ ਜਿੰਦ-ਜਾਨ ਦੇ ਸੁਆਮੀ ਨੂੰ ਪਰਾਪਤ ਹੋ ਸਕਦਾ ਹਾਂ? ਠਹਿਰਾਉ।

ਭੀਤਰਿ ਅਗਨਿ ਬਨਾਸਪਤਿ ਮਉਲੀ; ਸਾਗਰੁ ਪੰਡੈ ਪਾਇਆ ॥

ਨਬਾਤਾਤ ਪ੍ਰਫੁਲਤ ਹੋ ਰਹੀ ਹੈ, ਭਾਵੇਂ ਇਸ ਦੇ ਅੰਦਰ ਅੱਗ ਹੈ ਤੇ ਸਮੁੰਦਰ ਪੰਡ ਵਿੱਚ ਬੱਝੇ ਹੋਈ ਦੀ ਤਰ੍ਹਾਂ ਹੈ।

ਚੰਦੁ ਸੂਰਜੁ, ਦੁਇ ਘਰ ਹੀ ਭੀਤਰਿ; ਐਸਾ ਗਿਆਨੁ ਨ ਪਾਇਆ ॥੨॥

ਸੂਰਜ ਅਤੇ ਚੰਦਰਮਾ ਦੋਨੋ ਅਸਮਾਨ ਦੇ ਉਸੇ ਹੀ ਧਾਮ ਅੰਦਰ ਵਸਦੇ ਹਨ। ਤੈਨੂੰ ਐਹੋ ਜੇਹੀ ਗਿਆਤ ਪਰਾਪਤ ਨਹੀਂ ਹੋਈ।

ਰਾਮ ਰਵੰਤਾ ਜਾਣੀਐ; ਇਕ ਮਾਈ ਭੋਗੁ ਕਰੇਇ ॥

ਜੋ ਕੋਈ ਇਕ ਮਾਇਆ ਨੂੰ ਖਾ ਜਾਂਦਾ ਹੈ, ਉਹ ਸੁਆਮੀ ਨੂੰ ਸਾਰੇ ਵਿਆਪਕ ਜਾਣਦਾ ਹੈ।

ਤਾ ਕੇ ਲਖਣ ਜਾਣੀਅਹਿ; ਖਿਮਾ ਧਨੁ ਸੰਗ੍ਰਹੇਇ ॥੩॥

ਜਾਣ ਲੈ ਕਿ ਐਹੋ ਜੇਹੇ ਇਨਸਾਨ ਦਾ ਲਛਣ ਇਹ ਹੈ ਕਿ ਉਹ ਰਹਿਮਤ ਦੀ ਦੌਲਤ ਨੂੰ ਇਕੱਤਰ ਕਰਦਾ ਹੈ।

ਕਹਿਆ ਸੁਣਹਿ, ਨ ਖਾਇਆ ਮਾਨਹਿ; ਤਿਨ੍ਹ੍ਹਾ ਹੀ ਸੇਤੀ ਵਾਸਾ ॥

ਮਨ ਉਨ੍ਹਾਂ ਨਾਲ ਵਸਦਾ ਹੈ ਜੋ ਨਸੀਹਤ ਨੂੰ ਨਹੀਂ ਸੁਣਦੇ ਅਤੇ ਖਾਧੇ ਪੀਤੇ ਨੂੰ ਨਹੀਂ ਮੰਨਦੇ।

ਪ੍ਰਣਵਤਿ ਨਾਨਕੁ, ਦਾਸਨਿ ਦਾਸਾ; ਖਿਨੁ ਤੋਲਾ ਖਿਨੁ ਮਾਸਾ ॥੪॥੩॥੧੧॥

ਸੁਆਮੀ ਦੇ ਗੋਲਿਆਂ ਦਾ ਗੋਲਾ ਨਾਨਕ ਬਿਨੈ ਕਰਦਾ ਹੈ, ਐਹੋ ਜੇਹਾ ਹੈ ਮਨ ਕਿ ਇਕ ਮੁਹਤ ਵਿੱਚ ਇਹ ਵੱਡਾ ਹੋ ਜਾਂਦਾ ਹੈ ਤੇ ਇਕ ਮੁਹਤ ਵਿੱਚ ਛੋਟਾ।


ਬਸੰਤੁ ਹਿੰਡੋਲ ਮਹਲਾ ੧ ॥

ਬਸੰਤ ਹਿੰਡੋਲ ਪਹਿਲੀ ਪਾਤਿਸ਼ਾਹੀ।

ਸਾਚਾ ਸਹੁ ਗੁਰੂ ਸੁਖਦਾਤਾ; ਹਰਿ ਮੇਲੇ ਭੁਖ ਗਵਾਏ ॥

ਗੁਰੂ ਜੀ ਆਰਾਮ-ਬਖਸ਼ਣਹਾਰ ਸੱਚੇ ਸ਼ਾਹੂਕਾਰ ਹਨ, ਜੋ ਜੀਵ ਨੂੰ ਵਾਹਿਗੁਰੂ ਨਾਲ ਮਿਲਾ ਦਿੰਦੇ ਹਨ ਅਤੇ ਉਸ ਦੀ ਖੁਧਿਆਂ ਨਵਿਰਤ ਕਰ ਦਿੰਦੇ ਹਨ।

ਕਰਿ ਕਿਰਪਾ ਹਰਿ ਭਗਤਿ ਦ੍ਰਿੜਾਏ; ਅਨਦਿਨੁ ਹਰਿ ਗੁਣ ਗਾਏ ॥੧॥

ਆਪਣੀ ਮਿਹਰ ਧਾਰ ਕੇ, ਉਹ ਬੰਦੇ ਦੇ ਅੰਦਰ ਵਾਹਿਗੁਰੂ ਦੀ ਪਿਆਰੀ ਉਪਾਸ਼ਨਾ ਪੱਕੀ ਕਰ ਦਿੰਦੇ ਹਨ ਅਤੇ ਤਦ ਉਹ ਰੈਣ ਦਿਨ ਰੱਬ ਦਾ ਜੱਸ ਗਾਇਨ ਕਰਦਾ ਹੈ।

ਮਤ ਭੂਲਹਿ ਰੇ ਮਨ! ਚੇਤਿ ਹਰੀ ॥

ਹੇ ਮੇਰੀ ਜਿੰਦੜੀਏ! ਤੂੰ ਸੁਆਮੀ ਦਾ ਸਿਮਰਨ ਕਰ ਅਤੇ ਉਸ ਨੂੰ ਭੁਲਾ ਨਾਂ।

ਬਿਨੁ ਗੁਰ ਮੁਕਤਿ ਨਾਹੀ ਤ੍ਰੈ ਲੋਈ; ਗੁਰਮੁਖਿ ਪਾਈਐ ਨਾਮੁ ਹਰੀ ॥੧॥ ਰਹਾਉ ॥

ਗੁਰਾਂ ਦੇ ਬਾਝੋਂ, ਤਿੰਨਾਂ ਜਹਾਨਾਂ ਵਿੱਚ ਬੰਦਾ ਕਿਧਰੇ ਭੀ ਕੁਮਤ ਨਹੀਂ ਹੁੰਦਾ। ਗੁਰਾਂ ਦੀ ਦਇਆ ਦੁਆਰਾ, ਪ੍ਰਭੂ ਦਾ ਨਮਾ ਪਰਾਪਤ ਹੁੰਦਾ ਹੈ। ਠਹਿਰਾਉ।

ਬਿਨੁ ਭਗਤੀ ਨਹੀ ਸਤਿਗੁਰੁ ਪਾਈਐ; ਬਿਨੁ ਭਾਗਾ ਨਹੀ ਭਗਤਿ ਹਰੀ ॥

ਸ਼ਰਧਾ-ਅਨੁਰਾਗ ਦੇ ਬਗੈਰ ਸੱਚੇ ਗੁਰੂ ਪਾਏ ਨਹੀਂ ਜਾਂਦੇ ਅਤੇ ਪ੍ਰਾਲਭਧ ਦੇ ਬਗੈਰ ਪ੍ਰਭੂ ਦੀ ਪਿਆਰੀ ਉਪਾਸ਼ਨਾ ਦੀ ਦਾਤ ਨਹੀਂ ਮਿਲਦੀ।

ਬਿਨੁ ਭਾਗਾ ਸਤਸੰਗੁ ਨ ਪਾਈਐ; ਕਰਮਿ ਮਿਲੈ ਹਰਿ ਨਾਮੁ ਹਰੀ ॥੨॥

ਚੰਗੀ ਕਿਸਮਤ ਦੇ ਬਾਝੋਂ ਸਤਿਸੰਗਤ ਪਰਾਪਤ ਨਹੀਂ ਹੁੰਦੀ ਅਤੇ ਪ੍ਰਭੂ ਦੀ ਰਹਿਮਤ ਰਾਹੀਂ ਹੀ ਸੁਆਮੀ ਦਾ ਨਾਮ ਪਾਇਆ ਜਾਂਦਾ ਹੈ।

ਘਟਿ ਘਟਿ ਗੁਪਤੁ ਉਪਾਏ ਵੇਖੈ; ਪਰਗਟੁ ਗੁਰਮੁਖਿ ਸੰਤ ਜਨਾ ॥

ਵਾਹਿਗੁਰੂ ਸਾਰਿਆਂ ਨੂੰ ਰਚਦਾ ਅਤੇ ਵੇਖਦਾ ਹੈ ਅਤੇ ਹਰ ਦਿਲ ਅੰਦਰ ਲੁਕਿਆ ਹੋਇਆ ਹੈ। ਗੁਰਾਂ ਦੀ ਦਇਆ ਦੁਆਰਾ, ਉਹ ਪਵਿੱਤ੍ਰ ਪੁਰਸ਼ਾਂ ਅੰਦਰ ਜ਼ਾਹਰ ਹੋ ਜਾਂਦਾ ਹੈ।

ਹਰਿ ਹਰਿ ਕਰਹਿ, ਸੁ ਹਰਿ ਰੰਗਿ ਭੀਨੇ; ਹਰਿ ਜਲੁ ਅੰਮ੍ਰਿਤ ਨਾਮੁ ਮਨਾ ॥੩॥

ਜੋ ਪ੍ਰਭੂ ਦੇ ਨਾਮ ਦਾ ਉਚਾਰਨ ਕਰਦੇ ਹਨ, ਉਹ ਪ੍ਰਭੂ ਦੇ ਪਿਆਰ ਨਾਲ ਤਰੋ-ਤਰ ਹੋ ਜਾਂਦੇ ਹਨ ਅਤੇ ਉਹਨਾਂ ਦਾ ਚਿੱਤ ਹਰੀ ਦੇ ਨਾਮ ਦੇ ਅੰਮ੍ਰਿਤ-ਮਈ ਪਾਣੀ ਨਾਲ ਸਿੰਜਿਆ ਜਾਂਦਾ ਹੈ।

ਜਿਨ ਕਉ ਤਖਤਿ ਮਿਲੈ ਵਡਿਆਈ; ਗੁਰਮੁਖਿ ਸੇ ਪਰਧਾਨ ਕੀਏ ॥

ਜਿਨ੍ਹਾਂ ਨੂੰ ਪ੍ਰਭੂ ਦੇ ਰਾਜ ਸਿੰਘਾਸਨ ਤੇ ਟਿਕਾਣਾ ਮਿਲਣ ਦੀ ਪ੍ਰਭਤਾ ਪ੍ਰਾਪਤ ਹੋ ਜਾਂਦੀ ਹੈ ਗੁਰਾਂ ਦੀ ਦਇਆ ਦੁਆਰਾ ਉਹ ਮੁਖੀ ਹੋ ਜਾਂਦੇ ਹਨ।

ਪਾਰਸੁ ਭੇਟਿ, ਭਏ ਸੇ ਪਾਰਸ; ਨਾਨਕ, ਹਰਿ ਗੁਰ ਸੰਗਿ ਥੀਏ ॥੪॥੪॥੧੨॥

ਰਸਾਇਣ ਨਾਲ ਮਿਲ ਕੇ ਉਹ ਖੁਦ ਰਸਾਇਣ ਹੋ ਜਾਣੇ ਹਨ ਅਤੇ ਰੱਬ ਰੂਪ ਗੁਰਾਂ ਦੇ ਸਾਥੀ ਹੋ ਜਾਂਦੇ ਹਨ।


ਬਸੰਤੁ ਹਿੰਡੋਲ ਮਹਲਾ ੩ ਘਰੁ ੨

ਬਸੰਤ ਹਿੰਡੋਲ ਤੀਜੀ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਗੁਰ ਕੀ ਬਾਣੀ ਵਿਟਹੁ ਵਾਰਿਆ ਭਾਈ! ਗੁਰ ਸਬਦ ਵਿਟਹੁ ਬਲਿ ਜਾਈ ॥

ਗੁਰਾਂ ਦੀ ਗੁਰਬਾਣੀ ਉਤੇ, ਮੈਂ ਕੁਰਬਾਨ ਜਾਂਦਾ ਹਾਂ, ਹੇ ਵੀਰ! ਅਤੇ ਗੁਰਾਂ ਦੇ ਉਪਦੇਸ਼ ਉਤੋਂ ਮੈਂ ਸਦਕੇ ਹਾਂ।

ਗੁਰੁ ਸਾਲਾਹੀ ਸਦ ਅਪਣਾ ਭਾਈ! ਗੁਰ ਚਰਣੀ ਚਿਤੁ ਲਾਈ ॥੧॥

ਮੈਂ ਸਦੀਵ ਹੀ ਆਪਣੇ ਗੁਰਾਂ ਦਾ ਜੱਸ ਕਰਦਾ ਹਾਂ, ਮੇਰੇ ਵੀਰ! ਅਤੇ ਗੁਰਾਂ ਦੇ ਚਰਨਾਂ ਨਾਲ ਮਨ ਨੂੰ ਜੋੜਦਾ ਹਾਂ।

ਮੇਰੇ ਮਨ! ਰਾਮ ਨਾਮਿ ਚਿਤੁ ਲਾਇ ॥

ਹੇ ਮੇਰੀ ਜਿੰਦੇ! ਤੂੰ ਮਨ ਨੂੰ ਪ੍ਰਭੂ ਦੇ ਨਾਲ ਜੋੜ।

ਮਨੁ ਤਨੁ ਤੇਰਾ ਹਰਿਆ ਹੋਵੈ; ਇਕੁ ਹਰਿ ਨਾਮਾ ਫਲੁ ਪਾਇ ॥੧॥ ਰਹਾਉ ॥

ਇਕ ਵਾਹਿਗੁਰੂ ਦੇ ਨਾਮ ਦਾ ਮੇਵਾ ਪ੍ਰਾਪਤ ਕਰਨ ਦੁਆਰਾ, ਤੇਰਾ ਚਿੱਤ ਅਤੇ ਸਰੀਰ ਤਰੋ ਤਾਜਾ ਹੋ ਜਾਣਗੇ। ਠਹਿਰਾਉ।

ਗੁਰਿ ਰਾਖੇ ਸੇ ਉਬਰੇ ਭਾਈ! ਹਰਿ ਰਸੁ ਅੰਮ੍ਰਿਤੁ ਪੀਆਇ ॥

ਜਿਨ੍ਹਾਂ ਨੂੰ ਗੁਰੂ ਜੀ ਬਚਾਉਂਦੇ ਹਨ, ਉਹ ਨਜਾਤ ਪਾ ਜਾਂਦੇ ਹਨ, ਹੇ ਵੀਰ!ਉਹ ਵਾਹਿਗੁਰੂ ਦਾ ਮਿੱਠਾ ਆਬਿ-ਹਿਯਾਤ ਪਾਨ ਕਰਦੇ ਹਨ।

ਵਿਚਹੁ ਹਉਮੈ ਦੁਖੁ ਉਠਿ ਗਇਆ ਭਾਈ! ਸੁਖੁ ਵੁਠਾ ਮਨਿ ਆਇ ॥੨॥

ਉਹਨਾਂ ਦੇ ਅੰਦਰੋ ਹੰਗਤਾ ਦੀ ਬਿਮਾਰੀ ਦੂਰ ਹੋ ਜਾਂਦੀ ਹੈ ਅਤੇ ਠੰਢ ਚੈਨ ਆ ਕੇ ਉਹਨਾਂ ਦੇ ਚਿੱਤ ਵਿੱਚ ਟਿਕ ਜਾਂਦੀ ਹੈ, ਹੇ ਵੀਰ!

ਧੁਰਿ ਆਪੇ ਜਿਨ੍ਹ੍ਹਾ ਨੋ ਬਖਸਿਓਨੁ ਭਾਈ! ਸਬਦੇ ਲਇਅਨੁ ਮਿਲਾਇ ॥

ਜਿਨ੍ਹਾਂ ਨੂੰ ਪ੍ਰਭੂ ਖੁਦ ਮਾਫ ਕਰ ਦਿੰਦਾ ਹੈ, ਹੇ ਵੀਰ! ਉਹਨਾਂ ਨੂੰ ਉਹ ਨਾਮ ਨਾਲ ਜੋੜ ਲੈਂਦਾ ਹੈ।

ਧੂੜਿ ਤਿਨ੍ਹ੍ਹਾ ਕੀ ਅਘੁਲੀਐ ਭਾਈ! ਸਤਸੰਗਤਿ ਮੇਲਿ ਮਿਲਾਇ ॥੩॥

ਜੋ ਸਾਧ ਸੰਗਤ ਦੇ ਮਿਲਾਪ ਅੰਦਰ ਮਿਲਦੇ ਹਨ, ਉਹਨਾਂ ਦੇ ਪੈਰਾਂ ਦੀ ਖਾਕ ਰਾਹੀਂ ਜੀਵ ਮੁਕਤ ਹੋ ਜਾਂਦਾ ਹੈ, ਹੇ ਵੀਰ!

ਆਪਿ ਕਰਾਏ ਕਰੇ ਆਪਿ ਭਾਈ! ਜਿਨਿ ਹਰਿਆ ਕੀਆ ਸਭੁ ਕੋਇ ॥

ਜੋ ਸਾਰਿਆਂ ਨੂੰ ਸਰਸਬਜ ਕਰਦਾ ਹੈ। ਹੇ ਵੀਰ! ਉਹ ਖੁਦ ਹੀ ਸਭ ਕਿਛ ਕਰਦਾ ਤੇ ਕਰਾਉਂਦਾ ਹੈ।

ਨਾਨਕ, ਮਨਿ ਤਨਿ ਸੁਖੁ ਸਦ ਵਸੈ ਭਾਈ! ਸਬਦਿ ਮਿਲਾਵਾ ਹੋਇ ॥੪॥੧॥੧੮॥੧੨॥੧੮॥੩੦॥

ਮਨਿ = ਮਨ ਵਿਚ। ਤਨਿ = ਤਨ ਵਿਚ। ਸਦ = ਸਦਾ। ਸਬਦਿ = ਸ਼ਬਦਿ ਦੀ ਰਾਹੀਂ। ਮਿਲਾਵਾ = ਮਿਲਾਪ ॥੪॥੧॥੧੮॥੧੨॥੧੮॥੩੦॥


ਬਸੰਤੁ ਹਿੰਡੋਲ ਮਹਲਾ ੪ ਘਰੁ ੨

ਬਸੰਤ ਹਿੰਡੋਲ ਚੌਥੀ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਰਾਮ ਨਾਮੁ ਰਤਨ ਕੋਠੜੀ; ਗੜ ਮੰਦਰਿ ਏਕ ਲੁਕਾਨੀ ॥

ਪ੍ਰਭੂ ਦੇ ਨਾਮ ਦਾ ਹੀਰਾ ਸਰੀਰ ਦੇ ਕਿਲ੍ਹ ਦੇ ਮਹਿਲ ਦੀ ਇੱਕ ਕੁਟੀਆ ਅੰਦਰ ਛੁਪਿਆ ਹੋਇਆ ਹੈ।

ਸਤਿਗੁਰੁ ਮਿਲੈ ਤ ਖੋਜੀਐ; ਮਿਲਿ ਜੋਤੀ ਜੋਤਿ ਸਮਾਨੀ ॥੧॥

ਜੇਕਰ ਬੰਦਾ ਸੱਚੇ ਗੁਰਾਂ ਨੂੰ ਮਿਲ ਪਵੇ, ਕੇਵਲ ਤਦ ਹੀ ਉਹ ਖੋਜ ਦੇ ਰਾਹੀਂ ਇਸ ਨੂੰ ਪਾਉਂਦਾ ਹੈ ਅਤੇ ਉਸ ਦਾ ਪ੍ਰਕਾਸ਼ ਪਰਮ ਪ੍ਰਕਾਸ਼ ਅੰਦਰ ਲੀਨ ਹੋ ਜਾਂਦਾ ਹੈ।

ਮਾਧੋ! ਸਾਧੂ ਜਨ ਦੇਹੁ ਮਿਲਾਇ ॥

ਹੇ ਮਾਇਆ ਦੇ ਸੁਆਮੀ ਵਾਹਿਗੁਰੂ! ਮੈਨੂੰ ਸੰਤ ਸਰੂਪ ਪੁਰਸ਼ ਨਾਲ ਮਿਲਾ ਦੇ।

ਦੇਖਤ ਦਰਸੁ ਪਾਪ ਸਭਿ ਨਾਸਹਿ; ਪਵਿਤ੍ਰ ਪਰਮ ਪਦੁ ਪਾਇ ॥੧॥ ਰਹਾਉ ॥

ਉਸ ਦਾ ਦਰਸ਼ਨ ਵੇਖਣ ਦੁਆਰਾ, ਮੇਰੇ ਸਾਰੇ ਗੁਨਾਹ ਨਸ਼ਟ ਹੋ ਜਾਂਦੇ ਹਨ ਅਤੇ ਮੈਂ ਪਾਵਨ ਪੁਨੀਤ ਮਹਾਨ ਮਰਤਬੇ ਨੂੰ ਪਾ ਲੈਂਦਾ ਹਾਂ। ਠਹਿਰਾਉ।

ਪੰਚ ਚੋਰ ਮਿਲਿ ਲਾਗੇ ਨਗਰੀਆ; ਰਾਮ ਨਾਮ ਧਨੁ ਹਿਰਿਆ ॥

ਪੰਜ ਚੋਰ ਇਕੱਠੇ ਹੋ, ਦੇਹਿ ਦੇ ਪਿੰਡ ਨੂੰ ਲੁਟਦੇ ਹਨ ਅਤੇ ਪ੍ਰਭੂ ਦੇ ਨਾਮ ਦੀ ਦੌਲਤ ਤੇ ਚੁਰਾ ਲੈ ਜਾਂਦੇ ਹਨ।

ਗੁਰਮਤਿ ਖੋਜ ਪਰੇ, ਤਬ ਪਕਰੇ; ਧਨੁ ਸਾਬਤੁ ਰਾਸਿ ਉਬਰਿਆ ॥੨॥

ਗੁਰਾਂ ਦੇ ਉਪਦੇਸ਼ ਰਾਹੀਂ ਜਦ ਉਹਨਾਂ ਦਾ ਪਿੱਛਾਂ ਕੀਤਾ ਤਦ ਉਹ ਫੜੇ ਗਏ ਅਤੇ ਦੌਲਤ ਤੇ ਮਾਲ ਉਹਨਾਂ ਕੋਲੋ ਸਹੀ ਸਲਾਮਤ ਬਰਾਮਦ ਹੋ ਗਿਆ।

ਪਾਖੰਡ ਭਰਮ ਉਪਾਵ ਕਰਿ ਥਾਕੇ; ਰਿਦ ਅੰਤਰਿ ਮਾਇਆ ਮਾਇਆ ॥

ਦੰਭ ਅਤੇ ਵਹਿਮ ਦੇ ਰਾਹੀਂ ਲੋਕ ਉਪਰਾਲੇ ਕਰਦੇ ਕਰਦੇ ਹਾਰ ਹੁਟ ਗਏ ਹਨ, ਪ੍ਰਛੂ ਉਹਨਾਂ ਦੇ ਮਨ ਅੰਦਰ ਦੌਲਤ ਤੇ ਜਾਇਦਾਦ ਦੀ ਚਾਹਨਾ ਹੈ।

ਸਾਧੂ ਪੁਰਖੁ ਪੁਰਖਪਤਿ ਪਾਇਆ; ਅਗਿਆਨ ਅੰਧੇਰੁ ਗਵਾਇਆ ॥੩॥

ਸੰਤ ਸਰੂਪ ਪੁਰਸ਼ ਗੁਰਾਂ ਨਾਲ ਮਿਲ ਕੇ ਮੇਰਾ ਬੇਸਮਝੀ ਦਾ ਅੰਨ੍ਹਰਾ ਦੂਰ ਹੋ ਗਿਆ ਅਤੇ ਮੈਂ ਮਨੁਸ਼ਾਂ ਦੇ ਮਾਲਕ ਵਾਹਿਗੁਰੂ! ਪਾ ਲਿਆ ਹੈ।

ਜਗੰਨਾਥ ਜਗਦੀਸ ਗੁਸਾਈ; ਕਰਿ ਕਿਰਪਾ ਸਾਧੁ ਮਿਲਾਵੈ ॥

ਆਪਣੀ ਮਿਹਰ ਧਾਰ ਕੇ ਧਰਤੀ ਦਾ ਸਾਹਿਬ ਸੰਸਾਰ ਦਾ ਸੁਆਮੀ ਅਤੇ ਆਲਮ ਦਾ ਮਾਲਕ ਵਾਹਿਗੁਰੂ ਮੈਨੂੰ ਸੰਤ ਸਰੂਪ ਗੁਰਾਂ ਨਾਲ ਮਿਲਾਉਂਦਾ ਹੈ।

ਨਾਨਕ, ਸਾਂਤਿ ਹੋਵੈ ਮਨ ਅੰਤਰਿ; ਨਿਤ ਹਿਰਦੈ ਹਰਿ ਗੁਣ ਗਾਵੈ ॥੪॥੧॥੩॥

ਹੇ ਨਾਨਕ! ਤਦ ਠੰਢ ਚੈਨ ਮੇਰੇ ਚਿੱਤ ਅੰਦਰ ਵਸ ਜਾਂਦੀ ਹੈ ਅਤੇ ਮੈਂ ਹਮੇਸ਼ਾਂ ਹੀ ਦਿਲ ਅੰਦਰ ਮਾਲਕ ਦੀ ਮਹਿਮਾਂ ਗਾਇਨ ਕਰਦਾ ਹਾਂ।


ਬਸੰਤੁ ਮਹਲਾ ੪ ਹਿੰਡੋਲ ॥

ਬਸੰਤ ਚੌਥੀ ਪਾਤਿਸ਼ਾਹੀ ਹਿੰਡੋਲ।

ਤੁਮ੍ਹ੍ਹ ਵਡ ਪੁਰਖ, ਵਡ ਅਗਮ ਗੁਸਾਈ; ਹਮ ਕੀਰੇ ਕਿਰਮ ਤੁਮਨਛੇ ॥

ਤੂੰ ਹੇ ਪਰਮ! ਵਿਸ਼ਾਲ ਅਤੇ ਪਹੁੰਚ ਤੋਂ ਪਰੇ ਸੰਸਾਰ ਦਾ ਸੁਆਮੀ ਹੈ। ਮੈਂ ਤੇਰਾ ਕੇਵਲ ਇਕ ਕੀੜਾ ਤੇ ਮਕੌੜਾ ਹਾਂ।

ਹਰਿ ਦੀਨ ਦਇਆਲ! ਕਰਹੁ ਪ੍ਰਭ! ਕਿਰਪਾ; ਗੁਰ ਸਤਿਗੁਰ ਚਰਣ ਹਮ ਬਨਛੇ ॥੧॥

ਹੇ ਵਾਹਿਗੁਰੂ ਸੁਆਮੀ! ਮਸਕੀਨਾਂ ਤੇ ਮਿਹਰਬਾਨ, ਤੂੰ ਮੇਰੇ ਉਤੇ ਰਹਿਮਤ ਧਾਰ। ਮੈਂ ਵੱਡੇ ਸੱਚੇ ਗੁਰਾਂ ਦੇ ਚਰਨਾਂ ਦੀ ਚਾਹਨਾਂ ਕਰਦਾ ਹਾਂ।

ਗੋਬਿੰਦ ਜੀਉ! ਸਤਸੰਗਤਿ ਮੇਲਿ, ਕਰਿ ਕ੍ਰਿਪਛੇ ॥

ਹੇ ਪੂਜਨੀਯ ਆਲਮ ਦੇ ਸੁਆਮੀ! ਕ੍ਰਿਪਾ ਕਰਕੇ ਤੂੰ ਮੈਨੂੰ ਸਾਧ ਸੰਗਤ ਨਾਲ ਮਿਲਾ ਦੇ।

ਜਨਮ ਜਨਮ ਕੇ ਕਿਲਵਿਖ ਮਲੁ ਭਰਿਆ; ਮਿਲਿ ਸੰਗਤਿ ਕਰਿ ਪ੍ਰਭ ਹਨਛੇ ॥੧॥ ਰਹਾਉ ॥

ਮੈਂ ਅਨੇਕਾਂ ਜਨਮਾਂ ਦੇ ਪਾਪਾਂ ਅਤੇ ਮਲੀਣਤਾਈਆਂ ਨਾਲ ਪਰੀਪੂਰਨ ਹੋਇਆ ਹੋਇਆ ਸਾਂ। ਸਾਧ ਸੰਗਤ ਨਾਲ ਜੋੜ ਕੇ, ਸੁਆਮੀ ਨੇ ਮੈਨੂੰ ਅੱਛਾ ਬਣਾ ਦਿੱਤਾ ਹੈ। ਠਹਿਰਾਉ।

ਤੁਮ੍ਹ੍ਹਰਾ ਜਨੁ, ਜਾਤਿ ਅਵਿਜਾਤਾ; ਹਰਿ ਜਪਿਓ ਪਤਿਤ ਪਵੀਛੇ ॥

ਉਚ ਜਾਤੀ ਜਾਂ ਨੀਚ ਜਾਤੀ ਦਾ ਪਾਪੀ, ਜੋ ਤੇਰਾ ਗੋਲਾ ਬਣ ਜਾਂਦਾ ਹੈ, ਅਤੇ ਤੇਰਾ ਸਿਮਰਨ ਕਰਦਾ ਹੈ, ਹੇ ਵਾਹਿਗੁਰੂ! ਉਹ ਪਵਿੱਤਰ ਹੋ ਜਾਂਦਾ ਹੈ।

ਹਰਿ ਕੀਓ ਸਗਲ ਭਵਨ ਤੇ ਊਪਰਿ; ਹਰਿ ਸੋਭਾ ਹਰਿ ਪ੍ਰਭ ਦਿਨਛੇ ॥੨॥

ਉਸ ਨੂੰ ਵਾਹਿਗੁਰੂ ਸਾਰੇ ਜਹਾਨ ਤੋਂ ਉਚਾ ਕਰ ਦਿੰਦਾ ਹੈ ਅਤੇ ਵਾਹਿਗੁਰੂ ਸੁਆਮੀ ਉਸ ਨੂੰ ਈਸ਼ਵਰੀ ਪ੍ਰਭਤਾ ਪ੍ਰਦਾਨ ਕਰਦਾ ਹੈ।

ਜਾਤਿ ਅਜਾਤਿ ਕੋਈ ਪ੍ਰਭ ਧਿਆਵੈ; ਸਭਿ ਪੂਰੇ ਮਾਨਸ ਤਿਨਛੇ ॥

ਕੋਈ ਜਣਾ ਜਾਤੀ ਜਾਂ ਨਾਂ ਜਾਤੀ, ਜੋ ਸੁਆਮੀ ਦਾ ਸਿਮਰਨ ਕਰਦਾ ਹੈ, ਉਸ ਦੇ ਸਾਰੇ ਮਨੋਰਥ ਪੂਰਨ ਹੋ ਜਾਂਦੇ ਹਨ।

ਸੇ ਧੰਨਿ ਵਡੇ ਵਡ, ਪੂਰੇ ਹਰਿ ਜਨ; ਜਿਨ੍ਹ੍ਹ ਹਰਿ ਧਾਰਿਓ, ਹਰਿ ਉਰਛੇ ॥੩॥

ਰੱਬ ਦੇ ਬੰਦੇ, ਜੋ ਸੁਆਮੀ ਵਾਹਿਗਰੂ ਨੂੰ ਹਿਰਦੇ ਅੰਦਰ ਟਿਕਾਉਂਦੇ ਹਨ, ਉਹ ਮੁਬਾਰਕ ਮਹਾਨ ਅਤੇ ਮਹਾਨ ਹੀ ਮੁਕੰਮਲ ਹਨ।

ਹਮ ਢੀਂਢੇ ਢੀਮ ਬਹੁਤੁ ਅਤਿ ਭਾਰੀ; ਹਰਿ ਧਾਰਿ ਕ੍ਰਿਪਾ ਪ੍ਰਭ ਮਿਲਛੇ ॥

ਮੈਂ ਨੀਚ ਅਤੇ ਨਿਹਾਇਤ ਹੀ ਬੋਝਲ ਮਿੱਟੀ ਦੇ ਢੋਲੇ ਵਰਗਾ ਮੂਰਖ ਹਾਂ। ਮੇਰੇ ਵਾਹਿਗੁਰੂ ਸੁਆਮੀ, ਤੂੰ ਮੇਰੇ ਉਤੇ ਤਰਸ ਕਰ ਅਤੇ ਮੈਨੂੰ ਨਾਲ ਮਿਲਾ ਲੈ।

ਜਨ ਨਾਨਕ ਗੁਰੁ ਪਾਇਆ, ਹਰਿ ਤੂਠੇ; ਹਮ ਕੀਏ ਪਤਿਤ ਪਵੀਛੇ ॥੪॥੨॥੪॥

ਵਾਹਿਗੁਰੂ ਨੇ ਆਪਣੀ ਮਿਹਰ ਰਾਹੀਂ ਗੋਲੇ ਨਾਨਕ ਨੂੰ ਗੁਰਦੇਵ ਜੀ ਬਖਸ਼ੇ ਹਨ ਅਤੇ ਮੈ, ਪਾਪੀ ਹੁਣ ਪਵਿੱਤਰ ਹੋ ਗਿਆ ਹਾਂ।


ਬਸੰਤੁ ਹਿੰਡੋਲ ਮਹਲਾ ੪ ॥

ਬਸੰਤ ਹਿੰਡੋਲ ਚੌਥੀ ਪਾਤਿਸ਼ਾਹੀ।

ਮੇਰਾ ਇਕੁ ਖਿਨੁ ਮਨੂਆ ਰਹਿ ਨ ਸਕੈ; ਨਿਤ ਹਰਿ ਹਰਿ ਨਾਮ ਰਸਿ ਗੀਧੇ ॥

ਸੁਆਮੀ ਮਾਲਕ ਦੇ ਨਾਮ ਅੰਮ੍ਰਿਤ ਨੂੰ ਹਰ ਰੋਜ ਪਾਨ ਕਰਨ ਦੀ ਗਿੱਝੀ ਹੋਈ ਮੇਰੀ ਜਿੰਦੜੀ ਇਸ ਦੇ ਬਗੈਰ ਇਕ ਮੁਹਤ ਭਰ ਭੀ ਰਹਿ ਨਹੀਂ ਸਕਦੀ।

ਜਿਉ ਬਾਰਿਕੁ ਰਸਕਿ ਪਰਿਓ ਥਨਿ ਮਾਤਾ; ਥਨਿ ਕਾਢੇ ਬਿਲਲ ਬਿਲੀਧੇ ॥੧॥

ਮੇਰੀ ਜਿੰਦੜੀ ਉਸ ਬੱਚੇ ਵਰਗੀ ਹੈ, ਜੋ ਖੁਸ਼ੀ ਨਾਲ ਆਪਣੀ ਅਮੜੀ ਦੇ ਥਣ ਨੂੰ ਚੁੰਘਦਾ ਹੈ ਅਤੇ ਜਦ ਦੁੱਧ ਉਸ ਦੇ ਮੂੰਹ ਵਿਚੋਂ ਬਾਹਰ ਕੱਢ ਲਿਆ ਜਾਂਦਾ ਹੈ ਤਾਂ ਉਹ ਚੀਕਦਾ ਤੇ ਰੋਂਦਾ ਹੈ।

ਗੋਬਿੰਦ ਜੀਉ! ਮੇਰੇ ਮਨ ਤਨ ਨਾਮ ਹਰਿ ਬੀਧੇ ॥

ਮੇਰੇ ਪੂਜਨੀਯ ਪ੍ਰਭੂ, ਮੇਰੀ ਜਿੰਦੜੀ ਤੇ ਦੇਹਿ ਵਾਹਿਗੁਰੂ ਦੇ ਨਾਮ ਨਾਲ ਵਿੰਨ੍ਹੇ ਗਏ ਹਨ।

ਵਡੈ ਭਾਗਿ ਗੁਰੁ ਸਤਿਗੁਰੁ ਪਾਇਆ; ਵਿਚਿ ਕਾਇਆ ਨਗਰ ਹਰਿ ਸੀਧੇ ॥੧॥ ਰਹਾਉ ॥

ਭਾਰੇ ਚੰਗੇ ਨਸੀਬਾਂ ਦੁਆਰਾ, ਮੈਂ ਵਿਸ਼ਾਲ ਸੱਚੇ ਗੁਰਾਂ ਨੂੰ ਮਿਲ ਪਿਆ ਹਾਂ ਅਤੇ ਮੇਰੀ ਦੇਹਿ ਦੇ ਸ਼ਹਿਰ ਅੰਦਰ ਹੀ ਪ੍ਰਭੂ ਪ੍ਰਗਟ ਹੋ ਗਿਆ ਹੈ। ਠਹਿਰਾਉ। ਜਨ ਕੇ ਸਾਸ ਸਾਸ ਹੈ

ਜੇਤੇ; ਹਰਿ ਬਿਰਹਿ ਪ੍ਰਭੂ ਹਰਿ ਬੀਧੇ ॥

ਜਿੰਨੇ ਭੀ ਸੁਆਸ ਹਨ ਵਾਹਿਗੁਰੂ ਦੇ ਗੋਲੇ ਦੇ ਓਨੇ ਹੀ ਸੁਆਮੀ ਵਾਹਿਗੁਰੂ ਦੀ ਪ੍ਰੀਤ ਨਾਲ ਵਿੰਨ੍ਹੇ ਹੋਏ ਹਨ।

ਜਿਉ ਜਲ ਕਮਲ, ਪ੍ਰੀਤਿ ਅਤਿ ਭਾਰੀ; ਬਿਨੁ ਜਲ ਦੇਖੇ, ਸੁਕਲੀਧੇ ॥੨॥

ਜਿਸ ਤਰ੍ਹਾਂ ਕੰਵਲ ਪਾਣੀ ਨੂੰ ਬਹੁਤ ਜਿਆਦਾ ਪਿਆਰ ਕਰਦਾ ਹੈ ਅਤੇ ਪਾਣੀ ਨੂੰ ਵੇਖਣ ਦੇ ਬਗੈਰ ਸੁਕ ਸੜ ਜਾਂਦਾ ਹੈ, ਏਸੇ ਤਰ੍ਹਾਂ ਹੀ ਮੈਂ ਵਾਹਿਗੁਰੂ ਦੇ ਬਾਝੋਂ ਹਾਂ।

ਜਨ ਜਪਿਓ ਨਾਮੁ ਨਿਰੰਜਨੁ ਨਰਹਰਿ; ਉਪਦੇਸਿ ਗੁਰੂ ਹਰਿ ਪ੍ਰੀਧੇ ॥

ਰੱਬ ਦਾ ਗੋਲਾ ਮਨੁਸ਼ ਸ਼ੇਰ ਸੁਆਮੀ ਦੇ ਪਵਿੱਤਰ ਨਾਮ ਦਾ ਉਚਾਰਨ ਕਰਦਾ ਹੈ ਅਤੇ ਗੁਰਾਂ ਦੀ ਸਿਖਮਤ ਰਾਹੀਂ ਹਰੀ ਉਸ ਤੇ ਪਰਗਟ ਹੋ ਜਾਂਦਾ ਹੈ।

ਜਨਮ ਜਨਮ ਕੀ ਹਉਮੈ ਮਲੁ ਨਿਕਸੀ; ਹਰਿ ਅੰਮ੍ਰਿਤਿ ਹਰਿ ਜਲਿ ਨੀਧੇ ॥੩॥

ਤੇਰੇ ਆਬਿ-ਹਿਯਾਤ ਦੇ ਸਮੁੰਦਰ ਨਾਲ, ਸੁਆਮੀ ਵਾਹਿਗੁਰੂ! ਜਨਮਾਂਤਰਾਂ ਦੀ ਮੇਰੀ ਸਵੈ-ਹੰਗਤਾ ਦੀ ਮੈਲ ਧੋਤੀ ਗਈ ਹੈ।

ਹਮਰੇ ਕਰਮ, ਨ ਬਿਚਰਹੁ ਠਾਕੁਰ! ਤੁਮ੍ਹ੍ਹ ਪੈਜ ਰਖਹੁ ਅਪਨੀਧੇ ॥

ਮੇਰੇ ਅਮਲਾਂ ਵੱਲ ਧਿਆਨ ਨਾਂ ਦੇ, ਹੇ ਸੁਆਮੀ ਅਤੇ ਤੂੰ ਨਿੱਜ ਦੇ ਗੋਲੇ ਦੀ ਇਜਤ ਰੱਖ।

ਹਰਿ ਭਾਵੈ, ਸੁਣਿ ਬਿਨਉ ਬੇਨਤੀ; ਜਨ ਨਾਨਕ ਸਰਣਿ ਪਵੀਧੇ ॥੪॥੩॥੫॥

ਹੇ ਵਾਹਿਗੁਰੂ! ਪ੍ਰਸੰਨ ਹੋ, ਤੂੰ ਮੇਰੀ ਪ੍ਰਾਰਥਨਾਂ ਤੇ ਜੋਦੜੀ ਸ੍ਰਵਣ ਕਰ। ਗੋਲੇ ਨਾਨਕ ਨੇ ਤੇਰੀ ਪਨਾਹ ਲਹੀ ਹੈ।

ਬਸੰਤੁ ਹਿੰਡੋਲ ਮਹਲਾ ੪ ॥

ਬਸੰਤ ਹਿੰਡੋਲ ਚੌਥੀ ਪਾਤਿਸ਼ਾਹੀ।

ਮਨੁ ਖਿਨੁ ਖਿਨੁ ਭਰਮਿ ਭਰਮਿ ਬਹੁ ਧਾਵੈ; ਤਿਲੁ ਘਰਿ ਨਹੀ ਵਾਸਾ ਪਾਈਐ ॥

ਹਰ ਮੁਹਤ ਤੇ ਛਿਨ, ਮੇਰਾ ਮਨੂਆ ਭਟਕਦਾ ਭਊਦਾ ਅਤੇ ਬੜਾ ਭੱਜਿਆ ਫਿਰਦਾ ਹੈ। ਇੱਕ ਨਿਮਖ ਭਰ ਲਈ ਭੀ ਇਹ ਜਨਮ ਨਿੱਜ ਦੇ ਧਾਮ ਵਿੱਚ ਨਹੀਂ ਟਿਕਦਾ।

ਗੁਰਿ ਅੰਕਸੁ ਸਬਦੁ ਦਾਰੂ ਸਿਰਿ ਧਾਰਿਓ; ਘਰਿ ਮੰਦਰਿ ਆਣਿ ਵਸਾਈਐ ॥੧॥

ਜਦ ਰੋਕ ਰਖਣਹਾਰ ਗੁਰਾਂ ਦੇ ਉਪਦੇਸ਼ ਦਾ ਕੁੰਡਾ ਇਸ ਦੇ ਸਿਰ ਤੇ ਰੱਖਿਆ ਜਾਂਦਾ ਹੈ ਤਾਂ ਆ ਕੇ ਇਹ ਨਿੱਜ ਦੇ ਧਾਮ ਅਤੇ ਮਹਿਲ ਵਿੱਚ ਟਿਕ ਜਾਂਦਾ ਹੈ।

ਗੋਬਿੰਦ ਜੀਉ! ਸਤਸੰਗਤਿ ਮੇਲਿ ਹਰਿ ਧਿਆਈਐ ॥

ਹੇ ਮੇਰੇ ਮਾਣਨੀਯ ਸੁਆਮੀ ਮਾਲਕ! ਮੈਨੂੰ ਸਾਧ ਸੰਗਤ ਨਾਲ ਜੋੜ ਦੇ, ਤਾਂ ਜੋ ਮੈਂ ਤੇਰਾ ਆਰਾਧਨ ਕਰਾਂ।

ਹਉਮੈ ਰੋਗੁ ਗਇਆ ਸੁਖੁ ਪਾਇਆ; ਹਰਿ ਸਹਜਿ ਸਮਾਧਿ ਲਗਾਈਐ ॥੧॥ ਰਹਾਉ ॥

ਹੰਗਤਾ ਦੀ ਬਿਮਾਰੀ ਤੋਂ ਖਲਾਸੀ ਪਾਉਣ ਤੇ ਮੈਨੂੰ ਪ੍ਰਸੰਨਤਾ ਪ੍ਰਾਪਤ ਹੋ ਗਈ ਹੈ ਅਤੇ ਮੈਂ ਅਡੋਲਤਾ ਦੀ ਤਾੜੀ ਅੰਦਰ ਟਿਕ ਜਾਂਦਾ ਹਾਂ, ਹੇ ਮੇਰੇ ਵਾਹਿਗੁਰੂ! ਠਹਿਰਾਉ।

ਘਰਿ ਰਤਨ ਲਾਲ ਬਹੁ ਮਾਣਕ ਲਾਦੇ; ਮਨੁ ਭ੍ਰਮਿਆ ਲਹਿ ਨ ਸਕਾਈਐ ॥

ਗ੍ਰਹਿ ਘਣੇਰਿਆਂ ਜਵੇਹਰਾਂ, ਹੀਰਿਆਂ ਅਤੇ ਮਣੀਆਂ ਨਾਲ ਲੱਦਿਆ ਪਿਆ ਹੈ ਪ੍ਰੰਤੂ ਭਟਕਦਾ ਹੋਇਆ ਮਨੂਆ ਉਹਨਾਂ ਨੂੰ ਲੱਭ ਨਹੀਂ ਸਕਦਾ।

ਜਿਉ ਓਡਾ, ਕੂਪੁ ਗੁਹਜ ਖਿਨ ਕਾਢੈ; ਤਿਉ ਸਤਿਗੁਰਿ, ਵਸਤੁ ਲਹਾਈਐ ॥੨॥

ਜਿਸ ਤਰ੍ਹਾਂ ਸੇਘਾ ਲੁਕੇ ਹੋਏ ਖੂਹ ਨੂੰ ਇੱਕ ਮੁਹਤ ਵਿੱਚ ਖੁਦਵਾ ਦਿੰਦਾ ਹੈ, ਏਸੇ ਤਰ੍ਹਾਂ ਹੀ ਅਸੀਂ ਨਾਮ ਦੀ ਵਸਤੂ ਨੂੰ ਸੱਚੇ ਗੁਰਾਂ ਦੇ ਰਾਹੀਂ ਲੱਭ ਲੈਂਦੇ ਹਾਂ।

ਜਿਨ ਐਸਾ ਸਤਿਗੁਰੁ ਸਾਧੁ ਨ ਪਾਇਆ; ਤੇ ਧ੍ਰਿਗੁ ਧ੍ਰਿਗੁ ਨਰ ਜੀਵਾਈਐ ॥

ਜੋ ਐਹੋ ਜੇਹੇ ਸੰਤ ਸਰੂਪ ਸੱਚੇ ਗੁਰਾਂ ਨੂੰ ਪ੍ਰਾਪਤ ਨਹੀਂ ਹੁੰਦੇ ਲਾਨਤਯੋਗ, ਨਾਨਤਯੋਗ ਹੈ ਉਹਨਾਂ ਪੁਰਸ਼ਾਂ ਦਾ ਜੀਵਨ।

ਜਨਮੁ ਪਦਾਰਥੁ ਪੁੰਨਿ ਫਲੁ ਪਾਇਆ; ਕਉਡੀ ਬਦਲੈ ਜਾਈਐ ॥੩॥

ਜਦ ਨੇਕੀਆਂ ਫਲ ਲਿਆਉਂਦੀਆਂ ਹਨ, ਤਦ ਹੀ ਮਨੁਖੀ ਜੀਵਨ ਦੀ ਦੌਲਤ ਪ੍ਰਾਪਤ ਹੁੰਦੀ ਹੈ, ਪ੍ਰੰਤੂ ਇਹ ਇੱਕ ਕੌਡੀ ਦੇ ਤਬਾਦਲੇ ਵਿੱਚ ਚਲੀ ਜਾਂਦੀ ਹੈ।

ਮਧੁਸੂਦਨ ਹਰਿ ਧਾਰਿ ਪ੍ਰਭ ਕਿਰਪਾ; ਕਰਿ ਕਿਰਪਾ ਗੁਰੂ ਮਿਲਾਈਐ ॥

ਮੇਰੇ ਅੰਮ੍ਰਿਤ ਦੇ ਪਿਆਰੇ ਸੁਆਮੀ ਮਾਲਕ ਤੂੰ ਮੇਰੇ ਉਤੇ ਮਿਹਰ ਕਰ ਅਤੇ ਦਇਆ ਧਾਰ ਕੇ ਮੈਨੂੰ ਗੁਰਾਂ ਨਾਲ ਮਿਲਾ ਦੇ।

ਜਨ ਨਾਨਕ ਨਿਰਬਾਣ ਪਦੁ ਪਾਇਆ; ਮਿਲਿ ਸਾਧੂ ਹਰਿ ਗੁਣ ਗਾਈਐ ॥੪॥੪॥੬॥

ਨੌਕਰ ਨਾਨਕ ਨੂੰ ਅਬਿਨਾਸ਼ੀ ਮਰਤਬਾ ਪ੍ਰਾਪਤ ਹੋ ਗਿਆ ਹੈ ਅਤੇ ਸੰਤਾਂ ਨਾਲ ਮਿਲ ਕੇ ਉਹ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ।


ਬਸੰਤੁ ਹਿੰਡੋਲ ਮਹਲਾ ੪ ॥

ਬਸੰਤ ਹਿੰਡੋਲ ਚੌਥੀ ਪਾਤਿਸ਼ਾਹੀ।

ਆਵਣ ਜਾਣੁ ਭਇਆ ਦੁਖੁ ਬਿਖਿਆ; ਦੇਹ ਮਨਮੁਖ ਸੁੰਞੀ ਸੁੰਞੁ ॥

ਆਪ ਹੁਦਰੇ ਦੀ ਕਾਇਆ ਸੁੰਨਸਾਨ ਤੇ ਉਜੜੀ ਹੋਈ ਹੈ। ਪਾਪਾਂ ਦੇ ਗਮਾਂ ਦਾ ਸਤਾਇਆ ਹੋਇਆ ਉਹ ਆਉਂਦਾ ਤੇ ਜਾਂਦਾ ਹੈ।

ਰਾਮ ਨਾਮੁ, ਖਿਨੁ ਪਲੁ ਨਹੀ ਚੇਤਿਆ; ਜਮਿ ਪਕਰੇ ਕਾਲਿ ਸਲੁੰਞੁ ॥੧॥

ਇਕ ਮੁਹਤ ਅਤੇ ਛਿੰਨ ਭਰ ਲਈ ਭੀ ਉਹ ਪ੍ਰਭੂ ਦੇ ਨਾਮ ਦਾ ਸਿਮਰਨ ਨਹੀਂ ਕਰਦਾ। ਮੌਤ ਦਾ ਫਰਿਸ਼ਤਾ ਉਸ ਨੂੰ ਕੇਸਾਂ ਤੋਂ ਪਕੜ ਲੈਂਦਾ ਹੈ।

ਗੋਬਿੰਦ ਜੀਉ! ਬਿਖੁ ਹਉਮੈ ਮਮਤਾ ਮੁੰਞੁ ॥

ਹੇ ਮੇਰੇ ਪੂਜਨੀਯ ਪ੍ਰਭੂ! ਤੂੰ ਮੇਰੀ ਹੰਗਤਾ ਅਤੇ ਸੰਸਾਰੀ ਮੋਹ ਦੀ ਜਹਿਰ ਨੂੰ ਕੱਟ ਦੇ।

ਸਤਸੰਗਤਿ ਗੁਰ ਕੀ ਹਰਿ ਪਿਆਰੀ; ਮਿਲਿ ਸੰਗਤਿ ਹਰਿ ਜਸੁ ਭੁੰਞੁ ॥੧॥ ਰਹਾਉ ॥

ਗੁਰਾਂ ਦੀ ਸਾਧ ਸੰਗਤ ਪ੍ਰਭੂ ਨੂੰ ਮਿਠੜੀ ਲੱਗਦੀ ਹੈ। ਉਸ ਸਭਾ ਨਾਲ ਜੁੜ ਕੇ ਤੂੰ ਪ੍ਰਭੂ ਦੇ ਅੰਮ੍ਰਿਤ ਨੂੰ ਪਾਨ ਕਰ। ਠਹਿਰਾਉ।

ਸਤਸੰਗਤਿ ਸਾਧ ਦਇਆ ਕਰਿ ਮੇਲਹੁ; ਸਰਣਾਗਤਿ ਸਾਧੂ ਪੰਞੁ ॥

ਦਇਆ ਧਾਰ ਕੇ, ਹੇ ਸੁਆਮੀ! ਤੂੰ ਮੈਨੂੰ ਸੰਛਾਂ ਦੇ ਸਮਾਗਮ ਨਾਲ ਮਿਲਾ ਦੇ। ਮੈਂ ਤੇਰੇ ਸੰਤਾਂ ਦੀ ਸ਼ਰਣੀ ਪਿਆ ਹਾਂ।

ਹਮ ਡੁਬਦੇ ਪਾਥਰ ਕਾਢਿ ਲੇਹੁ ਪ੍ਰਭ! ਤੁਮ੍ਹ੍ਹ ਦੀਨ ਦਇਆਲ ਦੁਖ ਭੰਞੁ ॥੨॥

ਤੂੰ, ਹੇ ਪ੍ਰਭੂ! ਮਸਕੀਨਾਂ ਤੇ ਮਿਹਰਬਾਨ ਅਤੇ ਰੰਜ ਗਮ ਨਾਸ ਕਰਨ ਵਾਲਾ ਹੈ। ਮੈਂ ਡੁਬਦੇ ਹੋਏ ਪੱਥਰ! ਤੂੰ ਸੰਸਾਰ ਸਮੁੰਦਰ ਵਿਚੋਂ ਬਾਹਰ ਕੱਢ ਲੈ।

ਹਰਿ ਉਸਤਤਿ ਧਾਰਹੁ ਰਿਦ ਅੰਤਰਿ ਸੁਆਮੀ; ਸਤਸੰਗਤਿ ਮਿਲਿ ਬੁਧਿ ਲੰਞੁ ॥

ਸੁਆਮੀ ਵਾਹਿਗੁਰੂ ਦੀ ਮਹਿਮਾ ਮੈਂ ਹਿਰਦੇ ਅੰਦਰ ਟਿਕਾਉਂਦਾ ਹਾਂ ਅਤੇ ਸਾਧ ਸੰਗਤ ਨਾਲ ਮਿਲ ਕੇ ਮੇਰੀ ਅਕਲ ਪ੍ਰਕਾਸ਼ਵਾਨ ਹੋ ਗਈ ਹੈ।

ਹਰਿ ਨਾਮੈ, ਹਮ ਪ੍ਰੀਤਿ ਲਗਾਨੀ; ਹਮ ਹਰਿ ਵਿਟਹੁ ਘੁਮਿ ਵੰਞੁ ॥੩॥

ਵਾਹਿਗੁਰੂ ਦੇ ਨਾਮ ਨਾਲ ਮੇਰੀ ਪਿਰਹੜੀ ਪੈ ਗਈ ਹੈ ਅਤੇ ਮੈਂ ਪ੍ਰਭੂ ਊਤੋ ਘੋਲੀ ਜਾਂਦਾ ਹਾਂ।

ਜਨ ਕੇ ਪੂਰਿ ਮਨੋਰਥ ਹਰਿ ਪ੍ਰਭ; ਹਰਿ ਨਾਮੁ ਦੇਵਹੁ ਹਰਿ ਲੰਞੁ ॥

ਮੇਰੇ ਵਾਹਿਗੁਰੂ ਸੁਆਮੀ, ਤੂੰ ਗੋਲੇ ਦੀਆਂ ਸੱਧਰਾਂ ਪੂਰਨ ਕਰ। ਉਸ ਦੇ ਹਿਰਦੇ ਨੂੰ ਰੌਸ਼ਨ ਕਰਨ ਲਈ ਤੂੰ ਉਸ ਨੂੰ ਆਪਣਾ ਨਾਮ ਬਖਸ਼ ਹੇ ਸਾਈਂ ਮਾਲਕ!

ਜਨ ਨਾਨਕ ਮਨਿ ਤਨਿ ਅਨਦੁ ਭਇਆ ਹੈ; ਗੁਰਿ ਮੰਤ੍ਰੁ ਦੀਓ ਹਰਿ ਭੰਞੁ ॥੪॥੫॥੭॥੧੨॥੧੮॥੭॥੩੭॥

ਗੋਲੇ ਨਾਨਕ ਦੇ ਚਿੱਤ ਅਤੇ ਦੇਹਿ ਅੰਦਰ ਖੁਸ਼ੀ ਹੈ ਅਤੇ ਗੁਰਾਂ ਨੇ ਉਸ ਨੂੰ ਵਾਹਿਗੁਰੂ ਦੇ ਨਾਮ ਦਾ ਭਜਨ ਬਖਸ਼ਿਆ ਹੈ।


ਬਸੰਤੁ ਮਹਲਾ ੫ ਘਰੁ ੨ ਹਿੰਡੋਲ

ਬਸੰਤ ਪੰਜਵੀਂ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਹੋਇ ਇਕਤ੍ਰ ਮਿਲਹੁ ਮੇਰੇ ਭਾਈ! ਦੁਬਿਧਾ ਦੂਰਿ ਕਰਹੁ ਲਿਵ ਲਾਇ ॥

ਇਕੱਠੇ ਅਤੇ ਰਲ ਬੈਠੋ, ਮੇਰੇ ਵੀਰਨੋ! ਦਵੈਤ ਭਾਵ ਨੂੰ ਦੂਰ ਕਰੋ ਅਤੇ ਆਪਣੇ ਪ੍ਰਭੂ ਨਾਲ ਪਿਰਹੜੀ ਪਾਓ।

ਹਰਿ ਨਾਮੈ ਕੇ ਹੋਵਹੁ ਜੋੜੀ; ਗੁਰਮੁਖਿ ਬੈਸਹੁ ਸਫਾ ਵਿਛਾਇ ॥੧॥

ਵਾਹਿਗੁਰੂ ਦੇ ਨਾਮ ਨਾਲ ਮੇਲ ਮਿਲਾਪ ਕਰੋ, ਹੇ ਨੇਕ ਬੰਦਿਓ! ਅਤੇ ਆਪਣੀ ਚਟਾਈ ਵਿਛਾ ਕੇ ਉਸ ਉਤੇ ਬੈਠੋ।

ਇਨ੍ਹ੍ਹ ਬਿਧਿ, ਪਾਸਾ ਢਾਲਹੁ ਬੀਰ! ॥

ਇਸ ਤਰੀਕੇ ਨਾਲ ਆਪਣੀਆਂ ਨਰਦਾਂ ਸੁੱਟੋ, ਹੇ ਭਰਾਓ!

ਗੁਰਮੁਖਿ ਨਾਮੁ ਜਪਹੁ ਦਿਨੁ ਰਾਤੀ; ਅੰਤ ਕਾਲਿ ਨਹ ਲਾਗੈ ਪੀਰ ॥੧॥ ਰਹਾਉ ॥

ਗੁਰਾਂ ਦੀ ਦਇਆ ਦੁਆਰਾ, ਦਿਨ ਤੇ ਰੈਣ ਪ2੍ਰਭੂ ਦੇ ਨਾਮ ਦਾ ਉਚਾਰਨ ਕਰੋ ਅਤੇ ਅਖੀਰ ਦੇ ਵੇਲੇ ਤੁਹਾਨੂੰ ਰੰਜ ਗਮ ਨਹੀਂ ਵਾਪਰੇਗਾ। ਠਹਿਰਾਓ।

ਕਰਮ ਧਰਮ ਤੁਮ੍ਹ੍ਹ ਚਉਪੜਿ ਸਾਜਹੁ; ਸਤੁ ਕਰਹੁ ਤੁਮ੍ਹ੍ਹ ਸਾਰੀ ॥

ਪਵਿੱਤਰ ਅਮਲ ਤੇਰਾ ਪਾਸਾ ਹੋਣਾ ਅਤੇ ਸੱਚ ਨੂੰ ਤੂੰ ਆਪਣੀਆਂ ਨਰਦਾਂ ਬਣਾਂ।

ਕਾਮੁ ਕ੍ਰੋਧੁ ਲੋਭੁ ਮੋਹੁ ਜੀਤਹੁ; ਐਸੀ ਖੇਲ ਹਰਿ ਪਿਆਰੀ ॥੨॥

ਤੂੰ ਆਪਣੀ ਸ਼ਹਿਵਤ, ਗੁੱਸੇ, ਲਾਲਚ ਤੇ ਸੰਸਾਰੀ ਮਮਤਾ! ਕਾਬੂ ਕਰ ਲੈ। ਐਹੋ ਜੇਹੀ ਖੇਡ ਹਰੀ ਨੂੰ ਲਾਡਲੀ ਲੱਗਦੀ ਹੈ।

ਉਠਿ ਇਸਨਾਨੁ ਕਰਹੁ ਪਰਭਾਤੇ; ਸੋਏ ਹਰਿ ਆਰਾਧੇ ॥

ਤੂੰ ਅੰਮ੍ਰਿਤ ਵੇਲੇ ਉਠ ਅਤੇ ਭਜਨ ਕਰ। ਸੌਣ ਤੋਂ ਪਹਿਲਾਂ ਭੀ ਤੂੰ ਆਪਣੇ ਵਾਹਿਗੁਰੂ ਦਾ ਸਿਮਰਨ ਕਰ।

ਬਿਖੜੇ ਦਾਉ ਲੰਘਾਵੈ ਮੇਰਾ ਸਤਿਗੁਰੁ; ਸੁਖ ਸਹਜ ਸੇਤੀ ਘਰਿ ਜਾਤੇ ॥੩॥

ਮੇਰੇ ਸੱਚੇ ਗੁਰੂ ਤੈਨੂੰ ਖਤਰਨਾਕ ਪੇਚਾਂ ਤੋਂ ਬਚਾ ਲੈਣਗੇ ਅਤੇ ਤੂੰ ਆਰਾਮ ਅਤੇ ਅਡੋਲਤਾ ਨਾਲ ਆਪਣੇ ਗ੍ਰਹਿ ਪੁੱਜ ਜਾਵੇਗਾ।

ਹਰਿ ਆਪੇ ਖੇਲੈ, ਆਪੇ ਦੇਖੈ; ਹਰਿ ਆਪੇ ਰਚਨੁ ਰਚਾਇਆ ॥

ਵਾਹਿਗੁਰੂ ਆਪ ਖੇਡਦਾ ਹੈ, ਆਪ ਹੀ ਵੇਖਦਾ ਹੈ, ਅਤੇ ਪ੍ਰਭੂ ਨੇ ਖੁਦ ਹੀ ਰਚਨਾ ਰਚੀ ਹੈ।

ਜਨ ਨਾਨਕ, ਗੁਰਮੁਖਿ ਜੋ ਨਰੁ ਖੇਲੈ; ਸੋ, ਜਿਣਿ ਬਾਜੀ ਘਰਿ ਆਇਆ ॥੪॥੧॥੧੯॥

ਹੇ ਗੋਲੇ ਨਾਨਕ! ਜਿਹੜਾ ਇਨਸਾਨ ਗੁਰਾਂ ਦੀ ਸਿਖ ਮਤ ਤਾਬੇ ਖੇਡਦਾ ਹੈ, ਉਹ ਜੀਵਨ ਦੀ ਖੇਡ ਨੂੰ ਜਿੱਤ ਆਪਣੇ ਧਾਮ ਨੂੰ ਜਾਂਦਾ ਹੈ।


ਬਸੰਤੁ ਮਹਲਾ ੫ ਹਿੰਡੋਲ ॥

ਬਸੰਤ ਪੰਜਵੀਂ ਪਾਤਿਸ਼ਾਹੀ ਹਿੰਡੋਲ।

ਤੇਰੀ ਕੁਦਰਤਿ ਤੂਹੈ ਜਾਣਹਿ; ਅਉਰੁ ਨ ਦੂਜਾ ਜਾਣੈ ॥

ਕੇਵਲ ਤੂੰ ਹੀ, ਹੇ ਪ੍ਰਭੂ! ਆਪਣੀ ਸ਼ਕਤੀ ਨੂੰ ਜਾਣਦਾ ਹੈਂ। ਹੋ ਦੂਸਰਾ ਕੋਈ ਨਹੀਂ ਜਾਣਦਾ।

ਜਿਸ ਨੋ ਕ੍ਰਿਪਾ ਕਰਹਿ ਮੇਰੇ ਪਿਆਰੇ! ਸੋਈ ਤੁਝੈ ਪਛਾਣੈ ॥੧॥

ਜਿਸ ਉਤੇ ਤੂੰ ਆਪਣੀ ਮਿਹਰ ਧਾਰਦਾ ਹੈ, ਹੇ ਮੇਰੇ ਪ੍ਰੀਤਮ! ਕੇਵਲ ਉਹ ਹੀ ਤੈਨੂੰ ਅਨੁਭਵ ਕਰਦਾ ਹੈ।

ਤੇਰਿਆ ਭਗਤਾ ਕਉ ਬਲਿਹਾਰਾ ॥

ਤੇਰਿਆਂ ਵੈਰਾਗੀਆਂ ਉਤੋਂ ਮੈਂ ਘੋਲੀ ਜਾਂਦਾ ਹਾਂ।

ਥਾਨੁ ਸੁਹਾਵਾ ਸਦਾ ਪ੍ਰਭ ਤੇਰਾ; ਰੰਗ ਤੇਰੇ ਅਪਾਰਾ ॥੧॥ ਰਹਾਉ ॥

ਸਦੀਵੀ ਸੁੰਦਰ ਹੈ ਤੇਰਾ ਠਿਕਾਣਾ, ਹੇ ਸੁਆਮੀ! ਅਤੇ ਬੇਅੰਤ ਹਨ ਤੇਰੀਆਂ ਅਸਚਰਜ ਖੇਡਾਂ। ਠਹਿਰਾਉ।

ਤੇਰੀ ਸੇਵਾ ਤੁਝ ਤੇ ਹੋਵੈ; ਅਉਰੁ ਨ ਦੂਜਾ ਕਰਤਾ ॥

ਤੇਰੀ ਟਹਿਲ ਸੇਵਾ ਕੇਵਲ ਤੂੰ ਹੀ ਕਰ ਸਕਦਾ ਹੈਂ। ਹੋਰ ਕੋਈ ਇਸ ਨੂੰ ਕਰ ਨਹੀਂ ਸਕਦਾ।

ਭਗਤੁ ਤੇਰਾ, ਸੋਈ ਤੁਧੁ ਭਾਵੈ; ਜਿਸ ਨੋ ਤੂ ਰੰਗੁ ਧਰਤਾ ॥੨॥

ਕੇਵਲ ਉਹ ਹੀ ਤੇਰਾ ਹੈ, ਜਿਸ ਨੂੰ ਤੂੰ ਪਿਆਰ ਕਰਦਾ ਹੈਂ।

ਤੂ ਵਡ ਦਾਤਾ, ਤੂ ਵਡ ਦਾਨਾ; ਅਉਰੁ ਨਹੀ ਕੋ ਦੂਜਾ ॥

ਤੂੰ ਭਾਰਾ ਦਾਤਾਰ ਹੈਂ ਅਤੇ ਤੂੰ ਹੀ ਖਰਾ ਸਿਆਣਾ। ਤੇਰੇ ਵਰਗਾ ਹੋਰ ਕੋਈ ਨਹੀਂ।

ਤੂ ਸਮਰਥੁ ਸੁਆਮੀ ਮੇਰਾ; ਹਉ ਕਿਆ ਜਾਣਾ ਤੇਰੀ ਪੂਜਾ? ॥੩॥

ਤੂੰ ਮੇਰਾ ਸਰਬ ਸ਼ਕਤੀਮਾਨ ਸਾਹਿਬ ਹੈ। ਕਿਸ ਤਰ੍ਹਾਂ ਤੇਰੀ ਉਪਾਸ਼ਨਾ ਕਰਨੀ ਮੈਂ ਨਹੀਂ ਜਾਣਦਾ?

ਤੇਰਾ ਮਹਲੁ ਅਗੋਚਰੁ ਮੇਰੇ ਪਿਆਰੇ! ਬਿਖਮੁ ਤੇਰਾ ਹੈ ਭਾਣਾ ॥

ਅਦ੍ਰਿਸ਼ਟ ਹੈ ਤੇਰਾ ਮੰਦਰ, ਹੇ ਮੇਰੇ ਪ੍ਰੀਤਮ! ਅਤੇ ਕਠਨ ਹੈ ਤੇਰੀ ਰਜਾ ਦਾ ਮੰਨਣਾ।

ਕਹੁ ਨਾਨਕ, ਢਹਿ ਪਇਆ ਦੁਆਰੈ; ਰਖਿ ਲੇਵਹੁ ਮੁਗਧ ਅਜਾਣਾ ॥੪॥੨॥੨੦॥

ਗੁਰੂ ਜੀ ਫੁਰਮਾਉਂਦੇ ਹਨ, ਮੈਂ ਤੇਰੇ ਬੂਹੇ ਤੇ ਆ ਡਿੱਗਿਆ ਹਾਂ, ਹੇ ਪ੍ਰਭੂ! ਤੂੰ ਮੈਂ ਮੂਰਖ ਅਤੇ ਬੇਸਮਝ ਦੀ ਰੱਖਿਆ ਕਰ।


ਬਸੰਤੁ ਹਿੰਡੋਲ ਮਹਲਾ ੫ ॥

ਬਸੰਤ ਹਿੰਡੋਲ ਪੰਜਵੀਂ ਪਾਤਿਸ਼ਾਹੀ।

ਮੂਲੁ ਨ ਬੂਝੈ, ਆਪੁ ਨ ਸੂਝੈ; ਭਰਮਿ ਬਿਆਪੀ, ਅਹੰ ਮਨੀ ॥੧॥

ਸੰਦੇਹ ਅਤੇ ਹੰਕਾਰ ਮਤ ਅੰਦਰ ਖਚਤ ਹੋਇਆ ਹੋਇਆ ਬੰਦਾ ਆਦੀ ਪ੍ਰਭੂ ਨੂੰ ਨਹੀਂ ਜਾਣਦਾ, ਨਾਂ ਹੀ ਆਪਣੇ ਆਪ ਨੂੰ ਸਮਝਦਾ ਹੈ।

ਪਿਤਾ ਪਾਰਬ੍ਰਹਮ ਪ੍ਰਭ ਧਨੀ! ॥

ਸੁਆਮੀ ਮਾਲਕ ਸ਼ਰੋਮਣੀ ਵਾਹਿਗੁਰੂਮ ਮੇਰਾ ਬਾਬਲ ਹੈ।

ਮੋਹਿ ਨਿਸਤਾਰਹੁ ਨਿਰਗੁਨੀ ॥੧॥ ਰਹਾਉ ॥

ਹੇ ਵਾਹਿਗੁਰੂ! ਤੂੰ ਮੈਂ, ਨੇਕੀ ਵਿਹੂਣਾ ਦਾ ਪਾਰ ਉਤਾਰਾ ਕਰ ਦੇ। ਠਹਿਰਾਉ।

ਓਪਤਿ ਪਰਲਉ ਪ੍ਰਭ ਤੇ ਹੋਵੈ; ਇਹ ਬੀਚਾਰੀ ਹਰਿ ਜਨੀ ॥੨॥

ਕੇਵਲ ਪ੍ਰਭੂ ਹੀ ਰਚਦਾ ਤੇ ਨਾਸ ਕਰਦਾ ਹੈ। ਰੱਬ ਦੇ ਗੋਲੇ ਐਕੁਰ ਖਿਆਲ ਕਰਦੇ ਹਨ।

ਨਾਮ ਪ੍ਰਭੂ ਕੇ ਜੋ ਰੰਗਿ ਰਾਤੇ; ਕਲਿ ਮਹਿ ਸੁਖੀਏ ਸੇ ਗਨੀ ॥੩॥

ਜੋ ਸੁਆਮੀ ਦੇ ਨਾਮ ਦੀ ਪ੍ਰੀਤ ਨਾਲ ਰੰਗੀਜੇ ਹਨ, ਕੇਵਲ ਓਹੀ ਕਲਜੁਗ ਅੰਦਰ ਸੁਖੀ ਗਿਦੇ ਜਾਂਦੇ ਹਨ।

ਅਵਰੁ ਉਪਾਉ ਨ ਕੋਈ ਸੂਝੈ; ਨਾਨਕ, ਤਰੀਐ ਗੁਰ ਬਚਨੀ ॥੪॥੩॥੨੧॥

ਗੁਰਾਂ ਦੀ ਬਾਣੀ ਰਾਹੀਂ ਹੀ ਜੀਵ ਦਾ ਪਾਰ ਉਤਾਰਾ ਹੋ ਜਾਂਦਾ ਹੈ। ਹੋਰ ਕੋਈ ਤਦਬੀਰ ਨਾਨਕ ਦੇ ਖਿਆਲ ਵਿੱਚ ਨਹੀਂ ਆਉਂਦੀ।


ੴ ਸਤਿਗੁਰ ਪ੍ਰਸਾਦਿ ॥

ਰਾਗੁ ਬਸੰਤ ਹਿੰਡੋਲ। ਨੌਵੀ ਪਾਤਿਸ਼ਾਹੀ।

ਰਾਗੁ ਬਸੰਤੁ ਹਿੰਡੋਲ ਮਹਲਾ ੯ ॥

ਵਾਹਿਗੁਰੂ ਕੇਵਲ ਇੱਕ ਹੈ! ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

ਸਾਧੋ! ਇਹੁ ਤਨੁ ਮਿਥਿਆ ਜਾਨਉ ॥

ਹੇ ਸੰਤੋ! ਜਾਣ ਲਓ ਕਿ ਇਹ ਨਾਸਵੰਤ ਹੈ।

ਯਾ ਭੀਤਰਿ ਜੋ ਰਾਮੁ ਬਸਤੁ ਹੈ; ਸਾਚੋ ਤਾਹਿ ਪਛਾਨੋ ॥੧॥ ਰਹਾਉ ॥

ਪ੍ਰਭੂ, ਜਿਹੜਾ ਇਸ ਦੇ ਅੰਦਰ ਵੱਸਦਾ ਹੈ, ਕੇਵਲ ਉਸ ਨੂੰ ਹੀ ਤੂੰ ਸਦੀਵੀ ਸਥਿਰ ਕਰ ਕੇ ਜਾਣਾ। ਠਹਿਰਾਉ।

ਇਹੁ ਜਗੁ ਹੈ, ਸੰਪਤਿ ਸੁਪਨੇ ਕੀ; ਦੇਖਿ ਕਹਾ ਐਡਾਨੋ ॥

ਇਹ ਸੰਸਾਰ ਸੁਫਨੇ ਵਿੱਚ ਇਕੱਤਰ ਕੀਤੇ ਹੋਏ ਧਨ ਦੀ ਮਾਨੰਦ ਹੈ। ਤੂੰ ਇਸ ਨੂੰ ਵੇਖ ਕੇ ਕਿਉਂ ਹੰਕਾਰਿਆ ਹੋਇਆ ਹੈ?

ਸੰਗਿ ਤਿਹਾਰੈ ਕਛੂ ਨ ਚਾਲੈ; ਤਾਹਿ ਕਹਾ ਲਪਟਾਨੋ ॥੧॥

ਤੇਰੇ ਨਾਲ ਕੁਝ ਨਹੀਂ ਜਾਣਾ, ਤੂੰ ਇਸ ਨਾਲ ਕਿਉਂ ਚਿਮੜਿਆ ਹੋਇਆ ਹੈ?

ਉਸਤਤਿ ਨਿੰਦਾ ਦੋਊ ਪਰਹਰਿ; ਹਰਿ ਕੀਰਤਿ ਉਰਿ ਆਨੋ ॥

ਖੁਸ਼ਾਮਦ ਅਤੇ ਬਦਖੋਈ ਦੋਨਾਂ ਨੂੰ ਛੱਡ ਦੇ ਅਤੇ ਵਾਹਿਗੁਰੂ ਦੀ ਮਹਿਮਾਂ ਨੂੰ ਆਪਣੇ ਹਿਰਦੇ ਵਿੱਚ ਟਿਕਾ।

ਜਨ ਨਾਨਕ ਸਭ ਹੀ ਮੈ ਪੂਰਨ; ਏਕ ਪੁਰਖ ਭਗਵਾਨੋ ॥੨॥੧॥

ਹੇ ਗੋਲੇ ਨਾਨਕ! ਅਦੁੱਤੀ ਸੁਲਖਮਣਾ, ਸੁਆਮੀ ਸਾਰਿਆਂ ਅੰਦਰ ਪਰੀਪੂਰਨ ਹੋ ਰਿਹਾ ਹੈ।


ਬਸੰਤੁ ਹਿੰਡੋਲੁ ਮਹਲਾ ੧ ਘਰੁ ੨

ਬਸੰਤ ਹਿੰਡੋਲ। ਪਹਿਲੀ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

ਨਉ ਸਤ ਚਉਦਹ, ਤੀਨਿ ਚਾਰਿ; ਕਰਿ ਮਹਲਤਿ, ਚਾਰਿ ਬਹਾਲੀ ॥

ਨੌ ਖੰਡਾ, ਸਪਤ ਦੀਪਾਂ, ਚੋਹਾਂ ਜਹਾਨਾਂ, ਤਿੰਨਾਂ ਗੁਣਾ, ਚਾਰ ਯੁਗਾਂ ਅਤੇ ਉਤਪਤੀ ਦੇ ਚਾਰ ਸੋਮਿਆਂ ਨੂੰ ਅਸਥਾਪਨ ਕਰ, ਸੁਆਮੀ ਨੇ ਉਹਨਾਂ ਸਾਰਿਆਂ ਨੂੰ ਆਪਣੇ ਮੰਦਰ ਵਿੱਚ ਬਿਠਾ ਦਿੱਤਾ ਹੈ।

ਚਾਰੇ ਦੀਵੇ, ਚਹੁ ਹਥਿ ਦੀਏ; ਏਕਾ ਏਕਾ ਵਾਰੀ ॥੧॥

ਉਸ ਨੇ ਚਾਰੇ ਹੀ ਦੀਵੇ ਇਕ ਇਕ ਕਰ ਕੇ ਚੋਹਾਂ ਹੀ ਯੁਗਾਂ ਦੇ ਹਥ ਵਿੱਚ ਪਕੜਾ ਦਿੱਤੇ ਹਨ।

ਮਿਹਰਵਾਨ ਮਧੁਸੂਦਨ ਮਾਧੌ! ਐਸੀ ਸਕਤਿ ਤੁਮ੍ਹ੍ਹਾਰੀ ॥੧॥ ਰਹਾਉ ॥

ਮਧਰਾਖਸ਼ ਨੂੰ ਕਾਰਨ ਵਾਲੇ ਅਤੇ ਲਕਸ਼ਮੀ ਦੇ ਸੁਆਮੀ, ਹੈ ਮੇਰੇ ਮਾਇਆਵਾਨ ਮਾਲਕ! ਇਹੋ ਜਿਹੀ ਹੈ ਤੇਰੀ ਤਾਕਤ। ਠਹਿਰਾਉ।

ਘਰਿ ਘਰਿ ਲਸਕਰੁ ਪਾਵਕੁ ਤੇਰਾ; ਧਰਮੁ ਕਰੇ ਸਿਕਦਾਰੀ ॥

ਹਰ ਇਕਸ ਘਰ ਦੀ ਅੱਗ ਤੇਰੀ ਫੌਜ ਹੈ ਅਤੇ ਸਚਾਈ ਚੋਧਰਪੁਣਾ ਕਰਦੀ ਹੈ।

ਧਰਤੀ ਦੇਗ ਮਿਲੈ ਇਕ ਵੇਰਾ; ਭਾਗੁ ਤੇਰਾ ਭੰਡਾਰੀ ॥੨॥

ਜਮੀਨ ਤੇਰਾ ਵਲਟੋਹਾ ਹੈ ਅਤੇ ਜੀਵਾਂ ਨੂੰ ਕੇਵਲ ਇਕ ਵਾਰੀ ਹੀ ਮਿਲਦਾ ਹੈ, । ਪ੍ਰਾਲਬੰਧ ਤੇਰਾ ਮੋਦੀ ਹੈ।

ਨਾ ਸਾਬੂਰੁ ਹੋਵੈ, ਫਿਰਿ ਮੰਗੈ; ਨਾਰਦੁ ਕਰੇ ਖੁਆਰੀ ॥

ਬੇ-ਸਬਰ ਹੋ ਕੇ, ਬੰਦਾ ਮੁੜ ਯਾਂਚਨਾ ਕਰਦਾ ਹੈ ਅਤੇ ਚੰਚਲ ਮਨੂਆ ਉਸ ਨੂੰ ਖੱਜਲ ਕਰਦਾ ਹੈ।

ਲਬੁ ਅਧੇਰਾ ਬੰਦੀਖਾਨਾ; ਅਉਗਣ ਪੈਰਿ ਲੁਹਾਰੀ ॥੩॥

ਲਾਲਚ ਕਾਲਾ ਬੋਲਾ ਕੈਦਖਾਨਾ ਹੈ ਅਤੇ ਬਦੀਆ ਪੈਰਾਂ ਦੀਆਂ ਬੇੜੀਆਂ ਹਨ।

ਪੂੰਜੀ ਮਾਰ, ਪਵੈ ਨਿਤ ਮੁਦਗਰ; ਪਾਪੁ ਕਰੇ ਕੋੁਟਵਾਰੀ ॥

ਦੌਲਤ ਆਪਣੇ ਮੁਤਕਹਰੇ ਨਾਲ ਸਦਾ ਹੀ ਜਿੰਦੜੀ ਨੂੰ ਮਾਰਦੀ ਹੈ ਅਤੇ ਗੁਨਾਹ ਕੋਤਵਾਲਪੁਣਾ ਕਰਦਾ ਹੈ।

ਭਾਵੈ ਚੰਗਾ, ਭਾਵੈ ਮੰਦਾ; ਜੈਸੀ ਨਦਰਿ ਤੁਮ੍ਹ੍ਹਾਰੀ ॥੪॥

ਖਾਹ ਭਲਾ, ਖਾਹ ਬੁਰਾ, ਇਨਸਾਨ ਵੈਸਾ ਹੈ, ਜਿਹੋ ਜਿਹੀ ਤੂੰ ਉਸ ਤੇ ਨਿਗਾਹ ਧਾਰਦਾ ਹੈ, ਹੇ ਸੁਆਮੀ!

ਆਦਿ ਪੁਰਖ ਕਉ ਅਲਹੁ ਕਹੀਐ; ਸੇਖਾਂ ਆਈ ਵਾਰੀ ॥

ਆਦੀ ਪ੍ਰਭੂ ਅੱਲਾ ਆਖਿਆ ਜਾਂਦਾ ਹੈ। ਸ਼ੇਖਾਂ ਦੀ ਵਾਰੀ ਆ ਗਹੀ ਹੈ।

ਦੇਵਲ ਦੇਵਤਿਆ, ਕਰੁ ਲਾਗਾ; ਐਸੀ ਕੀਰਤਿ ਚਾਲੀ ॥੫॥

ਦੇਵਾਂ ਦੇ ਮੰਦਰਾਂ ਨੂੰ ਮਸੂਲ ਲਗਦਾ ਹੈ। ਐਹੋ ਜੇਹਾ ਦਸਤੂਰ ਚਾਲੂ ਹੋ ਗਿਆ ਹੈ।

ਕੂਜਾ ਬਾਂਗ ਨਿਵਾਜ ਮੁਸਲਾ; ਨੀਲ ਰੂਪ ਬਨਵਾਰੀ ॥

ਲੋਟੇ, ਨਮਾਜ਼ ਦੇ ਸੱਦੇ, ਨਮਾਜਾਂ, ਨਮਾਜ਼ ਪੜਨ ਵਾਲੀਆਂ-ਫੂੜ੍ਹੀਆਂ ਹਰ ਥਾਂ ਦਿੱਸਦੀਆਂ ਹਨ ਅਤੇ ਪ੍ਰਭੂ ਨੀਲੇ ਸਰੂਪ ਵਿੱਚ ਹੀ ਦਿਸਦਾ ਹੈ।

ਘਰਿ ਘਰਿ ਮੀਆ ਸਭਨਾਂ ਜੀਆ; ਬੋਲੀ ਅਵਰ ਤੁਮਾਰੀ ॥੬॥

ਹਰ ਧਾਮ ਅੰਦਰ ਸਾਰੇ ਪੁਰਸ਼ ‘ਮੀਂਆ’ ਆਖਦੇ ਹਨ, ਤੁਹਾਡੀ ਭਾਸ਼ਾ ਵਖਰੀ ਹੋ ਗਈ ਹੈ, ਹੇ ਇਨਸਾਨ!

ਜੇ ਤੂ ਮੀਰ ਮਹੀਪਤਿ ਸਾਹਿਬੁ; ਕੁਦਰਤਿ ਕਉਣ ਹਮਾਰੀ? ॥

ਜੇਕਰ ਤੂੰ ਹੇ ਸੁਆਮੀ! ਮੀਰ ਬਾਬਰ ਨੂੰ ਧਰਤੀ ਦਾ ਰਾਜਾ ਬਦਾਉਣਾ ਚਾਹੁੰਦਾ ਹੈ, ਮੇਰੀ ਕੀ ਸੱਤਿਆ ਹੈ ਕਿ ਮੈਂ ਉਜ਼ਰ ਕਰਾਂ?

ਚਾਰੇ ਕੁੰਟ ਸਲਾਮੁ ਕਰਹਿਗੇ; ਘਰਿ ਘਰਿ ਸਿਫਤਿ ਤੁਮ੍ਹ੍ਹਾਰੀ ॥੭॥

ਚੌਹਾਂ ਹੀ ਪਾਸਿਆਂ ਦੇ ਪ੍ਰਾਣੀ ਤੈਨੂੰ ਪ੍ਰਣਾਮ ਕਰਦੇ ਹਨ ਅਤੇ ਹਰ ਧਾਮ ਅੰਦਰ ਤੇਰੀਆਂ ਸਿਫ਼ਤ ਸ਼ਲਾਘਾ ਗਾਇਨ ਕੀਤੀਆਂ ਜਾਂਦੀਆਂ ਹਨ, ਹੇ ਪ੍ਰਭੂ!

ਤੀਰਥ ਸਿੰਮ੍ਰਿਤਿ ਪੁੰਨ ਦਾਨ; ਕਿਛੁ, ਲਾਹਾ ਮਿਲੈ ਦਿਹਾੜੀ ॥

ਧਰਮ ਅਸਥਾਨਾਂ ਦੀਆਂ ਯਾਤ੍ਰਾਂ, ਸਿਮ੍ਰਤੀਆਂ ਦੇ ਪੜ੍ਹਨ ਅਤੇ ਖੈਰਾਤਾਂ ਤੇ ਦਾਤਾਂ ਦੇਣ ਤੋਂ ਕੁਝ ਨਫਾ ਜੋ ਮਜ਼ਦੂਰੀ ਵਜੋ ਮਿਲਦਾ ਹੈ,

ਨਾਨਕ, ਨਾਮੁ ਮਿਲੈ ਵਡਿਆਈ; ਮੇਕਾ ਘੜੀ ਸਮ੍ਹ੍ਹਾਲੀ ॥੮॥੧॥੮॥

ਉਹ ਹੇ ਨਾਨਕ! ਪ੍ਰਭਤਾ-ਪ੍ਰਦਾਨ ਕਰਨ ਵਾਲੇ ਨਾਮ ਦੇ ਇਕ ਮੁਹਤ ਦੇ ਸਿਮਰਨ ਦੁਆਰਾ ਪਰਾਪਤ ਹੋ ਜਾਂਦਾ ਹੈ।


ਬਸੰਤੁ ਹਿੰਡੋਲੁ ਘਰੁ ੨ ਮਹਲਾ ੪

ਬਸੰਤ ਹੰਡੋਲ। ਚੌਥੀ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

ਕਾਂਇਆ ਨਗਰਿ ਇਕੁ ਬਾਲਕੁ ਵਸਿਆ; ਖਿਨੁ ਪਲੁ ਥਿਰੁ ਨ ਰਹਾਈ ॥

ਦੇਹਿ ਦੇ ਪਿੰਡ ਵਿੱਚ ਇਕ ਬੱਚਾ ਵਸਦਾ ਹੈ ਜੋ ਇਕ ਛਿਨ ਤੇ ਮੁਹਤ ਭਰ ਲਈ ਭੀ ਅਸਥਿਰ ਨਹੀਂ ਰਹਿੰਦਾ।

ਅਨਿਕ ਉਪਾਵ ਜਤਨ ਕਰਿ ਥਾਕੇ; ਬਾਰੰ ਬਾਰ ਭਰਮਾਈ ॥੧॥

ਮੈਂ ਅਨੇਕਾਂ ਉਪਰਾਲੇ ਤੇ ਪੁਰਸ਼ਾਂਰਥ ਕਰਦਾ ਹਾਰ ਗਿਆ ਹਾਂ, ਪਰੰਤੂ ਇਹ ਲਗਾਤਾਰ ਭਟਕਦਾ ਫਿਰਦਾ ਹੈ।

ਮੇਰੇ ਠਾਕੁਰ! ਬਾਲਕੁ ਇਕਤੁ ਘਰਿ ਆਣੁ ॥

ਹੇ ਮੇਰੇ ਮਾਲਕ, ਬੱਚੇ ਮਨ ਨੂੰ ਏਕਤਾ ਦੇ ਧਾਮ ਵਿੱਚ ਲਿਆ।

ਸਤਿਗੁਰੁ ਮਿਲੈ ਤ ਪੂਰਾ ਪਾਈਐ; ਭਜੁ ਰਾਮ ਨਾਮੁ ਨੀਸਾਣੁ ॥੧॥ ਰਹਾਉ ॥

ਜੇਕਰ ਬੰਦਾ ਸੱਚੇ ਗੁਰਾਂ ਨੂੰ ਮਿਲ ਪਵੇ, ਤਦ ਉਹ ਪੂਰਨ ਪ੍ਰਭੂ ਨੂੰ ਪਾ ਲੈਂਦਾ ਹੈ। ਸੁਆਮੀ ਦਾ ਸਿਮਰਨ ਕਰਨ ਦੁਆਰਾ ਉਹ ਪ੍ਰਸਿੱਧ ਹੋ ਜਾਂਦਾ ਹੈ। ਠਹਿਰਾਉ।

ਇਹੁ ਮਿਰਤਕੁ ਮੜਾ ਸਰੀਰੁ ਹੈ ਸਭੁ ਜਗੁ; ਜਿਤੁ ਰਾਮ ਨਾਮੁ ਨਹੀ ਵਸਿਆ ॥

ਸਾਰਿਆ ਇਨਸਾਨਾਂ ਦੀਆਂ ਏਹ ਦੇਹਾਂ ਮਰੀਆਂ ਹੋਈਆਂ ਲੋਥਾਂ ਦੀ ਮਾਨੰਦ ਹਨ, ਜਿਨ੍ਹਾਂ ਵਿੱਚ ਪ੍ਰਭੂ ਦਾ ਨਾਮ ਨਿਵਾਸ ਨਹੀਂ ਰਖਦਾ।

ਰਾਮ ਨਾਮੁ ਗੁਰਿ ਉਦਕੁ ਚੁਆਇਆ; ਫਿਰਿ ਹਰਿਆ ਹੋਆ ਰਸਿਆ ॥੨॥

ਜਦ ਗੁਰਾਂ ਨੇ ਬੰਦੇ ਨੂੰ ਪ੍ਰਭੂ ਦੇ ਨਾਮ ਦਾ ਪਾਣੀ ਪਾਨ ਕਰਵਾਇਆ ਤਾਂ ਉਸ ਨੇ ਇਸ ਦਾ ਅਨੰਦ ਲਿਆ ਅਤੇ ਮੁੜ ਪ੍ਰਫੁੱਲਤ ਹੋ ਗਿਆ।

ਮੈ ਨਿਰਖਤ ਨਿਰਖਤ ਸਰੀਰੁ ਸਭੁ ਖੋਜਿਆ; ਇਕੁ ਗੁਰਮੁਖਿ ਚਲਤੁ ਦਿਖਾਇਆ ॥

ਮੈਂ ਆਪਣੀ ਸਾਰੀ ਦੇਹਿ ਨੂੰ ਚੰਗੀ ਤਰ੍ਹਾਂ ਵੇਖਿਆ, ਵੇਖਿਆ ਅਤੇ ਭਾਲਿਆਂ ਹੈ ਅਤੇ ਮੁਖੀ ਗੁਰਾਂ ਨੇ ਮੈਨੂੰ ਇਕ ਅਸਚਰਜ ਨਜਾਰਾ ਵਿਖਾਲ ਦਿੱਤਾ ਹੈ।

ਬਾਹਰੁ ਖੋਜਿ ਮੁਏ ਸਭਿ ਸਾਕਤ; ਹਰਿ ਗੁਰਮਤੀ ਘਰਿ ਪਾਇਆ ॥੩॥

ਸਾਰੇ ਮਾਇਆ ਦੇ ਪੁਜਾਰੀ ਬਾਹਰਵਾਰ ਭਾਲਦੇ ਹੋਏ ਮਰ ਗਹੈ, ਪ੍ਰੰਤੂ ਗੁਰਾਂ ਦੇ ਉਪਦੇਸ਼ ਦੁਆਰਾ, ਮੈਂ ਪ੍ਰਭੂ ਨੂੰ ਆਪਣੇ ਗ੍ਰਹਿ ਵਿੱਚ ਹੀ ਪਾ ਲਿਆ।

ਦੀਨਾ ਦੀਨ ਦਇਆਲ ਭਏ ਹੈ; ਜਿਉ ਕ੍ਰਿਸਨੁ ਬਿਦਰੁ ਘਰਿ ਆਇਆ ॥

ਕ੍ਰਿਸ਼ਨ ਦੀ ਮਾਨੰਦ, ਪ੍ਰਭੂ ਮਸਕੀਨਾਂ ਦੇ ਪਰਮ ਮਸਕੀਨ ਉਤੇ ਮਾਇਆਵਾਨ ਹੋ ਗਿਆ ਹੈ, ਜੋ ਬਿਦਰ ਦੇ ਧਾਮ ਵਿੱਚ ਗਿਆ ਸੀ।

ਮਿਲਿਓ ਸੁਦਾਮਾ ਭਾਵਨੀ ਧਾਰਿ; ਸਭੁ ਕਿਛੁ ਆਗੈ, ਦਾਲਦੁ ਭੰਜਿ ਸਮਾਇਆ ॥੪॥

ਉਸ ਲਈ ਪ੍ਰੀਤ ਧਾਰਨ ਕਰ, ਸੁਦਾਮਾ ਕ੍ਰਿਸ਼ਨ ਨੂੰ ਮਿਲਿਆ, ਜਿਸ ਉਤੇ ਉਸ ਦੇ ਮੁੜ ਘਰ ਪੁਜਣ ਤੋਂ ਪਹਿਲਾਂ ਹੀ ਕ੍ਰਿਸ਼ਨ ਨੇ ਸਭ ਚੀਜ਼ਾਂ ਭੇਜ ਦੇ ਉਸ ਦੀ ਗਰੀਬੀ ਨਾਸ ਅਤੇ ਦੂਰ ਕਰ ਦਿੱਤੀ।

ਰਾਮ ਨਾਮ ਕੀ ਪੈਜ ਵਡੇਰੀ; ਮੇਰੇ ਠਾਕੁਰਿ ਆਪਿ ਰਖਾਈ ॥

ਵਿਸ਼ਾਲ ਹੈ ਪ੍ਰਭਤਾ ਪ੍ਰਭੂ ਦੇ ਨਾਮ ਦੀ, ਮੇਰੇ ਸੁਆਮੀ ਨੇ ਖੁਦ ਹੀ, ਇਸ ਨੂੰ ਮੇਰੇ ਅੰਦਰ ਟਿਕਾਇਆ ਹੈ।

ਜੇ ਸਭਿ ਸਾਕਤ ਕਰਹਿ ਬਖੀਲੀ; ਇਕ ਰਤੀ ਤਿਲੁ ਨ ਘਟਾਈ ॥੫॥

ਜੇਕਰ ਸਾਰੇ ਅਧਰਮੀ ਮੇਰੀ ਨਿੰਦਿਆ ਭੀ ਕਰਨ ਤਾਂ ਭੀ ਇਹ ਇਕ ਭੋਰਾ ਅਤੇ ਕਿਣਕਾ ਮਾਤਰ ਭੀ ਘਟ ਨਹੀਂ ਹੁੰਦੀ।

ਜਨ ਕੀ ਉਸਤਤਿ ਹੈ ਰਾਮ ਨਾਮਾ; ਦਹ ਦਿਸਿ ਸੋਭਾ ਪਾਈ ॥

ਪ੍ਰਭੂ ਦਾ ਨਾਮ ਉਸ ਦੇ ਗੋਲੇ ਦੀ ਮਹਿਮਾ ਹੈ, ਜਿਸ ਦੁਆਰਾ ਉਹ ਦਸੀ ਪਾਸੀ ਇਜ਼ਤ ਆਬਰੂ ਪਾਉਂਦਾ ਹੈ।

ਨਿੰਦਕੁ ਸਾਕਤੁ, ਖਵਿ ਨ ਸਕੈ ਤਿਲੁ; ਅਪਣੈ ਘਰਿ ਲੂਕੀ ਲਾਈ ॥੬॥

ਦੂਸ਼ਨ ਲਾਉਣ ਵਾਲੇ ਅਤੇ ਮਾਇਆ ਦੇ ਪੁਜਾਰੀ ਇਸ ਨੂੰ ਭੋਰਾ ਭਰ ਭੀ ਜਰ ਨਹੀਂ ਸਕਦੇ। ਉਹ ਆਪਣੇ ਝੁਗੇ ਨੂੰ ਹੀ ਅੱਗ ਲਾਉਂਦੇ ਹਨ।

ਜਨ ਕਉ ਜਨੁ ਮਿਲਿ ਸੋਭਾ ਪਾਵੈ; ਗੁਣ ਮਹਿ ਗੁਣ ਪਰਗਾਸਾ ॥

ਸਾਧੂ ਸਾਧੂ ਨਾਲ ਮਿਲ ਕੇ ਪ੍ਰਭਤਾ ਪਰਾਪਤ ਕਰਦਾ ਹੈ ਅਤੇ ਪ੍ਰਭੂ ਦੀਆਂ ਨੇਕੀਆਂ ਉਤੇ ਧਿਆਨ ਜੋੜਨ ਦੁਆਰਾ ਉਹਨਾਂ ਦੀਆਂ ਨੇਕੀਆਂ ਪ੍ਰਗਟ ਹੋ ਜਾਂਦੀਆਂ ਹਨ।

ਮੇਰੇ ਠਾਕੁਰ ਕੇ ਜਨ ਪ੍ਰੀਤਮ ਪਿਆਰੇ; ਜੋ ਹੋਵਹਿ ਦਾਸਨਿ ਦਾਸਾ ॥੭॥

ਮੇਰੇ ਮਾਲਕ ਦੇ ਗੁਮਾਸ਼ਤੇ, ਜਿਹੜੇ ਉਸ ਦੇ ਸੇਵਕਾਂ ਦੇ ਸੇਵਕ ਹਨ, ਉਸ ਨੂੰ ਲਾਡਲੇ ਅਤੇ ਮਿਠੜੇ ਲਗਦੇ ਹਨ।

ਆਪੇ ਜਲੁ ਅਪਰੰਪਰੁ ਕਰਤਾ; ਆਪੇ ਮੇਲਿ ਮਿਲਾਵੈ ॥

ਬੇਅੰਤ ਕਰਤਾਰ ਆਪ ਹੀ ਜਿੰਦੜੀ ਦਾ ਪਾਣੀ ਹੈ ਅਤੇ ਆਪ ਹੀ ਜੀਵ ਨੂੰ ਆਪਣੇ ਮਿਲਾਪ ਵਿੱਚ ਮਿਲਾਉਂਦਾ ਹੈ।

ਨਾਨਕ, ਗੁਰਮੁਖਿ ਸਹਜਿ ਮਿਲਾਏ; ਜਿਉ ਜਲੁ ਜਲਹਿ ਸਮਾਵੈ ॥੮॥੧॥੯॥

ਜਿਸ ਤਰ੍ਹਾਂ ਪਾਣੀ ਨਾਲ ਪਾਣੀ ਅਭੇਦ ਹੋ ਜਾਂਦਾ ਹੈ, ਏਸੇ ਤਰ੍ਹਾਂ ਹੀ ਮੁਖੀ ਗੁਰਦੇਵ ਜੀ ਪ੍ਰਾਣੀ ਨੂੰ ਪ੍ਰਭੂ ਨਾਲ ਮਿਲਾ ਦਿੰਦੇ ਹਨ।


ਬਸੰਤੁ ਹਿੰਡੋਲੁ ਘਰੁ ੨

ਬਸੰਤ ਹਿੰਡੋਲ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

ਮਾਤਾ ਜੂਠੀ, ਪਿਤਾ ਭੀ ਜੂਠਾ; ਜੂਠੇ ਹੀ ਫਲ ਲਾਗੇ ॥

ਮਾਂ ਅਪਵਿੱਤ੍ਰ ਹੈ, ਪਿਓ ਭੀ ਅਪਵਿੱਤ੍ਰ ਹੈ ਅਤੇ ਅਪਵਿੱਤ੍ਰ ਹਨ ਮੇਵੇ ਜੋ ਉਨ੍ਹਾਂ ਨੂੰ ਲਗਦੇ ਹਨ।

ਆਵਹਿ ਜੂਠੇ, ਜਾਹਿ ਭੀ ਜੂਠੇ; ਜੂਠੇ ਮਰਹਿ ਅਭਾਗੇ ॥੧॥

ਅਪਵਿੱਤ੍ਰ ਉਹ ਆਉਂਦੇ ਹਨ, ਅਪਵਿੱਤ੍ਰ ਹੀ ਉਹ ਚਲੇ ਜਾਂਦੇ ਹਨ ਅਤੇ ਨਿਕਰਮਣ ਬੰਦੇ ਅਪਵਿੱਤ੍ਰਤਾ ਅੰਦਰ ਹੀ ਮਰ ਜਾਂਦੇ ਹਨ।

ਕਹੁ ਪੰਡਿਤ! ਸੂਚਾ ਕਵਨੁ ਠਾਉ? ॥

ਹੇ ਪੰਡਿਤ! ਤੂੰ ਮੈਨੂੰ ਦੱਸ, ਕਿਹੜੀ ਥਾਂ ਪਲੀਤ ਨਹੀਂ,

ਜਹਾਂ ਬੈਸਿ, ਹਉ ਭੋਜਨੁ ਖਾਉ ॥੧॥ ਰਹਾਉ ॥

ਜਿਥੇ ਬੈਠ ਕੇ ਮੈਂ ਪ੍ਰਸ਼ਾਦ ਛਕਾਂ? ਠਹਿਰਾਉ।

ਜਿਹਬਾ ਜੂਠੀ, ਬੋਲਤ ਜੂਠਾ; ਕਰਨ ਨੇਤ੍ਰ ਸਭਿ ਜੂਠੇ ॥

ਜੀਭ ਗੰਦੀ ਹੈ, ਜੋ ਕੁਛ ਇਹ ਆਖਦੀ ਹੈ ਉਹ ਗੰਦਾ ਹੈ ਅਤੇ ਕੰਨ ਤੇ ਅੱਖੀਆਂ ਭੀ ਸਮੂਹ ਗੰਦੀਆਂ ਹਨ।

ਇੰਦ੍ਰੀ ਕੀ ਜੂਠਿ, ਉਤਰਸਿ ਨਾਹੀ; ਬ੍ਰਹਮ ਅਗਨਿ ਕੇ ਲੂਠੇ ॥੨॥

ਵਿਸ਼ੇ ਭੌਗ ਅੰਗ ਦੀ ਅਪਵਿੱਤ੍ਰਤਾ ਲਹਿੰਦੀ ਹੀ ਨਹੀਂ। ਤੂੰ ਬ੍ਰਾਹਮਣਪਣੇ ਦੀ ਅਗ ਨਾਲ ਸੜਿਆ ਹੋਇਆ ਹੈ।

ਅਗਨਿ ਭੀ ਜੂਠੀ, ਪਾਨੀ ਜੂਠਾ; ਜੂਠੀ ਬੈਸਿ ਪਕਾਇਆ ॥

ਅੱਗ ਭੀ ਮਲੀਣ ਹੈ, ਜਲ ਮਲੀਣ ਹੈ ਅਤੇ ਮਲੀਣ ਹੈ ਉਹ ਜਗ੍ਹਾ ਜਿਥੇ ਬੈਠ ਕੇ ਤੂੰ ਭੋਜਨ ਬਣਾਉਂਦਾ ਹੈ।

ਜੂਠੀ ਕਰਛੀ ਪਰੋਸਨ ਲਾਗਾ; ਜੂਠੇ ਹੀ ਬੈਠਿ ਖਾਇਆ ॥੩॥

ਮਲੀਣ ਹੈ ਕੜਛੀ, ਜਿਸ ਨਾਲ ਭੋਜਨ ਵਰਤਾਇਆ ਜਾਂਦਾ ਹੈ ਅਤੇ ਮਲੀਣ ਹੈ ਉਹ ਜੋ ਖਾਣ ਲਈ ਬਹਿੰਦਾ ਹੈ।

ਗੋਬਰੁ ਜੂਠਾ, ਚਉਕਾ ਜੂਠਾ; ਜੂਠੀ ਦੀਨੀ ਕਾਰਾ ॥

ਗੋਹਾ ਗੰਦਾ ਹੈ, ਗੰਦਾ ਹੈ ਚੌਕਾਂ ਅਤੇ ਚੁਲ੍ਹਾ ਅਤੇ ਗੰਦੀਆਂ ਹਨ ਲਕੀਰਾ ਜੋ ਇਸ ਦੇ ਉਦਾਲੇ ਖਿੱਚੀਆਂ ਹੋਈਆਂ ਹਨ।

ਕਹਿ ਕਬੀਰ, ਤੇਈ ਨਰ ਸੂਚੇ; ਸਾਚੀ ਪਰੀ ਬਿਚਾਰਾ ॥੪॥੧॥੭॥

ਕਬੀਰ ਜੀ ਆਖਦੇ ਹਨ, ਕੇਵਲ ਉਹ ਇਨਸਾਨ ਹੀ ਪਾਵਨ ਪੁਨੀਤ ਹਨ, ਜਿਨ੍ਰਾਂ ਨੂੰ ਸੱਚੀ ਗਿਆਤ ਪ੍ਰਾਪਤ ਹੋਈ ਹੈ।


ਰਾਮਾਨੰਦ ਜੀ ਘਰੁ ੧

ਰਾਮਾਨੰਦ ਜੀ।

ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

ਕਤ ਜਾਈਐ ਰੇ! ਘਰ ਲਾਗੋ ਰੰਗੁ ॥

ਓ ਮੈਂ ਕਿੱਥੇ ਜਾਵਾਂ! ਮੇਰੇ ਆਪਣੇ ਘਰ ਅੰਦਰ ਹੀ ਖੁਸ਼ੀ ਹੈ।

ਮੇਰਾ ਚਿਤੁ ਨ ਚਲੈ, ਮਨੁ ਭਇਓ ਪੰਗੁ ॥੧॥ ਰਹਾਉ ॥

ਮੇਰਾ ਮਨ ਹੁਣ ਭਟਕਦਾ ਨਹੀਂ। ਇਹ ਮਨੂਆ ਪਿੰਗਲਾ ਹੋ ਗਿਆ ਹੈ। ਠਹਿਰਾਉ।

ਏਕ ਦਿਵਸ, ਮਨ ਭਈ ਉਮੰਗ ॥

ਇਕ ਦਿਨ ਮੇਰੇ ਚਿੱਤ ਅੰਦਰ ਖਾਹਿਸ਼ ਉਤਪੰਨ ਹੋਈ।

ਘਸਿ ਚੰਦਨ ਚੋਆ, ਬਹੁ ਸੁਗੰਧ ॥

ਮੈਂ ਚੰਨਣ ਦੀ ਲੱਕੜੀ ਰਗੜੀ ਅਤੇ ਅਗਰ ਦੀ ਲਕੜ ਦਾ ਅਤਰ ਤੇ ਬਹੁਤ ਸਾਰੀਆਂ ਖੁਸ਼ਬੂਆਂ ਲਈਆਂ।

ਪੂਜਨ ਚਾਲੀ, ਬ੍ਰਹਮ ਠਾਇ ॥

ਮੈਂ ਪ੍ਰਭੂ ਦੇ ਅਸਥਾਨ (ਮੰਦਰ) ਨੂੰ ਉਸ ਦੀ ਉਪਾਸ਼ਨਾ ਕਰਨ ਨੂੰ ਤੁਰ ਪਿਆ।

ਸੋ ਬ੍ਰਹਮੁ ਬਤਾਇਓ, ਗੁਰ ਮਨ ਹੀ ਮਾਹਿ ॥੧॥

ਉਹ ਪ੍ਰਭੂ ਗੁਰਾਂ ਨੇ ਮੈਨੂੰ ਚਿੱਤ ਅੰਦਰ ਹੀ ਵਿਖਾਲ ਦਿਤਾ।

ਜਹਾ ਜਾਈਐ, ਤਹ ਜਲ ਪਖਾਨ ॥

ਜਿਥੇ ਕਿਤੇ ਮੈਂ ਜਾਂਦਾ ਹਾਂ, ਉਥੇ ਮੈਂ ਪਾਣੀ ਤੇ ਪੱਥਰ ਹੀ ਪਾਉਂਦਾ ਹਾਂ।

ਤੂ ਪੂਰਿ ਰਹਿਓ ਹੈ, ਸਭ ਸਮਾਨ ॥

ਤੂੰ ਹੇ ਸੁਆਮੀ! ਸਾਰੀਆਂ ਵਸਤੂਆਂ ਅੰਦਰ ਇਕਸਾਰ ਰਮਿਆ ਹੋਇਆ ਹੈਂ।

ਬੇਦ ਪੁਰਾਨ, ਸਭ ਦੇਖੇ ਜੋਇ ॥

ਵੇਦ ਤੇ ਪੁਰਾਣ ਮੈਂ ਸਾਰੇ ਵੇਖੇ ਅਤੇ ਖੋਜੇ ਹਨ।

ਊਹਾਂ ਤਉ ਜਾਈਐ, ਜਉ ਈਹਾਂ ਨ ਹੋਇ ॥੨॥

ਮੈਂ ਓਥੇ ਕੇਵਲ ਤਦ ਹੀ ਜਾਵਾਂ, ਜੇਕਰ ਪ੍ਰਭੂ ਏਥੇ ਨਾਂ ਹੋਵੇ।

ਸਤਿਗੁਰ! ਮੈ ਬਲਿਹਾਰੀ ਤੋਰ ॥

ਮੇਰੇ ਸੱਚੇ ਗੁਰਦੇਵ ਜੀ, ਕੁਰਬਾਨ ਹਾਂ ਮੈਂ ਤੁਹਾਡੇ ਉਤੇ।

ਜਿਨਿ ਸਕਲ ਬਿਕਲ ਭ੍ਰਮ ਕਾਟੇ ਮੋਰ ॥

ਜਿਨ੍ਹਾਂ ਨੇ ਮੇਰੇ ਸਾਰੇ ਵਿਆਕੁਲਪਣੇ ਅਤੇ ਸੰਦੇਹ ਕੱਟ ਛੱਡੇ ਹਨ।

ਰਾਮਾਨੰਦ ਸੁਆਮੀ, ਰਮਤ ਬ੍ਰਹਮ ॥

ਰਾਮਾਨੰਦ ਦਾ ਮਾਲਕ ਸਰਬ-ਵਿਆਪਕ ਪ੍ਰਭੂ ਹੈ।

ਗੁਰ ਕਾ ਸਬਦੁ, ਕਾਟੈ ਕੋਟਿ ਕਰਮ ॥੩॥੧॥

ਗੁਰਾਂ ਦੀ ਬਾਣੀ, ਕ੍ਰੋੜਾਂ ਹੀ ਮੰਦੇ ਅਮਲਾਂ ਨੂੰ ਨਸ਼ਟ ਕਰ ਦਿੰਦੀ ਹੈ।