ਗੂਜਰੀ ਕੀ ਵਾਰ (ਮਹਲਾ 3), Gujri ki vaar (Mahalla 3) Path in Punjabi Gurbani

ਗੂਜਰੀ ਕੀ ਵਾਰ (ਮਹਲਾ 3), Gujri ki vaar (Mahalla 3) Path in Punjabi Gurbani

ਗੂਜਰੀ ਕੀ ਵਾਰ ਮਹਲਾ ੩ ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ ॥

ਰਾਗ ਗੂਜਰੀ ਵਿੱਚ, ਗੁਰੂ ਅਮਰਦਾਸ ਜੀ ਦੀ ਬਾਣੀ ‘ਵਾਰ’ ਇਸ ਨੂੰ ਸਿਕੰਦਰ ਬਿਰਾਹਿਮ ਦੀ ‘ਵਾਰ’ ਦੀ ਧੁਨ ਨਾਲ ਗਾਉਣਾ ਹੈ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਲੋਕੁ ਮਃ ੩ ॥

ਸਲੋਕ ਗੁਰੂ ਅਮਰਦਾਸ ਜੀ ਦਾ।

ਇਹੁ ਜਗਤੁ ਮਮਤਾ ਮੁਆ ਜੀਵਣ ਕੀ ਬਿਧਿ ਨਾਹਿ ॥

ਇਹ ਜਗਤ ਅਣਪੱਤ (ਇਹ ਚੀਜ਼ ‘ਮੇਰੀ’ ਬਣ ਜਾਏ, ਇਹ ਚੀਜ਼ ‘ਮੇਰੀ’ ਹੋ ਜਾਏ) ਵਿਚ ਇਤਨਾ ਫਸਿਆ ਪਿਆ ਹੈ ਕਿ ਇਸ ਨੂੰ ਜੀਉਣ ਦੀ ਜਾਚ ਨਹੀਂ ਰਹੀ।

ਗੁਰ ਕੈ ਭਾਣੈ ਜੋ ਚਲੈ ਤਾਂ ਜੀਵਣ ਪਦਵੀ ਪਾਹਿ ॥

ਜਿਹੜੇ ਮਨੁੱਖ ਸਤਿਗੁਰੂ ਦੇ ਕਹੇ ਤੇ ਤੁਰਦੇ ਹਨ ਉਹ ਜੀਵਨ-ਜੁਗਤਿ ਸਿੱਖ ਲੈਂਦੇ ਹਨ।

ਓਇ ਸਦਾ ਸਦਾ ਜਨ ਜੀਵਤੇ ਜੋ ਹਰਿ ਚਰਣੀ ਚਿਤੁ ਲਾਹਿ ॥

ਜੋ ਮਨੁੱਖ ਪ੍ਰਭੂ ਦੇ ਚਰਨਾਂ ਵਿਚ ਚਿੱਤ ਜੋੜਦੇ ਹਨ, ਉਹ ਸਮਝੋ, ਸਦਾ ਹੀ ਜੀਉਂਦੇ ਹਨ।

ਨਾਨਕ ਨਦਰੀ ਮਨਿ ਵਸੈ ਗੁਰਮੁਖਿ ਸਹਜਿ ਸਮਾਹਿ ॥੧॥

ਹੇ ਨਾਨਕ! ਗੁਰੂ ਦੇ ਸਨਮੁਖ ਹੋਇਆਂ ਮਿਹਰ ਦਾ ਮਾਲਕ ਪ੍ਰਭੂ ਮਨ ਵਿਚ ਆ ਵੱਸਦਾ ਹੈ ਤੇ ਗੁਰਮੁਖ ਉਸ ਅਵਸਥਾ ਵਿਚ ਜਾ ਅੱਪੜਦੇ ਹਨ ਜਿਥੇ ਪਦਾਰਥਾਂ ਵਲ ਮਨ ਡੋਲਦਾ ਨਹੀਂ ॥੧॥


ਮਃ ੩ ॥
ਅੰਦਰਿ ਸਹਸਾ ਦੁਖੁ ਹੈ ਆਪੈ ਸਿਰਿ ਧੰਧੈ ਮਾਰ ॥

ਉਹਨਾਂ ਦੇ ਮਨ ਵਿਚ ਤੌਖਲਾ ਤੇ ਕਲੇਸ਼ ਟਿਕਿਆ ਰਹਿੰਦਾ ਹੈ, ਤੇ ਦੁਨੀਆ ਦੇ ਝੰਬੇਲਿਆਂ ਦਾ ਇਹ ਖਪਾਣਾ ਆਪਣੇ ਸਿਰ ਉਤੇ ਆਪ ਸਹੇੜਿਆ ਹੋਇਆ ਹੈ,

ਦੂਜੈ ਭਾਇ ਸੁਤੇ ਕਬਹਿ ਨ ਜਾਗਹਿ ਮਾਇਆ ਮੋਹ ਪਿਆਰ ॥

ਜਿਨ੍ਹਾਂ ਦਾ ਮਾਇਆ ਨਾਲ ਮੋਹ ਪਿਆਰ ਹੈ ਜੋ ਮਾਇਆ ਦੇ ਪਿਆਰ ਵਿਚ ਮਸਤ ਹੋ ਰਹੇ ਹਨ (ਇਸ ਗ਼ਫ਼ਲਿਤ ਵਿਚੋਂ) ਕਦੇ ਜਾਗਦੇ ਨਹੀਂ।

ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ ਇਹੁ ਮਨਮੁਖ ਕਾ ਆਚਾਰੁ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਦੀ ਰਹਿਣੀ ਇਹ ਹੈ ਕਿ ਉਹ ਕਦੇ ਗੁਰ-ਸ਼ਬਦ ਨਹੀਂ ਵੀਚਾਰਦੇ ਤੇ ਨਾਮ ਨਹੀ ਜਪਦੇ,

ਹਰਿ ਨਾਮੁ ਨ ਪਾਇਆ ਜਨਮੁ ਬਿਰਥਾ ਗਵਾਇਆ ਨਾਨਕ ਜਮੁ ਮਾਰਿ ਕਰੇ ਖੁਆਰ ॥੨॥

ਹੇ ਨਾਨਕ! ਉਹਨਾਂ ਨੂੰ ਪਰਮਾਤਮਾ ਦਾ ਨਾਮ ਨਸੀਬ ਨਹੀਂ ਹੋਇਆ, ਉਹ ਜਨਮ ਅਜਾਈਂ ਗਵਾਂਦੇ ਹਨ ਤੇ ਜਮ ਉਹਨਾਂ ਨੂੰ ਮਾਰ ਕੇ ਖ਼ੁਆਰ ਕਰਦਾ ਹੈ (ਭਾਵ, ਮੌਤ ਹੱਥੋਂ ਸਦਾ ਸਹਮੇ ਰਹਿੰਦੇ ਹਨ) ॥੨॥


ਪਉੜੀ ॥
ਆਪਣਾ ਆਪੁ ਉਪਾਇਓਨੁ ਤਦਹੁ ਹੋਰੁ ਨ ਕੋਈ ॥

ਜਦੋਂ ਪ੍ਰਭੂ ਨੇ ਆਪਣਾ ਆਪ (ਹੀ) ਪੈਦਾ ਕੀਤਾ ਹੋਇਆ ਸੀ ਤਦੋਂ ਕੋਈ ਹੋਰ ਦੂਜਾ ਨਹੀਂ ਸੀ,

ਮਤਾ ਮਸੂਰਤਿ ਆਪਿ ਕਰੇ ਜੋ ਕਰੇ ਸੁ ਹੋਈ ॥

ਸਲਾਹ ਮਸ਼ਵਰਾ ਭੀ ਉਹ ਆਪ ਹੀ ਕਰਦਾ ਸੀ ਤੇ ਜੋ ਕਰਦਾ ਸੀ ਸੋ ਹੁੰਦਾ ਸੀ।

ਤਦਹੁ ਆਕਾਸੁ ਨ ਪਾਤਾਲੁ ਹੈ ਨਾ ਤ੍ਰੈ ਲੋਈ ॥

ਉਸ ਵੇਲੇ ਨਾ ਆਕਾਸ਼, ਨਾ ਪਾਤਾਲ ਤੇ ਨਾ ਇਹ ਤ੍ਰੈਵੇ ਲੋਕ ਸਨ,

ਤਦਹੁ ਆਪੇ ਆਪਿ ਨਿਰੰਕਾਰੁ ਹੈ ਨਾ ਓਪਤਿ ਹੋਈ ॥

ਕੋਈ ਉਤਪੱਤੀ ਅਜੇ ਨਹੀਂ ਸੀ ਹੋਈ, ਆਕਾਰ-ਰਹਿਤ ਪਰਮਾਤਮਾ ਅਜੇ ਆਪ ਹੀ ਆਪ ਸੀ।

ਜਿਉ ਤਿਸੁ ਭਾਵੈ ਤਿਵੈ ਕਰੇ ਤਿਸੁ ਬਿਨੁ ਅਵਰੁ ਨ ਕੋਈ ॥੧॥

ਜੋ ਪ੍ਰਭੂ ਨੂੰ ਭਾਉਂਦਾ ਹੈ ਉਹੀ ਕਰਦਾ ਹੈ ਉਸ ਤੋਂ ਬਿਨਾ ਹੋਰ ਕੋਈ ਨਹੀਂ ਹੈ ॥੧॥


ਸਲੋਕੁ ਮਃ ੩ ॥
ਸਾਹਿਬੁ ਮੇਰਾ ਸਦਾ ਹੈ ਦਿਸੈ ਸਬਦੁ ਕਮਾਇ ॥

ਮੇਰਾ ਪ੍ਰਭੂ ਸਦਾ ਮੌਜੂਦ ਹੈ, ਪਰ ‘ਸ਼ਬਦ’ ਕਮਾਇਆਂ (ਅੱਖੀਂ) ਦਿੱਸਦਾ ਹੈ,

ਓਹੁ ਅਉਹਾਣੀ ਕਦੇ ਨਾਹਿ ਨਾ ਆਵੈ ਨਾ ਜਾਇ ॥

ਉਹ ਕਦੇ ਨਾਸ ਹੋਣ ਵਾਲਾ ਨਹੀਂ, ਨਾਹ ਜੰਮਦਾ ਹੈ, ਨਾਹ ਮਰਦਾ ਹੈ।

ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹੈ ਸਮਾਇ ॥

ਉਹ ਪ੍ਰਭੂ ਸਭ (ਜੀਵਾਂ) ਵਿਚ ਮੌਜੂਦ ਹੈ ਉਸ ਨੂੰ ਸਦਾ ਸਿਮਰਨਾ ਚਾਹੀਦਾ ਹੈ।

ਅਵਰੁ ਦੂਜਾ ਕਿਉ ਸੇਵੀਐ ਜੰਮੈ ਤੈ ਮਰਿ ਜਾਇ ॥

(ਭਲਾ) ਉਸ ਦੂਜੇ ਦੀ ਭਗਤੀ ਕਿਉਂ ਕਰੀਏ ਜੋ ਜੰਮਦਾ ਹੈ ਤੇ ਮਰ ਜਾਂਦਾ ਹੈ,

ਨਿਹਫਲੁ ਤਿਨ ਕਾ ਜੀਵਿਆ ਜਿ ਖਸਮੁ ਨ ਜਾਣਹਿ ਆਪਣਾ ਅਵਰੀ ਕਉ ਚਿਤੁ ਲਾਇ ॥

ਉਹਨਾਂ ਬੰਦਿਆਂ ਦਾ ਜੀਊਣਾ ਵਿਅਰਥ ਹੈ ਜੋ (ਪ੍ਰਭੂ ਨੂੰ ਛੱਡ ਕੇ) ਕਿਸੇ ਹੋਰ ਵਿਚ ਚਿੱਤ ਲਾ ਕੇ ਆਪਣੇ ਖਸਮ-ਪ੍ਰਭੂ ਨੂੰ ਨਹੀਂ ਪਛਾਣਦੇ।

ਨਾਨਕ ਏਵ ਨ ਜਾਪਈ ਕਰਤਾ ਕੇਤੀ ਦੇਇ ਸਜਾਇ ॥੧॥

ਹੇ ਨਾਨਕ! ਅਜੇਹੇ ਬੰਦਿਆਂ ਨੂੰ ਕਰਤਾਰ ਕਿਤਨੀ ਕੁ ਸਜ਼ਾ ਦੇਂਦਾ ਹੈ, ਇਹ ਗੱਲ ਪਤਾ ਨਹੀਂ ਲਗਦੀ ॥੧॥


ਮਃ ੩ ॥
ਸਚਾ ਨਾਮੁ ਧਿਆਈਐ ਸਭੋ ਵਰਤੈ ਸਚੁ ॥

ਜੋ ਸਦਾ-ਥਿਰ ਪ੍ਰਭੂ ਹਰ ਥਾਂ ਵੱਸਦਾ ਹੈ ਉਸ ਦਾ ਨਾਮ ਸਿਮਰਨਾ ਚਾਹੀਦਾ ਹੈ,

ਨਾਨਕ ਹੁਕਮੁ ਬੁਝਿ ਪਰਵਾਣੁ ਹੋਇ ਤਾ ਫਲੁ ਪਾਵੈ ਸਚੁ ॥

ਹੇ ਨਾਨਕ! ਜੇ ਮਨੁੱਖ ਪ੍ਰਭੂ ਦੀ ਰਜ਼ਾ ਨੂੰ ਸਮਝੇ ਤਾਂ ਉਸ ਦੀ ਹਜ਼ੂਰੀ ਵਿਚ ਕਬੂਲ ਹੁੰਦਾ ਹੈ ਤੇ (ਇਹ ਪ੍ਰਭੂ-ਦਰ ਤੇ ਪ੍ਰਵਾਨਗੀ-ਰੂਪ) ਸਦਾ ਟਿਕੇ ਰਹਿਣ ਵਾਲਾ ਫਲ ਪ੍ਰਾਪਤ ਕਰਦਾ ਹੈ।

ਕਥਨੀ ਬਦਨੀ ਕਰਤਾ ਫਿਰੈ ਹੁਕਮੈ ਮੂਲਿ ਨ ਬੁਝਈ ਅੰਧਾ ਕਚੁ ਨਿਕਚੁ ॥੨॥

ਪਰ ਜੋ ਮਨੁੱਖ ਨਿਰੀਆਂ ਮੂੰਹ ਦੀਆਂ ਗੱਲਾਂ ਕਰਦਾ ਫਿਰਦਾ ਹੈ, ਪ੍ਰਭੂ ਦੀ ਰਜ਼ਾ ਨੂੰ ਉੱਕਾ ਨਹੀਂ ਸਮਝਦਾ, ਉਹ ਅੰਨ੍ਹਾ ਹੈ ਤੇ ਨਿਰੀਆਂ ਕੱਚੀਆਂ ਗੱਲਾਂ ਕਰਨ ਵਾਲਾ ਹੈ ॥੨॥


ਪਉੜੀ ॥
ਸੰਜੋਗੁ ਵਿਜੋਗੁ ਉਪਾਇਓਨੁ ਸ੍ਰਿਸਟੀ ਕਾ ਮੂਲੁ ਰਚਾਇਆ ॥

ਪਰਮਾਤਮਾ ਨੇ ਸੰਜੋਗ ਤੇ ਵਿਜੋਗ-ਰੂਪ ਨੇਮ ਬਣਾਇਆ ਤੇ ਜਗਤ (ਰਚਨਾ) ਦਾ ਮੁੱਢ ਬੰਨ੍ਹ ਦਿੱਤਾ।

ਹੁਕਮੀ ਸ੍ਰਿਸਟਿ ਸਾਜੀਅਨੁ ਜੋਤੀ ਜੋਤਿ ਮਿਲਾਇਆ ॥

ਉਸ ਨੇ ਆਪਣੇ ਹੁਕਮ ਵਿਚ ਸ੍ਰਿਸ਼ਟੀ ਸਾਜੀ ਤੇ (ਜੀਵਾਂ ਦੀ) ਆਤਮਾ ਵਿਚ (ਆਪਣੀ) ਜੋਤਿ ਰਲਾਈ।

ਜੋਤੀ ਹੂੰ ਸਭੁ ਚਾਨਣਾ ਸਤਿਗੁਰਿ ਸਬਦੁ ਸੁਣਾਇਆ ॥

ਇਹ ਸਾਰਾ ਪ੍ਰਕਾਸ਼ ਪ੍ਰਭੂ ਦੀ ਜੋਤਿ ਤੋਂ ਹੀ ਹੋਇਆ ਹੈ-ਇਹ ਬਚਨ ਸਤਿਗੁਰੂ ਨੇ ਸੁਣਾਇਆ ਹੈ।

ਬ੍ਰਹਮਾ ਬਿਸਨੁ ਮਹੇਸੁ ਤ੍ਰੈ ਗੁਣ ਸਿਰਿ ਧੰਧੈ ਲਾਇਆ ॥

ਬ੍ਰਹਮਾ, ਵਿਸ਼ਨੂ ਤੇ ਸ਼ਿਵ ਪੈਦਾ ਕਰ ਕੇ ਉਹਨਾਂ ਨੂੰ ਤਿੰਨਾਂ ਗੁਣਾਂ ਦੇ ਧੰਧੇ ਵਿਚ ਉਸ ਨੇ ਪਾ ਦਿੱਤਾ।

ਮਾਇਆ ਕਾ ਮੂਲੁ ਰਚਾਇਓਨੁ ਤੁਰੀਆ ਸੁਖੁ ਪਾਇਆ ॥੨॥

ਪਰਮਾਤਮਾ ਨੇ (ਸੰਜੋਗ ਵਿਜੋਗ-ਰੂਪ) ਮਾਇਆ ਦਾ ਮੁੱਢ ਰਚ ਦਿੱਤਾ, (ਇਸ ਮਾਇਆ ਵਿਚ ਰਹਿ ਕੇ) ਸੁਖ ਉਸ ਨੇ ਲੱਭਾ ਜੋ ਤੁਰੀਆ ਅਵਸਥਾ ਵਿਚ ਅੱਪੜਿਆ ॥੨॥


ਸਲੋਕੁ ਮਃ ੩ ॥
ਸੋ ਜਪੁ ਸੋ ਤਪੁ ਜਿ ਸਤਿਗੁਰ ਭਾਵੈ ॥

ਇਹੀ ਜਪ ਹੈ ਤੇ ਇਹੀ ਤਪ ਹੈ ਜੋ ਸਤਿਗੁਰੂ ਨੂੰ ਭਾ ਜਾਂਦਾ ਹੈ (ਚੰਗਾ ਲੱਗ ਪੈਂਦਾ),

ਸਤਿਗੁਰ ਕੈ ਭਾਣੈ ਵਡਿਆਈ ਪਾਵੈ ॥

ਮਨੁੱਖ ਸਤਿਗੁਰੂ ਦੀ ਰਜ਼ਾ ਵਿਚ ਰਹਿ ਕੇ ਹੀ ਆਦਰ ਮਾਣ ਹਾਸਲ ਕਰਦਾ ਹੈ।

ਨਾਨਕ ਆਪੁ ਛੋਡਿ ਗੁਰ ਮਾਹਿ ਸਮਾਵੈ ॥੧॥

ਹੇ ਨਾਨਕ! ਆਪਾ-ਭਾਵ ਤਿਆਗ ਕੇ ਹੀ (ਮਨੁੱਖ) ਸਤਿਗੁਰੂ ਵਿਚ ਲੀਨ ਹੋ ਜਾਂਦਾ ਹੈ ॥੧॥


ਮਃ ੩ ॥
ਗੁਰ ਕੀ ਸਿਖ ਕੋ ਵਿਰਲਾ ਲੇਵੈ ॥

ਕੋਈ ਵਿਰਲਾ ਬੰਦਾ ਸਤਿਗੁਰੂ ਦੀ ਸਿੱਖਿਆ ਲੈਂਦਾ ਹੈ (ਭਾਵ, ਸਿੱਖਿਆ ਤੇ ਤੁਰਦਾ ਹੈ),

ਨਾਨਕ ਜਿਸੁ ਆਪਿ ਵਡਿਆਈ ਦੇਵੈ ॥੨॥

ਹੇ ਨਾਨਕ! (ਗੁਰ-ਸਿੱਖਿਆ ਤੇ ਤੁਰਨ ਦੀ) ਵਡਿਆਈ ਉਸੇ ਨੂੰ ਮਿਲਦੀ ਹੈ ਜਿਸ ਨੂੰ ਪ੍ਰਭੂ ਆਪ ਦੇਂਦਾ ਹੈ ॥੨॥


ਪਉੜੀ ॥
ਮਾਇਆ ਮੋਹੁ ਅਗਿਆਨੁ ਹੈ ਬਿਖਮੁ ਅਤਿ ਭਾਰੀ ॥

ਮਾਇਆ ਦਾ ਮੋਹ ਤੇ ਅਗਿਆਨ (ਰੂਪ ਸਮੁੰਦਰ) ਬੜਾ ਭਾਰਾ ਔਖਾ ਹੈ;

ਪਥਰ ਪਾਪ ਬਹੁ ਲਦਿਆ ਕਿਉ ਤਰੀਐ ਤਾਰੀ ॥

ਜੇ ਬੜੇ ਪਾਪਾਂ (ਰੂਪ) ਪੱਥਰਾਂ ਨਾਲ ਲੱਦੇ ਹੋਵੀਏ (ਤਾਂ ਇਸ ਸਮੁੰਦਰ ਵਿਚੋਂ) ਕਿਵੇਂ ਤਰ ਕੇ ਲੰਘ ਸਕੀਦਾ ਹੈ? (ਭਾਵ, ਇਸ ਮੋਹ-ਸਮੁੰਦਰ ਵਿਚੋਂ ਸੁੱਕਾ ਬਚ ਕੇ ਲੰਘ ਨਹੀਂ ਸਕੀਦਾ)।

ਅਨਦਿਨੁ ਭਗਤੀ ਰਤਿਆ ਹਰਿ ਪਾਰਿ ਉਤਾਰੀ ॥

ਪ੍ਰਭੂ ਉਹਨਾਂ ਮਨੁੱਖਾਂ ਨੂੰ ਪਾਰ ਲੰਘਾਂਦਾ ਹੈ ਜੋ ਹਰ ਰੋਜ਼ (ਭਾਵ, ਹਰ ਵੇਲੇ) ਉਸ ਦੀ ਭਗਤੀ ਵਿਚ ਰੰਗੇ ਹੋਏ ਹਨ,

ਗੁਰਸਬਦੀ ਮਨੁ ਨਿਰਮਲਾ ਹਉਮੈ ਛਡਿ ਵਿਕਾਰੀ ॥

ਜਿਨ੍ਹਾਂ ਦਾ ਮਨ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹਉਮੈ ਵਿਕਾਰ ਨੂੰ ਛੱਡ ਕੇ ਪਵਿੱਤ੍ਰ ਹੋ ਜਾਂਦਾ ਹੈ।

ਹਰਿ ਹਰਿ ਨਾਮੁ ਧਿਆਈਐ ਹਰਿ ਹਰਿ ਨਿਸਤਾਰੀ ॥੩॥

(ਸੋ) ਪ੍ਰਭੂ ਦਾ ਹੀ ਨਾਮ ਸਿਮਰਨਾ ਚਾਹੀਦਾ ਹੈ, ਪ੍ਰਭੂ ਹੀ (ਇਸ ‘ਮਾਇਆ-ਮੋਹ’ ਰੂਪ ਸਮੁੰਦਰ ਤੋਂ) ਪਾਰ ਲੰਘਾਂਦਾ ਹੈ ॥੩॥


ਸਲੋਕੁ ॥
ਕਬੀਰ ਮੁਕਤਿ ਦੁਆਰਾ ਸੰਕੁੜਾ ਰਾਈ ਦਸਵੈ ਭਾਇ ॥

ਹੇ ਕਬੀਰ! (ਮਾਇਆ ਦੇ ਮੋਹ ਤੋਂ) ਖ਼ਲਾਸੀ (ਪਾਣ) ਦਾ ਦਰਵਾਜ਼ਾ ਇਤਨਾ ਸੁੰਗੜਿਆ ਹੋਇਆ ਹੈ ਕਿ ਰਾਈ ਦੇ ਦਾਣੇ ਤੋਂ ਭੀ ਦਸਵਾਂ ਹਿੱਸਾ ਹੈ;

ਮਨੁ ਤਉ ਮੈਗਲੁ ਹੋਇ ਰਹਾ ਨਿਕਸਿਆ ਕਿਉ ਕਰਿ ਜਾਇ ॥

ਪਰ (ਅਸਾਡਾ) ਮਨ (ਹਉਮੈ ਨਾਲ) ਮਸਤ ਹਾਥੀ ਬਣਿਆ ਪਿਆ ਹੈ (ਇਸ ਵਿਚੋਂ) ਕਿਵੇਂ ਲੰਘਿਆ ਜਾ ਸਕੇ?

ਐਸਾ ਸਤਿਗੁਰੁ ਜੇ ਮਿਲੈ ਤੁਠਾ ਕਰੇ ਪਸਾਉ ॥

ਜੇ ਕੋਈ ਅਜੇਹਾ ਗੁਰੂ ਮਿਲ ਪਏ ਜੋ ਪ੍ਰਸੰਨ ਹੋ ਕੇ ਕਿਰਪਾ ਕਰੇ,

ਮੁਕਤਿ ਦੁਆਰਾ ਮੋਕਲਾ ਸਹਜੇ ਆਵਉ ਜਾਉ ॥੧॥

ਤਾਂ ਮੁਕਤੀ ਦਾ ਰਾਹ ਬੜਾ ਖੁਲ੍ਹਾ ਹੋ ਜਾਂਦਾ ਹੈ, ਉਸ ਵਿਚੋਂ ਸੌਖੇ ਹੀ ਆ ਜਾ ਸਕੀਦਾ ਹੈ ॥੧॥


ਮਃ ੩ ॥
ਨਾਨਕ ਮੁਕਤਿ ਦੁਆਰਾ ਅਤਿ ਨੀਕਾ ਨਾਨੑਾ ਹੋਇ ਸੁ ਜਾਇ ॥

ਹੇ ਨਾਨਕ! ਮਾਇਆ ਦੇ ਮੋਹ ਤੋਂ ਬਚ ਕੇ ਲੰਘਣ ਦਾ ਰਸਤਾ ਬਹੁਤ ਨਿੱਕਾ ਜਿਹਾ ਹੈ, ਉਹੀ ਇਸ ਵਿਚੋਂ ਲੰਘ ਸਕਦਾ ਹੈ ਜੋ ਬਹੁਤ ਨਿੱਕਾ ਹੋ ਜਾਏ।

ਹਉਮੈ ਮਨੁ ਅਸਥੂਲੁ ਹੈ ਕਿਉ ਕਰਿ ਵਿਚੁ ਦੇ ਜਾਇ ॥

ਪਰ ਜੇ ਮਨ ਹਉਮੈ ਨਾਲ ਮੋਟਾ ਹੋ ਗਿਆ, ਤਾਂ ਇਸ (ਨਿੱਕੇ ਜਿਹੇ ਦਰਵਾਜ਼ੇ) ਵਿਚੋਂ ਦੀ ਕਿਵੇਂ ਲੰਘਿਆ ਜਾ ਸਕੇ?

ਸਤਿਗੁਰ ਮਿਲਿਐ ਹਉਮੈ ਗਈ ਜੋਤਿ ਰਹੀ ਸਭ ਆਇ ॥

ਜਦੋਂ ਗੁਰੂ ਮਿਲਿਆਂ ਹਉਮੈ ਦੂਰ ਹੋ ਜਾਏ ਤਾਂ ਅੰਦਰ ਪ੍ਰਕਾਸ਼ ਹੋ ਜਾਂਦਾ ਹੈ,

ਇਹੁ ਜੀਉ ਸਦਾ ਮੁਕਤੁ ਹੈ ਸਹਜੇ ਰਹਿਆ ਸਮਾਇ ॥੨॥

ਫਿਰ ਇਹ ਆਤਮਾ ਸਦਾ (ਮਾਇਆ-ਮੋਹ ਤੋਂ) ਆਜ਼ਾਦ ਰਹਿੰਦਾ ਹੈ ਤੇ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ ॥੨॥


ਪਉੜੀ ॥
ਪ੍ਰਭਿ ਸੰਸਾਰੁ ਉਪਾਇ ਕੈ ਵਸਿ ਆਪਣੈ ਕੀਤਾ ॥

ਪ੍ਰਭੂ ਨੇ ਜਗਤ ਪੈਦਾ ਕਰ ਕੇ ਆਪਣੇ ਵੱਸ ਵਿਚ ਰੱਖਿਆ ਹੋਇਆ ਹੈ,

ਗਣਤੈ ਪ੍ਰਭੂ ਨ ਪਾਈਐ ਦੂਜੈ ਭਰਮੀਤਾ ॥

(ਪਰ ਮਾਇਆ ਦੀਆਂ ਹੀ) ਵਿਚਾਰਾਂ ਕੀਤਿਆਂ ਪ੍ਰਭੂ ਨਹੀਂ ਮਿਲਦਾ, (ਸਗੋਂ) ਮਾਇਆ ਵਿਚ ਹੀ ਭਟਕੀਦਾ ਹੈ।

ਸਤਿਗੁਰ ਮਿਲਿਐ ਜੀਵਤੁ ਮਰੈ ਬੁਝਿ ਸਚਿ ਸਮੀਤਾ ॥

ਗੁਰੂ ਮਿਲਿਆਂ ਜੇ ਮਨੁੱਖ ਜੀਊਂਦਾ (ਮਾਇਆ ਵਲੋਂ) ਮਰੇ ਤਾਂ ਅਸਲੀਅਤ ਸਮਝ ਕੇ ਸੱਚੇ ਪ੍ਰਭੂ ਦੇ ਮੇਲ ਵਿਚ ਮਿਲ ਜਾਂਦਾ ਹੈ।

ਸਬਦੇ ਹਉਮੈ ਖੋਈਐ ਹਰਿ ਮੇਲਿ ਮਿਲੀਤਾ ॥

ਗੁਰੂ ਦੇ ਉਪਦੇਸ ਨਾਲ ਹੰਕਾਰ ਮਰ ਜਾਂਦਾ ਹੈ ਤੇ ਪ੍ਰਭੂ ਨਾਲ ਮੇਲ ਹੋ ਜਾਂਦਾ ਹੈ,

ਸਭ ਕਿਛੁ ਜਾਣੈ ਕਰੇ ਆਪਿ ਆਪੇ ਵਿਗਸੀਤਾ ॥੪॥

ਤੇ (ਇਹ ਸਮਝ ਆ ਜਾਂਦੀ ਕਿ) ਪ੍ਰਭੂ ਆਪ ਹੀ ਸਭ ਕੁਝ ਜਾਣਦਾ ਹੈ, ਆਪ ਹੀ ਕਰਦਾ ਹੈ ਤੇ ਆਪ ਹੀ (ਵੇਖ ਕੇ) ਖ਼ੁਸ਼ ਹੁੰਦਾ ਹੈ ॥੪॥


ਸਲੋਕੁ ਮਃ ੩ ॥
ਸਤਿਗੁਰ ਸਿਉ ਚਿਤੁ ਨ ਲਾਇਓ ਨਾਮੁ ਨ ਵਸਿਓ ਮਨਿ ਆਇ ॥

ਜੇ ਗੁਰੂ ਨਾਲ ਚਿੱਤ ਨਾਹ ਲਾਇਆ ਤੇ ਪ੍ਰਭੂ ਦਾ ਨਾਮ ਮਨ ਵਿਚ ਨਾਹ ਵੱਸਿਆ,

ਧ੍ਰਿਗੁ ਇਵੇਹਾ ਜੀਵਿਆ ਕਿਆ ਜੁਗ ਮਹਿ ਪਾਇਆ ਆਇ ॥

ਤਾਂ ਫਿਟੇ-ਮੂੰਹ ਇਸ ਜੀਊਣ ਨੂੰ! ਮਨੁੱਖਾ-ਜਨਮ ਵਿਚ ਆ ਕੇ ਕੀਹ ਖੱਟਿਆ?

ਮਾਇਆ ਖੋਟੀ ਰਾਸਿ ਹੈ ਏਕ ਚਸੇ ਮਹਿ ਪਾਜੁ ਲਹਿ ਜਾਇ ॥

ਮਾਇਆ ਤਾਂ ਖੋਟੀ ਪੂੰਜੀ ਹੈ, ਇਸ ਦਾ ਪਾਜ ਤਾਂ ਇਕ ਪਲਕ ਵਿਚ ਲਹਿ ਜਾਂਦਾ ਹੈ,

ਹਥਹੁ ਛੁੜਕੀ ਤਨੁ ਸਿਆਹੁ ਹੋਇ ਬਦਨੁ ਜਾਇ ਕੁਮਲਾਇ ॥

ਜੇ ਇਹ ਗੁਆਚ ਜਾਏ (ਇਸ ਦੇ ਗ਼ਮ ਨਾਲ) ਸਰੀਰ ਕਾਲਾ ਹੋ ਜਾਂਦਾ ਹੈ ਤੇ ਮੂੰਹ ਕੁਮਲਾ ਜਾਂਦਾ ਹੈ।

ਜਿਨ ਸਤਿਗੁਰ ਸਿਉ ਚਿਤੁ ਲਾਇਆ ਤਿਨੑ ਸੁਖੁ ਵਸਿਆ ਮਨਿ ਆਇ ॥

ਜਿਨ੍ਹਾਂ ਮਨੁੱਖਾਂ ਨੇ ਗੁਰੂ ਨਾਲ ਚਿੱਤ ਜੋੜਿਆ ਉਹਨਾਂ ਦੇ ਮਨ ਵਿਚ ਸ਼ਾਂਤੀ ਆ ਵੱਸਦੀ ਹੈ;

ਹਰਿ ਨਾਮੁ ਧਿਆਵਹਿ ਰੰਗ ਸਿਉ ਹਰਿ ਨਾਮਿ ਰਹੇ ਲਿਵ ਲਾਇ ॥

ਉਹ ਪਿਆਰ ਨਾਲ ਪ੍ਰਭੂ ਦਾ ਨਾਮ ਸਿਮਰਦੇ ਹਨ, ਪ੍ਰਭੂ-ਨਾਮ ਵਿਚ ਸੁਰਤਿ ਜੋੜੀ ਰੱਖਦੇ ਹਨ।

ਨਾਨਕ ਸਤਿਗੁਰ ਸੋ ਧਨੁ ਸਉਪਿਆ ਜਿ ਜੀਅ ਮਹਿ ਰਹਿਆ ਸਮਾਇ ॥

ਹੇ ਨਾਨਕ! ਇਹ ਨਾਮ-ਧਨ ਪ੍ਰਭੂ ਨੇ ਸਤਿਗੁਰੂ ਨੂੰ ਸੌਂਪਿਆ ਹੈ, ਇਹ ਧਨ ਗੁਰੂ ਦੇ ਆਤਮਾ ਵਿਚ ਰਚਿਆ ਹੋਇਆ ਹੈ;

ਰੰਗੁ ਤਿਸੈ ਕਉ ਅਗਲਾ ਵੰਨੀ ਚੜੈ ਚੜਾਇ ॥੧॥

(ਜੋ ਮਨੁੱਖ ਗੁਰੂ ਤੋਂ ਨਾਮ ਧਨ ਲੈਂਦਾ ਹੈ) ਉਸੇ ਨੂੰ ਨਾਮ-ਰੰਗ ਬਹੁਤ ਚੜ੍ਹਦਾ ਹੈ, ਤੇ ਇਹ ਰੰਗ ਨਿੱਤ ਚਮਕਦਾ ਹੈ (ਦੂਣਾ ਚਉਣਾ ਹੁੰਦਾ ਹੈ) ॥੧॥


ਮਃ ੩ ॥
ਮਾਇਆ ਹੋਈ ਨਾਗਨੀ ਜਗਤਿ ਰਹੀ ਲਪਟਾਇ ॥

ਮਾਇਆ ਸੱਪਣੀ ਬਣੀ ਹੋਈ ਹੈ ਜਗਤ ਵਿਚ (ਹਰੇਕ ਜੀਵ ਨੂੰ) ਚੰਬੜੀ ਹੋਈ ਹੈ,

ਇਸ ਕੀ ਸੇਵਾ ਜੋ ਕਰੇ ਤਿਸ ਹੀ ਕਉ ਫਿਰਿ ਖਾਇ ॥

ਜੋ ਇਸ ਦਾ ਗ਼ੁਲਾਮ ਬਣਦਾ ਹੈ ਉਸੇ ਨੂੰ ਇਹ ਮਾਰ ਮੁਕਾਂਦੀ ਹੈ।

ਗੁਰਮੁਖਿ ਕੋਈ ਗਾਰੜੂ ਤਿਨਿ ਮਲਿ ਦਲਿ ਲਾਈ ਪਾਇ ॥

ਕੋਈ ਵਿਰਲਾ ਗੁਰਮੁਖ ਹੁੰਦਾ ਹੈ ਜੋ ਇਸ ਮਾਇਆ-ਸੱਪਣੀ ਦੇ ਜ਼ਹਿਰ ਦਾ ਮੰਤ੍ਰ ਜਾਣਦਾ ਹੈ, ਉਸ ਨੇ ਇਸ ਨੂੰ ਚੰਗੀ ਤਰ੍ਹਾਂ ਮਲ ਕੇ ਪੈਰਾਂ ਹੇਠ ਸੁੱਟ ਲਿਆ ਹੈ।

ਨਾਨਕ ਸੇਈ ਉਬਰੇ ਜਿ ਸਚਿ ਰਹੇ ਲਿਵ ਲਾਇ ॥੨॥

ਹੇ ਨਾਨਕ! ਇਸ ਮਾਇਆ ਸੱਪਣੀ ਤੋਂ ਉਹੀ ਬਚੇ ਹਨ ਜੋ ਸੱਚੇ ਪ੍ਰਭੂ ਵਿਚ ਸੁਰਤਿ ਜੋੜਦੇ ਹਨ ॥੨॥


ਪਉੜੀ ॥
ਢਾਢੀ ਕਰੇ ਪੁਕਾਰ ਪ੍ਰਭੂ ਸੁਣਾਇਸੀ ॥

ਜਦੋਂ ਮਨੁੱਖ ਢਾਢੀ ਬਣ ਕੇ ਅਰਦਾਸ ਕਰਦਾ ਹੈ ਤੇ ਪ੍ਰਭੂ ਨੂੰ ਸੁਣਾਂਦਾ ਹੈ,

ਅੰਦਰਿ ਧੀਰਕ ਹੋਇ ਪੂਰਾ ਪਾਇਸੀ ॥

ਤਾਂ ਇਸ ਦੇ ਅੰਦਰ ਧੀਰਜ ਆਉਂਦੀ ਹੈ (ਮਾਇਆ-ਮੋਹ ਤੇ ਹਉਮੈ ਦੂਰ ਹੁੰਦੇ ਹਨ) ਤੇ ਪੂਰਾ ਪ੍ਰਭੂ ਇਸ ਨੂੰ ਮਿਲਦਾ ਹੈ।

ਜੋ ਧੁਰਿ ਲਿਖਿਆ ਲੇਖੁ ਸੇ ਕਰਮ ਕਮਾਇਸੀ ॥

ਧੁਰੋਂ (ਪਿਛਲੀ ਕੀਤੀ ਸਿਫ਼ਤ-ਸਾਲਾਹ ਅਨੁਸਾਰ) ਜੋ (ਭਗਤੀ ਦਾ) ਲੇਖ ਮੱਥੇ ਤੇ ਉੱਘੜਦਾ ਹੈ ਤੇ ਉਹੋ ਜਿਹੇ (ਭਾਵ, ਸਿਫ਼ਤ-ਸਾਲਾਹ ਵਾਲੇ) ਕੰਮ ਕਰਦਾ ਹੈ।

ਜਾ ਹੋਵੈ ਖਸਮੁ ਦਇਆਲੁ ਤਾ ਮਹਲੁ ਘਰੁ ਪਾਇਸੀ ॥

(ਇਸ ਤਰ੍ਹਾਂ) ਜਦੋਂ ਖਸਮ ਦਿਆਲ ਹੁੰਦਾ ਹੈ ਤਾਂ ਇਸ ਨੂੰ ਪ੍ਰਭੂ ਦਾ ਮਹਿਲ-ਰੂਪ ਅਸਲ ਘਰ ਲੱਭ ਪੈਂਦਾ ਹੈ।

ਸੋ ਪ੍ਰਭੁ ਮੇਰਾ ਅਤਿ ਵਡਾ ਗੁਰਮੁਖਿ ਮੇਲਾਇਸੀ ॥੫॥

ਪਰ ਮੇਰਾ ਉਹ ਪ੍ਰਭੂ ਹੈ ਬਹੁਤ ਵੱਡਾ, ਗੁਰੂ ਦੀ ਰਾਹੀਂ ਹੀ ਮਿਲਦਾ ਹੈ ॥੫॥


ਸਲੋਕ ਮਃ ੩ ॥
ਸਭਨਾ ਕਾ ਸਹੁ ਏਕੁ ਹੈ ਸਦ ਹੀ ਰਹੈ ਹਜੂਰਿ ॥

ਸਭ (ਜੀਵ-ਇਸਤ੍ਰੀਆਂ) ਦਾ ਖਸਮ ਇਕ ਪਰਮਾਤਮਾ ਹੈ ਜੋ ਸਦਾ ਹੀ ਇਹਨਾਂ ਦੇ ਅੰਗ-ਸੰਗ ਰਹਿੰਦਾ ਹੈ,

ਨਾਨਕ ਹੁਕਮੁ ਨ ਮੰਨਈ ਤਾ ਘਰ ਹੀ ਅੰਦਰਿ ਦੂਰਿ ॥

ਪਰ, ਹੇ ਨਾਨਕ! ਜੋ (ਜੀਵ-ਇਸਤ੍ਰੀ) ਉਸ ਦਾ ਹੁਕਮ ਨਹੀਂ ਮੰਨਦੀ (ਉਸ ਦੀ ਰਜ਼ਾ ਵਿਚ ਨਹੀਂ ਤੁਰਦੀ) ਉਸ ਨੂੰ ਉਹ ਖਸਮ ਹਿਰਦੇ-ਘਰ ਵਿਚ ਵੱਸਦਾ ਹੋਇਆ ਭੀ ਕਿਤੇ ਦੂਰ ਵੱਸਦਾ ਜਾਪਦਾ ਹੈ।

ਹੁਕਮੁ ਭੀ ਤਿਨੑਾ ਮਨਾਇਸੀ ਜਿਨੑ ਕਉ ਨਦਰਿ ਕਰੇਇ ॥

ਹੁਕਮ ਭੀ ਉਹਨਾਂ ਹੀ (ਜੀਵ-ਇਸਤ੍ਰੀਆਂ) ਤੋਂ ਮਨਾਂਦਾ ਹੈ ਜਿਨ੍ਹਾਂ ਉੱਤੇ ਮਿਹਰ ਦੀ ਨਜ਼ਰ ਕਰਦਾ ਹੈ;

ਹੁਕਮੁ ਮੰਨਿ ਸੁਖੁ ਪਾਇਆ ਪ੍ਰੇਮ ਸੁਹਾਗਣਿ ਹੋਇ ॥੧॥

ਜਿਸ ਨੇ ਹੁਕਮ ਮੰਨ ਕੇ ਸੁਖ ਹਾਸਲ ਕੀਤਾ ਹੈ, ਉਹ ਪ੍ਰੇਮ ਵਾਲੀ ਚੰਗੇ ਭਾਗਾਂ ਵਾਲੀ ਹੋ ਜਾਂਦੀ ਹੈ ॥੧॥


ਮਃ ੩ ॥
ਰੈਣਿ ਸਬਾਈ ਜਲਿ ਮੁਈ ਕੰਤ ਨ ਲਾਇਓ ਭਾਉ ॥

ਜਿਸ ਜੀਵ-ਇਸਤ੍ਰੀ ਨੇ ਕੰਤ ਪ੍ਰਭੂ ਨਾਲ ਪਿਆਰ ਨਾਹ ਕੀਤਾ, ਉਹ (ਜ਼ਿੰਦਗੀ ਰੂਪ) ਸਾਰੀ ਰਾਤ ਸੜ ਮੁਈ (ਉਸ ਦੀ ਸਾਰੀ ਉਮਰ ਦੁੱਖਾਂ ਵਿਚ ਲੰਘੀ)।

ਨਾਨਕ ਸੁਖਿ ਵਸਨਿ ਸੁੋਹਾਗਣੀ ਜਿਨੑ ਪਿਆਰਾ ਪੁਰਖੁ ਹਰਿ ਰਾਉ ॥੨॥

ਪਰ, ਹੇ ਨਾਨਕ! ਜਿਨ੍ਹਾਂ ਦਾ ਪਿਆਰਾ ਅਕਾਲ ਪੁਰਖ (ਖਸਮ) ਹੈ ਉਹ ਭਾਗਾਂ ਵਾਲੀਆਂ ਸੁਖ ਨਾਲ ਸੌਂਦੀਆਂ ਹਨ (ਜ਼ਿੰਦਗੀ ਦੀ ਰਾਤ ਸੁਖ ਨਾਲ ਗੁਜ਼ਾਰਦੀਆਂ ਹਨ) ॥੨॥


ਪਉੜੀ ॥
ਸਭੁ ਜਗੁ ਫਿਰਿ ਮੈ ਦੇਖਿਆ ਹਰਿ ਇਕੋ ਦਾਤਾ ॥

ਮੈਂ ਸਾਰਾ ਸੰਸਾਰ ਟੋਲ ਕੇ ਵੇਖ ਲਿਆ ਹੈ, ਇਕ ਪਰਮਾਤਮਾ ਹੀ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ;

ਉਪਾਇ ਕਿਤੈ ਨ ਪਾਈਐ ਹਰਿ ਕਰਮ ਬਿਧਾਤਾ ॥

ਜੀਵਾਂ ਦੇ ਕਰਮਾਂ ਦੀ ਬਿਧ ਬਨਾਣ ਵਾਲਾ ਉਹ ਪ੍ਰਭੂ ਕਿਸੇ ਚਤੁਰਾਈ ਸਿਆਣਪ ਨਾਲ ਨਹੀਂ ਲੱਭਦਾ;

ਗੁਰਸਬਦੀ ਹਰਿ ਮਨਿ ਵਸੈ ਹਰਿ ਸਹਜੇ ਜਾਤਾ ॥

ਸਿਰਫ਼ ਗੁਰੂ ਦੇ ਸ਼ਬਦ ਦੁਆਰਾ ਹਿਰਦੇ ਵਿਚ ਵੱਸਦਾ ਹੈ ਤੇ ਸੌਖਾ ਹੀ ਪਛਾਣਿਆ ਜਾ ਸਕਦਾ ਹੈ।

ਅੰਦਰਹੁ ਤ੍ਰਿਸਨਾ ਅਗਨਿ ਬੁਝੀ ਹਰਿ ਅੰਮ੍ਰਿਤ ਸਰਿ ਨਾਤਾ ॥

ਜੋ ਮਨੁੱਖ ਪ੍ਰਭੂ ਦੇ ਨਾਮ-ਅੰਮ੍ਰਿਤ ਦੇ ਸਰੋਵਰ ਵਿਚ ਨ੍ਹਾਉਂਦਾ ਹੈ ਉਸ ਦੇ ਅੰਦਰੋਂ ਤ੍ਰਿਸਨਾ ਦੀ ਅੱਗ ਬੁਝ ਜਾਂਦੀ ਹੈ;

ਵਡੀ ਵਡਿਆਈ ਵਡੇ ਕੀ ਗੁਰਮੁਖਿ ਬੋਲਾਤਾ ॥੬॥

ਇਹ ਉਸ ਵੱਡੇ ਦੀ ਵਡਿਆਈ ਹੈ ਕਿ (ਜੀਵ ਪਾਸੋਂ) ਗੁਰੂ ਦੀ ਰਾਹੀਂ ਆਪਣੀ ਸਿਫ਼ਤ-ਸਾਲਾਹ ਕਰਾਂਦਾ ਹੈ ॥੬॥


ਸਲੋਕੁ ਮਃ ੩ ॥
ਕਾਇਆ ਹੰਸ ਕਿਆ ਪ੍ਰੀਤਿ ਹੈ ਜਿ ਪਇਆ ਹੀ ਛਡਿ ਜਾਇ ॥

ਸਰੀਰ ਤੇ ਆਤਮਾ ਦਾ ਕੱਚਾ ਜਿਹਾ ਪਿਆਰ ਹੈ, (ਅੰਤ ਵੇਲੇ, ਇਹ ਆਤਮਾ ਸਰੀਰ ਨੂੰ) ਡਿੱਗੇ ਨੂੰ ਹੀ ਛੱਡ ਕੇ ਤੁਰ ਜਾਂਦਾ ਹੈ;

ਏਸ ਨੋ ਕੂੜੁ ਬੋਲਿ ਕਿ ਖਵਾਲੀਐ ਜਿ ਚਲਦਿਆ ਨਾਲਿ ਨ ਜਾਇ ॥

ਜਦੋਂ (ਆਖ਼ਰ) ਤੁਰਨ ਵੇਲੇ ਇਹ ਸਰੀਰ ਨਾਲ ਨਹੀਂ ਜਾਂਦਾ ਤਾਂ ਇਸ ਨੂੰ ਝੂਠ ਬੋਲ ਬੋਲ ਕੇ ਪਾਲਣ ਦਾ ਕੀਹ ਲਾਭ?

ਕਾਇਆ ਮਿਟੀ ਅੰਧੁ ਹੈ ਪਉਣੈ ਪੁਛਹੁ ਜਾਇ ॥

ਸਰੀਰ ਤਾਂ ਗ੍ਯਾਨਹੀਣ ਮਿੱਟੀ ਹੈ, ਆਖ਼ਰ ਲੇਖਾ ਜੀਵਾਤਮਾ ਤੋਂ ਹੀ ਮੰਗਿਆ ਜਾਂਦਾ ਹੈ।

ਹਉ ਤਾ ਮਾਇਆ ਮੋਹਿਆ ਫਿਰਿ ਫਿਰਿ ਆਵਾ ਜਾਇ ॥

ਮੈਂ ਮਾਇਆ ਦੇ ਮੋਹ ਵਿਚ ਫਸਿਆ ਮੁੜ ਮੁੜ ਜਨਮ ਮਰਨ ਵਿਚ ਪਿਆ ਰਿਹਾ;

ਨਾਨਕ ਹੁਕਮੁ ਨ ਜਾਤੋ ਖਸਮ ਕਾ ਜਿ ਰਹਾ ਸਚਿ ਸਮਾਇ ॥੧॥

ਹੇ ਨਾਨਕ! ਮੈਂ ਖਸਮ ਦਾ ਹੁਕਮ ਨਾਹ ਪਛਾਣਿਆ ਜਿਸ ਦੀ ਬਰਕਤਿ ਨਾਲ ਮੈਂ ਸੱਚੇ ਪ੍ਰਭੂ ਵਿਚ ਟਿਕਿਆ ਰਹਿੰਦਾ ॥੧॥


ਮਃ ੩ ॥
ਏਕੋ ਨਿਹਚਲ ਨਾਮ ਧਨੁ ਹੋਰੁ ਧਨੁ ਆਵੈ ਜਾਇ ॥

ਪਰਮਾਤਮਾ ਦਾ ਨਾਮ ਹੀ ਇਕ ਐਸਾ ਧਨ ਹੈ ਜੋ ਸਦਾ ਕਾਇਮ ਰਹਿੰਦਾ ਹੈ, ਹੋਰ ਧਨ ਕਦੇ ਮਿਲਿਆ ਤੇ ਕਦੇ ਨਾਸ ਹੋ ਗਿਆ;

ਇਸੁ ਧਨ ਕਉ ਤਸਕਰੁ ਜੋਹਿ ਨ ਸਕਈ ਨਾ ਓਚਕਾ ਲੈ ਜਾਇ ॥

ਇਸ ਧਨ ਵਲ ਕੋਈ ਚੋਰ ਅੱਖ ਚੁੱਕ ਕੇ ਨਹੀਂ ਵੇਖ ਸਕਦਾ, ਕੋਈ ਗੰਢ-ਕੱਪ ਇਸ ਨੂੰ ਖੋਹ ਨਹੀਂ ਸਕਦਾ।

ਇਹੁ ਹਰਿ ਧਨੁ ਜੀਐ ਸੇਤੀ ਰਵਿ ਰਹਿਆ ਜੀਐ ਨਾਲੇ ਜਾਇ ॥

ਪਰਮਾਤਮਾ ਦਾ ਨਾਮ-ਰੂਪ ਇਹ ਧਨ ਜਿੰਦ ਦੇ ਨਾਲ ਹੀ ਰਹਿੰਦਾ ਹੈ ਜਿੰਦ ਦੇ ਨਾਲ ਹੀ ਜਾਂਦਾ ਹੈ,

ਪੂਰੇ ਗੁਰ ਤੇ ਪਾਈਐ ਮਨਮੁਖਿ ਪਲੈ ਨ ਪਾਇ ॥

ਇਹ ਧਨ ਪੂਰੇ ਗੁਰੂ ਤੋਂ ਮਿਲਦਾ ਹੈ, ਪਰ ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਸ ਨੂੰ ਨਹੀਂ ਲੱਭਦਾ।

ਧਨੁ ਵਾਪਾਰੀ ਨਾਨਕਾ ਜਿਨੑਾ ਨਾਮ ਧਨੁ ਖਟਿਆ ਆਇ ॥੨॥

ਹੇ ਨਾਨਕ! ਭਾਗਾਂ ਵਾਲੇ ਹਨ ਉਹ ਵਣਜਾਰੇ, ਜਿਨ੍ਹਾਂ ਜਗਤ ਵਿਚ ਆ ਕੇ ਪਰਮਾਤਮਾ ਦਾ ਨਾਮ ਰੂਪ ਧਨ ਖੱਟਿਆ ਹੈ ॥੨॥


ਪਉੜੀ ॥
ਮੇਰਾ ਸਾਹਿਬੁ ਅਤਿ ਵਡਾ ਸਚੁ ਗਹਿਰ ਗੰਭੀਰਾ ॥

ਮੇਰਾ ਮਾਲਕ ਪ੍ਰਭੂ ਬਹੁਤ ਹੀ ਵੱਡਾ ਹੈ, ਸਦਾ ਕਾਇਮ ਰਹਿਣ ਵਾਲਾ ਹੈ, ਡੂੰਘਾ ਹੈ ਤੇ ਧੀਰਜ ਵਾਲਾ ਹੈ,

ਸਭੁ ਜਗੁ ਤਿਸ ਕੈ ਵਸਿ ਹੈ ਸਭੁ ਤਿਸ ਕਾ ਚੀਰਾ ॥

ਸਾਰਾ ਸੰਸਾਰ ਉਸ ਦੇ ਵੱਸ ਵਿਚ ਹੈ, ਸਾਰਾ ਜਗਤ ਉਸੇ ਦੇ ਆਸਰੇ ਹੈ।

ਗੁਰਪਰਸਾਦੀ ਪਾਈਐ ਨਿਹਚਲੁ ਧਨੁ ਧੀਰਾ ॥

ਉਸ ਪ੍ਰਭੂ ਦਾ ਨਾਮ-ਧਨ ਸਦਾ ਕਾਇਮ ਰਹਿਣ ਵਾਲਾ ਹੈ, ਅਟੱਲ ਹੈ, ਤੇ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਕਿਰਪਾ ਤੇ ਹਰਿ ਮਨਿ ਵਸੈ ਭੇਟੈ ਗੁਰੁ ਸੂਰਾ ॥

ਪ੍ਰਭੂ ਦੀ ਮਿਹਰ ਨਾਲ ਸੂਰਮਾ ਗੁਰੂ ਮਿਲਦਾ ਹੈ ਤੇ ਹਰਿ-ਨਾਮ ਮਨ ਵਿਚ ਵੱਸਦਾ ਹੈ,

ਗੁਣਵੰਤੀ ਸਾਲਾਹਿਆ ਸਦਾ ਥਿਰੁ ਨਿਹਚਲੁ ਹਰਿ ਪੂਰਾ ॥੭॥

ਉਸ ਸਦਾ-ਥਿਰ ਅਡੋਲ ਤੇ ਪੂਰੇ ਪ੍ਰਭੂ ਨੂੰ ਗੁਣ ਵਾਲਿਆਂ ਨੇ ਸਾਲਾਹਿਆ ਹੈ ॥੭॥


ਸਲੋਕੁ ਮਃ ੩ ॥
ਧ੍ਰਿਗੁ ਤਿਨੑਾ ਦਾ ਜੀਵਿਆ ਜੋ ਹਰਿ ਸੁਖੁ ਪਰਹਰਿ ਤਿਆਗਦੇ ਦੁਖੁ ਹਉਮੈ ਪਾਪ ਕਮਾਇ ॥

ਫਿਟੇ-ਮੂੰਹ ਉਹਨਾਂ ਦੇ ਜੀਊਣ ਨੂੰ, ਜੋ ਪਰਮਾਤਮਾ ਦੇ ਨਾਮ ਦਾ ਆਨੰਦ ਉੱਕਾ ਹੀ ਤਿਆਗ ਦੇਂਦੇ ਹਨ ਤੇ ਹਉਮੈ ਵਿਚ ਪਾਪ ਕਰ ਕੇ ਦੁਖ ਸਹੇੜਦੇ ਹਨ,

ਮਨਮੁਖ ਅਗਿਆਨੀ ਮਾਇਆ ਮੋਹਿ ਵਿਆਪੇ ਤਿਨੑ ਬੂਝ ਨ ਕਾਈ ਪਾਇ ॥

ਅਜੇਹੇ ਜਾਹਲ ਮਨ ਦੇ ਪਿਛੇ ਤੁਰਦੇ ਹਨ, ਤੇ ਮਾਇਆ ਦੇ ਮੋਹ ਵਿਚ ਜਕੜੇ ਰਹਿੰਦੇ ਹਨ, ਉਹਨਾਂ ਨੂੰ ਕੋਈ ਮੱਤ ਨਹੀਂ ਹੁੰਦੀ।

ਹਲਤਿ ਪਲਤਿ ਓਇ ਸੁਖੁ ਨ ਪਾਵਹਿ ਅੰਤਿ ਗਏ ਪਛੁਤਾਇ ॥

ਉਹਨਾਂ ਨੂੰ ਨਾਹ ਇਸ ਲੋਕ ਵਿਚ ਨਾਹ ਪਰਲੋਕ ਵਿਚ ਕੋਈ ਸੁਖ ਮਿਲਦਾ ਹੈ, ਮਰਨ ਵੇਲੇ ਭੀ ਹੱਥ ਮਲਦੇ ਹੀ ਜਾਂਦੇ ਹਨ।

ਗੁਰਪਰਸਾਦੀ ਕੋ ਨਾਮੁ ਧਿਆਏ ਤਿਸੁ ਹਉਮੈ ਵਿਚਹੁ ਜਾਇ ॥

ਜੋ ਮਨੁੱਖ ਗੁਰੂ ਦੀ ਕਿਰਪਾ ਨਾਲ ਪ੍ਰਭੂ ਦਾ ਨਾਮ ਸਿਮਰਦਾ ਹੈ ਉਸ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ।

ਨਾਨਕ ਜਿਸੁ ਪੂਰਬਿ ਹੋਵੈ ਲਿਖਿਆ ਸੋ ਗੁਰ ਚਰਣੀ ਆਇ ਪਾਇ ॥੧॥

ਹੇ ਨਾਨਕ! ਜਿਸ ਦੇ ਮੱਥੇ ਤੇ ਧੁਰੋਂ ਭਾਗ ਹੋਵੇ ਉਹ ਮਨੁੱਖ ਸਤਿਗੁਰੂ ਦੀ ਚਰਨੀਂ ਆ ਪੈਂਦਾ ਹੈ ॥੧॥


ਮਃ ੩ ॥
ਮਨਮੁਖੁ ਊਧਾ ਕਉਲੁ ਹੈ ਨਾ ਤਿਸੁ ਭਗਤਿ ਨ ਨਾਉ ॥

ਆਪ-ਹੁਦਰਾ ਮਨੁੱਖ (ਮਾਨੋ) ਉਲਟਾ ਕਉਲ-ਫੁੱਲ ਹੈ, ਇਸ ਵਿਚ ਨਾ ਭਗਤੀ ਹੈ ਤੇ ਨਾ ਸਿਮਰਨ,

ਸਕਤੀ ਅੰਦਰਿ ਵਰਤਦਾ ਕੂੜੁ ਤਿਸ ਕਾ ਹੈ ਉਪਾਉ ॥

ਇਹ ਮਾਇਆ ਦੇ ਅਸਰ ਹੇਠ ਹੀ ਕਾਰ ਵਿਹਾਰ ਕਰਦਾ ਹੈ, ਕੂੜ (ਮਾਇਆ) ਹੀ ਇਸ ਦਾ ਪ੍ਰਯੋਜਨ (ਜ਼ਿੰਦਗੀ ਦਾ ਨਿਸ਼ਾਨਾ) ਹੈ,

ਤਿਸ ਕਾ ਅੰਦਰੁ ਚਿਤੁ ਨ ਭਿਜਈ ਮੁਖਿ ਫੀਕਾ ਆਲਾਉ ॥

ਆਪ-ਹੁਦਰੇ ਮਨੁੱਖ ਦਾ ਅੰਦਰਲਾ ਭਿੱਜਦਾ ਨਹੀਂ, ਚਿੱਤ ਰੱਜਦਾ ਨਹੀਂ, ਮੂੰਹੋਂ ਭੀ ਫਿੱਕਾ ਬੋਲ ਹੀ ਬੋਲਦਾ ਹੈ।

ਓਇ ਧਰਮਿ ਰਲਾਏ ਨਾ ਰਲਨਿੑ ਓਨਾ ਅੰਦਰਿ ਕੂੜੁ ਸੁਆਉ ॥

ਐਸੇ ਬੰਦੇ ਧਰਮ ਵਿਚ ਜੋੜੇ ਜੁੜਦੇ ਨਹੀਂ ਕਿਉਂਕਿ ਉਹਨਾਂ ਦੇ ਅੰਦਰ ਕੂੜ ਤੇ ਖ਼ੁਦਗ਼ਰਜ਼ੀ ਹੈ।

ਨਾਨਕ ਕਰਤੈ ਬਣਤ ਬਣਾਈ ਮਨਮੁਖ ਕੂੜੁ ਬੋਲਿ ਬੋਲਿ ਡੁਬੇ ਗੁਰਮੁਖਿ ਤਰੇ ਜਪਿ ਹਰਿ ਨਾਉ ॥੨॥

ਹੇ ਨਾਨਕ! ਕਰਤਾਰ ਨੇ ਐਸੀ ਖੇਡ ਰਚੀ ਹੈ ਕਿ ਮਨ ਦੇ ਪਿਛੇ ਤੁਰਨ ਵਾਲੇ ਬੰਦੇ ਤਾਂ ਝੂਠ ਬੋਲ ਬੋਲ ਕੇ ਗ਼ਰਕ ਹੁੰਦੇ ਹਨ ਤੇ ਗੁਰੂ ਦੇ ਸਨਮੁਖ ਰਹਿਣ ਵਾਲੇ ਨਾਮ ਜਪ ਕੇ (ਸ਼ਕਤੀ ਦੇ ਹੜ੍ਹ ਵਿਚੋਂ) ਤਰ ਜਾਂਦੇ ਹਨ ॥੨॥


ਪਉੜੀ ॥
ਬਿਨੁ ਬੂਝੇ ਵਡਾ ਫੇਰੁ ਪਇਆ ਫਿਰਿ ਆਵੈ ਜਾਈ ॥

(ਇਹ ਗੱਲ) ਸਮਝਣ ਤੋਂ ਬਿਨਾ (ਕਿ ‘ਗੁਰ ਪਰਸਾਦੀ ਪਾਈਐ’, ਮਨੁੱਖ ਨੂੰ) ਜਨਮ ਮਰਨ ਦਾ ਲੰਮਾ ਚੱਕਰ ਲਾਣਾ ਪੈਂਦਾ ਹੈ,

ਸਤਿਗੁਰ ਕੀ ਸੇਵਾ ਨ ਕੀਤੀਆ ਅੰਤਿ ਗਇਆ ਪਛੁਤਾਈ ॥

ਮਨੁੱਖ ਮੁੜ ਮੁੜ ਜੰਮਦਾ ਮਰਦਾ ਹੈ, ਗੁਰੂ ਦੀ ਸੇਵਾ (ਸਾਰੀ ਉਮਰ ਹੀ) ਨਹੀਂ ਕਰਦਾ (ਭਾਵ, ਸਾਰੀ ਉਮਰ ਗੁਰੂ ਦੇ ਕਹੇ ਤੇ ਨਹੀਂ ਤੁਰਦਾ) ਆਖ਼ਰ (ਮਰਨ ਵੇਲੇ) ਹੱਥ ਮਲਦਾ ਜਾਂਦਾ ਹੈ।

ਆਪਣੀ ਕਿਰਪਾ ਕਰੇ ਗੁਰੁ ਪਾਈਐ ਵਿਚਹੁ ਆਪੁ ਗਵਾਈ ॥

ਜਦੋਂ ਪ੍ਰਭੂ ਆਪਣੀ ਮਿਹਰ ਕਰਦਾ ਹੈ ਤਾਂ ਗੁਰੂ ਮਿਲਦਾ ਹੈ, ਅੰਦਰੋਂ ਆਪਾ-ਭਾਵ ਦੂਰ ਹੁੰਦਾ ਹੈ,

ਤ੍ਰਿਸਨਾ ਭੁਖ ਵਿਚਹੁ ਉਤਰੈ ਸੁਖੁ ਵਸੈ ਮਨਿ ਆਈ ॥

ਮਾਇਆ ਦੀ ਤ੍ਰਿਸਨਾ ਭੁੱਖ ਵਿਚੋਂ ਉਤਰਦੀ ਹੈ, ਮਨ ਵਿਚ ਸੁਖ ਆ ਵੱਸਦਾ ਹੈ,

ਸਦਾ ਸਦਾ ਸਾਲਾਹੀਐ ਹਿਰਦੈ ਲਿਵ ਲਾਈ ॥੮॥

ਤੇ ਸੁਰਤਿ ਜੋੜ ਕੇ ਸਦਾ ਹਿਰਦੇ ਵਿਚ ਪ੍ਰਭੂ ਸਿਮਰਿਆ ਜਾ ਸਕਦਾ ਹੈ ॥੮॥


ਸਲੋਕੁ ਮਃ ੩ ॥
ਜਿ ਸਤਿਗੁਰੁ ਸੇਵੇ ਆਪਣਾ ਤਿਸ ਨੋ ਪੂਜੇ ਸਭੁ ਕੋਇ ॥

ਜੋ ਮਨੁੱਖ ਆਪਣੇ ਗੁਰੂ ਦੇ ਕਹੇ ਤੇ ਤੁਰਦਾ ਹੈ, ਹਰੇਕ ਬੰਦਾ ਉਸ ਦਾ ਆਦਰ ਕਰਦਾ ਹੈ,

ਸਭਨਾ ਉਪਾਵਾ ਸਿਰਿ ਉਪਾਉ ਹੈ ਹਰਿ ਨਾਮੁ ਪਰਾਪਤਿ ਹੋਇ ॥

ਸੋ, (ਜਗਤ ਵਿਚ ਭੀ ਮਾਣ ਹਾਸਲ ਕਰਨ ਲਈ) ਸਾਰੇ ਉਪਾਵਾਂ ਤੋਂ ਵੱਡਾ ਉਪਾਉ ਇਹੀ ਹੈ ਕਿ ਪ੍ਰਭੂ ਦਾ ਨਾਮ ਮਿਲ ਜਾਏ,

ਅੰਤਰਿ ਸੀਤਲ ਸਾਤਿ ਵਸੈ ਜਪਿ ਹਿਰਦੈ ਸਦਾ ਸੁਖੁ ਹੋਇ ॥

‘ਨਾਮ’ ਜਪਿਆਂ ਸਦਾ ਹਿਰਦੇ ਵਿਚ ਸੁਖ ਹੁੰਦਾ ਹੈ, ਮਨ ਵਿਚ ਠੰਢ ਤੇ ਸ਼ਾਂਤੀ ਆ ਵੱਸਦੀ ਹੈ,

ਅੰਮ੍ਰਿਤੁ ਖਾਣਾ ਅੰਮ੍ਰਿਤੁ ਪੈਨਣਾ ਨਾਨਕ ਨਾਮੁ ਵਡਾਈ ਹੋਇ ॥੧॥

ਤਦ ‘ਨਾਮ’ ਹੀ ਖ਼ੁਰਾਕ ਤੇ ਪੁਸ਼ਾਕ ਬਣ ਜਾਂਦੀ ਹੈ (ਭਾਵ, ਪ੍ਰਭੂ ਦਾ ਨਾਮ ਹੀ ਜ਼ਿੰਦਗੀ ਦਾ ਆਸਰਾ ਹੋ ਜਾਂਦਾ ਹੈ) ਹੇ ਨਾਨਕ! ਨਾਮ ਹੀ ਉਸ ਲਈ ਆਦਰ ਮਾਣ ਹੈ ॥੧॥


ਮਃ ੩ ॥
ਏ ਮਨ ਗੁਰ ਕੀ ਸਿਖ ਸੁਣਿ ਹਰਿ ਪਾਵਹਿ ਗੁਣੀ ਨਿਧਾਨੁ ॥

ਹੇ ਮੇਰੇ ਮਨ! ਸਤਿਗੁਰੂ ਦੀ ਸਿੱਖਿਆ ਸੁਣ (ਭਾਵ, ਸਿੱਖਿਆ ਤੇ ਤੁਰ) ਤੈਨੂੰ ਗੁਣਾਂ ਦਾ ਖ਼ਜ਼ਾਨਾ ਪ੍ਰਭੂ ਮਿਲ ਪਏਗਾ;

ਹਰਿ ਸੁਖਦਾਤਾ ਮਨਿ ਵਸੈ ਹਉਮੈ ਜਾਇ ਗੁਮਾਨੁ ॥

ਸੁਖਾਂ ਦਾ ਦਾਤਾ ਪਰਮਾਤਮਾ ਮਨ ਵਿਚ ਆ ਵੱਸੇਗਾ, ਹਉਮੈ ਅਹੰਕਾਰ ਨਾਸ ਹੋ ਜਾਇਗਾ।

ਨਾਨਕ ਨਦਰੀ ਪਾਈਐ ਤਾ ਅਨਦਿਨੁ ਲਾਗੈ ਧਿਆਨੁ ॥੨॥

ਹੇ ਨਾਨਕ! ਜਦੋਂ ਪ੍ਰਭੂ ਆਪਣੀ ਮਿਹਰ ਦੀ ਨਜ਼ਰ ਨਾਲ ਮਿਲਦਾ ਹੈ ਤਾਂ ਹਰ ਵੇਲੇ ਸੁਰਤਿ ਉਸ ਵਿਚ ਜੁੜੀ ਰਹਿੰਦੀ ਹੈ ॥੨॥


ਪਉੜੀ ॥
ਸਤੁ ਸੰਤੋਖੁ ਸਭੁ ਸਚੁ ਹੈ ਗੁਰਮੁਖਿ ਪਵਿਤਾ ॥

ਜੋ ਮਨੁੱਖ ਗੁਰੂ ਦਾ ਹੋ ਕੇ ਰਹਿੰਦਾ ਹੈ ਉਹ ਪਵਿਤ੍ਰ (ਜੀਵਨ ਵਾਲਾ) ਹੋ ਜਾਂਦਾ ਹੈ, ਉਸ ਨੂੰ ਸਤ ਸੰਤੋਖ ਪ੍ਰਾਪਤ ਹੁੰਦਾ ਹੈ,

ਅੰਦਰਹੁ ਕਪਟੁ ਵਿਕਾਰੁ ਗਇਆ ਮਨੁ ਸਹਜੇ ਜਿਤਾ ॥

ਉਸ ਦੇ ਮਨ ਵਿਚੋਂ ਖੋਟ ਤੇ ਵਿਕਾਰ ਦੂਰ ਹੋ ਜਾਂਦਾ ਹੈ, ਉਹ ਸੌਖੇ ਹੀ ਮਨ ਨੂੰ ਵੱਸ ਕਰ ਲੈਂਦਾ ਹੈ;

ਤਹ ਜੋਤਿ ਪ੍ਰਗਾਸੁ ਅਨੰਦ ਰਸੁ ਅਗਿਆਨੁ ਗਵਿਤਾ ॥

ਇਸ ਅਵਸਥਾ ਵਿਚ (ਅੱਪੜ ਕੇ ਉਸ ਦੇ ਅੰਦਰ ਪਰਮਾਤਮਾ ਦੀ) ਜੋਤਿ ਦਾ ਪ੍ਰਕਾਸ਼ ਹੋ ਜਾਂਦਾ ਹੈ,

ਅਨਦਿਨੁ ਹਰਿ ਕੇ ਗੁਣ ਰਵੈ ਗੁਣ ਪਰਗਟੁ ਕਿਤਾ ॥

(ਫਿਰ) ਉਹ ਹਰ ਵੇਲੇ ਪਰਮਾਤਮਾ ਦੇ ਗੁਣ ਗਾਉਂਦਾ ਹੈ, (ਰੱਬੀ) ਗੁਣ ਉਸ ਦੇ ਅੰਦਰ ਪਰਗਟ ਹੋ ਜਾਂਦੇ ਹਨ;

ਸਭਨਾ ਦਾਤਾ ਏਕੁ ਹੈ ਇਕੋ ਹਰਿ ਮਿਤਾ ॥੯॥

(ਉਸ ਨੂੰ ਇਹ ਯਕੀਨ ਬਣ ਜਾਂਦਾ ਹੈ ਕਿ) ਇਕ ਪ੍ਰਭੂ ਸਾਰੇ ਜੀਵਾਂ ਦਾ ਦਾਤਾ ਹੈ ਤੇ ਮਿੱਤਰ ਹੈ ॥੯॥


ਸਲੋਕੁ ਮਃ ੩ ॥
ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਕਹੀਐ ਜਿ ਅਨਦਿਨੁ ਹਰਿ ਲਿਵ ਲਾਏ ॥

ਜੋ ਮਨੁੱਖ ਬ੍ਰਹਮ ਨੂੰ ਬਿੰਦਦਾ ਹੈ (ਪਰਮਾਤਮਾ ਨੂੰ ਪਛਾਣਦਾ ਹੈ) ਜੋ ਹਰ ਵੇਲੇ ਪਰਮਾਤਮਾ ਵਿਚ ਸੁਰਤਿ ਜੋੜਦਾ ਹੈ, ਉਸ ਨੂੰ ਬ੍ਰਾਹਮਣ ਕਹਿਣਾ ਚਾਹੀਦਾ ਹੈ,

ਸਤਿਗੁਰ ਪੁਛੈ ਸਚੁ ਸੰਜਮੁ ਕਮਾਵੈ ਹਉਮੈ ਰੋਗੁ ਤਿਸੁ ਜਾਏ ॥

(ਉਹ ਬ੍ਰਾਹਮਣ) ਸਤਿਗੁਰੂ ਦੇ ਕਹੇ ਤੇ ਤੁਰਦਾ ਹੈ ‘ਸੱਚ’ ਰੂਪ ਸੰਜਮ ਰੱਖਦਾ ਹੈ, (ਤੇ ਇਸ ਤਰ੍ਹਾਂ) ਉਸ ਦਾ ਹਉਮੈ-ਰੋਗ ਦੂਰ ਹੁੰਦਾ ਹੈ;

ਹਰਿ ਗੁਣ ਗਾਵੈ ਗੁਣ ਸੰਗ੍ਰਹੈ ਜੋਤੀ ਜੋਤਿ ਮਿਲਾਏ ॥

ਉਹ ਹਰੀ ਦੇ ਗੁਣ ਗਾਉਂਦਾ ਹੈ, (ਰੱਬੀ) ਗੁਣ ਇਕੱਤ੍ਰ ਕਰਦਾ ਹੈ ਤੇ ਪਰਮ-ਜੋਤਿ ਵਿਚ ਆਪਣੀ ਆਤਮਾ ਮਿਲਾਈ ਰੱਖਦਾ ਹੈ।

ਇਸੁ ਜੁਗ ਮਹਿ ਕੋ ਵਿਰਲਾ ਬ੍ਰਹਮ ਗਿਆਨੀ ਜਿ ਹਉਮੈ ਮੇਟਿ ਸਮਾਏ ॥

ਮਨੁੱਖ ਜਨਮ ਵਿਚ ਕੋਈ ਵਿਰਲਾ ਬ੍ਰਹਮ ਨੂੰ ਜਾਣਨ ਵਾਲਾ ਹੈ ਜੋ ਹਉਮੈ ਦੂਰ ਕਰ ਕੇ ਬ੍ਰਹਮ ਵਿਚ ਜੁੜਿਆ ਰਹਿੰਦਾ ਹੈ।

ਨਾਨਕ ਤਿਸ ਨੋ ਮਿਲਿਆ ਸਦਾ ਸੁਖੁ ਪਾਈਐ ਜਿ ਅਨਦਿਨੁ ਹਰਿ ਨਾਮੁ ਧਿਆਏ ॥੧॥

ਹੇ ਨਾਨਕ! ਜੋ (ਬ੍ਰਹਮਗਿਆਨੀ ਬ੍ਰਾਹਮਣ) ਹਰ ਵੇਲੇ ਨਾਮ ਸਿਮਰਦਾ ਹੈ ਉਸ ਨੂੰ ਮਿਲਿਆਂ ਸਦਾ ਸੁਖ ਮਿਲਦਾ ਹੈ ॥੧॥


ਮਃ ੩ ॥
ਅੰਤਰਿ ਕਪਟੁ ਮਨਮੁਖ ਅਗਿਆਨੀ ਰਸਨਾ ਝੂਠੁ ਬੋਲਾਇ ॥

ਆਪਣੇ ਮਨ ਦੇ ਪਿਛੇ ਤੁਰਨ ਵਾਲਾ ਮਨੁੱਖ ਜਾਹਲ ਹੈ, ਉਸ ਦੇ ਅੰਦਰ ਖੋਟ ਹੈ ਤੇ ਜੀਭ ਨਾਲ ਝੂਠ (ਭਾਵ, ਅੰਦਰਲੇ ਖੋਟ ਦੇ ਉਲਟ) ਬੋਲਦਾ ਹੈ (ਭਾਵ, ਅੰਦਰੋਂ ਹੋਰ ਤੇ ਬਾਹਰੋਂ ਹੋਰ);

ਕਪਟਿ ਕੀਤੈ ਹਰਿ ਪੁਰਖੁ ਨ ਭੀਜੈ ਨਿਤ ਵੇਖੈ ਸੁਣੈ ਸੁਭਾਇ ॥

(ਇਸ ਤਰ੍ਹਾਂ) ਠੱਗੀ ਕੀਤਿਆਂ ਪਰਮਾਤਮਾ ਪ੍ਰਸੰਨ ਨਹੀਂ ਹੁੰਦਾ, (ਕਿਉਂਕਿ) ਉਹ ਸੁਤੇ ਹੀ (ਅਸਾਡਾ ਹਰੇਕ ਲੁਕਵਾਂ ਕੰਮ ਭੀ) ਵੇਖਦਾ ਹੈ ਤੇ (ਲੁਕਵਾਂ ਬੋਲ ਤੇ ਖ਼ਿਆਲ ਭੀ) ਸੁਣਦਾ ਹੈ।

ਦੂਜੈ ਭਾਇ ਜਾਇ ਜਗੁ ਪਰਬੋਧੈ ਬਿਖੁ ਮਾਇਆ ਮੋਹ ਸੁਆਇ ॥

(ਮਨਮੁਖ) ਆਪ ਮਾਇਆ ਦੇ ਮੋਹ ਵਿਚ ਹੈ ਪਰ ਜਾ ਕੇ ਲੋਕਾਂ ਨੂੰ ਉਪਦੇਸ਼ ਕਰਦਾ ਹੈ; ਜ਼ਹਿਰੀਲੀ ਧਨ-ਦੌਲਤ ਦੇ ਮੋਹ ਅਤੇ ਸੁਆਦ ਅੰਦਰ ਉਹ ਖੱਚਤ ਹੋ ਰਿਹਾ ਹੈ।

ਇਤੁ ਕਮਾਣੈ ਸਦਾ ਦੁਖੁ ਪਾਵੈ ਜੰਮੈ ਮਰੈ ਫਿਰਿ ਆਵੈ ਜਾਇ ॥

ਇਹ ਕਰਤੂਤ ਕੀਤਿਆਂ ਉਹ ਸਦਾ ਦੁੱਖ ਪਾਂਦਾ ਹੈ, ਜੰਮਦਾ ਹੈ, ਮਰਦਾ ਹੈ, ਮੁੜ ਜੰਮਦਾ ਹੈ ਮਰਦਾ ਹੈ,

ਸਹਸਾ ਮੂਲਿ ਨ ਚੁਕਈ ਵਿਚਿ ਵਿਸਟਾ ਪਚੈ ਪਚਾਇ ॥

ਉਸ ਦਾ ਅੰਦਰਲਾ ਤੌਖਲਾ ਕਦੇ ਮਿਟਦਾ ਹੀ ਨਹੀਂ, ਉਹ ਮਾਨੋ, ਮੈਲੇ ਵਿਚ ਪਿਆ ਸੜਦਾ ਰਹਿੰਦਾ ਹੈ।

ਜਿਸ ਨੋ ਕ੍ਰਿਪਾ ਕਰੇ ਮੇਰਾ ਸੁਆਮੀ ਤਿਸੁ ਗੁਰ ਕੀ ਸਿਖ ਸੁਣਾਇ ॥

ਪਰ, ਜਿਸ ਮਨੁੱਖ ਉਤੇ ਮੇਰਾ ਮਾਲਕ ਮਿਹਰ ਕਰਦਾ ਹੈ ਉਸ ਨੂੰ ਗੁਰੂ ਦਾ ਉਪਦੇਸ਼ ਸੁਣਾਂਦਾ ਹੈ;

ਹਰਿ ਨਾਮੁ ਧਿਆਵੈ ਹਰਿ ਨਾਮੋ ਗਾਵੈ ਹਰਿ ਨਾਮੋ ਅੰਤਿ ਛਡਾਇ ॥੨॥

ਉਹ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ, ਨਾਮ ਹੀ ਗਾਉਂਦਾ ਹੈ, ਨਾਮ ਹੀ ਉਸ ਨੂੰ ਆਖ਼ਰ (ਇਸ ਸਹਸੇ ਤੋਂ) ਛੁਡਾਂਦਾ ਹੈ ॥੨॥


ਪਉੜੀ ॥
ਜਿਨਾ ਹੁਕਮੁ ਮਨਾਇਓਨੁ ਤੇ ਪੂਰੇ ਸੰਸਾਰਿ ॥

ਉਹ ਮਨੁੱਖ ਜਗਤ ਵਿਚ ਪੂਰੇ ਭਾਂਡੇ ਹਨ ਜਿਨ੍ਹਾਂ ਤੋਂ ਪਰਮਾਤਮਾ (ਆਪਣਾ) ਹੁਕਮ ਮਨਾਂਦਾ ਹੈ,

ਸਾਹਿਬੁ ਸੇਵਨਿੑ ਆਪਣਾ ਪੂਰੈ ਸਬਦਿ ਵੀਚਾਰਿ ॥

ਉਹ ਬੰਦੇ ਪੂਰੇ ਗੁਰੂ ਦੇ ਸ਼ਬਦ ਵਿਚ ਚਿੱਤ ਜੋੜ ਕੇ ਆਪਣੇ ਮਾਲਕ ਦੀ ਬੰਦਗੀ ਕਰਦੇ ਹਨ,

ਹਰਿ ਕੀ ਸੇਵਾ ਚਾਕਰੀ ਸਚੈ ਸਬਦਿ ਪਿਆਰਿ ॥

ਪ੍ਰਭੂ ਦੀ ਬੰਦਗੀ ਹੋ ਹੀ ਤਾਂ ਸਕਦੀ ਹੈ ਜੇ ਸੱਚੇ ਸ਼ਬਦ ਵਿਚ ਪਿਆਰ ਪਾਈਏ, (ਲਫ਼ਜ਼ੀ-ਸੱਚੇ ਸ਼ਬਦ ਵਿਚ ਪਿਆਰ ਦੀ ਰਾਹੀਂ)।

ਹਰਿ ਕਾ ਮਹਲੁ ਤਿਨੑੀ ਪਾਇਆ ਜਿਨੑ ਹਉਮੈ ਵਿਚਹੁ ਮਾਰਿ ॥

ਜੋ ਮਨੁੱਖ ਅੰਦਰੋਂ ਹਉਮੈ ਨੂੰ ਮਾਰਦੇ ਹਨ ਉਹਨਾਂ ਨੂੰ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਹੁੰਦੀ ਹੈ।

ਨਾਨਕ ਗੁਰਮੁਖਿ ਮਿਲਿ ਰਹੇ ਜਪਿ ਹਰਿ ਨਾਮਾ ਉਰ ਧਾਰਿ ॥੧੦॥

ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ ਪਰਮਾਤਮਾ ਦਾ ਨਾਮ ਹਿਰਦੇ ਵਿਚ ਪਰੋ ਕੇ ਤੇ ਨਾਮ ਜਪ ਕੇ ਪਰਮਾਤਮਾ ਵਿਚ ਜੁੜੇ ਰਹਿੰਦੇ ਹਨ ॥੧੦॥


ਸਲੋਕੁ ਮਃ ੩ ॥
ਗੁਰਮੁਖਿ ਧਿਆਨ ਸਹਜ ਧੁਨਿ ਉਪਜੈ ਸਚਿ ਨਾਮਿ ਚਿਤੁ ਲਾਇਆ ॥

ਜੋ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਸ ਦੇ ਅੰਦਰ ਜੁੜੀ-ਸੁਰਤ ਤੇ ਅਡੋਲਤਾ ਦੀ ਰੌ ਚੱਲ ਪੈਂਦੀ ਹੈ, ਉਹ ਸੱਚੇ ਨਾਮ ਵਿਚ ਚਿੱਤ ਜੋੜੀ ਰੱਖਦਾ ਹੈ,

ਗੁਰਮੁਖਿ ਅਨਦਿਨੁ ਰਹੈ ਰੰਗਿ ਰਾਤਾ ਹਰਿ ਕਾ ਨਾਮੁ ਮਨਿ ਭਾਇਆ ॥

ਗੁਰੂ ਦੇ ਸਨਮੁਖ ਮਨੁੱਖ ਹਰ ਵੇਲੇ ਪ੍ਰਭੂ ਦੇ ਨਾਮ ਵਿੱਚ ਮਸਤ ਰਹਿੰਦਾ ਹੈ ਤੇ ਉਸ ਦੇ ਮਨ ਨੂੰ ਪ੍ਰਭੂ ਮਿੱਠਾ ਲੱਗਦਾ ਹੈ।

ਗੁਰਮੁਖਿ ਹਰਿ ਵੇਖਹਿ ਗੁਰਮੁਖਿ ਹਰਿ ਬੋਲਹਿ ਗੁਰਮੁਖਿ ਹਰਿ ਸਹਜਿ ਰੰਗੁ ਲਾਇਆ ॥

ਗੁਰਮੁਖ ਬੰਦੇ ਰੱਬ ਨੂੰ ਹੀ (ਹਰ ਥਾਂ) ਵੇਖਦੇ ਹਨ, ਰੱਬ ਦੀ ਸਿਫ਼ਤ ਹੀ (ਹਰ ਵੇਲੇ) ਉਚਾਰਦੇ ਹਨ, ਤੇ ਰੱਬੀ ਮੇਲ ਵਾਲੀ ਅਡੋਲਤਾ ਵਿਚ ਪਿਆਰ ਪਾਂਦੇ ਹਨ।

ਨਾਨਕ ਗੁਰਮੁਖਿ ਗਿਆਨੁ ਪਰਾਪਤਿ ਹੋਵੈ ਤਿਮਰ ਅਗਿਆਨੁ ਅਧੇਰੁ ਚੁਕਾਇਆ ॥

ਹੇ ਨਾਨਕ! ਗੁਰਮੁਖ ਨੂੰ ਉੱਚੀ ਸਮਝ ਪ੍ਰਾਪਤ ਹੁੰਦੀ ਹੈ, ਉਸ ਦਾ ਅਗਿਆਨ-ਰੂਪ ਘੁੱਪ ਹਨੇਰਾ ਦੂਰ ਹੋ ਜਾਂਦਾ ਹੈ;

ਜਿਸ ਨੋ ਕਰਮੁ ਹੋਵੈ ਧੁਰਿ ਪੂਰਾ ਤਿਨਿ ਗੁਰਮੁਖਿ ਹਰਿ ਨਾਮੁ ਧਿਆਇਆ ॥੧॥

ਉਸੇ ਗੁਰਮੁਖ ਨੇ ਨਾਮ ਜਪਿਆ ਹੈ ਜਿਸ ਉਤੇ ਧੁਰੋਂ (ਕਰਤਾਰ ਵਲੋਂ) ਪੂਰੀ ਮਿਹਰ ਹੋਈ ਹੈ ॥੧॥


ਮਃ ੩ ॥
ਸਤਿਗੁਰੁ ਜਿਨਾ ਨ ਸੇਵਿਓ ਸਬਦਿ ਨ ਲਗੋ ਪਿਆਰੁ ॥

ਜਿਨ੍ਹਾਂ ਮਨੁੱਖਾਂ ਨੇ ਗੁਰੂ ਦਾ ਹੁਕਮ ਨਹੀਂ ਮੰਨਿਆ, ਤੇ ਜਿਨ੍ਹਾਂ ਦਾ ਗੁਰ-ਸ਼ਬਦ ਵਿਚ ਪਿਆਰ ਨਹੀਂ ਬਣਿਆ,

ਸਹਜੇ ਨਾਮੁ ਨ ਧਿਆਇਆ ਕਿਤੁ ਆਇਆ ਸੰਸਾਰਿ ॥

ਅਤੇ ਜਿਨ੍ਹਾਂ ਸ਼ਾਂਤ-ਚਿੱਤ ਹੋ ਕੇ ਨਾਮ ਨਹੀਂ ਸਿਮਰਿਆ, ਉਹ ਜਗਤ ਵਿਚ ਕਾਹਦੇ ਲਈ ਆਏ?

ਫਿਰਿ ਫਿਰਿ ਜੂਨੀ ਪਾਈਐ ਵਿਸਟਾ ਸਦਾ ਖੁਆਰੁ ॥

ਅਜੇਹਾ ਬੰਦਾ ਮੁੜ ਮੁੜ ਜੂਨ ਵਿਚ ਪੈਂਦਾ ਹੈ, ਉਹ ਮਾਨੋ, ਮੈਲੇ ਵਿਚ ਪੈ ਕੇ ਦੁਖੀ ਹੋ ਰਿਹਾ ਹੈ।

ਕੂੜੈ ਲਾਲਚਿ ਲਗਿਆ ਨਾ ਉਰਵਾਰੁ ਨ ਪਾਰੁ ॥

(ਗੁਰੂ ਤੇ ਪਰਮਾਤਮਾ ਨੂੰ ਵਿਸਾਰ ਕੇ) ਝੂਠੇ-ਲਾਲਚ ਵਿਚ ਫਸਿਆਂ ਨਾ ਉਰਲਾ ਬੰਨਾ ਲੱਭਦਾ ਹੈ ਤੇ ਨਾ ਹੀ ਪਰਲਾ ਬੰਨਾ।

ਨਾਨਕ ਗੁਰਮੁਖਿ ਉਬਰੇ ਜਿ ਆਪਿ ਮੇਲੇ ਕਰਤਾਰਿ ॥੨॥

ਹੇ ਨਾਨਕ! ਜਿਨ੍ਹਾਂ ਗੁਰਮੁਖਾਂ ਨੂੰ ਕਰਤਾਰ ਨੇ ਆਪ (ਆਪਣੇ ਨਾਲ) ਜੋੜਿਆ ਹੈ ਉਹੀ ਇਸ (ਲਾਲਚ-ਰੂਪ ਸਮੁੰਦਰ) ਵਿਚੋਂ ਬਚ ਕੇ ਨਿਕਲਦੇ ਹਨ ॥੨॥


ਪਉੜੀ ॥
ਭਗਤ ਸਚੈ ਦਰਿ ਸੋਹਦੇ ਸਚੈ ਸਬਦਿ ਰਹਾਏ ॥

ਬੰਦਗੀ ਕਰਨ ਵਾਲੇ ਸੱਚੇ ਪ੍ਰਭੂ ਦੀ ਹਜ਼ੂਰੀ ਸੋਭਦੇ ਹਨ, (ਪ੍ਰਭੂ ਦੀ ਹਜ਼ੂਰੀ ਵਿਚ ਉਹ) ਸੱਚੇ ਸ਼ਬਦ ਦੀ ਰਾਹੀਂ ਟਿਕੇ ਰਹਿੰਦੇ ਹਨ,

ਹਰਿ ਕੀ ਪ੍ਰੀਤਿ ਤਿਨ ਊਪਜੀ ਹਰਿ ਪ੍ਰੇਮ ਕਸਾਏ ॥

ਉਹਨਾਂ ਦੇ ਅੰਦਰ ਪ੍ਰਭੂ ਦਾ ਪਿਆਰ ਪੈਦਾ ਹੁੰਦਾ ਹੈ, (ਉਹ) ਪ੍ਰਭੂ ਦੇ ਪਿਆਰ ਦੇ ਖਿੱਚੇ ਹੋਏ (ਹਨ),

ਹਰਿ ਰੰਗਿ ਰਹਹਿ ਸਦਾ ਰੰਗਿ ਰਾਤੇ ਰਸਨਾ ਹਰਿ ਰਸੁ ਪਿਆਏ ॥

ਉਹ ਸਦਾ ਪ੍ਰਭੂ ਦੇ ਪਿਆਰ ਵਿਚ ਰਹਿੰਦੇ ਹਨ, ਪ੍ਰਭੂ ਦੇ ਰੰਗ ਵਿਚ ਰੱਤੇ ਰਹਿੰਦੇ ਹਨ ਤੇ ਜੀਭ ਨਾਲ ਪ੍ਰਭੂ ਦਾ ਨਾਮ-ਰਸ ਪੀਂਦੇ ਹਨ।

ਸਫਲੁ ਜਨਮੁ ਜਿਨੑੀ ਗੁਰਮੁਖਿ ਜਾਤਾ ਹਰਿ ਜੀਉ ਰਿਦੈ ਵਸਾਏ ॥

ਜਿਨ੍ਹਾਂ ਨੇ ਗੁਰੂ ਦੇ ਸਨਮੁਖ ਹੋ ਕੇ ਰੱਬ ਨੂੰ ਪਛਾਣਿਆ ਹੈ ਤੇ ਹਿਰਦੇ ਵਿਚ ਵਸਾਇਆ ਹੈ ਉਹਨਾਂ ਦਾ ਜੰਮਣਾ ਮੁਬਾਰਿਕ ਹੈ।

ਬਾਝੁ ਗੁਰੂ ਫਿਰੈ ਬਿਲਲਾਦੀ ਦੂਜੈ ਭਾਇ ਖੁਆਏ ॥੧੧॥

ਗੁਰੂ ਤੋਂ ਬਿਨਾ ਸ੍ਰਿਸ਼ਟੀ ਹੋਰ ਹੋਰ ਪਿਆਰ ਵਿਚ ਖੁੰਝੀ ਹੋਈ ਵਿਲਕਦੀ ਫਿਰਦੀ ਹੈ ॥੧੧॥


ਸਲੋਕੁ ਮਃ ੩ ॥
ਕਲਿਜੁਗ ਮਹਿ ਨਾਮੁ ਨਿਧਾਨੁ ਭਗਤੀ ਖਟਿਆ ਹਰਿ ਉਤਮ ਪਦੁ ਪਾਇਆ ॥

ਇਸ ਝੰਬੇਲਿਆਂ-ਭਰੇ ਜਗਤ ਵਿਚ ਪਰਮਾਤਮਾ ਦਾ ਨਾਮ (ਹੀ) ਖ਼ਜ਼ਾਨਾ ਹੈ, ਜਿਸ ਨੇ ਬੰਦਗੀ ਕਰ ਕੇ (ਇਹ ਖ਼ਜ਼ਾਨਾ) ਖੱਟ ਲਿਆ ਹੈ ਉਸ ਨੇ ਪ੍ਰਭੂ (ਦਾ ਮੇਲ-ਰੂਪ) ਉੱਚਾ ਦਰਜਾ ਪਾ ਲਿਆ ਹੈ,

ਸਤਿਗੁਰ ਸੇਵਿ ਹਰਿ ਨਾਮੁ ਮਨਿ ਵਸਾਇਆ ਅਨਦਿਨੁ ਨਾਮੁ ਧਿਆਇਆ ॥

ਗੁਰੂ ਦੇ ਹੁਕਮ ਵਿਚ ਤੁਰ ਕੇ ਉਸ ਨੇ ਪ੍ਰਭੂ ਦਾ ਨਾਮ ਆਪਣੇ ਮਨ ਵਿਚ ਵਸਾਇਆ ਹੈ ਤੇ ਹਰ ਵੇਲੇ ਨਾਮ ਸਿਮਰਿਆ ਹੈ,

ਵਿਚੇ ਗ੍ਰਿਹ ਗੁਰ ਬਚਨਿ ਉਦਾਸੀ ਹਉਮੈ ਮੋਹੁ ਜਲਾਇਆ ॥

ਸਤਿਗੁਰੂ ਦੇ ਬਚਨ ਵਿਚ (ਤੁਰ ਕੇ) ਉਹ ਗ੍ਰਿਹਸਤ ਵਿਚ ਹੀ ਉਦਾਸੀ ਹੈ (ਕਿਉਂਕਿ) ਉਸ ਨੇ ਹਉਮੈ ਤੇ ਮੋਹ ਸਾੜ ਦਿੱਤਾ ਹੈ,

ਆਪਿ ਤਰਿਆ ਕੁਲ ਜਗਤੁ ਤਰਾਇਆ ਧੰਨੁ ਜਣੇਦੀ ਮਾਇਆ ॥

ਉਹ (ਇਸ ਝੰਬੇਲਿਆਂ-ਭਰੇ ਸੰਸਾਰ-ਸਮੁੰਦਰ ਤੋਂ) ਆਪ ਲੰਘ ਗਿਆ ਹੈ, ਸਾਰੇ ਜਗਤ ਨੂੰ ਭੀ ਲੰਘਾਂਦਾ ਹੈ, ਧੰਨ ਹੈ ਉਸ ਦੀ ਜੰਮਣ ਵਾਲੀ ਮਾਂ!

ਐਸਾ ਸਤਿਗੁਰੁ ਸੋਈ ਪਾਏ ਜਿਸੁ ਧੁਰਿ ਮਸਤਕਿ ਹਰਿ ਲਿਖਿ ਪਾਇਆ ॥

ਇਹੋ ਜਿਹਾ ਗੁਰੂ (ਜਿਸ ਨੂੰ ਮਿਲ ਕੇ ਮਨੁੱਖ ‘ਆਪਿ ਤਰਿਆ ਕੁਲ ਜਗਤੁ ਤਰਾਇਆ’) ਉਸੇ ਬੰਦੇ ਨੂੰ ਮਿਲਦਾ ਹੈ ਜਿਸ ਦੇ ਮੱਥੇ ਤੇ ਧੁਰੋਂ ਕਰਤਾਰ ਨੇ (ਬੰਦਗੀ ਕਰਨ ਦਾ ਲੇਖ) ਲਿਖ ਕੇ ਰੱਖ ਦਿੱਤਾ ਹੈ।

ਜਨ ਨਾਨਕ ਬਲਿਹਾਰੀ ਗੁਰ ਆਪਣੇ ਵਿਟਹੁ ਜਿਨਿ ਭ੍ਰਮਿ ਭੁਲਾ ਮਾਰਗਿ ਪਾਇਆ ॥੧॥

ਹੇ ਦਾਸ ਨਾਨਕ! (ਆਖ-) ਮੈਂ ਆਪਣੇ ਗੁਰੂ ਤੋਂ ਸਦਕੇ ਹਾਂ ਜਿਸ ਨੇ ਮੈਨੂੰ ਭੁਲੇਖੇ ਵਿਚ ਭੁੱਲੇ ਨੂੰ ਰਾਹੇ ਪਾਇਆ ਹੈ ॥੧॥


ਮਃ ੩ ॥
ਤ੍ਰੈ ਗੁਣ ਮਾਇਆ ਵੇਖਿ ਭੁਲੇ ਜਿਉ ਦੇਖਿ ਦੀਪਕਿ ਪਤੰਗ ਪਚਾਇਆ ॥

ਸਾਰੇ ਜੀਵ ਤ੍ਰੈਗੁਣੀ ਮਾਇਆ ਨੂੰ ਵੇਖ ਕੇ (ਜੀਵਨ ਦੇ ਸਹੀ ਰਸਤੇ ਤੋਂ) ਖੁੰਝ ਰਹੇ ਹਨ ਜਿਵੇਂ ਭੰਬਟ (ਦੀਵੇ ਨੂੰ) ਵੇਖ ਕੇ ਦੀਵੇ ਉਤੇ ਸੜਦੇ ਹਨ;

ਪੰਡਿਤ ਭੁਲਿ ਭੁਲਿ ਮਾਇਆ ਵੇਖਹਿ ਦਿਖਾ ਕਿਨੈ ਕਿਹੁ ਆਣਿ ਚੜਾਇਆ ॥

ਪੰਡਤ (ਕਥਾ ਸੁਣਾਂਦੇ) ਮੁੜ ਮੁੜ ਖੁੰਝ ਕੇ ਮਾਇਆ ਵਲ ਹੀ ਤੱਕਦੇ ਹਨ ਕਿ ਵੇਖੀਏ ਕਿਸੇ ਨੇ ਕੁਝ ਲਿਆ ਕੇ ਭੇਟਾ ਰੱਖੀ ਹੈ (ਜਾਂ ਨਹੀਂ),

ਦੂਜੈ ਭਾਇ ਪੜਹਿ ਨਿਤ ਬਿਖਿਆ ਨਾਵਹੁ ਦਯਿ ਖੁਆਇਆ ॥

ਸੋ ਮਾਇਆ ਦੇ ਪਿਆਰ ਵਿਚ ਉਹ (ਅਸਲ ਵਿਚ) ਸਦਾ ਮਾਇਆ (ਦੀ ਸੰਥਾ ਹੀ) ਪੜ੍ਹਦੇ ਹਨ, ਪਰਮਾਤਮਾ ਨੇ ਉਹਨਾਂ ਨੂੰ (ਆਪਣੇ) ਨਾਮ ਵਲੋਂ ਖੁੰਝਾ ਦਿੱਤਾ ਹੈ।

ਜੋਗੀ ਜੰਗਮ ਸੰਨਿਆਸੀ ਭੁਲੇ ਓਨੑਾ ਅਹੰਕਾਰੁ ਬਹੁ ਗਰਬੁ ਵਧਾਇਆ ॥

ਜੋਗੀ ਜੰਗਮ ਤੇ ਸੰਨਿਆਸੀ (ਭੀ ਜੀਵਨ ਦੇ ਰਾਹ ਤੋਂ) ਖੁੰਝੇ ਹੋਏ ਹਨ, (ਕਿਉਂਕਿ ‘ਤਿਆਗ’ ਕਾਰਨ) ਇਹਨਾਂ ਨੇ ਮਾਣ ਤੇ ਅਹੰਕਾਰ ਨੂੰ ਵਧਾਇਆ ਹੋਇਆ ਹੈ,

ਛਾਦਨੁ ਭੋਜਨੁ ਨ ਲੈਹੀ ਸਤ ਭਿਖਿਆ ਮਨਹਠਿ ਜਨਮੁ ਗਵਾਇਆ ॥

(ਗ੍ਰਿਹਸਤੀਆਂ ਪਾਸੋਂ) ਆਦਰ ਸਰਧਾ ਨਾਲ ਮਿਲਿਆ ਕੱਪੜਾ ਤੇ ਭੋਜਨ-ਰੂਪ ਭਿੱਛਿਆ ਨਹੀਂ ਲੈਂਦੇ (ਭਾਵ, ਥੋੜੀ ਚੀਜ਼ ਮਿਲਣ ਤੇ ਉਹਨਾਂ ਨੂੰ ਘੂਰਦੇ ਹਨ) ਤੇ ਇਸ ਤਰ੍ਹਾਂ ਮਨ ਦੇ ਹਠ ਨਾਲ ਆਪਣੀ ਜ਼ਿੰਦਗੀ ਅਜਾਈਂ ਗਵਾ ਲੈਂਦੇ ਹਨ।

ਏਤੜਿਆ ਵਿਚਹੁ ਸੋ ਜਨੁ ਸਮਧਾ ਜਿਨਿ ਗੁਰਮੁਖਿ ਨਾਮੁ ਧਿਆਇਆ ॥

ਇਹਨਾਂ ਸਾਰਿਆਂ ਵਿਚੋਂ ਉਹ ਮਨੁੱਖ ਪੂਰਨ ਅਵਸਥਾ ਵਾਲਾ ਹੈ ਜਿਸ ਨੇ ਗੁਰੂ ਦੇ ਸਨਮੁਖ ਹੋ ਕੇ ਨਾਮ ਸਿਮਰਿਆ ਹੈ।

ਜਨ ਨਾਨਕ ਕਿਸ ਨੋ ਆਖਿ ਸੁਣਾਈਐ ਜਾ ਕਰਦੇ ਸਭਿ ਕਰਾਇਆ ॥੨॥

ਪਰ, ਹੇ ਦਾਸ ਨਾਨਕ! ਹੋਰ ਕਿਸ ਅੱਗੇ ਪੁਕਾਰ ਕਰੀਏ? ਸਾਰੇ ਪ੍ਰਭੂ ਦੇ ਪ੍ਰੇਰੇ ਹੋਏ ਹੀ ਕਾਰ ਕਰ ਰਹੇ ਹਨ, (ਭਾਵ, ਇਸ ਮਾਇਆ ਤੋਂ ਬਚਣ ਲਈ ਪ੍ਰਭੂ ਅੱਗੇ ਹੀ ਕੀਤੀ ਅਰਦਾਸ ਸਹੈਤਾ ਕਰਦੀ ਹੈ) ॥੨॥


ਪਉੜੀ ॥
ਮਾਇਆ ਮੋਹੁ ਪਰੇਤੁ ਹੈ ਕਾਮੁ ਕ੍ਰੋਧੁ ਅਹੰਕਾਰਾ ॥

ਮਾਇਆ ਦਾ ਮੋਹ, ਕਾਮ, ਕ੍ਰੋਧ ਤੇ ਅਹੰਕਾਰ ਸਭ ਇਕ ਤਰ੍ਹਾਂ ਦੇ ਭੂਤ ਹਨ;

ਏਹ ਜਮ ਕੀ ਸਿਰਕਾਰ ਹੈ ਏਨੑਾ ਉਪਰਿ ਜਮ ਕਾ ਡੰਡੁ ਕਰਾਰਾ ॥

ਇਹ ਸਾਰੇ ਜਮਰਾਜ ਦੀ ਰਈਅਤ ਹਨ, ਇਹਨਾਂ ਉੱਤੇ ਜਮਰਾਜ ਦਾ ਜ਼ੋਰ ਚੱਲਦਾ ਹੈ।

ਮਨਮੁਖ ਜਮ ਮਗਿ ਪਾਈਅਨਿੑ ਜਿਨੑ ਦੂਜਾ ਭਾਉ ਪਿਆਰਾ ॥

ਆਪਣੇ ਮਨ ਦੇ ਪਿਛੇ ਤੁਰਨ ਵਾਲੇ ਬੰਦੇ ਜਿਨ੍ਹਾਂ ਨੂੰ ਮਾਇਆ ਦਾ ਪਿਆਰ ਮਿੱਠਾ ਲੱਗਦਾ ਹੈ ਜਮਰਾਜ ਦੇ ਰਾਹ ਤੇ ਪਾਏ ਜਾਂਦੇ ਹਨ,

ਜਮ ਪੁਰਿ ਬਧੇ ਮਾਰੀਅਨਿ ਕੋ ਸੁਣੈ ਨ ਪੂਕਾਰਾ ॥

ਉਹ ਮਨਮੁਖ ਜਮ-ਪੁਰੀ ਵਿਚ ਬੱਝੇ ਹੋਏ ਮਾਰੀਦੇ ਹਨ ਤੇ ਕੋਈ ਉਹਨਾਂ ਦੀ ਪੁਕਾਰ ਨਹੀਂ ਸੁਣਦਾ (ਭਾਵ, ਇਹਨਾਂ ਕਾਮਾਦਿਕਾਂ ਦੇ ਪੰਜੇ ਤੋਂ ਕੋਈ ਉਹਨਾਂ ਨੂੰ ਛੁਡਾ ਨਹੀਂ ਸਕਦਾ)।

ਜਿਸ ਨੋ ਕ੍ਰਿਪਾ ਕਰੇ ਤਿਸੁ ਗੁਰੁ ਮਿਲੈ ਗੁਰਮੁਖਿ ਨਿਸਤਾਰਾ ॥੧੨॥

ਜਿਸ ਮਨੁੱਖ ਤੇ ਪ੍ਰਭੂ ਆਪ ਮਿਹਰ ਕਰੇ ਉਸ ਨੂੰ ਗੁਰੂ ਮਿਲਦਾ ਹੈ, ਗੁਰੂ ਦੀ ਰਾਹੀਂ (ਇਹਨਾਂ ਭੂਤਾਂ ਤੋਂ) ਛੁਟਕਾਰਾ ਹੁੰਦਾ ਹੈ ॥੧੨॥


ਸਲੋਕੁ ਮਃ ੩ ॥
ਹਉਮੈ ਮਮਤਾ ਮੋਹਣੀ ਮਨਮੁਖਾ ਨੋ ਗਈ ਖਾਇ ॥

ਹਉਮੈ ਤੇ ਅਪਣੱਤ (ਸਰੂਪ ਵਾਲੀ ਮਾਇਆ, ਮਾਨੋ) ਚੁੜੇਲ ਹੈ ਜੋ ਆਪ-ਹੁਦਰਿਆਂ ਨੂੰ ਹੜੱਪ ਕਰ ਜਾਂਦੀ ਹੈ,

ਜੋ ਮੋਹਿ ਦੂਜੈ ਚਿਤੁ ਲਾਇਦੇ ਤਿਨਾ ਵਿਆਪਿ ਰਹੀ ਲਪਟਾਇ ॥

ਜੋ ਮਨੁੱਖ (ਰੱਬ ਨੂੰ ਛੱਡ ਕਿਸੇ) ਹੋਰ ਦੇ ਮੋਹ ਵਿਚ ਚਿੱਤ ਜੋੜਦੇ ਹਨ ਉਹਨਾਂ ਨੂੰ ਚੰਬੜ ਕੇ ਆਪਣੇ ਵੱਸ ਵਿਚ ਕਰ ਲੈਂਦੀ ਹੈ।

ਗੁਰ ਕੈ ਸਬਦਿ ਪਰਜਾਲੀਐ ਤਾ ਏਹ ਵਿਚਹੁ ਜਾਇ ॥

ਜੇ ਗੁਰੂ ਦੇ ਸ਼ਬਦ ਨਾਲ ਇਸ ਨੂੰ ਚੰਗੀ ਤਰ੍ਹਾਂ ਸਾੜੀਏ ਤਾਂ ਇਹ ਅੰਦਰੋਂ ਨਿਕਲਦੀ ਹੈ;

ਤਨੁ ਮਨੁ ਹੋਵੈ ਉਜਲਾ ਨਾਮੁ ਵਸੈ ਮਨਿ ਆਇ ॥

ਤਾਂ ਸਰੀਰ ਤੇ ਮਨ ਸੁਅੱਛ ਹੋ ਜਾਂਦਾ ਹੈ; ਪ੍ਰਭੂ ਦਾ ਨਾਮ ਮਨ ਵਿਚ ਆ ਵੱਸਦਾ ਹੈ।

ਨਾਨਕ ਮਾਇਆ ਕਾ ਮਾਰਣੁ ਹਰਿ ਨਾਮੁ ਹੈ ਗੁਰਮੁਖਿ ਪਾਇਆ ਜਾਇ ॥੧॥

ਹੇ ਨਾਨਕ! ਇਸ ਮਾਇਆ (ਸੰਖੀਏ ਨੂੰ ਕੁਸ਼ਤਾ ਕਰਨ) ਦੀ ਬੂਟੀ ਇੱਕ ਹਰਿ-ਨਾਮ ਹੀ ਹੈ ਜੋ ਗੁਰੂ ਤੋਂ ਹੀ ਮਿਲ ਸਕਦਾ ਹੈ ॥੧॥


ਮਃ ੩ ॥
ਇਹੁ ਮਨੁ ਕੇਤੜਿਆ ਜੁਗ ਭਰਮਿਆ ਥਿਰੁ ਰਹੈ ਨ ਆਵੈ ਜਾਇ ॥

(ਮਨੁੱਖ ਦਾ) ਇਹ ਮਨ ਕਈ ਜੁਗ ਭਟਕਦਾ ਰਹਿੰਦਾ ਹੈ (ਪਰਮਾਤਮਾ ਵਿਚ) ਟਿਕਦਾ ਨਹੀਂ ਤੇ ਜੰਮਦਾ ਮਰਦਾ ਰਹਿੰਦਾ ਹੈ;

ਹਰਿ ਭਾਣਾ ਤਾ ਭਰਮਾਇਅਨੁ ਕਰਿ ਪਰਪੰਚੁ ਖੇਲੁ ਉਪਾਇ ॥

ਪਰ ਇਹ ਗੱਲ ਪ੍ਰਭੂ ਨੂੰ (ਏਸੇ ਤਰ੍ਹਾਂ) ਭਾਉਂਦੀ ਹੈ ਕਿ ਉਸ ਨੇ ਇਹ ਠੱਗਣ ਵਾਲੀ (ਜਗਤ-ਖੇਡ ਬਣਾ ਕੇ (ਜੀਵਾਂ ਨੂੰ ਇਸ ਵਿਚ) ਭਰਮਾਇਆ ਹੋਇਆ ਹੈ।

ਜਾ ਹਰਿ ਬਖਸੇ ਤਾ ਗੁਰ ਮਿਲੈ ਅਸਥਿਰੁ ਰਹੈ ਸਮਾਇ ॥

ਜਦੋਂ ਪ੍ਰਭੂ (ਆਪ) ਮਿਹਰ ਕਰਦਾ ਹੈ ਤਾਂ (ਜੀਵ ਨੂੰ) ਗੁਰੂ ਮਿਲਦਾ ਹੈ, (ਫਿਰ) ਇਹ (ਪ੍ਰਭੂ ਵਿਚ) ਜੁੜ ਕੇ ਟਿਕਿਆ ਰਹਿੰਦਾ ਹੈ;

ਨਾਨਕ ਮਨ ਹੀ ਤੇ ਮਨੁ ਮਾਨਿਆ ਨਾ ਕਿਛੁ ਮਰੈ ਨ ਜਾਇ ॥੨॥

(ਇਸ ਤਰ੍ਹਾਂ) ਹੇ ਨਾਨਕ! ਮਨ ਅੰਦਰੋਂ ਹੀ (ਪ੍ਰਭੂ-ਨਾਮ ਵਿਚ) ਪਤੀਜ ਜਾਂਦਾ ਹੈ, ਫਿਰ ਇਸ ਦਾ ਨਾਹ ਕੁਝ ਮਰਦਾ ਹੈ ਨਾਹ ਜੰਮਦਾ ਹੈ ॥੨॥


ਪਉੜੀ ॥
ਕਾਇਆ ਕੋਟੁ ਅਪਾਰੁ ਹੈ ਮਿਲਣਾ ਸੰਜੋਗੀ ॥

ਮਨੁੱਖਾ-ਸਰੀਰ (ਮਾਨੋ,) ਇਕ ਵੱਡਾ ਕਿਲ੍ਹਾ ਹੈ ਜੋ ਮਨੁੱਖ ਨੂੰ ਭਾਗਾਂ ਨਾਲ ਮਿਲਦਾ ਹੈ,

ਕਾਇਆ ਅੰਦਰਿ ਆਪਿ ਵਸਿ ਰਹਿਆ ਆਪੇ ਰਸ ਭੋਗੀ ॥

ਇਸ ਸਰੀਰ ਵਿਚ ਪ੍ਰਭੂ ਆਪ ਵੱਸ ਰਿਹਾ ਹੈ ਤੇ (ਕਿਤੇ ਤਾਂ) ਰਸ ਭੋਗ ਰਿਹਾ ਹੈ,

ਆਪਿ ਅਤੀਤੁ ਅਲਿਪਤੁ ਹੈ ਨਿਰਜੋਗੁ ਹਰਿ ਜੋਗੀ ॥

(ਕਿਤੇ) ਆਪ ਜੋਗੀ ਪ੍ਰਭੂ ਵਿਰਕਤ ਹੈ, ਮਾਇਆ ਦੇ ਅਸਰ ਤੋਂ ਪਰੇ ਹੈ ਤੇ ਅਨ-ਜੁੜਿਆ ਹੈ।

ਜੋ ਤਿਸੁ ਭਾਵੈ ਸੋ ਕਰੇ ਹਰਿ ਕਰੇ ਸੁ ਹੋਗੀ ॥

ਜੋ ਉਸ ਨੂੰ ਚੰਗਾ ਲੱਗਦਾ ਹੈ ਉਹੀ ਕਰਦਾ ਹੈ, ਜੋ ਕੁਝ ਪ੍ਰਭੂ ਕਰਦਾ ਹੈ ਉਹੀ ਹੁੰਦਾ ਹੈ।

ਹਰਿ ਗੁਰਮੁਖਿ ਨਾਮੁ ਧਿਆਈਐ ਲਹਿ ਜਾਹਿ ਵਿਜੋਗੀ ॥੧੩॥

ਜੇ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਦਾ ਨਾਮ ਸਿਮਰੀਏ ਤਾਂ (ਮਾਇਕ ਰਸ-ਰੂਪ) ਸਾਰੇ ਵਿਛੋੜੇ (ਭਾਵ, ਪ੍ਰਭੂ ਤੋਂ ਵਿਛੋੜੇ ਦਾ ਮੂਲ) ਦੂਰ ਹੋ ਜਾਂਦੇ ਹਨ ॥੧੩॥


ਸਲੋਕੁ ਮਃ ੩ ॥
ਵਾਹੁ ਵਾਹੁ ਆਪਿ ਅਖਾਇਦਾ ਗੁਰਸਬਦੀ ਸਚੁ ਸੋਇ ॥

ਉਹ ਸੱਚਾ ਪ੍ਰਭੂ ਆਪ ਹੀ ਸਤਿਗੁਰੂ ਦੇ ਸ਼ਬਦ ਦੀ ਰਾਹੀਂ (ਮਨੁੱਖ ਪਾਸੋਂ) ‘ਵਾਹੁ ਵਾਹੁ’ ਅਖਵਾਂਦਾ ਹੈ (ਭਾਵ, ਸਿਫ਼ਤ-ਸਾਲਾਹ ਕਰਾਂਦਾ ਹੈ),

ਵਾਹੁ ਵਾਹੁ ਸਿਫਤਿ ਸਲਾਹ ਹੈ ਗੁਰਮੁਖਿ ਬੂਝੈ ਕੋਇ ॥

ਕੋਈ (ਵਿਰਲਾ) ਗੁਰਮੁਖ ਸਮਝਦਾ ਹੈ ਕਿ ‘ਵਾਹ ਵਾਹ’ ਆਖਣਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਹੈ,

ਵਾਹੁ ਵਾਹੁ ਬਾਣੀ ਸਚੁ ਹੈ ਸਚਿ ਮਿਲਾਵਾ ਹੋਇ ॥

ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਪਰਮਾਤਮਾ ਦਾ ਰੂਪ ਹੈ, (ਇਸ ਨਾਲ) ਪਰਮਾਤਮਾ ਵਿਚ ਮੇਲ ਹੁੰਦਾ ਹੈ।

ਨਾਨਕ ਵਾਹੁ ਵਾਹੁ ਕਰਤਿਆ ਪ੍ਰਭੁ ਪਾਇਆ ਕਰਮਿ ਪਰਾਪਤਿ ਹੋਇ ॥੧॥

ਹੇ ਨਾਨਕ! (ਪ੍ਰਭੂ ਦੀ) ਸਿਫ਼ਤ-ਸਾਲਾਹ ਕਰਦਿਆਂ ਪ੍ਰਭੂ ਮਿਲ ਪੈਂਦਾ ਹੈ; (ਪਰ, ਇਹ ਸਿਫ਼ਤ-ਸਾਲਾਹ) ਪ੍ਰਭੂ ਦੀ ਮਿਹਰ ਨਾਲ ਮਿਲਦੀ ਹੈ ॥੧॥


ਮਃ ੩ ॥
ਵਾਹੁ ਵਾਹੁ ਕਰਤੀ ਰਸਨਾ ਸਬਦਿ ਸੁਹਾਈ ॥

ਗੁਰੂ ਦੇ ਸ਼ਬਦ ਦੁਆਰਾ ‘ਵਾਹੁ ਵਾਹੁ’ ਆਖਦੀ ਜੀਭ ਸੋਹਣੀ ਲੱਗਦੀ ਹੈ,

ਪੂਰੈ ਸਬਦਿ ਪ੍ਰਭੁ ਮਿਲਿਆ ਆਈ ॥

ਪ੍ਰਭੂ ਮਿਲਦਾ ਹੀ ਗੁਰੂ ਦੇ ਪੂਰਨ ਸ਼ਬਦ ਦੀ ਰਾਹੀਂ ਹੈ।

ਵਡਭਾਗੀਆ ਵਾਹੁ ਵਾਹੁ ਮੁਹਹੁ ਕਢਾਈ ॥

ਵੱਡੇ ਭਾਗਾਂ ਵਾਲਿਆਂ ਦੇ ਮੂੰਹ ਵਿਚੋਂ ਪ੍ਰਭੂ ‘ਵਾਹੁ ਵਾਹੁ’ ਅਖਵਾਉਂਦਾ ਹੈ,

ਵਾਹੁ ਵਾਹੁ ਕਰਹਿ ਸੇਈ ਜਨ ਸੋਹਣੇ ਤਿਨੑ ਕਉ ਪਰਜਾ ਪੂਜਣ ਆਈ ॥

ਜੋ ਮਨੁੱਖ ‘ਵਾਹੁ ਵਾਹੁ’ ਕਰਦੇ ਹਨ, ਉਹ ਸੋਹਣੇ ਲੱਗਦੇ ਹਨ ਤੇ ਸਾਰੀ ਦੁਨੀਆ ਉਹਨਾਂ ਦੇ ਚਰਨ ਪਰਸਣ ਆਉਂਦੀ ਹੈ।

ਵਾਹੁ ਵਾਹੁ ਕਰਮਿ ਪਰਾਪਤਿ ਹੋਵੈ ਨਾਨਕ ਦਰਿ ਸਚੈ ਸੋਭਾ ਪਾਈ ॥੨॥

ਹੇ ਨਾਨਕ! ਪ੍ਰਭੂ ਦੀ ਮੇਹਰ ਨਾਲ ਪ੍ਰਭੂ ਦੀ ਸਿਫ਼ਤ-ਸਾਲਾਹ ਹੁੰਦੀ ਹੈ ਤੇ ਸੱਚੇ ਦਰ ਤੇ ਸੋਭਾ ਮਿਲਦੀ ਹੈ ॥੨॥


ਪਉੜੀ ॥
ਬਜਰ ਕਪਾਟ ਕਾਇਆ ਗੜੑ ਭੀਤਰਿ ਕੂੜੁ ਕੁਸਤੁ ਅਭਿਮਾਨੀ ॥

ਅਹੰਕਾਰੀ ਮਨੁੱਖਾਂ ਦੇ ਸਰੀਰ-ਰੂਪ ਕਿਲ੍ਹੇ ਵਿਚ ਕੂੜ ਤੇ ਕੁਸੱਤ-ਰੂਪ ਕਰੜੇ ਫਾਟਕ ਲੱਗੇ ਹੋਏ ਹਨ,

ਭਰਮਿ ਭੂਲੇ ਨਦਰਿ ਨ ਆਵਨੀ ਮਨਮੁਖ ਅੰਧ ਅਗਿਆਨੀ ॥

ਪਰ ਅੰਨ੍ਹੇ ਤੇ ਅਗਿਆਨੀ ਮਨਮੁਖਾਂ ਨੂੰ ਭਰਮ ਵਿਚ ਭੁੱਲੇ ਹੋਣ ਕਰ ਕੇ ਦਿੱਸਦੇ ਨਹੀਂ ਹਨ।

ਉਪਾਇ ਕਿਤੈ ਨ ਲਭਨੀ ਕਰਿ ਭੇਖ ਥਕੇ ਭੇਖਵਾਨੀ ॥

ਭੇਖ ਕਰਨ ਵਾਲੇ ਲੋਕ ਭੇਖ ਕਰ ਕਰ ਕੇ ਥੱਕ ਗਏ ਹਨ, ਪਰ ਉਹਨਾਂ ਨੂੰ ਭੀ ਕਿਸੇ ਉਪਾਉ ਕਰਨ ਨਾਲ (ਇਹ ਫਾਟਕ) ਨਹੀਂ ਦਿੱਸੇ,

ਗੁਰਸਬਦੀ ਖੋਲਾਈਅਨਿੑ ਹਰਿ ਨਾਮੁ ਜਪਾਨੀ ॥

(ਹਾਂ) ਜੋ ਮਨੁੱਖ ਹਰੀ ਦਾ ਨਾਮ ਜਪਦੇ ਹਨ, ਉਹਨਾਂ ਦੇ ਕਪਾਟ ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਖੁਲ੍ਹਦੇ ਹਨ।

ਹਰਿ ਜੀਉ ਅੰਮ੍ਰਿਤ ਬਿਰਖੁ ਹੈ ਜਿਨ ਪੀਆ ਤੇ ਤ੍ਰਿਪਤਾਨੀ ॥੧੪॥

ਪ੍ਰਭੂ (ਦਾ ਨਾਮ) ਅੰਮ੍ਰਿਤ ਦਾ ਰੁੱਖ ਹੈ, ਜਿਨ੍ਹਾਂ ਨੇ (ਇਸ ਦਾ ਰਸ) ਪੀਤਾ ਹੈ ਉਹ ਰੱਜ ਗਏ ਹਨ ॥੧੪॥


ਸਲੋਕੁ ਮਃ ੩ ॥
ਵਾਹੁ ਵਾਹੁ ਕਰਤਿਆ ਰੈਣਿ ਸੁਖਿ ਵਿਹਾਇ ॥

ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਿਆਂ (ਮਨੁੱਖਾ ਜਨਮ-ਰੂਪ) ਰਾਤ ਸੁਖੀ ਗੁਜ਼ਰਦੀ ਹੈ,

ਵਾਹੁ ਵਾਹੁ ਕਰਤਿਆ ਸਦਾ ਅਨੰਦੁ ਹੋਵੈ ਮੇਰੀ ਮਾਇ ॥

ਤੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਿਆਂ ਸਦਾ ਮੌਜ ਬਣੀ ਰਹਿੰਦੀ ਹੈ, ਹੇ ਮੇਰੀ ਮਾਂ!

ਵਾਹੁ ਵਾਹੁ ਕਰਤਿਆ ਹਰਿ ਸਿਉ ਲਿਵ ਲਾਇ ॥

ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਿਆਂ ਪ੍ਰਭੂ ਨਾਲ ਸੁਰਤਿ ਜੁੜਦੀ ਹੈ,

ਵਾਹੁ ਵਾਹੁ ਕਰਮੀ ਬੋਲੈ ਬੋਲਾਇ ॥

ਪਰ, ਕੋਈ ਵਿਰਲਾ ਮਨੁੱਖ ਪ੍ਰਭੂ ਦੀ ਮਿਹਰ ਨਾਲ ਪ੍ਰਭੂ ਦਾ ਪ੍ਰੇਰਿਆ ਹੋਇਆ ‘ਵਾਹੁ ਵਾਹੁ’ ਦੀ ਬਾਣੀ ਉਚਾਰਦਾ ਹੈ।

ਵਾਹੁ ਵਾਹੁ ਕਰਤਿਆ ਸੋਭਾ ਪਾਇ ॥

ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਿਆਂ ਸੋਭਾ ਮਿਲਦੀ ਹੈ,

ਨਾਨਕ ਵਾਹੁ ਵਾਹੁ ਸਤਿ ਰਜਾਇ ॥੧॥

ਤੇ, ਹੇ ਨਾਨਕ! ਇਹ ਸਿਫ਼ਤ-ਸਾਲਾਹ (ਮਨੁੱਖ ਨੂੰ) ਪ੍ਰਭੂ ਦੀ ਰਜ਼ਾ ਵਿਚ ਜੋੜੀ ਰੱਖਦੀ ਹੈ ॥੧॥


ਮਃ ੩ ॥
ਵਾਹੁ ਵਾਹੁ ਬਾਣੀ ਸਚੁ ਹੈ ਗੁਰਮੁਖਿ ਲਧੀ ਭਾਲਿ ॥

ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਪ੍ਰਭੂ (ਦਾ ਰੂਪ ਹੀ) ਹੈ, ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੈ ਉਸ ਨੇ ਭਾਲ ਕੇ ਲੱਭ ਲਈ ਹੈ,

ਵਾਹੁ ਵਾਹੁ ਸਬਦੇ ਉਚਰੈ ਵਾਹੁ ਵਾਹੁ ਹਿਰਦੈ ਨਾਲਿ ॥

ਗੁਰੂ ਦੇ ਸ਼ਬਦ ਦੀ ਰਾਹੀਂ ਉਹ ‘ਵਾਹੁ ਵਾਹੁ’ ਆਖਦਾ ਹੈ ਤੇ ਹਿਰਦੇ ਨਾਲ (ਪਰੋ ਕੇ ਰੱਖਦਾ ਹੈ)।

ਵਾਹੁ ਵਾਹੁ ਕਰਤਿਆ ਹਰਿ ਪਾਇਆ ਸਹਜੇ ਗੁਰਮੁਖਿ ਭਾਲਿ ॥

ਗੁਰਮੁਖਾਂ ਨੇ ਸੁਤੇ ਹੀ ਭਾਲ ਕਰ ਕੇ, ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਿਆਂ ਪ੍ਰਭੂ ਨੂੰ ਲੱਭ ਲਿਆ ਹੈ।

ਸੇ ਵਡਭਾਗੀ ਨਾਨਕਾ ਹਰਿ ਹਰਿ ਰਿਦੈ ਸਮਾਲਿ ॥੨॥

ਹੇ ਨਾਨਕ! ਉਹ ਮਨੁੱਖ ਵੱਡੇ ਭਾਗਾਂ ਵਾਲੇ ਹਨ ਜੋ ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਵਿਚ ਸੰਭਾਲਦੇ ਹਨ ॥੨॥


ਪਉੜੀ ॥
ਏ ਮਨਾ ਅਤਿ ਲੋਭੀਆ ਨਿਤ ਲੋਭੇ ਰਾਤਾ ॥

ਹੇ ਬਹੁਤ ਲੋਭੀ ਮਨ, ਤੂੰ ਸਦਾ ਲੋਭ ਵਿਚ ਪਇਆ ਰਹਿਨਾ?

ਮਾਇਆ ਮਨਸਾ ਮੋਹਣੀ ਦਹ ਦਿਸ ਫਿਰਾਤਾ ॥

ਮੋਹਣੀ ਮਾਇਆ ਦੀ ਚਾਹ ਦੇ ਕਾਰਨ ਤੂੰ ਦਸੀਂ ਪਾਸੀਂ ਭਉਂਦਾ ਫਿਰਦਾ ਹੈਂ।

ਅਗੈ ਨਾਉ ਜਾਤਿ ਨ ਜਾਇਸੀ ਮਨਮੁਖਿ ਦੁਖੁ ਖਾਤਾ ॥

ਹੇ ਮਨਮੁਖ (ਮਨ!) ਦਰਗਾਹ ਵਿਚ ਵੱਡਾ ਨਾਮ ਤੇ ਉੱਚੀ ਜਾਤ ਕੰਮ ਨਹੀਂ ਜਾਂਦੇ, (ਇਹਨਾਂ ਵਿਚ ਭੁੱਲਾ ਹੋਇਆ) ਦੁੱਖ ਭੋਗੇਂਗਾ;

ਰਸਨਾ ਹਰਿ ਰਸੁ ਨ ਚਖਿਓ ਫੀਕਾ ਬੋਲਾਤਾ ॥

ਜੀਭ ਨਾਲ ਤੂੰ ਪ੍ਰਭੂ ਦੇ ਨਾਮ ਦਾ ਸੁਆਦ ਨਹੀਂ ਚੱਖਿਆ ਤੇ ਫਿੱਕਾ (ਭਾਵ, ਮਾਇਆ ਸੰਬੰਧੀ ਬਚਨ ਹੀ) ਬੋਲਦਾ ਹੈਂ।

ਜਿਨਾ ਗੁਰਮੁਖਿ ਅੰਮ੍ਰਿਤੁ ਚਾਖਿਆ ਸੇ ਜਨ ਤ੍ਰਿਪਤਾਤਾ ॥੧੫॥

ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਸਨਮੁਖ ਹੋ ਕੇ (ਨਾਮ-ਰੂਪ) ਅੰਮ੍ਰਿਤ ਚਖਿਆ ਹੈ ਉਹ ਰੱਜ ਗਏ ਹਨ ॥੧੫॥


ਸਲੋਕੁ ਮਃ ੩ ॥
ਵਾਹੁ ਵਾਹੁ ਤਿਸ ਨੋ ਆਖੀਐ ਜਿ ਸਚਾ ਗਹਿਰ ਗੰਭੀਰੁ ॥

ਉਸ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਜੋ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ ਤੇ ਵੱਡੇ ਜਿਗਰੇ ਵਾਲਾ ਹੈ,

ਵਾਹੁ ਵਾਹੁ ਤਿਸ ਨੋ ਆਖੀਐ ਜਿ ਗੁਣਦਾਤਾ ਮਤਿ ਧੀਰੁ ॥

ਉਸ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਜੋ (ਆਪਣੇ ਭਗਤਾਂ ਨੂੰ) ਗੁਣ ਬਖ਼ਸ਼ਣ ਵਾਲਾ ਹੈ ਤੇ ਅਡੋਲ ਮੱਤ ਵਾਲਾ ਹੈ,

ਵਾਹੁ ਵਾਹੁ ਤਿਸ ਨੋ ਆਖੀਐ ਜਿ ਸਭ ਮਹਿ ਰਹਿਆ ਸਮਾਇ ॥

ਉਸ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਜੋ ਸਭ ਵਿੱਚ ਸਮਾਇਆ ਹੋਇਆ ਹੈ।

ਵਾਹੁ ਵਾਹੁ ਤਿਸ ਨੋ ਆਖੀਐ ਜਿ ਦੇਦਾ ਰਿਜਕੁ ਸਬਾਹਿ ॥

ਉਸ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਜੋ ਸਾਰੇ ਜੀਵਾਂ ਵਿਚ ਵਿਆਪਕ ਹੈ ਤੇ ਜੋ ਸਭ ਨੂੰ ਰਿਜ਼ਕ ਅਪੜਾਉਂਦਾ ਹੈ,

ਨਾਨਕ ਵਾਹੁ ਵਾਹੁ ਇਕੋ ਕਰਿ ਸਾਲਾਹੀਐ ਜਿ ਸਤਿਗੁਰ ਦੀਆ ਦਿਖਾਇ ॥੧॥

ਹੇ ਨਾਨਕ! ਉਸ ਨੂੰ ਲਾ-ਸ਼ਰੀਕ ਜਾਣ ਕੇ ਉਸ ਦੀ ਵਡਿਆਈ ਕਰੀਏ; ਉਸ ਦਾ ਦਰਸਨ ਸਤਿਗੁਰੂ ਹੀ ਕਰਾਉਂਦਾ ਹੈ ॥੧॥


ਮਃ ੩ ॥
ਵਾਹੁ ਵਾਹੁ ਗੁਰਮੁਖ ਸਦਾ ਕਰਹਿ ਮਨਮੁਖ ਮਰਹਿ ਬਿਖੁ ਖਾਇ ॥

ਜੋ ਮਨੁੱਖ ਗੁਰੂ ਦੇ ਸਨਮੁਖ ਹਨ, ਉਹ ਸਦਾ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ; ਪਰ, ਆਪ-ਹੁਦਰੇ ਮਨੁੱਖ ਮਾਇਆ-ਰੂਪ ਜ਼ਹਿਰ ਖਾ ਕੇ ਮਰਦੇ ਹਨ।

ਓਨਾ ਵਾਹੁ ਵਾਹੁ ਨ ਭਾਵਈ ਦੁਖੇ ਦੁਖਿ ਵਿਹਾਇ ॥

ਉਹਨਾਂ ਨੂੰ ਸਿਫ਼ਤ-ਸਾਲਾਹ ਚੰਗੀ ਨਹੀਂ ਲੱਗਦੀ, ਇਸ ਵਾਸਤੇ ਉਹਨਾਂ ਦੀ ਸਾਰੀ ਉਮਰ ਦੁੱਖ ਵਿਚ ਹੀ ਬੀਤਦੀ ਹੈ।

ਗੁਰਮੁਖਿ ਅੰਮ੍ਰਿਤੁ ਪੀਵਣਾ ਵਾਹੁ ਵਾਹੁ ਕਰਹਿ ਲਿਵ ਲਾਇ ॥

ਗੁਰਮੁਖਾਂ ਦਾ ਜਲ-ਪਾਨ ਹੀ ਨਾਮ-ਅੰਮ੍ਰਿਤ ਹੈ (ਭਾਵ, ਗੁਰਮੁਖਾਂ ਲਈ ਨਾਮ-ਅੰਮ੍ਰਿਤ ਜੀਵਨ ਦਾ ਆਸਰਾ ਹੈ), ਉਹ ਸੁਰਤਿ ਜੋੜ ਕੇ ਸਿਫ਼ਤ ਕਰਦੇ ਹਨ।

ਨਾਨਕ ਵਾਹੁ ਵਾਹੁ ਕਰਹਿ ਸੇ ਜਨ ਨਿਰਮਲੇ ਤ੍ਰਿਭਵਣ ਸੋਝੀ ਪਾਇ ॥੨॥

ਹੇ ਨਾਨਕ! ਜੋ ਮਨੁੱਖ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ ਉਹ ਪਵਿਤ੍ਰ ਹੋ ਜਾਂਦੇ ਹਨ, ਉਹਨਾਂ ਨੂੰ ਤਿੰਨਾਂ ਭਵਨਾਂ (ਵਿਚ ਵਿਆਪਕ ਪ੍ਰਭੂ ਦੀ) ਸੂਝ ਪੈ ਜਾਂਦੀ ਹੈ ॥੨॥


ਪਉੜੀ ॥
ਹਰਿ ਕੈ ਭਾਣੈ ਗੁਰੁ ਮਿਲੈ ਸੇਵਾ ਭਗਤਿ ਬਨੀਜੈ ॥

ਜੇ ਪ੍ਰਭੂ ਦੀ ਰਜ਼ਾ ਹੋਵੇ ਤਾਂ (ਮਨੁੱਖ ਨੂੰ) ਗੁਰੂ ਮਿਲਦਾ ਹੈ ਤੇ (ਉਸ ਵਾਸਤੇ) ਪ੍ਰਭੂ ਦੇ ਸਿਮਰਨ ਤੇ ਭਗਤੀ (ਦੀ ਜੁਗਤ) ਬਣਦੀ ਹੈ,

ਹਰਿ ਕੈ ਭਾਣੈ ਹਰਿ ਮਨਿ ਵਸੈ ਸਹਜੇ ਰਸੁ ਪੀਜੈ ॥

ਜੇ ਪ੍ਰਭੂ ਦੀ ਰਜ਼ਾ ਹੋਵੇ ਤਾਂ ਪ੍ਰਭੂ ਮਨ ਵਿਚ ਆ ਕੇ ਵੱਸਦਾ ਹੈ ਤੇ ਅਡੋਲ ਅਵਸਥਾ ਵਿਚ (ਟਿਕਿਆਂ) ਨਾਮ-ਰਸ ਪੀਵੀਦਾ ਹੈ,

ਹਰਿ ਕੈ ਭਾਣੈ ਸੁਖੁ ਪਾਈਐ ਹਰਿ ਲਾਹਾ ਨਿਤ ਲੀਜੈ ॥

ਜੇ ਪ੍ਰਭੂ ਦੀ ਰਜ਼ਾ ਹੋਵੇ ਤਾਂ (ਆਤਮਾ ਨੂੰ) ਸੁਖ ਮਿਲਦਾ ਹੈ ਤੇ (ਜੀਵ-ਵਪਾਰੀ ਨੂੰ) ਸਦਾ ਨਾਮ-ਰੂਪ ਦਾ ਨਫ਼ਾ ਮਿਲਦਾ ਹੈ,

ਹਰਿ ਕੈ ਤਖਤਿ ਬਹਾਲੀਐ ਨਿਜ ਘਰਿ ਸਦਾ ਵਸੀਜੈ ॥

ਇਸ ਤਰ੍ਹਾਂ ਵਾਹਿਗੁਰੂ ਦੇ (ਨਾਮ ਦੇ) ਰਾਜ-ਸਿੰਘਾਸਣ ਉਤੇ ਬੈਠਣ ਨਾਲ, ਪ੍ਰਭੂ ਹਮੇਸ਼ਾਂ ਆਪਣੇ ਨਿੱਜ ਦੇ ਗ੍ਰਹਿ ਵਿੱਚ ਵਸਦਾ ਹੈ।

ਹਰਿ ਕਾ ਭਾਣਾ ਤਿਨੀ ਮੰਨਿਆ ਜਿਨਾ ਗੁਰੂ ਮਿਲੀਜੈ ॥੧੬॥

ਜਿਨ੍ਹਾਂ ਮਨੁੱਖਾਂ ਨੂੰ ਸਤਿਗੁਰੂ ਮਿਲ ਪੈਂਦਾ ਹੈ, ਉਹ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ (ਮਿੱਠਾ ਕਰ ਕੇ) ਮੰਨਦੇ ਹਨ ॥੧੬॥


ਸਲੋਕੁ ਮਃ ੩ ॥
ਵਾਹੁ ਵਾਹੁ ਸੇ ਜਨ ਸਦਾ ਕਰਹਿ ਜਿਨੑ ਕਉ ਆਪੇ ਦੇਇ ਬੁਝਾਇ ॥

ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਆਪ ਹੀ ਸੁਮੱਤ ਬਖ਼ਸ਼ਦਾ ਹੈ ਉਹ ਸਦਾ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ,

ਵਾਹੁ ਵਾਹੁ ਕਰਤਿਆ ਮਨੁ ਨਿਰਮਲੁ ਹੋਵੈ ਹਉਮੈ ਵਿਚਹੁ ਜਾਇ ॥

ਪ੍ਰਭੂ ਦੀ ਸਿਫ਼ਤ-ਸਾਲਾਹ ਕੀਤਿਆਂ ਮਨ ਪਵਿਤ੍ਰ ਹੁੰਦਾ ਹੈ ਤੇ ਮਨ ਵਿਚੋਂ ਹਉਮੈ ਦੂਰ ਹੁੰਦੀ ਹੈ।

ਵਾਹੁ ਵਾਹੁ ਗੁਰਸਿਖੁ ਜੋ ਨਿਤ ਕਰੇ ਸੋ ਮਨ ਚਿੰਦਿਆ ਫਲੁ ਪਾਇ ॥

ਜੋ ਭੀ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ, ਉਸ ਨੂੰ ਮਨ-ਇੱਛਤ ਫਲ ਮਿਲਦਾ ਹੈ।

ਵਾਹੁ ਵਾਹੁ ਕਰਹਿ ਸੇ ਜਨ ਸੋਹਣੇ ਹਰਿ ਤਿਨੑ ਕੈ ਸੰਗਿ ਮਿਲਾਇ ॥

ਜੋ ਸਿਫ਼ਤ-ਸਾਲਾਹ ਕਰਦੇ ਹਨ, ਉਹ ਸੋਹਣੇ ਦਾਸ ਪ੍ਰਭੂ ਦਾ ਮਿਲਾਪ ਕਰ ਲੈਂਦੇ ਹਨ।

ਵਾਹੁ ਵਾਹੁ ਹਿਰਦੈ ਉਚਰਾ ਮੁਖਹੁ ਭੀ ਵਾਹੁ ਵਾਹੁ ਕਰੇਉ ॥

ਜੋ ਹਿਰਦੇ ਵਿੱਚ ਸਿਫ਼ਤ-ਸਾਲਾਹ ਕਰਦੇ ਹਨ, ਉਹਨ੍ਹਾਂ ਦੇ ਮੂਹੋਂ ਵੀ ਸਿਫਤ-ਸਲਾਹ ਹੀ ਨਿਲਦੀ ਹੈ।

ਨਾਨਕ ਵਾਹੁ ਵਾਹੁ ਜੋ ਕਰਹਿ ਹਉ ਤਨੁ ਮਨੁ ਤਿਨੑ ਕਉ ਦੇਉ ॥੧॥

ਹੇ ਨਾਨਕ! ਜੋ ਮਨੁੱਖ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ, ਮੈਂ ਆਪਣਾ ਤਨ ਮਨ ਉਹਨਾਂ ਅੱਗੇ ਭੇਟ ਕਰ ਦਿਆਂ ॥੧॥


ਮਃ ੩ ॥
ਵਾਹੁ ਵਾਹੁ ਸਾਹਿਬੁ ਸਚੁ ਹੈ ਅੰਮ੍ਰਿਤੁ ਜਾ ਕਾ ਨਾਉ ॥

ਜਿਸ ਮਾਲਕ ਪ੍ਰਭੂ ਦਾ ਨਾਮ (ਜੀਵਾਂ ਨੂੰ) ਆਤਮਕ ਬਲ ਦੇਣ ਵਾਲਾ ਹੈ ਉਸ ਦੀ ਸਿਫ਼ਤ-ਸਾਲਾਹ ਉਸੇ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਸਰੂਪ ਹੈ।

ਜਿਨਿ ਸੇਵਿਆ ਤਿਨਿ ਫਲੁ ਪਾਇਆ ਹਉ ਤਿਨ ਬਲਿਹਾਰੈ ਜਾਉ ॥

ਜਿਸ ਜਿਸ ਮਨੁੱਖ ਨੇ ਪ੍ਰਭੂ ਨੂੰ ਸਿਮਰਿਆ ਹੈ ਉਸ ਉਸ ਨੇ (ਨਾਮ-ਅੰਮ੍ਰਿਤ) ਫਲ ਪ੍ਰਾਪਤ ਕਰ ਲਿਆ ਹੈ, ਮੈਂ ਅਜੇਹੇ ਗੁਰਮੁਖਾਂ ਤੋਂ ਸਦਕੇ ਹਾਂ।

ਵਾਹੁ ਵਾਹੁ ਗੁਣੀ ਨਿਧਾਨੁ ਹੈ ਜਿਸ ਨੋ ਦੇਇ ਸੁ ਖਾਇ ॥

ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੀ ਸਿਫ਼ਤ ਉਸ ਦਾ ਹੀ ਰੂਪ ਹੈ, ਪ੍ਰਭੂ ਜਿਸ ਨੂੰ ਇਹ ਖ਼ਜ਼ਾਨਾ ਬਖ਼ਸ਼ਦਾ ਹੈ ਉਹ ਇਸ ਨੂੰ ਵਰਤਦਾ ਹੈ।

ਵਾਹੁ ਵਾਹੁ ਜਲਿ ਥਲਿ ਭਰਪੂਰੁ ਹੈ ਗੁਰਮੁਖਿ ਪਾਇਆ ਜਾਇ ॥

ਸਿਫ਼ਤ ਦਾ ਮਾਲਕ ਪ੍ਰਭੂ ਪਾਣੀ ਵਿਚ ਧਰਤੀ ਉਤੇ ਹਰ ਥਾਂ ਵਿਆਪਕ ਹੈ, ਗੁਰੂ ਦੇ ਰਾਹ ਤੇ ਤੁਰਦਿਆਂ ਉਹ ਪ੍ਰਭੂ ਮਿਲਦਾ ਹੈ।

ਵਾਹੁ ਵਾਹੁ ਗੁਰਸਿਖ ਨਿਤ ਸਭ ਕਰਹੁ ਗੁਰ ਪੂਰੇ ਵਾਹੁ ਵਾਹੁ ਭਾਵੈ ॥

ਹੇ ਗੁਰ-ਸਿੱਖੋ! ਸਾਰੇ ਸਦਾ ਪ੍ਰਭੂ ਦੇ ਗੁਣ ਗਾਵੋ, ਪੂਰੇ ਗੁਰੂ ਨੂੰ ਪ੍ਰਭੂ ਦੀ ਸਿਫ਼ਤ-ਸਾਲਾਹ ਮਿੱਠੀ ਲੱਗਦੀ ਹੈ।

ਨਾਨਕ ਵਾਹੁ ਵਾਹੁ ਜੋ ਮਨਿ ਚਿਤਿ ਕਰੇ ਤਿਸੁ ਜਮਕੰਕਰੁ ਨੇੜਿ ਨ ਆਵੈ ॥੨॥

ਹੇ ਨਾਨਕ! ਜੋ ਮਨੁੱਖ ਇਕ-ਮਨ ਹੋ ਕੇ ਸਿਫ਼ਤ-ਸਾਲਾਹ ਕਰਦਾ ਹੈ, ਉਸ ਨੂੰ ਮੌਤ ਦਾ ਡਰ ਪੋਹ ਨਹੀਂ ਸਕਦਾ ॥੨॥


ਪਉੜੀ ॥
ਹਰਿ ਜੀਉ ਸਚਾ ਸਚੁ ਹੈ ਸਚੀ ਗੁਰਬਾਣੀ ॥

ਪ੍ਰਭੂ ਸਦਾ-ਥਿਰ ਰਹਿਣ ਵਾਲਾ ਹੈ, ਗੁਰੂ ਦੀ ਬਾਣੀ ਉਸ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਹੈ,

ਸਤਿਗੁਰ ਤੇ ਸਚੁ ਪਛਾਣੀਐ ਸਚਿ ਸਹਜਿ ਸਮਾਣੀ ॥

ਗੁਰੂ ਦੀ ਰਾਹੀਂ ਉਸ ਪ੍ਰਭੂ ਨਾਲ ਜਾਣ-ਪਛਾਣ ਬਣਦੀ ਹੈ ਤੇ ਸਦਾ-ਥਿਰ ਅਡੋਲ ਅਵਸਥਾ ਵਿਚ ਟਿਕ ਸਕੀਦਾ ਹੈ।

ਅਨਦਿਨੁ ਜਾਗਹਿ ਨਾ ਸਵਹਿ ਜਾਗਤ ਰੈਣਿ ਵਿਹਾਣੀ ॥

ਉਹ ਹਰ ਵੇਲੇ ਸੁਚੇਤ ਰਹਿੰਦੇ ਹਨ, (ਮਾਇਆ ਦੇ ਮੋਹ ਵਿਚ) ਨਹੀਂ ਸਉਂਦੇ, ਉਹਨਾਂ ਦੀ ਜ਼ਿੰਦਗੀ-ਰੂਪ ਸਾਰੀ ਰਾਤ ਸੁਚੇਤ ਰਹਿ ਕੇ ਗੁਜ਼ਰਦੀ ਹੈ,

ਗੁਰਮਤੀ ਹਰਿ ਰਸੁ ਚਾਖਿਆ ਸੇ ਪੁੰਨ ਪਰਾਣੀ ॥

ਤੇ ਉਹ ਮਨੁੱਖ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਗੁਰੂ ਦੇ ਰਾਹ ਤੇ ਤੁਰ ਕੇ ਪ੍ਰਭੂ ਦੇ ਨਾਮ ਦਾ ਰਸ ਚੱਖਿਆ ਹੈ।

ਬਿਨੁ ਗੁਰ ਕਿਨੈ ਨ ਪਾਇਓ ਪਚਿ ਮੁਏ ਅਜਾਣੀ ॥੧੭॥

ਪਰ, ਗੁਰੂ ਦੀ ਸਰਨ ਆਉਣ ਤੋਂ ਬਿਨਾ ਕਿਸੇ ਨੂੰ ਪ੍ਰਭੂ ਨਹੀਂ ਮਿਲਿਆ, ਅੰਞਾਣ ਲੋਕ (ਮਾਇਆ ਦੇ ਮੋਹ ਵਿਚ) ਖਪ ਖਪ ਕੇ ਦੁਖੀ ਹੁੰਦੇ ਹਨ ॥੧੭॥


ਸਲੋਕੁ ਮਃ ੩ ॥
ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥

ਪ੍ਰਭੂ ਦੀ ਸਿਫ਼ਤ-ਸਾਲਾਹ ਉਸੇ ਦਾ ਰੂਪ ਹੈ, ਜੋ ਆਕਾਰ-ਰਹਿਤ ਹੈ ਤੇ ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ।

ਵਾਹੁ ਵਾਹੁ ਅਗਮ ਅਥਾਹੁ ਹੈ ਵਾਹੁ ਵਾਹੁ ਸਚਾ ਸੋਇ ॥

ਉਹ ਸਿਫ਼ਤ-ਸਾਲਾਹ ਦੇ ਲਾਇਕ ਪ੍ਰਭੂ ਅਪਹੁੰਚ ਹੈ, ਜਿਸ ਦੀ ਥਾਹ ਨਹੀਂ ਪਾਈ ਜਾ ਸਕਦੀ, ਉਹ ਸਿਫ਼ਤ-ਸਾਲਾਹ ਦੇ ਲਾਇਕ ਸਦਾ-ਥਿਰ ਹੈ।

ਵਾਹੁ ਵਾਹੁ ਵੇਪਰਵਾਹੁ ਹੈ ਵਾਹੁ ਵਾਹੁ ਕਰੇ ਸੁ ਹੋਇ ॥

ਉਹ ਸਿਫ਼ਤ-ਸਾਲਾਹ ਦੇ ਲਾਇਕ ਬੇਪਰਵਾਹ ਹੈ। ਉਹ ਸਿਫ਼ਤ-ਸਾਲਾਹ ਦੇ ਲਾਇਕ ਪ੍ਰਭੂ ਜੋ ਕਰਦਾ ਹੈ ਉਹੀ ਹੁੰਦਾ ਹੈ।

ਵਾਹੁ ਵਾਹੁ ਅੰਮ੍ਰਿਤ ਨਾਮੁ ਹੈ ਗੁਰਮੁਖਿ ਪਾਵੈ ਕੋਇ ॥

ਉਹ ਸਿਫ਼ਤ-ਸਾਲਾਹ ਦੇ ਲਾਇਕ ਪ੍ਰਭੂ ਆਤਮਕ ਜੀਵਨ ਦੇਣ ਵਾਲਾ ਹੈ, ਪਰ ਉਸ ਦੀ ਪ੍ਰਾਪਤੀ ਕਿਸੇ ਗੁਰਮੁਖ ਨੂੰ ਹੀ ਹੁੰਦੀ ਹੈ।

ਵਾਹੁ ਵਾਹੁ ਕਰਮੀ ਪਾਈਐ ਆਪਿ ਦਇਆ ਕਰਿ ਦੇਇ ॥

ਸਿਫ਼ਤ-ਸਾਲਾਹ ਦੀ ਦਾਤ ਭਾਗਾਂ ਨਾਲ ਹੀ ਮਿਲਦੀ ਹੈ, ਜਿਸ ਨੂੰ ਮੇਹਰ ਕਰ ਕੇ ਆਪ ਪ੍ਰਭੂ ਦੇਂਦਾ ਹੈ।

ਨਾਨਕ ਵਾਹੁ ਵਾਹੁ ਗੁਰਮੁਖਿ ਪਾਈਐ ਅਨਦਿਨੁ ਨਾਮੁ ਲਏਇ ॥੧॥

ਹੇ ਨਾਨਕ! ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਸ ਨੂੰ ਸਿਫ਼ਤ-ਸਾਲਾਹ ਦੀ ਦਾਤ ਮਿਲਦੀ ਹੈ, ਉਹ ਹਰ ਵੇਲੇ ਪ੍ਰਭੂ ਦਾ ਨਾਮ ਜਪਦਾ ਹੈ ॥੧॥


ਮਃ ੩ ॥
ਬਿਨੁ ਸਤਿਗੁਰ ਸੇਵੇ ਸਾਤਿ ਨ ਆਵਈ ਦੂਜੀ ਨਾਹੀ ਜਾਇ ॥

ਸਤਿਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾ ਸ਼ਾਂਤੀ ਨਹੀਂ ਆਉਂਦੀ ਤੇ (ਸਤਿਗੁਰੂ ਤੋਂ ਬਿਨਾ) ਹੋਰ ਕੋਈ ਥਾਂ ਨਹੀਂ (ਜਿਥੇ ਇਹ ਮਿਲ ਸਕੇ),

ਜੇ ਬਹੁਤੇਰਾ ਲੋਚੀਐ ਵਿਣੁ ਕਰਮੈ ਨ ਪਾਇਆ ਜਾਇ ॥

ਭਾਵੇਂ ਕਿਤਨੀ ਹੀ ਤਾਂਘ ਕਰੀਏ, ਮੇਹਰ ਤੋਂ ਬਿਨਾ ਪ੍ਰਭੂ ਦੀ ਪ੍ਰਾਪਤੀ ਨਹੀਂ ਹੋ ਸਕਦੀ।

ਜਿਨੑਾ ਅੰਤਰਿ ਲੋਭ ਵਿਕਾਰੁ ਹੈ ਦੂਜੈ ਭਾਇ ਖੁਆਇ ॥

ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਲੋਭ ਦਾ ਔਗੁਣ ਹੈ, ਉਹ ਮਾਇਆ ਦੇ ਪਿਆਰ ਵਿਚ ਭੁੱਲੇ ਹੋਏ ਹਨ,

ਜੰਮਣੁ ਮਰਣੁ ਨ ਚੁਕਈ ਹਉਮੈ ਵਿਚਿ ਦੁਖੁ ਪਾਇ ॥

ਉਹਨਾਂ ਦਾ ਜੰਮਣਾ ਮਰਣਾ ਮੁੱਕਦਾ ਨਹੀਂ ਤੇ ਉਹ ਅਹੰਕਾਰ ਵਿਚ ਕਲੇਸ਼ ਉਠਾਉਂਦੇ ਹਨ।

ਜਿਨੑਾ ਸਤਿਗੁਰ ਸਿਉ ਚਿਤੁ ਲਾਇਆ ਸੁ ਖਾਲੀ ਕੋਈ ਨਾਹਿ ॥

ਜਿਨ੍ਹਾਂ ਮਨੁੱਖਾਂ ਨੇ ਆਪਣੇ ਸਤਿਗੁਰੂ ਨਾਲ ਚਿੱਤ ਜੋੜਿਆ ਹੈ ਉਹਨਾਂ ਵਿਚੋਂ (ਪ੍ਰਭੂ ਦੇ ਮਿਲਾਪ ਤੋਂ) ਵਾਂਜਿਆਂ ਕੋਈ ਨਹੀਂ ਰਿਹਾ,

ਤਿਨ ਜਮ ਕੀ ਤਲਬ ਨ ਹੋਵਈ ਨਾ ਓਇ ਦੁਖ ਸਹਾਹਿ ॥

ਨਾ ਤਾਂ ਉਹਨਾਂ ਨੂੰ ਜਮ ਦਾ ਸੱਦਾ ਪੈਂਦਾ ਹੈ ਤੇ ਨਾ ਉਹ ਦੁੱਖ ਸਹਿੰਦੇ ਹਨ (ਭਾਵ, ਉਹਨਾਂ ਨੂੰ ਮੌਤ ਦਾ ਸਹਮ ਪੋਹ ਨਹੀਂ ਸਕਦਾ)।

ਨਾਨਕ ਗੁਰਮੁਖਿ ਉਬਰੇ ਸਚੈ ਸਬਦਿ ਸਮਾਹਿ ॥੨॥

ਹੇ ਨਾਨਕ! ਜੋ ਮਨੁੱਖ ਗੁਰੂ ਦੇ ਸਨਮੁਖ ਹੋਏ ਹਨ, ਉਹ (ਦੁੱਖਾਂ ਤੋਂ) ਬਚ ਗਏ ਹਨ ਤੇ ਸੱਚੇ ਸ਼ਬਦ ਵਿਚ ਲੀਨ ਰਹਿੰਦੇ ਹਨ ॥੨॥


ਪਉੜੀ ॥
ਢਾਢੀ ਤਿਸ ਨੋ ਆਖੀਐ ਜਿ ਖਸਮੈ ਧਰੇ ਪਿਆਰੁ ॥

ਜੋ ਮਨੁੱਖ ਆਪਣੇ ਮਾਲਕ-ਪ੍ਰਭੂ ਨਾਲ ਪਿਆਰ ਪਾਉਂਦਾ ਹੈ, ਉਹੀ ਪ੍ਰਭੂ ਦਾ ਢਾਢੀ ਅਖਵਾ ਸਕਦਾ ਹੈ (ਭਾਵ, ਪ੍ਰਭੂ ਦੀ ਸਿਫ਼ਤ-ਸਾਲਾਹ ਉਹੀ ਬੰਦਾ ਕਰ ਸਕਦਾ ਹੈ),

ਦਰਿ ਖੜਾ ਸੇਵਾ ਕਰੇ ਗੁਰਸਬਦੀ ਵੀਚਾਰੁ ॥

ਉਹ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ ਟਿਕ ਕੇ ਉਸ ਦਾ ਸਿਮਰਨ ਕਰਦਾ ਹੈ ਤੇ ਗੁਰੂ ਦੇ ਸ਼ਬਦ ਰਾਹੀਂ ਉਸ ਦੇ ਗੁਣਾਂ ਦੀ ਵਿਚਾਰ ਕਰਦਾ ਹੈ।

ਢਾਢੀ ਦਰੁ ਘਰੁ ਪਾਇਸੀ ਸਚੁ ਰਖੈ ਉਰ ਧਾਰਿ ॥

ਜਿਉਂ ਜਿਉਂ ਉਹ ਢਾਢੀ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਉਂਦਾ ਹੈ, ਉਹ ਪ੍ਰਭੂ ਦੇ ਚਰਨਾਂ ਵਿਚ ਜੁੜਦਾ ਹੈ,

ਢਾਢੀ ਕਾ ਮਹਲੁ ਅਗਲਾ ਹਰਿ ਕੈ ਨਾਇ ਪਿਆਰਿ ॥

ਐਸੇ ਢਾਢੀ ਨੂੰ ਪ੍ਰਭੂ ਦੇ ਨਾਮ ਵਿਚ ਪਿਆਰ ਕਰਨ ਨਾਲ ਉਸ ਦੇ ਮਨ ਦੀ ਅਵਸਥਾ ਬਹੁਤ ਉੱਚੀ ਹੋ ਜਾਂਦੀ ਹੈ,

ਢਾਢੀ ਕੀ ਸੇਵਾ ਚਾਕਰੀ ਹਰਿ ਜਪਿ ਹਰਿ ਨਿਸਤਾਰਿ ॥੧੮॥

ਬੱਸ, ਉਹ ਢਾਢੀ ਇਹੀ ਸੇਵਾ ਕਰਦਾ ਹੈ, ਇਹੀ ਚਾਕਰੀ ਕਰਦਾ ਹੈ ਕਿ ਉਹ ਪ੍ਰਭੂ ਦਾ ਨਾਮ ਜਪਦਾ ਹੈ, ਤੇ ਪ੍ਰਭੂ ਉਸ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੧੮॥


ਸਲੋਕੁ ਮਃ ੩ ॥
ਗੂਜਰੀ ਜਾਤਿ ਗਵਾਰਿ ਜਾ ਸਹੁ ਪਾਏ ਆਪਣਾ ॥

ਮੋਟੀ ਜਾਤਿ ਦੀ ਗੁਜਰੀ ਕੁਲਵੰਤੀ ਇਸਤ੍ਰੀ ਬਣ ਗਈ (ਉੱਚੀ ਜਾਤਿ ਵਾਲੀ ਹੋ ਗਈ) ਜਦੋਂ ਉਸ ਨੇ ਆਪਣਾ ਖਸਮ ਲੱਭ ਲਿਆ।

ਗੁਰ ਕੈ ਸਬਦਿ ਵੀਚਾਰਿ ਅਨਦਿਨੁ ਹਰਿ ਜਪੁ ਜਾਪਣਾ ॥

ਜੋ ਸਤਿਗੁਰੂ ਦੇ ਸ਼ਬਦ ਦੁਆਰਾ ਵਿਚਾਰ ਕਰ ਕੇ ਹਰ ਰੋਜ਼ ਪ੍ਰਭੂ ਦਾ ਸਿਮਰਨ ਕਰਦੀ ਹੈ,

ਜਿਸੁ ਸਤਿਗੁਰੁ ਮਿਲੈ ਤਿਸੁ ਭਉ ਪਵੈ ਸਾ ਕੁਲਵੰਤੀ ਨਾਰਿ ॥

ਤੇ ਜਿਸ ਨੂੰ ਗੁਰੂ ਮਿਲਣ ਦੇ ਰਾਹੀਂ ਅੰਦਰ ਪਰਮਾਤਮਾ ਦਾ ਡਰ ਪੈਦਾ ਹੁੰਦਾ ਹੈ, ਉਹ (ਜੀਵ-) ਇਸਤ੍ਰੀ ਕੁਲਵੰਤੀ ਹੋ ਜਾਂਦੀ ਹੈ।

ਸਾ ਹੁਕਮੁ ਪਛਾਣੈ ਕੰਤ ਕਾ ਜਿਸ ਨੋ ਕ੍ਰਿਪਾ ਕੀਤੀ ਕਰਤਾਰਿ ॥

ਜਿਸ ਤੇ ਕਰਤਾਰ ਨੇ ਆਪ ਮਿਹਰ ਕੀਤੀ ਹੋਵੇ, ਉਹ ਖਸਮ-ਪ੍ਰਭੂ ਦਾ ਹੁਕਮ ਸਮਝ ਲੈਂਦੀ ਹੈ।

ਓਹ ਕੁਚਜੀ ਕੁਲਖਣੀ ਪਰਹਰਿ ਛੋਡੀ ਭਤਾਰਿ ॥

ਤੇ ਜਿਸ ਨੂੰ ਖਸਮ (ਪ੍ਰਭੂ) ਨੇ ਛੁੱਟੜ ਛੱਡ ਦਿੱਤਾ ਹੋਵੇ, ਉਹ (ਜੀਵ-) ਇਸਤ੍ਰੀ ਕੁਚੱਜੀ ਤੇ ਖੋਟੇ ਲੱਛਣਾਂ ਵਾਲੀ ਹੁੰਦੀ ਹੈ।

ਭੈ ਪਇਐ ਮਲੁ ਕਟੀਐ ਨਿਰਮਲ ਹੋਵੈ ਸਰੀਰੁ ॥

ਜੇ ਹਿਰਦੇ ਵਿਚ ਪ੍ਰਭੂ ਦਾ ਡਰ ਆ ਵੱਸੇ, ਤਾਂ ਮਨ ਦੀ ਮੈਲ ਕੱਟੀ ਜਾਂਦੀ ਹੈ, ਸਰੀਰ ਭੀ ਪਵਿੱਤ੍ਰ ਹੋ ਜਾਂਦਾ ਹੈ;

ਅੰਤਰਿ ਪਰਗਾਸੁ ਮਤਿ ਊਤਮ ਹੋਵੈ ਹਰਿ ਜਪਿ ਗੁਣੀ ਗਹੀਰੁ ॥

ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦਾ ਸਿਮਰਨ ਕਰ ਕੇ ਅੰਦਰ ਚਾਨਣ ਹੋ ਜਾਂਦਾ ਹੈ, ਮਤਿ ਉੱਜਲੀ ਹੋ ਜਾਂਦੀ ਹੈ।

ਭੈ ਵਿਚਿ ਬੈਸੈ ਭੈ ਰਹੈ ਭੈ ਵਿਚਿ ਕਮਾਵੈ ਕਾਰ ॥

(ਅਜੇਹੀ ਜੀਵ-ਇਸਤ੍ਰੀ) ਪਰਮਾਤਮਾ ਦੇ ਡਰ ਵਿਚ ਬੈਠਦੀ ਹੈ, ਡਰ ਵਿਚ ਰਹਿੰਦੀ ਹੈ, ਡਰ ਵਿਚ ਕਿਰਤਕਾਰ ਕਰਦੀ ਹੈ,

ਐਥੈ ਸੁਖੁ ਵਡਿਆਈਆ ਦਰਗਹ ਮੋਖ ਦੁਆਰ ॥

(ਫਿਰ) ਉਸ ਨੂੰ ਇਸ ਜੀਵਨ ਵਿਚ ਆਦਰ ਤੇ ਸੁਖ ਮਿਲਦਾ ਹੈ ਤੇ ਪ੍ਰਭੂ ਦੀ ਹਜ਼ੂਰੀ ਦਾ ਦਰਵਾਜ਼ਾ ਉਸ ਲਈ ਖੁਲ੍ਹ ਜਾਂਦਾ ਹੈ।

ਭੈ ਤੇ ਨਿਰਭਉ ਪਾਈਐ ਮਿਲਿ ਜੋਤੀ ਜੋਤਿ ਅਪਾਰ ॥

ਬੇਅੰਤ ਪ੍ਰਭੂ ਦੀ ਜੋਤਿ ਵਿਚ ਆਤਮਾ ਜੋੜਨ ਨਾਲ ਤੇ ਉਸ ਦੇ ਡਰ ਵਿਚ ਰਹਿਣ ਨਾਲ ਉਹ ਨਿਰਭਉ ਪ੍ਰਭੂ ਮਿਲ ਪੈਂਦਾ ਹੈ।

ਨਾਨਕ ਖਸਮੈ ਭਾਵੈ ਸਾ ਭਲੀ ਜਿਸ ਨੋ ਆਪੇ ਬਖਸੇ ਕਰਤਾਰੁ ॥੧॥

ਪਰ, ਹੇ ਨਾਨਕ! ਜਿਸ ਨੂੰ ਕਰਤਾਰ ਆਪ ਬਖ਼ਸ਼ਸ਼ ਕਰੇ ਉਹੀ ਜੀਵ-ਇਸਤ੍ਰੀ ਖਸਮ-ਪ੍ਰਭੂ ਨੂੰ ਪਿਆਰੀ ਲੱਗਦੀ ਹੈ, ਉਹ ਚੰਗੀ ਹੈ ॥੧॥


ਮਃ ੩ ॥
ਸਦਾ ਸਦਾ ਸਾਲਾਹੀਐ ਸਚੇ ਕਉ ਬਲਿ ਜਾਉ ॥

ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਹੀ ਸਦਾ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਮੈਂ ਪ੍ਰਭੂ ਤੋਂ ਸਦਕੇ ਹਾਂ।

ਨਾਨਕ ਏਕੁ ਛੋਡਿ ਦੂਜੈ ਲਗੈ ਸਾ ਜਿਹਵਾ ਜਲਿ ਜਾਉ ॥੨॥

ਪਰ, ਹੇ ਨਾਨਕ! ਉਹ ਜੀਭ ਸੜ ਜਾਏ ਜੋ ਇਕ ਪ੍ਰਭੂ ਨੂੰ ਛੱਡ ਕੇ ਕਿਸੇ ਹੋਰ (ਦੀ ਯਾਦ) ਵਿਚ ਲੱਗੇ ॥੨॥


ਪਉੜੀ ॥
ਅੰਸਾ ਅਉਤਾਰੁ ਉਪਾਇਓਨੁ ਭਾਉ ਦੂਜਾ ਕੀਆ ॥

ਦੇਵਤੇ ਆਦਿਕਾਂ ਦਾ (ਭੀ) ਜਨਮ ਪ੍ਰਭੂ ਨੇ ਆਪ ਹੀ ਕੀਤਾ ਤੇ ਮਾਇਆ ਦਾ ਮੋਹ ਭੀ ਆਪ ਹੀ ਬਣਾਇਆ।

ਜਿਉ ਰਾਜੇ ਰਾਜੁ ਕਮਾਵਦੇ ਦੁਖ ਸੁਖ ਭਿੜੀਆ ॥

(ਉਹ ਦੇਵਤੇ ਭੀ) ਰਾਜਿਆਂ ਵਾਂਗ ਰਾਜ ਕਰਦੇ ਰਹੇ ਤੇ ਦੁੱਖਾਂ ਸੁਖਾਂ ਦੀ ਖ਼ਾਤਰ ਲੜਦੇ ਰਹੇ।

ਈਸਰੁ ਬ੍ਰਹਮਾ ਸੇਵਦੇ ਅੰਤੁ ਤਿਨੑੀ ਨ ਲਹੀਆ ॥

ਬ੍ਰਹਮਾ ਤੇ ਸ਼ਿਵ (ਵਰਗੇ ਵੱਡੇ ਦੇਵਤੇ ਪ੍ਰਭੂ ਨੂੰ) ਸਿਮਰਦੇ ਰਹੇ ਪਰ ਉਹਨਾਂ ਭੀ (ਉਸ ਦੀ ਅਜਬ ਖੇਡ ਦਾ) ਭੇਦ ਨਾਹ ਲੱਭਾ।

ਨਿਰਭਉ ਨਿਰੰਕਾਰੁ ਅਲਖੁ ਹੈ ਗੁਰਮੁਖਿ ਪ੍ਰਗਟੀਆ ॥

ਪਰਮਾਤਮਾ ਨਿ-ਡਰ ਹੈ, ਆਕਾਰ-ਰਹਿਤ ਹੈ ਤੇ ਲਖਿਆ ਨਹੀਂ ਜਾ ਸਕਦਾ, ਗੁਰਮੁਖ ਦੇ ਅੰਦਰ ਪਰਗਟ ਹੁੰਦਾ ਹੈ,

ਤਿਥੈ ਸੋਗੁ ਵਿਜੋਗੁ ਨ ਵਿਆਪਈ ਅਸਥਿਰੁ ਜਗਿ ਥੀਆ ॥੧੯॥

ਗੁਰਮੁਖ ਅਵਸਥਾ ਵਿਚ ਚਿੰਤਾ ਤੇ (ਪ੍ਰਭੂ ਨਾਲੋਂ) ਵਿਛੋੜਾ ਦਬਾ ਨਹੀਂ ਪਾ ਸਕਦੇ, ਗੁਰਮੁਖ ਜਗਤ ਵਿਚ (ਮਾਇਆ ਦੇ ਮੋਹ ਵਲੋਂ) ਅਡੋਲ ਰਹਿੰਦਾ ਹੈ ॥੧੯॥


ਸਲੋਕੁ ਮਃ ੩ ॥
ਏਹੁ ਸਭੁ ਕਿਛੁ ਆਵਣ ਜਾਣੁ ਹੈ ਜੇਤਾ ਹੈ ਆਕਾਰੁ ॥

ਜਿਤਨਾ ਇਹ ਜਗਤ ਦਿੱਸ ਰਿਹਾ ਹੈ ਇਹ ਸਾਰਾ ਆਉਣ ਤੇ ਜਾਣ ਵਾਲਾ ਹੈ (ਭਾਵ, ਕਦੇ ਇਕੋ ਹਾਲਤ ਵਿਚ ਨਹੀਂ ਰਹਿੰਦਾ),

ਜਿਨਿ ਏਹੁ ਲੇਖਾ ਲਿਖਿਆ ਸੋ ਹੋਆ ਪਰਵਾਣੁ ॥

ਜੋ ਇਹ ਗੱਲ ਸਮਝ ਲੈਂਦਾ ਹੈ (ਇਹ ਲਿਖਦਾ ਹੈ), ਉਹ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਹੁੰਦਾ ਹੈ।

ਨਾਨਕ ਜੇ ਕੋ ਆਪੁ ਗਣਾਇਦਾ ਸੋ ਮੂਰਖੁ ਗਾਵਾਰੁ ॥੧॥

ਪਰ, ਹੇ ਨਾਨਕ! ਜੋ (ਇਸ ‘ਆਕਾਰ’ ਦੇ ਆਸਰੇ) ਆਪਣੇ ਆਪ ਨੂੰ ਵੱਡਾ ਅਖਵਾਂਦਾ ਹੈ (ਭਾਵ, ਮਾਣ ਕਰਦਾ ਹੈ) ਉਹ ਮੂਰਖ ਹੈ ਉਹ ਗਵਾਰ ਹੈ ॥੧॥


ਮਃ ੩ ॥
ਮਨੁ ਕੁੰਚਰੁ ਪੀਲਕੁ ਗੁਰੂ ਗਿਆਨੁ ਕੁੰਡਾ ਜਹ ਖਿੰਚੇ ਤਹ ਜਾਇ ॥

ਮਨ (ਮਾਨੋ) ਹਾਥੀ ਹੈ; (ਜੇ) ਸਤਿਗੁਰੂ (ਇਸ ਦਾ) ਮਹਾਵਤ (ਬਣੇ, ਤੇ) ਗੁਰੂ ਦੀ ਦਿੱਤੀ ਮਤਿ (ਇਸ ਦੇ ਸਿਰ ਤੇ) ਕੁੰਡਾ ਹੋਵੇ, ਤਾਂ ਇਹ ਮਨ ਓਧਰ ਜਾਂਦਾ ਹੈ ਜਿਧਰ ਗੁਰੂ ਤੋਰਦਾ ਹੈ।

ਨਾਨਕ ਹਸਤੀ ਕੁੰਡੇ ਬਾਹਰਾ ਫਿਰਿ ਫਿਰਿ ਉਝੜਿ ਪਾਇ ॥੨॥

ਪਰ, ਹੇ ਨਾਨਕ! ਕੁੰਡੇ ਤੋਂ ਬਿਨਾ ਹਾਥੀ ਮੁੜ ਮੁੜ ਕੁਰਾਹੇ ਪੈਂਦਾ ਹੈ ॥੨॥


ਪਉੜੀ ॥
ਤਿਸੁ ਆਗੈ ਅਰਦਾਸਿ ਜਿਨਿ ਉਪਾਇਆ ॥

ਜਿਸ ਪ੍ਰਭੂ ਨੇ (ਭਾਉ ਦੂਜਾ) ਪੈਦਾ ਕੀਤਾ ਹੈ ਜੇ ਉਸ ਦੀ ਹਜ਼ੂਰੀ ਵਿਚ ਅਰਦਾਸ ਕਰੀਏ।

ਸਤਿਗੁਰੁ ਅਪਣਾ ਸੇਵਿ ਸਭ ਫਲ ਪਾਇਆ ॥

ਜੇ ਸਤਿਗੁਰੂ ਦੇ ਹੁਕਮ ਵਿਚ ਤੁਰੀਏ ਤਾਂ (ਮਾਨੋ) ਸਾਰੇ ਫਲ ਮਿਲ ਜਾਂਦੇ ਹਨ,

ਅੰਮ੍ਰਿਤ ਹਰਿ ਕਾ ਨਾਉ ਸਦਾ ਧਿਆਇਆ ॥

ਤੇ ਪ੍ਰਭੂ ਦਾ ਅੰਮ੍ਰਿਤ-ਨਾਮ ਸਦਾ ਸਿਮਰ ਸਕੀਦਾ ਹੈ।

ਸੰਤ ਜਨਾ ਕੈ ਸੰਗਿ ਦੁਖੁ ਮਿਟਾਇਆ ॥

ਗੁਰਮੁਖਾਂ ਦੀ ਸੰਗਤ ਵਿਚ ਰਹਿ ਕੇ (ਦੂਜੇ ਭਾਉ ਦਾ) ਦੁਖ ਮਿਟਾ ਸਕੀਦਾ ਹੈ,

ਨਾਨਕ ਭਏ ਅਚਿੰਤੁ ਹਰਿ ਧਨੁ ਨਿਹਚਲਾਇਆ ॥੨੦॥

ਤੇ, ਹੇ ਨਾਨਕ! ਕਦੇ ਨਾਹ ਨਾਸ ਹੋਣ ਵਾਲਾ ਨਾਮ-ਧਨ ਖੱਟ ਕੇ ਬੇ-ਫ਼ਿਕਰ ਹੋ ਜਾਈਦਾ ਹੈ ॥੨੦॥


ਸਲੋਕ ਮਃ ੩ ॥
ਖੇਤਿ ਮਿਆਲਾ ਉਚੀਆ ਘਰੁ ਉਚਾ ਨਿਰਣਉ ॥

ਬੱਦਲ ਵੇਖ ਕੇ (ਜੱਟ) ਪੈਲੀ ਵਿਚ ਵੱਟਾਂ ਉੱਚੀਆਂ ਕਰ ਦੇਂਦਾ ਹੈ (ਤੇ ਵਰਖਾ ਦਾ ਪਾਣੀ ਉਸ ਪੈਲੀ ਵਿਚ ਆ ਖਲੋਂਦਾ ਹੈ),

ਮਹਲ ਭਗਤੀ ਘਰਿ ਸਰੈ ਸਜਣ ਪਾਹੁਣਿਅਉ ॥

(ਤਿਵੇਂ ਹੀ, ਜਿਸ ਜੀਵ-) ਇਸਤ੍ਰੀ ਦੇ ਹਿਰਦੇ ਵਿਚ ਭਗਤੀ (ਦਾ ਉਛਾਲਾ) ਆਉਂਦਾ ਹੈ ਉਥੇ ਪ੍ਰਭੂ ਪ੍ਰਾਹੁਣਾ ਬਣ ਕੇ (ਭਾਵ, ਰਹਿਣ ਲਈ) ਆਉਂਦਾ ਹੈ।

ਬਰਸਨਾ ਤ ਬਰਸੁ ਘਨਾ ਬਹੁੜਿ ਬਰਸਹਿ ਕਾਹਿ ॥

ਹੇ ਮੇਘ! (ਹੇ ਸਤਿਗੁਰੂ!) ਜੇ (ਨਾਮ ਦੀ) ਵਰਖਾ ਕਰਨੀ ਹੈ ਤਾਂ ਵਰਖਾ (ਹੁਣ) ਕਰ, (ਮੇਰੀ ਉਮਰ ਵਿਹਾ ਜਾਣ ਤੇ) ਫੇਰ ਕਾਹਦੇ ਲਈ ਵਰਖਾ ਕਰੇਂਗਾ?

ਨਾਨਕ ਤਿਨੑ ਬਲਿਹਾਰਣੈ ਜਿਨੑ ਗੁਰਮੁਖਿ ਪਾਇਆ ਮਨ ਮਾਹਿ ॥੧॥

ਹੇ ਨਾਨਕ! ਮੈਂ ਸਦਕੇ ਹਾਂ ਉਹਨਾਂ ਤੋਂ ਜਿਨ੍ਹਾਂ ਨੇ ਗੁਰੂ ਦੀ ਰਾਹੀਂ ਪ੍ਰਭੂ ਨੂੰ ਹਿਰਦੇ ਵਿਚ ਲੱਭ ਲਿਆ ਹੈ ॥੧॥


ਮਃ ੩ ॥
ਮਿਠਾ ਸੋ ਜੋ ਭਾਵਦਾ ਸਜਣੁ ਸੋ ਜਿ ਰਾਸਿ ॥

(ਅਸਲ) ਪਿਆਰਾ ਪਦਾਰਥ ਉਹ ਹੈ ਜੋ ਸਦਾ ਚੰਗਾ ਲੱਗਦਾ ਰਹੇ, (ਅਸਲ) ਮਿੱਤ੍ਰ ਉਹ ਹੈ ਜਿਸ ਨਾਲ ਸਦਾ ਬਣੀ ਰਹੇ (ਪਰ ‘ਦੂਜਾ ਭਾਵ’ ਨਾਹ ਸਦਾ ਚੰਗਾ ਲੱਗਦਾ ਹੈ ਨਾਹ ਸਦਾ ਨਾਲ ਨਿਭਦਾ ਹੈ),

ਨਾਨਕ ਗੁਰਮੁਖਿ ਜਾਣੀਐ ਜਾ ਕਉ ਆਪਿ ਕਰੇ ਪਰਗਾਸੁ ॥੨॥

ਹੇ ਨਾਨਕ! ਜਿਸ ਦੇ ਅੰਦਰ ਪ੍ਰਭੂ ਆਪ ਚਾਨਣ ਕਰੇ ਉਸ ਨੂੰ ਗੁਰੂ ਦੀ ਰਾਹੀਂ ਇਹ ਸਮਝ ਪੈਂਦੀ ਹੈ ॥੨॥


ਪਉੜੀ ॥
ਪ੍ਰਭ ਪਾਸਿ ਜਨ ਕੀ ਅਰਦਾਸਿ ਤੂ ਸਚਾ ਸਾਂਈ ॥

ਪ੍ਰਭੂ ਦੇ ਸੇਵਕ ਦੀ ਅਰਦਾਸਿ ਪ੍ਰਭੂ ਦੀ ਹਜ਼ੂਰੀ ਵਿਚ (ਇਉਂ ਹੁੰਦੀ) ਹੈ: (ਹੇ ਪ੍ਰਭੂ!) ਤੂੰ ਸਦਾ ਰਹਿਣ ਵਾਲਾ ਮਾਲਕ ਹੈਂ,

ਤੂ ਰਖਵਾਲਾ ਸਦਾ ਸਦਾ ਹਉ ਤੁਧੁ ਧਿਆਈ ॥

ਤੂੰ ਸਦਾ ਹੀ ਰਾਖਾ ਹੈਂ, ਮੈਂ ਤੈਨੂੰ ਸਿਮਰਦਾ ਹਾਂ।

ਜੀਅ ਜੰਤ ਸਭਿ ਤੇਰਿਆ ਤੂ ਰਹਿਆ ਸਮਾਈ ॥

ਸਾਰੇ ਜੀਆ ਜੰਤ ਤੇਰੇ ਹੀ ਹਨ, ਤੂੰ ਇਹਨਾਂ ਵਿਚ ਮੌਜੂਦ ਹੈਂ।

ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸੁ ਮਾਰਿ ਪਚਾਈ ॥

ਜੋ ਮਨੁੱਖ ਤੇਰੀ ਬੰਦਗੀ ਕਰਨ ਵਾਲੇ ਦੀ ਨਿੰਦਿਆ ਕਰਦਾ ਹੈ ਤੂੰ ਉਸ ਨੂੰ (ਆਤਮਕ ਮੌਤੇ) ਮਾਰ ਕੇ ਖ਼ੁਆਰ ਕਰਦਾ ਹੈਂ।

ਚਿੰਤਾ ਛਡਿ ਅਚਿੰਤੁ ਰਹੁ ਨਾਨਕ ਲਗਿ ਪਾਈ ॥੨੧॥

ਹੇ ਨਾਨਕ! ਤੂੰ ਭੀ ਪ੍ਰਭੂ ਦੀ ਚਰਨੀਂ ਲੱਗ ਤੇ (ਦੁਨੀਆ ਵਾਲੀ) ਚਿੰਤਾ ਛੱਡ ਕੇ ਬੇ-ਫ਼ਿਕਰ ਹੋ ਰਹੁ ॥੨੧॥


ਸਲੋਕ ਮਃ ੩ ॥
ਆਸਾ ਕਰਤਾ ਜਗੁ ਮੁਆ ਆਸਾ ਮਰੈ ਨ ਜਾਇ ॥

ਜਗਤ (ਦੁਨੀਆ ਦੀਆਂ) ਆਸਾਂ ਬਣਾ ਬਣਾ ਕੇ ਮਰ ਜਾਂਦਾ ਹੈ, ਪਰ ਇਹ ਆਸ ਕਦੇ ਮਰਦੀ ਨਹੀਂ; ਕਦੇ ਮੁੱਕਦੀ ਨਹੀਂ (ਭਾਵ, ਕਦੇ ਤ੍ਰਿਸ਼ਨਾ ਮੁੱਕਦੀ ਨਹੀਂ, ਕਦੇ ਸੰਤੋਖ ਨਹੀਂ ਆਉਂਦਾ)।

ਨਾਨਕ ਆਸਾ ਪੂਰੀਆ ਸਚੇ ਸਿਉ ਚਿਤੁ ਲਾਇ ॥੧॥

ਹੇ ਨਾਨਕ! ਸਦਾ-ਥਿਰ ਰਹਿਣ ਵਾਲੇ ਪ੍ਰਭੂ ਨਾਲ ਚਿੱਤ ਜੋੜਿਆਂ ਮਨੁੱਖ ਦੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਹਨ (ਭਾਵ, ਤ੍ਰਿਸ਼ਨਾ ਮੁੱਕ ਜਾਂਦੀ ਹੈ) ॥੧॥


ਮਃ ੩ ॥
ਆਸਾ ਮਨਸਾ ਮਰਿ ਜਾਇਸੀ ਜਿਨਿ ਕੀਤੀ ਸੋ ਲੈ ਜਾਇ ॥

ਇਹ ਦੁਨੀਆ ਦੀ ਆਸ, ਇਹ ਮਾਇਆ ਦਾ ਫੁਰਨਾ ਤਦੋਂ ਹੀ ਮੁੱਕਣਗੇ ਜਦੋਂ ਉਹ ਪ੍ਰਭੂ ਆਪ ਮੁਕਾਏਗਾ ਜਿਸ ਨੇ ਇਹ (ਆਸਾ ਮਨਸਾ) ਪੈਦਾ ਕੀਤੇ ਹਨ।

ਨਾਨਕ ਨਿਹਚਲੁ ਕੋ ਨਹੀ ਬਾਝਹੁ ਹਰਿ ਕੈ ਨਾਇ ॥੨॥

ਹੇ ਨਾਨਕ! (ਤਦੋਂ ਹੀ ਯਕੀਨ ਬਣੇਗਾ ਕਿ) ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਸਦਾ-ਥਿਰ ਰਹਿਣ ਵਾਲਾ ਨਹੀਂ ॥੨॥


ਪਉੜੀ ॥
ਆਪੇ ਜਗਤੁ ਉਪਾਇਓਨੁ ਕਰਿ ਪੂਰਾ ਥਾਟੁ ॥

ਮੁਕੰਮਲ ਬਣਤਰ ਬਣਾ ਕੇ ਪ੍ਰਭੂ ਨੇ ਆਪ ਹੀ ਜਗਤ ਪੈਦਾ ਕੀਤਾ ਹੈ।

ਆਪੇ ਸਾਹੁ ਆਪੇ ਵਣਜਾਰਾ ਆਪੇ ਹੀ ਹਰਿ ਹਾਟੁ ॥

ਵਾਹਿਗੁਰੂ ਆਪ ਹੀ ਸ਼ਾਹੂਕਾਰ ਹੈ, ਆਪ ਹੀ ਵਾਪਾਰੀ ਅਤੇ ਆਪ ਹੀ ਹੱਟੀ।

ਆਪੇ ਸਾਗਰੁ ਆਪੇ ਬੋਹਿਥਾ ਆਪੇ ਹੀ ਖੇਵਾਟੁ ॥

ਪ੍ਰਭੂ ਆਪ ਹੀ ਸਮੁੰਦਰ ਹੈ, ਆਪ ਹੀ ਜਹਾਜ਼ ਹੈ, ਤੇ ਆਪ ਹੀ ਮੱਲਾਹ ਹੈ।

ਆਪੇ ਗੁਰੁ ਚੇਲਾ ਹੈ ਆਪੇ ਆਪੇ ਦਸੇ ਘਾਟੁ ॥

ਪ੍ਰਭੂ ਆਪ ਹੀ ਗੁਰੂ ਹੈ, ਆਪ ਹੀ ਸਿੱਖ ਹੈ, ਤੇ ਆਪ ਹੀ (ਪਾਰਲਾ) ਪੱਤਣ ਵਿਖਾਂਦਾ ਹੈ।

ਜਨ ਨਾਨਕ ਨਾਮੁ ਧਿਆਇ ਤੂ ਸਭਿ ਕਿਲਵਿਖ ਕਾਟੁ ॥੨੨॥੧॥ ਸੁਧੁ

ਹੇ ਦਾਸ ਨਾਨਕ! ਤੂੰ ਉਸ ਪ੍ਰਭੂ ਦਾ ਨਾਮ ਸਿਮਰ ਤੇ ਆਪਣੇ ਸਾਰੇ ਪਾਪ ਦੂਰ ਕਰ ਲੈ ॥੨੨॥੧॥