ਭਗਤ ਤ੍ਰਿਲੋਚਨ ਜੀ – ਬਾਣੀ ਸ਼ਬਦ-Bhagat Trilochan ji – Bani Quotes Shabad Path in Punjabi Gurbani

ਭਗਤ ਤ੍ਰਿਲੋਚਨ ਜੀ – ਬਾਣੀ ਸ਼ਬਦ-Bhagat Trilochan ji – Bani Quotes Shabad Path in Punjabi Gurbani

ਸਿਰੀਰਾਗੁ ਤ੍ਰਿਲੋਚਨ ਕਾ ॥
ਮਾਇਆ ਮੋਹੁ ਮਨਿ ਆਗਲੜਾ ਪ੍ਰਾਣੀ ਜਰਾ ਮਰਣੁ ਭਉ ਵਿਸਰਿ ਗਇਆ ॥

ਹੇ ਪ੍ਰਾਣੀ! ਤੇਰੇ ਮਨ ਵਿਚ ਮਾਇਆ ਦਾ ਮੋਹ ਬਹੁਤ (ਜ਼ੋਰਾਂ ਵਿਚ) ਹੈ; ਤੈਨੂੰ ਇਹ ਡਰ ਨਹੀਂ ਰਿਹਾ ਕਿ ਬੁਢੇਪਾ ਆਉਣਾ ਹੈ, ਮੌਤ ਆਉਣੀ ਹੈ।

ਕੁਟੰਬੁ ਦੇਖਿ ਬਿਗਸਹਿ ਕਮਲਾ ਜਿਉ ਪਰ ਘਰਿ ਜੋਹਹਿ ਕਪਟ ਨਰਾ ॥੧॥

ਹੇ ਖੋਟੇ ਮਨੁੱਖ! ਤੂੰ ਆਪਣੇ ਪਰਵਾਰ ਨੂੰ ਵੇਖ ਕੇ ਇਉਂ ਖਿੜਦਾ ਹੈਂ ਜਿਵੇਂ ਕਉਲ ਫੁੱਲ (ਸੂਰਜ ਨੂੰ ਵੇਖ ਕੇ), ਤੂੰ ਪਰਾਏ ਘਰ ਵਿਚ ਤੱਕਦਾ ਫਿਰਦਾ ਹੈਂ ॥੧॥

ਦੂੜਾ ਆਇਓਹਿ ਜਮਹਿ ਤਣਾ ॥

ਜਮਦੂਤ ਵਗਾਤੱਗ ਆ ਰਹੇ ਹਨ,

ਤਿਨ ਆਗਲੜੈ ਮੈ ਰਹਣੁ ਨ ਜਾਇ ॥

ਉਹਨਾਂ ਦੇ ਸਾਮ੍ਹਣੇ ਮੈਥੋਂ (ਪਲ ਮਾਤ੍ਰ ਭੀ) ਅਟਕਿਆ ਨਹੀਂ ਜਾ ਸਕੇਗਾ।

ਕੋਈ ਕੋਈ ਸਾਜਣੁ ਆਇ ਕਹੈ ॥

ਕੋਈ ਵਿਰਲਾ ਸੰਤ ਜਨ (ਜਗਤ ਵਿਚ) ਆ ਕੇ ਇਉਂ ਬੇਨਤੀ ਕਰਦਾ ਹੈ-

ਮਿਲੁ ਮੇਰੇ ਬੀਠੁਲਾ ਲੈ ਬਾਹੜੀ ਵਲਾਇ ॥

ਹੇ ਮੇਰੇ ਰਾਮ! ਮੈਨੂੰ ਮਿਲ, ਗਲਵੱਕੜੀ ਪਾ ਕੇ ਮਿਲ।

ਮਿਲੁ ਮੇਰੇ ਰਮਈਆ ਮੈ ਲੇਹਿ ਛਡਾਇ ॥੧॥ ਰਹਾਉ ॥

ਹੇ ਪ੍ਰਭੂ! ਮੈਨੂੰ ਮਿਲ, ਮੈਨੂੰ (ਮਾਇਆ ਦੇ ਮੋਹ ਤੋਂ) ਛਡਾ ਲੈ ॥੧॥ ਰਹਾਉ ॥

ਅਨਿਕ ਅਨਿਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰੁ ਭਇਆ ॥

ਹੇ ਪ੍ਰਾਣੀ! ਮਾਇਆ ਦੇ ਅਨੇਕ ਭੋਗਾਂ ਤੇ ਪ੍ਰਤਾਪ ਦੇ ਕਾਰਨ ਤੂੰ (ਪ੍ਰਭੂ ਨੂੰ) ਭੁਲਾ ਬੈਠਾ ਹੈਂ, (ਤੂੰ ਸਮਝਦਾ ਹੈਂ ਕਿ) ਇਸ ਸੰਸਾਰ-ਸਮੁੰਦਰ ਵਿਚ (ਮੈਂ) ਸਦਾ ਕਾਇਮ ਰਹਾਂਗਾ।

ਮਾਇਆ ਮੂਠਾ ਚੇਤਸਿ ਨਾਹੀ ਜਨਮੁ ਗਵਾਇਓ ਆਲਸੀਆ ॥੨॥

ਮਾਇਆ ਦਾ ਠੱਗਿਆ ਹੋਇਆ ਤੂੰ (ਪ੍ਰਭੂ ਨੂੰ) ਨਹੀਂ ਸਿਮਰਦਾ। ਹੇ ਆਲਸੀ ਮਨੁੱਖ! ਤੂੰ ਆਪਣਾ ਜਨਮ ਅਜਾਈਂ ਗਵਾ ਲਿਆ ਹੈ ॥੨॥

ਬਿਖਮ ਘੋਰ ਪੰਥਿ ਚਾਲਣਾ ਪ੍ਰਾਣੀ ਰਵਿ ਸਸਿ ਤਹ ਨ ਪ੍ਰਵੇਸੰ ॥

ਹੇ ਪ੍ਰਾਣੀ! ਤੂੰ (ਮਾਇਆ ਦੇ ਮੋਹ ਦੇ) ਅਜਿਹੇ ਡਾਢੇ ਹਨੇਰੇ ਰਾਹੇ ਤੁਰ ਰਿਹਾ ਹੈਂ ਜਿੱਥੇ ਨਾਹ ਸੂਰਜ ਨੂੰ ਦਖ਼ਲ ਹੈ, ਨਾਹ ਚੰਦ੍ਰਮਾ ਨੂੰ (ਭਾਵ, ਜਿਥੇ ਤੈਨੂੰ ਨਾਹ ਦਿਨੇ ਸੁਰਤ ਆਉਂਦੀ ਹੈ, ਨਾਹ ਰਾਤ ਨੂੰ)।

ਮਾਇਆ ਮੋਹੁ ਤਬ ਬਿਸਰਿ ਗਇਆ ਜਾਂ ਤਜੀਅਲੇ ਸੰਸਾਰੰ ॥੩॥

ਜਦੋਂ (ਮਰਨ ਵੇਲੇ) ਸੰਸਾਰ ਨੂੰ ਛੱਡਣ ਲੱਗੋਂ, ਤਦੋਂ ਤਾਂ ਮਾਇਆ ਦਾ ਇਹ ਮੋਹ (ਭਾਵ, ਸੰਬੰਧ ਅਵੱਸੋਂ) ਛੱਡੇਂਗਾ ਹੀ (ਤਾਂ ਫਿਰ ਕਿਉਂ ਨਹੀਂ ਹੁਣੇ ਹੀ ਛੱਡਦਾ?) ॥੩॥

ਆਜੁ ਮੇਰੈ ਮਨਿ ਪ੍ਰਗਟੁ ਭਇਆ ਹੈ ਪੇਖੀਅਲੇ ਧਰਮਰਾਓ ॥

(ਕੋਈ ਵਿਰਲਾ ਸੰਤ ਜਨ ਆਖਦਾ ਹੈ-) ਮੇਰੇ ਮਨ ਵਿਚ ਇਹ ਗੱਲ ਪ੍ਰਤੱਖ ਹੋ ਗਈ ਹੈ ਕਿ (ਮਾਇਆ ਵਿਚ ਫਸੇ ਰਿਹਾਂ) ਧਰਮਰਾਜ (ਦਾ ਮੂੰਹ) ਵੇਖਣਾ ਪਏਗਾ;

ਤਹ ਕਰ ਦਲ ਕਰਨਿ ਮਹਾਬਲੀ ਤਿਨ ਆਗਲੜੈ ਮੈ ਰਹਣੁ ਨ ਜਾਇ ॥੪॥

ਉਥੇ ਵੱਡੇ ਬਲਵਾਨਾਂ ਨੂੰ ਭੀ ਹੱਥਾਂ ਨਾਲ (ਜਮਦੂਤ) ਦਲ ਦੇਂਦੇ ਹਨ; ਮੈਥੋਂ ਉਹਨਾਂ ਦੇ ਅੱਗੇ ਕੋਈ ਹੀਲ-ਹੁਜਤਿ ਨਹੀਂ ਕੀਤੀ ਜਾ ਸਕੇਗੀ ॥੪॥

ਜੇ ਕੋ ਮੂੰ ਉਪਦੇਸੁ ਕਰਤੁ ਹੈ ਤਾ ਵਣਿ ਤ੍ਰਿਣਿ ਰਤੜਾ ਨਾਰਾਇਣਾ ॥

(ਉਂਞ ਤਾਂ) ਹੇ ਨਾਰਾਇਣ! (ਤੂੰ ਕਦੇ ਚੇਤੇ ਨਹੀਂ ਆਉਂਦਾ, ਪਰ) ਜਦੋਂ ਕੋਈ (ਗੁਰਮੁਖਿ) ਮੈਨੂੰ ਸਿੱਖਿਆ ਦੇਂਦਾ ਹੈ, ਤਾਂ ਤੂੰ ਸਭ ਥਾਈਂ ਵਿਆਪਕ ਦਿੱਸਣ ਲੱਗ ਪੈਂਦਾ ਹੈਂ।

ਐ ਜੀ ਤੂੰ ਆਪੇ ਸਭ ਕਿਛੁ ਜਾਣਦਾ ਬਦਤਿ ਤ੍ਰਿਲੋਚਨੁ ਰਾਮਈਆ ॥੫॥੨॥

ਹੇ ਰਾਮ ਜੀ! ਤੇਰੀਆਂ ਤੂੰ ਹੀ ਜਾਣੇ-ਮੇਰੀ ਤ੍ਰਿਲੋਚਨ ਦੀ ਇਹੀ ਬੇਨਤੀ ਹੈ ॥੫॥੨॥


ਗੂਜਰੀ ਸ੍ਰੀ ਤ੍ਰਿਲੋਚਨ ਜੀਉ ਕੇ ਪਦੇ ਘਰੁ ੧ ॥

ਰਾਗ ਗੂਜਰੀ, ਘਰ ੧ ਵਿੱਚ ਭਗਤ ਤ੍ਰਿਲੋਚਨ ਜੀ ਦੀ ਬੰਦਾਂ ਵਾਲੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਅੰਤਰੁ ਮਲਿ ਨਿਰਮਲੁ ਨਹੀ ਕੀਨਾ ਬਾਹਰਿ ਭੇਖ ਉਦਾਸੀ ॥

ਜੇ (ਕਿਸੇ ਮਨੁੱਖ ਨੇ) ਅੰਦਰਲਾ ਮਲੀਨ (ਮਨ) ਸਾਫ਼ ਨਹੀਂ ਕੀਤਾ, ਪਰ ਬਾਹਰ (ਸਰੀਰ ਉਤੇ) ਸਾਧੂਆਂ ਵਾਲਾ ਬਾਣਾ ਪਾਇਆ ਹੋਇਆ ਹੈ,

ਹਿਰਦੈ ਕਮਲੁ ਘਟਿ ਬ੍ਰਹਮੁ ਨ ਚੀਨੑਾ ਕਾਹੇ ਭਇਆ ਸੰਨਿਆਸੀ ॥੧॥

ਜੇ ਉਸ ਨੇ ਆਪਣੇ ਹਿਰਦੇ-ਰੂਪ ਕਉਲ ਨੂੰ ਨਹੀਂ ਪਰਖਿਆ, ਜੇ ਉਸ ਨੇ ਆਪਣੇ ਅੰਦਰ ਪਰਮਾਤਮਾ ਨਹੀਂ ਵੇਖਿਆ, ਤਾਂ ਸੰਨਿਆਸ ਧਾਰਨ ਕਰਨ ਦਾ ਕੋਈ ਲਾਭ ਨਹੀਂ ॥੧॥

ਭਰਮੇ ਭੂਲੀ ਰੇ ਜੈ ਚੰਦਾ ॥

ਹੇ ਜੈ ਚੰਦ! ਸਾਰੀ ਲੋਕਾਈ (ਇਸੇ ਭੁਲੇਖੇ ਵਿਚ) ਭੁੱਲੀ ਪਈ ਹੈ (ਕਿ ਨਿਰਾ ਫ਼ਕੀਰੀ ਭੇਖ ਧਾਰਿਆਂ ਪਰਮਾਤਮਾ ਮਿਲ ਪੈਂਦਾ ਹੈ),

ਨਹੀ ਨਹੀ ਚੀਨਿੑਆ ਪਰਮਾਨੰਦਾ ॥੧॥ ਰਹਾਉ ॥

ਇਸ ਤਰ੍ਹਾਂ ਪਰਮਾਨੰਦ ਨੂੰ ਪ੍ਰਭੂ ਦੀ ਸੋਝੀ ਕਦੇ ਭੀ ਨਹੀਂ ਪੈਂਦੀ ॥੧॥ ਰਹਾਉ ॥

ਘਰਿ ਘਰਿ ਖਾਇਆ ਪਿੰਡੁ ਬਧਾਇਆ ਖਿੰਥਾ ਮੁੰਦਾ ਮਾਇਆ ॥

(ਜਿਸ ਮਨੁੱਖ ਨੇ) ਘਰ ਘਰ ਤੋਂ (ਮੰਗ ਕੇ ਟੁੱਕਰ) ਖਾ ਲਿਆ, (ਆਪਣੇ) ਸਰੀਰ ਨੂੰ ਚੰਗਾ ਪਾਲ ਲਿਆ, ਗੋਦੜੀ ਪਹਿਨ ਲਈ, ਮੁੰਦ੍ਰਾਂ ਭੀ ਪਾ ਲਈਆਂ, (ਪਰ ਸਭ ਕੁਝ) ਮਾਇਆ ਦੀ ਖ਼ਾਤਰ ਹੀ (ਕੀਤਾ),

ਭੂਮਿ ਮਸਾਣ ਕੀ ਭਸਮ ਲਗਾਈ ਗੁਰ ਬਿਨੁ ਤਤੁ ਨ ਪਾਇਆ ॥੨॥

ਮਸਾਣਾਂ ਦੀ ਧਰਤੀ ਦੀ ਸੁਆਹ ਭੀ (ਪਿੰਡੇ) ਮਲ ਲਈ, ਪਰ ਜੇ ਉਹ ਗੁਰੂ ਦੇ ਰਾਹ ਤੇ ਨਹੀਂ ਤੁਰਿਆ ਤਾਂ ਇਸ ਤਰ੍ਹਾਂ ਤੱਤ ਦੀ ਪ੍ਰਾਪਤੀ ਨਹੀਂ ਹੁੰਦੀ ॥੨॥

ਕਾਇ ਜਪਹੁ ਰੇ ਕਾਇ ਤਪਹੁ ਰੇ ਕਾਇ ਬਿਲੋਵਹੁ ਪਾਣੀ ॥

ਕਿਉਂ (ਗਿਣੇ ਮਿਥੇ) ਜਪ ਕਰਦੇ ਹੋ? ਕਿਉਂ ਤਪ ਸਾਧਦੇ ਹੋ? ਕਾਹਦੇ ਲਈ ਪਾਣੀ ਰਿੜਕਦੇ ਹੋ? (ਹਠ ਨਾਲ ਕੀਤੇ ਹੋਏ ਇਹ ਸਾਧਨ ਤਾਂ ਪਾਣੀ ਰਿੜਕਣ ਸਮਾਨ ਹਨ);

ਲਖ ਚਉਰਾਸੀਹ ਜਿਨਿੑ ਉਪਾਈ ਸੋ ਸਿਮਰਹੁ ਨਿਰਬਾਣੀ ॥੩॥

ਉਸ ਵਾਸ਼ਨਾ-ਰਹਿਤ ਪ੍ਰਭੂ ਨੂੰ (ਹਰ ਵੇਲੇ) ਯਾਦ ਕਰੋ, ਜਿਸ ਨੇ ਚੌਰਾਸੀ ਲੱਖ (ਜੋਨਿ ਵਾਲੀ ਸ੍ਰਿਸ਼ਟੀ) ਪੈਦਾ ਕੀਤੀ ਹੈ ॥੩॥

ਕਾਇ ਕਮੰਡਲੁ ਕਾਪੜੀਆ ਰੇ ਅਠਸਠਿ ਕਾਇ ਫਿਰਾਹੀ ॥

ਹੇ ਕਾਪੜੀਏ! (ਹੱਥ ਵਿਚ) ਖੱਪਰ ਕਾਹਦੇ ਲਈ ਪਕੜਦਾ ਹੈਂ ਤੇ ਅਠਾਹਠ ਤੀਰਥਾਂ ਤੇ ਭਟਕਣ ਫਿਰਦਾ ਹੈਂ (ਇੰਜ ਕਰਨ ਦਾ ਕੋਈ ਲਾਭ ਨਹੀਂ)?

ਬਦਤਿ ਤ੍ਰਿਲੋਚਨੁ ਸੁਨੁ ਰੇ ਪ੍ਰਾਣੀ ਕਣ ਬਿਨੁ ਗਾਹੁ ਕਿ ਪਾਹੀ ॥੪॥੧॥

ਤ੍ਰਿਲੋਚਨ ਆਖਦਾ ਹੈ: ਹੇ ਬੰਦੇ! ਸੁਣ! ਜੇ (ਭਰੀਆਂ ਵਿਚ) ਅੰਨ ਦੇ ਦਾਣੇ ਨਹੀਂ, ਤਾਂ ਗਾਹ ਪਾਣ ਦਾ ਕੋਈ ਲਾਭ ਨਹੀਂ ॥੪॥੧॥


ਗੂਜਰੀ ॥
ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥

ਜੋ ਮਨੁੱਖ ਮਰਨ ਵੇਲੇ ਧਨ-ਪਦਾਰਥ ਚੇਤੇ ਕਰਦਾ ਹੈ ਤੇ ਇਸੇ ਸੋਚ ਵਿਚ ਹੀ ਮਰ ਜਾਂਦਾ ਹੈ,

ਸਰਪ ਜੋਨਿ ਵਲਿ ਵਲਿ ਅਉਤਰੈ ॥੧॥

ਉਹ ਮੁੜ ਮੁੜ ਸੱਪ ਦੀ ਜੂਨੇ ਪੈਂਦਾ ਹੈ ॥੧॥

ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ ॥ ਰਹਾਉ ॥

ਹੇ ਭੈਣ! (ਮੇਰੇ ਲਈ ਅਰਦਾਸ ਕਰ) ਮੈਨੂੰ ਕਦੇ ਪਰਮਾਤਮਾ ਦਾ ਨਾਮ ਨਾਹ ਭੁੱਲੇ (ਤਾਂ ਜੁ ਅੰਤ ਵੇਲੇ ਭੀ ਉਹ ਪਰਮਾਤਮਾ ਹੀ ਚੇਤੇ ਆਵੇ) ਰਹਾਉ॥

ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥

ਜੋ ਮਨੁੱਖ ਮਰਨ ਸਮੇਂ (ਆਪਣੀ) ਇਸਤ੍ਰੀ ਨੂੰ ਹੀ ਯਾਦ ਕਰਦਾ ਹੈ ਤੇ ਇਸੇ ਯਾਦ ਵਿਚ ਪ੍ਰਾਣ ਤਿਆਗ ਦੇਂਦਾ ਹੈ,

ਬੇਸਵਾ ਜੋਨਿ ਵਲਿ ਵਲਿ ਅਉਤਰੈ ॥੨॥

ਉਹ ਮੁੜ ਮੁੜ ਵੇਸਵਾ ਦਾ ਜਨਮ ਲੈਂਦਾ ਹੈ ॥੨॥

ਅੰਤਿ ਕਾਲਿ ਜੋ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥

ਜੋ ਮਨੁੱਖ ਅੰਤ ਵੇਲੇ (ਆਪਣੇ) ਪੁੱਤ੍ਰਾਂ ਨੂੰ ਹੀ ਯਾਦ ਕਰਦਾ ਹੈ ਤੇ ਪੁੱਤ੍ਰਾਂ ਨੂੰ ਯਾਦ ਕਰਦਾ ਕਰਦਾ ਹੀ ਮਰ ਜਾਂਦਾ ਹੈ,

ਸੂਕਰ ਜੋਨਿ ਵਲਿ ਵਲਿ ਅਉਤਰੈ ॥੩॥

ਉਹ ਸੂਰ ਦੀ ਜੂਨੇ ਮੁੜ ਮੁੜ ਜੰਮਦਾ ਹੈ ॥੩॥

ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥

ਜੋ ਮਨੁੱਖ ਅਖ਼ੀਰ ਵੇਲੇ (ਆਪਣੇ) ਘਰ ਮਹਲ-ਮਾੜੀਆਂ ਦੇ ਹਾਹੁਕੇ ਲੈਂਦਾ ਹੈ ਤੇ ਇਹਨਾਂ ਹਾਹੁਕਿਆਂ ਵਿਚ ਸਰੀਰ ਛੱਡ ਜਾਂਦਾ ਹੈ,

ਪ੍ਰੇਤ ਜੋਨਿ ਵਲਿ ਵਲਿ ਅਉਤਰੈ ॥੪॥

ਉਹ ਮੁੜ ਮੁੜ ਪ੍ਰੇਤ ਬਣਦਾ ਹੈ ॥੪॥

ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥

ਤ੍ਰਿਲੋਚਨ ਆਖਦਾ ਹੈ, ਜੋ ਮਨੁੱਖ ਅੰਤ ਸਮੇਂ ਪਰਮਾਤਮਾ ਨੂੰ ਯਾਦ ਕਰਦਾ ਹੈ ਤੇ ਇਸ ਯਾਦ ਵਿਚ ਟਿਕਿਆ ਹੋਇਆ ਹੀ ਚੋਲਾ ਤਿਆਗਦਾ ਹੈ,

ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ ॥੫॥੨॥

ਉਹ ਮਨੁੱਖ (ਧਨ, ਇਸਤ੍ਰੀ, ਪੁੱਤਰ ਤੇ ਘਰ ਆਦਿਕ ਦੇ ਮੋਹ ਤੋਂ) ਆਜ਼ਾਦ ਹੋ ਜਾਂਦਾ ਹੈ, ਉਸ ਦੇ ਹਿਰਦੇ ਵਿਚ ਪਰਮਾਤਮਾ ਆਪ ਆ ਵੱਸਦਾ ਹੈ ॥੫॥੨॥


ਧਨਾਸਰੀ ਬਾਣੀ ਭਗਤਾਂ ਕੀ ਤ੍ਰਿਲੋਚਨ ॥

ਰਾਗ ਧਨਾਸਰੀ ਵਿੱਚ ਭਗਤ ਤ੍ਰਿਲੋਚਨ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਨਾਰਾਇਣ ਨਿੰਦਸਿ ਕਾਇ ਭੂਲੀ ਗਵਾਰੀ ॥

ਹੇ ਭੁੱਲੜ ਮੂਰਖ ਜਿੰਦੇ! ਤੂੰ ਪਰਮਾਤਮਾ ਨੂੰ ਕਿਉਂ ਦੋਸ ਦੇਂਦੀ ਹੈਂ?

ਦੁਕ੍ਰਿਤੁ ਸੁਕ੍ਰਿਤੁ ਥਾਰੋ ਕਰਮੁ ਰੀ ॥੧॥ ਰਹਾਉ ॥

ਪਾਪ ਪੁੰਨ ਤੇਰਾ ਆਪਣਾ ਕੀਤਾ ਹੋਇਆ ਕੰਮ ਹੈ (ਜਿਸ ਦੇ ਕਾਰਨ ਦੁੱਖ ਸੁਖ ਸਹਾਰਨਾ ਪੈਂਦਾ ਹੈ) ॥੧॥ ਰਹਾਉ ॥

ਸੰਕਰਾ ਮਸਤਕਿ ਬਸਤਾ ਸੁਰਸਰੀ ਇਸਨਾਨ ਰੇ ॥

(ਹੇ ਮੇਰੀ ਜਿੰਦੇ! ਦੇਖ ਚੰਦ੍ਰਮਾ) ਭਾਵੇਂ ਸ਼ਿਵ ਜੀ ਦੇ ਮੱਥੇ ਉੱਤੇ ਵੱਸਦਾ ਹੈ, ਨਿੱਤ ਗੰਗਾ ਵਿਚ ਇਸ਼ਨਾਨ ਕਰਦਾ ਹੈ,

ਕੁਲ ਜਨ ਮਧੇ ਮਿਲੵਿੋ ਸਾਰਗ ਪਾਨ ਰੇ ॥

ਤੇ ਉਸੇ ਦੀ ਕੁਲ ਵਿਚ ਵਿਸ਼ਨੂ ਜੀ ਨੇ (ਕ੍ਰਿਸ਼ਨ-ਰੂਪ ਧਾਰ ਕੇ) ਜਨਮ ਲਿਆ।

ਕਰਮ ਕਰਿ ਕਲੰਕੁ ਮਫੀਟਸਿ ਰੀ ॥੧॥

ਆਪਣੇ ਕੀਤੇ ਕਰਮਾਂ ਦੇ ਕਾਰਨ (ਚੰਦ੍ਰਮਾ ਦਾ) ਦਾਗ਼ ਨਾਹ ਹਟ ਸਕਿਆ ॥੧॥

ਬਿਸ੍ਵ ਕਾ ਦੀਪਕੁ ਸ੍ਵਾਮੀ ਤਾ ਚੇ ਰੇ ਸੁਆਰਥੀ ਪੰਖੀ ਰਾਇ ਗਰੁੜ ਤਾ ਚੇ ਬਾਧਵਾ ॥

(ਫਿਰ ਅਰੁਣ ਦੀ ਮਿਸਾਲ ਦੇਖ!) ਭਾਵੇਂ ਸਾਰੇ ਜਗਤ ਨੂੰ ਚਾਨਣ ਦੇਣ ਵਾਲਾ ਸੂਰਜ ਉਸ ਦਾ ਸੁਆਮੀ ਹੈ, ਉਸ ਸੂਰਜ ਦਾ ਉਹ ਰਥਵਾਹੀ ਹੈ, ਤੇ, ਪੰਛੀਆਂ ਦਾ ਰਾਜਾ ਗਰੁੜ ਉਸ ਦਾ ਰਿਸ਼ਤੇਦਾਰ ਹੈ,

ਕਰਮ ਕਰਿ ਅਰੁਣ ਪਿੰਗੁਲਾ ਰੀ ॥੨॥

(ਹੇ ਘਰ-ਗੇਹਣਿ!) ਆਪਣੇ ਕਰਮਾਂ ਕਰਕੇ ਅਰੁਣ ਪਿੰਗਲਾ ਹੀ ਰਿਹਾ ॥੨॥

ਅਨਿਕ ਪਾਤਿਕ ਹਰਤਾ ਤ੍ਰਿਭਵਣ ਨਾਥੁ ਰੀ ਤੀਰਥਿ ਤੀਰਥਿ ਭ੍ਰਮਤਾ ਲਹੈ ਨ ਪਾਰੁ ਰੀ ॥

(ਦੇਖ!) ਭਾਵੇਂ (ਸ਼ਿਵ ਜੀ) ਸਾਰੇ ਜਗਤ ਦਾ ਨਾਥ (ਸਮਝਿਆ ਜਾਂਦਾ) ਹੈ, (ਹੋਰ ਜੀਵਾਂ ਦੇ) ਅਨੇਕਾਂ ਪਾਪਾਂ ਦਾ ਨਾਸ ਕਰਨ ਵਾਲਾ ਹੈ। ਪਰ ਉਹ ਹਰੇਕ ਤੀਰਥ ਉੱਤੇ ਭਟਕਦਾ ਫਿਰਿਆ, ਤਾਂ ਭੀ (ਉਸ ਖੋਪਰੀ ਤੋਂ) ਖ਼ਲਾਸੀ ਨਹੀਂ ਸੀ ਹੁੰਦੀ।

ਕਰਮ ਕਰਿ ਕਪਾਲੁ ਮਫੀਟਸਿ ਰੀ ॥੩॥

(ਬ੍ਰਹਮ-ਹੱਤਿਆ ਦੇ) ਕੀਤੇ ਕਰਮ ਅਨੁਸਾਰ (ਸ਼ਿਵ ਜੀ ਦੇ ਹੱਥ ਨਾਲੋਂ) ਖੋਪਰੀ ਨਾਹ ਲਹਿ ਸਕੀ ॥੩॥

ਅੰਮ੍ਰਿਤ ਸਸੀਅ ਧੇਨ ਲਛਿਮੀ ਕਲਪਤਰ ਸਿਖਰਿ ਸੁਨਾਗਰ ਨਦੀ ਚੇ ਨਾਥੰ ॥

(ਫਿਰ ਦੇਖ! ਸਮੁੰਦ੍ਰ) ਭਾਵੇਂ ਸਾਰੀਆਂ ਨਦੀਆਂ ਦਾ ਨਾਥ ਹੈ ਤੇ ਉਸ ਵਿਚੋਂ ਅੰਮ੍ਰਿਤ, ਚੰਦ੍ਰਮਾ, ਕਾਮਧੇਨ, ਲੱਛਮੀ, ਕਲਪ-ਰੁੱਖ, ਸੱਤ-ਮੂੰਹਾ ਘੋੜਾ, ਧਨੰਤਰੀ ਵੈਦ (ਆਦਿਕ ਚੌਦਾਂ ਰਤਨ) ਨਿਕਲੇ ਸਨ,

ਕਰਮ ਕਰਿ ਖਾਰੁ ਮਫੀਟਸਿ ਰੀ ॥੪॥

(ਪਰ ਹੇ ਮੇਰੀ ਜਿੰਦੇ!) ਆਪਣੇ ਕੀਤੇ (ਮੰਦ-ਕਰਮ) ਅਨੁਸਾਰ (ਸਮੁੰਦਰ ਦਾ) ਖਾਰਾ-ਪਨ ਨਹੀਂ ਹਟ ਸਕਿਆ ॥੪॥

ਦਾਧੀਲੇ ਲੰਕਾ ਗੜੁ ਉਪਾੜੀਲੇ ਰਾਵਣ ਬਣੁ ਸਲਿ ਬਿਸਲਿ ਆਣਿ ਤੋਖੀਲੇ ਹਰੀ ॥

(ਹਨੂੰਮਾਨ) ਨੇ (ਸ੍ਰੀ ਰਾਮ ਚੰਦ੍ਰ ਜੀ ਦੀ ਖ਼ਾਤਰ) ਲੰਕਾ ਦਾ ਕਿਲ੍ਹਾ ਸਾੜਿਆ, ਰਾਵਣ ਦਾ ਬਾਗ਼ ਉਜਾੜ ਦਿੱਤਾ, ਸੱਲ ਦੂਰ ਕਰਨ ਵਾਲੀ ਬੂਟੀ ਲਿਆ ਕੇ ਰਾਮ ਚੰਦ੍ਰ ਜੀ ਨੂੰ ਪ੍ਰਸੰਨ ਹੀ ਕੀਤਾ,

ਕਰਮ ਕਰਿ ਕਛਉਟੀ ਮਫੀਟਸਿ ਰੀ ॥੫॥

(ਪਰ ਹੇ ਘਰ-ਗੇਹਣਿ!) ਆਪਣੇ ਕੀਤੇ ਕਰਮਾਂ ਦੇ ਅਧੀਨ (ਹਨੂਮਾਨ ਦੇ ਭਾਗਾਂ ਵਿਚੋਂ) ਉਸ ਦੀ ਨਿੱਕੀ ਜਹੀ ਕੱਛ ਨਾਹ ਹਟ ਸਕੀ ॥੫॥

ਪੂਰਬਲੋ ਕ੍ਰਿਤ ਕਰਮੁ ਨ ਮਿਟੈ ਰੀ ਘਰ ਗੇਹਣਿ ਤਾ ਚੇ ਮੋਹਿ ਜਾਪੀਅਲੇ ਰਾਮ ਚੇ ਨਾਮੰ ॥

ਹੇ ਮੇਰੀ ਜਿੰਦੇ! ਪਿਛਲਾ ਕੀਤਾ ਕੋਈ ਕਰਮ (ਅਵਤਾਰ-ਪੂਜਾ, ਤੀਰਥ-ਇਸ਼ਨਾਨ ਆਦਿਕ ਦੀ ਰਾਹੀਂ) ਮਿਟਦਾ ਨਹੀਂ; ਤਾਹੀਏਂ ਮੈਂ ਤਾਂ ਪਰਮਾਤਮਾ ਦਾ ਨਾਮ ਹੀ ਸਿਮਰਦਾ ਹਾਂ।

ਬਦਤਿ ਤ੍ਰਿਲੋਚਨ ਰਾਮ ਜੀ ॥੬॥੧॥

ਤ੍ਰਿਲੋਚਨ ਆਖਦਾ ਹੈ ਕਿ ਮੈਂ ਤਾਂ ‘ਰਾਮ ਰਾਮ’ ਹੀ ਜਪਦਾ ਹਾਂ (ਭਾਵ, ਪਰਮਾਤਮਾ ਦੀ ਓਟ ਹੀ ਲੈਂਦਾ ਹਾਂ ਤੇ ਆਪਣੇ ਕਿਸੇ ਕੀਤੇ ਕਰਮ ਕਰ ਕੇ ਆਏ ਦੁੱਖ ਤੋਂ ਪ੍ਰਭੂ ਨੂੰ ਦੋਸ ਨਹੀਂ ਦੇਂਦਾ) ॥੬॥੧॥