ਭਗਤ ਰਾਮਾਨੰਦ ਜੀ - ਬਾਣੀ ਸ਼ਬਦ-Bhagat Ramanand ji - Bani Quotes Shabad Path in Punjabi Gurbani - Nitnem Path

ਭਗਤ ਰਾਮਾਨੰਦ ਜੀ – ਬਾਣੀ ਸ਼ਬਦ-Bhagat Ramanand ji – Bani Quotes Shabad Path in Punjabi Gurbani

ਭਗਤ ਰਾਮਾਨੰਦ ਜੀ – ਬਾਣੀ ਸ਼ਬਦ-Bhagat Ramanand ji – Bani Quotes Shabad Path in Punjabi Gurbani

ਰਾਮਾਨੰਦ ਜੀ ਘਰੁ ੧ ॥

(ਰਾਗ ਬਸੰਤੁ) ਘਰ ੧ ਵਿੱਚ ਭਗਤ ਰਾਮਾਨੰਦ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਕਤ ਜਾਈਐ ਰੇ ਘਰ ਲਾਗੋ ਰੰਗੁ ॥

ਹੇ ਭਾਈ! ਹੋਰ ਕਿਥੇ ਜਾਈਏ? (ਹੁਣ) ਹਿਰਦੇ-ਘਰ ਵਿਚ ਹੀ ਮੌਜ ਬਣ ਗਈ ਹੈ;

ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ ॥੧॥ ਰਹਾਉ ॥

ਮੇਰਾ ਮਨ ਹੁਣ ਡੋਲਦਾ ਨਹੀਂ, ਥਿਰ ਹੋ ਗਿਆ ਹੈ ॥੧॥ ਰਹਾਉ ॥

ਏਕ ਦਿਵਸ ਮਨ ਭਈ ਉਮੰਗ ॥

ਇੱਕ ਦਿਨ ਮੇਰੇ ਮਨ ਵਿਚ ਭੀ ਤਾਂਘ ਪੈਦਾ ਹੋਈ ਸੀ,

ਘਸਿ ਚੰਦਨ ਚੋਆ ਬਹੁ ਸੁਗੰਧ ॥

ਮੈਂ ਚੰਦਨ ਘਸਾ ਕੇ ਅਤਰ ਤੇ ਹੋਰ ਕਈ ਸੁਗੰਧੀਆਂ ਲੈ ਲਈਆਂ,

ਪੂਜਨ ਚਾਲੀ ਬ੍ਰਹਮ ਠਾਇ ॥

ਤੇ ਮੈਂ ਮੰਦਰ ਵਿਚ ਪੂਜਾ ਕਰਨ ਲਈ ਤੁਰ ਪਈ।

ਸੋ ਬ੍ਰਹਮੁ ਬਤਾਇਓ ਗੁਰ ਮਨ ਹੀ ਮਾਹਿ ॥੧॥

ਪਰ ਹੁਣ ਤਾਂ ਮੈਨੂੰ ਉਹ ਪਰਮਾਤਮਾ (ਜਿਸ ਨੂੰ ਮੈਂ ਮੰਦਰ ਵਿਚ ਰਹਿੰਦਾ ਸਮਝਦੀ ਸਾਂ) ਮੇਰੇ ਗੁਰੂ ਨੇ ਮੇਰੇ ਮਨ ਵਿਚ ਵੱਸਦਾ ਹੀ ਵਿਖਾ ਦਿੱਤਾ ਹੈ ॥੧॥

ਜਹਾ ਜਾਈਐ ਤਹ ਜਲ ਪਖਾਨ ॥

(ਤੀਰਥਾਂ ਉਤੇ ਜਾਈਏ ਚਾਹੇ ਮੰਦਰਾਂ ਵਿਚ ਜਾਈਏ) ਜਿਥੇ ਭੀ ਜਾਈਏ ਉਥੇ ਪਾਣੀ ਹੈ ਜਾਂ ਪੱਥਰ ਹਨ।

ਤੂ ਪੂਰਿ ਰਹਿਓ ਹੈ ਸਭ ਸਮਾਨ ॥

ਹੇ ਪ੍ਰਭੂ! ਤੂੰ ਹਰ ਥਾਂ ਇੱਕੋ ਜਿਹਾ ਭਰਪੂਰ ਹੈਂ।

ਬੇਦ ਪੁਰਾਨ ਸਭ ਦੇਖੇ ਜੋਇ ॥

ਵੇਦ ਪੁਰਾਨ ਆਦਿਕ ਧਰਮ-ਪੁਸਤਕਾਂ ਭੀ ਖੋਜ ਕੇ ਵੇਖ ਲਈਆਂ ਹਨ।

ਊਹਾਂ ਤਉ ਜਾਈਐ ਜਉ ਈਹਾਂ ਨ ਹੋਇ ॥੨॥

ਸੋ ਤਰੀਥਾਂ ਤੇ ਮੰਦਰਾਂ ਵਿਚ ਤਦੋਂ ਹੀ ਜਾਣ ਦੀ ਲੋੜ ਪਏ ਜੇ ਪਰਮਾਤਮਾ ਇਥੇ ਮੇਰੇ ਮਨ ਵਿਚ ਨਾਹ ਵੱਸਦਾ ਹੋਵੇ ॥੨॥

ਸਤਿਗੁਰ ਮੈ ਬਲਿਹਾਰੀ ਤੋਰ ॥

ਹੇ ਸਤਿਗੁਰੂ! ਮੈਂ ਤੈਥੋਂ ਸਦਕੇ ਹਾਂ,

ਜਿਨਿ ਸਕਲ ਬਿਕਲ ਭ੍ਰਮ ਕਾਟੇ ਮੋਰ ॥

ਜਿਸ ਨੇ ਮੇਰੇ ਸਾਰੇ ਔਖੇ ਭੁਲੇਖੇ ਦੂਰ ਕਰ ਦਿੱਤੇ ਹਨ।

ਰਾਮਾਨੰਦ ਸੁਆਮੀ ਰਮਤ ਬ੍ਰਹਮ ॥

ਰਾਮਾਨੰਦ ਦਾ ਮਾਲਕ ਪ੍ਰਭੂ ਹਰ ਥਾਂ ਮੌਜੂਦ ਹੈ,

ਗੁਰ ਕਾ ਸਬਦੁ ਕਾਟੈ ਕੋਟਿ ਕਰਮ ॥੩॥੧॥

(ਤੇ, ਗੁਰੂ ਦੀ ਰਾਹੀਂ ਮਿਲਦਾ ਹੈ, ਕਿਉਂਕਿ) ਗੁਰੂ ਦਾ ਸ਼ਬਦ ਕ੍ਰੋੜਾਂ (ਕੀਤੇ ਮੰਦੇ) ਕਰਮਾਂ ਦਾ ਨਾਸ ਕਰ ਦੇਂਦਾ ਹੈ ॥੩॥੧॥