ਭਗਤ ਧੰਨਾ ਜੀ – ਬਾਣੀ ਸ਼ਬਦ-Bhagat Dhanna ji – Bani Quotes Shabad Path in Punjabi Gurbani
ਭਗਤ ਧੰਨਾ ਜੀ – ਬਾਣੀ ਸ਼ਬਦ-Bhagat Dhanna ji – Bani Quotes Shabad Path in Punjabi Gurbani
ਆਸਾ ਬਾਣੀ ਭਗਤ ਧੰਨੇ ਜੀ ਕੀ ॥
ਰਾਗ ਆਸਾ ਵਿੱਚ ਭਗਤ ਧੰਨੇ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਭ੍ਰਮਤ ਫਿਰਤ ਬਹੁ ਜਨਮ ਬਿਲਾਨੇ ਤਨੁ ਮਨੁ ਧਨੁ ਨਹੀ ਧੀਰੇ ॥
(ਮਾਇਆ ਦੇ ਮੋਹ ਵਿਚ) ਭਟਕਦਿਆਂ ਕਈ ਜਨਮ ਗੁਜ਼ਰ ਜਾਂਦੇ ਹਨ, ਇਹ ਸਰੀਰ ਨਾਸ ਹੋ ਜਾਂਦਾ ਹੈ, ਮਨ ਭਟਕਦਾ ਰਹਿੰਦਾ ਹੈ ਤੇ ਧਨ ਭੀ ਟਿਕਿਆ ਨਹੀਂ ਰਹਿੰਦਾ।
ਲਾਲਚ ਬਿਖੁ ਕਾਮ ਲੁਬਧ ਰਾਤਾ ਮਨਿ ਬਿਸਰੇ ਪ੍ਰਭ ਹੀਰੇ ॥੧॥ ਰਹਾਉ ॥
ਲੋਭੀ ਜੀਵ ਜ਼ਹਿਰ-ਰੂਪ ਪਦਾਰਥਾਂ ਦੇ ਲਾਲਚ ਵਿਚ, ਕਾਮ-ਵਾਸ਼ਨਾਂ ਵਿਚ, ਰੰਗਿਆ ਰਹਿੰਦਾ ਹੈ, ਇਸ ਦੇ ਮਨ ਵਿਚੋਂ ਅਮੋਲਕ ਪ੍ਰਭੂ ਵਿਸਰ ਜਾਂਦਾ ਹੈ ॥੧॥ ਰਹਾਉ ॥
ਬਿਖੁ ਫਲ ਮੀਠ ਲਗੇ ਮਨ ਬਉਰੇ ਚਾਰ ਬਿਚਾਰ ਨ ਜਾਨਿਆ ॥
ਹੇ ਕਮਲੇ ਮਨ! ਇਹ ਜ਼ਹਿਰ-ਰੂਪ ਫਲ ਤੈਨੂੰ ਮਿੱਠੇ ਲੱਗਦੇ ਹਨ, ਤੈਨੂੰ ਸੋਹਣੀ ਵਿਚਾਰ ਨਹੀਂ ਫੁਰਦੀ;
ਗੁਨ ਤੇ ਪ੍ਰੀਤਿ ਬਢੀ ਅਨ ਭਾਂਤੀ ਜਨਮ ਮਰਨ ਫਿਰਿ ਤਾਨਿਆ ॥੧॥
ਗੁਣਾਂ ਵਲੋਂ ਹੱਟ ਕੇ ਹੋਰ ਹੋਰ ਕਿਸਮ ਦੀ ਪ੍ਰੀਤ ਤੇਰੇ ਅੰਦਰ ਵਧ ਰਹੀ ਹੈ, ਤੇ ਤੇਰਾ ਜਨਮ ਮਰਨ ਦਾ ਤਾਣਾ ਤਣਿਆ ਜਾ ਰਿਹਾ ਹੈ ॥੧॥
ਜੁਗਤਿ ਜਾਨਿ ਨਹੀ ਰਿਦੈ ਨਿਵਾਸੀ ਜਲਤ ਜਾਲ ਜਮ ਫੰਧ ਪਰੇ ॥
ਹੇ ਮਨ! ਤੂੰ ਜੀਵਨ ਦੀ ਜੁਗਤ ਸਮਝ ਕੇ ਇਹ ਜੁਗਤਿ ਆਪਣੇ ਅੰਦਰ ਪੱਕੀ ਨਾਹ ਕੀਤੀ; ਤ੍ਰਿਸ਼ਨਾ ਵਿਚ ਸੜਦੇ ਤੈਨੂੰ ਜਮਾਂ ਦਾ ਜਾਲ, ਜਮਾਂ ਦੇ ਫਾਹੇ ਪੈ ਗਏ ਹਨ।
ਬਿਖੁ ਫਲ ਸੰਚਿ ਭਰੇ ਮਨ ਐਸੇ ਪਰਮ ਪੁਰਖ ਪ੍ਰਭ ਮਨ ਬਿਸਰੇ ॥੨॥
ਹੇ ਮਨ! ਤੂੰ ਵਿਸ਼ੇ-ਰੂਪ ਜ਼ਹਿਰ ਦੇ ਫਲ ਹੀ ਇਕੱਠੇ ਕਰ ਕੇ ਸਾਂਭਦਾ ਰਿਹਾ, ਤੇ ਅਜਿਹਾ ਸਾਂਭਦਾ ਰਿਹਾ ਕਿ ਤੈਨੂੰ ਪਰਮ ਪੁਰਖ ਪ੍ਰਭੂ ਭੁੱਲ ਗਿਆ ॥੨॥
ਗਿਆਨ ਪ੍ਰਵੇਸੁ ਗੁਰਹਿ ਧਨੁ ਦੀਆ ਧਿਆਨੁ ਮਾਨੁ ਮਨ ਏਕ ਮਏ ॥
ਜਿਸ ਮਨੁੱਖ ਨੂੰ ਗੁਰੂ ਨੇ ਗਿਆਨ ਦਾ ਪ੍ਰਵੇਸ਼-ਰੂਪ ਧਨ ਦਿੱਤਾ, ਉਸ ਦੀ ਸੁਰਤਿ ਪ੍ਰਭੂ ਵਿਚ ਜੁੜ ਗਈ, ਉਸ ਦੇ ਅੰਦਰ ਸ਼ਰਧਾ ਬਣ ਗਈ, ਉਸ ਦਾ ਮਨ ਪ੍ਰਭੂ ਨਾਲ ਇੱਕ-ਮਿੱਕ ਹੋ ਗਿਆ;
ਪ੍ਰੇਮ ਭਗਤਿ ਮਾਨੀ ਸੁਖੁ ਜਾਨਿਆ ਤ੍ਰਿਪਤਿ ਅਘਾਨੇ ਮੁਕਤਿ ਭਏ ॥੩॥
ਉਸ ਨੂੰ ਪ੍ਰਭੂ ਦਾ ਪਿਆਰ, ਪ੍ਰਭੂ ਦੀ ਭਗਤੀ ਚੰਗੀ ਲੱਗੀ, ਉਸ ਦੀ ਸੁਖ ਨਾਲ ਸਾਂਝ ਬਣ ਗਈ, ਉਹ ਮਾਇਆ ਵਲੋਂ ਚੰਗੀ ਤਰ੍ਹਾਂ ਰੱਜ ਗਿਆ, ਤੇ ਬੰਧਨਾਂ ਤੋੰ ਮੁਕਤ ਹੋ ਗਿਆ ॥੩॥
ਜੋਤਿ ਸਮਾਇ ਸਮਾਨੀ ਜਾ ਕੈ ਅਛਲੀ ਪ੍ਰਭੁ ਪਹਿਚਾਨਿਆ ॥
ਜਿਸ ਮਨੁੱਖ ਦੇ ਅੰਦਰ ਪ੍ਰਭੂ ਦੀ ਸਰਬ-ਵਿਆਪਕ ਜੋਤਿ ਟਿਕ ਗਈ, ਉਸ ਨੇ ਮਾਇਆ ਵਿਚ ਨਾਹ ਛਲੇ ਜਾਣ ਵਾਲੇ ਪ੍ਰਭੂ ਨੂੰ ਪਛਾਣ ਲਿਆ।
ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ ॥੪॥੧॥
ਮੈਂ ਧੰਨੇ ਨੇ ਭੀ ਉਸ ਪ੍ਰਭੂ ਦਾ ਨਾਮ-ਰੂਪ ਧਨ ਲੱਭ ਲਿਆ ਹੈ ਜੋ ਸਾਰੀ ਧਰਤੀ ਦਾ ਆਸਰਾ ਹੈ; ਮੈਂ ਧੰਨਾ ਭੀ ਸੰਤ ਜਨਾਂ ਨੂੰ ਮਿਲ ਕੇ ਪ੍ਰਭੂ ਵਿਚ ਲੀਨ ਹੋ ਗਿਆ ਹਾਂ ॥੪॥੧॥
ਰੇ ਚਿਤ ਚੇਤਸਿ ਕੀ ਨ ਦਯਾਲ ਦਮੋਦਰ ਬਿਬਹਿ ਨ ਜਾਨਸਿ ਕੋਈ ॥
ਹੇ (ਮੇਰੇ) ਮਨ! ਦਇਆ ਦੇ ਘਰ ਪਰਮਾਤਮਾ ਨੂੰ ਤੂੰ ਕਿਉਂ ਨਹੀਂ ਸਿਮਰਦਾ? (ਵੇਖੀਂ) ਤੂੰ ਕਿਸੇ ਹੋਰ ਤੇ ਆਸ ਨਾਹ ਲਾਈ ਰੱਖੀਂ।
ਜੇ ਧਾਵਹਿ ਬ੍ਰਹਮੰਡ ਖੰਡ ਕਉ ਕਰਤਾ ਕਰੈ ਸੁ ਹੋਈ ॥੧॥ ਰਹਾਉ ॥
ਜੇ ਤੂੰ ਸਾਰੀ ਸ੍ਰਿਸ਼ਟੀ ਦੇ ਦੇਸਾਂ ਪਰਦੇਸਾਂ ਵਿਚ ਭੀ ਭਟਕਦਾ ਫਿਰੇਂਗਾ, ਤਾਂ ਭੀ ਉਹੀ ਕੁਝ ਹੋਵੇਗਾ ਜੋ ਕਰਤਾਰ ਕਰੇਗਾ ॥੧॥ ਰਹਾਉ ॥
ਜਨਨੀ ਕੇਰੇ ਉਦਰ ਉਦਕ ਮਹਿ ਪਿੰਡੁ ਕੀਆ ਦਸ ਦੁਆਰਾ ॥
ਮਾਂ ਦੇ ਪੇਟ ਦੇ ਜਲ ਵਿਚ ਉਸ ਪ੍ਰਭੂ ਨੇ ਸਾਡਾ ਦਸ ਸੋਤਾਂ ਵਾਲਾ ਸਰੀਰ ਬਣਾ ਦਿੱਤਾ;
ਦੇਇ ਅਹਾਰੁ ਅਗਨਿ ਮਹਿ ਰਾਖੈ ਐਸਾ ਖਸਮੁ ਹਮਾਰਾ ॥੧॥
ਖ਼ੁਰਾਕ ਦੇ ਕੇ ਮਾਂ ਦੇ ਪੇਟ ਦੀ ਅੱਗ ਵਿਚ ਉਹ ਸਾਡੀ ਰੱਖਿਆ ਕਰਦਾ ਹੈ (ਵੇਖ, ਹੇ ਮਨ!) ਉਹ ਸਾਡਾ ਮਾਲਕ ਇਹੋ ਜਿਹਾ (ਦਿਆਲ) ਹੈ ॥੧॥
ਕੁੰਮੀ ਜਲ ਮਾਹਿ ਤਨ ਤਿਸੁ ਬਾਹਰਿ ਪੰਖ ਖੀਰੁ ਤਿਨ ਨਾਹੀ ॥
ਕਛੂ-ਕੁੰਮੀ ਪਾਣੀ ਵਿਚ (ਰਹਿੰਦੀ ਹੈ), ਉਸ ਦੇ ਬੱਚੇ ਬਾਹਰ (ਰੇਤੇ ਉਤੇ ਰਹਿੰਦੇ ਹਨ), ਨਾਹ (ਬੱਚਿਆਂ ਨੂੰ) ਖੰਭ ਹਨ (ਕਿ ਉੱਡ ਕੇ ਕੁਝ ਖਾ ਲੈਣ), ਨਾਹ (ਕਛੂ-ਕੁੰਮੀ ਨੂੰ) ਥਣ (ਹਨ ਕਿ ਬੱਚਿਆਂ ਨੂੰ ਦੁੱਧ ਪਿਆਵੇ);
ਪੂਰਨ ਪਰਮਾਨੰਦ ਮਨੋਹਰ ਸਮਝਿ ਦੇਖੁ ਮਨ ਮਾਹੀ ॥੨॥
(ਪਰ ਹੇ ਜਿੰਦੇ!) ਮਨ ਵਿਚ ਵਿਚਾਰ ਕੇ ਵੇਖ, ਉਹ ਸੁੰਦਰ ਪਰਮਾਨੰਦ ਪੂਰਨ ਪ੍ਰਭੂ (ਉਹਨਾਂ ਦੀ ਪਾਲਣਾ ਕਰਦਾ ਹੈ) ॥੨॥
ਪਾਖਣਿ ਕੀਟੁ ਗੁਪਤੁ ਹੋਇ ਰਹਤਾ ਤਾ ਚੋ ਮਾਰਗੁ ਨਾਹੀ ॥
ਪੱਥਰ ਵਿਚ ਕੀੜਾ ਲੁਕਿਆ ਹੋਇਆ ਰਹਿੰਦਾ ਹੈ (ਪੱਥਰ ਵਿਚੋਂ ਬਾਹਰ ਜਾਣ ਲਈ) ਉਸ ਦਾ ਕੋਈ ਰਾਹ ਨਹੀਂ;
ਕਹੈ ਧੰਨਾ ਪੂਰਨ ਤਾਹੂ ਕੋ ਮਤ ਰੇ ਜੀਅ ਡਰਾਂਹੀ ॥੩॥੩॥
ਪਰ ਉਸ ਦਾ (ਪਾਲਣ ਵਾਲਾ) ਭੀ ਪੂਰਨ ਪਰਮਾਤਮਾ ਹੈ; ਧੰਨਾ ਆਖਦਾ ਹੈ-ਹੇ ਜਿੰਦੇ! ਤੂੰ ਭੀ ਨਾਹ ਡਰ ॥੩॥੩॥
ਧੰਨਾ ॥
ਗੋਪਾਲ ਤੇਰਾ ਆਰਤਾ ॥
ਹੇ ਪ੍ਰਿਥਵੀ ਦੇ ਪਾਲਣ ਵਾਲੇ ਪ੍ਰਭੂ! ਮੈਂ ਤੇਰੇ ਦਰ ਦਾ ਮੰਗਤਾ ਹਾਂ (ਮੇਰੀਆਂ ਲੋੜਾਂ ਪੂਰੀਆਂ ਕਰ);
ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ ॥੧॥ ਰਹਾਉ ॥
ਜੋ ਜੋ ਮਨੁੱਖ ਤੇਰੀ ਭਗਤੀ ਕਰਦੇ ਹਨ ਤੂੰ ਉਹਨਾਂ ਦੇ ਕੰਮ ਸਿਰੇ ਚਾੜ੍ਹਦਾ ਹੈਂ ॥੧॥ ਰਹਾਉ ॥
ਦਾਲਿ ਸੀਧਾ ਮਾਗਉ ਘੀਉ ॥
ਮੈਂ (ਤੇਰੇ ਦਰ ਤੋਂ) ਦਾਲ, ਆਟਾ ਤੇ ਘਿਉ ਮੰਗਦਾ ਹਾਂ,
ਹਮਰਾ ਖੁਸੀ ਕਰੈ ਨਿਤ ਜੀਉ ॥
ਜੋ ਮੇਰੀ ਜਿੰਦ ਨੂੰ ਨਿੱਤ ਸੁਖੀ ਰੱਖੇ,
ਪਨੑੀਆ ਛਾਦਨੁ ਨੀਕਾ ॥
ਜੁੱਤੀ ਤੇ ਸੋਹਣਾ ਕੱਪੜਾ ਭੀ ਮੰਗਦਾ ਹਾਂ,
ਅਨਾਜੁ ਮਗਉ ਸਤ ਸੀ ਕਾ ॥੧॥
ਤੇ ਸੱਤਾਂ ਸੀਆਂ ਦਾ ਅੰਨ ਭੀ (ਤੈਥੋਂ ਹੀ) ਮੰਗਦਾ ਹਾਂ ॥੧॥
ਗਊ ਭੈਸ ਮਗਉ ਲਾਵੇਰੀ ॥
ਹੇ ਗੋਪਾਲ! ਮੈਂ ਗਾਂ ਮਹਿੰ ਲਵੇਰੀ (ਭੀ) ਮੰਗਦਾ ਹਾਂ,
ਇਕ ਤਾਜਨਿ ਤੁਰੀ ਚੰਗੇਰੀ ॥
ਤੇ ਇਕ ਚੰਗੀ ਅਰਬੀ ਘੋੜੀ ਭੀ ਚਾਹੀਦੀ ਹੈ।
ਘਰ ਕੀ ਗੀਹਨਿ ਚੰਗੀ ॥
ਘਰ ਦੀ ਚੰਗੀ ਇਸਤ੍ਰੀ ਵੀ-
ਜਨੁ ਧੰਨਾ ਲੇਵੈ ਮੰਗੀ ॥੨॥੪॥
ਮੈਂ ਤੇਰਾ ਦਾਸ ਧੰਨਾ ਤੈਥੋਂ ਮੰਗ ਕੇ ਲੈਂਦਾ ਹਾਂ ॥੨॥੪॥