ਸੂਹੀ ਮਹਲਾ ੧ ॥ ਜਿਉ ਆਰਣਿ ਲੋਹਾ ਪਾਇ ਭੰਨਿ ਘੜਾਈਐ ॥ ਤਿਉ ਸਾਕਤੁ ਜੋਨੀ ਪਾਇ ਭਵੈ ਭਵਾਈਐ ॥੧॥ ਬਿਨੁ ਬੂਝੇ ਸਭੁ ਦੁਖੁ ਦੁਖੁ ਕਮਾਵਣਾ ॥ ਹਉਮੈ ਆਵੈ ਜਾਇ ਭਰਮਿ ਭੁਲਾਵਣਾ ॥੧॥ ਰਹਾਉ ॥
ਜਿਵੇਂ ਭੱਠੀ ਵਿਚ ਲੋਹਾ ਪਾ ਕੇ (ਤੇ) ਗਾਲ ਕੇ (ਨਵੇਂ ਸਿਰੇ) ਘੜਿਆ ਜਾਂਦਾ ਹੈ (ਲੋਹੇ ਤੋਂ ਕੰਮ ਆਉਣ ਵਾਲੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਹਨ) ਤਿਵੇਂ ਮਾਇਆ-ਵੇੜ੍ਹਿਆ ਜੀਵ ਜੂਨਾਂ ਵਿਚ ਪਾਇਆ ਜਾਂਦਾ ਹੈ, ਜਨਮ ਮਰਨ ਦੇ ਗੇੜ ਵਿਚ ਪਾਇਆ ਹੋਇਆ ਗੇੜ ਵਿਚ ਚੱਕਰ ਲਾਂਦਾ ਹੈ (ਤੇ ਆਖ਼ਿਰ ਗੁਰੂ ਦੀ ਮੇਹਰ ਨਾਲ ਸੁਮੱਤ ਸਿੱਖਦਾ ਹੈ) ॥੧॥ (ਸਹੀ ਜੀਵਨ-ਜਾਚ) ਸਮਝਣ ਤੋਂ ਬਿਨਾ ਮਨੁੱਖ (ਜੇਹੜਾ ਭੀ) ਕਰਮ ਕਰਦਾ ਹੈ ਦੁੱਖ (ਪੈਦਾ ਕਰਨ ਵਾਲਾ ਕਰਦਾ ਹੈ) ਦੁੱਖ ਹੀ ਦੁੱਖ (ਸਹੇੜਦਾ ਹੈ)। ਹਉਮੈ ਦੇ ਕਾਰਨ ਮਨੁੱਖ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ, ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ ॥੧॥ ਰਹਾਉ॥
